ਲੇਖ਼ਕ

Tuesday, 13 October 2009 19:20

26 - ਢੁੱਡੀਕੇ ਕਾਲਜ ਦੇ ਮੁੱਢਲੇ ਦਿਨ

Written by
Rate this item
(0 votes)

ਢੁੱਡੀਕੇ ਦੇ ਲਾਲਾ ਲਾਜਪਤ ਰਾਇ ਕਾਲਜ ਵਿੱਚ ਮੈਂ ਲਗਭਗ ਤੀਹ ਸਾਲ ਲਾਏ। ਉਥੋਂ ਹੀ ਮੇਰੇ ਨਾਂ ਨਾਲ ਢੁੱਡੀਕੇ ਜੁੜਿਆ। ਖੇਡ ਜਗਤ ਵਿੱਚ ਮੇਰੀ ਪਛਾਣ ਵਧੇਰੇ ਕਰਕੇ ਢੁੱਡੀਕੇ ਦੇ ਸਰਵਣ ਸਿੰਘ ਵਜੋਂ ਹੈ। ਇੱਕ ਵਾਰ ਸਾਡੇ ਪਿੰਡ ਚਕਰ ਦੇ ਟੂਰਨਾਮੈਂਟ ਉਤੇ ਹੀ ਇੱਕ ਕੁਮੈਂਟੇਟਰ ਕਹੀ ਜਾਵੇ, “ਹੁਣ ਢੁੱਡੀਕੇ ਦਾ ਸਰਵਣ ਸਿੰਘ ਆ ਗਿਐ, ਅਗਲੇ ਮੈਚ ਦੀ ਕੁਮੈਂਟਰੀ ਓਹੀ ਕਰੂਗਾ।” ਉਸ ਨੇ ਮੇਰੇ ਪਿੰਡ ਵਿੱਚ ਹੀ ਮੈਨੂੰ ਢੁੱਡੀਕੇ ਦਾ ਬਣਾ ਦਿੱਤਾ ਸੀ!

ਮੇਰੇ ਚੇਤੇ `ਚ ਢੁੱਡੀਕੇ ਦੇ ਕਾਲਜ ਦੀਆਂ ਅਨੇਕਾਂ ਯਾਦਾਂ ਸਮਾਈਆਂ ਹੋਈਆਂ ਹਨ ਜਿਨ੍ਹਾਂ `ਚੋ ਕੁੱਝ ਇਕਨਾਂ ਦਾ ਜ਼ਿਕਰ ਕਰਨਾ ਦਿਲਚਸਪ ਹੋਵੇਗਾ। ਪਹਿਲੇ ਸਾਲ ਕਾਲਜ ਵਿੱਚ 166 ਵਿਦਿਆਰਥੀ ਦਾਖਲ ਹੋਏ ਜਿਨ੍ਹਾਂ ਵਿੱਚ ਤੀਹ ਪੈਂਤੀ ਕੁੜੀਆਂ ਸਨ। ਸਾਡਾ ਦਸ ਜਣਿਆਂ ਦਾ ਸਟਾਫ਼ ਸੀ ਜੀਹਦੇ ਵਿੱਚ ਸਿਰਫ਼ ਇਕੋ ਮੈਡਮ ਸੀ। ਹੁਣ ਕਿਤੇ ਕਾਲਜ ਖੁੱਲ੍ਹੇ ਤਾਂ ਕੁੜੀਆਂ ਤੇ ਮੈਡਮਾਂ ਦੀ ਗਿਣਤੀ ਮੁੰਡਿਆਂ ਤੇ ਮਰਦ ਲੈਕਚਰਾਰਾਂ ਦੇ ਮੁਕਾਬਲੇ ਕਿਤੇ ਵੱਧ ਹੋਵੇਗੀ। ਚਾਲੀ ਸਾਲਾਂ `ਚ ਔਰਤਾਂ ਨੇ ਸਿੱਖਿਆ ਦੇ ਖੇਤਰ ਵਿੱਚ ਮਰਦਾਂ ਨੂੰ ਕਾਫੀ ਪਿੱਛੇ ਕਰ ਦਿੱਤਾ ਹੈ। ਕੁੜੀਆਂ, ਮੁੰਡਿਆਂ ਨਾਲੋਂ ਕਿਤੇ ਵੱਧ ਮੈਰਿਟ ਸੂਚੀ ਵਿੱਚ ਆ ਰਹੀਆਂ ਹਨ।

ਕਾਲਜ ਦੇ ਪਹਿਲੇ ਸਾਲ ਏਨੇ ਉਤਸ਼ਾਹ ਨਾਲ ਪੜ੍ਹਿਆ ਪੜ੍ਹਾਇਆ ਗਿਆ ਕਿ ਲਗਭਗ ਸਾਰੇ ਵਿਦਿਆਰਥੀ ਹੀ ਪਾਸ ਹੋ ਗਏ। ਗੁਆਂਢੀ ਕਾਲਜਾਂ ਦੇ ਵਿਦਿਆਰਥੀਆਂ ਨੂੰ ਲੱਗਾ ਕਿ ਢੁੱਡੀਕੇ ਨਕਲ ਚੱਲੀ ਹੋਊ। ਅਗਲੇ ਸਾਲ ਵਿਦਿਆਰਥੀਆਂ ਦੀ ਗਿਣਤੀ ਤਿੰਨ ਸੌ ਤੋਂ ਟੱਪ ਗਈ ਜਿਨ੍ਹਾਂ ਵਿੱਚ ਸੱਠ ਸੱਤਰ ਵਿਦਿਆਰਥੀ ਡੀ.ਐੱਮ.ਕਾਲਜ ਮੋਗੇ ਤੋਂ ਫੇਲ੍ਹ ਹੋਏ ਵੀ ਆ ਲੱਗੇ। ਉਨ੍ਹਾਂ `ਚ ਕਈ ਵਾਰ ਵਾਰ ਫੇਲ੍ਹ ਹੋਣ ਵਾਲੇ ਖ਼ਲੀਫ਼ੇ ਵੀ ਸਨ ਜਿਨ੍ਹਾਂ ਦੀ ਟੇਕ ਨਕਲ ਮਾਰਨ ਉਤੇ ਹੀ ਸੀ। ਕੁੱਝ ਸਿਆਸੀ ਪਾਰਟੀਆਂ ਦੇ ਕਾਰਕੁਨ ਵਿਦਿਆਰਥੀ ਬਣ ਕੇ ਦਾਖਲੇ ਲੈ ਗਏ। ਕਾਲਜ ਨਵਾਂ ਹੋਣ ਕਾਰਨ ਦਾਖਲੇ ਦੇ ਬੂਹੇ ਸਭਨਾਂ ਲਈ ਖੁੱਲ੍ਹੇ ਸਨ।

ਸੀ.ਪੀ.ਆਈ.ਨਾਲ ਸੰਬੰਧਿਤ ਸਟੂਡੈਂਟਸ ਫੈਡਰੇਸ਼ਨ ਪੰਜਾਬ ਦਾ ਪ੍ਰਧਾਨ ਬੰਤ ਸਿੰਘ ਮੋਗੇ ਤੋਂ ਢੁੱਡੀਕੇ ਆ ਗਿਆ ਤੇ ਉਸ ਨੇ ਕਾਲਜ ਵਿੱਚ ਫੈਡਰੇਸ਼ਨ ਦੀ ਇਕਾਈ ਖੜ੍ਹੀ ਕਰ ਲਈ। ਉਹਦੇ ਨਾਲ ਹੀ ਨਵਾਂ ਉੱਠ ਰਿਹਾ ਇਨਕਲਾਬੀ ਕਵੀ ਓਮ ਪ੍ਰਕਾਸ਼ ਕੁੱਸਾ ਵੀ ਸਾਡੇ ਕੋਲ ਪੜ੍ਹਨ ਆ ਲੱਗਾ। ਉਹਦਾ ਜੁੱਸਾ ਤਾਂ ਅਮਲੀਆਂ ਵਰਗਾ ਇਕਹਿਰਾ ਜਿਹਾ ਹੀ ਸੀ ਪਰ ਜਦੋਂ ਸਟੇਜ `ਤੇ ਕਵਿਤਾ ਪੜ੍ਹਦਾ ਤਾਂ ਹੇਠਲੀ ਉਤੇ ਲਿਆ ਦਿੰਦਾ। ਚੱਕ ਦਿਆਂਗੇ ਫੂਕ ਦਿਆਂਗੇ ਤੋਂ ਘੱਟ ਗੱਲ ਨਹੀਂ ਸੀ ਕਰਦਾ। ਪ੍ਰਿੰਸੀਪਲ ਰਾਮਾਚੰਦਰਨ ਨੂੰ ਕਵਿਤਾ ਦੀ ਤਾਂ ਸਮਝ ਨਹੀਂ ਸੀ ਆਉਂਦੀ ਪਰ ਉਹਦੀ ਅਦਾਇਗੀ ਦੀ ਉਹ ਭਰਵੀਂ ਦਾਦ ਦਿੰਦਾ। ਉਸ ਦੀ ਪ੍ਰੀ ਇੰਜਨੀਅਰਿੰਗ ਵਿੱਚ ਪੜ੍ਹਦੀ ਲੜਕੀ ਉਹਦੀ ਕਵਿਤਾ `ਤੇ ਤਾੜੀਆਂ ਵਜਾਉਂਦੀ। ਬਾਅਦ ਵਿੱਚ ਓਮ ਪ੍ਰਕਾਸ਼ ਨੇ ‘ਇਕ ਲੱਪ ਚਿਣਗਾਂ ਦੀ’ ਕਾਵਿ ਸੰਗ੍ਰਹਿ ਛਪਵਾਇਆ ਤੇ ਜੁਆਨ ਅਵੱਸਥਾ ਵਿੱਚ ਚੱਲ ਵਸਿਆ। ਪਹਿਲਾਂ ਉਹ ਬੰਤ ਸਿੰਘ ਦੇ ਗਰੁੱਪ ਵਿੱਚ ਹੁੰਦਾ ਸੀ। ਫਿਰ ਨਕਸਲਬਾੜੀਆਂ ਵੱਲ ਨੂੰ ਉਲਰ ਗਿਆ। ਬੰਤ ਸਿੰਘ ਜਦੋਂ ਭਾਰਤ-ਸੋਵੀਅਤ ਮਿੱਤਰਤਾ ਸੁਸਾਇਟੀ ਸਦਕਾ ਰੂਸ ਦੀ ਸਦਭਾਵਨਾ ਫੇਰੀ `ਤੇ ਗਿਆ ਤਾਂ ਉਸ ਨੇ ਬੰਤ ਬਾਰੇ ਕਵਿਤਾ ਲਿਖੀ-ਹੁਣ ਤੂੰ ਬੰਤ ਨਹੀਂ ਬੰਤੋਵ ਲੱਗਦਾ ਏਂ!

ਬੰਤ ਸਿੰਘ ਦੇ ਮੁਕਾਬਲੇ ਢੁੱਡੀਕੇ ਦੇ ਸਰਪੰਚ ਰਾਮ ਸਿੰਘ ਦੇ ਲੜਕੇ ਭੂਪਿੰਦਰ ਸਿੰਘ ‘ਬੱਗੂ’ ਨੇ ਪ੍ਰਿਥੀਪਾਲ ਸਿੰਘ ਰੰਧਾਵੇ ਵਾਲੀ ਪੰਜਾਬ ਸਟੂਡੈਂਟਸ ਯੂਨੀਅਨ ਦਾ ਗਰੁੱਪ ਖੜ੍ਹਾ ਕਰ ਲਿਆ। ਉਹ ਪੰਜਾਬ ਸਟੂਡੈਂਟਸ ਯੂਨੀਅਨ ਦਾ ਸਕੱਤਰ ਬਣ ਗਿਆ। ਢੁੱਡੀਕੇ ਦੇ ਕਾਲਜ ਵਿੱਚ ਸਟੂਡੈਂਟਸ ਯੂਨੀਅਨ ਤੇ ਫੈਡਰੇਸ਼ਨ ਦੇ ਧੜੇ ਲਗਭਗ ਬਰਾਬਰ ਸਨ ਤੇ ਦੋਹਾਂ ਦੇ ਵਿਦਿਆਰਥੀ ਲੀਡਰ ਵੀ ਪੰਜਾਬ ਪੱਧਰ ਦੇ ਸਨ। ਕਹਾਣੀਕਾਰ ਗੁਰਪਾਲ ਸਿੰਘ ਲਿੱਟ, ਫਿਲਮਾਂ ਵਾਲਾ ਜਗਜੀਤ ਚੂਹੜਚੱਕ, ਓਨਟਾਰੀਓ ਪ੍ਰਾਵਿੰਸ ਪਾਰਲੀਮੈਂਟ ਦਾ ਮੈਂਬਰ ਰਮਿੰਦਰ ਸਿੰਘ ਗਿੱਲ, ਗਵਾਲੀਅਰ ਵਾਲਾ ਡਾ.ਤੇਜਿੰਦਰ ਸਿੰਘ ਬਰਾੜ, ਕੈਨੇਡਾ ਦਾ ਪਾਰਲੀਮੈਂਟ ਮੈਂਬਰ ਗੁਰਬਖ਼ਸ਼ ਸਿੰਘ ਮੱਲ੍ਹੀ, ਲੋਕ ਸੰਪਰਕ ਵਾਲਾ ਇੰਦਰਜੀਤ ਸਿੰਘ ਦੌਧਰ, ਐਡਵੋਕੇਟ ਸੁਖਦੇਵ ਸਿੰਘ ਗਿੱਲ, ਡਾ.ਜੋਗਿੰਦਰ ਸਿੰਘ ਨਹਿਰੂ, ਡਾ.ਸੁਖਦੇਵ ਸਿੰਘ ਸਿਰਸਾ ਤੇ ਕੈਨੇਡਾ `ਚ ਰੇਡੀਓ ਟੀ.ਵੀ.ਦਾ ਹੋਸਟ ਹਰਜਿੰਦਰ ਸਿੰਘ ਥਿੰਦ ਸਭ ਢੁੱਡੀਕੇ ਕਾਲਜ ਦੇ ਵਿਦਿਆਰਥੀ ਰਹੇ। ਹੋਰ ਵੀ ਕਈ ਵਿਦਿਆਰਥੀ ਵੱਖ ਵੱਖ ਖੇਤਰਾਂ `ਚ ਚੰਗਾ ਚਮਕੇ। ਖਿਡਾਰੀ ਕੁੱਝ ਜ਼ਿਆਦਾ ਹੀ ਚਮਕੇ।

ਕਾਲਜ ਦਾ ਪਹਿਲਾ ਸਾਲ ਤਾਂ ਚੁੱਪ ਚੁਪੀਤੇ ਲੰਘ ਗਿਆ ਸੀ ਪਰ ਦੂਜਾ ਸਾਲ ਰੌਲੇ ਗੌਲੇ ਵਾਲਾ ਬਣ ਗਿਆ। ਹਰ ਹਫ਼ਤੇ ਰੈਲੀਆਂ, ਹਰ ਮਹੀਨੇ ਹੜਤਾਲਾਂ ਤੇ ਰੋਜ਼ ਦੀ ਜ਼ਿੰਦਾਬਾਦ ਮੁਰਦਾਬਾਦ ਹੋਣ ਲੱਗ ਪਈ। ਪੜ੍ਹਾਈ ਦਾ ਮਾਹੌਲ ਖਰਾਬ ਹੋ ਗਿਆ ਤੇ ਢੁੱਡੀਕੇ ਕਾਲਜ ਖੱਬੇ ਪੱਖੀ ਲਹਿਰਾਂ ਦੇ ਵਿਦਿਆਰਥੀਆਂ ਦਾ ਗੜ੍ਹ ਬਣ ਗਿਆ। ਉਹਨੀਂ ਦਿਨੀਂ ਮਾਓ ਦੀ ਲਾਲ ਕਿਤਾਬ ਦੇਸੀ ਪਿਸਤੌਲ ਵਾਂਗ ਲੁਕੋਅ ਛਪੋਅ ਕੇ ਇੱਕ ਦੂਜੇ ਨੂੰ ਦਿੱਤੀ ਜਾਂਦੀ ਸੀ। ਲੈਨਿਨ ਸਟਾਲਿਨ ਦੇ ਨਾਂ ਮੁੰਡਿਆਂ ਦੇ ਮੂੰਹ ਚੜ੍ਹ ਚੁੱਕੇ ਸਨ ਤੇ ਜਣਾ ਖਣਾ ਇਨਕਲਾਬ ਲਿਆਉਣ ਲਈ ਪੱਬਾਂ ਭਾਰ ਸੀ।

ਲੈਰੀ ਉਮਰ ਦੇ ਮੁੰਡਿਆਂ ਨੂੰ ਆਪੋ ਆਪਣੇ ਧੜੇ ਨਾਲ ਜੋੜਨ ਲਈ ਤੱਤੇ ਨਾਅ੍ਹਰੇ ਲੱਗਦੇ ਤੇ ਜੋੜ ਤੋੜ ਹੁੰਦੇ। ਕਾਲਜ ਦੀਆਂ ਕੰਧਾਂ ਗਰਮ ਨਾਅ੍ਹਰਿਆਂ ਨਾਲ ਰੰਗੀਆਂ ਜਾਣ ਲੱਗੀਆਂ। ਇੱਕ ਨਾਅ੍ਹਰਾ ਬੜਾ ਮਕਬੂਲ ਹੋਇਆ-ਜਿਥੇ ਲਹੂ ਲੋਕਾਂ ਦਾ ਡੁੱਲੂ ਓਥੇ ਲਾਲ ਹਨ੍ਹੇਰੀ ਝੁਲੂ। ਕਿਤੇ ‘ਦੁਨੀਆ ਭਰ ਦੇ ਕਿਰਤੀਓ ਇੱਕ ਹੋ ਜਾਓ’ ਲਿਖਿਆ ਹੁੰਦਾ ਤੇ ਕਿਤੇ ‘ਜਮਾਤੀ ਦੁਸ਼ਮਣਾਂ ਦਾ ਸਫਾਇਆ’ ਕਰਨ ਦੀਆਂ ਧਮਕੀਆਂ ਲਿਖੀਆਂ ਹੁੰਦੀਆਂ। ਖੱਬੇ ਪੱਖੀ ਧੜੇ ਇੱਕ ਦੂਜੇ ਦੇ ਨਾਅ੍ਹਰਿਆਂ ਦਾ ਸਫਾਇਆ ਕਰ ਕੇ ਆਪੋ ਆਪਣੀ ‘ਜਮਾਤ’ ਦੇ ਨਾਅ੍ਹਰੇ ਹੋਰ ਵੀ ਪੱਕੀ ਸਿਆਹੀ ਨਾਲ ਲਿਖਦੇ ਤੇ ਆਪੋ ਆਪਣਾ ਇਨਕਲਾਬ ਲਿਆਈ ਜਾਂਦੇ। ਕਈ ਕੂਚੀ ਫੇਰ ਕੇ ਤੇ ਕੂਚੀ ਨੂੰ ਹੀ ਬੰਦੂਕ ਬਣਾਈ ਲਿਖੀ ਜਾਂਦੇ-ਇਨਕਲਾਬ ਬੰਦੂਕ ਦੀ ਨਾਲੀ `ਚੋਂ ਨਿਕਲਦੈ। ਮੇਰਾ ਨਹੀਂ ਖ਼ਿਆਲ ਕਿ ਫਿਰਨੀ ਉਤਲੀ ਕੋਈ ਕੰਧ ਕੋਈ ਨਾਅ੍ਹਰਾ ਲਿਖੇ ਜਾਣੋ ਬਚੀ ਹੋਵੇ। ਲੋਕ ਸੱਥਾਂ `ਚ ਗੱਲਾਂ ਕਰਦੇ, “ਆਹ ਕਾਲਜ ਖੋਲ੍ਹ ਕੇ ਨਵਾਂ ਈ ਸਿਆਪਾ ਗਲ ਪਾ ਲਿਐ! ਇਹ ਕਿਧਰਲੀ ਪੜ੍ਹਾਈ ਹੋਈ ਬਈ?”

ਇਕ ਦਿਨ ਉਹੀ ਮੁੰਡਾ ਮੇਰੇ ਕੋਲ ਆਇਆ ਜੀਹਨੇ ਜਮਾਤ `ਚ ਬੈਠਿਆਂ ਜ਼ਰਦੇ ਦੀ ਚੂੰਢੀ ਲਾ ਲਈ ਸੀ। ਮੈਂ ਕਿਤਾਬ `ਚੋਂ ਕਹਾਣੀ ਪੜ੍ਹਾਉਂਦਿਆਂ ਕਿਤੇ ਬਲਵੰਤ ਗਾਰਗੀ ਦੀ ਸੁਣਾਈ ਕਹਾਣੀ ਸੁਣਾਉਣ ਲੱਗ ਪਿਆ ਜੋ ਗਾਰਗੀ ਨੇ ਸਾਨੂੰ ਦਿੱਲੀ ਦੇ ਕਾਫੀ ਹਾਊਸ `ਚ ਸੁਣਾਈ ਸੀ। ਅਖੇ ਇੱਕ ਬੁੜ੍ਹੀ ਨੈਣ ਹੁੰਦੀ ਸੀ ਜਿਹੜੀ ਕਿਸੇ ਦੀ ਮੌਤ ਉਤੇ ਏਨੇ ਰੁਦਨਮਈ ਵੈਣ ਪਾਉਂਦੀ ਸੀ ਕਿ ਬੰਦੇ ਬੁੜ੍ਹੀਆਂ ਤਾਂ ਕੀ ਉਹ ਕੰਧਾਂ ਕੋਠੇ ਵੀ ਰੁਆ ਦਿੰਦੀ ਸੀ। ਇੱਕ ਦਿਨ ਉਹਦਾ ਆਪ ਦਾ ਪੁੱਤ ਮਰ ਗਿਆ …।

ਗਾਰਗੀ ਦੀ ਕਹਾਣੀ ਤਾਂ ਮੈਂ ਪੂਰੀ ਸੁਣਾਉਣੀ ਸੀ ਪਰ ਮੈਨੂੰ ਪਿਛਲੇ ਬੈਂਚ `ਤੇ ਬੈਠਾ ਇੱਕ ਮੁੰਡਾ ਜ਼ਰਦਾ ਲਾਉਂਦਾ ਦਿਸ ਪਿਆ। ਉਹ ਬੱਧਨੀ ਰਾਊਕੇ ਵੱਲ ਦਾ ਸੀ। ਉਹਨਾਂ ਪਿੰਡਾਂ `ਚ ਜ਼ਰਦਾ ਲਾਉਣ ਨੂੰ ਬੀੜਾ ਲਾਉਣਾ ਜਾਂ ਲੈਂਟਰ ਲਾਉਣਾ ਕਹਿੰਦੇ ਸਨ। ਵਿਦਿਆਰਥੀ ਦੀ ਇਸ ਹਰਕਤ ਨੂੰ ਵੇਖਦਿਆਂ ਮੈਂ ਗਾਰਗੀ ਦੀ ਕਹਾਣੀ ਵਿਚੇ ਛੱਡ ਦਿੱਤੀ ਤੇ ਉਸ ਨੂੰ ਉੱਠਣ ਲਈ ਕਿਹਾ। ਉਹ ਬੁੱਲ੍ਹਾਂ ਉਤੇ ਜੀਭ ਫੇਰਦਾ ਉੱਠ ਖੜ੍ਹਾ ਹੋਇਆ। ਮੈਂ ਪੁੱਛਿਆ, “ਤੂੰ ਮੂੰਹ ਵਿੱਚ ਕੀ ਪਾਇਐ?” ਉਸ ਨੇ ਫਿਰ ਬੁੱਲ੍ਹਾਂ `ਤੇ ਜੀਭ ਫੇਰੀ ਤੇ ਕਿਹਾ, “ਕੁਛ ਵੀ ਨਹੀਂ ਜੀ।” ਮੈਂ ਪੁੱਛਿਆ, “ਜੋ ਕੁੱਝ ਮੈਂ ਦੱਸ ਰਿਹਾ ਸੀ, ਤੂੰ ਸੁਣਿਆ ਸੀ?” ਉਸ ਨੇ ਫਿਰ ਬੁੱਲ੍ਹਾਂ `ਤੇ ਜੀਭ ਫੇਰੀ, “ਪੂਰੇ ਧਿਆਨ ਨਾਲ ਸੁਣਿਆ ਜੀ।” ਮੈਂ ਕਿਹਾ, “ਦੱਸ ਫੇਰ ਮੈਂ ਕੀ ਦੱਸ ਰਿਹਾ ਸੀ?”

ਉਸ ਨੇ ਬੁੱਲ੍ਹਾਂ `ਤੇ ਜੀਭ ਫੇਰ ਕੇ ਫਿਰ ਜ਼ਰਦਾ ਟਿਕਾਣੇ ਸਿਰ ਕੀਤਾ ਤੇ ਬਣਾ ਸੰਵਾਰ ਕੇ ਕਹਿਣ ਲੱਗਾ, “ਤੁਸੀਂ ਦੱਸਦੇ ਸੀ ਬਈ ਇੱਕ ਬੁੜ੍ਹੀ ਹੁੰਦੀ ਸੀ ਜਿਹੜੀ ਬੰਦੇ ਬੁੜ੍ਹੀਆਂ ਤਾਂ ਕੀ, ਕੰਧਾਂ ਕੋਠੇ ਵੀ ਟੱਪ ਜਾਂਦੀ ਸੀ!”

ਉਸ ਦੇ ਇਸ ਲਾਜਵਾਬ ਜੁਆਬ ਨਾਲ ਮੈਂ ਉਸ ਦਾ ਵਧੇਰੇ ਧਿਆਨ ਰੱਖਣ ਲੱਗ ਪਿਆ ਬਈ ਮੁੰਡੇ `ਚ ਕੋਈ ਗੱਲ ਹੈ। ਦੂਜੇ ਚੌਥੇ ਦਿਨ ਮੈਂ ਉਹਦਾ ਹਾਲ ਚਾਲ ਪੁੱਛਦਾ। ਉਹ ਦੱਸਦਾ ਕਿ ਹੁਣ ਉਹ ਜ਼ਰਦਾ ਨਹੀਂ ਲਾਉਂਦਾ। ਫਿਰ ਉਹ ਆਪਣੀਆਂ ਇਨਕਲਾਬੀ ਸਰਗਰਮੀਆਂ ਦੱਸਣ ਲੱਗ ਪਿਆ। ਉਹ ਦੱਸਿਆ ਕਰੇ ਕਿ ਅਸੀਂ ਰਾਤਾਂ ਨੂੰ ‘ਸਕੂਲ’ ਲਾਉਨੇ ਹੁੰਨੇ ਆਂ। ਮੇਰੀ ਵੀ ਰਾਤਾਂ ਦੇ ਸਕੂਲ ਲਾਉਣ ਵਾਲੀ ਲਹਿਰ ਨਾਲ ਮਾੜੀ ਮੋਟੀ ਹਮਦਰਦੀ ਸੀ। ਇੱਕ ਦਿਨ ਉਸ ਨੇ ਮੈਨੂੰ ਭੇਤ ਭਰੀ ਗੱਲ ਦੱਸੀ। ਉਹ ਬੁੱਲ੍ਹਾਂ `ਤੇ ਜੀਭ ਫੇਰ ਕੇ ਦੱਸਣ ਲੱਗਾ, “ਸਾਡੀ ਪਾਰਟੀ ਨੇ ਲਿਸਟਾਂ ਬਣਾ ਲਈਆਂ ਬਈ ਕੀਹਨੂੰ ਕੀਹਨੂੰ ਗੱਡੀ ਚੜ੍ਹਾਉਣਾ ਤੇ ਕੀਹਨੂੰ ਕੀਹਨੂੰ ਕਿਥੇ ਲਾਉਣੈ? ਜਮਾਤੀ ਦੁਸ਼ਮਣਾਂ ਦਾ ਸਫਾਇਆ ਸਮਝੋ। ਜਿਨ੍ਹਾਂ ਨੂੰ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਲਾਉਣਾ ਉਹਨਾਂ ਦੀਆਂ ਲਿਸਟਾਂ ਵੀ ਤਿਆਰ ਆ। ਬੱਸ ਮੱਕੀਆਂ ਵੱਡੀਆਂ ਹੋਣ ਦੀ ਦੇਰ ਐ। ਜਦੋਂ ਮੱਕੀਆਂ ਲੁਕਣ ਜੋਗੀਆਂ ਹੋ-ਗੀਆਂ ਓਦੋਂ ਈ ਐਕਸ਼ਨ ਕਰ ਕੇ ਮੱਕੀਆਂ `ਚ ਲੁਕ ਜਾਣਾ!” ਗੱਲ ਦੱਸ ਕੇ ਉਹਨੇ ਫਿਰ ਬੁੱਲ੍ਹਾਂ `ਤੇ ਜੀਭ ਫੇਰੀ ਤੇ ਕਹਿਣ ਲੱਗਾ, “ਇਹ ਗੱਲ `ਗਾਂਹ ਨਾ ਕਿਸੇ ਨੂੰ ਦੱਸਿਓ।”

ਏਨੀ ਭੇਤਭਰੀ ਗੱਲ ਮੈਂ ਢਿੱਡ `ਚ ਮਸਾਂ ਹਜ਼ਮ ਕੀਤੀ। ਮੱਕੀਆਂ ਵੱਡੀਆਂ ਵੀ ਹੋ ਗਈਆਂ ਤੇ ਵੱਢੀਆਂ ਵੀ ਗਈਆਂ। ਪਰ ਹੋਇਆ ਕੁਛ ਨਾ। ਮੈਨੂੰ ਪਤਾ ਲੱਗ ਗਿਆ ਕਿ ਰਾਤਾਂ ਨੂੰ ਕਿਹੋ ਜਿਹੇ ‘ਸਕੂਲ’ ਲੱਗਦੇ ਹਨ? ਏਧਰ ਵਿਦਿਆਰਥੀ ਇਨਕਲਾਬ ਲਿਆਉਣ ਲੱਗੇ ਹੋਏ ਸਨ ਤੇ ਓਧਰ ਪ੍ਰਿੰਸੀਪਲ ਰਾਮਚੰਦਰਨ ਨੂੰ ਕੱਢਣ ਦਾ ਰੱਫੜ ਪੈ ਗਿਆ। ਉਹ ਰਾਸ਼ਟਰਪਤੀ ਡਾ.ਰਾਧਾਕ੍ਰਿਸ਼ਨਨ ਦੇ ਨੇੜਿਓਂ ਸੀ ਤੇ ਕੈਮਿਸਟਰੀ ਦਾ ਐੱਮ.ਐੱਸ ਸੀ.ਸੀ। ਪਹਿਲਾਂ ਉਹ ਕਿਸੇ ਹੋਰ ਕਾਲਜ ਦਾ ਪ੍ਰਿੰਸੀਪਲ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ `ਚ ਅਸਿਸਟੈਂਟ ਰਜਿਸਟਰਾਰ ਰਿਹਾ ਸੀ। ਅਸਲ ਵਿੱਚ ਉਹ ਕਿਤੇ ਵੀ ਟਿਕ ਕੇ ਰਹਿਣ ਵਾਲਾ ਨਹੀਂ ਸੀ ਤੇ ਚਾਰ ਪੰਜ ਥਾਂ ਬਦਲ ਚੁੱਕਾ ਸੀ। ਉਸ ਨੂੰ ਲਾਲਾ ਲਾਜਪਤ ਰਾਏ ਦੇ ਨਾਂ ਉਤੇ ਬਣੇ ਕਾਲਜ ਦਾ ਪ੍ਰਿੰਸੀਪਲ ਤਾਂ ਲਾ ਲਿਆ ਗਿਆ ਸੀ ਪਰ ਉਹ ਪੰਜਾਬ ਦੇ ਪੇਂਡੂ ਕਾਲਜ ਦੇ ਫਿੱਟ ਨਹੀਂ ਸੀ। ਜਦੋਂ ਉਹ ਵਿਦਿਆਰਥੀਆਂ ਨੂੰ ਭਾਸ਼ਨ ਦਿੰਦਾ ਤਾਂ ਅੰਗਰੇਜ਼ੀ ਬੋਲਦਾ ਕਹਿੰਦਾ ਕਿ ਮੈਂ ਉਸ ਭਾਸ਼ਾ `ਚ ਬੋਲ ਰਿਹਾਂ ਜੋ ਨਾ ਤੁਹਾਡੀ ਹੈ ਤੇ ਨਾ ਮੇਰੀ ਹੈ। ਉਸ ਨੂੰ ਬਹੁਤੇ ਵਿਦਿਆਰਥੀ ਸਮਝ ਨਾ ਸਕਦੇ ਤੇ ਰੌਲਾ ਪਾਉਂਦੇ ਰਹਿੰਦੇ।

ਇਹ ਉਹ ਦਿਨ ਸਨ ਜਦੋਂ ਚੂਹੜਚੱਕ ਦਾ ਲਛਮਣ ਸਿੰਘ ਗਿੱਲ ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ ਨੂੰ ਪਲਟੀ ਮਾਰ ਕੇ ਕਾਂਗਰਸ ਦੀ ਮਦਦ ਨਾਲ ਪੰਜਾਬ ਦਾ ਮੁੱਖ ਮੰਤਰੀ ਬਣਿਆ ਸੀ। ਉਸ ਨੇ ਪੰਜਾਬੀ ਨੂੰ ਰਾਜ ਭਾਸ਼ਾ ਬਣਾਇਆ ਤੇ ਜ਼ੋਰ ਨਾਲ ਸਰਕਾਰੇ ਦਰਬਾਰੇ ਪੰਜਾਬੀ ਲਾਗੂ ਕੀਤੀ। ਦਿਨਾਂ ਵਿੱਚ ਹੀ ਅਫਸਰ ਪੰਜਾਬੀ ਵਿੱਚ ਕੰਮ ਕਰਨ ਲੱਗ ਪਏ। ਲੋਕਾਂ ਨੇ ਆਪਣੇ ਵਾਹਣਾਂ ਉਤੇ ਵੀ ਰਜਿਸਟ੍ਰੇਸ਼ਨ ਨੰਬਰ ਪੰਜਾਬੀ ਵਿੱਚ ਲਿਖਣੇ ਸ਼ੁਰੂ ਕਰ ਲਏ। ਦੁਕਾਨਾਂ ਦੇ ਬੋਰਡ ਵੀ ਪੰਜਾਬੀ ਵਿੱਚ ਲਿਖੇ ਦਿਸਣ ਲੱਗੇ। ਸਰਕਾਰ ਨਾਲ ਸਾਰਾ ਚਿੱਠੀ ਪੱਤਰ ਪੰਜਾਬੀ ਵਿੱਚ ਹੋਣ ਲੱਗਾ। ਰਾਮਾਚੰਦਰਨ ਨੂੰ ਤਾਂ ਪੰਜਾਬੀ ਦੀ ਪੈਂਤੀ ਵੀ ਨਹੀਂ ਸੀ ਆਉਂਦੀ। ਉਹ ਅਕਸਰ ਮੈਥੋਂ ਚਿੱਠੀ ਪੱਤਰ ਲਿਖਵਾਉਂਦਾ ਤੇ ਆਖਦਾ, “ਲੋ ਭਈ ਸਰਵਣ ਸਿੰਘ ਮੈਂ ਤੋ ਪੰਜਾਬ ਮੇਂ ਅਨਪੜ੍ਹ ਹੋ ਗਿਆ ਹੂੰ।”

ਕਾਲਜ ਦੀ ਪ੍ਰਬੰਧਕ ਕਮੇਟੀ ਨੂੂੰ ਪ੍ਰਿੰਸੀਪਲ ਕਾਲਜ ਉਤੇ ਬੋਝ ਮਹਿਸੂਸ ਹੋਣ ਲੱਗ ਪਿਆ। ਬੰਦਾ ਉਹ ਸੂਝਵਾਨ ਸੀ ਪਰ ਪੰਜਾਬ ਦੇ ਪਿੰਡ ਵਿੱਚ ਸਿਧਰਾ ਸਾਬਤ ਹੋ ਰਿਹਾ ਸੀ। ਇੱਕ ਦਿਨ ਮੈਨੂੰ ਕਹਿਣ ਲੱਗਾ, “ਮੈਂ ਤੋ ਭਈ ਪੰਜਾਬ ਮੇਂ ਖ਼ੂਬ ਦੂਧ ਪੀਨੇ ਆਇਆ ਹੂੰ। ਕਿਸੀ ਅੱਛੀ ਬ੍ਹੈਂਸ ਕੇ ਦੂਧ ਕਾ ਪ੍ਰਬੰਧ ਕਰੋ।” ਮੈਂ ਉਸ ਦੀ ਰਹਾਇਸ਼ ਦੇ ਨੇੜੇ ਹੀ ਇੱਕ ਕਿਸਾਨ ਦੇ ਘਰੋਂ ਦੁੱਧ ਲੁਆਉਣ ਦੀ ਗੱਲ ਕਰ ਲਈ। ਫਿਰ ਉਹ ਕਹਿਣ ਲੱਗਾ, “ਮੈਂ ਵੋਹ ਬ੍ਹੈਂਸ ਦੇਖਣਾ ਚਾਹਤਾ ਹੂੰ ਜਿਸ ਕਾ ਦੂਧ ਮੁਝੇ ਪਿਲਾਨਾ ਹੈ।”

ਮੈਂ ਜਿਨ੍ਹਾਂ ਦੇ ਘਰੋਂ ਦੁੱਧ ਲੁਆਉਣਾ ਸੀ ਮਦਰਾਸੀ ਪ੍ਰਿੰਸੀਪਲ ਨੂੰ ਉਨ੍ਹਾਂ ਦੇ ਘਰ ਲੈ ਗਿਆ। ਮੱਝਾਂ ਖੁਰਲੀ `ਤੇ ਖੜ੍ਹੀਆਂ ਸਨ। ਘਰ ਦੇ ਬਜ਼ੁਰਗ ਨੇ ਕੋਲ ਆ ਕੇ ਫਤਿਹ ਬੁਲਾਈ। ਪ੍ਰਿੰਸੀਪਲ ਪੁੱਛਣ ਲੱਗਾ, “ਸਰਦਾਰ ਜੀ, ਇਨ ਮੇਂ ਕੌਣ ਸੀ ਬ੍ਹੈਂਸ ਹੈ ਜਿਸ ਕਾ ਦੂਧ ਮੁਝੇ ਪਿਲਾਨਾ ਹੈ?” ਮੈਂ ਬਜ਼ੁਰਗ ਨੂੰ ਸਮਝਾ ਦਿੱਤਾ ਤੇ ਉਸ ਨੇ ਇੱਕ ਮੱਝ ਨੂੰ ਥਾਪੀ ਦੇ ਕੇ ਕਿਹਾ, “ਐਸ ਮਹਿੰ ਦਾ।” ਰਾਮਾਚੰਦਰਨ ਨੇ ਉਸ ਮੱਝ ਨੂੰ ਹੇਠੋਂ ਉਤੋਂ ਤੇ ਆਸਿਓਂ ਪਾਸਿਓਂ ਇਓਂ ਵੇਖਿਆ ਜਿਵੇਂ ਮੱਝਾਂ ਦੇ ਵਪਾਰੀ ਵੇਖਦੇ ਹਨ। ਵੇਖ ਵੂਖ ਕੇ ਪੁੱਛਣ ਲੱਗਾ, “ਸਰਦਾਰ ਜੀ, ਯੇਹ ਬ੍ਹੈਂਸ ਕਿਤਨੀ ਬਾਰ ਬਿਆਈ ਹੂਈ ਹੈ?” ਬਾਬੇ ਨੇ ਬਿਆਈ ਨੂੰ ਵਿਆਹੀ ਸਮਝ ਲਿਆ ਤੇ ਹੱਸਣ ਲੱਗਾ। ਹਾਸਾ ਮੈਨੂੰ ਵੀ ਆ ਗਿਆ ਪਰ ਪ੍ਰਿੰਸੀਪਲ ਬਿਟ ਬਿਟ ਵੇਖੀ ਜਾਵੇ। ਮੈਂ ਬਾਬੇ ਨੂੰ ਕਿਹਾ, “ਇਹ ਵਿਆਹ ਨਹੀਂ ਸੂਆ ਪੁੱਛਦੇ ਐ!”

ਕਾਲਜ ਦੀ ਪ੍ਰਬੰਧਕ ਕਮੇਟੀ ਨੇ ਇੱਕ ਦਿਨ ਫੈਸਲਾ ਲੈ ਲਿਆ ਕਿ ਐੱਲ.ਰਾਮਾਚੰਦਰਨ ਨੂੰ ਨੌਕਰੀ ਤੋਂ ਹਟਾ ਦਿੱਤਾ ਜਾਵੇ ਤੇ ਨਵਾਂ ਪ੍ਰਿੰਸੀਪਲ ਰੱਖਿਆ ਜਾਵੇ। ਸਿਆਲ ਦੇ ਦਿਨ ਸਨ। ਮੈਂ ਆਪਣੇ ਪਿੰਡੋਂ ਕਾਲਜ ਪੁੱਜਾ ਤਾਂ ਕਮੇਟੀ ਦੇ ਮੈਂਬਰ ਦਫਤਰ ਵਿੱਚ ਬੈਠੇ ਮੈਨੂੰ ਉਡੀਕ ਰਹੇ ਸਨ। ਮੈਂ ਸਭ ਤੋਂ ਸੀਨੀਅਰ ਲੈਕਚਰਾਰ ਸਾਂ ਇਸ ਲਈ ਮੈਨੂੰ ਕਾਰਜਕਾਰੀ ਪ੍ਰਿੰਸੀਪਲ ਵਜੋਂ ਕੁਰਸੀ `ਤੇ ਬਿਠਾ ਦਿੱਤਾ ਗਿਆ। ਪ੍ਰਿੰਸੀਪਲ ਰਾਮਾਚੰਦਰਨ ਮੋਗੇ ਚਲਾ ਗਿਆ ਤੇ ਅਗਲੇ ਦਿਨ ਅਦਾਲਤ ਤੋਂ ਸਟੇਅ ਆਰਡਰ ਲੈ ਆਇਆ। ਉਹਦੇ ਆਉਂਦੇ ਨੂੰ ਮੈਂ ਕੁਰਸੀ `ਤੇ ਬੈਠਾ ਸਾਂ। ਉਹ ਮੇਰੇ ਸਾਹਮਣੇ ਆ ਕੇ ਬਹਿ ਗਿਆ ਜਿਥੇ ਦੋ ਦਿਨ ਪਹਿਲਾਂ ਮੈਂ ਬੈਠਿਆ ਕਰਦਾ ਸਾਂ। ਉਸ ਨੇ ਮੈਨੂੰ ਅਦਾਲਤੀ ਹੁਕਮ ਵਿਖਾਇਆ ਤੇ ਆਖਿਆ ਕਿ ਉਹ ਅਜੇ ਵੀ ਪ੍ਰਿੰਸੀਪਲ ਹੈ। ਉਂਜ ਸਟੇਅ ਆਰਡਰ ਦੇ ਦੂਹਰੇ ਅਰਥ ਨਿਕਲਦੇ ਸਨ। ਮੇਰਾ ਉਸ ਨਾਲ ਕੋਈ ਰੌਲਾ ਨਹੀਂ ਸੀ। ਮੈਂ ਕੁਰਸੀ ਛੱਡ ਦਿੱਤੀ ਤੇ ਉਹ ਕੁਰਸੀ `ਤੇ ਬਹਿ ਗਿਆ।

ਦਫਤਰ ਦੇ ਬਾਹਰ ਮੁੰਡਿਆਂ ਦੀ ਭੀੜ ਜੁੜ ਗਈ ਸੀ। ਉਨ੍ਹਾਂ ਦੇ ਦੋ ਗਰੁੱਪ ਸਨ। ਫੈਡਰੇਸ਼ਨ ਵਾਲੇ ਰਾਮਾਚੰਦਰਨ ਦੇ ਹੱਕ ਵਿੱਚ ਨਾਅ੍ਹਰੇ ਲਾਈ ਜਾਣ ਤੇ ਯੂਨੀਅਨ ਵਾਲੇ ਉਹਨਾਂ ਦੇ ਉਲਟ ਬੋਲੀ ਜਾਣ। ਮੈਂ ਸਾਰੀ ਖ਼ਬਰਸਾਰ ਕਮੇਟੀ ਮੈਂਬਰਾਂ ਤਕ ਪੁਚਾ ਦਿੱਤੀ। ਪਿੰਡ ਵਿਚੋਂ ਸਰਪੰਚ ਰਾਮ ਸਿੰਘ, ਜਸਵੰਤ ਸਿੰਘ ਕੰਵਲ, ਸੱਤਪਾਲ ਗਰੋਵਰ ਤੇ ਕੁੱਝ ਹੋਰ ਬੰਦੇ ਕਾਲਜ ਪਹੁੰਚ ਗਏ। ਉਨ੍ਹਾਂ ਨੇ ਭਲਮਾਣਸੀ ਨਾਲ ਪ੍ਰਿੰਸੀਪਲ ਨੂੰ ਕੁਰਸੀ ਛੱਡਣ ਲਈ ਕਿਹਾ। ਜਦੋਂ ਉਹ ਮੈਂ ਨਾ ਮਾਨੂੰ ਮੈਂ ਨਾ ਮਾਨੂੰ ਕਰੀ ਗਿਆ ਤਾਂ ਕਮੇਟੀ ਮੈਂਬਰਾਂ ਨੇ ਉਹਨੂੰ ਬਾਹੋਂ ਫੜ ਕੇ ਕੁਰਸੀ ਤੋਂ ਉਠਾ ਦਿੱਤਾ। ਬਾਹਰ ਖੜ੍ਹੇ ਆਪਣੇ ਹਮਾਇਤੀ ਮੁੰਡਿਆਂ ਨੂੰ ਵੇਖ ਕੇ ਰਾਮਾਚੰਦਰਨ ਬੂਹੇ `ਚ ਅੜ ਗਿਆ ਤੇ ਜਾਂਦਾ ਜਾਂਦਾ ਮੁੰਡਿਆਂ ਦੇ ਇੱਕ ਦੂਜੇ ਨਾਲ ਸਿੰਗ ਫਸਾ ਗਿਆ। ਦੋਵੇਂ ਧੜੇ ਆਪਸ ਵਿੱਚ ੳ਼ੁਲਝ ਗਏ। ਮੈਨੂੰ ਪੁਲਿਸ ਸੱਦਣੀ ਪਈ ਪਰ ਪਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਟਿਕ ਟਿਕਾਅ ਹੋ ਗਿਆ। ਇੱਕ ਦੋ ਤਰੀਕਾਂ ਵਿੱਚ ਹੀ ਅਦਾਲਤ ਨੇ ਫੈਸਲਾ ਦੇ ਦਿੱਤਾ ਜਿਸ ਨਾਲ ਰਾਮਾਚੰਦਰਨ ਢੁੱਡੀਕੇ ਛੱਡ ਗਿਆ ਤੇ ਰਾਜਪੁਰੇ ਕਾਲਜ ਦਾ ਪ੍ਰਿੰਸੀਪਲ ਜਾ ਲੱਗਾ। ਉਥੇ ਵੀ ਉਹ ਟਿਕ ਨਾ ਸਕਿਆ ਤੇ ਹਰਿਆਣੇ ਵਿੱਚ ਭਵਾਨੀ ਦੇ ਕਾਲਜ ਦਾ ਪ੍ਰਿੰਸੀਪਲ ਜਾ ਬਣਿਆ।

ਉਹਨੀਂ ਦਿਨੀਂ ਪ੍ਰਾਈਵੇਟ ਕਾਲਜਾਂ ਦੇ ਲੈਕਚਰਾਰ ਨਵੇਂ ਗਰੇਡ ਤੇ ਸੇਵਾ ਸੁਰੱਖਿਆ ਐਕਟ ਦੀ ਮੰਗ ਕਰ ਰਹੇ ਸਨ। ਲੈਕਚਰਾਰ ਧਰਨੇ ਦੇ ਰਹੇ ਸਨ ਤੇ ਨੌਬਤ ਜੇਲ੍ਹ ਜਾਣ ਤਕ ਦੀ ਆ ਗਈ ਸੀ। ਇੱਕ ਦਿਨ ਸਾਡਾ ਢੁੱਡੀਕੇ ਕਾਲਜ ਦੇ ਲੈਕਚਰਾਰਾਂ ਦਾ ਜਥਾ ਵੀ ਲੁਧਿਆਣੇ ਧਰਨਾ ਦੇਣ ਗਿਆ ਤੇ ਕਚਹਿਰੀ `ਚ ਨਾਅ੍ਹਰੇ ਮਾਰਦਾ ਗ੍ਰਿਫਤਾਰ ਕਰ ਲਿਆ ਗਿਆ। ਮੈਂ ਸਭ ਦੇ ਮੂਹਰੇ ਲੱਗ ਕੇ ਸੇਵਾ ਸੁਰੱਖਿਆ ਐਕਟ ਪਾਸ ਕਰਨ ਦੇ ਨਾਅ੍ਹਰੇ ਲਾ ਰਿਹਾ ਸਾਂ ਹਾਲਾਂ ਕਿ ਮੇਰੀ ਸੇਵਾ ਸੁਰੱਖਿਆ ਨੂੰ ਕੋਈ ਖ਼ਤਰਾ ਨਹੀਂ ਸੀ। ਮੈਨੂੰ ਤਾਂ ਅਗਲੇ ਦਿੱਲੀ ਤੋਂ ਲਿਆਏ ਸਨ। ਪਰ ਯੂਨੀਅਨ, ਯੂਨੀਅਨ ਹੀ ਹੁੰਦੀ ਹੈ। ਸਾਨੂੰ ਗ੍ਰਿਫਤਾਰ ਕਰ ਕੇ ਸਿਵਲ ਲਾਈਨਜ਼ ਦੇ ਠਾਣੇ ਜਾ ਬਿਠਾਇਆ। ਜਦੋਂ ਵੀਹ ਪੱਚੀ ਜਣੇ ਗ੍ਰਿਫਤਾਰ ਹੋ ਗਏ ਤਾਂ ਟਰੱਕ `ਚ ਬਿਠਾ ਕੇ ਜਗਰਾਓਂ ਵੱਲ ਨੂੰ ਲੈ ਤੁਰੇ। ਅੱਗੇ ਜਾ ਕੇ ਟਰੱਕ ਗੁੜਿਆਂ ਵੱਲ ਨੂੰ ਮੋੜ ਲਿਆ ਤੇ ਸਵੱਦੀ ਤੋਂ ਅਗਾਂਹ ਸਿਧਵਾਂ ਨਹਿਰ ਉਤੇ ਲੈ ਗਏ। ਤਦ ਤਕ ਹਨ੍ਹੇਰਾ ਉੱਤਰ ਆਇਆ ਸੀ। ਸੁੰਨਸਾਨ ਵਿੱਚ ਸਾਨੂੰ ਟਰੱਕ ਤੋਂ ਲਾਹ ਦਿੱਤਾ ਤੇ ਟਰੱਕ ਵਾਪਸ ਮੁੜ ਗਿਆ। ਭਲਾ ਹੋਵੇ ਇੱਕ ਟੈਂਪੂ ਵਾਲੇ ਦਾ ਜੋ ਸਾਨੂੰ ਜੀ.ਟੀ.ਰੋਡ `ਤੇ ਲਿਆਇਆ ਤੇ ਡੂੰਘੀ ਰਾਤ ਪਏ ਅਸੀਂ ਆਪੋ ਆਪਣੇ ਘਰੀਂ ਪਹੁੰਚ ਸਕੇ।

ਕਾਲਜ ਦੇ ਮੁੱਢਲੇ ਦਿਨਾਂ ਦੀ ਇੱਕ ਹੋਰ ਗੱਲ ਵੀ ਮੈਨੂੰ ਨਹੀਂ ਭੁੱਲਦੀ। ਕਮਰਿਆਂ ਦੀ ਘਾਟ ਤੇ ਬਿਜਲੀ ਦੀ ਅਣਹੋਂਦ ਕਾਰਨ ਮੈਂ ਆਪਣੀਆਂ ਕਲਾਸਾਂ ਬਾਹਰ ਰੁੱਖਾਂ ਥੱਲੇ ਲਾ ਲੈਂਦਾ ਸਾਂ। ਬਚਨ ਸਿੰਘ ਦੇ ਬੋਰ ਉਤੇ ਡੇਕਾਂ ਦੀ ਸੰਘਣੀ ਛਾਂ ਸੀ। ਮੈਂ ਇੱਕ ਕੁਰਸੀ ਉਥੇ ਜਾ ਡਹਾਉਂਦਾ ਤੇ ਮੁੰਡੇ ਕੁੜੀਆਂ ਨੂੰ ਕਵਿਤਾਵਾਂ ਕਹਾਣੀਆਂ ਪੜ੍ਹਾਉਂਦਾ। ਕੁਦਰਤ ਦੀ ਗੋਦ ਵਿੱਚ ਪੜ੍ਹਾਉਣ ਦਾ ਬੜਾ ਅਨੰਦ ਆਉਂਦਾ ਸੀ। ਮੈਨੂੰ ਦਿੱਲੀ ਤੋਂ ਢੁੱਡੀਕੇ ਆਉਣਾ ਚੰਗਾ ਚੰਗਾ ਲੱਗਣ ਲੱਗ ਪਿਆ ਸੀ।

ਪੰਜਾਬੀ ਦੀ ਪਾਠ ਪੁਸਤਕ `ਚੋਂ ਹਾਸ਼ਮ ਦੀ ਸੱਸੀ ਤੇ ਵਾਰਸ ਦੀ ਹੀਰ ਪੜ੍ਹਾਉਣ ਦੀ ਵਾਰੀ ਵੀ ਆ ਗਈ। ਜਦ ਮੈਂ ਕਿੱਸਿਆਂ ਦੇ ਹਿੱਸੇ ਪੜ੍ਹਾਉਂਦਾ ਤਾਂ ਇੱਕ ਬਜ਼ੁਰਗ ਡੰਗਰ ਚਾਰਦਾ ਨੇੜੇ ਆ ਕੇ ਵੱਟ `ਤੇ ਬਹਿ ਜਾਂਦਾ। ਮੈਂ ਸਮਝ ਗਿਆ ਕਿ ਬਾਬਾ ਵੀ ਕਿੱਸਿਆਂ ਦਾ ਸੁਆਦ ਲੈਂਦੈ। ਜਮਾਤਾਂ ਵਿੱਚ ਮੁੰਡੇ ਵੀ ਸਨ ਤੇ ਕੁੜੀਆਂ ਵੀ ਸਨ। ਇੱਕ ਦਿਨ ਟੱਲੀ ਵੱਜਣ ਉਤੇ ਜਮਾਤ ਉੱਠ ਕੇ ਚਲੀ ਗਈ ਪਰ ਮੈਂ ਦੂਜੀ ਜਮਾਤ ਆਉਣ ਦੀ ਉਡੀਕ ਵਿੱਚ ਉਥੇ ਹੀ ਕੁਰਸੀ ਉਤੇ ਬੈਠਾ ਰਿਹਾ।

ਉਹੀ ਬਜ਼ੁਰਗ ਜਿਹੜਾ ਤਿੰਨਾਂ ਚਹੁੰ ਦਿਨਾਂ ਤੋਂ ਮੈਨੂੰ ਕਿੱਸੇ ਪੜ੍ਹਾਉਂਦੇ ਨੂੰ ਸੁਣੀ ਜਾਂਦਾ ਸੀ, ਡੁੱਡ ਮਾਰਦਾ ਮੇਰੇ ਕੋਲ ਆਇਆ। ਉਹ ਭੇਤਭਰੀ ਸੁਰ `ਚ ਕਹਿਣ ਲੱਗਾ, “ਜੁਆਨਾਂ ਆਹ ਜਿਹੜੇ ਆਸ਼ਕਾਂ ਮਸ਼ੂਕਾਂ ਦੇ ਚਿੱਠੇ ਤੂੰ ਕੁੜੀਆਂ ਮੁੰਡਿਆਂ ਨੂੰ ਪੜ੍ਹਾਈ ਜਾਨੈਂ ਮੈਂ ਨਾਲ ਦੀ ਨਾਲ ਸੁਣੀ ਜਾਨਾਂ। ਮੈਂ ਤਾਂ ਇਹ ਢਿੱਡ `ਚ ਲਈ ਫਿਰਦਾਂ। ਜੇ ਪਿੰਡ `ਚ ਪਤਾ ਲੱਗ ਗਿਆ, ਫੇਰ?” ਮੈਂ ਕਿਹਾ, “ਬਾਬਾ, ਮੈਂ ਕਿਹੜਾ ਆਪਣੇ ਕੋਲੋਂ ਪੜ੍ਹਾਉਨਾਂ? ਸਰਕਾਰ ਨੇ ਕਿਤਾਬ `ਚ ਛਾਪੇ ਐ ਜਿਸ ਕਰਕੇ ਪੜ੍ਹਾਉਣੇ ਪੈਂਦੇ ਆ। ਨਾ ਪੜਾਵਾਂ ਤਾਂ ਥੋਡੇ ਨਿਆਣੇ ਫੇਲ੍ਹ ਹੋ ਜਾਣਗੇ।” ਬਜ਼ੁਰਗ ਨੇ ਹੈਰਾਨ ਹੁੰਦਿਆਂ ਕਿਹਾ, “ਹੱਛਾ! ਸਰਕਾਰ ਹੁਣ ਇਹ ਕੰਜਰਖਾਨਾ ਵੀ ਕਰਨ ਲੱਗ-ਪੀ?”

Additional Info

  • Writings Type:: A single wirting
Read 3118 times
ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਦੋ ਦਰਜਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ `ਚ ਡੇਢ ਦਰਜਨ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹੈ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ। ਉਸ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ `ਚ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ। ਉਹ 1965-66 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹਾ ਹੈ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੋ ਗਈ ਹੈ। ਉਸ ਦੇ ਦੋ ਪੁੱਤਰ ਹਨ। ਇਕ ਕੈਨੇਡਾ ਵਿਚ ਹੈ ਤੇ ਇਕ ਪੰਜਾਬ ਵਿਚ। ਉਹ ਆਪਣੀ ਪਤਨੀ ਹਰਜੀਤ ਕੌਰ ਨਾਲ ਗਰਮੀਆਂ ਕੈਨੇਡਾ ਵਿਚ ਕੱਟਦਾ ਹੈ ਤੇ ਸਿਆਲ ਦਾ ਨਿੱਘ ਪੰਜਾਬ ਵਿਚ ਮਾਣਦਾ ਹੈ।