ਲੇਖ਼ਕ

Tuesday, 13 October 2009 18:47

19 - ਮੇਰਾ ਲੈਕਚਰਾਰ ਲੱਗਣਾ

Written by
Rate this item
(0 votes)

ਬਚਪਨ ਵਿੱਚ ਮੈਂ ਉੱਚੀ ਆਵਾਜ਼ `ਚ ਗਾਉਂਦੇ ਕਵੀਸ਼ਰਾਂ ਨੂੰ ਸੁਣਦਾ ਸਾਂ ਤਾਂ ਮੇਰਾ ਮਨ ਕਵੀਸ਼ਰ ਬਣਨ ਨੂੰ ਕਰਦਾ ਸੀ। ਸਕੂਲ `ਚ ਮਾਸਟਰਾਂ ਨੂੰ ਸਾਫ ਸੁਥਰੇ ਕਪੜੇ ਪਾਈ ਕੁਰਸੀਆਂ `ਤੇ ਬੈਠੇ ਵੇਖਦਾ ਤਾਂ ਸੋਚਦਾ ਕਿ ਵੱਡਾ ਹੋ ਕੇ ਮਾਸਟਰ ਬਣਾਂਗਾ। ਤਖਤੂਪੁਰੇ ਦੇ ਮੇਲੇ `ਚੋਂ ਚੋਰੀ ਚੁੱਕਿਆ ਚਿੱਠਾ ‘ਝਗੜਾ ਚਾਹ ਤੇ ਲੱਸੀ ਦਾ’ ਪੜ੍ਹਿਆ ਤਾਂ ਦਿਲ ਕੀਤਾ ਕਿ ਵੱਡਾ ਹੋ ਕੇ ਚਿੱਠੇ ਲਿਖਾਂਗਾ। ਪਰ ਐੱਮ.ਏ.ਕਰਨ ਪਿੱਛੋਂ ਮੇਰੇ ਸਾਹਮਣੇ ਲੈਕਚਰਾਰ ਲੱਗਣ ਦਾ ਨਿਸ਼ਾਨਾ ਨਿਸ਼ਚਿਤ ਹੋ ਗਿਆ। ਇਹਦੇ ਵਿੱਚ ਸਾਰਾ ਕੁਛ ਸੀ।

ਉਦੋਂ ਦਿੱਲੀ ਦੇ ਸਾਰੇ ਕਾਲਜਾਂ ਵਿੱਚ ਪੰਜਾਬੀ ਦੇ ਦਰਜਨ ਕੁ ਲੈਕਚਰਾਰ ਸਨ। ਨਾਟਕਕਾਰ ਹਰਚਰਨ ਸਿੰਘ ਤੇ ਤਰਲੋਕ ਸਿੰਘ ਕੰਵਰ ਯੂਨੀਵਰਸਿਟੀ ਵਿੱਚ ਸੀ। ਗੁਰਬਖ਼ਸ਼ ਸਿੰਘ, ਸਵਿੰਦਰ ਸਿੰਘ ਉੱਪਲ, ਜੋਗਿੰਦਰ ਸਿੰਘ ਸੋਢੀ, ਇੰਦਰ ਕੌਰ ਤੇ ਜੋਗਿੰਦਰ ਸਿੰਘ ਖਾਲਸਾ ਕਾਲਜ ਵਿੱਚ ਸਨ। ਵਣਜਾਰਾ ਬੇਦੀ ਤੇ ਚਰਨਜੀਤ ਸਿੰਘ ਦਿਆਲ ਸਿੰਘ ਕਾਲਜ ਵਿੱਚ ਪੰਜਾਬੀ ਪੜ੍ਹਾਉਂਦੇ ਸਨ। ਉਦੋਂ ਉਹ ਨਾਲ ਦੀ ਨਾਲ ਪੀ ਐੱਚ.ਡੀ.ਦੀਆਂ ਡਿਗਰੀਆਂ ਲਈ ਖੋਜ ਕਾਰਜ ਵੀ ਕਰ ਰਹੇ ਸਨ। ਇੱਕ ਮੈਡਮ ਕੁੜੀਆਂ ਦੇ ਕਾਲਜ ਮਿਰਾਂਡਾ ਹਾਊਸ ਵਿੱਚ ਸੀ ਤੇ ਇੱਕ ਕਾਲਜ ਵਿੱਚ ਕਾਲਾ ਸਿੰਘ ਬੇਦੀ ਸੀ। ਉਨ੍ਹਾਂ ਵਿੱਚ ਮਾਲਵੇ ਦਾ ਕੋਈ ਨਹੀਂ ਸੀ ਤੇ ਨਾ ਹੀ ਕੋਈ ਜੱਟ ਸੀ। ਬਹੁਤੇ ਲੈਕਚਰਾਰ ਪੋਠੋਹਾਰੀ ਪਿਛੋਕੜ ਦੇ ਸਨ।

ਬੰਗਾਲ ਦਾ ਡਾ.ਆਰ.ਕੇ.ਦਾਸਗੁਪਤਾ ਆਧੁਨਿਕ ਭਾਰਤੀ ਭਾਸ਼ਾਵਾਂ ਦਾ ਮੁਖੀ ਸੀ। ਪੰਜਾਬੀ ਵਿਭਾਗ ਵੀ ਉਹਦੇ ਅਧੀਨ ਸੀ। ਜਦੋਂ ਕਿਸੇ ਸੈਮੀਨਾਰ ਵਿੱਚ ਪੰਜਾਬੀ ਦੇ ਲੈਕਚਰਾਰ ਤੇ ਐੱਮ.ਏ.ਦੇ ਵਿਦਿਆਰਥੀ ਬੋਲਦੇ ਤਾਂ ਮੇਰਾ ਉਚਾਰਣ ਹੋਰਨਾਂ ਨਾਲੋਂ ਵੱਖਰਾ ਹੁੰਦਾ। ਡਾ.ਦਾਸਗੁਪਤਾ ਮੈਥੋਂ ਇਹਦਾ ਕਾਰਨ ਪੁੱਛਦਾ। ਮੈਂ ਦੱਸਦਾ ਕਿ ਮੈਂ ਮਾਲਵੇ ਦੀ ਪੀਜ਼ੈਂਟਰੀ ਨੂੰ ਬੀਲੌਂਗ ਕਰਦਾਂ। ਬਾਕੀ ਪੋਠੋਹਾਰੀ ਬੈਕਗਰਾਊਂਡ ਦੇ ਬਿਜਨਸਮੈਨ ਹਨ। ਇੱਕ ਦਿਨ ਦਾਸਗੁਪਤਾ ਵੈਸੇ ਹੀ ਕਹਿ ਬੈਠਾ ਕਿ ਪੰਜਾਬੀ ਦੇ ਸਟਾਫ਼ ਵਿੱਚ ਇੱਕ ਲੈਕਚਰਾਰ ਮਾਲਵੇ ਦਾ ਵੀ ਹੋਣਾ ਚਾਹੀਦੈ। ਮੈਨੂੰ ਲੱਗਾ ਕਿ ਇਹ ਬੰਦਾ ਮੇਰੀ ਮਦਦ ਕਰੇਗਾ। ਮੈਂ ਗਾਹੇ ਬਗਾਹੇ ਉਸ ਨੂੰ ਮਿਲਣ ਚਲਾ ਜਾਂਦਾ।

ਸਿੱਖ ਸਟੂਡੈਂਟਸ ਫੈਡਰੇਸ਼ਨ ਦਿੱਲੀ ਦਾ ਪ੍ਰਧਾਨ ਹੋਣ ਦੇ ਨਾਤੇ ਮੇਰੀ ਕਈ ਸਿਆਸੀ ਬੰਦਿਆਂ ਨਾਲ ਸਿਆਣ ਹੋ ਚੁੱਕੀ ਸੀ। ਗੁਰਦਵਾਰਾ ਬੰਗਲਾ ਸਾਹਿਬ ਵਿੱਚ ਫੈਡਰੇਸ਼ਨ ਦੇ ਸਾਲਾਨਾ ਸਮਾਗਮ ਉਤੇ ਫਰਾਂਸ ਭਾਰਤ ਦੇ ਸਾਬਕਾ ਰਾਹਦੂਤ ਹਰਦਿੱਤ ਸਿੰਘ ਮਲਿਕ ਤੇ ਪੰਜਾਬ ਯੂਨੀਵਰਸਿਟੀ ਦੇ ਪਹਿਲੇ ਵਾਈਸ ਚਾਂਸਲਰ ਜਸਟਿਸ ਤੇਜਾ ਸਿੰਘ ਵੀ ਆਏ ਸਨ। ਫੈਡਰੇਸ਼ਨ ਦੇ ਸੋਵੀਨਾਰ ਵਿੱਚ ਅਸੀਂ ਉਨ੍ਹਾਂ ਦੇ ਲੇਖ ਛਾਪੇ ਸਨ। ਲੇਖ ਲਿਖਵਾਉਣ ਤੇ ਸੱਦਾ ਪੱਤਰ ਦੇਣ ਲਈ ਪ੍ਰੋ.ਫੁੱਲ ਤੇ ਮੈਂ ਉਨ੍ਹਾਂ ਦੇ ਵੱਡੇ ਘਰਾਂ ਵਿੱਚ ਗਏ ਸਾਂ। ਉਥੇ ਮੇਰੀ ਚੰਗੀ ਜਾਣ ਪਛਾਣ ਹੋ ਗਈ ਸੀ। ਸਮਾਗਮ ਵਾਲੇ ਦਿਨ ਤਾਂ ਸਿਆਣ ਹੋਰ ਵੀ ਗੂੜ੍ਹੀ ਹੋ ਗਈ। ਮੇਰਾ ਸਾਈਕਲ ਚਲਾਉਂਦੇ ਦਾ ਹਾਦਸਾ ਹੋ ਗਿਆ ਸੀ ਤੇ ਮੈਂ ਬੱਝੀਆਂ ਹੋਈਆਂ ਪੱਟੀਆਂ ਨਾਲ ਆਪਣਾ ਪ੍ਰਧਾਨਗੀ ਭਾਸ਼ਨ ਦਿੱਤਾ ਸੀ। ਵਿਸ਼ੇਸ਼ ਮਹਿਮਾਨਾਂ ਨੇ ਮੇਰੇ ਨਾਲ ਵਿਸ਼ੇਸ਼ ਹਮਦਰਦੀ ਜਤਾਈ ਸੀ। ਉਨ੍ਹਾਂ ਵਿੱਚ ਖਾਲਸਾ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਖਸ਼ੀ ਸਾਹਿਬ ਵੀ ਬੈਠੇ ਸਨ। ਪ੍ਰੋ.ਫੁੱਲ ਦੇ ਦੱਸੇ ਫਾਰਮੂਲੇ ਅਨੁਸਾਰ ਮੈਂ ਆਪਣਾ ਲੈਕਚਰਾਰ ਲੱਗਣ ਦਾ ਜੁਗਾੜ ਵੀ ਨਾਲ ਦੀ ਨਾਲ ਕਰੀ ਜਾ ਰਿਹਾ ਸਾਂ।

ਜੁਲਾਈ 1964 ਤੋਂ ਛੇ ਮਹੀਨਿਆਂ ਦਾ ਸਮਾਂ ਮੈਂ ਫੈਡਰੇਸ਼ਨ ਦੇ ਲੇਖੇ ਲਾਇਆ। ਕਦੇ ਗੁਰਮਤਿ ਕੈਂਪ, ਕਦੇ ਸੈਮੀਨਾਰ, ਕਦੇ ਕਾਨਫਰੰਸ ਤੇ ਕਦੇ ਪਾਸ ਕੀਤੇ ਮਤਿਆਂ ਦੀ ਪੈਰਵੀ। ਸਾਡੀ ਫੈਡਰੇਸ਼ਨ ਨੇ ਸਿੱਖ ਯੂਨੀਵਰਸਿਟੀ ਦੀ ਮੰਗ ਕੀਤੀ ਸੀ ਤੇ ਦਿੱਲੀ ਵਿੱਚ ਪੰਜਾਬੀ ਲਈ ਦੂਜੀ ਰਾਜ ਭਾਸ਼ਾ ਦਾ ਦਰਜਾ ਮੰਗਿਆ ਸੀ। ਮੇਰੀ ਚਿੱਠੀ ਦੇ ਉੱਤਰ ਵਿੱਚ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤ੍ਰੀ ਦੇ ਦਸਖਤਾਂ ਵਾਲੀ ਚਿੱਠੀ ਮਿਲੀ ਸੀ ਜੋ ਮੈਂ ਕਾਫੀ ਦੇਰ ਸੰਭਾਲੀ ਰੱਖੀ। ਹਰੀ ਸਿਆਹੀ ਨਾਲ ਅੰਗਰੇਜ਼ੀ ਵਿੱਚ ਦਸਤਖ਼ਤ ਸਨ ਤੇ ਪ੍ਰਧਾਨ ਮੰਤਰੀ ਹਾਊਸ ਦੀ ਮੋਹਰ ਲੱਗੀ ਹੋਈ ਸੀ। ਉਸ ਵਿੱਚ ਲਿਖਿਆ ਹੋਇਆ ਸੀ ਕਿ ਅਸੀਂ ਦਿੱਲੀ ਦੇ ਲੈਫਟੀਨੈਂਟ ਗਵਰਨਰ ਨੂੰ ਮਿਲੀਏ।

ਮੈਂ ਕੁਰੂਕੁਸ਼ੇਤਰ ਯੂਨੀਵਰਸਿਟੀ ਤੋਂ ਲੈ ਕੇ ਪੰਜਾਬ ਦੇ ਕਈ ਕਾਲਜਾਂ ਵਿੱਚ ਗਿਆ ਸਾਂ। ਪੰਜਾਬੀ ਦੀ ਕਿਤੇ ਵੀ ਪੋਸਟ ਨਹੀਂ ਸੀ ਨਿਕਲ ਰਹੀ। ਇੱਕ ਦਿਨ ਅੱਕ ਕੇ ਮੈਂ ਦਿੱਲੀ ਦੇ ਸਿੱਖਿਆ ਵਿਭਾਗ ਤੋਂ ਪੰਜਾਬੀ ਅਧਿਆਪਕ ਦਾ ਨਿਯੁਕਤੀ ਪੱਤਰ ਲੈ ਆਇਆ। ਆ ਕੇ ਪ੍ਰੋ.ਫੁੱਲ ਨੂੰ ਵਿਖਾਇਆ ਤਾਂ ਉਸ ਨੇ ਉਹ ਨਿਯੁਕਤੀ ਪੱਤਰ ਪਾੜ ਦਿੱਤਾ। ਉਸ ਨੇ ਆਖਿਆ, “ਜੇ ਤੂੰ ਸਕੂਲ ਮਾਸਟਰ ਲੱਗ ਗਿਆ ਤਾਂ ਲੈਕਚਰਾਰ ਨਹੀਂ ਲੱਗ ਸਕੇਂਗਾ। ਤੈਨੂੰ ਕੁਛ ਸਮਾਂ ਹੋਰ ਉਡੀਕਣ `ਚ ਕੀ ਦਿੱਕਤ ਐ?”

ਦਿੱਕਤ ਤਾਂ ਮੈਨੂੰ ਕੋਈ ਨਹੀਂ ਸੀ ਪਰ ਮੈਂ ਫੁੱਲ ਹੋਰਾਂ ਦੀਆਂ ਮੰਨੀਆਂ ਖਾਂਦਾ ਉਹਨਾਂ ਉਤੇ ਵਾਧੂ ਭਾਰ ਸਮਝਣ ਲੱਗ ਪਿਆ ਸਾਂ। ਖ਼ੈਰ, ਬਹੁਤਾ ਸਮਾਂ ਨਾ ਉਡੀਕਣਾ ਪਿਆ ਤੇ ਜਨਵਰੀ 65 ਵਿੱਚ ਬਿਧ ਬਣ ਗਈ। ਪ੍ਰੋ.ਇੰਦਰ ਕੌਰ ਜਿਸ ਨੂੰ ਸਭ ਭੂਆ ਜੀ ਕਹਿੰਦੇ ਸਨ ਤਿੰਨ ਮਹੀਨੇ ਦੀ ਛੁੱਟੀ ਚਲੀ ਗਈ। ਉਹਦੀ ਖਾਲੀ ਜਗ੍ਹਾ ਮੈਨੂੰ ਖਾਲਸਾ ਕਾਲਜ ਦਿੱਲੀ ਵਿੱਚ ਆਰਜ਼ੀ ਲੈਕਚਰਾਰ ਰੱਖ ਲਿਆ ਗਿਆ। 31 ਮਾਰਚ ਨੂੰ ਸੈਸ਼ਨ ਪੂਰਾ ਹੋਣ `ਤੇ ਮੈਂ ਫਿਰ ਸੜਕ ਉਤੇ ਸਾਂ। ਬੱਸ ਏਨਾ ਫਰਕ ਪਿਆ ਕਿ ਤਿੰਨ ਮਹੀਨੇ ਲੈਕਚਰਾਰ ਲੱਗਣ ਨਾਲ ਮੈਂ ਆਪਣੇ ਨਾਂ ਮੂਹਰੇ ਪ੍ਰੋ.ਲਾਉਣ ਲੱਗ ਪਿਆ ਸਾਂ।

ਜੁਲਾਈ 1965 ਤੋਂ ਨਵਾਂ ਸੈਸ਼ਨ ਸ਼ੁਰੂ ਹੋ ਗਿਆ ਪਰ ਦਿੱਲੀ ਦੇ ਕਿਸੇ ਕਾਲਜ ਵਿੱਚ ਪੰਜਾਬੀ ਦੀ ਪੋਸਟ ਨਾ ਨਿਕਲੀ। ਮੈਨੂੰ ਫਾਜ਼ਿਲਕਾ ਤੋਂ ਚਿੱਠੀ ਆਈ ਕਿ ਪ੍ਰੋ.ਸੱਚਦੇਵ ਐੱਮ.ਆਰ.ਕਾਲਜ ਛੱਡ ਕੇ ਪੰਜਾਬੀ ਯੂਨੀਵਰਸਿਟੀ ਜਾ ਰਹੇ ਹਨ। ਮੈਂ ਉਹਨਾਂ ਦੀ ਥਾਂ ਅਰਜ਼ੀ ਦੇ ਦੇਵਾਂ। ਫਾਜ਼ਿਲਕਾ ਦੇ ਕਾਲਜ ਨਾਲ ਵੈਸੇ ਈ ਮੈਨੂੰ ਬੜਾ ਮੋਹ ਸੀ। ਮੈਂ ਉਥੇ ਪੜ੍ਹਿਆ ਜੁ ਸਾਂ। ਪ੍ਰੋ.ਫੁੱਲ ਨੂੰ ਦੱਸੇ ਬਿਨਾਂ ਮੈਂ ਅਰਜ਼ੀ ਦੇਣ ਲਈ ਭੂਆ ਦੇ ਪਿੰਡ ਕੋਠੇ ਚਲਾ ਗਿਆ। ਉਥੇ ਜਾ ਕੇ ਪਤਾ ਲੱਗਾ ਕਿ ਕਾਲਜ ਵਾਲਿਆਂ ਨੇ ਡੀ.ਸੀ.ਫਿਰੋਜ਼ਪੁਰ ਦੇ ਕਿਸੇ ਸਿਫਾਰਸ਼ੀ ਨੂੰ ਹਾਂ ਕੀਤੀ ਹੋਈ ਸੀ। ਉਹ ਮੈਥੋਂ ਘੱਟ ਨੰਬਰਾਂ ਨਾਲ ਮੇਰੇ ਆਪਣੇ ਕਾਲਜ ਵਿੱਚ ਨੌਕਰੀ ਲੈ ਗਿਆ। ਮੇਰੇ ਮਨ `ਚ ਬੜਾ ਰੋਸ ਪੈਦਾ ਹੋਇਆ ਤੇ ਅੱਖਾਂ `ਚੋਂ ਹੰਝੂ ਵਗ ਤੁਰੇ। ਜਦੋਂ ਉਹ ਸਿਫਾਰਸ਼ੀ ਪਹਿਲੇ ਦਿਨ ਕਾਲਜ ਆਇਆ ਤਾਂ ਵਿਦਿਆਰਥੀਆਂ ਨੇ ਉਹਦੀ ਕੁਰਸੀ ਖਿੱਚ ਲਈ ਤੇ ਮੈਨੂੰ ਲੈਕਚਰਾਰ ਬਣਾਉਣ ਲਈ ਹੜਤਾਲ ਕਰ ਦਿੱਤੀ। ਸਿਫਾਰਸ਼ੀ ਲੈਕਚਰਾਰ ਹੱਲਾ ਗੁੱਲਾ ਵੇਖ ਕੇ ਖੁਦ ਹੀ ਵਾਪਸ ਮੁੜ ਗਿਆ।

ਇਕ ਸ਼ਾਮ ਫਾਜ਼ਿਲਕਾ ਕਾਲਜ ਦੀ ਟੀਮ ਦਾ ਬੀ.ਐੱਸ.ਐੱਫ.ਦੀ ਟੀਮ ਨਾਲ ਹਾਕੀ ਦਾ ਮੈਚ ਸੀ। ਹਾਕੀ ਖੇਡਣ ਵਾਲੇ ਮੁੰਡਿਆਂ ਨੇ ਮੈਨੂੰ ਵੀ ਸੱਦ ਲਿਆ। ਮੈਂ ਪਿੰਡੋਂ ਸਾਈਕਲ ਉਤੇ ਕਾਲਜ ਦੇ ਹੋਸਟਲ ਵਿੱਚ ਪਹੁੰਚਿਆ ਪਰ ਮੈਚ ਮੁਲਤਵੀ ਹੋ ਗਿਆ। ਤਦੇ ਇੱਕ ਹਵਾਈ ਜਹਾਜ਼ ਨੇ ਫਾਜ਼ਿਲਕਾ ਸ਼ਹਿਰ ਉਤੋਂ ਦੀ ਬਹੁਤ ਨੀਵਾਂ ਹੋ ਕੇ ਚੱਕਰ ਲਾਇਆ। ਲੋਕਾਂ ਦੇ ਦਿਲ ਹਿੱਲ ਗਏ। ਇਹ ਪੰਜ ਸਤੰਬਰ 1965 ਦੀ ਸ਼ਾਮ ਸੀ। ਜਨਰਲ ਅਯੂਬ ਖਾਂ ਨੇ ਉਸੇ ਦਿਨ ਰੇਡੀਓ ਪਾਕਿਸਤਾਨ ਤੋਂ ਭਾਰਤ ਨੂੰ ਧਮਕੀ ਦਿੱਤੀ ਸੀ। ਡਰ ਸੀ ਕਿਤੇ ਲੜਾਈ ਨਾ ਛਿੜ ਪਵੇ। ਦਿਨ ਛਿਪਣ ਤੋਂ ਪਹਿਲਾਂ ਮੈਂ ਸਾਈਕਲ ਉਤੇ ਚੜ੍ਹ ਕੇ ਪਿੰਡ ਕੋਠੇ ਨੂੰ ਜਾਣ ਲੱਗਾ ਤਾਂ ਸਾਹਮਣਿਓਂ ਅਚਾਨਕ ਤੋਪਾਂ ਦੇ ਫਾਇਰ ਖੁੱਲ੍ਹ ਗਏ। ਸੁਲੇਮਾਨਕੀ ਸੜਕ ਉਤੇ ਮੇਰੇ ਮੂਹਰੇ ਜਾਂਦਾ ਇੱਕ ਸਾਈਕਲ ਸਵਾਰ ਦਹਿਲ ਕੇ ਈ ਡਿੱਗ ਪਿਆ। ਫਾਇਰਿੰਗ ਬਹੁਤ ਤੇਜ਼ ਤੇ ਬਹੁਤ ਉੱਚੀ ਸੀ। ਤੋਪਾਂ ਨੇ ਗੜਗੜਾਹਟ ਪਾ ਦਿੱਤੀ ਸੀ। ਸਾਈਕਲ ਸੁੱਟ ਕੇ ਮੈਂ ਪਹਿਲਾਂ ਤਾਂ ਖਤਾਨਾਂ ਵਿੱਚ ਵੜਿਆ ਤੇ ਪਿੱਛੋਂ ਵਾਪਸ ਹੋਸਟਲ ਵਿੱਚ ਆ ਗਿਆ। ਲੱਗਦਾ ਸੀ ਪਾਕਿਸਤਾਨ ਨੇ ਸੁਲੇਮਾਨਕੀ ਵੱਲੋਂ ਹੱਲਾ ਬੋਲ ਦਿੱਤਾ ਸੀ।

ਹੋਸਟਲ ਵਿੱਚ ਵੀਹ ਪੱਚੀ ਮੁੰਡੇ ਸਨ ਜੋ ਸਹਿਮੇ ਹੋਏ ਸਨ। ਅਸੀਂ ਸੜਕ ਵੱਲ ਦੀ ਬਾਹਰਲੀ ਕੰਧ ਕੋਲ ਬੈਠੇ ਬਾਰਡਰ ਵੱਲ ਜਾਂਦੀਆਂ ਗੱਡੀਆਂ ਵੇਖ ਰਹੇ ਸਾਂ। ਫੌਜੀ ਅਫਸਰਾਂ ਦੀ ਇੱਕ ਜੀਪ ਸਾਡੇ ਕੋਲ ਆ ਕੇ ਰੁਕੀ ਤੇ ਉਹ ਸਾਥੋਂ ਬਾਰਡਰ ਦੇ ਪਿੰਡਾਂ ਬਾਰੇ ਪੁੱਛਣ ਲੱਗੇ। ਅਸੀਂ ਜਿੰਨਾ ਕੁ ਦੱਸ ਸਕਦੇ ਸਾਂ ਦੱਸਿਆ ਤੇ ਉਹ ਅੱਗੇ ਵੱਧ ਗਏ। ਉਨ੍ਹਾਂ ਦੇ ਪਿੱਛੇ ਫੌਜੀ ਟਰੱਕ ਜਾ ਰਹੇ ਸਨ। ਬਾਰਡਰ ਵੱਲ ਦੇ ਪਿੰਡਾਂ ਤੋਂ ਲੋਕ ਗੱਡਿਆਂ ਤੇ ਟ੍ਰੈਕਟਰ ਟਰਾਲੀਆਂ `ਤੇ ਚੜ੍ਹੇ ਆ ਰਹੇ ਸਨ। ਮੈਂ ਸੜਕ ਉਤੇ ਖੜ੍ਹ ਕੇ ਕੋਠੇ ਤੋਂ ਆਉਣ ਵਾਲਿਆਂ ਨੂੰ ਉਡੀਕਣ ਲੱਗਾ ਪਰ ਉਥੋਂ ਦਾ ਕੋਈ ਬੰਦਾ ਮੈਨੂੰ ਨਾ ਦਿਸਿਆ। ਮੈਨੂੰ ਧੁੜਕੂ ਲੱਗਾ ਕਿ ਕੋਠਾ ਕਿਤੇ ਘਿਰ ਹੀ ਨਾ ਗਿਆ ਹੋਵੇ। ਫਿਰ ਖ਼ਿਆਲ ਆਇਆ ਕਿ ਹੋ ਸਕਦੈ ਕੋਠੇ ਵਾਲੇ ਆਵੇ ਵੱਲ ਦੀ ਕੱਚੇ ਰਾਹ ਨਿਕਲੇ ਹੋਣ। ਮੈਂ ਹਾਕੀ ਲੈ ਕੇ ਸੁਲੇਮਾਨਕੀ ਚੁੰਗੀ ਵੱਲ ਗਿਆ। ਉਥੇ ਵੀ ਪਿੰਡ ਦੇ ਕਿਸੇ ਬੰਦੇ ਦੇ ਨਿਕਲ ਆਉਣ ਦਾ ਪਤਾ ਨਾ ਲੱਗਾ। ਉਂਜ ਕੋਠੇ ਤੋਂ ਪਰਲੇ ਪਿੰਡਾਂ ਦੇ ਬੰਦੇ ਆਈ ਜਾ ਰਹੇ ਸਨ। ਸੜਕ ਭਰੀ ਤੁਰੀ ਆਉਂਦੀ ਸੀ।

ਮੈਂ ਹੌਂਸਲਾ ਕਰ ਕੇ ਕੱਚੇ ਰਾਹ ਪਿੰਡ ਆਵੇ ਨੂੰ ਹੋ ਤੁਰਿਆ। ਤੋਪਾਂ ਦੇ ਫਾਇਰ ਬੰਦ ਹੋ ਚੁੱਕੇ ਸਨ। ਹਨ੍ਹੇਰਾ ਸਾਂ ਸਾਂ ਕਰ ਰਿਹਾ ਸੀ ਤੇ ਮੇਰਾ ਦਿਲ ਮਾੜੀ ਜਿਹੀ ਹਿੱਲ ਜੁੱਲ ਨਾਲ ਹੀ ਦਹਿਲ ਰਿਹਾ ਸੀ। ਖੇਤਾਂ `ਚ ਡਰਾਉਣੀ ਚੁੱਪ ਸੀ। ਕਿਤੇ ਕਿਤੇ ਬਿੰਡੇ ਬੋਲਦੇ ਸੁਣਦੇ। ਸਿੱਲ੍ਹੀਆਂ ਪੈਲੀਆਂ `ਚ ਭਾਦੋਂ ਦੀ ਹੁੰਮਸ ਸੀ। ਆਵੇ ਪੁੱਜਾ ਤਾਂ ਕੋਠੇ ਵਾਲੇ ਉਥੇ ਹੀ ਗੱਡੇ ਤੇ ਟਰਾਲੀਆਂ ਖੜ੍ਹਾਈ ਖੜ੍ਹੇ ਸਨ। ਕਹਿੰਦੇ ਸਨ ਕਿ ਹੁਣ ਤਾਂ ਤੋਪਾਂ ਬੰਦ ਹੋ ਗਈਆਂ। ਮੈ ਆਖਿਆ, “ਤੋਪਾਂ ਉਨ੍ਹਾਂ ਨੇ ਆਪਣੇ ਤੋਂ ਪੁੱਛ ਕੇ ਨੀ ਚਲਾਉਣੀਆਂ। ਸਾਰਾ ਸ਼ਹਿਰ ਨਿਕਲੀ ਜਾਂਦੈ। ਮੈਂ ਖ਼ੁਦ ਦੇਖ ਕੇ ਆਇਐਂ। ਚਲੋ ਛੇਤੀ ਨਿਕਲੀਏ।”

ਅੱਧੀ ਰਾਤ ਨੂੰ ਸਭ ਨੇ ਚਾਲੇ ਪਾ ਦਿੱਤੇ। ਜੋ ਕੁੱਝ ਮੈਂ 1947 ਦੇ ਬਟਵਾਰੇ ਬਾਰੇ ਕਿਤਾਬਾਂ ਵਿੱਚ ਪੜ੍ਹਦਾ ਤੇ ਮੂੰਹੋਂ ਸੁਣਦਾ ਰਿਹਾ ਸਾਂ ਉਸੇ ਤਰ੍ਹਾਂ ਦਾ ਉਦੋਂ ਮੇਰੀਆਂ ਅੱਖਾਂ ਅੱਗੇ ਵਾਪਰ ਰਿਹਾ ਸੀ। ਲੋਕਾਂ ਦਾ ਗੱਡਿਆਂ ਉਤੇ ਉਧੜ ਗੁਧੜਾ ਸਮਾਨ ਲੱਦਿਆ ਹੋਇਆ ਸੀ, ਬੁੜ੍ਹੀਆਂ ਬੱਚੇ ਸਮਾਨ ਉਪਰ ਬੈਠੇ ਸਨ ਤੇ ਬੰਦੇ ਡੰਗਰ ਪਸ਼ੂ ਹੱਕੀ ਜਾ ਰਹੇ ਸਨ। ਚਾਰ ਚੁਫੇਰੇ ਭਾਜੜ ਪਈ ਹੋਈ ਸੀ। ਰਸਤੇ ਵਿੱਚ ਵੇਖਿਆ ਕਿ ਵਾਧੂ ਭਾਰ ਲੱਦਣ ਕਰਕੇ ਇਕਾ ਦੁੱਕਾ ਗੱਡੇ ਪਾਸ ਵੱਜੇ ਪਏ ਸਨ ਤੇ ਗੱਠੜੀਆਂ ਖਿਲਰੀਆਂ ਪਈਆਂ ਸਨ। ਫੁੱਫੜ ਦੀਆਂ ਚਚੇਰੀਆਂ ਭੈਣਾਂ ਮੁਕਤਸਰ ਕੋਲ ਗੋਨੇਆਣੇ ਵਿਆਹੀਆਂ ਹੋਈਆਂ ਸਨ। ਮੇਰੀ ਵੱਡੀ ਭੂਆ ਵੀ ਉਥੇ ਸੀ। ਮਾਹੂਆਣੇ ਬੋਦਲੇ ਰੋਟੀ ਖਾ ਕੇ ਅਸੀਂ ਗੋਨੇਆਣੇ ਚਲੇ ਗਏ।

ਫੁੱਫੜ ਹੋਰੀਂ ਕਾਹਲੀ ਨਾਲ ਨਿਕਲੇ ਸਨ ਇਸ ਲਈ ਸਮਾਨ ਨਹੀਂ ਸਨ ਚੁੱਕ ਸਕੇ। ਕੁੱਝ ਘਰਾਂ ਦੇ ਬਜ਼ੁਰਗ ਸਮਾਨ ਤੇ ਡੰਗਰਾਂ ਦੀ ਰਾਖੀ ਲਈ ਪਿੱਛੇ ਰਹਿ ਗਏ ਸਨ ਜਿਨ੍ਹਾਂ ਵਿੱਚ ਮੇਰੀ ਭੈਣ ਦਾ ਸਹੁਰਾ ਮਾਸੜ ਜਗੀਰ ਸਿੰਘ ਵੀ ਸੀ। ਭੈਣ ਦਾ ਰਿਸ਼ਤਾ ਭੂਆ ਲੈ ਗਈ ਸੀ। ਬੁੜ੍ਹੀਆਂ ਬੱਚਿਆਂ ਨੂੰ ਗੋਨੇਆਣੇ ਛੱਡ ਕੇ ਅਸੀਂ ਸਮਾਨ ਕੱਢਣ ਲਈ ਪਿੱਛੇ ਮੁੜ ਪਏ। ਟਰਾਲੀ ਜਦ ਕੋਠੇ ਦੇ ਖੇਤਾਂ ਵਿੱਚ ਪੁੱਜੀ ਤਾਂ ਤੋਪਾਂ ਫਿਰ ਚੱਲ ਪਈਆਂ। ਟਰਾਲੀ ਤੋਂ ਛਾਲਾਂ ਮਾਰ ਕੇ ਅਸੀ ਖਾਲਿਆਂ ਵਿੱਚ ਜਾ ਲੇਟੇ। ਗੋਲੇ ਸਿਰਾਂ ਉਪਰ ਦੀ ਜਾ ਰਹੇ ਸਨ। ਤੋਪਾਂ ਚੁੱਪ ਹੋਈਆਂ ਤਾਂ ਘਰੋਂ ਤਰਦਾ ਤਰਦਾ ਸਮਾਨ ਚੁੱਕਿਆ ਤੇ ਪਸ਼ੂ ਖੋਲ੍ਹ ਕੇ ਮੂਹਰੇ ਹੱਕ ਲਏ। ਗੁਰਦਵਾਰੇ `ਚੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਵੀ ਲੈ ਆਂਦੀ ਭਾਵੇਂ ਕਿ ਮੁੜ ਫਾਇਰਿੰਗ ਦੇ ਡਰੋਂ ਪੂਰੀ ਮਰਿਆਦਾ ਨਹੀਂ ਪਾਲੀ ਜਾ ਸਕੀ।

ਲੜਾਈ ਦੀਆਂ ਖ਼ਬਰਾਂ ਰੇਡੀਓ ਤੋਂ ਆਈ ਜਾਂਦੀਆਂ। ਪਾਕਿਸਤਾਨ ਦੇ ਛਾਤਾਬਾਜਾਂ ਬਾਰੇ ਪਤਾ ਲੱਗੀ ਜਾਂਦਾ ਕਿ ਪਿੰਡਾਂ ਦੇ ਲੋਕ ਉਹਨਾਂ ਨੂੰ ਉਤਰਦਿਆਂ ਹੀ ਫੜੀ ਜਾ ਰਹੇ ਸਨ। ਸਮਾਨ ਕੱਢਣ ਲਈ ਅਸੀਂ ਦੋ ਤਿੰਨ ਵਾਰ ਕੋਠੇ ਗਏ। ਇੱਕ ਦਿਨ ਰਸਤੇ ਵਿੱਚ ਹੀ ਖ਼ਬਰ ਮਿਲੀ ਕਿ ਮਾਸੜ ਜਗੀਰ ਸਿੰਘ ਦੇ ਤੋਪ ਦਾ ਗੋਲਾ ਆ ਵੱਜਾ ਤੇ ਉਹਦਾ ਮੌਕੇ `ਤੇ ਹੀ ਦਿਹਾਂਤ ਹੋ ਗਿਆ। ਉਹਦੇ ਅੱਗੜ ਪਿੱਛੜ ਜਾ ਰਹੇ ਦੋ ਸਾਥੀ ਬਚ ਗਏ ਸਨ। ਉਸ ਤੋਂ ਬਾਅਦ ਅਸੀਂ ਪਿੰਡ `ਚ ਜਾਣ ਦਾ ਰਿਸਕ ਨਾ ਲਿਆ ਤੇ ਲੜਾਈ ਬੰਦ ਹੋਣ ਤੋਂ ਬਾਅਦ ਹੀ ਪਿੰਡ ਗਏ। ਮੈਂ ਸਕੂਲ ਦੇ ਜਿਸ ਰੁੱਖ ਥੱਲੇ ਬਹਿ ਕੇ ਪ੍ਰੋ.ਫੁੱਲ ਤੇ ਹੋਰ ਦੋਸਤਾਂ ਨੂੰ ਖ਼ਤ ਲਿਖੇ ਸਨ ਉਹ ਬੰਬ ਡਿੱਗਣ ਨਾਲ ਜੜ੍ਹੋਂ ਪੁੱਟਿਆ ਗਿਆ ਸੀ। ਪਿੱਪਲਾਂ ਦੇ ਡਾਹਣ ਭੰਨੇ ਪਏ ਸਨ ਤੇ ਖੇਤਾਂ ਵਿੱਚ ਥਾਂ ਪਰ ਥਾਂ ਗੋਲਿਆਂ ਦੇ ਟੋਏ ਪਾਏ ਹੋਏ ਸਨ। ਪਰ ਹੈਰਾਨੀ ਦੀ ਗੱਲ ਸੀ ਕਿ ਫੁੱਫੜ ਹੋਰਾਂ ਦਾ ਪੱਕਾ ਮਕਾਨ ਬਚਿਆ ਖੜ੍ਹਾ ਸੀ।

ਫਾਜ਼ਿਲਕਾ ਦੇ ਕਾਲਜ ਵਿੱਚ ਲੈਕਚਰਾਰ ਲੱਗਣ ਦੀ ਗੱਲ ਵਿਚੇ ਰਹਿ ਗਈ ਸੀ ਕਿਉਂਕਿ ਲੜਾਈ ਕਾਰਨ ਕਾਲਜ ਕਾਫੀ ਦੇਰ ਖੁੱਲ੍ਹ ਹੀ ਨਾ ਸਕਿਆ। ਉਧਰੋਂ ਪ੍ਰੋ.ਫੁੱਲ ਦੀ ਚਿੱਠੀ ਆ ਗਈ ਕਿ ਤੁਰਤ ਦਿੱਲੀ ਪਹੁੰਚਾਂ। ਉਥੇ ਸ਼੍ਰੀਰਾਮ ਕਾਲਜ ਆਫ਼ ਕਮੱਰਸ ਵਿੱਚ ਪੰਜਾਬੀ ਦਾ ਲੈਕਚਰਾਰ ਰੱਖਿਆ ਜਾਣਾ ਸੀ। ਮੈਂ ਦਿੱਲੀ ਗਿਆ ਤਾਂ ਪਤਾ ਲੱਗਾ ਕਿ ਭਾਪਿਆਂ ਦੇ ਕੁੱਝ ਮੁੰਡੇ ਕਮੱਰਸ ਦੇ ਨਾਲ ਪੰਜਾਬੀ ਦਾ ਐਡੀਸ਼ਨਲ ਵਿਸ਼ਾ ਪੜ੍ਹਨਾ ਚਾਹੁੰਦੇ ਹਨ। ਉਹਦੇ ਲਈ ਪਾਰਟ ਟਾਈਮ ਲੈਕਚਰਾਰ ਦੀ ਲੋੜ ਸੀ। ਪਰ ਦਿੱਲੀ ਯੂਨੀਵਰਸਿਟੀ ਦੀ ਅਕਾਦਮਿਕ ਕੌਂਸਲ ਨੇ ਮਤਾ ਪਾਸ ਕੀਤਾ ਹੋਇਆ ਸੀ ਕਿ ਕਿਸੇ ਵੀ ਕਾਲਜ ਵਿੱਚ ਕਿਸੇ ਮਜ਼ਮੂਨ ਲਈ ਘੱਟੋਘੱਟ ਫੁੱਲ ਟਾਈਮ ਪੋਸਟ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਕਮੱਰਸ ਕਾਲਜ ਵਾਲਿਆਂ ਨੂੰ ਮੈਨੂੰ ਪੂਰੇ ਲੈਕਚਰਾਰ ਦੇ ਤੌਰ `ਤੇ ਰੱਖਣਾ ਪਿਆ ਤੇ ਪਾਰਟ ਟਾਈਮ ਦੀ ਥਾਂ ਪੂਰੇ ਲੈਕਚਰਾਰ ਦੀ ਤਨਖਾਹ ਤਨਖਾਹ ਦੇਣੀ ਪਈ। ਪਰ ਉਹ ਅੱਧੀ ਤਨਖਾਹ ਮੈਥੋਂ ਵਾਪਸ ਲੈ ਲੈਂਦੇ ਸਨ। ਅਗਲੇ ਸੈਸ਼ਨ ਤੋਂ ਉਨ੍ਹਾਂ ਨੇ ਪੰਜਾਬੀ ਦਾ ਐਡੀਸ਼ਨਲ ਮਜ਼ਮੂਨ ਈ ਬੰਦ ਕਰ ਦਿੱਤਾ ਤੇ ਮੈਂ ਫਿਰ ਸੜਕ ਸਵਾਰ ਹੋ ਗਿਆ।

ਮੈਂ ਇਹ ਸੋਚ ਕੇ ਪਰੇਸ਼ਾਨ ਸਾਂ ਕਿ ਸ਼੍ਰੀਰਾਮ ਕਾਲਜ ਆਫ਼ ਕਮੱਰਸ ਵਰਗੇ ਅਮੀਰ ਕਾਲਜ ਨੂੰ ਪੰਜਾਬੀ ਦੇ ਪਾਰਟ ਟਾਈਮ ਲੈਕਚਰਾਰ ਦੀ ਥਾਂ ਫੁੱਲ ਟਾਈਮ ਲੈਕਚਰਾਰ ਰੱਖਣਾ ਭਲਾ ਕਿੰਨਾ ਕੁ ਮਹਿੰਗਾ ਪੈਂਦਾ ਸੀ? ਦਰਅਸਲ ਉਹ ਆਪਣੇ ਕਾਲਜ ਵਿੱਚ ਪੰਜਾਬੀ ਵਿਭਾਗ ਬਣਾ ਕੇ ਖ਼ੁਸ਼ ਨਹੀਂ ਸਨ। ਉਹ ਪੰਜਾਬੀ ਕੇਵਲ ਨਾਂ ਦੀ ਹੀ ਰੱਖਣੀ ਚਾਹੁੰਦੇ ਸਨ। ਉਤੋਂ ਮੈਂ ਵੀ ਕਈਆਂ ਦੀ ਈਰਖਾ ਦਾ ਪਾਤਰ ਬਣ ਗਿਆ ਸਾਂ। ਖੁੱਲ੍ਹਾ ਡੁੱਲ੍ਹਾ ਵਕਤ ਹੋਣ ਕਾਰਨ ਮੈਂ ਕਾਲਜ ਦੀਆਂ ਖੇਡਾਂ ਤੇ ਸੱਭਿਆਚਾਰਕ ਸਰਗਰਮੀਆਂ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ ਲੱਗ ਪਿਆ ਸਾਂ।

ਕਾਲਜ ਦੇ ਮੈਗਜ਼ੀਨ ਵਿੱਚ ਮੈਂ ਪੰਜਾਬੀ ਦਾ ਪੂਰਾ ਸੈਕਸ਼ਨ ਜੋੜ ਦਿੱਤਾ ਸੀ। ਪੰਜਾਬੀ ਦੇ ਸੈਮੀਨਾਰ ਕਰਾਏ ਸਨ ਤੇ ਕਾਲਜ ਦੀ ਸਾਲਾਨਾ ਅਥਲੈਟਿਕ ਮੀਟ ਵਿੱਚ ਸਭ ਤੋਂ ਮੂਹਰੇ ਹੋ ਕੇ ਕੰਮ ਕੀਤਾ ਸੀ। ਕਾਲਜ ਦੇ ਆਡੀਟੋਰੀਅਮ ਵਿੱਚ ਪੰਜਾਬੀ ਵਿਭਾਗ ਵੱਲੋਂ ਸੱਭਿਆਚਾਰ ਸਮਾਗਮ ਕਰਾਇਆ ਸੀ ਜਿਸ ਵਿੱਚ ਆਸਾ ਸਿੰਘ ਮਸਤਾਨਾ ਤੇ ਪਰਕਾਸ਼ ਕੌਰ ਨੇ ਵੀ ਗਾਇਆ ਸੀ। ਕਵੀ ਦਰਬਾਰ ਕੀਤਾ ਤੇ ਪੰਜਾਬੀ ਸਕਿੱਟ ਖੇਡੇ ਸਨ। ਮੇਰਾ ਵਧ ਚੜ੍ਹ ਕੇ ਕੰਮ ਕਰਨਾ ਮੇਰੇ ਤੇ ਪੰਜਾਬੀ ਦੇ ਉਲਟ ਪੈ ਗਿਆ ਸੀ।

ਸ਼ਾਬਾਸ਼ੇ ਦੇਣ ਦੀ ਥਾਂ ਜਦੋਂ ਪ੍ਰਿੰਸੀਪਲ ਵੈਸ਼ ਨੇ ਮੈਨੂੰ ਕਾਲਜ ਤੋਂ ਰਿਲੀਵ ਕਰ ਦਿੱਤਾ ਤਾਂ ਮੈਂ ਕਾਲਜ ਵਾਲਿਆਂ ਦਾ ਕੁੱਝ ਵੀ ਨਹੀਂ ਸਾਂ ਵਿਗਾੜ ਸਕਦਾ। ਮੈਂ ਸਿਰਫ ਇਹੋ ਕੀਤਾ ਕਿ ਰੋਸ ਵਿੱਚ ਆਪਣੀ ਆਖ਼ਰੀ ਤਨਖਾਹ ਸ਼ਾਹੂਕਾਰਾਂ ਦੇ ਉਸ ਸ਼ਾਹੂਕਾਰੇ ਕਾਲਜ ਨੂੰ ਛੱਡ ਦਿੱਤੀ। ਉਹ ਚਾਹੁਣ ਤਾਂ ਆਪਣਾ ਵਹੀ ਖਾਤਾ ਫੋਲ ਸਕਦੇ ਹਨ ਅਤੇ ਬੋਤੀ ਵੇਚ ਕੇ ਪੁੱਤ ਨੂੰ ਪੜ੍ਹਾਉਣ ਵਾਲੇ ਗਰੀਬ ਕਿਸਾਨ ਤੇ ਉਹਦੇ ਪੁੱਤਰ ਦਾ ਦਿਲ ਵੇਖ ਸਕਦੇ ਹਨ!

Additional Info

  • Writings Type:: A single wirting
Read 3143 times
ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਦੋ ਦਰਜਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ `ਚ ਡੇਢ ਦਰਜਨ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹੈ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ। ਉਸ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ `ਚ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ। ਉਹ 1965-66 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹਾ ਹੈ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੋ ਗਈ ਹੈ। ਉਸ ਦੇ ਦੋ ਪੁੱਤਰ ਹਨ। ਇਕ ਕੈਨੇਡਾ ਵਿਚ ਹੈ ਤੇ ਇਕ ਪੰਜਾਬ ਵਿਚ। ਉਹ ਆਪਣੀ ਪਤਨੀ ਹਰਜੀਤ ਕੌਰ ਨਾਲ ਗਰਮੀਆਂ ਕੈਨੇਡਾ ਵਿਚ ਕੱਟਦਾ ਹੈ ਤੇ ਸਿਆਲ ਦਾ ਨਿੱਘ ਪੰਜਾਬ ਵਿਚ ਮਾਣਦਾ ਹੈ।