You are here:ਮੁਖ ਪੰਨਾ»ਖੇਡਾਂ»ਖੇਡਾਂ ਦੀ ਦੁਨੀਆ - ਪ੍ਰਿੰ.ਸਰਵਣ ਸਿੰਘ»23 - ਸ਼ਹੀਦ ਭਗਤ ਸਿੰਘ ਟੂਰਨਾਮੈਂਟ

ਲੇਖ਼ਕ

Thursday, 15 October 2009 18:41

23 - ਸ਼ਹੀਦ ਭਗਤ ਸਿੰਘ ਟੂਰਨਾਮੈਂਟ

Written by
Rate this item
(0 votes)

ਸੋਲਾਂ ਤੇ ਸਤਾਰਾਂ ਜੂਨ ਨੂੰ ਮਾਲਟਨ ਦਾ ਵਇਲਡਵੁੱਡ ਪਾਰਕ ਛਪਾਰ ਦਾ ਮੇਲਾ ਬਣਿਆ ਰਿਹਾ। ਕਿਧਰੇ ਕਬੱਡੀਆਂ ਪਈਆਂ, ਕਿਧਰੇ ਬਾਸਕਟਬਾਲ ਦੇ ਮੈਚ ਹੋਏ ਤੇ ਕਿਧਰੇ ਵਾਲੀਬਾਲ ਤੇ ਸੌਕਰ ਖੇਡੀ ਜਾਂਦੀ ਰਹੀ। ਕੁੱਝ ਅਥਲੈਟਿਕਸ ਦੇ ਈਵੈਂਟ ਵੀ ਹੋਏ ਤੇ ਮੈਚਾਂ ਦੀ ਕੁਮੈਂਟਰੀ ਦੇ ਨਾਲ ਖੇਡ ਸੱਭਿਆਚਾਰ ਦੀਆਂ ਹੋਰ ਗੱਲਾਂ ਵੀ ਹੁੰਦੀਆਂ ਰਹੀਆਂ। ਲੰਗਰ ਚਲਾਉਣ ਵਾਲੇ ਲੰਗਰ ਵਰਤਾਉਂਦੇ ਰਹੇ ਤੇ ਕਈ ਬੇਲੀ ਕਾਰਾਂ ਦੀਆਂ ਡਿੱਕੀਆਂ ਵੱਲ ਵੀ ਗੇੜੇ ਮਾਰਨੋ ਨਹੀਂ ਹਟੇ। ਪੰਜਾਬੀਆਂ ਨੂੰ ਮੇਲੇ `ਚ `ਕੱਠੇ ਕਰਨ ਦਾ ਸਬੱਬ ਬਣਾਇਆ ਦੇਸ਼ਭਗਤ ਸਪੋਰਟਸ ਕਲੱਬ ਨੇ ਜਿਸ ਦਾ ਇਹ ਤੇਤੀਵਾਂ ਖੇਡ ਮੇਲਾ ਸੀ ਜੋ ਐਤਕੀਂ ਸ਼ਹੀਦ ਭਗਤ ਸਿੰਘ ਦੇ ਸੌਵੇਂ ਜਨਮ ਸਾਲ ਨੂੰ ਸਮਰਪਿਤ ਸੀ। ਇਸੇ ਕਲੱਬ ਨੇ 1975 ਵਿੱਚ ਪੰਜਾਬੀਆਂ ਦੀਆਂ ਖੇਡਾਂ ਦਾ ਪਹਿਲਾ ਟੂਰਨਾਮੈਂਟ ਸ਼ੁਰੂ ਕੀਤਾ ਸੀ। ਟੋਰਾਂਟੋ ਦਾ ਪਹਿਲਾ ਵਰਲਡ ਕਬੱਡੀ ਕੱਪ ਕਰਾਉਣ ਦੀ ਪਹਿਲ ਮੈਟਰੋ ਸਪੋਰਟਸ ਕਲੱਬ ਨੇ ਕੀਤੀ ਸੀ।

ਦੇਸ਼ਭਗਤ ਸਪੋਰਟਸ ਐਂਡ ਕਲਚਰਲ ਸੁਸਾਇਟੀ ਦਾ ਉਦੇਸ਼ ਹੈ ਕਿ ਖੇਡਾਂ ਤੇ ਸਭਿਆਚਾਰਕ ਸਰਗਰਮੀਆਂ ਨਾਲ ਲੋਕਾਂ ਨੂੰ ਬਿਹਤਰ ਜੀਵਨ ਜੀਣ ਦਾ ਸੰਦੇਸ਼ ਦਿੱਤਾ ਜਾਵੇ। ਲੋਕਾਂ ਦਾ ਚੰਗੇਰਾ ਮਨੋਰੰਜਨ ਕੀਤਾ ਜਾਵੇ ਤਾਂ ਕਿ ਉਹ ਭੈੜੇ ਤੇ ਮਾੜੇ ਮਨੋਰੰਜਨ ਤੋਂ ਬਚ ਸਕਣ। ਬਿਨਾਂ ਸ਼ੱਕ ਖੇਡਾਂ ਖਿਡਾਉਣਾ ਸਿਹਤਮੰਦ ਮਨੋਰੰਜਨ ਹੈ ਤੇ ਜੇ ਇਸ ਵਿੱਚ ਕਿਸੇ ਪਾਸੇ ਤੋਂ ਕਮੀ ਆਉਂਦੀ ਹੋਵੇ ਤਾਂ ਉਸ ਨੂੰ ਦੂਰ ਕਰਨਾ ਸਾਡਾ ਸਭਨਾਂ ਦਾ ਸਾਂਝਾ ਫਰਜ਼ ਹੈ। ਮੈਂ ਇਹ ਖੇਡ ਮੇਲਾ ਅੱਖੀਂ ਵੇਖਿਆ ਹੈ ਤੇ ਇਸ ਦਾ ਅਨੁਸਾਸ਼ਨ ਵੇਖ ਕੇ ਮਨ ਖ਼ੁਸ਼ ਹੋਇਆ ਹੈ। ਪੰਜਾਬੀ ਦਰਸ਼ਕਾਂ ਨੇ ਜਿਸ ਜ਼ਾਬਤੇ ਦਾ ਸਬੂਤ ਦਿੱਤਾ ਇਹ ਹੋਰਨਾਂ ਖੇਡ ਮੇਲਿਆਂ ਲਈ ਵੀ ਮਿਸਾਲ ਹੈ। ਇਸ ਗੱਲੋਂ ਪ੍ਰਬੰਧਕ ਵੀ ਵਧਾਈ ਦੇ ਹੱਕਦਾਰ ਹਨ ਤੇ ਦਰਸ਼ਕ ਉਨ੍ਹਾਂ ਤੋਂ ਵੀ ਵੱਧ ਪਰਸੰਸਾ ਦੇ ਪਾਤਰ ਹਨ। ਕੋਈ ਖੇਡ ਮੇਲਾ ਤਦ ਹੀ ਕਾਮਯਾਬ ਹੁੰਦੈ ਜੇਕਰ ਦਰਸ਼ਕ ਵੀ ਅਨੁਸਾਸ਼ਨ ਵਿੱਚ ਰਹਿ ਕੇ ਮਿਲਵਰਤਣ ਦੇਣ।

ਉਂਜ ਤਾਂ ਸਾਰੀਆਂ ਹੀ ਖੇਡਾਂ ਵਿੱਚ ਖਿਡਾਰੀਆਂ ਦੀ ਭਰਵੀਂ ਸ਼ਮੂਲੀਅਤ ਸੀ ਪਰ ਕਬੱਡੀ ਮੈਚਾਂ ਨੇ ਹਮੇਸ਼ਾਂ ਵਾਂਗ ਵਧੇਰੇ ਦਰਸ਼ਕਾਂ ਨੂੰ ਖਿੱਚ ਪਾਈ। ਇਸ ਖੇਡ ਮੇਲੇ ਵਿੱਚ ਟੋਰਾਂਟੋ ਦੇ ਪਹਿਲੇ ਤਿੰਨ ਖੇਡ ਮੇਲਿਆਂ ਤੋਂ ਵਧੇਰੇ `ਕੱਠ ਹੋਇਆ। ਇਹਦਾ ਕਾਰਨ ਇਹ ਵੀ ਹੋ ਸਕਦੈ ਕਿ ਟਿਕਟ ਕੋਈ ਨਹੀਂ ਸੀ ਤੇ ਪਾਰਕ ਪੰਜਾਬੀਆਂ ਦੀ ਭਰਵੀਂ ਵਸੋਂ ਦੇ ਕੋਲ ਸੀ। ਵਾਇਲਡਵੁੱਡ ਪਾਰਕ ਵਿਚਲੇ ਖੇਡ ਮੇਲੇ ਹਮੇਸ਼ਾਂ ਹੀ ਵਧੇਰੇ ਭਰਦੇ ਹਨ। ਸ਼ਨੀਵਾਰ ਦਾ ਦਿਨ ਹੋਣ ਦੇ ਬਾਵਜੂਦ ਚਾਰ ਹਜ਼ਾਰ ਦੇ ਕਰੀਬ ਦਰਸ਼ਕ ਕਬੱਡੀ ਦੇ ਮੈਚ ਵੇਖਣ ਢੁੱਕੇ। ਕਬੱਡੀ ਦੇ ਟੂਰਨਾਮੈਂਟ ਵਿੱਚ ਅੱਠ ਕਲੱਬ ਆਪਣੀਆਂ ਟੀਮਾਂ ਲੈ ਕੇ ਆਏ ਜਿਨ੍ਹਾਂ ਵਿੱਚ ਚਾਲੀ ਕੁ ਖਿਡਾਰੀ ਪੰਜਾਬ ਤੋਂ ਮੰਗਾਏ ਹੋਏ ਸਨ ਤੇ ਬਾਕੀ ਕੈਨੇਡਾ ਤੇ ਅਮਰੀਕਾ ਦੇ ਪੱਕੇ ਬਸ਼ਿੰਦੇ ਸਨ। ਇੱਕੀ ਸਾਲ ਤੋਂ ਘੱਟ ਉਮਰ ਦੇ ਖਿਡਾਰੀਆਂ ਦੀਆਂ ਚਾਰ ਟੀਮਾਂ ਸਨ ਤੇ ਛੋਟੇ ਬੱਚਿਆਂ ਦੀਆਂ ਦੋ ਟੀਮਾਂ। ਕਬੱਡੀ ਦੇ ਕੁੱਲ ਗਿਆਰਾਂ ਮੈਚ ਖੇਡੇ ਗਏ।

ਗਿਆਰਾਂ ਵਜੇ ਸ਼ੁਰੂ ਹੋਏ ਪਹਿਲੇ ਦੌਰ ਦੇ ਕਬੱਡੀ ਮੈਚਾਂ ਵਿਚੋਂ ਆਜ਼ਾਦ, ਮੈਗਾ ਸਿਟੀ, ਟੋਰਾਂਟੋ ਪੰਜਾਬੀ ਤੇ ਹੈਮਿਲਨਟਨ ਪੰਜਾਬੀ ਕਲੱਬਾਂ ਆਪੋ ਆਪਣੇ ਮੈਚ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈਆਂ। ਸੈਮੀ ਫਾਈਨਲ ਮੈਚਾਂ ਵਿੱਚ ਇੰਟਰਨੈਸ਼ਨਲ ਕਲੱਬ ਨੇ ਮੈਟਰੋ ਕਲੱਬ ਨੂੰ 37-35 ਅਤੇ ਯੰਗ ਕਲੱਬ ਨੇ ਪੰਜਾਬ ਸਪੋਰਟਸ ਕਲੱਬ ਨੂੰ 44-32 ਅੰਕਾਂ ਨਾਲ ਹਰਾ ਕੇ ਫਾਈਨਲ ਵਿੱਚ ਦਾਖਲਾ ਪਾਇਆ। ਫਾਈਨਲ ਮੈਚ ਇੰਟਰਨੈਸ਼ਨਲ ਪੰਜਾਬੀ ਕਲੱਬ ਨੇ ਯੰਗ ਕਲੱਬ ਨੂੰ 42-34 ਅੰਕਾਂ ਨਾਲ ਪਿਛਾੜ ਕੇ ਲਗਾਤਾਰ ਤੀਜੀ ਵਾਰ ਜਿੱਤਿਆ ਤੇ ਹੈਟ ਟ੍ਰਿੱਕ ਮਾਰਿਆ। ਸੰਦੀਪ ਨੂੰ ਸਰਵੋਤਮ ਧਾਵੀ ਤੇ ਗੋਪੀ ਨੂੰ ਅੱਵਲ ਜਾਫੀ ਐਲਾਨਿਆ ਗਿਆ। ਦਾਰਾ ਸਿੰਘ ਗਰੇਵਾਲ, ਮੱਖਣ ਸਿੰਘ, ਮੱਖਣ ਅਲੀ, ਇਕਬਾਲ ਸੁੰਬਲ, ਮੱਖਣ ਬਰਾੜ ਤੇ ਮੈਂ ਮਾਈਕ ਤੋਂ ਵਾਰੀਆਂ ਲੈਂਦੇ ਰਹੇ ਪਰ ਹਸਾਉਣੇ ਸੁਖਚੈਨ ਬਰਾੜ ਦੀ ਵਾਰੀ ਨਾ ਆ ਸਕੀ। ਘੁੱਗੀ ਗਰੇਵਾਲ ਦਾਰੇ ਦੇ ਅੰਗ ਸੰਗ ਰਿਹਾ। ਰਛਪਾਲ ਬਰਾੜ ਫੋਟੂ ਖਿੱਚੀ ਗਿਆ ਤੇ ਬੱਬੀ ਮੰਡੇਰ ਲਿਖਣ ਲਈ ਨੁਕਤੇ ਨੋਟ ਕਰਦਾ ਰਿਹਾ। ਪੰਜਾਬ ਤੋਂ ਕਬੱਡੀ ਦਾ ਸਾਬਕਾ ਖਿਡਾਰੀ ਮੱਖਣ ਸਿੰਘ ਡੀਪੀ, ਪਾਕਿਸਤਾਨ ਤੋਂ ਇਕਬਾਲ ਮਲਿਕ ਤੇ ਇੰਗਲੈਂਡ ਤੋਂ ਕਬੱਡੀ ਪ੍ਰਮੋਟਰ ਅਮਰਜੀਤ ਸਿੰਘ ਹੰਸਰਾ ਉਚੇਚੇ ਪੁੱਜੇ। ਗੁਰਬਖਸ਼ ਸਿੰਘ ਮੱਲ੍ਹੀ, ਵਿੱਕ ਢਿੱਲੋਂ ਤੇ ਵਿੱਕੀ ਢਿੱਲੋਂ ਅਤੇ ਵੱਖ ਵੱਖ ਸ਼ੋਹਬਿਆਂ ਦੇ ਬਹੁਤ ਸਾਰੇ ਮੋਹਤਬਰ ਸੱਜਣਾਂ ਨੇ ਖੇਡ ਮੇਲੇ ਦੀ ਰੌਣਕ ਵਧਾਈ ਜਿਨ੍ਹਾਂ ਨੂੰ ਜੀ ਆਇਆਂ ਵੀ ਕਿਹਾ ਜਾਂਦਾ ਰਿਹਾ ਤੇ ਧੰਨਵਾਦ ਵੀ ਕੀਤਾ ਜਾਂਦਾ ਰਿਹਾ।

ਕਬੱਡੀ ਮੈਚਾਂ ਦੇ ਕਈ ਐਸੇ ਜੱਫੇ ਹੁੰਦੇ ਨੇ ਜਿਹੜੇ ਲੰਮਾ ਸਮਾਂ ਨਹੀਂ ਭੁੱਲਦੇ। ਕਬੱਡੀ ਦੇ ਆਸ਼ਕ ਫਿਰ ਉਹਨਾਂ ਜੱਫਿਆਂ ਦੀਆਂ ਗੱਲਾਂ ਕਰਦੇ ਰਹਿੰਦੇ ਨੇ। ਕਿਰਪਾਲ ਸਾਧ ਤੇ ਬਿੱਲੂ ਰਾਜੇਆਣੀਏਂ ਦੇ ਗੁੱਟ ਦੀ ਫੜਾਈ ਦੀਆਂ ਗੱਲਾਂ ਅੱਜ ਵੀ ਹੁੰਦੀਆਂ ਹਨ। ਹਠੂਰ ਦੇ ਛਾਂਗੇ ਦਾ ਸ਼ੁਰੂ ਕੀਤਾ ਕੈਂਚੀ ਮਾਰਨ ਦਾ ਦਾਅ ਅੱਜ ਵੀ ਕਬੱਡੀ ਦਾ ਸਭ ਤੋਂ ਤਕੜਾ ਦਾਅ ਮੰਨਿਆ ਜਾਂਦੈ। ਤੋਖੀ ਦੀ ਬੰਦਾ ਟੱਪ ਜਾਣ ਦੀ ਛਾਲ ਦਾ ਵੀ ਕੋਈ ਲੇਖਾ ਨਹੀਂ ਸੀ ਤੇ ਹਰਜੀਤ ਕਿਤੇ ਹੱਥ ਨਹੀਂ ਸੀ ਪੈਣ ਦਿੰਦਾ। ਕੋਈ ਜਾਫੀ ਲੱਤਾਂ ਫੜਦੈ, ਕੋਈ ਬਗਲਾਂ ਭਰਦੈ ਤੇ ਕੋਈ ਗੁੱਟ ਫੜ ਕੇ ਕੈਂਚੀ ਮਾਰਦੈ। ਕਈ ਧਾਵੀ ਨੂੰ ਧੱਕੇ ਨਾਲ ਹੇਠਾਂ ਸੁੱਟ ਕੇ ਉਤੇ ਬਹਿ ਜਾਂਦੇ ਨੇ। ਦੇਸ਼ਭਗਤ ਕਲੱਬ ਦੇ ਕਬੱਡੀ ਟੂਰਨਾਮੈਂਟ ਦਾ ਸਭ ਤੋਂ ਤਕੜਾ ਜੱਫਾ ਕਾਕੇ ਘਣੀਵਾਲ ਦਾ ਰਿਹਾ ਜਿਸ ਨੇ ਕਈ ਦਾਅ ਮਾਰ ਕੇ ਕਬੱਡੀ ਦੇ ਸਟਾਰ ਖਿਡਾਰੀ ਸੰਦੀਪ ਲੱਲੀਆਂ ਨੂੰ ਡੱਕਿਆ ਤੇ ਦਰਸ਼ਕਾਂ ਨੇ ਤਾੜੀਆਂ ਨਾਲ ਸਾਰਾ ਪਾਰਕ ਗੁੰਜਾ ਦਿੱਤਾ।

ਇੰਟਰਨੈਸ਼ਨਲ ਕਲੱਬ ਤੇ ਯੰਗ ਕਲੱਬ ਦਰਮਿਆਨ ਫਾਈਨਲ ਮੈਚ ਸਮੇਂ ਯੰਗ ਕਲੱਬ ਨੇ ਆਪਣੇ ਜਾਫੀਆਂ ਲਈ ਹਰੇਕ ਜੱਫੇ ਦਾ ਪੰਜ ਸੌ ਡਾਲਰ ਇਨਾਮ ਐਲਾਨ ਦਿੱਤਾ ਸੀ। ਯੰਗ ਦੇ ਚਾਰ ਜੱਫੇ ਲੱਗੇ ਪਰ ਇੰਟਰਨੈਸ਼ਨਲ ਦੇ ਜਾਫੀ ਅੱਠ ਜੱਫੇ ਲਾ ਕੇ ਜੇਤੂ ਰਹੇ। ਨੋਟਾਂ ਦੀਆਂ ਗੁੱਥੀਆਂ ਨਾਲ ਖੇਡਣ ਤੇ ਖਿਡਾਉਣ ਵਾਲੇ ਇੰਟਰਨੈਸ਼ਨਲ ਕਲੱਬ ਨੇ ਟੋਰਾਂਟੋ ਦੇ ਚਾਰ ਟੂਰਨਾਮੈਂਟਾਂ `ਚੋਂ ਤਿੰਨ ਕੱਪ ਜਿੱਤ ਲਏ ਹਨ। ਉਨ੍ਹਾਂ ਨੇ ਮੰਨੇ ਦੰਨੇ ਜਾਫੀ ਬਿੱਟੂ ਦੁਗਾਲ ਨੂੰ ਵੀ ਵੀਜ਼ਾ ਲੁਆ ਲਿਆ ਹੈ ਤੇ ਉਹ ਵੀ ਹੁਣ ਉਨ੍ਹਾਂ ਦੀ ਟੀਮ ਵਿੱਚ ਸ਼ਾਮਲ ਹੋ ਗਿਆ ਹੈ।

ਅੱਜ ਕੱਲ੍ਹ ਇੱਕ ਗੀਤ ਗੂੰਜਦੈ-ਕੱਪ ਓਹੀਓ ਜਿੱਤਣਗੇ ਜਿਨ੍ਹਾਂ ਦੇ ਡੌਲਿਆਂ ਪੱਟਾਂ ਵਿੱਚ ਜਾਨਾਂ। ਹੁਣ ਕਿਸੇ ਨੂੰ ਇਹ ਵੀ ਲਿਖਣਾ ਪਵੇਗਾ ਕਿ ਡੌਲਿਆਂ ਤੇ ਪੱਟਾਂ ਵਿੱਚ ਜਾਨਾਂ ਵਾਲੇ ਖਿਡਾਰੀ ਓਹੀ ਕਲੱਬ ਖਰੀਦ ਸਕਣਗੇ ਜਿਨ੍ਹਾਂ ਦੀਆਂ ਜ਼ੇਬਾਂ ਵਿੱਚ ਵੀ ਜਾਨ ਹੋਈ। ਪਤਾ ਨਹੀਂ ਇਸ ਗੱਲ ਵਿੱਚ ਕਿੰਨੀ ਕੁ ਸੱਚਾਈ ਹੈ ਪਰ ਦੱਸਣ ਵਾਲੇ ਨੇ ਦਾਅਵੇ ਨਾਲ ਦੱਸਿਆ ਹੈ ਕਿ ਇੰਟਰਨੈਸ਼ਨਲ ਦੇ ਤਿੰਨ ਰੇਡਰ ਸੰਦੀਪ, ਦੁੱਲਾ ਤੇ ਕਿੰਦਾ ਐਤਕੀਂ ਲੱਖ ਡਾਲਰ `ਚ ਪਏ ਹਨ। ਜੇ ਉਹ ਲੱਖ `ਚ ਪਏ ਹਨ ਤਾਂ ਬਾਕੀ ਕਿਹੜਾ ਘੱਟ ਹੋਣਗੇ?

ਇਹ ਵੀ ਪਤਾ ਲੱਗਾ ਹੈ ਕਿ ਟੋਰਾਂਟੋ ਦੇ ਕਬੱਡੀ ਮੇਲਿਆਂ ਦਾ ਕੁਲ ਖਰਚਾ ਵੀਹ ਲੱਖ ਡਾਲਰ ਨੂੰ ਢੁੱਕਣ ਵਾਲੈ। ਹੈਰਾਨੀ ਦੀ ਗੱਲ ਹੈ ਕਿ ਏਨਾ ਪੈਸਾ ਖਰਚਣ ਦੇ ਬਾਵਜੂਦ ਵੀ ਕਲੱਬਾਂ ਵਾਲੇ ਕਬੱਡੀ ਦੇ ਖਿਡਾਰੀਆਂ ਦਾ ਡੋਪ ਟੈਸਟ ਕਰਨ ਤੋਂ ਝਿਜਕ ਰਹੇ ਹਨ। ਆਖਦੇ ਹਨ ਕਿ ਟੈੱਸਟ ਕਰਨ ਨਾਲ ਖਿਡਾਰੀ ਨਾਰਾਜ਼ ਹੋ ਜਾਣਗੇ। ਓ ਭਲੇ ਲੋਕੋ! ਨਾਰਾਜ਼ ਤਾਂ ਓਹੀ ਹੋਣਗੇ ਜਿਹੜੇ ਵਰਜਿਤ ਡਰੱਗਾਂ ਲੈਂਦੇ ਹੋਣਗੇ, ਦੂਜੇ ਤਾਂ ਸਗੋਂ ਖ਼ੁਸ਼ ਹੋਣਗੇ। ਡੋਪ ਟੈੱਸਟ ਉਨ੍ਹਾਂ ਖਿਡਾਰੀਆਂ ਦੀ ਵੀ ਮੰਗ ਹੈ ਜਿਹੜੇ ਬਿਨਾਂ ‘ਬੂਸਟਰਾਂ’ ਦੇ ਦੇਸੀ ਖੁਰਾਕਾਂ ਖਾ ਕੇ ਖੇਡਦੇ ਨੇ। ਓਧਰ ਫੈਡਰੇਸ਼ਨਾਂ ਐਲਾਨ ਕਰੀ ਜਾਂਦੀਆਂ ਨੇ ਤੇ ਸਾਡੇ ਵਰਗਿਆਂ ਕੋਲੋਂ ਲਿਖਵਾਈ ਜਾਂਦੀਆਂ ਨੇ ਪਈ ਡੋਪ ਟੈੱਸਟ ਜ਼ਰੂਰ ਕਰਾਂਗੇ ਪਰ ਅਮਲ ਅਜੇ ਤਕ ਮੁਲਤਵੀ ਹੋਈ ਜਾਂਦੈ। ਕਥਿਤ ‘ਤਾਕਤ ਵਧਾਊ’ ਪਰ ਸਿਹਤ ਲਈ ਘਾਤਕ ਦਵਾਈਆਂ ਵਰਤਣ ਵਾਲੇ ਖਿਡਾਰੀਆਂ ਨੂੰ ਆਪਣੇ ਕਲੱਬਾਂ ਵੱਲੋਂ ਖਿਡਾਈ ਜਾਣ ਨਾਲ ਕਬੱਡੀ ਦੀ ਕੋਈ ਪ੍ਰਮੋਸ਼ਨ ਨਹੀਂ ਹੋਣੀ ਸਗੋਂ ਕਬੱਡੀ ਦਾ ਨੁਕਸਾਨ ਹੀ ਹੋਣਾ ਹੈ। ਓਲੰਪਿਕ ਖੇਡਾਂ ਦੇ ਮੈਡੀਕਲ ਕਮਿਸ਼ਨ ਨੇ ਖਿਡਾਰੀਆਂ ਲਈ ਵਰਜਿਤ ਦਵਾਈਆਂ ਦੀ ਸੂਚੀ ਛਾਪੀ ਹੋਈ ਹੈ ਤੇ ਦੁਨੀਆਂ ਦੇ ਮਾਨਤਾ ਪ੍ਰਾਪਤ ਖੇਡ ਮੁਕਾਬਲਿਆਂ `ਚ ਉਸ ਖਿਡਾਰੀ ਨੂੰ ਰੱਦ ਕਰ ਦਿੱਤਾ ਜਾਂਦਾ ਹੈ ਜੀਹਨੇ ਉਨ੍ਹਾਂ `ਚੋਂ ਕਿਸੇ ਇੱਕ ਦਵਾਈ ਦੀ ਵੀ ਵਰਤੋਂ ਕੀਤੀ ਹੋਵੇ।

ਕਈਆਂ ਨੂੰ ਸ਼ਾਇਦ ਇਸ ਗੱਲ ਦਾ ਇਲਮ ਨਹੀਂ ਕਿ ਐਨਾਬੌਲਿਕ ਸਟੇਰੌਇਡਜ਼ ਦੀ ਮੁੱਖ ਕਿਸਮ ਟੈੱਸਟੋਸਟੈਰੌਨ ਲੈਣ ਨਾਲ ਪੱਠੇ ਤਾਂ ਮਜ਼ਬੂਤ ਹੁੰਦੇ ਹਨ ਪਰ ਇਸ ਦੇ ਸਾਈਡ ਈਫੈਕਟ ਬਹੁਤ ਬੁਰੇ ਹਨ। ਇਸ ਨਾਲ ਮੁੰਡਿਆਂ ਦੇ ਮੰਮੇ ਵਧ ਸਕਦੇ ਹਨ, ਪਤਾਲੂ ਸੁੰਗੜ ਸਕਦੇ ਹਨ ਤੇ ਉਹ ਸਪਰਮ ਭਾਵ ਬੱਚੇ ਦਾ ਬੀਜ ਪੈਦਾ ਕਰਨੋਂ ਜਵਾਬ ਦੇ ਸਕਦੇ ਹਨ। ਗੰਜ ਪੈ ਸਕਦੈ ਤੇ ਸਰੀਰ ਦੇ ਵਾਲ ਵਧ ਜਾਂ ਝੜ ਸਕਦੇ ਹਨ। ਭੁੱਖ ਵਧ ਸਕਦੀ ਹੈ ਤੇ ਮਰ ਸਕਦੀ ਹੈ। ਮੂੰਹ `ਤੇ ਫਿਣਸੀਆਂ ਹੋ ਸਕਦੀਐਂ, ਜਿਗਰ ਖਰਾਬ ਹੋ ਸਕਦੈ ਤੇ ਜਿਗਰ ਦਾ ਕੈਂਸਰ ਵੀ ਹੋ ਸਕਦੈ। ਮਾੜਾ ਕਲੈੱਸਟਰੋਲ ਵਧ ਸਕਦੈ ਅਤੇ ਬੰਦਾ ਗੁੱਸੇਖੋਰਾ ਤੇ ਧਕੜ ਬਣ ਸਕਦੈ। ਉਹ ਗੁੰਮ ਸੁੰਮ ਵੀ ਹੋ ਸਕਦੈ ਤੇ ਸਦਾ ਲਈ ਡਰੱਗ ਦਾ ਗ਼ੁਲਾਮ ਵੀ ਹੋ ਸਕਦੈ।

ਟੀਕੇ ਲਈ ਸਰਿੰਜ ਦੀ ਗ਼ਲਤ ਵਰਤੋਂ ਨਾਲ ਲਾਗ ਦੀ ਬਿਮਾਰੀ ਵੀ ਲੱਗ ਸਕਦੀ ਐ ਜੀਹਦੇ ਨਾਲ ਏਡਜ਼ ਤੇ ਹੈਪੀਟਾਈਟਸ ਵੀ ਹੋ ਸਕਦੀ ਹੈ। ਕਰੀਏਟੀਨ ਹਾਈਡਰੇਟ ਪੱਠਿਆਂ `ਚ ਤਾਕਤ ਤਾਂ ਭਰਦਾ ਹੈ ਪਰ ਢਿੱਡ `ਚ ਖੱਲੀਆਂ ਪਾ ਸਕਦੈ ਅਤੇ ਉਲਟੀਆਂ ਤੇ ਜੁਲਾਬ ਵੀ ਲਾ ਸਕਦੈ। ਅਚਾਨਕ ਪੱਠੇ ਖਿੱਚੇ ਜਾਣ `ਤੇ ਖਿਡਾਰੀ ਬਹੁੜੀਆਂ ਪਾਉਣ ਲੱਗਦੈ। ਏਨੀਆਂ ਚੰਦਰੀਆਂ ਅਲਾਮਤਾਂ ਦਾ ਵੀ ਕਈ ਖਿਡਾਰੀ ਡਰ ਨਹੀਂ ਮੰਨਦੇ ਤੇ ਜਿਥੇ ਠਹਿਰਦੇ ਹਨ ਉਥੋਂ ਟੀਕੇ ਲਾਉਣ ਦੀਆਂ ਸਰਿੰਜਾਂ ਤੇ ਖਾਲੀ ਸ਼ੀਸ਼ੀਆਂ ਲੱਭੀਆਂ ਜਾ ਸਕਦੀਆਂ ਹਨ। ਭੇਤੀ ਬੰਦੇ ਦਸਦੇ ਹਨ ਕਿ ਕਈ ਖਿਡਾਰੀ ਘੋੜਿਆਂ ਨੂੰ ਲੱਗਣ ਵਾਲੇ ਟੀਕੇ ਲੁਆ ਬਹਿੰਦੇ ਹਨ ਤੇ ਬੰਦਿਆਂ ਤੋਂ ਘੋੜੇ ਬਣ ਜਾਂਦੇ ਹਨ। ਵਰਜਿਤ ਦਵਾਈਆਂ ਖਿਡਾਰੀਆਂ ਤੇ ਕਲੱਬਾਂ ਨੂੰ ਪੈਂਦੀਆਂ ਵੀ ਬੜੀਆਂ ਮਹਿੰਗੀਆਂ ਹਨ। ਇੱਕ ਟੀਕਾ ਹੀ ਦੱਸਦੇ ਹਨ ਕਿ ਸੌ ਡਾਲਰ `ਚ ਠੁਕਦੈ।

ਕਬੱਡੀ ਦੇ ਧਨੰਤਰ ਖਿਡਾਰੀ ਡੀਪੀ ਮੱਖਣ ਸਿੰਘ ਨਾਲ ਗੱਲਾਂ ਹੋਈਆਂ ਤਾਂ ਉਸ ਨੇ ਅੰਦਰਲੀ ਗੱਲ ਦੱਸੀ। ਅਖੇ ਕਈ ਖਿਡਾਰੀ ਕਹਿੰਦੇ ਹਨ, ਟੀਕਿਆਂ ਨਾਲ ਭਾਵੇਂ ਜਾਨ ਨਿਕਲਜੇ ਪਰ ਧੰਨ ਧੰਨ ਹੋਜੇ `ਕੇਰਾਂ। ਬਾਹਰੋਂ ਡਾਲਰਾਂ ਤੇ ਪੌਂਡਾਂ ਦੀਆਂ ਝੋਲੀਆਂ ਭਰ ਕੇ ਮੁੜੀਏ। ਇਹ ਤਾਂ ਹੋਰ ਵੀ ਖ਼ਤਰਨਾਕ ਹੈ ਕਿ ਕਬੱਡੀ ਦੇ ਕੁੱਝ ਖਿਡਾਰੀ ਜਾਨ ਦਾ ਰਿਸਕ ਲੈਣ ਲਈ ਵੀ ਤਿਆਰ ਹਨ ਤੇ ਕੁੱਝ ਕਲੱਬ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕਰ ਰਹੇ ਹਨ! ਕੱਲ੍ਹ ਨੂੰ ਕੋਈ ਅਪਾਹਜ ਹੋ ਗਿਆ ਜਾਂ ਵੱਡਾ ਭਾਣਾ ਵਰਤ ਗਿਆ ਤਾਂ ਕੌਣ ਜ਼ਿੰਮੇਵਾਰ ਹੋਵੇਗਾ? ਹੈਰਾਨੀ ਇਸ ਗੱਲ ਦੀ ਵੀ ਹੈ ਕਿ ਉਹ ਕਿਹੜੇ ਨੀਮ ਹਕੀਮ ਤੇ ਦਵਾਖਾਨੇ ਹਨ ਜੋ ਵਰਜਿਤ ਦਵਾਈਆਂ ਯੋਗ ਡਾਕਟਰ ਦੀ ਪਰਚੀ ਤੋਂ ਬਿਨਾਂ ਹੀ ਦੇਈ ਜਾਂਦੇ ਹਨ? ਕਬੱਡੀ ਪ੍ਰੇਮੀਆਂ ਨੂੰ ਇਸ ਪਾਸੇ ਗੰਭੀਰਤਾ ਨਾਲ ਸੋਚਣਾ ਚਾਹੀਦੈ। ਕੱਪ ਜਿੱਤਣ ਲਈ ਸਿਹਤ ਦੀ ਬਲੀ ਨਹੀਂ ਦਿੱਤੀ ਜਾਣ ਦੇਣੀ ਚਾਹੀਦੀ। ਕੱਪ ਜਿੱਤਣ ਵਾਲੇ ਖਿਡਾਰੀਆਂ ਦੇ ਡੋਪ ਟੈੱਸਟ ਤਾਂ ਹਰ ਹਾਲਤ ਵਿੱਚ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਸਹੀ ਖੁਰਾਕ ਖਾ ਕੇ ਤੇ ਮਿਹਨਤਾਂ ਮਾਰ ਕੇ ਜੇਤੂ ਬਣੇ ਹਨ ਜਾਂ ਟੀਕੇ ਲੁਆ ਕੇ? ਕਬੱਡੀ ਦੇ ਪੁਰਾਣੇ ਖਿਡਾਰੀ ਦੇਸੀ ਖੁਰਾਕਾਂ ਖਾ ਕੇ ਵੀਹ ਵੀਹ ਸਾਲ ਵਧੀਆ ਕਬੱਡੀ ਖੇਡਦੇ ਰਹੇ ਹਨ ਤੇ ਹੁਣ ਬੁੱਢੇਵਾਰੇ ਵੀ ਕਾਇਮ ਹਨ। ਨਵਿਆਂ ਨੂੰ ਉਨ੍ਹਾਂ ਤੋਂ ਹੀ ਕੁੱਝ ਸਿੱਖ ਲੈਣਾ ਚਾਹੀਦੈ।

Read 3292 times
ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਦੋ ਦਰਜਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ `ਚ ਡੇਢ ਦਰਜਨ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹੈ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ। ਉਸ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ `ਚ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ। ਉਹ 1965-66 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹਾ ਹੈ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੋ ਗਈ ਹੈ। ਉਸ ਦੇ ਦੋ ਪੁੱਤਰ ਹਨ। ਇਕ ਕੈਨੇਡਾ ਵਿਚ ਹੈ ਤੇ ਇਕ ਪੰਜਾਬ ਵਿਚ। ਉਹ ਆਪਣੀ ਪਤਨੀ ਹਰਜੀਤ ਕੌਰ ਨਾਲ ਗਰਮੀਆਂ ਕੈਨੇਡਾ ਵਿਚ ਕੱਟਦਾ ਹੈ ਤੇ ਸਿਆਲ ਦਾ ਨਿੱਘ ਪੰਜਾਬ ਵਿਚ ਮਾਣਦਾ ਹੈ।