ਚਿੱਠੀਆਂ ਜੋ ਖੁੱਲੀਆਂ ਮੈਂ ਪੌਣਾਂ ਨੂੰ ਪਾਈਆਂ
ਪੜ੍ਹੀਆਂ ਨਾ ਗਈਆਂ, ਨਾ ਮੁੜਕੇ ਹੀ ਆਈਆਂ।ਰਜ਼ਾ ਬਣੀਆਂ ਰੀਝਾਂ, ਜੋ ਰੁੱਖਾਂ `ਤੇ ਟੰਗੀਆਂ
ਸੁੱਕੀਆਂ ਨਾ ਝੜ੍ਹੀਆਂ, ਨਾ ਪੈਰਾਂ `ਤੇ ਆਈਆਂ।ਉਨ੍ਹਾਂ ਅੱਖੀਆਂ `ਚ ਕੁਝ ਵੀ ਬੇਗਾਨਾ ਨਹੀਂ ਹੈ
ਨਾ ਜਾਵਣ ਭੁਲਾਈਆਂ, ਨਾ ਸੀਨੇ ਹੀ ਲਾਈਆਂ।ਸੋਚ ਮੇਰੀ ਤੋਂ, ਮੁਖੜਾ ਉਹ ਮੋੜੀ ਖੜ੍ਹਾ ਹੈ
ਹੋ ਅੱਖਰਾਂ ਤੋਂ ਓਹਲੇ, ਮੈਂ ਲੀਕਾਂ ਵੀ ਵਾਹੀਆਂ।ਨਿੱਤ ਨੈਣਾਂ `ਚ ਭਰਕੇ, ਤੇ ਪਲਕਾਂ `ਤੇ ਧਰਕੇ
ਰੰਗ ਰਿਸਦੇ ਦੇ ਰਾਹੀਂ ਨੇ ਰੀਝਾਂ ਵਹਾਈਆਂ।ਬੈਠਾ ਅੰਬਰ ਦੇ ਕਦਮਾਂ ਚ ਝੋਲੀ ਵਿਛਾਈ
ਮੁਸੱਵਰ ਦੇ ਹਿੱਸੇ ਤਸਵੀਰਾਂ ਹੀ ਆਈਆਂ।ਉਮਰਾਂ ਦੇ ਲਾਰੇ ਤੋਂ ਲੰਮੀਆਂ ਸੀ ਲੋੜਾਂ
ਲੇਖਾਂ ਦੇ ਕੋਲੋਂ ਨਾ ਗਈਆਂ ਪੁਗਾਈਆਂ।ਖਾਰੇ ਪਾਣੀ ਨੇ ਖਲਕਤ ਦੀ ਖੂਹੀ ਦੇ ਖਾਤੇ
ਲੂਣ-ਪਾਣੀ `ਚ ਭਿੱਜੀਆਂ ਨੇ ਅੱਖਾਂ ਤ੍ਰਿਹਾਈਆਂ।ਕਰਕੇ ਪਰਦੇ ਹਨ੍ਹੇਰੇ `ਚ ਹੱਸੀਆਂ ਤੇ ਰੋਈਆਂ
ਚਿੱਟੇ ਚਾਨਣ `ਚ ਝੱਲੀਆਂ, ਗਈਆਂ ਚੁੰਧਿਆਈਆਂ।ਸਭ ਪਰਦੇ ਨੇ ਭਰਮਾਂ ਦੇ, ਭੇਦਾਂ ਦੀ ਦੁਨੀਆਂ
ਨਾ ਖੁੱਲ੍ਹੀਆਂ ਨੇ ਗੱਲਾਂ, ਨਾ ਲੁੱਕੀਆਂ ਲੁਕਾਈਆਂ।ਚਾੜ੍ਹ ਖੱਡੀ `ਤੇ ਸੋਚਾਂ ਦੀ ਤਾਣੀ ਤੇ ਬਾਣੀ
ਗੱਲਾਂ ਸਿੱਧੀਆਂ ਵੀ ਗਈਆਂ ਸਗੋਂ ਉਲਝਾਈਆਂ।ਉਹ ਜੋ ਖੁਆਬਾਂ `ਚ ਨੇੜੇ, ਪਰ ਅਸਲੋਂ ਪਰੇ ਹੈ
ਕੀ ਕਹਿਣਾ ਹੈ ਉਸਨੂੰ ਜੇ ਯਾਦਾਂ ਨਾ ਆਈਆਂ।ਸ਼ਾਲਾ! ਤੰਦਾਂ ਤੇ ਤਾਰਾਂ ਦੀ ਬੋਲੀ ਨਾ ਟੁੱਟੇ
ਗਿਲੇ-ਸ਼ਿਕਵੇ ਨਾ ਹੋਵਣ ਨਾ ਹੋਣ ਰੁਸਵਾਈਆਂ।