You are here:ਮੁਖ ਪੰਨਾ»ਖੇਡਾਂ»ਖੇਡਾਂ ਦੀ ਦੁਨੀਆ - ਪ੍ਰਿੰ.ਸਰਵਣ ਸਿੰਘ»04 - ਹਕੀਮਪੁਰ ਦਾ ਪੁਰੇਵਾਲ ਖੇਡ ਮੇਲਾ

ਲੇਖ਼ਕ

Thursday, 15 October 2009 17:01

04 - ਹਕੀਮਪੁਰ ਦਾ ਪੁਰੇਵਾਲ ਖੇਡ ਮੇਲਾ

Written by
Rate this item
(0 votes)

ਖੇਡ ਮੇਲੇ ਤਾਂ ਪੰਜਾਬ ਵਿੱਚ ਬਹੁਤ ਲੱਗਦੇ ਹਨ ਪਰ ਹਕੀਮਪੁਰ ਦੇ ਪੁਰੇਵਾਲ ਖੇਡ ਮੇਲੇ ਦਾ ਵੱਖਰਾ ਨਜ਼ਾਰਾ ਹੈ। ਉਥੇ ਉੱਚ ਪੱਧਰੀ ਕਬੱਡੀ ਤੇ ਕੁਸ਼ਤੀਆਂ ਦੇ ਨਾਲ ਅਨੇਕਾਂ ਵਿਰਾਸਤੀ ਤੇ ਆਧੁਨਿਕ ਖੇਡਾਂ ਦੇ ਮੁਕਾਬਲੇ ਹੁੰਦੇ ਹਨ। ਗਿੱਧੇ ਭੰਗੜੇ ਪੈਂਦੇ ਹਨ ਤੇ ਨਿਹੰਗਾਂ ਦੀ ਨੇਜ਼ਾਬਾਜ਼ੀ ਨਜ਼ਾਰੇ ਬੰਨ੍ਹ ਦਿੰਦੀ ਹੈ। ਗਤਕਾ ਪਾਰਟੀਆਂ ਅੱਡ ਆਪਣੇ ਜੌਹਰ ਵਿਖਾਉਂਦੀਆਂ ਹਨ ਤੇ ਪਤੰਗਬਾਜ਼ ਵੱਖ ਆਪਣੇ ਹੁਨਰ ਦਾ ਵਿਖਾਵਾ ਕਰਦੇ ਹਨ। ਕਿਧਰੇ ਹਲਟ ਦੌੜਾਂ ਲੱਗਦੀਆਂ ਹਨ ਤੇ ਕਿਧਰੇ ਬੈਲ ਗੱਡੀਆਂ ਦੀਆਂ ਦੌੜਾਂ ਧੂੜਾਂ ਉਡਾਉਂਦੀਆਂ ਦਿਸਦੀਆਂ ਹਨ। ਕੁੱਤਿਆਂ ਦੀਆਂ ਦੌੜਾਂ ਦੀ ਆਪਣੀ ਰੇਲ ਬਣੀ ਹੁੰਦੀ ਹੈ। ਰੰਗ ਬਰੰਗੇ ਪੰਡਾਲ ਲਿਸ਼ਕਾਂ ਮਾਰਦੇ, ਝੰਡੇ ਝੂਲਦੇ ਤੇ ਬੈਂਡ ਵਾਜੇ ਵੱਜਦੇ ਹਨ। ਬਾਜ਼ੀਗਰਾਂ ਦੇ ਜਾਨ ਹੂਲਵੇਂ ਕਰਤਬ ਤਿੰਨੇ ਦਿਨ ਮੇਲੀਆਂ ਨੂੰ ਮੁਗਧ ਕਰੀ ਰੱਖਦੇ ਹਨ। ਸਟੇਡੀਅਮ ਦੇ ਬਾਹਰ ਗੰਨਿਆਂ ਦੇ ਰਸ ਤੋਂ ਲੈ ਕੇ ਜ਼ਾਇਕੇਦਾਰ ਜਲੇਬੀਆਂ ਤੇ ਗਰਮ ਕਰਾਰੇ ਪਕੌੜਿਆਂ ਤਕ ਸਭ ਕੁੱਝ ਹੁੰਦਾ ਹੈ। ਇਸ ਖੇਡ ਮੇਲੇ ਦੀਆਂ ਗੱਲਾਂ ਮੇਲੇ ਤੋਂ ਪਹਿਲਾਂ ਵੀ ਹੁੰਦੀਆਂ ਹਨ ਤੇ ਮੇਲੇ ਤੋਂ ਮਗਰੋਂ ਵੀ ਸੱਥਾਂ ਵਿੱਚ ਚਲਦੀਆਂ ਰਹਿੰਦੀਆਂ ਹਨ।

2007 ਦਾ ਪੁਰੇਵਾਲ ਖੇਡ ਮੇਲਾ ਐਤਕੀਂ ਸਤਾਰ੍ਹਵੀਂ ਵਾਰ 7 ਤੋਂ 9 ਮਾਰਚ ਤਕ ਮਨਾਇਆ ਗਿਆ। ਪ੍ਰਬੰਧਕ ਦੱਸਦੇ ਹਨ ਕਿ ਇਸ ਮੇਲੇ ਦਾ ਬਜਟ ਚਾਲੀ ਲੱਖ ਰੁਪਏ ਤੋਂ ਉਪਰ ਹੈ। ਵੀਹ ਬਾਈ ਲੱਖ ਦੇ ਤਾਂ ਇਨਾਮ ਹੀ ਤਕਸੀਮ ਕਰ ਦਿੱਤੇ ਜਾਂਦੇ ਹਨ। ਮੀਡੀਏ ਨੇ ਇਸ ਨੂੰ ਲੱਖਾਂ ਦੇ ਇਨਾਮਾਂ ਵਾਲਾ ਏਸ਼ੀਆ ਦਾ ਸਭ ਤੋਂ ਵੱਡਾ ਇਨਾਮੀ ਪੇਂਡੂ ਖੇਡ ਮੇਲਾ ਕਹਿ ਕੇ ਵਡਿਆਇਆ ਹੈ। ਇਹ ਵੀ ਕਿਹਾ ਜਾਂਦੈ ਕਿ ਕਬੱਡੀ ਤੇ ਕੁਸ਼ਤੀਆਂ ਦੇ ਲੱਖ ਲੱਖ ਦੇ ਇਨਾਮਾਂ ਦਾ ਤੋਰਾ ਹਰਬੰਸ ਸਿੰਘ ਪੁਰੇਵਾਲ ਯਾਦਗਾਰੀ ਖੇਡ ਮੇਲੇ ਤੋਂ ਤੁਰਿਆ। ਕਬੱਡੀ ਦੇ ਖਿਡਾਰੀਆਂ ਤੇ ਪਹਿਲਵਾਨਾਂ ਨੂੰ ਪੁਰੇਵਾਲ ਭਰਾਵਾਂ ਦੇ ਸ਼ੁਕਰ ਗੁਜ਼ਾਰ ਹੋਣਾ ਚਾਹੀਦੈ ਜਿਨ੍ਹਾਂ ਦੀ ਬਦੌਲਤ ਉਹ ਪੈਸੇ ਧੇਲੇ ਵੱਲੋਂ ਸੌਖੇ ਹੋਏ। ਜਿਵੇਂ ਸੰਗੀਤ ਵਿੱਚ ਪਟਿਆਲਾ ਘਰਾਣੇ ਦਾ ਨਾਂ ਹੈ ਉਵੇਂ ਖੇਡਾਂ ਵਿੱਚ ਹਕੀਮਪੁਰ ਦੇ ਪੁਰੇਵਾਲ ਭਰਾਵਾਂ ਦਾ ਨਾਂ ਬਣ ਗਿਐ।

ਦਸਵੰਧ ਕੱਢਣ ਦਾ ਆਪੋ ਆਪਣਾ ਸਲੀਕਾ ਹੈ। ਹਕੀਮਪੁਰ ਦੇ ਜੰਮੇ ਜਾਏ ਤੇ ਬ੍ਰਿਟਿਸ਼ ਕੋਲੰਬੀਆ ਵਿੱਚ ਬਲਿਊਬੇਰੀ ਦੇ ਬਾਦਸ਼ਾਹ ਕਹੇ ਜਾਂਦੇ ਪੁਰੇਵਾਲ ਭਰਾ ਆਪਣੀ ਕਮਾਈ ਦਾ ਦਸਵੰਧ ਖੇਡਾਂ ਲਈ ਕੱਢਦੇ ਹਨ। ਅਸਲ ਵਿੱਚ ਉਹ ਆਪ ਤਕੜੇ ਖਿਡਾਰੀ ਰਹੇ ਹਨ। ਉਨ੍ਹਾਂ ਦਾ ਬਾਬਾ ਊਧਮ ਸਿੰਘ ਭਾਰੀਆਂ ਮੂੰਗਲੀਆਂ ਦਾ ਫਿਰਾਵਾ ਤੇ ਚੋਟੀ ਦਾ ਭਾਰਚੁਕਾਵਾ ਸੀ। ਉਹ ਗੱਡੇ ਉਤੇ ਭਾਰੇ ਵੱਟੇ ਤੇ ਵੇਲਣੇ ਲੱਦ ਕੇ ਮੇਲਿਆਂ ਵਿੱਚ ਭਾਰ ਚੁੱਕਣ ਦੀਆਂ ਝੰਡੀਆਂ ਕਰਦਾ ਤੇ ਰੁਮਾਲੀਆਂ ਜਿੱਤਦਾ। ਬਾਬੇ ਦੀਆਂ ਧੁੰਮਾਂ ਦੁੱਲੇ ਦੀ ਬਾਰ ਤਕ ਪਈਆਂ ਰਹੀਆਂ। ਪੁਰੇਵਾਲ ਭਰਾ ਯੂਨੀਵਰਸਿਟੀ ਤੇ ਇੰਟਰਵਰਸਿਟੀ ਚੈਂਪੀਅਨ ਬਣਦੇ ਰਹੇ ਅਤੇ ਕੈਨੇਡਾ ਵਿੱਚ ਆ ਕੇ ਕਬੱਡੀ ਦੇ ਮੋਹੜੀਗੱਡ ਬਣੇ। ਤਿੰਨੇ ਭਰਾ ਕੈਨੇਡਾ ਦੀ ਕਬੱਡੀ ਟੀਮ ਵਿੱਚ ਖੇਡੇ ਤੇ ਕੱਪ ਜਿੱਤੇ। ਉਨ੍ਹਾਂ ਦੇ ਪੁੱਤਰਾਂ ਨੇ ਵੀ ਅੱਗੋਂ ਕਬੱਡੀ ਤੇ ਕੁਸ਼ਤੀ ਵਿੱਚ ਚੰਗਾ ਨਾਮਣਾ ਖੱਟਿਆ। ਖੇਡ ਖੇਡਣੀ ਤੇ ਸਿਹਤ ਬਣਾਉਣੀ ਉਨ੍ਹਾਂ ਦੇ ਪਰਿਵਾਰ ਦਾ ਸ਼ੌਕ ਰਿਹਾ ਹੈ। ਉਹ ਕੰਮ ਵੀ ਡਟ ਕੇ ਕਰਦੇ ਹਨ ਤੇ ਦਾਤੇ ਨੇ ਉਨ੍ਹਾਂ ਦੀ ਕਮਾਈ ਵਿੱਚ ਬਰਕਤ ਵੀ ਬਹੁਤ ਪਾਈ ਹੈ। ਦਸਵੰਧ ਕੱਢਣ ਲੱਗਿਆਂ ਵੀ ਉਨ੍ਹਾਂ ਨੇ ਦਿਲ ਖੁੱਲ੍ਹਾ ਰੱਖਿਆ ਹੋਇਐ। ਅਸੀਂ ਉਨ੍ਹਾਂ ਦੇ ਘਰ ਵਿੱਚ ਤੇ ਕੈਨਰੀ ਉਤੇ ਚਲਦੇ ਲੰਗਰ ਵੇਖੇ ਹਨ ਅਤੇ ਅਨੇਕਾਂ ਲੋੜਵੰਦਾਂ ਨੂੰ ਰੁਜ਼ਗ਼ਾਰ ਦਿੰਦੇ ਵੇਖਿਆ ਹੈ। ਉਹ ਘਾਲ ਖਾਇ ਕਿਛ ਹੱਥੋਂ ਦੇਇ ਵਾਲੇ ਗੁਰਸਿੱਖੀ ਦੇ ਰਾਹ ਉਤੇ ਪਏ ਹੋਏ ਹਨ।

ਹਕੀਮਪੁਰ ਦੁਆਬੇ ਦਾ ਇਤਿਹਾਸਕ ਪਿੰਡ ਹੈ। ਇਸ ਦੀ ਮਿੱਟੀ ਨੂੰ ਸਿੱਖਾਂ ਦੇ ਤਿੰਨ ਗੁਰੂ ਸਾਹਿਬਾਨ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ। ਇਥੇ ਗੁਰੂ ਨਾਨਕ ਦੇਵ ਜੀ ਆਏ, ਗੁਰੂ ਹਰਿ ਰਾਏ ਜੀ ਬਿਰਾਜੇ ਤੇ ਗੁਰੂ ਤੇਗ ਬਹਾਦਰ ਜੀ ਪਧਾਰੇ। ਉਨ੍ਹਾਂ ਦੀ ਯਾਦ ਵਿੱਚ ਇਥੇ ਸੁੰਦਰ ਗੁਰਦਵਾਰਾ ਬਣਿਆਂ ਹੋਇਐ। ਇਸ ਗੁਰਦਵਾਰੇ ਦੇ ਕੋਲ ਹੀ ਹੈ ਪੁਰੇਵਾਲਾਂ ਦਾ ਵਾੲ੍ਹੀਟ ਹਾਊਸ। ਪੁਰੇਵਾਲ ਖੇਡ ਮੇਲੇ ਤੋਂ ਕਈ ਦਿਨ ਪਹਿਲਾਂ ਇਹਦੇ ਵਿੱਚ ਰੌਣਕਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਹਨ। ਖੇਡਾਂ ਦੇ ਕੋਚ, ਖੇਡ ਅਧਿਕਾਰੀ ਤੇ ਮੀਡੀਏ ਵਾਲੇ ਗੇੜੇ `ਤੇ ਗੇੜਾ ਮਾਰਨ ਲੱਗਦੇ ਹਨ। ਪੁਰੇਵਾਲ ਪ੍ਰਾਹੁਣਚਾਰੀ ਦੀ ਕੋਈ ਕਸਰ ਨਹੀਂ ਛੱਡਦੇ। ਚੁੱਲ੍ਹੇ ਹਰ ਵੇਲੇ ਮਘਦੇ ਰਹਿੰਦੇ ਹਨ। ਵਾੲ੍ਹੀਟ ਹਾਊਸ ਦੀ ਛੱਤ `ਤੇ ਚੜ੍ਹੀਏ ਤਾਂ ਸੱਜੇ ਹੱਥ ਮੁਕੰਦਪੁਰ ਦਾ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਤੇ ਖੱਬੇ ਹੱਥ ਜਗਤਪੁਰ ਦਾ ਨਿਰੰਜਣ ਸਿੰਘ ਯਾਦਗਾਰੀ ਸਟੇਡੀਅਮ ਦਿਸਦਾ ਹੈ। ਸਾਹਮਣੇ ਨਹਿਰ ਦੇ ਨਾਲ ਫਗਵਾੜੇ ਨੂੰ ਜਾਂਦੀ ਸੜਕ ਹੈ। ਕਾਲਜ ਤੋਂ ਸਟੇਡੀਅਮ ਤਕ ਨਹਿਰ ਪੈ ਕੇ ਜਾਣਾ ਮੇਰੀ ਸੈਰ ਦਾ ਰਾਹ ਰਿਹਾ ਹੈ। ਉਸ ਧਰਤੀ ਦੇ ਚੱਪੇ ਚੱਪੇ ਉਤੇ ਮੇਰੀਆਂ ਪੈੜਾਂ ਹੋਈਆਂ ਪਈਆਂ ਹਨ। ਕਮਾਦਾਂ ਦੀ ਮਹਿਕ, ਕਣਕਾਂ ਦੀ ਤ੍ਰੇਲ ਤੇ ਪੈਲੀਆਂ ਦੀ ਹਰਿਆਵਲ ਮੈਨੂੰ ਟੋਰਾਂਟੋ ਬੈਠਿਆਂ ਵੀ ਕੋਲ ਕੋਲ ਲੱਗਦੀ ਹੈ।

ਜਦੋਂ ਪੁਰੇਵਾਲ ਖੇਡ ਮੇਲਾ ਲੱਗਣਾ ਹੁੰਦਾ ਹੈ ਉਦੋਂ ਸੁੰਨੇ ਪਏ ਸਟੇਡੀਅਮ ਦੇ ਭਾਗ ਫਿਰ ਜਾਗ ਉਠਦੇ ਹਨ। ਪੰਜਾਬ ਦਾ ਉਹ ਪਹਿਲਾ ਪੇਂਡੂ ਸਟੇਡੀਅਮ ਜਗਤਪੁਰ ਦੀ ਪੰਚਾਇਤੀ ਜ਼ਮੀਨ ਵਿੱਚ ਪੰਚਾਇਤੀ ਰਾਜ ਖੇਡ ਪ੍ਰੀਸ਼ਦ ਦੇ ਸੈਕਟਰੀ ਜਗਤਪੁਰੀਏ ਮੁਖਤਾਰ ਸਿੰਘ ਨੇ ਬਣਵਾਇਆ ਸੀ। ਉਸ ਦੀ ਮੌਤ ਤੋਂ ਬਾਅਦ ਉਹ ਵਿਰਾਨ ਹੋ ਗਿਆ ਜਿਥੇ ਨਾ ਕੋਈ ਖੇਡਦਾ ਸੀ ਤੇ ਨਾ ਉਹਦੀ ਸੰਭਾਲ ਕਰਦਾ ਸੀ। ਆਖ਼ਰ ਪੁਰੇਵਾਲ ਭਰਾਵਾਂ ਨੇ ਉਹਦੀ ਸਾਰ ਲਈ ਤੇ ਹਰ ਸਾਲ ਉਹਦੀ ਸਾਫ ਸਫਾਈ ਤੇ ਮੁਰੰਮਤ ਕਰਵਾ ਕੇ ਉਸ ਨੂੰ ਖੇਡਾਂ ਕਰਾਉਣ ਦੇ ਯੋਗ ਬਣਾਉਂਦੇ ਆ ਰਹੇ ਹਨ। ਹੁਣ ਤਾਂ ਉਹਦੇ ਵਿੱਚ ਪਵੇਲੀਅਨ ਵੀ ਬਣਵਾ ਦਿੱਤਾ ਗਿਆ ਹੈ ਤੇ ਮੇਲੇ ਸਮੇਂ ਲਾਗਲੇ ਖੇਤਾਂ ਵਾਲਿਆਂ ਨੂੰ ਮੁਆਵਜ਼ਾ ਦੇ ਕੇ ਗੱਡੀਆਂ ਦੀ ਪਾਰਕਿੰਗ ਲਈ ਖੁੱਲ੍ਹੀ ਥਾਂ ਬਣਾ ਲਈ ਜਾਂਦੀ ਹੈ। ਪੰਜਾਬ ਦੇ ਖੇਡ ਵਿਭਾਗ ਨੂੰ ਚਾਹੀਦੈ ਕਿ ਉਥੇ ਸਥਾਈ ਕੋਚਿੰਗ ਕੇਂਦਰ ਬਣਾ ਕੇ ਉਸ ਸਟੇਡੀਅਮ ਦੀ ਸਾਰਾ ਸਾਲ ਸਦਵਰਤੋਂ ਕਰੇ। ਪੁਰੇਵਾਲ ਭਰਾ ਉਹਦੇ ਵਿੱਚ ਬਣਦਾ ਸਰਦਾ ਯੋਗਦਾਨ ਪਾਉਣ ਲਈ ਤਿਆਰ ਹਨ।

ਪੁਰੇਵਾਲ ਖੇਡ ਮੇਲਾ ਹੁਣ ਉੱਨੀ ਸਾਲਾਂ ਦਾ ਹੋ ਗਿਆ ਹੈ। ਇਸ ਨੂੰ ਸ਼ੁਰੂ ਕਰਨ ਵਾਲੇ ਤਿੰਨ ਪੁਰੇਵਾਲ ਭਰਾ ਮਲਕੀਤ ਸਿੰਘ, ਚਰਨ ਸਿੰਘ ਤੇ ਗੁਰਜੀਤ ਸਿੰਘ ਹਨ। ਮੇਲੇ ਦਾ ਸਾਰਾ ਖਰਚਾ ਉਹ ਖ਼ੁਦ ਕਰਦੇ ਹਨ। ਉਨ੍ਹਾਂ ਨੇ ਆਪਣੇ ਕਸਬੇ ਪਿਟਮੀਡੋਜ ਵਿੱਚ ਵੀ ਗੁਰੂ ਹਰਗੋਬਿੰਦ ਸਾਹਿਬ ਕੁਸ਼ਤੀ ਅਖਾੜਾ ਕਾਇਮ ਕੀਤਾ ਹੋਇਐ। ਇਸ ਅਖਾੜੇ ਦਾ ਚੰਡਿਆ ਅਫਰੀਕੀ ਮੂਲ ਦਾ ਪਹਿਲਵਾਨ ਡੇਨੀਅਲ ਇਗਾਲੀ ਓਲੰਪਿਕ ਚੈਂਪੀਅਨ ਬਣਿਆ। ਉਹ ਕਬੱਡੀ ਵੀ ਖੇਡਦਾ ਰਿਹਾ ਤੇ ਪੰਜਾਬੀਆਂ ਨੇ ਉਹਦਾ ਨਾਂ ਤੂਫ਼ਾਨ ਸਿੰਘ ਰੱਖੀ ਰੱਖਿਆ। ਉਹ ਹਕੀਮਪੁਰ ਦੇ ਪੁਰੇਵਾਲ ਖੇਡ ਮੇਲੇ ਵਿੱਚ ਕਬੱਡੀ ਖੇਡਣ ਤੇ ਕੁਸ਼ਤੀ ਲੜਨ ਵੀ ਗਿਆ। ਅਖਾੜੇ ਦਾ ਰੂਸੀ ਕੋਚ ਜੌਰਜ ਉਰਬੀ ਤੇ ਹੁਣ ਅਫਗ਼ਾਨੀ ਕੋਚ ਹਕੀਮਪੁਰ ਜਾਂਦੇ ਆਉਂਦੇ ਰਹੇ ਹਨ।

ਕੈਨੇਡਾ ਵਿੱਚ ਪੈਰ ਜਮਾ ਕੇ ਪੁਰੇਵਾਲ ਭਰਾ ਪਿੰਡ ਪਰਤੇ ਤੇ 1988 ਵਿੱਚ ਉਨ੍ਹਾਂ ਨੇ ਆਪਣੇ ਸਵਰਗਵਾਸੀ ਪਿਤਾ ਸ: ਹਰਬੰਸ ਸਿੰਘ ਪੁਰੇਵਾਲ ਦੀ ਯਾਦ ਵਿੱਚ ਖੇਡ ਮੇਲਾ ਲਵਾਉਣਾ ਸ਼ੁਰੂ ਕੀਤਾ। ਇਸ ਖੇਡ ਮੇਲੇ ਨੇ ਵੱਡੇ ਇਨਾਮਾਂ ਕਾਰਨ ਵੱਡੀ ਗਿਣਤੀ ਵਿੱਚ ਖਿਡਾਰੀਆਂ ਤੇ ਦਰਸ਼ਕਾਂ ਨੂੰ ਆਪਣੇ ਵੱਲ ਖਿਚਿਆ। ਕਈਆਂ ਨੇ ਇਸ ਨੂੰ ਪੁਰੇਵਾਲਾਂ ਦੀ ਪੇਂਡੂ ਓਲੰਪਿਕਸ ਕਹਿਣਾ ਸ਼ੁਰੂ ਕਰ ਦਿੱਤਾ। ਇਹ ਮੇਲਾ 1988 ਤੋਂ 2003 ਤਕ ਲਗਾਤਾਰ ਲੱਗਦਾ ਰਿਹਾ। ਪੁਰੇਵਾਲ ਪਰਿਵਾਰ `ਚ ਕੁੱਝ ਸੋਗੀ ਭਾਣੇ ਵਰਤ ਜਾਣ ਕਾਰਨ ਇਹ ਮੇਲਾ ਦੋ ਸਾਲ ਲੱਗ ਨਾ ਸਕਿਆ। 2006 ਵਿੱਚ ਇਹ ਮੇਲਾ ਸੋਲ੍ਹਵੀਂ ਵਾਰ ਭਰਿਆ ਤੇ ਐਤਕੀਂ ਸਤਾਰ੍ਹਵੀਂ ਵਾਰ ਹੋਰ ਵੀ ਹੁੱਬ ਨਾਲ ਮਨਾਇਆ ਗਿਆ। 18ਵਾਂ ਪੁਰੇਵਾਲ ਖੇਡ ਮੇਲਾ 2008 ਵਿੱਚ 22 ਤੋਂ 24 ਫਰਵਰੀ ਤਕ ਭਰੇਗਾ ਜਿਸ ਦਾ ਐਲਾਨ ਐਤਕੀਂ ਦੇ ਖੇਡ ਮੇਲੇ ਵਿੱਚ ਹੀ ਕਰ ਦਿੱਤਾ ਗਿਆ ਹੈ।

1996 ਵਿੱਚ ਜਦੋਂ ਮੈਂ ਅਮਰਦੀਪ ਕਾਲਜ ਦਾ ਪ੍ਰਿੰਸੀਪਲ ਬਣਿਆਂ ਉਦੋਂ ਦਾ ਇਸ ਖੇਡ ਮੇਲੇ ਦੇ ਅੰਗ ਸੰਗ ਵਿਚਰ ਰਿਹਾਂ। ਐਤਕੀਂ ਦਾ ਮੇਲਾ ਸਵਰਗਵਾਸੀ ਮਾਤਾ ਸੁਰਜੀਤ ਕੌਰ ਪੁਰੇਵਾਲ, ਇੰਦਰਜੀਤ ਸਿੰਘ ਚਾਹਲ, ਸੁਖਵਿੰਦਰ ਕੌਰ ਚਾਹਲ, ਮੱਖਣ ਸਿੰਘ ਟਿਵਾਣਾ ਤੇ ਕੁਮੈਂਟੇਟਰ ਮੱਖਣ ਸਿੰਘ ਹਕੀਮਪੁਰ ਦੇ ਪਿਤਾ ਬੰਤਾ ਸਿੰਘ ਨੂੰ ਸਮਰਪਿਤ ਸੀ। ਮੇਲੇ ਤੋਂ ਕਈ ਦਿਨ ਪਹਿਲਾਂ ਇਸ਼ਤਿਹਾਰ ਲੱਗ ਚੁੱਕੇ ਸਨ ਤੇ ਬੈਨਰ ਲਟਕ ਗਏ ਸਨ। ਮੀਡੀਏ ਨੇ ਮੇਲੇ ਦੀਆਂ ਧੁੰਮਾਂ ਪਾ ਛੱਡੀਆਂ ਸਨ। ਛੇ ਮਾਰਚ ਨੂੰ ਹੀ ਦਿੱਲੀ ਤਕ ਦੇ ਪਹਿਲਵਾਨ ਹਕੀਮਪੁਰ ਆ ਢੁੱਕੇ ਸਨ। ਮੈਂ ਸੈਰ ਨੂੰ ਨਿਕਲਿਆ ਤਾਂ ਮਿਹਨਤ ਕਰ ਕੇ ਮੁੜਦੀਆਂ ਪਹਿਲਵਾਨਾਂ ਦੀਆਂ ਟੋਲੀਆਂ ਟੱਕਰੀਆਂ। ਸ਼ਾਮ ਦੀ ਸੋਨ ਰੰਗੀ ਧੁੱਪ ਵਿੱਚ ਉਨ੍ਹਾਂ ਦੇ ਸਾਧੇ ਹੋਏ ਜੁੱਸੇ ਲਿਸ਼ਕ ਰਹੇ ਸਨ ਤੇ ਉਹ ਵਾੲ੍ਹੀਟ ਹਾਊਸ ਵੱਲ ਜਾ ਰਹੇ ਸਨ। ਉਥੇ ਉਨ੍ਹਾਂ ਦੀ ਰਿਹਾਇਸ਼ ਤੇ ਖਾਣੇ ਦਾ ਪ੍ਰਬੰਧ ਸੀ।

ਸਟੇਡੀਅਮ ਵਿੱਚ ਪੰਡਾਲ ਲੱਗ ਚੁੱਕੇ ਸਨ ਤੇ ਝੰਡੇ ਲਹਿਰਾਅ ਰਹੇ ਸਨ। ਵਾਹੇ ਸੁਹਾਗੇ ਤੇ ਪਾਣੀ ਛਿੜਕ ਕੇ ਜਮਾਏ ਖੇਡ ਮੈਦਾਨ ਉਤੇ ਸਫੈਦ ਲੀਕਾਂ ਵਾਹੀਆਂ ਹੋਈਆਂ ਸਨ ਅਤੇ ਗੁਰਜੀਤ ਸਿੰਘ ਖ਼ੁਦ ਸਭ ਕਾਸੇ ਦੀ ਦੇਖ ਰੇਖ ਕਰ ਰਿਹਾ ਸੀ। ਰੰਗਦਾਰ ਕੁੱਜੇ ਕੁੱਜੀਆਂ ਨਾਲ ਟਰੈਕ ਤੇ ਕਬੱਡੀ ਮੈਦਾਨ ਦੇ ਦਾਇਰੇ ਸ਼ਿੰਗਾਰੇ ਹੋਏ ਸਨ। ਸਟੇਡੀਅਮ ਦੀਆਂ ਪੌੜੀਆਂ ਬੁਹਾਰੀਆਂ ਸੁਆਰੀਆਂ ਪਈਆਂ ਸਨ। ਤਿਆਰੀ ਵਾਕਿਆ ਈ ਪੇਂਡੂ ਓਲੰਪਿਕਸ ਕਰਾਉਣ ਵਰਗੀ ਸੀ।

ਪੁਰੇਵਾਲ ਕਬੱਡੀ ਕੱਪ ਦਾ ਪਹਿਲਾ ਇਨਾਮ ਟਰਾਫੀ ਦੇ ਨਾਲ ਇੱਕ ਲੱਖ ਇਕਵੰਜਾ ਹਜ਼ਾਰ ਰੁਪਏ ਦਾ ਸੀ। ਕੁਲ ਸੋਲਾਂ ਟੀਮਾਂ ਨੇ ਟੂਰਨਾਮੈਂਟ ਵਿੱਚ ਭਾਗ ਲੈਣਾ ਸੀ। ਪਹਿਲੇ ਰਾਊਂਡ ਵਿੱਚ ਹਾਰਨ ਵਾਲੀਆਂ ਅੱਠ ਟੀਮਾਂ ਲਈ ਵੀਹ ਵੀਹ ਹਜ਼ਾਰ ਦੇ ਹੌਂਸਲਾ ਵਧਾਊ ਇਨਾਮ ਰੱਖੇ ਸਨ। ਦੂਜੇ ਰਾਊਂਡ ਵਿੱਚ ਹਾਰਨ ਵਾਲੀਆਂ ਚਾਰ ਟੀਮਾਂ ਲਈ ਚਾਲੀ ਚਾਲੀ ਹਜ਼ਾਰ ਦੇ ਤੇ ਤੀਜੇ ਰਾਊਂਡ ਲਈ ਦੋ ਟੀਮਾਂ ਨੂੰ ਸੱਠ ਸੱਠ ਹਜ਼ਾਰ ਦੇ ਇਨਾਮ ਸਨ। ਦੂਜੇ ਨੰਬਰ `ਤੇ ਰਹਿਣ ਵਾਲੀ ਟੀਮ ਦਾ ਇਨਾਮ ਲੱਖ ਰੁਪਏ ਸੀ। ਵਧੀਆ ਜਾਫੀ ਤੇ ਵਧੀਆ ਧਾਵੀ ਨੂੰ ਮੋਟਰ ਸਾਈਕਲਾਂ ਨਾਲ ਸਨਮਾਨਿਆ ਜਾਣਾ ਸੀ। ਕੁਸ਼ਤੀਆਂ ਲਈ ਮੁਕਾਬਲੇ ਦੇ ਅੱਠ ਟਾਈਟਲ ਸਨ। ਮਹਾਂਭਾਰਤ ਕੇਸਰੀ ਹਕੀਮਪੁਰ ਟਾਈਟਲ ਦਾ ਇਨਾਮ ਗੁਰਜ ਦੇ ਨਾਲ ਇੱਕ ਲੱਖ ਗਿਆਰਾਂ ਹਜ਼ਾਰ ਰੁਪਏ ਦਾ ਸੀ ਤੇ ਦੂਜਾ ਇਨਾਮ ਇਕਵੰਜਾ ਹਜ਼ਾਰ ਰੁਪਏ ਦਾ ਸੀ। ਤੀਜਾ ਇਕੱਤੀ ਹਜ਼ਾਰ ਤੇ ਚੌਥਾ ਪੰਦਰਾਂ ਹਜ਼ਾਰ ਦਾ ਸੀ। ਸ਼ੇਰੇ-ਹਿੰਦ, ਭਾਰਤ ਕੁਮਾਰ, ਆਫ਼ਤਾਬੇ-ਏ-ਹਿੰਦ, ਸਿਤਾਰਾ-ਏ-ਹਿੰਦ, ਸ਼ਾਨ-ਏ-ਹਿੰਦ ਅਤੇ ਲੜਕੀਆਂ ਦੇ ਮਹਾਂਭਾਰਤ ਕੇਸਰੀ ਤੇ ਮਹਾਂਭਾਰਤ ਕੁਮਾਰੀ ਦੇ ਟਾਈਟਲਾਂ ਲਈ ਵੀ ਚੋਖੇ ਇਨਾਮ ਰੱਖੇ ਗਏ ਸਨ। ਇੰਜ ਪੰਦਰਾਂ ਸੋਲਾਂ ਲੱਖ ਦੇ ਇਨਾਮ `ਕੱਲੀਆਂ ਕੁਸ਼ਤੀਆਂ ਤੇ ਕਬੱਡੀ ਦੇ ਹੀ ਸਨ।

ਲੱਖ ਰੁਪਏ ਦਾ ਇਨਾਮ ਹਲਟ ਤੇ ਬੈਲ ਗੱਡੀਆਂ ਦੀਆਂ ਦੌੜਾਂ ਲਈ ਸੀ। ਰੱਸਾਕਸ਼ੀ, ਘੋੜ ਦੌੜਾਂ ਤੇ ਅਥਲੈਟਿਕ ਖੇਡਾਂ ਦੇ ਇਨਾਮ ਵੀ ਬੜੇ ਦਿਲਕਸ਼ ਸਨ। ਨਿੱਜੀ ਕਰਤਬ ਵਿਖਾਉਣ ਵਾਲਿਆਂ ਦੀ ਹੌਂਸਲਾ ਅਫ਼ਜਾਈ ਵੀ ਹੋਣੀ ਸੀ। ਪੰਜ ਸੌ ਤੋਂ ਵੱਧ ਸਨਮਾਨ ਨਿਸ਼ਾਨੀਆਂ ਮੇਲੇ `ਚ ਆਉਣ ਵਾਲੇ ਵਿਸ਼ੇਸ਼ ਮਹਿਮਾਨਾਂ ਲਈ ਬਣਵਾਈਆਂ ਗਈਆਂ ਸਨ। ਮਾਤਾ ਸੁਰਜੀਤ ਕੌਰ ਪੁਰੇਵਾਲ ਯਾਦਗਾਰੀ ਪੁਰਸਕਾਰ ਪੱਚੀ ਹਜ਼ਾਰ ਦੀ ਥੈਲੀ ਨਾਲ ਅਥਲੀਟ ਸੁਰਜੀਤ ਕੌਰ ਨੂੰ ਦਿੱਤਾ ਜਾਣਾ ਸੀ। ਖੇਡ ਲੇਖਕ ਤੇ ਖੇਡ ਪੱਤਰਕਾਰ ਨਿਵਾਜੇ ਜਾਣੇ ਸਨ ਤੇ ਪੁਰਾਣੇ ਖਿਡਾਰੀਆਂ ਦਾ ਵਿਸ਼ੇਸ਼ ਮਾਣ ਸਨਮਾਨ ਕੀਤਾ ਜਾਣਾ ਸੀ।

ਮੇਰੀ ਨਵੀਂ ਪੁਸਤਕ ‘ਕਬੱਡੀ ਕਬੱਡੀ ਕਬੱਡੀ’ ਦੀਆਂ ਸੌ ਕਾਪੀਆਂ ਪੁਰੇਵਾਲ ਖੇਡ ਮੇਲੇ ਦੀ ਪਿਆਰ ਨਿਸ਼ਾਨੀ ਵਜੋਂ ਮਹਿਮਾਨਾਂ ਨੂੰ ਭੇਟਾ ਕੀਤੀਆਂ ਜਾਣੀਆਂ ਸਨ। ਤਿੰਨੇ ਦਿਨ ਲੰਗਰ ਚੱਲਣਾ ਸੀ ਤੇ ਗੱਡੀਆਂ ਘੁੰਮਣੀਆਂ ਸਨ। ਪੰਡਾਲ, ਕੁਰਸੀਆਂ, ਮੀਡੀਏ, ਸਾਊਂਡ, ਫੋਟੋ ਤੇ ਫਿਲਮਾਂ ਦੇ ਖਰਚੇ ਹੋਣੇ ਸਨ ਅਤੇ ਗੱਡੀਆਂ ਦੀ ਪਾਰਕਿੰਗ ਲਈ ਕਣਕਾਂ ਵਢਵਾ ਕੇ ਖਾਲੀ ਕਰਾਏ ਖੇਤਾਂ ਦਾ ਮੁਆਵਜ਼ਾ ਦੇਣਾ ਸੀ। ਖੇਡਾਂ ਦੇ ਰੈਫਰੀਆਂ ਤੇ ਅੰਪਾਇਰਾਂ ਦੇ ਡੀ.ਏ.ਟੀ.ਏ.ਸਨ ਅਤੇ ਫੁਟਕਲ ਖਰਚਿਆਂ ਦਾ ਕੋਈ ਅੰਤ ਨਹੀਂ ਸੀ। ਸਭ ਕਾਸੇ `ਤੇ ਚਾਲੀ ਲੱਖ ਰੁਪਏ ਤੋਂ ਵੱਧ ਦੇ ਖਰਚੇ ਆਉਣੇ ਹੀ ਸਨ ਅਤੇ ਮਿਹਨਤ ਤੇ ਸਮਾਂ ਵਾਧੂ ਦਾ ਲੱਗਣਾ ਸੀ। ਪਰ ਇਸ ਖਰਚ ਖੇਚਲ ਦੀ ਖੇਡਾਂ ਦੇ ਆਸ਼ਕ ਪੁਰੇਵਾਲਾਂ ਨੂੰ ਕੋਈ ਪਰਵਾਹ ਨਹੀਂ ਸੀ।

ਸੱਤ ਮਾਰਚ ਦੀ ਨਿੱਘੀ ਤੇ ਸੁਨਹਿਰੀ ਸਵੇਰ ਨੂੰ ਨਵਾਂਸ਼ਹਿਰ ਦੇ ਐੱਸ.ਐੱਸ.ਪੀ.ਸ੍ਰੀ ਸਿਨਹਾ ਨੇ ਸਵਰਗੀ ਹਰਬੰਸ ਸਿੰਘ ਪੁਰੇਵਾਲ ਦੀ ਤਸਵੀਰ ਤੋਂ ਪਰਦਾ ਹਟਾ ਕੇ ਖੇਡ ਮੇਲੇ ਦਾ ਉਦਘਾਟਨ ਕੀਤਾ। ਉਸ ਸਮੇਂ ਪੁਰੇਵਾਲ ਪਰਿਵਾਰ ਦੇ ਨਾਲ ਇਲਾਕੇ ਦੇ ਬਹੁਤ ਸਾਰੇ ਮੋਹਤਬਰ ਸੱਜਣ ਹਾਜ਼ਰ ਸਨ। ਆਕਾਸ਼ ਵਿੱਚ ਅਮਨ ਦੇ ਪਰਤੀਕ ਕਬੂਤਰ ਉਡਾਏ ਗਏ ਤੇ ਗ਼ੁਬਾਰੇ ਛੱਡੇ ਗਏ। ਢੋਲੀਆਂ ਨੇ ਢੋਲਾਂ `ਤੇ ਡੱਗੇ ਲਾਏ ਤੇ ਨਾਲ ਹੀ ਕੁਸ਼ਤੀਆਂ ਸ਼ੁਰੂ ਹੋ ਗਈਆਂ। ਦੂਰੋਂ ਨੇੜਿਓਂ ਆਏ ਪਹਿਲਵਾਨਾਂ ਦੀ ਗਿਣਤੀ ਏਨੀ ਜ਼ਿਆਦਾ ਸੀ ਕਿ ਦੋ ਥਾਵਾਂ ਉਤੇ ਵਿਛਾਏ ਗੱਦਿਆਂ `ਤੇ ਤਿੰਨ ਦਿਨਾਂ ਵਿੱਚ ਦੋ ਸੌ ਤੋਂ ਵੱਧ ਕੁਸ਼ਤੀਆਂ ਹੋਈਆਂ। ਭਾਰਤ ਕੁਮਾਰ ਦਾ ਟਾਈਟਲ ਗੁਰਜੀਤ ਸਿੰਘ ਪੁਰੇਵਾਲ ਦੇ ਹੋਣਹਾਰ ਫਰਜ਼ੰਦ ਤਜਿੰਦਰ ਸਿੰਘ ਟੈਰੀ ਨੇ ਜਿੱਤਿਆ। ਉਹ ਬੀ.ਸੀ.ਦੇ ਸਕੂਲਾਂ ਵਿੱਚ ਮੱਲਾਂ ਮਾਰ ਕੇ ਹਕੀਮਪੁਰ ਪੁੱਜਾ ਸੀ। ਮਹਾਂਭਾਰਤ ਕੇਸਰੀ ਦਾ ਸਭ ਤੋਂ ਵੱਡਾ ਖ਼ਿਤਾਬ ਰੁਸਤਮੇ ਹਿੰਦ ਕੇਸਰ ਸਿੰਘ ਦੇ ਪੋਤੇ ਤੇ ਦਰੋਣਾਚਾਰੀਆ ਅਵਾਰਡੀ ਸੁਖਵੰਤ ਸਿੰਘ ਪਹਿਲਵਾਨ ਦੇ ਪੁੱਤਰ ਪਲਵਿੰਦਰ ਸਿੰਘ ਚੀਮੇ ਨੇ ਜਿੱਤਿਆ। ਬਾਕੀ ਗੁਰਜਾਂ ਵੀ ਕੌਮੀ ਤੇ ਕੌਮਾਂਤਰੀ ਪੱਧਰ ਦੇ ਪਹਿਲਵਾਨਾਂ ਨੇ ਹੀ ਜਿੱਤੀਆਂ।

ਹਲਟ ਦੌੜਾਂ ਦੇ ਮੁਕਾਬਲੇ ਵਿੱਚ ਬਲਦਾਂ ਦੀਆਂ ਏਨੀਆਂ ਜੋੜੀਆਂ ਸਨ ਕਿ ਰਾਤ ਤਕ ਬਿਜਲੀ ਦੇ ਚਾਨਣ ਵਿੱਚ ਮੁਕਾਬਲੇ ਹੁੰਦੇ ਰਹੇ। ਬੈਲ ਗੱਡੀਆਂ ਦੀਆਂ ਦੌੜਾਂ ਵਿੱਚ ਵੀ ਡੂੰਘੀ ਸ਼ਾਮ ਤਕ ਗਰਦਾਂ ਉਡਦੀਆਂ ਰਹੀਆਂ। ਰੱਸਾਕਸ਼ੀ ਦਾ ਮੁਕਾਬਲਾ ਜੀਵਨ ਨਗਰ ਸਰਸਾ ਤੋਂ ਆਈ ਨਾਮਧਾਰੀਆਂ ਦੀ ਟੀਮ ਨੇ ਜਿੱਤਿਆ। ਲੜਕੀਆਂ ਦੀਆਂ ਟੀਮਾਂ ਦੇ ਵੀ ਰੱਸਾਕਸ਼ੀ ਦੇ ਮੁਕਾਬਲੇ ਹੋਏ ਤੇ ਵੈਟਰਨ ਖਿਡਾਰੀਆਂ ਨੇ ਕਬੱਡੀ ਦਾ ਦਰਸ਼ਨੀ ਮੈਚ ਵਿਖਾਇਆ। ਅਥਲੀਟ ਟਰੈਕ ਉਤੇ ਦੌੜਦੇ ਰਹੇ ਤੇ ਗਤਕਾ ਖੇਡਣ ਵਾਲੇ ਟਰੈਕ ਅੰਦਰ ਤਲਵਾਰਾਂ ਦੇ ਵਾਰ ਕਰਦੇ ਰਹੇ। ਉਨ੍ਹਾਂ ਦੇ ਨੀਲੇ ਬਾਣੇ ਤੇ ਕੇਸਰੀ ਕਮਰਕੱਸੇ ਖੇਡ ਮੇਲੇ ਵਿੱਚ ਵੱਖਰਾ ਰੰਗ ਭਰ ਰਹੇ ਸਨ। ਮੋਟਰ ਸਾਈਕਲ ਦੀਆਂ ਖੇਡਾਂ ਤੇ ਕੰਨਾਂ ਨਾਲ ਟਰੈਕਟਰ ਖਿੱਚਣ ਵਾਲੇ ਆਪੋ ਆਪਣੇ ਕਰਤਬ ਵਿਖਾਉਂਦੇ ਰਹੇ।

ਕੋਈ ਘੰਡੀ ਦੇ ਜ਼ੋਰ ਨਾਲ ਸਰੀਆ ਦੂਹਰਾ ਕਰਦਾ ਤੇ ਕੋਈ ਬਲਦੀਆਂ ਲਾਟਾਂ ਵਿੱਚ ਦੀ ਲੰਘਦਾ। ਕੋਈ ਘੰਟਿਆਂ ਬੱਧੀ ਡੰਡ ਬੈਠਕਾਂ ਕੱਢੀ ਜਾਂਦਾ।

ਆਖ਼ਰੀ ਦਿਨ ਮੇਲੇ ਦਾ ਜੋਬਨ ਵੇਖਣ ਵਾਲਾ ਸੀ। ਦੁਪਹਿਰ ਤਕ ਸਟੇਡੀਅਮ ਦੀਆਂ ਸਾਰੀਆਂ ਪੌੜੀਆਂ ਸਿਖਰਾਂ ਤਕ ਭਰ ਚੁੱਕੀਆਂ ਸਨ ਤੇ ਦਰਸ਼ਕ ਪੌੜੀਆਂ ਤੋਂ ਅਗਾਂਹ ਵੀ ਆਣ ਬੈਠੇ ਸਨ। ਮੇਲੀਆਂ ਦੀਆਂ ਰੰਗ ਬਰੰਗੀਆਂ ਪੱਗਾਂ ਨੇ ਰੰਗਾਂ ਦੀ ਗੁਲਜ਼ਾਰ ਖਿੜਾ ਦਿੱਤੀ ਸੀ। ਉਹ ਨਜ਼ਾਰਾ ਕਮਾਲ ਦਾ ਸੀ ਜਦੋਂ ਇੱਕ ਬੰਨੇ ਢੋਲ ਵੱਜ ਰਹੇ ਸਨ, ਘੋੜੀਆਂ ਨੱਚ ਰਹੀਆਂ ਸਨ ਤੇ ਦੂਜੇ ਬੰਨੇ ਨਿਹੰਗ ਸਿੰਘ ਨੇਜ਼ਾਬਾਜ਼ੀ ਕਰਦਿਆਂ ਕਿੱਲੇ ਪੁੱਟ ਰਹੇ ਸਨ। ਇੱਕ ਨਿਹੰਗ ਦੋ ਘੋੜਿਆਂ `ਤੇ ਪੈਰ ਰੱਖੀ ਘੋੜਿਆਂ ਨੂੰ ਹਵਾ ਬਣਾਈ ਜਾ ਰਿਹਾ ਸੀ। ਉਹ ਮੌਤ ਨੂੰ ਮਖੌਲਾਂ ਕਰ ਰਿਹਾ ਸੀ ਤੇ ਜੋਧੇ ਸਿੰਘਾਂ ਦੀਆਂ ਯਾਦਾਂ ਤਾਜ਼ੀਆਂ ਕਰਵਾ ਰਿਹਾ ਸੀ। ਇੱਕ ਪਾਸੇ ਕੁਸ਼ਤੀਆਂ ਦੇ ਭੇੜ ਹੋ ਰਹੇ ਸਨ ਤੇ ਦੂਜੇ ਪਾਸੇ ਕਬੱਡੀ ਦੇ ਜੱਫੇ ਲੱਗ ਰਹੇ ਸਨ। ਨਾਲ ਦੀ ਨਾਲ ਮੱਖਣ ਸਿੰਘ, ਪੀ.ਆਰ.ਸੋਂਧੀ, ਗੁਰਪ੍ਰੀਤ ਬੇਰ ਕਲਾਂ, ਅਰਵਿੰਦਰ ਕੋਛੜ ਤੇ ਮੱਖਣ ਅਲੀ ਦੀ ਕੁਮੈਂਟਰੀ ਗੂੰਜ ਰਹੀ ਸੀ। ਮੈਂ ਮੁੱਖ ਮਾਈਕ ਤੋਂ ਆਇਆਂ ਗਿਆਂ ਦਾ ਸਵਾਗਤ ਤੇ ਧੰਨਵਾਦ ਕਰ ਰਿਹਾ ਸਾਂ। ਚਰਨ ਸਿੰਘ, ਗੁਰਜੀਤ ਸਿੰਘ ਤੇ ਪੁਰੇਵਾਲ ਪਰਿਵਾਰ ਦੇ ਸਾਕ ਸੰਬੰਧੀ, ਸੱਜਣਾਂ ਮਿੱਤਰਾਂ ਤੇ ਵਿਸ਼ੇਸ਼ ਮਹਿਮਾਨਾਂ ਦੀ ਆਓਭਗਤ ਕਰ ਰਹੇ ਸਨ। ਬੀਬੀ ਬਲਵਿੰਦਰ ਕੌਰ ਪੁਰੇਵਾਲ ਮਾਈਆਂ ਬੀਬੀਆਂ ਨੂੰ ਜੀ ਆਇਆਂ ਕਹਿ ਰਹੀ ਸੀ।

ਗੁਰਜੀਤ ਸਿੰਘ ਦੀ ਸੁਹਿਰਦ ਕੋਸ਼ਿਸ਼ ਸੀ ਕਿ ਕਬੱਡੀ ਦੇ ਦੋਹਾਂ ਧੜਿਆਂ ਦੀਆਂ ਟੀਮਾਂ ਨੂੰ ਪੁਰੇਵਾਲ ਖੇਡ ਮੇਲੇ ਵਿੱਚ `ਕੱਠਿਆਂ ਖਿਡਾਇਆ ਜਾਵੇ ਤੇ ਉਨ੍ਹਾਂ `ਚ ਏਕਤਾ ਕਰਵਾਈ ਜਾਵੇ। ਟੀਮਾਂ ਤੇ ਉਨ੍ਹਾਂ ਦੇ ਕੋਚਾਂ ਨੇ ਹਾਮੀ ਵੀ ਭਰ ਦਿੱਤੀ ਸੀ ਪਰ ਵਿਦੇਸ਼ਾਂ `ਚੋਂ ਤਾਰਾਂ ਹਿੱਲੀਆਂ ਤੇ ਏਕਤਾ ਨਾ ਹੋਣ ਦਿੱਤੀ ਗਈ। ਖਿਡਾਰੀ ਤੇ ਉਨ੍ਹਾਂ ਦੇ ਕੋਚ ਕਹਿ ਰਹੇ ਸਨ ਕਿ ਜੇ ਅਸੀਂ ਬਾਹਰਲੇ ਬੌਸਾਂ ਦਾ ਕਹਿਣਾ ਨਹੀਂ ਮੰਨਦੇ ਤਾਂ ਸਾਨੂੰ ਵਿਦੇਸ਼ ਖੇਡਣ ਜਾਣ ਲਈ ਬਾਹਰ ਕੌਣ ਸੱਦੇਗਾ? ਇਸ ਹਾਲਤ ਵਿੱਚ ਸੁਰਜਨ ਸਿੰਘ ਚੱਠਾ ਤੇ ਦੇਵੀ ਦਿਆਲ ਵਾਲੇ ਗਰੁੱਪ ਦੀਆਂ ਕਬੱਡੀ ਟੀਮਾਂ ਹੀ ਟੂਰਨਾਮੈਂਟ ਵਿੱਚ ਸ਼ਾਮਲ ਹੋਈਆਂ। ਉਨ੍ਹਾਂ ਨੇ ਹੀ ਸਾਰੇ ਇਨਾਮ ਜਿੱਤੇ ਅਤੇ ਦੋ ਦੀ ਥਾਂ ਤਿੰਨ ਮੋਟਰ ਸਾਈਕਲ ਮਾਠ ਲਏ। ਦੋ ਧਾਵੀਆਂ ਦੇ ਇਕੋ ਜਿੰਨੇ ਪੁਆਇੰਟ ਸਨ ਤੇ ਪੁਰੇਵਾਲਾਂ ਨੇ ਦਰਿਆਦਿਲੀ ਨਾਲ ਇੱਕ ਮੋਟਰ ਸਾਈਕਲ ਵਾਧੂ ਦੇ ਦਿੱਤਾ।

ਉਂਜ ਟੋਨੀ ਕਾਲਖ, ਮੱਖਣ ਚੜਿੱਕ, ਚੈਨਾ ਸਿੱਧਵਾਂ ਤੇ ਹਰਪ੍ਰੀਤ ਬਾਬੇ ਦੇ ਖਿਡਾਰੀ ਪਛਤਾਉਂਦੇ ਜ਼ਰੂਰ ਹੋਣਗੇ ਕਿ ਲੱਖਾਂ ਦੇ ਇਨਾਮਾਂ ਵਿਚੋਂ ਉਹ ਕੁੱਝ ਵੀ ਹਾਸਲ ਨਾ ਕਰ ਸਕੇ। ਮੈਦਾਨ `ਚ ਨਾ ਨਿਤਰਣ ਦੀ ਨਮੋਸ਼ੀ ਵਾਧੂ ਦੀ ਸਹਿਣੀ ਪਈ। ਪਤਾ ਨਹੀਂ ਕਬੱਡੀ ਵਾਲੇ ਕਦ ਏਕਤਾ ਕਰਨਗੇ ਤੇ ਕਦ ਖੇਡ ਸੌਰੇਗੀ? ਇਕੋ ਧੜੇ ਦੀਆਂ ਟੀਮਾਂ ਖੇਡਦੀਆਂ ਹੋਣ ਤਾਂ ਕੋਈ ਫਰਕ ਨਹੀਂ ਪੈਂਦਾ ਕਿ ਕੌਣ ਜਿੱਤਿਆ ਜਾਂ ਕੌਣ ਹਾਰਿਆ? ਬਾਅਦ ਵਿੱਚ ਗੁਰਜੀਤ ਸਿੰਘ ਕਹਿ ਰਿਹਾ ਸੀ, “ਜੇ ਕਬੱਡੀ ਵਾਲਿਆਂ ਨੇ ਇਹੀ ਕੁੱਝ ਕਰਨੈ ਤਾਂ ਅਗਲੇ ਸਾਲ ਤੋਂ ਹੋਰਨਾਂ ਖੇਡਾਂ ਨੂੰ ਪ੍ਰਮੋਟ ਕਰਾਂਗੇ।”

ਪੁਰੇਵਾਲ ਖੇਡ ਮੇਲੇ ਦੀ ਇਹ ਵਿਸ਼ੇਸ਼ਤਾ ਰਹੀ ਹੈ ਕਿ ਇਸ ਵਿੱਚ ਸਿਆਸੀ ਨੇਤਾ, ਅਫਸਰ, ਪਰਵਾਸੀ ਵੀਰ, ਅਰਜਨਾ ਅਵਾਰਡੀ ਖਿਡਾਰੀ, ਧਾਰਮਿਕ ਤੇ ਸਮਾਜਿਕ ਆਗੂ ਅਤੇ ਲੇਖਕ ਤੇ ਕਲਾਕਾਰ ਵੱਡੀ ਗਿਣਤੀ ਵਿੱਚ ਪਹੁੰਚਦੇ ਹਨ। ਦਿਨ ਦੇ ਦਿਨ ਮੁੱਖ ਮੰਤਰੀ ਸ.ਪਰਕਾਸ਼ ਸਿੰਘ ਬਾਦਲ ਨੂੰ ਸੱਦਾ ਦਿੱਤਾ ਗਿਆ ਤਾਂ ਉਨ੍ਹਾਂ ਨੇ ਆਪਣਾ ਰੁਝੇਵਾਂ ਦੱਸਦੇ ਹੋਏ ਇੱਕ ਨਹੀਂ ਤਿੰਨ ਕੈਬੀਨਿਟ ਮੰਤਰੀ ਮੇਲੇ ਵਿੱਚ ਭੇਜੇ। ਨਾਲ ਵਾਇਦਾ ਕੀਤਾ ਕਿ ਅਗਲੇ ਸਾਲ ਪੁਰੇਵਾਲ ਖੇਡ ਮੇਲਾ ਖ਼ੁਦ ਵੇਖਣ ਆਵਾਂਗਾ। ਮੰਤਰੀ ਅਜੀਤ ਸਿੰਘ ਕੁਹਾੜ, ਪਰਮਿੰਦਰ ਸਿੰਘ ਢੀਂਡਸਾ ਤੇ ਚੌਧਰੀ ਸਵਰਨਾ ਰਾਮ ਦੇ ਨਾਲ ਐੱਮ.ਐੱਲ.ਏ.ਸਰਵਣ ਸਿੰਘ ਫਿਲੌਰ, ਜਤਿੰਦਰ ਸਿੰਘ ਕਰੀਹਾ, ਨੰਦ ਲਾਲ ਬਲਾਚੌਰ, ਮੋਹਨ ਲਾਲ ਬੰਗਾ ਤੇ ਸਾਬਕਾ ਵਿਧਾਨਕਾਰ ਸੰਤੋਖ ਸਿੰਘ ਚੌਧਰੀ, ਪਰਕਾਸ਼ ਸਿੰਘ, ਕੰਵਲਜੀਤ ਸਿੰਘ ਲਾਲੀ ਤੇ ਹੋਰ ਕਈ ਸਿਆਸੀ ਲੀਡਰ ਮੇਲੇ `ਚ ਹਾਜ਼ਰੀ ਲੁਆ ਕੇ ਗਏ।

ਉਥੇ ਸਾਬਕਾ ਡੀ.ਜੀ.ਪੀ.ਮਹਿਲ ਸਿੰਘ ਭੁੱਲਰ ਵੀ ਆਏ, ਸ਼੍ਰੋਮਣੀ ਕਮੇਟੀ ਦਾ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਵੀ ਤੇ ਪਹਿਲਵਾਨ ਕਰਤਾਰ ਸਿੰਘ ਵੀ ਹਾਜ਼ਰ ਹੋਇਆ। ਮੈਗਜ਼ੀਨ ‘ਖੇਡ ਸੰਸਾਰ’ ਦਾ ਮੈਨੇਜਿੰਗ ਐਡੀਟਰ ਤੇ ਇੰਟਰਨੈਸ਼ਨਲ ਪੱਤਰਕਾਰ ਸੰਤੋਖ ਸਿੰਘ ਮੰਡੇਰ ਕੈਮਰੇ ਨਾਲ ਪੁਰੇਵਾਲ ਖੇਡ ਮੇਲਾ ਕਵਰ ਕਰਨ ਪੁੱਜਾ ਤੇ ਕੁਸ਼ਤੀ ਕੋਚ ਗੁਰਚਰਨ ਸਿੰਘ ਢਿੱਲੋਂ ਸਿਆਟਲ ਤੋਂ ਆਇਆ। ਪੰਜਾਬ ਦੀਆਂ ਅਖ਼ਬਾਰਾਂ ਦੇ ਪੱਤਰ ਪ੍ਰੇਰਕ ਤੇ ਦੂਰਦਰਸ਼ਨ ਅਤੇ ਹੋਰਨਾਂ ਟੀ.ਵੀ.ਚੈਨਲਾਂ ਦੇ ਨੁਮਾਇੰਦੇ ਵੱਡੀ ਗਿਣਤੀ ਵਿੱਚ ਪੁੱਜੇ। ਗੀਤਕਾਰ ਸ਼ਮਸ਼ੇਰ ਸਿੰਘ ਸੰਧੂ ਆਪਣੀ ਟੀਮ ਨਾਲ ਐਤਕੀਂ ਵੀ ਰੌਣਕਾਂ ਲਾ ਗਿਆ।

ਸੈਂਕੜੇ ਪਰਵਾਸੀ ਵੀਰਾਂ ਨੇ ਪੁਰੇਵਾਲ ਖੇਡ ਮੇਲੇ ਦੀ ਸ਼ਾਨ ਵਧਾਈ ਜਿਨ੍ਹਾਂ ਵਿੱਚ ਗੁਰਦੇਵ ਸਿੰਘ ਜੌਹਲ, ਮਲਕੀਤ ਸਿੰਘ ਜੌਹਲ, ਪਹਿਲਵਾਨ ਸੁਖਵੰਤ ਸਿੰਘ, ਮੋਹਨ ਸਿੰਘ ਸੰਧੂ, ਅਵਤਾਰ ਸਿੰਘ ਭੁੱਲਰ, ਹਰਨੰਦਨ ਸਿੰਘ ਕਾਹਨ, ਮੇਜਰ ਸਿੰਘ ਨੱਤ, ਬਲਬੀਰ ਸਿੰਘ ਰਾਏ, ਮਨਜੀਤ ਸਿੰਘ ਗਿੱਲ, ਸਰਪੰਚ ਨਛੱਤਰ ਸਿੰਘ, ਰਵਿੰਦਰ ਸਿੰਘ ਚਾਹਲ, ਮੋਹਨ ਸਿੰਘ ਬਿਲਨ, ਸ਼ਿੰਗਾਰਾ ਸਿੰਘ ਮਾਂਗਟ, ਬਿਕਰ ਸਿੰਘ, ਬਿੱਲਾ ਚੜਿੱਕ, ਅਵਤਾਰ ਸਿੰਘ ਪੁਰੇਵਾਲ, ਗੁਰਦੀਪ ਸਿੰਘ ਬੈਂਸ, ਸੁਰਜੀਤ ਸਿੰਘ ਨੱਤ, ਮਹਿੰਦਰ ਸਿੰਘ ਦੁਸਾਂਝ, ਪਰਮਜੀਤ ਸਿੰਘ ਰੇਰੂ, ਗੁਰਦੀਪ ਸਿੰਘ ਪੁਰੇਵਾਲ, ਬੁੱਧ ਸਿੰਘ ਧਲੇਤਾ, ਮੋਹਨ ਸਿੰਘ ਕੰਦੋਲਾ, ਅਮਰਜੀਤ ਸਿੰਘ ਮਾਨ, ਰਣਬੀਰ ਪੁਰੇਵਾਲ ਤੇ ਸੁਖਦੀਪ ਸੁੱਖੀ ਸ਼ਾਮਲ ਸਨ।

ਕੈਲੇਫੋਰਨੀਆਂ ਤੋਂ ਸੁਰਿੰਦਰ ਸਿੰਘ ਨਿੱਝਰ, ਸੁਰਿੰਦਰ ਸਿੰਘ ਅਟਵਾਲ, ਦਵਿੰਦਰ ਸਿੰਘ ਰਣੀਆਂ, ਬਿੱਲਾ ਸੰਘੇੜਾ, ਪਾਲ ਮਾਹਲ, ਬੱਬੀ ਟਿਵਾਣਾ, ਚਰਨਜੀਤ ਸਹੋਤਾ, ਬਲਬੀਰ ਸਿੰਘ ਢਿੱਲੋਂ ਤੇ ਇੰਗਲੈਂਡ ਤੋਂ ਲਹਿੰਬਰ ਸਿੰਘ ਕੰਗ ਤੇ ਮਹਿੰਦਰ ਸਿੰਘ ਮੌੜ ਹੋਰੀਂ ਹਾਜ਼ਰ ਸਨ। ਕਬੱਡੀ ਦੇ ਆਸ਼ਕ ਜੌਨ੍ਹ ਸਿੰਘ ਗਿੱਲ ਨੇ ਆਪਣੀਆਂ ਸ਼ੁਭ ਇਛਾਵਾਂ ਭੇਜੀਆਂ। ਬਲਵਿੰਦਰ ਫਿੱਡਾ, ਤੋਖੀ, ਦੇਵ ਅੱਟਾ, ਬਲਦੇਵ ਸਿਮਰੂ, ਭੀਮਾ, ਰਛਪਾਲ ਸ਼ੀਰਾ, ਮੋਹਣਾ ਤੇ ਹੋਰ ਕਈ ਪੁਰਾਣੇ ਕਬੱਡੀ ਖਿਡਾਰੀ ਨਵੇਂ ਖਿਡਾਰੀਆਂ ਨੂੰ ਹੱਲਾਸ਼ੇਰੀ ਦਿੰਦੇ ਰਹੇ। ਉਥੇ ਅਰਜਨਾ ਅਵਾਰਡੀ ਗੁਰਦੇਵ ਸਿੰਘ, ਸੁਖਵਿੰਦਰ ਸੁੱਖੀ, ਬਗੀਚਾ ਸਿੰਘ ਤੇ ਹੋਰ ਅਨੇਕਾਂ ਨਾਮਵਰ ਖਿਡਾਰੀਆਂ ਨੇ ਦਰਸ਼ਨ ਦਿੱਤੇ।

ਖੇਡਾਂ ਦੇ ਇਸ ਕੁੰਭ ਵਿੱਚ ਅਨੇਕਾਂ ਮੰਨੇ ਦੰਨੇ ਵਿਅਕਤੀ ਆਏ ਤੇ ਅਮਰਦੀਪ ਕਾਲਜ ਮੁਕੰਦਪੁਰ ਦੇ ਬਾਨੀ ਗੁਰਚਰਨ ਸਿੰਘ ਸ਼ੇਰਗਿੱਲ, ਸਕੱਤਰ ਡਾ.ਅਮਰਜੀਤ ਸਿੰਘ, ਪ੍ਰਿੰਸੀਪਲ ਆਤਮਜੀਤ ਸਿੰਘ ਤੇ ਸਟਾਫ ਮੈਂਬਰਾਂ ਨੇ ਮੇਲੇ ਨੂੰ ਪੂਰਾ ਸਹਿਯੋਗ ਦਿੱਤਾ। ਪੁਰੇਵਾਲਾਂ ਨੇ ਵੀ ਕਾਲਜ ਲਈ ਇੱਕ ਲੱਖ ਰੁਪਏ ਦਾ ਯੋਗਦਾਨ ਪਾਇਆ ਤੇ ਅੱਗੋਂ ਮਦਦ ਦਿੰਦੇ ਰਹਿਣ ਦੀ ਹਾਮੀ ਭਰੀ। ਮੇਲੇ ਵਿੱਚ ਮੈਗਜ਼ੀਨ ‘ਮਿਸ਼ਨ’ ਦਾ ਪੁਰੇਵਾਲ ਖੇਡ ਮੇਲੇ ਬਾਰੇ ਵਿਸ਼ੇਸ਼ ਅੰਕ ਰਿਲੀਜ਼ ਕੀਤਾ ਗਿਆ ਅਤੇ ਮੇਲੇ ਦੇ ਕਲੰਡਰ ਵੰਡੇ ਗਏ। ਪੁਰੇਵਾਲ ਪਰਿਵਾਰ `ਚੋਂ ਐਤਕੀਂ ਚਰਨ ਸਿੰਘ, ਗੁਰਜੀਤ ਸਿੰਘ, ਬੀਬੀ ਬਲਵਿੰਦਰ ਕੌਰ, ਚਮਕੌਰ ਸਿੰਘ, ਪਰਮਿੰਦਰ ਸਿੰਘ ਤੇ ਤਜਿੰਦਰ ਸਿੰਘ ਹਕੀਮਪੁਰ ਆਏ। ਵੱਡੇ ਵੀਰ ਮਲਕੀਤ ਸਿੰਘ ਪੁਰੇਵਾਲ ਨੇ ਵਾਇਦਾ ਕੀਤਾ ਹੈ ਕਿ ਅਗਲੇ ਸਾਲ ਉਹ ਵੀ ਆਵੇਗਾ ਅਤੇ ਗੁਰਦਾਵਰ ਤੇ ਹਰਮਨ ਹੋਰੀਂ ਵੀ ਆਉਣਗੇ। ਹਰਮਨ ਤਾਂ ਹੋ ਸਕਦੈ ਕਬੱਡੀ ਦੇ ਜੱਫੇ ਵੀ ਲਾਵੇ ਤੇ ਸਰਦਾਰਨੀ ਗੁਰਦੇਵ ਕੌਰ, ਗਿਆਨ ਕੌਰ ਤੇ ਬਲਵਿੰਦਰ ਕੌਰ ਫਿਰ ਹਕੀਮਪੁਰ ਆਉਣ ਤੇ ਪੁਰੇਵਾਲ ਖੇਡ ਮੇਲੇ ਨੂੰ ਰੰਗਭਾਗ ਲਾਉਣ।

ਹਰਬੰਸ ਸਿੰਘ ਪੁਰੇਵਾਲ ਸਪੋਰਟਸ ਐਂਡ ਐਜੂਕੇਸ਼ਨ ਅਕੈਡਮੀ ਰਜਿਸਟਰ ਕਰਵਾ ਦਿੱਤੀ ਗਈ ਹੈ। ਉਸ ਦੇ ਕਾਰਕੁਨ ਸਰਪੰਚ ਪ੍ਰੇਮ ਕੁਮਾਰ, ਮੱਖਣ ਸਿੰਘ ਖਾਲਸਾ, ਕੁਲਤਾਰ ਸਿੰਘ, ਮਾਸਟਰ ਜੋਗਾ ਸਿੰਘ, ਪ੍ਰੋ ਜਗਵਿੰਦਰ ਸਿੰਘ, ਗੁਰਮੀਤ ਸਿੰਘ ਰੱਤੂ ਤੇ ਉਨ੍ਹਾਂ ਦੇ ਸਾਥੀ ਹੁਣੇ ਤੋਂ ਅਗਲੇ ਸਾਲ ਦੇ ਮੇਲੇ ਨੂੰ ਹੋਰ ਵੀ ਵਧੀਆ ਢੰਗ ਨਾਲ ਕਰਵਾਉਣ ਦੇ ਪ੍ਰੋਗਰਾਮ ਉਲੀਕ ਰਹੇ ਹਨ। ਚੰਗਾ ਹੋਵੇ ਜੇ ਅਕੈਡਮੀ ਦੀਆਂ ਖੇਡ ਸਰਗਰਮੀਆਂ ਸਾਰਾ ਸਾਲ ਲਗਾਤਾਰ ਜਾਰੀ ਰਹਿਣ, ਖਿਡਾਰੀ ਖੇਡਾਂ ਦਾ ਅਭਿਆਸ ਕਰੀ ਜਾਣ ਤੇ ਉਨ੍ਹਾਂ ਦਾ ਨਿਤਾਰਾ ਸਾਲਾਨਾ ਖੇਡ ਮੇਲੇ ਵਿੱਚ ਹੋਵੇ। ਉਮੀਦ ਹੈ 18ਵਾਂ ਖੇਡ ਮੇਲਾ ਹੋਰ ਵੀ ਨਜ਼ਾਰੇਦਾਰ ਹੋਵੇਗਾ ਜਿਸ ਦੀ ਉਡੀਕ ਖੇਡ ਪ੍ਰੇਮੀਆਂ ਨੂੰ ਚੜ੍ਹਦੇ ਸਿਆਲ ਹੀ ਸ਼ੁਰੂ ਹੋ ਜਾਵੇਗੀ ਤੇ ਬਹੁਤ ਸਾਰੇ ਪਰਵਾਸੀ ਵੀਰ ਵਤਨ ਗੇੜਾ ਮਾਰਨਗੇ।

Read 3237 times
ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਦੋ ਦਰਜਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ `ਚ ਡੇਢ ਦਰਜਨ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹੈ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ। ਉਸ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ `ਚ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ। ਉਹ 1965-66 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹਾ ਹੈ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੋ ਗਈ ਹੈ। ਉਸ ਦੇ ਦੋ ਪੁੱਤਰ ਹਨ। ਇਕ ਕੈਨੇਡਾ ਵਿਚ ਹੈ ਤੇ ਇਕ ਪੰਜਾਬ ਵਿਚ। ਉਹ ਆਪਣੀ ਪਤਨੀ ਹਰਜੀਤ ਕੌਰ ਨਾਲ ਗਰਮੀਆਂ ਕੈਨੇਡਾ ਵਿਚ ਕੱਟਦਾ ਹੈ ਤੇ ਸਿਆਲ ਦਾ ਨਿੱਘ ਪੰਜਾਬ ਵਿਚ ਮਾਣਦਾ ਹੈ।