ਲੇਖ਼ਕ

Tuesday, 13 October 2009 19:10

24 - ਦਿੱਲੀ ਤੋਂ ਢੁੱਡੀਕੇ

Written by
Rate this item
(0 votes)

ਤੁਰਦਾ ਮੈਂ ਕਿਸੇ ਹੋਰ ਥਾਂ ਨੂੰ ਸੀ ਪਹੁੰਚਦਾ ਕਿਸੇ ਹੋਰ ਥਾਂ ਸੀ। ਮਹਿੰਦਰਾ ਕਾਲਜ ਪਟਿਆਲੇ ਤੋਂ ਐੱਮ.ਏ.ਕਰਨ ਚੱਲਿਆ ਮੁਕਤਸਰ ਬੀ.ਐੱਡ ਕਰਨ ਉੱਤਰ ਗਿਆ ਸਾਂ। ਖ਼ਾਲਸਾ ਕਾਲਜ ਅੰਮ੍ਰਿਤਸਰ ਨੂੰ ਚੱਲਿਆ ਤਾਂ ਟਰੱਕ ਵਾਲਾ ਮੈਨੂੰ ਖ਼ਾਲਸਾ ਕਾਲਜ ਦਿੱਲੀ ਲੈ ਗਿਆ। ਫੌਜ `ਚ ਭਰਤੀ ਹੁੰਦਾ ਮੈਂ ਲੈਕਚਰਾਰ ਲੱਗਾ ਤਾਂ ਦਿੱਲੀ ਦੇ ਕਾਲਜ ਦੀ ਨੌਕਰੀ ਛੱਡ ਕੇ ਪਿੰਡ ਢੁੱਡੀਕੇ ਦੇ ਕਾਲਜ ਵਿੱਚ ਆ ਗਿਆ। 1983 ਵਿੱਚ ਗੁਰੂ ਨਾਨਕ ਕਾਲਜ ਮੋਗਾ ਦੀ ਪ੍ਰਿੰਸੀਪਲੀ ਮਿਲੀ ਤਾਂ ਜਵਾਬ ਦੇ ਦਿੱਤਾ ਪਰ 1996 ਵਿੱਚ ਮੁਕੰਦਪੁਰ ਦੇ ਅਮਰਦੀਪ ਸ਼ੇਰਗਿੱਲ ਮੈਮੋਰੀਅਲ ਕਾਲਜ ਦੀ ਪ੍ਰਿੰਸੀਪਲੀ ਆ ਕੀਤੀ। ਅਮਰੀਕਾ ਪੱਕੇ ਹੋਣ ਦਾ ਮੌਕਾ ਖੁੰਝਾ ਕੇ ਪਿੱਛੋਂ ਕੈਨੇਡਾ ਦਾ ਪੱਕਾ ਵਸਨੀਕ ਬਣ ਗਿਆ। ਕਹਾਣੀਆਂ ਲਿਖਦਾ ਖੇਡਾਂ ਤੇ ਖਿਡਾਰੀਆਂ ਬਾਰੇ ਲਿਖਣ ਦੀ ਡਰਿਬਲਿੰਗ ਕਰ ਗਿਆ। ਕੋਈ ਪਤਾ ਨਹੀਂ ਕਿਸੇ ਦਿਨ ਨਾਵਲ ਲਿਖਣ ਬੈਠ ਜਾਵਾਂ। ਕੀ ਪਤਾ ਕਿਧਰ ਨੂੰ ਮੂੰਹ ਮੋੜ ਲਵਾਂ?

ਦਿੱਲੀ ਤੋਂ ਢੁੱਡੀਕੇ ਆਉਣ ਦੀ ਕਹਾਣੀ ਕੁੱਝ ਇਸ ਤਰ੍ਹਾਂ ਹੈ। ਜਦੋਂ ਮੈਂ ਫਾਜ਼ਿਲਕਾ ਕਾਲਜ ਵਿੱਚ ਪੜ੍ਹਦਾ ਸਾਂ ਤਾਂ ਜਸਵੰਤ ਸਿੰਘ ਕੰਵਲ ਦਾ ਨਾਵਲ ‘ਪੂਰਨਮਾਸ਼ੀ’ ਪੜ੍ਹਿਆ। ਉਸ ਉਮਰ ਵਿੱਚ ਉਹਦੀ ਲਿਖਤ ਦਾ ਮੇਰੇ `ਤੇ ਜਾਦੂ ਹੋ ਗਿਆ। ਹੋਰ ਵੀ ਬਥੇਰਿਆਂ `ਤੇ ਹੋਇਆ। ਡਾ.ਜਸਵੰਤ ਗਿੱਲ ਐਵੇਂ ਤਾਂ ਨਹੀਂ ਸੀ ਕੰਵਲ ਨੂੰ ਚਿੱਠੀਆਂ ਲਿਖਣ ਲੱਗੀ। ਅਸੀਂ ਕਾਲਜ ਵਿੱਚ ਕਵੀ ਦਰਬਾਰ ਰੱਖਿਆ ਤਾਂ ਕੰਵਲ ਨੂੰ ਪ੍ਰਧਾਨਗੀ ਲਈ ਸੱਦਾ ਪੱਤਰ ਦੇਣ ਢੁੱਡੀਕੇ ਗਏ। ਮੇਰਾ ਪਿੰਡ ਢੁੱਡੀਕੇ ਦੇ ਨੇੜੇ ਹੋਣ ਕਾਰਨ ਚੰਗੀ ਸਿਆਣ ਗਿਆਣ ਹੋ ਗਈ। ‘ਰਾਤ ਬਾਕੀ ਹੈ’ ਪੜ੍ਹਿਆ ਤਾਂ ਕੰਵਲ ਦਾ ਜਾਦੂ ਸਿਰ ਚੜ੍ਹ ਕੇ ਬੋਲਿਆ। ਕਿਹਾ ਜਾਂਦੈ ਕਿ ਜਿੰਨੇ ਮੁੰਡੇ ਉਸ ਨਾਵਲ ਨੇ ਕਾਮਰੇਡ ਬਣਾਏ ਉਨੇ ਸ਼ਾਇਦ ਸਮੁੱਚੀ ਪਾਰਟੀ ਵੀ ਨਾ ਬਣਾ ਸਕੀ ਹੋਵੇ।

ਦਿੱਲੀਓਂ ਮੈਂ ਪਿੰਡ ਆਉਂਦਾ ਤਾਂ ਆਪਣੇ ਆੜੀ ਕਾਮਰੇਡ ਮਹਿੰਦਰ ਸਿੰਘ ਚਕਰ ਨਾਲ ਢੁੱਡੀਕੇ ਕੰਵਲ ਨੂੰ ਮਿਲਣ ਚਲਾ ਜਾਂਦਾ। ਚਕਰੋਂ ਢੁੱਡੀਕੇ ਬਾਰਾਂ ਮੀਲ ਹੈ। ਰਸਤੇ `ਚ ਲੋਪੋਂ ਤੇ ਦੌਧਰ ਦੋ ਹੀ ਪਿੰਡ ਆਉਂਦੇ ਹਨ। ਕੰਵਲ ਸਾਨੂੰ ਦੱਸਦਾ ਕਿ ਢੁੱਡੀਕੇ ਬਲਰਾਜ ਸਾਹਨੀ ਵੀ ਆਉਂਦਾ ਹੁੰਦੈ। ਉਸ ਨੇ ਆਪਣੇ ਦੋਵੇਂ ਸਫ਼ਰਨਾਮੇ ‘ਮੇਰਾ ਰੂਸੀ ਸਫ਼ਰਨਾਮਾ’ ਤੇ ‘ਮੇਰਾ ਪਾਕਿਸਤਾਨੀ ਸਫ਼ਰਨਾਮਾ’ ਢੁੱਡੀਕੇ ਬਹਿ ਕੇ ਲਿਖੇ ਹਨ। ਅਸੀਂ ਹੈਰਾਨ ਹੁੰਦੇ ਕਿ ਐਡਾ ਵੱਡਾ ਫਿਲਮੀ ਐਕਟਰ ਢੁੱਡੀਕੇ ਕੀ ਕਰਨ ਆਉਂਦੈ? ਹੈਰਾਨੀ ਇਸ ਗੱਲ ਦੀ ਵੀ ਸੀ ਕਿ ਕੰਵਲ ਦੇ ਦੱਸਣ ਮੂਜਬ ਬਲਰਾਜ ਸਾਹਨੀ ਆਪਣੀ ਲਿਖਤ ਸਿੱਧੀ ਟਾਈਪ ਕਰਦਾ ਸੀ। ਬਾਅਦ ਵਿੱਚ ਬਲਰਾਜ ਸਾਹਨੀ ਨੇ ਇਹ ਗੱਲ ਮੈਨੂੰ ਖੁਦ ਵੀ ਦੱਸੀ ਸੀ। ਉਂਜ ਉਸ ਦੀ ਗੁਰਮੁਖੀ ਦੀ ਹੱਥਲਿਖਤ ਵੀ ਬੜੀ ਸੋਹਣੀ ਸੀ ਜੋ ਇੱਕ ਚਿੱਠੀ ਦੇ ਰੂਪ ਵਿੱਚ ਮੈਂ ਕਾਫੀ ਦੇਰ ਸੰਭਾਲੀ ਰੱਖੀ।

ਪਾਲੀ, ਪੂਰਨਮਾਸ਼ੀ, ਰਾਤ ਬਾਕੀ ਹੈ, ਜੀਵਨ ਕਣੀਆਂ ਤੇ ਸੱਚ ਨੂੰ ਫਾਸੀ ਵਰਗੀਆਂ ਪੁਸਤਕਾਂ ਦੇ ਪਾਤਰ, ਦ੍ਰਿਸ਼ ਤੇ ਬਲਰਾਜ ਸਾਹਨੀ ਬਾਰੇ ਗੱਲਾਂ ਨੇ ਮੇਰੇ ਮਨ `ਚ ਢੁੱਡੀਕੇ ਲਈ ਰੁਮਾਂਸ ਪੈਦਾ ਕਰ ਦਿੱਤਾ ਸੀ। ਝਨਾਂ ਦੇ ਬੇਲੇ ਵਰਗੀ ਖਿੱਚ ਪੈਦਾ ਹੋ ਗਈ ਹੋ ਗਈ ਸੀ। ਚੜ੍ਹਦੀ ਉਮਰੇ ਬੰਦੇ ਨੂੰ ਇਸ ਤਰ੍ਹਾਂ ਹੀ ਖਿੱਚਾਂ ਪੈ ਜਾਂਦੀਆਂ ਹਨ।

1967 ਵਿੱਚ ਢੁੱਡੀਕੇ `ਚ ਕਾਲਜ ਖੁੱਲ੍ਹਿਆ ਤਾਂ ਪ੍ਰੋ.ਪ੍ਰੀਤਮ ਸਿੰਘ ਪਟਿਆਲਾ ਨੇ ਕੰਵਲ ਹੋਰਾਂ ਨੂੰ ਸਲਾਹ ਦਿੱਤੀ ਕਿ ਪੇਂਡੂ ਪਿਛੋਕੜ ਦੇ ਪ੍ਰੋਫੈਸਰ ਰੱਖਿਓ ਕਿਉਂਕਿ ਸ਼ਹਿਰੀਆਂ ਨੇ ਮੌਕਾ ਮਿਲਣ `ਤੇ ਦੌੜ ਜਾਣਾ। ਢੁੱਡੀਕੇ ਦਾ ਕਵੀ ਦਰਸ਼ਨ ਗਿੱਲ ਉਦੋਂ ਕਿਸੇ ਸਰਕਾਰੀ ਕਾਲਜ ਵਿੱਚ ਅੰਗਰੇਜ਼ੀ ਦਾ ਲੈਕਚਰਾਰ ਸੀ। ਪਿੰਡ ਵਾਲਿਆਂ ਨੇ ਉਸ ਨੂੰ ਆਪਣੇ ਪਿੰਡ ਵਿੱਚ ਹੀ ਲੱਗਣ ਲਈ ਕਿਹਾ। ਪਹਿਲਾਂ ਤਾਂ ਉਹ ਮੰਨ ਗਿਆ ਪਰ ਜਦੋਂ ਉਹਦੇ ਘਰ ਵਾਲੀ ਨਾ ਮੰਨੀ ਤਾਂ ਉਸ ਨੂੰ ਵੀ ਨਾਂਹ ਕਰਨੀ ਪਈ। ਉਸ ਨੇ ਤੇ ਅਜੀਤ ਸਿੰਘ ਪੰਛੀ ਨੇ ਕੰਵਲ ਕੋਲ ਮੇਰਾ ਨਾਂ ਲੈ ਦਿੱਤਾ ਕਿ ਉਹਨੂੰ ਦਿੱਲੀ ਤੋਂ ਢੁੱਡੀਕੇ ਲੈ ਆਓ। ਦਿੱਲੀ ਵਾਲਾ ਡਾ.ਅਜੀਤ ਸਿੰਘ ਵੀ ਢੁੱਡੀਕੇ ਦਾ ਹੀ ਹੈ। ਪਹਿਲਾਂ ਉਹ ਕਹਾਣੀਆਂ ਲਿਖਦਾ ਸੀ ਤੇ ਆਪਣੇ ਨਾਂ ਨਾਲ ਪੰਛੀ ਲਾਉਂਦਾ ਸੀ। ਫਿਰ ਉਸ ਨੇ ਪੰਛੀ ਉਡਾ ਦਿੱਤਾ ਤੇ ਡਾ.ਲਿਖਣ ਲੱਗ ਪਿਆ।

ਅਸੀਂ ਢੁੱਡੀਕੇ ਕੰਵਲ ਨੂੰ ਮਿਲਣ ਗਏ ਤਾਂ ਉਸ ਨੇ ਮੈਥੋਂ ਢੁੱਡੀਕੇ ਦੇ ਲਾਜਪਤ ਰਾਏ ਸੈਂਟੇਨਰੀ ਕਾਲਜ ਲਈ ਅਰਜ਼ੀ ਲਿਖਵਾ ਲਈ। ਉਥੇ ਪਹਿਲਾਂ ਪੰਜਾਬ ਯੂਨੀਵਰਸਿਟੀ ਦੇ ਪ੍ਰੋ.ਰਾਮ ਸਿੰਘ ਨੂੰ ਪ੍ਰਿੰਸੀਪਲ ਰੱਖਿਆ ਜਾ ਰਿਹਾ ਸੀ ਪਰ ਬਾਅਦ ਵਿੱਚ ਦੱਖਣੀ ਭਾਰਤ ਦੇ ਐੱਲ.ਰਾਮਾਚੰਦਰਨ ਨੂੰ ਪ੍ਰਿੰਸੀਪਲ ਰੱਖਿਆ ਗਿਆ। ਲਾਲਾ ਲਾਜਪਤ ਰਾਏ ਜਨਮ ਸਥਾਨ ਮੈਮੋਰੀਅਲ ਜਿਸ ਨੂੰ ਪਿੰਡ ਵਾਲੇ ‘ਲਾਲੇ ਦੀ ਜਗ੍ਹਾ’ ਕਹਿੰਦੇ ਹਨ ਉਥੇ ਲੈਕਚਰਾਰਾਂ ਦੀ ਇੰਟਰਵਿਊ ਹੋਈ। 24 ਜੂਨ 1967 ਦਾ ਦਿਨ ਸੀ। ਚੋਣ ਕਮੇਟੀ ਵਿੱਚ ਲਾਲਾ ਜੀ ਦਾ ਸਾਥੀ ਤੇ ਕਾਲਜ ਕਮੇਟੀ ਦਾ ਕਾਰਜਕਾਰੀ ਪ੍ਰਧਾਨ ਲਾਲਾ ਮੋਹਨ ਲਾਲ, ਪ੍ਰਿੰ.ਰਾਮਾਚੰਦਰਨ, ਸਕੱਤਰ ਸੱਤਪਾਲ ਗਰੋਵਰ, ਜਸਵੰਤ ਸਿੰਘ ਕੰਵਲ ਤੇ ਚੂਹੜਚੱਕ ਦਾ ਜਥੇਦਾਰ ਭਜਨ ਸਿੰਘ ਸਿੱਧੂ ਬੈਠੇ ਸਨ। ਜਥੇਦਾਰ ਹਰੇਕ ਕੈਂਡੀਡੇਟ ਨੂੰ ਪੁੱਛਦਾ, “ਸੱਚੋ ਸੱਚ ਦੱਸ, ਸ਼ਰਾਬ ਪੀ ਲੈਨੈਂ?” ਹਰੇਕ ਈ ਕਹਿ ਦਿੰਦਾ, “ਨਹੀਂ ਜੀ, ਮੈਂ ਤਾਂ ਨਹੀਂ ਜੀ ਪੀਂਦਾ।” ਇਹੋ ਗੱਲ ਇੰਟਰਵਿਊ ਦੇ ਕੇ ਆਇਆ ਉਮੀਦਵਾਰ ਹੋਰਨਾਂ ਨੂੰ ਆ ਦੱਸਦਾ।

ਮੇਰੀ ਵਾਰੀ ਆਈ ਤਾਂ ਜਥੇਦਾਰ ਨੇ ਪੁੱਛਿਆ, “ਥੋਡੇ ਪਿੰਡ ਸਿੱਧੂ ਹੈਗੇ?” ਮੈਂ ਕਿਹਾ, “ਹਾਂ ਜੀ ਹੈਗੇ।” ਫਿਰ ਪੁੱਛਣ ਲੱਗਾ, “ਤੂੰ ਕਿਨ੍ਹਾਂ `ਚੋਂ ਐਂ?” ਕਿਉਂਕਿ ਮੇਰੇ ਨਾਂ ਨਾਲ ਕੋਈ ਗੋਤ ਨਹੀਂ ਸੀ ਲਿਖਿਆ ਹੋਇਆ, ਇਸ ਲਈ ਜਥੇਦਾਰ ਤਸੱਲੀ ਕਰਨੀ ਚਾਹੁੰਦਾ ਸੀ ਕਿ ਇਹ ਭਾਈ ਜੱਟ ਵੀ ਹੈ? ਮੈਂ ਆਖਿਆ, “ਮੈਂ ਸੰਧੂਆਂ `ਚੋਂ ਆਂ।” ਉਸ ਨੇ ਫਿਰ ਉਹੀ ਪੀਣ ਵਾਲਾ ਸੁਆਲ ਪੁੱਛਿਆ। ਮੈਂ ਕਿਹਾ, “ਮੈਨੂੰ ਤੁਹਾਡੇ ਸੁਆਲ ਦੀ ਸਮਝ ਨਹੀਂ ਆਈ।” ਮੈਂ ਪਊਆ ਪੀ ਕੇ ਇੱਕ ਮਣ ਦੀ ਥਾਂ ਨੌਂ ਮਣ ਮੈਕਸੀਕਨ ਕਣਕ ਦਾ ਬੀਜ ਲੈ ਆਇਆ ਸਾਂ। ਪੀਤੀ `ਤੇ ਪਰਦਾ ਕਿਵੇਂ ਪਾਉਂਦਾ? ਕੰਵਲ ਨੇ ਵਿਚੋਂ ਈ ਕਿਹਾ, “ਚਲੋ ਛੱਡੋ, ਕੋਈ ਹੋਰ ਸੁਆਲ ਪੁੱਛੋ।”

ਪਰ ਜਥੇਦਾਰ ਨੇ ਖੰਘੂਰਾ ਮਾਰ ਕੇ ਫਿਰ ਉਹੀ ਸੁਆਲ ਕੀਤਾ, “ਕਾਕਾ, ਤੂੰ ਜੱਟਾਂ ਦਾ ਮੁੰਡੈਂ। ਮੈਂ ਪੁੱਛਦਾਂ, ਘੁੱਟ ਪੀ ਵੀ ਲੈਨੈਂ?” ਮੈਨੂੰ ਲੱਗਾ ਕਿ ਇਹ ਭਾਈ ਓਸੇ ਦੇ ਹੱਕ `ਚ ਭੁਗਤੂ ਜਿਹੜਾ ਇਹਨੂੰ ਪਿਆਊ। ਮੈਂ ਆਖਿਆ, “ਜਦੋਂ ਆਖੋਗੇ ਪ੍ਰੋਗਰਾਮ ਬਣਾ ਲਵਾਂਗੇ। ਬਾਕੀ ਕੰਵਲ ਸਾਹਿਬ ਨਾਲ ਸਲਾਹ ਕਰ ਲਿਓ।” ਕੰਵਲ ਨੇ ਤਾੜੀ ਮਾਰ ਦਿੱਤੀ, “ਕਿਉਂ ਭਜਨ ਸਿਆਂ, ਹੋਰ ਵੀ ਕੁਛ ਪੁੱਛਣੈ?” ਮੈਂ ਝੂਠ ਬੋਲਣੋ ਵੀ ਬਚ ਗਿਆ ਤੇ ਸੱਚੀ ਗੱਲ ਵੀ ਨਾ ਦੱਸੀ। ਮੈਨੂੰ ਨਿਯੁਕਤੀ ਪੱਤਰ ਮਿਲ ਗਿਆ। ਉਸੇ ਦਿਨ ਇੱਕ ਹੋਰ ਨਿਯੁਕਤੀ ਪੱਤਰ ਡੀ.ਆਰ.ਭੱਟੀ ਨੂੰ ਮਿਲਿਆ ਜਿਸ ਦਾ ਪੂਰਾ ਨਾਂ ਧੰਨਾ ਰਾਮ ਭੱਟੀ ਹੈ। ਬਾਅਦ ਵਿੱਚ ਉਹ ਆਈ.ਪੀ.ਐੱਸ.ਅਫਸਰ ਬਣ ਗਿਆ ਤੇ ਡੀ.ਜੀ.ਪੀ.ਪੰਜਾਬ ਦੇ ਉੱਚ ਅਹੁਦੇ ਤੋਂ ਰਿਟਾਇਰ ਹੋਇਆ। ਉਹ ਹਰ ਸਾਲ ਉਸ ਕਮਰੇ ਨੂੰ ਵੇਖਣ ਆਉਂਦਾ ਜਿਥੇ ਉਸ ਨੇ ਫਿਜ਼ਿਕਸ ਪੜ੍ਹਾਉਣੀ ਸ਼ੁਰੂ ਕੀਤੀ ਸੀ। ਅਸੀਂ ਤਰਸੇਮ ਲਾਲ ਦੇ ਖੋਖੇ `ਚ ਜਾ ਕੇ ਚਾਹ ਪੀਂਦੇ ਤੇ ਘਰੋਂ ਲਿਆਂਦੀ ਰੋਟੀ ਖਾਂਦੇ। ਉਦੋਂ ਉਸ ਨੂੰ ਘੋਗਿਆਂ ਦੀ ਦੁਕਾਨ ਕਿਹਾ ਜਾਂਦਾ ਸੀ।

8 ਜੁਲਾਈ 67 ਨੂੰ ਢੁੱਡੀਕੇ ਕਾਲਜ ਦੀ ਪੜ੍ਹਾਈ ਸ਼ੁਰੂ ਹੋਈ ਤੇ ਅਗੱਸਤ 67 ਵਿੱਚ ਕੰਵਲ ਮਲਾਇਆ ਸਿੰਘਾਪੁਰ ਦੇ ਟੂਰ `ਤੇ ਚਲਾ ਗਿਆ। ਮੈਂ ਦਿੱਲੀ ਲਈ ਓਦਰ ਗਿਆ ਤੇ ਬਿਨਾਂ ਕਿਸੇ ਨੂੰ ਦੱਸੇ ਢੁੱਡੀਕੇ ਕਾਲਜ ਤੋਂ ਅਸਤੀਫ਼ਾ ਦੇ ਕੇ ਖਾਲਸਾ ਕਾਲਜ ਦਿੱਲੀ ਜਾ ਹਾਜ਼ਰੀ ਦਿੱਤੀ। ਮੈਂ ਆਪਣੇ ਨਾਲ ਦੇ ਲੈਕਚਰਾਰ ਜਸਮੇਲ ਸਿੰਘ, ਸੁਦਰਸ਼ਨ ਸਲ੍ਹੋਤਰਾ, ਭਿੰਦਰ ਸੋਹੀ ਤੇ ਹੰਸ ਰਾਜ ਨੂੰ ਵੀ ਨਾ ਦੱਸਿਆ ਜਿਨ੍ਹਾਂ ਨਾਲ ਖਾਣ ਪੀਣ ਸਾਂਝਾ ਸੀ। ਕੰਵਲ ਵਾਪਸ ਆਇਆ ਤਾਂ ਮੈਨੂੰ ਢੁੱਡੀਕੇ ਤੋਂ ਟਿੱਭ ਗਿਆ ਸੁਣ ਕੇ ਖਿਝ ਗਿਆ। ਉਸ ਨੇ ਮੈਨੂੰ ਮਿਲਣ ਲਈ ਸੁਨੇਹਾ ਭੇਜਿਆ ਤੇ ਮਿਹਣੇ ਮਾਰਨ ਲੱਗਾ, “ਜੇ ਪਿੰਡਾਂ ਦੇ ਪੜ੍ਹਿਆਂ ਨੇ ਪਿੰਡਾਂ `ਚ ਨਹੀਂ ਪੜ੍ਹਾਉਣਾ ਤੇ ਸ਼ਹਿਰਾਂ ਦੀ ਅੰਗੂਰੀ ਚਰਨੀ ਐਂ ਤਾਂ ਥੋਨੂੰ ਪੜ੍ਹਾਉਣ ਦਾ ਕੀ ਫਾਇਦਾ ਹੋਇਆ? ਮੇਰੀ ਮੰਨੇ ਤਾਂ ਅਜੇ ਵੀ ਦਿੱਲੀ ਛੱਡ ਕੇ ਪਿੰਡ ਮੁੜ ਆ।”

ਮੇਰੀ ਮੰਗੇਤਰ ਹਰਜੀਤ ਹਲਵਾਰੇ ਏਅਰ ਫੋਰਸ ਦੇ ਸੈਂਟਰਲ ਸਕੂਲ ਵਿੱਚ ਅਧਿਆਪਕਾ ਸੀ ਤੇ ਮੈਂ ਉਹਦੀ ਬਦਲੀ ਦਿੱਲੀ ਕਰਾਉਣ ਬਾਰੇ ਸੋਚਿਆ ਹੋਇਆ ਸੀ। ਪਰ ਕੰਵਲ ਦੇ ਮਿਹਣਿਆਂ ਨੇ ਕੋਈ ਪੇਸ਼ ਨਾ ਜਾਣ ਦਿੱਤੀ। ਕਾਲਜ ਦੇ ਵਿਦਿਆਰਥੀ ਵੀ ਮੈਨੂੰ ਵਾਪਸ ਲਿਆਉਣ ਦੀ ਮੰਗ ਕਰ ਰਹੇ ਸਨ। ਮੈਂ ਮੁੜ ਕੇ ਢੁੱਡੀਕੇ ਕਾਲਜ ਵਿੱਚ ਆਉਣ ਦੀ ਹਾਮੀ ਭਰ ਦਿੱਤੀ। ਜਦੋਂ ਮੈਂ ਆਪਣਾ ਅਸਤੀਫ਼ਾ ਖ਼ਾਲਸਾ ਕਾਲਜ ਦਿੱਲੀ ਦੇ ਪ੍ਰਿੰ.ਗੁਰਬਚਨ ਸਿੰਘ ਬੱਲ ਕੋਲ ਲੈ ਕੇ ਗਿਆ ਤਾਂ ਉਸ ਨੇ ਅਜਿਹਾ ਕਰਨ ਤੋਂ ਰੋਕਿਆ ਤੇ ਆਖਿਆ, “ਤੂੰ ਅਜੇ ਨਿਆਣੈਂ। ਤੈਨੂੰ ਨਹੀਂ ਪਤਾ ਇਸ ਕਾਲਜ ਦੀ ਪੱਕੀ ਪੋਸਟ ਤੈਨੂੰ ਕਿਵੇਂ ਮਿਲੀ ਐ? ਏਥੇ ਤਰੱਕੀ ਕਰੇਂਗਾ। ਮੁੜ ਕੇ ਪਿੰਡ ਚਲਾ ਗਿਆ ਤਾਂ ਸਾਰੀ ਉਮਰ ਪਛਤਾਏਂਗਾ।” ਪਰ ਮੈਂ ਇਹੋ ਕਹੀ ਗਿਆ ਕਿ ਮੈਂ ਢੁੱਡੀਕੇ ਵਾਲਿਆਂ ਨੂੰ ‘ਹਾਂ’ ਕਹਿ ਕੇ ਆਇਆਂ ਤੇ ਹੁਣ ਮੁੱਕਰ ਨੀ ਸਕਦਾ।

ਅਖ਼ੀਰ ਪ੍ਰਿੰ.ਬੱਲ ਨੇ ਮੇਰੀ ਹੂੜ੍ਹਮੱਤ ਬਾਰੇ ਕਿਹਾ, “ਓਨਲੀ ਏ ਜਾਟ ਅਰ ਏ ਫੂਲ ਕੈਨ ਡੂ ਦਿੱਸ।” ਮੈਂ ਆਖਿਆ, “ਸਰ, ਤੁਹਾਡਾ ਅੱਧਾ ਫਿਕਰਾ ਬਿਲਕੁਲ ਸਹੀ ਹੈ।” ਤੇ ਮੈਂ ਦਿੱਲੀ ਨੂੰ ਫਤਿਹ ਬੁਲਾ ਕੇ ਢੁੱਡੀਕੇ ਆ ਮੋਰਚਾ ਮੱਲਿਆ। ਅੱਜ ਮੈਂ ਸੋਚਦਾਂ, ਜੇ ਪਿੰਡ ਨਾ ਆਉਂਦਾ ਤੇ ਦਿੱਲੀ ਦੀ ਨੌਕਰੀ ਕਰੀ ਜਾਂਦਾ ਤਾਂ ਡਾ.ਸਤਿੰਦਰ ਸਿੰਘ ਨੂਰ ਵਰਗਿਆਂ ਦੀ ਥਾਂ ਹੁੰਦਾ। ਦਿੱਲੀ ਦਾ ਪਾਣੀ ਪੀਂਦਿਆਂ ਪਤਾ ਨਹੀਂ ਕੀ ਕੁੱਝ ਬਣਦਾ? ਹੋ ਸਕਦੈ 1984 ਦੇ ਸਿੱਖ ਕਤਲੇਆਮ `ਚ ਮਾਰਿਆ ਜਾਂਦਾ ਜਿਵੇਂ ਸਾਹਿਤ ਸਭਾ ਦਾ ਪ੍ਰਧਾਨ ਗਿਆਨੀ ਕੁਲਦੀਪ ਸਿੰਘ ਮਾਰਿਆ ਗਿਆ। ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਪ੍ਰਧਾਨ ਸਾਂ, ਕੀ ਪਤਾ ਸਿਆਸਤ ਵਿੱਚ ਚਲਾ ਜਾਂਦਾ?

ਢੁੱਡੀਕੇ ਕਿਸੇ ਸਮੇਂ ਵੈਲੀਆਂ ਦੇ ਪਿੰਡ ਵਜੋਂ ਮਸ਼ਹੂਰ ਸੀ। ਫਿਰ ਇਸ ਦੀ ਮਸ਼ਹੂਰੀ ਦੇਸ਼ਭਗਤਾਂ, ਗਦਰੀ ਬਾਬਿਆਂ, ਅਕਾਲੀ ਸੂਰਬੀਰਾਂ, ਕਾਮਰੇਡਾਂ, ਲੇਖਕਾਂ ਤੇ ਲਾਜਪਤ ਰਾਏ ਮੇਲੇ ਵਾਲੇ ਪਿੰਡ ਵਜੋਂ ਹੋਈ। ਹੁਣ ਇਹ ਪੰਜਾਬ ਦਾ ਮਾਡਲ ਪਿੰਡ ਹੈ ਜਿਸ ਵਿੱਚ ਸ਼ਹਿਰਾਂ ਵਰਗੀਆਂ ਸਹੂਲਤਾਂ ਹਨ। ਸ਼ੁਰੂ ਵਿੱਚ ਮੈਂ ਆਪਣੇ ਪਿੰਡੋਂ ਸਾਈਕਲ ਉਤੇ ਢੁੱਡੀਕੇ ਆਉਣ ਲੱਗਾ ਸੀ। ਕਾਲਜ ਦੀਆਂ ਇਮਾਰਤਾਂ ਉੱਸਰ ਰਹੀਆਂ ਸਨ ਜਿਨ੍ਹਾਂ ਦੀ ਨਿਗਰਾਨੀ ਚੂਹੜਚੱਕ ਦਾ ਬਲਵੰਤ ਸਿੰਘ ਭੱਠੇ ਵਾਲਾ ਕਰਦਾ ਸੀ। ਉਹਦੇ ਸਫੈਦ ਵਸਤਰ ਪਾਏ ਹੁੰਦੇ ਤੇ ਉਹ ਸਫੈਦ ਦਾੜ੍ਹੀ `ਚੋਂ ਦੁੱਧ ਚਿੱਟੇ ਦੰਦਾਂ ਨਾਲ ਹੱਸਦਾ। ਮੱਦੋਕੇ ਦੇ ਬਾਬਾ ਸੁੱਚਾ ਸਿੰਘ ਨੇ ਉਹਨੀਂ ਦਿਨੀਂ ਦਸ ਹਜ਼ਾਰ ਦੇ ਦਾਨ ਨਾਲ ਇੱਕ ਕਮਰਾ ਪਾਇਆ ਸੀ। ਇੱਕ ਕਮਰੇ ਦੀ ਸੇਵਾ ਦੌਧਰ ਵਾਲੇ ਅਮਰ ਸਿੰਘ ਨੇ ਤੇ ਇੱਕ ਦੀ ਢੁੱਡੀਕੇ ਦੇ ਬੇਸੀ ਗਿੱਲ ਨੇ ਕਰਾਈ ਸੀ। ਉਦੋਂ ਦਾ ਦਸ ਹਜ਼ਾਰ ਰੁਪਿਆ ਹੁਣ ਦੇ ਦੋ ਲੱਖ ਤੋਂ ਵੀ ਵੱਧ ਸੀ। ਇੱਕ ਲਬਾਰਟਰੀ ਹਾਲ ਦੀ ਸੇਵਾ ਨਿਰੰਜਣ ਸਿੰਘ ਕੈਨੇਡੀਅਨ ਨੇ ਆਪਣੇ ਪਿਤਾ ਗਦਰੀ ਬਾਬਾ ਪਾਖਰ ਸਿੰਘ ਨਮਿੱਤ ਕਰਵਾਈ ਸੀ।

ਢੁੱਡੀਕੇ ਵਿੱਚ ਲਾਲਾ ਲਾਜਪਤ ਰਾਏ ਕਾਲਜ ਨਾ ਬਣਦਾ ਜੇ ਲਾਲਾ ਮੋਹਨ ਲਾਲ ਅਸਲੀਅਤ ਨਾ ਦੱਸਦੇ। ਪਹਿਲਾਂ ਪਹਿਲ ਇਹ ਪ੍ਰਚਾਰ ਦਿੱਤਾ ਗਿਆ ਸੀ ਕਿ ਲਾਲਾ ਲਾਜਪਤ ਰਾਏ ਦਾ ਜਨਮ ਜਗਰਾਓਂ ਹੋਇਆ ਸੀ ਕਿਉਂਕਿ ਉਥੇ ਉਨ੍ਹਾਂ ਦੇ ਪਿਤਾ ਰਾਧਾ ਕਿਸ਼ਨ ਅਧਿਆਪਕ ਲੱਗੇ ਹੋਏ ਸਨ। ਪਰ ਜਲੰਧਰ ਦੇ ਲਾਲਾ ਮੋਹਨ ਲਾਲ ਐੱਮ.ਐੱਲ.ਸੀ.ਨੇ ਸਿੱਧ ਕੀਤਾ ਕਿ ਲਾਜਪਤ ਰਾਏ ਦਾ ਜਨਮ ਉਸ ਦੇ ਨਾਨਕੇ ਪਿੰਡ ਢੁੱਡੀਕੇ ਦੇ ਇੱਕ ਕੱਚੇ ਕੋਠੇ ਵਿੱਚ 28 ਜਨਵਰੀ 1865 ਨੂੰ ਮਾਤਾ ਗੁਲਾਬ ਦੇਵੀ ਦੀ ਕੁੱਖੋਂ ਹੋਇਆ ਸੀ। ਪਹਿਲਾਂ ਰਾਮ ਸਿੰਘ ਤੇ ਪਿੱਛੋਂ ਜਸਵੰਤ ਸਿੰਘ ਕੰਵਲ ਪਿੰਡ ਦੇ ਸਰਪੰਚ ਸਨ। ਉਨ੍ਹਾਂ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਲਾਲੇ ਦੇ ਨਾਂ ਉਤੇ ਪਿੰਡ ਦਾ ਵਿਕਾਸ ਕਰਨ ਦੀਆਂ ਸਕੀਮਾਂ ਬਣਾ ਲਈਆਂ। 28 ਜਨਵਰੀ 1956 ਨੂੰ ਲਾਲਾ ਜੀ ਦੇ ਜਨਮ ਦਿਵਸ `ਤੇ ਪਹਿਲੀ ਪਬਲਿਕ ਕਾਨਫਰੰਸ ਕੀਤੀ ਗਈ।

ਜੁਲਾਈ 1959 ਵਿੱਚ ਸ੍ਰੀ ਲਾਲ ਬਹਾਦਰ ਸ਼ਾਸ਼ਤ੍ਰੀ ਢੁੱਡੀਕੇ ਆਏ। ਪਿੰਡ ਦੇ ਲੋਕਾਂ ਨੇ ਉਨ੍ਹਾਂ ਨੂੰ ਕਿਹਾ ਕਿ ਲਾਲਾ ਲਾਜਪਤ ਰਾਏ ਮੈਮੋਰੀਅਲ ਦਾ ਨੀਂਹ ਪੱਥਰ ਰੱਖਣ ਲਈ ਰਾਸ਼ਟਰਪਤੀ ਡਾ.ਰਾਜਿੰਦਰ ਪ੍ਰਸ਼ਾਦ ਨੂੰ ਬੇਨਤੀ ਕੀਤੀ ਜਾਵੇ। ਰਾਸ਼ਟਰਪਤੀ ਡਾ.ਰਾਜਿੰਦਰ ਪ੍ਰਸ਼ਾਦ ਨੇ ਲਾਲਾ ਜੀ ਦੇ ਜਨਮ ਸਥਾਨ ਮੈਮੋਰੀਅਲ ਦੀ ਬੁਨਿਆਦ ਰੱਖੀ ਤੇ ਲਾਲਾ ਜੀ ਦੀ ਪਹਿਲੀ ਜਨਮ ਸ਼ਤਾਬਦੀ ਮੌਕੇ 28 ਜਨਵਰੀ 1965 ਨੂੰ ਉਸ ਸਮੇਂ ਦੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸ਼ਤ੍ਰੀ ਨੇ ਮੈਮੋਰੀਅਲ ਦਾ ਉਦਘਾਟਨ ਕੀਤਾ। ਉਸੇ ਦਿਨ ਲਾਜਪਤ ਰਾਏ ਸੈਂਟੇਨਰੀ ਕਾਲਜ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਦੇ ਕਰ ਕਮਲਾਂ ਨਾਲ ਰੱਖਿਆ ਗਿਆ। ਕਿਹਾ ਜਾਂਦੈ ਕਿ ਸੀਮੈਂਟ ਵਾਲੇ ਤਸਲੇ ਦੀ ਤਿੱਖੀ ਚੁੰਝ ਨਾਲ ਸ਼ਾਸ਼ਤ੍ਰੀ ਜੀ ਦੀ ਉਂਗਲ `ਤੇ ਝਰੀਟ ਆ ਗਈ ਸੀ ਜਿਸ ਨਾਲ ਖੂੰਨ ਦੀਆਂ ਕੁੱਝ ਬੂੰਦਾਂ ਵੀ ਨੀਂਹ ਵਿੱਚ ਪੈ ਗਈਆਂ। ਇਹ ਵਰਣਨਯੋਗ ਹੈ ਕਿ ਕਾਲਜ ਲਈ ਜ਼ਮੀਨ ਕੌਲੂ ਪੱਤੀ ਦੇ ਇੱਕ ਸਾਧਾਰਨ ਕਿਸਾਨ ਬਚਨ ਸਿੰਘ ਨੇ ਇਹ ਕਹਿ ਕੇ ਦਿੱਤੀ ਸੀ ਕਿ ਮੈਂ ਤਾਂ ਸਕੂਲ ਦਾ ਮੂੰਹ ਵੀ ਨਹੀਂ ਦੇਖ ਸਕਿਆ। ਚਲੋ `ਗਾਂਹ ਦੀਆਂ ਪੀੜ੍ਹੀਆਂ ਤਾਂ ਕਾਲਜ ਦਾ ਮੂੰਹ ਦੇਖਣਗੀਆਂ।

ਸ਼ੁਰੂ ਵਿੱਚ ਜਦੋਂ ਮੈਂ ਕਾਲਜ ਪੜ੍ਹਾਉਣ ਜਾਂਦਾ ਤਾਂ ਰਾਹ `ਚ ਰੋਟੀ ਲਈ ਜਾਂਦੀਆਂ ਬਹੂਆਂ ਮੇਰੇ ਤੋਂ ਘੁੰਡ ਕੱਢਦੀਆਂ। ਉਦੋਂ ਘੁੰਡ ਦਾ ਰਿਵਾਜ ਢੁੱਡੀਕੇ ਵਰਗੇ ਅਗਾਂਹਵਧੂ ਪਿੰਡ ਵਿੱਚ ਵੀ ਹੁੰਦਾ ਸੀ। ਉਦੋਂ ਦੀਆਂ ਗੱਲਾਂ ਯਾਦ ਕਰ ਕੇ ਅੱਜ ਵੀ ਹਾਸਾ ਆਉਂਦਾ ਹੈ। ਇੱਕ ਦਿਨ ਮੈਂ ਕਾਲਜ ਵਿੱਚ ਪੜ੍ਹਾ ਕੇ ਸਾਈਕਲ ਉਤੇ ਆਪਣੇ ਪਿੰਡ ਨੂੰ ਜਾ ਰਿਹਾ ਸਾਂ। ਉਦੋਂ ਢੁੱਡੀਕੇ ਤੋਂ ਦੌਧਰ ਤਕ ਪੱਕਾ ਟੋਟਾ ਸੀ ਤੇ ਅਗਾਂਹ ਕੱਚਾ ਰਾਹ ਸੀ। ਟੋਟੇ ਉਤੇ ਘਾਹ ਖੋਤਣ ਵਾਲੀਆਂ ਚਾਰ ਪੰਜ ਜਣੀਆਂ ਬਰੋਬਰਾਬਰ ਜਾ ਰਹੀਆਂ ਸਨ। ਦਾਤੀਆਂ ਰੰਬੇ ਉਨ੍ਹਾਂ ਦੇ ਹੱਥਾਂ ਵਿੱਚ ਸਨ, ਪੱਲੀਆਂ ਕੱਛਾਂ ਵਿੱਚ ਤੇ ਉਹ ਇੱਕ ਦੂਜੀ ਨੂੰ ਛੇੜਦੀਆਂ ਜਾਂਦੀਆਂ ਸਨ। ਮੈਂ ਸਾਈਕਲ ਦੀ ਟੱਲੀ ਵਜਾਉਂਦਾ ਰਿਹਾ ਪਰ ਉਨ੍ਹਾਂ ਰਕਾਨਾਂ ਨੇ ਰਾਹ ਨਾ ਦਿੱਤਾ। ਟੱਲੀ ਉਨ੍ਹਾਂ ਨੂੰ ਚੰਗੀ ਭਲੀ ਸੁਣ ਰਹੀ ਸੀ ਪਰ ਉਹ ਇੱਕ ਦੂਜੀ ਨੂੰ ਕੂਹਣੀਆਂ ਮਾਰਦੀਆਂ ਸਾਰੀ ਸੜਕ ਮੱਲੀ ਗਈਆਂ। ਮੈਂ ਸਾਈਕਲ ਕੱਚੇ ਲਾਹ ਕੇ ਅੱਗੇ ਲੰਘਾਉਣ ਵਿੱਚ ਹੀ ਸਿਆਣਪ ਸਮਝੀ। ਜਦੋਂ ਮੈਂ ਬਰਾਬਰ ਦੀ ਸਾਈਕਲ ਲੰਘਾਉਣ ਲੱਗਾ ਤਾਂ ਇੱਕ ਕੁੜੀ ਨੇ ਬਾਂਹ ਕੱਢੀ ਤੇ ਚਹਿਕਦੀ ਹੋਈ ਬੋਲੀ, “ਇਆ, ਟੱਲੀ ਤਾਂ ਤੇਰੀ ਬੋਲਦੀ ਈ ਨ੍ਹੀਂ।”

ਮੇਰੀ ਟੱਲੀ ਜਿਹੜੀ ਮਾੜੀ ਮੋਟੀ ਬੋਲਦੀ ਸੀ ਕੁੜੀਆਂ ਦੇ ਹਾਸੇ ਨੇ ਚੁੱਪ ਕਰਾ ਦਿੱਤੀ। ਉਨ੍ਹਾਂ ਦਾ ਹਾਸਾ ਮੈਨੂੰ ਦੂਰ ਤਕ ਟੱਲੀ ਵਾਂਗ ਸੁਣਦਾ ਰਿਹਾ।

ਬਚਨ ਸਿੰਘ ਜਿਸ ਦੇ ਖੇਤਾਂ ਵਿੱਚ ਕਾਲਜ ਬਣਿਆ ਸੀ ਨੰਗੇ ਪਿੰਡੇ ਤੇੜ ਪਰਨਾ ਬੰਨ੍ਹੀ ਮਿਲਦਾ ਸੀ। ਉਹਦਾ ਜੁੱਸਾ ਮੁਗਦਰ ਵਰਗਾ ਸੀ ਤੇ ਸਿਰ ਉਤੇ ਜਟੂਰੀਆਂ ਸਨ। ਉਹ ਮੁੜ੍ਹਕੋ ਮੁੜ੍ਹਕੀ ਹੋਇਆ ਹੁੰਦਾ ਤੇ ਉਹਦਾ ਤੇਲੀਆ ਪਿੰਡਾ ਤਾਂਬੇ ਦੇ ਬੁੱਤ ਵਾਂਗ ਚਮਕਦਾ। ਬਾਅਦ ਵਿੱਚ ਸਟੇਡੀਅਮ ਲਈ ਹੋਰ ਜ਼ਮੀਨ ਚਾਹੀਦੀ ਸੀ ਜੋ ਉਸ ਨੇ ਖੁੱਲ੍ਹਦਿਲੀ ਨਾਲ ਦੇ ਦਿੱਤੀ ਤੇ ਆਪਣੇ ਖੇਤਾਂ `ਚੋਂ ਮਿੱਟੀ ਚੁਕਾ ਕੇ ਭਰਤ ਵੀ ਪੁਆ ਦਿੱਤਾ। ਮੈਂ ਕਈ ਵਾਰ ਸੋਚਦਾਂ ਕਿ ਸਾਡੇ ਸਾਧਾਰਨ ਕਿਸਾਨਾਂ ਦੇ ਦਿਲ ਕਿੰਨੇ ਖੁੱਲ੍ਹੇ ਹੁੰਦੇ ਨੇ! ਬੇਸ਼ੱਕ ਪਿੰਡ ਵਾਲਿਆਂ ਨੇ ਉਸ ਨੂੰ ਪੰਚਾਇਤੀ ਜ਼ਮੀਨ `ਚੋਂ ਇਵਜ਼ਾਨਾ ਦਿੱਤਾ ਪਰ ਗੱਲ ਤਾਂ ਉਸ ਦਿਨ ਦੀ ਹੈ ਜਿੱਦਣ ਸਿੱਖਿਆ ਮੰਤਰੀ ਪ੍ਰਬੋਧ ਚੰਦਰ ਨੇ ਕਿਹਾ ਸੀ, “ਪਹਿਲਾਂ ਜ਼ਮੀਨ ਦਿਓ, ਫਿਰ ਸਰਕਾਰ ਕਾਲਜ ਦੀ ਮਨਜ਼ੂਰੀ ਦੇਵੇਗੀ।” ਇਕੱਠ `ਚ ਬੈਠੇ ਬਚਨ ਸਿੰਘ ਨੇ ਉੱਠ ਕੇ ਹਿੱਕ ਥਾਪੜੀ ਸੀ, “ਮੇਰੀ ਜ਼ਮੀਨ ਹਾਜ਼ਰ ਐ।” ਫਿਰ ਪ੍ਰਬੋਧ ਚੰਦਰ ਨੇ ਆਖਿਆ ਸੀ, “ਕਾਲਜ ਦਾ ਐਲਾਨ ਮੈਂ ਮੁੱਖ ਮੰਤਰੀ ਨੂੰ ਪੁੱਛ ਕੇ ਕਰਾਂਗਾ।” ਬਚਨ ਸਿੰਘ ਦਾ ਕਹਿਣਾ ਸੀ, “ਮੈਂ ਕਿਹੜਾ ਘਰ ਆਲੀ ਨੂੰ ਪੁੱਛਿਆ? ਜਿਵੇਂ ਮੈਂ ਜ਼ਮੀਨ ਦਾ ਅਲਾਣ ਕਰਦਾਂ ਓਵੇਂ ਤੂੰ ਵੀ ਕਾਲਜ ਦਾ ਕਰ।” ਤੇ ਸਿੱਖਿਆ ਮੰਤਰੀ ਨੂੰ ਖੜ੍ਹੇ ਪੈਰ ਕਾਲਜ ਮਨਜ਼ੂਰ ਕਰਨ ਦਾ ਐਲਾਨ ਕਰਨਾ ਪਿਆ ਸੀ।

ਸੁਰਗਾਂ ਵਿੱਚ ਵਾਸਾ ਹੋਵੇ ਉਸ ਭਲੇ ਪੁਰਸ਼ ਦਾ। ਬਚਨ ਸਿੰਘ ਦੇ ਨਾਂ ਦਾ ਕਾਲਜ ਦੀ ਕਿਸੇ ਕੰਧ ਜਾਂ ਇਮਾਰਤ ਉਤੇ ਕੋਈ ਪੱਥਰ ਨਹੀਂ ਲੱਗਾ। ਜੇਕਰ ਉਹ ਮੌਕੇ `ਤੇ ਜ਼ਮੀਨ ਨਾ ਦਿੰਦਾ ਤਾਂ ਸੰਭਵ ਸੀ ਕਿ ਢੁੱਡੀਕੇ ਦਾ ਕਾਲਜ ਹੋਰਨਾਂ ਪਿੰਡਾਂ ਵਾਂਗ ਪਛੜ ਕੇ ਹੋਂਦ ਵਿੱਚ ਆਉਂਦਾ। ਇਹ ਵੀ ਸੰਭਵ ਸੀ ਕਿ ਤਦ ਤਕ ਮੈਂ ਪੱਕਾ ਦਿੱਲੀ ਵਾਲਾ ਬਣ ਗਿਆ ਹੁੰਦਾ ਤੇ ਕੰਵਲ ਦੇ ਮਿਹਣੇ ਮੇਰੇ `ਤੇ ਕੋਈ ਅਸਰ ਨਾ ਕਰ ਸਕਦੇ।

Additional Info

  • Writings Type:: A single wirting
Read 3189 times
ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਦੋ ਦਰਜਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ `ਚ ਡੇਢ ਦਰਜਨ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹੈ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ। ਉਸ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ `ਚ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ। ਉਹ 1965-66 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹਾ ਹੈ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੋ ਗਈ ਹੈ। ਉਸ ਦੇ ਦੋ ਪੁੱਤਰ ਹਨ। ਇਕ ਕੈਨੇਡਾ ਵਿਚ ਹੈ ਤੇ ਇਕ ਪੰਜਾਬ ਵਿਚ। ਉਹ ਆਪਣੀ ਪਤਨੀ ਹਰਜੀਤ ਕੌਰ ਨਾਲ ਗਰਮੀਆਂ ਕੈਨੇਡਾ ਵਿਚ ਕੱਟਦਾ ਹੈ ਤੇ ਸਿਆਲ ਦਾ ਨਿੱਘ ਪੰਜਾਬ ਵਿਚ ਮਾਣਦਾ ਹੈ।