13 ਅਪ੍ਰੈਲ ਵਿਸਾਖੀ ਦਾ ਦਿਨ। ‘ਆਲਮੀ ਪੰਜਾਬੀ ਕਾਨਫ਼ਰੰਸ’ ਦਾ ਪਹਿਲਾ ਦਿਨ। ‘ਵਿਸ਼ਵ’ ਸ਼ਬਦ ‘ਆਲਮੀ’ ਵਿਚ ਤਬਦੀਲ ਹੋ ਗਿਆ ਸੀ। ਪਿਛਲੇ ਪੰਜਾਹ ਬਵੰਜਾ ਸਾਲਾਂ ਵਿਚ ਦੋਹਾਂ ਖਿੱਤਿਆਂ ਦੀ ਪੰਜਾਬੀ ਦਾ ਮੁਹਾਵਰਾ ਤੇ ਮੁਹਾਂਦਰਾ ਬਹੁਤ ਬਦਲ ਗਿਆ ਸੀ। ਚੜ੍ਹਦੇ ਪੰਜਾਬੀ ਵਿਚ ਹਿੰਦੀ ਤੇ ਸੰਸਕ੍ਰਿਤ ਅਤੇ ਲਹਿੰਦੇ ਪੰਜਾਬ ਵਿਚ ਉਰਦੂ ਫ਼ਾਰਸੀ ਨੇ ਪੰਜਾਬੀ ਉੱਤੇ ਆਪਣਾ ਚੋਖਾ ਰੰਗ ਚਾੜ੍ਹ ਲਿਆ ਸੀ।
ਇਸੇ ਲਈ ਕਈ ਵਾਰ ਦੋਹਾਂ ਮੁਲਕਾਂ ਦੀ ਲਿਖੀ ਹੋਈ ਗੂੜ੍ਹ ਪੰਜਾਬੀ ਇਕ ਦੂਜੇ ਮੁਲਕ ਦੇ ਪਾਠਕ ਲਈ ਸਮਝਣੀ ਔਖੀ ਹੋ ਗਈ ਸੀ। ਪਿਛਲੇ ਕਈ ਸਾਲਾਂ ਤੋਂ ਭਾਸ਼ਾ ਦੇ ਇਸ ਗੂੜ੍ਹੇ ਰੰਗ ਹੇਠਾਂ ਲੁਕ ਗਈ ਸੁੱਚੀ ਪੰਜਾਬੀ ਦੀ ਚਰਚਾ ਵੀ ਚੱਲਦੀ ਰਹੀ ਸੀ। ਜਦੋਂ ਕੋਈ ਪਾਕਿਸਤਾਨੀ ਮਿੱਤਰ ਭਾਰਤ ਵਿਚ ਕਿਸੇ ਪੰਜਾਬੀ ਕਾਨਫ਼ਰੰਸ ਵਿਚ ਸ਼ਿਰਕਤ ਕਰਨ ਆਉਂਦਾ ਤਾਂ ਸਾਡੇ ਵਿਦਵਾਨਾਂ ਦੇ ਲਿਖੇ ‘ਖੋਜ ਪੱਤਰਾਂ’ ਦਾ ਮਜ਼ਾਕ ਉਡਾਉਂਦਿਆਂ ਅਪੀਲ ਕਰਦਾ, ‘‘ਜਨਾਬ! ਸਾਨੂੰ ਇਸ ‘ਪੰਜਾਬੀ’ ਦਾ ਪੰਜਾਬੀ ਵਿਚ ਤਰਜਮਾ ਕਰ ਕੇ ਦੱਸਿਓ ਜੇ।’’ਇਕ ਵਾਰ ਦਿੱਲੀ ਦੀ ਕਿਸੇ ਕਾਨਫ਼ਰੰਸ ਸਮੇਂ ਮੈਂ ਪਾਕਿਸਤਾਨੀ ਪੰਜਾਬੀ ਮਿੱਤਰ ਨੂੰ ਹਾਸੇ ਨਾਲ ਕਿਹਾ, ‘‘ਤੁਹਾਡੀ ਜ਼ਬਾਨ ਦਾ ਵੀ ਸਾਡੇ ਵਾਲਾ ਹੀ ਹਾਲ ਹੋ ਗਿਐ।’’ਉਹ ਕਹਿੰਦਾ, ‘‘ਕਿਵੇਂ।’’‘‘ਜਿਵੇਂ ਮੈਂ ਇਕ ਵਾਕ ਬੋਲਦਾ ਹਾਂ, ‘ਪੰਜ ਵਿਅਕਤੀਆਂ ‘ਤੇ ਆਧਾਰਿਤ ਇਕ ਪ੍ਰਤੀਨਿਧ ਮੰਡਲ ਮੁੱਖ ਮੰਤਰੀ ਨੂੰ ਮਿਲਿਆ’ ਸਾਡੇ ਪਾਸੇ ਬੋਲਿਆ ਜਾਣ ਵਾਲਾ ਇਹੋ ਵਾਕ ਤੁਸੀਂ ਇੰਜ ਬੋਲੋਗੇ, ‘‘ਪੰਜ ਫਰਦਾਂ ‘ਤੇ ਮੁਸ਼ਤਮਿਲ ਵਫ਼ਦ ਵਜ਼ੀਰੇ-ਆਲ੍ਹਾ ਨੂੰ ਮਿਲਿਆ!’ ਦੋਹਾਂ ਮੁਲਕਾਂ ਦੇ ਆਮ ਸਰੋਤੇ ਨੂੰ ਦੋਹਾਂ ਵਾਕਾਂ ਵਿਚੋਂ ‘ਪੰਜ’ ‘ਤੇ’, ‘ਨੂੰ’, ‘ਮਿਲਿਆ’ ਤੋਂ ਇਲਾਵਾ ਹੋਰ ਕੁਝ ਪਿੜ-ਪੱਲੇ ਨਹੀਂ ਪਵੇਗਾ।ਇਹ ਨਿਸਚਿਤ ਸੀ ਕਿ ਦੋਹਾਂ ਪੰਜਾਬੀਆਂ ਨੂੰ ਨੇੜੇ ਲਿਆਉਣ ਲਈ ਆਪਸੀ ਮੇਲ-ਜੋਲ, ਸਾਹਿਤ ਦੇ ਅਦਾਨ-ਪ੍ਰਦਾਨ, ਸਾਂਝੀਆਂ ਕਾਨਫ਼ਰੰਸਾਂ, ਸੈਮੀਨਾਰਾਂ ਤੇ ਗੋਸ਼ਟੀਆਂ ਦਾ ਆਯੋਜਨ ਕਰਨ ਦੀ ਜ਼ਰੂਰਤ ਸੀ।ਪੰਜਾਬੀ ਜ਼ਬਾਨ, ਪੰਜਾਬੀ ਭਾਈਚਾਰੇ, ਪੰਜਾਬੀ ਸਭਿਆਚਾਰ, ਪੰਜਾਬੀ ਸ਼ਨਾਖਤ ਤੇ ਪੰਜਾਬੀ ਇਤਿਹਾਸ ਦੇ ਸਾਂਝੇ ਮੁੱਲਾਂ ਤੇ ਤੱਤਾਂ ਨੂੰ ਜਾਨਣ-ਸਮਝਣ ਲਈ ਹੀ ਇਹ ‘ਆਲਮੀ ਪੰਜਾਬੀ ਕਾਨਫ਼ਰੰਸ’ ਹੋ ਰਹੀ ਸੀ।ਦੋ ਢਾਈ ਏਕੜ ‘ਚ ਫੈਲੇ ਫਲੈਟੀਜ਼ ਹੋਟਲ ਦਾ ਖੁੱਲ੍ਹਾ ਲਾਅਨ, ਹਰਾ ਘਾਹ, ਝੂਮਦੇ ਰੁੱਖ, ਨਿੰਮੀ-ਨਿੰਮੀ ਬੱਦਲਵਾਈ, ਖ਼ੁਸ਼ਗਵਾਰ ਮੌਸਮ ਤੇ ਮਿੱਤਰਾਂ ਦੀਆਂ ਆਪਸੀ ਹੱਥ-ਘੁੱਟਣੀਆਂ। ਬਰਾਂਡੇ ਵਿਚ ਚੰਡੀਗੜ੍ਹੀਏ ਨੇਕ ਚੰਦ ਦੇ ਖਿਡੌਣੇ ਤੇ ਸੱਜੇ ਹੱਥ ਕਿਤਾਬਾਂ ਦਾ ਸਟਾਲ। ਅੰਦਰ ਲੌਬੀ ਵਿਚ ਨਿਸਚਿਤ ਫੀਸ ਜਮ੍ਹਾਂ ਕਰਾ ਕੇ ‘ਅਧਿਕਾਰਤ ਡੈਲੀਗੇਟ’ ਬਣਿਆ ਜਾ ਰਿਹਾ ਸੀ। ਆਪਣੇ ਨਾਂ ਦੀ ਸਲਿਪ ਜੇਬ ਨਾਲ ਲਾ ਕੇ ਡੈਲੀਗੇਟ ਦੂਜਿਆਂ ਪਛਾਨਣ ਵਾਲਿਆਂ ਨੂੰ ਸਹੂਲਤ ਦੇ ਰਹੇ ਸਨ। ਮੈਂ ਕਦੀ ਵੀ ਆਪਣੇ ਨਾਂ ਦੀ ਸਲਿੱਪ ਛਾਤੀ ‘ਤੇ ਨਹੀਂ ਚਿਪਕਾਈ। ਇਹ ਮੈਨੂੰ ਐਵੇਂ ਹੀ ਆਪਣੀ ਨੁਮਾਇਸ਼ ਜਿਹੀ ਕਰਨੀ ਲੱਗਦੀ ਹੈ। ਇਹ ਵੱਖਰੀ ਗੱਲ ਹੈ ਕਿ ਇਸ ਦਾ ਲਾਭ ਵੀ ਹੁੰਦਾ ਹੋਵੇਗਾ ਇਕ ਦੂਜੇ ਨੂੰ ਜਾਨਣ-ਪਛਾਨਣ ਲਈ। ਏਥੇ ਮੇਰਾ ਕਿਹੜਾ ਜਾਣੂ ਸੀ ਜੋ ਨਾਂ ਪੜ੍ਹ ਕੇ ਮੈਨੂੰ ਹੱਥ ਮਿਲਾ ਕੇ ਆਖੇ, ‘‘ਹੱਛਾ! ਤੁਸੀਂ ਸੰਧੂ ਸਾਹਿਬ ਓ ਜੀ!’’ਮੈਂ ਨਾਂ ਦੀ ਸਲਿੱਪ ਜੇਬ ਵਿਚ ਪਾ ਲਈ। ਜਗਤਾਰ ਦੀ ਪਹਿਲਾਂ ਹੀ ਜਾਣ-ਪਛਾਣ ਬਹੁਤ ਸੀ। ਉਸ ਨੂੰ ਇਹ ਸਲਿੱਪ ਜੇਬ ‘ਤੇ ਲਾਉਣ ਦੀ ਲੋੜ ਹੀ ਨਹੀਂ ਸੀ। ਜਗਤਾਰ ਹਰੇਕ ਮਿਲਣ ਵਾਲੇ ਨੂੰ ਮੇਰੇ ਬਾਰੇ ਬੜੀ ਹੁੱਬ ਨਾਲ ਦੱਸਦਾ, ‘‘ਵਰਿਆਮ ਸੰਧੂ, ਸਾਡੇ ਸਭ ਤੋਂ ਅੱਛੀ ਕਹਾਣੀ ਲਿਖਣ ਵਾਲਿਆਂ ‘ਚੋਂ…’’ਅਗਲਾ ਮੇਰੇ ਨਾਲ ਹੱਥ ਮਿਲਾਉਂਦਾ ਤੇ ਜਗਤਾਰ ਨਾਲ ਗੱਲੀਂ ਰੁੱਝ ਜਾਂਦਾ। ਉਹਦੇ ਲਈ ਹੋਵੇਗਾ ‘ਕੋਈ ਵਰਿਆਮ ਸੰਧੂ’। ਉਹਨੇ ਕਿਹੜਾ ਇਸ ਦਾ ਨਾਂ ਸੁਣਿਆ ਹੋਇਆ ਸੀ।‘‘ਦੇਖ ਲੈ ਵਰਿਆਮ…ਏਥੇ ਕਿਸੇ ਨੂੰ ਤੇਰਾ ਪਤਾ ਵੀ ਨਹੀਂ। ਇਥੇ ਤਾਂ ਬਹੁਤੇ ਆਪਣੇ ਪਾਸੇ ਦੇ ਉਹ ਕਹਾਣੀਕਾਰ ਬੜੇ ਵੱਡੇ ਕਹਾਣੀਕਾਰ ਵਜੋਂ ਜਾਣੇ ਜਾਂਦੇ ਨੇ, ਜਿਨ੍ਹਾਂ ਨੂੰ ਅਜੇ ਕਹਾਣੀ ਲਿਖਣੀ ਵੀ ਨਹੀਂ ਆਉਂਦੀ।’’ ਜਗਤਾਰ ਹੱਸਿਆ।ਇਹ ਠੀਕ ਹੀ ਸੀ। ਅਜਿਹੀ ਸਥਿਤੀ ਵਿਚ ਪਹੁੰਚ ਵਾਲੇ, ‘ਪਹੁੰਚ ਕਰਨ ਵਾਲੇ’, ‘ਸਬੰਧ ਬਣਾਉਣ ਵਾਲੇ’, ‘ਅੱਗੇ ਅੱਗੇ ਦਿਸਣ ਦੀ ਲਾਲਸਾ ਰੱਖਣ ਵਾਲੇ’, ‘ਇਕ ਦੂਜੇ ਦਾ ਹੱਥ ਧੋਣ-ਧੁਆਉਣ ਵਾਲੇ’ ਕੁਝ ਲਾਹਾ ਤਾਂ ਖੱਟਦੇ ਹੀ ਹਨ। ਸਾਡੇ ਵੀ ਇਧਰ ਪੇਸ਼ ਹੋਣ ਵਾਲੇ ਲਹਿੰਦੇ ਪੰਜਾਬ ਦੇ ਲੇਖਕਾਂ ਤੋਂ ਇਲਾਵਾ ਕੁਝ ਅਜਿਹੇ ਵਧੀਆ ਲੇਖਕ ਉਧਰ ਵੀ ਹੋ ਸਕਦੇ ਨੇ, ਜਿਨ੍ਹਾਂ ਦੀ ਇਧਰ ਰਸਾਈ ਨਾ ਹੋ ਸਕੀ ਹੋਵੇ। ਮਸਲਨ ਮੁਹੰਮਦ ਮਨਸ਼ਾ ਯਾਦ ਉਧਰਲਾ ਬਹੁਤ ਵਧੀਆ ਕਹਾਣੀਕਾਰ ਹੈ ਪਰ ਇਧਰ ਉਸ ਦੀਆਂ ਇੱਕਾ-ਦੁੱਕਾ ਕਹਾਣੀਆਂ ਤੋਂ ਇਲਾਵਾ ਕੁਝ ਨਹੀਂ ਛਪਿਆ। ਅਫਜ਼ਲ ਤੌਸੀਫ਼ ਦੀ ਬਹੁਤ ਵਧੀਆ ਵਾਰਤਕ ਦੇ ਨਮੂਨੇ ਸਾਨੂੰ ਪਿਛਲੇ ਸਾਲਾਂ ‘ਚ ਹੀ ਵੇਖਣ ਨੂੰ ਮਿਲ ਸਕੇ ਹਨ।‘‘ਡਾਕਟਰ ਸਾਹਿਬ! ਇਹ ਮਸਲੇ ਵੀ ਆਪਸ ਵਿਚ ਲਗਾਤਾਰ ਮਿਲ ਬੈਠਣ ਤੇ ਇਕ ਦੂਜੇ ਨੂੰ ਬਾਕਾਇਦਾ ਤੇ ਪੂਰਾ ਪੜ੍ਹਨ-ਪੜ੍ਹਾਉਣ ਨਾਲ ਹੱਲ ਹੋ ਸਕਦੇ ਹਨ,’’ ਮੈਂ ਆਖਿਆ ਤਾਂ ਜਗਤਾਰ ਨੇ ਵਾਜਬ ਪ੍ਰਸ਼ਨ ਉਠਾਇਆ, ‘‘ਪਰ ਇਹ ਲਿਪੀ ਦਾ ਵੱਡਾ ਮਸਲਾ ਹੈ। ਇਕ ਪਾਸੇ ਗੁਰਮੁਖੀ ਤੇ ਦੂਜੇ ਪਾਸੇ ਸ਼ਾਹਮੁਖੀ।’’ਕਿਸੇ ਨੇ ਜਗਤਾਰ ਦੀ ਬਾਂਹ ਫੜ ਕੇ ਰੋਕਿਆ ਤੇ ਜੱਫੀ ਵਿਚ ਲੈ ਲਿਆ। ਮੈਂ ਮੁੱਖ ਹਾਲ ਤੋਂ ਪਹਿਲਾਂ ਪੈਂਦੇ ਇਕ ਹੋਰ ਨਿੱਕੇ ਹਾਲ ਵਿਚ ਲੱਗੇ ਕਿਤਾਬਾਂ ਦੇ ਸਟਾਲ ਦੇਖਣ ਲੱਗਾ। ਇਕ ਕਿਤਾਬ ਚੁੱਕ ਕੇ ਵੇਖੀ, ਫਿਰ ਦੂਜੀ। ‘‘ਇਹ ਤਾਂ ਲਿਪੀਆਂ ਦਾ ਮਸਲਾ ਹੱਲ ਕੀਤਾ ਪਿਐ’’, ਮੈਂ ਆਪਣੇ ਆਪ ਨੂੰ ਆਖਿਆ। ਇਲਿਆਸ ਘੁੰਮਣ ਦੇ ਯਤਨਾਂ ਨਾਲ ਸਥਾਪਤ ਅਦਾਰੇ ਵਲੋਂ ਅਜਿਹੀਆਂ ਪੁਸਤਕਾਂ ਛਾਪੀਆਂ ਗਈਆਂ ਸਨ ਜਿਨ੍ਹਾਂ ਦੇ ਇਕ ਪਾਸੇ ਗੁਰਮੁਖੀ ਲਿਪੀ ਵਿਚ ਲਿਖਤ ਛਪੀ ਹੋਈ ਸੀ ਤੇ ਦੂਜੇ ਅੱਧ ਵਿਚ ਸ਼ਾਹਮੁਖੀ ਲਿਪੀ ਵਿਚ।ਇਹ ਇਕ ਬਹੁਤ ਹੀ ਖ਼ੂਬਸੂਰਤ ਤੇ ਢੁਕਵਾਂ ਤਰੀਕਾ ਸੀ ਜ਼ਬਾਨ ਤੇ ਲਿਪੀ ਦੇ ਪੱਧਰ ਉੱਤੇ ਨੇੜੇ ਆਉਣ ਦਾ। ਇਕ ਲਿਪੀ ਨੂੰ ਦੂਜੀ ਲਿਪੀ ਨਾਲੋਂ ਚੰਗੀ ਜਾਂ ਮਾੜੀ ਨਾ ਆਖਣ ਦਾ ਤੇ ਆਪਸੀ ਵਿਰੋਧ ਤਿਆਗਣ ਦਾ। ਦੋਹਾਂ ਲਿਪੀਆਂ ਨੂੰ ਬਰਾਬਰ ਦਾ ਸਤਿਕਾਰ ਦੇਣ ਦਾ। ਹੁਣ ਅਸੀਂ ਏਨਾ ਅੱਗੇ ਆ ਚੁੱਕੇ ਹਾਂ ਕਿ ਇਕ ਲਿਪੀ ਨੂੰ ਦੂਜੀ ਲਿਪੀ ਨਾਲੋਂ ਉੱਤਮ ਕਹਿ ਕੇ ਦੂਜੀ ਧਿਰ ਨੂੰ ਵਿਸ਼ੇਸ਼ ਲਿਪੀ ਅਪਣਾਉਣ ਜਾਂ ਤਿਆਗਣ ਲਈ ਆਖਣਾ ਨਵੀਆਂ ਪੇਚੀਦਗੀਆਂ ਖੜ੍ਹੀਆਂ ਕਰ ਸਕਦਾ ਹੈ। ਇਸ ਦਾ ਹੱਲ ਇਹੋ ਹੈ ਕਿ ਚੜ੍ਹਦੇ ਪੰਜਾਬ ਵਾਲਿਆਂ ਨੂੰ ਖੁੱਲ੍ਹੇ ਦਿਲ ਨਾਲ ਉਚੇਚੇ ਯਤਨ ਕਰਕੇ ਸ਼ਾਹਮੁਖੀ ਲਿਪੀ ਸਿੱਖਣੀ ਚਾਹੀਦੀ ਹੈ ਤੇ ਲਹਿੰਦੇ ਪੰਜਾਬ ਵਾਲਿਆਂ ਨੂੰ ਗੁਰਮੁਖੀ ਤਾਂ ਕਿ ਅਸੀਂ ਇਕ ਦੂਜੇ ਦੀ ਲਿਖਤ ਨੂੰ ਪੜ੍ਹ ਸਕੀਏ। ਖ਼ਤ-ਪੱਤਰ ਲਿਖ ਕੇ ਸਦ-ਭਾਵੀ ਅਦਾਨ-ਪ੍ਰਦਾਨ ਕਰ ਸਕੀਏ। ਉਂਜ ਇਹ ਨਿਸਚਿਤ ਹੈ ਕਿ ਜਿਵੇਂ ਅਸੀਂ ਆਪਣੀ ਮਾਤ-ਭਾਸ਼ਾ ਵਿਚ ਹੀ ਚੰਗੀ ਤਰ੍ਹਾਂ ਆਪਣਾ ਆਪਾ ਪ੍ਰਗਟ ਕਰ ਸਕਦੇ ਹਾਂ, ਇੰਜ ਹੀ ਬਚਪਨ ਤੋਂ ਵਰਤੋਂ ਵਿਚ ਲਿਆਈ ਜਾਣ ਵਾਲੀ ਲਿਪੀ ਵਿਚ ਹੀ ਰਵਾਂ-ਚਾਲ ਲਿਖ ਸਕਦੇ ਹਾਂ।ਅਜਿਹੀਆਂ ਪੁਸਤਕਾਂ ਇਕ ਲਿਪੀ ਨੂੰ ਜਾਨਣ ਵਾਲੇ ਪਾਠਕ ਨੂੰ ਦੂਜੀ ਲਿਪੀ ਸਿੱਖਣ ਲਈ ਪ੍ਰੇਰਨਾ ਦਾ ਸੋਮਾ ਵੀ ਬਣ ਸਕਦੀਆਂ ਸਨ। ਇਸ ਉੱਦਮ ਲਈ ਇਲਿਆਸ ਘੁੰਮਣ ਤੇ ਉਸ ਦੇ ਸਾਥੀ ਪ੍ਰਸੰਸਾ ਦੇ ਹੱਕਦਾਰ ਸਨ।ਅਗਲੇ ਪਲ ਪ੍ਰਸੰਸਾ ਦਾ ਹੱਕਦਾਰ ਇਲਿਆਸ ਘੁੰਮਣ ਸੱਚਮੁਚ ਮੇਰੇ ਸਾਹਮਣੇ ਖੜੋਤਾ ਸੀ। ਦੂਜੇ ਪਲ ਉਹਨੇ ਮੈਨੂੰ ਆਪਣੀ ਗੱਲਵਕੜੀ ਵਿਚ ਘੁੱਟ ਲਿਆ ਇਹ ਕਹਿੰਦਿਆਂ ਹੋਇਆ, ‘‘ਲਓ ਜੀ! ਆਹ ਜੇ ਸਾਡਾ ਵੱਡਾ ਕਹਾਣੀਕਾਰ! ਹਿਮਾਲੀਆ ਜਿੱਡਾ…’’ ਉਸ ਨੇ ਖਿੜ ਕੇ ਆਸਮਾਨ ਵੱਲ ਹੱਥ ਉੱਚਾ ਕੀਤਾ। ਸੁੱਖਸਾਂਦ ਪੁੱਛੀ।‘‘ਰਾਤੀਂ ਕਿਤੇ ਦਿਸੇ ਨਹੀਂ ਸਾ ਜੇ…’’ ਉਸ ਨੇ ਪੁੱਛਿਆ ਅਤੇ ਨਾਲ ਹੀ ਆਖਿਆ, ‘‘ਲਓ! ਆਹ ਆ ਗਿਆ ਜੇ ਅਮੀਨ ਮਲਿਕ, ਤੁਹਾਡਾ ਵਜ਼ੀਰੇ-ਆਜ਼ਮ। ਇਹ ਕਹਿੰਦਾ ; ਸੰਧੂ ਮੇਰਾ ਗੁਰੂ ਹੈ।’’ਅਮੀਨ ਮਲਿਕ ਦੇ ਪਿੱਛੇ-ਪਿੱਛੇ ਉਹਦੀ ਪਤਨੀ ਰਾਣੀ ਮਲਿਕ ਸੀ। ਰਾਣੀ ਨੂੰ ਸਲਾਮ ਕਹਿ ਕੇ ਮੈਂ ਤੇ ਮਲਿਕ ਇਕ ਦੂਜੇ ਦੀ ਗਲਵੱਕੜੀ ਵਿਚ ਘੁੱਟੇ ਗਏ।ਅਮੀਨ ਮਲਿਕ ਨੂੰ ਮੈਂ 1997 ਵਿਚ ਆਪਣੀ ਇੰਗਲੈਂਡ ਦੀ ਯਾਤਰਾ ਸਮੇਂ ਮਿਲਿਆ ਸਾਂ। ਉਸ ਨੇ ਮੈਨੂੰ ਬੜੇ ਪਿਆਰ ਨਾਲ ਆਪਣੇ ਘਰ ਖਾਣੇ ‘ਤੇ ਬੁਲਾਇਆ ਸੀ। ਪਰ ਸਭ ਤੋਂ ਵੱਡੀ ਗੱਲ, ਜੋ ਮੈਨੂੰ ਲੱਗੀ, ਉਹ ਸੀ ਉਸ ਦੀ ਪੰਜਾਬੀ ਜ਼ਬਾਨ ਦੀ ਅਤਿ ਦੀ ਤਾਜ਼ਗੀ। ਉਹਦਾ ਜਾਨਦਾਰ ਪੰਜਾਬੀ ਮੁਹਾਵਰਾ। ਮਿੱਟੀ ਦੀ ਮਹਿਕ ਉਹਦੀ ਜ਼ਬਾਨ ‘ਚੋਂ ਡੁੱਲ੍ਹ-ਡੁੱਲ੍ਹ ਪੈਂਦੀ ਸੀ। ਮੈਂ ਉਸ ਨੂੰ ਕਿਹਾ ਸੀ ਕਿ ਜੇ ਕਿਤੇ ਉਹ ਵਾਰਤਕ ਜਾਂ ਕਹਾਣੀ ਲਿਖੇ ਤਾਂ ਕਮਾਲ ਹੋ ਜਾਏ। ਉਹ ਨਿਰੋਲ ਸ਼ਾਇਰ ਸੀ ਪਰ ਉਸ ਕੋਲ ਬੜੀ ਅਮੀਰ ਜ਼ਬਾਨ ਦੇਖ ਕੇ ਮੈਂ ਆਖਿਆ, ‘‘ਤੂੰ ਕਹਾਣੀ ਲਿਖੇ ਤਾਂ ਸਭ ਤੋਂ ਬਾਗ਼ੀ ਲੈ ਜਾਵੇਂ। ਹੋਰ ਕੁਝ ਨਹੀਂ ਤਾਂ ਆਪਣੀ ਜੀਵਨੀ ਹੀ ਲਿਖ।’’ਉਸ ਤੋਂ ਬਾਅਦ ਅਮੀਨ ਮਲਿਕ ਨਾਲ ਮੇਰਾ ਚਿੱਠੀ-ਪੱਤਰ ਵੀ ਚਲਦਾ ਰਿਹਾ। ਉਹਦੀ ਪਹਿਲੀ ਚਿੱਠੀ ਦਾ ਜੁਆਬ ਮੈਂ ਛੇ ਮਹੀਨੇ ਪਛੜ ਕੇ ਦਿੱਤਾ। ਮੈਂ ਚਾਹੁੰਦਾ ਸੀ ਕਿ ਜਦੋਂ ਮੈਂ ਮਲਿਕ ਨੂੰ ਚਿੱਠੀ ਲਿਖਾਂ ਤਾਂ ਸ਼ਾਹਮੁਖੀ ਲਿਪੀ ਵਿਚ ਹੋਵੇ ਕਿਉਂਕਿ ਉਹ ਸ਼ਾਹਮੁਖੀ ਹੀ ਪੜ੍ਹ ਸਕਦਾ ਸੀ। ਮੈਂ ਭਾਸ਼ਾ ਵਿਭਾਗ ਪੰਜਾਬ ਦਾ ‘ਉਰਦੂ ਆਮੋਜ਼’ ਦਾ ਕੋਰਸ ਪਾਸ ਕੀਤਾ ਤੇ ਪੰਜਾਬ ਵਿਚੋਂ ਪਹਿਲੇ ਨੰਬਰ ‘ਤੇ ਆਇਆ। ਉਸ ਤੋਂ ਬਾਅਦ ਮੈਂ ਅਮੀਨ ਮਲਿਕ ਨੂੰ ਚਿੱਠੀ ਲਿਖੀ। ਇਹ ਸੀ ਉਹ ਪ੍ਰੇਰਨਾ, ਜੋ ਇਕ ਦੂਜੇ ਨੂੰ ਮਿਲਣ ਉਪਰੰਤ ਮੇਰੇ ਅੰਦਰ ਪੈਦਾ ਹੋਈ ਤੇ ਮੁਹੱਬਤੀ ਰਾਬਤਾ ਬਣਾਈ ਰੱਖਣ ਲਈ ਮੈਂ ਸ਼ਾਹਮੁਖੀ ਸਿੱਖ ਲਈ। ਇਹ ਇਕ ਜ਼ਾਹਿਰਾ ਉਦਾਹਰਣ ਸੀ ਦੂਜਿਆਂ ਵਾਸਤੇ ਕਿ ਜੇ ਮਿਲਾਂ ਗਿਲਾਂਗੇ, ਨੇੜੇ ਆਵਾਂਗੇ ਤਾਂ ਲਿਪੀ, ਭਾਸ਼ਾ ਤੇ ਦਿਲਾਂ ਦੀਆਂ ਦੂਰੀਆਂ ਨੇੜੇ ਹੋ ਸਕਦੀਆਂ ਨੇ।’’‘‘ਓ ਭਰਾਵਾ! ਤੂੰ ਮੈਨੂੰ ਕੀ ਸਰਾਪ ਦੇ ‘ਤਾ ਵਜ਼ੀਰੇ-ਆਜ਼ਮ ਆਖ ਕੇ।’’ਉਸ ਨੇ ਹੱਸਦਿਆਂ ਹੋਇਆ ਮੈਨੂੰ ਮਿੱਠਾ ਉਲ੍ਹਾਮਾ ਦਿੱਤਾ। ਅਸਲ ਵਿਚ ਮੈਂ ਉਸ ਨੂੰ ਮਿਲਣ ਤੋਂ ਪਿੱਛੋਂ ਉਸ ਬਾਰੇ ਇਕ ਆਰਟੀਕਲ ਲਿਖਿਆ ਜੋ ‘ਅਜੀਤ’ ਦੇ ਮੁੱਖ ਪੰਨਿਆਂ ਉੱਤੇ ਅਤੇ ਪਿੱਛੋਂ ਮੇਰੇ ਸਫ਼ਰਨਾਮੇ ‘ਪਰਦੇਸੀ ਪੰਜਾਬ’ ਵਿਚ ਛਪਿਆ ਸੀ। ਉਸ ਦਾ ਸਿਰਲੇਖ ਸੀ, ‘‘ਸਾਡਾ ਵਜ਼ੀਰੇ-ਆਜ਼ਮ’’। ਜਦੋਂ ਲੰਡਨ ਵਿਚ ਉਸ ਨੇ ਮੈਨੂੰ ਕਿਹਾ ਕਿ ਲਾਹੌਰ ਵਿਚ ਉਸ ਦੀ ਕੋਠੀ ਮਾਡਲ ਟਾਊਨ ਵਿਚ ਹੈ ਜਿਥੇ (ਉਦੋਂ ਦੇ) ਵਜ਼ੀਰੇ-ਆਜ਼ਮ-ਨਵਾਜ਼ ਸ਼ਰੀਫ ਦੀ ਕੋਠੀ ਹੈ ਤਾਂ ਮੈਂ ਹੱਸ ਕੇ ਕਿਹਾ ਸੀ, ‘‘ਅਸੀਂ ਉਸ ਵਜ਼ੀਰੇ-ਆਜ਼ਮ ਤੋਂ ਕੀ ਲੈਣਾ ਹੈ। ਸਾਡਾ ਵਜ਼ੀਰੇ-ਆਜ਼ਮ ਤਾਂ ਅਮੀਨ ਮਲਿਕ ਹੈ।’’ਹੁਣ ਉਸੇ ‘ਵਜ਼ੀਰੇ-ਆਜ਼ਮ’ ਨੂੰ ਰਿੜਕਿਆ ਜਾ ਰਿਹਾ ਸੀ।‘‘ਮੈਨੂੰ ਲੋਕਾਂ ਦੇ ਫੋਨ ਆਏ ਤੇਰਾ ‘ਵਜ਼ੀਰੇ-ਆਜ਼ਮ’ ਵਾਲਾ ਆਰਟੀਕਲ ਪੜ੍ਹ ਕੇ ਤਾਂ ਮੈਂ ਡਰ ਗਿਆ। ਉਏ ਸਾਡੇ ਤਾਂ ਜਿਹੜਾ ਵਜ਼ੀਰੇ-ਆਜ਼ਮ ਬਣਦੈ ਉਸ ਨੂੰ ਜਾਂ ਫਾਂਸੀ ਲੱਗਦੀ ਹੈ ਜਾਂ ਦੇਸ਼ ਨਿਕਾਲਾ ਮਿਲਦੈ ਜਾਂ ਉਹਦਾ ਜਹਾਜ਼ ਹੀ ਤਬਾਹ ਕਰਕੇ ਫੀਤਾ-ਫੀਤਾ ਕਰ ਦਿੱਤਾ ਜਾਂਦਾ ਹੈ।’’ ਉਹ ਠਹਾਕਾ ਮਾਰ ਕੇ ਹੱਸਿਆ ਤੇ ਮੈਨੂੰ ਗਲਵੱਕੜੀ ਵਿਚ ਘੁੱਟ ਲਿਆ।ਕਿਸੇ ਹੋਰ ਨੇ ਉਹਨੂੰ ਆ ‘ਸਲਾਮ’ ਬੁਲਾਈ ਤੇ ਉਹਦੀਆਂ ਲਿਖਤਾਂ ਦੀ ਤਾਰੀਫ਼ ਕੀਤੀ। ਉਹ ਅੱਗੇ ਕਹਿਣ ਲੱਗਾ, ‘‘ਉਏ ਆਹ ਈ ਮੇਰਾ ਦੁਸ਼ਮਣ ਜੀਹਨੇ ਮੈਨੂੰ ਪੁੱਠੇ-ਪਾਸੇ ਪਾਇਆ ਈ। ਐਹਨੂੰ ਮੁਬਾਰਕ ਆਖ। ਇਹਦੀ ਤਾਰੀਫ਼ ਕਰ। ਇਹ ਬੜਾ ਸਾਨ੍ਹ, ਕਹਾਣੀਕਾਰ ਈ ਉਏ। ਮੈਂ ਤਾਂ ਮੁਹੱਬਤ ਕਰਨ ਵਾਲਾ ਬੜਾ ਛੋਟਾ ਜਿਹਾ ਬੰਦੈਂ।’’ਉਸ ਨੇ ਮੇਰਾ ਹੱਥ ਘੁੱਟ ਲਿਆ ਤੇ ਫਿਰ ਮੈਨੂੰ ਬਾਹੋਂ ਧੂਹ ਕੇ ਸਟਾਲ ਉੱਤੇ ਲੈ ਗਿਆ, ‘‘ਆਹ ਲੈ! ਇਹਨਾਂ ਨੇ ਮੇਰੀਆਂ ਚਿੱਠੀਆਂ ਦੀ ਕਿਤਾਬ ਛਾਪ ਛੱਡੀ ਊ। ਚਿੱਠੀਏ ਮਲਿਕ ਦੀਏ। ਦੱਸ ਬਈ ਕਿੰਨੇ ਪੈਸੇ ਦੀ ਕਿਤਾਬ ਏ।’’ ਉਸ ਆਪਣੀ ਹੀ ਕਿਤਾਬ ਮੁੱਲ ਖ਼ਰੀਦ ਕੇ ਮੈਨੂੰ ਭੇਟ ਕੀਤੀ। ਉਹਦੀਆਂ ਚਿੱਠੀਆਂ ਦਾ ਸਾਹਿਤਕ ਮਹੱਤਵ ਜਾਣਦਿਆਂ ਇਲਿਆਸ ਘੁੰਮਣ ਹੁਰਾਂ ਇਹ ਕਿਤਾਬ ਛਾਪ ਦਿੱਤੀ ਸੀ।ਸੱਚਮੁੱਚ ਅਮੀਨ ਮਲਿਕ ਦਾ ਗੱਲ ਕਹਿਣ ਤੇ ਲਿਖਣ ਦਾ ਨਿਰਾਲਾ ਅੰਦਾਜ਼ ਅਗਲੇ ਨੂੰ ਕੀਲ ਲੈਂਦਾ ਹੈ। ਮੈਂ ਪਿਛਲੇ ਦਿਨੀਂ ਛਪੀ ਉਸ ਦੀ ਕਹਾਣੀ ‘ਗੂੰਗੀ ਤ੍ਰੇਹ’ ਦੀ ਤਾਰੀਫ ਕੀਤੀ ਤੇ ਆਖਿਆ, ‘‘ਤੂੰ ਪਾਸ ਹੋ ਗਿਐਂ। ਸੌ ਬਟਾ ਸੌ ਨੰਬਰ। ਵਿਸ਼ੇ, ਨਿਭਾਅ ਤੇ ਜ਼ਬਾਨ ਪੱਖੋਂ ਅਦਭੁੱਤ ਕਹਾਣੀ ਹੈ।’’‘‘ਹੱਛਾ!’’ ਉਹ ਖਾਮੋਸ਼ ਚਮਕਦੀਆਂ ਅੱਖਾਂ ਨਾਲ ਮੇਰੇ ਵੱਲ ਵੇਖ ਕੇ ਮੁਸਕਰਾਇਆ।ਮੈਂ ਗਲਾ ਖੰਘੂਰ ਕੇ ਆਖਿਆ, ‘‘ਇਹੋ ਜਿਹੀ ਕਹਾਣੀ ਤੂੰ ਹੀ ਲਿਖ ਸਕਦਾ ਸੈਂ।’’‘‘ਕੀ ਗੱਲ ਗਲੇ ‘ਚ ਕੋਈ ਖ਼ਰਾਬੀ ਹੈ? ਮੈਂ ਤੇਰੇ ਲਈ ਗੋਲੀਆਂ ਲੈ ਕੇ ਆਇਆਂ ਲੰਡਨੋਂ। ਐਹ ਰਾਣੀ ਤੋਂ ਲੈ ਲੈ। ਤੈਨੂੰ ਹੁਣ ਇਨ੍ਹਾਂ ਗੋਲੀਆਂ ਦੀ ਲੋੜ ਹੈ।’’ਫਿਰ ਉਹ ਦੂਜੇ ਪ੍ਰੇਮੀ ਨਾਲ ਗੱਲੀਂ ਰੁਝ ਗਿਆ। ਮੈਂ ਰਾਣੀ ਨੂੰ ਗੋਲੀ ਦੇਣ ਲਈ ਕਿਹਾ ਤਾਂ ਉਸ ਨੇ ਇਕ ਵੱਡਾ ਡੱਬਾ ਮੇਰੇ ਹੱਥ ਫੜਾਇਆ ਆਪਣੇ ਪਰਸ ‘ਚੋਂ ਕੱਢ ਕੇ। ਉਹਦੇ ਉੱਤੇ ਲਿਖਿਆ ਪੜ੍ਹ ਕੇ ਮੈਂ ਪੁੱਛਿਆ, ‘‘ਇਹ ਗਲੇ ਖਰਾਬ ਦੀਆਂ ਨੇ?’’ਅਮੀਨ ਮਲਿਕ ਨੇ ਮੂੰਹ ਭੁਆਇਆ ਤੇ ਕਹਿਣ ਲੱਗਾ, ‘‘ਇਹ ਤੇਰੇ ਲਈ ਨੇ…ਪੰਜਾਹਵਾਂ ਦਾ ਹੋ ਗਿਐ ਨਾ…ਏਦੋਂ ਪਿੱਛੋਂ ਐਵੇਂ ਹੀ ਸਰੀਰ ਨੂੰ ਨਿੱਕੀਆਂ ਮੋਟੀਆਂ ਲਗਣ ਵਾਲੀਆਂ ਬੀਮਾਰੀਆਂ ਤੇ ਕਮਜ਼ੋਰੀਆਂ ਤੋਂ ਬਚਾਈ ਰੱਖਣ ਵਾਲੀਆਂ ਗੋਲੀਆਂ ਨੇ। ਰੋਜ਼ ਦੀ ਇਕ। ਫ਼ਾਇਦਾ ਹੀ ਫ਼ਾਇਦਾ। ਨੁਕਸਾਨ ਕੋਈ ਨਹੀਂ। ਬੰਦੇ ਨੂੰ ਤਾਜ਼ਾ ਤੇ ਤੰਦਰੁਸਤ ਰੱਖਦੀਆਂ ਨੇ। ਤੇਰੇ ਲਈ ਉਚੇਚੀਆਂ ਲੈ ਕੇ ਆਇਆਂ।’’ ਉਸ ਨੂੰ ਸੱਚਮੁੱਚ ਮੇਰਾ ਏਨਾ ਖ਼ਿਆਲ ਸੀ।ਲੋਕ ਅੰਦਰਲੇ ਹਾਲ ਵਿਚ ਜਾ ਕੇ ਕੁਰਸੀਆਂ ਮੱਲ ਰਹੇ ਸਨ। ਕਾਨਫ਼ਰੰਸ ਦਾ ਉਦਘਾਟਨੀ ਸੈਸ਼ਨ ਸ਼ੁਰੂ ਹੋਣ ਵਾਲਾ ਸੀ। ਜਗਤਾਰ ਮੇਰੇ ਕੋਲ ਆਇਆ ਤੇ ਕਹਿਣ ਲੱਗਾ, ‘‘ਆ ਤੈਨੂੰ ਸਾਕਿਬ ਨੂੰ ਮਿਲਾਵਾਂ। ਇਥੋਂ ‘ਮਾਂ-ਬੋਲੀ’ ਪਰਚਾ ਕੱਢਦੈ ਪੰਜਾਬੀ ‘ਚ।’’ਸਾਕਿਬ ਆਪਣੇ ਕਿਤਾਬਾਂ ਦੇ ਸਟਾਲ ‘ਤੇ ਖੜੋਤਾ ਸੀ। ਜਗਤਾਰ ਨੇ ਪਹਿਲਾਂ ਵਾਲੇ ਅੰਦਾਜ਼ ਵਿਚ ਹੀ ਮੇਰਾ ਤੁਆਰਫ਼ ਕਰਵਾਇਆ। ਸਾਕਿਬ ਨੇ ਮੱਥੇ ਨੂੰ ਹੱਥ ਲਾ ਕੇ ਅਦਬ ਨਾਲ ਮੈਨੂੰ ਹੱਥ ਮਿਲਾਇਆ। ਉਹ ਤਾਂ ਮੈਨੂੰ ਚੰਗੀ ਤਰ੍ਹਾਂ ਜਾਣਦਾ ਸੀ। ਮੈਂ ਵੀ ਉਸ ਬਾਰੇ ਸੁਣਿਆ ਹੋਇਆ ਸੀ। ਨਿੱਕੀ-ਨਿੱਕੀ ਕਰੜ-ਬਰੜੀ ਦਾੜ੍ਹੀ। ਮੂੰਹ ਵਿਚ ਪਾਨ। ਮਿੱਠ-ਬੋਲੜਾ, ਸਾਊ ਤੇ ਸ਼ਰੀਫ਼ ਦਿੱਖ ਵਾਲਾ। ਮੈਂ ਉਸ ਨੂੰ ਕੁਝ ਪੈਸੇ ਉਹਦੇ ਪਰਚੇ ਦੇ ਚੰਦੇ ਵਜੋਂ ਦਿੱਤੇ।‘‘ਜ਼ੈਗਮ ਨਹੀਂ ਆਇਆ, ਨਜਮ ਹੁਸੈਨ ਸਈਅਦ ਵੀ,’’ ਜਗਤਾਰ ਨੇ ਉਸ ਨੂੰ ਪੁੱਛਿਆ।ਪਤਾ ਲੱਗਾ ਅੰਦਰਲੇ ਮਨ-ਮੁਟਾਵ ਜਾਂ ਆਪਸੀ ਵਿਰੋਧ ਜਾਂ ਗੁੱਟ-ਬੰਦੀਆਂ ਦਾ ਅਸਰ ਇਥੇ ਵੀ ਸੀ। ਕਿਥੇ ਨਹੀਂ ਹੁੰਦਾ? ਪਰ ਜਿਨ੍ਹਾਂ ਨੂੰ ਨਹੀਂ ਵੀ ਸੀ ਬੁਲਾਇਆ ਗਿਆ, ਉਹ ਵੀ ਪਾਕਿਸਤਾਨ ਵਿਚੋਂ ਦੂਰੋਂ-ਦੂਰੋਂ ਆਪੇ ਹੀ ਆ ਪੁੱਜੇ ਸਨ। ਇਹ ਪਹਿਲੀ ਵਾਰੀ ਸੀ ਕਿ ਏਡੀ ਵੱਡੀ ਗਿਣਤੀ ਵਿਚ ਭਾਰਤੀ ਪੰਜਾਬ ਤੋਂ ਦਾਨਿਸ਼ਵਰ ਪੁੱਜੇ ਸਨ।ਪਾਕਿਸਤਾਨ ਦੇ ਲੇਖਕ ਉਨ੍ਹਾਂ ਨੂੰ ਮਿਲਣਾ ਚਾਹੁੰਦੇ ਸਨ, ਵੇਖਣਾ ਚਾਹੁੰਦੇ ਸਨ, ਉਨ੍ਹਾਂ ਨਾਲ ਗੁਫ਼ਤਗੂ ਕਰਨਾ ਚਾਹੁੰਦੇ ਸਨ। ਕੀ ਹੋਇਆ ਜੇ ਉਨ੍ਹਾਂ ਨੂੰ ਬਕਾਇਦਾ ਸੱਦਾ-ਪੱਤਰ ਨਹੀਂ ਸੀ ਦਿੱਤਾ ਗਿਆ। ਇਹ ਤਾਂ ਦਿਲ ਦਾ ਦਿਲ ਨੂੰ ਤੇ ਰੂਹ ਦਾ ਰੂਹ ਨੂੰ ਖ਼ਾਮੋਸ਼ ਸੱਦਾ ਸੀ। ਲਿਖਤੀ ਸੱਦਿਆਂ ਤੋਂ ਕਿਤੇ ਪਾਰ ਦੀ ਗੱਲ।‘‘ਅਸੀਂ ਤਾਂ ਬਿਨਾਂ ਸੱਦਿਆਂ ਸ਼ਰੀਕ ਦੇ ਵਿਆਹ ਉੱਤੇ ਆਪਣੇ ਭਰਾਵਾਂ ਨੂੰ ਮਿਲਣ ਆਏ ਹਾਂ।’’ ਕਿਸੇ ਅਣਸੱਦੇ ਪੁਰਾਣੇ ਨੇ ਆਖਿਆ।ਅੰਦਰੋਂ ਮਾਈਕ ਤੋਂ ਸਭ ਨੂੰ ਹਾਲ ਵਿਚ ਪੁੱਜਣ ਦਾ ਪੁਰ-ਖ਼ਲੂਸ ਸੱਦਾ ਦਿੱਤਾ ਜਾ ਰਿਹਾ ਸੀ। ਆਲਮੀ ਪੰਜਾਬੀ ਕਾਨਫ਼ਰੰਸ ਦਾ ਉਦਘਾਟਨੀ ਸਮਾਗਮ ਸ਼ੁਰੂ ਹੋਣ ਵਾਲਾ ਸੀ।