ਲੇਖ਼ਕ

Tuesday, 13 October 2009 18:53

21 - ਮੇਰੀ ਪਹਿਲੀ ਕਹਾਣੀ

Written by
Rate this item
(2 votes)

ਖੇਡ ਲੇਖਕ ਬਣਨ ਤੋਂ ਪਹਿਲਾਂ ਮੈਂ ਕੁੱਝ ਕਹਾਣੀਆਂ ਲਿਖੀਆਂ ਸਨ। ਮੈਂ ਆਪਣੀ ਪਹਿਲੀ ਕਹਾਣੀ ‘ਨਚਾਰ’ ਦਾ ਜ਼ਿਕਰ ਕਰਨਾ ਚਾਹਾਂਗਾ। ਇਹ ਪ੍ਰਸਿੱਧ ਲੇਖਕਾਂ ਦੇ ਰਸਾਲੇ ‘ਆਰਸੀ’ ਵਿੱਚ ਛਪੀ ਸੀ ਤੇ ਇਸ ਦੀ ਨਵਲੇਖਕ ਨੂੰ ਭਰਪੂਰ ਦਾਦ ਮਿਲੀ ਸੀ। ਫਿਰ ਮੈਨੂੰ ਹੋਰ ਕਹਾਣੀਆਂ ਲਿਖਣ ਲਈ ਕਿਹਾ ਜਾਣ ਲੱਗਾ। 1965 ਦਾ ਸਾਲ ਸੀ ਤੇ ਮੈਂ ਕਾਲਜ ਵਿੱਚ ਲੈਕਚਰਾਰ ਲੱਗ ਗਿਆ ਸਾਂ। ਸਾਹਿਤ ਸਭਾ ਦਿੱਲੀ ਦੀਆਂ ਬੈਠਕਾਂ ਵਿੱਚ ਬਹਿੰਦਾ ਉਠਦਾ ਸਾਂ। ਉਹਨੀਂ ਦਿਨੀਂ ਪੰਜਾਬੀ ਦਾ ਕਵੀ ਤੇ ਆਲੋਚਕ ਡਾ.ਹਰਿਭਜਨ ਸਿੰਘ ਖਾਲਸਾ ਕਾਲਜ ਦਿੱਲੀ ਵਿੱਚ ਹਿੰਦੀ ਵਿਭਾਗ ਦਾ ਮੁਖੀ ਸੀ। ਉਹ ਜਿਧਰ ਜਾਂਦਾ ਉਹਦੀ ਖੁੱਲ੍ਹੀ ਦਾੜ੍ਹੀ ਝੂਲਦੀ। ਮਾਤਾ ਦੇ ਦਾਗਾਂ ਵਾਲਾ ਚਿਹਰਾ ਚਮਕਦਾ ਤੇ ਤਿੱਖੀ ਮਧੁਰ ਆਵਾਜ਼ ਗੂੰਜਦੀ। ਮੈਂ ਕਾਲਜ ਦੇ ਮੈਗਜ਼ੀਨ ਲਈ ਉਸ ਤੋਂ ਕਵਿਤਾ ਮੰਗ ਕੇ ਆਪਣੀ ਸਿਆਣ ਕਰਾਈ ਸੀ। ਫਿਰ ਮੇਰੇ ਸਤਿ ਸ੍ਰੀ ਅਕਾਲ ਬੁਲਾਉਣ `ਤੇ ਉਹ ਮੈਨੂੰ ‘ਜੀਂਦਾ ਰਹਿ’ ਕਹਿਣ ਲੱਗ ਪਿਆ ਸੀ। ਇਹ ਉਹਦਾ ਤਕੀਆ ਕਲਾਮ ਸੀ।

ਇਕ ਵਾਰ ਮੈਂ ਸਾਈਕਲ `ਤੇ ਯੂਨੀਵਰਸਿਟੀ ਨੂੰ ਜਾ ਰਿਹਾ ਸਾਂ। ਉਹ ਸਕੂਟਰ `ਤੇ ਮੇਰੇ ਬਰਾਬਰ ਦੀ ਲੰਘਿਆ। ਲੰਘੇ ਜਾਂਦੇ ਨੂੰ ਮੈਂ ਪਿੱਛੋਂ ਵੇਖਿਆ। ਉਹਦਾ ਖੱਬਾ ਹੱਥ ਹੈਂਡਲ `ਤੇ ਸੀ ਤੇ ਉਹ ਬੜੀ ਬੇਪਰਵਾਹੀ ਨਾਲ ਸੱਜਾ ਹੱਥ ਹਵਾ `ਚ ਲਹਿਰਾਅ ਰਿਹਾ ਸੀ। ਦਾੜ੍ਹੀ ਹਵਾ `ਚ ਖਿਲਰੀ ਹੋਈ ਸੀ। ਜਾਪਦਾ ਸੀ, ਉਹ ਕਵਿਤਾ ਦੇ ਰੌਂਅ ਵਿੱਚ ਸੀ। ਉਹਦਾ ਸਕੂਟਰ ਸੱਜੇ ਖੱਬੇ ਡੋਲ ਰਿਹਾ ਸੀ। ਮੈਨੂੰ ਡਰ ਲੱਗਾ, ਡਾਕਟਰ ਡਿੱਗਾ ਕਿ ਡਿੱਗਾ। ਪਰ ਉਹ ਨਹੀਂ ਡਿੱਗਿਆ ਸਗੋਂ ਮੈਂ ਹੀ ਬੇਧਿਆਨੀ `ਚ ਕਿਸੇ ਦੇ ਸਾਈਕਲ ਵਿੱਚ ਵੱਜ ਕੇ ਡਿੱਗ ਪਿਆ ਸਾਂ। ਪੱਕੀ ਸੜਕ ਉਤੇ ਡਿੱਗਣ ਨਾਲ ਮੇਰੀ ਕੂਹਣੀ ਛਿੱਲੀ ਗਈ ਸੀ ਜਿਸ ਦਾ ਦਾਗ ਅਜੇ ਵੀ ਦਿਸਦਾ ਹੈ।

ਡਾ.ਹਰਿਭਜਨ ਸਿੰਘ ਉਹਨੀਂ ਦਿਨੀਂ ਪਲੈਖਾਨੋਵ ਦੀ ਪੁਸਤਕ ‘ਅਨਐਡਰੈੱਸਡ ਲੈਟਰਜ਼’ ਦਾ ‘ਚਿੱਠੀਆਂ ਬਿਨ ਸਿਰਨਾਵਿਓਂ’ ਦੇ ਨਾਮ ਨਾਲ ਅਨੁਵਾਦ ਕਰ ਰਿਹਾ ਸੀ। ਵਿਚੇ ਉਹ ਖ਼ਲੀਲ ਜ਼ਿਬਰਾਨ ਦੀ ਕਵਿਤਾ ਦਾ ਪੰਜਾਬੀ ਵਿੱਚ ਤਰਜਮਾ ਕਰੀ ਜਾਂਦਾ। ਕਦੇ ਕਦੇ ਉਹ ਮੈਨੂੰ ਆਪਣੇ ਕੋਲ ਬੁਲਾ ਲੈਂਦਾ। ਉਹ ਅਨੁਵਾਦ ਬੋਲੀ ਜਾਂਦਾ ਤੇ ਮੈਂ ਲਿਖੀ ਜਾਂਦਾ। ਵਿਚੇ ਮੇਰੀ ਲਿਖਾਈ ਦਰੁਸਤ ਕਰਵਾ ਦਿੰਦਾ। ਮੈਂ ਖ਼ੁਸ਼ ਸਾਂ ਕਿ ਮੈਨੂੰ ਵਿਦਵਾਨ ਲੇਖਕ ਦੀ ਸੰਗਤ ਮਿਲੀ ਸੀ। ਝੂੰਗੇ ਵਿੱਚ ਮੈਨੂੰ ਲੇਖਕ ਤੇ ਅਨੁਵਾਦਕ ਬਣਨ ਦੀ ਸਿੱਖਿਆ ਵੀ ਮਿਲ ਰਹੀ ਸੀ। ਮੈਂ ਡਾਕਟਰ ਸਾਹਿਬ ਦੇ ਨੇੜੇ ਹੋ ਰਿਹਾ ਸਾਂ ਤੇ ਕਦੇ ਕਦੇ ਉਹਨਾਂ ਦੇ ਕਰੋਲ ਬਾਗ ਵਾਲੇ ਘਰ ਵੀ ਜਾਣ ਲੱਗ ਪਿਆ ਸਾਂ। ਉਹ ਘਰ ਤੰਗ ਜਿਹਾ ਸੀ ਜਿਥੇ ਹਰਿਭਜਨ ਸਿੰਘ ਨੇ ਕਈ ਵਰ੍ਹੇ ਤੰਗੀ ਦੇ ਕੱਟੇ। ਉਹਦੇ ਘਰ ਦੇ ਨੇੜੇ ਹੀ ਬੱਸ ਸਟਾਪ ਸੀ ਜਿਥੋਂ ਮੈਂ ਯੂਨੀਵਰਸਿਟੀ ਨੂੰ ਬੱਸ ਚੜ੍ਹਦਾ ਤੇ ਉਤਰਦਾ। ਇੱਕ ਕਾਫੀ ਹਾਊਸ ਵੀ ਕੁੱਝ ਕਦਮਾਂ ਦੀ ਵਿੱਥ `ਤੇ ਸੀ ਜਿਥੇ ਕਦੇ ਕਦੇ ਕਾਫੀ ਪੀ ਲੈਂਦੇ।

ਉਸੇ ਕਾਫੀ ਹਾਊਸ ਵਿੱਚ ਮੇਰਾ ਪਹਿਲੀ ਵਾਰ ਦੇਵਿੰਦਰ ਸਤਿਆਰਥੀ ਨਾਲ ਮੇਲ ਹੋਇਆ ਸੀ ਜਿਸ ਦੀਆਂ ਗੱਲਾਂ ਅਲੋਕਾਰ ਸਨ। ਉਹ ਆਪਣੀ ਰਚਨਾ ਸੁਣਾਉਂਦਾ ਸਰੋਤੇ ਨੂੰ ਬੰਨ੍ਹੀ ਰੱਖਦਾ ਸੀ। ਵਿਚੋਂ ਉੱਠਣ ਨਹੀਂ ਸੀ ਦਿੰਦਾ। ਪਹਿਲੇ ਦਿਨ ਉਸ ਨੇ ਮੇਰਾ ਪੀਰੀਅਡ ਮਿਸ ਕਰਵਾ ਦਿੱਤਾ ਸੀ। ਕਹਾਣੀ ਸੁਣਾਉਂਦਾ ਕਹਿੰਦਾ ਰਿਹਾ ਸੀ, “ਬੱਸ ਥੋੜ੍ਹੀ ਜੀ ਰਹਿਗੀ, ਸੁਣ ਕੇ ਚਲਾ ਜਾਈਂ।” ਪਰ ਉਹਦੀ ਕਹਾਣੀ ਮੁੱਕਣ ਵਿੱਚ ਹੀ ਨਹੀਂ ਸੀ ਆ ਰਹੀ। ਪਹਿਲਾਂ ਦਾ ਬੰਨ੍ਹਿਆ ਸਰੋਤਾ ਵਾਰ ਵਾਰ ਪੁੱਛ ਰਿਹਾ ਸੀ, “ਸਤਿਆਰਥੀ ਜੀ ਮੈਂ ਜਾਵਾਂ?” ਪਰ ਸਤਿਆਰਥੀ ਉਹਨੂੰ ਵੀ ਨਹੀਂ ਸੀ ਜਾਣ ਦੇ ਰਿਹਾ। ਹਾਰ ਕੇ ਉਹਨੇ ਕਿਹਾ ਸੀ, “ਮੈਂ ਇਹ ਕਹਾਣੀ ਅਠ੍ਹਾਰਵੀਂ ਵਾਰ ਸੁਣ ਰਿਹਾਂ! ਹੁਣ ਖਹਿੜਾ ਵੀ ਛੱਡੋ।” ਅੱਕ ਕੇ ਸਤਿਆਰਥੀ ਨੂੰ ਕਹਿਣਾ ਪਿਆ ਸੀ, “ਜਾਹ ਤੇਰਾ ਖਹਿੜਾ ਛੱਡਿਆ ਪਰ ਤੂੰ ਮੇਰੇ ਨਵੇਂ ਸਰੋਤੇ ਨੂੰ ਤਾਂ ਨਾ ਵਿਗਾੜ!”

ਸਤਿਆਰਥੀ ਨੂੰ ਅਜਿਹੇ ਸਰੋਤੇ ਵੀ ਟੱਕਰੇ ਜਿਹੜੇ ਜੁੱਤੀ ਲਾਹ ਕੇ ਬਹਿਣ ਦੀ ਥਾਂ ਕਹਿੰਦੇ, “ਲੈ ਹੁਣ ਨੀ ਡਾਹੀ ਦਿੰਦੇ!” ਤਜਰਬਾ ਹੋ ਜਾਣ ਪਿੱਛੋਂ ਮੈਂ ਵੀ ਉਨ੍ਹਾਂ ਵਿੱਚ ਸ਼ਾਮਲ ਸਾਂ।

ਇਕ ਦਿਨ ਮੈਂ ਡਾ.ਹਰਿਭਜਨ ਸਿੰਘ ਦੇ ਘਰ ਬੈਠਾ ਸਾਂ। ਕਵੀ ਤਾਰਾ ਸਿੰਘ ‘ਕਾਮਲ’ ਆਰਸੀ ਦਾ ਨਵਾਂ ਅੰਕ ਲੈ ਕੇ ਆਇਆ। ਉਸ ਦੀਆਂ ਐਨਕਾਂ ਮੋਟੀਆਂ ਸਨ, ਮੱਥਾ ਮੁੜ੍ਹਕੇ ਨਾਲ ਭਿੱਜਿਆ ਹੋਇਆ ਤੇ ਦਾੜ੍ਹੀ ਵਿਰਲੀ ਸੀ। ਜੁੱਸਾ ਭਲਵਾਨਾਂ ਵਰਗਾ ਸੀ। ਉਹ ‘ਲੋਕ ਰੰਗ’ ਨਾਂ ਦਾ ਪਰਚਾ ਕੱਢਦਾ ਸੀ ਤੇ ਟਿੱਚਰ ਮਖੌਲ ਕਰੇ ਬਿਨਾਂ ਉਸ ਦਾ ਸਰਦਾ ਨਹੀਂ ਸੀ। ਲੋਕ ਰੰਗ ਅਸਲ ਵਿੱਚ ਨੋਕ ਝੋਕ ਦਾ ਈ ਰੰਗ ਹੁੰਦਾ ਸੀ। ਦਿੱਲੀ ਦੇ ਜਥੇਦਾਰ ਸੰਤੋਖ ਸਿੰਘ ਤੇ ਜਥੇਦਾਰ ਰਛਪਾਲ ਸਿੰਘ ਬਾਰੇ ਉਸ ਨੇ ਬੜੀ ਵਿਅੰਗਮਈ ਕਵਿਤਾ ਜੋੜੀ ਸੀ-ਹਮ ਵੀ ਦਰਜ਼ੀ ਤੁਮ ਵੀ ਦਰਜ਼ੀ। ਉਹ ਆਉਂਦਾ ਈ ਕਹਿਣ ਲੱਗਾ, “ਡਾ.ਸਾਹਿਬ ਆਹ ਜੁਆਨ ਵੇਖਣ ਨੂੰ ਤਾਂ ਵਾਹਵਾ ਬਣਦਾ ਤਣਦੈ। ਪਰ ਇਹ ਚੇਲਾ ਤੁਹਾਡੇ ਹੱਥ ਕਿਥੋਂ ਲੱਗਾ? ਇਹਨੂੰ ਤਾਂ ਇੱਕ ਦੋ ਵਾਰ ਮੈਂ ਕਾਫੀ ਹਾਊਸ `ਚ ਵੀ ਵੇਖਿਐ।” ਡਾਕਟਰ ਨੇ ਸਿਰਫ ਏਨਾ ਹੀ ਦੱਸਿਆ, “ਇਹ ਪੰਜਾਬੀ ਦਾ ਪੇਂਡੂ ਲੈਕਚਰਾਰ ਏ।” ਫਿਰ ਕਾਮਲ ਨੇ ਕਿਹਾ, “ਡਾ.ਸਾਹਿਬ ਐਤਕੀਂ ਦੀ ਆਰਸੀ ਵਿੱਚ ਇੱਕ ਕਹਾਣੀ ਪੜ੍ਹਨ ਵਾਲੀ ਐ। ਕਿਸੇ ਨਵੇਂ ਲੇਖਕ ਦੀ ਐ।”

ਜਦੋਂ ਉਸ ਨੇ ਰਸਾਲਾ ਖੋਲ੍ਹ ਕੇ ਵਿਖਾਇਆ ਤਾਂ ਮੈਨੂੰ ਕਹਾਣੀ ਦਾ ਨਾਂ ‘ਨਚਾਰ’ ਨਜ਼ਰੀਂ ਪੈ ਗਿਆ। ਇਸ ਨਾਂ ਦੀ ਕਹਾਣੀ ਕੁੱਝ ਦਿਨ ਪਹਿਲਾਂ ਹੀ ਮੈਂ ਭਾਪਾ ਪ੍ਰੀਤਮ ਸਿੰਘ ਨੂੰ ਦੇ ਕੇ ਆਇਆ ਸਾਂ। ਮੈਂ ਖ਼ੁਸ਼ ਵੀ ਹੋਇਆ ਤੇ ਹੈਰਾਨ ਵੀ ਹੋਇਆ। ਮੇਰੇ ਤਾਂ ਦੇ ਲੂੰਅ ਖੜ੍ਹੇ ਹੋ ਗਏ। ਆਰਸੀ ਵਿੱਚ ਛਪਣਾ ਤੇ ਤਾਰਾ ਸਿੰਘ ਕਾਮਲ ਦੇ ਮੂੰਹੋਂ ਸਿਫ਼ਤ ਸੁਣਨੀ ਕਮਾਲ ਦੀ ਗੱਲ ਸੀ! ਮੇਰਾ ਜੀਅ ਬੈਠੇ ਬੈਠਿਆਂ ਛਾਲ ਮਾਰਨ ਨੂੰ ਕਰੇ। ਕਾਮਲ ਨੂੰ ਕੀ ਪਤਾ ਸੀ ਕਿ ਜਿਸ ਲੇਖਕ ਦੀ ਕਹਾਣੀ ਨੂੰ ਉਹ ਸਲਾਹੀ ਜਾ ਰਿਹਾ ਸੀ ਉਹ ਉਹਦੇ ਮੂਹਰੇ ਬੈਠਾ ਸੀ। ਸੱਚੀਂ ਉਹ ਨਵਾਂ ਲੇਖਕ ਸੀ। ਡਾ.ਹਰਿਭਜਨ ਸਿੰਘ ਨੇ ਕਹਾਣੀ ਹੇਠਾਂ ਨਾਂ ਪੜ੍ਹਿਆ-ਸਰਵਣ ਸਿੰਘ। ਉਹਦੇ ਮੂੰਹੋਂ ਨਿਕਲਿਆ, “ਇਹ ਸਰਵਣ ਕਿਹੜਾ ਹੋਇਆ ਪਈ?” ਹੱਦ ਹੋ ਗਈ ਸੀ। ਮੈਂ ਉਨ੍ਹਾਂ ਨੂੰ ਸਾਹਮਣੇ ਬੈਠਾ ਵੀ ਉਨ੍ਹਾਂ ਨੂੰ ਨਹੀਂ ਸਾਂ ਦਿਸ ਰਿਹਾ! ਮੇਰਾ ਡੰਡ ਪਾਉਣ ਨੂੰ ਜੀਅ ਕਰਦਾ ਸੀ ਪਰ ਮੈਂ ਹੌਲੀ ਦੇਣੇ ਕਿਹਾ, “ਨਚਾਰ ਨਾਂ ਦੀ ਇੱਕ ਕਹਾਣੀ ਤਾਂ ਮੈਂ ਵੀ ਭਾਪਾ ਪ੍ਰੀਤਮ ਸਿੰਘ ਨੂੰ ਦਿੱਤੀ ਸੀ। ਲਿਆਓ ਮੈਨੂੰ ਵੀ ਵਿਖਾਓ।”

ਉਹ ਮੇਰੀ ਹੀ ਕਹਾਣੀ ਸੀ ਤੇ ਡਾ.ਹਰਿਭਜਨ ਸਿੰਘ ਦੇ ਕਹਿਣ `ਤੇ ਮੈਂ ਹੀ ਪੜ੍ਹ ਕੇ ਸੁਣਾਉਣ ਲੱਗਾ। ਉਸ ਦਿਨ ਤਾਂ ਜੇ ਸਾਰੀ ਦਿੱਲੀ ਕਹਿੰਦੀ, “ਪੜ੍ਹ ਕੇ ਸੁਣਾ।” ਤਾਂ ਮੈਂ ਸਾਰੀ ਰਾਤ ਪੜ੍ਹਦਾ ਸੁਣਾਉਂਦਾ ਨਾ ਥੱਕਦਾ। ਆਪਣੀ ਪਹਿਲੀ ਕਹਾਣੀ ਨੂੰ ‘ਆਰਸੀ’ ਵਰਗੇ ਵੱਡੇ ਲੇਖਕਾਂ ਦੇ ਪਰਚੇ ਵਿੱਚ ਛਪੀ ਵੇਖਣ ਦਾ ਅਕਹਿ ਅਨੰਦ ਸੀ ਜੋ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਹਰਿਭਜਨ ਸਿੰਘ ਦੇ ਸਿਫਤੀ ਬੋਲਾਂ ਨੇ ਤਾਂ ਮੈਨੂੰ ਉਂਜ ਹੀ ਖੰਭ ਲਾ ਦਿੱਤੇ। ਮੈਂ ਦੱਸਿਆ ਕਿ ਜਦੋਂ ਇਹ ਕਹਾਣੀ ਸਾਹਿਤ ਸਭਾ ਵਿੱਚ ਪੜ੍ਹੀ ਸੀ ਤਾਂ ਮੈਨੂੰ ਸੁਝਾਅ ਮਿਲਿਆ ਸੀ ਪਈ ਇਹ ਕਹਾਣੀ ਆਰਸੀ ਨੂੰ ਭੇਜਾਂ। ਬਿਸ਼ਨ ਸਿੰਘ ਉਪਾਸ਼ਕ ਨੇ ਇਸ ਦੇ ਇੱਕ ਡਾਇਲਾਗ ‘ਉਹਦੀਆਂ ਅੱਖਾਂ ਤਾਂ ਨਸ਼ਿਆਂ ਦੇ ਬਾਗ਼ ਹਨ, ਬਾਗ਼।’ ਨੂੰ ਸ਼ਾਇਰੀ ਕਿਹਾ ਸੀ। ਉਪਾਸ਼ਕ ਦੀ ਸ਼ਾਇਰੀ ਦਾ ਇੱਕ ਬੰਦ ਮੈਨੂੰ ਵੀ ਹੁਣ ਤਕ ਯਾਦ ਹੈ:

-ਗਲੀਂ ਕਿਸੇ ਦੇ ਗੋਰੀਆਂ ਬਾਹੀਂ ਸਾਡੇ ਹੱਡੀਂ ਯਾਦੜੀਆਂ

ਲੈ ਜਾ ਗੀਤ ਹਵਾਏ ਓਧਰ ਘਰੀਂ ਜਿਨ੍ਹਾਂ ਦੇ ਸ਼ਾਦੜੀਆਂ

ਵੈਦਾ ਦਾਰੂ ਨਾ ਕਰ ਮਿੱਟੀ ਮਰਜ਼ਾਂ ਆਦ ਜੁਗਾਦੜੀਆਂ …।

ਮੇਰੀ ਕਹਾਣੀ ਵਿੱਚ ਇੱਕ ਜਲਸੇ ਦਾ ਵਰਣਨ ਸੀ। ਪੰਜਾਹ ਸਾਲ ਪਹਿਲਾਂ ਪੰਜਾਬ ਦੇ ਪਿੰਡਾਂ ਵਿੱਚ ਰਾਤਾਂ ਨੂੰ ਜਲਸੇ ਹੋਇਆ ਕਰਦੇ ਸਨ। ਕੁੱਝ ਜਲਸੇ ਮੈਂ ਅੱਖੀਂ ਵੇਖੇ ਸਨ। ਜਲਸੇ ਦਾ ਰੁਮਾਂਚਿਕ ਦ੍ਰਿਸ਼ ਮੈਂ ਹੂਬਹੂ ਚਿਤ੍ਰ ਦਿੱਤਾ ਸੀ। ਕਹਾਣੀ ਮੈਂ ਆਪਣੇ ਪਿੰਡ ਤੋਂ ਤੋਰੀ ਸੀ। ਗੁਆਂਢੀ ਪਿੰਡ ਲੋਪੋਂ ਰਾਤ ਨੂੰ ਜਲਸਾ ਹੋਣਾ ਸੀ। ਪਿੰਡ ਦੇ ਮੁੰਡਿਆਂ ਦੀ ਢਾਣੀ ਦਿਨ ਛਿਪੇ ਜਲਸਾ ਵੇਖਣ ਜਾਂਦੀ ਹੈ। ਉਨ੍ਹਾਂ ਵਿੱਚ ਇੱਕ ਨੰਬਰਦਾਰ ਦਾ ਮੁੰਡਾ ਵੀ ਹੁੰਦੈ। ਨੰਬਰਦਾਰ ਨਚਾਰਾਂ ਦੇ ਜਲਸਿਆਂ ਉਤੇ ਵਧ ਚੜ੍ਹ ਕੇ ਵੇਲ ਕਰਾਉਣ ਨੂੰ ਆਪਣੀ ਸ਼ਾਨ ਸਮਝਦੈ। ਉੱਦਣ ਉਹ ਢਿੱਲਾ ਮੱਠਾ ਹੋਣ ਕਾਰਨ ਜਲਸਾ ਵੇਖਣ ਖ਼ੁਦ ਨਹੀਂ ਸੀ ਜਾ ਸਕਦਾ। ਉਸ ਨੇ ਆਪਣੇ ਪੁੱਤਰ ਨੂੰ ਬਟੂਆ ਫੜਾਉਂਦਿਆਂ ਕਿਹਾ ਸੀ, “ਆਹ ਲੈ ਪੁੱਤ। ਬਣਦੀ ਸਰਦੀ ਵੇਲ ਕਰਾ-ਦੀਂ। ਆਪਾਂ ਕਿਸੇ ਤੋਂ ਘੱਟ ਨੀ ਰਹਿਣਾ ਪਰ ਰਹੀਦੈ ਆਪਣੇ ਆਪ `ਚ ਹੁੰਦੈ।”

ਨੰਬਰਦਾਰ ਦਾ ਮੁੰਡਾ ਚਾਅ `ਚ ਹੋਰਨਾਂ ਮੁੰਡਿਆਂ ਨਾਲ ਤੁਰਿਆ ਜਾਂਦੈ। ਪੱਬ ਆਪਣੇ ਆਪ ਚੁੱਕੀਦੇ ਜਾਂਦੇ ਨੇ। ਉਹ ਇੱਕ ਖੂਹ `ਤੇ ਘੁੱਟ ਘੁੱਟ ਲਾ ਵੀ ਲੈਂਦੇ ਨੇ। ਤਰਾਰੇ `ਚ ਹੋ ਜਾਂਦੇ ਨੇ। ਪਿੰਡੋਂ ਬਾਹਰ ਖੁੱਲ੍ਹੀ ਜਗ੍ਹਾ ਮਿਸ਼ਾਲਾਂ ਜਗ ਰਹੀਆਂ ਹੁੰਦੀਐਂ। ਚੰਦ ਅਸਮਾਨ ਵਿੱਚ ਚਮਕ ਰਿਹਾ ਹੁੰਦੈ। ਮਿਸ਼ਾਲਾਂ ਦੇ ਦਗਦੇ ਚਾਨਣ ਵਿੱਚ ਨਚਾਰਾਂ ਦੇ ਪਾਊਡਰਾਂ ਤੇ ਸੁਰਖ਼ੀਆਂ ਬਿੰਦੀਆਂ ਵਾਲੇ ਚਿਹਰੇ ਚਮਕ ਰਹੇ ਹੁੰਦੇ ਨੇ। ਉਨ੍ਹਾਂ ਦੇ ਰੰਗ ਬਰੰਗੇ ਸਿਲਮੇ ਸਤਾਰਿਆਂ ਵਾਲੇ ਰੰਗੀਨ ਜੰਪਰ ਲਿਸ਼ਕਾਂ ਮਾਰਦੇ ਨੇ। ਲੋਕ ਦਾਇਰੇ ਦੁਆਲੇ ਜੁੜੀ ਜਾਂਦੇ ਨੇ। ਨਚਾਰ ਗਾਉਂਦੇ ਨੇ, ਨੱਚਦੇ ਨੇ ਤੇ ਨੰਬਰਦਾਰ ਦਾ ਮੁੰਡਾ ਨੋਟ `ਤੇ ਨੋਟ ਵਾਰਨ ਲੱਗ ਪੈਂਦੈ। ਨਚਾਰ ਮੁੰਡੇ ਦੀ ਤੇ ਨੰਬਰਦਾਰ ਦੀ ਵੇਲ ਵਧਾਈ ਜਾਂਦੇ ਨੇ। ਵਾਹ ਵਾਹ ਹੋਈ ਜਾਂਦੀ ਐ। ਜਾਣ ਪਛਾਣ ਵਾਲੇ ਕਹਿੰਦੇ ਨੇ ਬਈ ਮੁੰਡਾ ਵੀ ਨੰਬਰਦਾਰ `ਤੇ ਈ ਗਿਐ। ਉਹਦੇ ਵਰਗਾ ਈ ਦਿਲ ਖੁੱਲ੍ਹੈ। ਮੁੰਡਾ ਦੋ ਚਾਰ ਹਾੜੇ ਵੀ ਲਾ ਜਾਂਦੈ। ਫਿਰ ਪਤਾ ਕੀ ਹੁੰਦੈ?

ਜਲਸਾ ਜੋਬਨ ਉਤੇ ਆ ਜਾਂਦੈ। ਨਚਾਰ ਨੱਚ ਨੱਚ ਦੂਹਰੇ ਹੋਣ ਲੱਗਦੇ ਨੇ, ਤੀਹਰੇ ਹੋਣ ਲੱਗਦੇ ਨੇ, ਚੌਹਰੇ ਹੋਣ ਲੱਗਦੇ ਨੇ। ਉਨ੍ਹਾਂ ਦੇ ਘੁੰਗਰੂ ਛਣਕਦੇ ਨੇ, ਚੁੰਨੀਆਂ ਲਹਿਰਾਉਂਦੀਆਂ ਨੇ ਤੇ ਗੁੱਤਾਂ ਮੇਲ੍ਹਦੀਆਂ ਨੇ। ਪਰ ਆਹ ਕੀ? ਨੰਬਰਦਾਰ ਦਾ ਮੁੰਡਾ ਨਚਾਰਾਂ ਦੇ ਸਿਰ ਉਤੇ ਨੋਟ ਵਾਰਦਾ ਵਾਰਦਾ ਉਨ੍ਹਾਂ ਦੇ ਨਾਲ ਈ ਨੱਚਣ ਲੱਗ ਪੈਂਦੈ। ਨੱਚਦੇ ਦੀ ਪੱਗ ਲਹਿ ਜਾਂਦੀ ਐ, ਉਹ ਚੁੰਨੀ ਲੈ ਲੈਂਦੈ। ਉਹਦਾ ਚਾਦਰਾ ਖੁੱਲ੍ਹ ਜਾਂਦੈ ਤਾਂ ਉਹਦੇ ਸਾਥੀ ਉਹਨੂੰ ਘੱਗਰੀ ਪੁਆ ਦਿੰਦੇ ਨੇ। ਸਿਰ ਘੁੰਮਾਂਦਿਆਂ ਉਹਦੇ ਕੇਸ ਖੁੱਲ੍ਹ ਜਾਂਦੇ ਨੇ ਤੇ ਵਾਲ ਜ਼ੁਲਫ਼ਾਂ ਵਾਂਗ ਝੂੰਮਣ ਲੱਗਦੇ ਨੇ। ਉਹ ਗੇੜੇ `ਤੇ ਗੇੜਾ ਦੇਈ ਜਾਂਦੈ ਤੇ ਭੀੜ ਕਿਲਕਾਰੀਆਂ ਮਾਰੀ ਜਾਂਦੀ ਐ। ਮੁੰਡੇ ਖੁੰਡੇ ਚਾਂਭਲ ਕੇ ਇੱਕ ਦੂਜੇ ਉਤੇ ਡਿੱਗਦੇ ਨੇ। ਨੱਚ ਨੱਚ ਕੇ ਉਹ ਨਚਾਰਾਂ ਦੀ ਬੱਸ ਕਰਾ ਦਿੰਦੈ। ਜਲਸਾ ਮੁੱਕਦੈ ਤਾਂ ਉਹ ਜੇਤੂ ਅੰਦਾਜ਼ ਵਿੱਚ ਪਿੰਡ ਮੁੜਦੈ। ਲੋਕ ਰਾਹਾਂ ਵਿੱਚ ਗੱਲਾਂ ਕਰਦੇ ਜਾਂਦੇ ਨੇ ਬਈ ਨੰਬਰਦਾਰ ਦੇ ਮੁੰਡੇ ਨੇ ਤਾਂ ਨੱਚਣ ਦੀ ਕਮਾਲ ਕਰ-ਤੀ। ਦੇਖ ਲਓ ਨਚਾਰਾਂ ਵਾਂਗ ਈ ਲੱਕ ਹਿਲਾਉਂਦਾ ਸੀ ਤੇ ਉਹਨਾਂ ਵਾਂਗ ਈ ਅੱਖਾਂ ਮਟਕਾਉਂਦਾ ਸੀ। ਬੱਸ ਨਚਾਰਾਂ ਵਾਲਾ ਸਰੂਪ ਬਣਾਉਣ ਦੀ ਓ ਕਸਰ ਸੀ।

ਜਲਸੇ ਦੀਆਂ ਗੱਲਾਂ ਮੁੰਡਿਆਂ ਦੇ ਪਿੰਡ ਪਹੁੰਚਣ ਤੋਂ ਪਹਿਲਾਂ ਹੀ ਪਿੰਡ ਪਹੁੰਚ ਗਈਆਂ ਸਨ। ਕਿਸੇ ਨੇ ਨੰਬਰਦਾਰ ਨੂੰ ਜਲਸੇ ਦਾ ਹਾਲ ਚਾਲ ਪਹਿਲਾਂ ਹੀ ਦੱਸ ਦਿੱਤਾ ਸੀ। ਦੱਸ ਦਿੱਤਾ ਸੀ ਕਿ ਉਹਦੇ ਮੁੰਡੇ ਨੇ ਨੱਚ ਨੱਚ ਕੇ ਨਚਾਰਾਂ ਦੀ ਬੱਸ ਕਰਾ-ਤੀ ਸੀ।

ਰਾਤ ਢਲ ਚੁੱਕੀ ਸੀ। ਚੰਦ ਛਿਪ ਰਿਹਾ ਸੀ। ਚੁਫੇਰੇ ਚੁੱਪ ਸੀ। ਕੁੱਤੇ ਸੁੱਤੇ ਪਏ ਸਨ। ਕੋਈ ਜੀਅ ਨਹੀਂ ਸੀ ਜਾਗਦਾ। ਨੰਬਰਦਾਰ ਆਪਣੇ ਪੁੱਤ ਨੂੰ ਉਡੀਕ ਰਿਹਾ ਸੀ। ਨੰਬਰਦਾਰ ਦਾ ਮੁੰਡਾ ਬੂਹਾ ਖੁੱਲ੍ਹਵਾਉਣ ਲਈ ਬੜੀ ਹੁੱਬ ਨਾਲ ਆਪਣੇ ਬਾਪੂ ਨੂੰ `ਵਾਜ਼ ਮਾਰਦੈ। ਉਹਨੂੰ ਬਾਪੂ ਤੋਂ ਸ਼ਾਬਾਸ਼ ਮਿਲਣ ਦੀ ਆਸ ਸੀ। ਉਹਨੇ ਬਾਪੂ ਦੇ ਕਹੇ ਮੁਤਾਬਿਕ ਵੇਲਾਂ ਕਰਾਈਆਂ ਸਨ ਤੇ ਪਿਉ ਦਾ ਪੁੱਤ ਕਿਸੇ ਤੋਂ ਘੱਟ ਵੀ ਨਹੀਂ ਸੀ ਰਿਹਾ। ਪਰ ਬੂਹਾ ਖੋਲ੍ਹਦਿਆਂ ਹੀ ਬਾਪੂ ਦੇ ਮੂੰਹੋਂ ਸ਼ਾਬਾਸ਼ੇ ਦੇ ਬੋਲਾਂ ਦੀ ਥਾਂ ਅੱਗ ਨਿਕਲਦੀ ਐ, “ਆ ਗਿਐਂ ਕੰਜਰਾ, ਕੰਜਰਾਂ ਨਾਲ ਨੱਚ ਕੇ? ਤੂੰ ਮੇਰੇ ਘਰ ਕਾਹਨੂੰ ਜੰਮਣਾ ਸੀ? ਕਿਸੇ ਕੰਜਰ ਦੇ ਜੰਮ ਪੈਂਦਾ! ਚੰਗੀ ਚਾਹੁਨੈਂ ਤਾਂ ਜਾਹ ਮੇਰੀਆਂ ਅੱਖਾਂ ਤੋਂ ਦੂਰ ਹੋ ਜਾਹ! ! ਹੋ ਜਾਹ ਦੂਰ ਇਸੇ ਵੇਲੇ! ! !

‘ਤੇ ਚੰਦ ਛਿਪ ਗਿਆ ਸੀ।’ ਦੇ ਫਿਕਰੇ ਨਾਲ ਮੈਂ ਕਹਾਣੀ ਦਾ ਅੰਤ ਕੀਤਾ ਸੀ।

ਡਾ.ਹਰਿਭਜਨ ਸਿੰਘ ਦੀ ਟਿੱਪਣੀ ਸੀ, “ਇਹ ਵੇ ਸਾਡਾ ਦੋਗਲਾਪਣ। ਨੱਚਣ ਗਾਉਣ ਵਾਲਿਆਂ ਨੂੰ ਅਸੀਂ ਇਨਾਮ ਤਾਂ ਦੇ ਸਕਦੇ ਆਂ ਪਰ ਆਪਣੇ ਧੀਆਂ ਪੁੱਤਾਂ ਨੂੰ ਨੱਚਦੇ ਗਾਉਂਦੇ ਜਰ ਨਹੀਂ ਸਕਦੇ। ਹੋਰਨਾਂ ਦੇ ਘਰ ਜੰਮੀ ਹੀਰ ਚੰਗੀ ਏ ਪਰ ਆਪਣੇ ਘਰ ਮਾੜੀ। ਭਗਤ ਸਿੰਘ ਕਿਸੇ ਹੋਰ ਦਾ ਪੁੱਤਰ ਹੋਵੇ ਤਾਂ ਠੀਕ, ਆਪਣਾ ਹੋਵੇ ਤਾਂ ਨਾਲਾਇਕ।”

ਇਹ ਕਹਾਣੀ ਲਿਖਣ ਤੋਂ ਪਹਿਲਾਂ ਮੈਂ ਕੁੱਝ ਘਟਨਾਵਾਂ ਕਹਾਣੀ ਵਰਗੀਆਂ ਵਾਪਰਦੀਆਂ ਵੇਖੀਆਂ ਸਨ। ਦ੍ਰਿਸ਼ ਵੇਖੇ ਸਨ। ਕਹਾਣੀ ਮੈਂ ਆਪਣੇ ਪਿੰਡ ਤੋਂ ਤੋਰੀ ਸੀ ਤੇ ਜਲਸੇ ਦਾ ਦ੍ਰਿਸ਼ ਆਪਣੇ ਗੁਆਂਢੀ ਪਿੰਡ ਲੋਪੋਂ `ਚ ਹੋਣ ਦਾ ਵਿਖਾਇਆ ਸੀ। ਲੋਪੋਂ ਮੈਂ ਇੱਕ ਵਾਰ ਕਮਿਊਨਿਸਟਾਂ ਦੀ ਕਾਨਫਰੰਸ `ਤੇ ਗਿਆ ਸਾਂ ਤੇ ਰਾਤ ਨੂੰ ਉਥੇ ਡਰਾਮਾ ਵੇਖਿਆ ਸੀ। ਜਲਸੇ ਵਰਗੀ ਰਾਸ ਲੀਲਾ ਦਾ ਨਜ਼ਾਰਾ ਮੈਨੂੰ ਭੂਆ ਦੇ ਪਿੰਡ ਕੋਠੇ ਤੋਂ ਕਰਨੀਖੇੜੇ ਜਾ ਕੇ ਦਿਸਿਆ ਸੀ। ਖੂਹ ਉਤੇ ਘੁੱਟ ਘੁੱਟ ਕੋਠੇ ਤੋਂ ਕਰਨੀਖੇੜੇ ਜਾਂਦਿਆਂ ਲਾਈ ਗਈ ਸੀ। ਨਾਚ ਗਾਣਾ ਕਰਨੀਖੇੜੇ ਹੋਇਆ ਸੀ ਤੇ ਹੋਇਆ ਵੀ ਮੇਰੇ ਕਾਲਜ ਪੜ੍ਹਨ ਦੇ ਦਿਨਾਂ ਵਿੱਚ ਸੀ। ਅੱਧੀ ਰਾਤੇ ਮੁੜਨ `ਤੇ ਝਿੜਕਾਂ ਮੈਨੂੰ ਹੀ ਪਈਆਂ ਸਨ ਕਿ ਪੜ੍ਹਾਈ ਕਰਨ ਦੀ ਥਾਂ ਮੈਂ ਰਾਏ ਸਿੱਖਾਂ ਦੇ ਸ਼ਰਾਬੀ ਮੁੰਡਿਆਂ ਨਾਲ ਨਾਚ ਗਾਣੇ ਵੇਖਦਾ ਢਲੀ ਰਾਤ ਘਰ ਪਰਤਿਆ ਸਾਂ। ਝਿੜਕਾਂ ਮੇਰੇ ਬਾਬੇ ਦੀਆਂ ਸਨ ਜੋ ਕੁਦਰਤੀ ਕੋਠੇ ਆਇਆ ਹੋਇਆ ਸੀ। ਉਹ ਮੈਂ ਵਧਾ ਚੜ੍ਹਾ ਕੇ ਨੰਬਰਦਾਰ ਦੇ ਮੂੰਹੋਂ ਬੁਲਵਾ ਦਿੱਤੀਆਂ ਸਨ।

ਇਕ ਹੋਰ ਘਟਨਾ ਸਾਡੇ ਪਿੰਡ ਕੋਲ ਮੱਲ੍ਹੇ ਵਾਪਰੀ ਸੀ। ਸਾਡੇ ਵੇਖਦਿਆਂ ਜਲਸੇ `ਚੋਂ ਇੱਕ ਬੁੱਢਾ ਬਾਪ ਆਪਣੇ ਮੁੱਛਫੁਟ ਪੁੱਤਰ ਨੂੰ ਬਾਹੋਂ ਫੜ ਕੇ ਲੈ ਗਿਆ ਸੀ ਅਖੇ ਇਹ ਕੰਜਰਾਂ ਦਾ ਕੰਮ ਐਂ। ਇੱਕ ਵਿਆਹ ਵਿੱਚ ਮੈਂ ਇੱਕ ਸ਼ਰਾਬੀ ਨੌਜੁਆਨ ਨੂੰ ਨੱਚਦੇ ਵੇਖਿਆ ਸੀ ਜਿਸ ਦਾ ਚਾਦਰਾ ਖੁੱਲ੍ਹ ਜਾਣ `ਤੇ ਉਸ ਨੂੰ ਘੱਗਰੀ ਪੁਆ ਦਿੱਤੀ ਗਈ ਸੀ ਤੇ ਉਹ ਘੱਗਰੀ ਪਾ ਕੇ ਨੱਚਦਾ ਰਿਹਾ ਸੀ। ਕਹਾਣੀ ਵਿੱਚ ਮੈਂ ਜਿਸ ਕੁੜੀ ਦੀਆਂ ਅੱਖਾਂ ਬਾਰੇ ਡਾਇਲਾਗ ਬੁਲਵਾਇਆ ਸੀ, “ਉਹਦੀਆਂ ਅੱਖਾਂ ਤਾਂ ਨਸ਼ਿਆਂ ਦੇ ਬਾਗ ਹਨ, ਬਾਗ਼।” ਉਹ ਦਿੱਲੀ ਦੇ ਖਾਲਸਾ ਕਾਲਜ ਵਿੱਚ ਪੜ੍ਹਦੀਆਂ ਕੁੜੀਆਂ `ਚੋਂ ਮੈਨੂੰ ਸਭ ਤੋਂ ਪਿਆਰੀ ਲੱਗਦੀ ਕੁੜੀ ਦੀਆਂ ਅੱਖਾਂ ਬਾਰੇ ਸੀ। ਇਓਂ ਮੈਂ ਖਿੱਲਰੇ ਪੁੱਲਰੇ ਦ੍ਰਿਸ਼ਾਂ ਤੇ ਅਨੁਭਵਾਂ ਨੂੰ ਜੋੜ ਜਾੜ ਕੇ ਤੇ ਕੋਲੋਂ ਮਸਾਲਾ ਲਾ ਕੇ ਕਹਾਣੀ ਚਿਣ ਦਿੱਤੀ ਸੀ। ਮੇਰੀ ਜਾਚੇ ਹੋਰ ਗਲਪਕਾਰ ਵੀ ਇਸ ਤਰ੍ਹਾਂ ਹੀ ਕਰਦੇ ਹੋਣਗੇ।

ਉਹਨਾਂ ਦਿਨਾਂ `ਚ ਦੋ ਕਿਤਾਬਾਂ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਸੀ। ਇੱਕ ਸੀ ਗੁਲਜ਼ਾਰ ਸਿੰਘ ਸੰਧੂ ਰਾਹੀਂ ਅਨੁਵਾਦਤ ਮੈਕਸਮ ਗੋਰਕੀ ਦੀ ‘ਜੀਵਨ ਤੇ ਸਾਹਿਤ’ ਤੇ ਦੂਜੀ ਸੀ ਪਾਸਤੋਵਸਕੀ ਦੀ ‘ਸੁਨਹਿਰਾ ਗੁਲਾਬ’। ਇਨ੍ਹਾਂ ਕਿਤਾਬਾਂ ਚੋਂ ਮੈਨੂੰ ਸਾਹਿਤ ਰਚਨਾ ਬਾਰੇ ਵਡਮੁੱਲੀ ਜਾਣਕਾਰੀ ਮਿਲੀ। ਮੈਂ ਨਵੇਂ ਲੇਖਕਾਂ ਨੂੰ ਸਲਾਹ ਦੇਵਾਂਗਾ ਕਿ ਉਹ ਇਹ ਕਿਤਾਬਾਂ ਜ਼ਰੂਰ ਪੜ੍ਹਨ। ਰਸੂਲ ਹਮਜ਼ਾਤੋਵ ਦੀ ‘ਮੇਰਾ ਦਾਗ਼ਿਸਤਾਨ’ ਕਮਾਲ ਦੀ ਕਿਤਾਬ ਹੈ। ਕਿਤਾਬਾਂ ਹੋਰ ਵੀ ਬੜੀਆਂ ਹਨ ਤੇ ਜਿੰਨੀਆਂ ਵੀ ਪੜ੍ਹੀਆਂ ਜਾਣ ਚੰਗਾ ਹੈ।

ਜਦੋਂ ਮੈਂ ਲੈਕਚਰਾਰ ਲੱਗਾ ਤਾਂ ਮਿੱਥ ਲਿਆ ਕਿ ਤਨਖਾਹ ਦੇ ਦਸਵੰਧ ਦੀਆਂ ਪੁਸਤਕਾਂ ਖਰੀਦਿਆ ਕਰਾਂਗਾ। ਕੁੱਝ ਸਾਲ ਖਰੀਦਦਾ ਵੀ ਰਿਹਾ। ਸੋਵੀਅਤ ਦੇਸ ਦੇ ਪ੍ਰਗਤੀ ਪ੍ਰਕਾਸ਼ਨ ਦੀਆਂ ਪੁਸਤਕਾਂ ਬੜੀਆਂ ਸਸਤੀਆਂ ਸਨ ਜਿਨ੍ਹਾਂ ਵਿੱਚ ਤਾਲਸਤਾਏ, ਚੈਖੋਵ, ਸ਼ੋਲੋਖ਼ੋਵ, ਗੋਰਕੀ, ਪੁਸ਼ਕਿਨ, ਦਾਸਤੋਵਸਕੀ, ਤੁਰਗਨੇਵ ਤੇ ਹੋਰ ਰੂਸੀ ਲੇਖਕਾਂ ਦੀਆਂ ਜਗਤ ਪ੍ਰਸਿੱਧ ਪੁਸਤਕਾਂ ਦੇ ਅਨੁਵਾਦ ਸਨ। ਨੋਬਲ ਪੁਰਸਕਾਰ ਜੇਤੂ ਪੁਸਤਕਾਂ ਦੇ ਅਨੁਵਾਦ ਵੀ ਮਿਲਦੇ ਸਨ। ਮੈਂ ਹਰ ਮਹੀਨੇ ਪੰਜ ਸੱਤ ਕਿਤਾਬਾਂ ਖਰੀਦਦਾ ਤੇ ਪੜ੍ਹ ਲੈਂਦਾ। ਮੇਰੀ ਨਿੱਜੀ ਲਾਇਬ੍ਰੇਰੀ ਬਣਦੀ ਗਈ। ਉਹਨੀਂ ਦਿਨੀਂ ਹਰ ਰੋਜ਼ ਡੇਢ ਦੋ ਸੌ ਸਫ਼ੇ ਪੜ੍ਹ ਲੈਣੇ ਮਾਮੂਲੀ ਗੱਲ ਸੀ। ਮੇਰੇ ਉਸਤਾਦਾਂ ਨੇ ਦੱਸਿਆ ਸੀ ਕਿ ਲੇਖਕ ਬਣਨ ਲਈ ਪੜ੍ਹਨਾ ਬਹੁਤ ਜ਼ਰੂਰੀ ਹੈ। ਜਿੰਨਾ ਚੰਗਾ ਪੜ੍ਹੋਗੇ ਉਨੇ ਵਧੀਆ ਲੇਖਕ ਬਣੋਗੇ।

ਇਹ ਗੱਲ ਦੱਸਣੀ ਵੀ ਕੁਥਾਂ ਨਹੀਂ ਹੋਵੇਗੀ ਕਿ ਆਪਣੇ ਸਰਟੀਫਿਕੇਟ ਮੁਤਾਬਿਕ ਪਹਿਲਾਂ ਪਹਿਲ ਮੈਂ ਆਪਣੇ ਨਾਂ ਨਾਲ ਸੰਧੂ ਲਿਖਦਾ ਸਾਂ। ਇੱਕ ਦਿਨ ਗੁਲਜ਼ਾਰ ਸਿੰਘ ਸੰਧੂ ਕਹਿਣ ਲੱਗਾ, “ਮੇਰੀ ਮੰਨੇ ਤਾਂ ਤੂੰ ਆਪਣੇ ਨਾਂ ਨਾਲ ਸੰਧੂ ਨਾ ਲਿਖਿਆ ਕਰ। ਇਓਂ ਸੰਧੂਆਂ ਦਾ ਭੁਲੇਖਾ ਪੈ ਜਿਆ ਕਰੂ। ਜੇ ਮੇਰਾ ਨਾਂ ਗੁਲਜ਼ਾਰਾ ਹੁੰਦਾ ਤਾਂ ਮੈਂ ਈ ਸੰਧੂ ਲਾਹ ਦਿੰਦਾ। ਤੇਰੇ ਨਾਂ ਨਾਲੋਂ ਇਹ ਸੌਖਾ ਲਹਿਜੂ।”

ਮੈਂ ਤਾਂ ਉਹਦੀ ਗੱਲ ਮੰਨ ਲਈ ਪਰ ਜੇ ਵਰਿਆਮ ਸੰਧੂ ਤੇ ਸ਼ਮਸ਼ੇਰ ਸੰਧੂ ਨੂੰ ਇਹ ਸਲਾਹ ਦਿੱਤੀ ਜਾਂਦੀ ਤਾਂ ਉਹ ਸ਼ਾਇਦ ਨਾ ਮੰਨਦੇ? ਕਿਸੇ ਦੇ ਕਹਿਣ `ਤੇ ਈ ਸੰਧੂ ਸਰਦਾਰੀ ਛੱਡਣੀ ਸੌਖੀ ਨਹੀਂ ਸੀ। ਸੰਧੂ ਲਾਹੁਣ ਕਰਕੇ ਮੇਰਾ ਨਾਂ ਕਦੇ ਕਦੇ ਇੱਕ ਹੋਰ ਸਰਵਣ ਨਾਲ ਰਲਗੱਡ ਹੋ ਜਾਂਦਾ ਸੀ ਜੋ ਨਵੇਂ ਜ਼ਮਾਨੇ ਵਿੱਚ ਕੰਮ ਕਰਦਾ ਸੀ। ਜਗਜੀਤ ਸਿੰਘ ਅਨੰਦ ਨੂੰ ਦੱਸਿਆ ਗਿਆ ਸੀ ਕਿ ਖੇਡਾਂ ਤੇ ਖਿਡਾਰੀਆਂ ਬਾਰੇ ਉਹੀ ਲਿਖਦੈ। ਇਹ ਗੱਲ ਮੈਨੂੰ ਜਗਜੀਤ ਸਿੰਘ ਅਨੰਦ ਨੇ ਖੁਦ ਦੱਸੀ ਸੀ।

Additional Info

  • Writings Type:: A single wirting
Read 3569 times
ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਦੋ ਦਰਜਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ `ਚ ਡੇਢ ਦਰਜਨ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹੈ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ। ਉਸ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ `ਚ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ। ਉਹ 1965-66 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹਾ ਹੈ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੋ ਗਈ ਹੈ। ਉਸ ਦੇ ਦੋ ਪੁੱਤਰ ਹਨ। ਇਕ ਕੈਨੇਡਾ ਵਿਚ ਹੈ ਤੇ ਇਕ ਪੰਜਾਬ ਵਿਚ। ਉਹ ਆਪਣੀ ਪਤਨੀ ਹਰਜੀਤ ਕੌਰ ਨਾਲ ਗਰਮੀਆਂ ਕੈਨੇਡਾ ਵਿਚ ਕੱਟਦਾ ਹੈ ਤੇ ਸਿਆਲ ਦਾ ਨਿੱਘ ਪੰਜਾਬ ਵਿਚ ਮਾਣਦਾ ਹੈ।