ਬਾਪੂ ਦਾ ਕਵੀਸ਼ਰੀ ਜੱਥਾ ਵਿਸਾਖ ਦੇ ਪਹਿਲੇ ਹਫ਼ਤੇ ਕਲਕੱਤੇ ਲਈ ਰਵਾਨਾ ਹੋ ਗਿਆ ਸੀ। ਬਾਪੂ ਕਹਿ ਗਿਆ ਸੀ ਕਿ ਉਹ ਹਾੜ੍ਹ ਮਹੀਨਾ ਚੜ੍ਹਨ ਤੋਂ ਪਹਿਲਾਂ, ਕਲਕੱਤਿਓਂ ਪਰਤ ਆਵੇਗਾ ਕਿਉਂਕਿ ਉਨ੍ਹੀਂ ਦਿਨੀਂ ਪੰਜਾਬ ਵਿੱਚ ਹਾੜ੍ਹ ਦਾ ਮਹੀਨਾ ਸ਼ਾਦੀਆਂ ਦੇ ‘ਹੜ’ ਦਾ ਮਹੀਨਾ ਹੋਇਆ ਕਰਦਾ ਸੀ। ਹਾੜ੍ਹ ਦੀਆਂ ਸ਼ਾਦੀਆਂ `ਚ ਗਾਇਕੀ ਕਰਨ ਲਈ, ਪੰਜਾਬ ਦੇ ਤੁਮਾਮ ਗਵੱਈਏ ਕਈ ਕਈ ਮਹੀਨੇ ਪਹਿਲਾਂ ਹੀ ਬੁੱਕ ਕਰ ਲਏ ਜਾਂਦੇ ਸਨ। ਬਾਪੂ ਦੇ ਜੱਥੇ ਦੀ, ਕੋਟਕਪੂਰੇ ਦੇ ਇਲਾਕੇ ਦੇ ਪਿੰਡ ਬਾਜਾਖ਼ਾਨਾ ਵਿੱਚ, ਹਾੜ੍ਹ ਦੇ ਮਹੀਨੇ ਕਿਸੇ ਸ਼ਾਦੀ ਦੇ ਸਮਾਗਮ `ਤੇ ਕਵੀਸ਼ਰੀ ਕਰਨ ਦੀ ਬੁਕਿੰਗ, ਜੱਥੇ ਦੇ ਕਲਕੱਤੇ ਵੱਲ ਨੂੰ ਚਾਲੇ ਪਾਉਣ ਤੋਂ ਢੇਰ ਚਿਰ ਪਹਿਲਾਂ ਹੀ ਹੋ ਚੁੱਕੀ ਸੀ। ਇਸ ਲਈ ਜੇਠ ਦੇ ਮਹੀਨੇ ਦੀ ਪੂਛਲ਼ ਦਿਸਦਿਆਂ ਹੀ, ਸਹਿਮ ਤੇ ਭੈਅ ਦੇ ਆਲਮ `ਚ ਅਸੀਂ ਤਿੰਨੇ ਭਰਾ, ਬਾਪੂ ਦੇ ਕਲਕੱਤਿਓਂ ਪਰਤਣ ਦੀ ਉਡੀਕ ਕਰਨ ਲੱਗੇ।
ਪਿੰਡ ਆਈ ਬਰਾਤ ਲਈ ਕਵੀਸ਼ਰੀ ਗਾਉਣ ਵਾਲ਼ੇ ਸਾਡੇ ‘ਕੁੱਤੇ ਕੰਮ’ ਦਾ ਇਲਮ ਹੋਣ ਤੋਂ ਬਾਅਦ, ਬੇਬੇ ਦੇ ਮੱਥੇ `ਤੇ ਇੱਕ ਦਮ ਉੱਭਰ ਆਈ ਮੇਖਾਂ ਦੀ ਗੁੱਛੀ ਵਾਪਿਸ ਹੋਣ ਦਾ ਨਾਮ ਨਹੀਂ ਸੀ ਲੈ ਰਹੀ। ਉਸ ਦਾ ਹਲੀਮ, ਮਜ਼ਾਕੀਆ ਤੇ ਹਸਮੁੱਖ ਸੁਭਾਅ ਹੁਣ ਮਿਰਚੀ ਤੇ ਅੱਗ-ਭਬੂਕੀ ਹੋ ਗਿਆ ਸੀ। ਉਹ ਨਿੱਕੀ ਨਿੱਕੀ ਗੱਲ `ਤੇ ਖਿਝਣ ਲੱਗ ਪਈ ਸੀ। ਸਵੇਰੇ ਸਵਖ਼ਤੇ, ਰੁੱਖੇ ਅੰਦਾਜ਼ `ਚ, ਸਾਨੂੰ ਮੰਜੀਆਂ ਤੋਂ ਝੰਜੋੜ ਕੇ ਉਠਾਉਂਦਿਆਂ, ਪਾੜਵੀਆਂ ਨਜ਼ਰਾਂ ਹੇਠ ਮੁੱਠੀ ਵਾਂਗ ਵੱਟੇ ਹੋਏ ਬੁੱਲ੍ਹਾਂ ਨਾਲ, ਹੁਣ ਉਹ ਸਾਨੂੰ ਕੜਕ ਕੜਕ ਪੈਂਦੀ: ਪੱਠੇ ਥੋਡਾ ਪਿਓ ਵੱਢ ਕੇ ਲਿਆਊ? ਪਏ ਓਂ ਸਰਾਲ਼ਾਂ ਵਾਂਗ ਮਸਤ ਹੋ ਕੇ! ਡੱਫੋ ਚਾਹ ਤੇ ਚੱਕੋ ਦਾਤੀਆਂ ਜੇ ਰਾਤ ਨੂੰ ਦੁੱਧ ਦੀ ਤਿੱਪ ਪੀਣੀ ਐਂ!
ਸਾਡੇ ਪਲੇਠੇ ‘ਕਵੀਸ਼ਰੀ-ਸ਼ੋਅ’ ਵਾਲ਼ੇ ਦਿਨ ਬੋਲੇ ਉਸ ਦੇ ਚਿਤਾਵਨੀਏਂ ਬੋਲ, ‘ਆ ਜਾਣ ਦਿਓ ਪਤੰਦਰ ਨੂੰ ਕਲਕੱਤਿਓਂ; ਕਰੂ ਥੋਡੀਆਂ ਬੂਥੀਆਂ ਲਾਲ!’ , ਸਾਡੇ ਮੱਥਿਆਂ `ਚ ਘਿਸਰਣ ਲੱਗੇ।
ਚਰ੍ਹੀ ਵੱਢਣ-ਕੁਤਰਨ ਅਤੇ ਛੱਪੜ ਉੱਤੇ ਮੱਝਾਂ ਨਹਾਉਣ ਦੌਰਾਨ, ਬਾਪੂ ਦੇ ਕਲਕੱਤਿਓਂ ਪਰਤਣ `ਤੇ ਪੈਣ ਵਾਲ਼ੀਆਂ ਗਾਲ਼ਾਂ ਦੀ ਵਾਛੜ ਤੇ ਚੁਪੇੜਾਂ ਦੀ ਝੜੀ ਦਾ ਡਰ ਸਾਡੀਆਂ ਸੋਚਾਂ `ਚ ਲਗਾਤਾਰ ਠੂੰਗੇ ਮਾਰਨ ਲੱਗਾ। ਸੰਦੂਕ `ਚ, ਜਿੰਦਰੇ ਓਹਲੇ, ਟੀਨ ਦੀ ਜ਼ੰਗਾਲੀ ਹੋਈ ਸੰਦੂਕੜੀ `ਚ ਨਿਸਚਿੰਤ ਸੁੱਤੇ, ‘ਕੌਲਾਂ’ ਦੇ ਕਿੱਸੇ ਦਾ ਚੇਤਾ ਆਉਂਦਿਆਂ ਹੀ ਮੇਰੇ ਕੰਨਾਂ `ਚੋਂ ਸੇਕ ਨਿੱਕਲਣ ਲਗਦਾ। ਰਾਤੀਂ ਕੋਠੇ `ਤੇ ਪਿਆਂ ਤਾਰਿਆਂ ਦੇ ਝੁਰਮਟਾਂ ਨਾਲ਼ ਗੁਫ਼ਤਗੂ ਕਰਦਿਆਂ ਜਦੋਂ ਨੀਂਦ ਦਾ ਹਲਕਾ ਜਿਹਾ ਝੂਟਾ ਆਉਂਦਾ, ਤਾਂ ਬਾਪੂ ਮੇਰੀ ਬਾਂਹ ਮਰੋੜ ਕੇ ਮੇਰੀ ਗਿੱਚੀ `ਚ ਮੁੱਕੇ ਜੜ ਜੜਨ ਲੱਗ ਜਾਂਦਾ। ‘ਕੀਹਨੂੰ ਪੁੱਛ ਕੇ ਕਵੀਸ਼ਰੀ ਕਰਨ ਗਏ ਸੀ, ਉਏ ਕੁੱਤਿਓ ਕਿਸੇ ਥਾਂ ਦਿਓ?’ ਬਾਪੂ ਕੜਕਦਾ, ਤੇ ਮੈਂ ਬੁੜ੍ਹਕ ਕੇ ਨੀਂਦਰ `ਚੋਂ ਬਾਹਰ ਜਾ ਡਿਗਦਾ।
ਉਸ ਦਿਨ ਸਿਖ਼ਰ ਦੁਪਹਿਰੇ, ਦਲਾਨ ਵਿੱਚ ਬੈਠੇ ਅਸੀਂ ਤਿੰਨੇ ਭਰਾ ਤੇ ਦੋਏ ਭੈਣਾਂ ਤੰਦੂਰੀ ਰੋਟੀਆਂ ਦਾ ਅਨੰਦ ਕੜ੍ਹੀ ਨਾਲ਼ ਮਾਣ ਰਹੇ ਸਾਂ ਕਿ ਵਿਹੜੇ ਵੱਲ ਦੇ ਦਰਵਾਜ਼ਿਓਂ ਇੱਕ ਓਪਰਾ ਬੰਦਾ, ਸਿਰ `ਤੇ ਗੱਤੇ ਦਾ ਇੱਕ ਵੱਡਾ ਬਕਸਾ ਟਿਕਾਈ ਸਾਡੇ ਦਲਾਨ ਵਿੱਚ ਦਾਖ਼ਿਲ ਹੋ ਗਿਆ। ਅਸੀਂ ਅਜੇ ਉਸ ਦੇ ਹੁਲੀਏ ਤੋਂ ਉਸ ਦੀ ਪਛਾਣ ਅੰਦਾਜ਼ਣ ਵਿੱਚ ਹੀ ਉਲਝੇ ਹੋਏ ਸਾਂ ਕਿ ਇੱਕ ਹੱਥ `ਚ ਚਮੜੇ ਦਾ ਬੈਗ਼ ਤੇ ਦੂਸਰੇ `ਚ ਢਾਕ ਨਾਲ਼ ਲਾ ਕੇ ਅੰਬਾਂ ਦੀ ਟੋਕਰੀ ਚੁੱਕੀ ਦਲਾਨ ਵੱਲ ਨੂੰ ਵਧ ਰਿਹਾ ਬਾਪੂ ਨਜ਼ਰ ਪੈ ਗਿਆ। ਉਸ ਦੀਆਂ ਚੜ੍ਹੀਆਂ ਸੇਹਲੀਆਂ ਹੇਠ ਸਰੂਰ `ਚ ਗੜੂੰਦ ਅੱਖਾਂ ਵਿੱਚ ਹਲਕੀ ਜਿਹੀ ਲਾਲੀ ਸੀ ਤੇ ਅਰਧ-ਸਫ਼ੈਦੀ ਵੱਲ ਖਿਸਕ ਰਹੀ ਦਾਹੜੀ `ਚੋਂ ਉੱਭਰਦੀਆਂ ਉਸ ਦੀਆਂ ਗੱਲ੍ਹਾਂ `ਚ ਟਮਾਟਰਾਂ ਦਾ ਭੁਲੇਖਾ ਟਪਕਦਾ ਸੀ। ਬਾਪੂ ਨੂੰ ਦੇਖਦਿਆਂ ਹੀ ਸਾਡੇ ਹੱਥਾਂ `ਤੇ ਟਿਕੀਆਂ ਰੋਟੀਆਂ ਕੜ੍ਹੀ ਵਾਲ਼ੀਆਂ ਕੌਲੀਆਂ `ਤੇ ਜਾ ਡਿੱਗੀਆਂ, ਤੇ ‘ਬਾਪੂ ਜੀ ਆ ਗੇ’ ਦੀਆਂ ਚੀਕਾਂ ਮਾਰਦੇ ਅਸੀ ਵਿਹੜੇ ਵੱਲ ਨੂੰ ਭੱਜ ਉੱਠੇ। ਸਾਡੇ ਵੱਲੋਂ ਬਾਪੂ ਦੀਆਂ ਲੱਤਾਂ ਉਦਾਲ਼ੇ ਕਲੰਘੜੀਆਂ ਪਾਏ ਜਾਣ ਤੋਂ ਪਹਿਲਾਂ, ਬਾਪੂ ਦਾ ਬੈਗ਼ ਧਰਤੀ `ਤੇ ਲੁੜਕ ਗਿਆ ਤੇ ਅੰਬਾਂ ਦਾ ਟੋਕਰਾ ਓਪਰੇ ਬੰਦੇ ਦੇ ਹੱਥਾਂ ਵੱਲ ਹੋ ਗਿਆ। ਨਮ ਹੋਈਆਂ ਅੱਖਾਂ ਹੇਠ ਬਾਪੂ ਦੇ ਬੁੱਲ੍ਹ ਪਾਸਿਆਂ ਵੱਲ ਨੂੰ ਫੈਲੇ, ਤੇ ਉਹ ਸਾਡੀਆਂ ਗੱਲ੍ਹਾਂ ਉੱਪਰ ਆਪਣੇ ਸਾਹਾਂ ਦੀ ‘ਸੌਂਫ਼ੀਆ’ ਸਿਲ੍ਹ ਖਿਲਾਰਨ ਲੱਗਾ। ਬੇਬੇ ਦੇ ਮੱਥੇ `ਤੇ ਉੱਭਰੇ ਸਿਆੜਾਂ ਉੱਪਰ ਇੱਕ ਦਮ ਸੁਹਾਗਾ ਫਿਰ ਗਿਆ, ਤੇ ਮੁੱਠੀ ਬਣੇ ਉਸ ਦੇ ਬੁੱਲ੍ਹ, ਅਚਾਨਕ ਪੈਣ ਲੱਗੀ ਬਰਸਾਤ ਹੇਠ ਰੰਗੀਨ ਛਤਰੀ ਵਾਂਗ ਖੁਲ੍ਹ ਗਏ। ਓਪਰਾ ਬੰਦਾ ਆਪਣੇ ਟਾਂਗੇ ਤੋਂ ਅੰਬਾਂ ਦੀਆਂ ਬਾਕੀ ਟੋਕਰੀਆਂ ਤੇ ਬਾਪੂ ਦਾ ਕੱਪੜਿਆਂ ਵਾਲ਼ਾ ਟਰੰਕ ਲਹੁਣ ਲਈ ਦਰਵਾਜ਼ਓਂ ਬਾਹਰ ਹੋ ਗਿਆ।
ਆਖ਼ਰੀ ਟੋਕਰੀ ਟਾਂਗਿਓਂ ਉਤਰਨ ਤੋਂ ਪਹਿਲਾਂ ਸਾਡਾ ਦਲਾਨ, ਸਾਡੇ ਸਾਰੇ ਆਂਢ-ਗੁਆਂਢ ਦੇ ਬੱਚੇ, ਬੁੱਢੇ ਤੇ ਜਵਾਨ ਔਰਤਾਂ ਮਰਦਾਂ ਨਾਲ਼ ਭੀੜਤ ਸੀ। ਅਗਲੇ ਹੀ ਪਲ ਇੱਕ-ਇੱਕ ਅੰਬ ਹਰੇਕ ਔਰਤ ਤੇ ਬੱਚੇ ਦੇ ਹੱਥਾਂ `ਚ ਸੀ। ਟਾਂਗੇ ਵਾਲ਼ਾ ਭਾਈ ਹੁਣ ਇੱਕ ਭਾਰੀ ਗੱਟਾ (ਛੋਟੀ ਜਿਹੀ ਬੋਰੀ) ਲਾਹ ਲਿਆਇਆ। ਗੱਟੇ ਦਾ ਮੂੰਹ ਖੁਲ੍ਹਦਿਆਂ ਹੀ ਸੌਂਫ਼ੀਆ ਸ਼ਰਾਬ ਦੀਆਂ ਬੋਤਲਾਂ, ਗੱਟੇ `ਚੋਂ ਨਿੱਕਲ਼ ਕੇ, ਥਮਲੇ ਕੋਲ਼ ਖਲੋਤੇ ਮੇਜ਼ ਦੀਆਂ ਲੱਤਾਂ ਕੋਲ਼ ਇਕੱਤਰ ਹੋਣ ਲੱਗੀਆਂ। ਮੇਜ਼ ਲਾਗੇ ਬੋਤਲਾਂ ਦੀ ਭੀੜ ਦੇਖਦਿਆਂ, ਔਰਤਾਂ ਤੇ ਬੱਚੇ ਦਲਾਨੋਂ ਬਾਹਰ ਖਿਸਕਣ ਲੱਗੇ। ਮਰਦਾਂ ਨੇ ਦਲਾਨ ਦੀਆਂ ਕੰਧਾਂ ਨੂੰ ਢੋਅ ਲਾਈ ਖਲੋਤੇ ਮੰਜਿਆਂ ਦੇ ਮੋਢੇ ਹਲੂਣੇ। ਮੇਜ਼ ਨੂੰ ਖਿਸਕਾਅ ਕੇ ਮੰਜਿਆਂ ਦੇ ਵਿਚਕਾਰ ਕਰ ਲਿਆ ਗਿਆ।
ਹੁਣ ਕੋਰੇ ਘੜੇ ਦਾ ਪਾਣੀ ਜੱਗ ਵਿੱਚ ਉਲਟਣ ਲੱਗਾ। ਤਕਰੀਬਨ ਦੋ ਮਹੀਨਿਆਂ ਤੋਂ ਟਾਣ `ਤੇ ਸੁੱਤੇ ਕੰਚ ਦੇ ਗਲਾਸਾਂ `ਚ ਹਰਕਤ ਜਾਗ ਉੱਠੀ। ਬੋਤਲਾਂ ਦੇ ਡੱਟਾਂ ਦੀਆਂ ਚੂੜੀਆਂ ਕੜਿੱਕ-ਕੜਿੱਕ ਕਰ ਕੇ ਟੁੁੱਟਣ ਲੱਗੀਆਂ। ਹੁਣ ਬੋਤਲਾਂ ਟੇਢੀਆਂ ਹੋਈਆਂ, ਤੇ ਕੁੱਝ ਕੁ ਮਿੰਟਾਂ `ਚ ਹੀ ਸਾਰਾ ਦਲਾਨ ਸੌਂਫ਼ੀਆ ਗੰਧ `ਚ ਗੜੁੱਚ ਹੋ ਗਿਆ। ਦੋ ਕੁ ਦਰਜਣ ਮਰਦਾਂ ਦੀਆਂ ਅੱਖਾਂ `ਚ ਸੁਰਮਈ ਵਿਸਮਾਦ ਛਲਕਣ ਲੱਗਾ।
ਬੇਬੇ ਨੇ ਆਂਡਿਆਂ ਦੀ ਟੋਕਰੀ `ਚ ਹੱਥ ਮਾਰਿਆ। ਅਗਲੇ ਪਲ ਇੱਕ ਚਮਚੇ ਦੀ ਮੱਦਦ ਨਾਲ਼ ਆਂਡਿਆਂ ਦੀ ਜ਼ਰਦੀ ਇੱਕ ਛੰਨੇ `ਚ ਆਪਣੇ ਉਦਾਲ਼ੇ ਲਿਪਟੀ ਸਫ਼ੈਦੀ ਨਾਲ਼ ਇੱਕ-ਮਿੱਕ ਹੋਣ ਲੱਗੀ। ਚੁੱਲ੍ਹੇ `ਤੇ ਟਿਕੀ ਕੜਾਹੀ `ਚ ਭੁੱਜ ਰਹੇ ਕੁਤਰਾ ਹੋਏ ਪਿਆਜ਼, ਮਿਰਚਾਂ, ਅਧਰਕ ਤੇ ਮਸਾਲੇ ਦੀ ਹਮਕ, ਸ਼ਰਾਬ ਦੀ ਸੌਂਫ਼ੀਆ ਗੰਧ ਨਾਲ਼ ਗਲਵਕੜੀਆਂ ਪਾਉਣ ਲੱਗੀ। ਲੋਰ `ਚ ਆਇਆ ਬਾਪੂ ਕਲਕੱਤੇ `ਚ ਗੁਜ਼ਾਰੇ ਦਿਨਾਂ ਦੀਆਂ ਕਹਾਣੀਆਂ ਨੂੰ ਤੁੜਕਾ ਲਾ ਲਾ ਕੇ ਸੁਣਾਅ ਰਿਹਾ ਸੀ। ਨਸ਼ੇ `ਚ ਝੂੰਮਦੇ ਬਾਪੂ ਦੇ ਸ੍ਰੋਤੇ ਪੈੱਗ ਮੁਕਾਉਂਦੇ ਤੇ ਬਾਪੂ ਦੇ ਗੁਣਗਾਣ `ਚ ਲਹਿ ਜਾਂਦੇ।
ਅਗਲੇ ਦਿਨ ਗੱਤੇ ਦਾ ਬਕਸਾ ਖੋਲ੍ਹਿਆ ਗਿਆ: ਉਸ `ਚੋਂ ਨਿੱਕਲ਼ਿਆ, ਭੂਰੇ ਰੰਗ ਦੀ ਚਮਕੀਲੀ ਭਾਅ ਮਾਰਦਾ ‘ਨੈਸ਼ਨਲ ਐਕੋ’ ਰੇਡੀਓ, ਸਾਡੀ ਅਰਧ-ਪੱਕੀ ਬੈਠਕ ਦੀ ਅਲਮਾਰੀ ਦੇ ਵਿਚਕਾਰਲੇ ਖ਼ਾਨੇ `ਚ ਟਿਕਾਅ ਦਿੱਤਾ ਗਿਆ। ਸਾਡੇ ਪਿੰਡ ਵਿੱਚ ਵੱਜਣ ਵਾਲ਼ਾ ਇਹ ਦੂਜਾ ਰੇਡੀਓ ਸੀ। ਪਹਿਲਾ ਰੇਡੀਓ, ਦੂਜੀ ਸੰਸਾਰ ਜੰਗ ਦੌਰਾਨ ਬਰਮ੍ਹਾਂ `ਚ ਕੰਪਾਂਊਂਡਰੀ ਕਰ ਕੇ ਰੀਟਾਇਰ ਹੋਏ ਬਜ਼ੁਰਗ, ‘ਡਾਕਟਰ’ ਉਜਾਗਰ ਸਿੰਘ, ਦੇ ਪੱਕੇ ਘਰ ਦੀ ਬਾਹਰਲੀ ਬੈਠਕ ਵਿੱਚ ਸੀ ਜਿਸ ਤੋਂ ਪਿੰਡ ਦੇ ਮੁੰਡੇ ਢਾਣੀ ਬਣਾ ਕੇ, ਸ਼ਾਮ ਨੂੰ ਪੌਣੇ ਸੱਤ ਤੋਂ ਪੌਣੇ ਅੱਠ ਵਜੇ ਤੀਕ, ਪਿੰਡਾਂ ਦੇ ਸ੍ਰੋਤਿਆਂ ਲਈ ਪ੍ਰਸਾਰਤ ਕੀਤਾ ਜਾਂਦਾ ‘ਦਿਹਾਤੀ ਪ੍ਰੋਗਰਾਮ’ ਸੁਣਿਆਂ ਕਰਦੇ ਸਨ। ਦੋ ਉੱਚੇ ਉੱਚੇ ਬਾਂਸਾਂ ਨੂੰ ਦਲਾਨ ਦੇ ਬਨੇਰਿਆਂ `ਚ ਗੁੱਡ ਕੇ, ‘ਏਰੀਅਲ’ ਚਾਲੂ ਕਰ ਦਿੱਤਾ ਗਿਆ। ‘ਅਰਥ’ ਦੇ ਨਾਮ ਨਾਲ਼ ਜਾਣੀਂ ਜਾਂਦੀ ਦੂਸਰੀ ਤਾਰ ਬਾਹਰਲੀ ਕੰਧ ਦੇ ਪੈਰਾਂ `ਚ ਡੂੰਘੀ ਦਬਾਅ ਦਿੱਤੀ ਗਈ। ਸ਼ਾਮ ਨੂੰ ਦਿਹਾਤੀ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ, ਮੁੰਡਿਆਂ ਦੀ ਇੱਕ ਸੰਘਣੀ ਭੀੜ ਸਾਡੀ ਬੈਠਕ ਦੇ ਫ਼ਰਸ਼ `ਤੇ ਅਤੇ ਬੈਠਕ ਤੋਂ ਬਾਹਰ ਵਿਹੜੇ `ਚ ਬੈਠੀ ਸੀ। ਬਾਪੂ ਦੇ ਹੱਥ `ਚ ਜਾਮ ਛਲਕ ਰਿਹਾ ਸੀ।
ਬੇਬੇ ਵੱਲੋਂ ਸਾਡੇ ‘ਕੁੱਤੇ ਕੰਮ’ ਦੀ ਚੁਗਲੀ ਬਾਪੂ ਕੋਲ਼ ਕਰਨ ਦੀ ਧਮਕੀ, ਬੀਤੇ ਦਿਨ ਵਾਲ਼ੀ ਮਹਿਫ਼ਲ ਤੇ ਮਸਾਲੇ ਦੀ ਹਮਕ ਤੇ ਰੇਡੀਓ ਦੇ ਚਾਅ ਅਤੇ ਸ੍ਰੋਤਿਆਂ ਦੀ ਅੱਜ ਵਾਲ਼ੀ ਭੀੜ `ਚ ਗੁਆਚ ਗਈ।
ਦਸ ਕੁ ਦਿਨਾਂ ਬਾਅਦ ਬਾਪੂ ਆਪਣੇ ਜੱਥੇ ਸਮੇਤ, ਬਾਜੇਖ਼ਾਨੇ ਵਾਲ਼ੇ ਸ਼ਾਦੀ ਸਮਾਗਮ `ਚ, ਕਵੀਸ਼ਰੀ ਕਰਨ ਲਈ ਚਲਾ ਗਿਆ। ਅਸੀਂ ਤਿੰਨਾਂ ਭਰਾਵਾਂ ਨੇ ਤੂਫ਼ਾਨ ਦੇ ਆਰਜ਼ੀ ਤੌਰ `ਤੇ ਟਲ਼ ਜਾਣ `ਤੇ ਸੁਖ ਦਾ ਸਾਹ ਲਿਆ।
ਬਾਜਾਖ਼ਾਨਾ ਵਿਖੇ, ਦੋ-ਢਾਈ ਘੰਟੇ ਦੇ ਕਵੀਸ਼ਰੀ-ਗਾਇਨ ਤੋਂ ਬਾਅਦ, ਬਾਪੂ ਦੇ ਜੱਥੇ ਦੇ ਸਵਾਗਤ `ਚ, ਕਿਸੇ ਪ੍ਰਸੰਸਕ ਦੇ ਘਰ ਮਹਿਫ਼ਲ ਜੰਮੀ। ਜਦੋਂ ਦੋ-ਦੋ, ਢਾਈ-ਢਾਈ ਹਾੜੇ ਸਾਰੀ ਢਾਣੀ ਦੇ ਖ਼ੂਨ `ਚ ਖੁਰਗੋ ਕਰਨ ਲੱਗੇ, ਤਾਂ ਬਾਪੂ ਦਾ ਮੇਜ਼ਬਾਨ-ਪ੍ਰਸੰਸਕ ਕਹਿਣ ਲੱਗਾ: ਪਾਰਸ ਜੀ, ਅੱਜ ਕਲ੍ਹ ਇੱਕ ਪ੍ਰੋਗਰਾਮ ਦੀ ਕਿੰਨੀ ਭੇਟਾ ਲੈਂਦੇ ਹੋ?
ਬਾਪੂ ਨੇ ਕਿਹਾ ਜਿੰਨੀ ਕੋਈ ਦੇ ਦੇਵੇ!
ਤੇ ਮੁੰਡਿਆਂ ਦੇ ਜੱਥੇ ਦਾ ਕੀ ਰੇਟ ਆ?
ਕਿਹੜੇ ਮੁੰਡਿਆਂ ਦੇ ਜੱਥੇ ਦਾ? ਬਾਪੂ ਦੀਆਂ ਭਵਾਂ ਅੰਦਰ ਵੱਲ ਨੂੰ ਖਿੱਚੀਆਂ ਗਈਆਂ ਅਤੇ ਉਸ ਦੇ ਮੱਥੇ ਵਿਚਕਾਰ ਖੜ੍ਹਵੀਆਂ ਖੁੰਬਾਂ ਉੱਭਰ ਆਈਆਂ।
ਤੁਹਾਡੇ ਮੁੰਡਿਆਂ ਦੇ ਭੁਯੰਗੀ ਜੱਥੇ ਦਾ?
ਮੇਰੇ ਮੁੰਡੇ? ਭੰਬਲ਼ਭੂਸੇ `ਚ ਡੂੰਘਾ ਧਸ ਗਿਆ ਬਾਪੂ ਆਪਣੇ ਪ੍ਰਸੰਸਕ ਵੱਲ ਨੱਕ ਸੁੰਗੇੜ ਕੇ ਬੋਲਿਆ। ਮੇਰੇ ਮੁੰਡੇ ਨਹੀਂ ਗਾਉਂਦੇ!
ਕਿਉਂ ਨਹੀਂ ਗਾਉਂਦੇ? ਪ੍ਰਸੰਸਕ ਅੜ ਕੇ ਬੋਲਿਆ। ਮੈਂ ਤਾਂ ਆਪ ਸੁਣੇ ਆਂ ਤੁਹਾਡੇ ਪਿੰਡ!
ਸਾਡੇ ਪਿੰਡ? ਬਾਪੂ ਪਾਰਸ ਦੇ ਬੁੱਲ੍ਹਾਂ ਅਤੇ ਅੱਖਾਂ `ਚ ਮਰੋੜੀ ਉੱਤਰ ਆਈ।
ਹਾਂ, ਪਿਛਲੇ ਮਹੀਨੇ ਅਸੀਂ ਤੁਹਾਡੇ ਪਿੰਡ ਇੱਕ ਬਰਾਤ `ਚ ਗਏ ਸੀ, ਤੁਹਾਡੇ ਮੁੰਡੇ ਤਾਂ ਕਵੀਸ਼ਰੀ ਦੀਆਂ ਧੂੜਾਂ ਪੱਟੀ ਜਾਂਦੇ ਸੀ!
ਅਗਲੇ ਰੋਜ਼ ਬਾਪੂ ਪਿੰਡ ਪਰਤਿਆ। ਸਾਈਕਲ ਨੂੰ ਕੰਧ ਦੀ ਵੱਖੀ ਦੇ ਹਵਾਲੇ ਕਰ ਕੇ, ਸਿੱਧਾ ਦਲਾਨ `ਚ ਡੱਠੇ ਮੰਜੇ `ਤੇ ਬੈਠ ਗਿਆ। ਚਮੜੇ ਦਾ ਬੈਗ਼ ਸਾਈਕਲ ਦੇ ਕੈਰੀਅਰ ਤੋਂ ਉੱਤਰ ਕੇ ਬੈਠਕ ਦੀ ਅਲਮਾਰੀ `ਚ ਜਾ ਬੈਠਾ।
ਪਾਣੀ ਦਾ ਗਲਾਸ ਮੁਕਾਅ ਕੇ ਬਾਪੂ ਬੋਲਿਆ: ਓ ਬਲਵੰਤ, ਐਧਰ ਆ, ਨਾਲ਼ੇ ਲਿਆ ਦੋਹਾਂ ਛੋਟਿਆਂ ਨੂੰ ਵੀ!
ਅਖ਼ਬਾਰ `ਚ ਲਪੇਟ ਕੇ ਲਿਆਂਦੇ, ਬੱਕਰੇ ਦੇ ਕੱਚੇ ਮਾਸ ਨੂੰ ਚਿੰਬੜ ਗਏ ਕਾਗ਼ਜ਼ ਨੂੰ ਪਾਣੀ ਲਾ, ਲਾ ਕੇ ਉਤਾਰ ਰਹੇ ਬਲਵੰਤ ਦੇ ਮੱਥੇ `ਤੇ ਪਸੀਨੇ ਦੀ ਝੀਲ ਲਰਜ਼ਣ ਲੱਗੀ।
ਮੇਰੇ ਮੋਢੇ ਅੰਦਰ ਵੱਲ ਨੂੰ ਪਿਚਕ ਗਏ, ਤੇ ਮੇਰੀ ਕੱਛਣੀ ਦੇ ਮੂਹਰਲੇ ਪਾਸੇ ਸਿਲ੍ਹ ਫੈਲਣ ਲੱਗੀ।
ਛੋਟਾ ਰਛਪਾਲ ਡੌਰ-ਭੌਰ ਹੋ ਗਿਆ। ਉਸ ਦੇ ਖੀਸੇ `ਚ ਖੜਕਦੇ ਬਾਂਟੇ ਬੇਜ਼ੁਬਾਨ ਹੋ ਗਏ।
ਬਾਪੂ ਦੇ ਮੱਥੇ `ਤੇ ਪ੍ਰਚੰਡ ਹੋ ਗਏ ਕੱਸੇਵੇਂ ਨੇ ਸਾਡੇ ਚਿਹਰਿਆਂ `ਚੋਂ ਰੰਗ ਸੂਤ ਸੁੱਟੇ।
ਬਲਵੰਤ ਦੀ ਜੀਭ ਉਸ ਦੇ ਬੁੱਲ੍ਹਾਂ `ਤੇ ਰੀਂਗਣ ਲੱਗੀ।
ਚੁਲ੍ਹੇ ਲਾਗੇ ਬੈਠੀ ਬੇਬੇ ਦੇ ਹੱਥ `ਚ ਚਾਹ ਵਾਲ਼ਾ ਗਲਾਸ ਥਿੜਕਣ ਲੱਗਾ। ਉਹ ਜ਼ਰੂਰ, ਅਗਲੇ ਹੀ ਪਲ ਸਾਡੀਆਂ ਗੱਲ੍ਹਾਂ `ਤੇ ਵਰ੍ਹਨ ਵਾਲੀਆਂ ਚੁਪੇੜਾਂ, ਆਪਣੇ ਜ਼ਿਹਨ `ਚ ਚਿਤਵਣ ਲੱਗੀ ਹੋਵੇਗੀ। ਬਾਪੂ ਦੇ ਤੌਰ ਨੂੰ ਭਾਂਪਦਿਆਂ ਉਹ ਬਾਪੂ ਵਾਲ਼ੇ ਮੰਜੇ ਦੀ ਬਾਹੀ `ਤੇ ਆ ਬੈਠੀ।
ਕੀ ਹੋਇਐ ਤੁਹਾਨੂੰ ਅੱਜ? ਜ਼ੋਰ ਲਾ ਕੇ ਉਗਾਈ ਮੁਸਕਰਾਟ੍ਹ ਨੂੰ ਠੁੰਮਣਾ ਦੇਣ ਦੀ ਕੋਸ਼ਿਸ਼ ਕਰਦਿਆਂ ਬੇਬੇ ਬੋਲੀ।
ਤੂੰ ਚੁੱਪ ਰਹਿ, ਦਲਜੀਤ ਕੁਰੇ! ਬਾਪੂ ਡਿਕਟੇਟਰੀ ਅੰਦਾਜ਼ `ਚ ਬੋਲਿਆ।
ਅਸੀਂ ਤਿੰਨੇਂ ਭਰਾ ਬਾਪੂ ਦੇ ਕਟਹਿਰੇ `ਚ ਹਾਜ਼ਰ ਸਾਂ।
ਕੀ ਕੀਤੈ ਮੇਰੀ ਗ਼ੈਰਹਾਜ਼ਰੀ `ਚ ਤੁਸੀਂ ਤਿੰਨਾਂ ਭਰਾਵਾਂ ਨੇ?
ਡਰੀਆਂ ਅੱਖਾਂ ਨਾਲ਼ ਇੱਕ-ਦੂਜੇ ਵੱਲ ਝਾਕ ਕੇ ਅਸੀਂ ਆਪਣੀਆਂ ਨਜ਼ਰਾਂ ਜ਼ਮੀਨ `ਤੇ ਸੁੱਟ ਦਿੱਤੀਆਂ।
ਕੁਛ ਨੀ ਕਰਿਆ, ਲੰਮੀ ਹੋ ਗਈ ਚੁੱਪ ਨੂੰ ਠੰਗੋਰਦਿਆਂ ਬੇਬੇ ਬੋਲੀ। ਐਵੇਂ ਨਾ ਜੁਆਕਾਂ ਨੂੰ ਘੂਰੀ ਜਾਓ!
ਬੋਲਦੇ ਨੀ? ਬਾਪੂ ਕੜਕਿਆ। ਕਵੀਸ਼ਰੀ ਗਾਈ ਸੀ ਕਿਸੇ ਬਰਾਤ `ਚ?
ਹਾਂ, ਬਲਵੰਤ ਫਿੱਸ ਪਿਆ।
ਕੀਹਨੇ ਕਿਹਾ ਸੀ ਥੋਨੂੰ ਬਈ ਕਵੀਸ਼ਰੀ ਗਾਵੋ?
ਫਲਾਣਿਆਂ ਦੇ ਗੁਰਦੇਵ ਦੀ ਭੈਣ ਦਾ ਵਿਆਹ ਸੀ, ਉਹ ਕਹਿੰਦਾ ਬਰਾਤ ਨੂੰ ਕਵੀਸ਼ਰੀ ਈ ਸੁਣਾ ਦਿਓ!
ਕੀ ਗਾਇਆ ਤੁਸੀਂ?
ਕੌਲਾਂ ਦਾ ਕਿੱਸਾ!
ਵਿਆਖਿਆ ਤੂੰ ਕੀਤੀ?
ਬਲਵੰਤ ਦਾ ਸਿਰ ‘ਹਾਂ’ `ਚ ਹਿੱਲਿਆ।
ਆਗੂ ਕਿਸ ਨੇ ਗਾਇਆ?
ਇਕਬਾਲ ਨੇ!
ਬਾਪੂ ਨੂੰ ਇਹ ਪੁੱਛਣ ਦੀ ਜ਼ਰੂਰਤ ਨਹੀਂ ਪਈ ਕਿ ਪਾਛੂ ਗਾਇਕ-ਜੋੜੀ ਬਲਵੰਤ ਤੇ ਰਛਪਾਲ ਦੀ ਸੀ।
ਠੋਡੀ ਨੂੰ ਘੰਡੀ ਵੱਲ ਨੂੰ ਖਿੱਚ ਕੇ ਬਾਪੂ ਨੇ ਸਾਡੇ ਡਰੇ ਹੋਏ ਚਿਹਰਿਆਂ ਨੂੰ ਹਾੜਿਆ। ਉਹ ਵਾਰੀ ਵਾਰੀ ਸਾਡੇ ਤਿੰਨਾਂ ਦੀਆਂ ਅੱਖਾਂ `ਚ ਆਪਣੀਆਂ ਨਜ਼ਰਾਂ ਗੱਡਦਾ ਰਿਹਾ, ਤੇ ਅੱਧੇ ਕੁ ਮਿੰਟ ਬਾਅਦ ਬੋਲਿਆ: ਸੁਣਾਓ ਮੈਨੂੰ ਕੀ ਗਾਇਆ ਸੀ।
ਬਲਵੰਤ ਦੀਆਂ ਨਜ਼ਰਾਂ ਮੇਰੇ ਵੱਲ ਘੁੰਮੀਆਂ, ਤੇ ਥਿੜਕਦੇ ਬੁੱਲ੍ਹਾਂ ਨਾਲ਼ ਉਹ ਬੁੜਬੁੜਾਇਆ: ਕੌਲਾਂ ਰੋਂਦੀ ਜਾਂਦੀ!
ਵਾਰ ਵਾਰ ਆਪਣੇ-ਆਪ ਝਮਕ ਰਹੀਆਂ ਅੱਖਾਂ ਨੂੰ ਕਾਬੂ ਕਰਦਿਆਂ ਮੈਂ ਆਪਣਾ ਗਲ਼ਾ ਸਾਫ਼ ਕੀਤਾ ਤੇ ਉਸ ਸੀਨ ਨੂੰ ਚਿਤਰਿਤ ਕਰਦਾ ਇੱਕ ਛੰਦ ਉੱਚੀ ਸੁਰ `ਚ ਗਾਉਣਾ ਸ਼ੁਰੂ ਕਰ ਦਿੱਤਾ ਜਿਸ `ਚ ਬੀਜਾ ਬਾਣੀਆਂ ਆਪਣੀ ਸਿਦਕਵਾਨ ਬੀਵੀ, ਕੌਲਾਂ, ਦੇ ਚਰਿਤਰ `ਤੇ ਸ਼ੱਕ ਕਰ ਕੇ ਉਸ ਨੂੰ ਘਰੋਂ `ਚੋਂ ਧਕੇਲ਼ ਦੇਂਦਾ ਹੈ:
ਕੱਢ ‘ਤੀ ਪਤੀ ਨੇ ਘਰੋਂ ਧੱਕੇ ਮਾਰ ਕੇ/ਤੁਰ ਚੱਲੀ ਵਾਲ਼ ਸਿਰ ਦੇ ਖਿਲਾਰ ਕੇ!
ਅਗਲੀਆਂ ਦੋ ਸਤਰਾਂ ਰਛਪਾਲ ਤੇ ਬਲਵੰਤ ਨੇ ਰਲ਼ ਕੇ ਗਾਈਆਂ:
ਸ਼ਿਵਾਂ ਨੇ ਵਿਛੋੜ ਦਿੱਤਾ ਪਾਰਬਤੀ ਨੂੰ/ਕੌਲਾਂ ਰੋਂਦੀ ਜਾਂਦੀ ਕਰਮਾਂ ਦੀ ਗਤੀ ਨੂੰ!
ਪਹਿਲਾ ਬੰਦ ਪੂਰਾ ਹੁੰਦਿਆਂ ਬਾਪੂ ਦੇ ਬੁੱਲ੍ਹਾਂ `ਚ ਸਰਗਮ ਜਿਹੀ ਟਪਕਣ ਲੱਗੀ। ਜਿਓਂ ਜਿਓਂ ਛੰਦ ਆਪਣੇ ਸਿਖ਼ਰ ਵੱਲ ਵਧ ਰਿਹਾ ਸੀ, ਬਾਪੂ ਦੇ ਮੱਥੇ ਦਾ ਕੱਸੇਵਾਂ ਨਾਲ਼ੋ ਨਾਲ਼ ਢਿੱਲਾ ਹੋਈ ਜਾ ਰਿਹਾ ਸੀ। ਆਖ਼ਰੀ ਬੰਦ ਜਦੋਂ ਅਸੀਂ ਤਿੰਨਾਂ ਨੇ ਰਲ਼ ਕੇ ਸਮਾਪਤ ਕੀਤਾ ਤਾਂ ਬਾਪੂ ਦੀਆਂ ਅੱਖਾਂ `ਚ ਇੱਕ ਝੀਲ ਛਲਕਣੀ ਸ਼ੁਰੂ ਹੋ ਚੁੱਕੀ ਸੀ। ਉਹ ਛੜੱਪਾ ਮਾਰ ਕੇ ਮੰਜੇ ਦੀ ਬਾਹੀ ਤੋਂ ਉੱਠਿਆ ਤੇ ਸਾਡੇ ਨਜ਼ਦੀਕ ਆ ਕੇ ਸਾਡੀਆਂ ਗੱਲ੍ਹਾਂ ਉੱਤੇ ਪੋਲੇ ਪੋਲੇ ਥਪੇੜੇ ਮਾਰਨ ਲੱਗ ਪਿਆ। ਫ਼ਿਰ ‘ਵਾਹ ਉਏ ਪੁੱਤਰੋ!’ ਆਖ ਕੇ ਉਸ ਨੇ ਸਾਨੂੰ ਤਿੰਨਾਂ ਨੂੰ ਗਲਵਕੜੀ `ਚ ਲੈ ਲਿਆ।