ਔਰਤ ਸਿਆਣਪ ਅਤੇ ਸ਼ਕਤੀ ਦਾ ਮੁਜੱਸਮਾ ਹੈ! ਉਸਦੇ ਹੌਸਲੇ ਹਮੇਸ਼ਾ ਬੁਲੰਦ ਰਹੇ। ਹੌਸਲੇ ਦਾ ਸੰਬੰਧ ਹਾਲਾਤਾਂ ਅਤੇ ਪ੍ਰਸਥਿਤੀਆਂ ਨਾਲ ਹੁੰਦਾ ਹੈ ਕਿਸੇ ਜੈਂਡਰ ਨਾਲ ਨਹੀਂ। ਔਰਤ ਆਪਣੀ ਜ਼ਿੰਦਗੀ ਦੌਰਾਨ ਪ੍ਰਸੂਤੀ ਪੀੜਾਂ ਝੱਲਣ ਤੋਂ ਲੈ ਕੇ ਆਪਣੇ ਆਪ ਨੂੰ ਦੂਜੈਲੇ ਦਰਜੇ ਦੀ ਵਿਅੱਕਤੀ ਹੋਣ ਦੀ ਹੀਣਤਾ ਵਰਗੇ ਬਹੁਤ ਸਾਰੇ ਚੈਲੰਜਾਂ ਦਾ ਸਾਹਮਣਾ ਕਰਦੀ ਆ ਰਹੀ ਹੈ। ਦੁਨੀਆ ਦੇ ਤਕਰੀਬਨ ਹਰ ਖਿੱਤੇ ਵਿਚ ਸਦੀਆਂ ਤੋਂ ਮਰਦ ਵਲੋਂ ਔਰਤ ਨੂੰ ਪਛਾੜਣ ਦੀ ਕੋਸ਼ਿਸ਼ ਹੁੰਦੀ ਰਹੀ ਪਰ ਜਿਸ ਬੀਜ ਨੂੰ ਜ਼ਿਆਦਾ ਦਬਾਇਆ ਜਾਵੇ ਉਹ ਉੱਨੀ ਹੀ ਤੀਬਰਤਾ ਨਾਲ ਧਰਤੀ ‘ਚੋਂ ਬਾਹਰ ਫੁੱਟ ਨਿਕੱਲਦਾ ਹੈ; ਕਈ ਵਾਰ ਤਾਂ ਪੱਥਰ ਦਾ ਸੀਨਾ ਪਾੜ ਕੇ ਵੀ ਬੜੀ ਸ਼ਾਨ ਨਾਲ ਉੱਗ ਆਉਂਦਾ ਹੈ। ਔਰਤ ਆਪਣੇ ਹੌਸਲੇ ਬੁਲੰਦ ਰੱਖਦਿਆਂ, ਵਿਪਰੀਤ ਪ੍ਰਸਥਿਤੀਆਂ ਦਾ ਸਾਹਮਣਾ ਕਰਦਿਆਂ, ਹਮੇਸ਼ਾ ਮਰਦ ਦੇ ਬਰਾਬਰ ਖੜੀ ਹੋਈ। ਅੱਜ ‘ਵੁਮੈਨ ਇੰਪਾਵਰਮੈਂਟ’ ਦੀ ਗੱਲ ਕਰਨਾ ਫੈਸ਼ਨ ਜਿਹਾ ਬਣਦਾ ਜਾ ਰਿਹੈ ਪਰ ਔਰਤ ਤਾਂ ਹਮੇਸ਼ਾ ਤੋਂ ਹੀ ਸਸ਼ੱਕਤ ਹੈ, ਮਰਦ ਪ੍ਰਧਾਨ ਸੋਚ ਨੇ ਹੀ ਉਸਨੂੰ ਦਬਾ ਕੇ ਰੱਖਿਆ ਹੈ।

ਸਫ਼ਰਨਾਮਾ, ਸਾਹਿਤ ਦਾ ਇਕ ਮਹੱਤਵਪੂਰਨ ਰੂਪ ਹੈ, ਜਿਸ ਰਾਹੀਂ ਲੇਖਕ ਆਪਣੇ ਸਫ਼ਰ ਦੇ ਅਨੁਭਵ ਬਿਆਨ ਕਰਦਾ ਹੈ। ਪੰਜਾਬੀ ਸਾਹਿਤ ਵਿੱਚ ਸਫ਼ਰਨਾਮਾ ਲਿਖਣ ਦੀ ਪਿਰਤ ਭਾਈ ਕਾਨ੍ਹ ਸਿੰਘ ਨਾਭਾ (ਪਹਾੜੀ ਰਿਆਸਤ ਦਾ ਸਫ਼ਰਨਾਮਾ) ਅਤੇ ਲਾਲ ਸਿੰਘ ਕਮਲਾ ਅਕਾਲੀ (ਮੇਰਾ ਵਿਲਾਇਤੀ ਸਫ਼ਰਨਾਮਾ) ਤੋਂ ਪਾਈ ਮੰਨੀ ਜਾਂਦੀ ਹੈ। ਨਾਰੀ ਲੇਖਕਾਵਾਂ ਵਿੱਚੋਂ 1973 ਵਿਚ ਅਮ੍ਰਿਤਾ ਪ੍ਰੀਤਮ ਨੇ ਸਫ਼ਰਨਾਮੇ ਲਿਖਣ ਦੀ ਪਹਿਲ ਕੀਤੀ ਉਪਰੰਤ ਅਜੀਤ ਕੌਰ, ਦਲੀਪ ਕੌਰ ਟਿਵਾਣਾ, ਸੁਖਵੰਤ ਕੌਰ ਮਾਨ, ਪ੍ਰਭਜੋਤ ਕੌਰ, ਮਨਜੀਤ ਕੌਰ ਅਮ੍ਰਿਤਸਰ ਆਦਿ ਬਹੁਤ ਸਾਰੀਆਂ ਲੇਖਿਕਾਵਾਂ ਨੇ ਵੀ ਸਫ਼ਰਨਾਮੇ ਲਿਖੇ ਹਨ। ਇਸੇ ਲੜੀ ਤਹਿਤ ਰਜਵੰਤ ਕੌਰ ਸੰਧੂ ਨੇ ‘ਮੇਰੇ ਪਿਤਾ ਦੀ ਕੁਰਸੀ’ ਨਾਮਕ ਸਫ਼ਰਨਾਮਾ ਲਿਖ ਕੇ ਪੰਜਾਬੀ ਸਫਰਨਾਮਾ ਸਾਹਿਤ ਵਿੱਚ ਮੁੱਲਵਾਨ ਵਾਧਾ ਕੀਤਾ ਹੈ।