ਅਗਲੀ ਸਵੇਰ ਚਾਹ ਅਤੇ ਪਰਾਉਠਿਆਂ ਤੋਂ ਵਿਹਲੇ ਹੋਣ ਬਾਅਦ, ਸਾਨੂੰ ਤਿੰਨਾਂ ਭਰਾਵਾਂ ਨੂੰ ਬਾਪੂ ਦੇ ‘ਦਰਬਾਰ’ ‘ਚ ਹਾਜ਼ਰ ਹੋਣ ਦਾ ਹੁਕਮ ਹੋਇਆ। ਉਹ ਰੇਡੀਓ ਵਾਲੇ ਕਮਰੇ ‘ਚ ਫ਼ਰਸ਼ ‘ਤੇ ਵਿਛੀ ਇੱਕ ਪੁਰਾਣੀ ਦਰੀ ਉੱਤੇ ਚੌਂਕੜਾ ਮਾਰੀ, ਇੱਕ ਅਖ਼ਬਾਰ ਦੇ ਕਾਲਮਾਂ ‘ਚ ਗੁਆਚਿਆ ਹੋਇਆ ਸੀ। ਉਸ ਦੇ ਚਿਹਰੇ ‘ਚ ਨਾ ਕਸੇਵਾਂ ਸੀ, ਨਾ ਹੀ ਢਿੱਲ਼ਕ, ਤੇ ਨਾ ਹੀ ਖੇੜਾ! ਬਾਲੜੇ ਜੇਹੇ ਮੇਰੇ ਕੰਬਦੇ ਹੱਥ ਇੱਕ ਦੂਜੇ ਨੂੰ ਪਲ਼ੋਸਣ ਲੱਗੇ। ਭਾਵੇਂ ਪਹਿਲੀ ਸ਼ਾਮ, ਸਾਡੇ ਤਿੰਨਾਂ ਭਰਾਵਾਂ ਵੱਲੋਂ ਗਾਈ ਕਵੀਸ਼ਰੀ ਨੇ ਬਾਪੂ ਦੇ ਬੁੱਲ੍ਹਾਂ ‘ਚ ਮੁਸਕਾਨਾਂ ਉਗਾਅ ਦਿੱਤੀਆਂ ਸਨ, ਪਰ ਮੇਰੇ ਜ਼ਿਹਨ ‘ਚ ਇਹ ਖ਼ਦਸ਼ਾ ਹਾਲੇ ਵੀ ਹੰਗਾਲ਼ੇ ਲੈ ਰਿਹਾ ਸੀ ਕਿ ਬਾਪੂ ਸਾਨੂੰ ਅੱਗੇ ਤੋਂ ਕਵੀਸ਼ਰੀ ਗਾਉਣ ਤੋਂ ਵਰਜੇਗਾ।
-ਅਖ਼ਬਾਰ ਇਕੱਠੇ ਕਰੋ ਤੇ ਔਸ ਕੋਨੇ ‘ਚ ਟਿਕਾਅ ਦਿਓ, ਐਨਕ ਦੇ ਫ਼ਰੇਮ ਉੱਪਰ ਦੀ ਆਪਣੀਆਂ ਨਜ਼ਰਾਂ ਸਾਡੇ ਵੱਲ ਸੇਧਦਿਆਂ, ਬਾਪੂ ਧੀਮੀ ਸੁਰ ‘ਚ ਬੋਲਿਆ। ਉਸ ਦੇ ਬੋਲਾਂ ‘ਚ ਨਾ ਤਲਖ਼ੀ ਸੀ, ਨਾ ਨਰਮੀ ਤੇ ਨਾ ਹੀ ਹੁਕਮ।
ਅਗਲੇ ਪਲ ਹਿੰਦੀ, ਪੰਜਾਬੀ, ਅਤੇ ਉਰਦੂ ਦੇ, ਏਧਰ ਓਧਰ ਖਿੱਲਰੇ ਪਏ ਅਖ਼ਬਾਰ, ਸਾਡੇ ਹੱਥਾਂ ‘ਚ ਚੜ੍ਹ-ਚੜ੍ਹ ਕੇ, ਇੱਕ ਦੂਜੇ ਨਾਲ਼ ਬਗ਼ਲਗੀਰ ਹੋਣ ਲੱਗੇ।
-ਬੈਠੋ ਮੇਰੇ ਸਾਹਮਣੇ, ਅਖ਼ਬਾਰ ਨੂੰ “ਪ੍ਰੀਤ ਲੜੀ” ਰਿਸਾਲੇ ਕੋਲ਼ ਰੱਖ ਕੇ ਥਾਪੜਦਿਆਂ ਬਾਪੂ ਬੁੜਬੁੜਾਇਆ।
-ਕਵੀਸ਼ਰੀ…
ਲਫ਼ਜ਼ ਦੇ ਆਖ਼ਰੀ ਹਿੱਸੇ ਨੂੰ ਲਮਕਾਉਂਦਿਆਂ ਬਾਪੂ ਨੇ ਆਪਣੀਆਂ ਭਵਾਂ ਉਤਾਂਹ ਵੱਲ ਖਿੱਚ ਲਈਆਂ। ਫਿਰ ਉਸ ਨੇ ਸਿਰ ਖੱਬੇ-ਸੱਜੇ ਹਿਲਾਇਆ, ਤੇ ਉਸ ਦੇ ਦੋਵੇਂ ਬੁੱਲ੍ਹ ਹੌਲੀ ਹੌਲੀ ਪਾਸਿਆਂ ਵੱਲ ਨੂੰ ਵਧਣ ਲੱਗੇ। ਉਸ ਦਾ ਹਲਕਾ ਜਿਹਾ ਟੀਰ ਸੰਘਣਾਂ ਹੋਣ ਲੱਗਿਆ।
-ਕਵੀਸ਼ਰੀ, ਮੁੰਡਿਓ, ਬਹੁਤ ਔਖਾ ਕਿੱਤਾ ਐ… ਮੇਰਾ ਥੋਨੂੰ ਏਸ ਕੰਮ ‘ਚ ਪਾਉਣ ਦਾ ਕੋਈ ਇਰਾਦਾ ਨੲ੍ਹੀਂ! ਮੈਂ ਚਹੁੰਨੈਂ… ਤੁਸੀਂ ਪੜ੍ਹਾਈਆਂ ਕਰੋਂ ਤੇ ਨੌਕਰੀਆਂ ‘ਤੇ ਲੱਗੋਂ!
ਬਾਪੂ ਦੇ ਮੂੰਹੋਂ ‘ਕਵੀਸ਼ਰੀ’ ਸ਼ਬਦ ਸੁਣਦਿਆਂ ਹੀ, ਸਾਡੇ ਪਿੰਡ ਵਾਲ਼ੇ ਸਾਡੇ ਦੋਸਤ ਗੁਰਦੇਵ ਦੀ ਭੈਣ ਦੇ ਵਿਆਹ ਵਾਲ਼ੇ ਬਰਾਤੀਆਂ ਦੀਆਂ ਢਾਣੀਆਂ ਮੇਰੇ ਦਿਮਾਗ਼ ‘ਚ ਉਦੇ ਹੋ ਉੱਠੀਆਂ ਸਨ। ਸਾਡੇ ਪਲੇਠੇ ‘ਕਵੀਸ਼ਰੀ ਸ਼ੋਅ’ ਨੂੰ ਸੁਣਨ ਆਏ, ਧਰਮਸ਼ਾਲਾ ਦੀਆਂ ਕੰਧਾਂ ‘ਤੇ ਬੈਠੇ ਅਣਗਿਣਤ ਸ੍ਰੋਤਿਆਂ ਦੀਆਂ, ਸਾਡੇ ਉੱਤੇ ਗੱਡੀਆਂ ਬੇਝਮਕ ਅੱਖਾਂ ਸਾਕਾਰ ਹੋ ਗਈਆਂ ਸਨ। ਮੇਜ਼ ਦੀ ਲੱਤ ਨਾਲ਼ ਕੱਸ ਕੇ ਨੂੜੀ ਸੋਟੀ ਦੇ ਉੱਪਰਲੇ ਸਿਰੇ ‘ਤੇ ਰੁਮਾਲ ਨਾਲ਼ ਬੰਨ੍ਹਿਆਂ, ਬਲੂੰਗੜੇ ਦੇ ਸਿਰ ਵਰਗਾ ਮਾਈਕ੍ਰੋਫ਼ੋਨ ਹੱਸਣ ਲੱਗਾ ਸੀ। ਪਰ ‘ਔਖਾ ਕਿੱਤਾ’ ਸੁਣਦਿਆਂ ਹੀ ਧਰਮਸ਼ਾਲਾ ਵਾਲੇ ਸ੍ਰੋਤੇ ਆਪਣੀਆਂ ਪਿੱਠਾਂ ਝਾੜਦੇ, ਆਪੋ-ਆਪਣੇ ਘਰਾਂ ਨੂੰ ਤੁਰਨ ਲੱਗੇ। ਬਰਾਤੀਆਂ ਦੇ ਮੰਜੇ ਖਾਲੀ ਹੋਣ ਲੱਗੇ ਅਤੇ ਮੰਜਿਆਂ ਹੇਠ ਪਈਆਂ ਸ਼ਰਾਬ ਦੀਆਂ ਬੋਤਲਾਂ ਬਾਹਰ ਵੱਲ ਨੂੰ ਰੁੜ੍ਹਨ ਲੱਗੀਆਂ। ਮਾਈਕ੍ਰੋਫ਼ੋਨ ਪਿਚਕਣ ਲੱਗਾ ਅਤੇ ਲਾਊਡਸਪੀਕਰ ਦੀ ਅਵਾਜ਼ ‘ਚ ਰੋੜ ਖੜਕਣ ਲੱਗੇ!
-ਹਾਂ, ਮੈਂ ਤੁਹਾਨੂੰ ਕਾਲਜਾਂ-ਯੂਨੀਵਰਸਿਟੀਆਂ ‘ਚ ਪੜ੍ਹਾਉਣਾ ਚਹੁੰਨਾ ਆਂ, ਉੱਚ ਵਿੱਦਿਆ, ਬਾਪੂ ਥੋੜੇ ਅਟਕਾਓ ਬਾਅਦ ਬੋਲਿਆ। -ਪਰ ਪੜ੍ਹਾਈ ਲਈ ਕਾਫ਼ੀ ਸਾਰੇ ਪੈਸਿਆਂ ਦੀ ਜ਼ਰੂਰਤ ਹੈ… ਤੇ ਜਿੰਨੀ ਕੁ ਆਪਣੇ ਕੋਲ਼ ਗੁੰਜਾਇਸ਼ ਐ, ਉਸ ਮੁਤਾਬਿਕ ਮੈਂ ਥੋਨੂੰ ਕਾਲਜਾਂ ਦਾ ਖ਼ਰਚਾ ਨੲ੍ਹੀਂ ਦੇ ਸਕਣਾ।
ਹੁਣ ਬਾਪੂ ‘ਪ੍ਰੀਤ ਲੜੀ’ ਦੇ ਵਰਕੇ ਅੱਗੇ-ਪਿੱਛੇ ਪਲਟਣ ਲੱਗਾ ਜਿਵੇਂ ਉਹ ਆਪਣੇ ਜ਼ਿਹਨ ਵਿੱਚ ਗੁਆਚ ਗਈ, ਕਵੀਸ਼ਰੀ ਦੀ ਕੋਈ ਸਤਰ, ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੋਵੇ।
-ਥੋਨੂੰ ਕਦੇ ਮੈਂ ਦੱਸਿਆ ਨੲ੍ਹੀਂ ਬਈ ਆਪਣੀ ਅੱਧੀਓਂ ਵੱਧ ਜ਼ਮੀਨ ਹਾਲੇ ਵੀ ਗਹਿਣੇ ਐ, ਬਾਪੂ, ‘ਪ੍ਰੀਤ ਲੜੀ’ ਨੂੰ ਅੱਗੇ-ਪਿੱਛੇ ਟਿਕਾਉਂਦਿਆਂ, ਬੋਲਿਆ। -ਮੇਰਾ ਪਿਓ ਅਫ਼ੀਮ ਦਾ ਤਕੜਾ ਅਮਲੀ ਸੀ; ਆਖ਼ਰੀ ਸਾਹ ਲੈਣ ਤੋਂ ਪਹਿਲਾਂ ਉਸ ਨੇ ਆਖ਼ਰੀ ਸਿਆੜ ਵੀ ਗਹਿਣੇ ਕਰ ਮਾਰਿਆ ਸੀ… ਪਰ ਏਨਾ ਸ਼ੁਕਰ ਆ ਬਈ ਉਸ ਨੇ ਜ਼ਮੀਨ ਹਾਲੇ ਵੇਚਣੀ ਸ਼ੁਰੂ ਨਹੀਂ ਸੀ ਕੀਤੀ… ਮੈਂ ਓਦੋਂ 12 ਕੁ ਸਾਲ ਦਾ ਸਾਂ… ਅਗਲੇ ਵਰ੍ਹੇ ਮੇਰੀ ਮਾਂ ਵੀ ਤੁਰ ਗੀ… ਚਾਰ ਭੈਣਾਂ ਦਾ ਬੋਝ ਮੈਂ ‘ਕੱਲੇ ਨੇ ਉਠਾਇਆ…ਹੁਣ ਦੋ ਥੋਡੀਆਂ ਭੈਣਾਂ ਤੇ ਚਾਰ ਤੁਸੀਂ ਭਰਾ … ਕਬੀਲਦਾਰੀ ਖਾਸੀ ਵੱਡੀ ਆ… ਗਾਇਕੀ ‘ਚ ਭੱਜ-ਦੌੜ ਬਹੁਤ ਹੁੰਦੀ ਆ… ਇਸ ਲਈ ਮੈਂ ਤੁਹਾਨੂੰ ਪੜ੍ਹਾਉਣਾ ਈ ਚਹੁੰਦਾ ਆਂ…
ਕਮਰੇ ‘ਚ ਛਾਅ ਗਈ ਚੁੱਪ ਲੰਮੇਰੀ ਹੋਣ ਲੱਗੀ।
ਬਾਪੂ ਕਦੀ ਸਾਡੇ ਵੱਲ ਦੇਖਦਾ, ਕਦੇ ਰੇਡੀਓ ਵਾਲੀ ਅਲਮਾਰੀ ਵੱਲ, ਤੇ ਕਦੇ ‘ਪ੍ਰੀਤ ਲੜੀ’ ਵੱਲ।
-ਅਸੀਂ ਕਿਹੜਾ ਪੜ੍ਹਾਈ ਛੱਡਦੇ ਆਂ, ਸਾਥੋਂ ਦੋਹਾਂ ਤੋਂ ਵੱਡਾ, ਬਲਵੰਤ, ਆਖ਼ਿਰ ਹਿੰਮਤ ਕਰ ਕੇ ਬੋਲਿਆ। –ਅਸੀਂ ਤਾਂ ਬੱਸ ਐਵੇਂ ਸ਼ੌਕ ਨਾਲ ਈ ਗਾਇਆ ਸੀ।
ਹੁਣ ‘ਪ੍ਰੀਤ ਲੜੀ’ ਵਾਰ ਵਾਰ ਬਾਪੂ ਦੇ ਹੱਥਾਂ ‘ਚ ਚੜ੍ਹਨ-ਲੱਥਣ ਲੱਗੀ। ਉਹਦਾ ਦਾ ਸਿਰ ਵਾਰ ਵਾਰ ਸੱਜੇ-ਖੱਬੇ ਘੁੰਮਦਾ। ਲਗਾਤਾਰ ਉਸ ਦੀ ਦਾਹੜੀ ‘ਚ ਕੰਘੀ ਕਰ ਰਹੀਆਂ ਉਸ ਦੀਆਂ ਉਂਗਲ਼ਾਂ ਜਿਵੇਂ ਮੇਰੇ ਦਿਲ ‘ਤੇ ਘਸਰ ਰਹੀਆਂ ਹੋਵਣ। ਫੇਰ ਉਸ ਨੇ ਆਪਣੀਆਂ ਨਜ਼ਰਾਂ ਵਾਰੋ-ਵਾਰੀ ਸਾਡੇ ਚਿਹਰਿਆਂ ‘ਤੇ ਘਸਾਉਣੀਆਂ ਸ਼ੁਰੂ ਕਰ ਦਿੱਤੀਆਂ। ਹੁਣ ਉਸ ਦੀਆਂ ਐਨਕਾਂ ਉਸ ਦੇ ਨੱਕ ਤੋਂ ਉੱਤਰ ਕੇ ਦਰੀ ‘ਤੇ ਬੈਠ ਗਈਆਂ। ਉਹਦੇ ਸੱਜੇ ਹੱਥ ਦੀਆਂ ਉਂਗਲ਼ਾਂ ਉਸ ਦੀਆਂ ਮੁੱਛਾਂ ਨਾਲ਼ ਗੁਫ਼ਤਗੂ ਕਰਨ ਲੱਗੀਆਂ: ਉਹ ਕਦੇ ਸੱਜੀ ਮੁੱਛ ‘ਤੇ ਜਾ ਬੈਠਦੀਆਂ ਤੇ ਕਦੇ ਖੱਬੀ ਉੱਤੇ। ਫੇਰ ਉਸ ਦੇ ਹੱਥ, ਕਲੰਘੜੀ ਬਣ ਕੇ ਉਸ ਦੇ ਸਿਰ ‘ਤੇ ਜਾ ਬਿਰਾਜੇ। ਮਿਕਾਫ਼ੀ ਦੇਰ ਬਆਦ ਉਸ ਦਾ ਮੂੰਹ ਰਤਾ ਕੁ ਖੁਲ੍ਹਿਆ, ਤੇ ਉਸ ਦੇ ਹੇਠਲੇ ਬੁਲ੍ਹ ਸਮੇਤ, ਉਸ ਦੇ ਮੂੰਹ ਦੀਆਂ ਕੰਨੀਆਂ ਹੇਠਾਂ ਵੱਲ ਨੂੰ ਖਿੱਚੀਆਂ ਗਈਆਂ।
-ਚੰਗਾ, ਇਓਂ ਕਰੋ, ਬਾਪੂ ਅਚਾਨਕ ਬੋਲਿਆ ਜਿਵੇਂ ਕਵੀਸ਼ਰੀ ਦੀ ਗਵਾਚੀ ਸਤਰ ਉਸ ਦੇ ਦਿਮਾਗ਼ ਪਰਤ ਆਈ ਹੋਵੇ। -ਕੱਲ੍ਹ ਵਾਲ਼ੀ ਕਵੀਸ਼ਰੀ ਇੱਕ ਵਾਰੀ ਫੇਰ ਸੁਣਾਓ!
ਅਗਲੇ ਹੀ ਪਲ, ਸ਼ਾਹਣੀ ਕੌਲਾਂ ਦੇ ਚ੍ਰਿਤਰ ‘ਤੇ ਸ਼ੱਕ ਹੋਣ ਬਾਅਦ, ਬੀਜੇ ਬਾਣੀਏਂ ਵੱਲੋਂ ਉਸ ਨੂੰ ਘਰੋਂ ਕੱਢਣ ਵਾਲ਼ਾ ਦ੍ਰਿਸ਼ ਚਿਤਰਦੀ, ਬਾਪੂ ਪਾਰਸ ਦੀ ਲਿਖੀ ਕਵੀਸ਼ਰੀ ਮੇਰੀ ਜ਼ੁਬਾਨ ‘ਤੇ ਖੁਰਕ ਕਰਨ ਲੱਗੀ। ਮੈਂ ਗਲ਼ਾ ਸਾਫ਼ ਕੀਤਾ ਤੇ ਮੇਰੀ ਬਾਲ-ਉਮਰੀ, ਤਿੱਖੀ ਅਵਾਜ਼ ਕਮਰੇ ‘ਚ ਗੂੰਜਣ ਲੱਗੀ: ਕੱਢ’ਤੀ ਪਤੀ ਨੇ ਘਰੋਂ ਧੱਕੇ ਮਾਰ ਕੇ/ਤੁਰ ਚੱਲੀ ਵਾਲ਼ ਸਿਰ ਦੇ ਖਿਲਾਰ ਕੇ!
ਰਛਪਾਲ ਤੇ ਬਲਵੰਤ ਦੇ ਸਿਰ ਇੱਕ-ਦੂਜੇ ਵੱਲ ਉੱਲਰੇ, ਤੇ ਉਹ ਇੱਕ-ਸੁਰ ਹੋ ਕੇ ਬੋਲੇ: ਸ਼ਿਵਾਂ ਨੇ ਵਿਛੋੜ ਦਿੱਤਾ ਪਾਰਬਤੀ ਨੂੰ/ਕੌਲਾਂ ਰੋਂਦੀ ਜਾਂਦੀ ਕਰਮਾਂ ਦੀ ਗਤੀ ਨੂੰ!
ਬਲਵੰਤ ਤੇ ਰਛਪਾਲ ਚੌਸਤਰੀ ਪੰਗਤੀ ਦੀਆਂ ਪਿਛਲੀਆਂ ਦੋ ਸਤਰਾਂ ਮੁਕਾਉਂਦੇ ਤਾਂ ਮੈਂ ਅਗਲੀ ਪੰਗਤੀ ਦੀਆਂ ਪਹਿਲੀਆਂ ਦੋ ਸਤਰਾਂ ਚੁੱਕ ਲੈਂਦਾ; ਮੇਰੀਆਂ ਸਤਰਾਂ ਮੁਕਦਿਆਂ ਹੀ ਰਛਪਾਲ ਬਲਵੰਤ ਦੀ ਜੋੜੀ ਅਗਲੀਆਂ ਸਤਰਾਂ ਉਠਾਅ ਲੈਂਦੀ। ਜਿਓਂ ਜਿਓਂ ਛੰਦ ਆਪਣੀ ਬੁਲੰਦੀ ਵੱਲ ਵਧ ਰਿਹਾ ਸੀ, ਬਾਪੂ ਦਾ ਸਿਰ ਤੇ ਧੜ ਕਦੇ ਪਾਸਿਆਂ ਵੱਲ ਨੂੰ ਹਿਲਦੇ ਤੇ ਕਦੇ ਅੱਗੇ-ਪਿੱਛੇ। ਛੰਦ ਦੀਆਂ ਆਖ਼ਰੀ ਸਤਰਾਂ ਜਦੋਂ ਅਸੀਂ ਤਿੰਨਾਂ ਨੇ ਰਲ਼ ਕੇ ਸੰਪੂਰਨ ਕੀਤੀਆਂ, ਬਾਪੂ ਦੀਆਂ ਅੱਖਾਂ ‘ਚ ਫੁੱਲ-ਝੜੀਆਂ ਖਿੜ ਉੱਠੀਆਂ। ਭੁਕਾਨੇ ਵਾਂਗ ਫੁੱਲ ਗਈਆਂ ਉਸ ਦੀਆਂ ਗੱਲ੍ਹਾਂ ‘ਚ ਲਾਲੀ ਥਰਕਣ ਲੱਗੀ। ਠੋਡੀ ਨੂੰ ਛਾਤੀ ਵੱਲ ਨੂੰ ਖਿਚਦਿਆਂ, ਉਸ ਨੇ ਆਪਣੇ ਬੁੱਲ੍ਹਾਂ ਨੂੰ ਛਤਰੀ ਵਾਂਗ ਖੋਲ੍ਹ ਦਿੱਤਾ। ਗੁਲਾਬੀ-ਫੁੱਲਾਂ ਦਾ ਗੁਲਦਸਤਾ ਬਣੇ ਆਪਣੇ ਚਿਹਰੇ ਨੂੰ ਉਸ ਨੇ ਚਾਰ-ਪੰਜ ਵਾਰ ਸੱਜੇ ਖੱਬੇ ਫੇਰਿਆ।
-ਵਾਹ ਉਏ ਮੁੰਡਿਓ! ਉਹ ਮੂੰਹ ਫੁਲਾਅ ਕੇ ਬੋਲਿਆ। -ਏਨੀ ਵਧੀਆ ਗਾਇਕੀ ਆਪਣੇ-ਆਪ ਈ ਕਿਵੇਂ ਸਿੱਖਗੇ?
# # #
ਸ਼ਾਮ ਦਾ ਘੁਸ-ਮੁਸਾ ਸੰਘਣਾ ਹੋਣ ਲੱਗਾ ਤਾਂ ਬੇਬੇ ਦਾ ਹੁਕਮ ਹੋਇਆ: ਚਿਮਨੀਆਂ ਸਾਫ਼ ਕਰੋ!
ਇੱਕ ਖਾਲੀ ਬੋਰੀ, ਰੇਡੀਓ ਵਾਲ਼ੇ ਕਮਰੇ ਦੇ ਸਾਹਮਣੇ, ਵਿਹੜੇ ‘ਚ ਵਿਛ ਗਈ, ਤੇ ਕਿੱਲੀਆਂ ‘ਤੇ ਲਟਕਦੀਆਂ ਲਾਲਟੈਣਾਂ ਤੇ ਰੇਡੀਓ ਵਾਲ਼ੇ ਕਮਰੇ ਦੀ ਅੰਗੀਠੀ ‘ਤੇ ਬੈਠਾ ਲੈਂਪ ਬੋਰੀ ‘ਤੇ ਉੱਤਰ ਆਏ। ਚਿਮਨੀਆਂ, ਲਾਲਟੈਣਾਂ ਦੀਆਂ ਪੱਸਲ਼ੀਆਂ ‘ਚੋਂ ਮਲਕੜੇ-ਮਲਕੜੇ ਨਿੱਕਲ਼ ਕੇ, ਸਾਡੇ ਨਿੱਕੇ ਨਿੱਕੇ ਹੱਥਾਂ ‘ਚ ਫੜੇ ਗਿੱਲੇ ਪੋਣਿਆਂ ਨਾਲ਼ ਸਾਫ਼ ਹੋਣ ਲੱਗੀਆਂ। ਮਿੱਟੀ ਦੇ ਤੇਲ ਵਾਲੀ ਪੀਪੀ ਹਰਕਤ ‘ਚ ਆਈ, ਤੇ ਲੈਂਪ-ਲਾਲਟੈਣਾਂ ਦੇ ਹੇਠਲੇ ਪਾਸੇ ਬਣੇ ਪੇਟਾਂ ‘ਚ ਛੱਲਾਂ ਵੱਜਣ ਲੱਗੀਆਂ। ਮਿੱਟੀ ਦੇ ਤੇਲ ਦੀ ਗੰਧ ਵਿਹੜੇ ‘ਚੋਂ ਫੈਲਦੀ ਫੈਲਦੀ ਕਮਰਿਆਂ ਤੀਕ ਅੱਪੜ ਗਈ।
ਰਸੋਈ ‘ਚ, ਮਿੱਟੀ ਦੀ ਅੰਗੀਠੀ ਉੱਤੇ ਉੱਬਲ਼ਦੇ ਆਂਡਿਆਂ ਦੀ ਗੁੜ-ਗੁੜ ਜਦੋਂ ਰੇਡੀਓ ਵਾਲ਼ੇ ਕਮਰੇ ਤੀਕ ਖੜਕਣ ਲੱਗੀ, ਤਾਂ ਬਾਪੂ ਨੇ ਅਲਮਾਰੀ ‘ਚੋਂ ਕੱਢ ਕੇ ਬੋਤਲ ਨੂੰ ਛਲਕਾਇਆ। ਕੱਚ ਦਾ ਗਲਾਸ, ਪਾਣੀ ਵਾਲ਼ੀ ਗੜਵੀ, ਤੇ ਕੱਟੇ ਹੋਏ ਗੰਢਿਆਂ ਦੀ ਪਲੇਟ, ਬਾਪੂ ਦੀ ਕੁਰਸੀ ਸਾਹਮਣੇ ਪਏ ਮੇਜ਼ ਉੱਪਰ ਉੱਤਰਨ ਲੱਗੇ। ਬਾਪੂ ਦੀਆਂ ਅੱਖਾਂ ‘ਚ ਤਾਰੇ ਖਿੜਨ ਲੱਗੇ।
-ਗੱਲ ਸੁਣੋ, ਮੁੰਡਿਓ! ਦੂਸਰਾ ਪੈੱਗ ਗਲਾਸ ‘ਚ ਪਾਉਂਦਿਆਂ ਬਾਪੂ ਬੋਲਿਆ। -ਆਓ ਥੋਡੀ ਕਵੀਸ਼ਰੀ ਦੀ ਗੱਲ ਮੁਕਾਈਏ।
ਆਂਡੇ ਛਿਲਦੇ ਸਾਡੇ ਹੱਥ ਥਾਂਏਂ ਸੁੰਨ ਹੋ ਗਏ। ਕਿਤੇ ਬਾਪੂ ਸਾਡੇ ਕਵੀਸ਼ਰੀ ਗਾਉਣ ‘ਤੇ ਪਬੰਦੀ ਹੀ ਨਾ ਲਾ ਦੇਵੇ!
-ਕਵੀਸ਼ਰੀ ‘ਚ ਮੈਂ ਤਕੜਾ ਨਾਮ ਕਮਾਇਐ; ਜਿੱਥੇ ਮੇਰੇ ਕਵੀਸ਼ਰੀ ਜੱਥੇ ਦਾ ਪ੍ਰੋਗਰਾਮ ਹੋਵੇ, ਲੋਕ ਦਸ ਦਸ ਕੋਹ ਤੋਂ ਵਹੀਰਾਂ ਘੱਤ ਕੇ ਸੁਣਨ ਆਉਂਦੇ ਆ। ਤੁਸੀਂ ਨਿਆਣੇ ਓਂ, ਤੇ ਗਾਉਂਦੇ ਵੀ ਚੰਗਾ ਓਂ; ਅਭਿਆਸ ਕਰਾ ਕੇ ਮੈਂ ਥੋਨੂੰ ਗੁਣੀਏਂ ‘ਚ ਲੈ ਆਊਂਗਾ। ਇਸ ਲਈ ਲੋਕ ਤੁਹਾਨੂੰ ਵੀ ਹੱਥਾਂ ‘ਤੇ ਚੁੱਕਣਗੇ। ਪਰ ਮੈਂ ਤੁਹਾਡੀ ਪੜ੍ਹਾਈ ਦਾ ਨੁਕਸਾਨ ਹੋਇਆ ਨਹੀਂ ਦੇਖਣਾ ਚਹੁੰਦਾ।
ਦੂਜਾ ਪੈੱਗ ਬਾਪੂ ਨੂੰ ਬੇਸਬਰੀ ਨਾਲ਼ ਉਡੀਕ ਰਿਹਾ ਸੀ।
-ਗਾਇਕੀ ਦਾ ਕੋਈ ਪ੍ਰੋਗਰਾਮ ਜੇ ਸਿਰਫ਼ ਸ਼ਨੀਚਰ ਜਾਂ ਐਤਵਾਰ ਨੂੰ ਹੋਵੇ ਤਾਂ ਤੁਸੀਂ ਜਾ ਸਕਦੇ ਹੋ।
ਅਗਲੀ ਸਵੇਰ, ਬਾਪੂ ਵੱਲੋਂ ਕਵੀਸ਼ਰੀ ‘ਚ ਚਿਤਰਿਆ, ਦਸਵੇਂ ਗੁਰੂ ਦੇ ਨੰਨ੍ਹੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਪ੍ਰਸੰਗ, ਸਾਡੇ ਹੱਥਾਂ ‘ਚ ਫੜਾਉਂਦਿਆਂ ਬਾਪੂ ਨੇ ਤਾਕੀਦ ਕੀਤੀ ਕਿ ਦੋ ਹਫ਼ਤੇ ‘ਚ ਉਸ ਪ੍ਰਸੰਗ ਦੇ ਤਕਰੀਬਨ ਪੰਦਰਾਂ-ਸੋਲਾਂ ਛੰਦ ਜ਼ੁਬਾਨੀ ਯਾਦ ਹੋਣੇ ਚਾਹੀਦੇ ਨੇ।
ਨਵੰਬਰ ਦੇ ਮੁਢਲੇ ਪੱਖ ਦੀ ਸਰਦੀ ਨੇ, ਟੀਨ ਦੀਆਂ ਪੇਟੀਆਂ ਅਤੇ ਲੱਕੜ ਦੇ ਸੰਦੂਕ ‘ਚ, ਨਿਸਲ਼ੇਵਾਂ ਹੰਢਾਉਂਦੀਆਂ ਰਜਾਈਆਂ ਨੂੰ ਧੂਹ ਕੇ ਮੰਜਿਆਂ ‘ਤੇ ਲੈ ਆਂਦਾ। ਮੰਜੇ ਦਿਨ ਵੇਲ਼ੇ ਧੁੱਪ ਸੇਕਦੇ, ਤੇ ਸੂਰਜ ਦੇ ਛਿਪਾਅ ਤੋਂ ਪਹਿਲਾਂ ਹੀ ਦਲਾਨ ਅਤੇ ਪੇਟੀ ਵਾਲ਼ੇ ਕਮਰੇ ‘ਚ ਜਾ ਖੜ੍ਹਦੇ।
ਸਾਡਾ ਤਿੰਨਾਂ ਭਰਾਵਾਂ ਦਾ ਡੇਰਾ, ਹੱਥਾਂ ਨਾਲ਼ ਗੇੜ ਕੇ ਪੱਠੇ ਕੁਤਰਨ ਵਾਲੀ ਮਸ਼ੀਨ ਕੋਲ ਸੀ ਜਿਹੜੀ ਆਪ ਓਸ ਪੜਛੱਤੇ ਦੇ ਇੱਕ ਪਾਸੇ ਸਾਰੀ ਦਿਹਾੜੀ ਚੁੱਪਚਾਪ ਖਲੋਤੀ ਰਹਿੰਦੀ ਜਿਸ ‘ਚ ਮੱਝਾਂ, ਕੱਟੀਆਂ ਤੇ ਗਾਈਆਂ ਦਾ ਵਸੇਬਾ ਸੀ। ਪੜਛੱਤੇ ਦੇ ਤਿੰਨ ਪਾਸੀਂ ਤਾਂ ਕੰਧਾਂ ਸਨ ਪਰ ਚੌਥਾ ਪਾਸਾ ਛਪਾਲ਼ ਖੁਲ੍ਹਾ ਸੀ। ਕੰਧੋਂ ਸੱਖਣੇ ਇਸ ਚੌਥੇ ਪਾਸੇ ‘ਤੇ, ਕਾਨਿਆਂ ਨਾਲ਼ ਬਣਾਇਆ ਇੱਕ ਪੜਦਾ, ਸਿਆਲ਼ੋ-ਸਿਆਲ਼, ਦਿਨ ਵੇਲ਼ੇ ਛੱਤ ਕੋਲ਼ ਲਿਪਟਿਆ ਰਹਿੰਦਾ ਅਤੇ ਸ਼ਾਮ ਨੂੰ ਪਸ਼ੂਆਂ ਦੀ, ਵਿਹੜੇ ਵਾਲ਼ੇ ਕਿੱਲਿਆਂ ਤੋਂ ਪੜਛੱਤੇ ਅੰਦਰ ਆਮਦ ਤੋਂ ਬਾਅਦ, ਖੁਲ੍ਹ ਕੇ, ਸੇਹਰੇ ਵਾਂਗ ਤਣ ਜਾਂਦਾ।
ਮਸ਼ੀਨ ਦੇ ਨਜ਼ਦੀਕ ਹੀ ਦੋ ਮੰਜਿਆਂ ਵਿਚਕਾਰ, ਸਿਰਹਾਣਿਆਂ ਦੇ ਨਜ਼ਦੀਕ, ਇੱਕ ਸਟੂਲ ਉੱਤੇ ਮਿੱਟੀ ਦੇ ਤੇਲ ਨਾਲ਼ ਜਗਣ ਵਾਲਾ ਲੈਂਪ ਹੁੰਦਾ ਸੀ, ਜੀਹਦੇ ਪੇਤਲੇ ਜੇਹੇ ਚਾਨਣ ‘ਚ ਅਸੀਂ ਤਿੰਨੇਂ ਭਰਾ ਹਿਸਾਬ ਦੇ ਸੁਆਲ ਕੱਢਣ ਦੇ ਨਾਲ਼ ਨਾਲ਼ ਸਾਹਿਬਜ਼ਾਦੀਆਂ ਦੀ ਸ਼ਹੀਦੀ ਦਾ ਕਵੀਸਰੀ ‘ਚ ਲਿਪਟਿਆ ਪ੍ਰਸੰਗ ਯਾਦ ਕਰਨ ਵਿੱਚ ਰੁੱਝ ਗਏ।
ਸਿਆਲ਼ੀ ਦਿਨਾਂ ‘ਚ, ਸ਼ਾਦੀਆਂ ਅਤੇ ਧਾਰਮਿਕ ਦੀਵਾਨਾਂ ਦਾ ਸੀਜ਼ਨ ਹੋਣ ਕਾਰਨ, ਬਾਪੂ ਦਾ ਕਵੀਸ਼ਰੀ ਜੱਥਾ ਡਾਢਾ ਮਸਰੂਫ਼ ਹੁੰਦਾ ਸੀ, ਇਸ ਲਈ ਉਹ ਪੰਜਵੇਂ-ਸੱਤਵੇਂ ਦਿਨ ਹੀ ਪਿੰਡ ਪਰਤਦਾ। ਜਿਸ ਦਿਨ ਉਹ ਪਿੰਡ ਹੁੰਦਾ, ਸਾਨੂੰ ਤਿੰਨਾਂ ਨੂੰ ਤੜਕਸਾਰ ਤਿੰਨ ਚਾਰ ਵਜੇ ਅਵਾਜ਼ ਮਾਰ ਦਿੰਦਾ। ਨਿਆਣ-ਉਮਰੇ ਅਸੀਂ, ਰਜ਼ਾਈ ਦੇ ਨਿੱਘ ‘ਚੋਂ ਉੱਠਣ ਵੇਲੇ ਚੀਂ-ਚੀਂ ਕਰਦੇ, ਪਾਸੇ ਮਾਰਦੇ ਅਤੇ ਅੱਖਾਂ ਮਲ਼ਦੇ। ਸੋਚਦੇ ਬਾਪੂ ਸ਼ਾਇਦ ਸਾਨੂੰ ਅੱਜ ਛੁੱਟੀ ਹੀ ਬਖ਼ਸ਼ ਦੇਵੇ। ਪਰ ਉਹ ਅਸੂਲਾਂ ਦਾ ਪੱਕਾ ਸੀ। –ਉੱਠੋ! ਉੱਠੋ!, ਉਹ ਪ੍ਰੇਰਨਾ ਅਤੇ ਹੁਕਮ ਨੂੰ ਸ਼ਰਾਬ ਅਤੇ ਪਾਣੀ ਵਾਂਗ ਸੰਤੁਲਨ ‘ਚ ਕਰ ਕੇ ਬੋਲਦਾ। -ਪਹਿਲਾਂ ਨਹਾਓ ਤੇ ਫੁਰਤੀ ‘ਚ ਆਓ!
ਇੱਕ ਸਰਦੀ ਦੀ ਰੁੱਤ, ਦੂਸਰਾ ਤੜਕਸਾਰ ਦੀ ਠਾਰੀ, ਤੇ ਉੱਪਰੋਂ ਖੁੱਲ੍ਹੀ ਹਵਾ ‘ਚ ਖਲੋਤੇ ਨਲ਼ਕੇ ਹੇਠ ਨਹਾਉਣ ਦਾ ਹੁਕਮ!
ਸੀਤ ਤੜਕਸਾਰ ਦੇ ਕਾਲ਼ੇ ਅਕਾਸ਼ ‘ਚ ਟਿਮਟਿਮਾਂਦੇ ਤਾਰਿਆਂ ਹੇਠ ਖ਼ਾਮੋਸ਼ੀ ਧਾਰ ਕੇ ਸੁੱਤੇ ਵਿਹੜੇ ‘ਚ ਲੜਖੜਾਂਦੇ, ਅਸੀਂ ਹੱਥ ਨਾਲ਼ ਗਿੜਨ ਵਾਲ਼ੇ ਪੰਪ ਵੱਲ ਹੋ ਜਾਂਦੇ: ਸਾਡੇ ‘ਚੋਂ ਇੱਕ ਜਣਾ ਨਲ਼ਕਾ ਗੇੜਦਾ ਜਿਸ ਦੀ ਚੀਂ ਚੀਂ ਨਾਲ਼, ਖੁਲ੍ਹੇ ਅਕਾਸ਼ ਹੇਠ ਕੰਧ ਨਾਲ ਲਿਪਟੀ ਖੁਰਲੀ ਹੇਠ ਬਣੇ ਖੁੱਡੇ ‘ਚ, ਇੱਕ ਦੂਜੀ ਨਾਲ਼ ਘਸਰ ਕੇ ਸੁੱਤੀਆਂ ਕੁਕੜੀਆਂ ਕੁੜ-ਕੁੜਾਅ ਉਠਦੀਆਂ। ਦੂਸਰਾ ਜਣਾ, ਬਾਲ਼ਟੀ ‘ਚ ਗਿਰ ਰਹੇ ਪਾਣੀ ਦੇ ਮੱਗ ਭਰ ਭਰ ਕੇ ਪਿੰਡੇ ਨੂੰ ਤਰ ਕਰ ਲੈਂਦਾ। ਬਾਹਰ ਭਾਵੇਂ ਠੰਡ ਹੁੰਦੀ ਪਰ ਨਲ਼ਕੇ ਦਾ ਪਾਣੀ ਕੋਸਾ, ਕੋਸਾ ਮਹਿਸੂਸ ਹੁੰਦਾ। ਪਹਿਲਾਂ ਪਹਿਲਾਂ ਅਸੀਂ ਕਹਿਰ ਦੀ ਸਰਦੀ ‘ਚ ਠੰਡੇ ਪਾਣੀ ਨਾਲ਼ ਨਹਾਉਣ ਤੋਂ ਤ੍ਰਭਕਦੇ ਪਰੰਤੂ ਕੁਝ ਦਿਨਾਂ ‘ਚ ਹੀ ਇਹ ਸਮਝ ਲੱਗ ਗਈ ਕਿ ਪਿੰਡੇ ‘ਤੇ ਪੈਣ ਵਾਲ਼ੇ ਪਾਣੀ ਦੇ ਪਹਿਲੇ ਦੋ ਕੁ ਮੱਗ ਹੀ ਠੰਡੇ ਲਗਦੇ ਸਨ, ਬਾਕੀ ਦਾ ਇਸ਼ਨਾਨ ਤਾਂ ਬਿਨਾ ਤਕਲੀਫ਼ ਹੀ ਹੋ ਜਾਂਦਾ।
ਸ਼ੂੰ-ਸ਼ੂੰ ਬਲ਼ਦੇ ਸਟੋਵ ਉੱਤੇ ਬਾਪੂ ਵੱਲੋਂ ਬਣਾਈ ਚਾਹ ਦੇ ਸੁੜ੍ਹਾਕੇ ਵਜਦੇ ਤਾਂ ਸਾਡੇ ਨਰਮ ਜਿਹੇ ਸਰੀਰਾਂ ‘ਚ ਗਰਮੀ ਤੁਣਕਣ ਲਗਦੀ।
-ਚਲੋ ਬਈ ਪੇਟੀ ‘ਤੇ, ਬਾਪੂ ਇਸ਼ਾਰੇ ਨਾਲ਼ ਆਖਦਾ।
ਅਸੀਂ ਤਿੰਨੇਂ ਪੇਟੀਆਂ ਵਾਲ਼ੇ ਕੋਠੇ ‘ਚ ਪਈ ਮਧਰੀ ਜਿਹੀ ਪੇਟੀ ਦੇ ਉੱਪਰ ਇੱਕ ਕਤਾਰ ‘ਚ ਬੈਠ ਜਾਂਦੇ। ਮਿੱਟੀ ਦੇ ਤੇਲ ਵਾਲ਼ਾ ਲੈਂਪ ਸਾਡੇ ਸਾਹਮਣੇ ਸਜਿਆ ਹੁੰਦਾ। ਬਾਪੂ ਸਾਡੇ ਸਾਹਮਣੇ ਮੰਜੇ ਉੱਤੇ ਚੌਂਕੜਾ ਮਾਰ ਕੇ ਸਾਡੇ ਵੱਲ ਮੂੰਹ ਕਰ ਕੇ ਬਿਰਾਜਮਾਨ ਹੋ ਜਾਂਦਾ।
-ਕਰੋ ਸ਼ੁਰੂ!
ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਸਾਕੇ ਦੇ ਛੰਦ ਇੱਕ ਤੋਂ ਬਾਅਦ ਦੂਸਰਾ ਸਾਡੀਆਂ ਉੱਚੀਆਂ ਅਵਾਜ਼ਾਂ ‘ਚ ਉੱਧੜੀ ਜਾਂਦੇ।
ਵਿਚ ਵਿਚ ਬਾਪੂ ਸਾਨੂੰ ਰੋਕਦਾ; ਦਸਦਾ ਕਿ ਸ੍ਰੋਤੇ ਤੁਹਾਡੀਆਂ ਅਵਾਜ਼ਾਂ ਦੇ ਉਤਰਾਅ-ਚੜ੍ਹਾਅ, ਸੁਰੀਲਤਾ ਅਤੇ ਬੁਲੰਦੀ ਦੇ ਨਾਲ਼ ਨਾਲ਼, ਇਹ ਸੁਣਨਾਂ ਚਹੁੰਦੇ ਹੁੰਦੇ ਕਿ ਤੁਸੀਂ ਗਾਇਕੀ ‘ਚ ਕਹਿ ਕੀ ਰਹੇ ਹੋ; ਗਾਇਕੀ ਦੇ ਨਾਲ਼ ਨਾਲ਼, ਗਾਈ ਜਾ ਰਹੀ ਸ਼ਾਇਰੀ ਦਾ ਆਪਣਾ ਰਸ ਹੁੰਦਾ ਹੈ: ਇਸ ਲਈ ਹਰ ਲਫ਼ਜ਼ ਨਿਖਾਰ ਨਿਖਾਰ ਕੇ ਬੋਲਣਾ ਹੈ… ਨਾਲ਼ੇ ਸਟੇਜ ਉੱਤੇ ਬੁੱਤ ਬਣ ਕੇ ਨਹੀਂ ਖਲੋਣਾ ਸਗੋਂ ਕਵੀਸ਼ਰੀ ਦੇ ਪ੍ਰਸੰਗ ਮੁਤਾਬਿਕ ਚਿਹਰੇ ਉੱਪਰ ਅਤੇ ਅਵਾਜ਼ ਵਿੱਚ ਕਰੁਣਾ, ਉਦਾਸੀ, ਦਰਦ, ਗ਼ਮੀ ਅਤੇ ਖ਼ੁਸ਼ੀ ਆਦਿਕ ਦੇ ਹਾਵ-ਭਾਵ ਵੀ ਲਿਆਉਣੇ ਹਨ ਅਤੇ ਹੱਥਾਂ ਦੇ ਇਸ਼ਾਰੇ ਵੀ ਕਰਨੇ ਹਨ।
ਫਿਰ ਉਸ ਨੇ ਬੇਬੇ ਨੂੰ ਹੁਕਮ ਕਰ ਦਿੱਤਾ: ਦਿਲਜੀਤ ਕੁਰੇ, ਮੈਂ ਪਿੰਡ ਹੋਵਾਂ ਜਾਂ ਨਾ; ਤੂੰ ਏਹਨਾਂ ਨੂੰ ਅਲਾਰਮ ਲਾ ਕੇ ਤੜਕਿਓਂ ਤਿੰਨ ਵਜੇ ਉਠਾਉਣਾ ਹੈ। ਚਾਹ ਨਾਲ਼ ਖੋਏ ਦੀ ਇੱਕ ਇੱਕ ਪਿੰਨੀ ਦੇ ਕੇ ਇਨ੍ਹਾਂ ਨੂੰ ਐਸ ਪੇਟੀ ‘ਤੇ ਬਿਠਾਅ ਦੇਣਾ ਹੈ। ਜਿੰਨੀ ਪ੍ਰੈਕਟਿਸ ਇਹ ਵੱਧ ਕਰਨਗੇ, ਓਨਾ ਹੀ ਇਨ੍ਹਾਂ ਦੀ ਗਾਇਕੀ ‘ਚ ਨਿਖਾਰ ਆਵੇਗਾ। ਘੰਟਾ ਕਵੀਸ਼ਰੀ ਦਾ ਰਿਆਜ਼ ਤੇ ਉਸ ਤੋਂ ਬਾਅਦ ਸਕੂਲ ਦਾ ਕੰਮ।