ਦੇਸ਼ ਦੀ ਵੰਡ ਸਮੇਂ ਹੋਈਆਂ ਅਣਹੋਣੀਆਂ ਸਦਕਾ ਲੱਗੇ ਡੰੂਘੇ ਜ਼ਖ਼ਮਾਂ ਦੀ ਪੀੜ ਅੱਜ ਵੀ ਕਰੋੜਾਂ ਪੰਜਾਬੀਆਂ ਦੇ ਅੰਗ-ਸੰਗ ਹੈ। ਇਹਨਾਂ ਉਤੇ ਮਰਹਮ ਲਾਉਣ ਦੀ ਥਾਂ, ਜਦੋਂ ਕਦੀ ਮਾੜਾ ਮੋਟਾ ਅੰਗੂਰ ਆਉਣ ਦੀ ਕੋਈ ਗੰੁਜਾਇਸ਼ ਬਣਦੀ ਵੀ ਹੈ ਤਾਂ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਇਕ ਦੂਜੇ ਉਤੇ ਦੋਸ਼ ਮੜ੍ਹਦੀਆਂ ਤਿੱਖੇ ਨਹੰੂਆਂ ਵਾਲੇ ਅਜਿਹੇ ਨਫ਼ਰਤੀ-ਘਰੰੂਡ ਭਰਦੀਆਂ ਹਨ ਕਿ ਜ਼ਖ਼ਮ ਹੋਰ ਛਿੱਲੇ ਜਾਂਦੇ ਹਨ ਤੇ ਸਾਧਾਰਨ ਅਵਾਮ ਕਈ ਸਾਲ ਇਸ ਪੀੜ ਵਿਚ ਲੁੱਛਦੇ ਕੁਰਲਾਉਂਦੇ ਰਹਿੰਦੇ ਹਨ।
‘ਅਹਿਲੇ ਸਿਆਸਤ’ ਦੀ ਹਊਮੈਂ, ਉਸਦੀ ਕੁਰਸੀ ਦੀ ਲੋੜ ਅਤੇ ਮਜਬੂਰੀ ਨੇ ਦੋਹਾਂ ਮੁਲਕਾਂ ਵਿਚ ਲੋਕ-ਮਨਾਂ ਉੱਤੇ ਆਪਣੇ ਕੂੜ-ਪਰਚਾਰ ਦੀ ਅਜੇਹੀ ਮੋਟੀ ਤਹਿ ਵਿਛਾ ਦਿੱਤੀ ਹੈ ਕਿ ਉਸ ਹੇਠਾਂ ਮੁਹੱਬਤ ਦੀ ਆਦਿ-ਜੁਗਾਦੀ ਵਗਦੀ ਕੂਲ੍ਹ ਵੀ ਨੱਪੀ ਦੱਬੀ ਗਈ ਹੈ। ਪਰ ਕਿਤੇ ਕਿਤੇ, ਕੁਝ ਮਨਾਂ ਵਿਚ ਆਪਣੇ ਅੰਦਰਲੇ ਵੇਗ ਅਤੇ ਤੜਪ ਨਾਲ ਬੁੜ੍ਹਕ ਕੇ ਇਹ ਕੂਲ੍ਹ ਇਸ ਮੋਟੀ ਕਾਲੀ ਤਹਿ ਨੂੰ ਤੋੜ ਕੇ ਚਾਂਦੀ ਰੰਗੇ ਚਸ਼ਮੇਂ ਦੇ ਰੂਪ ਵਿਚ ਫੁੱਟ ਨਿਕਲਦੀ ਹੈ ਅਤੇ ‘ਹਮਾਰਾ ਪੈਗ਼ਾਮ ਮੁਹੱਬਤ ਹੈ ਜਹਾਂ ਤੱਕ ਪਹੰੁਚੇ’ ਗੁਣ-ਗੁਣਾਉਂਦੀ ਆਪਣੇ ਰੰਗ ਵਿਚ ਰੱਤੀ ਵਹਿ ਤੁਰਦੀ ਹੈ।12 ਤੋਂ 19 ਅਪ੍ਰੈਲ 2001 ਤੱਕ ‘ਆਲਮੀ ਪੰਜਾਬੀ ਕਾਨਫ਼ਰੰਸ ਲਾਹੌਰ’ ਦੇ ਸਿਲਸਿਲੇ ਵਿਚ ਮੇਰੀ ਲਾਹੌਰ, ਕਸੂਰ, ਸ਼ੇਖ਼ੂਪੁਰਾ, ਨਨਕਾਣਾ ਸਾਹਿਬ ਤੇ ਲਾਇਲਪੁਰ ਦੀ ਸੰਖੇਪ ਜਿਹੀ ਫੇਰੀ ਇਸੇ ਮੁਹੱਬਤੀ ਗੁਣਗੁਣਾਹਟ ਦਾ ਸੁਹਾਵਣਾ ਸਬੱਬ ਬਣੀ। ਉਥੇ ਆਮ ਲੋਕਾਂ ਨੂੰ ਮਿਲਦਿਆਂ ਮੈਨੂੰ ਹੈਰਾਨੀ ਭਰੀ ਖ਼ੁਸ਼ੀ ਹੋਈ ਕਿ ਲਹਿੰਦੇ ਪੰਜਾਬ ਦੇ ਪੰਜਾਬੀ ਭਰਾਵਾਂ ਦੇ ਮਨਾਂ ਵਿਚ ਵੀ ਚੜ੍ਹਦੇ ਪੰਜਾਬ ਦੇ ਆਪਣੇ ਵਿੱਛੜੇ ਭਰਾਵਾਂ ਲਈ ਵਿਗੋਚੇ ਅਤੇ ਵਿਛੋੜੇ ਦੀ ਬੜੀ ਤੀਬਰ ਤੜਪਣੀ ਹੈ। ਦੋਹਾਂ ਪੰਜਾਬਾਂ ਵਿਚ ਅਜਿਹੇ ਕਰੋੜਾਂ ਲੋਕ ਹਨ ਜਿਨ੍ਹਾਂ ਦੀਆਂ ਜੜ੍ਹਾਂ ਤੇ ਯਾਦਾਂ ਇਕ ਦੂਜੇ ਮੁਲਕ ਨਾਲ ਜੁੜੀਆਂ ਹੋਈਆਂ ਹਨ। ਉਹ ਸਰਹੱਦਾਂ ਤੋਂ ਉਰਾਰ ਪਾਰ ਜਾ ਕੇ ਆਪਣੇ ਵਡੇਰਿਆਂ ਦੀ ਸਰ-ਜ਼ਮੀਂ ਨੂੰ ਚੰੁਮ ਕੇ ਮੱਥੇ ਨਾਲ ਛੁਹਾਉਣ ਲਈ ਵਿਲਕ ਰਹੇ ਹਨ, ਵਿਛੜੇ ਭਰਾਵਾਂ ਨੂੰ ਗਲੇ ਮਿਲਣ ਲਈ ਲੁੱਛ-ਲੋਚ ਰਹੇ ਹਨ।ਸਾਂਝੀ ਜ਼ਬਾਨ, ਸਾਂਝੇ ਇਤਿਹਾਸ, ਸਾਂਝੇ ਵਸੇਬ ਤੇ ਸਾਂਝੀ ਰਹਿਤਲ ਦੀ ਖਿੱਚ ਤਾਂ ਅਚੇਤ-ਸੁਚੇਤ ਹਰੇਕ ਦੇ ਮਨ ਵਿਚ ਇਕ ਦੂਜੇ ਲਈ ਤੁਣਕੇ ਮਾਰਦੀ ਰਹਿੰਦੀ ਹੈ। ਇਹੋ ਹੀ ਕਾਰਨ ਹੈ ਕਿ ਕਰੜੇ ਤੋਂ ਕਰੜੇ ਮਨ ਦੀ ਸੁੱਕੀ ਰੇਤ ਵਿਚ ਵੀ ਕਿਤੇ ਨਾ ਕਿਤੇ ਮਾੜੀ ਮੋਟੀ ਸਿੱਲ੍ਹ ਮੌਜੂਦ ਹੈ ਤੇ ਥੋੜ੍ਹਾ ਚਿਰ ਵੀ ਇਸ ਸਿੱਲ੍ਹ ਨੂੰ ਥਪਥਪਾ ਕੇ ਦੇਖੀਏ ਤਾਂ ਉਸ ਹੇਠੋਂ ਪਾਣੀ ਸਿੰਮ ਪੈਂਦਾ ਹੈ।ਇਹ ਕਾਨਫ਼ਰੰਸਾਂ/ਇਹ ਮਿਲਣੀਆਂ ਕਰੜੇ ਮਨਾਂ ਉਤੇ ਕੂਲੇ ਮੁਹੱਬਤੀ ਹੱਥਾਂ ਦੀ ਥਪਥਪਾਹਟ ਹੀ ਤਾਂ ਹਨ। ਜੇ ਇਹ ਮਿਲਣੀਆਂ ਮੁਸੱਲਸਲ ਹੰੁਦੀਆਂ ਰਹਿਣ ਤਾਂ ਨਿਸ਼ਚੈ ਹੀ ਹੇਠੋਂ ਮੁਹੱਬਤ ਦਾ ਚਾਂਦੀ-ਰੰਗਾ ਪਾਣੀ ਸਿੰਮ ਸਕਦਾ ਹੈ। ਅਜੇਹੇ ਵੱਡੇ ਅਤੇ ਵਧੇਰੇ ਉਦਮਾਂ ਨਾਲ ਇਹ ਪਾਣੀ ਜਮ੍ਹਾਂ ਹੋ ਕੇ ਵਹਿ ਵੀ ਸਕਦਾ ਹੈ ; ਮੁਹੱਬਤ ਦੀ ਵਗਦੀ ਰਾਵੀ ਦੇ ਰੂਪ ਵਿਚ। ਉਤੋਂ ਉਤੋਂ ਬੇਸ਼ੱਕ ਇਹ ਰਾਵੀ ਸੁੱਕੀ ਪਈ ਜਾਪਦੀ ਹੈ ਪਰ ਮੈਨੂੰ ਵਿਸ਼ਵਾਸ ਹੈ ਕਿ ਸਾਡੇ ਸਭ ਦੇ ਧੁਰ ਅੰਦਰ ਕਿਤੇ ਨਾ ਕਿਤੇ ਇਹ ਨਿਰੰਤਰ ਵਹਿ ਰਹੀ ਹੈ। ਲੋੜ ਇਸ ਤੋਂ ਕੂੜ ਦੀ ਮੋਟੀ ਰੇਤਲੀ ਤਹਿ ਨੂੰ ਪੁੱਟ ਉਖੇੜ ਕੇ ਪਾਸੇ ਕਰਨ ਦੀ ਹੈ।ਇੰਜ ਮੇਰੀ ਇਹ ਲਿਖਤ ਨਾਵਾਂ, ਥਾਵਾਂ ਤੇ ਇਮਾਰਤਾਂ ਦੇ ਦਰਸ਼ਨਾਂ ਦਾ ਵੇਰਵਾ ਦੇਣ ਵਾਲੀ ਕੋਈ ਪ੍ਰੰਪਰਿਕ ਸਫ਼ਰਨਾਮਾ ਲਿਖਤ ਨਹੀਂ। ਇਹ ਤਾਂ ਮਨਾਂ ਤੋਂ ਮਨਾਂ ਤਕ ਦੀ ਯਾਤਰਾ ਦਾ ਤਰਲ ਬਿਰਤਾਂਤ ਹੈ। ਇਹ ਸਿਰਫ਼ ਸੱਤਾਂ ਦਿਨਾਂ ਦਾ ਵੇਰਵਾ ਨਹੀਂ, ਇਹਦੇ ਪਿੱਛੇ ਤਾਂ ਸੱਤਾਂ ਪੁਸ਼ਤਾਂ ਦਾ ਦਰਦ ਬੋਲਦਾ ਪਿਆ ਹੈ। ਇਹ ਲਿਖਤ ਪੀੜ੍ਹੀਆਂ ਦੀ ਸਾਂਝ ਦੇ ਟੁੱਟਣ-ਤਿੜਕਣ ਤੇ ਮੁੜ ਗਲੇ ਲੱਗਣ ਲਈ ਅਹੁਲਦੀ ਤੜਪਦੀ ਤਾਂਘ ਦੀ ਦਰਦ-ਦਾਸਤਾਂ ਹੈ। ਇਹੋ ਹੀ ਕਾਰਨ ਹੈ ਕਿ ਜਦੋਂ ‘ਪੰਜਾਬੀ ਟ੍ਰਿਬਿਊਨ’ ਵਿਚ ਪਾਠਕ ਇਸ ਦਰਦ-ਦਾਸਤਾਂ ਨੂੰ ਕਿਸ਼ਤਵਾਰ ਪੜ੍ਹ ਰਹੇ ਸਨ ਤਾਂ ਉਹਨਾਂ ਦੇ ਮਨ ਪਿਘਲ ਕੇ ਉਹਨਾਂ ਦੀਆਂ ਅੱਖੀਆਂ ‘ਚੋਂ ਵਹਿ ਨਿਕਲਦੇ ਰਹੇ। ਇਹਨਾਂ ਪਾਠਕਾਂ ਵਿਚ ਸੁੱਚੇ ਦਿਲ ਵਾਲੇ ਸਾਧਾਰਨ ਪਾਠਕ ਤਾਂ ਸਨ ਹੀ, ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸਿਆਸਤ ਵਿਚ ਵੱਡੇ ਰੁਤਬਿਆਂ ਵਾਲੇ ਰਹਿ ਚੁੱਕੇ ਮੰਤਰੀਆਂ ਨੇ ਵੀ ਇਸਨੂੰ ਸੁਣਦਿਆਂ ਮੇਰੇ ਕੋਲ ਹਉਕੇ ਵਰਗਾ ਹੰੁਗਾਰਾ ਭਰਿਆ। ਬਹੁਤ ਸਾਰਿਆਂ ਨੇ ਤਾਂ ਇਹ ਮਾਸੂਮ ਇੱਛਾ ਵੀ ਪ੍ਰਗਟਾਈ ਕਿ ਇਹ ‘ਰਾਵੀ’ ਇਸ ਤਰ੍ਹਾਂ ਹੀ ‘ਪੰਜਾਬੀ ਟ੍ਰਿਬਿਊਨ’ ਦੇ ਪੰਨਿਆਂ ਉੱਤੇ ਵਗਦੀ ਰਹੇ। ਪਰ ਇਕ ਸੁਹਿਰਦ ਪਾਠਕ ਨੇ ਇਸਦੀ ਅੰਤਮ ਕਿਸ਼ਤ ਪੜ੍ਹਕੇ ਇਕ ਬੜੀ ਦਿਲਚਸਪ ਗੱਲ ਸੁਣਾਈ। ਉਸ ਕਿਹਾ, ‘ਵਗਦੀ ਏ ਰਾਵੀ’ ਦੀ ਅੰਤਮ ਕਿਸ਼ਤ ਬਾਰੇ ਸੁਣਕੇ ਮੇਰੇ ਬੱਚਿਆਂ ਨੇ ਤੁਰੰਤ ਕਿਹਾ, ‘‘ਚਲੋ ਇਹ ਵੀ ਚੰਗਾ ਈ ਹੋਇਆ, ਇਹ ਛਪਣੀ ਬੰਦ ਹੋ ਗਈ…’’‘‘ਕਿਉਂ?’’ ਮੇਰੇ ਪੁੱਛਣ ‘ਤੇ ਉਸਨੇ ਦੱਸਿਆ, ‘‘ਉਹ ਆਖਦੇ ਸਨ ਕਿ ਹਰੇਕ ਐਤਵਾਰ ਨੂੰ ਸਾਡਾ ਪਿਉ ਅਖ਼ਬਾਰ ਲੈ ਕੇ ਬੈਠ ਜਾਂਦਾ ਸੀ। ਨਾਲੇ ਅਖ਼ਬਾਰ ਪੜ੍ਹੀ ਜਾਂਦਾ ਸੀ, ਨਾਲੇ ਅੱਥਰੂ ਕੇਰੀ ਜਾਂਦਾ ਸੀ।’’ਇਹ ਸੁਣ ਕੇ ਲੱਗਾ ਕਿ ਮੇਰਾ ਲਿਖਣਾ ਸਫ਼ਲ ਹੋ ਗਿਆ, ਇਹੋ ਹੀ ਤਾਂ ਮੈਂ ਲੋੜਦਾ ਸਾਂ, ਖ਼ੁਸ਼ਕ ਹੋਏ ਨੈਣਾਂ ਵਿਚ ਨਮੀਂ ਪੈਦਾ ਕਰਨਾ। ਸੁੱਕੇ ਮਨਾਂ ਵਿਚ ਮੁਹੱਬਤ ਦੀ ਰਾਵੀ ਵਗਾਉਣਾ।‘ਕਰੜੇ ਮਨਾਂ ਵਾਲਿਆਂ ਨੂੰ’ ਇਹ ਨਿਰੋਲ ਕੋਰੀ ਭਾਵੁਕਤਾ ਵੀ ਲੱਗ ਸਕਦੀ ਹੈ। ‘ਖੁਰਦਬੀਨ’ ਲੈ ਕੇ ਅਰਥ ਕਰਨ ਵਾਲਿਆਂ ਨੂੰ ਹਾਕਮਾਂ ਦੀ ਸੋਚ ਤੋਂ ਟੇਢ ਵੱਟ ਕੇ ਤੁਰਨ ਵਾਲੀ ਇਸ ਲਿਖਤ ਵਿਚ ‘ਦੇਸ਼ ਦੀ ਵਫ਼ਾਦਾਰੀ’ ਪ੍ਰਤੀ ਸ਼ੰਕਾ ਦੀ ‘ਸੂਹ’ ਵੀ ਲੱਭ ਸਕਦੀ ਹੈ। ਪਰ ਮੈਨੂੰ ਲੱਗਦਾ ਹੈ ਕਿ ਮੈਂ ਇਸ ਰਚਨਾ ਰਾਹੀਂ ਦੋਹਾਂ ਮੁਲਕਾਂ ਦੇ ਅਵਾਮ ਅੰਦਰਲੇ ਤਰਲ ਭਾਵਾਂ ਨੂੰ ਜ਼ਬਾਨ ਦੇਣ ਦਾ ਅਤੇ ਸਰਬ-ਸਾਂਝੀ ਮਨੁੱਖਤਾ ਪ੍ਰਤੀ ਵਫ਼ਾਦਾਰੀ ਨਿਭਾਉਣ ਦਾ ਨਿਰਮਾਣ ਕਾਰਜ ਕਰਨ ਦੀ ਸਾਦਾ ਜਿਹੀ ਕੋਸ਼ਿਸ਼ ਕੀਤੀ ਹੈ। ਇਹ ਰਚਨਾ ਸਰਹੱਦਾਂ ਅਤੇ ਕੰਡੇਦਾਰ ਵਾੜਾਂ ਦੇ ਉੱਪਰ ਦੀ ਮੁਹੱਬਤ ਦਾ ਸਤਰੰਗਾ ਇੰਦਰ-ਧਨੁੱਖੀ ਪੁਲ ਉਸਾਰ ਕੇ ਇਕ ਦੂਜੇ ਤੱਕ ਪੁੱਜਣ ਅਤੇ ਇਕ ਦੂਜੇ ਨੂੰ ਸਮਝਣ ਦਾ ਨਿੱਕਾ ਜਿਹਾ ਯਤਨ ਹੈ।ਮੈਂ ਇਸ ਲਿਖਤ ਰਾਹੀਂ ‘ਬਾਰੂਦ ਦੀ ਬੋ’ ਦੀ ਜਗ੍ਹਾ ‘ਮੁਹੱਬਤ ਦੀ ਖ਼ੁਸ਼ਬੋ’ ਖਿੰਡਾਉਣ ਦਾ, ਸਭ ਕਿਸਮ ਦੇ ਲੜਾਈ ਝਗੜਿਆਂ ਨੂੰ ਮਿਲ-ਬੈਠ ਕੇ ਨਿਪਟਾਉਣ ਦਾ, ਵਿਛੜਿਆਂ ਨੂੰ ਗਲੇ ਮਿਲਾਉਣ ਦਾ ਇਕ ਮਾਸੂਮ ਜਿਹਾ ਹੋਕਾ ਦਿੱਤਾ ਹੈ।ਕੋਈ ਸੁਣੇਗਾ ਇਸ ਹੋਕੇ ਨੂੰ!