You are here:ਮੁਖ ਪੰਨਾ»ਖੇਡਾਂ»ਖੇਡਾਂ ਦੀ ਦੁਨੀਆ - ਪ੍ਰਿੰ.ਸਰਵਣ ਸਿੰਘ»28 - ਖੇਡਾਂ ਵਿੱਚ ਸੱਟਾਂ ਤੇ ਮੌਤਾਂ

ਲੇਖ਼ਕ

Friday, 16 October 2009 14:52

28 - ਖੇਡਾਂ ਵਿੱਚ ਸੱਟਾਂ ਤੇ ਮੌਤਾਂ

Written by
Rate this item
(0 votes)

ਗੱਲ ਪੁਰਾਤਨ ਓਲੰਪਿਕ ਖੇਡਾਂ ਤੋਂ ਸ਼ੁਰੂ ਕਰਦੇ ਹਾਂ। ਇੱਕ ਦੰਦ ਕਥਾ ਅਨੁਸਾਰ ਐਲਿਸ ਦੇ ਰਾਜੇ ਓਨੋਮਸ ਨੇ ਇਹ ਸ਼ਰਤ ਰੱਖੀ ਹੋਈ ਸੀ ਕਿ ਉਹ ਆਪਣੀ ਖ਼ੂਬਸੂਰਤ ਧੀ ਹਿਪੋਡੇਮੀਆ ਦਾ ਡੋਲਾ ਉਸੇ ਰਾਜਕੁਮਾਰ ਨੂੰ ਦੇਵੇਗਾ ਜਿਹੜਾ ਰਾਜੇ ਦੇ ਰਥ ਨੂੰ ਡਾਹੀ ਨਾ ਦੇਵੇ। ਡਾਹੀ ਲੈਣ ਦੀ ਸੂਰਤ ਵਿੱਚ ਰਾਜੇ ਹੱਥੋਂ ਭੱਲੇ ਨਾਲ ਮਾਰੇ ਜਾਣ ਦੀ ਸਜ਼ਾ ਲਾਗੂ ਸੀ। ਰਾਜਕੁਮਾਰੀ ਨੂੰ ਵਰਨ ਲਈ ਵਾਰੀ ਵਾਰੀ ਰਾਜਕੁਮਾਰ ਨਿਤਰਦੇ। ਉਹ ਰਾਜਕੁਮਾਰੀ ਨੂੰ ਆਪਣੇ ਰਥ ਵਿੱਚ ਬਿਠਾ ਕੇ ਦੌੜਨ ਲੱਗਦੇ ਤਾਂ ਸ਼ਾਹੀ ਰਥ ਉਹਨਾਂ ਦਾ ਪਿੱਛਾ ਕਰਦਾ। ਸ਼ਾਹੀ ਰਥ ਦੇ ਘੋੜੇ ਵਧੇਰੇ ਤੇਜ਼ਤਰਾਰ ਹੁੰਦੇ ਜੋ ਰਾਜਕੁਮਾਰਾਂ ਦੇ ਰਥਾਂ ਨੂੰ ਜਾ ਮਿਲਦੇ। ਇੰਜ ਓਨੋਮਸ ਨੇ ਆਪਣੇ ਤੇਰਾਂ ਸੰਭਾਵਿਤ ਜੁਆਈਆਂ ਨੂੰ ਭੱਲੇ ਨਾਲ ਮਾਰਿਆ।

ਫਿਰ ਜੀਅਸ ਦੇਵਤੇ ਦੇ ਪੁੱਤਰ ਪੈਲਪੋਸ ਦੀ ਵਾਰੀ ਆਈ। ਉਸ ਨੇ ਕਿਸੇ ਰਾਹੀਂ ਸ਼ਾਹੀ ਰਥ ਦੀ ਧੁਰੀ ਢਿੱਲੀ ਕਰਵਾ ਦਿੱਤੀ। ਕਈ ਕਹਿੰਦੇ ਹਨ ਕਿ ਇਸ ਚਤਰਾਈ ਵਿੱਚ ਪੈਲਪੋਸ ਨੂੰ ਪਾਉਣ ਲਈ ਹਿਪੋਡੇਮੀਆ ਨੇ ਖ਼ੁਦ ਹਿੱਸਾ ਪਾਇਆ। ਜਦੋਂ ਪੈਲਪੋਸ ਰਾਜਕੁਮਾਰੀ ਨੂੰ ਰਥ `ਚ ਬਹਾ ਕੇ ਨੱਸਿਆ ਤਾਂ ਓਨੋਮਸ ਨੇ ਪਿੱਛਾ ਕੀਤਾ। ਓਨੋਮਸ ਦੇ ਘੋੜੇ ਪੈਲਪੋਸ ਦੇ ਰਥ ਤਕ ਪੁੱਜਣ ਹੀ ਵਾਲੇ ਸਨ ਕਿ ਸ਼ਾਹੀ ਰਥ ਦਾ ਪਹੀਆ ਨਿਕਲ ਗਿਆ ਤੇ ਰਥ ਉਲਟ ਗਿਆ। ਉਸ ਦੇ ਨਾਲ ਹੀ ਓਨੋਮਸ ਦੀ ਮੌਤ ਹੋ ਗਈ। ਇੰਜ ਪੈਲਪੋਸ ਨੂੰ ਨਾ ਸਿਰਫ਼ ਰਾਜਕੁਮਾਰੀ ਦਾ ਡੋਲਾ ਹੀ ਮਿਲਿਆ ਸਗੋਂ ਐਲਿਸ ਦਾ ਰਾਜ ਵੀ ਮਿਲ ਗਿਆ। ਰਾਜ ਭਾਗ ਮਿਲਣ ਦੀ ਖ਼ੁਸ਼ੀ ਵਿੱਚ ਕਹਿੰਦੇ ਹਨ ਕਿ ਪੈਲਪੋਸ ਨੇ ਓਲੰਪਿਕ ਖੇਡਾਂ ਕਰਾਉਣ ਦਾ ਜਸ਼ਨ ਮਨਾਇਆ।

ਮਹਾਂਕਵੀ ਹੋਮਰ ਆਪਣੇ ਮਹਾਂਕਾਵਿ ਇਲੀਆਦ ਵਿੱਚ ਲਿਖਦਾ ਹੈ ਕਿ ਓਲੰਪਿਕ ਖੇਡਾਂ ਮਹਾਨ ਜੋਧੇ ਪੈਤਰੋਕਲੱਸ ਦੇ ਮਰਨੇ ਵਜੋਂ ਮਨਾਈਆਂ ਗਈਆਂ। ਉਸ ਨੂੰ ਟਰੋਜ਼ਨ ਹੀਰੋ ਹੈਕਟਰ ਨੇ ਕੋਹ ਸੁੱਟਿਆ ਸੀ। ਇੱਕ ਹੋਰ ਦੰਦ ਕਥਾ ਅਨੁਸਾਰ ਜੀਅਸ ਦੇਵਤੇ ਦੇ ਬਲਕਾਰੀ ਪੁੱਤਰ ਹਰਕੁਲੀਸ ਨੇ ਰਾਜੇ ਔਗੀਸ ਨੂੰ ਮਾਰ ਕੇ ਉਹਦਾ ਮਾਲ ਹਿੱਕ ਲਿਆਂਦਾ ਤੇ ਜੀਅਸ ਦੀ ਭੇਟਾ ਕਰ ਕੇ ਓਲੰਪਿਕ ਖੇਡਾਂ ਸ਼ੁਰੂ ਕੀਤੀਆਂ। ਵਿਚਲੀ ਗੱਲ ਇਹ ਹੈ ਕਿ ਓਲੰਪਿਕ ਖੇਡਾਂ ਦੇ ਜਨਮ `ਚ ਹੀ ਮੌਤ ਦਾ ਬੀਜ ਬੀਜਿਆ ਗਿਆ ਸੀ।

ਪੁਰਾਤਨ ਓਲੰਪਿਕ ਖੇਡਾਂ ਵਿੱਚ ਇੱਕ ਬਹੁਤ ਹੀ ਖ਼ਤਰਨਾਕ ਖੇਡ ‘ਪੰਕਰਾਸ਼ਨ’ ਹੁੰਦੀ ਸੀ। ਇਹ ਕੁਸ਼ਤੀ ਤੇ ਮੁੱਕੇਬਾਜ਼ੀ ਦਾ ਮਿਸ਼ਰਨ ਸੀ। ਇਸ ਵਿੱਚ ਦੰਦੀ ਵੱਢਣ, ਉਂਗਲਾਂ ਤੋੜਨ ਤੇ ਅੱਖਾਂ ਕੱਢਣ ਦੀ ਹੀ ਮਨਾਹੀ ਸੀ ਬਾਕੀ ਸਭ ਕੁੱਝ ਜਾਇਜ਼ ਸੀ। ਕੋਈ ਜਿੰਨਾ ਮਰਜ਼ੀ ਕਿਸੇ ਨੂੰ ਕੁੱਟ ਮਾਰ ਕਰ ਕੇ ਲਹੂਲੁਹਾਣ ਕਰ ਸਕਦਾ ਸੀ। ਇਸ ਖੇਡ ਵਿੱਚ ਮਾਰ ਕੁੱਟ ਕਾਰਨ ਕਈਆਂ ਦੇ ਮੁਹਾਂਦਰੇ ਏਨੇ ਵਿਗੜ ਜਾਂਦੇ ਕਿ ਉਨ੍ਹਾਂ ਨੂੰ ਕਈ ਵਾਰ ਘਰ ਵਾਲੇ ਵੀ ਸਿਆਣ ਨਾ ਸਕਦੇ। ਮੁੱਕੇਬਾਜ਼ ਯੂਲੀਸਿਜ਼ ਨੂੰ ਇਕੇਰਾਂ ਘਰ ਦੇ ਬੰਦੇ ਵੀ ਸਿਆਣ ਨਹੀਂ ਸਨ ਸਕੇ। ਇਹ ਤਾਂ ਉਸ ਦਾ ਪਾਲਤੂ ਕੁੱਤਾ ਹੀ ਸੀ ਜਿਸ ਨੇ ਉਸ ਨੂੰ ਸੁੰਘ ਕੇ ਪਛਾਣਿਆ। ਮੁੱਕੇਬਾਜ ਸਟ੍ਰੈਟੋਫੋਨ ਨੂੰ ਤਾਂ ਉਹਦਾ ਕੁੱਤਾ ਵੀ ਨਹੀਂ ਸੀ ਸਿਆਣ ਸਕਿਆ।

ਮਾਰ ਧਾੜ ਦੀ ਇਸ ਖੇਡ ਵਿੱਚ ਪਹਿਲਵਾਨ ਅਰੈਸ਼ਨ ਦੀ ਜਿੱਤ ਅਦੁੱਤੀ ਸੀ। ਪੰਕਰਾਸ਼ਨ ਵਿੱਚ ਉਦੋਂ ਤਕ ਪਹਿਲਵਾਨ ਹਾਰਿਆ ਨਹੀਂ ਸੀ ਮੰਨਿਆ ਜਾਂਦਾ ਜਦੋਂ ਤਕ ਉਹ ਹੱਥ ਚੁੱਕ ਕੇ ਹਾਰ ਨਹੀਂ ਸੀ ਮੰਨਦਾ। ਅਰੈਸ਼ਨ ਆਪਣੇ ਵਿਰੋਧੀ ਨਾਲ ਅਜਿਹਾ ਗੁੱਥਮਗੁਥਾ ਹੋਇਆ ਕਿ ਦੋਵੇਂ ਜਣੇ ਮਰਨਹਾਰੇ ਹੋ ਗਏ। ਅਖ਼ੀਰ ਜਾਨ ਨਿਕਲਣ ਲੱਗੀ ਤਾਂ ਅਰੈਸ਼ਨ ਦੇ ਵਿਰੋਧੀ ਨੇ ਹੱਥ ਉਠਾ ਦਿੱਤਾ। ਜਦੋਂ ਜੇਤੂ ਅਰੈਸ਼ਨ ਨੂੰ ਉਹਦੇ ਹਮਾਇਤੀਆਂ ਨੇ ਖ਼ੁਸ਼ੀ ਵਿੱਚ ਮੋਢਿਆਂ `ਤੇ ਚੁੱਕਣਾ ਚਾਹਿਆ ਤਾਂ ਉਹ ਲਾਸ਼ ਬਣਿਆ ਹੋਇਆ ਸੀ। ਕਿਉਂਕਿ ਅਰੈਸ਼ਨ ਨੇ ਹੱਥ ਉਠਾ ਕੇ ਹਾਰ ਨਹੀਂ ਸੀ ਮੰਨੀ ਇਸ ਲਈ ਜੱਜਾਂ ਨੇ ਅਰੈਸ਼ਨ ਨੂੰ ਜੇਤੂ ਕਰਾਰ ਦਿੱਤਾ ਤੇ ਮੋਏ ਚੈਂਪੀਅਨ ਦੇ ਸਿਰ ਉਤੇ ਜੈਤੂਨ ਦੀਆਂ ਲਗਰਾਂ ਦਾ ਮੁਕਟ ਸਜਾਇਆ ਗਿਆ।

ਓਲੰਪਿਕ ਖੇਡਾਂ ਦਾ ਨਾਅ੍ਹਰਾ ਹੈ-ਸਿਟੀਅਸ, ਐਲਟੀਅਸ, ਫੋਰਟੀਅਸ। ਯੂਨਾਨੀ ਭਾਸ਼ਾ ਦੇ ਇਨ੍ਹਾਂ ਸ਼ਬਦਾਂ ਦਾ ਅਰਥ ਹੋਰ ਤੇਜ਼, ਹੋਰ ਉੱਚਾ ਤੇ ਹੋਰ ਅੱਗੇ ਹੈ। ਅੱਗੇ ਤੋਂ ਅੱਗੇ ਵਧੀ ਜਾਣ ਦਾ ਮਨੁੱਖ ਅੰਦਰ ਅਮੁੱਕ ਜਜ਼ਬਾ ਹੈ। ਇਹੋ ਕਾਰਨ ਹੈ ਕਿ ਕੁਦਰਤ ਦਾ ਇਹ ਜੀਵ ਧਰਤੀ ਤੇ ਸਾਗਰ ਗਾਹੁਣ ਪਿੱਛੋਂ ਪੁਲਾੜ ਦੀ ਹਿੱਕ ਚੀਰ ਕੇ ਅਗਾਂਹ ਲੰਘ ਜਾਣ ਦੇ ਆਹਰ ਵਿੱਚ ਲੱਗਿਆ ਹੋਇਐ।

ਖੇਡ ਮੁਕਾਬਲੇ ਬੰਦੇ ਦੇ ਅਗਾਂਹ ਲੰਘ ਜਾਣ ਦੇ ਜਜ਼ਬੇ ਨੂੰ ਭਰਪੂਰ ਹੁੰਘਾਰਾ ਦਿੰਦੇ ਹਨ। ਮਨੁੱਖ ਅੰਦਰ ਫਤਿਹ ਹਾਸਲ ਕਰਨ ਦਾ ਵੀ ਬੜਾ ਬਲਵਾਨ ਜਜ਼ਬਾ ਹੈ। ਉਹ ਅੰਦਰ ਤੇ ਬਾਹਰ ਸਭ ਕਾਸੇ ਨੂੰ ਜਿੱਤ ਲੈਣਾ ਲੋਚਦਾ ਹੈ। ਇੱਕ ਪਾਸੇ ਉਹ ਜੱਗ ਜਿੱਤਣ ਦੀ ਜੱਦੋਜਹਿਦ ਵਿੱਚ ਹੈ ਤੇ ਦੂਜੇ ਬੰਨੇ ਮਨ ਜਿੱਤਣ ਦੀ ਸਾਧਨਾ ਕਰੀ ਜਾ ਰਿਹੈ। ਇਹਦੇ ਲਈ ਉਹ ਜੋ ਨਹੀਂ ਸੋ ਕਰਨ ਨੂੰ ਤਿਆਰ ਹੈ। ਜ਼ਾਹਿਰ ਹੈ ਕਿ ਖੇਡ ਮੁਕਾਬਲਿਆਂ ਵਿੱਚ ਜਿੱਤਾਂ ਹਾਸਲ ਕਰਨ ਲਈ ਉਹ ਕਈ ਵਾਰ ਸੱਟਾਂ ਫੇਟਾਂ ਖਾਣ ਤੇ ਇਥੋਂ ਤਕ ਕਿ ਮੌਤ ਵਿਹਾਜਣੋਂ ਵੀ ਗੁਰੇਜ਼ ਨਹੀਂ ਕਰਦਾ।

ਪਿੱਛੇ ਜਿਹੇ ਬਰਾਜ਼ੀਲ ਦੇ ਕਾਰ ਚਾਲਕ ਆਇਰਨ ਸੇਨਾ ਤੇ ਮੁੱਕੇਬਾਜ਼ ਬਰੈਡਲੇ ਸਟੋਨ ਆਪੋ ਆਪਣੀਆਂ ਖੇਡਾਂ ਦੇ ਮੁਕਾਬਲੇ ਕਰਦੇ ਹੋਏ ਮਰੇ ਤਾਂ ਮੀਡੀਏ ਵਿੱਚ ਬਹਿਸ ਛਿੜ ਪਈ ਕਿ ਖ਼ਤਰਨਾਕ ਖੇਡਾਂ `ਤੇ ਪਾਬੰਦੀ ਲੱਗਣੀ ਚਾਹੀਦੀ ਹੈ। ਪਰ ਪਾਬੰਦੀ ਲੱਗੀ ਨਹੀਂ। ਲੱਗ ਵੀ ਜਾਂਦੀ ਤਾਂ ਨਾ ਉਹ ਖਿਡਾਰੀਆਂ ਨੂੰ ਪੁੱਗਣੀ ਸੀ ਤੇ ਨਾ ਦਰਸ਼ਕਾਂ ਨੂੰ ਪਚਣੀ ਸੀ। ਕਾਰਨ ਇਹ ਹੈ ਕਿ ਖੇਡ ਮੁਕਾਬਲਿਆਂ `ਚੋਂ ਜਾਂਬਾਜ਼ੀ ਯਾਨੀ ਐਡਵੈਂਚਰ ਨੂੰ ਅਸਲੋਂ ਖ਼ਾਰਜ ਨਹੀਂ ਕੀਤਾ ਜਾ ਸਕਦਾ। ਜਾਂਬਾਜ਼ਾਂ `ਚ ਜਾਂਬਾਜ਼ੀ ਵਿਖਾਉਣ ਤੇ ਦਰਸ਼ਕਾਂ `ਚ ਜਾਂਬਾਜ਼ੀ ਦੇ ਜਲਵੇ ਵੇਖਣ ਦੀ ਵੀ ਅਮੁੱਕ ਰੀਝ ਹੈ। ਜਾਂਬਾਜ਼ੀ ਬਿਨਾਂ ਜਿਊਣਾ ਥੋਥਾ ਤੇ ਫਿੱਕਾ ਲੱਗਦਾ ਹੈ।

ਸਪੇਨ `ਚ ਬੰਦੇ ਦੀ ਸਾਨ੍ਹ ਨਾਲ ਲੜਾਈ ਉਥੋਂ ਦੀ ਕੌਮੀ ਖੇਡ ਹੈ। ਇਸ ਖੇਡ ਵਿੱਚ ਬਥੇਰੇ ਬੰਦੇ ਮਰੇ ਹਨ। ਨਾ ਇਹ ਖੇਡ ਬੰਦ ਹੋਈ ਹੈ ਤੇ ਨਾ ਹੀ ਇਹਦੀ ਖਿੱਚ ਘਟੀ ਹੈ। ਪੰਜਾਬ ਵਿੱਚ ਬਾਜ਼ੀਗਰ ਸੂਲੀ ਦੀ ਛਾਲ ਲਾਉਂਦੇ ਰਹੇ ਹਨ। ਹੁਣ ਪੇਂਡੂ ਖੇਡ ਮੇਲਿਆਂ ਵਿੱਚ ਸਰੀਰ ਉਪਰੋਂ ਟ੍ਰੈਕਟਰ ਟਰਾਲੀਆਂ ਲੰਘਾਉਣਾ, ਛਾਤੀ `ਤੇ ਪੱਥਰ ਤੁੜਵਾਉਣੇ, ਅੱਗ ਦੇ ਦਾਇਰੇ `ਚੋਂ ਕੁੱਦਣਾ ਤੇ ਘੰਡੀ ਦੇ ਜ਼ੋਰ ਸਰੀਏ ਦੂਹਰੇ ਕਰਨ ਦੇ ਖ਼ਤਰਨਾਕ ਕਰਤਬ ਵਿਖਾਏ ਜਾਣ ਲੱਗੇ ਹਨ। ਮੇਲਿਆਂ ਵਿੱਚ ‘ਮੌਤ ਦੇ ਖੂਹ’ ਦੁਆਲੇ ਦਰਸ਼ਕਾਂ ਦੀ ਗਿਣਤੀ ਘੱਟ ਨਹੀਂ ਹੁੰਦੀ।

ਕਿਲਾ ਰਾਇਪੁਰ ਦੀਆਂ ਖੇਲ੍ਹਾਂ ਵਿੱਚ ਬੈਲ ਗੱਡੀਆਂ ਦੀ ਦੌੜ ਸਮੇਂ ਇੱਕ ਬਲਦ ਮਰ ਗਿਆ ਸੀ। ਕੁੱਝ ਪਲ ਮੇਲਾ ਉਦਾਸੀ `ਚ ਡੁੱਬ ਗਿਆ। ਉਸੇ ਵੇਲੇ ਸਟੇਜ ਤੋਂ ਖੇਡ ਬੁਲਾਰੇ ਦੀ ਆਵਾਜ਼ ਆਈ, “ਲੋਕੋ, ਇਹ ਬਲਦ ਨੀ ਮਰਿਆ, ਮੈਦਾਨੇ ਜੰਗ `ਚ ਲੜਦਾ ਸਿਪਾਹੀ ਸ਼ਹੀਦ ਹੋਇਐ। ਵੇਖਿਓ ਬੈਲ ਗੱਡੀਆਂ ਵਾਲਿਓ ਕਿਤੇ ਦਿਲ ਨਾ ਛੱਡ ਜਿਓ। ਇੱਕ ਜਹਾਜ਼ ਦਾ ਕਪਤਾਨ ਸਮੁੰਦਰੀ ਤੂਫ਼ਾਨ `ਚ ਮਰ ਗਿਆ ਸੀ। ਮਗਰੋਂ ਉਹਦਾ ਪੁੱਤ ਵੀ ਕਪਤਾਨ ਬਣਿਆ ਤੇ ਉਹਦੀ ਮੌਤ ਵੀ ਸਮੁੰਦਰੀ ਤੂਫ਼ਾਨ `ਚ ਹੋਈ। ਪਿੱਛੋਂ ਉਹਦਾ ਪੋਤਾ ਜਹਾਜ਼ ਦਾ ਕਪਤਾਨ ਬਣਿਆ ਤਾਂ ਇੱਕ ਬੰਦੇ ਨੇ ਆਖਿਆ, ਤੂੰ ਜਹਾਜ਼ ਨਾ ਚਲਾ, ਤੇਰਾ ਪਿਓ ਤੇ ਦਾਦਾ ਜਹਾਜ਼ `ਚ ਮਰੇ ਨੇ। ਪੋਤਾ ਪੁੱਛਣ ਲੱਗਾ, ਤੇਰਾ ਪਿਓ ਕਿਥੇ ਮਰਿਆ ਸੀ? ਜਵਾਬ ਮਿਲਿਆ, ਘਰ `ਚ। ਤੇ ਦਾਦਾ? ਜਵਾਬ ਫਿਰ ਓਹੀ ਸੀ, ਅਖੇ ਘਰ `ਚ। ਜਹਾਜ਼ੀ ਕਪਤਾਨ ਆਖਣ ਲੱਗਾ, ਫੇਰ ਤੁਸੀਂ ਘਰ ਕਿਓਂ ਨਹੀਂ ਛੱਡ ਦਿੰਦੇ? ਬਲਦ ਖੁਰਲੀ `ਤੇ ਖੜ੍ਹਾ ਵੀ ਮਰ ਸਕਦਾ ਸੀ ਪਰ ਉਹਦੀਆਂ ਗੱਲਾਂ ਕਿਸੇ ਨੇ ਨਹੀਂ ਸੀ ਕਰਨੀਆਂ ਤੇ ਨਾ ਹੀ ਉਹਦੇ ਮਾਲਕ ਦਾ ਕਿਸੇ ਨੇ ਨਾਂ ਲੈਣਾ ਸੀ। ਆਓ ਆਪਾਂ ਇਸ ਬਲਦ ਦੇ ਮਾਲਕ ਦਾ ਦੁੱਖ ਵੰਡਾਈਏ।”

ਉਸੇ ਵੇਲੇ ਮੇਲੇ `ਚੋਂ ਏਨੇ ਪੈਸੇ `ਕੱਠੇ ਹੋ ਗਏ ਜਿਨ੍ਹਾਂ ਨਾਲ ਇੱਕ ਬਲਦ ਛੱਡ ਦੋ ਖਰੀਦੇ ਜਾ ਸਕਦੇ ਸਨ। ਉਸ ਬਲਦ ਦੇ ਮਰਨ ਨਾਲ ਕਿਲਾ ਰਾਇਪੁਰ ਦੀਆਂ ਖੇਲ੍ਹਾਂ ਵਿੱਚ ਬੈਲ ਗੱਡੀਆਂ ਦੀਆਂ ਦੌੜਾਂ ਘਟੀਆਂ ਨਹੀਂ ਸਗੋਂ ਹੋਰ ਵਧੀਆਂ ਹਨ। ‘ਅਖਾੜੇ ਦਾ ਸ਼ਹੀਦ’ ਕਿਹਾ ਜਾਣ ਵਾਲਾ ਜਰਨੈਲ ਸਿੰਘ ਕਰਾਸ ਕੰਟਰੀ ਲਾਉਂਦਿਆਂ ਵਿਤੋਂ ਬਹੁਤਾ ਜ਼ੋਰ ਲਾਉਣ ਕਾਰਨ ਪਰਲੋਕ ਸਿਧਾਰ ਗਿਆ ਸੀ ਪਰ ਉਸ ਤੋਂ ਬਾਅਦ ਕਰਾਸ ਕੰਟਰੀਆਂ ਲੱਗਣੀਆਂ ਬੰਦ ਨਹੀਂ ਹੋਈਆਂ।

ਇਸ ਧਰਤੀ ਦੇ ਜਲ ਥਲ, ਬਰਫ਼ਾਂ ਤੇ ਹਵਾ ਮੰਡਲ ਵਿੱਚ ਸੈਂਕੜੇ ਹਜ਼ਾਰਾਂ ਖੇਡਾਂ ਖੇਡੀਆਂ ਜਾ ਰਹੀਆਂ ਹਨ। ਕਈ ਖੇਡਾਂ ਘੱਟ ਖ਼ਤਰਨਾਕ ਹਨ ਤੇ ਕਈ ਵੱਧ ਖ਼ਤਰਨਾਕ। ਜਿਨ੍ਹਾਂ ਖੇਡਾਂ ਵਿੱਚ ਵਧੇਰੇ ਐਕਸ਼ਨ, ਕਲਾਬਾਜ਼ੀਆਂ, ਝਕਾਨੀਆਂ ਅਥਵਾ ਜ਼ੋਰਦਾਰ ਟੱਕਰਾਂ ਹਨ ਉਨ੍ਹਾਂ ਦੀ ਓਨੀ ਹੀ ਵੱਧ ਖਿੱਚ ਹੈ ਤੇ ਉਹ ਓਨੀਆਂ ਹੀ ਵੱਧ ਖ਼ਤਰਨਾਕ ਵੀ ਹਨ। ਇਹ ਵੇਖਿਆ ਗਿਐ ਕਿ ਜਾਂਬਾਜ਼ ਖੇਡਾਂ ਦੀਆਂ ਟਿਕਟਾਂ ਮਹਿੰਗੀਆਂ ਹੁੰਦੀਆਂ ਹਨ ਤੇ ਇਨਾਮ ਵੀ ਵਧੇਰੇ ਦਿਲਕਸ਼ ਹੁੰਦੇ ਹਨ।

ਮੁੱਕੇਬਾਜ਼ੀ ਦੀ ਖ਼ਤਰਨਾਕ ਖੇਡ ਵਿੱਚ ਕਰੋੜਾਂ ਅਰਬਾਂ ਦਾ ਵਣਜ ਹੋ ਰਿਹੈ। ਵਿਸ਼ਵਜੇਤੂ ਮੁੱਕੇਬਾਜ਼ ਦਾ ਇੱਕ ਇਕ ਘਸੁੰਨ ਲੱਖ ਲੱਖ `ਚ ਪੈਣ ਲੱਗ ਪਿਐ। ਪਿੱਛੇ ਜਿਹੇ ਮਾਈਕ ਟਾਈਸਨ ਦਾ ਭੇੜ ਪੰਜਾਹ ਕਰੋੜ ਰੁਪਏ ਦੀ ਪੇਸ਼ਕਸ਼ ਨਾਲ ਕਰਾਇਆ ਗਿਆ ਸੀ। ਮੁੱਕੇਬਾਜ਼ੀ ਉਤੇ ਪਾਬੰਦੀ ਲਾਉਣ ਦੀਆਂ ਗੱਲਾਂ ਕਈ ਵਾਰ ਚੱਲੀਆਂ ਹਨ। ਇਸ ਦੀ ਕੌਮਾਂਤਰੀ ਸੰਸਥਾ ਦੇ ਡੇਢ ਸੌ ਤੋਂ ਵੱਧ ਮੁਲਕ ਮੈਂਬਰ ਹਨ। ਅਜੇ ਤਕ ਆਈਸਲੈਂਡ ਵਿੱਚ ਹੀ ਮੁੱਕੇਬਾਜ਼ੀ `ਤੇ ਮੁਕੰਮਲ ਪਾਬੰਦੀ ਲੱਗੀ ਹੈ ਜਦ ਕਿ ਸਵੀਡਨ ਤੇ ਨਾਰਵੇ ਨੇ ਅੰਸ਼ਕ ਪਾਬੰਦੀ ਲਾਈ ਹੈ। ਅੰਕੜੇ ਦੱਸਦੇ ਹਨ ਕਿ ਸੱਟ-ਫੇਟਾਂ ਤੇ ਮੌਤਾਂ ਦੇ ਲਿਹਾਜ਼ ਨਾਲ ਬਰਫ਼ਾਨੀ ਹਾਕੀ, ਅਮਰੀਕਨ ਸੌਕਰ, ਰਗਬੀ, ਘੋੜਸਵਾਰੀ ਤੇ ਆਟੋ ਦੌੜਾਂ ਮੁੱਕੇਬਾਜ਼ੀ ਤੋਂ ਵੀ ਵਧੇਰੇ ਜਾਨਲੇਵਾ ਖੇਡਾਂ ਹਨ। ਪੰਜਾਬ ਦੀ ਦੇਸੀ ਖੇਡ ਕਬੱਡੀ ਵੀ ਸੱਟ-ਫੇਟਾਂ ਵੱਲੋਂ ਕਾਫੀ ਰਿਸਕੀ ਖੇਡ ਹੈ। ਅਨੇਕਾਂ ਖਿਡਾਰੀਆਂ ਦੀਆਂ ਲੱਤਾਂ ਬਾਹਾਂ ਟੁੱਟੀਆਂ ਹਨ। ਕਿਸੇ ਦੀ ਰੀੜ੍ਹ ਦੀ ਹੱਡੀ ਤੇ ਕਿਸੇ ਦਾ ਧੌਣ ਦਾ ਮਣਕਾ ਟੁੱਟਣ ਦੀ ਖ਼ਬਰ ਵੀ ਆ ਜਾਂਦੀ ਹੈ। ਨਸ਼ੇ ਵਾਲੀਆਂ ਵਰਜਿਤ ਡਰੱਗਾਂ ਦੇ ਸੇਵਨ ਨਾਲ ਹੁੰਦੇ ਸਰੀਰਕ ਨੁਕਸਾਨ ਵੱਖਰੇ ਹਨ।

ਮੈਰਾਥਨ ਦੌੜ ਤਾਂ ਸ਼ੁਰੂ ਹੀ ਇੱਕ ਸ਼ਹੀਦ ਦੌੜਾਕ ਦੀ ਯਾਦ ਵਿੱਚ ਕੀਤੀ ਗਈ ਸੀ। ਏਥਨਜ਼ ਦਾ ਫਿਡੀਪੀਡੀਸ ਪਹਾੜੀ ਪਿੰਡ ਮੈਰਾਥਨ ਤੋਂ ਆਪਣੀ ਫੌਜ ਦੀ ਜਿੱਤ ਦਾ ਸਮਾਚਾਰ ਆਪਣੇ ਨਗਰ ਨਿਵਾਸੀਆਂ ਨੂੰ ਦੇਣ ਲਈ ਲਗਾਤਾਰ ਦੌੜਦਾ ਆਇਆ। ਪਥਰੀਲੇ ਰਾਹਾਂ ਉਤੇ ਦੌੜਦਿਆਂ ਉਹਦੇ ਪੈਰ ਛਿੱਲੇ ਗਏ ਤੇ ਲਹੂ ਦੇ ਨਿਸ਼ਾਨ ਪੱਥਰਾਂ ਉਤੇ ਲੱਗਦੇ ਗਏ। ਪਰ ਉਹ ਲਹੂਲੁਹਾਣ ਹੋਇਆ ਵੀ ਦੌੜਦਾ ਰਿਹਾ। ਏਥਨਜ਼ ਦੀਆਂ ਬਰੂਹਾਂ `ਚ ਆ ਕੇ ਉਹ ਏਨਾ ਹੀ ਕਹਿ ਸਕਿਆ, “ਖ਼ੁਸ਼ੀਆਂ ਮਨਾਓ! ਆਪਾਂ ਜਿੱਤ ਗਏ ਆਂ! !” ਏਨਾ ਕਹਿੰਦਿਆਂ ਉਹ ਡਿੱਗ ਪਿਆ ਤੇ ਪਰਲੋਕ ਸਿਧਾਰ ਗਿਆ। 1896 ਦੀਆਂ ਪਹਿਲੀਆਂ ਓਲੰਪਿਕ ਖੇਡਾਂ ਸਮੇਂ ਫਿਡੀਪੀਡੀਸ ਦੀ ਯਾਦ ਵਿੱਚ ਮੈਰਾਥਨ ਦੌੜ ਸ਼ੁਰੂ ਕੀਤੀ ਗਈ।

ਖੇਡ ਖੇਤਰ ਦੀਆਂ ਸੱਟ-ਫੇਟਾਂ ਤੇ ਮੌਤਾਂ ਗਿਣਨ ਲੱਗੀਏ ਤਾਂ ਸੂਚੀ ਬਹੁਤ ਲੰਮੀ ਹੋ ਜਾਵੇਗੀ। ਫੌਜੀ, ਸਿਪਾਹੀ, ਅੱਗ ਬੁਝਾਉਣ ਵਾਲੇ ਤੇ ਕਮਾਂਡੋ ਬਥੇਰੇ ਘਾਇਲ ਹੁੰਦੇ ਤੇ ਮਰਦੇ ਵੀ ਹਨ ਪਰ ਉਨ੍ਹਾਂ ਦੀਆਂ ਭਰਤੀਆਂ ਕਦੇ ਬੰਦ ਨਹੀਂ ਹੋਈਆਂ। ਇਨ੍ਹਾਂ ਉਤੇ ਪਾਬੰਦੀ ਲਾਉਣ ਬਾਰੇ ਕਦੇ ਕਿਸੇ ਨੇ ਨਹੀਂ ਸੋਚਿਆ। ਆਵਾਜਾਈ `ਚ ਕਿੰਨੇ ਹਾਦਸੇ ਹੁੰਦੇ ਹਨ ਪਰ ਆਵਾਜਾਈ ਬੰਦ ਨਹੀਂ ਕੀਤੀ ਜਾ ਸਕਦੀ। ਹਾਂ, ਹਾਦਸੇ ਘਟਾਉਣ ਦੇ ਉਪਾਅ ਕੀਤੇ ਜਾ ਸਕਦੇ ਹਨ ਜੋ ਕੀਤੇ ਵੀ ਜਾਂਦੇ ਹਨ। ਇੰਜ ਹੀ ਕਿਸੇ ਖੇਡ ਉਤੇ ਪਾਬੰਦੀ ਲਾਉਣ ਦੀ ਥਾਂ ਉਸ ਖੇਡ ਵਿੱਚ ਲੱਗਣ ਵਾਲੀਆਂ ਸੱਟਾਂ ਤੇ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਦੇ ਉਪਾਅ ਕੀਤੇ ਜਾਣੇ ਚਾਹੀਦੇ ਹਨ।

ਜਦੋਂ ਕਿਸੇ ਖੇਡ ਵਿੱਚ ਕਿਸੇ ਦੇ ਸੱਟ ਲੱਗਦੀ ਹੈ ਜਾਂ ਮ੍ਰਿਤੂ ਹੋ ਜਾਂਦੀ ਹੈ ਤਾਂ ਉਸ ਖੇਡ ਉਤੇ ਪਾਬੰਦੀ ਲਾਉਣ ਦਾ ਰੌਲਾ ਪਾਉਣ ਦੀ ਥਾਂ ਸੱਟ-ਫੇਟ ਤੇ ਮੌਤ ਦੇ ਕਾਰਨ ਲੱਭੇ ਜਾਣੇ ਚਾਹੀਦੇ ਹਨ। ਖੇਡ ਨੂੰ ਘੱਟ ਖ਼ਤਰਨਾਕ ਬਣਾਇਆ ਜਾਣਾ ਚਾਹੀਦੈ। ਮਸਲਨ ਮੁੱਕੇਬਾਜ਼ੀ ਵਿੱਚ ਸਿਰ ਉਤੇ ਹੋਰ ਸੁਰੱਖਿਅਤ ਟੋਪ ਪਹਿਨਾਇਆ ਜਾ ਸਕਦੈ ਅਤੇ ਗਲੱਵਜ਼ ਹੋਰ ਨਰਮ ਕੀਤੇ ਜਾ ਸਕਦੇ ਹਨ। ਕ੍ਰਿਕਟ ਦੇ ਬੱਲੇਬਾਜ਼ ਤੇਜ਼ ਗੇਂਦਾਂ ਤੋਂ ਬਚਣ ਲਈ ਸੁਰੱਖਿਅਤ ਪੈਡ ਵਰਤਣ ਲੱਗੇ ਹਨ ਤੇ ਖੇਡ ਨਿਯਮਾਂ ਰਾਹੀਂ ਬਾਊਂਸਰ ਘਟਾ ਦਿੱਤੇ ਗਏ ਹਨ। ਹਾਕੀ ਦੇ ਗੋਲਕੀਪਰ ਨੂੰ ਢਾਲ ਵਰਗੀ ਪੁਸ਼ਾਕ ਪਹਿਨਾ ਕੇ ਤੇ ਪੈਨਲਟੀ ਕਾਰਨਰ ਦੀ ਉਠਵੀਂ ਹਿੱਟ ਫਾਊਲ ਕਰਾਰ ਦੇ ਕੇ ਖੇਡ ਕਾਫੀ ਸੁਰੱਖਿਅਤ ਕਰ ਲਈ ਗਈ ਹੈ। ਉੱਚੀਆਂ ਛਾਲਾਂ ਲਾਉਣ ਤੇ ਪੋਲ ਵਾਲਟ ਕਰਨ ਵਾਲਿਆਂ ਲਈ ਪੋਲੇ ਗੱਦੇ ਵਿਛਾ ਦਿੱਤੇ ਗਏ ਹਨ। ਮੋਟਰ ਸਾਈਕਲ, ਕਾਰ ਦੌੜਾਂ ਤੇ ਘੋੜਸਵਾਰੀ ਨੂੰ ਹੋਰ ਵੀ ਹਿਫ਼ਾਜ਼ਤੀ ਬਣਾਇਆ ਜਾਣਾ ਚਾਹੀਦਾ ਹੈ ਤਾਂ ਜੋ ਘੱਟ ਤੋਂ ਘੱਟ ਹਾਦਸੇ ਹੋਣ ਤੇ ਸੱਟਾਂ ਤੋਂ ਬਚਾਅ ਰਹੇ।

ਕਬੱਡੀ ਦੀ ਖੇਡ ਨੂੰ ਵੀ ਵਧੇਰੇ ਸੁਰੱਖਿਅਤ ਰੱਖਣ ਲਈ ਨਵੇਂ ਨਿਯਮ ਬਣਾਏ ਜਾਣੇ ਚਾਹੀਦੇ ਹਨ ਤੇ ਫਾਊਲ ਖੇਡਣ ਵਾਲਿਆਂ ਨੂੰ ਹਰੇ, ਪੀਲੇ ਤੇ ਲਾਲ ਕਾਰਡ ਵਿਖਾਏ ਜਾਣੇ ਤੇ ਜੁਰਮਾਨੇ ਕਰਨੇ ਚਾਹੀਦੇ ਹਨ। ਖਿਡਾਰੀਆਂ ਨੂੰ ਕੁਛ ਸੇਫਗਾਰਡ ਪਹਿਨਣ ਦੀ ਵੀ ਖੁੱਲ੍ਹ ਦਿੱਤੀ ਜਾਣੀ ਚਾਹੀਦੀ ਹੈ। ਕਬੱਡੀ ਦਾ ਸਭ ਤੋਂ ਵੱਧ ਦੁਖਦਾਈ ਪਹਿਲੂ ਇਹ ਹੈ ਕਿ ਬਣਾਏ ਹੋਏ ਨਿਯਮਾਂ `ਤੇ ਵੀ ਪੂਰਾ ਪਹਿਰਾ ਨਹੀਂ ਦਿੱਤਾ ਜਾ ਰਿਹੈ। ਇਥੋਂ ਤਕ ਕਿ ਕਬੱਡੀ ਦੇ ਅੰਪਾਇਰ ਨੂੰ ਹੋਰਨਾਂ ਖੇਡਾਂ ਵਾਂਗ ਸਹੀ ਅੰਪਾਇਰ ਹੀ ਨਹੀਂ ਮੰਨਿਆ ਜਾ ਰਿਹੈ।

ਅੱਖਾਂ ਸਾਹਮਣੇ ਸੱਟਾਂ ਵੱਜਦੀਆਂ ਤੇ ਖ਼ੂਨ ਵਹਿੰਦਾ ਵੇਖਣਾ ਸੱਭਿਆ ਲੋਕਾਂ ਲਈ ਲਾਹਨਤ ਹੈ। ਬੰਦਾ ਮਰ ਰਿਹਾ ਹੋਵੇ ਤੇ ਦਰਸ਼ਕ ਤਾੜੀਆਂ ਮਾਰਦੇ ਹੋਣ ਜਹਾਲਤ ਤੇ ਜੰਗਲੀਪੁਣਾ ਹੈ। ਇਸ ਨੂੰ ਰੋਕਿਆ ਜਾਣਾ ਚਾਹੀਦਾ ਹੈ ਪਰ ਇਹ ਕਿਸੇ ਖੇਡ ਉਤੇ ਮੁਕੰਮਲ ਪਾਬੰਦੀ ਲਾ ਕੇ ਨਹੀਂ ਰੋਕਿਆ ਜਾ ਸਕਦੈ। ਸਿਰਫ਼ ਖੇਡ ਨਿਯਮਾਂ ਵਿੱਚ ਹੋਰ ਸੁਧਾਰ ਕਰ ਕੇ ਤੇ ਹਿਫ਼ਾਜ਼ਤੀ ਖੇਡ ਸਾਮਾਨ ਵਰਤ ਕੇ ਹੀ ਰੋਕਿਆ ਜਾ ਸਕਦੈ। ਨਾਲੇ ਜੀਵਨ ਦੀ ਅਟੱਲ ਸੱਚਾਈ ਤੋਂ ਵੀ ਅੱਖਾਂ ਨਹੀਂ ਮੀਟੀਆਂ ਜਾ ਸਕਦੀਆਂ। ਮੌਤ ਨੂੰ ਪਿੱਛੇ ਪਾਇਆ ਜਾ ਸਕਦੈ, ਮੌਤ ਨੂੰ ਝਕਾਨੀ ਦਿੱਤੀ ਜਾ ਸਕਦੀ ਐ ਪਰ ਮੌਤ ਤੋਂ ਬਚਿਆ ਨਹੀਂ ਜਾ ਸਕਦਾ। ਇਸ ਲਈ ਸੱਟਾਂ, ਫੇਟਾਂ ਤੇ ਮੌਤ ਤੋਂ ਏਨਾ ਵੀ ਨਾ ਡਰਿਆ ਜਾਵੇ ਕਿ ਖੇਡ ਵਿੱਚ ਕੋਈ ਜੁਝਾਰੂਪਣ ਹੀ ਨਾ ਰਹੇ।

Read 3292 times
ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਦੋ ਦਰਜਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ `ਚ ਡੇਢ ਦਰਜਨ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹੈ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ। ਉਸ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ `ਚ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ। ਉਹ 1965-66 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹਾ ਹੈ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੋ ਗਈ ਹੈ। ਉਸ ਦੇ ਦੋ ਪੁੱਤਰ ਹਨ। ਇਕ ਕੈਨੇਡਾ ਵਿਚ ਹੈ ਤੇ ਇਕ ਪੰਜਾਬ ਵਿਚ। ਉਹ ਆਪਣੀ ਪਤਨੀ ਹਰਜੀਤ ਕੌਰ ਨਾਲ ਗਰਮੀਆਂ ਕੈਨੇਡਾ ਵਿਚ ਕੱਟਦਾ ਹੈ ਤੇ ਸਿਆਲ ਦਾ ਨਿੱਘ ਪੰਜਾਬ ਵਿਚ ਮਾਣਦਾ ਹੈ।