ਤ੍ਰੈਮਾਸਿਕ ਕਹਾਣੀ ਬੈਠਕ
ਕੁਲਜੀਤ ਮਾਨ
ਪ੍ਰਥਾ ਦਾ ਇਹ ਇਕ ਮਹਤਵ-ਪੂਰਨ ਪੜ੍ਹਾਅ ਸੀ। ਮਿੰਨੀ ਗਰੇਵਾਲ ਨੇ 6 ਫ਼ਰਵਰੀ ਦਾ ਦਿਨ ਮਿਥਿਆ ਸੀ। ਪਰਵਾਰਿਕ ਮਾਹੌਲ ਵਿਚ ਵਿਚਰ ਰਹੀ ਤਿਮਾਹੀ ਕਹਾਣੀ ਬੈਠਕ ਦੀ ਮੇਜ਼ਬਾਨੀ ਰਛਪਾਲ ਕੌਰ ਗਿੱਲ ਦਾ ਪਰਿਵਾਰ ਕਰ ਰਿਹਾ ਸੀ। ਦੁਪਿਹਰ ਦੇ ਤਿੰਨ ਤੋਂ ਰਾਤ ਦੇ ਇੱਕ ਵਜੇ ਤੱਕ ਚਲੀ ਇਸ ਮੀਟਿੰਗ ਵਿਚ ਕਹਾਣੀਕਾਰ ਤੇ ਸਰੋਤੇ ਮੰਤਰ-ਮੁਗਧ ਹੋਏ ਕਹਾਣੀਆਂ ਤੇ ਉਨ੍ਹਾਂ ਤੇ ਹੋ ਰਹੀ ਵਿਚਾਰ ਚਰਚਾ ਵਿਚ ਨਵੀਆਂ ਤੇ ਸਿਖ਼ਰਲੇ ਪੱਧਰ ਦੀਆਂ ਪੈੜਾਂ ਵਿਚ ਆਪਣਾ ਆਪਾ ਸਮੋਈ ਸੰਵਾਦ ਰਚਦੇ ਰਹੇ।
ਦਸ ਸਾਲ ਦੇ ਅਰਸੇ ਬਾਦ ਵਰਿਆਮ ਸੰਧੂ ਨੇ ਆਪਣੀ ਨਵੀਂ ਕਹਾਣੀ ਦਾ ਪਾਠ ਇਸ ਬੈਠਕ ਵਿਚ ਕਰਨਾ ਸੀ। ਕਹਾਣੀ ਬੈਠਕ ਨੇ ਭਾਰਤੀ ਸਾਹਿਤ ਅਕੈਡਮੀ ਦੇ ਅਵਾਰਡ ਵਿਜੇਤਾ ਵਰਿਆਮ ਸੰਧੂ ਦੀ ਕਹਾਣੀ ਦਾ ਇਸ ਗਲੋਂ ਵੀ ਸੁਆਗਤ ਕੀਤਾ ਕਿ ਇੱਕ ਅਰਸੇ ਬਾਦ ਲਿਖੀ ਕਹਾਣੀ ਦੀ ਉਤਸੁਕਤਾ ਦਾ ਪਹਿਲਾ ਪ੍ਰਭਾਵ ਤ੍ਰੈਮਾਸਿਕ ਕਹਾਣੀ ਬੈਠਕ ਵਿਚ ਕਬੂਲਿਆ ਜਾਂਣਾ ਸੀ।
ਰਾਸ਼ਨ-ਪਾਣੀ ਉਪਰੰਤ ਜਰਨੈਲ ਸਿੰਘ ਕਹਾਣੀਕਾਰ ਦੀ ਪ੍ਰਧਾਨਗੀ ਹੇਠ ਠੀਕ ਤਿੰਨ ਵਜ਼ੇ ਹਜ਼ੂਮ ਸਭਾ ਵਿਚ ਬਦਲ ਗਿਆ। ਸਭ ਤੋਂ ਪਹਿਲਾਂ ਕਹਾਣੀ ਪੜ੍ਹਨ ਦੀ ਜਿੰਮੇਵਾਰੀ ਜਰਨੈਲ ਸਿੰਘ ਗਰਚਾ ਦੇ ਹਿੱਸੇ ਆਈ। ਕਹਾਣੀ ਦਾ ਨਾਮ ਸੀ ‘ਉੱਜੜੇ ਬਾਗਾਂ ਦੇ ਗਾਲੜ੍ਹ ਪਟਵਾਰੀ’। ਗਰਚਾ ਦੀ ਇਹ ਇਕ ਲੰਬੀ ਕਹਾਣੀ ਸੀ। ਦੋ ਬੇੜੀਆਂ ਵਿਚ ਰਖੇ ਪੈਰਾਂ ਦਾ ਤਨਾਵ ਕਦੇ ਛੋਟਾ ਹੁੰਦਾ ਰਿਹਾ ਤੇ ਕਦੇ ਵੱਡਾ। ਪੰਜਾਬੀ ਸਮਾਜ ਵਿਚ ਹੋ ਰਹੇ ਅਨੋਖੇ ਵਰਤਾਰੇ ਨਾਲ ਇਹ ਸਮਝ ਵੀ ਮਿਟ ਗਈ ਹੈ ਕਿ ਕੌਣ ਇਤਬਾਰਾ ਹੈ ਤੇ ਕੌਣ ਦੇਖਣ ਵਿਚ ਹੀ ਬੀਬਾ ਹੈ। ਸਾਰੇ ਬਿਰਤਾਂਤ ਵਿਚੋਂ ਭਾਵੇਂ ਗਾਲੜ ਤੇ ਪਟਵਾਰੀ ਦੋਵੇਂ ਹੀ ਗਾਇਬ ਸਨ ਪਰ ਉੱਜੜੇ ਬਾਗਾਂ ਦੇ ਨਕਸ਼ੇ ਜਰੂਰ ਦ੍ਰਿਸ਼ਟ-ਮਾਨ ਸਨ। ਉਜੜੇ ਬਾਗਾਂ ਵਿਚ ਫਿਰ ਵੀ ਤੋਤੇ ਆਉਂਦੇ ਹਨ। ਉਨ੍ਹਾਂ ਨੂੰ ਗੁਲੇਲੇ ਵੀ ਵਜਦੇ ਹਨ, ਕਦੇ ਆਪਣਿਆਂ ਵਲੋਂ ਤੇ ਕਦੇ ਸਕਿਆਂ ਵਲੋਂ। ਤ੍ਰਾਸਦੀ ਇਹ ਹੈ ਕਿ ਹੋਰ ਇਹ ਜਾਣ ਵੀ ਕਿੱਥੇ। ਯੁੱਧ ਵੀ ਕਰਦੇ ਹਨ ਤੇ ਯੁੱਧਾਂ ਦੀਆਂ ਜੁਗਤਾਂ ਵੀ ਪ੍ਰਮਾਣਿਕ ਹੁੰਦੀਆਂ ਹਨ। ਜ਼ਿੰਦਗੀ ਵਿਚ ਸਟੇਅ ਆਰਡਰ ਵੀ ਲੈਂਣੇ ਪੈਂਦੇ ਹਨ। ਜ਼ਿੰਦਗੀ ਦੀ ਪ੍ਰਮਾਣਿਕਤਾ ਚੰਗੀ ਗੱਲ ਹੈ ਪਰ ਵਾਸਤਵਿਕਤਾ ਦੇ ਨਾਲ ਲੇਖਕ ਦੀ ਦ੍ਰਿਸ਼ਟੀ ਕੁਝ ਲਘੂ ਰਹੀ ਤੇ ਕਹਾਣੀ ਨੂੰ ਫੋਕਸ ਦੀ ਘਾਟ ਨਾਲ ਮਾਲਾ ਮਾਲ ਕਰ ਦਿੱਤਾ। ਹਾਸ਼ੀਏ ਤੇ ਖੜੀ ਲਿਖਤ ਦੇ ਫੈਲਾਅ ਨੂੰ ਬੁਣਨ ਦੀ ਜ਼ਰੂਰਤ ਹੈ। ਕੁਝ ਐਸਾ ਵੀ ਰੜਕਿਆ ਜਿਸਨਾਲ ਪਾਠਕ ਦੀ ਨਵਾਂਪਨ ਜਾਨਣ ਦੀ ਰੀਝ ਨੇ ਹਲਕਾ ਜਿਹਾ ਨਾਂਹ-ਪੱਖੀ ਸਿਰ ਮਾਰਿਆ। ਫਿਰ ਵੀ ਜਰਨੈਲ ਸਿੰਘ ਗਰਚਾ ਦਾ ਇੱਕ ਉੱਦਮੀ ਕਦਮ ਸੀ। ਭਾਸ਼ਾਈ ਪਖੋਂ ਕੁਝ ਰੌਚਕ ਮੁਹਾਵਰੇ ਵੀ ਉਭਾਰਕੇ ਲਿਆਂਦੇ ਜਿਨ੍ਹਾਂ ਸਠਵਿਆਂ ਵਿਚ ਵਰਤੀ ਜਾਂਦੀ ਬੋਲੀ ਦੀ ਮਾਖਿਉਂ ਮਿਠੀ ਖੁਸ਼ਬੋ ਪਸਾਰੀ। ਕੁਝ ਘਰਾਂ, ਪਿੰਡਾਂ ਦਾ ਨੁਹਾਰੀ-ਕਰਣ ਵੀ ਸ਼ਲਾਘਾ ਯੋਗ ਸੀ।
ਇਸ ਤੋਂ ਬਾਦ ਅਗਲੀ ਕਹਾਣੀ ਵਰਿਆਮ ਸੰਧੂ ਰਚਿਤ ‘ਰਿਮ ਝਿਮ ਪਰਬਤ’ ਸੀ, ਜਿਸਦੀ ਇੰਤਜਾਰ ਸਾਰਿਆਂ ਨੂੰ ਸੀ।
ਵਿਭਿੰਨ ਪਸਾਰਾਂ ਨਾਲ ਮਨੁੱਖੀ ਜੀਵਨ ਦੀਆਂ ਅਨੇਕ ਪਰਤਾਂ,ਚਿੰਤਾਵਾਂ, ਓਤਰਾ-ਚੜਾਵਾਂ, ਇਤਹਾਸ ਤੇ ਪਰੰਪਰਾਵਾਂ ਨਾਲ ਲਬਰੇਜ਼ ਜਿੰ਼ਦਗੀ ਦੀਆਂ ਕਦਰਾਂ-ਕੀਮਤਾਂ ਤੇ ਕੀਮਤਾਂ ਦੇ ਆਪਸੀ ਡਾਇਲਾਗ ਨਾਲ ਕਮਰ-ਕੱਸੀ ਇਹ ਕਹਾਣੀ ਆਪਣੇ ਆਪ ਵਿਚ ਇੱਕ ਮਾਡਲ ਹੈ। ਬਿਰਤਾਂਤ ਉਪਰ ਪੀਡੀ ਪਕੜ ਕਰਕੇ ਹੀ ਕਹਾਣੀ ਦਾ ਪ੍ਰਭਾਵ ਖਿੰਡਦਾ ਨਹੀਂ ਸਗੋਂ ਇਕਾਗਰ ਰਹਿੰਦਾ ਹੈ। ਅਜੋਕੇ ਸਮਾਜਿਕ ਵਰਤਾਰੇ ਵਿਚ ਆਰਥਿਕਤਾ ਨੇ ਪ੍ਰਮੁਖਤਾ ਨਾਲ ਮਨੁੱਖੀ ਸੋਚ ਨੂੰ ਵਲੂੰਧਰਿਆ ਹੈ। ਇਹ ਵਲੂੰਧਰਾ-ਪਨ ਹੀ ਉਭਰਕੇ ਸਾਡੇ ਤਾਣੇ-ਪੇਟੇ ਨੂੰ ਦਿਸ਼ਾ ਪ੍ਰਦਾਨ ਕਰ ਰਿਹਾ ਹੈ। ਕੋਈ ਵੀ ਬਾਤ ਸਰਲਤਾ ਨਾਲ ਵੀ ਕੀਤੀ ਜਾਵੇ ਤਾਂ ਉਸਦੇ ਮਾਅਇਨਿਆਂ ਵਿਚੋਂ ਅਸੀਂ ਆਦਤਨ, ਕੁਝ ਪਦਾਰਥਕ ਤਲਾਸ਼ਣ ਦੀ ਰੁਚੀ ਨੂੰ ਸੰਤੁਲਿਤ ਨਹੀਂ ਰੱਖ ਸਕਦੇ। ਇਹ ਕਹਾਣੀ ਅਜੋਕੇ ਰੁਝਾਣਾਂ ਤੋਂ ਨਿਰਲੇਪ, ਕੁਝ ਐਸਾ ਸੁਝਾਅ ਰਹੀ ਹੈ ਜਿਸਦੀਆਂ ਵਾਟਾਂ ਮਨੁੱਖ ਦੇ ਅੰਦਰਲੇ ਮਨੁੱਖ ਨੂੰ ਮੁਖਾਤਿਬ ਹਨ। ਆਰਥਿਕਤਾ ਨਾਲ ਇਸਦਾ ਸਿਧਾ ਕੋਈ ਲੈਣਾ ਦੇਣਾ ਨਹੀਂ। ਲੁਟ-ਮਾਰ ਕਰਦੇ ਕੁਝ ਲੁੱਡੀ-ਮਾਰ ਕਿਸੇ ਸਿਸਟਮ ਨਾਲ ਬੱਝੇ ਨਹੀਂ ਹੁੰਦੇ। ਭਾਵੇਂ ਸਿਸਟਮ ਵੀ ਭਰਿਸ਼ਟ ਹੋਵੇ ਪਰ ਅਰਾਜਕਤਾ ਨਾਲੋਂ ਸਵਾਇਆ ਹੀ ਹੁੰਦਾ ਹੈ।
ਕਹਾਣੀ ਦੀ ਸਿਖ਼ਰਤਾ ਮੁੱਖ ਪਾਤਰ ਦੀ ਸਵੈ-ਸਿਰਜੀ ਸਖਸ਼ੀਅਤ ਨਾਲ ਵਾਬਸਤਾ ਹੈ ਤੇ ਪਾਠਕ ਦੇ ਮੰਨ ਵਿਚ ਕਿੰਤੂ ਵੀ ਪੈਦਾ ਕਰਦਾ ਹੈ। ਇਹ ਕਿੰਤੂ ਉਹ ਹੈ ਜੋ ਪਾਠਕ ਨੇ ਆਪਣੇ ਆਪ ਹੀ ਸਮਝ ਲਿਆ ਹੈ ਕਿ ਜੋ ਦੋਸ਼ੀ ਨਹੀ ਉਹ ਆਤਮ-ਗਿਲਾਨੀ ਨਾਲ ਗਲ਼ਤਾਨ ਕਿਉਂ ਹੈ? ਸ਼ੰਕੇ ਨਵਿਰਤ ਹੁੰਦੇ ਹਨ ਜਦੋਂ ਉਹ ਕਹਾਣੀ ਵਿਚ ਛੋਹੇ ਸਵੈ ਨੂੰ ਮਜ਼ਬੂਤ ਕਰਦੇ ਵੇਰਵਿਆਂ ਦਾ ਮੰਥਨ ਕਰਦਾ ਹੈ।
ਨਾਇਕ ਅਰਜਨ ਸਿੰਘ ਸਿਰਜੀ ਕਹਾਣੀ ਵਿਚ ਦੂਸਰੀ ਪੀੜੀ ਦੀ ਪ੍ਰਤੀਨਿਧਤਾ ਕਰਦਾ ਹੈ। ਉਸਦਾ ਬਾਪ ਇੰਦਰ ਸਿੰਘ ਇਕ ਸੱਚਾ ਸੂਰਾ ਸਿੱਖ ਹੈ ਤੇ ਪਰੰਮਪਰਾ-ਗਤ ਚਲੀ ਆ ਰਹੀਆਂ ਸਿੱਖ ਰਵਾਇਤਾਂ ਅਨੁਸਾਰ ਪ੍ਰਭੂਸਤਾ ਦੇ ਪ੍ਰਭੂਆਂ ਨਾਲ ਹਮੇਸ਼ਾਂ ਮਰਦ-ਅਗੰਮੜਾ ਬਣਕੇ ਦਸਤ-ਪੰਜਾ ਲੈਂਦਾ ਹੈ। ਉਸਦਾ ਸਬੰਧ ਇਤਹਾਸਕਾਰੀ ਦੇ ਸਿਧਾਂਤਕ ਅਤੇ ਵਿਵਹਾਰਕ ਮੁਲਾਂ ਨਾਲ ਹੈ। ਇਹ ਸਿਧਾਂਤ, ਜੈਤੋ ਦੇ ਮੋਰਚੇ ਵਿਚ ਤੇ ਫਿਰ ਗਦਰ-ਲਹਿਰ ਵਿਚ ਵੀ ਆਪਣਾ ਪ੍ਰਚਮ ਲਹਿਰਾਉਂਦੇ ਹਨ। ਅਰਜਨ ਸਿੰਘ ਦਾ ਫ਼ਰਜ ਘਰ-ਗ੍ਰਹਿਸਥੀ ਦਾ ਹੈ।
ਅਰਜਨ ਸਿੰਘ ਦੇ ਪੁੱਤਰ ਜਗਜੀਤ ਸਿੰਘ ਤੱਕ ਹੱਕ-ਸਚ ਦੇ ਬੋਲ ਕਾਮਰੇਡਾਂ ਦੀ ਕਾਰਜਸ਼ੈਲੀ ਨਾਲ ਨੱਥੀ ਹੋ ਜਾਂਦੇ ਹਨ ਤੇ ਜਗਜੀਤ ਸਿੰਘ ਇੱਕ ਖਿਚੀ ਲਕੀਰ ਦੇ ਪਾਰ ਜਾ ਖਲੋਂਦਾ ਹੈ। ਪੰਜਾਬ ਸੰਕਟ ਦੌਰਾਨ ਵਡੇ ਪਧਰ ਤੇ ਹੋਈ ਕਾਮਰੇਡਾਂ ਦੀ ਸ਼ਹਾਦਤ ਨੇ ਉਨ੍ਹਾਂ ਵਿਚ ਬੇਕਿਰਕੀ ਲੈ ਆਂਦੀ। ਜਗਜੀਤ ਉਸ ਬੇਕਿਰਕੀ ਨਾਲ ਜਾ ਖਲੋਂਦਾ ਹੈ ਪਰ ਅਰਜਨ ਸਿੰਘ ਆਪਣੀਆਂ ਮਾਨਤਾਵਾਂ ਨਾਲ ਖੜਾ ਹਰ ਪੱਖ ਨੂੰ ਤਥਾਂ ਅਧਾਰਤ ਮਾਪਦਾ ਤੋਲਦਾ ਹੈ ਤੇ ਮਜ਼ਲੂਮਾਂ ਦੀ ਰਖਿਆ ਨੂੰ ਸਮੁੱਚਤਾ ਵਿਚ ਵਿਚਾਰਦਾ ਹੈ। ਫ਼ਲੈਸ਼-ਬੈਕ ਵਿਧੀ ਵਰਤਦਿਆਂ ਲੇਖਕ, ਅਰਜਨ ਸਿੰਘ ਦੀ ਇਸ ਧਾਰਨਾ ਨੂੰ ਨਿਖਾਰਦਾ ਹੈ।
ਅਰਜਨ ਸਿੰਘ ਦਾ ਚਰਿਤਰ ਇਕ ਅੰਮ੍ਰਿਤਧਾਰੀ ਕਾਮਰੇਡ ਵਾਂਗ ਹੈ ਭਾਵੇਂ ਉਸਨੇ ਵਿਧੀ ਅਨੁਸਾਰ ਅੰਮ੍ਰਿਤ ਨਹੀਂ ਛਕਿਆ ਹੋਇਆ ਪਰ ਉਸਦੇ ਰੋਮ-ਰੋਮ ਵਿਚ ਅੰਮ੍ਰਿਤ ਹੈ। ਇਹੋ ਅੰਮ੍ਰਿਤ ਕਿਸੇ ਵੇਲੇ ਫਾਤਿਮਾ ਦੀ ਇਜ਼ਤ ਬਚਾਉਣ ਖਾਤਰ ਅੱਗ ਨਾਲ ਭਿੜ ਜਾਂਦਾ ਹੈ ਤੇ ਇਹੋ ਅੰਮ੍ਰਿਤ ਗਦਰੀ ਬਾਬਿਆਂ ਦੀ ਯਾਦਗਾਰ ਸਥਾਪਿਤ ਕਰਦਾ ਹੈ।
ਧੱਕੇ ਨਾਲ ਕਬਜ਼ਾ ਕਰਨ ਆਏ ਸਿਧਾਂਤ-ਹੀਣ ਕਥਿਤ ਸਿੱਖ ਨੌਸਰਬਾਜਾਂ ਦੀ ਲਾਲੀ ਨੂੰ ਨਿੱਲਤਣ ਵਿਚ ਬਦਲ ਦਿੰਦਾ ਹੈ। ਕਥਿਤ ਲੈਫਟੀਨੈਂਟ ਜਨਰਲ ਗੁਰਜੀਤ ਦਾ ਵਡਾ ਭਰਾ ਕਾਮਰੇਡ ਸੀ ਫੇਰ ਖਿਆਲ ਬਦਲ ਗਏ। ਅਰਜਨ ਸਿੰਘ ਨੂੰ ਗੁੱਸਾ ਵੀ ਆਉਂਦਾ ਹੈ ਕਿ ਕਾਮਰੇਡ ਧਿਰ ਖੁਰਦੀ ਖੁਰਦੀ ਅਸਲੋਂ ਹੀ ਕਿਉਂ ਖੁਰ ਗਈ?
ਸਮਾਜਿਕ-ਰਾਜਨੀਤਕ ਪੈਂਤੜਿਆਂ ਦੇ ਬਾਵਜੂਦ ਸਵੈ-ਸਿਰਜੀ ਸਖਸ਼ੀਅਤ ਵਜੋਂ ਉਸਾਰੀ ਅਰਜਨ ਸਿੰਘ ਦੀ ਸੋਚ ਮੁੱਖ-ਨਾਇਕ ਦੀ ਵਿਰਾਸਤ ਸੀ। ਉਸਨੂੰ ਮਾਰਨ ਆਏ ਤਿੰਨਾਂ ਮੁੰਡਿਆਂ ਦੀਆਂ ਪਿਠਾਂ ਆਪਣੇ ਪੁੱਤਾਂ ਵਰਗੀਆਂ ਲਗਦੀਆਂ ਹਨ। ਪੁਲੀਸ ਵਲੋਂ ਇਹ ਕਹਿਣਾ ਕਿ ਬਾਬਾ ਵਧਾਈ ਹੋਵੇ ਤੇਰੇ ਦਸੇ ਤਿੰਨੇ ਦੇ ਤਿੰਨੇ ਪੰਛੀ ਫੁੰਡੇ ਗਏ ਨੇ। ਅਰਜਨ ਸਿੰਘ ਨੂੰ ਲਗਦੈ ਕਿ ਉਸਦਾ ਕਿਰਦਾਰ ਇਕ ਮੁੱਖਬਰ ਦਾ ਬਣ ਗਿਆ ਹੈ ਜਦ ਕਿ ਉਹ ਤੇ ਮੁੰਡਿਆਂ ਨੂੰ ਬਚਾਉਂਣਾ ਚਾਹੁੰਦਾ ਸੀ। ਚਿਟੀ ਦਾਹੜੀ ਨੂੰ ਕਾਲਖ਼ ਲਗੀ ਸਮਝਦਿਆਂ ਉਹ ਆਪਣੇ ਸਦੀਵੀਂ ਕਿਰਦਾਰ ਦੀ ਬਹਾਲੀ ਲਈ ਪੁਲੀਸ ਤੇ ਹਮਲਾ ਕਰਦਾ ਹੈ ਤੇ ਪੁਲੀਸ ਹਥੋਂ ਸ਼ਹਾਦਤ ਪ੍ਰਾਪਤ ਕਰਦਾ ਹੈ।
ਚੜਦੇ ਸੂਰਜ ਦੀਆਂ ਕਿਰਨਾਂ ਦੇ ਸੁਨਿਹਰੀ ਚਾਨਣ ਵਿਚ ਬਾਬੇ ਦੀ ਚਿੱਟੀ ਦਾੜੀ ਲਿਸ਼ ਲਿਸ਼ ਕਰ ਰਹੀ ਸੀ। ਬਹੁ-ਪਰਤੀ ਤੇ ਬਹੁ-ਪਸਾਰੀ ਕਹਾਣੀ ਵਿਚ ਅਨੇਕ ਪਰਤਾਂ ਹਨ। ਜਿਨ੍ਹਾਂ ਦਾ ਖੁਲਾਸਾ ਕਰਨਾ ਇਸ ਰਿਪੋਰਟ ਦੀ ਸਮਰਥਾ ਅਨੁਸਾਰ ਅਸੰਭਵ ਹੈ।
ਜਰਨੈਲ ਸਿੰਘ ਕਹਾਣੀਕਾਰ ਨੇ ਸਿਖਰਤਾ ਵੱਲ ਜਾਂਦੀਆਂ ਕਈ ਕਲਾ-ਸੰਪਨ ਕਿਰਨਾਂ ਦਾ ਜ਼ਿਕਰ ਕੀਤਾ। ਭਾਸ਼ਾ ਪਖੋਂ ਕਾਵਿਕਤਾ ਦਾ ਰਸ ਹੈ, ਇਹ ਵਿਚਾਰ ਮਿੰਨੀ ਗਰੇਵਾਲ ਦੇ ਸਨ। ਅਰਵਿੰਦਰ ਕੌਰ, ਬਰਜਿੰਦਰ ਗੁਲਾਟੀ ਤੇ ਮਨਮੋਹਨ ਗੁਲਾਟੀ ਨੇ ਸੰਘਣੀ ਬੁਣਤਰ, ਕਥਾਨਕ ਵਾਕ ਬੀੜਨ ਦੀ ਕੌਸ਼ਲਤਾ ਨੂੰ ਸਰਾਹਿਆ। ਨੀਟਾ ਬਲਵਿੰਦਰ ਤੇ ਜਰਨੈਲ ਸਿੰਘ ਗਰਚਾ ਨੇ ਕਿਹਾ ਕਿ ਡਾਇਲਾਗ ਤਿੱਖੇ ਤੇ ਸਥਿਤੀ ਅਨਕੂਲ ਹਨ। ਕੁਝ ਵੀ ਬੇਲੋੜਾ ਨਹੀਂ। ਵਕੀਲ ਕਲੇਰ, ਕੁਲਦੀਪ ਗਿੱਲ ਤੇ ਰਛਪਾਲ ਗਿੱਲ ਮੰਤਰ-ਮੁਗਧ ਹੋਕੇ ਸਮੁਚੀ ਕਹਾਣੀ ਨੂੰ ਮਾਣਦੇ ਵੀ ਰਹੇ ਤੇ ਦਾਦ ਵੀ ਦਿੰਦੇ ਰਹੇ। ਮਾਇਆ ਰਾਮ ਦੀ ਨਸੀਹਤ ਦਾ ਜ਼ਿਕਰ ਕਰਨਾ ਬਣਦੈ ਜਿਸਨੇ ਅਰਜਨ ਸਿੰਘ ਦੀ ਸੋਚ ਵਿਚ ਸੋਨੇ ਦੀ ਝਾਲ ਵਰਗਾ ਕੰਮ ਕੀਤਾ। ਫੜੇ ਗਏ ਮੁੰਡੇ ਪਰਮਜੀਤ ਦਾ ਇਹ ਕਹਿਣਾ ਕਿ ‘ਮੈਂ ਤਾਂ ਜੀਣਾ ਚਾਹੁੰਦਾ ਹਾਂ’ ਜਾਂ ਅਰਜਨ ਸਿੰਘ ਦਾ ਕਹਿਣਾ ਨਾ ਨਾ ‘ਮੈਂ ਪਹਿਲਾਂ ਭਗਾਉਤੀ ਨਹੀਂ ਸਿਮਰਦਾ,ਮੈਂ ਤਾਂ ਪਹਿਲਾਂ ਪ੍ਰਿਥਮੈ ਨਾਨਕ ਸਿਮਰਕੇ ਅੱਗੇ ਤੁਰਦਾ ਹਾਂ। ਨਾਨਕ ਨੂੰ ਸਿਮਰੇ ਬਿਨ੍ਹਾਂ ਜਾਂ ਨਾਨਕ ਤੱਕ ਪਹੁੰਚਣ ਤੋਂ ਪਹਿਲਾਂ ਚਲੀ ਭਗਾਉਤੀ ਬੜੀ ਗੜਬੜਾਂ ਕਰ ਸਕਦੀ ਏ।’ ਦਹਾਕੇ ਬਾਦ ਲਿਖੀ ਕਹਾਣੀ ਲਈ ਵਰਿਆਮ ਸੰਧੂ ਨੂੰ ਸਭਨੇ ਮੁਬਾਰਕਬਾਦ ਕਹੀ।
ਇਸਤੋਂ ਬਾਦ ਬਰਜਿੰਦਰ ਗੁਲਾਟੀ ਨੇ ਕਹਾਣੀ ਸੁਣਾਈ ‘ਬੇਬੇ ਜੀ’। ਪੇਸ਼ਕਾਰੀ ਪਖੋਂ ਬਰਜਿੰਦਰ ਗੁਲਾਟੀ ਹਮੇਸ਼ਾਂ ਹੀ ਕਮਾਲ ਕਰਦੇ ਹਨ। ਕਹਾਣੀ ਵਿਚ ਸਰਲਤਾ, ਛੋਟੇ ਛੋਟੇ ਵਾਕ, ਜਜ਼ਬਾਤ ਤੇ ਦ੍ਰਿਸ਼ ਚਿਤਰਣ ਦੀ ਖੂਬੀ ਸੀ। ਵਰਿਆਮ ਸੰਧੂ ਦਾ ਪ੍ਰਤੀਕਰਮ ਸੀ ਕਿ ਇਹ ਜਰੂਰੀ ਨਹੀਂ ਕਿ ਹਰ ਕਹਾਣੀ ਵਡੇ ਥੌਟ ਨੂੰ ਲੈਕੇ ਹੀ ਚੱਲੇ। ਕਹਾਣੀ ਦਾਹਵਾ ਹੀ ਨਹੀਂ ਕਰਦੀ ਕਿ ਮੈਂ ਕਿਸੇ ਵਿਚਾਰ ਦਾ ਸੰਚਾਰ ਕਰਨਾ ਹੈ। ਕਹਾਣੀ ਪ੍ਰਕਿਰਤਕ ਫ਼ਸਲਾਂ, ਪੌਦਿਆਂ, ਦਰਖਤਾਂ ਤੇ ਸੁ਼ਧ ਵਾਤਾਵਰਣ ਦਾ ਜ਼ਿਕਰ ਹੈ। ਸੋਹਜ ਦੀ ਭਾਵਨਾ ਤ੍ਰਿਪਤ ਹੁੰਦੀ ਹੈ। ਹਲਕੇ ਸੰਗੀਤ ਦੀ ਇਹ ਇਕ ਖੂਬਸੂਰਤ ਕਹਾਣੀ ਹੈ।
ਇਸਤੋਂ ਬਾਦ ਵਕੀਲ ਕਲੇਰ ਦੀ ਕਹਾਣੀ ਸੀ ‘ਕਾਸ਼ਨੀ ਖਿਆਲ’। ਛੋਟੀ ਪਰ ਚੰਗੇ ਸ਼ਬਦਾਂ ਦੇ ਜਾਲ ਨਾਲ ਬੁਣੀ ਇਹ ਸਰੀਰਕ ਅਤ੍ਰਿਪਤੀ ਦੀ ਕਹਾਣੀ ਸੀ ਜਿਸ ਵਿਚ ਡੰਗ-ਟਪਾਊ ਕਥਿਤ-ਖੁਸ਼ੀ ਸੀ ਪਰ ਸਦੀਵੀ ਖੁਸ਼ੀ ਦੀ ਅਣਹੋਂਦ ਸੀ। ਸਦੀਵੀ ਖੁਸ਼ੀ ਦੀ ਗੱਲ ਕਰਨੀ ਕਹਾਣੀ ਦੀ ਜਰੂਰਤ ਹੀ ਨਹੀਂ ਸੀ। ਵਕੀਲ ਕਲੇਰ ਡੰਗ-ਟਪਾਊ ਕਥਿਤ-ਖੁਸ਼ੀ ਦੀ ਗੱਲ ਕਰਦਾ ਜਾਂ ਤਾਂ ਸੰਗ ਗਿਆ ਜਾਂ ਕਿਰਸ ਕਰ ਗਿਆ ਪਰ ਸ਼ਬਦਾਂ ਦਾ ਜਾਦੂ ਜਰੂਰ ਕਰ ਗਿਆ।
ਇਸਤੋਂ ਬਾਦ ਰਛਪਾਲ ਕੌਰ ਗਿੱਲ ਨੇ ਆਪਣੀ ਕਹਾਣੀ ‘ਤੇਜੋ ਫਿਰ ਵਿਕ ਗਈ’ ਦੇ ਦੋ ਕੁ ਸਫੇ ਸੁਣਾਏ ਤੇ ਬਾਕੀ ਕਹਾਣੀ ਮੂੰਹ ਜ਼ਬਾਨੀ ਹੀ ਸੁਣਾਈ। ਚੰਗੇ ਵਿਸ਼ੇ ਤੇ ਰਛਪਾਲ ਦੇ ਜਜ਼ਬਾਤ ਸਲਾਹੁੰਣ ਯੋਗ ਸਨ। ਵੀਹ ਸਾਲ ਦੀ ਵਹੁਟੀ ਤੇ ਸਤਰ ਸਾਲ ਦੇ ਬਾਬੇ ਦੇ ਆਨੰਦਾਂ ਨੂੰ ਜਿਤਨਾ ਵੀ ਤਿੱਖਾ ਨਿੰਦਿਆ ਜਾਵੇ ਸੰਤੁਲਿਤ ਹੀ ਲਗੇਗਾ।
ਰਾਤ ਦਾ ਇੱਕ ਵਜ਼ ਚੁੱਕਾ ਸੀ। ਕਾਰਾਂ ਸਟਾਰਟ ਕਰਨ ਲਗਿਆਂ ਦੰਦੋੜਿਕਾ ਵੱਜ ਰਿਹਾ ਸੀ। ਜਰਨੈਲ ਸਿੰਘ ਕਹਾਣੀਕਾਰ ਨੇ ਸਭਾ ਵਲੋਂ ਗਿੱਲ ਪਰਿਵਾਰ ਦਾ ਧੰਨਵਾਦ ਕੀਤਾ।