ਲੇਖ਼ਕ

Tuesday, 13 October 2009 18:50

20 - ਦਿੱਲੀ ਦੀਆਂ ਸਰਗਰਮੀਆਂ

Written by
Rate this item
(1 Vote)

ਦਿੱਲੀ ਮੈਂ ਬਾਈ ਸਾਲ ਦਾ ਹੋ ਕੇ ਗਿਆ ਸਾਂ ਤੇ ਸਤਾਈ ਸਾਲ ਦਾ ਹੋ ਕੇ ਮੁੜਿਆ। ਜੁਆਨੀ ਦਾ ਬਿਹਤਰੀਨ ਸਮਾਂ ਮੈਂ ਦਿੱਲੀ ਵਿੱਚ ਬਿਤਾਇਆ। ਉਥੇ ਮੈਂ ਕਾਫੀ ਕੁੱਝ ਸਿੱਖਿਆ ਤੇ ਅਨੇਕਾਂ ਖੇਤਰਾਂ ਦੇ ਨਾਮਵਰ ਬੰਦਿਆਂ ਨੂੰ ਮਿਲਿਆ। ਉਨ੍ਹਾਂ `ਚ ਚੈਂਪੀਅਨ ਖਿਡਾਰੀ ਵੀ ਸਨ, ਪ੍ਰਸਿੱਧ ਲੇਖਕ ਵੀ ਤੇ ਹੰਢੇ ਵਰਤੇ ਸਿਆਸਤਦਾਨ ਵੀ ਸਨ। ਜਦੋਂ ਮੈਂ ਦਿੱਲੀ ਗਿਆ ਸਾਂ ਤਾਂ ਸਿੱਧਾ ਸਾਦਾ ਪੇਂਡੂ ਮੁੰਡਾ ਸਾਂ ਪਰ ਮੁੜਨ ਤਕ ਵਾਹਵਾ ਚੁਸਤ ਚਲਾਕ ਹੋ ਗਿਆ ਸਾਂ। ਦਿੱਲੀ ਦੀ ਰਹਿਤਲ ਨੇ ਮੈਨੂੰ ਪੱਕਾ ਦਿੱਲੀ ਵਾਲਾ ਬਣਨ ਦੇ ਮੌਕੇ ਦਿੱਤੇ ਸਨ ਪਰ ਮੈਂ ਪੇਂਡੂ ਦਾ ਪੇਂਡੂ ਹੀ ਰਿਹਾ ਸਾਂ। ਦਿੱਲੀ ਵਿੱਚ ਮੇਰੇ ਜਾਣੂੰ ਮੈਨੂੰ ਹਮੇਸ਼ਾਂ ‘ਜੱਟਾ’ ਕਹਿ ਕੇ ਬੁਲਾਉਂਦੇ ਸਨ।

ਮੈਂ ਖਾਲਸਾ ਕਾਲਜ ਦਿੱਲੀ ਦੀ ਪੱਕੀ ਲੈਕਚਰਾਰੀ ਤੋਂ ਅਸਤੀਫਾ ਦਿੱਤਾ ਤਾਂ ਕਾਲਜ ਦੇ ਪ੍ਰਿੰਸੀਪਲ ਗੁਰਬਚਨ ਸਿੰਘ ਬੱਲ ਨੇ ਮੈਨੂੰ ਅਜਿਹਾ ਕਰਨ ਤੋਂ ਰੋਕਿਆ ਸੀ। ਜਦੋਂ ਮੈਂ ਨਹੀਂ ਸਾਂ ਰੁਕਿਆ ਤਾਂ ਉਸ ਨੇ ਖਿਝ ਕੇ ਕਿਹਾ ਸੀ, “ਓਨਲੀ ਏ ਜਾਟ ਅਰ ਏ ਫੂਲ ਕੈਨ ਡੂ ਦਿੱਸ।” ਮੈਂ ਆਖਿਆ ਸੀ, “ਸਰ, ਤੁਹਾਡਾ ਅੱਧਾ ਫਿਕਰਾ ਬਿਲਕੁਲ ਸਹੀ ਹੈ, ਬਾਕੀ ਸਮਾਂ ਦੱਸੇਗਾ।” ਸਮੇਂ ਨੇ ਇਹੋ ਦੱਸਿਆ ਕਿ ਮੈਂ ਤੀਹ ਸਾਲ ਦੇ ਕਰੀਬ ਆਪਣੇ ਪਿੰਡ ਨੇੜੇ ਢੁੱਡੀਕੇ ਦੇ ਪੇਂਡੂ ਕਾਲਜ ਵਿੱਚ ਰੂਹ ਨਾਲ ਪੜ੍ਹਾ ਸਕਿਆ ਤੇ ਚਾਰ ਸਾਲ ਮੁਕੰਦਪੁਰ ਦੇ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਦੀ ਪ੍ਰਿੰਸੀਪਲੀ ਕੀਤੀ। ਖੇਡਾਂ ਤੇ ਖਿਡਾਰੀਆਂ ਬਾਰੇ ਮੇਰੀ ਕਲਮ ਦਿੱਲੀ ਤੋਂ ਚੱਲਣ ਲੱਗੀ ਸੀ ਜਿਹੜੀ ਢੁੱਡੀਕੇ ਤੇ ਮੁਕੰਦਪੁਰ ਵੀ ਚਲਦੀ ਰਹੀ ਤੇ ਅਜੇ ਤਕ ਚੱਲੀ ਜਾਂਦੀ ਹੈ।

ਦਿੱਲੀ ਪੜ੍ਹਦਿਆਂ ਪੜ੍ਹਾਉਂਦਿਆਂ ਮੈਂ ਨੈਸ਼ਨਲ ਸਟੇਡੀਅਮ ਤੇ ਯੂਨੀਵਰਸਿਟੀ ਦੇ ਖੇਡ ਮੈਦਾਨਾਂ ਵਿੱਚ ਜਾਣ ਦੇ ਨਾਲ ਇੰਡੀਅਨ ਕਾਫੀ ਹਾਊਸ, ਸਾਹਿਤ ਸਭਾ ਦੀਆਂ ਬੈਠਕਾਂ, ਲਾਇਬ੍ਰੇਰੀਆਂ ਤੇ ਗੁਰੂ ਘਰਾਂ ਵਿੱਚ ਜਾਂਦਾ ਰਹਿੰਦਾ ਸਾਂ। ਕਦੇ ਕਦੇ ਸਿਨਮਾ ਵੀ ਵੇਖ ਲੈਂਦਾ ਸਾਂ। ਲੈਕਚਰ ਸੁਣਨ ਤੇ ਸੈਮੀਨਾਰ ਵਿੱਚ ਜਾਂਦਾ ਤੇ ਬੋਲਣ ਦੀ ਹਾਜ਼ਰੀ ਲੁਆਉਂਦਾ। ਇਸ ਗੱਲੋਂ ਖੁਸ਼ਕਿਸਮਤ ਰਿਹਾ ਕਿ ਦਿੱਲੀ ਦੇ ਜੀ.ਬੀ.ਰੋਡ ਵਰਗੇ ਬਦਨਾਮ ਰੈੱਡ ਏਰੀਏ ਵੱਲ ਨਹੀਂ ਗਿਆ। ਆਮ ਬੰਦੇ ਕਹਿੰਦੇ ਸਨ ਕਿ ਦਿੱਲੀ ਵਿੱਚ ਹਰੇਕ ਦੀ ਜੇਬ ਕੱਟੀ ਜਾਂਦੀ ਹੈ ਪਰ ਮੇਰੀ ਜੇਬ ਕੱਟੀ ਜਾਣੋ ਬਚੀ ਰਹੀ। ਜਾਂ ਇਓਂ ਕਹਿ ਲਓ ਕਿ ਮੇਰੀ ਜੇਬ ਕਦੇ ਜੇਬ ਕਤਰਿਆਂ ਦੇ ਕੱਟਣ ਜੋਗੀ ਹੋਈ ਹੀ ਨਹੀਂ ਸੀ!

ਜਿਹੜੀ ਮਾੜੀ ਮੋਟੀ ਸ਼ਤਾਨੀ ਮੈਂ ਸਕੂਲ ਪੜ੍ਹਦਿਆਂ ਸਿੱਖੀ ਸੀ ਉਸ ਨੂੰ ਦਿੱਲੀ ਜਾ ਕੇ ਜ਼ਰੂਰ ਖੰਭ ਲੱਗੇ। ਮੈਨੂੰ ਕਿਸੇ ਭੇਤੀ ਬੰਦੇ ਨੇ ਦੱਸ ਪਾ ਦਿੱਤੀ ਸੀ ਕਿ ਜਦੋਂ ਪਿੰਡ ਨੂੰ ਜਾਣਾ ਹੋਵੇ ਤਾਂ ਰਾਤ ਦੀ ਗੱਡੀ ਚੜ੍ਹਨਾ ਚਾਹੀਦੈ। ਰਾਤ ਦੀ ਗੱਡੀ ਉਤੇ ਟਿਕਟ ਲੈਣ ਤੋਂ ਬਿਨਾਂ ਈ ਸਰ ਜਾਂਦੈ। ਮੈਂ ਸਾਲ `ਚ ਤਿੰਨ ਚਾਰ ਵਾਰ ਪਿੰਡ ਜਾਂਦਾ ਸਾਂ। ਮੈਨੂੰ ਦਿੱਲੀ ਤੋਂ ਫਿਰੋਜ਼ਪੁਰ ਜਾਣ ਵਾਲੀ ਪੰਜਾਬ ਮੇਲ ਸੂਤ ਬਹਿੰਦੀ ਸੀ। ਉਹਦੇ ਉਤੇ ਕੋਟਕਪੂਰੇ ਤੋਂ ਉੱਤਰ ਕੇ ਮੁਕਤਸਰ ਵਿੱਚ ਦੀ ਭੂਆ ਦੇ ਪਿੰਡ ਤੇ ਮੋਗੇ ਵਿੱਚ ਦੀ ਆਪਣੇ ਪਿੰਡ ਜਾ ਸਕਦਾ ਸਾਂ।

ਮੈਂ ਰਾਤ ਦੀ ਰੋਟੀ ਖਾ ਕੇ ਦਿੱਲੀਓਂ ਪੰਜਾਬ ਮੇਲ ਦੇ ਸੌਣ ਵਾਲੇ ਡੱਬੇ ਵਿੱਚ ਚੜ੍ਹ ਜਾਂਦਾ। ਟੀਟੀ ਟਿਕਟਾਂ ਚੈੱਕ ਕਰਦਾ ਜਦੋਂ ਮੇਰੇ ਕੋਲ ਆਉਂਦਾ ਤਾਂ ਮੈਂ ਭੇਤੀ ਬੰਦੇ ਦੇ ਦੱਸੇ ਗੁਰ ਅਨੁਸਾਰ ਟੀਟੀ ਦੇ ਢਿੱਡ ਨੂੰ ਪੋਲੀ ਜਿਹੀ ਉਂਗਲ ਲਾਉਂਦਾ। ਉਹ ਮੈਨੂੰ ਇੱਕ ਖੂੰਜੇ ਸੱਦ ਲੈਂਦਾ ਤੇ ਦਸਾਂ ਦਾ ਨੋਟ ਲੈ ਕੇ ਕਿਸੇ ਸਲੀਪਰ ਉਤੇ ਸੁਆ ਦਿੰਦਾ। ਮੈਂ ਬਠਿੰਡੇ ਜਾ ਕੇ ਜਾਗਦਾ। ਸਿਆਲਾਂ `ਚ ਸਵਾਰੀਆਂ ਪਲੇਟਫਾਰਮਾਂ `ਤੇ ਛਿਟੀਆਂ ਦੀਆਂ ਧੂਣੀਆਂ ਲਾਈ ਬੈਠੀਆਂ ਹੁੰਦੀਆਂ ਜਿਨ੍ਹਾਂ `ਚੋਂ ਧੂੰਆਂ ਉੱਠਦਾ। ਰੇਲਾਂ ਦਾ ਵੱਡਾ ਜੰਕਸ਼ਨ ਹੋਣ ਕਾਰਨ ਮੁਸਾਫ਼ਿਰਾਂ ਦੀ ਚਹਿਲ ਪਹਿਲ ਹੁੰਦੀ। ਇੰਜਣ ਚੀਕਾਂ ਮਾਰਦੇ ਫਿਰਦੇ। ਕੋਈ ਗੱਡੀ ਗੰਗਾਨਗਰ ਨੂੰ ਜਾ ਰਹੀ ਹੁੰਦੀ, ਕੋਈ ਪਟਿਆਲੇ ਨੂੰ, ਕੋਈ ਰਿਵਾੜੀ ਨੂੰ ਤੇ ਕੋਈ ਫਾਜ਼ਿਲਕਾ ਨੂੰ। ਇਸੇ ਜੰਕਸ਼ਨ ਉਤੇ ਗੱਡੀ ਦੀ ਉਡੀਕ ਕਰਦਿਆਂ ਕਵੀਸ਼ਰ ਕਰਨੈਲ ਸਿੰਘ ਪਾਰਸ ਨੇ ਛੰਦ ਜੋੜਿਆ ਸੀ-ਜੱਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ …।

ਟੀਟੀ ਦੇ ਢਿੱਡ ਨੂੰ ਉਂਗਲ ਲਾਉਂਦਿਆਂ ਮੈਨੂੰ ਪਹਿਲੀ ਵਾਰ ਹੀ ਮਾੜੀ ਜਿਹੀ ਸੰਗ ਲੱਗੀ ਸੀ। ਦੂਜੀ ਵਾਰ ਸੰਗ ਲੱਥ ਗਈ ਸੀ ਬਲਕਿ ਢਿੱਡ ਨੂੰ ਉਂਗਲ ਲਾਉਣ ਦਾ ਸੁਆਦ ਆਉਣ ਲੱਗ ਪਿਆ ਸੀ। ਜਦੋਂ ਪਹਿਲੀ ਵਾਰ ਟੀਟੀ ਮੇਰੇ ਕੋਲ ਆਇਆ ਸੀ ਤੇ ਉਸ ਨੇ ਮੈਥੋਂ ਟਿਕਟ ਪੁੱਛੀ ਸੀ ਤਾਂ ਮੈਂ ਉਹਦੇ ਉਭਰੇ ਹੋਏ ਢਿੱਡ ਨੂੰ ਉਂਗਲ ਲਾਉਣ ਤੋਂ ਝਿਜਕ ਰਿਹਾ ਸਾਂ। ਕੀ ਪਤਾ ਅਗਲਾ ਕੀ ਕਹੇ? ਉਹ ਸਿਆਣਾ ਬਿਆਣਾ ਬੰਦਾ ਸੀ ਤੇ ਮੈਂ ਮੁੰਡਾ ਖੁੰਡਾ ਸਾਂ। ਅਖ਼ੀਰ ਹੌਂਸਲਾ ਕਰ ਕੇ ਮੈਂ ਸੱਜੇ ਹੱਥ ਦੀ ਮੂਹਰਲੀ ਉਂਗਲ ਉਹਦੇ ਪੋਲੇ ਢਿੱਡ ਉਤੇ ਪੋਲੀ ਜਿਹੀ ਲਾਈ ਤਾਂ ਉਹ ਹੱਸ ਪਿਆ ਸੀ ਜਿਵੇਂ ਕੁਤਕੁਤਾੜੀ ਨਿਕਲੀ ਹੋਵੇ। ਫਿਰ ਉਹਨੇ ਮੈਨੂੰ `ਨ੍ਹੇਰੇ ਖੂੰਜੇ `ਚ ਲਿਜਾ ਕੇ ਪੁੱਛਿਆ ਸੀ, “ਦੱਸ ਕੀ ਗੱਲ ਐ?” ਮੈਂ ਦਸਾਂ ਦਾ ਨੋਟ ਕੱਢਿਆ ਸੀ ਜੋ ਉਸ ਨੇ ਚੁੱਪ ਕਰ ਕੇ ਜੇਬ ਵਿੱਚ ਪਾ ਲਿਆ ਸੀ ਤੇ ਮੈਨੂੰ ਇੱਕ ਖਾਲੀ ਸਲੀਪਰ ਉਤੇ ਸੁਆ ਗਿਆ ਸੀ। ਮੈਂ ਮਨ `ਚ ਕਿਹਾ ਸੀ, “ਇਹ ਤਾਂ ਢੰਗ ਈ ਬਹੁਤ ਸੁਖਾਲੈ!”

ਬੇਸ਼ੱਕ ਲਾਇਬ੍ਰੇਰੀਆਂ ਵਿਚੋਂ ਪੜ੍ਹਨ ਲਈ ਮੈਨੂੰ ਲੋੜੀਂਦੀਆਂ ਕਿਤਾਬਾਂ ਮਿਲ ਜਾਂਦੀਆਂ ਸਨ ਫਿਰ ਵੀ ਮੈਂ ਆਪਣੀਆਂ ਮਨਭਾਉਂਦੀਆਂ ਕਿਤਾਬਾਂ ਖਰੀਦਦਾ ਰਹਿੰਦਾ ਸਾਂ। ਕਨਾਟ ਪਲੇਸ ਦੀ ਇੱਕ ਦੁਕਾਨ ਤੋਂ ਮੈਂ ਇੱਕ ਕਿਤਾਬ ਖਰੀਦੀ ਜਿਸ ਦਾ ਨਾਂ ਸੀ-ਸਪੋਰਟਸਮੈੱਨ ਆਫ਼ ਅਵਰ ਟਾਈਮਜ਼। ਇਹ ਇੱਕ ਸਪੋਰਟਸਮੈਨ ਲੇਖਕ ਦੀ ਹੀ ਲਿਖੀ ਹੋਈ ਸੀ। ਇਸ ਕਿਤਾਬ ਨੇ ਵੀ ਮੈਨੂੰ ਖੇਡ ਲੇਖਕ ਬਣਨ ਦੀ ਚੇਟਕ ਲਾਈ। ਮੀਲ ਦੀ ਦੌੜ ਲਈ `ਚਾਰ ਮਿੰਟ ਦੀ ਹੱਦ’ ਨਾਂ ਦਾ ਆਰਟੀਕਲ ਮੈਂ ਇਸ ਪੁਸਤਕ ਤੋਂ ਪ੍ਰਭਾਵਿਤ ਹੋ ਕੇ ਲਿਖਿਆ ਸੀ ਜੋ ‘ਆਰਸੀ’ ਵਿੱਚ ਛਪਿਆ।

ਲਾਇਬ੍ਰੇਰੀਆਂ ਤੇ ਕਿਤਾਬਾਂ ਦੀਆਂ ਦੁਕਾਨਾਂ `ਤੇ ਤਾਂ ਕਿਤਾਬਾਂ ਹੀ ਮਿਲਦੀਆਂ ਸਨ ਪਰ ਇੰਡੀਅਨ ਕਾਫੀ ਹਾਊਸ ਦੇ ਖੁੱਲ੍ਹੇ ਪੰਡਾਲ ਵਿੱਚ ਕਾਫੀ ਦੇ ਨਾਲ ਲੇਖਕ ਤੇ ਕਲਾਕਾਰ ਵੀ ਮਿਲ ਜਾਂਦੇ ਸਨ। ਜਦੋਂ ਮੈਨੂੰ ਵਿਹਲ ਮਿਲਦੀ ਮੈਂ ਸਾਈਕਲ ਉਤੇ ਲੱਤ ਦਿੰਦਾ ਤੇ ਕਨਾਟ ਪਲੇਸ ਇੰਡੀਅਨ ਕਾਫੀ ਹਾਊਸ ਚਲਾ ਜਾਂਦਾ। ਕਾਫੀ ਦਾ ਕੱਪ ਉਦੋਂ ਪੱਚੀ ਪੈਸੇ ਦਾ ਆਉਂਦਾ ਸੀ ਤੇ ਪੱਚੀ ਪੈਸਿਆਂ ਦੇ ਹੀ ਦੋ ਵੜੇ ਆ ਜਾਂਦੇ ਸਨ। ਲੇਖਕਾਂ ਦਾ ਆਮ ਕਰ ਕੇ ਇਹੋ ਆਰਡਰ ਹੁੰਦਾ ਸੀ। ਜਿੱਦਣ ਗੁਲਜ਼ਾਰ ਸੰਧੂ ਆ ਜਾਂਦਾ, ਉਹ ਕਿਸੇ ਹੋਰ ਨੂੰ ਆਰਡਰ ਨਾ ਦੇਣ ਦਿੰਦਾ। ਉਹ ਅਕਸਰ ਕਹਿੰਦਾ, “ਆਪਣੇ ਕਿਹੜਾ ਨਿਆਣੇ ਰੋਂਦੇ ਆ?” ਉਹਦੀ ਤਨਖਾਹ ਮੋਟੀ ਸੀ। ਜਦੋਂ ਉਹ ਡਾਕਟਰਨੀ ਸੁਰਜੀਤ ਕੌਰ ਨਾਲ ਵਿਆਹਿਆ ਗਿਆ ਤਾਂ ਦੂਹਰੀ ਕਮਾਈ ਨਾਲ ਹੋਰ ਵੀ ਦਰਿਆਦਿਲ ਹੋ ਗਿਆ।

ਕਾਫੀ ਹਾਊਸ ਵਿੱਚ ਬਲਵੰਤ ਗਾਰਗੀ ਤੋਂ ਲੈ ਕੇ ਤਾਰਾ ਸਿੰਘ ਕਾਮਲ, ਬਿਸ਼ਨ ਸਿੰਘ ਉਪਾਸ਼ਕ, ਹਜ਼ਾਰਾ ਸਿੰਘ ਗੁਰਦਾਸਪੁਰੀ, ਚਾਨਣ ਗੋਬਿੰਦਪੁਰੀ, ਨਵਤੇਜ ਪੁਆਧੀ, ਦਵਿੰਦਰ, ਰਾਜ ਗਿੱਲ, ਗੁਰਦੇਵ ਰੁਪਾਣਾ ਤੇ ਗਰੀਬ ਸਿੰਘ ਤਕ ਕਈ ਕਵੀ ਤੇ ਲੇਖਕ ਮਿਲਦੇ। ਜਿਹੜੇ ਮੇਜ਼ ਦੁਆਲੇ ਉਹ `ਕੱਠੇ ਹੁੰਦੇ ਉਥੇ ਹਾਸੇ ਛਣਕਦੇ ਤੇ ਕਹਿਕਹੇ ਗੂੰਜਦੇ। ਗੁਰਦਾਸਪੁਰੀ ਦੇ ਹਾਸੇ ਦੀਆਂ ਛਿੱਟਾਂ ਲਾਂਭੇ ਬੈਠਿਆਂ ਦੇ ਕੱਪਾਂ ਵਿੱਚ ਪਈ ਜਾਂਦੀਆਂ। ਉਥੇ ਹੀ ਉਪਾਸ਼ਕ ਆਥਣ ਦੀ ਦਾਰੂ ਦਾ ਜੁਗਾੜ ਬਣਾ ਲੈਂਦਾ। ਗਰੀਬ ਸਿੰਘ ਦਾ ਸਫੈਦ ਪੱਗ ਹੇਠਾਂ ਢਕਿਆ ਮਾਤਾ ਦੇ ਦਾਗਾਂ ਵਾਲਾ ਬੈਂਗਣੀ ਚਿਹਰਾ ਹਾਸੇ ਨਾਲ ਤਾਂਬੇ ਰੰਗਾ ਹੋ ਜਾਂਦਾ। ਤਾਰਾ ਸਿੰਘ ਕਾਮਲ ਗੁੱਝੀ ਮਸਖ਼ਰੀ ਕਰ ਕੇ ਮੋਟੇ ਬੁੱਲ੍ਹਾਂ `ਚੋਂ ਮਿੰਨ੍ਹਾ ਮੁਸਕਰਾਉਦਾ। ਰੁਪਾਣੇ ਦੀਆਂ ਹੱਸਦੇ ਹਸਾਉਂਦੇ ਦੀਆਂ ਅੱਖਾਂ ਮਿਚ ਜਾਂਦੀਆਂ ਤੇ ਉਹਦੀ ਅੰਦਰਲੀ ਜੇਬ `ਚ ਲਕੋਈ ਸਿਗਰਟਾਂ ਦੀ ਡੱਬੀ ਬਾਹਰ ਡਿੱਗਣ ਨੂੰ ਫਿਰਦੀ। ਦਿੱਲੀ ਗੇੜਾ ਮਾਰਨ ਆਏ ਪੰਜਾਬ ਦੇ ਕਵੀ ਤੇ ਲੇਖਕ ਵੀ ਕਾਫੀ ਹਾਊਸ ਵਿੱਚ ਮਿਲਦੇ। ਇਕੇਰਾਂ ਲਾਲ ਸਿੰਘ ਦਿਲ ਵੀ ਸਿਗਰਟਾਂ ਪੀਂਦਾ ਇਨਕਲਾਬੀ ਨਜ਼ਮਾਂ ਸੁਣਾਉਂਦਾ ਮਿਲਿਆ ਸੀ। ਫਿਰ ਉਸ ਦੇ ਮਾੜੇ ਦਿਨ ਆ ਗਏ। ਉਨ੍ਹਾਂ `ਚੋਂ ਕਈ ਰੱਬ ਨੂੰ ਪਿਆਰੇ ਹੋ ਚੁੱਕੇ ਹਨ ਤੇ ਪਿੱਛੇ ਉਨ੍ਹਾਂ ਦੀਆਂ ਯਾਦਾਂ ਹੀ ਰਹਿ ਗਈਆਂ ਹਨ।

ਇਕ ਵਾਰ ਮੈਂ ਆਪਣੀ ਕਹਾਣੀ ਬਲਵੰਤ ਗਾਰਗੀ ਨੂੰ ਸੁਣਾਈ। ਮੈਂ ਟੈਲੀਫੋਨ ਕਰ ਕੇ ਸਮਾਂ ਲਿਆ ਤਾਂ ਉਹ ਆਪਣੇ ਕਰਜਨ ਰੋਡ ਵਾਲੇ ਕੁਆਟਰ ਦੇ ਲਾਗੇ ਹੀ ਕਾਫੀ ਹਾਊਸ ਵਿੱਚ ਆ ਗਿਆ। ਮੇਰੀ ਕਹਾਣੀ ਦਾ ਨਾਂ ਸੀ-ਉਡਦੀ ਧੂੜ ਦਿਸੇ। ਉਹਦੇ ਵਿੱਚ ਇੱਕ ਵਾਗੀ ਤੇ ਗੱਡੀਆਂ ਵਾਲੀ ਦਾ ਇਸ਼ਕ ਦਰਸਾਇਆ ਗਿਆ ਸੀ। … ਵਾਗੀ ਟਿੱਬੇ ਨੇੜੇ ਢਾਲੂ ਕਿੱਕਰ ਦੀ ਛਾਵੇਂ ਚਾਹ ਬਣਾ ਰਿਹਾ ਹੁੰਦੈ। ਇੱਕ ਗੱਡੀਆਂ ਵਾਲੀ ਮੁਟਿਆਰ ਪਿੜ ਹੂੰਝ ਕੇ ਉਹਦੇ ਨੇੜਿਓਂ ਲੰਘਦੀ ਹੈ। ਉਹਦੇ ਮੂੰਹੋਂ ‘ਪਾਣੀ’ ਮੰਗਣਾ ਇਓਂ ਲੱਗਦੈ ਜਿਵੇਂ ਝਾਂਜਰ ਛਣਕੀ ਹੋਵੇ। ਵਾਗੀ ਦੀ ਬੱਕਰੀ ਵੀ ਗਲ ਦੀ ਝਾਂਜਰ ਛਣਕਾਉਂਦੀ ਉਠ ਖੜ੍ਹੀ ਹੁੰਦੀ ਹੈ। ਉਨ੍ਹਾਂ ਦੀਆਂ ਅੱਖਾਂ ਮਿਲਦੀਆਂ ਹਨ ਜੋ ਮੋਹ ਪਿਆਰ ਦੇ ਸੁਨੇਹੇ ਦੇ ਰਹੀਆਂ ਹੁੰਦੀਆਂ ਹਨ। ਪਾਣੀ ਪਿਆ ਕੇ ਵਾਗੀ ਚਾਹ ਪੀਣ ਦੀ ਪੇਸ਼ਕਸ਼ ਕਰ ਦਿੰਦੈ। ਚਾਹ ਪੀਣ ਲਈ ਗਲਾਸ ਇਕੋ ਹੁੰਦੈ ਜੀਹਦੇ `ਚੋਂ ਉਹ ਵਾਰੋ ਵਾਰੀ ਘੁੱਟਾਂ ਭਰਦੇ ਹਨ। ਮੈਂ ਲਿਖਿਆ ਸੀ, “ਇਕ ਘੁੱਟ ਵਾਗੀ ਭਰਦਾ ਇੱਕ ਗੱਡੀਆਂ ਵਾਲੀ। ਚਾਹ ਮੁੱਕਦੀ ਗਈ, ਪਿਆਰ ਵਧਦਾ ਗਿਆ …।” ਤਦੇ ਗੱਡੀਆਂ ਵਾਲੀ ਨੂੰ ਡੇਰੇ ਵਾਲਿਆਂ ਵੱਲੋਂ `ਵਾਜ਼ ਵੱਜ ਜਾਂਦੀ ਹੈ। ਉਹ ਡੇਰੇ ਨੂੰ ਤੁਰਨ ਲੱਗਦੀ ਹੈ ਤਾਂ ਅਗਲੇ ਦਿਨ ਫਿਰ ਮਿਲਣ ਦਾ ਇਕਰਾਰ ਹੋ ਜਾਂਦੈ।

ਅਗਲੇ ਦਿਨ ਗੱਡੀਆਂ ਵਾਲੀ ਨਹੀਂ ਬਹੁੜਦੀ ਤਾਂ ਤਕਾਲਾਂ ਨੂੰ ਵਾਗੀ ਡੇਰੇ ਪਹੁੰਚਦਾ ਹੈ। ਡੇਰਾ ਪੁੱਟਿਆ ਗਿਆ ਹੁੰਦਾ ਹੈ ਤੇ ਧਰਤੀ ਪੁੱਟ ਕੇ ਬਣਾਏ ਚੁੱਲ੍ਹਿਆਂ `ਚੋ ਸੁਆਹ ਉਡ ਰਹੀ ਹੁੰਦੀ ਹੈ। ਜਨੌਰ ਚੋਗਾ ਚੁਗ ਰਹੇ ਹੁੰਦੇ ਹਨ। ਹਵਾ ਦੇ ਬੁੱਲੇ ਗਰਦਾਂ ਉਡਾਉਂਦੇ ਉਹਨੂੰ ਰੋਣਹਾਕਾ ਕਰ ਦਿੰਦੇ ਹਨ। ਫਿਰ ਕਾਲੀ ਬੋਲੀ `ਨ੍ਹੇਰੀ ਆਉਂਦੀ ਹੈ ਜਿਸ ਦੇ ਬੈਠ ਜਾਣ ਪਿੱਛੋਂ ਵਾਗੀ ਨਹੀਂ ਲੱਭਦਾ।

ਇਹ ਮੇਰੀ ਨਵਲੇਖਕ ਦੀ ਕੱਚ-ਪੱਕੀ ਕਹਾਣੀ ਸੀ ਜਿਸ ਵਿੱਚ ਉਪਭਾਵਕਤਾ ਭਾਰੂ ਸੀ। ਪਾਣੀ ਦੀ ਛੱਲ ਵਰਗੇ ਪ੍ਰੇਮ ਪਿਆਰ ਦਾ ਵੇਗ ਸੀ। ਕਿਤੋਂ ਪੜ੍ਹੀ ਸੁਣੀ ਲੋਕ ਬੋਲੀ ‘ਗੱਡੀਆਂ ਵਾਲਿਆਂ ਨਾਲ ਯਰਾਨਾ ਕਾਹਦਾ ਭਲਕੇ ਉਠ ਜਾਣਗੇ’ ਇਹਦਾ ਪ੍ਰੇਰਨਾਸ੍ਰੋਤ ਸੀ। ਪ੍ਰਕਿਰਤੀ ਦਾ ਨਜ਼ਾਰਾ ਮੈਂ ਗਾਰਗੀ ਦੇ ‘ਕੱਕੇ ਰੇਤੇ’ ਵਰਗਾ ਬੰਨ੍ਹਿਆ ਸੀ। ਗਾਰਗੀ ਕਾਫੀ ਦੀਆਂ ਘੁੱਟਾਂ ਭਰਦਾ ਚੁੱਪ ਕਰ ਕੇ ਕਹਾਣੀ ਸੁਣਦਾ ਰਿਹਾ ਸੀ। ਉਸ ਨੇ ਨਾ ਹਾਂ ਕੀਤੀ ਸੀ ਨਾ ਹੂੰ। ਕਹਾਣੀ ਮੁੱਕੀ ਤਾਂ ਉਹ ਹੌਲੀ ਦੇਣੇ ਬੋਲਿਆ, “ਕਹਾਣੀ ਸੁਣ ਕੇ ਸੁਆਦ ਆ ਗਿਆ।” ਫਿਰ ਆਖਣ ਲੱਗਾ, “ਸਹੁਰੇ ਵਾਗੀ ਨੇ ਤੇ ਸਾਲੀ ਗੱਡੀਆਂ ਵਾਲੀ ਨੇ ਕੀਤਾ ਤਾਂ ਕੁਛ ਨੀ। ਉਹਨਾਂ ਤੋਂ ਕੁਛ ਨੀ ਹੋਇਆ ਤਾਂ ਤੂੰ ਹੀ ਕਰਵਾ ਦਿੰਦਾ! ਫੇਰ ਦੇਖਦਾ ਕਿੰਨਾ ਸੁਆਦ ਆਉਂਦਾ? ਉਹ ਸੁੰਨੇ ਟਿੱਬੇ `ਤੇ ਢਾਲੂ ਕਿੱਕਰ ਹੇਠਾਂ ਮਿਲੇ ਸੀ ਕਿ ਪ੍ਰੀਤ ਨਗਰ ਦੀ ਪ੍ਰੀਤ ਮਿਲਣੀ `ਚ `ਕੱਠੇ ਹੋਏ ਸੀ? ਜੇ ਏਸ ਕਹਾਣੀ ਨੂੰ ਸੁਆਦੀ ਬਣਾਉਣੈਂ ਤਾਂ ਵਾਗੀ ਤੇ ਗੱਡੀਆਂ ਵਾਲੀ ਤੋਂ ਕੁਛ ਕਰਵਾ।”

ਜਿਹੜਾ ਕੁਛ ਗਾਰਗੀ ਖ਼ੁਦ ਆਪਣੀਆਂ ਲਿਖਤਾਂ ਵਿੱਚ ਕਰਦਾ ਕਰਵਾਉਂਦਾ ਸੀ ਓਹੀ ਸਲਾਹ ਉਹ ਮੈਨੂੰ ਦੇ ਰਿਹਾ ਸੀ। ਪਰ ਮੇਰੀ ਸੀਮਾ ਰਹੀ ਕਿ ਕਾਮ ਕਲੋਲਾਂ ਨੂੰ ਬਿਆਨਣ ਵਿੱਚ ਮੈਂ ਅਜੇ ਤਕ ਵੀ ਗਾਰਗੀ ਵਾਂਗ ਖੁੱਲ੍ਹ ਨਹੀਂ ਲੈ ਸਕਿਆ। ਉਂਜ ਮੈਨੂੰ ਇਲਮ ਹੈ ਕਿ ਪਾਠਕ ਸੈਕਸੀ ਗੱਲਾਂ ਨੂੰ ਚਾਹ ਕੇ ਪੜ੍ਹਦੇ ਹਨ। ਇਹ ਵੱਖਰੀ ਗੱਲ ਹੈ ਕਿ ਭਾਵੇਂ ਲੁਕੋ ਕੇ ਹੀ ਪੜ੍ਹਦੇ ਹੋਣ! ਤਦੇ ਤਾਂ ਗਾਰਗੀ ਤੇ ਖੁਸ਼ਵੰਤ ਸਿੰਘ ਵਰਗੇ ਲੇਖਕ ਵਧੇਰੇ ਮਕਬੂਲ ਹਨ। ਕਈ ਵਾਰ ਸੋਚੀਦੈ ਕਿ ਉਹਨਾਂ ਨੂੰ ਕਿਉਂ ਨੀ ਆਉਂਦੀ?

ਇਕ ਵਾਰ ਪ੍ਰੋ.ਅਤਰ ਸਿੰਘ ਤੇ ਮਹਿੰਦਰ ਸਿੰਘ ਜੋਸ਼ੀ ਨੇ ਮੈਨੂੰ ਤੇ ਪ੍ਰੋ.ਪਰਮਿੰਦਰ ਸਿੰਘ ਦੇ ਭਰਾ ਦਲਜੀਤ ਸਿੰਘ ਨੂੰ ਕਾਫੀ ਹਾਊਸ `ਚੋਂ ਕਾਰ `ਚ ਬਹਾਇਆ ਤੇ ਅੰਮ੍ਰਿਤਾ ਪ੍ਰੀਤਮ ਦੇ ਘਰ ਨੂੰ ਲੈ ਚੱਲੇ। ਉਨ੍ਹਾਂ ਨੂੰ ਅੰਮ੍ਰਿਤਾ ਦਾ ਸੁਨੇਹਾ ਮਿਲਿਆ ਸੀ ਕਿ ਦੋ ਚਾਰ ਪੰਜਾਬੀ ਲੇਖਕਾਂ ਨੂੰ ਲੈ ਕੇ ਤੁਰਤ ਪਹੁੰਚੋ ਕਿਉਂਕਿ ਉਜ਼ਬੇਕਸਤਾਨ ਦੇ ਲੇਖਕਾਂ ਦੀ ਟੋਲੀ ਉਨ੍ਹਾਂ ਦੇ ਘਰ ਮਿਲਣ ਆ ਰਹੀ ਹੈ। ਅੰਮ੍ਰਿਤਾ ਤੇ ਇਮਰੋਜ਼ ਦੇ ਨਾਲ ਅਸੀਂ ਛੇ ਸੱਤ ਜਣੇ ਉਨ੍ਹਾਂ ਦੀ ਆਓਭਗਤ ਲਈ `ਕੱਠੇ ਹੋ ਗਏ। ਉਜ਼ਬੇਕੀਆਂ ਦੀ ਟੋਲੀ ਵਿੱਚ ਔਰਤਾਂ ਵਧੇਰੇ ਸਨ। ਇਮਰੋਜ਼ ਨੂੰ ਫਿਕਰ ਹੋਇਆ ਕਿ ਕੰਧਾਂ ਉਤੇ ਲੱਗੇ ਜਿਹੜੇ ਚਿੱਤਰਾਂ ਵਿੱਚ ਨਗਨਤਾ ਸੀ ਉਹ ਢਕੀ ਕਿਵੇਂ ਜਾਵੇ? ਉਹ ਕਹਿ ਰਿਹਾ ਸੀ ਕਿ ਉਜ਼ਬੇਕ ਲੋਕ ਪਰਦਾਪੋਸ਼ ਹਨ। ਇਹ ਨਾ ਹੋਵੇ ਕਿ ਉਨ੍ਹਾਂ ਨੂੰ ਇਹ ਚਿੱਤਰ ਅਸ਼ਲੀਲ ਲੱਗਣ?

ਇਹ ਜਿਹੜੀ ਸ਼ਲੀਲਤਾ ਤੇ ਅਸ਼ਲੀਲਤਾ ਦੇ ਵਿਚਾਲੇ ਸੰਗ ਸ਼ਰਮ ਦੀ ਕੰਧ ਹੈ ਕਈ ਇਸ ਨੂੰ ਟੱਪ ਜਾਂਦੇ ਹਨ ਤੇ ਕਈ ਟੱਪਣੀ ਵਰਜਿਤ ਸਮਝਦੇ ਹਨ।

ਗੱਪ ਸ਼ੱਪ ਤੇ ਚਾਹ ਪਾਣੀ ਪੀਣ ਤੋਂ ਬਾਅਦ ਉਜ਼ਬੇਕ ਟੋਲੀ ਨੇ ਆਪਣੇ ਗੀਤ ਤੇ ਨਾਚ ਸਾਡੇ ਨਾਲ ਸਾਂਝੇ ਕੀਤੇ ਤੇ ਅਸੀਂ ਵੀ ਭੰਗੜੇ ਦੇ ਗੇੜੇ ਦੇ ਕੇ ਵਿਖਾ ਦਿੱਤੇ। ਮੈਂ ਮਾਹੀਆ ਗਾਇਆ ਤੇ ਬੋਲੀਆਂ ਪਾਈਆਂ। ਅੰਮ੍ਰਿਤਾ ਦੇ ਘਰ ਚੰਗੀ ਰੌਣਕ ਲੱਗੀ। ਉਜ਼ਬੇਕਸਤਾਨ ਦੇ ਲੇਖਕ ਡੈਲੀਗੇਸ਼ਨ ਨੂੰ ਵਿਦਾ ਕਰਨ ਤੋਂ ਬਾਅਦ ਅੰਮ੍ਰਿਤਾ ਪ੍ਰੀਤਮ ਨੇ ਸਾਡਾ ਧੰਨਵਾਦ ਕੀਤਾ। ਅਸੀਂ ਮਾੜਾ ਮੋਟਾ ਰੰਗ ਜੁ ਬੰਨ੍ਹ ਦਿੱਤਾ ਸੀ। ਸਾਨੂੰ ਸੱਦਾ ਦਿੱਤਾ ਗਿਆ ਕਿ ਅਸੀਂ ਨਾਗਮਣੀ ਦੀ ਸ਼ਾਮ ਵਿੱਚ ਸ਼ਾਮਲ ਹੋਇਆ ਕਰੀਏ। ਮੈਂ ਕਈ ਪਾਸੀਂ ਉਲਝਿਆ ਹੋਣ ਕਰਕੇ ਨਾਗਮਣੀ ਦੀ ਇਕੋ ਸ਼ਾਮ ਹੀ ਮਾਣ ਸਕਿਆ। ਬਾਅਦ ਵਿੱਚ ਮੈਨੂੰ ਪਛਤਾਵਾ ਰਿਹਾ ਕਿ ਮੈਂ ਮਹਾਨ ਕਵਿਤ੍ਰੀ ਅੰਮ੍ਰਿਤਾ ਪ੍ਰੀਤਮ ਨੂੰ ਬੜਾ ਘੱਟ ਮਿਲ ਗਿਲ ਸਕਿਆ।

ਮੈਂ ਸਾਹਿਤ ਸਭਾ ਦਿੱਲੀ ਦੀਆਂ ਹਫ਼ਤੇਵਾਰ ਬੈਠਕਾਂ ਵਿੱਚ ਲਗਾਤਾਰ ਜਾਂਦਾ ਸਾਂ। ਇਹ ਬੈਠਕਾਂ ਕਨਾਟ ਪਲੇਸ ਲਾਗੇ ਗਿਆਨੀ ਹਰੀ ਸਿੰਘ ਦੇ ਘਰ ਹੁੰਦੀਆਂ ਸਨ। ਉਥੇ ਅੱਠਾਂ ਦਸਾਂ ਤੋਂ ਲੈ ਕੇ ਵੀਹ ਪੱਚੀ ਸਾਹਿਤ ਪ੍ਰੇਮੀ `ਕੱਠੇ ਹੁੰਦੇ ਸਨ। ਉਨ੍ਹਾਂ ਵਿੱਚ ਗਿਆਨੀ ਕੁਲਦੀਪ ਸਿੰਘ, ਦਵਿੰਦਰ ਸਤਿਆਰਥੀ, ਡਾ.ਹਰਿਭਜਨ ਸਿੰਘ, ਉਪਾਸ਼ਕ, ਗੁਰਦਾਸਪੁਰੀ, ਤਾਰਾ ਸਿੰਘ ਕਾਮਲ, ਚਾਨਣ ਗੋਬਿੰਦਪੁਰੀ, ਨਵਤੇਜ ਪੁਆਧੀ, ਗੁਰਬਚਨ ਸਿੰਘ ਭੁੱਲਰ, ਗੁਰਦੇਵ ਰੁਪਾਣਾ, ਦੇਵਿੰਦਰ, ਪ੍ਰੋ.ਰਣਜੀਤ ਸਿੰਘ, ਜਗਦੀਸ਼ ਕੌਸ਼ਲ, ਵੇਦ ਅਗਨੀਹੋਤਰੀ ਤੇ ਦਿੱਲੀ ਦੇ ਲੇਖਕਾਂ ਤੋਂ ਬਿਨਾਂ ਪੰਜਾਬ ਤੋਂ ਆਏ ਸਾਹਿਤਕਾਰ ਵੀ ਸ਼ਾਮਲ ਹੁੰਦੇ। ਲੇਖਕ ਆਪਣੀਆਂ ਰਚਨਾਵਾਂ ਪੜ੍ਹਦੇ ਤੇ ਸਰੋਤਿਆਂ ਦੀ ਰਾਏ ਲੈਂਦੇ। ਜਿਹੜਾ ਪੜ੍ਹ ਹਟਦਾ ਉਹਦੇ ਇੱਕ ਪਾਸੇ ਤੋਂ ਸ਼ੁਰੂ ਕਰ ਕੇ ਵਾਰੀ ਸਿਰ ਹਰ ਕੋਈ ਆਪੋ ਆਪਣੇ ਵਿਚਾਰ ਦੱਸਦਾ।

ਇਕ ਵਾਰ ਦਵਿੰਦਰ ਸਤਿਆਰਥੀ ਨੇ ‘ਸਮੁੰਦਰ ਵਿੱਚ ਡੁੱਬਦਾ ਸ਼ਹਿਰ’ ਨਾਂ ਦੀ ‘ਕਹਾਣੀ’ ਪੜ੍ਹੀ। ਉਹ ਕਾਫੀ ਲੰਮੀ ਸੀ ਜੋ ਘੰਟੇ `ਚ ਮਸਾਂ ਮੁੱਕੀ। ਸਤਿਆਰਥੀ ਰਜਿਸਟਰ ਦਾ ਵਰਕਾ ਪਲਟਦਿਆਂ ਤੀਵੀਆਂ ਵਰਗੀ ਆਵਾਜ਼ `ਚ ਕਹਿੰਦਾ, “ਬੱਸ ਥੋੜ੍ਹੀ ਜੀ ਰਹਿਗੀ।” ਉਹਦੀ ਕਹਾਣੀ, ਉਹਦੇ ਨਾਵਲ ‘ਘੋੜਾ ਬਾਦਸ਼ਾਹ’ ਸਟਾਈਲ ਦੀ ਸੀ ਜਿਸ ਬਾਰੇ ਕਿਸੇ ਨੇ ਟਿੱਪਣੀ ਕੀਤੀ ਸੀ, “ਏਹਨੂੰ ਤਾਂ ਘੋੜਾ ਈ ਸਮਝ ਸਕਦੈ ਜਾਂ ਬਾਦਸ਼ਾਹ!” ਕਹਾਣੀ ਦਾ ਇੱਕ ਫਿਕਰਾ ਦੂਜੇ ਨਾਲ ਮੇਲ ਨਹੀਂ ਸੀ ਖਾਂਦਾ। ਇੱਕ ਫਿਕਰੇ `ਚ ਸੱਪ ਡੰਗ ਮਾਰਦਾ ਸੀ ਤੇ ਦੂਜੇ ਫਿਕਰੇ ਵਿੱਚ ਰੰਗ ਮਹੱਲ ਨੂੰ ਅੱਗ ਲੱਗ ਜਾਂਦੀ ਸੀ। ਇੱਕ ਪੈਰੇ `ਚ ਭੁਚਾਲ ਦਾ ਜ਼ਿਕਰ ਹੁੰਦਾ ਸੀ, ਦੂਜੇ `ਚ ਰਿਸ਼ੀਆਂ ਮੁਨੀਆਂ ਦੀ ਸਮਾਧੀ ਦਾ ਤੇ ਤੀਜੇ `ਚ ਕੱਟਾ ਮੁੰਨ ਕੇ ਝਾਂਜਰਾਂ ਪਾਉਣ ਦਾ। ਵਿਚੇ ਲੱਕ ਟੁਣੂੰ ਟੁਣੂੰ ਹੋਈ ਜਾਂਦੀ ਸੀ। ਕਹਾਣੀ ਵਾਲੀ ਕੋਈ ਗੱਲ ਨਹੀਂ ਸੀ ਪਰ ਫਿਕਰੇਬਾਜ਼ੀ ਕਮਾਲ ਦੀ ਸੀ।

ਕਹਾਣੀ ਬਾਰੇ ਵਿਚਾਰਾਂ ਹੋਣ ਲੱਗੀਆਂ ਤਾਂ ਕਿਸੇ ਨੇ ਕਿਹਾ, ਵਿਸਥਾਰ ਜ਼ਿਆਦਾ ਹੈ ਸੰਜਮ ਹੋਵੇ। ਕਿਸੇ ਨੇ ਕਿਹਾ ਕਿ ਸੰਜਮ ਜ਼ਿਆਦਾ ਹੈ, ਚੰਗਾ ਹੋਵੇ ਜੇ ਹੋਰ ਵਿਸਥਾਰ ਹੋਵੇ। ਕਿਸੇ ਨੇ ਕਹਾਣੀ ਦੀ ਥਾਂ ਉਸ ਨੂੰ ਨਾਵਲੈੱਟ ਕਿਹਾ ਤੇ ਕਿਸੇ ਨੇ ਲੰਮੀ ਕਹਾਣੀ ਆਖਿਆ। ਟੈਗੋਰ ਵਾਂਗ ਕੇਸ ਪਿੱਛੇ ਨੂੰ ਖਿਲਾਰੀ ਤੇ ਖੁੱਲ੍ਹੇ ਦਾਹੜੇ ਉਤੇ ਮੋਟੀਆਂ ਐਨਕਾਂ ਚਾੜ੍ਹੀ ਬਜ਼ੁਰਗ ਸਾਹਿਤਕਾਰ ਸਭ ਦੇ ਸੁਝਾਅ ਰਜਿਸਟਰ ਵਿੱਚ ਨੋਟ ਕਰੀ ਜਾਂਦਾ ਸੀ। ਪਹਿਲਾਂ ਮਿਲੇ ਸੁਝਾਵਾਂ ਉਤੇ ਚੇਪੀਆਂ ਲੱਗੀਆਂ ਹੋਈਆਂ ਸਨ। ਮੈਂ ਸਤਿਆਰਥੀ ਦੇ ਸੱਜੇ ਪਾਸੇ ਬੈਠਾ ਸਾਂ ਇਸ ਲਈ ਮੇਰੀ ਵਾਰੀ ਸਭਨਾਂ ਤੋਂ ਅਖ਼ੀਰ `ਚ ਆਈ। ਮੈਂ ਆਖਿਆ, “ਮੈਨੂੰ ਤਾਂ ਨਾ ਇਹ ਨਿੱਕੀ ਕਹਾਣੀ ਲੱਗੀ ਐ, ਨਾ ਵੱਡੀ ਤੇ ਨਾ ਹੀ ਨਾਵਲੈੱਟ। ਇਹ ਸਤਿਆਰਥੀ ਸਾਹਿਬ ਦਾ ਨਵਾਂ ਈ ਪੰਗਾ ਹੈ ਜਿਸ ਦਾ ਕੋਈ ਨਵਾਂ ਨਾਂ ਰੱਖਿਆ ਜਾਣਾ ਚਾਹੀਦੈ। ਇਸ ਦੇ ਸਿਰਲੇਖ ਬਾਰੇ ਮੇਰਾ ਸੁਝਾਅ ਐ ਕਿ ‘ਸਮੁੰਦਰ ਵਿੱਚ ਡੁੱਬਦਾ ਸ਼ਹਿਰ’ ਦੀ ਥਾਂ ‘ਸ਼ਹਿਰ ਵਿੱਚ ਡੁੱਬਦਾ ਸਮੁੰਦਰ’ ਰੱਖ ਲਿਆ ਜਾਵੇ ਤਾਂ ਵਧੇਰੇ ਜਚੇਗਾ। ਜਦੋਂ ਹੇਠਾਂ ਸਾਰਾ ਕੁਛ ਉਲਟਾ ਪੁਲਟਾ ਕੀਤਾ ਹੋਇਐ ਤਾਂ ਸਿਰਲੇਖ ਵੀ ਉਲਟਾ ਈ ਚਾਹੀਦੈ।”

ਸਤਿਆਰਥੀ ਨੇ ਉਸੇ ਵੇਲੇ ਮੇਰਾ ਸੁਝਾਅ ਨੋਟ ਕਰ ਲਿਆ ਤੇ ਮੇਰੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ‘ਆਰਸੀ’ ਵਿੱਚ ਉਹ ਕਹਾਣੀ ‘ਸ਼ਹਿਰ ਵਿੱਚ ਡੁੱਬਦਾ ਸਮੁੰਦਰ’ ਸਿਰਲੇਖ ਹੇਠਾਂ ਹੀ ਛਪੀ!

Additional Info

  • Writings Type:: A single wirting
Read 3085 times
ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਦੋ ਦਰਜਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ `ਚ ਡੇਢ ਦਰਜਨ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹੈ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ। ਉਸ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ `ਚ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ। ਉਹ 1965-66 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹਾ ਹੈ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੋ ਗਈ ਹੈ। ਉਸ ਦੇ ਦੋ ਪੁੱਤਰ ਹਨ। ਇਕ ਕੈਨੇਡਾ ਵਿਚ ਹੈ ਤੇ ਇਕ ਪੰਜਾਬ ਵਿਚ। ਉਹ ਆਪਣੀ ਪਤਨੀ ਹਰਜੀਤ ਕੌਰ ਨਾਲ ਗਰਮੀਆਂ ਕੈਨੇਡਾ ਵਿਚ ਕੱਟਦਾ ਹੈ ਤੇ ਸਿਆਲ ਦਾ ਨਿੱਘ ਪੰਜਾਬ ਵਿਚ ਮਾਣਦਾ ਹੈ।