1957-58 ਦੀਆਂ ਬਾਤਾਂ ਨੇ: ਓਦੋਂ ਮੈਂ ਪੰਜਵੀਂ-ਛੇਵੀਂ ਦੀਆਂ ਕਿਤਾਬਾਂ `ਚ ਉਲਝਿਆ ਹੋਇਆ ਹੋਵਾਂਗਾ। ਟੀ ਵੀ ਤੇ ਟ੍ਰਾਂਜ਼ਿਸਟਰ ਰੇਡੀਓ ਅਮਰੀਕਾ ਜਪਾਨ ਵਰਗੇ ਵਿਕਸਤ ਮੁਲਕਾਂ `ਚ ਭਾਵੇਂ ਅਵਤਾਰ ਧਾਰ ਚੁੱਕੇ ਸਨ ਪ੍ਰੰਤੂ ਪੰਜਾਬ `ਚ ਇਨ੍ਹਾਂ ਦੇ ਨਾਮ ਐਵੇਂ ਗਿਣਤੀ ਦਿਆਂ ਲੋਕਾਂ ਨੇ ਹੀ ਸੁਣੇ ਹੋਣਗੇ। ਪਿੰਡਾਂ `ਚ ਕਿਸੇ ਇੱਕ-ਅੱਧੀ ਛੱਤ `ਤੇ ਦੋ ਬਾਂਸ ਗੱਡ ਕੇ, ਉਨ੍ਹਾਂ ਦੇ ਉੱਪਰਲੇ ਸਿਰਿਆਂ ਉੱਤੇ ਇੱਕ ਤੋਂ ਦੂਜੇ ਤੀਕ ਲਟਕਾਈਆਂ ਏਰੀਅਲ ਦੀਆਂ ਤਾਰਾਂ ਏਹ ਐਲਾਨ ਕਰਦੀਆਂ ਸਨ ਕਿ ਇਸ ਘਰ `ਚ ਇੱਕ ਰੇਡੀਓ-ਸੈੱਟ ਵੀ ਵਸਦਾ ਹੈ ਜਿਹੜਾ ਆਮ ਲੋਕਾਂ ਦੀ ਜ਼ੁਬਾਨ `ਚ ‘ਖਵਰਾਂ ਆਲ਼ਾ ਰੇੜੂਆ’ ਦੇ ਨਾਮ ਨਾਲ਼ ਜਾਣਿਆਂ ਜਾਣ ਲੱਗ ਪਿਆ ਸੀ। ਕਿਸੇ ਘਰ `ਚ ਖ਼ਬਰਾਂ ਵਾਲਾ ‘ਰੇੜੂਆ’ ਹੋਣਾ ਉਨ੍ਹਾਂ ਵਕਤਾਂ `ਚ ਆਰਥਿਕ ਪੱਖੋਂ ਰੱਜੇ-ਪੁੱਜੇ ਅਤੇ ਦੁਨਿਆਵੀ ਤੌਰ `ਤੇ ਆਂਢੀਆਂ-ਗਵਾਂਢੀਆਂ ਨਾਲ਼ੋਂ ਅੱਗੇ ਹੋਣ ਦੀ ਨਿਸ਼ਾਨੀ ਸਮਝਿਆ ਜਾਂਦਾ ਸੀ।
ਚਿੱਕੜ `ਚ ਲਿਪਟੀਆਂ ਸਾਡੇ ਪਿੰਡ ਦੀਆਂ ਭੀੜੀਆਂ-ਕੱਚੀਆਂ ਗਲ਼ੀਆਂ ਰਾਹੀਂ ਸਾਡੇ ਨਿਆਈਂ ਵਾਲ਼ੇ ਖੇਤ ਨੂੰ ਜਾਂਦਿਆਂ ਇੱਕ ਪੱਕਾ, ਹਵੇਲੀਨੁਮਾ ਘਰ ਉਜਾਗਰ ਸਿੰਘ ਨਾਮੀ ਉਸ ਬਜ਼ੁਰਗ ਦਾ ਵੀ ਸੀ ਜਿਹੜਾ ਦੂਜੀ ਸੰਸਾਰ ਜੰਗ ਦੌਰਾਨ ਬਰਤਾਨਵੀ ਫ਼ੌਜ `ਚ ‘ਕੰਪਾਊਂਡਰ’ ਭਰਤੀ ਹੋ ਕੇ ਕਈ ਵਰ੍ਹੇ ਬਰ੍ਹਮਾ `ਚ ਰਿਹਾ ਸੀ। ਜੰਗਬੰਦੀ ਤੋਂ ਬਾਅਦ, ਫ਼ੌਜ ਤੋਂ ਪੈਨਸ਼ਨ ਲੈ ਕੇ ਉਹ ਪਿੰਡ ਰਹਿਣ ਲੱਗ ਪਿਆ ਅਤੇ ਸਿਰ-ਦਰਦ, ਬੁਖ਼ਾਰ, ਉਲ਼ਟੀਆਂ, ਤੇ ਦਸਤ-ਮਰੋੜ ਵਰਗੀਆਂ ਨਿੱਕੀਆਂ-ਮੋਟੀਆਂ ਬੀਮਾਰੀਆਂ ਲਈ ਦਵਾਈ-ਬੂਟੀ ਦੇਣ ਲੱਗ ਪਿਆ ਸੀ, ਇਸ ਲਈ ਸਾਰਾ ਪਿੰਡ ਉਸ ਨੂੰ ‘ਡਾਕਟਰ’ ਉਜਾਗਰ ਸਿੰਘ ਦੇ ਨਾਮ ਨਾਲ਼ ਪੁਕਾਰਨ ਲੱਗ ਪਿਆ ਸੀ। ਵਧੇ-ਹੋਏ ਪੇਟ ਤੀਕਰ ਫੈਲਰੀ ਸੰਘਣੀ ਸਫ਼ੈਦ ਦਾਹੜੀ ਅਤੇ ਉੱਚੇ-ਲੰਮੇ ਚੁਗਾਠੇ ਵਾਲ਼ਾ ਚਿੱਟ-ਕੱਪੜੀਆ ਡਾਕਟਰ ਉਜਾਗਰ ਸਿੰਘ ਮੂੰਹ ਦਾ ਜਿੰਨਾਂ ਕੱਬਾ ਸੀ, ਦਿਲ ਦਾ ਓਨਾ ਹੀ ਨਰਮ ਵੀ ਸੀ। ਆਪਣੇ ਭਾਰੇ ਸਰੀਰ ਕਾਰਨ ਉਹ ਬੋਚ-ਬੋਚ ਕੇ ਤੁਰਦਾ। ਅੰਬਾਲ਼ੇ ਤੋਂ ਡਾਕ ਰਾਹੀਂ ਦੂਜੇ-ਤੀਜੇ ਦਿਨ ਸਾਡੇ ਪਿੰਡ ਉਸ ਦੇ ਘਰ ਦਸਤਕ ਦੇਂਦੇ, ਅੰਗਰੇਜ਼ੀ ਦੇ ਅਖ਼ਬਾਰ ‘ਦ ਟਰਬਿਊਨ’ ਨੂੰ, ਡਾਕੀਏ ਦੇ ਹੱਥ `ਚ ਦੇਖਦਿਆਂ ਉਸ ਦੇ ਚਿਹਰੇ `ਤੇ ਪੁੰਨਿਆਂ ਖਿੜ ਪੈਂਦੀ ਜਾਂਦੀ।
ਡਾਕਟਰ ਬਾਬਾ ਜੀ ਦੇ ਘਰ ਦੇ ਦੈਂਤ-ਕੱਦੇ ਮੁੱਖ-ਦਵਾਰ ਨੂੰ ਕਿਸੇ ਨੇ ਕਦੇ ਖੁਲ੍ਹਦਾ ਨਹੀਂ ਸੀ ਦੇਖਿਆ। ਇਸ ਮੁੱਖ-ਦੀਵਾਰ `ਚੋਂ ਇੱਕ ਪਤਲੀ ਜਿਹੀ ਖਿੜਕੀ ਘਰ ਦੇ ਅੰਦਰ ਵੱਲ ਨੂੰ ਖੁਲ੍ਹਦੀ ਸੀ। ਬਾਹਰੋਂ ਇਸ ਦਰਵਾਜ਼ੇ ਨੂੰ ਖੜਕਾਉਣ ਜਾਂ ਅਵਾਜ਼ ਮਾਰਨ `ਤੇ ਡਾਕਟਰ ਪ੍ਰਵਾਰ ਦਾ ਨੌਕਰ ਖਿੜਕੀ ਨੂੰ ਖੋਲ੍ਹਦਾ ਤੇ ਬਿਨਾਂ ਕੁੱਝ ਬੋਲਿਆਂ ਝੱਟ-ਪੱਟ ਅੰਦਰ ਪਰਤ ਜਾਂਦਾ। ਉਸ ਨੂੰ ਪਤਾ ਸੀ ਕਿ ਇਸ ਘਰ `ਚ ਬੀਮਾਰਾਂ ਤੋਂ ਬਗ਼ੈਰ ਹੋਰ ਕੋਈ ਇਨਸਾਨ ਕਦੇ-ਕਦਾਈਂ ਹੀ ਆਉਂਦਾ ਸੀ। ਆਉਣ ਵਾਲਾ ਵਿਅਕਤੀ ਜਿਓਂ ਹੀ ਘਰ `ਚ ਦਾਖ਼ਲ ਹੁੰਦਾ ਤਾਂ ਇੱਕ ਵਿਸ਼ਾਲ ਵੇਹੜਾ ਉਸ ਨੂੰ ਕਿਸੇ ਸੁੰਨ-ਸਾਨ ਕਿਲੇ ਵਾਂਗ ਆਪਣੇ `ਚ ਸਮੋਣ ਲਗਦਾ। ਘਰ `ਚ ਦਾਖ਼ਲ ਹੋਣ ਵਾਲ਼ਾ ਵਿਅਕਤੀ ਸਹਿਮੇ ਹੋਏ ਚਿਹਰੇ ਨਾਲ਼ ਜਿਓਂ ਹੀ ਵਿਹੜੇ `ਚੋਂ ਖੱਬੇ ਪਾਸੇ ਵੱਲ ਝਾਕਦਾ ਤਾਂ ਇੱਕ ਟੀਪਦਾਰ, ਆਦਮ-ਕੱਦ ਕੰਧ ਦੇ ਪਾਰੋਂ, ਪਲਸਤਰੀ ਕੰਧਾਂ ਉੱਤੇ ਬਿਰਾਜੀਆਂ ਉੱਚੀਆਂ ਛੱਤਾਂ ਵਾਲ਼ੇ ਕਈ ਕਮਰੇ ਅਤੇ ਉਨ੍ਹਾਂ ਕਮਰਿਆਂ ਉੱਪਰ ਤਿਊੜਦਾਰ ਚੌਬਾਰਿਆਂ ਦਾ ਝੁਰਮਟ ਉਸ ਨੂੰ ਡਰਾਉਂਦਾ। ਇਸ ਰਹਾਇਸ਼ੀ ਕੰਪਲੈਕਸ ਦੇ ਐਨ ਉਲ਼ਟ, ਵਿਹੜੇ ਦੇ ਸੱਜੇ ਪਾਸੇ, ਇੱਕ ਵਰਾਂਡੇਦਾਰ ਬੈਠਕ ਸੀ ਜਿਸ ਦੀ ਇੱਕ ਅਲਮਾਰੀ `ਚ ਦਵਾਈ ਵਾਲ਼ੀਆਂ ਸ਼ੀਸ਼ੀਆਂ, ਟੀਕੇ, ਮਰ੍ਹਮ-ਪੱਟੀ, ਸਰਿੰਜਾਂ-ਸੂਈਆਂ ਤੇ ਡਾਕਟਰੀ ਨਾਲ਼ ਸਬੰਧਤ ਹੋਰ ਨਿੱਕ-ਸੁੱਕ ਚਿਣਿਆਂ ਹੋਇਆ ਸੀ। ਬਾਬਾ ਜੀ ਦੀ ਬੈਠਕ `ਚ ਖਿੱਲਰੀਆਂ ਹੋਈਆਂ ਦਵਾਈਆਂ, ਸਪਿਰਿਟ ਤੇ ਫਰਨੈਲ ਦੀ ਗੰਧ ਵਰਾਂਡੇ `ਚ ਬੈਠਿਆਂ ਦੇ ਨੱਕਾਂ ਅੰਦਰ ਵੀ ਜਲੂਣ ਕਰਨ ਲਗਦੀ। ਦਵਾਈਆਂ ਵਾਲ਼ੀ ਅਲਮਾਰੀ ਦੇ ਨਾਲ਼ ਹੀ ਅੰਗੀਠੀ ਉੱਤੇ ਇੱਕ ਵੱਡ-ਅਕਾਰੀ, ਚੌਰਸ ਬੈਟਰੀ ਅਤੇ ਕੱਪੜੇ ਦੇ ਗਿਲਾਫ਼ ਵਿੱਚ ਲਿਪਟਿਆ ਇੱਕ ਰੇਡੀਓ ਹੁੰਦਾ ਸੀ ਜਿਸ ਦਾ ਘੁੰਡ ਮਰਜ਼ੀ ਨਾਲ਼ ਉੱਪਰ-ਹੇਠਾਂ ਖਿਸਕਾਇਆ ਜਾ ਸਕਦਾ ਸੀ। ਮੈਨੂੰ ਏਸ ਗੱਲ ਦਾ ਇਲਮ ਬਹੁਤ ਦੇਰ ਬਾਅਦ ਹੋਇਆ ਕਿ ਸਜਾਵਟ ਦੇ ਨਾਲ਼ ਨਾਲ਼, ਰੰਗਦਾਰ ਕੱਪੜੇ ਨਾਲ਼ ਬਣਾਏ ਗ਼ਿਲਾਫ਼ ਦਾ ਮਕਸਦ ਰੇਡੀਓ ਨੂੰ ਧੂੜ ਤੋਂ ਬਚਾਉਣਾ ਵੀ ਸੀ।
ਬਾਬਾ ਜੀ ਸਵੇਰੇ ਤੇ ਸ਼ਾਮੀ ਮਰੀਜ਼ਾਂ ਨੂੰ ਦੇਖਦੇ, ਦੁਪਹਿਰੇ ਰਹਾਇਸ਼ੀ ਕੰਪਲੈਕਸ `ਚ ਆਰਾਮ ਕਰਦੇ, ਤੇ ਦਿਨ ਦੇ ਛਿਪਾਅ ਵੇਲੇ ਬੈਠਕ ਵਿੱਚ ਬੈਠ ਕੇ ਰੇਡੀਓ ਸੁਣਨ ਦੇ ਨਾਲ਼ ਨਾਲ਼ ਪੀਲ਼ੇ ਰੰਗ ਦੀ ਸ਼ਰਾਬ ਦੀਆਂ ਚੁਸਕੀਆਂ ਵੀ ਲੈਂਦੇ। ਗਰਮੀਆਂ ਦੇ ਦਿਨੀਂ ਸ਼ਾਮ ਦੇ ਵਕਤ ਬਾਬਾ ਜੀ ਆਪਣੇ ਘਰ ਦੇ ਮੁੱਖ-ਦਵਾਰ ਦੇ ਸਾਹਮਣੇ, ਵੀਹੀ `ਚ, ਆਪਣੇ ਸੀਰੀ ਤੋਂ ਪਾਣੀ ਦਾ ਛਿੜਕਾਅ ਕਰਾਉਂਦੇ। ਗਿੱਲੀ ਹੋ ਗਈ ਕੱਚੀ ਮਿੱਟੀ ਦੇ ਆਠਰਦਿਆਂ ਹੀ ਬਾਬਾ ਜੀ ਲਈ ਬਾਂਹੋਂ-ਸੱਖਣੀ ਇੱਕ ਕੁਰਸੀ ਹਾਜ਼ਰ ਹੋ ਜਾਂਦੀ। ਕੁਰਸੀ ਦੇ ਸਾਹਮਣੇ ਡਾਹਿਆ ਸਟੂਲ, ਬੋਤਲ ਤੇ ਗਲਾਸ ਦੀ ਉਡੀਕ ਕਰਨ ਲਗਦਾ। ਗਲ਼ੀ `ਚੋਂ ਗੁਜ਼ਰਦਾ ਹਰ ਵਿਅਕਤੀ ਬਾਬਾ ਜੀ ਨੂੰ ‘ਸਾਸਰੀ`ਕਾਲ’ ਬੁਲਾਉਂਦਾ, ਤੇ ਬਾਬਾ ਜੀ ਆਪਣੀ ਮੋਟੀ, ਖਰ੍ਹਵੀ ਅਵਾਜ਼ `ਚ ਜਵਾਬ ਦਿੰਦੇ: ਸਾਸਰੀ `ਕਾਲ ਬਈ ਫਲਾਣਾ ਸਿੰਅ੍ਹਾਂ! ਕੀ ਹਾਲ ਐ ਤੇਰਾ?
ਸ਼ਾਮ ਦੇ ਸਾਢੇ ਕੁ ਛੇ ਵਜਦੇ ਨੂੰ ਅਸੀਂ ਛੇ-ਸੱਤ ਮੁੰਡੇ ਬਾਬਾ ਜੀ ਦੇ ਦਰਬਾਰ `ਚ ਹਾਜ਼ਰ ਹੋ ਜਾਂਦੇ ਕਿਉਂਕਿ ਪੌਣੇ ਸੱਤ ਵਜੇ ਦਿਹਾਤੀ ਪ੍ਰੋਗਰਾਮ ਸ਼ੁਰੂ ਹੋਣਾ ਹੁੰਦਾ ਸੀ ਜਿਸ `ਚ ਠੁਣੀਆਂ ਰਾਮ, ਸੰਤ ਰਾਮ ਅਤੇ ਚਾਚਾ ਕੁਮੇਦਾਨ ਦੀ ਰੌਚਿਕ ਟਿੱਚਰਬਾਜ਼ੀ ਤੇ ਨੋਕ-ਝੋਕ ਨੂੰ ਸੁਣਨ ਲਈ ਸਾਡੇ ਨਾਲ਼ ਨਾਲ਼ ਬਾਬਾ ਜੀ ਵੀ, ਦੁਪਹਿਰ ਢਲ਼ਦਿਆਂ ਹੀ ਉਤਸੁਕ ਹੋ ਜਾਂਦੇ। ਸਾਡੇ ਪਹੁੰਚਦਿਆਂ ਹੀ ਡਾਕਟਰ ਬਾਬਾ ਜੀ ਆਪਣੇ ਗਲਾਸ ਨੂੰ ਖ਼ਾਲੀ ਕਰਦੇ ਤੇ, ਬਿਨਾ ਕੁੱਝ ਉਚਰਿਆਂ, ਆਪਣੇ ਭਾਰੇ ਸਰੀਰ ਨੂੰ ਦਰਵਾਜ਼ੇ ਵੱਲ ਨੂੰ ਰੋੜ੍ਹ ਲੈਂਦੇ। ਤੁਰਨ ਵੇਲ਼ੇ ਜਿਹੜੇ ਪੈਰ `ਤੇ ਉਹ ਭਾਰ ਪਾਉਂਦੇ, ਉਹਨਾਂ ਦਾ ਧੜ ਤੇ ਸਿਰ ਉਸੇ ਪਾਸੇ ਵੱਲ ਉੱਲਰ ਜਾਂਦਾ। ਉਹ ਆਪਣੇ ਕੰਬਦੇ ਹੱਥ ਦਰਵਾਜ਼ੇ ਨੂੰ ਜਾ ਜੋੜਦੇ ਤੇ ਦੈਂਤ-ਕੱਦ ਦਰਵਾਜ਼ੇ ਦੀ ਪਤਲੀ ਜਿਹੀ ਬਾਰੀ ਨਾਲ਼ ਖਹਿੰਦਾ ਉਨ੍ਹਾਂ ਦਾ ਬੋਝਲ਼ ਸਰੀਰ ਖਿੜਕੀਓਂ ਅੰਦਰ ਹੋ ਜਾਂਦਾ। ਅਸੀਂ ਬਾਬਾ ਜੀ ਦੀ ਬੋਤਲ ਤੇ ਗਲਾਸ ੳਠਾਉਂਦੇ, ਕੁਰਸੀ ਨੂੰ ਪੁੱਠੇ-ਰੁਖ਼ ਸਿਰ `ਤੇ ਕਰਦੇ ਤੇ ਬਾਬਾ ਜੀ ਦੇ ਮਗਰ ਮਗਰ ਬੈਠਕ ਵਿੱਚ ਆ ਜਾਂਦੇ। ਬਾਬਾ ਜੀ ਬਿਨਾ ਕੁੱਝ ਉਚਰਿਆਂ ਅੰਗੀਠੀ ਕੋਲ਼ ਜਾਂਦੇ, ਰੇਡੀਓ ਦਾ ਪਲੱਗ ਬੈਟਰੀ ਦੇ ਸਿਰ `ਚ ਫਸਾਉਂਦੇ, ਤੇ ਬੇਸੁਰਤ ਰੇਡੀਓ `ਚ ਜਾਨ ਪਾ ਦਿੰਦੇ। ਅਸੀਂ ਚੌਂਕੜੀਆਂ ਮਾਰ ਕੇ ਫ਼ਰਸ਼ `ਤੇ ਬੈਠ ਜਾਂਦੇ ਤੇ ਘੰਟਾ ਭਰ ਦਿਹਾਤੀ ਪ੍ਰੋਗਰਾਮ ਦਾ ਹਾਸਾ-ਠੱਠਾ ਤੇ ਗਾਣੇ ਸੁਣੀ ਜਾਂਦੇ।
ਫਿਰ ਕਲਕੱਤਿਓਂ ਮੁੜੇ ਬਾਪੂ ਪਾਰਸ ਨੇ ‘ਖ਼ਬਰਾਂ ਵਾਲ਼ਾ ਰੇੜੂਆ’ ਸਾਨੂੰ ਵੀ ਲਿਆ ਦਿੱਤਾ। ਬਾਪੂ ਤੋਂ ਚੋਰੀਓਂ ਕਵੀਸ਼ਰੀ ਗਾਉਣੀ ਅਸੀਂ ਵੀ ਸ਼ੁਰੂ ਕਰ ਦਿੱਤੀ। ਬਾਪੂ ਪਾਰਸ ਦਾ ਕਵੀਸ਼ਰੀ ਜੱਥਾ ਹਰ ਮਹੀਨੇ, ਸਵਾ-ਮਹੀਨੇ ਬਾਅਦ ਦਿਹਾਤੀ ਪ੍ਰੋਗਰਾਮ ਵਿੱਚ ਕਵੀਸ਼ਰੀ ਗਾਉਂਦਾ। ਅਸੀਂ ਤਿੰਨੇ ਭਰਾ ਜਦੋਂ ਬਾਪੂ ਦੇ ਜੱਥੇ ਦੀ ਕਵੀਸ਼ਰੀ ਅਤੇ ਹੋਰ ਗਾਇਕਾਂ ਦੀਆਂ ਸੁਰੀਲੀਆਂ ਅਵਾਜ਼ਾਂ ਤੇ ਤੂੰਬੇ-ਸਰੰਗੀਆਂ ਰੇਡੀਓ ਤੋਂ ਸੁਣਦੇ ਤਾਂ ਸਾਡੇ ਮਨਾਂ `ਚ ਰੇਡੀਓ ਤੋਂ ਗਾਉਣ ਲਈ ਲੂਹਰੀਆਂ ਉੱਠਦੀਆਂ। ਸਾਡਾ ਦਿਲ ਕਰਦਾ ਸਾਡੀ ਤੂੰਬੀ ਵੀ ਰੇਡੀਓ ਤੇ ਤੁਣ-ਤੁਣਾਵੇ, ਢੱਡਾਂ ‘ਢੁੰਮ-ਢੁੰਮ’ ਕਰਕੇ ਤਾਲ ਦੇਵਣ, ਤੇ ਸਾਡੀਆਂ ਤਿੱਖੀਆਂ ਅਵਾਜ਼ਾਂ ਨੂੰ ਸੁਣ ਕੇ ਸਾਰਾ ਪੰਜਾਬ ਝੂੰਮ ਉੱਠੇ। ਪਰ ‘ਰੇਡੀਓ ਸਿੰਗਰ’ ਬਣਨ ਲਈ ਰੇਡੀਓ `ਤੇ ਬਾਕਾਇਦਾ ਟੈਸਟ ਦੇਣਾ ਪੈਣਾ ਸੀ ਜਿੱਥੇ ਰੇਡੀਓ ਦੇ ਵੱਡੇ ਅਧਿਕਾਰੀ, ਟੈਸਟ ਦੇਣ ਲਈ ਆਏ ਗਾਇਕਾਂ ਦੇ ਹੁਨਰ ਦਾ, ਖੁਰਚਵਾਂ ਐਕਸਰੇ ਕਰਦੇ ਸਨ। ਉਨ੍ਹਾਂ ਦਿਨਾਂ `ਚ ‘ਰੇਡੀਓ ਆਰਟਿਸਟ’ ਹੋਣਾ ਅੱਜ ਦੇ ਪਲੇਅਬੈਕ ਸਿੰਗਰ ਹੋਣ ਦੇ ਬਰਾਬਰ ਸੀ। ਉਸ ਸਮੇਂ ਦੇ ਸੁਰਿੰਦਰ ਕੌਰ, ਆਸਾ ਸਿੰਘ ਮਸਤਾਨਾ, ਯਮਲਾ ਜੱਟ, ਨਰਿੰਦਰ ਬੀਬਾ, ਤੇ ਜਗਤ ਸਿੰਘ ਜੱਗਾ ਜਿਹੇ ‘ਰੇਡੀਓ’ ਆਰਟਿਸਟਾਂ ਦੀ ਲੋਕੀਂ ਇੱਕ ਝਲਕ ਦੇਖਣ ਲਈ ਤਰਸਦੇ ਰਹਿੰਦੇ ਸਨ।
ਦੋ-ਢਾਈ ਕੁ ਸਾਲਾਂ ਬਾਅਦ, ਇੱਕ ਦਿਨ ਬੈਠਿਆਂ-ਬੈਠਿਆਂ ਅਸੀਂ ਇੱਕ ਪੋਸਟਕਾਰਡ ਜਲੰਧਰ ਰੇਡੀਓ ਸਟੇਸ਼ਨ ਦੇ ਡਾਇਰੈਕਟਰ ਨੂੰ ਇਹ ਲਿਖ ਕੇ ਪਾ ਦਿੱਤਾ ਕਿ ਅਸੀਂ ਰੇਡੀਓ `ਤੇ ਗਾਇਕੀ ਕਰਨਾ ਲੋਚਦੇ ਹਾਂ। ਦੋ ਕੁ ਹਫ਼ਤੇ ਬਾਅਦ ਡਾਕ ਰਾਹੀਂ ਆਏ ਇੱਕ ਫ਼ੌਰਮ ਨੂੰ ਭਰ ਕੇ ਅਸੀਂ ਵਾਪਿਸ ਭੇਜ ਦਿੱਤਾ। ਇਸ ਫ਼ੌਰਮ `ਚ ਸਾਡੇ ਜੱਥੇ ਦਾ ਨਾਮ, ਸਿਰਨਾਵਾਂ, ਅਤੇ ਕੀ ਗਾਉਂਦੇ ਹਾਂ ਬਾਰੇ ਸੰਖੇਪ ਜਾਣਕਾਰੀ ਮੰਗੀ ਹੋਈ ਸੀ। ਪਰ ਕੁੱਝ ਕੁ ਹਫ਼ਤਿਆਂ `ਚ ਹੀ, ਰੇਡੀਓ `ਤੇ ਗਾਇਕੀ ਕਰਨ ਦੀ ਪ੍ਰਬਲ ਇੱਛਾ ਪੜ੍ਹਾਈ ਦੇ ਹੋਮਵਰਕ, ਖੇਤੀ ਦੇ ਨਿੱਕੇ-ਨਿੱਕੇ ਕੰਮਾਂ ਅਤੇ ਗਾਇਕੀ ਦੇ ਦਬਾਅ ਹੇਠ ਪਿਚਕਣ ਲੱਗੀ। ਮਨ `ਚ ਇਹ ਵੀ ਆਉਣ ਲੱਗਾ ਕਿ ਰੇਡੀਓ ਸਟੇਸ਼ਨ ਨੂੰ ਭੇਜਿਆ ਸਾਡਾ ਫ਼ੌਰਮ ਸ਼ਾਇਦ ਕਿਤੇ ਡਾਕ ਵਿੱਚ ਹੀ ਰੁਲ਼ ਗਿਆ ਹੋਵੇ। ਪਰ ਦੋ ਕੁ ਮਹੀਨੇ ਬਾਅਦ, ਇੱਕ ਦਿਨ ਅਚਾਨਕ ਹੀ ਇੱਕ ਚਾਹ-ਰੰਗਾ ਲਿਫ਼ਾਫ਼ਾ ਡਾਕ ਰਾਹੀਂ ਸਾਡੇ ਘਰ ਆ ਬਿਰਾਜਿਆ। ਇਹ ਜਲੰਧਰ ਰੇਡੀਓ ਸਟਰੇਸ਼ਨ ਦੀ ਚਿੱਠੀ ਸੀ ਜਿਸ ਰਾਹੀਂ, ਜਲੰਧਰ ਰੇਡੀਓ ਸਟੇਸ਼ਨ ਵੱਲੋਂ ਸਾਡੇ ਭੁਯੰਗੀ ਜੱਥੇ ਨੂੰ ਅਵਾਜ਼ ਤੇ ਗਾਇਕੀ ਦਾ ਟੈਸਟ ਦੇਣ ਲਈ ਬੁਲਾਵਾ ਭੇਜਿਆ ਸੀ।
ਸੱਦਾ-ਪੱਤਰ ਦੀ ਆਮਦ ਤੋਂ ਬਾਅਦ, ਸਾਡੀਆਂ ਅੱਖਾਂ `ਚ ਫੁਲ-ਝੜੀਆਂ ਖਿੜਨ ਲੱਗੀਆਂ। ਰੇਡੀਓ ਸਟੇਸ਼ਨ ਵੱਲੋਂ ਆਈ ਇਸ ਚਿੱਠੀ ਨੂੰ ਅਸੀਂ ਵਾਰ ਵਾਰ ਦੇਖਦੇ ਤੇ ਸਾਂਭ ਸਾਂਭ ਰਖਦੇ। ਚਾਰ ਹਫ਼ਤੇ ਬਾਅਦ ਹੋਣ ਵਾਲ਼ੇ ਇਸ ਟੈਸਟ ਦੇ ਸੁਪਨੇ ਸਾਨੂੰ ਹਰ ਰੋਜ਼ ਆਉਣ ਲੱਗੇ। ਮੈਂ ਅਲਮਾਰੀ `ਚ ਰੱਖੇ ਸਾਡੇ ਰੇਡੀਓ ਦੇ ਮੂਹਰੇ ਜਾਂਦਾ ਤਾਂ ਰੇਡੀਓ `ਚੋਂ ਮੈਨੂੰ ਸਾਡੀ ਤੂੰਬੀ ਦੀ ਤੁਣ-ਤੁਣ ਸੁਣਾਈ ਦੇਣ ਲਗਦੀ: ਢੱਡਾਂ ਦਣ-ਦਣਾਉਂਦੀਆਂ, ਤੇ ਅਸੀਂ ਉੱਚੀ ਸੁਰ `ਚ ਅਲਾਪ ਲੈਂਦੇ ਸੁਣਦੇ! ਮੇਰੀ ਸੁਰਤ `ਚ ਮੋਗੇ ਸ਼ਹਿਰ ਦਾ ਬਜ਼ਾਰ ਉਦੇ ਹੋ ਜਾਂਦਾ ਜਿਸ `ਚੋਂ ਸਾਈਕਲ ਉੱਤੇ ਗੁਜ਼ਰਦਿਆਂ, ਹਰ ਢਾਬੇ `ਚ ਜਲੰਧਰ ਰੇਡੀਓ ਤੋਂ ਚੱਲ ਰਿਹਾ ਰਫ਼ੀ ਸਾਹਿਬ ਜਾਂ ਲਤਾ ਜੀ ਦਾ ਇੱਕੋ ਹੀ ਨਗ਼ਮਾ ਮੈਂ ਅਨੇਕਾਂ ਵਾਰ ਸੁਣਿਆਂ ਸੀ। ਮੈਂ ਸੋਚਦਾ ਜਦੋਂ ਸਾਡੀ ਗਾਇਕੀ ਰੇਡੀਓ ਤੋਂ ਬਰਾਡਕਾਸਟ ਹੋਵੇਗੀ ਤਾਂ ਮੋਗੇ ਦਾ ਸਾਰਾ ਬਜ਼ਾਰ ਸਾਡੀ ਤੂੰਬੀ ਅਤੇ ਢੱਡਾਂ ਨਾਲ਼ ਵੀ ਗੂੰਜ ਉੱਠੇਗਾ। ਪਰ ਟੈਸਟ ਵਾਲ਼ੇ ਦਿਨ ਦਾ ਚਾਰ ਹਫ਼ਤੇ ਦਾ ਸਮਾਂ ਮੁੱਕਣ `ਚ ਹੀ ਨਾ ਆਵੇ।
ਬਾਪੂ ਪਾਰਸ ਨੇ ਸਾਨੂੰ ਦੱਸਿਆ ਪਈ ਟੈਸਟ ਵਾਲ਼ੀ ਟੀਮ ਸਾਨੂੰ ਹੀਰ, ਮਿਰਜ਼ਾ, ਪੂਰਨ, ਕੌਲਾਂ ਆਦਿਕ ਲੋਕ-ਗਾਥਾਵਾਂ ਗਾਉਣ ਲਈ ਆਖੇਗੀ। ਇਸ ਲਈ ਅਸੀਂ ਬਾਪੂ ਪਾਰਸ ਵੱਲੋਂ ਕਵੀਸ਼ਰੀ-ਅੰਦਾਜ਼ `ਚ ਲਿਖੀਆਂ ਲੋਕ-ਗਾਥਾਵਾਂ ਵਿਚੋਂ ਵੱਖ ਵੱਖ ਤਰਜ਼ਾਂ ਵਾਲ਼ੀਆਂ ਦਸ ਆਈਟਮਾਂ ਨੂੰ ਤੂੰਬੀ ਅਤੇ ਢੱਡਾਂ ਦੀ ਸੰਗਤ ਵਿੱਚ ਗਾਉਣ ਲਈ ਚੁਣ ਲਿਆ। ਹਰ ਰੋਜ਼ ਉਨ੍ਹਾਂ ਹੀ ਦਸਾਂ ਕਵੀਸ਼ਰੀਆਂ ਦਾ ਬਾਕਾਇਦਾ ਰਿਆਜ਼ ਸਵੇਰੇ ਤੇ ਸ਼ਾਮੀ, ਪੇਟੀਆਂ ਵਾਲ਼ੇ ਕੋਠੇ `ਚ ਹੋਣ ਲੱਗਾ। ਤੜਕਸਾਰ ਤੂੰਬੀ ਤੁਣਕਦੀ, ਢੱਡਾਂ ਖੌਰੂ ਪਾਉਂਦੀਆਂ ਅਤੇ ਅਸੀਂ ਤਿੰਨੇਂ ਇੱਕੋ ਸੁਰ `ਚ ਇਕੱਠੇ ਹੋ ਕੇ, ਉੱਚੀ ਸੁਰ `ਚ, ਜਦੋਂ ‘ਹੋਅਅਅ’ ਦੀ ਲੰਮੀ ਹੇਕ ਲਾਉਂਦੇ ਤਾਂ ਕੱਪੜਿਆਂ ਨਾਲ ਭਰੀ ਟੀਨ ਦੀ ਪੇਟੀ `ਚ ਥਰਥਰਾਹਟ ਉਬਲਣ ਲਗਦੀ। ਸਾਹਮਣੇ ਬੈਠ ਕੇ ਸਾਨੂੰ ਨੀਝ ਨਾਲ਼ ਸੁਣ ਰਹੇ ਬਾਪੂ ਦਾ ਉੱਪਰਲਾ ਬੁਲ੍ਹ ਹੇਠਲੇ ਦੇ ਪਿਛਾੜੀ ਹੋ ਜਾਂਦਾ ਤੇ ਸਹਿਜੇ-ਸਹਿਜੇ ਉਸ ਦੀਆਂ ਦੋਨੋ ਵਰਾਛਾਂ ਪਾਸਿਆਂ ਵੱਲ ਨੂੰ ਖਿੱਚੀਆਂ ਜਾਂਦੀਆਂ। ਅਗਲੇ ਪਲੀਂ ਉਸ ਦੀ ਠੋਡੀ ਉਸ ਦੀ ਛਾਤੀ ਨਾਲ਼ ਜਾ ਲਗਦੀ ਅਤੇ ਉਸ ਦੀਆਂ ਅੱਖਾਂ `ਚ, ਗੜੂੰਦ ਹੋਇਆ ਟੀਰ ਉੱਤਰ ਆਉਂਦਾ। ਚਾਰ ਕੁ ਦਿਨਾਂ ਬਾਅਦ ਉਹ ਮੋਗਿਓਂ ਬਦਾਮ ਰੋਗ਼ਨ ਦੀ ਬੋਤਲ ਖ਼ਰੀਦ ਲਿਆਇਆ। ਉਸ ਦਾ ਖ਼ਿਆਲ ਸੀ ਬਦਾਮ ਰੋਗ਼ਨ ਨਾਲ ਗਲ਼ਾ ਤਰ ਰਹਿੰਦਾ ਹੈ। ਗਾਉਣ ਦਾ ਰਿਆਜ਼ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਲਈ ਦੁੱਧ ਉਬਾਲ਼ਿਆ ਜਾਂਦਾ ਜਿਸ `ਚ ਚਾਰ ਪੰਜ ਚਮਚੇ ਬਦਾਮ ਰੋਗ਼ਨ ਘੋਲ਼ ਦਿੱਤਾ ਜਾਂਦਾ। ਰਿਆਜ਼ ਦੀ ਆਖ਼ਰੀ ਆਈਟਮ ਮੁੱਕਣ ਤੀਕ ਸਾਡੇ ਤਿੰਨਾਂ ਦੇ ਕੱਪੜੇ ਪਸੀਨੇ `ਚ ਗੜੁੱਚ ਹੋਏ ਹੁੰਦੇ। ਏਸ ਤੋਂ ਮਗਰੋਂ ਤੂੰਬੀ ਗ਼ਿਲਾਫ਼ ਨੂੰ ਓੜ ਲੈਂਦੀ ਤੇ ਢੱਡਾਂ ਝੋਲ਼ੇ `ਚ ਗੁੱਛਾ-ਮੁੱਛਾ ਹੋ ਜਾਂਦੀਆਂ। ਦੂਜੀ-ਚੌਥੀ ਸ਼ਾਮ ਸਾਡੇ ਵਿਹੜੇ `ਚ ਵਿਲਕਦੀ ਮੁਰਗੇ ਦੀ ‘ਕਿਆਂ-ਕਿਆਂ’ ਆਢ-ਗੁਆਂਢ ਤੀਕਰ ਖਿੱਲਰਦੀ ਤੇ, ਠੇਕੇ ਦੀ, ‘ਬੋਤਾ-ਮਾਰਕਾ’ ਸ਼ਰਾਬ ਬਾਪੂ ਦੀਆਂ ਅੱਖਾਂ `ਚੋਂ ਉੱਛਲ਼-ਉੱਛਲ਼ ਪੈਂਦੀ।
ਟੈਸਟ ਵਾਲ਼ੇ ਦਿਨ ਤੜਕਿਓਂ ਹੀ ਬਾਪੂ ਦੀ ਫ਼ਲੈਸ਼-ਲਾਈਟ (ਬੈਟਰੀ) ਵਿਹੜੇ `ਚ ਡੱਠੇ ਸਾਡੇ ਮੰਜਿਆਂ ਦੀ ਤਲਾਸ਼ੀ ਲੈਣ ਲੱਗੀ।
–ਉੱਠੋ ਮੁੰਡਿਓ! ਸਿਰ ਉੱਪਰ ਖਿੜੇ ਹੋਏ ਸਿਲ੍ਹੇ-ਸਿੱਲ੍ਹੇ ਤਾਰਿਆਂ ਨਾਲ਼ ਅੱਖ-ਮੁਟੱਕਾ ਕਰਨ ਤੋਂ ਬਾਅਦ, ਬਾਪੂ ਗੜ੍ਹਕਵੀਂ ਸੁਰ `ਚ ਬੋਲਿਆ। -ਬੱਦਲ ਗੜ੍ਹਕਦੈ ਪੱਛੋਂ `ਚ … ਭਾਦੋਂ ਦੇ ਮਹੀਨੇ ਮੀਂਹ ਦਾ ਕੋਈ ਭਰੋਸਾ ਨੲ੍ਹੀਂ ਕਦੋਂ ਆਣ ਲੱਥੇ! ਮੀਂਹ ਵਰ੍ਹਨ ਤੋਂ ਪਹਿਲਾਂ ਪਹਿਲਾਂ ਮੋਗੇ ਅੱਪੜ ਜੀਏ ਤਾਂ ਚੰਗੈ।
ਅਸੀਂ ਅੱਖਾਂ ਮਲ਼ਦੇ-ਮਲ਼ਦੇ ਉੱਠੇ, ਖੁਲ੍ਹ ਗਏ ਜੂੜਿਆਂ ਨੂੰ ਸੰਵਾਰਿਆ, ਰਾਤ ਦੀ ਤ੍ਰੇਲ਼ ਨਾਲ਼ ਭਿੱਜ ਗਏ ਖੇਸਾਂ ਨੂੰ ਤਹਿ ਕੀਤਾ, ਤੇ ਖੂੰਜੇ `ਚ ਚੁੱਪ-ਚਾਪ ਖਲੋਤੇ ਨਲ਼ਕੇ ਨੂੰ ਜਾ ਥਾਪੜਿਆ। ਇਸ਼ਨਾਨ ਤੋਂ ਬਾਅਦ, ਬੈਠਕ `ਚ ਸਾਨੂੰ ਉਡੀਕਦੇ ਕੁੜਤੇ-ਪਜਾਮਿਆਂ ਦੀਆਂ ਤਹਿਆਂ ਖੁਲ੍ਹਣ ਲੱਗੀਆਂ। ਬਲਵੰਤ ਇੱਕ ਪਰਨੇ ਦੀ ਤਹਿ ਮਾਰ ਕੇ ਸਾਈਕਲਾਂ ਦੀਆਂ ਕਾਠੀਆਂ ਉੱਪਰ ਜਮ੍ਹਾਂ ਹੋਈ ਤ੍ਰੇਲ਼ ਨਾਲ਼ ਜੂਝਣ ਲੱਗਾ। ਟਾਇਰਾਂ `ਚ ਹਵਾ ਚੈੱਕ ਕੀਤੀ। ਤੂੰਬੀ ਰਛਪਾਲ ਦੇ ਹੱਥ `ਚ ਫੜਾਈ, ਤੇ ਮੈਂ ਢੱਡਾਂ ਵਾਲ਼ੇ ਝੋਲ਼ੇ ਨੂੰ ਥਾਪਣਾ ਦਿੱਤਾ।
ਦਰੋਂ ਬਾਹਰ ਹੋਏ ਤਾਂ ਘੂਕ ਸੁੱਤੇ ਹਨੇਰੇ `ਚ, ਗਲ਼ੀਆਂ ਦੇ ਵਿਚਾਲ਼ੇ, ਮੋਟੇ ਮੱਛਰਾਂ ਨੂੰ ਓੜ੍ਹ ਕੇ, ਬੇਸੁਰਤ ਪਿਆ ਚਿੱਕੜ ਹੋਰ ਵੀ ਸੰਘਣਾ ਜਾਪਿਆ। ਬਰਸਾਤਾਂ ਦੇ ਦਿਨੀਂ ਕੱਚੀਆਂ ਗਲ਼ੀਆਂ ਦਾ ਚਿੱਕੜ, ਕੰਧਾਂ ਦੇ ਗਿੱਟਿਆਂ ਤੀਕ ਚੜ੍ਹ ਆਉਂਦਾ ਸੀ, ਇਸ ਲਈ ਫਿਰਨੀ `ਤੇ ਅਪੜਣ ਤੀਕਰ ਬਾਪੂ ਤੇ ਬਲਵੰਤ ਸਾਈਕਲਾਂ ਨੂੰ ਚਿੱਕੜ ਤੋਂ ਬਚਾਉਂਦੇ ਪੈਦਲ ਹੀ ਰੇੜ੍ਹੀ ਗਏ। ਮੈਂ ਤੇ ਰਛਪਾਲ, ਗਊਆਂ ਦੇ ਵਛਰੂਆਂ ਵਾਂਗ ਕੰਧਾਂ ਦੇ ਕੋਲ਼ ਕੋਲ਼ ਦੀ ਉਨ੍ਹਾਂ ਦੇ ਪਿੱਛੇ ਪਿੱਛੇ ਤੁਰੇ ਜਾ ਰਹੇ ਸਾਂ। ਬਾਪੂ ਤੇ ਬਲਵੰਤ ਰਾਤਾਂ ਦੇ ਹਨੇਰੇ `ਚ ਮੋਗੇ ਨੂੰ ਜਾਣ ਵਾਲ਼ੇ ਇਸ ਰਸਤਿਓਂ ਸੈਂਕੜੇ ਵਾਰ ਗੁਜ਼ਰ ਚੁੱਕੇ ਸਨ, ਇਸ ਲਈ ਉਨ੍ਹਾਂ ਨੂੰ ਇਸ ਕੱਚੇ ਰਸਤੇ ਦਾ ਹਰ ਮੋੜ-ਘੋੜ, ਉਚਾਣ-ਨਿਵਾਣ, ਤੇ ਰੇਤ-ਰੜਾ, ਵਾਰ ਵਾਰ ਸੁਣੀ ‘ਅਲੀ ਬਾਬਾ ਤੇ ਚਾਲ਼ੀ ਚੋਰ’ ਦੀ ਬਾਤ ਵਾਂਗਰਾਂ ਯਾਦ ਸੀ। ਮੈਂ ਬਾਪੂ ਦੇ ਸਾਈਕਲ ਦੇ ਅਗਲੇ ਡੰਡੇ `ਤੇ ਅਤੇ ਰਛਪਾਲ ਬਲਵੰਤ ਦੇ ਸਾਈਕਲ ਦੇ ਮੂਹਰਲੇ ਡੰਡੇ `ਤੇ ਸਵਾਰ ਸਾਂ। ਤਿੰਨ ਕੁ ਮੀਲ ਦੀ ਦੂਰੀ `ਤੇ ਆਉਂਦੇ ਪਿੰਡ ਮਹਿਰੋਂ ਦੀ ਜੂਹ `ਚ ਵੜਦਿਆਂ ਨੂੰ ਪੱਛੋਂ `ਚ ਗੜ੍ਹਕਦਾ ਬੱਦਲ ਸੰਘਣਾ ਚੰਦੋਆ ਬਣ ਕੇ ਸਾਡੇ ਸਿਰਾਂ `ਤੇ ਡਿਗੂੰ-ਡਿਗੂੰ ਕਰਨ ਲੱਗਾ। ਮੋਗੇ ਅੱਪੜਣ ਤੀਕਰ ਬਚਦੇ ਪੰਜ-ਛੇ ਮੀਲ ਸਾਡੇ ਚਹੁੰਆਂ ਦੇ ਸਿਰਾਂ `ਚ ਚੁੰਝਾਂ ਮਾਰਨ ਲੱਗੇ। ਅਗਲੇ ਪਿੰਡ ਬਹੋਨੇ ਪਹੁੰਚਦਿਆਂ ਨੂੰ ਹਲਕੀ ਹਲਕੀ ਭੂਰ ਨਾਲ ਸਾਡੀਆਂ ਪੱਗਾਂ ਦਾ ਅਕੜਾਅ ਢਿੱਲਾ ਪੈਣ ਲੱਗਾ। ਬਹੋਨੇ ਤੇ ਮੋਗੇ ਦੇ ਸੰਨ੍ਹ ਵਿਚਲੀ ਝਿੜੀ ਤੀਕ ਅਪੜਿਆਂ ਸਾਡੇ ਕਮੀਜ਼ ‘ਸਿਲ੍ਹੇ’ ਤੋਂ ‘ਗਿੱਲੇ’ ਦਾ ਵਿਸ਼ੇਸ਼ਣ ਸੁੰਘਣ ਲੱਗੇ। ਟਾਇਰਾਂ ਨਾਲ਼ ਚਿੰਬੜ ਕੇ ਮਡਗਾਰਡਾਂ `ਚ ਫਸ ਰਹੀ ਗਿੱਲੀ ਮਿੱਟੀ ਨਾਲ਼ ਸਾਈਕਲਾਂ ਦੇ ਪੈਡਲ, ਬਾਪੂ ਤੇ ਬਲਵੰਤ ਤੋਂ ਵਧੇਰੇ ਜ਼ੋਰ ਦੀ ਮੰਗ ਕਰਨ ਲੱਗੇ। ਬਾਪੂ ਨੇ ਝਿੜੀ ਲਾਗਲੇ ਨਲ਼ਕੇ `ਤੇ ਸਾਈਕਲ ਨੂੰ ਬ੍ਰੇਕ ਮਾਰੇ ਤੇ ਉਹ ਪਰਲੇ ਪਾਸਿਓਂ ਇੱਕ ਮੋਟਾ ਕਾਨਾ ਪੱਟ ਲਿਆਇਆ। ਕਾਨੇ ਨਾਲ਼ ਦੋਹਾਂ ਸਾਈਕਲਾਂ ਦੇ ਮਡਗਾਰਡਾਂ ਨੂੰ ਖੁਰਲ-ਖੁਰਲ ਕੇ ਢੇਰ ਸਾਰੀ ਮਿੱਟੀ ਝਾੜ ਦਿੱਤੀ ਗਈ। ਮੋਗਾ ਹੁਣ ਦੋ ਕੁ ਮੀਲ ਰਹਿ ਗਿਆ ਸੀ। ਦਸ, ਸਾਢੇ-ਦਸ ਵਜਦੇ ਨੂੰ ਜਲੰਧਰ ਪਹੁੰਚਣ ਲਈ ਇਹ ਜ਼ਰੂਰੀ ਸੀ ਕਿ ਸਵੇਰੇ ਛੇ ਵਜੇ ਮੋਗੇ ਤੋਂ ਲੁਧਿਆਣੇ ਨੂੰ ਤੁਰਨ ਵਾਲ਼ੀ ਬੱਸ `ਚ ਸਵਾਰ ਹੋਇਆ ਜਾਵੇ, ਪਰੰਤੂ ਬਾਪੂ ਨੂੰ ਮੋਗੇ ਤੋਂ ਲੁਧਿਆਣੇ ਨੂੰ ਚੱਲਣ ਵਾਲ਼ੀ ਇਹ ਬੱਸ ਸਾਡੇ ਸਿਰਾਂ `ਤੇ ਸੰਘਣੇ ਹੋ ਰਹੇ ਬੱਦਲ਼ਾਂ `ਚ ਡੁਬਦੀ ਨਜ਼ਰ ਆਉਣ ਲੱਗੀ। ਪੱਛੋਂ `ਚ ਵੈਲਡਿੰਗ ਦੇ ਚੰਗਿਆੜਿਆਂ ਵਾਂਗ ਵਜਦੇ ਬਿਜਲੀ ਦੇ ਅੱਖ-ਮੁਟੱਕੇ ਹੁਣ ਸਾਡੇ ਸਿਰਾਂ ਦੇ ਐਨ ਉੱਪਰ ਮੰਡਰਾਉਣ ਲੱਗ ਪਏ ਸਨ। ਪੱਛੋਂ ਵਾਲ਼ੇ ਗਾਹੜੇ ਬੱਦਲ ਦਾ ਫੈਲਾਅ ਹੁਣ ਬਾਕੀ ਤਿੰਨਾਂ ਕੂਟਾਂ ਨੂੰ ਜੱਫਾ ਮਾਰ ਚੁੱਕਿਆ ਸੀ। ਜਦੋਂ ਨੂੰ ਅਸੀਂ ਸੇਮ ਨਾਲ਼ੇ ਦੇ ਨਜ਼ਦੀਕ ਅੱਪੜੇ, ਬਿਜਲੀ ਦੀ ਇੱਕ ਚੁੰਧਿਆਊ ਤਰੇੜ ਨੇ ਇੱਕ ਪਲ ਲਈ ਆਲ਼ੇ-ਦੁਆਲੇ `ਚ ਅੱਗ ਦੀ ਕੂਚੀ ਫੇਰ ਦਿੱਤੀ। ਪੰਜ ਕੁ ਸਕਿੰਟਾਂ ਬਾਅਦ ਕੰਨ-ਪਾੜਵੀਂ ਦਰੜ-ਦਰੜ ਹੋਈ ਤੇ ਮੀਂਹ ਦਾ ਇੱਕ ਭਰਵਾਂ ਛੜਾਕਾ ਸਾਡੇ ਸਿਰਾਂ `ਤੇ ਇੰਝ ਆਣ ਲੱਥਾ ਜਿਵੇਂ ਪੁਰਾਣੇ ਘਰ ਦੀ ਵਿਚਕਾਰਲੀ ਲਟੈਣ ਟੁੱਟਣ ਨਾਲ਼ ਸਾਰੀ ਦੀ ਸਾਰੀ ਛੱਤ ਧੜੰਮ ਕਰ ਕੇ ਹੇਠਾਂ ਫ਼ਰਸ਼ `ਤੇ ਆ ਗਿਰਦੀ ਹੈ। ਮੋਟੀਆਂ ਮੋਟੀਆਂ ਕਣੀਆਂ ਸਾਡੇ ਮੱਥਿਆਂ, ਗੱਲ੍ਹਾਂ, ਅਤੇ ਨੱਕਾਂ `ਤੇ ਪਿੜ-ਪਿੜ ਵਰ੍ਹਨ ਲੱਗੀਆਂ। ਸਾਡੇ ਮੱਥੇ ਘੂਰੀਆਂ ਵਿੱਚ ਬਦਲ ਗਏ। ਅੱਖਾਂ ਪਿਚਕ ਗਈਆਂ। ਪੱਗਾਂ ਢਿਲ਼ਕ ਗਈਆਂ। ਪਾਣੀ `ਚ ਗੜੁੱਚ ਹੋਏ ਸਾਡੇ ਕੁੜਤੇ-ਪਜਾਮੇ ਸਾਡੀ ਚਮੜੀ ਨਾਲ ਚਿੰਬੜ ਗਏ। ਤਲ਼ਿਆਂ `ਚ ਪਾਣੀ ਭਰ ਜਾਣ ਕਾਰਨ ਜੁੱਤੀਆਂ ਵੀ ਲਹੂੰ-ਲਹੂੰ ਕਰਨ ਲੱਗੀਆਂ। ਢੱਡਾਂ ਵਾਲ਼ਾ ਝੋਲ਼ਾ ਚੋਣ ਲੱਗਾ। ਤੂੰਬੀ ਦਾ ਗ਼ਿਲਾਫ਼ ਤੂੰਬੀ ਦੇ ਡੰਡੇ ਨਾਲ਼ ਚਿੰਬੜ ਗਿਆ। ਮੇਰੇ ਦੋਹਾਂ ਹੱਥਾਂ `ਚ ਹਲਕੀ ਹਲਕੀ ਕੰਬਣੀ ਉੱਗਣ ਲੱਗੀ। ਆਲੇ-ਦੁਆਲ਼ੇ ਨਾ ਕੋਈ ਦਰਖ਼ਤ ਸੀ, ਨਾ ਛੱਪਰ ਤੇ ਨਾ ਹੀ ਕੋਈ ਢਾਰਾ। ਭੀੜੇ ਰਸਤੇ ਦੇ ਦੋਹੀਂ ਪਾਸੀਂ ਖਲੋਤਾ ਉੱਚੇ-ਉੱਚੇ ਕਾਨਿਆਂ ਦਾ ਝੱਲ, ਫਰਾਟੇਦਾਰ ਹਵਾ ਨਾਲ਼ ਸ਼ੂੰ-ਸ਼ੂੰ ਕਰ ਰਿਹਾ ਸੀ। ਅਸੀਂ ਰੁਕਣਾ ਚਹੁੰਦਿਆਂ ਵੀ ਕਿਤੇ ਰੁਕ ਨਾ ਸਕੇ। ਮੂਹਰਲੀ ਵਾਛੜ ਨੂੰ ਚੀਰਨ ਲਈ ਬਾਪੂ ਦਾ ਸਰੀਰ ਕਮਾਣ ਵਾਂਗ ਝੁਕ ਕੇ ਮੇਰੇ ਮੌਰਾਂ ਨਾਲ਼ ਖਹਿਣ ਲੱਗਿਆ। ਕਦੇ ਖੱਬੇ ਨੂੰ ਝੋਲਾ ਖਾਂਦੇ ਤੇ ਕਦੇ ਸੱਜੇ ਨੂੰ ਲੁਟਕਣ ਲਗਦੇ ਸਾਈਕਲ ਨੂੰ ਦਵੱਲਦਾ ਹੋਇਆ ਬਾਪੂ ਸਾਹੋ-ਸਾਹ ਹੋਇਆ ਪਿਆ ਸੀ।
ਮੋਗੇ ਦੀਆਂ ਵਿੰਗ-ਵਲ਼ੇਵੇਂ ਖਾਂਦੀਆਂ, ਤੰਗ ਗਲ਼ੀਆਂ, ਅਚਾਨਕ ਹੀ ਲਹਿ ਪਏ ਮੀਂਹ ਨਾਲ਼ ਹੜ੍ਹਿਆਈਆਂ ਪਈਆਂ ਸਨ। ਲਗਾਤਾਰ ਚੱਲ ਰਹੀ ‘ਗਰਰ-ਗਰਰ’ ਦੀ ਅਵਾਜ਼ ਨਾਲ਼, ਛੱਤਾਂ-ਚੌਬਾਰਿਆਂ `ਚੋਂ ਪਾਣੀ ਹੇਠਾਂ ਸੁੱਟ ਰਹੇ ਪਰਨਾਲ਼ਿਆਂ ਕੋਲ਼ ਦੀ ਗੁਜ਼ਰਦੇ, ਅਸੀਂ ਮੇਨ ਬਜ਼ਾਰ ਵੱਲ ਵਧ ਰਹੇ ਸਾਂ। ਕੋਟਕਪੂਰੇ ਵਾਲ਼ੇ ਪੁਰਾਣੇ ਅੱਡੇ `ਚ ਇੱਕਾ-ਦੁੱਕਾ ਦੁਕਾਨਾਂ ਦੀਆਂ ਭੱਠੀਆਂ ਨੇ ਅੱਖਾਂ ਪੱਟ ਲਈਆਂ ਸਨ, ਤੇ ਉਨ੍ਹਾਂ `ਚੋਂ ਨਿੱਕਲ਼ ਰਿਹਾ, ਪੱਥਰ ਦੇ ਕੋਲੇ ਦਾ ਧੂੰਆਂ, ਮੋਟੀਆਂ-ਮੋਟੀਆਂ ਕਣੀਆਂ ਦੁਆਰਾ ਝੰਬਿਆ ਜਾ ਰਿਹਾ ਸੀ। ਦੁਕਾਨਾਂ ਦੇ ਮੂਹਰਲੇ ਪਾਸੇ ਤਾਣੀਆਂ ਤਰਪਾਲ਼ਾਂ ਦੇ ਦੋਹੀਂ ਪਾਸੀਂ ਮੀਂਹ ਦਾ ਪਾਣੀ ਚੋਅ ਰਿਹਾ ਸੀ। ਇੱਕਾ-ਦੁੱਕਾ ਰਿਕਸ਼ਾ-ਚਾਲਕ, ਸਿਰਾਂ `ਤੇ ਬੋਰੀਆਂ ਦੇ ਝੁੰਬ ਓੜੀ ਸਵਾਰੀਆਂ ਦੀ ਉਡੀਕ ਵਿੱਚ ਖਲੋਤੇ ਸਨ। ਲੁਧਿਆਣੇ ਵਾਲੀ ਬੱਸ, ਅਸੀਂ ਅੱਡਾ-ਕੋਟਕਪੂਰਾ ਤੋਂ ਕਚਹਿਰੀਆਂ ਵੱਲ ਨੂੰ ਮੀਲ ਕੁ ਦੇ ਫ਼ਾਸਲੇ `ਤੇ, ਮੋਗੇ ਦੇ ਟਾਊਨ ਹਾਲ ਦੇ ਮੋਢੇ ਕੋਲ਼ ਬਣੇ, ਪੰਜਾਬ ਰੋਡਵੇਜ਼ ਦੇ ਅੱਡੇ ਤੋਂ ਫੜਨੀ ਸੀ। ਪੰਜਾਬ ਰੋਡਵੇਜ਼ ਦੇ ਅੱਡੇ ਵੱਲ ਨੂੰ ਵਧਦਿਆਂ ਖੱਬੇ ਪਾਸੇ ਸ੍ਰੀ ਗੁਰੂ ਸਿੰਘ ਸਭਾ ਗੁਰਦਵਾਰੇ ਦਾ ਗੇਟ ਖੁਲ੍ਹਾ ਦੇਖਦਿਆਂ ਹੀ, ਬਾਪੂ ਪਾਰਸ ਨੇ ਸਾਈਕਲ ਗੁਰਦਵਾਰੇ ਵੱਲ ਨੂੰ ਮੋੜ ਲਿਆ। ਬਹੁਕਰਾਂ ਨਾਲ਼ ਗੁਰਦਵਾਰੇ ਦੇ ਵਿਹੜੇ `ਚੋਂ, ਪਾਣੀ ਨੂੰ ਨਾਲ਼ੀਆਂ ਵੱਲ ਨੂੰ ਧੱਕ ਰਹੇ ਸੇਵਾਦਾਰ, ਮੀਂਹ `ਚ ਗੜੁੱਚ ਹੋਏ ਬਾਪੂ ਨੂੰ ਦੇਖ ਕੇ ਇੱਕ-ਦਮ ਉੱਠ ਖਲੋਤੇ: ਐਨੀ ਸਵਖਤੇ ਕਿੱਥੋਂ ਪਧਾਰੇ, ਪਾਰਸ ਜੀ?
ਗੁਰਦਵਾਰੇ ਦੇ ਕਿਚਨ `ਚ ਅਸੀਂ ਆਪਣੇ ਕੁੜਤੇ ਪਜਾਮੇ ਉਤਾਰੇ ਤੇ ਨਿਚੋੜ ਕੇ ਮੁੜ ਪਹਿਨ ਲਏ। ਚਾਹ ਦਾ ਅੱਧਾ-ਅੱਧਾ ਗਲਾਸ ਸੰਘੋਂ ਹੇਠਾਂ ਉੱਤਰਦਿਆਂ ਹੀ ਸਰੀਰਾਂ `ਚ ਗਰਮਾਇਸ਼ ਖਿਲਾਰਨ ਲੱਗਾ। ਬਾਰਸ਼ ਥੰਮ ਗਈ ਸੀ, ਤੇ ਸਾਈਕਲਾਂ ਨੂੰ ਸੇਵਾਦਾਰਾਂ ਦੇ ਹਵਾਲੇ ਕਰ ਕੇ ਅਸੀਂ ਲੁਧਿਆਣੇ ਵਾਲ਼ੇ ਅੱਡੇ ਪਹੁੰਚਣ ਲਈ ਦੋ ਰਿਕਸ਼ਿਆਂ `ਚ ਸਵਾਰ ਹੋ ਗਏ।
ਮੋਗੇ ਤੋਂ ਲੁਧਿਆਣੇ ਵਾਲ਼ੀ ਬੱਸ `ਚ ਦਸ-ਪੰਦਰਾਂ ਕੁ ਸਵਾਰੀਆਂ ਹੀ ਸਨ। ਬੱਸ ਜਿਓਂ ਹੀ ਸ਼ਹਿਰ ਤੋਂ ਬਾਹਰ ਹੋਈ, ਤਾਂ ਖੇਤਾਂ `ਚ ਮੱਕੀਆਂ ਦੇ ਸੰਘਣੇ ਟਾਂਡੇ ਤੇ ਕਪਾਹਾਂ ਦੇ ਲੁਟਕੇ ਹੋਏ ਬੂਟੇ ਨਜ਼ਰ ਪੈਣ ਲੱਗ ਪਏ। ਫ਼ਰਾਟੇਦਾਰ ਹਵਾ ਨੇ ਚਰ੍ਹੀਆਂ ਨੂੰ ਮਧੋਲ਼ਿਆ ਹੋਇਆ ਸੀ। ਨਿੱਕੀ-ਨਿੱਕੀ ਕਣੀ `ਚ, ਨੰਗ-ਪੈਰੇ ਕਿਸਾਨ ਸਿਰਾਂ `ਤੇ ਬੋਰੀਆਂ ਦੇ ਝੁੰਬ ਓੜ੍ਹੀਂ ਤੇ ਕਹੀਆਂ ਨੂੰ ਮੋਢਿਆਂ `ਤੇ ਰੱਖੀ ਖੇਤਾਂ ਵੱਲ ਨੂੰ ਤੁਰੇ ਜਾ ਰਹੇ ਸਨ। ਮੋਗੇ ਤੋਂ ਲੁਧਿਆਣੇ ਵਾਲ਼ੀ ਸੜਕ ਉਨ੍ਹੀ ਦਿਨੀਂ, ਲੁੱਕ ਤੇ ਰੋੜੀ ਦੀ ਇੱਕ ਪਤਲੀ ਜੲ੍ਹੀ ਪੱਟੀ ਹੀ ਹੋਇਆ ਕਰਦੀ ਸੀ। ਲੁਧਿਆਣਿਓਂ ਜਲੰਧਰ ਤੀਕ ਕਦੇ ਕਿਣ-ਮਿਣੀ ਤੇ ਕਦੇ ਛੜਾਕੇਦਾਰ ਮੀਂਹ ਵਰ੍ਹਦਾ ਰਿਹਾ। ਸਾਡੇ ਜਲੰਧਰ ਪਹੁੰਚਦਿਆਂ ਨੂੰ ਬੱਦਲ਼ਾਂ `ਚ ਮਘੋਰੇ ਹੋਣੇ ਸ਼ੁਰੂ ਹੋ ਗਏ।
ਰੇਡੀਓ ਸਟੇਸ਼ਨ ਇੱਕ ਇੱਕ-ਛੱਤੀ ਕੋਠੀ-ਨੁਮਾ ਦੀ ਬਿਲਡਿੰਗ `ਚ ਸਥਿਤ ਸੀ ਜਿਸ ਦੇ ਵਾਗਲ਼ੇ ਵਾਲ਼ੀ ਕੰਧ ਦੇ ਦੋ ਮੁੱਖ-ਗੇਟ ਸਨ। ਇੱਕ ਗੇਟ ਰਾਹੀਂ ਕਾਰਾਂ ਕੋਠੀ ਦੇ ਅੰਦਰ ਜਾਂਦੀਆਂ ਤੇ ਗੋਲਾਈਦਾਰ ਅਕਾਰ ਦੀ ਸੜਕ ਦਾ ਭਰਮਣ ਕਰ ਕੇ ਦੂਸਰੇ ਗੇਟੋਂ ਬਾਹਰ ਹੋ ਜਾਂਦੀਆਂ। ਗੇਟੋਂ ਅੰਦਰ, ਇਸ ਕੋਠੀ ਦੇ ਸਾਹਮਣੇ, ਗੋਲਾਈਦਾਰ ਸੜਕ ਦੇ ਅੰਦਰਲੇ ਪਾਸੇ ਵੱਲ ਸੰਘਣੇ ਘਾਹ ਵਾਲ਼ੇ ਲਾਅਨ `ਚ, ਟੈਸਟ ਦੇਣ ਆਏ ਆਰਟਿਸਟਾਂ ਦੀ ਖ਼ੂਬ ਗਹਿਮਾ-ਗਹਿਮੀ ਸੀ। ਕਿਸੇ ਹੱਥ ਤੂੰਬੀ, ਕਿਸੇ ਹੱਥ ਸਰੰਗੀ, ਤੇ ਕਿਸੇ ਦੇ ਬੋਝੇ `ਚ ਅਲਗੋਜ਼ੇ। ਦੋ-ਚਹੁੰ ਕੋਲ਼ ਬੈਂਜੋ ਵੀ ਸੀ। ਇਨ੍ਹਾਂ ਸਾਰਿਆਂ `ਚੋਂ ਸਾਡਾ ਜੱਥਾ ਸਭ ਤੋਂ ਛੋਟੀ ਉਮਰ ਵਾਲ਼ਿਆਂ ਦਾ ਸੀ। ਆਰਟਿਸਟਾਂ ਦੇ ਏਡੇ ਸੰਘਣੇ ਇਕੱਠ ਨੂੰ ਦੇਖ ਕੇ ਮੇਰੇ ਅੰਦਰ ਭੈਅ ਦਾ ਅਹਿਸਾਸ ਉੱਗਣ ਲੱਗਾ। ਮੈਨੂੰ ਜਾਪੇ ਕਿ ਸਾਡੇ ਬਾਲੜੇ ਜੇਹੇ ਮੂੰਹਾਂ ਵਾਲ਼ਿਆਂ ਦੀਆਂ ਮੀਂਹ ਕਾਰਨ ਢਿਲ਼ਕੀਆਂ ਪੱਗਾਂ ਅਤੇ ਸਿਲ੍ਹੇ ਕਮੀਜ਼-ਪਜਾਮਿਆਂ ਨੂੰ ਟੇਢੀਆਂ ਨਜ਼ਰਾਂ ਨਾਲ਼ ਦੇਖ ਕੇ ਹਰ ਆਰਟਿਸਟ ਅੰਦਰੋ-ਅੰਦਰੀ ਸਾਡੀ ਖ਼ਸਤਾ ਹਾਲਤ `ਤੇ ਹੱਸ ਰਿਹਾ ਸੀ। ਮੇਰਾ ਜੀ ਕਰੇ ਮੈਂ ਬਾਪੂ ਪਾਰਸ ਤੋਂ ਚੋਰੀਓਂ ਇਸ ਵੱਡੀ ਭੀੜ ਦਾ ਫ਼ਾਇਦਾ ਉਠਾਲ਼ ਕੇ ਏਥੋਂ ਖਿਸਕ ਜਾਵਾਂ।
ਗਿਆਰਾਂ ਕੁ ਵਜਦੇ ਨੂੰ, ਲੰਬੂਤਰੇ ਕੱਦ ਵਾਲ਼ਾ ਇੱਕ ਮਾੜਕੂ ਜਿਹਾ ਘੋਨ-ਮੋਨ ਬਜ਼ੁਰਗ ਰੇਡੀਓ-ਸਟੇਸ਼ਨ ਦੀ ਕੋਠੀ ਦੀ ਦੋ ਕੁ ਪੌੜੀਆਂ ਉੱਚੀ ਲਾਬੀ ਵਿੱਚ ਆ ਪ੍ਰਗਟ ਹੋਇਆ। ਉਸ ਦੇ ਐਨ੍ਹ ਪਿਛਲੇ ਪਾਸੇ ਦੋ ਚੌੜੇ-ਚੌੜੇ ਦਰਵਾਜ਼ੇ ਸਨ ਜਿਨ੍ਹਾਂ `ਚੋਂ ਅੰਦਰ ਲੰਘਿਆਂ ਉਸ ਕੋਠੀ ਦੇ ਨੂੰ ਵਿਚਕਾਰੋਂ ਚੀਰਦੇ ਇੱਕ ਹਾਲਵੇਅ `ਚ ਦਾਖ਼ਲ ਹੋ ਜਾਈਦਾ ਸੀ। ਸਾਨੂੰ ਇਹ ਇਲਮ ਸਾਡਾ ਟੈਸਟ ਹੋਣ ਵੇਲ਼ੇ ਹੋਇਆ ਕਿ ਹਾਲਵੇਅ ਦੇ ਖੱਬੇ-ਸੱਜੇ ਚਾਰ-ਪੰਜ ਚੌੜੇ ਦਰਵਾਜ਼ੇ ਸਨ ਜਿਹੜੇ ਇਸ ਹਾਲਵੇਅ ਨਾਲ਼ ਜੁੜੇ ਚਾਰ-ਪੰਜ ਸਟੂਡੀਓਜ਼ ਵੱਲ ਨੂੰ ਖੁਲ੍ਹਦੇ ਸਨ। ਬਜ਼ੁਰਗ ਦੇ ਹੱਥ ਵਿਚਲਾ ਕਾਗਜ਼ਾਂ ਦਾ ਥੱਬਾ ਉਸ ਦੀਆਂ ਸੁੱਕੀਆਂ ਜਿਹੀਆਂ ਉਂਗਲ਼ਾਂ `ਚੋਂ ਡਿਗੂੰ-ਡਿਗੂੰ ਕਰ ਰਿਹਾ ਸੀ। ਉਸ ਦੀ ਅੱਧੀਆਂ-ਬਾਹਾਂ ਵਾਲ਼ੀ ਟੀ-ਸ਼ਰਟ ਵਿੱਚੋਂ ਉਸ ਦੇ ਮਾਸ-ਰਹਿਤ ਡੌਲ਼ੇ ਇੰਝ ਜਾਪ ਰਹੇ ਸਨ ਜਿਵੇਂ ਕੋਈ ਲੰਮੀ ਪੈਨਸਿਲ ਜੁਰਾਬ `ਚ ਪਾ ਦੇਵੇ। ਲੰਬੂਤਰੇ ਨੱਕ `ਤੋਂ ਡਿਗੂੰ ਡਿਗੂੰ ਕਰਦੀਆਂ ਉਸ ਦੀਆਂ ਗੋਲ਼ਾਈਦਾਰ ਐਨਕਾਂ ਤੋਂ ਉਹ ਕਿਸੇ ਆੜ੍ਹਤੀ ਦਾ ਮੁਨੀਮ ਜਾਪਦਾ ਸੀ।
–ਇਹ ਚਾਚਾ ਕੁਮੇਦਾਨ ਐ, ਬਾਪੂ ਪਾਰਸ ਸਾਡੇ ਵੱਲੀਂ ਝੁਕ ਕੇ ਬੋਲਿਆ।
ਉਸ ਬਜ਼ੁਰਗ ਦਾ ਉੱਭਰਿਆ ਹੱਥ ਦੇਖਦਿਆਂ ਹੀ ਆਰਟਿਸਟਾਂ ਦੀ ਭੀੜ ਲਾਬੀ ਦੇ ਸਾਹਮਣੇ ਇਕੱਠੀ ਹੋਣ ਲੱਗੀ।
–ਤੂੰਬੀ ਵਾਲ਼ੇ ਕਿੰਨੇ ਆ ਬਈ? ਉਹ ਸਾਰਾ ਜ਼ੋਰ ਲਾ ਕੇ, ਸਿਗਰਟਾਂ-ਖਾਧੇ ਆਪਣੇ ਫੇਫੜਿਆਂ `ਚੋਂ, ਆਪਣੀ ਡੂੰਘੀ ਨਾਕੂ ਆਵਾਜ਼ `ਚ ਬੋਲਿਆ। –ਹੱਥ ਖੜ੍ਹੇ ਕਰੋ ਬਈ ਤੂੰਬੀ ਵਾਲ਼ੇ!
ਤੂੰਬੀ ਵਾਲੇ ਡੇਢ ਕੁ ਦਰਜਣ ਹੱਥ ਖੜ੍ਹੇ ਦੇਖ ਕੇ, ਮੁਨੀਮ-ਸ਼ਕਲ ਬਜ਼ੁਰਗ ਮੁਸਕਰਾਇਆ। ਉਸ ਦੇ ਅਰਧ-ਬੋੜੇ ਮੂੰਹ `ਚ ਉਸ ਦੀ ਜੀਭ ਹਿਲਦੀ ਨਜ਼ਰ ਆਉਣ ਲੱਗੀ। –ਪਹਿਲਾਂ ਤੂੰਬੀ ਵਾਲਿਆਂ ਦਾ ਟੈਸਟ ਹੋਵੇਗਾ, ਬਜ਼ੁਰਗ ਡਿਗੂੰ-ਡਿਗੂੰ ਕਰਦੀ ਆਵਾਜ਼ `ਚ ਬੋਲਿਆ। –ਹੁਣ ਤੋਂ ਠੀਕ ਪੰਤਾਲ਼ੀ ਮਿੰਟਾਂ ਨੂੰ … ਆਪਣੀਆਂ ਤੂੰਬੀਆਂ ਕਸ ਲੋ, ਸੁਰ `ਚ ਕਰ ਲੋ। ਪੰਤਾਲ਼ੀ ਮਿੰਟ ਨੂੰ ਐਸ ਕਮਰੇ `ਚ ਹਾਜ਼ਰ ਹੋਣੈ, ਉਸ ਨੇ ਲਾਬੀ ਦੇ ਸੱਜੇ ਪਾਸੇ ਵਾਲ਼ੇ ਵੇਟਿੰਗਰੂਮ ਵੱਲ ਇਸ਼ਾਰਾ ਕੀਤਾ।
ਬਾਪੂ ਸਮੇਤ ਅਸੀਂ ਤਿੰਨੇ ਭਰਾ ਸਟੇਸ਼ਨ ਦੀ ਕੋਠੀ ਤੋਂ ਬਾਹਰ ਆ ਗਏ। –ਪਹਿਲਾਂ ਚਾਹ ਪੀ ਲੀਏ…ਨਾਲ਼ੇ ਤੂੰਬੀ ਨੂੰ ਕੱਸ ਲੋ, ਬਾਪੂ ਸਟੇਸ਼ਨ ਦੇ ਸੱਜੇ ਪਾਸੇ ਵਾਲ਼ੇ ਚਾਹ ਦੇ ਖੋਖੇ ਵੱਲ ਝਾਕਿਆ।
ਗਿੱਲੇ ਗ਼ਿਲਾਫ਼ `ਚੋਂ ਤੂੰਬੀ ਉਦੇ ਹੋਈ। ਬਲਵੰਤ ਨੇ ਤੂੰਬੀ ਦੀ ਘੋੜੀ (ਬ੍ਰਿੱਜ) ਨੂੰ ਦੋਹਾਂ ਤਾਰਾਂ ਅਤੇ ਮੜ੍ਹ ਦੇ ਵਿਚਕਾਰ ਜਿਓਂ ਹੀ ਫਸਾਇਆ, ਤਾਂ ਮੀਂਹ ਨਾਲ਼ ਤਰ ਹੋਇਆ ਤੂੰਬੀ ਦਾ, ਬੱਕਰੇ ਦੀ ਖੱਲ ਤੋਂ ਬਣਿਆਂ ਮੜ੍ਹ ਹੇਠਾਂ ਨੂੰ ਲਿਫ਼ ਗਿਆ। ਤਾਰ `ਤੇ ਉਂਗਲ਼ੀ ਮਾਰੀ ਤਾਂ ਡੂੰਘੀ ਅਵਾਜ਼ `ਚ ਤੂੰਬੀ ਇੰਝ ਤੁਣਕੀ ਜਿਵੇਂ ਕਈ ਹਫ਼ਤਿਆਂ ਤੋਂ ਬੀਮਾਰ ਪਈ ਹੋਵੇ।
-ਮੜ੍ਹ ਤਾਂ ਗਿੱਲਾ ਹੋ ਗਿਐ ਬਾਪੂ ਜੀ, ਬਲਵੰਤ ਉਦਾਸ ਅੰਦਾਜ਼ `ਚ ਬੋਲਿਆ।
ਬਾਪੂ ਦੇ ਬੁਲ੍ਹ ਢਿਲ਼ਕ ਗਏ ਤੇ ਅੱਖਾਂ ਟੱਡੀਆਂ ਗਈਆਂ। ਮੈਂ ਤੇ ਰਛਪਾਲ ਨੇ ਆਪਣੀਆਂ ਘਬਰਾਈਆਂ ਨਜ਼ਰਾਂ ਤੂੰਬੀ `ਤੇ ਕੇਂਦਰਤ ਕਰ ਲਈਆਂ।
ਚਾਰ-ਚੁਫ਼ੇਰੇ ਕੁੱਝ ਭਾਲ਼ਦੀ ਤੇ ਕੁੱਝ ਸੋਚਦੀ ਹੋਈ ਬਾਪੂ ਦੀ ਨਜ਼ਰ ਘੁੰਮਦੀ-ਘੁੰਮਦੀ ਖੋਖੇ ਮੂਹਰੇ ਮਘੀ ਹੋਈ ਅੰਗੀਠੀ `ਤੇ ਜਾ ਅਟਕੀ। ਅੰਗੀਠੀ `ਤੇ ਨਜ਼ਰ ਪੈਂਦਿਆਂ ਹੀ ਬਾਪੂ ਦਾ ਚਿਹਰਾ ਖਿੜ ਉੱਠਿਆ।
-ਇਉਂ ਕਰ … ਉਹ ਬਲਵੰਤ ਵੱਲੀਂ ਨਜ਼ਰਾਂ ਘੁਮਾਅ ਕੇ ਬੋਲਿਆ। –ਤੂੰਬੀ ਨੂੰ ਅੰਗੀਠੀ ਦੇ ਨੇੜੇ ਕਰ … ਪੰਜਾਂ ਮਿੰਟਾਂ `ਚ ਮੜ੍ਹ ਸੁੱਕ ਜੂ ਗਾ! ਫੇਰ ਦੇਖੀਂ ਕਿਵੇਂ ਗੜ੍ਹਕਦੀ ਐ!
ਬਲਵੰਤ ਤੂੰਬੀ ਚੁੱਕ ਕੇ, ਪੂਰੇ ਜਲਾਲ `ਚ ਮਘ ਚੁੱਕੀ ਅੰਗੀਠੀ ਦੇ ਨਜ਼ਦੀਕ ਹੋਇਆ। ਉੱਥੇ ਉਹ ਗੁੱਸੇ `ਚ ਲਾਲ ਹੋਏ ਕੋਲਿਆਂ ਵੱਲ ਝਾਕਿਆ ਤੇ ਤੂੰਬੀ ਨੂੰ ਮੜ੍ਹ ਵਾਲੇ ਪਾਸਿਓਂ ਭੱਠੀ ਦੇ ਨੇੜੇ ਕਰ ਦਿੱਤਾ। ਅੱਧੇ ਕੁ ਮਿੰਟ ਬਾਅਦ ਉਸ ਨੇ ਮੜ੍ਹ `ਤੇ ਹੱਥ ਫੇਰਿਆ ਜਿਹੜਾ ਭੱਠੀ ਦੇ ਸੇਕ ਨਾਲ਼ ਗਰਮ ਹੋ ਚੁੱਕਿਆ ਸੀ।
-ਅੱਧਾ ਕੁ ਮਿੰਟ ਹੋਰ ਸੇਕ ਲੈ, ਪਾਰਸ ਬਾਪੂ ਨੇ ਸੁਝਾਓ ਦਿੱਤਾ।
-ਮੈਂ ਕਹਿਨਾ ਬਹੁਤ ਸੇਕ ਲਿਆ, ਬਲਵੰਤ ਜਕਦਿਆਂ-ਜਕਦਿਆਂ ਬੋਲਿਆ।
-ਥੋੜ੍ਹੀ ਜ੍ਹੀ ਹੋਰ ਸੁਕਾਅ ਲਾ … ਚੰਗਾ ਤੁਣਕੂਗੀ, ਪਾਰਸ ਨੇ ਜ਼ਿਦ ਕੀਤੀ।
ਬਲਵੰਤ ਨੇ ਨਾ-ਚਹੁੰਦਿਆਂ ਵੀ ਤੂੰਬੀ ਨੂੰ ਦੋਬਾਰਾ ਭੱਠੀ ਦੇ ਸੇਕ ਦੇ ਹਵਾਲੇ ਕਰ ਦਿੱਤਾ। ਵੀਹ ਕੁ ਸਕਿੰਟਾਂ ਬਾਅਦ ਉਸ ਨੇ ਆਪਣਾ ਹੱਥ ਮੜ੍ਹ `ਤੇ ਫੇਰਿਆ। ਥੋੜ੍ਹਾ ਹੋਰ ਸੇਕ ਲਵਾਉਣ ਦੀ ਮਨਸ਼ਾ ਨਾਲ਼ ਇੱਕ ਵਾਰ ਫੇਰ ਤੂੰਬੀ ਨੂੰ ਭੱਠੀ ਦੇ ਕਲ਼ਾਵੇ `ਚ ਕੀਤਾ। ਅਗਲੇ ਹੀ ਪਲ ‘ਖੜੱਕ’ ਦਾ ਖੜਕਾ ਹੋਇਆ ਤੇ ਅੱਧਾ ਮੜ੍ਹ ਮਰੋੜਾ ਖਾ ਕੇ ਤੂੰਬੀ ਦੇ ਕਿਨਾਰੇ ਨਾਲ਼ੋਂ ਵੱਖਰਾ ਹੋ ਗਿਆ। ਬਾਪੂ ਦੇ ਚਿਹਰੇ `ਤੇ ਲਿਸ਼ਕਦਾ ਨੂਰ ਪਲਾਂ `ਚ ਹੀ ਦਲਦਲ `ਚ ਬਦਲ ਗਿਆ। ਅੱਧੇ ਘੰਟੇ ਬਾਅਦ ਸ਼ੁਰੂ ਹੋਣ ਵਾਲ਼ਾ ਟੈਸਟ ਬਾਪੂ ਦੀ ਖੋਪੜੀ `ਚ ਝਰੀਟਾਂ ਮਾਰਨ ਲੱਗਾ।
-ਹੁਣ ਕੀ ਕਰਾਂਗੇ? ਬਾਪੂ ਕੰਬਦੀ ਅਵਾਜ਼ `ਚ ਬੋਲਿਆ।
ਸਾਡੇ ਤਿੰਨਾਂ ਭਰਾਵਾਂ ਦੇ ਚਿਹਰੇ ਢਿਲ਼ਕ ਗਏ। ਬੁਲ੍ਹ ਹੇਠਾਂ ਨੂੰ ਲਮਕ ਗਏ। ਕਦੇ ਅਸੀਂ ਤੂੰਬੀ ਵੱਲੀਂ ਝਾਕੀਏ, ਕਦੇ ਭੱਠੀ ਵੱਲੀਂ, ਤੇ ਕਦੇ ਬਾਪੂ ਦੇ ਪ੍ਰੇਸ਼ਾਨ ਚਿਹਰੇ ਵੱਲੀਂ! ਭਰਾੜ ਹੋ ਗਈ ਤੂੰਬੀ ਵਿੱਚੋਂ ਰੇਡੀਓ `ਤੇ ਗਾਉਣ ਦੇ ਸੁਪਨੇ ਕਿਰਨ ਲੱਗੇ। ਬਾਪੂ ਨੇ ਆਪਣੇ ਕੰਬਦੇ ਹੱਥ ਨਾਲ਼ ਆਪਣੇ ਖੱਬੇ ਕਫ਼ ਨੂੰ ਉਤਾਂਹ ਵੱਲ ਕਰ ਕੇ ਘੜੀ `ਤੇ ਇੱਕ ਹੋਰ ਨਜ਼ਰ ਮਾਰੀ। ਦਾਹੜੀ ਨੂੰ ਬਿਨਾ-ਵਜ੍ਹਾ ਖੁਰਕਦਿਆਂ ਉਹ ਸੋਚਾਂ ਵਿੱਚ ਡੂੰਘਾ ਉੱਤਰ ਗਿਆ। ਫਿਰ ਉਹ ਖੋਖੇ ਵਾਲੇ ਕੋਲ਼ ਗਿਆ ਤੇ ਬੋਲਿਆ: ਸਾਜ਼ਾਂ ਦੀ ਦੁਕਾਨ ਹੈ ਕੋਈ ਨੇੜੇ-ਤੇੜੇ?
ਖੋਖੇ ਵਾਲ਼ਾ ਭਾਈ ਸਿਗਰਟ ਤੋਂ ਰਾਖ਼ ਝਾੜ ਕੇ ਬੋਲਿਆ: ਕਾਫ਼ੀ ਦੂਰ ਐ … ਸ਼ਹਿਰ `ਚ!
-ਕਿੰਨੀ ਕੁ ਦੂਰ?
-ਲੱਗ ਈ ਜਾਊ ਅੱਧਾ ਘੰਟਾ ਓਥੇ ਜਾਣ ਲਈ … ਰਿਕਸ਼ੇ `ਤੇ!
-ਫੇਰ ਤਾਂ ਗੱਲ ਨੀ ਬਣਨੀ!
ਬਾਪੂ ਨੇ ਤੂੰਬੀ ਨੂੰ ਹੱਥ `ਚ ਫੜਿਆ ਤੇ ਤੂੰਬੀ ਦੇ ਅੰਦਰ ਵੱਲ ਨੂੰ ਮੁੜ ਗਏ ਮੜ੍ਹ ਨੂੰ ਗਹੁ ਨਾਲ਼ ਦੇਖਣ ਲੱਗਾ। –ਕਿਸੇ ਤਰ੍ਹਾਂ ਜੋੜਿਆ ਵੀ ਨੀਂ ਜਾ ਸਕਦਾ, ਉਹ ਬੁੜਬੁੜਾਇਆ।
ਏਨੇ ਨੂੰ ਵੱਡੇ ਤੂੰਬੇ ਵਾਲ਼ੇ ਦੋ ਜਣੇ ਤੇ ਇੱਕ ਅਲਗੋਜ਼ਾ-ਨਵਾਜ਼ ਆਪਣੇ ਚਿੱਟੇ ਕੁੜਤੇ ਚਾਦਰਿਆਂ ਨੂੰ ਝਾੜਦੇ ਹੋਏ ਖੋਖੇ ਦੇ ਅੰਦਰ ਜਾ ਵੜੇ। ਦੋ ਕੁ ਮਿੰਟਾਂ ਬਾਅਦ ਖੋਖੇ `ਚੋਂ ਤੁਣ-ਤੁਣ ਦੀ ਅਵਾਜ਼ ਉੱਭਰਨ ਲੱਗੀ। ਅਗਲੇ ਪਲੀਂ ਅਲਗੋਜ਼ਿਆਂ ਦੀ ਮਿੱਠੀ-ਮਿੱਠੀ ‘ਪੂੰ-ਪੂੰ, ਫੁਕ-ਫੁਕ’ ਸੁਣਾਈ ਦੇਣ ਲੱਗੀ। ਤੂੰਬੇ ਵਾਲ਼ੇ ਨੇ ਤੂੰਬੇ ਦੀ ਤਾਰ ਨੂੰ ਕੱਸਿਆ, ਢਿੱਲੀ ਕੀਤਾ ਤੇ ਫੇਰ ਕੱਸਿਆ। ਤੁਣ-ਤੁਣ ਤੇ ਫੁਕ-ਫੁਕ ਜਿਓਂ ਹੀ ਇਕਸਾਰ ਹੋਈਆਂ ਤਾਂ ਤੀਸਰੇ, ਸਾਜ਼-ਵਿਹੂਣੇ ਨੇ ਬੋਲ ਚੁੱਕ ਲਿਆ: ਮੇਰੀ ਚੁੱਕ ਲੋ ਕੋਹਾਰੇ ਡੋਲੀ, ਵੇ ਰੋਂਦੀਆਂ ਨੂੰ ਰੋਣ ਦਿਓ…
ਪਾਟੀ ਹੋਈ ਤੂੰਬੀ ਪਕੜੀ ਪਾਰਸ ਬਾਪੂ ਖੋਖੇ ਦੇ ਅੰਦਰ ਵੱਲ ਨੂੰ ਹੋ ਤੁਰਿਆ। ਬਾਪੂ ਨੂੰ ਦੇਖਦਿਆਂ ਹੀ ਸਾਜ਼ੀਆਂ ਨੇ ਸਾਜ਼ ਥੰਮ ਲਏ। ਤਿੰਨਾਂ ਦੀਆਂ ਨਜ਼ਰਾਂ ਪਾਟੇ ਹੋਏ ਮੜ੍ਹ `ਤੇ ਕੇਂਦਰਤ ਹੋ ਗਈਆਂ।
-ਟੈਸਟ `ਤੇ ਆਈ ਐ ਪਾਰਟੀ?
-ਜੀ ਹਾਂ, ਸਾਜ਼-ਵਿਹੂਣਾ ਮੁਸਕ੍ਰਾਅ ਕੇ ਬੋਲਿਆ।
-ਇੱਕ … ਬੇਨਤੀ … ਕਰਨੀ ਸੀ, ਬਾਪੂ ਅਟਕ-ਅਟਕ ਕੇ ਬੋਲਿਆ। –ਜੇ ਆਗਿਆ ਹੋਵੇ ਤਾਂ …
-ਕਰੋ ਹੁਕਮ ਸਰਦਾਰ ਜੀ!
-ਔਹ ਮੇਰੇ ਮੁੰਡੇ ਆ ਬਾਹਰ ਬੈਠੇ … ਉਨ੍ਹਾਂ ਦਾ ਟੈਸਟ ਐ ਅੱਜ ਤੁਹਾਡੇ ਆਂਗੂੰ ਈ … ਪਰ ਆਹ ਤੂੰਬੀ ਦਾ ਮੜ੍ਹ ਪਾਟ ਗਿਆ … ਜੇ ਆਪਣਾ ਤੂੰਬਾ ਦਸ ਕੁ ਮਿੰਟ ਲਈ ਸਾਨੂੰ ਮੁੰਡਿਆਂ ਨੂੰ ਉਧਾਰਾ ਦੇਣ ਦੀ ਮੇਹਰਬਾਨੀ ਕਰ ਦਿਓਂ …
ਚਿੱਟ-ਕੱਪੜੀਆਂ ਦੀਆਂ ਨਜ਼ਰਾਂ ਇੱਕ-ਦੂਜੇ ਨਾਲ਼ ਟੱਕਰਾਈਆਂ। ਅਲਗੋਜ਼ੀਏ ਨੇ ਸਾਜ਼ਾਂ ਦੀ ਜੋੜੀ ਦੇ ਮੂੰਹਾਂ ਨੂੰ ਪਰਨੇ ਦੀ ਕੰਨੀਂ ਨਾਲ਼ ਪੂੰਝਿਆ। ਤੂੰਬੀਆ ਆਪਣੇ ਤੂੰਬੇ ਦੀ ਗੋਲ਼ਾਈ ਨੂੰ ਪਲੋਸਣ ਲੱਗਾ। ਲੰਮੀ ਹੋਣ ਲੱਗੀ ਚੁੱਪ ਨੂੰ ਠੰਗੋਰਦਿਆਂ ਤੂੰਬੇ ਵਾਲ਼ੇ ਨੇ ਗਲ਼ਾ ਸਾਫ਼ ਕੀਤਾ। –ਗੱਲ ਤਾਂ ਮਾੜੀ ਹੋਈ, ਸਰਦਾਰਾ … ਪਰ … ਅਸੀਂ ਕਦੇ … ਆਪਣਾ ਸਾਜ਼ ਕਿਸੇ ਨੂੰ ਉਧਾਰਾ ਨੲਹੀਂ ਦਿੱਤਾ ਅੱਜ ਤਾਈਂ … ਇਹ ਸਾਡੀ ਮਰਿਆਦਾ ਆ।
-ਮਰਿਆਦਾ ਤਾਂ ਠੀਕ ਆ, ਬਾਪੂ ਪਾਰਸ ਠਰੰਮੇ ਨਾਲ਼ ਬੋਲਿਆ, ਪਰ … ਮਜਬੂਰੀ `ਚ ਫਸੇ ਦੀ ਮੱਦਦ ਕਰਨੀ ਵੀ ਪੁੰਨ ਦਾ ਕੰਮ ਹੁੰਦੈ।
ਬਾਪੂ ਦੀ ਧੀਮੀ ਆਵਾਜ਼ ਖੋਖੇ `ਚ ਗੁੰਮ ਹੋ ਗਈ। ਅਲਗੋਜ਼ੇ ਵਾਲ਼ੇ ਨੇ ਅਲਗੋਜ਼ਿਆਂ ਨੂੰ ਆਪਣੇ ਬੁਲ੍ਹਾਂ ਨਾਲ਼ ਜੋੜਿਆ ਤੇ ਤੂੰਬਾ ਮਿੱਠੀ-ਮਿੱਠੀ ਤੁਣ-ਤੁਣ ਕਰਨ ਲੱਗਿਆ।
ਸੋਚਾਂ `ਚ ਡੁੱਬਿਆ ਬਾਪੂ ਬਾਹਰ ਡੱਠੇ ਮੰਜੇ `ਤੇ ਸਾਡੇ ਕੋਲ਼ ਆ ਕੇ ਬੈਠ ਗਿਆ। –ਕਿਵੇਂ ਕਰੀਏ ਹੁਣ? ਉਸ ਨੇ ਆਪਣੇ ਆਪ ਨੂੰ ਪੁੱਛਿਆ।
ਏਨੇ ਨੂੰ ਪਾਣੀ ਦੀਆਂ ਨੰਨ੍ਹੀਆਂ-ਨੰਨ੍ਹੀਆਂ ਛਪੜੀਆਂ ਨੂੰ ਮਿਧਦਾ ਇੱਕ ਰਿਕਸ਼ਾ ਸਾਡੇ ਸਾਹਮਣੇ ਆ ਖਲੋਇਆ। ਬਾਪੂ ਪਾਰਸ ਹਾਲੇ ਵੀ ਤੂੰਬੀ ਦੇ ਫਟੇ ਹੋਏ ਮੜ੍ਹ ਨੂੰ ਟਿਕਟਿਕੀ ਲਗਾ ਕੇ ਦੇਖੀ ਜਾ ਰਿਹਾ ਸੀ। ਰਿਕਸ਼ੇ `ਚੋ ਉੱਤਰੇ, ਟੀ-ਸ਼ਰਟਾਂ ਤੇ ਪੈਂਟਾਂ ਵਾਲ਼ੇ ਦੋ ਸੱਜਣਾਂ `ਚੋਂ ਪਗੜੀ ਵਾਲ਼ੇ ਦੇ ਭਰਵੀਂ ਸਿਆਹ ਦਾਹੜੀ ਸੀ ਤੇ ਦੂਸਰਾ ਘੋਨ-ਮੋਨ। ਦਾਹੜੀ ਵਾਲ਼ੇ ਵਿਅਕਤੀ ਨੇ ਤੂੰਬੀ ਦੇ ਫ਼ਿਕਰ `ਚ ਡੁੱਬੇ ਬਾਪੂ ਪਾਰਸ ਦੇ ਮੋਢੇ ਨੂੰ ਥਪਥਪਾਇਆ। ਬਾਪੂ ਉਤਾਂਹ ਝਾਕਣ ਸਾਰ ਹੀ ਦਾਹੜੀ ਵਾਲ਼ੇ ਨਾਲ਼ ਬਗ਼ਲਗ਼ੀਰ ਹੋ ਗਿਆ।
-ਆ ਬਈ ਬਖ਼ਸ਼ੀਸ਼ ਸਿਅ੍ਹਾਂ!
-ਅੱਜ ਕਿਵੇਂ ਪਾਰਸਾ ਏਥੇ? ਘੋਨ-ਮੋਨ ਬੋਲਿਆ। –ਰੇਡੀਓ ਤੇ ਗਾਇਕੀ ਤਾਂ ਅੱਜ ਸਾਡੀ ਹੋਣੀ ਐਂ!
-ਓ ਯਾਰ ਆਹ ਮੁੰਡੇ ਆ ਮੇਰੇ … ਇਨ੍ਹਾਂ ਦਾ ਅੱਜ ਟੈਸਟ ਐ ਰੇਡੀਓ ਲਈ … ਆ ਪਰ ਆਹ ਤੂੰਬੀ ਜਵਾਬ ਦੇ ਗੀ … ਨੇੜਿਓਂ ਤੇੜਿਓਂ ਕਿਤੋਂ ਮਿਲਣੀ ਵ ਨੀ।
ਹੁਣ ਪਾਰਸ ਸਾਡੇ ਵੱਲੀਂ ਝਾਕਿਆ। –ਬੁਲਾਓ ਸਾਸਰੀ `ਕਾਲ ਮੁੰਡਿਓ … ਇਹ ਖੰਨੇ ਆਲ਼ੇ ਬਖ਼ਸ਼ੀ ਤੇ ਸ਼ਾਦੀ ਐ … ਸੁਣਦੇ ਹੁੰਨੇ ਐਂ ਨਾ ਰੇਡੀਓ `ਤੇ ‘ਪੱਕਾ ਘਰ ਟੋਲ਼ੀਂ ਬਾਬਲਾ, ਜਿੱਥੇ ਲਿੱਪਣੇ ਨਾ ਪੈਣ ਬਨੇਰੇ’ … ਇਹ ਆ ਬਖ਼ਸ਼ੀਸ਼ ਬਖ਼ਸ਼ੀ, ਦਸਤਾਰੀਏ ਵੱਲ ੳਂਗਲ਼ੀ ਸੇਧਦਿਆਂ ਬਾਪੂ ਪਾਰਸ ਬੋਲਿਆ। –ਤੇ ਆਹ ਐ ਸ਼ਾਦੀ ਰਾਮ …
ਘੋਨ-ਮੋਨ ਸਾਡੇ ਵੱਲੀਂ ਦੇਖ ਕੇ ਮੁਸਕ੍ਰਾਇਆ।
-ਕੀ ਹੋ ਗਿਆ ਤੂੰਬੀ ਨੂੰ? ਬਖ਼ਸ਼ੀਸ਼ ਨੇ ਪੁੱਛਿਆ।
-ਗਿੱਲੀ ਹੋ ਗੀ ਸੀ ਮੀਂਹ `ਚ … ਮੈਂ ਕਹਿ`ਤਾ ਭੱਠੀ `ਤੇ ਸੇਕ ਲੋ … ਤੇ ਇਹਦਾ ਵਿਚਾਰੀ ਦਾ ਮੜ੍ਹ ਹੀ ਪਾਟ ਗਿਆ ਸੇਕ ਨਾਲ਼ …
ਸ਼ਾਦੀ ਰਾਮ ਨੇ ਤੂੰਬੀ ਨੂੰ ਹੱਥਾਂ `ਚ ਪਕੜਿਆ ਤੇ ਮੜ੍ਹ ਨੂੰ ਨਿਰਖਿਆ। –ਇਹ ਤਾਂ ਹੁਣ ਨਾਕਾਰਾ ਹੋ ਗੀ ਐ, ਉਹ ਗਹਿਰੇ ਦੁੱਖ ਨਾਲ਼ ਬੋਲਿਆ।
-ਫੇਰ ਕੀ ਹੋਇਆ? ਬਖ਼ਸ਼ੀਸ਼ ਦਾਹੜੀ ਨੂ ਥਪਥਪਾਉਂਦਾ ਬੋਲਿਆ। –ਕੱਢ ਆਪਣੇ ਆਲ਼ੀ, ਸ਼ਾਦੀ ਰਾਮਾ, ਤੇ ਫੜਾ ਮੁੰਡਿਆਂ ਨੂੰ।
***
ਚਾਹ ਵਾਲ਼ੇ ਖੋਖੇ `ਚ ਹੀ ਬਖ਼ਸ਼ੀਸ਼ ਬਖ਼ਸ਼ੀ ਹੋਰਾਂ ਦੀ ਤੂੰਬੀ `ਤੇ ਪੰਜ-ਸੱਤ ਮਿੰਟ ਤੁਣ-ਤੁਣਾ-ਤੁਣ-ਤੁਣ-ਤੁਣ-ਤੁਣ ਕਰਨ ਤੋਂ ਬਾਅਦ, ਮਿਥੇ ਵਕਤ ਉੱਤੇ ਅਸੀਂ ਜਿਓਂ ਹੀ ਰੇਡੀਓ ਸਟੇਸ਼ਨ ਦੀ ਲਾਬੀ ਵਾਲ਼ੇ ਕਮਰੇ `ਚ ਪਹੁੰਚੇ ਤਾਂ ਓਥੇ ਭਿੱਜੀਆਂ ਹੋਈਆਂ ਚਿੱਟੀਆਂ ਪੁਸ਼ਾਕਾਂ ਵਾਲ਼ੇ ਤੂੰਬੀਆਂ ਵਾਲ਼ਿਆਂ ਦੀ ਭਾਰੀ ਗਹਿਮਾ-ਗਹਿਮੀ ਸੀ। ਕਈ ਆਰਟਿਸਟ ਇਸ ਕਮਰੇ ਦੀਆਂ ਕੰਧਾਂ ਨਾਲ ਪਿੱਠ ਕਰੀ ਖਲੋਤੀਆਂ ਕੁਰਸੀਆਂ `ਤੇ ਬਿਰਾਜਮਾਨ ਸਨ, ਤੇ ਬਾਕੀ ਏਧਰ-ਓਧਰ ਖਲੋਤੇ ਸਨ। ਸਾਡੀ ਉਡੀਕ ਵਿੱਚ ਕੋਈ ਕੁਰਸੀ ਖ਼ਾਲੀ ਨਹੀਂ ਸੀ। ਏਨੇ ਨੂੰ ਚਾਚਾ ਕੁਮੇਦਾਨ ਲਾਬੀ `ਚ ਆ ਪ੍ਰਗਟ ਹੋਇਆ। ਚਾਚੇ ਨੂੰ ਦੇਖਦਿਆਂ ਹੀ ਬਾਪੂ ਪਾਰਸ ਸਾਡੇ ਵਾਲ਼ੇ ਕਮਰੇ `ਚੋਂ ਉੱਠ ਕੇ ਲਾਬੀ ਵੱਲ ਨੂੰ ਹੋ ਲਿਆ। ਬਾਪੂ ਨੂੰ ਦੇਖਦਿਆਂ ਚਾਚਾ ਸਾਡੇ ਵਾਲ਼ੇ ਕਮਰੇ ਵੱਲ ਨੂੰ ਵਧਿਆ। –ਤੂੰ ਕਿਵੇਂ ਅੱਜ ਕਰਨੈਲ? ਚਾਚੇ ਨੇ ਬਾਪੂ ਪਾਰਸ ਵੱਲੀਂ ਹੱਥ ਵਧਾਇਆ। –ਮੇਰੇ ਮੁੰਡੇ ਆਏ ਆ ਟੈਸਟ ਦੇਣ, ਬਾਪੂ ਸਾਡੇ ਵੱਲ ਇਸ਼ਾਰਾ ਕਰਦਿਆਂ ਬੋਲਿਆ। ਅਸੀਂ ਅਦਬ ਨਾਲ਼ ਫ਼ਰਸ਼ ਤੋਂ ਉੱਠ ਕੇ ਖਲੋ ਗਏ ਤਾਂ ਚਾਚਾ ਕਹਿਣ ਲੱਗਾ: ਬੈਠੋ ਰਹੋ, ਪੁੱਤਰੋ!
ਚਾਚਾ ਕੁਮੇਦਾਨ ਦਸੀਂ ਕੁ ਮਿੰਟੀਂ ਚੌੜੇ-ਚੌੜੇ ਡਬਲ ਦਰਵਾਜ਼ਿਆਂ ਨੂੰ ਧੱਕ ਕੇ ਅੰਦਰਲੇ ਪਾਸਿਓਂ ਬਾਹਰ ਆਉਂਦਾ ਤੇ ਅਗਲੇ ਆਰਟਿਸਟ ਦਾ ਨਾਮ ਪੁਕਾਰ ਕੇ ਉਸ ਨੂੰ ਡਬਲ ਦਰਵਾਜ਼ਿਆਂ ਰਾਹੀਂ ਅੰਦਰ ਲੈ ਜਾਂਦਾ। ਚਾਚਾ ਕੁਮੇਦਾਨ ਜਿਓਂ ਹੀ ਸਾਡੇ ਵਾਲ਼ੇ ਵੇਟਿੰਗਰੂਮ `ਚ ਦਾਖ਼ਲ ਹੁੰਦਾ ਮੇਰਾ ਦਿਲ ਡੁੱਬਣ ਲਗਦਾ। ਪੰਜਾਂ-ਸੱਤਾਂ ਆਰਟਿਸਟਾਂ ਬਾਅਦ, ਆਪਣੀਆਂ ਐਣਕਾਂ ਉੱਪਰੋਂ ਦੀ ਸਾਡੇ ਚਿਹਰਿਆਂ `ਤੇ ਮੁਸਕਰਾਉਂਦੀ ਨਜ਼ਰ ਸੁਟਦਿਆਂ ਚਾਚਾ ਕੁਮੇਦਾਨ ਆਪਣੀ ਨਾਕੂ ਅਵਾਜ਼ `ਚ ਬੋਲਿਆ: ਆ ਜੋ ਬਈ ਰਾਮੂਵਾਲੀਓ ਪਹਿਲਾਂ ਥੋਨੂੰ ਭੁਗਤਾਅ ਦੇਈਏ।
ਚਾਚੇ ਦੇ ਮਗਰ ਮਗਰ, ਕੋਠੀ ਦੇ ਮੁੱਖ-ਦਵਾਰ `ਤੇ, ਅੰਦਰ-ਬਾਹਰ ਦੋਵੇਂ ਪਾਸਿਆਂ ਵੱਲ ਨੂੰ ਖੁਲ੍ਹਦੇ ਮੁੱਖ-ਦਰਵਾਜ਼ਿਆਂ ਰਾਹੀਂ, ਅਸੀਂ ਜਿਓਂ ਹੀ ਹਾਲਵੇਅ `ਚ ਦਾਖ਼ਲ ਹੋਏ ਤਾਂ ਅਜੀਬ ਕਿਸਮ ਦੀ ਸੁਗੰਧੀ ਨੇ ਸਾਡੀਆਂ ਨਾਸਾਂ ਨੂੰ ਠਾਰ ਦਿੱਤਾ। ਅੰਦਰ ਲੰਘਦਿਆਂ ਹੀ ਠੰਡ ਨਾਲ਼ ਮੇਰੀ ਚਮੜੀ `ਤੇ ਲੂੰ-ਕੰਡਿਆਈ ਪ੍ਰਗਟ ਹੋ ਗਈ। ਇਹ ਸੁਗੰਧੀ ਏਅਰ-ਕੰਡੀਸ਼ਨ ਦੀ ਸੀ ਜਾਂ ਕਿਸੇ ਹੋਰ ਵਰਤਾਰੇ ਦੀ, ਇਸ ਗੱਲ ਦਾ ਇਲਮ ਮੈਨੂੰ ਅਜੇ ਤੀਕ ਨਹੀਂ ਹੋਇਆ। ਬਾਹਰ ਮੀਂਹ ਨਾਲ਼ ਤਪਸ਼ `ਚ ਆਈ ਗਿਰਾਵਟ ਦੇ ਬਾਵਜੂਦ, ਬਾਹਰਲੀ ਤਪਸ਼ ਅਤੇ ਅੰਦਰ ਦੀ ਠੰਡ ਦਾ ਜ਼ਮੀਨ ਅਸਮਾਨ ਦਾ ਫਰਕ ਸੀ। ਚਾਚੇ ਨੇ ਸੱਜੇ ਪਾਸੇ ਵਾਲ਼ੇ ਪਹਿਲੇ ਸਟੂਡੀਓ ਦਾ ਚੌੜਾ ਦਰਵਾਜ਼ਾ ਧੱਕਿਆ ਤੇ ਉਸ ਨੂੰ ਪਿੱਠ ਲਾ ਕੇ ਰੋਕ ਲਿਆ। ‘ਆ ਜੋ ਅੰਦਰ ਪੁੱਤਰੋ!’ ਕਹਿ ਕੇ ਉਸ ਨੇ ਸਾਨੂੰ ਇੱਕ ਦਰੀ ਉੱਪਰ ਬੈਠਣ ਦਾ ਇਸ਼ਾਰਾ ਕਰ ਦਿੱਤਾ। ਦਰੀ ਦੇ ਵਿਚਕਾਰ, ਸਟੀਲ ਦੀਆਂ ਮੋਟੀਆਂ ਸੁਲਾਖ਼ਾਂ ਨਾਲ ਬਣੇ ਭਾਰੇ ਥੱਲੇ ਵਾਲ਼ੇ ਦੋ ਸਟੈਂਡਾਂ ਉੱਪਰ ਮੋਟੇ ਮੋਟੇ ਦੋ ਮਾਈਕਰੋਫ਼ੋਨ ਲਟਕਾਏ ਹੋਏ ਸਨ। –ਟੈਸਟ ਵਾਲ਼ੀ ਟੀਮ ਪਰਲੇ ਪਾਸੇ ਵਾਲ਼ੇ ਸਟੂਡੀਓ `ਚ ਬੈਠੀ ਐ … ਉਹ ਏਥੋਂ ਦਿਖਾਈ ਨਹੀਂ ਦੇਣਗੇ … ਉਹ ਉਥੋਂ ਤੁਹਾਡੇ ਨਾਲ਼ ਸਪੀਕਰ ਰਾਹੀਂ ਗੱਲਾਂ ਬਾਤਾਂ ਕਰਨਗੇ ਤੇ ਤੁਹਾਡੀ ਗਾਇਕੀ ਸੁਣਨਗੇ। ਤੁਸੀਂ ਤਿਆਰ ਹੋ ਕੇ ਬੈਠੋ।
ਸਾਨੂੰ ਹਦਾਇਤਾਂ ਦੇ ਕੇ ਚਾਚਾ ਕੁਮੇਦਾਨ ਜਿਓਂ ਹੀ ਬਾਹਰ ਨਿੱਕਲ਼ਿਆ, ਸਾਡੀਆਂ ਚਕਚੋਂਧ ਹੋਈਆਂ ਅੱਖਾਂ ਚਾਰ-ਚੁਫ਼ੇਰੇ ਦਾ ਜਾਇਜ਼ਾ ਲੈਣ ਲੱਗੀਆਂ। ਮਾਈਕਰੋਫ਼ੋਨਾਂ ਦੇ ਪਿਛਲੇ ਪਾਸੇ ਇੱਕ ਸਿਤਾਰ, ਇੱਕ ਕਲੈਅਰਨੈੱਟ ਤੇ ਇੱਕ ਢੋਲਕੀ ਪਈਆਂ ਸਨ। ਪਰਲੇ ਪਾਸੇ ਤਬਲੇ ਦੀ ਜੋੜੀ ਆਪਣੇ ਈਨੂੰਆਂ `ਤੇ ਬਿਰਾਜਮਾਨ ਸੀ। ਢੋਲਕੀ ਦੇ ਨਾਲ਼ ਹੀ ਗੁੱਛੇ `ਚ ਬੰਨ੍ਹੇ ਘੁੰਗਰੂ ਤੇ ਖੜਕਣ ਵਾਲ਼ੀਆਂ ਖੜਤਾਲ਼ਾਂ ਆਦਿਕ ਹੋਰ ਸਾਜ਼ਾਂ ਦਾ ਨਿੱਕਾ ਜਿਹਾ ਟੱਬਰ ਇਕੱਤਰ ਹੋਇਆ ਬੈਠਾ ਸੀ।
ਅੱਧੇ ਕੁ ਮਿੰਟ ਬਾਅਦ, ਅੱਧਖੜ੍ਹ ਉਮਰ ਦਾ ਇੱਕ ਘੋਨ-ਮੋਨ ਵਿਅਕਤੀ ਅੰਦਰ ਆਇਆ ਤੇ ਸਾਡੇ ਵੱਲ ਸੰਪੂਰਨ ਬੇਰੁਖੀ ਦਿਖਾਉਂਦਿਆਂ ਕੰਧ ਕੋਲ਼ ਪਈ ਢੋਲਕੀ ਨਾਲ਼ ਚੋਲ੍ਹ-ਮੋਲ੍ਹ ਕਰਨ ਵਿੱਚ ਰੁਝ ਗਿਆ: ਡੁੱਕ-ਡੁੱਕ; ਟੱਕ-ਟੱਕ; ਧੰ-ਧੰਮ। ਸਟੂਡੀਓ ਦੇ ਖੂੰਜਿਆਂ ਨੂੰ ਪਲਾਈ ਨਾਲ਼ ਗੋਲਾਈ `ਚ ਕੀਤਾ ਹੋਇਆ ਸੀ। ਚਾਰੇ ਕੰਧਾਂ ਅਤੇ ਛੱਤ, ਉੱਪਰੋਂ ਹੇਠਾਂ ਤੇ ਸੱਜਿਓਂ ਖੱਬੇ ਨੂੰ ਕਟਦੀਆਂ ਲਾਈਨਾਂ `ਚ, ਹਜ਼ਾਰਾਂ ਸੁਰਾਖ਼ਾਂ ਨਾਲ਼ ਛਣਨੀ ਕੀਤੀ ਪਲਾਈ ਨਾਲ਼ ਭਰੀਆਂ ਪਈਆਂ ਸਨ। ਏਸ ਹਕੀਕਤ ਦਾ ਪਤਾ ਸਾਨੂੰ ਬਹੁਤ ਦੇਰ ਬਾਅਦ ਲੱਗਿਆ ਕਿ ਪਲਾਈ ਵਾਲੀਆਂ ਕੰਧਾਂ `ਚ ਹਜ਼ਾਰਾਂ ਛੇਕ ਇਸ ਲਈ ਕੀਤੇ ਗਏ ਸਨ ਤਾਂ ਕਿ ਬੋਲਣ ਵਾਲ਼ਿਆਂ ਦੀਆਂ ਅਵਾਜ਼ਾਂ ਕੰਧਾਂ ਤੇ ਛੱਤ ਦੇ ਸੀਮੈਂਟੀਂ ਪਲਸਤਰ ਨਾਲ਼ ਟਕਰਾਅ ਕੇ ਗੂੰਜਣ ਨਾ।
-ਤਿਆਰ ਐ ਪਾਰਟੀ? ਇੱਕ ਭਰੜੀ ਹੋਈ ਆਵਾਜ਼ ਕਮਰੇ `ਚ ਗੂੰਜੀ। ਇਹ ਆਵਾਜ਼ ਕਿੱਥੋਂ ਆ ਰਹੀ ਸੀ, ਸਾਨੂੰ ਕੋਈ ਪਤਾ ਨਾ ਚੱਲਿਆ ਕਿਉਂਕਿ ਸਪੀਕਰ ਨੂੰ ਛੇਕਾਂ ਵਾਲ਼ੀ ਪਲਾਈ ਦੇ ਕਿਤ ਪਿੱਛੇ ਲੁਕਾਇਆ ਹੋਇਆ ਸੀ।
-ਜੀ ਹਾਂ, ਬਲਵੰਤ ਨੇ ਜਵਾਬ ਦਿੱਤਾ।
-ਕੀ ਗਾਉਂਦੇ ਓ?
-ਕਵੀਸ਼ਰੀ ਗਾਉਂਦੇ ਆਂ ਤੂੰਬੀ `ਤੇ!
-ਕੀ ਗਾਓਂਗੇ ਪਹਿਲਾਂ?
-ਪੂਰਨ ਭਗਤ ਸੁਣਾਈਏ?
-ਕਰੋ ਸ਼ੁਰੂ!
ਬਲਵੰਤ ਨੇ ਤੂੰਬੀ ਨੂੰ ਤੁਣਤੁਣਾਇਆ। ਮੈਂ ਤੇ ਰਛਪਾਲ ਨੇ ਸਿੱਲ੍ਹੀਆਂ ਢੱਡਾਂ ਨੂੰ ਡੁਗ-ਡੁਗਾਇਆ। ਵਿਚਾਰੀਆਂ ਦੇ ਗਲ਼ੇ ਬੁਰੀ ਤਰ੍ਹਾਂ ਬੈਠੇ ਹੋਏ ਸਨ। ਢੱਡਾਂ ਦਾ ਬੈਠਿਆ ਹੋਇਆ ਬੋਲ ਸੁਣ ਕੇ ਮੈਂ ਤੇ ਰਛਪਾਲ ਨੇ ਇੱਕ ਦੂਜੇ ਨਾਲ਼ ਅੱਖਾਂ ਟੱਕਰਾਈਆਂ। ਤਾਲ ਤੋਂ ਬਗ਼ੈਰ ਨਾ ਤਾਂ ਗਾਉਣ ਵਾਲ਼ੇ ਨੂੰ ਅਨੰਦ ਆਉਂਦਾ ਹੈ ਤੇ ਨਾ ਹੀ ਸੁਣਨ ਵਾਲ਼ੇ ਨੂੰ। ਤੁਣ-ਤੁਣ ਸੁਣਦਿਆਂ ਹੀ ਢੋਲਕੀ ਵਾਲ਼ਾ ਬੇਰੁਖ਼ਾ ਭਾਈ ਸਿਰ ਘੁੰਮਾਉਣ ਲੱਗਾ ਤੇ ਨਾਲ਼ ਹੀ ਢੋਲਕੀ ਵਿੱਚੋਂ ਡੁੱਗ-ਡੁੱਗ, ਟੁੱਕ-ਟੁੱਕ ਦੀ ਅਵਾਜ਼ ਉਦੇ ਹੋਣ ਲੱਗੀ। ਤੂੰਬੀ ਦੀ ਤੁਣ-ਤੁਣ ਨਾਲ਼ ਢੋਲਕੀ ਦਾ ਤਾਲ ਜਿਓਂ ਹੀ ਇੱਕਸਾਰ ਹੋਇਆ, ਸਟੂਡੀਓ `ਚ ਛਪਾਰ ਦਾ ਮੇਲਾ ਖਿੜਨ ਲੱਗਾ। ਅਸਾਂ ਤਿੰਨਾਂ ਨੇ ਇਕੱਠਿਆਂ ਹੀ ਉੱਚੀਆਂ ਅਵਾਜ਼ਾਂ `ਚ ‘ਹੋਅਅਅ’ ਦਾ ਲੰਮਾਂ ਅਲਾਪ ਲਿਆ। ਅਲਾਪ ਖ਼ਤਮ ਹੁੰਦਿਆਂ, ਮੱਧਮ ਹੋ ਗਈਆਂ ਤੂੰਬੀ ਤੇ ਢੋਲਕੀ ਨੇ ਆਪਣੇ ਜਲਾਲ `ਚ ਖੜਕਣ ਲੱਗੀਆਂ। ਪੰਜ ਕੁ ਸੈਕੰਡ ਬਾਅਦ ਸਾਡੀਆਂ ਆਵਾਜ਼ਾਂ `ਚ ਪੂਰਨ ਦੇ ਕਿੱਸੇ ਚੋਂ ਇੱਕ ਸਥਾਈ ਸਟੂਡੀਓ `ਚ ਗੂੰਜਣ ਲੱਗੀ: ਪੁੱਤ ਪੂਰਨਾ, ਹੁੰਦੀ ਵਿਰਲੀ, ਮਾਂ ਮਤਰੇਈ ਚੰਗੀ ਵੇਅ … ਪੁੱਤ ਪੂਰਨਾ, ਹੁੰਦੀ ਵਿਰਲੀ, ਮਾਂ ਮਤਰੇਈ ਚੰਗੀ ਵੇਅ!
ਸਥਾਈ ਮੁਕਦਿਆਂ ਢੋਲਕੀ ਤੇ ਤੂੰਬੀ ਇੱਕ-ਦੂਜੀ ਨਾਲ਼ ਇੱਕ-ਜਾਨ ਹੋ ਕੇ ਵੱਜ ਰਹੀਆਂ ਸਨ ਕਿ ਗੁਪਤ ਸਪੀਕਰ ਰਾਹੀਂ ਮੋਟੀ ਅਵਾਜ਼ ਭਰੜਾਈ: ਮਿਰਜ਼ੇ ਦੀ ਗਾਥਾ ਆਉਂਦੀ ਐ?
- ‘ਜੀ ਹਾਂ’ ਕਹਿ ਕੇ ਬਲਵੰਤ ਨੇ ਤੂੰਬੀ ਨੂੰ ਤੁਣਤੁਣਾਇਆ।
ਮਿਰਜ਼ੇ ਦੀਆਂ ਹਾਲੇ ਅਸਾਂ ਤਿੰਨ ਕੁ ਸਤਰਾਂ ਹੀ ਗਾਈਆਂ ਸਨ ਕਿ ਗ਼ੈਬੀ ਅਵਾਜ਼ ਫੇਰ ਕੜਕ ਉੱਠੀ: ਧਾਰਮਿਕ ਪ੍ਰਸੰਗ ਦੀ ਕੋਈ ਵੰਨਗੀ ਸੁਣਾਓ!
ਤੂੰਬੀ ਤੁਣ-ਤੁਣਾਈ। ਢੋਲਕੀ ਵਜਦ ਵਿੱਚ ਆਈ। ਅਸੀਂ ਇੱਕ ਆਵਾਜ਼ ਬੋਲੇ: ਨਾ ਮੌਤੋਂ ਬਿਲਕੁਲ ਡਰਦੇ ਆਂ, ਨਾ ਈਨ ਕਿਸੇ ਦੀ … ਤੁਣ ਤੁਣ ਤੁਣ, ਨਾ ਈਨ ਕਿਸੇ ਦੀ ਭਰਦੇ ਆਂ, ਅਸੀਂ ਬੇਟੇ ਕਲਗੀ … ਤੁਣ ਤੁਣ ਤੁਣ, ਅਸੀਂ ਬੇਟੇ ਕਲਗੀਧਰ ਦੇ ਆਂ … ਜੀਦ੍ਹਾ ਜੱਗ ਵਿੱਚ ਤੇਜ ਨਿਆਰਾ ਹੈ, ਸਾਨੂੰ ਸਿਰ ਨਾਲ਼ੋਂ ਸਿਦਕ, ਤੁਣ-ਤੁਣ-ਤੁਣ, ਸਾਨੂੰ ਸਿਰ ਨਾਲ਼ੋਂ ਸਿਦਕ ਪਿਆਰਾ ਹੈ … ਤੁਣ-ਤੁਣ-ਤੁਣ
ਭਰੜਾਉਂਦੀ ਅਵਾਜ਼ ਨੇ ਸਾਨੂੰ ਵਿਚਕਾਰੋਂ ਹੀ ਕੱਟ ਮਾਰਿਆ: ‘ਕਿੰਨੀ ਉਮਰ ਐ ਤੁਹਾਡੀ?’
-ਮੈਂ ਸਤਾਰਾਂ ਸਾਲ ਦਾ ਆਂ, ਬਲਵੰਤ ਨੇ ਜਵਾਬ ਦਿੱਤਾ।
-ਦੂਸਰਾ ਸਾਥੀ?
-ਮੈਂ ਜੀ ਚੌਦਾਂ ਦਾ, ਇਹ ਮੈਂ ਸੀ।
-ਅਗਲਾ?
-ਮੈਂ ਬਾਰਾਂ ਸਾਲ ਦਾ, ਰਛਪਾਲ ਮਿਣਮਿਣੀ ਅਵਾਜ਼ `ਚ ਬੋਲਿਆ।
-ਨਾਲ਼ ਆਇਐ ਕੋਈ ਤੁਹਾਡੇ? ਮੋਟੀ ਰਗੜਵੀਂ ਅਵਾਜ਼ ਗੂੰਜੀ।
-ਸਾਡੇ ਪਿਤਾ ਜੀ ਆਏ ਆ, ਬਲਵੰਤ ਨੇ ਜਵਾਬ ਦਿੱਤਾ।
ਏਸ ਤੋਂ ਬਾਅਦ ਕਮਰੇ `ਚ ਚੁੱਪ ਛਾ ਗਈ। ਤੂੰਬੀ ਖ਼ਾਮੋਸ਼ ਹੋ ਗਈ, ਤੇ ਢੋਲਕੀ ਵਾਲ਼ਾ ਕੰਧ ਨੂੰ ਢੋਅ ਲਾ ਕੇ ਬੈਠ ਗਿਆ। ਮੈਨੂੰ ਪੱਕਾ ਯਕੀਨ ਸੀ ਕਿ ਸਾਡੀ ਪਾਰਟੀ ਨੂੰ ਪਾਸ ਨਹੀਂ ਕੀਤਾ ਜਾਵੇਗਾ ਕਿਉਂਕਿ ਸਾਡੀ ਤਾਂ ਕਿਸੇ ਵੀ ਆਈਟਮ ਦੀਆਂ ਦੋ-ਤਿੰਨ ਤੋਂ ਵੱਧ ਤੁਕਾਂ ਵੀ ਪੂਰੀਆਂ ਨਹੀ ਸਨ ਹੋਣ ਦਿੱਤੀਆਂ। ਫੇਰ ਮੈਂ ਸੋਚਣ ਲੱਗਾ ਕਿ ਇਹ ਲੋਕ ਤਾਂ ਸੰਗੀਤ ਦੇ ਪਾਰਖੂ ਹੁੰਦੇ ਨੇ ਤੇ ਦੋ ਕੁ ਤੁਕਾਂ ਵਿੱਚ ਹੀ ਜਾਣ ਜਾਂਦੇ ਨੇ ਕਿ ਆਵਾਜ਼ਾਂ ਸੁਰ `ਚ ਨੇ ਜਾਂ ਨਹੀਂ ਤੇ ਗਾਇਕੀ ਗੁਣੀਏਂ `ਚ ਹੈ ਕਿ ਨਹੀਂ।
-ਬਾਹਰ ਬੈਠੋ, ਮੋਟੀ ਅਵਾਜ਼ ਫਿਰ ਭਰੜਾਈ। -ਵਾਪਿਸ ਨਹੀਂ ਜਾਣਾ ਹਾਲੇ … ਸਾਰੇ ਟੈਸਟ ਹੋਣ ਤੋਂ ਬਾਅਦ ਥੋਨੂੰ ਬੁਲਾਵਾਂਗੇ।
ਅਗਲੇ ਘੰਟੇ `ਚ ਤੂੰਬੀਆਂ ਵਾਲ਼ੇ ਤੁਮਾਮ ਆਰਟਿਸਟ ਭੁਗਤ ਗਏ।
ਵੇਟਿੰਗਰੂਮ ਖ਼ਾਲੀ ਹੋ ਗਿਆ, ਸਿਰਫ਼ ਅਸੀਂ ਤਿੰਨ ਭਰਾ ਤੇ ਬਾਪੂ ਪਾਰਸ ਰਹਿ ਗਏ ਸਾਂ। ਅਸੀਂ ਵਾਰ-ਵਾਰ ਉਬਾਸੀਆਂ ਲੈਂਦੇ ਤੇ ਇੱਕ-ਦੂਜੇ ਵੱਲ ਬਿਟਰ-ਬਿਟਰ ਤਕਦੇ। ਕਦੇ-ਕਦੇ ਅੱਖਾਂ ਮੀਚ ਕੇ ਊਂਘਣ ਦੀ ਕੋਸ਼ਿਸ਼ ਕਰਦੇ। ਬਾਪੂ ਬਿੰਦੇ-ਬਿੰਦੇ ਉਠਦਾ, ਵੇਟਿੰਗਰੂਮ ਦੇ ਦਰ `ਤੇ ਜਾਂਦਾ, ਤੇ ਪਰਤ ਆਉਂਦਾ। ਅਗਲੇ ਗੇੜੇ ਉਹ ਸਟੂਡੀਓ ਵੱਲ ਨੂੰ ਜਾਂਦੇ ਚੌੜੇ ਦਰਵਾਜ਼ਿਆਂ ਦਾ ਭਰਮਣ ਕਰਦਾ, ਦਰਵਾਜ਼ਿਆਂ `ਚ ਲੱਗੇ ਗੋਲਾਈਦਾਰ, ਪਾਰਦਰਸ਼ੀ ਸ਼ੀਸ਼ਿਆਂ ਰਾਹੀਂ ਅੰਦਰ ਝਾਤੀ ਮਾਰਦਾ, ਤੇ ਬਿਨਾ-ਵਜ੍ਹਾ ਦਾਹੜੀ ਖੁਰਕਦਾ ਵਾਪਿਸ ਆ ਜਾਂਦਾ। ਕੁਰਸੀ `ਤੇ ਬੈਠਾ ਉਹ ਲੱਤਾਂ ਨੂੰ ਦੂਰ ਤੀਕ ਨਿਸਾਲ਼ਦਾ, ਸੱਜੇ ਪੈਰ ਨੂੰ ਖੱਬੇ `ਤੇ ਰਖਦਾ ਤੇ ਸੱਜੇ ਪੰਜੇ ਨੂੰ ਹਿਲਾਉਣ ਲਗਦਾ। ਫਿਰ ਉਹ ਬਿਨਾ-ਵਜ੍ਹਾ ਹੀ ਗੋਡੇ ਕੋਲ਼ੋਂ ਪਜਾਮੇ ਨੂੰ ਉਤਾਂਹ ਵੱਲ ਨੂੰ ਖਿਚਦਾ ਤੇ ਛਾਤੀ ਕੋਲ਼ੋਂ ਕਮੀਜ਼ ਨੂੰ ਝਾੜਦਾ।
ਵੇਟਿੰਗਰੂਮ `ਚ ਬੈਠਿਆਂ, ਬਾਪੂ ਦੀ ਨਜ਼ਰ ਵਾਰ ਵਾਰ ਸਟੂਡੀਓ ਵੱਲ ਨੂੰ ਖੁਲ੍ਹਦੇ ਦਰਵਾਜ਼ਿਆਂ ਵੱਲ ਸੇਧਿਤ ਹੋ ਜਾਂਦੀ। ਦਰਵਾਜ਼ਾ ਬਾਹਰ ਵੱਲ ਨੂੰ ਖੁਲ੍ਹਦਾ ਤਾਂ ਬਾਪੂ ਦੀ ਧੌਣ ਤੇ ਧੜ ਉੱਪਰ ਵੱਲ ਨੂੰ ਹਿਜੋਕਾ ਮਾਰਦੇ। ਹਰ ਵਾਰ ਕਦੇ ਕੋਈ ਸਾੜ੍ਹੀਆ ਔਰਤ ਬਾਹਰ ਆ ਸਿਰ ਕਢਦੀ ਤੇ ਕਦੇ ਕੋਈ ਮੋਨਾ ਬਾਬੂ ਪਰਗਟ ਹੋ ਜਾਂਦਾ। ਅਖ਼ੀਰ ਚਾਚਾ ਕੁਮੇਦਾਨ ਵੀ ਅੰਦਰਲੇ ਪਾਸਿਓਂ ਆ ਨਿੱਕਲ਼ਿਆ। ਉਹ ਕਾਹਲ਼ੇ ਕਦਮੀ ਸਿੱਧਾ ਵੇਟਿੰਗਰੂਮ ਵਿੱਚ ਸਾਡੇ ਵੱਲ ਨੂੰ ਵਧਿਆ।
-ਬੈਠਾ ਰਹਿ ਕਰਨੈਲ ਸਿਅ੍ਹਾਂ, ਬਾਪੂ ਨੂੰ ਉੱਠਣ ਲਈ ਔਹਲ਼ਦਾ ਦੇਖ ਕੇ ਕੁਮੇਦਾਨ ਬੋਲਿਆ।
ਨਾਲ਼ ਦੀ ਕੁਰਸੀ `ਤੇ ਬੈਠਦਿਆਂ ਚਾਚਾ ਕੁਮੇਦਾਨ ਸਾਡੇ ਤਿੰਨਾਂ ਭਰਾਵਾਂ ਉੱਪਰ ਝਾਤ ਮਾਰ ਕੇ ਮੁਸਕ੍ਰਾਇਆ। ਬਾਪੂ ਨੇ ਉਸ ਵੱਲ ਸਵਾਲੀਆ-ਨਜ਼ਰ ਸੁੱਟੀ।
-ਮੁੰਡੇ ਤੇਰੇ ਅਸਤਰ ਐ, ਕਰਨੈਲ, ਅਸਤਰ, ਕੁਮੇਦਾਨ ਦੇ ਬੁਲ੍ਹ ਪਾਸਿਆਂ ਵੱਲ ਨੂੰ ਵਧ ਕੇ ਉਸ ਦੇ ਪਿਚਕੇ ਹੋਏ ਮੂੰਹ `ਚ ਬਚਦੇ ਚਾਰ ਕੁ ਦੰਦਾਂ ਨੂੰ ਨੰਗਾ ਕਰ ਗਏ। – ਅਵਾਜ਼ਾਂ ਤਿੱਖੀਆਂ ਤੇ ਉਹ ਵੀ ਸੁਰ-ਤਾਲ `ਚ … ਖ਼ੁਸ਼ ਹੋ ਗੇ ਆਡੀਸ਼ਨਰਜ਼ (ਸੁਣਨ ਵਾਲੇ)!
-ਪਾਸ ਕਿ ਫੇਲ੍ਹ? ਬਾਪੂ ਨੇ ਦੋ ਟੁਕ ਜਵਾਬ ਮੰਗਿਆ।
ਚਾਚੇ ਦੇ ਬੁੱਲ੍ਹ ਜੁੜੇ, ਉੱਪਰ ਵੱਲ ਨੂੰ ਉੱਠੇ, ਤੇ ਪਿਚਕੀਆਂ ਗੱਲ੍ਹਾਂ `ਚ ਉਭਾਰ ਆ ਗਿਆ।
-ਪਾਸ ਵੀ ਤੇ ਫੇਲ੍ਹ ਵੀ!
-ਉਹ ਕਿਵੇਂ?
-ਪਾਸ ਇਸ ਲਈ ਪਈ ਇਨ੍ਹਾਂ ਦੀ ਗਾਇਕੀ `ਚ ਕੋਈ ਕਸਰ ਨੲ੍ਹੀਂ; ਫੇਲ੍ਹ ਇਸ ਲਈ ਪਈ ਛੋਟੇ ਉਮਰ ਦੇ ਨਾਬਾਲਗ਼ ਐ!
-ਉਮਰ? ਬਾਪੂ ਦੀਆਂ ਭਵਾਂ ਨੇ ਉਤ੍ਹਾਂ ਨੂੰ ਛੜੱਪਾ ਮਾਰਿਆ। –ਇਨ੍ਹਾਂ ਤੋਂ ਗਾਇਕੀ ਕਰਾਉਣੀ ਐ ਕਿ ਇਨ੍ਹਾਂ ਨੂੰ ਭਰਤੀ ਕਰਨੈ?
-ਗੱਲ ਤੇਰੀ ਜਾਇਜ਼ ਐ, ਕਰਨੈਲ! ਮੈਂ ਬਥੇਰਾ ਮਗ਼ਜ਼ ਮਾਰ ਆਇਐਂ, ਪਰ ਸਟੇਸ਼ਨ ਡਰੈਕਟਰ ਪੈਰਾਂ `ਤੇ ਪਾਣੀ ਨੀ ਪੈਣ ਦਿੰਦਾ … ਕਹਿੰਦਾ ਅਗਰ ਸਟੇਸ਼ਨ `ਤੇ ਗਾਉਣ ਆਇਆਂ ਇਨ੍ਹਾਂ ਨਾਬਾਲਗ਼ਾਂ ਨੂੰ ਕੁੱਝ ਹੋ ਗਿਆ ਤਾਂ ਕੌਣ ਜ਼ਿੰਮੇਵਾਰ ਹੋਊ!
-ਚਾਚਾ, ਤੂੰ ਮੈਨੂੰ ਛੇ ਸਾਲਾਂ ਦਾ ਜਾਣਦੈਂ; ਤੇਰੀ ਮੇਰੀ ਪਿਆਲੇ ਦੀ ਸਾਂਝ ਐ! ਤੂੰ ਕਿਓਂ ਨ੍ਹੀਂ ਜ਼ਿੰਮੇਵਾਰੀ ਲੈਂਦਾ ਆਵਦੇ ਭਤੀਜਿਆਂ ਦੀ?
ਚਾਚੇ ਦਾ ਮੂੰਹ ਖਿੜ ਉੱਠਿਆ।
–ਹਾਅ ਤਾਂ ਮੇਰੇ ਦਿਮਾਗ਼ `ਚ ਈ ਨੀ ਆਇਆ … ਇਓਂ ਕਰੋ, ਤੁਸੀਂ ਪਿੰਡ ਪਹੁੰਚਣੈ … ਦੂਰ ਦੀ ਵਾਟ ਐ ਤੇ ਮੀਂਹ-ਕਣੀ ਦਾ ਵਸਾਹ ਨੀ … ਲੇਟ ਨਾ ਹੋ ਜਿਓ … ਤੁਸੀਂ ਮੋਗੇ ਨੂੰ ਚਾਲੇ ਪਾਓ … ਮੈਂ ਕਹਿਨੈਂ ਡਰੈਕਟਰ ਨੂੰ ਪਈ ਮੈਂ ਜ਼ਿੰਮੇਵਾਰ ਆਂ ਇਨ੍ਹਾਂ ਨਿਆਣਿਆਂ ਦਾ।
ਦੋ ਕੁ ਹਫ਼ਤੇ ਬਾਅਦ ਡਾਕੀਏ ਨੇ ਇੱਕ ਚਾਹ-ਰੰਗਾ ਲਿਫ਼ਾਫ਼ਾ ਸਾਡੇ ਘਰ ਲਿਆ ਫੜਾਇਆ। ਲਿਫ਼ਾਫ਼ੇ ਦੇ ਬਾਹਰ ‘ਬਲਵੰਤ ਸਿੰਘ ਰਾਮੂਵਾਲੀਆ ਐਂਡ ਪਾਰਟੀ’ ਲਿਖਿਆ ਹੋਇਆ ਸੀ ਅਤੇ ਲਿਫ਼ਾਫ਼ੇ ਦੇ ਪਿਛਲੇ ਪਾਸੇ ‘ਆਲ ਇੰਡੀਆ ਰੇਡੀਓ ਜਲੰਧਰ’ ਦੀ ਨੀਲੀ ਸਿਆਹੀ `ਚ ਮੋਹਰ ਲੱਗੀ ਹੋਈ ਸੀ।
ਅਗਲੇ ਮਹੀਨੇ ਦੀ ਕਿਸੇ ਤਾਰੀਖ਼ ਨੂੰ ਜਲੰਧਰ ਰੇਡੀਓ ਤੋਂ ਸਾਡੀਆਂ ਤਿੰਨਾਂ ਭਰਾਵਾਂ ਦੀਆਂ ਅਵਾਜ਼ਾਂ ਪੰਜਾਬ ਭਰ ਦੇ ਰੇਡੀਓ ਸੈੱਟਾਂ `ਚ ਖੌਰੂ ਪਾ ਰਹੀਆਂ ਸਨ!