ਮੈਂ ਕਿਰਪਾਲ ਸਿੰਘ ਪੰਨੂੰ ਨੂੰ ਜਿੰਨਾ ਕੁ ਜਾਣਦਾ ਹਾਂ, ਉਹ ਉਸ ਤੋਂ ਵੱਡਾ ਹੈ। ਮੈਂ ਉਸ ਨੂੰ ਜਾਨਣਾ ਛੱਡ ਦਿਤਾ ਹੈ। ਜਿੰਨਾ ਕੁ ਜਾਣਦਾ ਹਾਂ ਬਥੇਰਾ ਹੈ। ਕਿਰਪਾਲ ਵੀ ਆਪਣੇ ਆਪ ਨੂੰ ਜਣਾਉਂਦਾ ਨਹੀਂ ਹੈ। ਸਾਡਾ ਰਿਸ਼ਤਾ ਜਾਣਨ ਜਣਾਉਣ ਦਾ ਮੁਥਾਜ ਨਹੀਂ ਰਿਹਾ।
ਮੈਂ ਕੰਪਿਊਟਰ ਤਕਨਾਲੋਜੀ ਨੂੰ ਜਾਣਨਾ ਵੀ ਛੱਡ ਦਿੱਤਾ ਹੈ। ਜਿੰਨੇ ਨਾਲ ਸਰਦਾ ਹੈ ਸਾਰਦਾ ਹਾਂ। ਬਾਕੀ ਦੀ ਜਾਣਕਾਰੀ ਮੈਂ ਪੰਨੂ ’ਤੇ ਛੱਡ ਰੱਖੀ ਹੈ। ਜਦੋਂ ਲੋੜ ਪੈਂਦੀ ਹੈ ਬੇ ਝਿਜਕ ਉਹਤੋਂ ਲੈ ਲੈਂਦਾ ਹਾਂ। ਉਹ ਭਲਾ ਲੋਕ ਹੈ ਕੋਈ ਉਜਰ ਨਹੀਂ ਕਰਦਾ। ਅੱਗ ਵਿਚ ਸੂਰਜ ਬਲਦਾ ਹੈ, ਧੁੱਪ ਫੱਕਰ ਲੁਟ ਲੈਂਦੇ ਹਨ। ਮੈਂ ਆਪਣੇ ਆਪ ਹੀ ਮਿਥ ਲਿਆ ਹੈ ਕਿ ਜੋ ਕੁਝ ਪੰਨੂੰ ਜਾਣਦਾ ਹੈ, ਉਹਦੇ ’ਤੇ ਮੇਰਾ ਵੀ ਹੱਕ ਹੈ। ਤੇ ਉਹ ਵੀ ਮੇਰੇ ਇਸ ਹੰਮ੍ਹੇ ਨੂੰ ਟੁਟਣ ਨਹੀਂ ਦਿੰਦਾ। ਨ੍ਹੇਰੇ ਸਵੇਰੇ, ਵੇਲੇ ਕੁਵੇਲੇ ਜਦੋਂ ਵੀ ਹਾਕ ਮਾਰਦਾ ਹਾਂ ਉਹ ਹਾਜ਼ਰ ਹੁੰਦਾ ਹੈ। ਮੈਂ ਬਹੁਤੀ ਵਾਰ ਉਹਦਾ ਧੰਨਵਾਦ ਵੀ ਨਹੀਂ ਕਰਦਾ। ਉਹਨੇ ਮੈਨੂੰ ਇਹ ਛੋਟ ਵੀ ਦੇ ਰੱਖੀ ਹੈ।
ਕਬੀਰ ਜੀ ਕਹਿੰਦੇ ਹਨ, ਜਦੋਂ ਕਿਸ਼ਤੀ ਵਿਚ ਪਾਣੀ ਤੇ ਘਰ ਵਿਚ ਦਾਮ ਵਧ ਜਾਵੇ ਤਾਂ ਉਨ੍ਹਾਂ ਨੂੰ ਦੋਨਾਂ ਹੱਥਾਂ ਨਾਲ ਕੰਲਜ ਦੇਣਾ ਸਿਆਣਾ ਕੰਮ ਹੈ:
ਪਾਨੀ ਬਢੇ ਨਾਵ ਮੇ, ਘਰ ਮੇ ਬਢੇ ਦਾਮ
ਦੋਨੋ ਹਾਥ ਉਲੀਚਿਏ ਯਹੀ ਸਿਆਨੋ ਕਾਮ
ਅੰਦਰਖਾਤੇ ਪੰਨੂੰ ਜਾਣਦਾ ਹੈ ਕਿ ਵਿਦਿਆ ਅਤੇ ਗਿਆਨ ਵੀ ਡੋਬ ਦਿੰਦੇ ਹਨ ਜੇ ਉਹ ਵੰਡੇ ਨਾ ਜਾਣ। ਸੋ ਜਿੰਨਾ ਕੁ ਉਹ ਜਾਣਦਾ ਹੈ, ਦੋਨਾਂ ਹੱਥਾਂ ਨਾਲ ਉਲੀਚ ਰਿਹਾ ਹੈ।
ਮੈਨੂੰ ਬਹੁਤ ਚੀਜ਼ਾਂ ਦਾ ਆਸਰਾ ਹੈ: ਧੱਪ ਦਾ, ਪੌਣ ਦਾ, ਪਾਣੀ ਦਾ ਧਰਤੀ ਦਾ। ਮੈਨੂੰ ਕਿਰਪਾਲ ਸਿੰਘ ਪੰਨੂ ਦਾ ਵੀ ਆਸਰਾ ਹੈ।