You are here:ਮੁਖ ਪੰਨਾ»ਲੇਖ਼»ਪੰਜਾਬ ਵਿੱਚ ਹਿੰਦੀ ਦਾ ਬੋਲ-ਬਾਲਾ

ਲੇਖ਼ਕ

Wednesday, 28 October 2009 16:06

ਪੰਜਾਬ ਵਿੱਚ ਹਿੰਦੀ ਦਾ ਬੋਲ-ਬਾਲਾ

Written by
Rate this item
(0 votes)

ਕੌੜਾ ਸੱਚ ਇਹ ਹੈ ਕਿ ਜੇਕਰ ਕੋਈ ਕੌਮ ਖਤਮ ਕਰਨੀ ਹੋਵੇ ਤਾਂ ਉਸ ਦੀ ਬੋਲੀ ਮਾਰ ਦਿਉ‎,‎ ਕੌਮ ਆਪਣੇ ਆਪ ਮਰ ਜਾਵੇਗੀ। ਦੁਨੀਆਂ ਵਿੱਚ ਉਹੀ ਕੌਮਾਂ ਜਿਊਂਦੀਆਂ ਨੇ ਜੋ: ੳ) ਆਪਣੇ ਵਿਰਸਾ‎,‎ ਆਪਣੀ ਬੋਲੀ ਤੇ ਆਪਣੇ ਪਿਛੋਕੜ ਨੂੰ ਨਹੀਂ ਭੁੱਲਦੀਆਂ ਅ) ਆਪਣਾ ਪਿਛੋਕੜ‎,‎ ਇਤਿਹਾਸ ਜੋ ਕਿ ਅਨੇਕਾਂ ਘਾਲਣਾ ਘਾਲਕੇ ਅਤੇ ਕਈ ਜਿੰਦਗੀਆਂ ਕੁਰਬਾਨ ਕਰਕੇ ਕੌਮਾਂ ਦੀ ਝੋਲੀ ਪੈਦਾਂ ਹੈ ਤੇ ਉਸ ਤੋਂ ਨਿਕਲੇ ਤੱਤ ਜੋ ਜਿੰਦਗੀ ਦੀ ਜੀਵਨ ਜਾਂਚ ਲਈ ਪ੍ਰੇਰਨਾ ਸਰੋਤ ਹੋ ਨਿੱਬੜਦੇ ਨੇ‎,‎ ਆਪਣੀਆਂ ਸਿਮਰਤੀਆਂ ਵਿੱਚ ਹਮੇਸ਼ਾ ਯਾਦ ਰੱਖਦੀਆਂ ਹਨ।

2001 ਤੋਂ ਬਾਅਦ 2006 ਵਿੱਚ 5 ਸਾਲਾਂ ਬਾਅਦ ਅਮਰੀਕਾ ਤੋਂ ਪੰਜਾਬ ਆਉਣ ਦਾ ਸਬੱਬ ਬਣਿਆ‎,‎ ਬੜਾ ਕੁੱਝ ਚੰਗਾ ਨਜਰੀਂ ਪਿਆ ਤੇ ਬੜਾ ਕੁੱਝ ਮਾੜਾ ਵੀ। ਜਿੱਥੇ ਪੰਜਾਬ ਤਰੱਕੀ ਦੀ ਰਾਹ ਤੇ ਹੈ ਉਸ ਦੇ ਇਵਜ ਵਿੱਚ ਪੰਜਾਬ ਦੇ ਲੋਕਾਂ ਦੀ ਸੋਚ ਸੌੜੀ‎,‎ ਮਿਕਨਾ-ਤੀਸੀ‎,‎ ਲੋੜ ਤੋਂ ਵੱਧ ਖੁੱਦਗਰਜ਼‎,‎ ਲੋਭੀ ਤੇ ਆਪਣਾ ਕੰਮ ਕਢਾਉਣ ਤੱਕ ਹੀ ਅੜ ਕੇ ਰਹਿ ਗਈ ਹੈ। ਜਿਵੇਂ ਖਰੀ ਅਤੇ ਸੱਚੀ ਗੱਲ ਕਰਨ ਵਾਲਾ ਕੋਈ ਰਹਿ ਹੀ ਨਹੀਂ ਗਿਆ‎,‎ ਹਰ ਕਿਸੇ ਦਾ ਵਾਸਤਾ ਸਿਰਫ ਤੇ ਸਿਰਫ ਆਪਣਾ ਕੰਮ ਕਢਾਉਣ ਤੱਕ ਹੀ ਹੈ‎,‎ ਉਸ ਲਈ ਉਹ ਆਪਣੀ ਜਮੀਰ ਵੀ ਵੇਚ ਰਿਹਾ ਹੈ। ਖੈਰ ਇਹ ਇੱਕ ਵੱਖਰਾ ਵਿਸ਼ਾ ਹੈ ਗੱਲ ਚੱਲੀ ਸੀ ਪੰਜਾਬ ਵਿੱਚ ਹਿੰਦੀ ਦੇ ਬੋਲ-ਬਾਲੇ ਦੀ। ਮੈਂ ਇਸ ਘਿਨਾਉਣੇ ਸੱਚ ਬਾਰੇ ਗੱਲ ਕਰਨ ਤੋਂ ਪਹਿਲਾਂ ਇਹ ਸਪਸ਼ਟ ਕਰਨਾਂ ਜਰੂਰੀ ਸਮਝਦਾ ਹਾਂ:

ੳ) ਪੰਜਾਬੀ ਬੋਲੀ ਨੂੰ ਕਿਸੇ ਧਰਮ ਦੀ ਬੋਲੀ ਸਮਝਣਾ ਬਿਲਕੁਲ ਗਲਤ ਹੋਵੇਗਾ‎,‎ ਪੰਜਾਬੀ ਤਾਂ ਪੰਜਾਬ ਦੇ ਆਵਾਮ ਦੀ ਬੋਲੀ ਹੈ।

ਅ) ਮੇਰਾ ਹਿੰਦੀ ਨਾਲ ਕੋਈ ਵਿਰੋਧ ਨਹੀਂ ਪਰ ਪੰਜਾਬੀ ਹੋਣ ਦੇ ਨਾਤੇ ਮੈਂ ਆਪਣੀ ਮਾਂ-ਬੋਲੀ ਨੂੰ ਉਸ ਦੇ ਘਰ ਵਿੱਚ ਗਲਾ ਘੁੱਟ ਕੇ ਮਾਰਿਆ ਜਾਂਦਾ ਵੀ ਸਹਿਣ ਨਹੀਂ ਕਰ ਸਕਦਾ।

ੲ) ਪੰਜਾਬੀਓ ਤੁਸੀ ਭਾਰਤੀ ਬਾਅਦ ਵਿੱਚ ਹੋ ਪਰ ਪੰਜਾਬੀ ਪਹਿਲਾਂ।

ਇਸ ਲਈ ਜੁੰਮੇਵਾਰ ਕੌਣ?

1਼ ਪੰਜਾਬ ਦੇ ਸਕੂਲ: ਪੰਜਾਬ ਦੇ ਸਕੂਲ ਉਚੇਚੇ ਤੋਰ ਤੇ ਪਰਾਈਵੇਟ ਜਿਨ੍ਹਾਂ ਵਿੱਚ ਮੱਧ ਅਤੇ ਉੱਚ-ਵਰਗ ਦੇ ਮਾਪਿਆਂ ਦੇ ਬੱਚੇ ਪੜ੍ਹਦੇ ਹਨ‎,‎ ਪੰਜਾਬੀ ਛੱਡ ਕੇ ਹਿੰਦੀ ਬੋਲਣ ਤੇ ਬੱਚਿਆਂ ਨੂੰ ਮਜਬੂਰ ਕਰ ਰਹੇ ਹਨ। ਪੰਜਾਬ ਵਿੱਚ ਹਿੰਦੀ ਬੋਲਣਾ ਇੱਕ ਫੈਸ਼ਨ ਹੈ‎,‎ ਹਿੰਦੀ ਬੋਲਣ ਵਾਲਾ ਪੰਜਾਬੀ ਬੋਲਣ ਵਾਲੇ ਨੂੰ ਅਨਪੜ੍ਹ-ਗਵਾਰ ਸਮਝਦਾ ਹੈ। ਇਹ ਬੜੇ ਯੋਜਨਾ-ਬੱਧ ਕੜੀ ਦਾ ਹਿੱਸਾ ਹੈ ਕਿ ਪੰਜਾਬ ਦੇ ਸਕੂਲਾਂ ਵਿੱਚ ਹਿੰਦੀ ਦਾ ਪ੍ਰਭਾਵ ਇਥੋ ਤੱਕ ਵਧਾਉ ਤਾਂ ਕਿ ਪੰਜਾਬ ਦੇ ਬੱਚੇ ਪੰਜਾਬੀ ਬੋਲਣ ਲਗਿਆਂ ਆਪਣੇ ਆਪ ਨੂੰ ਘੱਟੀਆ ਤੇ ਸ਼ਰਮਸਾਰ ਮਹਿਸੂਸ ਕਰਨ। ਮੈਨੂੰ ਇਸ ਗੱਲ ਦਾ ਅਹਿਸਾਸ ਤੇ ਨਮੋਸ਼ੀ ਉਦੋ ਹੋਈ ਜਦੋ ਮੈਂ ਖਾਲਸਾ ਕਾਲਜ ਦੇ ਇੱਕ ਪ੍ਰੌਫੈਸਰ ਦੇ ਘਰ ਖਾਣੇ ਤੇ ਗਿਆ ਤੇ ਓੁਸ ਦਾ 7-8 ਸਾਲ ਦਾ ਬੱਚਾ ਜੋ ਇੱਕ ਪਰਾਈਵੇਟ ਸਕੂਲ ਵਿੱਚ ਪੜ੍ਹਦਾ ਹੈ ਅਤੇ ਇਹ ਸਕੂਲ ਇੱਕ ਨਾਮਵਾਰ ਪੰਜਾਬੀ ਗੁਰਮੁੱਖ ਪ੍ਰੀਵਾਰ ਵੱਲੋਂ ਚਲਾਇਆ ਜਾ ਰਿਹਾ ਹੈ‎,‎ ਆਪਣੇ ਪਿਤਾ ਨਾਲ ਹਿੰਦੀ ਵਿੱਚ ਗੱਲਬਾਤ ਕਰਦਾ ਵੇਖਿਆ‎,‎ ਅੱਗੋਂ ਪਿਓ ਪੰਜਾਬੀ ਵਿੱਚ ਬੋਲੇ‎,‎ ਪਿਓ ਨੇ ਹਦਾਇਤ ਵੀ ਕੀਤੀ ਕਿ ਬੇਟਾ ਪੰਜਾਬੀ ਵਿੱਚ ਬੋਲੋ ਪਰ ਪੁੱਤ ਹਿੰਦੀ ਤੋਂ ਪੰਜਾਬੀ ਤੇ ਨਾ ਆਇਆ। ਇਹ ਪੰਜਾਬ ਦੇ ਇੱਕ ਘਰ ਦੀ ਗੱਲ ਨਹੀਂ ਘਰ-ਘਰ ਇਹ ਖਾਨਾ-ਜੰਗੀ ਮਹਿਸੂਸ ਕੀਤੀ ਜਾ ਸਕਦੀ ਹੈ। ਇਹ ਸਥਿਤੀ ਸਾਨੂੰ ਕੀ ਦਰਸਾਉਂਦੀ ਹੈ?‎…‎ ਸਿਆਣੇ ਨੂੰ ਇਸ਼ਾਰਾ ਹੀ ਕਾਫੀ ਹੁੰਦਾ ਹੈ।

2਼ ਪਹਿਲੇ ਕਸੂਰਵਾਰ ਅਸੀਂ ਖੁਦ ਆਪ: ਮੈਂ ਸਭ ਤੋਂ ਪਹਿਲਾਂ ਕਸੂਰ ਪੰਜਾਬ ਦੇ ਵਾਸੀਆਂ ਦਾ ਕੱਢਾਗਾਂ ਜੋ ਆਪ ਆਪਣੀ ਨਵੀਂ ਪੀੜੀ ਨੂੰ ਪੰਜਾਬੀ ਛੱਡ ਕੇ ਰੋਜ਼-ਮਰਾਹ ਦੀ ਜਿੰਦਗੀ ਵਿੱਚ ਹਿੰਦੀ ਬੋਲਣ ਦੀ ਖੁੱਲ੍ਹ ਦੇ ਰਹੇ ਹਨ। ਮੈਂ ਇਹ ਨਹੀਂ ਕਹਿੰਦਾ ਕਿ ਦੂਸਰੀਆਂ ਭਾਸ਼ਾਵਾ ਬੱਚਿਆਂ ਨੂੰ ਨਾ ਸਿਖਾਓ ਪਰ ਮਾਂ ਬੋਲੀ ਨੂੰ ਤਿਆਗ ਕੇ ਨਹੀਂ। ਚੰਗਾ ਕੀ ਹੈ ਮਾੜਾ ਕੀ ਹੈ ਇਸ ਦੀ ਪਛਾਣ ਤਾਂ ਬੰਦੇ ਨੇ ਆਪ ਖੁਦ ਕਰਨੀ ਹੁੰਦੀ ਹੈ। ਸਾਡੇ ਨਾਲੋ ਤਾਂ ਦੱਖਣੀ ਭਾਰਤ ਦੇ ਸੂਬੇ ਚੰਗੇ ਨੇ ਜਿਹੜੇ ਇਹ ਕਹਿੰਦੇ ਨੇ ਕਿ ਸਾਡੇ ਕੋਲ ਹਿੰਦੀ ਨਾਲੋ ਚੰਗੀ ਬੋਲੀ ਸਾਡੀ ਮਾਂ-ਬੋਲੀ ਹੈ ਜਿਸ ਵਿੱਚ ਅਸੀਂ ਆਪਣਾ ਲਿਖਣ-ਪੜ੍ਹਨ ਦਾ ਕੰਮ ਵਧੀਆ ਅਤੇ ਸੁੱਚਜੇ ਢੰਗ ਨਾਲ ਕਰ ਲੈਂਦੇ ਹਾਂ। ਫਿਰ ਅਸੀਂ ਹਿੰਦੀ ਸਿੱਖਣ ਦਾ ਵਾਧੂ ਬੋਝ ਕਿਉਂ ਲਈਏ। ਪਰ ਇੱਕ ਅਸੀ ਹਾਂ ਕਿ ਆਪਣੀ ਮਾਂ-ਬੋਲੀ ਨੂੰ ਦੁਰਕਾਰ ਰਹੇ ਹਾਂ। ਆਪਣੇ ਆਪ ਵਿਚੋ ਇਹ ਹੀਣ-ਭਾਵਨਾ ਕੱਢ ਸੁਟੋ ਕਿ ਜੇਕਰ ਮੈਂ ਪੰਜਾਬੀ ਵਿੱਚ ਗੱਲ-ਬਾਤ ਕੀਤੀ ਤਾਂ ਮੇਰਾ ਪ੍ਰਭਾਵ ਮਾੜਾ ਪਵੇਗਾ। ਇਸ ਰੁਝਾਨ ਨੂੰ ਤੁਸੀ ਨਾ ਰੋਕਿਆ ਤਾਂ ਫਿਰ ਕੌਣ ਬਣੇਗਾ ਵਾਰਿਸ ਇਸ ਪੰਜਾਬੀ ਅਮੀਰ ਵਿਰਸੇ ਦਾ? ਜਿਸ ਦੀਆਂ ਗੱਲਾ ਕਰ-ਕਰ ਅਸੀ ਮਾਨ ਨਾਲ ਸਿਰ ਉਚਾ ਕਰ ਜਿਉਂਦੇ ਹਾਂ।

ਇਕ ਹੋਰ ਪੱਖ ਮੈਂ ਸਪਸ਼ਟ ਕਰਨਾ ਚਾਹਾਂਗਾ ਕਿ ਵੇਖਣ ਵਿੱਚ ਆਇਆ ਹੈ ਕਿ ਸਾਡੀ ਇਹ ਸੋਚ ਬਣ ਗਈ ਹੈ ਕਿ ਜੋ ਕੰਮ ਕਰੇ ਸਰਕਾਰ ਕਰੇ। ਸਰਕਾਰ ਕੀ ਹੈ?‎…‎ ਤੁਸੀ-ਅਸੀ ਚੁਣਕੇ ਭੇਜੇ ਨੁੰਮਾਂਇਦੇ ਨੇ‎,‎ ਤੇ ਕਿੰਨਾ ਦੀ ਸਰਕਾਰ ਹੈ? … ਸਾਡੀ। ਆਖਿਰ ਸਰਕਾਰ ਨੇ ਕਾਇਦਾ ਕਾਨੂੰਨ ਕਿਸ ਉੱਪਰ ਲਾਗੂ ਕਰਨਾ ਹੈ? … ਸਾਡੇ ਉੱਪਰ। ਫਿਰ ਬਜਾਏ ਇਸ ਦੇ ਕਿ ਅਸੀ ਸਰਕਾਰ ਨੂੰ ਦੋਸ਼ੀ ਠਹਿਰਾਈਏ‎,‎ ਮੈਂ ਸਮਝਦਾ ਹਾਂ ਕਿ ਪਹਿਲੇ ਦੋਸ਼ੀ ਅਸੀ ਖੁਦ ਆਪ ਹਾਂ। ਪੰਜਾਬ ਸਰਕਾਰ ਨੇ ਤਾਂ ਪੰਜਾਬੀ ਨੂੰ ਰਾਜ ਭਾਸ਼ਾ ਐਲਾਨਿਆ ਹੈ ਪਰ ਅਮਲੀ ਜਾਮਾਂ ਤਾਂ ਅਸੀ ਦੇਣਾ ਹੈ। ਸੋ ਪਹਿਲਾਂ ਆਪਣੇ ਮੂਲ ਨੂੰ ਤੇ ਆਪਣੀਆਂ ਜੁੰਮੇਵਾਰੀਆਂ ਨੂੰ ਪਛਾਨਣ ਦੀ ਜਰੂਰਤ ਹੈ। ਘਰ ਵਿੱਚ ਬੈਠੀ ਮਾਂ ਨੂੰ ਰੋਟੀ-ਪਾਣੀ ਪੁੱਛਣਾ ਤੇ ਸੇਵਾ ਸੰਭਾਲ ਦੀ ਜੁੰਮੇਵਾਰੀ ਸਿਰਫ ਘਰ ਦੇ ਮੁੱਖੀ ਦੀ ਹੀ ਨਹੀ‎,‎ ਬਲਕਿ ਘਰ ਦੇ ਸਾਰੇ ਜੀਆਂ ਦੀ ਬਣਦੀ ਹੈ। ਸੋ ਪੰਜਾਬੀਓ ਜਾਗੋ‎,‎ ਤੁਸੀ ਆਪਣੀ ਮਾਂ ਦੇ ਵਾਰਿਸ ਬਣ ਸਕਦੇ ਹੋ। ਨਹੀਂ ਤਾਂ ਉਹ ਗੱਲ ਹੋਣੀ ਜੇ… ਮੱਝ ਵੇਚ ਕੇ ਘੌੜੀ ਲਈ‎,‎ ਦੁੱਧ ਪੀਣੋ ਗਏ ਲਿੱਦ ਸੁੱਟਣੀ ਪਈ।

3਼ ਪੰਜਾਬ ਸਰਕਾਰ: ਸੂਬੇ ਦੀ ਸਰਕਾਰ ਦਾ ਫਰਜ਼ ਬਣਦਾ ਕਿ ਉਹ ਸੂਬੇ ਦੇ ਲੋਕਾਂ ਦੇ ਹਿਤਾਂ ਦੀ ਰਾਖੀ ਕਰੇ। ਕਿਸੇ ਪਾਰਟੀ ਵੱਲੋਂ ਲੋਕਾਂ ਦੇ ਨੁਮਾਇੰਦੇ ਬਣ ਕੇ ਸਰਕਾਰ ਬਣਾਓਣਾ ਬੜਾ ਸੌਖਾ ਹੈ ਪਰ ਜੁੰਮੇਵਾਰੀਆਂ ਸੁੱਚਜੇ ਢੰਗ ਨਾਲ ਨਿਭਾਓਣੀਆਂ ਓਨੀਆਂ ਹੀ ਮੁਸ਼ਕਿਲ। ਵੇਖਣ ਵਿੱਚ ਆਇਆ ਹੈ ਕਿ ਪੰਜਾਬ ਵਿੱਚ ਕੰਮ-ਕਾਰ ਕਰ ਰਹੀਆਂ ਸਰਕਾਰੀ‎,‎ ਗੈਰ-ਸਰਕਾਰੀ ਸੰਸਥਾਵਾਂ (ਉਦਾਹਰਣ ਵਜੋ: ਬੈਂਕਾਂ‎,‎ ਟੈਲੀਫੂਨ ਕੰਪਨੀਆਂ‎,‎ ਪਟਰੋਲ ਪੰਪ‎,‎ ਪੰਜਾਬ ਰਡੋਵੇਜ‎,‎ ਸਕੂਲ‎,‎ ਸਹਿਰੀ ਮਾਰਕੀਟਸ ਆਦਿ) ਵਿੱਚ ਹਿੰਦੀ ਡੁੱਲ੍ਹ-ਡੁੱਲ੍ਹ ਪੈਦੀ ਹੈ‎,‎ ਪ੍ਰਾਈਵੇਟ ਦਫਤਰਾਂ ਵਿੱਚ ਬੋਲੀ ਹਿੰਦੀ ਹੈ‎,‎ ਸੰਸਥਾਵਾਂ ਦੁਕਾਨਾਂ ਦੇ ਨਾਮ ਅੰਗਰੇਜੀ ਜਾਂ ਹਿੰਦੀ ਵਿੱਚ ਲਿਖੇ ਹਨ। ਨਮੂਨਾ ਤੁਸੀ ਹੇਠਾ ਦਿੱਤੇ ਲਿੰਕ ਤੇ ਕਲਿਕ ਕਰ ਕੇ ਦੇਖ ਸਕਦੇ ਹੋ:

ਪੰਜਾਬ ਵਿੱਚ ਪੰਜਾਬੀ ਦਾ ਹਾਲ

ਆਖਿਰ ਮੈਂ ਇਹਨਾਂ ਸਭ ਸਰਕਾਰੀ‎,‎ ਗੈਰ-ਸਰਕਾਰੀ ਸੰਸਥਾਵਾਂ ਦੇ ਨੁਮਾਂਇੰਦਿਆਂ ਨੂੰ ਸੁਆਲ ਕਰਦਾ ਹਾਂ ਕਿ ਤੁਹਾਡੀਆਂ ਸੰਸਥਾਵਾਂ ਸੇਵਾਵਾਂ ਕਿਨ੍ਹਾਂ ਨੂੰ ਦੇ ਰਹੀਆਂ ਹਨ? ਪੰਜਾਬੀਆਂ ਨੂੰ ਜਾ ਕਿਸੇ ਹੋਰ ਨੂੰ? ਜੇਕਰ ਸੇਵਾਵਾਂ ਪੰਜਾਬੀਆਂ ਨੂੰ ਦਿੱਤੀਆਂ ਜਾ ਰਹੀਆਂ ਹਨ ਤਾਂ ਫਿਰ ਆਪਣੀਆਂ ਸੰਸਥਾਵਾਂ ਵਿੱਚ ਹਦਾਇਤ ਕਰੋ ਕਿ ਸੰਸਥਾ ਨਾਲ ਵਿਚਰਨ ਵਾਲੇ ਹਰ ਬੰਦੇ ਨਾਲ ਬੋਲੀ ਤੇ ਕੰਮ ਪੰਜਾਬੀ ਵਿੱਚ ਹੋਵੇ। ਪੰਜਾਬੀ ਪੜ੍ਹਿਆ ਬੰਦਾ ਤਾਂ ਆਪਣੇ ਆਪ ਨੂੰ ਪੰਜਾਬ ਵਿੱਚ ਅਨਪੜ੍ਹ ਸਮਝਦਾ ਹੈ। ਜੇਕਰ ਕਨੇਡਾ ਦੇ ਸ਼ਹਿਰ ਵੈਨਕੂਵਰ‎,‎ ਟਰਾਂਟੋ ਆਦਿ ਦੇ ਸਰਕਾਰੀ ਤਫਤਰਾਂ ‎,‎ ਸੜਕਾਂ ‎,‎ ਦੁਕਾਨਾਂ ਜਾਂ ਹਸਪਤਾਲਾਂ ਵਿੱਚ ਅੰਗਰੇਜੀ ਦੇ ਨਾਲ ਪੰਜਾਬੀ ਵਿੱਚ ਹਦਾਇਤਾਂ ਲਿਖ ਕੇ ਲੱਗ ਸਕਦੀਆਂ ਹਨ ਤਾਂ ਕੀ ਪੰਜਾਬ ਸਰਕਾਰ ਇਹ ਕਦਮ ਨਹੀਂ ਉਠਾ ਸਕਦੀ। ਕੀ ਪੰਜਾਬ ਸਰਕਾਰ ਦੀ ਇਹ ਜੁੰਮੇਵਾਰੀ ਨਹੀਂ ਬਣਦੀ?‎…‎ ਬਿਲਕੁਲ ਬਣਦੀ ਹੈ… ਫਿਰ ਅਵੇਸਲਾਪਨ ਕਿਉਂ? ਪੰਜਾਬੀ ਪੰਜਾਬ ਦੀ ਰਾਜ-ਭਾਸ਼ਾ ਹੈ‎,‎ ਰਾਜ ਭਾਸ਼ਾ ਕਹਿਣ ਨਾਲ ਨਹੀਂ ਬਣ ਜਾਣੀ। ਪੰਜਾਬ ਸਰਕਾਰ ਦਾ ਇਹ ਬੁਨਿਆਦੀ ਫਰਜ ਬਣਦਾ ਹੈ ਕਿ ਸਰਕਾਰੀ ਜਾਂ ਗੈਰ-ਸਰਕਾਰੀ ਸੰਸਥਾਵਾ ਨੂੰ ਪੰਜਾਬੀ ਲਾਗੂ ਕਰਨ ਵਾਸਤੇ ਮਜਬੂਰ ਕਰੇ।

ਇਹ ਕਿਵੇਂ ਹੋਵੇ?

• ਪੰਜਾਬ ਸਰਕਾਰ ਭਾਸ਼ਾ ਵਿਭਾਗ ਨੂੰ ਅਜਾਦ ਹਕ-ਹਕੂਕ ਦੇਵੇ ਜਿਸ ਦੇ ਨੁੰਮਾਂਇਦੇ ਇਹ ਪ੍ਰਮਾਣਿਤ ਕਰਨ ਕਿ ਸਰਕਾਰੀ ਜਾਂ ਗੈਰ-ਸਰਕਾਰੀ ਸੰਸਥਾਵਾਂ ਨੇ ਪੰਜਾਬੀ ਲਾਗੂ ਕੀਤੀ ਹੈ ਕਿ ਨਹੀਂ।

• ਹਰ ਸਰਕਾਰੀ ਜਾਂ ਗੈਰ-ਸਰਕਾਰੀ ਸੰਸਥਾਵਾਂ ਨੂੰ ਪੰਜਾਬੀ ਬਤੌਰ ਦਫਤਰੀ-ਭਾਸ਼ਾ ਵਜੋ ਲਾਗੂ ਕਰਨ ਸੰਬਧੀ ਹਰ ਸਾਲ ਪੰਜਾਬ ਸਰਕਾਰ ਭਾਸ਼ਾ ਵਿਭਾਗ ਦੇ ਨੁੰਮਾਇਦੇ ਕੋਲੋ ਪ੍ਰਮਾਣ ਪੱਤਰ ਲੈਣਾ ਜਰੂਰੀ ਹੋਵੇ।

4਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ੰਘਫਛ): ਸ਼੍ਰੋ਼ ਗ਼ ਪ੍ਰ਼ ਕ਼ ਦੀ ਜੁੰਮੇਵਾਰੀ ਸਿਰਫ ਧਰਮ ਪ੍ਰਚਾਰ ਅਤੇ ਧਰਮ ਅਸਥਾਨਾਂ ਦੀ ਸੇਵਾ ਸੰਭਾਲ ਤੱਕ ਹੀ ਸੀਮਤ ਨਹੀਂ‎,‎ ਬਤੌਰ ਸਿੱਖਾਂ ਦੀ ਧਾਰਮਿਕ ਸੰਸਥਾ ਹੋਣ ਦੇ ਨਾਤੇ ਇਹ ਆਪਣੀ ਬੁਨਿਆਦੀ ਜੁੰਮੇਵਾਰੀਆਂ ਤੋਂ ਮੁਨਕਰ ਨਹੀਂ ਹੋ ਸਕਦੀ। ਇਸ ਸੰਸਥਾ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਗੁਰਮੁੱਖ ਅਤੇ ਗੁਰਸਿੱਖ ਹੋਣੇ ਜਰੂਰੀ ਹਨ। ਫਿਰ ਕੀ ਇਹ ਗੁਰਮੁੱਖ ਅਤੇ ਗੁਰਸਿੱਖ ਕਿਸੇ ਜਾਦੂ ਦੀ ਛੜੀ ਫੇਰਿਆਂ ਨਹੀਂ ਬਣ ਜਾਣੇ‎,‎ ਇਸ ਵਾਸਤੇ ਪੂਰਨ ਯੋਜਨਾਂ ਅਤੇ ਦ੍ਰਿੜਤਾ ਦੀ ਅਤਿਅੰਤ ਲੋੜ ਹੈ। ਕਿਸੇ ਨੂੰ ਗੁਰਮੁੱਖ ਅਤੇ ਗੁਰਸਿੱਖ ਬਨਾਓਣ ਜਾਂ ਪ੍ਰੇਰਿਤ ਕਰਨ ਦੀ ਬੁਨਿਆਦ ਤਾਂ ਗੁਰਮੁੱਖੀ / ਪੰਜਾਬੀ ਉਪਰ ਟਿਕੀ ਹੈ। ਕੀ ਸ਼੍ਰੋ਼ ਗ਼ ਪ੍ਰ਼ ਕ਼ ਗੁਰਮੁੱਖੀ / ਪੰਜਾਬੀ ਦੇ ਵਿਸਥਾਰ ਲਈ ਉਸਾਰੂ ਕਦਮ ਪੁੱਟ ਰਹੀ ਹੈ? ਜੇਕਰ ਜਵਾਬ ਨਾਂਹ ਵਿੱਚ ਹੈ ਜਾਂ ਇਸ ਮੁੱਦੇ ਨੂੰ ਕੋਈ ਛੋਟਾ ਮੁੱਦਾ ਸਮਝ ਕੇ ਆਈ-ਚਲਾਈ ਕਰ ਦੇਵੇ ਤਾਂ ਇਸ ਭੁੱਲ ਦੀ ਤੁਲਨਾ ਬਿੱਲੀ ਅੱਗੇ ਅੱਖਾਂ ਮੀਟ ਕੇ ਬੈਠੇ ਕਬੂਤਰ ਵਾਂਗ ਹੋਵੇਗੀ ਜੋ ਇਹ ਸੋਚਦਾ ਸੀ ਕਿ ਮੈਨੂੰ ਬਿੱਲੀ ਨਹੀਂ ਦੇਖ ਰਹੀ।

ਸ਼੍ਰੋ਼ ਗ਼ ਪ੍ਰ਼ ਕ਼ ਆਪਣਾ ਟੀ਼ਵੀ ਚੈਨਲ / ਅਖਬਾਰ / ਵੈਬ-ਸਾਈਟ ਸ਼ੁਰੂ ਕਰੇ। ਨਿਰੋਲ ਪੰਜਾਬੀ ਚੈਨਲ ਵਿੱਚ ਪੰਜਾਬੀ ਸਿਖਾਓਣ-ਪੜਾਓਣ‎,‎ ਪੰਜਾਬੀ ਦੇ ਵਿਸਥਾਰ ਵਾਸਤੇ ਪ੍ਰੌਗਰਾਮ ਉਲੀਕੇ ਜਾਣ। ਜੇਕਰ ਗੁਰਮੁੱਖੀ / ਪੰਜਾਬੀ ਨੂੰ ਜਿਉਂਦਾ ਰੱਖਣਾ ਹੈ ਤਾਂ ਗੁਰਮੁੱਖ ਪੈਦਾ ਕਰਨੇ ਪੈਣਗੇ ਤੇ ਮੂਲ ਰੂਪ ਵਿੱਚ ਇਹ ਬੜੀ ਵੱਡੀ ਜੁੰਮੇਵਾਰੀ ਸ਼੍ਰੋ਼ ਗ਼ ਪ੍ਰ਼ ਕ਼ ਦੀ ਬਣਦੀ ਹੈ।

5਼ ਮੀਡੀਆ‎,‎ ਸੂਚਨਾ ਅਤੇ ਪ੍ਰਸਾਰਨ ਵਿਭਾਗ: ਇਹ ਵਿਭਾਗ ਕਿਸੇ ਵੀ ਅਵਾਮ ਦੀ ਰੀੜ ਦੀ ਹੱਡੀ ਦੀ ਨਿਆਈ ਹੁੰਦਾ ਹੈ। ਮਨੁੱਖ ਦੀ ਫਿਤਰਤ ਹੈ ਕਿ ਜੋ ਵੇਖਦਾ ਹੈ‎,‎ ਜੋ ਸੁਣਦਾ ਹੈ‎,‎ ਜੋ ਪੜ੍ਹਦਾ ਹੈ ਉਹ ਹੀ ਕਰਨ ਦੀ ਸੋਚ ਬਣਦੀ ਹੈ। ਕੁੱਝ ਵਿਰਲੇ ਹੀ ਹੁੰਦੇ ਹਨ ਜੋ ਕੁੱਝ ਵੱਖਰਾ ਕਰਨ ਦੀ ਬਿਰਤੀ ਰੱਖਦੇ ਹੁੰਦੇ ਹਨ। ਅੱਜ ਪੰਜਾਬ ਵਿੱਚ ਹਿੰਦੀ ਅਖਬਾਰਾਂ ਜਿਵੇਂ “ਦੈਨਿਕ ਜਾਗਰਨ”‎,‎ “ਦੈਨਿਕ ਭਾਸਕਰ”‎,‎ “ਅਮਰ ਓਜਾਲਾ” ਵਗੈਰਾ ਵਗੈਰਾ ਆ ਪਹੁੰਚੀਆਂ ਹਨ। ਕੀ ਪੰਜਾਬੀਆਂ ਨੂੰ ਇੰਨਾ ਦੀ ਬੜੀ ਵੱਡੀ ਘਾਟ ਸੀ? ਸ਼ਾਇਦ ਨਹੀ‎,‎ ਇਸ ਦੀ ਪਿੱਠ ਭੂਮੀ ਵਿੱਚ ਜੇ ਮੈਂ ਗਲਤ ਨਹੀਂ ਤਾਂ ਇੱਕ ਬੜੀ ਯੋਜਨਾ-ਬੱਧ‎,‎ ਖਤਰਨਾਕ‎,‎ ਖੁਫੀਆ ਸੋਚ ਕੰਮ ਕਰ ਰਹੀ ਹੈ। ਕਦੇ ਪੰਜਾਬੀਆਂ ਨੇ ਪੰਜਾਬੀ ਬੋਲਦੇ ਇਲਾਕੇ ਆਨੰਦਪੁਰ ਸਾਹਿਬ ਦੇ ਮਤੇ ਤਹਿਤ ਮੰਗੇ ਸੀ। ਇਹ ਅਖਬਾਰਾਂ ਮੂਲ ਰੂਪ ਵਿੱਚ ਇਹ ਦਰਸਾਉਣਾਂ ਚਾਂਹੁੰਦੀਆਂ ਨੇ ਕਿ ਪੰਜਾਬ ਵਿੱਚ ਤਾਂ ਪੰਜਾਬੀ ਬੋਲਦੇ ਇਲਾਕੇ ਹੁਣ ਹੈ ਹੀ ਨਹੀਂ‎,‎ ਹੁਣ ਤਾਂ ਸਭ ਹਿੰਦੀ ਭਾਸ਼ੀ ਹਨ। ਪੰਜਾਬੀਓ ਇਹ ਪੈਂਤੜਾ ਬੜੀ ਸੂਖਮਤਾ ਨਾਲ ਵਿਚਾਰਣ ਦੀ ਜਰੂਰਤ ਹੈ ਅਤੇ ਸਾਡੇ ਸਾਰਿਆਂ ਲਈ ਪਰਖ ਦੀ ਘੜੀ ਵੀ‎,‎ ਕਿ ਅਸੀ ਆਪਣੀ ਮਾਂ-ਬੋਲੀ ਪ੍ਰਤੀ ਕਿੰਨੇ ਕੁ ਸੁਹਿਰਦ ਹਾਂ।

ਟੀ਼ਵੀ ਦੇ ਹਿੰਦੀ ਚੈਨਲਾਂ ਨੇ ਤਾਂ ਗੱਲ ਹੀ ਸਿਰੇ ਲਾ ਦਿੱਤੀ ਹੈ। ਹੋਰ ਤਾਂ ਹੋਰ ਮਿਲ-ਗੋਭਾ ਕਰਕੇ ਰੱਖ ਦਿੱਤਾ ਹੈ ਮਸਾਲ ਦੇ ਤੌਰ ਤੇ ਪੰਜਾਬੀ ਗਾਣੇ ਦੀ ਵੀਡਿਓ ਫਿਲਮਾਈ ਜਾਂਦੀ ਹੈ‎,‎ ਜਿਸ ਵਿੱਚ ਗਾਣਾ ਤਾਂ ਪੰਜਾਬੀ ਹੁੰਦਾ ਹੈ ਪਰ ਉਸ ਦੇ ਫਿਲਮਾਕਣ ਅਤੇ ਗਾਣੇ ਦੇ ਬੋਲਾਂ ਵਿੱਚ ਕਿਤੇ ਦੂਰ ਦੀ ਵੀ ਸਾਂਝ ਨਹੀਂ ਹੁੰਦੀ। ਇੰਝ ਲਗਦਾ ਹੈ ਜਿਵੇ ਇਹ ਟੀ਼ਵੀ ਚੈਨਲਾਂ ਵਾਲੇ ਸਰੋਤਿਆਂ ਨੂੂੰੰ ਬੰਨ੍ਹਕੇ‎,‎ ਸਰੋਂਹ ਦੇ ਸਾਗ ਨਾਲ ਜਬਰਦਸਤੀ ਬਰੈਡ ਖਵਾ ਰਹੇ ਹੋਣ।

ਉਸ ਤੋਂ ਅੱਗੇ ਜੇ ਕਿਤੇ ਇਹਨਾਂ ਹਿੰਦੀ ਚੈਨਲਾਂ ਵਾਲਿਆਂ ਨੂੰ ਸ਼ਰਮੋ-ਕੁ-ਸ਼ਰਮੀ ਕਿਤੇ ਕੋਈ ਪੰਜਾਬੀ ਪ੍ਰੋਗਰਾਮ ਦੇਣਾ ਪੈ ਜਾਵੇ ਤਾਂ ਪ੍ਰੋਗਰਾਮ ਨਸ਼ਰ ਕਰਨ ਵਾਲੇ ਪੰਜਾਬੀ ਨੂੰ ਵੀ ਹਿੰਦੀ ਵਿੱਚ ਬੋਲਦੇ ਹਨ। ਉਸ ਵਿੱਚ ਵਰਤੀ ਜਾਣ ਵਾਲੀ ਪੰਜਾਬੀ ਦੀ ਸ਼ਬਦਾਵਲੀ ਦਾ ਮਿਆਰ ਬਹੁਤ ਹੀ ਘਟੀਆ ਹੁੰਦਾ ਹੈ। ਆਖਿਰ ਇਹ ਵਿਤਕਰਾ ਕਿਓਂ? ਕੀ ਇਹਨਾਂ ਚੈਨਲਾ ਵਾਲਿਆਂ ਨੂੰ ਪੰਜਾਬੀ ਬੋਲਣ ਵਾਲੇ ਮਿਲਦੇ ਨਹੀਂ?

ਮੈ ਆਖਿਰ ਵਿੱਚ ਪੰਜਾਬ ਸਰਕਾਰ‎,‎ ਪੰਜਾਬੀ ਹਿਤੈਸ਼ੀਆਂ ਅਤੇ ਪੰਜਾਬੀਆਂ ਨੂੰ ਰੂਸੀ ਲੇਖਕ ਰਸੂਲ ਹਮਜਾਤੋਵ ਦੀ ਲਿਖਤ “ਮੇਰਾ ਦਾਗਿਸਤਾਨ” ਵਿਚੋਂ ਕੁੱਝ ਹਵਾਲਾ ਦੇ ਕੇ ਇੱਕ ਨਾ ਮਾਤਰ ਹਲੂਣਾ ਦੇਣਾ ਚਾਹੁੰਦਾਂ ਹਾਂ। ਰਸੂਲ ਮੇਰਾ ਦਾਗਿਸਤਾਨ ਵਿੱਚ ਦੋ ਦੋਸਤਾਂ ਦੀ ਕਹਾਣੀ ਬਿਆਨ ਕਰਦਾ ਹੈ ਜੋ ਰੋਜ਼ੀ ਰੋਟੀ ਦੀ ਭਾਲ ਵਿੱਚ ਆਪਣੇ ਦੇਸ ਨੂੰ ਛੱਡ ਕੇ ਕਿਸੇ ਦੂਸਰੇ ਦੇਸ ਚਲੇ ਜਾਂਦੇ ਹਨ। ਕੁੱਝ ਅਰਸੇ ਪਿਛੋ ਉਹਨਾਂ ਵਿਚੋ ਇੱਕ ਵਾਪਿਸ ਆਂਉਂਦਾ ਹੈ ਅਤੇ ਆਪਣੇ ਦੋਸਤ ਦੀ ਮਾਂ ਨੂੰ ਉਸ ਦੇ ਪੱਤ ਦਾ ਸੁਨੇਹਾ ਦੇਣ ਜਾਂਦਾ ਹੈ। ਸੁਨੇਹਾ ਸੁਨਣ ਤੋਂ ਬਾਅਦ ਦੋਸਤ ਦੀ ਮਾਂ ਪੁੱਛਦੀ ਹੈ ਕਿ ਜੋ ਤੂੰ ਮੈਨੂੰ ਸੁਨੇਹਾ ਦਿੱਤਾ ਹੈ ਇਹ ਉਸ ਨੇ ਕਿਸ ਭਾਸ਼ਾ ਵਿੱਚ ਤੈਨੂੰ ਦਿੱਤਾ ਸੀ। ਆਪਣੀ ਮਾਂ ਬੋਲੀ ਵਿੱਚ ਜਾਂ ਫਿਰ ਉਸ ਦੇਸ ਦੀ ਬੋਲੀ ਵਿੱਚ ਜਿੱਥੇ ਤੁਸੀਂ ਗਏ ਹੋ। ਦੋਸਤ ਜਵਾਬ ਦੇਦਾਂ ਹੈ ਕਿ ਉਸ ਨੇ ਇਹ ਸੁਨੇਹਾ ਉਸ ਦੇਸ ਦੀ ਬੋਲੀ ਵਿੱਚ ਦਿੱਤਾ ਸੀ। ਇਹ ਸੁਣ ਕੇ ਮਾਂ ਦੀ ਆਤਮਾ ਅੰਦਰੋ-ਅੰਦਰ ਵਿਲੂੰਧਰੀ ਜਾਂਦੀ ਹੈ ਕਿ ਮੇਰਾ ਪੁੱਤ ਮਾਂ-ਬੋਲੀ ਭੁੱਲ ਗਿਆ? ਇਹ ਸੁਨਣ ਤੋਂ ਬਾਂਅਦ ਮਾਂ ਜੁਆਬ ਦੇਂਦੀ ਹੈ ਕਿ ਮੇਰੇ ਪੁੱਤ ਮਰੇ ਨੂੰ ਤਾਂ 10 ਸਾਲ ਹੋ ਗਏ ਹਨ ਜਰੂਰ ਤੈਨੂੰ ਗਲਤੀ ਲਗੀ ਹੈ ਤੂੰ ਕਿਸੇ ਅਜਨਬੀ ਬੰਦੇ ਦਾ ਸੁਨੇਹਾ ਮੈਨੂੰ ਦੇ ਰਿਹਾ ਹੈ। ਮੇਰੇ ਪੁੱਤ ਨੇ ਮੈਨੂੰ ਸੁਨੇਹਾ ਆਪਣੀ ਮਾਂ ਬੋਲੀ ਵਿੱਚ ਹੀ ਦੇਣਾ ਸੀ ਨਾ ਕਿ ਕਿਸੇ ਹੋਰ ਭਾਸ਼ਾ ਵਿੱਚ।

ਰਸੂਲ ਰੂਸੀਆਂ ਬਾਰੇ ਹੋਰ ਵੀ ਲਿਖਦਾ ਹੈ ਕਿ ਰੂਸੀ ਜੇਕਰ ਕਿਸੇ ਨੂੰ ਸਭਿਅਕ ਗਾਲ਼ ਕੱਢਦੇ ਨੇ ਤਾਂ ਕਹਿੰਦੇ ਨੇ “ਜਾ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਵੇ”।

ਇਸੇ ਨਾਲ ਮਿਲਦਾ-ਜੁਲਦਾ ਮਿਹਣਾ ਪੰਜਾਬੀ ਦੇ ਉੱਚਕੋਟੀ ਦੇ ਗਾਇਕ ਗੁਰਦਾਸ ਮਾਨ ਨੇ ਵੀ ਆਪਣੇ ਇੱਕ ਗਾਣੇ ਵਿੱਚ ਮਾਰਿਆ ਹੈ:

“ਪੰਜਾਬੀਏ ਜੁਬਾਨੇ ਨੀ ਰਕਾਨੇ ਮੇਰੇ ਦੇਸ ਦੀਏ‎,‎ ਫਿੱਕੀ ਪੈ ਗਈ ਚਿਹਰੇ ਦੀ ਨੁਹਾਰ

ਮੀਢੀਆਂ ਖਿਲਾਰੀ ਫਿਰੇ ਬੁੱਲ੍ਹੇ ਦੀਏ ਕਾਫੀਏ ਨੀ‎,‎ ਕੀਨੇ ਤੇਰਾ ਲਾ-ਲਿਆ ਸਿੰਗਾਰ”

ਪੰਜਾਬੀਓ ਜਾਗੋ‎,‎ ਸਮੇ ਦੀ ਨਬਜ ਪਛਾਣੋ‎,‎ ਜਿੱਥੇ ਪੰਜਾਬ ਦੀ ਤੱਰਕੀ ਜਰੂਰੀ ਹੈ ਉਹਦੇ ਨਾਲ ਨਾਲ ਸਭਿਅਕ ਕਦਰਾਂ ਕੀਮਤਾਂ ਵੀ ਉੱਨੀਆਂ ਹੀ ਜਰੂਰੀ ਨੇ‎,‎ ਸਾਡੀ ਹੋਂਦ ਸਾਡੇ ਪੁਰਖਿਆਂ ਦੀ ਮਿਹਨਤ-ਮੁੱਸ਼ਕਤ ਦਾ ਨਤੀਜਾ ਹੈ। ਆਪਣੇ ਪੁਰਖਿਆਂ ਦੀ ਬੋਲੀ ਅਤੇ ਆਪਣੀ ਮਾਂ ਬੋਲੀ ਨੂੰ ਉਸ ਦੇ ਘਰ ਵਿੱਚ ਗਲਾ ਘੁੱਟ ਕੇ ਨਾ ਮਾਰੋ। ਸਾਡੇ ਲੀਡਰਾਂ ਨੇ ਜੋ ਚੰਦ ਚਾੜ੍ਹੇ ਉਸ ਬਾਰੇ ਮੈਂ ਬਿਖਿਆਨ ਕਰਨ ਦੀ ਬਹੁਤੀ ਲੋੜ ਨਹੀਂ ਸਮਝਦਾ ਹਰ ਪੰਜਾਬੀ ਜਾਣਦਾ ਹੈ ਜਿੰਨਾ ਗੱਦੀ ਹਥਿਆਉਣ ਦੀ ਸੌੜੀ ਸੋਚ ਵੱਸ ਪੈ ਕੇ ਪੰਜਾਬ ਨੂੰ ਗੈਰ-ਪੰਜਾਬੀ ਸੋਚ ਵਾਲਿਆਂ ਕੋਲ ਗਹਿਣੇ ਪਾ ਦਿੱਤਾ। ਮੈਂ ਆਪ ਨੂੰ ਅਪੀਲ ਕਰਦਾ ਹਾਂ ਕਿ ਆਪਣਾ ਮੂਲ ਅਤੇ ਆਪਣੀਆਂ ਜੁੰਮੇਵਾਰੀਆਂ ਪਛਾਣੋ‎,‎ ਜੇ ਤੁਸੀ ਅੱਜ ਪੰਜਾਬੀ ਬੋਲੀ ਦੇ ਹੱਕ ਵਿੱਚ ਨਾ ਨਿੱਤਰੇ ਤਾਂ ਫਿਰ ਤੁਸੀ ਪੰਜਾਬੀ ਕਹਾਓਣ ਦੇ ਵੀ ਹੱਕਦਾਰ ਨਹੀਂ ਰੋਹੋਗੇ।

Read 3645 times Last modified on Wednesday, 28 October 2009 16:14
ਸੁਰਜੀਤ ਸਿੰਘ

ਸੁਰਜੀਤ ਸਿੰਘ ‎‎ ਗੁਰੂ ਨਾਨਕ ਦੇਵ ਯੂਨੀਵਰਿਸਟੀ ਅਤੇ ਅਮਰੀਕਾ ਤੋਂ ਉਚੇਰੀ ਵਿਦਿਆ ਪ੍ਰਾਪਤ ਕਰਕੇ ਖਾਲਸਾ ਕਾਲਜ ਅੰਮ੍ਰਿਤਸਰ‎,‎ ਰੀਜ਼ਨਲ ਇੰਜ਼ ਕਾਲਜ ਜੰਲਧਰ ਵਿਖੇ 7 ਸਾਲ ਪੜਾੳਣ ਉਪਰੰਤ ਹੁਣ ਮਿਸ਼ੀਗਨ‎,‎ ਅਮਰੀਕਾ ਵਿੱਚ ਕੰਪਿਊਟਰ ਦੇ ਖੇਤਰ ਵਿੱਚ ਹਨ।