ਸੂਰਜ ਦੂਰ ਦਿਸਹੱਦੇ ‘ਤੇ ਖੜੋਤੇ ਰੁੱਖਾਂ ਦੀਆਂ ਚੋਟੀਆਂ ਨੂੰ ਚੁੰਮਣ ਲਈ ਨੀਵਾਂ ਹੋ ਰਿਹਾ ਸੀ। ਸਵੇਰੇ ਸੱਤ ਵਜੇ ਅਟਾਰੀ ਪਹੁੰਚਣ ਤੋਂ ਲੈ ਕੇ ਇਕ ਲੰਮੀ ਪ੍ਰਕਿਰਿਆ ਵਿਚੋਂ ਗੁਜ਼ਰਨ ਉਪਰੰਤ ਹੁਣ ਕਿਤੇ ਗੱਡੀ ਲਾਹੌਰ ਨੂੰ ਤੁਰੀ ਸੀ। ਦੂਜੇ ਸਾਥੀਆਂ ਵਾਂਗ ਹੀ ਕਦੀ ਇਕ ਪਾਸੇ ਤੇ ਕਦੀ ਦੂਜੇ ਪਾਸੇ ਮੂੰਹ ਕਰਕੇ ਮੈਂ ਬਾਰੀ ਵਿਚੋਂ ਬਾਹਰ ਵੇਖ ਰਿਹਾ ਸਾਂ। ਕਾਹਲੀ-ਕਾਹਲੀ ਇਹ ਸਮੁੱਚਾ ਦ੍ਰਿਸ਼ ਆਪਣੀਆਂ ਅੱਖਾਂ ਵਿਚ ਵਸਾ ਲੈਣਾ ਚਾਹੁੰਦਾ ਸਾਂ। ਦੂਰ ਤੱਕ ਦਿਸਦੇ ਕਣਕਾਂ ਦੇ ਸੁਨਹਿਰੀ ਖੇਤ ਤੇ ਵਿਚ ਹਰੇ-ਭਰੇ ਦਰਖਤ। ਰੇਲਵੇ ਲਾਈਨ ਨਾਲ ਵੱਸਦੇ ਪਿੰਡਾਂ ਵਿਚ ਰੋਜ਼-ਮੱਰਾ ਦੇ ਕੰਮਾਂ ਧੰਦਿਆਂ ਵਿਚ ਰੁੱਝੇ, ਦੁਕਾਨਾਂ ‘ਤੇ ਖੜੋਤੇ, ਗਲੀਆਂ ‘ਚ ਫਿਰਦੇ ਆਦਮੀ। ਖੇਡਦੇ ਹੋਏ ਬੱਚੇ। ਕੰਧਾਂ ਉਥੇ ਉਰਦੂ ‘ਚ ਕੀਤੀ ਇਸ਼ਤਿਹਾਰਬਾਜ਼ੀ। ਸਾਡੇ ਵਾਂਗ ਹੀ ਅੰਗਰੇਜ਼ੀ ਮਾਧਿਅਮ ਦੇ ਪਬਲਿਕ ਸਕੂਲਾਂ ਵੱਲ ਖਿੱਚਣ ਲਈ ਕੰਧਾਂ ‘ਤੇ ਕੀਤੀ ਲਿਖਤੀ ਨੁਮਾਇਸ਼।
‘ਛਕ-ਛਕ-ਛਕ’ ਗੱਡੀ ਆਪਣੀ ਮੰਜ਼ਿਲ ਵੱਲ ਵਧ ਰਹੀ ਸੀ। ਲੋਕ ਉਤੇਜਿਤ ਹੋ ਰਹੇ ਸਨ। ਜੱਲੋ ਆਈ….ਮੁਗ਼ਲਪੁਰਾ…ਤੇ ਫਿਰ ਲਾਹੌਰ ਸ਼ੁਰੂ ਹੋ ਗਿਆ। ਲੱਗਾ, ਜਿਵੇਂ ਅੰਮ੍ਰਿਤਸਰ ਵਿਚ ਹੀ ਗੱਡੀ ਦਾਖ਼ਲ ਹੋ ਗਈ ਹੋਵੇ। ਸੂਰਜ ਡੁੱਬ ਚੁੱਕਾ ਸੀ। ਨਿੰਮ੍ਹਾ-ਨਿੰਮ੍ਹਾ ਹਨੇਰਾ ਪਸਰ ਆਇਆ ਸੀ। ਲਾਹੌਰ ਦੀਆਂ ਰੌਸ਼ਨੀਆਂ ਜਗ ਪਈਆਂ ਸਨ। ਆਖ਼ਿਰਕਾਰ ਲਾਹੌਰ ਦਾ ਇਤਿਹਾਸਕ ਰੇਲਵੇ ਸਟੇਸ਼ਨ ਆ ਹੀ ਗਿਆ।ਮੈਂ ਤੇ ਜਗਤਾਰ ਨੇ ਆਪਣਾ ਸਾਮਾਨ ਉਤਾਰਿਆ ਤੇ ਆਪਣੇ ਸਾਥੀਆਂ ਦੀ ਭੀੜ ਵਿਚ ਪਲੇਟਫਾਰਮ ‘ਤੇ ਬਾਹਰ ਵੱਲ ਤੁਰਨ ਲੱਗੇ। ਸਾਹਮਣੇ ਕੁਝ ਲੋਕ ਗੁਲਾਬ ਅਤੇ ਗੇਂਦੇ ਦੇ ਫੁੱਲਾਂ ਦੇ ਹਾਰ ਲੈ ਕੇ ਖੜੋਤੇ ਸਨ। ਉਹ ਆਪੋ ਆਪਣੇ ਜਾਣੂਆਂ-ਸਿਆਣੂਆਂ ਦੇ ਗਲ ਵਿਚ ਪਾ ਕੇ ਉਨ੍ਹਾਂ ਦਾ ਇਸਤਕਬਾਲ ਕਰ ਰਹੇ ਸਨ। ਇਨ੍ਹਾਂ ਲੋਕਾਂ ‘ਚ ਮੇਰੀ ਜਾਣ-ਪਛਾਣ ਵਾਲਾ ਤਾਂ ਕੋਈ ਹੋ ਹੀ ਨਹੀਂ ਸੀ ਸਕਦਾ। ਇਸ ਲਈ ਮੈਨੂੰ ਕਿਸੇ ਕੋਲੋਂ ਅਜਿਹੇ ਸਵਾਗਤ ਦੀ ਆਸ ਹੀ ਨਹੀਂ ਸੀ। ਮੈਂ ਫ਼ਖ਼ਰ ਜ਼ਮਾਂ ਨੂੰ ਦਿੱਲੀ ਹੋਈਆਂ ਕਾਨਫ਼ਰੰਸਾਂ ਸਮੇਂ ਦੋ ਕੁ ਵਾਰ ਮਿਲਿਆ ਹੋਇਆ ਸੀ ਪਰ ਉਹ ਤਾਂ ਸਟੇਸ਼ਨ ‘ਤੇ ਆਇਆ ਹੀ ਨਹੀਂ ਸੀ।‘‘ਲੈ ਬਈ ਫ਼ਖ਼ਰ ਜ਼ਮਾਂ ਤਾਂ ਕਿਤੇ ਦੀਂਹਦਾ ਨਹੀਂ।’’ ਜਗਤਾਰ ਨੇ ਤੁਰੇ ਜਾਂਦਿਆਂ ਮੇਰੇ ਮਨ ਦੀ ਗੱਲ ਬੁੱਝ ਲਈ ਸੀ। ਜਗਤਾਰ ਦੀ ਉਸ ਨਾਲ ਚੰਗੀ ਜਾਣ-ਪਛਾਣ ਸੀ। ਉਸ ਨਾਲ ਹੀ ਕਿਉਂ! ਉਹ ਤਾਂ ਅਨੇਕਾਂ ਵਾਰ ਪਾਕਿਸਤਾਨ ਆਇਆ ਸੀ ਤੇ ਉਸ ਦੇ ਏਥੇ ਬੇਅੰਤ ਦੋਸਤ ਸਨ ; ਪਰ ਵੀਜ਼ਾ ਲੱਗਣ ਜਾਂ ਨਾ ਲੱਗਣ ਦੀ ਦੁਬਿਧਾ ਵਿਚ ਉਹ ਕਿਸੇ ਮਿੱਤਰ ਨੂੰ ਪਹਿਲਾਂ ਸੂਚਿਤ ਨਹੀਂ ਸੀ ਕਰ ਸਕਿਆ। ਅਚੇਤ ਤੌਰ ‘ਤੇ ਤਾਂ ਸ਼ਾਇਦ ਹਰ ਕੋਈ ਭਾਵ-ਭਿੰਨੀ ਖ਼ੁਸ਼-ਆਮਦੀਦ ਲੋੜਦਾ ਹੈ ਪਰ ਬਿਨਾਂ ਕਿਸੇ ਜਾਣ-ਪਛਾਣ ਤੋਂ ਐਵੇਂ ਹੀ ਹਾਰਾਂ ਵਾਲਿਆਂ ਦੇ ਸਾਹਮਣੇ ਹੋ ਕੇ ਆਪਾ ਜਤਾਉਣ ਤੇ ਹਾਰ ਗਲ ਵਿਚ ਪੁਆਉਣ ਦੀ ਕੋਸ਼ਿਸ਼ ਬਹੁਤ ਹੋਛੀ ਲੱਗਦੀ ਹੈ। ਇਸ ਲਈ ਅਸੀਂ ਹਾਰਾਂ ਵਾਲਿਆਂ ਤੋਂ ਟੇਢ ਵੱਟ ਕੇ ਪਾਸੇ ਦੀ ਗੁਜ਼ਰ ਰਹੇ ਸਾਂ। ਸਾਹਮਣੇ ਰਾਇ ਅਜ਼ੀਜ਼ ਉਲਾ ਤੇ ਇਲਿਆਸ ਘੁੰਮਣ ਹੋਰੀਂ ਸਤਿਨਾਮ ਮਾਣਕ, ਪ੍ਰੇਮ ਸਿੰਘ ਐਡਵੋਕੇਟ ਤੇ ਹੋਰ ਲੋਕਾਂ ਦੇ ਗਲਾਂ ਵਿਚ ਹਾਰ ਪਾ ਕੇ ਮੁਹੱਬਤ ਨਾਲ ਗਲੇ ਮਿਲ ਰਹੇ ਸਨ। ਮੈਂ ਇਨ੍ਹਾਂ ਦੋਹਾਂ ਨੂੰ ਇਨ੍ਹਾਂ ਦੀਆਂ ਜਲੰਧਰ ਫੇਰੀਆਂ ‘ਤੇ ਮਿਲ ਚੁੱਕਾ ਸਾਂ ਪਰ ਇਸ ਸਮੇਂ ਮੈਂ ਅੱਖ ਬਚਾ ਕੇ ਕੋਲੋਂ ਦੀ ਗੁਜ਼ਰ ਗਿਆ। ਜਗਤਾਰ ਵੀ ਮੇਰੇ ਵਾਂਗ ਇਸ ਸਭ ਕਾਸੇ ਤੋਂ ਬੇਨਿਆਜ਼ ਸੀ। ‘‘ਫ਼ਖ਼ਰ ਜ਼ਮਾਂ ਅਮੀਰ ਆਦਮੀ ਹੈ। ਰਾਜਾ…ਐਸ ਵੇਲੇ ਵਿਸਕੀ ਦਾ ਘੁੱਟ ਲਾ ਕੇ ਸਰੂਰ ਵਿਚ ਬੈਠਾ ਹੋਊ…ਉਹ ਕਾਹਨੂੰ ਆਉਂਦਾ ਰੇਲਵੇ ਸਟੇਸ਼ਨ ‘ਤੇ…’’ ਜਗਤਾਰ ਨੇ ਹੱਸਦਿਆਂ ਕਿਹਾ।ਸਟੇਸ਼ਨ ਤੋਂ ਬਾਹਰ ਆਏ ਤਾਂ ਪਤਾ ਲੱਗਾ ਕਿ ਹੋਟਲ ਨੂੰ ਲਿਜਾਣ ਵਾਸਤੇ ਬੱਸਾਂ ਆਈਆਂ ਖੜੋਤੀਆਂ ਹਨ। ਅਸੀਂ ਆਸੇ ਪਾਸੇ ਵੇਖ ਹੀ ਰਹੇ ਸਾਂ ਕਿ ਕਿਸੇ ਅਖ਼ਬਾਰ ਦਾ ਪੱਤਰਕਾਰ ਸਾਡੇ ਕੋਲ ਆ ਕੇ ਖੜ੍ਹੋ ਗਿਆ ਤੇ ਆਪਣੀ ਲਾਹੌਰ-ਆਮਦ ਬਾਰੇ ਮੇਰਾ ਪ੍ਰਤੀਕਰਮ ਜਾਨਣਾ ਚਾਹਿਆ। ਮੇਰੇ ਮੂੰਹੋਂ ਆਪ ਮੁਹਾਰੇ ਨਿਕਲਿਆ, ‘‘ਮੈਂ ਬਹੁਤ ਹੀ ਖ਼ੁਸ਼ ਹਾਂ। ਆਪਣੇ ਸੁਪਨਿਆਂ ਦੇ ਸ਼ਹਿਰ ਲਾਹੌਰ ਆ ਕੇ, ਤੇ ਮੇਰੀ ਖ਼ਾਹਿਸ਼ ਹੈ ਕਿ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਆਪਸ ਵਿਚ ਲੜਨ ਦੀ ਥਾਂ ਸਭ ਮਸਲਿਆਂ ਦਾ ਹੱਲ ਮਿਲ ਬੈਠ ਕੇ ਕਰਨ ਤੇ ਅਜਿਹਾ ਮਾਹੌਲ ਪੈਦਾ ਕਰਨ ਤੇ ਮੌਕਾ ਦੇਣ ਜਿਸ ਨਾਲ ਅਦੀਬ ਤੇ ਕਲਾਕਾਰ ਵੀ ਇਕ ਦੂਜੇ ਨਾਲ ਮਿਲ ਬੈਠਣ। ਨਫ਼ਰਤ ਦੀ ਥਾਂ ਮੁਹੱਬਤ ਦੀ ਬਾਤ ਪਾਈ ਜਾਵੇ।’’ਕਹਿਣ ਲਈ ਏਨੀ ਹੀ ਗੱਲ ਬਹੁਤ ਸੀ। ਉਸ ਨੇ ਮੇਰਾ ਨਾਂ ਪੁੱਛਿਆ। ਏਨੇ ਵਿਚ ਕੋਲ ਆ ਖੜੋਤੇ ਸਤਿਨਾਮ ਮਾਣਕ ਨੇ ‘ਪੰਜਾਬੀ ਦੇ ਵੱਡੇ ਕਹਾਣੀਕਾਰ’ ਵਜੋਂ ਮੇਰੀ ਜਾਣ-ਪਛਾਣ ਕਰਾਉਂਦਿਆਂ ਇਸ ਵਰ੍ਹੇ ਸਾਹਿਤ ਅਕਾਦਮੀ ਦਾ ਇਨਾਮ ਮਿਲਣ ਦਾ ਜ਼ਿਕਰ ਵੀ ਕੀਤਾ। ਇੰਜ ਹੀ ਉਸ ਨੇ ਜਗਤਾਰ ਨੂੰ ਇਹ ਇਨਾਮ ਪਹਿਲਾਂ ਹੀ ਮਿਲੇ ਹੋਣ ਤੇ ਪੰਜਾਬੀ ਦੇ ਬਹੁਤ ਹੀ ਨਾਮਵਾਰ ਸ਼ਾਇਰ ਵਜੋਂ ਪੇਸ਼ ਕੀਤਾ। ਪੱਤਰਕਾਰ ਜਗਤਾਰ ਨੂੰ ਸੰਬੋਧਿਤ ਹੋਇਆ : ‘‘ਤੁਸੀਂ ਏਥੇ ਆ ਕੇ ਕਿਵੇਂ ਮਹਿਸੂਸ ਕਰਦੇ ਹੋ।’’ ਜਗਤਾਰ ਬੇਨਿਆਜ਼ ਹੋ ਕੇ ਮੁਸਕਰਾਇਆ ਤੇ ਆਖਿਆ, ‘‘ਮੈਂ ਕੁਝ ਵੀ ਨਹੀਂ ਕਹਿਣਾ ਚਾਹੁੰਦਾ।’’ਪੱਤਰਕਾਰ ਨੇ ਡਾਇਰੀ ‘ਤੇ ਝਰੀਟਿਆ, ‘‘ਮਸ਼ਹੂਰ ਸ਼ਾਇਰ ਕੁਝ ਵੀ ਨਹੀਂ ਕਹਿਣਾ ਚਾਹੁੰਦਾ…।’’ਲਿਖਦਿਆਂ ਹੋਇਆਂ ਉਹ ਨਾਲ-ਨਾਲ ਬੋਲ ਵੀ ਰਿਹਾ ਸੀ।ਸਟੇਸ਼ਨ ਦੇ ਬਾਹਰ ਟੈਕਸੀਆਂ, ਥਰੀ-ਵੀਲ੍ਹਰਾਂ ਤੇ ਬੱਸਾਂ ਦੀ ਭੀੜ ਇਧਰ-ਉਧਰ ਥਿਰਕ ਰਹੀ ਸੀ। ਆਵਾਜ਼ਾਂ, ਹਾਰਨਾਂ ਤੇ ਘੂੰ-ਘੂੰ ਦਾ ਇਕ ਸ਼ੋਰ ਚਾਰ ਚੁਫ਼ੇਰੇ ਸੀ। ਸਾਹਮਣੇ ਹੋਟਲ ਨੂੰ ਜਾਣ ਵਾਸਤੇ ਦੋ ਬੱਸਾਂ ਖੜੋਤੀਆਂ ਸਨ। ਛੋਟੀਆਂ ਸੀਟਾਂ ਵਾਲੀ ਬੱਸ ‘ਤੇ ਅਸੀਂ ਵੀ ਅੜ-ਉੜ ਕੇ ਬੈਠ ਗਏ। ਬੱਸ ਇਕ ਥਾਂ ‘ਤੇ ਰੁਕੀ ਤੇ ਆਵਾਜ਼ ਆਈ, ‘‘ਆਜੋ ਹੇਠਾਂ ਹੋਟਲ ਆ ਗਿਆ।’’ਅਸੀਂ ਸਾਮਾਨ ਲੈ ਕੇ ਬੱਸ ਤੋਂ ਹੇਠਾਂ ਉਤਰ ਪਏ। ਸਾਹਮਣੇ ‘ਸ਼ਾਹਤਾਜ ਹੋਟਲ’ ਸੀ। ਚੰਡੀਗੜ੍ਹ ਦਾ ਲੇਖਕ ਕਹਿ ਰਿਹਾ ਸੀ, ‘‘ਡੈਲੀਗੇਟ ਜ਼ਿਆਦਾ ਹੋਣ ਕਰਕੇ ਪ੍ਰਬੰਧਕਾਂ ਨੇ ਦੋ ਹੋਟਲਾਂ ਵਿਚ ਤਕਸੀਮ ਕੀਤੇ ਨੇ। ਮੈਂ ਇਸ ਹੋਟਲ ਵਿਚ ਠਹਿਰਨ ਵਾਲਿਆਂ ਦੇ ਨਾਂ ਪੜ੍ਹਨ ਲੱਗਾਂ।’’ਉਸ ਨੇ ਸਭ ਤੋਂ ਪਹਿਲਾਂ ਮੇਰਾ ਅਤੇ ਜਗਤਾਰ ਦਾ ਨਾਂ ਹੀ ਬੋਲਿਆ। ਅਸੀਂ ਕਮਰੇ ਦੀ ਚਾਬੀ ਲਈ ਤੇ ਲਿਫ਼ਟ ਰਾਹੀਂ ਸਭ ਤੋਂ ਉਪਰ ਹੋਟਲ ਦੀ ਪੰਜਵੀਂ ਮੰਜ਼ਿਲ ‘ਤੇ ਲਿਫ਼ਟ ਦੇ ਦਰਵਾਜ਼ੇ ਸਾਹਮਣੇ ਪੈਂਦੇ ਆਪਣੇ ਕਮਰੇ ਦੇ ਸਾਹਮਣੇ ਜਾ ਉਤਰੇ। ਕਮਰੇ ਅੰਦਰ ਵੜ ਕੇ ਰੌਸ਼ਨੀ ਕੀਤੀ, ਪੱਖਾ ਚਲਾਇਆ ਤੇ ਆਪਣਾ ਸਾਮਾਨ ਇਕ ਨੁੱਕਰ ਵਿਚ ਰੱਖ ਕੇ ਅਸੀਂ ਬਿਸਤਰਿਆਂ ‘ਤੇ ਬੈਠ ਗਏ ਤੇ ਕਮਰੇ ਵਿਚ ਇਕ ਝਾਤੀ ਮਾਰੀ। ਦੋ ਬਿਸਤਰੇ ਲੱਗਣ ਤੋਂ ਪਿਛੋਂ ਚੁਫ਼ੇਰੇ ਦੋ-ਦੋ ਫੁੱਟ ਥਾਂ ਬਚਦੀ ਸੀ। ਗਰਮੀ ਸੀ ਪਰ ਏ.ਸੀ. ਨਹੀਂ ਸੀ ਚੱਲ ਰਿਹਾ। ਜਗਤਾਰ ਬਾਥਰੂਮ ਹੋ ਕੇ ਬਾਹਰ ਨਿਕਲਿਆ ਤਾਂ ਕਹਿਣ ਲੱਗਾ, ‘‘ਇਸ ਬਾਥਰੂਮ ਵਿਚ ਤਾਂ ਕਮੋਡ ਤੇ ਸੀਟ ਹੀ ਨਹੀਂ ਹੈ।’’‘‘ਅਸਲ ਵਿਚ ਇਹ ਆਪਣੇ ਨਾਲ ਦਾਅ ਖੇਡ ਗਏ ਨੇ ਚੰਡੀਗੜ੍ਹੀਏ! ਇਹ ਲਿਸਟ ਤਾਂ ਇਨ੍ਹਾਂ ਨੇ ਵਾਘੇ ਬੈਠ ਕੇ ਬਣਾਈ ਸੀ। ਆਪ ਉਧਰ ਚਲੇ ਗਏ ‘ਫਸਟ ਕਲਾਸ’ ਆਦਮੀ ਤੇ ਆਪਾਂ ਨੂੰ ‘ਦੋਮ-ਦਰਜੇ’ ਦੇ ਸਮਝ ਕੇ ਏਧਰ ਛੱਡ ਗਏ ਨੇ।’’‘‘ਤੇਰੀ ਗੱਲ ਠੀਕ ਲੱਗਦੀ ਏ’’, ਜਗਤਾਰ ਨੇ ਹਾਸੀ ਭਰੀ। ਇਹ ਗੱਲ ਠੀਕ ਵੀ ਸੀ। ਅਗਲੇ ਦਿਨ ਜਦੋਂ ਅਸੀਂ ਫਲੈਟੀਜ਼ ਹੋਟਲ ਦੇ ਕਮਰੇ ਵੇਖੇ ਤਾਂ ਪਤਾ ਚੱਲਿਆ ਕਿ ਸਾਡਾ ਕਮਰਾ ਤਾਂ ਉਨ੍ਹਾਂ ਦੇ ਬਾਥਰੂਮ ਦੇ ਆਕਾਰ ਜਿੱਡਾ ਸੀ।‘‘ਚੱਲ ਕੋਈ ਨਹੀਂ…ਕਿਹੜਾ ਬਹਿ ਰਹਿਣਾ ਏਥੇ,’’ ਜਗਤਾਰ ਨੇ ਤਸੱਲੀ ਨਾਲ ਆਖਿਆ। ਉਸ ਦੀ ਗੱਲ ਠੀਕ ਸੀ। ਲਾਹੌਰ ਪਹੁੰਚਣ ਦੀ ਖ਼ੁਸ਼ੀ ਸਾਹਮਣੇ ਇਹ ਜ਼ਿਆਦਤੀ ਬਹੁਤ ਛੋਟੀ ਜਿਹੀ ਸੀ। ਅਸੀਂ ਕੋਈ ਇਕੱਲੇ ਤਾਂ ਨਹੀਂ ਸਾਂ। ਸਮੁੱਚੇ ਡੈਲੀਗੇਟਾਂ ਦੀ ਅੱਧੀ ਗਿਣਤੀ ਇਸ ਹੋਟਲ ਵਿਚ ਠਹਿਰੀ ਹੋਈ ਸੀ। ਉਂਜ ਵੀ ਪ੍ਰਬੰਧਕ ਆਪ ਲੋੜੀਂਦੀ ਸਹੂਲਤ ਨਾ ਲੈਣ ਤੇ ਤਿਆਗੀ ਹੋ ਜਾਣ, ਇਸ ਦੀ ਤਵੱਕੋ ਕਰਨੀ ਹੀ ਗ਼ਲਤ ਹੁੰਦੀ ਹੈ।ਥੋੜ੍ਹੀ ਦੇਰ ਬਾਅਦ ਹੇਠੋਂ ਖਾਣੇ ਦਾ ਸੱਦਾ ਆ ਗਿਆ। ਨਹਾ ਧੋ ਕੇ ਤਾਜ਼ਾ ਦਮ ਹੋ ਕੇ ਸਭ ਦੋਸਤ ਮਿੱਤਰ ਹੇਠਾਂ ਬੇਸਮੈਂਟ ਵਿਚ ਲੱਗੇ ਟੇਬਲਾਂ ਦੁਆਲੇ ਜੰਮ ਕੇ ਬੈਠ ਗਏ। ਚਿਕਨ, ਮਿਕਸਡ ਸਬਜ਼ੀ, ਦਾਲ ਤੇ ਦਹੀਂ। ਡੇਢ-ਡੇਢ ਗਿੱਠ ਦੀਆਂ ਪਤਲੀਆਂ ਤੰਦੂਰੀ ਰੋਟੀਆਂ। ਮੈਂ ਸਬਜ਼ੀ ਤੇ ਦਾਲ ਲੈ ਕੇ ਖਾਣਾ ਸ਼ੁਰੂ ਕੀਤਾ। ਖਾਣਾ ਬਹੁਤ ਹੀ ਲਜ਼ੀਜ਼ ਤੇ ਮਸਾਲੇਦਾਰ ਸੀ। ਭੁੱਖ ਵੀ ਬਹੁਤ ਲੱਗੀ ਹੋਈ ਸੀ। ਹੋਟਲ ਦੇ ਕਾਮੇ ਵੀ ਬਹੁਤ ਪਿਆਰ ਨਾਲ ਪੇਸ਼ ਆ ਰਹੇ ਸਨ।ਰੋਟੀ-ਪਾਣੀ ਤੋਂ ਵਿਹਲੇ ਹੋ ਕੇ ਮੈਂ ਕਾਊਂਟਰ ‘ਤੇ ਗਿਆ ਤੇ ਆਪਣੇ ਘਰ ਫੋਨ ਮਿਲਾਉਣ ਲਈ ਆਖਿਆ। ਮੇਰੇ ਨਾਲ-ਨਾਲ ਸੁਰਿੰਦਰ ਦੇ ਬਿਮਾਰ ਹੋਣ ਦੀ ਚਿੰਤਾ ਤੁਰੀ ਆਈ ਸੀ।ਫੋਨ ਮੇਰੀ ਛੋਟੀ ਧੀ ਰਮਣੀਕ ਨੇ ਚੁੱਕਿਆ ਤੇ ਦੱਸਿਆ, ‘‘ਮੰਮੀ ਦਾ ਫੋਨ ਆਇਆ ਸੀ। ਚਾਚਾ ਜੀ ਠੀਕ-ਠਾਕ ਨੇ। ਕੋਈ ਫ਼ਿਕਰ ਵਾਲੀ ਗੱਲ ਨਹੀਂ। ਮੰਮੀ ਅੱਜ ਆਏ ਨਹੀਂ। ਉਥੇ ਹੀ ਰਹਿ ਪਏ ਨੇ ਪਰ ਕਹਿੰਦੇ ਸਨ ਕਿ ਜੇ ਡੈਡੀ ਦਾ ਫੋਨ ਆਵੇ ਤਾਂ ਦੱਸ ਦਈਂ ਕਿ ਫਿਕਰ ਨਾ ਕਰਨ।’’ ਏਨੀ ਕਹਿ ਕੇ ਉਸ ਨੇ ਚਹਿਕ ਕੇ ਪੁੱਛਿਆ, ‘‘ਫਿਰ ਕਿੱਦਾਂ ਦਾ ਲੱਗਾ ਲਾਹੌਰ?’’ਉਹਦੀ ਆਵਾਜ਼ ਵਿਚਲੀ ਖ਼ੁਸ਼ੀ ਦੱਸਦੀ ਸੀ ਕਿ ਉਹ ਨਿਰਾ ਮੇਰਾ ਦਿਲ ਧਰਨ ਲਈ ਨਹੀਂ ਕਹਿ ਰਹੀ। ਉਸ ਦਾ ਚਾਚਾ ਸੱਚਮੁਚ ਠੀਕ ਸੀ। ਮੈਂ ਉਸ ਨੂੰ ਹੋਟਲ ਦਾ ਫੋਨ ਨੰਬਰ ਤੇ ਆਪਣੇ ਕਮਰੇ ਦਾ ਨੰਬਰ ਵੀ ਲਿਖਾ ਦਿੱਤਾ।ਸਵੇਰੇ ਉੱਠੇ ਤਾਂ ਜਗਤਾਰ ਨੇ ਮੈਨੂੰ ਮੇਰੇ ਵਾਲੇ ਪਾਸੇ ਬਾਹਰ ਵੱਲ ਖੁੱਲ੍ਹਦਾ ਸ਼ੀਸ਼ੇ ਦਾ ਦਰਵਾਜ਼ਾ ਖੋਲ੍ਹਣ ਲਈ ਕਿਹਾ। ਪਰਦੇ ਪਿੱਛੇ ਕਰਕੇ ਮੈਂ ਦਰਵਾਜ਼ਾ ਖੋਲ੍ਹਿਆ। ਬਾਹਰੋਂ ਠੰਢੀ ਹਵਾ ਦਾ ਬੁੱਲਾ ਅੰਦਰ ਆਇਆ। ਰਾਤ ਬੱਦਲ-ਵਾਈ ਹੋ ਗਈ ਸੀ ਤੇ ਮਾੜਾ ਮੋਟਾ ਮੀਂਹ ਪੈਣ ਕਾਰਨ ਮੌਸਮ ਵਿਚ ਨਮੀਂ ਤੇ ਠੰਢ ਸੀ। ਜਗਤਾਰ ਲਾਹੌਰ ਤੇ ਆਸ-ਪਾਸ ਰਹਿੰਦੇ ਆਪਣੇ ਮਿੱਤਰਾਂ ਨਾਲ ਫੋਨ ‘ਤੇ ਰਾਬਤਾ ਕਾਇਮ ਕਰਨ ਲੱਗਾ ਤੇ ਮੈਂ ਬਾਹਰ ਨਿਕਲ ਕੇ ਪੰਜਵੀਂ ਮੰਜ਼ਿਲ ਤੋਂ ਸਮੁੱਚੇ ਲਾਹੌਰ ਦਾ ਨਜ਼ਾਰਾ ਵੇਖਣ ਲੱਗਾ। ਛੋਟੀਆਂ, ਉੱਚੀਆਂ ਤੇ ਹੋਰ ਉੱਚੀਆਂ ਇਮਾਰਤਾਂ। ਕੀ ਇਹ ਇਮਾਰਤਾਂ ਹੀ ਸਨ ਲਾਹੌਰ? ਨਹੀਂ ਲਾਹੌਰ ਤਾਂ ਇਸ ਤੋਂ ਕਿਤੇ ਪਾਰ ਦੀ ਚੀਜ਼ ਸੀ। ਇਹ ਇਮਾਰਤਾਂ ਤਾਂ ਲਾਹੌਰ ਦਾ ਇਕ ਹਿੱਸਾ ਸਨ। ਲਾਹੌਰ ਤਾਂ ਸਦੀਆਂ ਦਾ ਇਤਿਹਾਸ ਸੀ। ਪੰਜਾਬੀ ਸਭਿਆਚਾਰ ਦਾ ਗੌਰਵ ਤੇ ਮਾਣ-ਮੱਤਾ ਨਮੂਨਾ। ਸਾਡੇ ਅਵਚੇਤਨ ਦੀਆਂ ਧੁਰ ਡੂੰਘਾਣਾਂ ‘ਚ ਵੱਸਿਆ ਹੋਇਆ ਲਾਹੌਰ।ਜਗਤਾਰ ਸਵੇਰ ਦੀ ਚਾਹ ਤੇ ਮੈਂ ਦੁੱਧ ਦਾ ਗਿਲਾਸ ਲੈ ਕੇ ਬਿਸਤਰੇ ‘ਤੇ ਲੇਟੇ ਪਏ ਸਾਂ ਕਿ ਫੋਨ ਦੀ ਘੰਟੀ ਵੱਜੀ। ਫੋਨ ਮੇਰੇ ਸੱਜੇ ਹੱਥ ਪਿਆ ਸੀ। ਮੈਂ ਰਿਸੀਵਰ ਚੁੱਕ ਕੇ ਕੰਨਾਂ ਨੂੰ ਲਾਇਆ ਤਾਂ ਅੱਗੋਂ ਟੁਣਕਦੀ ਹੋਈ ਆਵਾਜ਼ ਆਈ, ‘‘ਕਿੱਦਾਂ…ਆਂ।’’ਟੋਰਾਂਟੋ ਤੋਂ ਮੇਰੇ ਪੁੱਤਰ ਸੁਪਨਦੀਪ ਦੀ ਆਵਾਜ਼ ਸੀ। ਉਹਦਾ ਫੋਨ ਮੇਰੇ ਲਈ ਚਮਤਕਾਰ ਵਾਲੀ ਗੱਲ ਸੀ। ਅਸਲ ਵਿਚ ਉਸ ਨੇ ਜਲੰਧਰੋਂ ਰਾਤੀਂ ਹੀ ਫੋਨ ਕਰਕੇ ਮੇਰਾ ਪਤਾ ਪੁੱਛ ਲਿਆ ਸੀ। ਪਹਿਲਾਂ ਤਾਂ ਉਸ ਨੇ ਆਪਣੇ ਚਾਚੇ ਦੇ ਠੀਕ ਹੋਣ ਤੇ ਪੂਰੀ ਰੂਹ ਨਾਲ ਯਾਤਰਾ ਨੂੰ ਮਾਨਣ ਦਾ ਸੁਨੇਹਾ ਦਿੱਤਾ। ਫਿਰ ਕਮਰੇ ਵਿਚ ਮੇਰੇ ਸਾਥੀ ਬਾਰੇ ਪੁੱਛਿਆ। ਉਹ ਜਗਤਾਰ ਨੂੰ ਤਾਂ ਜਾਣਦਾ ਹੀ ਸੀ। ‘‘ਇਲੀਆਸ ਘੁੰਮਣ ਮਿਲਿਆ? ਅਫਜ਼ਲ ਅਹਿਸਨ ਰੰਧਾਵਾ ਵੀ ਆਇਆ ਸੀ?’’ਉਹ ਆਪਣੀ ਪਛਾਣ ਵਾਲੇ ਬੰਦਿਆਂ ਬਾਰੇ ਪੁੱਛ ਰਿਹਾ ਸੀ। ਮੈਂ ਦੱਸਿਆ ਕਿ ਅੱਜ ਕਾਨਫ਼ਰੰਸ ਦਾ ਪਹਿਲਾ ਦਿਨ ਹੈ ਤੇ ਉਥੇ ਹੀ ਸਾਰੇ ਮਿਲਣਗੇ।ਹਾਲਚਾਲ ਪੁੱਛ ਕੇ ਮੇਰੀ ਨੂੰਹ ਸੁਖਮਿੰਦਰ ਨੇ ਕਿਹਾ, ‘‘ਪਾਪਾ, ਐਂ ਪੂਰੀ ਤਰ੍ਹਾਂ ਐਂਜਾਇ ਕਰਨਾ ਹੈ। ਕੋਈ ਟੈਨਸ਼ਨ ਨਹੀਂ ਰੱਖਣੀ। ਖ਼ੁਸ਼ ਰਹਿਣਾ।’’ਬੱਚਿਆਂ ਦੀ ਗੱਲਬਾਤ ਨੇ ਮੈਨੂੰ ਹੌਸਲਾ ਦਿੱਤਾ। ਮੇਰਾ ਡਿੱਗਿਆ ਹੋਇਆ ਮਨ ਉੱਠ ਖੜੋਤਾ। ਸੁਪਨਦੀਪ ਨੇ ਸੁਖਮਿੰਦਰ ਤੋਂ ਫੋਨ ਲੈ ਕੇ ਮੈਨੂੰ ਸੁਚੇਤ ਕੀਤਾ, ‘‘ਅੱਛਾ ਗੱਲ ਸੁਣੋਂ! ਤੁਸੀਂ ਹੈਥੋਂ ਇੰਡੀਆ ਨੂੰ ਟੈਲੀਫੋਨ ਨਹੀਂ ਕਰਨਾ। ਇਥੋਂ ਜਾਣ ਵਾਲੇ ਸਾਰੇ ਫੋਨ ਟੇਪ ਹੁੰਦੇ ਨੇ। ਐਵੇਂ ਕੋਈ ਉਹੋ ਜਿਹੀ ਗੱਲ ਸਹਿਵਨ ਮੂੰਹੋਂ ਨਿਕਲ ਜਾਂਦੀ ਹੈ। ਅਸੀਂ ਆਪ ਹੀ ਇੰਡੀਆ ਫੋਨ ਕਰਕੇ ਰੋਜ਼ ਤੁਹਾਨੂੰ ਦੱਸਦੇ ਰਹਾਂਗੇ। ਪਰ ਤੁਸੀਂ ਓਧਰ ਫੋਨ ਨਾ ਕਰਿਓ…ਫੋਨ ਅਸੀਂ ਹੀ ਤੁਹਾਨੂੰ ਕਰਾਂਗੇ।’’ਮੈਂ ਉਸ ਦੇ ਸੁਝਾਓ ਨੂੰ ਪ੍ਰਵਾਨਗੀ ਦੇ ਕੇ ਫੋਨ ਰੱੱਖ ਦਿੱਤਾ।‘‘ਲੜਕੇ ਦਾ ਫੋਨ ਸੀ?’’ ਜਗਤਾਰ ਨੇ ਪੁੱਛਿਆ ‘‘ਹਾਂ’’ ਆਖ ਕੇ ਮੈਂ ਉਸ ਵਲੋਂ ‘ਫੋਨ’ ਬਾਰੇ ਦਿੱਤੇ ਸੁਝਾਓ ਬਾਰੇ ਗੱਲ ਕੀਤੀ ਤਾਂ ਜਗਤਾਰ ਕਹਿਣ ਲੱਗਾ, ‘‘ਉਹ ਬਿਲਕੁਲ ਠੀਕ ਆਖਦੈ। ਏਥੇ ਗੱਲਬਾਤ ਕਰਦੇ ਸਮੇਂ ਬਹੁਤ ਸੁਚੇਤ ਰਹਿਣ ਦੀ ਲੋੜ ਹੈ। ਮੈਂ ਰਾਤੀਂ ਉਸ ਪ੍ਰੈਸ ਰਿਪੋਰਟਰ ਨੂੰ ਤਦੇ ਹੀ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਸੀ। ਤੁਹਾਡੀ ਆਖੀ ਗੱਲ ਨੂੰ ਕਈ ਵਾਰ ਤੋੜ-ਮਰੋੜ ਕੇ ਛਾਪ ਦਿੱਤਾ ਜਾਂਦਾ ਹੈ। ਪੁਲੀਸ ਤੇ ਸਰਕਾਰ ਪੰਗਾ ਪਾ ਸਕਦੀ ਹੈ। ਇਧਰ ਦੀ ਵੀ ਤੇ ਓਧਰ ਦੀ ਵੀ।’’ਫਿਰ ਉਸ ਨੇ ਆਪਣੇ ਤਜਰਬੇ ਵਿਚ ਆਈਆਂ ਤੇ ਨਿੱਜ ਨਾਲ ਵਾਪਰੀਆਂ ਕਈ ਕਹਾਣੀਆਂ ਸੁਣਾਈਆਂ।‘‘ਏਥੇ ਇਕ ਵਰਗ ਤਾਂ ਆਮ ਲੋਕਾਂ ਦਾ, ਸੁਚੇਤ ਲੋਕਾਂ ਦਾ ਅਜਿਹਾ ਹੈ ਜੋ ਮੁਹੱਬਤ ਕਰਨ ਵਾਲਾ ਹੈ ਪਰ ਕੱਟੜਪੰਥੀ ਲੋਕਾਂ ਦਾ ਇਕ ਵਰਗ ਅਜਿਹਾ ਵੀ ਹੈ ਜੋ ਬਹੁਤ ਕੌੜ ਨਾਲ ਭਰਿਆ ਹੋਇਆ ਹੈ। ਹੁਣ ਤਾਜ਼ੀ ਗੱਲ ਹੈ। ਮੇਰਾ ਏਥੇ ਇਕ ਪਰਚੇ ਵਿਚ ਲੇਖ ਛਪਿਆ। ਉਹਦੇ ਜੁਆਬ ਵਿਚ ਇਥੋਂ ਦੇ ਇਕ ਲੇਖਕ ਨੇ ਪੰਜਾਹ ਸਫ਼ੇ ਦਾ ਆਰਟੀਕਲ ਲਿਖਿਐ। ਮੇਰੇ ਖ਼ਿਲਾਫ਼ ਲਿਖਦਿਆਂ ਉਹਨੇ ਇਥੋਂ ਤਕ ਲਿਖ ਦਿੱਤਾ ਕਿ ਇਹ ਬੰਦਾ ਯਾਨੀ ਕਿ ਜਗਤਾਰ ਕਾਬਲੇ-ਕਤਲ ਹੈ।’’ਮੈਂ ਉਸ ਦੀ ਗੱਲ ਸੁਣ ਕੇ ਹੈਰਾਨ ਰਹਿ ਗਿਆ। ਜ਼ਰੂਰ ਕਿਸੇ ਸਿਆਸੀ ਨੁਕਤੇ ‘ਤੇ ਟਕਰਾਵੀਂ ਰਾਇ ਹੋਵੇਗੀ। ਮੈਂ ਪੁੱਛਿਆ ਤਾਂ ਜਗਤਾਰ ਨੇ ਹੱਸ ਕੇ ਆਖਿਆ, ‘‘ਸਿਆਸੀ ਮਸਲੇ ‘ਤੇ ਕਾਹਨੂੰ! ਗ਼ਜ਼ਲ ਦੇ ਵਜ਼ਨ ਬਹਿਰ ਬਾਰੇ ਉਸ ਨਾਲੋਂ ਮੁਖ਼ਤਲਿਫ਼ ਰਾਇ ਰੱਖਣ ਕਰਕੇ ਹੀ ਉਹ ਮੈਨੂੰ ਕਾਬਲੇ-ਕਤਲ ਸਮਝਦਾ ਹੈ। ਏਥੇ ਆਇਆ ਤਾਂ ਤੈਨੂੰ ਮਿਲਾਊਂਗਾ ਵੀ।’’ ਜਗਤਾਰ ਕੌੜਾ ਜਿਹਾ ਹੱਸਿਆ।ਸਾਹਿਤਕ ਮਤਭੇਦਾਂ ਦੀ ਏਨੀ ਵੱਡੀ ਸਜ਼ਾ ਦੇਣ ਦਾ ਐਲਾਨ ਬੜਾ ਹੈਰਾਨੀ ਵਾਲਾ ਸੀ।‘‘ਉਂਜ ਬੇਬਹਿਰ-ਬੇਵਜ਼ਨ, ਬੇ-ਸਿਰ ਪੈਰ ਗ਼ਜ਼ਲਾਂ ਲਿਖਣ ਵਾਲੇ ਬੰਦੇ ਇਹੋ ਜਿਹੇ ਬੰਦੇ ਦੇ ਵੱਸ ਵਿਚ ਪਾਉਣੇ ਚਾਹੀਦੇ ਹਨ।’’ ਮੈਂ ਹੱਸਿਆ ਤੇ ਅਜਿਹੇ ਕੱਟੜ ਆਲੋਚਕ ਨੂੰ ਮਨ ਹੀ ਮਨ ਦੂਰੋਂ ਸਲਾਮ ਕੀਤੀ।ਨਹਾ ਧੋ ਕੇ ਛੇਤੀ ਤਿਆਰ ਹੋ ਕੇ ਨਾਸ਼ਤਾ ਕਰਕੇ ਅਸੀਂ ਹੋਟਲ ਦੇ ਬਾਹਰ ਆ ਖੜੋਤੇ। ਇਕ ਗੋਰੇ ਰੰਗ ਦੇ ਬੜੇ ਹੀ ਸੋਹਣੇ ਅੱਠ-ਦਸ ਸਾਲ ਦੇ ਬੱਚੇ ਨੇ ਜਗਤਾਰ ਨੂੰ ਜੁੱਤੀ ਪਾਲਿਸ਼ ਕਰਵਾਉਣ ਲਈ ਕਿਹਾ। ਜਗਤਾਰ ਨੇ ਉਸ ਨੂੰ ਪੈਸੇ ਪੁੱਛੇ। ਉਸ ਨੇ ਬਹੁਤ ਜਚਦੇ ਪੈਸੇ ਮੰਗੇ। ਜਗਤਾਰ ਜੁੱਤੀ ਪਾਲਿਸ਼ ਕਰਵਾਉਣ ਲੱਗਾ। ਸਾਹਮਣੇ ਬੱਸ ਖੜੋਤੀ ਸੀ ਜਿਸ ਨੇ ਸਾਨੂੰ ਫਲੈਟੀਜ਼ ਹੋਟਲ ਲੈ ਕੇ ਜਾਣਾ ਸੀ। ਬੱਸ ਦਾ ਡਰਾਈਵਰ ਸਾਡੇ ਕੋਲ ਆ ਕੇ ਖੜੋ ਗਿਆ ਤੇ ਪੁੱਛਿਆ, ‘‘ਸਰਦਾਰ ਜੀ ਕੀ ਹਾਲ ਚਾਲ ਨੇ‥ਕਦੀ ਪਹਿਲਾਂ ਵੀ ਲਾਹੌਰ ਆਏ ਜੇ?’’ਮੈਂ ਜਗਤਾਰ ਵੱਲ ਇਸ਼ਾਰਾ ਕਰਕੇ ਦੱਸਿਆ, ‘‘ਉਹ ਸਰਦਾਰ ਜੀ ਤਾਂ ਬੜੀ ਵਾਰ ਆਏ ਨੇ। ਮੈਂ ਹੀ ਪਹਿਲੀ ਵਾਰ ਲਾਹੌਰ ਆਇਆਂ ‘ਜੰਮਣ’ ਵਾਸਤੇ। ਰਾਤ ਤੋਂ ਲੈ ਕੇ ਹੁਣ ਜੰਮੇਂ ਨੂੰ ਚੌਦਾਂ ਪੰਦਰਾਂ ਘੰਟੇ ਹੋ ਚੱਲੇ ਨੇ।’’‘ਜੀਹਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆਂ ਹੀ ਨਹੀਂ’ ਦੀ ਅਖਾਉਤ ਭਲਾ ਕਿਹੜੇ ਪੰਜਾਬੀ ਨੂੰ ਯਾਦ ਨਹੀਂ।ਡਰਾਈਵਰ ਹੱਸਿਆ, ‘‘ਸਰਦਾਰ ਜੀ, ਉਹ ਆਂਹਦੇ ਨੇ ਨਾ, ਕਿਸੇ ਦਾ ਛੋਹਰ ਜੁਆਨ ਹੋਇਆ ਤੇ ਆਖੇ ਮੈਂ ਲਾਹੌਰ ਵੇਖਣੈਂ। ਅਖੇ, ਜਿੰਨਾ ਚਿਰ ਬੰਦਾ ਲਾਹੌਰ ਨਹੀਂ ਵੇਖ ਲੈਂਦਾ ਜੰਮਦਾ ਨਹੀਂ। ਘਰਦਿਆਂ ਤੋਂ ਚੋਰੀ ਰੇਲ ‘ਤੇ ਚੜ੍ਹਿਆ ਤੇ ਲਾਹੌਰ ਆ ਪੁੱਜਾ। ਕੁਝ ਦਿਨ ਭੁੱਖਾ ਤਿਹਾਇਆ ਸੜਕਾਂ ‘ਤੇ ਫਿਰਦਾ ਰਿਹਾ ਤੇ ਫਿਰ ਬੇਟਿਕਟਾ ਹੀ ਵਾਪਸ ਪਿੰਡ ਨੂੰ ਜਾਣ ਲਈ ਰੇਲ ‘ਤੇ ਚੜ੍ਹ ਗਿਆ। ਵਜ਼ੀਰਾਬਾਦ ਚੈਕਿੰਗ ਹੋਈ ਤੇ ਬੇਟਿਕਟਾ ਫੜਿਆ ਗਿਆ। ਪੁਲੀਸ ਨੇ ਚੰਗੀ ਛਤਰ੍ਹੌੜ ਚਾੜ੍ਹੀ। ਹੌਲਾ ਫੁਲ ਹੋ ਕੇ ਜਦੋਂ ਮਰਦਾ-ਮਰਾਉਂਦਾ ਘਰ ਪੁੱਜਾ ਤਾਂ ਲੋਕਾਂ ਦੀ ਭੀੜ ਨੇ ਘੇਰ ਲਿਆ ਤੇ ਪਿਛਲੇ ਦਿਨੀਂ ਗੁਆਚ ਜਾਣ ਦਾ ਸਬੱਬ ਪੁੱਛਿਆ। ਕਹਿਣ ਲੱਗਾ, ‘‘ਮੈਂ ਲਾਹੌਰ ਨਹੀਂ ਸੀ ਵੇਖਿਆ, ਇਸ ਲਈ ਜੰਮਣ ਵਾਸਤੇ ਉਥੇ ਜਾਣਾ ਜ਼ਰੂਰੀ ਸੀ।’’ ਕਿਸੇ ਨੇ ਜਾਨਣਾ ਚਾਹਿਆ ਕਿ ਫਿਰ ਜੰਮ ਲਿਆ ਈ? ਤਾਂ ਅੱਗੋਂ ਆਖਣ ਲੱਗਾ, ‘‘ਹਾਂ, ਬੰਦਾ ਜੰਮਦਾ ਤਾਂ ਲਾਹੌਰ ਜਾ ਕੇ ਹੈ ਪਰ ਝੰਡ ਆ ਕੇ ਵਜ਼ੀਰਾਬਾਦ ਹੁੰਦੀ ਹੈ।’’ਗੱਲ ਸੁਣਾ ਕੇ ਡਰਾਈਵਰ ਹੱਸਿਆ। ਆਸੇ-ਪਾਸੇ ਆ ਜੁੜੇ ਲੋਕਾਂ ਨੇ ਵੀ ਠਹਾਕਾ ਲਾਇਆ। ‘‘ਅਸੀਂ ਜੰਮ ਤਾਂ ਲਿਐ, ਹੁਣ ਕਿਤੇ ਸਾਡੀ ਝੰਡ ਨਾ ਕਰ ਦਿਓ ਜੇ।’’ ਮੈਂ ਵੀ ਹੱਸਦਿਆਂ ਆਖਿਆ।‘‘ਰੱਬ-ਰੱਬ ਕਰੋ ਜੀ! ਤੁਸੀਂ ਤਾਂ ਸਾਡੇ ਮਹਿਮਾਨ ਹੋ।’’ ਡਰਾਈਵਰ ਨੇ ਪਛਤਾਵੇ ਨਾਲ ਕੰਨਾਂ ਨੂੰ ਹੱਥ ਲਾ ਲਏ।ਛੋਟੀ ਜਿਹੀ ਭੀੜ ਵਿਚੋਂ ਬੜੇ ਹੀ ਧਿਆਨ ਨਾਲ ਸਾਡੇ ਵੱਲ ਵੇਖ ਰਿਹਾ ਇਕ ਨੌਜਵਾਨ ਅੱਗੇ ਵਧਿਆ ਤੇ ਬੜੀ ਹਸਰਤ ਨਾਲ ਕਹਿਣ ਲੱਗਾ, ‘‘ਸਰਦਾਰ ਜੀ ! ਕਿਤੇ ਸਾਨੂੰ ਵੀ ਇੰਡੀਆ ਵਿਖਾਓ ਤਾਂ ਮਜ਼ਾ ਆ ਜਾਏ!’’ਮੈਨੂੰ ਲੱਗਾ ਇਹ ਤਾਂ ਮੈਂ ਹੀ ਸਾਂ ਜਿਹੜਾ ਖ਼ੁਦ ਪਰਸੋਂ ਤੱਕ ਇਹੋ ਹੀ ਚਾਹ ਰਿਹਾ ਸਾਂ ਕਿ ਕਿਤੇ ਪਾਕਿਸਤਾਨ ਵੇਖ ਲਈਏ ਤਾਂ ਮਜ਼ਾ ਆ ਜਾਏ।