You are here:ਮੁਖ ਪੰਨਾ»ਖੇਡਾਂ»ਖੇਡਾਂ ਦੀ ਦੁਨੀਆ - ਪ੍ਰਿੰ.ਸਰਵਣ ਸਿੰਘ»27 - ਸੁਖਸਾਗਰ ਕਬੱਡੀ ਟੂਰਨਾਮੈਂਟ

ਲੇਖ਼ਕ

Friday, 16 October 2009 14:49

27 - ਸੁਖਸਾਗਰ ਕਬੱਡੀ ਟੂਰਨਾਮੈਂਟ

Written by
Rate this item
(0 votes)

ਨਿਊ ਵੈੱਸਟਮਿਨਸਟਰ ਦਾ ਸੁਖਸਾਗਰ ਟੂਰਨਾਮੈਂਟ ਆਪਣੇ ਨਾਂ ਜਿੰਨਾ ਹੀ ਸੁਖਮਈ ਤੇ ਸ਼ਾਂਤਮਈ ਰਿਹਾ। ਵੈਨਕੂਵਰ ਵੱਲ ਵੈਸੇ ਪੁਲੀਸ ਤੇ ਸਕਿਉਰਿਟੀ ਤੋਂ ਬਿਨਾਂ ਕਬੱਡੀ ਟੂਰਨਾਮੈਂਟ ਨੇਪਰੇ ਨਹੀਂ ਚੜ੍ਹਦੇ। ਤਰਾਰੇ `ਚ ਆਏ ਬੰਦਿਆਂ ਦੇ ਗੇਅਰ `ਚੋਂ ਨਿਕਲ ਜਾਣ ਦਾ ਡਰ ਹੁੰਦੈ। ਚੰਗੇ ਭਲੇ ਖੇਡ ਮੇਲੇ `ਚ ਬਦਮਗਜ਼ੀ ਹੋ ਜਾਂਦੀ ਹੈ। ਕਲੱਬਾਂ ਦੇ ਤੱਤੇ ਹਮਾਇਤੀ ਆਪੋ ਆਪਣੇ ਖਿਡਾਰੀਆਂ ਦੀ ਹਮਾਇਤ ਵਿੱਚ ਠਹਿਕ ਪੈਂਦੇ ਹਨ। ਖਿਡਾਰੀਆਂ ਉਤੇ ਚੋਖਾ ਪੈਸਾ ਲੱਗਿਆ ਹੁੰਦੈ ਜੋ ਪੁਆੜੇ ਦੀ ਜੜ੍ਹ ਬਣ ਜਾਂਦੈ। ਖੇਡ ਪ੍ਰਬੰਧਕਾਂ ਦੇ ਵੀ ਵੱਸੋਂ ਬਾਹਰੀ ਗੱਲ ਹੋ ਜਾਂਦੀ ਹੈ। ਬਚਾਅ ਰੱਖਣ ਲਈ ਕੁੱਝ ਸਾਲਾਂ ਤੋਂ ਸਕਿਉਰਿਟੀ ਗਾਰਡ ਕਬੱਡੀ ਟੂਰਨਾਮੈਂਟਾਂ ਦਾ ਅੰਗ ਹੀ ਬਣ ਗਏ ਹਨ।

ਪਰ ਖਾਲਸਾ ਦੀਵਾਨ ਸੁਸਾਇਟੀ ਦੇ ਗੁਰਦਵਾਰਾ ਸੁਖਸਾਗਰ ਦਾ ਸੁਖਸਾਗਰ ਕਬੱਡੀ ਟੂਰਨਾਮੈਂਟ ਅਜਿਹੀ ਨੌਬਤ ਤੋਂ ਬਚਿਆ ਰਿਹਾ। ਉਸ ਨੂੰ ਨਾ ਸਕਿਉਰਿਟੀ ਸੱਦਣੀ ਪਈ, ਨਾ ਖਰੀਦੇ ਹੋਏ ਬਾਹਰਲੇ ਖਿਡਾਰੀ ਖਿਡਾਉਣੇ ਪਏ ਤੇ ਨਾ ਕੋਈ ਰੌਲਾ ਗੌਲਾ ਪਿਆ। ਗੁਰੂਘਰ ਦਾ ਟੂਰਨਾਮੈਂਟ ਹੋਣ ਕਾਰਨ ਖਾਣ ਪੀਣ ਵਾਲੇ ਵੀ ਜ਼ਾਬਤੇ ਵਿੱਚ ਰਹੇ। ਹੋਰਨਾਂ ਟੂਰਨਾਮੈਂਟਾਂ ਦਾ ਬਜਟ ਲੱਖ ਡਾਲਰ ਤੋਂ ਉਤੇ ਹੁੰਦੈ ਪਰ ਉਨ੍ਹਾਂ ਨੇ ਵੀਹ ਪੱਚੀ ਹਜ਼ਾਰ ਵਿੱਚ ਹੀ ਖੇਡ ਮੇਲਾ ਕਰਾ ਲਿਆ।

ਇਸ ਦਾ ਮੁੱਖ ਕਾਰਨ ਇਹੋ ਹੈ ਕਿ ਉਨ੍ਹਾਂ ਨੂੰ ‘ਬਾਹਰਲੇ’ ਖਿਡਾਰੀ ਨਹੀਂ ਮੰਗਾਉਣੇ ਪਏ। ਉਨ੍ਹਾਂ ਨੇ ਸਥਾਨਕ ਖਿਡਾਰੀਆਂ ਨੂੰ ਖੇਡਣ ਦਾ ਮੌਕਾ ਦਿੱਤਾ ਤੇ ਕੈਨੇਡੀਅਨ ਖਿਡਾਰੀਆਂ ਦੇ ਖੇਡ ਮੁਕਾਬਲੇ ਕਰਵਾਏ। ਉਨ੍ਹਾਂ ਨੇ ਆਪਣੇ ਇਸ਼ਤਿਹਾਰ ਵਿੱਚ ਵੀ ਇਹੋ ਪਰਚਾਰਿਆ ਕਿ ਉਨ੍ਹਾਂ ਦਾ ਟੂਰਨਾਮੈਂਟ ਇੰਡੋ-ਕਨੇਡੀਅਨ ਖਿਡਾਰੀਆਂ ਨੂੰ ਸਮਰਪਿਤ ਹੈ। ਇਹ ਉਨ੍ਹਾਂ ਦਾ ਪਹਿਲਾ ਉਪਰਾਲਾ ਸੀ ਜੋ ਸਫਲ ਰਿਹਾ। ਉਮੀਦ ਹੈ ਇਸ ਟੂਰਨਾਮੈਂਟ ਦੀ ਰੀਸ ਅੱਗੇ ਤੁਰੇਗੀ ਤੇ ਹੋਰ ਅਦਾਰੇ ਵੀ ਇੰਡੋ-ਕੈਨੇਡੀਅਨ ਖਿਡਾਰੀਆਂ ਨੂੰ ਆਪਣੇ ਖੇਡ ਮੇਲਿਆਂ ਵਿੱਚ ਭਾਗ ਲੈਣ ਦੇ ਵਧੇਰੇ ਮੌਕੇ ਮੁਹੱਈਆ ਕਰਨਗੇ।

ਕੈਨੇਡਾ ਵਿੱਚ ਪੰਜਾਬੀਆਂ ਦੀ ਵਸੋਂ ਲੱਖਾਂ ਦੀ ਗਿਣਤੀ ਵਿੱਚ ਹੋ ਚੁੱਕੀ ਹੈ। ਨਗਰ ਕੀਰਤਨ ਤੇ ਪੰਜਾਬੀ ਮੇਲਿਆਂ ਉਤੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਪਹੁੰਚਦੇ ਹਨ। ਲੱਖਾਂ ਲੋਕਾਂ ਵਿਚੋਂ ਵੱਖ ਵੱਖ ਖੇਡਾਂ ਦੇ ਸੈਂਕੜੇ ਖਿਡਾਰੀ ਤਿਆਰ ਕਰਨੇ ਕੋਈ ਮੁਸ਼ਕਲ ਕਾਰਜ ਨਹੀਂ। ਕਬੱਡੀ ਕੈਨੇਡਾ ਵਿੱਚ ਤੀਹ ਪੈਂਤੀ ਸਾਲਾਂ ਤੋਂ ਖੇਡੀ ਜਾ ਰਹੀ ਹੈ ਤੇ ਨਿਰੋਲ ਕੈਨੇਡੀਅਨ ਖਿਡਾਰੀਆਂ ਦੀਆਂ ਕਬੱਡੀ ਟੀਮਾਂ ਵਿਦੇਸ਼ਾਂ ਵਿੱਚ ਜਾ ਕੇ ਖੇਡਦੀਆਂ ਰਹੀਆਂ ਹਨ। ਫਿਰ ਕੀ ਕਾਰਨ ਹੈ ਕਿ ਕੈਨੇਡਾ ਦੇ ਕਬੱਡੀ ਕਲੱਬਾਂ ਦਾ ਹੁਣ ਬਾਹਰਲੇ ਖਿਡਾਰੀ ਪਾਏ ਬਿਨਾਂ ਕਿਉਂ ਨਹੀਂ ਸਰਦਾ? ਚਾਹੀਦਾ ਤਾਂ ਇਹ ਹੈ ਕਿ ਬਾਹਰਲੇ ਖਿਡਾਰੀ ਆਪਣੀਆਂ ਟੀਮਾਂ ਬਣਾ ਕੇ ਆਉਣ ਤੇ ਕੈਨੇਡੀਅਨ ਕਲੱਬਾਂ ਦੀਆਂ ਟੀਮਾਂ ਦਾ ਮੁਕਾਬਲਾ ਕਰਨ। ਪਤਾ ਲੱਗੇ ਪਈ ਕੈਨੇਡਾ ਦੇ ਕਲੱਬਾਂ ਦੀਆਂ ਟੀਮਾਂ ਤਕੜੀਆਂ ਹਨ ਜਾਂ ਪੰਜਾਬ ਦੇ ਕਲੱਬਾਂ ਦੀਆਂ?

ਹੁਣ ਤਾਂ ਹਾਲਤ ਇਹ ਹੈ ਕਿ ਕੈਨੇਡੀਅਨ ਖਿਡਾਰੀਆਂ ਨੂੰ ਖੇਡਣ ਦੇ ਮੌਕੇ ਹੀ ਨਹੀਂ ਦਿੱਤੇ ਜਾ ਰਹੇ ਤੇ ਬਾਹਰਲੇ ਖਿਡਾਰੀ ਖਰੀਦ ਕੇ ਕਬੱਡੀ ਟੂਰਨਾਮੈਂਟ ਕਰਾ ਲਏ ਜਾਂਦੇ ਹਨ। ਪਰ ਢੰਡੋਰਾ ਫੇਰਿਆ ਜਾ ਰਿਹੈ ਕਿ ਕੈਨੇਡਾ ਵਿੱਚ ਕਬੱਡੀ ਪ੍ਰਮੋਟ ਜਾ ਰਹੀ ਹੈ! ਜੇ ਕੈਨੇਡਾ ਦੇ ਲੱਖਾਂ ਪੰਜਾਬੀਆਂ `ਚੋਂ ਕਬੱਡੀ ਦੀਆਂ ਆਪਣੀਆਂ ਟੀਮਾਂ ਨਹੀਂ ਤਿਆਰ ਜਾ ਸਕਦੀਆਂ ਤਾਂ ਕੈਨੇਡਾ `ਚ ਕਬੱਡੀ ਦਾ ਕਾਹਦਾ ਵਿਕਾਸ ਹੈ? ਪੰਜਾਬ ਤੋਂ ਖਿਡਾਰੀ ਮੰਗਵਾ ਕੇ ਤਾਂ ਉਹ ਮੁਲਕ ਵੀ ਕਬੱਡੀ ਦੇ ਟੂਰਨਾਮੈਂਟ ਕਰਵਾ ਸਕਦੇ ਨੇ ਜਿਥੇ ਪੰਜਾਬੀਆਂ ਦੀ ਵਸੋਂ ਕੁੱਝ ਹਜ਼ਾਰਾਂ ਵਿੱਚ ਹੀ ਹੋਵੇ। ਜਿਥੇ ਪੰਜਾਬੀਆਂ ਦੇ ਬੱਚੇ ਤੇ ਨੌਜੁਆਨ ਹੋਣ ਹੀ ਨਾ। ਕੈਨੇਡਾ ਦੇ ਲੱਖਾਂ ਪੰਜਾਬੀ ਜੇ ਅਜੇ ਵੀ ਆਪਣੇ ਗਭਰੂ ਪੁੱਤਾਂ ਨੂੰ ਕਬੱਡੀ ਖੇਡਣ ਜੋਗੇ ਨਹੀਂ ਕਰ ਸਕੇ ਤਾਂ ਭੁੱਲ ਜਾਣ ਕਿ ਕੈਨੇਡਾ ਵਿੱਚ ਕਬੱਡੀ ਦਾ ਕੋਈ ਭਵਿੱਖ ਹੋਵੇਗਾ। ਫਿਰ ਤਾਂ ਕਬੱਡੀ ਦੇ ਸਰਕਸੀ ਸ਼ੋਅ ਹੀ ਹੋਣਗੇ ਜਿਵੇਂ ਹੁਣ ਵੀ ਕਈ ਥਾਂਈਂ ਹੋ ਰਹੇ ਹਨ। ਫਿਰ ਤਾਂ ਕਬੱਡੀ ਫੈਡਰੇਸ਼ਨ ਜਾਂ ਐਸੋਸੀਏਸ਼ਨ ਵੀ ਸਰਕਸੀ ਕੰਪਨੀਆਂ ਵਰਗੀ ਕੰਪਨੀ ਹੀ ਹੋਈ! ਫਿਰ ਕਬੱਡੀ ਟੂਰਨਾਮੈਂਟਾਂ ਤੇ ਬਾਹਰੋਂ ਸੱਦੇ ਗਾਇਕਾਂ ਦੇ ਗਾਉਣ ਮੇਲਿਆਂ `ਚ ਕੀ ਫਰਕ ਰਹਿ ਗਿਆ?

ਜਦ ਮੈਂ ਮਈ `ਚ ਖਾਲਸਾ ਦੀਵਾਨ ਸੁਸਾਇਟੀ ਦੇ ਰੌਸ ਸਟਰੀਟ ਗੁਰੂਘਰ ਦੇ ਖੇਡ ਮੇਲੇ `ਤੇ ਗਿਆ ਸਾਂ ਤਾਂ ਇਹ ਵੇਖ ਕੇ ਬਹੁਤ ਖ਼ੁਸ਼ ਹੋਇਆ ਸਾਂ ਕਿ ਇੰਡੋ-ਕੈਨੇਡੀਅਨ ਬੱਚਿਆਂ ਤੇ ਨੌਜੁਆਨਾਂ ਦੀਆਂ ਢਾਈ ਸੌ ਟੀਮਾਂ ਸੌਕਰ ਖੇਡ ਰਹੀਆਂ ਸਨ। ਉਦੋਂ ਹੀ ਮੈਨੂੰ ਸੁਖਸਾਗਰ ਗੁਰੂਘਰ ਦੇ ਸਰਗਰਮ ਸੱਜਣ ਸੋਢੀ ਸਿੰਘ ਸੋਢੀ ਮਿਲੇ ਤੇ ਕਹਿਣ ਲੱਗੇ, “ਅਸੀਂ ਸੁਖਸਾਗਰ ਗੁਰੂਘਰ ਵੱਲੋਂ ਨਿਰੋਲ ਇੰਡੋ-ਕੈਨੇਡੀਅਨ ਖਿਡਾਰੀਆਂ ਦਾ ਕਬੱਡੀ ਟੂਰਨਾਮੈਂਟ ਕਰਾਵਾਂਗੇ ਜਿਸ ਨੂੰ ਤੁਸੀਂ ਜ਼ਰੂਰ ਵੇਖਣ ਆਉਣਾ ਤੇ ਉਹਦੇ ਬਾਰੇ ਆਪਣੇ ਵਿਚਾਰ ਲਿਖਣੇ।” ਇਹ ਮੇਰੇ ਮਨ ਦੀ ਗੱਲ ਸੀ ਜਿਸ ਕਰਕੇ ਮੈਂ ਟੂਰਨਾਮੈਂਟ `ਤੇ ਪੁੱਜਣ ਦੀ ਹਾਮੀ ਭਰ ਦਿੱਤੀ।

ਸੁਖਸਾਗਰ ਕਬੱਡੀ ਟੂਰਨਾਮੈਂਟ 15 ਸਤੰਬਰ ਨੂੰ ਨਿਊ ਵੈੱਸਟਮਿਨਸਟਰ ਦੇ ਕੁਈਨਜ਼ਬੋਰੋ ਕਮਿਊਨਿਟੀ ਸੈਂਟਰ ਵਿਖੇ ਖੁੱਲ੍ਹੇ ਪਾਰਕ ਵਿੱਚ ਹੋਇਆ। ਮੈਂ ਇੱਕ ਦਿਨ ਪਹਿਲਾਂ ਹੀ ਟੋਰਾਂਟੋ ਤੋਂ ਹਵਾਈ ਜਹਾਜ਼ ਚੜ੍ਹਿਆ ਤੇ ਵੈਨਕੂਵਰ ਪੁੱਜ ਗਿਆ। ਅਗਾਂਹ ਖੇਡ ਸੰਸਾਰ ਦਾ ਮੈਨੇਜਿੰਗ ਐਡੀਟਰ ਸੰਤੋਖ ਸਿੰਘ ਮੰਡੇਰ ਮੇਰੀ ਉਡੀਕ ਕਰ ਰਿਹਾ ਸੀ। ਸ਼ਾਮ ਨੂੰ ਅਸੀਂ ਟੂਰਨਾਮੈਂਟ ਵਾਲੇ ਪਾਰਕ ਵਿੱਚ ਗੇੜਾ ਮਾਰਿਆ ਤਾਂ ਪ੍ਰਬੰਧਕ ਲਕੀਰਾਂ ਲਗਾ ਰਹੇ ਸਨ ਤੇ ਮੈਦਾਨ ਸ਼ਿੰਗਾਰ ਰਹੇ ਸਨ। ਕਬੱਡੀ ਦਾ ਦਾਇਰਾ ਸਫੈਦ ਲੀਕ ਦਾ ਸੀ ਤੇ ਦਰਸ਼ਕਾਂ ਦਾ ਦਾਇਰਾ ਲਾਲ ਲੀਕ ਦਾ। ਉਥੇ ਹੀ ਸੋਢੀ, ਰਾਜ ਬੱਧਨੀ, ਜੱਗਾ ਵੈਨਕੂਵਰੀਆ ਤੇ ਕਬੱਡੀ ਦਾ ਪੁਰਾਣਾ ਖਿਡਾਰੀ ਹਰਮਿੰਦਰ ਸਿੰਘ ਘੁੱਗਾ ਮਿਲੇ। ਘੁੱਗੇ ਸ਼ੰਕਰੀਏ ਨਾਲ ਕਬੱਡੀ ਦੀਆਂ ਪੁਰਾਣੀਆਂ ਯਾਦਾਂ ਤਾਜ਼ੀਆਂ ਹੋਈਆਂ। ਉਥੇ ਹੀ ਟੂਰਨਾਮੈਂਟ ਦਾ ਇਸ਼ਤਿਹਾਰ ਵੇਖਿਆ ਜਿਸ ਦਾ ਨਾਹਰਾ ਸੀ ਕਿ ਇਹ ਟੂਰਨਾਮੈਂਟ ਇੰਡੋ-ਕੈਨੇਡੀਅਨ ਪਾਇਨਰਜ਼ ਨੂੰ ਸਮਰਪਿਤ ਹੈ।

ਟੂਰਨਾਮੈਂਟ ਦੇ ਸਪਾਂਸਰਜ਼ ਲੌਂਗਸ਼ੋਰਮੈਨ ਇੰਪਲਾਈਜ਼, ਪੁਰੇਵਾਲ ਬਲਿਊਬੇਰੀ ਫਾਰਮਜ਼ ਦੇ ਮਲਕੀਤ ਸਿੰਘ, ਚਰਨ ਸਿੰਘ, ਗੁਰਜੀਤ ਸਿੰਘ ਅਤੇ ਐੱਸ ਆਰ ਐੱਸ ਦੇ ਰਾਹੁਲ ਤੇ ਅਮਨ ਗਿੱਲ ਸਨ। ਕੁਆਰਡੀਨੇਟਿੰਗ ਕਮੇਟੀ ਵਿੱਚ ਸੋਢੀ ਸਿੰਘ ਸੋਢੀ, ਮੋਨਾ ਸਿੰਘ ਸੰਧਰ, ਗੁਰਚਰਨ ਸਿੰਘ ਮਾਨ, ਗੁਰਜੀਤ ਸਿੰਘ ਪੁਰੇਵਾਲ, ਬਹਾਦਰ ਸਿੰਘ ਸੰਧੂ, ਗੁਰਬਖਸ਼ ਸਿੰਘ ਸੰਘੇੜਾ, ਹਰਮਿੰਦਰ ਸਿੰਘ ਘੁੱਗਾ, ਮੇਜਰ ਸਿੰਘ ਧਾਲੀਵਾਲ, ਕੈਲੇ, ਅਮਨ ਗਿੱਲ ਤੇ ਰੌਕੀ ਹਾਂਸ ਸਨ। ਮੈਨੂੰ ਤੇ ਤਰਸੇਮ ਸਿੰਘ ਧਾਲੀਵਾਲ ਨੂੰ ਵਿਸ਼ੇਸ਼ ਮਹਿਮਾਨਾਂ ਵਜੋਂ ਸੱਦਿਆ ਗਿਆ ਸੀ। ਕਬੱਡੀ ਸੋਲਾਂ ਸਾਲ ਤੋਂ ਘੱਟ ਉਮਰ ਦੇ ਪਠੀਰਾਂ ਦੀ, ਅਠਾਰਾਂ ਸਾਲ ਤਕ ਦੀ ਤੇ ਓਪਨ ਤੋਂ ਬਿਨਾਂ ਬਾਸਕਟਬਾਲ, ਰੱਸਾਕਸ਼ੀ, ਕੁਸ਼ਤੀਆਂ ਤੇ ਗਤਕੇ ਦੇ ਮੁਕਾਬਲੇ ਵੀ ਹੋਣੇ ਸਨ।

ਟੂਰਨਾਮੈਂਟ ਦਾ ਦਿਨ ਕੁਦਰਤ ਵੱਲੋਂ ਚਮਕਦੀ ਧੁੱਪ ਵਾਲਾ ਚੜ੍ਹਿਆ। ਅਸੀਂ ਪਾਰਕ ਵੱਲ ਗਏ ਤਾਂ ਮੈਦਾਨ ਝੰਡੇ ਝੰਡੀਆਂ ਤੇ ਗ਼ੁਬਾਰਿਆਂ ਨਾਲ ਸ਼ਿੰਗਾਰਿਆ ਹੋਇਆ ਸੀ। ਇੱਕ ਬੰਨੇ ਕਾਫੀ ਉੱਚਾ ਸਟੇਜ ਬਣਾਇਆ ਗਿਆ ਸੀ ਜਿਸ ਉਪਰ ਖਾਲਸਈ ਝੰਡੇ ਝੂਲ ਰਹੇ ਸਨ ਤੇ ਸਾਹਮਣੇ ਕੈਨੇਡਾ ਦਾ ਪਰਚਮ ਲਹਿਰਾ ਰਿਹਾ ਸੀ। ਪਹਿਲਾਂ ਖਿਡਾਰੀਆਂ ਦਾ ਮਾਰਚ ਪਾਸਟ ਹੋਇਆ ਤੇ ਫਿਰ ਹਾਲ ਅੰਦਰ ਬਾਸਕਟਬਾਲ ਤੇ ਬਾਹਰ ਖੁੱਲ੍ਹੇ ਮੈਦਾਨ ਵਿੱਚ ਕਬੱਡੀ ਦੇ ਮੈਚ ਸ਼ੁਰੂ ਹੋ ਗਏ। ਕਬੱਡੀ ਦਾ ਪਹਿਲਾ ਮੈਚ ਸ਼ਹੀਦ ਮੇਵਾ ਸਿੰਘ ਸੁਸਾਇਟੀ ਤੇ ਯੰਗ ਕਲੱਬ ਦੇ ਸੋਲਾਂ ਸਾਲ ਤੋਂ ਘੱਟ ਉਮਰ ਦੇ ਖਿਡਾਰੀਆਂ ਦੀਆਂ ਟੀਮਾਂ ਵਿਚਕਾਰ ਹੋਇਆ ਜੋ ਬਹੁਤ ਤੇਜ਼ਤਰਾਰ ਰਿਹਾ। ਇਨ੍ਹਾਂ ਖਿਡਾਰੀਆਂ ਨੇ ਹੀ ਭਲਕ ਦੇ ਫਿੱਡੂ ਤੇ ਹਰਜੀਤ ਬਾਜਾਖਾਨਾ ਬਣਨਾ ਹੈ। ਸੁਸਾਇਟੀ ਦੀ ਟੀਮ ਨੇ ਯੰਗ ਦੀ ਟੀਮ ਨੂੰ 53-28 ਅੰਕਾਂ ਦੇ ਫਰਕ ਨਾਲ ਹਰਾਇਆ। ਕਬੱਡੀ ਦੇ ਪੁਰਾਣੇ ਖਿਡਾਰੀ ਗੁਰਦੇਵ ਸਿੰਘ ਬਰਾੜ ਆਲਮਵਾਲੀਏ ਨੇ ਮੈਚ ਦੀ ਕੁਮੈਂਟਰੀ ਕੀਤੀ। ਜਦੋਂ ਕੋਈ ਖਿਡਾਰੀ ਕਿਸੇ ਨੂੰ ਧੂੰਹਦਾ ਤਾਂ ਉਹ ਆਖਦਾ-ਆਹ ਪਾ ਲਿਆ ਟੋਚਣ! ਤੇ ਜਦੋਂ ਕੋਈ ਲੱਤਾਂ ਫੜਦਾ ਤਾਂ ਕਹਿੰਦਾ-ਆਹ ਲਾਤਾ ਨਿਓਲ! !

ਦੂਜਾ ਮੈਚ ਹਰਜੀਤ ਕਲੱਬ ਤੇ ਟੌਪ ਕੈਨੇਡੀਅਨ ਕਲੱਬ ਦੀਆਂ ਓਪਨ ਟੀਮਾਂ ਦਰਮਿਆਨ ਹੋਇਆ ਜੋ ਹਰਜੀਤ ਕਲੱਬ ਨੇ ਜਿੱਤਿਆ। ਤਦ ਤਕ ਮੈਰਾਥਨ ਦੌੜ ਦਾ ਮਹਾਂਰਥੀ ਬਾਬਾ ਫੌਜਾ ਸਿੰਘ ਵੀ ਖੇਡ ਮੇਲੇ ਵਿੱਚ ਪਹੁੰਚ ਚੁੱਕਾ ਸੀ। ਕਬੱਡੀ ਦਾ ਮਸ਼ਹੂਰ ਖਿਡਾਰੀ ਦੇਵੀ ਦਿਆਲ ਵੀ ਆ ਗਿਆ ਤੇ ਐਕਟਰ ਧਰਮਿੰਦਰ ਦੇ ਭਰਾ ਅਜੀਤ ਸਿੰਘ ਦਿਓਲ ਨੇ ਵੀ ਆ ਦਰਸ਼ਨ ਦਿੱਤੇ। ਕਬੱਡੀ ਦਾ ਪੁਰਾਣਾ ਖਿਡਾਰੀ ਬਲਦੇਵ ਸਿੰਘ ਸਿਮਰੂ ਆਪਣੇ ਉੱਚੇ ਲੰਮੇ ਕੱਦ ਨਾਲ ਦੂਰੋਂ ਹੀ ਧਿਆਨ ਖਿੱਚ ਰਿਹਾ ਸੀ। ਉਥੇ ਮੀਡੀਏ ਦੇ ਵੀ ਕਈ ਸੱਜਣ ਹਾਜ਼ਰ ਸਨ। ਕਬੱਡੀ ਦੇ ਮੈਚ ਵੇਖਣ ਲਈ ਕੋਈ ਟਿਕਟ ਨਾ ਰੱਖੀ ਹੋਣ ਕਾਰਨ ਦਰਸ਼ਕ ਵੱਡੀ ਗਿਣਤੀ ਵਿੱਚ ਢੁੱਕੇ। ਕਈ ਬੀਬੀਆਂ ਮਾਈਆਂ ਵੀ ਆਪਣੇ ਵੀਰਾਂ ਤੇ ਪੁੱਤਰਾਂ ਨੂੰ ਖੇਡਦਿਆਂ ਵੇਖਣ ਆਈਆਂ। ਵਗਦੀ `ਵਾ ਵਿੱਚ ਬਜ਼ੁਰਗ ਬਾਬਿਆਂ ਦੀਆਂ ਦਾੜ੍ਹੀਆਂ ਝੂਲ ਰਹੀਆਂ ਸਨ ਤੇ ਬੀਬੀਆਂ ਦੀਆਂ ਚੁੰਨੀਆਂ ਦੇ ਪੱਲੇ ਲਹਿਰਾ ਰਹੇ ਸਨ। ਢੋਲ ਵੱਜ ਰਿਹਾ ਸੀ ਤੇ ਮਾਹੌਲ ਪੰਜਾਬ ਦੇ ਕਿਸੇ ਪਿੰਡ ਵਿੱਚ ਪਿੱਪਲਾਂ ਤੇ ਟਾਹਲੀਆਂ ਕੋਲ ਮਨਾਏ ਜਾ ਰਹੇ ਮੇਲੇ ਵਰਗਾ ਸੀ। ਇੱਕ ਬੰਨੇ ਚਾਹ, ਪਕੌੜਿਆਂ ਤੇ ਜਲੇਬੀਆਂ ਦਾ ਸਟਾਲ ਸੀ।

ਬਾਬਾ ਫੌਜਾ ਸਿੰਘ ਦੇ ਖੇਡ ਮੇਲੇ ਵਿੱਚ ਪੁੱਜ ਜਾਣ ਨਾਲ ਮੇਲੇ ਦੀ ਰੌਣਕ ਨੂੰ ਚਾਰ ਚੰਦ ਲੱਗ ਗਏ ਸਨ। ਹੁਣ ਉਹ 96 ਸਾਲ ਦਾ ਹੋ ਗਿਐ ਤੇ ਜੁੱਸੇ `ਚ ਕੋਈ ਕਾਣ ਨਹੀਂ ਦਿਸਦੀ। ਅਜੇ ਵੀ ਦਾੜ੍ਹੀ `ਚ ਕੋਈ ਕੋਈ ਕਾਲਾ ਵਾਲ ਹੈ। ਉੱਦਣ ਉਹ ਗੁਰਗਾਬੀ ਤੋਂ ਲੈ ਕੇ ਪੱਗ ਤਕ ਕਰੀਮ ਰੰਗੀ ਪੁਸ਼ਾਕ ਵਿੱਚ ਸਜਿਆ ਹੋਇਆ ਸੀ। ਮੈਂ ਉਸ ਨਾਲ ਲੰਡਨ, ਵੁਲਵਰਹੈਂਪਟਨ ਤੇ ਟੋਰਾਂਟੋ ਵਿੱਚ ਮੁਲਾਕਾਤਾਂ ਕੀਤੀਆਂ ਹੋਈਆਂ ਸਨ ਤੇ ਉਹਦੇ ਬਾਰੇ ਆਰਟੀਕਲ ਲਿਖੇ ਸਨ। ਉਸ ਨੇ ਅੱਸੀ ਸਾਲ ਤੋਂ ਵਡੇਰੀ ਉਮਰ ਵਾਲਿਆਂ ਲਈ ਮੈਰਾਥਨ ਦੌੜ ਦਾ ਵਿਸ਼ਵ ਰਿਕਾਰਡ ਰੱਖਿਆ ਹੈ। ਐਡੀਦਾਸ ਕੰਪਨੀ ਨੇ ਆਪਣੇ ਦੌੜਨ ਵਾਲੇ ਬੂਟਾਂ ਦੀ ਮਸ਼ਹੂਰੀ ਫੌਜਾ ਸਿੰਘ ਦੇ ਨਾਂ ਨਾਲ ਕੀਤੀ ਹੈ। ਉਹ ਅਜੇ ਵੀ ਹਰ ਰੋਜ਼ ਦਸ ਕੁ ਮੀਲ ਤੁਰਨ ਤੇ ਦੌੜਨ ਦਾ ਅਭਿਆਸ ਕਰਦਾ ਹੈ। ਉਸ ਦਾ ਨਾਹਰਾ ਹੈ-ਘੱਟ ਖਾਓ ਵੱਧ ਤੁਰੋ। ਉਹ ਦਵਾਈ ਦੀ ਥਾਂ ਖਾਣ ਪੀਣ `ਚ ਪ੍ਰਹੇਜ਼ ਨੂੰ ਪਹਿਲ ਦਿੰਦਾ ਹੈ। ਉਸ ਦਾ ਨਿਸ਼ਾਨਾ ਹੈ ਕਿ ਅਠੰਨਵੇਂ ਸਾਲ ਦੀ ਉਮਰ `ਚ ਉਹ ਫਿਰ ਮੈਰਾਥਨ ਲਾਵੇਗਾ ਤੇ ਅਠੰਨਵੇਂ ਸਾਲ ਦੇ ਗੋਰੇ ਦਾ ਰੱਖਿਆ ਰਿਕਾਰਡ ਤੋੜੇਗਾ।

ਮੈਂ ਮਾਈਕ ਫੜ ਕੇ ਫੌਜਾ ਸਿੰਘ ਦੀ ਜਾਣ ਪਛਾਣ ਕਰਾਈ ਤੇ ਦਾਇਰੇ ਦਾ ਚੱਕਰ ਲਾਇਆ। ਨਾਲ ਦਰਸ਼ਕਾਂ ਨੂੰ ਕਿਹਾ ਕਿ ਆਓ ਅਰਦਾਸ ਕਰੀਏ ਬਈ ਫੌਜਾ ਸਿੰਘ ਸੈਂਚਰੀ ਮਾਰੇ। ਜਦੋਂ ਬਾਬਾ ਸੌ ਸਾਲ ਦਾ ਹੋ ਜਾਵੇ ਫਿਰ ਵੇਖਾਂਗੇ ਹੋਰ ਕਿੰਨੇ ਸਾਲ ਮੰਗਣੇ ਨੇ? ਬਾਬਾ ਫੌਜਾ ਸਿੰਘ ਨੇ ਹਾਲ ਅੰਦਰ ਜਾ ਕੇ ਬਾਸਕਟਬਾਲ ਦੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਤੇ ਉਨ੍ਹਾਂ ਨਾਲ ਫੋਟੋ ਖਿਚਵਾਏ। ਸ਼ੇਰੇ ਪੰਜਾਬ ਰੇਡੀਓ ਦੇ ਹੋਸਟ ਕੁਲਦੀਪ ਸਿੰਘ ਤੇ ਗੁਰਵਿੰਦਰ ਸਿੰਘ ਨੇ ਫੌਜਾ ਸਿੰਘ ਤੇ ਮੈਨੂੰ ਅਗਲੇ ਦਿਨ ਰੇਡੀਓ `ਤੇ ਗੱਲ ਬਾਤ ਲਈ ਸੱਦਿਆ ਜਿਥੇ ਅਸੀਂ ਖੁੱਲ੍ਹੀਆਂ ਗੱਲਾਂ ਕੀਤੀਆਂ।

ਕਬੱਡੀ ਦਾ ਤੀਜਾ ਮੈਚ ਟਾਪ ਕਨੇਡੀਅਨਜ਼ ਨੇ ਸ਼ਹੀਦ ਮੇਵਾ ਸਿੰਘ ਸੁਸਾਇਟੀ ਦੀ ਟੀਮ ਨੂੰ ਹਰਾ ਕੇ ਜਿੱਤ ਲਿਆ ਸੀ। ਅਠਾਰਾਂ ਸਾਲ ਤੋਂ ਘੱਟ ਉਮਰ ਦੇ ਕਬੱਡੀ ਖਿਡਾਰੀਆਂ ਨੇ ਬੜੀ ਹੋਣਹਾਰੀ ਵਿਖਾਈ ਤੇ ਵਿਸ਼ਵਾਸ ਬੰਨ੍ਹਾ ਦਿੱਤਾ ਕਿ ਉਨ੍ਹਾਂ ਨੂੰ ਖੇਡਣ ਦੇ ਮੌਕੇ ਦਿੱਤੇ ਜਾਣ ਤਾਂ ਉਹ ਕਿਸੇ ਨਾਲੋਂ ਘੱਟ ਨਹੀਂ। ਬਿਹਾਰੀਪੁਰ ਦੇ ਗੁਰਮੀਤ ਸਿੰਘ ਨੇ ਮੂੰਗਲੀਆਂ ਫੇਰਨ ਦਾ ਜਲਵਾ ਵਿਖਾਇਆ। ਉਹਦੀਆਂ ਮੂੰਗਲੀਆਂ ਤੋਪ ਦੇ ਗੋਲਿਆ ਵਰਗੀਆਂ ਸਨ ਜਿਨ੍ਹਾਂ ਉਤੇ ਇੱਕ ਹੋਰ ਬਜ਼ੁਰਗ ਨੇ ਵੀ ਹੱਥ ਅਜ਼ਮਾਏ। ਇੱਕ ਸਕੂਲੀ ਬੱਚਾ ਢੋਲ ਵਜਾਉਣ ਦਾ ਨਜ਼ਾਰਾ ਬੰਨ੍ਹਦਾ ਰਿਹਾ।

ਕਬੱਡੀ ਦੇ ਚਾਰ ਮੈਚਾਂ ਬਾਅਦ ਕੁਸ਼ਤੀਆਂ ਸ਼ੁਰੂ ਹੋਈਆਂ। ਦਾਇਰੇ ਦੇ ਵਿਚਕਾਰ ਨੀਲਾ ਮੈਟ ਵਿਛਾਇਆ ਗਿਆ ਤੇ ਮਾਈਕ ਬਲਬੀਰ ਸਿੰਘ ਢੇਸੀ ਉਰਫ਼ ਸ਼ੀਰੀ ਪਹਿਲਵਾਨ ਨੇ ਫੜ ਲਿਆ। ਸ਼ੀਰੀ ਪਹਿਲਵਾਨ ਜੋ ਖਾਲਸਾ ਰੈਸਲਿੰਗ ਕਲੱਬ ਦਾ ਅਖਾੜਾ ਚਲਾ ਰਿਹਾ ਹੈ ਫੌਜਾ ਸਿੰਘ ਦੇ ਪਿੰਡ ਬਿਆਸ ਦਾ ਹੀ ਹੈ। ਛੇ ਸਾਲ ਤੋਂ ਘੱਟ ਉਮਰ ਦੇ ਪਹਿਲਵਾਨਾਂ `ਚ ਐਵਨ ਤੇ ਅਕਾਸ਼ਦੀਪ ਪਹਿਲੇ ਤੇ ਦੂਜੇ ਸਥਾਨ `ਤੇ ਰਹੇ। ਅੱਠ ਸਾਲ ਤਕ ਦੀ ਉਮਰ ਦਾ ਕਰਨ ਸ਼ੇਰਗਿੱਲ ਫਸਟ ਤੇ ਕਰਨ ਬਸਰਾ ਸੈਕੰਡ ਰਿਹਾ। ਦਸ ਸਾਲ ਦੇ ਬਿੱਲੇ ਢੇਸੀ ਨੇ ਹਰਜੀਤ ਮਾਂਗਟ ਨੂੰ ਹਰਾਇਆ। ਬਾਰਾਂ ਸਾਲ `ਚ ਅਮਰ ਢੇਸੀ ਨੇ ਸੋਢੀ ਦੀ ਕੰਡ ਲਾਈ। ਚੌਦਾਂ ਸਾਲ `ਚ ਸੰਨੀ ਢੀਂਡਸਾ ਪ੍ਰਥਮ ਰਿਹਾ। ਸੋਲਾਂ ਸਾਲਾਂ ਦੇ ਸਤਿੰਦਰ ਵਿਰਕ ਨੇ ਸੱਨੀ ਢੀਂਡਸੇ ਨੂੰ ਢਾਹਿਆ। ਅਠਾਰਾਂ ਸਾਲ ਦੇ ਉਮਰ ਵਰਗ ਵਿੱਚ ਗੁਰਜੋਤ ਕੂਨਰ ਪਹਿਲੇ ਤੇ ਪਰਦੀਪ ਰੇਖੀ ਦੂਜੇ ਸਥਾਨ `ਤੇ ਰਿਹਾ। ਵੀਹ ਸਾਲ ਦੇ ਗੁਰਦੀਪ ਬੀਸਲੇ ਨੇ ਝੰਡੀ ਪੁੱਟੀ ਤੇ ਕੁਸ਼ਤੀ ਦੀ ਮਾਲੀ ਪਹਿਲਵਾਨ ਜਗਰੂਪ ਭੁੱਲਰ ਨੇ ਗੁਰਦੀਪ ਬੀਸਲੇ ਨੂੰ ਹਰਾ ਕੇ ਹਾਸਲ ਕੀਤੀ।

ਕਬੱਡੀ ਦਾ ਪਹਿਲਾ ਸੈਮੀ ਫਾਈਨਲ ਮੈਚ ਹਰਜੀਤ ਕਲੱਬ ਤੇ ਯੰਗ ਕਲੱਬ ਵਿਚਕਾਰ ਖੇਡਿਆ ਗਿਆ। ਦੋਹਾਂ ਟੀਮਾਂ ਵਿੱਚ ਕੈਨੇਡਾ ਦੇ ਤਕੜੇ ਕੌਡਿਆਲ ਖੇਡ ਰਹੇ ਸਨ। ਇਸ ਮੈਚ ਵਿੱਚ ਕਈ ਯਾਦਗਾਰੀ ਜੱਫੇ ਲੱਗੇ। ਰੇਡਾਂ ਵਿੱਚ ਰਣਜੀਤ ਮਹੇੜੂ ਤੇ ਜੱਫਿਆਂ ਵਿੱਚ ਗੀਚੇ ਗੱਜਣਵਾਲੀਏ ਦੀ ਗੁੱਡੀ ਚੜ੍ਹੀ ਰਹੀ। ਹਰਜੀਤ ਕਲੱਬ ਨੇ ਇਹ ਮੈਚ 41-27 ਅੰਕਾਂ ਨਾਲ ਜਿੱਤਿਆ। ਦੂਜਾ ਸੈਮੀ ਫਾਈਨਲ ਟੀ.ਟੀ.ਸੀ.ਤੇ ਟੌਪ ਕੈਨੇਡੀਅਨਜ਼ ਦੀਆਂ ਟੀਮਾਂ ਵਿਚਾਲੇ ਹੋਇਆ। ਇਸ ਮੈਚ ਵਿੱਚ ਵਿਸਲ ਰੇਡੀਓ ਹੋਸਟ ਪ੍ਰੋ.ਗੁਰਦੇਵ ਸਿੰਘ ਨੂੰ ਫੜਾਈ ਗਈ ਜੋ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਸਰੀਰਕ ਸਿੱਖਿਆ ਦਾ ਲੈਕਚਰਾਰ ਸੀ। ਅਚਾਨਕ ਉਹ ਖਿਡਾਰੀਆਂ ਦੀ ਫੇਟ ਵਿੱਚ ਆ ਗਿਆ ਤੇ ਉਹਦੀ ਪੱਗ ਲਹਿ ਕੇ ਡਿੱਗ ਪਈ। ਇੰਜ ਹੀ ਇੱਕ ਵਾਰ ਢੁੱਡੀਕੇ ਦੇ ਖੇਡ ਮੇਲੇ ਵਿੱਚ ਨਾਵਲਕਾਰ ਜਸਵੰਤ ਸਿੰਘ ਕੰਵਲ ਨਾਲ ਹੋਈ ਸੀ। ਉਹ ਆਪ ਭਾਵੇਂ ਡਿੱਗ ਪਏ ਸਨ ਪਰ ਮੂੰਹ `ਚੋਂ ਵਿਸਲ ਨਹੀਂ ਸੀ ਡਿੱਗਣ ਦਿੱਤੀ। ਦੂਜਾ ਸੈਮੀ ਫਾਈਨਲ ਟੀ.ਟੀ.ਸੀ.ਦੀ ਟੀਮ ਨੇ ਜਿੱਤਿਆ।

ਪਰਛਾਵੇਂ ਢਲ ਗਏ ਸਨ ਜਦੋਂ ਕਬੱਡੀ ਦਾ ਫਾਈਨਲ ਮੈਚ ਸ਼ੁਰੂ ਹੋ ਸਕਿਆ। ਕੁਸ਼ਤੀਆਂ ਦੇ ਜੋੜ ਦੋ ਘੰਟੇ ਤੋਂ ਵੀ ਵੱਧ ਸਮਾਂ ਲੈ ਗਏ ਸਨ। ਰੱਸਾ ਖਿੱਚਣ ਦਾ ਮੁਕਾਬਲਾ ਪੰਜਾਬ ਸਪੋਰਟਸ ਕਲੱਬ ਦੇ ਖਿਚਾਵਿਆਂ ਨੇ ਸੱਰੀ ਸਪੋਰਟਸ ਕਲੱਬ ਦੇ ਖਿਚਾਵਿਆਂ ਨੂੰ ਧੂਹ ਕੇ ਜਿੱਤਿਆ। ਕਬੱਡੀ ਦੇ ਫਾਈਨਲ ਮੈਚ ਵਿੱਚ ਹਰਜੀਤ ਕਲੱਬ ਨੇ ਅੱਧੇ ਸਮੇਂ ਤਕ ਕਾਫੀ ਲੀਡ ਲੈ ਲਈ। ਦਿਨ ਛਿਪ ਗਿਆ ਸੀ ਤੇ ਲੱਗਦਾ ਨਹੀਂ ਸੀ ਕਿ ਲੀਡ ਘਟੇਗੀ। ਟੀ.ਟੀ.ਸੀ.ਕਲੱਬ ਨੇ ਮੈਚ ਦੇ ਵਿਚਕਾਰੋਂ ਹੀ ਹਾਰ ਮੰਨ ਲਈ ਤੇ ਮੈਚ ਸਮਾਪਤ ਕਰ ਦਿੱਤਾ ਗਿਆ। ਹਰਜੀਤ ਕਲੱਬ ਨੇ ਕੱਪ ਦੇ ਨਾਲ ਨਕਦ ਇਨਾਮ ਵੀ ਜਿੱਤਿਆ।

ਅਗਲੇ ਦਿਨ ਗੁਰਦਵਾਰਾ ਸਾਹਿਬ ਸੁਖਸਾਗਰ ਵਿਖੇ ਦੀਵਾਨ ਸਜਿਆ ਜਿਥੇ ਜੇਤੂ ਟੀਮਾਂ ਨੂੰ ਟਰਾਫੀਆਂ ਦਿੱਤੀਆਂ ਗਈਆਂ। ਉਥੇ ਬਾਬਾ ਫੌਜਾ ਸਿੰਘ ਤੇ ਕੁੱਝ ਹੋਰ ਸੱਜਣਾਂ ਨੂੰ ਸਿਰੋਪੇ ਬਖ਼ਸ਼ੇ ਗਏ। ਗੁਰੂਘਰ ਦਾ ਲੰਗਰ, ਸਾਫ ਸਫਾਈ, ਸੰਗਤ ਤੇ ਪ੍ਰਬੰਧ ਸਭ ਕੁੱਝ ਸਲਾਹੁਣਯੋਗ ਸੀ। ਨੌਜੁਆਨ ਪ੍ਰਬੰਧਕਾਂ ਨੇ ਮੈਨੂੰ ਵਿਦਾ ਕਰਦਿਆਂ ਕਿਹਾ, “ਐਤਕੀਂ ਪਹਿਲਾ ਯਤਨ ਹੋਣ ਕਾਰਨ ਕੁੱਝ ਕਮੀਆਂ ਰਹਿ ਗਈਆਂ ਹੋਣਗੀਆਂ, ਆਉਂਦੇ ਸਾਲ ਅਸੀਂ ਹੋਰ ਵੀ ਵਧ ਚੜ੍ਹ ਕੇ ਕੈਨੇਡਾ ਦੇ ਜੰਮਪਲ ਖਿਡਾਰੀਆਂ ਦਾ ਖੇਡ ਮੇਲਾ ਕਰਾਵਾਂਗੇ।” ਵੇਖਾਂਗੇ ਅਗਲੇ ਸਾਲ ਕਿਹੋ ਜਿਹਾ ਖੇਡ ਮੇਲਾ ਹੁੰਦੈ?

Read 3310 times
ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਦੋ ਦਰਜਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ `ਚ ਡੇਢ ਦਰਜਨ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹੈ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ। ਉਸ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ `ਚ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ। ਉਹ 1965-66 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹਾ ਹੈ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੋ ਗਈ ਹੈ। ਉਸ ਦੇ ਦੋ ਪੁੱਤਰ ਹਨ। ਇਕ ਕੈਨੇਡਾ ਵਿਚ ਹੈ ਤੇ ਇਕ ਪੰਜਾਬ ਵਿਚ। ਉਹ ਆਪਣੀ ਪਤਨੀ ਹਰਜੀਤ ਕੌਰ ਨਾਲ ਗਰਮੀਆਂ ਕੈਨੇਡਾ ਵਿਚ ਕੱਟਦਾ ਹੈ ਤੇ ਸਿਆਲ ਦਾ ਨਿੱਘ ਪੰਜਾਬ ਵਿਚ ਮਾਣਦਾ ਹੈ।