ਮੇਰਾ ਪੱਕਾ ਯਕੀਨ ਹੈ ਕਿ ਮੇਰੇ ਵਾਂਗ ਹੀ ਹਰ ਵਿਅਕਤੀ ਨੂੰ ਕਦੇ-ਕਦਾਈਂ ਅਜੀਬੋ-ਗਰੀਬ ਸੁਪਨਿਆਂ ਦੀ ਪ੍ਰੇਸ਼ਾਨੀ `ਚੋਂ ਗੁਜ਼ਰਨਾ ਪੈਂਦਾ ਹੋਵੇਗਾ। ਮੈਨੂੰ ਅਨੇਕਾਂ ਅਜੇਹੇ ਸੁਪਨੇ ਵਾਰ ਵਾਰ ਆਉਂਦੇ ਨੇ ਜਿਨ੍ਹਾਂ `ਚੋਂ ਗੁਜ਼ਰਦਿਆਂ ਮੈਂ ਸਾਹੋ-ਸਾਹ ਅਤੇ ਪਸੀਨੋ-ਪਸੀਨੀ ਹੋ ਜਾਂਦਾ ਹਾਂ। ਕਈਆਂ ਸੁਪਨਿਆਂ `ਚ ਵਰਤਿਆ ਵਰਤਾਰਾ ਏਨਾ ਕਰੂਰ, ਕਮੀਨਾ, ਤੇ ਗਲੀਜ਼ ਹੁੰਦਾ ਹੈ ਕਿ ਅਗਰ ਇਹ ਹਕੀਕਤ ਹੋਵੇ ਤਾਂ ਸੁਪਨਾ ਲੈਣ ਵਾਲਾ ਇਨਸਾਨ ਖੁਦਕੁਸ਼ੀ ਕਰ ਜਾਵੇ।
ਵਾਰ ਵਾਰ ਦੁਹਰਾਏ ਜਾਂਦੇ ਇੱਕ ਸੁਪਨੇ `ਚ ਮੇਰਾ ਬਾਪ ਇੱਕ ਸ਼ਮਸ਼ਾਨਘਾਟ `ਚ ਮੁਰਦਾ ਹਾਲਤ `ਚ ਪਿਆ ਹੈ। ਉਸ ਦਾ ਸਿਰ ਧੌਣ ਕੋਲੋਂ ਕੱਟਿਆ ਹੋਇਆ ਹੈ। ਡੌਲ਼ੇ ਮੋਢਿਆਂ ਤੋਂ ਵੱਢੇ ਹੋਏ ਨੇ ਅਤੇ ਬਾਹਾਂ ਤੇ ਹੱਥ ਇੱਕ ਦੂਜੇ ਤੋਂ ਬੇਰਿਸ਼ਤ ਹੋਏ ਪਏ ਨੇ। ਹੇਠਾਂ ਲੱਕ ਕੋਲੋਂ ਧੜ, ਟੰਗਾਂ ਤੋਂ ਵੱਖ ਪਿਆ ਹੈ; ਲੱਤਾਂ ਗੋਡਿਆਂ ਤੋਂ ਵੱਢ ਕੇ ਪਰ੍ਹੇ ਕੀਤੀਆਂ ਪਈਆਂ ਹਨ, ਤੇ ਪੈਰ ਗਿੱਟਿਆਂ ਤੋਂ ਅਲੱਗ ਨੇ। ਅਸੀਂ ਚਾਰੇ ਭਰਾ ਅਤੇ ਸਾਡੇ ਕੁੱਝ ਦੋਸਤ ਬਾਪੂ ਦੇ ਵੱਢੇ ਹੋਏ ਅੰਗਾਂ ਨੂੰ ਆਪਣੀ ਆਪਣੀ ਥਾਂ `ਤੇ ਮਿਲ਼ਾ ਦੇਂਦੇ ਹਾਂ। ਮੋਇਆ ਪਿਆ ਬਾਪੂ ਕਹਿੰਦਾ ਹੈ, ਮੈਨੂੰ ਇੱਕ ਵਾਰੀ ਬਾਹਾਂ ਦਾ ਸਹਾਰਾ ਦੇ ਕੇ ਉਠਾਲ਼ ਦਿਓ, ਫਿਰ ਮੈਂ ਆਪੇ ਤੁਰਨ ਲੱਗ ਜਾਵਾਂਗਾ। ਅਸੀਂ ਜਦੋਂ ਵੱਢੇ ਹੋਏ ਸਰੀਰ ਨੂੰ ਖੜ੍ਹਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਦੇ ਬਾਂਹ ਗਿਰ ਜਾਂਦੀ ਹੈ, ਕਦੇ ਸਿਰ ਲੁੜਕ ਜਾਂਦਾ ਹੈ ਤੇ ਕਦੇ ਲੱਤ ਖਿਸਕ ਜਾਂਦੀ ਹੈ। ਆਖ਼ਿਰ ਲੰਮੀ ਜੱਦੋ-ਜਹਿਦ ਤੋਂ ਬਾਅਦ ਬਾਪੂ ਨੂੰ ਪੈਰਾਂ `ਤੇ ਖੜ੍ਹਾ ਕਰ ਦਿੱਤਾ ਜਾਂਦਾ ਹੈ। ਫ਼ਿਰ ਉਹ ਇੰਝ ਤੁਰਦਾ ਹੈ ਜਿਵੇਂ ਤੰਦਾਂ ਦੇ ਖਿੱਚਣ ਨਾਲ ਲੱਕੜ ਦੀਆਂ ਪੂਤਲੀਆਂ ਹੁਝਕੇ ਜਿਹੇ ਮਾਰ ਕੇ, ਏਧਰ ਓਧਰ ਲੜ-ਖੜਾਉਂਦੀਆਂ ਨੇ। ਧੌਣ ਦਾ ਹੁਜਕਾ ਵਜਦਾ ਹੈ, ਲੱਕ ਪਿੱਛੇ ਨੂੰ ਧੱਕਿਆ ਜਾਂਦਾ ਹੈ, ਬਾਹਾਂ ਅੱਗੇ ਪਿੱਛੇ ਝੋਲੇ ਖਾਂਦੀਆਂ ਨੇ, ਤੇ ਲੱਤਾਂ ਲੁੜਕੂੰ-ਲੁੜਕੂੰ ਕਰਦੀਆਂ ਨੇ। ਉਹ ਜਿਵੇਂ ਤੁਰਦਾ ਹੈ, ਓਂਵੇਂ ਸਿਰਫ਼ ਕੋਈ ਲਾਸ਼ ਹੀ ਤੁਰ ਸਕਦੀ ਹੈ।
ਮੋਇਆ ਬਾਪੂ ਕਹਿੰਦਾ ਹੈ ਮੈਨੂੰ ਇੱਕ ਵਾਰ ਸਾਈਕਲ ਦੀ ਕਾਠੀ `ਤੇ ਬਿਠਾਅ ਦਿਓ, ਫੇਰ ਦੇਖਿਓ ਮੇਰਾ ਸਾਈਕਲ ਧੂੜਾਂ ਪਟਦਾ ਕਿਵੇਂ ਜਾਂਦਾ ਹੈ। ਸਾਈਕਲ ਹਾਜ਼ਰ ਹੁੰਦਾ ਹੈ ਤੇ ਬਾਪੂ ਉਸ `ਤੇ ਸਵਾਰ ਹੋ ਕੇ ਸਾਡੇ ਗਵਾਂਢੀ ਪਿੰਡ ਬੁੱਟਰ ਵਾਲੇ ਓਸ ਸੂਏ ਦੀ ਲਿੱਸੀ ਜਿਹੀ ਪਟੜੀ `ਤੇ ਹਵਾ ਨੂੰ ਕਟਦਾ ਜਾ ਰਿਹਾ ਹੈ ਜਿਸ ਉੱਤੋਂ, ਦਸਵੀਂ `ਚ ਸਕੂਲ ਜਾਂਦਿਆਂ, ਮੈਂ ਆਪਣੇ ਹਮਜਮਾਤੀਆਂ ਨਾਲ਼ ਸੈਂਕੜੇ ਦਫ਼ਾ ਸਾਈਕਲ ਸਵਾਰੀ ਕੀਤੀ।
ਜਿਸ `ਚ ਮੈਂ ਬਾਂਟਿਆਂ ਦੀ ਉਮਰ ਗੁਜ਼ਾਰੀ, ਸਾਡਾ ਉਹ ਜੱਦੀ ਘਰ ਮੇਰੇ ਸੁਪਨਿਆਂ ਦੇ ਆਸਮਾਨ `ਚ ਚੰਦ ਵਾਂਗ ਜੜਿਆ ਹੋਇਆ ਹੈ: ਕਦੇ ਇਹ ਤੀਜ-ਚੌਥ ਦੇ ਦਾਤਰੀ-ਅਕਾਰ ਵਾਂਗ ਮੇਰੇ ਮੱਥੇ `ਚ ਖੁੱਭ ਜਾਂਦਾ ਹੈ ਤੇ ਕਦੇ ਪੁੰਨਿਆਂ ਦਾ ਸੂਰਜਮੁਖੀ ਮੁਹਾਂਦਰਾ ਬਣ ਕੇ ਮੇਰੇ ਤਸੱਵਰ ਨੂੰ ਰੁਸ਼ਨਾਉਣ ਲਗਦਾ ਹੈ। ਦੋ ਵੱਡ-ਅਕਾਰੀ ਕੋਠਿਆਂ ਅਤੇ ਹਰੇਕ ਸਾਲ ਸਾਉਣ-ਭਾਦੋਂ ਦੇ ਮੀਹਾਂ `ਚ ਕਿਰੂੰ ਕਿਰੂੰ ਕਰਦੀਆਂ ਵਾਗਲੇ ਦੀਆਂ ਕੰਧਾ ਵਿਚਕਾਰ, ਬੇਚੈਨੀ ਭੋਗਦਾ, ਫ਼ੋੜੇਦਾਰ ਵਿਹੜਾ ਜਿਸ ਦੇ ਐਨ ਵਿਚਕਾਰ, ਕੁਕੜੀਆਂ ਨੂੰ ਜਾਂਗਲੀ ਬਿੱਲੇ ਤੋਂ ਬਚਾਉਣ ਲਈ, ਕਿੱਕਰ ਦਾ ਇੱਕ ਲੰਮਾ, ਉੱਚ-ਕੱਦਾ, ਮੋਟਾ ਟਾਹਣ ਸਿੱਧਾ ਗੱਡ ਕੇ, ਉਸ ਦੇ ਸਿਖ਼ਰ ਇੱਕ ਟੋਕਰਾ ਬੰਨ੍ਹਿਆਂ ਹੋਇਆ ਸੀ। ਹਰ ਸ਼ਾਮ ਅਸੀਂ ਚਾਰੇ ਭਰਾ ਕੁਕੜੀਆਂ ਨੂੰ ਦਬੋਚ ਕੇ ਇਸ ਟੋਕਰੇ ਵੱਲ ਨੂੰ ਉਛਾਲਦੇ ਤੇ ਸਾਰੀਆਂ ਕੁਕੜੀਆਂ ਵਾਰੀ ਵਾਰੀ ਇਸ ਟੋਕਰੇ `ਚ ਅਸਵਾਰ ਹੋ ਜਾਂਦੀਆਂ।
ਦੋ ਕੱਚਿਆਂ ਕੋਠਿਆਂ `ਚੋਂ ਇੱਕ ਨੰਬਰ `ਚ ਲੱਕੜ ਦੀ ਇੱਕ ਪੇਟੀ ਜਿਸ `ਚ ਰਜ਼ਾਈਆਂ, ਗੁਦੈਲੇ, ਤੇ ਮੋਟੇ ਖੇਸ ਗਰਮੀਆਂ ਦੀ ਰੁੱਤ `ਚ ਲੰਮੇਂ ਨਿਸਲੇਵੇਂ (ਹਾਈਬਰਨੇਸ਼ਨ) ਵਿੱਚ ਸਿਥੱਲ ਹੋ ਕੇ ਪਏ ਰਹਿੰਦੇ। ਇੱਕ ਦਾਦੇ-ਪੜਦਾਦਿਆਂ ਵੇਲੇ ਦਾ ਸੰਦੂਕ ਜਿਹੜਾ ਸਾਡੀਆਂ ਸਿਆਲੂ ਖੇਸੀਆਂ, ਬਾਪੂ ਦੇ ਕੋਟ ਤੇ ਪੁਰਾਣੇ ਫ਼ੌਜੀ ਕੱਪੜਿਆਂ ਦੀ ਦੁਕਾਨ ਤੋਂ ਖਰੀਦੀ ਮੂੰਗੀਆ ਜਿਹੀ ਭਾਅ ਮਾਰਦੀ ਬਰਾਂਡੀ ਅਤੇ ਹੋਰ ਨਿੱਕੇ-ਮੋਟੇ ਸਮਾਨ ਨੂੰ ਸਾਂਭੀ ਰਖਦਾ। ਇਸੇ ਕੋਠੇ `ਚ ਹੀ ਖਲ਼-ਵੜੇਵਿਆਂ ਤੇ ਕਣਕ ਦੀਆਂ ਬੋਰੀਆਂ ਤੇ ਗੁੜ ਦੇ ਗੱਟੇ ਦਾ ਨਿਵਾਸ-ਅਸਥਾਨ ਸੀ। ਭਾਰੇ ਪਾਵਿਆਂ ਤੇ ਸਡੌਲ ਬਾਹੀਆਂ ਵਾਲਾ ਇੱਕ ਨਿਵਾਰੀ ਪਲੰਘ ਵੀ, ਬਾਰੀਓਂ-ਸੱਖਣੇ ਇਸੇ ਕੋਠੇ ਦੀ ਵਿਰਲੀ ਜਿਹੀ ਪਰਜਾ ਦਾ ਹਿੱਸਾ ਸੀ। ਵਿਹੜੇ ਵੱਲ ਨੂੰ ਖੁਲ੍ਹਦੇ ਬਾਰ ਵਾਲੇ ਇਸ ਕੋਠੇ ਦੀਆਂ ਕੰਧਾਂ ਸੌਣ ਭਾਦੋਂ `ਚ ਜਦੋਂ ਸਲ੍ਹਾਬ ਜਾਂਦੀਆਂ, ਮੇਰੀ ਮਾਂ ਨੂੰ, ਕੰਧਾਂ `ਚ ਮੋਟੀਆਂ ਮੇਖਾਂ ਲਾ ਕੇ ਜੜੀਆਂ ਉਨ੍ਹਾਂ ਟਾਂਡਾਂ ਦੇ ਗਿਰਨ ਦਾ ਫ਼ਿਕਰ ਲੱਗ ਜਾਂਦਾ, ਜਿਨ੍ਹਾਂ ਉੱਪਰ ਮੂਧੇ ਮੂੰਹ ਪਈਆਂ ਕੱਚ ਦੀਆਂ ਗਲਾਸੀਆਂ ਅਤੇ ਪਿੱਤਲ ਦੇ ਭਾਡਿਆਂ ਦੀ ਭੀੜ ਹੁੰਦੀ ਸੀ।
ਵਿੰਗ-ਤੜਿੰਗੇ ਸ਼ਤੀਰਾਂ-ਕੜੀਆਂ ਉੱਪਰ ਕਾਨਿਆਂ ਦੀ ਛੱਤ ਚੁੱਕੀ ਖਲੋਤੀਆਂ, ਕੱਚੀਆਂ ਇੱਟਾਂ ਨਾਲ ਉਸਾਰੀਆਂ ਮੋਟੀਆਂ ਕੰਧਾਂ ਦਾ ਇੱਕੋ-ਇੱਕ ਫ਼ਾਇਦਾ ਇਹ ਸੀ ਕਿ ਇਨ੍ਹਾਂ ਅੰਦਰ ਨਾ ਤਾਂ ਗਰਮੀਆਂ ਵਿੱਚ ਭੜਦਾਅ ਹੀ ਮਾਰਦੀ ਸੀ ਤੇ ਨਾ ਹੀ ਸਿਆਲਾਂ ਦੀ ਠਾਰੀ ਇਸ ਕੋਠੇ ਨੂੰ ਅੱਜ ਦੇ ਪਲਸਤਰੀ ਘਰਾਂ ਵਾਂਗ ਫਰੀਜ਼ਰ `ਚ ਬਦਲ ਸਕਦੀ ਸੀ।
ਦੂਸਰਾ ਕੋਠਾ, ਦਿੱਖ-ਮੁਹਾਂਦਰੇ ਪੱਖੋਂ ਪੇਟੀਆਂ ਵਾਲੇ ਕੋਠੇ ਦਾ ਜੁੜਵਾਂ-ਭਰਾ ਹੀ ਸੀ; ਪਰ ਇਨ੍ਹਾਂ ਦੋਹਾਂ ਦਰਮਿਆਨ ਇੱਕ ਫਰਕ ਤਾਂ ਇਹ ਸੀ ਕਿ ਦੂਸਰੇ ਨੂੰ ਦੋ ਦਰਵਾਜ਼ੇ ਲੱਗੇ ਹੋਏ ਸਨ: ਇੱਕ ਬਾਹਰਲੀ ਗਲੀ ਵੱਲ ਨੂੰ ਤੇ ਦੂਸਰਾ ਅੰਦਰਲੇ ਪਾਸੇ ਵਿਹੜੇ ਵਿੱਚ ਨੂੰ। ਦੂਸਰਾ ਫ਼ਰਕ ਇਹ ਕਿ ਇਸ ਕੋਠੇ ਦੇ ਐਨ ਵਿਚਕਾਰ, ਸਿਗਰਟਾਂ ਦੀ ਡੱਬੀ ਦੇ ਆਕਾਰ ਦੀਆਂ ਪੱਕੀਆਂ ਨਾਨਕਸ਼ਾਹੀ ਇੱਟਾਂ ਨਾਲ ਉਸਾਰਿਆ ਇੱਕ ਮੋਟਾ ਥਮਲਾ ਸੀ ਜਿਸ ਨੂੰ ਜੱਫੀ `ਚ ਲੈਣ ਲਈ ਤਿੰਨ ਜਣਿਆਂ ਨੂੰ ਆਪਣੀਆਂ ਬਾਹਾਂ ਜੋੜਨੀਆਂ ਪੈਂਦੀਆਂ ਸਨ। ਇਸ ਕੋਠੇ ਦੇ ਇੱਕ ਖੂੰਜੇ `ਚ ਇੱਕ ਮੱਝ ਤੇ ਇੱਕ ਗਊ ਦਾ ਟਿਕਾਣਾ ਸੀ, ਤੇ ਪਸ਼ੂਆਂ ਦੇ ਟਿਕਾਣੇ ਦੇ ਲਾਗਲੇ ਖੂੰਜੇ `ਚ ਸਰਕੜੇ ਦੇ ਫਿੜਕੇ (ਡਿਵਾਇਡਰ) ਖੜ੍ਹੇ ਕਰ ਕੇ, ਤੂੜੀ ਲਈ ਜਗ੍ਹਾ ਬਣਾਈ ਹੋਈ ਸੀ। ਕੋਠੇ ਦੇ ਬਚਦੇ ਅੱਧ `ਚ ਸਾਡੇ ਭੈਣ ਭਰਾਵਾਂ ਦੇ ਮੰਜੇ ਡਹਿੰਦੇ ਸਨ।
ਗੌਰਮਿੰਟ ਕਾਲਜ ਲੁਧਿਆਣੇ ਤੋਂ ਐਮ ਏ ਕਰਨ ਤੋਂ ਬਾਅਦ, 1970 `ਚ ਜਦੋਂ ਮੈਂ ਕਸਬਾ ਸੁਧਾਰ ਦੇ ਦਿਹਾਤੀ ਕਾਲਜ `ਚ ਲੈਕਚਰਰ ਲੱਗ ਗਿਆ ਤਾਂ ਪਿੰਡ ਵਿਚਲਾ ਇਹ ਪੁਰਾਣਾ ਘਰ ਛੱਡ ਕੇ ਭਾਂਵੇਂ ਅਸੀਂ ਆਪਣੇ ਖੇਤ ਵਿੱਚ ਇੱਕ ਵਿਸ਼ਾਲ, ਪੱਕਾ ਘਰ ਉਸਾਰ ਲਿਆ, ਪਰ ਨਵ-ਮੁਹਾਂਦਰ ਨਵਾਂ ਘਰ ਸਾਡੇ ਪੁਰਾਣੇ ਘਰ ਨੂੰ ਮੇਰੇ ਸੁਪਨਿਆਂ `ਚੋ ਹਾਲੇ ਤੀਕ ਵੀ ਖ਼ਾਰਜ ਨਹੀਂ ਕਰ ਸਕਿਆ।
ਮਲ-ਮੂਤਰ ਨਾਲ ਹੱਥ-ਪੈਰ ਤੇ ਕੱਪੜੇ ਲਿੱਬੜਣ, ਅਣਪਛਾਤੇ ਰਾਹਾਂ/ਮੁਕਾਮਾਂ `ਤੇ ਭਟਕਣ, ਮੁਰਦਿਆਂ `ਚ ਘਿਰੇ ਹੋਣ, ਤੇ ਸੱਪਾਂ ਤੋਂ ਬਚਣ ਲਈ ਦੌੜਦਿਆਂ-ਹਫ਼ਦਿਆਂ ਬੇਵੱਸ ਹੋ ਜਾਣ ਵਰਗੇ ਵਰਤਾਰੇ ਮੇਰੇ ਸੁਪਨਿਆਂ `ਚ ਵਾਰ ਵਾਰ ਵਰਤਦੇ ਨੇ, ਪਰ ਸਭ ਤੋਂ ਵੱਧ ਦੁਹਰਾਏ ਜਾਣ ਵਾਲੇ ਵਰਤਾਰੇ ਹਨ ਮੇਰੇ ਬੂਟ ਤੇ ਜੁੱਤੀਆਂ ਗੁਆਚ ਜਾਣੇ ਅਤੇ ਸਿਰੋਂ-ਤੇੜੋਂ ਨੰਗੇ ਹੋ ਜਾਣਾ। ਕਦੇ ਮੈਂ ਗੁਰਦਵਾਰਿਆਂ `ਚ ਆਪਣੀਆਂ ਗਵਾਚੀਆਂ ਜੁੱਤੀਆਂ ਲਭਦਾ ਲਭਦਾ ਪ੍ਰੇਸ਼ਾਨ ਹੋ ਰਿਹਾ ਹੁੰਦਾ ਹਾਂ, ਤੇ ਕਦੇ ਕਿਸੇ ਸਕੂਲ `ਚ ਕੋਟ-ਪੈਂਟ ਤੇ ਨੈਕਟਾਈ `ਚ ਸਜਿਆ ਮੈਂ ਨੰਗੇ ਪੈਰੀਂ ਘੁੰਮ ਰਿਹਾ ਹੁੰਦਾ ਹਾਂ। ਨੰਗੇ ਪੈਰੀਂ ਹੀ ਪਖਾਨੇ ਦੀ ਹਾਜਤ ਪੂਰੀ ਕਰਨ ਲਈ ਜਿੱਥੇ ਵੀ ਜਾਂਦਾ ਹਾਂ, ਉਥੇ ਮਨੁੱਖੀ ਗੰਦਗੀ ਖਿਲਰੀ ਹੁੰਦੀ ਹੈ ਜਿਹੜੀ ਮੇਰੇ ਪੈਰਾਂ, ਹੱਥਾਂ ਤੇ ਕੱਪੜਿਆਂ ਨੂੰ ਚਿੰਬੜ ਜਾਂਦੀ ਹੈ। ਹਵਾਈ ਜਹਾਜ਼ `ਚ ਨੰਗੇ ਪੈਰੀਂ ਬੈਠੇ ਹੋਣਾ, ਬਜ਼ਾਰ `ਚ ਜੁੱਤੀਓਂ ਬਗ਼ੈਰ ਹੀ ਤੁਰਦੇ ਹੋਣਾ, ਤੇ ਰੇਡੀਓ ਸਟੇਸ਼ਨ `ਤੇ ਨਗਨ ਹਾਲਤ ਵਿੱਚ ਗਾਉਣਾ ਮੇਰੇ ਸੁਪਨਿਆਂ `ਚ ਵਾਰ ਵਾਰ ਵਾਪਰਨ ਵਾਲੀਆਂ ਘਟਨਾਵਾਂ ਨੇ।
ਸੁਪਨਿਆਂ ਦੀਆਂ ਜੜ੍ਹਾਂ ਦੇ ਜਗਿਆਸੂ ਅਕਸਰ ਕਹਿੰਦੇ ਨੇ ਕਿ ਸੁਪਨੇ ਸਾਡੇ ਜੀਵਨ ਵਿੱਚ ਵਾਪਰੀਆਂ ਘਟਨਾਵਾਂ ਅਤੇ ਸਾਡੀਆਂ ਅਣਪੂਰਤ ਖ਼ਾਹਸ਼ਾਂ ਦੇ ਸਾਡੇ ਅਚੇਤ ਮਨ ਵਿੱਚ ਰਹਿ ਗਏ ਪਰਛਾਵੇਂ ਹੁੰਦੇ ਨੇ ਜਿਹੜੇ ਚਿੱਬ-ਖੜਿੱਬੇ ਰੂਪ ਵਿੱਚ ਸਾਡੇ ਸੁਪਨਿਆਂ `ਚ ਉੱਗ ਆਉਂਦੇ ਨੇ। ਨਿੱਕਿਆਂ ਹੁੰਦਿਆਂ ਨੂੰ, ਬਾਪੂ ਸਾਨੂੰ ਆਪਣੇ ਡੱਕਰੇ ਹੋ ਗਏ ਬਚਪਨ ਦੀਆਂ ਕਹਾਣੀਆਂ ਸੁਣਾਉਂਦਾ ਰਹਿੰਦਾ ਸੀ: ਕਿਵੇਂ ਉਹਦੇ ਪਿਓ ਨੇ ਆਪਣੀ ਚੌਦਾਂ ਪੰਦਰਾਂ ਏਕੜ ਜੱਦੀ ਜ਼ਮੀਨ ਅਫੀਮ ਦੀਆਂ ਮੋਟੀਆਂ ਗੋਲੀਆਂ `ਚ ਵੱਟ ਕੇ ਨਿਗਲ਼ ਲਈ, ਤੇ ਕਿਵੇਂ ਸਾਡਾ ਬਾਪ ਬਾਰਾਂ-ਤੇਰਾਂ ਸਾਲ ਦੀ ਉਮਰ `ਚ ਹੀ ਅਨਾਥ ਹੋ ਗਿਆ ਸੀ: ਫ਼ਿਰ ਪੰਜ ਭੈਣਾਂ ਤੇ ਇੱਕ ਭਰਾ ਦੇ ਪਾਲਣ-ਪੋਸ਼ਣ ਅਤੇ ਵਿਆਹੁਣ-ਵਰਨ ਦਾ ਭਾਰਾ ਬੋਝ ਉਸ ਦੇ ਕੰਨ੍ਹੇ `ਤੇ ਆ ਡਿੱਗਾ ਸੀ। ਬਾਪੂ ਵਾਰ ਵਾਰ ਬਿਆਨਦਾ ਕਿ ਕਿਵੇਂ ਘਰ `ਚ ਭੁਜਦੀ ਭੰਗ ਨੇ ਬਾਪੂ ਦਾ ਬਚਪਨ ਲੂਹ ਸੁੱਟਿਆ, ਤੇ ਕਿਵੇਂ ਜ਼ਹੀਨ-ਬੁੱਧ ਸਾਡੇ ਬਾਪ ਨੂੰ ਸਕੂਲ `ਚ ਹਾਜ਼ਰੀ ਲਵਾਉਣਾ, ਅੱਧੀ ਛੁੱਟੀ ਘਰ ਆਉਣਾ ਤੇ ਸਕੂਲ ਦੇ ਅੰਤ `ਤੇ ਪਹਾੜੇ ਗਾਉਣਾ ਨਸੀਬ ਹੀ ਨਾ ਹੋ ਪਾਇਆ। ਬਾਲੜੀ ਉਮਰੇ ਹੀ ਉਹ ਸਵਖ਼ਤੇ ਉੱਠ ਕੇ ਮੱਝਾਂ ਗਾਈਆਂ ਦੀ ਦੇਖ-ਭਾਲ਼ ਕਰਦਾ, ਆਪਣੇ ਚਾਚੇ ਨਾਲ ਖੇਤ `ਚ ਮਿੱਟੀਓ-ਮਿੱਟੀ ਹੁੰਦਾ, ਤੇ ਚਾਰਾ ਵੱਢਦਾ/ਕੁਤਰਦਾ। ਜਦੋਂ ਬਾਕੀ ਬੱਚੇ ਸਕੂਲ ਦੇ ਖ਼ਾਤਮੇ `ਤੇ ਛੱਪੜ `ਚ ਫੱਟੀਆਂ ਤੋਂ ਪੂਰਨੇ ਧੋਂਦੇ, ਬਾਪੂ ਉਨ੍ਹਾਂ ਨੂੰ ਦੇਖ ਦੇਖ ਕੇ ਹਉਕੇ ਭਰਦਾ। ਇਸ ਲਈ ਮੇਰੇ ਸੁਪਨਿਆਂ `ਚ ਆਉਂਦਾ ਬਾਪੂ ਦਾ ਡੱਕਰੇ ਹੋਇਆ ਸਰੀਰ ਸ਼ਾਇਦ ਉਸ ਦੀ ਬਚਪਨ ਤੋਂ ਹੀ ਡੱਕਰੇ ਹੋ ਗਈ ਜ਼ਿੰਦਗੀ ਦਾ ਪ੍ਰਤੀਬਿੰਬ ਹੀ ਹੈ।
ਆਪਣੇ ਨੰਗ-ਪੈਰੇ ਹੋਣ ਦੇ ਸੁਪਨੇ ਦੀ ਤਹਿ ਤੀਕ ਜਾਂਦਿਆਂ ਮੈਨੂੰ ਬੀਤੀਆਂ ਘਟਨਾਵਾਂ ਦੇ ਅਚੇਤ ਮਨ `ਚ ਰਹਿ ਗਏ ਪਰਛਾਵਿਆਂ ਵਾਲਾ ਕਥਨ ਯਕੀਨਯੋਗ ਜਾਪਣ ਲੱਗ ਜਾਂਦਾ ਹੈ। ਨੰਗੇ ਪੈਰਾਂ ਤੇ ਜੁੱਤੀਆਂ ਗਵਾਚਣ ਦਾ ਸੁਪਨਾ ਮੈਨੂੰ ਅੱਧੀ ਸਦੀ ਪਿੱਛੇ ਮੇਰੇ ਪਿੰਡ `ਚ ਲੈ ਜਾਂਦਾ ਹੈ। ਮੋਗੇ ਸ਼ਹਿਰ ਤੋਂ ਦਸ ਕਿਲੋਮੀਟਰ ਦੇ ਕੱਚੇ ਫਾਸਲੇ `ਤੇ ਵਸਿਆ ਮੇਰਾ ਪਿੰਡ ਜਿੱਥੇ ਨਾ ਬਿਜਲੀ ਦਾ ਨਾਮੋਨਿਸ਼ਾਨ ਤੇ ਨਾ ਕਿਸੇ ਗਲੀ `ਤੇ ਪੱਕੀ ਇੱਟ ਦਾ ਪਰਛਾਵਾਂ। ਕੱਚੀਆਂ ਕੰਧਾਂ ਵਿਚਕਾਰ ਉਘੜ-ਦੁਘੜੇ ਵਲ-ਵਲੇਵੇਂ ਖਾ ਕੇ ਇੱਕ ਦੂਜੀ ਨੂੰ ਕਟਦੀਆਂ-ਮਿਲਦੀਆਂ ਗਲੀਆਂ, ਤੇ ਗਲ਼ੀਆਂ ਦੇ ਐਨ ਵਿਚਕਾਰ ਕਾਲੇ ਰੰਗ ਦੇ ਚਿੱਕੜ ਦੀਆਂ ਅਮੁੱਕ ਕਾਤਰਾਂ! ਪਿੰਡ ਦੇ ਧੁਰ-ਪੂਰਬ `ਚ ਅਖੀਰਲੀ ਗਲੀ ਉੱਪਰ ਸਾਡਾ ਘਰ! ਅਖ਼ੀਰਲੀ ਗਲ਼ੀ `ਚੋਂ ਸਾਡੇ ਘਰ ਦੇ ਐਨ ਲਾਗਿਓਂ ਪਾਟ ਕੇ ਪਿੰਡ ਦੇ ਪੇਟ ਵੱਲ ਵਿੱਚ ਨੂੰ ਖੁਭਦੀ ਵਲੇਵੇਂਦਾਰ ਗਲੀ ਅਖ਼ੀਰ ਪਿੰਡ ਨੂੰ ਦੋ ਫਾੜੀਆਂ `ਚ ਐਨ ਵਿਚਕਾਰੋਂ ਕੱਟ ਦੇਣ ਵਾਲੀ ਮੋਟੀ ਗਲੀ `ਚ ਜਾ ਰਲਦੀ ਸੀ। ਵਿਚਕਾਰਲੀ ਗਲੀ ਦਾ ਪੱਛਮੀ ਸਿਰਾ ਗੁਰਦਵਾਰੇ ਦੇ ਦਰਵਾਜ਼ੇ `ਤੇ ਦਸਤਕ ਦੇ ਕੇ ਖ਼ਤਮ ਹੋ ਜਾਂਦਾ ਸੀ।
ਪੱਛਮ ਵਿੱਚ ਗੁਰਦਵਾਰੇ ਕੋਲ ਮੁਕਦੀ ਮੋਟੀ ਗਲੀ ਦੇ ਸਿਰੇ `ਤੇ ਕਾਟਵੇਂ ਲੋਟ ਇੱਕ ਗਲੀ ਸੀ ਜਿਸ `ਤੇ ਉੱਤਰ ਵੱਲ ਨੂੰ ਮੁੜਦਿਆਂ ਪ੍ਰਾਇਮਰੀ ਸਕੂਲ `ਚ ਅੱਪੜ ਜਾਈਦਾ ਸੀ। ਸਾਡੇ ਘਰ ਤੋਂ ਸਕੂਲ ਤੀਕਰ, ਤੀਜੀ `ਚ ਪੜ੍ਹਦੇ ਮੇਰੇ ਵਰਗੇ ਬੱਚੇ ਦੇ ਨਿੱਕੇ ਨਿੱਕੇ ਕਦਮਾਂ ਦਾ ਸਫ਼ਰ ਕੋਈ ਸੱਤ, ਅੱਠ ਮਿੰਟਾਂ `ਚ ਮੁਕਦਾ ਸੀ।
ਜਿਸ ਦਿਨ ਦਾ ਜ਼ਿਕਰ ਮੈਂ ਕਰਨ ਲੱਗਾ ਹਾਂ ਉਹ ਜੇਠ ਹਾੜ ਦੀ ਲੱਟ ਲੱਟ ਬਲ਼ਦੀ ਲਮਕਵੀਂ ਸੰਗਲੀ ਦੀ ਇੱਕ ਕੜੀ ਸੀ। ਪਹਿਲੀ ਆਥਣ ਮੈਂ ਪਿੰਡ ਦੀ ਸ਼ਾਮਲਾਟ ਦੇ ਮੈਦਾਨ `ਚ ਆਪਣੇ ਹਾਣੀਆਂ ਨਾਲ ਕਬੱਡੀ ਖੇਲ੍ਹਣ ਗਿਆ ਆਪਣੀ ਜੁੱਤੀ ਗੁਆ ਆਇਆ ਸਾਂ। ਜੁੱਤੀ ਉੱਡ ਕੇ ਕਿਧਰੇ ਸੈਰ ਕਰਨ ਨਹੀਂ ਚਲੀ ਗਈ ਸੀ; ਜ਼ਾਹਰ ਸੀ ਕਿ ਉਸ ਨੂੰ ਕਿਸੇ ਸ਼ਰਾਰਤੀ ਨੇ ਚੁਰਾ ਲਿਆ ਸੀ। ਜੇਠ ਹਾੜ ਦੀਆਂ ਸਵੇਰਾਂ ਤਾਂ ਰਾਤ ਦੀਆਂ ਤ੍ਰੇਲਾਂ ਕਾਰਨ ਠਰੰਮੇਂ `ਚ ਹੁੰਦੀਆਂ ਨੇ; ਇਸ ਲਈ ਸਵੇਰੇ ਸਕੂਲ ਵੱਲ ਨੰਗੇ ਪੈਰੀਂ ਜਾਂਦਿਆਂ ਮੈਨੂੰ ਬਹੁਤੀ ਤਕਲੀਫ਼ ਨਹੀਂ ਹੋਈ, ਪਰ ਛੁੱਟੀ ਹੋਣ `ਤੇ ਜਦੋਂ ਮੈਂ ਸਕੂਲੋਂ ਨਿੱਕਲਿਆ, ਤਾਂ ਸੂਰਜ ਸਿਖ਼ਰ ਉੱਤੇ ਸੀ। ਕੰਧਾਂ `ਚੋਂ ਮਾਰਦਾ ਸੇਕ ਮੈਨੂੰ ਸਾੜਨ ਨੂੰ ਪੈਂਦਾ ਸੀ, ਤੇ ਧਰਤੀ ਤਵੇ ਵਾਂਗ ਤਪੀ ਹੋਈ ਸੀ। ਮੇਰੀਆਂ ਨੰਗੀਆਂ ਤਲ਼ੀਆਂ ਜਦੋਂ ਭਖੀ ਹੋਈ ਧਰਤੀ `ਤੇ ਟਿਕੀਆਂ, ਤਾਂ ਮੈਂ ਤੜਫ਼ ਉੱਠਿਆ। ਬਾਕੀ ਬੱਚਿਆਂ ਦੇ ਪੈਰਾਂ `ਚ ਜੁੱਤੀਆਂ ਹੋਣ ਕਾਰਨ ਉਹ ਦੁੜੰਗੇ ਮਾਰਦੇ ਤੇ ਹਸਦੇ-ਖੇਡਦੇ ਘਰਾਂ ਨੂੰ ਜਾ ਰਹੇ ਸਨ, ਪਰ ਮੈਂ ਪੱਬਾਂ ਭਾਰ ਤੁਰ ਕੇ ਆਪਣੀਆਂ ਤਲੀਆਂ ਨੂੰ ਸੜਨ ਤੋਂ ਬਚਾਉਣ ਦੀ ਅਸਫ਼ਲ ਕੋਸ਼ਿਸ਼ ਕਰ ਰਿਹਾ ਸਾਂ। ਕੁੱਝ ਕੁ ਕਦਮ ਤਪੀ ਹੋਈ ਧਰਤੀ `ਤੇ ਤੁਰਨ ਬਾਅਦ ਮੇਰੀਆਂ ਚੀਕਾਂ ਨਿੱਕਲ਼ ਗਈਆਂ ਤਾਂ ਸਾਥੀਆਂ `ਚ ਹਾਸੜ ਮੱਚ ਉੱਠੀ। ਮੈਂ ਆਪਣੇ ਬਚਾਓ ਲਈ ਆਲ਼ੇ ਦੁਆਲੇ ਕਿਸੇ ਚੀਜ਼ ਦੀ ਤਾਲਾਸ਼ ਕਰਨ ਲੱਗਾ। ਸਿਰ ਦੇ ਸਿਖ਼ਰਲਾ ਸੂਰਜ ਰਤਾ ਕੁ ਢਲ਼ ਗਿਆ ਹੋਣ ਕਾਰਨ ਕੰਧਾਂ ਦੇ ਕਦਮਾਂ `ਚ ਕਾਤਰ ਕੁ ਛਾਂ ਉੱਗ ਆਈ ਸੀ। ਮਨ ਨੂੰ ਬਚਾਓ ਦੀ ਝੂਠੀ ਤਸੱਲੀ ਦੇਣ ਲਈ ਮੈਂ ਕੰਧਾਂ ਦੀ ਨਹੁੰ ਕੁ ਭਰ ਛਾਂ `ਤੇ ਤੁਰ ਕੇ ਰੋਂਦਾ ਕੁਰਲਾਉਂਦਾ ਘਰ ਅੱਪੜਿਆ ਸਾਂ।
ਬਚਪਨ ਤੋਂ ਐਮ ਏ ਦੀ ਪੜ੍ਹਾਈ ਕਰਨ ਤੀਕਰ, ਤੇ ਫ਼ਿਰ ਕੈਨਡਾ `ਚ ਅਵਾਸ ਕਰਨ ਦੇ ਮੁਢਲੇ ਦੌਰ ਦੌਰਾਨ, ਜ਼ਿੰਦਗੀ ਮੈਨੂੰ ਇੱਕ ਚੁਣੌਤੀ ਬਣ ਕੇ ਟੱਕਰਦੀ ਰਹੀ। ਜ਼ਿੰਦਗੀ ਦੇ ਮੁਢਲੇ ਵੀਹ ਪੱਚੀਆਂ ਸਾਲਾਂ ਦਾ ਸਫ਼ਰ ਸੜਦੀਆਂ ਧਰਤੀਆਂ ਉੱਤੇ ਨੰਗੇ ਪੈਰੀਂ ਤੁਰਨ ਦੇ ਬਰਾਬਰ ਹੀ ਸੀ। ਸ਼ਾਇਦ ਇਸੇ ਲਈ ਜੁੱਤੀ ਗੁਆਚਣ ਦਾ ਥੀਮ ਮੇਰੇ ਸੁਪਨਿਆਂ ਨੂੰ ਵਾਰ ਵਾਰ ਡੰਗਦਾ ਹੈ।