You are here:ਮੁਖ ਪੰਨਾ»ਖੇਡਾਂ»ਖੇਡਾਂ ਦੀ ਦੁਨੀਆ - ਪ੍ਰਿੰ.ਸਰਵਣ ਸਿੰਘ»37 - ਕੇਸਰ ਸਿੰਘ ਨੇ ਚਾਰ ਸੌ ਸੱਠ ਮੈਡਲ ਜਿੱਤੇ

ਲੇਖ਼ਕ

Friday, 16 October 2009 15:40

37 - ਕੇਸਰ ਸਿੰਘ ਨੇ ਚਾਰ ਸੌ ਸੱਠ ਮੈਡਲ ਜਿੱਤੇ

Written by
Rate this item
(0 votes)

ਕੇਸਰ ਸਿੰਘ ਪੂਨੀਆ ਨੇ 31 ਅਗੱਸਤ 2009 ਤਕ 460 ਮੈਡਲ ਜਿੱਤ ਲਏ ਹਨ। ਉਹਦੀ ਪਤਨੀ ਹਰਬੰਸ ਕੌਰ ਦੋ ਕੁ ਸਾਲਾਂ ਤੋਂ ਖੇਡਾਂ ਵਿੱਚ ਭਾਗ ਲੈਣ ਲੱਗੀ ਹੈ ਤੇ 21 ਤਮਗ਼ੇ ਉਹ ਵੀ ਜਿੱਤ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵਾਹਿਗੁਰੂ ਨੇ ਲੰਮੀ ਉਮਰ ਬਖ਼ਸ਼ੀ ਤਾਂ ਪੂਨੀਆ ਜੋੜੀ ਵੱਲੋਂ ਹਜ਼ਾਰ ਮੈਡਲ ਫਤਿਹ ਸਮਝੋ। ਅਗੱਸਤ ਦੇ ਆਖ਼ਰੀ ਹਫ਼ਤੇ ਕੈਮਲੂਪਸ ਬੀ.ਸੀ.ਵਿੱਚ ਹੋਈ ਕੈਨੇਡੀਅਨ ਮਾਸਟਰਜ਼ ਟਰੈਕ ਐਂਡ ਫੀਲਡ ਚੈਂਪੀਅਨਸ਼ਿਪਸ-2009 ਵਿਚੋਂ ਉਹ 13 ਤਮਗ਼ੇ ਜਿੱਤ ਕੇ ਲਿਆਏ ਹਨ। ਲੱਗਦੈ ਉਹ ਗਿੰਨੀਜ਼ ਬੁਕ ਆਫ਼ ਵਰਲਡ ਰਿਕਾਰਡਜ਼ ਵਿੱਚ ਆਪਣੇ ਨਾਂ ਦਰਜ ਕਰਾ ਹੀ ਬੱਸ ਕਰਨਗੇ।

ਕੇਸਰ ਸਿੰਘ ਪੂਨੀਆ ਬਜ਼ੁਰਗਾਂ ਦਾ ਰੋਲ ਮਾਡਲ ਹੈ। ਉਹ ਛਿਹੱਤਰਵੇਂ ਸਾਲ `ਚ ਹੈ। ਜਿਵੇਂ ਉਸ ਨੇ ਜੁੱਸੇ ਨੂੰ ਸੰਭਾਲ ਰੱਖਿਆ ਹੈ ਲੱਗਦੈ ਸੈਂਚਰੀ ਮਾਰੇਗਾ। ਹਾਲੇ ਤਕ ਕੋਈ ਬਿਮਾਰੀ ਉਹਦੇ ਨੇੜੇ ਨਹੀਂ ਢੁੱਕੀ ਤੇ ਨਾ ਉਹ ਕੋਈ ਗੋਲੀ ਖਾਂਦੈ। ਉਹ 48 ਇੰਚ ਲੰਮੀ ਦਾੜ੍ਹੀ ਵਾਲਾ ਅੰਮ੍ਰਿਤਧਾਰੀ ਗੁਰਸਿੱਖ ਹੈ। ਨਸ਼ਿਆਂ ਤੋਂ ਬਚਿਆ ਹੋਇਐ ਪਰ ਪ੍ਰੋਟੀਨ ਲੈਣ ਤੇ ਜੁੱਸਾ ਤਾਕਤਵਰ ਰੱਖਣ ਲਈ ਕਦੇ ਕਦੇ ਮੀਟ ਆਂਡਾ ਖਾ ਲੈਂਦੈ। ਕਹਿੰਦਾ ਹੈ ਕਿ ਇਹ ਮੈਨੂੰ ਹਰੀਆਂ ਵੇਲਾਂ ਵਾਲਿਆਂ ਨੇ ਮਨ੍ਹਾਂ ਨਹੀਂ ਸੀ ਕੀਤਾ। ਨਾਲੇ ਬਾਹਰ ਜਾ ਕੇ ਕਈ ਵਾਰ ਸ਼ੁਧ ਵੈਸ਼ਨੂੰ ਭੋਜਨ ਮਿਲਦਾ ਵੀ ਨਹੀਂ। ਗਾਤਰਾ ਕਿਰਪਾਨ ਉਹ ਹਰ ਵੇਲੇ ਪਾ ਕੇ ਰੱਖਦਾ ਹੈ। ਹਵਾਈ ਜਹਾਜ਼ ਚੜ੍ਹਨ ਲੱਗਾ ਸਮਾਨ ਵਾਲੇ ਅਟੈਚੀ `ਚ ਸੰਭਾਲ ਦਿੰਦਾ ਹੈ ਤੇ ਬਾਹਰ ਨਿਕਲ ਕੇ ਫਿਰ ਪਾ ਲੈਂਦਾ ਹੈ। ਕੇਸਾਂ `ਚ ਕਿਰਪਾਨ ਦੀ ਨਿਸ਼ਾਨੀ ਵਾਲਾ ਕੰਘਾ ਹਮੇਸ਼ਾਂ ਟੰਗੀ ਰੱਖਦੈ।

ਉਸ ਨੇ ਅਮਰੀਕਾ, ਆਸਟ੍ਰੇਲੀਆ, ਦੱਖਣੀ ਅਫਰੀਕਾ, ਸਪੇਨ, ਇੰਗਲੈਂਡ ਤੇ ਕੈਨੇਡਾ `ਚ ਵਿਸ਼ਵ ਵੈਟਰਨ ਅਥਲੈਟਿਕ ਮੀਟਾਂ ਵਿੱਚ ਦੌੜਨ ਕੁੱਦਣ ਦੇ ਮੁਕਾਬਲੇ ਕੀਤੇ ਹਨ। ਹਰ ਥਾਂ ਉਹ ਪ੍ਰਬੰਧਕਾਂ ਨੂੰ ਮਨਾ ਲੈਂਦਾ ਰਿਹੈ ਕਿ ਮੈਨੂੰ ਮੇਰਾ ਧਾਰਮਿਕ ਚਿੰਨ੍ਹ ਕਿਰਪਾਨ ਪਹਿਨ ਕੇ ਮੁਕਾਬਲੇ ਵਿੱਚ ਹਿੱਸਾ ਲੈਣ ਦਿੱਤਾ ਜਾਵੇ। ਹਰੇਕ ਥਾਂ ਉਸ ਨੂੰ ਇਹਦੀ ਆਗਿਆ ਮਿਲਦੀ ਰਹੀ ਹੈ ਤੇ ਨਾਲ ਹੀ ਪ੍ਰਬੰਧਕਾਂ ਨੂੰ ਕਿਰਪਾਨ ਦੀ ਮਹੱਤਾ ਦਾ ਪਤਾ ਲੱਗਦਾ ਰਿਹੈ। ਉਹ ਦਾੜ੍ਹੀ ਬੰਨ੍ਹ ਕੇ ਰੱਖਦਾ ਹੈ ਪਰ ਜੇ ਖੋਲ੍ਹ ਲਵੇ ਤਾਂ ਉਹ ਪੱਟਾਂ ਤਕ ਵਿਛ ਜਾਂਦੀ ਹੈ।

ਉਸ ਦੀ ਪੱਗ ਉਤੇ ਸਟੀਲ ਦਾ ਤੇ ਗਲ ਵਿੱਚ ਸੋਨੇ ਦਾ ਖੰਡਾ ਪਾਇਆ ਹੁੰਦੈ ਤੇ ਉਹ ਪੂਰੇ ਸਿੱਖੀ ਸਰੂਪ ਵਿੱਚ ਖਿਡਾਰੀਆਂ ਦੇ ਮਾਰਚ ਵਿੱਚ ਹਿੱਸਾ ਲੈਂਦੈ। ਸੈਂਕੜੇ ਖਿਡਾਰੀਆਂ `ਚ ਖੜ੍ਹਾ ਉਹ ਸਭ ਤੋਂ ਨਿਆਰਾ ਦਿਸਦੈ। ਸੁੱਖ ਨਾਲ ਕੱਦ ਵੀ ਛੇ ਫੁੱਟ ਇੱਕ ਇੰਚ ਹੈ ਤੇ ਪੱਗ ਨਾਲ ਸਵਾ ਛੇ ਫੁੱਟਾ ਜੁਆਨ ਲੱਗਦੈ। ਦਾੜ੍ਹੀ ਬੱਗੀ ਨਾ ਹੋਵੇ ਤਾਂ ਉਹ ਅਸਲੀ ਉਮਰ ਨਾਲੋਂ ਪੌਣੀ ਉਮਰ ਦਾ ਲੱਗੇ। ਜਦੋਂ ਮਸਤੀ `ਚ ਆਇਆ ਭੰਗੜਾ ਪਾਉਂਦੈ ਤਾਂ ਗੋਰਿਆਂ ਨੂੰ ਵੀ ਨੱਚਣ ਲਾ ਦਿੰਦੈ। ਜੋੜ ਮੇਲਿਆਂ ਤੇ ਸਮਾਜਿਕ ਸਮਾਗਮਾਂ ਵਿੱਚ ਸੇਵਾ ਕਰ ਕੇ ਉਸ ਨੂੰ ਅਥਾਹ ਖ਼ੁਸ਼ੀ ਹੁੰਦੀ ਹੈ। ਉਹ ਅਨੇਕਾਂ ਸਭਾ ਸੁਸਾਇਟੀਆਂ ਦਾ ਸੇਵਾਦਾਰ ਹੈ। ਖੂਨ ਦਾਨ ਕਰਨੋਂ ਵੀ ਕਦੇ ਪਿੱਛੇ ਨਹੀਂ ਰਿਹਾ। ਕਾਸ਼ ਅਜਿਹੇ ਬਾਬੇ ਘਰ ਘਰ ਹੋਣ!

ਕੇਸਰ ਸਿੰਘ ਦਾ ਜਨਮ ਸੂਬੇਦਾਰ ਜਗਤ ਸਿੰਘ ਦੇ ਘਰ ਮਾਤਾ ਚੰਨਣ ਕੌਰ ਦੀ ਕੁੱਖੋਂ 1 ਫਰਵਰੀ 1934 ਨੂੰ ਪਿੰਡ ਪੱਦੀ ਸੂਰਾ ਸਿੰਘ, ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਹੋਇਆ ਸੀ। ਉਹ ਪੱਦੀ ਸੂਰਾ ਸਿੰਘ ਦੇ ਸਕੂਲ ਵਿੱਚ ਪੜ੍ਹਿਆ ਤੇ ਖੇਡਿਆ ਅਤੇ ਜ਼ਿਲ੍ਹੇ ਤੋਂ ਲੱਗ ਕੇ ਡਿਵੀਜ਼ਨ ਤਕ ਦੇ ਇਨਾਮ ਜਿੱਤਦਾ ਰਿਹਾ। ਸਕੂਲ ਵਿੱਚ ਉਹ ਹਾਕੀ ਖੇਡਦਾ ਸੀ ਤੇ ਗੋਲਾ ਵੀ ਸੁੱਟਦਾ ਸੀ। ਵਿਚੇ ਵਾਲੀਵਾਲ ਖੇਡੀ ਜਾਂਦਾ। 1953 ਵਿੱਚ ਉਸ ਦਾ ਵਿਆਹ ਚੱਬੇਵਾਲ ਦੀ ਬੀਬੀ ਹਰਬੰਸ ਕੌਰ ਨਾਲ ਹੋ ਗਿਆ ਤੇ ਉਸ ਦੀ ਕੁੱਖੋਂ ਪੰਜ ਬੱਚਿਆਂ ਨੇ ਜਨਮ ਲਿਆ। ਕਮਲਜੀਤ ਤੇ ਗੁਰਦੀਪ ਪੁੱਤਰ ਹਨ ਅਤੇ ਇੰਦਰਜੀਤ, ਸੁਖਜੀਤ ਤੇ ਚਰਨਜੀਤ ਧੀਆਂ ਹਨ। ਇੱਕ ਪੁੱਤਰ ਇੰਗਲੈਂਡ ਵਿੱਚ ਹੈ ਤੇ ਬਾਕੀ ਸਾਰੇ ਕੈਨੇਡਾ ਵਿੱਚ ਹਨ। ਹਰਬੰਸ ਕੌਰ ਬੱਚਿਆਂ ਦੀ ਦੇਖ ਭਾਲ ਕਰਦੀ ਰਹੀ ਹੈ ਤੇ ਕੇਸਰ ਸਿੰਘ ਬੱਚਿਆਂ ਨੂੰ ਸਕੂਲ ਲਿਜਾਂਦਾ ਲਿਆਉਂਦਾ ਖੇਡਾਂ ਖੇਡਣ ਲਿਜਾਂਦਾ ਰਿਹੈ। ਉਹ ਹਰ ਰੋਜ਼ ਇਕਂ ਦੋ ਘੰਟੇ ਤੁਰਦਾ, ਦੌੜਦਾ ਤੇ ਹੋਰ ਕਸਰਤਾਂ ਕਰਦਾ ਹੈ। ਉਸ ਦਾ ਖਾਣਾ ਪੀਣਾ ਬਹੁਤ ਸਾਦਾ ਹੈ। ਉਹ ਹਰ ਵੇਲੇ ਤਿਆਰ ਬਰਤਿਆਰ ਚੜ੍ਹਦੀ ਕਲਾ `ਚ ਰਹਿਣ ਵਾਲਾ ਸਿੰਘ ਹੈ।

ਦਸਵੀਂ ਕਰ ਕੇ ਉਸ ਨੇ ਡਰਾਇੰਗ ਮਾਸਟਰੀ ਦਾ ਕੋਰਸ ਕੀਤਾ ਸੀ ਤੇ ਸ਼ਾਹਕੋਟ ਨੇੜੇ ਨੰਗਲ ਅੰਬੀਆਂ ਦੇ ਸਕੂਲ ਵਿੱਚ ਡਰਾਇੰਗ ਮਾਸਟਰ ਲੱਗ ਗਿਆ ਸੀ। ਉਥੇ ਵਾਲੀਬਾਲ ਤੇ ਫੁੱਟਬਾਲ ਦੀਆਂ ਟੀਮਾਂ ਤਿਆਰ ਕੀਤੀਆਂ। ਟੀਮ ਲੈ ਕੇ ਨਕੋਦਰ ਗਿਆ ਤਾਂ ਕਬੱਡੀ ਦਾ ਕੋਚ ਅਜੀਤ ਸਿੰਘ ਮਾਲੜੀ ਮਿਲ ਗਿਆ। ਉਸ ਨੇ ਕੇਸਰ ਸਿੰਘ ਨੂੰ ਸਲਾਹ ਦਿੱਤੀ ਕਿ ਉਹ ਐੱਨ.ਡੀ.ਆਈ.ਐੱਸ.ਦਾ ਕੋਰਸ ਕਰ ਲਵੇ। ਕੇਸਰ ਸਿੰਘ ਨੇ ਸਲਾਹ ਮੰਨ ਲਈ ਤੇ ਕੋਰਸ ਕਰ ਕੇ ਖਾਲਸਾ ਹਾਈ ਸਕੂਲ ਮਾਹਲਪੁਰ ਵਿੱਚ ਇੰਸਟ੍ਰਕਟਰ ਲੱਗ ਗਿਆ। ਮਾਹਲਪੁਰ ਫੁੱਟਬਾਲ ਦਾ ਘਰ ਹੈ ਜਿਥੇ ਉਸ ਨੂੰ ਫੁੱਟਬਾਲ ਦੇ ਖਿਡਾਰੀ ਤਿਆਰ ਕਰਨ ਦੇ ਮੌਕੇ ਮਿਲੇ। ਉਥੇ ਉਸ ਨੇ 1960 ਤੋਂ 66 ਤਕ ਨੌਕਰੀ ਕੀਤੀ। 66 ਤੋਂ 68 ਤਕ ਟੁਟੋਮਜਾਰਾ ਤੇ 68 ਤੋਂ 76 ਤਕ ਸਰਕਾਰੀ ਸਕੂਲ ਪੱਦੀ ਸੂਰਾ ਸਿੰਘ `ਚ ਸਰਵਿਸ ਕਰਦਾ ਰਿਹਾ। ਸਕੂਲ ਦੀ ਨੌਕਰੀ ਦੇ ਨਾਲ 1960 ਤੋਂ 76 ਤਕ ਉਹ ਮਾਹਲਪੁਰ ਦੀ ਹੋਮਗਾਰਡ ਪਲਾਟੂਨ ਦਾ ਕਮਾਂਡਰ ਵੀ ਰਿਹਾ। ਕਦੇ ਕਦੇ ਆਪਣੀ ਕਾਰ ਦਿੱਲੀ ਏਅਰਪੋਰਟ ਦਾ ਗੇੜੇ ਲਾਉਣ ਲਈ ਟੈਕਸੀ ਵਜੋਂ ਵੀ ਵਰਤ ਲੈਂਦਾ ਸੀ।

ਅੰਗਰੇਜ਼ੀ ਦੇ ਤਿੰਨ ਡਬਲਯੂ ਵਰਕ, ਵੋਮੈੱਨ ਤੇ ਵੈਦਰ ਬਾਰੇ ਕਿਹਾ ਜਾਂਦੈ ਕਿ ਕੈਨੇਡਾ `ਚ ਇਨ੍ਹਾਂ ਦਾ ਕੋਈ ਇਤਬਾਰ ਨਹੀਂ ਕਦੋਂ ਬਦਲ ਜਾਣ। ਕੇਸਰ ਸਿੰਘ ਪੂਨੀਆ ਦੇ ਤਿੰਨ ਜੱਜੇ ਹਨ ਜਿਨ੍ਹਾਂ ਦਾ ਮਤਲਬ ਜਦੋਂ ਮਰਜ਼ੀ, ਜਿੰਨਾ ਮਰਜ਼ੀ ਤੇ ਜਿਥੇ ਮਰਜ਼ੀ ਹੈ। ਉਹ ਕਹਿੰਦਾ ਹੈ ਕਿ ਉਸ ਨੂੰ ਜਦੋਂ, ਜਿਥੇ ਤੇ ਜਿੰਨਾ ਮਰਜ਼ੀ ਕੰਮ ਮਿਲੇ ਉਸ ਨੇ ਛੱਡਿਆ ਨਹੀਂ। ਉਹ ਪੰਜਾਬ ਵਿੱਚ ਵੀ ਤਿੰਨ ਜੌਬਾਂ ਕਰਦਾ ਆਇਆ ਸੀ ਤੇ ਕੈਨੇਡਾ ਆ ਕੇ ਵੀ ਤਿੰਨ ਜੌਬਾਂ ਕਰਦਾ ਰਿਹਾ। ਪੰਜਾਬ ਵਿੱਚ ਸਕੂਲ ਦਾ ਮਾਸਟਰ, ਹੋਮਗਾਰਡ ਦਾ ਕਮਾਂਡਰ ਤੇ ਟੈਕਸੀ ਦਾ ਡਰਾਈਵਰ ਸੀ। ਕੈਨੇਡਾ `ਚ ਸਕਿਉਰਿਟੀ ਦੀਆਂ ਦੋ ਜੌਬਾਂ ਦੇ ਨਾਲ ਬੱਸ ਵੀ ਚਲਾਈ ਗਿਆ। ਉਸ ਨੇ ਲਗਾਤਾਰ ਅਠਾਈ ਅਠਾਈ ਘੰਟੇ ਸਕਿਉਰਿਟੀ ਦੀ ਜੌਬ ਕੀਤੀ। ਉਸ ਨੂੰ ਜਦੋਂ ਮਰਜ਼ੀ, ਜਿਥੇ ਮਰਜ਼ੀ ਤੇ ਜਿੰਨੇ ਮਰਜ਼ੀ ਸਮੇਂ ਲਈ ਸੱਦਿਆ ਜਾ ਸਕਦਾ ਸੀ ਤੇ ਉਸ ਨੇ ਕਦੇ ਨਾਂਹ ਨਹੀਂ ਸੀ ਕੀਤੀ। ਅਜਿਹੇ ਅਫ਼ਲਾਤੂਨ ਬਾਰੇ ਕੀ ਕਿਹਾ ਜਾਏ? ਏਨਾ ਕੰਮ ਕਰ ਕੇ ਉਹ ਬੁੱਢਾ ਨਹੀਂ ਹੋਇਆ ਸਗੋਂ ਜੁਆਨ ਹੁੰਦਾ ਗਿਆ!

ਦੁਆਬੇ ਦੀਆਂ ਪਰਵਾਸੀ ਸਵਾਰੀਆਂ ਹਵਾਈ ਅੱਡੇ `ਤੇ ਲਿਜਾਂਦਿਆਂ ਤੇ ਲਿਆਉਂਦਿਆਂ ਉਸ ਨੇ ਛੋਟਾ ਮੁੰਡਾ ਇੰਗਲੈਂਡ ਮੰਗ ਲਿਆ ਤੇ ਵੱਡੀ ਲੜਕੀ ਕੈਨੇਡਾ ਵਿਆਹ ਦਿੱਤੀ। ਵੱਡਾ ਮੁੰਡਾ ਕੈਨੇਡਾ ਵਿਆਹਿਆ ਤਾਂ ਉਸ ਨੇ ਸਾਰਾ ਪਰਿਵਾਰ ਹੀ ਕੈਨੇਡਾ ਸੱਦ ਲਿਆ। ਕੇਸਰ ਸਿੰਘ ਨੇ ਇੰਡੀਆ ਦੀ ਹੋਮਗਾਰਡੀ ਛੱਡ ਕੇ ਕੈਨੇਡਾ ਦੀ ਹੋਮਗਾਰਡੀ ਸ਼ੁਰੂ ਕਰ ਲਈ। ਪੱਦੀ ਸੂਰਾ ਸਿੰਘ ਦੇ ਸਕੂਲ ਤੋਂ ਬੋਹਣਪੱਟੀ ਦੇ ਡੀ.ਏ.ਵੀ.ਹਾਈ ਸਕੂਲ ਤੇ ਬੀ.ਈ.ਓ.ਬਣਨ ਉਪਰੰਤ ਉਹ 1988 ਵਿੱਚ ਕੈਨੇਡਾ ਪੁੱਜਾ। 1990 ਤੋਂ ਉਹ ਵੈਟਰਨ ਅਥਲੀਟਾਂ ਦੀਆਂ ਮੀਟਾਂ ਵਿੱਚ ਭਾਗ ਲੈ ਰਿਹੈ ਤੇ ਮੈਡਲਾਂ ਦੀਆਂ ਝੋਲੀਆਂ ਭਰੀ ਜਾ ਰਿਹੈ। ਉਹ ਕੈਨੇਡਾ ਦਾ ਮੰਨਿਆ ਪ੍ਰਮੰਨਿਆ ਵੈਟਰਨ ਅਥਲੀਟ ਹੈ ਜਿਸ ਦੀਆਂ ਹਰਡਲਾਂ ਟੱਪਦੇ ਦੀਆਂ ਤਸਵੀਰਾਂ ਖੇਡ ਪਰਚਿਆਂ ਦੇ ਟਾਈਟਲ `ਤੇ ਛਪੀਆਂ ਹਨ। ਉਹ ਕੈਨੇਡਾ ਦਾ ਵਿਸ਼ੇਸ਼ ਵਿਅਕਤੀ ਹੈ ਜਿਸ ਨੂੰ ਪ੍ਰਧਾਨ ਮੰਤਰੀ ਵੱਲੋਂ ਵੀ ਵਧਾਈ ਸੰਦੇਸ਼ ਮਿਲਦੇ ਹਨ।

ਕੇਸਰ ਸਿੰਘ ਨੇ 1982 ਵਿੱਚ ਅੰਮ੍ਰਿਤ ਛਕਿਆ ਸੀ ਤੇ ਓਦੂੰ ਬਾਅਦ ਹੋਰਨਾਂ ਨੂੰ ਅੰਮ੍ਰਿਤ ਪਾਣ ਕਰਨ ਲਈ ਪ੍ਰੇਰ ਰਿਹੈ। ਉਹ ਆਮ ਕਰ ਕੇ ਚਿੱਟੀ ਫਿਫਟੀ ਲਾਉਂਦੇ ਤੇ ਨੀਲੀ ਪੱਗ ਬੰਨ੍ਹਦੈ। ਉਹਦਾ ਨੀਲਾ ਬਲੇਜ਼ਰ ਦਰਜਨ ਤੋਂ ਵੱਧ ਬੈਜਾਂ ਤੇ ਖੇਡ ਨਿਸ਼ਾਨੀਆਂ ਨਾਲ ਚਮਕ ਰਿਹੈ। ਨੱਕ ਤਿੱਖਾ ਹੈ, ਰੰਗ ਗੋਰਾ ਤੇ ਸਰੀਰਕ ਭਾਰ ਦੋ ਸੌ ਪੌਂਡ ਦੇ ਆਸ ਪਾਸ ਰੱਖਦਾ ਹੈ। ਕੰਮ ਉਤੇ ਜਾਣ ਲੱਗਿਆਂ ਦੁੱਧ, ਫਲ ਤੇ ਪਰੌਂਠੇ ਨਾਲ ਲੈ ਜਾਇਆ ਕਰਦਾ ਸੀ। ਉਹ ਭਰੀ ਸਭਾ `ਚ ਲੈਕਚਰ ਕਰ ਸਕਦੈ ਤੇ ਰੇਡੀਓ ਟੀਵੀ ਤੋਂ ਬੜਾ ਵਧੀਆ ਬੋਲਦੈ। ਪਤਾ ਨਹੀਂ ਸ਼੍ਰੋਮਣੀ ਕਮੇਟੀ ਨੂੰ ਕੇਸਰ ਸਿੰਘ ਦੀ ਪ੍ਰਤਿਭਾ ਦਾ ਪਤਾ ਲੱਗਾ ਹੈ ਜਾਂ ਨਹੀਂ। ਪਰਵਾਸੀ ਅਖ਼ਬਾਰ ਵਾਲਿਆਂ ਨੂੰ ਤਾਂ ਪਤਾ ਲੱਗ ਗਿਆ ਹੈ ਤੇ ਉਨ੍ਹਾਂ ਨੇ ਉਸ ਨੂੰ ਪਰਵਾਸੀ ਅਵਾਰਡ ਨਾਲ ਸਨਮਾਨਿਆ ਹੈ।

ਵੈਟਰਨ ਅਥਲੈਟਿਕ ਮੁਕਾਬਲਿਆਂ ਦੀ ਦੱਸ ਉਸ ਨੂੰ ਚੱਬੇਵਾਲ ਦੇ ਇੱਕ ਫੌਜੀ ਵਾਕਰ ਨੇ ਪਾਈ ਸੀ। ਉਹ ਪੰਜਾਬ ਦੀ ਵੈਟਰਨ ਅਥਲੈਟਿਕ ਮੀਟ ਲਈ ਤਿਆਰੀ ਕਰ ਰਿਹਾ ਸੀ ਕਿ ਕੈਨੇਡਾ ਆਉਣ ਦਾ ਸਬੱਬ ਬਣ ਗਿਆ। ਦੋ ਸਾਲ ਤਾਂ ਉਹ ਟੋਰਾਂਟੋ ਦੇ ਕਬੱਡੀ ਮੇਲਿਆਂ `ਚ ਹੀ ਦੌੜਦਾ ਰਿਹਾ ਫਿਰ ਉਸ ਨੂੰ ਪਤਾ ਲੱਗ ਗਿਆ ਕਿ ਵੈਟਰਨ ਅਥਲੈਟਿਕ ਮੀਟਾਂ ਕੈਨੇਡਾ ਵਿੱਚ ਵੀ ਹੁੰਦੀਆਂ ਹਨ। ਉਸ ਨੇ ਓਨਟੈਰੀਓ ਦੀ ਮਾਸਟਰਜ਼ ਅਥਲੈਟਿਕ ਕਲੱਬ ਕੋਲ ਆਪਣਾ ਨਾਂ ਦਰਜ ਕਰਵਾ ਦਿੱਤਾ ਤੇ ਸੂਬੇ ਦੇ ਮੁਕਾਬਲਿਆਂ ਤੋਂ ਲੱਗ ਕੇ ਕੈਨੇਡਾ ਦੇ ਨੈਸ਼ਨਲ ਪੱਧਰ ਦੇ ਮੁਕਾਬਲੇ ਜਿੱਤਣ ਲੱਗਾ। ਛੇ ਵਾਰ ਉਹ ਕੈਨੇਡਾ ਦੀ ਨੁਮਾਇੰਦਗੀ ਕਰਦਿਆਂ ਵਰਲਡ ਵੈਟਰਨ ਅਥਲੈਟਿਕ ਮੀਟਾਂ ਵਿੱਚ ਭਾਗ ਲੈਣ ਗਿਆ। ਵਿਸ਼ਵ ਪੱਧਰ ਦੀਆਂ ਮੀਟਾਂ `ਚੋਂ ਉਸ ਨੇ ਤਿੰਨ ਤਾਂਬੇ ਦੇ ਤਮਗ਼ੇ ਜਿੱਤੇ ਹਨ। ਐਡਮਿੰਟਨ ਦੀਆਂ ਵਰਲਡ ਮਾਸਟਰਜ਼ ਖੇਡਾਂ ਵਿੱਚ ਉਹ ਸੌ ਮੀਟਰ ਦੀ ਦੌੜ, ਲੰਮੀ ਛਾਲ ਤੇ ਤੀਹਰੀ ਛਾਲ ਵਿੱਚ ਤੀਜੇ ਸਥਾਨ `ਤੇ ਰਿਹਾ ਸੀ।

ਵੈਟਰਨ ਮੀਟਾਂ `ਚ ਚਾਲੀ ਸਾਲ ਦੀ ਉਮਰ ਤੋਂ ਵਡੇਰੇ ਖਿਡਾਰੀ ਆਪਣੇ ਹਾਣੀਆਂ ਨਾਲ ਮੁਕਾਬਲੇ ਕਰਦੇ ਹਨ। ਪਹਿਲਾਂ ਪੂਨੀਆ 55 ਤੋਂ 60 ਸਾਲ, ਫਿਰ 60 ਤੋਂ 65 ਸਾਲ, ਫਿਰ 65 ਤੋਂ 70 ਸਾਲ ਤੇ 70 ਤੋਂ 75 ਸਾਲ ਦੇ ਉਮਰ ਵਰਗ ਵਿੱਚ ਮਿਕਦਾ ਰਿਹਾ। ਹੁਣ 75 ਤੋਂ 80 ਸਾਲ ਦੇ ਉਮਰ ਵਰਗ ਵਿੱਚ ਭਾਗ ਲੈ ਰਿਹੈ। ਹਰਬੰਸ ਕੌਰ 70 ਤੋਂ 75 ਸਾਲ ਦੇ ਵਰਗ ਵਿੱਚ ਭਾਗ ਲੈਂਦੀ ਹੈ। ਜਿਵੇਂ ਜਿਵੇਂ ਉਨ੍ਹਾਂ ਦੀ ਉਮਰ ਵਧੇਗੀ ਉਨ੍ਹਾਂ ਨੂੰ ਵਧੇਰੇ ਮੈਡਲ ਜਿੱਤਣ ਦੇ ਮੌਕੇ ਜੁੜਨਗੇ। ਡੱਬਵਾਲੀ ਦੇ ਬਾਬਾ ਗੁਲਾਬ ਸਿੰਘ ਨੇ 75 ਸਾਲ ਦੀ ਉਮਰ ਤੋਂ ਬਾਅਦ ਈ ਵਧੇਰੇ ਮੈਡਲ ਜਿੱਤੇ ਸਨ। ਬਾਬਾ ਫੌਜਾ ਸਿੰਘ ਵੀ ਅੱਸੀ ਸਾਲ ਦੀ ਉਮਰ ਤੋਂ ਬਾਅਦ ਹੀ ਵਧੇਰੇ ਚਮਕਿਆ ਹੈ। ਜਿਵੇਂ ਜਿਵੇਂ ਅਥਲੀਟ ਵਡੇਰੀ ਉਮਰ ਦਾ ਹੁੰਦਾ ਜਾਵੇ ਉਵੇਂ ਮੁਕਾਬਲਾ ਵੀ ਸੀਮਤ ਹੁੰਦਾ ਜਾਂਦੈ।

ਕੇਸਰ ਸਿੰਘ ਨੂੰ ਆਪਣੇ ਲੋਕਾਂ ਵੱਲੋਂ ਹੌਂਸਲਾ ਅਫ਼ਜ਼ਾਈ ਦੀ ਲੋੜ ਹੈ ਤਾਂ ਕਿ ਉਹ ਸਾਲਾਂ ਬੱਧੀ ਦੇਸ਼ ਵਿਦੇਸ਼ ਦੀਆਂ ਅਥਲੈਟਿਕ ਮੀਟਾਂ ਵਿੱਚ ਭਾਗ ਲੈਂਦਾ ਰਹੇ ਤੇ ਸਿੱਖ ਸਰੂਪ ਦੀ ਪਰਦਰਸ਼ਨੀ ਕਰੀ ਜਾਵੇ। ਦੰਪਤੀ ਨੂੰ ਦੇਸ਼ ਵਿਦੇਸ਼ ਜਾਣ ਲਈ ਟਿਕਟ ਤੇ ਕੋਚ ਦੀ ਕੋਚਿੰਗ ਹੀ ਚਾਹੀਦੀ ਹੈ। ਅਭਿਆਸ ਤੇ ਖਾਧ ਖੁਰਾਕ ਲਈ ਉਨ੍ਹਾਂ ਨੂੰ ਪੈਨਸ਼ਨ ਲੱਗੀ ਹੀ ਹੋਈ ਹੈ।

ਸਿੱਖਾਂ ਲਈ ਮਾਣ ਦੀ ਗੱਲ ਹੈ ਕਿ ਇੱਕ ਸਿੰਘ ਸਰਦਾਰ ਕੈਨੇਡਾ ਦਾ ਨੈਸ਼ਨਲ ਚੈਂਪੀਅਨ ਹੈ ਜਿਸ ਨੇ ਵਰਲਡ ਵੈਟਰਨ ਅਥਲੈਟਿਕ ਮੀਟ ਵਿੱਚ ਵੀ ਕੈਨੇਡਾ ਦਾ ਝੰਡਾ ਲਹਿਰਾਇਆ ਹੈ। ਹੁਣ ਤਕ ਉਸ ਦੀਆਂ ਹਵਾਈ ਟਿਕਟਾਂ ਦਾ ਪ੍ਰਬੰਧ ਓਨਟਾਰੀਓ ਖਾਲਸਾ ਦਰਬਾਰ ਸਪੋਰਟਸ ਕਲੱਬ ਤੇ ਓਨਟੈਰੀਓ ਸਪੋਰਟਸ ਫੈਡਰੇਸ਼ਨ ਨੇ ਕੀਤਾ ਹੈ। ਪੰਜਾਬੀਆਂ ਦੇ ਸਪੋਰਟਸ ਕਲੱਬਾਂ ਨੂੰ ਕਬੱਡੀ ਦੇ ਨਾਲ ਹੋਰਨਾਂ ਖੇਡਾਂ ਤੇ ਖਿਡਾਰੀਆਂ ਨੂੰ ਵੀ ਉਤਸ਼ਾਹਤ ਕਰਨਾ ਚਾਹੀਦੈ। ਪੰਜਾਬੀਆਂ ਦੀ ਸਿਰਮੌਰ ਖੇਡ ਫੀਲਡ ਹਾਕੀ ਵੀ ਉਨ੍ਹਾਂ ਦਾ ਧਿਆਨ ਮੰਗਦੀ ਹੈ। ਪੰਜਾਬੀ ਬੱਚਿਆਂ ਨੂੰ ਕੈਨੇਡਾ ਦੇ ਖੇਡ ਖੇਤਰ ਵਿੱਚ ਉਭਾਰਨ ਲਈ ਯਥਾਯੋਗ ਯਤਨ ਕਰਨੇ ਚਾਹੀਦੇ ਹਨ ਤਦ ਹੀ ਇਹ ਬੱਚੇ ਆਪਣੀ ਕੌਮ ਦਾ ਨਾਂ ਰੌਸ਼ਨ ਕਰ ਸਕਣਗੇ। `ਕੱਲੀ ਕਬੱਡੀ ਦੇ ਟੂਰਨਾਮੈਂਟ ਕਰਾਈ ਜਾਣੇ ਕਾਫੀ ਨਹੀਂ।

ਕੇਸਰ ਸਿੰਘ ਪੂਨੀਆ ਭਾਵੇਂ ਆਪਣੀ ਸਿਹਤ ਬਣਾਈ ਰੱਖਣ ਤੇ ਨਾਂ ਚਮਕਾਉਣ ਲਈ ਖੇਡਾਂ ਖੇਡਦਾ ਹੈ ਪਰ ਉਸ ਦੇ ਅਜਿਹਾ ਕਰਨ ਨਾਲ ਕੈਨੇਡਾ ਤੇ ਪੰਜਾਬੀਆਂ ਦਾ ਨਾਂ ਵੀ ਚਮਕਦਾ ਹੈ। ਹੋਰਨਾਂ ਨੂੰ ਪਤਾ ਲੱਗਦਾ ਹੈ ਕਿ ਸਿੱਖ ਕਿਹੋ ਜਿਹੇ ਹੁੰਦੇ ਹਨ? ਇੰਜ ਉਹ ਸਿੱਖਾਂ ਦਾ ਅੰਬੈਸਡਰ ਵੀ ਹੈ। ਸਿੱਖ ਸੰਸਥਾਵਾਂ ਨੂੰ ਤਾਂ ਵਿਸ਼ੇਸ਼ ਤੌਰ `ਤੇ ਅਜਿਹੇ ਗੁਰਮੁਖ ਸੱਜਣ ਦਾ ਮਾਣ ਸਨਮਾਨ ਕਰਨਾ ਚਾਹੀਦੈ। ਉਹਦੇ ਤੋਂ ਅਜੇ ਬਹੁਤ ਆਸਾਂ ਹਨ ਤੇ ਲੱਗਦੈ ਉਹ ਹੋਰ ਬਜ਼ੁਰਗਾਂ ਨੂੰ ਵੀ ਖੇਡਾਂ ਖੇਡਣ ਦੀ ਚੇਟਕ ਲਾਏਗਾ ਜਿਵੇਂ ਚੱਬੇਵਾਲ ਦੇ ਫੌਜੀ ਨੇ ਉਸ ਨੂੰ ਲਾਈ ਸੀ। ਹੁਣ ਉਹ ਦਸ ਈਵੈਂਟ ਕਰ ਰਿਹੈ। ਜੇ ਕਿਸੇ ਯੋਗ ਕੋਚ ਦੀ ਕੋਚਿੰਗ ਨਾਲ ਇੱਕ ਦੋ ਈਵੈਂਟ ਹੀ ਫੜ ਲਏ ਤਾਂ ਮਾਰਚ 2010 ਵਿੱਚ ਕੈਮਲੂਪਸ ਤੇ ਫਿਰ ਆਸਟ੍ਰੇਲੀਆ ਵਿੱਚ ਹੋ ਰਹੀਆਂ ਵਰਲਡ ਮਾਸਟਰਜ਼ ਖੇਡਾਂ `ਚੋਂ ਸੋਨੇ ਦੇ ਤਮਗ਼ੇ ਜਿੱਤ ਸਕਦੈ। ਫਿਰ ਅਸੀਂ ਵੀ ਕਹਿਣ ਜੋਗੇ ਹੋਵਾਂਗੇ ਕਿ ਸਾਡੇ ਸਿੰਘ ਦੀ ਕੁਲ ਦੁਨੀਆਂ `ਤੇ ਝੰਡੀ ਹੈ। ਕੈਨੇਡਾ ਦਾ ਮਾਣ ਤੇ ਸਿੰਘਾਂ ਦੀ ਸ਼ਾਨ ਵਧਾਉਣ ਵਾਲੇ ਇਸ ਬਜ਼ੁਰਗ ਖਿਡਾਰੀ ਜੋੜੇ ਨੂੰ ਉਹਦਾ ਭਾਈਚਾਰਾ ਵਧਾਈ ਵੀ ਦਿੰਦਾ ਹੈ ਤੇ ਹੋਰ ਵਡੇਰੀਆਂ ਜਿੱਤਾਂ ਦੀ ਕਾਮਨਾ ਵੀ ਕਰਦਾ ਹੈ।

Read 3850 times
ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਦੋ ਦਰਜਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ `ਚ ਡੇਢ ਦਰਜਨ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹੈ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ। ਉਸ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ `ਚ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ। ਉਹ 1965-66 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹਾ ਹੈ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੋ ਗਈ ਹੈ। ਉਸ ਦੇ ਦੋ ਪੁੱਤਰ ਹਨ। ਇਕ ਕੈਨੇਡਾ ਵਿਚ ਹੈ ਤੇ ਇਕ ਪੰਜਾਬ ਵਿਚ। ਉਹ ਆਪਣੀ ਪਤਨੀ ਹਰਜੀਤ ਕੌਰ ਨਾਲ ਗਰਮੀਆਂ ਕੈਨੇਡਾ ਵਿਚ ਕੱਟਦਾ ਹੈ ਤੇ ਸਿਆਲ ਦਾ ਨਿੱਘ ਪੰਜਾਬ ਵਿਚ ਮਾਣਦਾ ਹੈ।