ਲੇਖ਼ਕ

Tuesday, 13 October 2009 19:30

28 - ਢੁੱਡੀਕੇ ਦੀਆਂ ਯਾਦਾਂ

Written by
Rate this item
(0 votes)

ਨਿੱਕਾ ਹੁੰਦਾ ਮੈਂ ਢੱਡ ਖੜਕਦੀ ਸੁਣਦਾ ਤਾਂ ਉਹ `ਚੂਹੜਚੱਕ-ਢੁੱਡੀਕੇ, ਚੂਹੜਚੱਕ-ਢੁੱਡੀਕੇ’ ਕਰਦੀ ਲੱਗਦੀ। ਚੂਹੜਚੱਕ ਤੇ ਢੁੱਡੀਕੇ ਦਾ ਨਾਂ ਇੱਟ ਖੜਿੱਕੇ ਵਾਂਗ ਖੜਕਦਾ। ਅਸੀਂ ਮਾਲ ਡੰਗਰ ਚਾਰਦੇ ਮੁੰਡੇ ਆਪਣੀਆਂ ਖੱਬੀਆਂ ਮੁੱਠਾਂ ਮੀਚ ਕੇ, ਉਹਨਾਂ ਉਤੇ ਸੱਜੇ ਹੱਥ ਦੀਆਂ ਉਂਗਲਾਂ ਮਾਰ ਕੇ ਸੋਹਣ ਸਿੰਘ ਸੀਤਲ ਦੇ ਢਾਡੀ ਜਥੇ ਦੀਆਂ ਰੀਸਾਂ ਕਰਦੇ। ਪਰ ਮੂੰਹੋਂ ਸੀਤਲ ਦੇ ਪ੍ਰਸੰਗ ਦੀ ਥਾਂ `ਚੂਹੜਚੱਕ-ਢੁੱਡੀਕੇ’ ਹੀ ਕਹਿੰਦੇ। ਸੀਤਲ ਦਾ ਜਥਾ ਇੱਕ ਵਾਰ ਸਾਡੇ ਪਿੰਡ ਆਇਆ ਸੀ ਤੇ ਅਸੀਂ ਉਸ ਦੀ ਰੀਸ ਨਾਲ ਆਪਣੀਆਂ ਮੁੱਠਾਂ ਦੀਆਂ ਢੱਡਾਂ ਵਜਾਉਣ ਲੱਗ ਪਏ ਸਾਂ।

ਉਦੋਂ ਕੀ ਪਤਾ ਸੀ ਕਿ ਮੈਂ ਆਪਣੀ ਵਧੇਰੇ ਉਮਰ ਢੁੱਡੀਕੇ ਕੱਟਾਂਗਾ। ਜੋ ਕੁੱਝ ਮੈਂ ਢੁੱਡੀਕੇ ਦੇ ਵਿਦਿਆਰਥੀਆਂ ਨੂੰ ਸਕਿਆ, ਢੁੱਡੀਕੇ ਨੇ ਉਸ ਤੋਂ ਕਿਤੇ ਵੱਧ ਮੋੜ ਕੇ ਮੈਨੂੰ ਮਾਲਾਮਾਲ ਕੀਤਾ। ਮੇਰੇ ਕੋਲ ਢੁੱਡੀਕੇ ਦੀਆਂ ਯਾਦਾਂ ਦਾ ਅਮੁੱਕ ਖਜ਼ਾਨਾ ਹੈ। ਢੁੱਡੀਕੇ ਦੇ ਵੈੱਲੀਆਂ, ਅਮਲੀਆਂ, ਛੜਿਆਂ, ਬੁੜ੍ਹਿਆਂ ਤੇ ਬਹੁਭਾਂਤੇ ਕਾਮਰੇਡਾਂ ਦੇ ਕਿੱਸੇ ਮੁੱਕਣ ਵਾਲੇ ਨਹੀਂ। ਇਥੇ ਮੈਂ ਕੁੱਝ ਇੱਕ ਯਾਦਾਂ ਹੀ ਸਾਂਝੀਆਂ ਕਰਾਂਗਾ। ਕਦੇ ਢੁੱਡੀਕੇ ਵੈੱਲੀਆਂ-ਬਦਮਾਸ਼ਾਂ ਤੇ ਵਿਹਲੜਾਂ ਦਾ ਪਿੰਡ ਵੱਜਦਾ ਸੀ। ਵੇਲੇ ਕੁਵੇਲੇ ਗੋਲੀਆਂ ਚੱਲ ਜਾਂਦੀਆਂ। ਉਦੋਂ ਨਾ ਕੋਈ ਸੜਕ ਲੱਗਦੀ ਸੀ ਤੇ ਨਾ ਚੌਥੀ ਤੋਂ `ਗਾਂਹ ਸਕੂਲ ਸੀ। ਢੁੱਡੀਕੇ ਰਿਸ਼ਤਾ ਕਰਨ ਵਾਲੇ ਕਈ ਵਾਰ ਸੋਚਦੇ ਕਿ ਮੁੰਡਾ ਵੈੱਲੀਆਂ ਨਾਲ ਨਾ ਬਹਿੰਦਾ ਉਠਦਾ ਹੋਵੇ? ਹਾਲਾਂ ਕਿ ਇਹ ਪਿੰਡ ਗਦਰ ਪਾਰਟੀ ਦਾ ਸਬ ਸੈਂਟਰ ਸੀ ਅਤੇ ਗਦਰੀ ਬਾਬਿਆਂ ਤੇ ਦੇਸ਼ਭਗਤਾਂ ਦਾ ਜਨਮਦਾਤਾ ਸੀ। ਪਰ ਪੁੱਠੇ ਕੰਮਾਂ `ਚ ਪਏ ਬੰਦਿਆਂ ਨੇ ਇਹਦੀ ਮਸ਼ਹੂਰੀ ਕੁੱਝ ਹੋਰ ਤਰ੍ਹਾਂ ਦੀ ਕਰ ਦਿੱਤੀ ਸੀ।

ਕੰਵਲ ਦੇ ਨਾਵਲ ‘ਪੂਰਨਮਾਸ਼ੀ’ ਵਿਚਲਾ ਨਵਾਂ ਪਿੰਡ ਅਸਲ ਵਿੱਚ ਢੁੱਡੀਕੇ ਹੀ ਹੈ। ਉਹਦੇ ਪਾਤਰ ਦਿਆਲਾ, ਜਗੀਰ ਤੇ ਰੂਪ ਹੋਰੀਂ ਢੁੱਡੀਕੇ ਦੇ ਹੀ ਹੱਡ ਮਾਸ ਦੇ ਬੰਦੇ ਸਨ। ਰੂਪ ਕੌਲੂ ਪੱਤੀ ਵਾਲੇ ਗੁਲਜ਼ਾਰੇ ਦਾ ਦੂਜਾ ਰੂਪ ਸੀ। ਢੁੱਡੀਕੇ ਦੀਆਂ ਨਿਆਂਈਆਂ, ਪਥਕਣਾਂ, ਵਗਦੇ ਖੂਹ ਤੇ ਆਲੇ ਦੁਆਲੇ ਦੇ ਪਿੰਡਾਂ ਦਾ ਕੰਵਲ ਨੇ ਖ਼ੂਬ ਨਕਸ਼ਾ ਖਿੱਚਿਆ ਹੈ। ਨਿਆਈਂ `ਚ ਵਗਦਾ ਖੂਹ ਹੁਣ ਸੁੱਕਾ ਪਿਆ ਹੈ ਤੇ ਉਹਦੇ ਨਾਲ ਹੀ ਕੰਵਲ ਦਾ ਘਰ ਹੈ। ਮੱਦੋਕੇ ਦਾ ਗੁਰਦਵਾਰਾ ਅਤੇ ਕਪੂਰੇ ਤੇ ਕਿਲੀ ਚਾਹਲਾਂ ਦੇ ਮੇਲੇ ਵਿਖਾਏ ਹਨ। ਤਖਾਣਵੱਧ ਤੇ ਬੁੱਟਰ ਵਿੱਚ ਉਸ ਦੇ ਪਾਤਰ ਤੁਰੇ ਫਿਰਦੇ ਰਹੇ ਹਨ। ਉਸ ਸੂਏ ਉਤੋਂ ਦੀ ਮੈਂ ਸੈਂਕੜੇ ਵਾਰ ਲੰਘਿਆ ਹਾਂ ਜਿਥੋਂ ਕੰਵਲ ਦਾ ਨਾਇਕ ਲੰਘਿਆ ਸੀ। ਕੰਵਲ ਦੀ ਚੜ੍ਹਾਈ ਮਾਲਵੇ ਦੇ ਪੇਂਡੂ ਕਿਸਾਨੀ ਜੀਵਨ ਨੂੰ ਚਿਤਰਨ ਨਾਲ ਹੋਈ ਸੀ। ਕਈ ਨਵੇਂ ਲੇਖਕ ਇਸ ਲਈ ਵੀ ਢੁੱਡੀਕੇ ਗੇੜਾ ਮਾਰਦੇ ਰਹੇ ਕਿ ਵੇਖੀਏ ਉਹ ਕਿਹੋ ਜਿਹੀ ਧਰਤੀ ਹੈ ਜਿਥੇ ਕੰਵਲ ਦੇ ਪਾਤਰ ਵਿਚਰਦੇ ਰਹੇ।

ਜਦੋਂ ਅਮਰਦੀਪ ਮੈਮੋਰੀਅਲ ਕਾਲਜ ਮੁਕੰਦਪੁਰ ਦਾ ਪ੍ਰਿੰਸੀਪਲ ਰੱਖਣ ਲਈ ਮੇਰੀ ਇੰਟਰਵਿਊ ਹੋਈ ਤਾਂ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਡਾ.ਜੌਹਲ ਨੇ ਕੁੱਝ ਗ਼ੈਰ ਰਸਮੀ ਗੱਲਾਂ ਵੀ ਪੁੱਛੀਆਂ। ਪੁੱਛਿਆ ਕਿ ਪੜ੍ਹਾਈ ਲਿਖਾਈ ਤੋਂ ਬਿਨਾਂ ਕੋਈ ਹੋਰ ਯੋਗਤਾ ਹੋਵੇ ਤਾਂ ਉਹ ਵੀ ਦੱਸੋ। ਮੈਂ ਕਿਹਾ, “ਜੌਹਲ ਸਾਹਿਬ, ਸਰਟੀਫਿਕੇਟ ਤਾਂ ਤੁਸੀਂ ਵੇਖ ਈ ਲਏ ਨੇ। ਮੇਰੇ ਕੋਲ ਇੱਕ ਖ਼ਾਸ ਡਿਗਰੀ ਵੀ ਹੈ।” ਉਨ੍ਹਾਂ ਨੇ ਪੁੱਛਿਆ, “ਉਹ ਕਿਹੜੀ?” ਮੈਂ ਕਿਹਾ, “ਮੈਂ ਢੁੱਡੀਕੇ ਪਾਸ ਹਾਂ!”

ਜੌਹਲ ਸਾਹਿਬ ਸਮਝ ਗਏ ਕਿ ਜਿਹੜਾ ਬੰਦਾ ਢੁੱਡੀਕੇ `ਚ ਲੰਮਾ ਸਮਾਂ ਰਹਿ ਆਇਐ ਤੇ ਸੁੱਖ ਸਾਂਦ ਨਾਲ ਰਹਿ ਆਇਐ ਉਹ ਮੁਕੰਦਪੁਰ ਵੀ ਰਹਿ ਸਕੇਗਾ। ਅਸਲ ਵਿੱਚ ਉਹ ਕਿਸੇ ਅਜਿਹੇ ਪ੍ਰਿੰਸੀਪਲ ਦੀ ਹੀ ਤਲਾਸ਼ ਵਿੱਚ ਸਨ ਜੋ ਪੇਂਡੂ ਕਾਲਜ ਚਲਾ ਸਕੇ। ਬਾਕੀ ਗੱਲਾਂ ਉਨ੍ਹਾਂ ਨੇ ਕੰਵਲ ਤੋਂ ਪੁੱਛ ਲਈਆਂ ਸਨ। ਜੇ ਮੇਰੇ ਕੋਲ ਪਿੰਡ ਦੇ ਕਾਲਜ ਦਾ ਤਜਰਬਾ ਨਾ ਹੁੰਦਾ ਤਾਂ ਮੈਂ ਮੁਕੰਦਪੁਰ ਕਾਲਜ ਦੇ ਸਟਾਫ ਨੂੰ ਨਾਲ ਲੈ ਕੇ ਵਿਦਿਆਰਥੀਆਂ ਦੀ ਗਿਣਤੀ ਤਿੰਨ ਸੌ ਤੋਂ ਗਿਆਰਾਂ ਸੌ ਤਕ ਨਾ ਪੁਚਾ ਸਕਦਾ। ਢੁੱਡੀਕੇ ਦੀ ਰਹਿਣੀ ਬਹਿਣੀ ਨੇ ਮੈਨੂੰ ਕਿਤੇ ਵੀ ਵਸਣ ਰਸਣ ਜੋਗਾ ਬਣਾ ਦਿੱਤਾ ਸੀ। ਉਥੋਂ ਦੇ ਚੰਗੇ ਮਾੜੇ ਬੰਦਿਆਂ ਦੀ ਸੰਗਤ ਕਰ ਕੇ ਮੈਂ ਚੰਗੇ ਬੰਦਿਆਂ ਤੋਂ ਬਿਨਾਂ ਮਾੜੇ ਬੰਦਿਆਂ ਨਾਲ ਵੀ ਨਿਭਣ ਜੋਗਾ ਹੋ ਗਿਆ ਸਾਂ।

ਢੁੱਡੀਕੇ ਨੂੰ ਪਹਿਲਾਂ ਜ਼ਿਲਾ ਫਿਰੋਜ਼ਪੁਰ ਲੱਗਦਾ ਸੀ, ਫਿਰ ਫਰੀਦਕੋਟ ਤੇ ਹੁਣ ਮੋਗਾ ਲੱਗਦਾ ਹੈ। ਇਹ ਮੋਗਾ-ਜਗਰਾਓਂ ਸੜਕ ਉਤੇ ਅਜੀਤਵਾਲ ਤੋਂ ਚਾਰ ਕਿਲੋਮੀਟਰ ਦੱਖਣ ਵੱਲ ਹੈ। ਇਸ ਦੇ ਆਲੇ ਦੁਆਲੇ ਚੂਹੜਚੱਕ, ਡਾਂਗੀਆਂ, ਦੌਧਰ, ਮੱਦੋਕੇ, ਤਖਾਣਵੱਧ, ਨੱਥੂਵਾਲਾ, ਝੰਡੇਆਣਾ, ਮਟਵਾਣੀ, ਅਜੀਤਵਾਲ ਤੇ ਕਿਲੀ ਚਾਹਲਾਂ ਪਿੰਡ ਹਨ। ਢੁੱਡੀਕੇ ਤੇ ਚੂਹੜਚੱਕ ਵਿਚਕਾਰ ਤਾਂ ਹੁਣ ਇੱਕ ਕਿਲੋਮੀਟਰ ਦਾ ਫਾਸਲਾ ਹੀ ਰਹਿ ਗਿਆ ਹੈ। ਇਨ੍ਹਾਂ ਪਿੰਡਾਂ ਵਿੱਚ ਕਈ ਦੇਸ਼ਭਗਤ ਬਾਬੇ ਹੋਏ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਕੈਦਾਂ ਕੱਟੀਆਂ ਤੇ ਫਾਹੇ ਲੱਗੇ। ਇਨ੍ਹਾਂ ਪਿੰਡਾਂ ਨੂੰ ਸਜ਼ਾ ਦੇਣ ਲਈ ਅੰਗਰੇਜ਼ ਸਰਕਾਰ ਨੇ ਤਾਜੀਰੀ ਚੌਕੀ ਬਿਠਾਈ ਰੱਖੀ ਜਿਸ ਦਾ ਮਤਲਬ ਸੀ ਕਿ ਚੌਕੀ ਦੇ ਅਮਲੇ ਫੈਲੇ ਦਾ ਖਰਚਾ ਪਿੰਡ ਵਾਸੀਆਂ ਨੂੰ ਦੇਣਾ ਪੈਂਦਾ ਸੀ। ਮੁਲਕ ਆਜ਼ਾਦ ਹੋਇਆ ਤਾਂ ਚੌਕੀ ਦਾ ਜੁਰਮਾਨਾ ਭਾਰਤ ਸਰਕਾਰ ਨੇ ਵਾਪਸ ਮੋੜਿਆ ਜੋ ਲਾਲਾ ਲਾਜਪਤ ਰਾਏ ਕਾਲਜ `ਤੇ ਲੱਗਾ।

ਦੂਰ ਦੇ ਲੋਕਾਂ ਨੂੰ ਬਹੁਤ ਘੱਟ ਪਤਾ ਹੈ ਕਿ ਢੁੱਡੀਕੇ, ਲਾਲਾ ਲਾਜਪਤ ਰਾਏ ਤੋਂ ਬਿਨਾਂ, ਗਦਰੀ ਬਾਬਿਆਂ ਦਾ ਵੀ ਪਿੰਡ ਹੈ। ਬਾਬਾ ਈਸ਼ਰ ਸਿੰਘ, ਬਾਬਾ ਰੂੜ ਸਿੰਘ, ਬਾਬਾ ਪਾਖਰ ਸਿੰਘ, ਬਾਬਾ ਪਾਲਾ ਸਿੰਘ ਵੱਡਾ, ਬਾਬਾ ਪਾਲਾ ਸਿੰਘ ਛੋਟਾ, ਬਾਬਾ ਤਰਲੋਕ ਸਿੰਘ, ਭਾਈ ਮਹਿੰਦਰ ਸਿੰਘ ਤੇ ਬਾਬਾ ਸ਼ਾਮ ਸਿੰਘ ਇਥੇ ਹੀ ਪੈਦਾ ਹੋਏ। ਢੁੱਡੀਕੇ ਤੋਂ ਲਾਗਲੇ ਪਿੰਡਾਂ ਨੂੰ ਜਾਂਦੀਆਂ ਸੜਕਾਂ ਦੇ ਨਾਂ ਹੁਣ ਇਨ੍ਹਾਂ ਬਾਬਿਆਂ ਦੇ ਨਾਵਾਂ ਉਤੇ ਹੀ ਹਨ।

 

ਲਾਲਾ ਲਾਜਪਤ ਰਾਏ ਦਾ ਜਨਮ ਬੇਸ਼ਕ 28 ਜਨਵਰੀ 1865 ਨੂੰ ਢੁੱਡੀਕੇ ਦੇ ਇੱਕ ਕੱਚੇ ਕੋਠੇ ਵਿੱਚ ਹੋਇਆ ਸੀ ਪਰ ਖੋਲਾ ਬਣੇ ਉਸ ਕੋਠੇ ਦਾ ਪਤਾ 1955 ਵਿੱਚ ਲੱਗਾ ਸੀ। ਉਸੇ ਸਾਲ ਕੰਵਲ ਹੋਰਾਂ ਨੇ ਪਿੰਡ ਦੇ ਨੌਜੁਆਨਾਂ ਦੀ ਇੱਕ ਕਲਚਰਲ ਸੁਸਾਇਟੀ ਬਣਾਈ ਤੇ ਸਰਪੰਚ ਰਾਮ ਸਿੰਘ ਨਾਲ ਮਿਲ ਕੇ ਪਿੰਡ ਵਿਕਾਸ ਦੇ ਪ੍ਰੋਗਰਾਮ ਉਲੀਕੇ। ਫਿਰ ਕੰਵਲ ਵੀ ਸਰਪੰਚ ਬਣਿਆ। ਢੁੱਡੀਕੇ `ਚ ਬੇਸਿਕ ਟ੍ਰੇਨਿੰਗ ਸਕੂਲ, ਹਾਇਰ ਸੈਕੰਡਰੀ ਸਕੂਲ, ਰੂਰਲ ਇੰਡਸਟ੍ਰੀਅਲ ਐਸਟੇਟ, ਡਾਕ ਘਰ, ਤਾਰ ਘਰ, ਫੋਨ ਸੇਵਾ, ਪਾਣੀ ਦੀ ਟੈਂਕੀ ਤੇ ਮੁੱਢਲੇ ਸਿਹਤ ਕੇਂਦਰ ਦੀਆਂ ਸਹੂਲਤਾਂ 1963 ਤਕ ਹੋਂਦ ਵਿੱਚ ਆ ਗਈਆਂ ਸਨ। ਰਹਿੰਦੀ ਕਸਰ ਕਾਲਜ ਨੇ ਕੱਢ ਦਿੱਤੀ। ਜਿਹੜਾ ਪਿੰਡ ਕਦੇ ਵੈੱਲੀਆਂ ਦਾ ਗੜ੍ਹ ਵੱਜਦਾ ਸੀ ਲੇਖਕਾਂ ਤੇ ਪੜ੍ਹੇ ਲਿਖਿਆਂ ਦਾ ਮਾਡਰਨ ਪਿੰਡ ਕਿਹਾ ਜਾਣ ਲੱਗਾ।

ਮੈਂ ਉਦੋਂ ਢੁੱਡੀਕੇ ਲੈਕਚਰਾਰ ਸਾਂ ਜਦੋਂ ਮੇਰਾ ਵਿਆਹ ਹੋਇਆ। ਵਿਆਹ ਤੋਂ ਪਹਿਲਾਂ ਮੈਂ ਪਿੰਡੋਂ ਸਾਈਕਲ `ਤੇ ਪੜ੍ਹਾਉਣ ਆ ਜਾਂਦਾ ਸਾਂ। ਮੇਰੀ ਪਤਨੀ ਹਲਵਾਰੇ ਪੜ੍ਹਾਉਂਦੀ ਸੀ ਜਿਸ ਨੂੰ ਪਿੰਡੋਂ ਹਲਵਾਰੇ ਜਾਣਾ ਮੁਸ਼ਕਲ ਸੀ। ਅਸੀਂ ਆਪਣੀ ਰਹਾਇਸ਼ ਪਹਿਲਾਂ ਜਗਰਾਓਂ ਤੇ ਫਿਰ ਮੁੱਲਾਂਪੁਰ ਰੱਖ ਲਈ। ਹਰਜੀਤ ਹਲਵਾਰੇ ਪੜ੍ਹਾ ਕੇ ਮੁੜ ਆਉਂਦੀ ਤੇ ਮੈਂ ਢੁੱਡੀਕੇ ਪੜ੍ਹਾ ਕੇ ਮੁੜ ਜਾਂਦਾ। ਤਿੰਨ ਕੁ ਸਾਲ ਇਸ ਤਰ੍ਹਾਂ ਹੀ ਲੰਘੇ। 30 ਜੂਨ 1971 ਨੂੰ ਸਾਡੇ ਘਰ ਪੁੱਤਰ ਨੇ ਜਨਮ ਲਿਆ। 1972 ਵਿੱਚ ਹਰਜੀਤ ਨੇ ਹਲਵਾਰੇ ਦੇ ਸੈਂਟਰਲ ਸਕੂਲ ਦੀ ਨੌਕਰੀ ਛੱਡ ਦਿੱਤੀ ਤੇ ਪੰਜਾਬ ਸਰਕਾਰ ਦੀ ਨੌਕਰੀ ਲੈ ਲਈ। ਬਦਲੀ ਵੀ ਢੁੱਡੀਕੇ ਦੀ ਕਰਾ ਲਈ ਤੇ ਅਸੀਂ ਢੁੱਡੀਕੇ ਹੀ ਰਹਿਣ ਲੱਗੇ।

ਪਹਿਲਾਂ ਅਸੀਂ ਸਰਪੰਚ ਰਾਮ ਸਿੰਘ ਦੇ ਭਰਾ ਦੇ ਘਰ `ਚ ਰਹੇ। ਉਨ੍ਹਾਂ ਦਾ ਵਿਹੜਾ ਸਾਂਝਾ ਸੀ ਤੇ ਉਪਰ ਚੁਬਾਰੇ ਨੂੰ ਚੜ੍ਹਦੀਆਂ ਪੌੜੀਆਂ ਬਿਨਾਂ ਜੰਗਲੇ ਦੇ ਸਨ। ਪੜ੍ਹਾਉਣ ਜਾਣ ਲੱਗਿਆਂ ਸਾਨੂੰ ਡਰ ਲੱਗਿਆ ਕਰੇ ਕਿ ਸਾਡਾ ਸਾਲ ਕੁ ਦਾ ਪੁੱਤਰ ਪੌੜੀਆਂ ਤੋਂ ਨਾ ਰੁੜ੍ਹ ਜਾਵੇ। ਇੱਕ ਦਿਨ ਇਹ ਡਰ ਮੈਂ ਸਰਪੰਚ ਦੀ ਪਤਨੀ ਕੋਲ ਪਰਗਟ ਕਰ ਬੈਠਾ ਜਿਸ ਨੂੰ ਅਸੀਂ ਮਾਤਾ ਜੀ ਕਹਿੰਦੇ ਸਾਂ। ਮਾਤਾ ਕਹਿਣ ਲੱਗੀ, “ਵੇ ਭਾਈ ਸਰਵਣ ਸਿਆਂ, ਐਵੇਂ ਨਾ ਫਿਕਰ ਕਰੀ ਜਾਹ। ਮੇਰੇ ਤਾਂ ਅੱਠੇ ਪੁੱਤ ਏਨ੍ਹਾਂ ਪੌੜੀਆਂ `ਤੇ ਈ ਚੜ੍ਹਦੇ ਰਹੇ ਆ। ਵਿਚੇ ਆਹ ਸ਼ਿੰਦਰ, ਵਿਚੇ ਬੱਗੂ ਤੇ ਵਿਚੇ ਧੀਦੋ। ਵੀਹ ਆਰੀਂ ਡਿੱਗੇ ਹੋਣਗੇ ਪਰ ਕਿਸੇ ਦਾ ਵਾਲ ਵਿੰਗਾ ਨੀ ਹੋਇਆ।” ਮੈਂ ਮਨ `ਚ ਸੋਚਿਆ, “ਮਾਤਾ ਕਹਿੰਦੀ ਤਾਂ ਸੱਚ ਐ। ਪਰ ਕਿਥੇ ਅੱਠ ਤੇ ਕਿਥੇ ਇਕ? ਉਹਦੇ ਤਾਂ ਇੱਕ ਦੇ ਰੁੜ੍ਹਨ ਪਿੱਛੋਂ ਵੀ ਸੱਤਾਂ ਨੇ ਰਹਿ ਜਾਣਾ ਸੀ ਪਰ ਸਾਡਾ ਤਾਂ ਇਕੋ ਰੁੜ੍ਹਨ ਨਾਲ ਹੀ ਕੰਮ ਤਮਾਮ ਹੋ ਜਾਣਾ ਸੀ!”

ਫਿਰ ਅਸੀਂ ਇੱਕ ਕੈਨੇਡੀਅਨ ਪਰਿਵਾਰ ਦੇ ਘਰ ਰਹਿਣ ਲੱਗੇ। ਘਰ ਦੇ ਮਾਲਕ ਦਾ ਨਾਂ ਸਰਦਾਰਾ ਸਿੰਘ ਗਿੱਲ ਸੀ ਪਰ ਪਤਨੀ ਪਿੱਛੇ ਪਿੰਡ ਰਹਿੰਦੀ ਰਹੀ ਹੋਣ ਕਾਰਨ ਘਰ ਦਾ ਨਾਂ ‘ਸੋਧਾਂ ਕਾ ਘਰ’ ਵੱਜਦਾ ਸੀ। ਇੱਕ ਵਾਰ ਮੇਰਾ ਮਾਸੜ ਮੈਨੂੰ ਮਿਲਣ ਆਇਆ। ਉਸ ਨੂੰ ਦੱਸਿਆ ਹੋਇਆ ਸੀ ਕਿ ਢੁੱਡੀਕੇ ਆ ਕੇ ਸੋਧਾਂ ਕਾ ਘਰ ਪੁੱਛ ਲਵੇ। ਉਸ ਨੇ ਸੋਧਾਂ ਦਾ ਨਾਂ ਇੱਜ਼ਤ ਮਾਣ ਨਾਲ ਲੈਂਦਿਆਂ ਸੱਥ `ਚ ਬੈਠੇ ਬੰਦਿਆਂ ਤੋਂ ਪੁੱਛਿਆ, “ਸੋਧਾਂ ਬਾਹਮਣੀ ਕਾ ਘਰ ਕਿਧਰ ਐ?” ਬੰਦਿਆਂ `ਚ ਹਾਸਾ ਛਿੜ ਪਿਆ ਬਈ ਇਹਨੇ ਸੋਧਾਂ ਜੱਟੀ ਆਪਣੇ ਕੋਲੋਂ ਈ ਸੋਧਾਂ ਬਾਹਮਣੀ ਬਣਾ ਧਰੀ ਐ! ਇਹ ਗੱਲ ਉਵੇਂ ਹੀ ਸੀ ਜਿਵੇਂ ਸਾਡੇ ਪਿੰਡ ਜੁਆਲੇ ਦਾ ਨਾਂ ਜੁੱਲੀ ਪੈ ਗਿਆ ਸੀ ਤੇ ਨੰਬਰਦਾਰੀ ਮਿਲਣ ਪਿੱਛੋਂ ਵੀ ਜੁੱਲੀ ਨੰਬਰਦਾਰ ਹੀ ਪੱਕਿਆ ਰਿਹਾ। ਬਾਹਰੋਂ ਆਏ ਕਿਸੇ ਬੰਦੇ ਨੇ ਅਦਬ ਨਾਲ ਉਸ ਨੂੰ ‘ਜੁੱਲ ਸਿਆਂ’ ਕਹਿ ਕੇ ਸਾਸਰੀ ਕਾਲ ਬੁਲਾਈ ਤਾਂ ਉਹ ਕਹਿਣ ਲੱਗਾ, “ਸਾਸਰੀ ਕਾਲ ਤਾਂ ਸਾਸਰੀ ਕਾਲ। ਪਰ ਇਹ ਦੱਸ ਜੁੱਲੀ ਦਾ ਜੁੱਲ ਤੈਂ ਆਵਦੇ ਕੋਲੋਂ ਜੋੜਿਆ ਜਾਂ ਪਿੰਡ ਦੇ ਕਿਸੇ ਬੰਦੇ ਨੇ ਦੱਸਿਐ?”

ਜਦੋਂ ਅਸੀਂ ਪਹਿਲੀ ਵਾਰ ਢੁੱਡੀਕੇ ਗਏ ਸਾਂ ਤਾਂ ਕੰਵਲ ਨਿਆਈਂ ਵਾਲੇ ਖੇਤ `ਚ ਬਣਾਈ ਬੈਠਕ ਵਿੱਚ ਮਿਲਿਆ ਸੀ। ਉਹਦੇ ਅੱਗੇ ਇੱਕ ਸੀਮੈਂਟ ਦਾ ਬਣਿਆ ਬੈਂਚ ਹੁੰਦਾ ਸੀ ਜਿਸ ਦੀ ਹੁਣ ਕੋਈ ਨਿਸ਼ਾਨੀ ਨਹੀਂ। ਆਲੇ ਦੁਆਲੇ ਖੇਤ ਸਨ ਤੇ ਰੁੱਖ ਸਨ। ਉਥੇ ਮੋਰ ਪੈਲਾਂ ਪਾਉਂਦੇ ਤੇ ਮੋਰਨੀਆਂ ਤੁਰੀਆਂ ਫਿਰਦੀਆਂ। ਰੁੱਖਾਂ ਉਤੇ ਪੰਛੀ ਚਹਿਕਦੇ। ਉਸ ਮਾਹੌਲ `ਚ ਕੰਵਲ ਤਾਂ ਲਿਖਦਾ ਹੀ ਸੀ, ਬਲਰਾਜ ਸਾਹਨੀ ਵੀ ਬੰਬਈ ਤੋਂ ਢੁੱਡੀਕੇ ਆ ਕੇ ਆਪਣੇ ਸਫ਼ਰਨਾਮੇ ਸਿੱਧੇ ਟਾਈਪ ਕਰਦਾ। ਇੱਕ ਵਾਰ ਮੇਰੇ ਮੂੰਹੋਂ ਲਫ਼ਜ਼ ‘ਬੱਠਲ’ ਨਿਕਲਿਆ ਤਾਂ ਬਲਰਾਜ ਸਾਹਨੀ ਨੇ ਉਹ ਲਫ਼ਜ਼ ਤਿੰਨ ਚਾਰ ਵਾਰ ਬੋਲ ਕੇ ਆਪਣੇ ਟੇਪ ਰਿਕਾਰਡ ਵਿੱਚ ਭਰ ਲਿਆ। ਕੰਵਲ ਜਦੋਂ ਕਿਤੇ ਬੈਠਕ `ਚ ਬੈਠਾ ਅੱਕ ਜਾਂਦਾ ਸੀ ਤਾਂ ਬਾਹਰ ਵੱਟਾਂ ਅਤੇ ਇਥੋਂ ਤਕ ਕਿ ਸਿਵਿਆਂ ਦੇ ਸ਼ਾਂਤ ਮਾਹੌਲ `ਚ ਲਿਖਣ ਜਾ ਬੈਠਦਾ ਸੀ। ਬਲਰਾਜ ਸਾਹਨੀ ਗਲੀਆਂ `ਚ ਗੇੜੇ ਦਿੰਦਾ ਸੀ ਤੇ ਸੱਥਾਂ `ਚ ਅਮਲੀਆਂ ਦੀਆਂ ਗੱਲਾਂ ਸ਼ੌਕ ਨਾਲ ਸੁਣਦਾ ਹੁੰਘਾਰੇ ਭਰਦਾ ਸੀ।

ਕੰਵਲ ਕੋਲ ਇੱਕ ਕੁਰਸੀ ਤੇ ਮੇਜ਼ ਸੱਠ ਸੱਤਰ ਸਾਲ ਪੁਰਾਣੇ ਹਨ। ਉਹ ਪਿੰਡ ਦੇ ਇੱਕ ਕਾਰੀਗਰ ਨੇ ਬਣਾ ਕੇ ਦਿੱਤੇ ਸਨ। ਕੰਵਲ ਨੂੰ ਵਹਿਮ ਵਰਗਾ ਵਿਸ਼ਵਾਸ ਹੈ ਕਿ ਉਹ ਉਸੇ ਮੇਜ਼-ਕੁਰਸੀ `ਤੇ ਹੀ ਚੱਜ ਨਾਲ ਲਿਖ ਸਕਦੈ। ਇੱਕ ਵਾਰ ਮੈਂ ਉਸ ਕੁਰਸੀ `ਤੇ ਬੈਠਾ ਤਾਂ ਪੁਰਾਣੀ ਢਿਚਕੂੰ ਢਿਚਕੂੰ ਕਰਦੀ ਕੁਰਸੀ ਦਾ ਮੇਰੇ ਭਾਰ ਨਾਲ ਜੜਾਕਾ ਪੈ ਚੱਲਿਆ ਸੀ। ਇਹ ਤਾਂ ਪਤਲਾ ਪਤੰਗ ਕੰਵਲ ਹੀ ਹੈ ਜਿਹੜਾ ਫਾਲਾਂ ਫੂਲਾਂ ਲਾ ਕੇ ਆਪਣਾ ਡੰਗ ਸਾਰੀ ਜਾਂਦੈ। ਆਤਮ ਹਮਰਾਹੀ ਵਰਗੇ ਲੇਖਕ ਹੇਠਾਂ ਇਸ ਕੁਰਸੀ ਨੇ ਦੋ ਸਾਲ ਨਹੀਂ ਸੀ ਕੱਢਣੇ ਤੇ ਗੁਰਭਜਨ ਗਿੱਲ ਤਾਂ ਬਹਿਣ ਸਾਰ ਹੀ ਲੈ ਬਹਿੰਦਾ! ਉਹ ਕੁਰਸੀ ਤੇ ਮੇਜ਼ ਹਾਲੇ ਵੀ ਬਰਾਂਡੇ ਵਿੱਚ ਜਾਂ ਟਾਹਲੀ ਹੇਠਾਂ ਪਏ ਹੁੰਦੇ ਹਨ। ਕੰਵਲ ਉਨ੍ਹਾਂ ਉਤੇ ਹਜ਼ਾਰਾਂ ਘੰਟੇ ਬੈਠਿਆ ਹੈ ਤੇ ਹਜ਼ਾਰਾਂ ਸਫ਼ੇ ਲਿਖੇ ਹਨ। ਪੰਜਾਹ ਤੋਂ ਵੱਧ ਕਿਤਾਬਾਂ ਲਿਖ ਦਿੱਤੀਆਂ ਹਨ। ਊਧਮ ਸਿੰਘ, ਪ੍ਰਿਥੀਪਾਲ ਤੇ ਸੁਰਜੀਤ ਹੋਰਾਂ ਦੀਆਂ ਸੈਂਕੜੇ ਗੋਲ ਕਰਨ ਵਾਲੀਆਂ ਹਾਕੀਆਂ ਤਾਂ ਪੰਜਾਬੀ ਸੰਭਾਲ ਨਹੀਂ ਸਕੇ, ਕੀ ਪਤਾ ਕੰਵਲ ਦੀ ਕੁਰਸੀ ਕੋਈ ਪੰਜਾਬੀ ਸੰਭਾਲ ਹੀ ਲਵੇ। ਉਂਜ ਪੰਜਾਬੀਆਂ `ਚ ਅਜਿਹੀਆਂ ਯਾਦਗਾਰੀ ਵਸਤਾਂ ਸੰਭਾਲਣ ਦੀ ਅਜੇ ਰੀਤ ਨਹੀਂ ਤੁਰੀ।

ਪੂਰਨਮਾਸ਼ੀ ਦੀਆਂ ਰਾਤਾਂ ਨੂੰ ਕੁੱਝ ਲੈਕਚਰਰ ਸੈਰ ਸਪਾਟਾ ਕਰਨ ਨਿਕਲ ਤੁਰਦੇ ਸੀ। ਕਦੇ ਕਦੇ ਕੰਵਲ ਵੀ ਨਾਲ ਹੁੰਦਾ ਸੀ। ਇੱਕ ਵਾਰ ਅਸੀਂ ਟਾਂਗਾ ਕਿਰਾਏ `ਤੇ ਕੀਤਾ ਤੇ ਢਲਦੀ ਰਾਤ ਤਕ ਸੜਕਾਂ `ਤੇ ਘੁੰਮਦੇ ਰਹੇ। ਪੁੰਨਿਆ ਦੇ ਚੰਨ ਦੀ ਚਾਨਣੀ ਪੈਲੀਆਂ, ਵੱਟਾਂ ਬੰਨਿਆਂ, ਵਾਹੇ ਸੁਹਾਗੇ ਖੇਤਾਂ ਤੇ ਛੱਪੜਾਂ ਟੋਭਿਆਂ `ਤੇ ਡੁੱਲ੍ਹਦੀ ਰਹੀ। ਕੰਵਲ ਆਪਣੀਆਂ ਜੀਵਨ-ਯਾਦਾਂ ਸੁਣਾਉਂਦਾ ਗਿਆ। ਕੰਵਲ ਦੀਆਂ ਲਿਖਤਾਂ ਵਿੱਚ ਹੀ ਰੁਮਾਂਸ ਨਹੀਂ ਉਹਦੀਆਂ ਗੱਲਾਂ ਵਿੱਚ ਵੀ ਰੁਮਾਂਸ ਹੈ।

ਕੰਵਲ ਨੇ ਸ਼ਰਾਬ ਪੀਣੀ ਛੱਡ ਦਿੱਤੀ ਸੀ। ਕਈ ਸਾਲਾਂ ਬਾਅਦ ਉਹ ਬੀਅਰ ਦੀ ਘੁੱਟ ਭਰਨ ਲੱਗਾ ਤਾਂ ਅਸੀਂ ਅੱਸੂ ਕੱਤੇ ਦੀ ਪੂਰਨਮਾਸ਼ੀ ਮਨਾਉਣ ਲੱਗੇ। ਇੱਕ ਵਾਰ ਅਸੀਂ ਖਾਣ ਪੀਣ ਦਾ ਸਮਾਨ ਲੈ ਕੇ ਚੂਹੜਚੱਕ ਵੱਲ ਨੂੰ ਨਿਕਲੇ। ਸੂਏ ਦੇ ਪੁਲ `ਤੇ ਬਹਿ ਕੇ ਨੁਕਲ ਪਾਣੀ ਕਰਨ ਲੱਗੇ ਤਾਂ ਕੰਵਲ ਨੇ ਕਿਹਾ, “ਏਥੇ ਨੀ ਠੀਕ। ਏਥੇ ਲੋਕਾਂ ਦਾ ਆਉਣ ਜਾਣ ਐਂ। ਨਾਲੇ ਵਾਰਸ ਸ਼ਾਹ ਨੇ ਵੀ ਕਿਹੈ-ਵਾਰਸ ਸ਼ਾਹ ਲੁਕਾਈਏ ਜੱਗ ਕੋਲੋਂ ਭਾਵੇਂ ਆਪਣਾ ਹੀ ਗੁੜ ਖਾਈਏ ਸੀ।”

ਅਸੀਂ ਸੂਏ ਪੈ ਕੇ ਕੌਂਕਿਆਂ ਵੱਲ ਨੂੰ ਚੱਲ ਪਏ। ਕੰਵਲ ਕਹੇ, “ਓਥੇ ਮਹਿਫ਼ਲ ਲਾਵਾਂਗੇ ਜਿਥੇ ਸੂਏ ਦੇ ਪਾਣੀ `ਚ ਚੰਦ ਦਾ ਮੂੰਹ ਦਿਸੇ।” ਅਸੀਂ ਕਾਫੀ ਦੂਰ ਤਕ ਤੁਰਦੇ ਗਏ ਪਰ ਚੰਦ ਦਾ ਮੂੰਹ ਪਾਣੀ ਵਿੱਚ ਨਾ ਦਿਸਿਆ। ਸੂਏ ਦੀ ਓਧਰਲੀ ਬੰਨੀ `ਤੇ ਤਾਂ ਭਾਵੇਂ ਅਸੀਂ ਜਗਰਾਓਂ ਤਕ ਤੁਰੇ ਜਾਂਦੇ ਚੰਦ ਨੇ ਪਾਣੀ `ਚ ਵਿਖਾਈ ਨਹੀਂ ਸੀ ਦੇਣਾ। ਹਾਰ ਕੇ ਡਾਂਗੀਆਂ ਨੂੰ ਜਾਂਦੀ ਕੱਸੀ ਮੁੜੇ ਤਾਂ ਚੌੜੇ ਪਾਟ ਵਿੱਚ ਚੰਦ ਦਾ ਮੂੰਹ ਪਾਣੀ ਵਿੱਚ ਵਿਖਾਈ ਦੇਣ ਲੱਗਾ। ਇਹ ਮਹਿਫ਼ਲ ਲਾਉਣ ਲਈ ਕੰਵਲ ਦੀ ਮਨਪਸੰਦ ਥਾਂ ਸੀ। ਫਿਰ ਮੋਮਬੱਤੀਆਂ ਜਗੀਆਂ ਤੇ ਵਾਰੀ ਸਿਰ ਆਪੋ ਆਪਣੀਆਂ ਰਚਨਾਵਾਂ ਸੁਣਾਉਣ ਦਾ ਗੇੜ ਤੁਰਿਆ। ਬਹਿਸ ਹੋਣ ਲੱਗੀ ਜੋ ਦੋ ਪ੍ਰੋਫੈਸਰਾਂ `ਚ ਏਨੀ ਭਖ ਗਈ ਕਿ ਉਹ ਉਲਝਣ ਵਾਲੇ ਹੋ ਗਏ। ਜਦੋਂ ਨੌਬਤ ਗਲ ਪੈਣ ਦੀ ਆਈ ਤਾਂ ਕੰਵਲ ਕੱਸੀ ਦੀ ਪੁਲੀ ਉਤੇ ਜਾ ਚੜ੍ਹਿਆ ਤੇ ਦੁਹਾਈ ਪਾਉਣ ਲੱਗਾ, “ਕਰ ਜਾਓ ਚੁੱਪ, ਨਹੀਂ ਮੈ ਲੱਗਾਂ ਪਾਣੀ `ਚ ਛਾਲ ਮਾਰਨ!” ਸ਼ੁਕਰ ਹੈ ਕੰਵਲ ਅਜੇ ਜ਼ਿੰਦਾ ਹੈ ਤੇ ਢੁੱਡੀਕੇ ਦੀਆਂ ਯਾਦਾਂ ਵੀ ਜ਼ਿੰਦਾ ਹਨ। ਉਨ੍ਹਾਂ ਯਾਦਾਂ ਦੀ ਢੱਡ ਅਜੇ ਵੀ ਖੜਕਦੀ ਹੈ।

ਹੁਣ ਵੀ ਕਦੇ ਕਦੇ ਢੁੱਡੀਕੇ ਵਿੱਚ ਦੀ ਤੇ ਕਾਲਜ ਦੇ ਅੱਗਿਓਂ ਲੰਘਣ ਦਾ ਸਬੱਬ ਬਣ ਜਾਂਦੈ। ਪਿਛਲੇ ਸਿਆਲ ਮੈਂ ਪੰਜਾਬ ਗਿਆ ਤਾਂ ਸਵੇਰੇ ਸਵੇਰੇ ਢੁੱਡੀਕੇ ਕਾਲਜ ਅੱਗਿਓਂ ਲੰਘਣ ਦਾ ਮੌਕਾ ਮਿਲਿਆ। ਸਾਡੀ ਕਾਰ ਦੇ ਸਟੀਰੀਓ `ਤੇ ਗੀਤ ਗੂੰਜ ਰਿਹਾ ਸੀ-ਧੁੰਦ ਪੈਂਦੀ ਲੋਹੜੇ ਦੀ, ਮੇਰਾ ਅੰਗ ਅੰਗ ਜਾਂਦਾ ਠਰਦਾ, ਸੀਟੀ ਮਾਰ ਅਰਜਨਾ ਵੇ, ਭੁੱਲਗੀ ਮੋੜ ਗੁਲਾਬੋ ਘਰ ਦਾ …। ਬਾਹਰ ਧੁੰਦ ਸੀ ਤੇ ਪੋਹ ਮਾਘ ਦੀ ਠੰਢ ਵਿੱਚ ਅੰਗ ਸੱਚਮੁੱਚ ਠਰੀ ਜਾਂਦੇ ਸਨ। ਗਿੱਲ ਹਰਦੀਪ ਦੀ ਆਵਾਜ਼ ਵਿੱਚ ਲੋਹੜੇ ਦਾ ਦਰਦ ਸੀ। ਹਾਣੀ ਨੂੰ ਮਿਲਣ ਦੀ ਵਿਆਕੁਲਤਾ ਸੀ। ਮੇਰੇ ਲਈ ਸਮੇਂ ਸਥਾਨ ਦਾ ਮੇਲ ਵੀ ਕਮਾਲ ਦਾ ਸੀ। ਅਸੀਂ ਮੱਦੋਕੇ ਤੋਂ ਢੁੱਡੀਕੇ ਵਿੱਚ ਦੀ ਮੁਕੰਦਪੁਰ ਜਾਣਾ ਸੀ। ਮੈਂ ਕਾਰ ਕਾਲਜ ਦੇ ਮੁੱਖ ਦੁਆਰ ਅੱਗੇ ਰੁਕਵਾ ਲਈ। ਕੈਸਟ ਵੱਜੀ ਜਾ ਰਹੀ ਸੀ-ਸੀਟੀ ਮਾਰ ਅਰਜਨਾ ਵੇ …।

ਮੈਨੂੰ ਅਰਜਨ ਵੀ ਯਾਦ ਆ ਗਿਆ ਤੇ ਹਰਦੀਪ ਵੀ। ਉਹ ਦੋਵੇਂ ਢੁੱਡੀਕੇ ਕਾਲਜ ਦੇ ਵਿਦਿਆਰਥੀ ਸਨ। ਕੌਂਕਿਆਂ ਦਾ ਅਰਜਨ ਕਬੱਡੀ ਦਾ ਤਕੜਾ ਖਿਡਾਰੀ ਸੀ ਜੀਹਦੀਆਂ ਧੁੰਮਾਂ ਦੂਰ ਵਲਾਇਤਾਂ ਤਕ ਪਈਆਂ ਰਹੀਆਂ। ਕੋਕਰੀ ਦਾ ਗਿੱਲ ਹਰਦੀਪ ਵੀ ਪੰਜ ਸਾਲ ਢੁੱਡੀਕੇ ਕਾਲਜ ਵਿੱਚ ਪੜ੍ਹਿਆ ਤੇ ਢੁੱਡੀਕੇ ਹੀ ਵਿਆਹਿਆ ਗਿਆ ਸੀ। ਉਹ ਪੜ੍ਹਾਈ ਵਿੱਚ ਹੁਸ਼ਿਆਰ ਵਿਦਿਆਰਥੀ ਸੀ ਤੇ ਮੂੰਹ ਨਾਲ ਮੋਗਾ ਰੋਡਵੇਜ਼ ਦੀ ਲਾਰੀ ਸਟਾਰਟ ਕਰਨ ਦੀ ਨਕਲ ਲਾਇਆ ਕਰਦੀ ਸੀ। ਉਹ ਮੂੰਹ ਦੀ ਆਵਾਜ਼ ਨਾਲ ਹੀ ਰੇਸ ਵਧਾਉਂਦਾ ਘਟਾਉਂਦਾ ਤੇ ਕੰਡਕਟਰ ਦੀ ਸੀਟੀ ਮਾਰਦਾ। ਸਾਰੇ ਹੱਸ ਹੱਸ ਲੋਟ ਪੋਟ ਹੁੰਦੇ। ਵਿਆਹ ਕਰਵਾ ਕੇ ਉਸ ਨੇ ਕੈਨੇਡਾ ਜਾਣਾ ਸੀ ਇਸ ਲਈ ਮੈਂ ਉਸ ਨੂੰ ਹਜਾਮਤ ਸਿੱਖਣ ਦੀ ਸਲਾਹ ਦਿੱਤੀ ਸੀ। ਮੈਨੂੰ ਪਤਾ ਸੀ ਕਿ ਕੈਨੇਡਾ ਵਿੱਚ ਸੈਲੂਨ ਵਾਲੇ ਹੋਰਨਾਂ ਨਾਲੋਂ ਵੱਧ ਡਾਲਰ ਕਮਾਉਂਦੇ ਹਨ।

ਕੈਨੇਡਾ ਜਾ ਕੇ ਉਸ ਨੇ ਸੱਚਮੁੱਚ ਹੀ ਸੈਲੂਨ ਖੋਲ੍ਹ ਲਿਆ ਤੇ ਪਰਿਵਾਰ ਦੇ ਸਾਰੇ ਜੀਆਂ ਨੂੰ ਆਹਰੇ ਲਾ ਦਿੱਤਾ। ਜੱਟਾਂ ਨੇ ਪੀਣੀ ਦਾਰੂ ਵਾਲੇ ਗੀਤ ਨਾਲ ਉਸ ਨੇ ਬਥੇਰੇ ਜੱਟਾਂ ਦੇ ਸਿਰ ਮੁੰਨੇ ਤੇ ਕਰੀਂ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ ਗੀਤ ਨਾਲ, ਦਿੱਲੀ ਦੱਖਣ ਤਕ ਮਸ਼ਹੂਰ ਹੋ ਗਿਆ। ਉਹਦੀ ਗੱਦਰ ਤੇ ਗੜ੍ਹਕਵੀਂ ਆਵਾਜ਼ ਵਿੱਚ ਮਾਲਵਾ ਕੂਕਦਾ ਲੱਗਦਾ ਹੈ।

ਕਾਲਜ ਦੇ ਗੇਟ ਅੱਗੇ ਰੁਕੇ ਨੂੰ ਮੈਨੂੰ ਅਨੇਕਾਂ ਯਾਦਾਂ ਆਈਆਂ ਤੇ ਮੇਰਾ ਸਿਰ ਸਿਜਦੇ ਵਿੱਚ ਝੁਕ ਗਿਆ। ਇਹ ਉਹ ਜਗ੍ਹਾ ਸੀ ਜਿਥੇ ਮੇਰੀਆਂ ਹਜ਼ਾਰਾਂ ਪੈੜਾਂ ਹੋਈਆਂ ਸਨ। ਜਿਥੇ ਮੈਂ ਬੜੇ ਚੰਗੇ ਦਿਨ ਮਾਣੇ ਸਨ। ਜਿਥੋਂ ਦੇ ਕਣ ਕਣ ਨਾਲ ਮੇਰੀ ਸਾਂਝ ਪੈ ਗਈ ਸੀ। ਜੀਅ ਕੀਤਾ ਉਥੋਂ ਦੀ ਮਿੱਟੀ ਨੂੰ ਚੁੰਮਾਂ। ਮੈਨੂੰ ਯਾਦ ਆਇਆ ਮੇਰਾ ਵਿਦਿਆਰਥੀ ਜਗਜੀਤ ਚੂਹੜਚੱਕ ਜਿਸ ਨੇ ਕਹਾਣੀਆਂ ਲਿਖੀਆਂ, ਫਿਲਮਾਂ `ਚ ਪਾਪੜ ਵੇਲੇ ਤੇ ਜਦੋਂ ਕੁੱਝ ਸੌਖਾ ਹੋਇਆ ਤਾਂ ਕੈਨੇਡਾ ਤੋਂ ਚੂਹੜਚੱਕ ਮੁੜਦਿਆਂ ਰਾਹ ਵਿੱਚ ਹੀ ਪ੍ਰਾਣ ਤਿਆਗ ਗਿਆ। ਜਗਜੀਤ ਦੇ ਨਾਲ ਸ਼ਮਸ਼ੇਰ ਸੰਧੂ ਵੀ ਢੁੱਡੀਕੇ ਆਉਂਦਾ। ਇੱਕ ਵਾਰ ਅਸੀਂ ਤਿੰਨਾਂ ਨੇ ਆਪਣੀਆਂ ਪੰਜ ਪੰਜ ਕਹਾਣੀਆਂ ਚੁਣ ਕੇ ਸਾਂਝੀ ਕਿਤਾਬ ਛਪਾਉਣ ਦੀ ਸਕੀਮ ਬਣਾਈ ਸੀ ਪਰ ਉਹ ਸਿਰੇ ਨਹੀਂ ਚੜ੍ਹੀ। ਮੈਂ ਢੁੱਡੀਕੇ ਦੀਆਂ ਯਾਦਾਂ ਵਿੱਚ ਖੋ ਗਿਆ ਸਾਂ ਤੇ ਭੁੱਲ ਗਿਆ ਸਾਂ ਕਿ ਅੱਗੇ ਮੁਕੰਦਪੁਰ ਵੀ ਜਾਣਾ ਹੈ।

Additional Info

  • Writings Type:: A single wirting
Read 3172 times
ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਦੋ ਦਰਜਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ `ਚ ਡੇਢ ਦਰਜਨ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹੈ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ। ਉਸ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ `ਚ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ। ਉਹ 1965-66 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹਾ ਹੈ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੋ ਗਈ ਹੈ। ਉਸ ਦੇ ਦੋ ਪੁੱਤਰ ਹਨ। ਇਕ ਕੈਨੇਡਾ ਵਿਚ ਹੈ ਤੇ ਇਕ ਪੰਜਾਬ ਵਿਚ। ਉਹ ਆਪਣੀ ਪਤਨੀ ਹਰਜੀਤ ਕੌਰ ਨਾਲ ਗਰਮੀਆਂ ਕੈਨੇਡਾ ਵਿਚ ਕੱਟਦਾ ਹੈ ਤੇ ਸਿਆਲ ਦਾ ਨਿੱਘ ਪੰਜਾਬ ਵਿਚ ਮਾਣਦਾ ਹੈ।