You are here:ਮੁਖ ਪੰਨਾ»ਲੇਖ਼»ਢਾਈ ਡਾਲਰ ਦਾ ਕਰਜ਼ਾ

ਲੇਖ਼ਕ

Wednesday, 28 October 2009 15:47

ਢਾਈ ਡਾਲਰ ਦਾ ਕਰਜ਼ਾ

Written by
Rate this item
(0 votes)

ਇਹ ਮੇਰੀ ਪਹਿਲੀ ‘ਦੇਸ ਵਾਪਸੀ’ ਸੀ। ਦੋ ਸਾਲ ਆਸਟ੍ਰੇਲੀਆ ਰਹਿਣ ਪਿਛੋਂ ਪਹਿਲੀ ਵਾਰ ਦਿੱਲੀ ਦੇ ਅੰਤਰ-ਰਾਸ਼ਟਰੀ ਹਵਾਈ ਅੱਡੇ `ਤੇ ਉਤਰੇ ਸਾਂ। ਭਾਵੇਂ ਕਿ ਰਿਸ਼ਤੇਦਾਰਾਂ ਨੂੰ ਲੈਣ ਅਤੇ ਛੱਡਣ ਵਾਸਤੇ ਅਨੇਕਾਂ ਵਾਰ ਮੈਂ ਏਅਰਪੋਰਟ ਆਇਆ ਸਾਂ ਪਰ ਦੇਸ ਵਾਪਸੀ ਦਾ ਅਨੁਭਵ ਹੰਡਾਉਣ ਦਾ ਇਹ ਮੇਰਾ ਪਹਿਲਾ ਮੌਕਾ ਸੀ। ਮੇਰੇ ਮਾਮਾ ਜੀ ਅਤੇ ਛੋਟਾ ਭਣਵਈਆਂ‎,‎ ਸਾਨੂੰ ਲੈਣ ਵਾਸਤੇ ਆਏ ਸਨ। ਏਅਰਪੋਰਟ ਦੇ ਸ਼ੀਸ਼ਆਂ ਵਿਚਦੀ ਆਪਣਿਆਂ ਨੂੰ ਵੇਖ ਕੇ‎,‎ ਦੋਹਾਂ ਪਾਸਿਆਂ ਤੋਂ ਉਪਰ ਉਠੇ ਤੇ ਜ਼ੋਰ ਜ਼ੋਰ ਦੀ ਹਿਲਦੇ ਹੱਥਾਂ ਦੀਆਂ ਭਾਵਨਾਵਾਂ ਨੂੰ‎,‎ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।

ਕਾਰ ਵਿੱਚ ਬੈਠ ਕੇ ਚੱਲਣ ਲੱਗੇ ਤਾਂ ਮੇਰੇ ਬੇਟੇ ਨਵਦੀਪ ਨੇ ਸੀਟ ਬੈਲਟ ਤੋਂ ਫਸਾਦ ਪਾ ਲਿਆ। ਆਖੇ ਪਹਿਲਾਂ ਸੀਟ ਬੈਲਟ ਲਾਉ ਤੇ ਫਿਰ ਕਾਰ ਚਲਾਉ। ਕਾਰ ਵਿੱਚ ਬੈਲਟਾਂ ਘੱਟ ਸਨ ਤੇ ਸਵਾਰੀਆਂ ਜ਼ਿਆਦਾ। ਜਿਹੜੀ ਇੱਕ ਬੈਲਟ ਸੀ ਉਹ ਉਸਨੂੰ ਲਾ ਦਿੱਤੀ ਪਰ ਉਸਦੀ ਅਗਲੀ ਜ਼ਿਦ ਸੀ ਕਿ ਬੈਲਟਾਂ ਸਾਰੇ ਜਣੇ ਲਾਉ ਨਹੀਂ ਤਾਂ ਪੁਲੀਸ ਫੜ ਲਵੇਗੀ। ਉਸਨੂੰ ਸਮਝਾਇਆ ਕਿ ਆਪਾਂ ਹੁਣ ਇੰਡੀਆਂ `ਚ ਹਾਂ ਆਸਟ੍ਰੇਲੀਆ ਵਿੱਚ ਨਹੀਂ। ਏਥੇ ਸੀਟ ਬੈਲਟਾਂ ਸਿਰਫ ਡਰਾਈਵਰ ਅੰਕਲ ਹੀ ਲਾਉਂਦੇ ਹਨ‎,‎ ਨਾਲੇ ਕਾਰ ਵਿੱਚ ਹਨੇਰਾ ਹੈ। ਪੁਲੀਸ ਨੂੰ ਪਤਾ ਨਹੀਂ ਲੱਗਣਾ ਕਿ ਬੈਲਟਾਂ ਲਾਈਆਂ ਹਨ ਜਾਂ ਨਹੀਂ। ਇਹ ਪਹਿਲੀ ਤਸਵੀਰ ਸੀ ਜੋ ਆਪਣੇ ਦੇਸ ਦੀ ਧਰਤੀ ਤੇ ਕਦਮ ਰੱਖਣ ਤੋਂ ਥੋੜਾਂ ਸਮਾਂ ਬਾਅਦ ਹੀ‎,‎ ਮੈਨੂੰ ਆਪਣੇ ਪੁੱਤਰ ਨੂੰ ਪੇਸ਼ ਕਰਨੀ ਪਈ। ਨਿਯਮਾਂ ਦੀ ਪਾਲਣਾ ਕਰਨ ਲਈ ਜੋ ਸੰਸਕਾਰ ਬਾਹਰਲੇ ਮੁਲਕਾਂ ਵਿੱਚ ਸਖਾਏ ਜਾਂਦੇ ਹਨ‎,‎ ਉਹਨਾਂ ਨੂੰ ਚਕਣਾ ਚੂਰ ਕਰਨ ਲਈ‎,‎ ਸਾਨੂੰ ਆਉਂਦਿਆਂ ਹੀ ਮਜ਼ਬੂਰ ਤੇ ਲਾਚਾਰ ਹੋਣਾ ਪੈਂਦਾ ਹੈ।

“ਤੁਸੀਂ ਬੱਚੇ ਨੂੰ ਅਜਿਹਾ ਕਿਉਂ ਕਹਿ ਰਹੇ ਹੋ? ਨਾਲੇ ਸਮਾਨ ਵਾਲੀ ਟਰਾਲੀ ਤਾਂ ਸੜਕ ਤੋਂ ਪਾਸੇ ਕਰ ਆਉਣੀਂ ਸੀ। ਉਥੇ ਤਾਂ ਬੜੇ ਚੰਗੇ ਬਣਦੇ ਹੋ” । ਪਟਨੀ ਵਿਚੋਂ ਵੀ ਵਿਦੇਸੀ ਸਭਿਆਚਾਰ ਬੋਲ ਰਿਹਾ ਸੀ। ਉਹ ਸਮਾਨ ਵਾਲੀ ਉਸ ਟਰਾਲੀ ਬਾਰੇ ਕਹਿ ਰਹੀ ਸੀ ਜਿਸ ਉਪਰੋਂ ਆਪਣਾ ਸਮਾਨ ਤਾਂ ਚੁੱਕ ਕੇ ਕਾਰ ਵਿੱਚ ਰੱਖ ਲਿਆ ਸੀ ਪਰ ਟਰਾਲੀ ਨਸ਼ੂੰ ਸੜਕ ਦੇ ਵਿਚਕਾਰ ਹੀ ਰਹਿਣ ਦਿੱਤਾ ਸੀ ਤੇ ਆਪ ਕਾਰ ਵਿੱਚ ਆਣ ਬੈਠਾ ਸਾਂ।

“ਏਥੇ ਸਭ ਚਲਦਾ ਹੈ” । ਮੈਂ ਏਨਾਂ ਆਖ ਉਸਨੂੰ ਤਾਂ ਟਾਲ ਦਿੱਤਾ ਪਰ ਆਪ ਸੋਚਣ ਲੱਗਾ ਕਿ ਮੈਂ ਅਜਿਹਾ ਕਿਉਂ ਕਿਹਾ ਜਾਂ ਮੈਂ ਅਜਿਹਾ ਕਿਉਂ ਕੀਤਾ? ਦਰਅਸਲ ਇਸ ਸੋਚ ਦੀ ਨਵਿਰਤੀ ਹੀ ਇਸ ਲੇਖ ਦਾ ਵਿਸ਼ਾ ਹੈ। ‘ਰੋਮ ਵਿੱਚ ਜਾ ਕੇ ਰੋਮਨਾਂ ਵਾਲਾ ਵਰਤਾਉ’ ਕਰਨ ਵਾਲੀ ਕਹਾਵਤ ਮਨ ਵਿੱਚ ਸੀ ਜਾਂ ਇਹ ਡਰ ਕਿ ਪਤਾ ਨਹੀਂ ਕਿਹੜੀ ਨੁਕਰੋਂ ਕੋਈ ਆ ਕੇ ਹੁਕਮ ਚਾੜਸ਼ ਦੇਵੇਗਾ ਕਿ ਸਰਦਾਰ ਜੀ ਗੱਡੀ ਇੱਕ ਪਾਸੇ ਲਾ ਲਵੋ ਤੇ ਸਮਾਨ ਚੈੱਕ ਕਰਵਾਉੇ। ਫਿਰ ਅਟੈਚੀ ਖੋਹਲਣ ਤੋਂ ਬਿਨਾਂ ਸਾਥੋਂ ਇਹ ਸਾਬਤ ਨਹੀਂ ਹੋਣਾ ਕਿ ਅਸੀਂ ਗਰੀਨ ਚੈਨਲ ਵਿੱਚਦੀ ਲੰਘ ਕੇ ਆਏ ਹਾਂ ਤੇ ਸਾਡੇ ਕੋਲ ਕੋਈ ਗੈਰ ਕਾਨੂੰਨੀ ਸਮਾਨ ਨਹੀਂ ਹੈ। ਸੜਕ ਦੇ ਕੰਢੇ ਤੇ ਖੁਲੇ ਹੋਏ ਅਟੈਚੀ ਵੇਖ ਕੇ‎,‎ ਏਅਰਪੋਰਟ ਦੇ ਟਰਾਲੀ ਹੈਲਪਰ ਦੇ ਖਚਰੇ ਹਾਸੇ ਨੂੰ ਸਹਿਣ ਕਰਨ ਤੋਂ ਬਚਣ ਲਈ‎,‎ ਮੈਂ ਜਲਦੀ ਤੁਰਨ ਦੇ ਯਤਨਾਂ ਵਿੱਚ ਸਾਂ। ਇਸ ਤੋਂ ਇਲਾਵਾ ਘਰ ਪਹੁੰਚਣ ਤੱਕ ਇਹ ਡਰ ਬਣਿਆ ਰਹਿੰਦਾ ਹੈ‎,‎ ਕਿ ਪਤਾ ਨਹੀਂ ਸੂਟਕੇਸਾਂ ਦੀਆ ਰੱਸੀਆਂ ਕਿਹੜੇ ਨਾਕੇ ਤੇ ਖੋਹਲਣੀਆਂ ਪੈਣ ਜਾਂ ਕਿਹੜੇ ਢਾਬੇ ਤੋਂ ਸੂਟਕੇਸਾਂ ਵਿੱਚੋਂ ਆਉਦੀਆਂ ਖੁਸਬੋਆਂ ਨੂੰ ਸੁੰਘ ਕੇ‎,‎ ਕੋਈ ਤੁਹਾਡੀ ਗੱਡੀ ਫਾਲੋ ਕਰਨ ਲੱਗ ਪਵੇ।

ਦਰਅਸਲ ਏਹੋ ਜਿਹੇ ਡਰ ਅਤੇ ਕਈ ਹੋਰ ਤਰਾਂ ਦੇ ਸ਼ੰਕੇ ਜ਼ਹਾਜ਼ ਦੇ ਉਤਰਦਿਆਂ ਹੀ ਮਨ ਵਿੱਚ ਆਉਣ ਲੱਗ ਪੈਂਦੇ ਹਨ ਕਿ ਪਤਾ ਨਹੀਂ ਇੰਮੀਗ੍ਰੇਸ਼ਨ ਵਾਲੇ ਕੀ ਕਹਿਣਗੇ? ਕਸਟਮ ਵਾਲੇ ਸਮਾਨ ਜਾਣ ਦੇਣਗੇ ਕਿ ਨਹੀਂ? ਬਾਹਰ ਨਿਕਲ ਕੇ ਤਾਂ ਕੋਈ ਪੰਗਾ ਨਹੀਂ ਪਵੇਗਾ? ਇੰਨਾਂ ਸ਼ੰਕਿਆਂ ਤੋਂ ਸੁਖਾਂਵੀਂ ਨਵਿਰਤੀ ਪ੍ਰਾਪਤ ਕਰਨ ਲਈ‎,‎ ਨਾ ਚਹੁੰਦਿਆ ਹੋਇਆ ਵੀ ਅਜਿਹੀਆਂ ਹਰਕਤਾਂ ਕਰਨੀਆਂ ਪੈਂਦੀਆਂ ਹਨ ਜਿਨਾਂ ਨੂੰ ਵੇਖ ਕੇ‎,‎ ਦੂਸਰਿਆਂ ਨੂੰ ਦੁਖ ਮਹਿਸੂਸ ਹੁੰਦਾ ਹੈ ਕਿ ਕਈ ਕਈ ਸਾਲ ਵਿਦੇਸ਼ਾਂ ਵਿੱਚ ਬਤਾਉਣ ਪਿਛੋਂ ਵੀ‎,‎ ਸਾਡੇ ਲੋਕਾਂ ਨੂੰ ਤਹਿਜ਼ੀਬ ਪਤਾ ਨਹੀ ਕਦੋਂ ਆਵੇਗੀ?

ਵਿਦੇਸ਼ੀ ਸਲੀਕੇ ਦਾ ਜਨਾਜ਼ਾ ਇੰਮੀਗ੍ਰੇਸ਼ਨ ਵਾਲੀ ਲਾਈਨ ਤੋੜਨ ਨਾਲ ਹੀ ਸ਼ੁਰੂ ਹੋ ਜਾਂਦਾ ਹੇ ਅਤੇ ਇਹ ਉਸ ਵੇਲੇ ਹੋਰ ਵੀ ਸਿਖਰ ਤੇ ਪਹੁੰਚ ਜਾਂਦਾ ਹੈ ਜਦੋਂ ਵਿਦੇਸ਼ਾਂ ਵਿੱਚ ਹੱਸ ਕੇ ਹਜ਼ਾਰਾਂ ਡਾਲਰ ਟੈਕਸ ਦੇਣ ਵਾਲੇ ਲੋਕ‎,‎ ਆਪਣੀ ਧਰਤੀ ਤੇ ਪੈਰ ਰੱਖਦਿਆਂ ਹੀ‎,‎ ਪਹਿਲਾ ਯਤਨ ਕਰਦੇ ਹਨ ਕਿ ਕਿਸੇ ਨਾ ਕਿਸੇ ਤਰਾਂ ਬਿਨਾਂ ਕਸਟਮ ਡਿਊਟੀ ਦਿੱਤਿਆਂ‎,‎ ਉਹਨਾਂ ਦਾ ਸਾਰਾ ਸਮਾਨ ਏਅਰਪੋਰਟ ਤੋਂ ਬਾਹਰ ਨਿਕਲ ਜਾਵੇ। ਵਿਦੇਸ਼ੀ ਕਲਚਰ ਦਾ ਇਮਾਨਦਾਰ ਹਿੱਸਾ ਬਣੇ ਇਹ ਲੋਕ‎,‎ ਏਅਰਪੋਰਟ ਦੇ ਅਧਿਕਾਰੀਆਂ ਨੂੰ ਵਿਦੇਸ਼ੀ ਸੈਂਟਾਂ‎,‎ ਸ਼ਰਾਬ ਜਾਂ ਡਾਲਰਾਂ ਨਾਲ ਰੁਝਾ ਕੇ‎,‎ ਰੰਗ ਬਰੰਗੀਆਂ ਰੱਸੀਆਂ ਨਾਲ ਬੱਝੇ ਬਝਾਏ ਸੂਟਕੇਸ‎,‎ ਬਿਨਾਂ ਡਿਊਟੀ ਅਦਾ ਕੀਤਆਂ ਬਾਹਰ ਲੈ ਜਾਣ ਵਿੱਚ ਸਫਲ ਹੋ ਜਾਂਦੇ ਹਨ ਤੇ ਫਿਰ ਬੜੇ ਮਾਣ ਨਾਲ ਉਹ ਆਪਣੀ ਇਸ ਪ੍ਰਾਪਤੀ ਦਾ ਜ਼ਿਕਰ ਦੂਸਰਿਆਂ ਕੋਲ ਕਰਦੇ ਹਨ।

ਪਰ ਵਿਦੇਸ਼ਾਂ ਵਿੱਚ ਅਜਿਹਾ ਨਹੀਂ ਹੈ। ਉਥੇ ਲਾਈਨ ਬਣਾਈ ਰੱਖਣ ਵਾਲੇ ਬਹੁਤੇ ਹੁੰਦੇ ਹਨ ਤੇ ਤੋੜਨ ਵਾਲੇ ਘੱਟ‎,‎ ਸੜਕ ਵਿੱਚੋਂ ਟਰਾਲੀ ਹਟਾਉਣ ਵਾਲੇ ਜਿਆਦਾ ਅਤੇ ਵਿੱਚ ਛੱਡਣ ਵਾਲੇ ਥੋੜਸ਼ੇ‎,‎ ਡਿਊਟੀ ਭਰਨ ਤੋਂ ਬਿਨਾਂ ਸਮਾਨ ਲੈ ਜਾਣ ਬਾਰੇ ਕਹਿਣਾ ਤਾਂ ਕੀ‎,‎ ਅਜਿਹਾ ਕਰਨ ਬਾਰੇ ਕੋਈ ਸੋਚਦਾ ਵੀ ਨਹੀਂ। ਇਹਨਾਂ ਮੁਲਕਾਂ ਵਿੱਚ ਪ੍ਰਬੰਧਕੀ ਢਾਂਚਾ ਮਜਬੂਤ ਹੁੰਦਾ ਹੈ। ਜਿਥੇ ‘ਉਹ’ ਟੈਕਸ ਕੱਟਦੇ ਹਨ‎,‎ ਉਥੇ ਹਰ ਬਣਦੀ ਮੁਢਲੀ ਸਹੂਲਤ ਹਰ ਆਮ ਨਾਗਰਿਕ ਨੂੰ‎,‎ ਬਿਨਾਂ ਕਿਸੇ ਵਿਤਕਰੇ ਅਤੇ ਪ੍ਰੇਸ਼ਾਨੀ ਦੇ ਪ੍ਰਾਪਤ ਹੰਦੀ ਹੈ। ਇਸੇ ਲਈ ਤਾਂ ਆਮ ਨਾਗਰਿਕ‎,‎ ਬਣਦੀਆਂ ਅਦਾਇਗੀਆਂ ਨੂੰ ਵੇਲੇ ਸਿਰ ਭਰਨਾਂ ਆਪਣਾ ਫਰਜ਼ ਸਮਝਦਾ ਹੈ।

ਮੈਂ ਆਪਣੀ ਦਸਦਾ ਹਾਂ। ਆਸਟ੍ਰੇਲੀਆ ਵਿਖੇ ਮੈਂ ਬੱਸ ਰਾਂਹੀ ਆਪਣੇ ਕੰਮ ਤੇ ਆਉਂਦਾ ਜਾਂਦਾ ਸਾਂ। ਬਸ ਸਰਵਿਸ ਏਨੀ ਵਧੀਆ ਕਿ ਪੁਛੋ ਹੀ ਨਾ। ਨਵੀਆਂ ਨਕੋਰ ਲਗਦੀਆਂ ਸਾਫ ਸੁਥਰੀਆਂ ਏਅਰ ਕੰਡੀਸ਼ਨਡ ਬੱਸਾਂ। ਜੇਕਰ ਕਿਸੇ ਬਾਜ਼ੁਰਗ ਨੂੰ ਬੱਸ ਵਿੱਚ ਚੜਨ ਸਮੇਂ ਉੱਚਾ ਸਟੇਪ ਲੈਣ ਵਿੱਚ ਦਿਕਤ ਆਉਂਦੀ ਹੋਵੇ‎,‎ ਤਾਂ ਬੱਸ ਦਾ ਡਰਾਈਵਰ‎,‎ ਬਸ ਨੂੰ ਇਸ ਢੰਗ ਨਾਲ ਨੀਵਆਂ ਕਰ ਦਿੰਦਾ ਹੈ ਕਿ ਬਾਜ਼ੁਰਗ ਆਸਾਨੀ ਨਾਲ ਬੱਸ ਵਿੱਚ ਚੜਸ਼ ਸਕਣ। ਟਾਈਮ ਦੀ ਪੂਰੀ ਪਾਬੰਦੀ। ਕੋਈ ਓਵਰਲੋਡ ਨਹੀ। ਗੱਲ ਕੀ ਹਰ ਸਹੂਲਤ। ਦੋ ਸਾਲਾਂ ਵਿੱਚ ਸਿਰਫ ਤੇ ਸਿਰਫ ਇੱਕ ਵਾਰ ਹੀ ਟਿਕਟਾਂ ਦੀ ਚੈਕਿੰਗ ਹੋਈ। ਟਿਕਟਾਂ ਵਾਸਤੇ ਕੋਈ ਕੰਡਕਟਰ ਨਹੀਂ। ਬਸ ਦਾ ਡਰਾਈਵਰ ਹੀ ਟਿਕਟਾਂ ਦਿੰਦਾ ਹੈ। ਟੁਟੇ ਪੈਸਿਆਂ ਦਾ ਕੋਈ ਰੌਲਾ ਨਹੀਂ। ਅਬਲ ਤਾਂ ਹਰ ਕੋਈ ਬਣਦੇ ਕਰਾਏ ਦੇ ਟੁਟੇ ਪੈਸੇ ਲੈ ਕੇ ਬੱਸ ਵਿੱਚ ਚੜਨਾਂ ਆਪਣਾ ਫਰਜ ਸਮਝਦਾ ਹੈ ਪਰ ਫਿਰ ਵੀ ਜੇਕਰ ਕਿਸੇ ਕੋਲ ਭਾਨ ਨਾ ਵੀ ਹੋਵੇ ਤਾਂ ਡਰਾਈਵਰ ਕੋਲ ਭਾਨ ਹੁੰਦਾ ਹੈ। ਪਰ ਇੱਕ ਦਿਨ ਜਦ ਮੈਂ ਆਪਣੇ ਕੰਮ ਤੋਂ ਵਾਪਿਸ ਪਰਤ ਰਿਹਾਂ ਸਾਂ ਤਾਂ ਇੱਕ ਅੰਗਰੇਜ਼ ਨੌਜੁਆਨ ਡਰਾਈਵਰ‎,‎ ਬੱਸ ਚਲਾ ਰਿਹਾ ਸੀ। ਮੇਰੇ ਕੋਲ ਢਾਈ ਡਾਲਰ ਟੁਟੇ ਨਹੀਂ ਸਨ। ਮੈਂ ਉਸਨੂੰ ਵੀਹ ਡਾਲਰ ਦਾ ਨੋਟ ਟਿਕਟ ਵਾਸਤੇ ਦਿੱਤਾ। ਉੋਸਨੇ ਆਪਣੀ ਕੈਸ ਟ੍ਰੇਅ ਚੈੱਕ ਕੀਤੀ ਪਰ ਉਸ ਕੋਲ ਬਕਾਇਆ ਦੇਣ ਲਈ ਭਾਨ ਨਹੀਂ ਸੀ।

“ਕੋਈ ਗੱਲ ਨਹੀਂ। ਤੁਸੀਂ ਚੜਸ਼ ਆਵੋ ਤੇ ਆਰਾਮ ਨਾਲ ਬੈਠੋ” ਡਰਾਈਵਰ ਨੇ ਮੁਸਕਰਾ ਕੇ ਕਿਹਾ। ਇਹ ਪਹਿਲੀ ਵਾਰ ਹੋਇਆ ਸੀ ਕਿ ਡਰਾਈਵਰ ਕੋਲ ਟੁੱਟੇ ਪੈਸੇ ਨਾ ਹੋਣ ਤੇ ਮੈਂ ਬਿਨਾਂ ਟਿਕਟ ਦੇ ਸਫਰ ਕਰਾਂ। ਮੈਂ ਬਸ ਵਿੱਚ ਚੜ ਤਾਂ ਗਿਆ ਪਰ ਜਦ ਮੈਂ ਬੱਸ ਵਿਚਲੀਆਂ ਹੋਰ ਸਵਾਰੀਆਂ ਵੱਲ ਝਾਤੀ ਮਾਰੀ ਤਾਂ ਉਹ ਮੇਰੇ ਵੱਲ ਇਸ ਤਰਾਂ ਵੇਖ ਰਹੀਆਂ ਸਨ ਜਿਵੇਂ ਮੈਂ ਬਹੁਤ ਵੱਡਾ ਚੋਰ ਹੋਵਾਂ। ਪਰ ਇਸ ਵਿੱਚ ਮੇਰਾ ਕੋਈ ਕਸੂਰ ਨਹੀਂ ਸੀ। ਵੀਹ ਡਾਲਰ ਦਾ ਨੋਟ ਹਾਲੇ ਵੀ ਮੇਰੇ ਹੱਥ ਵਿੱਚ ਸੀ। ਮੈਂ ਮਨਚਲੇ ਡਰਾਈਵਰ ਬਾਰੇ ਸੋਚਨ ਲੱਗਾ ਕਿ ਹੋ ਸਕਦਾ ਹੈ ਕਿ ਉਸ ਕੋਲ ਸੱਚਮੁਚ ਹੀ ਟੁੱਟੇ ਪੈਸੇ ਨਾ ਹੋਣ ਜਾਂ ਉਸਨੇ ਗਿਨਣ ਖੁਣੋਂ ਹੀ ਕਹਿ ਦਿੱਤਾ ਹੋਵੇ। ਨਾਲੇ ਮੇਂ ਅਗਲੇ ਸਟਾਪ ਤੇ ਹੀ ਤਾਂ ਉੰਤਰ ਜਾਣਾ ਸੀ ਪਰ ਜੇਕਰ ਇਸ ਦੌਰਾਨ ਹੀ ਚੈਕਿੰਗ ਹੋ ਗਈ ਤਾਂ ਮੈਂ ਕੀ ਕਹਾਂਗਾਂ ਕਿ ਡਰਾਈਵਰ ਨੇ ਟਿਕਟ ਨਹੀਂ ਦਿੱਤੀ। ਇਹ ਕਿਸੇ ਨੇ ਮੰਨਣਾ ਨਹੀਂ ਤੇ ਇਹ ਪ੍ਰਚਾਰ ਹੋ ਜਾਣਾ ਹੈ ਕਿ ਸਰਦਾਰ ਲੋਕ ਬੱਸਾਂ ਵਿੱਚ ਟਿਕਟਾਂ ਨਹੀਂ ਲੈਦੇ। ਦੂਸਰੇ ਪਾਸੇ ਇਹ ਵੀ ਸੋਚਦਾ ਸਾਂ ਕਿ ਚਲੋ ਚੰਗਾ ਹੀ ਹੋਇਆ। ਢਾਈ ਡਾਲਰ ਭਾਵ ਸੱਠ ਸੱਤਰ ਰੁਪਈਏ ਬਚ ਗਏ। ਪਰ ਬੱਸ ਦੀਆਂ ਸਹੂਲਤਾਂ ਨੂੰ ਵੇਖਦਿਆਂ ਮੈਨੂੰ ਆਪਣੀ ਇਹ ਸੋਚ ਬੜੀ ਘਟੀਆ ਲੱਗੀ। ਆਪਣੇ ਸਟਾਪ ਤੇ ਉਤਰ ਤਾਂ ਗਿਆ ਪਰ ਮਨ ਉਤੇ ਮਨਾਂਮੂੰਹੀਂ ਭਾਰ ਸੀ। ਬੱਸ ਡਰਾਈਵਰ ਨੇ ਢਾਈ ਡਾਲਰ ਦਾ ਕਰਜ਼ਾ ਮੇਰੇ ਸਿਰ ਚਾੜ ਦਿੱਤਾ ਸੀ ਤੇ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਮੇਂ ਇਹ ਕਰਜ਼ਾ ਕਿਸ ਤਰਾਂ ਉਤਾਰਾਂਗਾਂ। ਕਦੀ ਸੋਚਦਾ ਢਾਈ ਡਾਲਰ ਖਜ਼ਾਨੇ ਵਿੱਚ ਜਮਾਂ ਕਰਵਾ ਦੇਵਾਂ‎,‎ ਕਿਸੇ ਚੈਰੀਟੀ ਦੀ ਗੋਲਕ ਵਿੱਚ ਪਾ ਦੇਵਾਂ ਪਰ ਇਸ ਨਾਲ ਉਹਨਾਂ ਤੱਕਣੀਆਂ ਦੀ ਪੂਰਤੀ ਨਹੀਂ ਸੀ ਹੋਣੀ ਜੋ ਬੱਸ ਵਿੱਚਲੀਆ ਸਵਾਰੀਆਂ ਨੇ ਮੇਰੇ ਵੱਲ ਤੱਕੀਆਂ ਸਨ। ਮੈਂ ਇਸ ਪ੍ਰਬੰਧ ਦਾ ਸਹੀ ਅਰਥਾਂ ਵਿੱਚ ਕਰਜ਼ਾ ਮੋੜਨਾਂ ਚਾਹੁੰਦਾ ਸਾਂ।

ਸਮਾਂ ਬੀਤਦਾ ਗਿਆ ਪਰ ਕੋਈ ਵਧੀਆ ਅਦਾਇਗੀ ਨਹੀਂ ਸਾਂ ਸੋਚ ਸਕਿਆ। ਏਨੇ ਚਿਰ ਨੂੰ ਕਨੈਡਾ ਮੂਵ ਹੋ ਜਾਣ ਦਾ ਪ੍ਰੋਗਰਾਮ ਬਣ ਗਿਆ। ਜਾਣ ਦੀ ਤਾਰੀਖ਼ ਵੀ ਤਹਿ ਹੋ ਗਈ ਪਰ ਸਿਰ ਤੇ ਕਰਜ਼ਾ ਜਿਉਂ ਦਾ ਤਿਉਂ ਸੀ। ਕਨੈਡਾ ਜਾਣ 

ਲਈ ਫਲਾਈਟ ਤੋਂ ਇੱਕ ਦਿਨ ਪਹਿਲਾਂ ਸ਼ਾਮ ਨੂੰ ਮੈਂ ੁਬੱਸ ਰਾਂਹੀ ਘਰ ਪਰਤ ਰਿਹਾਂ ਸਾਂ ਕਿ ਬੱਸ ਦੇ ਕੋਲ ਦੀ ਇੱਕ ਐਂਬੂਲੈਂਸ ਉੱਚੀ ਉੱਚੀ ਸਾਇਰਨ ਮਾਰਦੀ ਹੋਈ ਲੰਘੀ। ਕੋਈ ਐਕਸੀਡੈਂਟ ਹੋਇਆ ਲਗਦਾ ਸੀ ਤੇ ਫੱਟੜ ਨੂੰ ਹਸਪਤਾਲ ਪਹੁੰਚਾਇਆ ਜਾ ਰਿਹਾ ਸੀ। ਇੱਕਦਮ ਮਨ ਵਿੱਚ ਖਿਆਲ ਆਇਆ ਕਿ ਫੱਟੜ ਨੂੰ ਖੂਨ ਦੀ ਵੀ ਲੋੜ ਪੈ ਸਕਦੀ ਹੈ ਤੇ ਖੂਨ ਦੇ ਕੇ ਮੈਂ ਆਪਣਾ ਕਰਜ਼ਾ ਲਾਹ ਸਕਦਾ ਹਾਂ। ਪਰ ਇਹ ਕਿਵੇਂ ਸੰਭਵ ਸੀ। ਸ਼ਾਮ ਦਾ ਸਮਾਂ ਸੀ‎,‎ ਸਵੇਰੇ ਫਲਾਈਟ ਸੀ ਅਤੇ ਸਿਧਾ ਹਸਪਤਾਲ ਜਾ ਕੇ ਬਲੱਡ ਡੋਨੇਟ ਨਹੀਂ ਸੀ ਕੀਤਾ ਜਾ ਸਕਦਾ। ਪਰ ਕਰਜ਼ਾ ਵੀ ਤਾਂ ਲਾਹੁਣਾ ਸੀ ਤੇ ਬਲੱਡ ਦੇਣਾ ਹੀ ਇੱਕੋ ਇੱਕ ਵਧੀਆ ਅਦਾਇਗੀ ਸੀ। ਸੋ ਮੈਂ ਬਲੱਡ ਦੇਣ ਦਾ ਫੈਸਲਾ ਕਰਕੇ‎,‎ ਅਗਲੇ ਬੱਸ ਸਟਾਪ ਤੇ ਬੱਸ ਵਿੱਚੋਂ ਉਤਰ ਗਿਆ। ਬਲੱਡ ਬੈਂਕ ਦਾ ਪਤਾ ਕੀਤਾ ਤੇ ਅਗਲੇ ਹੀ ਪਲ ਮੈਂ ਰੈੱਡ ਕਰਾਸ ਆਫ ਆਸਟ੍ਰੇਲੀਆ ਦੀ ਬਲੱਡ ਡਵੀਜ਼ਨ ਵਿਖੇ ਖ਼ੂਨ ਦਾਨ ਕਰ ਰਿਹਾ ਸਾਂ। ਮੈਂ ਜਾਣਦਾ ਸਾਂ ਕਿ ਘਰ ਲੇਟ ਪਹੁੰਚਣ ਕਰਕੇ ਹੰਗਾਮਾਂ ਹੋਵੇਗਾ ਪਰ ਜੋ ਮੈਨੂੰ ਜੋ ਰਾਹਤ ਖ਼ੂਨ ਦੇ ਕੇ ਮਿਲੀ ਸੀ‎,‎ ਉਹ ਪਤਨੀ ਦੇ ਗੁਸੇ ਤੋਂ ਕਿਤੇ ਵੱਧ ਸੀ। ਢਾਈ ਡਾਲਰ ਦਾ ਕਰਜ਼ਾ ਲਾਹ ਕੇ‎,‎ ਮੈਂ ਆਪਣੇ ਆਪ ਨੂੰ ਹੌਲਾ ਫੁੱਲ ਮਹਿਸੂਸ ਕਰ ਰਿਹਾ ਸਾਂ ਤੇ ਸਵੇਰੇ ਕਨੈਡਾ ਜਾਣ ਲਈ ਸੁਰਖ਼ਰੂ ਸਾਂ।

ਇਸ ਸਾਰੇ ਕੁਝ ਤੋਂ ਮੇਰਾ ਭਾਵ ਕਿ ਜਿਹੜਾ ਸਿਸਟਮ ਤੁਹਾਡੀ ਕੇਅਰ ਕਰਦਾ ਹੇ‎,‎ ਉਸ ਬਾਰੇ ਬਹੁਤ ਸਾਰੇ ਲੋਕ ਵਫ਼ਾਦਾਰ ਹਨ ਅਤੇ ਜਿਹੜਾ ਸਿਸਟਮ ਤੁਹਾਡੇ ਬਾਰੇ ਨਹੀਂ ਸੋਚਦਾ‎,‎ ੳੋੁਸਦੇ ਲੋਕ ਪ੍ਰਬੰਧਕੀ ਢਾਂਚੇ ਨੂੰ ਤੋੜ ਮਰੋੜ ਕੇ‎,‎ ਆਪਣੇ ਆਪਣੇ ਵੱਲ ਕਰਨ ਲਈ ਯਤਨਸ਼ੀਲ ਰਹਿੰਦੇ ਹਨ। ਏਸੇ ਲਈ ਵਿਦੇਸ਼ਾਂ ਵਿੱਚ ਉਮਰਾਂ ਗਾਲ ਕੇ‎,‎ ਉਥੋਂ ਦੇ ਤੌਰ ਤਰੀਕੇ ਸਿੱਖ ਕੇ ਲੋਕ‎,‎ ਜਦ ਆਪਣੇ ਦੇਸ਼ ਵਾਪਸ ਪਰਤਦੇ ਹਨ ਤਾਂ ਏਅਰਪੋਰਟ ਤੇ ਹੀ‎,‎ ਵਿਦੇਸ਼ੀ ਸਭਿਆਚਾਰ ਦੀਆਂ ਚੰਗੀਆਂ ਗੱਲਾਂ ਨੂੰ ਇੱਕ ਪਾਸੇ ਰੱਖਕੇ‎,‎ ਆਪਣੇ ਦੇਸ਼ ਦੇ ਸਿਸਟਮ ਨੂੰ ਅਪਣਾਉਣ ਲਈ ਮਜ਼ਬੂਰ ਹੋਣਾ ਪੈਂਦਾ ਹੈ ਜਿਸ ਤੋਂ ਲਗਦਾ ਹੈ ਕਿ ਏਨੇ ਸਾਲਾਂ ਵਿੱਚ ਵੀ ਉਹਨਾਂ ਨੇ ਵਿਦੇਸ਼ੀ ਸਲੀਕਾ ਨਹੀਂ ਸਿਖਿਆ॥ ਜੋ ਇਸ ਸਿਸਟਮ ਦੀ ਸਮਾਜਿਕ ਬਨਤਰ ਅਤੇ ਪ੍ਰੰਬਧਕੀ ਢਾਂਚੇ ਵਿੱਚ ਫਿਟ ਨਹੀਂ ਹੁੰਦੇ‎,‎ ਉਹਨਾਂ ਨੂੰ ਏਅਰਪੋਰਟ ਤੋਂ ਲੈ ਕੇ ਆਪਣੇ ਸਟੇਅ ਦੌਰਾਨ ਤੇ ਵਾਪਿਸ ਵਿਦੇਸ਼ ਪਰਤਣ ਤੱਕ‎,‎ ਕਈ ਪ੍ਰਕਾਰ ਦੀਆਂ ਮੁਸੀਬਤਾਂ ਅਤੇ ਦੁਸ਼ਵਾਰੀਆਂ ਦਾ ਸਾਹਮਣਾ ਕਰਨਾਂ ਪੈ ਸਕਦਾ ਹੈ। ਵਿਦੇਸ਼ ਤੋਂ ਆਏ ਮੇਰੇ ਮਾਮੇ ਦੇ ਪੁੱਤ ਭਰਾ ਨ‎,‎ ੇ ਵਿਦੇਸ਼ੀ ਸਲੀਕਾ ਅਪਣਾਉਣ ਦੇ ਯਤਨ ਵਜੋਂ‎,‎ ਚੰਡੀਗੜਸ਼ ਦੀ ਇੱਕ ਸੜਕ ਤੇ ਜੈਬਰਾ ਕਰਾਸਿੰਗ ਤੇ ਸੜਸ਼ਕ ਪਾਰ ਕਰਨ ਲਈ ਖੜੀਆਂ ਕੁਝ ਔਰਤਾਂ ਨੂੰ‎,‎ ਆਪਣੀ ਕਾਰ ਰੋਕ ਕੇ ਲੰਘ ਜਾਣ ਦਾ ਇਸ਼ਾਰਾ ਕੀਤਾ ਤਾਂ ਉਹ ਔਰਤਾਂ ਉਸਦਾ ਧੰਨਵਾਦ ਕਰਨ ਦੀ ਥਾਂ ਉਸਦੇ ਗਲ ਪੈ ਗਈਆ‎,‎ ਕਿ ਉਸਨੇ ਉਹਨਾਂ ਨੂੰ ਵੇਖ ਕੇ ਜਾਣਬੁੱਝ ਕੇ ਕਾਰ ਰੋਕੀ ਹੇ ਤੇ ਇਸ਼ਾਰਾ ਕੀਤਾ ਹੈ। ਮਾਮਲਾ ਪੁਲੀਸ ਕੋਲ ਜਾਣੋ ਮਸਾਂ ਟੱਲਿਆ। ਏਸੇ ਕਰਕੇ ਸੀਟ ਬੈਲਟ ਸਬੰਧੀ ਮੈਂ ਆਪਣੇ ਪੁਤਰ ਨੂੰ ਤਰਕ ਵਿਹੂਣੀ ਦਲੀਲ ਦੇ ਕੇ ਟਾਲ ਦਿੱਤਾ ਸੀ ਤੇ ਸਮਾਨ ਵਾਲੀ ਟਰਾਲੀ‎,‎ ਸੜਕ ਵਿਚਾਲੇ ਛੱਡ ਦੇਣਾ ਮੈਨੂੰ ਬੁਰਾ ਨਹੀਂ ਸੀ ਲੱਗਾ। ਮੇਰੀ ਪਟਨੀ ਅਜ ਤੱਕ ਵੀ ਇਸ ਦਲੀਲ ਤੇ ਕਾਇਮ ਹੈ ਕਿ ਵਿਦੇਸ਼ਾਂ ਵਿੱਚ ਅਸੀਂ ਜੋ ਕੁਝ ਚੰਗਾਂ ਸਿਖਦੇ ਹਾਂ‎,‎ ਉਸਨੂੰ ਆਪਣੇ ਦੇਸ਼ ਵਿੱਚ ਵੀ‎,‎ ਅਮਲ ਵਿੱਚ ਲਿਆਉਣਾ ਚਾਹੀਦਾ ਹੈ।

ਪਰ ਇਸ ਸਾਰੇ ਕੁਝ ਤੋਂ ਮੇਰਾ ਹਰਗਿਜ਼ ਇਹ ਭਾਵ ਨਹੀਂ‎,‎ ਕਿ ਇੰਡੀਆ ਜਾਣਾ ਇੱਕ ਖ਼ਤਰਨਾਕ ਪ੍ਰੋਜੈਕਟ ਹੈ। ਉਪਰ ਦੱਸੇ ਡਰ ਜਾਂ ਖਤਰੇ ਉਹਨਾਂ ਚਾਵਾਂ ਅਤੇ ਰੀਝਾਂ ਸਾਹਮਣੇ ਨਾ ਮਾਤਰ ਹਨ ਜੋ ਇੱਕ ਭਾਰਤੀ‎,‎ ਵਿਦੇਸ਼ ਵਿੱਚੋਂ ਆਪਣੇ ਮਨ ਵਿੱਚ ਲੈ ਕੇ ਆਉਂਦਾ ਹੈ। ਮਾਂ ਪਿਉ ਦੀ ਆਸੀਸ‎,‎ ਭੈਣ ਭਰਾਵਾਂ ਦੀ ਚਾਅ ਭਰੀ ਗਲਵਕੜੀ‎,‎ ਰਿਸ਼ਤੇਦਾਰਾ ਦੀਆਂ ਟਿਚਰਾਂ ਅਤੇ ਯਾਰਾਂ ਮਿਤਰਾਂ ਦੇ ਉਲਾਂਭੇ। ਬਾਜ਼ੁਰਗਾਂ ਦੇ ਠੰਡੇ ਤੱਤੇ ਬਿਸਤਰਿਆਂ ਵਿੱਚ ਘੁਸਰਕੇ ਨਿਘਿਆ ਹੋਣਾ‎,‎ ਮਾਂ ਜਾਂ ਦਾਦੀ ਦੇ ਹੱਥਾਂ ਦੀ ਬਣੀ ਘਰ ਦੇ ਦੁੱਧ ਦੀ ਬਰਫੀ ਤੇ ਕਿੰਨਾਂ ਕੁਝ ਹੋਰ ਼। ਵਿਦੇਸ਼ੀ ਸਿਸਟਮ ਭਾਵੇਂ ਕਿੰਨਾਂ ਵੀ ਚੰਗਾ ਕਿਉਂ ਨਾ ਹੋਵੇ ਜਾਂ ਆਪਣਾ ਸਿਸਟਮ ਕਿੰਨਾਂ ਵੀ ਮਾੜਾ ਕਿਉਂ ਨਾ ਹੋਵੇ‎,‎ ਇਹ ਚੀਜ਼ਾਂ ਪ੍ਰਦੇਸਾਂ ਵਿੱਚ ਨਹੀਂ ਮਿਲਦੀਆਂ। ਸਾਰੀ ਉਮਰ ਬੰਦਾ ਇੰਨਾਂ ਲਈ ਤਰਸਦਾ ਹੈ।

Read 3618 times