‘ਵਿਸ਼ਵ ਪੰਜਾਬੀਅਤ ਫਾਊਂਡੇਸ਼ਨ’ ਵਲੋਂ ‘ਪੰਜਾਬ ਆਰਟਸ ਕੌਂਸਲ’ ਚੰਡੀਗੜ੍ਹ ਦੇ ਅਹੁਦੇਦਾਰਾਂ ਨਾਲ ਮਿਲ ਕੇ ਲਾਹੌਰ ਵਿਚ ‘ਆਲਮੀ ਪੰਜਾਬੀ ਕਾਨਫ਼ਰੰਸ’ ਕਰਵਾਉਣ ਦੀਆਂ ਖ਼ਬਰਾਂ ਅਖ਼ਬਾਰਾਂ ਵਿਚ ਛਪੀਆਂ ਤਾਂ ਮੈਂ ਦਿੱਲੀ ਸੁਤਿੰਦਰ ਸਿੰਘ ਨੂਰ ਨਾਲ ਸੰਪਰਕ ਕੀਤਾ। ਉਸ ਨੇ ਚੰਡੀਗੜ੍ਹ ਵਿਚ ਹੁਕਮ ਸਿੰਘ ਭੱਟੀ ਨਾਲ ਤਾਲਮੇਲ ਕਰਨ ਲਈ ਕਿਹਾ। ਭੱਟੀ ਨੂੰ ਫੋਨ ਕੀਤਾ ਤਾਂ ਉਸ ਉਤਸ਼ਾਹ ਭਰਿਆ ਜਵਾਬ ਦਿੱਤਾ, ‘‘ਲਓ! ਤੁਹਾਥੋਂ ਬਿਨਾਂ ਕਿਵੇਂ ਜਾ ਸਕਦੇ ਹਾਂ! ਅਸੀਂ ਤਾਂ ਤੁਹਾਨੂੰ ਅਕਾਦਮੀ ਪੁਰਸਕਾਰ ਮਿਲਣ ‘ਤੇ ਏਥੇ ਸੱਦ ਕੇ ਕੰਬਲ ਸ਼ੰਬਲ ਵੀ ਦੇਣਾ ਸੀ…ਪਰ ਚਲੋ ਕੋਈ ਨਹੀਂ…ਆ ਕੇ ਸਹੀ। ਮੈਂ ਤੁਹਾਨੂੰ ਫਾਰਮ ਭੇਜ ਦਿਆਂਗਾ। ਤੁਸੀਂ ਡੈਲੀਗੇਟ ਫੀਸ ਤੇ ਵੀਜ਼ਾ ਫਾਰਮ ਭਰ ਕੇ ਭੇਜ ਦੇਣੇ।’’
ਜਲੰਧਰੋਂ ਜਾਣ ਵਾਲੇ ਅਸੀਂ ਆਪਣੀ ਪਛਾਣ ਵਾਲੇ ਪੰਜ ਕੁ ਜਣੇ ਸਾਂ। ਡਾ. ਜਗਤਾਰ, ਸਤਿਨਾਮ ਸਿੰਘ ਮਾਣਕ, ਪਹਿਲਵਾਨ ਕਰਤਾਰ ਸਿੰਘ ਦੇ ਵੱਡੇ ਭਰਾ ਗੁਰਚਰਨ ਸਿੰਘ ਤੇ ਅਮਰ ਸਿੰਘ ਅਤੇ ਮੈਂ। ਫਾਰਮ ਭਰ ਕੇ ਭੇਜਣ ਦੀ ਸਮੁੱਚੀ ਪਰਕਿਰਿਆ ‘ਚੋਂ ਗੁਜ਼ਰਨ ਪਿਛੋਂ ਅਸੀਂ ਉਡੀਕਣ ਲੱਗੇ ਕਿ ਪ੍ਰਬੰਧਕਾਂ ਵੱਲੋਂ ਕਿਸ ਸਮੇਂ ਵੀਜ਼ਾ ਲੱਗਣ ਦੀ ਖ਼ਬਰ ਪੁੱਜਦੀ ਹੈ।ਉਂਜ ਹਰ ਪਾਸਿਓਂ ‘ਆਲਮੀ ਪੰਜਾਬੀ ਕਾਨਫ਼ਰੰਸ’ ਉੱਤੇ ਜਾਣ ਵਾਲੇ ਮਿੱਤਰਾਂ ਦੀ ਖ਼ੁਸ਼ੀ ਤੇ ਚਿੰਤਾ ਦਾ ਪਤਾ ਲੱਗਦਾ ਰਹਿੰਦਾ। ਚਿੰਤਾ ਇਸ ਗੱਲ ਦੀ ਸੀ ਕਿ ਕਾਨਫ਼ਰੰਸ ਸਿਰ ‘ਤੇ ਆ ਚੁੱਕੀ ਸੀ ਤੇ ਅਜੇ ਤੱਕ ਵੀਜ਼ਾ ਲੁਆਉਣ ਲਈ ਪ੍ਰਬੰਧਕਾਂ ਨੇ ਕੋਈ ਉੱਦਮ ਨਹੀਂ ਸੀ ਕੀਤਾ। ਕੋਈ ਕਹਿੰਦਾ ‘‘ਡੈਲੀਗੇਟਾਂ ਦੀ ਗਿਣਤੀ ਲੋੜੀਂਦੀ ਗਿਣਤੀ ਤੋਂ ਵਧ ਗਈ ਹੈ। ਪ੍ਰਬੰਧਕਾਂ ਲਈ ਮੁਸ਼ਕਲ ਬਣ ਗਈ ਹੈ ਕਿ ਕੀਹਨੂੰ ਰੱਖੀਏ ਤੇ ਕੀਹਨੂੰ ਛੱਡੀਏ।’’ ਕਿਸੇ ਹੋਰ ਦੀ ਸੂਚਨਾ ਹੁੰਦੀ, ‘‘ਪ੍ਰਬੰਧਕ ਆਪਣੇ ਚਹੇਤਿਆਂ, ਰਿਸ਼ਤੇਦਾਰਾਂ ਤੇ ਬਾਲ-ਬੱਚਿਆਂ ਨੂੰ ਨਾਲ ਲਿਜਾਣ ਲਈ ਯੋਗ ਬੰਦਿਆਂ ‘ਤੇ ਕੁਹਾੜਾ ਫੇਰਨ ਲਈ ਤੁੱਲੇ ਹੋਏ ਨੇ।’’ਮੇਰੇ ਲਈ ਸੱਚਾਈ ਦਾ ਨਿਰਣਾ ਕਰਨਾ ਔਖਾ ਸੀ। ਪਰ ਏਨੀ ਚਿੰਤਾ ਜ਼ਰੂਰ ਸੀ ਕਿ ਕਾਨਫ਼ਰੰਸ ‘ਚ ਦੋ ਦਿਨ ਬਾਕੀ ਹਨ ਤੇ ਪ੍ਰਬੰਧਕ ਅਜੇ ਕੁਝ ਵੀ ਨਹੀਂ ਕਰ ਰਹੇ। ਫਿਰ ਪਤਾ ਲੱਗਾ ਕਿ ਪ੍ਰਬੰਧਕ ਪਾਕਿਸਤਾਨ ਦੇ ਦੂਤਘਰ ‘ਚ 10 ਅਪ੍ਰੈਲ ਨੂੰ ਹਾਜ਼ਰ ਹੋਏ ਸਨ। ਕੁਝ ਕਾਰਨਾਂ ਕਰਕੇ ਉਨ੍ਹਾਂ ਨੂੰ ਅਗਲੇ ਦਿਨ ਹਾਜ਼ਰ ਹੋਣ ਲਈ ਕਿਹਾ ਗਿਆ।11 ਅਪ੍ਰੈਲ ਦਾ ਦਿਨ ਬੜਾ ਤਨਾਓ ਭਰਿਆ ਸੀ। 12 ਅਪ੍ਰੈਲ ਨੂੰ ਲਾਹੌਰ ਵੱਲ ਰਵਾਨਗੀ ਜ਼ਰੂਰੀ ਸੀ। ਸ਼ਾਮ ਤੱਕ ਵੀਜ਼ੇ ਲੱਗਣੇ ਸਨ। ਇਸ ਗੱਲ ਦੀ ਉੱਕਾ ਕੋਈ ਸੰਭਾਵਨਾ ਨਹੀਂ ਸੀ ਰਹਿ ਗਈ ਕਿ ਪ੍ਰਬੰਧਕ ਹਰੇਕ ਡੈਲੀਗੇਟ ਨੂੰ ਸੂਚਨਾ ਦਿੰਦੇ ਜਾਂ ਦੇ ਸਕਦੇ। ਉਨ੍ਹਾਂ ਨੂੰ ਸੂਚਨਾ ਦੇਣੀ ਬਣਦੀ ਸੀ ਪਰ ਕੁਝ ਪ੍ਰਬੰਧਕ ਵੀਜ਼ਾ ਲੁਆਉਣ ‘ਚ ਰੁੱਝੇ ਸਨ, ਕੁਝ ਉਨ੍ਹਾਂ ਦਾ ਸੁਨੇਹਾ ਉਡੀਕਣ ਵਿਚ। ਮੈਂ ਕਦੀ ਚੰਡੀਗੜ੍ਹ ਆਰਟਸ ਕੌਂਸਲ ਦੇ ਦਫਤਰ ਫ਼ੋਨ ਕਰਦਾ, ਕਦੀ ਦਿੱਲੀ ਨੂਰ ਵੱਲ। ਪਰ ਕੁਝ ਪਤਾ ਨਹੀਂ ਸੀ ਲੱਗ ਰਿਹਾ। ਉਨ੍ਹਾਂ ਦੇ ਘਰੋਂ ਜਵਾਬ ਮਿਲ ਰਿਹਾ ਸੀ ਕਿ ਉਹ ਦੂਤਘਰ ਵਿਚ ਹਨ ਤੇ ਉਨ੍ਹਾਂ ਘਰ ਨਹੀਂ ਆਉਣਾ। ਉਥੋਂ ਵੀਜ਼ੇ ਲੈਂਦਿਆਂ ਸਾਰ ਹੀ ਉਨ੍ਹਾਂ ਵਾਘੇ ਵੱਲ ਚਾਲੇ ਪਾ ਦੇਣੇ ਨੇ। ਚੰਡੀਗੜ੍ਹ ਦਫਤਰ ਵਿਚ ਬੈਠੀਆਂ ਕੁੜੀਆਂ ਕਹਿੰਦੀਆਂ, ‘‘ਅਸੀਂ ਫੈਕਸ ‘ਤੇ ਬੈਠੇ ਹੋਏ ਹਾਂ। ਜਦੋਂ ਵੀਜ਼ਾ ਲੱਗੇ ਨਾਵਾਂ ਦੀ ਸੂਚੀ ਆ ਗਈ, ਅਸੀਂ ਤੁਹਾਨੂੰ ਤੁਰੰਤ ਸੂਚਿਤ ਕਰ ਦਿਆਂਗੇ।’’ਮੈਂ, ਜਗਤਾਰ ਤੇ ਸਤਿਨਾਮ ਸਿੰਘ ਮਾਣਕ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਆਪਸ ਵਿਚ ਵੀ ਸੂਚਨਾ ਸਾਂਝੀ ਕਰਨ ਲਈ ਫੋਨ ਕਰ ਰਹੇ ਸਾਂ ਤੇ ਵੱਖ-ਵੱਖ ਥਾਵਾਂ ‘ਤੇ ਦਿੱਲੀ, ਚੰਡੀਗੜ੍ਹ ਆਪਣੇ ਸੰਪਰਕ ਸੂਤਰਾਂ ਨਾਲ ਵੀ ਤਾਲਮੇਲ ਰੱਖ ਰਹੇ ਸਾਂ। ਸੂਰਜ ਡੁੱਬ ਗਿਆ ਪਰ ਕੋਈ ਸੂਚਨਾ ਨਹੀਂ।ਮੈਂ ਕਰਤਾਰ ਸਿੰਘ ਪਹਿਲਵਾਨ ਦੇ ਵੱਡੇ ਭਰਾ ਗੁਰਚਰਨ ਸਿੰਘ ਨੂੰ ਕਿਹਾ ਕਿ ਉਹ ਮੋਬਾਈਲ ‘ਤੇ ਸੰਤੋਖ ਸਿੰਘ ਮੰਡੇਰ ਨਾਲ ਸੰਪਰਕ ਕਰੇ ਤੇ ਪਤਾ ਕਰਕੇ ਦੱਸੇ। ਥੋੜ੍ਹੀ ਦੇਰ ਬਾਅਦ ਗੁਰਚਰਨ ਸਿੰਘ ਦਾ ਫੋਨ ਆਇਆ, ‘‘ਭਾ ਜੀ ! ਤੁਹਾਡਾ ਵੀਜ਼ਾ ਲੱਗ ਗਿਐ ਪਰ ਕੁਝ ਪੱਤਰਕਾਰਾਂ ਦੇ ਵੀਜ਼ੇ ਉਨ੍ਹਾਂ ਨੇ ਨਹੀਂ ਲਾਏ। ਮੰਡੇਰ ਅਜੇ ਦੂਤਘਰ ਵਿਚ ਹੀ ਹੈ ਤੇ ਜ਼ੋਰ ਪਾ ਰਿਹੈ, ਕੁਝ ਹੋਰ ਵੀਜ਼ਿਆਂ ਲਈ।’’ਪਰ ਇਹ ‘ਅਧਿਕਾਰਤ’ ਸੂਚਨਾ ਨਹੀਂ ਸੀ। ਕੌਣ ਦੱਸੇ, ਕਿੱਥੇ ਪਹੁੰਚਣੈ! ਕਿੰਨੇ ਵਜੇ ਪਹੁੰਚਣੈ!!ਭਾਵੇਂ ਹਰੇਕ ਕੋਲ ਆਪਣੇ-ਆਪਣੇ ਸੋਮਿਆਂ ਤੋਂ ਸੂਚਨਾ ਸੀ ਸਵੇਰੇ-ਸਵੇਰੇ ਵਾਘਾ ਬਾਰਡਰ ਪੁੱਜਣ ਦੀ। ਪਰ ਜੇ ਵੀਜ਼ਾ ਨਾ ਲੱਗਿਆ ਤਾਂ ਵਾਘੇ ਤੋਂ ਮੁੜਨ ਦੀ ਨਮੋਸ਼ੀ ਝੱਲਣੀ ਔਖੀ ਲੱਗਦੀ ਸੀ। ਅਸੀਂ ਪ੍ਰਬੰਧਕਾਂ ਦੀ ਇਸ ਨਾਲਾਇਕੀ ‘ਤੇ ਗੁੱਸੇ ਹੋ ਰਹੇ ਸਾਂ ਕਿ ਜੰਝ ਬੂਹੇ ‘ਤੇ ਆ ਢੁਕੀ ਸੀ ਤੇ ਅਜੇ ਤੱਕ ਕੁੜੀ ਦੇ ਕੰਨ ਵਿੰਨ੍ਹੇ ਜਾਣ ਦੀ ਤਿਆਰੀ ਵੀ ਨਹੀਂ ਸੀ ਹੋ ਸਕੀ। ਮੈਂ, ਜਗਤਾਰ ਤੇ ਸਤਿਨਾਮ ਨੇ ਸਲਾਹ ਕੀਤੀ ਕਿ ਆਪਣੇ-ਆਪਣੇ ਕੱਪੜੇ ਤਿਆਰ ਰੱਖੀਏ। ਜੋ ਹੋਊ ਵੇਖੀ ਜਾਊ!ਰਾਤ ਗਿਆਰਾਂ ਵਜੇ ਚੰਡੀਗੜ੍ਹ ਤੋਂ ਰਘਬੀਰ ਸਿੰਘ ਸਿਰਜਣਾ ਦਾ ਫ਼ੋਨ ਆਇਆ। ਉਸ ਨੇ ਦੱਸਿਆ, ‘‘ਮੈਂ ਹੁਣੇ ਆਰਟਸ ਕੌਂਸਲ ਦੇ ਦਫਤਰੋਂ ਆ ਰਿਹਾ। ਉਥੇ ਅੰਤਾਂ ਦੀ ਭੀੜ ਹੈ। ਬੜਾ ਘਚੋਲਾ ਮੱਚਿਐ ਪਿਐ। ਪਰ ਛੱਡੋ ਹੁਣ ਇਹ ਗੱਲ। ਤੇਰਾ ਵੀਜ਼ਾ ਲੱਗ ਗਿਐ। ਮੈਂ ਪਤਾ ਕਰ ਲਿਐ। ਮੇਰਾ ਤੇ ਸੁਲੇਖਾ ਦਾ ਵੀਜ਼ਾ ਵੀ ਲੱਗ ਗਿਐ।’’ਮੈਂ ਉਸ ਦਾ ਧੰਨਵਾਦ ਕੀਤਾ। ਡਾ. ਜਗਤਾਰ ਨੂੰ ਵੀ ਵੀਜ਼ਾ ਲੱਗ ਜਾਣ ਦੀ ਇਤਲਾਹ ਮਿਲ ਚੁੱਕੀ ਸੀ। ਜਗਤਾਰ ਸਵੇਰੇ ਸੱਤ ਵਜੇ ਤੱਕ ਵਾਘਾ ਬਾਰਡਰ ਪੁੱਜਣ ਦੀ ਸਲਾਹ ਦੇ ਰਿਹਾ ਸੀ। ਦਿੱਲੀ ਵਾਲੇ ਦਿੱਲੀ ਤੋਂ ਵੀਜ਼ੇ ਲੁਆ ਕੇ ਸਿੱਧੇ ਤੁਰ ਪਏ ਸਨ। ਚੰਡੀਗੜ੍ਹ ਵਾਲਿਆਂ ਲਈ ਲੈ ਕੇ ਆਉਣ ਵਾਸਤੇ ਬੱਸ ਤਿਆਰ ਖਲੋਤੀ ਸੀ। ਅਸੀਂ ਜੇ ਵਾਘੇ ਪਹੁੰਚਣਾ ਸੀ ਤਾਂ ਸਾਡੇ ਕੋਲ ਆਪਣੀ ਸਵਾਰੀ ਚਾਹੀਦੀ ਸੀ। ਮਾਣਕ ਨੇ ਕਹਿ ਦਿੱਤਾ ਕਿ ਉਹ ਆਪਣੇ ਅਖ਼ਬਾਰ ਦੇ ਟਰੱਸਟੀ ਪ੍ਰੇਮ ਸਿੰਘ ਨਾਲ ਜਾਵੇਗਾ।ਜਗਤਾਰ ਕਹਿੰਦਾ, ‘‘ਆਪਾਂ ਟੈਕਸੀ ਕਰ ਲਈਏ…ਦੋਵੇਂ ਜਣੇ। ਮੇਰੇ ਕੋਲ ਇਕ ਬੰਦਾ ਹੈਗਾ। ਮੈਂ ਉਸ ਨਾਲ ਤੈਅ ਕਰ ਲੈਨਾਂ।’’ਮੈਂ ਹਾਮੀ ਭਰ ਦਿੱਤੀ ਤਾਂ ਉਸ ਨੇ ਪੰਜ ਮਿੰਟ ਬਾਅਦ ਹੀ ਕਹਿ ਦਿੱਤਾ, ‘‘ਗੱਲ ਹੋ ਗਈ ਹੈ। ਮੈਂ ਸਵੇਰੇ ਪੰਜ ਵਜੇ ਤੇਰੇ ਘਰ ਪਹੁੰਚ ਜਾਵਾਂਗਾ। ਤੂੰ ਤਿਆਰ ਰਹੀਂ।’’ਭਾਵੇਂ ਮੈਨੂੰ ਇਸ ਤੋਂ ਪਹਿਲਾਂ ਗੁਰਚਰਨ ਸਿੰਘ ਕਹਿ ਚੁੱਕਾ ਸੀ ਸਵੇਲੇ ਇਕੱਠਿਆਂ ਵਾਘੇ ਜਾਣ ਲਈ, ਪਰ ਪਿਛਲੇ ਦਿਨਾਂ ਤੋਂ ਤੇ ਵਿਸ਼ੇਸ਼ ਕਰਕੇ ਅੱਜ ਸਵੇਰ ਤੋਂ ਜਿਵੇਂ ਸਾਡਾ ਆਪਸੀ ਰਾਬਤਾ ਬਣਿਆ ਹੋਇਆ ਸੀ, ਉਸ ਅਨੁਸਾਰ ਤੇ ਮਾਣਕ ਦੇ ਪ੍ਰੇਮ ਸਿੰਘ ਨਾਲ ਤੁਰ ਜਾਣ ਦੇ ਫ਼ੈਸਲੇ ਤੋਂ ਬਾਅਦ, ਮੈਨੂੰ ਚੰਗਾ ਨਹੀਂ ਸੀ ਲੱਗਦਾ ਕਿ ਮੈਂ ਵੀ ਜਗਤਾਰ ਨੂੰ ਕਹਿ ਦਿਆਂ ਕਿ ਮੇਰਾ ‘ਪ੍ਰਬੰਧ’ ਹੋ ਗਿਐ। ਮੈਂ ਗੁਰਚਰਨ ਨੂੰ ਕਿਹਾ ਕਿ ਅਸੀਂ ਕੁਝ ਹੋਰ ਦੋਸਤ ਵੀ ਹਾਂ। ਇਸ ਲਈ ਮੈਂ ਉਨ੍ਹਾਂ ਦੋਸਤਾਂ ਨਾਲ ਹੀ ਆ ਜਾਵਾਂਗਾ। ਗੁਰਚਰਨ ਸਿੰਘ ਨਾਲ ਵਾਘੇ ਤੇ ਜਗਤਾਰ ਨਾਲ ਸਵੇਰੇ ਪੰਜ ਵਜੇ ਮਿਲਣ ਦਾ ਇਕਰਾਰ ਕਰਕੇ ਮੈਂ ਆਪਣਾ ਅਟੈਚੀ ਤਿਆਰ ਕਰਨ ਲੱਗਾ।ਬਾਰਾਂ ਵੱਜਣ ਵਾਲੇ ਸਨ। ਸਾਮਾਨ ਪੈਕ ਕਰਕੇ ਅਜੇ ਸੌਣ ਲਈ ਤਿਆਰੀ ਹੀ ਕਰ ਰਿਹਾ ਸਾਂ ਕਿ ਫੋਨ ਦੀ ਘੰਟੀ ਖੜਕੀ।‘‘ਆਹ ਲੌ ਜੀ ਗੱਲ ਕਰੋ।’’ ਫੋਨ ਮਿਲਾਉਣ ਵਾਲਾ ਅੱਗੋਂ ਕਹਿ ਰਿਹਾ ਸੀ।‘‘ਭਾਜੀ ! ਤੁਹਾਡਾ ਭਰਾ ਬਹੁਤ ਜ਼ਿਆਦਾ ਬੀਮਾਰ ਹੈ।…ਐਸ ਵੇਲੇ ਬਾਬਾ ਬੁੱਢਾ ਸਾਹਿਬ ਹਸਪਤਾਲ ਤੋਂ ਬੋਲ ਰਹੀ ਆਂ। ਸਵੇਰੇ ਸੂਰਜ ਚੜ੍ਹਦੇ ਸਾਰ ਏਥੇ ਪਹੁੰਚ ਜਾਓ। ਡਾਕਟਰ ਕੋਈ ਮੂੰਹ-ਸਿਰ ਨਹੀਂ ਦੱਸਦੇ। ਮੈਂ ਡੋਲ ਗਈ ਆਂ। ਮੈਂ ਤਾਂ ਕਮਲੀ-ਬੋਲੀ ਹੋਈ ਪਈ ਆਂ। ਕੱਲ੍ਹੀ ਜ਼ਨਾਨੀ ਕੀ ਕਰਾਂ। ਕਿਥੇ ਜਾਵਾਂ। ਉਹਨੂੰ ਲੈ ਕੇ। ਛੇਤੀ ਆ ਜਾਓ।’’ ਇਹ ਮੇਰੀ ਛੋਟੀ ਭਰਜਾਈ ਬ੍ਹੀਰੋ ਸੀ।‘‘ਮੈਂ ਤਾਂ ਸਵੇਰੇ ਪਾਕਿਸਤਾਨ ਜਾ ਰਿਹਾਂ…।’’‘‘ਕਿਤੇ ਨਹੀਂ ਜਾਣਾ। ਪਹਿਲਾਂ ਐਥੇ ਆਓ। ਸਭ ਕੰਮ ਛੱਡ ਕੇ।’’ ਉਹਦੀ ਜ਼ਿੱਦ ਬੜੀ ਵਾਜਬ ਸੀ। ਮੈਂ ਘਬਰਾ ਗਿਆ। ਪਤਾ ਨਹੀਂ ਮੇਰੇ ਭਰਾ ਦਾ ਕੀ ਹਾਲ ਸੀ! ਅੱਧੀ ਰਾਤ ਨੂੰ ਫੋਨ ਕਰਨਾ ਤੇ ਤੁਰੰਤ ਪਹੁੰਚਣ ਲਈ ਆਖਣਾ! ਨਿਸਚੇ ਹੀ ਬੜੀ ਗੰਭੀਰ ਗੱਲ ਸੀ।ਪਾਕਿਸਤਾਨ ਜਾਣ ਦੇ ਸਾਰੇ ਉਤਸ਼ਾਹ ‘ਤੇ ਪਾਣੀ ਪੈ ਗਿਆ। ਇਕ ਉਮਰਾਂ ਦੀ ਸਿੱਕ ਪੂਰੀ ਹੋਣ ਜਾ ਰਹੀ ਸੀ ਪਰ ਅੱਧਵਾਟੇ ਰਹਿ ਚੱਲੀ ਸੀ ਤੇ ਉਤੋਂ ਮਾਂ-ਜਾਏ ਭਰਾ ਦੇ ਅਤਿ-ਗੰਭੀਰ ਹਾਲਤ ਵਿਚ ਹੋਣ ਦਾ ਡੂੰਘਾ ਸਦਮਾ। ਇਹ ਦੋਹਰਾ ਸਦਮਾ ਸੀ ਮੇਰੇ ਲਈ। ਮੈਂ ਬੌਂਦਲ ਗਿਆ।‘‘ਪਾਕਿਸਤਾਨ ਜਾਣ ਤਾਂ ਰਹਿ ਗਿਆ ਹੁਣ! ਛਿੰਦੇ ਦਾ ਪਤਾ ਨਹੀਂ ਕੀ ਹਾਲ ਹੈ।’’ਮੇਰਾ ਅੰਦਰ ਦੋਹਾਂ ਸਿਰਿਆਂ ਤੋਂ ਖਿੱਚਿਆ ਜਾ ਰਿਹਾ ਸੀ। ਅੰਤਾਂ ਦੇ ਤਣਾਓ ਨੂੰ ਢਿੱਲਾ ਕਰਨ ਲਈ ਮੇਰੀ ਪਤਨੀ ਰਜਵੰਤ ਨੇ ਕੋਸ਼ਿਸ਼ ਕੀਤੀ, ‘‘ਫਿਕਰ ਨਾ ਕਰੋ। ਕਈ ਵਾਰ ਕੱਲਾ ਬੰਦਾ ਘਬਰਾ ਜਾਂਦੈ। ਬਹੁਤੀ ਗੱਲ ਹੈ ਤਾਂ ਮੈਂ ਸਵੇਰੇ ਪਹਿਲੀ ਬੱਸੇ ਉੱਥੇ ਚਲੇ ਜਾਊਂ। ਭਿੰਦੇ ਤੇ ਰਾਜੂ ਹੁਰਾਂ ਨੂੰ ਨਾਲ ਲੈ ਲਊਂ ਜੇ ਲੋੜ ਪਈ ਤਾਂ।’’ ਉਹ ਆਪਣੇ ਭਤੀਜਿਆਂ ਦੇ ਹਵਾਲੇ ਨਾਲ ਗੱਲ ਕਰ ਰਹੀ ਸੀ। ਬੀੜ ਬਾਬਾ ਬੁੱਢਾ ਸਾਹਿਬ ਦਾ ਇਹ ਹਸਪਤਾਲ ਮੇਰੇ ਸਹੁਰੇ ਪਿੰਡ ਝਬਾਲ ਦੀ ਜ਼ਮੀਨ ਵਿਚ ਹੀ ਹੈ। ਮੇਰੀ ਪਤਨੀ ਮੇਰੀ ਜ਼ਿੰਮੇਵਾਰੀ ਓੜ੍ਹਨ ਲਈ ਤਿਆਰ ਸੀ। ਪਰ ਨੇ ਜਾਣੀਏਂ ! ਮੈਂ ਪਾਕਿਸਤਾਨ ਜਾਣ ਦਾ ਖ਼ਤਰਾ ਮੁੱਲ ਲੈਣ ਲਈ ਤਿਆਰ ਨਹੀਂ ਸਾਂ।‘‘ਉਂਜ ਜੇ ਤੁਹਾਡਾ ਮਨ ਨਹੀਂ ਮੰਨਦਾ ਤਾਂ ਬੇਸ਼ੱਕ ਨਾ ਜਾਵੋ, ਮੈਂ ਆਪਣੇ ਸਿਰ ਉਲ੍ਹਾਮਾ ਨਹੀਂ ਲੈਣਾ ਚਾਹੁੰਦੀ।’’ਮੈਨੂੰ ਆਸਰਾ ਦੇ ਕੇ ਵੀ ਉਸ ਨੇ ਮੇਰੇ ਉੱਤੇ ਹੀ ਗੱਲ ਸੁੱਟ ਦਿੱਤੀ ਸੀ। ਮੈਂ ਇਸ ਦੇ ਭਾਰ ਹੇਠਾਂ ਦੱਬਿਆ ਜਾ ਰਿਹਾ ਸਾਂ। ਦੋਹਰੇ ਤੇ ਡੂੰਘੇ ਗ਼ਮ ‘ਚ ਡੁੱਬਾ ਮੈਂ ਛੱਤ ‘ਤੇ ਟੰਗੇ ਪੱਖੇ ਵੱਲ ਵੇਖੀ ਜਾ ਰਿਹਾ ਸਾਂ। ਰਾਤ ਦਾ ਇਕ ਵੱਜ ਚੁੱਕਾ ਸੀ। ਮੈਂ ਕਦੀ ਉਸ ਨੂੰ ਕਹਿੰਦਾ, ‘‘ਤੂੰ ਸਵੇਰੇ ਸੁਵੱਖਤੇ ਹੀ ਚਲੀ ਜਾਈਂ। ਪੈਸੇ ਨਾਲ ਲੈ ਜਾਈਂ। ਲੋੜ ਹੋਈ ਤਾਂ ਭਿੰਦੇ ਹੁਰਾਂ ਨੂੰ ਨਾਲ ਲੈ ਕੇ ਜਿਥੇ ਆਖਣ, ਦਾਖ਼ਲ ਕਰਵਾਈਂ।’’ ਪਰ ਦੂਜੇ ਪਲ ਹੀ ਆਖਦਾ, ‘‘ਚਲੋ ਛੱਡੋ! ਪਾਕਿਸਤਾਨ ਨਹੀਂ ਜਾਂਦੇ। ਫਿਰ ਕਦੀ ਮੌਕਾ ਲੱਗੂ ਤਾਂ ਵੇਖੀ ਜਾਊ।’’ਨਿਸਚੇ ਹੀ ਭਰਾ ਕੋਲ ਜਾਣ ਦਾ ਪਲੜਾ ਭਾਰੀ ਸੀ ਪਰ ਪਾਕਿਸਤਾਨ ਦੀ ਧਰਤੀ ‘ਤੇ ਜਾਣ ਦੀ ਅੱਧੀ ਸਦੀ ਤੋਂ ਵੱਧ ਦੀ ਪਲ-ਪਲ ਪੈਂਦੀ ਖਿੱਚ ਧੁਰ ਅੰਦਰੋਂ ਤੁਣਕੇ ਮਾਰੀ ਜਾ ਰਹੀ ਸੀ।ਮੈਂ ਜਾਗੋ-ਮੀਟੀ ਤੇ ਦੁਬਿਧਾ ਵਿਚ ਬਾਕੀ ਬਚਦੇ ਘੰਟੇ ਲੰਘਾਏ। ਚਾਰ ਵਜੇ ਫੋਨ ਦੀ ਘੰਟੀ ਖੜਕੀ। ਮੇਰੇ ਭਰਾ ਦੀ ਪਤਨੀ ਬੋਲ ਰਹੀ ਸੀ, ‘‘ਭਾ ਜੀ! ਅਸੀਂ ਜਾਗਦਿਆਂ ਰਾਤ ਲੰਘਾਈ ਹੈ। ਸਭ ਕੰਮ ਛੱਡ ਕੇ ਛੇਤੀ ਪੁੱਜਣ ਦੀ ਕਰੋ।’’‘‘ਅੱਛਾ! ਮੈਂ ਆਉਨਾਂ, ਫਿਕਰ ਨਾ ਕਰੋ ਤੁਸੀਂ।’’ ਮੈਂ ਉਸ ਨੂੰ ਢਾਰਸ ਦਿੱਤੀ।ਮੈਂ ਬੜੇ ਭਾਰੀ ਮਨ ਨਾਲ ਉੱਠਿਆ ਤੇ ਬਾਥਰੂਮ ਵਿਚ ਨਹਾਉਣ ਲਈ ਜਾ ਵੜਿਆ। ਫੋਨ ਦੀ ਘੰਟੀ ਖੜਕੀ। ਰਜਵੰਤ ਫੋਨ ‘ਤੇ ਗੱਲ ਕਰ ਰਹੀ ਸੀ। ਮੈਂ ਘਬਰਾ ਕੇ ਬਾਹਰ ਆਇਆ ਤਾਂ ਰਜਵੰਤ ਨੇ ਆਖਿਆ, ‘‘ਨਹਾਓ ਤੁਸੀਂ। ਭਾ ਜੀ ਜਗਤਾਰ ਦਾ ਫੋਨ ਸੀ, ਕਹਿੰਦੇ ਸਨ, ਤੁਹਾਨੂੰ ਜਗਾ ਦਿਆਂ।’’‘‘ਤੂੰ ਆਖ ਦੇਣਾ ਸੀ‥ਕਿ ਉਨ੍ਹਾਂ ਨੇ ਨਹੀਂ ਜਾਣਾ ਹੁਣ।’’ ਮੈਂ ਬੁੜ-ਬੁੜਾਉਂਦਾ ਬਾਥਰੂਮ ਵੱਲ ਤੁਰ ਪਿਆ।ਨਹਾ ਕੇ ਬਾਹਰ ਆਇਆ ਤਾਂ ਰਜਵੰਤ ਫ਼ੋਨ ‘ਤੇ ਕਿਸੇ ਨਾਲ ਗੱਲ ਕਰ ਰਹੀ ਸੀ। ਮੈਂ ਸੁਣਿਆ ਉਹ ਆਪਣੇ ਭਤੀਜੇ ਭੁਪਿੰਦਰ ਨੂੰ ਮੁਖ਼ਾਤਬ ਸੀ, ‘‘ਭਿੰਦਿਆ! ਹੈਥੇ ਬਾਬੇ ਬੁੱਢੇ ਹਸਪਤਾਲ ਵਿਚ ਮੇਰਾ ਦਿਉਰ ਬੀਮਾਰ ਹੈ। ਏਹਨਾਂ ਪਾਕਿਸਤਾਨ ਜਾਣਾ ਸੀ। ਤੂੰ ਪਤਾ ਕਰ ਸਕਦੈਂ ਹਸਪਤਾਲੋਂ ਕਿ ਮਰੀਜ਼ ਦੀ ਪੁਜ਼ੀਸ਼ਨ ਕੀ ਹੈ? ਕੀ ਬਿਮਾਰੀ ਹੈ ਤੇ ਏਥੇ ਉਹਦਾ ਇਲਾਜ ਹੋ ਸਕਦੈ ਜਾਂ ਨਹੀਂ। ਖ਼ਤਰੇ ਵਾਲੀ ਗੱਲ ਤਾਂ ਨਹੀਂ। ਜੇ ਖ਼ਤਰਾ ਨਾ ਹੋਵੇ ਤਾਂ ਇਹ ਚਲੇ ਜਾਣ। ਮੈਂ ਆ ਜਾਂਦੀ ਆਂ ਤੇ ਆਪਾਂ ਸਾਰਾ ਵੇਖ ਲੈਨੇਂ ਆਂ।’’ਭੁਪਿੰਦਰ ਨੇ ਕਿਹਾ ਕਿ ਡਾਕਟਰ ਉਸ ਦਾ ਦੋਸਤ ਹੈ। ਉਹ ਉਸ ਨਾਲ ਤਾਲਮੇਲ ਕਰਕੇ ਹੁਣੇ ਸੂਚਿਤ ਕਰੇਗਾ। ਥੋੜ੍ਹੀ ਦੇਰ ਬਾਅਦ ਭੁਪਿੰਦਰ ਦਾ ਫੋਨ ਆਇਆ, ‘‘ਭੂਆ ਜੀ! ਮੈਂ ਪਤਾ ਕਰ ਲਿਐ। ਪਹਿਲੀ ਗੱਲ ਖ਼ਤਰੇ ਵਾਲੀ ਕੋਈ ਗੱਲ ਨਹੀਂ। ਉਹਦਾ ਏਥੇ ਹੀ ਠੀਕ ਇਲਾਜ ਹੋ ਜਾਊ ਤੇ ਉਹ ਰਾਜ਼ੀ ਵੀ ਹੋ ਜਾਊ। ਤੁਸੀਂ ਬੇਸ਼ੱਕ ਆ ਜਾਓ, ਆਪਾਂ ਵੇਖ ਲੈਂਦੇ ਆਂ। ਪਰ ਫਿਕਰ ਵਾਲੀ ਗੱਲ ਕੋਈ ਨਹੀਂ। ਫੁੱਫੜ ਜੀ ! ਪਾਕਿਸਤਾਨੋਂ ਹੋ ਆਉਣ। ਮਸਾਂ-ਮਸਾਂ ਕਿਤੇ ਮੌਕਾ ਮਿਲਿਐ। ਇਥੇ ਸਭ ਡਾਕਟਰ ਮੇਰੇ ਵਾਕਫ਼ ਨੇ। ਮੈਂ ਪੂਰੇ ਭਰੋਸੇ ਨਾਲ ਗੱਲ ਕਰ ਰਿਹਾਂ।’’ ਭੁਪਿੰਦਰ ਦੀ ਗੱਲ ਨਾਲ ਮੈਨੂੰ ਹੌਸਲਾ ਹੋਇਆ।‘‘ਫਿਰ ਹੁਣ?’’ਭਰਾ ਨੂੰ ਬੀਮਾਰ ਛੱਡ ਕੇ ਤੁਰ ਜਾਣ ਦੇ ਵਿਚਾਰ ਨਾਲ ਪੈਦਾ ਹੋਏ ਗੁਨਾਹ ਦੇ ਅਹਿਸਾਸ ਤੋਂ ਮੁਕਤ ਹੋਣ ਲਈ ਮੈਂ ਪਤਨੀ ਤੋਂ ਅਜੇ ਵੀ ਆਸਰਾ ਭਾਲ ਰਿਹਾ ਸਾਂ ਕਿ ਮੈਂ ਤਾਂ ਪਾਕਿਸਤਾਨ ਉਸ ਦੇ ਕਹਿਣ ‘ਤੇ ਹੀ ਜਾਣ ਲੱਗਾ ਹਾਂ…ਵਰਨਾ!‘‘ਵੇਖ ਲੌ…ਖ਼ਤਰੇ ਵਾਲੀ ਗੱਲ ਤਾਂ ਕੋਈ ਨਹੀਂ। ਮੈਂ ਚਲੇ ਹੀ ਜਾਣੈ….। ਜੇ ਉਹੋ ਜਿਹੀ ਗੱਲ ਹੁੰਦੀ ਮੈਂ ਤੁਹਾਨੂੰ ਆਪ ਹੀ ਰੋਕ ਲੈਣਾ ਸੀ। ਆਖੋ ਤਾਂ ਮੈਂ ਬੀਰ੍ਹੋ ਨਾਲ ਹੁਣੇ ਗੱਲ ਵੀ ਕਰ ਲੈਂਦੀ ਹਾਂ।’’ਉਸ ਨੇ ਹਸਪਤਾਲ ਦਾ ਨੰਬਰ ਘੁਮਾਇਆ ਤੇ ਬੀਰ੍ਹੋ ਨੂੰ ਸੱਦਿਆ। ਉਸ ਨੂੰ ਸਾਰੀ ਗੱਲ ਦੱਸ ਕੇ ਹੌਸਲਾ ਦਿੱਤਾ ਤੇ ਦੱਸਿਆ ਕਿ ਸਾਰੀ ਗੱਲ ਪਤਾ ਲੱਗਣ ਤੋਂ ਪਿਛੋਂ ਹੀ ਮੈਂ ਪਾਕਿਸਤਾਨ ਜਾਣ ਦਾ ਫ਼ੈਸਲਾ ਕੀਤਾ ਹੈ।ਉਸ ਨੂੰ ਢਾਰਸ ਦੇ ਕੇ ਹਟੀ ਹੀ ਸੀ ਕਿ ਬਾਹਰੋਂ ਕਾਰ ਦਾ ਹਾਰਨ ਸੁਣਾਈ ਦਿੱਤਾ। ਜਗਤਾਰ ਆ ਗਿਆ ਸੀ।‘‘ਜਾਓ ਤੁਸੀਂ! ਮੈਂ ਬੀਰ੍ਹੋ ਨੂੰ ਸਾਰੀ ਗੱਲ ਸਮਝਾ ਦਿੱਤੀ ਹੈ। ਮੈਂ ਤੁਹਾਡੇ ਪਿੱਛੇ-ਪਿੱਛੇ ਹੀ ਚਲੀ ਜਾਂਦੀ ਹਾਂ।’’ਬੀਰ੍ਹੋ ਨਾਲ ਹੋਈ ਜਿਹੜੀ ਗੱਲ ਰਜਵੰਤ ਨੇ ਲੁਕਾਈ ਰੱਖੀ ਤੇ ਪਾਕਿਸਤਾਨੋਂ ਪਰਤਣ ਤੋਂ ਬਾਅਦ ਸੁਣਾਈ, ਉਹ ਬੜੀ ਵਾਜਬ ਵੀ ਸੀ ਤੇ ਦਿਲਚਸਪ ਵੀ। ਜਦੋਂ ਉਹ ਬੀਰ੍ਹੋ ਨੂੰ ਫੋਨ ਕਰਕੇ ਹੌਸਲਾ ਦੇਣਾ ਚਾਹ ਰਹੀ ਸੀ ਤਾਂ ਉਹ ਰਜਵੰਤ ਦੀ ਗੱਲ ਸੁਣਨ ਦੀ ਥਾਂ ਅੱਗੋਂ ਪੁੱਛੀ ਜਾ ਰਹੀ ਸੀ, ‘‘ਭਾ ਜੀ ਚਲੇ ਗਏ ਨੇ? ਭਾ ਜੀ ਨੇ ਨਹੀਂ ਆਉਣਾ? ਭਾ ਜੀ ਚਲੇ ਗਏ ਨੇ?’’‘‘ਕੋਈ ਫਿਕਰ ਵਾਲੀ ਗੱਲ ਨਹੀਂ। ਭਿੰਦੇ ਦੇ ਆਖਣ ‘ਤੇ ਹੀ ਉਹ ਗਏ ਨੇ।’’ਇਹ ਸੁਣਦਿਆਂ ਹੀ ਬੀਰ੍ਹੋ ਨੇ ਫ਼ੋਨ ਪਾਸੇ ਰੱਖ ਦਿੱਤਾ ਤੇ ਨਿਰਾਸ਼ਾ ਤੇ ਦੁੱਖ ਨਾਲ ਆਖਿਆ, ‘‘ਫਿੱਟੇ-ਮੂੰਹ ਇਹੋ ਜਿਹੇ ਭਰਾ ਦਾ।’’ਟੈਲੀਫੋਨ ਦਾ ਚੋਂਗਾ ਹੇਠਾਂ ਰੱਖਣ ਦੀ ਆਵਾਜ਼ ਆਈ। ਰਜਵੰਤ ਨੇ ‘ਹੈਲੋ-ਹੈਲੋ’ ਕਰਕੇ ਦੋਬਾਰਾ ਉਸ ਨੂੰ ਫੋਨ ਚੁੱਕਣ ਲਈ ਕਿਹਾ ਤੇ ਦੋਬਾਰਾ ਡਾਕਟਰ ਨਾਲ ਹੋਈ ਭੁਪਿੰਦਰ ਦੀ ਗੱਲਬਾਤ ਸੁਣਾਈ।ਕੁਝ ਵੀ ਸੀ ਬੀਰ੍ਹੋ ਦੀ ਗੱਲ ਸੱਚੀ ਸੀ। ਇਹ ਵੱਖਰੀ ਗੱਲ ਹੈ ਜਦੋਂ ਰਜਵੰਤ ਉਥੇ ਪਹੁੰਚੀ, ਮੇਰਾ ਭਰਾ ਸੁਰਿੰਦਰ ਠੀਕ ਨਜ਼ਰ ਆਇਆ। ਮਾਹੌਲ ਸੁਖਾਵਾਂ ਹੋਇਆ ਤਾਂ ਬੀਰ੍ਹੋ ਨੇ ਵੱਖਰੇ ਤੌਰ ‘ਤੇ ਮੇਰੀ ਪਤਨੀ ਅੱਗੇ ਹੱਥ ਜੋੜਦਿਆਂ ਕਿਹਾ, ‘‘ਭੈਣ ਜੀ ਬੀਬੀ ਭੈਣ ਬਣ ਕੇ ਭਾ ਜੀ ਨੂੰ ਇਹ ਗੱਲ ਨਾ ਦੱਸਿਓ।’’ਕੁਝ ਵੀ ਸੀ! ਭਾਵੇਂ ਉਸ ਪਲ ਤਾਂ ਰਜਵੰਤ ਨੇ ਇਹ ਗੱਲ ਮੈਨੂੰ ਦੱਸੀ ਵੀ ਨਹੀਂ ਸੀ ਪਰ ਜਗਤਾਰ ਹੁਰਾਂ ਨਾਲ ਕਾਰ ਵਿਚ ਬੈਠ ਕੇ ਵਾਘੇ ਨੂੰ ਤੁਰਨ ਵਾਸਤੇ ਮੇਰੇ ਮਨ ਵਿਚ ਜਿਹੜਾ ਚਾਅ ਤੇ ਉਤਸ਼ਾਹ ਹੋਣਾ ਚਾਹੀਦਾ ਸੀ, ਉਹ ਬਿਲਕੁਲ ਗ਼ਾਇਬ ਸੀ। ਮੈਂ ਨਮੋਸ਼ੀ ਵਿਚ ਆਪਣੇ ਅੰਦਰ ਹੀ ਗਰਕਿਆ ਹੋਇਆ ਪਿਆ ਸਾਂ। ਮੇਰਾ ਧੁਰ ਅੰਦਰਲਾ ਕਹਿ ਰਿਹਾ ਸੀ, ‘‘ਤੇਰੀ ਪਾਕਿਸਤਾਨ ਜਾਣ ਦੀ ਖਿੱਚ ਏਨੀ ਪਰਬਲ ਸੀ ਕਿ ਜੇ ਤੇਰੇ ਭਰਾ ਬਾਰੇ ਠੀਕ ਹੋ ਸਕਣ ਦਾ ਸੁਨੇਹਾ ਤੈਨੂੰ ਨਾ ਵੀ ਮਿਲਦਾ ਤੂੰ ਤਦ ਵੀ ਪਾਕਿਸਤਾਨ ਚਲੇ ਜਾਣਾ ਸੀ, ਐਵੇਂ ਉੱਤੋ-ਉੱਤੋਂ ਸੱਚਾ ਹੋਣ ਦੀ ਕੋਸ਼ਿਸ਼ ਨਾ ਕਰ।’’ਮੇਰੇ ਆਪਣੇ ਹੀ ਮਨ ਵਲੋਂ ਮਿਲੀ ਫਿਟਕਾਰ ਮੇਰੀ ਰੂਹ ਤੇ ਮੇਰੇ ਮੂੰਹ ਉੱਤੇ ਉੱਕਰੀ ਹੋਈ ਸੀ। ਜੇ ਬੀਰ੍ਹੋ ਨੇ ਆਖ ਦਿੱਤਾ ਤਾਂ ਕੋਈ ਅਲੋਕਾਰ ਗੱਲ ਤਾਂ ਨਹੀਂ ਸੀ!ਜਗਤਾਰ ਤੇ ਮੈਂ ਵਾਘਾ ਬਾਰਡਰ ‘ਤੇ ਪੁੱਜਣ ਵਾਲੇ ਪਹਿਲੇ ਆਦਮੀਆਂ ‘ਚੋਂ ਸਾਂ। ਹੌਲੀ-ਹੌਲੀ ਦੂਜੇ ਡੈਲੀਗੇਟ ਮਿੱਤਰ ਵੀ ਪਹੁੰਚਣੇ ਸ਼ੁਰੂ ਹੋ ਗਏ। ਕਈ ਜਾਣੇ-ਪਛਾਣੇ ਲੇਖਕ ਮਿੱਤਰ ਇਕ ਦੂਜੇ ਨੂੰ ਮਿਲ ਵੀ ਰਹੇ ਸਨ ਤੇ ਕਾਨਫ਼ਰੰਸ ਦੇ ਧੁੰਦਲੇ ਪ੍ਰਬੰਧ ਬਾਰੇ ਗਿਲੇ-ਸ਼ਿਕਵੇ ਵੀ ਕਰ ਰਹੇ ਸਨ। ਕਿਸੇ ਨੇ ਕਿਹਾ, ‘‘ਇਸ ਕਾਨਫ਼ਰੰਸ ਦਾ ਸਾਰਾ ਪ੍ਰਬੰਧ ਹੀ ਸਸਪੈਂਸ ਫਿਲਮ ਵਰਗਾ ਹੈ। ਹੁਣ ਤੱਕ ਬਹੁਤਿਆਂ ਨੂੰ ਤਾਂ ਪਤਾ ਹੀ ਨਹੀਂ ਕਿ ਕਿਹੜਾ ਜਾ ਰਿਹਾ ਹੈ ਤੇ ਕਿਹੜਾ ਨਹੀਂ। ਵੀਜ਼ਾ ਲਗਾ ਹੈ ਜਾਂ ਨਹੀਂ। ਤਕੜੇ ਹੋ ਕੇ ਆਪਣੀ ਹਿੰਮਤ ਨਾਲ ਜੇ ਕਿਸੇ ਨੇ ਪਤਾ ਲਗਾ ਲਿਆ ਹੋਵੇ ਤਾਂ ਵੱਖਰੀ ਗੱਲ ਹੈ। ਹੁਣ ਪਤਾ ਨਹੀਂ ਐਥੇ ‘ਕੱਠੇ ਹੋਣਾ ਕਿ ਰੇਲਵੇ ਸਟੇਸ਼ਨ ‘ਤੇ।’’ਇਹ ਸੱਚੀ ਗੱਲ ਸੀ। ਬਹੁਤ ਸਾਰੇ ਮਿੱਤਰ ਆਪਣੇ ਆਪ ਹੀ ਬਾਰਡਰ ‘ਤੇ ਦੱਸੇ ਹੋਏ ਹੋਟਲ ਵਿਚ ਪੁੱਜ ਗਏ ਸਨ, ਇਸ ਆਸ ਨਾਲ ਕਿ ਵੀਜ਼ਾ ਲੱਗ ਗਿਆ ਹੋਵੇਗਾ। ਮੇਲੇ ਵਾਲਾ ਮਾਹੌਲ ਬਣਿਆ ਹੋਇਆ ਸੀ। ਲੰਮੀ ਉਡੀਕ ਤੋਂ ਬਾਅਦ ਚੰਡੀਗੜ੍ਹ ਤੇ ਦਿੱਲੀ ਵਾਲੇ ਡੈਲੀਗੇਟ ਤੇ ਆਗੂ ਪੁੱਜ ਗਏ। ਬਾਹਰ ਮੇਜ਼ ਲਗਾਏ ਗਏ ਤੇ ਪ੍ਰਬੰਧਕਾਂ ਵਲੋਂ ਨਾਮਜ਼ਦ ਬੰਦੇ ਪਾਸਪੋਰਟ ਦੇਣ ਲੱਗੇ। ਹਰ ਇਕ ਨੂੰ ਆਪਣਾ ਪਾਸਪੋਰਟ ਲੈਣ ਤੇ ਵੀਜ਼ਾ ਲੱਗਿਆ ਵੇਖਣ ਦੀ ਕਾਹਲੀ ਸੀ।ਅਸੀਂ ਵੀ ਆਪਣੇ ਪਾਸਪੋਰਟ ਪ੍ਰਾਪਤ ਕੀਤੇ। ਆਪੋ-ਧਾਪੀ ਪਈ ਹੋਈ ਸੀ। ਪਾਸਪੋਰਟ ਲੈਣ ਤੋਂ ਪਿੱਛੋਂ ਅਟਾਰੀ ਰੇਲਵੇ ਸਟੇਸ਼ਨ ‘ਤੇ ਪੁੱਜਣਾ ਸੀ। ਸਭ ਕਾਹਲੀ ਵਿਚ ਸਨ। ਸਾਡਾ ਟੈਕਸੀ ਵਾਲਾ ਵਾਪਸ ਪਰਤਣਾ ਚਾਹੁੰਦਾ ਸੀ। ਉਸ ਨੇ ਆਉਂਦਿਆਂ ਹੀ ਵਾਪਸ ਜਾਣ ਦੀ ਕਾਹਲੀ ਪਾਈ ਹੋਈ ਸੀ। ਉਸ ਨੂੰ ਫ਼ਾਰਗ ਕਰਨ ਹਿੱਤ ਅਸੀਂ ਪਾਸਪੋਰਟ ਮਿਲਦਿਆਂ ਹੀ ਤੁਰ ਪਏ।ਅਟਾਰੀ ਰੇਲਵੇ ਸਟੇਸ਼ਨ ਦੇ ਬਾਹਰ ਇਕ ਛੋਟੀ ਜਿਹੀ ਖੋਖਾ-ਨੁਮਾ ਦੁਕਾਨ ਸੀ ਜਿਥੇ ਭਾਰਤੀ ਕਰੰਸੀ ਦੇ ਬਦਲ ਵਿਚ ਪਾਕਿਸਤਾਨੀ ਕਰੰਸੀ ਮਿਲਦੀ ਸੀ। ਭਾਰਤੀ ਸੌ ਰੁਪਏ ਦੇ ਇਕ ਸੌ ਵੀਹ ਪਾਕਿਸਤਾਨੀ ਰੁਪਏ। ਜਗਤਾਰ ਮੈਨੂੰ ਕਹਿੰਦਾ,’’ਤੂੰ ਇਕੱਠੀ ਹੀ ਕਰੰਸੀ ਚੇਂਜ ਕਰਾ ਲੈ। ਆਪਾਂ ਬਾਅਦ ਵਿਚ ਹਿਸਾਬ ਕਰ ਲਵਾਂਗੇ।’’ਅਜਮੇਰ ਸਿੰਘ ਔਲਖ ਕਹਿੰਦਾ, ‘‘ਯਾਰ ਮੇਰੇ ਲਈ ਵੀ ਕੁਝ ਲੈ ਲੈ।’’ਮੈਂ ਦਸ ਹਜ਼ਾਰ ਰੁਪਏ ਦਿੱਤੇ ਤੇ ਸਾਹਮਣੇ ਬੈਠੇ ਸਰਦਾਰ ਨੇ ਬਾਰਾਂ ਹਜ਼ਾਰ ਗਿਣ ਕੇ ਮੇਰੇ ਹੱਥ ਫੜਾਏ।…ਕੋਈ ਜਾਣੂ ਸਾਨੂੰ ਤੁਰਿਆਂ ਜਾਂਦਿਆਂ ਕਹਿਣ ਲੱਗਾ, ‘‘ਕਰੰਸੀ ਅੰਦਰੋਂ ਚੇਂਜ ਕਰਵਾਉਣੀ ਸੀ, ਜ਼ਿਆਦਾ ਪੈਸੇ ਮਿਲਣੇ ਸਨ।’’ਪਰ ਅਸੀਂ ਤਾਂ ਪਹਿਲਾਂ ਪੁੱਜਣ, ਪਹਿਲਾਂ ਕਰੰਸੀ ਰੇਂਜ ਕਰਨ ਤੇ ਪਹਿਲਾਂ ਹੀ ਇਮੀਗਰੇਸ਼ਨ ਕਰਾਉਣ ਦਾ ਰਿਕਾਰਡ ਬਣਾਉਣਾ ਚਾਹੁੰਦੇ ਸਾਂ ਤੇ ਇਹ ਅਸੀਂ ਬਣਾ ਹੀ ਲਿਆ। ਹੋਰ ਲੋਕ ਵੀ ਵੱਖ-ਵੱਖ ਕਾਊਂਟਰਾਂ ‘ਤੇ ਆਪਣੇ ਫਾਰਮ ਭਰਨ ਵਿਚ ਰੁੱਝੇ ਹੋਏ ਸਨ। ਅਸੀਂ ਟਰਾਲੀਆਂ ‘ਤੇ ਸਾਮਾਨ ਲੱਦਿਆ ਤੇ ਕਸਟਮ ਵਾਲਿਆਂ ਤੋਂ ਨਿਸ਼ਾਨ ਲਵਾ ਕੇ ਪਲੇਟਫਾਰਮ ‘ਤੇ ਪੁੱਜ ਗਏ। ਇਕ ਜੇਤੂ ਅਹਿਸਾਸ ਨਾਲ ਅਸੀਂ ਚੁਫੇਰੇ ਵੇਖਿਆ। ਜੰਗਲਿਆਂ ਤੋਂ ਪਾਰ-ਉਰਾਰ ਵੱਡੀ ਗਿਣਤੀ ਵਿਚ ਮੁਸਲਿਮ ਆਦਮੀ, ਔਰਤਾਂ ਤੇ ਬੱਚੇ ਆਪਣੇ ਸਾਮਾਨ ਨਾਲ ਆਪਣਾ ਹਥਲਾ ਕੰਮ ਨਿਪਟਾਉਣ ਵਿਚ ਰੁੱਝੇ ਹੋਏ ਸਨ। ਕੱਪੜਿਆਂ ਤੇ ਦਿੱਖ ਤੋਂ ਗਰੀਬ ਇਹ ਲੋਕ ਹੀ ਸ਼ਾਇਦ ਟਰੇਨ ਦੀਆਂ ਸਵਾਰੀਆਂ ਬਣਨ ਦੇ ਯੋਗ ਸਨ। ਅਮੀਰਾਂ ਲਈ ਤਾਂ ਮਹਿੰਗੀ ਬੱਸ ਜਾਂ ਹਵਾਈ ਜਹਾਜ਼ ਸਨ। ਲੋਹੇ ਦੇ ਟਰੰਕਾਂ ਤੇ ਵੱਡੀਆਂ-ਛੋਟੀਆਂ ਗੰਢਾਂ ਵਿਚ ਸੀ ਉਨ੍ਹਾਂ ਦਾ ਸਾਮਾਨ। ਵਿਦੇਸ਼ਾਂ ਨੂੰ ਜਾਣ ਵਾਲੇ ਲੋਕਾਂ ਵਾਂਗ ਉਨ੍ਹਾਂ ਕੋਲ ਵੱਡੇ ਤੇ ਵਧੀਆ ਸੂਟ-ਕੇਸ ਨਹੀਂ ਸਨ।ਇਕ-ਇਕ, ਦੋ-ਦੋ ਕਰਕੇ ਸਾਡੇ ਜਾਣੂ ਮਿੱਤਰ ਤੁਰੇ ਆ ਰਹੇ ਸਨ। ਗੁਰਭਜਨ ਗਿੱਲ, ਜੋਗਿੰਦਰ ਕੈਰੋਂ, ਦਲਬੀਰ ਚੇਤਨ, ਸਰਵਣ ਸਿੰਘ, ਸਤਿਨਾਮ ਮਾਣਕ, ਰਘਬੀਰ ਸਿੰਘ ਤੇ ਉਸ ਦੀ ਪਤਨੀ ਸੁਲੇਖਾ। ਸਭ ਆਪੋ-ਆਪਣੀਆਂ ਨਿੱਕੀਆਂ-ਨਿੱਕੀਆਂ ਢਾਣੀਆਂ ਵਿਚ ਖੜੋਤੇ ਗੱਪ-ਗੋਸ਼ਟੀਆਂ ਵਿਚ ਰੁੱਝ ਗਏ। ਮੈਂ ਸੁਲੇਖਾ ਵੱਲ ਵੇਖ ਕੇ ਕਿਹਾ, ‘‘ਜੇ ਮੈਨੂੰ ਪਹਿਲਾਂ ਪਤਾ ਹੁੰਦਾ ਕਿ ਤੁਸੀਂ ਵੀ ਆਉਣੈ ਤਾਂ ਮੈਂ ਵੀ ਰਜਵੰਤ ਵਾਸਤੇ ਪ੍ਰਬੰਧਕਾਂ ਨੂੰ ਨਿਵੇਦਨ ਕਰ ਵੇਖਦਾ।’’ਅਸਲ ਵਿਚ ਜਦੋਂ ਪੰਜ ਕੁ ਸਾਲ ਪਹਿਲਾਂ ਅਸੀਂ ਦੋਹਾਂ ਜੀਆਂ ਨੇ ਪਾਸਪੋਰਟ ਬਣਾਏ ਸਨ ਤਾਂ ਸਾਡੇ ਮਨ ਵਿਚ ਸਿਰਫ਼ ਏਨੀ ਕੁ ਹੀ ਉਡਾਰੀ ਸੀ ਕਿ ਇਨ੍ਹਾਂ ਸਹਾਰੇ ਅਸੀਂ ਕਦੀ ਨਾ ਕਦੀ ਪਾਕਿਸਤਾਨ ਗੇੜਾ ਮਾਰ ਆਵਾਂਗੇ। ਕੈਨੇਡਾ, ਅਮਰੀਕਾ ਜਾਂ ਇੰਗਲੈਂਡ ਤਾਂ ਸੁਪਨੇ ਵਿਚ ਵੀ ਨਹੀਂ ਸੀ ਸੋਚਿਆ। ਇਹ ਵੱਖਰੀ ਗੱਲ ਸੀ ਕਿ ‘ਮਿਲਵਾਕੀ ਕਾਨਫ਼ਰੰਸ’ ਦੇ ਬਹਾਨੇ ਮੈਂ ਇਹ ਤਿੰਨੇ ਮੁਲਕ ਵੀ ਵੇਖ ਲਏ ਤੇ ਫਿਰ ਆਪਣੇ ਪੁੱਤਰ ਸੁਪਨਦੀਪ ਦੇ ਵਿਆਹ ਦੇ ਸਬੰਧ ਵਿਚ ਪਿਛਲੇ ਸਾਲ ਦੋਵੇਂ ਜੀਅ ਕੈਨੇਡਾ ਗੇੜੀ ਮਾਰ ਆਏ ਸਾਂ। ਪਰ ਜਿਸ ਉਚੇਚੇ ਮਕਸਦ ਲਈ ਪਾਸਪੋਰਟ ਬਣਾਇਆ ਸੀ, ਉਸਦਾ ਮੌਕਾ ਤਾਂ ਹੁਣੇ ਆਇਆ ਸੀ। ਰਜਵੰਤ ਨੇ ਮੈਨੂੰ ਆਖਿਆ ਸੀ, ‘‘ਵੇਖ ਲੋ! ਤੁਸੀਂ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਜਦੋਂ ਵੀ ਪਾਕਿਸਤਾਨ ਜਾਵਾਂਗੇ ਤਾਂ ਇਕੱਠੇ ਜਾਵਾਂਗੇ। ਹੁਣ ਤੁਸੀਂ ਨਾਂ ਹੀ ਨਹੀਂ ਲੈਂਦੇ।’’ਮੈਂ ਉਸ ਨੂੰ ਸਮਝਾਇਆ ਕਿ ਇਸ ਕਾਨਫ਼ਰੰਸ ਵਿਚ ਉਹ ਮਹੱਤਵਪੂਰਨ ਬੰਦਿਆਂ ਨੂੰ ਲਿਜਾ ਰਹੇ ਹਨ। ਉਨ੍ਹਾਂ ਨੂੰ ਜਿਨ੍ਹਾਂ ਦਾ ਆਪੋ ਆਪਣੇ ਖੇਤਰ ਵਿਚ ਉਚੇਚਾ ਯੋਗਦਾਨ ਹੋਵੇ।‘‘ਜਿਹੜਾ ਬੰਦਾ ਫਾਰਮ ਦੇਣ ਆਇਆ ਸੀ, ਉਹਦੇ ਯੋਗਦਾਨ ਦਾ ਤਾਂ ਤੁਹਾਨੂੰ ਪਤਾ ਕੋਈ ਨਹੀਂ। ਉਹ ਵੀ ਜਲੰਧਰ ਦਾ ਹੀ ਰਹਿਣ ਵਾਲਾ ਸੀ। ਨਾ ਤੁਸੀਂ ਉਹਦੀਆਂ ਪ੍ਰਾਪਤੀਆਂ ਨੂੰ ਜਾਣਦੇ ਸੀ ਤੇ ਨਾ ਉਹ ਤੁਹਾਨੂੰ ਤੇ ਜਗਤਾਰ ਹੁਰਾਂ ਨੂੰ ਜਾਣਦਾ ਸੀ। ਤੁਸੀਂ ਲੱਲੂ ਪਾਤਸ਼ਾਹ ਓ…ਤੁਹਾਨੂੰ ਕੁਝ ਪਤਾ ਨਹੀਂ, ਸਭ ਚਲਦਾ ਹੈ। ਨਾਲੇ ਲੇਖਕ ਸਭਾ ਦੇ ਕਿਤਾਬਚੇ ਵਿਚ ਮੈਂ ਵੀ ਲੇਖਕ ਵਜੋਂ ਦਰਜ ਹਾਂ।’’ਉਹ ਸਮਝਾ ਵੀ ਰਹੀ ਸੀ ਤੇ ਤਰਲਾ ਵੀ ਲੈ ਰਹੀ ਸੀ। ਪਰ ਮੈਨੂੰ ਸੰਗ ਆਉਂਦੀ ਸੀ ਕਿ ਕਿਸੇ ਪ੍ਰਬੰਧਕ ਨੂੰ ਆਪਣੀ ਪਤਨੀ ਦਾ ਵੀਜ਼ਾ ਲੁਆਉਣ ਲਈ ਵੀ ਆਖਾਂ। ਉਹ ਨਿਰਾਸ਼ ਹੋ ਕੇ ਚੁੱਪ ਕਰ ਗਈ ਸੀ। ਰਾਤੀਂ ਜਦੋਂ ਰਘਬੀਰ ਸਿੰਘ ਨੇ ਫੋਨ ‘ਤੇ ਸੁਲੇਖਾ ਦੇ ਜਾਣ ਬਾਰੇ ਦੱਸਿਆ ਸੀ ਤਾਂ ਮੈਂ ਰਜਵੰਤ ਕੋਲੋਂ ਇਹ ਗੱਲ ਲੁਕਾਈ ਰੱਖੀ ਸੀ।ਮੈਂ ਜਦੋਂ ਰਜਵੰਤ ਦੀ ਇਸ ਹਸਰਤ ਦਾ ਜ਼ਿਕਰ ਕੀਤਾ ਤਾਂ ਸੁਲੇਖਾ ਕਹਿਣ ਲੱਗੀ, ‘‘ਲਓ! ਛੱਡੋ ਪਰੇ! ਤੁਸੀਂ ਲੈ ਆਉਣਾ ਸੀ, ਇਹਦੇ ‘ਚ ਕਿਹੜੀ ਗੱਲ ਸੀ। ਔਹ ਵੇਖੋ।’’ਆਸੇ-ਪਾਸੇ ਵੇਖਿਆਂ ਜਾਣਿਆਂ ਜੋ ਰਹੱਸ ਉਦਘਾਟਨ ਹੋ ਰਿਹਾ ਸੀ, ਉਥੋਂ ਮੈਨੂੰ ਰਜਵੰਤ ਸੱਚੀ ਲੱਗੀ। ਦੱਸਣ ਵਾਲਾ ਦੱਸ ਰਿਹਾ ਸੀ, ‘‘ਔਹ ਵੇਖੋ! ਜਿਹੜਾ ਸਾਹਬ ਪਾਸਪੋਰਟ ਵੰਡਣ ਡਿਹਾ ਸੀ, ਉਹਦੀ ਘਰਵਾਲੀ ਨਾਲ ਹੈ ਤੇ ਨਾਲ ਹੀ ਹੈ ਉਹਦਾ ਸਾਲਾ ਤੇ ਔਹ ਜਿਹੜਾ ਟੋਪੀ ਵਾਲਾ ਮੁੰਡਾ ਉਹਦਾ ਸਹਾਇਕ ਸੀ, ਉਹ ਇਕ ਪ੍ਰਬੰਧਕ ਐਡਵੋਕੇਟ ਦਾ ਪੁੱਤਰ ਹੈ ਤੇ ਨਾਲ ਹੈ ਉਸ ਐਡਵੋਕੇਟ ਦਾ ਸਾਰਾ ਪਰਿਵਾਰ।’’ਪਰ, ਬਾਰਡਰ ‘ਤੇ ਮਿਲਣ ਵਾਲੇ ਹੋਰ ਲੇਖਕ ਇਥੇ ਹਾਜ਼ਰ ਨਹੀਂ ਸਨ। ਪਤਾ ਲੱਗਾ ਉਨ੍ਹਾਂ ਦਾ ਵੀਜ਼ਾ ਹੀ ਨਹੀਂ ਲੱਗਾ। ਪਾਸਪੋਰਟ ਵੀ ਉਨ੍ਹਾਂ ਨੂੰ ਕਾਨਫ਼ਰੰਸ ਤੋਂ ਪਿੱਛੋਂ ਮਿਲਣਗੇ। ਵਿਚਾਰੇ ਨਿਰਾਸ਼ ਪਰਤ ਗਏ ਨੇ। ਕਈ ਕਹਿ ਰਹੇ ਸਨ ਕਿ ਉਨ੍ਹਾਂ ਦੇ ਪਾਸਪੋਰਟ ਪਾਕਿਸਤਾਨੀ ਅੰਬੈਸੀ ਸਾਹਮਣੇ ਵੀਜ਼ੇ ਲਈ ਪੇਸ਼ ਹੀ ਨਹੀਂ ਸਨ ਕੀਤੇ ਗਏ। ਕੋਈ ਕਹਿ ਰਿਹਾ ਸੀ ਨਿਸਚਿਤ ਗਿਣਤੀ ਤੋਂ ਵੱਧ ਬੰਦੇ ਹੋ ਜਾਣ ਕਰਕੇ ਪ੍ਰਬੰਧਕਾਂ ਨੂੰ ਪਾਕਿ ਅੰਬੈਸੀ ਦੇ ਅਧਿਕਾਰੀਆਂ ਨੇ ਕੁਝ ਨਾਂ ਕੱਟਣ ਲਈ ਕਿਹਾ ਤੇ ਇਨ੍ਹਾਂ ਲੋਕਾਂ ਦੇ ਨਾਂ ਕੱਟ ਦਿੱਤੇ ਗਏ।ਸਾਨੂੰ ਬਾਰਡਰ ਤੋਂ ਆ ਕੇ ਵਾਪਸ ਪਰਤ ਜਾਣ ਵਾਲਿਆਂ ਦੀ ਹਾਲਤ ‘ਤੇ ਤਰਸ ਆ ਰਿਹਾ ਸੀ। ਇਹ ਗੱਲ ਡਾਢੀ ਮਾੜੀ ਹੋਈ ਸੀ। ਇਹ ਸਾਡੇ ਨਾਲ ਵੀ ਤਾਂ ਹੋ ਸਕਦੀ ਸੀ! ਜਦੋਂ ਰਾਤੀਂ ਸਾਨੂੰ ਵੀਜ਼ੇ ਲੱਗਣ ਦੀ ਪੁਸ਼ਟੀ ਨਹੀਂ ਹੋ ਰਹੀ ਸੀ ਤਾਂ ਅਸੀਂ ਵੀ ਤਾਂ ਇਹੋ ਹੀ ਸੋਚਿਆ ਸੀ ਕਿ ਚਲੋ ਬਾਰਡਰ ‘ਤੇ ਜਾ ਕੇ ਵੇਖ ਲਵਾਂਗੇ ਕੀ ਕੱਟਾ-ਕੱਟੀ ਨਿਕਲਦੇ ਐ। ਜੇ ਸਾਨੂੰ ਵੀ ਉਨ੍ਹਾਂ ਵਾਂਗ ਵਾਪਸ ਪਰਤਣਾ ਪੈਂਦਾ ਤਾਂ ਕਿੰਨੀ ਮਾਯੂਸੀ ਹੋਣੀ ਸੀ ਅਤੇ ਕਿੰਨਾ ਰੰਜ!ਉਧਰ ਸੰਤੋਖ ਸਿੰਘ ਮੰਡੇਰ ਆਖਦਾ ਫਿਰਦਾ ਸੀ ਕਿ ਉਸ ਦਾ ਕੀ ਕਸੂਰ ਹੈ! ਉਹ ਤਾਂ ਇਕੱਲਾ ਦਿੱਲੀ-ਚੰਡੀਗੜ੍ਹ ਦੇ ਫੇਰੇ ਮਾਰ-ਮਾਰ ਖਪ ਗਿਐ।ਜੋਗਿੰਦਰ ਕੈਰੋਂ ਤੇ ਦਲਬੀਰ ਚੇਤਨ ‘ਅਜੋਕੇ ਸ਼ਿਲਾਲੇਖ’ ਦਾ ‘ਕਾਨਫ਼ਰੰਸ ਵਿਸ਼ੇਸ਼ ਅੰਕ’ ਟਰਾਲੀ ‘ਤੇ ਲੱਦੀ ਫਿਰਦੇ ਸਨ ਜਿਸ ਵਿਚ ਗੁਰਮੁਖੀ ਤੇ ਸ਼ਾਹਮੁਖੀ ਵਿਚ ਛਪੀਆਂ ਲਿਖਤਾਂ ਸ਼ਾਮਲ ਸਨ। ਡੈਲੀਗੇਟਾਂ ਦੀਆਂ ਤਸਵੀਰਾਂ ਵਾਲੀ ਇਕ ਦੋਵਰਕੀ ਜਿਹੀ ਵੀ ਹੱਥ ਲੱਗੀ। ਬਹੁਤ ਸਾਰੇ ਲੋਕ ਜਿਹੜੇ ਸਾਡੇ ਨਾਲ ਜਾ ਰਹੇ ਸਨ, ਉਨ੍ਹਾਂ ਦੀਆਂ ਤਸਵੀਰਾਂ ਗਾਇਬ ਸਨ ਤੇ ਹੋਰ ਬਹੁਤ ਸਾਰੇ ਅਜਿਹੇ ਚਿਹਰੇ ਹਾਜ਼ਰ ਸਨ, ਜਿਨ੍ਹਾਂ ਨੂੰ ਜਾਣ ਤੋਂ ਜੁਆਬ ਮਿਲ ਗਿਆ ਸੀ। ਪਰ ਉਨ੍ਹਾਂ ਦੀਆਂ ਛਪੀਆਂ ਜਾ ਅਣਛਪੀਆਂ ਤਸਵੀਰਾਂ ਹੀ ਦੱਸਦੀਆਂ ਸਨ ਕਿ ਪਹਿਲਾਂ ਹੋਏ ਫੈਸਲੇ ਅੰਤਲੇ ਸਮਿਆਂ ਵਿਚ ਬਦਲ ਲਏ ਗਏ।ਗੁਰਚਰਨ ਸਿੰਘ, ਉਸਦਾ ਭਰਾ ਅਮਰ ਸਿੰਘ ਤੇ ਉਨ੍ਹਾਂ ਦੇ ਦੋ ਕੁ ਹੋਰ ਸਨੇਹੀ ਵੀ ਪਹੁੰਚ ਗਏ। ਗੁਰਚਰਨ ਕਹਿ ਰਿਹਾ ਸੀ ਕਿ ਮੈਨੂੰ ਕੋਈ ਮਿਲਣ ਵਾਲਾ ਬਾਹਰ ਯਾਦ ਕਰਦਾ ਸੀ। ਇਕ ਪ੍ਰਕਿਰਿਆ ‘ਚੋਂ ਲੰਘਣ ਪਿੱਛੋਂ ਮੇਰੇ ਲਈ ਬਾਹਰ ਜਾਣਾ ਮੁਸ਼ਕਿਲ ਸੀ। ਉਸ ਨੇ ਬਾਹਰਲੇ ਸੱਜਣ ਦਾ ਹੱਥ ਲਿਖਿਤ ਰੁੱਕਾ ਮੈਨੂੰ ਫੜਾਇਆ। ਮੇਰੇ ਦੋਸਤ ਘਰਿੰਡੇ ਵਾਲੇ ਜਸਵੰਤ ਸਿੰਘ ਦੀ ਲਿਖਤ ਸੀ।ਏਨੇ ਚਿਰ ਨੂੰ ‘ਸਮਝੌਤਾ ਐਕਸਪ੍ਰੈਸ’ ਪਲੇਟ ਫਾਰਮ ‘ਤੇ ਆ ਲੱਗੀ। ਗੱਡੀ ਵਿਚ ਚੜ੍ਹਨਾ, ਸਾਮਾਨ ਚੜ੍ਹਾਉਣਾ ਤੇ ਥਾਂ ਮੱਲਣਾ ਆਪਣੇ ਆਪ ਵਿਚ ਵੱਡਾ ਮਸਲਾ ਸੀ। ਡਾ. ਜਗਤਾਰ ਨੂੰ ਸਾਹ ਦੀ ਤਕਲੀਫ ਹੋਣ ਕਰਕੇ ਉਸ ਦਾ ਸਾਮਾਨ ਵੀ ਮੈਂ ਗੱਡੀ ਵਿਚ ਚੜ੍ਹਾਉਣਾ ਸੀ। ਅਸੀਂ ਇਕ ਦੂਜੇ ਦੇ ਸਾਥ ਵਿਚ ਹੀ ਰਹਿਣ ਦਾ ਫੈਸਲਾ ਕੀਤਾ ਸੀ। ਮੈਂ ਜਸਵੰਤ ਦਾ ਰੁੱਕਾ ਜੇਬ ‘ਚ ਪਾਇਆ ਤੇ ਟਰਾਲੀ ਨੂੰ ਸੂਤ ਕਰਨ ਲੱਗਾ। ਸਾਡੇ ਕੋਲ ਤਿੰਨ ਨਗ ਸਨ। ਦੋ ਛੋਟੇ ਸੂਟਕੇਸ ਤੇ ਇਕ ਡਾ. ਜਗਤਾਰ ਦਾ ਵੱਖਰਾ ਬੈਗ। ਮੁਸਲਿਮ ਸਵਾਰੀਆਂ ਦੀ ਵੱਡੀ ਭੀੜ ਸੀ। ਭੱਜ-ਦੌੜ ਮੱਚ ਗਈ। ਪਰ ਏਨੇ ‘ਚ ਪਤਾ ਚੱਲ ਗਿਆ ਕਿ ਕਾਨਫ਼ਰੰਸ ਦੇ ਯਾਤਰੀਆਂ ਲਈ ਪਿੱਛੇ ਦੋ ਡੱਬੇ ਰੀਜ਼ਰਵ ਸਨ। ਇਹ ਚੰਗੀ ਗੱਲ ਸੀ। ਸਾਨੂੰ ਗੱਡੀ ਚੜ੍ਹਨ ਤੇ ਸਾਮਾਨ ਰੱਖਣ ਵਿਚ ਉਮੀਦ ਤੋਂ ਉਲਟ ਕੋਈ ਖ਼ਾਸ ਤਕਲੀਫ਼ ਨਾ ਹੋਈ।ਹੁਣ ਅਸੀਂ ਸੰਤੁਸ਼ਟ ਸਾਂ। ਸੀਟਾਂ ‘ਤੇ ਬੈਠੇ ਇਕ ਦੂਜੇ ਨਾਲ ਗੱਪ-ਗਿਆਨ ਲੜਾ ਰਹੇ।‘‘ਭਾ ਜੀ! ਚਾਹ ਲਿਆਈਏ!’’ ਪਲੇਟ ਫਾਰਮ ਤੋਂ ਗੁਰਚਰਨ ਨੇ ਆਵਾਜ਼ ਦਿੱਤੀ। ਉਹ ਸਦਾ ਵਾਂਗ ਵੱਡੇ ਭਰਾ ਵਾਲਾ ਸਤਿਕਾਰ ਦੇ ਰਿਹਾ ਸੀ। ਮੈਂ ਵੀ ਉਸੇ ਮਾਣ ਵਿਚ ਉਸ ਨੂੰ ਕਿਹਾ, ‘‘ਮੈਨੂੰ ਤਾਂ ਪਿਆਸ ਲੱਗੀ ਹੈ। ਚਾਹ ਮੇਰੇ ਸਾਥੀਆਂ ਨੂੰ ਪਿਆ ਦੇ ਤੇ ਮੈਨੂੰ ਠੰਢਾ।’’ਉਸ ਨੇ ਉਸੇ ਵੇਲੇ ਮੇਰੇ ਨਾਲ ਬੈਠੇ ਸਭ ਮਿੱਤਰਾਂ ਲਈ ਚਾਹ ਮੰਗਵਾ ਲਈ। ਮੈਂ ਸਭ ਨਾਲ ਕਰਤਾਰ ਪਹਿਲਵਾਨ ਦੇ ਵੱਡੇ ਭਰਾ ਵਜੋਂ ਉਸ ਦੀ ਜਾਣ-ਪਛਾਣ ਕਰਵਾਈ।‘‘ਉਹ ਰੁੱਕਾ ਪੜ੍ਹ ਲੈਣਾ ਸੀ,’’ ਉਸ ਨੇ ਜਸਵੰਤ ਦੇ ਰੁੱਕੇ ‘ਤੇ ਇਕ ਨਜ਼ਰ ਮਾਰ ਕੇ ਜੇਬ ਵਿਚ ਰੱਖਦਿਆਂ ਤੇ ਟਰੇਨ ‘ਤੇ ਸਵਾਰ ਹੋਣ ਲਈ ਅਹੁਲਦਿਆਂ ਮੈਨੂੰ ਵੇਖਿਆ ਹੋਇਆ ਸੀ। ਮੈਂ ਰੁੱਕਾ ਪੜ੍ਹਿਆ। ਜਸਵੰਤ ਨੇ ਅਟਾਰੀ ਰੇਲਵੇ ਸਟੇਸ਼ਨ ‘ਤੇ ਆਪਣੇ ਆਉਣ ਅਤੇ ਮੈਨੂੰ ਨਾ ਮਿਲ ਸਕਣ ਬਾਰੇ ਲਿਖਿਆ ਸੀ। ਨਾਲ ਹੀ ਅਫਜ਼ਲ ਅਹਿਸਨ ਰੰਧਾਵਾ ਤੇ ਇਲਿਆਸ ਘੁੰਮਣ ਨੂੰ ਆਪਣੇ ਵਲੋਂ ਸਲਾਮ ਲਿਖੀ ਸੀ ਤੇ ਇਹ ਵੀ ਕਿਹਾ ਸੀ ਕਿ ਜੇ ਹੋ ਸਕੇ ਤਾਂ ਚੂਹੜਕਾਣੇ ਲਾਗੇ ਰਹਿੰਦੇ ਉਹਦੇ ਬਚਪਨ ਦੇ ਜਮਾਤੀ ਇਸਹਾਕ ਮੁਹੰਮਦ ਨੂੰ ਜ਼ਰੂਰ ਮਿਲ ਕੇ ਆਵਾਂ।ਜਸਵੰਤ ਹੀ ਸੀ ਜਿਸ ਨਾਲ ਪਹਿਲੀ ਵਾਰ ਮੈਂ ਵਾਘਾ ਬਾਰਡਰ ਵੇਖਣ ਗਿਆ ਸਾਂ। 1965 ਦੀ ਜੰਗ ਤੋਂ ਬਾਅਦ ਠੰਢ-ਠੰਢੌਰਾ ਹੋ ਚੁੱਕਿਆ ਸੀ। ਮੈਂ ਜਸਵੰਤ ਦੇ ਪਿੰਡ ਉਸ ਕੋਲ ਗਿਆ ਹੋਇਆ ਸਾਂ। ਉਸ ਦਾ ਕੋਈ ਦੋਸਤ ਵਾਘਾ ਬਾਰਡਰ ‘ਤੇ ਇੰਸਪੈਕਟਰ ਸੀ। ਉਹ ਸਾਨੂੰ ਅੱਗੇ ਤੱਕ ਬਾਰਡਰ ਵਿਖਾ ਸਕਦਾ ਸੀ। ਉਦੋਂ ਪਹਿਲੀ ਵਾਰ ਮੈਨੂੰ ਮਹਿਸੂਸ ਹੋਇਆ ਕਿ ਅਸੀਂ ਦੋਵੇਂ ਮੁਲਕ ਕਿੰਨਾ ਨੇੜੇ ਹੋ ਕੇ ਕਿੰਨੇ ਦੂਰ ਹਾਂ। ਐਹੋ ਸੀ ਭਾਰਤੀ ਦਰਵਾਜ਼ਾ ਤੇ ਕੁਝ ਫੁੱਟ ਪਰ੍ਹੇ ਪਾਕਿਸਤਾਨੀ ਦਰਵਾਜ਼ਾ ਤੇ ਵਿਚ ‘ਨੋ ਮੈਨਜ਼ ਲੈਂਡ’। ਇਧਰ ਸਾਡੀਆਂ ਫਸਲਾਂ, ਉਧਰ ਉਨ੍ਹਾਂ ਦੀਆਂ। ਐਹ ਸਾਡੀਆਂ ਟਾਹਲੀਆਂ, ਔਹ ਉਨ੍ਹਾਂ ਦੀਆਂ। ਔਹ ਫਸਲਾਂ ‘ਚ ਸਾਡੇ ਵਾਂਗ ਹੀ ਤੁਰੇ ਫਿਰਦੇ ਬੰਦੇ। ਐਹ ਸੜਕ ਸਿੱਧੀ ਲਾਹੌਰ ਜਾਂਦੀ ਸੀ ਪਰ ਅਸੀਂ ਇਸ ‘ਤੇ ਦਸ ਕਦਮ ਤੁਰ ਕੇ ਅੱਗੇ ਨਹੀਂ ਸਾਂ ਜਾ ਸਕਦੇ। ਜਦੋਂ ਅਜੇ ਮੈਂ ਵਾਘਾ ਬਾਰਡਰ ਵੇਖਿਆ ਨਹੀਂ ਸੀ, ਉਦੋਂ ਵੀ ਮੈਂ ਕਲਪਨਾ ਵਿਚ ਇਥੋਂ ਦੇ ਦ੍ਰਿਸ਼ ਦਾ ਵਾਕਫ ਹੋ ਗਿਆ ਸਾਂ। ‘ਪ੍ਰੀਤ ਲੜੀ’ ਵਿਚ ਗੁਰਬਖਸ਼ ਸਿੰਘ ਦਾ ਸਵੈ-ਅਨੁਭਵ ਪੜ੍ਹ ਚੁੱਕਾ ਸਾਂ। ਦੇਸ਼ ਦੀ ਵੰਡ ਤੋਂ ਪਿਛੋਂ ਗੁਰਬਖਸ਼ ਸਿੰਘ ਨੇ ਉਧਰ ਰਹਿ ਗਏ ਕਿਸੇ ਮਿੱਤਰ ਪਿਆਰੇ ਦੀ ਚਿੱਠੀ ਦੇ ਜੁਆਬ ਵਿਚ, ਉਸ ਦੀ ਇੱਛਾ ਮੁਤਾਬਕ ਬਾਰਡਰ ਉੱਤੇ ‘ਪਿਆਰ-ਝਾਤ ਮਿਲਣੀ’ ਲਈ ਉਸ ਨੂੰ ਲਿਖ ਦਿੱਤਾ ਸੀ ਤੇ ਆਪ ਸਮੇਂ ਸਿਰ ਬਾਰਡਰ ਉੱਤੇ ਪਹੁੰਚ ਗਿਆ ਸੀ ਪਰ ਉਸ ਦੇ ਪਿਆਰੇ ਸਨੇਹੀ ਨੂੰ ਸ਼ਾਇਦ ਗੁਰਬਖਸ਼ ਸਿੰਘ ਦੀ ਮੋੜਵੀਂ ਚਿੱਠੀ ਨਹੀਂ ਸੀ ਮਿਲੀ ਜਾਂ ਚਿੱਠੀ ਸੀ.ਆਈ.ਡੀ. ਦੇ ਢਹੇ ਚੜ੍ਹ ਗਈ ਸੀ। ਉਹ ਨਹੀਂ ਸੀ ਆ ਸਕਿਆ ਤੇ ਗੁਰਬਖਸ਼ ਸਿੰਘ ਦੀਆਂ ਸਿੱਕਦੀਆਂ ਪਿਆਸੀਆਂ ਨਜ਼ਰਾਂ ਦੂਰ ਸਲੇਟੀ ਸੜਕ ‘ਤੇ ਉਸ ਨੂੰ ਲੱਭ ਰਹੀਆਂ ਸਨ। ਪਾਕਿਸਤਾਨ ਵਾਲੇ ਪਾਸੇ ਭੰਗੀ ਝਾੜੂ ਦੇ ਰਿਹਾ ਸੀ ਤੇ ਹਵਾ ਦਾ ਰੁਖ਼ ਹਿੰਦੁਸਤਾਨ ਵੱਲ ਸੀ। ਧੂੜ ਉੱਡ-ਉੱਡ ਕੇ ਗੁਰਬਖਸ਼ ਸਿੰਘ ਦੇ ਕੱਪੜਿਆਂ ‘ਤੇ ਪੈ ਰਹੀ ਸੀ ਪਰ ਉਹ ਉਸ ਧੂੜ ਨੂੰ ਕੱਪੜਿਆਂ ਤੋਂ ਝਾੜਨ ਦੀ ਥਾਂ ਉਸ ਹੇਠਾਂ ਦੱਬ ਜਾਣਾ ਚਾਹੁੰਦਾ ਸੀ ਕਿਉਂਕਿ ਇਹ ਧੂੜ ਤਾਂ ਉਹਦੀ ਮਾਂ-ਧਰਤੀ ਦੀ ਧੂੜ ਸੀ…ਉਸ ਦੇ ਪਿਆਰੇ ਵਤਨ ਦੀ ਧੂੜ ਸੀ। ਗੁਰਬਖਸ਼ ਸਿੰਘ ਹਸਰਤ ਨਾਲ ਉਨ੍ਹਾਂ ਪੰਛੀਆਂ ਵੱਲ ਵੇਖ ਰਿਹਾ ਸੀ ਜਿਹੜੇ ਮਲਕੜੇ ਜਿਹੇ ਇਧਰਲੇ ਰੁੱਖ ਤੋਂ ਉਡਦੇ ਸਨ ਤੇ ਉਧਰਲੇ ਰੁੱਖ ‘ਤੇ ਜਾ ਬੈਠਦੇ ਸਨ। ਉਨ੍ਹਾਂ ਦੀ ਆਜ਼ਾਦੀ ਅੱਗੇ ਸ਼ਾਇਦ ਉਸ ਨੂੰ ਲੱਗਦਾ ਸੀ ਕਿ ਅਸੀਂ ਇਹ ਕਿਹੋ ਜਿਹੀਆਂ ਆਜ਼ਾਦੀਆਂ ਲੈ ਲਈਆਂ ਹਨ ਕਿ ਹੱਦਾਂ ਦੀਆਂ ਲੀਕਾਂ ਦੇ ਗੁਲਾਮ ਬਣ ਗਏ ਹਾਂ।ਉਸ ਤੋਂ ਬਾਅਦ ਜਦੋਂ ਵੀ ਮੈਂ ਜਸਵੰਤ ਕੋਲ ਜਾਂਦਾ ਜਾਂ ਮੌਕਾ ਬਣਦਾ ਤਾਂ ਵਾਘਾ ਬਾਰਡਰ ਵੇਖਣ ਜ਼ਰੂਰ ਜਾਂਦਾ। ਸੂਰਜ ਡੁੱਬਣ ਦੇ ਨਾਲ ਦੋਹਾਂ ਮੁਲਕਾਂ ਦੇ ਝੰਡੇ ਲਾਹੁਣ ਦੀ ਰਸਮ ਹੁੰਦੀ। ਓਨਾ ਚਿਰ ਦਰਵਾਜ਼ਿਆਂ ਤੋਂ ਇਕ ਨਿਸਚਿਤ ਵਿੱਥ ਤੱਕ ਬੀ.ਐਸ.ਐਫ. ਦੇ ਨੌਜਵਾਨ ਭੀੜ ਨੂੰ ਇੰਜ ਰੋਕ ਕੇ ਰੱਖਦੇ ਜਿਵੇਂ ਤਿਰਹਾਏ ਪਸ਼ੂਆਂ ਨੂੰ ਪਾਣੀ ਵੱਲ ਜਾਣ ਲਈ ਰੱਸੇ ਤੁੜਵਾਉਂਦਿਆਂ ਨੂੰ ਰੋਕ ਰਹੇ ਹੋਣ। ਸਾਰੇ ਲੋਕ ਹੱਦ ‘ਤੇ ਲੱਗੇ ਦਰਵਾਜ਼ਿਆਂ ਤੱਕ ਪਹੁੰਚ ਕੇ ਉਧਰਲੇ ਲੋਕਾਂ ਤੇ ਉਧਰਲੀ ਧਰਤੀ ‘ਤੇ ਝਾਤ ਪਾਉਣਾ ਚਾਹੁੰਦੇ। ਉਨ੍ਹਾਂ ਵਿਚ ਬੇਮਿਸਾਲ ਉਤਸ਼ਾਹ ਹੁੰਦਾ। ਇਜਾਜ਼ਤ ਮਿਲਦਿਆਂ ਹੀ ਉਹ ਸਰਪਟ ਦੌੜਦੇ ਤੇ ਸਭ ਤੋਂ ਅੱਗੇ ਹੋ ਕੇ ਅੱਡੀਆਂ ਚੁੱਕ-ਚੁੱਕ ਕੇ ਦੂਜਿਆਂ ਦੇ ਸਿਰਾਂ ਤੋਂ ਉਪਰ ਉਲਰ ਕੇ ਸਾਹਮਣੇ ਦ੍ਰਿਸ਼ ਨੂੰ ਨਜ਼ਰਾਂ ਰਾਹੀਂ ਡੀਕ ਲੈਣਾ ਲੋੜਦੇ ਪਰ ਪਿਆਸੀਆਂ ਰੂਹਾਂ ਭਿੱਜਦੀਆਂ ਨਾ।‘ਸਮਝੌਤਾ ਐਕਸਪ੍ਰੈਸ’ ਹਜੋਕਾ ਮਾਰ ਕੇ ਹਿੱਲੀ ਤੇ ਹੌਲੀ-ਹੌਲੀ ਅੱਗੇ ਸਰਕਣੀ ਸ਼ੁਰੂ ਹੋ ਗਈ। ਇਹ ਉਹੋ ਰੇਲਵੇ ਲਾਈਨ ਸੀ ਜਿਸ ‘ਤੇ ਮੈਂ ਤੇ ਜਸਵੰਤ ਦੇਰ ਰਾਤ ਤੱਕ ਬੈਠੇ ਰਹਿੰਦੇ। ਹਸਰਤ ਨਾਲ ਠੰਢੇ ਲੋਹੇ ‘ਤੇ ਹੱਥ ਫੇਰਦੇ ਤੇ ਆਖਦੇ, ‘‘ਇਹ ਲਾਈਨ ਸਿੱਧੀ ਲਾਹੌਰ ਜਾਂਦੀ ਹੈ! ਸਾਡੇ ਆਪਣੇ ਲਾਹੌਰ! ਇਸੇ ਰਸਤੇ ਤੋਂ ਕਦੀ ਭਗਤ ਸਿੰਘ ਲਾਹੌਰ ਨੂੰ ਲੰਘਦਾ ਹੋਣੈ। ਨਹਿਰੂ ਤੇ ਗਾਂਧੀ ਵੀ, ਗੁਰਬਖਸ਼ ਸਿੰਘ, ਨਾਨਕ ਸਿੰਘ ਤੇ ਅੰਮ੍ਰਿਤਾ ਪ੍ਰੀਤਮ ਵੀ। ਐਹਨਾਂ ਦੋ ਕਰਮਾਂ ‘ਚ ਵਿਛੀ ਰੇਲਵੇ ਲਾਈਨ ਦੇ ਉਪਰੋਂ ਦੀ ਲਾਹੌਰ ਵੱਲ! ਪਰ ਹਾਇ! ਅਸੀਂ ਲਾਹੌਰ ਨਹੀਂ ਜਾ ਸਕਦੇ।’’ਇਕ ਵਾਰ ਲੇਖਕਾਂ ਦਾ ਟੋਲਾ ਬਾਰਡਰ ਦੇਖਣ ਗਿਆ ਤਾਂ ਮੈਂ ਰੇਲਵੇ ਲਾਈਨ ਨਾਲ ਜੁੜੇ ਅਹਿਸਾਸ ਸੁਣਾਏ ਤਾਂ ਇਕ ਲੇਖਕਾ ਹੁਬਕੀਂ-ਹੁਬਕੀਂ ਰੋਣ ਲੱਗੀ। ਇਹ ਜਜ਼ਬਾਤ ਉਹਦੇ ਆਪਣੇ ਅੰਦਰ ਦੀ ਤਰਜਮਾਨੀ ਕਰਦੇ ਸਨ।ਅਸੀਂ ਇਸ ਅਹਿਸਾਸ ਨਾਲ ਥਰਥਰਾ ਜਾਂਦੇ ਕਿ ਇਹ ਲਾਈਨ ਲਾਹੌਰ ਨਾਲ ਜੁੜੀ ਹੋਈ ਹੈ ਤੇ ਉਸ ਤੋਂ ਅੱਗੇ ਦੂਰ ਤੱਕ ਇਹ ਲੋਹੇ ਦੇ ਗਾਡਰ ਉਹ ਧੜਕਦੀਆਂ ਨਾੜਾਂ ਬਣ ਜਾਂਦੀਆਂ ਤੇ ਅਸੀਂ ਉਨ੍ਹਾਂ ਵਿਚ ਆਪਣੇ ਲਹੂ ਦਾ ਉਬਾਲ ਪਲਟ ਦਿੰਦੇ ਤੇ ਸਾਡਾ ਲਹੂ ਵਾਘੇ ਤੋਂ ਉਸ ਪਾਰ ਲਾਹੌਰ ਤੱਕ ਵਗਣਾ ਸ਼ੁਰੂ ਹੋ ਜਾਂਦਾ। ਖ਼ੂਨ ਮਿਲਣ ਨਾਲ ਜਿਵੇਂ ਮਾਰਿਆ ਹੋਇਆ ਅੰਗ ਜਿਊਂ ਪੈਂਦਾ ਹੈ, ਲਾਹੌਰ ਸਾਡੀਆਂ ਅੱਖਾਂ ਅੱਗੇ ਧੜਕਣ ਲੱਗ ਪੈਂਦਾ। ਜਿਊਂਦੀ ਜਾਗਦੀ, ਸਾਕਾਰ ਮੂਰਤ ਬਣਕੇ।ਹੌਲੀ-ਹੌਲੀ ਤੁਰ ਰਹੀ ਗੱਡੀ ਦੇ ਦੋਹੀਂ ਪਾਸੀਂ ਘੋੜ-ਸਵਾਰ ਸਿਪਾਹੀ ਜਾ ਰਹੇ ਸਨ। ਸਾਡੇ ਪਾਸੇ ਵਾਲਾ ਘੋੜ ਸਵਾਰ ਕਦੀ ਸਾਡੇ ਡੱਬੇ ਤੋਂ ਅੱਗੇ ਲੰਘ ਜਾਂਦਾ, ਕਦੀ ਬਰਾਬਰ ਤੇ ਕਦੀ ਪਿੱਛੇ। ਬਾਰਡਰ ਤੱਕ ਦੇ ਇਸ ਰਸਤੇ ਵਿਚ ਕੋਈ ਬੰਦਾ ਗੱਡੀ ਵਿਚ ਚੜ੍ਹ ਉਤਰ ਨਾ ਜਾਵੇ, ਇਸ ਲਈ ਇਹਤਿਆਤੀ ਪ੍ਰਬੰਧ ਵਜੋਂ ਘੋੜ ਸਵਾਰ ਨਾਲ-ਨਾਲ ਦੌੜੇ ਜਾ ਰਹੇ ਸਨ।ਕਿਸੇ ਨੇ ਕਿਹਾ, ‘‘ਆ ਗਿਆ ਬਾਰਡਰ। ਆਹ ਵੇਖੋ ਤਾਰ ਲੱਗੀ ਹੋਈ।’’ਦੂਜੇ ਨੇ ਕਿਹਾ, ‘‘ਇਹ ਤਾਰ ਤਾਂ ਆਪਣਿਆਂ ਵਲੋਂ ਬਾਰਡਰ ਤੋਂ ਕੁਝ ਹਟਵੀਂ ਲਾਈ ਹੈ ਜਿਹੜੀ ਤੋੜ ਸਾਰੇ ਬਾਰਡਰ ‘ਤੇ ਲੱਗੀ ਹੋਈ ਹੈ। ਘੁਸਪੈਠ ਰੋਕਣ ਲਈ। ਬਾਰਡਰ ਤਾਂ ਅੱਗੇ ਹੈ ਅਜੇ, ਤੁਸੀਂ ਪੜ੍ਹਦੇ ਨਹੀਂ ਹੁੰਦੇ ਅਖ਼ਬਾਰਾਂ ਵਿਚ ਤਾਰ ਤੋਂ ਅਗਲੇ ਕਿਸਾਨਾਂ ਦੀ ਦੁਰਦਸ਼ਾ ਦਾ ਜ਼ਿਕਰ, ਜਿਨ੍ਹਾਂ ਨੂੰ ਨਿਸਚਿਤ ਦਰਵਾਜ਼ੇ ਰਾਹੀਂ ਨਿਸਚਿਤ ਸਮੇਂ ‘ਚ ਹੀ ਅੱਗੇ ਖੇਤਾਂ ਵਿਚ ਜਾਣ ਦੀ ਆਗਿਆ ਹੈ ਤੇ ਨਿਸਚਿਤ ਸਮੇਂ ‘ਤੇ ਦਰਵਾਜ਼ਾ ਖੁੱਲ੍ਹਣ ‘ਤੇ ਹੀ ਉਹ ਵਾਪਸ ਆ ਸਕਦੇ ਨੇ। ਜੇ ਵਿਚ ਵਿਚਾਲੇ ਇਧਰੋਂ ਉਧਰੋਂ ਕਿਸੇ ਨੂੰ ਕੰਮ ਪੈ ਜਾਵੇ ਜਾਂ ਕੋਈ ਬੀਮਾਰ ਸ਼ਮਾਰ ਹੋ ਜਾਵੇ ਤਾਂ ਸਮੇਂ ‘ਤੇ ਦਰਵਾਜ਼ਾ ਖੁੱਲ੍ਹਣ ਤੋਂ ਪਹਿਲਾਂ ਆ ਜਾ ਨਹੀਂ ਸਕਦਾ। ਇਹਨਾਂ ਖੇਤਾਂ ਵਾਲਿਆਂ ਦਾ ਵੀ ਬੁਰਾ ਹਾਲ ਹੈ।’’ ਮੈਨੂੰ ਇਸ ਗੱਲ ਦਾ ਪਤਾ ਹੀ ਸੀ।ਘੋੜਾ ਅਜੇ ਵੀ ਨਾਲ-ਨਾਲ ਦੌੜ ਰਿਹਾ ਸੀ। ਨਿਸਚੈ ਹੀ ਹੁਣ ਬਾਰਡਰ ਨੇੜੇ ਸੀ। ਪਰ ਮੇਰੇ ਮਨ ਵਿਚ ਜੋ ਤਰੰਗ ਉਠਣੀ ਚਾਹੀਦੀ ਸੀ, ਉਹ ਗਾਇਬ ਸੀ। ਮੈਨੂੰ ਰਹਿ-ਰਹਿ ਕੇ ਬੀਮਾਰ ਭਰਾ ਚੇਤੇ ਆ ਰਿਹਾ ਸੀ।‘‘ਮੇਰਾ ਫ਼ਰਜ਼ ਬਣਦਾ ਸੀ। ਮੈਨੂੰ ਉਥੇ ਜ਼ਰੂਰ ਜਾਣਾ ਚਾਹੀਦਾ ਸੀ।’’ ਮੇਰੇ ਮਨ ਨੇ ਆਖਿਆ ਪਰ ਨਾਲ ਹੀ ਮਨ ਦੀ ਇਕ ਹੋਰ ਨੁਕਰ ਬੋਲ ਪਈ, ‘‘ਤੈਨੂੰ ਲਾਹੌਰ ਵੀ ਜ਼ਰੂਰ ਜਾਣਾ ਚਾਹੀਦਾ ਸੀ, ਇਹ ਤੇਰੀ ਉਮਰਾਂ ਦੀ ਰੀਝ ਸੀ।’’ ਇਕੋ ਮਨ ਇਕੋ ਵੇਲੇ ਦੋਵੇਂ ਗੱਲਾਂ ਕਹਿ ਰਿਹਾ ਸੀ। ਦੋਵੇਂ ਹੀ ਆਪੋ ਆਪਣੀ ਥਾਂ ਸੱਚੀਆਂ ਸਨ ਪਰ ਇਨ੍ਹਾਂ ਦੀ ਆਪਣੀ ਉਲਝਣ ਨੇ ਮੇਰਾ ਉਤਸ਼ਾਹ ਠੰਢਾ ਪਾ ਦਿੱਤਾ ਸੀ।ਘੋੜ ਸਵਾਰ ਨੇ ਸਾਡੇ ਡੱਬੇ ਦੇ ਕੋਲ ਆ ਕੇ ਯਾਤਰੀਆਂ ਨੂੰ ਅਲਵਿਦਾ ਕਹੀ, ਸਲੂਟ ਮਾਰਿਆ, ਮੁਸਕਰਾਇਆ ਤੇ ਘੋੜੇ ਦੀਆਂ ਵਾਗਾਂ ਥੰਮ ਲਈਆਂ। ਬਿਲਕੁਲ ਸਾਡੇ ਵਾਂਗ ਜਦੋਂ ਅਸੀਂ ਉਤਸ਼ਾਹ ਨਾਲ ਬਾਰਡਰ ਵੱਲ ਦੌੜਦੇ ਦਰਵਾਜ਼ੇ ‘ਤੇ ਆ ਕੇ ਰੁਕ ਜਾਂਦੇ ਹੁੰਦੇ ਸਾਂ।