ਤੇਰੇ ਮਹਿਲਾਂ ਦੇ ਵਿੱਚ-ਵਿੱਚ ਵੇ, ਬਾਬਲ ਡੋਲਾ ਨਹੀਂਓਂ ਲੰਘਦਾ …
ਬਾਬਲ ਮੇਰਾ ਦੇਸਾਂ ਦਾ ਰਾਜਾ, ਕੋਈ ਨਿੰਦਕੇ ਨਾ ਜਾਵੇ …
ਤੂੰ ਕਿਓਂ ਰੋਵੇਂ ਬਾਬਲ ਵੇ, ਜੱਗ ਹੁੰਦੜੀ ਆਈ …
ਰਜਵੰਤ ਸੰਧੂ ਦੀ ਏਸ ਨਿਵੇਕਲੀ ਕਿਤਾਬ ਵਿੱਚ, ਸਥੂਲ ਕੁਰਸੀ; ਬਾਬਲ ਦੇ ਮਹਿਲਾਂ ਦਾ ਸੂਖਮ ਚਿੰਨ੍ਹ ਹੋ ਜਾਂਦੀ ਏ। ਬਾਬਲ ਏਥੇ ਦੇਸ ਈ ਨਹੀਂ, ਦੇਸਾਂ ਦਾ ਰਾਜਾ ਏ; ਕਿੰਨਿਆ ਈ ਦੇਸਾਂ ਦਾ। ਪਰੀਆਂ ਦੇ ਦੇਸਾਂ ਦਾ ਰਾਜਾ ਵੀ! ਏਸੇ ਦੇਸੋਂ ਓਸਨੇ ਲਾਡਲੀ ਧੀ ਲਈ ਸੱਤ ਸਮੁੰਦਰ ਪਾਰੋਂ ਗੁੱਡੀ ਲੈ ਕੇ ਆਉਣੀ ਏ। ਇਹ ਧੀ ਦੀ ਮੰਗ ਏ। ਨਾਲ ਹਿਦਾਇਤ ਏ ਛੇਤੀ ਆਉਣ ਦੀ। ਪਾਪਾ ਦੇ ਛੇਤੀ ਆਉਣ ਲਈ ਧੀ ਆਪਣੀ ਗੁੱਡੀ ਦੀ ਮੰਗ ਵੀ ਛੱਡ ਦੇਂਦੀ ਏ। ਤੇ ਕਈ ਵਾਰ ਕਿਸੇ ਦੇ ਪਾਪਾ ਛੇਤੀ ਨਹੀਂ ਵੀ ਆਉਂਦੇ। ਤੇ ਕਈ ਵਾਰ? … ਆਉਂਦੇ ਈ ਨਹੀਂ! … ਓਦੋਂ ਵੀ ਧੀ ਆਪਣੀ ਥਾਂਵੇਂ ਬਾਪ ਨੂੰ ਈ ਹੌਂਸਲਾ ਦੇਂਦੀ ਲਗਦੀ ਏ, ਇਹ ਆਖਕੇ; ਇਹ ਤਾਂ ‘ਜੱਗ ਹੁੰਦੜੀ ਆਈ’ ਏ। ਹੌਲੀ ਹੌਲੀ ਇਹ ‘ਜੱਗ ਹੁੰਦੜੀ’ ਕਿਸੇ ਪਰਿਵਾਰ ਲਈ ਧਰਵਾਸਾ ਹੋ ਜਾਂਦੀ ਏ। ਧਰਵਾਸ ਆਸ ਨਾਲੋਂ ਉੱਤੇ ਏ। ਏਸੇ ਧਰਵਾਸ ਦੇ ਭਰਵਾਸੇ ਰਜਵੰਤ ਜ਼ਿੰਦਗੀ ਦਾ ਭਵ-ਸਾਗਰ ਪਾਰ ਕਰਦੀ ਏ। ਕਰਦੀ ਕਰਦੀ ਰਚਨ ਦੇ ਏਸ ਪਰਪੱਕ ਪੜਾ ’ਤੇ ਅਪੜਦੀ ਏ। ਓਹ ਵੀ ਇਕੋ ਛੜੱਪਾ ਮਾਰਕੇ। ਐਂ ਜੀਕੂੰ ਐਵੇਂ ਕੋਈ ਖਾਲ ਈ ਟੱਪਣਾ ਹੋਵੇ!
ਇਹ ਪੜ੍ਹਤਾ ਦੀ ਏਸ ਕਿਤਾਬ ਬਾਰੇ ਆਪਣੀ ਪਹੁੰਚ ਏ। ਇਸਦੀ ਸਾਹਿਤਕ ਆਲੋਚਨਾ ਨਹੀਂ। ਇਹ ਰਚਨਾ ਕਿਸੇ ਇੱਕ ਸਾਹਿਤ ਵਿਧਾ ਵਿੱਚ ਬੱਝਦੀ ਈ ਨਹੀਂ। ਇਹਨੇ ਤਾਂ ਜਿਵੇਂ ਸਾਹਿਤ ਰੂਪਾਂ, ਵਿਧਾਵਾਂ; ਧਾਰਨਾਵਾਂ ਨੂੰ ਤੋੜਨਾ ਮਿਥਿਆ ਹੋਵੇ! ਤੇ ਆਪਣੀ ਗੱਲ ਕਿਸੇ ਵੀ ਹੀਲੇ ਕਰਨ ਲਈ, ਸੁਣਾਉਣ ਲਈ; ਜਚਾਉਣ ਲਈ ਧਾਰਿਆ ਹੋਵੇ। ਗੱਲ ਕਰਨੀ, ਸੁਣਾਉਣੀ; ਜਚਾਉਣੀ ਕਿਸੇ ਕਿਸੇ ਨੂੰ ਈ ਆਉਂਦੀ ਏ। ਵੱਡੇ ਭਾਊ ਜੀ ਵਰਿਆਮ ਸੰਧੂ ਨੁੰ ਆਉਂਦੀ ਏ। ਪਰਿੰਸੀਪਲ ਸਰਵਣ ਸਿੰਘ ਹੋਰਾਂ ਨੂੰ ਆਉਂਦੀ ਏ। ਆਪਣੇ ਭਾਅ ਜਗੀਰ ਕਾਹਲੋਂ ਨੂੰ ਵੀ ਆਉਂਦੀ ਏ। ਪਰ ਜਿਵੇਂ ਰਜਵੰਤ ਸੰਧੂ ਨੂੰ ਆਉਂਦੀ ਏ ਓਵੇਂ ਕੀਹਨੂੰ ਆਉਂਦੀ ਏ? ਐਨ ਨਿਰਉਚੇਚ। ਅਚੇਤ। ਸੁਤੇ ਸਿੱਧ। ਏਨਾ ਸਹਿਜ ਵੀ ਕੋਈ ਹੁੰਦਾ! ਏਨੀ ਅਡੋਲਤਾ ਕਿਸ ਕੋਲ ਹੁੰਦੀ ਏ! ਏਡੀ ਦਰਿੜਤਾ ਆਪਣੇ ਆਪ ਤਾਂ ਨਹੀਂ ਆਉਂਦੀ ਹੋਣੀ। ਇਹ ਜ਼ਿੰਦਗੀ ਦੀ ਕਠੋਰਤਾ ਸਿਖਾ ਦੇਂਦੀ ਏ। ਸਮੇਂ ਦੀ ਬੇਕਿਰਕੀ ਸਮਝਾ ਦੇਂਦੀ ਏ। ਹਾਲਾਤ ਦੀ ਸੰਵੇਦਨਾ ਸੁਝਾ ਦੇਂਦੀ ਏ। ਜਿਹਨਾਂ ਵੇਲਣਿਆਂ ਵਿਚਦੀ ਕੋਈ ਪੀੜਿਆ ਹੁੰਦਾ ਓਹਨਾਂ ਦਾ ਸੱਚ ਵੀ ਓਹੋ ਜਾਣਦਾ!
ਇਹ ਕੁੱਝ ਕੁ ਭਾਵੁਕ ਕਥਨ, ਰਜਵੰਤ ਦੇ ਸੁਲਝੇ ਬਚਨ ਪੜ੍ਹਕੇ ਸੁਣਕੇ ਵਿਚਾਰਕੇ; ਤਰਦੇ ਤਰਦੇ ਮਨ ਵਿੱਚ ਆਏ। ਕਮਜ਼ੋਰ ਮਨ ਤੋਂ ਸਾਂਭੇ ਨਾ ਗਏ। ਕਾਗਤ ’ਤੇ ਉਤਾਰ’ਤੇ। ਕਾਗਤ ਉਡਦੇ ਖਿਆਲਾਂ ਦੇ ਕਬੂਤਰਾਂ ਲਈ ਛਤਰੀ ਹੋ ਜਾਂਦੇ ਨੇ ਕਦੇ! ਇਹ ਕਾਗਜ਼ ਦੀ ਕਿਸ਼ਤੀ ਵਰਗੀ ਤਰਲਤਾ ਨਹੀਂ। ਜ਼ਿੰਦਗੀ ਦੇ ਸਬਕ ਵਰਗੀ ਗਾਥਾ ਏ। ਇਹ ਜਮਾਤਾਂ ਦੇ ਕਮਰਿਆਂ ਵਿੱਚੋਂ ਸਿੱਖਿਆ ਸਬਕ ਨਹੀਂ। ਜ਼ਿੰਦਗੀ ਨੂੰ ਜੀਊਣ ਵਾਂਗ ਜੀਊਂਦਿਆਂ, ਪੜ੍ਹਿਆ ਗੁੜ੍ਹਿਆ ਕੜ੍ਹਿਆ; ਵਿਹਾਰਕ ਅਧਿਆਏ ਏ। ਕਵੀ ਦੇ ਸ਼ਬਦੀਂ:
ਕਿਤਾਬਾਂ ‘ਚੋਂ ਜੀਣ ਦੀ ਜਾਚ ਸਿੱਖਦੇ ਸਿੱਖਦੇ
ਜੀਊਣਾ ਭੁੱਲ ਬੈਠੇ
ਜਿਹੜੇ ਜੀਊਂਦੇ ਓਹ ਅਨਪੜ੍ਹ! …
ਕਾਵਿ ਸਾਹਿਤ ਦਾ ਮੂਲ ਏ। ਵਾਰਤਾ ਢਾਡੀਆਂ-ਕਵੀਸ਼ਰਾਂ ਦੇ ਪਰਸੰਗਾਂ ਦੀ ਜਣਨੀ ਏ। ਬਿਰਤਾਂਤ ਕਿੱਸਾਕਾਰੀ ਵਿਧਾ ਦੀ ਉਪਜ ਏ। ਪਹਿਲਾਂ ਸਾਹਿਤ ਲਈ ਕਾਵਿ ਸ਼ਬਦ ਈ ਸੀ। ਫਿਰ ਨਾਟ ਆਇਆ। ਗਲਪ ਨੂੰ ਨਵੀਨ ਸਾਹਿਤ ਰੂਪ ਆਖਿਆ ਜਾਂਦਾ। ਕਦੇ ਸਿਰਫ ਕਾਵਿ ਤੇ ਵਾਰਤਾ ਈ ਸਾਹਿਤ ਸੀ। ਅਕਾਦਮਿਕਤਾ ਨੇ ਇਹਨੂੰ ਕਈ ਕੁੱਝ ਬਣਾ ’ਤਾ! ਕਈਆਂ ਰੂਪਾਂ ’ਚ ਵੰਡ ’ਤਾ। ਆਧੁਨਿਕਤਾ ਦੇ ਨਾਂ ’ਤੇ, ਸਾਹਿਤ ਗਿਆਨ ਦਾ ਛੱਟਾ ਦੇਕੇ; ਇਹਨੂੰ ਏਨਾ ਖਿਲਾਰਤਾ ਭਈ ਹੁਣ ਪੰਡ ’ਚ ਬੱਝਣਾ ਮੁਹਾਲ ਹੋ ਗਿਆ ਲਗਦਾ। ਰਜਵੰਤ ਅਚੇਤ-ਸਚੇਤ ਇਹਨਾਂ ਸਾਹਿਤਕ ਨਰੜਾਂ ਨੂੰ ਤੋੜਨ ਦਾ ਵੱਡਮੁੱਲਾ ਕਾਰਜ ਇਸ ਕਿਤਾਬ ਵਿਚਦੀ ਕਰਦੀ ਏ।
“ਮੇਰੇ ਪਿਤਾ ਦੀ ਕੁਰਸੀ” (ਪੰਜ ਆਬ ਪਰਕਾਸ਼ਨ, ਜਲੰਧਰ, 2026.) ਗੁਆਂਢੀ ਮੁਲਕ ਦੀ ਫੇਰੀ ਦੇ ਸਫਰੀ ਪਰਸੰਗ ਦੀ ਕਥਾ ਏ, ਵਾਰਤਾ ਏ; ਕਵਿਤਾ ਏ। ਕਿਸੇ ਵੀ ਸਾਹਿਤ ਰੂਪ ਵਿੱਚ ਕਿਸੇ ਹੋਰ ਸਾਹਿਤ ਰੂਪ ਦਾ ਆ ਜਾਣਾ ਸੁਭਾਵਕ ਏ। ਸਫਰਨਾਮਾ, ਜੀਵਨੀ; ਡਾਇਰੀ ਇੱਕ ਦੂਜੇ ਨਾਲ ਜੁੜੇ ਹੋਏ ਸਾਹਿਤ ਰੂਪ ਨੇ। ਇੱਕ ਦੂਜੇ ਵਿੱਚ ਸਹਿਜੇ ਸਮਾ ਜਾਂਦੇ ਨੇ। ਇਹਨਾਂ ਵਿਚਲਾ ਸਵੈ ਪਸਰ ਕੇ ਸਮੂਹ ਤੱਕ ਜਾ ਅਪੜਦਾ ਏ। ਸਮੂਹ ਦੀ ਚੇਤਨਾ ਸਵੈ ਤੱਕ ਸਿਮਟ ਆਉਂਦੀ ਏ। ਰਜਵੰਤ ਸੰਧੂ ਆਪਣੇ ਸਵੈ ਨੂੰ ਸਮੂਹ ਤੱਕ ਸਹਿਜੇ ਈ ਪਾਸਾਰਦੀ ਏ। ਸਮੂਹ ਨੂੰ ਆਪਣੇ ਸਵੈ ਦੇ ਕਲਾਵੇ ਵਿੱਚ ਨਿਰਉਚੇਚ ਭਰਦੀ ਏ। ਤਾਂ ਈ ਇਹ ਇਕੇ ਵੇਲੇ ਕਈ ਸਾਹਿਤਕ ਰੂਪਾਂ ਨੂੰ ਨਿਭਾ ਸਕੀ ਏ। ਕਈ ਪਹਿਲੂਆਂ, ਪੱਖਾਂ; ਪਰਤਾਂ ਨੂੰ ਨਾਲੋ ਨਾਲ ਉਘਾੜ ਸਕੀ ਏ। ‘ਮੇਰੇ’ ਸ਼ਬਦ ਸਿਰਫ ਆਪਣੇ, ਇਕੋ; ਇਕੋ ਇੱਕ ਆਪਣੇ ਲਈ ਵੀ ਵਰਤਿਆ ਜਾਂਦਾ ਏ: ਜਿਵੇਂ, ਮੇਰੇ ਪਿਤਾ, ਮੇਰੇ ਪੁੱਤ; ਮੇਰੇ ਪਤੀ …। ਨਾਲ ਈ ਕਈਆਂ ਵਾਸਤੇ, ਸਾਰਿਆਂ ਵਾਸਤੇ; ਸਮੂਹ ਵਾਸਤੇ ਵੀ ਵਰਤਿਆ ਜਾਂਦਾ ਏ: ਜਿਵੇਂ, ਮੇਰੇ ਦੋਸਤੋ, ਮੇਰੇ ਪੰਜਾਬੀਓ; ਮੇਰੇ ਮਿਹਰਬਾਨੋ …
ਇਸ ਕਿਤਾਬ ਦੇ ਪਹਿਲੇ ਦੋ ਅਧਿਆਏ ਇਕੇ ਗਲਪ ਰਚਨਾ ਦੇ ਦੋ ਹਿੱਸੇ ਲਗਦੇ ਨੇ। ਆਖਰੀ ਅਧਿਆਏ ਕਾਵਿਕ ਕਥਾ ਵਾਰਤਾ ਦਾ ਉੱਤਮ ਨਮੂਨਾ ਜਾਪਦਾ ਏ। ਕੁੱਝ ਕਿਤਾਬਾਂ ਦੋ ਲੇਖਕਾਂ ਦੀਆਂ ਰਲਕੇ ਲਿਖੀਆਂ ਵੀ ਹੋਣਗੀਆਂ। ਇਹ ਇਕੇ ਲੇਖਕ ਵੱਲੋਂ ਦੋ ਜਣਿਆਂ ਦੀ ਲਿਖੀ ਗਾਥਾ ਏ। ਦੋਵੇਂ ਇੱਕ ਦੂਜੇ ਦੇ ਐਨ ਕਰੀਬ ਨੇ। ਏਨੇ ਨੇੜੇ ਕਿ ਦੋ ਬੁੱਤਾਂ ਦੀ ਇਕੋ ਸਾਂਝੀ ਰੂਹ ਏ। ਬਣਦੀ ਏ ਦੋਹਾਂ ਦੀ। ਬਣਨ ਵਾਂਗ ਬਣਦੀ ਏ। ਇੱਕ ਦੂਜੇ ਦੀ ਸਮਝ ਏ ਦੋਹਾਂ ਨੂੰ। ਚੰਗੀ ਨਿਭਦੀ ਏ। ਦੁਆ ਏ, ਇਓਂ ਈ ਨਿਭਦੀ ਰਹੇ! ‘ਇੱਕ ਨੇ ਆਖੀ, ਦੂਜੇ ਨੇ ਮੰਨੀ; ਦੋਵੇਂ ਗੁਣੀਂ’ ਤੋਂ ਵੱਡਾ ਕੋਈ ਵਿਹਾਰੀ-ਵਿਚਾਰੀ ਨੁਕਤਾ ਨਹੀਂ ਲਭਦਾ- ਭਲੇਰੀ ਸਾਂਝ ਦਾ। ਪੰਜਾਬੀ ਦੀ ਲੋਕ ਕਹਾਵਤ ਵੀ ਏ:
ਸਾਂਝ ਭਲੇਰੀ ਨਿਭੇ ਇਓਂ… ਜਿਓਂ ਜਾਣਾਂ ਤਿਓਂ ਚੱਲ ਨਿਓਂ
“ਮੇਰੇ ਪਿਤਾ ਦੀ ਕੁਰਸੀ” ਦੀ ਲੇਖਕ ਰਜਵੰਤ ਸੰਧੂ ਦੀ ਵੱਡੀ ਖੂਬੀ ਸ਼ਬਦੀ ਦਰਿਸ਼ਕਾਰੀ ਏ। ਨਾਲ ਮਿਲਦੀ ਬਿਰਤਾਂਤਕਾਰੀ ਏ। ਜਚਦੀ ਕਾਵਿਕ ਵਾਰਤਕਕਾਰੀ ਏ। ਕਵਿਤਾ ਦਾ ਵਾਰਤਕੀ ਹੋ ਜਾਣਾ ਕਾਵਿ ਦੋਸ਼ ਮੰਨਿਆ ਜਾਂਦਾ ਏ। ਵਾਰਤਕ ਦਾ ਕਾਵਿਕ ਹੋਣਾ ਉਸਦਾ ਗੁਣ ਬਣਦਾ ਏ। ਨਿਰੰਤਰ ਲੈਅ, ਵਹਾ; ਤਾਲ ਵਾਰਤਕ ਨੂੰ ਰਸਾਉਂਦਾ ਏ। ਇਹ ਰਸੀ ਵਾਰਤਕ ਦਾ ਉੱਤਮ ਨਮੂਨਾ ਏ। ਰਜਵੰਤ ਦੀ ਲੇਖਣੀ ਦਾ ਪਛਾਣ ਚਿੰਨ੍ਹ ਏ।
ਰਜਵੰਤ ਸੰਧੂ ਪੁਸਤਕ ਪੜ੍ਹਤਾ ਨੂੰ ਆਪਣੇ ਸ਼ਬਦਾਂ ਦੇ ਨਾਲ ਨਾਲ ਤੋਰਦੀ ਏ। ਕਿਤੇ ਲਿਖਤੋਂ ਨਿੱਖੜਨ, ਉੱਖੜਨ; ਲਾਂਭੇ ਨਹੀਂ ਹੋਣ ਦੇਂਦੀ। ਇਹ ਉਸਦੀ ਦੀਰਘ ਸੂਤਰੀ ਸ਼ੈਲੀ ਦੀ ਢੁਕਵੀਂ, ਜਚਵੀਂ; ਫਬਵੀਂ ਵਰਤੋਂ ਦੀ ਮੂੰਹ ਬੋਲਦੀ ਮਿਸਾਲ ਏ। ਉਸਦੀ ਲਿਖਤ ਵਿੱਚ ਟਿਕਾ ਏ, ਠਹਿਰਾ ਏ; ਇਕਾਗਰਤਾ ਏ। ਬਿਨਾਂ ਇਕਸੁਰਤਾ ਦੇ ਇਸਨੂੰ ਪੜ੍ਹਨਾ ਨਿਆਈਂ ਨਹੀਂ। ਚੰਗੀ ਲਿਖਤ ਲਿਖਤਾ-ਪੜ੍ਹਤਾ ਦੀ ਲੀਨਤਾ ਲੋੜਦੀ ਏ।
ਇਹ ਰਚਨਾ ਦੱਸਦੀ ਘੱਟ ਏ। ਬੋਲਦੀ ਥੋਹੜਾ ਏ। ਲਿਖਦੀ ਸਾਂਵਾਂ ਏ। ਦਰਸਾਉਂਦੀ ਜ਼ਿਆਦਾ ਏ। ਦਰਿਸ਼ੀਂ ਆਪਣੇ ਭਾਵ, ਖਿਆਲ; ਇਹਸਾਸ ਪਰਗਟਾਉਂਦੀ ਏ। ਲੇਖਕ ਰਜਵੰਤ ਨੂੰ ਦਰਿਸ਼ ਸਜੀਵ ਕਰਨੇ ਆਉਂਦੇ ਨੇ। ਇਸ ਸਮੂਲਚੀ ਰਚਨਾ ਦਾ ਕੇਂਦਰੀ ਦਰਿਸ਼ ‘ਕੁਰਸੀ’ ਏ। ਇਹ ਕਿਤੇ ਵੀ, ਕਿਵੇਂ ਵੀ; ਕਿਸੇ ਤਰ੍ਹਾਂ ਵੀ ਅੱਜ ਪਰਚਲਤ ਕੁਰਸੀ ਦਾ ਪਰਤੀਕ ਨਹੀਂ। ਏਹੋ ਏਸ ਚਿੰਨ੍ਹ ਦੀ ਨਿਵੇਲੀ ਖੂਬੀ ਏ। ਇਹ ਕਿਸੇ ਦੀ ਕੁਰਸੀ ਨਹੀਂ। ਕਿਸੇ ਅਹੁਦੇ ਦੀ ਕੁਰਸੀ ਨਹੀਂ। ਧੌਂਸ ਦੀ ਕੁਰਸੀ ਨਹੀਂ। ਇਹ ਕਿਸੇ ‘ਮੇਰੇ’ ਦੀ ਕੁਰਸੀ ਏ। ਉਸਦੇ ਚੇਤੇ ਦੀ ਕੁਰਸੀ ਏ। ਉਸਦੇ ਪਿਆਰ ਦੀ ਕੁਰਸੀ ਏ। ਪਿਤਾ-ਪਿਆਰ ਦੀ ਨਿਸ਼ਾਨੀ ਏ। ਵਿਰਾਸਤ ਏ ਧੀ ਦੇ ਬਾਪ ਦੀ। ਸਾਡੀ ਸਾਂਝੀ ਪੰਜਾਬ ਪਰੰਪਰਾ ਦੀ ਪਰਤੀਕ ਏ ਇਹ। ਪੰਜਾਬ ਪਿਆਰ ਦੀ ਸਾਂਝੀ ਧੜਕਣ ਏ। ਕੀ ਕੁੱਝ ਏ ਇਹ ਕਿਸੇ ਧੀ ਲਈ, ਭੈਣ ਲਈ; ਮਾਂ ਲਈ! ਸਗੋਂ ਇੱਕ ਔਰਤ ਲਈ। ਭਾਰਤੀ ਨਾਰੀ ਲਈ। ਸੰਸਕਾਰੀ ਲਈ!
ਇਹ ਔਰਤ ਮਨ ਦੀ ਵਡੱਤਣ ਏ ਭਈ ਪਹਿਲਾਂ ਓਹ ਆਪਣੇ ਘਰ ਵਾਲੇ ਦੀ ਲਿਲਕੜੀ ਸਮਝਦੀ ਏ। ਓਧਰਲੇ ਪੰਜਾਬ ਜਾਕੇ ਪਹਿਲਾਂ ਓਹ, ਆਪਣੇ ਪੰਜਾਬੀ ਦੇ ਵਿਸ਼ਵ-ਪੱਧਰੀ ਮੋਹਵੰਤੇ ਕਹਾਣੀਕਾਰ ਡਾ. ਵਰਿਆਮ ਸਿੰਘ ਸੰਧੂ ਨੂੰ; ਓਸਦੇ ਓਧਰ ਰਹਿ ਗਏ ਪਿੰਡ ਲਿਜਾਂਦੀ ਏ। ਫੇਰ ਆਪਣੇ ਪਿਤਾ ਦੀ ਯਾਦ ਸੀਨੇ ਲਾਉਣ ਲਈ ਓਹਦੇ ਦਫਤਰ ਜਾਂਦੀ ਏ। ਕਿਸੇ ਨੂੰ ਵਡਿਆਇਆਂ ਆਪਣੀ ਵਡਿਆਈ ਹੁੰਦੀ ਏ! ਇਹਨਾਂ ਦੋਹਾਂ ਹਿੱਸਿਆਂ ਨੂੰ ਆਪ ਪੜ੍ਹਿਆਂ ਈ ਅਨੰਦ ਆਉਣਾ ਏ। ਓਹ ਆਨੰਦ ਜਿਹੜਾ ਏਸ ਲੇਖਕ ਜੋੜੀ ਨੇ ਅੱਖੀਂ ਵੇਖਿਆ, ਮਨੀਂ ਹੰਢਾਇਆ: ਰੂਹੋਂ ਮਹਿਸੂਸਿਆ।
ਹੋਣ, ਲੱਗਣ; ਸੱਚ, ਕਲਪਨਾ; ਕਿਆਸ, ਵਾਸਤਵ ਵਿੱਚ ਬੜਾ ਸੂਖਮ ਅੰਤਰ-ਸੁਮੇਲ-ਨੇੜ ਏ। ਵਰਿਆਮ ਸੰਧੂ ਨੂੰ ਪਿੰਡ ਦਾ ਜਿਹੜਾ ਘਰ, ਓਹਦਾ ਘਰ ਦੱਸਕੇ ਵਿਖਾਇਆ ਜਾਂਦਾ; ਓਹ ਓਹਦਾ ਨਹੀਂ। -ਇਹਦਾ ਪਤਾ ਵੀ ਓਹਨੂੰ ਬਾਦ ਵਿੱਚ ਲਗਦਾ। ਓਦੋਂ ਓਸ ਘਰ ਵਾਲਿਆਂ ਨੂੰ ਵੀ ਖ਼ੌਰੇ ਪੱਕਾ ਪਤਾ ਹੋਵੇ ਜਾਂ ਨਾ? ਕੌਣ ਜਾਣੇ! ਇਹ ਸਭ ਕੁੱਝ ਲਾਂਭੇ ਕਰਕੇ ਵੀ, ਓਸ ਘਰ ਦੇ ਜੀਆਂ ਦਾ ਵਤੀਰਾ, ਇਸ ਲੇਖਕ ਜੋੜੀ ਨੂੰ; ਓਸੇ ਘਰ ਨਾਲ ਈ ਆਪਣੇ ਘਰ ਵਾਂਗ ਜੋੜ ਦੇਂਦਾ ਏ। ‘ਇਹਨੂੰ ਆਪਣਾ ਘਰ ਈ ਸਮਝੋ’ ਪੰਜਾਬੀ ਮੁਹਾਵਰਾ ਏਥੇ ਐਨ ਢੁਕਦਾ ਏ।
ਰਜਵੰਤ ਸੰਧੂ ਆਪਣੇ ਪਿਤਾ ਦੀ ਨੌਕਰੀ ਵੇਲੇ ਦੇ ਦਫਤਰ ਪਹੁੰਚਦੀ ਏ। ਇਸਦੀ ਇਮਾਰਤ ਹੁਣ ਓਦੋਂ ਵਾਲੀ ਨਹੀਂ। ਓਹ ਕੁਰਸੀ ਵੀ, ਓਹ ਨਹੀਂ; ਜਿਸ ’ਤੇ ਉਸਦਾ ਬਾਪ ਕਦੇ ਬਹਿੰਦਾ। ਮਨੁੱਖੀ ਮਨ ਦੇ ਇਹਸਾਸ, ਕਿਆਸ; ਜਜ਼ਬੇ ਕਿੰਨੇ ਮੁੱਲਵਾਨ, ਬਲਵਾਨ; ਮੂੰਹਜ਼ੋਰ ਨੇ! ਧੀ ਨੂੰ ਇਹ ਕੁਰਸੀ, ਓਹੋ ਕੁਰਸੀ ਲਗਦੀ ਏ; ਜਿਸ ’ਤੇ ਕਦੇ ਓਹਦਾ ਪਿਤਾ ਏਸੇ ਥਾਂ ’ਤੇ ਬਹਿੰਦਾ। ਰਜਵੰਤ ਸੰਧੂ ਦੀ ਕਲਮ ਓਸ ਬੀਤੇ ਵੇਲੇ ਨੂੰ ਹੁਣ ਦੇ ਵੇਲੇ ਨਾਲ ਐਨ ਮੇਲਦੀ, ਜੋੜਦੀ; ਮੇਚਦੀ ਏ। ਕਿਤੇ ਭਾਵੀਂ, ਕਿਤੇ ਸ਼ਬਦੀਂ; ਕਿਤੇ ਅੱਖੀਆਂ ਦੇ ਨੀਰੀਂ! ਏਸ ਕਲਮ ਦੀ ਸਿਫਤ ਲਈ ਇਸਦੇ ਹਾਣ ਦੇ ਸ਼ਬਦ ਕਿੱਥੋਂ ਲੱਭਣੇ ਨੇ? ਕਿਹੜੀ ਕੜੀ ਆਲੋਚਨਾ ਨੇ ਇਸ ਦੇ ਬਰ ਮਿਚਣਾ ਏ? ਕਿਤਿਓਂ ਪੜ੍ਹਿਆ ਚੇਤੇ ਏ, ਅਖੇ; ਲਫ਼ਜ਼ ਕਦੇ ਦੁੱਖਾਂ ਦੇ ਮੇਚੇ ਨਹੀਂ ਆਉਂਦੇ। ਰਜਵੰਤ ਨੂੰ ਤਾਂ ਲਗਦਾ, ਜਿਵੇਂ; ਇਹਨਾਂ ਸ਼ਬਦਾਂ ਦੀ ਹੱਦ ਵਿੱਚ ਬੱਝਣਾ ਵੀ ਕਬੂਲ ਨਹੀਂ। ਅਸਲ, ਕਲਾ ਕਿਸੇ ਪੰਡ, ਵੰਡ; ਖੰਡ ਵਿੱਚ ਬੱਝਣ ਵਾਲੀ ਨਹੀਂ। ਸਾਹਿਤ ਸ਼ਾਬਦਿਕ ਕਲਾ ਏ। ਰਜਵੰਤ ਇਸਨੂੰ ਆਪਣੀ ਦਰਿਸ਼ਟੀ ਤੋਂ, ਆਪਣੇ ਨੁਕਤੇ ਤੋਂ; ਆਪਣੇ ਵਿੱਤ ਮੂਜਬ ਖ਼ੁਦਮੁਖ਼ਤਿਆਰ ਹਸਤੀ ਵਾਂਗ ਨਿਭਾਉਂਦੀ ਏ। ਉਸਦਾ ਇਹ ਲਿਖਣ-ਗੁਣ ਉਸਦੇ ਸਭ ਤੋਂ ਕਰੀਬੀ ਸਾਹਿਤਕਾਰ ਡਾ. ਵਰਿਆਮ ਸਿੰਘ ਸੰਧੂ ਨਾਲ ਅਚੇਤ ਈ ਮਿਲ ਜਾਂਦਾ ਏ।
ਇਸ ਲਿਖਤ ਦੇ ਸਿਖਰਲੇ ਅਧਿਆਏ, ਰਜਵੰਤ ਅੰਦਰ ਸਾਂਭੇ ਪਏ ਕਥਾਕਾਰ ਦੀ; ਵੱਡੀ ਸੰਭਾਵਨਾ ਨੂੰ ਉਜਾਗਰ ਕਰਦੇ ਨੇ। ਓਹ ਨਿੱਕੀਆਂ, ਨਿਆਰੀਆਂ; ਨਿਵੇਕਲੀਆਂ- ਡੂੰਘੀਆਂ, ਗੁੱਝੀਆਂ; ਰਮਜ਼ੀ ਦਲੀਲਾਂ ਨਾਲ ਇੱਕ ਸੋਮੇ ਤੋਂ ਨਿੱਖੜੀਆਂ ਦੋ ਸਭਿਆਚਾਰੀ ਧਾਰਾਵਾਂ ਨੂੰ ਇੱਕ ਸਾਂਝੀ ਤਸਵੀਰ ਵਿੱਚ- ਪਰੇਰਕੇ, ਸਮਝਾਕੇ; ਖਿੱਚਕੇ ਮਿਲਾ ਦੇਂਦੀ ਏ। ਇਸ ਵੇਰਵੇ ਨੂੰ ਆਪ ਪੜ੍ਹਿਆਂ, ਵਿਚਾਰਿਆਂ; ਸਮਝਿਆਂ ਈ ਗੱਲ ਸਿਰੇ ਲੱਗਣੀ ਏ। ਸੰਖੇਪ ਸੰਕੇਤੀ ਸਹਿਜੀ ਗੱਲ ਏਨੀ ਏ ਭਈ ਇਸ ਵੇਲੇ ਨੂੰ ਸਾਕਾਰਦੇ ਲੇਖਕ ਦੇ ਸ਼ਬਦੀ ਦਰਿਸ਼, ਸੰਵਾਦ; ਜਜ਼ਬੇ ਇਸਦੀ ਮੂੰਹੋਂ ਬੋਲਦੀ ਸੱਚਾਈ ਜਾਪਦੇ ਨੇ।
ਆਪਣੀ ਜਾਚੇ ਇਹ ਕੁੱਝ ਪੱਖ, ਇਸ ਰਚਨਾਂ ਨੂੰ; ਪੰਜਾਬੀ ਦੇ ਐਸ ਵੇਲੇ- ‘ਕਹੇ ਜਾਂਦੇ’ - ਪਰਚਲਤ, ਰਿਵਾਇਤੀ; ਰਿਆਇਤੀ ਸਫਰਨਾਮਿਆਂ ਨਾਲੋਂ ਨਿਖੇੜਦੇ ਨੇ। ਜੇ ਕਿਤੇ ਓਹ ਸਫਰਨਾਮਾ ਜੁਗਤ ਨੂੰ ਨਿਭਾਉਂਦਿਆਂ ਸਮਕਾਲੀ ਰਿਵਾਜ ਅਨੁਸਾਰ ਤੁਰਦੀ ਵੀ ਏ ਤਾਂ ਬਹੁਤ ਸੰਭਲਕੇ। ਜਿੱਥੇ ਕਿਤੇ ਜਾਣਕਾਰੀ ਦੇਣ ਦੀ ਲੋੜ ਜਾਪੀ, ਓਹ ਸੰਖਿਪਤ ਹੋ ਜਾਂਦੀ ਏ। ਅਰੰਭਲੇ ਪੰਨਿਆਂ ’ਤੇ ਈ, ਗੁਰੂ ਨਾਨਕ ਦੇਵ ਦੇ ਜੀਵਨ ਬਿਰਤਾਂਤ ਨੂੰ; ਕੁੱਝ ਕੁ ਸਤਰਾਂ ਵਿੱਚ ਈ ਸਮੇਟ ਦੇਂਦੀ ਏ। ਇਹ ਸਿਰਫ ਮਿਸਾਲ ਏ। ਅੱਗੇ ਵੀ ਏਹੋ ਵਿਧੀ ਅਪਣਾਈ ਏ। ਨਾਂਵਾਂ, ਥਾਂਵਾਂ; ਆਲੇ ਦੁਆਲੇ ਨੂੰ ਵੀ ਲੋੜ ਜੋਗਾ ਈ ਜਣਾਇਆ ਏ। ਬਹੁਤੀ ਘੜਮੱਸ ਨਹੀਂ। ਸਮੁੱਚੀ ਲਿਖਤ ਦਾ ਬੱਝਵਾਂ ਪਰਭਾਵ ਪੜ੍ਹਤਾ ਨੂੰ ਇੱਕ ਨੁਕਤੇ ’ਤੇ ਈ ਬੰਨ੍ਹ ਦੇਂਦਾ ਏ। ‘ਮੇਰੇ’-’ਪਿਤਾ’ ਦੀ ‘ਕੁਰਸੀ’। ਦੂਜਾ ਨੁਕਤਾ ਭਾਊ ਵਰਿਆਮ ਸਿੰਘ ਸੰਧੂ ਦੀ ਤੀਰਥ ਯਾਤਰਾ ਸਮਾਨ ਆਪਣੇ ਵਿੱਛੜੇ ‘ਪਿੰਡ ਦੀ ਯਾਤਰਾ’। ਅਗਲੇਰਾ ਨੁਕਤਾ ਲੇਖਕ ਦੀ ਅਥਾਹ, ਰੂਹਾਨੀ; ਜਜ਼ਬਾਤੀ ‘ਸ਼ਰਧਾ’। ਬੜੀ ਥਾਂਈਂ ਓਹ ਨਿਰੀ ਸ਼ਰਧਾ ਦੀ ਮੂਰਤ ਬਣੀ ਦਿਖਦੀ ਏ।
ਏਸ ਕਿਤਾਬ ਵਿੱਚੋਂ ਬਹੁਤ ਸਾਰੇ ਹਰਫ, ਸ਼ਬਦ; ਵਾਕ ਉਲੀਕਣ, ਲਕੀਰਨ; ਸੰਭਾਲਣ ਵਾਲੇ ਨੇ। ਓਹਨਾਂ ਵਿੱਚੋਂ ਕੁੱਝ ਕੁ ਚੋਣਵੇਂ ਚੁਗਣ ਵਾਲੇ ਨੇ। ਪੰਨਿਆਂ ਦੇ ਪੰਨੇ ਇਸ ਲਿਖਤ ਦੀ ਸਿਫਤ ਨੂੰ ਪੁਸ਼ਟ ਕਰਦੇ ਨੇ। ਇਸ ਯਾਤਰਾ ਪੁਸਤਕ ਵਿਚਲੇ ਕਈ ਮਹੱਤਵੀ ਨੁਕਤੇ ਗੌਲਣ ਵਾਲੇ ਨੇ। ਲੇਖਕ ਜੋੜੀ ਨੇ, ਆਪਣੇ ਆਪਣੇ ਸ਼ਬਦੀਂ; ਵੰਡ ਦੇ ਦੁਖਾਂਤਕ ਅਨੁਭਵ ਨੂੰ ਉਲੀਕਿਆ ਏ। ਇਹ ਪੜ੍ਹਕੇ ਖਿਆਲ ਆਉਂਦਾ ਭਈ ਵੰਡ ਨਾਲ ਕੀ ਕੁੱਝ ਵੰਡਿਆ ਗਿਆ? ਮੁਲਕ / ਪੰਜਾਬ ਵੰਡਿਆ ਗਿਆ। ਪਾਣੀ ਵੰਡਿਆ ਗਿਆ। ਧਰਮ ਵੰਡਿਆ ਗਿਆ। ਜਾਤਾਂ ਵੰਡੀਆਂ ਗਈਆਂ। ਜਾਨਾਂ ਵੰਡੀਆਂ ਗਈਆਂ। ਹਵਾਵਾਂ ਤੱਕ ਵੰਡੀਆਂ ਗਈਆਂ। ਏਨੀਆਂ ਵੱਡੀਆਂ ਵੰਡੀਆਂ ਪਈਆਂ। ਰੂਹਾਂ ਕੰਬ ਗਈਆਂ! ਸੂਫੀ ਸੰਤ ਦਾ ਲਿਖਿਆ ਚੇਤੇ ਆਉਂਦਾ:
ਰੋਵਣ ਰੱਤ ਭਰ ਹੰਝੂ ਚਸ਼ਮਾਂ
ਦਰਦ ਫੁਲੇਂਦੇ ਤਾਂਹੀਂ
ਅੰਬਰ ਕਾਲਾ ਇਤਿ ਬਿਧ ਹੋਇਆ
ਅਸਾਂ ਦਰਦਮੰਦਾਂ ਦੀਆਂ ਆਹੀਂ
-ਪਹਿਲਾ ਵਾਕ ਨਿੱਕ ਵਾਕ ਦੀ ਮਿਸਾਲ ਏ। ਦੋਹਾਂ ਪਾਸਿਆਂ ਦੀ ਸਮਤਾ। ਫਿਰ ਲੀਕ ਕਿਓਂ? ‘ਪਾਸੇ’ ਸ਼ਬਦ ਦੀ ਵਰਤੋਂ ਪੰਜਾਬੀ ਦੀ ਠੇਠਤਾ ਨਾਲ ਨੇੜਤਾ ਏ। ‘ਙ’ ਅੱਖਰ ਸਣੇ, ਕੁੱਝ ਹੋਰ ਲੋਪ ਹੁੰਦੇ ਜਾਂਦੇ ਸ਼ਬਦਾਂ ਦੇ; ਭਾਸ਼ਾ ਵਿਗਿਆਨੀਆਂ ਵੀ ਬਦਲ ਸੁਝਾਏ ਨੇ। ਸ਼ੁਕਰ, ਰਜਵੰਤ ਨੇ ਇਸ ਔਖੇਰੇ ਠੇਠ ਪੰਜਾਬੀ ਸ਼ਬਦ ਨੂੰ ਆਪਣੀ ਲਿਖਤ ਵਿੱਚ ਪਰੋਇਆ-ਸਮੋਇਆ ਏ। ਏਨੀ ਠੇਠ ਪੰਜਾਬੀ ਵਿੱਚ ‘ਲੱਲਾ ਪੈਰ ਬਿੰਦੀ’ / ‘ਲ਼’ ਦੀ ਵਰਤੋਂ ਦੀ ਸਮਝ ਨਹੀਂ ਆਈ? ਸਾਡਾ ਵੱਡਾ ਭਾਸ਼ਾ ਵਿਗਿਆਨੀ ਡਾ. ਰਣਜੀਤ ਸਿੰਘ ਰੰਗੀਲਾ ਆਖਦਾ ਭਈ ਬਿੰਦੀਆਂ ਤਾਂ ਅਰਬੀ/ ਫ਼ਾਰਸੀ ਨਾਲ ਈ ਗਈਆਂ। ਕਿਤੇ ਕਿਤੇ ਸ਼ਬਦ-ਜੋੜ ਜਾਂ ਪਰੂਫ ਰੀਡਿੰਗ ਦੀ ਊਣ ਰੜਕਦੀ ਵੀ ਏ। ‘ਹੋੜੇ / ੋ’ ਦੀ ਥਾਂ ‘ਲਾਂ / ੇ’ ਲੱਗਣ ਨਾਲ ਈ ਸ਼ਬਦ ਕੁੱਝ ਹੋਰ ਹੋ ਜਾਂਦਾ ਏ। ਖ਼ੈਰ, ਕੁੱਝ ਆਪਣੇ ਵੱਸ ਨਹੀਂ ਵੀ ਹੁੰਦਾ। ਛਾਪਕ, ਪਰਕਾਸ਼ਕ; ਵੇਚਕ ਦੀ ਸੁਹਿਰਦਤਾ ਪੰਜਾਬੀ ਲਈ ਬਹੁਤ ਲੋੜੀਦੀ ਏ।
-ਮਾਂਵਾਂ ਜਦੋਂ ‘ਮੇਰਾ ਪੁੱਤ’ ਸੰਬੋਧਨ ਵਰਤਦੀਆਂ ਨੇ ਤਾਂ ਮਾਂ-ਪੁੱਤ ਦਾ ਸੀਨਾ ਕਿੰਨਾ ਫੈਲ ਜਾਂਦਾ ਏ! ਅਖੌਤ ਏ, ਅਖੇ…ਕੋ ਰਿਸ਼ਤਾ ਮਾਂ-ਪੁੱਤ: ਬਾਕੀ ਸਭ ਗੰਢ-ਤੁਪ
-ਦਰਸਨ ਤੋਂ ਅੱਗੇ ਪਰਸਨ ਦਾ ਮਹੱਤਵ ਏ। ਇਸ ਸਾਹਿਤਕ ਜੋੜੀ ਦੇ ਮਨ ਵਿੱਛੜੇ ਥਾਂਵਾਂ ਦੇ ਦਰਸ ਪਰਸ ਕਰਕੇ ਧੰਨ ਹੁੰਦੇ ਨੇ।
ਇਸ ਤਰ੍ਹਾਂ ਦੀਆਂ ਮਿਸਾਲਾਂ ਸਾਰੀ ਪੁਸਤਕ ਵਿੱਚ ਪਈਆਂ ਨੇ। ਇਹ ਕੁੱਝ ਕੁ ‘ਘਰ ਦੇ ਭਾਗ ਡਿਓਢੀਓਂ ਦਿੱਸ ਪੈਂਦੇ ਨੇ’ ਵਾਂਗ ਨੇ। ਇਸ ਲੇਖਕ ਦੀ ਇਮਾਨਦਾਰੀ ਏ, ਜੀਹਨੇ ਦੱਸਿਆ; ਇਹ ਕੁੱਝ ਹਿੱਸੇ ਓਦੋਂ ਨਾਲ ਨਾਲ ਕੀਤੀ ਵੀਡੀਓਗਰਾਫੀ ਦਾ ਉਤਾਰਾ ਨੇ। ਇਹ ਯੂ ਟਿਊਬ ’ਤੇ ਵੀ ਸੁਣੀਂਦੀ ਏ। ਕੁੱਝ ਸਮਾਂ ਟੀ.ਵੀ., ਰੰਗ ਮੰਚ; ਫਿਲਮ ਨਾਲ ਜੁੜੇ ਰਹਿਣ ਕਰਕੇ- ਦਾਸ ਦਾ ਨਿੱਜੀ ਅਨੁਭਵ ਏ: ਜਿਹੜੀ ਗੱਲ ਜਿਵੇਂ ਤੇ ਜਿੰਨੇ ਸਹਿਜ ਨਾਲ ਆਹਮੋ ਸਾਹਮਣੇ ਬਹਿਕੇ, ਲਿਖਤ ਵਿੱਚ ਕਿਸੇ ਨੂੰ ਸੰਬੋਧਤ ਹੋ ਕੇ; ਖ਼ਤ ਲਿਖਕੇ ਹੁੰਦੀ ਏ- ਓਵੇਂ ਦੀ ਆਤਮੀ-ਸਿਰਜਣੀ-ਰਚਨਈ ਗੱਲ ਮੰਚ, ਕੈਮਰੇ; ਮਾਈਕ ਸਾਂਹਵੇਂ ਨਹੀਂ ਹੁੰਦੀ। ਮੋਬਾਈਲੀ, ਫੇਸ ਬੁੱਕੀ; ਯੰਤਰੀ ਜਿਹੇ- ਗੱਲ-ਬਾਤੀ ਬੋਲ ਸੁਨੇਹੇ ਵੀ- ‘ਬਣੌਟੀ-ਗਿਆਨ’ /ਏ.ਆਈ. ਨਾਲ ਈ ਜੁੜਦੇ ਲਗਦੇ ਨੇ। ਖ਼ੈਰ! ਮਤੀ, ਅਮਤੀ; ਸਹਿਮਤੀ ਆਪੋ ਆਪਣੀ! ਲੋਕ ਬੋਲੀ ਵੀ ਏ ਨਾ, ਅਖੇ:
ਬਹਿ ਜਾਈਏ ਆਹਮੋ ਸਾਹਮਣੇ
ਦੁੱਖ ਸੁਖ ਤੇ ਗਰੀਬੀ ਭੁੱਲ ਜਾਵੇ
ਡਾ. ਵਰਿਆਮ ਸਿੰਘ ਸੰਧੂ ਸਾਡੇ ਪਿੰਡਾਂ, ਇਲਾਕੇ; ਤੇ ਮਾਝੇ ਦਾ ਮਾਣ ਏ। ਇਹ ਮਾਣ ਪੰਜਾਬੋਂ ਭਾਰਤੋਂ ਵਿਸ਼ਵੋਂ ਪਾਰ ਬਰਹਿਮੰਡ ਤੱਕ ਪਸਰਦਾ ਮਹਿਸੂਸਣਾ ਮੇਰੇ ਵਰਗੇ ਜਜ਼ਬਾਤੀ ਦੀ ਨਿੱਜੀ ਕਮਜ਼ੋਰੀ ਏ। ਬਰਹਿਮੰਡ ਧਰਤ ਦਾ ਉੱਦਾਤੀ ਆਤਮ ਏ। ਇਸ ਉਚੇਰੀ ਅਵੱਸਥਾ ਤੱਕ ਪਹੁੰਚਣ ਵਿੱਚ ਭੈਣ ਰਜਵੰਤ ਸੰਧੂ ਪੂਰੀ ਸ਼ਾਮਲ ਏ। ਮੇਰਾ ਪਿੰਡ ਇਹਨਾਂ ਦੇ ਪਿੰਡ ਨੇੜੇ ਏ। ਇਹ ਨੇੜੇ ਦੀ ਸਾਂਝ ਮੈਂ ਮਾਣੀ ਏ। ਵਰਿਆਮ ਭਾਅ ਤੋਂ ਮੈਨੂੰ ਸਦਾ ਵੱਡੇ ਭਰਾਵਾਂ ਵਰਗਾ ਪਿਆਰ ਮਿਲਿਆ ਏ। ਅਸੀਂ ਇੱਕ ਦੂਜੇ ਦੇ ਪਿੰਡੀਂ ਗਏ ਵੀ ਆਂ। ਵੱਡੇ ਵੀਰ ਦੇ ਪਿੰਡ 1974-75 ਦੇ ਕਰੀਬ, ਇੱਕ ਰਿਸ਼ਤੇਦਾਰੀ ਵਿੱਚ ਵਿਆਹ ’ਤੇ ਗਿਆਂ; ਉਸਦਾ ਪੰਜਾਬ ਦੇ ਚਾਦਰੇ, ਕੁੜਤੇ; ਤੇ ਟੇਢੀ ਪੱਗ ਵਾਲੇ ਖੁੱਲ੍ਹੇ-ਡੁੱਲ੍ਹੇ ਪਹਿਰਾਵੇ ਵਰਗੇ ਸੁਭਾ ਦਾ ਅਨੰਦ ਮਾਣਿਆ। ਓਹਦੀ ਬੈਠਕ ’ਚ ਬਹਿਕੇ ਲੱਸੀ ਨਾਲ ਜ਼ਬਾਨੀਂ ਕਹਾਣੀ ਵੀ ਸੁਣੀ। ਰਜਵੰਤ ਢਿੱਲੋਂ / ਸੰਧੂ ਦੀ ਹਲੀਮੀ, ਧੀਰਜ; ਸਹਿਜਤਾ ਹਰ ਮਨ ਨੂੰ ਭਾਉਂਦੀ ਏ।
ਇੱਕ ਨਿੱਜੀ ਗੱਲ ਸਾਂਝੀ ਕਰਨੋਂ ਆਪਣੇ ਆਪ ਨੂੰ ਰੋਕਣਾ ਔਖਾ ਲਗਦਾ। ਇਹ ਮੇਰੇ ਪਿਤਾ ਦੀ ਕੁਰਸੀ ਦੀ ਗਾਥਾ ਏ। ਓਹ ਓਹਨਾਂ ਵੇਲਿਆਂ ’ਚ ਪੱਟੀ ਸ਼ਹਿਰ ਡਾਕਟਰੀ ਕਰਦੇ। ਮਾਂ ਪਿੰਡ ਪੜ੍ਹਾਉਂਦੀ। ਮੇਰੇ ਨਾਨਕੇ ਕੈਰੋਂ ਪਰਿਵਾਰ ’ਚ ਨੇ। ਓਹ ਵੀ ਢਿੱਲੋਂ ਨੇ। ਓਧਰੋਂ ਏਧਰ ਆਏ ਨੇ। ਸਾਡੇ ਭਰਾਵਾਂ ’ਚ ਹੋਰ ਕਿਸੇ ਵੰਡ ਵੰਡਾਈ ਤੋਂ ਝਗੜਾ ਨਹੀਂ ਹੋਇਆ। ਸਿਰਫ ਇਸ ਕੁਰਸੀ ਨੂੰ ਰੱਖਣ ਤੋਂ ਸਾਡੇ ਦੋਂਹਾਂ ਭਰਾਵਾਂ- ਅਭੈ ਸਿੰਘ ਤੇ ਮੇਰੇ ਵਿਚਾਲੇ ਥੋੜ੍ਹੀ ਕੁ ਨਾਰਾਜ਼ਗੀ ਹੋਈ। ਓਹ ਵੀ ਓਹਨਾਂ ਵੱਡੇ ਭਰਾ ਵਾਲੀ ਵਡੱਤਣ ਨਾਲ ਪਿੰਡ ਵਾਲੇ ਘਰ ਸਣੇ ਮੈਨੂੰ ਸੌਂਪ ’ਤੀ। ਮੈਂ ਓਹ ਘਰ ਮੁੜ ਓਸੇ ਤਰ੍ਹਾਂ ਸੇਵਾ ਮੁਕਤ ਹੋ ਕੇ ਸਾਂਭਿਆ ਏ। ਓਥੇ ਇਹ ਕੁਰਸੀ ਨਾਲਦਾ ਮੇਜ਼, ਕੁੱਝ ਹੋਰ ਪੁਰਾਣਾ ਨਿਕਸੁਕ; ਤੇ ਇੱਕ ਪਲੰਘ ਢੋਅ ਵਾਲਾ ਮੇਰੀ ਪਹਿਲੀਝਝ ਮਾਂ ਦਾ ਸਾਂਭਿਆ ਪਿਆ ਏ। ਇਹਨਾਂ ਤਿੰਨਾਂ- ਮੇਜ਼, ਕੁਰਸੀ; ਪਲੰਘ ਦੀ ਇੱਕ ਸਾਂਝੀ ਖੂਬੀ ਏ। ਇਹ ਵੰਡ ਤੋਂ ਪਹਿਲਾਂ ਘਰਿੰਡ ਪਿੰਡ ਤੋਂ ਬਣੇ ਨੇ। ਭਾਰ ਬਹੁਤ ਈ ਘੱਟ ਏ। ਅਜੇ ਵੀ ਓਸੇ ਤਰ੍ਹਾਂ ਦੇ ਨੇ!
ਇਓਂ ਨਿੱਕੀਆਂ ਨਿੱਕੀਆਂ ਸਾਂਝਾਂ, ਸਿਮਰਤੀਆਂ; ਸ਼ੈਆਂ ਵੀ ਜ਼ਿੰਦਗੀ ਦੀ ਬੜੀ ਵੱਡੀ ਰਾਸ ਲਗਦੀਆਂ ਨੇ। ਰਜਵੰਤ ਸੰਧੂ ਲਿਖਿਤ “ਮੇਰੇ ਪਿਤਾ ਦੀ ਕੁਰਸੀ” ਵੀ ਬੜੀ ਮਹੀਨ, ਬਰੀਕ; ਤੀਬਰ ਭਾਵਨਾ ਵਾਲੀ ਮਹੱਤਵੀ ਰਚਨਾ ਏ। ਇਸਦੀ ਸਾਹਿਤਕ ਪਰਖ-ਪੜਚੋਲ ਤਾਂ ਵੱਡੇ ਅਕਾਦਮਕ ਵਿਦਵਾਨ ਆਲੋਚਕ ਕਰਨਗੇ। ਮੈਂ ਸਿਰਫ ਏਸ ਰਚਨ ਦਾ ਗੁਣਨੀ ਸੰਵਾਦੀ ਆਂ। ਵੱਡਿਆਂ ਬਾਰੇ ਲਿਖਦਿਆਂ ਇੱਕ ਝਿਜਕ ਜਿਹੀ ਅਕਸਰ ਵਲ ਲੈਂਦੀ ਏ। ਉਂਜ ਵੀ ਸਿਆਣੇ ਆਖਦੇ ਨੇ ਭਈ ਆਪ ਤੋਂ ਵੱਡਿਆਂ ਅੱਗੇ ਨਹੀਂ ਕੂਈਦਾ। ਮੈਨੂੰ ਆਪਣੀ ਨਿੱਕਤਾ ਦਾ ਪੂਰਾ ਇਹਸਾਸ ਏ। ਏਸੇ ਇਹਸਾਸ ਵਿੱਚੋਂ ਆਪਣੇ ਵਿੱਤ ਮੂਜਬ ਇਹ ਕੁੱਝ ਅੱਖਰੀ ਤਿਲਫੁਲ ਹਾਜ਼ਰ ਏ ਜੀ!
ਕਵੀਓ ਵਾਚ:
ਅਸੀਂ ਆਪੋ ਆਪਣੇ ਕੰਢਿਆਂ ’ਤੇ ਖਲੋਕੇ
ਇੱਕ ਦੂਜੇ ਨੂੰ ‘ਵਾਜਾਂ ਮਾਰਦੇ ਆਂ
ਅਸੀਂ ਬੋਲਾਂ ਦੇ ਪੁਲਾਂ ਨੂੰ
ਸਾਂਝ ਆਖਦੇ ਆਂ!
ਅਤੈ ਸਿੰਘ
ਟੋਰਾਂਟੋ ਕੈਨੇਡਾ
98151 77577

