You are here:ਮੁਖ ਪੰਨਾ»ਖੇਡਾਂ»ਖੇਡਾਂ ਦੀ ਦੁਨੀਆ - ਪ੍ਰਿੰ.ਸਰਵਣ ਸਿੰਘ»25 - ਕੈਲਗਰੀ ਤੇ ਐਡਮਿੰਟਨ ਦੀ ਫੇਰੀ

ਲੇਖ਼ਕ

Friday, 16 October 2009 14:30

25 - ਕੈਲਗਰੀ ਤੇ ਐਡਮਿੰਟਨ ਦੀ ਫੇਰੀ

Written by
Rate this item
(1 Vote)

ਮੇਰੀ ਇਸ ਫੇਰੀ ਦਾ ਸਬੱਬ ਐਡਮਿੰਟਨ ਕਬੱਡੀ ਕੱਪ ਕਰਾਉਣ ਵਾਲੇ ਸੱਜਣਾਂ ਮਿੱਤਰਾਂ ਨੇ ਬਣਾਇਆ ਸੀ। ਉਥੇ ਇੰਦਰਜੀਤ ਸਿੰਘ ਮੁੱਲਾਂਪੁਰ ‘ਦੇਸ਼ ਵਿਦੇਸ਼ ਟਾਈਮਜ਼’ ਨਾਂ ਦਾ ਮੈਗਜ਼ੀਨ ਕੱਢਦਾ ਹੈ। ਉਹ ਬੜਾ ਹਿੰਮਤੀ ਤੇ ਮਿਲਾਪੜਾ ਨੌਜੁਆਨ ਹੈ ਜਿਸ ਨੂੰ ਕਬੱਡੀ ਤੇ ਗਾਇਕੀ ਦੇ ਬੜੇ ਵੱਡੇ ਮੇਲੇ ਕਰਾਉਣ ਦਾ ਤਜਰਬਾ ਹੈ। ਕਬੱਡੀ ਨੂੰ ਐਡਮਿੰਟਨ ਦੀਆਂ ਵਰਲਡ ਮਾਸਟਰ ਖੇਡਾਂ ਵਿੱਚ ਦਰਸ਼ਨੀ ਖੇਡ ਵਜੋਂ ਸ਼ਾਮਲ ਕਰਵਾਉਣ ਦਾ ਸਿਹਰਾ ਉਹਦੇ ਤੇ ਐਡਮਿੰਟਨ ਦੇ ਕਬੱਡੀ ਪ੍ਰੇਮੀਆਂ ਸਿਰ ਹੈ। ਅਗਲੇ ਸਾਲ ਉਹ ਆਪਣੇ ਸ਼ਹਿਰ ਵਿੱਚ ਕਬੱਡੀ ਦਾ ‘ਵਰਲਡ ਕੱਪ’ ਕਰਾਉਣ ਦਾ ਨਿਸ਼ਚਾ ਕਰੀ ਬੈਠੇ ਹਨ। ਉਨ੍ਹਾਂ ਨੇ ਮੈਨੂੰ ਤੇ ਕਬੱਡੀ ਦੇ ਪ੍ਰਸਿੱਧ ਖਿਡਾਰੀ ਦੇਵੀ ਦਿਆਲ ਨੂੰ ਸੱਦਾ ਦਿੱਤਾ ਕਿ ਅਸੀਂ ਐਡਮਿੰਟਨ ਕਬੱਡੀ ਮੇਲੇ ਦੇ ਮਹਿਮਾਨ ਬਣੀਏ। ਮੈਨੂੰ ਖੇਡ ਮੇਲਿਆਂ ਦੇ ਸੱਦੇ ਇਸ ਲਈ ਵੀ ਮਿਲ ਜਾਂਦੇ ਹਨ ਕਿ ਮੈਂ ਮੇਲਾ ਵੇਖ ਕੇ ਫਿਰ ਲਿਖਤ ਰਾਹੀਂ ਉਹ ਮੇਲਾ ਪਾਠਕਾਂ ਨੂੰ ਵੀ ਵਿਖਾ ਦਿੰਦਾ ਹਾਂ। ਖੇਡ ਮੇਲੇ ਨੂੰ ਅੱਖੀਂ ਵੇਖਣ ਵਾਲੇ ਕੁੱਝ ਹਜ਼ਾਰ ਹੁੰਦੇ ਹਨ ਜਦ ਕਿ ਪੜ੍ਹਨ ਵਾਲੇ ਬੇਸ਼ੁਮਾਰ ਹੁੰਦੇ ਹਨ।

ਇੰਦਰਜੀਤ ਤੇ ਗੁਰਚਰਨ ਧਾਲੀਵਾਲ ਹੋਰਾਂ ਨੂੰ ਮਸ਼ਹੂਰੀ ਕਰਨੀ ਕਰਾਉਣੀ ਆਉਂਦੀ ਹੈ। ਉਨ੍ਹਾਂ ਦੇ ਨਾਲ ਪੱਤਰਕਾਰ ਹਰਪ੍ਰੀਤ ਸਿੰਘ ਹੈ। ਉਹ ਸੁਰਮਾ ਪਾਉਂਦੇ ਵੀ ਹਨ ਤੇ ਸੁਰਮਾ ਮਟਕਾਉਣਾ ਵੀ ਜਾਣਦੇ ਹਨ। ਐਡਮਿੰਟਨ ਕਬੱਡੀ ਕੱਪ ਨੂੰ ਸਮੂਹ ਐਡਮਿੰਟਨ ਨਿਵਾਸੀਆਂ ਦਾ ਸਾਂਝਾ ਖੇਡ ਮੇਲਾ ਕਹਿ ਕੇ ਏਨਾ ਪਰਚਾਰਿਆ ਗਿਆ ਕਿ ਅਲਬਰਟਾ ਦੇ ਸਮੂਹ ਪੰਜਾਬੀ ਉਸ ਨੂੰ ਪੱਬਾਂ ਭਾਰ ਹੋ ਕੇ ਉਡੀਕਦੇ ਰਹੇ। ਅਜੋਕੇ ਜ਼ਮਾਨੇ ਵਿੱਚ ਪਰਚਾਰ ਦਾ ਬੜਾ ਰੋਲ ਹੈ। ਕਿਲਾ ਰਾਇਪੁਰ ਦੀਆਂ ਖੇਲ੍ਹਾਂ ਪਰਚਾਰ ਦੇ ਸਿਰ `ਤੇ ਪੇਂਡੂ ਓਲੰਪਿਕ ਖੇਡਾਂ ਕਹੀਆਂ ਜਾਂਦੀਆਂ ਹਨ। ਸਾਨੂੰ ਇਹ ਵੇਖ ਕੇ ਬੜੀ ਖ਼ੁਸ਼ੀ ਹੋਈ ਕਿ ਐਡਮਿੰਟਨ ਦਾ ਕਬੱਡੀ ਕੱਪ ਕੀਤੀ ਗਈ ਮਸ਼ਹੂਰੀ ਉਤੇ ਖਰਾ ਉਤਰਿਆ। ਉਥੇ ਕਬੱਡੀ ਦੇ ਮੈਚ ਵੀ ਬੜੇ ਤਕੜੇ ਹੋਏ, ਤੀਆਂ ਵੀ ਵਧੀਆ ਲੱਗੀਆਂ ਤੇ ਦਰਸ਼ਕ ਵੀ ਬੜੀ ਵੱਡੀ ਗਿਣਤੀ ਵਿੱਚ ਢੁੱਕੇ। ਪੀਣ ਖਾਣ ਵਾਲੇ ਵੀ ਜ਼ਾਬਤੇ ਵਿੱਚ ਰਹੇ। ਮੌਸਮ ਸਾਫ ਤੇ ਖੇਡ ਮੈਦਾਨ ਨਰਮ ਘਾਹ ਵਾਲਾ ਹੋਣ ਕਾਰਨ ਕਿਸੇ ਖਿਡਾਰੀ ਦੇ ਕੋਈ ਸੱਟ ਫੇਟ ਨਹੀਂ ਲੱਗੀ। ਅਜਿਹਾ ਖੇਡ ਮੇਲਾ ਵੇਖ ਕੇ ਹੋਰਨਾਂ ਸ਼ਹਿਰਾਂ ਦੇ ਖੇਡ ਪ੍ਰੇਮੀਆਂ ਦਾ ਵੀ ਖੇਡ ਮੇਲਾ ਮਨਾਉਣ ਨੂੰ ਦਿਲ ਕਰ ਆਉਂਦੈ।

ਟੋਰਾਂਟੋ ਤੋਂ ਅਸੀਂ ਸਵੱਖਤੇ ਈ ਕੈਲਗਰੀ ਨੂੰ ਹਵਾਈ ਜਹਾਜ਼ ਚੜ੍ਹਨਾ ਸੀ। ਉਸ ਵੇਲੇ ਕੰਮਾਂ ਕਾਰਾਂ `ਤੇ ਜਾਣ ਵਾਲੀਆਂ ਸਵਾਰੀਆਂ ਦੀਆਂ ਕਤਾਰਾਂ ਬੱਝੀਆਂ ਖੜ੍ਹੀਆਂ ਸਨ। ਫਰਕ ਏਨਾ ਹੀ ਸੀ ਕਿ ਲੁਧਿਆਣੇ ਦੇ ਰੇਲਵੇ ਸਟੇਸ਼ਨ ਵਾਂਗ ਧੱਕਾ ਨਹੀਂ ਪੈ ਰਿਹਾ। ਲੁਧਿਆਣੇ ਬਾਰੇ ਤਾ ਮੱਖਣ ਸਿੰਘ ਵੀ ਕੁਮੈਂਟਰੀ ਕਰਦਿਆ ਕਹਿੰਦਾ ਹੈ-ਬੁੜ੍ਹਾ ਬੁੜ੍ਹੀ ਨੂੰ ਘੜੀਸੀ ਜਾਵੇ ਲਧਿਆਣੇ ਟੇਸਣ `ਤੇ। ਅਸੀਂ ਮਸ਼ੀਨ ਦੇ ਬਟਨ ਦੱਬ ਕੇ ਆਪਣੇ ਬੋਰਡਿੰਗ ਕਾਰਡ ਕੱਢੇ। ਹਰ ਕੋਈ ਕਾਹਲਾ ਪਿਆ ਲੱਗਦਾ ਸੀ। ਹਵਾਈ ਜਹਾਜ਼ ਪੱਛਮੀ ਮੁਲਕਾਂ ਵਿੱਚ ਅਸਮਾਨੀ ਟੈਕਸੀਆਂ ਬਣੇ ਪਏ ਹਨ। ਮੈਂ ਇੰਦਰਜੀਤ ਹੋਰਾਂ ਨੂੰ ਦੱਸ ਦਿੱਤਾ ਸੀ ਕਿ ਤੀਹ ਜੂਨ ਨੂੰ ਲਿਖਾਰੀ ਸਭਾ ਕੈਲਗਰੀ ਦਾ ਸਾਲਾਨਾ ਸਮਾਗਮ ਵੇਖਣਾ ਹੈ, ਇੱਕ ਜੁਲਾਈ ਨੂੰ ਕੈਲਗਰੀ ਦੇ ਕਬੱਡੀ ਟੂਰਨਾਮੈਂਟ ਵਿੱਚ ਹਾਜ਼ਰੀ ਲੁਆਉਣੀ ਹੈ ਤੇ ਦੋ ਜੁਲਾਈ ਨੂੰ ਐਡਮਿੰਟਨ ਦਾ ਕਬੱਡੀ ਮੇਲਾ ਵੇਖਾਂਗੇ। ਉਨ੍ਹਾਂ ਨੇ ਮੇਰੀ ਤੇ ਦੇਵੀ ਦਿਆਲ ਦੀ ਟਿਕਟ ਵਾਇਆ ਕੈਲਗਰੀ ਬਣਵਾ ਦਿੱਤੀ ਸੀ।

ਟੋਰਾਂਟੋ ਦੇ ਹਵਾਈ ਉਤੇ ਸਾਡੇ ਵਾਲੀ ਉਡਾਣ ਵਿੱਚ ਕੈਲਗਰੀ ਜਾ ਰਹੀ ਕਹਾਣੀਕਾਰਾ ਬਲਬੀਰ ਕੌਰ ਸੰਘੇੜਾ ਮਿਲ ਪਈ ਜਿਸ ਨੇ ਸਿਰ ਦੇ ਵਾਲਾਂ ਦਾ ਸਟਾਈਲ ਮੁੰਡਿਆਂ ਵਰਗਾ ਬਣਾ ਲਿਆ ਹੋਇਆ ਸੀ। ਉਹ ‘ਕਲਮਾਂ ਦੇ ਕਾਫ਼ਲੇ’ ਦੀ ਸਰਗਰਮ ਮੈਂਬਰ ਹੈ ਤੇ ਟੀ.ਵੀ.`ਤੇ ਆਉਂਦੀ ਰਹਿੰਦੀ ਹੈ। ਗੁੱਤ ਦੀ ਥਾਂ ਉਹਦੇ ਪਟੇ ਸ਼ੋਭ ਰਹੇ ਸਨ। ਸਿਰ ਦੇ ਵਾਲਾਂ ਤੋਂ ਉਹ ਤ੍ਰੇਹਟ ਸਾਲਾਂ ਦੀ ਥਾਂ ਤਰਤਾਲੀ ਸਾਲਾਂ ਦੀ ਦਿਸਣ ਲੱਗੀ ਸੀ। ਉਸ ਨੂੰ ਲਿਖਾਰੀ ਸਭਾ ਕੈਲਗਰੀ ਵੱਲੋਂ ਇਕਬਾਲ ਅਰਪਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਰਿਹਾ ਸੀ। ਉਹ ਦੁਆਬੇ ਦੇ ਪਿੰਡ ਮੁਕੰਦਪੁਰ ਦੀ ਜੰਮੀ ਜਾਈ ਹੈ ਜਿਥੋਂ ਦੇ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਵਿੱਚ ਮੈਂ ਪ੍ਰਿੰਸੀਪਲ ਰਿਹਾ ਸਾਂ। ਉਹਦੇ ਨਾਲ ਮੁਕੰਦਪੁਰ ਦੀਆਂ ਗੱਲਾਂ ਹੁੰਦੀਆਂ ਗਈਆਂ ਤੇ ਮੁਕੰਦਪੁਰ ਦੀਆਂ ਬੀਹੀਆਂ ਤੇ ਖੇਤ ਮੁੜ-ਮੁੜ ਅੱਖਾਂ ਅੱਗੇ ਆਉਂਦੇ ਗਏ।

ਹਵਾਈ ਸਫ਼ਰ ਦੌਰਾਨ ਮੈਂ ਸਵਾਰੀਆਂ ਦੇ ਚਿਹਰੇ ਮੋਹਰੇ ਨਿਹਾਰਦਾ ਰਹਿੰਦਾ ਹਾਂ। ਉਨ੍ਹਾਂ ਦੀ ਚੁੱਪ, ਉਦਾਸੀ ਤੇ ਤੱਕਣੀ ਤੋਂ ਸੋਚੀਦੈ ਪਈ ਉਹ ਕੀ ਸੋਚਦੀਆਂ ਹੋਣਗੀਆਂ? ਇੰਜ ਖੇਡ ਪਏ ਰਹੀਦਾ ਜਿਸ ਨਾਲ ਸਫਰ ਦਾ ਪਤਾ ਨਹੀਂ ਲੱਗਦਾ। ਕਈ ਸਵਾਰੀਆਂ ਪੜ੍ਹਨ ਵਿੱਚ ਮਗਨ ਹੁੰਦੀਆਂ ਨੇ ਤੇ ਕਈ ਟੀ.ਵੀ.ਵੇਖਣ ਜਾਂ ਸੰਗੀਤ ਸੁਣਨ ਵਿੱਚ ਰੁੱਝੀਆਂ ਹੁੰਦੀਆਂ ਨੇ। ਮੈਂ ਵੇਖਿਆ ਇੱਕ ਮੇਮ ਦੇਵੀ ਦਿਆਲ ਦੇ ਗੁੰਦੇ ਹੋਏ ਡੌਲੇ ਨਿਹਾਰ ਰਹੀ ਸੀ। ਦੇਵੀ ਦਿਆਲ ਵੀਹ ਵਰ੍ਹੇ ਕਬੱਡੀ ਖੇਡਿਆ ਪਰ ਉਸ ਨੇ ਆਪਣੇ ਪਿੰਡੇ ਨੂੰ ਮਿੱਟੀ ਨਹੀਂ ਸੀ ਲੱਗਣ ਦਿੱਤੀ। ਉਹ ਸਹੇ ਵਾਂਗ ਛਾਲਾਂ ਮਾਰਦਾ ਤੇ ਸਕਿੰਟਾਂ `ਚ ਅਹੁ ਜਾਂਦਾ। ਆਪਣੇ ਸਮੇਂ ਦਾ ਉਹ ਦਰਸ਼ਨੀ ਖਿਡਾਰੀ ਸੀ ਤੇ ਹੁਣ ਸੱਠ ਸਾਲ ਦੀ ਉਮਰ ਵਿੱਚ ਵੀ ਏਨਾ ਕੁ ਬਣਦਾ ਫੱਬਦਾ ਹੈ ਕਿ ਮੇਮ ਮੁੜ-ਮੁੜ ਉਹਦੇ ਵੱਲ ਵੇਖ ਰਹੀ ਸੀ। ਇਹ ਉਹਦੀਆਂ ਖਾਧੀਆਂ ਦੇਸੀ ਖੁਰਾਕਾਂ, ਮਾਰੀਆਂ ਮਿਹਨਤਾਂ ਤੇ ਖੇਡੀਆਂ ਕਬੱਡੀਆਂ ਦਾ ਫਲ ਹੈ ਕਿ ਉਹ ਅਜੇ ਵੀ ਪੂਰਾ ਫਿੱਟ ਹੈ। ਉਹ ਹੁਣ ਵੀ ਡੰਡ ਬੈਠਕਾਂ ਕੱਢਦਾ ਤੇ ਜਿਮ ਜਾਂਦਾ ਹੈ। ਪਰ ਅੱਜ ਕੱਲ੍ਹ ਦੇ ਕਈ ਕਬੱਡੀ ਖਿਡਾਰੀ ਕੈਪਸੂਲਾਂ ਤੇ ਟੀਕਿਆਂ ਨਾਲ ਮੱਸਲ ਬਣਾਉਣ ਲੱਗ ਪਏ ਹਨ ਜਿਨ੍ਹਾਂ ਦੀ ਫੂਕ ਬੜੀ ਛੇਤੀ ਨਿਕਲ ਜਾਣੀ ਹੈ। ਸੱਠ ਸਾਲ ਦੇ ਹੋ ਕੇ ਤਾਂ ਸ਼ਾਇਦ ਉਹ ਉੱਠਣ ਬੈਠਣ ਜੋਗੇ ਹੀ ਨਾ ਰਹਿਣ। ਅਸੀਂ ਕਬੱਡੀ ਦੀਆਂ ਗੱਲਾਂ ਕਰਦੇ ਕੈਲਗਰੀ ਅੱਪੜੇ ਜਿਥੇ ਦੇਵੀ ਦੇ ਪਿੰਡ ਕੁੱਬਿਆਂ ਦਾ ਜੱਸੀ ਸਾਨੂੰ ਪਹਿਲਾਂ ਹੀ ਲੈਣ ਆਇਆ ਖੜ੍ਹਾ ਸੀ।

ਅਗਲੇ ਦਿਨ ਅਸੀਂ ਵਾਈਟਹਾਰਨ ਦੇ ਕਮਿਊਨਿਟੀ ਹਾਲ ਵਿੱਚ ਗਏ ਜਿਥੇ ਲਿਖਾਰੀ ਸਭਾ ਕੈਲਗਰੀ ਆਪਣਾ ਸਾਲਾਨਾ ਸਮਾਗਮ ਕਰ ਰਹੀ ਸੀ। ਮੈਂ ਦੇਸ਼ ਦੀਆਂ ਅਨੇਕਾਂ ਸਾਹਿਤ ਸਭਾਵਾਂ ਦੇ ਸਮਾਗਮ ਵੇਖੇ ਹਨ। ਕਈ ਸਮਾਗਮਾਂ ਦੀ ਰੌਣਕ ਵਧਾਉਣ ਲਈ ਸਾਨੂੰ ਵਿਦਿਆਰਥੀ ਵੀ ਲਿਜਾਣੇ ਪੈਂਦੇ ਸਨ। ਪੰਜਾਬ ਦੇ ਸਾਹਿਤ ਸਮਾਗਮਾਂ ਵਿੱਚ ਹੁਣ ਪਹਿਲਾਂ ਜਿੰਨਾ `ਕੱਠ ਨਹੀਂ ਹੁੰਦਾ। ਕਈ ਵਾਰ ਲੁਧਿਆਣੇ ਦੇ ਪੰਜਾਬੀ ਭਵਨ ਦਾ ਸੈਮੀਨਾਰ ਹਾਲ ਅੱਧਾ ਵੀ ਨਹੀਂ ਭਰਦਾ। ਪਰ ਕੈਲਗਰੀ ਵਿੱਚ ਡੇਢ ਦੋ ਸੌ ਸਾਹਿਤ ਪ੍ਰੇਮੀ ਜੁੜੇ ਬੈਠੇ ਸਨ। ਉਥੋਂ ਦੀ ਲਿਖਾਰੀ ਸਭਾ ਮਰਹੂਮ ਇਕਬਾਲ ਅਰਪਨ ਦੇ ਉੱਦਮ ਨਾਲ ਹੋਂਦ ਵਿੱਚ ਆਈ ਸੀ। ਉਸ ਦੀ ਯਾਦ ਵਿੱਚ ਹੀ ਬਲਬੀਰ ਕੌਰ ਨੂੰ ਅਵਾਰਡ ਦਿੱਤਾ ਜਾ ਰਿਹਾ ਸੀ। ਮੇਰੀ ਬੋਲਣ ਦੀ ਵਾਰੀ ਆਈ ਤਾਂ ਮੈਂ ਅਵਾਰਡ ਦੀ ਵਧਾਈ ਦੇਣ ਦੇ ਨਾਲ ਲਿਖਾਰੀ ਸਭਾ ਦੀ ਯਥਾਯੋਗ ਪਰਸੰਸਾ ਕੀਤੀ। ਆਖਿਆ ਕਿ ਇਹ ਸਭਾ ਹੋਰਨਾਂ ਸਾਹਿਤ ਸਭਾਵਾਂ ਲਈ ਮਾਡਲ ਹੋ ਸਕਦੀ ਹੈ।

ਸਮਾਗਮ ਵਿੱਚ ਜੋ ਕਵਿਤਾਵਾਂ, ਗੀਤ, ਚੁਟਕਲੇ ਤੇ ਵਿਚਾਰ ਪੇਸ਼ ਕੀਤੇ ਗਏ ਉਹ ਉੱਚ ਮਿਆਰ ਦੇ ਸਨ। ਰਾਤ ਦੇ ਖਾਣੇ ਸਮੇਂ ਜਿਹੜਾ ਕਵੀ ਦਰਬਾਰ ਹੋਇਆ ਉਹ ਵੀ ਕਮਾਲ ਦਾ ਸੀ। ਅੱਗੇ ਕਿਹਾ ਜਾਂਦਾ ਸੀ ਕਿ ਪਰਵਾਸੀ ਲੇਖਕਾਂ ਦੀਆਂ ਸਭਾਵਾਂ ਨੂੰ ਪੰਜਾਬ ਦੀਆਂ ਲੇਖਕ ਸਭਾਵਾਂ ਤੋਂ ਸੇਧ ਲੈਣੀ ਚਾਹੀਦੀ ਹੈ ਪਰ ਕੈਲਗਰੀ ਦੀ ਸਭਾ ਵੇਖ ਕੇ ਕਿਹਾ ਜਾ ਸਕਦੈ ਕਿ ਹੁਣ ਪੰਜਾਬ ਦੀਆਂ ਸਾਹਿਤ ਸਭਾਵਾਂ ਨੂੰ ਪਰਵਾਸੀਆਂ ਦੀਆਂ ਸਾਹਿਤ ਸਭਾਵਾਂ ਤੋਂ ਸਬਕ ਸਿੱਖਣ ਦੀ ਲੋੜ ਹੈ। ਹੁਣ ਵਿਦੇਸ਼ਾਂ ਵਿੱਚ ਵੀ ਚੰਗਾ ਪੰਜਾਬੀ ਸਾਹਿਤ ਰਚਿਆ ਜਾ ਰਿਹੈ। ਉਥੇ ਚੇਤਨਾ ਪ੍ਰਕਾਸ਼ਨ ਵਾਲਾ ਸਤੀਸ਼ ਗੁਲਾਟੀ ਵੀ ਆਪਣੀਆਂ ਪ੍ਰਕਾਸ਼ਨਾਂ ਲੈ ਕੇ ਹਾਜ਼ਰ ਸੀ ਜਿਸ ਦੀਆਂ ਕਾਫੀ ਕਿਤਾਬਾਂ ਮੌਕੇ ਉਤੇ ਹੀ ਵਿਕ ਗਈਆਂ।

ਇਕ ਜੁਲਾਈ ਦਾ ਦਿਨ ਨਿੱਖਰੀ ਧੁੱਪ ਵਾਲਾ ਚੜ੍ਹਿਆ ਜਿਹੜਾ ਕਿ ਕੈਨੇਡਾ ਦਿਵਸ ਵੀ ਸੀ। ਕੰਮਾਂ ਦੇ ਭੰਨੇ ਲੋਕ ਛੁੱਟੀ ਦਾ ਜਸ਼ਨ ਮਨਾ ਰਹੇ ਸਨ। ਛੁੱਟੀ ਦੀ ਕਦਰ ਉਸੇ ਨੂੰ ਹੁੰਦੀ ਹੈ ਜਿਸ ਨੂੰ ਕੰਮਾਂ ਕਾਰਾਂ `ਚੋਂ ਮਸਾਂ ਵਿਹਲ ਮਿਲੇ। ਪੱਛਮੀ ਮੁਲਕਾਂ ਵਿੱਚ ਤਦੇ ਤਾਂ ਸੁਆਣੀਆਂ ਕਹਿੰਦੀਆਂ ਹਨ-ਐਤਵਾਰਾ ਆਈਂ ਵੇ ਸਾਨੂੰ ਸਾਹ ਦੁਆਈਂ ਵੇ। ਸਾਹ ਤਾਂ ਖ਼ੈਰ ਐਤਵਾਰ ਵੀ ਨਹੀਂ ਲੈਣ ਦਿੰਦਾ ਕਿਉਂਕਿ ਸਾਰੇ ਹਫ਼ਤੇ ਦਾ ਘਰੇਲੂ ਕੰਮ ਉਸੇ ਦਿਨ ਕਰਨਾ ਹੁੰਦੈ। ਪੰਜਾਬ ਵਿੱਚ ਛੁੱਟੀ ਦਾ ਉਹ ਅਹਿਸਾਸ ਨਹੀਂ ਜੋ ਪੱਛਮੀ ਮੁਲਕਾਂ ਵਿੱਚ ਹੈ। ਉਥੇ ਤਾਂ ਸਦਾ ਹੀ ਛੁੱਟੀਆਂ ਹਨ ਤੇ ਡੇਰਿਆਂ ਦੀ ਬਹਾਰ ਵੀ ਸਦਾਬਹਾਰ ਛੁੱਟੀਆਂ ਕਰਕੇ ਹੀ ਹੈ। ਪੰਜਾਬ ਏਨਾ ਵਿਹਲਾ ਨਾ ਹੋਵੇ ਤਾਂ ਨੌਂ ਹਜ਼ਾਰ ਡੇਰਿਆਂ ਤੇ ਛੱਤੀ ਹਜ਼ਾਰ ਗੁਰਦੁਆਰਿਆਂ ਨੂੰ ਸੰਗਤ ਕਿਥੋਂ ਮਿਲੇ? ਤੀਰਥਾਂ ਦੀ ਯਾਤਰਾ ਤੇ ਲੱਖਾਂ ਲੋਕਾਂ ਦੀਆਂ ਰੈਲੀਆਂ ਕਿਵੇਂ ਹੋਣ?

ਪੰਜਾਬ ਦਾ ਕਲਿਆਣ ਆਖ਼ਰਕਾਰ ਵਿਹਲੜਾਂ ਨੂੰ ਕੰਮ ਲਾਉਣ ਨਾਲ ਈ ਹੋਣੈ ਨਾ ਕਿ ਮੁਫ਼ਤ ਦੀਆਂ ਸਹੂਲਤਾਂ ਦੇਣ ਨਾਲ। ਹੁਣ ਤਾਂ ਹਾਲਤ ਇਹ ਹੈ ਕਿ ਕੰਮ ਭੱਈਏ ਕਰਦੇ ਹਨ ਤੇ ਸਾਡੇ ਬੇਲੀ ਨਸ਼ੇ ਕਰਦੇ ਤੇ ਚੌਂਕੀਆਂ ਭਰਦੇ ਹਨ। ਜਿੰਨਾ ਤੇ ਜਿਹੋ ਜਿਹਾ ਕੰਮ ਪੰਜਾਬੀ ਬਾਹਰ ਜਾ ਕੇ ਕਰਦੇ ਹਨ ਜੇਕਰ ਉਨਾ ਪੰਜਾਬ ਵਿੱਚ ਕਰਨ ਲੱਗ ਪੈਣ ਤਾਂ ਕਿਸੇ ਗੱਲ ਦਾ ਘਾਟਾ ਨਾ ਰਹੇ। ਆਹ ਜਿਹੜੇ ਡੇਰਿਆਂ, ਗੁਰਦੁਆਰਿਆਂ, ਮੰਦਰਾਂ ਤੇ ਮਸੀਤਾਂ ਦੇ ਨਾਂ `ਤੇ ਬੇਲੋੜੇ ਬਖੇੜੇ ਪੈਂਦੇ ਹਨ ਉਹਨਾਂ ਤੋਂ ਵੀ ਮੁਕਤੀ ਮਿਲੇ। ਫਿਰ ਚੁਰਾਸੀ ਵੀ ਆਪਣੇ ਆਪ ਹੀ ਕੱਟੀ ਜਾਵੇ। ਇਹ ਵਾਧੂ ਦੀ ਵਿਹਲ ਹੀ ਹੈ ਜਿਹੜੀ ਇਨਸਾਨਾਂ ਨੂੰ ਸ਼ੈਤਾਨ ਦੇ ਚਰਖੇ ਬਣਾਈ ਫਿਰਦੀ ਹੈ।

ਗੁਰਦਵਾਰਾ ਦਸਮੇਸ਼ ਕਲਚਰਲ ਸੈਂਟਰ ਕੈਲਗਰੀ ਦੇ ਨਾਲ ਲੱਗਵੇਂ ਗਰਾਊਂਡ ਉਤੇ ਅੰਬੀ ਹਠੂਰ ਦੀ ਯਾਦ ਵਿੱਚ ਕਬੱਡੀ ਟੂਰਨਾਮੈਂਟ ਹੋ ਰਿਹਾ ਸੀ। ਅਮਰਜੀਤ ਅੰਬੀ ਕੈਨੇਡਾ ਵਿੱਚ ਕਬੱਡੀ ਖੇਡਦਿਆਂ ਪਰਲੋਕ ਸਿਧਾਰ ਗਿਆ ਸੀ। ਉਹ ਬੜਾ ਦਰਸ਼ਨੀ ਜੁਆਨ ਸੀ ਤੇ ਕਬੱਡੀ ਜਗਤ ਨੂੰ ਉਹਦੇ `ਤੇ ਬੜੀਆਂ ਆਸਾਂ ਸਨ। ਪਹਿਲਾਂ ਹਰਜੀਤ, ਤਲਵਾਰ ਤੇ ਕੇਵਲ ਹੋਰੀਂ ਹਾਦਸੇ `ਚ ਮਾਰੇ ਗਏ, ਫਿਰ ਮੋਹਣਾ ਸੁੱਤੇ ਦਾ ਸੁੱਤਾ ਰਹਿ ਗਿਆ, ਫਿਰ ਜੈਲਾ ਜਾਂਦਾ ਰਿਹਾ ਤੇ ਮਗਰੇ ਅੰਬੀ ਤੁਰ ਗਿਆ। ਮੌਤ ਕਬੱਡੀ ਖਿਡਾਰੀਆਂ ਪਿੱਛੇ ਹੱਥ ਧੋ ਕੇ ਪਈ ਜਾਪਦੀ ਹੈ। ਕੋਈ ਵਡੇਰੀ ਉਮਰ `ਚ ਮਰੇ ਤਾਂ ਉਨਾ ਕਸ਼ਟ ਨਹੀਂ ਹੁੰਦਾ ਪਰ ਜੁਆਨ ਜਹਾਨ ਖਿਡਾਰੀਆਂ ਦੀ ਮੌਤ ਭੁੱਲਣ ਵਾਲੀ ਨਹੀਂ। ਇਹ ਵੀ ਸੋਚਣਾ ਚਾਹੀਦੈ ਕਿ ਕਬੱਡੀ ਖਿਡਾਰੀ ਜੁਆਨ ਉਮਰੇ ਕਿਉਂ ਮਰ ਰਹੇ ਨੇ?

ਅਸੀਂ ਕਬੱਡੀ ਦੇ ਦਾਇਰੇ `ਚ ਗਏ ਤਾਂ ਮਾਈਕ ਤੋਂ ਸਾਡਾ ਸਵਾਗਤ ਕੀਤਾ ਗਿਆ। ਮੱਖਣ ਸਿੰਘ ਤੇ ਮੱਖਣ ਅਲੀ ਕੁਮੈਂਟਰੀ ਕਰ ਰਹੇ ਸਨ। ਕਬੱਡੀ ਦੀਆਂ ਦਸ ਟੀਮਾਂ ਟੂਰਨਾਮੈਂਟ ਵਿੱਚ ਭਾਗ ਲੈ ਰਹੀਆਂ ਸਨ ਜਿਨ੍ਹਾਂ ਦੇ ਨਾਂ ਯੰਗ ਕਲੱਬ, ਸ਼ਾਨੇ ਪੰਜਾਬ, ਰਾਜੂ, ਆਜ਼ਾਦ, ਫਰੇਜ਼ਰ ਵੈੱਲੀ, ਹਰਜੀਤ, ਰਿਚਮੰਡ, ਪ੍ਰਿੰਸ ਜਾਰਜ, ਐਬਸਫੋਰਡ ਤੇ ਕੈਲਗਰੀ ਕਲੱਬ ਸਨ। ਇਨ੍ਹਾਂ ਵਿੱਚ ਸੱਠ ਪੈ੍ਹਂਟ ਖਿਡਾਰੀ ਪੰਜਾਬ ਤੋਂ ਆਏ ਹੋਏ ਸਨ। ਪਿਛਲੇ ਸਾਲ ਸੌ ਆ ਗਏ ਸਨ ਪਰ ਕੁੱਝ ਖਿਡਾਰੀਆਂ ਦੇ ਕਬੂਤਰ ਬਣ ਜਾਣ ਕਾਰਨ ਐਤਕੀ ਵੀਜ਼ੇ ਬੜੇ ਔਖੇ ਮਿਲੇ। ਪਹਿਲਾ ਸੈਮੀ ਫਾਈਨਲ ਮੈਚ ਪ੍ਰਿੰਸ ਜਾਰਜ ਤੇ ਰਿਚਮੰਡ ਦੀਆਂ ਕਲੱਬਾਂ ਵਿਚਕਾਰ ਖੇਡਿਆ ਗਿਆ ਜੋ ਰਿਚਮੰਡ ਨੇ 44-40 ਅੰਕਾਂ ਨਾਲ ਜਿੱਤਿਆ। ਦੂਜਾ ਸੈਮੀ ਫਾਈਨਲ ਹਰਜੀਤ ਤੇ ਯੰਗ ਕਲੱਬ ਦਰਮਿਆਨ ਹੋਇਆ ਜੋ ਹਰਜੀਤ ਕਲੱਬ ਨੇ ਜਿੱਤ ਕੇ ਫਾਈਨਲ ਮੈਚ ਵੀ ਜਿੱਤ ਲਿਆ। ਕਿੰਦੇ ਬਿਹਾਰੀਪੁਰੀਏ ਨੂੰ ਸਰਵੋਤਮ ਧਾਵੀ ਐਲਾਨਿਆ ਗਿਆ ਤੇ ਚੰਗੇ ਚੋਖੇ ਡਾਲਰਾਂ ਨਾਲ ਸਨਮਾਨਿਆ ਗਿਆ। ਕਿੰਦਾ ਬਰੈਂਪਟਨ ਵਿੱਚ ਮੇਰੇ ਗੁਆਂਢ ਹੀ ਰਹਿੰਦਾ ਹੈ। ਪਿਛਲੇ ਦਸਾਂ ਸਾਲਾਂ ਤੋਂ ਉਹਦਾ ਕਿੱਤਾ ਕਬੱਡੀ ਖੇਡਣਾ ਹੀ ਹੈ। ਐਤਕੀਂ ਦਾ ਸੀਜ਼ਨ ਉਹਦਾ ਪਿਛਲੇ ਸਾਲਾਂ ਨਾਲੋਂ ਚੰਗਾ ਲੱਗ ਰਿਹੈ ਤੇ ਬੱਲੇ ਬੱਲੇ ਵੀ ਵੱਧ ਹੋ ਰਹੀ ਹੈ।

ਟੂਰਨਾਮੈਂਟ ਦਾ ਪ੍ਰਬੰਧ ਕਰਨ ਵਾਲੇ ਮੇਜਰ ਸਿੰਘ ਬਰਾੜ, ਗੈਰੀ ਗਿੱਲ, ਬੱਬੀ ਮੱਦੋਕੇ, ਨਿਰਮਲ ਘੋਲੀਆ, ਕਰਮਪਾਲ ਸਿੱਧੂ, ਰਾਮ ਸਿੰਘ ਸੋਹੀ ਤੇ ਪੰਮੀ ਸਿੱਧੂ ਸਮੇਤ ਬਹੁਤ ਸਾਰੇ ਸਾਥੀ ਸਨ। ਉਨ੍ਹਾਂ ਨੇ ਮੋਗੇ ਦੇ ਨਾਲ ਲੱਗਵੇਂ ਪਿੰਡ ਲੰਢੇਕੇ ਵਿੱਚ ਵੀ ਵਧੀਆ ਟੂਰਨਾਮੈਂਟ ਕਰਵਾਇਆ ਸੀ ਜਿਥੇ ਖਿਡਾਰੀਆਂ ਨੂੰ ਮੋਟਰ ਸਾਈਕਲਾਂ ਤੇ ਸੋਨ-ਮੈਡਲਾਂ ਨਾਲ ਸਨਮਾਨਿਆਂ ਗਿਆ ਸੀ। ਕੇ.ਐੱਸ.ਬੀ.ਟ੍ਰੱਕਿੰਗ ਵਾਲੇ ਕਬੱਡੀ ਦੇ ਸ਼ੌਕੀਨ ਕਰਮ ਸਿੱਧੂ ਨੇ ਖਿਡਾਰੀਆਂ ਦੀ ਖੇਡ ਉਤੇ ਡਾਲਰਾਂ ਦਾ ਮੀਂਹ ਵਰ੍ਹਾਇਆ ਤੇ ਐਲਾਨ ਕੀਤਾ ਕਿ ਉਹ ਅਗਲੇ ਸਾਲ ਕਬੱਡੀ ਦੇ ਸਟਾਰ ਖਿਡਾਰੀ ਲੱਖੇ ਦੀ ਮਾਤਾ ਦਾ ਇਕਵੰਜਾ ਸੌ ਡਾਲਰ ਨਾਲ ਸਨਮਾਨ ਕਰੇਗਾ। ਸਾਨੂੰ ਉਸ ਨੇ ਅਗਾਊਂ ਸੱਦਾ ਦਿੱਤਾ ਕਿ ਉਸ ਦੇ ਪਿੰਡ ਸਿੱਧਵਾਂ ਬੇਟ ਦੇ ਕਬੱਡੀ ਟੂਰਨਾਮੈਂਟ `ਤੇ ਜ਼ਰੂਰ ਪੁੱਜੀਏ। ਸਿਆਲ `ਚ ਵੇਖਾਂਗੇ ਉਹ ਕਿਹੋ ਜਿਹਾ ਖੇਡ ਮੇਲਾ ਕਰਾਉਂਦੈ?

ਮੁੱਲਾਂਪੁਰ ਦਾ ਇੰਦਰਜੀਤ ਤੇ ਰਣਸੀਂਹ ਦਾ ਗੁਰਚਰਨ ਧਾਲੀਵਾਲ ਸਾਨੂੰ ਐਡਮਿੰਟਨ ਲਿਜਾਣ ਲਈ ਕੈਲਗਰੀ ਪਹੁੰਚ ਗਏ ਸਨ। ਕੈਲਗਰੀ ਵਿੱਚ ਰਿਸ਼ਤੇਦਾਰ, ਢੁੱਡੀਕਿਆਂ ਵਾਲੇ ਤੇ ਮੇਰੇ ਪੁਰਾਣੇ ਵਿਦਿਆਰਥੀ ਚਾਹੁੰਦੇ ਸਨ ਕਿ ਅਸੀਂ ਇੱਕ ਰਾਤ ਹੋਰ ਉਨ੍ਹਾਂ ਪਾਸ ਰਹੀਏ ਪਰ ਸਾਡਾ ਐਡਮਿੰਟਨ ਜਾਣਾ ਬਣਦਾ ਸੀ। ਕਾਰ ਰਾਹੀਂ ਢਾਈ ਤਿੰਨ ਘੰਟੇ ਲੱਗਣੇ ਸਨ। ਸੂਰਜ ਅਜੇ ਖੜ੍ਹਾ ਸੀ ਤੇ ਸਾਡੀ ਵੈਨ ਮਿਰਜ਼ੇ ਦੀ ਬੱਕੀ ਬਣੀ ਜਾ ਰਹੀ ਸੀ। ਦੇਵੀ ਦਿਆਲ ਤੇ ਮੈਂ ਕਬੱਡੀ ਦੀਆਂ ਨਵੀਆਂ ਤੇ ਪੁਰਾਣੀਆਂ ਗੱਲਾਂ ਦੋਸਤਾਂ ਨੂੰ ਦੱਸ ਰਹੇ ਸਾਂ। ਵਿਚੇ ਫਿੱਡੂ ਹੋਰਾਂ ਦੀਆਂ ਚੁਗਲੀਆਂ ਹੋ ਰਹੀਆਂ ਸਨ ਤੇ ਵਿਚੇ ਉਨ੍ਹਾਂ ਖਿਡਾਰੀਆਂ ਦੀਆਂ ਜਿਹੜੇ ਮੱਸਲ ਬਣਾਉਣ ਲਈ ਘੋੜਿਆਂ ਨੂੰ ਲੱਗਣ ਵਾਲੇ ਟੀਕੇ ਲੁਆ ਰਹੇ ਹਨ। ਨਵੇਂ ਮੁੰਡੇ ਕਹਿੰਦੇ ਸੁਣੇ ਹਨ, “ਟੀਕੇ ਲੁਆ ਕੇ `ਕੇਰਾਂ ਬਹਿਜਾ ਬਹਿਜਾ ਹੋਜੇ ਫੇਰ ਭਾਵੇਂ ਜਾਨ ਈ ਨਿਕਲਜੇ!”

ਕੈਲਗਰੀ ਤੋਂ ਐਡਮਿੰਟਨ ਤਕ ਆਲੇ ਦੁਆਲੇ ਪੱਧਰੇ ਵਿਸ਼ਾਲ ਖੇਤ ਵਿਛੇ ਪਏ ਸਨ। ਨੀਲੇ ਆਕਾਸ਼ ਹੇਠਾਂ ਦੂਰ ਦਿਸਹੱਦਿਆਂ ਤਕ ਹਰਿਆਵਲ ਪਸਰੀ ਹੋਈ ਸੀ ਤੇ ਰੁੱਖ ਝੂੰਮ ਰਹੇ ਸਨ। ਛਿਪਦੇ ਸੂਰਜ ਦੀਆਂ ਸੁਨਹਿਰੀ ਕਿਰਨਾਂ ਨੇ ਧਰਤੀ ਨੂੰ ਰੂਪ ਚਾੜ੍ਹ ਰੱਖਿਆ ਸੀ। ਵੈਨ ਵਿੱਚ ਮਾਂ ਬੋਲੀ ਦੇ ਮਧੁਰ ਗੀਤ ਗੂੰਜ ਰਹੇ ਸਨ। ਮੈਂ ਅੱਗੇ ਵੀ ਇੱਕ ਵਾਰ ਕਾਰ ਰਾਹੀਂ ਕੈਲਗਰੀ ਤੋਂ ਐਡਮਿੰਟਨ ਗਿਆ ਸਾਂ ਪਰ ਉਦੋਂ ਰਾਤ ਦੇ ਹਨ੍ਹੇਰੇ ਕਾਰਨ ਪ੍ਰਕਿਰਤੀ ਦੇ ਨਜ਼ਾਰੇ ਨਹੀਂ ਸਾਂ ਮਾਣ ਸਕਿਆ। ਕੁਦਰਤ ਅੰਤਾਂ ਦੀ ਸੁਨੱਖੀ ਹੈ ਪਰ ਕਈਆਂ ਕੋਲ ਵੇਖਣ ਵਾਲੀ ਅੱਖ ਨਹੀਂ। ਖਿੜੇ ਹੋਏ ਫੁੱਲ ਮਨਾਂ ਦੀਆਂ ਉਦਾਸੀਆਂ ਦੂਰ ਕਰ ਸਕਦੇ ਹਨ ਤੇ ਹਮੇਸ਼ਾਂ ਖਿੜੇ ਰਹਿਣਾ ਸਿਖਾ ਸਕਦੇ ਹਨ। ਕਈ ਦੁੱਖਾਂ ਦਾ ਹੀ ਰੋਣਾ ਰੋਂਦੇ ਰਹਿੰਦੇ ਹਨ ਪਰ ਕਈ ਬੂ ਦੁਹਾਈਆਂ ਪਾਉਣ ਦੀ ਥਾਂ ਖਿੜੇ ਮੱਥੇ ਜੀਵਨ ਗੁਜ਼ਾਰ ਜਾਂਦੇ ਹਨ। ਉਹ ਮਾੜੀਆਂ ਮੋਟੀਆਂ ਆਫ਼ਤਾਂ ਨੂੰ ‘ਕੋਈ ਆਖ਼ਰ ਨਹੀਂ ਆ ਚੱਲੀ’ ਕਹਿ ਕੇ ਚੜ੍ਹਦੀ ਕਲਾ ਵਿੱਚ ਵਿਚਰਦੇ ਹਨ ਤੇ ਖ਼ੁਸ਼ੀਆਂ ਵੰਡਦੇ ਤੁਰੇ ਜਾਂਦੇ ਹਨ।

ਦਿਨ ਛਿਪ ਗਿਆ ਸੀ ਜਦੋਂ ਅਸੀਂ ਐਡਮਿੰਟਨ ਦੀਆਂ ਬਰੂਹਾਂ ਵਿੱਚ ਪਹੁੰਚੇ। ਬੱਤੀਆਂ ਜਗ ਪਈਆਂ ਸਨ ਜਿਨ੍ਹਾਂ ਦੇ ਚਾਨਣ ਵਿੱਚ ਸੜਕਾਂ ਤੇ ਇਮਾਰਤਾਂ ਲਿਸ਼ਕਾਂ ਮਾਰ ਰਹੀਆਂ ਸਨ। ਪਹਿਲਾਂ ਅਸੀਂ ਦਾਅਵਤ ਰੈਸਟੋਰੈਂਟ ਵਿੱਚ ਪ੍ਰਬੰਧਕਾਂ ਕੋਲ ਹਾਜ਼ਰੀ ਲੁਆਈ ਜਿਥੋਂ ਫਿਰ ਆਪਣੇ ਵਿਦਿਆਰਥੀ ਜਗਜੀਤ ਮੱਦੋਕੇ ਦੇ ਨਵੇਂ ਘਰ ਦੀ ਚੱਠ `ਤੇ ਜਾਣਾ ਸੀ। ਉਥੇ ਢੁੱਡੀਕੇ ਕਾਲਜ ਦੇ ਮੇਰੇ ਸਾਥੀ ਭਿੰਦਰ ਸਿੰਘ ਸੋਹੀ ਤੇ ਹੋਰ ਕਈ ਪਰਿਵਾਰ ਸਾਡੀ ਉਡੀਕ ਕਰ ਰਹੇ ਸਨ। ਢੁੱਡੀਕੇ ਤੇ ਸਮਰਾਲੇ ਕਾਲਜ ਦੀਆਂ ਗੱਲਾਂ ਕਰਦਿਆਂ ਸੂਈ ਕਬੱਡੀ ਵਿੱਚ ਡਰੱਗ ਦੀ ਵਰਤੋਂ ਉਤੇ ਆ ਰੁਕੀ ਤੇ ਪਤਾ ਹੀ ਨਾ ਲੱਗਾ ਕਦੋਂ ਰਾਤ ਬੀਤ ਗਈ।

ਐਡਮਿੰਟਨ ਵਿੱਚ ਪੰਜਾਬੀਆਂ ਦੀ ਵਸੋਂ ਵੀਹ ਕੁ ਹਜ਼ਾਰ ਦੇ ਕਰੀਬ ਹੈ। ਦੋ ਜੁਲਾਈ ਨੂੰ ਇੰਜ ਲੱਗਦਾ ਸੀ ਜਿਵੇਂ ਉਨ੍ਹਾਂ `ਚੋਂ ਅੱਧੇ ਟੀ.ਡੀ.ਬੇਕਰ ਸਕੂਲ ਦੀਆਂ ਗਰਾਊਂਡਾਂ ਵਿੱਚ ਆ ਗਏ ਹੋਣ। ਕਿਧਰੇ ਕਬੱਡੀ ਹੋ ਰਹੀ ਸੀ, ਕਿਧਰੇ ਸਾਕਰ ਤੇ ਵਾਲੀਬਾਲ ਖੇਡੀ ਜਾ ਰਹੀ ਸੀ। ਕਿਧਰੇ ਬੱਚਿਆਂ ਤੇ ਬਜ਼ੁਰਗਾਂ ਦੀਆਂ ਦੌੜਾਂ ਲੱਗ ਰਹੀਆਂ ਸਨ ਤੇ ਕਿਧਰੇ ਪੰਜਾਬਣਾਂ ਤੀਆਂ ਮਨਾ ਰਹੀਆਂ ਸਨ। ਉਥੇ ਮਿੰਨੀ ਪੰਜਾਬ ਵਸਿਆ ਪਿਆ ਸੀ ਤੇ ਲੱਗਦਾ ਹੀ ਨਹੀਂ ਸੀ ਕਿ ਪਰਦੇਸ ਵਿੱਚ ਹੋਈਏ। ਅਸੀਂ ਮੇਲੇ ਵਿੱਚ ਅੱਪੜੇ ਤਾਂ ਸਟੇਜ ਲਾਗੇ ਫੁੱਲਾਂ ਨਾਲ ਸਜੇ ਹੋਏ ਦੁਆਰ ਉਤੇ ਸਾਡਾ ਸਵਾਗਤ ਕੀਤਾ ਗਿਆ। ਮੱਖਣ ਸਿੰਘ ਤੇ ਮੱਖਣ ਅਲੀ ਮੇਰੀ ਵਡੇਰੀ ਉਮਰ ਕਰਕੇ ਮੈਨੂੰ ਉਸਤਾਦ ਜੀ ਕਹਿਣ ਦਾ ਮਾਣ ਬਖਸ਼ ਰਹੇ ਸਨ। ਉਨ੍ਹਾਂ ਨੇ ਕਬੱਡੀ ਦੀ ਕੁਮੈਂਟਰੀ ਵਿੱਚ ਨਵੇਂ ਰੰਗ ਭਰੇ ਹਨ ਜਿਸ ਨਾਲ ਕਬੱਡੀ ਮੈਚਾਂ ਦਾ ਦੂਣਾ ਸੁਆਦ ਆਉਂਦਾ ਹੈ। ਉਨ੍ਹਾਂ ਨੇ ਉਹ ਗੱਲ ਕੀਤੀ ਹੈ ਪਈ ਗੁਰੂ ਜਿਨ੍ਹਾਂ ਦੇ ਟੱਪਣੇ ਚੇਲੇ ਜਾਣ ਛੜੱਪ।

ਅਸੀਂ ਸਟੇਜ `ਤੇ ਬਹਿ ਕੇ ਚਾਰ ਚੁਫੇਰਾ ਨਿਹਾਰਿਆ ਤਾਂ ਵਿਸ਼ਾਲ ਹਰਾ ਭਰਾ ਮੈਦਾਨ ਨਜ਼ਰੀਂ ਪਿਆ। ਵਿਚੇ ਘਾਹ ਵਾਲੀਆਂ ਟਿੱਬੀਆਂ ਸਨ। ਇੱਕ ਪਾਸੇ ਸਕੂਲ ਦੀ ਗੇਰੂ ਰੰਗੀ ਇਮਾਰਤ ਸੀ ਤੇ ਦੂਜੇ ਪਾਸੇ ਸੀਮੈਂਟ ਰੰਗੇ ਮਕਾਨ ਸਨ। ਪਰਲੇ ਬੰਨੇ ਸੰਘਣੇ ਰੁੱਖਾਂ ਦੀ ਰੱਖ ਸੀ। ਸੱਜੇ ਬੰਨੇ ਸਿੱਖ ਹੈਰੀਟੇਜ ਦੀ ਸੰਸਥਾ ਵੱਲੋਂ ਲੰਗਰ ਚੱਲ ਰਿਹਾ ਸੀ ਤੇ ਫਰਲਾਂਗ ਕੁ ਦੀ ਵਿੱਥ ਉਤੇ ਬੀਬੀਆਂ ਤੀਆਂ ਮਨਾ ਰਹੀਆਂ ਸਨ। ਉਨ੍ਹਾਂ ਦੀਆਂ ਚੁੰਨੀਆਂ ਦੇ ਪੱਲੇ ਉਡ ਰਹੇ ਸਨ ਤੇ ਗੋਟਾ ਕਿਨਾਰੀਆਂ ਚਮਕ ਰਹੀਆਂ ਸਨ। ਧੁੱਪ ਤੋਂ ਬਚਣ ਲਈ ਚਿੱਟੇ ਤੰਬੂਆਂ ਦਾ ਪੰਡਾਲ ਲਾਇਆ ਹੋਇਆ ਸੀ ਤੇ ਬੱਚਿਆਂ ਨੂੰ ਪਰਚਾਈ ਰੱਖਣ ਲਈ ਝੂਲੇ ਸਨ। ਸਾਨੂੰ ਦੱਸਿਆ ਗਿਆ ਕਿ ਮਲਕਾ, ਜੋਤੀ, ਹਰਮਨਦੀਪ, ਸੁੱਖੀ ਬਰਾੜ, ਅਤਰੋ, ਕਾਜਲ ਤੇ ਹੋਰ ਹਰਮਨ ਪਿਆਰੀਆਂ ਗਾਇਕਾਂ ਉਨ੍ਹਾਂ ਦਾ ਮਨੋਰੰਜਨ ਕਰ ਰਹੀਆਂ ਹਨ। ਅਜਿਹਾ ਦਿਨ ਤਾਂ ਕੰਮਾਂ ਕਾਰਾਂ ਦੀਆਂ ਭੰਨੀਆਂ ਹੋਈਆਂ ਪੰਜਾਬਣਾਂ ਨੂੰ ਰੱਬ ਦੇਵੇ! ਇਹੋ ਜਿਹੇ ਦਿਨ ਈ ਤਾਂ ਉਹ ਕਢਾਈ ਵਾਲੇ ਸੂਟ ਤੇ ਗਹਿਣੇ ਗੱਟੇ ਪਾ ਸਕਦੀਆਂ ਸਨ। ਇਹ ਕਮਾਲ ਦਾ ਮੇਲ ਸੀ ਕਿ ਇੱਕ ਬੰਨੇ ਗਭਰੂਆਂ ਦੀ ਕੌਡੀ ਬਾਡੀ ਹੋ ਰਹੀ ਸੀ ਤੇ ਦੂਜੇ ਬੰਨੇ ਮੁਟਿਆਰਾਂ ਦਾ ਗਿੱਧਾ ਪੈ ਰਿਹਾ ਸੀ।

ਕਬੱਡੀ ਦੇ ਦਾਇਰੇ ਦੁਆਲੇ ਵਡੇਰੀ ਉਮਰ ਦੇ ਦਰਸ਼ਕਾਂ ਲਈ ਕੁਰਸੀਆਂ ਡਾਹੀਆਂ ਹੋਈਆਂ ਸਨ ਜਿਨ੍ਹਾਂ ਉਤੇ ਝੂਲਦੀਆਂ ਦਾੜ੍ਹੀਆਂ ਵਾਲੇ ਬਾਬੇ ਬਿਰਾਜਮਾਨ ਸਨ। ਕਈਆਂ ਕੋਲ ਖੂੰਡੀਆਂ ਫੜੀਆਂ ਹੋਈਆਂ ਸਨ। ਉਨ੍ਹਾਂ ਨੂੰ ਜੁਆਨਾਂ ਦੀਆਂ ਕਬੱਡੀਆਂ ਵੇਖ ਕੇ ਆਪਣੀ ਜੁਆਨੀ ਦੇ ਦਿਨ ਯਾਦ ਆ ਰਹੇ ਸਨ। ਦਾਇਰੇ ਦੁਆਲੇ ਰੱਸਾ ਵਲਿਆ ਹੋਇਆ ਸੀ ਜਿਸ ਨੂੰ ਰੰਗ ਬਰੰਗੀਆਂ ਝੰਡੀਆਂ ਨਾਲ ਸ਼ਿੰਗਾਰਿਆ ਗਿਆ ਸੀ। ਕਬੱਡੀ ਸਟਾਰ ਲੱਖਾ ਗਾਜ਼ੀਪੁਰੀਆ ਛੋਹਲੇ ਕਦਮਾਂ ਨਾਲ ਕੌਡੀ ਪਾ ਰਿਹਾ ਸੀ ਤੇ ਉਹਦੇ ਵਿੱਚ ਅਜੇ ਵੀ ਕਸ਼ਿਸ਼ ਸੀ। ਸੰਦੀਪ ਲੱਲੀਆਂ ਵਾਲਾ ਜ਼ਖ਼ਮੀ ਹੋਣ ਕਾਰਨ ਖੇਡ ਨਹੀਂ ਸੀ ਰਿਹਾ ਪਰ ਪਾਣੀ ਦੀ ਬੋਤਲ ਲਈ ਖੜ੍ਹਾ ਸੀ।

ਕਿੰਦਾ ਬਿਹਾਰੀਪੁਰੀਆ ਪੈ੍ਹਂਟ ਲੈਂਦਾ ਤਾਂ ਖੱਬੀ ਬਾਂਹ ਖੜ੍ਹੀ ਕਰ ਕੇ ਦਰਸ਼ਕਾਂ ਤੋਂ ਤਾੜੀਆਂ ਵਜਵਾਉਂਦਾ। ਦੁੱਲੇ ਸੁਰਖਪੁਰੀਏ ਬਾਰੇ ਕਿਹਾ ਜਾ ਰਿਹਾ ਸੀ-ਤਖਤ ਲਾਹੌਰ ਨੂੰ ਜਿਹੜਾ ਵੰਗਾਰਦਾ, ਸੂਰਮਾ ਜੁਆਨ ਸੀ ਉਹ ਦੁੱਲਾ ਬਾਰ ਦਾ …। ਬੀਰ੍ਹਾ ਸਿੱਧਵਾਂ ਵਾਲਾ ਧਾਵੀ ਨੂੰ ਹੰਧਿਆ ਨੇੜੇ ਲੈ ਆਉਂਦਾ ਸੀ ਤੇ ਫਿਰ ਝਕਾਨੀ ਨਹੀਂ ਸੀ ਦੇਣ ਦਿੰਦਾ। ਗਾਲਿਬ ਵਾਲਾ ਮੰਦਰ ਰੈਫਰੀ ਬਣਿਆ ਹੋਇਆ ਸੀ। ਬੀ.ਸੀ.ਦੀ ਕਬੱਡੀ ਐਸੋਸੀਏਸ਼ਨ ਵਾਲੇ ਰਾਜ ਬੱਧਨੀ, ਸੰਤੋਖ ਢੇਸੀ ਤੇ ਸੱਨੀ ਸਹੋਤੇ ਹੋਰੀਂ ਪਹਿਰੇਦਾਰ ਬਣੇ ਖੜ੍ਹੇ ਸਨ। ਪੰਜਾਬ ਤੋਂ ਆਏ ਨਵੇਂ ਮੁੰਡਿਆਂ ਦੀ ਖੇਡ ਵੇਖਣ ਵਾਲੀ ਸੀ। ਉਨ੍ਹਾਂ ਦੇ ਜੁੱਸੇ ਭਰੇ ਹੋਏ ਸਨ ਪਰ ਡਰ ਇਕੋ ਗੱਲ ਦਾ ਸੀ ਕਿ ਕੋਈ ਖਿਡਾਰੀ ਡਰੱਗ ਦੀ ਵਰਤੋਂ ਨਾ ਕਰਦਾ ਹੋਵੇ।

ਕਬੱਡੀ ਟੂਰਨਾਮੈਂਟ ਵਿੱਚ ਦਸ ਕਲੱਬਾਂ ਨੇ ਭਾਗ ਲਿਆ। ਇਹ ਉਹੀ ਖਿਡਾਰੀ ਸਨ ਜਿਨ੍ਹਾਂ ਨੇ ਇੱਕ ਦਿਨ ਪਹਿਲਾਂ ਕੈਲਗਰੀ ਦਾ ਕਬੱਡੀ ਟੂਰਨਾਮੈਂਟ ਨੇਪਰੇ ਚਾੜ੍ਹਿਆ ਸੀ। ਪੱਛਮੀ ਮੁਲਕਾਂ ਵਿੱਚ ਕਬੱਡੀ ਖਿਡਾਰੀਆਂ ਨੂੰ ਆਮ ਕਰ ਕੇ ਹਫ਼ਤੇ ਦਾ ਇੱਕ ਟੂਰਨਾਮੈਂਟ ਮਿਲਦਾ ਹੈ ਪਰ ਜੇ ਦੋ ਮਿਲ ਜਾਣ ਤਾਂ ਉਹ ਵਧੇਰੇ ਖ਼ੁਸ਼ ਹੁੰਦੇ ਹਨ ਜਿਵੇਂ ਦੇਸੀ ਕਾਮੇ ਓਵਰ ਟਾਈਮ ਮਿਲ ਜਾਣ `ਤੇ ਬਾਗੋ ਬਾਗ ਹੋ ਜਾਂਦੇ ਹਨ। ਖਿਡਾਰੀ ਤਾਂ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਪੰਜਾਬ ਵਾਂਗ ਹਰ ਰੋਜ਼ ਕਬੱਡੀ ਦੇ ਟੂਰਨਾਮੈਂਟ ਮਿਲਣ ਤਾਂ ਕਿ ਉਨ੍ਹਾਂ ਦਾ ਇਨਾਮ ਵਧੇਰੇ ਬਣ ਸਕੇ ਪਰ ਪੱਛਮੀ ਮੁਲਕਾਂ ਦੀ ਮਜਬੂਰੀ ਹੈ ਕਿ ਉਥੇ ਖੇਡਾਂ ਦੇ ਟੂਰਨਾਮੈਂਟ ਤੇ ਹੋਰ ਮੇਲੇ ਵੀਕ ਐਂਡ `ਤੇ ਹੀ ਹੋ ਸਕਦੇ ਹਨ। ਮੀਂਹ ਪੈ ਜਾਵੇ ਤਾਂ ਟੂਰਨਾਮੈਂਟ ਸੋਮਵਾਰ ਦੇ ਦਿਨ `ਤੇ ਨਹੀਂ ਪਾਇਆ ਜਾ ਸਕਦਾ ਤੇ ਸਾਰੀ ਕੀਤੀ ਕਤਰੀ ਉਤੇ ਪਾਣੀ ਫਿਰ ਜਾਂਦੈ।

ਸਾਡੇ ਸਾਹਮਣੇ ਹੀ ਮੇਜ਼ ਉਤੇ ਇੱਕ ਸੁਨਹਿਰੀ, ਇੱਕ ਚਾਂਦੀ ਰੰਗਾ ਤੇ ਦੋ ਛੋਟੇ ਕੱਪ ਲਿਸ਼ਕਾਂ ਮਾਰ ਰਹੇ ਸਨ ਜੋ ਜੇਤੂ ਟੀਮਾਂ ਅਤੇ ਵਧੀਆ ਜਾਫੀ ਤੇ ਧਾਵੀ ਨੂੰ ਦਿੱਤੇ ਜਾਣੇ ਸਨ। ਟੂਰਨਾਮੈਂਟ ਕਮੇਟੀ ਦਾ ਪ੍ਰਧਾਨ ਹਰਜਿੰਦਰ ਸਿੰਘ ਢੇਸੀ ਤੇ ਸੈਕਟਰੀ ਲਖਵਿੰਦਰ ਸਿੰਘ ਅਟਵਾਲ ਸਟੇਜ ਦੀ ਕਾਰਵਾਈ ਚਲਾ ਰਹੇ ਸਨ। ਅਵਤਾਰ ਸਿੰਘ ਮੋਹੀ, ਪਰਮਜੀਤ ਸਿੰਘ ਉੱਭੀ, ਤਲਵਿੰਦਰ ਸਿੰਘ ਪਨੇਸਰ ਤੇ ਨਿਰਭੈ ਸਿੰਘ ਗਰੇਵਾਲ ਆਪੋ ਆਪਣੀਆਂ ਡਿਊਟੀਆਂ ਵਿੱਚ ਮਸਰੂਫ਼ ਸਨ। ਮੇਲੇ ਦੀ ਮਾਇਕ ਮਦਦ ਕਰਨ ਵਾਲੇ ਸੱਜਣਾਂ ਨੂੰ ਪਲੇਕਾਂ ਨਾਲ ਸਨਮਾਨਿਆ ਜਾ ਰਿਹਾ ਸੀ। ਪਰਮਜੀਤ ਸੰਧੂ ਹਰ ਇੱਕ ਨੂੰ ਜੀ ਆਇਆਂ ਕਹਿ ਰਿਹਾ ਸੀ। ਕਬੱਡੀ ਦਾ ਪਹਿਲਾ ਇਨਾਮ ਸਵੈਗ ਦਿਓਲ ਵੱਲੋਂ ਸੀ, ਦੂਜਾ ਜਗ ਗਰੇਵਾਲ ਤੇ ਤੀਜਾ ਡਰੀਮ ਇਲੈਕਟ੍ਰੀਕਲ ਵਾਲਿਆਂ ਵੱਲੋਂ ਸੀ। ਪ੍ਰਬੰਧਕਾਂ ਨੇ ਮੇਲੇ ਦਾ ਹਰੇਕ ਖਰਚਾ ਕਿਸੇ ਨਾ ਕਿਸੇ ਬਿਜ਼ਨਿਸ ਅਦਾਰੇ ਤੋਂ ਸਪਾਂਸਰ ਕਰਵਾ ਲਿਆ ਸੀ। ਇੰਦਰਜੀਤ ਹੋਰਾਂ ਦਾ ਕਹਿਣਾ ਹੈ ਕਿ ਅਗਲੇ ਮੇਲੇ ਉਤੇ ਖੇਡ ਸਾਹਿਤ ਵੀ ਕਿਸੇ ਕੋਲੋਂ ਸਪਾਂਸਰ ਕਰਵਾਇਆ ਜਾਵੇਗਾ। ਸਪਾਂਸਰਾਂ ਦੀ ਮਸ਼ਹੂਰੀ ਬੈਨਰ ਤੇ ਇਸ਼ਤਿਹਾਰ ਲਾ ਕੇ ਕੀਤੀ ਗਈ ਸੀ। ਕਬੱਡੀ ਦੇ ਮੇਲੇ ਹੁਣ ਸਪਾਂਸਰਾਂ ਦੇ ਸਿਰ `ਤੇ ਹੀ ਚਲਦੇ ਹਨ।

ਕੈਨੇਡਾ `ਚ ਕਬੱਡੀ ਮੇਲੇ ਦਾ ਖਰਚਾ ਹੁਣ ਇੱਕ ਲੱਖ ਡਾਲਰ ਤੋਂ ਤਿੰਨ ਲੱਖ ਡਾਲਰ ਤਕ ਚਲਿਆ ਜਾਂਦੈ। ਗੁਰਚਰਨ ਧਾਲੀਵਾਲ ਨੇ ਦੱਸਿਆ ਕਿ ਸੱਠ ਹਜ਼ਾਰ ਡਾਲਰ ਦੇ ਕਰੀਬ ਤਾਂ ਉਨ੍ਹਾਂ ਨੂੰ ਕਬੱਡੀ ਖਿਡਾਰੀਆਂ ਤੇ ਅਧਿਕਾਰੀਆਂ ਦੀਆਂ ਹਵਾਈ ਟਿਕਟਾਂ ਦੇ ਹੀ ਦੇਣੇ ਪਏ। ਹੋਟਲ, ਖਾਣ ਪੀਣ, ਇਨਾਮ, ਗਰਾਊਂਡ, ਸਕਿਉਰਿਟੀ, ਟੈਂਟ, ਐਡ ਤੇ ਹੋਰ ਵੀਹ ਤਰ੍ਹਾਂ ਦੇ ਖਰਚੇ ਹਨ। ਕੈਨੇਡਾ `ਚ ਕਬੱਡੀ ਦਾ ਟੂਰਨਾਮੈਂਟ ਕਰਾਉਣਾ ਸੁਖਾਲਾ ਨਹੀਂ। ਪ੍ਰਬੰਧਕਾਂ ਦੀ ਚਾਲ ਨਿਕਲ ਜਾਂਦੀ ਹੈ ਜਦ ਕਿ ਵੇਖਣ ਵਾਲੇ ਮੁਫ਼ਤ `ਚ ਵੇਖ ਜਾਂਦੇ ਹਨ। ਕਈ ਖਿਡਾਰੀ ਨਿੱਕੀ ਜਿਹੀ ਗੱਲ `ਤੇ ਰੁੱਸ ਬਹਿੰਦੇ ਹਨ ਤੇ ਉਹ ਇਹ ਨਹੀਂ ਸਮਝਦੇ ਕਿ ਪ੍ਰਬੰਧਕ ਉਨ੍ਹਾਂ ਲਈ ਕਿੰਨਾ ਜੱਫਰ ਜਾਲ ਰਹੇ ਹਨ। ਕਈ ਤਾਂ ਖੇਡਣ ਲਈ ਟੀਕੇ ਵੀ ਕਲੱਬਾਂ ਕੋਲੋਂ ਭਾਲਦੇ ਹਨ। ਕਹਿੰਦੇ ਹਨ, “ਕਨੇਡਾ `ਚ ਟੀਕੇ ਤੇ ਕੈਪਸੂਲ ਤਾਂ ਮਹਿੰਗੇ ਈ ਬਹੁਤ ਹਨ! ਅੱਧਾ ਇਨਾਮ ਤਾਂ ਓਧਰ ਈ ਨਿਕਲ ਜਾਂਦੈ! !” ਇਹ ਤਾਂ ਉਹ ਗੱਲ ਹੈ ਜਿਵੇਂ ਕੋਈ ਪਾਠ ਦੀ ਰੌਲ ਲਾਉਣ ਵਾਲਾ ਪਾਠੀ ਫੀਮ ਦੇ ਮਾਵੇ ਦੀ ਮੰਗ ਕਰੇ। ਆਖੇ ਅੱਧੀ ਭੇਟਾ ਤਾਂ ਫੀਮ ਦੇ ਲੇਖੇ ਈ ਲੱਗ ਜਾਂਦੀ ਹੈ!

ਜਿਨ੍ਹਾਂ ਖਿਡਾਰੀਆਂ ਨੇ ਐਡਮਿੰਟਨ ਦੇ ਕਬੱਡੀ ਕੱਪ ਵਿੱਚ ਵਧੀਆ ਖੇਡ ਦਾ ਮੁਜਾਹਰਾ ਕੀਤਾ ਉਨ੍ਹਾਂ `ਚੋਂ ਕੁੱਝ ਤਰਦੇ ਤਰਦੇ ਨਾਂ ਚੇਤੇ ਆ ਰਹੇ ਹਨ। ਵੈੱਲੀ, ਉਪਕਾਰ, ਕੀਪਾ, ਸੋਨੀ ਸੁਨੇਤ, ਜਗਤਾਰ ਤੇ ਮੀਕ ਰਿਚਮੰਡ ਕਲੱਬ ਵੱਲੋਂ ਖੇਡ ਰਹੇ ਸਨ। ਸੰਦੀਪ, ਕਮਲਜੀਤ, ਕਾਲਾ ਤੇ ਸੁੱਖਾ ਪ੍ਰਿੰਸ ਜਾਰਜ ਦੀ ਟੀਮ ਵਿੱਚ ਸਨ। ਰਾਜੂ ਕਲੱਬ `ਚ ਇੰਦਰਜੀਤ, ਜੋਧਾ, ਬਲਜੀਤ ਤੇ ਸ਼ੁਰ੍ਹਲੀ ਸੀ। ਸ਼ੁਰ੍ਹਲੀ ਅਜੇ ਬੱਚਾ ਹੈ ਵੱਡਾ ਹੋ ਕੇ ਸੰਭਵ ਹੈ ਬੰਬ ਬਣ ਜਾਵੇ। ਅਜ਼ਾਦ ਕਲੱਬ `ਚ ਸੰਦੀਪ ਲੱਲੀਆਂ, ਗੋਵਿੰਦਾ, ਸੁੱਖੀ, ਪੰਮਾ ਤੇ ਗੋਗੋ ਖੇਡ ਰਹੇ ਸਨ। ਓਧਰ ਕੁਮੈਂਟਰੀ ਕਰਨ ਵਾਲੇ ਕਹੀ ਜਾ ਰਹੇ ਸਨ-ਰਹਿਣ ਖੇਡਦੇ ਕਬੱਡੀ ਸਦਾ ਗਭਰੂ, ਲੱਗੇ ਨਾ ਤੱਤੀ ਵਾ ਮਿੱਤਰੋ। ਕਬੱਡੀ ਦਾ ਇੱਕ ਗੀਤ ਬੜਾ ਚੱਲਿਐ-ਚੁੰਘਦੇ ਨੇ ਬੂਰੀਆਂ ਤੇ ਖੇਡਦੇ ਕਬੱਡੀਆਂ …। ਕਾਸ਼ ਸਾਡੇ ਕਬੱਡੀ ਦੇ ਜੋਧੇ ਬੂਰੀਆਂ ਹੀ ਚੁੰਘਣ ਤੇ ਬੂਰੀਆਂ ਦਾ ਦੁੱਧ ਲਾਹੁਣ ਵਾਲੇ ਟੀਕਿਆਂ ਤੋਂ ਬਚਣ! ਨਹੀਂ ਤਾਂ ਇਹ ਕਥਿਤ ‘ਤਾਕਤ ਵਧਾਊ’ ਟੀਕੇ ਉਨ੍ਹਾਂ ਨੂੰ ਲੈ ਬਹਿਣਗੇ।

ਕਬੱਡੀ ਤੇ ਪੰਜਾਬਣਾਂ ਦੇ ਮੇਲੇ ਦੇ ਖਿੱਚਪਾਊ ਦ੍ਰਿਸ਼ਾਂ ਨੂੰ ਵਤਨੋਂ ਦੂਰ ਵਾਲਾ ਸੁੱਖੀ ਕੈਮਰੇ `ਚ ਬੰਦ ਕਰ ਰਿਹਾ ਸੀ ਜੋ ਉਸ ਨੇ ਵੀਕ ਐਂਡ `ਤੇ ਵਿਖਾਉਣੇ ਸਨ। ਮਾਈਕ ਤੋਂ ਸੂਚਨਾ ਦਿੱਤੀ ਜਾ ਰਹੀ ਸੀ ਕਿ ਰੋਟੀ ਦਾ ਲੰਗਰ ਤਿੰਨ ਵਜੇ ਬੰਦ ਹੋ ਜਾਵੇਗਾ ਪਰ ਚਾਹ, ਜਲੇਬੀਆਂ ਤੇ ਪਕੌੜੇ ਅਖ਼ੀਰ ਤਕ ਵਰਤਦੇ ਰਹਿਣਗੇ। ਸਿੱਖਾਂ ਦੀ ਲੰਗਰ ਲਾਉਣ ਦੀ ਖ਼ੂਬੀ ਕਮਾਲ ਦੀ ਹੈ। ਧਾਰਮਿਕ ਸਮਾਗਮਾਂ `ਚ ਤਾਂ ਲੰਗਰ ਲੱਗਦੇ ਹੀ ਹਨ ਉਹ ਖੇਡ ਮੇਲਿਆਂ ਵਿੱਚ ਵੀ ਲੰਗਰ ਲਾਉਂਦੇ ਹਨ ਤੇ ਲਾਉਂਦੇ ਵੀ ਲੱਡੂ ਜਲੇਬੀਆਂ ਤੇ ਪਕੌੜਿਆਂ ਤਕ ਦੇ ਹਨ। ਪਰ੍ਹਾਂ ਅਤਰੋ ਹਾਸੇ ਖੇੜੇ ਦਾ ਲੰਗਰ ਲਾਈ ਜਾਂਦੀ ਸੀ ਤੇ ਸੁੱਖੀ ਬਰਾੜ ਸਾਫ ਸੁਥਰੀ ਗਾਇਕੀ ਦਾ ਸੁਨੇਹਾ ਦੇ ਰਹੀ ਸੀ।

ਕਬੱਡੀ ਦੇ ਅਖਾੜੇ ਵਿੱਚ ਭੰਗੜਾ ਵੀ ਪਿਆ ਤੇ ਰੱਸਾ ਵੀ ਖਿੱਚਿਆ ਗਿਆ। ਲੱਖੇ ਤੇ ਦੁੱਲੇ ਦਾ ਉਚੇਚਾ ਮਾਣ ਸਨਮਾਨ ਹੋਇਆ। ਵਿਚੇ ਕਾਲੀਆਂ ਵਰਦੀਆਂ ਵਾਲੇ ਸਕਿਉਰਿਟੀ ਗਾਰਡ ਗੇੜੇ ਕੱਢਦੇ ਰਹੇ ਤੇ ਵਿਚੇ ਯਾਰ ਬੇਲੀ ਕਾਰਾਂ ਦੀਆਂ ਡਿੱਕੀਆਂ ਵੱਲ ਗੇੜੇ ਮਾਰਦੇ ਰਹੇ। ਸੁਰ ਸੰਗਮ ਰੇਡੀਓ ਵਾਲੇ ਗੁਰਸ਼ਰਨ ਬੁੱਟਰ ਨੇ ਸਰਵੋਤਮ ਖਿਡਾਰੀਆਂ ਨੂੰ ਸੋਨੇ ਦੀਆਂ ਚੇਨੀਆਂ ਭੇਟ ਕੀਤੀਆਂ। ਵੇਖਣ ਨੂੰ ਗੁਰਸ਼ਰਨ ਸਿੰਘ ਵੀ ਆਪਣੇ ਸਵਾ ਕੁਇੰਟਲ ਦੇ ਜੁੱਸੇ ਨਾਲ ਕਬੱਡੀ ਦਾ ਖਿਡਾਰੀ ਹੀ ਲੱਗਦਾ ਹੈ। ਉਥੇ ਵਾਲੀਬਾਲ ਦੀ ਪ੍ਰਸਿੱਧ ਖਿਡਾਰਨ ਇੰਦਰਾ ਸਰੋਇਆ ਨੇ ਵੀ ਖੇਡ ਮੇਲੇ ਦੀ ਰੌਣਕ ਵਧਾਈ।

ਕਬੱਡੀ ਦਾ ਪਹਿਲਾਂ ਸੈਮੀ ਫਾਈਨਲ ਮੈਚ ਹਰਜੀਤ ਕਲੱਬ ਤੇ ਅੰਬੀ ਹਠੂਰ ਕਲੱਬ ਕੈਲਗਰੀ ਵਿਚਕਾਰ ਹੋਇਆ। ਕੈਲਗਰੀ ਕਲੱਬ ਵੱਲੋਂ ਸੁੱਖੀ ਤੇ ਰਣਜੀਤ ਹੋਰੀਂ ਕਬੱਡੀਆਂ ਪਾ ਰਹੇ ਸਨ ਤੇ ਗੀਚੇ ਗੱਜਣਵਾਲੀਏ ਵਰਗੇ ਜੱਫੇ ਲਾ ਰਹੇ ਸਨ। ਤਖਤੂਪੁਰੇ ਵਾਲਾ ਸ਼ੇਰ ਸਿੰਘ ਧਾਲੀਵਾਲ ਡਾਲਰਾਂ ਦੀ ਵਰਖਾ ਕਰ ਰਿਹਾ ਸੀ। ਉਸ ਨੇ ਮੈਨੂੰ ਤਖਤੂਪੁਰੇ ਦਾ ਮੇਲਾ ਯਾਦ ਕਰਾ ਦਿੱਤਾ ਸੀ ਜਿਹੜਾ ਮੈਂ ਬਚਪਨ `ਚ ਵੇਖਿਆ ਕਰਦਾ ਸੀ। ਉਸ ਮੇਲੇ ਦੀਆਂ ਅਨੇਕਾਂ ਯਾਦਾਂ ਮੇਰੇ ਚੇਤੇ `ਚ ਸੱਜਰੀਆਂ ਹਨ। ਸ਼ੇਰ ਸਿੰਘ ਦਾ ਸੱਦਾ ਸੀ ਕਿ ਸਿਆਲਾਂ ਵਿੱਚ ਅਸੀਂ ਤਖਤੂਪੁਰੇ ਦੇ ਮੇਲੇ `ਤੇ ਜ਼ਰੂਰ ਪੁੱਜੀਏ। ਉਸ ਮੇਲੇ `ਚ ਪੰਜਾਹ ਸਾਲ ਪਹਿਲਾਂ ਖੇਡਣ ਵਾਲੇ ਬਲਦੇਵ ਪੱਤੋ, ਜਗਰਾਜ ਮਾਛੀਕੇ ਤੇ ਅੜਿੱਕਾ ਮਧੇਅ ਵਾਲਾ ਮੈਨੂੰ ਯਾਦ ਆ ਗਏ। ਕਦੇ ਉਹ ਸਾਡੇ ਹੀਰੋ ਹੁੰਦੇ ਸਨ। ਪਹਿਲਾ ਸੈਮੀ ਫਾਈਨਲ ਕੈਲਗਰੀ ਦੀ ਕਲੱਬ ਨੇ ਹਰਜੀਤ ਕਲੱਬ ਨੂੰ 43-40 ਅੰਕਾਂ ਉਤੇ ਹਰਾ ਕੁ ਜਿੱਤਿਆ ਤੇ ਦੂਜੇ ਸੈਮੀ ਫਾਈਨਲ ਵਿੱਚ ਯੰਗ ਕਲੱਬ ਨੇ ਰਿਚਮੰਡ ਨੂੰ ਹਰਾ ਦਿੱਤਾ।

ਫਾਈਨਲ ਮੈਚ ਕੈਲਗਰੀ ਤੇ ਯੰਗ ਕਲੱਬ ਦਰਮਿਆਨ ਹੋਇਆ। ਇੱਕ ਇਕ ਕਬੱਡੀ ਉਤੇ ਬੁਰਦਾਂ ਲੱਗੀਆਂ ਹੋਈਆਂ ਸਨ। ਯੰਗ ਦਾ ਲੱਖਾ, ਦੁੱਲਾ ਤੇ ਵਿੱਕਾ ਰੇਡਾਂ ਦੇ ਤੇ ਬਿੱਟੂ ਦੁਗਾਲ, ਤੀਰਥ, ਤੁੰਨਾ ਤੇ ਭਲਵਾਨ ਜੱਫਿਆਂ ਦੇ ਪੈਂਟ੍ਹ ਬਟੋਰ ਰਹੇ ਸਨ। ਗੀਚੇ ਨੇ ਇੱਕ ਵਾਰ ਲੱਖੇ ਨੂੰ ਡੱਕ ਕੇ ਬਹਿਜਾ ਬਹਿਜਾ ਕਰਵਾ ਦਿੱਤੀ। ਧੂੜਕੋਟੀਏ ਗੋਪੀ ਦੇ ਕਈ ਜੱਫੇ ਕਾਮਯਾਬ ਰਹੇ ਤੇ ਉਸ ਨੇ ਵੀ ਲੱਖੇ ਦੀ ਗੋਡੀ ਲਵਾ ਦਿੱਤੀ। ਆਖ਼ਰ ਉਹ ਮੈਚ ਯੰਗ ਕਲੱਬ ਨੇ 43-33 ਅੰਕਾਂ ਨਾਲ ਜਿੱਤ ਲਿਆ। ਬੈੱਸਟ ਧਾਵੀ ਦਾ ਖ਼ਿਤਾਬ ਕਾਲੂ ਰਸੂਲਪੁਰੀਏ ਨੂੰ ਤੇ ਅੱਵਲ ਜਾਫੀ ਦਾ ਅਵਾਰਡ ਬਿੱਟੂ ਦੁਗਾਲ ਨੂੰ ਮਿਲਿਆ। ਐਡਮਿੰਟਨੀਆਂ ਦਾ ਅਨੁਸਾਸ਼ਨ ਏਨਾ ਚੰਗਾ ਸੀ ਕਿ ਇੱਕ ਵੀ ਅਜਿਹੀ ਘਟਨਾ ਨਹੀਂ ਵਾਪਰੀ ਜਿਸ ਨਾਲ ਕੋਈ ਬੇਸੁਆਦੀ ਹੋਈ ਹੋਵੇ। ਤੀਆਂ ਤੋਂ ਬਾਅਦ ਕਈ ਬੀਬੀਆਂ ਨੇ ਵੀ ਕਬੱਡੀ ਦਾ ਫਾਈਨਲ ਮੈਚ ਵੇਖਿਆ।

ਅਗਲੇ ਦਿਨ ਅਸੀਂ ਵਾਪਸ ਮੁੜਨਾ ਸੀ। ਸਾਨੂੰ ਦੱਸਿਆ ਗਿਆ ਕਿ ਐਡਮਿੰਟਨ ਵਿੱਚ ਪੰਜਾਬੀ ਬਜ਼ੁਰਗਾਂ ਨੇ ਆਪਣੇ ਬਹਿਣ ਉੱਠਣ ਲਈ ਕਮਿਉਨਿਟੀ ਸੈਂਟਰ ਬਣਾਇਆ ਹੋਇਆ ਹੈ। ਅਸੀਂ ਸੀਨੀਅਰ ਸ਼ਹਿਰੀਆਂ ਦੇ ਦਰਸ਼ਨ ਕਰਨ ਵੀ ਗਏ। ਉਹ ਐਡਮਿੰਟਨ ਵਿੱਚ ਆਪਣੀ ਸੋਹਣੀ ਸੱਥ ਬਣਾਈ ਬੈਠੇ ਸਨ ਤੇ ਬੜਾ ਸੋਹਣਾ ਸਮਾਂ ਗ਼ੁਜ਼ਾਰ ਰਹੇ ਸਨ। ਉਨ੍ਹਾਂ ਨੇ ਆਪਣੀ ਲਾਇਬ੍ਰੇਰੀ ਵੀ ਬਣਾਈ ਹੋਈ ਸੀ ਤੇ ਜਿਮ ਵਿੱਚ ਵੀ ਕਸਰਤੀ ਮਸ਼ੀਨਾਂ ਰੱਖੀਆਂ ਹੋਈਆਂ ਸਨ। ਪਚਵੰਜਾ ਸਾਲ ਤੋਂ ਵਡੇਰਾ ਬੰਦਾ ਹੀ ਉਨ੍ਹਾਂ ਦਾ ਮੈਂਬਰ ਸੀ ਜਿਨ੍ਹਾਂ ਦੀ ਗਿਣਤੀ ਤਿੰਨ ਸੌ ਤੋਂ ਵੱਧ ਸੀ। ਜਹਾਜ਼ ਫੜਨ ਦੀ ਕਾਹਲ ਨਾ ਹੁੰਦੀ ਤਾਂ ਅਸੀਂ ਉਸ ਰੌਣਕ ਮੇਲੇ `ਚੋਂ ਕਦ ਨਿਕਲਣਾ ਸੀ? ਹਵਾਈ ਅੱਡੇ `ਤੇ ਪੁੱਜੇ ਤਾਂ ਸਕਿਉਰਿਟੀ ਦੀ ਡਿਊਟੀ ਦੇ ਰਹੇ ਇੱਕ ਸਰਦਾਰ ਨੇ ਆਵਾਜ਼ ਮਾਰੀ, “ਪ੍ਰਿੰਸੀਪਲ ਸਾਹਿਬ ਐਧਰ ਦੀ ਲੰਘੋ।” ਇਹ ਆਵਾਜ਼ ਅਏਂ ਆਈ ਸੀ ਜਿਵੇਂ ਮੈਂ ਜਗਰਾਵਾਂ ਦੇ ਅੱਡੇ `ਤੇ ਹੋਵਾਂ। ਸੱਚੀ ਗੱਲ ਹੈ ਕੈਨੇਡਾ ਹੁਣ ਮੋਗਾ ਜਗਰਾਵਾਂ ਹੀ ਤਾਂ ਬਣਿਆ ਪਿਆ ਹੈ।

Read 3222 times
ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਦੋ ਦਰਜਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ `ਚ ਡੇਢ ਦਰਜਨ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹੈ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ। ਉਸ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ `ਚ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ। ਉਹ 1965-66 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹਾ ਹੈ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੋ ਗਈ ਹੈ। ਉਸ ਦੇ ਦੋ ਪੁੱਤਰ ਹਨ। ਇਕ ਕੈਨੇਡਾ ਵਿਚ ਹੈ ਤੇ ਇਕ ਪੰਜਾਬ ਵਿਚ। ਉਹ ਆਪਣੀ ਪਤਨੀ ਹਰਜੀਤ ਕੌਰ ਨਾਲ ਗਰਮੀਆਂ ਕੈਨੇਡਾ ਵਿਚ ਕੱਟਦਾ ਹੈ ਤੇ ਸਿਆਲ ਦਾ ਨਿੱਘ ਪੰਜਾਬ ਵਿਚ ਮਾਣਦਾ ਹੈ।