You are here:ਮੁਖ ਪੰਨਾ»ਖੇਡਾਂ»ਖੇਡਾਂ ਦੀ ਦੁਨੀਆ - ਪ੍ਰਿੰ.ਸਰਵਣ ਸਿੰਘ»15 - ਰਾਵੀ ਜਿਹਲਮ ਚਨਾਬ ਨੂੰ ਸਲਾਮ ਆਖਣਾ

ਲੇਖ਼ਕ

Thursday, 15 October 2009 18:04

15 - ਰਾਵੀ ਜਿਹਲਮ ਚਨਾਬ ਨੂੰ ਸਲਾਮ ਆਖਣਾ

Written by
Rate this item
(0 votes)

ਪਿਆਰੇ ਪ੍ਰਵੇਜ਼ ਇਲਾਹੀ ਸਾਹਿਬ, ਮੁੱਖ ਮੰਤਰੀ ਪੰਜਾਬ, ਲਾਹੌਰ। ਆਦਾਬ ਸਲਾਮ ਦੇ ਨਾਲ ਗ਼ੁਜ਼ਾਰਿਸ਼ ਏ ਕਿ ਕਦ ਆਈਏ ਲਾਹੌਰ ਦੀਆਂ ਦੂਜੀਆਂ ਇੰਡੋ-ਪਾਕਿ ਪੰਜਾਬ ਖੇਡਾਂ ਵੇਖਣ? ਦਸੰਬਰ 2004 ਵਿੱਚ ਪਟਿਆਲੇ ਦੀਆਂ ਪਹਿਲੀਆਂ ਦੁਵੱਲੀਆਂ ਪੰਜਾਬ ਖੇਡਾਂ `ਚ ਸ਼ਾਮਲ ਹੋ ਕੇ ਤੁਸੀਂ ਸੱਦਾ ਦੇ ਗਏ ਸੌ ਪਈ ਅਗਲੇ ਸਾਲ ਤੁਸੀਂ ਵੀ ਲਾਹੌਰ ਦੀਆਂ ਖੇਡਾਂ `ਤੇ ਹੁੰਮ ਹੁੰਮਾ ਕੇ ਆਇਆ ਜੇ। ਨੇਂਦੇ ਭਾਜੀ ਵਜੋਂ ਸਾਡਾ ਏਧਰਲੇ ਪੰਜਾਬੀਆਂ ਦਾ ਓਧਰ ਜਾਣਾ ਵੀ ਬਣਦਾ ਏ। ਸਿਆਲਕੋਟੀਏ ਸ਼ਾਇਰ ਧਨੀ ਰਾਮ ਚਾਤ੍ਰਿਕ ਦੇ ਕਹਿਣ ਅਨੁਸਾਰ ਅਸੀਂ ਤਾਂ ਮੇਲੇ ਜਾਣ ਵਾਲੇ ਜੱਟਾਂ ਵਾਂਗ ਪੱਗ, ਝੱਗੇ ਚਾਦਰੇ ਨਵੇਂ ਸਿਵਾਏ ਕੇ … ਦਮਾਮੇ ਮਾਰਦੇ ਲਾਹੌਰ ਜਾਣ ਲਈ ਤੁਹਾਡੇ ਵੱਲੋਂ ਤਰੀਕ ਪਏ ਉਡੀਕਦੇ ਆਂ। ਸਾਡੇ ਸ਼ਾਇਰ ਸੁਰਜੀਤ ਪਾਤਰ ਨੇ ਪਟਿਆਲੇ ਦਾ ਖੇਡ ਮੇਲਾ ਵਿਛੜਨ ਸਮੇਂ ਸਾਡੇ ਸਾਰਿਆਂ ਵੱਲੋਂ ਲਹਿੰਦੇ ਪੰਜਾਬ ਦੇ ਭਰਾਵਾਂ ਨੂੰ ਮੋਹ ਭਿੱਜੀ ਸਲਾਮ ਭੇਜੀ ਸੀ। ਆਖਿਆ ਸੀ:

… ਰਾਵੀ ਜਿਹਲਮ ਚਨਾਬ ਨੂੰ ਸਲਾਮ ਆਖਣਾ,

ਅਸੀਂ ਮੰਗਦੇ ਹਾਂ ਖ਼ੈਰ ਸੁਬ੍ਹਾ ਸ਼ਾਮ ਆਖਣਾ …।

ਆਪਣੀ ਸਭ ਦੀ ਖ਼ੈਰ ਇਹਦੇ ਵਿੱਚ ਈ ਏ ਪਈ ਆਪਾਂ ਮਿਲਣ ਗਿਲਣ ਦੇ ਬੂਹੇ ਖੁੱਲ੍ਹੇ ਰੱਖੀਏ ਤੇ ਮਿਲਦੇ ਗਿਲਦੇ ਵੀ ਰਹੀਏ। ਬੜੀ ਦੇਰ ਇਹ ਬੂਹੇ ਢੋਈ ਰੱਖੇ ਨੇ ਜੀਹਦੇ ਨਾਲ ਇੱਕ ਦੂਜੇ ਨੂੰ ਦੁੱਖ ਈ ਮਿਲਿਆ ਏ, ਦੁੱਖ ਵੰਡਾਇਆ ਨਹੀਂ ਗਿਆ। ਸਿਆਣੇ ਆਂਹਦੇ ਨੇ ਪਈ ਭੱਜੀਆਂ ਬਾਂਹੀਂ ਗਲ ਨੂੰ ਆਉਂਦੀਆਂ ਨੇ। ਜਰਮਨਾਂ ਨੂੰ ਵੰਡਣ ਵਾਲੀ ਬਰਲਿਨ ਦੀ ਦਿਵਾਰ ਢਹਿ ਗਈ ਏ ਅਤੇ ਉੱਤਰੀ ਤੇ ਦੱਖਣੀ ਕੋਰੀਆ ਇੱਕ ਦੂਜੇ ਨੂੰ ਜੱਫੀਆਂ ਪਾਣ ਡਹੇ ਨੇ। 2002 `ਚ ਬੂਸਾਨ ਦੀਆਂ ਏਸ਼ਿਆਈ ਖੇਡਾਂ ਸਮੇਂ ਲੰਮੀ ਜੁਦਾਈ ਬਾਅਦ ਦੋਹਾਂ ਕੋਰੀਆਂ ਦੇ ਖਿਡਾਰੀ `ਕੱਠੇ ਹੋਏ ਤਾਂ ਸਮੁੱਚੇ ਕੋਰਿਆਈ ਲੋਕਾਂ ਨੂੰ ਅਥਾਹ ਖ਼ੁਸ਼ੀ ਹੋਈ ਸੀ। ਗੱਲ ਏਹੋ ਸੀ ਪਈ ਦੱਖਣੀ ਕੋਰੀਆ ਨੇ ਬੂਸਾਨ ਢੁੱਕਣ ਲਈ ਦਿਲੋਂ ਸੱਦਾ ਦਿੱਤਾ ਤੇ ਉੱਤਰੀ ਕੋਰੀਆ ਨੇ ਦਿਲੋਂ ਪਰਵਾਨ ਕੀਤਾ। ਦਿਲ ਮਿਲਦਿਆਂ ਨੂੰ ਕੋਈ ਕਦੋਂ ਕੁ ਤਕ ਰੋਕ ਸਕਦੈ? ਆਪਾਂ ਨੂੰ ਵੀ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਖਿਡਾਰੀਆਂ ਤੇ ਅਵਾਮ ਨੂੰ ਇੱਕ ਦੂਜੇ ਨਾਲ ਮਿਲਾਉਣ ਦੇ ਢੋਅ ਢੁਕਾਉਂਦੇ ਰਹਿਣਾ ਚਾਹੀਦੈ।

ਬੂਸਾਨ ਵਿੱਚ ਚੜ੍ਹਦੇ ਪੰਜਾਬ ਤੋਂ ਰਾਜਾ ਰਣਧੀਰ ਸਿੰਘ ਤੇ ਲਹਿੰਦੇ ਪੰਜਾਬ ਤੋਂ ਮੁਹੰਮਦ ਲਤੀਫ ਭੱਟ ਵੀ ਖੇਡ ਅਧਿਕਾਰੀਆਂ ਵਜੋਂ ਹਾਜ਼ਰ ਸਨ। ਦੋਹੇਂ ਆਪੋ ਆਪਣੇ ਮੁਲਕਾਂ ਦੀਆਂ ਓਲੰਪਿਕ ਐਸੋਸੀਏਸ਼ਨਾਂ ਦੇ ਸਕੱਤਰ ਜਨਰਲ ਸਨ ਤੇ ਹੁਣ ਵੀ ਹਨ। ਉੱਤਰੀ ਤੇ ਦੱਖਣੀ ਕੋਰੀਆ ਦੇ ਖਿਡਾਰੀਆਂ ਨੂੰ ਮਿਲਦਿਆਂ ਵੇਖ ਕੇ ਉਨ੍ਹਾਂ ਦੇ ਮਨ `ਚ ਵਿਚਾਰ ਆਇਆ, ਕਿਉਂ ਨਾ ਭਾਰਤ ਤੇ ਪਾਕਿਸਤਾਨ ਨੂੰ ਇੰਡੋ-ਪਾਕਿ ਖੇਡਾਂ ਦੇ ਜ਼ਰੀਏ ਇੱਕ ਦੂਜੇ ਦੇ ਹੋਰ ਨੇੜੇ ਲਿਆਂਦਾ ਜਾਵੇ ਤੇ ਦੋਹਾਂ ਦੇਸ਼ਾਂ ਵਿਚਕਾਰ ਅਮਨ ਨੂੰ ਹੋਰ ਪੱਕਾ ਕੀਤਾ ਜਾਵੇ? ਭਾਰਤ ਤੇ ਪਾਕਿਸਤਾਨ ਵਿਚਕਾਰ ਅਮਨ ਦੀ ਜਿੰਨੀ ਲੋੜ ਪੰਜਾਬੀਆਂ ਨੂੰ ਏ ਉਨੀ ਸ਼ਾਇਦ ਹੀ ਕਿਸੇ ਹੋਰ ਨੂੰ ਹੋਵੇ। ਜਦ ਦੋਹਾਂ ਮੁਲਕਾਂ ਵਿੱਚ ਲੜਾਈ ਝਗੜਾ ਹੁੰਦਾ ਏ ਤਾਂ ਸਭ ਤੋਂ ਵੱਧ ਸੇਕ ਦੋਹਾਂ ਪੰਜਾਬਾਂ ਨੂੰ ਈ ਲੱਗਦਾ ਏ।

ਫਿਰ ਪਤਾ ਈ ਏ ਪਈ ਭਾਰਤ ਤੇ ਪਾਕਿਸਤਾਨ ਦੀਆਂ ਓਲੰਪਿਕ ਐਸੋਸੀਏਸ਼ਨਾਂ ਤੇ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਦੇ ਮੁਖੀਆਂ ਦੀ ਸਹਿਮਤੀ ਹੋਈ। ਪਿੱਛੋਂ ਦੋਹਾਂ ਪੰਜਾਬਾਂ ਦੇ ਮੁੱਖ ਮੰਤਰੀਆਂ ਤੇ ਖੇਡ ਅਦਾਰਿਆਂ ਨੇ ਭਰਪੂਰ ਯਤਨ ਕੀਤੇ ਅਤੇ ਦੋਹਾਂ ਪੰਜਾਬਾਂ ਦਰਮਿਆਨ ਦੁਵੱਲੀਆਂ ਖੇਡਾਂ ਕਰਾਉਣੀਆਂ ਸੰਭਵ ਹੋ ਸਕੀਆਂ। ਓਧਰ ਸਾਡੇ ਵਰਗੇ ਕਾਲਮਨਵੀਸ ਕਦੋਂ ਦੇ ਲਿਖਣ ਡਹੇ ਸਨ ਪਈ ਫਿਰ ਆਵੇਗਾ ਸੁਆਦ ਜਦੋਂ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਖਿਡਾਰੀ ਆਪਸ ਵਿੱਚ ਖੇਡੇ। ਜਦੋਂ ਇਕੋ ਬੋਲੀ ਬੋਲਣ ਵਾਲੇ ਦੋ ਮੁਲਕਾਂ ਦੇ ਖਿਡਾਰੀਆਂ ਨੇ ‘ਲਈਂ ਨੂਰਿਆ’ ਤੇ ‘ਦੇਈਂ ਬੀਰਿਆ’ ਕਹਿੰਦਿਆਂ ਗੇਂਦਾਂ ਲਈਆਂ ਦਿੱਤੀਆਂ ਤੇ ਫੱਟੇ ਖੜਕਾਏ। ਜਦੋਂ ਪੰਜਾਹਵਿਆਂ `ਚ ਹੋਏ ਦੋਹਾਂ ਪੰਜਾਬਾਂ ਦੇ ਕਬੱਡੀ ਮੈਚਾਂ ਅਤੇ ਪਹਿਲਵਾਨ ਗਾਮੇ, ਗ਼ੁਲਾਮ, ਕੱਲੂ ਤੇ ਕਿੱਕਰ ਸਿੰਘ ਹੋਰਾਂ ਵਾਲੇ ਦਿਨ ਯਾਦ ਆਏ।

ਉਨ੍ਹਾਂ ਦਿਨਾਂ ਦੀ ਉਡੀਕ ਕਰਦਿਆਂ ਮੈਂ ਆਪਣੀ ਕਿਤਾਬ ‘ਖੇਡ ਦਰਸ਼ਨ’ ਵਿੱਚ ਲਿਖਿਆ ਸੀ, “ਇਕ ਬੰਨੇ ਲਾਹੌਰੀਏ ਤੇ ਲਾਇਲਪੁਰੀਏ ਹੋਣਗੇ ਤੇ ਦੂਜੇ ਬੰਨੇ ਜਲੰਧਰੀਏ ਤੇ ਅੰਬਰਸਰੀਏ। ਸਿਆਲਕੋਟੀਆਂ ਤੇ ਸ਼ੇਖ਼ੂਪੁਰੀਆਂ ਅਤੇ ਫਰੀਦਕੋਟੀਆਂ ਤੇ ਫਿਰੋਜ਼ਪੁਰੀਆਂ ਵਿਚਕਾਰ ਬੁਰਦਾਂ ਲੱਗਣਗੀਆਂ। ਮਿੰਟਗੁੰਮਰੀਏ ਤੇ ਸੰਗਰੂਰੀਏ ਇੱਕ ਦੂਜੇ ਨੂੰ ਵੰਗਾਰਨਗੇ ਵੀ ਤੇ ਪਿਆਰਨਗੇ ਵੀ। ਦਰਸ਼ਕ ਦੋਹਾਂ ਪੰਜਾਬਾਂ ਦੇ ਚੋਬਰਾਂ ਨੂੰ ਹੱਲਾਸ਼ੇਰੀ ਦੇਣਗੇ। ਅਜਿਹੇ ਖੇਡ ਮੇਲੇ ਓੜਕਾਂ ਦੇ ਭਰਨਗੇ। ਕੀ ਇਹ ਸੁਫ਼ਨਾ ਕਦੇ ਸੱਚ ਹੋਵੇਗਾ?”

ਇਹ ਸੁਫ਼ਨਾ ਸੱਚ ਹੋ ਗਿਆ ਜਦੋਂ ਲਾਹੌਰੋਂ ਜਗਾਈ ਅਮਨ ਦੀ ਮਿਸ਼ਾਲ 5 ਦਸੰਬਰ 2004 ਨੂੰ ਪਟਿਆਲੇ ਦੇ ਯਾਦਵਿੰਦਰਾ ਸਟੇਡੀਅਮ ਵਿੱਚ ਪੁੱਜੀ। ਸਟੇਡੀਅਮ ਖ਼ਲਕਤ ਨਾਲ ਭਰਿਆ ਹੋਇਆ ਸੀ ਤੇ ਦੂਧੀਆ ਰੌਸ਼ਨੀ ਨਾਲ ਜਗਮਗਾ ਰਿਹਾ ਸੀ। ਚੌਧਰੀ ਸਾਹਿਬ ਤੁਸੀਂ ਮੇਲੇ ਦੇ ਮੁੱਖ ਮਹਿਮਾਨ ਸੌ ਤੇ ਏਧਰਲੇ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੇਜ਼ਬਾਨ ਸੀ। ਯਾਦ ਜੇ ਨਾ ਜਿਹੜੇ ਮੋਹ ਭਰੇ ਅਲਫਾਜ਼ ਕੈਪਟਨ ਨੇ ਕਹੇ ਸਨ-ਇਕ ਦਿਨ ਇਹ ਬਾਡਰ ਸ਼ਾਡਰ ਮਿਟ ਜਾਣਗੇ ਤੇ ਗੇਟ ਸ਼ੇਟ ਸਭ ਖੁੱਲ੍ਹ ਜਾਣਗੇ। ਜੇਕਰ ਸਾਡੇ ਸੰਬੰਧ ਇੰਜ ਹੀ ਮਿੱਠੜੇ ਹੁੰਦੇ ਗਏ ਤਾਂ ਦੁਨੀਆਂ ਦੀ ਕੋਈ ਵੀ ਤਾਕਤ ਸਾਨੂੰ ਵਿਛੜੇ ਭਰਾਵਾਂ ਨੂੰ ਮਿਲਣੋਂ ਰੋਕ ਨਹੀਂ ਸਕੇਗੀ। ਤੇ ਤੁਸੀਂ ਵੀ ਓਨੇ ਹੀ ਮੋਹ ਨਾਲ ਕਿਹਾ ਸੀ-ਆਪਾਂ ਮੇਲ ਮਿਲਾਪ ਤੇ ਅਮਨ ਦੀ ਮੰਜ਼ਲ ਲਈ ਰਾਹ ਲੱਭ ਲਿਆ ਏ। ਲੋੜ ਸਿਰਫ਼ ਇਸ `ਤੇ ਇੱਕ ਜੁੱਟ ਹੋ ਕੇ ਤੁਰਨ ਦੀ ਏ। ਨਾਲ ਹੀ ਤੁਸਾਂ ਸੱਦਾ ਦਿੱਤਾ ਸੀ ਪਈ ਅਗਲੇ ਸਾਲ ਇਹੋ ਖੇਡਾਂ ਦੂਜੀ ਪਾਰੀ ਵਜੋਂ ਲਾਹੌਰ `ਚ ਹੋਣਗੀਆਂ ਤੇ ਤੁਸੀਂ ਹੁੰਮ ਹੁੰਮਾ ਕੇ ਆਇਆ ਜੇ।

ਇਕ ਸਾਲ `ਤੇ ਮੰਨਿਆਂ ਪਈ ਪਾਕਿਸਤਾਨ ਤੇ ਕਸ਼ਮੀਰ `ਚ ਭੁਚਾਲ ਆ ਜਾਣ ਕਾਰਨ ਖੇਡਾਂ ਅਗਲੇ ਸਾਲ ਤਕ ਮੁਲਤਵੀ ਕਰਨੀਆਂ ਪਈਆਂ। ਹੁਣ `ਤੇ ਤੀਜਾ ਸਾਲ ਪਿਆ ਜਾਂਦਾ ਏ। ਸੁੱਖ ਨਾਲ ਫਸਲ ਵਾੜੀ ਦੋਹੀਂ ਪਾਸੀਂ ਵਾਹਵਾ ਹੋ ਰਹੀ ਏ ਤੇ ਰਾਜ ਵੀ ਅਮਨ ਅਮਾਨ ਨਾਲ ਈ ਚੱਲ ਰਹੇ ਨੇ। ਏਧਰਲੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਵੀ ਖੇਡਾਂ ਦੇ ਬੜੇ ਪ੍ਰੇਮੀ ਨੇ। ਸਿਆਸਤ ਦਾ ਓਲੰਪੀਅਨ ਸੁਖਦੇਵ ਸਿੰਘ ਢੀਂਡਸਾ ਉਨ੍ਹਾਂ ਦੀ ਸੱਜੀ ਬਾਂਹ ਏ। ਹੁਣ ਦੋਹਾਂ ਪੰਜਾਬਾਂ ਦੇ ਖਿਡਾਰੀਆਂ ਵਿਚਕਾਰ ਖੇਡਾਂ ਕਰਾਉਣ ਦਾ ਕੀ ਅੜਿੱਕਾ ਏ? ਪੰਜਾਬ ਵਿੱਚ ਖੇਡਾਂ ਕਰਾਉਣ ਲਈ ਸਿਆਲ ਦੀ ਰੁੱਤ ਸਭ ਤੋਂ ਵਧੀਆ ਗਿਣੀ ਜਾਂਦੀ ਏ। ਹਾਲੇ ਪੰਜ ਛੇ ਮਹੀਨੇ ਪਏ ਨੇ ਸਿਆਲ ਆਉਣ `ਚ। ਏਨਾ ਸਮਾਂ ਬਹੁਤ ਹੁੰਦਾ ਏ ਖੇਡ ਮੇਲਾ ਕਰਾਉਣ ਦੀਆਂ ਤਿਆਰੀਆਂ ਲਈ। ਓਧਰ ਤੁਸੀਂ ਤੇ ਏਧਰ ਬਾਦਲ ਸਾਹਿਬ, ਏਧਰ ਰਾਜਾ ਰਣਧੀਰ ਸਿੰਘ ਤੇ ਓਧਰ ਮੁਹੰਮਦ ਲਤੀਫ ਭੱਟ ਮੁੜ ਤਾਰਾਂ ਮਿਲਾਓ ਤੇ ਲਾਹੌਰ ਦੀਆਂ ਦੂਜੀਆਂ ਭਾਰਤ-ਪਾਕਿ ਪੰਜਾਬ ਖੇਡਾਂ ਲਈ ਤਾਰੀਕ ਪੱਕੀ ਕਰੋ ਤਾਂ ਜੋ ਖਿਡਾਰੀ ਤੇ ਖੇਡ ਪ੍ਰੇਮੀ ਆਪਣਾ ਪ੍ਰੋਗਰਾਮ ਓਸੇ ਮੁਤਾਬਿਕ ਬਣਾਉਣ।

2008 ਓਲੰਪਿਕ ਖੇਡਾਂ ਦਾ ਵਰ੍ਹਾ ਏ। ਅੱਲਾ ਖ਼ੈਰ ਕਰੇ ਕਿ ਪੰਜਾਬ ਦੀ ਧਰਤੀ ਦਾ ਜਾਇਆ ਕੋਈ ਜੁਆਨ ਓਲੰਪਿਕ ਖੇਡਾਂ ਦੇ ਜਿੱਤ-ਮੰਚ ਉਤੇ ਚੜ੍ਹ ਸਕੇ। ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਖਿਡਾਰੀਆਂ ਨੂੰ ਹਰ ਸਾਲ ਦੋਹਾਂ ਪੰਜਾਬਾਂ ਵੱਲੋਂ ਵਾਰੋ ਵਾਰੀ ਸਾਂਝੀਆਂ ਪੰਜਾਬ ਖੇਡਾਂ ਉਤੇ ਸੱਦਣ ਨਾਲ ਜਿਥੇ ਇਸ ਖਿੱਤੇ ਵਿੱਚ ਅਮਨ ਤੇ ਪਿਆਰ ਬਰਕਰਾਰ ਰਹੇਗਾ ਉਥੇ ਹੋਰ ਵੀ ਕਈ ਫਾਇਦੇ ਹੋਣਗੇ। ਦੋਹਾਂ ਪੰਜਾਬਾਂ ਤੇ ਦੋਹਾਂ ਦੇਸ਼ਾਂ ਵਿਚਕਾਰ ਆਪਸੀ ਵਪਾਰ ਤੇ ਆਰਥਿਕ ਵਿਕਾਸ ਦੀਆਂ ਬੜੀਆਂ ਸੰਭਾਵਨਾਵਾਂ ਹਨ। ਮਾਨਯੋਗ ਮੁੱਖ ਮੰਤਰੀ ਜੀਓ, ਆਪਣੇ ਰਾਜਸੀ ਰੁਝੇਵਿਆਂ ਵਿਚੋਂ ਕੁੱਝ ਸਮਾਂ ਕੱਢੋ ਤੇ ਜਿਹੜੇ ਅਲਫਾਜ਼ ਪਹਿਲੀਆਂ ਪੰਜਾਬ ਖੇਡਾਂ ਸਮੇਂ ਪਟਿਆਲੇ `ਚ ਕਹੇ ਸਨ ਉਹਨਾਂ `ਤੇ ਗ਼ੌਰ ਫੁਰਮਾਓ। ਕੀ ਪਤਾ ਇਹ ਖੇਡਾਂ ਕਿਸੇ ਦਿਨ ‘ਪੰਜਾਬੀ ਓਲੰਪਿਕਸ’ ਦਾ ਰੂਪ ਧਾਰ ਲੈਣ ਤੇ ਕੁੱਲ ਦੁਨੀਆਂ `ਚ ਵਸਦੇ ਪੰਜਾਬੀ ਇਨ੍ਹਾਂ ਵਿੱਚ ਸ਼ਾਮਲ ਹੋਣ ਲੱਗ ਪੈਣ!

Read 3296 times
ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਦੋ ਦਰਜਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ `ਚ ਡੇਢ ਦਰਜਨ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹੈ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ। ਉਸ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ `ਚ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ। ਉਹ 1965-66 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹਾ ਹੈ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੋ ਗਈ ਹੈ। ਉਸ ਦੇ ਦੋ ਪੁੱਤਰ ਹਨ। ਇਕ ਕੈਨੇਡਾ ਵਿਚ ਹੈ ਤੇ ਇਕ ਪੰਜਾਬ ਵਿਚ। ਉਹ ਆਪਣੀ ਪਤਨੀ ਹਰਜੀਤ ਕੌਰ ਨਾਲ ਗਰਮੀਆਂ ਕੈਨੇਡਾ ਵਿਚ ਕੱਟਦਾ ਹੈ ਤੇ ਸਿਆਲ ਦਾ ਨਿੱਘ ਪੰਜਾਬ ਵਿਚ ਮਾਣਦਾ ਹੈ।