You are here:ਮੁਖ ਪੰਨਾ»ਨਾਵਲ»ਕੌਰਵ ਸਭਾ»ਕੌਰਵ ਸਭਾ - ਕਾਂਡ 70-79

ਲੇਖ਼ਕ

Friday, 27 April 2018 02:04

ਕੌਰਵ ਸਭਾ - ਕਾਂਡ 70-79

Written by
Rate this item
(0 votes)

-70-

 

ਹਰੀਸ਼ ਰਾਏ ਦਾ ਵਕਾਲਤ ਨਾਮਾ ਮਿਸਲ ਨਾਲ ਲਗਦਿਆਂ ਹੀ ਸੁੱਤੀ ਹੋਈ ਸਰਕਾਰ ਅੰਗੜਾਈਆਂ ਲੈਣ ਲੱਗੀ।

ਤਫ਼ਤੀਸ਼ ਕਰ ਰਹੇ ਥਾਣੇਦਾਰ ਨੇ ਮਿਸਲ ਮੁਕੰਮਲ ਕੀਤੀ। ਬਾਕੀ ਰਹਿੰਦੀਆਂ ਜ਼ਿਮਨੀਆਂ ਲਿਖ ਕੇ ਮਿਸਲ ਨਾਲ ਲਾਈਆਂ।

ਸਰਕਾਰੀ ਵਕੀਲ ਨੇ ਮਿਸਲ ਮੰਗਵਾ ਕੇ ਇੱਕ ਵਾਰ ਫੇਰ ਪੜ੍ਹੀ। ਰਹਿ ਗਈਆਂ ਕਮੀਆਂ ਦੂਰ ਕਰਵਾਈਆਂ।

ਪਿਛਲੀ ਪੇਸ਼ੀ ਉਪਰ ਪੰਚਮ ਦੀ ਉਮਰ ਬਾਰੇ ਹਲਕੀ ਜਿਹੀ ਬਹਿਸ ਹੋਈ ਸੀ।

ਉਹ ਬਿਹਾਰ ਦਾ ਰਹਿਣ ਵਾਲਾ ਭਈਆ ਸੀ। ਉਹ ਕੀੜੇ ਮਕੌੜਿਆਂ ਵਾਂਗ ਜੰਮਦੇ ਅਤੇ ਮਰ ਜਾਂਦੇ ਸਨ। ਕੋਈ ਉਨ੍ਹਾਂ ਦੇ ਜਨਮ ਮਰਨ ਦਾ ਹਿਸਾਬ ਨਹੀਂ ਰੱਖਦਾ। ਪੁਲਿਸ ਨੂੰ ਉਸਦੀ ਅਸਲ ਜਨਮ ਮਿਤੀ ਦਾ ਕੋਈ ਇਲਮ ਨਹੀਂ ਸੀ।

ਪੁਲਿਸ ਨੇ ਬਿਹਾਰ ਜਾ ਕੇ ਅਸਲ ਜਨਮ ਮਿਤੀ ਖੋਜਣ ਵਿੱਚ ਦਿਲਚਸਪੀ ਨਹੀਂ ਸੀ ਦਿਖਾਈ। ਸਰਕਾਰ ਵੱਲੋਂ ਇੱਕ ਤਰ੍ਹਾਂ ਨਾਲ ਉਸਦੇ ਹਲਫ਼ੀਆ ਬਿਆਨ ਨੂੰ ਮੰਨ ਲਿਆ ਗਿਆ ਸੀ।

ਦੋਸ਼ੀ ਦੀ ਉਮਰ ਬਾਰੇ ਹੋਣ ਵਾਲਾ ਫੈਸਲਾ ਇੱਕ ਅਹਿਮ ਕਾਰਵਾਈ ਸੀ। ਸਰਕਾਰੀ ਵਕੀਲ ਨੇ ਇਸ ਕਾਰਵਾਈ ਨੂੰ ਗੰਭੀਰਤਾ ਨਾਲ ਨਹੀਂ ਸੀ ਲਿਆ। ‘ਦੇਖ ਲਓ’ ਆਖਕੇ ਅਸਿੱਧੇ ਢੰਗ ਨਾਲ ਮੁਲਜ਼ਮਾਂ ਨਾਲ ਸਹਿਮਤੀ ਪ੍ਰਗਟਾਈ ਸੀ।

ਜੇ ਜੱਜ ਚਾਹੁੰਦਾ ਉਸੇ ਸਮੇਂ ਪੰਚਮ ਦੀ ਉਮਰ ਅਠਾਰਾਂ ਸਾਲ ਤੋਂ ਘੱਟ ਮੰਨ ਕੇ ਜ਼ਮਾਨਤ ਮਨਜ਼ੂਰ ਕਰ ਲੈਂਦਾ। ਪਰ ਉਸਨੇ ਸਰਕਾਰੀ ਵਕੀਲ ਦੀ ਸਹਿਮਤੀ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਸੀ। ਜੱਜ ਨੇ ਆਪਣਾ ਫਰਜ਼ ਸੋਚ ਸਮਝ ਕੇ ਨਿਭਾਉਣਾ ਸੀ। ਉਸਦੇ ਫੈਸਲੇ ਵਿਰੁਧ ਹਾਈ ਕੋਰਟ ਵਿੱਚ ਅਪੀਲ ਹੋ ਸਕਦੀ ਸੀ। ਕਾਹਲ ਵਿੱਚ ਕੀਤਾ ਫੈਸਲਾ ਉਸ ਲਈ ਮੁਸੀਬਤ ਖੜ੍ਹੀ ਕਰ ਸਕਦਾ ਸੀ।

ਇਸ ਲਈ ਜੱਜ ਨੇ ਆਪਣੀ ਤਸੱਲੀ ਲਈ ਮੁਲਜ਼ਮ ਦਾ ਡਾਕਟਰੀ ਮੁਆਇਨਾ ਕਰਾਉਣ ਦਾ ਹੁਕਮ ਦਿੱਤਾ ਸੀ।

ਡਾਕਟਰ ਨੇ ਉਸਦੀ ਉਮਰ ਸਤਾਰਾਂ ਤੋਂ ਉਨੀਂ ਸਾਲ ਦੇ ਵਿਚਕਾਰ ਤੱਕੀ ਅੰਕੀ ਹੀ ਸੀ।

ਅੱਜ ਉਸ ਰਿਪੋਰਟ ਦੇ ਆਧਾਰ ’ਤੇ ਬਹਿਸ ਹੋਣੀ ਸੀ।

ਸਫ਼ਾਈ ਧਿਰ ਦਾ ਵਕੀਲ ਪੂਰੀ ਤਿਆਰੀ ਕਰਕੇ ਆਇਆ ਸੀ। ਜੱਜ ਨੂੰ ਪੜ੍ਹਾਉਣ ਲਈ ਉਹ ਸੁਪਰੀਮ ਕੋਰਟ ਦੇ ਫੈਸਲਿਆਂ ਦੀ ਲੰਬੀ ਲਿਸਟ ਲੈ ਕੇ ਆਇਆ ਸੀ। ਉਨ੍ਹਾਂ ਫੈਸਲਿਆਂ ਵਿੱਚ ਦਰਜ ਸੀ ਕਿ ਅੱਜ ਵਰਗੀ ਦੋਚਿਤੀ ਵਾਲੀ ਸਥਿਤੀ ਵਿੱਚ ਜੱਜ ਦਾ ਫਰਜ਼ ਬਣਦਾ ਸੀ ਕਿ ਉਹ ਮੁਲਜ਼ਮ ਦੇ ਹੱਕ ਵਿੱਚ ਜਾਂਦੇ ਤੱਥ ਨੂੰ ਸੱਚ ਮੰਨੇ। ਸ਼ੱਕ ਦਾ ਫ਼ਾਇਦਾ ਮੁਲਜ਼ਮ ਨੂੰ ਦੇ ਕੇ ਉਸਨੂੰ ਕਿਸ਼ੋਰ ਘੋਸ਼ਿਤ ਕਰੇ।

ਸਰਕਾਰੀ ਵਕੀਲ ਕੋਲ ਇਸ ਕਾਨੂੰਨ ਦੀ ਕੋਈ ਕਾਟ ਨਹੀਂ ਸੀ। ਨਾ ਉਸਨੇ ਕਾਟ ਲੱਭਣ ਦੀ ਕੋਸ਼ਿਸ਼ ਕੀਤੀ ਸੀ। ਨਾ ਉਸਨੂੰ ਕਾਟ ਲੱਭਣ ਦੀ ਜ਼ਰੂਰਤ ਸੀ। ਉਸਦੇ ਅਫ਼ਸਰਾਂ ਨੇ ਉਸਨੂੰ ਚੁੱਪ ਰਹਿਣ ਦੀ ਹਦਾਇਤ ਕੀਤੀ ਸੀ।

ਸਰਕਾਰੀ ਵਕੀਲ ਨੇ ਸੋਚਿਆ ਸੀ ਪਿਛਲੀ ਵਾਰ ਵਾਂਗ ‘ਦੇਖ ਲਓ’ ਆਖਕੇ ਉਸ ਨੇ ਜੱਜ ਦੇ ਮੂੰਹ ਵਿੱਚ ਕੋਹੜ ਕਿਰਲੀ ਪਾ ਦੇਣੀ ਹੈ। ਉਹ ਕੋਹੜੀ ਬਣੇ ਜਾਂ ਕਲੰਕੀ।

ਜੱਜ ਦੀ ਮਰਜ਼ੀ।

ਹੁਣ ਹਰੀਸ਼ ਰਾਏ ਦੇ ਮੁਦਈ ਧਿਰ ਨਾਲ ਆ ਖੜ੍ਹਨ ਨਾਲ ਸਰਕਾਰੀ ਵਕੀਲ ਨੂੰ ਗੰਭੀਰ ਹੋਣਾ ਪੈ ਰਿਹਾ ਸੀ।

ਹਰੀਸ਼ ਰਾਏ ਅੱਖੜ ਸੁਭਾਅ ਦਾ ਸੀ। ਕਦੋਂ ਕਿਸ ’ਤੇ ਬਰਸ ਪਏ ਕੋਈ ਪਤਾ ਨਹੀਂ ਸੀ। ਆਮ ਕੇਸਾਂ ਵਿੱਚ ਸਰਕਾਰੀ ਵਕੀਲ ਮੁਦਈ ਧਿਰ ਦੇ ਵਕੀਲਾਂ ਨੂੰ ਬਹਿਸ ਨਹੀਂ ਕਰਨ ਦਿੰਦੇ। ਪਰ ਹਰੀਸ਼ ਰਾਏ ਨੂੰ ਬਹਿਸ ਕਰਨ ਤੋਂ ਕੋਈ ਨਹੀਂ ਸੀ ਰੋਕਦਾ। ਕੋਈ ਰੋਕਣ ਦੀ ਕੋਸ਼ਿਸ਼ ਕਰੇ ਤਾਂ ਜੱਜ ਉਸਨੂੰ ਬੋਲਣ ਦੀ ਇਜਾਜ਼ਤ ਦੇ ਦਿੰਦਾ ਸੀ।

ਜਦੋਂ ਛੁਪਾਏ ਜਾਣ ਵਾਲੇ ਨੁਕਤੇ ਪ੍ਰਾਈਵੇਟ ਵਕੀਲ ਨੇ ਸਾਹਮਣੇ ਲਿਆ ਦੇਣੇ ਸਨ ਤਾਂ ਸਰਕਾਰੀ ਵਕੀਲ ਆਪਣੀ ਨਲਾਇਕੀ ਦਾ ਸਬੂਤ ਕਿਉਂ ਦੇਵੇ? ਇਹੋ ਸੋਚ ਕੇ ਸਰਕਾਰੀ ਵਕੀਲ ਨੂੰ ਮੁਕੰਮਲ ਬਹਿਸ ਕਰਨੀ ਪੈ ਜਾਂਦੀ ਸੀ।

“ਤੁਸੀਂ ਬਹਿਸ ਕਰੋ ਪ੍ਰਧਾਨ ਜੀ!”

ਬਹਿਸ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਰਕਾਰੀ ਵਕੀਲ ਨੇ ਆਪਣੇ ਸਾਰੇ ਅਧਿਕਾਰ ਹਰੀਸ਼ ਨੂੰ ਸੌਂਪ ਦਿੱਤੇ।

ਪ੍ਰਧਾਨ ਤੋਂ ਬਹਿਸ ਕਰਵਾ ਕੇ ਸਰਕਾਰੀ ਵਕੀਲ ਇੱਕ ਤੀਰ ਨਾਲ ਦੋ ਸ਼ਿਕਾਰ ਫੁੰਡਨਾ ਚਾਹੁੰਦਾ ਸੀ। ਜਦੋਂ ਮੁਦਈ ਧਿਰ ਦਾ ਵਕੀਲ ਬਹਿਸ ਕਰ ਦੇਵੇ ਤਾਂ ਮੁਦਈ ਧਿਰ ਨੂੰ ਸਰਕਾਰੀ ਵਕੀਲ ’ਤੇ ਕੋਈ ਗਿਲਾ ਨਹੀਂ ਰਹਿੰਦਾ। ਜਦੋਂ ਮੁਦਈ ਧਿਰ ਦਾ ਵਕੀਲ ਬੋਲ ਜਾਵੇ ਤਾਂ ਸਰਕਾਰੀ ਵਕੀਲ ਦੇ ਬੋਲਣ ਲਈ ਕੁੱਝ ਨਹੀਂ ਬਚਦਾ। ਚੁੱਪ ਰਹਿਣ ਵਿੱਚ ਅਸਾਨੀ ਹੁੰਦੀ ਸੀ। ਇਹ ਚੁੱਪ ਮੁਲਜ਼ਮਾਂ ਦੀ ਤਸੱਲੀ ਕਰਾਉਣ ਵਿੱਚ ਸਹਾਈ ਹੁੰਦੀ ਸੀ। ਸਰਕਾਰੀ ਵਕੀਲ ਨੇ ਹਿੱਕ ਥਾਪੜ ਕੇ ਆਖਣਾ ਸੀ — “ਮੈਂ ਇੱਕ ਅੱਖਰ ਨਹੀਂ ਬੋਲਿਆ। ਦੂਜੇ ਵਕੀਲ ਨੂੰ ਮੈਂ ਰੋਕ ਨਹੀਂ ਸਕਦਾ। ਫਿਕਰ ਨਾ ਕਰੋ। ਜੱਜ ਨੇ ਸਰਕਾਰੀ ਵਕੀਲ ਦੀ ਬਹਿਸ ਵੱਲ ਧਿਆਨ ਦੇਣਾ ਹੈ। ਪ੍ਰਾਈਵੇਟ ਵਕੀਲ ਦੀ ਬਹਿਸ ਕੌਣ ਸੁਣਦਾ ਹੈ!”

ਪ੍ਰਧਾਨ ਸਰਕਾਰੀ ਵਕੀਲ ਦੀ ਚਾਲ ਸਮਝ ਰਿਹਾ ਸੀ।

“ਤੁਸੀਂ ਆਪਣਾ ਫ਼ਰਜ਼ ਅਦਾ ਕਰੋ। ਲੋੜ ਪਈ ਤਾਂ ਮੈਂ ਆਪਣਾ ਫਰਜ਼ ਅਦਾ ਕਰਾਂਗਾ।”

ਨਹਿਲੇ ’ਤੇ ਦਹਿਲਾ ਮਾਰਦੇ ਪ੍ਰਧਾਨ ਨੇ ਸਰਕਾਰੀ ਵਕੀਲ ਨੂੰ ਭਰੀ ਮਹਿਫ਼ਲ ਵਿੱਚ ਨੰਗਾ ਹੋਣ ਲਈ ਵੰਗਾਰਿਆ।

ਸਰਕਾਰੀ ਵਕੀਲ ਕੜਿਕੀ ਵਿੱਚ ਫਸ ਗਿਆ। ਉਲਟਾ ਕਿਰਲੀ ਉਸਦੇ ਮੂੰਹ ਵਿੱਚ ਆ ਗਈ।

“ਭੱਠ ਪੈਣ ਮੁਲਜ਼ਮ। ਮੈਂ ਆਪਣੀ ਸ਼ਿਕਾਇਤ ਨਹੀਂ ਕਰਾਉਣੀ।” ਸੋਚ ਕੇ ਸਰਕਾਰੀ ਵਕੀਲ ਨੇ ਬਹਿਸ ਸ਼ੁਰੂ ਕੀਤੀ।

ਪੰਚਮ ਦੀ ਉਮਰ ਅਠਾਰਾਂ ਸਾਲ ਤੋਂ ਵੱਧ ਸੀ, ਇਹ ਸਾਬਤ ਕਰਨ ਲਈ ਉਸਨੇ ਪੁਲਿਸ ਮਿਸਲ ਦਾ ਸਹਾਰਾ ਲਿਆ। ਪੁੱਛਗਿੱਛ ਦੌਰਾਨ ਉਸਨੇ ਆਪਣੀ ਮਰਜ਼ੀ ਨਾਲ ਜੋ ਉਮਰ ਦੱਸੀ ਸੀ ਉਹ ਚੌਵੀ ਸਾਲ ਸੀ। ਹਵਾਲੇ ਲਈ ਉਸਨੇ ਮਿਸਲ ਪੜ੍ਹਕੇ ਸੁਣਾਈ।

ਡਾਕਟਰ ਦੀ ਰਿਪੋਰਟ ਭਰੋਸੇਯੋਗ ਨਹੀਂ ਸੀ। ਆਪਣੀ ਰਿਪੋਰਟ ਦੇ ਨਾਲ ਡਾਕਟਰ ਦੇ ਦੋਸ਼ੀ ਦੇ ਐਕਸਰੇ ਸ਼ਾਮਲ ਨਹੀਂ ਸਨ ਕੀਤੇ। ਐਕਸਰੇ ਬਿਨਾਂ ਇਹ ਕਿਸ ਤਰ੍ਹਾਂ ਮੰਨਿਆ ਜਾ ਸਕਦਾ ਸੀ ਕਿ ਉਸਦੀ ਉਮਰ ਸਤਾਰਾਂ ਤੋਂ ਉਨੀ ਵਿਚਕਾਰ ਸੀ। ਡਾਕਟਰ ਤੋਂ ਰਿਪੋਰਟ ਮੁਕੰਮਲ ਕਰਾਉਣੀ ਜ਼ਰੂਰੀ ਸੀ।

ਸਰਕਾਰੀ ਵਕੀਲ ਦੀਆਂ ਦੋਹਾਂ ਦਲੀਲਾਂ ਨਾਲ ਜੱਜ ਸਹਿਮਤ ਹੋਣ ਲੱਗਾ।

ਗਿਰਗਟ ਵਾਂਗ ਰੰਗ ਬਦਲਦੇ ਸਰਕਾਰੀ ਵਕੀਲ ਨੂੰ ਦੇਖਕੇ ਜੱਜ ਮਿਨਾ ਮਿਨਾ ਮੁਸਕਰਾਉਣ ਵੀ ਲੱਗਾ।

“ਪ੍ਰਧਾਨ ਜੀ ਤੁਸੀਂ ਕੁੱਝ ਕਹਿਣਾ ਹੈ।” ਸਰਕਾਰੀ ਵਕੀਲ ਤੋਂ ਬਾਅਦ ਜੱਜ ਨੇ ਪ੍ਰਧਾਨ ਨੂੰ ਮੌਕਾ ਦਿੱਤਾ।

ਪੁਲਿਸ ਨੇ ਪੰਚਮ ਦਾ ਜੋ ਪਿਛੋਕੜ ਮਿਸਲ ਵਿੱਚ ਦਰਜ ਕੀਤਾ ਸੀ ਉਸ ਤੋਂ ਜਾਪਦਾ ਸੀ ਉਹ ਲੰਬੇ ਚੌੜੇ ਪਰਿਵਾਰ ਵਿੱਚ ਜਨਮਿਆ ਸੀ। ਉਸਦੇ ਪਰਿਵਾਰ ਦੇ ਬਹੁਤੇ ਜੀਅ ਹਾਲੇ ਬਿਹਾਰ ਰਹਿੰਦੇ ਸਨ। ਬਿਹਾਰ ਕੋਈ ਉੱਤਰੀ ਧਰੁਵ ਨਹੀਂ ਸੀ ਕਿ ਉਥੇ ਜਾਇਆ ਨਹੀਂ ਜਾ ਸਕਦਾ। ਸ਼ੱਕ ਦੂਰ ਹੋਣਾ ਚਾਹੀਦਾ ਸੀ। ਕਿਸੇ ਥਾਣੇਦਾਰ ਨੂੰ ਬਿਹਾਰ ਭੇਜ ਕੇ ਜਨਮ ਸਰਟੀਫਿਕੇਟ ਮੰਗਵਾ ਲੈਣਾ ਚਾਹੀਦਾ ਹੈ।

ਇਹ ਦਲੀਲ ਸਭ ਤੋਂ ਉੱਤਮ ਸੀ।

ਸਫ਼ਾਈ ਧਿਰ ਕੋਲ ਇਸ ਦਲੀਲ ਉਪਰ ਕਰਨ ਲਈ ਕੋਈ ਇਤਰਾਜ਼ ਨਹੀਂ ਸੀ।

“ਕਿਉਂ ਪੀ.ਪੀ.ਸਾਹਿਬ ਤੁਹਾਡਾ ਕੀ ਵਿਚਾਰ ਹੈ? ਜੇ ਅਸਲ ਜਨਮ ਤਾਰੀਖ ਮਿਲ ਜਾਵੇ ਫੇਰ ਆਪਾਂ ਡਾਕਟਰ ਤੋਂ ਕੀ ਲੈਣਾ ਹੈ?”

ਜੱਜ ਨੇ ਸਰਕਾਰੀ ਵਕੀਲ ਤੋਂ ਪੁੱਛਿਆ।

“ਠੀਕ ਫਰਮਾ ਰਹੇ ਹੋ ਜਨਾਬ! ਪੰਦਰਾਂ ਕੁ ਦਿਨਾਂ ਦੀ ਤਾਰੀਖ਼ ਪਾਓ। ਹੁਣੇ ਥਾਣੇਦਾਰ ਨੂੰ ਬਿਹਾਰ ਜਾਣ ਵਾਲੀ ਗੱਡੀ ਚੜ੍ਹਾ ਦਿੰਦੇ ਹਾਂ। ਉਸ ਤਾਰੀਖ਼ ਤਕ ਮੁੜ ਆਏਗਾ।”

ਸਾਰੀਆਂ ਧਿਰਾਂ ਦੀ ਸਹਿਮਤੀ ਨਾਲ ਵੀਹ ਦਿਨਾਂ ਦੀ ਤਾਰੀਖ਼ ਪਾਈ ਗਈ।

ਥਾਣੇਦਾਰ ਨੂੰ ਜਨਮ ਸਰਟੀਫਿਕੇਟ ਅਤੇ ਡਾਕਟਰਾਂ ਨੂੰ ਐਕਸਰੇ ਫਿਲਮਾਂ ਲੈ ਕੇ ਆਉਣ ਦੀ ਹਦਾਇਤ ਕੀਤੀ ਗਈ।

ਜੇ ਜਨਮ ਤਾਰੀਖ ਦੀ ਉੱਘ ਸੁੱਘ ਨਾ ਮਿਲੀ ਤਾਂ ਡਾਕਟਰ ਦੀ ਰਿਪੋਰਟ ਦੇ ਆਧਾਰ ‘ਤੇ ਫੈਸਲਾ ਲਿਆ ਜਾ ਸਕਦਾ ਸੀ।

ਜੱਜ ਦਾ ਇਹ ਵਿਚਾਰ ਸੀ।

 

-71-

 

ਹਸਪਤਾਲੋਂ ਉਹ ਡਾਕਟਰਾਂ ਦੀ ਰਾਏ ਦੇ ਵਿਰੁਧ ਆਏ ਸਨ। ਫੇਰ ਵੀ ਘਰ ਆ ਕੇ ਉਨ੍ਹਾਂ ਨੂੰ ਰਾਹਤ ਮਹਿਸੂਸ ਹੋਣ ਲੱਗੀ।

ਘਰ ਮੁੜਦਿਆਂ ਹੀ ਨੀਲਮ ਦੀ ਹਾਲਤ ਸੁਧਰ ਗਈ। ਚਮਚੇ ਨਾਲ ਦਵਾਈ ਉਸਦੇ ਅੰਦਰ ਜਾਣ ਲੱਗੀ। ਰਿਡਪ ਉਤਰ ਗਈ। ਨੇਹਾ ਨੂੰ ਹੁਣ ਘੜੀ ਮੁੜੀ ਰਿਡਪ ਵੱਲ ਝਾਕਣ ਦੀ ਜ਼ਰੂਰਤ ਨਹੀਂ ਸੀ। ਨੇਹਾ ਨੂੰ ਸੌਖ ਹੋ ਗਈ।

ਰਿਸ਼ਤੇਦਾਰ ਸੁਖਾਲੇ ਹੋ ਗਏ। ਹਸਪਤਾਲ ਅਤੇ ਕੋਠੀ ਵਿਚਕਾਰ ਲਗਦੇ ਚੱਕਰ ਬੰਦ ਹੋ ਗਏ। ਹਸਪਤਾਲ ਰੋਟੀ ਪਹੁੰਚਾਉਣ ਦੀ ਜਹਿਮਤ ਖ਼ਤਮ ਹੋ ਗਈ।

ਵੇਦ ਰਾਮ ਨਾਥ ਅਤੇ ਸੰਗੀਤਾ ਨੂੰ ਘਰ ਭੇਜਣਾ ਚਾਹੁੰਦਾ ਸੀ।

ਪਰ ਕਿਸੇ ਵੀ ਤਰ੍ਹਾਂ ਇਹ ਸਮੱਧਧਿਸਆ ਹੱਲ ਨਹੀਂ ਸੀ ਹੋ ਰਹੀ।

ਗ੍ਰਿਫ਼ਤਾਰੀ ਤੋਂ ਬਾਅਦ ਸਾਰੀ ਅਦਾਲਤੀ ਮਸ਼ੀਨਰੀ ਪੰਕਜ ਹੋਰਾਂ ਦੇ ਹੱਕ ਵਿੱਚ ਭੁਗਤਣ ਲੱਗੀ ਸੀ। ਉਹ ਹਰ ਥਾਂ ਆਪਣੀ ਮਰਜ਼ੀ ਦੇ ਹੁਕਮ ਕਰਾਉਂਦੇ ਜਾ ਰਹੇ ਸਨ।

ਜੇਲ੍ਹ ਜਾਣ ਦੀ ਥਾਂ ਉਹ ਹਸਪਤਾਲ ਦਾਖ਼ਲ ਹੋ ਗਏ ਸਨ। ਏਅਰ ਕੰਡੀਸ਼ਨ ਕਮਰਿਆਂ ਵਿੱਚ ਬੈਠ ਕੇ ਕਾਰੋਬਾਰ ਚਲਾ ਰਹੇ ਸਨ।

ਰਾਮ ਨਾਥ ਇਨ੍ਹਾਂ ਸਹੂਲਤਾਂ ਨੂੰ ਖ਼ਤਮ ਕਰਾਉਣ ਲਈ ਜੂਝ ਰਿਹਾ ਸੀ। ਅਰਜ਼ੀਪੱ ਤਰ ਦਿੰਦਿਆਂ ਉਸਦਾ ਸਾਰਾ ਦਿਨ ਕਚਹਿਰੀ ਲੰਘ ਜਾਂਦਾ ਸੀ।

ਕਿਸੇ ਨਾ ਕਿਸੇ ਤਰ੍ਹਾਂ ਨੇਹਾ ਦਿਨ ਕੱਟ ਲੈਂਦੀ ਸੀ। ਰਾਤ ਪੈਂਦੇ ਹੀ ਉਸਨੂੰ ਡਰ ਲੱਗਣ ਲਗਦਾ ਸੀ। ਕੋਠੀ ਦੀ ਹਰ ਨੁੱਕਰ ਵਿੱਚ ਉਸਨੂੰ ਕਾਲੇ ਕਲੋਟੇ, ਦੈਤਾਂ ਵਰਗੇ ਭਈਏ ਚੀਰ ਹਰਨ ਕਰਨ ਦੀ ਤਿਆਰੀ ਕਰਦੇ ਨਜ਼ਰ ਆਉਂਦੇ ਸਨ। ਕਦੇ ਉਹ ਪ੍ਰਛਾਵੇਂ ਭਈਏ ਬਣ ਜਾਂਦੇ ਅਤੇ ਕਦੇ ਪੰਕਜ ਅਤੇ ਨੀਰਜ। ਕਦੇ ਉਹ ਕਮਲ ਦੇ ਢਿੱਡ ਵਿੱਚ ਛੁਰਾ ਖੋਭਣ ਲਗਦੇ। ਕਦੇ ਨੀਲਮ ਦਾ ਸਿਰ ਤੋੜਨ ਲਗਦੇ।

ਅੱਖ ਲਗਦੇ ਹੀ ਨੇਹਾ ਨੂੰ ਭਿਆਨਕ ਸੁਪਨੇ ਆਉਣ ਲਗਦੇ ਸਨ। ਉਹ ਹੜ ਬੜਾ ਕੇ ਉੱਠ ਖੜ੍ਹਦੀ ਸੀ। ਮੁੜ ਘੰਟਾ ਘੰਟਾ ਉਸਨੂੰ ਡਰ ਲਗਦਾ ਰਹਿੰਦਾ ਸੀ। ਮੁੜ ਉਸ ਦੀ ਅੱਖ ਨਹੀਂ ਸੀ ਲਗਦੀ।

ਉਹ ਸੰਗੀਤਾ ਨਾਲ ਜੱਫ਼ੀ ਪਾ ਕੇ ਸੌਂਦੀ ਸੀ। ਸੰਗੀਤਾ ਸਾਰੀ ਰਾਤ ਸਿਰ ਪਲੋਸ ਪਲੋਸ ਉਸਦਾ ਹੌਂਸਲਾ ਵਧਾਉਂਦੀ ਸੀ।

ਸੰਗੀਤਾ ਦੀ ਥਾਂ ਮਾਇਆ ਨਗਰ ਆਉਣ ਲਈ ਹਾਲੇ ਕੋਈ ਹੋਰ ਔਰਤ ਵਿਹਲੀ ਨਹੀਂ ਸੀ।

ਮਜਬੂਰਨ ਰਾਮ ਨਾਥ ਅਤੇ ਸੰਗੀਤਾ ਮਾਇਆ ਨਗਰ ਟਿਕੇ ਹੋਏ ਸਨ।

ਘਰ ਆਉਣ ਦੀ ਖੁਸ਼ੀ ਕੁੱਝ ਦਿਨਾਂ ਬਾਅਦ ਖੰਭ ਲਾ ਕੇ ਉੱਡਣ ਲੱਗੀ।

ਘਰ ਅਤੇ ਹਸਪਤਾਲ ਦੀ ਸੰਭਾਲ ਦਾ ਜ਼ਮੀਨ ਅਸਮਾਨ ਦਾ ਫ਼ਰਕ ਸੀ।

ਹਫ਼ਤਾ ਠੀਕ ਰਹਿ ਕੇ ਕਦੇ ਨੀਲਮ ਨੂੰ ਬੁਖ਼ਾਰ ਹੋਣ ਲੱਗਾ, ਕਦੇ ਇਨਫੈਕਸ਼ਨ। ਕਦੇ ਕਬਜ਼ ਹੋ ਜਾਂਦੀ, ਕਦੇ ਪਿਸ਼ਾਬ ਰੁਕ ਜਾਂਦਾ।

ਦੇਖਣ ਆਇਆ ਡਾਕਟਰ ਪੰਜ ਸੌ ਲੈ ਜਾਂਦਾ। ਟੈਸਟ ਲਈ ਖ਼ੂਨ ਲੈਣ ਆਇਆ ਕੰਪਾਊਂਡਰ ਤਿੰਨ ਸੌ ਲੈ ਜਾਂਦਾ।

ਨੀਲਮ ਸੰਭਲਦੀ ਤਾਂ ਵੇਦ ਦੀਆਂ ਰਾਡਾਂ ਖਿਸਕ ਜਾਂਦੀਆਂ। ਸਾਰੇ ਸਰੀਰ ਵਿੱਚ ਚੀਸਾਂ ਪੈਣ ਲਗਦੀਆਂ।

ਉਸਨੂੰ ਐਂਬੂਲੈਂਸ ਵਿੱਚ ਪਾ ਕੇ ਹਸਪਤਾਲ ਲਿਜਾਣਾ ਪੈਂਦਾ। ਕਦੇ ਐਕਸਰੇ ਹੁੰਦੇ, ਕਦੇ ਸਕੈਨ।

ਹਿੱਲਜੁਲ ਕਾਰਨ ਹਫ਼ਤੇ ਵਿੱਚ ਜੁੜਨ ਵਾਲੀ ਹੱਡੀ ਪੰਦਰਾਂ ਦਿਨਾਂ ਦੀ ਮੰਗ ਕਰਨ ਲਗਦੀ।

ਡਾਕਟਰ ਰਾਏ ਦਿੰਦੇ। ਮਰੀਜ਼ਾਂ ਨੂੰ ਹਸਪਤਾਲ ਦਾਖ਼ਲ ਕਰਵਾ ਦੇਵੋ।

ਹਸਪਤਾਲ ਉਨ੍ਹਾਂ ਦੇ ਦੁਸ਼ਮਣ ਬੈਠੇ ਸਨ। ਉਨ੍ਹਾਂ ਦੇ ਸਾਹਮਣੇ ਰਹਿਣ ਨਾਲੋਂ ਮਰਨਾ ਚੰਗਾ ਸੀ।

ਭਲੇ ਦਿਨਾਂ ਦੀ ਆਸ ਲਾਈ ਉਹ ਔਖ ਸੌਖ ਕੱਟ ਰਹੇ ਸਨ।

 

-72-

 

ਪਹਿਲਾਂ ਵੇਦ ਅਤੇ ਨੀਲਮ ਨੂੰ ਇੱਕ ਕਮਰੇ ਵਿੱਚ ਪਾਇਆ ਗਿਆ ਸੀ। ਨੀਲਮ ਨੂੰ ਨਾ ਆਪਣੀ ਹੋਸ਼ ਸੀ ਨਾ ਆਲੇ ਦੁਆਲੇ ਦੀ। ਵੇਦ ਦੇ ਹੱਥ ਪੈਰ ਤਾਂ ਕੰਮ ਨਹੀਂ ਸੀ ਕਰਦੇ ਪਰ ਉਸ ਦਾ ਹੋਸ਼ੋ ਹਵਾਸ ਕਾਇਮ ਸੀ। ਨੀਲਮ ਦਾ ਟੱਟੀ ਪਿਸ਼ਾਬ ’ਤੇ ਕੰਟਰੋਲ ਨਹੀਂ ਸੀ। ਵੇਦ ਉਸ ’ਤੇ ਨਜ਼ਰ ਰੱਖਦਾ ਸੀ। ਨੀਲਮ ਨੂੰ ਜਦੋਂ ਟੱਟੀ ਪਿਸ਼ਾਬ ਆਉਂਦਾ ਸੀ ਉਹ ਨੇਹਾ ਜਾਂ ਸੰਗੀਤਾ ਨੂੰ ਆਵਾਜ਼ ਮਾਰ ਦਿੰਦਾ ਸੀ। ਸਮੇਂ ਸਿਰ ਸਫ਼ਾਈ ਹੋ ਜਾਂਦੀ ਸੀ।

ਲੰਬੇ ਸਮੇਂ ਤੋਂ ਮੰਜੇ ’ਤੇ ਪਈ ਹੋਣ ਕਾਰਨ ਉਸਨੂੰ ‘ਬੈੱਡ ਸੋਰ’ ਹੋ ਗਏ ਸਨ। ਡਾਕਟਰਾਂ ਦੀ ਹਦਾਇਤ ਸੀ ਉਸਨੂੰ ਗਿਲੀ ਥਾਂ ਪੈਣ ਤੋਂ ਬਚਾਇਆ ਜਾਵੇ। ਵੇਦ ਦੀ ਨਾਲ ਦੇ ਮੰਜੇ ‘ਤੇ ਹਾਜ਼ਰੀ ਇਸ ਔਖਿਆਈ ਨੂੰ ਹੱਲ ਕਰ ਰਹੀ ਸੀ।

ਵੈਸੇ ਵੀ ਦਵਾਈ ਬੂਟੀ ਦੇਣ ਵਾਲਾ ਦੋਹਾਂ ਮਰੀਜ਼ਾਂ ਦੀ ਇਕੋ ਸਮੇਂ ਦੇਖ ਭਾਲ ਕਰ ਲੈਂਦਾ ਸੀ। ਉਸਦਾ ਬਹੁਤਾ ਸਮਾਂ ਨਸ਼ਟ ਨਹੀਂ ਸੀ ਹੁੰਦਾ।

ਕੁੱਝ ਦਿਨਾਂ ਤੋਂ ਨੀਲਮ ਨੂੰ ਦੂਸਰੇ ਕਮਰੇ ਵਿੱਚ ਪਾ ਦਿੱਤਾ ਗਿਆ ਸੀ। ਪਤਾ ਨਹੀਂ ਕੋਈ ਦਵਾਈ ਰਿਐਕਸ਼ਨ ਕਰ ਗਈ ਸੀ ਜਾਂ ਦਿਮਾਗ਼ ਦੀ ਕਿਸੇ ਨਾੜ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਨੀਲਮ ਨੂੰ ਲਗੇ ਦਸਤ ਬੰਦ ਹੋਣ ਦਾ ਨਾਂ ਨਹੀਂ ਸੀ ਲੈ ਰਹੇ। ਪਿਸ਼ਾਬ ਵੀ ਤੁਪਕਾ ਤੁਪਕਾ ਕਰਕੇ ਆ ਰਿਹਾ ਸੀ।

ਸਫ਼ਾਈ ਵਾਲਾ ਸਫ਼ਾਈ ਕਰਕੇ ਹਟਿਆ ਵੀ ਨਹੀਂ ਸੀ ਹੁੰਦਾ ਕਿ ਨੀਲਮ ਦੇ ਕੱਪੜੇ ਫੇਰ ਲਿਬੜ ਜਾਂਦੇ ਸਨ। ਉਸਦੇ ਅੰਦਰ ਪਤਾ ਨਹੀਂ ਕਿਸ ਕਿਸਮ ਦੀ ਗੰਦਗੀ ਜਮ੍ਹਾਂ ਹੋ ਗਈ ਸੀ। ਉਸਦੀ ਟੱਟੀ ਅਤੇ ਪਿਸ਼ਾਬ ਵਿਚੋਂ ਬਹੁਤ ਭੈੜੀ ਬੂ ਆਉਂਦੀ ਸੀ। ਬੂ ਸਾਰੀ ਕੋਠੀ ਵਿੱਚ ਫੈਲ ਜਾਂਦੀ ਸੀ। ਨੀਲਮ ਦੇ ਕਮਰੇ ਵਿੱਚ ਖੜ੍ਹਨਾ ਤਾਂ ਦੁਭਰ ਸੀ ਹੀ, ਨਾਲ ਦੇ ਕਮਰਿਆਂ ਵਿੱਚ ਬੈਠਣਾ ਵੀ ਮੁਸ਼ਕਲ ਹੋ ਜਾਂਦਾ ਸੀ।

ਇਸੇ ਦਿੱਕਤ ਕਾਰਨ ਨੀਲਮ ਨੂੰ ਦੂਸਰੇ ਕਮਰੇ ਵਿੱਚ ਬਦਲਿਆ ਗਿਆ ਸੀ। ਡਾਕਟਰ ਦਸਤਾਂ ’ਤੇ ਕਾਬੂ ਪਾਉਣ ਲਈ ਸਿਰਤੋੜ ਯਤਨ ਕਰ ਰਿਹਾ ਸੀ। ਹਰ ਰੋਜ਼ ਦਵਾਈ ਬਦਲੀ ਜਾ ਰਹੀ ਸੀ। ਪਰ ਕੋਈ ਵੀ ਦਵਾਈ ਅਸਰ ਨਹੀਂ ਸੀ ਕਰ ਰਹੀ।

ਨੀਲਮ ਉਪਰ ਦਵਾਈਆਂ ਦਾ ਅਸਰ ਨਹੀਂ ਸੀ ਹੋ ਰਿਹਾ। ਪਰ ਉਸਦੇ ਦਸਤਾਂ ਦਾ ਘਰ ਦੇ ਮਾਹੌਲ ’ਤੇ ਅਸਰ ਹੋ ਰਿਹਾ ਸੀ।

ਬਦਬੂ ਨੇ ਪਹਿਲਾਂ ਕਪੜੇ ਧੋਣ ਵਾਲੀ ਭਜਾਈ। ਉਸਦਾ ਕੰਮ ਸਾਧਾਰਨ ਕਪੜੇ ਧੋਣਾ ਸੀ। ਗੰਦ ਵਾਲੇ ਨਹੀਂ।

ਫੇਰ ਵਾਰੀ ਆਈ ਖਾਣਾ ਬਣਾਉਣ ਵਾਲੀ ਪੰਡਤਾਣੀ ਦੀ। ਉਸਦੀ ਸ਼ਿਕਾਇਤ ਸੀ ਕਿ ਉਸਨੂੰ ਆਪਣੇ ਕਪੜਿਆਂ ਦੇ ਨਾਲ ਨਾਲ ਆਪਣੇ ਆਪ ਵਿਚੋਂ ਵੀ ਬੂ ਆਉਣ ਲੱਗੀ ਸੀ। ਸੌਂਦੇ ਜਾਗਦੇ, ਬਾਹਰ ਅੰਦਰ ਹਰ ਥਾਂ ਬੂ ਉਸਦਾ ਪਿੱਛਾ ਕਰਦੀ ਸੀ। ਵੇਦ ਦੀ ਕੋਠੀ ਵੱਲ ਮੂੰਹ ਕਰਦੇ ਹੀ ਉਸਨੂੰ ਉਲਟੀ ਆਉਣ ਵਰਗੀ ਹੋ ਜਾਂਦੀ ਸੀ। ਬੀਬੀ ਦੇ ਦਸਤ ਠੀਕ ਹੁੰਦੇ ਹੀ ਉਹ ਕੰਮ ’ਤੇ ਵਾਪਸ ਮੁੜ ਆਏਗੀ। ਇਹ ਵਿਸ਼ਵਾਸ ਦਿਵਾ ਕੇ ਉਹ ਲੰਬੀ ਛੁੱਟੀ ਲੈ ਗਈ।

ਮੱਲ੍ਹਮ ਪੱਟੀ ਕਰਨ ਆਉਂਦੇ ਕੰਪਾਊਡਰ ਨੇ ਸ਼ਰਤ ਰੱਖ ਦਿੱਤੀ। ਉਸਦੇ ਕਮਰੇ ਵਿੱਚ ਵੜਨ ਤੋਂ ਪਹਿਲਾਂ ਮਰੀਜ਼ ਦਾ ਬਿਸਤਰਾ, ਕਪੜੇ ਅਤੇ ਸਰੀਰ ਸਾਫ਼ ਹੋਣਾ ਚਾਹੀਦਾ ਸੀ।

ਨਾ ਉਹ ਬੂ ਵਾਲੇ ਕਮਰੇ ਵਿੱਚ ਵੜੇਗਾ, ਨਾ ਗੰਦ ਨਾਲ ਲਿਬੜੇ ਸਰੀਰ ’ਤੇ ਪੱਟੀ ਕਰੇਗਾ।

ਜਮਾਦਾਰਨੀ ਆਪਣੀ ਵਫ਼ਾਦਾਰੀ ਨਿਭਾਅ ਜ਼ਰੂਰ ਰਹੀ ਸੀ, ਪਰ ਉਸਨੇ ਵੀ ਆਪਣੀ ਡਿਊਟੀ ਸਵੇਰੇ ਸ਼ਾਮ ਤਕ ਸੀਮਤ ਕਰ ਦਿੱਤੀ ਸੀ। ਬਾਕੀ ਸਮੇਂ ਲਈ ਦੁਗਣੀ ਤਿੱਗਣੀ ਤਨਖ਼ਾਹ ਤੇ ਕਈ ਜਮਾਦਾਰਨੀਆਂ ਦਾ ਪ੍ਰਬੰਧ ਕੀਤਾ ਗਿਆ। ਪਰ ਕਮਰੇ ਵਿੱਚ ਵੜਦਿਆਂ ਹੀ ਉਹਨਾਂ ਨੂੰ ਸੱਪ ਸੁੰਘ ਜਾਂਦਾ। ਬਿਨਾਂ ਦਿਹਾੜੀ ਲਿਆਂ ਉਹ ਕੰਮ ਛੱਡ ਕੇ ਭੱਜ ਜਾਂਦੀਆਂ।

ਨਤੀਜੇ ਵਜੋਂ ਬਹੁਤਾ ਸਮਾਂ ਨੀਲਮ ਗੰਦਗੀ ਵਿੱਚ ਪਈ ਰਹਿੰਦੀ ਸੀ।

ਕਦੇ ਕਦੇ ਮਨ ਕਰੜਾ ਕਰਕੇ ਸੰਗੀਤਾ ਕਮਰੇ ਵਿੱਚ ਵੜਦੀ ਸੀ।

ਬਹੁਤੀ ਵਾਰ ਨੇਹਾ ਨੂੰ ਹਿੰਮਤ ਬਟੋਰਨੀ ਪੈਂਦੀ ਸੀ। ਮੂੰਹ ਸਿਰ ਬੰਨ੍ਹ ਕੇ ਅਤੇ ਹੱਥਾਂ ‘ਤੇ ਦਸਤਾਨੇ ਚੜ੍ਹਾ ਕੇ ਨਾਲੇ ਉਹ ਹੁਬਕੀਂ ਹੁਬਕੀਂ ਰੋਂਦੀ ਰਹਿੰਦੀ, ਨਾਲੇ ਮਾਂ ਦੀ ਸਫ਼ਾਈ ਕਰਦੀ ਰਹਿੰਦੀ।

ਹੱਡੀਆਂ ਦੀ ਮੁੱਠ ਬਣੀ ਅਤੇ ਗੰਦਗੀ ਦੇ ਢੇਰ ਵਿੱਚ ਪਈ ਨੀਲਮ ਨੂੰ ਦੇਖ ਕੇ ਨੇਹਾ ਨੂੰ ਯਕੀਨ ਨਹੀਂ ਸੀ ਆਉਂਦਾ ਕਿ ਕੀ ਸੱਚਮੁੱਚ ਇਹ ਉਸਦੀ ਮਾਂ ਸੀ। ਨੀਲਮ ਤਾਂ ਹਰ ਸਮੇਂ ਬਣ ਠਣ ਕੇ ਰਹਿੰਦੀ ਸੀ। ਇਤਰ ਫਰੇਲ ਲਾਉਣਾ ਉਸਦਾ ਸ਼ੌਂਕ ਸੀ।

ਨੀਲਮ ਦੀਆਂ ਮਹਿੰਗੀਆਂ ਮਹਿੰਗੀਆਂ ਸਾੜ੍ਹੀਆਂ, ਨਵੇਂ ਫੈਸ਼ਨ ਦੇ ਸੂਟ, ਨਾਈਟੀਆਂ ਅਤੇ ਗਾਉਣ ਕਿਸੇ ਕੰਮ ਨਹੀਂ ਸਨ ਆ ਰਹੇ।

ਪਹਿਲਾਂ ਉਸ ਨੂੰ ਕਮੀਜ਼ ਸਲਵਾਰ ਪਹਿਣਾਇਆ ਜਾਂਦਾ ਸੀ। ਜਦੋਂ ਬੈਡ ਸੋਰ ਹੋਏ ਤਾਂ ਕੁੜਤੇ ਦੀ ਥਾਂ ਬਨੈਣ ਅਤੇ ਸਲਵਾਰ ਦੀ ਥਾਂ ਕਾਟਨ ਦੇ ਅੰਦਰ ਵੀਅਰ ਨੇ ਲੈ ਲਈ।

ਮਾਇਆ ਨਗਰ ਆ ਕੇ ਵੀ ਨੀਲਮ ਨੇ ਆਪਣਾ ਪਿਛੋਕੜ ਨਹੀਂ ਸੀ ਛੱਡਿਆ। ਨਾ ਕਦੇ ਉਸਨੇ ਜੀਨ ਪਾਈ ਸੀ ਨਾ ਟੀ ਸ਼ਰਟ। ਨੀਲਮ ਨੂੰ ਅੰਗ ਪ੍ਰਦਰਸ਼ਨ ਤੋਂ ਚਿੜ ਸੀ। ਉਹ ਨੇਹਾ ਨੂੰ ਵੀ ਸਰਕਟ ਅਤੇ ‘ਸ਼ਾਰਟ’ ਪਹਿਨਣ ਤੋਂ ਰੋਕਦੀ ਸੀ। ਉਹ ਕਹਿੰਦੀ ਹੁੰਦੀ ਸੀ ਪਰਦਾ ਹੀ ਔਰਤ ਦਾ ਗਹਿਣਾ ਹੈ।

ਬਿਮਾਰੀ ਨੇ ਉਸਦੇ ਸਾਰੇ ਸ਼ੌਕ ਕਿੱਲੀ ’ਤੇ ਟੰਗਵਾ ਦਿੱਤੇ ਸਨ।

ਲੱਖ ਯਤਨ ਕਰਨ ਦੇ ਬਾਵਜੂਦ ਵੀ ਕਪੜੇ ਗਿੱਲੇ ਹੋ ਜਾਂਦੇ। ਗਿੱਲੇ ਕਪੜਿਆਂ ਕਾਰਨ ਪਹਿਲੇ ਬੈਡ ਸੋਰ ਗਹਿਰੇ ਹੋ ਗਏ। ਨਵੇਂ ਬੈਡ ਸੋਰ ਬਣਨ ਲੱਗੇ। ਤਨ ’ਤੇ ਪਾਏ ਕਪੜੇ ਬੈਡ ਸੋਰਾਂ ਨੂੰ ਨੁਕਸਾਨ ਪਹੁੰਚਾ ਰਹੇ ਸਨ। ਡਾਕਟਰ ਨੇ ਹਦਾਇਤ ਕੀਤੀ। ਨੀਲਮ ਨੂੰ ਇੱਕ ਚਾਦਰ ਨਾਲ ਢੱਕ ਕੇ ਰੱਖਿਆ ਜਾਵੇ। ਕਦੇ ਚਾਦਰ ਖਿਸਕ ਜਾਂਦੀ ਤਾਂ ਉਹ ਅਲਫ਼ ਨੰਗੀ ਹੋ ਜਾਂਦੀ।

ਉਂਝ ਹੁਣ ਉਸਦੇ ਨੰਗੇ ਜਾਂ ਕੱਜੇ ਸਰੀਰ ਵਿੱਚ ਬਹੁਤਾ ਅੰਤਰ ਨਹੀਂ ਸੀ। ਉਸਦੇ ਸਰੀਰ ਦਾ ਮਾਸ ਲਟਕ ਗਿਆ ਸੀ। ਛਾਤੀਆਂ ਮਾਸ ਦੇ ਲੁਥੜੇ ਬਣ ਗਈਆਂ ਸਨ। ਡੌਲੇ ਅਤੇ ਪੱਟ ਪੱਟੀਆਂ ਦੇ ਨਿਸ਼ਾਨਾਂ ਕਾਰਨ ਭੱਦੇ ਹੋਏ ਪਏ ਸਨ। ਅੱਖਾਂ ਉਪਰ ਕਾਲਖ਼ ਛਾ ਗਈ ਸੀ। ਛਾਈਆਂ ਕਾਰਨ ਚਿਹਰਾ ਡੱਬਖੜੱਬਾ ਹੋ ਗਿਆ ਸੀ। ਬਿਖਰੇ ਵਾਲਾਂ ਵਾਲੀ ਇਹ ਜ਼ਿੰਦਾ ਲਾਸ਼ ਕੋਈ ਭੂਤਨੀ ਲਗਦੀ ਸੀ। ਦੇਖਣ ਵਾਲਾ ਉਸਦੇ ਨੰਗੇ ਸਰੀਰ ਵਿਚੋਂ ਕਾਮਵਾਸਨਾ ਦੀ ਪੂਰਤੀ ਨਹੀਂ ਸੀ ਕਰ ਸਕਦਾ।

ਛੋਟੇ ਵੱਡੇ ਜੀਜਿਆਂ, ਦਿਓਰਾਂ ਜੇਠਾਂ ਅਤੇ ਮੁਸ਼ਕੀ ਆਂਢੀ ਗੁਆਂਢੀਆਂ ਦੀ ਚਹੇਤੀ ਨੀਲਮ ਹੁਣ ਕਿਸੇ ਨੂੰ ਚੰਗੀ ਨਹੀਂ ਸੀ ਲਗਦੀ। ਉਸਦੀ ਛੋਹ ਨੂੰ ਤਰਸਨ ਵਾਲੇ, ਉਸ ਦੀ ਮੁਸਕਾਨ ਨੂੰ ਮਾਨਣ ਵਾਲੇ ਆਸ਼ਕਾਨਾ ਰਿਸ਼ਤੇਦਾਰ ਫ਼ੋਨ ’ਤੇ ਹਾਲ ਚਾਲ ਪੁੱਛ ਕੇ ਸਾਰ ਲਿਆ ਕਰਦੇ ਸਨ ਜਾਂ ਫੇਰ ਇੱਕ ਵਾਰ ਕਮਰੇ ਵਿੱਚ ਵੜਕੇ, ਓਪਰੀ ਜਿਹੀ ਨਜ਼ਰ ਮਾਰ ਕੇ ਬਾਹਰ ਨੂੰ ਭੱਜ ਪੈਂਦੇ ਸਨ।

ਡਾਕਟਰ ਆਖ ਰਹੇ ਸਨ ਨੀਲਮ ਦੀ ਹਾਲਤ ਸੁਧਰ ਰਹੀ ਸੀ। ਪਰ ਨੇਹਾ ਨੂੰ ਕੋਈ ਸੁਧਾਰ ਨਜ਼ਰ ਨਹੀਂ ਸੀ ਆਉਂਦਾ। ਨਾ ਨੀਲਮ ਦਾ ਕਦੇ ਕੋਈ ਅੰਗ ਹਿਲਿਆ ਸੀ ਨਾ ਉਸਨੇ ਕਦੇ ਅੱਖ ਪੁੱਟੀ ਸੀ। ਨਾ ਕਦੇ ਭੁੱਖ ਜਿਤਾਈ ਸੀ ਨਾ ਪਿਆਸ ਦਾ ਇਜ਼ਹਾਰ ਕੀਤਾ ਸੀ। ਨੇਹਾ ਨੂੰ ਜਾਪਦਾ ਸੀ ਉਸਦੀ ਚੇਤਨਾ ਨੂੰ ਕੰਟਰੋਲ ਕਰਨ ਵਾਲਾ ਉਸਦੇ ਦਿਮਾਗ਼ ਦਾ ਹਿੱਸਾ ਮਰ ਚੁੱਕਾ ਸੀ। ਅਜਿਹੀਆਂ ਅਨੇਕਾਂ ਜ਼ਿੰਦਾ ਲਾਸ਼ਾਂ ਘਰਾਂ ਵਿੱਚ ਰੁਲਦੀਆਂ ਉਸਨੇ ਦੇਖੀਆਂ ਸਨ। ਇਹ ਦਿਮਾਗ਼ ਦੀ ਸੱਟ ਸੀ। ਠੀਕ ਹੋ ਕੇ ਵੀ ਕਿਸੇ ਅੰਗ ਦਾ ਨੁਕਸਾਨ ਕਰ ਸਕਦੀ ਸੀ। ਯਾਦਦਾਸ਼ਤ ਜਾ ਸਕਦੀ ਸੀ। ਕੋਈ ਨੁਕਸਾਨ ਹੋ ਗਿਆ ਤਾਂ ਨੀਲਮ ਦਾ ਕੀ ਬਣੇਗਾ? ਉਹ ਕਿਸ ਦੇ ਸਹਾਰੇ ਦਿਨ ਕੱਧਟੇਗੀ?

ਨੀਲਮ ਦੀ ਤਰਸਯੋਗ ਹਾਲਤ ਦੇਖ ਕੇ ਕਦੇ ਕਦੇ ਨੇਹਾ ਦੀ ਸੋਚ ਟਪਲਾ ਖਾਣ ਲਗਦੀ ਸੀ। ਇਸ ਤੋਂ ਚੰਗਾ ਸੀ ਉਹ ਸਦਾ ਲਈ ਅੱਖਾਂ ਮੀਟ ਜਾਵੇ।

ਹੁਣ ਲਗਦਾ ਸੀ ਨੀਲਮ ਸਦਾ ਲਈ ਅੱਖਾਂ ਮੀਚਣ ਦੀ ਤਿਆਰੀ ਕਰ ਰਹੀ ਸੀ।

ਜੇ ਦਸਤ ਇੱਕ ਦੋ ਦਿਨ ਹੋਰ ਚਲਦੇ ਰਹੇ ਤਾਂ ਉਸ ਅੰਦਰੋਂ ਪਾਣੀ ਮੁੱਕ ਜਾਣਾ ਸੀ। ਪਾਣੀ ਮੁੱਕਣ ਦੇ ਨਾਲ ਹੀ ਪ੍ਰਾਣਾਂ ਦਾ ਹਿਸਾਬ ਕਿਤਾਬ ਮੁੱਕ ਜਾਣਾ ਸੀ।

ਪਰ ਤਿਣਕਾ ਤਿਣਕਾ ਕਰਕੇ ਮੁੱਕ ਰਹੀ ਮਾਂ ਨੂੰ ਦੇਖਦੇ ਰਹਿਣ ਤੋਂ ਸਿਵਾ ਨੇਹਾ ਕੁੱਝ ਕਰ ਵੀ ਤਾਂ ਨਹੀਂ ਸੀ ਸਕਦੀ।

 

-73-

 

ਜਦੋਂ ਮਾਇਆ ਨਗਰ ਦੇ ਐਲੋਪੈਥੀ ਦੇ ਡਾਕਟਰ ਹੰਭ ਗਏ ਤਾਂ ਰਾਮ ਨਾਥ ਆਪਣੇ ਸ਼ਹਿਰ ਵੱਲ ਦੌੜਿਆ। ਹੋਮੋਪੈਥੀ ਦੇ ਡਾਕਟਰ ਮੰਗਲਾ ਦੀ ਪਹਿਲੀ ਦਵਾਈ ਨੇ ਤਾਂ ਨੀਲਮ ‘ਤੇ ਅਸਰ ਨਹੀਂ ਸੀ ਕੀਤਾ। ਸ਼ਾਇਦ ਉਹ ਦਸਤਾਂ ’ਤੇ ਕਾਬੂ ਪਾ ਲਏ।

ਲੱਗੇ ਦੋਸਤਾਂ ਦਾ ਜ਼ਿਕਰ ਸੁਣ ਕੇ ਡਾਕਟਰ ਮੰਗਲਾ ਨੂੰ ਖੁਸ਼ੀ ਚੜ੍ਹ ਗਈ। ਉਸਨੇ ਰਾਮ ਨਾਥ ਨੂੰ ਮੁਬਾਰਕਾਂ ਦਿੱਤੀਆਂ। ਦਸਤ ਤਾਂ ਦਵਾਈ ਦੇ ਅਸਰ ਹੋਣ ਦੀ ਨਿਸ਼ਾਨੀ ਸੀ। ਦਵਾਈ ਨੀਲਮ ਦੇ ਅੰਦਰੋਂ ਗੰਦ ਕੱਢ ਰਹੀ ਸੀ। ਦੋ ਤਿੰਨ ਦਿਨਾਂ ਬਾਅਦ ਦਸਤਾਂ ਨੇ ਆਪੇ ਬੰਦ ਹੋ ਜਾਣਾ ਸੀ। ਫੇਰ ਨੀਲਮ ਨੇ ਠੀਕ ਹੋਣ ਲੱਗਣਾ ਸੀ।

ਇੰਝ ਹੀ ਹੋਇਆ। ਪੌਣੇ ਦੋ ਮਹੀਨੇ ਕੌਮਾ ਵਿੱਚ ਰਹਿ ਕੇ ਉਸਨੇ ਪਹਿਲੀ ਵਾਰ ਅੱਖ ਪੁੱਟੀ। ਫੇਰ ਲੱਤਾਂ ਬਾਹਾਂ ਹਿਲਾਉਣੀਆਂ ਸ਼ੁਰੂ ਕੀਤੀਆਂ। ਚੂੰਢੀ ਵੱਢਣ ’ਤੇ ਦਰਦ ਮਹਿਸੂਸ ਕਰਨ ਲੱਗੀ। ਨਾਂ ਲੈ ਕੇ ਹਾਕ ਮਾਰਨ ’ਤੇ ਉਸਦੇ ਚਿਹਰੇ ਦੇ ਹਾਵ ਭਾਵ ਬਦਲਣ ਲਗਦੇ।

ਡਾਕਟਰ ਮੰਗਲਾ ਨੇ ਭਰੋਸਾ ਦਿਵਾਇਆ। ਸਿਹਤ ਵਿੱਚ ਹੋਰ ਸੁਧਾਰ ਹੋਏਗਾ। ਜਲਦੀ ਹੀ ਉਹ ਉਠਣ ਬੈਠਣ ਲੱਗੇਗੀ। ਗੱਲਬਾਤ ਸਮਝਣ ਅਤੇ ਸਮਝਾਉਣ ਲੱਗੇਗੀ।

ਡਾਕਟਰ ਅਤੇ ਸਾਕ ਸੰਬੰਧੀ ਨੀਲਮ ਦੀ ਸਿਹਤ ਵਿੱਚ ਹੋ ਰਹੇ ਸੁਧਾਰ ’ਤੇ ਖੁਸ਼ ਸਨ।

ਪਰ ਨੇਹਾ ਨੂੰ ਕੋਈ ਖ਼ੁਸ਼ੀ ਨਹੀਂ ਸੀ ਹੋ ਰਹੀ।

ਸਿਰ ਵਿੱਚ ਰਾਡ ਵੱਜਦਿਆਂ ਹੀ ਨੀਲਮ ਗੂੜ੍ਹੀ ਨੀਂਦ ਸੌਂ ਗਈ ਸੀ। ਉਸਨੂੰ ਕੀ ਪਤਾ ਸੀ ਉਸਦਾ ਵੱਸਦਾ ਰੱਸਦਾ ਘਰ ਕਬਰਸਤਾਨ ਵਿੱਚ ਬਦਲ ਚੁੱਕਾ ਸੀ। ਉਸਨੂੰ ਕੀ ਪਤਾ ਸੀ ਉਸਦਾ ਛੇ ਫੁੱਟ ਦੋ ਇੰਚ ਲੰਬਾ, ਛੈਲ ਛਬੀਲਾ ਪੁੱਤ ਹੁਣ ਆਪਣੇ ‘ਰੋਇਲਇਨ ਫੀਲਡ’ ਮੋਟਰ ਸਾਈਕਲ ਉਪਰ ਬੈਠ ਕੇ ਗਲੀਆਂ ਵਿੱਚ ਗੇੜੇ ਨਹੀਂ ਦਿੰਦਾ। ਨਾ ਕਮਲ ਦੇ ਦੋਸਤ ਵਹੀਰਾਂ ਘੱਤ ਕੇ ਹੁਣ ਉਨ੍ਹਾਂ ਦੀ ਰਸੋਈ ਵਿੱਚ ਘੁਸਦੇ ਸਨ। ਨਾ ਹੁਣ ਛੱਤ ’ਤੇ ਵਰਜ਼ਸ਼ ਹੁੰਦੀ ਸੀ। ਨਾ ਕਮਲ ਦੇ ਕਮਰੇ ਵਿੱਚ ਸਾਰੀ ਰਾਤ ਟੇਬਲ ਲੈਂਪ ਜਲਦਾ ਸੀ। ਹੁਣ ਨੀਲਮ ਨੂੰ ਰਾਤ ਨੂੰ ਵਾਰ ਵਾਰ ਉੱਠ ਕੇ ਉਸਨੂੰ ਪੜ੍ਹਾਈ ਬੰਦ ਕਰਕੇ ਸੌਣ ਦੀ ਹਦਾਇਤ ਕਰਨ ਲਈ ਤੰਗ ਹੋਣ ਦੀ ਜ਼ਰੂਰਤ ਨਹੀਂ ਸੀ।

ਉਸ ਵਿਚਾਰੀ ਨੂੰ ਕੀ ਪਤਾ ਸੀ ਕਿ ਉਸਦਾ ਪਤੀ ਹੁਣ ਸਾਰਾ ਸਾਰਾ ਦਿਨ ਘਰੋਂ ਬਾਹਰ ਰਹਿਣ ਦੀ ਸ਼ਿਕਾਇਤ ਨਹੀਂ ਸੀ ਹੋਣ ਦਿੰਦਾ। ਉਹ ਹੁਣ ਸਾਰਾ ਦਿਨ ਘਰ ਰਹਿੰਦਾ ਸੀ। ਨਾ ਹੁਣ ਉਹ ਦੋਸਤਾਂ ਵਿੱਚ ਬੈਠ ਕੇ ਸ਼ਰਾਬ ਪੀਂਦਾ ਸੀ, ਨਾ ਘਰ ਮੀਟ ਮੱਛੀ ਲਿਆਉਂਦਾ ਸੀ। ਉਹ ਹੁਣ ਸਾਰਾ ਦਿਨ ਉਸਦੇ ਮੰਜੇ ਨਾਲ ਮੰਜਾ ਡਾਹੀ, ਭੀਸ਼ਮ ਪਿਤਾਮਾ ਵਾਂਗ ਪਲੱਸਤਰ ਨਾਲ ਬੰਨ੍ਹਿਆ ਉਸਦੇ ਚਿਹਰੇ ਵੱਲ ਤੱਕਦਾ ਰਹਿੰਦਾ ਸੀ।

ਨੀਲਮ ਨੂੰ ਤਾਂ ਇਹ ਵੀ ਨਹੀਂ ਸੀ ਪਤਾ ਕਿ ‘ਫੈਸ਼ਨ ਪਿੱਟੀ’ ਅਖਵਾਉਣ ਵਾਲੀ ਉਹ ਖ਼ੁਦ ਹੁਣ ਗੰਦਗੀ ਦਾ ਢੇਰ ਬਣੀ ਪਈ ਸੀ। ਨਾ ਉਹ ਹੁਣ ਆਥਣ ਉੱਗਣ ਸੂਟ ਸਾੜ੍ਹੀਆਂ ਬਦਲਦੀ ਸੀ, ਨਾ ਘੰਟੇ ਘੰਟੇ ਬਾਅਦ ਮੇਕ ਅੱਪ ਕਰਦੀ ਸੀ। ਬੈਡ ਸੋਰਾਂ ਨੇ ਉਸਦਾ ਸਰੀਰ ਕੋਹੜੀਆਂ ਵਰਗਾ ਬਣਾ ਦਿੱਤਾ ਸੀ।

ਨੀਲਮ ਬਿਮਾਰ ਸੀ। ਉਸਦੀ ਪਹਿਚਾਣ ਮਿਟਣੀ ਸੁਭਾਵਕ ਸੀ।

ਹੁਣ ਤਾਂ ਰਿਸ਼ਟ ਪੁਸ਼ਟ ਨੇਹਾ ਦੀ ਪਹਿਚਾਣ ਮਿਟੀ ਪਈ ਸੀ। ਗੁਲਾਬ ਵਾਂਗ ਟਹਿਕਣ ਅਤੇ ਮਹਿਕਣ ਵਾਲੀ ਨੇਹਾ ਕੰਡਿਆਲੀ ਥੋਰ੍ਹ ਬਣੀ ਹੋਈ ਸੀ।

ਭੂਤਨੀ ਬਣੀ ਨੇਹਾ ਨੂੰ ਹੁਣ ਨੀਂਦੋਂ ਜਾਗੀ ਆਪਣੀ ਮਾਂ ਨੂੰ ਆਪਣੀ ਹੀ ਜਾਣ ਪਹਿਚਾਣ ਦੇਣੀ ਪੈਣੀ ਸੀ।

ਨੇਹਾ ਨਹੀਂ ਸੀ ਚਾਹੁੰਦੀ ਉਸਦੀ ਮਾਂ ਦੀ ਯਾਦਦਾਸ਼ਤ ਵਾਪਸ ਆਵੇ। ਉਹ ਚਾਹੁੰਦੀ ਸੀ ਉਹ ਦੁੱਖਾਂ ਦੀ ਵਿਆਖਿਆ ਸੁਣੇ ਬਿਨਾਂ ਹੀ ਜਹਾਨੋਂ ਤੁਰ ਜਾਵੇ।

ਇਹੋ ਜਿਹੇ ਵਿਚਾਰ ਉਸਦੇ ਮਨ ਵਿੱਚ ਉਸ ਸਮੇਂ ਉੱਠਦੇ ਸਨ, ਜਦੋਂ ਉਹ ਆਪਣੀ ਨਰਕ ਬਣੀ ਜ਼ਿੰਦਗੀ ਤੇ ਪਿੱਛਲ ਝਾਤ ਮਾਰਦੀ ਸੀ।

ਇੱਜ਼ਤ ਦੇ ਨਾਲ ਨਾਲ ਸਭ ਕੁੱਝ ਗਵਾ ਚੁੱਕੀ ਨੇਹਾ ਨੇ ਖ਼ੁਦ ਕਈ ਵਾਰ ਮੌਤ ਚਾਹੀ ਸੀ। ਪਰ ਮੌਤ ਵੀ ਮੰਗਿਆਂ ਨਹੀਂ ਸੀ ਮਿਲ ਰਹੀ। ਹਰ ਵਾਰ ਲਾਚਾਰ ਮਾਂ ਬਾਪ ਦੀ ਹਾਲਤ ਅਤੇ ਕਮਲ ਦੇ ਕਾਤਲਾਂ ਨੂੰ ਫਾਹੇ ਲਗਵਾਉਣ ਦੀ ਪੁਕਾਰ ਉਸਦੇ ਆੜੇ ਆ ਜਾਂਦੀ ਸੀ।

ਇਹ ਜਿਊਣਾ ਵੀ ਕੋਈ ਜਿਊਣਾ ਸੀ! ਉਹ ਦਿਨ ਵਿੱਚ ਕਈ ਕਈ ਵਾਰ ਮਰਦੀ ਸੀ।

ਬਲਾਤਕਾਰੀ ਨੇ ਨੇਹਾ ਦੇ ਅੰਗਾਂ ਨੂੰ ਆਰੇ ਵਾਂਗ ਚੀਰਿਆ ਸੀ। ਅੱਜ ਤਕ ਨਾ ਆਰਾ ਚੱਲਣੋਂ ਹੱਧਟਿਆ ਸੀ, ਨਾ ਉਨ੍ਹਾਂ ਦੀ ਬੂ ਨੇ ਉਸਦਾ ਖਹਿੜਾ ਛੱਡਿਆ ਸੀ। ਇਹ ਉਸਦੀ ਪਹਿਲੀ ਮੌਤ ਸੀ।

ਪੂਰੇ ਵੀਹ ਦਿਨ, ਫ਼ਿਲਮਾਂ ਵਿੱਚ ਹੁੰਦੇ ਬਲਾਤਕਾਰਾਂ ਦੇ ਸੀਨ, ਉਸ ਦੀਆਂ ਅੱਖਾਂ ਅੱਗੇ ਨੱਚਦੇ ਰਹੇ ਸਨ। ਅਜਿਹੇ ਹਾਦਸਿਆਂ ਬਾਅਦ ਫ਼ਿਲਮੀ ਨਾਇਕਾਵਾਂ ਅਕਸਰ ਮਾਂ ਬਣ ਜਾਂਦੀਆਂ ਸਨ। ਕਿਧਰੇ ਉਹ ਵੀ ਮਾਂ ਤਾਂ ਨਹੀਂ ਬਣ ਗਈ? ਇਹ ਵਿਚਾਰ ਮਨ ਵਿੱਚ ਆਉਂਦੇ ਹੀ ਉਸ ਦੀ ਰੂਹ ਧੁਰ ਅੰਦਰ ਤਕ ਕੰਬ ਜਾਂਦੀ ਸੀ। ਉਸ ਸਮੇਂ ਨੇਹਾ ਨੂੰ ਆਪਣੀ ਮਾਂ ਦੀ ਯਾਦ ਸਭ ਤੋਂ ਵੱਧ ਸਤਾਉਂਦੀ ਸੀ। ਜੇ ਨੀਲਮ ਠੀਕ ਹੁੰਦੀ ਨੇਹਾ ਨੂੰ ਇੰਨੀ ਚਿੰਤਾ ਨਾ ਹੁੰਦੀ। ਮਾਵਾਂ ਧੀਆਂ ਇਹੋ ਜਿਹੀਆਂ ਗੱਲਾਂ ਕਰ ਲਿਆ ਕਰਦੀਆਂ ਸਨ। ਹੁਣ ਉਹ ਦਿਲ ਦੀ ਘੁੰਡੀ ਖੋਲ੍ਹੇ ਤਾਂ ਕਿਸ ਕੋਲ? ਮਾਮੀ ਕੋਲ? ਸਹੇਲੀ ਕੋਲ? ਜਾਂ ਕਿਸੇ ਟੀਚਰ ਕੋਲ? ਸਭ ਨੇ ਮੂੰਹ ’ਤੇ ਹਮਦਰਦੀ ਜਿਤਾਉਣੀ ਸੀ। ਪਿਛੋਂ ਢੋਲ ਪਿੱਟਣਾ ਸੀ। ਸ਼ੁਕਰ ਕਰਕੇ ਨੇਹਾ ਨੇ ਉਹ ਦਿਨ ਲਿਆ, ਜਦੋਂ ਉਸਨੂੰ ਇਸ ਕਲੰਕ ਤੋਂ ਬਚ ਰਹਿਣ ਦਾ ਇਸ਼ਾਰਾ ਮਿਲਿਆ।

ਨੇਹਾ ਦਾ ਮਾਮਾ ਵਕੀਲ ਸੀ। ਪਰਚਾ ਦਰਜ ਕਰਾਉਂਦੇ ਸਮੇਂ ਉਸਨੇ ਨੇਹਾ ਨਾਲ ਹੋਏ ਬਲਾਤਕਾਰ ਦੀ ਗੱਲ ਛੁਪਾ ਲਈ ਸੀ। ਡਾਕਟਰ ਦਾ ਮੂੰਹ ਬੰਨ੍ਹ ਦਿੱਤਾ ਸੀ। ਪਰ ਲੋਕਾਂ ਨੇ ਪਤਾ ਨਹੀਂ ਕਿਥੋਂ ਸੂਹ ਕੱਢ ਲਈ ਸੀ। ਥਾਂ ਥਾਂ ਉਸਦੀ ਚਰਚਾ ਹੋ ਰਹੀ ਸੀ।

ਨੇਹਾ ਨੂੰ ਕੁਲਟਾ ਆਖਿਆ ਜਾ ਰਿਹਾ ਸੀ। ਇਹ ਉਸਦੀ ਦੂਸਰੀ ਮੌਤ ਸੀ।

ਉਮਰ ਭਰ ਸਾਥ ਨਿਭਾਉਣ ਦਾ ਵਾਅਦਾ ਕਰਨ ਵਾਲੇ ਸਾਗਰ ਨੂੰ ਵੀ ਨੇਹਾ ਦੇ ਸਰੀਰ ਵਿਚੋਂ ਭਈਏ ਦੀ ਬੂ ਆਉਣ ਲੱਗੀ ਸੀ। ਘੁੱਟ ਕੇ ਹੱਥ ਫੜਨ ਦੀ ਗੱਲ ਦੂਰ ਰਹੀ, ਉਹ ਇੱਕ ਵਾਰ ਅਫ਼ਸੋਸ ਪਰਗਟ ਕਰਨ ਵੀ ਨਹੀਂ ਸੀ ਆਇਆ। ਇਹ ਉਸਦੀ ਤੀਸਰੀ ਮੌਤ ਸੀ।

ਕਿੰਨੀਆਂ ਕੁ ਮੌਤਾਂ ਦੀ ਖ਼ਬਰ ਨੇਹਾ ਆਪਣੀ ਮਾਂ ਨੂੰ ਸੁਣਾਏਗੀ?

ਚੰਗਾ ਸੀ ਵਾਰ ਵਾਰ ਮਰਨ ਨਾਲੋਂ ਉਹ ਇਕੋ ਵਾਰ ਮਰ ਜਾਵੇ।

 

-74-

 

ਰਾਮ ਨਾਥ ਬਹੁਤ ਸਮਾਂ ਘਰੋਂ ਬਾਹਰ ਰਹਿੰਦਾ ਸੀ।

ਇੱਕ ਇੱਕ ਕਰਕੇ ਸਾਰੇ ਨੌਕਰ ਖਿਸਕ ਗਏ ਸਨ। ਸੰਗੀਤਾ ਨੂੰ ਉਪਰਲੇ ਕੰਮਾਂ ਤੋਂ ਵਿਹਲ ਨਹੀਂ ਸੀ ਮਿਲਦੀ।

ਨੇਹਾ ਮਰੀਜ਼ਾਂ ਦੇ ਸਿਰਹਾਣੇ ਬੈਠ ਕੇ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਦੀ ਸੀ।

ਇਨ੍ਹੀ ਦਿਨੀਂ ਦੀਪ ਨਗਰ ਮੁਹੱਲੇ ਵਿੱਚ ਆਮ ਚਰਚਾ ਸੀ। ਪੰਕਜ ਅਤੇ ਨੀਰਜ ਨੇ ਆਪਣੇ ਬੇਕਸੂਰ ਹੋਣ ਬਾਰੇ ਪੁਲਿਸ ਨੂੰ ਜੋ ਦਰਖ਼ਾਸਤ ਦਿੱਤੀ ਸੀ, ਉਹ ਮਨਜ਼ੂਰ ਹੋਣ ਵਾਲੀ ਸੀ।

ਇਸ ਚਰਚਾ ਨੇ ਨੇਹਾ ਅੰਦਰ ਮਾਤਾ ਜੀ ਦੇ ਆਸ਼ੀਰਵਾਦ ਨਾਲ ਪੁੰਗਰੇ ਆਤਮਵਿਸ਼ਵਾਸ ਦੇ ਬੀਜ ਨੂੰ ਮੁੜ ਸੋਕਾ ਲਾ ਦਿੱਤਾ। ਧਿਆਨ ਵਿੱਚ ਉਸਦਾ ਮਨ ਨਹੀਂ ਸੀ ਲਗਦਾ।

ਮਰੀਜ਼ਾਂ ਦੇ ਸਿਰਹਾਣੇ ਬੈਠੀ ਨੇਹਾ ਨੂੰ ਭੈੜੇ ਭੈੜੇ ਖ਼ਿਆਲ ਆਉਣ ਲਗਦੇ ਸਨ।

ਕਦੇ ਉਸ ਦੀਆਂ ਅੱਖਾਂ ਅੱਗੇ ਚਚੇਰੇ ਭਰਾ ਆ ਖੜੋਂਦੇ। ਕਦੇ ਉਨ੍ਹਾਂ ਦੇ ਚਿਹਰੇ ਰਾਕਸ਼ਸ਼ਾਂ ਵਰਗੇ ਅਤੇ ਕਦੇ ਕਾਤਲ ਭਈਆਂ ਵਰਗੇ ਹੁੰਦੇ। ਕਦੇ ਉਹ ਉਸਨੂੰ ਬੱਚਿਆਂ ਵਾਂਗ ਚਿੜਾਉਣ ਲਗਦੇ ਅਤੇ ਕਦੇ ਕਾਮ ਭਰੀਆਂ ਅੱਖਾਂ ਨਾਲ ਤੱਕਣ ਲਗਦੇ।

ਕਦੇ ਜਿਊਂਦਾ ਜਾਗਦਾ ਕਮਲ ਨਜ਼ਰ ਆਉਣ ਲਗਦਾ। ਉਹ ਨੇਹਾ ਨੂੰ ਸਮਝਾਉਣ ਲਗਦਾ। “ਬਚ ਕੇ ਰਹਿ। ਭਈਏ ਫੇਰ ਆਉਣਗੇ।”

ਕਦੇ ਘਰ ਦੀਆਂ ਕੰਧਾਂ ਉਸਨੂੰ ਡਰਾਉਣ ਲਗਦੀਆਂ। ਗੁਆਂਢੀਆਂ ਦਾ ਖੜਕਿਆ ਗੇਟ ਉਸਨੂੰ ਆਉਣ ਵਾਲੇ ਡਾਕੂਆਂ ਦੀ ਦਸਤਕ ਜਾਪਦਾ। ਰਾਤ ਦਾ ਸੰਨਾਟਾ ਉਸ ਨੂੰ ਖਾਣ ਨੂੰ ਪੈਣ ਲਗਦਾ।

ਕਦੇ ਉਸ ਨੂੰ ਲਗਦਾ ਕਮਲ ਦੇ ਨਾਲ ਹੀ ਉਸਦਾ ਵੀ ਕਤਲ ਕਰ ਦਿੱਤਾ ਗਿਆ ਸੀ। ਕਮਲ ਨੇ ਆਪਣੀ ਜਾਨ ਆਪਣੀ ਭੈਣ ਦੀ ਇੱਜ਼ਤ ਬਚਾਉਂਦੇ ਗਵਾਈ ਸੀ। ਇਸ ਲਈ ਉਸਨੂੰ ਸਵਰਗ ਨਸੀਬ ਹੋਇਆ ਸੀ। ਪਰ ਨੇਹਾ ਮਰਨ ਤੋਂ ਪਹਿਲਾਂ ਅਪਵਿੱਤਰ ਹੋ ਗਈ ਸੀ। ਇਸ ਲਈ ਸਵਰਗ ਉਸ ਲਈ ਵਰਜਿਤ ਸੀ। ਉਹ ਭੂਤ ਬਣ ਕੇ ਇਧਰ ਉਧਰ ਭਟਕ ਰਹੀ ਸੀ।

ਜਿਥੇ ਨੇਹਾ ਹੁਣ ਵਿਚਰ ਰਹੀ ਸੀ ਉਹ ਉਨ੍ਹਾਂ ਦੀ ਕੋਠੀ ਨਹੀਂ ਸੀ। ਇਹ ਤਾਂ ਕੋਈ ਭੂਤ ਬੰਗਲਾ ਸੀ। ਇਹ ਬੰਗਲਾ ਦਿਨ ਰਾਤ ਹਨੇਰੇ ਵਿੱਚ ਡੁੱਧਬਿਆ ਰਹਿੰਦਾ ਸੀ। ਇਸਦੇ ਕਮਰੇ ਬਦਬੂ ਨਾਲ ਭਰੇ ਹੋਏ ਸਨ। ਇਸ ਬੰਗਲੇ ਦੇ ਵਸਨੀਕ ਸਾਰਾ ਦਿਨ ਹਉਕੇ ਭਰਦੇ ਰਹਿੰਦੇ ਸਨ। ਇਹੋ ਭੂਤ ਬੰਗਲੇ ਦੀਆਂ ਨਿਸ਼ਾਨੀਆਂ ਹੁੰਦੀਆਂ ਹਨ।

ਮਰਨ ਤੋਂ ਪਹਿਲਾਂ ਨੇਹਾ ਜਿਸ ਕੋਠੀ ਵਿੱਚ ਰਹਿੰਦੀ ਸੀ ਉਹ ਤਾਂ ਸਵਰਗ ਸੀ।

ਉਥੇ ਉਸਦਾ ਭਰਾ ਕਮਲ ਵੱਸਦਾ ਸੀ। ਉਸਨੂੰ ਲੰਬੇ ਕੱਦ, ਸੁਰਾਹੀ ਵਰਗੀ ਗਰਦਨ, ਗੋਰੇ ਰੰਗ ਅਤੇ ਗੱਠਵੇਂ ਸਰੀਰ ਦੀ ਦਾਤ ਮਿਲੀ ਹੋਈ ਸੀ। ਮਾਂ ਨੇ ਕਮਲ ਦਾ ਲਾਡਲਾ ਨਾਂ ਭੀਮ ਰੱਖਿਆ ਸੀ। ਆਪਣੇ ਕਮਲ ਨੂੰ ਮਹਾਂ ਭਾਰਤ ਦਾ ਭੀਮ ਬਣਾਉਣ ਦੇ ਯਤਨ ਮਾਂ ਨੇ ਉਸਦੇ ਬਚਪਨ ਵਿੱਚ ਹੀ ਆਰੰਭ ਦਿੱਤੇ ਸਨ। ਬੀ.ਏ.ਕਰਦੇ ਸਮੇਂ ਨੀਲਮ ਨੇ ਮਨੋਵਿਗਿਆਨ ਇੱਕ ਵਿਸ਼ੇ ਦੇ ਤੌਰ ’ਤੇ ਪੜ੍ਹਿਆ ਸੀ। ਇਸ ਲਈ ਕਮਲ ਦੇ ਖਿਲੌਣਿਆਂ ਅਤੇ ਕਿਤਾਬਾਂ ਦੀ ਚੋਣ ਸੋਚ ਸਮਝ ਕੇ ਹੁੰਦੀ ਸੀ। ਥੋੜ੍ਹਾ ਵੱਡਾ ਹੋਣ ਤੇ ਉਸਨੂੰ ਹੈਲਥਕਲੱ ਬ ਦਾ ਮੈਂਬਰ ਬਣਾ ਦਿੱਤਾ ਗਿਆ ਸੀ। ਤੈਰਾਕੀ ਲਈ ਸਵਿਮਿੰਗ ਪੂਲ ਜਾਣ ਲੱਗਾ ਸੀ। ਕਾਲਜ ਜਾਣ ਤਕ ਉਸ ਉਪਰ ਬਾਡੀ ਬਿਲਡਰ ਬਣਨ ਦਾ ਭੂਤ ਸਵਾਰ ਕਰਵਾ ਦਿੱਤਾ ਗਿਆ ਸੀ। ਇਹ ਛੈਲ ਛਬੀਲਾ ਮੁੰਡਾ ਸਕੂਲ, ਕਾਲਜ ਅਤੇ ਫੇਰ ਯੂਨੀਵਰਸਿਟੀ ਦੇ ਨਾਲ ਨਾਲ ਗਲੀ ਮੁਹੱਲੇ ਵਿੱਚ ਵੀ ਸਤਿਕਾਰਿਆ ਜਾਂਦਾ ਸੀ। ਇਸ ਭੂਤ ਬੰਗਲੇ ਵਿੱਚ ਕਮਲ ਦੀ ਤਸਵੀਰ ਤਕ ਨਹੀਂ ਸੀ।

ਨੇਹਾ ਦਾ ਘਰ ਸਾਰੀ ਰਾਤ ਰੰਗ ਬਰੰਗੀਆਂ ਰੋਸ਼ਨੀਆਂ ਨਾਲ ਜਗਮਗਾਉਂਦਾ ਰਹਿੰਦਾ ਸੀ। ਗੇਟ ਤੋਂ ਲੈ ਕੇ ਪੋਰਚ, ਗੈਰਜ, ਲਾਅਨ ਅਤੇ ਲਾਬੀ ਤਕ ਦੀਆਂ ਬੱਤੀਆਂ ਰਾਤ ਨੂੰ ਤਾਂ ਜਗਦੀਆਂ ਹੀ ਸਨ, ਕਈ ਵਾਰ ਇਹ ਦਿਨੇ ਵੀ ਜਗਦੀਆਂ ਰਹਿੰਦੀਆਂ ਸਨ।

ਸਾਰਾ ਦਿਨ ਉਨ੍ਹਾਂ ਦੇ ਘਰ ਸੰਗੀਤ ਵੱਜਦਾ ਸੀ। ਕਦੇ ਕਮਲ ਦੇ ਡੈੱਕ ਤੋਂ ਪੌਪ ਮਿਊਜ਼ਕ ਗੂੰਜਦਾ ਸੀ ਅਤੇ ਕਦੇ ਨੇਹਾ ਦੇ ਕਮਰੇ ਵਿਚੋਂ ਭਜਨਾਂ ਦੀਆਂ ਧੁਨਾਂ ਆਨੰਦ ਬਰਸਾਉਂਦੀਆਂ ਸਨ।

ਬਾਅਦ ਦੁਪਹਿਰ ਨੀਲਮ ਦੀ ਕਿੱਟੀ ਪਾਰਟੀ ’ਤੇ ਜੁੜੀਆਂ ਤਿਤਲੀਆਂ ਵਰਗੀਆਂ ਔਰਤਾਂ ਦੇ ਹਾਸੇ ਰੰਗ ਬੰਨ੍ਹਦੇ ਸਨ। ਸ਼ਾਮ ਨੂੰ ਕਮਲ ਦੇ ਦੋਸਤ ਘੰਟਿਆਂ ਬੱਧੀ ਗਲੀਆਂ ਦੇ ਮੋੜਾਂ ’ਤੇ ਖੜੇ ਹਾਸੇ ਠੱਠੇ ਕਰਦੇ ਸਨ। ਰਾਤ ਨੂੰ ਵੇਦ ਦੀ ਮਹਿਫਲ ਜੁੜਦੀ ਸੀ।

ਨੇਹਾ ਦੀਆਂ ਆਪਣੀਆਂ ਸਹੇਲੀਆਂ ਦੀ ਲੰਬੀ ਡਾਰ ਸੀ। ਸਾਰਾ ਦਿਨ ਉਹ ਸਹਿਯੋਗ ਦੇ ਚਰਚੇ ਅਤੇ ਇਸ ਨੂੰ ਵਧਾਉਣ ਫੈਲਾਉਣ ਦੇ ਆਹਰ ਲੱਗੀ ਰਹਿੰਦੀ ਸੀ। ਕਦੇ ਵਿਹਲ ਮਿਲਦੀ ਤਾਂ ਧਿਆਨ ਲਾ ਕੇ ਬੈਠ ਜਾਂਦੀ ਅਤੇ ਕੁੰਡਲਣੀ ਜਾਗਰਣ ਵਿੱਚ ਮਸਤ ਹੋ ਜਾਂਦੀ ਸੀ।

ਇਸ ਬੰਗਲੇ ਵਿੱਚ ਨਾ ਉਹ ਨੇਹਾ ਨਜ਼ਰ ਆਉਂਦੀ ਸੀ ਨਾ ਇਥੇ ਮਾਤਾ ਜੀ ਦਾ ਗੁਣਗਾਣ ਹੁੰਦਾ ਸੀ। ਇਥੇ ਸਭ ਇੱਕ ਦੂਜੇ ਨੂੰ ਕੋਸਦੇ ਅਤੇ ਫਿਟਕਾਰਦੇ ਸਨ।

ਨੇਹਾ ਦੇ ਘਰ ਵਿੱਚ ਧੀਆਂ ਭੈਣਾਂ ਦੀ ਇੱਜ਼ਤ ਸੁਰੱਖਿਅਤ ਸੀ।

ਨੇਹਾ ਨੂੰ ਉਹ ਦਿਨ ਯਾਦ ਸੀ ਜਦੋਂ ਨੇਹਾ ਦੇ ਪਿੱਛੇ ਆਉਂਦੇ ਇੱਕ ਮੁੰਡੇ ਨੂੰ ਕਮਲ ਨੇ ਸ਼ੱਕ ਦੇ ਆਧਾਰ ਤੇ ਹੀ ਰੋਕ ਲਿਆ ਸੀ। ਇਕੋ ਮੁੱਕੇ ਨਾਲ ਉਸਦਾ ਨੱਕ ਲਹੂ ਲੁਹਾਨ ਹੋ ਗਿਆ ਸੀ। ਨੇਹਾ ਨੂੰ ਭੈਣ ਆਖ ਕੇ ਉਸਨੇ ਮਸਾਂ ਖਹਿੜਾ ਛੁਡਾਇਆ ਸੀ।

ਇਸ ਭੂਤ ਬੰਗਲੇ ਵਿਚੋਂ ਬਾਹਰ ਨਿਕਲਣਾ ਨੇਹਾ ਨੂੰ ਵਰਜਿਤ ਸੀ। ਮੁੰਡਿਆਂ ਖੁੰਡਿਆਂ ਨੇ ਤਾਂ ਕਟਾਕਸ਼ ਕਰਨੇ ਹੀ ਸਨ, ਹੁਣ ਰੇਹੜੀ ਛਾਬਿਆਂ ਵਾਲੇ ਵੀ ਉਸਨੂੰ ਟਿਚਰ ਕਰਨਾ ਆਪਣਾ ਹੱਕ ਸਮਝਦੇ ਸਨ।

ਚਾਰ ਦਿਨ ਪਹਿਲਾਂ ਤੀਜੀ ਕੋਠੀ ਵਿੱਚ ਰਹਿੰਦੇ ਪਿੰਚੂ ਨੇ ਉਸਨੂੰ ਸੜਕ ’ਤੇ ਰੋਕ ਕੇ ਹਾਲ ਚਾਲ ਪੁੱਛਣ ਦੀ ਹਿੰਮਤ ਦਿਖਾਈ ਸੀ। ਨੇਹਾ ਦੇ ਚੁੱਪ ਚਾਪ ਕਿਨਾਰਾ ਕਰਨ ਤੇ ਪਿੰਚੂ ਨੇ ਬੇਇਜ਼ਤੀ ਮਹਿਸੂਸ ਕੀਤੀ ਸੀ। ਬਦਲਾ ਲੈਣ ਲਈ ਉਸਨੇ ਨਿਹੋਰਾ ਮਾਰਿਆ ਸੀ — “ਅਸੀਂ ਭਈਆਂ ਨਾਲੋਂ ਤਾਂ ਮਾੜੇ ਨਹੀਂ।”

ਇੱਕ ਵਾਰ ਨੇਹਾ ਦਾ ਹੱਥ ਜੁੱਤੀ ਵੱਲ ਵਧਿਆ ਸੀ। ਦਿਲ ਕੀਤਾ ਸੀ ਬੋਦੇ ਫੜ ਕੇ ਤਾੜ ਤਾੜ ਮੂੰਹ ਰੰਗ ਦੇਵੇ। ਆਪਣੇ ਲੰਬੇ ਨਹੁੰਆਂ ਨਾਲ ਉਸ ਦੀਆਂ ਅੱਖਾਂ ਨੋਚ ਲਏ।

ਪਰ ਉਸਦਾ ਖੌਲਿਆ ਖੂਨ ਅੱਖਾਂ ਵਿੱਚ ਰੁਕਣ ਦੀ ਥਾਂ ਦਿਮਾਗ਼ ਨੂੰ ਜਾ ਚੜ੍ਹਿਆ।

ਉਹ ਪਾਗ਼ਲਾਂ ਵਾਂਗ ਸਹਿਮ ਕੇ ਪਿੱਛੇ ਹਟ ਗਈ ਸੀ। ਹੁਣ ਕਮਲ ਉਸਦੀ ਪਿੱਠ ’ਤੇ ਨਹੀਂ ਸੀ।

ਭਿੱਜੀ ਬਿੱਲੀ ਵਾਂਗ ਨੇਹਾ ਘਰ ਆ ਦੁਬਕੀ ਸੀ।

ਉਸ ਦਿਨ ਤੋਂ ਬਾਅਦ ਨੇਹਾ ਨੇ ਆਪਣੇ ਆਲੇ ਦੁਆਲੇ ਲਛਮਣ ਰੇਖਾ ਖਿੱਚ ਲਈ।

ਕੋਠੀਉਂ ਬਾਹਰ ਨਿਕਲਣ ਦਾ ਉਸਦਾ ਕੰਮ ਨਹੀਂ ਸੀ।

ਤੇ ਘਰ ਵਿੱਚ ਕੈਦ ਹੋਈ ਨੇਹਾ ਪਾਗ਼ਲਪਣ ਦੇ ਨੇੜੇ ਹੁੰਦੀ ਜਾ ਰਹੀ ਸੀ।

ਨੇਹਾ ਉਸ ਭੂਤ ਬੰਗਲੇ ਤੋਂ ਖਹਿੜਾ ਛੁਡਾਉਣ ਲਈ ਤਰਲੋ ਮੱਛੀ ਹੋ ਰਹੀ ਸੀ। ਕਦੇ ਉਹ ਵੇਦ ਅੱਗੇ ਤਰਲੇ ਕਰਦੀ ਅਤੇ ਕਦੇ ਰਾਮ ਨਾਥ ਅੱਗੇ।

“ਮਾਮਾ ਮੇਰਾ ਇਸ ਕੋਠੀ ਵਿੱਚ ਦਿਲ ਨਹੀਂ ਲਗਦਾ। ਯਾਦਾਂ ਮੇਰਾ ਪਿੱਛਾ ਕਰਦੀਆਂ ਹਨ। ਆਪਾਂ ਏਡਾ ਘਰ ਕੀ ਕਰਨਾ ਹੈ? ਦੋ ਕਮਰੇ ਮੁਕਦੇ ਨਹੀਂ। ਕਿਰਪਾ ਕਰਕੇ ਇਸ ਕੋਠੀ, ਇਸ ਕਾਲੋਨੀ ਤੋਂ ਮੇਰਾ ਖਹਿੜਾ ਛੁਡਾਓ।”

ਦੋਵੇਂ ਜੀਅ ਨੇਹਾ ਨਾਲ ਸਹਿਮਤ ਸਨ। ਮਾਹੌਲ ਬਦਲਣਾ ਚਾਹੀਦਾ ਸੀ।

ਪਰ ਹਾਲੇ ਇਸ ਤੋਂ ਗੰਭੀਰ ਸਮੱਸਿਆਵਾਂ ਹਿੱਕ ਤਾਨੀ ਖੜ੍ਹੀਆਂ ਸਨ। ਉਨ੍ਹਾਂ ਤੋਂ ਖਹਿੜਾ ਛੁੱਧਟੇ। ਫੇਰ ਇਹ ਘਰ ਵਿਕੇ। ਫੇਰ ਕੋਈ ਨਵਾਂ ਖਰੀਦਿਆ ਜਾਵੇ।

ਉਹ ਵਾਅਦਾ ਕਰਕੇ, ਨੇਹਾ ਨੂੰ ਟਾਲਣ ਤੋਂ ਵੱਧ ਕੁੱਝ ਨਹੀਂ ਸਨ ਕਰ ਸਕਦੇ।

 

-75-

 

ਕਰੀਬ ਦੋ ਮਹੀਨੇ ਤੋਂ ਮਾਇਆ ਨਗਰ ਵਿੱਚ ਫਸੀ ਬੈਠੀ ਸੰਗੀਤਾ ਹੁਣ ਇਥੋਂ ਭੱਜ ਜਾਣ ਦਾ ਬਹਾਨਾ ਲੱਭ ਰਹੀ ਸੀ।

ਸਵੇਰੇ ਸ਼ਾਮ ਉਹ ਰਾਮ ਨਾਥ ਨਾਲ ਲੜਦੀ ਸੀ।

ਰਾਮ ਨਾਥ ਦੀ ਕਮਾਈ ਬੰਦ ਹੋ ਚੁੱਕੀ ਸੀ। ਦੋਬਾਰਾ ਕੰਮ ਚਲਾਉਣ ਲਈ ਸਾਲਾਂਬੱ ਧੀ ਫੇਰ ਮਿਹਨਤ ਕਰਨੀ ਪੈਣੀ ਸੀ।

ਸੰਗੀਤਾ ਦੀ ਛੁੱਟੀ ਖ਼ਤਮ ਹੋ ਗਈ ਸੀ। ਹੁਣ ਉਹ ਬਿਨਾਂ ਤਨਖ਼ਾਹ ਵਾਲੀ ਛੁੱਟੀ ‘ਤੇ ਚੱਲ ਰਹੀ ਸੀ। ਜੇ ਪ੍ਰਿੰਸੀਪਲ ਮਿਹਰਬਾਨੀ ਨਾ ਕਰਦੀ ਤਾਂ ਹੁਣ ਤਕ ਉਸਦੀ ਕਿਸੇ ਖੂੰਝੇ ਵਾਲੇ ਪਿੰਡ ਵਿੱਚ ਬਦਲੀ ਹੋ ਗਈ ਹੁੰਦੀ। ਸੰਗੀਤਾ ਮਨ ਲਾ ਕੇ ਬੱਚਿਆਂ ਨੂੰ ਪੜ੍ਹਾਉਂਦੀ ਸੀ। ਉਸਦਾ ਨਤੀਜਾ ਨੱਬੇ ਫ਼ੀਸਦੀ ਤੋਂ ਵੱਧ ਹੁੰਦਾ ਸੀ। ਹਿਸਾਬ ਵਰਗੇ ਮੁਸ਼ਕਲ ਮਜ਼ਮੂਨ ਵਿਚੋਂ ਵੀ ਬਹੁਤੇ ਬੱਚੇ ਪਹਿਲੇ ਦਰਜੇ ਵਿੱਚ ਪਾਸ ਹੁੰਦੇ ਸਨ। ਲੰਬੀ ਗੈਰ ਹਾਜ਼ਰੀ ਦਾ ਗਿਲਾ ਲੈ ਕੇ ਆਉਂਦੇ ਬੱਚਿਆਂ ਦੇ ਮਾਪਿਆਂ ਨੂੰ ਪ੍ਰਿੰਸੀਪਲ ਮਸਾਂ ਸਮਝਾ ਕੇ ਮੋੜਦੀ ਸੀ। ਜ਼ਿਲ੍ਹਾ ਸਿੱਧਖਿਆ ਅਫ਼ਸਰ ਪ੍ਰਿੰਸੀਪਲ ਦਾ ਆਖਾ ਮੰਨਦਾ ਸੀ। ਉਸਤੋਂ ਮਨਜ਼ੂਰੀ ਲੈ ਕੇ ਪ੍ਰਿੰਸੀਪਲ ਨੇ ਪੀ.ਟੀ.ਏ.ਫੰਡ ਵਿਚੋਂ ਆਰਜ਼ੀ ਤੌਰ ’ਤੇ ਹਿਸਾਬ ਮਾਸਟਰ ਰੱਖ ਦਿੱਤਾ ਸੀ। ਅਧਿਆਪਕ ਨਵਾਂ ਸੀ। ਨਾ ਬੱਚੇ ਉਸਤੇ ਖੁਸ਼ ਸਨ ਨਾ ਮਾਪੇ। ਉਸਦੀ ਥਾਂ ਕੋਈ ਪੱਕਾ ਅਧਿਆਪਕ ਕਿਸੇ ਵੀ ਸਮੇਂ ਹੁਕਮ ਕਰਵਾ ਸਕਦਾ ਸੀ।

ਘਰ ਦੇ ਆਰਥਿਕ ਉਜਾੜੇ ਨੂੰ ਬਚਾਉਣ ਲਈ ਸੰਗੀਤਾ ਦਾ ਡਿਊਟੀ ’ਤੇ ਹਾਜ਼ਰ ਹੋਣਾ ਜ਼ਰੂਰੀ ਸੀ।

ਬੱਚਿਆਂ ਦੇ ਇਮਤਿਹਾਨ ਸਿਰ ’ਤੇ ਆ ਗਏ ਸਨ। ਹਾਊਸ ਟੈਸਟ ਦੱਸਦੇ ਸਨ ਉਹ ਪੜ੍ਹਾਈ ਵਿੱਚ ਬਹੁਤ ਪੱਛੜ ਗਏ ਸਨ। ਉਨ੍ਹਾਂ ਨੂੰ ਮਿਹਨਤ ਕਰਾਉਣ ਲਈ ਸੰਗੀਤਾ ਦਾ ਅਪਾਣੇ ਘਰ ਰਹਿਣਾ ਜ਼ਰੂਰੀ ਸੀ।

ਸੰਗੀਤਾ ਨੂੰ ਇੱਕ ਹੋਰ ਗਿਲਾ ਵੀ ਸੀ। ਸਾਰੀ ਜ਼ਿੰਮੇਵਾਰੀ ਇਕੱਲੇ ਉਸਦੇ ਪਰਿਵਾਰ ਸਿਰ ਕਿਉਂ ਪਾਈ ਗਈ ਸੀ? ਹੋਰ ਰਿਸ਼ਤੇਦਾਰ ਵੀ ਸਨ। ਪ੍ਰਾਹੁਣਿਆਂ ਵਾਂਗ ਆਉਂਦੇ ਸਨ।

ਅੱਧਾ ਪੌਣਾ ਘੰਟਾ ਬੈਠ ਕੇ ਮੁੜ ਜਾਂਦੇ ਸਨ। ਕੋਈ ਬਜ਼ਾਰੋਂ ਸੌਦਾ ਲੈਣ ਆਇਆ ਪਤਾ ਲੈ ਜਾਂਦਾ ਸੀ, ਕੋਈ ਕਿਸੇ ਦਫ਼ਤਰੋਂ ਕੰਮ ਕਰਾਉਣ ਆਇਆ।

ਸੰਗੀਤਾ ਰਾਮ ਨਾਥ ’ਤੇ ਜ਼ੋਰ ਪਾ ਰਹੀ ਸੀ। ਨੀਲਮ ਸਭ ਭਰਾਵਾਂ ਦੀ ਭੈਣ ਸੀ।

ਰਾਮ ਨਾਥ ਵਕੀਲ ਸੀ। ਉਹ ਥਾਣੇ ਕਚਹਿਰੀ ਦਾ ਕੰਮ ਇਕੱਲਾ ਦੇਖੇ ਇਸ ਵਿੱਚ ਉਸਨੂੰ ਕੋਈ ਇਤਰਾਜ਼ ਨਹੀਂ ਸੀ। ਘਰ ਦੀ ਦੇਖ ਭਾਲ ਲਈ ਰਾਮ ਨਾਥ ਦੀਆਂ ਭਰਜਾਈਆਂ ਬਰਾਬਰ ਦੀ ਡਿਊਟੀ ਦੇਣ। ਪੰਦਰਾਂ ਪੰਦਰਾਂ ਦਿਨ ਵੰਡਣੇ ਹਨ, ਪੰਦਰਾਂ ਪੰਦਰਾਂ ਦਿਨ ਵੰਡ ਲੈਣ। ਮਹੀਨਾ ਮਹੀਨਾ ਵੰਡਣਾ ਹੈ, ਮਹੀਨਾ ਮਹੀਨਾ ਵੰਡ ਲੈਣ।

ਰਾਮ ਨਾਥ ਉਸਨੂੰ ਸਮਝਾਉਂਦਾ ਆ ਰਿਹਾ ਸੀ। ਉਹ ਵੱਡੇ ਸਨ। ਉਨ੍ਹਾਂ ਦੇ ਬੱਚੇ ਆਪਣਾ ਆਪ ਸੰਭਾਲਣ ਜੋਗੇ ਸਨ। ਬਾਕੀ ਭਰਾ ਛੋਟੇ ਸਨ। ਸਰਕਾਰੀ ਮੁਲਾਜ਼ਮ ਸਨ।

ਉਨ੍ਹਾਂ ਨੂੰ ਛੁੱਟੀ ਲੈਣ ਵਿੱਚ ਦਿੱਕਤ ਆ ਰਹੀ ਸੀ। ਉਨ੍ਹਾਂ ਦੇ ਬੱਚੇ ਛੋਟੇ ਸਨ। ਨਾ ਘਰ ਛੱਡੇ ਜਾ ਸਕਦੇ ਸਨ ਨਾ ਇਥੇ ਨਾਲ ਲਿਆਂਦੇ ਜਾ ਸਕਦੇ ਸਨ। ਨੀਲਮ ਦਾ ਘਰ ਪੂਰੀ ਤਰ੍ਹਾਂ ਤਬਾਹ ਹੋ ਚੁੱਕਾ ਸੀ। ਥੋੜ੍ਹਾ ਬਹੁਤ ਨੁਕਸਾਨ ਸਭ ਦਾ ਹੋਣਾ ਸੀ। ਲੱਗੀ ਅੱਗ ਦਾ ਸੇਕ ਦੂਰ ਦੂਰ ਤਕ ਮਾਰ ਕਰਦਾ ਹੀ ਕਰਦਾ ਹੈ।

ਸੰਗੀਤਾ ਦਾ ਗਿਲਾ ਦੂਰ ਕਰਨ ਲਈ ਰਾਮ ਨਾਥ ਨੇ ਹਫ਼ਤੇ ਵਿੱਚ ਤਿੰਨ ਦਿਨ ਸ਼ਹਿਰ ਜਾਣਾ ਸ਼ੁਰੂ ਕਰ ਦਿੱਤਾ। ਜੱਜਾਂ ਨੂੰ ਬੇਨਤੀ ਕਰਕੇ ਕੇਸ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਰਖਵਾ ਲਏ।

ਕਦੇ ਉਹ ਰਾਤ ਵੀ ਕੱਟ ਆਉਂਦਾ। ਬੱਚਿਆਂ ਦੀਆਂ ਸਮੱਸਿਆਵਾਂ ਹੱਲ ਕਰ ਆਉਂਦਾ।

ਰਾਮ ਨਾਥ ਦੂਜੇ ਭਰਾਵਾਂ ’ਤੇ ਜ਼ੋਰ ਪਾਉਣ ਲੱਗਾ। ਜੇ ਉਹ ਹਫ਼ਤਾ ਹਫ਼ਤਾ ਵੀ ਕਟਵਾ ਦੇਣ ਰਾਮ ਨਾਥ ਦਾ ਬੋਝ ਹਲਕਾ ਹੋ ਜਾਵੇ।

ਅਸ਼ਵਨੀ ਉਪਰ ਰਾਮ ਨਾਥ ਦੀਆਂ ਗੱਲਾਂ ਦਾ ਅਸਰ ਹੋਇਆ। ਉਹ ਸ਼ਨੀਵਾਰ ਅਤੇ ਐਤਵਾਰ ਦੀਆਂ ਛੁੱਟੀਆਂ ਮਾਇਆ ਨਗਰ ਲਾਉਣ ਲਈ ਮੰਨ ਗਿਆ।

ਅਸ਼ਵਨੀ ਦੇ ਦੋ ਦਿਨ, ਅੱਧੀ ਅੱਧੀ ਦਿਹਾੜੀ ਆਉਣ ਨਾਲ ਸੰਗੀਤਾ ਦਾ ਮਸਲਾ ਹੱਲ ਨਾ ਹੋਇਆ। ਉਹ ਆਉਂਦਾ ਸੀ, ਭੈਣ ਜਾਂ ਭਣੋਈਏ ਦੇ ਸਿਰਹਾਣੇ ਬੈਠ ਜਾਂਦਾ ਸੀ।

ਇੱਕ ਦੋ ਵਾਰ ਦਵਾਈ ਦੇ ਦਿੰਦਾ। ਬਾਕੀ ਦਾ ਸਮਾਂ ਅਖ਼ਬਾਰ ਪੜ੍ਹਕੇ ਜਾਂ ਘੜੀ ਦੇਖਦੇਖ ਬਿਤਾਉਂਦਾ। ਤਿੰਨ ਕੁ ਵਜੇ ਉਸਨੂੰ ਬੇਚੈਨੀ ਹੋ ਜਾਂਦੀ। ਚਾਰ ਕੁ ਵਜੇ ਉਹ ਵਾਪਸੀ ਵਾਲੀ ਬੱਸ ਫੜ ਲੈਂਦਾ।

ਇੱਕ ਦਿਨ ਅਨੀਤਾ ਨੂੰ ਨਾਲ ਲਿਆਇਆ। ਮੁੜ ਉਸ ਨੇ ਸ਼ਕਲ ਨਾ ਦਿਖਾਈ।

ਸੰਗੀਤਾ ਨੂੰ ਕੋਈ ਰਸੋਈ ਤੋਂ ਖਹਿੜਾ ਛੁਡਾਉਣ ਵਾਲਾ ਚਾਹੀਦਾ ਸੀ। ਸਾਰਾ ਦਿਨ ਉਹ ਬਾਵਰਚੀਆਂ ਵਾਂਗ ਰਸੋਈ ਵਿੱਚ ਖੜ੍ਹੀ ਰਹਿੰਦੀ ਸੀ। ਕਦੇ ਖਿਚੜੀ, ਕਦੇ ਦਲੀਆ, ਕਦੇ ਦੁੱਧ, ਕਦੇ ਚਾਹ। ਕਦੇ ਮਰੀਜ਼ਾਂ ਲਈ ਆਹਾਰ ਕਦੇ ਆਏ ਗਿਆਂ ਲਈ ਚਾਹ ਪਾਣੀ।

ਸਾਰਾ ਦਿਨ ਪਾਣੀ ਵਿੱਚ ਰਹਿਣ ਕਾਰਨ ਉਸਦੇ ਹੱਥ ਗਲਦੇ ਜਾ ਰਹੇ ਸਨ। ਅੱਡੀਆਂ ਫਟ ਗਈਆਂ ਸਨ। ਢੂਹੀ ਵਿੱਚ ਦਰਦ ਰਹਿਣ ਲੱਗਾ ਸੀ। ਉਸਦੇ ਮੰਜਾ ਮੱਲਣ ਵਿੱਚ ਬਹੁਤੇ ਦਿਨ ਨਹੀਂ ਸਨ।

ਜਿਸ ਦਿਨ ਤੋਂ ਸੰਗੀਤਾ ਨੂੰ ਪੰਕਜ ਹੋਰਾਂ ਦੇ ਬੇ ਕਸੂਰ ਸਾਬਤ ਹੋਣ ਦੀ ਸੰਭਾਵਨਾ ਦਾ ਪਤਾ ਲੱਗਾ ਸੀ ਉਸ ਦਿਨ ਤੋਂ ਉਸਦਾ ਪਾਰਾ ਜ਼ਿਆਦਾ ਚੜ੍ਹਿਆ ਹੋਇਆ ਸੀ।

ਉਹ ਇੱਕ ਵਕੀਲ ਦੀ ਪਤਨੀ ਸੀ। ਰਾਮ ਨਾਥ ਨਾਲ ਹੁੰਦੀਆਂ ਗੱਲਾਂ ਕਾਰਨ ਉਸਨੂੰ ਕੁੱਝ ਕਾਨੂੰਨੀ ਨੁਕਤਿਆਂ ਦੀ ਸਮਝ ਸੀ। ਮੁਲਜ਼ਮਾਂ ਦੇ ਬੇ ਕਸੂਰ ਸਾਬਤ ਹੋਣ ਦਾ ਮਤਲਬ ਸੀ ਮੁਦਈ ਧਿਰ ’ਤੇ ਮੁਸੀਬਤਾਂ ਦੇ ਪਹਾੜ ਦਾ ਟੁੱਟਣਾ। ਪੁਲਿਸ ਦੀ ਜ਼ਿੰਮੇਵਾਰੀ ਦੋਸ਼ੀਆਂ ਵਿਰੁਧ ਸਬੂਤ ਇਕੱਠੇ ਕਰਨ ਦੀ ਸੀ। ਜੇ ਪੁਲਿਸ ਈਮਾਨਦਾਰੀ ਅਤੇ ਤਨਦੇਹੀ ਨਾਲ ਕੰਮ ਕਰੇ ਤਾਂ ਮੁਦਈ ਧਿਰ ਨੂੰ ਮੁਕੱਦਮਾ ਜਿੱਤਣ ਵਿੱਚ ਕੋਈ ਔਖ ਨਹੀਂ ਹੁੰਦੀ। ਜੇ ਪੁਲਿਸ ਦੋਸ਼ੀਆਂ ਦੇ ਹੱਕ ਵਿੱਚ ਸਬੂਤ ਇਕੱਠੇ ਕਰਨ ਲਗ ਜਾਏ ਤਾਂ ਮੁਦਈ ਧਿਰ ਨੂੰ ਦੂਹਰੀ ਲੜਾਈ ਲੜਨੀ ਪੈਂਦੀ ਸੀ। ਪਹਿਲੀ ਪੁਲਿਸ ਵੱਲੋਂ ਮੁਲਜ਼ਮਾਂ ਦੇ ਹੱਕ ਵਿੱਚ ਸਬੂਤਾਂ ਦੇ ਖੜ੍ਹੇ ਕੀਤੇ ਕਿਲ੍ਹੇ ਨੂੰ ਢਾਹੁਣ ਲਈ। ਦੂਜੀ ਨਿਹੱਥੇ ਹੋ ਕੇ ਦੋਸ਼ੀਆਂ ਵਿਰੁਧ ਸਬੂਤ ਇਕੱਠੇ ਕਰਨ ਦੀ ਲੜਾਈ।

ਵੇਦ ਪਰਿਵਾਰ ਲਈ ਇਹ ਲੜਾਈ ਹੋਰ ਵੀ ਔਖੀ ਸੀ। ਮੁਦਈ ਧਿਰ ਦਾ ਇੱਕ ਵੀ ਮੈਂਬਰ ਸਹੀ ਸਲਾਮਤ ਨਹੀਂ ਸੀ। ਕੋਈ ਜਾਨ ਬਚਾਉਣ ਲਈ ਬਿਮਾਰੀ ਨਾਲ ਲੜ ਰਿਹਾ ਸੀ, ਕੋਈ ਵਿਗੜੇ ਮਾਨਸਿਕ ਸੰਤੁਲਨ ਨੂੰ ਠੀਕ ਕਰਨ ਲਈ। ਪਰਾਏ ਲੋਕ ਕਦੋਂ ਤਕ ਉਨ੍ਹਾਂ ਲਈ ਹਿੱਕ ਤਾਣ ਕੇ ਖੜੋ ਸਕਦੇ ਸਨ। ਹਿੱਕ ਤਾਣ ਕੇ ਖੜੇ ਰਿਸ਼ਤੇਦਾਰਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਣੀ ਸ਼ੁਰੂ ਹੋ ਗਈ ਸੀ। ਸੰਗੀਤਾ ਖ਼ੁਦ ਮੈਦਾਨ ਛੱਡ ਕੇ ਭੱਜਣ ਲਈ ਤਿਆਰ ਸੀ। ਨਾਲ ਉਹ ਰਾਮ ਨਾਥ ਨੂੰ ਭਜਾ ਕੇ ਲਿਜਾਣਾ ਚਾਹੁੰਦੀ ਸੀ। ਜਦੋਂ ਤਕ ਮੁਦਈਆਂ ਨੇ ਕਾਨੂੰਨ ਦੀ ਜੰਗ ਲੜਨ ਜੋਗਾ ਹੋਣਾ ਸੀ ਉਦੋਂ ਤਕ ਮਹਾਂਭਾਰਤ ਸਮਾਪਤ ਹੋ ਚੁੱਕੀ ਹੋਣੀ ਸੀ। ਕੌਰਵਾਂ ਨੇ ਬਿਨਾਂ ਪਾਂਡਵਾਂ ਨਾਲ ਲੜਾਈ ਲੜੇ ਜੰਗ ਜਿੱਤੇ ਜਾਣ ਦਾ ਐਲਾਨ ਆਪਣੇ ਹੱਕ ਵਿੱਚ ਕਰਵਾ ਲੈਣਾ ਸੀ।

ਸੰਗੀਤਾ ਵਿਤੋਂ ਵੱਧ ਆਪਣਾ ਫਰਜ਼ ਨਿਭਾਅ ਚੁੱਕੀ ਸੀ। ਆਪਣੀ ਸਿਹਤ, ਆਪਣੇ ਪਤੀ ਦਾ ਮਾਨਸਿਕ ਸੰਤੁਲਨ ਅਤੇ ਆਪਣੇ ਬੱਚਿਆਂ ਦਾ ਭਵਿੱਖ ਦਾਅ ’ਤੇ ਲਾ ਕੇ ਰਿਸ਼ਤੇਦਾਰਾਂ ਨੂੰ ਬਚਾਉਣ ਵਾਲੀ ਉਹ ਕੋਈ ਸਤਯੁਗੀ ਔਰਤ ਨਹੀਂ ਸੀ।

ਉਹ ਵਾਰ ਵਾਰ ਰਾਮ ਨਾਥ ਉਪਰ ਜ਼ੋਰ ਪਾ ਰਹੀ ਸੀ। ਘੱਟੋ ਘੱਟ ਉਸਨੂੰ ਸ਼ਹਿਰ ਭੇਜ ਦਿੱਤਾ ਜਾਵੇ। ਘਰ ਤਾਂ ਚੱਲਣ ਲੱਗੇ।

ਉਪਰੋਂ ਰਾਮ ਨਾਥ ਆਪਣੀ ਪਤਨੀ ਨੂੰ ਸਬਰ ਕਰਨ ਲਈ ਪ੍ਰੇਰ ਰਿਹਾ ਸੀ, ਪਰ ਅੰਦਰੋਂ ਉਹ ਸੰਗੀਤਾ ਨਾਲ ਸਹਿਮਤ ਸੀ।

ਪਹਿਲਾਂ ਉਸ ਦਾ ਖ਼ਿਆਲ ਸੀ, ਮਹੀਨੇ ਵੀਹ ਦਿਨਾਂ ਵਿੱਚ ਸਭ ਕੰਮ ਨਿਬੜ ਜਾਣਗੇ। ਚਲਾਨ ਪੇਸ਼ ਹੋਣ ਬਾਅਦ ਖੱਜਲ ਖੁਆਰੀ ਘਟ ਜਾਏਗੀ। ਮਹੀਨੇ ਮਹੀਨੇ ਦੀ ਤਾਰੀਖ਼ ਪੈਣੀ ਸੀ। ਮਹੀਨੇ ਦੋ ਮਹੀਨੇ ਬਾਅਦ ਤਾਰੀਖ਼ ਭੁਗਤਨ ਆਉਣ ਵਿੱਚ ਉਸਨੂੰ ਕੋਈ ਦਿੱਕਤ ਨਹੀਂ ਸੀ ਹੋਣੀ।

ਪਰ ਹੁਣ ਕਾਨੂੰਨੀ ਲੜਾਈ ਲੰਬੀ ਹੋ ਜਾਣੀ ਸੀ। ਨਾਲੇ ਗੰਭੀਰ ਵੀ। ਹਾਈ ਕੋਰਟ ਦੇ ਨਾਲ ਨਾਲ ਸੁਪਰੀਮ ਕੋਰਟ ਦੇ ਚੱਕਰਾਂ ਦੀ ਸੰਭਾਵਨਾ ਵਧ ਜਾਣੀ ਸੀ। ਉਹ ਵਕੀਲ ਸੀ। ਵਕੀਲਾਂ ਨੇ ਉਸ ਤੋਂ ਵਾਜਿਬ ਫ਼ੀਸ ਲੈਣੀ ਸੀ। ਵੱਡੀਆਂ ਅਦਾਲਤਾਂ ਦੇ ਵਕੀਲਾਂ ਦੀਆਂ ਫ਼ੀਸਾਂ ਅਸਮਾਨ ਛੋਂਹਦੀਆਂ ਸਨ। ਵਾਜਿਬ ਫੀਸਾਂ ਨੇ ਵੀ ਉਸਨੂੰ ਦੀਵਾਲੀਆ ਬਣਾ ਦੇਣਾ ਸੀ। ਉਹ ਜਿਸ ਪੜਾਅ ’ਤੇ ਪੁੱਜ ਗਿਆ ਸੀ, ਉਥੋਂ ਨਾ ਅੱਗੇ ਵਧਿਆ ਜਾ ਸਕਦਾ ਸੀ, ਨਾ ਪਿੱਛੇ ਮੁੜਿਆ ਜਾ ਸਕਦਾ ਸੀ।

ਸੰਗੀਤਾ ਦੇ ਦਬਾਅ ਹੇਠ ਉਹ ਭਰਾਵਾਂ ਦੇ ਨਾਲ ਨਾਲ ਭੈਣਾਂ ਨਾਲ ਵੀ ਗੱਲ ਕਰ ਚੁੱਕਾ ਸੀ। ਭੈਣਾਂ ਪਰਾਏ ਵੱਸ ਸਨ। ਫੇਰ ਵੀ ਲੋਕ ਲਾਜ ਲਈ ਹੀ ਸਹੀ ਉਹ ਕੁੱਝ ਹੱਥ ਵਟਾ ਗਈਆਂ ਸਨ।

ਭਰਾ ਆਪਣੀ ਮਰਜ਼ੀ ਦੇ ਮਾਲਿਕ ਸਨ। ਉਹ ਉੱਕਾ ਹੀ ਸ਼ਰਮ ਲਾਹੀ ਬੈਠੇ ਸਨ।

ਅਸ਼ਵਨੀ ਸਾਫ਼ ਸ਼ਬਦਾਂ ਵਿੱਚ ਜਵਾਬ ਦੇਣ ਲੱਗਾ ਸੀ, “ਆਪਾਂ ਆਪਣੀ ਕਬੀਲਦਾਰੀ ਵੀ ਚਲਾਉਣੀ ਹੈ। ਕਿੰਨਾ ਚਿਰ ਆਪਾਂ ਉਥੇ ਬੈਠੇ ਰਹਾਂਗੇ। ਆਪਣੀ ਬਣੀ ਉਨ੍ਹਾਂ ਨੇ ਆਪ ਨਬੇੜਨੀ ਹੈ।”

ਮੰਗਤ ਰਾਏ ਕਹਿੰਦਾ ਸੀ: “ਤੂੰ ਵਕੀਲ ਹੈਂ। ਥਾਣੇ ਕਚਹਿਰੀ ਦਾ ਮੈਨੂੰ ਪਤਾ ਹੈ।

ਮੈਂ ਉਥੇ ਜਾ ਕੇ ਕੀ ਕਰੂੰਗਾ?”

ਰਾਮ ਨਾਥ ਭਰਾਵਾਂ ਨੂੰ ਸਲਾਹ ਦੇ ਸਕਦਾ ਸੀ। ਉਨ੍ਹਾਂ ਦੇ ਫਰਜ਼ਾਂ ਤੋਂ ਉਨ੍ਹਾਂ ਨੂੰ ਜਾਣੂ ਕਰਵਾ ਸਕਦਾ ਸੀ। ਅੱਡ ਵਿੱਡ ਭਰਾਵਾਂ ਨੂੰ ਉਹ ਮਜਬੂਰ ਨਹੀਂ ਸੀ ਕਰ ਸਕਦਾ।

ਅਜਿਹੇ ਤਰਕ ਦੇ ਦੇ ਰਾਮ ਨਾਥ ਸੰਗੀਤਾ ਨੂੰ ਕੁੱਝ ਦੇਰ ਹੋਰ ਸਬਰ ਕਰਨ ਲਈ ਮਨਾਉਂਦਾ ਆ ਰਿਹਾ ਸੀ। ਪਰ ਹੁਣ ਸੰਗੀਤਾ ਦੇ ਸਬਰ ਦੇ ਪਿਆਲੇ ਭਰ ਚੁੱਕੇ ਸਨ।

“ਤੁਸੀਂ ਕੋਈ ਹੱਲ ਲੱਭਣਾ ਹੈ ਤਾਂ ਲੱਭੋ। ਨਹੀਂ ਮੈਂ ਕੋਈ ਕਦਮ ਚੁੱਕਾਂਗੀ। ਫੇਰ ਬੁਰਾ ਨਾ ਮਨਾਉਣਾ।”

ਇਹ ਸੰਗੀਤਾ ਦਾ ਆਖ਼ਰੀ ਫੈਸਲਾ ਸੀ।

 

-76-

 

ਕੁੱਝ ਦਿਨਾਂ ਤੋਂ ਰਾਮ ਨਾਥ ਅਤੇ ਸੰਗੀਤਾ ਵਿਚਕਾਰ ਖਿਚਾਅ ਵਧਿਆ ਹੋਇਆ ਸੀ। ਇਸ ਦੀ ਭਿਣਕ ਵੇਦ ਨੂੰ ਪੈ ਰਹੀ ਸੀ।

ਉਨ੍ਹਾਂ ਵਿਚਕਾਰ ਬੋਲਚਾਲ ਬੰਦ ਸੀ। ਇਸਦੀ ਖ਼ਬਰ ਵੇਦ ਨੂੰ ਅੱਜ ਹੀ ਮਿਲੀ ਸੀ।

ਵੇਦ ਨੇ ਦੁਨੀਆਂ ਵੇਖੀ ਸੀ। ਉਨ੍ਹਾਂ ਵਿਚਕਾਰਲੇ ਤਨਾਅ ਦੇ ਕੁੱਝ ਕਾਰਨ ਪ੍ਰਤੱਖ ਸਨ। ਕਰੀਬ ਦੋ ਮਹੀਨੇ ਤੋਂ ਮੀਆਂ ਬੀਵੀ ਇਥੇ ਫਸੇ ਬੈਠੇ ਸਨ। ਕਮਾਈ ਬੰਦ ਹੋ ਗਈ ਸੀ। ਖਰਚਾ ਵਿਤੋਂ ਬਾਹਰ ਸੀ। ਬੱਚੇ ਰੁਲ ਰਹੇ ਸਨ। ਸੰਗੀਤਾ ਨੌਕਰੀ ਪੇਸ਼ਾ ਔਰਤ ਸੀ।

ਉਸਨੂੰ ਆਰਾਮ ਦੀ ਜ਼ਿੰਦਗੀ ਜਿਊਣ ਦੀ ਆਦਤ ਸੀ। ਇਥੇ ਉਸਨੂੰ ਨੀਲਮ ਦੇ ਗੂੰਹ ਮੂਤ ਤੋਂ ਲੈ ਕੇ ਰਸੋਈ ਵਿੱਚ ਹੱਥ ਫੂਕਣ ਤਕ ਸਭ ਕੁੱਝ ਕਰਨਾ ਪੈਂਦਾ ਸੀ। ‘ਇਕ ਦਿਨ ਹੋਰ’, ‘ਇਕ ਦਿਨ ਹੋਰ’ ਕਰਕੇ ਦੋ ਮਹੀਨੇ ਲੰਘ ਗਏ ਸਨ। ਬਿਮਾਰੀ ਅਤੇ ਮੁਕੱਦਮਾ ਹਨੂਮਾਨ ਦੀ ਪੂਛ ਵਾਂਗ ਲੰਬੇ ਹੁੰਦੇ ਜਾ ਰਹੇ ਸਨ। ਹਾਲਾਤ ਦੇ ਜਲਦੀ ਸੁਧਰਨ ਦੇ ਕੋਈ ਆਸਾਰ ਨਹੀਂ ਸਨ।

ਨੀਲਮ ਦੇ ਦਸਤਾਂ ਨੇ ਬਲਦੀ ’ਤੇ ਫੂਸ ਪਾਇਆ ਸੀ। ਨੀਲਮ ਦੀ ਦੇਖ ਰੇਖ ਭਾਵੇਂ ਬਹੁਤੀ ਨੇਹਾ ਕਰਦੀ ਸੀ ਪਰ ਨੇਹਾ ਨੂੰ ਦਮ ਦਿਵਾਉਣ ਲਈ ਜਦੋਂ ਰਾਮ ਨਾਥ ਸਫ਼ਾਈ ਵਿੱਚ ਜੁਟਦਾ ਸੀ ਤਾਂ ਸ਼ਰਮੋ ਸ਼ਰਮੀ ਸੰਗੀਤਾ ਨੂੰ ਉਸਦੇ ਹੱਥੋਂ ਕਪੜੇ ਲੀੜੇ ਫੜਨੇ ਪੈਂਦੇ ਸਨ। ਸੰਗੀਤਾ ਨੂੰ ਰਾਮ ਨਾਥ ਕੋਲੋਂ ਕੰਮ ਕਰਾਉਂਦਿਆਂ ਦੂਹਰੀ ਸ਼ਰਮ ਆਉਂਦੀ ਸੀ। ਇੱਕ ਭੈਣ ਦਾ ਨੰਗੇਜ ਭਰਾ ਦੇ ਸਾਹਮਣੇ ਆਵੇ, ਇਹ ਸ਼ਰਮਨਾਕ ਗੱਲ ਸੀ। ਦੂਜਾ ਪਤਨੀ ਦੇ ਹੁੰਦਿਆਂ ਪਤੀ ਗੂੰਹ ਮੂਤ ਵਿੱਚ ਹੱਥ ਮਾਰੇ, ਇਹ ਵੀ ਚੰਗੀ ਗੱਲ ਨਹੀਂ ਸੀ। ਆਦਮੀਆਂ ਨੂੰ ਗੂੰਹ ਮੂਤ ਦੀ ਆਦਤ ਨਹੀਂ ਹੁੰਦੀ। ਔਰਤਾਂ ਬੱਚਿਆਂ ਦਾ ਪਾਲਨ ਪੋਸ਼ਣ ਕਰਦੀਆਂ ਇਸ ਕੰਮ ਦੀਆਂ ਆਦੀ ਹੋ ਜਾਂਦੀਆਂ ਹਨ।

ਪਰ ਨੀਲਮ ਹੁਣ ਸੰਭਲ ਚੁੱਕੀ ਸੀ। ਇਸ਼ਾਰੇ ਸਮਝਣ ਅਤੇ ਪਾਸਾ ਪਰਤਣ ਲੱਗੀ ਸੀ। ਦਸਤ ਬੰਦ ਹੋਇਆਂ ਨੂੰ ਕਈ ਦਿਨ ਹੋ ਗਏ ਸਨ। ਟੱਟੀ ਪਿਸ਼ਾਬ ਆਉਣ ਤੋਂ ਪਹਿਲਾਂ ਉਸਨੂੰ ਪਤਾ ਲਗ ਜਾਂਦਾ ਸੀ। ਉਹ ਇਸ਼ਾਰਾ ਕਰਕੇ ਸਮਝਾ ਦਿੰਦੀ ਸੀ।

ਸੰਗੀਤਾ ਦੇ ਰੁੱਸਣ ਦਾ ਕੋਈ ਹੋਰ ਕਾਰਨ ਹੋਣਾ ਚਾਹੀਦਾ ਸੀ।

ਵੇਦ ਮਸਲੇ ਦੀ ਤੈਅ ਤਕ ਜਾਣਾ ਚਾਹੁੰਦਾ ਸੀ। ਉਂਝ ਉਸ ਨੂੰ ਪਤਾ ਸੀ ਕਾਰਨ ਲੱਭ ਕੇ ਵੀ ਉਹ ਮਸਲਾ ਹੱਲ ਨਹੀਂ ਕਰ ਸਕੇਗਾ।

ਵੇਦ ਖ਼ੁਦ ਚਾਹੁੰਦਾ ਸੀ ਉਹ ਆਪਣੇ ਘਰ ਜਾਣ। ਆਪਣੀ ਕਬੀਲਦਾਰੀ ਸੰਭਾਲਣ।

ਪਰ ਉਨ੍ਹਾਂ ਦੇ ਜਾਣ ਨਾਲ ਵੇਦ ਹੋਰਾਂ ਦੀ ਦੇਖ ਭਾਲ ਕਰਨ ਵਾਲਾ ਕੋਈ ਨਹੀਂ ਸੀ ਬਚਦਾ।

ਨੀਲਮ ਦੀ ਜੋ ਹਾਲਤ ਸੀ ਉਹ ਸਭ ਨੂੰ ਪਤਾ ਸੀ। ਵੇਦ ਖ਼ੁਦ ਲਾਸ਼ ਬਣਿਆ ਪਿਆ ਸੀ। ਪਾਸਾ ਲੈਣ ਤੋਂ ਲੈ ਕੇ ਟੱਟੀ ਪਿਸ਼ਾਬ ਤਕ ਲਈ ਉਸਨੂੰ ਦੋ ਬੰਦਿਆਂ ਦਾ ਸਹਾਰਾ ਲੈਣਾ ਪੈਂਦਾ ਸੀ। ਹੋਸ਼ ਵਿੱਚ ਹੋਣ ਕਾਰਨ ਉਹ ਉਪਰਲਿਆਂ ਨੂੰ ਬਹੁਤੀ ਤਕਲੀਫ਼ ਨਹੀਂ ਸੀ ਦਿੰਦਾ। ਪਿਆਸ ਲੱਗਣ ਦੇ ਬਾਵਜੂਦ ਵੀ ਉਹ ਪਾਣੀ ਨਹੀਂ ਸੀ ਪੀਂਦਾ। ਬਹੁਤਾ ਪਾਣੀ ਪੀਏਗਾ ਤਾਂ ਵਾਰ ਵਾਰ ਪਿਸ਼ਾਬ ਆਏਗਾ। ਭੁੱਖ ਹੋਣ ਦੇ ਬਾਵਜੂਦ ਵੀ ਉਹ ਰੱਜਵੀਂ ਰੋਟੀ ਨਹੀਂ ਸੀ ਖਾਂਦਾ। ਬਹੁਤੀ ਵਾਰ ਟੱਟੀ ਦੀ ਹਾਜਤ ਹੋਏਗੀ। ਨਾਲੇ ਖ਼ੁਦ ਤੰਗ ਹੋਏਗਾ, ਨਾਲੇ ਦੂਸਰਿਆਂ ਨੂੰ ਤੰਗ ਕਰੇਗਾ। ਉਹ ਨਿੰਮ ਦੀ ਦਾਤਣ ਦਾ ਸ਼ੌਕੀਨ ਸੀ। ਦਾਤਣ ਨਾ ਕਰਨ ਕਾਰਨ ਉਸਦਾ ਮੂੰਹ ਸਾਰਾ ਦਿਨ ਕੌੜਾ ਰਹਿੰਦਾ ਸੀ। ਡਾਕਟਰਾਂ ਨੇ ਉਸਨੂੰ ਪੋਲੀ ਦਾਤਣ ਕਰਨ ਦੀ ਇਜਾਜ਼ਤ ਦੇ ਦਿੱਤੀ ਸੀ। ਪਰ ਦਾਤਣ ਕਰਨ ਲਈ ਉਸਨੂੰ ਬੈਠਣਾ ਪੈਣਾ ਸੀ। ਬੈਠਣ ਲਈ ਉਸਨੂੰ ਦੋ ਬੰਦਿਆਂ ਦੀ ਜ਼ਰੂਰਤ ਪੈਣੀ ਸੀ। ਕੌਣ ਦਾਤਣ ਮੂੰਹ ਵਿੱਚ ਪਾਏਗਾ? ਕੌਣ ਕੁਰਲਾ ਕਰਵਾਏਗਾ? ਦਵਾਈ ਸਮੇਂ ਸਿਰ ਮਿਲਦੀ ਰਹੇ ਇਹੋ ਬਹੁਤ ਸੀ। ਇਹੋ ਸੋਚ ਕੇ ਵੇਦ ਮੂੰਹ ਦੀ ਕੜਵਾਹਟ ਬਰਦਾਸ਼ਤ ਕਰਦਾ ਆ ਰਿਹਾ ਸੀ।

ਇਹੋ ਨਹੀਂ, ਉਸਨੇ ਕਈ ਹੋਰ ਸਮਝੌਤੇ ਵੀ ਕੀਤੇ ਸਨ। ਨੇਹਾ ਉਸ ਨੂੰ ਦੁਨੀਆਂ ਦੀ ਹਰ ਸ਼ੈਅ ਨਾਲੋਂ ਵੱਧ ਪਿਆਰੀ ਸੀ। ਕਮਲ ਨਾਲੋਂ ਵੀ ਵੱਧ। ਕਦੇ ਬਾਪ ਧੀਆਂ ਕੋਲੋਂ ਟੱਟੀ ਪਿਸ਼ਾਬ ਵਾਲੇ ਭਾਂਡੇ ਚੁਕਵਾਉਂਦਾ ਹੈ? ਰਾਮ ਨਾਥ ਜਾਂ ਸੰਗੀਤਾ ਨੂੰ ਤਕਲੀਫ਼ ਨਾ ਹੋਵੇ। ਵੇਦ ਆਪਣੇ ਦਿਲ ’ਤੇ ਪੱਥਰ ਰੱਖ ਕੇ ਨੇਹਾ ਤੋਂ ਇਹ ਕੰਮ ਵੀ ਕਰਵਾ ਰਿਹਾ ਸੀ।

ਆਤਮ ਗਿਲਾਨੀ ਨਾਲ ਭਰੇ ਵੇਦ ਨੇ ਕਈ ਵਾਰ ਇਸ ਨਰਕ ਭਰੀ ਜ਼ਿੰਦਗੀ ਤੋਂ ਖਹਿੜਾ ਛੁਡਾਉਣ ਲਈ ਸੋਚਿਆ ਸੀ, ਪਰ ਉਸ ਅਭਾਗੇ ਨੂੰ ਆਪਣੀ ਮਰਜ਼ੀ ਨਾਲ ਮਰਨ ਦੀ ਵੀ ਇਜਾਜ਼ਤ ਨਹੀਂ ਸੀ। ਨਾ ਖ਼ੂਹ ਖਾਤਾ ਗੰਦਾ ਕਰਨ ਲਈ ਉਹ ਉੱਠ ਕੇ ਬਾਹਰ ਜਾ ਸਕਦਾ ਸੀ। ਨਾ ਕਿਸੇ ਕੈਮਿਸਟ ਦੀ ਦੁਕਾਨ ਤੋਂ ਜ਼ਹਿਰ ਖਰੀਦ ਸਕਦਾ ਸੀ। ਕਿਧਰੋਂ ਜ਼ਹਿਰ ਮਿਲ ਵੀ ਜਾਂਦੀ, ਕਿਸੇ ਨੇ ਇਹ ਉਸ ਦੇ ਮੂੰਹ ਵਿੱਚ ਨਹੀਂ ਸੀ ਪਾਉਣੀ।

ਇੱਕ ਦੋ ਵਾਰ ਉਸ ਨੇ ਡਾਕਟਰਾਂ ਨਰਸਾਂ ਕੋਲੋਂ ਆਨੇ ਬਹਾਨੇ ਜ਼ਹਿਰੀਲੀਆਂ ਦਵਾਈਆਂ ਦੇ ਨਾਂ ਪੁੱਛੇ ਸਨ। ਉਸਦਾ ਇਰਾਦਾ ਭਾਂਪ ਕੇ ਉਹ ਜ਼ਹਿਰ ਦੀ ਥਾਂ ਉਸਦਾ ਹੌਸਲਾ ਵਧਾਉਣ ਲਗਦੇ ਸਨ। ਉਹ ਆਪਣੀ ਫੁੱਲ ਵਰਗੀ ਧੀ ਬਾਰੇ ਕੁੱਝ ਸੋਚੇ।

ਵੇਦ ਨੇ ਨੇਹਾ ਬਾਰੇ ਕਦੋਂ ਨਹੀਂ ਸੀ ਸੋਚਿਆ? ਕਮਲ ਦੀ ਕੋਈ ਫਰਮਾਇਸ਼ ਟਲ ਸਕਦੀ ਸੀ। ਨੇਹਾ ਦੇ ਹਰ ਬੋਲ ਤੇ ਵੇਦ ਨੇ ਫੁੱਲ ਚੜ੍ਹਾਏ ਸਨ।

ਨੇਹਾ ਸੀ ਹੀ ਭਾਗਾਂ ਵਾਲੀ।

ਨੇਹਾ ਦੇ ਪੈਦਾ ਹੁੰਦਿਆਂ ਹੀ ਉਹ ਮਾਇਆ ਨਗਰ ਆ ਵੱਸੇ ਸਨ। ਇਥੇ ਪੈਸਾ ਮੀਂਹ ਵਾਂਗ ਬਰਸਿਆ ਸੀ। ਛਾਪਾਂ ਛੱਲਿਆਂ ਲਈ ਤਰਸਦੀ ਨੀਲਮ ਨੇ ਹੀਰਿਆਂ ਦੇ ਕਈ ਸੈੱਟ ਖਰੀਦ ਲਏ ਸਨ। ਹਰ ਨਵੀਂ ਕਿਸਮ ਦੀ ਸਾੜ੍ਹੀ ਪਹਿਲਾਂ ਉਨ੍ਹਾਂ ਦੀ ਕੋਠੀ ਆਉਂਦੀ ਸੀ।

ਬੈਂਕਾਂ ਵਿਚਲੇ ਫਿਕਸ ਡਿਪਾਜ਼ਿਟਾਂ ਅਤੇ ਵਿਕਾਸ ਪੱਤਰਾਂ ਦੀ ਗਿਣਤੀ ਦਿਨੋ ਦਿਨ ਵਧਦੀ ਗਈ ਸੀ। ਸ਼ਹਿਰ ਦੇ ਮਸ਼ਹੂਰ ਕਲੱਬਾਂ ਦੀ ਉਨ੍ਹਾਂ ਨੂੰ ਮੈਂਬਰਸ਼ਿਪ ਮਿਲ ਗਈ। ਨੀਲਮ ਕਈ ਕਿੱਟੀ ਕਲੱਬਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੀ ਮੈਂਬਰ ਬਣ ਗਈ।

ਵੇਦ ਨੇ ਤੰਗੀ ਤੁਰਸ਼ੀ ਦੇ ਦਿਨ ਦੇਖੇ ਸਨ। ਆਪਣੇ ਸ਼ਹਿਰ ਉਹ ਅੱਠ ਸੌ ਵਿੱਚ ਗੁਜ਼ਾਰਾ ਕਰਦਾ ਰਿਹਾ ਸੀ। ਬਜਟ ਬਣਾ ਕੇ ਪੈਸਾ ਖਰਚਦਾ ਸੀ। ਹੱਥ ਘੁੱਟ ਕੇ ਗੁਜ਼ਾਰਾ ਹੁੰਦਾ ਸੀ।

ਅਚਾਨਕ ਹੱਥ ਆਈ ਮਾਇਆ ’ਤੇ ਉਸਨੂੰ ਹੈਰਾਨੀ ਹੁੰਦੀ ਸੀ। ਲਗਦਾ ਸੀ ਇਹ ਕੋਈ ਸੁਪਨਾ ਸੀ। ਮਾਇਆ ਨੂੰ ਤਜੌਰੀ ਵਿੱਚ ਬੰਦ ਕਰਨ ਦੀ ਥਾਂ ਉਸਨੂੰ ਸੁੱਖ ਸਹੂਲਤਾਂ ਮਾਨਣ ਦਾ ਸ਼ੌਕ ਸੀ। ਆਏ ਦਿਨ ਨਵੀਂ ਚੀਜ਼ ਉਸਦੇ ਘਰ ਆਉਂਦੀ ਸੀ।

ਵੇਦ ਦੀ ਨੀਅਤ ਨੂੰ ਫਲ ਲੱਗਾ ਸੀ। ਪਤਨੀ ਸੁਚੱਜਤਾ ਨਾਲ ਘਰ ਚਲਾ ਰਹੀ ਸੀ। ਦੋਵੇਂ ਬੱਚੇ ਲਾਇਕ ਸਨ।

ਨੇਹਾ ਨਾਲ ਉਸਨੂੰ ਇੱਕ ਹੋਰ ਗੱਲੋਂ ਵੀ ਮੋਹ ਸੀ। ਕਨਟੀਨਾਂ ਅਤੇ ਪਿਕਨਿਕਾਂ ਵਿੱਚ ਮਸਤ ਰਹਿਣ ਵਾਲੀ ਅੱਲ੍ਹੜ ਉਮਰ ਉਸਨੇ ਯੋਗਾ ਅਤੇ ਆਤਮ ਸ਼ਾਕਸ਼ਾਤ ਵਰਗੇ ਅਧਿਆਤਮਿਕ ਕੰਮਾਂ ਲੇਖੇ ਲਾ ਰੱਖੀ ਸੀ। ਉਮਰ ਦੀ ਅਭੋਲਤਾ ਕਾਰਨ ਉਸਨੇ ਸਿਖਰਾਂ ਵੀ ਜਲਦੀ ਛੋਹ ਲਈਆਂ ਸਨ।

ਨੇਹਾ ਦੇ ਨਾਲ ਨਾਲ ਘਰ ਦਾ ਵਾਤਾਵਰਣ ਵੀ ਪਵਿੱਤਰ ਹੋਣ ਲੱਗਾ ਸੀ। ਨੇਹਾ ਦੀ ਪ੍ਰੇਰਨਾ ਵੱਸ ਵੇਦ ਨੇ ਪਹਿਲਾਂ ਮੀਟ ਮੱਛੀ ਘਰ ਲਿਆਉਣੀ ਛੱਡੀ। ਫੇਰ ਮਾਸ ਖਾਣਾ ਛੱਡ ਦਿੱਤਾ। ਸ਼ਰਾਬ ਪੀ ਕੇ ਘਰ ਵੜਨ ਲੱਧਗਿਆਂ ਉਸਨੂੰ ਸ਼ਰਮ ਆਉਣ ਲੱਗੀ। ਉਸਦਾ ਧੰਦਾ ਹੀ ਅਜਿਹਾ ਸੀ। ਜਿੰਨਾ ਚਿਰ ਕਿਸੇ ਨਾਲ ਬੈਠ ਕੇ ਹਮ ਪਿਆਲਾ ਨਾ ਹੋਇਆ ਜਾਵੇ ਓਨਾ ਚਿਰ ਦੂਜਾ ਆਪਣਾ ਰਾਜ਼ ਨਹੀਂ ਦੱਸਦਾ। ਕੰਪਨੀ ਸੇਕ ਉਹ ਦਾਰੂ ਪੀਂਦਾ ਸੀ। ਨੇਹਾ ਦੇ ਬਿਨਾਂ ਆਖਿਆਂ ਹੀ ਉਸਨੇ ਇਸ ਬਿਮਾਰੀ ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ। ਮਾਤਾ ਜੀ ਅੱਗੇ ਸਹੁੰ ਖਾ ਕੇ ਪਹਿਲਾਂ ਉਸਨੇ ਵਾਅਦਾ ਕੀਤਾ ਉਹ ਦੋ ਪੈੱਗ ਤੋਂ ਵੱਧ ਨਹੀਂ ਪੀਵੇਗਾ। ਫੇਰ ਆਪਣੇ ਆਪ ਇੱਕ ਪੈੱਗ ਤੇ ਆ ਗਿਆ। ਫੇਰ ਉਹ ਸੋਫ਼ੀ ਬਣ ਗਿਆ।

ਪਹਿਲਾਂ ਉਸਨੂੰ ਲਗਦਾ ਸੀ ਸ਼ਰਾਬ ਬਿਨਾਂ ਕਾਰੋਬਾਰ ਵਿੱਚ ਤਰੱਕੀ ਨਹੀਂ ਕੀਤੀ ਜਾ ਸਕਦੀ। ਸ਼ਰਾਬ ਛੱਡ ਕੇ ਕਾਰੋਬਾਰ ਹੋਰ ਤਰੱਕੀ ਕਰਨ ਲੱਗਾ। ‘ਧਰਮੀ ਕਰਮੀ ਬੰਦਾ ਹੈ’ ਇਹ ਕਹਿ ਕੇ ਲੋਕ ਉਸਤੇ ਵੱਧ ਯਕੀਨ ਕਰਨ ਲੱਗੇ।

ਇਨ੍ਹਾਂ ਸਭ ਤਬਦੀਲੀਆਂ ਦਾ ਕਾਰਨ ਉਹ ਨੇਹਾ ਅਤੇ ਉਸਦੀ ਗੁਰੂ ਮਾਤਾ ਕਲਿਆਨੀ ਜੀ ਨੂੰ ਸਮਝਦਾ ਸੀ।

ਬਾਕੀ ਸਹਿਯੋਗੀਆਂ ਵਾਂਗ ਵੇਦ ਨੂੰ ਵੀ ਨੇਹਾ ਵਿਚੋਂ ਕਿਸੇ ਦੈਵੀ ਸ਼ਕਤੀ ਦੀ ਝਲਕ ਪੈਂਦੀ ਸੀ। ਉਹ ਆਪਣੇ ਆਪ ਨੂੰ ਖ਼ੁਸ਼ਕਿਸਮਤ ਸਮਝਦਾ ਸੀ। ਉਸਦੇ ਘਰ ਇੱਕ ਦੇਵੀ ਨੇ ਅਵਤਾਰ ਲਿਆ ਸੀ। ਮਨ ਹੀ ਮਨ ਉਹ ਇਸ ਦੇਵੀ ਨੂੰ ਪ੍ਰਣਾਮ ਕਰਿਆ ਕਰਦਾ ਸੀ।

ਅਤੇ ਹੁਣ ਕਿਸੇ ਤਾੜਕਾਸੁਰ ਨੇ ਨੇਹਾ ਦੀਆਂ ਸਾਰੀਆਂ ਦੈਵਿਕ ਸ਼ਕਤੀਆਂ ਹਰ ਲਈਆਂ ਸਨ। ਉਸਨੂੰ ਇੱਕ ਸਰਾਪੀ ਜ਼ਿੰਦਗੀ ਜਿਊਣੀ ਪੈ ਰਹੀ ਸੀ।

ਦੋ ਮਹੀਨਿਆਂ ਵਿੱਚ ਹੀ ਨੇਹਾ ਦੇ ਚਿਹਰੇ ਦਾ ਨੂਰ ਖੰਭ ਲਾ ਗਿਆ ਸੀ। ਹੰਸੂ ਹੰਸੂ ਕਰਦਾ ਚਿਹਰਾ ਰੋਣ ਹਾਕਾ ਹੋਇਆ ਰਹਿੰਦਾ ਸੀ। ਉਸ ਦੀਆਂ ਜੀਨਾਂ, ਪੈਂਟਾਂ ਅਤੇ ਸ਼ਰਟ ਸਭ ਅਲਮਾਰੀ ਵਿੱਚ ਬੰਦ ਸਨ। ਕਈ ਕਈ ਦਿਨ ਉਹ ਸੂਟ ਨਹੀਂ ਸੀ ਬਦਲਦੀ। ਉਸਦੇ ਨਹੁੰਆਂ ਦੀ ਪਾਲਿਸ਼ ਲੱਥ ਗਈ ਸੀ। ਡਉਲੇ ਕਾਨੇ ਬਣ ਗਏ ਸਨ। ਹੱਥਾਂ ’ਤੇ ਪਲਿੱਤਣ ਛਾ ਗਈ ਸੀ।

ਨੇਹਾ ਦੇ ਕੋਲ ਬੈਠਣ ਨਾਲ ਹੁਣ ਠੰਡੀਆਂ ਹਵਾਵਾਂ ਦਾ ਅਨੁਭਵ ਨਹੀਂ ਸੀ ਹੁੰਦਾ।

ਨਾ ਮਨ ਨੂੰ ਸਕੂਨ ਮਿਲਦਾ ਸੀ।

ਵੇਦ ਦਾ ਜਿਵੇਂ ਉਸ ਨਾਲੋਂ ਮੋਹ ਭੰਗ ਹੋ ਗਿਆ ਸੀ। ਦਿਨ ਵਿੱਚ ਕਈ ਕਈ ਵਾਰ ਉਹ ਉਸਨੂੰ ਖਿਝ ਖਿਝ ਪੈਂਦਾ ਸੀ। ਛੋਟੀ ਮੋਟੀ ਗਲਤੀ ’ਤੇ ਝਾੜ ਦਿੰਦਾ ਸੀ।

“ਦਵਾਈ ਲੇਟ ਹੋ ਗਈ, ਪਾਣੀ ਬਿਸਤਰ ਉਪਰ ਡੁਲ੍ਹ ਗਿਆ, ਪਾਸਾ ਪਲਟਦਿਆਂ ਹੱਡ ਦੁਖ ਗਏ, ਮੂੰਹ ਵਿੱਚ ਖਾਣਾ ਵੱਧ ਪੈ ਗਿਆ।” ਜਿਵੇਂ ਨੇਹਾ ਨੂੰ ਤਾੜਨ ਲਈ ਉਸਨੂੰ ਕਿਸੇ ਬਹਾਨੇ ਦੀ ਤਲਾਸ਼ ਰਹਿੰਦੀ ਸੀ।

ਬਿਮਾਰ ਹੋਣ ਤੋਂ ਪਹਿਲਾਂ ਜੇ ਕਦੇ ਉਹ ਨੇਹਾ ਨੂੰ ਤਾੜਦਾ ਸੀ ਤਾਂ ਪਿੱਛੋਂ ਗ਼ਲਤੀ ਦਾ ਅਹਿਸਾਸ ਕਰਕੇ ਮੁਆਫ਼ੀ ਮੰਗ ਲੈਂਦਾ ਸੀ। ਹੁਣ ਸੌ ਫ਼ੀ ਸਦੀ ਗ਼ਲਤ ਹੁੰਦਿਆਂ ਵੀ ਉਸ ਤੋਂ ਮੁਆਫ਼ੀ ਨਹੀਂ ਸੀ ਮੰਗੀ ਜਾਂਦੀ। ਪਤਾ ਸੀ ਇਹ ਗ਼ਲਤੀ ਵਾਰ ਵਾਰ ਹੋਣੀ ਸੀ।

ਪਹਿਲਾਂ ਪਹਿਲਾਂ ਬਾਪੂ ਦੀਆਂ ਝਿੜਕਾਂ ਨੇਹਾ ਦੀਆਂ ਅੱਖਾਂ ਵਿੱਚ ਹੰਝੂ ਭਰ ਦਿੰਦੀਆਂ ਸਨ। ਹੌਲੀ ਹੌਲੀ ਜਿਵੇਂ ਉਸ ਦੀਆਂ ਅੱਖਾਂ ਵਿਚੋਂ ਹੰਝੂ ਮੁੱਕ ਗਏ। ਉਹ ਸੁੰਨ ਵੱਟਾ ਜਿਹਾ ਬਣ ਗਈ। ਕਿਸੇ ਝਿੜਕ ਦਾ ਹੁਣ ਉਸ ’ਤੇ ਕੋਈ ਅਸਰ ਨਹੀਂ ਸੀ ਹੁੰਦਾ। ਜਿਵੇਂ ਉਹ ਕੋਈ ਰੋਬੋਟ ਬਣ ਗਈ ਸੀ। ਹੁਕਮ ਦੀ ਤਾਮੀਲ ਕਰਨ ਵਾਲੀ ਮਸ਼ੀਨ।

ਗਊ ਵਰਗੀ ਧੀ ਉਪਰ ਵੇਦ ਤੋਂ ਇਸ ਲਈ ਅਤਿਆਚਾਰ ਹੋ ਰਿਹਾ ਸੀ ਤਾਂ ਜੋ ਸੰਗੀਤਾ ਅਤੇ ਰਾਮ ਨਾਥ ਨੂੰ ਕੋਈ ਤਕਲੀਫ਼ ਨਾ ਹੋਵੇ।

ਉਹ ਆਪਣੇ ਪਰਿਵਾਰ ਦਾ ਬਚਿਆ ਇਕੋ ਇੱਕ ਸਹਾਰਾ ਖੋਣਾ ਨਹੀਂ ਸੀ ਚਾਹੁੰਦਾ।

ਜਦੋਂ ਤੋਂ ਪੰਕਜ ਹੋਰਾਂ ਦੇ ਜਲਦੀ ਜੇਲ੍ਹੋਂ ਬਾਹਰ ਆਉਣ ਦੀ ਅਫ਼ਵਾਹ ਫੈਲੀ ਸੀ, ਖ਼ਬਰ ਲੈਣ ਆਉਣ ਵਾਲਿਆਂ ਦੀ ਗਿਣਤੀ ਸਿਫ਼ਰ ਤੇ ਪੁੱਜ ਗਈ ਸੀ। ਵੇਦ ਦਾ ਭਾਈਚਾਰਾ ਸੋਚ ਰਿਹਾ ਸੀ, ਵੇਦ ਪਰਿਵਾਰ ਤਾਂ ਤਬਾਹ ਹੋ ਹੀ ਗਿਆ। ਚੱਲਦੇ ਪੁਰਜ਼ੇ ਪੰਕਜ ਹੋਰਾਂ ਨਾਲ ਕਿਉਂ ਵਿਗਾੜੀ ਜਾਵੇ?

ਪੰਕਜ ਹੋਰਾਂ ਦੇ ਮੁਕੱਦਮੇ ਵਿਚੋਂ ਨਿਕਲ ਜਾਣ ਨਾਲ ਮੁਕੱਦਮੇ ਨੇ ਲਟਕ ਜਾਣਾ ਸੀ।

ਇੱਕ ਸਾਲ ਵਿੱਚ ਮੁੱਕਣ ਵਾਲੇ ਮੁਕੱਦਮੇ ਨੂੰ ਦਸ ਪੰਦਰਾਂ ਸਾਲ ਲੱਗ ਜਾਣੇ ਸਨ। ਨਾ ਵੇਦ ਪਰਿਵਾਰ ਨੇ ਬੇਇਨਸਾਫ਼ੀ ਨੂੰ ਬਰਦਾਸ਼ਤ ਕਰਨਾ ਸੀ, ਨਾ ਪੰਕਜ ਨੂੰ ਪੈਸੇ ਦੀ ਪਰਵਾਹ ਸੀ। ਛੋਟੇ ਛੋਟੇ ਨੁਕਤਿਆਂ ਉਪਰ ਵਾਰ ਵਾਰ ਅਪੀਲਾਂ ਹੋਣੀਆਂ ਸਨ। ਕਈ ਵਾਰ ਉੱਚੀਆਂ ਅਦਾਲਤਾਂ ਵਿੱਚ ਲਟਕਦੇ ਫੈਸਲੇ ਇੱਕ ਪੀੜ੍ਹੀ ਤਕ ਨਿਗਲ ਲੈਂਦੇ ਹਨ।

ਇਸ ਚਰਚੇ ਨਾਲ ਨੀਲਮ ਦੇ ਭੈਣ ਭਰਾਵਾਂ ਅਤੇ ਜੀਜਿਆਂ ਭਰਜਾਈਆਂ ਦੇ ਹੌਸਲੇ ਪਸਤ ਹੋ ਗਏ। ਕਿੰਨੀ ਕੁ ਦੇਰ ਕੋਈ ਕੰਮ ਛੱਡ ਕੇ ਇਥੇ ਬੈਠਾ ਰਹੇਗਾ? ਇੱਕ ਦਿਨ ਮੂੰਹ ਮੋਟਾ ਹੋਣਾ ਹੀ ਸੀ। ਕਿਉਂ ਨਾ ਪਹਿਲਾਂ ਹੀ ਪੱਲਾ ਛੁਡਾ ਲਿਆ ਜਾਵੇ।

ਰਿਸ਼ਤੇਦਾਰਾਂ ਦੇ ਨਾਲ ਨਾਲ ਦੋਸਤ ਮਿੱਤਰ ਵੀ ਪਾਸਾ ਵੱਟਦੇ ਜਾ ਰਹੇ ਸਨ। ਕਰਿੰਦੇ ਹਾਲ ਚਾਲ ਪੁੱਛਣ ਆਉਣੋਂ ਹਟ ਗਏ। ਕਿਧਰੇ ਬਾਬੂ ਕਿਸੇ ਕੰਮ ਨੂੰ ਨਾ ਆਖ ਦੇਵੇ। ਕੋਈ ਵਗਾਰ ਨਾ ਪਾ ਦੇਵੇ।

ਵੇਦ ਨੂੰ ਆਪਣੀ ਇਸ ਕਮਜ਼ੋਰੀ ਦਾ ਪਤਾ ਸੀ।

ਆਪਣਾ ਘਰ ਬਚਾਉਣ ਲਈ ਉਸਨੂੰ ਸੰਗੀਤਾ ਅਤੇ ਰਾਮ ਨਾਥ ਵਿਚਕਾਰ ਸੁਲ੍ਹਾ ਕਰਾਉਣੀ ਚਾਹੀਦੀ ਸੀ।

 

-77-

 

ਮਨ ਮਟਾਵ ਦਾ ਕਾਰਨ ਲੱਭਣ ਲਈ ਵੇਦ ਨੇ ਆਨੇ ਬਹਾਨੇ ਰਾਮ ਨਾਥ ਨੂੰ ਟੋਹਿਆ।

ਰਾਮ ਨਾਥ ਨੇ ਪੱਲਾ ਨਾ ਫੜਾਇਆ।

ਕਈ ਵਾਰ ਸੰਗੀਤਾ ਕੋਲੋਂ ਵੀ ਤਕਲੀਫ਼ ਪੁੱਛੀ। ਇੱਕ ਦੋ ਦਿਨ ਘਰ ਲਾ ਆਉਣ ਦਾ ਸੁਝਾਅ ਦਿੱਤਾ। ਉਹ ਰੋਣ ਹਾਕੀ ਹੋ ਕੇ ਤੁਰ ਜਾਂਦੀ ਸੀ। ਘਰ ਜਾਣ ਦੀ ਤਜਵੀਜ਼ ਨਾ ਉਹ ਮੰਨਦੀ ਸੀ ਅਤੇ ਨਾ ਠੁਕਰਾਉਂਦੀ ਸੀ।

ਵੇਦ ਨੂੰ ਲੱਗ ਰਿਹਾ ਸੀ, ਮਾਮਲਾ ਘਰ ਵਾਪਸੀ ਨਾਲੋਂ ਵੱਧ ਗੰਭੀਰ ਸੀ।

ਨੇਹਾ ਸਾਰਾ ਦਿਨ ਸੰਗੀਤਾ ਕੋਲ ਰਹਿੰਦੀ ਸੀ। ਸ਼ਾਇਦ ਉਸਨੂੰ ਕਿਸੇ ਗੱਲ ਦਾ ਪਤਾ ਹੋਵੇ? ਸੋਚ ਕੇ ਵੇਦ ਨੇ ਮਸਲਾ ਨੇਹਾ ਨਾਲ ਸਾਂਝਾ ਕੀਤਾ।

“ਬਿਮਾਰੀ ਅਤੇ ਮੁਕੱਦਮੇ ਤੇ ਪੈਸਾ ਧੜਾਧੜ ਲੱਗ ਰਿਹਾ ਹੈ। ਸਾਰਾ ਪੈਸਾ ਮਾਮੇ ਦਾ ਖ਼ਰਚ ਹੋ ਰਿਹਾ ਹੈ। ਮੈਨੂੰ ਲਗਦਾ ਹੈ ਮਾਮਾ ਆਪਣੀ ਕੋਈ ਚੀਜ਼ ਗਹਿਣੇ ਰੱਖ ਕੇ ਕਰਜ਼ਾ ਲੈਣਾ ਚਾਹੁੰਦਾ ਹੈ। ਮਾਮੀ ਇਸਦਾ ਵਿਰੋਧ ਕਰ ਰਹੀ ਹੈ।”

ਜਿੰਨਾ ਕੁ ਨੇਹਾ ਨੂੰ ਪਤਾ ਸੀ ਉਸਨੇ ਦੱਸ ਦਿੱਤਾ।

ਵੇਦ ਪਹਿਲਾਂ ਹੀ ਇਸ ਸਮੱਸਿਆ ਤੋਂ ਜਾਣੂ ਸੀ। ਘਰ ਵਿੱਚ ਜੋ ਗਹਿਣਾ ਅਤੇ ਨਕਦੀ ਸੀ ਉਹ ਲੁੱਧਟਿਆ ਪੁੱਟਿਆ ਗਿਆ ਸੀ। ਪਹਿਲੇ ਦਿਨ ਤੋਂ ਲੈ ਕੇ ਹੁਣ ਤਕ ਸਾਰਾ ਖ਼ਰਚ ਰਾਮ ਨਾਥ ਕੋਲੋਂ ਹੋ ਰਿਹਾ ਸੀ। ਵੇਦ ਨੇ ਕਈ ਵਾਰ ਰਾਮ ਨਾਥ ਤੋਂ ਹਿਸਾਬ ਕਿਤਾਬ ਪੁੱਛਿਆ ਸੀ। ਉਹ ਹਰ ਵਾਰ ਟਾਲ ਜਾਇਆ ਕਰਦਾ ਸੀ।

ਘਰ ਵਿਚਲੇ ਪੈਸੇ ਦਾ ਹਿਸਾਬ ਕਿਤਾਬ ਨੀਲਮ ਕੋਲ ਸੀ। ਲਾਕਰ ਅਤੇ ਬੈਂਕ ਖ਼ਾਤੇ ਨੀਲਮ ਅਤੇ ਕਮਲ ਦੇ ਨਾਂ ਸਨ। ਕੁੱਝ ਪਲਾਟਾਂ ਦੇ ਹਿੱਸੇ ਨੀਲਮ ਦੇ ਨਾਂ ਸਨ, ਕੁੱਝ ਕਮਲ ਦੇ। ਨੇਹਾ ਹਾਲੇ ਛੋਟੀ ਸੀ। ਨੇਹਾ ਨੂੰ ਉਸਨੇ ਕਿਸੇ ਝੰਜਟ ਵਿੱਚ ਨਹੀਂ ਸੀ ਪਾਇਆ। ਉਹ ਪਰਾਇਆ ਧਨ ਸੀ। ਬਿਗਾਨੇ ਪੁੱਤ ਦਾ ਕੀ ਪਤਾ ਸੀ, ਜਾਇਦਾਦ ਵਾਪਸ ਕਰਨ ਲੱਧਗਿਆਂ ਤਕਲੀਫ਼ ਮੰਨ ਜਾਏ? ਇਹ ਸੋਚ ਕੇ ਵੇਦ ਨੇ ਨੇਹਾ ਦੇ ਨਾਂ ਓਨਾ ਕੁ ਪੈਸਾ ਜਮ੍ਹਾਂ ਕਰਾਇਆ ਸੀ, ਜਿੰਨਾ ਪੱਕੇ ਤੌਰ ’ਤੇ ਉਸ ਕੋਲ ਰਹਿਣਾ ਸੀ। ਇਹ ਰਕਮ ਵੀ ਉਸਨੇ ਯਾਰਾਂ ਦੋਸਤਾਂ ਨੂੰ ਵਿਆਜ ’ਤੇ ਦਿੱਤੀ ਹੋਈ ਸੀ। ਧੀ ਧਿਆਣੀ ਦੀ ਰਕਮ ਵਿੱਚ ਵਾਧਾ ਹੋ ਰਿਹਾ ਸੀ।

ਨੇਹਾ ਕੋਲ ਜੋ ਪੇਸਾ ਸੀ ਉਹ ਬੈਂਕ ਵਿਚੋਂ ਕਢਵਾ ਕੇ ਉਹ ਰਾਮ ਨਾਥ ਦੇ ਹਵਾਲੇ ਕਰ ਚੁੱਕੀ ਸੀ। ਉਸਨੇ ਆਪਣੇ ‘ਫਿਕਸ ਡਿਪਾਜ਼ਟ’ ਤੁੜਵਾ ਲਏ ਸਨ। ਨੈਸ਼ਨਲ ਸੇਵਿੰਗ ਸਰਟੀਫਿਕੇਟਾਂ ਉਪਰ ਲੋਨ ਲੈ ਲਿਆ ਸੀ।

ਕਮਲ ਮਰ ਚੁੱਕਾ ਸੀ। ਉਸਦੀ ਵਾਰਿਸ ਉਸ ਦੀ ਮਾਂ ਸੀ। ਕਾਨੂੰਨੀ ਤੌਰ ’ਤੇ ਨੀਲਮ ਜ਼ਿੰਦਾ ਸੀ। ਬੈਂਕ ਵਾਲੇ ਉਸ ਨੂੰ ਜ਼ਿੰਦਾ ਮੰਨਣ ਲਈ ਤਿਆਰ ਨਹੀਂ ਸਨ। ਉਹ ਹੋਸ਼ ਵਿੱਚ ਨਹੀਂ ਸੀ। ਉਸਦੀ ਸਹਿਮਤੀ ਬਿਨਾਂ ਬੈਂਕ ਲਾਕਰ ਨਹੀਂ ਸਨ ਖੁਲ੍ਹ ਸਕਦੇ। ਨਾ ਬੈਂਕ ਖਾਤੇ ਵਿਚੋਂ ਪੈਸਾ ਨਿਕਲ ਸਕਦਾ ਸੀ।

ਕਮਲ ਦੇ ਨਾਂ ਜੋ ਜਾਇਦਾਦ ਸੀ, ਉਹ ਪਹਿਲਾਂ ਨੀਲਮ ਦੇ ਨਾਂ ਚੜ੍ਹਨੀ ਸੀ। ਫੇਰ ਉਹ ਵੇਚੀ ਵੱਟੀ ਜਾ ਸਕਦੀ ਸੀ। ਨੀਲਮ ਦੇ ਹੋਸ਼ ਵਿੱਚ ਆਉਣ ਤਕ ਜਾਇਦਾਦ ਉਸਦੇ ਨਾਂ ਚੜ੍ਹੀ ਜਾਂ ਨਾ ਚੜ੍ਹੀ ਇੱਕ ਬਰਾਬਰ ਸੀ। ਕਾਨੂੰਨੀ ਤੌਰ ’ਤੇ ਉਹ ਜਾਇਦਾਦ ਦਾ ਸੌਦਾ ਕਰਨ ਦੇ ਯੋਗ ਨਹੀਂ ਸੀ।

ਅਜਿਹੀਆਂ ਅੜਚਨਾਂ ਕਾਰਨ ਉਹ ਜਾਇਦਾਦ ਦੇ ਮਾਲਕ ਹੁੰਦੇ ਹੋਏ ਵੀ ਉਸਦਾ ਫ਼ਾਇਦਾ ਨਹੀਂ ਸਨ ਉਠਾ ਸਕਦੇ।

ਵੇਦ ਨੂੰ ਆਪਣੀ ਜੇਬ ਵਿੱਚ ਚਾਰ ਪੰਜ ਹਜ਼ਾਰ ਰੁਪਏ ਤੋਂ ਵੱਧ ਰੱਖਣ ਦੀ ਕਦੇ ਜ਼ਰੂਰਤ ਨਹੀਂ ਸੀ ਪੈਂਦੀ। ਬਾਕੀ ਸਾਰੀ ਪੂੰਜੀ ਉਸਨੇ ਕਾਰੋਬਾਰ ਵਿੱਚ ਲਾ ਰੱਖੀ ਸੀ।

ਦੇਸ਼ ਵਿੱਚ ਚਲਦੇ ਮੰਦਵਾੜੇ ਦਾ ਮਾਇਆ ਨਗਰ ਵਿੱਚ ਸਭ ਤੋਂ ਵੱਧ ਅਸਰ ਹੋਇਆ ਸੀ। ਪਲਾਟਾਂ ਕੋਠੀਆਂ ਦੇ ਰੇਟ ਅਸਮਾਨੋਂ ਡਿੱਗ ਕੇ ਪਤਾਲਾਂ ਵੱਲ ਨੂੰ ਚੱਲ ਪਏ ਸਨ।

ਲੋਕ ਦਿੱਤੇ ਬਿਆਨੇ ਵਿਚੇ ਛੱਡ ਕੇ ਭੱਜ ਰਹੇ ਸਨ।

ਚੰਗੇ ਦਿਨਾਂ ਵਿੱਚ ਵੇਦ ਨੇ ਬਹੁਤ ਕਾਰੋਬਾਰ ਕੀਤਾ ਸੀ। ਚੰਗੀ ਪੈਂਠ ਕਾਰਨ ਹਰ ਕੋਈ ਉਸ ਨਾਲ ਹਿੱਸੇਦਾਰ ਬਣਨ ਲਈ ਤਿਆਰ ਹੋ ਜਾਂਦਾ ਸੀ। ਜਾਇਦਾਦ ਖਰੀਦਣ ਅਤੇ ਵੇਚਣ ਵਾਲੇ ਉਸ ਤੇ ਇਤਬਾਰ ਕਰਦੇ ਸਨ। ਨਾ ਉਹ ਬਿਆਨਾ ਫੜਨ ਲੱਗੇ ਲਿਖਤ ਪੜ੍ਹਤ ਵਿੱਚ ਪੈਂਦੇ ਸਨ ਨਾ ਫੜਾਉਣ ਵੇਲੇ। ਸਾਰਾ ਹਿਸਾਬ ਕਿਤਾਬ ਜ਼ੁਬਾਨੀ ਚੱਲਦਾ ਸੀ।

ਉਹੋ ਵਿਸ਼ਵਾਸ ਹੁਣ ਵੇਦ ਨੂੰ ਮਹਿੰਗਾ ਪੈ ਰਿਹਾ ਸੀ।

ਦੋਸਤ ਦੁਸ਼ਮਣਾਂ ਵਿੱਚ ਵੱਟਦੇ ਜਾ ਰਹੇ ਸਨ।

ਲੋਕ ਵੇਦ ਦੇ ਭਵਿੱਖ ਨੂੰ ਪੜ੍ਹ ਚੁੱਕੇ ਸਨ। ਉਸ ਨੂੰ ਬਿਮਾਰ ਅਤੇ ਮੁਕੱਦਮੇ ਨੇ ਘੇਰ ਲਿਆ ਸੀ। ਇਨ੍ਹਾਂ ਵਿਚੋਂ ਆਈ ਇੱਕ ਮੁਸੀਬਤ ਮਾਨ ਨਹੀਂ ਹੁੰਦੀ। ਉਸ ਉਪਰ ਦੋਵੇਂ ਟੁੱਟ ਪਈਆਂ ਸਨ। ਮੁਕੱਦਮਾ ਡਾਢਿਆਂ ਨਾਲ ਚੱਲ ਰਿਹਾ ਸੀ। ਬਿਮਾਰੀ ਵੀ ਖ਼ਤਰਨਾਕ ਸੀ। ਵੇਦ ਦੀ ਹਾਲਤ ਭੱਠ ਵਿੱਚ ਪਾਏ ਭਾਂਡੇ ਵਰਗੀ ਸੀ। ਪਤਾ ਨਹੀਂ ਸੀ ਅੰਗ ਸਹੀ ਜੁੜਨਗੇ ਜਾਂ ਨਹੀਂ। ਅਪਾਹਜ ਹੋਣ ਦੀ ਵੱਧ ਸੰਭਾਵਨਾ ਸੀ। ਜੇ ਉਹ ਠੀਕ ਹੋ ਗਿਆ, ਫੇਰ ਵੀ ਇੱਕ ਸਾਲ ਤੋਂ ਪਹਿਲਾਂ ਤੁਰਨ ਫਿਰਨ ਜੋਗਾ ਨਹੀਂ ਹੋਣਾ। ਜਵਾਨ ਪੁੱਤ ਗੁਆ ਚੁੱਕਾ ਸੀ। ਪੁੱਤਾਂ ਦੇ ਖ਼ੁੱਸ ਜਾਣ ਨਾਲ ਜ਼ਿੰਦਗੀ ਦੇ ਉਦੇਸ਼ ਬਦਲ ਜਾਂਦੇ ਹਨ। ਕੰਮ ਕਰਨ ਦੀ ਪ੍ਰੇਰਨਾ ਖ਼ਤਮ ਹੋ ਜਾਂਦੀ ਹੈ। ਉਲਟਾ ਬੰਦੇ ਦੀਆਂ ਪ੍ਰਵਿਰਤੀਆਂ ਢਾਹੂ ਹੋ ਜਾਂਦੀਆਂ ਹਨ। ਹੁਣ ਉਹ ਪਹਿਲੀ ਥਾਂ ਆਉਣ ਵਾਲਾ ਨਹੀਂ ਸੀ।

ਵੇਦ ਦੇ ਠੀਕ ਹੋਣ ਤਕ ਸੌਦੇ ਲਟਕਾ ਕੇ ਨਹੀਂ ਸਨ ਰੱਖੇ ਜਾ ਸਕਦੇ। ਜਾਇਦਾਦ ਦਾ ਵਿਉਪਾਰ ਸੱਟਾ ਬਜ਼ਾਰ ਵਰਗਾ ਹੁੰਦਾ ਹੈ। ਗਾਹਕ ਤੱਤਾ ਹੁੰਦਾ ਹੈ। ਵੇਚਣ ਵਾਲਾ ਵੀ ਅਤੇ ਲੈਣ ਵਾਲਾ ਵੀ। ਦਲਾਲਾਂ ਦੀ ਹੇੜ ਗਾਹਕਾਂ ਨੂੰ ਭੁੱਧਖੇ ਸ਼ੇਰ ਵਾਂਗ ਹੜੱਪਣ ਲਈ ਤਿਆਰ ਖੜ੍ਹੀ ਹੁੰਦੀ ਹੈ। ਸਿਆਣਾ ਵਿਉਪਾਰੀ ਉਹੋ ਹੈ ਜੋ ਮੌਕੇ ਦਾ ਫ਼ਾਇਦਾ ਉਠਾ ਲਏ।

ਹਿੱਸੇਦਾਰਾਂ ਨੂੰ ਵੇਦ ਨਾਲ ਹਿੱਸੇਦਾਰੀ ਘਾਟੇ ਵਾਲਾ ਸੌਦਾ ਸਾਬਤ ਹੋ ਰਹੀ ਸੀ।

ਜਿਹੜੇ ਮੁਨਾਫ਼ੇ ਵਿੱਚ ਚੱਲ ਰਹੇ ਸਨ ਉਨ੍ਹਾਂ ਨੇ ਬਿਨਾਂ ਵੇਦ ਨੂੰ ਪੁੱਛੇ ਸੌਦੇ ਕੱਟ ਦਿੱਤੇ।

ਜਿਹੜੇ ਘਾਟੇ ਵਿੱਚ ਸਨ ਉਨ੍ਹਾਂ ਨੇ ਘਾਟਾ ਮਿੱਥ ਕੇ, ਹਿਸਾਬ ਕਿਤਾਬ ਵੇਦ ਦੇ ਘਰ ਭੇਜ ਦਿੱਤਾ। ਲੈਣ ਦੇਣ ਫੇਰ ਹੋ ਜਾਏਗਾ।

ਬਹੁਤੇ ਕਾਹਲੇ ਹਸਪਤਾਲ ਗੇੜਾ ਮਾਰਨ ਲੱਗ ਪਏ ਸਨ। ਵੇਦ ਦੇ ਹੋਸ਼ ਵਿੱਚ ਆਉਂਦਿਆਂ ਹੀ ਉਹ ਵਹੀਆਂ ਖੋਲ੍ਹ ਕੇ ਬੈਠ ਗਏ ਸਨ। ਮਾਨਸਿਕ ਤਨਾਅ, ਪ੍ਰੇਸ਼ਾਨੀ, ਭਵਿੱਖ ਪ੍ਰਤੀ ਨਿਰਾਸ਼ਤਾ ਅਤੇ ਸਰੀਰਕ ਕਸ਼ਟ ਕਾਰਨ ਵੇਦ ਜਿਊਣ ਦੀ ਆਸ ਛੱਡੀ ਬੈਠਾ ਸੀ। ਬਿਜਨਸ ਵਿਉਪਾਰ ਦੀ ਗੱਲ ਉਸਨੂੰ ਜ਼ਹਿਰ ਵਰਗੀ ਲਗਦੀ ਸੀ। ਤਪਿਆ ਭਖਿਆ ਉਹ ਜਿਵੇਂ ਹਿੱਸੇਦਾਰ ਆਖਦੇ ਉਸੇ ਤਰ੍ਹਾਂ ਸਹਿਮਤ ਹੋ ਜਾਂਦਾ। ਬਹੁਤੇ ਹਿੱਧਸਿਆਂ ਵਿੱਚ ਉਸਨੂੰ ਘਾਟਾ ਸਹਿਣਾ ਪਿਆ ਸੀ। ਕੁੱਝ ਕੁ ਨਾ ਮਾਤਰ ਮੁਨਾਫ਼ਾ ਦੇ ਕੇ ਇਮਾਨਦਾਰ ਅਤੇ ਹਮਦਰਦ ਹੋਣ ਦਾ ਦਿਖਾਵਾ ਵੀ ਕਰ ਗਏ ਸਨ।

ਉਸਦੇ ਠੀਕ ਹੋ ਕੇ ਘਰ ਮੁੜਨ ਤਕ ਉਡੀਕ ਕਰਨ ਵਾਲਿਆਂ ਵਿੱਚ ਬਹੁਤੀ ਗਿਣਤੀ ਉਨ੍ਹਾਂ ਮਿੱਤਰਾਂ ਦੀ ਸੀ ਜਿਨ੍ਹਾਂ ਦੇ ਹੱਥ ਵਿੱਚ ਲਿਖਤ ਪੜ੍ਹਤ ਨਾ ਹੋਣ ਕਾਰਨ, ਚੁੱਪ ਕਰਨਾ ਮਜਬੂਰੀ ਸੀ। ਔਖੇ ਹੋਏ ਵੇਦ ਨੇ ਨਾਂਹ ਵਿੱਚ ਸਿਰ ਹਿਲਾ ਦਿੱਤਾ ਤਾਂ ਉਹ ਕਿਸ ਦੀ ਮਾਂ ਨੂੰ ਮਾਸੀ ਆਖਣਗੇ। ਇਹ ਸੋਚ ਕੇ ਉਹ ਦੜ ਵੱਟੀ ਬੈਠੇ ਸਨ।

ਹੁਣ ਜਦੋਂ ਉਹ ਬੋਲਣ ਚੱਲਣ ਦੇ ਕਾਬਲ ਹੋ ਗਿਆ ਸੀ ਉਹ ਪਿਆਰ ਪੁਚਕਾਰ ਕੇ ਆਪਣੀ ਲੈਣਦਾਰੀ ਮਨਾਉਣ ਆਉਂਦੇ ਸਨ। ਜਦੋਂ ਵੇਦ ਪਾਈ ਪਾਈ ਦਾ ਹਿਸਾਬ ਚੁਕਤਾ ਕਰਨ ਦਾ ਵਚਨ ਦਿੰਦਾ ਸੀ ਤਾਂ ਉਹ ਪਹਿਲੀ ਗ਼ਲਤੀ ਨੂੰ ਦੁਹਰਾਉਣ ਤੋਂ ਗੁਰੇਜ਼ ਕਰਦੇ ਸਨ। ਬਦਲੇ ਹਾਲਾਤ ਵਿੱਚ ਵੇਦ ਦੀ ਜ਼ੁਬਾਨ ਦੀ ਪਹਿਲੀ ਕੀਮਤ ਨਹੀਂ ਸੀ ਰਹੀ।

ਠੋਸ ਸਬੂਤ ਵਜੋਂ ਉਹ ਕਿਸੇ ਗਹਿਣੇ ਗੱਧਟੇ ਜਾਂ ਲਿਖਤ ਪੜ੍ਹਤ ਦੀ ਮੰਗ ਕਰਦੇ ਸਨ। ਬਹੁਤਾ ਨਹੀਂ ਤਾਂ ਕੋਈ ਰਿਸ਼ਤੇਦਾਰ ਜਾਮਨ ਜ਼ਰੂਰ ਬਣੇ।

ਜਿਨ੍ਹਾਂ ਨਾਲ ਲਿਖਤ ਪੜ੍ਹਤ ਹੋਈ ਸੀ ਉਨ੍ਹਾਂ ਦੇ ਕਾਨੂੰਨੀ ਨੋਟਿਸ ਆਉਣ ਲੱਗੇ।

ਅਜਿਹੇ ਬਹੁਤੇ ਨੋਟਿਸ ਉਨ੍ਹਾਂ ਗਾਹਕਾਂ ਵੱਲੋਂ ਆ ਰਹੇ ਸਨ ਜਿਨ੍ਹਾਂ ਨੂੰ ਵੇਦ ਨੇ ਬਿਆਨੇ ਫੜਾਏ ਹੋਏ ਸਨ। ਪਲਾਟਾਂ ਦੇ ਭਾਅ ਗਿਰ ਰਹੇ ਸਨ। ਨਵਾਂ ਗਾਹਕ ਲੱਭਦਾ ਨਹੀਂ ਸੀ।

ਪੱਧਲਿਉਂ ਪੈਸੇ ਖ਼ਰਚ ਕਰਕੇ ਰਜਿਸਟਰੀ ਕਰਾਉਣ ਦੀ ਹੁਣ ਉਸਦੀ ਪਰੋਖੋ ਨਹੀਂ ਸੀ। ਉਹ ਕਹਿੰਦੇ ਸਨ ਉਹ ਮਿਆਦ ਦੇ ਅੰਦਰ ਅੰਦਰ ਰਜਿਸਟਰੀ ਕਰਾਏ, ਨਹੀਂ ਤਾਂ ਬਿਆਨੇ ਤੋਂ ਹੱਥ ਧੋਣ ਲਈ ਤਿਆਰ ਰਹੇ।

ਕਮਲ ਦੀ ਮੌਤ, ਬਿਮਾਰੀ ਅਤੇ ਰਿਸ਼ਤੇਦਾਰਾਂ ਦੀ ਬੇਰੁਖੀ ਨਾਲੋਂ ਵੱਧ ਦੁੱਖ ਵੇਦ ਨੂੰ ਇਨ੍ਹਾਂ ਨੋਟਿਸਾਂ ਦਾ ਹੁੰਦਾ ਸੀ। ਇਹ ਨੋਟਿਸ ਉਹ ਲੋਕ ਦੇ ਰਹੇ ਸਨ ਜਿਹੜੇ ਉਸੇ ਦੇ ਪੈਰੋਂ ਪੈਰਾਂ ਸਿਰ ਹੋਏ ਸਨ।

ਕੁੱਝ ਦਿਨਾਂ ਤੋਂ ਇਹ ਸਮੱਸਿਆ ਗੰਭੀਰ ਹੋ ਗਈ ਸੀ। ਕਿਸੇ ਨੇ ਇਹ ਅਫ਼ਵਾਹ ਫੈਲਾ ਦਿੱਤੀ ਸੀ ਕਿ ਵੇਦ ਦਾ ਦਿਵਾਲਾ ਨਿਕਲ ਰਿਹਾ ਸੀ।

ਕਾਹਲੇ ਪਏ ਲੋਕ ਘਰ ਆ ਕੇ ਧਮਕੀਆਂ ਅਤੇ ਗਾਲ੍ਹਾਂ ਦੇਣ ਲੱਗੇ। ਇੱਕ ਦੋ ਡਰਾਵੇ ਲਈ ਬਦਮਾਸ਼ਾਂ ਨੂੰ ਨਾਲ ਲੈ ਆਏ। ਕੁੱਝ ਸ਼ਰੀਫਾਂ ਨੇ ਆਪਣੇ ਹੱਕ ਬਦਮਾਸ਼ਾਂ ਨੂੰ ਵੇਚ ਦਿੱਤੇ। ਗਿੱਦੜ ਚਿੱਠੀਆਂ ਲੈ ਲੈ ਬਦਮਾਸ਼ਾਂ ਦੇ ਕਰਿੰਦੇ ਵੇਦ ਦੀ ਕੋਠੀ ਅੱਗੇ ਚੱਕਰ ਕੱਟਣ ਲੱਗੇ।

ਵੇਦ ਆਪਣੇ ਆਪ ਨੂੰ ਗਿਰਝਾਂ ਵਿੱਚ ਘਿਰਿਆ ਮਹਿਸੂਸ ਕਰ ਰਿਹਾ ਸੀ। ਜਿਸ ਤਰ੍ਹਾਂ ਦੀ ਕੋਈ ਤਜਵੀਜ਼ ਲੈ ਕੇ ਆ ਰਿਹਾ ਸੀ ਵੇਦ ਉਸੇ ਨਾਲ ਸਹਿਮਤ ਹੁੰਦਾ ਜਾ ਰਿਹਾ ਸੀ। ਕਿਸੇ ਨੂੰ ਪਲਾਟ ’ਤੇ ਕਬਜ਼ਾ ਕਰਵਾ ਦਿੱਤਾ ਅਤੇ ਕਿਸੇ ਨੂੰ ਕਿਸੇ ਦੁਕਾਨ ਦੀ ਹਿੱਸੇਦਾਰੀ ਛੱਡ ਦਿੱਤੀ।

ਵੇਦ ਦਾ ਸਭ ਕੁੱਝ ਮੁੱਕ ਗਿਆ ਪਰ ਲੈਣਦਾਰਾਂ ਦੀ ਲਿਸਟ ਨਾ ਮੁੱਕੀ।

 

-78-

 

ਇਸ ਸਭ ਦੇ ਬਾਵਜੂਦ ਵੀ ਵੇਦ ਨੂੰ ਪਤਾ ਸੀ ਨੀਲਮ ਦੇ ਲਾਕਰਾਂ ਵਿੱਚ ਬਥੇਰਾ ਸੋਨਾ ਅਤੇ ਨਕਦੀ ਪਈ ਸੀ। ਇਕੋ ਲਾਕਰ ਨੇ ਰਾਮ ਨਾਥ ਦਾ ਕਰਜ਼ਾ ਲਾਹ ਦੇਣਾ ਸੀ।

ਇਸੇ ਬੇਫ਼ਿਕਰੀ ਕਾਰਨ ਵੇਦ ਨੂੰ ਰਾਮ ਨਾਥ ਨਾਲ ਹਿਸਾਬ ਕਿਤਾਬ ਕਰਨ ਦੀ ਕਾਹਲ ਹੋ ਰਹੀ ਸੀ।

ਨੌਬਰ ਰਾਮ ਨਾਥ ਦੇ ਘਰ ਵਿੱਚ ਫੁੱਟ ਪੈਣ ਤਕ ਆ ਜਾਏਗੀ ਇਸ ਬਾਰੇ ਵੇਦ ਨੂੰ ਪਹਿਲਾਂ ਸੋਚਣਾ ਚਾਹੀਦਾ ਸੀ। ਘੱਟੋ ਘੱਟ ਇੱਕ ਵਾਰ ਖ਼ਰਚ ਹੋ ਰਹੀ ਰਕਮ ਦੇ ਵਾਪਸ ਕਰ ਦੇਣ ਦਾ ਭਰੋਸਾ ਤਾਂ ਰਾਮ ਨਾਥ ਨੂੰ ਦੇ ਦੇਣਾ ਚਾਹੀਦਾ ਸੀ। ਰਾਮ ਨਾਥ ਸੋਚਦਾ ਹੋਏਗਾ ਸ਼ਾਇਦ ਵੇਦ ਰਕਮ ਵਾਪਸ ਕਰਨ ਦੇ ਰੌਂ ਵਿੱਚ ਨਹੀਂ ਸੀ। ਰਾਮ ਨਾਥ ਵੇਦ ਦਾ ਸਾਲਾ ਸੀ। ਸਾਲੇ ਜੀਜਿਆਂ ਤੇ ਖ਼ਰਚ ਕਰਦੇ ਆਏ ਹਨ।

ਵੇਦ ਨੂੰ ਆਪਣੀ ਗ਼ਲਤੀ ਝੱਟ ਸੁਧਾਰ ਲੈਣੀ ਚਾਹੀਦੀ ਸੀ।

ਉਸੇ ਰਾਤ ਵੇਦ ਨੇ ਰਾਮ ਨਾਥ ਨੂੰ ਕੋਲ ਬੈਠਾ ਕੇ ਹੋਏ ਖ਼ਰਚੇ ਦਾ ਹਿਸਾਬ ਕਿਤਾਬ ਮੰਗ ਲਿਆ।

ਇਸ ਵਾਰ ਵੇਦ ਨੇ ਰਾਮ ਨਾਥ ਨੂੰ ਗੱਲ ਟਾਲਣ ਨਾ ਦਿੱਤੀ। ਰਾਮ ਨਾਥ ਦਾ ਟੱਬਰ ਉਸ ਲਈ ਰੁਲ ਰਿਹਾ ਸੀ, ਵੇਦ ਲਈ ਇਹੋ ਬਹੁਤ ਸੀ। ਹਜ਼ਾਰ ਦੋ ਹਜ਼ਾਰ ਦੀ ਕਾਪ ਝੱਲੀ ਜਾ ਸਕਦੀ ਸੀ। ਲੱਖਾਂ ਦੇ ਖ਼ਰਚੇ ਦਾ ਹਿਸਾਬ ਹੋਣਾ ਚਾਹੀਦਾ ਸੀ।

ਰਾਮ ਨਾਥ ਹੁਣ ਤਕ ਚਾਰ ਲੱਖ ਦੇ ਹੇਠ ਆ ਚੁੱਕਾ ਸੀ। ਬਹੁਤਾ ਪੈਸਾ ਬਿਮਾਰੀ ਉਪਰ ਖ਼ਰਚ ਹੋਇਆ ਸੀ। ਉਸਦੇ ਸਾਰੇ ਬਿੱਲ ਉਸ ਕੋਲ ਮੌਜੂਦ ਸਨ।

ਥਾਣੇ ਕਚਹਿਰੀ ਵਿੱਚ ਰਾਮ ਨਾਥ ਨੇ ਹੱਥ ਘੁੱਟ ਕੇ ਰੱਖਿਆ ਸੀ। ਫੇਰ ਵੀ ਇੱਕ ਲੱਖ ਦੇ ਲਗਭਗ ਖ਼ਰਚ ਹੋ ਗਿਆ ਸੀ। ਰਿਸ਼ਵਤ ਦੀ ਰਸੀਦ ਨਹੀਂ ਮਿਲਦੀ। ਰਿਸ਼ਵਤ ਦੀ ਡੀਟੇਲ ਦੇਣ ਤੋਂ ਉਹ ਡਰ ਰਿਹਾ ਸੀ। ਪਤਾ ਨਹੀਂ ਵੇਦ ਨੂੰ ਯਕੀਨ ਆਏਗਾ ਜਾਂ ਨਾ। ਉਸਦਾ ਮੂੰਹ ਕਾਲਾ ਹੋ ਸਕਦਾ ਸੀ।

ਰਾਮ ਨਾਥ ਨੂੰ ਲੱਗਾ ਸੀ ਵੇਦ ਨੂੰ ਉਸ ਅਤੇ ਸੰਗੀਤਾ ਵਿਚਕਾਰ ਚਲਦੀ ਤਲਖ਼ੀ ਦੀ ਭਿਣਕ ਪੈ ਗਈ ਸੀ। ਇਸੇ ਲਈ ਉਹ ਰਾਮ ਨਾਥ ਨੂੰ ਹਿਸਾਬ ਦੇਣ ਲਈ ਮਜਬੂਰ ਕਰ ਰਿਹਾ ਸੀ।

ਰਾਮ ਨਾਥ ਨੂੰ ਵੇਦ ਦੀ ਇਹ ਅੜੀ ਚੰਗੀ ਲੱਗ ਰਹੀ ਸੀ। ਘੱਟੋ ਘੱਟ ਹੁਣ ਵੇਦ ਨੂੰ ਇਹ ਤਾਂ ਪਤਾ ਲੱਗ ਜਾਣਾ ਸੀ ਕਿ ਰਾਮ ਨਾਥ ਆਪਣੇ ਪੱਧਲਿਓਂ ਕਿੰਨੇ ਪੈਸੇ ਖ਼ਰਚ ਚੁੱਕਾ ਸੀ। ਕੁੱਝ ਖ਼ਰਚਾ ਬਾਕੀ ਰਿਸ਼ਤੇਦਾਰਾਂ ਨੇ ਵੀ ਕੀਤਾ ਸੀ। ਉਸਦਾ ਵੀ ਉਸਨੂੰ ਪਤਾ ਹੋਣਾ ਚਾਹੀਦਾ ਸੀ।

ਰਾਮ ਨਾਥ ਵਿੱਚ ਵੀ ਹੋਰ ਆਰਥਿਕ ਬੋਝ ਝੱਲਣ ਦੀ ਹਿੰਮਤ ਨਹੀਂ ਸੀ। ਹੋਰ ਪੈਸਾ ਚੁਕਾਉਣ ਲਈ ਜੇ ਕੋਈ ਚੀਜ਼ ਗਹਿਣੇ ਹੋਣੀ ਸੀ ਤਾਂ ਉਹ ਰਾਮ ਨਾਥ ਦੀ ਥਾਂ ਵੇਦ ਦੀ ਹੋਣੀ ਚਾਹੀਦੀ ਸੀ। ਵੇਦ ਨੂੰ ਬੀਸੀਆਂ ਵਾਧੇ ਘਾਟੇ ਹੋ ਰਹੇ ਸਨ। ਇੱਕ ਹੋਰ ਸਹੀ।

ਮਨ ਕਰੜਾ ਕਰਕੇ ਰਾਮ ਨਾਥ ਨੇ ਮੋਟਾ ਮੋਟਾ ਹਿਸਾਬ ਗਿਣਵਾ ਦਿੱਤਾ।

ਚਾਰ ਲੱਖ ਦਾ ਹਿਸਾਬ ਸੁਣ ਕੇ ਇੱਕ ਵਾਰ ਵੇਦ ਦੇ ਖਾਨਿਓਂ ਗਈ। ਉਸਦਾ ਅਨੁਮਾਨ ਇੱਕ ਲੱਖ ਦੇ ਨੇੜੇ ਤੇੜੇ ਸੀ।

ਕੁੱਝ ਦੇਰ ਸੁੰਨ ਜਿਹਾ ਰਹਿ ਕੇ ਵੇਦ ਨੇ ਆਪਣੇ ਆਪ ਨੂੰ ਸੰਭਾਲਿਆ। ਬਿੱਲ ਉਸਦੇ ਸਾਹਮਣੇ ਪਏ ਸਨ। ਕੁੱਝ ਗ਼ਲਤ ਨਹੀਂ ਸੀ। ਇਹ ਮੋਟਾ ਮੋਟਾ ਹਿਸਾਬ ਸੀ। ਹੋਰ ਛੋਟੇਮੋਟੇ ਹੋਏ ਖ਼ਰਚਾਂ ਦਾ ਹਿਸਾਬ ਵਿੱਚ ਜ਼ਿਕਰ ਨਹੀਂ ਸੀ। ਉਹ ਖ਼ਰਚਾ ਰਾਮ ਨਾਥ ਨੇ ਆਪਣੇ ਖ਼ਾਤੇ ਵਿੱਚ ਪਾ ਲਿਆ ਸੀ।

ਰਾਮ ਨਾਥ ਦੀ ਸੇਵਾ ਭਾਵਨਾ ਅਤੇ ਕੁਰਬਾਨੀ ਅੱਗੇ ਵੇਦ ਦਾ ਮੱਥਾ ਝੁਕਿਆ। ਰਾਮ ਨਾਥ ਦੇ ਅਹਿਸਾਨ ਦਾ ਬਦਲਾ ਉਸਨੇ ਆਪਣੀਆਂ ਅੱਖਾਂ ਨਮ ਕਰਕੇ ਜਤਾਇਆ। ਉਹ ਰਾਮ ਨਾਥ ਨੂੰ ਹਿੱਕ ਨਾਲ ਲਾ ਕੇ ਉਸਦਾ ਧੰਨਵਾਦ ਕਰਨਾ ਚਾਹੁੰਦਾ ਸੀ। ਪਰ ਬਾਹਾਂ ਨੇ ਉਸਦਾ ਸਾਥ ਨਾ ਦਿੱਤਾ। ਉਸਨੂੰ ਬੁਲ੍ਹ ਫਰਕਾ ਕੇ ਮਨ ਦੀ ਭਾਵਨਾ ਮਨ ਵਿੱਚ ਦਬਾਉਣੀ ਪਈ।

“ਤੂੰ ਫ਼ਿਕਰ ਨਾ ਕਰ ਰਾਮ ਨਾਥ! ਮੈਨੂੰ ਥੋੜ੍ਹਾ ਜਿਹਾ ਵੱਲ ਹੋ ਲੈਣ ਦੇ। ਮੈਂ ਸਾਰਾ ਇੰਤਜ਼ਾਮ ਕਰ ਦੇਵਾਂਗਾ। ਇੰਨੇ ਕੁ ਪੈਸੇ ਤਾਂ ਆਪਣੇ ਇਕੋ ਲਾਕਰ ਵਿਚੋਂ ਨਿਕਲ ਆਉਣਗੇ। ਨੀਲਮ ਕੋਲ ਚਾਰ ਲਾਕਰ ਹਨ। ਤੂੰ ਕਚਹਿਰੀ ਕੋਲੋਂ ਉਸਦੇ ਲਾਕਰ ਖੋਲ੍ਹਣ ਦੀ ਇਜਾਜ਼ਤ ਲੈ ਲੈ।”

“ਹਾਲੇ ਆਪਾਂ ਨੂੰ ਲਾਕਰ ਜੱਗਰ ਨਹੀਂ ਕਰਨੇ ਚਾਹੀਦੇ। ਕਿਸੇ ਲੈਣਦਾਰ ਨੇ ਲਾਕਰਾਂ ਦੀ ਸੂਹ ਕੱਢ ਕੇ ਸੀਲ ਕਰਵਾ ਦੇਣੇ ਨੇ। ਮੇਰੇ ਪੈਸਿਆਂ ਦਾ ਫ਼ਿਕਰ ਨਾ ਕਰੋ। ਹੌਲੀ ਹੌਲੀ ਆ ਜਾਣਗੇ। ਪਹਿਲਾਂ ਇਸ ਤੂਫ਼ਾਨ ਨੂੰ ਲੰਘ ਜਾਣ ਦੇਈਏ।”

ਰਾਮ ਨਾਥ ਨੇ ਲਾਕਰਾਂ ਦੇ ਖੁਲ੍ਹਣ ਵਿੱਚ ਪੇਸ਼ ਆਉਣ ਵਾਲੀ ਔਕੜ ਦੀ ਯਾਦ ਦਿਵਾਈ।

ਵੇਦ ਵੱਲੋਂ ਮਿਲੇ ਪੈਸੇ ਮੋੜਨ ਦੇ ਭਰੋਸੇ ਨੇ ਰਾਮ ਨਾਥ ਦੇ ਮਨੋਂ ਮਣਾਂ ਮੂੰਹੀਂ ਬੋਝ ਲਾਹ ਦਿੱਤਾ। ਹੁਣ ਤਕ ਉਹ ਸੋਚ ਰਿਹਾ ਸੀ ਉਸਦਾ ਪੈਸਾ ਅਜਾਈਂ ਜਾ ਰਿਹਾ ਸੀ।

ਹੁਣ ਰਾਮ ਨਾਥ ਦੀਆਂ ਦੋਵੇਂ ਸਮੱਸਿਆਵਾਂ ਹੱਲ ਹੋ ਗਈਆਂ। ਵੇਦ ਨੂੰ ਹੋਏ ਖ਼ਰਚ ਦਾ ਪਤਾ ਵੀ ਲਗ ਗਿਆ ਅਤੇ ਪੈਸੇ ਵਾਪਸ ਹੋਣ ਦੇ ਅਸਾਰ ਵੀ ਬਣ ਗਏ।

“ਅੱਗੋਂ ਤੋਂ ਤੂੰ ਪੈਸੇ ਦਾ ਫ਼ਿਕਰ ਨਾ ਕਰੀਂ। ਮੈਂ ਕਰਦਾਂ ਕੋਈ ਇੰਤਜ਼ਾਮ। ਹੁਣ ਤੂੰ ਜਾਹ ਅਤੇ ਸੌਂ ਜਾ।”

ਰਾਮ ਨਾਥ ਨੂੰ ਸੌਣ ਲਈ ਭੇਜ ਕੇ ਵੇਦ ਨੂੰ ਲੱਗਾ ਮੀਆਂ ਬੀਵੀ ਵਿਚਕਾਰ ਸਮਝੌਤੇ ਦਾ ਰਾਹ ਪੱਧਰਾ ਹੋਣ ਲੱਗਾ ਸੀ।

 

-79-

 

“ਵੀਹ ਪੰਜਾਹ ਹਜ਼ਾਰ ਕਿਥੋਂ ਆਵੇ?” ਸਾਰੀ ਰਾਤ ਵੇਦ ਇਹੋ ਹੇਠ ਉਤਾਂਹ ਕਰਦਾ ਰਿਹਾ।

ਪਹਿਲਾਂ ਉਸਨੇ ਮਾਇਆ ਨਗਰ ਦੇ ਯਾਰਾਂ ਦੋਸਤਾਂ ਉਪਰ ਨਜ਼ਰ ਮਾਰੀ। ਉਸਨੂੰ ਇੱਕ ਵੀ ਨਾਂ ਯਾਦ ਨਾ ਆਇਆ ਜਿਸਨੇ ਲੋੜ ਪੈਣ ’ਤੇ ਪੈਸੇ ਧੇਲੇ ਦੀ ਪੇਸ਼ਕਸ਼ ਕੀਤੀ ਹੋਵੇ। ਜਿਹੜਾ ਕੋਈ ਆਇਆ ਹਿਸਾਬ ਕਰਨ ਅਤੇ ਬਕਾਇਆ ਲੈਣ ਹੀ ਆਇਆ।

ਜਦੋਂ ਆਪਣੇ ਖ਼ੂਨ ਨੇ ਭਾਣਾ ਵਰਤਾ ਦਿੱਤਾ। ਪਰਾਇਆਂ ’ਤੇ ਕਾਹਦਾ ਗਿਲਾ!

ਇਹ ਮਾਇਆ ਨਗਰੀ ਸੀ। ਇਥੇ ਸਭ ਰਿਸ਼ਤੇ ਮਾਇਆ ਦੁਆਲੇ ਘੁੰਮਦੇ ਸਨ।

ਫੇਰ ਉਸਨੇ ਆਪਣੇ ਪੁਰਾਣੇ ਸ਼ਹਿਰ ਦੇ ਮਿੱਤਰਾਂ ਉਪਰ ਨਜ਼ਰ ਮਾਰੀ। ਮਿੱਤਰਾਂ ਦੇ ਨਾਂ ਸੋਚ ਸੋਚ ਕੇ ਉਸਦਾ ਮਨ ਗੁਲਾਬ ਵਾਂਗ ਖਿੜਨ ਲੱਗਾ। ਬਚਪਨ ਦੇ ਬੇਲੀਆਂ ਨੇ ਹਾਲੇ ਤਕ ਉਸਦਾ ਸਾਥ ਨਹੀਂ ਸੀ ਛੱਡਿਆ। ਭਲੇ ਦਿਨਾਂ ਵਿੱਚ ਕੋਈ ਆਇਆ ਜਾਂ ਨਾ ਪਰ ਭੈੜੇ ਦਿਨਾਂ ਵਿੱਚ ਸਭ ਦੇ ਮਨ ਵਲੂੰਦਰੇ ਗਏ। ਖ਼ਬਰ ਲੈਣ ਭੱਜੇ ਭੱਜੇ ਹਸਪਤਾਲ ਗਏ। ਹੁਣ ਘਰ ਆਉਂਦੇ ਸਨ। ਘੰਟਾ ਘੰਟਾ ਬੈਠ ਕੇ ਆਈ ਮੁਸੀਬਤ ਦਾ ਖਿੜੇ ਮੱਥੇ ਮੁਕਾਬਲਾ ਕਰਨ ਦੀ ਸਲਾਹ ਦਿੰਦੇ ਸਨ। ਵੇਦਾਂ ਗਰੰਥਾਂ ਵਿਚੋਂ ਉਦਾਹਰਨਾਂ ਦੇ ਕੇ ਅਟੱਲ ਸਚਾਈ ਦਾ ਅਹਿਸਾਸ ਕਰਾਉਂਦੇ ਸਨ। ਹਰ ਤਰ੍ਹਾਂ ਦੀ ਸਹਾਇਤਾ ਦਾ ਯਕੀਨ ਦਿਵਾਉਂਦੇ ਸਨ। ਕਦੇ ਕੋਈ ਖਾਲੀ ਹੱਥ ਨਹੀਂ ਸੀ ਆਇਆ। ਕੋਈ ਦੁੱਧ ਲੈ ਆਉਂਦਾ, ਕੋਈ ਕੇਲੇ ਸੰਗਤਰੇ। ਵੇਦ ਬਥੇਰਾ ਰੋਕਦਾ ਸੀ। ਨਾ ਉਹ ਫਲ ਖਾ ਸਕਦਾ ਸੀ, ਨਾ ਖਾਣ ਨੂੰ ਮਨ ਕਰਦਾ ਸੀ। ਪਰ ਕੋਈ ਨਹੀਂ ਸੀ ਟਲਦਾ, ਇਹ ਪਿੰਡਾਂ ਦਾ ਰਿਵਾਜ ਸੀ।

ਮਾਇਆ ਨਗਰ ਵਾਸੀਆਂ ਵਾਂਗ ਨਾ ਉਹ ਛੁੱਟੀ ਵਾਲੇ ਦਿਨ ਆਉਂਦੇ ਸਨ ਨਾ ਰਾਤ ਬਰਾਤੇ। ਪੂਰਾ ਦਿਨ ਵਿਹਲਾ ਕਰਕੇ ਆਉਂਦੇ ਸਨ। ਉਨ੍ਹਾਂ ਦਾ ਪਿਆਰ ਅਤੇ ਦਿਲਟੁੰਬਣੀਆਂ ਗੱਲਾਂ ਵੇਦ ਦੇ ਜ਼ਖ਼ਮਾਂ ਨੂੰ ਕਈ ਕਈ ਦਿਨ ਠੰਡਕ ਪਹੁੰਚਾਉਂਦੀਆਂ ਸਨ।

ਦੋਸਤਾਂ ਦਾ ਇਹ ਸਨੇਹ ਉਸਨੂੰ ਕਈ ਵਾਰ ਆਤਮ ਗਲਿਆਨੀ ਨਾਲ ਭਰ ਦਿੰਦਾ ਸੀ। ਪਹਿਲਾਂ ਕਿਸੇ ਵਿਆਹ ਸ਼ਾਦੀ ’ਤੇ ਆਏ ਉਹ ਵੇਦ ਨੂੰ ਮਿਲਣ ਆ ਜਾਇਆ ਕਰਦੇ ਸਨ। ਉਦੋਂ ਵੀ ਉਹ ਘੰਟਾ ਘੰਟਾ ਬੈਠ ਕੇ ਗੱਲਾਂ ਕਰਨੀਆਂ ਚਾਹੁੰਦੇ ਸਨ। ਉਸ ਸਮੇਂ ਉਨ੍ਹਾਂ ਕੋਲ ਬੈਠੇ ਵੇਦ ਦਾ ਮਨ ਕਾਹਲਾ ਪੈਣ ਲਗਦਾ ਸੀ। ਉਹ ਚਾਹੁਣ ਲਗਦਾ ਸੀ ਦੋਸਤ ਕੰਮ ਦੀ ਗੱਲ ਕਰਨ ਅਤੇ ਤੁਰਦੇ ਹੋਣ।

ਹੁਣ ਉਹੋ ਗੱਲਾਂ ਉਸ ਨੂੰ ਘਿਓ ਦੀਆਂ ਨਾਲਾਂ ਲਗਦੀਆਂ ਸਨ। ਉਨ੍ਹਾਂ ਦਾ ਘੰਟਿਆਂਬੱ ਧੀ ਬੈਠਣਾ ਮਿੰਟਾਂ ਸਕਿੰਟਾਂ ਵਾਂਗ ਲਗਦਾ ਸੀ।

ਉਸਦੇ ਦੋਸਤ ਅਮੀਰ ਨਹੀਂ ਸਨ। ਕੋਈ ਕਲਰਕ ਸੀ, ਕੋਈ ਛੋਟਾ ਦੁਕਾਨਦਾਰ।

ਉਹ ਵੱਡੀ ਰਕਮ ਦੇ ਕੇ ਵੇਦ ਦੀ ਮਦਦ ਕਰਨ ਦੀ ਸਥਿਤੀ ਵਿੱਚ ਨਹੀਂ ਸਨ।

ਵੇਦ ਨੇ ਹਿਸਾਬ ਕਿਤਾਬ ਲਾਇਆ। ਜੇ ਸਾਰੇ ਸੁਦਾਮਿਆਂ ਤੋਂ ਸਾਰੇ ਸੱਤੂ ਇਕੱਠੇ ਕਰ ਲਏ ਜਾਣ ਤਾਂ ਵੀ ਰਕਮ ਦਸ ਪੰਦਰਾਂ ਹਜ਼ਾਰ ਤੋਂ ਨਹੀਂ ਵਧਣੀ। ਕੀ ਨੰਗੀ ਨਹਾਊ ਕੀ ਨਚੋੜੂ। ਇੰਨੇ ਪੈਸਿਆਂ ਨਾਲ ਦਸ ਦਿਨ ਵੀ ਨਹੀਂ ਲੰਘਣੇ।

ਦੋਸਤਾਂ ਨੂੰ ਯਾਦ ਕਰ ਕਰ ਉਸਨੂੰ ਆਪਣੇ ਸ਼ਹਿਰ ਦੀ ਯਾਦ ਸਤਾਉਣ ਲੱਗੀ। ਚੰਗਾ ਹੁੰਦਾ ਜੇ ਉਸਨੇ ਮਾਇਆ ਪਿੱਛੇ ਲਗ ਕੇ ਆਪਣਾ ਸ਼ਹਿਰ ਨਾ ਛੱਡਿਆ ਹੁੰਦਾ। ਉਸਦੇ ਦੋਸਤ ਬਹੁਤੇ ਪੈਸੇ ਨਹੀਂ ਕਮਾ ਸਕੇ ਨਾ ਸਹੀ। ਪਰ ਸੁੱਖ ਸ਼ਾਂਤੀ ਉਨ੍ਹਾਂ ਦੇ ਘਰ ਵੱਸਦੀ ਸੀ। ਉਨ੍ਹਾਂ ਦੇ ਨਿਸ਼ਾਨੇ ਬਹੁਤੇ ਵੱਡੇ ਨਹੀਂ ਸਨ। ਸੌ ਕੁ ਗਜ਼ ਦਾ ਮਕਾਨ, ਮਾਸਟਰੀ ਜਾਂ ਬੈਂਕ ਵਿੱਚ ਕਲਰਕੀ। ਇਹ ਉਨ੍ਹਾਂ ਲਈ ਗਨੀਮਤ ਸੀ। ਇਹੋ ਜਿਹੇ ਸੁਪਨੇ ਉਹ ਆਪਣੇ ਬੱਚਿਆਂ ਲਈ ਦੇਖਦੇ ਸਨ। ਵੇਦ ਨੇ ਵੱਡੇ ਵੱਡੇ ਸੁਪਨੇ ਦੇਖ ਕੇ ਕੀ ਖੱਧਟਿਆ?

ਮਾਇਆ ਨਗਰ ਵਿੱਚ ਹੁਣ ਉਸਦਾ ਕੀ ਰਹਿ ਗਿਆ ਸੀ? ਸਾਰੇ ਸੁਪਨੇ ਮਿੱਟੀ ਦੇ ਮਹਿਲ ਵਾਂਗ ਢੇਰੀ ਹੋ ਗਏ ਸਨ। ਕਿਉਂ ਨਾ ਹੁਣ ਵੀ ਉਹ ਆਪਣੇ ਸ਼ਹਿਰ ਮੁੜ ਜਾਵੇ?

ਯਾਰਾਂ ਦੋਸਤਾਂ ਵਿੱਚ ਰਹਿ ਕੇ ਉਸਦੇ ਦਿਨ ਕੱਧਟੇ ਜਾਣੇ ਸਨ। ਦੁੱਖ ਭੁੱਲ ਜਾਣੇ ਸਨ। ਮਾਇਆ ਨਗਰ ਵਿੱਚ ਕਿਸੇ ਨੂੰ ਫ਼ੋਨ ਕਰਨ ਤਕ ਦੀ ਵਿਹਲ ਨਹੀਂ ਸੀ। ਉਥੇ ਘਰ ਆ ਕੇ ਹਾਲਚਾਲ ਪੁੱਛਣ ਦਾ ਸ਼ਿਸ਼ਟਾਚਾਰ ਹਾਲੇ ਜ਼ਿੰਦਾ ਸੀ।

ਵੇਦ ਪਿਆ ਪਿਆ ਆਪਣੀ ਕੋਠੀ ਦ ਜਾਇਜ਼ਾ ਲੈਣ ਲੱਗਾ। ਛੇ ਬੈੱਡ ਰੂਮ। ਦਸ ਬਾਥ ਰੂਮ। ਛੇ ਗੀਜਰ। ਚਾਰ ਏ.ਸੀ.ਖ਼ਰਚਾ ਹੀ ਖ਼ਰਚਾ। ਹਜ਼ਾਰ ਰੁਪਏ ਮਹੀਨਾ ਸਫ਼ਾਈ ਦਾ ਖ਼ਰਚ। ਕੋਠੀ ਵਿੱਚ ਰਹਿਣ ਵਾਲੇ ਰਹਿ ਗਏ ਤਿੰਨ ਟੋਟਰੂ।

ਬਦਲੇ ਹਾਲਾਤ ਵਿੱਚ ਵੇਦ ਨੂੰ ਦੋ ਬੈੱਡ ਰੂਮ ਵਾਲਾ ਘਰ ਕਾਫ਼ੀ ਸੀ। ਕੋਠੀ ਦਾ ਤੀਹ ਲੱਖ ਵੱਧਟਿਆ ਜਾ ਸਕਦਾ ਸੀ। ਇੰਨੀ ਰਕਮ ਦੇ ਬੈਂਕ ਵਿਆਜ ਨਾਲ ਉਸਦਾ ਵਧੀਆ ਗੁਜ਼ਾਰਾ ਹੋ ਸਕਦਾ ਸੀ।

ਵੈਸੇ ਵੀ ਇਹ ਕੋਠੀ ਹੁਣ ਉਸਨੂੰ ਵੱਢ ਵੱਢ ਖਾ ਰਹੀ ਸੀ। ਕਮਲ ਅਤੇ ਨੀਲਮ ਦੇ ਪਰਛਾਵੇਂ ਉਸਦਾ ਪਿੱਛਾ ਕਰਦੇ ਸਨ। ਉਨ੍ਹਾਂ ਦੀਆਂ ਯਾਦਾਂ ਉਸਦੇ ਜ਼ਖ਼ਮਾਂ ਨੂੰ ਝਰੀਟਦੀਆਂ ਸਨ।

ਨੇਹਾ ਵੀ ਇਸ ਕੋਠੀ ਤੋਂ ਅੱਕ ਗਈ ਸੀ। ਉਹ ਕਈ ਵਾਰ ਇਸ ਕੋਠੀ ਤੋਂ ਖਹਿੜਾ ਛੁਡਾਉਣ ਲਈ ਆਖ ਰਹੀ ਸੀ।

ਇੱਕ ਹੋਰ ਤੌਖ਼ਲਾ ਉਸਨੂੰ ਖਾਣ ਲੱਗਾ। ਕਿਧਰੇ ਕੋਈ ਸਿਰ ਫਿਰਿਆ ਪੈਸੇ ਲੈਣ ਦੇ ਬਹਾਨੇ ਉਸਦੀ ਕੋਠੀ ਉਪਰ ਕਬਜ਼ਾ ਨਾ ਕਰ ਲਏ। ਕੋਈ ਕਚਹਿਰੀ ਵਿਚੋਂ ਡਿਗਰੀ ਲੈ ਕੇ ਕੁਰਕੀ ਨਾ ਕਰਵਾ ਦੇਵੇ। ਚੰਗਾ ਹੋਵੇ ਜੇ ਪੈਸੇ ਵੱਟ ਕੇ ਹੱਥ ਵਿੱਚ ਕਰ ਲਏ ਜਾਣ।

ਸਵੇਰੇ ਉਠਦਿਆਂ ਹੀ ਵੇਦ ਨੇ ਇਹ ਯੋਜਨਾ ਰਾਮ ਨਾਥ ਨਾਲ ਸਾਂਝੀ ਕੀਤੀ।

ਬਹਾਨਾ ਕਮਲ ਦੀਆਂ ਯਾਦਾਂ ਤੋਂ ਤੰਗ ਆਉਣ ਦਾ ਘੜਿਆ।

ਕੋਠੀ ਵੇਚਣ ਦੀ ਗੱਲ ਸੁਣਕੇ ਰਾਮ ਨਾਥ ਦੀਆਂ ਅੱਖਾਂ ਛਲਕ ਪਈਆਂ। ਵੇਦ ਪਰਿਵਾਰ ਨੇ ਬੜੀ ਰੀਝ ਨਾਲ ਇਹ ਕੋਠੀ ਬਣਾਈ ਸੀ। ਬੜੀ ਰੀਝ ਨਾਲ ਇੱਕ ਇੱਕ ਚੀਜ਼ ਇਸ ਘਰ ਵਿੱਚ ਸਜਾਈ ਸੀ। ਹਾਲੇ ਕੋਠੀ ਮੁਕੰਮਲ ਵੀ ਨਹੀਂ ਸੀ ਹੋਈ ਕਿ ਵੇਚਣ ਦੀ ਨੌਬਤ ਆ ਗਈ।

ਕੁੱਝ ਦੇਰ ਖ਼ਾਮੋਸ਼ ਰਹਿ ਕੇ ਰਾਮ ਨਾਥ ਨੇ ਆਪਣੇ ਜਜ਼ਬਾਤਾਂ ’ਤੇ ਕਾਬੂ ਪਾਇਆ।

“ਕੋਠੀ ਨੀਲਮ ਦੇ ਨਾਂ ਹੈ। ਉਸਦੇ ਦਸਤਖ਼ਤਾਂ ਬਿਨਾਂ ਨਾ ਬਿਆਨਾ ਹੋ ਸਕਦਾ ਹੈ ਨਾ ਰਜਿਸਟਰੀ।”

ਕੋਠੀ ਦੇ ਵਿਕਣ ਵਿੱਚ ਇਹ ਕਾਨੂੰਨੀ ਦਿੱਕਤ ਸੀ।

“ਕੋਠੀ ਵਿੱਚ ਤਾਜ਼ੀ ਤਾਜ਼ੀ ਵਾਰਦਾਤ ਹੋਈ ਹੈ। ਜਵਾਨ ਮੁੰਡੇ ਦੀ ਮੌਤ ਹੋਈ ਹੈ।

ਲੋਕਾਂ ਨੇ ਕੋਠੀ ਨੂੰ ਅਸ਼ੁਭ ਆਖਣਾ ਹੈ। ਕਿਸੇ ਨੇ ਆਖਣਾ ਹੈ ਕੋਠੀ ਵਿੱਚ ਮੁੰਡੇ ਦਾ ਭੂਤ ਫਿਰਦਾ ਹੈ।”

ਵਹਿਮ ਭਰਮ ਕੋਠੀ ਦਾ ਸਹੀ ਮੁੱਲ ਪੈਣ ਵਿੱਚ ਦੂਜੀ ਦਿੱਕਤ ਸੀ।

“ਕਦੇ ਪੁਲਿਸ ਜਾਂ ਸਫ਼ਾਈ ਧਿਰ ਦਾ ਵਕੀਲ ਮੌਕਾ ਦੇਖਣ ਕੋਠੀ ਆ ਸਕਦੇ ਹਨ।

ਨਵੇਂ ਮਾਲਕਾਂ ਨੂੰ ਇਹ ਗੱਲ ਚੁਭਣੀ ਹੈ।”

ਇਹ ਵਿਵਹਾਰਕ ਦਿੱਕਤ ਸੀ।

ਕੋਠੀ ਦੇ ਵਿਕਣ ਵਿੱਚ ਦਿਕਤਾਂ ਹੀ ਦਿਕਤਾਂ ਸਨ।

ਪਹਿਲਾਂ ਵੇਦ ਅਤੇ ਰਾਮ ਨਾਥ ਆਪਣੇ ਆਪਣੇ ਕੰਮਾਂ ਵਿੱਚ ਰੁੱਧਝੇ ਰਹਿੰਦੇ ਸਨ। ਉਨ੍ਹਾਂ ਵਿਚਕਾਰ ਖੁੱਲ੍ਹ ਕੇ ਗੱਲਾਂ ਘੱਟ ਵੱਧ ਹੀ ਹੁੰਦੀਆਂ ਸਨ।

ਹੁਣ ਰਾਮ ਨਾਥ ਦਾ ਕਾਫ਼ੀ ਸਮਾਂ ਵੇਦ ਕੋਲ ਬੈਠਿਆਂ ਬੀਤਦਾ ਸੀ। ਰਾਮ ਨਾਥ ਦੀਆਂ ਅਜਿਹੀਆਂ ਦਲੀਲਾਂ ਵੇਦ ਨੂੰ ਹੈਰਾਨ ਕਰ ਦਿੰਦੀਆਂ ਸਨ। ਸੱਚਮੁੱਚ ਵਕੀਲਾਂ ਨੂੰ ਜ਼ਿੰਦਗੀ ਦੇ ਹਰ ਪਹਿਲੂ ਬਾਰੇ ਭਰਪੂਰ ਗਿਆਨ ਹੁੰਦਾ ਹੈ। ਇਹ ਅਹਿਸਾਸ ਉਸਨੂੰ ਹੁਣ ਹੋ ਰਿਹਾ ਸੀ।

ਰਾਮ ਨਾਥ ਦੀਆਂ ਦਲੀਲਾਂ ਸੌ ਫ਼ੀਸਦੀ ਸੱਚ ਸਨ। ਹੋਰ ਕਿਸੇ ਨੂੰ ਵਹਿਮ ਹੋਵੇ ਜਾਂ ਨਾ ਪਰ ਦਲਾਲਾਂ ਨੇ ਆਪਣਾ ਕਮਿਸ਼ਨ ਵਧਾਉਣ ਲਈ ਇਹ ਵਹਿਮ ਜ਼ਰੂਰ ਲੋਕਾਂ ਦੇ ਮਨਾ ਵਿੱਚ ਪਾ ਦੇਣੇ ਸਨ। ਵੇਦ ਨੇ ਖ਼ੁਦ ਕਈ ਵਾਰ ਇਹੋ ਫਾਰਮੂਲਾ ਵਰਤਿਆ ਸੀ।

ਲਾਕਰ ਖੁੱਲ੍ਹ ਨਹੀਂ ਰਹੇ। ਕੋਠੀ ਵਿਕ ਨਹੀਂ ਰਹੀ। ਹੋਰ ਕੋਈ ਜਾਇਦਾਦ ਪੱਲੇ ਨਹੀਂ।

ਫੇਰ ਗੁਜ਼ਾਰਾ ਕਿਸ ਤਰ੍ਹਾਂ ਹੋਏਗਾ? ਵੇਦ ਮਨ ਹੀ ਮਨ ਖੌਝਲਨ ਲਗਦਾ।

ਉਸਦਾ ਇੱਕ ਫ਼ੈਸਲਾ ਪੱਕਾ ਸੀ। ਉਹ ਜਿਥੋਂ ਮਰਜ਼ੀ ਇੰਤਜ਼ਾਮ ਕਰੇ ਰਾਮ ਨਾਥ ਨੂੰ ਕੁੱਝ ਪੈਸੇ ਦਾ ਇੰਤਜ਼ਾਮ ਜ਼ਰੂਰ ਕਰਕੇ ਦੇਵੇਗਾ।

“ਚੱਲ ਇੰਝ ਕਰ ਆਹ ਜੋ ਵਾਧੂ ਸਮਾਨ ਹੈ ਇਹ ਵੇਚ ਦੇ। ਆਪਾਂ ਹੁਣ ਦੋ ਫਰਿਜ਼, ਚਾਰ ਏ.ਸੀ., ਦੋ ਸੋਫਾ ਸੈੱਟ ਕੀ ਕਰਨੇ ਹਨ? ਮਨ ਭਰ ਗਿਆ ਸਭ ਕਾਸੇ ਤੋਂ।”

“ਕਮਲ ਦਾ ਇਹ ਮੋਟਰ ਸਾਈਕਲ ਵੀ ਮੈਨੂੰ ਹੁਣ ਜ਼ਹਿਰ ਵਰਗਾ ਲਗਦਾ ਹੈ। ਇਸਨੂੰ ਮੇਰੀਆਂ ਅੱਖਾਂ ਅੱਗੋਂ ਪਰ੍ਹੇ ਹਟਾ ਦੇ। ਇਸ ਨੂੰ ਵੇਚ ਦੇ। ਨਵਾਂ ਹੈ। ਚੰਗੇ ਪੈਸੇ ਵੱਟੋ …”

ਗੱਲ ਪੂਰੀ ਕਰਨ ਤੋਂ ਪਹਿਲਾਂ ਹੀ ਵੇਦ ਦੀਆਂ ਭੁੱਬਾਂ ਨਿਕਲ ਗਈਆਂ। ਮੋਟਰਸਾਈਕਲ ‘ਤੇ ਬੈਠੇ ਕਮਲ ਦੀ ਤਸਵੀਰ ਉਸ ਦੀਆਂ ਅੱਖਾਂ ਅੱਗੇ ਆ ਖੜੋਤੀ। ਲੰਬਾਚੌੜਾ, ਸਵਾ ਛੇ ਫੁੱਟਾ ਜਵਾਨ ਮੋਟਰ ਸਾਈਕਲ ਤੇ ਬੈਠਾ ਬੜਾ ਸੋਹਣਾ ਲਗਦਾ ਸੀ।

ਪਹਿਲਾਂ ਕਮਲ ਕੋਲ ਸਕੂਟਰ ਸੀ। ਉਸ ਉਪਰ ਬੈਠਾ ਉਹ ਲੰਬੂਤਰੂ ਜਿਹਾ ਲਗਦਾ ਸੀ। ਉਸ ਦੀਆਂ ਟੰਗਾਂ ਦੀ ਲੰਬਾਈ ਨੂੰ ਦੇਖ ਕੇ ਵੇਦ ਨੇ ਉਸਨੂੰ ਇਹ ਮੋਟਰ ਸਾਈਕਲ ਲੈ ਕੇ ਦਿੱਤਾ ਸੀ।

ਉਸੇ ਮੋਟਰ ਸਾਈਕਲ ਨੂੰ ਅੱਖਾਂ ਅੱਗੋਂ ਪਰ੍ਹੇ ਕਰਨ ਦੀ ਗੱਲ ਸੁਣਕੇ ਕਮਲ ਜਿਵੇਂ ਵੇਦ ਨਾਲ ਗੁੱਸੇ ਹੋ ਰਿਹਾ ਸੀ। ਮੋਟਰ ਸਾਈਕਲ ਕਮਲ ਨੂੰ ਆਪਣੀ ਜਾਨ ਨਾਲੋਂ ਪਿਆਰਾ ਸੀ। ਮੋਟਰ ਸਾਈਕਲ ਪਰ੍ਹਾਂ ਹਟਾਉਣ ਦਾ ਮਤਲਬ ਸੀ ਕਮਲ ਨੂੰ ਦਿਲ ਵਿਚੋਂ ਕੱਢਣਾ।

ਵੇਦ ਕੋਲ ਹੋਰ ਕੋਈ ਚਾਰਾ ਨਹੀਂ ਸੀ। ਪੱਥਰ ਦਿਲ ਬਣਕੇ ਉਸਨੂੰ ਕਮਲ ਨਾਲੋਂ ਨਾਤਾ ਤੋੜਨਾ ਪੈਣਾ ਸੀ।

ਕਮਲ ਦੇ ਮੋਟਰ ਸਾਈਕਲ ਨੂੰ ਵੇਚਣ ਦੀ ਤਜਵੀਜ਼ ਸੁਣਕੇ ਰਾਮ ਨਾਥ ਦੇ ਕਲੇਜੇ ਵਿੱਚ ਰੁੱਗ ਭਰਿਆ ਗਿਆ। ਉਸਦਾ ਦਿਲ ਜ਼ੋਰ ਜ਼ੋਰ ਦੀ ਧੜਕਣ ਲੱਗਾ। ਉਸਨੂੰ ਲੱਗਾ ਉਸਦਾ ਦਿਲ ਫੇਲ੍ਹ ਹੋਣ ਵਾਲਾ ਹੈ। ਕਮਲ ਬੜਾ ਪਿਆਰਾ ਬੱਚਾ ਸੀ। ਰਾਮ ਨਾਥ ਨੂੰ ਸਭ ਭਾਣਜੇ ਭਾਣਜੀਆਂ ਵਿਚੋਂ ਉਸੇ ਨਾਲ ਜ਼ਿਆਦਾ ਮੋਹ ਸੀ। ਮਿੱਠਾ ਸੁਭਾਅ, ਗੱਲਬਾਤ ਕਰਨ ਦਾ ਸਲੀਕਾ। ਵੱਧਡਿਆਂ ਲਈ ਇਜ਼ਤ। ਸਭ ਦਾ ਮਨ ਮੋਹ ਲੈਣ ਵਾਲਾ। ਕਮਲ ਅਮਰੀਕਾ ਜਾਣ ਦੀ ਸੋਚ ਰਿਹਾ ਸੀ। ਰਾਮ ਨਾਥ ਨੇ ਉਸਦੇ ਸਹਾਰੇ ਅਮਰੀਕਾ ਦੀ ਸੈਰ ਕਰਨ ਦਾ ਸੁਪਨਾ ਲਿਆ ਸੀ।

ਹੁਣ ਉਸੇ ਬੱਚੇ ਨੂੰ ਭੁਲਾਉਣ ਦਾ ਯਤਨ ਕੀਤਾ ਜਾ ਰਿਹਾ ਸੀ। ਉਸ ਦੀਆਂ ਸੀਨੇ ਨਾਲ ਲਾ ਕੇ ਰੱਖਣ ਵਾਲੀਆਂ ਯਾਦਾਂ ਨੂੰ ਵੇਚਣ ਲਈ ਸੋਚਿਆ ਜਾ ਰਿਹਾ ਸੀ।

“ਮੈਂ ਹਾਲੇ ਜ਼ਿੰਦਾ ਹਾਂ। ਕਮਲ ਦੀ ਕਿਸੇ ਚੀਜ਼ ਦਾ ਨਾਂ ਲਿਆ ਤਾਂ ਮੈਥੋਂ ਬੁਰਾ ਕੋਈ ਨਹੀਂ।”

ਆਖਦਾ ਰਾਮ ਨਾਥ ਖ਼ੁਦ ਭੁੱਬਾਂ ਮਾਰ ਕੇ ਰੋ ਪਿਆ।

ਆਪੇ ਤੋਂ ਬਾਹਰ ਹੋਇਆ ਰਾਮ ਨਾਥ, ਵੇਦ ਦੇ ਗਲ ਲਗ ਕੇ ਮਨ ਦਾ ਭਾਰ ਹਲਕਾ ਕਰਨ ਲੱਗਾ।

ਵੇਦ ਦਾ ਰੋਣ ਹੋਰ ਉੱਚੀ ਹੋ ਗਿਆ।

ਮਹੀਨਿਆਂ ਤੋਂ ਡੱਕੇ ਹੰਝੂਆਂ ਦੇ ਦਰਿਆ ਦੋਹਾਂ ਦੀਆਂ ਅੱਖਾਂ ਵਿਚੋਂ ਵਹਿ ਤੁਰੇ।

ਜੀਜੇ ਸਾਲੇ ਨੂੰ ਉੱਚੀ ਉੱਚੀ ਰੋਂਦਿਆਂ ਦੇਖ ਕੇ ਸੰਗੀਤਾ ਅਤੇ ਨੇਹਾ ਨੂੰ ਹੱਥਾਂ ਪੈਰਾਂ ਦੀ ਪੈ ਗਈ।

ਦੋਹਾਂ ਨੂੰ ਲੱਗਾ ਕੋਈ ਭਾਣਾ ਵਰਤ ਗਿਆ ਸੀ।

ਰੋਂਦੀਆਂ ਕੁਰਲਾਉਂਦੀਆਂ ਉਹ ਨੀਲਮ ਦੇ ਕਮਰੇ ਵੱਲ ਦੌੜੀਆਂ। ਉਸਦੀ ਨਬਜ਼ ਠੀਕ ਚੱਲ ਰਹੀ ਸੀ।

ਮੁੜ ਉਹ ਵੇਦ ਦੇ ਕਮਰੇ ਵੱਲ ਦੌੜੀਆਂ। ਜੀਜੇ ਸਾਲੇ ਨੂੰ ਗਲ ਲੱਗ ਕੇ ਹੁਬਕੀਂ ਹੁਬਕੀਂ ਰੋਂਦੇ ਦੇਖ ਕੇ ਉਨ੍ਹਾਂ ਦੀਆਂ ਵੀ ਧਾਹਾਂ ਨਿਕਲ ਗਈਆਂ।

ਪਹਿਲੀ ਵਾਰ ਸਾਰਾ ਟੱਬਰ ਇਕੱਠੇ ਬੈਠ ਕੇ ਰੋਇਆ ਸੀ।

Additional Info

  • Writings Type:: A single wirting
Read 2161 times