ਜ਼ਿੰਦਗੀ ਦੇ ਛੇ ਦਹਾਕਿਆਂ ਦੇ ਲੰਮੇ ਸਫ਼ਰ ਦੌਰਾਨ, ਅਣਗਿਣਤ ਠੰਡੀਆਂ-ਤੱਤੀਆਂ ਹਵਾਵਾਂ `ਚੋਂ ਗੁਜ਼ਰਨ ਤੇ ਵੰਨ-ਸੁਵੰਨੇ, ਸੁਰੇ, ਬਿਸੁਰੇ ਵਿਅਕਤੀਆਂ ਨਾਲ ਵਿਚਰਣ ਤੋਂ ਬਾਅਦ ਮੈਂ ਇਹ ਯਕੀਨ ਕਰਨ ਲੱਗ ਪਿਆ ਹਾਂ ਕਿ ਬੁੱਧੀ ਦੀ ਸਧਾਰਨ (ਨੌਰਮਲ) ਯੋਗਤਾ ਵਾਲ਼ਾ ਹਰ ਵਿਅਕਤੀ, ਕੋਈ ਨਾ ਕੋਈ ਹੁਨਰ, ਕੁਦਰਤ ਵੱਲੋਂ ਹੀ ਲੈ ਕੇ ਆਉਂਦਾ ਹੈ। ਮੈਨੂੰ ਏਸ ਗੱਲ `ਚ ਵੀ ਦਮ ਨਜ਼ਰ ਆਉਂਦਾ ਹੈ ਕਿ ਕਿਸੇ ਖ਼ਾਸ ਹਾਲਾਤ ਵਿੱਚ, ਨਿੱਕੇ ਤੋਂ ਨਿੱਕਾ ਅਤੇ ਤੁੱਛ ਤੋਂ ਤੁੱਛ ਸਮਝਿਆ ਜਾਂਦਾ, ਦੁਨੀਆਂ ਦਾ ਹਰ ਹੁਨਰ ਵੀ ਮਹਾਨ ਹੁੰਦਾ ਹੈ; ਇਹ ਗੱਲ ਵੱਖਰੀ ਹੈ ਕਿ ਕਿਸੇ ਖ਼ਾਸ ਸਮੇਂ ਅਤੇ ਹਾਲਾਤ ਵਿੱਚ ਕੋਈ ਹੁਨਰ ਵੱਧ ਸਲਾਹੁਤਾ ਅਤੇ ਮਾਣਤਾ ਪ੍ਰਾਪਤ ਕਰ ਲੈਂਦਾ ਹੈ।
ਅੱਜ ਦੇ ਤਕਨੀਕੀ ਮਹੌਲ ਵਿੱਚ ਲਿਖਣ, ਪੜ੍ਹਨ, ਗਾਉਣ, ਕੰਪਿਊਟਰ, ਸਾਇੰਸ ਆਦਿਕ ਵਿੱਚ ਪ੍ਰਬੀਨਤਾ ਜਾਂ ਮੈਡੀਕਲ ਸਾਇੰਸ ਦੀਆਂ ਬਰੀਕੀਆਂ ਵਿੱਚ ਮੁਹਾਰਤਾਂ ਨੂੰ ਉੱਤਮ ਹੁਨਰਾਂ `ਚ ਸ਼ੁਮਾਰਿਆ ਜਾਂਦਾ ਹੈ, ਪਰ ਪੜ੍ਹਾਈ-ਲਿਖਾਈ ਅਤੇ ਹੋਰ ਪ੍ਰਵਾਣਤ ਖੇਤਰਾਂ `ਚ ‘ਮਾਹਰ’ ਲੋਕਾਂ ਦੀ, ਕਿਸੇ ਜੰਗਲ਼ ਵਿੱਚ ਗਵਾਚੀ ਕੋਈ ਟੋਲੀ, ਅਗਰ ਕਹਿਰ ਦੀ ਸਰਦ ਰਾਤ `ਚ ਕਿਤੇ ਠੁਰਕ ਰਹੀ ਹੋਵੇ ਤਾਂ ਉਸ ਖ਼ਾਸ ਹਾਲਤ ਵਿੱਚ, ਪੱਥਰਾਂ ਅਤੇ ਲੱਕੜੀਆਂ ਨੂੰ ਰਗੜ ਕੇ ਅੱਗ ਉਪਜਾਅ ਲੈਣ ਦੀ ਮੁਹਾਰਤ ਰਖਦਾ ਕੋਈ ਅਸਲੋਂ ‘ਗੰਵਾਰ’ ਤੇ ‘ਜਾਂਗਲੀ’ ਸਮਝਿਆ ਜਾਂਦਾ ਵਿਅਕਤੀ ਵੀ, ‘ਮਾਹਰਾਂ’ ਨਾਲੋਂ ਵਧੇਰੇ ਹੁਨਰਮੰਦ ਹੋ ਗੁਜ਼ਰਦਾ ਹੈ। ਇੰਝ ਹੀ, ਅੱਜ ਦੇ ਯੁਗ `ਚ, ਅਸਮਾਨ ਵਿੱਚ ਹਵਾਈ ਜਹਾਜ਼ਾਂ ਦੀਆਂ, ਮਛਲੀਆਂ ਵਾਂਗ ਤਾਰੀਆਂ ਲੁਆ ਦੇਣ ਵਾਲੇ ਪਾਈਲਾਟਾਂ ਦੇ ਹੁਨਰਾਂ `ਤੇ ਹੈਰਾਨੀ ਜ਼ਾਹਰ ਕੀਤੀ ਜਾਂਦੀ ਹੈ, ਪਰ ਹਵਾਈ ਜਹਾਜ਼ ਦੀ ਈਜਾਦ ਤੋਂ ਪਹਿਲਾਂ ਵੀ ਤਾਂ ਅਜੇਹੇ ਅਣਗਿਣਤ ਵਿਅਕਤੀ ਹੁੰਦੇ ਹੋਣਗੇ ਜਿਹੜੇ ਅਜੇਹੇ ਦੋ ਖੰਭਿਆਂ ਵਿਚਕਾਰ ਦੀ ਜਹਾਜ਼ ਉਡਾਅ ਸਕਣ ਦੇ ਹੁਨਰੀ ਹੋ ਸਕਦੇ ਸਨ ਜਿਨ੍ਹਾਂ ਦਾ ਫ਼ਾਸਲਾ ਅਗਰ ਦੋ ਚਾਰ ਇੰਚ ਵੀ ਘਟਾਅ ਦਿੱਤਾ ਜਾਂਦਾ ਤਾਂ ਜਹਾਜ਼ ਦੇ ਖੰਭ, ਖੰਭਿਆਂ ਨਾਲ ਘਸੜ ਕੇ, ਜਹਾਜ਼ ਨੂੰ ਭੁਆਂਟਣੀ ਦੇ ਦੇਂਦੇ, ਪਰ ਉਸ ਵਕਤ ਕਿਉਂਕਿ ਹਵਾਈ ਜਹਾਜ਼ ਦਾ ਤਸੱਵਰ ਅਤੇ ਹੋਂਦ ਹੀ ਨਹੀਂ ਸਨ, ਇਸ ਲਈ ਉਨ੍ਹਾਂ ਦਾ ਇਹ ਹੁਨਰ ਪੁੰਗਰ ਹੀ ਨਾ ਸਕਿਆ।
ਹਾਂ, ਮੈਂ ਆਪਣੇ ਇਸ ਵਿਸ਼ਵਾਸ਼ ਨੂੰ ਦੁਹਰਾਉਣ ਦੀ ਗ਼ੁਸਤਾਖ਼ੀ ਕਰਦਾ ਹਾਂ ਕਿ ਹਰ ਸਧਾਰਨ-ਬੁੱਧ ਵਿਅਕਤੀ ਕੋਲ਼ ਕੋਈ ਨਾ ਕੋਈ ਹੁਨਰ ਜ਼ਰੂਰ ਹੁੰਦਾ ਹੈ।
ਇਸੇ ਸੰਦਰਭ ਵਿੱਚ ਇਹ ਗੱਲ ਵੀ ਸਹੀ ਹੈ ਕਿ ਕੁਦਰਤ ਨੇ ਭਾਵੇਂ ਹਰ ਵਿਅਕਤੀ ਨੂੰ ਕਿਸੇ ਨਾ ਕਿਸੇ ਹੁਨਰ ਵਿੱਚ ਪਰਬੀਨ ਹੋਣ ਦੀ ਸੰਭਾਵਨਾ/ਗੁੰਜਾਇਸ਼ ਨਾਲ ਲੈਸ ਕੀਤਾ ਹੁੰਦਾ ਹੈ, ਲੇਕਿਨ ਆਪਣੇ ਸੰਭਾਵੀ ਹੁਨਰ ਦੀ ਸ਼ਨਾਖ਼ਤ ਕਰ ਲੈਣੀ ਹਰ ਵਿਅਕਤੀ ਦੇ ਹਿੱਸੇ ਨਹੀਂ ਆਉਂਦੀ। ਮਿਸਾਲ ਦੇ ਤੌਰ `ਤੇ, ਕਈਆਂ ਵਿੱਚ ਵਧੀਆ ਭਲਵਾਨ ਬਣ ਜਾਣ ਦੀ ਸਮਰੱਥਾ ਹੁੰਦੀ ਹੈ, ਪਰ ਕਿਸੇ ਅਗਿਆਤ ਕਾਰਨ ਵੱਸ ਉਹ ਹਾਰਮੋਨੀਅਮ ਵਜਾਉਣ ਦੇ ਤਾਂਘੀ ਹੋ ਜਾਂਦੇ ਨੇ। ਇਸ ਹਾਲਤ `ਚ ਉਨ੍ਹਾਂ ਦੀਆਂ ਉਂਗਲਾਂ, ਹਾਰਮੋਨੀਅਮ ਦੀਆਂ ਸੁਰਾਂ `ਚੋਂ ਧੁਨਾਂ ਉਭਾਰਨ ਦੀ ਥਾਂ, ਉਨ੍ਹਾ ਦਾ ਮਿੱਧਣ-ਲਿਤੜਣ ਵੱਧ ਕਰਦੀਆਂ ਨੇ।
ਜਦੋਂ ਮੈਂ ਗਾਇਕੀ, ਸਾਜ਼ਿੰਦਗੀ ਅਤੇ ਸਾਹਿਤ ਰਚਨਾ ਨਾਲ਼ ਆਪਣੀ ਗੂੜ੍ਹੀ ਸਾਂਝ ਉੱਤੇ ਨਜ਼ਰ ਮਾਰਦਾ ਹਾਂ ਤਾਂ ਮੈਨੂੰ ਜਾਪਦੈ ਮੇਰੇ ਅੰਦਰ ਲਫ਼ਜ਼ਾਂ ਨਾਲ ਖੇਡਣ ਅਤੇ ਸੁਰ-ਤਾਲ ਨਾਲ ਇੱਕਮਿੱਕ ਹੋਣ ਦੇ ਥੋੜ੍ਹੇ-ਬਹੁਤੇ ਬੀਜ ਕੁਦਰਤ ਵੱਲੋਂ ਹੀ ਖਿਲਾਰੇ ਹੋਏ ਸਨ। ਇਹ ਬੀਜ ਕੁਦਰਤ ਵੱਲੋਂ ਮੇਰੇ ਬਾਪੂ ਨੂੰ ਵੀ ਮਿਲੇ ਸਨ ਜਿਸ ਨੇ, ਹਰ ਸੂਖ਼ਮ ਕਲਾ ਨੂੰ ਮਸਲ਼ ਦੇਣ ਵਾਲੇ ਕਠੋਰ ਹਾਲਾਤ ਵਿੱਚ ਘਿਰੇ ਹੋਣ ਦੇ ਬਾਵਜੂਦ, ਇਨ੍ਹਾਂ ਬੀਜਾਂ ਨੂੰ ਆਪਣੀ ਲਗਨ ਅਤੇ ਸਿਰੜ ਨਾਲ਼ ਪੁੰਗਰਾਅ ਲਿਆ। ਬਾਪੂ ਕਵੀਸ਼ਰੀ ਲਿਖਣ/ਗਾਉਣ ਅਤੇ ਸੰਗੀਤ ਦਾ ਅਭਿਆਸੀ ਸੀ। ਬਚਪਨ ਵੱਲ ਜਿੱਥੋਂ ਤੀਕ ਮੇਰੀ ਸੁਰਤ ਪਰਤਦੀ ਹੈ, ਓਦੋਂ ਤੋਂ ਹੀ ਸਾਡੇ ਥੁੜਾਂ ਭੋਗਦੇ ਘਰ `ਚ ਕਵੀਸ਼ਰੀ ਦੀ ਰਚਨਾ ਦੇ ਰੂਪ ਵਿੱਚ ਕਾਵਿਕ ਲਫ਼ਜ਼ ਛਣਕਦੇ ਸਨ, ਗਾਇਕੀ ਦੀਆਂ ਲੈਆਂ ਗੂੰਜਦੀਆਂ ਸਨ, ਅਤੇ ਢੱਡਾਂ ਦੇ ਤਾਲ ਥਪਥਪਾਂਦੇ ਸਨ।
ਜਿਸ ਜ਼ਮਾਨੇ ਦੀ ਗੱਲ ਮੈਂ ਕਰਨ ਲੱਗਾ ਹਾਂ ਉਸ `ਚ ਅੱਜ ਵਾਲ਼ੀਆਂ ਸੀ ਡੀਜ਼ ਅਤੇ ਕਸੈੱਟਾਂ ਦਾ ਹਾਲੇ ਤਸੱਵਰ ਵੀ ਨਹੀਂ ਸੀ ਜਨਮਿਆਂ। ਉਹ ‘ਤਵਿਆਂ’ ਦੇ ਤੌਰ `ਤੇ ਜਾਣੇ ਜਾਂਦੇ, ਗਰਾਮੋਫ਼ੋਨ-ਮਸ਼ੀਨਾਂ `ਤੇ ਚਲਦੇ ਰੀਕਾਰਡਾਂ, ਅਤੇ ਬੌਲਦਾਂ ਦੇ ਗਲੀਂ ਪਾਈਆਂ ਜਾਂ ਮੰਦਰਾਂ `ਚ ਲਟਕਦੀਆਂ ਟੱਲੀਆਂ ਦੀ ਸ਼ਕਲ ਦੇ ਵੱਡ-ਅਕਾਰੀ ਲਾਊਡਸਪੀਕਰਾਂ ਦਾ ਯੁੱਗ ਸੀ। ਸ਼ਾਦੀਆਂ, ਅਖੰਡਪਾਠਾਂ, ਭੋਗਾਂ ਅਤੇ ਖ਼ੁਸ਼ੀ ਦੇ ਹੋਰ ਸਮਾਗਮਾਂ ਮੌਕੇ, ਇਹ ਲਾਊਡਸਪੀਕਰ, ਕੋਠਿਆਂ ਉੱਤੇ ਦੋ ਮੰਜਿਆਂ ਦੇ ਸਿਰਹਾਣਿਆਂ ਨੂੰ ਤਿਕੋਣੀ ਸ਼ਕਲ ਵਿੱਚ ਜੋੜ ਕੇ, ਉਨ੍ਹਾਂ ਉੱਪਰ ਟੰਗ ਦਿੱਤੇ ਜਾਂਦੇ ਸਨ। ਇਨ੍ਹਾਂ ਸਪੀਕਰਾਂ ਰਾਹੀਂ ਢਾਡੀਆਂ ਤੇ ਅਲਗੋਜ਼ਿਆਂ ਦੀ ਸੰਗਤ ਨਾਲ਼ ਕੀਤੀ ਗਾਇਕੀ ਦੇ ਗਰਾਮੋਫ਼ੋਨ ਰੀਕਾਰਡ, ਕਈ- ਕਈ ਦਿਨ ਤੇ ਸਾਰੀ -ਸਾਰੀ ਦਿਹਾੜੀ ਸਾਰੇ ਪਿੰਡ ਦੇ ਕੰਨਾਂ `ਚ ‘ਪੰਪ’ ਕੀਤੇ ਜਾਂਦੇ ਸਨ। ਸਾਊਂਡ-ਬਾਕਸ ਦੇ ਨਾਮ ਨਾਲ਼ ਜਾਣੀ ਜਾਂਦੀ ਇੱਕ ਡੱਬੀ `ਚ ਕੱਸੀ ਇੱਕ ਸੂਈ, ਮਹੀਨ ਸਿਆੜਾਂ `ਚ ਘਿਸੜ ਕੇ, ਮਸ਼ੀਨ ਉੱਤੇ ਘੁੰਮ ਰਹੇ ਰੀਕਾਰਡ `ਚੋਂ ਅਵਾਜ਼ ਚੁਗਦੀ, ਅਤੇ ਐਂਪਲੀਫਾਇਰ ਦੇ ਇੱਕ ਗੁੰਝਲ਼ਦਾਰ ਸਿਸਟਮ ਵਿੱਚ ਦੀ ਗੁਜ਼ਾਰ ਕੇ ਕੋਠੇ ਉੱਪਰ ਟੁੰਗੇ ‘ਹੋਰਨ’ ਰਾਹੀਂ ਦੂਰ - ਦੂਰ ਤੀਕਰ ਪਹੁੰਚਾਉਂਦੀ। ਬਚਪਨ ਉਮਰੇ, ਗਰਮੀਆਂ ਦੀ ਰੁੱਤੇ ਆਪਣੇ ਕੋਠੇ ਉੱਤੇ ਮੰਜੇ `ਤੇ ਪਿਆਂ, ਰੀਕਾਰਡਾਂ ਰਾਹੀਂ ਸੁਣੀ ਤੂੰਬਿਆਂ ਦੀ ਤੁਣ- ਤੁਣ, ਅਲਗੋਜ਼ਿਆਂ ਦੀ ‘ਫੂੰ-ਫੂੰ’ , ਸਰੰਗੀਆਂ ਦੀ `ਚੀਂ- ਚੀਂ’ ਅਤੇ ਢੱਡਾਂ ਦੀ ‘ਡੁੱਗ- ਡੁੱਗ, ਢੁੰਮ -ਢੁੰਮ’ ਮੇਰੇ ਕੰਨਾਂ ਵਿੱਚ ਹੁਣ ਵੀ ਗੂੰਜਣ ਲੱਗ ਜਾਂਦੀ ਹੈ।
ਘਰ ਵਿੱਚ ਸੰਗੀਤ ਅਤੇ ਕਵੀਸ਼ਰੀ ਦਾ ਅਟੁੱਟ ਪਰਵਾਹ ਹੋਣ ਕਰ ਕੇ ਸੰਗੀਤ ਮੇਰੀ ਸਿਮਰਤੀ `ਚ ਕਿਸੇ ਖ਼ਾਸ ਦਿਨ ਜਾਂ ਖਾਸ ਵਕਤ ਉੱਤੇ ਦਾਖ਼ਲ ਨਹੀਂ ਹੋਇਆ; ਇਹ ਤਾਂ ਹਵਾ ਵਾਂਗ ਆਪ-ਮੁਹਾਰੇ ਹੀ ਮੇਰੇ ਦਿਲੋ-ਦਿਮਾਗ਼ `ਚ ਘੁਲ਼ ਗਿਆ ਸੀ, ਪਰ ਸੰਗੀਤ ਅਤੇ ਤਾਲ ਨਾਲ਼ ਮੇਰਾ ਅਮਲੀ ਅਤੇ ਸੁਚੇਤ ਵਾਹ ਜਿਸ ਇਤਫ਼ਾਕ ਨਾਲ ਹੋਇਆ ਉਹ ਮੇਰੀਆਂ ਯਾਦਾਂ `ਚ ਕਦੇ ਫਿੱਕਾ ਨਹੀਂ ਪਿਆ।
ਸਨ 1955 ਦੀ ਗੱਲ ਹੈ: ਉਮਰ ਦੇ ਨੌਵੇਂ ਪਾਏਦਾਨ `ਤੇ ਵਿਚਰਦਿਆਂ ਮੈਂ ਤੀਜੀ ਜਮਾਤ ਦੀਆਂ ਕਿਤਾਬਾਂ ਨਾਲ ਸਿੱਝਣ ਲੱਗਿਆ ਸਾਂ। ਸਾਡੇ ਗਵਾਂਢੀ ਪਿੰਡ ਰਣੀਏਂ ਦਾ ਮਾਸਟਰ ਸ਼ਮਸ਼ੇਰ ਸਿੰਘ ਕੁਰਸੀ `ਤੇ ਨਹੀਂ ਸਗੋਂ ਭੁੰਜੇ ਵਿਛਾਈ ਇੱਕ ਤਪੜੀ ਉੱਤੇ ਬੈਠਦਾ। ਉਹਦੇ ਸਾਹਮਣੇ ਮਧਰੇ ਕੱਦ ਦੀ ਇੱਕ ਵਿਸ਼ਾਲ ਸੰਦੂਕੜੀ ਪਈ ਹੁੰਦੀ ਸੀ ਜਿਸ ਵਿੱਚ ਉਹ ਆਪਣੇ ਡਰੰਕ, ਕਲਮਾਂ, ਸਿਆਹੀ ਦੀਆਂ ਦਵਾਤਾਂ, ਪੈਨਸਿਲਾਂ ਤੇ ਹੋਰ ਨਿੱਕੜ- ਸੁੱਕੜ ਦੇ ਨਾਲ਼ ਨਾਲ਼ ਹਰ ਰੋਜ਼ ਆਉਂਦੀ-ਜਾਂਦੀ ਸਾਰੇ ਪਿੰਡ ਦੀ ਡਾਕ ਦਾ ਲੇਖਾ-ਜੋਖਾ ਵੀ ਰਖਦਾ। ਮੀਂਹ ਹੋਵੇ ਜਾਂ ਹਨ੍ਹੇਰੀ, ਗੜੇ ਪੈਣ ਜਾਂ ਕੋਹਰਾ, ਉਹ ਚਾਰ, ਸਾਢੇ ਚਾਰ ਮੀਲ ਦਾ ਸਫ਼ਰ ਪੈਦਲ ਹੀ ਤੈਅ ਕਰ ਕੇ, ਸਕੂਲ ਸ਼ੁਰੂ ਹੋਣ ਤੋਂ ਅੱਧਾ ਪੌਣਾਂ ਘੰਟਾ ਪਹਿਲਾਂ ਸਕੂਲ ਆ ਸਿਰ ਕਢਦਾ ਸੀ। ਸਵਖ਼ਤੇ ਸਕੂਲ ਪਹੁੰਚ ਕੇ ਉਹ ਕਮਜ਼ੋਰ ਬੱਚਿਆਂ ਨੂੰ ਹਿਸਾਬ ਸਿਖਾਉਂਦਾ ਅਤੇ ਰਾਹ ਪੱਟ ਕੇ ਲਿਆਂਦੇ ਕਾਨਿਆਂ ਦੀਆਂ ਮਹੀਨ ਕਲਮਾਂ ਘੜਦਾ।
ਭਾਦੋਂ ਦੀਆਂ ਧੁੱਪਾਂ ਨੇ ਆਪਣਾ ਕੇੜਾ ਚਾੜ੍ਹਨਾ ਸ਼ੁਰੂ ਕਰ ਦਿਤਾ ਸੀ ਪਰ ਨਾਲ ਹੀ ਮੌਨਸੂਨ ਆ ਜਾਣ ਕਰ ਕੇ, ਬੂੰਦਾਬਾਂਦੀ ਨੇ ਗਰਮੀ ਨੂੰ ਹਵਾ `ਚੋਂ ਨਿਚੋੜਨਾ ਸ਼ੁਰੂ ਕਰ ਦਿੱਤਾ ਸੀ। ਇੱਕ ਦਿਨ, ਦੋ ਦਿਨ, ਹਫ਼ਤਾ: ਬੂੰਦਾ-ਬਾਂਦੀ ਤੋਂ ਛੜਾਕਿਆਂ `ਚ ਅਨੁਵਾਦ ਹੋਈ ਬਾਰਸ਼ ਬੰਦ ਹੋਣ ਦਾ ਨਾਮ ਹੀ ਨਾ ਲਵੇ। ਰਣੀਏਂ ਵਾਲ਼ਾ ਮਾਸਟਰ ਆਵਦੇ ਪਿੰਡ ਦੀ ਫ਼ਿਰਨੀ `ਤੇ ਠਾਠਾਂ ਮਾਰਦੇ ਪਾਣੀ ਨੂੰ ਵੇਖ ਕੇ ਵਾਪਿਸ ਚਲਾ ਗਿਆ। ਸਾਡੇ ਪਿੰਡ ਮਿੱਟੀ ਦੇ ਬਨੇਰਿਆਂ ਤੋਂ ਬਾਹਰ ਨੂੰ ਵਧਾਈਆਂ ਧੌਣਾਂ ਵਾਲ਼ੇ ਪਰਨਾਲੇ, ਛੱਤਾਂ ਦੇ ਅਥਾਹ ਪਾਣੀ ਨੂੰ ਸੰਭਾਲਣ ਤੋਂ ਤੋਬਾ ਕਰਨ ਲੱਗੇ। ਹਰੇਕ ਘਰ ਦੇ ਪਰਨਾਲ਼ੇ `ਚੋਂ ਵਗਦੀਆਂ ਧਾਰਾਂ ਦਾ ਸ਼ਰਰ-ਸ਼ਰਰ ਦਾ ਸ਼ੋਰ ਸਾਰੇ ਪਿੰਡ ਵਿੱਚ ਗੂੰਜਣ ਲੱਗਾ। ਛੱਤਾਂ ਪਹਿਲਾਂ ਸਿੰਮਣ ਲੱਗੀਆਂ, ਤੇ ਫ਼ੇਰ ਚੋਣ, ਤੇ ਆਖ਼ਿਰ ਲੰਗਾਰ ਹੋ ਕੇ ਮਘੋਰੇ ਬਣਨ ਲੱਗੀਆਂ। ਕੋਠਿਆਂ ਦੀਆਂ ਕੱਚੀਆਂ ਕੰਧਾਂ ਧੁਰ-ਅੰਦਰ ਤੀਕ ਪਿਲਪਿਲੀਆਂ ਹੋ ਗਈਆਂ। ਗਾਰੇ `ਚ ਤੂੜੀ ਮਿਲਾ ਕੇ, ਕੰਧਾਂ ਦੇ ਬਾਹਰਲੇ ਪਾਸੇ ਕੀਤੀ ਲਿਪਾਈ, ਲਿਓੜਾਂ-ਖਲੇਪੜਾਂ ਦੇ ਰੂਪ `ਚ ਦਾਅੜ-ਦਾਅੜ ਕਿਰਨ ਲੱਗੀ। ਗਲ਼ੀਆਂ `ਚ ਹਰਲ-ਹਰਲ ਕਰਦਾ ਪਾਣੀ ਖਰੂਦੀ ਸ਼ਰਾਬੀਆਂ ਵਾਂਗ ਬੂਹਿਆਂ `ਤੇ ਢੁੱਡਾਂ ਮਾਰਨ ਲੱਗਾ। ਸਾਰੇ ਪਿੰਡ `ਚ ਕੱਚੇ ਘਰਾਂ ਦੀਆਂ ਨੀਹਾਂ ਫਿੱਸਣ ਲੱਗੀਆਂ।
ਸਾਡੇ ਗਵਾਂਢੀ ਮਹਿਰੇ ਪਰਵਾਰ ਦੀ ਸਾਡੇ ਵਿਹੜੇ ਵੱਲ ਦੀ ਕੰਧ, ਬਨੇਰੇ ਵੱਲੋਂ ਸਾਡੇ ਵੱਲ ਨੂੰ ਉੱਲਰਨ ਲੱਗੀ। ਲਗਾਤਾਰ ਵਰ੍ਹ ਰਹੇ ਮੀਂਹ ਦੇ ਸਤਾਏ ਮਹਿਰੇ ਪਰਵਾਰ ਦੀਆਂ ਦੋਵੇਂ ਜਵਾਨ ਲੜਕੀਆਂ ਤੇ ਉਨ੍ਹਾਂ ਦੇ ਬਿਰਧ ਮਾਪੇ ਆਪਣੇ ਇਕਲੌਤੇ ਕੋਠੇ `ਚ ਕੁੰਗੜੇ ਬੈਠੇ ਸਨ। ਕੰਧ ਦੇ ਰਤਾ ਕੁ ਉੱਲਰਦਿਆਂ ਹੀ ਛੱਤ ਦੀਆਂ ਕੜੀਆਂ ਤੇ ਕਾਨੇ ਕਰੜ-ਕਰੜ ਕਰਨ ਲੱਗੇ ਜਿਸ ਨੂੰ ਸੁਣਦਿਆਂ ਸਾਰ ਮਹਿਰਾ ਪਰਵਾਰ `ਚ ਹਫ਼ੜਾ-ਦਫ਼ੜੀ ਮੱਚ ਉੱਠੀ। ਆਪਣੇ ਮੂਹਰਲੇ ਬੂਹੇ ਥਾਣੀ ਦੌੜ ਕੇ ਸਾਡੇ ਪਰਲੇ ਦਰਵਾਜ਼ਿਓਂ ਉਹ ਸਾਡੇ ਵਿਹੜੇ `ਚ ਹਾਲੇ ਦਾਖ਼ਲ ਹੋਏ ਹੀ ਸਨ ਕਿ ਝੁਕੀ ਹੋਈ ਕੰਧ ਧੜੰਮ ਕਰ ਕੇ ਸਾਡੇ ਵਿਹੜੇ ਵਿੱਚ ਖਿੰਡਰ ਗਈ। ਵਿਹੜੇ `ਚ ਡਾਢੇ ਬੁਖ਼ਾਰ ਵਾਂਗ ਚੜ੍ਹਿਆ ਪਾਣੀ, ਛਿੱਟਿਆਂ ਦੇ ਰੂਪ ਵਿੱਚ ਤ੍ਰਭਕ ਕੇ ਸਾਡੀ ਵਾਗਲ਼ੇ ਵਾਲ਼ੀ ਕੰਧ ਦੇ ਉੱਪਰੋਂ ਦੀ ਹੁੰਦਾ ਹੋਇਆ ਗਵਾਂਢੀਆਂ ਦੇ ਵਿਹੜੇ `ਚ ਜਾ ਡਿੱਗਿਆ। ਸ਼ਤੀਰੀਆਂ ਤੇ ਕੜੀਆਂ ਅਤੇ ਛੱਤ ਉੱਪਰਲੀ ਗਿੱਲੀ ਮਿੱਟੀ ਨੇ ਮਹਿਰਿਆਂ ਦੇ ਮੰਜਿਆਂ-ਬਿਸਤਰਿਆਂ ਨੂੰ ਦਬੋਚ ਲਿਆ। ਉਨ੍ਹਾਂ ਦੀਆਂ ਦੋਵੇਂ ਬਿੱਲੀਆਂ ਮੰਜੇ ਹੇਠੋਂ ਦੌੜ ਕੇ, ਉਨ੍ਹਾਂ ਦੀ ਡਿੱਗਣ ਤੋਂ ਬਚ ਗਈ ਕੰਧੋਲ਼ੀ `ਤੇ ਜਾ ਚੜ੍ਹੀਆਂ।
ਮਹਿਰਿਆਂ ਦੀ ਕੰਧ ਕਿਰਦਿਆਂ ਹੀ ਸਾਡੇ ਆਂਢ-ਗਵਾਂਢ ਦੇ ਕੱਚੇ ਘਰਾਂ ਦੇ ਸਭ ਵਸਨੀਕ ਆਪਣੇ ਕੋਠਿਆਂ `ਚੋਂ ਮੰਜੇ-ਬਿਸਤਰੇ ਉਠਾਲ਼ ਕੇ, ਸਾਡੇ ਵਿਹੜੇ ਵੱਲ ਨੂੰ ਦੌੜਨ ਲੱਗੇ। ਮੰਜਿਆਂ ਦੇ ਸਿਰ ਜੋੜ ਕੇ ਵਿਹੜੇ `ਚ ਤਿਕੋਣੀਆਂ ਝੁੱਗੀਆਂ ਉਸਾਰੀਆਂ ਜਾਣ ਲੱਗੀਆਂ। ਵੇਂਹਦਿਆਂ-ਵੇਂਹਦਿਆਂ, ਸਾਡੇ ਵਿਸ਼ਾਲ ਵਿਹੜੇ `ਚ ਪੰਦਰਾਂ ਵੀਹ ਝੁੱਗੀਆਂ ਦੀ ਇੱਕ ਬਸਤੀ ਉੱਗ ਆਈ। ਮੀਂਹ ਤੋਂ ਬਚਾਅ ਲਈ ਗੁਦੈਲੇ ਤੇ ਰਜ਼ਾਈਆਂ ਨੂੰ ਤਿਕੋਣੀਆਂ ਝੁੱਗੀਆਂ `ਤੇ ਸੁੱਟਿਆ ਜਾਣ ਲੱਗਾ। ਗੁੜ ਵਾਲੇ ਗੱਟੇ, ਆਟੇ ਵਾਲ਼ੇ ਪੀਪੇ, ਘਿਓ ਦੀਆਂ ਪੀਪੀਆਂ, ਲੂਣਦਾਨੀਆਂ ਤੇ ਦਾਲ਼ਾਂ ਦੇ ਕੁੱਜੇ, ਆਂਢ-ਗਵਾਂਢ ਦੇ ਡਿਗੂੰ-ਡਿਗੂੰ ਕਰਦੇ ਕੋਠਿਆਂ `ਚੋਂ ਝੁੱਗੀਆਂ ਵੱਲ ਨੂੰ ਵਹੀਰਾਂ ਘੱਤਣ ਲੱਗੇ।
ਹੁਣ ਮਹਿਰਿਆਂ ਦੀ ਕੰਧ ਦੇ ਮਲਬੇ ਉੱਤੇ ਇੱਕ ਤਰਪਾਲ ਤਾਣ ਲਈ ਗਈ। ਕਈ ਜਾਣੇ ਕਿਧਰੋਂ ਕੁੱਝ ਕੁ ਪੱਕੀਆਂ ਇੱਟਾਂ ਲੱਭ ਲਿਆਏ ਜਿਨ੍ਹਾਂ ਨੂੰ ਜੋੜ ਕੇ ਤਰਪਾਲ ਦੇ ਹੇਠ ਦੋ ਚੁੱਲ੍ਹੇ ਉਸਾਰ ਲਏ ਗਏ। ਅੱਗ ਮਚਾਉਣ ਲਈ, ਮਹਿਰਿਆਂ ਦੀ ਛੱਤ ਦੇ ਮਲਬੇ `ਚੋਂ ਕਾਨੇਂ ਅਤੇ ਕੜੀਆਂ ਧੂਹੇ ਜਾਣ ਲੱਗੇ। ਚੁੱਲ੍ਹਿਆਂ `ਚ ਅੱਗ ਦੇ ਪਰਗਟ ਹੁੰਦਿਆਂ ਹੀ ਤਰਪਾਲ ਹੇਠ ਔਰਤਾਂ ਦਾ ਝੁਰਮਟ ਬੱਝ ਗਿਆ। ਇੱਕ ਵੱਡੇ ਪਤੀਲੇ `ਚ ਦਾਲ਼ ਉਬਲਣ ਲੱਗੀ ਤੇ ਕਈ ਪਰਾਤਾਂ `ਚ ਚੂੜੀਆਂ ਵਾਲ਼ੇ ਹੱਥਾਂ ਦਾ ਗਿੱਲੇ ਆਟੇ ਨਾਲ਼ ਦੰਗਲ਼ ਹੋਣ ਲੱਿਗਆ। ਝੁੱਗੀਆਂ `ਚ ਵਿਲਕਦੇ ਮੇਰੇ ਵਰਗੇ ਨਿਆਣਿਆਂ ਦੀਆਂ ਜਾੜ੍ਹਾਂ ਹੇਠ ਬੁਰਕੀਆਂ ਲੱਥਣ ਲੱਗੀਆਂ।
ਦੋ ਕੁ ਦਿਨਾਂ ਦੀ ਬਾਰਸ਼ੀ-ਝੰਬਾਈ ਤੋਂ ਬਾਅਦ ਬੱਦਲਾਂ ਦੀਆਂ ਤਿਊੜੀਆਂ `ਚ ਰਤਾ ਕੁ ਨਰਮੀ ਝਲਕਣ ਲੱਗੀ। ਹੋਰ ਦੋ ਦਿਨ ਲੰਘੇ ਤਾਂ ਘਰਾਂ `ਚ ਵੜਿਆ ਗੋਡੇ- ਗੋਡੇ ਪਾਣੀ ਵਿਹੜਿਆਂ ਦੀਆਂ ਛਾਉਣੀਆਂ ਖ਼ਾਲੀ ਕਰਨ ਲੱਗਿਆ। ਸਾਰੇ ਪਿੰਡ ਦੇ ਨੁਕਸਾਨੇ ਗਏ ਕੰਧਾਂ-ਕੋਠਿਆਂ ਦਾ ਹਿਸਾਬ-ਕਿਤਾਬ ਲੱਗਣਾ ਸ਼ੁਰੂ ਹੋਇਆ। ਸਲ੍ਹਾਬੇ ਅਤੇ ਚਿੱਕੜ ਦਾ ਭਰਪੂਰ ਪਰਵਾਰ ਵਿਹੜਿਆਂ ਦੀ ਝੋਲ਼ੀ `ਚ ਛੱਡ ਕੇ, ਪਾਣੀ ਹੋਰੀਂ ਗਲ਼ੀਆਂ `ਚ ਦੀ ਹੁੰਦੇ ਹੋਏ, ਖੇਤਾਂ ਵੱਲ ਨੂੰ ਪਰਤ ਗਏ।
ਹੁਣ ਸਾਰੇ ਪਿੰਡ ਦੀਆਂ ਧੜੰਮ ਹੋ ਗਈਆਂ ਛੱਤਾਂ ਤੇ ਕੰਧਾਂ ਦਾ ਮਲਬਾ ਸਾਂਭਿਆ ਜਾਣ ਲੱਗਾ। ਡਿਗਣੋਂ ਬਚ ਗਏ ਕੋਠਿਆਂ `ਚੋਂ ਭੈਅ ਫੁੰਕਾਰਨ ਲੱਗਿਆ, ਇਸ ਲਈ ਲੋਕ ਬਚ ਗਏ ਕੋਠਿਆਂ ਦੇ ਨੇੜੇ ਹੋਣ ਤੋਂ ਵੀ ਤ੍ਰਭਕਣ ਲੱਗੇ। ਸਾਡੇ ਵਿਹੜੇ ਵਿੱਚ ਉੱਗ ਆਈ, ਮੰਜਿਆਂ ਨਾਲ਼ ਬਣਾਈਆਂ ਝੁੱਗੀਆਂ ਦੀ ਬਸਤੀ ਜਿਵੇਂ ਦੀ ਤਿਵੇਂ ਕਾਇਮ ਰਹੀ।
ਖ਼ੁਸ਼ਕਿਸਮਤੀ ਨਾਲ਼ ਸਾਡੇ ਦੋ ਕੱਚੇ ਕੋਠਿਆਂ `ਚੋਂ ਇੱਕ ਕੋਠਾ ਹੜ੍ਹ ਤੇ ਮੀਂਹ ਦੇ ਕਹਿਰ ਤੋਂ ਬਚ ਨਿਕਲ਼ਿਆ: ਬਚ ਵੀ ਏਨਾ ਨਿੱਕਲ਼ਿਆ ਉਸ ਵਿੱਚ ਬੇਖ਼ੌਫ਼ ਆਇਆ ਜਾਇਆ ਜਾ ਸਕਦਾ ਸੀ।
ਏਸ ਭਿਆਨਕ ਹੜ੍ਹ ਤੋਂ ਕੁੱਝ ਕੁ ਮਹੀਨੇ ਪਹਿਲਾਂ ਮੇਰੇ ਬਾਪੂ ਅੰਦਰ ਸਰੰਗੀ ਸਿੱਖਣ ਦਾ ਸ਼ੌਕ ਵਗਣ ਲੱਗ ਪਿਆ ਸੀ। ਪਰ ਹੜ੍ਹ ਦੇ ਦਿਨੀਂ, ਲਗਾਤਾਰ ਕਈ ਮਹੀਨੇ ਆਥਣ ਸਵੇਰ ਸਾਡੇ ਘਰ `ਚ, ਚੂੰ ਚੂੰ ਦੀ ਰੌਣਕ ਲਗਾਉਣ ਵਾਲ਼ੀ ਸਰੰਗੀ, ਹੜ੍ਹ ਦੀ ਮਾਰ ਤੋਂ ਬਚ ਗਏ ਕੋਠੇ `ਚ ਇੱਕ ਕਿੱਲੀ ਤੇ ਟੰਗੀ ਰਹੀ ਸੀ।
ਕਪਾਹਾਂ ਮੱਕੀਆਂ ਤੇ ਆਲੂਆਂ ਦੀਆਂ ਫ਼ਸਲਾਂ ਕਹਿਰਾਂ ਦੇ ਪਾਣੀ ਦੀ ਭੇਟ ਚੜ੍ਹ ਗਈਆਂ ਸਨ। ਖੇਤਾਂ `ਚ ਹਾਲੇ ਵੀ ਗੋਡੇ- ਗੋਡੇ ਪਾਣੀ ਖਲੋਤਾ ਸੀ, ਇਸ ਲਈ ਕਿਸੇ ਵੀ ਮਰਦ ਨੂੰ ਖੇਤਾਂ `ਚ ਜਾਣ ਦੀ ਕਾਹਲ਼ ਨਹੀਂ ਸੀ।
ਇੱਕ ਦਿਨ ਦੁਪਹਿਰੇ, ਜਦੋਂ ਵੱਖ- ਵੱਖ ਪਰਵਾਰਾਂ ਦੇ ਅਸੀਂ ਕਈ ਨਿਆਣੇ ਰੋਟੀਆਂ ਖਾ ਕੇ ਵਿਹੜੇ `ਚ ‘ਝੁੱਗੀਆਂ’ ਉਦਾਲ਼ੇ ਖੇਡ ਰਹੇ ਸਾਂ, ਤਾਂ ਸਾਰਾ ਪਿੰਡ ਬਚੀਆਂ-ਖੁਚੀਆਂ ਇੱਟਾਂ, ਕੜੀਆਂ, ਬਾਲਿਆਂ, ਤੇ ਸ਼ਤੀਰੀਆਂ ਨੂੰ ਸਾਂਭਣ `ਚ ਰੁੱਝਾ ਹੋਇਆ ਸੀ। ਡਿੱਗਣੋਂ ਬਚ ਗਈਆਂ ਪਰ ਮਘੋਰੇ ਹੋ ਗਈਆਂ ਛੱਤਾਂ `ਤੇ ਮਿੱਟੀ ਪਾਈ ਜਾ ਰਹੀ ਸੀ। ਗਲ਼ੀਆਂ ਵੱਲ ਨੂੰ ਕਿਰ ਗਈਆਂ ਕੰਧਾਂ ਦੇ ਮਲਬੇ ਨੂੰ ਇਧਰ ਓਧਰ ਉਠਾਲ਼ ਕੇ ਘਰਾਂ ਦੇ ਪਾਣੀ ਦੇ ਨਿਕਾਸ ਲਈ ਲਾਂਘੇ ਬਣਾਏ ਜਾ ਰਹੇ ਸਨ।
ਅਚਾਨਕ ਹੀ, ਹੜ੍ਹ ਦੇ ਕਹਿਰ `ਚ ਸਾਬਤ ਖਲੋਤੇ ਰਹਿ ਗਏ ਸਾਡੇ ਕੋਠੇ `ਚ, ‘ਤੁੰਗ-ਤੁੰਗ, ਤੁੰਗ-ਤੁੰਗ’ ਹੋਣ ਲੱਗੀ। ਬਾਪੂ, ਸਲ੍ਹਾਬੇ ਨਾਲ਼ ਢਿੱਲੀ ਪੈ ਗਈ ਸਰੰਗੀ ਨੂੰ ਸੁਰ ਕਰ ਰਿਹਾ ਸੀ। ਤਾਰਾਂ ਦੀ ਅਵਾਜ਼ ਨੂੰ ਇੱਕ ਦੂਜੇ ਦੇ ਬਿਲਕੁਲ ਹਾਣ ਦੀ ਕਰਨ ਲਈ ਬਾਪੂ ਕਦੇ ਇੱਕ ਕਿੱਲੀ ਨੂੰ ਮਰੋੜਦਾ ਤੇ ਕਦੇ ਦੂਜੀ ਨੂੰ। ਮਰੋੜੇ ਖਾਂਦੀਆਂ ਕਿੱਲੀਆਂ `ਚੋਂ ਚਿਰੜ-ਚਿਰੜ ਦੀ ਅਜੀਬ ਅਵਾਜ਼ ਨਿੱਕਲ਼ਦੀ ਤਾਂ ਮੈਨੂੰ ਇੰਝ ਲੱਗਾ ਜਿਵੇਂ ਸਰੰਗੀ ਬਾਪੂ ਦੀਆਂ ਹਰਕਤਾਂ `ਤੇ ਇਤਰਾਜ਼ ਕਰ ਰਹੀ ਹੋਵੇ। ਫੇਰ ਉਹ ਪਹਿਲੀ ਉਂਗਲ਼ੀ ਨਾਲ ਤਾਰਾਂ ਨੂੰ ਤੁਣਕ -ਤੁਣਕ ਕੇ ਇੱਕ ਦੂਜੀ ਦੀ ਪਿੱਚ ਸੁਣਦਾ। ਹੁਣ ਸਰੰਗੀ ਦੇ ਗਜ਼ ਨੂੰ ਬੰਨ੍ਹੇ ਘੁੰਗਰੂ ਛਣਕਣ ਲੱਗੇ। ਬਾਪੂ ਸਰੰਗੀ ਦੇ ਗਜ਼ ਨਾਲ਼ ਬੰਨ੍ਹੇ, ਘੋੜੇ ਦੇ ਵਾਲ਼ਾਂ, ਨੂੰ ਬਰੋਜ਼ੇ ਦੀ ਟਿੱਕੀ ਉੱਤੇ ਘਸਾ ਰਿਹਾ ਸੀ। ਜਿਓਂ ਹੀ ਬਰੋਜ਼ੇ ਨਾਲ਼ ਲੈਸ ਹੋਏ ਗਜ਼ ਨੇ ਸਰੰਗੀ ਦੀਆਂ ਤਾਰਾਂ ਨਾਲ ਘਸੜਵਾਂ ਸੰਪਰਕ ਕੀਤਾ, ਕੱਚੇ ਕੋਠੇ `ਚੋਂ ਸੰਗੀਤ ਸਿੰਮਣ ਲੱਗਾ। ਸਰੰਗੀ ਦੀ ਹੂਕ ਸੁਣਦਿਆਂ ਹੀ ਮੇਰੇ ਹੱਥਾਂ `ਚੋਂ ਬਾਂਟੇ ਕਿਰਨ ਲੱਗੇ ਤੇ ਮੇਰੇ ਪੈਰ ਕੱਚੇ ਕੋਠੇ ਵੱਲ ਨੂੰ ਖਿੱਚ੍ਹੇ ਜਾਣ ਲੱਗੇ।
ਜਦੋਂ ਨੂੰ ਮੈਂ ਕੋਠੇ ਦੇ ਦਰ `ਤੇ ਅੱਪੜਿਆ, ਕੁਰਸੀ `ਤੇ ਬੈਠਾ ਬਾਪੂ ਸਰੰਗੀ ਦੀ ਹੂਕ ਵਿੱਚ ਪੂਰੀ ਤਰ੍ਹਾਂ ਇੱਕ-ਮਿੱਕ ਹੋ ਚੁੱਕਿਆ ਸੀ। ਉਸ ਦੀਆਂ ਸਰੂਰ `ਚ ਮੀਟੀਆਂ ਅੱਖਾਂ ਕੋਠੇ ਅੰਦਰ ਮੇਰੇ ਦਾਖ਼ਲੇ ਤੋਂ ਬੇਖ਼ਬਰ ਰਹੀਆਂ। ਫ਼ਿਰ ਵਜਦ `ਚ ਆਇਆ ਬਾਪੂ ਗਾਉਣ ਲੱਗਿਆ: ‘ਪਟਣੇ ਦੇ ਵਿੱਚ ਪਰਗਟ ਹੋਏ, ਦਸਮ ਪਾਤਸ਼ਾਹ ਸੋਢੀ!’ ਮਗਰੇ ਹੀ ਸਰੰਗੀ ਦੀਆਂ ਤਾਰਾਂ `ਚੋਂ ਬਾਪੂ ਦੀ ਗਾਈ ਤਰਜ਼ ਗੂੰਜਣ ਲੱਗੀ। ਸਰੰਗੀ ਦੇ ਪੇਟ ਕੋਲ਼, ਗਜ਼, ਤਾਰਾਂ ਉੱਪਰ ਇੱਕ ਖ਼ਾਸ ਰਿਦਮ ਵਿੱਚ ਅੱਗੇ ਪਿੱਛੇ ਜਾਂਦਾ। ਮੈਂ ਦੇਖਿਆ ਕਿ ਮੇਰਾ ਸਿਰ ਆਪ-ਮੁਹਾਰੇ ਹੀ, ਗਜ਼ ਦੀ ਅੱਗੇ-ਪਿੱਛੇ ਦੀ ਹਰਕਤ ਦੇ ਨਾਲ਼ ਨਾਲ਼ ਖੱਬੇ-ਸੱਜੇ ਝੂਮਣ ਲੱਗਾ। ਬਾਪੂ ਸੰਗੀਤ ਵਿੱਚ ਡੂੰਘਾ ਹੀ ਡੂੰਘਾ ਲਹਿੰਦਾ ਜਾ ਰਿਹਾ ਸੀ।
ਅਚਾਨਕ ਹੀ ਮੇਰੀਆਂ ਉਂਗਲਾਂ `ਚ ਹਰਕਤ ਟਪਕਣ ਲੱਗੀ। ਖੱਬੇ ਹੱਥ ਦੀ ਮੁੱਠੀ ਮੀਚੀ ਗਈ ਤੇ ਸੱਜੇ ਹੱਥ ਦੀਆਂ ਉਂਗਲ਼ਾਂ, ਮੀਟੀ ਹੋਈ ਮੁੱਠੀ ਦੇ ਸਿਰ `ਤੇ ਸਰੰਗੀ ਦੇ ਤਾਲ ਵਿੱਚ ਠੱਕ-ਠੱਕ ਕਰਨ ਲੱਗੀਆਂ। ਬਾਪੂ ਦੀਆਂ ਅੱਖਾਂ ਧਤੂਰੇ `ਚ ਗੜੂੰਦ ਵਿਅਕਤੀ ਵਾਂਗ ਰਤਾ ਕੁ ਖੁੱਲ੍ਹੀਆਂ। ਉਹਦਾ ਸਿਰ ਹਾਲੇ ਵੀ ਝੂਮੀ ਜਾ ਰਿਹਾ ਸੀ ਤੇ ਰਿਦਮ ਵਿੱਚ ਮੇਰੀ ਮੁੱਠੀ `ਤੇ ਵੱਜ ਰਹੀਆਂ ਮੇਰੀਆਂ ਨਿਆਣੀਆਂ ਉਂਗਲਾਂ ਨੂੰ, ਉਹ ਬੜੇ ਅਚੰਭੇ ਨਾਲ ਦੇਖੀ ਜਾ ਰਿਹਾ ਸੀ।
ਫਿਰ ਲਗਾਤਾਰ ਚੱਲ ਰਹੀ ਸਰੰਗੀ ਦੀ `ਚੀਂ-ਚੀਂ, ਚੀਂ-ਚੀਂ, ਚੀਂ-ਚੀਂ, ਚੀਂ-ਚੀਂ’ ਇੱਕ ਦਮ ਖ਼ਾਮੋਸ਼ ਹੋ ਗਈ। ਮੇਰੇ ਹੱਥਾਂ `ਤੇ ਗੱਡੀਆਂ ਬਾਪੂ ਦੀਆਂ ਅੱਖਾਂ ਦਾ ਸਰੂਰ ਨਰਮ ਹੋਣ ਲੱਗਾ ਅਤੇ ਉਸ ਦੇ ਬੁੱਲ੍ਹ ਅਹਿਸਤਾ- ਅਹਿਸਤਾ ਪਾਸਿਆਂ ਵੱਲ ਨੂੰ ਖਿੱਚ੍ਹੇ ਜਾਣ ਲੱਗੇ। ਮੈਂ ਤ੍ਰਭਕ ਗਿਆ ਅਤੇ ਮੇਰੀਆਂ ਉਂਗਲਾਂ ਲੁੜਕ ਗਈਆਂ।
“ਵਜਾਈ! ਵਜਾਈ ਚੱਲ!” ਬਾਪੂ ਦੀ ਅਵਾਜ਼ `ਚ ਹੁਕਮੀਆਂ ਤਰਲਾ ਸੀ। “ਉਏ ਤੂੰ ਤਾਂ ਤਾਲ `ਚ ਵਜਾਉਂਦੈਂ!”
ਉਸ ਨੇ ਉੱਠ ਕੇ ਕਿੱਲੀ ਦੇ ਲਟਕਦੇ ਤਣੀਆਂ ਵਾਲੇ ਝੋਲ਼ੇ `ਚੋਂ ਇੱਕ ਢੱਡ ਕੱਢੀ ਤੇ ਮੇਰੀਆਂ ਨਿੱਕੀਆਂ- ਨਿੱਕੀਆਂ ਉਂਗਲ਼ਾਂ `ਚ ਟਿਕਾਅ ਦਿੱਤੀ।
“ਇਸ ਨੂੰ ਵਜਾਅ!” ਬਾਪੂ ਦਾ ਹੁਕਮ ਹੋਇਆ।
ਸਰੰਗੀ ਦੀ ਚੂੰ ਚੂੰ ਪਹਿਲਾਂ ਵਾਲੀ ਰਿਦਮ ਵਿੱਚ ਹੀ ਫੇਰ ਸ਼ੁਰੂ ਹੋ ਗਈ। ਮੇਰੀਆਂ ਉਂਗਲ਼ਾਂ ਸਹੀ ਤਾਲ ਵਿੱਚ ‘ਡੁੱਗ-ਡੁੱਗ, ਡਗ-ਡਗ; ਡੁੱਗ-ਡੁੱਗ, ਡਗ-ਡਗ’ ਕਰਨ ਲੱਗੀਆਂ। ਇੱਕੋ ਘਾਟ ਸੀ ਕਿ ਮੈਨੂੰ ਢੱਡ ਦੀ ‘ਡੁੱਗ-ਡੁੱਗ’ ਦੀ ਮਰਦਾਨਾ ਆਵਾਜ਼ ਨੂੰ, ਢੱਡ ਦੀ ਤਣੀ ਨੂੰ ਖਿੱਚ ਕੇ, ‘ਡੁੱਮ-ਡੁੱਮ’ ਵਾਲੀ ਮਦੀਨ ਅਵਾਜ਼ ਵਿੱਚ ਅਨੁਵਾਦਣਾ ਨਹੀਂ ਸੀ ਆਉਂਦਾ। ਕਈ ਮਿੰਟ ਸਰੰਗੀ ਹੂਕਦੀ ਰਹੀ, ਤੇ ਢੱਡ ਸਹੀ ਤਾਲ ਵਿੱਚ ਡੁਗਡੁਗਾਉਂਦੀ ਰਹੀ।
ਉਸ ਦਿਨ ਤੋਂ ਬਾਅਦ ਹਰ ਰੋਜ਼ ਬਾਪੂ ਦੀ ਸਰੰਗੀ ਹੂਕਦੀ ਤੇ ਮੇਰੀਆਂ ਉਂਗਲ਼ਾਂ ਢੱਡ ਦੇ ਮੜ੍ਹ ਉੱਤੇ ਹਰਕਤ ਕਰਦੀਆਂ। ਹੌਲ਼ੀ-ਹੌਲ਼ੀ ਮੈਂ ਢੱਡ ਦੀਆਂ ਸਾਰੀਆਂ ਸਿੱਧੀਆਂ ਅਤੇ ਗੁੰਝਲ਼ਦਾਰ ਗਤਾਂ ਤੇ ਤਾਲ ਵਜਾਉਣ ਵਿੱਚ ਮੁਹਾਰਤ ਬਿਨਾਂ ਕਿਸੇ ਸਿਖਲਾਈ ਤੋਂ ਹੀ ਹਾਸਲ ਕਰ ਲਈ।
ਗੀਤ-ਸੰਗੀਤ, ਸ਼ਾਇਰੀ, ਗਾਇਕੀ, ਤੇ ਚਿੱਤਰਕਾਰੀ ਆਦਿਕ ਸੂਖ਼ਮ ਹੁਨਰ ਅਸਲ ਵਿੱਚ ਕੋਈ ਕੋਈ ਵਿਅਕਤੀ ਕੁਦਰਤ ਕੋਲ਼ੋਂ ਹੀ ਲੈ ਕੇ ਆਉਂਦਾ ਹੈ। ਮੈਂ ਪਿੰਗਲ ਜਾਂ ਆਰੂਜ਼ ਕਿਸੇ ਉਸਤਾਦ ਤੋਂ ਬਾਕਾਇਦਗੀ ਨਾਲ ਕਦੇ ਨਹੀਂ ਸਿੱਖਿਆ, ਪਰ ਛੰਦਬੱਧ ਸ਼ਾਇਰੀ ਲਿਖਦੇ ਸਮੇਂ, ਅਤੇ ਕੋਈ ਗ਼ਜ਼ਲ ਜਾਂ ਗੀਤ ਸਟੇਜ ਉੱਤੇ ਤਰੰਨੁਮ `ਚ ਪੜ੍ਹਦੇ ਸਮੇਂ ਬਾਪੂ ਦੀ ਹੜ੍ਹਾਂ ਦੇ ਦਿਨੀਂ ਵਜਾਈ ਉਹੀ ਸਰੰਗੀ ਮੇਰੀ ਆਤਮਾ `ਚ ਹੂਕਦੀ ਹੁੰਦੀ ਹੈ। ਇੰਝ ਹੀ ਜਦੋਂ ਕਿਸੇ ਰੇਡੀਓ, ਟੇਪ ਜਾਂ ਟੀ ਵੀ `ਚੋਂ ਉੱਠਦੀ ਸਰੰਗੀ ਦੀ ਹੂਕ ਮੇਰੇ ਕੰਨਾਂ `ਤੇ ਦਸਤਕ ਦੇਂਦੀ ਹੈ, ਤਾਂ ਮੇਰੀ ਆਤਮਾ `ਚ ਢੱਡਾਂ ਦੀ ਡੁੱਗ-ਡੁੱਗ ਆਪ - ਮੁਹਾਰੇ ਹੀ ਛਲਕਣ ਲੱਗ ਜਾਂਦੀ ਹੈ।