ਤੈਨੂੰ ਵੀ ਮਾਣ ਆਪਣਾ, ਮੈਨੂੰ ਵੀ ਹੈ ਬਥੇਰਾ,
ਹੋਵਾਂ ਮੈਂ ਆ ਕੇ ਦੱਸ ਤੂੰ, ਕਿਉਂਕਰ ਮੁਥਾਜ ਤੇਰਾ।
ਕਾਇਰ ਵੀ ਹੋਣੀਆਂ ਦੀ, ਜਦ ਸਾਣ ਤੇ ਹੈ ਚੜ੍ਹਦਾ,
ਬਣਦਾ ਉਦੋਂ ਹੈ ਉਸ ਦਾ, ਫੌਲਾਦ ਜਿਹਾ ਜੇਰਾ।
ਚੇਤਨ ਮਨੁੱਖ ਹੀ ਤਾਂ, ਜੀਵਨ ਦਾ ਹਾਣ ਬਣਦੇ,
ਪੈਰਾਂ `ਚ ਵਾਟ ਹੁੰਦੀ, ਸੋਚਾਂ ਦੇ ਵਿੱਚ ਸੁਵੇਰਾ।
ਮੈਂ ਜਿੰਦਗੀ ਨੂੰ ਤੇਰਾ, ਨਾਂ ਲੈ ਕੇ ਹਾਕ ਮਾਰੀ,
ਉੰਝ ਬੋਲਿਆ ਕੋਈ ਨਾ, ਪਰ ਗੂੰਜਿਆ ਚੁਫੇਰਾ।
ਅੱਖਾਂ `ਚੋਂ ਨੀਂਦ ਖੋਈ, ਜਦ ਤੋਂ ਵਿਹਾਜ ਆਇਆ,
ਹਾਸੇ, ਜਿਨ੍ਹਾਂ ਦੇ ਨੈਣੀਂ, ਹੰਝੂਆਂ ਦਾ ਹੈ ਬਸੇਰਾ।
ਸੋਚਾਂ `ਚ ਤੂੰ ਹੀ ਵਸਿਆ, ਘੁੰਮ ਦੇਖਿਆ ਚੁਫੇਰਾ,
ਰਲ਼ਦਾ ਨਾ ਤੇਰੇ ਚਿਹਰੇ ਦੇ ਨਾਲ਼ ਕੋਈ ਚਿਹਰਾ।
ਝੂਠਾ ਜੇ ਸੱਚ ਬੋਲੇ, ਮੰਨਦਾ ਨਾ ਸੱਚ ਕੋਈ,
ਸੱਚੇ ਦੇ ਝੂਠ ਦਾ ਵੀ, ਵਿਸ਼ਵਾਸ ਹੈ ਘਨੇਰਾ।
ਤੈਨੂੰ ਹੀ ਯਾਦ ਕਰ-ਕਰ, ਨ੍ਹੇਰਾ ਉਜਾਲਦਾ ਹਾਂ,
ਸੂਰਜ ਦੇ ਹੁੰਦਿਆਂ ਵੀ, ਰਹਿੰਦਾ ਏ ਜਦ ਹਨ੍ਹੇਰਾ
ਸ਼ੀਸ਼ੇ `ਚ ਦੇਖਦਾ ਹਾਂ, ਮੁੜ-ਮੁੜ ਕੇ ਦੇਖਦਾ ਹਾਂ,
ਮੈਂ ਦੇਖਦਾ ਹਾਂ ਜਦ ਵੀ, ਦਿਸਦਾ ਏ ਅਕਸ ਤੇਰਾ।
ਉਸ ਥਾਂ ਤੇ ਹੀ ਖੜ੍ਹਾ ਹਾਂ, ਜਿਸ ਥਾਂ ਤੂੰ ਆਖਿਆ ਸੀ,
ਮੈਂ ਬਿਰਛ ਬਣ ਗਿਆ ਹਾਂ, ਤੂੰ ਮਾਰਿਆ ਨਾ ਫੇਰਾ।
ਮਾਣੇ ਖੁਸ਼ੀ ਗਮੀ ਵੀ, ਹਾਮੀਂ ਸੰਘਰਸ਼ ਦਾ ਵੀ,
ਤੂੰ ਹੈਂ ਮੁਹੱਬਤਾਂ ਦਾ ਸੁਖਮਿੰਦਰਾ ਚਿਤੇਰਾ।
ਤੈਨੂੰ ਵੀ ਮਾਣ ਆਪਣਾ, ਮੈਨੂੰ ਵੀ ਹੈ ਬਥੇਰਾ,
ਹੋਵਾਂ ਮੁਥਾਜ ਤੇਰਾ, ਕਿਉਂਕਰ ਮੁਥਾਜ ਤੇਰਾ।