ਲੇਖ਼ਕ

Tuesday, 13 October 2009 18:17

17 - ਨੈਸ਼ਨਲ ਸਟੇਡੀਅਮ ਦੀਆਂ ਯਾਦਾਂ

Written by
Rate this item
(0 votes)

ਨਵੀਂ ਦਿੱਲੀ ਦੇ ਨੈਸ਼ਨਲ ਸਟੇਡੀਅਮ ਨਾਲ ਮੇਰੀਆਂ ਅਨੇਕਾਂ ਯਾਦਾਂ ਜੁੜੀਆਂ ਹੋਈਆਂ ਹਨ। ਇਹ ਸਟੇਡੀਅਮ ਇੰਡੀਆ ਗੇਟ ਦੇ ਸਾਹਮਣੇ 1951 ਦੀਆਂ ਪਹਿਲੀਆਂ ਏਸ਼ਿਆਈ ਖੇਡਾਂ ਸਮੇਂ ਉਸਾਰਿਆ ਗਿਆ ਸੀ। ਇਸ ਦੇ ਪਿਛਵਾੜੇ ਪੁਰਾਣੇ ਕਿਲੇ ਦੇ ਖੰਡਰ ਹਨ ਤੇ ਅੱਗੇ ਵਿਸ਼ਾਲ ਖੁੱਲ੍ਹੇ ਲਾਅਨ ਹਨ। ਹਰਾ ਭਰਾ ਘਾਹ, ਰੰਗ ਬਰੰਗੇ ਫੁੱਲ, ਪਾਣੀ ਦੇ ਫੁਹਾਰੇ, ਵੱਡੇ ਹੌਜ, ਇੰਡੀਆ ਗੇਟ ਤੇ ਰਾਸ਼ਟਰਪਤੀ ਭਵਨ ਦੀਆਂ ਸ਼ਾਨਦਾਰ ਇਮਾਰਤਾਂ ਹਨ। ਇਥੇ ਹੀ ਰਿਪਬਲਿਕ ਡੇਅ ਦੀ ਪਰੇਡ ਹੁੰਦੀ ਹੈ। ਅਸੀਂ ਕਾਲਜ ਦੇ ਅਥਲੀਟ ਹਫ਼ਤੇ `ਚ ਇੱਕ ਦੋ ਵਾਰ ਨੈਸ਼ਨਲ ਸਟੇਡੀਅਮ ਵਿੱਚ ਵੀ ਪ੍ਰੈਕਟਿਸ ਕਰਨ ਜਾਂਦੇ ਸਾਂ। 1962 ਵਿੱਚ ਜਕਾਰਤਾ ਦੀਆਂ ਏਸ਼ਿਆਈ ਖੇਡਾਂ ਲਈ ਭਾਰਤ ਦੇ ਅਥਲੀਟਾਂ ਦਾ ਕੋਚਿੰਗ ਕੈਂਪ ਵੀ ਉਥੇ ਹੀ ਲੱਗਾ ਸੀ। ਉਸੇ ਕੋਚਿੰਗ ਕੈਂਪ ਵਿੱਚ ਮੇਰਾ ਪਹਿਲੀ ਵਾਰ ਸਟਾਰ ਅਥਲੀਟਾਂ ਨੂੰ ਮਿਲਣ ਦਾ ਸਬੱਬ ਬਣਿਆ ਅਤੇ ਮੈਂ ਖੇਡਾਂ ਤੇ ਖਿਡਾਰੀਆਂ ਬਾਰੇ ਲਿਖਣ ਲਈ ਪ੍ਰੇਰਿਆ ਗਿਆ।

ਮੇਰੀ ਡਾਇਰੀ ਵਿੱਚ ਉਦੋਂ ਦਾ ਲਿਖਿਆ ਇੱਕ ਨੋਟ ਹੈ-ਇਕ ਪੁਸਤਕ ਪੰਜਾਬੀਆਂ ਦੀ ‘ਫਿਜ਼ੀਕਲ ਕਲਚਰ’ ਯਾਨੀ ਸਰੀਰਕ ਸਭਿਆਚਾਰ `ਤੇ ਹੋਵੇ। ਮਨੁੱਖ ਦਾ ਸਥੂਲ ਰੂਪ ਸਰੀਰ ਹੀ ਹੈ। ਸਾਡੀ ਸਾਰੀ ਸੋਚਣੀ ਸਰੀਰਾਂ ਦੇ ਵਜੂਦ ਕਰਕੇ ਹੈ। ਜੁੱਸਾ, ਕਸਰਤਾਂ, ਖੇਡਾਂ, ਸਰੀਰ ਦੀ ਕਾਰਗੁਜ਼ਾਰੀ ਤੇ ਹੰਢਣਸਾਰਤਾ। ਸਰੀਰ ਦਾ ਜ਼ੋਰ, ਹੁਸਨ ਤੇ ਸਰੀਰ ਦੀ ਸਡੌਲਤਾ। ਇਨ੍ਹਾਂ ਸਾਰੀਆਂ ਗੱਲਾਂ ਦੀ ਚਰਚਾ ਉਸ ਪੁਸਤਕ ਵਿੱਚ ਹੋਵੇ। ਪੰਜਾਬੀ ਜੁੱਸਿਆਂ ਦਾ ਹੋਰਨਾਂ ਲੋਕਾਂ ਦੇ ਜੁੱਸਿਆਂ ਨਾਲ ਤੁਲਨਾਤਮਿਕ ਅਧਿਐਨ ਕੀਤਾ ਜਾਵੇ। ਇਹ ਸਾਰਾ ਕੁੱਝ ਖੋਜੀਆਂ ਤੇ ਵਿਚਾਰਵਾਨਾਂ ਦੇ ਵਿਚਾਰਨ ਦਾ ਵਿਸ਼ਾ ਹੈ।

ਮੇਰੀ ਖੇਡ ਲੇਖਣੀ ਦੇ ਬੀਜ ਮੇਰੇ ਮਨ `ਚ ਨੈਸ਼ਨਲ ਸਟੇਡੀਅਮ ਆਉਂਦਿਆਂ ਜਾਂਦਿਆਂ ਫੁਟੇ ਸਨ। ਮੈਨੂੰ ਯਾਦ ਹੈ ਉਹ ਦਿਨ ਜਿੱਦਣ ਨੈਸ਼ਨਲ ਸਟੇਡੀਅਮ ਵਿੱਚ ਮੈਂ ਪਹਿਲੀ ਵਾਰ ਮਿਲਖਾ ਸਿੰਘ ਤੇ ਮੱਖਣ ਸਿੰਘ ਹੋਰਾਂ ਨੂੰ ਆਪਣੀਆਂ ਅੱਖਾਂ ਸਾਹਵੇਂ ਸਾਮਰਤੱਖ ਦੌੜਦੇ ਵੇਖਿਆ ਸੀ। ਪ੍ਰਦੁੱਮਣ ਸਿੰਘ ਤੇ ਬਲਕਾਰ ਸਿੰਘ ਡਿਸਕਸ ਸੁੱਟ ਹਟੇ ਤਾਂ ਉਨ੍ਹਾਂ ਨਾਲ ਗੱਲਾਂ ਕੀਤੀਆਂ ਸਨ। ਉਥੇ ਕਈ ਸਟਾਰ ਅਥਲੀਟਾਂ ਨਾਲ ਮੇਲ ਹੋਇਆ ਸੀ। ਉਸ ਤੋਂ ਪਹਿਲਾਂ ਮੈਂ ਉਨ੍ਹਾਂ ਦੀਆਂ ਤਸਵੀਰਾਂ ਹੀ ਵੇਖੀਆਂ ਸਨ ਜਾਂ ਉਨ੍ਹਾਂ ਬਾਰੇ ਲੱਗੀਆਂ ਅਖ਼ਬਾਰੀ ਸੁਰਖੀਆਂ ਪੜ੍ਹੀਆਂ ਸਨ। ਉਥੇ ਉਨ੍ਹਾਂ ਦੇ ਪਹਿਲੀ ਵਾਰ ਰੱਜ ਕੇ ਦਰਸ਼ਨ ਹੋਏ ਸਨ।

ਮਿਲਖਾ ਸਿੰਘ ਸੌ ਮੀਟਰ ਦੀਆਂ ਸਪਰਿੰਟਾਂ ਲਾਉਂਦਾ ਉਡਦਾ ਲੱਗਦਾ ਸੀ। ਉਹਦਾ ਚਿੱਟਾ ਕੱਛਾ ਹਵਾ `ਚ ਫਰਾਟੇ ਮਾਰਦਾ ਸੀ। ਉਹਦੇ ਬੁੱਲ੍ਹ ਹਵਾ `ਚ ਹਿਲਦੇ ਤੇ ਉਨ੍ਹਾਂ `ਚੋਂ ‘ਛੱਕ ਛੱਕ’ ਦੀ ਸ਼ੂਕ ਪੈਂਦੀ ਸੀ। ਉਹਦਾ ਛਾਂਟਿਆ ਹੋਇਆ ਜੁੱਸਾ ਭਖ ਕੇ ਤਾਂਬੇ ਰੰਗਾ ਹੋਇਆ ਪਿਆ ਸੀ। ਉਸ ਦੀਆਂ ਮੁੱਛਾਂ ਨਿੱਕੀਆਂ ਸਨ, ਦਾੜ੍ਹੀ ਠੱਪੀ ਹੋਈ ਤੇ ਜੂੜਾ ਵੱਡਾ ਸੀ। ਮੱਖਣ ਸਿੰਘ ਦੋ ਸੌ ਮੀਟਰ ਦੀ ਦੌੜ ਲਾਉਂਦਾ ਨਜ਼ਰੀਂ ਪਿਆ ਸੀ। ਟਰੈਕ ਦੀ ਟੇਢ ਉਤੇ ਐਂ ਲੱਗਾ ਸੀ ਜਿਵੇਂ ਲਾਟੂ ਵਾਂਗ ਟੇਢਾ ਹੋ ਕੇ ਘੁੰਮਦਾ ਜਾਂਦਾ ਹੋਵੇ। ਬਲਕਾਰ ਸਿੰਘ ਦੀ ਬਾਂਹ ਦਾ ਹੁਲ੍ਹਾਰਾ ਦੇ ਕੇ ਸੁੱਟੀ ਡਿਸਕਸ ਹਵਾ `ਚ ਤਾਰੀਆਂ ਲਾਉਂਦੀ ਜਾਂਦੀ ਸੀ ਤੇ ਦੂਰ ਸਾਰੇ ਜਾ ਕੇ ਡਿੱਗਦੀ ਸੀ। ਪ੍ਰਦੁੱਮਣ ਸਿੰਘ ਜਟਕੇ ਮਖੌਲ ਕਰਦਿਆਂ ਆਪਣੇ ਕੁਇੰਟਲ ਦੇ ਜੁੱਸੇ ਨਾਲ ਪੈਰਾਂ ਤੋਂ ਸਿਰ ਤਕ ਹੱਸ ਰਿਹਾ ਸੀ। ਗੁਰਬਚਨ ਸਿੰਘ ਰੰਧਾਵਾ ਲੱਤ ਚੁੱਕ ਕੇ ਤੇ ਤਾੜੀ ਮਾਰ ਕੇ ਖਿੜਦਾ ਸੀ। ਮੀਲ ਦੀ ਦੌੜ ਵਾਲਾ ਮਹਿੰਦਰ ਸਿੰਘ ਟਰੈਕ ਵਿੱਚ ਰੇਵੀਏ ਪਿਆ ਫਿਰਦਾ ਸੀ। ਵੱਡੇ ਅਥਲੀਟਾਂ ਨੂੰ ਵੇਖ ਕੇ ਅਸੀਂ ਛੋਟੇ ਅਥਲੀਟ ਬੜੇ ਪ੍ਰਭਾਵਤ ਹੋਏ ਸਾਂ। ਉਨ੍ਹਾਂ ਨਾਲ ਗੱਲਾਂ ਕਰ ਕੇ ਆਪਣੇ ਆਪ ਨੂੰ ਵੱਡਭਾਗੇ ਸਮਝਣ ਲੱਗ ਪਏ ਸਾਂ।

ਮੈਂ ਦਿੱਲੀ ਵਿੱਚ ਪੰਜ ਸਾਲ ਦੇ ਕਰੀਬ ਰਿਹਾ ਤੇ ਅਨੇਕਾਂ ਵਾਰ ਨੈਸ਼ਨਲ ਸਟੇਡੀਅਮ ਗਿਆ। ਕਦੇ ਪ੍ਰੈਕਟਿਸ ਕਰਨ, ਕਦੇ ਅਥਲੈਟਿਕ ਮੀਟ ਵੇਖਣ ਤੇ ਕਦੇ ਕਿਸੇ ਖਿਡਾਰੀ ਨੂੰ ਮਿਲਣ। ਮੈਂ ਨੈਸ਼ਨਲ ਚੈਂਪੀਅਨ ਖਿਡਾਰੀਆਂ ਨੂੰ ਕਦੇ ਸਟੇਡੀਅਮ ਦੀਆਂ ਪੌੜੀਆਂ `ਤੇ ਬਹਿ ਕੇ ਮਿਲਦਾ ਤੇ ਕਦੇ ਉਨ੍ਹਾਂ ਦੇ ਕਮਰਿਆਂ ਵਿੱਚ ਜਾ ਕੇ ਗੱਲਾਂ ਬਾਤਾਂ ਨੋਟ ਕਰਦਾ। ਉਹ ਗੱਲਾਂ ਮੇਰੀ ਖੇਡ ਲੇਖਣੀ ਦਾ ਮਸਾਲਾ ਬਣਦੀਆਂ ਗਈਆਂ। ਨੈਸ਼ਨਲ ਸਟੇਡੀਅਮ, ਖਿਡਾਰੀਆਂ ਦਾ ਮੱਕਾ ਸੀ ਜਿਥੇ ਦੇਸ਼ ਭਰ ਦੇ ਖਿਡਾਰੀ ਸਿਜਦਾ ਕਰਨ ਆਉਂਦੇ। ਉਥੇ ਸਾਨੂੰ ਨੈਸ਼ਨਲ ਕੋਚਾਂ ਕੋਲੋਂ ਕੋਚਿੰਗ ਦੇ ਗੁਰ ਸਿੱਖਣ ਦਾ ਵੀ ਮੌਕਾ ਮਿਲਦਾ। ਉਥੇ ਅਸੀਂ ਮਾੜਾ ਮੋਟਾ ਮੁਕਾਬਲਾ ਵੀ ਕਰਦੇ।

ਦਿੱਲੀ ਵਿੱਚ ਇੱਕ ਜੱਟ ਸਿੱਖ ਐਸੋਸੀਏਸ਼ਨ ਬਣੀ ਹੋਈ ਸੀ। ਉਹਦੀਆਂ ਸਾਲਾਨਾ ਖੇਡਾਂ ਨੈਸ਼ਨਲ ਸਟੇਡੀਅਮ ਵਿੱਚ ਹੁੰਦੀਆਂ ਸਨ। ਇੱਕ ਵਾਰ ਮੈਂ ਉਨ੍ਹਾਂ ਖੇਡਾਂ ਵਿੱਚ ਬੈੱਸਟ ਅਥਲੀਟ ਬਣਿਆ ਤਾਂ ਮੇਰੇ ਲਈ ਰਿਸ਼ਤੇ ਦੀ ਪੁੱਛ ਗਿੱਛ ਸ਼ੁਰੂ ਹੋ ਗਈ ਸੀ। ਪਰ ਮੇਰੀ ਦਿਲਚਸਪੀ ਪਹਿਲਾਂ ਲੈਕਚਰਾਰ ਲੱਗਣ ਦੀ ਸੀ। ਉਸ ਐਸੋਸੀਏਸ਼ਨ ਦਾ ਇੱਕ ਮਕਸਦ ਇਹ ਵੀ ਸੀ ਕਿ ਦਿੱਲੀ ਵਿੱਚ ਵਸਦੇ ਜੱਟ ਪਰਿਵਾਰ ਇੱਕ ਦੂਜੇ ਦੇ ਸਿਆਣੂ ਹੋਣ ਤੇ ਉਨ੍ਹਾਂ ਦੇ ਨੌਜੁਆਨ ਬੱਚਿਆਂ ਨੂੰ ਇੱਕ ਦੂਜੇ ਦਾ ਪਤਾ ਲੱਗੇ। ਵਿਦੇਸ਼ ਮੰਤਰੀ ਸਵਰਨ ਸਿੰਘ ਨੇ ਮੈਨੂੰ ਬੈੱਸਟ ਅਥਲੀਟ ਦਾ ਪ੍ਰਾਈਜ਼ ਦਿੱਤਾ ਸੀ ਤੇ ਮੇਰੀ ਪੜ੍ਹਾਈ ਲਿਖਾਈ ਬਾਰੇ ਪੁੱਛਿਆ ਸੀ। ਉਥੇ ਮੈਨੂੰ ਚੂਹੜਚੱਕ ਦਾ ਲਛਮਣ ਸਿੰਘ ਗਿੱਲ ਮਿਲਿਆ ਜੋ ਸਾਡੇ ਹਲਕੇ ਦਾ ਐੱਮ.ਐੱਲ.ਏ.ਸੀ ਤੇ ਰਾਜੌਰੀ ਗਾਰਡਨ ਵਿੱਚ ਰਹਿ ਕੇ ਠੇਕੇਦਾਰੀ ਕਰਦਾ ਸੀ। ਉਸ ਨੇ ਮੇਰੇ ਨਾਲ ਬੜੀ ਅਪਣੱਤ ਜਿਤਾਈ ਤੇ ਆਪਣੇ ਘਰ ਆਉਣ ਦਾ ਸੱਦਾ ਦਿੱਤਾ। ਬਾਅਦ ਵਿੱਚ ਉਹ ਪੰਜਾਬ ਦਾ ਮੁੱਖ ਮੰਤਰੀ ਬਣਿਆ ਤੇ ਪੰਜਾਬੀ ਨੂੰ ਰਾਜ ਭਾਸ਼ਾ ਬਣਾਇਆ।

ਜੱਟ ਸਿੱਖ ਐਸੋਸੀਏਸ਼ਨ ਦੀ ਪਿਕਨਿਕ ਵਿੱਚ ਗੁਲਜ਼ਾਰ ਸਿੰਘ ਸੰਧੂ ਤੇ ਰਾਜ ਗਿੱਲ ਵਰਗੇ ਲੇਖਕ ਵੀ ਸ਼ਾਮਲ ਹੁੰਦੇ। ਮੈਂ ਤੇ ਮੇਰਾ ਮਿੱਤਰ ਗਿਆਨ ਸਿੰਘ ਸੰਧੂ ਮੋਟਰ ਸਾਈਕਲ `ਤੇ ਚੜ੍ਹ ਕੇ ਜਾਂਦੇ। ਗਿਆਨ ਸਿੰਘ ਆਪਣੇ ਸਵਾ ਛੇ ਫੁਟੇ ਕੱਦ ਨਾਲ ਕਈਆਂ ਦੀਆਂ ਨਜ਼ਰਾਂ ਦਾ ਕੇਂਦਰ ਹੁੰਦਾ। ਉਹ ਦਿੱਲੀ ਯੂਨੀਵਰਸਿਟੀ ਦਾ ਗੋਲਡ ਮੈਡਲਿਸਟ ਸੀ। ਨੈਸ਼ਨਲ ਸਟੇਡੀਅਮ ਵਿੱਚ ਇੱਕ ਵਾਰ ਆਸਾ ਸਿੰਘ ਮਸਤਾਨਾ ਤੇ ਪਰਕਾਸ਼ ਕੌਰ ਨੂੰ ਸੱਦਿਆ ਗਿਆ ਸੀ। ਮਸਤਾਨੇ ਨੇ ਅੱਖਾਂ ਮੀਚ ਕੇ ਤੇ ਸਿਰ ਹਿਲਾ ਕੇ ਗਾਇਆ ਸੀ-ਸਾਡੇ ਖੇਤੀਂ ਖਿੜੀ ਬਹਾਰ ਕੁੜੇ ਖੇਤਾਂ ਵੱਲ ਗੇੜਾ ਮਾਰ ਕੁੜੇ, ਓ ਹੋ‥ਓ ਹੋ …। ਪਰਕਾਸ਼ ਕੌਰ ਦਾ ਗੀਤ ਸੀ-ਕਾਲੇ ਰੰਗ ਦਾ ਪਰਾਂਦਾ ਸਾਡੇ ਸੱਜਣਾਂ ਲਿਆਂਦਾ, ਨੀ ਮੈਂ ਚੁੰਮ ਚੁੰਮ ਰੱਖਦੀ ਫਿਰਾਂ, ਤੇ ਪੱਬਾਂ ਭਾਰ ਨੱਚਦੀ ਫਿਰਾਂ …। ਉਦੋਂ ਬਹਿ ਕੇ ਜਾਂ ਖੜ੍ਹ ਕੇ ਈ ਗਾਉਣ ਦਾ ਰਿਵਾਜ਼ ਹੁੰਦਾ ਸੀ। ਹੁਣ ਵਾਂਗ ਟਪੂਸੀਆਂ ਮਾਰ ਕੇ ਗਾਉਣ ਦਾ ਨਹੀਂ। ਹੁਣ ਤਾਂ ਕਈ ਇਸ ਤਰ੍ਹਾਂ ਗਾਉਂਦੇ ਹਨ ਜਿਵੇਂ ਮੱਖ ਲੜਦੀ ਹੋਵੇ!

ਨੈਸ਼ਨਲ ਸਟੇਡੀਅਮ ਦਾ ਉਹ ਦ੍ਰਿਸ਼ ਵੀ ਮੇਰੀਆਂ ਅੱਖਾਂ ਅੱਗੇ ਤਰੋ ਤਾਜ਼ਾ ਹੈ ਜਿਸ ਨੂੰ ਆਧਾਰ ਬਣਾ ਕੇ ਫਿਲਮ `ਚੱਕ ਦੇ ਇੰਡੀਆ’ ਬਣੀ ਹੈ। 1982 ਵਿੱਚ ਨੌਵੀਆਂ ਏਸ਼ਿਆਈ ਖੇਡਾਂ 1951 ਦੀਆਂ ਪਹਿਲੀਆਂ ਏਸ਼ਿਆਈ ਖੇਡਾਂ ਤੋਂ ਬਾਅਦ ਦੂਜੀ ਵਾਰ ਦਿੱਲੀ ਹੋਈਆਂ ਸਨ। ਬਲਬੀਰ ਸਿੰਘ ਸੀਨੀਅਰ ਭਾਰਤੀ ਹਾਕੀ ਟੀਮ ਦਾ ਮੈਨੇਜਰ ਤੇ ਮੁੱਖ ਕੋਚ ਸੀ ਤੇ ਬਲਬੀਰ ਸਿੰਘ ਜੂਨੀਅਰ ਉਸ ਦਾ ਸਹਾਇਕ ਸੀ। ਬਲਬੀਰ ਸਿੰਘ ਹੋਰੀਂ ਮੀਡੀਏ ਨੂੰ ਕਹਿ ਚੁੱਕੇ ਸਨ ਕਿ ਐਤਕੀਂ ਗੋਲਡ ਮੈਡਲ ਸਾਡਾ ਹੈ। ਭਾਰਤੀ ਟੀਮ ਪੂਰੀ ਤਿਆਰੀ ਵਿੱਚ ਸੀ ਤੇ ਉਸ ਦਾ ਫਾਈਨਲ ਮੈਚ ਪਾਕਿਸਤਾਨ ਦੀ ਟੀਮ ਵਿਰੁੱਧ ਹੋ ਰਿਹਾ ਸੀ। ਮੈਂ ‘ਪੰਜਾਬੀ ਟ੍ਰਿਬਿਊਨ’ ਅਖ਼ਬਾਰ ਲਈ ਏਸ਼ਿਆਈ ਖੇਡਾਂ ਕਵਰ ਕਰਨ ਗਿਆ ਹੋਇਆ ਸਾਂ। ਭਾਰਤ ਤੇ ਪਾਕਿਸਤਾਨ ਦੇ ਮੈਚ ਬਾਰੇ ਮੈਂ ਸੁਰਖ਼ੀ ਲਿਖੀ ਸੀ-ਸਾਹਨਾਂ ਦਾ ਭੇੜ ਅੱਜ।

ਉੱਦਣ ਨੈਸ਼ਨਲ ਸਟੇਡੀਅਮ ਦੇ ਦਰਾਂ ਮੂਹਰੇ ਧੱਕਾ ਪੈ ਰਿਹਾ ਸੀ। ਟਿਕਟਾਂ ਦੀ ਬਲੈਕ ਜ਼ੋਰਾਂ ਉਤੇ ਸੀ। ਜਿਹੜੇ ਅੰਦਰ ਨਹੀਂ ਸਨ ਜਾ ਸਕੇ ਉਹ ਟੀ.ਵੀ.ਦੀਆਂ ਸਕਰੀਨਾਂ ਮੂਹਰੇ ਜਾ ਬੈਠੇ ਸਨ। ਭਾਰਤ ਵਾਸੀਆਂ ਨੂੰ ਆਪਣੇ ਦੇਸ਼ ਵਿੱਚ ਹੋ ਰਿਹਾ ਹਾਕੀ ਦਾ ਫਾਈਨਲ ਮੈਚ ਜਿੱਤ ਲੈਣ ਦੀ ਪੂਰੀ ਆਸ ਸੀ। ਲੱਖਾਂ ਰੁਪਿਆਂ ਦੀਆਂ ਸ਼ਰਤਾਂ ਲੱਗੀਆਂ ਹੋਈਆਂ ਸਨ। ਭਾਰਤੀ ਟੀਮ ਨੇ ਪੰਜ ਮੈਚਾਂ ਵਿੱਚ ਚੁਤਾਲੀ ਗੋਲ ਕੀਤੇ ਸਨ ਤੇ ਉਹਦੇ ਉਲਟ ਕੇਵਲ ਤਿੰਨ ਗੋਲ ਹੋਏ ਸਨ। ਪਾਕਿਸਤਾਨੀ ਵੀ ਉਡਣੇ ਸੱਪ ਸਨ। ਉਨ੍ਹਾਂ ਨੇ ਚਾਰ ਮੈਚਾਂ ਵਿੱਚ ਤੀਹ ਗੋਲ ਕਰ ਕੇ ਆਪਣੇ ਸਿਰ ਇਕੋ ਗੋਲ ਹੋਣ ਦਿੱਤਾ ਸੀ। ਪ੍ਰੈਸ ਸੈਂਟਰ ਵਿੱਚ ਮੇਰੀ ਸੀਟ ਕੁਮੈਂਟੇਟਰ ਜਸਦੇਵ ਸਿੰਘ ਦੇ ਪਿੱਛੇ ਸੀ। ਅਸੀਂ ਆਪਸ ਵਿੱਚ ਗੱਲਾਂ ਕਰ ਰਹੇ ਸਾਂ ਜਦੋਂ ਖੇਡਾਂ ਦੀ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਕੇਂਦਰੀ ਮੰਤਰੀ ਬੂਟਾ ਸਿੰਘ ਤਿਰੰਗੀਆਂ ਝੰਡੀਆਂ ਦੇ ਕਈ ਟੋਕਰਿਆਂ ਨਾਲ ਸਾਡੇ ਅੱਗੋਂ ਦੀ ਲੰਘਿਆ। ਫਿਰ ਝੰਡੀਆਂ ਦਰਸ਼ਕਾਂ ਵਿੱਚ ਵੰਡੀਆਂ ਜਾਣ ਲੱਗੀਆਂ।

ਮੈਚ ਸ਼ੁਰੂ ਹੋਣ ਤੋਂ ਇੱਕ ਘੰਟਾ ਪਹਿਲਾਂ ਹੀ ਸਾਰਾ ਸਟੇਡੀਅਮ ਕੰਢਿਆਂ ਤਕ ਭਰ ਗਿਆ ਸੀ। ਉੱਦਣ ਸੁਰੱਖਿਆ ਪ੍ਰਬੰਧ ਏਨੇ ਕਰੜੇ ਸਨ ਕਿ ਗਾਰਡਾਂ ਨੇ ਪੱਤਰ ਪ੍ਰੇਰਕਾਂ ਦੀਆਂ ਫਾਈਲਾਂ ਵੀ ਤਿੰਨ ਤਿੰਨ ਥਾਈਂ ਫੋਲੀਆਂ। ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ, ਉਪ ਰਾਸ਼ਟਰਪਤੀ ਮੁਹੰਮਦ ਹਦਾਇਤੁੱਲਾ, ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਸਪੀਕਰ ਬਲਰਾਮ ਜਾਖੜ ਸਮੇਤ ਅਨੇਕਾਂ ਮੰਤਰੀ ਤੇ ਮੋਹਤਬਰ ਸੱਜਣ ਵਿਸ਼ੇਸ਼ ਵਿਅਕਤੀਆਂ ਵਾਲੀਆਂ ਸੀਟਾਂ `ਤੇ ਬਿਰਾਜਮਾਨ ਸਨ। ਫਿਲਮੀ ਹੀਰੋ ਅਮਿਤਾਭ ਬੱਚਨ ਦਰਸ਼ਕਾਂ ਦਾ ਧਿਆਨ ਬਦੋਬਦੀ ਖਿੱਚ ਰਿਹਾ ਸੀ। ਹਰਿਆਣੇ ਦਾ ਮੁੱਖ ਮੰਤਰੀ ਭਜਨ ਲਾਲ ਸ਼੍ਰੀਮਤੀ ਇੰਦਰਾ ਗਾਂਧੀ ਵੱਲ ਅਹੁਲ ਰਿਹਾ ਸੀ ਜਿਵੇਂ ਇਹ ਦੱਸਣ ਲਈ ਮੌਕਾ ਭਾਲਦਾ ਹੋਵੇ ਕਿ ਵੇਖ ਲਓ ਬੀਬੀ ਜੀ, ਅੱਗੇ ਦਿੱਲੀ ਵਿੱਚ ਹਾਕੀ ਦੇ ਮੈਚ ਉਤੇ ਅੱਧੋ ਸੁਧ ਪੱਗਾਂ ਵਾਲੇ ਹੁੰਦੇ ਨੇ। ਐਤਕੀਂ ਕੋਈ ਟਾਵਾਂ ਵਿਰਲਾ ਈ ਨਜ਼ਰ ਆਉਂਦਾ ਹੈ। ਮੈਂ ਪੱਗਾਂ ਵਾਲਿਆਂ ਨੂੰ ਹਰਿਆਣੇ ਵਿੱਚ ਦੀ ਨਹੀਂ ਲੰਘਣ ਦਿੱਤਾ!

ਮੈਚ ਸ਼ੁਰੂ ਹੋਇਆ ਤਾਂ ਪੌੜੀਆਂ ਤਿਰੰਗੇ ਝੰਡੇ ਝੰਡੀਆਂ ਨਾਲ ਰੰਗੀਆਂ ਪਈਆਂ ਸਨ। ਸਟੈਡਾਂ ਉਤੇ ਦਰਸ਼ਕਾਂ ਦੀ ਹੱਲਾਸ਼ੇਰੀ ਤੇ ਬੱਲੇ ਬੱਲੇ ਦਾ ਏਨਾ ਸ਼ੋਰ ਸੀ ਜਿਵੇਂ ਸਟੇਡੀਅਮ `ਚ ਭੁਚਾਲ ਆ ਗਿਆ ਹੋਵੇ। ਜਦੋਂ ਭਾਰਤੀ ਖਿਡਾਰੀ ਗੇਂਦ ਲੈ ਕੇ ਪਾਕਿਸਤਾਨ ਦੀ ਡੀ ਵੱਲ ਵੱਧਦੇ ਤਾਂ ਝੰਡੀਆਂ ਉੱਚੀਆਂ ਹੋ ਜਾਂਦੀਆਂ ਤੇ ਸ਼ੋਰ ਦੀਆਂ ਲਹਿਰਾਂ ਅੰਬਰੀਂ ਜਾ ਚੜ੍ਹਦੀਆਂ। ਸ਼ੁਰੂ ਵਿੱਚ ਭਾਰਤੀ ਟੀਮ ਖੇਡੀ ਵੀ ਬਹੁਤ ਚੜ੍ਹ ਕੇ। ਜਦੋਂ ਚੌਥੇ ਹੀ ਮਿੰਟ `ਚ ਭਾਰਤੀ ਟੀਮ ਦੇ ਕਪਤਾਨ ਜ਼ਫ਼ਰ ਇਕਬਾਲ ਨੇ ਗੋਲ ਕੀਤਾ ਤਾਂ ਹਜ਼ਾਰਾਂ ਕਿਲਕਾਰੀਆਂ ਗੂੰਜੀਆਂ। ਇਥੋਂ ਤਕ ਕਿ ਕਈ ਦਰਸ਼ਕ ਖ਼ੁਸ਼ੀ ਵਿੱਚ ਇੱਕ ਦੂਜੇ ਉਤੇ ਡਿੱਗੇ। ਭਾਰਤੀ ਟੀਮ ਦੀ ਚੜ੍ਹਤ ਸੋਲਾਂ ਮਿੰਟ ਤਕ ਬਰਕਰਾਰ ਰਹੀ। ਜਿੰਨੀ ਹੱਲਾਸ਼ੇਰੀ ਉਹਨੂੰ ਦਰਸ਼ਕਾਂ ਵੱਲੋਂ ਮਿਲੀ, ਘੱਟ ਹੀ ਕਿਸੇ ਟੀਮ ਨੂੰ ਮਿਲੀ ਹੋਵੇਗੀ।

ਪਰ ਸਤ੍ਹਾਰਵੇਂ ਮਿੰਟ `ਚ ਕਲੀਮਉੱਲਾ ਨੇ ਅਚਾਨਕ ਹੀ ਗੋਲ ਲਾਹਿਆ ਤਾਂ ਪੌੜੀਆਂ ਉਤਲਾ ਸ਼ੋਰ ਗੁੱਲ ਇੱਕ ਦਮ ਸੌਂ ਗਿਆ ਤੇ ਭਾਰਤੀ ਟੀਮ ਦੀ ਜਿਵੇਂ ਫੂਕ ਈ ਨਿਕਲ ਗਈ। ਉਨ੍ਹੀਵੇਂ ਮਿੰਟ `ਚ ਪਾਕਿਸਤਾਨ ਦੀ ਟੀਮ ਨੇ ਇੱਕ ਹੋਰ ਗੋਲ ਕੀਤਾ ਤਾਂ ਜਾਣੋ ਦਰਸ਼ਕਾਂ ਦੇ ਮਾਪੇ ਹੀ ਮਰ ਗਏ ਤੇ ਤਿਰੰਗੀਆਂ ਝੰਡੀਆਂ ਝੱਗਿਆਂ ਹੇਠ ਲੁਕ ਗਈਆਂ। ਜਸਦੇਵ ਸਿੰਘ ਨੇ ਪਿੱਛੇ ਧੌਣ ਮੋੜ ਕੇ ਸਾਨੂੰ ਆਖਿਆ, “ਮੈਂ ਸਰਦਾਰ ਬੂਟਾ ਸਿੰਘ ਹੋਰਾਂ ਨੂੰ ਪਹਿਲਾਂ ਹੀ ਕਿਹਾ ਸੀ ਕਿ ਆਪਾਂ ਹੋਸਟ ਆਂ ਤੇ ਆਪਾਂ ਨੂੰ ਇਹ ਝੰਡੀਆਂ ਵੰਡਣਾ ਸ਼ੋਭਾ ਨਹੀਂ ਦਿੰਦਾ।”

ਜਿਵੇਂ ਜਿਵੇਂ ਮੈਚ ਅੱਗੇ ਵਧਿਆ ਪਾਕਿਸਤਾਨੀ ਖਿਡਾਰੀ ਹੋਰ ਚੜ੍ਹਦੇ ਗਏ। ਭਾਰਤ ਦਾ ਗੋਲਕੀਪਰ ਮੀਰ ਰੰਜਨ ਨੇਗੀ ਅੱਗੇ ਵਧ ਕੇ ਗੇਂਦ ਰੋਕਣ ਦੀ ਕੋਸ਼ਿਸ਼ ਕਰਦਾ ਪਰ ਡਾਜ ਖਾ ਜਾਂਦਾ ਤੇ ਗੋਲ ਕਰਾ ਬਹਿੰਦਾ। ਪਾਕਿਸਤਾਨੀ ਟੀਮ ਨੇ ਉਤੋੜੁਤੀ ਸੱਤ ਗੋਲ ਕੀਤੇ ਤੇ ਭਾਰਤੀ ਟੀਮ ਨੂੰ ਉਹਦੇ ਹੀ ਘਰ ਉਹਦੇ ਹਮਾਇਤੀਆਂ ਦੇ ਸਾਹਮਣੇ ਏਨੀ ਨਮੋਸ਼ੀ ਭਰੀ ਹਾਰ ਦਿੱਤੀ ਕਿ ਭਾਰਤੀ ਖਿਡਾਰੀਆਂ ਦੇ ਆਉਸਾਨ ਹੀ ਮਾਰੇ ਗਏ। ਗੋਲਕੀਪਰ ਨੇਗੀ ਨੂੰ ਦਰਸ਼ਕਾਂ ਦੇ ਤਾਹਨੇ ਮਿਹਣੇ ਸੁਣਨੇ ਪਏ ਤੇ ਭਾਰਤੀ ਖਿਡਾਰੀ ਚੋਰਾਂ ਵਾਂਗ ਸਟੇਡੀਅਮ `ਚੋਂ ਅਲੋਪ ਹੋਏ। ਮੁੱਖ ਕੋਚ ਬਲਬੀਰ ਸਿੰਘ ਕਿੰਨੀ ਹੀ ਦੇਰ ਡੌਰ ਭੌਰਾ ਬੈਂਚ ਉਤੇ ਬੈਠਾ ਰਿਹਾ ਜਿਵੇਂ ਖ਼ੌਫ਼ਨਾਕ ਸੁਫ਼ਨਾ ਵੇਖਿਆ ਹੋਵੇ। ਦੂਜੇ ਪਾਸੇ ਪਾਕਿਸਤਾਨੀ ਖਿਡਾਰੀ ਜਿੱਤ ਦੇ ਜਸ਼ਨ ਮਨਾਉਂਦੇ ਮੈਦਾਨ ਵਿੱਚ ਮੇਲ੍ਹਦੇ ਤੇ ਮੁਸਕਣੀਆਂ ਵੰਡਦੇ ਫਿਰੇ।

ਇਸ ਤੱਥ ਦਾ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਪਾਕਿਸਤਾਨ ਦੀ ਜਿਹੜੀ ਟੀਮ ਦਿੱਲੀ ਦੇ ਨੈਸ਼ਨਲ ਸਟੇਡੀਅਮ ਵਿੱਚ ਭਾਰਤੀ ਟੀਮ ਨੂੰ 7-1 ਗੋਲਾਂ ਦੇ ਵੱਡੇ ਫਰਕ ਨਾਲ ਹਰਾ ਗਈ ਸੀ ਉਹ ਕੁੱਝ ਹੀ ਦਿਨਾਂ ਮਗਰੋਂ ਆਸਟ੍ਰੇਲੀਆ ਦੇ ਇੱਕ ਕੌਮਾਂਤਰੀ ਟੂਰਨਾਮੈਂਟ ਵਿੱਚ ਭਾਰਤ ਦੀ ਟੀਮ ਹੱਥੋਂ ਹਾਰ ਗਈ ਸੀ। ਪਰ ਜੋ ਕਲੰਕ ਭਾਰਤੀ ਟੀਮ ਨੇ ਏਸ਼ਿਆਈ ਖੇਡਾਂ ਵਿੱਚ ਖੱਟਿਆ ਸੀ ਉਹ ਧੋਤਾ ਨਾ ਜਾ ਸਕਿਆ। ਵਿਚਾਰਾ ਗੋਲਕੀਪਰ ਮੀਰ ਚੰਦਨ ਨੇਗੀ ਤਾਂ ਜ਼ਿਆਦਾ ਹੀ ਨੇਣ੍ਹਿਆ ਗਿਆ। ਉਸ ਦੇ ਸ਼ਹਿਰ ਮੁੰਬਈ ਵਿੱਚ ਵੀ ਉਸ ਦੀ ਬੇਇਜ਼ਤੀ ਕੀਤੀ ਗਈ। ਕਈਆਂ ਨੇ ਤਾਂ ਇਥੋਂ ਤਕ ਇਲਜ਼ਾਮ ਲਾ ਦਿੱਤੇ ਕਿ ਉਸ ਨੇ ਗੋਲ ਕਰਾਉਣ ਦੇ ਪਾਕਿਸਤਾਨੀਆਂ ਤੋਂ ਪੈਸੇ ਲਏ ਸਨ। ਨੇਗੀ ਆਪਣੀ ਖੇਡ ਹੱਥੋਂ ਪਹਿਲਾਂ ਹੀ ਪਰੇਸ਼ਾਨ ਸੀ। ਇਹੋ ਜਿਹੇ ਇਲਜ਼ਾਮ ਸੁਣ ਕੇ ਉਹਦੀ ਜੋ ਹਾਲਤ ਹੋਈ ਹੋਵੇਗੀ ਉਹਦਾ ਦੁੱਖ ਉਹੀ ਜਾਣਦਾ ਸੀ।

ਨੇਗੀ ਚਾਹੁੰਦਾ ਸੀ ਕਿ ਉਹ ਆਪਣੇ ਉਤੇ ਲੱਗਾ ਕਲੰਕ ਕਿਸੇ ਤਰ੍ਹਾਂ ਧੋ ਸਕੇ। ਆਖ਼ਰ ਇਹ ਬਿਧ 1998 ਦੀਆਂ ਏਸ਼ਿਆਈ ਖੇਡਾਂ ਸਮੇਂ ਬਣੀ। ਮੀਰ ਰੰਜਨ ਨੇਗੀ ਭਾਰਤੀ ਹਾਕੀ ਟੀਮ ਦਾ ਕੋਚ ਬਣਿਆ ਤੇ ਭਾਰਤੀ ਟੀਮ ਨੇ ਪਾਕਿਸਤਾਨ ਦੀ ਟੀਮ ਨੂੰ ਹਰਾ ਕੇ ਹਾਕੀ ਦਾ ਗੋਲਡ ਮੈਡਲ ਜਿੱਤ ਲਿਆ। ਨੇਗੀ ਉਤੇ ਦੇਸ਼ ਦੀ ਹਾਕੀ ਟੀਮ ਨਾਲ ਗੱਦਾਰੀ ਕਰਨ ਦੀਆਂ ਜੋ ਤੋਹਮਤਾਂ ਲਾਈਆਂ ਗਈਆਂ ਸਨ ਉਸ ਦਾ ਜਵਾਬ ਉਸ ਨੇ ਦੇਸ਼ ਦੀ ਹਾਕੀ ਟੀਮ ਨੂੰ ਜਿਤਾ ਕੇ ਦਿੱਤਾ। ਫਿਲਮ `ਚੱਕ ਦੇ ਇੰਡੀਆ’ ਦੀ ਕਹਾਣੀ ਵੀ ਇਹੋ ਹੈ। ਫਿਲਮ ਦਾ ਹੀਰੋ ਸ਼ਾਹਰੁਖ਼ ਖ਼ਾਨ ਵੀ ਭਾਰਤੀ ਟੀਮ ਦਾ ਗੋਲਚੀ ਬਣ ਕੇ ਗੋਲ ਕਰਵਾ ਬੈਠਦਾ ਹੈ। ਉਹਦੇ ਉਤੇ ਊਜਾਂ ਲੱਗਦੀਆਂ ਹਨ। ਫਿਰ ਉਹ ਭਾਰਤੀ ਕੁੜੀਆਂ ਦੀ ਹਾਕੀ ਟੀਮ ਦਾ ਕੋਚ ਬਣ ਕੇ ਟੀਮ ਨੂੰ ਵਰਲਡ ਕੱਪ ਜਿਤਾਉਂਦਾ ਹੋਇਆ ਉਨ੍ਹਾਂ ਊਜਾਂ ਦਾ ਜਵਾਬ ਦਿੰਦਾ ਹੈ। ਉਸ ਨੂੰ ਗੱਦਾਰ ਕਹਿਣ ਵਾਲੇ ਸਮਝ ਜਾਂਦੇ ਹਨ ਕਿ ਉਹ ਦੇਸ਼ ਦਾ ਗਦਾਰ ਨਹੀਂ ਸਗੋਂ ਅਸਲੀ ਦੇਸ਼ਭਗਤ ਹੈ।

ਫਿਲਮ `ਚੱਕ ਦੇ ਇੰਡੀਆ’ ਨੇ ਭਾਰਤੀ ਲੋਕਾਂ ਦੇ ਕੌਮੀ ਜਜ਼ਬੇ ਨੂੰ ਜਿੰਨਾ ਉਭਾਰਿਆ ਉਹਦਾ ਹਾਂ ਪੱਖੀ ਨਤੀਜਾ ਨਿਕਲਿਆ। ਫਿਲਮ ਦੇ ਪ੍ਰਦਰਸ਼ਨ ਪਿੱਛੋਂ ਭਾਰਤੀ ਹਾਕੀ ਟੀਮ ਨੇ ਬੜੀ ਸ਼ਾਨ ਨਾਲ ਏਸ਼ੀਆ ਹਾਕੀ ਕੱਪ ਜਿੱਤਿਆ। ਏਸ਼ੀਆ ਕੱਪ ਸਮੇਂ ਚੱਕ ਦੇ ਇੰਡੀਆ ਦੇ ਗੀਤਾਂ ਦੀਆਂ ਟੇਪਾਂ ਵੱਜਦੀਆਂ ਰਹੀਆਂ ਤੇ ਹੱਲਾਸ਼ੇਰੀ ਗੂੰਜਦੀ ਰਹੀ। ਹਾਕੀ ਕੱਪ ਦੀ ਜਿੱਤ ਦੇ ਕੁੱਝ ਦਿਨਾਂ ਪਿੱਛੋਂ ਹੀ ਭਾਰਤੀ ਟੀਮ ਨੇ ਵੀਹ ਓਵਰਾਂ ਵਾਲਾ ਵਰਲਡ ਕ੍ਰਿਕਟ ਜਿੱਤ ਲਿਆ। ਸ਼ਤਰੰਜ ਦੀ ਖੇਡ ਵਿੱਚ ਵੀ ਭਾਰਤ ਨੇ ਵਿਸ਼ਵ ਚੈਂਪੀਅਨਸ਼ਿਪ ਜਿੱਤੀ ਤੇ ਫੁੱਟਬਾਲ ਦੀ ਖੇਡ ਵਿੱਚ ਵੀ ਭਾਰਤ ਦੇ ਜੂਨੀਅਰ ਖਿਡਾਰੀਆਂ ਨੇ ਬੜੀ ਹੋਣਹਾਰੀ ਵਿਖਾਈ। ਕਿਸੇ ਵੀ ਖੇਡ ਦੀ ਜਿੱਤ ਹਾਰ ਵਿੱਚ ਖਿਡਾਰੀਆਂ ਦੇ ਮਨੋ ਬਲ ਦਾ ਬੜਾ ਰੋਲ ਹੁੰਦਾ ਹੈ ਜਿਹੜਾ ਫਿਲਮ ਚੱਕ ਦੇ ਇੰਡੀਆ ਨੇ ਵਧਾਇਆ।

ਨੇਗੀ ਨੂੰ ਨੈਸ਼ਨਲ ਸਟੇਡੀਅਮ ਸੱਤ ਗੋਲ ਖਾਣ ਕਰਕੇ ਯਾਦ ਰਹੇਗਾ, ਸ਼ਾਹਰੁਖ਼ ਖਾਨ ਨੂੰ ਨੇਗੀ ਉਤੇ ਬਣਾਈ ਫਿਲਮ ਕਰਕੇ ਯਾਦ ਹੋਵੇਗਾ ਪਰ ਮੈਨੂੰ ਖੇਡਾਂ ਤੇ ਖਿਡਾਰੀਆਂ ਬਾਰੇ ਲਿਖਣ ਦੀ ਚਿਣਗ ਲਾਉਣ ਕਰਕੇ ਯਾਦ ਹੈ।

Additional Info

  • Writings Type:: A single wirting
Read 3650 times
ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਦੋ ਦਰਜਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ `ਚ ਡੇਢ ਦਰਜਨ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹੈ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ। ਉਸ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ `ਚ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ। ਉਹ 1965-66 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹਾ ਹੈ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੋ ਗਈ ਹੈ। ਉਸ ਦੇ ਦੋ ਪੁੱਤਰ ਹਨ। ਇਕ ਕੈਨੇਡਾ ਵਿਚ ਹੈ ਤੇ ਇਕ ਪੰਜਾਬ ਵਿਚ। ਉਹ ਆਪਣੀ ਪਤਨੀ ਹਰਜੀਤ ਕੌਰ ਨਾਲ ਗਰਮੀਆਂ ਕੈਨੇਡਾ ਵਿਚ ਕੱਟਦਾ ਹੈ ਤੇ ਸਿਆਲ ਦਾ ਨਿੱਘ ਪੰਜਾਬ ਵਿਚ ਮਾਣਦਾ ਹੈ।