ਲੇਖ਼ਕ

Tuesday, 13 October 2009 18:28

18 - ਫੈਡਰੇਸ਼ਨ ਦੀ ਪ੍ਰਧਾਨਗੀ

Written by
Rate this item
(0 votes)

ਮੇਰੇ ਖ਼ਾਬ ਖਿਆਲ ਵਿੱਚ ਵੀ ਨਹੀਂ ਸੀ ਕਿ ਮੈਂ ਦਿੱਲੀ ਦੀ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਪ੍ਰਧਾਨ ਬਣਾਂਗਾ। ਮੈਂ ਖਿਡਾਰੀਆਂ ਵੱਲੋਂ ਖਾਲਸਾ ਕਾਲਜ ਦੀ ਵਿਦਿਆਰਥੀ ਸਭਾ ਦਾ ਕਾਰਜਕਾਰੀ ਮੈਂਬਰ ਚੁਣਿਆ ਗਿਆ ਸਾਂ। ਸਭਾ ਦੀ ਸਟੇਜ ਉਤੇ ਮੇਰੀ ਕਾਰਗ਼ੁਜ਼ਾਰੀ ਵੇਖ ਕੇ ਪੁਲੀਟੀਕਲ ਸਾਇੰਸ ਦੇ ਪ੍ਰੋ.ਜਸਵੰਤ ਸਿੰਘ ਫੁੱਲ ਨੇ ਮੈਨੂੰ ਆਪਣੇ ਨਾਲ ਜੋੜਨਾ ਚਾਹਿਆ। ਇੱਕ ਦਿਨ ਮੈਂ ਕਾਲਜ ਦੇ ਗੇਟ ਮੂਹਰੇ ਜੂਸ ਕੱਢਣ ਵਾਲੀ ਰੇਹੜੀ ਤੋਂ ਜੂਸ ਦਾ ਗਲਾਸ ਪੀਣ ਲਈ ਖੜ੍ਹਾ ਸਾਂ। ਪ੍ਰੋ.ਫੁੱਲ ਨੇ ਮੈਨੂੰ ਵੇਖ ਲਿਆ ਤੇ ਆਪਣੇ ਪੱਲਿਓਂ ਜੂਸ ਦੇ ਦੋ ਗਲਾਸ ਪਿਆ ਕੇ ਮੈਨੂੰ ਆਪਣੇ ਨਾਲ ਹੀ ਤੋਰ ਲਿਆ। ਉਹਦੀਆਂ ਗੱਲਾਂ ਵਾਹਵਾ ਦਿਸਚਸਪ ਸਨ ਤੇ ਮੈਂ ਵੀ ਇਹੋ ਕੁੱਝ ਭਾਲਦਾ ਸਾਂ। ਉਹ ਠਹਾਕਾ ਮਾਰ ਕੇ ਹੱਸਦਾ ਸੀ ਜਦ ਕਿ ਮੈਂ ਮਿੰਨ੍ਹਾਂ ਹੱਸਦਾ ਸਾਂ। ਉਹਦੇ `ਚ ਕੁੱਝ ਮਲੰਗਪੁਣਾ ਵੀ ਸੀ। ਸਾਡੀ ਲੰਡੇ ਨੂੰ ਮੀਣਾ ਮਿਲਣ ਵਾਲੀ ਗੱਲ ਬਣ ਗਈ।

ਫੁੱਲ ਨੇ ਤੀਜੀ ਛੱਤ ਉਤੇ ਦੋ ਚੁਬਾਰਿਆਂ ਵਾਲੀ ਮਿਆਨੀ ਲੈ ਰੱਖੀ ਸੀ। ਰੋਟੀ ਟੁੱਕ ਤੇ ਨਿੱਕੇ ਮੋਟੇ ਕੰਮਾਂ ਲਈ ਮੁੰਡੂ ਰੱਖਿਆ ਹੋਇਆ ਸੀ। ਵਿਆਹ ਅਜੇ ਕਿਰਾਇਆ ਨਹੀਂ ਸੀ। ਮਾਪੇ ਅਨੰਦਪੁਰ ਰਹਿੰਦੇ ਸਨ ਜਿਥੇ ਉਹ ਮਹੀਨੇ ਦੋ ਮਹੀਨੀਂ ਗੇੜਾ ਮਾਰਦਾ। ਉਸ ਨੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਤੋਂ ਐੱਮ.ਏ.ਕੀਤੀ ਸੀ ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਪ੍ਰਧਾਨ ਰਹਿ ਚੁੱਕਾ ਸੀ। ਉਹ ਸਿੱਖ ਰਾਜਨੀਤੀ ਵਿੱਚ ਸਰਗਰਮ ਸੀ ਪਰ ਸਿਆਸਤ ਵਿੱਚ ਕੋਈ ਅਹੁਦਾ ਹਾਸਲ ਨਾ ਕਰ ਸਕਿਆ ਤੇ ਦਿੱਲੀ ਦੇ ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਕਾਮੱਰਸ ਦਾ ਪ੍ਰਿੰਸੀਪਲ ਬਣ ਕੇ ਰਿਟਾਇਰ ਹੋਇਆ। ਉਸ ਦਿਨ ਉਹਦਾ ਮੈਨੂੰ ਆਪਣੇ ਨਾਲ ਲਿਆਉਣ ਦਾ ਮਕਸਦ ਮੈਨੂੰ ਸਿੱਖ ਸਟੂਡੈਂਟਸ ਫੈਡਰੇਸ਼ਨ ਨਾਲ ਜੋੜਨਾ ਸੀ।

ਮੇਰੇ ਪਿਤਾ ਦੇ ਕਾਮਰੇਡ ਹੋਣ ਤੇ ਖੁਸ਼ ਹੈਸੀਅਤੀ ਟੈਕਸ ਵਿਰੁੱਧ ਮੋਰਚੇ ਵਿੱਚ ਜੇਲ੍ਹ ਕੱਟਣ ਕਾਰਨ ਮੇਰਾ ਝੁਕਾਅ ਕਮਿਊਨਿਜ਼ਮ ਵੱਲ ਸੀ। ਮੈਂ ਬਚਪਨ ਤੋਂ ਕਾਮਰੇਡਾਂ ਨੂੰ ਸਾਡੇ ਘਰ ਆਉਂਦੇ ਜਾਂਦੇ ਵੇਖਿਆ ਸੀ। ਉਨ੍ਹਾਂ `ਚ ਰੂਪੋਸ਼ ਵੀ ਹੁੰਦੇ ਜਿਨ੍ਹਾਂ ਨੂੰ ਮੈਂ ਨੀਰੇ ਵਾਲੇ ਅੰਦਰ ਰੋਟੀ ਦੇਣ ਜਾਂਦਾ। ਪਿੱਛੋਂ ਪਤਾ ਲੱਗਾ ਕਿ ਤੇਜਾ ਸਿੰਘ ਸੁਤੰਤਰ ਵੀ ਰਾਤ ਕੱਟ ਗਿਆ ਸੀ ਤੇ ਹਰਕਿਸ਼ਨ ਸਿੰਘ ਸੁਰਜੀਤ ਵੀ ਗੇੜਾ ਮਾਰ ਗਿਆ ਸੀ। ਸਾਡੇ ਪਿੰਡ ਕਮਿਊਨਿਸਟ ਕਾਨਫਰੰਸ ਹੁੰਦੀ ਤਾਂ ਕਾਮਰੇਡ ਬਚਨ ਸਿੰਘ ਘੋਲੀਆ, ਹਰਨਾਮ ਸਿੰਘ ਚਮਕ ਤੇ ਸੋਹਣ ਸਿੰਘ ਜੋਸ਼ ਹੋਰੀਂ ਬਾਹਾਂ ਕੱਢ ਕੇ ਜੋਸ਼ ਨਾਲ ਲੈਕਚਰ ਕਰਦੇ। ਇਨਕਲਾਬ ਜ਼ਿੰਦਾਬਾਦ ਦੇ ਨਾਹਰੇ ਗੂੰਜਦੇ। ਸਟੇਜ ਉਤੇ ਲਾਲ ਝੰਡਾ ਲਹਿਰਾਉਂਦਾ। ਮੈਨੂੰ ਨਿੱਕੇ ਹੁੰਦੇ ਨੂੰ ਉਹ ਨਿੱਕੀ ਕਾਨਫਰੰਸ ਵੀ ਬਹੁਤ ਵੱਡੀ ਲੱਗਦੀ।

ਇਕ ਕਾਨਫਰੰਸ ਸਮੇਂ ਰਾਤ ਨੂੰ ਡਰਾਮਾ ਹੋਇਆ ਤਾਂ ਉਸ ਵਿੱਚ ਮੈਨੂੰ ਕਿਸਾਨ ਦੇ ਬੱਚੇ ਦਾ ਰੋਲ ਕਰਨਾ ਪਿਆ। ਮੈਂ ਉਦੋਂ ਦਸ ਕੁ ਸਾਲ ਦਾ ਹੋਵਾਂਗਾ। ਮੈਂ ਸਟੇਜ `ਤੇ ਬਹਿ ਕੇ ਫੱਟੀ ਲਿਖਣੀ ਸੀ ਤੇ ਕੇਵਲ ਇਕੋ ਡਾਇਲਾਗ ਬੋਲਣਾ ਸੀ। ਡਰਾਮੇ ਦਾ ਸੀਨ ਮੈਨੂੰ ਹਾਲਾਂ ਤਕ ਵੀ ਯਾਦ ਹੈ। ਕਿਸਾਨ ਤੇ ਉਹਦੇ ਘਰ ਵਾਲੀ, ਯਾਨੀ ਜਿਹੜਾ ਬੰਦਾ ਬੁੜ੍ਹੀਆਂ ਵਾਲੇ ਕਪੜੇ ਪਾ ਕੇ ਮੇਰੀ ਮਾਂ ਬਣਿਆ ਹੋਇਆ ਸੀ ਘਰ ਦੀ ਤੰਗੀ ਦੀਆਂ ਗੱਲਾਂ ਕਰਦੇ ਹਨ। ਸਰਕਾਰ ਨੂੰ ਨਿੰਦਦੇ ਭੰਡਦੇ ਹਨ। ਤਦੇ ਉਨ੍ਹਾਂ ਦਾ ਕਾਲਜ ਵਿੱਚ ਪੜ੍ਹਦਾ ਮੁੰਡਾ ਯਾਨੀ ਮੇਰਾ ਵੱਡਾ ਭਰਾ ਮਿਲਣ ਆ ਜਾਂਦਾ ਹੈ। ਉਹ ਬੇਬੇ ਤੇ ਬਾਪੂ ਨੂੰ ਮੱਥਾ ਟੇਕਦਾ ਹੈ ਤੇ ਮੈਨੂੰ ਪੁੱਛਦਾ ਹੈ, “ਸੁਣਾ ਛੋਟੂ, ਤੇਰਾ ਕੀ ਹਾਲ ਐ?” ਮੈਂ ਫੱਟੀ ਲਿਖਦਾ ਆਪਣਾ ਰੱਟਿਆ ਹੋਇਆ ਡਾਇਲਾਗ ਬੋਲਦਾ ਹਾਂ, “ਆਪਣੀ ਤਾਂ ਬਾਈ ਫੁੱਲਾਂ `ਤੇ ਕਾਟੋ ਖੇਡਦੀ ਐ!” ਕਿਸਾਨ ਕਹਿੰਦਾ ਹੈ, “ਏਹਦੀ ਕਾਟੋ ਫੁੱਲਾਂ `ਤੇ ਖੇਡਦੀ ਹੋਊ, ਸਾਡੀ ਤਾਂ ਭੱਖੜੇ `ਚ ਫਸੀ ਪਈ ਐ!”

ਮੇਰੀ ਨਿੱਕੇ ਜਿਹੇ ਮੁੰਡੇ ਦੀ ਕਾਟੋ ਵਾਲੀ ਗੱਲ ਸੁਣ ਕੇ ਦਰਸ਼ਕ ਹੱਸਦੇ ਹਨ ਤੇ ਮੇਰਾ ਰੋਲ ਮੁੱਕ ਜਾਂਦਾ ਹੈ। ਇਸ ਰੋਲ ਦਾ ਇਨਾਮ ਮੈਨੂੰ ਇਹ ਮਿਲਿਆ ਕਿ ਕਈ ਸਾਲ ਮੈਨੂੰ ਪਿੰਡ ਦੇ ਬੰਦੇ ਇਹੋ ਕਹਿ ਕੇ ਹਾਲ ਚਾਲ ਪੁੱਛਦੇ ਰਹੇ, “ਸੁਣਾ ਫੇਰ, ਛੋਟੂ ਦੀ ਫੁੱਲਾਂ `ਤੇ ਕਾਟੋ ਖੇਡਦੀ ਐ ਕਿ ਨਹੀਂ?”

ਉਹਨੀਂ ਦਿਨੀਂ ਕਮਿਊਨਿਸਟ ਕਾਨਫਰੰਸਾਂ ਵਿੱਚ ਕੁੱਝ ਇਹੋ ਜਿਹੇ ਗੀਤ ਗਾਏ ਜਾਂਦੇ ਸਨ:

-ਜੱਟਾ ਜਾਗ ਬਈ ਹੁਣ ਜਾਗੋ ਆਈ ਐ, ਰੂਸ `ਚ ਆਈ ਚੀਨ `ਚ ਆਈ, ਹੁਣ ਤੇਰੇ ਦੇਸ਼ ਵਿੱਚ ਆਈ ਐ ਬਈ ਹੁਣ ਜਾਗੋ ਆਈ ਐ …।

-ਟੋਪੀ ਖਾਗੀ, ਲੂਣ ਤੇਲ ਗੁੜ ਖੰਡ ਨੂੰ ਜੀ ਟੋਪੀ ਖਾਗੀ, ਕਪੜੇ ਵਾਲੀ ਗੰਢ ਨੂੰ ਜੀ, ਟੋਪੀ ਖਾਗੀ।

-ਲੁਕ ਲੁਕ ਲਾਲਾ ਤੂੰ ਤਾਂ ਕਰਦਾ ਬਲੈਕ ਐ, ਇੱਕ ਦਿਨ ਕਰਨੀ ਤੇਰੀ ਢਿੰਬਰੀ ਵੀ ਟੈਟ ਐ …।

ਵਿਚੇ ਜੱਟ ਤੇ ਜੱਟੀ ਦੀ ਨੋਕ ਝੋਕ ਗਾਈ ਜਾਂਦੀ ਸੀ। ਜੱਟ ਕਹਿੰਦਾ ਸੀ-ਦੋ ਆਨੇ ਗਜ਼ ਦਾ ਪਾ ਲੈ, ਨੀਵੀਂ ਹੋ ਕੇ ਵਕਤ ਲੰਘਾ ਲੈ, ਕਾਹਨੂੰ ਕਰਦੀ ਝੇੜਾ ਨੀ, ਕੁਰਕੀ ਹੋਜੂ ਘਰ ਦੀ ਨਾਲੇ ਅਗਲੇ ਦੀ, ਫੈਸ਼ਨ ਡੋਬੀ ਜਾਂਦੇ ਬੇੜਾ ਨੀ …। ਜੱਟੀ ਕਹਿੰਦੀ ਸੀ-ਇਕੋ ਵਿਆਹੁਣ ਲੱਗਾ ਨਾ ਮਰ ਵੇ, ਪੈਲੀ ਮੋਘੇ ਵਾਲੀ ਧਰ ਵੇ, ਜਿਹੜੀ ਤੈਂ ਛੁਡਾਈ ਪਰ ਵੇ, ਮੈਂ ਤਾਂ ਫੇਰ ਧਰੌਣੀ ਐਂ, ਮੋਟਰ ਸੈਂਕਲ ਚੂੜੀ ਘੜੀ ਬਿਨਾਂ, ਮੈਂ ਨਾ ਧੀ ਦੀ ਜੰਨ ਮਗੌਣੀ ਐਂ …।

ਸਾਡੇ ਘਰ ਡਾਕ ਰਾਹੀਂ ਸੋਵੀਅਤ ਦੇਸ ਰਿਸਾਲਾ ਆਇਆ ਕਰਦਾ ਸੀ ਜਿਸ ਦੀਆਂ ਤਸਵੀਰਾਂ ਅਸੀਂ ਘਰ ਦੀਆਂ ਕੰਧਾਂ ਉਤੇ ਵੀ ਸਜਾ ਲੈਂਦੇ ਸਾਂ। ਉਹ ਮੋਟੇ ਤੇ ਕੂਲੇ ਕਾਗਜ਼ `ਤੇ ਛਪਦਾ ਸੀ। ਪਹਿਲੀਆਂ, ਦੂਜੀਆਂ ਤੇ ਤੀਜੀਆਂ ਆਮ ਚੋਣਾਂ ਵਿੱਚ ਅਸੀਂ ਦਾਤੀ ਹਥੌੜੇ ਦੇ ਨਿਸ਼ਾਨ ਨੂੰ ਵੋਟਾਂ ਪਾਈਆਂ ਤੇ ਪੁਆਈਆਂ ਸਨ। ਕਿਤਾਬਾਂ ਪੜ੍ਹਦਿਆਂ ਮੈਨੂੰ ਮਾਰਕਸਵਾਦੀ ਲੇਖਕ ਚੰਗੇ ਲੱਗਣ ਲੱਗ ਪਏ ਸਨ। ਪ੍ਰੋ.ਫੁੱਲ ਨੇ ਮੈਨੂੰ ਵਲਾਵਾਂ ਈ ਸਿੱਖ ਧਰਮ ਤੇ ਆਪਣੇ ਆਪ ਨੂੰ ਮਾਰਕਸਵਾਦੀ ਕਹਿ ਕੇ ਮਾਰਿਆ, “ਸਿੱਖ ਧਰਮ ਤਾਂ ਹੈ ਹੀ ਮਾਰਕਸਵਾਦੀ। ਸਭੇ ਸਾਂਝੀਵਾਲ ਸਦਾਇਣ ਕੋਈ ਨਾ ਦਿਸੇ ਬਾਹਰਾ ਜੀਓ। ਬਾਬਾ ਬੰਦਾ ਬਹਾਦਰ ਨਾਲ ਦਾ ਕਮਿਊਨਿਸਟ ਕਿਹੜਾ ਹੋਊ? ਗੁਰਬਾਣੀ ਦਾ ਤਾਂ ਤੱਤ ਈ ਕਿਰਤ ਕਰਨ ਤੇ ਵੰਡ ਛਕਣ ਦਾ ਹੈ। ਮਾਇਆ ਤੇ ਨਿੱਜੀ ਜਾਇਦਾਦ ਸਾਰੇ ਪੁਆੜਿਆਂ ਦੀ ਜੜ੍ਹ ਹੈ। ਸਿੱਖੀ ਤਾਂ ਹੈ ਈ ਕਮਿਊਨਿਜ਼ਮ।”

ਮੇਰੀ ਨਬਜ਼ ਟੋਹ ਕੇ ਉਸ ਨੇ ਮੈਨੂੰ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪਲੇਟਫਾਰਮ `ਤੇ ਲੈ ਆਂਦਾ। ਪਹਾੜ ਗੰਜ ਦੇ ਗੁਰਦਵਾਰੇ ਵਿੱਚ ਫੈਡਰੇਸ਼ਨ ਦੀ ਮੀਟਿੰਗ ਰੱਖੀ ਗਈ। ਉਸ ਵਿੱਚ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਦੋ ਸਾਬਕਾ ਪ੍ਰਧਾਨ ਕਸ਼ਮੀਰਾ ਸਿੰਘ ਗਿੱਲ ਤੇ ਮੱਖਣ ਸਿੰਘ ਵੀ ਸੱਦੇ ਗਏ। ਕੁਲ ਚਾਲੀ ਪੰਜਾਹ ਜਣੇ ਹੋਣਗੇ। ਇੱਕ ਜਣੇ ਨੇ ਮੇਰਾ ਨਾਂ ਪੇਸ਼ ਕੀਤਾ, ਦੂਜੇ ਨੇ ਪੁਸ਼ਟੀ ਕੀਤੀ ਤੇ ਮੈਨੂੰ ਸਰਬ ਸੰਮਤੀ ਨਾਲ ਦਿੱਲੀ ਸਰਕਲ ਦਾ ਪ੍ਰਧਾਨ ਚੁਣ ਲਿਆ ਗਿਆ। ਬੋਲੇ ਸੋ ਨਿਹਾਲ ਦੇ ਜੈਕਾਰੇ ਲਾਏ ਗਏ ਤੇ ਮੈਨੂੰ ਸਿਰੋਪੇ ਦੀ ਬਖਸ਼ਿਸ਼ ਕਰ ਦਿੱਤੀ। ਜਿਹੜੀ ਗੱਲ ਮੇਰੇ ਖ਼ਾਬ ਖਿਆਲ ਵਿੱਚ ਵੀ ਨਹੀਂ ਸੀ ਉਹ ਮਿੰਟਾਂ `ਚ ਹੋ ਗਈ। ਮੈਨੂੰ ਕਾਰਜਕਾਰੀ ਕਮੇਟੀ ਦੇ ਨਾਂ ਦੇ ਦਿੱਤੇ ਗਏ ਜੋ ਮੈਂ ਪੜ੍ਹ ਕੇ ਸੁਣਾ ਦਿੱਤੇ।

ਪ੍ਰੋ.ਫੁੱਲ ਤੇ ਸਾਬਕਾ ਪ੍ਰਧਾਨ ਸਾਡੇ ਸਲਾਹਕਾਰ ਸਨ। ਉਹ ਸਾਨੂੰ ਜਿਧਰ ਤੋਰਦੇ ਅਸੀਂ ਤੁਰ ਪੈਂਦੇ। ਅਸੀਂ ਦਿੱਲੀ ਦੇ ਕਾਲਜਾਂ ਵਿੱਚ ਫੈਡਰੇਸ਼ਨ ਦੀਆਂ ਇਕਾਈਆਂ ਬਣਾਉਣ ਤੁਰ ਪਏ। ਗੁਰਮਤਿ ਦੇ ਕੈਂਪ ਲਾਉਣ ਲੱਗੇ। ਗੁਰਪੁਰਬਾਂ ਉਤੇ ਜੋੜੇ ਸੰਭਾਲਦੇ ਤੇ ਲੰਗਰ `ਚ ਡਿਊਟੀ ਦਿੰਦੇ। ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਮੈਂ ‘ਗੁਰੂ ਨਾਨਕ ਦੀ ਮਨੁੱਖਤਾ ਨੂੰ ਦੇਣ’ ਨਾਂ ਦਾ ਲੰਮਾ ਲੇਖ ਲਿਖ ਕੇ ਪੈਂਫਲਿਟ ਛਾਪਿਆ ਜੋ ਸੰਗਤਾਂ ਵਿੱਚ ਵੰਡਿਆ ਗਿਆ। ਉਹ ਮੇਰੀ ਪਹਿਲੀ ਪ੍ਰਕਾਸ਼ਤ ਰਚਨਾ ਹੈ। ਦੂਜਾ ਪੈਂਫਲਿਟ ‘ਮਾਨਵਵਾਦੀ ਗੁਰੂ ਗੋਬਿੰਦ ਸਿੰਘ’ ਤੇ ਤੀਜਾ ‘ਗੁਰੂ ਅਰਜਨ ਦੇਵ ਦੀ ਸ਼ਹਾਦਤ’ ਪ੍ਰਕਾਸ਼ਤ ਕਰਵਾਏ। ਇਓਂ ਮੇਰੀ ਲੇਖਣੀ ਦੀ ਸ਼ੁਰੂਆਤ ਖੇਡਾਂ ਤੇ ਖਿਡਾਰੀਆਂ ਬਾਰੇ ਲਿਖਣ ਦੀ ਥਾਂ ਗੁਰੂ ਸਾਹਿਬਾਨ ਬਾਰੇ ਲਿਖਣ ਤੋਂ ਹੋਈ।

ਉਨ੍ਹਾਂ ਪਰਚਿਆਂ ਵਿੱਚ ਮੈਂ ਪ੍ਰਸਿੱਧ ਲੇਖਕਾਂ ਤੇ ਇਤਿਹਾਸਕਾਰਾਂ ਦੇ ਦਰਜਨਾਂ ਫੁੱਟ ਨੋਟ ਦਰਜ ਕੀਤੇ ਸਨ। ਅੱਜ ਵੀ ਮੈਂ ਉਨ੍ਹਾਂ ਪਰਚਿਆਂ `ਤੇ ਨਜ਼ਰ ਮਾਰਦਾ ਹਾਂ ਤਾਂ ਆਰੰਭ ਵਿੱਚ ਕੀਤੀ ਮਿਹਨਤ `ਤੇ ਹੈਰਾਨ ਹੁੰਦਾ ਹਾਂ। ਉਨ੍ਹਾਂ ਨੇ ਖਾਲਸਾ ਕਾਲਜ ਦੇ ਸਟਾਫ ਵਿੱਚ ਮੇਰੀ ਚੰਗੀ ਭੱਲ ਬਣਾ ਦਿੱਤੀ ਕਿ ਇਹ ਨਿਰਾ ਖਿਡਾਰੀ ਨਹੀਂ ਮਾੜਾ ਮੋਟਾ ਲਿਖਾਰੀ ਵੀ ਹੈ। ਮੇਰੇ ਪ੍ਰੋਫੈਸਰ ਮੈਨੂੰ ਕਹਿਣ ਲੱਗ ਪਏ, “ਜੇ ਤੂੰ ਖੇਡਾਂ ਖੇਡਣ ਤੇ ਗੋਲਾ ਸੁੱਟਣ ਦੀ ਥਾਂ ਸਾਰਾ ਧਿਆਨ ਪੜ੍ਹਾਈ `ਚ ਲਾਵੇਂ ਤਾਂ ਫਸਟ ਡਵੀਜ਼ਨ ਲੈ ਸਕਦੈਂ ਤੇ ਲੈਕਚਰਾਰ ਵੀ ਲੱਗ ਸਕਦੈਂ।”

ਉਤੋਂ ਦਿੱਲੀ ਯੂਨੀਵਰਸਿਟੀ ਦੀ ਸਾਲਾਨਾ ਅਥਲੈਟਿਕ ਮੀਟ ਆ ਗਈ। ਮੈਂ ਗੋਲਾ ਸੁੱਟਣ ਵਿੱਚ ਫਸਟ ਆਇਆ, ਡਿਸਕਸ ਤੇ ਜੈਵਲਿਨ ਸੁੱਟਣ ਵਿੱਚ ਸੈਕੰਡ ਅਤੇ ਤੀਹਰੀ ਛਾਲ ਲਾਉਣ `ਚ ਥਰਡ ਰਿਹਾ। ਮੇਰੇ ਬਾਰਾਂ ਅੰਕ ਬਣੇ ਜਿਨ੍ਹਾਂ ਨਾਲ ਮੈਂ ਯੂਨੀਵਰਸਿਟੀ ਦਾ ਸੈਕੰਡ ਬੈੱਸਟ ਅਥਲੀਟ ਗਿਣਿਆ ਗਿਆ। ਜਿੱਦਣ ਮੇਰਾ ਗੋਲਾ ਸੁੱਟਣ ਦਾ ਈਵੈਂਟ ਸੀ ਉੱਦਣ ਮੇਰੀਆਂ ਜਮਾਤਣਾਂ ਮੈਨੂੰ ਹੱਲਾਸ਼ੇਰੀ ਦੇਣ ਲਈ ਮੈਦਾਨ `ਚ ਹਾਜ਼ਰ ਸਨ। ਸ਼ਾਇਦ ਉਸ ਹੱਲਾਸ਼ੇਰੀ ਕਰਕੇ ਹੀ ਮੈਂ ਫਸਟ ਆ ਸਕਿਆ। ਮਿਲਖਾ ਸਿੰਘ ਨੂੰ ਟੋਕੀਓ ਦੀਆਂ ਏਸ਼ਿਆਈ ਖੇਡਾਂ ਸਮੇਂ ਕਿਸੇ ਕੁੜੀ ਨੇ ਕਿਹਾ ਸੀ, “ਅੱਜ ਪਾਕਿਸਤਾਨ ਦੇ ਅਬਦੁੱਲ ਖਾਲਿਕ ਨੂੰ ਹਰਾ ਦਏਂ ਤਾਂ ਜੋ ਮੰਗੇਂ ਹਾਜ਼ਰ ਹੋਵੇਗਾ।” ਮਿਲਖਾ ਸਿੰਘ ਨੇ ਨਾ ਸਿਰਫ ਉਸ ਨੂੰ ਹਰਾਇਆ ਬਲਕਿ ਨਵਾਂ ਰਿਕਾਰਡ ਵੀ ਕਾਇਮ ਕੀਤਾ। ਵਿਰੋਧੀ ਸੈਕਸ ਦੀ ਹਾਜ਼ਰੀ ਵਿੱਚ ਖਿਡਾਰੀ ਅਕਸਰ ਬਿਹਤਰ ਕਾਰਗੁਜ਼ਾਰੀ ਵਿਖਾਉਂਦੇ ਹਨ।

ਗੋਲੇ ਵਿੱਚ ਫਸਟ ਆਉਣ ਨਾਲ ਮੈਂ ਦਿੱਲੀ ਯੂਨੀਵਰਸਿਟੀ ਦੀ ਟੀਮ ਵਿੱਚ ਚੁਣਿਆ ਗਿਆ ਤੇ ਆਲ ਇੰਡੀਆ ਇੰਟਰਵਰਸਿਟੀ ਅਥਲੈਟਿਕ ਮੀਟ `ਚ ਭਾਗ ਲੈਣ ਕੇਰਲਾ ਦੇ ਸ਼ਹਿਰ ਟ੍ਰੀਵੈਂਡਰਮ ਗਿਆ। ਦੱਖਣੀ ਭਾਰਤ ਵੇਖਣ ਦਾ ਇਹ ਮੇਰਾ ਪਹਿਲਾ ਮੌਕਾ ਸੀ। ਅਸੀਂ ਦਿੱਲੀ ਤੋਂ ਗੱਡੀ ਚੜ੍ਹ ਕੇ ਮਦਰਾਸ ਪਹੁੰਚੇ ਤੇ ਉਥੋਂ ਗੱਡੀ ਬਦਲ ਕੇ ਟ੍ਰੀਵੈਂਡਰਮ ਗਏ। ਕੇਰਲਾ ਵਿੱਚ ਥੋੜ੍ਹੀ ਥੋੜ੍ਹੀ ਵਿੱਥ `ਤੇ ਫਾਰਮੀ ਘਰ ਵੇਖੇ ਜੋ ਨਾਰੀਅਲ ਦੇ ਰੁੱਖਾਂ ਨਾਲ ਘਿਰੇ ਹੋਏ ਸਨ। ਦੱਖਣੀ ਭਾਰਤ ਦੀਆਂ ਭਾਸ਼ਾਵਾਂ ਦੇ ਬੋਲ ਇੰਜ ਲੱਗੇ ਜਿਵੇਂ ਕੁੱਜੇ `ਚ ਰੋੜ ਖੜਕਦੇ ਹੋਣ। ਬੋਲਚਾਲ ਵਿੱਚ ੜਾੜਾ ਤੇ ਮੰਮਾ ਭਾਰੂ ਸਨ। ਸਮੁੰਦਰ ਦਾ ਕਿਨਾਰਾ ਹੋਣ ਕਾਰਨ ਟ੍ਰੀਵੈਂਡਰਮ ਸਾਫ ਸੁਥਰਾ ਸ਼ਹਿਰ ਸੀ। ਦਿੱਲੀ ਵਿੱਚ ਇੱਕ ਦਿਨ `ਚ ਕਪੜੇ ਮੈਲੇ ਹੋ ਜਾਂਦੇ ਸਨ ਪਰ ਟ੍ਰੀਵੈਂਡਰਮ ਵਿੱਚ ਅਸੀਂ ਚਾਰ ਪੰਜ ਦਿਨ ਰਹੇ ਤੇ ਕਪੜੇ ਮੈਲੇ ਨਹੀਂ ਹੋਏ।

ਇਕ ਦਿਨ ਪਹੁ ਫੁਟਦੀ ਨਾਲ ਅਸੀਂ ਕੰਨਿਆਂ ਕੁਮਾਰੀ ਗਏ। ਸਮੁੰਦਰ `ਚੋਂ ਉਗਮਦਾ ਸੁਨਹਿਰੀ ਸੂਰਜ ਵੇਖਿਆ ਜਿਸ ਨੇ ਸੁਰਮਈ ਪਾਣੀ ਨੂੰ ਸੋਨਰੰਗਾ ਕਰ ਦਿੱਤਾ ਸੀ। ਸਮੁੰਦਰ ਵਿੱਚ ਖੜ੍ਹੀ ਵਿਵੇਕਾ ਨੰਦ ਪਹਾੜੀ `ਤੇ ਚੜ੍ਹੇ ਤੇ ਮਹਾਤਮਾ ਗਾਂਧੀ ਦੀ ਮੂਰਤੀ ਵਾਲੇ ਮੰਦਰ ਦੇ ਦਰਸ਼ਨ ਕੀਤੇ। ਏਨੇ ਨਾਲ ਮੈਂ ਕਹਿਣ ਜੋਗਾ ਹੋ ਗਿਆ ਕਿ ਦੱਖਣੀ ਭਾਰਤ ਵੀ ਵੇਖਿਆ ਹੈ।

ਟ੍ਰੀਵੈਂਡਰਮ ਦੀ ਅਥਲੈਟਿਕ ਮੀਟ ਵਿੱਚ ਮੈਂ ਕੋਈ ਪੋਜ਼ੀਸ਼ਨ ਨਾ ਲੈ ਸਕਿਆ ਪਰ ਬਹਿਮਣ ਦਿਵਾਨੇ ਦੇ ਪ੍ਰੀਤਮ ਸਿੰਘ ਬਰਾੜ ਦੀ ਆੜੀ ਅੱਜ ਵੀ ਯਾਦ ਹੈ। ਉਹ ਗਵਾਲੀਅਰ ਯੂਨੀਵਰਸਿਟੀ ਵੱਲੋਂ ਗੋਲਾ ਸੁੱਟਣ ਆਇਆ ਸੀ। ਉਨ੍ਹਾਂ ਦੀ ਟੀਮ ਮਦਰਾਸ ਤੋਂ ਟ੍ਰੀਵੈਂਡਰਮ ਲਈ ਡੱਬਾ ਮੱਲੀ ਬੈਠੀ ਸੀ ਤੇ ਹੋਰ ਕਿਸੇ ਨੂੰ ਚੜ੍ਹਨ ਨਹੀਂ ਸੀ ਦੇ ਰਹੀ। ਬੰਦਿਆਂ ਵਰਗੀ ਕਮਲੇਸ਼ ਛਟਵਾਲ ਬਾਰੀ ਰੋਕੀ ਖੜ੍ਹੀ ਸੀ। ਸਾਨੂੰ ਕਿਤੇ ਚੜ੍ਹਨ ਨੂੰ ਥਾਂ ਨਹੀਂ ਸੀ ਲੱਭ ਰਹੀ। ਅਖ਼ੀਰ ਪ੍ਰੀਤਮ ਨੇ ਹੀ ਕਮਲੇਸ਼ ਨੂੰ ਖਿੱਚ ਕੇ ਪਾਸੇ ਕੀਤਾ ਕਿ ਇਹ ਵੀ ਆਪਣੇ ਵਰਗੇ ਈ ਨੇ। ਟ੍ਰੀਵੈਂਡਰਮ ਅਸੀਂ ਇਕੋ ਕਮਰੇ ਵਿੱਚ ਰਹੇ। ਬਾਅਦ ਵਿੱਚ ਉਹ ਲੈਫਟੀਨੈਂਟ ਬਣ ਗਿਆ।

ਇੰਟਰਵਰਸਿਟੀ ਦੀ ਅਥਲੈਟਿਕ ਮੀਟ ਨਾਲ ਮੇਰਾ ਖੇਡ ਅਭਿਆਸ ਖ਼ਤਮ ਹੋ ਗਿਆ ਤੇ ਮੈਂ ਐੱਮ.ਏ.ਦੇ ਇਮਤਿਹਾਨ ਦੀ ਤਿਆਰੀ ਵਿੱਚ ਜੁੱਟ ਗਿਆ। ਮੈਂ ਪੁਰਾਣੇ ਪਰਚਿਆਂ `ਚੋਂ ਪੰਜ ਸੁਆਲ ਚੁਣ ਲੈਂਦਾ ਤੇ ਤਿੰਨ ਘੰਟਿਆਂ ਵਿੱਚ ਉਨ੍ਹਾਂ ਦੇ ਉੱਤਰ ਲਿਖਦਾ। ਇੰਜ ਮੇਰੀ ਲਿਖਣ ਦੀ ਰਫਤਾਰ ਬਣ ਗਈ ਤੇ ਲਿਖਾਈ ਵੀ ਸੁਧਰ ਗਈ। ਮੈਂ ਹੋੜਾ, ਕਨੌੜਾ ਤੇ ਕੁੱਝ ਅੱਖਰ ਵਿੰਗੇ ਜਿਹੇ ਪਾਉਂਦਾ ਸਾਂ। ਮੇਰੇ ਕੋਲ ਬੈਠਦੀ ਕੁੜੀ ਦੀ ਮੈਂ ਸੋਹਣੀ ਲਿਖਤ ਵੇਖੀ ਤੇ ਉਹਦੀ ਰੀਸ ਨਾਲ ਆਪਣੀ ਲਿਖਤ ਵੀ ਸੋਹਣੀ ਬਣਾਉਣ ਲੱਗ ਪਿਆ। ਜਿਹੜੇ ਕਹਿੰਦੇ ਹਨ ਕਿ ਵਿਗੜੀ ਹੱਥਲਿਖਤ ਸੁਧਰਦੀ ਨਹੀਂ ਮੈਂ ਉਨ੍ਹਾਂ ਨਾਲ ਸਹਿਮਤ ਨਹੀਂ। ਮੇਰੀਆਂ ਪਹਿਲੀਆਂ ਕਾਪੀਆਂ ਦੀ ਲਿਖਤ ਤੇ ਐੱਮ.ਏ.ਕਰਨ ਵੇਲੇ ਦੀ ਲਿਖਤ ਵਿੱਚ ਬਹੁਤ ਫਰਕ ਹੈ। ਜੂਨ 1964 ਵਿੱਚ ਐੱਮ.ਏ.ਦਾ ਨਤੀਜਾ ਨਿਕਲਿਆ ਤਾਂ ਮੈਂ ਇੱਕ ਨੰਬਰ ਦੀ ਘਾਟ ਨਾਲ ਫਸਟ ਡਵੀਜ਼ਨ ਲੈਣੋਂ ਰਹਿ ਗਿਆ ਤੇ ਯੂਨੀਵਰਸਿਟੀ `ਚੋਂ ਸੈਕੰਡ ਆ ਸਕਿਆ। ਖ਼ੁਸ਼ੀ ਦੀ ਥਾਂ ਮੈਨੂੰ ਨਿਰਾਸ਼ਾ ਹੋਈ। ਮੈਂ ਸਾਰੀ ਰਾਤ ਸੌਂ ਨਾ ਸਕਿਆ।

ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਪ੍ਰਧਾਨ ਹੋਣ ਕਰਕੇ ਮੈਂ ਸਿੱਖ ਸਿਆਸਤਦਾਨਾਂ ਦੇ ਸੰਪਰਕ ਵਿੱਚ ਆਉਣ ਲੱਗ ਪਿਆ ਸਾਂ। ਲੋਕ ਸਭਾ ਦੇ ਮੈਂਬਰ ਸਿਰਦਾਰ ਕਪੂਰ ਸਿੰਘ ਆਈ.ਸੀ.ਐੱਸ, ਸ.ਬੂਟਾ ਸਿੰਘ ਤੇ ਰਾਜ ਸਭਾ ਦੇ ਮੈਂਬਰ ਡਾ.ਗੋਪਾਲ ਸਿੰਘ ਦਰਦੀ ਨੂੰ ਮਿਲਦਾ ਰਹਿੰਦਾ ਸਾਂ। ਸੰਤ ਫਤਿਹ ਸਿੰਘ ਨਾਲ ਵੀ ਫਤਿਹ ਸਾਂਝੀ ਹੋ ਚੁੱਕੀ ਸੀ। ਇੱਕ ਵਾਰ ਮਾਸਟਰ ਤਾਰਾ ਸਿੰਘ ਨੂੰ ਵੀ ਮਿਲਿਆ ਸਾਂ। ਗੁਰਦਵਾਰਾ ਰਕਾਬ ਗੰਜ ਵਿੱਚ ਮੁਲਾਕਾਤ ਹੋਈ ਸੀ। ਉਹ ਅਲਾਣੀ ਮੰਜੀ ਉਤੇ ਲੇਟਿਆ ਹੋਇਆ ਸੀ ਤੇ ਖੱਲ ਦੀ ਜੁੱਤੀ ਹੇਠਾਂ ਲਾਹੀ ਪਈ ਸੀ। ਉਦੋਂ ਉਸ ਨੂੰ ਉੱਚਾ ਸੁਣਨ ਲੱਗ ਪਿਆ ਸੀ ਜਿਸ ਕਰਕੇ ਗੜ੍ਹਕੇ ਨਾਲ ਬੋਲਣ ਵਾਲਾ ਜਥੇਦਾਰ ਸੰਤੋਖ ਸਿੰਘ ਵਿਚੇ ਗਾਲ੍ਹਾਂ ਕੱਢੀ ਜਾਂਦਾ ਤੇ ਮਾਸਟਰ ਤਾਰਾ ਸਿੰਘ ਬਿਟ ਬਿਟ ਵੇਖੀ ਜਾਂਦਾ। ਮੈਨੂੰ ਜਥੇਦਾਰ ਕਹਿੰਦਾ, “ਲੈ, ਮਾਸਟਰ ਨੂੰ ਕਿਹੜਾ ਸੁਣਿਐਂ?”

ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਜਥੇਦਾਰ ਸੰਤੋਖ ਸਿੰਘ ਨਾਲ ਤਾਂ ਮੇਰੀ ਵਾਹਵਾ ਨੇੜਤਾ ਹੋ ਗਈ ਸੀ। ਮੈਂ ਉਸ ਦੇ ਸਕੂਲ ਪੜ੍ਹਦੇ ਬੱਚਿਆਂ ਨੂੰ ਘਰ ਜਾ ਕੇ ਪੜ੍ਹਾ ਦਿੰਦਾ ਸਾਂ। ਅਸੀਂ ਗੁਰਦਵਾਰਾ ਬੰਗਲਾ ਸਾਹਿਬ ਵਿੱਚ ਗੁਰਮਤਿ ਦਾ ਕੈਂਪ ਲਾਇਆ ਸੀ। ਸਾਰੇ ਸਵੇਰੇ ਚਾਰ ਵਜੇ ਉਠਦੇ, ਇਸ਼ਨਾਨ ਕਰਦੇ, ਮੁੱਖ ਵਾਕ ਲੈਂਦੇ ਤੇ ਜਪੁਜੀ ਸਾਹਿਬ ਦਾ ਪਾਠ ਕਰਦੇ। ਨਿੱਤਨੇਮ ਕਰਨ ਪਿੱਛੋਂ ਲੰਗਰ ਛਕ ਕੇ ਕਲਾਸਾਂ ਲਾਉਂਦੇ। ਸ਼ਾਮ ਨੂੰ ਗਤਕੇਬਾਜ਼ੀ, ਸਰੀਰਕ ਕਸਰਤਾਂ ਤੇ ਖੇਡਾਂ ਹੁੰਦੀਆਂ। ਵਿਦਿਆਰਥੀਆਂ ਨੂੰ ਅੰਮ੍ਰਿਤ ਛਕਣ ਲਈ ਕਹਿੰਦੇ ਪਰ ਮੈਂ ਖ਼ੁਦ ਟਲਦਾ ਰਿਹਾ ਕਿਉਂਕਿ ਮੈਂ ਅਜੇ ਆਪਣੇ ਆਪ ਨੂੰ ਅੰਮ੍ਰਿਤ ਛਕਣ ਦੇ ਯੋਗ ਨਹੀਂ ਸਾਂ ਸਮਝਦਾ। ਸਿੰਘਾਂ ਵਾਲਾ ਕਛਹਿਰਾ ਜ਼ਰੂਰ ਸੁਆ ਲਿਆ ਸੀ ਜੋ ਮੈਂ ਪਾਉਂਦਾ ਘੱਟ ਤੇ ਵਿਖਾਉਂਦਾ ਵੱਧ ਸਾਂ।

ਇਕ ਗੁਰਮਤਿ ਕੈਂਪ ਅਸੀਂ ਬਿਹਾਰ ਦੇ ਸ਼ਹਿਰ ਧਨਬਾਦ ਵਿੱਚ ਲਾਇਆ। ਕਲਕੱਤੇ ਤਕ ਦੇ ਸਿੱਖ ਵਿਦਿਆਰਥੀ ਉਸ ਕੈਂਪ ਵਿੱਚ ਭਾਗ ਲੈਣ ਆਏ। ਮਨਜੀਤ ਸਿੰਘ ਕਲਕੱਤਾ ਤੇ ਸੁਰਜੀਤ ਸਿੰਘ ਮਿਨਹਾਸ ਲੈਕਚਰ ਦੇਣ ਲਈ ਹਾਜ਼ਰ ਸਨ। ਮਨਜੀਤ ਸਿੰਘ ਕਲਕੱਤਾ ਬੋਲਦਾ ਵਧੀਆ ਸੀ ਪਰ ਸਵੇਰੇ ਸ੍ਹਾਝਰੇ ਉਠਣ `ਚ ਘਾਉਲੀ ਸੀ। ਬਾਅਦ ਵਿੱਚ ਉਹ ਪੰਜਾਬ ਦਾ ਉੱਚ ਸਿੱਖਿਆ ਮੰਤਰੀ ਰਿਹਾ ਤੇ ਮਿਨਹਾਸ ਪੰਜਾਬ ਵਿਧਾਨ ਸਭਾ ਦਾ ਸਪੀਕਰ ਬਣਿਆ।

ਧਨਬਾਦ ਵਿੱਚ ਅਸੀਂ ਕੋਲੇ ਦੀਆਂ ਕਾਨਾਂ ਵੇਖੀਆਂ ਤੇ ਕੈਂਪ ਦੀ ਸਮਾਪਤੀ ਪਿੱਛੋਂ ਕਲਕੱਤੇ ਦੀ ਸੈਰ ਕੀਤੀ। ਉਥੋਂ ਦਾ ਚਿੜੀਆਘਰ, ਹਵਾਈ ਅੱਡਾ, ਲਾਇਬ੍ਰੇਰੀ ਤੇ ਹੋਰ ਵੇਖਣਯੋਗ ਥਾਵਾਂ ਵੀ ਵੇਖ ਲਈਆਂ। ਸਾਡੇ ਪਿੰਡ ਦੇ ਇੱਕ ਟਰਾਂਸਪੋਰਟਰ ਹਰਦਿਆਲ ਸਿੰਘ ਨੇ ਮੇਰੀ ਚੰਗੀ ਸੈਰ ਕਰਾਈ। ਖਿਡਾਰੀ ਹੋਣ ਕਰਕੇ ਮੈਂ ਦੱਖਣੀ ਭਾਰਤ ਵੇਖਿਆ ਸੀ ਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਮੈਨੂੰ ਭਾਰਤ ਦਾ ਪੂਰਬੀ ਪਾਸਾ ਵਿਖਾ ਦਿੱਤਾ ਸੀ। ਜਿੱਦਣ ਮੈਂ ਰੇਲ ਗੱਡੀ ਰਾਹੀਂ ਦਿੱਲੀ ਨੂੰ ਪਰਤ ਰਿਹਾ ਸਾਂ ਤਾਂ ਰਾਹ ਵਿੱਚ ਓਲੰਪਿਕ ਖੇਡਾਂ ਦੇ ਹਾਕੀ ਮੈਚ ਦੀ ਕੁਮੈਂਟਰੀ ਸੁਣੀ। 1964 ਵਿੱਚ ਟੋਕੀਓ ਦੀਆਂ ਓਲੰਪਿਕ ਖੇਡਾਂ ਵਿੱਚ ਹਾਕੀ ਦਾ ਫਾਈਨਲ ਮੈਚ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਵਿਚਕਾਰ ਖੇਡਿਆ ਜਾ ਰਿਹਾ ਸੀ। ਭਾਰਤੀ ਟੀਮ ਨੇ ਉਹ ਮੈਚ 1-0 ਗੋਲ ਉਤੇ ਜਿੱਤ ਕੇ ਮੇਰਾ ਸਫ਼ਰ ਖ਼ੁਸ਼ਗਵਾਰ ਬਣਾ ਦਿੱਤਾ ਸੀ। 1960 ਵਿੱਚ ਰੋਮ ਦੀਆਂ ਓਲੰਪਿਕ ਖੇਡਾਂ ਦੇ ਭਾਰਤ-ਪਾਕਿ ਮੈਚ ਦੀ ਕੁਮੈਂਟਰੀ ਮੈਂ ਫਾਜ਼ਿਲਕਾ ਸੁਣੀ ਸੀ ਤੇ ਭਾਰਤ ਦੇ ਹਾਰ ਜਾਣ ਦਾ ਬਹੁਤ ਦੁਖ ਹੋਇਆ ਸੀ। ਮੈਂ ਹੀ ਨਹੀਂ ਡੱਬੇ ਦੇ ਸਾਰੇ ਮੁਸਾਫਿਰ ਖ਼ੁਸ਼ ਸਨ ਕਿ ਰੋਮ ਦੀ ਹਾਰ ਦਾ ਬਦਲਾ ਟੋਕੀਓ ਵਿੱਚ ਲੈ ਲਿਆ ਗਿਆ ਸੀ।

Additional Info

  • Writings Type:: A single wirting
Read 3289 times Last modified on Tuesday, 13 October 2009 18:43
ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਦੋ ਦਰਜਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ `ਚ ਡੇਢ ਦਰਜਨ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹੈ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ। ਉਸ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ `ਚ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ। ਉਹ 1965-66 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹਾ ਹੈ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੋ ਗਈ ਹੈ। ਉਸ ਦੇ ਦੋ ਪੁੱਤਰ ਹਨ। ਇਕ ਕੈਨੇਡਾ ਵਿਚ ਹੈ ਤੇ ਇਕ ਪੰਜਾਬ ਵਿਚ। ਉਹ ਆਪਣੀ ਪਤਨੀ ਹਰਜੀਤ ਕੌਰ ਨਾਲ ਗਰਮੀਆਂ ਕੈਨੇਡਾ ਵਿਚ ਕੱਟਦਾ ਹੈ ਤੇ ਸਿਆਲ ਦਾ ਨਿੱਘ ਪੰਜਾਬ ਵਿਚ ਮਾਣਦਾ ਹੈ।