ਲੇਖ਼ਕ

Wednesday, 14 October 2009 17:21

41 - ਸਫ਼ਰ ਕਰਦਿਆਂ

Written by
Rate this item
(0 votes)

ਮੈਂ ਗੱਡੇ ਤੇ ਬੋਤੇ ਤੋਂ ਲੈ ਕੇ ਕਾਰਾਂ ਤੇ ਹਵਾਈ ਜਹਾਜ਼ਾਂ `ਤੇ ਚੜ੍ਹਿਆ ਹਾਂ। ਸਾਈਕਲ ਤੇ ਸਕੂਟਰ ਵੀ ਬਹੁਤ ਚਲਾਏ ਹਨ। ਟੈਂਪੂ, ਟਰੱਕ, ਬੱਸਾਂ, ਰੇਲਾਂ ਤੇ ਮੈਟਰੋ `ਤੇ ਚੜ੍ਹਦਾ ਆ ਰਿਹਾਂ। ਲੱਖਾਂ ਮੀਲਾਂ ਦਾ ਸਫ਼ਰ ਤਹਿ ਕੀਤਾ ਹੈ। ਇਹ ਤਾਂ ਲਿਖ ਈ ਚੁੱਕਾਂ ਕਿ ਪੈਦਲ ਵੀ ਦੋ ਲੱਖ ਕਿਲੋਮੀਟਰ ਤੁਰਿਆ ਹੋਵਾਂਗਾ। ਸਫ਼ਰ ਕਰਦਿਆਂ ਬਹੁਤ ਕੁੱਝ ਵੇਖਿਆ ਹੈ ਤੇ ਕਈ ਤਰ੍ਹਾਂ ਦੇ ਅਨੁਭਵ ਹੋਏ ਹਨ। ਦੂਰ ਨੇੜੇ ਦੇ ਸਫ਼ਰ ਦੀਆਂ ਅਨੇਕਾਂ ਯਾਦਾਂ ਹਨ ਜਿਹੜੀਆਂ ਮੁੜ ਮੁੜ ਯਾਦ ਆ ਜਾਂਦੀਆਂ ਹਨ। ਸੱਤਰ ਸਾਲ ਦੇ ਨੇੜ ਢੁੱਕ ਕੇ ਬਚਪਨ ਕੁੱਝ ਵਧੇਰੇ ਹੀ ਯਾਦ ਆਉਂਦੈ।

ਕਿਲਾ ਰਾਇਪੁਰ ਕੋਲ ਪਿੰਡ ਲੋਹਗੜ੍ਹ ਹੈ। ਉਥੇ ਮੇਰੀ ਵੱਡੀ ਭੂਆ ਦਾ 1945 ਵਿੱਚ ਵਿਆਹ ਹੋਇਆ ਸੀ। ਡੋਲੀ ਤੋਰਨ ਵੇਲੇ ਮੈਨੂੰ ਵੀ ਭੂਆ ਨਾਲ ਰੱਥ ਵਿੱਚ ਬਿਠਾ ਦਿੱਤਾ ਗਿਆ ਸੀ। ਮੈਨੂੰ ਮਾੜੀ ਮਾੜੀ ਸੁਰਤ ਹੈ ਕਿ ਰਾਏਕੋਟ ਤੋਂ ਬੱਤਾ ਪੀਤਾ ਸੀ। ਗੋਲੀ ਵਾਲਾ ਬੱਤਾ ਬਹੁਤ ਮਿੱਠਾ ਲੱਗਾ ਸੀ। ਮੈਂ ਉਦੋਂ ਪੰਜ ਸਾਲ ਦਾ ਬੱਚਾ ਸਾਂ। ਮੈਨੂੰ ਸਿਹਲੀਆਂ ਚੜ੍ਹਾਉਣ ਦੀ ਆਦਤ ਸੀ ਜਿਸ ਨੂੰ ਅੱਖਾਂ ਮਾਰਨਾ ਕਹਿੰਦੇ ਸਨ। ਲੋਹਗੜ੍ਹ ਦੀਆਂ ਜ਼ਨਾਨੀਆਂ ਜਦੋਂ ਭੂਆ ਦੀ ਡੋਲੀ ਲਾਹੁਣ ਲੱਗੀਆਂ ਤਾਂ ਮੈਂ ਆਪਣੀ ਕਲਾ ਵਿਖਾਉਣ ਲਈ ਮੇਲਣਾਂ ਨੂੰ ਅੱਖਾਂ ਹੀ ਮਾਰੀ ਗਿਆ। ਨਿੱਕੇ ਜਿਹੇ ਜੁਆਕ ਨੂੰ ਸਿਹਲੀਆਂ ਹੇਠਾਂ ਉਤੇ ਕਰਦਿਆਂ ਵੇਖ ਕੇ ਕੁੜੀਆਂ ਬੁੜ੍ਹੀਆਂ ਲੋਟ ਪੋਟ ਹੁੰਦੀਆਂ ਰਹੀਆਂ। ਮੈਨੂੰ ਲੱਗਦੈ ਇਹ ਮੇਰੇ ਬਚਪਨ ਦੀ ਪਹਿਲੀ ਸ਼ਰਾਰਤ ਸੀ ਜੋ ਪਹਿਲੇ ਦੀ ਸਫ਼ਰ ਵਿੱਚ ਹੋ ਗਈ।

ਮੈਂ ਸਕੂਲ ਦਾ ਵਿਦਿਆਰਥੀ ਸਾਂ ਜਦੋਂ ਮੈਨੂੰ ਲੋਹਗੜ੍ਹ ਤੋਂ ਚਕਰ ਤਕ ਤੁਰਨਾ ਪਿਆ। ਉਦੋਂ ਵੀਹ ਕੋਹ ਵਾਟ ਕਹਿੰਦੇ ਸਨ ਜੋ ਹੁਣ ਦੀ ਮਿਣਤੀ ਵਿੱਚ ਪੰਜਾਹ ਕਿਲੋਮੀਟਰ ਤੋਂ ਵੱਧ ਹੈ। ਭੂਆ ਨੂੰ ਮਿਲਣ ਅਸੀਂ ਤੁਰ ਕੇ ਹੀ ਜਾਂਦੇ ਆਉਂਦੇ ਸਾਂ। ਮੈਂ ਲੋਹਗੜ੍ਹ ਤੋਂ ਤੁਰਿਆ ਤਾਂ ਮੇਰੇ ਲੜ ਗੁੜ ਨਾਲ ਰੋਟੀਆਂ ਬੱਧੀਆਂ ਹੋਈਆਂ ਸਨ। ਪਹਿਲਾਂ ਗੁੱਜਰਵਾਲ ਆਇਆ, ਫਿਰ ਸਰਾਭਾ, ਫਿਰ ਅਕਾਲਗੜ੍ਹ ਤੇ ਐਤੀਆਣੇ ਕੋਲ ਦੀ ਪੁੱਛਦਾ ਪੁਛਾਉਂਦਾ ਮੈਂ ਹੇਰ੍ਹਾਂ ਤੋਂ ਸੂਏ ਆ ਚੜ੍ਹਿਆ। ਰੋਟੀ ਪੁਲ ਦੀ ਬੰਨੀ `ਤੇ ਰੱਖ ਕੇ ਸੂਏ ਤੋਂ ਠੰਢਾ ਪਾਣੀ ਪੀਣ ਲੱਗਾ ਤਾਂ ਪੋਣਾ ਕੁੱਤਾ ਲੈ ਗਿਆ ਤੇ ਮੈਂ ਭੁੱਖਣ ਭਾਣਾ ਰਹਿ ਗਿਆ। ਸੂਆ ਛੱਜਾਵਾਲ ਤੇ ਕਮਾਲਪੁਰੇ ਦੇ ਕੋਲ ਦੀ ਮਾਣੂੰਕੇ ਵਿੱਚ ਦੀ ਲੰਘਦਾ ਸਾਡੇ ਪਿੰਡ ਪੁੱਜ ਜਾਂਦਾ ਸੀ। ਉਦੋਂ ਹੁਣ ਵਾਂਗ ਪਿੰਡਾਂ ਨੂੰ ਸੜਕਾਂ ਨਹੀਂ ਸਨ ਹੁੰਦੀਆਂ। ਵਿੰਗ ਟੇਢ ਖਾਂਦੇ ਕੱਚੇ ਪਹੇ ਹੁੰਦੇ ਸਨ ਜਾਂ ਖੇਤਾਂ ਵਿੱਚ ਦੀ ਸਿੱਧੀਆਂ ਡੰਡੀਆਂ ਜਾਂਦੀਆਂ ਸਨ। ਸੁੰਨੇ ਵਾੜਿਆਂ `ਚੋਂ ਖਰਬੂਜ਼ੇ ਤੋੜ ਕੇ ਖਾਧੇ ਜਾ ਸਕਦੇ ਸਨ ਜੋ ਮੈਂ ਵੀ ਖਾਧੇ। ਸਿਆਲ ਹੁੰਦਾ ਤਾਂ ਮਲ੍ਹਿਆਂ ਤੇ ਬੇਰੀਆਂ ਦੇ ਬੇਰ ਖਾਣੇ ਪੈਣੇ ਸਨ।

ਸਵੱਖਤੇ ਤੁਰ ਕੇ ਮੈਂ ਚਾਹਾਂ ਵੇਲੇ ਪਿੰਡ ਪਹੁੰਚ ਗਿਆ ਸਾਂ। ਰੋਟੀ ਖਾ ਕੇ ਤੇ ਚਾਹ ਪੀ ਕੇ ਡੰਗਰ ਖੋਲ੍ਹ ਲਏ ਸਨ। ਉਨ੍ਹਾਂ ਨੂੰ ਸੂਏ ਉਤੇ ਨਹਾਉਣ ਤੇ ਪਾਣੀ ਪਿਆਉਣ ਲਿਜਾਣਾ ਸੀ। ਉਦੋਂ ਵਕਤ ਨੂੰ ਤੜਕਾ, ਪਹੁਫੁਟਾਲਾ, ਸਵੇਰਾ, ਛਾਹ ਵੇਲਾ, ਦੁਪਹਿਰਾ, ਚਾਹ ਵੇਲਾ, ਵੱਗਾਂ ਵੇਲਾ, ਆਥਣ, ਮੂੰਹ `ਨੇਰ੍ਹਾ ਤੇ ਖਾਓ ਪੀਏ ਦੇ ਨਾਵਾਂ ਨਾਲ ਵੰਡਿਆ ਹੁੰਦਾ ਸੀ। ਘੜੀ ਅਮੀਰਾਬ ਕੋਲ ਹੀ ਹੁੰਦੀ ਸੀ। ਰਾਤ ਦੇ ਸਮੇਂ ਦਾ ਅੰਦਾਜ਼ਾ ਚੜ੍ਹਦੇ ਛਿਪਦੇ ਤਾਰਿਆਂ ਨਾਲ ਲਾਇਆ ਜਾਂਦਾ ਸੀ। ਪਿੰਡਾਂ ਵਿੱਚ ਸ਼ਹਿਰਾਂ ਦਾ ਅਜੇ ਕੋਈ ਅਸਰ ਨਹੀਂ ਸੀ ਹੋਇਆ। ਪਿੰਡਾਂ ਦੇ ਆਮ ਬੰਦੇ ਸਾਲ ਛੇਈਂ ਮਹੀਨੀਂ ਸ਼ਹਿਰ ਜਾਂਦੇ ਸਨ। ਜਿਹੜਾ ਲੁਧਿਆਣੇ ਜਾ ਆਉਂਦਾ ਛੇ ਮਹੀਨੇ ਘੰਟਾ ਘਰ ਤੇ ਚੌੜੇ ਬਜ਼ਾਰ ਦੀਆਂ ਗੱਲਾਂ ਹੀ ਕਰੀ ਜਾਂਦਾ ਜਿਵੇਂ ਕੁਤਬ ਮਿਨਾਰ ਤੇ ਤਾਜ ਮਹੱਲ ਵੇਖ ਆਇਆ ਹੋਵੇ। ਰੇਲ ਗੱਡੀ ਦਾ ਇੰਜਣ ਵੇਖਣ ਪਿੱਛੋਂ ਉਹਦੇ ਧੂੰਅੇਂ ਤੇ ਚੀਕਾਂ ਮਾਰਨ ਦੀਆਂ ਗੱਲਾਂ ਸਾਲ ਭਰ ਨਾ ਮੁੱਕਣ ਦਿੰਦਾ।

ਸਾਡੇ ਪਿੰਡ ਜਦੋਂ ਪਹਿਲਾ ਰੇਡੀਓ ਸੈੱਟ ਆਇਆ ਤਾਂ ਬਹੁਤੇ ਬੰਦੇ ਸੱਚ ਨਹੀਂ ਸਨ ਮੰਨਦੇ ਕਿ ਆਵਾਜ਼ ਜਲੰਧਰ ਤੋਂ ਆ ਰਹੀ ਹੈ। ਕਹਿੰਦੇ ਸਨ ਕਿ ਬੰਦੇ ਦੀ ਹਾਕ ਤਾਂ ਵੱਧ ਤੋਂ ਵੱਧ ਬੱਲੂਆਣੇ ਖੇਤ ਤਕ ਈ ਜਾਂਦੀ ਐ। ਉਹ ਟਰੰਕ ਜਿੱਡੇ ਰੇਡੀਓ ਸੈੱਟ ਨੂੰ ਹੇਠਾਂ ਉਤੋਂ ਟੋਹ ਕੇ ਵੇਖਦੇ ਕਿ ਵਿੱਚ ਕੋਈ ਬੰਦਾ ਤਾਂ ਨਹੀਂ ਬੈਠਾ! ਹੈਰਾਨੀ ਹੁੰਦੀ ਹੈ ਕਿ ਸੱਠ ਸਾਲਾਂ `ਚ ਈ ਕਿੰਨਾ ਕੁੱਝ ਬਦਲ ਗਿਐ? ਜਿੰਨੀ ਤਬਦੀਲੀ ਪਿਛਲੇ ਸੱਠ ਸਾਲਾਂ `ਚ ਆਈ ਹੈ ਉਸ ਤੋਂ ਪਹਿਲਾਂ ਛੇ ਸੌ ਸਾਲਾਂ ਵਿੱਚ ਵੀ ਨਹੀਂ ਸੀ ਆਈ। ਅਗਲੇ ਸੱਠਾਂ ਸਾਲਾਂ `ਚ ਪਤਾ ਨਹੀਂ ਕੀ ਹੋਵੇਗਾ?

ਜਦ ਮੈਂ ਜਗਰਾਓਂ ਤੋਂ ਫਾਜ਼ਿਲਕਾ ਤਕ ਰੇਲ ਗੱਡੀ ਦਾ ਸਫ਼ਰ ਕਰਦਾ ਤਾਂ ਰਾਹ ਵਿਚਲੇ ਸਟੇਸ਼ਨਾਂ ਨੂੰ ਵੇਖਦਾ ਜਾਂਦਾ। ਹੁਣ ਮੈਨੂੰ ਉਸ ਰੂਟ ਉਤੇ ਰੇਲ ਗੱਡੀ ਚੜ੍ਹਿਆਂ ਅੱਧੀ ਸਦੀ ਹੋ ਗਈ ਹੈ ਪਰ ਸਟੇਸ਼ਨਾਂ ਦੇ ਮੂੰਹ ਮੱਥੇ ਅਜੇ ਵੀ ਪਰਤੱਖ ਦਿਸਦੇ ਹਨ। ਨਾਨਕਸਰ ਦਾ ਸਟੇਸ਼ਨ ਉਦੋਂ ਬਣਿਆ ਨਹੀਂ ਸੀ ਇਸ ਲਈ ਪਹਿਲਾਂ ਅਜੀਤਵਾਲ ਆਉਂਦਾ, ਫਿਰ ਪੜਾਓ ਮਹਿਣਾ ਤੇ ਮੋਗੇ ਤੋਂ ਅਗਾਂਹ ਘੱਲ ਕਲਾਂ ਲੰਘ ਕੇ ਡਗਰੂ ਆ ਜਾਂਦਾ ਜਿਥੇ ਗੱਡੀਆਂ ਦੇ ਕਰਾਸ ਹੁੰਦੇ। ਫਿਰ ਚੋਟੀਆਂ ਕਲਾਂ ਤੇ ਤਲਵੰਡੀ ਭਾਈ ਆਉਂਦੇ। ਫਿਰੋਜ਼ਸ਼ਾਹ ਜਿਸ ਨੂੰ ਫੇਰੂ ਸ਼ਹਿਰ ਕਿਹਾ ਜਾਂਦਾ, ਉਥੇ ਟੁੰਡੇ ਲਾਟ ਦੀ ਲਾਠ ਦਿਸਦੀ ਜਿਹੜੀ ਲਾਰਡ ਹਾਰਡਿੰਗ ਦੀ ਯਾਦਗਾਰ ਸੀ। ਨਾਲ ਹੀ ਸ਼ਾਹ ਮੁਹੰਮਦ ਦੀਆਂ ਤੁਕਾਂ ਯਾਦ ਆ ਜਾਂਦੀਆਂ-ਫੇਰੂ ਸ਼ਹਿਰ ਦੇ ਹੇਠ ਜਾ ਖੇਤ ਰੁੱਧੇ ਤੋਪਾਂ ਚੱਲੀਆਂ ਨੇ ਵਾਂਗ ਤੋਰਿਆਂ ਦੇ, ਸਿੰਘ ਸੂਰਮੇ ਆਣ ਮੈਦਾਨ ਲੱਥੇ ਗੰਜ ਲਾਹ ਸੁੱਟੇ ਉਨ੍ਹਾਂ ਗੋਰਿਆਂ ਦੇ …।

ਰਾਜਸਥਾਨ ਨੂੰ ਜਾਂਦੀਆਂ ਜੌੜੀਆਂ ਨਹਿਰਾਂ ਤੋਂ ਦੀ ਲੰਘਦੀ ਗੱਡੀ ਫਿਰੋਜ਼ਪੁਰ ਛਾਉਣੀ ਜਾ ਖੜ੍ਹਦੀ। ਉਥੇ ਦੋ ਘੰਟੇ ਦੀ ਠਹਿਰ ਹੁੰਦੀ। ਗੱਡੀ ਫਾਜ਼ਿਲਕਾ ਨੂੰ ਚਲਦੀ ਤਾਂ ਸੱਜੇ ਹੱਥ ਲਾਹੌਰ ਨੂੰ ਜਾਂਦੀ ਰੇਲਵੇ ਲਾਈਨ ਦਿਸਦੀ ਜੋ ਬੰਦ ਪਈ ਹੁੰਦੀ। ਗੱਡੀ `ਚ ਪੇਂਡੂ ਸੁਆਣੀਆਂ ਸੂਹਣਾਂ, ਪ੍ਹੀੜੇ, ਮੂਹੜੇ ਤੇ ਗੱਠੜੀਆਂ ਲਈ ਚੜ੍ਹਦੀਆਂ ਜਿਨ੍ਹਾਂ ਦੇ ਦੋ ਦੋ ਬਾਲ ਢਾਕੇ ਚੁੱਕੇ ਹੁੰਦੇ। ਉਹ ਸਮਾਨ ਬੈਂਚਾਂ `ਤੇ ਰੱਖਦੀਆਂ ਤੇ ਆਪ ਘੱਗਰੀਆਂ ਸਮੇਟ ਕੇ ਭੁੰਜੇ ਹੀ ਬਹਿ ਜਾਂਦੀਆਂ। ਰਾਏ ਸਿੱਖ ਇੱਕ ਦੂਜੇ ਨੂੰ ਮਿੱਠੀਆਂ ਗਾਲ੍ਹਾਂ ਕੱਢ ਕੇ ਮਿਲਦੇ ਤੇ ਸ਼ਿੱਦਤ ਭਰਿਆ ਪਿਆਰ ਪ੍ਰਗਟਾਉਂਦੇ। ਫਿਰ ਖਾਈ ਫੇਮੇ ਕੀ, ਝੋਕ ਟਹਿਲ ਸਿੰਘ ਤੇ ਗੁਰੂ ਹਰਸਹਾਏ ਦੇ ਸਟੇਸ਼ਨ ਆਉਂਦੇ ਜਿਥੇ ਤਰਾਂ ਦੀ ਕਿਸਮ ਦੇ ਗੋਲ ਫਲ ਬੰਗੇ ਵਿਕਦੇ। ਪੰਜਾਬ ਵਿੱਚ ਉਹੀ ਇਲਾਕਾ ਹੈ ਜਿਥੇ ਵੇਲਾਂ ਨੂੰ ਬੰਗੇ ਲੱਗਦੇ ਹਨ। ਗਰਮੀਆਂ ਵਿੱਚ ਫੇਰੀ ਵਾਲੇ ਬੰਗਿਆਂ ਨੂੰ ਲੂਣ ਮਸਾਲਾ ਲਾ ਕੇ ਵੇਚਦੇ ਜੋ ਬੜੇ ਸੁਆਦੀ ਲੱਗਦੇ।

ਫਾਜ਼ਿਲਕਾ ਤੋਂ ਰੇਲ ਗੱਡੀ `ਚ ਬਹਿ ਕੇ ਅਸੀਂ ਮੁਕਤਸਰ ਦਾ ਮੇਲਾ ਵੇਖਣ ਜਾਇਆ ਕਰਦੇ ਸਾਂ। ਛੋਟੀ ਲਾਈਨ ਉਤੇ ਮੇਲੀਆਂ ਦੀਆਂ ਭੀੜਾਂ ਨਾਲ ਭਰੀ ਗੱਡੀ ਏਨੀ ਹੌਲੀ ਚੱਲਦੀ ਕਿ ਜਿਥੇ ਕਿਸੇ ਦਾ ਜੀਅ ਕਰਦਾ ਚਲਦੀ ਗੱਡੀ `ਚੋਂ ਛਾਲ ਮਾਰ ਕੇ ਉੱਤਰ ਜਾਂਦਾ ਤੇ ਚੜ੍ਹਨ ਵਾਲਾ ਭੱਜ ਕੇ ਚੜ੍ਹ ਜਾਂਦਾ। ਲੋਕ ਬਾਰੀਆਂ ਵਿੱਚ ਲਟਕਦੇ ਤੇ ਛੱਤਾਂ `ਤੇ ਚੜ੍ਹੇ ਢੋਲੇ ਦੀਆਂ ਲਾਉਂਦੇ ਜਾਂਦੇ। ਇੱਕ ਵਾਰ ਮੰਡੀ ਲੱਖੇਵਾਲੀ ਕੋਲ ਇੱਕ ਸ਼ਰਾਬੀ ਦੀਆਂ ਲੱਤਾਂ ਬਾਰੀ ਦੀਆਂ ਸੀਖਾਂ ਵਿੱਚ ਫਸ ਗਈਆਂ। ਉਹ ਲੱਤਾਂ ਕੱਢਣ ਦੀ ਥਾਂ ਗਾਲ੍ਹਾਂ ਈ ਕੱਢੀ ਜਾਵੇ-ਸਾਲੇ ਹੋਏ ਆ ਗੱਡੀ ਬਣਾਉਣ ਦੇ …।

ਜਦੋਂ ਮੈਂ ਦਿੱਲੀ ਜਾਣ ਆਉਣ ਲੱਗਾ ਤਾਂ ਸਫਰ ਦਾ ਹੋਰ ਵੀ ਸੁਆਦ ਲੈਣ ਲੱਗਾ। ਦਿਲ ਤਾਂ ਹੁਣ ਵੀ ਕਰਦੈ ਕਿ ਸੋਹਣੀਆਂ ਜ਼ਨਾਨੀਆਂ ਕੋਲ ਬੈਠਿਆ ਜਾਵੇ ਪਰ ਉਦੋਂ ਤਾਂ ਸਾਰੇ ਡੱਬੇ ਵੇਖ ਲਈਦੇ ਸਨ ਬਈ ਰੌਣਕ ਮੇਲਾ ਕਿਥੇ ਐ! ਆਖੀਦਾ ਸੀ, ਨੀਵੀਂ ਪਾ ਕੇ ਟੇਢੀ ਨਜ਼ਰੇ ਵੇਖਣ ਨਾਲ ਕਿਸੇ ਦਾ ਕੀ ਘਸਦੈ? ਹੁਣ ਵੀ ਹਵਾਈ ਜਹਾਜ਼ ਵਿੱਚ ਮੂੰਹ ਮੱਥੇ ਲੱਗਦੀ ਸਵਾਰੀ ਨਾਲ ਸੀਟ ਮਿਲ ਜਾਵੇ ਤਾਂ ਇੱਕ ਦੀ ਥਾਂ ਵਾਰ ਥੈਂਕਿਊ ਕਰੀਦਾ। ਅਗਲੀ ਵੀ ਥੈਂਕਿਊ ਕਹਿ ਦੇਵੇ ਤਾਂ ਹੋਰ ਥੈਂਕਿਊ ਕਹਿਣ ਨੂੰ ਜੀਅ ਕਰਦੈ। ਕਿਸੇ ਨੇ ਸੱਚ ਹੀ ਕਿਹੈ, ਸੁੰਦਰਤਾ ਸਦੀਵੀ ਅਨੰਦ ਹੈ।

ਕਈ ਸਫਰ ਅਭੁੱਲ ਵੀ ਹੋ ਜਾਂਦੇ ਹਨ। ਯਾਦ ਆ ਰਹੀ ਹੈ 1995 ਵਿੱਚ ਲੰਡਨ ਤੋਂ ਲਾਸ ਏਂਜਲਸ ਜਾਣ ਦੀ ਉਡਾਣ। ਜਹਾਜ਼ ਬ੍ਰਿਟਿਸ਼ ਏਅਰਵੇਜ਼ ਦਾ ਸੀ। ਗੋਰੀਆਂ ਰਕਾਨਾਂ ਹਵਾਈ ਸੇਵਕਾਵਾਂ ਸਨ। ਉਨ੍ਹਾਂ ਕੋਲੋਂ ਇੱਤਰ ਫੁਲੇਲ ਦੀ ਮਹਿਕ ਅ ਰਹੀ ਸੀ ਤੇ ਮੁਖੜਿਆਂ ਤੋਂ ਮੁਸਕ੍ਰਾਹਟਾਂ ਡੁੱਲ੍ਹ ਰਹੀਆਂ ਸਨ। ਹਵਾਈ ਜਹਾਜ਼ ਵਿੱਚ ਬਾਬੇ ਰੋਡੂ ਦੇ ਲੰਗਰ ਵਾਂਗ ਵਿਸਕੀ ਵਰਤ ਰਹੀ ਸੀ। ਸਾਡੇ ਬਰਾਬਰ ਦੀਆਂ ਤਿੰਨ ਸੀਟਾਂ `ਤੇ ਤਿੰਨ ਅਫਰੀਕੀ ਬੈਠੇ ਸਨ। ਕਾਲੇ ਰੰਗ, ਮੋਟੇ ਬੁੱਲ੍ਹ ਤੇ ਨਿੱਕੇ ਘੁੰਗਰਾਲੇ ਵਾਲ। ਵਿਸਕੀ ਉਨ੍ਹਾਂ ਦੇ ਉਤੋਂ ਦੀ ਹੋਈ ਪਈ ਸੀ। ਗੱਲਾਂ ਕਰਦੇ ਅੱਗੇ ਪਿੱਛੇ ਦਾ ਖਿਆਲ ਨਹੀਂ ਸਨ ਰੱਖ ਰਹੇ। ਉਨ੍ਹਾਂ ਨੇ ਮੇਰੇ ਨਾਲ ਵੀ ਸਾਂਝ ਪਾਉਣੀ ਚਾਹੀ। ਮੇਰੇ ਵੱਲ ਬੈਠਾ ਅਧਖੜ੍ਹ ਉਮਰ ਦਾ ਨੀਗਰੋ ਕਹਿਣ ਲੱਗਾ, “ਆਈ ਐੱਮ ਜੌਸਫ਼। ਆਈ ਐੱਮ ਕੀਨੀਅਨ ਗਵਰਨਮੈਂਟ ਕਲਚਰਲ ਮਿਨਿਸਟਰ …।”

ਉਸ ਨੇ ਟੁੱਟੀ ਭੱਜੀ ਅੰਗਰੇਜ਼ੀ ਤੇ ਨਸ਼ੱਈ ਆਵਾਜ਼ ਵਿੱਚ ਦੱਸਿਆ, “ਮੈਂ ਦਿੱਲੀ ਰਹਿ ਆਇਆਂ ਤੇ ਚੰਡੀਗੜ੍ਹ ਜਾ ਆਇਆਂ। ਸਿੰਘਾਂ ਨੂੰ ਮੈਂ ਚੰਗੀ ਤਰ੍ਹਾਂ ਜਾਣਦਾਂ। ਤੁਸੀਂ ਖਾਣ ਪੀਣ ਵਾਲੇ ਬੰਦੇ ਓਂ। ਅਸੀਂ ਵੀ ਖਾਣ ਪੀਣ ਵਾਲੇ ਆਂ। ਆਓ ਸਾਡਾ ਸਾਥ ਕਰੋ। ਮੇਰੇ ਨਾਲ ਦੇ ਦੋਵੇਂ ਨੌਜੁਆਨ ਚੰਡੀਗੜ੍ਹ ਪੜ੍ਹੇ ਆ। ਅਸੀਂ ਵੀਹ ਹਜ਼ਾਰ ਡਾਲਰ ਜੇਬ `ਚ ਪਾ ਕੇ ਲਾਸ ਵੇਗਸ ਜੂਆ ਖੇਡਣ ਜਾ ਰਹੇ ਆਂ।” ਕਾਲਿਆਂ ਦੀਆਂ ਬੱਗੀਆਂ ਅੱਖਾਂ ਨਸ਼ੇ `ਚ ਲਾਲ-ਘਸਮੈਲੀਆਂ ਹੋਈਆਂ ਪਈਆਂ ਸਨ। ਜੌਸਫ਼ ਨੇ ਮੇਰੇ ਨਾਲ ਜਾਮ ਟਕਰਾਉਣ ਦੀ ਇੱਛਾ ਪਰਗਟ ਕੀਤੀ।

ਕੁਝ ਇੱਕ ਘੰਟਿਆਂ ਦੀ ਹਵਾਈ ਉਡਾਣ ਸੀ। ਜੌਸਫ਼ ਨਾਲ ਨੇੜਤਾ ਵਾਲੀ ਕੋਈ ਗੱਲ ਨਹੀਂ ਸੀ ਪਰ ਹੁੰਘਾਰਾ ਭਰੀ ਜਾਣ ਵਿੱਚ ਘਟਦਾ ਵੀ ਕੀ ਸੀ? ਉਹ ਲੋੜ ਤੋਂ ਵੱਧ ਵਿਸਕੀ ਪੀ ਰਿਹਾ ਸੀ। ਬਿੰਦੇ ਝੱਟੇ ਉੱਠਦਾ ਤੇ ਡੋਲਦਾ ਜਿਹਾ ਜਾ ਕੇ ਕਾਊਂਟਰ ਤੋਂ ਸ਼ੀਸ਼ੀ ਦਾ ਬੱਚਾ ਜਿਹਾ ਲੈ ਆਉਂਦਾ। ਗਲਾਸ `ਚ ਪਾਉਂਦਾ ਤੇ ਖਾਲੀ ਸ਼ੀਸ਼ੀ ਪੈਰਾਂ `ਚ ਸੁੱਟ ਦਿੰਦਾ। ਦਸ ਬਾਰਾਂ ਸ਼ੀਸ਼ੀਆਂ ਦੀ ਢੇਰੀ ਲੱਗੀ ਪਈ ਸੀ ਉਹਦੇ ਪੈਰਾਂ ਵਿਚ। ਚੰਗਾ ਕਲਚਰਲ ਮਨਿਸਟਰ ਸੀ ਕੀਨੀਆ ਦਾ! ਪੰਜਾਬ ਦੇ ਕਹਿੰਦੇ ਕਹਾਉਂਦੇ ਪਟਵਾਰੀਆਂ ਤੇ ਪੁਲਸੀਆਂ ਨੂੰ ਮਾਤ ਪਾਈ ਜਾਂਦਾ ਸੀ।

ਜੌਸਫ਼ ਨੂੰ ਪਤਾ ਨਹੀਂ ਕਿਹੋ ਜਿਹੀ ਲੋਰ ਉੱਠੀ ਕਿ ਉਸ ਨੇ ਸੌ ਡਾਲਰ ਦਾ ਨੋਟ ਕੱਢਿਆ ਤੇ ਆਖਣ ਲੱਗਾ, “ਇਟ ਇਜ਼ ਫਾਰ ਯੂਅਰ ਸੱਨ। ਮਾਈ ਗਿਫਟ …।”

ਸ਼ਰਾਬੀ ਮਨ ਦੀ ਛੱਲ ਸੀ। ਨਾ ਕੋਈ ਜਾਣ ਨਾ ਪਛਾਣ। ਮੈਂ ਉਹਦਾ ਗਿਫਟ ਕਿਵੇਂ ਲੈ ਸਕਦਾ ਸਾਂ? ਮੈਂ ਉਹਦਾ ਧੰਨਵਾਦ ਕੀਤਾ ਤੇ ਨਿਮਰਤਾ ਨਾਲ ਕਿਹਾ ਕਿ ਸਾਡਾ ਸੱਭਿਆਚਾਰ ਆਗਿਆ ਨਹੀਂ ਦਿੰਦਾ ਕਿ ਕਿਸੇ ਅਣਜਾਣੇ ਵਿਅਕਤੀ ਕੋਲੋਂ ਏਡਾ ਵੱਡਾ ਗਿਫਟ ਲਈਏ। ਜੇਕਰ ਤੁਸੀਂ ਨਿਸ਼ਾਨੀ ਦੇਣੀ ਹੀ ਹੈ ਤਾਂ ਆਪਣੇ ਦੇਸ਼ ਦਾ ਸਭ ਤੋਂ ਛੋਟਾ ਸਿੱਕਾ ਦੇ ਦਿਓ। ਉਹ ਲੈ ਕੇ ਮੈਨੂੰ ਵੱਧ ਖੁਸ਼ੀ ਹੋਵੇਗੀ। ਪਰ ਉਹ ਸੌ ਡਾਲਰ ਦੇਣ `ਤੇ ਹੀ ਅੜਿਆ ਰਿਹਾ। ਇਹ ਤਮਾਸ਼ਾ ਸਾਡੇ ਪਿੱਛੇ ਬੈਠਾ ਇੱਕ ਗੋਰਾ ਵੀ ਵੇਖ ਰਿਹਾ ਸੀ। ਉਹ ਪਤਾ ਨਹੀਂ ਕਿਹੜੀ ਨਸਲ ਦਾ ਸੀ ਕਿ ਉਹਨੇ ਥੈਂਕਿਊ ਕਹਿ ਕੇ ਨੋਟ ਜੌਸਫ਼ ਤੋਂ ਫੜ ਲਿਆ ਤੇ ਆਪਣੇ ਬੋਝੇ `ਚ ਪਾ ਲਿਆ।

ਜੌਸਫ਼ ਨੇ ਫਿਰ ਆਪਣਾ ਬਟੂਆ ਫਰੋਲਿਆ ਤੇ ਉਹਦੇ ਵਿਚੋਂ ਕੀਨੀਆ ਦਾ ਦਸ ਸ਼ਲਿੰਗ ਦਾ ਨੋਟ ਕੱਢਿਆ। ਉਹ ਨੋਟ ਉਸ ਨੇ ਬੜੇ ਹੰਮੇ ਨਾਲ ਮੇਰੇ ਵੱਲ ਵਧਾਇਆ ਤੇ ਆਖਿਆ, “ਆਹ ਤਾਂ ਰੱਖਣਾ ਹੀ ਪਏਗਾ। ਇਹ ਨਾਂਮਾਤਰ ਗਿਫਟ ਹੈ।”

ਮੈਨੂੰ ਸ਼ਰਾਬੀਆਂ ਨਾਲ ਮਾੜਾ ਮੋਟਾ ਵਰਤਣਾ ਆਉਂਦੈ। ਹੋਰ ਇਨਕਾਰ ਦਾ ਸਮਾਂ ਨਹੀਂ ਸੀ। ਮੈਂ ਉਹ ਨੋਟ ਧੰਨਵਾਦ ਸਹਿਤ ਕਬੂਲ ਕਰ ਲਿਆ। ਜੌਸਫ਼ ਦੀ ਰੂਹ ਖੁਸ਼ ਹੋ ਗਈ। ਮੈਂ ਆਪਣੀ ਪਤਨੀ ਨੂੰ ਕਿਹਾ ਕਿ ਆਪਾਂ ਵੀ ਕੋਈ ਨੋਟ ਦੇਈਏ। ਹਰਜੀਤ ਨੇ ਪਰਸ `ਚੋਂ ਦਸ ਰੁਪਏ ਦਾ ਨਵਾਂ ਨੋਟ ਕੱਢਿਆ ਜੋ ਮੈਂ ਜੌਸਫ਼ ਨੂੰ ਫੜਾਉਂਦਿਆਂ ਕਿਹਾ, “ਇਹ ਤੁਹਾਡੇ ਬੱਚੇ ਲਈ ਗਿਫਟ।”

ਕਾਲਾ ਜੌਸਫ਼ ਪਿਘਲ ਗਿਆ ਤੇ ਮੋਹ ਮੁਹੱਬਤ ਦੀਆਂ ਗੱਲਾਂ ਕਰਨ ਲੱਗਾ। ਉਹਦੀਆਂ ਅੱਖਾਂ ਵਿੱਚ ਤਰਾਵਟ ਤੈਰਨ ਲੱਗੀ। ਹੁੱਬ ਕੇ ਆਖਣ ਲੱਗਾ, “ਕਦੇ ਕੀਨੀਆ ਆਓ ਤਾਂ ਸਰਕਾਰੀ ਆਓਭਗਤ ਕਰਾਂਗਾ। ਤੁਹਾਡੇ ਵਰਗੀਆਂ ਪੱਗਾਂ ਵਾਲੇ ਬਹੁਤ ਸਿੰਘ ਨੇ ਓਥੇ ਤੇ ਮੈਨੂੰ ਉਨ੍ਹਾਂ ਦਾ ਕੰਮ ਕਰ ਕੇ ਖੁਸ਼ੀ ਹੁੰਦੀ ਐ।”

ਸੈਲਾਨੀਆਂ ਨੂੰ ਸੈਲਾਨੀ ਅਚਾਨਕ ਹੀ ਰਾਹਾਂ ਵਿੱਚ ਮਿਲ ਜਾਂਦੇ ਨੇ ਤੇ ਗੱਲਾਂ ਗੂੜ੍ਹੀਆਂ ਹੋ ਜਾਂਦੀਆਂ ਨੇ। ਸਾਡੀਆਂ ਵੀ ਗੱਲਾਂ ਗੂੜ੍ਹੀਆਂ ਹੋਣ ਲੱਗ ਪਈਆਂ। ਮੇਰੀ ਪਤਨੀ ਨੇ ਮੈਨੂੰ ਸਾਵਧਾਨ ਕੀਤਾ ਕਿ ਕਾਲਾ ਸ਼ਰਾਬੀ ਹੈ, ਕਿਤੇ ਕੋਈ ਸਮੱਸਿਆ ਨਾ ਖੜ੍ਹੀ ਕਰ ਦੇਵੇ। ਉਸ ਨੇ ਕਿਹਾ ਕਿ ਮੈਂ ਉਹਦੇ ਨਾਲ ਘੱਟ ਤੋਂ ਘੱਟ ਗੱਲ ਕਰਾਂ। ਮੈਂ ਅੱਖਾਂ ਮੀਚ ਕੇ ਸੌਣ ਦਾ ਡਰਾਮਾ ਕਰਨ ਲੱਗਾ ਤਾਂ ਉਹ ਹੋਰਨਾਂ ਨੂੰ ਹੁੰਘਾਰੇ ਭਰਨ ਲਈ ਟੁੰਬਣ ਲੱਗ ਪਿਆ। ਅਖ਼ੀਰ ਸੱਚਮੁੱਚ ਹੀ ਸਮੱਸਿਆ ਖੜ੍ਹੀ ਹੋ ਗਈ।

ਜੌਸਫ਼ ਦੀ ਅਗਲੀ ਸੀਟ `ਤੇ ਬੈਠਾ ਇੱਕ ਗੋਰਾ ਕੁੱਝ ਲਿਖੀ ਪੜ੍ਹੀ ਜਾਂਦਾ ਸੀ। ਹਬਸ਼ੀ ਦੀਆਂ ਗੱਲਾਂ ਨੇ ਉਸ ਨੂੰ ਅਵਾਜ਼ਾਰ ਕਰ ਦਿੱਤਾ ਸੀ। ਅੱਕੇ ਹੋਏ ਨੇ ਉਹਨੇ ਘਸੁੰਨ ਵਿਖਾ ਕੇ ਜੌਸਫ਼ ਨੂੰ ਚੁੱਪ ਰਹਿਣ ਲਈ ਡਾਂਟਿਆ ਤੇ ਉੱਠ ਕੇ ਜਹਾਜ਼ ਦੇ ਅਮਲੇ ਕੋਲ ਸ਼ਿਕਾਇਤ ਕਰਨ ਚਲਾ ਗਿਆ।

ਕੀਨੀਆ ਦਾ ਕਲਚਰਲ ਮਨਿਸਟਰ ਮੈਨੂੰ ਕਹਿਣ ਲੱਗਾ, “ਮਿਸਟਰ ਸਿੰਘ, ਤੂੰ ਮੇਰਾ ਦੋਸਤ ਐਂ। ਮੇਰੀ ਮਦਦ ਕਰਨੀ ਤੇਰਾ ਫਰਜ਼ ਬਣਦੈ।” ਮੈਨੂੰ ਫਿਕਰ ਹੋਇਆ ਕਿ ਤਾਜ਼ੀ ਦੋਸਤੀ ਹੁਣ ਮਹਿੰਗੀ ਪਵੇਗੀ। ਮੈਂ ਕਿਹਾ, “ਜ਼ਰੂਰ ਕਰਾਂਗਾ ਮਦਦ। ਗੁਰੂ ਦਾ ਸਿੰਘ ਆਂ, ਸੱਚੀ ਗਵਾਹੀ ਹੀ ਦੇਵਾਂਗਾ।” ਉਹਨੇ ਪੁੱਛਿਆ, “ਸੱਚੀ ਗਵਾਹੀ ਕੀ ਦੇਵੇਂਗਾ?” ਮੈਂ ਆਖਿਆ, “ਸੱਚੀ ਗੱਲ ਐ ਕਿ ਤੁਸੀਂ ਦਸ ਬਾਰਾਂ ਪੈੱਗ ਤਾਂ ਪੀਤੇ ਹੀ ਹੋਣਗੇ ਤੇ ਪਿਆਏ ਤੁਹਾਨੂੰ ਜਹਾਜ਼ ਵਾਲਿਆਂ ਨੇ ਹੀ ਹਨ। ਤੁਸੀਂ ਕਿਸੇ ਨੂੰ ਮਾੜਾ ਨਹੀਂ ਬੋਲਿਆ ਪਰ ਸਾਰੇ ਰਾਹ ਚੁੱਪ ਵੀ ਨਹੀਂ ਕੀਤੇ। ਅੱਗੇ ਬੈਠੇ ਮੁਸਾਫਿਰ ਨੂੰ ਤੁਹਾਨੂੰ ਘਸੁੰਨ ਵਿਖਾ ਕੇ ਡਾਂਟਣ ਦਾ ਕੋਈ ਹੱਕ ਨਹੀਂ ਸੀ। ਉਹ ਤੁਹਾਨੂੰ ਬੇਨਤੀ ਕਰ ਸਕਦਾ ਸੀ ਜਾਂ ਸਿੱਧਾ ਜਾ ਕੇ ਸ਼ਿਕਾਇਤ ਕਰਦਾ।”

ਜੌਸਫ਼ ਕਹਿਣ ਲੱਗਾ, “ਇਹ ਗਵਾਹੀ ਠੀਕ ਐ। ਮੈਂ ਕੋਈ ਕਸੂਰ ਨਹੀਂ ਕੀਤਾ।” ਦੋ ਕੁ ਮਿੰਟਾਂ ਬਾਅਦ ਇੱਕ ਸਕਿਉਰਿਟੀ ਗਾਰਡ ਆਇਆ ਤੇ ਬਿਨਾਂ ਕਿਸੇ ਦੀ ਗਵਾਹੀ ਲੈਣ ਦੇ ਜੌਸਫ਼ ਨੂੰ ਕਹਿ ਗਿਆ ਕਿ ਉਹ ਹੁਣ ਹੋਰ ਨਾ ਪੀਵੇ, ਕਿਸੇ ਨੂੰ ਡਿਸਟਰਬ ਨਾ ਕਰੇ ਤੇ ਲਾਸ ਏਂਜਲਸ ਦੇ ਹਵਾਈ ਅੱਡੇ `ਤੇ ਪੁਲਿਸ ਦੇ ਪੇਸ਼ ਹੋਵੇ।” ਮੇਰੀ ਪੀਤੀ ਵੀ ਲਹਿ ਗਈ ਕਿਉਂਕਿ ਪੰਜਾਬ ਵਿੱਚ ਗਵਾਹਾਂ ਦੀ ਪੁਲਿਸ ਪਾਸ ਤੇ ਅਦਾਲਤਾਂ ਵਿੱਚ ਹੁੰਦੀ ਖੁਆਰੀ ਮੈਂ ਵੇਖੀ ਹੋਈ ਸੀ। ਅਸੀਂ ਫਿਕਰਾਂ `ਚ ਪੈ ਗਏ ਕਿ ਹਵਾਈ ਅੱਡੇ `ਤੇ ਪਤਾ ਨਹੀਂ ਕਿੰਨਾ ਸਮਾਂ ਲੱਗੇ? ਅਸੀਂ ਤਾਂ ਸੀ ਹੀ ਵਿਜ਼ਟਰ ਤੇ ਅਗਾਂਹ ਮੇਰਾ ਭਰਾ ਭਜਨ ਸਾਨੂੰ ਲੈਣ ਆਇਆ ਖੜ੍ਹਾ ਸੀ। ਉਸ ਨੂੰ ਕਿਵੇਂ ਦੱਸਾਂਗੇ ਕਿ ਅਸੀਂ ਤਾਂ ਰਾਹ ਜਾਂਦੀ ਮੁਸੀਬਤ ਗਲ ਪੁਆ ਲਈ ਹੈ?

ਅਸੀਂ ਸੋਚਣ ਲੱਗੇ ਕਿ ਜੇ ਗਵਾਹੀਆਂ ਦੇ ਚੱਕਰ ਵਿੱਚ ਪੈ ਗਏ ਤਾਂ ਪਤਾ ਨਹੀਂ ਕਦੋਂ ਖਹਿੜਾ ਛੁੱਟੇ? ਪਤਨੀ ਕਹੇ, “ਕਾਲੇ ਨਾਲ ਗੱਲੀਂ ਕਿਉਂ ਪਏ?” ਮੈਂ ਆਖਾਂ, “ਮੈਨੂੰ ਕੀ ਪਤਾ ਸੀ ਇਸ ਕਜੀਏ ਦਾ?”

ਅਖ਼ੀਰ ਮਨ ਬਣਾਇਆ ਕਿ ਬਿਨਾਂ ਜੌਸਫ਼ ਨੂੰ ਦੱਸੇ ਤੇਜ਼ੀ ਨਾਲ ਜਹਾਜ਼ `ਚੋਂ ਬਾਹਰ ਨਿਕਲਾਂਗੇ ਤੇ ਇਮੀਗਰੇਸ਼ਨ ਤੋਂ ਠੱਪਾ ਲੁਆ ਕੇ ਸੁਰਖੁਰੂ ਹੋਵਾਂਗੇ। ਜੌਸਫ਼ ਕਿਹੜਾ ਮਾਮੇ ਦਾ ਪੁੱਤ ਐ ਜਿਹੜਾ ਮਗਰੋਂ ਉਲਾਂਭਾ ਦੇਊ?

ਜਹਾਜ਼ ਹਵਾਈ ਅੱਡੇ `ਤੇ ਉਤਰਿਆ ਤਾਂ ਪੁਲਿਸ ਬੂਹੇ ਅੱਗੇ ਖੜ੍ਹੀ ਸੀ। ਅਗਾਂਹ ਸੂਹੀਏ ਕੁੱਤੇ ਬੱਧੇ ਸਨ ਪਰ ਨਾਲ ਹੀ ਲਿਖ ਕੇ ਲਾਇਆ ਸੀ ਕਿ ਇਹ ਵੱਢਦੇ ਨਹੀਂ। ਅਸੀਂ ਤੇਜ਼ੀ ਨਾਲ ਅੱਗੇ ਵਧੇ ਤੇ ਇਮੀਗਰੇਸ਼ਨ ਦੀ ਲਾਈਨ ਵਿੱਚ ਜਾ ਲੱਗੇ। ਜੌਸਫ਼ ਨੂੰ ਅਸੀਂ ਪਿੱਛੇ ਮੁੜ ਕੇ ਨਹੀਂ ਸੀ ਵੇਖਿਆ। ਉਂਜ ਮਨ ਫਿਟਕਾਰਾਂ ਪਾ ਰਿਹਾ ਸੀ, “ਕੀ ਸੋਚਦਾ ਹੋਵੇਗਾ ਉਹ? ਕਿਹੋ ਜਿਹਾ ਦੋਸਤ ਐ ਸਿੰਘ!”

ਇਮੀਗਰੇਸ਼ਨ ਅਫਸਰ ਮੇਰਾ ਪਾਸਪੋਰਟ ਵੇਖਣ ਲੱਗਾ ਤਾਂ ਕਾਫੀ ਦੇਰ ਪੁੱਠਾ ਸਿੱਧਾ ਕਰ ਕੇ ਵੇਖਦਾ ਰਿਹਾ। ਫਿਰ ਉਸ ਨੇ ਫੋਨ `ਤੇ ਕੋਈ ਗੱਲ ਕੀਤੀ ਤੇ ਸਾਨੂੰ ਇੱਕ ਗਾਈਡ ਨਾਲ ਸਪੈਸ਼ਲ ਇੰਟਰਵਿਊ ਵਾਲੇ ਕਮਰੇ ਵੱਲ ਤੋਰ ਦਿੱਤਾ। ਮੈਂ ਮਨ `ਚ ਕਿਹਾ, “ਲੈ ਪੈ ਗਿਆ ਪੰਗਾ।”

ਕਮਰੇ `ਚ ਗਏ ਤਾਂ ਜੌਸਫ਼ ਦੇ ਦੋਵੇਂ ਸਾਥੀ ਪਹਿਲਾਂ ਹੀ ਉਥੇ ਬੈਠੇ ਸਨ। ਲੱਗਦਾ ਸੀ ਮਾਮਲਾ ਗੜਬੜ ਹੈ। ਮੈਂ ਤਰਕੀਬ ਸੋਚੀ ਤੇ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਕਾਊਂਟਰ `ਤੇ ਬੈਠੇ ਸਪੈਸ਼ਲ ਇੰਟਰਵਿਊ ਲੈਣ ਵਾਲੇ ਅਫਸਰ ਨੂੰ ਬੇਨਤੀ ਕੀਤੀ ਕਿ ਮੈਂ ਲੇਖਕ ਹਾਂ। ਆਹ ਵੇਖੋ ਮੇਰਾ ਅਮਰੀਕਾ ਦਾ ਸਫਰਨਾਮਾ। ਉਸ ਕਿਤਾਬ ਦੇ ਸਰਵਰਕ ਉਤੇ ਅਮਰੀਕਾ ਦੇ ਤਿੰਨ ਪਰਧਾਨਾਂ ਦੀ ਪੱਥਰ `ਚ ਖੁਣੀ ਤਸਵੀਰ ਤੇ ਪਿਛਲੇ ਪਾਸੇ ਮੇਰੀ ਆਪਣੀ ਤਸਵੀਰ ਸੀ। ਮੈਂ ਆਖਿਆ, ਸਾਡੀ ਬਾਹਰ ਉਡੀਕ ਹੋ ਰਹੀ ਐ, ਜੇ ਸਾਨੂੰ ਛੇਤੀ ਵਿਹਲੇ ਕਰ ਸਕੋ ਤਾਂ ਧੰਨਵਾਦੀ ਹੋਵਾਂਗੇ। ਅਫਸਰ ਪ੍ਰਭਾਵਤ ਹੋ ਗਿਆ। ਉਸ ਨੇ ਸਾਡੇ ਪਾਸਪੋਰਟ ਵੇਖੇ ਤੇ ਠੱਪੇ ਲਾ ਕੇ ਸਾਨੂੰ ਦੋ ਮਿੰਟਾਂ ਵਿੱਚ ਵਿਹਲੇ ਕਰ ਦਿੱਤਾ।

ਕੀ ਪਤਾ ਗਵਾਹੀ ਦੇਣ ਦੀ ਕੋਈ ਗੱਲ ਹੀ ਨਾ ਹੋਵੇ? ਸਾਨੂੰ ਉਂਜ ਹੀ ਸਪੈਸ਼ਲ ਇੰਟਰਵਿਊ ਲਈ ਭੇਜਿਆ ਹੋਵੇ ਪਰ ਜਦੋਂ ਵੀ ਜੌਸਫ਼ ਦੀਆਂ ਡੁਬਡੁਬਾਈਆਂ ਅੱਖਾਂ ਤੇ ਦੋਸਤੀ ਦਾ ਫਰਜ਼ ਨਿਭਾਉਣ ਦੀ ਗੱਲ ਯਾਦ ਆਉਂਦੀ ਹੈ ਤਾਂ ਮਨ `ਚ ਮਹਿਸੂਸ ਕਰੀਦੈ ਕਿ ਮਨਾਂ ਤੂੰ ਚੰਗਾ ਨਹੀਂ ਕੀਤਾ। ਕੀ ਪਤਾ ਉਸ ਨਾਲ ਕੀ ਬੀਤੀ ਹੋਵੇਗੀ?

Additional Info

  • Writings Type:: A single wirting
Read 3149 times
ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਦੋ ਦਰਜਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ `ਚ ਡੇਢ ਦਰਜਨ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹੈ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ। ਉਸ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ `ਚ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ। ਉਹ 1965-66 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹਾ ਹੈ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੋ ਗਈ ਹੈ। ਉਸ ਦੇ ਦੋ ਪੁੱਤਰ ਹਨ। ਇਕ ਕੈਨੇਡਾ ਵਿਚ ਹੈ ਤੇ ਇਕ ਪੰਜਾਬ ਵਿਚ। ਉਹ ਆਪਣੀ ਪਤਨੀ ਹਰਜੀਤ ਕੌਰ ਨਾਲ ਗਰਮੀਆਂ ਕੈਨੇਡਾ ਵਿਚ ਕੱਟਦਾ ਹੈ ਤੇ ਸਿਆਲ ਦਾ ਨਿੱਘ ਪੰਜਾਬ ਵਿਚ ਮਾਣਦਾ ਹੈ।