ਲੇਖ਼ਕ

Tuesday, 13 October 2009 09:19

09 - ਐੱਮ.ਆਰ.ਕਾਲਜ ਫਾਜ਼ਿਲਕਾ

Written by
Rate this item
(0 votes)

ਮੈਂ 1956 ਵਿੱਚ ਮੈਟ੍ਰਿਕ ਕੀਤੀ। ਉਦੋਂ ਮੈ੍ਰਿਟਕ ਦਾ ਇਮਤਿਹਾਨ ਪੰਜਾਬ ਯੂਨੀਵਰਸਿਟੀ ਲਿਆ ਕਰਦੀ ਸੀ। ਲਾਹੌਰ ਤੋਂ ਬਾਅਦ ਪੂਰਬੀ ਪੰਜਾਬ ਦੀ ਯੂਨੀਵਰਸਿਟੀ ਦਾ ਹੈੱਡਕੁਆਟਰ ਸੋਲਨ ਸੀ। ਮੈਨੂੰ ਜਿਹੜੀ ਸਨਦ ਮਿਲੀ ਉਸ ਉਪਰ ਸੋਲਨ ਛਪਿਆ ਹੋਇਆ ਹੈ ਤੇ ਦਸਤਖ਼ਤ ਰਜਿਸਟਰਾਰ ਅਗਨੀਹੋਤਰੀ ਦੇ ਹਨ। ਦਸਵੀਂ ਦਾ ਇਮਤਿਹਾਨ ਦੇਣ ਵਾਲੇ ਸਾਡੇ ਪਿੰਡ ਦੇ ਸਾਰੇ ਮੁੰਡਿਆਂ `ਚੋਂ ਮੈਂ `ਕੱਲਾ ਈ ਪਾਸ ਹੋ ਸਕਿਆਂ ਸਾਂ। ਇਸ ਲਈ ਪਿੰਡ ਦੇ ਲੋਕ ਮੈਨੂੰ ਹੁਸ਼ਿਆਰ ਵਿਦਿਆਰਥੀ ਕਹਿ ਰਹੇ ਸਨ। ਪਰ ਆਈ ਮੇਰੀ ਥਰਡ ਡਿਵੀਜ਼ਨ ਹੀ ਸੀ। ਅੱਕਾਂ `ਚ ਰਿੰਡ ਪ੍ਰਧਾਨ ਹੋਣ ਵਾਲੀ ਗੱਲ ਸੀ। ਬਾਅਦ ਵਿੱਚ ਮੈਂ ਆਪਣੇ ਦਸਵੀਂ ਦੇ ਨੰਬਰ ਦੱਸਣੋਂ ਸੰਕੋਚ ਕਰਦਾ ਰਿਹਾ ਜਦ ਕਿ ਉਦੋਂ ਦੀਆਂ ਹਾਲਤਾਂ ਵਿੱਚ ਮੇਰਾ ਪਾਸ ਹੋਣਾ ਹੀ ਫਸਟ ਡਿਵੀਜ਼ਨ ਲੈਣ ਵਰਗਾ ਸੀ।

ਉਹਨਾਂ ਦਿਨਾਂ `ਚ ਗੁਰੂਸਰ ਸੁਧਾਰ ਕਾਲਜ ਦਾ ਪ੍ਰਿੰਸੀਪਲ ਇਕਬਾਲ ਸਿੰਘ ਇਲਾਕੇ ਦੇ ਪਾਸ ਹੋਏ ਵਿਦਿਆਰਥੀਆਂ ਨੂੰ ਚਿੱਠੀਆਂ ਪਾ ਕੇ ਵਧਾਈ ਦਿੰਦਾ ਹੁੰਦਾ ਸੀ ਤੇ ਆਪਣੇ ਕਾਲਜ ਵਿੱਚ ਦਾਖਲ ਹੋਣ ਲਈ ਪ੍ਰੇਰਦਾ ਸੀ। ਮੈਨੂੰ ਵੀ ਸੁਧਾਰ ਦਾਖਲ ਹੋਣ ਲਈ ਉਸ ਦੀ ਚਿੱਠੀ ਮਿਲੀ ਸੀ। ਪਰ ਮੇਰਾ ਤਾਂ ਪਹਿਲਾਂ ਹੀ ਫਾਜ਼ਿਲਕਾ ਦੇ ਕਾਲਜ ਵਿੱਚ ਪੜ੍ਹਨ ਦਾ ਮਨ ਹੋਇਆ ਸੀ। ਕਾਲਜ ਦੇ ਕੋਲ ਈ ਭੂਆ ਦਾ ਪਿੰਡ ਸੀ ਜਿਥੇ ਫੀਸ ਤੋਂ ਬਿਨਾਂ ਕੋਈ ਖਰਚਾ ਨਹੀਂ ਸੀ ਹੋਣਾ। ਉਦੋਂ ਕਾਲਜ ਥੋੜ੍ਹੇ ਸਨ ਤੇ ਦੂਰ ਦੁਰਾਡੇ ਸਨ। ਜਗਰਾਓਂ ਵੀ ਅਜੇ ਕਾਲਜ ਨਹੀਂ ਸੀ ਬਣਿਆ। ਇੱਕ ਕਾਲਜ ਮੋਗੇ ਸੀ, ਫਿਰ ਫਿਰੋਜ਼ਪੁਰ ਤੇ ਉਸ ਤੋਂ ਅੱਗੇ ਫਾਜ਼ਿਲਕਾ। ਅਬੋਹਰ, ਮਲੋਟ, ਜਲਾਲਾਬਾਦ ਤੇ ਜ਼ੀਰੇ ਵਰਗੇ ਸ਼ਹਿਰਾਂ ਵਿੱਚ ਕੋਈ ਕਾਲਜ ਨਹੀਂ ਸੀ। ਮੁਕਤਸਰ ਵੀ ਮਗਰੋਂ ਕਾਲਜ ਖੁੱਲ੍ਹਿਆ। ਹੁਣ ਤਾਂ ਕਾਲਜ ਉਤੇ ਕਾਲਜ ਚੜ੍ਹਿਆ ਪਿਐ। ਚਕਰ ਨਾਲ ਲੱਗਦੇ ਪਿੰਡ ਲੋਪੋਂ ਵਿੱਚ ਈ ਦੋ ਕਾਲਜ ਹਨ, ਇੱਕ ਕਾਲਜ ਢੁੱਡੀਕੇ ਹੈ, ਇੱਕ ਕਮਾਲਪੁਰੇ ਤੇ ਇੱਕ ਡੱਲੇ ਖੁੱਲ੍ਹ ਚੁੱਕੈ। ਉਦੋਂ ਪਿੰਡਾਂ `ਚੋ ਇੱਕਾ ਦੁੱਕਾ ਵਿਦਿਆਰਥੀ ਹੀ ਕਾਲਜ ਪੜ੍ਹਦੇ ਸਨ ਤੇ ਮੈਂ ਆਪਣੇ ਪਿੰਡ ਦੇ ਚਾਰ ਕਾਲਜੀਏਟਾਂ `ਚੋਂ ਇੱਕ ਸਾਂ।

ਜੁਲਾਈ ਵਿੱਚ ਕਾਲਜਾਂ ਦੇ ਦਾਖਲੇ ਸ਼ੁਰੂ ਹੋਏ ਤਾਂ ਮੈਂ ਤੜਕਿਓਂ ਈ ਪਿੰਡੋਂ ਤੁਰ ਕੇ ਜਗਰਾਓਂ ਤੋਂ ਸੱਤ ਵਾਲੀ ਗੱਡੀ ਜਾ ਫੜੀ ਤੇ ਦੋ ਵਜਦੇ ਨੂੰ ਫਾਜ਼ਿਲਕਾ ਪਹੁੰਚ ਗਿਆ। ਗਰਮੀ ਬਹੁਤ ਸੀ। ਘੰਟਾ ਘਰ ਦੇ ਚੌਂਕ ਵਿੱਚ ਰੇੜ੍ਹੀਆਂ ਉਤੇ ਸ਼ਰਦਾਈ ਦੇ ਗਲਾਸ ਵਿਕ ਰਹੇ ਸਨ। ਉਥੇ ਕੂੰਡਿਆਂ `ਚ ਘੁੰਗਰੂਆਂ ਵਾਲੇ ਘੋਟਣੇ ਖੜਕ ਰਹੇ ਸਨ ਜੋ ਰਾਹ ਜਾਂਦਿਆਂ ਦਾ ਧਿਆਨ ਮੱਲੋਮੱਲੀ ਖਿੱਚਦੇ। ਉਹ ਬਰਫ਼ ਇੱਕ ਗੁਥਲੀ `ਚ ਪਾ ਕੇ ਲੱਕੜ ਦੀ ਥਾਪੀ ਨਾਲ ਭੰਨਦੇ ਤੇ ਕੱਚ ਦੇ ਵੱਡੇ ਗਲਾਸਾਂ ਵਿੱਚ ਪਾਉਂਦੇ। ਮੈਂ ਉਥੋਂ ਸ਼ਰਦਾਈ ਦਾ ਗਲਾਸ ਪੀ ਕੇ ਕਾਲਜੇ ਠੰਢ ਪਾਈ। ਸੁਆਦ ਤੋਂ ਲੱਗਿਆ ਸੀ ਕਿ ਸ਼ਰਦਾਈ `ਚ ਬਦਾਮ, ਖਸਖਸ, ਇਲਾਇਚੀ, ਕਾਲੀ ਮਿਰਚ ਤੇ ਮਗ਼ਜ਼ ਪਾਏ ਸਨ। ਦੁੱਧ ਤੇ ਖੰਡ ਨਾਲ ਉਹਦਾ ਸੁਆਦ ਬਹੁਤ ਮਿੱਠਾ ਤੇ ਸੰਘਣਾ ਸੀ।

ਉੱਨ ਬਾਜ਼ਾਰ, ਸੁਲੇਮਾਨਕੀ ਚੁੰਗੀ ਤੇ ਡੀ.ਏ.ਵੀ.ਸਕੂਲ ਕੋਲ ਦੀ ਲੰਘ ਕੇ ਮੈਂ ਕਾਲਜ ਅੱਗੋਂ ਦੀ ਲੰਘਣ ਲੱਗਾ ਤਾਂ ਪੀਲੀ ਇਮਾਰਤ ਉਤੇ ਉੱਕਰੇ ਮੁਨਸ਼ੀ ਰਾਮ ਕਾਲਜ ਦੇ ਵੱਡੇ ਕਾਲੇ ਅੱਖਰ ਪੜ੍ਹੇ। ਕਾਲਜ ਦੇ ਘੰਟਾਘਰ ਵਰਗੇ ਦੋ ਉੱਚੇ ਬੁਰਜ ਬਿਲਡਿੰਗ ਦੀ ਸ਼ਾਨ ਸਨ। ਚੜ੍ਹਦੇ ਪਾਸੇ ਹੋਸਟਲ ਸੀ ਤੇ ਪਿਛਲੇ ਪਾਸੇ ਖੇਡਣ ਦੇ ਮੈਦਾਨ ਸਨ। ਮੂਹਰੇ ਬਹੁਤ ਵੱਡਾ ਲਾਅਨ ਸੀ। ਕਾਲਜ ਦੀ ਤਿੰਨ ਚਾਰ ਫੁੱਟ ਉੱਚੀ ਕੰਧ ਨਿੱਕੀਆਂ ਨਿੱਕੀਆਂ ਥੰਮ੍ਹਲੀਆਂ ਵਾਲੀ ਸੀ ਜੀਹਦੇ ਪਿਛਲੇ ਪਾਸੇ ਸਾਈਕਲ ਸਟੈਂਡ ਸੀ। ਗੇਟ ਖੁੱਲ੍ਹਾ ਸੀ ਜਿਸ ਕਰਕੇ ਮੈਂ ਅੰਦਰ ਚਲਾ ਗਿਆ ਸਾਂ। ਮੈਂ ਕਾਲਜ ਦੇ ਨਲਕੇ ਤੋਂ ਮੂੰਹ ਧੋਤਾ ਤੇ ਪਾਣੀ ਪੀਤਾ। ਪਾਣੀ ਸੁਆਦ ਸੀ ਜੋ ਮੈਂ ਕਈ ਸਾਲ ਪੀਣਾ ਸੀ।

ਅਗਲੇ ਦਿਨ ਨਵੇਂ ਕਪੜੇ ਪਾ ਕੇ ਕਾਲਜ ਆਇਆ ਤਾਂ ਨਵੇਂ ਮੁੰਡੇ ਦਾਖਲ ਹੋ ਰਹੇ ਸਨ ਤੇ ਪੁਰਾਣੇ ਵਿਦਿਆਰਥੀ ਉਨ੍ਹਾਂ ਦਾ ਮੌਜੂ ਉਡਾ ਰਹੇ ਸਨ। ਮੇਰੇ ਦੁਆਲੇ ਵੀ ਕੁੱਝ ਪੁਰਾਣੇ ਵਿਦਿਆਰਥੀ ਆਣ ਜੁੜੇ। ਉਨ੍ਹਾਂ ਨੇ ਮੈਨੂੰ ਮਖੌਲ ਕੀਤੇ ਤੇ ਗੱਲ੍ਹਾਂ ਨੂੰ ਹੱਥ ਲਾਏ। ਮੈਂ ਉਦੋਂ ਲਵਾ ਮੁੰਡਾ ਸਾਂ ਤੇ ਮੁੱਛ ਵੀ ਨਹੀਂ ਸੀ ਫੁੱਟੀ। ਕਿਸੇ ਨੇ ਮੈਨੂੰ ਬਿੱਲੋ ਕਿਹਾ ਤੇ ਕਿਸੇ ਨੇ ਭਾਬੀ। ਮੈਨੂੰ ਗੁੱਸਾ ਤਾਂ ਬਹੁਤ ਆਇਆ ਪਰ ਕਰਦਾ ਕੀ? ਉਦੋਂ ਨਵੇਂ ਆਏ ਵਿਦਿਆਰਥੀਆਂ ਦੀ ਇਹੋ ਜਿਹੀ ਰੈਗਿੰਗ ਹੁੰਦੀ ਹੀ ਸੀ। ਕਿਸੇ ਨੇ ਅਛੋਪਲੇ ਹੀ ਮੇਰੀ ਕਮੀਜ਼ ਦੇ ਪਿਛਲੇ ਪਾਸੇ ਕਾਗਜ਼ ਚਿਪਕਾ ਦਿੱਤਾ। ਮੈਂ ਘਰ ਮੁੜ ਕੇ ਕਮੀਜ਼ ਲਾਹੀ ਤਾਂ ਮੈਨੂੰ ਚਿਪਕਾਏ ਹੋਏ ਕਾਗਜ਼ ਦਾ ਪਤਾ ਲੱਗਾ। ਉਹਦੇ ਉਤੇ ਲਿਖਿਆ ਹੋਇਆ ਸੀ-ਰਾਊਂਡ ਫੂਲ! ਇਹਦਾ ਮਤਲਬ ਸੀ ਕਿ ਮੈਂ ਕਾਲਜ ਵਿੱਚ ਤੇ ਰਸਤੇ `ਚ ਰਾਊਂਡ ਫੂਲ ਈ ਬਣਿਆ ਆਇਆ ਸਾਂ। ਸ਼ੁਕਰ ਐ ਮੈਨੂੰ ਕਿਸੇ ਨੇ ਬਲੱਡੀ ਫੂਲ ਨਹੀਂ ਸੀ ਕਿਹਾ ਗਿਆ ਜਿਵੇਂ ਫਿਰੋਜ਼ ਦੀਨ ਸ਼ਰਫ਼ ਨੇ ਲਿਖਿਆ ਸੀ-ਜੀਂਦੇ ਰਹੇ ਜੇ ਪੁੱਤ ਅਕਾਲੀਆਂ ਦੇ ਅਸਾਂ ਫੂਲ ਬਲੱਡੀ ਨਹੀਂ ਕਹਿਣ ਦੇਣਾ।

ਉਹਨਾਂ ਦਿਨਾਂ `ਚ ਦੋ ਜਮਾਤਾਂ ਦੀ ਐੱਫ.ਏ.ਹੁੰਦੀ ਸੀ ਤੇ ਦੋ ਦੀ ਬੀ.ਏ.। ਐੱਫ.ਏ.`ਚ ਚਾਰ ਮਜ਼ਮੂਨ ਸਨ ਜਿਨ੍ਹਾਂ `ਚ ਅੰਗਰੇਜ਼ੀ ਲਾਜ਼ਮੀ ਸੀ। ਮੈਂ ਅੰਗਰੇਜ਼ੀ ਦੇ ਨਾਲ ਪੰਜਾਬੀ, ਸਵਿਕਸ ਤੇ ਇਤਿਹਾਸ ਦੇ ਵਿਸ਼ੇ ਰੱਖੇ। ਪੰਜਾਬੀ ਮੇਰਾ ਮਨਭਾਉਂਦਾ ਵਿਸ਼ਾ ਸੀ। ਪੰਜਾਬੀ ਪੜ੍ਹਾਉਣ ਵਾਲੇ ਪ੍ਰੋ.ਗੁਰਬਖ਼ਸ਼ ਸਿੰਘ ਸੱਚਦੇਵ ਸਨ। ਮੱਲ੍ਹੇ ਦੇ ਹਾਈ ਸਕੂਲ ਵਿੱਚ ਪੰਜਾਬੀ ਮੈਂ ਕੌਂਕਿਆਂ ਦੇ ਗਿਆਨੀ ਦਲੀਪ ਸਿੰਘ ਤੋਂ ਪੜ੍ਹਿਆ ਸਾਂ ਤੇ ਪ੍ਰਾਇਮਰੀ ਵਿੱਚ ਮਾਸਟਰ ਰਾਮ ਸਿੰਘ ਤੋਂ। ਮੈਨੂੰ ਪੰਜਾਬੀ ਦੇ ਤਿੰਨੇ ਉਸਤਾਦ ਵਧੀਆ ਮਿਲੇ ਜਿਨ੍ਹਾਂ ਨੇ ਮੈਨੂੰ ਮੁੱਢ ਤੋਂ ਹੀ ਸ਼ੁਧ ਲਿਖਾਈ ਕਰਨੀ ਸਿਖਾ ਦਿੱਤੀ ਸੀ। ਮੈਂ ਮਹਿਸੂਸ ਕਰਦਾ ਹਾਂ ਕਿ ਪ੍ਰਾਇਮਰੀ ਜਮਾਤਾਂ ਤੋਂ ਹੀ ਬੱਚਿਆਂ ਨੂੰ ਸ਼ੁਧ ਲਿਖਾਈ ਕਰਾਉਣ ਵਾਲੇ ਉਸਤਾਦ ਮਿਲਣੇ ਚਾਹੀਦੇ ਹਨ। ਬਾਅਦ ਵਿੱਚ ਗ਼ਲਤ ਲਿਖਾਈ ਸ਼ੁਧ ਕਰਨੀ ਬੜੀ ਮੁਸ਼ਕਲ ਹੋ ਜਾਂਦੀ ਹੈ।

ਸਾਡਾ ਪੰਜਾਬੀ ਦਾ ਪੀਰੀਅਡ ਲੱਗਾ ਤਾਂ ਪਹਿਲੇ ਦਿਨ ਜਾਣ ਪਛਾਣ ਹੀ ਹੋਈ। ਸਾਨੂੰ ‘ਕਾਲਜ ਵਿੱਚ ਮੇਰਾ ਪਹਿਲਾ ਦਿਨ’ ਸਿਰਲੇਖ ਅਧੀਨ ਲੇਖ ਲਿਖ ਕੇ ਲਿਆਉਣ ਲਈ ਕਿਹਾ ਗਿਆ। ਗਿਅ੍ਹਾਰਵੀਂ ਵਿੱਚ ਅਸੀਂ ਸੌ ਤੋਂ ਵੱਧ ਵਿਦਿਆਰਥੀ ਸਾਂ ਪਰ ਪੰਜਾਬੀ ਪੜ੍ਹਨ ਵਾਲੇ ਮਸਾਂ ਵੀਹ ਕੁ ਸਨ ਤੇ ਉਹ ਵੀ ਸਾਰੇ ਸਿੱਖਾਂ ਦੇ ਮੁੰਡੇ ਕੁੜੀਆਂ। ਹਵਾ ਈ ਕੁੱਝ ਇਹੋ ਜਿਹੀ ਸੀ ਕਿ ਸਿੱਖਾਂ ਦੇ ਬੱਚੇ ਪੰਜਾਬੀ ਪੜ੍ਹਦੇ ਸਨ ਤੇ ਹਿੰਦੂਆਂ ਦੇ ਹਿੰਦੀ। ਪੰਜਾਬੀ ਸੂਬੇ ਦੇ ਵਿਰੋਧ ਵਿੱਚ ਬਹੁਤ ਸਾਰੇ ਪੰਜਾਬੀ ਹਿੰਦੂ ਆਪਣੀ ਮਾਂ ਬੋਲੀ ਪੰਜਾਬੀ ਤੋਂ ਮੁਨਕਰ ਹੋ ਗਏ ਸਨ ਤੇ ਹਿੰਦੀ ਨੂੰ ਮਾਤ ਭਾਸ਼ਾ ਲਿਖਵਾਉਣ ਲੱਗ ਪਏ ਸਨ। ਕਾਲਜ ਵਿੱਚ ਹਿੰਦੂ ਵਿਦਿਆਰਥੀਆਂ ਦੀ ਬਹੁਗਿਣਤੀ ਸੀ। ਪੰਜਾਬੀ ਬੋਲੀ ਦਾ ਪ੍ਰਚਾਰ ਪੰਜਾਬੀ ਅਖ਼ਬਾਰਾਂ ਰਾਹੀਂ ਕੀਤਾ ਜਾਂਦਾ ਸੀ ਤੇ ਹਿੰਦੀ ਭਾਸ਼ਾ ਦਾ ਉਰਦੂ ਤੇ ਅੰਗਰੇਜ਼ੀ ਅਖ਼ਬਾਰਾਂ ਰਾਹੀਂ ਹੁੰਦਾ ਸੀ। ਪੰਜਾਬ ਵਿੱਚ ਹਿੰਦੀ ਦੇ ਅਖ਼ਬਾਰ ਉਦੋਂ ਪ੍ਰਚਲਤ ਨਹੀਂ ਸਨ ਹੋਏ।

ਕਾਲਜ ਦੇ ਤਿੰਨ ਕੁ ਸੌ ਵਿਦਿਆਰਥੀਆਂ `ਚ ਕੁੜੀਆਂ ਮਸਾਂ ਪੰਦਰਾਂ ਵੀਹ ਹੀ ਸਨ ਜਿਨ੍ਹਾਂ ਨੂੰ ਮੁੰਡੇ ਵੇਖਦੇ ਰਹਿੰਦੇ ਤੇ ਉਹ ਨੀਵੀਂ ਪਾਈ ਰੱਖਦੀਆਂ। ਪੰਜਾਬੀ ਦਾ ਵਿਸ਼ਾ ਕੋਈ ਕੁੜੀ ਨਹੀਂ ਸੀ ਪੜ੍ਹਦੀ ਕਿਉਂਕਿ ਕੁੜੀਆਂ ਸਨ ਹੀ ਮਹਾਜਨਾਂ ਦੀਆਂ। ਉਹ ਹਿੰਦੀ ਪੜ੍ਹਦੀਆਂ ਸਨ। ਕੁੱਝ ਮੁੰਡੇ, ਕੁੜੀਆਂ ਨਾਲ ਪੜ੍ਹਨ ਦੀ ਖਾਤਰ ਹਿੰਦੀ ਪੜ੍ਹਨ ਲੱਗ ਪਏ ਸਨ। ਸਾਡੇ ਨਾਲ ਦਾ ਇੱਕ ਭਾਊ ਵੀ ਪੰਜਾਬੀ ਛੱਡ ਕੇ ਹਿੰਦੀ ਦੀ ਕਲਾਸ ਵਿੱਚ ਜਾਣ ਨੂੰ ਫਿਰਦਾ ਸੀ ਜੀਹਨੂੰ ਅਸੀਂ ਮਸਾਂ ਰੋਕਿਆ। ਜੇ ਕੋਈ ਕੁੜੀ ਪੰਜਾਬੀ ਪੜ੍ਹਦੀ ਹੁੰਦੀ ਤਾਂ ਸੰਭਵ ਸੀ ਹੋਰ ਮੁੰਡੇ ਵੀ ਪੰਜਾਬੀ ਪੜ੍ਹਨ ਲੱਗ ਪੈਂਦੇ। ਕੋਈ ਮੰਨੇ ਨਾ ਮੰਨੇ, ਮੁੰਡੇ ਕੁੜੀਆਂ ਪਿੱਛੇ ਜਾਣੋ ਨਹੀਂ ਹਟਦੇ। ਟਿਊਸ਼ਨਾਂ ਪੜ੍ਹਾਉਣ ਵਾਲੇ ਇਕੋ ਸੋਹਣੀ ਕੁੜੀ ਨੂੰ ਟਿਊਸ਼ਨ ਪੜ੍ਹਨ ਲਾ ਲੈਣ ਤਾਂ ਉਹਦੇ ਪਿੱਛੇ ਮੁੰਡੇ ਆਪਣੇ ਆਪ ਈ ਆ ਜਾਂਦੇ ਹਨ!

ਅਗਲੇ ਦਿਨ ਅਸੀਂ ਆਪੋ ਆਪਣੇ ਲੇਖ ਪੜ੍ਹ ਕੇ ਸੁਣਾਏ। ਮੇਰਾ ਲੇਖ ਪ੍ਰੋ.ਸੱਚਦੇਵ ਨੇ ਸਭ ਤੋਂ ਵੱਧ ਸਲਾਹਿਆ ਤੇ ਕਾਲਜ ਦੇ ਮੈਗਜ਼ੀਨ ਵਿੱਚ ਛਾਪਣ ਲਈ ਲੈ ਲਿਆ। ਪਤਾ ਨਹੀਂ ਉਨ੍ਹਾਂ ਨੂੰ ਉਹ ਕਿਉਂ ਚੰਗਾ ਲੱਗਾ? ਸੋਧ ਸਾਧ ਕੇ ਉਹ ਕਾਲਜ ਦੇ ਮੈਗਜ਼ੀਨ ‘ਫਾਊਂਟੇਨ’ ਵਿੱਚ ਛਾਪਿਆ ਗਿਆ। ਉਹ ਮੇਰੀ ਛਪੀ ਹੋਈ ਪਹਿਲੀ ਲਿਖਤ ਸੀ। ਫਾਊਂਟੇਨ ਵਿੱਚ ਕਿਸੇ ਕੁੜੀ ਦੇ ਨਾਂ ਹੇਠ ਛਪੀ ਇੱਕ ਕਵਿਤਾ ‘ਦੁਨੀਆਂ ਯਾਰ ਦੁਰੰਗੀ ਏ’ ਮੈਨੂੰ ਹੁਣ ਤਕ ਯਾਦ ਹੈ। ਉਹਦਾ ਇੱਕ ਬੰਦ ਸੀ:

-ਚੰਗਾ ਪਹਿਨ ਕੇ ਦੁਨੀਆਂ ਕੋਲੋਂ ਗੁੰਡਾ ਨਾਮ ਧਰਾਂਦਾ ਏ,

ਹੋਣ ਮੈਲੇ ਦੁਰਕਾਰੇ ਤਾਂ ਵੀ ਨਾ ਕੋਈ ਕੋਲ ਬਹਾਂਦਾ ਏ,

ਨਾਲੇ ਆਖਣ ਦੁਨੀਆਂ ਵਾਲੇ ਇਹਨੂੰ ਅੱਜ ਕੱਲ੍ਹ ਤੰਗੀ ਏ, ਦੁਨੀਆਂ ਯਾਰ ਦੁਰੰਗੀ ਏ …।

ਪ੍ਰੋ.ਸੱਚਦੇਵ ਨੇ ਮੈਨੂੰ ਮੈਗਜ਼ੀਨ ਲਈ ਲਿਖਣ ਦਾ ਸ਼ੌਂਕ ਪਾ ਦਿੱਤਾ। ‘ਲੋਕ ਗੀਤਾਂ ਵਿੱਚ ਗੋਰਾ ਰੰਗ’ ਦੇ ਸਿਰਲੇਖ ਥੱਲੇ ਮੈਂ ਪੱਚੀ ਤੀਹ ਲੋਕ ਗੀਤ ਮੈਗਜ਼ੀਨ ਵਿੱਚ ਛਪਵਾਏ। ਪਾਊਡਰ ਬਾਰੇ ਇੱਕ ਟੱਪਾ ਸੀ-ਗੋਰਾ ਰੰਗ ਡੱਬੀਆਂ ਵਿੱਚ ਆਇਆ ਕਾਲਿਆਂ ਨੂੰ ਖ਼ਬਰ ਕਰੋ। ਉਦੋਂ ਫੋਟੋ ਖਿਚਾਉਣ ਵੇਲੇ ਮੂੰਹ `ਤੇ ਪਾਊਡਰ ਮਲਿਆ ਜਾਂਦਾ ਸੀ ਤਾਂ ਕਿ ਮੂੰਹ ਗੋਰਾ ਦਿਸੇ। ਇੱਕ ਲੇਖ ਮੈਂ ‘ਛੜਿਆਂ ਦੇ ਲੋਕ ਗੀਤ’ ਲਿਖਿਆ। ਉਹਦੇ ਕੁੱਝ ਟੱਪੇ ਜ਼ਿਕਰਯੋਗ ਹਨ-ਛੜਿਆਂ ਦਾ ਸੌਂਕ ਬੁਰਾ ਕੱਟਾ ਮੁੰਨ ਕੇ ਝਾਂਜਰਾਂ ਪਾਈਆਂ। ਇੱਕ ਸੀ-ਛੜੇ ਬੈਠ ਕੇ ਸਲਾਹਾਂ ਕਰਦੇ ਕੌਣ ਕੌਣ ਹੋਈਆਂ ਰੰਡੀਆਂ? ਇੱਕ ਟੱਪਾ ਹੋਰ ਸੀ-ਰੰਨਾਂ ਵਾਲਿਆਂ ਨੂੰ ਰੋਣ ਨਿਆਣੇ ਛੜਿਆਂ ਨੂੰ ਰੋਣ ਬਿੱਲੀਆਂ।

ਅਸੀਂ ਜਿਨ੍ਹਾਂ ਬੈਂਚਾਂ ਉਤੇ ਬਹਿ ਕੇ ਪੜ੍ਹਦੇ ਸਾਂ ਉਨ੍ਹਾਂ ਉਤੇ ਮੁਸਲਮਾਨ ਵਿਦਿਆਰਥੀਆਂ ਦੇ ਨਾਂ ਵੀ ਖੁਣੇ ਹੋਏ ਸਨ। ਉਹ 1947 ਤਕ ਇਨ੍ਹਾਂ ਬੈਂਚਾਂ ਉਤੇ ਬਹਿ ਕੇ ਪੜ੍ਹਦੇ ਰਹੇ ਸਨ ਤੇ ਬੈਠੇ ਬੈਠੇ ਕਿਸੇ ਤਿੱਖੀ ਚੀਜ਼ ਨਾਲ ਨਾਂ ਖੁਰਚੀ ਗਏ ਸਨ। ਬੇਸ਼ਕ ਉਹ ਪਾਕਿਸਤਾਨ ਚਲੇ ਗਏ ਸਨ ਪਰ ਆਪਣੇ ਨਾਵਾਂ ਦੀਆਂ ਨਿਸ਼ਾਨੀਆਂ ਪਿੱਛੇ ਛੱਡ ਗਏ ਸਨ। ਮੁਨਸ਼ੀ ਰਾਮ ਕਾਲਜ 1940 ਵਿੱਚ ਬਣਿਆ ਸੀ। ਮੁਨਸ਼ੀ ਰਾਮ ਫਾਜ਼ਿਲਕਾ ਦਾ ਬੇਉਲਾਦਾ ਬਾਣੀਆ ਸੀ। ਲੋਕ ਗੱਲਾਂ ਕਰਦੇ ਸਨ ਪਈ ਆਪਣੇ ਘਰ ਵਾਸਤੇ ਉਹ ਏਨਾ ਕੰਜੂਸ ਸੀ ਕਿ ਸਸਤੀ ਹੋਈ ਬੇਹੀ ਸਬਜ਼ੀ ਖਰੀਦਿਆ ਕਰਦਾ ਸੀ ਪਰ ਦਾਨ ਦੇਣ ਵੇਲੇ ਉਹਦਾ ਦਿਲ ਦਰਿਆ ਹੁੰਦਾ ਸੀ। ਉਸ ਨੇ ਇੱਕ ਧਰਮਸ਼ਾਲਾ ਬਣਾਈ, ਇੱਕ ਕਾਲਜ ਖੋਲ੍ਹਿਆ ਤੇ ਪੁੰਨ ਦਾਨ ਦੇ ਹੋਰ ਵੀ ਕਈ ਕਾਰਜ ਕੀਤੇ। ਮੇਰੇ ਪੜ੍ਹਨ ਦੇ ਸਮੇਂ ਦੌਰਾਨ ਕਦੇ ਵੀ ਮੁਨਸ਼ੀ ਰਾਮ ਦਾ ਜਨਮ ਦਿਨ ਜਾਂ ਬਰਸੀ ਬਗ਼ੈਰਾ ਨਹੀਂ ਮਨਾਏ ਗਏ ਤੇ ਨਾਂ ਹੀ ਉਹਦੀ ਸ਼ਖਸੀਅਤ ਬਾਰੇ ਕੁੱਝ ਛਾਪਿਆ ਗਿਆ। ਹੁਣ ਤਾਂ ਉਹ ਕਾਲਜ ਪੰਜਾਬ ਸਰਕਾਰ ਨੇ ਆਪਣੇ ਹੱਥਾਂ `ਚ ਲੈ ਲਿਆ ਹੈ ਤੇ ਅਧਿਆਪਕਾਂ ਖੁਣੋਂ ਪੰਜਾਬ ਰੋਡਵੇਜ਼ ਦੀ ਲਾਰੀ ਬਣਿਆ ਹੋਇਆ ਹੈ। ਹੁਣ ਮਹਾਂ ਦਾਨੀ ਮੁਨਸ਼ੀ ਰਾਮ ਨੂੰ ਕੀਹਨੇ ਯਾਦ ਕਰਨਾ ਹੈ?

ਇਕ ਸ਼ਾਮ ਕਾਲਜ ਵਿੱਚ ਵਰਾਇਟੀ ਸ਼ੋਅ ਹੋਣਾ ਸੀ ਯਾਨੀ ਰੰਗਾ ਰੰਗ ਪਰੋਗਰਾਮ ਸੀ। ਸਾਡੀ ਭੰਗੜੇ ਦੀ ਟੀਮ ਤਿਆਰ ਕੀਤੀ ਗਈ। ਮੈਂ ਸਭ ਤੋਂ ਹੌਲਾ ਸਾਂ ਜਿਸ ਕਰਕੇ ਮੈਨੂੰ ਮੋਢਿਆਂ `ਤੇ ਚੜ੍ਹਾ ਕੇ ਗੇੜਾ ਦਿੱਤਾ ਜਾ ਸਕਦਾ ਸੀ। ਇੱਕ ਮੁੰਡੇ ਨੇ ਫਿਲਮੀ ਦੁਗਾਣੇ ਨਾਲ ਡਾਨਸ ਕਰਨਾ ਸੀ ਪਰ ਉਹਦਾ ਸਾਥ ਦੇਣ ਲਈ ਕੋਈ ਕੁੜੀ ਨਹੀਂ ਸੀ ਲੱਭ ਰਹੀ। ਕਾਲਜ ਦੀਆਂ ਕੁੜੀਆਂ ਉਦੋਂ ਮੁੰਡਿਆਂ ਨਾਲ ਨਹੀਂ ਸਨ ਨੱਚਦੀਆਂ। ਉਨ੍ਹਾਂ ਨੇ ਕਿਹਾ ਕਿ ਅਸੀਂ ਕੁੜੀਆਂ ਵਾਲੇ ਕਪੜੇ ਦੇ ਦੇਵਾਂਗੀਆਂ ਤੁਸੀਂ ਕਿਸੇ ਅਣਦਾੜ੍ਹੀਏ ਮੁੰਡੇ ਨੂੰ ਪੁਆ ਕੇ ਨਚਾ ਲਓ। ਉਦੋਂ ਕੁੜੀਆਂ ਦੇ ਰੋਲ ਆਮ ਕਰ ਕੇ ਮੁੰਡੇ ਈ ਕਰਿਆ ਕਰਦੇ ਸਨ। ਭੰਗੜੇ ਵਾਲੇ ਮੇਰੇ ਸਾਥੀਆਂ ਨੇ ਮੈਨੂੰ ਕੁੜੀ ਦਾ ਰੋਲ ਕਰਨ ਲਈ ਤਿਆਰ ਕਰ ਲਿਆ।

ਮੈਂ ਸੋਲ੍ਹਾਂ ਸਾਲਾਂ ਦਾ ਕੁੜੀਆਂ ਵਰਗਾ ਹੀ ਮੁੰਡਾ ਸਾਂ। ਮੇਰੇ ਲੰਮੇ ਕਾਲੇ ਕੇਸ ਸਨ ਤੇ ਮੁੱਛ ਅਜੇ ਫੁੱਟੀ ਨਹੀਂ ਸੀ। ਮੇਰੀਆਂ ਦੋ ਗੁੱਤਾਂ ਕੀਤੀਆਂ ਗਈਆਂ ਜਿਨ੍ਹਾਂ ਦਾ ਉਦੋਂ ਆਮ ਫੈਸ਼ਨ ਸੀ। ਤਵੇ ਦਾ ਗੀਤ ਸੀ-ਮਾਏ ਮੇਰੀਏ ਨੀ ਮੈਨੂੰ ਬੜਾ ਚਾਅ, ਦੋ ਗੁੱਤਾਂ ਕਰ ਮੇਰੀਆਂ। ਮੇਰੀਆਂ ਗੁੱਤਾਂ `ਚ ਪਰਾਂਦੀਆਂ ਤੇ ਰੰਗ ਬਰੰਗੀਆਂ ਫੁੱਲਚਿੜੀਆਂ ਪਾਈਆਂ ਗਈਆਂ। ਮੂੰਹ `ਤੇ ਪਾਊਡਰ ਮਲ ਕੇ ਸੁਰਖ਼ੀ ਬਿੰਦੀ ਲਾਈ ਗਈ। ਨੋਕਦਾਰ ਅੰਗੀ ਹੇਠਾਂ ਰਬੜ ਦੀਆਂ ਗੇਂਦਾ ਰੱਖ ਕੇ ਤਣੀਆਂ ਕਸੀਆਂ ਗਈਆਂ ਜੋ ਮਸਾਂ ਪੂਰੀਆਂ ਆਈਆਂ। ਗੇਂਦਾਂ ‘ਹਰ ਚੀਜ਼ ਮਿਲੇਗੀ ਇੱਕ ਆਨਾ’ ਵਾਲੀ ਰੇੜ੍ਹੀ ਤੋਂ ਮਿਲ ਗਈਆਂ ਸਨ। ਲੱਕ ਉਤੇ ਰੇਸ਼ਮੀ ਗਰਾਰਾ ਬੰਨ੍ਹਿਆ ਗਿਆ ਤੇ ਉਹਦਾ ਰੰਗੀਨ ਨਾਲਾ ਥੋੜ੍ਹਾ ਜਿਹਾ ਲਟਕਾਇਆ ਗਿਆ। ਅੱਖਾਂ `ਚ ਕਜਲੇ ਦੀ ਧਾਰੀ ਖਿੱਚੀ ਗਈ ਤੇ ਪੈਰੀਂ ਝਾਂਜਰਾਂ ਪਾਈਆਂ ਗਈਆਂ।

ਸਟੇਜ ਉਤੇ ਚੜ੍ਹਨ ਦਾ ਝਾਕਾ ਤਾਂ ਮੇਰਾ ਪਹਿਲਾਂ ਹੀ ਖੁੱਲ੍ਹਿਆ ਹੋਇਆ ਸੀ। ਮੇਰੀ ਮੇਕ ਅੱਪ ਕਰ ਕੇ ਜਦੋਂ ਮੈਨੂੰ ਸਟੇਜ `ਤੇ ਚਾੜ੍ਹਿਆ ਤੇ ਪਰਦਾ ਚੁੱਕਿਆ ਗਿਆ ਤਾਂ ਮੈਂ ਮਧੂ ਬਾਲਾ ਨੂੰ ਮਾਤ ਪਾ ਰਿਹਾ ਸਾਂ! ਨੱਚਦਾ ਹੋਇਆ ਹੈਲਨ ਵਾਂਗ ਗੇੜਾ ਦਿੰਦਾ ਤਾਂ ਬਿੰਦੇ ਝੱਟੇ ਤਾੜੀਆਂ ਵੱਜਦੀਆਂ ਤੇ ਕਾਲਜ ਦੇ ਲੋਫਰ ਮੁੰਡੇ ‘ਹਾਏ ਮਰਗੇ’ ਤੇ ‘ਮਾਰ ਲਿਆ ਈ’ ਕੂਕਦੇ। ਮੈਂ ਕਿਹੜਾ ਕੁੜੀ ਸਾਂ? ਮੈਂ ਵੀ ਭੰਗੜੇ ਵਾਲਿਆਂ ਦਾ ਚੰਭਲਾਇਆ ਅੱਖ ਮਟੱਕਾ ਕਰੀ ਗਿਆ। ਕਾਲਜ ਵਿੱਚ ਕਈ ਦਿਨ ਗੱਲਾਂ ਹੁੰਦੀਆਂ ਰਹੀਆਂ ਕਿ ਜਿੰਦਾ ਡਾਨਸ ਵਾਲੀ ਕੁੜੀ ਕੌਣ ਸੀ? ਅੱਜ ਮੈਂ ਖੁੱਲ੍ਹੀ ਦਾੜ੍ਹੀ ਨਾਲ ਵੇਖਣ ਨੂੰ ਗੁਰਦੁਆਰੇ ਦਾ ਗਿਆਨੀ ਧਿਆਨੀ ਲੱਗਦਾ ਹਾਂ। ਲੱਗਦਾ ਹੀ ਨਹੀਂ ਕਿ ਕਦੇ ਜ਼ਿੰਦਾ ਡਾਨਸ ਵਾਲਾ ਕੰਜਰਖਾਨਾ ਕੀਤਾ ਹੋਵੇਗਾ। ਪਰ ਓਦੋਂ ਚੜ੍ਹਦੀ ਜੁਆਨੀ ਓਨੀ ਓ ਮਸਤਾਨੀ ਸੀ ਜਿੰਨੀ ਕਿਸੇ ਦੀ ਹੋ ਸਕਦੀ ਸੀ।

ਕਾਲਜ ਦੇ ਹੋਸਟਲ ਵਿੱਚ ਗੰਗਾ ਨਗਰ, ਅਬੋਹਰ ਤੇ ਮਲੋਟ ਵੱਲ ਦੇ ਪੇਂਡੂ ਵਿਦਿਆਰਥੀ ਰਹਿੰਦੇ ਸਨ। ਉਨ੍ਹਾਂ ਦੇ ਕਮਰਿਆਂ ਵਿੱਚ ਦੇਸੀ ਘਿਓ ਦੀਆਂ ਪੀਪੀਆਂ ਪਈਆਂ ਹੁੰਦੀਆਂ ਤੇ ਉਹ ਪਹਾੜੀਏ ਰਸੋਈਏ ਤੋਂ ਦਾਲ ਸਬਜ਼ੀ ਨੂੰ ਤੜਕੇ ਲੁਆ ਕੇ ਫੁਲਕੇ ਪੇਲਦੇ। ਫਿਰ ਉਹ ਹੋਸਟਲ ਦੇ ਹਾਤੇ `ਚ ਪਿਆ ਸੋਲਾਂ ਪੌਂਡ ਦਾ ਗੋਲਾ ਸੁੱਟਦੇ ਤੇ ਭਾਰੇ ਮੁਗਦਰ ਦੇ ਬਾਲੇ ਕੱਢਦੇ। ਮੈਂ ਵੀ ਵਿਹਲੇ ਪੀਰੀਅਡ ਵਿੱਚ ਗੋਲੇ ਤੇ ਮੁਗਦਰ ਨਾਲ ਜ਼ੋਰ ਅਜ਼ਮਾਈ ਕਰਦਾ। ਬਣਵਾਲੇ ਦੇ ਨਿਰਭੈ ਸਿੰਘ ਨੇ ਮੈਨੂੰ ਗੋਲਾ ਸੁੱਟਣ ਲਾਇਆ ਜਿਸ ਦੀ ਪ੍ਰੈਟਿਸ ਕਰ ਕੇ ਬਾਅਦ ਵਿੱਚ ਮੈਂ ਦਿੱਲੀ ਯੂਨੀਵਰਸਿਟੀ ਦਾ ਚੈਂਪੀਅਨ ਬਣਿਆ। ਭੂਆ ਦੇ ਪਿੰਡ ਕੋਠੇ ਰਹਿੰਦਿਆਂ ਮੈਨੂੰ ਖੁਰਾਕ ਦੀ ਕੋਈ ਕਮੀ ਨਹੀਂ ਸੀ। ਦੁੱਧ ਘਿਓ ਵਾਧੂ ਸੀ। ਮੈਂ ਕਈ ਵਾਰ ਕਾੜ੍ਹਨੀ ਦੇ ਦੁੱਧ ਵਿੱਚ ਘਿਓ ਪਾ ਕੇ ਪੀ ਲੈਂਦਾ ਸਾਂ ਤੇ ਨੱਸ ਭੱਜ ਕੇ ਹਜ਼ਮ ਕਰਦਾ ਸਾਂ। ਦਾਲ ਸਬਜ਼ੀ ਵਿੱਚ ਵੀ ਘਿਓ ਤਰੋਤਰ ਹੁੰਦਾ ਸੀ।

ਕਾਲਜ ਜਾਣ ਤੋਂ ਪਹਿਲਾਂ ਮੈਂ ਸਰ੍ਹੋਂ ਦੇ ਤੇਲ ਦੀ ਸ਼ੀਸੀ ਤੇ ਸਨ ਲਾਈਟ ਸਾਬਣ ਦੀ ਟਿੱਕੀ ਲੈ ਕੇ ਕਿਸੇ ਵਗਦੇ ਖੂਹ `ਤੇ ਚਲਾ ਜਾਂਦਾ। ਸਿਆਲ `ਚ ਖੂਹ ਦੇ ਨਿੱਘੇ ਪਾਣੀ `ਚੋਂ ਭਾਫ਼ਾਂ ਨਿਕਲ ਰਹੀਆਂ ਹੁੰਦੀਆਂ। ਜਿਧਰ ਪਾਣੀ ਦੀ ਆਡ ਜਾਂਦੀ ਭਾਫ਼ ਨਾਲ ਦੀ ਨਾਲ ਤੁਰੀ ਜਾਂਦੀ। ਤੇਲ ਦੀ ਮਾਲਸ਼ ਕਰ ਕੇ ਮੈਂ ਸੌ ਡੰਡ ਕੱਢਦਾ ਤੇ ਦੋ ਸੌ ਬੈਠਕਾਂ ਮਾਰਦਾ। ਫਿਰ ਔਲੂ ਦੇ ਨਿੱਘੇ ਪਾਣੀ `ਚ ਬਹਿ ਕੇ ਮਲ ਮਲ ਨਹਾਉਂਦਾ। ਖੂਹ ਉਤੇ ਜੁੜੇ ਢੱਗਿਆਂ ਦੀਆਂ ਅੱਖਾਂ `ਤੇ ਖੋਪੇ ਚਾੜ੍ਹੇ ਹੁੰਦੇ ਤੇ ਉਹ ਗਲ ਦੀਆਂ ਟੱਲੀਆਂ ਟਣਕਾਉਂਦੇ ਚਾਲੇ ਪਏ ਰਹਿੰਦੇ। ਖੂਹ ਦਾ ਕੁੱਤਾ ਟਿੱਕ ਟਿੱਕ ਕਰੀ ਜਾਂਦਾ। ਕਾਲਜ ਵਿੱਚ ਸਾਨੂੰ ਮੋਹਨ ਸਿੰਘ ਦੀ ਕਵਿਤਾ ‘ਖੂਹ ਦੀ ਗਾਧੀ ਉਤੇ’ ਪੜ੍ਹਾਈ ਜਾਂਦੀ ਤਾਂ ਮੇਰੀਆਂ ਅੱਖਾਂ ਮੂਹਰੇ ਤੂਤਾਂ ਵਾਲੇ ਖੂਹ ਦਾ ਨਜ਼ਾਰਾ ਆ ਜਾਂਦਾ। ਪਿੰਡ ਕੋਠੇ ਦੇ ਆਲੇ ਦੁਆਲੇ ਕਈ ਖੂਹ ਸਨ ਜਿਨ੍ਹਾਂ `ਚੋਂ ਇੱਕ ਦੋ ਹਮੇਸ਼ਾਂ ਵਗਦੇ ਰਹਿੰਦੇ ਸਨ।

ਮੇਰਾ ਕੱਦ ਕਾਠ ਅਜੇ ਸਮੱਧਰ ਹੀ ਸੀ ਪਰ ਮੈਂ ਕਾਲਜ ਦੀਆਂ ਖੇਡਾਂ ਵਿੱਚ ਭਾਗ ਲੈਣ ਲੱਗ ਪਿਆ ਸਾਂ। ਕਦੇ ਗੋਲਾ ਸੁੱਟਦਾ, ਕਦੇ ਡਿਸਕਸ ਤੇ ਕਦੇ ਹਾਕੀ ਖੇਡਦਾ। ਆਲੇ ਦੁਆਲੇ ਦੇ ਪਿੰਡਾਂ ਵਿੱਚ ਪੈਂਦੀਆਂ ਛਿੰਝਾਂ ਵੇਖਣ ਚਲਾ ਜਾਂਦਾ ਤੇ ਸੁਲੇਮਾਨਕੀ ਚੁੰਗੀ ਕੋਲ ਹਰ ਹਫ਼ਤੇ ਹੁੰਦੇ ਕਬੱਡੀ ਦੇ ਮੈਚ ਵੇਖਦਾ। ਉਦੋਂ ਉਥੇ ਲੰਮੀ ਤੇ ਚੁੱਪ ਕੌਡੀ ਖੇਡੀ ਜਾਂਦੀ ਸੀ। ਪਿੰਡਾਂ ਦੇ ਲੋਕ ਹੁਮ ਹੁਮਾ ਕੇ ਕਬੱਡੀ ਵੇਖਣ ਆਉਂਦੇ। ਮੈਂ ਅਜੇ ਏਨਾ ਤਕੜਾ ਨਹੀਂ ਸਾਂ ਹੋਇਆ ਕਿ ਉਨ੍ਹਾਂ ਵਿੱਚ ਸ਼ਾਮਲ ਹੋ ਸਕਦਾ। ਮੈਂ ਨੇੜੇ ਖੜ੍ਹ ਕੇ ਖੇਡ ਦੇ ਨਜ਼ਾਰੇ ਤਕਦਾ ਤੇ ਖਿਡਾਰੀਆਂ ਦੇ ਨਾਲ ਮੇਰਾ ਵੀ ਓਨਾ ਈ ਜ਼ੋਰ ਲੱਗਦਾ। ਇਹ ਉਹ ਦਿਨ ਸਨ ਜਦੋਂ ਮੇਰੇ ਅੰਦਰ ਖੇਡ ਲੇਖਕ ਬਣਨ ਦੇ ਬੀਜ ਬੀਜੇ ਜਾ ਰਹੇ ਸਨ ਜਿਨ੍ਹਾਂ ਨੇ ਅੱਗੇ ਜਾ ਕੇ ਪੁੰਗਰਨਾ ਸੀ।

Additional Info

  • Writings Type:: A single wirting
Read 3926 times Last modified on Tuesday, 13 October 2009 17:54
ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਦੋ ਦਰਜਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ `ਚ ਡੇਢ ਦਰਜਨ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹੈ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ। ਉਸ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ `ਚ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ। ਉਹ 1965-66 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹਾ ਹੈ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੋ ਗਈ ਹੈ। ਉਸ ਦੇ ਦੋ ਪੁੱਤਰ ਹਨ। ਇਕ ਕੈਨੇਡਾ ਵਿਚ ਹੈ ਤੇ ਇਕ ਪੰਜਾਬ ਵਿਚ। ਉਹ ਆਪਣੀ ਪਤਨੀ ਹਰਜੀਤ ਕੌਰ ਨਾਲ ਗਰਮੀਆਂ ਕੈਨੇਡਾ ਵਿਚ ਕੱਟਦਾ ਹੈ ਤੇ ਸਿਆਲ ਦਾ ਨਿੱਘ ਪੰਜਾਬ ਵਿਚ ਮਾਣਦਾ ਹੈ।