You are here:ਮੁਖ ਪੰਨਾ»ਖੇਡਾਂ»ਖੇਡਾਂ ਦੀ ਦੁਨੀਆ - ਪ੍ਰਿੰ.ਸਰਵਣ ਸਿੰਘ»09 - ਨਿਊਯਾਰਕ ਦਾ ਸੱਤਵਾਂ ਕਬੱਡੀ ਮੇਲਾ

ਲੇਖ਼ਕ

Thursday, 15 October 2009 17:33

09 - ਨਿਊਯਾਰਕ ਦਾ ਸੱਤਵਾਂ ਕਬੱਡੀ ਮੇਲਾ

Written by
Rate this item
(0 votes)

ਨਿਊਯਾਰਕ ਦੇ ਕਬੱਡੀ ਮੇਲੇ ਨਾਲ ਪੱਛਮੀ ਮੁਲਕਾਂ ਦਾ ਕਬੱਡੀ ਸੀਜ਼ਨ ਸ਼ੁਰੂ ਹੋ ਜਾਂਦਾ ਹੈ। ਐਤਕੀਂ ਇਹ ਮੇਲਾ 6 ਮਈ 2007 ਦੇ ਦਿਨ ਭਰਿਆ। ਇਹ ਏਨਾ ਭਰਵਾਂ ਰਿਹਾ ਕਿ ਪਹਿਲੇ ਸਾਰੇ ਰਿਕਾਰਡ ਟੁੱਟ ਗਏ। ਇਹਦਾ ਮੁੱਖ ਕਾਰਨ ਸੀ ਭਾਰਤ ਤੋਂ ਤਕੜੀ ਕਬੱਡੀ ਟੀਮ ਦਾ ਆਉਣਾ ਤੇ ਉਹਦਾ ਕੱਪ ਜਿੱਤਣਾ। ਪਿਛਲੇ ਕੁੱਝ ਸਾਲਾਂ ਤੋਂ ਕਬੱਡੀ ਟੂਰਨਾਮੈਂਟਾਂ ਦੇ ਕੱਪ ਟੋਰਾਂਟੋ ਦੀ ਟੀਮ ਜਿੱਤ ਰਹੀ ਸੀ। ਨਿਊਯਾਰਕ ਦੇ ਕਬੱਡੀ ਪ੍ਰੇਮੀ ਚਾਹੁੰਦੇ ਸਨ ਕਿ ਕਿਸੇ ਤਰ੍ਹਾਂ ਭਾਰਤ ਤੋਂ ਕੋਈ ਏਨੀ ਤਕੜੀ ਟੀਮ ਆਵੇ ਜਿਹੜੀ ਟੋਰਾਂਟੋ ਦੀ ਟੀਮ ਦਾ ਕੱਪ ਨੂੰ ਪਿਆ ਜੱਫਾ ਛੁਡਾਵੇ। ਆਖ਼ਰ ਉਨ੍ਹਾਂ ਦੇ ਮਨ ਦੀ ਮੁਰਾਦ ਪੂਰੀ ਹੋ ਗਈ ਤੇ ਉਹ ਰਿਚਮੰਡ ਹਿੱਲ ਦੇ ਸਮੋਕੀ ਓਵਲ ਪਾਰਕ ਵਿੱਚ ਭਾਰਤੀ ਟੀਮ ਦੀ ਜਿੱਤ ਉਤੇ ਦੇਰ ਤਕ ਖ਼ੁਸ਼ੀਆਂ ਮਨਾਉਂਦੇ ਤੇ ਭੰਗੜੇ ਪਾਉਂਦੇ ਰਹੇ। ਪੰਜਾਬੀਆਂ ਦੀਆਂ ਕਿਲਕਾਰੀਆਂ ਨਾਲ ਉਹ ਪਾਰਕ ਉੱਦਣ ਨਿਊਯਾਰਕ ਦੀ ਥਾਂ ਛਪਾਰ ਦਾ ਮੇਲਾ ਬਣਿਆ ਰਿਹਾ।

ਇੰਟਰਨੈਸ਼ਨਲ ਸਪੋਰਟਸ ਐਂਡ ਕਲਚਰਲ ਆਰਗੇਨਾਈਜੇਸ਼ਨ ਆਫ਼ ਪੰਜਾਬ ਨਿਊਯਾਰਕ ਵਿੱਚ ਸੱਤ ਸਾਲਾਂ ਤੋਂ ਕਬੱਡੀ ਦਾ ਸ਼ਾਨਦਾਰ ਟੂਰਨਾਮੈਂਟ ਕਰਵਾਉਂਦੀ ਆ ਰਹੀ ਹੈ। ਇਸ ਦੇ ਪ੍ਰਧਾਨ ਅਨੂਪ ਸਿੰਘ ਹਨ ਤੇ ਚੇਅਰਮੈਨ ਸੰਤੋਖ ਸਿੰਘ। ਰਾਜਕਰਮਬੀਰ ਸਿੰਘ ਜਨਰਲ ਸਕੱਤਰ ਹੈ ਤੇ ਇਨ੍ਹਾਂ ਦੀ ਟੀਮ ਵਿੱਚ ਰਾਜ ਕੁਮਾਰ, ਤਰਸੇਮ ਲਾਲ, ਸੁਭਾਸ਼ ਥਾਪਰ, ਜਸਵੰਤ ਜੱਸਾ, ਦਲਜੀਤ ਸਿੰਘ, ਗੁਰਮੀਤ ਮੀਤਾ, ਭੂਪਿੰਦਰ ਸਿੰਘ ਗੋਗੀ, ਸੁਖਦੇਵ ਸਿੰਘ ਤੇ ਤਰਸੇਮ ਸਿੰਘ ਹੋਰੀਂ ਸ਼ਾਮਲ ਹਨ। ਕਲੱਬ ਨੂੰ ਸਥਾਨਕ ਗੁਰੂਘਰਾਂ ਤੇ ਸਭਾ ਸੁਸਾਇਟੀਆਂ ਦਾ ਸਹਿਯੋਗ ਹਾਸਲ ਹੈ। ਅਜਿਹੇ ਅਦਾਰਿਆਂ ਦੀ ਗਿਣਤੀ ਪੱਚੀ ਦੇ ਕਰੀਬ ਹੈ। ਨਿਊਯਾਰਕ ਦੇ ਕਾਰੋਬਾਰੀ ਸੱਜਣ ਕਬੱਡੀ ਮੇਲਿਆਂ ਦੀ ਲੋੜੀਂਦੀ ਮਾਇਕ ਸਹਾਇਤਾ ਕਰਦੇ ਰਹਿੰਦੇ ਹਨ। ਦੇਸ਼ ਵਿਦੇਸ਼ ਤੋਂ ਟੀਮਾਂ ਸੱਦਣੀਆਂ, ਇਨਾਮ ਦੇਣੇ, ਖੇਡ ਮੈਦਾਨ ਕਿਰਾਏ `ਤੇ ਲੈਣਾ, ਹਵਾਈ ਟਿਕਟਾਂ, ਹੋਟਲ, ਖਾਣ ਪੀਣ, ਵੀਡੀਓ, ਫੋਟੋ, ਟਰਾਫੀਆਂ, ਸਟੇਜ, ਸਕਿਉਰਿਟੀ ਤੇ ਮੀਡੀਏ ਦੇ ਖਰਚੇ ਬਹੁਤ ਹੁੰਦੇ ਹਨ ਜਿਹੜੇ ਦਾਨੀਆਂ ਦੇ ਖੁੱਲ੍ਹੇ ਦਿਲ ਨਾਲ ਪਾਏ ਯੋਗਦਾਨ ਨਾਲ ਹੀ ਪੂਰੇ ਹੋ ਸਕਦੇ ਹਨ। ਇੱਕ ਖੇਡ ਮੇਲੇ ਦਾ ਬਜਟ ਦੋ ਲੱਖ ਡਾਲਰ ਦੇ ਕਰੀਬ ਸਹਿਜੇ ਹੀ ਪੁੱਜ ਜਾਂਦਾ ਹੈ।

ਮਈ ਦੇ ਮਹੀਨੇ ਦਾ ਪਹਿਲਾ ਐਤਵਾਰ ਨਿਊਯਾਰਕ ਦੇ ਕਬੱਡੀ ਟੂਰਨਾਮੈਂਟ ਦਾ ਰਾਖਵਾਂ ਦਿਨ ਹੁੰਦਾ ਹੈ। ਮੈਂ ਅਜੇ ਪੰਜਾਬ ਵਿੱਚ ਹੀ ਸਾਂ ਜਦੋਂ ਨਿਊਯਾਰਕ ਤੋਂ ਅਨੂਪ ਸਿੰਘ ਹੋਰਾਂ ਦੇ ਟੈਲੀਫੋਨ ਖੜਕਣ ਲੱਗ ਪਏ। ਉਸ ਨੇ ਆਪਣੇ ਸਾਥੀਆਂ ਦੇ ਸਹਿਯੋਗ, ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਦੀ ਕਾਨੂੰਨੀ ਮਦਦ ਤੇ ਅਮਰੀਕੀ ਸੈਨੇਟਰ ਦੀ ਸਿਫਾਰਸ਼ ਨਾਲ ਭਾਰਤ ਦੀ ਕਬੱਡੀ ਟੀਮ ਨੂੰ ਵੀਜ਼ੇ ਲੁਆਉਣ ਦਾ ਕਾਰਜ ਆਰੰਭ ਕਰ ਲਿਆ। ਪੰਜਾਬ ਵਿੱਚ ਕਬੱਡੀ ਕਲੱਬਾਂ ਦੇ ਦੋਹਾਂ ਧੜਿਆਂ `ਚੋਂ ਚੋਟੀ ਦੇ ਖਿਡਾਰੀ ਚੁਣੇ ਗਏ ਤੇ ਟੂਰਨਾਮੈਂਟ ਤੋਂ ਪਿੱਛੋਂ ਵਾਪਸ ਮੋੜਨ ਦੀ ਗਰੰਟੀ ਨਾਲ ਵੀਜ਼ੇ ਲਗਵਾਏ ਗਏ। ਇਹ ਖਿਡਾਰੀ ਮੁਖਤਾਰ ਸਿੰਘ ਪੱਪੂ ਦੀ ਅਗਵਾਈ ਵਿੱਚ 4 ਮਈ ਨੂੰ ਨਿਊਯਾਰਕ ਪੁੱਜੇ। ਜਿਵੇਂ ਹੀ ਭਾਰਤੀ ਟੀਮ ਦੇ ਨਿਊਯਾਰਕ ਪੁੱਜਣ ਦਾ ਲੋਕਾਂ ਨੂੰ ਪਤਾ ਲੱਗਾ ਉਨ੍ਹਾਂ ਨੇ ਵੱਡੀ ਗਿਣਤੀ ਵਿੱਚ ਕਬੱਡੀ ਮੇਲਾ ਵੇਖਣ ਦੀਆਂ ਤਿਆਰੀਆਂ ਖਿੱਚ ਲਈਆਂ।

ਤਦ ਤਕ ਮੈਂ ਵੀ ਪੰਜਾਬ ਤੋਂ ਟੋਰਾਂਟੋ ਆ ਗਿਆ ਸਾਂ। ਮੈਨੂੰ ਤੇ ਮੱਖਣ ਸਿੰਘ ਨੂੰ ਸੱਦਾ ਸੀ ਕਿ ਕਬੱਡੀ ਮੈਚਾਂ ਦੀ ਕੁਮੈਂਟਰੀ ਤੇ ਲਿਖਤੀ ਤੌਰ `ਤੇ ਮੇਲਾ ਕਵਰ ਕਰਨ ਲਈ ਨਿਊਯਾਰਕ ਪੁੱਜੀਏ। ਟੋਰਾਂਟੋ ਤੋਂ ਨਿਊਯਾਰਕ ਜਾਣ ਦੇ ਮੈਨੂੰ ਹਰ ਵਾਰ ਨਵੇਂ ਅਨੁਭਵ ਹੁੰਦੇ ਹਨ। ਹਵਾਈ ਅੱਡੇ ਉਤੇ ਸਕਿਉਰਿਟੀ ਦਾ ਦਰ ਲੰਘਦਿਆਂ ਪਿਛਲੀ ਵਾਰ ਫੀਨੇ ਨੱਕ ਵਾਲੇ ਫਿਲਪੀਨੇ ਗਾਰਡ ਨੇ ਮੇਰੇ ਖਰਖਰਾ ਜਿਹਾ ਫੇਰਿਆ ਸੀ ਜਿਸ ਨੇ ਕੜੇ ਤੇ ਘੜੀ ਉਤੋਂ ਦੀ ਲੰਘਦਿਆਂ ਟੀਂ ਟੀਂ ਕੀਤੀ ਸੀ। ਟੀਂ ਟੀਂ ਹੋ ਜਾਣ ਕਾਰਨ ਮੇਰੀ ਚੰਗੀ ਤਰ੍ਹਾਂ ਤਲਾਸ਼ੀ ਲਈ ਗਈ ਸੀ। ਐਤਕੀਂ ਮੈਂ ਘੜੀ ਤੇ ਬੈੱਲਟ ਲਾਹ ਕੇ ਪਹਿਲਾਂ ਹੀ ਪਾੜਛੇ ਜਿਹੇ ਵਿੱਚ ਪਾ ਦਿੱਤੀ ਪਰ ਕੜਾ ਤੰਗ ਹੋਣ ਕਾਰਨ ਲਹਿ ਨਾ ਸਕਿਆ। ਮੇਰੇ ਬੂਟ ਵੀ ਲੁਹਾ ਲਏ ਗਏ ਤੇ ਕੋਟ ਵੀ ਲਾਹੁਣ ਲਈ ਕਿਹਾ ਗਿਆ। ਹਵਾਈ ਸਕਿਉਰਿਟੀ ਦਾ ਇਹ ਹਾਲ ਹੈ ਕਿ ਹੁਣ ਤਾਂ ਮੁਸਾਫ਼ਿਰਾਂ ਦੀਆਂ ਪੈਂਟਾਂ ਲੁਹਾਣੀਆਂ ਹੀ ਬਾਕੀ ਹਨ। ਸੰਭਵ ਹੈ ਕਿਸੇ ਦਿਨ ਯਾਤਰੀ ਕਬੱਡੀ ਦੇ ਖਿਡਾਰੀਆਂ ਵਾਂਗ `ਕੱਲੇ ਕੱਛੇ ਨਾਲ ਹੀ ਬਾਹਾਂ ਖੜ੍ਹੀਆਂ ਕਰ ਕੇ ਲੰਘਿਆ ਕਰਨ। ਖ਼ਬਰਾਂ ਮਿਲ ਰਹੀਆਂ ਹਨ ਕਿ ਕਈ ਥਾਂਈਂ ਪੱਗਾਂ ਲੁਹਾਈਆਂ ਜਾਣ ਲੱਗੀਆਂ ਹਨ। ਨੰਗੇ ਪੈਰੀਂ ਮਹਾਰਾਜ ਨੂੰ ਮੱਥਾ ਟੇਕਣ ਵਾਂਗ ਜਦੋਂ ਮੈਂ ਮੈਟਲ ਡਿਟੈਕਟਰ ਦੇ ਚੌਖਟੇ ਵਿੱਚ ਦੀ ਲੰਘਿਆ ਤਾਂ ਕੜੇ ਨੇ ਫਿਰ ਟੀਂ ਟੀਂ ਬੁਲਾ ਦਿੱਤੀ ਤੇ ਸਕਿਉਰਿਟੀ ਵਾਲਿਆਂ ਨੂੰ ਮੁੜ ਖਰਖਰੇ ਵਰਗਾ ਸੰਦ ਮੇਰੀਆਂ ਲੱਤਾਂ ਬਾਹਾਂ ਉਪਰ ਦੀ ਘੁੰਮਾਉਣਾ ਪਿਆ।

ਟੋਰਾਂਟੋ ਤੋਂ ਨਿਊਯਾਰਕ ਦੀ ਉਡਾਣ ਉਂਜ ਤਾਂ ਸਵਾ ਕੁ ਘੰਟੇ ਦੀ ਹੈ ਪਰ ਇੰਮੀਗਰੇਸ਼ਨ ਤੇ ਸਕਿਉਰਿਟੀ ਕਾਰਨਾਂ ਕਰਕੇ ਢਾਈ ਤਿੰਨ ਘੰਟੇ ਪਹਿਲਾਂ ਹੀ ਹਵਾਈ ਅੱਡੇ `ਤੇ ਪਹੁੰਚਣਾ ਪੈਂਦੈ। ਦਹਿਸ਼ਤਗਰਦਾਂ ਨੇ ਹਵਾਈ ਮੁਸਾਫ਼ਿਰਾਂ ਨੂੰ ਇਹ ਬਹੁਤ ਵੱਡੀ ਸਜ਼ਾ ਦਿੱਤੀ ਹੋਈ ਹੈ। ਜਹਾਜ਼ ਉਡਿਆ ਤਾਂ ਹੇਠਾਂ ਟੋਰਾਂਟੋ ਦਾ ਸੀ.ਐੱਨ.ਟਾਵਰ ਤੇ ਸਕਾਈਡੋਮ ਵਿਖਾਈ ਦਿੱਤੇ। ਉਪਰੋਂ ਇਹ ਬਹੁਤੇ ਉੱਚੇ ਨਹੀਂ ਲੱਗਦੇ ਸਗੋਂ ਮਧਰੇ ਜਿਹੇ ਜਾਪਦੇ ਹਨ। ਸਵੇਰ ਦੇ ਨੌਂ ਵਜੇ ਦਾ ਸਮਾਂ ਸੀ ਤੇ ਦਿਨ ਨਿੱਖਰਿਆ ਹੋਇਆ ਸੀ। ਟੋਰਾਂਟੋ ਦੇ ਬਹੁਮੰਜ਼ਲੇ ਮਕਾਨ, ਖੇਡ ਮੈਦਾਨ ਤੇ ਪਾਰਕ ਦਿਸ ਰਹੇ ਸਨ। ਫਿਰ ਨਿੱਕੀਆਂ ਵੱਡੀਆਂ ਝੀਲਾਂ, ਪਹਾੜੀਆਂ ਤੇ ਰੁੱਖਾਂ ਦੇ ਝੁੰਡ ਵਿਖਾਈ ਦੇਣ ਲੱਗੇ। ਦਰੱਖਤਾਂ ਦੀ ਹਰਿਆਵਲ ਨਾਲ ਨੀਲੀਆਂ ਝੀਲਾਂ ਵਿੱਚ ਹਰੇਵਾਈ ਦੀ ਛਾਂ ਪੈ ਰਹੀ ਸੀ। ਧੁੱਪ ਦੀ ਲਿਸ਼ਕੋਰ ਨਾਲ ਘਰਾਂ ਦੀਆਂ ਛੱਤਾਂ ਤੇ ਕਾਰਾਂ ਚਿਲਕ ਰਹੀਆਂ ਸਨ ਤੇ ਕਿਤੇ ਕਿਤੇ ਕੋਈ ਚਿਮਨੀ ਧੂੰਆਂ ਛੱਡ ਰਹੀ ਸੀ। ਰੂੰ ਦੇ ਫੰਬਿਆਂ ਵਰਗੇ ਬੱਦਲ ਤੈਰ ਰਹੇ ਸਨ। ਹੇਠਾਂ ਈ ਕਿਤੇ ਨਿਆਗਰਾ ਫਾਲਜ਼ ਸੀ ਜੋ ਮੈਨੂੰ ਵਿਖਾਈ ਨਾ ਦਿੱਤਾ। ਜਹਾਜ਼ ਦੇ ਇੰਜਣਾਂ ਦਾ ਸ਼ੋਰ ਘਰਾਟ ਦੀ ਆਵਾਜ਼ ਵਰਗਾ ਸੀ। ਨੀਲੇ ਆਕਾਸ਼ ਦੀਆਂ ਕੰਨੀਆਂ ਚਿੱਟੀ ਭਾਅ ਮਾਰ ਰਹੀਆਂ ਸਨ ਜਿਵੇਂ ਅੰਬਰ ਦੇ ਅਸਮਾਨੀ ਲਹਿੰਗੇ ਨੂੰ ਘਿਉ-ਰੰਗੀ ਝਾਲਰ ਲਾਈ ਹੋਵੇ। ਮੇਰੇ ਨਾਲ ਦੀਆਂ ਸਵਾਰੀਆਂ ਪੜ੍ਹਨ ਵਿੱਚ ਮਘਨ ਸਨ ਪਰ ਮੈਂ ਬਾਰੀ ਥਾਣੀ ਬਾਹਰ ਦੇ ਨਜ਼ਾਰੇ ਨੋਟ ਕਰ ਰਿਹਾ ਸਾਂ। ਮੈਂ ਨੋਟ ਕੀਤਾ ਕਿ ਸ਼ਾਹਰਾਹ ਲੰਮੀਆਂ ਲਕੀਰਾਂ ਵਰਗੇ ਦਿਸਦੇ ਹਨ ਅਤੇ ਝੀਲਾਂ, ਪਹਾੜੀਆਂ ਤੇ ਦਰੱਖਤਾਂ ਨਾਲ ਸ਼ਿੰਗਾਰੀ ਧਰਤੀ ਭੂਰੇ, ਨੀਲੇ ਤੇ ਹਰੇ ਰੰਗਾਂ ਦੀ ਵਿਸ਼ਾਲ ਪੇਂਟਿੰਗ ਜਾਪਦੀ ਹੈ।

ਜਹਾਜ਼ ਨਿਊਯਾਰਕ ਦੇ ਅਸਮਾਨ `ਤੇ ਪੁੱਜਾ ਤਾਂ ਹੇਠਾਂ ਉੱਚੀਆਂ ਇਮਾਰਤਾਂ ਡੱਬੇ ਡੱਬੀਆਂ ਵਾਂਗ ਦਿਸਣ ਲੱਗੀਆਂ। ਸਮੁੰਦਰ ਤੇ ਦਰਿਆਵਾਂ ਦੇ ਅਨੇਕਾਂ ਪਾਟ ਸਨ ਜਿਨ੍ਹਾਂ ਉਤੇ ਥਾਂ ਪੁਰ ਥਾਂ ਪੁਲ ਬਣੇ ਹੋਏ ਸਨ। ਨਿਊਯਾਰਕ ਨੂੰ ਉਪਰੋਂ ਵੇਖੀਏ ਤਾਂ ਇਹ ਪਾਣੀਆਂ ਵਿੱਚ ਘਿਰੇ ਟਾਪੂਆਂ ਵਰਗਾ ਲੱਗਦਾ ਹੈ। ਮੇਰੇ ਬਰਾਬਰ ਬੈਠੀ ਗੋਰੀ ਲੜਕੀ ਨੇ ਫੈਸ਼ਨਵੱਸ ਆਪਣੇ ਕੇਸ ਕਾਲਿਓਂ ਚਿੱਟੇ ਕੀਤੇ ਹੋਏ ਸਨ ਪਰ ਉਹਨਾਂ ਦੀਆਂ ਜੜ੍ਹਾਂ ਕਾਲੀਆਂ ਸਨ। ਐਨ ਉਵੇਂ ਜਿਵੇਂ ਸਾਡੇ ਵਸਮਾ ਲਾਉਣ ਵਾਲੇ ਵੀਰਾਂ ਦੀਆਂ ਕਾਲੀਆਂ ਦਾੜ੍ਹੀਆਂ ਹੇਠਾਂ ਵਾਲਾਂ ਦੀਆਂ ਜੜ੍ਹਾਂ ਬੱਗੀਆਂ ਹੁੰਦੀਆਂ ਹਨ। ਪਿਛਲੀ ਵਾਰ ਮੈਨੂੰ ਸਮੁੰਦਰ `ਚ ਖਲੋਤਾ ਆਜ਼ਾਦੀ ਦੀ ਦੇਵੀ ਦਾ ਬੁੱਤ ਵਿਖਾਈ ਦੇ ਗਿਆ ਸੀ ਪਰ ਐਤਕੀਂ ਉਹ ਮੇਰੀ ਨਜ਼ਰ ਨਹੀਂ ਪਿਆ। ਨਾ ਹੀ ਮੈਂ ਮਨਹਟਨ ਟਾਪੂ `ਚ ਢਾਹੇ ਉੱਚੇ ਬੁਰਜਾਂ ਵਾਲੀ ਜਗ੍ਹਾ ਵੇਖ ਸਕਿਆ। ਸੰਭਵ ਹੈ ਜਹਾਜ਼ ਨੇ ਰੁਖ਼ ਬਦਲ ਲਿਆ ਹੋਵੇ ਜਾਂ ਮੈਂ ਹੀ ਜਹਾਜ਼ ਦੇ ਦੂਜੇ ਪਾਸੇ ਬੈਠਾਂ ਹੋਵਾਂ। ਉਹਨਾਂ ਦੀ ਥਾਂ ਮੈਨੂੰ ਵੱਡੇ ਕਬਰਸਥਾਨ ਦੇ ਲੰਮੀਆਂ ਕਤਾਰਾਂ `ਚ ਲੱਗੇ ਯਾਦਗਾਰੀ ਪੱਥਰ ਵਿਖਾਈ ਦਿੱਤੇ। ਕਹਿੰਦੇ ਹਨ ਕਿ ਹੁਣ ਨਿਊਯਾਰਕ ਵਿੱਚ ਕਬਰਾਂ ਲਈ ਥਾਂ ਲੱਭਣੀ ਔਖੀ ਹੋ ਰਹੀ ਹੈ ਤੇ ਥਾਂ ਕਈ ਸਾਲ ਪਹਿਲਾਂ ਰਿਜ਼ਰਵ ਕਰਾਉਣੀ ਪੈਂਦੀ ਹੈ।

ਸਾਡੇ ਠਹਿਰਨ ਦਾ ਪ੍ਰਬੰਧ ਲਾਗਾਰਡੀਆ ਹਵਾਈ ਅੱਡੇ ਦੇ ਕੋਲ ਹੀ ਕਲੈਰੀਅਨ ਹੋਟਲ ਵਿੱਚ ਕੀਤਾ ਹੋਇਆ ਸੀ। ਮੈਂ ਆਪਣਾ ਛੋਟਾ ਅਟੈਚੀ ਰੇੜ੍ਹਿਆ ਤੇ ਤੁਰ ਕੇ ਹੀ ਦਸਾਂ ਮਿੰਟਾਂ ਵਿੱਚ ਹੋਟਲ ਜਾ ਪੁੱਜਾ। ਹੋਟਲ ਦੇ ਭੋਰੇ ਵਿੱਚ ਖਿਡਾਰੀਆਂ ਤੇ ਖੇਡ ਅਧਿਕਾਰੀਆਂ ਨੂੰ ਪਰੌਂਠੇ ਉਡੀਕ ਰਹੇ ਸਨ। ਆਇਆਂ ਗਿਆਂ ਦੀ ਮਹਿਫ਼ਲ ਲੱਗੀ ਹੋਈ ਸੀ ਤੇ ਪੰਜਾਬ ਦੇ ਪਿੰਡਾਂ ਵਾਲਾ ਮਾਹੌਲ ਬਣਿਆਂ ਹੋਇਆ ਸੀ। ਕਦੇ ਕੋਈ ਇੰਗਲੈਂਡ ਤੋਂ ਆ ਜਾਂਦਾ, ਕਦੇ ਕੈਲੇਫੋਰਨੀਆਂ ਤੋਂ ਤੇ ਕਦੇ ਵੈਨਕੂਵਰ ਤੋਂ। ਪੰਜਾਬ ਤੋਂ ਚੌਦਾਂ ਖਿਡਾਰੀ ਪਹਿਲਾਂ ਹੀ ਆਏ ਬੈਠੇ ਸਨ। ਪ੍ਰਬੰਧਕਾਂ ਵੱਲੋਂ ਸੇਵਾ ਦੀ ਕੋਈ ਕਸਰ ਨਹੀਂ ਸੀ ਛੱਡੀ ਜਾ ਰਹੀ। ਮੈਨੂੰ ਪੰਜਾਬ ਤੋਂ ਆਏ ਖਿਡਾਰੀਆਂ ਦੇ ਨਾਂਵਾਂ ਦੀ ਸੂਚੀ ਦਿੱਤੀ ਗਈ ਜਿਸ ਵਿੱਚ ਕਾਕਾ ਕਾਹਰੀ ਸਾਰੀ, ਦੁੱਲਾ ਸੁਰਖਪੁਰੀਆ, ਗੁਰਲਾਲ ਘਨੌਰ, ਜੱਸਾ ਸਿੱਧਵਾਂ, ਸੰਦੀਪ, ਸੁੱਖੀ ਲੱਖਣ ਕੇ ਪੱਡੇ, ਸੋਨੂੰ ਜੰਪ, ਮੱਤਾ ਗੁਰਦਾਸਪੁਰੀਆ, ਗੋਗੋ ਰੁੜਕੀ, ਜੱਸੀ ਲੇਹਲਾਂ, ਇੰਦਰਜੀਤ ਤੁੰਨਾ, ਗੁਰਵਿੰਦਰ ਭਲਵਾਨ, ਸੁੱਖਾ ਭੰਡਾਲ ਤੇ ਮਿੰਦੂ ਗੁਰਦਾਸਪੁਰੀਆ ਸਨ। ਉਨ੍ਹਾਂ ਦੇ ਪਾਸਪੋਰਟ ਪ੍ਰਬੰਧਕਾਂ ਨੇ ਪਹਿਲਾਂ ਹੀ ਸੰਭਾਲ ਲਏ ਸਨ ਤਾਂ ਕਿ ਕੋਈ ਕਬੂਤਰਬਾਜ਼ ਕਿਸੇ ਨੂੰ ਕਬੂਤਰ ਬਣਨ ਦਾ ਚੋਗਾ ਨਾ ਪਾ ਸਕੇ। ਤਸੱਲੀ ਦੀ ਗੱਲ ਹੈ ਕਿ ਟੂਰਨਾਮੈਂਟ ਪਿਛੋਂ ਪੰਜਾਬ ਤੋਂ ਮੰਗਾਏ ਸਾਰੇ ਖਿਡਾਰੀ ਵਾਪਸ ਪੰਜਾਬ ਮੁੜ ਗਏ ਹਨ ਤੇ ਇਹਦੀ ਇਤਲਾਹ ਦਿੱਲੀ ਅਮਰੀਕੀ ਸਫਾਰਤਖਾਨੇ ਨੂੰ ਦੇ ਦਿੱਤੀ ਹੈ।

ਛੇ ਮਈ ਦਾ ਦਿਨ ਖਿੜੀ ਹੋਈ ਧੁੱਪ ਵਾਲਾ ਚੜ੍ਹਿਆ। ਪੱਛਮੀ ਮੁਲਕਾਂ ਦੇ ਸਾਰੇ ਹੀ ਕਬੱਡੀ ਮੇਲੇ ਵਾਰ ਐਤਵਾਰ ਨੂੰ ਲੱਗਦੇ ਹਨ। ਦਿਨ ਮੀਂਹ ਵਾਲਾ ਹੋਵੇ ਤਾਂ ਸਾਰਾ ਮਜ਼ਾ ਕਿਰਕਿਰਾ ਹੋ ਜਾਂਦਾ ਹੈ। ਪ੍ਰਬੰਧਕ ਅਰਦਾਸਾਂ ਕਰਦੇ ਹਨ ਕਿ ਟੂਰਨਾਮੈਂਟ ਦਾ ਦਿਨ ਸੁੱਕਾ ਰਹੇ। ਉਥੇ ਐਤਵਾਰ ਦੇ ਮੈਚ ਸੋਮਵਾਰ `ਤੇ ਨਹੀਂ ਪਾਏ ਜਾ ਸਕਦੇ। ਵੱਡੀ ਬੱਸ ਤੇ ਵੈਨਾਂ ਰਾਹੀਂ ਖਿਡਾਰੀਆਂ ਨੂੰ ਹੋਟਲ ਤੋਂ ਸਮੋਕੀ ਓਵਲ ਪਾਰਕ ਲਿਜਾਇਆ ਗਿਆ। ਪਾਰਕ ਦੁਆਲੇ ਟਾਹਲੀਆਂ ਵਰਗੇ ਰੁੱਖ ਨਵੇਂ ਹੀ ਫੁੱਟੇ ਸਨ ਤੇ ਅੰਦਰ ਪੌੜੀਆਂ ਵਾਲੇ ਬੈਂਚ ਜੋੜ ਕੇ ਆਰਜ਼ੀ ਸਟੇਡੀਅਮ ਬਣਾਇਆ ਹੋਇਆ ਸੀ। ਝੰਡੇ ਝੂਲ ਰਹੇ ਸਨ ਤੇ ਠੰਡੀ `ਵਾ ਵਗ ਰਹੀ ਸੀ। ਮਦਨ ਮੱਦੀ ਤੇ ਜਰਨੈਲ ਸਿੰਘ ਭੰਗੜੇ ਵਾਲੀਆਂ ਪੁਸ਼ਾਕਾਂ ਪਹਿਨੀ ਫੁੰਮਣਾਂ ਵਾਲੇ ਢੋਲ ਵਜਾਉਂਦੇ ਹੋਏ ਅਖਾੜਾ ਬੰਨ੍ਹ ਰਹੇ ਸਨ। ਮਾਈਕ ਤੋਂ ਮਝੈਲ ਰਾਜਕਰਮਬੀਰ ਤੇ ਨਰਿੰਦਰ ਪੰਡਤ ਨੇ ਹਾਸੇ ਠੱਠੇ ਦੀਆਂ ਫੁੱਲਝੜੀਆਂ ਚਲਾਈਆਂ ਹੋਈਆਂ ਸਨ। ਫਿਰ ਟੀਮਾਂ ਦਾ ਮਾਰਚ ਪਾਸਟ ਸ਼ੁਰੂ ਹੋਇਆ ਜਿਸ ਵਿੱਚ ਭਾਰਤ, ਅਮਰੀਕਾ, ਇੰਗਲੈਂਡ, ਉੱਤਰੀ ਕੈਨੇਡਾ ਤੇ ਪੱਛਮੀ ਕੈਨੇਡਾ ਦੀਆਂ ਟੀਮਾਂ ਸ਼ਾਮਲ ਹੋਈਆਂ। ਟੀਮਾਂ ਦੇ ਅੱਗੇ ਅੱਗੇ ਢੋਲ ਵੱਜ ਰਹੇ ਸਨ ਤੇ ਭੰਗੜਾ ਟੀਮ ਭੰਗੜਾ ਪਾ ਰਹੀ ਸੀ ਜਿਸ ਦੀ ਅਗਵਾਈ ਨਰਿੰਦਰ ਪੰਡਤ ਕਰ ਰਿਹਾ ਸੀ। ਦਰਸ਼ਕ ਤਾੜੀਆਂ ਮਾਰ ਰਹੇ ਸਨ।

ਪਹਿਲਾਂ ਮੈਚ ਭਾਰਤ ਤੇ ਕੈਨੇਡਾ ਵੈੱਸਟ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ ਜੋ ਭਾਰਤ ਦੀ ਟੀਮ ਨੇ ਜਿੱਤਿਆ। ਵੈਨਕੂਵਰ ਦੀ ਟੀਮ ਵਿੱਚ ਲੱਕੀ ਕੁਰਾਲੀ, ਜੱਗਾ ਨਕੋਦਰੀਆ, ਸੋਨੀ ਸਵੱਦੀ, ਰਣਜੀਤ ਮਹੇੜੂ, ਸ਼ਿੰਦਾ ਲੋਪੋਂ, ਕੌਰਾ ਬੱਸੀਆਂ, ਜਗਦੀਪ ਕੌਂਕੇ, ਜਿੰਦਰ ਬੋਪਾਰਾਏ, ਬੱਲੀ ਘੜੂੰਆਂ ਤੇ ਗੀਚਾ ਗੱਜਣਵਾਲੀਆਂ ਖੇਡੇ। ਦੂਜਾ ਮੈਚ ਅਮਰੀਕਾ ਤੇ ਇੰਗਲੈਂਡ ਦੀਆਂ ਟੀਮਾਂ ਵਿਚਕਾਰ ਹੋਇਆ ਜਿਸ ਵਿੱਚ ਅਮਰੀਕਾ ਦੀ ਟੀਮ ਜੇਤੂ ਰਹੀ। ਅਮਰੀਕਾ ਵੱਲੋਂ ਜੋਗੀ, ਸੋਨੂੰ ਜੰਪ, ਸੱਨੀ, ਤਾਰੀ, ਮਿੰਦੂ, ਤੀਰਥ, ਮੀਕਾ, ਠਾਣੇਦਾਰ ਤੇ ਅਰਸ਼ੀ ਖੇਡ ਰਹੇ ਸਨ। ਇੰਗਲੈਂਡ ਦੀ ਟੀਮ ਵਿੱਚ ਕੁਲਵਿੰਦਰ, ਅਮਰਜੀਤ, ਰਜਵੰਤ, ਜਸਪਾਲ ਵਡਾਲਾ, ਥਾਂਦੀ, ਜੈੱਟ, ਸੀਤਾ, ਜਸਪਾਲ ਖਹਿਰਾ, ਮਨਪ੍ਰੀਤ ਤੇ ਬਾਬੇ ਘੁਰਲੀ ਦਾ ਪੋਤਾ ਅਮਨਦੀਪ ਸ਼ਾਮਲ ਸਨ।

ਤੀਜਾ ਮੈਚ ਕੈਨੇਡਾ ਈਸਟ ਤੇ ਕੈਨੇਡਾ ਵੈੱਸਟ ਯਾਨੀ ਟੋਰਾਂਟੋ ਤੇ ਵੈਨਕੂਵਰ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ। ਕਈ ਸਾਲਾਂ ਤੋਂ ਜੇਤੂ ਰਹੀ ਟੋਰਾਂਟੋ ਦੀ ਟੀਮ ਵਿੱਚ ਸੰਦੀਪ ਲੱਲੀਆਂ, ਕਿੰਦਾ ਬਿਹਾਰੀਪੁਰੀਆ, ਵੈੱਲੀ ਚੂਹੜਚੱਕੀਆ, ਉਪਕਾਰ ਬੁਚਕਰ ਤੇ ਤੋਚੀ ਕਾਲਾ ਸੰਘਿਆਂ ਕਬੱਡੀਆਂ ਪਾਉਣ ਵਾਲੇ ਸਨ ਅਤੇ ਸੋਨੀ ਸੁਨੇਤ, ਬੀਰ੍ਹਾ ਸਿੱਧਵਾਂ, ਜਤਿੰਦਰ ਡਡਵਿੰਡੀ, ਮਾਣ੍ਹਾ ਤੇ ਫਿੰਡੀ ਜੱਫੇ ਲਾਉਣ ਵਾਲੇ ਸਨ। ਤਦ ਤਕ ਦਰਸ਼ਕਾਂ ਦੀਆਂ ਬੈਂਚਾਂ ਦੇ ਅੱਗੇ ਪਿੱਛੇ ਕਈ ਕਈ ਤੈਹਾਂ ਲੱਗ ਚੁੱਕੀਆਂ ਸਨ। ਸਟੇਜ `ਤੇ ਵਿਸ਼ੇਸ਼ ਵਿਅਕਤੀ ਆਈ ਜਾਂਦੇ ਤੇ ਉਨ੍ਹਾਂ ਦਾ ਮਾਣ ਸਨਮਾਨ ਕੀਤਾ ਜਾਂਦਾ। ਪੰਜਾਬ ਤੋਂ ਕੈਬੀਨਿਟ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵੀ ਆਇਆ ਤੇ ਨਿਊਯਾਰਕ ਦਾ ਮਾਣ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਵੀ ਆਇਆ। ਪਰਮਿੰਦਰ ਸਿੰਘ ਢੀਂਡਸਾ ਨੇ ਮੇਰੀ ਪੁਸਤਕ ‘ਕਬੱਡੀ ਕਬੱਡੀ ਕਬੱਡੀ’ ਖੇਡ ਪ੍ਰੇਮੀਆਂ ਦੇ ਰੂਬਰੂ ਕੀਤੀ ਤੇ ਕਬੱਡੀ ਮੇਲੇ ਦੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਦਰਸ਼ਕਾਂ ਵਿੱਚ ਮਾਈਆਂ ਬੀਬੀਆਂ ਵੀ ਕਾਫੀ ਗਿਣਤੀ ਵਿੱਚ ਸਨ ਜਿਨ੍ਹਾਂ ਲਈ ਇੱਕ ਬਲਾਕ ਰਾਖਵਾਂ ਰੱਖਿਆ ਗਿਆ ਸੀ। ਟੋਰਾਂਟੋ ਦੀ ਟੀਮ ਵੈਨਕੂਵਰ ਦੀ ਟੀਮ ਨੂੰ 50-30 ਅੰਕਾਂ ਦੇ ਫਰਕ ਨਾਲ ਹਰਾ ਕੇ ਸੈਮੀ ਫਾਈਨਲ ਵਿੱਚ ਪਹੁੰਚ ਗਈ।

ਸੈਮੀ ਫਾਈਨਲ ਮੈਚਾਂ ਤੋਂ ਪਹਿਲਾਂ ਰਿਚਮੰਡ ਹਿੱਲ ਤੇ ਜੈਕਸਨ ਹਾਈਡ ਦੀਆਂ ਜੂਨੀਅਰ ਟੀਮਾਂ ਦਰਮਿਆਨ ਮੈਚ ਹੋਇਆ ਜੋ ਜੈਕਸਨ ਹਾਈਡ ਦੀ ਟੀਮ ਨੇ ਜਿੱਤਿਆ। ਪ੍ਰਸਿੱਧ ਪਹਿਲਵਾਨ ਬੁਧ ਸਿੰਘ ਦਾ ਵਿਸ਼ੇਸ਼ ਮਾਣ ਸਨਮਾਨ ਕੀਤਾ ਗਿਆ ਤੇ ਦਾਨੀ ਵੀਰਾਂ ਨੂੰ ਟਰਾਫੀਆਂ ਨਾਲ ਨਿਵਾਜਿਆ ਗਿਆ। ਸਵੇਰ ਦੀ ਠੰਢੀ ਹਵਾ ਹੁਣ ਨਿੱਘੀ ਹੋ ਗਈ ਸੀ ਤੇ ਗੁਰੂ ਘਰਾਂ ਦਾ ਲੰਗਰ ਅਤੁੱਟ ਵਰਤ ਰਿਹਾ ਸੀ। ਇੱਕ ਪਾਸੇ ਭਾਫਾਂ ਛਡਦੀ ਚਾਹ ਦੀ ਛਬੀਲ ਲੱਗੀ ਹੋਈ ਸੀ। ਟੀਵੀ ਰਾਵੀ ਚੈਨਲ ਦਾ ਕਲਾਕਾਰ ਹਰਵਿੰਦਰ ਰਿਆੜ ਸਟੇਜ ਨੂੰ ਰੰਗ ਭਾਗ ਲਾ ਰਿਹਾ ਸੀ। ਅਸੀਂ ਮੈਚਾਂ ਦੀ ਕੁਮੈਂਟਰੀ ਕਰਦਿਆਂ ਵਿਚੇ ਕਬੱਡੀ ਦਾ ਇਤਿਹਾਸ ਦੁਹਰਾਈ ਜਾਂਦੇ ਤੇ ਵਿਚੇ ਖਿਡਾਰੀਆਂ ਨੂੰ ਵਡਿਆਉਂਦੇ ਹੋਏ ਜ਼ਮੀਨ ਅਸਮਾਨ ਦੇ ਕੁੰਡੇ ਮੇਲੀ ਜਾਂਦੇ। ਵਿਚੇ ਛੜਿਆਂ ਬਾਰੇ ਜੋੜੇ ਟੱਪੇ ਸੁਣਾਈ ਜਾਂਦੇ-ਚੁੱਲ੍ਹੇ ਅੱਗ ਨਾ ਘੜੇ ਵਿੱਚ ਪਾਣੀ ਛੜਿਆਂ ਨੂੰ ਵਖਤ ਪਿਆ। ਛੜਿਆਂ ਦਾ ਸੌਂਕ ਬੁਰਾ ਕੱਟਾ ਮੁੰਨ ਕੇ ਝਾਂਜਰਾਂ ਪਾਈਆਂ। ਰਾਜ ਕਹਿਣ ਲੱਗਾ-ਰੰਨਾਂ ਵਾਲਿਆਂ ਦੇ ਪੱਕਣ ਪਰੌਂਠੇ ਛੜਿਆਂ ਦੀ ਅੱਗ ਨਾ ਬਲੇ। ਪੰਡਤ ਨੇ ਤੋਪਾ ਭਰਿਆ-ਰੰਨਾਂ ਵਾਲਿਆਂ ਨੂੰ ਰੋਣ ਨਿਆਣੇ ਛੜਿਆਂ ਨੂੰ ਰੋਣ ਬਿੱਲੀਆਂ …। ਕਬੱਡੀ ਪਾ ਕੇ ਭੱਜੇ ਜਾਂਦੇ ਖਿਡਾਰੀ ਬਾਰੇ ਕਹਿੰਦੇ, “ਇਹਦੇ ਮਗਰ ਤਾਂ ਭਾਵੇਂ ਘੋੜੀਆਂ ਲਾ ਦਿਓ ਇਹ ਨੀ ਫੜੀਦਾ ਹੁਣ।” ਪੰਡਤ ਪੱਚਰ ਲਾਉਂਦਾ, “ਇਹਨੂੰ ਤਾਂ ਹੁਣ ਨਿਊਯਾਰਕ ਦੀ ਪੁਲਿਸ ਈ ਫੜੂ!”

ਪਹਿਲਾ ਸੈਮੀ ਫਾਈਨਲ ਮੈਚ ਇੰਡੀਆ ਤੇ ਇੰਗਲੈਂਡ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਜੋ ਇੰਡੀਆ ਦੀ ਟੀਮ ਨੇ ਚੋਖੇ ਅੰਕਾਂ ਨਾਲ ਜਿੱਤ ਲਿਆ। ਗੋਗੋ ਤੇ ਜੱਸੀ ਹੋਰਾਂ ਨੇ ਇੰਗਲੈਂਡ ਦੇ ਧਾਵੀ ਬੰਨ੍ਹ ਕੇ ਖੜ੍ਹਾ ਦਿੱਤੇ। ਦੂਜਾ ਸੈਮੀ ਫਾਈਨਲ ਅਮਰੀਕਾ ਤੇ ਟੋਰਾਂਟੋ ਦੀਆਂ ਟੀਮਾਂ ਵਿਚਾਲੇ ਬੜਾ ਫਸ ਕੇ ਹੋਇਆ। ਅੱਧੇ ਸਮੇਂ ਤਕ ਅਮਰੀਕਾ ਦੇ ਵੀਹ ਅੰਕ ਸਨ ਤੇ ਕੈਨੇਡਾ ਈਸਟ ਦੇ ਚੌਵੀ। ਦੂਜਾ ਅੱਧ ਸ਼ੁਰੂ ਹੋਇਆ ਤਾਂ ਇੱਕ ਸਟੇਜ ਉਤੇ ਅਮਰੀਕਾ ਦੀ ਟੀਮ ਦੇ ਇਕੱਤੀ ਅੰਕ ਹੋ ਗਏ ਤੇ ਟੋਰਾਂਟੋ ਦੀ ਟੀਮ ਦੇ ਤੀਹ ਅੰਕ ਰਹਿ ਗਏ। ਫਿਰ ਇੱਕ ਇਕ ਪੈਂਟ੍ਹ ਲਈ ਲਹੂ ਡੋਲ੍ਹਵਾਂ ਸੰਘਰਸ਼ ਹੋਇਆ ਤੇ ਆਖ਼ਰਕਾਰ ਟੋਰਾਂਟੋ ਦੀ ਟੀਮ 44-40 ਅੰਕਾਂ ਨਾਲ ਫਾਈਨਲ ਵਿੱਚ ਪੁੱਜ ਗਈ।

ਇੰਡੀਆ ਤੇ ਕੈਨੇਡਾ ਈਸਟ ਦੇ ਫਾਈਨਲ ਮੈਚ ਸਮੇਂ ਸਾਰੇ ਦਰਸ਼ਕ ਪੱਬਾਂ ਭਾਰ ਹੋ ਗਏ। ਬਹੁਤੇ ਦਰਸ਼ਕਾਂ ਦੀ ਹੱਲਾਸ਼ੇਰੀ ਭਾਰਤ ਦੇ ਖਿਡਾਰੀਆਂ ਨਾਲ ਸੀ। ਗੋਗੋ ਨੇ ਵੈੱਲੀ ਨੂੰ ਤੇ ਜੱਸੀ ਨੇ ਸੰਦੀਪ ਨੂੰ ਜੱਫਾ ਲਾਇਆ ਤਾਂ ਜੱਬਰ ਸਿੰਘ ਗਰੇਵਾਲ ਨੇ ਉਨ੍ਹਾਂ ਨੂੰ ਪੰਜ ਪੰਜ ਸੌ ਡਾਲਰ ਦੇ ਇਨਾਮ ਦਿੱਤੇ। ਫਿਰ ਉਹ ਤੇ ਮੱਖਣ ਜੋਧਾਂ ਹਰੇਕ ਜੱਫੇ `ਤੇ ਹੀ ਪੰਜ ਪੰਜ ਸੌ ਡਾਲਰ ਦੇਣ ਲੱਗ ਪਏ। ਗੋਗੋ ਨੇ ਸਾਰੇ ਧਾਵੀ ਡੱਕ ਲਏ ਤੇ ਅੱਧੇ ਸਮੇਂ ਤਕ ਇੰਡੀਆ ਦੀ ਟੀਮ 24-20 ਅੰਕਾਂ ਨਾਲ ਅੱਗੇ ਨਿਕਲ ਗਈ। ਦੂਜਾ ਅੱਧ ਸ਼ੁਰੂ ਹੋਇਆ ਤਾਂ ਭਾਰਤ ਦੀ ਟੀਮ ਨੇ ਲਗਾਤਾਰ ਚਾਰ ਅੰਕ ਲੈ ਲਏ ਤੇ ਫਰਕ ਅੱਠ ਅੰਕਾਂ ਦਾ ਹੋ ਗਿਆ। ਦਰਸ਼ਕ ਏਨੇ ਖ਼ੁਸ਼ ਸਨ ਕਿ ਉਹ ਜੱਫਾ ਲੱਗਣ ਸਮੇਂ ਬਾਘੀਆਂ ਪਾਉਂਦੇ ਮੈਦਾਨ ਅੰਦਰ ਆ ਜਾਂਦੇ। ਕਈਆਂ ਦੀ ਮਾੜੀ ਮੋਟੀ ਪੀਤੀ ਖਿੜ ਵੀ ਰਹੀ ਸੀ। ਟੋਰਾਂਟੋ ਦੀ ਟੀਮ ਦਾ ਜ਼ੋਰ ਵਿਤੋਂ ਵੱਧ ਲੱਗ ਚੁੱਕਾ ਸੀ। ਉਸ ਨੇ ਖੜ੍ਹੇ ਖੜੋਤੇ ਹੀ ਹਾਰ ਮੰਨ ਲਈ ਤੇ ਮੈਚ ਵਿਚਾਲੇ ਛੱਡ ਦਿੱਤਾ।

ਕਈ ਸਾਲਾਂ ਬਾਅਦ ਪਹਿਲੀ ਵਾਰ ਹੋਇਆ ਕਿ ਟੋਰਾਂਟੋ ਦੀ ਟੀਮ ਨਿਊਯਾਰਕ ਦਾ ਕਬੱਡੀ ਕੱਪ ਨਾ ਜਿੱਤ ਸਕੀ। ਨਿਊਯਾਰਕ ਦੇ ਦਰਸ਼ਕ ਇਸ ਸਥਿਤੀ ਉਤੇ ਬਾਗੋਬਾਗ ਸਨ ਤੇ ਉਹ ਮੈਚ ਮੁੱਕਣ ਬਾਅਦ ਦੇਰ ਤਕ ਖ਼ੁਸ਼ੀ ਵਿੱਚ ਨੱਚਦੇ ਤੇ ਬੱਕਰੇ ਬੁਲਾਉਂਦੇ ਰਹੇ। ਭਾਰਤੀ ਟੀਮ ਦੇ ਧਾਵੀ ਦੁੱਲੇ ਨੂੰ ਬੈੱਸਟ ਰੇਡਰ ਤੇ ਗੋਗੋ ਨੂੰ ਬੈੱਸਟ ਜਾਫੀ ਐਲਾਨਿਆ ਗਿਆ ਅਤੇ ਉਨ੍ਹਾਂ ਦੇ ਗਲਾਂ ਵਿੱਚ ਸੋਨ ਮੈਡਲ ਪਹਿਨਾਏ ਗਏ। ਇਸ ਖੇਡ ਮੇਲੇ ਦੀ ਸਭ ਤੋਂ ਵੱਡੀ ਪ੍ਰਾਪਤੀ ਭਾਰਤੀ ਖਿਡਾਰੀਆਂ ਨੂੰ ਅਮਰੀਕਾ ਦੇ ਵੀਜ਼ੇ ਲੁਆਉਣ ਦੀ ਰਹੀ। ਉਮੀਦ ਹੈ ਅਮਰੀਕਾ ਦੇ ਅਗਲੇ ਕਬੱਡੀ ਮੇਲਿਆਂ ਵਿੱਚ ਵੀ ਪੰਜਾਬ ਤੋਂ ਖਿਡਾਰੀ ਆਉਣਗੇ ਤੇ ਮੈਚ ਹੋਰ ਵੀ ਖਹਿਵੇਂ ਤੇ ਫਸਵੇਂ ਹੋਣਗੇ।

Read 3211 times
ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਦੋ ਦਰਜਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ `ਚ ਡੇਢ ਦਰਜਨ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹੈ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ। ਉਸ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ `ਚ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ। ਉਹ 1965-66 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹਾ ਹੈ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੋ ਗਈ ਹੈ। ਉਸ ਦੇ ਦੋ ਪੁੱਤਰ ਹਨ। ਇਕ ਕੈਨੇਡਾ ਵਿਚ ਹੈ ਤੇ ਇਕ ਪੰਜਾਬ ਵਿਚ। ਉਹ ਆਪਣੀ ਪਤਨੀ ਹਰਜੀਤ ਕੌਰ ਨਾਲ ਗਰਮੀਆਂ ਕੈਨੇਡਾ ਵਿਚ ਕੱਟਦਾ ਹੈ ਤੇ ਸਿਆਲ ਦਾ ਨਿੱਘ ਪੰਜਾਬ ਵਿਚ ਮਾਣਦਾ ਹੈ।