You are here:ਮੁਖ ਪੰਨਾ»ਖੇਡਾਂ»ਖੇਡਾਂ ਦੀ ਦੁਨੀਆ - ਪ੍ਰਿੰ.ਸਰਵਣ ਸਿੰਘ»36 - ਮੇਰੀ ਵੈਨਕੂਵਰ ਦੀ ਫੇਰੀ-2

ਲੇਖ਼ਕ

Friday, 16 October 2009 15:37

36 - ਮੇਰੀ ਵੈਨਕੂਵਰ ਦੀ ਫੇਰੀ-2

Written by
Rate this item
(0 votes)

ਅਮਰਦੀਪ ਮੈਮੋਰੀਅਲ ਕਾਲਜ ਮੁਕੰਦਪੁਰ ਜਿਥੇ ਮੈਂ ਪ੍ਰਿੰਸੀਪਲ ਰਿਹਾ ਉਥੋਂ ਦਾ ਸਪੋਰਟਸ ਸਰਪ੍ਰਸਤ ਦਰਸ਼ਨ ਸਿੰਘ ਗਿੱਲ ਵਿਕਟੋਰੀਆ ਰਹਿੰਦਾ ਹੈ। ਉਹ ਆਪਣੇ ਸਮੇਂ ਦਾ ਤਕੜਾ ਖਿਡਾਰੀ ਸੀ। ਹੁਣ ਉਹ ਵੈਟਰਨਜ਼ ਦੇ ਪਾਵਰ ਲਿਫਟਿੰਗ ਮੁਕਾਬਲਿਆਂ ਵਿੱਚ ਭਾਗ ਲੈਂਦਾ ਹੈ ਤੇ ਸੱਤਰ ਸਾਲ ਦੀ ਉਮਰ ਤੋਂ ਵਡੇਰਿਆਂ ਦਾ ਕੈਨੇਡੀਅਨ ਚੈਂਪੀਅਨ ਹੈ। ਉਸ ਦਾ ਸੱਦਾ ਸੀ ਕਿ ਵੈਨਕੂਵਰ ਆਏ ਤਾਂ ਮਿਲੇ ਬਿਨਾਂ ਨਾ ਜਾਣਾ।

ਮੈਂ ਸੰਤੋਖ ਮੰਡੇਰ ਨੂੰ ਵੀ ਵਿਕਟੋਰੀਆ ਜਾਣ ਲਈ ਤਿਆਰ ਕਰ ਲਿਆ। ਅਸੀਂ ਤਵਾਸਨ ਤੋਂ ਤਿੰਨ ਵਜੇ ਵਾਲੀ ਫੈਰੀ ਫੜਨੀ ਸੀ। ਮੈਂ ਮੰਡੇਰ ਨੂੰ ਦੋ ਵਜੇ ਹੀ ਕਹਿਣ ਲੱਗ ਪਿਆ, “ਚੱਲੀਏ, ਨਹੀਂ ਤਾਂ ਫੈਰੀ ਨਿਕਲ ਜਾਵੇਗੀ।” ਪਰ ਉਸ ਨੂੰ ਵਿਸ਼ਵਾਸ ਸੀ ਕਿ ਉਹ ਅੱਧਾ ਘੰਟਾ ਪਹਿਲਾਂ ਚੱਲ ਕੇ ਵੀ ਫੈਰੀ ਫੜਾ ਦੇਵੇਗਾ। ਮੈਂ ਮਨ `ਚ ਸੋਚਿਆ ਕਿ ਅੱਜ ਇਹਨੂੰ ਪੱਛੜ ਜਾਣ ਦਾ ਅਹਿਸਾਸ ਕਰਵਾ ਹੀ ਦੇਈਏ। ਉਸ ਨੇ ਆਪ ਜਹਾਜ਼ ਚੜ੍ਹਨਾ ਜਾਂ ਕਿਸੇ ਨੂੰ ਚੜ੍ਹਾਉਣਾ ਹੋਵੇ ਤਾਂ ਐਨ ਮੌਕੇ `ਤੇ ਘਰੋਂ ਤੁਰੇਗਾ। ਇੱਕ ਦੋ ਵਾਰ ਮੈਂ ਮਸੀਂ ਜਹਾਜ਼ ਫੜ ਸਕਿਆ। ਹੁਣ ਮੈਂ ਉਸ ਨੂੰ ਆਪਣੀ ਫਲਾਈਟ ਦੇ ਅਸਲੀ ਟਾਈਮ ਤੋਂ ਅੱਧਾ ਘੰਟਾ ਪਹਿਲਾਂ ਦਾ ਟਾਈਮ ਦੱਸਦਾ ਹਾਂ। ਤਦ ਹੀ ਆਰਾਮ ਨਾਲ ਜਹਾਜ਼ ਚੜ੍ਹਿਆ ਜਾ ਸਕਦੈ। ਉਹ ਤਿਆਰ ਹੋ ਕੇ ਕੰਪਿਊਟਰ ਉਤੇ ਬੈਠਾ ਰਿਹਾ ਤੇ ਮੈਂ ਚੁੱਪ ਕਰ ਕੇ ਟਹਿਲਦਾ ਰਿਹਾ।

ਸਵਾ ਦੋ ਵਜੇ ਉਹ ਕੰਪਿਊਟਰ ਤੋਂ ਉਠਿਆ ਤੇ ਪੰਜ ਸੱਤ ਮਿੰਟ ਬਾਅਦ ਉਸ ਨੇ ਕਾਰ ਤੋਰੀ। ਜਿਥੇ ਵਿਹਲ ਮਿਲਦੀ ਉਹ ਸਪੀਡ ਸੌ ਕਿਲੋਮੀਟਰ ਤੋਂ ਤੇਜ਼ ਕਰੀ ਗਿਆ। ਅੱਗੋਂ ਕਾਰਾਂ ਤੇ ਟਰੱਕਾਂ ਦੀ ਲਾਮਡੋਰੀ ਲੱਗੀ ਆ ਰਹੀ ਸੀ ਜਿਸ ਦਾ ਮਤਲਬ ਸੀ ਕਿ ਫੈਰੀ ਪਹੁੰਚ ਚੁੱਕੀ ਹੈ। ਮੰਡੇਰ ਨੇ ਕਾਰ ਹੋਰ ਤੇਜ਼ ਕਰ ਦਿੱਤੀ। ਮੈਨੂੰ ਟਿਕਟਾਂ ਦੇ ਕਾਊਂਟਰ ਕੋਲ ਉਤਾਰਿਆ ਤੇ ਗੱਡੀ ਪਾਰਕ ਕਰ ਕੇ ਜਦੋਂ ਹੌਂਕਦਾ ਹੋਇਆ ਮੇਰੇ ਕੋਲ ਪਹੁੰਚਾ ਤਾਂ ਮੈਂ ਕਿਹਾ, “ਸਾਹ ਲੈ, ਕਿਤੇ ਨੀ ਭੱਜ ਚੱਲੀ ਤੇਰੀ ਫੈਰੀ। ਬੱਸ ਦੋ ਘੰਟੇ ਦੀ ਗੱਲ ਐ, ਪੰਜ ਵਜੇ ਚੱਲੇਗੀ।” ਉਹਦਾ ਸਾਹ ਨਾਲ ਸਾਹ ਨਹੀਂ ਸੀ ਰਲ ਰਿਹਾ। ਉਹ ਕਾਊਂਟਰ ਉਤੇ ਗਿਆ ਤੇ ਮੇਮ ਨੂੰ ਬੇਨਤੀ ਕਰਨ ਲੱਗਾ ਕਿ ਇਸੇ ਫੈਰੀ `ਤੇ ਚੜ੍ਹਾ ਦਿਓ। ਪਰ ਉਹ ਜਰਗ ਦਾ ਯੱਕਾ ਨਹੀਂ ਸੀ ਜਿਹੜਾ ਮੇਲੇ ਦੀਆਂ ਸਵਾਰੀਆਂ ਉਡੀਕ ਰਿਹਾ ਹੋਵੇ। ਮੇਮ ਨੇ ਸੌਰੀ ਕਹਿ ਦਿੱਤਾ। ਗੁੱਸੇ ਵਿੱਚ ਉਹ ਭਾਰੇ ਕੈਮਰੇ ਵਾਲਾ ਬੈਗ ਚਲਾ ਕੇ ਮਾਰਨ ਲੱਗਾ ਸੀ ਕਿ ਮੈਂ ਆਖਿਆ, “ਆਪਣੀ ਦੇਰੀ ਦਾ ਗੁੱਸਾ ਇਸ ਬੇਜ਼ੁਬਾਨ `ਤੇ ਕਿਉਂ ਕੱਢਦੈਂ? ਚੱਲ ਤੁਰ ਫਿਰ ਕੇ ਮੇਲਾ ਵੇਖੀਏ।”

ਪਰ ਮੇਲਾ ਉਥੇ ਕਿਥੇ ਸੀ? ਉਤਰਨ ਵਾਲੇ ਚਲੇ ਗਏ ਸਨ ਤੇ ਚੜ੍ਹਨ ਵਾਲਿਆਂ ਨੇ ਸਾਢੇ ਚਾਰ ਤੋਂ ਪਹਿਲਾਂ ਨਹੀਂ ਸੀ ਆਉਣਾ। ਉਥੇ ਸਿਰਫ ਸਮੁੰਦਰੀ ਪੰਛੀ ਉੱਡ ਰਹੇ ਸਨ। ਦੋ ਮਿੰਟ ਦੀ ਦੇਰੀ ਨੇ ਸਾਥੋਂ ਦੋ ਘੰਟਿਆਂ ਦੀ ਉਡੀਕ ਕਰਵਾਈ। ਸਿਆਣੇ ਐਵੇਂ ਨਹੀਂ ਕਹਿੰਦੇ, “ਲੰਘਿਆ ਵੇਲਾ ਹੱਥ ਨਹੀਂ ਆਉਂਦਾ।” ਅਸੀਂ ਫੋਨ ਕਰ ਕੇ ਦਰਸ਼ਨ ਗਿੱਲ ਨੂੰ ਸੁਨੇਹਾ ਦਿੱਤਾ ਕਿ ਉਹ ਆਪਣੀ ਵੇਟ ਦੀ ਪ੍ਰੈਕਟਿਸ ਆਰਾਮ ਨਾਲ ਕਰੇ ਤੇ ਜਿਮ `ਚੋਂ ਫੈਰੀ ਸਟੇਸ਼ਨ `ਤੇ ਸਾਢੇ ਚਾਰ ਵਜੇ ਦੀ ਥਾਂ ਸਾਢੇ ਛੇ ਵਜੇ ਆਵੇ। ਸੁਨੇਹਾ ਦੇਣ ਦੇ ਨਾਲ ਹੀ ਮੰਡੇਰ ਨੇ ਓ.ਕੇ.ਬਾਏ ਕਹਿ ਦਿੱਤੀ ਹਾਲਾਂ ਕਿ ਓ.ਕੇ.ਕਹਿਣ ਸਮੇਂ ਉਹ ਰੋਣਹਾਕਾ ਹੋਇਆ ਪਿਆ ਸੀ!

ਫਿਰ ਤੁਰ ਕੇ ਤੇ ਕੰਟੀਨ ਤੋਂ ਕੁੱਝ ਖਾ ਪੀ ਕੇ ਸਮਾਂ ਲੰਘਾਇਆ ਤੇ ਪੰਜ ਵਾਲੀ ਫੈਰੀ ਸਵਾਰ ਹੋਏ। ਇਸ ਫੈਰੀ ਦਾ ਨਾਂ ਸਪਿਰਟ ਆਫ਼ ਵੈਨਕੂਵਰ ਆਈਲੈਂਡ ਸੀ। ਕਾਰਾਂ ਤੇ ਟਰੱਕ ਉਹਦੇ ਢਿੱਡ ਵਿੱਚ ਚਲੇ ਗਏ ਤੇ ਸਵਾਰੀਆਂ ਉਪਰ ਚੜ੍ਹ ਗਈਆਂ। ਮੰਡੇਰ ਬਹਿਣ ਸਾਰ ਹੀ ਸੌਂ ਗਿਆ ਤੇ ਮੈਂ ਚਹਿਲ ਕਦਮੀ ਕਰਦਾ ਫੈਰੀ `ਚ ਗੇੜੇ ਦੇਣ ਲੱਗਾ। ਛੱਤ `ਤੇ ਚੜ੍ਹਿਆ ਤਾਂ ਨਿੱਕੀ ਜਿਹੀ ਗੁੱਤ ਤੇ ਬਿੱਲੀਆਂ ਬਲੌਰੀ ਅੱਖਾਂ ਵਾਲੀ ਇੱਕ ਗੋਰੀ ਕੁੜੀ ਬੱਤੀਆਂ ਪੀ ਰਹੀ ਸੀ। ਉਹ ਧੂੰਏਂ ਦੇ ਵਰੋਲੇ ਛੱਡ ਰਹੀ ਸੀ। ਹਵਾ ਦੇ ਬੁੱਲਿਆਂ ਨਾਲ ਉਹਦੀਆਂ ਗੱਲ੍ਹਾਂ ਬਾਂਦਰ ਦੀ ਪਿੱਠ ਵਾਂਗ ਲਾਲ ਹੋਈਆਂ ਪਈਆਂ ਸਨ। ਉਹ ਆਪਣਾ ਰਾਂਝਾ ਰਾਜ਼ੀ ਕਰ ਰਹੀ ਸੀ ਇਸ ਲਈ ਉਹਦੀ ਬਿਰਤੀ `ਚ ਵਿਘਨ ਪੈਣ ਦੇ ਡਰੋਂ ਮੈਂ ਤੁਰਤ ਈ ਥੱਲੇ ਉੱਤਰ ਆਇਆ।

ਫੈਰੀ ਵਿੱਚ ਭਾਂਤ ਸੁਭਾਂਤੇ ਮੁਸਾਫਿਰ ਸਨ। ਵਿਚੇ ਕਾਲੇ, ਵਿਚੇ ਗੋਰੇ ਤੇ ਵਿਚੇ ਕਣਕਵੰਨੇ। ਵਿਚੇ ਚੋਲਿਆਂ ਵਾਲੇ ਤੇ ਵਿਚੇ ਅੱਧ ਨੰਗੇ। ਵਿਚੇ ਗੰਜੇ ਤੇ ਵਿਚੇ ਪੱਗਾਂ ਵਾਲੇ। ਪੱਗਾਂ ਵਾਲੇ ਹੁਣ ਹਰ ਥਾਂ ਈ ਟੱਕਰ ਜਾਂਦੇ ਹਨ ਤੇ ਸਤਿ ਸ੍ਰੀ ਅਕਾਲ ਹੋ ਜਾਂਦੀ ਹੈ। ਫੈਰੀ ਵਿੱਚ ਬੈਠਨ ਲਈ ਹਾਲ ਕਮਰਾ ਸੀ, ਰੈਸਟੋਰੈਂਟ ਸੀ, ਬੱਚਿਆਂ ਲਈ ਖੇਡਾਂ ਸਨ ਤੇ ਹੋਰ ਵੀ ਬਹੁਤ ਕੁੱਝ ਸੀ। ਦਸ ਡਾਲਰ ਦੇ ਕੇ ਵਿਸ਼ੇਸ਼ ਹਾਤੇ ਵਿੱਚ ਖਾਣ ਪੀਣ ਦੇ ਨਾਲ ਪੜ੍ਹਿਆ ਲਿਖਿਆ ਜਾ ਸਕਦਾ ਸੀ। ਕੰਪਿਊਟਰ ਲਈ ਕੈਬਿਨ ਸਨ। ਮੈਂ ਸੂਚਨਾ ਕੇਂਦਰ ਵਿੱਚ ਨੋਟ ਕੀਤਾ ਕਿ ਇਸ ਫੈਰੀ ਦੇ ਇੰਜਣ ਦੀ ਤਾਕਤ 21394 ਹਾਰਸ ਪਾਵਰ ਹੈ। ਲੰਬਾਈ 167.5 ਮੀਟਰ ਤੇ ਵਜ਼ਨ 18747.44 ਟਨ ਹੈ। ਇਹ 2100 ਮੁਸਾਫਿਰ ਤੇ 470 ਵਾਹਨ ਲੈ ਕੇ 19.5 ਕਿਲੋਮੀਟਰ ਘੰਟੇ ਦੀ ਰਫਤਾਰ ਨਾਲ ਚਲਦੀ ਹੈ। ਇਸ ਨੇ ਡੇਢ ਘੰਟੇ ਵਿੱਚ ਵਿਕਟੋਰੀਆ ਪੁੱਜਣਾ ਸੀ। ਇਸ ਤੋਂ ਅੰਦਾਜ਼ਾ ਹੋਇਆ ਕਿ ਸਮੁੰਦਰੀ ਜਹਾਜ਼ ਤਾਂ ਲੱਖ ਹਾਰਸ ਪਾਵਰ ਤੋਂ ਵੀ ਵੱਧ ਦੇ ਹੋਣਗੇ ਤਦ ਹੀ ਤਾਂ ਲੱਖਾਂ ਟਨ ਭਾਰ ਢੋਂਦੇ ਹਨ।

ਮੈਂ ਡੈੱਕ ਦੇ ਉਪਰ ਚੜ੍ਹ ਕੇ ਤੇ ਫਿਰ ਬਾਰੀ ਥਾਣੀ ਬਾਹਰ ਦੇ ਨਜ਼ਾਰੇ ਵੇਖਦਾ ਰਿਹਾ। ਹੌਲੀ ਹੌਲੀ ਦਿਨ ਛਿਪ ਰਿਹਾ ਸੀ, ਸਮੁੰਦਰ ਦਾ ਪਾਣੀ ਨੀਲੇ ਤੋਂ ਸੁਰਮਈ ਤੇ ਫਿਰ ਕਾਲਾ ਹੁੰਦਾ ਜਾ ਰਿਹਾ ਸੀ। ਆਸ ਪਾਸ ਦੇ ਟਾਪੂ ਵੀ ਕਾਲਾ ਵੇਸ ਧਾਰ ਰਹੇ ਸਨ। ਕਿਤੇ ਕਿਤੇ ਬੱਤੀਆਂ ਜਗ ਰਹੀਆਂ ਸਨ ਜਿਨ੍ਹਾਂ ਦਾ ਲਿਸ਼ਕਾਰਾ ਪਾਣੀ ਵਿੱਚ ਪੈ ਰਿਹਾ ਸੀ। ਇਓਂ ਲੱਗਦਾ ਸੀ ਜਿਵੇਂ ਸੋਨੇ ਦੀਆਂ ਤਾਰਾਂ ਪਾਣੀ ਵਿੱਚ ਤੈਰ ਰਹੀਆਂ ਹੋਣ। ਪੌਣੇ ਸੱਤ ਵਜੇ ਅਸੀਂ ਉਡੀਕ ਕਰ ਰਹੇ ਦਰਸ਼ਨ ਗਿੱਲ ਕੋਲ ਪੁੱਜੇ ਤੇ ਉਹਦੀ ਕਰ ਵਿੱਚ ਬਹਿ ਕੇ ਘਰ ਚਲੇ ਗਏ। ਉਸ ਨੇ ਘਰ ਨਵਾਂ ਬਣਾਇਆ ਸੀ ਜਿਸ ਕਰਕੇ ਚੱਠ ਕਰਨ ਦਾ ਸਬੱਬ ਬਣ ਗਿਆ। ਉਸ ਦੇ ਘਰ ਵਿੱਚ ਮਿੰਨੀ ਜਿਮ ਬਣਿਆ ਵੀ ਵੇਖਿਆ ਜਿਸ ਤੋਂ ਉਸ ਦੇ ਖੇਡਾਂ ਦੇ ਸ਼ੌਕ ਦਾ ਪਤਾ ਲੱਗਾ। ਸੱਤਰ ਸਾਲਾਂ ਦੇ ਆਮ ਬੰਦਿਆਂ ਤੋਂ ਆਪਣਾ ਭਾਰ ਨਹੀਂ ਚੁੱਕਿਆ ਜਾਂਦਾ ਪਰ ਉਹ ਕੁਇੰਟਲ ਤੋਂ ਵੱਧ ਵਜ਼ਨ ਬਾਹਾਂ ਉਤੇ ਤੋਲ ਰਿਹਾ ਸੀ।

ਵਿਕਟੋਰੀਆ ਜਾਣ ਦਾ ਇਹ ਮੇਰਾ ਚੌਥਾ ਮੌਕਾ ਸੀ। ਪਹਿਲੀ ਵਾਰ 1990 ਵਿੱਚ ਗਿਆ ਸਾਂ ਤੇ ਮੁੜ ਕੇ ਆਪਣੇ ਸਫ਼ਰਨਾਮੇ “ਅੱਖੀਂ ਵੇਖ ਨਾ ਰੱਜੀਆਂ” ਵਿੱਚ ਵਿਕਟੋਰੀਆ ਦੀ ਸੈਰ ਨਾਂ ਦਾ ਕਾਂਡ ਲਿਖਿਆ ਸੀ। ਉਦੋਂ ਅਸੀਂ ਰਾਇਲ ਲੰਡਨ ਵੈਕਸ ਮਿਊਜ਼ੀਅਮ, ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ਼ੀਅਲ ਮਿੳਜ਼ੀਅਮ ਤੇ ਸੀਅ ਲੈਂਡ ਵੇਖ ਗਏ ਸਾਂ। ਉਹਦੇ ਕਈ ਦ੍ਰਿਸ਼ ਅੱਜ ਵੀ ਮੇਰੀਆਂ ਅੱਖਾਂ ਅੱਗੇ ਆ ਜਾਂਦੇ ਹਨ। ਵੈਕਸ ਮਿਊਜ਼ੀਅਮ ਦੇ ਹੌਰਰ ਚੈਂਬਰ ਵਿਚੋਂ ਚੀਕਾਂ, ਆਹਾਂ, ਹਉਕਿਆਂ ਤੇ ਕਰਾਹੁਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਗਾਈਡ ਨੇ ਇੱਕ ਅਜਿਹੇ ਕੈਦੀ ਬਾਰੇ ਦੱਸਿਆ ਸੀ ਜਿਸ ਨੂੰ ਸੁੰਨੀ ਕਾਲ ਕੋਠੜੀ ਵਿੱਚ ਵਰ੍ਹਿਆਂਬੱਧੀ ਰਹਿਣ ਕਾਰਨ ਇਕੱਲਤਾ ਨਾਲ ਹੀ ਪਿਆਰ ਹੋ ਗਿਆ ਸੀ। ਜਦੋਂ ਉਸ ਨੂੰ ਰਿਹਾਅ ਕੀਤਾ ਗਿਆ ਤਾਂ ਬਾਹਰ ਦੀ ਖੁੱਲ੍ਹੀ ਫ਼ਿਜ਼ਾ ਵਿੱਚ ਉਹ ਕੈਦੀ ਕਾਲ ਕੋਠੜੀ ਦੀ ਇਕੱਲਤਾ ਦੇ ਵਿਜੋਗ ਦਾ ਮਾਰਿਆ ਬਹੁਤੀ ਦੇਰ ਜਿਊਂਦਾ ਨਾ ਰਿਹਾ!

ਵਿਕਟੋਰੀਆ ਅਜਾਇਬਘਰਾਂ, ਬਾਗ਼ਾਂ, ਪਾਰਕਾਂ ਤੇ ਆਲੀਸ਼ਾਨ ਇਮਾਰਤਾਂ ਵਾਲਾ ਸਾਫ ਸੁਥਰਾ ਸ਼ਹਿਰ ਹੈ। ਇਹ ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ ਹੈ ਜਿਥੇ ਆਲੀਸ਼ਾਨ ਪਾਰਲੀਮੈਂਟ ਹਾਊਸ ਹੈ। ਜਿਥੇ ਆਮ ਘੋੜਿਆਂ ਨਾਲੋਂ ਡੇਢੇ ਦੁੱਗਣੇ ਆਕਾਰ ਦੇ ਘੋੜੇ ਬੱਘੀਆਂ ਉਤੇ ਸੈਲਾਨੀਆਂ ਨੂੰ ਸੈਰ ਕਰਾਉਂਦੇ ਹਨ। ਉਨ੍ਹਾਂ ਦੇ ਮੋਟੀਆਂ ਖੁਰੀਆਂ ਲੱਗੀਆਂ ਹੁੰਦੀਆਂ ਹਨ ਤੇ ਲਿੱਦ ਡਿੱਗਣੋਂ ਬਚਾਉਣ ਲਈ ਡਾਇਪਰ ਲੱਗੇ ਹੁੰਦੇ ਹਨ। ਸੀਅ ਲੈਂਡ ਵਿੱਚ ਅਸੀਂ ਵੇਖਿਆ ਕਿ ਵੱਡੀਆਂ ਮੱਛੀਆਂ ਛੋਟੀਆਂ ਨੂੰ ਨਿਗਲੀ ਜਾ ਰਹੀਆਂ ਸਨ। ਕੋਈ ਮੱਛੀ ਲੰਮ ਸਲੰਮੀ ਸੀ, ਕੋਈ ਗੋਲ, ਕੋਈ ਚੌਰਸ, ਕੋਈ ਸੱਪ ਵਰਗੀ ਤੇ ਕੋਈ ਫੁੱਲ ਵਰਗੀ। ਵਿਚੇ ਤੰਦੂਏ ਸਨ ਤੇ ਵਿਚੇ ਵੇਲ ਮੱਛੀਆਂ। ਸਮੁੰਦਰ ਵਿੱਚ ਉੱਗੀ ਬਨਸਪਤੀ ਦਾ ਵੀ ਕੋਈ ਅੰਤ ਨਹੀਂ ਸੀ। ਕਈ ਮੱਛੀਆਂ ਦੇ ਮੱਥਿਆਂ ਵਿਚੋਂ ਚਾਨਣ ਨਿਕਲ ਰਿਹਾ ਸੀ ਜਿਵੇਂ ਟਰਚ ਜਗਦੀ ਹੋਵੇ। ਇਉਂ ਮਹਿਸੂਸ ਹੋਇਆ ਜਿਵੇਂ ਥਲ ਨਾਲੋਂ ਜਲ ਵਿੱਚ ਵਧੇਰੇ ਜੀਵ ਜੰਤੂ ਰਹਿੰਦੇ ਹੋਣ ਤੇ ਫਸਲਾਂ ਵੀ ਬੇਅੰਤ ਹੋਣ।

ਸੀਅ ਲਾਇਨਜ਼ ਦਾ ਤਮਾਸ਼ਾ ਵੇਖਣ ਵਾਲਾ ਸੀ। ਇੱਕ ਗੋਰੀ ਨੱਢੀ `ਕੱਲੇ `ਕੱਲੇ ਸਮੁੰਦਰੀ ਸ਼ੇਰ ਨੂੰ ਆਪਣੇ ਕੋਲ ਸੱਦਣ ਲੱਗੀ। `ਕੱਲੇ `ਕੱਲੇ ਨੇ ਆਪੋ ਆਪਣੇ ਫੱਨ ਦਾ ਮੁਜ਼ਾਹਰਾ ਕੀਤਾ ਤੇ ਦਰਸ਼ਕਾਂ ਤੋਂ ਤਾੜੀਆਂ ਵੱਜਵਾਈਆਂ। ਇੱਕ ਸ਼ੇਰ ਅਵੇਸਲੀ ਖੜ੍ਹੀ ਕੁੜੀ ਦਾ ਛੇਤੀ ਨਾਲ ਚੁੰਮਣ ਲੈ ਗਿਆ। ਕੁੜੀ ਸ਼ਰਮਾਈ ਪਰ ਦਰਸ਼ਕਾਂ ਦੇ ਦਿਲਪਰਚਾਵੇ ਲਈ ਉਸ ਨੇ ਆਪਣੇ ਆਸ਼ਕੀ ਪੱਠੇ ਨੂੰ ਦੂਜੀ ਗੱਲ੍ਹ ਦਾ ਚੁੰਮਣ ਆਪ ਹੀ ਦੇ ਦਿੱਤਾ। ਜਦੋਂ ਕੋਈ ਸ਼ੇਰ ਆਪਣੇ ਢਿੱਡ ਉਤੇ ਹੱਥ ਮਾਰ ਕੇ ਦੱਸਦਾ ਕਿ ਮੈਨੂੰ ਭੁੱਖ ਲੱਗੀ ਹੈ ਤਾਂ ਕੁੜੀ ਉਸ ਦੇ ਮੂੰਹ ਵਿੱਚ ਮਾਸ ਦਾ ਟੁਕੜਾ ਪਾ ਦਿੰਦੀ। ਕੁੜੀ ਮਾਸ ਵਾਲੀ ਬਾਲਟੀ ਕਿੱਲੀ `ਤੇ ਟੰਗ ਕੇ ਅੰਦਰ ਕੁੱਝ ਲੈਣ ਗਈ ਤਾਂ ਤਿੰਨ ਸ਼ੇਰਾਂ ਨੇ ਇੱਕ ਦੂਜੇ ਦੇ ਮੋਢਿਆਂ `ਤੇ ਚੜ੍ਹ ਕੇ ਉਹ ਬਾਲਟੀ ਲਾਹ ਲਈ ਤੇ ਚੋਰੀ ਚੋਰੀ ਮਾਸ ਦੇ ਟੁਕੜੇ ਖਾਣ ਲੱਗੇ। ਜਦੋਂ ਕੁੜੀ ਦੀ ਪੈੜ ਚਾਲ ਸੁਣੀ ਤਾਂ ਫਿਰ ਪਾਣੀ ਵਿੱਚ ਲੁਕ ਛਿਪ ਗਏ। ਮੈਨੂੰ ਬਚਪਨ ਯਾਦ ਆ ਗਿਆ ਜਦੋਂ ਅਸੀਂ ਵੀ ਇੰਜ ਹੀ ਹਾਰੇ ਵਾਲੇ ਦੁੱਧ ਤੋਂ ਮਲਾਈ ਲਾਹ ਕੇ ਖਾਇਆ ਕਰਦੇ ਸਾਂ।

ਵਿਕਟੋਰੀਆ ਦੇ ਬੁਚਰਟ ਗਾਰਡਨਜ਼ ਨੂੰ ਹਰ ਸਾਲ ਲੱਖਾਂ ਦਰਸ਼ਕ ਵੇਖਣ ਜਾਂਦੇ ਹਨ। ਇਹ ਬਾਗ਼ 55 ਏਕੜ ਵਿੱਚ ਫੇਲੈ ਹੋਏ ਹਨ ਜਿਨ੍ਹਾਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਫੁੱਲ ਬੂਟੇ ਹਨ। ਇੱਕ ਬਾਗ਼ ਤਿਤਲੀਆਂ ਦਾ ਹੈ ਜਿਸ ਵਿੱਚ ਅਨੇਕਾਂ ਕਿਸਮਾਂ ਦੀਆਂ ਰੰਗੀਨ ਤਿਤਲੀਆਂ ਮੰਡਰਾਉਂਦੀਆਂ ਰਹਿੰਦੀਆਂ ਹਨ। ਵੈਕਸ ਮਿਊਜ਼ੀਅਮ `ਚ ਤਿੰਨ ਸੌ ਤੋਂ ਵੱਧ ਅਹਿਮ ਸ਼ਖਸੀਅਤਾਂ ਦੇ ਮੋਮੀ ਬੁੱਤ ਸੁਭਾਇਮਾਨ ਹਨ। ਇੱਕ ਪੁਰਾਣਾ ਕਿਲਾ ਹੈ ਤੇ ਇੱਕ ਹੋਟਲਨੁਮਾ ਆਧੁਨਿਕ ਜੇਲ੍ਹ। ਯੂਨੀਵਰਸਿਟੀ ਆਫ਼ ਵਿਕਟੋਰੀਆ ਵਿੱਚ ਦੁਨੀਆਂ ਭਰ ਦੇ ਵੀਹ ਹਜ਼ਾਰ ਵਿਦਿਆਰਥੀ ਪੜ੍ਹਦੇ ਹਨ ਜਿਨ੍ਹਾਂ ਦੀ ਪੜ੍ਹਾਈ ਲਈ ਚਾਰ ਹਜ਼ਾਰ ਸਟਾਫ ਮੈਂਬਰ ਹਨ। ਪਾਰਕਾਂ ਤੇ ਬਾਗ਼ ਬਗੀਚਿਆਂ ਦਾ ਕੋਈ ਅੰਤ ਨਹੀਂ ਤੇ ਰੰਗ ਤਮਾਸ਼ੇ ਵਾਲੀਆਂ ਥਾਵਾਂ ਵੀ ਬੇਅੰਤ ਹਨ। ਉਥੋਂ ਦੇ ਸਮੁੰਦਰੀ ਬੀਚਾਂ ਦਾ ਆਪਣਾ ਨਜ਼ਾਰਾ ਹੈ।

ਅਗਲੇ ਦਿਨ ਘੁੰਮਦਿਆਂ ਅਸੀਂ ਉਹ ਜਗ੍ਹਾ ਵੀ ਵੇਖੀ ਜਿਥੇ ਜ਼ੀਰੋ ਮੀਲ ਦਾ ਪੱਥਰ ਲੱਗਾ ਹੋਇਐ ਯਾਨੀ ਜਿਥੋਂ ਕੈਨੇਡਾ ਦੀ ਹੱਦ ਸ਼ੁਰੂ ਹੋ ਕੇ ਹੈਲੀਫੈਕਸ ਤਕ ਜਾਂਦੀ ਹੈ। ਉਥੇ ਕੈਂਸਰ ਦੀ ਬਿਮਾਰੀ ਤੋਂ ਮੁਕਤੀ ਹਾਸਲ ਕਰਨ ਲਈ ਫੰਡ `ਕੱਠਾ ਕਰਨ ਦੌੜੇ ਪੋਲੀਓ ਦੇ ਮਾਰੇ ਟੈਰੀ ਫੌਕਸ ਦਾ ਬੁੱਤ ਲੱਗਾ ਹੋਇਐ। ਪਾਰਕਾਂ ਵਿੱਚ ਪੁਰਾਣੇ ਰੁੱਖਾਂ ਤੇ ਬੂਟਿਆਂ ਨੂੰ ਕਿਸੇ ਅਣਮੁੱਲੀ ਵਸਤੂ ਵਜੋਂ ਸੰਭਾਲ ਕੇ ਰੱਖਿਆ ਹੋਇਆ ਹੈ। ਦਰਸ਼ਨ ਗਿੱਲ ਨੇ ਸਾਨੂੰ ਉਹ ਗੁਰਦਵਾਰਾ ਵੀ ਵਿਖਾਇਆ ਜਿਸ ਦਾ ਨੀਂਹ ਪੱਥਰ 1906 ਵਿੱਚ ਰੱਖਿਆ ਗਿਆ ਸੀ। ਇਸ ਦਾ ਮਤਲਬ ਸੀ ਕਿ ਇਸ ਟਾਪੂ ਉਤੇ ਸੌ ਸਾਲ ਪਹਿਲਾਂ ਕਾਫੀ ਸਿੱਖ ਪੁੱਜੇ ਹੋਣਗੇ। ਹੁਣ ਉਥੇ ਪੰਜਾਬੀਆਂ ਦੀ ਗਿਣਤੀ ਦਸ ਹਜ਼ਾਰ ਦੇ ਨੇੜ ਹੈ ਤੇ ਤਿੰਨ ਗੁਰਦਵਾਰੇ ਵਜੂਦ ਵਿੱਚ ਆ ਚੁੱਕੇ ਹਨ।

ਘੁੰਮਦੇ ਹੋਏ ਅਸੀਂ ਦੌਧਰ ਦੇ ਚਰਨਜੀਤ ਸਿੰਘ ਸਿੱਧੂ ਨੂੰ ਉਹਦੇ ਘਰ ਆ ਮਿਲੇ। ਉਹ ਮੰਡੇਰ ਦੇ ਗੁਆਂਢੀ ਲਾਲੀ ਦਾ ਭਣੋਈਆ ਹੈ। ਉਹਦੇ ਘਰ ਦੌਧਰ ਦੀਆਂ ਗੱਲਾਂ ਚਲਦੀਆਂ ਰਹੀਆਂ। ਉਸ ਨੇ ਦਰਸ਼ਨ ਗਿੱਲ ਨੂੰ ਜਿਮ ਜਾਣ ਲਈ ਕਹਿ ਕੇ ਸਾਨੂੰ ਫੈਰੀ ਉਤੇ ਚੜ੍ਹਾਉਣ ਦਾ ਜ਼ਿੰਮਾ ਲੈ ਲਿਆ। ਉਸ ਨੇ ਸਾਨੂੰ ਉਨ੍ਹਾਂ ਪਹਾੜੀਆਂ ਉਤੇ ਚੜ੍ਹਾਇਆ ਜਿਥੋਂ ਸਾਰਾ ਵਿਕਟੋਰੀਆ ਦਿਸਦਾ ਹੈ। ਆਲੇ ਦੁਆਲੇ ਪਾਣੀ ਹੋਣ ਕਾਰਨ ਇਹ ਟਾਪੂ ਸਾਫ ਵੀ ਹੈ ਤੇ ਸੁੰਦਰ ਵੀ ਹੈ। ਅਜਿਹੀ ਸਾਫ ਸੁਥਰੀ ਜਗ੍ਹਾ ਰਹਿ ਕੇ ਵਿਕਟੋਰੀਆ ਵਾਸੀਆਂ ਦੀ ਉਮਰ ਪੰਜ ਸੱਤ ਸਾਲ ਵਧ ਜਾਣੀ ਮਾਮੂਲੀ ਗੱਲ ਹੈ। ਚਰਨਜੀਤ ਨੇ ਦੋ ਘੰਟੇ ਘੁਮਾ ਫਿਰਾ ਕੇ ਸਾਨੂੰ ਪੰਜ ਵਾਲੀ ਫੈਰੀ ਆ ਚੜ੍ਹਾਇਆ ਤੇ ਰਾਤ ਪੈਂਦੀ ਤਕ ਅਸੀਂ ਘਰ ਪਹੁੰਚ ਗਏ।

ਇਕ ਸ਼ਾਮ ਮੈਂ ਆਪਣੇ ਪਿੰਡ ਚਕਰ ਦੇ ਕਿੰਗਰਾ ਪਰਿਵਾਰ ਨਾਲ ਬਿਤਾਈ। ਮੇਜਰ ਸਿੰਘ ਤੇ ਉਸ ਦੇ ਪੁੱਤਰ ਜਗਪਾਲ ਤੇ ਦਿਲਬਾਗ ਨੇ ਮੈਗਜ਼ੀਨ ਖੇਡ ਸੰਸਾਰ ਦੀ ਮਾਇਕ ਸਹਾਇਤਾ ਕਰਦਿਆਂ ਖੇਡ ਸੰਸਾਰ ਦੀ ਟੀਮ ਨੂੰ ਨੇਂਦਾ ਦਿੱਤਾ ਸੀ ਕਿ ਉਨ੍ਹਾਂ ਦੇ ਘਰ ਪਧਾਰੀਏ। ਸਿਆਟਲ ਤੋਂ ਗੁਰਚਰਨ ਸਿੰਘ ਢਿੱਲੋਂ ਵੀ ਪੁੱਜ ਗਿਆ ਤੇ ਨਾਲ ਸੈਕਰਾਮੈਂਟੋ ਵਾਲਾ ਪੱਤਰਕਾਰ ਜਤਿੰਦਰਪਾਲ ਰੰਧਾਵਾ ਵੀ ਆ ਗਿਆ। ਰਾਤ ਦੇਰ ਤਕ ਮਹਿਫਲ ਲੱਗੀ ਤੇ ਪਿੰਡ ਚਕਰ ਦੇ ਵਿਕਾਸ ਕਾਰਜਾਂ ਦੀਆਂ ਵਿਉਂਤਾਂ ਬਣਦੀਆਂ ਰਹੀਆਂ। ਇਹ ਵਰਣਨਯੋਗ ਹੈ ਕਿ ਚਕਰ ਦੇ ਵਿਦੇਸ਼ਾਂ ਵਿੱਚ ਵੱਸਦੇ ਦਾਨੀਆਂ ਨੇ ਆਪਣੇ ਪਿੰਡ ਦੇ ਵਿਕਾਸ ਲਈ ਲੱਖਾਂ ਰੁਪਏ ਭੇਜੇ ਹਨ।

 

ਤਿੰਨ ਨਵੰਬਰ ਨੂੰ ਲਾਲਾ ਲਾਜਪਤ ਰਾਏ ਕਾਲਜ ਢੁੱਡੀਕੇ ਦੇ ਪੁਰਾਣੇ ਵਿਦਿਆਰਥੀਆਂ ਦੀ ਸਭਾ ਵੱਲੋਂ ਸਾਲਾਨਾ ਡਿਨਰ ਸਮਾਗਮ ਸੀ ਜਿਸ ਲਈ ਮੈਨੂੰ ਉਚੇਚਾ ਸੱਦਿਆ ਗਿਆ ਸੀ। ਸੱਠ ਸੱਤਰ ਵਿਦਿਆਰਥੀਆਂ ਦੇ ਪਰਿਵਾਰ ਜੁੜ ਬੈਠੇ ਸਨ। ਬਲਵਿੰਦਰ ਬਿੰਦੀ ਸਟੇਜ ਦੀ ਕਾਰਵਾਈ ਚਲਾ ਰਿਹਾ ਸੀ। ਦੌਧਰ ਵਾਲਾ ਰਿਐਲਟਰ ਕੰਵਰ ਸਿੰਘ ਕੌਰਾ ਦਾਰੂ ਦੱਪੇ ਦਾ ਸਪਾਂਸਰ ਸੀ, ਕਲ੍ਹੋਨੇ ਵਾਲਾ ਕਰਮਾ ਸਮਾਗਮ ਦੀ ਝੋਲੀ ਹਜ਼ਾਰ ਡਾਲਰ ਦਾ ਸ਼ਗਨ ਪਾਉਣ ਲਈ ਪਹੁੰਚਾ ਸੀ। ਓਂਕਾਰ ਸਿੰਘ, ਸਾਧੂ ਸਿੰਘ, ਸੁਰਿੰਦਰ ਸਿੰਘ, ਲਛਮਣ ਸਿੰਘ, ਸੁਖਦੇਵ ਸਿੰਘ ਤੇ ਐਕਟਰ ਅਰਸ਼ੀ ਨੇ ਰੌਣਕਾਂ ਲਾਈਆਂ ਹੋਈਆਂ ਸਨ। ਬੀਬੀ ਹਰਜੀਤ ਤੇ ਕਰਮਜੀਤ ਆਪਣੇ ਪਰਿਵਾਰਾਂ ਤੇ ਸਹੇਲੀਆਂ ਨਾਲ ਹਾਜ਼ਰ ਸਨ। ਉਥੇ ਭੰਗੜੇ ਪਏ, ਗਿੱਧੇ ਪਏ ਤੇ ਸਟੇਜ ਦੇ ਹੋਰ ਕਈ ਰੰਗ ਰੰਗ ਪ੍ਰੋਗਰਾਮ ਹੋਏ। ਪ੍ਰੋ.ਗੁਰਮੀਤ ਸਿੰਘ ਟਿਵਾਣਾ ਨੇ ਅੱਸੀ ਸਾਲ ਦੀ ਉਮਰ `ਚ ਭੰਗੜੇ ਦਾ ਗੇੜਾ ਦਿੱਤਾ ਤੇ ਸਟੇਜ ਤੋਂ ਬੋਲਦਿਆਂ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੱਤੀ।

ਮੇਰੀ ਬੋਲਣ ਦੀ ਵਾਰੀ ਆਈ ਤਾਂ ਮੈਂ ਆਖਿਆ, “ਆਓ ਮੈਂ ਤੁਹਾਨੂੰ ਮੁੜ ਕੇ ਢੁੱਡੀਕੇ ਲੈ ਚੱਲਾਂ। ਯਾਦ ਕਰੋ ਉਨ੍ਹਾਂ ਬੈਂਚਾਂ ਨੂੰ ਜਿਥੇ `ਕੱਠੇ ਬਹਿ ਕੇ ਪੜ੍ਹੇ, ਗਰਾਊਂਡਾਂ `ਚ ਖੇਡੇ ਤੇ ਸਟੇਜ `ਤੇ ਨੱਚੇ। ਉਨ੍ਹਾਂ ਰਾਹਾਂ ਤੇ ਡੰਡੀਆਂ ਨੂੰ ਯਾਦ ਕਰੋ ਜਿਥੋਂ ਦੀ ਚੱਲ ਕੇ ਕਾਲਜ ਪਹੁੰਚਦੇ ਰਹੇ। ਉਥੇ ਗੁਰਬਖ਼ਸ਼ ਸਿੰਘ ਮੱਲ੍ਹੀ ਵੀ ਪੜ੍ਹਿਆ, ਰਮਿੰਦਰ ਸਿੰਘ ਗਿੱਲ ਵੀ, ਗਿੱਲ ਹਰਦੀਪ ਵੀ ਤੇ ਤੁਸੀਂ ਵੀ। ਪੰਛੀ ਜਿਸ ਰੁੱਖ `ਤੇ ਰਾਤ ਕੱਟ ਜਾਵੇ ਮੁੜ ਮੁੜ ਉਹਦੇ ਵੱਲ ਅਹੁਲਦੈ। ਤੁਸੀਂ ਢੁੱਡੀਕੇ ਦੇ ਕਾਲਜ ਵਿੱਚ ਕਈ ਸਾਲ ਪੜ੍ਹੇ ਤੇ ਪੜ੍ਹਦਿਆਂ ਆਪਸ ਵਿੱਚ ਮੁਹੱਬਤਾਂ ਪਾਈਆਂ ਨੇ ਜੋ ਹਮੇਸ਼ਾਂ ਬਣੀਆਂ ਰਹਿਣ। ਮੈਨੂੰ ਯਾਦ ਆ ਰਹੇ ਨੇ 1967-68 ਦੇ ਦਿਨ ਜਦੋਂ ਮੈਂ ਆਪਣੀ ਜਮਾਤ ਲਾਗਲੇ ਖੂਹ ਉਤੇ ਲਾ ਲੈਂਦਾ ਸਾਂ। ਹੀਰ ਰਾਂਝਾ ਤੇ ਸੋਹਣੀ ਮਹੀਂਵਾਲ ਪੜ੍ਹਾਉਂਦੇ ਨੂੰ ਡੰਗਰ ਚਾਰਦਾ ਇੱਕ ਬਜ਼ੁਰਗ ਵੀ ਵੱਟ `ਤੇ ਬੈਠਾ ਸੁਣਦਾ ਰਹਿੰਦਾ। ਇੱਕ ਦਿਨ ਕਹਿਣ ਲੱਗਾ, ਮਾਸਟਰ ਜੀ, ਜੇ ਤੇਰੀ ਏਹੋ ਜੀ ਪੜ੍ਹਾਈ ਦਾ ਪਿੰਡ ਪਤਾ ਲੱਗ ਗਿਆ ਤਾਂ ਫੇਰ ਕੀ ਬਣੂੰ? ਉਹਦੇ ਭਾਅ ਦਾ ਮੈਂ ਮੁੰਡੇ ਕੁੜੀਆਂ ਨੂੰ ਚੋਰੀ ਚੋਰੀ ਇਸ਼ਕ ਦੇ ਚਿੱਠੇ ਪੜ੍ਹਾ ਰਿਹਾ ਸਾਂ। ਮੈਂ ਆਖਿਆ, ਮੈਂ ਤਾਂ ਬਾਬਾ ਓਹੀ ਕੁਛ ਪੜ੍ਹਾ ਰਿਹਾਂ ਜਿਹੜਾ ਸਰਕਾਰ ਨੇ ਕਿਤਾਬ ਵਿੱਚ ਛਾਪਿਆ। ਨਾ ਪੜ੍ਹਾਵਾਂ ਤਾਂ ਤੁਹਾਡੇ ਨਿਆਣੇ ਫੇਲ੍ਹ ਹੋ ਜਾਣਗੇ। ਬਾਬਾ ਹੈਰਾਨ ਹੋਇਆ ਕਹਿਣ ਲੱਗਾ, ਮੰਨ ਗਏ ਬਈ ਅੱਜ ਕੱਲ੍ਹ ਦੀਆਂ ਪੜ੍ਹਾਈਆਂ ਨੂੰ!”

ਏਨੀ ਕੁ ਗੱਲ ਨਾਲ ਹਾਸੇ ਖੇਡੇ ਦੀਆਂ ਹੋਰ ਵੀ ਕਈ ਗੱਲਾਂ ਯਾਦ ਆ ਗਈਆਂ। ਇੱਕ ਵਾਰ ਮੈਂ ਦੱਸ ਰਿਹਾ ਸੀ, “ਇਕ ਬੁੜ੍ਹੀ ਦੇ ਵੈਣਾਂ ਵਿੱਚ ਏਨਾ ਵੈਰਾਗ ਸੀ ਕਿ ਉਹ ਬੰਦੇ ਬੁੜ੍ਹੀਆਂ ਤਾਂ ਕੀ ਕੰਧਾਂ ਕੋਠੇ ਰੁਆ ਦਿੰਦੀ ਸੀ।” ਤਦੇ ਪਿੱਛੇ ਬੈਠਾ ਇੱਕ ਮੁੰਡਾ ਜ਼ਰਦੇ ਦੀ ਚੂੰਢੀ ਲਾ ਗਿਆ। ਮੈਂ ਉਸ ਨੂੰ ਉਠਣ ਲਈ ਕਿਹਾ ਤੇ ਪੁੱਛਿਆ, “ਭਲਾ ਮੈਂ ਕੀ ਦੱਸ ਰਿਹਾ ਸੀ?” ਉਸ ਨੇ ਬੁੱਲ੍ਹਾਂ `ਤੇ ਜੀਭ ਫੇਰੀ ਤੇ ਬਣਾ ਸਵਾਰ ਕੇ ਆਖਣ ਲੱਗਾ, “ਤੁਸੀਂ ਦੱਸਦੇ ਸੀ ਬਈ ਇੱਕ ਬੁੜ੍ਹੀ ਹੁੰਦੀ ਸੀ ਜਿਹੜੀ ਕੰਧਾਂ ਕੋਠੇ ਟੱਪ ਜਾਂਦੀ ਸੀ!”

ਡਿਨਰ ਤੋਂ ਪਿੱਛੋਂ ਕੌਰੇ ਤੇ ਬਿੰਦੀ ਹੋਰਾਂ ਨੇ ਮੈਨੂੰ ਹੋਰ ਗੱਲਾਂ ਕਰਨ ਲਈ ਆਪਣੇ ਕੋਲ ਹੀ ਰੱਖ ਲਿਆ ਤੇ ਮੰਡੇਰ ਨੂੰ ਯੂਬਾ ਸਿਟੀ ਦੇ ਨਗਰ ਕੀਰਤਨ ਵਿੱਚ ਹਾਜ਼ਰੀ ਲੁਆਉਣ ਲਈ ਵਿਹਲਾ ਕਰ ਦਿੱਤਾ। ਢੁੱਡੀਕੇ ਦੇ ਕਾਲਜ ਤੇ ਲਾਗਲੇ ਪਿੰਡਾਂ ਦੀਆਂ ਗੱਲਾਂ ਮੁੱਕਣ ਵਿੱਚ ਨਹੀਂ ਸਨ ਆ ਰਹੀਆਂ। ਪੰਜਾਬ ਵਿੱਚ ਲੋਕ ਕੁੱਕੜ ਦੀ ਬਾਂਗ ਨਾਲ ਜਾਗਦੇ ਹਨ ਪਰ ਅਸੀਂ ਕੁੱਕੜ ਦੀ ਬਾਂਗ ਨਾਲ ਸੁੱਤੇ। ਦੁਪਹਿਰੇ ਉੱਠ ਕੇ ਪਰੌਂਠੇ ਲੇੜ੍ਹੇ ਤੇ ਵ੍ਹਾਈਟ ਰੌਕ ਉੱਤੇ ਸ਼ਾਮ ਬਿਤਾਉਣ ਲਈ ਚਾਲੇ ਪਾਏ। ਰਸਤੇ `ਚੋਂ ਸਾਧੂ ਤੇ ਸੁਰਿੰਦਰ ਨੂੰ ਨਾਲ ਲਿਆ ਤੇ ਸਮੁੰਦਰ ਦੇ ਕਿਨਾਰੇ ਉਤੇ ਗੇੜੇ ਦਿੱਤੇ। ਹਨ੍ਹੇਰੇ ਪਏ ਦੇਸੀ ਜੰਕਸ਼ਨ ਵੱਲ ਮੁਹਾਰਾਂ ਮੋੜੀਆਂ ਅਤੇ ਰੋਟੀ ਪਾਣੀ ਛਕ ਕੇ ਬਿੰਦੀ ਤੇ ਕੌਰਾ ਮੈਨੂੰ ਹਵਾਈ ਜਹਾਜ਼ ਚੜ੍ਹਾ ਗਏ। ਜਹਾਜ਼ ਜਦ ਟੋਰਾਂਟੋ ਪੁੱਜਾ ਤਾਂ ਸੂਰਜ ਚੜ੍ਹਨ ਵਾਲਾ ਸੀ। ਮੈਂ ਬਾਰੀ ਵਿੱਚ ਦੀ ਅਸਮਾਨ ਵੱਲ ਵੇਖਿਆ ਤਾਂ ਉਪਰ ਸੁਰਮਈ ਅੰਬਰ ਸੀ ਤੇ ਹੇਠਾਂ ਦਿਸਹੱਦਿਆਂ ਉਤੇ ਲਾਲੀ ਫੈਲੀ ਹੋਈ ਸੀ। ਮੈਂ ਘਰ ਆਇਆ ਤਾਂ ਮੇਰਾ ਕੰਪਿਊਟਰ ਮੈਨੂੰ ਉਡੀਕ ਰਿਹਾ ਸੀ।

Read 3791 times
ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਦੋ ਦਰਜਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ `ਚ ਡੇਢ ਦਰਜਨ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹੈ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ। ਉਸ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ `ਚ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ। ਉਹ 1965-66 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹਾ ਹੈ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੋ ਗਈ ਹੈ। ਉਸ ਦੇ ਦੋ ਪੁੱਤਰ ਹਨ। ਇਕ ਕੈਨੇਡਾ ਵਿਚ ਹੈ ਤੇ ਇਕ ਪੰਜਾਬ ਵਿਚ। ਉਹ ਆਪਣੀ ਪਤਨੀ ਹਰਜੀਤ ਕੌਰ ਨਾਲ ਗਰਮੀਆਂ ਕੈਨੇਡਾ ਵਿਚ ਕੱਟਦਾ ਹੈ ਤੇ ਸਿਆਲ ਦਾ ਨਿੱਘ ਪੰਜਾਬ ਵਿਚ ਮਾਣਦਾ ਹੈ।