You are here:ਮੁਖ ਪੰਨਾ»ਕਵਿਤਾਵਾਂ»ਸਾਡੀ ਕਾਹਦੀ ਛੱਬੀ ਭਾ ਜੀ

ਲੇਖ਼ਕ

Tuesday, 27 October 2009 17:13

ਸਾਡੀ ਕਾਹਦੀ ਛੱਬੀ ਭਾ ਜੀ

Written by
Rate this item
(1 Vote)

ਫਿਰ ਗਣਤੰਤਰ ਦਿਵਸ ਆ ਗਿਆ।

ਪਰੇਡਾਂ ਦਾ ਫਿਰ ਦਿਵਸ ਆ ਗਿਆ।

ਸਲਾਮੀਆਂ ਦੇ ਦਰ ਦਿਵਸ ਆ ਗਿਆ।

ਟੀਵੀ ਉੱਪਰ ਭਾਸ਼ਨ ਨਾਹਰੇ‎,‎

ਮੰਤਰੀ ਦੀ ਗੱਲ ਫੱਬੀ ਭਾ ਜੀ।

ਹੈ ਅੱਜ ਜਨਵਰੀ ਛੱਬੀ ਭਾ ਜੀ।

ਸਰਕਾਰ ਕਿਸੇ ਦੀ ਵੀ ਆਵੇ‎,‎

ਜਿੱਤੇ ‘ਤੱਕੜੀ’ ‘ਕੰਵਲ’ ਜਾਂ ‘ਪੰਜਾ’।

ਮਹਾਤੜ ਦਾ ਨਾ ਕੱਖ ਸੌਰਿਆ‎,‎

ਸਾਲ ਭਾਵੇਂ ਹੋਏ ਅਠਵੰਜਾ।

ਕਿਸੇ ਦੇ ਸਿਰ ਤੇ ਛੱਤ ਨਹੀਂ ਹੈ‎,

ਦੂਜੇ ਦੇ ਲਈ ਹੈ ਨਹੀਂ ਮੰਜਾ।

`ਨਸਾਫ ਕਿਤੇ ਨਾ‎,‎ ਹੋਣ ‘ਅਕਾਲੀ’

‘ਕਾਂਗਰਸ’ ਜਾਂ ਫਿਰ ਖੱਬੀ ਭਾ ਜੀ।

ਪੰਜਾਂ ਸਾਲਾਂ ਪਿੱਛੋਂ ਆ ਕੇ

ਮਹਾਨ ਭਾਰਤ ਦੇ ਨਾਹਰੇ ਲਾ ਗਏ।

ਵੈਸ਼ਨੋ ਨੂੰ ਵੀ ਜੱਫੀਆਂ ਪਾਈਆਂ‎,‎

ਹੱਥ ਵਿੱਚ ਫੀਮ ਸ਼ਰਾਬ ਫੜਾ ਗਏ।

ਬੰਦਿਆਂ ਨੂੰ ਸੀ ਕੀ ਬਖਸ਼ਣਾ‎,‎

ਪਸ਼ੂਆਂ ਦਾ ਵੀ ਚਾਰਾ ਖਾ ਗਏ।

ਠਾਣੇਦਾਰ ਦੇ ਆ ਅੜਿੱਕੇ‎,‎

ਨੋਟਾਂ ਦੀ ਗਈ ਥੱਬੀ ਭਾ ਜੀ।

ਸਾਡੀ ਕਾਹਦੀ ਛੱਬੀ ਭਾ ਜੀ।

ਪੰਜਾਬ ਨਿਰਾ ਗੁਲਾਬ ਸੀ ਹੁੰਦਾ‎,‎

ਹੁਣ ਤਾਂ ਲਗਦੇ ਥਾਂ‐ਥਾਂ ਕੰਡੇ।

‘ਕਾਂਗਰਸ’‎,‎ ‘`ਕਾਲੀ’ ਸੁੱਟਣ ਚਿੱਕੜ‎,‎

ਵਰਤਣ ਨਵੇਂ‐ਨਵੇਂ ਹਥਕੰਡੇ।

ਬਾਤ ਪੁਰਾਣੀ ਵਾਂਗੂੰ ਖਾਂਦੇ‎,‎

ਛਿੱਤਰ‎,‎ ਪੈਸੇ ਨਾਲ਼ੇ ਗੰਢੇ।

ਵੋਟਾਂ ਖਾਤਰ ਬਾਪ ਗਧਾ ਵੀ‎,‎

ਗੱਲ ਹਰ ਸਹਿੰਦੇ ਕੱਬੀ ਭਾ ਜੀ।

ਸਾਡੀ ਕਾਹਦੀ ਛੱਬੀ ਭਾ ਜੀ।

ਆ ਗਈ ਜਨਵਰੀ ਛੱਬੀ ਭਾ ਜੀ।

Read 4069 times Last modified on Tuesday, 27 October 2009 17:16