ਨਵੰਬਰ 01, 2026

writingDetail.created_by
By: ਕਿਰਪਾਲ ਸਿੰਘ ਪੰਨੂੰ

ਕੈਨੇਡਾ?

ਦਾਲ ’ਚੋਂ ਦਾਣਾ! ਮੈਂ ਸਪੈਸਲਿਸਟ ਦੀ ਇੱਕ ਮੁਲਾਕਾਤ ਲਈ ਜਾਣਾ ਸੀ। ਉਸ ਲਈ ਮੈਂ ਬਰੈੰਪਟਨ ਟਰਾਂਜ਼ਿੱਟ ਦੀ ਬਸ ਨੰਬਰ 9 ਫੜ ਲਈ। ਮੇਰਾ ਸਰੀਰਕ ਅਤ ਮਾਨਸਿਕ ਹਾਲ ਵੀ ਓਹੋ ਹੀ ਹੈ ਜੋ ਇੱਕ 90 ਤੋਂ ਟੱਪੇ ਦਾ ਹੁੰਦਾ ਹੈ। ਠੀਕ ਸੁਣਨ ਤੇ ਸਮਝਣ ਲਈ ਕੰਨਾਂ ਨੂੰ ਮਸ਼ੀਨ ਦਾ ਸਹਾਰਾ ਲੈਣਾ ਪੈਂਦਾ ਹੈ। ਦੰਦ ਅੱਧੇ ਕੁ ਅਸਲੀ ਹਨ ਅਤੇ ਅੱਧੇ ਕੁ ਬਨਾਉਟੀ। ਅੱਖਾਂ ਦੇ ਵਿੱਚ ਲੈੰਜ ਲਾਏ ਹੋਏ ਹਨ ਅਤੇ ਨਾਲ਼ ਐਨਕ ਦਾ ਸਹਾਰਾ ਲੈਣਾ ਪੈਂਦਾ ਹੈ। ਤੁਰਨ ਲਈ ਵਾਕਰ ਦੀ ਸਹਾਇਤਾ ਲਈ ਜਾਂਦੀ ਹੈ। ਦਿਮਾਗ ਆਮ ਤੌਰ ਉੱਤੇ ਠੀਕ ਕੰਮ ਕਰਦਾ ਹੈ ਪਰ ਕਦੇ-ਕਦੇ ਉਹ ਵੀ ਟਪਲਾ ਖਾ ਜਾਂਦਾ ਹੈ।

ਮੈਂ ਬਸ ਵਿੱਚ ਬੈਠ ਕੇ ਦੂਸਰੇ ਮੁਸਾਫਰਾਂ ਦੀ ਸਹੂਲਤ ਲਈ ਆਪਣਾ ਵਾਕਰ ਆਪਣੇ ਪੱਟਾਂ ਉੱਤੇ ਰੱਖ ਲਿਆ ਤਾਂ ਕਿ ਉਹ ਬਸ ਵਿਚਲੇ ਰਾਸਤੇ ਵਿੱਚ ਘੱਟ ਤੋਂ ਘੱਟ ਰੁਕਾਵਟ ਬਣੇ। ਮੇਰਾ ਮੋਬਾਇਲ ਮੇਰੀ ਪੈੰਟ ਦੀ ਖੱਬੀ ਜੇਬ ਵਿੱਚ ਸੀ। ਮੇਰੇ ਦਿਮਾਗ ਵਿੱਚ ਵਿਚਾਰ ਘੁੰਮਿਆਂ ਕਿ ਮੋਬਾਈਲ ਗਿਰ ਵੀ ਸਕਦਾ ਹੈ! ਮੈਂ ਚੜ੍ਹਦੀਆਂ ਉੱਤਰਦੀਆਂ ਸਵਾਰੀਆਂ ਦੇ ਡੀਲ-ਡੌਲ, ਨੈਣ-ਨਕਸ ਤੇ ਰੰਗ ਰੂਪ ਨਿਹਾਰਦਾ ਰਿਹਾ ਅਤੇ ਉਨ੍ਹਾਂ ਦੇ ਮਨਾਂ ਵਿੱਚ ਵਰਤ ਰਹੇ ਵਰਤਾਰੇ ਨੂੰ ਸੋਚਣ-ਸਮਝਣ ਦਾ ਯਤਨ ਕਰਦਾ ਰਿਹਾ। ਪਤਾ ਹੀ ਨਾ ਲੱਗਿਆ ਕਿ ਬਸ ਤੋਂ ਉੱਤਰਨ ਦਾ ਮੇਰਾ ਟਿਕਾਣਾ ਆ ਗਿਆ।

ਮੈਂ ਫਟਾ ਫਟ ਵਾਕਰ ਆਪਣੇ ਪੱਟਾਂ ਤੋਂ ਥੱਲੇ ਲਾਹਿਆ, ਉਸ ਵਿੱਚ ਆਪਣਾ ਛੋਟਾ ਬੈਗ ਟਿਕਾਇਆ। ਡਰਾਈਵਰ ਨੇ ਮੇਰਾ ਵਾਕਰ ਦੇਖਕੇ ਬਸ ਨੂੰ ਨੀਵੀਂ ਕਰ ਲਿਆ ਅਤੇ ਮੈਂ ਸੌਖਾ ਹੀ ਥੱਲੇ ਉੱਤਰ ਗਿਆ। ਕਾਹਲ਼ੀ ਵਿੱਚ ਦੂਸਰੀ ਬਸ ਦੇਖੀ ਅਤੇ ਉਸ ਵਿੱਚ ਚੜ੍ਹਕੇ ਆਪਣਾ ਸੀਨੀਅਰ ਹੋਣ ਦਾ ਪਾਸ, ਸਵੈ-ਪੜ੍ਹਨ ਵਾਲ਼ੇ ਮੀਟਰ ਨੂੰ ਦਿਖਾਇਆ ਅਤੇ ਜਾ ਕੇ ਸੀਟ ਉੱਤੇ ਬੈਠ ਗਿਆ। ਡਾਕਟਰ ਦੀ ਮੁਲਕਾਤ ਪਿੱਛੋਂ ਲੋੜ ਪੈਣ ਉੱਤੇ ਮੈਂ ਆਪਣਾ ਮੋਬਾਈਲ ਦੇਖਿਆ ਤਾਂ ਪੰਛੀ ਉਡਾਰੀ ਮਾਰ ਚੁੱਕਿਆ ਸੀ। ਵਿਚਾਰ ਆਇਆ ਕਿ ਜਦੋਂ ਮਨ ਨੇ ਕਿਹਾ ਸੀ ਕਿ ਇਹ ਗਿਰ ਸਕਦਾ ਹੈ, ਉਦੋਂ ਉਸਦੀ ਕਿਓਂ ਨਾ ਮੰਨੀਂ। ਸੋਚਿਆ ਜੇ ਪੰਜ ਚਾਰ ਸੌ ਡਾਲਰ ਗੁਆਚ ਵੀ ਜਾਵੇ ਤਾਂ ਨੁਕਸਾਨ ਛੋਟਾ ਹੁੰਦਾ ਹੈ ਪਰ ਮੋਬਾਈਲ ਗੁਆਚਣ ਦਾ ਨੁਕਸਾਨ ਉਸ ਤੋਂ ਵੱਡਾ ਹੈ। ਇਸ ਨਾਲ਼ ਇਸ ਦੇ ਮੁੱਲ ਤੋਂ ਇਲਾਵਾ ਹੋਰ ਵੀ ਬੜਾ ਕੁੱਝ ਕੀਮਤੀ ਜੁੜਿਆ ਹੁੰਦਾ ਹੈ। ਮਨ ਨੂੰ ਸਮਝਆਇਆ, ਗਿਆ ਸੋ ਗਿਆ ਹੁਣ ਇਸ ਦੇ ਨਾਲ਼ ਮਰਨਾ ਥੋੜ੍ਹੀ ਹੈ।

ਪਰ ਯਤਨ ਕਰਨ ਵਿੱਚ ਕੀ ਹਰਜ ਹੈ। ਬੀਤੇ ਵਿੱਚ ਇੱਕ ਨਹੀਂ ਕਈ, ਮੈਂ ਅਜੇਹੇ ਸਮੇਂ ਦੇਖੇ ਹਨ ਜਿਨ੍ਹਾਂ ਵਿੱਚ ਲੋੜ ਦੀ ਸੌ ਕੀ ਦੋ ਸੌ ਤੋਂ ਵੀ ਵੱਧ ਪ੍ਰਤੀ ਸੈਂਕੜਾ ਆਸ ਨਹੀਂ ਸੀ ਪੂਰੇ ਹੋਣ ਦੀ ਪਰ ਨਿਰਥੱਕ ਯਤਨ ਕਰਨ ਨਾਲ਼ ਉਹ ਪਹਾੜ ਵੀ ਸਰ ਹੁੰਦੇ ਦੇਖੇ। ਮੈਂ ਆਪਣੇ ਘਰ ਦੇ ਫੋਨ ਉੱਤੋਂ ਕਈ ਵੇਰ ਅਤੇ ਕਈ ਸਮਿਆਂ ਉੱਤੇ ਆਪਣੇ ਮੋਬਾਈਲ ਫੋਨ ਉੱਤੇ ਕਾਲਾਂ ਮਾਰੀਆਂ, ਕਿਸੇ ਨੇ ਮੇਰੀ ਗੱਲ ਨਾ ਸੁਣੀ। ਦਸਾਂ ਬਾਰਾਂ ਘੰਟਿਆਂ ਪਿੱਛੋਂ ਮੇਰੇ ਛੋਟੇ ਸਪੁੱਤਰ ਦੀ ਅਮਰੀਕਾ ਤੋਂ ਕਾਲ ਆਈ ਕਿ ਮੇਰਾ ਮੋਬਾਈਲ ਫੋਨ ਬਰੈੰਪਟਨ ਟਰਾਂਜ਼ਿਟ ਦੇ ਸਿਟੀ ਸੈੰਟਰ ਵਾਲ਼ੇ ਦਫਤਰ ਵਿੱਚ ਪਿਆ ਹੈ, ਮੈਂ ਓਥੋਂ ਜਾ ਕੇ ਲੈ ਆਵਾਂ। ਤੈਨੂੰ ਕਿਵੇਂ ਪਤਾ ਲੱਗਿਆ ਮੈਂ ਪੁੱਛਿਆ। ਤਾਂ ਉਸ ਨੇ ਦੱਸਿਆ ਕਿ ਮੈਂ ਤਾਂ ਤੁਹਾਨੂੰ ਫੋਨ ਕੀਤਾ ਸੀ ਪਰ ਉਸ ਦਫਤਰ ਨੇ ਮੈਨੂੰ ਇਹ ਜਾਣਕਾਰੀ ਦਿੱਤੀ।

ਦੂਸਰੇ ਹੀ ਦਿਨ ਆਪਣਾ ਮੋਬਾਈਲ ਲੈਣ ਵਾਸਤੇ ਜਾ ਰਿਹਾ ਸੀ ਤਾਂ ਮੇਰੇ ਮਨ ਵਿੱਚ ਕਈ ਤੌਖਲੇ ਪੈਦਾ ਹੋ ਰਹੇ ਸਨ। ਜਿਵੇਂ: ਕੀ ਮੇਰਾ ਮੋਬਾਈਲ ਓਥੇ ਹੋਵੇਗਾ ਵੀ ਜਾਂ ਨਹੀਂ? ਉਹ ਮੇਰੇ ਕੋਲ਼ੋਂ ਕੀ ਸਬੂਤ ਮੰਗਣਗੇ? ਕੀ ਕਿਸੇ ਗਵਾਹ ਦੀ ਵੀ ਲੋੜ ਪਇਗੀ ਜਾਂ ਨਹੀਂ? ਇਤ ਆਦਿ। ਮੇਰੇ ਇਹ ਤੌਖਲੇ ਨਿਰਮੂਲ ਨਹੀਂ ਸਨ। ਮੇਰੇ ਅਚੇਤ ਮਨ ਵਿੱਚ, ਮੇਰੇ ਬੈਕ ਹੋਮ ਵਿੱਚ ਦਫਤਰਾਂ ਵਿੱਚ ਹੋ ਰਹੀ ਬੇਲੋੜੀ ਅਤੇ ਖੁਆਰ ਕਰਨ ਵਾਲ਼ੀ ਲੋਭੀ ਮਾਸਕਤਾ ਬੈਠੀ ਹੋਈ ਸੀ।

ਅਜੇ ਕੁੱਝ ਕੁ ਸਾਲ ਪਹਿਲਾਂ ਦੀ ਗੱਲ ਹੈ ਕਿ ਮੇਰੀ ਪਤਨੀ ਅਤੇ ਉਸਦੀ ਛੋਟੀ ਭੈਣ ਇੱਕ ਤੀਰਥ ਯਾਤਰਾ ਉੱਤੇ ਗਈਆਂ ਸਨ। ਛੋਟੀ ਨੇ ਗਲਤੀ ਨਾਲ਼ ਆਪਣਾ ਮੋਬਾਈਲ ਸਾਮਾਨ ਵਿੱਚ ਰੱਖ ਕੇ ਗਠੜੀ-ਘਰ ਵਿੱਚ ਜਮ੍ਹਾਂ ਕਰਵਾ ਦਿੱਤਾ। ਅਗਲੇ ਦਿਨ ਗਠੜੀ ਤਾਂ ਮਿਲ਼ ਗਈ ਪਰ ਮੋਬਾਈਲ ਨਹੀਂ ਮਿਲ਼ਿਆ। ਸੌ ਪਾਪੜ ਵੇਲੇ। ਸਭ ਧੂੰਏਂ ਵਾਂਗ ਹਵਾ ਹੋ ਗਏ। ਕਰ ਲਓ ਘਿਓ ਨੂੰ ਭਾਂਡਾ!

ਖੈਰ! ਮੈਂ ਦੱਸੇ ਗਏ ਦਫਤਰ ਵਿੱਚ ਪਹੁੰਚ ਗਿਆ ਅਤੇ ਆਪਣੀ ਲੋੜ ਦੱਸੀ। ਡਿਊਟੀ ਵਾਲ਼ੇ ਨੇ ਮੇਰੇ ਕੋਲ਼ੋਂ ਮੋਬਾਈਲ ਦੀ ਕੰਪਨੀ ਅਤੇ ਮੌਡਲ ਪੁੱਛਿਆ। ਤੇ ਮੇਰਾ ਉੱਤਰ ਸੀ ਕਿ ਇਸ ਬਾਰੇ ਮੈਨੂੰ ਕੋਈ ਪਤਾ ਨਹੀਂ। ਉਹ ਦਫਤਰ ਦੇ ਅੰਦਰ ਗਿਆ ਤੇ ਉਸ ਨੇ ਇੱਕ ਮੋਬਾਈਲ ਮੇਰੇ ਸਾਹਮਣੇ ਲਿਆ ਕੇ ਰੱਖ ਦਿੱਤਾ। ਮੈਂ ਕਿਹਾ ਕਿ ਇਹ ਮੇਰਾ ਨਹੀਂ ਹੈ। ਉਹ ਇੱਕ ਹੋਰ ਲਿਆਇਆ ਤੇ ਉਹ ਵੀ ਮੇਰਾ ਨਹੀਂ ਸੀ। ਮੇਰੇ ਦਿਲ ਦੀ ਧੜਕਨ ਵਧ ਦੀ ਜਾ ਰਹੀ ਸੀ। ਉਹ ਤੀਸਰਾ ਲੈ ਆਇਆ। ਜਿਸ ਨੂੰ ਦੇਖਦੇ ਸਾਰ ਹੀ ਮੇਰੀ ਰੂਹ ਖਿੜ ਗਈ। ਉਸ ਨੇ ਮੇਰੇ ਚਿਹਰੇ ਵੱਲ ਦੇਖਿਆ ਅਤੇ ਮੋਬਾਈਲ ਮੇਰੇ ਹੱਥ ਫੜਾ ਦਿੱਤਾ। ਕੋਈ ਪੁੱਛ ਪੜਤਾਲ਼ ਨਹੀਂ, ਕੋਈ ਡਾਕੂਮੈੰਟ ਨਹੀਂ, ਕੋਈ ਗਵਾਹ ਨਹੀਂ ਅਤੇ ਕੋਈ ਦਸਤਖਤ ਨਹੀਂ।

ਮੈਂ ਮੋਬਾਈਲ ਦਾ ਬੈਕ ਕਵਰ ਖੋਹਲਿਆ ਅਤੇ ਆਪਣੇ ਅਤੇ ਸੁਪਤਨੀ ਦੇ ਚਾਰ ਫੋਨ ਨੰਬਰ ਦਿਖਾਏ। ਡੀਲਿੰਗ ਹੈਂਡ ਨੇ ਦੂਰੋਂ ਹੀ ਹੱਥ ਦਾ ਇਸ਼ਾਰਾ ਕਰਦਿਆਂ ਕਿਹ, “ਇਸ ਦੀ ਲੋੜ ਨਹੀਂ”।

ਇਹ ਹੈ ਕੈਨੇਡਾ!