ਲਾਹੌਰ ਸ਼ਹਿਰ ਜਗ ਮਗ ਕਰ ਰਿਹਾ ਸੀ ਜਦੋਂ ਅਸੀਂ ਕਾਰਾਂ ਤੋਂ ਉੱਤਰ ਕੇ ਗਵਾਲ ਮੰਡੀ ਦੀ ਫੂਡ ਸਟਰੀਟ ਵਿਚ ਪਹੁੰਚੇ। ਅੰਮ੍ਰਿਤਸਰ ਦੇ ਹਾਲ ਬਾਜ਼ਾਰ ਜਿੰਨੀ ਚੌੜੀ ਤੇ ਲੰਬਾਈ ਪੱਖੋਂ ਉਸ ਤੋਂ ਕੁਝ ਛੋਟੀ ਹੀ ਹੈ ਇਹ ਫੂਡ ਸਟਰੀਟ। ਇਹ ਇਕ ਆਈ.ਏ.ਐੱਸ. ਅਧਿਕਾਰੀ ਮਿਸਟਰ ਲਾਸ਼ਾਰੀ ਦੇ ਦਿਮਾਗ ਦੀ ਉਪਜ ਹੈ। ਸੰਨ ਸੰਤਾਲੀ ਤੋਂ ਪਹਿਲਾਂ ਦੀਆਂ ਦੋ ਮੰਜ਼ਲੀਆਂ-ਤਿਮੰਜ਼ਲੀਆਂ ਇਮਾਰਤਾਂ ਨੂੰ ਉਦੋਂ ਵਾਲੇ ਸਰੂਪ ਵਿਚ ਹੀ ਸਾਂਭ ਕੇ ਰੱਖਿਆ ਹੋਇਆ। ਉਂਜ ਹੀ ਬਾਰੀ ਦਰਵਾਜ਼ਿਆਂ ਸਾਹਵੇਂ ਚਿੱਕਾਂ ਤਣੀਆਂ ਹੋਈਆਂ। ਇਮਾਰਤਾਂ ਵਿਚ ਜਗ ਰਹੀਆਂ ਮੱਧਮ ਰੌਸ਼ਨੀਆਂ। ‘ਸਟਰੀਟ’ ਦੇ ਦੋਹੀਂ ਪਾਸੀਂ ਉਪਰ ਚੁਬਾਰਿਆਂ ‘ਤੇ ਝਾਤੀ ਮਾਰੀਏ ਤਾਂ ਲੱਗਦਾ ਹੈ ਵੰਡ ਤੋਂ ਪਹਿਲਾਂ ਦੇ ਸੁਜਿੰਦ ਮਾਹੌਲ ਵਿਚ ਪਰਵੇਸ਼ ਕਰ ਗਏ ਹੋਈਏ। ਰਾਤ ਸਮੇਂ ਸੰਗਲ ਲਾ ਕੇ ਇਸ ਸਟਰੀਟ ਵਿਚ ਹਰ ਕਿਸਮ ਦੇ ਵਾਹਨਾਂ ਦੀ ਆਵਾਜਾਈ ਬੰਦ ਕਰ ਦਿੱਤੀ ਜਾਂਦੀ ਹੈ। ਸਟਰੀਟ ਦੇ ਦੋਹੀਂ ਪਾਸੀਂ ਇਮਾਰਤਾਂ ਦੇ ਹੇਠਲੇ ਭਾਗਾਂ ਵਿਚ ਖਾਣ-ਪੀਣ ਦੇ ਸਾਮਾਨ ਦੀਆਂ ਦੁਕਾਨਾਂ ਹਨ। ਹਰੇਕ ਦੁਕਾਨ ਦੇ ਬਾਹਰ ਮੇਜ਼ ਕੁਰਸੀਆਂ ਲੱਗੇ ਹੋਏ। ਸਾਰੀ ਸਟਰੀਟ ਵਿਚ ਮੱਧਮ ਆਵਾਜ਼ ਵਿਚ ਮੋਹ ਲੈਣ ਵਾਲਾ ਸੰਗੀਤ ਸਰੋਤਿਆਂ ਦੇ ਦਿਲਾਂ ਦੀਆਂ ਤਰਬਾਂ ਛੇੜਦਾ। ਦੋਹੀਂ ਪਾਸੀਂ ਲੱਗੇ ਮੇਜ਼-ਕੁਰਸੀਆਂ ਉਤੇ ਲੋਕ ਪਰਿਵਾਰਾਂ ਤੇ ਦੋਸਤਾਂ-ਮਿੱਤਰਾਂ ਸੰਗ ਬੈਠੇ ਸੁਆਦਲੇ ਭੋਜਨ ਦਾ ਆਨੰਦ ਮਾਣ ਰਹੇ। ‘ਫੂਡ ਸਟਰੀਟ’ ਦੇ ਇਕ ਸਿਰੇ ਤੋਂ ਦੂਜੇ ਸਿਰੇ ਤਕ ਲੋਕਾਂ ਦੀ ਭੀੜ, ਸੱਚਮੁੱਚ ਹੀ ਮੋਢੇ ਨਾਲ ਮੋਢਾ ਖਹਿ ਰਿਹਾ।
ਰਾਇ ਸਾਹਿਬ ਦਾ ਸਮੁੱਚਾ ਪਰਿਵਾਰ ਤੇ ਅਸੀਂ ਸਭ ਇਕ ਵੱਡੇ ਟੋਲੇ ਦੇ ਰੂਪ ਵਿਚ ‘ਫੂਡ ਸਟਰੀਟ’ ਵਿਚ ਦਾਖ਼ਲ ਹੋਏ। ਮੌਸਮ ਖ਼ੁਸ਼ਗਵਾਰ ਸੀ। ਠੰਢੀ ਠੰਢੀ ਹਵਾ ਰੁਮਕ ਰਹੀ ਸੀ। ਮੈਂ ਆਪਣੀ ਟੋਲੀ ਤੋਂ ਜਾਣ-ਬੁੱਝ ਕੇ ਪਿੱਛੇ ਪਿੱਛੇ ਤੁਰ ਰਿਹਾ ਸਾਂ। ਆਸੇ ਪਾਸੇ ਵੇਖਦਾ ਹੋਇਆ। ਲੋਕਾਂ ਨਾਲ ਨਜ਼ਰਾਂ ਮਿਲਾਉਂਦਾ ਹੋਇਆ। ਮੈਂ ਜਾਨਣਾ ਚਾਹੁੰਦਾ ਸਾਂ ਕਿ ਸਾਡੇ ਵੱਲ ਵੇਖ ਕੇ ਇਨ੍ਹਾਂ ਲੋਕਾਂ ਦੇ ਮਨਾਂ ਵਿਚ ਕਿਹੋ ਜਿਹੇ ਭਾਵ ਉਜਾਗਰ ਹੋ ਰਹੇ ਹੋਣਗੇ। ਕੋਲੋਂ ਦੀ ਲੰਘਣ ਵਾਲੇ ਲੋਕ ਸਾਡੇ ਵੱਲ ਦਿਲਚਸਪੀ ਨਾਲ ਵੇਖਦੇ। ਬਹੁਤਿਆਂ ਦੇ ਚਿਹਰਿਆਂ ਤੋਂ ਆਦਰ ਭਾਵ ਝਲਕ ਰਿਹਾ ਸੀ। ਕਈ ਲੰਘਦੇ ਲੰਘਦੇ ‘ਅਸਲਾਮਾ ਲੇਕਮ ਸਰਦਾਰ ਜੀ?’ ਵੀ ਆਖ ਜਾਂਦੇ। ਮੈਂ ਅਦਬ ਨਾਲ ਜੁਆਬ ਦਿੰਦਾ। ਕਈਆਂ ਦੀਆਂ ਨਜ਼ਰਾਂ ਵਿਚੋਂ ਸ਼ਰਾਰਤ ਵੀ ਝਲਕਦੀ। ਕਈ ਦੂਰ ਖਲੋਤੇ ਸਾਡੇ ਵੱਲ ਇਸ਼ਾਰੇ ਕਰਕੇ ਆਪਸ ਵਿਚ ਗੁਫ਼ਤਗੂ ਕਰਦੇ ਨਜ਼ਰ ਆਉਂਦੇ।ਸਾਰੀਆਂ ਦੁਕਾਨਾਂ ਦੇ ਬਾਹਰ ਲੋਕਾਂ ਦੀਆਂ ਭੀੜਾਂ ਵਿਭਿੰਨ ਪਕਵਾਨ ਖਾਣ ਵਿਚ ਰੁੱਝੀਆਂ ਹੋਈਆਂ ਸਨ। ਬੈਠਣ ਲਈ ਕੋਈ ਖ਼ਾਲੀ ਥਾਂ ਨਜ਼ਰ ਨਹੀਂ ਸੀ ਆ ਰਹੀ। ਫੂਡ ਸਟਰੀਟ ਦੇ ਇਕ ਸਿਰੇ ਤੋਂ ਦੂਜੇ ਸਿਰੇ ਤਕ ਗੇੜਾ ਮਾਰ ਕੇ ਅਸੀਂ ਵਾਪਸ ਪਰਤੇ। ਇਕ ਪੰਝੀ, ਤੀਹ ਸਾਲ ਦੇ ਨੌਜਵਾਨ ਨੇ ਮੇਰੇ ਕੋਲ ਖਲੋ ਕੇ ਮੈਨੂੰ ‘ਸਲਾਮ’ ਆਖੀ। ਮੈਂ ਉਸ ਵੱਲ ਹੱਥ ਵਧਾਇਆ ਤਾਂ ਉਸ ਨੇ ਪੂਰੀ ਗਰਮਜੋਸ਼ੀ ਨਾਲ ਮੇਰਾ ਹੱਥ ਘੁੱਟਿਆ। ਸਲੇਟੀ ਰੰਗ ਦੀ ਸਲਵਾਰ ਕਮੀਜ਼, ਚਿਹਰੇ ਉਤੇ ਛੋਟੀ ਛੋਟੀ ਦਾੜ੍ਹੀ, ਛੇ-ਫੁੱਟ ਦੇ ਲਗਪਗ ਕੱਦ। ਉਸ ਨੇ ਬੜੇ ਮੋਹ ਨਾਲ ਪੁੱਛਿਆ, ‘‘ਸਭ ਖ਼ੈਰ ਮਿਹਰ ਏ?’’ਮੈਂ ਅਸਮਾਨ ਵੱਲ ਹੱਥ ਚੁੱਕੇ, ‘‘ਅੱਲ੍ਹਾ ਪਾਕਿ ਦੀ ਬੜੀ ਮਿਹਰਬਾਨੀ ਏ।’’ਮੇਰੇ ਸਾਥੀਆਂ ਨੂੰ ਇਕ ਦੁਕਾਨ ਦੇ ਬਾਹਰ ਖ਼ਾਲੀ ਥਾਂ ਮਿਲ ਗਈ ਸੀ। ਅਸੀਂ ਆਪਣੀ ਆਪਣੀ ਥਾਂ ਮੱਲ ਕੇ ਬੈਠ ਗਏ। ਰਾਏ ਸਾਹਿਬ ਹਰੇਕ ਕੋਲੋਂ ਉਹਦੇ ਖਾਣੇ ਦੀ ਚੋਣ ਬਾਰੇ ਪੁੱਛ ਰਹੇ ਸਨ। ਸਭ ਕੁਝ ਮਿਲ ਰਿਹਾ ਸੀ। ਮੀਟ ਦੇ ਅਨੇਕਾਂ ਪਕਵਾਨ, ਪੂਰੀਆਂ, ਛੋਲੇ, ਜਲੇਬੀਆਂ, ਖੋਏ ਦੀ ਕੁਲਫੀ, ਆਈਸ ਕਰੀਮ, ਦਹੀਂ ਦੀ ਲੱਸੀ ਤੇ ਹੋਰ ਕਈ ਕੁਝ। ਲੰਘਦੇ ਜਾਂਦੇ ਲੋਕ ‘ਸਲਾਮ’ ਬੁਲਾ ਕੇ ਲੰਘ ਰਹੇ ਸਨ। ਮੇਰਾ ਦਿਲ ਕੀਤਾ ਮੈਂ ਇਕ ਵਾਰ ਇਕੱਲਾ ਹੀ ਫੂਡ ਸਟਰੀਟ ਦਾ ਗੇੜਾ ਲਾਵਾਂ। ਰਾਏ ਸਾਹਿਬ ਅਤੇ ਸਾਥੀਆਂ ਤੋਂ ਆਗਿਆ ਲੈ ਕੇ ਮੈਂ ਤੁਰ ਪਿਆ। ਹੁਣ ਇਕੱਲਾ ਵੇਖ ਕੇ ਹੋਰ ਵੀ ਜ਼ਿਆਦਾ ਲੋਕ ਬੁਲਾਉਣ ਅਤੇ ਹਾਲ-ਚਾਲ ਪੁੱਛਣ ਲੱਗੇ। ਨੌਜਵਾਨਾਂ ਦਾ ਇਕ ਟੋਲਾ ਸਾਹਮਣੇ ਖਲੋਤਾ ਮੁਸਕਰਾ ਰਿਹਾ ਸੀ।‘‘ਸਰਦਾਰ ਜੀ, ਕੀ ਹਾਲ ਚਾਲ ਜੇ?’’ ਮੈਂ ਉਨ੍ਹਾਂ ਕੋਲ ਰੁਕ ਗਿਆ।‘‘ਉਹਨੂੰ ਆਖਣਾ ਸੀ ਅਡਵਾਨੀ ਨੂੰ‥ ਹੁਣ ਕਿਉਂ ਪੂਛ ਚੱਡਿਆਂ ‘ਚ ਦੇ ਲਈ ਸੂ… ਅਖੇ ਅਸੀ ਕ੍ਰਿਕਟ ਨਹੀਂ ਖੇਡਣੀ। ਪਤਾ ਸੀ ਨਾ ਚੰਗੀ ਫਾਕੀ ਲੱਗਣੀ ਐਂ।’’ਉਹਦੇ ਨਾਲ ਹੀ ਸਾਰੇ ਜਣੇ ਖਿੜ-ਖਿੜਾ ਕੇ ਹੱਸ ਪਏ। ਮੈਂ ਛਿੱਥਾ ਜਿਹਾ ਪੈ ਗਿਆ। ਆਪਣੇ ਆਪ ਨੂੰ ਸੰਭਾਲ ਕੇ ਕਿਹਾ, ‘‘ਬੇਟਾ ! ਮੈਂ ਅਡਵਾਨੀ ਦੇ ਨੁਮਾਇੰਦੇ ਵਜੋਂ ਨਹੀਂ ਇਥੇ ਆਇਆ। ਮੈਂ ਤਾਂ ਇਥੇ ਆਇਆਂ ਆਪਣੇ ਪੰਜਾਬੀ ਭਰਾਵਾਂ ਨੂੰ ਮਿਲਣ। ਪੰਜਾਬੀ ਰੂਹ ਦੇ ਦੀਦਾਰ ਕਰਨ। ਆਪਣੇ ਲਾਹੌਰੀਆਂ ਦੀ ਮਿੱਠੀ ਜ਼ੁਬਾਨ ਸੁਣਨ। ਤੁਹਾਡੇ ਜਿਹੇ ਪੰਜਾਬ ਦੇ ਛਿੰਦੇ ਪੁੱਤਾਂ ਨੂੰ ਮਿਲਣ।’’ਉਨ੍ਹਾਂ ਦਾ ਰਵੱਈਆ ਇਕ-ਦਮ ਹੀ ਬਦਲ ਗਿਆ। ਉਨ੍ਹਾਂ ਦੇ ਚਿਹਰਿਆਂ ਵਿਚ ਅਪਣੱਤ ਘੁਲ ਗਈ। ‘‘ਸਰਦਾਰ ਜੀ? ਹੁਕਮ ਕਰੋ ਕੀ ਖਾਣਾ ਪੀਣਾ ਜੇ। ਜੇ ਸਾਨੂੰ ਪੁੱਤਰ ਆਖਿਆ ਜੇ ਤਾਂ ਫਿਰ ਸਾਡਾ ਆਖਾ ਮੋੜਿਆ ਜੇ ਨਾ!’’ ਇਕ ਹੋਰ ਨੌਜਵਾਨ ਨੇ ਹੁੱਬ ਕੇ ਆਖਿਆ।‘‘ਪੁੱਤਰੋ! ਤੁਹਾਡਾ ਸਭ ਕੁਝ ਮੈਨੂੰ ਪੁੱਜ ਗਿਆ। ਬੱਸ ਮੇਰੇ ਇਸ ਬੇਟੇ ਦਾ ਰੰਜ ਦੂਰ ਹੋ ਜਾਵੇ।’’ਮੈਂ ‘ਕ੍ਰਿਕਟ’ ਦੀ ਗੱਲ ਕਰਨ ਵਾਲੇ ਨੌਜਵਾਨ ਦੀ ਗੱਲ੍ਹ ਪੋਲੇ ਜਿਹੇ, ਲਾਡ ਨਾਲ ਥਪਥਪਾਈ। ਉਸ ਨੇ ਆਪਣੀ ਧੌਣ ਪਿੱਛੇ ਨੂੰ ਖਿਸਕਾਉਣ ਦੀ ਬੇਮਲੂਮੀ ਜਿਹੀ ਕੋਸ਼ਿਸ਼ ਕੀਤੀ। ਸ਼ਾਇਦ ਉਸ ਨੂੰ ਮੇਰੇ ਰੂਪ ਵਿਚ ਅਜੇ ਵੀ ਆਪਣੀ ਗੱਲ੍ਹ ‘ਤੇ ਅਡਵਾਨੀ ਦੀਆਂ ਉਂਗਲਾਂ ਛੂਹ ਰਹੀਆਂ ਮਹਿਸੂਸ ਹੋ ਰਹੀਆਂ ਸਨ।ਮੈਂ ਉਨ੍ਹਾਂ ਕੋਲੋਂ ਤੁਰਿਆ ਤਾਂ ਸਾਰਿਆਂ ਨੇ ਉੱਚੀ ਆਵਾਜ਼ ਵਿਚ ਕਿਹਾ, ‘ਅੱਛਾ ਸਰਦਾਰ ਜੀ, ਖ਼ੁਦਾ ਹਾਫ਼ਿਜ਼।’’ ਮੈਂ ਵੇਖਿਆ! ‘ਕ੍ਰਿਕਟ’ ਵਾਲਾ ਮੁੰਡਾ ਵੀ ਦੂਜਿਆਂ ਨਾਲ ਰਲ ਕੇ ਮੁਸਕਰਾ ਰਿਹਾ ਸੀ। ਉਹਦੀ ਮੁਸਕਰਾਹਟ ਵਿਚ ਕੋਈ ਮੈਲ ਨਹੀਂ ਸੀ।ਅਗਲੇ ਸਿਰੇ ਤੋਂ ਹੋ ਕੇ ਮੈਂ ਆਪਣੇ ਸਾਥੀਆਂ ਵੱਲ ਪਰਤ ਰਿਹਾ ਸਾਂ ਕਿ ਸਲੇਟੀ ਸੂਟ, ਛੋਟੀ ਛੋਟੀ ਦਾੜ੍ਹੀ ਵਾਲਾ ਤੇ ਉੱਚੇ ਕੱਦ ਵਾਲਾ ਨੌਜਵਾਨ ਵਿਚ ਮੈਨੂੰ ਫੇਰ ਮਿਲ ਪਿਆ। ਸਾਡੀਆਂ ਅੱਖਾਂ ਮਿਲੀਆਂ। ਮੁਸਕਰਾਹਟ ਸਾਂਝੀ ਹੋਈ ਤੇ ਉਸ ਨੇ ਮੇਰਾ ਹੱਥ ਫੜ ਕੇ ਭਾਵ ਪੂਰਤ ਸ਼ਬਦਾਂ ਵਿਚ ਆਖਿਆ।‘‘ਸਰਦਾਰ ਜੀ ! ਤੁਹਾਡਾ ਇਥੇ ਫੂਡ ਸਟਰੀਟ ਵਿਚ ਇੰਜ ਫਿਰਨਾ ਮੈਨੂੰ ਬਹੁਤ ਹੀ ਚੰਗਾ ਲੱਗਾ ਹੈ। ਮੇਰੀ ਇਹ ਹਸਰਤ ਹੈ ਕਿ ਤੁਹਾਡੀਆਂ ਪੱਗਾਂ ਇੰਜ ਹੀ ਲਾਹੌਰ ਦੇ ਬਾਜ਼ਾਰਾਂ ਵਿਚ ਫਿਰਦੀ ਭੀੜ ਵਿਚੋਂ ਮੈਨੂੰ ਹਮੇਸ਼ਾ ਨਜ਼ਰ ਆਉਂਦੀਆਂ ਰਹਿਣ। ਮੈਨੂੰ ਲੱਗਦੈ ਇਨ੍ਹਾਂ ਪੱਗਾਂ ਵਾਲਿਆਂ ਦੇ ਲਾਹੌਰ ਵਿਚ ਫਿਰਦਿਆਂ ਹੀ ਲਾਹੌਰ ਸੋਹਣਾ ਲੱਗ ਸਕਦੈ। ਪੰਜਾਬ ਮੁਕੰਮਲ ਲੱਗਦੈ। ਤੁਸੀਂ ਇਥੇ ਆਓ! ਜੰਮ ਜੰਮ ਆਓ।’’ਉਸ ਨੇ ਭਾਵ-ਭਿੰਨੇ ਅੰਦਾਜ਼ ਵਿਚ ਮੇਰਾ ਹੱਥ ਆਪਣੇ ਦਿਲ ਨੂੰ ਛੁਹਾਇਆ। ਮੈਂ ਉਸ ਨੂੰ ਗਲਵੱਕੜੀ ਵਿਚ ਲੈ ਲਿਆ ਤੇ ਸ਼ੁਭ-ਇੱਛਾ ਪ੍ਰਗਟਾਈ।‘‘ਖ਼ੁਦਾ ਕਰੇ ਇੰਜ ਹੀ ਹੋਵੇ।’’ਕਿਸੇ ਸੂਫੀ ਸਾਈਂ ਦਰਵੇਸ਼ ਦੀ ਰੂਹ ਬੋਲਦੀ ਪਈ ਸੀ ਉਸ ਨੌਜਵਾਨ ਦੇ ਅੰਦਰ। ਉਸ ਦੀ ਭਰਵੀਂ ਤੇ ਪੀਚਵੀਂ ਗਲਵੱਕੜੀ ‘ਚੋਂ ਜੁਦਾ ਹੋਣ ਲੱਗਿਆਂ ਮੈਂ ਥੋੜ੍ਹਾ ਭਾਵੁਕ ਹੋ ਗਿਆ। ਪੂਰੀ ਫੂਡ ਸਟਰੀਟ ਵਿਚ ਆਬਿਦਾ ਪ੍ਰਵੀਨ ਦੀ ਪੁਰਤਰੰਨੁਮ ਆਵਾਜ਼ ਗੂੰਜ ਰਹੀ ਸੀ।ਕਿਸੀ ਭੀ ਆਂਖ ਜੋ ਪੁਰ-ਨਮ ਨਹੀਂ ਹੈ।ਨਾ ਸਮਝੋ ਯੇਹ ਕਿ ਉਸ ਕੋ ਗ਼ਮ ਨਹੀਂ ਹੈ। ਮੇਰੇ ਸਾਥੀ ਆਪਸ ਵਿਚ ਨਿੱਕੀਆਂ ਨਿੱਕੀਆਂ ਗੱਲਾਂ ਕਰਨ ਵਿਚ ਰੁੱਝੇ ਹੋਏ ਸਨ। ਮੈਂ ਉਨ੍ਹਾਂ ਦੇ ਇਕ ਪਾਸੇ ਕੁਰਸੀ ਖਿੱਚ ਕੇ ਬੈਠ ਗਿਆ। ਮੂੰਹ ਮੇਰਾ ਅਜੇ ਵੀ ਸਟਰੀਟ ਵਿਚ ਤੁਰਦੀ ਭੀੜ ਵੱਲ ਸੀ।‘‘ਆ ਗਿਐਂ ਲਾਹੌਰੀਆਂ ਨੂੰ ਮਿਲ ਕੇ?’’ ਸਰਵਣ ਸਿੰਘ ਨੇ ਪੁੱਛਿਆ।‘‘ਸੰਧੂ ਸਾਹਿਬ ਲੋਕਾਂ ਨੂੰ ਆਬਜ਼ਰਵ ਕਰਦੇ ਪਏ ਨੇ…’’ ਰਾਇ ਸਾਹਿਬ ਨੇ ਮੁਸਕਰਾ ਕੇ ਆਖਿਆ।‘‘ਕੋਈ ਕਹਾਣੀ ਲੱਭਦਾ ਫਿਰਦੈ ਹੋਣੈਂ…’’ ਕਿਸੇ ਹੋਰ ਨੇ ਆਖਿਆ।ਮੈਂ ਖ਼ਾਮੋਸ਼ ਮੁਸਕਰਾਉਂਦਾ ਹੋਇਆ ਇਧਰ-ਉਧਰ ਗੁਜ਼ਰ ਰਹੀ ਭੀੜ ਵੱਲ ਵੇਖ ਰਿਹਾ ਸਾਂ। ਦੋ ਭਰ ਜਵਾਨ ਖ਼ੂਬਸੂਰਤ ਔਰਤਾਂ ਤੇ ਛੇ ਸੱਤ ਸਾਲ ਦੀ ਬੱਚੀ ਸਾਡੇ ਵੱਲ ਵਿੰਹਦੀਆਂ ਕੋਲੋਂ ਦੀ ਲੰਘ ਗਈਆਂ। ਉਨ੍ਹਾਂ ਨਾਲ ਇਕ ਨੌਜਵਾਨ ਵੀ ਸੀ। ਸ਼ਾਇਦ ਉਨ੍ਹਾਂ ਦਾ ਭਰਾ, ਜਿਸ ਨੇ ਇਕ ਅੱਠ ਨੌਂ ਮਹੀਨੇ ਦੀ ਬੱਚੀ ਨੂੰ ਕੁੱਛੜ ਚੁੱਕਿਆ ਹੋਇਆ ਸੀ। ਥੋੜ੍ਹਾ ਅੱਗੇ ਜਾ ਕੇ ਉਹ ਰੁਕੇ। ਆਪਸ ਵਿਚ ਕੋਈ ਗੱਲ-ਬਾਤ ਕੀਤੀ ਤੇ ਫਿਰ ਸਾਡੇ ਵੱਲ ਪਰਤ ਆਏ। ਸਾਹਮਣੇ ਮੈਂ ਹੀ ਸਾਂ ਇਸ ਲਈ ਦੋਹਾਂ ਵਿਚੋਂ ਉਮਰੋਂ ਵੱਡੀ ਜਾਪਦੀ ਔਰਤ ਨੇ ਮੈਨੂੰ ਆਖਿਆ, ‘‘ਪਲੀਜ਼! ਜੇ ਤੁਸੀਂ ਬੁਰਾ ਨਾ ਮਨਾਓ ਤਾਂ ਅਸੀਂ ਤੁਹਾਡੇ ਨਾਲ ਇਕ ਸਨੈਪ ਲੈਣਾ ਚਾਹੁੰਦੇ ਹਾਂ।…’’‘‘ਕਿਉਂ ਨਹੀਂ… ਕਿਉਂ ਨਹੀਂ… ਸਾਡੇ ਧੰਨਭਾਗ…’’ ਮੈਂ ਤੇ ਸਰਵਣ ਸਿੰਘ ਉੱਠ ਕੇ ਖੜ੍ਹੇ ਹੋ ਗਏ। ਔਰਤ ਨੇ ਬੱਚੀ ਉਸ ਨੌਜਵਾਨ ਦੇ ਕੋਲੋਂ ਲੈ ਕੇ ਆਪਣੇ ਕੁੱਛੜ ਚੁੱਕ ਲਈ ਤੇ ਉਸ ਨੂੰ ਤਸਵੀਰ ਖਿੱਚਣ ਲਈ ਆਖਿਆ। ਦੋਵੇਂ ਬੀਬੀਆਂ, ਛੋਟੀ ਤੇ ਵੱਡੀ ਬੱਚੀ ਸਮੇਤ ਅਸੀਂ ਫੋਟੋ ਖਿਚਵਾਉਣ ਲਈ ਤਿਆਰ ਖੜ੍ਹੇ ਸਾਂ। ‘ਕਲਿਕ’ ਦੀ ਆਵਾਜ਼ ਨਾਲ ਫਲੈਸ਼ ਹੋਈ ਤੇ ਅਸੀਂ ਕੈਮਰੇ ਵਿਚ ਬੰਦ ਹੋ ਗਏ।‘‘ਥੈਂਕ ਯੂ’’ ਕਹਿ ਕੇ ਉਹ ਬੀਬੀ ਤੁਰਨ ਦੀ ਤਿਆਰੀ ਵਿਚ ਸੀ ਕਿ ਮੈਂ ਉਸ ਕੋਲੋਂ ਛੋਟੀ ਬੱਚੀ ਨੂੰ ਆਪਣੇ ਕੋਲ ਲੈ ਕੇ ਲਾਡ ਕਰਨਾ ਚਾਹਿਆ। ਉਸ ਨੇ ਬੱਚੀ ਮੇਰੇ ਹੱਥਾਂ ਵੱਲ ਵਧਾਈ। ਓਪਰਾ ਤੇ ਪੱਗ-ਦਾੜ੍ਹੀ ਵਾਲਾ ਆਦਮੀ ਵੇਖ ਕੇ ਸ਼ਾਇਦ ਬੱਚੀ ਡਰ ਗਈ ਤੇ ਰੋਣ ਲੱਗੀ।‘‘ਚੁੱਪ! ਚੁੱਪ ਤੇਰੇ ਅੰਕਲ ਨੇ…’’ ਮਾਂ ਨੇ ਧੀ ਨੂੰ ਵਰਾਉਣਾ ਚਾਹਿਆ। ਪਰ ਮੈਂ ਛੇਤੀ ਹੀ ਬੱਚੀ ਮਾਂ ਦੇ ਹੱਥਾਂ ਵਿਚ ਦੇ ਦਿੱਤੀ। ਉਹ ਅਜੇ ਵੀ ਬੁਸਕੀ ਜਾ ਰਹੀ ਸੀ। ਮੈਂ ਜੇਬ ਵਿਚੋਂ ਪੰਜਾਹ ਦਾ ਨੋਟ ਕੱਢਿਆ ਤੇ ਬੱਚੀ ਵੱਲ ਵਧਾਇਆ।‘‘ਨਹੀਂ… ਨਹੀਂ… ਪਲੀਜ਼ ਰਹਿਣ ਦਿਓ…’’ਮਾਂ ਦੇ ਦਿਲ ਵਿਚ ਆਦਰ ਭਰੀ ਨਾਂਹ ਸੀ। ਬੱਚੀ ਨੇ ਪੰਜਾਹ ਦਾ ਨੋਟ ਆਪਣੀ ਨੰਨ੍ਹੀ ਮੁੱਠੀ ਵਿਚ ਘੁੱਟ ਲਿਆ ਤੇ ਰੋਣੋਂ ਇਕਦਮ ਚੁੱਪ ਕਰ ਗਈ।‘‘ਵੇਖੋ! ਚਲਾਕੋ ਬੀਬੀ!! ਨੋਟ ਫੜਦਿਆਂ ਹੀ ਕਿਵੇਂ ਚੁੱਪ ਹੋ ਗਈ!’’ ਮੈਂ ਆਖਿਆ ਤਾਂ ਬੀਬੀਆਂ ਵੀ ਛਣਕਦਾ ਹਾਸਾ ਹੱਸੀਆਂ। ਉਨ੍ਹਾਂ ਦੇ ਨਾਲ ਖੜੋਤਾ ਨੌਜਵਾਨ ਇਹ ਦ੍ਰਿਸ਼ ਵੇਖ ਕੇ ਮਿੰਨਾ ਮਿੰਨਾ ਮੁਸਕਰਾ ਰਿਹਾ ਸੀ।‘‘ਅਸੀਂ ਤੁਹਾਡੀ ਤਸਵੀਰ ਦੇ ਨਾਲ ਇਹ ਨੋਟ ਵੀ ਸਾਂਭ ਕੇ ਰੱਖਾਂਗੇ… ਜਦੋਂ ਵੱਡੀ ਹੋਵੇਗੀ ਤਾਂ ਇਸ ਨੂੰ ਦਿਖਾਵਾਂਗੇ…’’ ਉਸ ਖ਼ੂਬਸੂਰਤ ਔਰਤ ਨੇ ਬੜੇ ਅਦਬ ਨਾਲ ਕਿਹਾ ਤੇ ਸਾਰੇ ਜਣੇ ਇਕ ਵਾਰ ਫੇਰ ਸਾਡਾ ਧੰਨਵਾਦ ਕਰਕੇ ਤੁਰ ਪਏ।ਵਿਚਕਾਰਲੇ ਅਤੇ ਉਪਰਲੇ ਤਬਕੇ ਦੀ ਔਰਤ ਦਾ ਪਰਦੇ ਤੋਂ ਬਾਹਰ ਆ ਕੇ ਸੰਤੁਲਤ ਢੰਗ ਨਾਲ ਵਿਚਰਨਾ ਵੀ ਮੈਨੂੰ ਚੰਗਾ ਲੱਗਾ।ਸਾਡੇ ਮੇਜ਼ ਖਾਣ-ਪੀਣ ਦੀਆਂ ਵਸਤਾਂ ਨਾਲ ਭਰੇ ਹੋਏ ਸਨ। ਮੀਟ ਦੀਆਂ ਹੀ ਪਤਾ ਨਹੀਂ ਕਿੰਨੀਆਂ ਕੁ ਆਈਟਮਾਂ ਸਨ। ਅਸੀਂ ਰਾਇ ਸਾਹਿਬ ਨੂੰ ਮਨ੍ਹਾਂ ਕਰ ਰਹੇ ਸਾਂ ਪਰ ਉਨ੍ਹਾਂ ਦੀ ਮਹਿਮਾਨ-ਨਿਵਾਜ਼ੀ ਦਾ ਪੁਰ-ਖ਼ਲੂਸ ਅੰਦਾਜ਼ ਵੀ ਦੇਖਣਯੋਗ ਸੀ।‘‘ਟੇਸਟ ਤਾਂ ਕਰੋ ਨਾ ਸਾਰੀਆਂ ਚੀਜ਼ਾਂ। ਭਾਵੇਂ ਥੋੜ੍ਹਾ ਥੋੜ੍ਹਾ ਹੀ ਖਾਓ…’’ਏਨੀਆਂ ਚੀਜ਼ਾਂ! ਬੰਦਾ ‘ਟੇਸਟ’ ਕਰਦਾ ਹੀ ਰੱਜ ਜਾਵੇ।ਇਕ ਅੱਧਾ ਜਣਾ ਮੇਰੇ ਵਰਗਾ, ਮੀਟ ਨਾ ਖਾਣ ਵਾਲਾ ਵੇਖ ਕੇ ਰਾਇ ਸਾਹਿਬ ਨੇ ਸਾਡੀ ਮਰਜ਼ੀ ਨਾਲ ਦੇਸੀ ਘਿਓ ਦੀਆਂ ਪੂਰੀਆਂ-ਛੋਲੇ, ਦਹੀਂ, ਹਲਵਾ ਕਈ ਕੁਝ ਮੰਗਵਾ ਲਿਆ। ਪੀਣ ਲਈ ਪਾਣੀ ਦੀ ਥਾਂ ਠੰਢੇ ਦੀਆਂ ਬੋਤਲਾਂ।ਖਾਣ ਨਾਲੋਂ ਬਹੁਤਾ ਸਾਮਾਨ ਮੇਜ਼ਾਂ ‘ਤੇ ਬਚਿਆ ਪਿਆ ਸੀ। ਕੋਈ ਕਿੰਨਾ ਕੁ ਖਾ ਸਕਦਾ ਹੈ। ਪਰ ਰਾਇ ਸਾਹਿਬ ਦੀ ਸੇਵਾ ਕਰਕੇ ਅਜੇ ਵੀ ਮਨ ਨਹੀਂ ਸੀ ਭਰਿਆ। ਉਹ ਕਿਸੇ ਹੋਰ ਦੁਕਾਨ ਤੋਂ ਜਲੇਬੀਆਂ ਖੁਆਉਣ ਦੀ ਗੱਲ ਕਰ ਰਹੇ ਸਨ ਪਰ ਸਾਡਾ ਸਭ ਦਾ ਤਾਂ ਨਾਨਕ ਸਿੰਘ ਦੀ ਕਹਾਣੀ ‘ਭੂਆ’ ਦੇ ਪਾਤਰ ਵਾਲਾ ਹਾਲ ਹੋਇਆ ਪਿਆ ਸੀ।ਨੌਜਵਾਨਾਂ ਦਾ ਇਕ ਟੋਲਾ ਸਾਡੇ ਕੋਲ ਆ ਕੇ ਖਲੋ ਗਿਆ ਤੇ ਇਕ ਜਣਾ ਸਰਵਣ ਸਿੰਘ ਨੂੰ ਪੁੱਛਣ ਲੱਗਾ, ‘‘ਅੰਕਲ ਤੁਸੀਂ ਫਲੈਟੀਜ਼ ਹੋਟਲ ਵਾਲੀ ਕਾਨਫ਼ਰੰਸ ਵਿਚ ਆਏ ਓ…’’ਸਾਡੇ ‘ਹਾਂ’ ਕਹਿਣ ਉਤੇ ਉਸ ਨੇ ਕਿਹਾ, ‘‘ਔਹ ਪੰਜ-ਚਾਰ ਦੁਕਾਨਾਂ ਛੱਡ ਕੇ ਸਾਡੀ ਕੁਲਫ਼ੀਆਂ ਦੀ ਦੁਕਾਨ ਹੈ। ਖਾਣੇ ਤੋਂ ਵਿਹਲੇ ਹੋ ਕੇ ਸਾਰੇ ਜਣੇ ਉਥੇ ਆਓ ਤੇ ਸਾਡੇ ਕੋਲੋਂ ਕੁਲਫ਼ੀਆਂ ਜ਼ਰੂਰ ਖਾਣੀਆਂ। ਸਾਡੇ ਵਲੋਂ ਏਨੀ ਖ਼ਿਦਮਤ ਹੀ ਕਬੂਲ ਕਰਿਓ…’’ਉਹਦੀ ਪਿਆਰ-ਭਰੀ ਪੇਸ਼ਕਸ਼ ਸੁਣ ਕੇ ਅਸੀਂ ਮੁਸਕਰਾਏ। ਸਰਵਣ ਸਿੰਘ ਨੇ ਸਭ ਦੀ ਪ੍ਰਤੀਨਿਧਤਾ ਕਰਦਿਆਂ ਆਪਣੇ ਪੇਟ ‘ਤੇ ਹੱਥ ਫੇਰਦਿਆਂ ਕਿਹਾ, ‘‘ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਤਾਂ ਪਾਣੀ ਦੀ ਘੁੱਟ ਵੀ ਅੰਦਰ ਲੰਘਾਉਣੀ ਮੁਸ਼ਕਲ ਹੈ…’’ਸਰਵਣ ਸਿੰਘ ਦੀ ਗੱਲ ਸੁਣ ਕੇ ਉਹ ਕਹਿਣ ਲੱਗਾ, ‘‘ਅੰਕਲ! ਜੇ ਆਖੋ ਤਾਂ ਅਸੀਂ ਕੁਲਫੀਆਂ ਐਥੇ ਹੀ ਚੁੱਕ ਲਿਆਉਂਦੇ ਹਾਂ… ਪਰ ਖਾ ਕੇ ਜ਼ਰੂਰ ਜਾਇਓ…’’ਸਭ ਨੇ ਇਕ-ਮਤ ਉਨ੍ਹਾਂ ਦਾ ਧੰਨਵਾਦ ਕਰਕੇ ਹੋਰ ਕੁਝ ਖਾ ਸਕਣ ਤੋਂ ਅਸਮਰੱਥਾ ਪ੍ਰਗਟਾਈ।ਰਾਇ ਪਰਿਵਾਰ ਦੇ ਸਾਰੇ ਜੀ ਇਕ ਵੱਖਰੀ ਵੱਡੀ ਗੱਡੀ ਵਿਚ ਘਰ ਨੂੰ ਜਾਣ ਲਈ ਤਿਆਰ ਹੋਏ ਤਾਂ ਅਸੀਂ ਭੂਆ ਜੀ ਤੇ ਰਾਇ ਸਾਹਿਬ ਦੀ ਪਤਨੀ ਨੂੰ ਸਤਿਕਾਰ ਤੇ ਬੱਚਿਆਂ ਨੂੰ ਪਿਆਰ ਦੇ ਕੇ ਅਲਵਿਦਾ ਆਖੀ। ਰਾਇ ਸਾਹਿਬ ਨੇ ਸਾਨੂੰ ਆਪਣੀ ਕਾਰ ਵਿਚ ਬਿਠਾਇਆ।ਰਾਤ ਦੇ ਬਾਰਾਂ ਵੱਜਣ ਵਾਲੇ ਸਨ ਜਦੋਂ ਉਨ੍ਹਾਂ ਨੇ ਮੈਨੂੰ ਤੇ ਸਰਵਣ ਸਿੰਘ ਨੂੰ ‘ਸ਼ਾਹਤਾਜ ਹੋਟਲ’ ਅੱਗੇ ਆਣ ਉਤਾਰਿਆ। ਉਨ੍ਹਾਂ ਦੇ ਵਤੀਰੇ ਨੇ ਸਾਨੂੰ ਉਮਰ ਭਰ ਲਈ ਆਪਣਾ ਬਣਾ ਲਿਆ ਸੀ।