You are here:ਮੁਖ ਪੰਨਾ»ਨਾਵਲ»ਕੌਰਵ ਸਭਾ»ਕੌਰਵ ਸਭਾ - ਕਾਂਡ 100-109

ਲੇਖ਼ਕ

Friday, 27 April 2018 02:15

ਕੌਰਵ ਸਭਾ - ਕਾਂਡ 100-109

Written by
Rate this item
(0 votes)

-100-

 

ਤਿੰਨ ਮਹੀਨਿਆ ਵਿਚ ਖਤਮ ਹੋਣ ਵਾਲੀ ਕਾਰਵਾਈ ਸਾਧੂ ਸਿੰਘ ਨੇ ਤਿੰਨ ਦਿਨਾਂ ਵਿਚ ਮੁਕਾ ਦਿੱਤੀ।

ਪੰਕਜ ਕੇਸ ਲਟਕਾਉਣਾ ਚਾਹੰਦਾ ਸੀ। ਉਹ ਮੁਦਈਆਂ ਨੂੰ ਥਕਾਉਣਾ ਅਤੇ ਗਵਾਹਾਂ ਨੂੰ ਭਜਾਉਣਾ ਚਾਹੰਦਾ ਸੀ।

ਜੇ ਸਾਧੂ ਸਿੰਘ ਇਸੇ ਤਰ੍ਹਾਂ ਕੇਸ ਪਿੱਛੇ ਲੱਗਾ ਰਿਹਾ ਤਾਂ ਉਨ੍ਹਾਂ ਦੇ ਸੀਖਾਂ ਪਿੱਛੇ ਜਾਣ ਨੂੰ ਬਹੁਤੀ ਦੇਰ ਨਹੀਂ ਸੀ ਲੱਗਣੀ ਕਿਸੇ ਨਾ ਕਿਸੇ ਢੰਗ ਨਾਲ ਇਸ ਤੇਜ਼ੀ ਨੂੰ ਠੱਲ੍ਹ ਪੈਣੀ ਚਾਹੀਦੀ ਸੀ।

ਇਸ ਦੇ ਦੋ ਤਰੀਕੇ ਸਨ।

ਪਹਿਲਾ ਜੱਜ ਉਪਰ ਪੱਖਪਾਤੀ ਹੋਣ ਦਾ ਦੋਸ਼ ਲਾ ਕੇ ਮੁਕੱਦਮਾ ਉਸਦੀ ਅਦਾਲਤ ਵਿਚੋਂ ਬਦਲਵਾਇਆ ਜਾਵੇ। ਇੰਝ ਕਰਨਾ ਚੰਦ ਉਪਰ ਥੁੱਕਣ ਵਾਲੀ ਗੱਲ ਸੀ। ਹਾਈ ਕੋਰਟ ਨੇ ਦਰਖ਼ਾਸਤ ਵਗਾਹ ਕੇ ਮਾਰਨੀ ਸੀ।

ਦੂਜਾ ਤਰੀਕਾ ਸੀ ਸਾਧੂ ਸਿੰਘ ਦੇ ਹੁਕਮ ਵਿਰੁਧ ਹਾਈ ਕੋਰਟ ਅਪੀਲ ਕਰਨ ਦਾ।

ਪਰਚੇ ਵਿਚ ਉਨ੍ਹਾਂ ਦਾ ਨਾਂ ਨਹੀਂ ਸੀ। ਸਾਜ਼ਿਸ਼ ਦਾ ਮੁੱਖ ਗਵਾਹ ਅਦਾਲਤ ਵਿਚ ਆ ਕੇ ਮੁੱਕਰ ਗਿਆ ਸੀ। ਪੁਲਿਸ ਦੇ ਉੱਚ ਅਧਿਕਾਰੀ ਉਨ੍ਹਾਂ ਨੂੰ ਬੇ ਕਸੂਰ ਸਾਬਤ ਕਰ ਚੁੱਕੇ ਸਨ। ਇਨ੍ਹਾਂ ਕਾਰਨਾਂ ਕਰਕੇ ਅਪੀਲ ਮਨਜ਼ੂਰ ਹੋਣ ਦੀ ਪੂਰੀ ਸੰਭਾਵਨਾ ਸੀ।

ਅਪੀਲ ਮਨਜ਼ੂਰ ਹੋ ਗਈ ਤਾਂ ਪੌਂ ਬਾਰਾਂ। ਪਹਿਲੀ ਪੇਸ਼ੀ ਮਨਜ਼ੂਰ ਨਾ ਹੋਈ ਤਾਂ ਸੁਣਵਾਈ ਲਈ ਰੱਖ ਲਈ ਜਾਏਗੀ। ਫੇਰ ਵੀ ਉਨ੍ਹਾਂ ਦਾ ਬੁੱਤਾ ਸਰ ਜਾਣਾ ਸੀ। ਮਿਸਲ ਹਾਈ ਕੋਰਟ ਚਲੀ ਜਾਣੀ ਸੀ। ਹੇਠਲੀ ਅਦਾਲਤ ਦੀ ਸਮਾਇਤ ‘ਤੇ ਆਪੇ ਪਾਬੰਦੀ ਲਗ ਜਾਣੀ ਸੀ।

ਹਾਈ ਕੋਰਟ ਵਿਚ ਇਕ ਵਾਰ ਫਸਿਆ ਕੇਸ ਵੀਹ ਵੀਹ ਸਾਲ ਨਹੀਂ ਨਿਕਲਦਾ।

ਜਦੋਂ ਨੂੰ ਅਪੀਲ ਦੀ ਵਾਰੀ ਆਏਗੀ ਉਦੋਂ ਨੂੰ ਨੀਲਮ ਅਤੇ ਵੇਦ ਮਰ ਮੁੱਕ ਗਏ ਹੋਣਗੇ।

ਨੇਹਾ ਕਿਸੇ ਪਾਗਲਖ਼ਾਨੇ ਬੈਠੀ ਹੋਏਗੀ। ਸਾਧੂ ਸਿੰਘ ਰਿਟਾਇਰ ਹੋ ਕੇ ਕਿਸੇ ਛੋਟੇ ਮੋਟੇ ਸ਼ਹਿਰ ਵਿਚ ਵਕਾਲਤ ਕਰ ਰਿਹਾ ਹੋਏਗਾ। ਨਿਆ ਪਾਲਿਕਾ ਦਾ ਦਿਨੋ ਦਿਨ ਗਿਰ ਰਿਹਾ ਵਕਾਰ ਹੇਠਲੀ ਪੱਧਰ ਤਕ ਪੁੱਜ ਚੁੱਕਾ ਹੋਏਗਾ। ਹੁਣ ਸਰਕਾਰੀ ਵਕੀਲ ਕੰਮ ਕਰਾਉਣ ਲਈ ਮੁਲਜ਼ਮਾਂ ਪਿੱਛੇ ਦਲਾਲ ਭੇਜਦੇ ਹਨ। ਉਸ ਸਮੇਂ ਤਕ ਜੱਜ ਇਹ ਕੰਮ ਕਰਨ ਲੱਗ ਪੈਣਗੇ।

ਫੇਰ ਪੰਕਜ ਦੀਆਂ ਪੰਜੇ ਉਂਗਲਾਂ ਘਿਓ ਵਿਚ ਹੋਣਗੀਆਂ।

ਇਹੋ ਜਿਹੇ ਸਬਜ਼ ਬਾਗ ਦਿਖਾ ਕੇ ਵਕੀਲਾਂ ਨੇ ਪੰਕਜ ਤੋਂ ਹਾਈ ਕੋਰਟ ਅਪੀਲ ਕਰਵਾ ਦਿੱਤੀ।

ਇਕ ਪਾਸੇ ਸਾਧੂ ਸਿੰਘ ਸ਼ਨੀ ਬਣਕੇ ਉਨ੍ਹਾਂ ਦੇ ਸਿਰ ‘ਤੇ ਮੰਡਰਾਉਣ ਲੱਗਾ। ਦੂਜੇ ਪਾਸੇ ਸੋਸਾਇਟੀ ਰਾਹੂ ਕੇਤੂ ਬਣ ਕੇ ਉਨ੍ਹਾਂ ਨੂੰ ਬੁਰੇ ਦਾ ਘਰ ਦਿਖਾਉਣ ‘ਤੇ ਤੁਲ ਗਈ।

ਸੋਸਾਇਟੀ ਦੀ ਹਾਈ ਕੋਰਟ ਵਾਲੀ ਇਕਾਈ ਪਹਿਲਾਂ ਹੀ ਬਿੱਲੀ ਵਾਂਗ ਤਾਕ ਲਾਈ ਬੈਠੀ ਸੀ। ਪਹਿਲੀ ਪੇਸ਼ੀ ਹੀ ਉਨ੍ਹਾਂ ਵਿਚ ਟੰਗ ਅੜਾ ਲਈ।

ਅਪੀਲ ਸੁਣਵਾਈ ਲਈ ਮਨਜ਼ੂਰ ਤਾਂ ਹੋਈ, ਪਰ ਨਾ ਮਿਸਲ ਤਲਬ ਹੋਈ, ਨਾ ਸਮਾਇਤ ‘ਤੇ ਪਾਬੰਦੀ ਲੱਗੀ।

ਉਲਟਾ ਲੈਣੇ ਦੇ ਦੇਣੇ ਪੈ ਗਏ।

ਅਪੀਲ ਦਾ ਫੈਸਲਾ, ਹੁੰਦਿਆਂ ਹੀ ਸਾਧੂ ਸਿੰਘ ਮੁਕੱਦਮੇ ਨੂੰ ਬੇਹੇ ਕੜਾਹ ਵਾਂਗ ਪੈਣ ਲੱਗਾ।

ਗਵਾਹੀਆਂ ਲਈ ਇਕ ਮਹੀਨੇ ਦੀ ਤਾਰੀਖ਼ ਪਾਈ ਗਈ। ਸੁਣਵਾਈ ਲਗਾਤਾਰ ਦੋ ਦਿਨ ਰੱਖੀ ਗਈ। ਪਹਿਲੇ ਦਿਨ ਲਈ ਨੇਹਾ, ਵੇਦ ਅਤੇ ਨੀਲਮ ਨੂੰ ਬੁਲਾਇਆ ਗਿਆ।

ਦੂਜਾ ਦਿਨ ਬਾਕੀ ਗਵਾਹਾਂ ਲਈ ਰੱਖਿਆ ਗਿਆ।

ਪੰਕਜ ਅੱਡੀ ਚੋਟੀ ਦਾ ਜ਼ੋਰ ਲਾ ਲਏ। ਮੁੱਕਦਮਾ ਛੇ ਮਹੀਨੇ ਤੋਂ ਵੱਧ ਨਹੀਂ ਸੀ ਲਟਕ ਸਕਦਾ। ਪੰਕਜ ਇਕ ਸਾਲ ਲੰਘਾਉਣਾ ਚਾਹੰਦਾ ਸੀ। ਇਕ ਸਾਲ ਬਾਅਦ ਸਾਧੂ ਸਿੰਘ ਨੇ ਬਦਲ ਜਾਣਾ ਸੀ। ਉਸਦੇ ਬਦਲਣ ਨਾਲ ਹੀ ਉਨ੍ਹਾਂ ਦੀ ਗ੍ਰਹਿ ਦਿਸ਼ਾ ਬਦਲਣੀ ਸੀ। ਸਾੜ੍ਹ ਸਤੀ ਟਲਣੀ ਸੀ।

“ਅਸੀਂ ਬੈਠੇ ਹਾਂ ਪੁੱਤਰਾ। ਇਕ ਸਾਲ ਕੀ ਦਸ ਸਾਲ ਲੰਘਾ ਦਿਆਂਗੇ। ਮੁੱਕਦਮਾ ਮੁਕਾਉਣਾ ਔਖਾ ਹੈ। ਲਟਕਾਉਣਾ ਸਾਡੇ ਖੱਬੇ ਹੱਥ ਦੀ ਖੇਡ ਹੈ।”

ਪੰਕਜ ਵੱਲੋਂ ਇਸ ਸਮੱਸਿਆ ਦਾ ਹੱਲ ਪੁੱਛਣ ‘ਤੇ ਬਾਬੂ ਨੰਦ ਲਾਲ ਨੇ ਫੜ੍ਹ ਮਾਰੀ ।

“ਤੁਸੀਂ ਹਰ ਵਾਰ ਪਿੱਠ ਥਾਪੜ ਦਿੰਦੇ ਹੋ। ਪਹਾੜ ਖੁਦਵਾ ਦਿੰਦੇ ਹੋ। ਹੇਠੋਂ ਚੂਹੀ ਵੀ ਨਹੀਂ ਨਿਕਲਦੀ।”

ਪੰਕਜ ਨੰਦ ਲਾਲ ਦੇ ਫੋਕੇ ਥਾਪੜਿਆਂ ਤੋਂ ਖਿਝ ਚੱਕਾ ਸੀ।

“ਕੀ ਕਰੀਏ ਵੀਰ ) ਹਰ ਵਾਰ ਵਾਹ ਡਾਢਿਆਂ ਨਾਲ ਪੈ ਜਾਂਦਾ ਹੈ। ਪਹਿਲਾਂ ਵਿਚ ਬਘੇਲ ਸਿੰਘ ਅੜ ਗਿਆ। ਹੁਣ ਸੋਸਾੲਟੀ ਆ ਟਪਕੀ। ਕੋਈ ਨਹੀਂ। ਫੇਰ ਵੀ ਤਿੰਨ ਚਾਰ ਸਾਲ ਮੁਕੱਦਮਾ ਲਟਕਾਉਣ ਦੀ ਮੇਰੀ ਗਾਰੰਟੀ ਹੈ।”

“ਅਜਿਹਾ ਕੀ ਜਾਦੂ ਮਾਰੋਗੇ (“

“ਪਹਿਲਵਾਨ ਕਦੇ ਆਪਣਾ ਦਾਅ ਨਹੀਂ ਦੱਸਦਾ। ਮੇਰੇ ਕੋਲ ਬਥੇਰੀਆਂ ਘੁੰਡੀਆਂ ਨੇ। ਆਪਣਾ ਇਕ ਮੁਲਜ਼ਮ ਜ਼ਮਾਨਤ ਤੇ ਹੈ। ਜੇ ਸਾਰੇ ਬਾਹਰ ਹੁੰਦੇ ਮੈਂ ਸੱਚਮੁੱਚ ਦਸ ਸਾਲ ਲੰਘਾ ਦਿੰਦਾ।”

“ਕੁਝ ਤਾਂ ਦੱਸੋ (“

“ਚੁੱਪ ਕਰਕੇ ਦੇਖਦਾ ਜਾ। ਮੇਰੀ ਇਕ ਗੱਲ ਮੰਨ। ਇਕ ਮੁਲਜ਼ਮ ਵੱਲੋਂ ਇਕ ਸ਼ਰਾਰਤੀ ਵਕੀਲ ਖੜ੍ਹਾ ਕਰ ਦੇ।”

“ਉਹ ਕਾਹਦੇ ਲਈ (“

“ਜੱਜ ਨਾਲ ਪੰਗਾ ਲੈਣ ਲਈ।”

“ਕੋਈ ਸਾਡੇ ਆਖੇ ਜੱਜ ਨਾਲ ਕਿਉਂ ਪੰਗਾ ਲਏਗਾ (“

“ਆਪਣੀ ਫ਼ੀਸ ਖਰੀ ਕਰਨ ਲਈ। ਉਸਨੂੰ ਫ਼ੀਸ ਜਦੋਂ ਇਸੇ ਕੰਮ ਦੀ ਦਿਆਂਗੇ।

ਹਨ ਇਥੇ ਕਈ ਅਜਿਹੇ ਵਕੀਲ। ਉਨ੍ਹਾਂ ਦਾ ਇਹੋ ਕੰਮ ਹੈ। ਡਰਾਉਣ ਧਮਕਾਉਣ ਲਈ ਜੇ ਜੱਜ ਨਾਲ ਲੜਨਾ ਹੋਵੇ, ਉਹ ਝੱਟ ਡਾਂਗ ਕੱਢ ਲੈਂਦੇ ਹਨ। ਸਾਧੂ ਸਿੰਘ ‘ਤੇ ਇਹ ਫਾਰਮੂਲਾ ਵਰਤਣਾ ਪੈਣਾ ਹੈ। ਨਹੀਂ ਤਾਂ ਛੇ ਮਹੀਨੇ ਦੇ ਅੰਦਰ ਅੰਦਰ ਸਜ਼ਾ ਪੱਕੀ ਹੈ।”

“ਸਾਨੂੰ ਕੁਝ ਨਹੀਂ ਪਤਾ। ਇਕ ਵਕੀਲ ਕਰੋ, ਚਾਹੇ ਪੰਜ ਕਰੋ। ਬਸ ਸਾਡਾ ਖਹਿੜਾ ਛੁਡਾਓ।”

“ਇਕ ਗੱਲ ਹੋਰ ਦੱਸ, ਜਿਸ ਮੁਲਜ਼ਮ ਦੀ ਆਪਾਂ ਜ਼ਮਾਨਤ ਕਰਵਾਈ ਸੀ ਉਹ ਥੋਡੇ ਹੱਥ ਵਿਚ ਤਾਂ ਹੈ ( ਲੋੜ ਪੈਣ ‘ਤੇ ਦਸ ਪੰਜ ਦਿਨਾਂ ਲਈ ਜੇਲ੍ਹ ਜਾਣ ਲਈ ਤਿਆਰ ਹੈ (“

“ਉਹ ਪੂਰੀ ਤਰ੍ਹਾਂ ਆਪਣੀ ਮੁੱਠੀ ਵਿਚ ਹੈ। ਉਸਨੂੰ ਮੈਂ ਆਪਣੇ ਇਕ ਦੋਸਤ ਦੀ ਫੈਕਟਰੀ ਵਿਚ ਛੱਡਿਆ ਹੋਇਆ ਹੈ। ਫੈਕਟਰੀ ਉਪਰ ਚੌਵੀ ਘੰਟੇ ਪਹਿਰਾ ਰਹਿੰਦਾ ਹੈ।

ਸਕਿਉਰਟੀ ਦੀ ਇਜਾਜ਼ਤ ਬਿਨਾਂ ਉਹ ਬਾਹਰ ਨਹੀਂ ਆ ਸਕਦਾ। ਚਾਰ ਪੈਸੇ ਹੋਰ ਦੇ ਦੇਵਾਂਗਾ। ਆਪਣੇ ਆਖੇ ਉਹ ਬੰਦਾ ਮਰਨ ਲਈ ਤਿਆਰ ਹੈ।”

“ਫੇਰ ਦੇਖ ਮੇਰਾ ਕਮਾਲ। ਸਾਧੂ ਸਿੰਘ ਦੋ ਦਿਨਾਂ ਵਿਚ ਗਵਾਹੀਆਂ ਖ਼ਤਮ ਕਰਨ ਨੂੰ ਫਿਰਦਾ ਹੈ। ਮੈਂ ਗਵਾਹੀ ਸ਼ੁਰੂ ਨਹੀਂ ਹੋਣ ਦੇਣੀ। ਆਵਾਜ਼ ਪੈਂਦੇ ਹੀ ਪੇਸ਼ੀ ਪਵਾ ਦੇਣੀ ਹੈ। ਦੋ ਦਿਨ ਵਿਹਲਾ ਬੈਠਾ ਜੱਜ ਮੱਖੀਆ ਮਾਰਦਾ ਰਹੇਗਾ।”

ਨੰਦ ਲਾਲ ਫੜ੍ਹ ‘ਤੇ ਫੜ੍ਹ ਮਾਰ ਰਿਹਾ ਸੀ।

ਪਰ ਪੰਕਜ ਦਾ ਮਨ ਹੁਣ ਇਨ੍ਹਾਂ ਝੂਠੀਆਂ ਤਸੱਲੀਆਂ ਤੇ ਖ਼ੁਸ਼ ਹੋਣੋਂ ਹਟ ਗਿਆ ਸੀ।

 

-101-

 

ਨੀਲਮ ਤੁਰਨ ਫਿਰਨ ਅਤੇ ਆਪਣਾ ਆਪ ਸੰਭਾਲਣ ਜੋਗੀ ਹੋ ਗਈ ਸੀ। ਪਰ ਉਸਦੀ ਯਾਦਦਾਸ਼ਤ ਵਿਚ ਬਹੁਤਾ ਸੁਧਾਰ ਨਹੀਂ ਸੀ ਹੋਇਆ। ਉਹ ਹਫ਼ਤੇ ਦੇ ਸੱਤਾਂ ਦਿਨਾਂ ਦੇ ਨਾਂ ਤਰਤੀਬਵਾਰ ਨਹੀਂ ਸੀ ਦੱਸ ਸਕਦੀ। ਉਸਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਂ ਭੁੱਲ ਜਾਂਦੇ ਸਨ। ਉਸਨੂੰ ਇਹ ਯਾਦ ਨਹੀਂ ਸੀ ਰਹਿੰਦਾ ਕਿ ਉਹ ਨਹਾ ਚੁੱਕੀ ਹੈ ਜਾਂ ਨਹੀਂ।

ਕਈ ਵਾਰ ਉਹ ਦੁਬਾਰਾ ਨਹਾਉਣ ਲੱਗ ਜਾਂਦੀ ਸੀ।

ਅਜਿਹੀ ਯਾਦਦਾਸ਼ਤ ਵਾਲੇ ਬੰਦੇ ਨੂੰ ਬਤੌਰ ਗਵਾਹ ਨਹੀਂ ਸੀ ਭੁਗਤਾਇਆ ਜਾ ਸਕਦਾ।

ਕਾਨੂੰਨ ਨੂੰ ਕੋਰਾ ਸੱਚ ਸੁਣਕੇ ਤਸੱਲੀ ਨਹੀਂ ਸੀ ਹੋਣੀ। ਸੱਚ ਨੂੰ ਕਾਨੂੰਨ ਦੀ ਪਾਨ ਚਾੜ੍ਹਨੀ ਪੈਣੀ ਸੀ। ਬਹੁਤ ਸਾਰੇ ਤੱਥਾਂ ਦੀ ਤੋੜ ਮਰੋੜ ਹੋਣੀ ਸੀ। ਮੁੱਖ ਕਹਾਣੀ ਵਿਚੋਂ ਕੁੱਝ ਛੋਟੀਆਂ ਕਹਾਣੀਆਂ ਘਟਾਈਆਂ ਜਾਣੀਆਂ ਸਨ, ਕੁਝ ਵਧਾਈਆਂ ਜਾਣੀਆਂ ਸਨ।

ਨੀਲਮ ਤੋਂ ਵਾਪਰੀ ਘਟਨਾ ਵੀ ਹੂ ਬ ਹੂ ਨਹੀਂ ਸੀ ਬਿਆਨੀ ਜਾਣੀ। ਵਾਧ ਘਾਟ ਕਰਨ ਜਾਂ ਜਿਰ੍ਹਾ ਦਾ ਸਾਹਮਣਾ ਕਰਨਾ ਦੂਰ ਦੀ ਗੱਲ ਸੀ।

ਇਸ ਲਈ ਮੁਦਈ ਧਿਰ ਦੇ ਵਕੀਲਾਂ ਨੇ ਫੈਸਲਾ ਕੀਤਾ। ਉਸਨੂੰ ਅਦਾਲਤ ਵਿਚ ਪੇਸ਼ ਨਹੀਂ ਕੀਤਾ ਜਾਵੇਗਾ। ਉਸਦੀ ਗਵਾਹੀ ਕਟਵਾ ਦਿੱਤੀ ਜਾਵੇਗੀ।

ਨੇਹਾ ਨੂੰ ਤਿੰਨ ਮਹੀਨੇ ਪਹਿਲਾਂ ਵੀ ਬਿਆਨ ਯਾਦ ਕਰਵਾਇਆ ਗਿਆ ਸੀ। ਪਹਿਲੀ ਮਿਹਨਤ ਕੰਮ ਆਉਣੀ ਸੀ। ਥੋੜ੍ਹੀ ਜਿਹੀ ਮਿਹਨਤ ਨਾਲ ਉਸਨੂੰ ਬਿਆਨ ਤੋਤੇ ਵਾਂਗ ਰੱਟ ਜਾਣਾ ਸੀ।

ਵੇਦ ਪੜ੍ਹਿਆ ਲਿਖਿਆ ਸੀ। ਦੋਸ਼ੀਆਂ ਦੇ ਨਾਂ, ਉਨ੍ਹਾਂ ਦੇ ਹੁਲੀਏ ਅਤੇ ਉਨ੍ਹਾਂ ਵੱਲੋਂ ਕੀਤੇ ਜੁਰਮ ਰਾਮ ਨਾਥ ਨੇ ਵੇਦ ਨੂੰ ਚੰਗੀ ਤਰ੍ਹਾਂ ਸਮਝਾ ਦਿੱਤੇ ਸਨ।

ਪਰ ਜਿਉਂ ਜਿਉਂ ਗਵਾਹੀ ਦੀ ਤਾਰੀਖ਼ ਨੇੜੇ ਆ ਰਹੀ ਸੀ ਬਿਆਨ ਵਿਚ ਮਜ਼ਬੂਤੀ ਦੀ ਥਾਂ ਪਤਲਾਪਣ ਆ ਰਿਹਾ ਸੀ।

ਰਾਮ ਨਾਥ ਇਸਦਾ ਕਾਰਨ ਜਾਣਦਾ ਸੀ। ਦਿਨੋ ਦਿਨ ਵੇਦ ਅਤੇ ਨਿਹਾ ਦੀ ਵਿਆਕੁਲਤਾ ਵਧ ਰਹੀਂ ਸੀ। ਉਨ੍ਹਾਂ ਦੇ ਮਨ ਵਿਚ ਆਇਆ ਠਹਿਰਾਅ ਗਾਇਬ ਸੀ।

ਕਮਲ ਦੀ ਯਾਦ ਉਨ੍ਹਾਂ ਨੂੰ ਮੁੜ ਸਤਾਉਣ ਲਗੀ ਸੀ। ਦੋਹਾਂ ਦੇ ਕਮਰਿਆਂ ਦੀਆਂ ਬੱਤੀਆਂ ਸਾਰੀ ਸਾਰੀ ਰਾਤ ਜਗਦੀਆਂ ਰਹਿੰਦੀਆਂ ਸਨ। ਸਾਰੀ ਰਾਤ ਉਹ ਕਰਵਟਾਂ ਲੈਂਦੇ ਸਨ।

ਵੇਦ ਨੇ ਆਪਣੀ ਵੇਦਨਾ ਆਪਣੇ ਮਨ ਵਿਚ ਛੁਪਾ ਲਈ ਸੀ। ਕਮਲ ਦੇ ਕਾਤਲਾਂ ਤੋਂ ਬਦਲਾ ਲੈਣਾ ਹੈ। ਡੋਲਦੇ ਮਨ ਨੂੰ ਕਾਬੂ ਕਰਨ ਲਈ ਕਦੇ ਕਦੇ ਉਹ ‘ਕਾਮਪੋਜ਼’ ਦੀਆਂ ਗੋਲੀਆਂ ਦਾ ਸਹਾਰਾ ਲੈਣ ਲੱਗਾ ਸੀ।

ਨੇਹਾ ਤੋਂ ਆਪਣੀ ਬੇਚੈਨੀ ਛੁਪਾਈ ਨਹੀਂ ਸੀ ਜਾ ਰਹੀਂ। ਰਾਮ ਨਾਥ ਦੇ ਨਾਲ ਨਾਲ ਕਈ ਵਾਰ ਉਹ ਪ੍ਰਧਾਨ ਨੂੰ ਆਖ ਚੱਕੀ ਸੀ। ਉਹ ਬੀਤੇ ਕੱਲ੍ਹ ਨੂੰ ਭਲਾਉਣਾ ਚਾਹੁੰਦੀ ਸੀ। ਉਸਨੂੰ ਆਪਣੇ ਭਰਾ ਦੇ ਕਾਤਲਾਂ ਅਤੇ ਆਪਣੀ ਇੱਜ਼ਤ ਦੇ ਲੁਟੇਰਿਆਂ ਅੱਗੇ ਖੜੋਣ ਤੋਂ ਡਰ ਲੱਗਦਾ ਸੀ।

ਪਰ ਕਿਸੇ ਕੋਲ ਨੇਹਾ ਦੀ ਸਮੱਸਿਆ ਦਾ ਹੱਲ ਨਹੀਂ ਸੀ। ਕਾਨੂੰਨ ਦੀ ਮੰਗ ਪੂਰੀ ਕਰਨੀ ਹੀ ਪੈਣੀ ਸੀ।

ਰਾਮ ਨਾਥ ਦੇ ਨਾਲ ਨਾਲ ਸੋਸਾਇਟੀ ਦਾ ਵੀ ਜ਼ੋਰ ਲੱਗਾ ਹੋਇਆ ਸੀ। ਗਵਾਹ ਅਗਲੀ ਪੇਸ਼ੀ ਹਰ ਹਾਲ ਵਿਚ ਭੁਗਤ ਜਾਣ। ਸਾਧੂ ਸਿੰਘ ਵਰਗਾ ਜੱਜ ਉਨ੍ਹਾਂ ਦੇ ਮੁਕੱਦਮੇ ਦੀ ਸਮਾਇਤ ਕਰ ਰਿਹਾ ਸੀ। ਉਹ ਇਕ ਪਲ ਵੀ ਅਜਾਈਂ ਨਹੀਂ ਸੀ ਜਾਣ ਦੇਣਾ ਚਾਹੰਦੇ।

ਸੋਸਾਇਟੀ ਦੇ ਵਕੀਲਾਂ ਨੇ ਗਵਾਹਾਂ ਦੀ ਤਿਆਰੀ ਕਰਾਉਣ ਲਈ ਦਿਨ ਰਾਤ ਇਕ ਕਰ ਰੱਖਿਆ ਸੀ। ਗਵਾਹਾਂ ਦੀ ਯਾਦਦਾਸ਼ਤ ਪਹਿਲਾਂ ਜੂਨੀਅਰ ਵਕੀਲ ਪਰਖਦੇ ਸਨ।

ਫੇਰ ਸੀਨੀਅਰ। ਛੋਟੀਆਂ ਮੋਟੀਆਂ ਤਰੱਟੀਆਂ ਛੱਡ ਕੇ ਬਾਕੀ ਸਭ ਅੱਛਾ ਸੀ।

ਪੂਰੀ ਤਸੱਲੀ ਹੋਣ ਬਾਅਦ ਗਵਾਹਾਂ ਨੂੰ ਕਚਹਿਰੀ ਲਿਆਂਦਾ ਗਿਆ।

ਜੱਜ ਨੇ ਕੁਰਸੀ ‘ਤੇ ਬੈਠਦਿਆਂ ਹੀ ਹਾਜ਼ਰ ਗਵਾਹਾਂ ਦੀ ਸੂਚੀ ਉਸਨੂੰ ਫੜਾਈ ਗਈ।

ਨੰਦ ਲਾਲ ਅਤੇ ਸਿੰਗਲਾ ਸਭ ਤੋਂ ਪਹਿਲਾਂ ਆਏ ਸਨ।

ਠੇਕੇਦਾਰ ਦੇ ਵਕੀਲ ਦਾ ਮੁਨਸ਼ੀ ਆਇਆ ਸੀ। ਉਸਨੇ ਆਪਣੇ ਵਕੀਲ ਦਾ ਸੁਨੇਹਾ ਦਿੱਤਾ। ਅਦਾਲਤ ਗਵਾਹੀ ਸ਼ੁਰੂ ਕਰ ਲਏ। ਆਪਣੀ ਜਿਰ੍ਹਾ ਉਹ ਆ ਕੇ ਕਰ ਲਏਗਾ।

ਪੰਡਤ ਨੇ ਆਪਣਾ ਵਕੀਲ ਬਦਲ ਲਿਆ ਸੀ। ਹੁਣ ਚੌਧਰੀ ਉਸਦਾ ਵਕੀਲ ਸੀ।

ਸਮੇਂ ਸਿਰ ਆ ਕੇ ਚੌਧਰੀ ਨੇ ਆਪਣਾ ਵਕਾਲਤ ਨਾਮਾ ਪੇਸ਼ ਕੀਤਾ। ਕਾਰਵਾਈ ਵਿਚ ਹਿੱਸਾ ਲੈਣ ਲਈ ਉਹ ਤਿਆਰ ਸੀ।

ਕਾਲੀਏ ਨੂੰ ਭਾਰੀ ਪਈ ਹੋਈ ਸੀ। ਉਸਦਾ ਵਕੀਲ ਉਸਨੂੰ ਰਾਹ ਨਹੀਂ ਸੀ ਦੇ ਰਿਹਾ।

ਵਕੀਲ ਮੋਟੀ ਫ਼ੀਸ ਮੰਗ ਰਿਹਾ ਸੀ। ਕਾਲੀਏ ਕੋਲ ਫੁੱਟੀ ਕੌਡੀ ਨਹੀਂ ਸੀ।

ਕਾਰਵਾਈ ਵਿਚ ਵਿਘਨ ਪੈਣ ਲੱਗਾ। ਜੱਜ ਨੂੰ ਗੁੱਸਾ ਆਉਣ ਲੱਗਾ।

“ਪਹਿਲੇ ਫ਼ੀਸ ਨਹੀਂ ਦੀ ਥੀ (“ਪਤਾ ਨਹੀਂ ਸਾਹਿਬ ) ਘਰ ਵਾਲੋਂ ਨੇ ਉਸ ਸੇ ਬਾਤ ਕੀ ਥੀ )” ਕਾਲੀਏ ਨੇ ਨੰਦ ਲਾਲ ਵੱਲੋਂ ਸਮਝਾਇਆ ਉੱਤਰ ਸੁਣਾਇਆ।

“ਅਬ ਘਰ ਵਾਲੇ “ਪਤਾ ਨਹੀਂ ਸਾਹਿਬ! ਕੋਈ ਪੀਛੇ ਨਹੀਂ ਆਇਆ।”

ਜੱਜ ਦੇ ਅਗਲੇ ਪ੍ਰਸ਼ਨ ਦਾ ਉੱਤਰ ਵੀ ਕਾਲੀਏ ਨੂੰ ਸਮਝਾਇਆ ਗਿਆ ਸੀ।

“ਚੱਲ ਗਿਆਰਾਂ ਵਜੇ ਤਕ ਆਪਣੇ ਵਕੀਲ ਕੋ ਮਨਾ ਕੇ ਲੈ ਆ। ਨਹੀਂ ਤਾਂ ਮੈਂ ਬਿਨਾਂ ਵਕੀਲ ਦੇ ਗਵਾਹੀ ਲਿਖ ਲੈਣੀ ਹੈ। ਤੁਝੇ ਸਜ਼ਾ ਹੋ ਸਕਤੀ ਹੈ।”

ਖਿਝੇ ਜੱਜ ਨੇ ਕਾਲੀਏ ਨੂੰ ਧਮਕੀ ਦਿੱਤੀ।

ਜੱਜ ਦੇ ਇਸ ਡਰਾਵੇ ਦਾ ਕਾਲੀਏ ’ਤੇ ਕੋਈ ਅਸਰ ਨਹੀਂ ਸੀ। ਨੰਦ ਲਾਲ ਨੇ ਉਸਨੂੰ ਸਮਝਾ ਰੱਖਿਆ ਸੀ। ਇਹ ਕਤਲ ਵਰਗੇ ਸੰਗੀਨ ਜੁਰਮ ਦਾ ਮੁਕੱਦਮਾ ਸੀ। ਮੁਲਜ਼ਮ ਦੇ ਵਕੀਲ ਦੀ ਗੈਰ ਹਾਜ਼ਰੀ ਵਿੱਚ ਕੋਈ ਕਾਰਵਾਈ ਨਹੀਂ ਹੋ ਸਕਦੀ। ਉਹ ਜੱਜ ਦੀਆਂ ਬਾਂਦਰ ਘੁਰਕੀਆਂ ਤੋਂ ਨਾ ਡਰੇ। ਕਾਲੀਏ ਦਾ ਵਕੀਲ ਗੈਰ ਹਾਜ਼ਰ ਕਰਕੇ ਉਨ੍ਹਾਂ ਅੱਜ ਪੇਸ਼ੀ ਲੈਣੀ ਸੀ।

“ਜੀ ਸਾਹਿਬ।” ਆਖਦਾ ਕਾਲੀਆ ਕਚਹਿਰੀਉਂ ਬਾਹਰ ਨਿਕਲ ਗਿਆ।

* * * ਗਿਆਰਾਂ ਵੱਜਣ ਵਿੱਚ ਪੌਣਾ ਘੰਟਾ ਬਾਕੀ ਸੀ।

“ਜਨਾਬ ਅਸੀਂ ਹੋਰ ਕੰਮ ਦੇਖ ਆਈਏ? ਗਿਆਰਾਂ ਵਜੇ ਹਾਜ਼ਰ ਹੋ ਜਾਵਾਂਗੇ।”

ਨੰਦ ਲਾਲ ਨੇ ਇਜਾਜ਼ਤ ਮੰਗੀ।

ਜੱਜ ਮਸਾਂ ਇਕੱਠੇ ਹੋਏ ਵਕੀਲਾਂ ਨੂੰ ਖਿੰਡਾਉਣਾ ਤਾਂ ਨਹੀਂ ਸੀ ਚਾਹੁੰਦਾ। ਪਰ ਬਿਨਾਂ ਮਤਲਬ ਉਨ੍ਹਾਂ ਨੂੰ ਰੋਕਿਆ ਵੀ ਨਹੀਂ ਸੀ ਜਾ ਸਕਦਾ। ਮਜਬੂਰੀ ਵੱਸ ਉਸਨੂੰ ਹਾਂ ਵਿੱਚ ਸਿਰ ਹਿਲਾਉਣਾ ਪਿਆ।

ਗਵਾਹਾਂ ਨੂੰ ਵੀ ਕਚਹਿਰੀ ਵਿੱਚ ਬੈਠਾਉਣ ਦਾ ਕੋਈ ਫ਼ਾਇਦਾ ਨਹੀਂ ਸੀ। ਵਕੀਲਾਂ ਦੇ ਨਾਲ ਨਾਲ ਉਨ੍ਹਾਂ ਨੂੰ ਵੀ ਗਿਆਰਾਂ ਵਜੇ ਤਕ ਘੁੰਮ ਫਿਰ ਆਉਣ ਦੀ ਇਜਾਜ਼ਤ ਮਿਲ ਗਈ।

ਸਵੇਰ ਦੀ ਨੇਹਾ ਡਾਢੇ ਮਾਨਸਿਕ ਤਨਾਅ ਵਿੱਚ ਸੀ। ਉਸਦਾ ਦਿਮਾਗ਼ ਭਾਰਾ ਹੁੰਦਾ ਜਾ ਰਿਹਾ ਸੀ। ਉਸਦੀ ਯਾਦਦਾਸ਼ਤ ਜਵਾਬ ਦਿੰਦੀ ਜਾ ਰਹੀ ਸੀ। ਉਸਨੂੰ ਸਭ ਕੁੱਝ ਭੁੱਲਦਾ ਜਾ ਰਿਹਾ ਸੀ। ਮੁਲਜ਼ਮਾਂ ਦੇ ਨਾਂ, ਹੁਲੀਏ। ਕਿਸ ਨੇ, ਕਿਸ ਨੂੰ, ਕਿਸ ਹਥਿਆਰ ਨਾਲ ਕਿੱਥੇ ਸੱਟ ਮਾਰੀ। ਕਦੇ ਉਸਨੂੰ ਯਾਦ ਆ ਜਾਂਦਾ ਸੀ, ਕਦੇ ਭੁੱਲ ਜਾਂਦਾ ਸੀ। ਇਸ ਤਨਾਅ ਕਾਰਨ ਉਸਨੂੰ ਵਾਰ ਵਾਰ ਪਿਆਸ ਲੱਗ ਰਹੀ ਸੀ।

ਕਚਹਿਰੀ ਵਿੱਚ ਦੂਰ ਦੂਰ ਤਕ ਪਾਣੀ ਦਾ ਇੰਤਜ਼ਾਮ ਨਹੀਂ ਸੀ। ਪਿਆਸੇ ਬੰਦਿਆਂ ਨੂੰ ਪਿਆਸ ਬੁਝਾਉਣ ਲਈ ਰੇਹੜੀ ਵਾਲਿਆਂ ਦੀ ਲੁੱਟ ਦਾ ਸ਼ਿਕਾਰ ਹੋਣਾ ਪੈਂਦਾ ਸੀ।

ਘਟੀਆ ਸੋਢੇ ਪਿਆਸ ਬੁਝਾਉਣ ਦੀ ਥਾਂ ਹੋਰ ਭੜਕਾ ਦਿੰਦੇ ਸਨ।

ਇਸ ਸਮੱਸਿਆ ਨੂੰ ਸਮਝਦੇ ਹੋਏ ਰਾਮ ਨਾਥ ਨੇ ਪਾਣੀ ਵਾਲੀ ਕੇਨੀ ਨਾਲ ਲਿਆਂਦੀ ਸੀ।

ਛੁੱਟੀ ਮਿਲਦੇ ਹੀ ਨੇਹਾ ਗੱਡੀ ਵੱਲ ਦੌੜ ਪਈ। ਪਿਆਸ ਬੁਝਾਏ ਬਿਨਾਂ ਗਵਾਹੀ ਦੇਣੀ ਮੁਸ਼ਕਲ ਸੀ।

 

-102-

 

ਗਿਆਰਾਂ ਵਜੇ ਵੀ ਪ੍ਰਨਾਲਾ ਉੱਥੇ ਦਾ ਉੱਥੇ ਸੀ।

ਕਾਲੀਏ ਦੇ ਵਕੀਲ ਦੀ ਥਾਂ ਉਸਦਾ ਸੁਨੇਹਾ ਆਇਆ ਸੀ। ਉਹ ਕਾਲੀਏ ਦਾ ਵਕੀਲ ਨਹੀਂ ਸੀ।

ਕੁਲਦੀਪ ਸਿੰਘ ਦੀ ਇਸ ਬੇਰੁੱਖੀ ਨੇ ਸਾਧੂ ਸਿੰਘ ਦੇ ਸੱਤੀਂ ਕਪੜੀਂ ਅੱਗ ਲਾ ਦਿੱਤੀ।

ਜੇ ਉਸਨੇ ਕਾਲੀਏ ਦੀ ਪੈਰਵਾਈ ਨਹੀਂ ਸੀ ਕਰਨੀ ਤਾਂ ਉਸਨੂੰ ਅਦਾਲਤ ਨੂੰ ਪਹਿਲਾਂ ਸੂਚਿਤ ਕਰਨਾ ਚਾਹੀਦਾ ਸੀ। ਅਦਾਲਤ ਕੋਈ ਹੋਰ ਇੰਤਜ਼ਾਮ ਕਰਦੀ। ਮੌਕੇ ’ਤੇ ਭੱਜਣਾ ਆਪਣੇ ਫਰਜ਼ਾਂ ਨਾਲ ਕੁਤਾਹੀ ਸੀ।

“ਹੁਣ ਉਹ ਕਾਲੀਏ ਦਾ ਵਕੀਲ ਕਿਉਂ ਨਹੀਂ ਰਿਹਾ?” ਆਪਣਾ ਪੱਖ ਪੇਸ਼ ਕਰਨ ਲਈ ਉਸਨੂੰ ਅਦਾਲਤ ਵਿੱਚ ਹਾਜ਼ਰ ਹੋਣ ਦਾ ਹੁਕਮ ਸੁਣਾਇਆ ਗਿਆ। ਹਾਜ਼ਰੀ ਯਕੀਨੀ ਬਣਾਉਣ ਲਈ ਅਰਦਲੀ ਹੱਥ ਸੁਨੇਹਾ ਲਾਇਆ ਗਿਆ।

ਘੰਟੇ ਕੁ ਬਾਅਦ ਵਕੀਲ ਦੀ ਥਾਂ ਉਸਦਾ ਮੁਨਸ਼ੀ ਆ ਗਿਆ। ਕੁਲਦੀਪ ਸਿੰਘ ਵੱਡੇ ਜੱਜ ਦੀ ਅਦਾਲਤ ਵਿੱਚ ਕਤਲ ਕੇਸ ਕਰਵਾ ਰਿਹਾ ਸੀ। ਗਵਾਹੀ ਦੁਪਹਿਰ ਤਕ ਚੱਲਣੀ ਸੀ। ਉਹ ਬਾਅਦ ਦੁਪਹਿਰ ਪੇਸ਼ ਹੋ ਸਕਦਾ ਸੀ। ਜਦੋਂ ਉਹ ਕਾਲੀਏ ਦਾ ਵਕੀਲ ਨਹੀਂ ਸੀ, ਕਾਲੀਏ ਦੀ ਵਕਾਲਤ ਕਰਨ ਲਈ ਉਸਨੂੰ ਉਡੀਕਣਾ ਫਜ਼ੂਲ ਸੀ।

ਸਾਧੂ ਸਿੰਘ ਦਾ ਪਾਰਾ ਹੋਰ ਚੜ੍ਹ ਗਿਆ। ਉਹ ਮੁਨਸ਼ੀ ਨੂੰ ਭੱਜ ਭੱਜ ਪੈਣ ਲੱਗਾ।

“ਇਸ ਗਰੀਬ ’ਤੇ ਗੁੱਸਾ ਨਾ ਉਤਾਰੋ। ਉਸਨੇ ਜੋ ਆਖਿਆ, ਇਸਨੇ ਸੁਣਾ ਦਿੱਤਾ।

ਮੁਫ਼ਤ ਵਿੱਚ ਉਸਨੂੰ ਮਗਜ਼ ਖਪਾਈ ਕਰਨ ਦੀ ਕੀ ਲੋੜ ਹੈ? ਤਾਰੀਖ਼ ਪਾਉ, ਵਿਹਲੇ ਹੋਈਏ।”

ਨੰਦ ਲਾਲ ਨੇ ਸਾਧੂ ਸਿੰਘ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਕਰਾਉਣ ਲਈ ਵਿਅੰਗ ਕੱਸਿਆ।

“ਤਾਰੀਖ਼ ਨਹੀਂ ਪੈਣੀ। ਗਵਾਹ ਲਿਖੇ ਜਾਣਗੇ। ਕਾਲੀਏ ਨੂੰ ਜਿਰ੍ਹਾ ਦਾ ਮੌਕਾ ਪਿੱਛੋਂ ਦੇ ਦਿੱਤਾ ਜਾਏਗਾ।”

ਜੱਜ ਦਾ ਪਾਰਾ ਠੰਡਾ ਨਹੀਂ ਸੀ ਹੋ ਰਿਹਾ। ਨੰਦ ਲਾਲ ਦੇ ਕਟਾਕਸ਼ ਦੀ ਉਸਨੂੰ ਕੋਈ ਪਰਵਾਹ ਨਹੀਂ ਸੀ।

“ਜਨਾਬ ਕਾਨੂੰਨ ਦੀ ਪਾਲਣਾ ਕਰਨ ਲਈ ਮਸ਼ਹੂਰ ਹਨ। ਮੁਲਜ਼ਮ ਦੇ ਵਕੀਲ ਦੀ ਗੈਰ ਹਾਜ਼ਰੀ ਵਿੱਚ ਗਵਾਹ ਭੁਗਤਾ ਕੇ ਤੁਸੀਂ ਨਿਯਮਾਂ ਦੀ ਉਲੰਘਣਾ ਨਹੀਂ ਕਰ ਰਹੇ ਹੋਵੋਗੇ?” ਚੌਧਰੀ ਨੂੰ ਜਿਸ ਉਦੇਸ਼ ਲਈ ਵਕੀਲ ਕੀਤਾ ਗਿਆ ਸੀ ਉਹ ਪੂਰਾ ਕਰਨ ਲਈ ਉਸਨੇ ਆਪਣੇ ਤਰਕਸ਼ ਵਿਚੋਂ ਪਹਿਲਾ ਤੀਰ ਛੱਡਿਆ।

“ਇਕ ਮੁਲਜ਼ਮ ਦਾ ਜੇ ਵਕੀਲ ਹਾਜ਼ਰ ਨਹੀਂ ਫੇਰ ਕੀ ਹੋਇਆ? ਛੇ ਮੁਲਜ਼ਮਾਂ ਦੇ ਵਕੀਲ ਤਾਂ ਹਾਜ਼ਰ ਹਨ। ਸਤਵੇਂ ਮੁਲਜ਼ਮ ਨਾਲ ਕੋਈ ਧੱਕਾ ਨਹੀਂ ਹੋ ਰਿਹਾ।”

ਸਾਧੂ ਸਿੰਘ ਨੇ ਆਪਣੀ ਕਾਰਵਾਈ ਨੂੰ ਠੀਕ ਠਹਿਰਾਉਂਦਿਆਂ ਸਪਸ਼ਟੀਕਰਣ ਦਿੱਤਾ।

“ਨਿਯਮ ਨਿਯਮ ਹਨ। ਇੱਕ ਦੋਸ਼ੀ ਦਾ ਪੱਖ ਪੂਰਣ ਦੀ ਕਿਸੇ ਹੋਰ ਵਕੀਲ ਨੂੰ ਕੀ ਲੋੜ ਹੈ? ਇੱਕ ਮੁਲਜ਼ਮ ਦਾ ਨੁਕਸਾਨ ਦੂਸਰੇ ਲਈ ਫਾਇਦੇਮੰਦ ਸਾਬਤ ਹੋ ਸਕਦਾ ਹੈ।

ਮੇਰੀ ਰਾਏ ਹੈ ਕਿ ਕਾਨੂੰਨ ਦੀ ਪਾਲਣਾ ਹੋਣੀ ਚਾਹੀਦੀ ਹੈ।”

ਚੌਧਰੀ ਆਪਣੇ ਨੁਕਤੇ ’ਤੇ ਅੜਨ ਲੱਗਾ।

“ਤੁਸੀਂ ਮੈਨੂੰ ਸਹਿਯੋਗ ਦਿਓ। ਤਾਰੀਖ਼ ਪਾਉਣ ਨਾਲ ਅਦਾਲਤ ਦੇ ਦੋ ਕੀਮਤੀ ਦਿਨ ਬਰਬਾਦ ਹੋ ਜਾਣਗੇ। ਮੈਂ ਇਹ ਬਰਦਾਸ਼ਤ ਨਹੀਂ ਕਰ ਸਕਦਾ।”

“ਹੁਣ ਤੁਸੀਂ ਵਕੀਲਾਂ ਦਾ ਸਮਾਂ ਬਰਬਾਦ ਕਰ ਰਹੇ ਹੋ। ਪਹਿਲਾਂ ਛੇ ਵਕੀਲ ਗਿਆਰਾਂ ਵਜੇ ਹਾਜ਼ਰ ਆਏ, ਫੇਰ ਬਾਰਾਂ ਵਜੇ। ਹੁਣ ਆਖੋਗੇ ਬਾਅਦ ਦੁਪਹਿਰ ਆਉਣਾ। ਬਾਅਦ ਦੁਪਹਿਰ ਤਾਰੀਖ਼ ਪਾ ਦੇਵੋਗੇ। ਸਾਡਾ ਸਮਾਂ, ਸਮਾਂ ਨਹੀਂ?”

ਚੌਧਰੀ ਦੇ ਚੜ੍ਹਦੇ ਤੇਵਰਾਂ ਅੱਗੇ ਸਾਧੂ ਸਿੰਘ ਕੋਲ ਝੁਕਣ ਤੋਂ ਸਿਵਾ ਕੋਈ ਚਾਰਾ ਨਹੀਂ ਸੀ। ਹਾਈ ਕੋਰਟ ਦੇ ਨਿਯਮ ਚੌਧਰੀ ਵਾਲੀ ਬੋਲੀ ਬੋਲਦੇ ਸਨ। ਕਾਰਵਾਈ ਵਕੀਲ ਦੀ ਹਾਜ਼ਰੀ ਵਿੱਚ ਹੋਣੀ ਚਾਹੀਦੀ ਸੀ। ਮੁਲਜ਼ਮ ਵਕੀਲ ਨਹੀਂ ਕਰ ਸਕਦਾ ਤਾਂ ਉਸਨੂੰ ਸਰਕਾਰੀ ਖ਼ਰਚੇ ’ਤੇ ਵਕੀਲ ਕਰਕੇ ਦੇਵੋ। ਸਾਧੂ ਸਿੰਘ ਨਿਯਮਾਂ ਦੀ ਉਲੰਘਣਾ ਕਰਨ ਤੋਂ ਝਿਜਕਣ ਲੱਗਾ।

“ਜਿਵੇਂ ਤੁਹਾਡੀ ਮਰਜ਼ੀ! ਤੁਸੀਂ ਬਾਅਦ ਦੁਪਹਿਰ ਆ ਜਾਣਾ। ਦੇਖਦੇ ਹਾਂ ਊਂਠ ਕਿਸ ਕਰਵਟ ਬੈਠਦਾ ਹੈ।”

ਠੰਡੇ ਪਏ ਜੱਜ ਨੇ ਇੱਕ ਵਾਰ ਫੇਰ ਕਾਰਵਾਈ ਟਾਲੀ।

ਬਾਅਦ ਦੁਪਹਿਰ ਕੁਲਦੀਪ ਸਿੰਘ ਨੇ ਜੱਜ ਦੇ ਹੁਕਮਾਂ ਦੀ ਪਾਲਨਾ ਕੀਤੀ।

“ਤੁਹਾਡੇ ਸਾਇਲ ਅਤੇ ਅਦਾਲਤ ਪ੍ਰਤੀ ਕੁੱਝ ਇਖਲਾਕੀ ਫਰਜ਼ ਵੀ ਹਨ। ਪੈਸਾ ਸਭ ਕੁੱਝ ਨਹੀਂ ਹੁੰਦਾ।”

ਕੁਲਦੀਪ ਸਿੰਘ ਦੇ ਅੰਦਰ ਵੜਦਿਆਂ ਹੀ ਸਾਧੂ ਸਿੰਘ ਆਪਣੀ ਨਰਾਜ਼ਗੀ ਪ੍ਰਗਟਾਉਣ ਲੱਗਾ।

“ਪੈਸੇ ਦਾ ਸਵਾਲ ਕਿਥੇ ਹੈ ਜਨਾਬ? ਮੈਂ ਅੱਜ ਤੱਕ ਇਸ ਤੋਂ ਇੱਕ ਕੌਡੀ ਨਹੀਂ ਲਈ।”

“ਫੇਰ ਹੋਰ ਕੀ ਸਮੱਸਿਆ ਹੈ?”

“ਕੋਈ ਸਮੱਸਿਆ ਨਹੀਂ। ਮੈਂ ਕਦੇ ਇਸ ਦਾ ਵਕੀਲ ਨਹੀਂ ਬਣਿਆ। ਇੱਕ ਵਾਰ ਕੋਈ ਇਸ ਵੱਲੋਂ ਮੈਨੂੰ ਵਕੀਲ ਕਰਨ ਆਇਆ ਸੀ। ਮੈਥੋਂ ਫ਼ੀਸ ਪੁੱਛ ਕੇ ਮੁੜ ਗਿਆ।

ਅੱਜ ਤਕ ਵਾਪਿਸ ਨਹੀਂ ਆਇਆ। ਦੱਸੋ ਮੈਂ ਇਸਦਾ ਵਕੀਲ ਕਿਸ ਤਰ੍ਹਾਂ ਬਣ ਗਿਆ?”

“ਤੁਹਾਡੀ ਇਸ ਕੇਸ ਵਿੱਚ ਹਾਜ਼ਰੀ ਕਿਸ ਤਰ੍ਹਾਂ ਲੱਗ ਰਹੀ ਹੈ?”

“ਇਸ ਬਾਰੇ ਮੈਂ ਕੀ ਕਹਿ ਸਕਦਾ ਹਾਂ? ਜਨਾਬ ਕੋਲ ਕਈ ਪੇਸ਼ੀਆਂ ਪੈ ਚੁੱਕੀਆਂ ਹਨ। ਦੱਸੋ ਮੈਂ ਕਿਸ ਪੇਸ਼ੀ ’ਤੇ ਹਾਜ਼ਰ ਹੋਇਆ ਹਾਂ। ਜਿਸ ਤਰ੍ਹਾਂ ਤੁਸੀਂ ਮੇਰੀ ਹਾਜ਼ਰੀ ਪਾ ਲਈ, ਇਸੇ ਤਰ੍ਹਾਂ ਦੂਜੀਆਂ ਅਦਾਲਤਾਂ ਨੇ ਪਾ ਲਈ।”

ਸਾਧੂ ਸਿੰਘ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ। ਕੁਲਦੀਪ ਸਿੰਘ ਕਦੇ ਵੀ ਉਸ ਅੱਗੇ ਪੇਸ਼ ਨਹੀਂ ਸੀ ਹੋਇਆ। ਪਿਛਲੇ ਹੁਕਮਾਂ ਦੇ ਆਧਾਰ ’ਤੇ ਉਸਦੀ ਹਾਜ਼ਰੀ ਲਗ ਰਹੀ ਸੀ।

“ਤੁਸੀਂ ਹੁਣ ਇਸਦੇ ਵਕੀਲ ਬਣ ਜਾਓ। ਤੁਹਾਨੂੰ ਸਰਕਾਰ ਵੱਲੋਂ ਇਸਦਾ ਵਕੀਲ ਕਰ ਦਿੰਦੇ ਹਾਂ।”

ਛਿੱਥਾ ਪੈਂਦੇ ਜੱਜ ਨੇ ਪੈਂਤਰਾ ਬਦਲਿਆ।

“ਇਹ ਮੁਕੱਦਮਾ ਬਹੁਤ ਮਿਹਨਤ ਮੰਗਦਾ ਹੈ। ਸਰਕਾਰ ਨੇ ਮਿਹਨਤ ਜਿੰਨੀ ਫ਼ੀਸ ਨਹੀਂ ਦੇਣੀ।”

“ਦਿਵਾ ਦੇਵਾਂਗੇ। ਦੱਸੋ ਕਿੰਨੀ ਫ਼ੀਸ ਹੈ ਤੁਹਾਡੀ?”

“ਮੈਂ ਸੀਨੀਅਰ ਐਡਵੋਕੇਟ ਹਾਂ। ਮੇਰੀ ਫ਼ੀਸ ਲੱਖਾਂ ਵਿੱਚ ਹੈ। ਸਰਕਾਰ ਤੋਂ ਪਚਵੰਜਾ ਹਜ਼ਾਰ ਲੈ ਲਵਾਂਗਾ।”

“ਮੈਂ ਇੰਨੀ ਫ਼ੀਸ ਦੀ ਸਿਫਾਰਸ਼ ਕਰ ਦੇਵਾਂਗਾ। ਤੁਹਾਨੂੰ ਇਸਦਾ ਵਕੀਲ ਨਿਯੁਕਤ ਕੀਤਾ। ਅੱਜ ਇੱਕ ਗਵਾਹ ਲਿਖ ਲੈਂਦੇ ਹਾਂ। ਵਿਚਾਰੀ ਕੁੜੀ ਨੂੰ ਫਾਰਗ ਕਰ ਦਿਓ। ਬਾਕੀ ਕੱਲ੍ਹ ਲਿਖ ਲਵਾਂਗੇ।”

“ਹੁਣੇ? ਕਤਲ, ਡਕੈਤੀ ਦੇ ਕੇਸ ਵਿੱਚ ਝੱਟਪੱਟ ਜਿਰ੍ਹਾ? ਮੈਨੂੰ ਪੈਸੇ ਦਾ ਲਾਲਚ ਨਹੀਂ ਜਨਾਬ! ਮੁਕੱਦਮਾ ਦੇਣਾ ਹੈ ਤਾਂ ਵਕਤ ਵੀ ਦੇਵੋ। ਮੈਂ ਆਪਣੇ ਸਾਇਲ ਨਾਲ ਇਨਸਾਫ਼ ਵੀ ਕਰ ਸਕਾਂ।”

“ਛੇ ਵਕੀਲ ਹੋਰ ਹਨ। ਤੁਹਾਡੀ ਹਾਜ਼ਰੀ ਜ਼ਾਬਤਾ ਪੂਰਾ ਕਰਨ ਲਈ ਹੈ।”

“ਮੈਂ ਜ਼ਾਬਤਾ ਪੂਰਾ ਕਰਨ ਵਾਲਾ ਵਕੀਲ ਨਹੀਂ ਹਾਂ। ਮੁਕੱਦਮਾ ਫੜ ਲਿਆ ਤਾਂ ਪੂਰੀ ਮਿਹਨਤ ਕਰਾਂਗਾ। ਹਾਲ ਦੀ ਘੜੀ ਮੇਰੇ ਕੋਲ ਇਸ ਕੇਸ ਦਾ ਇੱਕ ਵਰਕਾ ਵੀ ਨਹੀਂ। ਮਿਸਲ ਲਵਾਂਗਾ। ਸਾਇਲ ਤੋਂ ਪੁੱਛ ਗਿੱਛ ਕਰਾਂਗਾ। ਆਪਣੇ ਨੋਟਸ ਤਿਆਰ ਕਰਾਂਗਾ। ਫੇਰ ਜਿਰ੍ਹਾ ਹੋ ਸਕੇਗੀ। ਜ਼ਾਬਤਾ ਪੂਰਾ ਕਰਨਾ ਹੈ ਤਾਂ ਕਿਸੇ ਨਵੇਂ ਮੁੰਡੇ ਨੂੰ ਖੜਾ ਕਰ ਦਿਓ। ਨਾਲੇ ਉਸਦਾ ਜੇਬ ਖ਼ਰਚ ਨਿਕਲ ਜਾਏਗਾ।”

ਕੁਲਦੀਪ ਸਿੰਘ ਨੇ ਮੁਲਜ਼ਮ ਦਾ ਵਕੀਲ ਬਣਨ ਦੀ ਸ਼ਰਤ ਰੱਖੀ।

ਸਾਧੂ ਸਿੰਘ ਦੀ ਸਮੱਸਿਆ ਜਿਉਂ ਦੀ ਤਿਉਂ ਕਾਇਮ ਸੀ। ਉਹ ਗਵਾਹੀ ਲਿਖਣਾ ਚਾਹੁੰਦਾ ਸੀ। ਪਰ ਲੱਗਦਾ ਸੀ ਸਾਰੇ ਵਕੀਲ ਕੇਸ ਲਟਕਾਉਣ ਦੀ ਸਲਾਹ ਕਰਕੇ ਆਏ ਸਨ।

“ਕੱਲ੍ਹ ਬਾਰੇ ਕੀ ਵਿਚਾਰ ਹੈ?”

“ਕੱਲ੍ਹ ਨੂੰ ਬਹੁਤ ਕੰਮ ਲੱਗਾ ਹੈ। ਮਿੰਟ ਦੀ ਵਿਹਲ ਨਹੀਂ।” ਆਪਣੀ ਡਾਇਰੀ ਦੇਖ ਕੇ ਕੁਲਦੀਪ ਸਿੰਘ ਨੇ ਮਜਬੂਰੀ ਜ਼ਾਹਰ ਕੀਤੀ।

“ਗਵਾਹਾਂ ਦਾ ਚੀਫ਼ ਲਿਖ ਲੈਂਦੇ ਹਾਂ। ਜਿਰ੍ਹਾ ਕੱਲ੍ਹ ਕਰ ਲੈਣਾ। ਕੋਈ ਕਾਰਵਾਈ ਤਾਂ ਪਵੇ। ਮੇਰਾ ਸਾਰਾ ਦਿਨ ਬਰਬਾਦ ਹੋ ਗਿਆ।”

“ਜਨਾਬ ਮੈਨੂੰ ਇਸ ਮੁਕੱਦਮੇ ਬਾਰੇ ਕੱਖ ਨਹੀਂ ਪਤਾ। ਵਕੀਲ ਚੀਫ਼’ ਸਮੇਂ ਵੀ ਤਿਆਰ ਹੋਣਾ ਚਾਹੀਦਾ ਹੈ।”

ਵਕੀਲ ਕਿਸੇ ਵੀ ਤਰ੍ਹਾਂ ਪੈਰਾਂ ’ਤੇ ਪਾਣੀ ਨਹੀਂ ਸਨ ਪੈਣ ਦੇ ਰਹੇ।

ਕੁਲਦੀਪ ਸਿੰਘ ਨੂੰ ਕਾਲੀਏ ਦਾ ਵਕੀਲ ਨੰਦ ਲਾਲ ਨੇ ਕਰਵਾਇਆ ਸੀ। ਫ਼ੀਸ ਪੰਕਜ ਨੇ ਦਿੱਤੀ ਸੀ। ਕੁਲਦੀਪ ਸਿੰਘ ਆਈ ਫ਼ੀਸ ਦਾ ਮੁੱਲ ਉਤਾਰ ਰਿਹਾ ਸੀ। ਸਵੇਰੇ ਨੰਦ ਲਾਲ ਨੇ ਉਸ ਨੂੰ ਹਦਾਇਤ ਕੀਤੀ ਸੀ। ਅੱਜ ਗਵਾਹ ਨਹੀਂ ਭੁਗਤਣੇ ਚਾਹੀਦੇ।

ਜੇ ਸਾਧੂ ਸਿੰਘ ਜੱਜ ਸੀ ਤਾਂ ਕੁਲਦੀਪ ਸਿੰਘ ਵੀ ਨਾਮਵਰ ਵਕੀਲ ਸੀ। ਗੱਲਾਂ ਵਿੱਚ ਜੱਜ ਉਸਨੂੰ ਮਾਤ ਨਹੀਂ ਸੀ ਦੇ ਸਕਦਾ। ਬੜੀ ਹੁਸ਼ਿਆਰੀ ਨਾਲ ਕੁਲਦੀਪ ਸਿੰਘ ਜੱਜ ਦੀ ਹਰ ਤਜਵੀਜ਼ ਰੱਦ ਕਰਦਾ ਜਾ ਰਿਹਾ ਸੀ।

ਸਾਧੂ ਸਿੰਘ ਭਾਂਪ ਗਿਆ। ਸਾਰੇ ਵਕੀਲ ਇਕੋ ਥੈਲੀ ਦੇ ਚੱਟੇ ਵੱਟੇ ਸਨ। ਡੱਡੂਆਂ ਵਾਂਗ ਸਾਰੇ ਇਕੋ ਰਾਗ ਅਲਾਪ ਰਹੇ ਸਨ। ਇਕੱਠੇ ਹੋ ਕੇ ਉਨ੍ਹਾਂ ਨੇ ਅਭਿਮਨੀਉਂ ਵਾਂਗ ਉਸਨੂੰ ਚੱਕਰਵਿਯੂ ਵਿੱਚ ਫਸਾ ਲਿਆ ਸੀ।

ਗਵਾਹੀ ਟਾਲਣ ਤੋਂ ਸਿਵਾ ਕੋਈ ਚਾਰਾ ਨਹੀਂ ਸੀ।

“ਚੱਲੋ ਅਗਲੇ ਹਫ਼ਤੇ ਦੇਖੋ ਕਿਹੜੀ ਤਾਰੀਖ਼ ਬੈਠਦੀ ਹੈ?’

ਸਾਰੇ ਵਕੀਲ ਆਪਣੀਆਂ ਆਪਣੀਆਂ ਡਾਇਰੀਆਂ ਫਰੋਲਣ ਲੱਗੇ।

“ਪੰਜ ਤਾਰੀਖ! ਠੀਕ ਹੈ?”

“ਨਹੀਂ ਜਨਾਬ! ਇਹ ਸਾਰਾ ਮਹੀਨਾ ਤਾਂ ਬੁੱਕ ਹੈ।” ਆਪਣੀ ਡਾਇਰੀ ਜੱਜ ਅੱਗੇ ਰੱਖ ਕੇ ਨੰਦ ਲਾਲ ਨੇ ਮਜਬੂਰੀ ਜ਼ਾਹਿਰ ਕੀਤੀ।

“ਸਾਰੇ ਗਵਾਹ ਆਏ ਬੈਠੇ ਹਨ। ਮਹੀਨੇ ਦਾ ਕੋਈ ਮਤਲਬ ਨਹੀਂ। ਮੈਂ ਵੀ ਕਿਸੇ ਨੂੰ ਜਵਾਬਦੇਹ ਹਾਂ। ਅੱਠ ਦਿਨਾਂ ਤੋਂ ਵੱਧ ਪੇਸ਼ੀ ਨਹੀਂ ਪੈਣੀ।”

“ਕਿਉਂ ਜਨਾਬ ਇਸ ਕੇਸ ਵਿੱਚ ਕੋਈ ਖ਼ਾਸ ਦਿਲਚਸਪੀ ਹੈ? ਬੜੀ ਜਲਦੀ ਨਬੇੜਨ ‘ਤੇ ਲਗੇ ਹੋਏ ਹੋ?”

ਜਦੋਂ ਸਾਧੂ ਸਿੰਘ ਇੱਕ ਮਹੀਨੇ ਤੋਂ ਵੱਧ ਪੇਸ਼ੀ ਦਿੰਦਾ ਨਜ਼ਰ ਨਾ ਆਇਆ ਤਾਂ ਚੌਧਰੀ ਨੇ ਆਪਣੇ ਫਰਜ਼ ਨਿਭਾਉਣੇ ਸ਼ੁਰੂ ਕੀਤੇ।

“ਕੀ ਮਤਲਬ?”

“ਜਨਾਬ ਦੀ ਅਦਾਲਤ ਵਿੱਚ ਸੈਂਕੜੇ ਅਜਿਹੇ ਮੁਕੱਦਮੇ ਨੇ ਜਿਹੜੇ ਪੰਜ ਸਾਲ ਤੋਂ ਵੱਧ ਲਟਕ ਰਹੇ ਨੇ। ਹਾਈ ਕੋਰਟ ਕਹਿੰਦੀ ਹੈ, ਪਹਿਲਾਂ ਉਨ੍ਹਾਂ ਨੂੰ ਨਬੇੜੋ। ਜਨਾਬ ਉਨ੍ਹਾਂ ਕੇਸਾਂ ਵੱਲ ਧਿਆਨ ਨਹੀਂ ਦੇ ਰਹੇ। ਇਸ ਕੇਸ ਵਿੱਚ ਹਾਲੇ ਪਹਿਲੀ ਪੇਸ਼ੀ ਹੈ। ਜਨਾਬ ਬਹੁਤ ਕਾਹਲੇ ਪੈਣ ਲਗ ਪਏ। ਮੈਂ ਤਾਂ ਪੁੱਛਿਆ ਹੈ?”

ਚੌਧਰੀ ਨੂੰ ਜੱਜ ਦਾ ਆਤਮ ਬਲ ਡੇਗਣ ਲਈ ਵਕੀਲ ਕੀਤਾ ਗਿਆ ਸੀ। ਇਸ ਆਸ਼ੇ ਨਾਲ ਚੌਧਰੀ ਨੇ ਸਾਧੂ ਸਿੰਘ ਵੱਲ ਦੂਜਾ ਤੀਰ ਛੱਡਿਆ।

ਲਿਆਕਤ ਵਿੱਚ ਚੌਧਰੀ ਦਰਮਿਆਨੇ ਵਕੀਲਾਂ ਵਿੱਚ ਗਿਣਿਆ ਜਾਂਦਾ ਸੀ। ਪਰ ਆਪਣੇ ਅੱਖੜ ਸੁਭਾਅ ਅਤੇ ਸੱਚੀ ਗੱਲ ਹੱਡ ’ਤੇ ਮਾਰਨ ਦੀ ਆਦਤ ਕਾਰਨ ਉਸ ਕੋਲੋਂ ਬਹੁਤ ਕੰਮ ਖੁੱਸ ਜਾਂਦਾ ਰਿਹਾ ਸੀ। ਮੂੰਹ ਫੱਟ ਹੋਣ ਕਾਰਨ ਜੱਜ ਉਸ ਨਾਲ ਖੁੰਦਕ ਖਾਣ ਲੱਗਦੇ ਸਨ। ਮੁਕੱਦਮੇ ਉਸ ਦੇ ਉਲਟ ਕਰ ਦਿੰਦੇ ਸਨ। ਮਾਇਆ ਨਗਰ ਦੇ ਸਾਇਲ ਵਕੀਲ ਦੇ ਹਰ ਗੁਣ ਔਗੁਣ ’ਤੇ ਨਜ਼ਰ ਰੱਖਦੇ ਸਨ। ਪੰਗੇਬਾਜ ਵਕੀਲ ਕੋਲੋਂ ਉਨ੍ਹਾਂ ਆਪਣੇ ਕੇਸ ਦਾ ਭੱਠਾ ਥੋੜ੍ਹਾ ਬੈਠਾਉਣਾ ਸੀ। ਉਸਦੇ ਸਾਇਲਾਂ ਦਾ ਘੇਰਾ ਸੁੰਘੜ ਗਿਆ। ਹੁਣ ਉਸ ਕੋਲ ਉਹੋ ਸਾਇਲ ਆਉਂਦਾ ਸੀ, ਜਿਸ ਨੇ ਜੱਜ ਨਾਲ ਆਢਾ ਲਾਉਣਾ ਹੁੰਦਾ ਸੀ।

ਉਸਦਾ ਵਕਾਲਤ ਨਾਮਾ ਆਉਂਦੇ ਹੀ ਜੱਜ ਸਮਝ ਜਾਂਦਾ ਸੀ। ਸਾਇਲ ਦਾ ਮੂਡ ਭਾਂਪ ਜਾਂਦਾ ਸੀ।

ਸਾਧੂ ਸਿੰਘ ਵੀ ਉਨ੍ਹਾਂ ਦੀ ਚਾਲ ਸਮਝ ਗਿਆ।

ਚੌਧਰੀ ਨੇ ਕਟਾਕਸ਼ ਭਾਵੇਂ ਮੰਦ ਭਾਵਨਾ ਨਾਲ ਕੀਤਾ ਸੀ, ਪਰ ਉਹ ਗ਼ਲਤ ਵੀ ਨਹੀਂ ਸੀ।

ਸਾਧੂ ਸਿੰਘ ਨੇ ਆਪਾ ਪੜਚੋਲ ਕੀਤੀ। ਸੱਚਮੁੱਚ ਉਹ ਆਪਣੇ ਨਿਰਪੱਖਤਾ ਦੇ ਫਰਜ਼ ਤੋਂ ਭਟਕ ਰਿਹਾ ਸੀ। ਉਸਦਾ ਝੁਕਾਅ ਮੁਦੱਈਆਂ ਵੱਲ ਹੋ ਰਿਹਾ ਸੀ। ਉਹ ਜੱਜ ਸੀ।

ਜੱਜ ਭਾਵੁਕ ਨਹੀਂ ਹੋ ਸਕਦਾ। ਉਸਨੂੰ ਮਨ ਤਕੜਾ ਕਰਕੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਸੀ।

ਸਾਧੂ ਸਿੰਘ ਨੇ ਆਪਣੀ ਭੁੱਲ ਨੂੰ ਸੋਧਿਆ।

“ਦੱਸੋ ਤੁਸੀਂ ਕਦੋਂ ਵਿਹਲੇ ਹੋ? ਪਹਿਲਾਂ ਆਪਾਂ ਇਸ ਕੇਸ ਨੂੰ ਪੁਰਾਣਾ ਕਰ ਲੈਂਦੇ ਹਾਂ। ਜਦੋਂ ਗਵਾਹ ਪੇਸ਼ੀਆਂ ਭੁਗਤ ਭੁਗਤ ਥੱਕ ਗਏ ਅਤੇ ਕਚਹਿਰੀ ਆਉਣੋਂ ਹਟ ਗਏ ਉਦੋਂ ਆਪਾਂ ਇਸ ਕੇਸ ਨੂੰ ਸ਼ੁਰੂ ਕਰ ਲਵਾਂਗੇ।”

ਬੁਝੇ ਮਨ ਨਾਲ ਸਾਧੂ ਸਿੰਘ ਬੁੜਬੜਾਉਣ ਲੱਗਾ।

“ਮੈਂ ਅਗਲੇ ਮਹੀਨੇ ਦੀ ਵੀਹ ਤੋਂ ਬਾਅਦ ਵਿਹਲਾ ਹਾਂ।”

“ਮਤਲਬ ਡੇਢ ਮਹੀਨੇ ਦੀ ਤਾਰੀਖ਼ ਚਾਹੀਦੀ ਹੈ।”

“ਜੀ ਜਨਾਬ!”

“ਠੀਕ ਹੈ! ਤੇਈ ਅਤੇ ਚੌਵੀ ਨੂੰ ਆਵੋ।”

ਆਖ ਕੇ ਖਿਝੇ ਜੱਜ ਨੇ ਮਿਸਲ ਹੇਠਾਂ ਸੁੱਟ ਦਿੱਤੀ।

ਬਾਹਰ ਆ ਕੇ ਨੰਦ ਲਾਲ ਨੇ ਚੌਧਰੀ ਨੂੰ ਜਿੱਤ ਦੀ ਵਧਾਈ ਦਿੱਤੀ।

“ਦੇਖੀ ਮੇਰੀ ਚਾਲ! ਅਸੀਂ ਸੱਤ ਮੁਲਜ਼ਮ ਹਾਂ। ਇਹ ਚਾਲ ਸੱਤ ਵਾਰ ਵੱਲ ਸਕਦੇ ਹਾਂ।”

“ਘਬਰਾਓ ਨਹੀਂ। ਮੇਰੀ ਅਗਲੀ ਚਾਲ ਇਸ ਤੋਂ ਵੀ ਖ਼ਤਰਨਾਕ ਹੋਏਗੀ। ਜੱਜ ਦੇ ਹੱਥ ਛੇ ਮਹੀਨੇ ਲਈ ਬੱਝ ਜਾਣਗੇ।”

ਪੰਕਜ ਨੂੰ ਰਾਹਤ ਮਹਿਸੂਸ ਹੋਈ।

ਨੰਦ ਲਾਲ ਨੇ ਪਹਲਿ ਵਾਰ ਆਪਣੇ ਬੋਲ ਪੁਗਾਏ ਸਨ।

 

-103-

 

ਪਹਿਲੀ ਪੇਸ਼ੀ ਇਕੱਲੀ ਨੇਹਾ ਨੂੰ ਗਵਾਹੀ ਲਈ ਤਿਆਰ ਕੀਤਾ ਗਿਆ ਸੀ। ਉਸ ਦਿਨ ਤੋਂ ਅੱਜ ਤਕ ਉਹ ਤਾਬ ਨਹੀਂ ਸੀ ਆਈ।

ਇਸ ਵਾਰ ਨੇਹਾ ਦੇ ਨਾਲ ਨਾਲ ਵੇਦ ਦੀ ਵਾਰੀ ਸੀ।

ਬਿਆਨ ਯਾਦ ਕਰਦਾ ਕਰਦਾ ਵੇਦ ਘਟਨਾਵਾਂ ਵਿੱਚ ਇੰਨਾ ਡੂੰਘਾ ਧਸ ਗਿਆ ਸੀ ਕਿ ਉਸਨੂੰ ਬਾਹਰ ਕੱਢਣਾ ਮੁਸ਼ਕਲ ਹੋ ਗਿਆ। ਪਹਿਲਾਂ ਉਸਨੂੰ ਕਮਲ ਦੀ ਮੌਤ ਦਾ ਇੰਨਾਂ ਦੁੱਖ ਨਹੀਂ ਸੀ। ਸ਼ਾਇਦ ਇੰਝ ਨਸ਼ੇ ਅਤੇ ਨੀਂਦ ਦੀਆਂ ਦਵਾਈਆਂ ਕਾਰਨ ਹੋਇਆ ਸੀ। ਹੁਣ ਉਸਨੂੰ ਇੰਝ ਲੱਗਦਾ ਸੀ ਜਿਵੇਂ ਕਮਲ ਅੱਜ ਮੋਇਆ ਸੀ।

ਵੇਦ ਨੇ ਘਰੋਂ ਨਿਕਲਣਾ ਬੰਦ ਕਰ ਦਿੱਤਾ। ਉਹ ਦਿਨ ਰਾਤ ਕਮਲ ਦੇ ਕਿੱਸੇ ਛੇੜੀ ਰੱਖਣ ਲੱਗਾ। ਸਾਰਾ ਦਿਨ ਨੀਲਮ ਨਾਲ ਉਸਦੀਆਂ ਗੱਲਾਂ ਕਰਦਾ ਰਹਿੰਦਾ। ਪਹਿਲਾਂ ਆਪ ਰੋ ਪੈਂਦਾ। ਫੇਰ ਨੀਲਮ ਨੂੰ ਰੁਆ ਦਿੰਦਾ। ਉਸਨੇ ਖਾਣਾ ਪੀਣਾ ਛੱਡ ਦਿੱਤਾ। ਕਈ ਕਈ ਦਿਨ ਨਹਾਉਂਦਾ ਨਹੀਂ ਸੀ। ਮੈਲੇ ਕਪੜੇ ਨਹੀਂ ਸੀ ਬਦਲਦਾ। ਦਵਾਈ ਨਹੀਂ ਸੀ ਲੈਂਦਾ। ਕਹਿੰਦਾ ਸੀ ਮੈਂ ਠੀਕ ਹੋ ਕੇ ਕੀ ਲੈਣਾ ਹੈ!

ਮਾਂ ਬਾਪ ਦੀ ਮੰਦੀ ਹਾਲਤ ਤੋਂ ਨੇਹਾ ਅਛੂਤੀ ਨਹੀਂ ਸੀ। ਕਦੇ ਉਹ ਮਾਂ ਦੀ ਕੁਛੜ ਵਿੱਚ ਬੈਠ ਕੇ ਰੋਣ ਲੱਗਦੀ ਕਦੇ ਬਾਪ ਦੇ ਗਲ ਲੱਗ ਕੇ।

ਪਿਛਲੀ ਪੇਸ਼ੀ ਉਪਰ ਨੇਹਾ ਦੀ ਮੁਲਾਕਾਤ ਬਲਾਤਕਾਰ ਦੇ ਇੱਕ ਕੇਸ ਵਿੱਚ ਗਵਾਹੀ ਦੇਣ ਆਈ ਇੱਕ ਕੁੜੀ ਨਾਲ ਹੋਈ ਸੀ।

ਪੰਦਰਾਂ ਸਾਲ ਦੀ ਅਣਭੋਲ ਉਮਰ ਵਿੱਚ ਸਰੂਤੀ ਗੁਆਂਢੀਆਂ ਦੇ ਮੁੰਡੇ ਨਾਲ ਅੱਖਾਂ ਚਾਰ ਕਰਨ ਦੀ ਗ਼ਲਤੀ ਕਰ ਬੈਠੀ ਸੀ। ਅੱਲੜ੍ਹ ਉਮਰ ਨੇ ਇੱਕ ਗਲਤੀ ਹੋਰ ਕਰਵਾ ਦਿੱਤੀ। ਮੁੰਡੇ ਦੀਆਂ ਗੱਲਾਂ ਵਿੱਚ ਆ ਕੇ ਉਹ ਘਰੋਂ ਭੱਜ ਗਈ।

ਡਾਢੇ ਮਾਂ ਬਾਪ ਨੇ ਪਿੱਛਾ ਕੀਤਾ। ਦਸਾਂ ਦਿਨਾਂ ਦੇ ਅੰਦਰ ਅੰਦਰ ਪੁਲਿਸ ਨੇ ਉਨ੍ਹਾਂ ਨੂੰ ਦਬੋਚ ਲਿਆ।

ਪੁਲਿਸ ਤੇ ਜ਼ੋਰ ਪਾ ਕੇ ਮਾਪਿਆਂ ਨੇ ਮੁੰਡੇ ਨੂੰ ਅੰਦਰ ਕਰਵਾ ਦਿੱਤਾ। ਝੂਠੇ ਬਿਆਨ ਦਿਵਾ ਕੇ ਬਲਾਤਕਾਰ ਦਾ ਪਰਚਾ ਕਟਵਾ ਦਿੱਤਾ।

ਸਰੂਤੀ ਨੂੰ ਕਲਕੱਤੇ ਵਿਆਹ ਦਿੱਤਾ। ਸੋਚਿਆ ਸੀ ਕੁੜੀ ਦੇ ਕਾਲੇ ਕਾਰਨਾਮਿਆਂ ਦੀ ਖ਼ਬਰ ਇੰਨੀ ਦੂਰ ਨਹੀਂ ਪਹੁੰਚੇਗੀ।

ਤਿੰਨ ਸਾਲ ਕਾਮਯਾਬੀ ਮਿਲਦੀ ਰਹੀ। ਜ਼ਿੰਦਗੀ ਖ਼ੁਸ਼ੀ ਖ਼ੁਸ਼ੀ ਲੰਘਦੀ ਰਹੀ। ਦੋ ਬੱਚਿਆਂ ਨਾਲ ਸਰੂਤੀ ਦੀ ਗੋਦ ਭਰ ਗਈ।

ਫੇਰ ਕਾਲੇ ਬੱਦਲ ਸਿਰ ’ਤੇ ਮੰਡਰਾਉਣ ਲਗੇ। ਕੇਸ ਦੇ ਪੁਰਾਣਾ ਹੁੰਦਿਆਂ ਹੀ ਪੁਲਿਸ ਦੀ ਖਿਚਾਈ ਹੋਣ ਲੱਗੀ। ਗਵਾਹ ਪੇਸ਼ ਕਰਨ ਦੀ ਦੁਹਾਈ ਪੈਣ ਲੱਗੀ।

ਡਰੀ ਪੁਲਿਸ ਨੇ ਕੁੜੀ ਦਾ ਖੁਰਾ ਖੋਜ ਲਿਆ।

ਮਾਪਿਆਂ ਨੇ ਮਿੰਨਤ ਕੀਤੀ। ਉਹ ਆਪ ਕੁੜੀ ਨੂੰ ਕਚਹਿਰੀ ਪੇਸ਼ ਕਰਨਗੇ। ਜ਼ਮਾਨਤ ਜੁਰਮਾਨੇ ਲੈ ਕੇ ਮਸਾਂ ਪੁਲਿਸ ਕਲਕੱਤੇ ਜਾਣੋਂ ਹਟੀ।

ਆਨੇ ਬਹਾਨੇ ਸਰੂਤੀ ਨੂੰ ਪੇਕੇ ਲਿਆਂਦਾ ਗਿਆ। ਕਚਹਿਰੀ ਵਿੱਚ ਪੇਸ਼ ਕੀਤਾ ਗਿਆ।

ਪਹਿਲੀ ਪੇਸ਼ੀ ਵਕੀਲਾਂ ਦੀ ਹੜਤਾਲ ਹੋ ਗਈ। ਦੂਜੀ ਪੇਸ਼ੀ ਜੱਜ ਛੁੱਟੀ ਤੁਰ ਗਿਆ।

ਤੀਜੀ ਪੇਸ਼ੀ ਬਿੱਲੀ ਬੋਰੇ ਵਿਚੋਂ ਬਾਹਰ ਆ ਗਈ। ਸਹੁਰਿਆਂ ਨੂੰ ਸ਼ੱਕ ਹੋ ਗਿਆ।

ਆਏ ਮਹੀਨੇ ਬਹੂ ਪੇਕੇ ਜਾਂਦੀ ਹੈ। ਖ਼ੈਰ ਨਹੀਂ। ਤੀਜੀ ਵਾਰ ਪ੍ਰਾਹੁਣਾ ਨਾਲ ਤੁਰ ਪਿਆ।

ਪ੍ਰਛਾਵੇਂ ਵਾਂਗ ਸਰੂਤੀ ਦੇ ਪਿੱਛੇ ਲੱਗ ਗਿਆ।

ਚੋਰੀ ਫੜੀ ਗਈ। ਪ੍ਰਾਹੁਣਾ ਕੁੜੀ ਨੂੰ ਪੇਕੇ ਬਿਠਾ ਗਿਆ। ਠੀਕ ਸੀ, ਉਹ ਗਰੀਬ ਸੀ। ਉਮਰ ਵੀ ਵੱਡੀ ਸੀ। ਪਰ ਘਰ ਇੱਜ਼ਤਦਾਰ ਸੀ, ਉਨ੍ਹਾਂ ਨੂੰ ਘਰੋਂ ਭੱਜੀ ਬਹੂ ਨਹੀਂ ਸੀ ਚਾਹੀਦੀ।

ਸਰੂਤੀ ਨੇਹਾ ਕੋਲ ਬੈਠੀ ਰੋਂਦੀ ਰਹੀ ਸੀ। ਨਾ ਉਹ ਘਰ ਦੀ ਰਹੀ ਸੀ, ਨਾ ਘਾਟ ਦੀ।

ਸਰੂਤੀ ਦੇ ਦੁੱਖੜੇ ਯਾਦ ਕਰ ਕਰ ਨੇਹਾ ਰੋਣ ਲੱਗਦੀ ਸੀ। ਸਰੂਤੀ ਖ਼ੁਦ ਘਰੋਂ ਭੱਜੀ ਸੀ। ਉਸਨੇ ਗ਼ਲਤੀ ਕੀਤੀ ਸੀ। ਨੇਹਾ ਨਾਲ ਤਾਂ ਜ਼ਬਰਦਸਤੀ ਹੋਈ ਸੀ। ਨੇਹਾ ਕਿਸ ਕਸੂਰ ਦੀ ਸਜ਼ਾ ਭੁਗਤੇਗੀ? ਉਸਦਾ ਪਤੀ ਕਦੇ ਉਸਨੂੰ ਦਿਲੋਂ ਪਿਆਰ ਨਹੀਂ ਕਰ ਸਕੇਗਾ।

ਸਾਰੀ ਉਮਰ ਦਰਾਣੀਆਂ ਜੇਠਾਣੀਆਂ ਉਸਨੂੰ ਮਿਹਣੇ ਮਾਰਨਗੀਆਂ। ਵੱਡੇ ਹੋ ਕੇ ਬੱਚੇ ਉਸਨੂੰ ਨਫ਼ਰਤ ਕਰਨਗੇ। ਇਹ ਕਲੰਕ ਮੜ੍ਹੀਆਂ ਤਕ ਉਸਦਾ ਪਿੱਛਾ ਕਰੇਗਾ।

ਰਾਮ ਨਾਥ ਨੇਹਾ ਦੇ ਪ੍ਰਸ਼ਨਾਂ ਦੇ ਉੱਤਰ ਦੇ ਦੇ ਥੱਕ ਚੁੱਕਾ ਸੀ। ਉਸਦੇ ਭਾਸ਼ਣ ਦਾ ਅਸਰ ਕੁੱਝ ਦੇਰ ਹੁੰਦਾ ਸੀ। ਰਾਮ ਨਾਥ ਦੇ ਘਰੋਂ ਜਾਂਦੇ ਹੀ ਉਦਾਸੀ ਉਸਨੂੰ ਆ ਘੇਰਦੀ ਸੀ।

ਇਨ੍ਹਾਂ ਸਮੱਸਿਆਵਾਂ ਦਾ ਇਕੋ ਹੱਲ ਸੀ। ਗਵਾਹੀ ਜਲਦੀ ਤੋਂ ਜਲਦੀ ਭੁਗਤਾਈ ਜਾਵੇ।

ਰਾਮ ਨਾਥ ਨੂੰ ਜਦੋਂ ਵੀ ਵਿਹਲ ਮਿਲਦੀ ਉਹ ਮਾਇਆ ਨਗਰ ਵਾਲੀ ਬੱਸ ਚੜ੍ਹ ਜਾਂਦਾ। ਪ੍ਰਧਾਨ ਦੇ ਸਰ੍ਹਾਣੇ ਬੈਠ ਕੇ ਦੁਖੜੇ ਰੋਣ ਲੱਗਦਾ।

“ਆਪਾਂ ਪਿਛਲੀਆਂ ਪੇਸ਼ੀਆਂ ’ਤੇ ਗਵਾਹ ਭਗਤਾਉਣ ਦਾ ਹਰ ਯਤਨ ਕੀਤਾ ਹੈ।

ਵਕੀਲ ਮਕਾਰੀ ਕਰ ਗਏ। ਆਪਾਂ ਕੀ ਕਰ ਸਕਦੇ ਸਾਂ?”

ਪ੍ਰਧਾਨ ਰਾਮ ਨਾਥ ਦੀ ਮਜਬੂਰੀ ਸਮਝਦਾ ਸੀ। ਪਰ ਕਾਨੂੰਨੀ ਕਮਜ਼ੋਰੀਆਂ ਅੱਗੇ ਉਹ ਬੇਵੱਸ ਸੀ।

“ਜੱਜ ਕੋਲ ਸਿਫਾਰਸ਼ ਕਰਕੇ ਦੇਖ ਲਓ।”

“ਜੱਜ ਕੋਲ ਸਿਫਾਰਸ਼ ਤਾਂ ਕਰੀਏ ਜੇ ਉਹ ਗਵਾਹ ਟਾਲ ਰਿਹਾ ਹੋਵੇ। ਉਹ ਖ਼ੁਦ ਗਵਾਹ ਲਿਖਣ ਲਈ ਅੱਡੀ ਚੋਟੀ ਦਾ ਜ਼ੋਰ ਲਾਈ ਬੈਠਾ ਹੈ। ਸਾਧੂ ਸਿੰਘ ਮੁਦੱਈਆਂ ਦੇ ਦੁੱਖਾਂ ਨੂੰ ਸਮਝਦਾ ਹੈ। ਉਸਨੂੰ ਜਾ ਕੇ ਕੀ ਆਖਾਂਗੇ?”

ਵਕੀਲਾਂ ਨੂੰ ਬੇਨਤੀ ਕਰਕੇ ਦੇਖੀਏ? ਮੈਂ ਇੱਕ ਇੱਕ ਨੂੰ ਜਾ ਕੇ ਮਿਲ ਲੈਂਦਾ ਹਾਂ।

ਭਾਈਚਾਰੇ ਦਾ ਵਾਸਤਾ ਪਾ ਲੈਂਦਾ ਹਾਂ।”

“ਕੋਈ ਫ਼ਾਇਦਾ ਨਹੀਂ। ਵਕੀਲ ਨੇ ਆਪਣੇ ਸਾਇਲ ਨਾਲ ਵਫ਼ਾਦਾਰੀ ਕਰਨੀ ਹੈ।

ਉਹ ਸਾਧੂ ਸਿੰਘ ਤੋਂ ਡਰਦੇ ਹਨ। ਉਹ ਸਾਧੂ ਸਿੰਘ ਦੇ ਬਦਲਣ ਤਕ ਕੇਸ ਲਟਕਾਉਣਾ ਚਾਹੁੰਦੇ ਹਨ।”

“ਫੇਰ ਤਾਂ ਸਾਲ ਲੱਗ ਜਾਏਗਾ। ਉਦੋਂ ਤਕ ਮੇਰੀ ਭਾਣਜੀ ਅਤੇ ਭਣੋਈਆ ਪਾਗਲ ਹੋ ਜਾਣਗੇ। ਇੰਨੀ ਦੇਰ ਉਹ ਮਾਨਸਿਕ ਤਨਾਅ ਵਿੱਚ ਨਹੀਂ ਰਹਿ ਸਕਦੇ।”

“ਤੁਸੀਂ ਵਕੀਲ ਹੋ। ਕਾਨੂੰਨੀ ਦਾਅ ਪੇਚਾਂ ਨੂੰ ਜਾਣਦੇ ਹੋ। ਸਾਨੂੰ ਸਥਿਤੀਆਂ ਦਾ ਸਾਹਮਣਾ ਕਰਨਾ ਪਏਗਾ। ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ। ਕਾਨੂੰਨ ਦੀਆਂ ਬੁਨਿਆਦੀ ਕਮਜ਼ੋਰੀਆਂ ਨੂੰ ਛੱਡ ਕੇ, ਕਿਸੇ ਹੋਰ ਕਾਰਨ ਕਰਕੇ ਮੁਕੱਦਮਾ ਇੱਕ ਦਿਨ ਨਹੀਂ ਲਟਕੇਗਾ। ਤੁਸੀਂ ਖ਼ੁਦ ਹਿੰਮਤ ਹਾਰੀ ਬੈਠੇ ਹੋ। ਪਹਿਲਾਂ ਤੁਸੀਂ ਆਪ ਸੰਭਲੋ। ਫੇਰ ਆਪਣੇ ਰਿਸ਼ਤੇਦਾਰਾਂ ਨੂੰ ਸੰਭਾਲੋ। ਸੰਘਰਸ਼ ਕਰੋ। ਸੋਸਾਇਟੀ ਤੁਹਾਡੇ ਨਾਲ ਹੈ।”

ਪ੍ਰਧਾਨ ਕਈ ਦਿਨਾਂ ਤੋਂ ਇਸ ਮੌਕੇ ਦੀ ਤਲਾਸ਼ ਵਿੱਚ ਸੀ। ਮੌਕਾ ਤਾੜ ਕੇ ਉਸਨੇ ਰਾਮ ਨਾਥ ਦੇ ਵਿਗੜੇ ਮਾਨਸਿਕ ਸੰਤੁਲਨ ਦਾ ਉਸਨੂੰ ਅਹਿਸਾਸ ਕਰਾਇਆ।

ਉਸਦਾ ਵਾਰ-ਵਾਰ ਮਾਇਆ ਨਗਰ ਆਉਣਾ। ਵਾਰ-ਵਾਰ ਇਕੋ ਨੁਕਤੇ ਨੂੰ ਛੋਹਣਾ। ਇਹ ਚੰਗੇ ਚਿੰਨ੍ਹ ਨਹੀਂ ਸਨ।

ਰਾਮ ਨਾਥ ਝੱਟ ਪ੍ਰਧਾਨ ਦਾ ਇਸ਼ਾਰਾ ਸਮਝ ਗਿਆ।

ਇਕਾਂਤ ਵਿਚ ਬੈਠ ਕੇ ਉਸਨੇ ਆਪਾ ਪੜਚੋਲ ਕੀਤੀ। ਭੈਣ ਭਣੋਈਏ ਦੇ ਦੁੱਖ ਨੇ ਸੱਚਮੁੱਚ ਉਸਦੀ ਮਾਨਸਿਕਤਾ ਨੂੰ ਪ੍ਰਭਾਵਿਤ ਕੀਤਾ ਸੀ। ਜੱਜ ਕੋਲ ਸਿਫ਼ਾਰਿਸ਼ ਕਰਨਾ।

ਵਿਰੋਧੀ ਧਿਰ ਦੇ ਵਕੀਲਾਂ ਤਕ ਪਹੰਚ ਕਰਨਾ। ਜਲਦੀ ਗਵਾਹ ਭੁਗਤਾਉਣ ਦੀ ਰੱਟ ਲਾਈ ਰੱਖਣਾ। ਇਹ ਪਾਗਲਪਣ ਵੱਲ ਵਧਣ ਦੀਆਂ ਨਿਸ਼ਾਨੀਆਂ ਹੀ ਤਾਂ ਸਨ।

ਰਾਮ ਨਾਥ ਦੇ ਮਨ ਵਿਚ ਆਇਆ। ਜੇ ਉਸ ਵਿਚ ਮੁਕੱਦਮਾ ਲੜਨ ਦੀ ਹਿੰਮਤ ਨਹੀਂ ਰਹੀ ਤਾਂ ਉਸਨੂੰ ਪਿੱਛੇ ਹਟ ਜਾਣਾ ਚਾਹੀਦਾ ਸੀ। ਹਾਲੇ ਕੁਝ ਨਹੀਂ ਸੀ ਵਿਗੜੀਆ।

ਸਮਝੌਤੇ ਦੀਆਂ ਪੇਸ਼ਕਸ਼ਾਂ ਬਰਾਬਰ ਆ ਰਹੀਆਂ ਸਨ।

ਰਾਮ ਨਾਥ ਸੰਭਲਿਆ। ਨਹੀਂ, ਉਹ ਸਮਝੌਤਾ ਨਹੀਂ ਕਰੇਗਾ। ਉਹ ਆਪਣਾ ਕਰਮ ਕਰੇਗਾ।

ਨਤੀਜਾ ਕੁਝ ਵੀ ਨਿਕਲੇ, ਇਸਦੀ ਪਰਵਾਹ ਨਹੀਂ ਕਰੇਗਾ।

 

-104-

 

ਪ੍ਰਧਾਨ ਦੇ ਕੌੜੇ ਸ਼ਬਦ ਰਾਮ ਨਾਥ ਦੀ ਕਾਇਆ ਕਲਪ ਕਰਨ ਲੱਗੇ।

ਅਸਫ਼ਲਤਾਵਾਂ ਤੋਂ ਹਤਾਸ਼ ਹੋ ਕੇ ਪਾਗਲਪਣ ਵੱਲ ਵਧਣ ਦੀ ਥਾਂ ਉਹ ਸਮੱਸਿਆਵਾਂ ਨੂੰ ਸੁਲਝਾਉਣ ਵੱਲ ਰੁਚਿਤ ਹੋਣ ਲੱਗਾ।

ਵਾਪਰੀਆਂ ਘਟਨਾਵਾਂ ਦੀ ਭਿਆਨਕਤਾ, ਲੰਬੀ-ਬਿਮਾਰੀ, ਧੰਦਲਾ ਭਵਿੱਖ ਅਤੇ ਚੌਵੀ ਘੰਟੇ ਦੀ ਵਿਹਲ ਉਨ੍ਹਾਂ ਕਾਰਨਾਂ ਵਿਚੋਂ ਕੁਝ ਸਨ, ਜਿਨ੍ਹਾਂ ਨੇ ਵੇਦ ਪਰਿਵਾਰ ਦੇ ਹੌਸਲੇ ਪਸਤ ਕੀਤੇ ਸਨ। ਗਵਾਹੀਆਂ ਭੁਗਤਣ ਵਿਚ ਵਿਰੋਧੀਆਂ ਵੱਲੋਂ ਅੜਾਏ ਜਾਂਦੇ ਅੜਿਕੇ ਬਲਦੀ ‘ਤੇ ਤੇਲ ਪਾ ਰਹੇ ਸਨ।

ਹੱਲ ਲਈ ਰਾਮ ਨਾਥ ਨੇ ਆਪਣੇ ਸ਼ਹਿਰ ਦੇ ਮਨੋ-ਚਕਿਤਸਕ ਦੀ ਸਲਾਹ ਲਈ।

ਉਸਨੇ ਸੌ ਬਿਮਾਰੀਆਂ ਦਾ ਇਕੋ ਇਲਾਜ ਸੁਝਾਇਆ। ਪਰਿਵਾਰ ਨੂੰ ਉਸਾਰੂ ਕੰਮ ਵਿਚ ਉਲਝਾਈ ਰੱਖੋ।

ਅਜਿਹੇ ਹਾਲਾਤ ਵਿਚ ਪਰਿਵਾਰ ਨੂੰ ਕਿਸੇ ਆਹਰੇ ਲਾਇਆ ਜਾਵੇ( ਇਸ ਪ੍ਰਸ਼ਨ ਦਾ ਉੱਤਰ ਹਾਲੇ ਤਕ ਮਨੋ-ਚਕਿਤਸਕ ਲਈ ਵੀ ਉਲਝਣ ਬਣਿਆ ਹੋਇਆ ਸੀ।

ਪਰ ਜਦੋਂ ਇਹ ਸਮੱਸਿਆ ਸੁਲਝਣ ਵਿਚ ਆਈ ਤਾਂ ਮਿੰਟ ਵਿਚ ਸੁਲਝ ਗਈ।

ਰਾਮ ਨਾਥ ਦਾ ਸਕੂਲ ਦਾ ਜਮਾਤੀ ਪੰਡਿਤ ਪਰਮਾ ਨੰਦ ਤਿੰਨ ਸਾਲ ਤੋਂ ਅਮਰੀਕਾ ਗਿਆ ਹੋਇਆ ਸੀ। ਧਾਰਮਿਕ ਫਲਸਫ਼ੇ ਨੂੰ ਵਿਗਿਆਨਕ ਨਜ਼ਰੀਏ ਤੋਂ ਪਰਖਣ ਅਤੇ ਪ੍ਰਚਾਰਨ ਵਿਚ ਉਹ ਮਾਹਿਰ ਸੀ। ਉਸਦੇ ਗੁਰੂ ਦੀ ਉਸ ਉਪਰ ਖ਼ਾਸ ਮਿਹਰ ਸੀ। ਪੜੇ੍ਹ ਲਿਖੇ ਅਮਰੀਕਨਾਂ ਨੂੰ ਜੇ ਕੋਈ ਸਿੱਧੇ ਰਾਹ ਪਾ ਸਕਦਾ ਸੀ ਤਾਂ ਪਰਮਾ ਨੰਦ ਹੀ ਸੀ। ਇਸੇ ਲਈ ਗੁਰੂ ਜੀ ਨੇ ਆਪਣੇ ਅਮਰੀਕਾ ਵਾਲੇ ਸੈਂਟਰ ਦਾ ਮੁਖੀ ਬਣਾ ਕੇ ਉਸਨੂੰ ਅਮਰੀਕਾ ਭੇਜਿਆ ਸੀ। ਪਰਮਾਨੰਦ ਆਪਣੇ ਗੁਰੂ ਦੀਆਂ ਆਸਾਂ ‘ਤੇ ਪੂਰਾ ਉਤਰ ਰਿਹਾ ਸੀ।

ਆਪਣੇ ਅਮਰੀਕਨ ਚੇਲਿਆਂ ਨੰ ਭਾਰਤ ਦਰਸ਼ਨ ਕਰਾਉਣ ਉਹ ਤਿੰਨ ਮਹੀਨੇ ਲਈ ਭਾਰਤ ਆਇਆ ਸੀ। ਆਉਂਦੇ ਹੀ ਉਸਨੂੰ ਰਾਮ ਨਾਥ ਉਪਰ ਟੁੱਟੇ ਮੁਸੀਬਤਾਂ ਦੇ ਪਹਾੜ ਦੀ ਖ਼ਬਰ ਮਿਲੀ ਸੀ। ਸਾਰੇ ਕੰਮ ਵਿਚੇ ਛੱਡ ਕੇ ਉਹ ਰਾਮ ਨਾਥ ਦਾ ਦੁੱਖ ਵੰਡਾਉਣ ਉਸਦੇ ਘਰ ਆਇਆ ਸੀ। ਦਵਾਈ ਬੂਟੀ ਅਤੇ ਮਨੋ ਵਿਗਿਆਨਕ ਨੁਸਖਿਆਂ ਨੇ ਇਨ੍ਹਾਂ ਬਿਮਾਰਾਂ ਦਾ ਕੁੱਝ ਨਹੀਂ ਸੀ ਸੰਵਾਰਨਾ। ਉਨ੍ਹਾਂ ਉਪਰ ਪਰਮਾਨੰਦ ਦਾ ਜਾਦੂ ਚਲਣਾ ਸੀ।

ਰੁਝੇਵੇਂ ਲਈ ਉਨ੍ਹਾਂ ਨੂੰ ਪਾਠ ਪੂਜਾ ਅਤੇ ਭਜਨ ਬੰਦਗੀ ਚਾਹੀਦੀ ਸੀ। ਮਾਨਸਿਕ ਤਨਾਅ ਘਟਾਉਣ ਲਈ ਧਿਆਨ ਯੋਗ ਸੀ। ਮੋਏ ਕਮਲ ਨਾਲੋਂ ਮੋਹ ਤੋੜਨ ਲਈ ਗਰੁੜ ਪੁਰਾਣ ਦੀ ਕਥਾ ਅਤੇ ਗੀਤਾ ਦਾ ਉਪਦੇਸ਼ ਚਾਹੀਦਾ ਸੀ।

ਅਗਲੇ ਹੀ ਦਿਨ ਘਰ ਵਿੱਚ ਹਵਨ, ਪੂਜਾ ਅਤੇ ਕਥਾ ਵਾਰਤਾ ਹੋਣ ਲੱਗੀ। ਹਵਨ ਸਮੱਗਰੀ ਅਤੇ ਧੂਫ ਬੱਤੀ ਨਾਲ ਘਰ ਮਹਿਕਣ ਲੱਗਾ। ਸੰਖ, ਘੰਟੀਆਂ ਅਤੇ ਖੜਤਾਲਾਂ ਕੰਨਾਂ ਵਿੱਚ ਅੰਮ੍ਰਿਤ ਘੋਲਣ ਲੱਗੀਆਂ। ਭਜਨ ਕੀਰਤਨ ਨਾਲ ਮਨ ਦੀ ਭਟਕਣ ਘਟਣ ਲੱਗੀ।

ਦੋਵੇਂ ਵਕਤ ਹੁੰਦੀ ਕਥਾ ਉਖੜੇ ਮਨਾਂ ਨੂੰ ਯਥਾਰਥ ਨਾਲ ਟਕਰਾਉਣ ਦਾ ਬਲ ਬਖਸ਼ਣ ਲੱਗੀ। ਮੌਤ ਦੇ ਅਟੱਲ ਹੋਣ ਅਤੇ ਦੁਨਿਆਵੀ ਰਿਸ਼ਤਿਆਂ ਦੇ ਅਸਥਾਈ ਹੋਣ ਦੀ ਸਚਾਈ ਸਮਝ ਆਉਣ ਲੱਗੀ। ਮਨੁੱਖ ਦੇ ਹੱਥ ਕੁੱਝ ਵੀ ਨਹੀਂ ਸੀ। ਨਾ ਜਨਮ ਉਸ ਦੀ ਮਰਜ਼ੀ ਨਾਲ ਹੁੰਦਾ ਹੈ, ਨਾ ਮੌਤ ਪੁੱਛ ਕੇ ਆਉਂਦੀ ਹੈ। ਮਨੁੱਖ ਕੇਵਲ ਕਰਤਾ ਹੈ। ਕਰਨ ਕਰਾਉਣ ਵਾਲਾ ਪ੍ਰਮਾਤਮਾ ਹੈ। ਪ੍ਰਮਾਤਮਾ ਸਭ ਦਾ ਭਲਾ ਚਾਹੁੰਦਾ ਹੈ। ਉਸਦੀ ਰਜ਼ਾ ਵਿੱਚ ਰਹਿਣ ਵਿੱਚ ਹੀ ਸੁੱਖ ਹੈ। ਇਹ ਸੱਚ ਮਨ ਵਿੱਚ ਘਰ ਕਰਨ ਲੱਗਾ।

ਮਹਾਂਭਾਰਤ ਵਾਂਗ ਉਨ੍ਹਾਂ ਨਾਲ ਕਪਟ ਹੋਇਆ ਸੀ। ਉਨ੍ਹਾਂ ਦੇ ਨਿਹੱਥੇ ਅਭਿਮਨੀਉਂ ਦਾ ਕਤਲ ਹੋਇਆ ਸੀ। ਯੁੱਧ ਉਨ੍ਹਾਂ ਉਪਰ ਥੋਪਿਆ ਗਿਆ ਸੀ। ਉਨ੍ਹਾਂ ਨੇ ਹੱਕ ਸੱਚ ਦੀ ਲੜਾਈ ਹਿੱਕ ਤਾਣ ਕੇ ਲੜਨੀ ਸੀ। ਬਿਨਾਂ ਚੰਗੇ ਮੰਦੇ ਨਤੀਜੇ ਦੀ ਪਰਵਾਹ ਕੀਤੇ ਉਨ੍ਹਾਂ ਨੂੰ ਗਵਾਹਾਂ ਵਾਲੇ ਕਟਹਿਰੇ ਵਿੱਚ ਖੜ੍ਹਨਾ ਸੀ। ਨਿਸ਼ਕਾਮ ਕਰਮ ਦਾ ਫਲ ਮਿੱਠਾ ਹੋਣਾ ਸੀ।

ਪਰਮਾਨੰਦ ਦੀ ਮਿਹਨਤ ਨੂੰ ਫਲ ਲੱਗਾ ਸੀ।

ਵੇਦ ਪਰਿਵਾਰ ਬਿਨਾਂ ਕਿਸੇ ਖ਼ੌਫ਼ ਦੇ ਗਵਾਹੀ ਦੇਣ ਚੱਲਿਆ ਸੀ। ਗਵਾਹੀ ਦਾ ਇੱਕ ਇੱਕ ਅੱਖ਼ਰ ਉਨ੍ਹਾਂ ਨੂੰ ਯਾਦ ਸੀ।

ਪਰ ਮਾਇਆ ਨਗਰ ਦੀ ਜੂਹ ਵਿੱਚ ਵੜਦਿਆਂ ਹੀ ਰਾਮ ਨਾਥ ਦਾ ਦਿਲ ਧੜਕਣ ਲੱਗਾ। ਅੰਦਰੋਂ ਅਵਾਜ਼ ਆਉਣ ਲੱਗੀ। ਗਵਾਹੀ ਅੱਜ ਵੀ ਨਹੀਂ ਹੋਏਗੀ। ਨੰਦ ਲਾਲ ਕੋਈ ਨਵੀਂ ਚਾਲ ਚੱਲੇਗਾ।

ਡੋਲਦੇ ਮਨ ਨਾਲ ਉਹ ਅਦਾਲਤ ਅੱਗੇ ਜਾ ਖੜ੍ਹੇ।

ਰਾਮ ਨਾਥ ਨੇ ਸਭ ਤੋਂ ਪਹਿਲਾਂ ਅਦਾਲਤ ਦੇ ਨੋਟਿਸ ਬੋਰਡ ਉਪਰ ਲਟਕਦੀ ਅੱਜ ਦੇ ਕੇਸਾਂ ਦੀ ਲਿਸਟ ਉਪਰ ਝਾਤ ਮਾਰੀ। ਪਿਛਲੀ ਪੇਸ਼ੀ ਉਪਰ ਜੱਜ ਨੇ ਸੁਣਵਾਈ ਲਈ ਦੋ ਕੇਸ ਰੱਖੇ ਸਨ। ਉਨ੍ਹਾਂ ਵਿਚੋਂ ਅਹਿਮ ਕੇਸ ਉਨ੍ਹਾਂ ਵਾਲਾ ਸੀ। ਅੱਜ ਸਥਿਤੀ ਉਹ ਨਹੀਂ ਸੀ। ਅੱਜ ਸੁਣੇ ਜਾਣ ਵਾਲੇ ਕੇਸਾਂ ਦੀ ਲਿਸਟ ਬਹੁਤ ਲੰਬੀ ਸੀ।

ਸੁਣਵਾਈ ਲਈ ਲੱਗੇ ਕੇਸਾਂ ਦੀ ਗਿਣਤੀ ਦੇਖ ਕੇ ਰਾਮ ਨਾਥ ਨੂੰ ਆਪਣਾ ਸ਼ੱਕ ਯਕੀਨ ਵਿੱਚ ਬਦਲਦਾ ਨਜ਼ਰ ਆਉਣ ਲੱਗਾ। ਹੋ ਸਕਦਾ ਹੈ ਜੱਜ ਨੂੰ ਵੀ ਆਪਣੇ ਅੰਦਰੋਂ ਰਾਮ ਨਾਥ ਵਾਲੀ ਅਵਾਜ਼ ਸੁਣਾਈ ਦਿੱਤੀ ਹੋਵੇ। ਇਸ ਕੇਸ ਦੀ ਸੁਣਵਾਈ ਟਲ ਜਾਣ ਉਪਰ ਉਹ ਵਿਹਲਾ ਨਾ ਬੈਠਣਾ ਚਾਹੁੰਦਾ ਹੋਵੇ। ਇਸੇ ਲਈ ਉਸ ਨੇ ਆਪਣਾ ਦਿਨ ਰੁਝੇਵੇਂਭਰਿਆ ਰੱਖਿਆ ਹੋਵੇ।

ਰਾਮ ਨਾਥ ਦੇ ਦਿਮਾਗ਼ ਵਿੱਚ ਕੁੱਝ ਫੁਰਨੇ ਫੁਰਨ ਲੱਗੇ। ਮੁਲਜ਼ਮ ਧਿਰ ਕਿਧਰੇ ਹਾਈ ਕੋਰਟੋਂ ਬੰਦੀ ਨਾ ਲੈ ਆਈ ਹੋਵੇ? ਕਿਧਰੇ ਵਕੀਲਾਂ ਨੇ ਹੜਤਾਲ ਨਾ ਕਰ ਦਿੱਤੀ ਹੋਵੇ?

ਕੋਈ ਜੱਜ, ਮੰਤਰੀ ਜਾਂ ਵਕੀਲ ਨਾ ਮਰ ਗਿਆ ਹੋਵੇ? ਅਚਾਨਕ ਛੁੱਟੀ ਘੋਸ਼ਿਤ ਨਾ ਹੋ ਗਈ ਹੋਵੇ? ਮੁਲਜ਼ਮ ਧਿਰ ਦਾ ਕੋਈ ਵਕੀਲ ਆਪਣੀ ਕਿਸੇ ਮਜਬੂਰੀ ਦੇ ਬਹਾਨੇ ਤਾਰੀਖ਼ ਅੱਗੇ ਪਾਉਣ ਦੀ ਬੇਨਤੀ ਨਾ ਕਰ ਗਿਆ ਹੋਵੇ?

ਕੋਈ ਕਾਰਨ ਸੀ, ਜਿਸ ਕਾਰਨ ਜੱਜ ਨੇ ਸੁਣੇ ਜਾਣ ਵਾਲੇ ਮੁਕੱਦਮਿਆਂ ਦੀ ਗਿਣਤੀ ਇੰਨੀ ਲੰਬੀ ਰੱਖੀ ਸੀ।

ਰੀਡਰ ਨੂੰ ਮਿਲ ਕੇ ਰਾਮ ਨਾਥ ਨੂੰ ਤਸੱਲੀ ਹੋਈ। ਅਜਿਹੀ ਕੋਈ ਗੱਲ ਨਹੀਂ ਸੀ।

ਬਾਕੀ ਦੇ ਮੁਕੱਦਮਿਆਂ ਵਿੱਚ ਛੋਟੀ ਮੋਟੀ ਕਾਰਵਾਈ ਬਾਕੀ ਸੀ। ਸਾਰਾ ਕੰਮ ਇੱਕ ਘੰਟੇ ਵਿੱਚ ਨਿਬੜ ਜਾਣਾ ਸੀ।

ਸਾਢੇ ਦਸ ਵੱਜਦਿਆਂ ਹੀ ਮੁਲਜ਼ਮਾਂ ਦੇ ਵਕੀਲ ਇੱਕ ਇੱਕ ਕਰਕੇ ਕਚਹਿਰੀ ਆਉਣ ਲੱਗੇ। ਸਾਰੇ ਵਕੀਲਾਂ ਦੀ ਗਿਣਤੀ ਪੂਰੀ ਹੋਣ ’ਤੇ ਰਾਮ ਨਾਥ ਨੇ ਸੁੱਖ ਦਾ ਸਾਹ ਲਿਆ।

ਗਿਆਰਾਂ ਵਜੇ ਕਮਲ ਕਤਲ ਕੇਸ ਨੂੰ ਅਵਾਜ਼ ਪੈ ਗਈ।

ਜੇਲ੍ਹ ਵਿੱਚ ਬੰਦ ਚਾਰੇ ਮੁਲਜ਼ਮ, ਸਿਪਾਹੀਆਂ ਵੱਲੋਂ ਅਦਾਲਤ ਵਿੱਚ ਪੇਸ਼ ਕੀਤੇ ਗਏ।

ਵਕੀਲਾਂ ਦੀਆਂ ਕੁਰਸੀਆਂ ਪਿੱਛੇ ਬੈਂਚਾਂ ਉਪਰ ਬੈਠੇ ਪੰਕਜ ਅਤੇ ਨੀਰਜ ਉਨ੍ਹਾਂ ਮੁਲਜ਼ਮਾਂ ਕੋਲ ਆ ਖੜੋਤੇ।

ਪੰਡਤ ਜ਼ਮਾਨਤ ਉਪਰ ਸੀ। ਉਹ ਹਾਲੇ ਤਕ ਅੰਦਰ ਨਹੀਂ ਸੀ ਆਇਆ।

ਕੁੱਝ ਮਿੰਟਾਂ ਲਈ ਕਚਹਿਰੀ ਵਿੱਚ ਖ਼ਾਮੋਸ਼ੀ ਛਾ ਗਈ। ਸਭ ਦੀਆਂ ਨਿਗਾਹਾਂ ਕਚਹਿਰੀ ਦੇ ਪ੍ਰਵੇਸ਼ ਦਵਾਰ ਉਪਰ ਟਿਕ ਗਈਆਂ। ਧੜਕਦੇ ਦਿਲ ਨਾਲ ਜੱਜ, ਅਹਿਲਕਾਰ, ਵਕੀਲ, ਗਵਾਹ ਅਤੇ ਬਾਕੀ ਦੇ ਮੁਲਜ਼ਮ ਪੰਡਿਤ ਦਾ ਇੰਤਜ਼ਾਰ ਕਰਨ ਲੱਗੇ।

“ਤੁਹਾਡਾ ਦੋਸ਼ੀ ਅੱਜ ਕਚਹਿਰੀ ਆਇਆ ਹੈ? ਤੁਹਾਨੂੰ ਬਾਹਰ ਮਿਲਿਆ ਹੈ?”

ਸਾਧੂ ਸਿੰਘ ਦਾ ਮੱਥਾ ਠਨਕ ਚੁੱਕਾ ਸੀ। ਫੇਰ ਵੀ ਸਥਿਤੀ ਸਪੱਸ਼ਟ ਕਰਨ ਲਈ ਉਸਨੇ ਚੌਧਰੀ ਤੋਂ ਪੁੱਛਿਆ।

“ਪਤਾ ਨਹੀਂ ਜਨਾਬ! ਮੈਂ ਘਰੋਂ ਸਿੱਧਾ ਕਚਹਿਰੀ ਵਿੱਚ ਆ ਗਿਆ। ਕੁੱਝ ਦੇਰ ਇੰਤਜਾਰ ਕਰਨਾ ਪੈਣਾ ਹੈ। ਲੇਟ ਹੋਣ ਦਾ ਕੋਈ ਖ਼ਾਸ ਕਾਰਨ ਹੋਣੈ।”

“ਹਾਂ, ਸਾਨੂੰ ਉਸ ਲਾਟ ਸਾਹਿਬ ਦਾ ਇੰਤਜਾਰ ਕਰਨਾ ਹੀ ਪੈਣਾ ਹੈ। ਹਾਈ ਕੋਰਟ ਦੀ ਹਦਾਇਤ ਜੋ ਹੋਈ। ਉਸਦਾ ਧਿਆਨ ਰੱਖਣਾ। ਜਦੋਂ ਆਏ ਦੱਸ ਦੇਣਾ। ਮੈਂ ਗਵਾਹੀ ਸ਼ੁਰੂ ਕਰ ਦੇਵਾਂਗਾ।”

ਇਸ ਵਾਰ ਸਾਧੂ ਸਿੰਘ ਮਨ ਨੂੰ ਸਮਝਾ ਕੇ ਆਇਆ ਸੀ। ਮੁਕੱਦਮਾ ਜਿਹੜਾ ਮਰਜ਼ੀ ਮੋੜ ਕੱਟੇ, ਉਹ ਗੁੱਸਾ ਨਹੀਂ ਕਰੇਗਾ। ਫੈਸਲਾ ਜੱਜ ਦੇ ਨਹੀਂ ਮੁਲਜ਼ਮ ਦੇ ਹੱਥ ਸੀ। ਸਾਧੂ ਸਿੰਘ ਨੇ ਥੋੜ੍ਹੀ ਜਿਹੀ ਤੇਜ਼ੀ ਫੜੀ ਤਾਂ ਸ਼ਰਾਰਤੀ ਵਕੀਲ ਨੇ ਉਸਨੂੰ ਝਿੜਕ ਦਿੱਤਾ। ਜੱਜ ਦੀਆਂ ਆਪਣੀਆਂ ਮਜਬੂਰੀਆਂ ਸਨ। ਉਸਨੇ ਮਨਮਾਨੀ ਕੀਤੀ ਤਾਂ ਮੁਲਜ਼ਮਾਂ ਨੇ ਦੋ ਪੈਸੇ ਦੇ ਕਾਰਡ ’ਤੇ ਸ਼ਿਕਾਇਤ ਲਿਖ ਕੇ ਹਾਈ ਕੋਰਟ ਨੂੰ ਭੇਜ ਦੇਣੀ ਸੀ। ਕਿਸੇ ਜੱਜ ਨੇ ਝੱਟ ਅਮਲਾ ਫੈਲਾ ਲੈ ਕੇ ਪੜਤਾਲ ਕਰਨ ਆ ਜਾਣਾ ਸੀ। ਸਾਧੂ ਸਿੰਘ ਦੀ ਖਿਚਾਈ ਹੋਣੀ ਸੀ। ਇਸ ਮੁਕੱਦਮੇ ਨੂੰ ਆਮ ਕੇਸਾਂ ਵਾਂਗ ਕਿਉਂ ਨਹੀਂ ਲਿਆ ਜਾਂਦਾ? ਸਾਧੂ ਸਿੰਘ ਇਸ ਕੇਸ ਨੂੰ ਸਾਧਾਰਨ ਨਹੀਂ ਸੀ ਸਮਝਦਾ। ਇਸ ਕੇਸ ਵਿੱਚ ਇਕੋ ਸਮੇਂ ਕਈ ਸੰਗੀਨ ਜੁਰਮ ਹੋਏ ਸਨ। ਮੁਦਈ ਪਰਿਵਾਰ ਪੂਰੀ ਤਰ੍ਹਾਂ ਤਬਾਹ ਹੋ ਚੁੱਕਾ ਸੀ। ਉਨ੍ਹਾਂ ਦੇ ਜ਼ਖ਼ਮਾਂ ਨੂੰ ਫੌਰੀ ਮਲ੍ਹਮ ਪੱਟੀ ਦੀ ਜ਼ਰੂਰਤ ਸੀ। ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਸਜ਼ਾ ਹੋਣੀ ਚਾਹੀਦੀ ਸੀ।

ਤਾਂ ਹੀ ਉਨ੍ਹਾਂ ਦੇ ਮਨਾਂ ਨੂੰ ਸਕੂਨ ਮਿਲਣਾ ਸੀ। ਸਾਧੂ ਸਿੰਘ ਇਹੋ ਕਰਨਾ ਚਾਹੁੰਦਾ ਸੀ।

ਇਹ ਉਸਦਾ ਫਰਜ਼ ਵੀ ਸੀ। ਪਰ ਮੁਲਜ਼ਮਾਂ ਦੇ ਵਕੀਲਾਂ ਨੂੰ ਸਾਧੂ ਸਿੰਘ ਦਾ ਇਹ ਨਜ਼ਰੀਆ ਪਸੰਦ ਨਹੀਂ ਸੀ। ਕਾਨੂੰਨੀ ਕਲਾਬਾਜ਼ੀਆਂ ਦਾ ਉਹ ਭਰਪੂਰ ਫ਼ਾਇਦਾ ਉਠਾ ਰਹੇ ਸਨ।

ਪਿਛਲੀ ਪੇਸ਼ੀ ਉਪਰ ਨਾਲੇ ਉਹ ਗਵਾਹ ਮੋੜਨ ਵਿੱਚ ਕਾਮਯਾਬ ਹੋ ਗਏ, ਨਾਲੇ ਦੁਆਨੀ ਦੇ ਮੁਲਜ਼ਮ ਲਈ ਲੱਖਾਂ ਰੁਪਏ ਫ਼ੀਸ ਲੈਣ ਵਾਲਾ ਵਕੀਲ ਕਰਵਾ ਗਏ।

ਸਾਧੂ ਸਿੰਘ ਦੀ ਤੀਖਣ ਬੁੱਧੀ ਤਾੜ ਗਈ। ਪੰਡਿਤ ਨੂੰ ਜਾਣ ਬੁਝ ਕੇ ਗੈਰ ਹਾਜ਼ਰ ਕੀਤਾ ਗਿਆ ਹੈ। ਮਕਸਦ ਸਾਫ਼ ਸੀ। ਸਾਧੂ ਸਿੰਘ ਨੂੰ ਦੋ ਤਿੰਨ ਪੇਸ਼ੀਆਂ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਪਾਉਣੀਆਂ ਪੈਣੀਆਂ ਸਨ। ਹਰ ਪੇਸ਼ੀ ਘੱਟੋ ਘੱਟ ਪੰਦਰਾਂ ਦਿਨ ਦੀ ਹੋਣੀ ਸੀ। ਪੰਡਿਤ ਮੁਲਜ਼ਮਾਂ ਦੀ ਕਿਸੇ ਕਿਲ੍ਹੇ ਵਰਗੀ ਫੈਕਟਰੀ ਵਿੱਚ ਲੁਕਿਆ ਹੋਏਗਾ। ਪੁਲਿਸ ਉਸ ਤਕ ਪੁੱਜ ਨਹੀਂ ਸਕੇਗੀ। ਹਾਰ ਕੇ ਅਦਾਲਤ ਨੂੰ ਉਸਨੂੰ ਇਸ਼ਤਿਹਾਰੀ ਮੁਲਜ਼ਮ ਕਰਾਰ ਦੇਣਾ ਪਏਗਾ। ਇਸ ਕਾਰਵਾਈ ਨੂੰ ਮੁਕੰਮਲ ਕਰਨ ਲਈ ਦੋ ਤਿੰਨ ਮਹੀਨੇ ਹੋਰ ਲੱਗਣਗੇ।

ਸਾਧੂ ਸਿੰਘ ਪੂਰਾ ਜ਼ੋਰ ਲਾ ਲਏ ਤਾਂ ਵੀ ਗਵਾਹੀਆਂ ਨੇ ਘੱਟੋ ਘੱਟ ਛੇ ਮਹੀਨੇ ਲਈ ਲਟਕ ਜਾਣਾ ਸੀ।

ਫੇਰ ਮੁਲਜ਼ਮਾਂ ਨੇ ਕੋਈ ਹੋਰ ਮੋੜ੍ਹੀ ਗੱਡ ਦੇਣੀ ਸੀ। ਫੈਸਲਾ ਉਦੋਂ ਹੋਣਾ ਸੀ, ਜਦੋਂ ਮੁਲਜ਼ਮਾਂ ਨੇ ਚਾਹੁਣਾ ਸੀ। ਮੁਦਈ ਧਿਰ ਦੀ ਕੀ ਚੱਲਣੀ ਸੀ? ਜੱਜ ਦੀ ਪੇਸ਼ ਨਹੀਂ ਸੀ ਜਾ ਰਹੀ।

ਇਹੋ ਸੋਚ ਕੇ ਸਾਧੂ ਸਿੰਘ ਠੰਡੇ ਦਿਮਾਗ਼ ਤੋਂ ਕੰਮ ਲੈ ਰਿਹਾ ਸੀ।

ਘੰਟੇ ਕੁ ਬਾਅਦ ਸਾਧੂ ਸਿੰਘ ਨੇ ਫੇਰ ਆਪਣੇ ਅਰਦਲੀ ਤੋਂ ਅਵਾਜ਼ ਮਰਵਾਈ।

ਅਰਦਲੀ ਪਹਿਲਾਂ ਹੀ ਮੁਲਜ਼ਮ ’ਤੇ ਨਜ਼ਰ ਰੱਖ ਰਿਹਾ ਸੀ। ਉਹ ਹਾਲੇ ਤਕ ਉਸਨੂੰ ਨਜ਼ਰ ਨਹੀਂ ਸੀ ਆਇਆ।

“ਮੇਰਾ ਖ਼ਿਆਲ ਹੈ ਮੁਲਜ਼ਮ ਜਾਣ ਬੁੱਝ ਕੇ ਗੈਰ ਹਾਜ਼ਰ ਹੋਇਆ ਹੈ। ਹੁਣ ਉਸਦੇ ਆਉਣ ਦੀ ਕੋਈ ਸੰਭਾਵਨਾ ਨਹੀਂ। ਗਵਾਹਾਂ ਨੂੰ ਹਾਲੇ ਭੇਜ ਦਿੰਦੇ ਹਾਂ। ਲੋੜ ਪਈ ਬਾਅਦ ਦੁਪਹਿਰ ਬੁਲਾ ਲਵਾਂਗੇ।”

ਬੁਝੇ ਮਨ ਨਾਲ ਸਾਧੂ ਸਿੰਘ ਨੇ ਮੂੰਹ ਲਟਕਾਈ ਖੜ੍ਹੇ ਰਾਮ ਨਾਥ ਨੂੰ ਅਗਲੀ ਕਾਰਵਾਈ ਸਮਝਾਈ।

ਰਾਮ ਨਾਥ ਨੇ ਅੰਦਰ ਬੈਠ ਕੇ ਕੀ ਕਰਨਾ ਸੀ? ਗਵਾਹਾਂ ਦੇ ਨਾਲ ਉਹ ਵੀ ਬਾਹਰ ਆ ਗਿਆ।

ਅਦਾਲਤ ਦਾ ਸਮਾਂ ਸਮਾਪਤ ਹੋਣ ਤਕ ਕਈ ਵਾਰ ਦੋਸ਼ੀ ਨੂੰ ਹਾਜ਼ਰ ਹੋਣ ਲਈ ਆਵਾਜ਼ਾਂ ਮਾਰਨ ਦੀ ਕਾਰਵਾਈ ਦੁਹਰਾਈ ਗਈ। ਨਾ ਉਸਨੇ ਹਾਜ਼ਰ ਹੋਣਾ ਸੀ, ਨਾ ਉਹ ਹਾਜ਼ਰ ਹੋਇਆ।

ਸਾਧੂ ਸਿੰਘ ਨੇ ਹੋਈ ਪ੍ਰੇਸ਼ਾਨੀ ਲਈ ਗਵਾਹਾਂ ਤੋਂ ਮੁਆਫ਼ੀ ਮੰਗੀ।

ਸਫ਼ਾਈ ਧਿਰ ਨੇ ਇਕੋ ਅਸਤਰ ਨਾਲ ਇਕੱਠਾ ਛੇ ਮਹੀਨੇ ਦਾ ਸਮਾਂ ਫੁੰਡ ਲਿਆ ਸੀ। ਬੜੀ ਚਲਾਕੀ ਨਾਲ ਉਨ੍ਹਾਂ ਨੇ ਫੈਸਲਾ ਅਗਲੇ ਜੱਜ ਦੇ ਆਉਣ ਤਕ ਟਾਲ ਲਿਆ ਸੀ।

ਦੋਬਾਰਾ ਗਵਾਹੀਆਂ ਵਾਲੀ ਪੇਸ਼ੀ ਪਤਾ ਨਹੀਂ ਕਦੋਂ ਆਏਗੀ?

ਗਵਾਹਾਂ ਨਾਲ ਰਿਆਇਤ ਕੀਤੀ ਗਈ। ਉਨ੍ਹਾਂ ਨੂੰ ਤਦ ਤਕ ਅਦਾਲਤ ਆਉਣੋਂ ਛੋਟ ਦਿੱਤੀ ਗਈ।

ਖਾਲੀ ਹੱਥ ਮੁੜਦੇ ਰਾਮ ਨਾਥ ਨੂੰ ਇੱਕ ਵਾਰ ਫੇਰ ਪਹਿਲੀ ਚਿੰਤਾ ਸਤਾਉਣ ਲਗੀ।

 

-105-

 

ਪੰਡਿਤ ਨੂੰ ਗੈਰ ਹਾਜ਼ਰ ਕਰਦੇ ਸਮੇਂ ਨੰਦ ਲਾਲ ਨੇ ਹਿਸਾਬ ਲਾਇਆ ਸੀ। ਉਸਨੂੰ ਇਸ਼ਤਿਹਾਰੀ ਮੁਜਰਮ ਬਣਦੇ ਬਣਦੇ ਇੱਕ ਸਾਲ ਲੱਗ ਜਾਣਾ ਸੀ।

ਮੁਕੱਦਮੇ ਨੂੰ ਦੁਬਾਰਾ ਗਵਾਹੀ ’ਤੇ ਲਾਉਣ ਤੋਂ ਪਹਿਲਾਂ ਅਦਾਲਤ ਨੂੰ ਵੀਹ ਕਾਰਵਾਈਆਂ ਕਰਨੀਆਂ ਪੈਣੀਆਂ ਸਨ। ਪੰਡਿਤ ਦੇ ਜ਼ਮਾਨਤੀ ਨੂੰ ਤਲਬ ਕੀਤਾ ਜਾਣਾ ਸੀ। ਉਸ ਨੂੰ ਦੋਸ਼ੀ ਨੂੰ ਪੇਸ਼ ਕਰਨ ਲਈ ਦੋ ਤਿੰਨ ਮੌਕੇ ਦੇਣੇ ਪੈਣੇ ਸਨ। ਫੇਰ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਣੇ ਸਨ। ਵਾਰੰਟਾਂ ਦੀ ਤਾਮੀਲ ਲਈ ਪੁਲਿਸ ਨੇ ਉਸ ਦੀਆਂ ਛੁਪਣ ਵਾਲੀਆਂ ਥਾਵਾਂ ’ਤੇ ਛਾਪੇ ਮਾਰਨੇ ਸਨ। ਥੱਕ ਹਾਰ ਕੇ ਉਨ੍ਹਾਂ ਰਿਪੋਰਟ ਕਰਨੀ ਸੀ। ‘ਪੰਡਤ ਦੇ ਮਿਲਣ ਦੇ ਕੋਈ ਆਸਾਰ ਨਹੀਂ।’ ਫੇਰ ਪੰਡਿਤ ਨੂੰ ਪੇਸ਼ ਹੋਣ ਲਈ ਇਸ਼ਤਿਹਾਰ ਰਾਹੀਂ ਸੂਚਿਤ ਕੀਤਾ ਜਾਣਾ ਸੀ। ਇਸ ਇਸ਼ਤਿਹਾਰ ਨੂੰ ਪੰਡਿਤ ਦੇ ਦਰਵਾਜ਼ੇ ਅੱਗੇ ਚਿਪਕਾਉਣ ਲਈ ਇੱਕ ਸਿਪਾਹੀ ਨੂੰ ਬਾਹਰ ਜਾਣਾ ਪੈਣਾ ਸੀ। ਫੇਰ ਕਾਰਵਾਈ ਮੁਕੰਮਲ ਹੋਣੀ ਸੀ।

ਨੰਦ ਲਾਲ ਜੇ ਹਰ ਕਾਰਵਾਈ ਵਿੱਚ ਇੱਕ ਇੱਕ ਰੋੜਾ ਅਟਕਾਏ ਤਾਂ ਕਾਰਵਾਈ ਨੇ ਦੁਗਣਾ ਸਮਾਂ ਖਾ ਲੈਣਾ ਸੀ। ਕਦੇ ਜ਼ਾਮਨ ਦੀ ਤਾਮੀਲ ਟਾਲੀ ਜਾਣੀ ਸੀ, ਕਦੇ ਬਿਹਾਰ ਜਾਣ ਵਾਲੇ ਸਿਪਾਹੀ ਨੂੰ ਰਾਹ ਵਿੱਚ ਰੋਕਿਆ ਜਾਣਾ ਸੀ। ਕਦੇ ਵਾਰੰਟ ਗੁੰਮ ਹੋਣੇ ਸਨ ਅਤੇ ਕਦੇ ਇਸ਼ਤਿਹਾਰ।

ਪਰ ਪੰਡਿਤ ਨੂੰ ਭਗੌੜਾ ਕਰਾਰ ਦਿੱਤੇ ਜਾਣ ਵਾਲੀ ਕਾਰਵਾਈ ਵਿੱਚ ਨੰਦ ਲਾਲ ਦੀ ਇੱਕ ਨਾ ਚੱਲੀ। ਇੱਕ ਤਾਂ ਜੱਜ ਵਕੀਲਾਂ ਦੀ ਚਲਾਕੀ ’ਤੇ ਖਿਝਿਆ ਹੋਇਆ ਸੀ।

ਉਸਨੂੰ ਪਤਾ ਸੀ ਮੁਲਜ਼ਮ ਨੂੰ ਜਾਣ ਬੁਝ ਕੇ ਗੈਰ ਹਾਜ਼ਰ ਕੀਤਾ ਗਿਆ ਸੀ। ਦੂਜਾ ਸੋਸਾਇਟੀ ਕਿਸੇ ਕਾਗਜ਼ ਨੂੰ ਰੁਕਣ ਨਹੀਂ ਸੀ ਦੇ ਰਹੀ। ਤੀਜਾ ਇਹ ਕਾਰਵਾਈ ਗੈਰ ਹਾਜ਼ਰ ਮੁਲਜ਼ਮ ਅਤੇ ਜੱਜ ਵਿਚਕਾਰ ਚੱਲ ਰਹੀ ਸੀ। ਨੰਦ ਲਾਲ ਨੂੰ ਇਸ ਕਾਰਵਾਈ ਵਿੱਚ ਦਖ਼ਲ ਦੇਣ ਦਾ ਅਧਿਕਾਰ ਨਹੀਂ ਸੀ।

ਸਾਲ ਵਿੱਚ ਮੁੱਕਣ ਵਾਲੀ ਕਾਰਵਾਈ ਚਾਰ ਮਹੀਨੇ ਵਿੱਚ ਮੁੱਕ ਗਈ।

ਸਾਧੂ ਸਿੰਘ ਦੇ ਹਾਲੇ ਵੀ ਚਾਰ ਮਹੀਨੇ ਬਾਕੀ ਸਨ। ਉਹ ਚਾਹੇ ਤਾਂ ਇੰਨੇ ਸਮੇਂ ਵਿੱਚ ਮੁਲਜ਼ਮਾਂ ਨੂੰ ਫਾਹੇ ਲਾ ਸਕਦਾ ਸੀ।

ਮੁਕੱਦਮੇ ਦੇ ਦੁਬਾਰਾ ਗਵਾਹੀਆਂ ਤੇ ਆ ਜਾਣ ’ਤੇ ਨੀਰਜ ਹੋਰਾਂ ਨੂੰ ਫ਼ਿਕਰ ਹੋਣ ਲੱਗਾ।

ਨੰਦ ਲਾਲ ਦਾ ਤਰਕਸ਼ ਇੰਨਾ ਗਰੀਬ ਨਹੀਂ ਸੀ। ਪਰ ਜੱਜ ਨੂੰ ਬਿਨਾਂ ਮਤਲਬ ਖਿਝਾਉਣਾ ਠੀਕ ਨਹੀਂ ਸੀ। ਬਾਕੀ ਦੇ ਚਾਰੇ ਮੁੱਖ ਦੋਸ਼ੀ ਜੇਲ੍ਹ ਵਿੱਚ ਸਨ। ਪੰਕਜ ਜਾਂ ਨੀਰਜ ਵਿਚੋਂ ਜੇ ਕਿਸੇ ਨੂੰ ਗੈਰ ਹਾਜ਼ਰ ਕੀਤਾ ਗਿਆ ਤਾਂ ਉਨ੍ਹਾਂ ਨੂੰ ਕੁੱਝ ਦਿਨਾਂ ਲਈ ਜੇਲ੍ਹ ਦੀ ਹਵਾ ਖਾਣੀ ਪੈਣੀ ਸੀ। ਕਈ ਵਾਰ ਇੱਕ ਦੋ ਦਿਨਾਂ ਲਈ ਅੰਦਰ ਗਿਆ ਮੁਲਜ਼ਮ ਫੈਸਲੇ ਤਕ ਬਾਹਰ ਆਉਣ ਨੂੰ ਤਰਸਦਾ ਰਹਿ ਜਾਂਦਾ ਹੈ। ਨੰਦ ਲਾਲ ਕੋਈ ਜ਼ੋਖ਼ਮ ਲੈਣ ਨੂੰ ਤਿਆਰ ਨਹੀਂ ਸੀ। ਮੁਕੱਦਮਾ ਲਟਕਾਉਣ ਦੇ ਬਹੁਤ ਮੌਕੇ ਆਉਣੇ ਸਨ। ਤੀਹ ਗਵਾਹਾਂ ਨੇ ਗਵਾਹੀ ਦੇਣ ਆਉਣਾ ਸੀ। ਨੰਦ ਲਾਲ ਨੇ ਕਦੇ ਡਾਕਟਰ ਕੋਲੋਂ ਦਰਖ਼ਾਸਤ ਭਿਜਵਾ ਦੇਣੀ ਸੀ। ਉਹ ਐਮਰਜੈਂਸੀ ਮਰੀਜ਼ਾਂ ਨੂੰ ਦੇਖ ਰਿਹਾ ਸੀ। ਉਸਦਾ ਅਦਾਲਤ ਆਉਣਾ ਸੰਭਵ ਨਹੀਂ ਸੀ। ਕਦੇ ਉਸਨੇ ਥਾਣੇਦਾਰ ਤੋਂ ਵਾਇਰਲੈਸ ਕਰਵਾ ਦੇਣੀ ਸੀ। ਉਹ ਮੁੱਖਮੰਤਰੀ ਨਾਲ ਬਾਹਰ ਜਾ ਰਿਹਾ ਸੀ। ਅਦਾਲਤ ਨਾਲੋਂ ਮੁੱਖ ਮੰਤਰੀ ਦੀ ਸੁਰੱਖਿਆ ਜ਼ਿਆਦਾ ਅਹਿਮ ਸੀ। ਫੇਰ ਮੁਲਜ਼ਮਾਂ ਨੂੰ ਸਫ਼ਾਈ ਦਾ ਮੌਕਾ ਮਿਲਣਾ ਸੀ। ਸਫ਼ਾਈ ਵਿੱਚ ਉਨ੍ਹਾਂ ਨੇ ਅਸਕਾਰਟ ਹਸਪਤਾਲ ਦੇ ਡਾਕਟਰ ਅਤੇ ਐਮ.ਪੀ.ਨੂੰ ਭੁਗਤਾਉਣਾ ਸੀ। ਅਜਿਹੇ ਅਹਿਮ ਵਿਅਕਤੀ ਸਫ਼ਾਈ ਧਿਰ ਦੇ ਜ਼ੋਰ ਲਾਉਣ ’ਤੇ ਨਹੀਂ ਆਉਂਦੇ। ਆਪੇ ਉਨ੍ਹਾਂ ਨੇ ਕਦੋਂ ਆਉਣਾ ਸੀ।

ਚਾਰ ਮਹੀਨੇ ਟਪਾਉਣੇ ਨੰਦ ਲਾਲ ਲਈ ਕੋਈ ਮੁਸ਼ਕਲ ਨਹੀਂ ਸੀ।

ਜੇ ਕੋਈ ਵੀ ਵੱਸ ਨਾ ਚਲਿਆ ਤਾਂ ਨੰਦ ਲਾਲ ਨੇ ਬ੍ਰਹਮ ਅਸਤਰ ਕੱਢ ਲੈਣਾ ਸੀ।

ਪੰਡਿਤ ਨੂੰ ਇਸੇ ਮੌਕੇ ਲਈ ਇਸ਼ਤਿਹਾਰੀ ਮੁਲਜ਼ਮ ਬਣਵਾਇਆ ਗਿਆ ਸੀ। ਫੈਸਲੇ ਵਾਲੇ ਦਿਨ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ। ਉਸ ਦੇ ਪੇਸ਼ ਹੁੰਦਿਆਂ ਹੀ ਸੱਪਸੀੜ੍ਹੀ ਵਾਲੀ ਲੁੱਡੋ ਵਾਂਗ ਨੜਿਨਵੇਂ ਦੇ ਹਿੰਦਸੇ ’ਤੇ ਪੁੱਜੀ ਗੋਟੀ ਨੇ ਮੁੜ ਜ਼ੀਰੋ ’ਤੇ ਆ ਡਿੱਗਣਾ ਸੀ। ਪਹਿਲੇ ਗਵਾਹ ਤੋਂ ਲੈ ਕੇ ਸਾਰੀ ਕਾਰਵਾਈ ਫੇਰ ਦੁਹਰਾਈ ਜਾਣੀ ਸੀ।

ਨੰਦ ਲਾਲ ਦੀ ਗਾਰੰਟੀ ਸੀ। ਫੈਸਲਾ ਸਾਧੂ ਸਿੰਘ ਦੀ ਕਲਮ ਤੋਂ ਨਹੀਂ ਹੋਏਗਾ।

ਪਰ ਇਹ ਕੀ ਗਾਰੰਟੀ ਸੀ ਕਿ ਸਾਧੂ ਸਿੰਘ ਦੀ ਥਾਂ ਆਉਣ ਵਾਲਾ ਜੱਜ ਸਾਧੂ ਸਿੰਘ ਵਰਗਾ ਨਹੀਂ ਹੋਏਗਾ। ਬਥੇਰੇ ਜੱਜ ਸਨ, ਜਿਹੜੇ ਪੈਸੇ ਦੇ ਜਾਲ ਵਿੱਚ ਨਹੀਂ ਫਸਦੇ। ਕਈਆਂ ਨੂੰ ਅਮੀਰ ਮੁਲਜ਼ਮਾਂ ਨੂੰ ਬਰੀ ਕਰਦੇ ਸਮੇਂ ਹੋਣ ਵਾਲੀ ਬਦਨਾਮੀ ਤੋਂ ਡਰ ਲੱਗਣਾ ਸੀ।

ਡਰ ਡਰ ਵਿੱਚ ਉਨ੍ਹਾਂ ਨੇ ਪੰਕਜ ਹੋਰਾਂ ਨੂੰ ਸਜ਼ਾ ਸੁਣਾ ਦੇਣੀ ਸੀ। ਕਈਆਂ ਨੇ ਜੁਰਮ ਦੀ ਸੰਗੀਨਤਾ ਨੂੰ ਦੇਖਦੇ ਹੋਏ ਆਪਣੇ ਇਖਲਾਕੀ ਫਰਜ਼ ਤਹਿਤ ਉਨ੍ਹਾਂ ਨੂੰ ਫਾਹੇ ਲਾ ਦੇਣਾ ਸੀ।

ਮਰਜ਼ੀ ਦਾ ਜੱਜ ਲਿਆਉਣ ਲਈ ਹੁਣੇ ਤੋਂ ਯਤਨ ਆਰੰਭ ਹੋਣੇ ਚਾਹੀਦੇ ਸਨ।

ਨੰਦ ਲਾਲ ਦੀ ਨਜ਼ਰ ਵਿੱਚ ਕੁੱਝ ਅਜਿਹੇ ਜੱਜ ਸਨ ਜਿਹੜੇ ਉਪਰੋਂ ਈਮਾਨਦਾਰ ਨਜ਼ਰ ਆਉਂਦੇ ਸਨ, ਪਰ ਅੰਦਰੋਂ ਕਾਲੇ ਨਾਗ ਸਨ। ਉਹ ਪੈਸੇ ਲੈਂਦੇ ਸਨ ਪਰ ਕੜੀ ਵਿਚਾਰ ਕੇ। ਪੱਧਕਿਆ ਫਲ ਖਾਂਦੇ ਸਨ। ਮਿਸਲ ਦਾ ਢਿੱਡ ਵੀ ਭਰਦੇ ਸਨ ਅਤੇ ਆਪਣਾ ਵੀ।

ਅਜਿਹੇ ਜੱਜਾਂ ਨੂੰ ਪੰਕਜ ਹੋਰਾਂ ਨੂੰ ਬਰੀ ਕਰਨ ਵਿੱਚ ਕੋਈ ਦਿੱਕਤ ਪੇਸ਼ ਨਹੀਂ ਆਉਣੀ।

ਕੇਸ ਖਾਮੀਆਂ ਨਾਲ ਭਰਿਆ ਪਿਆ ਸੀ। ਜੇ ਉਨ੍ਹਾਂ ਵਿਚੋਂ ਕੋਈ ਜੱਜ ਸਾਧੂ ਸਿੰਘ ਦੀ ਥਾਂ ਆ ਗਿਆ ਤਾਂ ਫੈਸਲਾ ਨੰਦ ਲਾਲ ਦੀ ਮਰਜ਼ੀ ਅਨੁਸਾਰ ਹੋਣਾ ਸੀ।

ਪਰ ਮਰਜ਼ੀ ਦਾ ਜੱਜ ਆਏਗਾ ਕਿਸ ਤਰ੍ਹਾਂ? ਮਾਇਆ ਨਗਰ ਵਿੱਚ ਤਾਂ ਕਿਸੇ ਚਪੜਾਸੀ ਦੀ ਬਦਲੀ ਕਰਾਉਣੀ ਔਖੀ ਹੋ ਜਾਂਦੀ ਹੈ। ਇਹ ਐਡੀਸ਼ਨਲ ਸੈਸ਼ਨ ਜੱਜ ਦੀ ਨਿਯੁਕਤੀ ਦਾ ਮਾਮਲਾ ਸੀ।

ਇਸ ਦਾ ਹੱਲ ਵੀ ਨੰਦ ਲਾਲ ਕੋਲ ਸੀ।

ਹਾਈ ਕੋਰਟ ਦੇ ਸਭ ਤੋਂ ਸੀਨੀਅਰ ਜੱਜ ਹਜਾਰੀ ਲਾਲ ਦੀ ਤਰੱਕੀ ਹੋਣ ਵਾਲੀ ਸੀ। ਉਸਦਾ ਰਿਕਾਰਡ ਬਹੁਤਾ ਵਧੀਆ ਨਹੀਂ ਸੀ। ਇਹ ਰਿਕਾਰਡ ਉਸਦੀ ਤਰੱਕੀ ਵਿੱਚ ਰੋੜਾ ਨਹੀਂ ਸੀ ਬਣ ਰਿਹਾ ਪਰ ਉਸਨੂੰ ਇਸੇ ਹਾਈ ਕੋਰਟ ਦਾ ਚੀਫ਼ ਜਸਟਿਸ ਬਣਨ ਤੋਂ ਰੋਕ ਰਿਹਾ ਸੀ। ਹਜਾਰੀ ਲਾਲ ਆਪਣੇ ਘਰ ਵਿੱਚ ਰਹਿ ਕੇ ਸਰਦਾਰੀ ਕਰਨਾ ਚਾਹੁੰਦਾ ਸੀ। ਇਨ੍ਹੀਂ ਦਿਨੀਂ ਉਹ ਸਾਬਕਾ ਐਮ.ਪੀ.ਸ਼ੁਕਲਾ ਸਾਹਿਬ ਦੀ ਕੋਠੀ ਦੇ ਗੇੜੇ ਕੱਟ ਰਿਹਾ ਸੀ। ਸਾਬਕਾ ਐਮ.ਪੀ.ਖ਼ੁਦ ਕੇਂਦਰ ਵਿੱਚ ਕਾਨੂੰਨ ਮੰਤਰੀ ਰਿਹਾ ਸੀ। ਮੌਜੂਦਾ ਕੇਂਦਰੀ ਮੰਤਰੀ ਉਸਦੀ ਪਾਰਟੀ ਦਾ ਤਾਂ ਸੀ ਹੀ, ਉਸਦਾ ਜਮਾਤੀ ਵੀ ਸੀ। ਸ਼ੁਕਲੇ ਨੇ ਹਜਾਰੀ ਲਾਲ ਦਾ ਕੰਮ ਕਰਵਾ ਦੇਣਾ ਸੀ, ਇਸ ਦਾ ਨੰਦ ਲਾਲ ਨੂੰ ਪਤਾ ਸੀ। ਅਹਿਸਾਨ ਹੇਠ ਦਬੇ ਚੀਫ਼ ਨੇ ਸ਼ੁਕਲਾ ਦੇ ਇਸ਼ਾਰੇ ’ਤੇ ਨੱਚਣਾ ਸੀ। ਦੂਰ ਦੀ ਸੋਚ ਕੇ ਪੰਕਜ ਹੋਰਾਂ ਨੂੰ ਹੁਣੇ ਤੋਂ ਸ਼ੁਕਲੇ ਦੇ ਲੜ ਲਗ ਜਾਣਾ ਚਾਹੀਦਾ ਸੀ। ਆਪਣੇ ਅਤੇ ਆਪਣੇ ਰਿਸ਼ਤੇਦਾਰਾਂ ਦੇ ਕੇਸ ਹੁਣੇ ਤੋਂ ਸ਼ੁਕਲਾ ਨੂੰ ਭੇਜਣੇ ਸ਼ੁਰੂ ਕਰ ਦੇਣੇ ਚਾਹੀਦੇ ਸਨ। ਬਾਕੀ ਨੰਦ ਲਾਲ ਜਾਣੇ, ਉਸ ਦਾ ਕੰਮ ਜਾਣੇ।

ਨਵੀਂ ਯੋਜਨਾ ਤਹਿਤ ਵਕੀਲਾਂ ਨੇ ਮਤਾ ਪਕਾਇਆ। ਹੁਣ ਸਾਧੂ ਸਿੰਘ ਤੋਂ ਡਰਨ ਦੀ ਜ਼ਰੂਰਤ ਨਹੀਂ। ਪੂਰਾ ਜ਼ੋਰ ਲਾ ਕੇ ਵੀ ਉਹ ਮੁਕੱਦਮੇ ਨੂੰ ਫੈਸਲੇ ਤਕ ਨਹੀਂ ਲਿਜਾ ਸਕਦਾ।

ਨਵੇਂ ਜੱਜ ਦੇ ਆਉਣ ਤਕ ਮੁਕੱਦਮਾ ਫੈਸਲੇ ਲਈ ਤਿਆਰ ਹੋਣਾ ਚਾਹੀਦਾ ਹੈ।

ਨਵੇਂ ਜੱਜ ਦੇ ਕੰਮ ਦਾ ਆਗਾਜ਼ ਉਨ੍ਹਾਂ ਨੂੰ ਬਰੀ ਕਰਨ ਤੋਂ ਹੋਣਾ ਚਾਹੀਦਾ ਹੈ।

ਇਹ ਸੋਚ ਕੇ ਸਫ਼ਾਈ ਧਿਰ ਨੇ ਅਗਲੀ ਪੇਸ਼ੀ ’ਤੇ ਗਵਾਹ ਭੁਗਤਾਉਣ ਲਈ ਕਮਰਕੱਸੇ ਕੱਸ ਲਏ।

 

-106-

 

ਸਫ਼ਾਈ ਧਿਰ ਦੀਆਂ ਚਾਲਾਂ ਤੇ ਮੁਦਈ ਧਿਰ ਨੇ ਤਾਂ ਦੁਖੀ ਹੋਣਾ ਹੀ ਸੀ, ਜੱਜ ਵੀ ਨਿਹੱਥਾ ਮਹਿਸੂਸ ਕਰ ਰਿਹਾ ਸੀ।

ਆਪਣਾ ਪੂਰਾ ਜ਼ੋਰ ਲਾ ਕੇ ਉਸਨੇ ਮੁਲਜ਼ਮ ਨੂੰ ਭਗੌੜਾ ਕਰਾਰ ਦੇਣ ਦੀ ਕਾਰਵਾਈ ਚਾਰ ਮਹੀਨੇ ਵਿੱਚ ਮੁਕਾਈ ਸੀ। ਪਰ ਉਸਨੂੰ ਅਗਲੀ ਕਾਰਵਾਈ ਸ਼ੁਰੂ ਹੋਣ ਦੀ ਉੱਕਾ ਹੀ ਆਸ ਨਹੀਂ ਸੀ।

ਪਿਛਲੀਆਂ ਪੇਸ਼ੀਆਂ ’ਤੇ ਗਵਾਹਾਂ ਦੀ ਡਾਰ ਹਾਜ਼ਰ ਹੁੰਦੀ ਰਹੀ ਸੀ। ਗਵਾਹਾਂ ਨੂੰ ਬੇਰੰਗ ਮੋੜ ਕੇ ਉਸਨੂੰ ਸ਼ਰਮਿੰਦਗੀ ਮਹਿਸੂਸ ਹੁੰਦੀ ਸੀ।

ਮੁਕੱਦਮੇ ਦੇ ਪਿਛੋਕੜ ਨੂੰ ਧਿਆਨ ਵਿੱਚ ਰੱਖਦੇ ਹੋਏ ਜੱਜ ਨੇ ਇਸ ਵਾਰ ਸੁਣਵਾਈ ਦੋ ਦਿਨ ਨਹੀਂ ਸੀ ਰੱਖੀ। ਸੁਣਵਾਈ ਲਈ ਇੱਕ ਦਿਨ ਖਾਲੀ ਰੱਖਿਆ ਸੀ। ਪਹਿਲਾਂ ਵਾਂਗ ਸਾਰੇ ਗਵਾਹ ਵੀ ਤਲਬ ਨਹੀਂ ਸਨ ਕੀਤੇ। ਕੇਵਲ ਚਸ਼ਮਦੀਦ ਗਵਾਹ ਬੁਲਾਏ ਗਏ ਸਨ।

ਦੋਸ਼ੀਆਂ ਉਪਰ ਕਤਲ ਦੇ ਨਾਲ ਨਾਲ ਬਲਾਤਕਾਰ ਦਾ ਵੀ ਦੋਸ਼ ਸੀ। ਬਲਾਤਕਾਰ ਕੇਸ ਦੀ ਸੁਣਵਾਈ ਕਰਦੇ ਸਮੇਂ ਸਾਧੂ ਸਿੰਘ ਨੂੰ ਬੁਖ਼ਾਰ ਚੜ੍ਹਨ ਲਗਦਾ ਸੀ। ਉਹ ਆਪਣਾ ਆਪ ਨੂੰ ਕੌਰਵ ਸਭਾ ਦਾ ਮੁਖੀ ਮਹਿਸੂਸ ਕਰਨ ਲਗਦਾ ਸੀ। ਇੱਕ ਮਾਸੂਮ ਕੁੜੀ ਨੂੰ ਵਕੀਲ ਨੇ ਸ਼ਬਦ ਬਾਣਾਂ ਰਾਹੀਂ ਨਿਰਵਸਤਰ ਕਰਨਾ ਸੀ। ਮਰਿਆਦਾ ਵਿੱਚ ਬੰਨ੍ਹੇ ਜੱਜ ਨੇ ਨਾ ਚਾਹੁੰਦੇ ਹੋਏ ਵੀ ਮੂਕ ਦਰਸ਼ਕ ਬਣ ਕੇ ਰਹਿ ਜਾਣਾ ਸੀ।

ਪੰਡਿਤ ਪਰਮਾਨੰਦ ਨੇ ਨੇਹਾ ਨੂੰ ਮਾਇਆ ਨਗਰ ਵੱਲ ਤੁਰਨ ਤੋਂ ਪਹਿਲਾਂ ਛੋਟਾ ਜਿਹਾ ਉਪਦੇਸ਼ ਦਿੱਤਾ ਸੀ। ਅਦਾਲਤ ਉਸ ਲਈ ਕੁਰੂਕਸ਼ੇਤਰ ਦਾ ਮੈਦਾਨ ਸੀ। ਨੇਹਾ ਨੇ ਹੁੰਦੇ ਚੀਰ ਹਰਨ ਤੋਂ ਡਰ ਕੇ ਰਹਿਮ ਦੀ ਪੁਕਾਰ ਨਹੀਂ ਸੀ ਕਰਨੀ। ਉਸਨੇ ਅਰਜਨ ਵਿੱਚ ਉਸਨੂੰ ਯਾਦ ਕਰਕੇ ਨਹੀਂ ਸੀ ਰੋਣਾ। ਕਿਸੇ ਕਮਜ਼ੋਰੀ ਦਾ ਸਬੂਤ ਨਹੀਂ ਸੀ ਦੇਣਾ।

ਨੇਹਾ ਦੀ ਅਵਾਜ਼ ਦੇ ਥਿਰਕਣ ਨਾਲ ਵਕੀਲਾਂ ਵਿੱਚ ਹੁੰਦੀ ਘੁਸਰ ਮੁਸਰ ਇੱਕ ਦਮ ਰੁਕ ਗਈ। ਚਾਰੇ ਪਾਸੇ ਸੰਨਾਟਾ ਛਾ ਗਿਆ।

“ਅਤੇ ਤੁਸੀਂ ਐਮ.ਏ.ਇੰਗਲਿਸ਼ ਕਰਦੇ ਸੀ … ਅੱਗੇ ਚੱਲੋ।”

ਜੱਜ ਨੇ ਅਧੂਰੇ ਫਿਕਰੇ ਨੂੰ ਪੂਰਾ ਕਰਕੇ ਰੁਕੀ ਗਵਾਹੀ ਨੂੰ ਚਾਲੂ ਕੀਤਾ।

ਜੱਜ ਦਾ ਗਵਾਹ ਨੂੰ ਇਸ ਤਰ੍ਹਾਂ ਉਤਸ਼ਾਹਤ ਕਰਨਾ ਗੈਰ ਕਾਨੂੰਨੀ ਸੀ। ਇਸ ਨੁਕਤੇ ਨੂੰ ਦੋਵੇਂ ਧਿਰਾਂ ਜਾਣਦੀਆਂ ਸਨ।

ਹਰੀਸ਼ ਨੂੰ ਲੱਗਾ ਸੀ ਜੱਜ ਦੇ ਇਸ ਪੱਖਪਾਤੀ ਰਵੱਈਏ ’ਤੇ ਸਫ਼ਾਈ ਧਿਰ ਵੱਲੋਂ ਵਾਵਰੋਲਾ ਖੜ੍ਹਾ ਕੀਤਾ ਜਾਣ ਵਾਲਾ ਸੀ। ਪਰ ਨੇਹਾ ਦੇ ਭਰ ਆਏ ਗਲੇ ਨੇ ਸਭ ’ਤੇ ਅਸਰ ਕੀਤਾ ਸੀ। ਕਿਸੇ ਪਾਸਿਓਂ ਕੋਈ ਇਤਰਾਜ਼ ਨਹੀਂ ਸੀ ਉੱਠਿਆ।

ਜੱਜ ਦੀ ਹੱਲਾਸ਼ੇਰੀ ਨਾਲ ਨੇਹਾ ਸੰਭਲ ਗਈ।

ਬਿਆਨ ਦੇ ਅਗਲੇ ਹਿੱਸੇ ਵਿੱਚ ਕਮਲ ਦਾ ਜ਼ਿਕਰ ਨਹੀਂ ਸੀ। ਅੱਧੀ ਰਾਤ ਦੇ ਵਕਤ ਹੋਣ ਅਤੇ ਉਨ੍ਹਾਂ ਦੇ ਆਪਣੇ ਆਪਣੇ ਕਮਰੇ ਵਿੱਚ ਸੌਣ ਦਾ ਜ਼ਿਕਰ ਸੀ। ਦੋਸ਼ੀਆਂ ਦੇ ਧੋਖੇ ਨਾਲ ਉਨ੍ਹਾਂ ਦੀ ਕੋਠੀ ਵਿੱਚ ਦਾਖ਼ਲ ਹੋਣ ਦੀ ਕਹਾਣੀ ਸੁਣਾਉਣ ਵਿੱਚ ਉਸਨੂੰ ਕੋਈ ਦਿੱਕਤ ਮਹਿਸੂਸ ਨਹੀਂ ਸੀ ਹੋਈ।

ਪਰ ਜਦੋਂ ਉਸਨੇ ਕਮਲ ਦੇ ਢਿੱਡ ਵਿੱਚ ਪੰਚਮ ਵੱਲੋਂ ਛੁਰਾ ਮਾਰੇ ਜਾਣ ਦੀ ਗੱਲ ਛੇੜੀ ਤਾਂ ਉਹ ਲੱਖ ਯਤਨ ਕਰਨ ’ਤੇ ਵੀ ਆਪਣੇ ਅੰਦਰ ਰੁਕੇ ਹੰਝੂਆਂ ਦੇ ਹੜ੍ਹ ਨੂੰ ਰੋਕ ਨਾ ਸਕੀ।

“ਮੇਰੇ ਵੀਰ ਦੇ ਢਿਡ ਵਿੱਚ ਛੁਰਾ …” ਆਖਦੀ ਨੇਹਾ ਭੁਬਾਂ ਮਾਰ ਕੇ ਰੋ ਪਈ।

ਰੋਂਦੀ ਨੇਹਾ ਨੂੰ ਦੇਖ ਕੇ ਸਫ਼ਾਈ ਧਿਰ ਸਣੇ ਸਭ ਵਕੀਲਾਂ ਅਤੇ ਮੁਨਸ਼ੀਆਂ ਦੀਆਂ ਅੱਖਾਂ ਨਮ ਹੋ ਗਈਆਂ।

“ਬੇਟੀ ਹੌਸਲਾ ਰੱਖ। … ਮੁੰਡਿਓ ਕੁੜੀ ਨੂੰ ਪਾਣੀ ਪਿਲਾਓ।”

ਘਬਰਾਈ ਨੇਹਾ ’ਤੇ ਸਭ ਤੋਂ ਪਹਿਲਾਂ ਨੰਦ ਲਾਲ ਨੂੰ ਤਰਸ ਆਇਆ ਸੀ।

ਗਵਾਹ ਦੇ ਸੰਭਲ ਜਾਣ ਤਕ ਕਾਰਵਾਈ ਕੁੱਝ ਦੇਰ ਲਈ ਰੁਕ ਗਈ।

ਢਿੱਡ ਦੀ ਭੜਾਸ ਨਿਕਲ ਜਾਣ ਕਾਰਨ ਅਤੇ ਦੋ ਗਲਾਸ ਠੰਡੇ ਪਾਣੀ ਦੇ ਅੰਦਰ ਜਾਣ ਕਾਰਨ ਨੇਹਾ ਆਪਣੇ ਆਪ ਨੂੰ ਤਕੜੀ ਮਹਿਸੂਸ ਕਰਨ ਲੱਗੀ।

ਕੁੱਝ ਦੇਰ ਆਰਾਮ ਕਰਕੇ ਉਸਨੇ ਖ਼ੁਦ ਹੀ ਕਾਰਵਾਈ ਸ਼ੁਰੂ ਕਰਵਾਈ।

ਕਮਲ ਨਾਲ ਸਬੰਧਤ ਬਾਕੀ ਦਾ ਬਿਆਨ ਜੱਜ ਨੇ ਆਪ ਮੁਕੰਮਲ ਕਰ ਦਿੱਤਾ।

ਇਹ ਵੀ ਜੱਜ ਦੀ ਜ਼ਿਆਦਤੀ ਸੀ। ਚਾਹੀਦਾ ਇਹ ਸੀ ਜੋ ਗਵਾਹ ਬੋਲਦਾ, ਜੱਜ ਉਹੋ ਲਿਖਵਾਉਂਦਾ। ਪਰ ਗਮਗੀਨ ਮਾਹੌਲ ਨੇ ਸਫ਼ਾਈ ਧਿਰ ਦੇ ਵਕੀਲਾਂ ਨੂੰ ਆਪਣੇ ਅਧਿਕਾਰ ਭੁਲਾ ਦਿੱਤੇ ਸਨ।

ਪੰਡਤ ਵੱਲੋਂ ਨੀਲਮ, ਕਾਲੀਏ ਵੱਲੋਂ ਵੇਦ ਨੂੰ ਸੱਟਾਂ ਮਾਰਨ, ਦੀਨੇ ਵੱਲੋਂ ਉਸ ਨਾਲ ਖਿਚ ਧੂਹ ਕਰਨ, ਠੇਕੇਦਾਰ ਵੱਲੋਂ ਡਕੈਤੀ ਲਈ ਹੁਕਮ ਦੇਣ ਅਤੇ ਫੇਰ ਸਭ ਵੱਲੋਂ ਰਲ ਮਿਲ ਕੇ ਲੁੱਟ ਖੋਹ ਕਰਨ ਦੀ ਕਹਾਣੀ ਨੇਹਾ ਨੇ ਬਿਨਾਂ ਝਿਜਕ ਸੁਣਾ ਦਿੱਤੀ।

“ਵਟ ਅਬਾਉਟ ਰੇਪ?” ਨੇਹਾ ਨੇ ਦੀਨੇ ਵੱਲੋਂ ਉਸ ਨਾਲ ਕੀਤੇ ਬਲਾਤਕਾਰ ਦਾ ਬਣਕੇ ਗਵਾਹੀ ਵਾਲੇ ਤੀਰ ਕੌਰਵਾਂ ਵੱਲ ਸੁੱਟਣੇ ਸਨ। ਇਨ੍ਹਾਂ ਤੀਰਾਂ ਨੇ ਮੁਲਜ਼ਮਾਂ ਲਈ ਫਾਂਸੀ ਦਾ ਫੰਦਾ ਬਨਣਾ ਸੀ।

ਨੇਹਾ ਨੇ ਗਵਾਹੀ ਦੇ ਨਾਲ ਨਾਲ ਪੰਡਿਤ ਜੀ ਦੇ ਉਪਦੇਸ਼ ਨੂੰ ਰੱਟਾ ਲਾ ਰੱਖਿਆ ਸੀ। ਮੌਕਾ ਮਿਲਦੇ ਹੀ ਉਸਨੇ ਆਪਣੇ ਵੀਰ ਦੇ ਕਾਤਲਾਂ ਉਪਰ ਰਾਣੀ ਝਾਂਸੀ ਬਣਕੇ ਝਪਟਣਾ ਸੀ।

ਬਲਾਤਕਾਰ ਦਾ ਦੋਸ਼ ਹੋਣ ਕਾਰਨ ਅਦਾਲਤ ਦੀ ਕਾਰਵਾਈ ਬੰਦ ਕਮਰੇ ਵਿੱਚ ਹੋਣੀ ਸੀ। ਜੱਜ, ਸਰਕਾਰੀ ਵਕੀਲ, ਗਵਾਹ, ਦੋਸ਼ੀ ਅਤੇ ਦੋਸ਼ੀਆਂ ਦੇ ਵਕੀਲਾਂ ਤੋਂ ਇਲਾਵਾ ਹੋਰ ਕਿਸੇ ਨੂੰ ਅਦਾਲਤ ਵਿੱਚ ਖੜ੍ਹਨ ਦੀ ਇਜਾਜ਼ਤ ਨਹੀਂ ਸੀ ਹੋਣੀ।

ਆਵਾਜ਼ ਪੈਣ ’ਤੇ ਨੇਹਾ ਗਵਾਹਾਂ ਵਾਲੇ ਕਟਹਿਰੇ ਵਿੱਚ ਆ ਖੜੋਤੀ।

ਜੱਜ ਨੂੰ ਗਵਾਹੀ ਸ਼ੁਰੂ ਹੋਣ ਦਾ ਯਕੀਨ ਨਹੀਂ ਸੀ। ਤਸੱਲੀ ਕਰਨ ਲਈ ਉਸਨੇ ਵਕੀਲਾਂ ਕੋਲੋਂ ਪੁੱਛਿਆ: “ਗਵਾਹੀ ਸ਼ੁਰੂ ਕਰੀਏ?”

“ਜੀ ਜਨਾਬ!” ਸਾਰੇ ਵਕੀਲਾਂ ਨੇ ਲਗਭਗ ਇਕੋ ਸਮੇਂ ਹੁੰਗਾਰਾ ਭਰਿਆ।

ਕਹਿਣ ਲਈ ਸੁਣਵਾਈ ਬੰਦ ਕਮਰੇ ਵਿੱਚ ਹੋ ਰਹੀ ਸੀ। ਪਰ ਅਦਾਲਤ ਤਮਾਸ਼ਬੀਨਾਂ ਨਾਲ ਭਰੀ ਹੋਈ ਸੀ। ਛੇ ਦੋਸ਼ੀ ਅਤੇ ਉਨ੍ਹਾਂ ਦੇ ਛੇ ਵਕੀਲ ਇੱਕ ਪਾਸੇ ਖੜ੍ਹੇ ਸਨ।

ਸੀਨੀਅਰ ਵਕੀਲਾਂ ਦੀ ਸਹਾਇਤਾ ਲਈ ਦੋ ਜੂਨੀਅਰ ਵਕੀਲ ਅਤੇ ਤਿੰਨ ਮੁਨਸ਼ੀਆਂ ਨੂੰ ਅੰਦਰ ਰਹਿਣ ਦੀ ਇਜਾਜ਼ਤ ਮਿਲ ਗਈ। ਮੁਲਜ਼ਮ ਧਿਰ ਵੱਲ ਕੁੱਲ ਮਿਲਾ ਕੇ ਸਤਾਰਾਂ ਬੰਦੇ ਖੜੇ ਸਨ।

ਮੁਦਈ ਧਿਰ ਦਾ ਪਲੜਾ ਹਲਕਾ ਸੀ। ਸਰਕਾਰੀ ਵਕੀਲ ਅਤੇ ਹਰੀਸ਼ ਰਾਏ ਮੁਦਈ ਧਿਰ ਦੇ ਵਕੀਲ ਸਨ। ਰਾਮ ਨਾਥ ਖ਼ੁਦ ਹੀ ਬਾਹਰ ਚਲਿਆ ਗਿਆ ਸੀ। ਉਸ ਦੀ ਧੀਆਂ ਵਰਗੀ ਭਾਣਜੀ ਨੂੰ ਛੇ ਵਕੀਲਾਂ ਦੀ ਜਿਰ੍ਹਾ ਦੇ ਚਾਕੂਆਂ ਵਰਗੇ ਵਾਰ ਸਹਿਣੇ ਪੈਣੇ ਸਨ।

ਕੁੱਝ ਸਵਾਲ ਅਸਭਿਆ ਅਤੇ ਭੱਦੇ ਹੋਣੇ ਸਨ। ਰਾਮ ਨਾਥ ਦੀ ਹਾਜ਼ਰੀ ਵਿੱਚ ਨੇਹਾ ਨੂੰ ਅਜਿਹੇ ਪ੍ਰਸ਼ਨਾਂ ਦੇ ਉੱਤਰ ਦੇਣ ਵਿੱਚ ਪ੍ਰੇਸ਼ਾਨੀ ਹੋਣੀ ਸੀ।

ਸਰਕਾਰੀ ਵਕੀਲ ਦੀ ਮਦਦ ਲਈ ਇੱਕ ਨਾਇਬ ਕੋਰਟ ਸੀ, ਜਿਹੜਾ ਮਿਸਲ ਦੇ ਨਾਲ ਨਾਲ ਪੇਸ਼ ਹੋਣ ਵਾਲੇ ਮਾਲ ਮੁਕੱਦਮੇ ਨੂੰ ਸੰਭਾਲ ਰਿਹਾ ਸੀ।

ਗਵਾਹੀ ਸ਼ੁਰੂ ਹੋਣ ਤੋਂ ਪਹਿਲਾਂ ਨੇਹਾ ਨੂੰ ਸੱਚ ਬੋਲਣ ਲਈ ਧਰਮ ਦੀ ਸਹੁੰ ਖਵਾਈ ਗਈ।

ਸਹੁੰ ਖਾ ਕੇ ਨੇਹਾ ਵਾਪਰੀ ਘਟਨਾ ਦਾ ਵੇਰਵਾ ਦੇਣ ਲੱਗੀ।

ਦੀਪ ਨਗਰ ਮੁਹੱਲੇ ਦੀ ਗਲੀ ਨੰਬਰ ਚਾਰ ਵਿੱਚ ਉਨ੍ਹਾਂ ਦਾ ਘਰ ਸੀ। ਛੋਟਾ ਜਿਹਾ ਪਰਿਵਾਰ ਤੀਆਂ ਵਰਗੇ ਦਿਨ ਬਿਤਾਅ ਰਿਹਾ ਸੀ। ਕਮਲ ਯੂਨੀਵਰਸਿਟੀ ਵਿੱਚ ਐਮ.ਬੀ.ਏ. ਕਰ ਰਿਹਾ ਸੀ … ।

ਕਮਲ ਦਾ ਨਾਂ ਜ਼ੁਬਾਨ ’ਤੇ ਆਉਂਦੇ ਹੀ ਨੇਹਾ ਦਾ ਗੱਚ ਭਰ ਗਿਆ। ਉਸਦੀ ਜ਼ੁਬਾਨ ਤਾਲੂਏ ਨਾਲ ਲੱਗ ਗਈ। ਅੱਖਾਂ ਨਮ ਹੋ ਗਈਆਂ। ਕੁੱਝ ਦੇਰ ਲਈ ਉਹ ਠਠੰਬਰੀ। ਝੱਟ ਉਸ ਨੂੰ ਪੰਡਿਤ ਪਰਮਾਨੰਦ ਦਾ ਸੰਦੇਸ਼ ਯਾਦ ਆਇਆ। ਉਸਨੇ ਡੋਲਣਾ ਨਹੀਂ ਸੀ। ਭਾਵੁਕ ਨਹੀਂ ਸੀ ਹੋਣਾ। ਭਰਾ ਨੂੰ ਯਾਦ ਕਰਕੇ ਰੋਣ ਲਈ ਸਾਰੀ ਉਮਰ ਬਾਕੀ ਸੀ। ਅਦਾਲਤ ਜ਼ਿਕਰ ਨਹੀਂ ਸੀ ਕੀਤਾ। ਸਪਸ਼ਟੀਕਰਨ ਲੈਣ ਲਈ ਜੱਜ ਨੇ ਸਰਕਾਰੀ ਵਕੀਲ ਤੋਂ ਪੁੱਛਿਆ।

‘ਇਟ ਵਾਜ ਨਾਟ ਕਮਿਟਡ।” ਜੱਜ ਦੇ ਪ੍ਰਸ਼ਨ ਦਾ ਉੱਤਰ ਨੇਹਾ ਨੇ ਆਪ ਦੇ ਦਿੱਤਾ।

ਇਸ ਤੋਂ ਪਹਿਲਾਂ ਕਿ ਨੇਹਾ ਇੱਕ ਇੱਕ ਮੁਲਜ਼ਮ ਵੱਲ ਉਂਗਲ ਕਰਕੇ ਦੱਸੇ ਕਿ ਕਾਲੀਆ ਕੌਣ ਅਤੇ ਪੰਡਿਤ ਕੌਣ ਹੈ, ਇੱਕ ਕਾਰਵਾਈ ਹੋਰ ਹੋਣੀ ਬਾਕੀ ਸੀ।

ਤਫ਼ਤੀਸ਼ ਦੌਰਾਨ ਪੁਲਿਸ ਨੂੰ ਕੁੱਝ ਅਹਿਮ ਸਬੂਤ ਮਿਲੇ ਸਨ, ਕੁੱਝ ਚੀਜ਼ਾਂ ਮੌਕੇ ਤੋਂ ਮਿਲੀਆਂ ਸਨ, ਜਿਹੜੀਆਂ ਦੋਸ਼ੀਆਂ ਦਾ ਉਥੇ ਹਾਜ਼ਰ ਹੋਣਾ ਸਾਬਤ ਕਰਦੀਆਂ ਸਨ।

ਕੁੱਝ ਚੀਜ਼ਾਂ ਦੋਸ਼ੀਆਂ ਕੋਲੋਂ ਬਰਾਮਦ ਹੋਈਆਂ ਸਨ, ਜਿਹੜੀਆਂ ਉਨ੍ਹਾਂ ਦੇ ਵਾਰਦਾਤ ਵਿੱਚ ਸ਼ਾਮਲ ਹੋਣਾ ਸਾਬਤ ਕਰਦੀਆਂ ਸਨ। ਨੇਹਾ ਨੇ ਇਨ੍ਹਾਂ ਸਾਰੀਆਂ ਚੀਜ਼ਾਂ ਦੀ ਸ਼ਨਾਖ਼ਤ ਕਰਨੀ ਸੀ।

ਸਭ ਤੋਂ ਪਹਿਲਾਂ ਕਮਲ ਦੇ ਖ਼ੂਨ ਨਾਲ ਲਿਬੜੇ ਕਪੜਿਆਂ ਦਾ ਪਾਰਸਲ ਖੋਲ੍ਹਿਆ ਗਿਆ। ਪੋਸਟ ਮਾਰਟਮ ਕਰਦੇ ਸਮੇਂ ਇਹ ਕਪੜੇ ਡਾਕਟਰ ਨੇ ਆਪਣੇ ਕਬਜ਼ੇ ਵਿੱਚ ਲਏ ਸਨ। ਟੈਸਟ ਲਈ ਉਨ੍ਹਾਂ ਕਪੜਿਆਂ ਨੂੰ ਕੈਮੀਕਲ ਅਗਜਾਮੀਨਰ ਕੋਲ ਭੇਜਿਆ ਗਿਆ।

ਘੁੰਮ ਘੁੰਮਾ ਕੇ ਇਹ ਕੱਪੜੇ ਵਾਪਸ ਅਦਾਲਤ ਕੋਲ ਪੁੱਜ ਗਏ ਸਨ।

ਜੱਜ ਦੀ ਹਦਾਇਤ ’ਤੇ ਦੂਜਾ ਪਾਰਸਲ ਖੋਲ੍ਹਿਆ ਗਿਆ। ਇਸ ਵਿਚੋਂ ਖ਼ੂਨ ਨਾਲ ਲਿਬੜਿਆ ਉਹ ਛੁਰਾ ਨਿਕਲਿਆ ਜਿਹੜਾ ਕਮਲ ਦੇ ਢਿੱਡ ਵਿੱਚ ਖੋਭਿਆ ਗਿਆ ਸੀ।

ਜਾਂਦਾ ਹੋਇਆ ਪੰਚਮ ਇਸ ਛੁਟੇ ਨੂੰ ਆਪਣੇ ਨਾਲ ਲੈ ਗਿਆ ਸੀ। ਪਿਛੋਂ ਕੁੱਟ ਕੇ ਪੁਲਿਸ ਨੇ ਉਸ ਕੋਲੋਂ ਬਰਾਮਦ ਕਰਵਾ ਲਿਆ ਸੀ।

ਪਾਰਸਲਾਂ ਦੇ ਖੁਲ੍ਹਦਿਆਂ ਹੀ ਸਲਾਬ ਅਤੇ ਖ਼ੂਨ ਦੀ ਰਲੀ ਮਿਲੀ ਬਦਬੂ ਸਾਰੇ ਕਮਰੇ ਵਿੱਚ ਫੈਲ ਗਈ। ਕੁੱਝ ਵਕੀਲਾਂ ਨੇ ਨੱਕਾਂ ਉਪਰ ਰੁਮਾਲ ਰੱਖ ਲਏ, ਕੁੱਝ ਨੇ ਸਾਹ ਘੁੱਟ ਲਏ।

ਹੋਰਾਂ ਲਈ ਕਮਲ ਦੇ ਬੂ ਮਾਰਦੇ ਕਪੜੇ ਘਿਨਾਉਣੀ ਚੀਜ਼ ਹੋ ਸਕਦੇ ਸਨ। ਪਰ ਨੇਹਾ ਲਈ ਉਹ ਅਨਮੋਲ ਖਜ਼ਾਨਾ ਸੀ।

ਕੁੜਤਾ ਪਜਾਮਾ ਸਾਹਮਣੇ ਹੁੰਦਿਆਂ ਹੀ ਜਿਊਂਦਾ ਜਾਗਦਾ ਕਮਲ ਉਸਦੀਆਂ ਅੱਖਾਂ ਅੱਗੇ ਆ ਖੜੋਤਾ।

ਕਮਲ ਦੇ ਪਿਛਲੇ ਜਨਮ ਦਿਨ ’ਤੇ ਨੇਹਾ ਨੇ ਇਹ ਕੁੜਤਾ ਪਜਾਮਾ ਉਸਨੂੰ ਤੋਹਫ਼ੇ ਵਿੱਚ ਦਿੱਤਾ ਸੀ। ਇਹ ਕੁੜਤਾ ਪਜਾਮਾ ਪਾ ਕੇ ਕਮਲ ਰਾਜਕੁਮਾਰਾਂ ਵਰਗਾ ਲੱਗਦਾ ਸੀ।

ਕੁੜਤਾ ਪਜਾਮਾ, ਕਮਲ, ਛੁਰਾ ਅਤੇ ਖ਼ੂਨ ਇੱਕ ਘੁੰਮਣਘੇਰੀ ਬਣਕੇ ਨੇਹਾ ਦੇ ਸਿਰ ਨੂੰ ਚੜ੍ਹਨ ਲੱਗੀ। ਕਮਲ ਦੇ ਪੇਟ ਵਿੱਚ ਖੁਭਦਾ ਛੁਰਾ, ਖ਼ੂਨ ਦੀਆਂ ਤਤੀਰੀਆਂ, ਬਾਹਰ ਨਿਕਲਦੀਆਂ ਆਂਤੜੀਆਂ ਅਤੇ ਤੜਫ਼ਦਾ ਕਮਲ ਨੇਹਾ ਅੱਗੇ ਸਾਕਾਰ ਹੋ ਗਿਆ।

ਨੇਹਾ ਦੀਆਂ ਅੱਖਾਂ ਅੱਗੇ ਤਾਰੇ ਨੱਚਣ ਲੱਗੇ। ਲੱਤਾਂ ਉਸਦਾ ਬੋਝ ਝੱਲਣ ਤੋਂ ਅਸਮਰਥਤਾ ਪ੍ਰਗਟਾਉਣ ਲੱਗੀਆਂ। ਨੇਹਾ ਨੂੰ ਲੱਗਾ ਉਹ ਡਿੱਗਣ ਲੱਗੀ ਸੀ।

ਫੇਰ ਰੌਲਾ ਪੈ ਗਿਆ, “ਸੰਭਾਲੋ, ਸੰਭਾਲੋ। ਕੁੜੀ ਬੇਹੋਸ਼ ਹੋ ਗਈ।”

ਪ੍ਰਧਾਨ ਨੇ ਅੱਗੇ ਹੋ ਕੇ ਨੇਹਾ ਨੂੰ ਸੰਭਾਲਿਆ। ਉਸਨੂੰ ਅਦਾਲਤ ਲਈ ਪਏ ਇੱਕ ਬੈਂਚ ਉਪਰ ਬੈਠਾਇਆ ਅਤੇ ਫੇਰ ਲਿਟਾ ਦਿੱਤਾ।

ਸਾਂਭ ਸੰਭਾਲ ਲਈ ਰਾਮ ਨਾਥ ਨੂੰ ਅੰਦਰ ਬੁਲਾਇਆ ਗਿਆ।

ਕਚਹਿਰੀ ਵਿੱਚ ਇੱਕ ਵਾਰ ਫੇਰ ਸ਼ਮਸ਼ਾਨ ਵਰਗੀ ਚੁੱਪ ਛਾ ਗਈ।

ਮੂੰਹ ਅਤੇ ਅੱਖਾਂ ’ਤੇ ਛਿੱਟੇ ਮਾਰਕੇ ਰਾਮ ਨਾਥ ਨੇ ਨੇਹਾ ਨੂੰ ਹੋਸ਼ ਵਿੱਚ ਲਿਆਂਦਾ।

“ਅੱਗੋਂ ਗਵਾਹੀ ਕਰਵਾਈ ਜਾਵੇ ਜਾਂ ਨਾ?” ਇਸ ਮਸਲੇ ’ਤੇ ਪ੍ਰਧਾਨ ਨਾਲ ਮਸ਼ਵਰਾ ਕੀਤਾ।

ਹਰੀਸ਼ ਵੀ ਇਹੋ ਸੋਚ ਰਿਹਾ ਸੀ।

ਗਵਾਹੀ ਨੂੰ ਅੱਗੇ ਪਾਉਣਾ ਖ਼ਤਰੇ ਤੋਂ ਖਾਲੀ ਨਹੀਂ ਸੀ। ਸੌ ਪਾਪੜ ਵੇਲ ਕੇ ਵਕੀਲਾਂ ਨੂੰ ਕਾਬੂ ਕੀਤਾ ਗਿਆ ਸੀ। ਇੱਕ ਦਿਨ ਇਸ ਤਰ੍ਹਾਂ ਹੋਣਾ ਹੀ ਹੋਣਾ ਸੀ। ਗਵਾਹੀ ਕਰਵਾ ਕੇ ਕੁੜੀ ਨੂੰ ਭਾਰ ਮੁਕਤ ਕੀਤਾ ਜਾਵੇ।

ਗਵਾਹੀ ਬਹੁਤੀ ਨਹੀਂ ਸੀ ਰਹਿੰਦੀ। ਕੇਵਲ ਮੁਲਜ਼ਮਾਂ ਦੀ ਸ਼ਨਾਖ਼ਤ ਹੋਣੀ ਸੀ। ਨੇਹਾ ਨਾ ਸੰਭਲੀ ਤਾਂ ਜਿਰ੍ਹਾ ਲਈ ਤਾਰੀਖ਼ ਲੈ ਲਈ ਜਾਏਗੀ।

ਹੋਸ਼ ਆ ਜਾਣ ਬਾਅਦ ਰਾਮ ਨਾਥ ਨੇ ਇੱਕ ਵਾਰ ਫੇਰ ਤਸੱਲੀ ਕੀਤੀ। ਗਵਾਹੀ ਨਾਲੋਂ ਜ਼ਰੂਰੀ ਨੇਹਾ ਦੀ ਸਿਹਤ ਸੀ।

ਪਰ ਨੇਹਾ ਪੂਰੀ ਤਰ੍ਹਾਂ ਸੰਭਲ ਚੁੱਕੀ ਸੀ। ਉਸਨੂੰ ਹਰ ਮੁਲਜ਼ਮ ਦਾ ਨਾਂ ਅਤੇ ਹੁਲੀਆ ਪੂਰੀ ਤਰ੍ਹਾਂ ਯਾਦ ਸੀ।

“ਬੇਟਾ! ਤੂੰ ਪੂਰੀ ਤਰ੍ਹਾਂ ਠੀਕ ਵੀ ਏਂ? ਜੇ ਮਨ ਉਦਾਸ ਹੈ ਤਾਂ ਹੋਰ ਪੇਸ਼ੀ ਪਾ ਦਿੰਦੇ ਹਾਂ। ਕੋਈ ਮਜਬੂਰੀ ਨਹੀਂ।” ਨੇਹਾ ਨੂੰ ਕੋਲ ਬੁਲਾ ਕੇ ਸਾਧੂ ਸਿੰਘ ਨੇ ਪੁੱਛਿਆ।

“ਮੈਂ ਠੀਕ ਹਾਂ ਸਰ! ਗਵਾਹੀ ਸ਼ੁਰੂ ਕਰੋ।”

“ਬੜੀ ਸਿਆਣੀ ਕੁੜੀ ਹੈ।” ਜੱਜ ਨੇ ਨੇਹਾ ਦਾ ਹੌਸਲਾ ਵਧਾਇਆ।

“ਜਨਾਬ ਹੁਣ ਇਸ ਦਾ ਬਿਆਨ ਮੁਕੰਮਲ ਕਰ ਲਓ। ਜਿਰ੍ਹਾ ਬਾਅਦ ਦੁਪਹਿਰ ਕਰ ਲਵਾਂਗੇ।”

ਹਰੀਸ਼ ਦੇ ਇਸ ਸੁਝਾਅ ਨਾਲ ਸਭ ਧਿਰਾਂ ਸਹਿਮਤ ਹੋ ਗਈਆਂ।

ਬਿਆਨ ਮੁਕੰਮਲ ਕਰਾਉਣ ਲਈ ਨੇਹਾ ਮੁੜ ਪਹਿਲੀ ਥਾਂ ’ਤੇ ਆ ਕੇ ਖੜੋ ਗਈ।

ਮੁਕੱਦਮੇ ਦੀ ਇੱਕ ਅਹਿਮ ਕਾਰਵਾਈ ਸ਼ੁਰੂ ਹੋਣ ਵਾਲੀ ਸੀ। ਜੇ ਨੇਹਾ ਨੇ ਦੋਸ਼ੀਆਂ ਦੀ ਪਹਿਚਾਣ ਕਰ ਲਈ ਤਾਂ ਉਨ੍ਹਾਂ ਨੂੰ ਸਜ਼ਾ ਹੋ ਸਕਦੀ ਸੀ। ਜੇ ਪਹਿਚਾਣ ਨਾ ਹੋਈ ਤਾਂ ਉਨ੍ਹਾਂ ਨੇ ਕਤਲ ਅਤੇ ਡਕੈਤੀ ਦੇ ਦੋਸ਼ਾਂ ਤੋਂ ਬਰੀ ਹੋ ਜਾਣਾ ਸੀ। ਇਸ ਜੁਰਮ ਦੀ ਵੱਧੋ ਵੱਧ ਸਜ਼ਾ ਤਿੰਨ ਸਾਲ ਸੀ। ਅੱਧੀ ਉਹ ਕੱਟ ਚੁੱਕੇ ਸਨ। ਬਾਕੀ ਕੈਦੀਆਂ ਨੂੰ ਮਿਲਦੀਆਂ ਛੋਟਾਂ ਕਾਰਨ ਮੁਆਫ਼ ਹੋ ਜਾਣੀ ਸੀ। ਫੈਸਲਾ ਹੁੰਦਿਆਂ ਹੀ ਉਨ੍ਹਾਂ ਬਾਹਰ ਆ ਜਾਣਾ ਸੀ।

ਸ਼ਨਾਖ਼ਤ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਸਾਰੀਆਂ ਧਿਰਾਂ ਚੌਕਸ ਹੋ ਕੇ ਖੜੋ ਗਈਆਂ।

ਨੰਦ ਲਾਲ ਨੇ ਮੁਲਜ਼ਮਾਂ ਨੂੰ ਕੋਈ ਗੁਪਤ ਇਸ਼ਾਰਾ ਕੀਤਾ। ਸਿਰ ਹਿਲਾ ਕੇ ਮੁਲਜ਼ਮਾਂ ਨੇ ਇਸ਼ਾਰਾ ਸਮਝ ਜਾਣ ਦਾ ਹੁੰਗਾਰਾ ਭਰਿਆ।

ਮਜਬੂਰੀ ਵਸ ਨੇਹਾ ਨੇ ਮੁਲਜ਼ਮਾਂ ਵੱਲ ਨਜ਼ਰ ਦੌੜਾਈ। ਦੋ ਉਸਦੇ ਚਚੇਰੇ ਭਰਾ ਸਨ।

ਕਮਲ ਨੂੰ ਕਤਲ ਕਰਾਉਣ ਵਾਲੇ, ਨੇਹਾ ਨੂੰ ਨਿਰਵਸਤਰ ਕਰਾਉਣ ਵਾਲੇ। ਚਾਚੇ ਚਾਚੀ ਨੂੰ ਅਪਾਹਜ ਬਨਵਾਉਣ ਵਾਲੇ। ਸਾਰੇ ਪਰਿਵਾਰ ਨੂੰ ਰਾਜੇ ਤੋਂ ਰੰਕ ਬਨਾਉਣ ਵਾਲੇ।

ਕਹਿਰ ਭਰੀ ਨਜ਼ਰ ਸੁੱਟ ਕੇ ਨੇਹਾ ਅੱਗੇ ਵਧੀ।

ਅਗਾਂਹ ਕੋਈ ਹੋਰ ਹੀ ਭਾਣਾ ਵਰਤਿਆ ਹੋਇਆ ਸੀ। ਚਾਰ ਦੀ ਥਾਂ ਛੇ ਮੁਲਜ਼ਮ ਖੜ੍ਹੇ ਸਨ। ਛੇਆਂ ਦੇ ਹੁਲੀਏ ਇਕੋ ਜਿਹੇ ਲੱਗਦੇ ਸਨ। ਦੋ ਮੁਲਜ਼ਮਾਂ ਦੇ ਕੁੜਤੇ ਪਜਾਮੇ ਚਿੱਟੇ ਸਨ, ਬਾਕੀਆਂ ਦੇ ਹਲਕੇ ਨੀਲੇ। ਸਭ ਦੇ ਗਲਾਂ ਵਿੱਚ ਕੇਸਰੀ ਪਰਨੇ ਸਨ ਅਤੇ ਸਿਰਾਂ ਉਪਰ ਡੱਬੀਦਾਰ ਪਰਨਿਆਂ ਦੇ ਮੜਾਸੇ, ਦਾੜ੍ਹੀ ਮੁੱਛਾਂ ਇਕੋ ਜਿਹੀਆਂ।

ਚਾਰ ਦੀ ਥਾਂ ਛੇ ਮੁਲਜ਼ਮ ਕਿਸ ਤਰ੍ਹਾਂ ਹੋ ਗਏ? ਨੇਹਾ ਨੇ ਆਪਣੀ ਦੁਬਿਧਾ ਦੂਰ ਕਰਨ ਲਈ ਆਪਣੇ ਵਕੀਲ ਵੱਲ ਤੱਕਿਆ। ਪਰ ਹਰੀਸ਼ ਨੂੰ ਆਪਣੇ ਸਾਇਲ ਦੀ ਸਹਾਇਤਾ ਕਰਨ ਦਾ ਅਧਿਕਾਰ ਨਹੀਂ ਸੀ। ਉਹ ਤਾਂ ਗਵਾਹ ਤੋਂ ਇਹ ਵੀ ਨਹੀਂ ਸੀ ਪੁੱਛ ਸਕਦਾ ਕਿ ਉਸਨੂੰ ਦੁਬਿਧਾ ਕੀ ਹੈ? ਉਹ ਕੇਵਲ ਸਫ਼ਾਈ ਧਿਰ ਦੇ ਗੈਰ ਕਾਨੂੰਨੀ ਪ੍ਰਸ਼ਨਾਂ ਉਪਰ ਇਤਰਾਜ਼ ਕਰ ਸਕਦਾ ਸੀ।

ਪ੍ਰਧਾਨ ਨੇ ਨੇਹਾ ਦੀ ਸਮੱਸਿਆ ਸੁਲਝਾਉਣ ਲਈ ਜੱਜ ਵੱਲ ਤੱਕਿਆ।

ਸਾਧੂ ਸਿੰਘ ਨੇਹਾ ਦੀ ਸਮੱਸਿਆ ਸਮਝ ਚੁੱਕਾ ਸੀ। ਸਫ਼ਾਈ ਧਿਰ ਦੇ ਵਕੀਲਾਂ ਨੇ ਸ਼ਰਾਰਤ ਕੀਤੀ ਸੀ। ਮੁਨਸ਼ੀਆਂ ਦੇ ਬਹਾਨੇ ਉਨ੍ਹਾਂ ਨੇ ਦੋ ਅਜਿਹੇ ਬੰਦੇ ਅੰਦਰ ਲੈ ਆਂਦੇ ਸਨ, ਜਿਨ੍ਹਾਂ ਦੇ ਹੁਲੀਏ ਮੁਲਜ਼ਮਾਂ ਨਾਲ ਮਿਲਦੇ ਸਨ। ਗਵਾਹ ਨੂੰ ਭੰਬਲ ਭੂਸੇ ਵਿੱਚ ਪਾਉਣ ਲਈ ਉਨ੍ਹਾਂ ਨੂੰ ਕਪੜੇ ਵੀ ਮੁਲਜ਼ਮਾਂ ਵਰਗੇ ਪਵਾ ਦਿੱਤੇ ਸਨ।

“ਮੁਨਸ਼ੀ ਜੀ ਤੁਸੀਂ ਮੁਲਜ਼ਮਾਂ ਕੋਲ ਖੜ੍ਹੇ ਕੀ ਕਰ ਰਹੇ ਹੋ? ਇੱਕ ਪਾਸੇ ਹਟੋ।”

ਜੱਜ ਦੇ ਇਸ ਹੁਕਮ ’ਤੇ ਸਫ਼ਾਈ ਧਿਰ ਨੂੰ ਸਖ਼ਤ ਇਤਰਾਜ਼ ਸੀ।

ਗਵਾਹ ਪਹਿਲੀ ਵਾਰ ਮੁਲਜ਼ਮਾਂ ਦੀ ਸ਼ਨਾਫ਼ਤ ਕਰ ਰਿਹਾ ਸੀ। ਕਾਇਦੇ ਅਨੁਸਾਰ ਇਹ ਸ਼ਨਾਖ਼ਤ ਦੋਸ਼ੀਆਂ ਦੇ ਫੜੇ ਜਾਣ ਦੇ ਤੁਰੰਤ ਬਾਅਦ ਹੋਣੀ ਚਾਹੀਦੀ ਸੀ। ਹੁਣ ਤਕ ਮੁਲਜ਼ਮ ਬੀਸੀਆਂ ਵਾਰ ਅਦਾਲਤ ਵਿੱਚ ਪੇਸ਼ ਹੋ ਚੁੱਕੇ ਸਨ। ਗਵਾਹ ਉਨ੍ਹਾਂ ਨੂੰ ਸੈਂਕੜੇ ਵਾਰ ਦੇਖ ਚੁੱਕੇ ਸਨ। ਇੱਕ ਮੁਲਜ਼ਮ ਦੀ ਲੱਤ ਕੱਟੀ ਜਾ ਚੁੱਕੀ ਸੀ। ਉਸਦੀ ਸ਼ਨਾਖ਼ਤ ਹੋਰ ਆਸਾਨ ਹੋ ਗਈ ਸੀ। ਮੁਲਜ਼ਮਾਂ ਨੂੰ ਇਨਸਾਫ਼ ਚਾਹੀਦਾ ਸੀ। ਉਨ੍ਹਾਂ ਨੂੰ ਨਿਰਪੱਖ ਸ਼ਨਾਖ਼ਤ ਕਰਾਉਣ ਦਾ ਅਧਿਕਾਰ ਸੀ। ਜੇ ਗਵਾਹ ਨੂੰ ਮੁਲਜ਼ਮਾਂ ਦੀ ਸਹੀ ਪਹਿਚਾਣ ਸੀ ਤਾਂ ਉਸਨੂੰ ਛੇ ਵਿਚੋਂ ਚਾਰ ਪਹਿਚਾਨਣ ਵਿੱਚ ਕੀ ਇਤਰਾਜ਼ ਸੀ?

ਪਰ ਜੱਜ ਨੂੰ ਇਤਰਾਜ਼ ਸੀ। ਜੇ ਮੁਲਜ਼ਮਾਂ ਨੇ ਸ਼ਨਾਖ਼ਤ ਪਰੇਡ ਕਰਾਉਣੀ ਸੀ ਤਾਂ ਉਨ੍ਹਾਂ ਨੂੰ ਬਕਾਇਦਾ ਇਸ ਬਾਰੇ ਜੱਜ ਨੂੰ ਦਰਖ਼ਾਸਤ ਦੇਣੀ ਚਾਹੀਦੀ ਸੀ। ਜੱਜ ਦੀ ਇਜਾਜ਼ਤ ਲੈਣੀ ਚਾਹੀਦੀ ਸੀ। ਆਪਣੇ ਆਪ ਇੰਝ ਕਰਕੇ ਮੁਲਜ਼ਮ ਧਿਰ ਨੇ ਅਦਾਲਤੀ ਕਾਰਵਾਈ ਵਿੱਚ ਵਿਘਨ ਪਾਇਆ ਸੀ। ਗਵਾਹ ਅਤੇ ਅਦਾਲਤ ਨੂੰ ਗੁਮਰਾਹ ਕੀਤਾ ਸੀ। ਅਦਾਲਤ ਦੀ ਮਾਨ ਹਾਨੀ ਕਰਨ ਦੇ ਜੁਰਮ ਬਦਲੇ ਜੱਜ ਉਨ੍ਹਾਂ ’ਤੇ ਕਾਰਵਾਈ ਕਰ ਸਕਦਾ ਸੀ।

ਕੁੱਝ ਦੇਰ ਦੋਹਾਂ ਧਿਰਾਂ ਵੱਲੋਂ ਕਾਨੂੰਨੀ ਚਾਰਾਜੋਈ ਹੁੰਦੀ ਰਹੀ।

ਆਖ਼ਰ ਜੱਜ ਨੇ ਹੁਕਮ ਸੁਣਾਇਆ। ਮੁਨਸ਼ੀਆਂ ਨੂੰ ਬਾਹਰ ਭੇਜੋ।

ਨੇਹਾ ਦੀ ਸਮੱਸਿਆ ਹਾਲੇ ਵੀ ਹੱਲ ਨਹੀਂ ਸੀ ਹੋਈ। ਉਸਨੇ ਚਾਰਾਂ ਵਿਚੋਂ ਇੱਕ ਇੱਕ ਨੂੰ ਪਹਿਚਾਨਣਾ ਸੀ। ਇਹ ਕੰਮ ਉਸ ਲਈ ਆਸਾਨ ਨਹੀਂ ਸੀ।

ਨੇਹਾ ਨੂੰ ਚਾਰੇ ਮੁਲਜ਼ਮ ਇਕੋ ਜਿਹੇ ਜਾਪਣ ਲੱਗੇ। ਜਦੋਂ ਮੁਲਜ਼ਮ ਉਸਨੂੰ ਦਿਖਾਏ ਗਏ ਸਨ, ਉਸ ਸਮੇਂ ਠੇਕੇਦਾਰ ਵੱਡੀ ਉਮਰ ਦਾ ਲੱਗਦਾ ਸੀ। ਉਸਦੀ ਦਾੜ੍ਹੀ ਮੌਲਵੀ ਕੱਟ ਸੀ ਅਤੇ ਕੁੱਝ ਵਾਲ ਚਿੱਟੇ ਸਨ। ਉਸ ਨੇ ਮੁੱਛਾਂ ਰੱਖੀਆਂ ਹੋਈਆਂ ਸਨ। ਬਾਕੀ ਮੁਲਜ਼ਮ ਸ਼ੇਵ ਕਰਦੇ ਸਨ। ਅੱਜ ਸਭਨਾਂ ਦੀਆਂ ਦਾੜ੍ਹੀ ਮੁੱਛਾਂ ਇਕੋ ਜਿਹੀਆਂ ਸਨ। ਸਭ ਦੇ ਵਾਲ ਕਾਲੇ ਸਨ। ਹੁਣ ਠੇਕੇਦਾਰ ਦੀ ਉਸ ਤੋਂ ਪਹਿਚਾਣ ਨਹੀਂ ਸੀ ਹੋ ਰਹੀ। ਕਾਲੀਏ ਦੇ ਸਿਰ ਦੇ ਵਾਲ ਛੋਟੇ ਹੁੰਦੇ ਸਨ। ਅੱਜ ਸਭ ਦੋਸ਼ੀਆਂ ਦੇ ਵਾਲ ਛੋਟੇ ਸਨ। ਉਸਦੇ ਇੱਕ ਕੰਨ ਵਿੱਚ ਨੱਤੀ ਪਾਈ ਹੋਈ ਸੀ ਬਾਕੀਆਂ ਦੇ ਕੰਨ ਖਾਲੀ ਸਨ। ਅੱਜ ਸਭ ਨੇ ਨੱਤੀਆਂ ਪਾ ਰੱਖੀਆਂ ਸਨ। ਪੰਚਮ ਦਾ ਰੰਗ ਬਾਕੀਆਂ ਨਾਲੋਂ ਕਾਲਾ ਸੀ। ਅੱਜ ਨੇਹਾ ਤੋਂ ਗੂੜ੍ਹੇ ਕਾਲੇ ਅਤੇ ਹਲਕੇ ਕਾਲੇ ਰੰਗ ਵਿਚੋਂ ਫਰਕ ਫੜਿਆ ਨਹੀਂ ਸੀ ਜਾ ਰਿਹਾ। ਜਿਵੇਂ ਸਭ ਨੇ ਪਿੰਡੇ ‘ਤੇ ਕਾਲਖ਼ ਮਲ ਲਈ ਸੀ। ਦੀਨੇ ਦੀ ਪਹਿਚਾਣ ਨੇਹਾ ਨੇ ਉਸਦੀ ਫਟੀ ਪੈਂਟ ਕਮੀਜ਼ ਤੋਂ ਕਰਨੀ ਸੀ। ਹਰ ਪੇਸ਼ੀ ਉਹ ਇਨ੍ਹਾਂ ਹੀ ਕਪੜਿਆਂ ਵਿੱਚ ਆਉਂਦਾ ਸੀ। ਪਰ ਅੱਜ ਉਸਨੇ ਕੱਪੜੇ ਬਦਲੇ ਹੋਏ ਸਨ।

ਹੋਰ ਤਾਂ ਹੋਰ ਨੇਹਾ ਨੂੰ ਅੱਜ ਕਮਲ ਦੇ ਕਾਤਲ ਪੰਚਮ ਦੀ ਵੀ ਪਹਿਚਾਣ ਨਹੀਂ ਸੀ ਆ ਰਹੀ। ਉਹ ਵੀ ਫੌੜ੍ਹੀਆਂ ਦੀ ਥਾਂ ਨਕਲੀ ਟੰਗ ਲਗਵਾ ਕੇ ਆਇਆ ਸੀ।

“ਦੱਸ ਬੀਬੀ ਕਿਹੜਾ ਮੁਲਜ਼ਮ ਕਿਹੜਾ ਹੈ?” ਸਫ਼ਾਈ ਧਿਰ ਸ਼ਸ਼ੋਪੰਜ ਵਿੱਚ ਪਏ ਗਵਾਹ ਦੀ ਘਬਰਾਹਟ ਦਾ ਫ਼ਾਇਦਾ ਉਠਾਉਣਾ ਚਾਹੁੰਦੀ ਸੀ।

ਨੇਹਾ ਦਾ ਰੱਟਾ ਉਸ ਨੂੰ ਧੋਖਾ ਦੇ ਚੁੱਕਾ ਸੀ। ਸਫ਼ਾਈ ਧਿਰ ਦੇ ਵਕੀਲ ਉਸਨੂੰ ਉਲਝਾਉਣ ਵਿੱਚ ਕਾਮਯਾਬ ਹੋ ਚੁੱਕੇ ਸਨ।

ਰੱਟੇ ਦਾ ਖਹਿੜਾ ਛੱਡ ਕੇ ਨੇਹਾ ਆਪਣੀ ਯਾਦਦਾਸ਼ਤ ਉਪਰ ਜ਼ੋਰ ਪਾਉਣ ਲੱਗੀ।

ਨੇਹਾ ਨੂੰ ਦੱਸਿਆ ਗਿਆ ਸੀ, ਇਹ ਵਾਰਦਾਤ ਇਨ੍ਹਾਂ ਹੀ ਮੁਲਜ਼ਮਾਂ ਨੇ ਕੀਤੀ ਸੀ। ਕੀਤੀ ਵੀ ਉਸੇ ਤਰ੍ਹਾਂ ਸੀ ਜਿਵੇਂ ਉਸਦੇ ਬਿਆਨ ਵਿੱਚ ਲਿਖਿਆ ਗਿਆ ਸੀ। ਫੇਰ ਨੇਹਾ ਨੂੰ ਕੀ ਘਬਰਾਹਟ ਸੀ? ਨੇਹਾ ਨੂੰ ਮੁਲਜ਼ਮ ਆਪਣੀਆਂ ਗਿਆਨ ਇੰਦਰੀਆਂ ਦੇ ਆਧਾਰ ’ਤੇ ਪਹਿਚਾਨਣੇ ਚਾਹੀਦੇ ਸਨ।

ਦੀਨੇ ਨੇ ਉਸ ਨਾਲ ਬਲਾਤਕਾਰ ਕੀਤਾ ਸੀ। ਉਸਦੀ ਬਦਬੂ ਨੇਹਾ ਦੇ ਰੋਮ ਰੋਮ ਵਿੱਚ ਵੱਸੀ ਹੋਈ ਸੀ। ਇਸ ਬੂ ਨੂੰ ਉਹ ਮੀਲਾਂ ਤੋਂ ਪਹਿਚਾਣ ਸਕਦੀ ਸੀ।

ਅਦਾਲਤ ਦੀ ਇਜਾਜ਼ਤ ਲੈ ਕੇ ਉਹ ਇਕੱਲੇ ਇਕੱਲੇ ਮੁਲਜ਼ਮ ਦੇ ਕੋਲ ਦੀ ਲੰਘੀ।

ਝੱਟ ਦੀਨਾ ਉਸਦੀ ਪਕੜ ਵਿੱਚ ਆ ਗਿਆ।

ਕਮਲ ਦਾ ਖ਼ੂਨ ਉਸਦੀਆਂ ਅੱਖਾਂ ਅੱਗੇ ਹੋਇਆ ਸੀ। ਕਾਤਲ ਦੇ ਹੱਥ ਸਾਧਾਰਨ ਨਹੀਂ ਸਨ। ਹੱਥ ਪਾਥੀਆਂ ਵਰਗੇ ਅਤੇ ਉਂਗਲਾਂ ਸਪੋਲੀਆਂ ਵਰਗੀਆਂ ਸਨ। ਉਹ ਦਿਮਾਗ਼ ‘ਤੇ ਜ਼ੋਰ ਪਾ ਕੇ ਹੱਥਾਂ ਨੂੰ ਪਹਿਚਾਣ ਸਕਦੀ ਸੀ।

ਮਨ ਇਕਾਗਰ ਕਰਨ ਲਈ ਨੇਹਾ ਨੇ ਅੱਖਾਂ ਮੀਚ ਲਈਆਂ। ਮਾਤਾ ਜੀ ਦੀ ਸਿਖਾਈ ਵਿਧੀ ਅਨੁਸਾਰ ਨੇਹਾ ਨੇ ਸਾਰਾ ਧਿਆਨ ਆਪਣੇ ਆਗਿਆ ਚੱਕਰ ਉਪਰ ਕੇਂਦਰਤ ਕੀਤਾ।

ਫਿਲਮ ਦੀ ਰੀਲ ਵਾਂਗ ਸਾਰੀ ਘਟਨਾ ਦਿਮਾਗ਼ ਵਿੱਚ ਦੁਹਰਾਈ। ਹੱਥਾਂ ’ਤੇ ਆ ਕੇ ਉਸਨੇ ਫਿਲਮ ਰੋਕ ਲਈ।

ਨੇਹਾ ਦੇ ਕਹਿਣ ’ਤੇ ਸਾਰੇ ਮੁਲਜ਼ਮਾਂ ਦੇ ਹੱਥ ਉਸ ਅੱਗੇ ਕਰਵਾਏ ਗਏ। ਪੰਚਮ ਦੇ ਹੱਥ ਉਹੋ ਹੱਥ ਸਨ, ਜਿਨ੍ਹਾਂ ਨੇ ਵੇਦ ਪਰਿਵਾਰ ਦਾ ਸੰਸਾਰ ਉਜਾੜਿਆ ਸੀ।

ਪੰਚਮ ਦੀ ਸਹੀ ਸ਼ਨਾਖ਼ਤ ਨੇ ਨੇਹਾ ਦਾ ਹੌਸਲਾ ਵਧਾਇਆ।

ਬਾਕੀ ਬਚਦੇ ਦੋ ਮੁਲਜ਼ਮਾਂ ਵਿਚੋਂ ਉਸਨੂੰ ਠੇਕੇਦਾਰ ਪਹਿਚਾਨਣਾ ਚਾਹੀਦਾ ਸੀ। ਚੌਥੇ ਦੀ ਪਹਿਚਾਣ ਆਪੇ ਹੋ ਜਾਣੀ ਸੀ।

ਠੇਕੇਦਾਰ ਨੇ ਦਾੜ੍ਹੀ ਮੁੱਛਾਂ ਮੁਨਵਾ ਕੇ ਅਤੇ ਮੇਕ ਅੱਪ ਕਰਵਾ ਕੇ ਉਮਰ ਤਾਂ ਛੁਪਾ ਲਈ ਸੀ, ਪਰ ਵਧਿਆ ਢਿੱਡ ਨਹੀਂ ਸੀ ਛੁਪਾ ਸਕਿਆ।

ਠੇਕੇਦਾਰ ਦੇ ਵੱਡੇ ਢਿੱਡ ਨੇ ਠੇਕੇਦਾਰ ਨੂੰ ਫਸਾ ਦਿੱਤਾ।

ਤਿੰਨ ਮੁਲਜ਼ਮਾਂ ਦੀ ਸ਼ਨਾਖ਼ਤ ਹੁੰਦੇ ਹੀ ਨੇਹਾ ਦਾ ਦਿਮਾਗ਼ ਫੁਰਤੀ ਫੜਨ ਲੱਗਾ।

ਉਸਨੇ ਮੁਲਜ਼ਮਾਂ ਦੇ ਕੰਨਾਂ ਨੂੰ ਗਹੁ ਨਾਲ ਤੱਕਿਆ। ਕਾਲੀਆ ਨੱਤੀ ਬਚਪਨ ਤੋਂ ਪਾਉਂਦਾ ਸੀ। ਉਸਦੇ ਕੰਨ ਦੀ ਗਲੀ ਵੱਡੀ ਹੋਣੀ ਚਾਹੀਦੀ ਸੀ। ਦੂਜੇ ਮੁਲਜ਼ਮਾਂ ਦੇ ਕੰਨਾਂ ਦੀਆਂ ਗਲੀਆਂ ਨਵੀਆਂ ਹੋਣਗੀਆਂ ਜਾਂ ਐਕਟਰਾਂ ਵਾਂਗ ਨਕਲੀ ਨੱਤੀਆਂ ਪਾਈਆਂ ਹੋਣਗੀਆਂ।

ਉਸਦਾ ਅੰਦਾਜ਼ਾ ਠੀਕ ਨਿਕਲਿਆ।

ਅਸਲੀ ਮੁਲਜ਼ਮ ਦੇ ਕੰਨ ਦੀ ਗਲੀ ਵੱਡੀ ਸੀ।

ਸ਼ਨਾਖ਼ਤ ਦੀ ਕਾਰਵਾਈ ਮੁਕੰਮਲ ਹੁੰਦੇ ਹੀ ਅਦਾਲਤ ਦੀ ਕਾਰਵਾਈ ਬਾਅਦ ਦੁਪਹਿਰ ਤਕ ਰੋਕ ਦਿੱਤੀ ਗਈ।

 

-107-

 

ਠੇਕੇਦਾਰ ਨੂੰ ਛੱਡ ਕੇ ਬਾਕੀ ਸਭ ਦੋਸ਼ੀਆਂ ਨੂੰ ਵਕੀਲ ਪੰਕਜ ਨੇ ਕਰਕੇ ਦਿੱਤੇ ਸਨ।

ਇਸ ਲਈ ਨੰਦ ਲਾਲ ਦੀ ਅਗਵਾਈ ਵਿੱਚ ਕੰਮ ਕਰਨਾ ਉਨ੍ਹਾਂ ਦਾ ਇਖਲਾਕੀ ਫਰਜ਼ ਸੀ।

ਠੇਕੇਦਾਰ ਦੀ ਸਥਿਤੀ ਭਿੰਨ ਸੀ। ਉਸ ਕੋਲ ਖਰਚਣ ਲਈ ਚਾਰ ਪੈਸੇ ਸਨ। ਪਹਿਲੇ ਦਿਨ ਤੋਂ ਉਸਨੇ ਆਪਣਾ ਵਕੀਲ ਆਪ ਖੜ੍ਹਾ ਕੀਤਾ ਸੀ। ਨਾ ਠੇਕੇਦਾਰ ਨੂੰ ਪੰਕਜ ਉਪਰ ਯਕੀਨ ਸੀ, ਨਾ ਉਸਦਾ ਵਕੀਲ ਨੰਦ ਲਾਲ ਦੀ ਗੱਲ ਮੰਨਦਾ ਸੀ। ਉਹ ਆਪਣੀ ਡਫਲੀ ਆਪ ਵਜਾ ਰਹੇ ਸਨ।

ਦੋ ਦਿਨਾਂ ਤੋਂ ਨੰਦ ਲਾਲ ਸਫ਼ਾਈ ਧਿਰ ਦੇ ਵਕੀਲਾਂ ਨੂੰ ਆਪਣੀ ਜਿਰ੍ਹਾ ਸਮਝਾ ਰਿਹਾ ਸੀ।

ਮੁਕੱਦਮਾ ਮੁੱਢੋਂ ਹੀ ਕਮਜ਼ੋਰ ਸੀ। ਪਰਚਾ ਕਟਵਾਉਣ ਵਾਲੇ ਨੇ ਪਰਚੇ ਵਿੱਚ ਨਾ ਦੋਸ਼ੀਆਂ ਦੇ ਨਾਂ ਪਤੇ ਲਿਖਾਏ ਸਨ ਨਾ ਹੁਲੀਏ। ਕਿਸੇ ਖ਼ਾਸ ਸ਼ਨਾਖ਼ਤੀ ਨਿਸ਼ਾਨ ਦਾ ਵੀ ਕਿਧਰੇ ਕੋਈ ਜ਼ਿਕਰ ਨਹੀਂ ਸੀ। ਪਿਛੋਂ ਸ਼ਨਾਖ਼ਤ ਪਰੇਡ ਕਰਵਾ ਕੇ ਇਸ ਕਮੀ ਨੂੰ ਦੂਰ ਕੀਤਾ ਜਾ ਸਕਦਾ ਸੀ। ਪੁਲਿਸ ਨੇ ਇੰਝ ਨਹੀਂ ਸੀ ਕੀਤਾ। ਹੁਣ ਜੇ ਗਵਾਹ ਅਦਾਲਤ ਵਿੱਚ ਆ ਕੇ ਮੁਲਜ਼ਮਾਂ ਨੂੰ ਪਹਿਚਾਣ ਲੈਣ ਤਾਂ ਅਦਾਲਤ ਇਸ ਨੂੰ ਕੋਈ ਅਹਿਮੀਅਤ ਨਹੀਂ ਦੇਵੇਗੀ। ਇਸ ਲਈ ਸਫ਼ਾਈ ਧਿਰ ਦੇ ਵਕੀਲਾਂ ਨੂੰ ਬਹੁਤੀ ਮਿਹਨਤ ਦੀ ਜ਼ਰੂਰਤ ਨਹੀਂ ਸੀ।

ਦੀਨੇ ਉਪਰ ਬਲਾਤਕਾਰ ਦਾ ਦੋਸ਼ ਸੀ। ਇਸ ਦੋਸ਼ ਵਿੱਚ ਵੀ ਬਹੁਤਾ ਦਮ ਨਹੀਂ ਸੀ। ਨਾ ਪਰਚੇ ਵਿੱਚ ਬਲਾਤਕਾਰ ਦਾ ਜ਼ਿਕਰ ਸੀ ਨਾ ਡਾਕਟਰ ਇਸ ਦੀ ਤਾਈਦ ਕਰਦਾ ਸੀ। ਪੁਲਿਸ ਨੇ ਨੇਹਾ ਦੇ ਮਹੀਨਾ ਪਿੱਛੋਂ ਲਿਖੇ ਇੱਕ ਬਿਆਨ ਵਿੱਚ ਇਸਦਾ ਜ਼ਿਕਰ ਕੀਤਾ ਸੀ। ਦੇਰ ਬਾਅਦ ਲੱਗੇ ਦੋਸ਼ ਨੂੰ ਵੀ ਅਦਾਲਤ ਬਹੁਤਾ ਨਹੀਂ ਗੌਲਦੀ।

ਰਹਿੰਦੀ ਖੂੰਹਦੀ ਕਸਰ ਨੇਹਾ ਨੇ ਕੱਢ ਦਿੱਤੀ। ਉਸਨੇ ਖ਼ੁਦ ਹੀ ਦੀਨੇ ਨੂੰ ਬਲਾਤਕਾਰ ਦੇ ਦੋਸ਼ ਤੋਂ ਬਰੀ ਕਰ ਦਿੱਤਾ।

ਬੇਫ਼ਿਕਰ ਹੋਏ ਨੰਦ ਲਾਲ ਨੇ ਬਾਕੀ ਵਕੀਲਾਂ ਨੂੰ ਪਿਛੇ ਹਟਾ ਦਿੱਤਾ। ਸਾਰੇ ਵਕੀਲਾਂ ਵੱਲੋਂ ਜਿਰ੍ਹਾ ਦੀ ਕਮਾਨ ਖ਼ੁਦ ਸੰਭਾਲ ਲਈ।

“ਹਾਂ ਬੇਟਾ, ਪੁਲਿਸ ਨੇ ਤੇਰਾ ਬਿਆਨ ਕਿੰਨੀ ਵਾਰ ਲਿਖਿਆ ਸੀ?”

“ਤਿੰਨ ਵਾਰ।” ਨੇਹਾ ਨੂੰ ਇਸ ਸਵਾਲ ਦਾ ਇਹ ਜਵਾਬ ਸਮਝਾਇਆ ਗਿਆ ਸੀ।

ਪਹਿਲਾ ਬਿਆਨ ਹਸਪਤਾਲ ਵਿੱਚ ਹੋਇਆ ਸੀ, ਜਿਸਦੇ ਆਧਾਰ ’ਤੇ ਪਰਚਾ ਕੱਟਿਆ ਗਿਆ ਸੀ। ਦੂਜਾ ਬਿਆਨ ਪਲਵੀ ਦੇ ਘਰ ਹੋਇਆ ਸੀ, ਜਿਸ ਵਿੱਚ ਉਸਨੇ ਦੋਸ਼ੀਆਂ ਦੇ ਨਾਂ, ਹਥਿਆਰਾਂ ਅਤੇ ਕੀਤੇ ਜੁਰਮਾਂ ਦਾ ਵੇਰਵਾ ਦਿੱਤਾ ਸੀ। ਤੀਜਾ ਬਿਆਨ ਥਾਣੇ ਹੋਇਆ ਸੀ, ਜਦੋਂ ਉਹ ਦੋਸ਼ੀਆਂ ਕੋਲੋਂ ਫੜੀਆਂ ਚੀਜ਼ਾਂ ਦੀ ਸ਼ਨਾਖ਼ਤ ਕਰਨ ਗਈ ਸੀ।

“ਤਿੰਨੇ ਬਿਆਨ ਤੈਨੂੰ ਪੁਲਿਸ ਨੇ ਪੜ੍ਹਕੇ ਸੁਣਾਏ ਸਨ?”

“ਜੀ ਹਾਂ।” ਨੇਹਾ ਨੂੰ ਇਸ ਪ੍ਰਸ਼ਨ ਦਾ ਉੱਤਰ ਆਉਂਦਾ ਸੀ। ਉਸਨੂੰ ਇਹ ਵੀ ਪਤਾ ਸੀ ਕਿ ਉਸਦੇ ਪਹਿਲੇ ਬਿਆਨ ਉਪਰ ਦਸਤਖ਼ਤ ਹੋਏ ਸਨ। ਬਾਕੀਆਂ ਉਪਰ ਨਹੀਂ।

“ਹੁਣੇ ਤੂੰ ਆਖਿਆ ਹੈ ਤੇਰੇ ਨਾਲ ਕਿਸੇ ਨੇ ਬਲਾਤਕਾਰ ਨਹੀਂ ਕੀਤਾ।”

“ਜੀ ਹਾਂ ਆਖਿਆ ਹੈ। ਠੀਕ ਆਖਿਆ ਹੈ।”

“ਤੂੰ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿੱਚ ਇਸ ਬਲਾਤਕਾਰ ਦਾ ਕਦੇ ਜ਼ਿਕਰ ਕੀਤਾ ਸੀ?”

“ਜਦੋਂ ਮੇਰੇ ਨਾਲ ਬਲਾਤਕਾਰ ਹੋਇਆ ਹੀ ਨਹੀਂ ਮੈਂ ਜ਼ਿਕਰ ਕਿਥੋਂ ਕਰਨਾ ਸੀ।”

“ਬੀਬਾ ਤੇਰੇ ਦੂਜੇ ਬਿਆਨ ਵਿੱਚ ਇਹ ਲਿਖਿਆ ਹੈ ਕਿ ਦੀਨੇ ਨੇ ਤੇਰੇ ਬੈੱਡ ਰੂਮ ਵਿੱਚ ਆ ਕੇ ਤੇਰੇ ਨਾਲ ਬਲਾਤਕਾਰ ਕੀਤਾ। ਇਹ ਗੱਲ ਤੂੰ ਪੁਲਿਸ ਨੂੰ ਨਹੀਂ ਦੱਸੀ?”

“ਨਹੀਂ। ਮੈਂ ਨਹੀਂ ਲਿਖਾਈ।”

“ਮਤਲਬ ਇਹ ਕਿ ਇਹ ਗੱਲ ਪੁਲਿਸ ਨੇ ਆਪੇ ਲਿਖ ਲਈ?”

“ਹੋ ਸਕਦਾ ਹੈ।”

“ਇਸਦਾ ਇਹ ਮਤਲਬ ਹੋਇਆ ਕਿ ਪੁਲਿਸ ਨੇ ਤੈਨੂੰ ਦੂਜਾ ਬਿਆਨ ਪੜ੍ਹਕੇ ਨਹੀਂ ਸੁਣਇਆ। ਜੇ ਉਹ ਪੜ੍ਹਕੇ ਸੁਣਾਉਂਦੀ ਤਾਂ ਉਸਨੂੰ ਟੋਕ ਕੇ ਤੂੰ ਆਖਦੀ ਮੇਰਾ ਬਿਆਨ ਠੀਕ ਕਰ। ਠੀਕ ਏ ਨਾ ਬੇਟੀ?”

ਇਹ ਸਵਾਲ ਗੁੰਝਲਦਾਰ ਸੀ। ਨੇਹਾ ਨੂੰ ਸਮਝਾਇਆ ਗਿਆ ਸੀ ਕਿ ਉਸਨੇ ਬਲਾਤਕਾਰ ਵਾਲੇ ਹਿੱਸੇ ਤੋਂ ਮੁਕਰਨਾ ਸੀ। ਬਾਕੀ ਬਿਆਨ ਨੂੰ ਸਹੀ ਮੰਨਣਾ ਸੀ। ਹੁਣ ਉਹ ਕੀ ਕਰੇ? ਜੇ ਉਹ ਬਿਆਨ ਨੂੰ ਪੜ੍ਹਕੇ ਨਾ ਸੁਣਾਉਣ ਵਾਲੀ ਗੱਲ ਮੰਨਦੀ ਸੀ ਤਾਂ ਇਹ ਸਾਬਤ ਹੋਣਾ ਸੀ ਕਿ ਦੋਸ਼ੀਆਂ ਦੇ ਨਾਂ ਪਤੇ ਪੁਲਿਸ ਨੇ ਆਪੇ ਲਿਖ ਲਏ। ਬਿਆਨ ਪੜ੍ਹਕੇ ਸੁਣਾਉਣ ਨੂੰ ਠੀਕ ਮੰਨਦੀ ਸੀ ਤਾਂ ਬਿਆਨ ਉਸਨੇ ਠੀਕ ਕਿਉਂ ਨਹੀਂ ਕਰਾਇਆ?

ਇਹ ਪ੍ਰਸ਼ਨ ਉੱਠਣਾ ਸੀ, ਜਿਸਦਾ ਉਸ ਕੋਲ ਕੋਈ ਉੱਤਰ ਨਹੀਂ ਸੀ।

ਨੇਹਾ ਸੋਚਣ ਲੱਗੀ। ਕਿਸੇ ਇਸ਼ਾਰੇ ਦੀ ਇੱਛਾ ਨਾਲ ਉਹ ਆਪਣੇ ਵਕੀਲ ਵੱਲ ਤੱਕਣ ਲੱਗੀ।

ਪ੍ਰਧਾਨ ਉਸਦੀ ਦੁਬਿਧਾ ਸਮਝ ਕੇ ਵੀ ਚੁੱਪ ਖੜ੍ਹਾ ਰਿਹਾ। ਉਹ ਆਪਣੇ ਸਾਇਲ ਦੀ ਰਹਿਨੁਮਾਈ ਨਹੀਂ ਸੀ ਕਰ ਸਕਦਾ। ਉਸਨੂੰ ਪੁਲਿਸ ਨੂੰ ਬਿਨਾਂ ਗਵਾਹਾਂ ਨੂੰ ਪੁੱਛੇ ਆਪੇ ਬਿਆਨ ਲਿਖਣ ਦੇ ਅਧਿਕਾਰ ’ਤੇ ਖਿਝ ਆ ਰਹੀ ਸੀ। ਇਸ ਅਧਿਕਾਰ ਦੀ ਹੋਈ ਦੁਰਵਰਤੋਂ ਕਾਰਨ ਹੁਣ ਨੇਹਾ ਕੜਿਕੀ ਵਿੱਚ ਫਸੀ ਖੜ੍ਹੀ ਸੀ।

“ਬੋਲ ਬੀਬਾ ਜਲਦੀ ਬੋਲ। ਇਸ ਵਿੱਚ ਸੋਚਣ ਵਾਲੀ ਕਿਹੜੀ ਗੱਲ ਹੈ?”

ਨੰਦ ਲਾਲ ਗਵਾਹ ਨੂੰ ਬਹੁਤਾ ਸੋਚਣ ਦਾ ਮੌਕਾ ਨਹੀਂ ਸੀ ਦੇਣਾ ਚਾਹੁੰਦਾ। ਸੋਚ ਸੋਚ ਕੇ ਗਵਾਹ ਸਹੀ ਨਤੀਜੇ ’ਤੇ ਪੁੱਜ ਸਕਦਾ ਸੀ।

“ਸਰ ਇਸ ਸਵਾਲ ਬਾਰੇ ਮੈਂ ਆਪਣੇ ਵਕੀਲ ਨਾਲ ਰਾਏ ਕਰ ਲਵਾਂ?”

“ਨਹੀਂ ਬੀਬੀ ਤੂੰ ਇੰਝ ਨਹੀਂ ਕਰ ਸਕਦੀ।”

“ਸਰ ਜੇ ਮੁਲਜ਼ਮਾਂ ਨੂੰ ਅੱਧੀ ਦਰਜਨ ਵਕੀਲ ਕਰਨ ਦਾ ਅਧਿਕਾਰ ਹੈ ਤਾਂ ਮੈਨੂੰ ਇੱਕ ਵਕੀਲ ਨਾਲ ਰਾਏ ਕਰਨ ਦਾ ਅਧਿਕਾਰ ਕਿਉਂ ਨਹੀਂ?”

ਖਿਝੀ ਨੇਹਾ ਨੇ ਅਦਾਲਤ ’ਤੇ ਕਿੰਤੂ ਕੀਤਾ।

“ਕਾਨੂੰਨ ਇਸੇ ਤਰ੍ਹਾ ਆਖਦਾ ਹੈ।”

“ਪਰ ਇਸ ਤਰ੍ਹਾਂ ਕਿਉਂ ਆਖਦਾ ਹੈ ਸਰ?”

“ਤੂੰ ਚਸ਼ਮਦੀਦ ਗਵਾਹ ਹੈਂ। ਸੱਚ ਤੇਰੇ ਸਾਹਮਣੇ ਵਾਪਰਿਆ ਹੈ। ਸੱਚ ਨੂੰ ਕਿਸੇ ਠੁਮਣੇ ਦੀ ਜ਼ਰੂਰਤ ਨਹੀਂ ਹੁੰਦੀ।”

“ਪਰ ਸਰ ਇਹ ਭਾਣਾ ਇਨ੍ਹਾਂ ਮੁਲਜ਼ਮਾਂ ਨੇ ਵਰਤਾਇਆ ਹੈ। ਜੇ ਮੈਂ ਕੋਈ ਗ਼ਲਤ ਬਿਆਨੀ ਕਰਾਂ ਤਾਂ ਉਸ ਬਾਰੇ ਇਹ ਮੈਨੂੰ ਪੁੱਛਣ? ਇਨ੍ਹਾਂ ਵੱਲੋਂ ਸਵਾਲ ਪੁੱਛਣ ਲਈ ਵਕੀਲ ਕਿਉਂ ਖੜ੍ਹੇ ਹਨ?”

“ਕਾਨੂੰਨ ਮੁਲਜ਼ਮਾਂ ਨੂੰ ਧਰਮਰਾਜ ਦੇ ਪੁੱਤਰ ਸਮਝਦਾ ਹੈ। ਗਵਾਹਾਂ ਨੂੰ ਝੂਠ ਦੇ ਪਲੰਦੇ।

ਇਸੇ ਲਈ ਗਵਾਹਾਂ ਵੱਲੋਂ ਬਿਆਨੇ ਜਾ ਰਹੇ ਅਖੌਤੀ ਝੂਠ ਵਿਚੋਂ ਸੱਚ ਲੱਭਣ ਲਈ ਵਕੀਲ ਖੜ੍ਹੇ ਕਰਨ ਦਾ ਅਧਿਕਾਰ ਦਿੰਦਾ ਹੈ।”

ਨੇਹਾ ਦੀ ਮਜਬੂਰੀ ਕਾਰਨ ਭਰੇ ਪੀਤੇ ਪ੍ਰਧਾਨ ਨੇ ਪਹਿਲੀ ਵਾਰ ਆਪਣੇ ਮਨ ਦੀ ਭੜਾਸ ਕੱਢੀ।

“ਅਸੀਂ ਦੋ ਸੌ ਸਾਲ ਅੰਗਰੇਜ਼ਾਂ ਦੇ ਗੁਲਾਮ ਰਹੇ। ਆਪਣੇ ਸਿਧਾਂਤ ਉਹ ਸਾਡੇ ਉਪਰ ਠੋਸ ਗਏ। ਭਲੇ ਦਿਨਾਂ ਵਿੱਚ ਇੱਕ ਨਿਰਦੋਸ਼ ਨੂੰ ਫਾਂਸੀ ਹੋ ਗਈ। ਸਾਰੇ ਦੇਸ਼ ਵਿੱਚ ਹਾਹਾਕਾਰ ਮੱਚ ਗਈ। ਲੋਕਾਂ ਦੇ ਰੋਹ ਤੋਂ ਡਰਦੇ ਕਾਨੂੰਨ ਨੇ ਸਿਧਾਂਤ ਘੜ ਦਿੱਤਾ। ਇੱਕ ਨਿਰਦੋਸ਼ ਨੂੰ ਸਜ਼ਾ ਦੇਣ ਨਾਲੋਂ ਸੌ ਦੋਸ਼ੀ ਬਰੀ ਕੀਤੇ ਚੰਗੇ। ਇਹ ਸਿਧਾਂਤ ਦੇਣ ਵਾਲੇ ਦੇਸ਼ ਨੇ ਤਫ਼ਤੀਸ਼ ਨੂੰ ਵਿਗਿਆਨਕ ਲੀਹਾਂ ’ਤੇ ਪਾ ਕੇ ਸ਼ੱਕ ਦੀ ਗੁੰਜਾਇਸ਼ ਨੂੰ ਸਿਫ਼ਰ ’ਤੇ ਲੈ ਆਂਦਾ। ਅਸੀਂ ਇਸ ਸਿਧਾਂਤ ਨੂੰ ਘਸਾ ਘਸਾ ਮੁਲਜ਼ਮਾਂ ਦੇ ਬਰੀ ਹੋਣ ਦਾ ਹਥਿਆਰ ਬਣਾ ਦਿੱਤਾ। ਕਹਾਣੀ ਨੂੰ ਸ਼ੱਕੀ ਬਣਾਉਣ ਲਈ ਦੋਸ਼ੀਆਂ ਨੂੰ ਵਕੀਲ ਦਿੱਤੇ ਜਾਂਦੇ ਹਨ। ਫੇਰ ਉਸ ਸ਼ੱਕ ਦੇ ਆਧਾਰ ‘ਤੇ ਦੋਸ਼ੀ ਬਰੀ ਕਰ ਦਿੱਤੇ ਜਾਂਦੇ ਹਨ।”

ਆਪਣਾ ਫਰਜ਼ ਸਮਝ ਕੇ ਸਾਧੂ ਸਿੰਘ ਨੇ ਨੇਹਾ ਨੂੰ ਉਸਦੇ ਪ੍ਰਸ਼ਨ ਦਾ ਪਿਛੋਕੜ ਸਮਝਾਇਆ।

“ਸਾਡਾ ਦੇਸ਼ ਕੁਰਬਾਨੀ ਦੇਣ ਵਿੱਚ ਵਿਸ਼ਵਾਸ ਰੱਖਦਾ ਹੈ। ਸਾਨੂੰ ਪੁਰਾਣੇ ਸਿਧਾਂਤ ਨੂੰ ਬਦਲ ਦੇਣਾ ਚਾਹੀਦਾ ਹੈ। ‘ਸੌ ਦੋਸ਼ੀਆਂ ਨੂੰ ਸਜ਼ਾ ਕਰਾਉਣ ਲਈ ਜੇ ਇੱਕ ਨਿਰਦੋਸ਼ ਨੂੰ ਫਾਂਸੀ ਚੜ੍ਹਨਾ ਪਏ ਤਾਂ ਉਸਨੂੰ ਚੜ੍ਹ ਜਾਣਾ ਚਾਹੀਦਾ ਹੈ।’ ਹੁਣ ਇਹ ਸਿਧਾਂਤ ਹੋਣਾ ਚਾਹੀਦਾ ਹੈ।”

ਚੱਲੀ ਬਹਿਸ ਨੂੰ ਪ੍ਰਧਾਨ ਅੱਗੇ ਤੋਰਨ ਲੱਗਾ।

“ਜਨਾਬ ਇਸ ਵਿਸ਼ੇ ’ਤੇ ਸੈਮੀਨਾਰ ਕਦੇ ਫੇਰ ਰੱਖ ਲਵਾਂਗੇ। ਹਾਲੇ ਇੱਕ ਗਵਾਹ ਹੋਰ ਰਹਿੰਦਾ ਹੈ। ਕੰਮ ਮੁਕਾਈਏ।”

ਮੁਕੱਦਮੇ ਤੋਂ ਹਟ ਕੇ ਚੱਲੀ ਬਹਿਸ ਨੂੰ ਠੱਲ੍ਹ ਪਾਉਣ ਲਈ ਨੰਦ ਲਾਲ ਨੇ ਸਾਧੂ ਸਿੰਘ ਨੂੰ ਟੋਕਿਆ।

“ਸਾਰੀ! ਹਾਂ, ਦੱਸ ਬੀਬਾ।” ਨੰਦ ਲਾਲ ਤੋਂ ਮੁਆਫ਼ੀ ਮੰਗ ਕੇ ਸਾਧੂ ਸਿੰਘ ਨੇ ਨੇਹਾ ਨੂੰ ਉੱਤਰ ਦੇਣ ਦਾ ਹੁਕਮ ਸੁਣਾਇਆ।”

“ਦੂਜਾ ਬਿਆਨ ਮੈਨੂੰ ਪੜ੍ਹਕੇ ਸੁਣਾਇਆ ਗਿਆ ਸੀ। ਉਸ ਸਮੇਂ ਇਸ ਘਟਨਾ ਦਾ ਉਸ ਵਿੱਚ ਜ਼ਿਕਰ ਨਹੀਂ ਸੀ।”

ਵਕੀਲਾਂ ਦੇ ਸਮਝਾਉਣ ਮੁਤਾਬਕ ਨੇਹਾ ਨੇ ਗੋਲ ਮੋਲ ਜਵਾਬ ਦਿੱਤਾ।

ਇਸ ਜਵਾਬ ਨਾਲ ਨੰਦ ਲਾਲ ਦਾ ਬੁੱਤਾ ਸਰ ਗਿਆ। ਇਸ ਉੱਤਰ ਦਾ ਮਤਲਬ ਸੀ ਪੁਲਿਸ ਆਪਣੀ ਮਰਜ਼ੀ ਨਾਲ ਬਿਆਨ ਬਦਲਦੀ ਰਹੀ ਸੀ। ਇਹੋ ਨੰਦ ਲਾਲ ਸਾਬਤ ਕਰਨਾ ਚਾਹੁੰਦਾ ਸੀ।

“ਹੁਣ ਬੀਬੀ ਇਹ ਦੱਸ ਕਿ ਦੋਸ਼ੀਆਂ ਦੇ ਨਾਂ ਤੈਨੂੰ ਕਦੋਂ ਪਤਾ ਲਗੇ?”

“ਜਦੋਂ ਉਹ ਵਾਰਦਾਤ ਕਰ ਰਹੇ ਸਨ। ਕਦੇ ਕਦੇ ਗੱਲਾਂ ਕਰਦੇ ਇੱਕ ਦੂਜੇ ਦਾ ਨਾਂ ਲੈਂਦੇ ਸਨ।”

“ਪੰਜ ਮੁਲਜ਼ਮ ਨੇ। ਸਭ ਦੇ ਨਾਂ ਤੂੰ ਠੀਕ ਦੱਸੇ ਨੇ। ਇਹ ਦੱਸ ਬੀਬਾ ਇਹ ਨਾਂ ਤੈਨੂੰ ਜ਼ੁਬਾਨੀ ਯਾਰ ਰਹੇ ਜਾਂ ਤੂੰ ਕਿਧਰੇ ਨੋਟ ਕੀਤੇ ਸਨ?”

“ਜ਼ੁਬਾਨੀ ਯਾਦ ਸਨ।” ਨੇਹਾ ਨੂੰ ਪਤਾ ਸੀ ਇਹ ਸਵਾਲ ਉਸ ਤੋਂ ਪੁੱਛਿਆ ਜਾਣਾ ਸੀ।

“ਪਰਚਾ ਦਰਜ ਕਰਾਉਣ ਸਮੇਂ ਤੂੰ ਪੁਲਿਸ ਨੂੰ ਕਿਉਂ ਨਹੀਂ ਦੱਸੇ?”

“ਮੈਥੋਂ ਕਿਸੇ ਨੇ ਪੁੱਛਿਆ ਨਹੀਂ।” ਇਸ ਸਵਾਲ ਦਾ ਇਹ ਢੁਕਵਾਂ ਜਵਾਬ ਸੀ।

ਇਹ ਵੀ ਨੇਹਾ ਨੂੰ ਸਮਝਾਇਆ ਗਿਆ ਸੀ।

“ਹਸਪਤਾਲ ਦਾ ਰਿਕਾਰਡ ਦੱਸਦਾ ਹੈ ਸਭ ਤੋਂ ਪਹਿਲਾਂ ਤੇਰਾ ਮਾਮਾ ਤੈਨੂੰ ਹਸਪਤਾਲ ਵਿੱਚ ਮਿਲਿਆ। ਇਹ ਗੱਲ ਠੀਕ ਹੈ?”

“ਮੈਂ ਘਬਰਾਹਟ ਵਿੱਚ ਸੀ। ਮੈਨੂੰ ਕੁੱਝ ਯਾਦ ਨਹੀਂ।”

“ਚੱਲ ਇਉਂ ਦੱਸ ਕਿ ਹਸਪਤਾਲ ਛੁੱਟੀ ਹੋਣ ਬਾਅਦ ਉਹ ਪਲਵੀ ਦੇ ਘਰ ਜਾ ਕੇ ਤੈਨੂੰ ਹਰ ਰੋਜ਼ ਮਿਲਦਾ ਰਿਹਾ ਜਾਂ ਨਹੀਂ?”

“ਹਾਂ ਮਿਲਦਾ ਰਿਹਾ।”

“ਉਹ ਵਕੀਲ ਹੈ?”

“ਹਾਂ।”

“ਉਸਨੇ ਤੇਰੇ ਕੋਲੋਂ ਮੁਲਜ਼ਮਾਂ ਦੇ ਨਾਂ ਪੁੱਛੇ?”

“ਨਹੀਂ।”

“ਮਤਲਬ ਇਹ ਹੋਇਆ ਕਿ ਤੂੰ ਪਹਿਲੀ ਵਾਰੀ ਪੁਲਿਸ ਨੂੰ ਮੁਲਜ਼ਮਾਂ ਦੇ ਨਾਂ ਦੱਸੇ।

ਉਹ ਵੀ ਪੰਦਰਾਂ ਦਿਨਾਂ ਬਾਅਦ। ਉਹ ਵੀ ਉਨ੍ਹਾਂ ਦੇ ਪੁੱਛਣ ’ਤੇ।”

“ਹਾਂ।”

“ਉਸ ਸਮੇਂ ਤਕ ਇਹ ਸਭ ਦੋਸ਼ੀ ਫੜੇ ਜਾ ਚੁੱਕੇ ਸਨ। ਇਨ੍ਹਾਂ ਦੇ ਨਾਂ, ਪਤੇ ਅਤੇ ਫੋਟੋਆਂ ਅਖ਼ਬਾਰਾਂ ਵਿੱਚ ਛਪ ਚੁੱਕੀਆਂ ਸਨ। ਤੈਨੂੰ ਪਤਾ ਹੈ?”

“ਨਹੀਂ। ਮੈਨੂੰ ਨਹੀਂ ਪਤਾ।”

“ਆਪਾਂ ਰਿਕਾਰਡ ਦੇਖ ਲਵਾਂਗੇ। ਇਸ ਤੋਂ ਪੁੱਛਣ ਦੀ ਕੀ ਲੋੜ ਹੈ?”

ਸਾਧੂ ਸਿੰਘ ਨੇ ਨੰਦ ਲਾਲ ਨੂੰ ਟੋਕਿਆ।

“ਬਿਹਤਰ ਜਨਾਬ! ਹੁਣ ਬੀਬੀ ਇਹ ਦੱਸ ਤੂੰ ਦੋਸ਼ੀਆਂ ਨੂੰ ਕਿਸ ਆਧਾਰ ’ਤੇ ਸ਼ਨਾਖ਼ਤ ਕੀਤਾ ਹੈ?”

ਇਨ੍ਹਾਂ ਦੇ ਸ਼ਨਾਖ਼ਤੀ ਨਿਸ਼ਾਨ ਦੇਖ ਕੇ।”

“ਉਹ ਕਿਹੜੇ ਕਿਹੜੇ ਨਿਸ਼ਾਨ ਨੇ? ਬੇਟੀ ਜ਼ਰਾ ਸਾਨੂੰ ਵੀ ਦੱਸ?”

“ਪੰਚਮ ਦੇ ਹੱਥਾਂ ਦੀ ਬਨਾਵਟ, ਕਾਲੀਏ ਦੇ ਕੰਨ ਦੀ ਨੱਤੀ, ਠੇਕੇਦਾਰ ਦਾ ਵਧਿਆ ਢਿੱਡ …”

“ਪਰ ਇਹ ਸ਼ਨਾਖ਼ਤੀ ਨਿਸ਼ਾਨ ਤੂੰ ਆਪਣੇ ਬਿਆਨਾਂ ਵਿੱਚ ਤਾਂ ਨਹੀਂ ਸਨ ਲਿਖਾਏ?

ਕਿਉਂ ਨਹੀਂ ਸਨ ਲਿਖਾਏ? ਕੋਈ ਕਾਰਨ ਦੱਸੋ?”

ਨੰਦ ਲਾਲ ਨੇ ਇੱਕ ਵਾਰ ਫੇਰ ਉਸਨੂੰ ਉਸਦੇ ਸਾਰੇ ਬਿਆਨ ਪੜ੍ਹ ਕੇ ਸੁਣਾਏ। ਕਿਸੇ ਵੀ ਬਿਆਨ ਵਿੱਚ ਇਨ੍ਹਾਂ ਸ਼ਨਾਖ਼ਤੀ ਨਿਸ਼ਾਨਾਂ ਦਾ ਜ਼ਿਕਰ ਨਹੀਂ ਸੀ।

ਨੇਹਾ ਨਿਰ ਉੱਤਰ ਹੋ ਗਈ।

“ਦੇਖ ਬੀਬੀ ਤੂੰ ਝੂਠ ਬੋਲ ਰਹੀ ਹੈਂ। ਇਹ ਵਾਰਦਾਤ ਕਾਲੇ ਕੱਛਿਆਂ ਵਾਲੇ ਗਰੋਹ ਨੇ ਕੀਤੀ ਸੀ। ਤੂੰ ਆਪਣੇ ਭਰਾਵਾਂ ਨਾਲ ਕਿੜ ਕੱਢਣੀ ਚਾਹੁੰਦੀ ਸੀ। ਤੁਸੀਂ ਪੁਲਿਸ ਨਾਲ ਮਿਲ ਕੇ ਪੰਕਜ ਹੋਰਾਂ ਦੇ ਨਾਲ ਨਾਲ ਇਹ ਭਈਏ ਵੀ ਫਸਾ ਲਏ। ਠੀਕ ਏ ਨਾ?”

“ਸਰ ਮੈਂ ਵਕੀਲ ਸਾਹਿਬ ਤੋਂ ਇੱਕ ਸਵਾਲ ਪੁੱਛਣਾ ਚਾਹੁੰਦੀ ਹਾਂ?”

“ਨਹੀਂ ਬੀਬਾ। ਤੈਨੂੰ ਨਾ ਕਿਸੇ ਵਕੀਲ ਤੋਂ ਸਵਾਲ ਪੁੱਛਣ ਦਾ ਅਧਿਕਾਰ ਹੈ ਨਾ ਕਿਸੇ ਮੁਲਜ਼ਮ ਤੋਂ।”

“ਸਰ ਇਹ ਕਮਾਲ ਦਾ ਕਾਨੂੰਨ ਹੈ! ਮੁਲਜ਼ਮ ਧੜਾਧੜ ਸਵਾਲ ਪੁੱਛੀ ਜਾਣ। ਗਵਾਹ ਇੱਕ ਸਵਾਲ ਨਹੀਂ ਪੁੱਛ ਸਕਦਾ।”

ਨੇਹਾ ਛਟ ਪਟਾ ਕੇ ਰਹਿ ਗਈ।

ਆਪਣੇ ਅੰਦਰ ਪੈਦਾ ਹੋਈ ਜਗਿਆਸਾ ਨੂੰ ਸ਼ਾਂਤ ਕਰਨ ਲਈ ਸਾਧੂ ਸਿੰਘ ਨੇ ਨੇਹਾ ਦੇ ਮਨ ਦੀ ਗੱਲ ਪੁੱਛੀ।

“ਸਰ ਮੈਂ ਇਹ ਪੁੱਛਣਾ ਚਾਹੁੰਦੀ ਹਾਂ ਕਿ ਮੈਨੂੰ ਅਸਲ ਕਾਤਲ ਛੱਡ ਕੇ ਇਨ੍ਹਾਂ ਨੂੰ ਫਸਾਣ ਦੀ ਕੀ ਜ਼ਰੂਰਤ ਹੈ?”

“ਜਦੋਂ ਮੌਕਾ ਆਇਆ ਇਹ ਵੀ ਦੱਸਾਂਗੇ ਕਿ ਇਨ੍ਹਾਂ ਨੂੰ ਕਿਉਂ ਫਸਾਇਆ ਹੈ?”

ਨੰਦ ਲਾਲ ਨੇ ਮੁੱਦੇ ਤੋਂ ਬਾਹਰ ਜਾਂਦੀ ਗੱਲਬਾਤ ਨੂੰ ਠੱਲ੍ਹ ਪਾਉਣ ਦਾ ਇੱਕ ਵਾਰ ਫੇਰ ਯਤਨ ਕੀਤਾ।

“ਚਲੋ ਖ਼ਤਮ ਕਰੋ। ਬਹੁਤ ਜਿਰ੍ਹਾ ਹੋ ਗਈ?”

ਸਾਧੂ ਸਿੰਘ ਨੇਹਾ ਨੂੰ ਜਲਦੀ ਤੋਂ ਜਲਦੀ ਫਾਰਗ ਕਰਨਾ ਚਾਹੁੰਦਾ ਸੀ।

“ਜਿਵੇ ਜਨਾਬ ਦਾ ਹੁਕਮ।”

ਆਖਦੇ ਨੰਦ ਲਾਲ ਨੇ ਝੱਟ ਜਿਰ੍ਹਾ ਬੰਦ ਕਰ ਦਿੱਤੀ।

ਠੇਕੇਦਾਰ ਦਾ ਵਕੀਲ ਵੱਖਰਾ ਰਾਗ ਅਲਾਪ ਰਿਹਾ ਸੀ।

ਠੇਕੇਦਾਰ ਵੱਲੋਂ ਜਿਰ੍ਹਾ ਕਰਨ ਦਾ ਉਸਨੂੰ ਵੱਖਰਾ ਮੌਕਾ ਦਿੱਤਾ ਗਿਆ।

ਬਾਕੀ ਦੇ ਸਾਰੇ ਸਵਾਲ ਨੰਦ ਲਾਲ ਪੁੱਛ ਚੁੱਕਾ ਸੀ। ਪਰ ਨੰਦ ਲਾਲ ਦੀ ਕਾਲੇ ਕੱਛਿਆਂ ਵਾਲੇ ਗਰੋਹ ਸਿਰ ਵਾਰਦਾਤ ਮੜ੍ਹਨ ਵਾਲੀ ਗੱਲ ਠੇਕੇਦਾਰ ਨੂੰ ਜਚੀ ਨਹੀਂ ਸੀ।

ਸਫ਼ਾਈ ਧਿਰ ਦੀ ਇਸ ਦਲੀਲ ਨਾਲ ਪੰਕਜ ਅਤੇ ਨੀਰਜ ਤਾਂ ਬਚ ਸਕਦੇ ਸਨ ਪਰ ਭਈਆਂ ਨੂੰ ਇਹ ਪੱਖ ਫਸਾ ਸਕਦਾ ਸੀ। ਭਈਆਂ ਅਤੇ ਕਾਲੇ ਕੱਛਿਆਂ ਵਾਲਿਆਂ ਵਿੱਚ ਕੀ ਫਰਕ ਸੀ? ਇਹ ਠੇਕੇਦਾਰ ਤੋਂ ਸਿੱਧ ਨਹੀਂ ਸੀ ਹੋਣਾ।

ਠੇਕੇਦਾਰ ਦਾ ਵਕੀਲ ਆਪਣਾ ਪੱਖ ਸੋਚ ਕੇ ਆਇਆ ਸੀ।

ਆਪਣੀ ਸੋਚ ਅਨੁਸਾਰ ਉਹ ਨੇਹਾ ਨੂੰ ਆਪਣਾ ਪੱਖ ਸੁਝਾਉਣ ਲੱਗਾ।

“ਦੇਖ ਬੀਬੀ। ਤੇਰਾ ਯੂਨੀਵਰਸਿਟੀ ਦੇ ਇੱਕ ਮੁੰਡੇ ਨਾਲ ਇਸ਼ਕ ਚਲਦਾ ਸੀ। ਉਹ ਰਾਤ ਨੂੰ ਤੈਨੂੰ ਮਿਲਣ ਆਉਂਦਾ ਹੁੰਦਾ ਸੀ। ਉਸ ਰਾਤ ਵੀ ਉਹ ਤੇਰੇ ਕਮਰੇ ਵਿੱਚ ਸੀ।

ਕਮਲ ਜਾਗ ਪਿਆ। ਉਸਨੇ ਤੁਹਾਨੂੰ ਦੇਖ ਲਿਆ। ਗੁੱਸੇ ਵਿੱਚ ਉਸਨੇ ਤੇਰੇ ਆਸ਼ਕ ’ਤੇ ਹਮਲਾ ਕਰ ਦਿੱਤਾ। ਆਸ਼ਕ ਨੇ ਕਮਲ ਨੂੰ ਮਾਰ ਦਿੱਤਾ। ਆਪਣੀ ਬਦਨਾਮੀ ਬਚਾਉਣ ਲਈ ਤੁਸੀਂ ਇਨ੍ਹਾਂ ਗਰੀਬ ਭਈਆਂ ਨੂੰ ਬਲੀ ਦਾ ਬਕਰਾ ਬਣਾ ਲਿਆ।”

ਇਸ ਨਵੀਂ ਕਹਾਣੀ ਨੇ ਨੇਹਾ ਦੀਆਂ ਅੱਖਾਂ ਫੇਰ ਛਲਕਾ ਦਿੱਤੀਆਂ।

 

-108-

 

ਮੁਲਾਕਾਤ ਕਰਨ ਆਈ ਠੇਕੇਦਾਰ ਦੀ ਪਤਨੀ ਹਰ ਵਾਰ ਕਿਸੇ ਨਵੀਂ ਮੁਸੀਬਤ ਦੀ ਖ਼ਬਰ ਸੁਣਾ ਜਾਂਦੀ ਸੀ।

ਪਹਿਲੀ ਵਾਰ ਉਸਨੇ ਦੱਸਿਆ। ਠੇਕੇਦਾਰ ਦੇ ਇੱਕ ਚੇਲੇ ਨੇ ਉਸਦੇ ਸਾਰੇ ਕੰਮ ਹਥਿਆ ਲਏ। ਲੋਕਾਂ ਨੇ ਥੋੜ੍ਹੀ ਦੇਰ ਉਸਦਾ ਇੰਤਜ਼ਾਰ ਕੀਤਾ। ਫੇਰ ਸੋਚਿਆ ਉਹ ਕਤਲ ਦੇ ਮੁਕੱਦਮੇ ਵਿੱਚ ਫਸਿਆ ਹੋਇਆ ਹੈ। ਕੀ ਪਤਾ ਕਦੋਂ ਘਰ ਆਵੇ? ਲੋਕ ਆਪਣੇ ਕੰਮ ਨਹੀਂ ਸਨ ਰੋਕ ਸਕਦੇ। ਉਨ੍ਹਾਂ ਨੇ ਨਵੇਂ ਠੇਕੇਦਾਰ ਸਹੇੜ ਲਏ।

ਕੁੱਝ ਲੋਕ ਠੇਕੇਦਾਰ ਦਾ ਅਸਲੀ ਚਿਹਰਾ ਨੰਗਾ ਹੋ ਜਾਣ ਕਾਰਨ ਕੰਮ ਤੋਂ ਜਵਾਬ ਦੇ ਗਏ। ਉਨ੍ਹਾਂ ਨੂੰ ਕੀ ਪਤਾ ਸੀ ਠੇਕੇਦਾਰ ਲੁੱਟਾਂ ਖੋਹਾਂ ਵੀ ਕਰਦਾ ਸੀ? ਠੇਕੇਦਾਰ ਅਤੇ ਮਾਲਕ ਦੀ ਬੁੱਕਲ ਸਾਂਝੀ ਹੁੰਦੀ ਹੈ। ਠੇਕੇਦਾਰ ਵੇਲੇ ਕੁਵੇਲੇ ਜਦੋਂ ਚਾਹੇ ਮਾਲਕ ਦੇ ਘਰ ਗੇੜਾ ਮਾਰ ਸਕਦਾ ਹੈ। ਮਾਲਕ ਪੈਸਾ ਧੇਲਾ ਕਿੱਥੇ ਰੱਖਦਾ ਹੈ ਇਸ ਦਾ ਠੇਕੇਦਾਰ ਨੂੰ ਪਤਾ ਹੁੰਦਾ ਹੈ। ਅਜਿਹੇ ਬੰਦੇ ਦਾ ਕੀ ਪਤਾ ਹੈ ਕਦੋਂ ਲੁੱਟਣ ਆ ਪਏ। ਦੇਖ ਕੇ ਮੱਖੀ ਨਿਗਲਣ ਨੂੰ ਕੋਈ ਤਿਆਰ ਨਹੀਂ ਸੀ।

ਦੂਸਰੀ ਵਾਰ ਉਸਨੇ ਦੱਸਿਆ। ਦੁਕਾਨ ਦੀ ਵਿਕਰੀ ਅੱਧੀ ਰਹਿ ਗਈ। ਉਨ੍ਹਾਂ ਦੀ ਦੁਕਾਨ ਠੇਕੇਦਾਰ ਨਾਲ ਕੰਮ ਕਰਦੇ ਮਜ਼ਦੂਰਾਂ ਦੇ ਸਿਰ ’ਤੇ ਚੱਲਦੀ ਸੀ। ਹੁਣ ਉਹ ਜਿਸ ਠੇਕੇਦਾਰ ਨਾਲ ਕੰਮ ਕਰਦੇ ਸਨ ਉਸੇ ਦੇ ਦੁਕਾਨਦਾਰ ਤੋਂ ਸੌਦਾ ਲੈਂਦੇ ਸਨ। ਥੋਕ ਦੇ ਦੁਕਾਨਦਾਰਾਂ ਨੇ ਉਨ੍ਹਾਂ ਨੂੰ ਉਧਰ ਸੌਦਾ ਦੇਣਾ ਬੰਦ ਕਰ ਦਿੱਤਾ ਸੀ। ਜੋ ਸੌਦਾ ਦੁਕਾਨ ਵਿੱਚ ਸੀ ਉਹ ਘਰੇ ਵਰਤਿਆ ਜਾ ਚੁੱਕਾ ਸੀ। ਦੁਕਾਨ ਵਿੱਚ ਚੂਹੇ ਨੱਚਦੇ ਸਨ। ਆਮਦਨ ਦਾ ਹੋਰ ਕੋਈ ਸਾਧਨ ਨਹੀਂ ਸੀ। ਨੌਬਤ ਹੱਥ ਵਿੱਚ ਠੂਠਾ ਫੜਨ ਤਕ ਪੁੱਜਦੀ ਜਾ ਰਹੀ ਸੀ।

ਫੇਰ ਉਸਨੇ ਦੱਸਿਆ। ਮੁੰਡਾ ਵਿਗੜਣਾ ਸ਼ੁਰੂ ਹੋ ਗਿਆ। ਪਹਿਲਾਂ ਉਹ ਲੁਕ ਛਿਪ ਕੇ ਬੀੜੀ ਪੀਂਦਾ ਸੀ। ਹੁਣ ਸ਼ਰੇਆਮ ਪੀਣ ਲੱਗਾ ਸੀ। ਸ਼ਰਾਬ ਖਰੀਦਣ ਲਈ ਪੈਸੇ ਪਤਾ ਨਹੀਂ ਕਿਥੋਂ ਲੈਂਦਾ ਸੀ? ਸ਼ਾਮ ਨੂੰ ਪੀ ਕੇ ਆਉਂਦਾ ਸੀ। ਕੁੜੀ ਵਿਗੜਦੀ ਜਾ ਰਹੀ ਸੀ।

ਕਈ ਵਾਰ ਉਸਨੇ ਕੁੜੀ ਨੂੰ ਪਰਾਏ ਮੁੰਡਿਆਂ ਨਾਲ ਹੱਸਦੇ ਦੇਖਿਆ ਸੀ। ਉਸਨੂੰ ਅੱਖ ਦੀ ਸ਼ਰਮ ਵੀ ਨਹੀਂ ਸੀ ਰਹੀ। ਤਾੜਨ ’ਤੇ ਸੂਈ ਬਘਿਆੜੀ ਵਾਂਗ ਪੈਂਦੀ ਸੀ। ਕਿਸੇ ਵੀ ਸਮੇਂ ਉਹ ਕਿਸੇ ਨਾਲ ਨਿਕਲ ਸਕਦੀ ਸੀ।

ਜੇ ਹਾਲਾਤ ਇਸੇ ਤਰ੍ਹਾਂ ਚੱਲਦੇ ਰਹੇ ਤਾਂ ਉਨ੍ਹਾਂ ਨੂੰ ਘਰ ਬਾਰ ਵੇਚ ਕੇ ਕਿਸੇ ਵੀ ਸਮੇਂ ਦੇਸ਼ ਵੱਲ ਕੂਚ ਕਰਨਾ ਪੈ ਸਕਦਾ ਸੀ।

ਇਹੋ ਜਿਹੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਠੇਕੇਦਾਰ ਨੂੰ ਜੇਲ੍ਹ ਦੇ ਅੰਦਰ ਵੀ ਕਰਨਾ ਪੈ ਰਿਹਾ ਸੀ।

ਉਸਦੇ ਸਾਥੀ ਪੰਕਜ ਹੋਰਾਂ ਪਿੱਛੇ ਲਗੇ ਫਿਰਦੇ ਸਨ। ਜਿਸ ਤਰ੍ਹਾਂ ਸੇਠਾਂ ਦੇ ਵਕੀਲ ਆਖਦੇ ਸਨ ਉਹ ਉਸੇ ਤਰ੍ਹਾਂ ਕਰਦੇ ਸਨ। ਠੇਕੇਦਾਰ ਨੇ ਉਨ੍ਹਾਂ ਨੂੰ ਬਹੁਤ ਸਮਝਾਇਆ ਸੀ। ਸੇਠ ਆਪਣੇ ਬਰੀ ਹੋਣ ਵਾਲੀਆਂ ਚਾਲਾਂ ਚੱਲ ਰਹੇ ਸਨ। ਉਨ੍ਹਾਂ ਨੂੰ ਭਈਆਂ ਨਾਲ ਕੋਈ ਹਮਦਰਦੀ ਨਹੀਂ ਸੀ। ਉਨ੍ਹਾਂ ਨੂੰ ਨਾ ਕਿਸੇ ਨੇ ਬਰੀ ਕਰਾਉਣਾ ਸੀ ਨਾ ਕਿਸੇ ਨੇ ਬਰੀ ਕਰਨਾ ਸੀ। ਭਈਆਂ ਨੂੰ ਆਪਣੀ ਲੜਾਈ ਆਪ ਲੜਨੀ ਪੈਣੀ ਸੀ। ਪਰ ਉਹ ਉਸਦੀ ਇੱਕ ਨਹੀਂ ਸਨ ਸੁਣਦੇ। ਸੇਠਾਂ ਦੇ ਆਖੇ ਪੰਡਿਤ ਗੈਰ ਹਾਜ਼ਰ ਹੋ ਚੁੱਕਾ ਸੀ। ਜਦੋਂ ਲੋੜ ਹੋਈ ਸੇਠਾਂ ਨੇ ਉਸਨੂੰ ਗ੍ਰਿਫ਼ਤਾਰ ਕਰਵਾ ਦੇਣਾ ਸੀ। ਮੁੜ ਉਸਨੂੰ ਸਾਰੀ ਉਮਰ ਜੇਲ੍ਹ ਵਿੱਚ ਸੜਨਾ ਪੈਣਾ ਸੀ।

ਠੇਕੇਦਾਰ ਆਰਾਮ ਪ੍ਰਸਤ ਹੋ ਚੁੱਕਾ ਸੀ। ਜੇਲ੍ਹ ਵਿੱਚ ਉਸ ਤੋਂ ਹੁਣ ਕੰਮ ਨਹੀਂ ਸੀ ਹੁੰਦਾ। ਪਰ ਉਸਦੇ ਸਾਥੀਆਂ ਲਈ ਜੇਲ੍ਹ ਦੇ ਅੰਦਰਲੀ ਅਤੇ ਬਾਹਰਲੀ ਜ਼ਿੰਦਗੀ ਵਿੱਚ ਬਹੁਤਾ ਫ਼ਰਕ ਨਹੀਂ ਸੀ। ਬਾਹਰ ਉਹ ਇੱਕ ਕਮਰੇ ਵਿੱਚ ਦਸ ਦਸ ਰਹਿੰਦੇ ਸਨ। ਨਾ ਬਿਜਲੀ, ਨਾ ਪਾਣੀ। ਸਾਰੀ ਰਾਤ ਉਨ੍ਹਾਂ ਨੂੰ ਮੱਛਰ ਖਾਂਦੇ ਸਨ। ਸਾਰਾ ਦਿਨ ਹੱਡ ਤੋੜਵੀ ਮਿਹਨਤ ਕਰਕੇ ਮਸਾਂ ਢਿਡ ਭਰਨ ਜੋਗੀ ਰੋਟੀ ਨਸੀਬ ਹੁੰਦੀ ਸੀ। ਦਿਹਾੜੀ ਟੁੱਟ ਜਾਵੇ ਤਾਂ ਫਾਕੇ ਕੱਟਣੇ ਪੈਂਦੇ ਸਨ। ਉਨ੍ਹਾਂ ਨੂੰ ਜੇਲ੍ਹ ਵਿੱਚ ਆਰਾਮ ਨਜ਼ਰ ਆਉਂਦਾ ਸੀ। ਬੈਰਕਾਂ ਵਿੱਚ ਪੱਖੇ ਸਨ। ਨਹਾਉਣ ਲਈ ਟਿਊਬਵੈਲ ਸੀ। ਦੇਖਣ ਨੂੰ ਟੀ.ਵੀ.ਸੀ। ਇਲਾਜ ਮੁਫ਼ਤ ਹੁੰਦਾ ਸੀ।

ਪੰਚਮ ਦੀ ਲੱਤ ਦਾ ਇਲਾਜ ਦਯਾਨੰਦ ਹਸਪਤਾਲ ਵਿੱਚ ਹੋਇਆ। ਬਾਹਰ ਹੁੰਦਾ ਤਾਂ ਲੱਤ ਕਟਾਉਣ ਦਾ ਲੱਖ ਰੁਪਿਆ ਲਗਦਾ। ਪੈਸਿਆਂ ਦੀ ਘਾਟ ਕਾਰਨ ਉਸਨੇ ਰੁਲ ਖੁਲ ਕੇ ਮਰ ਜਾਣਾ ਸੀ।

ਇਸ ਲਈ ਠੇਕੇਦਾਰ ਦੇ ਸਾਥੀਆਂ ਨੂੰ ਬਾਹਰ ਆਉਣ ਦੀ ਕੋਈ ਕਾਹਲ ਨਹੀਂ ਸੀ।

ਪਰ ਠੇਕੇਦਾਰ ਬਾਹਰ ਆਉਣ ਲਈ ਤਰਲੋ ਮੱਛੀ ਹੋ ਰਿਹਾ ਸੀ। ਨਾਲ ਦੇ ਕੈਦੀਉਸਨੂੰ ਤੰਗ ਕਰ ਰਹੇ ਸਨ। ਉਸ ਨੂੰ ਜੇਲ੍ਹ ਵਿੱਚ ਬੈਠੇ ਨੂੰ ਇੱਕ ਸਾਲ ਤੋਂ ਵੱਧ ਹੋ ਗਿਆ ਸੀ। ਇਸੇ ਕਾਰਨ ਉਸਦਾ ਜ਼ਮਾਨਤ ਉਪਰ ਰਿਹਾਅ ਹੋਣ ਦਾ ਹੱਕ ਬਣ ਗਿਆ ਸੀ। ਕਾਨੂੰਨ ਮੁਲਜ਼ਮਾਂ ਦਾ ਪੱਖ ਪੂਰਦਾ ਸੀ। ਜੇ ਸੁਣਵਾਈ ਇੱਕ ਸਾਲ ਵਿੱਚ ਨਹੀਂ ਮੁੱਕਦੀ ਤਾਂ ਮੁਲਜ਼ਮ ਨੂੰ ਜ਼ਮਾਨਤ ’ਤੇ ਰਿਹਾਅ ਕਰੋ। ਉਸਨੂੰ ਸਾਰੀ ਉਮਰ ਤਾਂ ਜੇਲ੍ਹ ਵਿੱਚ ਨਹੀਂ ਡੱਕੀ ਰੱਖਣਾ।

ਸਾਥੀ ਕੈਦੀ ਪੁੱਛ ਰਹੇ ਸਨ ਉਹ ਹਾਈ ਕੋਰਟ ਵਿੱਚ ਜ਼ਮਾਨਤ ਦੀ ਅਰਜ਼ੀ ਕਿਉਂ ਨਹੀਂ ਲਾਉਂਦਾ?

ਹਾਈ ਕੋਰਟ ਦੇ ਵਕੀਲਾਂ ਦੀਆਂ ਫ਼ੀਸਾਂ ਤੋਂ ਡਰਨ ਦੀ ਜ਼ਰੂਰਤ ਨਹੀਂ ਸੀ। ਸ਼ਨੀਵਾਰ ਨੂੰ ਕੁੱਝ ਵਕੀਲ ਕੰਮ ਲੈਣ ਮਾਇਆ ਨਗਰ ਆਉਂਦੇ ਸਨ। ਇਹ ਉਹ ਵਕੀਲ ਸਨ ਜਿਹੜੇ ਨਵੇਂ ਸਨ ਜਾਂ ਜਿਨ੍ਹਾਂ ਦਾ ਕੰਮ ਘੱਟ ਚਲਦਾ ਸੀ। ਜਿਹੜੇ ਮੁਲਜ਼ਮ ਵੱਧ ਫ਼ੀਸ ਨਹੀਂ ਦੇ ਸਕਦੇ ਜਾਂ ਜਿਨ੍ਹਾਂ ਦੇ ਵਾਰਿਸ ਚੰਡੀਗੜ੍ਹ ਦੇ ਚੱਕਰ ਨਹੀਂ ਲਾ ਸਕਦੇ ਉਹ ਉਨ੍ਹਾਂ ਨੂੰ ਵਕੀਲ ਕਰ ਲੈਂਦੇ ਸਨ।

ਠੇਕੇਦਾਰ ਬਾਹਰ ਹੁੰਦਾ ਤਾਂ ਚੰਡੀਗੜ੍ਹ ਜਾ ਕੇ ਵਧੀਆ ਵਕੀਲ ਕਰਦਾ। ਉਸਦੀ ਪਤਨੀ ਨੇ ਕਦੇ ਮਾਇਆ ਨਗਰ ਦਾ ਬੱਸ ਅੱਡਾ ਨਹੀਂ ਸੀ ਦੇਖਿਆ। ਉਹ ਹਾਈ ਕੋਰਟ ਦੇ ਚੱਕਰ ਨਹੀਂ ਸੀ ਕੱਟ ਸਕਦੀ। ਉਨ੍ਹਾਂ ਕੋਲ ਵੱਡੇ ਵਕੀਲਾਂ ਨੂੰ ਦੇਣ ਜੋਗੀ ਫ਼ੀਸ ਵੀ ਨਹੀਂ ਸੀ।

ਉਹ ਕੋਈ ਗਹਿਣਾ ਗੱਟਾ ਵੇਚ ਕੇ ਮਸਾਂ ਹਜ਼ਾਰ ਪੰਦਰਾਂ ਸੌ ਜੁਟਾ ਸਕਦੀ ਸੀ।

ਅਜਿਹੇ ਇੱਕ ਵਕੀਲ ਨੂੰ ਠੇਕੇਦਾਰ ਦੀ ਪਤਨੀ ਨੇ ਕਾਗਜ਼ ਪੱਤਰ ਦਿਖਾਏ। ਕਾਗਜ਼ ਪੜ੍ਹ ਕੇ ਵਕੀਲ ਨੇ ਹਿੱਕ ਥਾਪੜੀ। ਸੌ ਫ਼ੀ ਸਦੀ ਜ਼ਮਾਨਤ ਵਾਲਾ ਕੇਸ ਸੀ। ਪਰਚੇ ਵਿੱਚ ਉਸਦਾ ਨਾਂ ਨਹੀਂ ਸੀ। ਇੱਕ ਸਾਲ ਤੋਂ ਉਹ ਅੰਦਰ ਸੀ। ਮੁਕੱਦਮਾ ਹਾਲੇ ਬਹੁਤ ਦੇਰ ਚੱਲਣਾ ਸੀ। ਜ਼ਮਾਨਤ ਵੱਟ ’ਤੇ ਸੀ।

ਵਕੀਲ ਨੇ ਫ਼ੀਸ ਵੀ ਬਹੁਤੀ ਨਹੀਂ ਸੀ ਲਈ। ਬਾਈ ਸੌ ਰੁਪਏ ਫ਼ੀਸ ਅਤੇ ਪੰਜ ਸੌ ਰੁਪਏ ਖ਼ਰਚਾ। ਪੰਦਰਾਂ ਸੌ ਪਹਿਲਾਂ। ਬਾਕੀ ਕੰਮ ਹੋਣ ਤੋਂ ਬਾਅਦ।

ਹਾਈ ਕੋਰਟ ਦੇ ਵਕੀਲ ਨੇ ਜ਼ਮਾਨਤ ਦੀ ਅਰਜ਼ੀ ਲਾਈ। ਨਾਲ ਵੇਦ ਅਤੇ ਨੇਹਾ ਦੇ ਬਿਆਨਾਂ ਦੀਆਂ ਨਕਲਾਂ ਲਾਈਆਂ। ਕੋਈ ਬਿਆਨ ਇੱਕ ਦੂਜੇ ਨਾਲ ਮੇਲ ਨਹੀਂ ਸੀ ਖਾਂਦਾ। ਸਾਰੀ ਕਹਾਣੀ ਝੂਠੀ ਸਾਬਤ ਹੁੰਦੀ ਸੀ। ਗਰੀਬ ਅਤੇ ਪਰਵਾਸੀ ਹੋਣ ਕਾਰਨ ਠੇਕੇਦਾਰ ਨੂੰ ਜਾਣ ਬੁਝ ਕੇ ਫਸਾਇਆ ਗਿਆ ਸੀ।

ਹਾਲੇ ਦੋ ਗਵਾਹ ਭੁਗਤੇ ਸਨ। ਬੀਸੀਆਂ ਗਵਾਹ ਬਾਕੀ ਸਨ। ਨਿਰਦੋਸ਼ ਬੰਦੇ ਨੂੰ ਮੁਫ਼ਤ ਵਿੱਚ ਸਜ਼ਾ ਕੱਟਣੀ ਪੈ ਰਹੀ ਸੀ। ਦੋਸ਼ ਸਾਬਤ ਹੋਣ ਉਪਰ ਉਹ ਹਰ ਹੁਕਮ ਮੰਨਣ ਨੂੰ ਤਿਆਰ ਸਨ। ਪਹਿਲਾਂ ਹੀ ਉਸਦਾ ਟੱਬਰ ਨਾ ਰੋਲਿਆ ਜਾਵੇ।

ਅਦਾਲਤ ਨੇ ਦੋਹਾਂ ਧਿਰਾਂ ਦਾ ਪੱਖ ਪੂਰਿਆ।

ਹੇਠਲੀ ਅਦਾਲਤ ਨੂੰ ਹੁਕਮ ਹੋਇਆ। ਦੋ ਮਹੀਨੇ ਦੇ ਅੰਦਰ ਅੰਦਰ ਮੁਕੱਦਮੇ ਦੀ ਸੁਣਵਾਈ ਮੁਕੰਮਲ ਕਰੋ। ਜੇ ਕਿਸੇ ਕਾਰਨ ਸੁਣਵਾਈ ਲਟਕਦੀ ਨਜ਼ਰ ਆਵੇ ਤਾਂ ਠੇਕੇਦਾਰ ਨੂੰ ਜ਼ਮਾਨਤ ’ਤੇ ਰਿਹਾਅ ਕਰੋ।

 

-109-

 

ਠੇਕੇਦਾਰ ਨੇ ਟਿਕੇ ਪਾਣੀਆਂ ਵਿੱਚ ਵੱਟਾ ਸੁੱਟ ਦਿੱਤਾ ਸੀ।

ਪਹਿਲੀ ਪੇਸ਼ੀ ’ਤੇ ਚੌਧਰੀ ਵੱਲੋਂ ਜੱਜ ਦੀ ਕੀਤੀ ਖਿਚਾਈ ਹੁਣ ਤਕ ਕੰਮ ਦੇ ਰਹੀ ਸੀ। ਸਾਧੂ ਸਿੰਘ ਕਾਹਲ ਕਰਨੋਂ ਹੱਟ ਗਿਆ ਸੀ। ਕੇਸ ਆਪਣੀ ਮਸਤ ਚਾਲ ਚੱਲ ਰਿਹਾ ਸੀ।

ਸਾਧੂ ਸਿੰਘ ਦੇ ਤਿੰਨ ਮਹੀਨੇ ਬਾਕੀ ਸਨ। ਮੁਕੱਦਮੇ ਨੂੰ ਖ਼ਤਮ ਹੁੰਦਿਆਂ ਤਿੰਨ ਸਾਲ ਲਗਣੇ ਸਨ। ਬੜੀ ਆਸਾਨੀ ਨਾਲ ਉਨ੍ਹਾਂ ਦਾ ਸਾਧੂ ਸਿੰਘ ਤੋਂ ਖਹਿੜਾ ਛੁੱਟ ਜਾਣਾ ਸੀ।

ਠੇਕੇਦਾਰ ਨਾਲੋਂ ਵੱਡੀ ਗਲਤੀ ਉਸਦੇ ਵਕੀਲ ਨੇ ਕੀਤੀ ਸੀ। ਫ਼ੀਸ ਦੇ ਲਾਲਚ ਵਿੱਚ ਉਹ ਮੁੰਡਪੁਣਾ ਕਰ ਗਿਆ। ਹਾਈ ਕੋਰਟ ਦੇ ਬੱਚੇ ਬੱਚੇ ਨੂੰ ਪਤਾ ਸੀ ਜਿਹੜਾ ਜੱਜ ਇਨ੍ਹੀ ਦਿਨੀਂ ਜ਼ਮਾਨਤਾਂ ਦੀਆਂ ਦਰਖ਼ਾਸਤਾਂ ਸੁਣ ਰਿਹਾ ਸੀ ਉਹ ਕਿਹੋ ਜਿਹੇ ਹੁਕਮ ਕਰਦਾ ਸੀ। ਮੁਕੱਦਮੇ ਨੂੰ ਤਿੰਨ ਮਹੀਨੇ ਵਿੱਚ ਖ਼ਤਮ ਕਰੋ, ਮੁਕੱਦਮੇ ਨੂੰ ਚਾਰ ਮਹੀਨੇ ਵਿੱਚ ਮੁਕਾਓ।

ਅਜਿਹੇ ਹੁਕਮ ਨਾਲ ਫ਼ਾਇਦੇ ਦੀ ਥਾਂ ਮੁਲਜ਼ਮ ਦਾ ਨੁਕਸਾਨ ਹੁੰਦਾ ਸੀ। ਮਜਬੂਰੀ ਵੱਸ ਜੱਜ ਨੂੰ ਸੁਣਵਾਈ ਮੁਕੰਮਲ ਕਰਨੀ ਪੈਂਦੀ ਸੀ। ਜਖ਼ਮ ਤਾਜ਼ੇ ਹੋਣ ਕਾਰਨ ਗਵਾਹਾਂ ਦਾ ਗੁੱਸਾ ਠੰਡਾ ਨਹੀਂ ਸੀ ਹੋਇਆ ਹੁੰਦਾ। ਬਰੀ ਹੋਣ ਦੀ ਥਾਂ ਮੁਲਜ਼ਮਾਂ ਨੂੰ ਸਜ਼ਾ ਹੋ ਜਾਂਦੀ ਸੀ।

ਸਾਧੂ ਸਿੰਘ ਤਾਂ ਪਹਿਲਾਂ ਹੀ ਮੁਦਈ ਦੇ ਹੱਕ ਵਿੱਚ ਚੱਲਣ ਵਾਲਾ ਜੱਜ ਜਾਣਿਆ ਜਾਂਦਾ ਸੀ। ਕੋਈ ਨਾ ਕੋਈ ਦਲੀਲ ਘੜ ਕੇ ਉਹ ਬਰੀ ਹੋਣ ਵਾਲੇ ਦੋਸ਼ੀਆਂ ਨੂੰ ਵੀ ਸਜ਼ਾ ਸੁਣਾ ਦਿੰਦਾ ਸੀ। ਉਸਦਾ ਮੱਤ ਸੀ ਦੋਸ਼ੀਆਂ ਨੂੰ ਸਜ਼ਾ ਕਰਕੇ ਹਾਈ ਕੋਰਟ ਤੋਰੋ। ਕਈ ਵਾਰ ਸਾਧੂ ਸਿੰਘ ਦੀ ਦਲੀਲ ਹਾਈ ਕੋਰਟ ਨੂੰ ਜਚ ਜਾਂਦੀ ਸੀ। ਦੋਸ਼ੀਆਂ ਨੂੰ ਹੋਈ ਸਜ਼ਾ ਬਹਾਲ ਰਹਿ ਜਾਂਦੀ ਸੀ। ਜੇ ਦੋਸ਼ੀ ਹਾਈ ਕੋਰਟ ਵਿਚੋਂ ਬਰੀ ਹੋਣ ਵਿੱਚ ਕਾਮਯਾਬ ਹੋ ਜਾਵੇ ਫੇਰ ਵੀ ਉਸਦੀ ਉਸ ਸਮੇਂ ਤਕ ਘੀਸੀ ਹੋ ਜਾਂਦੀ ਸੀ। ਅਪੀਲ ਦੀ ਸੁਣਵਾਈ ਤਕ ਜੇਲ੍ਹ ਵਿੱਚ ਰਹਿਣਾ ਪੈਂਦਾ ਸੀ। ਕਈ ਵਾਰ ਸੁਣਵਾਈ ਤਿੰਨ ਤਿੰਨ ਸਾਲ ਨਹੀਂ ਸੀ ਹੁੰਦੀ।

ਵਕੀਲਾਂ ਦੀਆਂ ਫੀਸਾਂ ਦੇ ਰੂਪ ਵਿੱਚ ਭਾਰੀ ਜੁਰਮਾਨਾ ਭਰਨਾ ਪੈਂਦਾ ਸੀ। ਸਜ਼ਾ ਦੇ ਡਰ ਦੀ ਤਲਵਾਰ ਸਿਰ ’ਤੇ ਲਟਕਦੀ ਰਹਿੰਦੀ ਸੀ। ਪੜ੍ਹੇ ਲਿਖੇ ਅਮੀਰ ਮੁਲਜ਼ਮਾਂ ਲਈ ਇਹੋ ਖਿੱਚੋਤਾਣ ਬਥੇਰੀ ਸੀ।

ਜਦੋਂ ਹਾਈ ਕੋਰਟ ਦਾ ਇਹ ਹੁਕਮ ਸਾਧੂ ਸਿੰਘ ਨੂੰ ਮਿਲਿਆ ਉਸ ਸਮੇਂ ਅਗਲੀ ਪੇਸ਼ੀ ਵਿੱਚ ਇੱਕ ਹਫ਼ਤਾ ਬਾਕੀ ਸੀ। ਝੱਟ ਉਸ ਨੇ ਸਾਰੇ ਅਹਿਲਕਾਰ ਤਲਬ ਕਰ ਲਏ।

ਅਹਿਲਮੱਦ ਨੂੰ ਹੁਕਮ ਹੋਇਆ। ਹੁਣੇ ਸਾਰੇ ਗਵਾਹਾਂ ਦੇ ਸੰਮਨ ਕੱਟ ਕੇ ਉਸ ਅੱਗੇ ਪੇਸ਼ ਕੀਤੇ ਜਾਣ।

ਸਟੈਨੋ ਨੂੰ ਹੁਕਮ ਹੋਇਆ। ਉਹ ਹੁਣੇ ਪੁਲਿਸ ਕਪਤਾਨ ਦੇ ਨਾਂ ਉਸ ਵੱਲੋਂ ਇੱਕ ਵਿਸ਼ੇਸ਼ ਪੱਤਰ ਜਾਰੀ ਕਰੇ। ਹਾਈ ਕੋਰਟ ਦੇ ਹੁਕਮਾਂ ਦਾ ਹਵਾਲਾ ਦਿੱਤਾ ਜਾਵੇ। ਗਵਾਹਾਂ ਦੀ ਤਾਮੀਲ ਵਿੱਚ ਵਰਤੀ ਗਈ ਢਿੱਲ ਹਾਈ ਕੋਰਟ ਦੇ ਹੁਕਮਾਂ ਦੀ ਤੌਹੀਨ ਹੋਏਗੀ। ਇਹ ਉਸਨੂੰ ਸਮਝਾਇਆ ਜਾਵੇ।

ਸਰਕਾਰੀ ਵਕੀਲ ਨੂੰ ਹਦਾਇਤ ਹੋਈ। ਉਹ ਮੁੱਖ ਅਫ਼ਸਰ ਨੂੰ ਹਾਈ ਕੋਰਟ ਦੇ ਹੁਕਮਾਂ ਤੋਂ ਜਾਣੂ ਕਰਾਏ। ਮਿਥੀ ਤਾਰੀਖ ਤੇ ਉਹ ਸਮੇਤ ਰਿਕਾਰਡ ਹਾਜ਼ਰ ਆਵੇ।

ਸਫ਼ਾਈ ਧਿਰ ਦੇ ਵਕੀਲਾਂ ਨੂੰ ਤਾੜਨਾ ਹੋਈ। ਅਗਲੀ ਪੇਸ਼ੀ ਸਭ ਹਾਜ਼ਰ ਰਹਿਣ।

ਕਿਸੇ ਨੇ ਬਾਹਰ ਅੰਦਰ ਜਾਣਾ ਹੋਵੇ ਤਾਂ ਅਦਾਲਤ ਤੋਂ ਪਹਿਲਾਂ ਇਜਾਜ਼ਤ ਲੈਣ ਅਤੇ ਆਪਣੀ ਥਾਂ ਕਿਸੇ ਹੋਰ ਵਕੀਲ ਨੂੰ ਖੜ੍ਹਾ ਕਰਨ।

ਸਾਰੀਆਂ ਧਿਰਾਂ ਨੂੰ ਇੱਕ ਹੋਰ ਸਪਸ਼ਟੀਕਰਨ ਦਿੱਤਾ ਗਿਆ: “ਮੈਂ ਦੋ ਮਹੀਨੇ ਦੇ ਅੰਦਰ ਅੰਦਰ ਸੁਣਵਾਈ ਖ਼ਤਮ ਕਰਨੀ ਹੀ ਕਰਨੀ ਹੈ। ਸੁਣਵਾਈ ਜੇ ਮੈਨੂੰ ਹਰ ਰੋਜ਼ ਵੀ ਕਰਨੀ ਪਈ ਮੈਂ ਇਸ ਤੋਂ ਵੀ ਗੁਰੇਜ਼ ਨਹੀਂ ਕਰਨਾ। ਇਸ ਲਈ ਬਿਹਤਰੀ ਇਸੇ ਵਿੱਚ ਹੈ ਕਿ ਮੁਕੱਦਮਾ ਲਟਕਾਉਣ ਦੇ ਢੰਗ ਤਰੀਕੇ ਨਾ ਅਪਣਾਏ ਜਾਣ।

ਫੈਸਲਾ ਗੁਣ ਔਗੁਣਾਂ ਦੇ ਆਧਾਰ ’ਤੇ ਹੋਣ ਦਿੱਤਾ ਜਾਵੇ।”

ਅਚਾਨਕ ਆਏ ਇਸ ਭੁਚਾਲ ਨੇ ਸਫ਼ਾਈ ਧਿਰ ਦੇ ਮਨਸੂਬਿਆਂ ਨੂੰ ਝੰਜੋੜ ਕੇ ਰੱਖ ਦਿੱਤਾ।

ਪੰਕਜ ਹੋਰੇ ਢੇਰੀ ਢਾਹ ਕੇ ਬੈਠ ਗਏ। ਪਰ ਨੰਦ ਲਾਲ ਦਾ ਹੌਸਲਾ ਬੁਲੰਦ ਸੀ। ਸਾਧੂ ਸਿੰਘ ਜ਼ੋਰ ਲਾ ਲਏ ਉਹ ਆਪਣੀ ਕਲਮੀ ਇਸ ਮੁਕੱਦਮੇ ਦਾ ਫੈਸਲਾ ਨਹੀਂ ਲਿਖ ਸਕਦਾ।

ਦੋ ਮਹੀਨੇ ਮੁਦਈ ਧਿਰ ਦੇ ਗਵਾਹਾਂ ਨੂੰ ਭੁਗਤਦਿਆਂ ਲਗ ਜਾਣੇ ਸਨ। ਪੰਦਰਾਂ ਵੀਹ ਦਿਨ ਛੇ ਮੁਲਜ਼ਮਾਂ ਨੂੰ ਆਪਣੀ ਸਫ਼ਾਈ ਪੇਸ਼ ਕਰਦਿਆਂ ਲਗਣੇ ਸਨ। ਪੰਜ ਚਾਰ ਦਿਨ ਬਹਿਸ ਦੀ ਤਿਆਰੀ ਲਈ ਮਿਲਣੇ ਸਨ।

“ਢਾਈ ਮਹੀਨੇ ਵੀ ਮੁਕੱਦਮਾ ਲਟਕ ਗਿਆ ਤਾਂ ਸਮਝੋ ਬਾਜ਼ੀ ਜਿੱਤ ਲਈ।”

“ਉਹ ਕਿਸ ਤਰ੍ਹਾਂ?”

ਪੰਕਜ ਨੂੰ ਨੰਦ ਲਾਲ ਦੀ ਬੇ ਫ਼ਿਕਰੀ ਦਾ ਕਾਰਨ ਸਮਝ ਨਹੀਂ ਸੀ ਆ ਰਿਹਾ।

“ਫੈਸਲੇ ਵਾਲੇ ਦਿਨ ਅਸੀਂ ਭਗੌੜੇ ਹੋਏ ਪੰਡਿਤ ਨੂੰ ਅਦਾਲਤ ਵਿੱਚ ਪੇਸ਼ ਕਰਾਂਗੇ।

ਉਸਦੇ ਪੇਸ਼ ਹੁੰਦਿਆਂ ਹੀ ਸਾਰੀ ਕਾਰਵਾਈ ਇੱਕ ਵਾਰ ਫੇਰ ਦੁਹਰਾਈ ਜਾਏਗੀ। ਸਾਧੂ ਸਿੰਘ ਦਿਨ ਰਾਤ ਲੱਗਾ ਰਹੇ ਤਾਂ ਵੀ ਕਾਰਵਾਈ ਛੇ ਮਹੀਨੇ ਮੁਕੰਮਲ ਨਹੀਂ ਹੋਣੀ। ਇੰਨੇ ਵਿੱਚ ਸਾਧੂ ਸਿੰਘ ਸਾਡੇ ਗਲੋਂ ਲਹਿ ਜਾਏਗਾ। ਠੇਕੇਦਾਰ ਦੀ ਜ਼ਮਾਨਤ ਹੋ ਜਾਏਗੀ। ਉਹ ਟਿਕ ਕੇ ਬੈਠ ਜਾਏਗਾ। ਫੇਰ ਫੈਸਲਾ ਸਾਡੀ ਮਰਜ਼ੀ ਅਨੁਸਾਰ ਹੋਏਗਾ।”

ਲੰਬਾ ਚੌੜਾ ਭਾਸ਼ਣ ਦੇ ਕੇ ਨੰਦ ਲਾਲ ਨੇ ਪੰਕਜ ਨੂੰ ਸਮਝਾਇਆ।

ਇਹੋ ਚਾਲ ਚੱਲਣ ਲਈ ਨੰਦ ਲਾਲ ਨੇ ਪੰਡਿਤ ਨੂੰ ਭਗੋੜਾ ਬਨਾਉਣ ਵਾਲਾ ਮੋਹਰਾ ਤਿਆਰ ਕੀਤਾ ਸੀ।

Additional Info

  • Writings Type:: A single wirting
Read 2061 times