ਕਈ ਸਾਲਾਂ ਤੋਂ ਕੈਨੇਡਾ ਵਿੱਚ ਰਹਿੰਦਿਆਂ ਹਥਲੀ ਪੁਸਤਕ ‘ਮੇਰੇ ਪਿਤਾ ਦੀ ਕੁਰਸੀ: ਪਾਕਿਸਤਾਨ ਦੀ ਯਾਤਰਾ’ ਦੀ ਲੇਖਿਕਾ ਰਜਵੰਤ ਕੌਰ ਸੰਧੂ ਨੂੰ ਆਰਥਿਕ ਤੰਗੀ ਵਾਲਾ ਤਾਂ ਕੋਈ ਮਸਲਾ ਨਹੀਂ ਸੀ ਅਤੇ ਕੈਨੇਡਾ ਦੀ ਨਾਗਰਿਕ ਹੋਣ ਕਰਕੇ ਨਾ ਹੀ ਪਾਕਿਸਤਾਨ ਦਾ ਪਾਸਪੋਰਟ ਪ੍ਰਾਪਤ ਕਰਨ ਵਿੱਚ ਕੋਈ ਦਿੱਕਤ ਸੀ। ਉਨ੍ਹਾਂ ਦੇ ਪਤੀ-ਦੇਵ ਉੱਘੇ ਪੰਜਾਬੀ ਲੇਖਕ ਡਾ. ਵਰਿਆਮ ਸਿੰਘ ਸੰਧੂ ਇਸ ਤੋਂ ਪਹਿਲਾਂ ਦੋ ਵਾਰ ਇਕੱਲੇ ਹੀ ਪਾਕਿਸਤਾਨ ਜਾ ਵੀ ਆਏ ਸਨ। ਉਹ ਆਪਣੀ ਸ਼ਰੀਕੇ-ਹਯਾਤ ਰਜਵੰਤ ਕੌਰ ਨੂੰ ਨਾਲ ਨਹੀਂ ਸਨ ਲੈ ਕੇ ਗਏ, ਜਿਸਦਾ ਇਸ ਲੇਖਿਕਾ ਨੂੰ ਡਾਹਡਾ ਗਿਲ੍ਹਾ ਵੀ ਹੈ। ‘ਬਹਾਨਾ’ ਪਹਿਲੀ ਵਾਰ 2001 ਵਿੱਚ ਫ਼ਖਰ ਜ਼ਮਾਂ ਵੱਲੋਂ ਲਾਹੌਰ ਵਿੱਚ ਕਰਵਾਈ ਗਈ ਉਨ੍ਹਾਂ ਵੱਲੋਂ ਪਹਿਲੀ ਆਲਮੀ ਪੰਜਾਬੀ ਕਾਨਫ਼ਰੰਸ ਵਿੱਚ ਲੇਖਕਾਂ ਨੂੰ ਆਪਣੀਆਂ ਪਤਨੀਆਂ ਨੂੰ ਨਾਲ ਨਾ ਲਿਜਾਣ ਦਾ ਅਤੇ ਫਿਰ ਦੂਸਰੀ ਵਾਰ ਹਰਨੇਕ ਸਿੰਘ ਘੜੂੰਆਂ ਵੱਲੋਂ ਕੇਵਲ ਉਨ੍ਹਾ ਦਾ ਆਪਣਾ (ਵਰਿਆਮ ਸਿੰਘ ਸੰਧੂ ਦਾ) ਹੀ ਪਾਸਪੋਰਟ ਮੰਗੇ ਜਾਣ ਦਾ ਸੀ।
ਇੱਥੇ ਇਹ ਜ਼ਿਕਰਯੋਗ ਹੈ ਕਿ ਪਹਿਲੀ ਆਲਮੀ ਪੰਜਾਬੀ ਕਾਨਫ਼ਰੰਸ ਵਿੱਚ ਬਹੁਤ ਸਾਰੇ ਲੇਖਕਾਂ ਦੀਆਂ ਪਤਨੀਆਂ ਉਨ੍ਹਾਂ ਦੇ ਨਾਲ ਗਈਆਂ ਸਨ ਅਤੇ ਦੂਸਰੀ ਵਾਰ ਹਰਨੇਕ ਘੜੂੰਆਂ ਦੀ ਪਤਨੀ ਅਤੇ ਬੱਚੇ ਵੀ ਉਨ੍ਹਾਂ ਦੇ ਨਾਲ ਗਏ ਸਨ। ਖ਼ੈਰ, ਬਾਅਦ ਵਿੱਚ ਇਨ੍ਹਾਂ ਦੋਹਾਂ ਜੀਆਂ ਦਾ ਆਪਣੇ ਸੁਹਿਰਦ ਮੇਜ਼ਬਾਨ ਅਹਿਮਦ ਰਜ਼ਾ ‘ਪੰਜਾਬੀ’ ਦੇ ਸੱਦੇ ‘ਤੇ ਇੱਕ ਹਫ਼ਤੇ ਲਈ 17 ਫ਼ਰਵਰੀ 2024 ਨੂੰ ਪਾਕਿਸਤਾਨ ਜਾਣ ਦਾ ਸਬੱਬ ਬਣ ਹੀ ਗਿਆ। ਇਸ ਨੂੰ ਇਤਫ਼ਾਕ ਹੀ ਕਿਹਾ ਜਾ ਸਕਦਾ ਹੈ ਕਿ ਅਹਿਮਦ ਰਜ਼ਾ ਇਸ ਤੋਂ ਇੱਕ ਸਾਲ ਪਹਿਲਾਂ 16 ਫ਼ਰਵਰੀ 2023 ਨੂੰ ਸਾਡੇ ਚਾਰ ਪਰਿਵਾਕ ਮੈਂਬਰਾਂ- ਮੇਰਾ, ਪਤਨੀ ਜਗਦੀਸ਼ ਕੌਰ ਝੰਡ, ਭੈਣ ਗੁਰਚਰਨ ਥਿੰਦ ਅਤੇ ਜੀਜਾ ਜੀ ਡਾ. ਸੁਖਵਿੰਦਰ ਸਿੰਘ ਥਿੰਦ ਦਾ ਵੀ ਦੋ ਹਫ਼ਤੇ ਲਈ ਬਹੁਤ ਵਧੀਆ ਮੇਜ਼ਬਾਨ ਸਾਬਤ ਹੋਇਆ ਸੀ।
ਆਪਣੀ ਪਾਕਿਸਤਾਨ ਯਾਤਰਾ ਦੌਰਾਨ ਰਜਵੰਤ ਸੰਧੂ ਤੇ ਸੰਧੂ ਸਾਹਿਬ ਉੱਥੇ ਕੇਵਲ ਇੱਕ ਹਫ਼ਤਾ ਹੀ ਰਹੇ, ਭਾਵੇਂ ਕਿ ਉਨ੍ਹਾਂ ਦੇ ਤਿੰਨ ਮਹੀਨੇ ਵਾਲੇ ਓਪਨ-ਵੀਜ਼ੇ ਦੀ ਮਿਆਦ 6 ਮਾਰਚ 2024 ਤੱਕ ਹੈਗੀ ਸੀ, ਪਰ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਖੇ ਸੰਧੂ ਸਾਹਿਬ ਦਾ ਵਿਸ਼ੇਸ਼ ਲੈੱਕਚਰ ਪਹਿਲਾਂ ਤੋਂ ਤੈਅ ਹੋਇਆ ਹੋਣ ਕਰਕੇ ਉਨ੍ਹਾਂ ਨੂੰ ਹਫ਼ਤੇ ਬਾਅਦ ਹੀ 23 ਫ਼ਰਵਰੀ ਨੂੰ ਵਾਪਸ ਆਉਣਾ ਪਿਆ। ਇਸ ਇੱਕ ਹਫ਼ਤੇ ਦੌਰਾਨ ਜਿੱਥੇ ਉਨ੍ਹਾਂ ਨੇ ਨਨਕਾਣਾ ਸਾਹਿਬ, ਪੰਜਾ ਸਾਹਿਬ, ਡੇਹਰਾ ਸਾਹਿਬ, ਸੱਚਾ ਸੌਦਾ ਸਾਹਿਬ, ਰੋੜੀ ਸਾਹਿਬ, ਆਦਿ ਵਿੱਛੜੇ ਹੋਏ ਗੁਰਧਾਮਾਂ ਦੇ ਦਰਸ਼ਨ ਕੀਤੇ ਜੋ ਪਾਕਿਸਤਾਨ ਗਿਆ ਹਰੇਕ ਸਿੱਖ ਬੜੀ ਸ਼ਰਧਾ ਨਾਲ ਕਰਦਾ ਹੈ, ਉੱਥੇ ਉਹ ਕਈ ਮਹਾਨ ਸਾਹਿਤਕ ਸ਼ਖ਼ਸੀਅਤਾਂ ਫ਼ਖਰ ਜ਼ਮਾਂ, ਇਲਿਆਸ ਘੁੰਮਣ, ਡਾ. ਜ਼ਹੀਰ ਵੱਟੂ, ਡਾ. ਫਰੀ ਸ਼ਫ਼ਕਤ, ਦਰਵੇਸ਼ ਲੇਖਕ ਮਕਸੂਦ ਸਾਕਿਬ ਤੇ ਹੁਸ਼ਿਆਰਪੁਰ ਜ਼ਿਲੇ ਦੇ ਕਸਬੇ ‘ਸ਼ਾਮ ਚੁਰਾਸੀ’ ਦੀ ਸਾਂਝ ਨਿਕਲਣ ਕਰਕੇ ਤਾਜ਼ਾ-ਤਾਜ਼ਾ ਬਣੇ ‘ਭਾਣਜੇ’ ਸ਼ਾਇਰ ਅਫ਼ਜ਼ਲ ਸਾਹਿਰ ਅਤੇ ਹੋਰ ਕਈਆਂ ਨੂੰ ਵੀ ਮਿਲੇ ਅਤੇ ਉਨ੍ਹਾਂ ਦੇ ਨਾਲ ਖੁੱਲ੍ਹੀਆਂ ਗੱਲਾਂ-ਬਾਤਾਂ ਕੀਤੀਆਂ। ਉਹ ਗੌਰਮਿੰਟ ਕਾਲਜ ਯੂਨੀਵਰਸਿਟੀ ਲਾਹੌਰ ਵੀ ਗਏ ਅਤੇ ਉੱਥੇ ਉਨ੍ਹਾਂ ਨੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਗੱਲਾਂ-ਬਾਤਾਂ ਦੀ ਖ਼ੂਬ ਸਾਂਝ ਭਡਾਣਾ ਪਾਈ। ,,,,
ਪਰ ਵੇਖਿਆ ਜਾਏ ਤਾਂ ਇਸ ਯਾਤਰਾ ਦੌਰਾਨ ਸੰਧੂ ਦੰਪਤੀ ਦੀ ਪ੍ਰਾਥਮਿਕਤਾ ਸੰਧੂ ਸਾਹਿਬ ਦੇ ਪੁਰਖ਼ਿਆਂ ਦਾ ਪਿੰਡ ਅਤੇ ਲਾਹੌਰ ਵਿੱਚ ਥਾਣਾ ਕਿਲ੍ਹਾ ਗੁੱਜਰ ਸਿੰਘ ਵੇਖਣ ਜਾਣ ਸੀ ਜੋ ਇਸ ਯਾਤਰਾ ਵਿੱਚ ਸਫ਼ਲਤਾ ਪੂਰਵਕ ਪੂਰੀ ਹੋਈ। ਸੰਧ੍ਹ ਸਾਹਿਬ ਨੂੰ ਭਾਰਤ-ਪਾਕਿਸਤਾ ਸਰਹੱਦ ਦੇ ਨੇੜੇ ਪੈਂਦਾ ਆਪਣਾ ਪੁਰਾਣਾ ਪਿੰਡ ‘ਭਡਾਣਾ’ ਲੱਭ ਤਾਂ ਗਿਆ ਪਰ ਉਸ ਵਿੱਚ ਆਪਣੇ ਮਾਤਾ ਜੀ ਵੱਲੋਂ ਦਰਸਾਈਆਂ ਗਈਆਂ ਨਿਸ਼ਾਨੀਆਂ ਅਨੁਸਾਰ ਲੱਭਿਆ ਗਿਆ ਪੁਰਖ਼ਿਆਂ ਦਾ ਘਰ ‘ਅਣਲੱਭਿਆ’ ਹੀ ਰਿਹਾ। ਪਿੰਡ ਦੇ ਵਸਨੀਕਾਂ ਵੱਲੋਂ ਦੱਸੇ ਗਏ ਕਿਸੇ ਹੋਰ ਘਰ ਨੂੰ ਹੀ ਉਹ ‘ਆਪਣਾ ਪੁਰਾਣਾ ਘਰ’ ਸਮਝਦੇ ਰਹੇ ਅਤੇ ਅਸਲੀ ਘਰ ਦੀ ਸ਼ਨਾਖ਼ਤ ਇਸ ਯਾਤਰਾ ਤੋਂ ਬਾਅਦ ਫ਼ੋਨ ‘ਤੇ ਵੀਡੀਓ ਕਾਲ ਰਾਹੀਂ ਹੀ ਸੰਭਵ ਹੋ ਸਕੀ।
ਪੁਸਤਕ ‘ਮੇਰੇ ਪਿਤਾ ਦੀ ਕੁਰਸੀ – ਪਾਕਿਸਤਾਨ ਦੀ ਯਾਤਰਾ’ ਰਜਵੰਤ ਕੌਰ ਸੰਧੂ ਦੀ ਪਲੇਠੀ ਪੁਸਤਕ ਹੈ ਜੋ ਉਸ ਦੀ ਪਾਕਿਸਤਾਨ ਜਾ ਕੇ ਉੱਥੇ ਲਾਹੌਰ ਦੇ ਥਾਣਾ ਕਿਲ੍ਹਾ ਗੁੱਜਰ ਸਿੰਘ ਦਾ ਵੇਖਣ ਦੀ ਰੀਝ ਤੋਂ ਉਪਜੀ ਹੈ, ਜਿੱਥੇ ਉਸਦੇ ਪਿਤਾ ਹੀ ਸ. ਬੰਤਾ ਸਿੰਘ 1947 ਦੀ ਭਾਰਤ-ਪਾਕਿਸਤਾਨ ਵੰਡ ਤੋਂ ਪਹਿਲਾਂ ਲੰਮਾਂ ਸਮਾਂ ਐੱਸ.ਐੱਚ.ਓ. ਵਜੋਂ ਤਾਇਨਾਤ ਰਹੇ ਸਨ। 1947 ਦੀ ‘ਖ਼ੂਨੀ ਵੰਡ’ ਤੋਂ ਬਾਅਦ ਉਹ ਫ਼ਿਰੋਜ਼ਪੁਰ ਦੇ ਇੱਕ ਥਾਣੇ ਵਿੱਚ ਐੱਸ.ਐੱਚ.ਓ. ਲੱਗ ਗਏ। ਉਹ ਬੜੇ ਚੰਗੇ ਖਿਡਾਰੀ ਅਤੇ ਵਧੀਆ ਘੋੜ-ਸਵਾਰ ਸਨ। ਪਰ ਮਾੜੀ ਕਿਸਮਤ ਨੂੰ 26 ਜਨਵਰੀ 1951 ਨੂੰ ਆਜ਼ਾਦ ਭਾਰਤ ਦੇ ਪਹਿਲੇ ਗਣਰਾਜ-ਦਿਵਸ ਦੇ ਜਸ਼਼ਨ ਮੌਕੇ ਜਦੋਂ ਉਹ ਪਲਿਸ ਖੇਡਾਂ ਦੌਰਾਨ ਘੋੜ-ਸਵਾਰੀ ਦੇ ਕਰਤੱਵ ਵਿਖਾ ਰਹੇ ਸਨ ਤਾਂ ਅਚਨਾਕ ਉਨ੍ਹਾਂ ਦਾ ਘੋੜਾ ਸਿੱਧਾ ਖੜਾ ਹੋ ਗਿਆ ਤੇ ਫਿਰ ਜ਼ਮੀਨ ‘ਤੇ ਡਿੱਗ ਪਿਆ। ਉਹ ਘੋੜੇ ਦੇ ਹੇਠਾਂ ਮਿੱਧੇ ਗਏ ਅਤੇ ਉੱਥੇ ਹੀ ਪ੍ਰਾਣ ਤਿਆਗ ਗਏ। ਪੁਸਤਕ ਲੇਖਿਕਾ ਰਜਵੰਤ ਉਦੋਂ ਮਹਿਜ਼ ਡੇਢ ਕੁ ਸਾਲ ਦੀ ਸੀ। ਇਹ ਮੰਦਭਾਗੀ ਘਟਨਾ ਉਸਦੇ ਸਮੁੱਚੇ ਪਰਿਵਾਰ ਲਈ ‘ਕਾਲ਼’ ਦਾ ਰੂਪ ਧਾਰ ਗਈ। ਇਸ ‘ਅਣਹੋਣੀ’ ਨੂੰ ਕੌਣ ਟਾਲ਼ ਸਕਦਾ ਸੀ। ਉਹ ਰੋ-ਰੋ ਕੇ ਆਪਣੇ ਬਾਪ ਨੂੰ ਯਾਦ ਕਰਦੀ ਰਹਿੰਦੀ ਅਤੇ ਉਸਦੇ ਮਨ ਵਿੱਚ ਉਹ ਥਾਂ ਵੇਖਣ ਦੀ ਇੱਛਾ ਹਰਦਮ ਬਣੀ ਰਹਿੰਦੀ, ਜਿੱਥੇ ਉਸਦੇ ਬਾਪ ਨੇ ਆਪਣੇ ਸੇਵਾ-ਸਮੇਂ ਦੇ ‘ਸੁਨਹਿਰੀ ਦਿਨ’ ਗ਼ੁਜ਼ਾਰੇ ਸਨ।
ਪਾਕਿਸਤਾਨੀ ਸਫ਼ਰਨਾਮਿਆਂ ਦੀ ਗੱਲ ਕਰੀਏ ਤਾਂ ਇਸ ਸਬੰਧੀ ਸੱਭ ਤੋਂ ਪਹਿਲੀ ਪੁਸਤਕ ਬਲਰਾਜ ਸਾਹਨੀ ਦੀ ‘ਮੇਰਾ ਪਾਕਿਸਤਾਨੀ ਸਫ਼ਰਨਾਮਾ’ ਹੈ ਜੋ ਉਨ੍ਹਾਂ ਵੱਲੋਂ 1962 ਵਿੱਚ ਪਾਕਿਸਤਾਨ ਦੀ ਕੀਤੀ ਗਈ ਯਾਤਰਾ ਦੇ ਆਧਾਰਿਤ ਹੈ। ਡਾ. ਵਰਿਆਮ ਸਿੰਘ ਸੰਧੂ ਦਾ ‘ਵਗਦੀ ਸੀ ਰਾਵੀ ਇਸ ਲੜੀ ਵਿੱਚ ਦੂਸਰਾ ਮਹੱਤਵਪੂਰਨ ਪਾਕਿਸਤਾਨੀ ਸਫ਼ਰਨਾਮਾ ਹੈ। 16 ਫ਼ਰਵਰੀ 2023 ਨੁੰ ਜਦੋਂ ਮੈਂ ਆਪਣੇ ਤਿੰਨ ਪਰਿਵਾਰਕ ਮੈਂਬਰਾਂ ਨਾਲ ਲਹਿੰਦੇ ਪੰਜਾਬ ਦੀ ਦੋ ਹਫ਼ਤੇ ਯਾਤਰਾ ਕੀਤੀ ਤਾਂ ਇਸਦਾ ਵਿਸਤ੍ਰਿਤ ਹਾਲ ਕਿਤਾਬੀ ਰੂਪ ਵਿੱਚ ‘ਪੁਰਖ਼ਿਆਂ ਦਾ ਦੇਸ : ਸਫ਼ਰਨਾਮਾ’ ਹੇਠ ਕਲਮਬੰਦ ਕੀਤਾ ਤੇ ਇਸ ਨੂੰ 2025 ਵਿੱਚ ਛਪਵਾਇਆ। ਇਸ ਤੋਂ ਪਹਿਲਾਂ ਭੈਣ ਗੁਰਚਰਨ ਕੌਰ ਥਿੰਦ ਨੇ ਇਸ ਨੂੰ ਆਪਣੇ ਸ਼ਬਦਾਂ ਵਿੱਚ ਲਿਖ ਕੇ ‘ਲਹਿੰਦੇ ਪੰਜਾਬ ਵਿੱਚ 14 ਦਿਨ’ ਸਿਰਲੇਖ ਹੇਠ 2024 ਵਿੱਚ ਛਪਵਾਇਆ। ਅਮਰੀਕਾ ਵਿੱਚ ਵੱਸਦੇ ਲੇਖਕ ਰਵਿੰਦਰ ਸਹਿਰਾਅ ਦੀ 2025 ਵਿੱਚ ਛਪੀ ਪੁਸਤਕ ‘ਲਾਹੌਰ ਨਾਲ ਗੱਲਾਂ’ ਲਾਹੌਰ ਸ਼ਹਿਰ ਦੀਆਂ ਬਾਤਾਂ ਪਾਉਂਦੀ ਹੈ ਜੋ ਉਸਦੇ ਵੱਲੋਂ 2024 ਵਿੱਚ ਲਾਹੌਰ ਤੇ ਪਾਕਿਸਤਾਨ ਦੇ ਹੋਰ ਸ਼ਹਿਰਾਂ ਦੀ ਯਾਤਰਾ ਤੋਂ ਬਾਅਦ ਲਿਖੀ ਗਈ ਹੈ।
ਰਜਵੰਤ ਕੌਰ ਦੀ ਪਾਕਿਸਤਾਨ ਦੀ 128 ਪੰਨਿਆਂ ਦੀ ਇਸ ਯਾਤਰਾ ਪੁਸਤਕ ਵਿੱਚ ‘ਪਾਕਿਸਤਾਨ ਜਾਣਾ – ਇੱਕ ਸੁਪਨੇ ਦੀ ਪੂਰਤੀ’, ਸਮੇਂ-ਸਮੇਂ ਦੀ ਗੱਲ, ਫ਼ਖ਼ਰ ਜ਼ਮਾਂ’, ‘ਲੱਭਾ-ਅਣਲੱਭਾ ਘਰ’, ‘ਇਲਿਆਸ ਘੁੰਮਣ ਨਾਲ ਮਿਲਣੀ’, ‘ਮੇਰੇ ਪਿਤਾ ਦੀ ਕੁਰਸੀ’, ‘ਕਬਰ ਜਿਨ੍ਹਾਂ ਦੀ ਜੀਵੇ ਹੂ’, ‘ਨਨਕਾਣੇ ਵੱਲ ਨੂੰ ਜਾਂਦੇ ਰਾਹੀਆ ਵੇ’, ‘ਵੜੇ ਚੁਗੱਤੇ ਸ਼ਹਿਰ (ਏਮਨਾਬਾਦ) ‘ਚ’, ‘ਸ਼ਹੀਦ ਭਗਤ ਸਿੰਘ ਚੌਕ/ਸ਼ਾਦਮਨ ਚੌਕ’, ‘ਲੰਘ ਆ ਜਾ ਪੱਤਣ ਝਨਾਂ ਦਾ ਯਾਰ’, ‘ਮਾਂ-ਬੋਲੀ ਜੇ ਭੁੱਲ ਜਾਓਗੇ’, ‘ਭਣੇਵੇਂ ਨੇ ਕੀਤਾ ‘ਮਾਸੀ-ਮਾਸੜ’ ਦਾ ਸਨਮਾਨ’, ‘ਸਾਡਾ ਖ਼ੂਨ ਮੁੜ ਉਸੇ ਧਾਰਾ ਵਿੱਚ ਵਹਿਣਾ ਚਾਹੁੰਦਾ ਹੈ’, ਆਦਿ ਦਿਲਚਸਪ ਸਿਰਲੇਖਾਂ ਨਾਲ ਸ਼ਿੰਗਾਰੇ ਗਏ 20 ਵੱਖ-ਵੱਖ ਅਧਿਆਵਾਂ ਵਿੱਚ ਗੁਰਧਾਮਾਂ, ਇਤਿਹਾਸ ਅਸਥਾਨਾਂ ਅਤੇ ਸਾਹਿਤਕ ਸ਼ਖ਼ਸੀਅਤਾਂ ਬਾਰੇ ਅਣਮੁੱਲੀ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ। ਪੁਸਤਕ ਦੇ ਸਾਰੇ ਹੀ ਅਧਿਆਇ ਦਿਲਚਸਪ ਹਨ ਪਰ ਇਨ੍ਹਾਂ ਵਿੱਚ ‘ਮੇਰੇ ਪਿਤਾ ਦੀ ਕੁਰਸੀ’ ਵਾਲਾ ਅਧਿਆਇ ਪ੍ਰਮੁੱਖ ਹੈ, ਜਿਸ ਨੂੰ ਪੁਸਤਕ ਦਾ ‘ਧੁਰਾ’ ਮੰਨਦਿਆਂ ਹੋਇਆਂ ਇਸ ਪੁਸਤਕ ਦਾ ਨਾਮਕਰਣ ਕੀਤਾ ਗਿਆ ਹੈ, ਮੈਨੂੰ ਸੱਭ ਤੋਂ ਰੌਚਕ, ਗੰਭੀਰ ਅਤੇ ਭਾਵਨਾਤਮਿਕ ਲੱਗਿਆ ਹੈ। ਇਸ ਵਿੱਚ ਲੇਖਿਕਾ ਦੀਆਂ ਅੰਤਰੀਵ-ਭਾਵਨਾਵਾਂ ਝਲਕਦੀਆਂ ਹਨ, ਜਦੋਂ ਉਹ ਕਿਲ੍ਹਾ ਗੁੱਜਰ ਸਿੰਘ ਥਾਣੇ ‘ਚ ਜਾ ਕੇ ਆਪਣੇ ਪਿਤਾ ਦੀ ਕੁਰਸੀ ਦੇ ਦਰਸ਼ਨ ਕਰਦੀ ਹੈ।
ਇਸ ਦੇ ਬਾਰੇ ਉਹ ਇਸ ਅਧਿਆਇ ਵਿੱਚ ਕਹਿੰਦੀ ਹੈ :
ਯੂਨਸ ਭੱਟੀ ਉੱਠ ਖਲੋਂਦਾ ਹੈ ਤੇ ਮਿੱਠਾ ਜਿਹਾ ਹੱਸ ਕੇ ਕੁਰਸੀ ਮੇਰੇ ਲਈ ਖਾਲੀ ਕਰ ਦਿੰਦਾ ਹੈ ਤੇ ਇੱਕ ਪਾਸੇ ਖਲੋ ਕੇ ਕੁਰਸੀ ਦੀ ਬਾਹੀ ਨੂੰ ਹੱਥ ਪਾ ਕੇ ਮੈਨੂੰ ਬਹਿਣ ਲਈ ਸੌਖਿਆਈ ਦੇਣ ਲਈ ਕੁਰਸੀ ਨੂੰ ਆਸਰਾ ਦਿੰਦਾ ਹੈ। ਫਿਰ ਆਪਣੇ ਬਹਿਣ ਲਈ ਮੇਰੇ ਵਾਲੀ ਖਾਲੀ ਕੁਰਸੀ ਵੱਲ ਜਾਂਦਿਆਂ ਕਹਿੰਦਾ ਹੈ, “ਇਹ ਕੁਰਸੀ ਪਹਿਲਾਂ ਤੁਹਾਡੇ ਵਾਲਿਦ ਸਾਹਿਬ ਦੀ ਸੀ। ਹੁਣ ਤੁਹਾਡੇ ਬੇਟੇ ਦੀ ਹੈ! ਇਹ ਕੁਰਸੀ ਤੁਹਾਡੀ ਹੀ ਏ।” (ਪੰਨਾ-37)
ਐੱਸ.ਐੱਚ.ਓ. ਯੂਨਸ ਭੱਟੀ ਦੇ ਇਨ੍ਹਾਂ ਬੋਲਾਂ ਬਾਰੇ ਰਜਵੰਤ ਸੰਧੂ ਦਾ ਕਹਿਣਾ ਹੈ, “ਯੂਨਸ ਭੱਟੀ ਦੇ ਮੁਹੱਬਤੀ ਬੋਲਾਂ ਨੇ ਸੱਭ ਦਾ ਮਨ ਮੋਹ ਲਿਆ। ਉਹਦੇ ਵਿਹਾਰ ਵਿੱਚੋਂ ਇਨਸਾਨੀ ਕਿਰਦਾਰ ਦੀ ਬੁਲੰਦੀ ਝਰ-ਝਰ ਪੈ ਰਹੀ ਸੀ। ਉਸਦਾ ਇਹ ਵਤੀਰਾ ਕਿਸੇ ਉਤਲੇ ਅਫ਼ਸਰ ਦੀ ਹਦਾਇਤ ਕਾਰਨ ਨਹੀਂ ਸੀ, ਇਹ ਤਾਂ ਉਹਦੇ ਅੰਦਰਲੀ ਇਨਸਾਨੀ ਖ਼ੂਬਸੂਰਤੀ ਦਾ ਝਲਕਾਰਾ ਹੀ ਸੀ।” (ਪੰਨਾ-38)
ਆਪਣੀ ਇਸ ਪਲੇਠੀ ਪੁਸਤਕ ਵਿੱਚ ਰਜਵੰਤ ਸੰਧੂ ‘ਲੇਖਿਕਾ’ ਹੋਣ ਦਾ ਦਾਅਵਾ ਨਹੀਂ ਕਰਦੀ, ਸਗੋਂ ਉਸਦਾ ਕਹਿਣਾ ਹੈ, “ਉਹ ਲੇਖਕ ਦੀ ਪਤਨੀ ਹੋਣ ਕਰਕੇ ਲੇਖਿਕਾ ਹੈ, ਜਿਵੇਂ ਠਾਣੇਦਾਰ ਦੀ ਘਰਵਾਲੀ ਠਾਣੇਦਾਰਨੀ ਤੇ ਮਾਸਟਰ ਦੇ ਘਰਵਾਲੀ \ਮਾਸਟਰਨੀ ਹੁੰਦੀ ਹੈ।“ (ਪੰਨਾ-7), ਪਰ ਪੁਸਤਕ ਨੂੰ ਡੂੰਘਾਈ ਨਾਲ ਵੇਖਣ-ਪਰਖਣ ਤੋਂ ਬਾਅਦ ਉਸਦੀ ਇੱਕ ਪ੍ਰੋੜ- ਲੇਖਿਕਾ ਵਜੋਂ ਝਲਕ ਮਹਿਸੂਸ ਹੁੰਦੀ ਹੈ। ਇਹ ਇਸ ਤੋਂ ਪਹਿਲਾਂ ਆਪਣੀ ਮਾਂ ਬਾਰੇ ਅਤੇ ਸੰਧੂ ਸਾਹਿਬ ਬਾਰੇ ਲਿਖੇ ਗਏ ਲੇਖਾਂ ਕਾਰਨ ਹੋਵੇ ਜਾਂ ਸ਼ਾਇਦ ਸੰਧੂ ਸਾਹਿਬ ਦੀ ਸੰਗਤ ਅਤੇ ਛਪਣ ਤੋਂ ਪਹਿਲਾਂ ਉਨ੍ਹਾਂ ਦੀਆਂ ਲਿਖ਼ਤਾਂ ਦੀ ਪਹਿਲੀ ਪਾਠਕ ਕਾਰਨ ਹੋਵੇ। ਮੈਂ ਸਮਝਦਾ ਹਾਂ ਕਿ ਇਸਦੇ ਬਾਰੇ ਪੂਰੇ ਯਕੀਨ ਨਾਲ ਕੁਝ ਨਹੀਂ ਕਿਹਾ ਜਾ ਸਕਦਾ, ਪਰ ਪੁਸਤਕ ਵਿੱਚ ਉਸਦੀ ਲਿਖ਼ਤ ਦਾ ਪੰਨਾ 37 ਤੇ 38 ਉੱਪਰ ਦਰਜ ਉਪਰੋਕਤ ਨਮੂੰਨਾ ਮੇਰੀ ਇਸ ਧਾਰਨਾ ਨੂੰ ਪੂਰੀ ਤਰ੍ਹਾਂ ਸਪੱਸ਼ਟ ਕਰਦਾ ਹੈ।
ਭੈਣ ਜੀ ਰਜਵੰਤ ਸੰਧੂ ਇਸ ਪੁਸਤਕ ਅਤੇ ਮੇਰੇ ਸਫ਼ਰਨਾਮੇਂ ‘ਪੁਰਖ਼ਿਆਂ ਦਾ ਦੇਸ’ ਵਿੱਚ ਕਈ ਸਮਾਨਤਾਵਾਂ ਹਨ ਅਤੇ ਕੁਝ ਵੱਖਰਤਾ ਵੀ ਹੈ। ਸਮਾਨਤਾਵਾਂ ਵਿੱਚ ਸਾਡੇ ਸਾਂਝੇ ਮੇਜ਼ਬਾਨ ਅਹਿਮਦ ਰਜ਼ਾ ਅਤੇ ਉਸਦੇ ਨਾਲ ਨੌਜੁਆਨ ਕੈਮਰਾਮੈਨ ਤੇ ਵੀਡੀਓਗ੍ਰਾਫ਼ਰ ਫ਼ੈਸਲ ਅਲੀ, ਯਾਤਰਾ ਲਈ ਫ਼ਰਵਰੀ ਮਹੀਨੇ ਦੀ ਚੋਣ (ਸਾਲ ਬੇਸ਼ਕ 2023 ਤੇ 2024 ਵੱਖੋ-ਵੱਖਰੇ ਹਨ), ਕਈ ਗੁਰਧਾਮਾਂ ਅਤੇ ਸ਼ਹੀਦ ਭਗਤ ਸਿੰਘ ਚੌਕ’ ਉਰਫ਼ ‘ਸ਼ਾਦਮਨ ਚੌਕ’, ਸ਼ਾਹੀ ਕਿਲ੍ਹਾ, ਸ਼ਾਲੀਮਾਰ ਬਾਗ਼, ਸ਼ਾਹੀ ਮਸਜਿਦ ਵਰਗੇ ਇਤਿਹਾਸਕ ਅਸਥਾਨ ਵੇਖਣੇ, ਅੰਜੁਮ ਗਿੱਲ, ਅਫ਼ਜ਼ਲ ਸਾਹਿਰ ਤੇ ਹਿਊਮਨ ਐਕਟੀਵਿਸਟ ਬੀਬੀ ਦੀਪ ਸਈਅਦਾ ਵਰਗੇ ਸਾਂਝੇ ਦੋਸਤਾਂ ਨੂੰ ਮਿਲਣਾ, 21 ਫ਼ਰਵਰੀ ਨੂੰ ਲਾਹੌਰ ਵਿਖੇ ਪੰਜਾਬੀ ਪ੍ਰੇਮੀਆਂ ਵੱਲੋਂ ਮਨਾਏ ਜਾਂਦੇ ‘ਪੰਜਾਬੀ ਮਾਂ-ਬੋਲੀ ਦਿਵਸ ਵਿੱਚ ਸ਼ਾਮਲ ਹੋਣਾ, ਆਪਣੇ ਪੁਰਖ਼ਿਆਂ ਦੇ ਪਿੰਡ ਜਾਣਾ, ਆਦਿ ਸ਼ਾਮਲ ਹੈ, ਜਦਕਿ ਵੱਖਰਤਾ ਵਿੱਚ ਸਾਡੇ ਗਰੁੱਪ ਵੱਲੋਂ ਸਮਾਂ ਇਨ੍ਹਾਂ ਨਾਲੋਂ ਇੱਕ ਹਫ਼ਤਾ ਵਧੇਰੇ ਹੋਣ ਕਰਕੇ ਕਸੂਰ ਵਿਖੇ ਬਾਬਾ ਬੁਲ੍ਹੇ ਸ਼ਾਹ ਤੇ ਲਾਹੌਰ ਵਿੱਚ ਸਾਈਂ ਮੀਆਂ ਮੀਰ ਜੀ ਦੇ ਦਰਬਾਰਾਂ ਦੇ ਦਰਸ਼ਨ-ਮੇਲੇ, 1905 ‘ਚ ਬਣਿਆ ਅਜੋਕਾ ਮਾਡਰਨ ਸ਼ਹਿਰ ਲਾਇਲਪੁਰ (ਹੁਣ, ਫ਼ੈਸਲਾਬਾਦ) ਅਤੇ ਗੁਰਦੁਆਰਾ ਪੰਜਾ ਸਾਹਿਬ ਦੀ ਯਾਤਰਾ ਸਮੇਂ ਰਾਵਲਪਿੰਡੀ, ਇਸਲਾਮਾਬਾਦ ਤੇ ਪੁਰਾਤਨ ਸ਼ਹਿਰਾਂ ਤਕਸ਼ਸ਼ਿਲਾ, ਸਿਰਕਪ ਅਤੇ 3000 ਸਾਲ ਪੁਰਾਣੀ ਟੈਕਸਲਾ ਯੂਨੀਵਰਸਿਟੀ ਦੇ ਖੰਡਰ ਵੇਖਣੇ, ਆਪਣੇ ਪੁਰਖ਼ਿਆਂ ਦੇ ਪਿੰਡ ਚੱਕ ਨੰਬਰ 202 ਗੱਟੀ ਤਲਾਵਾਂ ਤੋਂ ਇਲਾਵਾ ਲਹਿੰਦੇ ਪੰਜਾਬ ਦੇ ਦੋ ਹੋਰ ਪਿੰਡਾਂ ਬਸਤੀ ਦਾਨਿਸ਼ਮੰਦਾਂ ਤੇ ਭਡਿਆਰ ਜਾਣਾ ਤੇ ਉੱਥੇ ਪ੍ਰੋੜ੍ਹ-ਕਵੀ ਏਹਸਾਨ ਬਾਜਵਾ ਨਾਲ ਅਦਬੀ ਮੁਲਾਕਾਤ ਕਰਨਾ, ਆਦਿ ਸ਼ਾਮਲ ਹੈ। ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਪਿਛਲੇ ਪੜਾਅ ‘ਚ 18 ਸਾਲਾਂ ਦੀ ਰਿਹਾਇਸ਼-ਗਾਹ ਵਾਲੇ ਗੁਰਧਾਮ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਇਨ੍ਹਾਂ ਨੇ ਭਾਰਤ ਵਾਲੇ ਪਾਸਿਉਂ ਡੇਰਾ ਬਾਬਾ ਨਾਨਕ ਵਾਲਾ ਲਾਂਘਾ ਲੰਘ ਕੇ ਦੋ ਵਾਰ ਕੀਤੇ ਅਤੇ ਅਸੀਂ ਲਾਹੌਰ ਵੱਲੋਂ ਆ ਕੇ ਨਾਰੋਵਾਲ ਸ਼ਹਿਰ ਪਾਰ ਕਰਕੇ ਇੱਕੋ ਵਾਰ ਹੀ ਕੀਤੇ।
ਖ਼ੈਰ, ਇਹ ਸਮਾਨਤਾ ਤੇ ਵੱਖਰਤਾ ਮਾਮੂਲੀ ਗੱਲਾਂ ਹਨ ਅਤੇ ਮੈਂ ਐਵੇਂ ਈ ਇਸ ਚੱਕਰ ‘ਚ ਪੈ ਗਿਆ। ਗੱਲ ਤਾਂ ਇੱਥੇ ਪਾਕਿਸਤਾਨੀ ਸਫ਼ਰਨਾਮੇ ‘ਮੇਰੇ ਪਿਤਾ ਦੀ ਕੁਰਸੀ’ ਦੀ ਚੱਲ ਰਹੀ ਹੈ। ਇਸ ਸਫ਼ਰਨਾਮੇ ਵਿੱਚ ਲੇਖਿਕਾ ਦੀ ਸੁਹਿਰਦਤਾ ਅਤੇ ਭਾਵੁਕਤਾ ਭਰਪੂਰ ਅਹਿਸਾਸ ਸਾਫ਼ ਦਿਖਾਈ ਦਿੰਦਾ ਹੈ। ਨਨਕਾਣਾ ਸਾਹਿਬ ਦੇ ਗੁਰਦੁਆਰਾ ਜਨਮ-ਅਸਥਾਨ ਅਤੇ ਇੱਥੋ ਦੇ ਹੋਰ ਗਰਦੁਆਰਿਆਂ ਦੀ ਗੱਲ ਕਰਦੀ ਹੋਈ ਉਹ ਮਹਿਸੂਸ ਕਰਦੀ ਹੈ ਕਿ ਭਾਈ ਮਰਦਾਨਾ ਜੀ ਇਸ ਸ਼ਹਿਰ ਨਨਕਾਣਾ ਸਾਹਿਬ ਵਿਖੇ ਗੁਰੂ ਜੀ ਨਾਲ ਕਈ ਸਾਲ ਇਕੱਠੇ ਵਿਚਰਦੇ ਰਹੇ ਅਤੇ ਫਿਰ ਵੱਖ-ਵੱਖ ਥਾਵਾਂ ਦੀਆਂ ਕੀਤੀਆਂ ਚੌਹਾਂ ਉਦਾਸੀਆਂ ਵਿੱਚ ਉਨ੍ਹਾਂ ਦੇ ਅੰਗ-ਸੰਗ ਰਹੇ, ਪਰ ਉਨ੍ਹਾਂ ਦੇ ਜਿਗਰੀ ਯਾਰ ਦੀ ਇੱਥੇ ਇੱਕ ਵੀ ਯਾਦਗਾਰ ਮੌਜੂਦ ਨਹੀਂ ਹੈ। ਕੀ ਇਹ ਸਾਡੀ ਨਾ-ਸਮਝੀ ਨਹੀਂ? (ਪੰਨਾ-53)
‘ਪੰਜ-ਆਬ ਪ੍ਰਕਾਸ਼ਨ ਜਲੰਧਰ’ ਵੱਲੋਂ 128 ਪੰਨਿਆਂ ਦੀ ਇਹ ਪੁਸਤਕ ਬੜੀ ਖ਼ੂਬਸੂਰਤ ਦਿੱਖ ਵਿੱਚ ਛਾਪੀ ਗਈ ਹੈ। ਪੁਸਤਕ ਦੇ ਸਰਵਰਕ ਉੱਪਰ ਲਾਹੌਰ ਦੇ ਥਾਣੇ ਕਿਲ੍ਹਾ ਗੁੱਜਰ ਸਿੰਘ ਦੀ ਅਤੀ-ਆਧੁਨਿਕ ਇਮਾਰਤ ‘ਚ ਸੁਸ਼ੋਭਿਤ ਐੱਸ.ਐੱਚ.ਓ. ਦੀ ਕੁਰਸੀ ‘ਤੇ ਬਿਰਾਜਮਾਨ ਲੇਖਿਕਾ ਦੀ ਅਤੇ ਕਿਤਾਬ ਦੇ ਟੈੱਕਸਟ ਦੇ ਆਰੰਭ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਜੀ ਸ. ਬੰਤਾ ਸਿੰਘ ਦੀ ਤਸਵੀਰ ਅਤੇ ਨਾਲ ਹੀ ਅੱਠ ਰੰਗਦਾਰ ਪੰਨਿਆਂ ‘ਤੇ ਇਸ ਸਫ਼ਰਨਾਮੇ ਨਾਲ ਸਬੰਧਿਤ ਹੋਰ ਕਈ ਤਸਵੀਰਾਂ ਦੇ ਕੇ ਕਿਤਾਬ ਦੀ ਖ਼ੂਬਸੂਰਤੀ ਵਿੱਚ ਢੇਰ ਵਾਧਾ ਕੀਤਾ ਗਿਆ ਹੈ। ਭੈਣ ਜੀ ਰਜਵੰਤ ਕੌਰ ਸੰਧੂ ਨੂੰ ਪਾਕਿਸਤਾਨ ਦੀ ਯਾਤਰਾ ਦੀ ਇਹ ਪਲੇਠੀ ਪੁਸਤਕ ਲਿਆਉਣ ‘ਤੇ ਮੈਂ ਉਨ੍ਹਾਂ ਨੂੰ ਹਾਰਦਿਕ ਮੁਬਾਰਕਬਾਦ ਦਿੰਦਾ ਹਾਂ ਅਤੇ ਆਸ ਕਰਦਾ ਹਾਂ ਕਿ ਉਹ ਅੱਗੋਂ ਵੀ ਏਸੇ ਤਰ੍ਹਾਂ ਆਪਣੀ ਕਲਮ ਦਾ ਸਫ਼ਰ ਜਾਰੀ ਰੱਖਦਿਆਂ ਹੋਇਆਂ ਹੋਰ ਪੁਸਤਕਾਂ ਪੰਜਾਬੀ ਪਾਠਕਾਂ ਦੀ ਝੋਲ਼ੀ ‘ਚ ਪਾਉਣਗੇ।

