ਲੇਖ਼ਕ

Wednesday, 14 October 2009 16:51

36 - ਮੌਤ ਦਾ ਪਹਿਰਾ

Written by
Rate this item
(0 votes)

ਉਹ ਬੰਦੇ ਕਿਸਮਤ ਵਾਲੇ ਕਹੇ ਜਾ ਸਕਦੇ ਹਨ ਜਿਹੜੇ ਪੰਜਾਬ ਦੇ ਦਹਿਸ਼ਤੀ ਦੌਰ `ਚ ਬਚੇ ਰਹੇ। ਉਹਨਾਂ ਦਿਨਾਂ `ਚ ਮੌਤ ਦਾ ਕੋਈ ਵਿਸਾਹ ਨਹੀਂ ਸੀ। ਬੰਦੇ ਚੰਗੇ ਭਲੇ ਘਰੋਂ ਜਾਂਦੇ ਤੇ ਓਦੋਂ ਈ ਪਤਾ ਲੱਗਦਾ ਜਦੋਂ ਮਰ ਗਿਆਂ ਦੀ ਖ਼ਬਰ ਆ ਜਾਂਦੀ। ਕਿਸੇ ਨੂੰ ਬੱਸ `ਚੋਂ ਲਾਹ ਕੇ ਮਾਰ ਦਿੱਤਾ ਗਿਆ ਹੁੰਦਾ ਤੇ ਕਿਸੇ ਦਾ ਝੂਠਾ ਪੁਲਿਸ ਮੁਕਾਬਲਾ ਬਣਾ ਦਿੱਤਾ ਜਾਂਦਾ। ਜੇ ਕਿਤੇ ਮੈਨੂੰ ਲਿਖੀ ਚਿੱਠੀ ਸੱਚਮੁੱਚ ਹੀ ਇਨਾਮੀ ਖਾੜਕੂ ਜਰਨੈਲ ਸਿੰਘ ਹਲਵਾਰਾ ਦੀ ਹੁੰਦੀ ਤਾਂ ਮੇਰਾ ਵੀ ਕੀ ਭਰੋਸਾ ਸੀ? ਚਿੱਠੀ ਲਿਖਣ ਵਾਲੇ ਨੇ ਐਸਾ ਪਲਾਟ ਗੁੰਦਿਆ ਸੀ ਕਿ ਮੌਤ ਨੇ ਪੱਕੀ ਦਸਤਕ ਦੇ ਦਿੱਤੀ ਸੀ। ਉਹ ਤਾਂ ਅੱਖਰਾਂ ਦੀ ਬਣਤਰ ਤੋਂ ਪਤਾ ਲੱਗਾ ਕਿ ਉਹ ਚਿੱਠੀ ਨਕਲੀ ਸੀ। ਅਸਲੀ ਹੁੰਦੀ ਤਾਂ ਨਾ ਮੈਥੋਂ ਮੰਗੇ ਪੈਸੇ ਮਿਥੀ ਜਗ੍ਹਾ ਰੱਖੇ ਜਾਣੇ ਸਨ ਤੇ ਨਾ ਮੈਨੂੰ ਉਨ੍ਹਾਂ ਨੇ ਬਖਸ਼ਣਾ ਸੀ। ਕੋਈ ਪਤਾ ਨਹੀਂ ਮੇਰੇ ਨਾਲ ਸਾਰਾ ਪਰਿਵਾਰ ਹੀ ਸੋਧ ਦਿੱਤਾ ਜਾਂਦਾ। ਮੈਂ ਆਪਣੇ ਮਸੂਮ ਬੱਚਿਆਂ ਦੇ ਮਾਰੇ ਜਾਣ ਬਾਰੇ ਸੋਚ ਕੇ ਕੰਬ ਗਿਆ ਸਾਂ। ਬੱਚਿਆਂ ਦਾ ਭਲਾ ਕੀ ਕਸੂਰ ਸੀ? ਜੇ ਸਕੂਟਰ ਗਰਮ ਹੋ ਕੇ ਨਾ ਖੜ੍ਹਦਾ? ਜੇ ਉਹ ਸੱਚਮੁੱਚ ਮੇਰੇ ਪੁੱਤਰਾਂ ਤਕ ਪਹੁੰਚ ਜਾਂਦੇ? ਬੱਚਿਆਂ ਨੂੰ ਤਾਂ ਪਤਾ ਵੀ ਨਹੀਂ ਸੀ ਲੱਗਣਾ ਕਿ ਉਨ੍ਹਾਂ ਨੂੰ ਕਾਹਦੀ ਸਜ਼ਾ ਮਿਲ ਰਹੀ ਐ?

ਚਿੱਠੀ ਵਾਲੀ ਬਿਪਤਾ ਤਾਂ ਟਲ ਗਈ ਸੀ। ਪਰ ਕੀ ਬਾਕੀ ਬਿਪਤਾਵਾਂ ਵੀ ਟਲ ਗਈਆਂ ਸਨ? ਕੀ ਹੁਣ ਬੇਖ਼ੌਫ਼ ਘੁੰਮਿਆ ਫਿਰਿਆ ਜਾ ਸਕਦਾ ਸੀ? ਸ਼ਾਇਦ ਨਹੀਂ। ਅਜੇ ਵੀ ਰਾਹਾਂ ਤੇ ਚੌਰਾਹਿਆਂ `ਤੇ ਮੌਤ ਦਾ ਪਹਿਰਾ ਸੀ।

ਇਕ ਦਿਨ ਖਾੜਕੂਆਂ ਦੇ ਸੱਦੇ `ਤੇ ਸਕੂਲਾਂ ਕਾਲਜਾਂ ਵਿੱਚ ਹੜਤਾਲ ਸੀ। ਸਾਡਾ ਕਾਲਜ ਵੀ ਬੰਦ ਸੀ। ਮੈਂ ਹਲਵਾਰੇ ਦੀ ਫੌਜੀ ਕੰਟੀਨ ਤੋਂ ਰੰਮ ਲੈਣ ਚਲਾ ਗਿਆ। ਮੇਰੇ ਸਹੁਰਾ ਸਾਹਿਬ ਦਾ ਫੌਜੀ ਕਾਰਡ ਬਣਿਆ ਹੋਇਆ ਸੀ। ਬੋਤਲਾਂ ਸਕੂਟਰ ਦੀ ਡਿੱਕੀ `ਚ ਰੱਖ ਕੇ ਮੈਂ ਸੁਧਾਰ ਦੇ ਪੁਲ ਤੋਂ ਨਹਿਰ ਦੀ ਪਟੜੀ ਪਿੰਡ ਨੂੰ ਮੁੜ ਪਿਆ। ਅੱਗੇ ਜੱਸੋਵਾਲ ਵਿੱਚ ਦੀ ਚੌਕੀ ਮਾਨ ਹੋ ਕੇ ਢੁੱਡੀਕੇ ਆਉਣਾ ਸੀ। ਨਹਿਰ ਦੀ ਪਟੜੀ ਸੁੰਨੀ ਪਈ ਸੀ। ਉਦੋਂ ਈ ਪਤਾ ਲੱਗਾ ਜਦੋਂ ਕਾਹਾਂ ਦੇ ਬੂਝਿਆਂ ਉਹਲਿਓਂ ਦੋ ਬੰਦੇ ਨਿਕਲੇ ਤੇ ਸਕੂਟਰ ਰੋਕਣ ਲਈ ਹੱਥ ਖੜ੍ਹਾ ਕਰ ਦਿੱਤਾ। ਮੈਨੂੰ ਜਰਨੈਲ ਸਿੰਘ ਹਲਵਾਰਾ ਯਾਦ ਆ ਗਿਆ ਤੇ ਮੇਰੇ ਭਰਾ ਅਰਜਨ ਦੇ ਸਕੂਟਰ ਨੂੰ ਰੋਕਣ ਵਾਲੇ ਵੀ ਯਾਦ ਆ ਗਏ। ਹੁਣ? ਜੇ ਸਕੂਟਰ ਰੋਕਦਾ ਸੀ ਤਾਂ ਵੀ ਮੌਤ ਦਾ ਡਰ ਸੀ, ਜੇ ਨਹੀਂ ਸੀ ਰੋਕਦਾ ਤਾਂ ਵੀ ਪਿੱਛੋਂ ਗੋਲੀ ਆ ਸਕਦੀ ਸੀ। ਮੇਰਾ ਡਰ ਨਾਲ ਰੰਗ ਫੱਕ ਹੋ ਗਿਆ।

ਸਹਿਮੇ ਹੋਏ ਨੇ ਮੈਂ ਸਕੂਟਰ ਰੋਕ ਲਿਆ। ਮਨ `ਚ ਕਿਹਾ ਵੇਖੀ ਜਾਊ ਜੋ ਹੋਊ। ਉਹ ਦੋਵੇਂ ਜਣੇ ਮੇਰੇ ਪਿੱਛੇ ਬਹਿ ਗਏ ਤੇ ਕਹਿਣ ਲੱਗੇ, “ਚੱਲ।” ਮੈਂ ਚੱਲ ਪਿਆ ਤੇ ਸੋਚਣ ਲੱਗਾ, ਗੋਲੀ ਵੱਜੀ ਕਿ ਵੱਜੀ। ਉਹ ਹਿਲਦੇ ਜੁਲਦੇ ਤਾਂ ਅਏਂ ਲੱਗਦਾ ਜਿਵੇਂ ਹਥਿਆਰ ਸਿੱਧਾ ਕਰਦੇ ਹੋਣ। ਸਕੂਟਰ ਚਲਾਉਂਦਾ ਮੈਂ ਸੋਚੀ ਜਾਵਾਂ ਕਿ ਰਿਵਾਲਵਰ ਪਿੱਛੋਂ ਗਿੱਚੀ ਨਾਲ ਲਾਉਣਗੇ। ਇੱਕ ਵਾਰ ਲੱਗਾ ਵੀ ਜਿਵੇਂ ਉਹਨਾਂ ਨੇ ਮੇਰੀ ਗਿੱਚੀ ਨਾਲ ਕੁਛ ਲਾਇਆ ਹੋਵੇ। ਇਹ ਅੰਤਲਾ ਸਮਾਂ ਸੀ। ਬੱਸ ਇੱਕ ਮਿੰਟ ਤੇ ਖੇਡ ਖ਼ਤਮ ਹੋ ਜਾਣੀ ਸੀ। ਰੰਮ ਦੀਆਂ ਖੜਕਦੀਆਂ ਬੋਤਲਾਂ ਮੌਤ ਨੂੰ ਅੱਡ `ਵਾਜ਼ਾਂ ਮਾਰ ਰਹੀਆਂ ਸਨ।

ਸੁਧਾਰ ਪਿੰਡ ਕੋਲ ਪਹੁੰਚ ਕੇ ਮਸਾਂ ਮੇਰੇ ਮੂੰਹੋਂ ਬੋਲ ਨਿਕਲੇ, “ਬਾਬਿਓ, ਮੈਂ ਤਾਂ ਐਥੇ ਤਕ ਈ ਆਉਣਾ ਸੀ। ਤੁਹਾਨੂੰ ਲੋੜ ਐ ਤਾਂ ਸਕੂਟਰ ਲੈ-ਜੋ।” ਮੇਰੇ `ਚ ਅਰਜਨ ਵਾਲੀ ਬਹਾਦਰੀ ਵਿਖਾਉਣ ਦਾ ਜੇਰਾ ਨਹੀਂ ਸੀ। ਉਹ ਚੁੱਪ ਚਾਪ ਸਕੂਟਰ ਤੋਂ ਉੱਤਰੇ ਤੇ ਬਿਨਾਂ ਕੁੱਝ ਕਹੇ ਪੁਲ ਉਤੋਂ ਦੀ ਦੂਜੇ ਪਾਸੇ ਚਲੇ ਗਏ। ਮੇਰੀ ਜਾਨ `ਚ ਜਾਨ ਆ ਗਈ। ਮੈਂ ਸੋਚਿਆ, ਜੇ ਉਹ ਸੱਚੀਂ ਜਰਨੈਲ ਸਿੰਘ ਹਲਵਾਰਾ ਹੁੰਦਾ ਤੇ ਉਸ ਨੂੰ ਪਤਾ ਲੱਗ ਜਾਂਦਾ ਕਿ ਮੈਂ ਉਹੀ ਪ੍ਰੋਫੈਸਰ ਸਾਂ ਜੀਹਨੇ ਚਿੱਠੀ ਮਿਲਣ ਦੇ ਬਾਵਜੂਦ ਹਥਿਆਰਾਂ ਦੇ ਪੈਸੇ ਨਹੀਂ ਸੀ ਰੱਖੇ, ਫਿਰ ਕੀ ਹੁੰਦਾ? ਮੇਰਾ ਏਥੇ ਹੀ ਦਾਣਾ ਪਾਣੀ ਮੁੱਕ ਜਾਂਦਾ ਤੇ ਮੇਰੀ ਲਾਸ਼ ਨੂੰ ਨਹਿਰ `ਚ ਰੋੜ੍ਹ ਦਿੱਤਾ ਜਾਂਦਾ। ਮੈਂ ਸ਼ੁਕਰ ਕੀਤਾ ਕਿ ਮੌਤ ਮੈਥੋਂ ਫਿਰ ਇੱਕ ਹੱਥ ਦੀ ਵਿੱਥ ਨਾਲ ਲੰਘ ਗਈ ਸੀ।

ਇਕ ਸ਼ਾਮ ਮੈਂ ਆਪਣੇ ਪਿੰਡ ਗਿਆ। ਢੁੱਡੀਕੇ ਤੋਂ ਚਕਰ ਜਾਣ ਨੂੰ ਮਸਾਂ ਅੱਧਾ ਘੰਟਾ ਲੱਗਦਾ ਸੀ। ਜਦੋਂ ਦਾ ਸਕੂਟਰ ਲਿਆ ਸੀ ਬੜੀ ਮੌਜ ਹੋ ਗਈ ਸੀ। ਜਿੱਦਣ ਮੇਰਾ ਮੂਡ ਹੁੰਦਾ ਮੈਂ ਚਾਰ ਕੁ ਵਜੇ ਚੱਲਦਾ, ਘਰ ਦਿਆਂ ਨੂੰ ਮਿਲਦਾ ਗਿਲਦਾ ਤੇ ਚਾਹ ਪਾਣੀ ਪੀ ਕੇ ਆਪਣੇ ਆੜੀ ਮਹਿੰਦਰ ਸਿੰਘ ਸੈਕਟਰੀ ਕੋਲ ਗੱਪ ਸ਼ੱਪ ਮਾਰਨ ਚਲਾ ਜਾਂਦਾ। ਉਹ ਕਿਤੋਂ ਪੀਣ ਖਾਣ ਦਾ ਜੁਗਾੜ ਕਰ ਲੈਂਦਾ ਤੇ ਅਸੀਂ ਤਰਾਰੇ `ਚ ਹੋਏ ਇਨਕਲਾਬ ਲਿਆਉਣ ਲੱਗਦੇ। ਉਹਦੇ ਘਰ `ਚ ਲੈਨਿਨ ਦੀ ਆਦਮਕੱਦ ਤਸਵੀਰ ਲੱਗੀ ਹੋਈ ਸੀ ਤੇ ਪ੍ਰਗਤੀ ਪ੍ਰਕਾਸ਼ਨ ਦੀਆਂ ਬਹੁਤ ਸਾਰੀਆਂ ਪੁਸਤਕਾਂ ਸਨ। ਮਾਓ ਤੇ ਸਟਾਲਿਨ ਦੇ ਫੋਟੋ ਵੀ ਸਨ। ਮਾਰਕਸੀ ਪਾਰਟੀ ਦੇ ਲੀਡਰ ਉਹਦੇ ਘਰ ਆਮ ਆਉਂਦੇ ਜਾਂਦੇ ਸਨ। ਰੰਗ ਉਹਦਾ ਤਵੇ ਵਰਗਾ ਸੀ ਪਰ ਦੰਦ ਬੈਟਰੀ ਵਾਂਗ ਲਿਸ਼ਕਦੇ ਤੇ ਗੱਲਾਂ ਬੜੀਆਂ ਦਿਲਚਸਪ ਕਰਦਾ ਸੀ। ਚਿਹਰਾ ਮੋਹਰਾ ਭਾਵੇਂ ਕਾਲਕਲੋਟਾ ਸੀ ਪਰ ਦਿਲ ਦਾ ਬੜਾ ਦਿਲਦਾਰ ਦੋਸਤ ਸੀ। ਭਾਵੇਂ ਗੱਡੇ ਲੰਘ ਜਾਣ ਪਰਵਾਹ ਨਹੀਂ ਸੀ ਕਰਦਾ।

ਮਹਿੰਦਰ ਸਿੰਘ `ਚਕਰ’ ਨੇ ਦੋ ਨਾਵਲ ‘ਕੱਲਰ ਦੇ ਕੰਵਲ’ ਤੇ ‘ਸੂਰਾ ਸੋ ਪਹਿਚਾਨੀਏ’ ਲਿਖੇ ਸਨ ਜਿਨ੍ਹਾਂ ਨੂੰ ਲਾਹੌਰ ਬੁੱਕ ਸ਼ਾਪ ਨੇ ਪ੍ਰਕਾਸ਼ਤ ਕੀਤਾ ਸੀ। ਉਹਦੇ ਕੋਲ ਅਠੱਤੀ ਬੋਰ ਦਾ ਰਿਵਾਲਵਰ ਤੇ ਬੁਲਿਟ ਮੋਟਰ ਸਾਈਕਲ ਸੀ। ਉਹ ਕਿਹਾ ਕਰਦਾ ਸੀ, “ਇਕ ਕਿੱਲਾ ਮੇਰੇ ਹੇਠਾਂ ਐ ਤੇ ਇੱਕ ਕਿੱਲਾ ਲੱਕ ਨਾਲ ਲਟਕਾਇਆ ਹੋਇਐ!” ਉਸ ਨੇ ਦੋ ਕਿੱਲੇ ਜ਼ਮੀਨ ਵੇਚ ਕੇ ਰਿਵਾਲਵਰ ਤੇ ਮੋਟਰ ਸਾਈਕਲ ਖਰੀਦੇ ਸਨ। ਜ਼ਮੀਨ ਬਾਰੇ ਉਹ ਕਿਹਾ ਕਰਦਾ ਸੀ ਕਿ ਇਨਕਲਾਬ ਆਉਣ ਪਿੱਛੋਂ ਸਭ ਦੀ ਸਾਂਝੀ ਹੋ ਜਾਣੀ ਐਂ!

ਮੈਂ ਘਰ ਪਹੁੰਚਾ ਤਾਂ ਅਮਰੀਕਾ ਤੋਂ ਮੇਰਾ ਭਰਾ ਭਜਨ ਵੀ ਪਿੰਡ ਆਇਆ ਹੋਇਆ ਸੀ। ਅਸੀਂ ਦੋ ਢਾਈ ਸਾਲਾਂ ਬਾਅਦ ਮਿਲ ਰਹੇ ਸਾਂ। ਬੈਠੇ ਬੈਠੇ ਖਾਣ ਪੀਣ ਲੱਗ ਪਏ। ਆਮ ਹਾਲਤਾਂ `ਚ ਮੈਂ ਅੱਧਾ ਕੁ ਘੰਟਾ ਘਰ ਬੈਠ ਕੇ ਮਹਿੰਦਰ ਸੈਕਟਰੀ ਵੱਲ ਚਲਾ ਜਾਂਦਾ ਸਾਂ। ਅਮਰੀਕਾ ਤੋਂ ਭਰਾ ਆਇਆ ਹੋਣ ਕਾਰਨ ਮੈਂ ਉਹਦੇ ਕੋਲ ਹੀ ਬੈਠਾ ਰਿਹਾ ਤੇ ਢੁੱਡੀਕੇ ਮੁੜਨਾ ਵੀ ਸਵੇਰ ਉਤੇ ਪਾ ਦਿੱਤਾ। ਅਜੇ ਦਿਨ ਛਿਪਿਆ ਈ ਸੀ ਕਿ ਏ.ਕੇ.ਸੰਤਾਲੀ ਦੇ ਕੰਨ ਪਾੜਵੇਂ ਫਾਇਰ ਗੂੰਜੇ। ਇਓਂ ਲੱਗਾ ਜਿਵੇਂ ਬਾਹਰ ਬੀਹੀ ਵਿੱਚ ਈ ਗੋਲੀਆਂ ਚੱਲੀਆਂ ਹੋਣ। ਦਬਾਦੱਬ ਕੁੰਡੇ ਜਿੰਦੇ ਲੱਗ ਗਏ। ਸਾਨੂੰ ਸ਼ੱਕ ਪਿਆ ਕਿ ਅਮਰੀਕਾ ਤੋਂ ਆਏ ਭਜਨ ਦੀ ਕਿਸੇ ਨੇ ਲੁੱਟ ਖੋਹ ਨਾ ਕਰਨੀ ਹੋਵੇ। ਸਾਰਾ ਪਿੰਡ ਡਰਦਾ ਮਾਰਾ ਜਾਗਦਾ ਹੋਇਆ ਹੀ ਛਾਪਲ ਗਿਆ ਸੀ। ਕਿਤੋਂ ਕੋਈ ਆਵਾਜ਼ ਨਹੀਂ ਸੀ ਆ ਰਹੀ। ਕੁੱਤੇ ਵੀ ਨਹੀਂ ਸਨ ਭੌਂਕ ਰਹੇ। ਭਜਨ ਵੀ ਭੈਭੀਤ ਸੀ ਕਿ ਉਹਦੇ ਆਉਣ ਸਾਰ ਹੀ ਇਹ ਕੀ ਹੋ ਗਿਆ ਸੀ? ਮੇਰੇ ਮਨ `ਚ ਉਹੀ ਪੁਰਾਣਾ ਚਿੱਠੀ ਵਾਲਾ ਡਰ ਜਾਗ ਪਿਆ ਸੀ। ਮਨਾਂ ਕੀ ਪਤਾ ਉਹ ਚਿੱਠੀ ਜਾਅ੍ਹਲੀ ਨਾ ਹੀ ਹੋਵੇ! ਕੀ ਪਤਾ ਉਹਦੇ `ਤੇ ਅਮਲ ਅੱਜ ਭਜਨ ਦੇ ਆਏ ਤੋਂ ਹੋਣਾ ਹੋਵੇ? ਸਾਰੇ ਪਰਿਵਾਰ ਨੂੰ ਜੁ ਸੋਧਣਾ ਸੀ। ਰਾਤ ਅਸੀਂ ਫਿਕਰਾਂ ਵਿੱਚ ਕੱਟੀ।

ਸਵੇਰੇ ਸਵੱਖਤੇ ਹੀ ਮਹਿੰਦਰ ਸੈਕਟਰੀ ਦਾ ਲੜਕਾ ਸਾਡੇ ਘਰ ਆਇਆ। ਉਸ ਨੇ ਡੁਸਕਦਿਆਂ ਦੱਸਿਆ ਕਿ ਅੱਤਵਾਦੀ ਉਹਦੇ ਪਿਤਾ ਨੂੰ ਮਾਰ ਗਏ ਹਨ। ਦਿਨ ਛਿਪੇ ਜਿਹੜੀਆਂ ਗੋਲੀਆਂ ਚੱਲੀਆਂ ਸੀ ਉਹ ਉਹਦੇ `ਤੇ ਈ ਚੱਲੀਆਂ ਸੀ। ਘਰ ਦੇ ਜੀਆਂ ਨੇ ਡਰ ਦੇ ਮਾਰਿਆਂ ਰਾਤ ਘਰੋਂ ਬਾਹਰ ਕੱਟੀ ਸੀ। ਉਹ ਉਹਦਾ ਰਿਵਾਲਵਰ ਲੈਣ ਆਏ ਸੀ ਜੋ ਉਹਨੇ ਦਿੱਤਾ ਨਹੀਂ ਸੀ ਤੇ ਜਾਨ ਬਚਾਉਣ ਭੱਜ ਪਿਆ ਸੀ। ਭੱਜੇ ਜਾਂਦੇ ਦੇ ਉਹ ਏ.ਕੇ.ਸੰਤਾਲੀ ਦਾ ਬ੍ਰੱਸਟ ਮਾਰ ਗਏ ਸਨ। ਲਾਸ਼ ਓਥੇ ਈ ਪਈ ਸੀ। ਉਸ ਨੇ ਪੁੱਛਿਆ, “ਦੱਸੋ ਹੁਣ ਕੀ ਕਰੀਏ?”

ਬੰਦੇ ਮਰਨ ਦੀਆਂ ਖ਼ਬਰਾਂ ਹਰ ਰੋਜ਼ ਹੀ ਪੜ੍ਹਦੇ ਸੁਣਦੇ ਹੋਣ ਕਾਰਨ ਇਹ ਖ਼ਬਰ ਕੋਈ ਅਸਚਰਜ ਤਾਂ ਨਹੀਂ ਸੀ ਪਰ ਮੇਰੇ ਲਈ ਇਸ ਦੇ ਕੁੱਝ ਹੋਰ ਅਰਥ ਵੀ ਸਨ। ਮੈਂ ਸੋਚਣ ਲੱਗਾ, “ਜੇ ਭਜਨ ਨਾ ਆਇਆ ਹੁੰਦਾ ਤਾਂ ਮੈਂ ਘਰ ਦਿਆਂ ਨੂੰ ਮਿਲ ਕੇ ਮਹਿੰਦਰ ਵੱਲ ਚਲੇ ਜਾਣਾ ਸੀ। ਉਸ ਨੇ ਕੁੱਝ ਖਾਣ ਪੀਣ ਨੂੰ ਮੰਗਾ ਲੈਣਾ ਸੀ। ਗੱਲਾਂ ਕਰਦਿਆਂ ਓਥੇ ਦਿਨ ਛਿਪ ਜਾਣਾ ਸੀ। ਉਹ ਜਿਹੜੇ ਉਹਨੂੰ ਮਾਰਨ ਆਏ ਸਨ ਉਨ੍ਹਾਂ ਨੇ ਮੈਨੂੰ ਕਿਹੜਾ ਬਖਸ਼ਣਾ ਸੀ? ਅੱਜ ਕੱਲ੍ਹ ਜ਼ਿੰਦਗੀ ਦਾ ਵਿਸਾਹ ਈ ਕੀ ਐ? ਆਹ ਵੇਖ ਲਓ, ਮਹਿੰਦਰ ਕੱਲ੍ਹ ਚੰਗਾ ਭਲਾ ਸੀ, ਅੱਜ ਖ਼ਤਮ ਐਂ। ਇਹੋ ਕੁੱਝ ਮੇਰੇ ਨਾਲ ਹੋਣਾ ਸੀ।” ਮੈਂ ਹੈਰਾਨ ਸਾਂ ਕਿ ਇੱਕ ਵਾਰ ਫਿਰ ਮੌਤ ਦੇ ਅੜਿੱਕੇ ਆਉਣੋਂ ਬਚ ਗਿਆ ਸਾਂ!

ਮੈਂ ਮੁੰਡੇ ਨੂੰ ਦਿਲਾਸਾ ਦਿੱਤਾ ਤੇ ਸਕੂਟਰ ਉਤੇ ਬਿਠਾ ਕੇ ਮਹਿੰਦਰ ਸੈਕਟਰੀ ਦੇ ਘਰ ਵੱਲ ਚੱਲ ਪਿਆ। ਉਹਨਾਂ ਦਾ ਘਰ ਦੂਜੇ ਅਗਵਾੜ ਵਿੱਚ ਸੀ। ਪਿੰਡ ਦਾ ਕੋਈ ਬੰਦਾ ਅਜੇ ਬਾਹਰ ਨਹੀਂ ਸੀ ਨਿਕਲਿਆ। ਬਹੁਤਿਆਂ ਦੇ ਬੂਹੇ ਭੇੜੇ ਹੋਏ ਸਨ। ਉਂਜ ਅੰਦਰੋ ਅੰਦਰੀ ਖ਼ਬਰ ਹੋ ਗਈ ਸੀ ਕਿ ਕਾਮਰੇਡ ਮਹਿੰਦਰ ਸੈਕਟਰੀ ਮਾਰਿਆ ਗਿਆ ਹੈ। ਸਿਆਲੂ ਰਾਤ `ਚ ਠੰਢ ਨਾਲ ਆਕੜੀ ਹੋਈ ਉਹਦੀ ਲਾਸ਼ ਘਰ ਦੀ ਬਾਹਰਲੀ ਕੰਧ ਕੋਲ ਡਿੱਗੀ ਪਈ ਸੀ। ਉਹ ਕੰਧ ਟੱਪਣ ਲੱਗਾ ਗੋਲੀਆਂ ਖਾ ਕੇ ਡਿੱਗਾ ਸੀ। ਜਿਥੇ ਗੋਲੀਆਂ ਵੱਜੀਆਂ ਸਨ ਉਥੇ ਖੂਨ ਜੰਮਿਆ ਹੋਇਆ ਸੀ। ਉਹ ਟੇਢਾ ਹੋਇਆ ਪਿਆ ਸੀ ਤੇ ਬੱਗੀਆਂ ਅੱਖਾਂ ਖੁੱਲ੍ਹੀਆਂ ਸਨ। ਉਹਦੇ ਬੂਟ ਜ਼ੁਰਾਬਾਂ ਤੇ ਕੋਟ ਪੈਂਟ ਪਾਏ ਹੋਏ ਸਨ। ਸਿਰ `ਤੇ ਅੱਧ-ਢੱਠੀ ਪੱਗ ਸੀ। ਸਿਆਲ ਹੋਣ ਕਾਰਨ ਗਰਮ ਕਪੜੇ ਉਵੇਂ ਹੀ ਪਹਿਨੇ ਹੋਏ ਸਨ ਜਿਵੇਂ ਕੱਲ੍ਹ ਸ਼ਾਮ ਪਾ ਕੇ ਪਿੰਡ ਦੀਆਂ ਪੈੜਾਂ `ਤੇ ਗਿਆ ਸੀ। ਉਦੋਂ ਕੀ ਪਤਾ ਸੀ ਕਿ ਦਿਨ ਛਿਪਦੇ ਨੂੰ ਇਹ ਭਾਣਾ ਵਰਤ ਜਾਣੈ? ਅੱਤਵਾਦੀਆਂ ਦੀ ਏਨੀ ਦਹਿਸ਼ਤ ਸੀ ਕਿ ਅਜੇ ਤਕ ਆਂਢੀਆਂ ਗੁਆਂਢੀਆਂ ਨੇ ਵੀ ਮਹਿੰਦਰ ਦੇ ਘਰ ਜਾਣ ਦਾ ਹੀਆ ਨਹੀਂ ਸੀ ਕੀਤਾ। ਆਪਣੇ ਹੀ ਪਿੰਡ ਤੇ ਆਪਣੇ ਹੀ ਘਰ ਦੀ ਕੰਧ ਕੋਲ, ਲੋਕਾਂ ਦੇ ਕੰਮ ਆਉਣ ਵਾਲੇ ਇਸ ਇਨਸਾਨ ਦਾ ਇਹ ਕੈਸਾ ਮਰਨ ਸੀ! ਬਹਾਦਰ ਸਦਾਉਣ ਵਾਲੇ ਲੋਕ ਕਿੰਨੇ ਡਰਪੋਕ ਹੋ ਗਏ ਸਨ?

ਮੈਂ ਅਗਵਾੜ ਦੇ ਪੰਚ ਦਲਜੀਤ ਸਿੰਘ ਕੋਲ ਗਿਆ ਕਿ ਚਲੋ ਪੁਲਿਸ ਦੀ ਚੌਕੀ ਚੱਲ ਕੇ ਇਤਲਾਹ ਦੇਈਏ। ਨੰਬਰਦਾਰ ਮੇਜਰ ਸਿੰਘ ਕਿੰਗਰੇ ਨੂੰ ਵੀ ਨਾਲ ਲੈ ਲਿਆ ਤੇ ਬਾਹਰ ਖੇਤਾਂ `ਚ ਰਹਿੰਦੇ ਸਰਪੰਚ ਸੁਰਜੀਤ ਸਿੰਘ ਨੂੰ ਵੀ ਉਠਾਲ ਲਿਆ। ਹਠੂਰ ਚੌਕੀ ਵਿੱਚ ਇਤਲਾਹ ਦਿੱਤੀ ਤਾਂ ਉਨ੍ਹਾਂ ਨੇ ਤੁਰਦਿਆਂ ਕਰਦਿਆਂ ਘੰਟਾ ਲਾ ਦਿੱਤਾ। ਪੁਲਿਸ ਪਿੰਡ ਆਈ ਤਾਂ ਕਾਫੀ ਲੋਕ `ਕੱਠੇ ਹੋ ਗਏ ਸਨ। ਮਹਿੰਦਰ ਦੇ ਮੁੰਡੇ ਨੇ ਦੱਸਿਆ ਕਿ ਜਦੋਂ ਉਸ ਦਾ ਪਾਪਾ ਪੈੜਾਂ ਤੋਂ ਘਰ ਆਇਆ ਸੀ ਤਾਂ ਮਗਰੇ ਈ ਦੋ ਅੱਤਵਾਦੀ ਆ ਗਏ ਸਨ। ਵਰਾਂਡੇ `ਚ ਖੜ੍ਹ ਕੇ ਉਨ੍ਹਾਂ ਨੇ ਪਾਪੇ ਤੋਂ ਪਿਸਤੌਲ ਮੰਗਿਆ ਸੀ। ਉਹਨੇ ਕਹਿ-`ਤਾ ਮੈਂ ਠਾਣੇ ਜਮ੍ਹਾਂ ਕਰਾ ਆਇਆਂ। ਜਦੋਂ ਉਹ ਆਪਣੇ ਹਥਿਆਰ ਕੱਢਣ ਲੱਗੇ ਤਾਂ ਮੈਂ ਪੁੱਛਿਆ, ਇਹ ਕੀ ਕਰਦੇ ਓਂ? ਏਨੇ `ਚ ਪਾਪਾ ਬਾਹਰਲੇ ਘਰ ਨੂੰ ਭੱਜਿਆ ਬਈ ਕੰਧ ਟੱਪ-ਜੂੰ। ਉਹ ਮਗਰ ਭੱਜ-ਲੇ ਤੇ ਬ੍ਰੱਸਟ ਮਾਰ ਕੇ ਕੰਧ ਟੱਪਣ ਲੱਗੇ ਨੂੰ ਸਿੱਟ ਲਿਆ। ਅਸੀਂ ਘਰ ਦੇ ਜੀਅ ਪਿਛਲੇ ਬਾਰ ਨਿਕਲ ਗਏ ਤੇ ਸਾਡਾ ਬਚਾਅ ਹੋ ਗਿਆ।

ਪੁਲਿਸ ਨੇ ਮਾੜੀ ਮੋਟੀ ਲਿਖਾ ਪੜ੍ਹੀ ਕੀਤੀ ਤੇ ਲਾਸ਼ ਪੋਸਟ ਮਾਰਟਮ ਲਈ ਜਗਰਾਓਂ ਭੇਜ ਦਿੱਤੀ। ਜਿੱਦਣ ਭੋਗ ਪਿਆ ਤਾਂ ਮੇਰੇ ਸਣੇ ਚਾਰ ਪੰਜ ਜਣਿਆਂ ਨੇ ਬਣਦੀ ਸਰਦੀ ਸ਼ਰਧਾਂਜਲੀ ਦਿੱਤੀ। ਸ਼ਰਧਾਂਜਲੀ ਸਮਾਗਮ ਉਤੇ ਲੋਕ ਡਰ ਦੇ ਮਾਰੇ ਲੁਕ ਛਿਪ ਕੇ ਪੁੱਜੇ ਸਨ ਪਰ ਕੋਈ ਵੱਡਾ ਲੀਡਰ ਨਹੀਂ ਸੀ ਪੁੱਜਾ। ਮਗਰੋਂ ਸੀ.ਆਈ.ਡੀ.ਨੇ ਭੇਤ ਖੋਲ੍ਹਿਆ ਕਿ ਸਾਧਾਰਨ ਪੱਧਰ ਦੇ ਕਾਮਰੇਡ ਮਹਿੰਦਰ ਸੈਕਟਰੀ ਨੂੰ ਮਾਰਨ ਦਾ ਤਾਂ ਮਕਸਦ ਹੀ ਹੋਰ ਸੀ। ਰਿਵਾਲਵਰ ਲੈਣ ਦਾ ਤਾਂ ਬਹਾਨਾ ਬਣਾਇਆ ਗਿਆ ਸੀ। ਅੱਤਵਾਦੀਆਂ ਨੇ ਮਾਰਕਸੀ ਪਾਰਟੀ ਦੇ ਉਸ ਵਰਕਰ ਨੂੰ ਇਸ ਲਈ ਮਾਰਿਆ ਸੀ ਕਿ ਉਸ ਦੇ ਭੋਗ ਸਮਾਗਮ `ਤੇ ਸ਼ਰਧਾਂਜਲੀਆਂ ਦੇਣ ਲਈ ਵੱਡੇ ਲੀਡਰ ਆਉਣਗੇ ਤੇ ਉਹ ਉਨ੍ਹਾਂ ਦਾ ਸ਼ਿਕਾਰ ਕਰ ਕੇ ਵੱਡੀਆਂ ਸੁਰਖ਼ੀਆਂ ਲੁਆਉਣਗੇ!

ਉਹਨੀਂ ਦਿਨੀਂ ਪੰਜਾਬ ਦਾ ਸ਼ਾਇਦ ਹੀ ਕੋਈ ਘਰ ਹੋਵੇ ਜੀਹਦਾ ਕੋਈ ਰਿਸ਼ਤੇਦਾਰ ਜਾਂ ਨੇੜ ਤੇੜ ਦਾ ਸੱਜਣ ਮਿੱਤਰ ਅਣਿਆਈ ਮੌਤੇ ਨਾ ਮਾਰਿਆ ਗਿਆ ਹੋਵੇ। ਮੇਰੇ ਸਾਂਢੂ ਦਾ ਪ੍ਰੀ ਮੈਡੀਕਲ `ਚ ਪੜ੍ਹਦਾ ਮੁੰਡਾ ਪੁਲਿਸ ਨੇ ਘਰੋਂ ਭਜਾ ਦਿੱਤਾ ਸੀ। ਉਸ ਨੂੰ ਅਸੀਂ ਲੱਭ ਕੇ ਲਿਆਉਂਦੇ ਤੇ ਪੜ੍ਹਨ ਲਾਉਂਦੇ ਤਾਂ ਪੁਲਿਸ ਫਿਰ ਕਿਸੇ ਵਾਰਦਾਤ `ਚ ਫਸਾਉਣ ਦੇ ਬਹਾਨੇ ਬੰਨ੍ਹ ਲੈਂਦੀ ਤੇ ਪੈਸੇ ਖਾਂਦੀ ਰਹਿੰਦੀ। ਸਾਂਢੂ ਬੈਂਕ ਮੈਨੇਜਰ ਸੀ। ਉਹ ਸਮਝਦਾ ਸੀ, ਮੁੰਡਾ ਬਚ ਜਾਏ, ਪੈਸਿਆਂ ਦਾ ਕੀ ਐ? ਪਰ ਅਸੀਂ ਹਰ ਹੀਲਾ ਵਰਤ ਕੇ ਵੀ ਉਸ ਹੋਣਹਾਰ ਮੁੰਡੇ ਨੂੰ ਬਚਾ ਨਾ ਸਕੇ ਤੇ ਉਸ ਨੂੰ ਇੱਕ ਦਿਨ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ। ਉਸ ਦਾ ਨਾਂ ਪਵਨਦੀਪ ਸਿੰਘ ਸੀ ਜਿਸ ਦਾ ਡੈੱਥ ਸਰਟੀਫਿਕੇਟ ਵੀ ਅਜੇ ਤਕ ਨਹੀਂ ਮਿਲਿਆ। ਉਸ ਦਾ ਕਤਲ ਕਿਸੇ ਨਾਮੀ ਖਾੜਕੂ ਦਾ ਕਹਿ ਕੇ ਇਨਾਮੀ ਖਾੜਕੂ ਦੇ ਸਿਰ ਦਾ ਇਨਾਮ ਵਸੂਲ ਲਿਆ ਗਿਐ! ਪਤਾ ਨਹੀਂ ਹੋਰ ਕਿੰਨਿਆਂ ਦੇ ਇਨਾਮ ਇਸ ਤਰ੍ਹਾਂ ਮਾਠੇ ਗਏ ਹੋਣਗੇ ਤੇ ਪੁਲਿਸ ਅਫਸਰਾਂ ਨੇ ਤਰੱਕੀਆਂ ਲਈਆਂ ਹੋਣਗੀਆਂ?

ਮੇਰੇ ਛੋਟੇ ਭਰਾ ਦਾ ਛੋਟਾ ਸਾਲਾ ਕਬੱਡੀ ਦਾ ਖਿਡਾਰੀ ਸੀ। ਉਸ ਦਾ ਪਿਤਾ ਪਿੰਡ ਦਾ ਸਰਪੰਚ ਸੀ ਤੇ ਬੀਬੀ ਭੱਠਲ ਦਾ ਸਮੱਰਥਕ ਸੀ। ਪਹਿਲਾਂ ‘ਬਾਬੇ’ ਸਰਪੰਚ ਨੂੰ ਪਏ ਪਰ ਕਿਸੇ ਕਾਰਨ ਛੱਡ ਗਏ। ਫਿਰ ਉਸ ਦੇ ਨੌਜੁਆਨ ਪੁੱਤਰ ਨੂੰ ਚੁੱਕ ਲਿਆ। ਕਈ ਦਿਨ ਆਪਣੇ ਨਾਲ ਲਈ ਫਿਰੇ। ਇੱਕ ਰਾਤ ਕਹਿੰਦੇ, ਚੱਲ ਤੈਨੂੰ ਘਰ ਛੱਡ ਆਈਏ। ਘਰ ਕੋਲ ਲਿਆ ਕੇ ਗੋਲੀ ਮਾਰ ਦਿੱਤੀ ਤਾਂ ਜੋ ਘਰ ਦਿਆਂ ਨੂੰ ਤੁਰਤ ਪਤਾ ਲੱਗ ਜਾਵੇ ਤੇ ਉਹ ਆਪਣੇ ਖਿਡਾਰੀ ਪੁੱਤਰ ਦਾ ਮੂੰਹ ਵੇਖ ਲੈਣ! ਨਾਲ ਪਿੰਡ `ਚ ਦਹਿਸ਼ਤ ਪਾ ਦਿੱਤੀ ਕਿ ‘ਬਾਬੇ’ ਇਹ ਕੁਛ ਵੀ ਕਰ ਸਕਦੇ ਨੇ! ! ਇਹ ਵੱਖਰੀ ਗੱਲ ਹੈ ਕਿ ਉਹ ਕਾਤਲ ਵੀ ਫਿਰ ਗਿਣਤੀ ਦੇ ਦਿਨ ਹੀ ਜੀਅ ਸਕੇ।

ਇਕ ਦਿਨ ਅੱਤਵਾਦੀ ਢੁੱਡੀਕੇ ਦੇ ਸਕੂਲ ਵਿੱਚ ਆ ਗਏ। ਉਹ ਇੱਕ ਘੋਨੇ ਮਾਸਟਰ ਨੂੰ ਲੱਭ ਰਹੇ ਸਨ ਜਿਸ ਨੂੰ ਉਸ ਦੇ ਸਾਥੀਆਂ ਨੇ ਟਾਇਲਟਾਂ ਵਿੱਚ ਲੁਕੋ ਕੇ ਬਚਾ ਲਿਆ ਸੀ। ਦੌਧਰ ਦੇ ਸਕੂਲ ਵਿੱਚ ਇੱਕ ਘੋਨਾ ਮਾਸਟਰ ਬੱਚਿਆਂ ਦੀ ਹਾਜ਼ਰੀ ਲਾਉਂਦਾ ਮਾਰਿਆ ਗਿਆ ਸੀ। ਸਾਡੇ ਕਾਲਜ ਵਿੱਚ ਕੋਈ ਅਨੋਭੜ ਬੰਦਾ ਆਉਂਦਾ ਤਾਂ ਅਸੀਂ ਆਸੇ ਪਾਸੇ ਹੋ ਜਾਣ `ਚ ਬਚਾਅ ਸਮਝਦੇ। ਇੱਕ ਦਿਨ ਪੁਲਿਸ ਪੁੱਛਣ ਆਈ ਕਿ ਤੁਹਾਡੇ ਕਾਲਜ ਵਿੱਚ ਜਰਨੈਲ ਸਿੰਘ ਨਾਂ ਦੇ ਜਿੰਨੇ ਵਿਦਿਆਰਥੀ ਪੜ੍ਹਦੇ ਹਨ? ਉਨ੍ਹਾਂ ਦੇ ਨਾਂ ਪਤੇ ਲਿਖ ਕੇ ਦੇਵੋ, ਸਾਥੋਂ ਉਤਲਿਆਂ ਨੇ ਮੰਗੇ ਹਨ। ਉਨ੍ਹਾਂ ਲਈ ਹਰੇਕ ਜਰਨੈਲ ਸਿੰਘ ਹੀ ਅੱਤਵਾਦੀ ਸੀ!

ਇਕ ਦਿਨ ਮੈਂ ਮਹਿਣੇ ਠਾਣੇ ਮੂਹਰ ਦੀ ਲੰਘਿਆ ਤਾਂ ਉਥੇ ਸੌ ਤੋਂ ਵੱਧ ਇੰਟਰਨੈਸ਼ਨਲ ਟ੍ਰੈਕਟਰ ਖੜ੍ਹੇ ਵੇਖੇ। ਪਤਾ ਲੱਗਾ ਕਿ ਕਿਸੇ ਵਾਰਦਾਤ `ਚ ਇੰਟਰਨੈਸ਼ਨਲ ਟ੍ਰੈਕਟਰ ਵਰਤਿਆ ਗਿਆ ਸੀ ਇਸ ਲਈ ਇਲਾਕੇ ਦੇ ਸਾਰੇ ਇੰਟਰਨੈਸ਼ਨਲ ਟ੍ਰੈਕਟਰ ਫੜ ਲਏ ਗਏ ਹਨ। ਪੁਲਿਸ ਕੋਲ ਚੋਰੀ ਦਾ ਫੜਿਆ ਇੱਕ ਰੋਡਾ ਜਿਹਾ ਸਕੂਟਰ ਸੀ। ਉਹ ਸ਼ਾਮ ਨੂੰ ਕਿਸੇ ਬੰਦੇ ਕੋਲ ਕਿਸੇ ਪਿੰਡ `ਚ ਭੇਜ ਦਿੰਦੇ। ਬੰਦਾ ਸਕੂਟਰ ਵਿਗੜ ਗਿਆ ਕਹਿ ਕੇ ਕਿਸੇ ਦੇ ਘਰ ਖੜ੍ਹਾ ਕਰ ਆਉਂਦਾ ਬਈ ਸਵੇਰੇ ਮਕੈਨਿਕ ਲਿਆ ਕੇ ਲੈ ਜਾਵਾਂਗਾ। ਸਵੇਰੇ ਮਕੈਨਿਕ ਦੀ ਥਾਂ ਪੁਲਿਸ ਆਉਂਦੀ ਤੇ ਸਕੂਟਰ ਕਿਸੇ ਅੱਤਵਾਦੀ ਦਾ ਦੱਸ ਕੇ ਘਰ ਦੇ ਨੌਜੁਆਨ ਮੁੰਡੇ ਨੂੰ ਫੜ ਕੇ ਲੈ ਜਾਂਦੀ। ਮੁਖ਼ਬਰ ਰਾਹੀਂ ਸੁਨੇਹਾ ਆਉਂਦਾ ਕਿ ਮੁੰਡਾ ਥੋਡਾ ਅੱਤਵਾਦੀਆਂ ਨਾਲ ਰਲਿਆ ਹੋਇਐ ਤੇ ਕਤਲ ਵੀ ਮੰਨੀ ਬੈਠੈ। ਘਰ ਦੇ ਕਿੱਲਾ ਖੰਡ ਗਹਿਣੇ ਧਰ ਕੇ ਮੁੰਡੇ ਨੂੰ ਬਚਾਉਂਦੇ। ਅਗਲੀ ਰਾਤ ਉਹ ਰੋਡਾ ਜਿਹਾ ਸਕੂਟਰ ਕਿਸੇ ਹੋਰ ਦਾ ਘਰ ਜਾ ਪੁੱਟਦਾ। ਠਾਣੇ ਲਈ ਉਹ ਚੋਰੀ ਦਾ ਸਕੂਟਰ ਕਾਮਧੇਨ ਗਊ ਸੀ!

ਪੰਜਾਬ ਵਿੱਚ ਕਈ ਸਾਲ ਮੌਤ ਦਾ ਪਹਿਰਾ ਰਿਹਾ ਜੋ ਪੰਜਾਬ ਨੂੰ ਪੰਜਾਹ ਸਾਲ ਪਿੱਛੇ ਸੁੱਟ ਗਿਆ।

ਅੱਜ ਇਹ ਗੱਲਾਂ ਅਜੀਬ ਲੱਗਦੀਆਂ ਹਨ। ਪਰ ਜਦੋਂ ਬਦਅਮਨੀ ਫੈਲ ਜਾਵੇ ਤਾਂ ਕੁੱਝ ਵੀ ਅਜੀਬ ਨਹੀਂ ਲੱਗਦਾ। ਤਦੇ ਤਾਂ ਸਿਆਣੇ ਕਹਿੰਦੇ ਹਨ ਕਿ ਅੱਗ ਲੱਗਣ ਸਾਰ ਬੁਝਾ ਲਈ ਜਾਵੇ ਤਾਂ ਬੁਝ ਜਾਂਦੀ ਹੈ। ਜੇ ਭਾਂਬੜ ਬਣ ਜਾਵੇ ਤਾਂ ਬੁਝਾਉਣ ਵਾਲਿਆਂ ਨੂੰ ਵੀ ਲੈ ਬਹਿੰਦੀ ਹੈ।

Additional Info

  • Writings Type:: A single wirting
Read 3402 times
ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਦੋ ਦਰਜਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ `ਚ ਡੇਢ ਦਰਜਨ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹੈ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ। ਉਸ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ `ਚ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ। ਉਹ 1965-66 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹਾ ਹੈ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੋ ਗਈ ਹੈ। ਉਸ ਦੇ ਦੋ ਪੁੱਤਰ ਹਨ। ਇਕ ਕੈਨੇਡਾ ਵਿਚ ਹੈ ਤੇ ਇਕ ਪੰਜਾਬ ਵਿਚ। ਉਹ ਆਪਣੀ ਪਤਨੀ ਹਰਜੀਤ ਕੌਰ ਨਾਲ ਗਰਮੀਆਂ ਕੈਨੇਡਾ ਵਿਚ ਕੱਟਦਾ ਹੈ ਤੇ ਸਿਆਲ ਦਾ ਨਿੱਘ ਪੰਜਾਬ ਵਿਚ ਮਾਣਦਾ ਹੈ।