31
ਸੰਮਤੀ ਦਾ ਸਾਰੇ ਇਲਾਕੇ ਵਿਚ ਪੱਕਾ ਜਨ-ਆਧਾਰ ਬਣ ਚੁੱਕਾ ਸੀ। ਇਲਾਕੇ ਵਿਚ ਕੰਮ ਕਰਦੀ ਹਰ ਛੋਟੀ-ਵੱਡੀ ਸੰਸਥਾ ਦੀ ਕਿਸੇ ਨਾ ਕਿਸੇ ਸਮੇਂ ਸੰਮਤੀ ਨੇ ਸਹਾਇਤਾ ਕੀਤੀ ਸੀ। ਵੱਡੇ ਸੰਘਰਸ਼ਾਂ ਸਮੇਂ ਕਿਸੇ ਵੀ ਸਮੇਂ ਉਹਨਾਂ ਨੂੰ ਹਾਕ ਮਾਰੀ ਜਾ ਸਕਦੀ ਸੀ।
ਚੋਣਾਂ ਸਿਰ ’ਤੇ ਆ ਚੁੱਕੀਆਂ ਸਨ। ਆਪਣੀਆਂ ਭੈੜੀਆਂ ਕਾਰਗੁਜ਼ਾਰੀਆਂ ਕਾਰਨ ਸਰਕਾਰ ਪੂਰੀ ਤਰ੍ਹਾਂ ਬਦਨਾਮ ਹੋ ਚੱਕੀ ਸੀ। ਸੱਤਾਧਾਰੀ ਪਾਰਟੀ ਦੇ ਨੇਤਾਵਾਂ ਨੂੰ ਲੋਕਾਂ ਨੂੰ ਮੂੰਹ ਦਿਖਾਉਣ ਵਿਚ ਦਿੱਕਤ ਪੇਸ਼ ਆ ਰਹੀ ਸੀ। ਆਪਣੇ ਹੱਕ ਵਿਚ ਵੋਟਾਂ ਮੰਗਣ ਦਾ ਉਹਨਾਂ ਕੋਲ ਕੋਈ ਮੁੱਦਾ ਨਹੀਂ ਸੀ।
ਲੋਹਾ ਗਰਮ ਸੀ। ਸਰਕਾਰ ’ਤੇ ਦਬਾਅ ਪਾ ਕੇ ਆਪਣੀ ਗੱਲ ਮੰਨਵਾਉਣ ਦਾ ਇਹੋ ਵਧੀਆ ਮੌਕਾ ਸੀ।
ਸੰਘਰਸ਼ ਸੰਮਤੀ ਦਾ ਗਠਨ ਪਾਲੇ ਮੀਤੇ ਨੂੰ ਬੇਕਸੂਰ ਸਿੱਧ ਕਰਨ ਅਤੇ ਅਸਲ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਾਉਣ ਲਈ ਹੋਇਆ ਸੀ। ਸੰਮਤੀ ਅਸਲ ਕਾਤਲਾਂ ਦੀ ਸ਼ਨਾਖ਼ਤ ਕਰ ਚੁੱਕੀਸੀ।
ਪਰ ਹਾਲੇ ਤਕ ਨਾ ਪਾਲਾ ਮੀਤਾ ਬਰੀ ਹੋਏ ਸਨ, ਨਾ ਅਸਲ ਦੋਸ਼ੀਆਂ ਨੂੰ ਫੜਿਆ ਗਿਆਸੀ।
ਆਪਣੇ ਅਸਲ ਮੁੱਦੇ ਨੂੰ ਪੂਰੇ ਜ਼ੋਰ-ਸ਼ੋਰ ਨਾਲ ਉਠਾਉਣ ਲਈ ਸੰਘਰਸ਼ ਸੰਮਤੀ ਨੇ ਇਕ ਹਫ਼ਤੇ ਦਾ ਪ੍ਰੋਗਰਾਮ ਉਲੀਕਿਆ।
ਇਸ ਸਮੇਂ ਸੰਮਤੀ ਕੋਲ ਨਾ ਨੇਤਾਵਾਂ ਦੀ ਕਮੀ ਸੀ ਅਤੇ ਨਾ ਸਹਿਯੋਗੀ ਸੰਸਥਾਵਾਂ ਦੀ। ਬਾਬਾ ਗੁਰਦਿੱਤ ਸਿੰਘ ਤੋਂ ਲੈ ਕੇ ਨੌਜਵਾਨ ਕਾਮੇ ਸ਼ਾਮੂ ਤਕ ਦਾ ਆਪਣਾ-ਆਪਣਾ ਪ੍ਰਭਾਵ ਸੀ। ਹੁਣ ਗੁਰਮੀਤ ਅਤੇ ਪਿਆਰੇ ਲਾਲ ਵਧੀਆ ਵਕੀਲਾਂ ਦੇ ਨਾਲ-ਨਾਲ ਵਧੀਆ ਬੁਲਾਰੇ ਵੀ ਬਣ ਗਏ ਸਨ। ਮੁਕੱਦਮਿਆਂ ਅਤੇ ਕਾਨੂੰਨ ਦੀਆਂ ਧਾਰਾਵਾਂ ਦੇ ਹਵਾਲੇ ਦੇ-ਦੇ ਜਦੋਂ ਉਹ ਮੌਜੂਦਾ ਪ੍ਰਬੰਧ ਦੀਆਂ ਧੱਜੀਆਂ ਉਡਾਉਂਦੇ ਸਨ ਤਾਂ ਜੋਸ਼ ਲਾਲ ਭਰੇ ਲੋਕ ਹਰ ਵਾਕ ਬਾਅਦ ਤਾੜੀਆਂ ਮਾਰ-ਮਾਰ ਅਸਮਾਨ ਗੂੰਜਣ ਲਾ ਦਿੰਦੇ ਸਨ।
*ਤੀਕਾਰੀ ਫ਼ਰੰਟ, ਭਗਤ ਸਿੰਘ ਨੌਜਵਾਨ ਸਭਾ, ਧਾਗਾ ਮਿੱਲ ਕਾਮਾ ਸੰਮਤੀ ਅਤੇ ਲੈਨਿਨ ਨਾਟਕ ਕਲਾ ਕੇਂਦਰ ਵਰਗੀਆਂ ਜਥੇਬੰਦੀਆਂ, ਲੋਕ ਸੰਘਰਸ਼ ਸੰਮਤੀ ਦੀਆਂ ਸਹਿਯੋਗੀ ਸੰਸਥਾਵਾਂ ਸਨ। ਹੁਣ ਪੂਰੇ ਤਨ, ਮਨ ਅਤੇ ਧਨ ਨਾਲ ਇਸਤਰੀ ਸਭਾ, ਹੈਲਪਲਾਈਨ, ਚੌਥਾ ਦਰਜਾ ਕਰਮਚਾਰੀ ਜਥੇਬੰਦੀ ਅਤੇ ਪੱਲੇਦਾਰੀ ਯੂਨੀਅਨ ਵੀ ਉਹਨਾਂ ਦੇ ਨਾਲ ਸੀ। ਇਹਨਾਂ ਸਭਨਾਂ ਦੇ ਸਹਿਯੋਗ ਨਾਲ ਪ੍ਰਭਾਵਸ਼ਾਲੀ ਲੋਕ ਲਹਿਰ ਉਸਾਰੀ ਜਾ ਸਕਦੀ ਸੀ।
ਪਹਿਲੇ ਤਿੰਨ ਦਿਨ ਜਲਸੇ ਪਿੰਡਾਂ ਵਿਚ ਹੋਣੇ ਸਨ। ਹਲਕੇ ਦੇ ਹਰ ਪਿੰਡ ਵਿਚ ਉਹਨਾਂ ਨੇ ਜਾਣਾ ਸੀ। ਕਿਸੇ ਪਿੰਡ ਵਿਚ ਪ੍ਰਬੰਧ ਇਸਤਰੀ ਸਭਾ ਨੇ ਕਰਨਾ ਸੀ ਅਤੇ ਕਿਸੇ ਪਿੰਡ ਵਿਚ ਹੈਲਪਲਾਈਨ ਵਾਲਿਆਂ ਨੇ। ਕਿਸੇ ਵਿਚ ਸਹਿਯੋਗ ਪੱਲੇਦਾਰ ਯੂਨੀਅਨ ਨੇ ਦੇਣਾ ਸੀ ਅਤੇ ਕਿਸੇ ਵਿਚ ਚੌਥਾ ਦਰਜਾ ਕਰਮਚਾਰੀ ਜਥੇਬੰਦੀ ਨੇ।
ਟਰੈਕਟਰ ਯੂਨੀਅਨ ਪਿੱਛੇ ਰਹਿਣ ਵਾਲੀ ਨਹੀਂ ਸੀ। ਉਹਨਾਂ ਦੀਆਂ ਟਰੈਕਟਰ-ਟਰਾਲੀਆਂ, ਸਮੇਤ ਡਰਾਈਵਰ ਹਾਜ਼ਰ ਰਹਿਣੀਆਂ ਸਨ।
ਅਗਲੇ ਦੋ ਦਿਨ ਜਲਸੇ ਬਲਾਕ ਪੱਧਰ ’ਤੇ ਹੋਣੇ ਸਨ। ਇਹਨਾਂ ਸਮਾਗਮਾਂ ਦੇ ਮੁੱਖ ਬੁਲਾਰੇ ਬਾਬਾ ਗੁਰਦਿੱਤ ਸਿੰਘ, ਗੁਰਮੀਤ ਸਿੰਘ ਅਤੇ ਪਿਆਰੇ ਲਾਲ ਹੋਣੇ ਸਨ। ਵਾਰਾਂ ਅਤੇ ਨਾਟਕ ਨਾਲੋ-ਨਾਲ ਚੱਲਣੇ ਸਨ।
ਛੇਵੇਂ ਦਿਨ ਭਰਵਾਂ ਇਕੱਠ ਸ਼ਹਿਰ ਵਿਚ ਹੋਣਾ ਸੀ।
ਸੱਤਵੇਂ ਦਿਨ ਕੂਚ ਰਾਜਧਾਨੀ ਵੱਲ ਹੋਣਾ ਸੀ।
ਫੇਰ ਸੰਘਰਸ਼ ਨੂੰ ਸਾਰੇ ਸੂਬੇ ਵਿਚ ਫੈਲਾਇਆ ਜਾਣਾ ਸੀ।
32
ਸੂਬਾ ਭਾਂਤ-ਭਾਂਤ ਦੀਆਂ ਸਮੱਸਿਆਵਾਂ ਵਿਚ ਘਿਰਿਆ ਹੋਇਆ ਸੀ। ਮੁੱਖ ਮੰਤਰੀ ਦੀ ਇਕ ਟੰਗ ਸੂਬੇ ਦੀ ਰਾਜਧਾਨੀ ਵਿਚ ਹੁੰਦੀ ਅਤੇ ਦੂਜੀ ਦੇਸ਼ ਦੀ ਰਾਜਧਾਨੀ ਵਿਚ। ਉਹ ਨੂੰ ਆਪਣੇ ਹਲਕੇ ਵੱਲ ਧਿਆਨ ਦੇਣ ਦਾ ਮੌਕਾ ਨਹੀਂ ਸੀ ਮਿਲ ਰਿਹਾ।
ਲੋਕਾਂ ਨਾਲ ਸੰਪਰਕ ਰੱਖਣ ਦਾ ਕੰਮ ਉਸ ਨੇ ਆਪਣੇ ਕੁਝ ਵਿਸ਼ਵਾਸ-ਪਾਤਰਾਂ ਉਪਰ ਛੱਡਿਆ ਹੋਇਆ ਸੀ। ਉਹ ਜੋ ਸੁਝਾਅ ਦਿੰਦੇ ਸਨ, ਉਹੋ ਉਹ ਮੰਨ ਲੈਂਦਾ ਸੀ।
ਕੁਝ ਸਮੇਂ ਤੋਂ ਇਹਨਾਂ ਸਲਾਹਕਾਰਾਂ ਦੀ ਚਿੰਤਾ ਵਿਚ ਵਾਧਾ ਹੋ ਰਿਹਾ ਸੀ।
ਚੋਣਾਂ ਵਿਚ ਕੁਝ ਹੀ ਸਮਾਂ ਬਾਕੀ ਸੀ। ਚੋਣਾਂ ਲਈ ਮੋਟੀ ਰਕਮ ਦੇ ਨਾਲ-ਨਾਲ ਸ਼ਰਾਬ, ਭੁੱਕੀ ਅਤੇ ਅਫ਼ੀਮ ਦੇ ਟਰੱਕ ਚਾਹੀਦੇ ਸਨ।
ਸੱਤਾਧਾਰੀ ਪਾਰਟੀ ਦੀ ਆਮਦਨ ਦਾ ਮੁੱਖ ਸੋਮਾ ਅਫ਼ਸਰਾਂ ਵੱਲੋਂ ਬੱਝਵਾਂ ਮਿਲਦਾ ਮਹੀਨਾਸੀ। ਸ਼ਰਾਬ ਠੇਕੇਦਾਰਾਂ ਕੋਲੋਂ ਆਉਂਦੀ ਸੀ। ਭੁੱਕੀ ਅਤੇ ਅਫ਼ੀਮ ਆਦਿ ਦਾ ਪ੍ਰਬੰਧ ਪੁਲਿਸ ਕਰਦੀ ਸੀ।
ਸਲਾਹਕਾਰ ਨੂੰ ਜਾਪਣ ਲੱਗਾ ਕਿ ਅਗਲੀਆਂ ਚੋਣਾਂ ਵਿਚ ਪੈਸੇ ਦੀ ਤੋੜ ਰਹੇਗੀ ਅਤੇ ਨਸ਼ੇ-ਪਤੇ ਦੀ ਵੀ।
ਜਾਪਦਾ ਸੀ ਸੰਘਰਸ਼ ਸੰਮਤੀ ਨੂੰ ਵਿਰੋਧੀ ਧਿਰ ਨੇ ਆਪਦੇ ਹੱਥ ’ਤੇ ਚਾੜ੍ਹ ਲਿਆ ਸੀ। ਉਸ ਦੀ ਚਾਲ ਵਿਚ ਆ ਕੇ ਸੰਮਤੀ ਸੱਤਾਧਾਰੀ ਪਾਰਟੀ ਦੇ ਆਰਥਿਕ ਅਤੇ ਜਨ-ਆਧਾਰ ਨੂੰ ਖੋਰਾ ਲਾਉਣ ਵਿਚ ਜੁੱਟੀ ਹੋਈ ਸੀ।
ਜਦੋਂ ਤੋਂ ਪੁਲਿਸ ਨੇ ਖ਼ੁਰਾਕ ਵਿਭਾਗ ਦੇ ਅਫ਼ਸਰਾਂ ਨੂੰ ਸਰਕਾਰੀ ਗੋਦਾਮਾਂ ਵਿਚੋਂ ਕਣਕ ਚੋਰੀ ਕਰ ਕੇ ਵੇਚਣ ਦੇ ਜੁਰਮ ਵਿਚ ਗ੍ਰਿਫ਼ਤਾਰ ਕੀਤਾ ਸੀ, ਉਦੋਂ ਤੋਂ ਸੱਤਾਧਾਰੀ ਪਾਰਟੀ ਦੇ ਫੰਡਾਂ ਵਿਚ ਕਮੀ ਹੋਣੀ ਸ਼ੁਰੂ ਹੋ ਗਈ ਸੀ।
ਸਭ ਨੂੰ ਪਤਾ ਸੀ ਕਿ ਖ਼ੁਰਾਕ ਵਿਭਾਗ ਅਤੇ ਭਾਰਤ ਖ਼ੁਰਾਕ ਨਿਗਮ ਦੇ ਅਧਿਕਾਰੀ ਹਰ ਸਾਲ ਕਰੋੜਾਂ ਦਾ ਅਨਾਜ ਚੋਰੀ ਕਰ ਕੇ ਵੇਚਦੇ ਸਨ। ਚੋਰੀ ਦਾ ਵੱਡਾ ਹਿੱਸਾ ਸੱਤਾਧਾਰੀ ਪਾਰਟੀ ਦੇ ਕਾਰਕੁੰਨਾਂ ਨੂੰ ਪੁੱਜਦਾ ਸੀ। ਬਦਲੇ ਵਿਚ ਸਰਕਾਰ ਅਫ਼ਸਰਾਂ ਦੇ ਸਿਰ ’ਤੇ ਹੱਥ ਰੱਖਦੀ ਹੈ।
ਹਲਕੇ ਦੀ ਪੁਲਿਸ ਨੂੰ ਮੁੱਖ ਮੰਤਰੀ ਦੇ ਦਰਬਾਰ ਵਿਚ ਹਾਜ਼ਰੀ ਲਗਵਾਉਣੀ ਪੈਂਦੀ ਹੈ। ਉਸਨੂੰ ਵੀ ਹਰ ਮਹੀਨੇ ਪੈਸੇ ਦੀ ਜ਼ਰੂਰਤ ਹੁੰਦੀ ਸੀ ।
ਚੋਣਾਂ ਨੇੜੇ ਹੋਣ ਕਾਰਨ ਹਰ ਮਹਿਕਮੇ ਦੇ ਅਧਿਕਾਰੀ ਉਪਰ ਦਬਾਅ ਵਧਿਆ ਹੋਇਆ ਸੀ। ਹਰ ਮੰਤਰੀ ਨੂੰ ਵੱਧ ਤੋਂ ਵੱਧ ਪੈਸਾ ਇਕੱਠਾ ਕਰਨ ਦੀ ਕਾਹਲ ਲੱਗੀ ਹੋਈ ਸੀ।
ਮੁੱਖ ਮੰਤਰੀ ਦਾ ਹਲਕਾ ਹੋਣ ਕਾਰਨ ਇਸ ਇਲਾਕੇ ਦੇ ਅਧਿਕਾਰੀਆਂ ਨੂੰਦੂਹਰੀਮਾਰਝੱਲਣੀ ਪੈ ਰਹੀ ਸੀ। ਮੁੱਖ ਮੰਤਰੀ ਦੇ ਸਲਾਹਕਾਰਾਂ ਨੂੰ ਮਿਲਣਾ ਪੈਂਦਾ ਸੀ ਅਤੇ ਸੰਬੰਧਿਤ ਮੰਤਰੀ ਨੂੰ ਵੀ।
ਵੱਧ ਤੋਂ ਵੱਧ ਪੈਸਾ ਕਮਾਉਣ ਵਾਲੀ ਜੋ ਵੀ ਯੋਜਨਾ ਮੰਤਰੀ ਅੱਗੇ ਪੇਸ਼ ਹੁੰਦੀ, ਉਹ ਝੱਟ ਮਨਜ਼ੂਰ ਹੋ ਜਾਂਦੀ ਸੀ।
ਖ਼ੁਰਾਕ ਵਿਭਾਗ ਦੇ ਗੋਦਾਮਾਂ ਵਿਚ ਹਜ਼ਾਰਾਂ ਟਨ ਅਨਾਜ ਪਿਆ ਸੀ। ਉਸ ਨੂੰ ਬਾਹਰਲੇ ਸੂਬਿਆਂ ਵਿਚ ਭੇਜ ਕੇ ਸਭ ਹੱਥ ਰੰਗ ਸਕਦੇ ਸਨ।
ਮੁੱਖ ਮੰਤਰੀ ਦੇ ਦਖ਼ਲ ਨਾਲ ਇਹ ਯੋਜਨਾ ਝੱਟ ਸਿਰੇ ਚੜ੍ਹ ਗਈ। ਕਣਕ ਅਤੇ ਚੌਲ ਢੋਣ ਲਈ ਮਾਲ-ਗੱਡੀਆਂ ਦੀ ਕਤਾਰ ਮਾਲ-ਗੋਦਾਮ ’ਤੇ ਆ ਖੜੋਤੀ।
ਖ਼ੁਰਾਕ ਵਿਭਾਗ ਵਾਲਿਆਂ ਦੇ ਨਾਲ-ਨਾਲ ਪੁਲਿਸ ਵੀ ਪੈਸੇ ਕਮਾਉਣ ਲਈ ਕਾਹਲੀ ਪੈਣ ਲੱਗੀ।
ਪਹਿਲਾਂ ਮਹੀਨੇ ਵਿਚ ਚੋਰੀ ਦੇ ਮਾਲ ਦਾ ਇਕ-ਅੱਧ ਟਰੱਕ ਫੜਿਆ ਜਾਂਦਾ ਸੀ। ਲੈ-ਦੇ ਕੇ ਮਾਮਲਾ ਰਫ਼ਾ-ਦਫ਼ਾ ਹੋ ਜਾਂਦਾ ਸੀ।
ਜਦੋਂ ਤੋਂ ਸਪੈਸ਼ਲ ਗੱਡੀਆਂ ਲੱਗੀਆਂ ਸਨ, ਪੁਲਿਸ ਦੇ ਛਾਪੇ ਜ਼ਿਆਦਾ ਵਧ ਗਏ ਸਨ। ਗੁਦਾਮੋਂ ਨਿਕਲਦੇ ਹਰ ਟਰੱਕ ਪਿੱਛੇ ਪੁਲਿਸ ਲੱਗ ਜਾਂਦੀ ਸੀ। ਬਚੀ ਕਣਕ ਨੂੰ ਖੁਰਦ-ਬੁਰਦ ਕਰਨੋਂ ਨਾ ਖ਼ੁਰਾਕ ਵਿਭਾਗ ਵਾਲੇ ਹਟਦੇ ਸਨ, ਨਾ ਪੁਲਿਸ ਉਹਨਾਂ ਨੂੰ ਫੜਨੋਂ ਹਟਦੀ ਸੀ।
ਪੁਲਿਸ ਅਤੇ ਖ਼ੁਰਾਕ ਵਿਭਾਗ ਵਾਲੇ ਕੀ ਕਰਦੇ ਸਨ? ਇਸ ਨਾਲ ਪੱਲੇਦਾਰ ਯੂਨੀਅਨ ਨੂੰ ਕੋਈ ਮਤਲਬ ਨਹੀਂ ਸੀ। ਗੁਦਾਮ ਵਿਚੋਂ ਚੱਲਿਆ ਟਰੱਕ ਸਟੇਸ਼ਨ ’ਤੇ ਉਤਰਦਾ ਸੀ, ਆਟਾ ਮਿੱਲ ਵਿਚ ਜਾਂ ਕਿਸੇ ਚੱਕੀ ‘ਤੇ, ਇਸ ਨਾਲ ਪੱਲੇਦਾਰ ਨੂੰ ਕੋਈ ਵਾਸਤਾ ਨਹੀਂ ਸੀ। ਉਹਨਾਂ ਨੂੰ ਬੱਝਵੀਂ ਮਜ਼ਦੂਰੀ ਮਿਲਦੀ ਸੀ।
ਚੋਰੀ ਦਾ ਮਾਲ ਫੜੇ ਜਾਣ ’ਤੇ ਪੱਲੇਦਾਰ ਪੁਲਿਸ ਦੀ ਪੂਰੀ ਸਹਾਇਤਾ ਕਰਦੇ ਸਨ। ਮਾਲ ਕਿਥੋਂ ਚੱਲਿਆ ਹੈ, ਕਿਸ ਨੇ ਭਰਾਇਆ ਹੈ, ਕਿਥੇ ਜਾਣਾ ਹੈ, ਇਸ ਦੀ ਪੂਰੀ ਜਾਣਕਾਰੀ ਦਿੰਦੇ ਸਨ। ਉਸ ਸੂਚਨਾ ਦੇ ਆਧਾਰ ’ਤੇ ਪੁਲਿਸ ਛਾਪੇ ਮਾਰਦੀ ਸੀ। ਬੰਦੇ ਫੜਦੀ ਸੀ। ਸੌਦੇ ਹੁੰਦੇ ਸਨ। ਅਸਲ ਮੁਲਜ਼ਮ ਛੁੱਟ ਜਾਂਦੇ ਸਨ। ਇਸ ਨਾਲ ਵੀ ਪੱਲੇਦਾਰਾਂ ਨੂੰ ਕੋਈ ਮਤਲਬ ਨਹੀਂ ਸੀ। ਪੁਲਿਸ ਜਿਸ ਨੂੰ ਮਰਜ਼ੀ ਫੜੇ, ਜਿਸ ਨੂੰ ਮਰਜ਼ੀ ਛੱਡੇ।
ਪੱਲੇਦਾਰਾਂ ਨੂੰ ਉਸ ਸਮੇਂ ਫ਼ਿਕਰ ਹੋਣ ਲੱਗਾ ਸੀ, ਜਦੋਂ ਤੋਂ ਪੁਲਿਸ ਨੇ ਪੱਲੇਦਾਰਾਂ ਨੂੰ ਚੋਰ ਗਰਦਾਨ ਕੇ ਫੜਨਾ ਸ਼ੁਰੂ ਕਰ ਦਿੱਤਾ ਸੀ। ਬਿਨਾਂ ਮਤਲਬ ਚੋਰ ਬਣੇ ਪੱਲੇਦਾਰਾਂ ਨੂੰ ਮਹੀਨਾ-ਮਹੀਨਾ ਥਾਣੇ ਅਤੇ ਜੇਲ੍ਹਾਂ ਵਿਚ ਬੰਦ ਰਹਿਣਾ ਪੈਂਦਾ ਸੀ। ਫੇਰ ਸਾਲਾਂ-ਬੱਧੀ ਕਚਹਿਰੀ ਵਿਚ ਧੱਕੇ ਖਾਣੇ ਪੈਂਦੇ, ਸਜ਼ਾ ਹੋਣ ਦੇ ਡਰ ਦੀ ਤਲਵਾਰ ਸਿਰ ’ਤੇ ਲਟਕਦੀ ਰਹਿੰਦੀ।
ਸਪੈਸ਼ਲ ਗੱਡੀਆਂ ਵਾਲੇ ਮਹੀਨੇ, ਖ਼ੁਰਾਕ ਵਿਭਾਗ ਨਾਲ ਸੰਬੰਧਿਤ ਹਰ ਛੋਟੇ-ਵੱਡੇ ਕਰਮਚਾਰੀ ਦੇ ਘਰ ਦੀਵਾਲੀ ਬਣਦੀ ਰਹੀ ਸੀ। ਸਾਰਾ ਦਿਨ ਹੱਡ ਤੋੜ ਕੇ ਰੋਟੀ ਕਮਾਉਣ ਵਾਲੇ ਬੀਸੀਆਂ ਪੱਲੇਦਾਰਾਂ ਨੂੰ ਜੇਲ੍ਹ ਦੀ ਹਵਾ ਖਾਣੀ ਪਈ ਸੀ।
ਪੱਲੇਦਾਰ ਯੂਨੀਅਨ ਨੇ ਇਸ ਧੱਕੇ ਵਿਰੁੱਧ ਆਵਾਜ਼ ਬੁਲੰਦ ਕਰਨ ਦਾ ਯਤਨ ਕੀਤਾ। ਸੂਹ ਮਿਲਦਿਆਂ ਹੀ ਪੁਲਿਸ ਅਤੇ ਖ਼ੁਰਾਕ ਵਿਭਾਗ ਵਾਲਿਆਂ ਨੇ ਉਹਨਾਂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਸੀ। ਉਹ ਕਹਿੰਦੇ ਸਨ।
“ਤੁਸੀਂ ਕਿਹੜਾ ਲਾਟ ਸਾਹਿਬ ਹੋ? ਦੋ ਦਿਨ ਥਾਣੇ ਬੈਠ ਗਏ ਤਾਂ ਫੇਰ ਕਿਹੜਾ ਲੂਲਾਂ ਲਹਿ ਗਈਆਂ। ਪੁਲਿਸ ਤੁਹਾਨੂੰ ਕਿਹੜਾ ਕੁਝ ਕਹਿੰਦੀ ਹੈ। ਖ਼ਰਚਾ ਅਸੀਂ ਕੀਤਾ ਹੈ। ਤੁਹਾਨੂੰ ਵਕੀਲ ਕਰ ਕੇ ਦੇਵਾਂਗੇ, ਹੋਇਆ ਨੁਕਸਾਨ ਭਰਾਂਗੇ। ਕੁਝ ਵਾਧੂ ਪੈਸੇ ਵੀ ਦੇਵਾਂਗੇ।”
ਠੀਕ ਹੈ, ਮਹਿਕਮੇ ਵਾਲੇ ਖ਼ਰਚ ਕਰਦੇ ਸਨ। ਖਹਿੜਾ ਛੁਡਵਾ ਦਿੰਦੇ ਸਨ ਪਰ ਪੱਲੇਦਾਰਾਂ ਦੀ ਖੱਜਲ-ਖ਼ੁਆਰੀ ਕਿਉਂ ਹੋਵੇ? ਅਸਲੀ ਮੁਲਜ਼ਮ ਕਿਉਂ ਨਾ ਫੜੇ ਜਾਣ? ਹੋਰ ਕਿਧਰੇ ਢੋਈ ਨਾ ਮਿਲਦੀ ਦੇਖ ਕੇ ਪੱਲੇਦਾਰ ਯੂਨੀਅਨ ਨੇ ਸੰਘਰਸ਼ ਸੰਮਤੀ ਕੋਲ ਪਹੁੰਚ ਕੀਤੀ ਸੀ।
ਉਹਨਾਂ ਨਾਲ ਟਰੈਕਟਰ ਯੂਨੀਅਨ ਵਾਲੇ ਵੀ ਆਏ ਸਨ। ਪੱਲੇਦਾਰਾਂ ਦੇ ਨਾਲ-ਨਾਲ ਉਹਨਾਂ ਦੇ ਡਰਾਈਵਰਾਂ ਨੂੰ ਵਿਚੇ ਘੜੀਸ ਲਿਆ ਜਾਂਦਾ ਸੀ।
ਟਰੈਕਟਰ ਯੂਨੀਅਨ ਵਾਲਿਆਂ ਦਾ ਇਕ ਹੋਰ ਗਿਲਾ ਸੀ। ਟਰੱਕ ਯੂਨੀਅਨ ਉਹਨਾਂ ਨਾਲੋਂ ਹਰ ਪੱਖੋਂ ਤਾਕਤਵਰ ਸੀ। ਨਾ ਉਹ ਆਪਣਾ ਡਰਾਈਵਰ ਫੜਨ ਦਿੰਦੇ ਸਨ, ਨਾ ਟਰੱਕ। ਟਰੈਕਟਰ ਯੂਨੀਅਨ ਦੇ ਬੰਦੇ ਫੜੇ ਜਾ ਰਹੇ ਸਨ ਅਤੇ ਟਰੈਕਟਰ ਵੀ। ਮਹੀਨਾ ਅੰਦਰ ਰਹਿਣ ਕਾਰਨ ਗ਼ਰੀਬ ਟਰੈਕਟਰਾਂ ਵਾਲਿਆਂ ਦੀਆਂ ਕਿਸ਼ਤਾਂ ਟੁੱਟ ਜਾਂਦੀਆਂ ਸਨ। ਫ਼ਾਇਨੈਂਸਰ ਟਰੈਕਟਰ ਖੋਹ ਕੇ ਲੈ ਜਾਂਦੇ ਹਨ। ਵੀਹ ਹੋਰ ਮੁਸੀਬਤਾਂ ਖੜੀਆਂ ਹੋ ਜਾਂਦੀਆਂ ਹਨ।
ਉਹਨਾਂ ਦੀ ਮੰਗ ਸੀ ਕਿ ਉਹਨਾਂ ਨੂੰ ਇਸ ਧੱਕੇ ਤੋਂ ਬਚਾਇਆ ਜਾਵੇ।
ਖਿਝੇ ਪੱਲੇਦਾਰਾਂ ਨੇ ਸੰਮਤੀ ਨੂੰ ਉਹਨਾਂ ਟਰੱਕਾਂ ਅਤੇ ਟਰੈਕਟਰਾਂ ਦੀ ਸੂਚੀ ਦਿੱਤੀ, ਜਿਹੜੇ ਪਿਛਲੇ ਤਿੰਨ ਮਹੀਨਿਆਂ ਵਿਚ ਪੁਲਿਸ ਨੇ ਫੜ ਕੇ ਛੱਡੇ ਸਨ। ਉਹਨਾਂ ਅਫ਼ਸਰਾਂ ਦੇ ਨਾਂ ਵੀ ਦਿੱਤੇ, ਜਿਨ੍ਹਾਂ ਨੇ ਕਣਕ ਦੇ ਭਰੇ ਟਰੱਕ ਵੇਚੇ ਸਨ। ਉਹਨਾਂ ਰਕਮਾਂ ਦੀ ਜਾਣਕਾਰੀ ਵੀ ਦਿੱਤੀ, ਜਿਹੜੀ ਇਸ ਕਾਂਡ ਦੌਰਾਨ ਪੁਲਿਸ ਨੂੰ ਮਿਲੀ ਸੀ।
ਅਸਲ ਦੋਸ਼ੀਆਂ ਨੂੰ ਰੰਗੇ ਹੱਥੀਂ ਫੜਨ ਲਈ ਸੰਮਤੀ ਵੱਲੋਂ ਯੋਜਨਾ ਘੜੀ ਗਈ।
ਪੱਲੇਦਾਰਾਂ ਨੂੰ ਸਮਝਾਇਆ ਗਿਆ। ਹੁਣ ਜਦੋਂ ਵੀ ਕੋਈ ਟਰੱਕ ਗੁਦਾਮੋਂ ਬਾਹਰ ਨਿਕਲੇ ਤਾਂ ਝੱਟ ਸੰਮਤੀ ਨੂੰ ਸੂਚਿਤ ਕੀਤਾ ਜਾਵੇ। ਪੁਲਿਸ ਟਰੱਕ ਫੜੇਗੀ। ਸੰਮਤੀ ਪੁਲਿਸ ਨੂੰ ਫੜੇਗੀ।
ਤੀਜੇ ਦਿਨ ਇੰਜ ਹੀ ਹੋਇਆ। ਪੁਲਿਸ ਨੇ ਕਣਕ ਦੇ ਭਰੇ ਟਰੈਕਟਰ ਨੂੰ ਫੜਿਆ। ਸੰਮਤੀ ਨੇ ਝੱਟ ਪੁਲਿਸ ਨੂੰ ਘੇਰ ਲਿਆ। ਸੰਮਤੀ ਨੂੰ ਪੱਤਰਕਾਰਾਂ ਨੇ ਘੇਰ ਲਿਆ। ਪੱਲੇਦਾਰਾਂ ਨੇ ਝੱਟ ਬਿਆਨ ਦੇ ਦਿੱਤੇ। ਟਰੈਕਟਰ ਇਥੋਂ ਚੱਲਿਆ, ਇਥੇ ਪੁੱਜਣਾ ਹੈ।
ਉਲਟਾ ਪੁਲਿਸ ਨੂੰ ਭਾਜੜ ਪੈ ਗਈ।
ਆਪਣੀ ਜਾਣ ਛੁਡਾਉਣ ਲਈ ਪੁਲਿਸ ਨੂੰ ਦੋ ਇੰਸਪੈਕਟਰ ਅਤੇ ਇਕ ਸਹਾਇਕ ਅਫ਼ਸਰ ਫੜਨਾ ਪੈ ਗਿਆ।
ਸੰਮਤੀ ਨੇ ਹੋਰ ਸਿਆਪਾ ਪਾ ਦਿੱਤਾ। ਅਫ਼ਸਰਾਂ ਦੀਆਂ ਜਾਇਦਾਦਾਂ ਦੇ ਵੇਰਵੇ ਪੁਲਿਸ ਦੇ ਹਵਾਲੇ ਕਰ ਦਿੱਤੇ। ਇਹ ਕਰੋੜਾਂ ਰੁਪਏ ਕਿਥੋਂ ਆਏ? ਨਾਲ ਇਸ ਦੀ ਪੜਤਾਲ ਦੀ ਮੰਗ ਰੱਖ ਦਿੱਤੀ।
ਡਰੇ ਇੰਸਪੈਕਟਰਾਂ ਨੇ ਵੱਡੇ ਅਫ਼ਸਰਾਂ ਦੇ ਨਾਂ ਲੈ ਦਿੱਤੇ। ਵੱਡੇ ਅਫ਼ਸਰਾਂ ਨੇ ਉਂਗਲ ਹੋਰ ਉਪਰ ਵੱਲ ਕਰ ਦਿੱਤੀ। ਰਾਜ਼ ਖੁੱਲ੍ਹਣ ਲੱਗੇ।
ਪੈੜ ਮੁੱਖ ਮੰਤਰੀ ਦੀ ਕੋਠੀ ਤਕ ਜਾਣ ਲੱਗੀ। ਇਸ ਕਾਂਡ ਨਾਲ ਸੱਤਾਧਾਰੀ ਪਾਰਟੀ ਨੂੰ ਦੂਹਰਾ ਨੁਕਸਾਨ ਹੋਣ ਲੱਗਾ। ਇਕ ਪਾਸੇ ਬਦਨਾਮੀ ਹੋਣ ਲੱਗੀ, ਦੂਜੇ ਪਾਸੇ ਅਫ਼ਸਰਾਂ ਵਿਚ ਘੁਸਰ-ਮੁਸਰ ਹੋਣ ਲੱਗੀ।
“ਵੱਡੀਆਂ ਰਕਮਾਂ ਅਸੀਂ ਆਪਣੇ ਪੱਲਿਓਂ ਨਹੀਂ ਦੇਣੀਆਂ। ਕਮਾਈ ਵਿਚੋਂ ਦੇਣੀਆਂ ਹਨ। ਜੇ ਸਰਕਾਰ ਸਾਨੂੰ ਬਚਾ ਨਹੀਂ ਸਕੀ ਤਾਂ ਅਸੀਂ ਪੁਲਿਸ ਕੋਲੋਂ ਛਿੱਤਰ ਕਿਉਂ ਖਾਈਏ?”
ਵਿਚੋਲਿਆਂ ਨੇ ਉਲਾਂਭੇ ਦਿੱਤੇ ਅਤੇ ਐਲਾਨ ਵੀ ਕੀਤੇ।
“ਚੋਣਾਂ ਤਕ ਨਾਜਾਇਜ਼ ਕੰਮ ਬੰਦ। ਮਹੀਨਾ ਵੀ ਬੰਦ।”
ਸਲਾਹਕਾਰਾਂ ਨੇ ਮਸਲਾ ਮੁੱਖ ਮੰਤਰੀ ਦੇ ਧਿਆਨ ਵਿਚ ਲਿਆਂਦਾ। “ਖ਼ੁਰਾਕ ਵਿਭਾਗ ਦੇ ਨਾਲ-ਨਾਲ ਹੋਰ ਵਿਭਾਗਾਂ ਦੇ ਅਫ਼ਸਰ ਵੀ ਡਰ ਗਏ ਹਨ। ਅਫ਼ਸਰਾਂ ਦੇ ਗਿਰੇ ਮਨੋਬਲ ਨੂੰ ਚੁੱਕਣ ਦਾ ਇੰਤਜ਼ਾਮ ਕਰੋ, ਨਹੀਂ ਤਾਂ ਪੈਸੇ ਦੀ ਔੜ ਲਈ ਤਿਆਰ ਰਹੋ।”
ਪਰ ਮੁੱਖ ਮੰਤਰੀ ਨੂੰ ਜਿਵੇਂ ਕੋਈ ਫ਼ਿਕਰ ਹੀ ਨਹੀਂ ਸੀ। ਉਸ ਨੇ ਘੇਸਲ ਵੱਟੀ ਰੱਖੀ।
ਇਹ ਅੱਗ ਬੁਝੀ ਵੀ ਨਹੀਂ ਸੀ ਕਿ ਨਵੀਂ ਥਾਂ ਤੋਂ ਭਾਂਬੜ ਨਿਕਲਣ ਲੱਗੇ। ਸੰਮਤੀ ਨੇ ਸ਼ਰਾਬ ਦੇ ਠੇਕੇਦਾਰਾਂ ਨੂੰ ਘੇਰਨਾ ਸ਼ੁਰੂ ਕਰ ਦਿੱਤਾ।
ਪਿਛਲੀਆਂ ਬੋਲੀਆਂ ਸਮੇਂ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੇ ਸੱਤਾਧਾਰੀ ਪਾਰਟੀ ਨੂੰ ਇਕ ਬਹੁਮੁੱਲਾ ਸੁਝਾਅ ਦਿੱਤਾ ਸੀ।&
“ਠੇਕਿਆਂ ਦੀ ਬੋਲੀ ਬਹੁਤ ਉੱਚੀ ਹੁੰਦੀ ਹੈ। ਛੋਟੇ ਤੋਂ ਛੋਟੇ ਪਿੰਡ ਦਾ ਠੇਕਾ ਵੀ ਲੱਖਾਂ ’ਤੇ ਜਾ ਚੜ੍ਹਦਾ ਹੈ। ਠੇਕਾ ਇਕ ਪਿੰਡ ਦਾ ਨੀਲਾਮ ਕਰੋ, ਚਾਰ ਪਿੰਡਾਂ ’ਚ ਸ਼ਰਾਬ ਵੇਚਣ ਦੀ ਇਜਾਜ਼ਤ ਦੋ ਨੰਬਰ ਵਿਚ ਦੇ ਦੇਵੋ। ਚਾਰ ਪਿੰਡਾਂ ਦੇ ਠੇਕੇ ਦੀ ਰਕਮ ਆਪਸ ਵਿਚ ਵੰਡ ਲਵੋ।”
ਇਸ ‘ਸਰਵ-ਹਿਤਕਾਰੀ ਯੋਜਨਾ’ ’ਤੇ ਕਿਸੇ ਨੇ ਇਤਰਾਜ਼ ਨਹੀਂ ਸੀ ਕੀਤਾ।
ਠੇਕੇਦਾਰਾਂ ਅਤੇ ਆਬਕਾਰੀ ਵਾਲਿਆਂ ਤੋਂ ਬਿਨਾਂ ਹੋਰ ਕਿਸੇ ਨੂੰ ਇਸ ਯੋਜਨਾ ਦਾ ਪਤਾ ਨਹੀਂ ਸੀ। ਪਹਿਲੇ ਦਿਨ ਪਿੰਡ-ਪਿੰਡ ਠੇਕਾ ਖੁੱਲ੍ਹ ਗਿਆ ਸੀ। ਸਰਕਾਰੀ ਬੋਰਡ ਲੱਗ ਗਏ ਸਨ, ਕਿਸੇ ਨੂੰ ਕੀ ਪਤਾ ਸੀ ਕਿ ਠੇਕਾ ਸਰਕਾਰੀ ਹੈ ਜਾਂ ਗ਼ੈਰ-ਸਰਕਾਰੀ।
ਪਰ ਸੰਮਤੀ ਵਾਲਿਆਂ ਨੇ ਪਤਾ ਨਹੀਂ ਕਿਥੋਂ ਇਸ ਕਾਂਡ ਦਾ ਖੁਰਾ ਖੋਜਿਆ। ਉਹਨਾਂ ਨੇ ਪੁਲਸ ਨਾਲ ਜਾ-ਜਾ ਪਿੰਡ-ਪਿੰਡ ਛਾਪੇ ਮਰਵਾ ਦਿੱਤੇ।
ਪੁਲਿਸ ਨੇ ਬਥੇਰਾ ਟਾਲ-ਮਟੋਲ ਕੀਤੀ, ਪਰ ਹਰ ਪਿੰਡ ਵਿਚ ਹੀ ਉੱਠ ਖੜੇ ਤੁਫ਼ਾਨ ਨੂੰ ਇਕੱਲੀ ਪੁਲਿਸ ਕਿਸ ਤਰਾਂ ਠੱਲ੍ਹਦੀ?
ਠੇਕੇਦਾਰਾਂ ਦਾ ਧੰਦਾ ਚੌਪਟ ਹੋ ਗਿਆ। ਉਹਨਾਂ ਨੇ ਵੀ ਅਫ਼ਸਰਾਂ ਵਾਂਗ ਸਲਾਹਕਾਰਾਂ ਨੂੰ ਸਪੱਸ਼ਟ ਕਹਿ ਦਿੱਤਾ।
“ਅਗਲੀਆਂ ਚੋਣਾਂ ਦੌਰਾਨ ਸਾਥੋਂ ਇਕ ਪਊਆ ਵੀ ਨਹੀਂ ਦੇ ਹੋਣਾ।”
ਸਲਾਹਕਾਰ ਨੇ ਇਕ ਵਾਰ ਫਿਰ ਮੁੱਖ ਮੰਤਰੀ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਦਾ ਯਤਨ ਕੀਤਾ।
ਕੁਝ ਦੇਰ ਜਾਗੇ, ਥੋੜ੍ਹੇ-ਬਹੁਤ ਹੱਥ-ਪੈਰ ਮਾਰੇ, ਫੇਰ ਸੌਂ ਗਏ।
ਹੁਣ ਜਦੋਂ ਪਿੰਡਾਂ ਦੇ ਪਿੰਡ ਸੰਮਤੀ ਪਿੱਛੇ ਲੱਗਣ ਲੱਗੇ, ਮੁੱਖ ਮੰਤਰੀ ਦੇ ਅਸਤੀਫ਼ੇ ਦੀ ਮੰਗ ਹੋਣ ਲੱਗੀ, ਜਲੂਸ ਰਾਜਧਾਨੀ ਤਕ ਪੁੱਜਣ ਲੱਗੇ ਅਤੇ ਇਸ ਲਹਿਰ ਦੇ ਸਾਰੇ ਸੂਬੇ ਵਿਚ ਫੈਲਣ ਦਾ ਡਰ ਪੈਦਾ ਹੋਣ ਲੱਗਾ ਤਾਂ ਮੁੱਖ ਮੰਤਰੀ ਦੇ ਕੰਨ ’ਤੇ ਜੂੰ ਸਰਕੀ।
ਤਾਂ ਉਸ ਨੂੰ ਆਪਣੇ ਸਲਾਹਕਾਰਾਂ ਦੀ ਯਾਦ ਆਈ।
33
ਆਪਣੇ ਬਿਸਤਰੇ ’ਤੇ ਪਿਆ ਹਾਕਮ ਸਿੰਘ ਉਸਲਵੱਟੇ ਲੈ ਰਿਹਾ ਸੀ। ਕੁਝ ਦਿਨਾਂ ਤੋਂ ਉਹ ਡਾਢਾ ਪਰੇਸ਼ਾਨ ਸੀ।
ਕਾਨੂੰਨੀ ਲੜਾਈ ਲੜ ਕੇ ਉਹ ਸੈਂਕੜੇ ਕੈਦੀਆਂ ਨੂੰ ਰਿਹਾਅ ਕਰਵਾ ਚੁੱਕਾ ਸੀ। ਬਾਹਰਲੀਆਂ ਧੱਕੇਸ਼ਾਹੀਆਂ ਨੂੰ ਨਜਿੱਠ ਕੇ ਸੈਂਕੜੇ ਹਵਾਲਾਤੀਆਂ ਨੂੰ ਰਾਹਤ ਦਿਵਾ ਚੁੱਕਾ ਸੀ।
ਹੁਣ ਫੇਰ ਕੁਝ ਕੈਦੀ ਸਮੱਸਿਆਵਾਂ ਵਿਚ ਘਿਰੇ ਹੋਏ ਸਨ। ਇਸ ਵਾਰ ਧੱਕਾ ਜੇਲ੍ਹ ਕਰਮਚਾਰੀਆਂ ਵੱਲੋਂ ਹੋ ਰਿਹਾ ਸੀ। ਕੈਦੀ ਚਾਹੁੰਦੇ ਸਨ, ਹਾਕਮ ਉਹਨਾਂ ਨੂੰ ਵੀ ਰੱਬ ਬਣ ਕੇ ਬਹੁੜੇ ਅਤੇ ਡੁੱਬਦੀ ਬੇੜੀ ਬੰਨੇ ਲਾਵੇ।
ਹਾਕਮ ਉਹਨਾਂ ਨਾਲ ਖੜ੍ਹਨਾ ਚਾਹੁੰਦਾ ਸੀ ਪਰ ਉਸ ਨੂੰ ਪਤਾ ਸੀ ਕਿ ਜੇਲ੍ਹ ਕਰਮਚਾਰੀ ਅਤੇ ਅਧਿਕਾਰੀ ਇਕੋ ਥੈਲੀ ਦੇ ਚੱਟੇ-ਵੱਟੇ ਹਨ। ਕਿਸੇ ਨੇ ਕਿਸੇ ਨੂੰ ਕੁਝ ਨਹੀਂ ਕਹਿਣਾ। ਉਪਚਾਰਕਤਾ ਨਿਭਾਉਣ ਲਈ ਸੰਬੰਧਿਤ ਕਰਮਚਾਰੀ ਦੀ ਮਾੜੀ-ਮੋਟੀ ਝਾੜ-ਝੰਬ ਹੋਏਗੀ। ਕੈਦੀ ਨੂੰ ਥੋੜ੍ਹੀ-ਬਹੁਤੀ ਰਾਹਤ ਵੀ ਮਿਲੇਗੀ, ਪਰ ਹੋਈ ਬੇਇੱਜ਼ਤੀ ’ਤੇ ਕਰਮਚਾਰੀ ਨੇ ਖਿਝ ਜਾਣਾ ਸੀ ਅਤੇ ਕੈਦੀ ਲਈ ਮੁਸੀਬਤਾਂ ਦਾ ਵੰਝ ਗੱਡ ਦੇਣਾ ਸੀ। ਉਤਰਦੇ-ਚੜ੍ਹਦੇ ਦੀ ਬੱਸ ਹੋ ਜਾਣੀ ਸੀ।
ਫੇਰ ਹਾਕਮ ਉਹਨਾਂ ਦੀ ਫ਼ਰਿਆਦ ਕਰੇ ਤਾਂ ਕਿਸ ਕੋਲ?
ਸਮੱਸਿਆਵਾਂ ਵੀ ਗੰਭੀਰ ਸਨ। ਥੋੜ੍ਹੀ ਜਿਹੀ ਦੇਰ ਨਾਲ ਭਿਆਨਕ ਸਿੱਟੇ ਨਿਕਲ ਸਕਦੇ ਸਨ। ਹਾਕਮ ਕੋਲ ਹੋਰ ਸੋਚਣ ਦਾ ਵਕਤ ਨਹੀਂ ਸੀ।
ਪੰਦਰਾਂ ਦਿਨ ਪਹਿਲਾਂ ਮਿੱਠੋ ਦੀਆਂ ਸਾਥਣ ਕੈਦਣਾਂ ਦਾ ਸੁਨੇਹਾ ਆਇਆ ਸੀ, “ਮਿੱਠੋ ਸਾਰਾ ਦਿਨ ਮੂੰਹ ਵਿਚ ਕੁਝ ਬੁੜਬੁੜਾਉਂਦੀ ਰਹਿੰਦੀ ਹੈ। ਪਹਿਲਾਂ ਫ਼ਿਰੋਜ਼ਪੁਰ ਜੇਲ੍ਹ ਦੇ ਦਰੋਗ਼ੇ ਨੂੰ ਗਾਲ੍ਹਾਂ ਕੱਢਦੀ ਹੁੰਦੀ ਸੀ, ਹੁਣ ਆਪਣੇ ਦਿਓਰ ਅਤੇ ਜੇਠ ਦੇ ਕੀਰਨੇ ਵੀ ਪਾਉਂਦੀ ਹੈ। ਉਸ ਨੇ ਖਾਣਾ-ਪੀਣਾ ਅਤੇ ਸਾਥਣਾਂ ਨਾਲ ਬੋਲਣਾ ਛੱਡ ਦਿੱਤਾ ਹੈ। ਜੇ ਉਸ ਦੀ ਹਾਲਤ ਇਸੇ ਤਰ੍ਹਾਂ ਨਿੱਘਰਦੀ ਰਹੀ ਤਾਂ ਜਲਦੀ ਹੀ ਉਸ ਨੇ ਪਾਗ਼ਲਾਂ ਵਾਲੀ ਕੋਠੜੀ ਵਿਚ ਪੁੱਜ ਜਾਣਾ ਹੈ।” ਸਾਥਣਾਂ ਨੇ ਹਾਕਮ ਨੂੰ ਬੇਨਤੀ ਕੀਤੀ ਸੀ ਕਿ ਮਿੱਠੋ ਨੂੰ ਕਮਲੀ ਹੋਣ ਤੋਂ ਬਚਾਇਆ ਜਾਵੇ।
ਮਿੱਠੋ ਅੱਠ ਮਹੀਨੇ ਪਹਿਲਾਂ ਫ਼ਿਰੋਜ਼ਪੁਰ ਜੇਲ੍ਹ ਤੋਂ ਇਥੇ ਬਦਲ ਕੇ ਆਈ ਸੀ। ਉਸ ਦੇ ਹਿਸਟਰੀ ਟਿਕਟ ਵਿਚ ਦਰਜ ਸੀ ਕਿ ਉਸ ਦੇ ਅਤੱਵਾਦੀਆਂ ਨਾਲ ਸੰਬੰਧ ਸਨ। ਪੇਸ਼ੀ ਭੁਗਤਣ ਕਚਹਿਰੀ ਗਈ ਉਹ ਉਹਨਾਂ ਦੇ ਸੁਨੇਹੇ ਇਧਰ-ਉਧਰ ਕਰਦੀ ਸੀ। ਕਈ ਅੱਤਵਾਦੀ ਵਾਰਦਾਤਾਂ ਨੂੰ ਸਿਰੇ ਚਾੜ੍ਹਨ ਵਿਚ ਉਸ ਨੇ ਅਹਿਮ ਭੂਮਿਕਾ ਨਿਭਾਈ ਸੀ। ਉਹ ਸਾਥਣ ਕੈਦਣਾਂ ਨੂੰ ਵੀ ਇਸ ਕੰਮ ਲਈ ਪ੍ਰੇਰਦੀ ਸੀ। ਜੇਲ੍ਹ ਅਧਿਕਾਰੀਆਂ ਨੇ ਉਸ ਨੂੰ ਕਈ ਵਾਰ ਸਜ਼ਾਵਾਂ ਦਿੱਤੀਆਂ ਸਨ, ਪਰ ਉਹ ਆਪਣੇ ਭੈੜੇ ਕਾਰਨਾਮਿਆਂ ਤੋਂ ਬਾਜ ਨਹੀਂ ਸੀ ਆਉਂਦੀ। ਉਲਟਾ ਅੱਤਵਾਦੀਆਂ ਦਾ ਰੋਹਬ ਦੇ ਕੇ ਉਹ ਕੈਦਣਾਂ ਦੇ ਨਾਲ-ਨਾਲ ਔਰਤ ਮੁਲਾਜ਼ਮਾਂ ਨੂੰ ਵੀ ਡਰਾਉਂਦੀ ਸੀ। ਮਿੱਠੋ ਦੇ ਉਥੇ ਰਹਿਣ ਨਾਲ ਜੇਲ੍ਹ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਚਲਾਉਣ ਵਿਚ ਦਿੱਕਤ ਆ ਰਹੀ ਸੀ। ਇਸ ਲਈ ਲੋਕ-ਹਿਤ ਨੂੰ ਧਿਆਨ ਵਿਚ ਰੱਖਦੇ ਹੋਏ ਮਿੱਠੋ ਨੂੰ ਦੂਰ-ਦੁਰਾਡੇ ਬਦਲਣ ਦਾ ਅਸੁਖਾਵਾਂ ਫ਼ੈਸਲਾ ਲਿਆ ਗਿਆ ਸੀ।
ਮਿੱਠੋ ਇਸ ਦੋਸ਼ ਨੂੰ ਪੂਰੀ ਤਰ੍ਹਾਂ ਨਕਾਰਦੀ ਸੀ।
ਉਸ ਦਾ ਕਹਿਣਾ ਸੀ ਕਿ ਉਸ ਦਾ ਸੁਹੱਪਣ ਉਸ ਨੂੰ ਮਹਿੰਗਾ ਪੈ ਰਿਹਾ ਸੀ। ਉਸ ਉਪਰ ਲੱਗੇ ਦੋਸ਼ ਨੂੰ ਸੁਣ ਹਰ ਮਰਦ ਉਸ ਨੂੰ ਵੇਸਵਾ ਸਮਝਣ ਲੱਗਦਾ ਸੀ। ਕੈਦੀ ਤੋਂ ਲੈ ਕੇ ਜੇਲ੍ਹ ਦਾ ਚਪੜਾਸੀ ਤਕ ਉਸ ਨੂੰ ਟਿੱਚਰ ਕਰਨਾ, ਉਸ ਦੀ ਚੁੰਨੀ ਖਿੱਚਣਾ ਅਤੇ ਤੁਰੀ ਜਾਂਦੀ ਨੂੰ ਚੂੰਡੀ ਵੱਢਣਾ ਆਪਣਾ ਕਾਨੂੰਨੀ ਹੱਕ ਸਮਝਦਾ ਸੀ।
ਮਿੱਠੋ ਉਪਰ ਉਸ ਮਰਦ ਦਾ ਕਤਲ ਕਰਨ ਦਾ ਦੋਸ਼ ਸੀ, ਜਿਸ ਨਾਲ ਉਹ ਆਪਣੀ ਮਰਜ਼ੀ ਨਾਲ ਹਮ-ਬਿਸਤਰ ਹੋਣ ਗਈ ਸੀ। ਮਿੱਠੋ ਇਹ ਮੰਨਦੀ ਸੀ ਕਿ ਉਹ ਉਸ ਮਰਦ ਨਾਲ ਆਪਣੀ ਮਰਜ਼ੀ ਨਾਲ ਗਈ ਸੀ, ਪਰ ਕਤਲ ਉਸ ਨੇ ਮਰਦ ਨੂੰ ਲੁੱਟਣ ਲਈ ਕੀਤਾ, ਇਹ ਗ਼ਲਤ ਸੀ।
ਅਸਲੀਅਤ ਕੁਝ ਹੋਰ ਸੀ।
ਉਹ ਬਾਜ਼ੀਗਰਾਂ ਦੀ ਕੁੜੀ ਸੀ। ਸਰੀਰ ਦੀ ਖੁੱਲ੍ਹੀ-ਡੁੱਲ੍ਹੀ ਅਤੇ ਰੰਗ ਵੀ ਸਾਫ਼ ਸੀ। ਬਚਪਨ ਤੋਂ ਹੀ ਮਿਹਨਤ ਮਜ਼ਦੂਰੀ ਕਰਨ ਕਾਰਨ ਉਸ ਦਾ ਸਰੀਰ ਗੱਠਵਾਂ ਅਤੇ ਫ਼ੁਰਤੀਲਾ ਸੀ। ਉਹਨਾਂ ਦੇ ਡੇਰੇ ਦੇ ਨਾਲ ਨਵਾਂ ਪ੍ਰਾਇਮਰੀ ਸਕੂਲ ਖੁੱਲ੍ਹਾ ਸੀ। ਉਥੇ ਉਸ ਨੇ ਪੰਜ ਜਮਾਤਾਂ ਪਾਸ ਕਰ ਲਈਆਂ ਸਨ। ਚਾਰ ਅੱਖਰ ਉਠਾਉਣੇ ਆ ਜਾਣ ਕਾਰਨ ਉਸ ਨੂੰ ਥੋੜ੍ਹਾ-ਬਹੁਤ ਸਲੀਕਾ ਵੀ ਆ ਗਿਆਸੀ।
ਮਿੱਠੋ ਜਿਸ ਨੌਜਵਾਨ ਲਾਲ ਵਿਆਹੀ ਗਈ ਸੀ, ਉਹ ਅੱਠ ਪਾਸ ਸੀ। ਕਰੜੀ ਮਿਹਨਤ ਅਤੇ ਉਸਤਾਦ ਦੇ ਡੰਡੇ ਖਾ-ਖਾ ੳੇਹ ਘਰਾਂ ਵਿਚ ਰੰਗ-ਰੋਗਨ ਕਰਨ ਦਾ ਮਾਹਿਰ ਬਣ ਗਿਆ ਸੀ। ਦੂਜਿਆਂ ਨਾਲੋਂ ਉਹ ਨੂੰ ਮਿਹਨਤ ਘੱਟ ਕਰਨੀ ਪੈਂਦੀ ਸੀ, ਪਰ ਕਮਾਈ ਵੱਧ ਹੁੰਦੀ ਸੀ।
ਪਹਿਲੇ ਸਾਲ ਮਿੱਠੋ ਨੇ ਚੰਨ ਵਰਗੀ ਕੁੜੀ ਜੰਮੀ। ਦੂਜੇ ਸਾਲ ਲਾਲ ਵਰਗਾ ਮੁੰਡਾ। ਫੇਰ ਉਹਨਾਂ ਨੇ ਅਪਰੇਸ਼ਨ ਕਰਵਾ ਲਿਆ।
ਜਦੋਂ ਘਰ ਵਿਚ ਸੱਥਰ ਵਿਛਿਆ, ਉਦੋਂ ਮੁੰਡਾ ਪੰਜਵੀਂ ਵਿਚ ਪੜ੍ਹਦਾ ਸੀ ਅਤੇ ਕੁੜੀ ਛੇਵੀਂ ਵਿਚ।
ਦੀਵਾਲੀ ਨੇੜੇ ਉਸ ਦੇ ਘਰਵਾਲੇ ਨੇ ਇਕ ਕੋਠੀ ਵਿਚ ਰੰਗ-ਰੋਗਨ ਕਰਨ ਦਾ ਠੇਕਾ ਲਿਆ ਸੀ। ਮਹੀਨਾ ਕੰਮ ਚੱਲਦਾ ਰਿਹਾ ਸੀ। ਦੀਵਾਲੀ ਦੇ ਦੋ ਮਹੀਨੇ ਬਾਅਦ ਕੋਠੀ ਵਿਚ ਚੋਰੀ ਹੋ ਗਈ। ਚੋਰ ਘਰ ਦੇ ਕੋਨੇ-ਕੋਨੇ ਦੇ ਭੇਤੀ ਸਨ। ਉਹਨਾਂ ਨੇ ਗੁਪਤ ਥਾਵਾਂ ’ਤੇ ਬਣੇ ਲਾਕਰ ਵੀ ਖੋਲ੍ਹ ਲਏ ਸਨ। ਛਾਪ ਤਕ ਬਾਕੀ ਨਹੀਂ ਸੀ ਬਚੀ।
“ਏਨੇ ਭੇਤੀ ਤਾਂ ਰੰਗ-ਰੋਗਨ ਵਾਲੇ ਹੀ ਹੋ ਸਕਦੇ ਹਨ।” ਆਪਣਾ ਸਿਧਾਂਤ ਘੜ ਕੇ ਪੁਲਿਸ ਝੱਟ ਮਿੱਠੋ ਦੇ ਘਰਵਾਲੇ ਨੂੰ ਚੁੱਕ ਕੇ ਲੈ ਗਈ।
ਕੋਠੀ ਦਾ ਮਾਲਕ ਜ਼ੋਰਾਵਰ ਸੀ। ਬਿੱਲੂ ਨੇ ਚੋਰੀ ਕੀਤੀ ਹੋਵੇ ਤਾਂ ਸਾਮਾਨ ਬਰਾਮਦ ਕਰਾਵੇ। ਚੋਰ ਭੇਤ ਦਿੰਦਾ ਨਹੀਂ ਸੀ। ਮਾਲਕ ਉਸ ਨੂੰ ਕੁਟਾਉਣੋਂ ਹਟਦਾ ਨਹੀਂ ਸੀ।
ਪੁਲਸ ਉਸ ਨੂੰ ਓਨਾ ਚਿਰ ਕੁੱਟਦੀ ਰਹੀ, ਜਿੰਨਾ ਚਿਰ ਉਸ ਦੀ ਇਕ-ਇਕ ਹੱਡੀ ਨਾ ਟੁੱਟ ਗਈ। ਜਿੰਨਾ ਚਿਰ ਬਿੱਲੂ ਦਾ ਤੁਰਨਾ, ਫਿਰਨਾ, ਬੋਲਣਾ ਅਤੇ ਖਾਣਾ-ਪੀਣਾ ਦੁਸ਼ਵਾਰ ਨਾ ਹੋ ਗਿਆ। ਮਿੱਠੋ ਫੇਰ ਵੀ ਪੁਲਿਸ ਦੀ ਮਿੰਨਤ ਕਰਦੀ ਰਹੀ, “ਮੈਂ ਕੋਈ ਕਾਨੂੰਨੀ ਚਾਰਾਜੋਈ ਨਹੀਂ ਕਰਾਂਗੀ। ਭਾਣਾ ਮੰਨ ਕੇ ਘਰਵਾਲੇ ਦੀ ਸੇਵਾ ਕਰਾਂਗੀ। ਇਸ ਦੀ ਕਿਸਮਤ ਚੰਗੀ ਹੋਈ ਤਾਂ ਤੁਰਨ-ਫਿਰਨ ਲੱਗ ਜਾਵੇਗਾ, ਨਹੀਂ ਤਾਂ ਘਰ ਮਰਦ ਦੀ ਮਰਦਾਨਗੀ ਦੇ ਸਹਾਰੇ ਦਿਨ ਕੱਟ ਲਵਾਂਗੀ।’
ਡਰਦੀ ਪੁਲਿਸ ਨੇ ਨਾ ਉਸ ’ਤੇ ਕੋਈ ਕੇਸ ਬਣਾਇਆ, ਨਾ ਰਿਹਾਅ ਕੀਤਾ।
ਫੇਰ ਉਹੋ ਹੋਇਆ ਜਿਸ ਦਾ ਮਿੱਠੋ ਨੂੰ ਡਰ ਸੀ।
ਇਕ ਸਵੇਰ ਪੁਲਿਸ ਨੇ ਉਸਨੂੰ ਸੂਚਿਤ ਕੀਤਾ, “ਤੇਰੇ ਘਰਵਾਲਾ ਟਰੱਕ ਹੇਠ ਆ ਕੇ ਮਰ ਗਿਆ ਹੈ। ਲਾਸ਼ ਜੀ.ਟੀ. ਰੋਡ ’ਤੇ ਪਈ ਹੈ।” ਮਿੱਠੋ ਦੀ ਸੱਸ ਨੇ ਰੋ-ਰੋ ਅੱਖਾਂ ਦੀ ਜੋਤ ਗਵਾ ਲਈ।
ਸਾਲ ਭਰ ਮਿੱਠੋ ਸਵੇਰ-ਸ਼ਾਮ ਉਸ ਨੂੰ ਯਾਦ ਕਰ-ਕਰ ਰੋਂਦੀ ਰਹੀ।
ਜਦੋਂ ਘਰ ਵਿਚ ਦਾਣਾ-ਫੱਕਾ ਮੁੱਕਣ ਲੱਗਾ ਤਾਂ ਮਿੱਠੋ ਨੂੰ ਵਧੀ ਜ਼ਿੰਮੇਵਾਰੀ ਦਾ ਅਹਿਸਾਸ ਹੋਇਆ।
ਗੋਹਾ-ਕੂੜਾ ਕਰ ਕੇ ਤਿੰਨ ਸਾਲ ਉਹ ਚੁੱਲ੍ਹਾ ਮਘਾਉਂਦੀ ਰਹੀ। ਕੁੜੀ ਮੁੰਡੇ ਨੂੰ ਦਸ ਜਮਾਤਾਂ ਪਾਸ ਕਰਾਉਣ ਦੀ ਆਸ ਰੱਖਦੀ ਰਹੀ।
ਰੰਡੀ ਰੰਡੇਪਾ ਕੱਟਣ ਲਈ ਤਿਆਰ ਸੀ, ਪਰ ਮੁਸ਼ਟੰਡੇ ਕੱਟਣ ਨਹੀਂ ਸਨ ਦੇ ਰਹੇ। ਕਦੇ ਖੇਤ ਗਈ ਦੀ ਜ਼ਿਮੀਂਦਾਰ ਬਾਂਹ ਫੜਨ ਨੂੰ ਪੈਂਦਾ, ਕਦੇ ਕੋਠੀ ’ਚ ਪੀਹਣਾ ਕਰਨ ਗਈ ਨੂੰ ਸੇਠ ਕੌੜ-ਕੌੜ ਝਾਕਦਾ। ਕਦੇ ਦਿਉਰ ਚਾਦਰ ਪਾਉਣ ਲਈ ਅੱਗੇ-ਪਿੱਛੇ ਕੱਟੇ-ਵੱਛੇ ਬੰਨ੍ਹਦਾ। ਕਦੇ ਛੜਾ ਜੇਠ ਲਾਲਾਂ ਸੁੱਟਦਾ।
ਜਦੋਂ ਦਸਾਂ ਨਹੁੰਆਂ ਦੀ ਕਿਰਤ ਨਾਲ ਢਿੱਡ ਭਰਨਾ ਅਤੇ ਸ਼ਰਾਫ਼ਤ ਨਾਲ ਜ਼ਿੰਦਗੀ ਜਿਊਣੀ ਨਜ਼ਰ ਨਾ ਆਈ ਤਾਂ ਮਿੱਠੋ ਨੇ ਹਥਿਆਰ ਸੁੱਟ ਦਿੱਤੇ।
ਵਿਧਵਾ ਨਨਾਣ ਨਾਲ ਮਿੱਠੋ ਨੇ ਖ਼ਾਨਦਾਨੀ ਪੇਸ਼ਾ ਅਪਣਾ ਲਿਆ।
ਨਨਾਣ ਭਰਜਾਈ ਦੀ ਜੋੜੀ ਮੱਸਿਆ ਅਤੇ ਪੂਰਨਮਾਸ਼ੀ ਨੂੰ ਕਿਸੇ ਗੁਰਦੁਆਰੇ ਜਾਂਦੀ। ਨਾਲੇ ਮੱਥਾ ਟੇਕ ਆਉਂਦੀ, ਨਾਲੇ ਜੇਬਾਂ ਭਰ ਲਿਆਉਂਦੀ।
ਜਦੋਂ ਮੇਲਿਆਂ ਵਿਚ ਉਹਨਾਂ ਦੇ ਚਿਹਰੇ ਪਹਿਚਾਣੇ ਜਾਣ ਲੱਗੇ ਤਾਂ ਉਹ ਬੱਸ ਅੱਡਿਆਂ ’ਤੇ ਜਾਣ ਲੱਗੀਆਂ। ਜਦੋਂ ਸਥਾਨਕ ਪੁਲਿਸ ਪਿੱਛਾ ਕਰਨ ਲੱਗੀ ਤਾਂ ਉਹ ਦੂਰ-ਦੁਰਾਡੇ ਨਿਕਲਣ ਲੱਗੀਆਂ।
ਜਦੋਂ ਸਾਰੇ ਸੂਬੇ ਵਿਚ ਧੰਦਾ ਕਰਨਾ ਔਖਾ ਹੋ ਗਿਆ ਤਾਂ ਉਹਨਾਂ ਨੇ ਕਿੱਤਾ ਬਦਲ ਦਿੱਤਾ।
ਬਣ-ਠਣ ਕੇ ਉਹ ਚੁਰਾਹਿਆਂ ’ਤੇ ਖੜ੍ਹਨ ਲੱਗੀਆਂ। ਕਾਰਾਂ ਵਿਚ ਘੁੰਮਦੇ ਨੌਜਵਾਨਾਂ ਕੋਲੋਂ ਲਿਫ਼ਟ ਮੰਗਣ ਲੱਗੀਆਂ। ਉਹਨਾਂ ਨਾਲ ਕੋਠੀਆਂ ਅਤੇ ਮੋਟਰਾਂ ’ਤੇ ਜਾਣ ਲੱਗੀਆਂ। ਸ਼ਰਾਬ ਆਉਂਦੀ, ਮੀਟ ਆਉਂਦਾ। ਮੁੰਡੇ ਸ਼ਰਾਬ ਪੀਣ ਲੱਗਦੇ, ਉਹ ਮੀਟ ਰਿੰਨ੍ਹਣ ਲੱਗਦੀਆਂ। ਜਦੋਂ ਮੀਟ ਰਿੱਝ ਜਾਂਦਾ, ਉਹ ਵਿਚ ਨਸ਼ੀਲਾ ਪਦਾਰਥ ਮਿਲਾ ਦਿੰਦੀਆਂ। ਜਦੋਂ ਤਕ ਨੌਜਵਾਨਾਂ ਨੂੰ ਮਿੱਠੋ ਹੋਰਾਂ ਦੀ ਲੋੜ ਮਹਿਸੂਸ ਹੋਣ ਲੱਗਦੀ, ਉਦੋਂ ਤਕ ਉਹ ਬੇਹੋਸ਼ ਹੋ ਗਏ ਹੁੰਦੇ। ਉਹ ਕੜੇ, ਛਾਪਾਂ ਲਾਹ ਕੇ ਪੱਤਰਾ ਵਾਚ ਚੁੱਕੀਆਂ ਹੁੰਦੀਆਂ।
ਸ਼ਰਮ ਦੇ ਮਾਰੇ ਮਰਦ, ਚੋਰੀ ਹੋਏ ਸਾਮਾਨ ਦੀ ਭਾਫ਼ ਤਕ ਨਾ ਕੱਢਦੇ।
ਇਕ ਵਾਰ ਉਹਨਾਂ ਦਾ ਵਾਹ ਜਾਬਰਾਂ ਨਾਲ ਪੈ ਗਿਆ। ਮੀਟ ਦਾ ਮਸਾਲਾ ਤਿਆਰ ਹੁੰਦੇ-ਹੁੰਦੇ ਉਹਨਾਂ ਚਾਰ-ਚਾਰ ਹਾੜੇ ਚਾੜ੍ਹ ਲਏ। ਬਿਨਾਂ ਮੀਟ ਖਾਧੇ ਹੀ ਮਿੱਠੋ ਹੋਰਾਂ ’ਤੇ ਚੜ੍ਹਨ ਲਈ ਉਤਾਵਲੇ ਹੋਣ ਲੱਗੇ। ਹੱਥੋ-ਪਾਈ ਹੁੰਦੀ ਮਿੱਠੋ ਨੇ ਆਖ਼ਰੀ ਦਾਅ ਖੇਡਿਆ। ਗੋਡਾ ਮੁੰਡੇ ਦੇ ਨਲਾਂ ’ਤੇ ਮਾਰਿਆ। ਮੁੰਡਾ ਥਾਏਂ ਢੇਰ ਹੋ ਗਿਆ। ਇਸ ਤੋਂ ਪਹਿਲਾਂ ਦੂਜੇ ਸ਼ਰਾਬੀਆਂ ਨੂੰ ਸਥਿਤੀ ਦੀ ਸਮਝ ਆਉਂਦੀ, ਉਹ ਇੱਜ਼ਤ ਬਚਾ ਕੇ ਘਰ ਪੁੱਜ ਗਈਆਂ।
ਕਤਲ ਦਾ ਮੁਕੱਦਮਾ ਜਦੋਂ ਸਾਥੀਆਂ ’ਤੇ ਦਰਜ ਹੋਣ ਲੱਗਾ ਤਾਂ ਉਹਨਾਂ ਨੂੰ ਸੱਚ ਉਗਲਣਾ ਪਿਆ।
ਪੈੜ ਦੱਬਦੀ ਪੁਲਿਸ ਮਿੱਠੋ ਹੋਰਾਂ ਦੇ ਡੇਰੇ ਪੁੱਜ ਗਈ। ਹੋਸ਼ ’ਚ ਆਏ ਸ਼ਰਾਬੀਆਂ ਨੇ ਉਸ ਨੂੰ ਪਹਿਚਾਣ ਲਿਆ। ਉਸੇ ਸ਼ਨਾਖ਼ਤ ਦੇ ਆਧਾਰ ’ਤੇ ਮਿੱਠੋ ਨੂੰ ਉਮਰ ਕੈਦ ਹੋ ਗਈ।
ਬਣ-ਠਣ ਕੇ ਰਹਿਣ ਦੀ ਆਦਤ ਉਸ ਨੇ ਫੇਰ ਵੀ ਨਹੀਂ ਸੀ ਛੱਡੀ। ਇਸ ਦੇ ਉਸ ਨੂੰ ਕਈ ਫ਼ਾਇਦੇ ਹੁੰਦੇ ਸਨ। ਜੇਲ੍ਹ ਵਿਚ ਜੇਲ੍ਹ ਅਧਿਕਾਰੀ ਅਤੇ ਕਚਹਿਰੀ ਵਿਚ ਜੱਜ ਤੋਂ ਲੈ ਕੇ ਸਰਕਾਰੀ ਵਕੀਲ ਤਕ ਉਸ ’ਤੇ ਲਾਲਾਂ ਸੁੱਟਦੇ ਸਨ। ਢੁਕ-ਢੁਕ ਕੇ ਕੋਲ ਬੈਠਦੇ ਸਨ। ਹੱਸ-ਹੱਸ ਕੇ ਗੱਲਾਂ ਕਰਦੇ ਸਨ। ਬਦਲੇ ਵਿਚ ਦਿਲ ਖੋਲ੍ਹ ਕੇ ਰਿਆਇਤਾਂ ਦਿੰਦੇ ਸਨ।
ਇਹ ਲਾਲਚ ਹੁਣ ਮਿੱਠੋ ਨੂੰ ਮਹਿੰਗਾ ਪਿਆ ਸੀ। ਜ਼ਨਾਨਾ ਜੇਲ੍ਹ ਦੀ ਡਿਪਟੀ ਸੁਪਰਡੈਂਟ ਨੇ ਜੇਲ੍ਹ ਸੁਪਰਡੈਂਟ ਕੋਲ ਮੁਖ਼ਬਰੀ ਕੀਤੀ ਸੀ, “ਇਸ ਸਮੇਂ ਮਿੱਠੋ ਸਭ ਤੋਂ ਸੋਹਣੀ ਕੈਦਣ ਹੈ।”
ਜੇਲ੍ਹ ਸੁਪਰਡੈਂਟ ਖ਼ੁਦ ਔਰਤਾਂ ਦਾ ਸ਼ੌਕੀਨ ਸੀ। ਉਸ ਨੂੰ ਵਗਾਰ ਵੀ ਬਹੁਤ ਪੈਂਦੀ ਸੀ। ਸੋਹਣੀਆਂ ਔਰਤਾਂ ਦੀ ਮੰਗ ਉਸ ਤੋਂ ਪੂਰੀ ਨਹੀਂ ਸੀ ਹੁੰਦੀ।
ਜੇਲ੍ਹ ਸੁਪਰਡੈਂਟ ਘੁੰਮਣ-ਘੇਰੀਆਂ ਵਿਚ ਨਹੀਂ ਸੀ ਪਿਆ। ਇਹ ਕਾਲਜ ਦੇ ਦਿਨ ਨਹੀਂ ਸਨ ਕਿ ਇਕ ਕੁੜੀ ਨੂੰ ਖ਼ੁਸ਼ ਕਰਨ ਲਈ ਉਸ ਦੇ ਅੱਗੇ-ਪਿੱਛੇ ਗੇੜੇ ਮਾਰੇ। ਮਿੱਠੋ ਦਾ ਸਰੀਰ ਸਰਕਾਰ ਦੇ ਕਬਜ਼ੇ ਵਿਚ ਸੀ। ਸੁਪਰਡੈਂਟ ਸਰਕਾਰ ਦਾ ਨੁਮਾਇੰਦਾ ਸੀ। ਇਸ ਤਰ੍ਹਾਂ ਮਿੱਠੋ ਦੇ ਸਰੀਰ ਉਪਰ ਉਸ ਦਾ ਪੂਰਾ ਅਧਿਕਾਰ ਸੀ। ਉਸ ਨੇ ਮਿੱਠੋ ਨੂੰ ਕੋਠੀ ਹਾਜ਼ਰ ਹੋਣ ਦਾ ਸਿੱਧਾ ਹੁਕਮ ਭੇਜ ਦਿੱਤਾ।
ਸਾਥਣ ਕੈਦਣਾਂ ਨੇ ਮਿੱਠੋ ਨੂੰ ਵਧਾਈ ਦਿੱਤੀ, “ਤੂੰ ਭਾਗਾਂ ਵਾਲੀ ਹੈਂ। ਤੈਨੂੰ ਸੁਪਰਡੈਂਟ ਨੇ ਖ਼ੁਦ ਬੁਲਾਇਆ ਹੈ। ਮਿਹਰਬਾਨ ਹੋ ਕੇ ਉਸ ਨੇ ਤੇਰੀ ਸਜ਼ਾ ਮੁਆਫ਼ ਕਰਵਾ ਦੇਣੀ ਹੈ ਅਤੇ ਚੀਜ਼ਾਂ ਨਾਲ ਝੋਲੀ ਭਰ ਦੇਣੀ ਹੈ। ਅੱਗੇ ਤੋਂ ਤੈਨੂੰ ਬੂ ਮਾਰਦੀਆਂ ਕੋਠੜੀਆਂ ਵਿਚ ਸੌਣ ਦੀ ਜ਼ਰੂਰਤ ਨਹੀਂ ਹੈ, ਨਾ ਰੁੱਖੀ-ਮਿੱਸੀ ਖਾਣ ਦੀ। ਹੁਣ ਤੇਰੀ ਹਰ ਰਾਤ ਰੰਗੀਨ ਹੋਏਗੀ।”
ਪਰ ਪਤਾ ਨਹੀਂ ਕਿਉਂ ਮਿੱਠੋ ਨੂੰ ਸੁਪਰਡੈਂਟ ਦੀ ਸ਼ਕਲ ਨਾਲ ਚਿੜ ਸੀ। ਉਸ ਦਾ ਢਿੱਡ ਢੋਲ ਵਰਗਾ ਸੀ। ਬੁੱਲ੍ਹ ਮੋਟੇ ਸਨ। ਰੰਗ ਮੱਝ ਵਰਗਾ ਕਾਲਾ ਸੀ। ਸਾਰਾ ਦਿਨ ਸਿਗਰਟ ਪੀਂਦਾ ਰਹਿੰਦਾ ਸੀ। ਪਾਨ ਦੀਆਂ ਪਿਚਕਾਰੀਆਂ ਮਾਰਦਾ ਰਹਿੰਦਾ ਸੀ। ਉਸ ਦਾ ਸਰੀਰ ਹਰ ਸਮੇਂ ਪਸੀਨੇ ਨਾਲ ਭਿੱਜਾ ਰਹਿੰਦਾ ਸੀ। ਮਿੱਠੋ ਨੂੰ ਇਹਨਾਂ ਸਭ ਗੱਲਾਂ ਤੋਂ ਨਫ਼ਰਤ ਸੀ।
ਮਿੱਠੋ ਆਕੜ ਗਈ।
ਸੁਪਰਡੈਂਟ ਨੇ ਹਫ਼ਤੇ ਦੇ ਅੰਦਰ-ਅੰਦਰ ਉਸ ਦੀ ਆਕੜ ਭੰਨ ਦਿੱਤੀ।
ਸਵਾ ਸੌ ਮੀਲ ਦੂਰ ਉਸ ਨੂੰ ਇਸ ਜੇਲ੍ਹ ਵਿਚ ਸੁਟਵਾ ਦਿੱਤਾ।
ਮਾਇਆ ਨਗਰ ਦੀ ਜ਼ਨਾਨਾ ਜੇਲ੍ਹ ਦੀ ਡਿਪਟੀ ਸੁਪਰਡੈਂਟ ਉਸ ਦੀ ਬੈਚ ਮੇਟ ਸੀ। ਨਾਲ ਉਸਨੂੰ ਫ਼ੋਨ ਖੜਕਾ ਦਿੱਤਾ, “ਇਸ ਦੀ ਅੜੀ ਭੰਨਣੀ ਹੈ। ਇਸ ਨੂੰ ਝੋਟੀਆਂ ਚੰਘਾਉਣੀਆਂ ਹਨ।”
ਮਿੱਠੋ ਨੂੰ ਪਹਿਲੇ ਹਫ਼ਤੇ ਹੀ ਨਾਨੀ ਯਾਦ ਆਉਣ ਲੱਗੀ।
ਫ਼ਿਰੋਜ਼ਪੁਰ ਵਾਲੀ ਜੇਲ੍ਹ ਤੋਂ ਉਸ ਦਾ ਪਿੰਡ ਪੰਦਰਾਂ ਮੀਲ ਦੂਰ ਸੀ। ਸ਼ਹਿਰੋਂ ਪਿੰਡ ਲਈ ਜਾਂਦੇ ਟੈਂਪੂ ਜੇਲ੍ਹ ਅੱਗੋਂ ਲੰਘਦੇ ਸਨ। ਆਏ ਦਿਨ ਕੋਈ ਨਾ ਕੋਈ ਮੁਲਾਕਾਤ ਲਈ ਆਇਆ ਰਹਿੰਦਾ ਸੀ। ਘਰ ਦੀ ਦਾਲ-ਰੋਟੀ ਦੇ ਨਾਲ-ਨਾਲ ਲੀੜਾ-ਕੱਪੜਾ ਵੀ ਧੋਤਾ ਮਿਲ ਜਾਂਦਾ ਸੀ। ਸੁਖ-ਸੁਨੇਹਾ ਮਿਲ ਜਾਂਦਾ ਸੀ। ਕੁੜੀ ਮੁੰਡੇ ਨੂੰ ਮਿਲ ਕੇ ਕਾਲਜਾ ਠੰਢਾ ਹੋ ਜਾਂਦਾ ਸੀ। ਮਿੱਠੋ ਉਹਨਾਂ ਨੂੰ ਸਮਝਾ ਦਿੰਦੀ ਸੀ, “ਦਿਲ ਲਾ ਕੇ ਪੜ੍ਹੋ, ਬੱਸ ਮੈਂ ਆਈ ਕਿ ਆਈ।” ਦਿਉਰ ਨੂੰ ਸਮਝਾ ਦਿੰਦੀ, “ਮੁੰਡਾ ਕੁੜੀ ਤੇਰੇ ਹੀ ਹਨ। ਬਾਹਰ ਆਉਂਦੀ ਹੀ ਮੈਂ ਤੇਰੇ ਲੜ ਲੱਗ ਜਾਵਾਂਗੀ। ਮੈਂ ਦੇਖ ਲਿਆ ਹੈ ਆਪਣੇ ਮਰਦ ਬਿਨਾਂ ਗੁਜ਼ਾਰਾ ਨਹੀਂ।”
ਕਦੇ-ਕਦੇ ਸੇਠ ਵੀ ਚੱਕਰ ਮਾਰ ਜਾਂਦਾ। ਉਹ ਮਿੱਠੋ ਦੀ ਬੇਨਤੀ ਮੰਨ ਲੈਂਦਾ। ਕੁਝ ਹੋਰ ਉਧਾਰ ਦੇਣ ਲਈ ਹਾਂ ਕਰ ਦਿੰਦਾ।
ਕਿਸੇ ਹੋਰ ਕੈਦੀ ਨੂੰ ਮਿਲਣ ਆਇਆ ਵਕੀਲ ਦਾ ਮੁਨਸ਼ੀ ਮਿੱਠੋ ਨੂੰ ਮਿਲ ਜਾਂਦਾ। ਹਾਈ ਕੋਰਟ ਵਿਚ ਹੋ ਰਹੀ ਕਾਰਵਾਈ ਦੀ ਸੂਚਨਾ ਦੇ ਜਾਂਦਾ, “ਜ਼ਮਾਨਤ ਹੋਣ ਵਾਲੀ ਹੈ। ਉਹ ਘਰ ਜਾਣ ਵਾਲੀ ਹੈ।” ਮੁਨਸ਼ੀ ਦੀਆਂ ਅਜਿਹੀਆਂ ਗੱਲਾਂ ਸੁਣ ਕੇ ਕਈ ਦਿਨ ਉਸ ਨੂੰ ਖ਼ੁਸ਼ੀ ਚੜ੍ਹੀ ਰਹਿੰਦੀ।
ਇਹ ਜੇਲ੍ਹ ਪਿੰਡੋਂ ਸਵਾ ਸੌ ਮੀਲ ਦੂਰ ਹੈ। ਪਿੰਡੋਂ ਪਹਿਲਾਂ ਟੈਂਪੂ ’ਤੇ ਬੈਠ ਕੇ ਸ਼ਹਿਰ ਆਉਣਾ ਪੈਂਦਾ ਹੈ। ਫੇਰ ਰਸਤੇ ਵਿਚ ਬੱਸ ਬਦਲਣੀ ਪੈਂਦੀ ਹੈ। ਮਾਇਆ ਨਗਰ ਦੇ ਅੱਡੇ ਤੋਂ ਫੇਰ ਟੈਂਪੂ ਫੜਨਾ ਪੈਂਦਾ ਹੈ। ਪਿੰਡੋਂ ਸਵੱਖਤੇ ਚੱਲ ਕੇ ਮਸਾਂ ਦੁਪਹਿਰ ਢਲੇ ਜੇਲ੍ਹ ਪੁੱਜਿਆ ਜਾਂਦਾ ਹੈ। ਅੱਗੋਂ ਇਸ ਜੇਲ੍ਹ ਦੇ ਵਾਰਡਰਾਂ ਦੇ ਮੂੰਹ ਭਰਨੇ ਔਖੇ ਹਨ। ਉਥੋਂ ਦੇ ਵਾਰਡਰਾਂ ਨਾਲੋਂ ਇਹਨਾਂ ਦੀ ਫ਼ੀਸ ਤਿੰਨ ਗੁਣਾ ਹੈ। ਪੰਜ ਮਿੰਟ ਤੋਂ ਵੱਧ ਮਿਲਣ ਨਹੀਂ ਦਿੰਦੇ। ਮੁਲਾਕਾਤੀ ਜੇ ਕੋਈ ਚੀਜ਼ ਲੈ ਕੇ ਆਵੇ, ਉਸ ਨੂੰ ਕੈਦੀ ਤਕ ਪੁੱਜਦੀ ਕਰਨ ਤਕ ਸੌ ਨਖ਼ਰੇ ਕਰਦੇ ਹਨ। ਅੱਧੀ ਤੋਂ ਵੱਧ ਚੀਜ਼ ਆਪ ਰੱਖ ਜਾਂਦੇ ਹਨ। ਘਰ ਦਾ ਹਾਲ-ਚਾਲ ਵੀ ਨਹੀਂ ਪੁੱਛਿਆ ਜਾਂਦਾ ਕਿ ਸਮਾਂ ਮੁੱਕਣ ਦੀ ਘੰਟੀ ਖੜਕ ਜਾਂਦੀ ਹੈ। ਘਰੋਂ ਆਈ ਰੋਟੀ ਸੁੱਕ ਜਾਂਦੀ ਹੈ, ਦਾਲ ਮੁਸ਼ਕ ਹੋ ਜਾਂਦੀ ਹੈ।
ਮੁੰਡਾ ਛੋਟਾ ਹੈ, ਕੁੜੀ ਜਵਾਨ ਹੈ। ਡਰਦੇ ਘਰ ਦੇ ਉਹਨਾਂ ਨੂੰ ਇਕੱਲਿਆਂ ਮਾਇਆ ਨਗਰ ਨਹੀਂ ਆਉਣ ਦਿੰਦੇ। ਮਿੱਠੋ ਉਹਨਾਂ ਦੇ ਮੂੰਹ ਦੇਖਣ ਨੂੰ ਤਰਸ ਗਈ ਹੈ।
ਹੁਣ ਕੁਝ ਮਹੀਨਿਆਂ ਤੋਂ ਭੈੜੇ-ਭੈੜੇ ਸੁਨੇਹੇ ਆਉਣ ਲੱਗੇ ਹਨ। ਸੇਠ ਨੂੰ ਪਤਾ ਲੱਗ ਚੁੱਕਾ ਹੈ। ਮਿੱਠੋ ਦੀ ਜਲਦੀ ਰਿਹਾਈ ਦੀ ਕੋਈ ਉਮੀਦ ਨਹੀਂ। ਉਸ ਨੇ ਹੋਰ ਉਧਾਰ ਦੇਣੋਂ ਨਾਂਹ ਕਰ ਦਿੱਤੀ ਹੈ। ਪਿਛਲਾ ਹਿਸਾਬ ਕਰਨ ਨੂੰ ਆਖ ਰਿਹਾ ਹੈ। ਨਾਲੇ ਜਾਮਨੀ ਮੰਗ ਰਿਹਾ ਹੈ।
ਦਿਉਰ ਨੇ ਮਿੱਠੋ ਨਾਲ ਵਿਆਹ ਕਰਾਉਣ ਦੀ ਆਸ ਛੱਡ ਦਿੱਤੀ ਹੈ। ਪੂਰੇ ਪਰਿਵਾਰ ਦਾ ਭਾਰ ਚੁੱਕਣਾ ਉਸ ਨੂੰ ਔਖਾ ਲੱਗਣ ਲੱਗ ਪਿਆ ਹੈ। ਖ਼ਰਚੇ ਤੋਂ ਤੰਗ ਆਏ ਦਿਉਰ ਨੇ ਮੁੰਡੇ ਨੂੰ ਸਕੂਲੋਂ ਹਟਾ ਲਿਆ ਹੈ। ਕਹਿੰਦਾ, “ਚੋਰਾਂ ਦੇ ਮੁੰਡੇ ਜੱਜ ਨਹੀਂ ਬਣ ਸਕਦੇ। ਦੇਰ-ਸਵੇਰ ਖ਼ਾਨਦਾਨੀ ਧੰਦਾ ਅਪਣਾਉਣਾ ਹੀ ਪੈਣਾ ਹੈ।” ਮੁੰਡੇ ਨੂੰ ਉਸ ਨੇ ਉਸਤਾਦ ਕੋਲ ਭੇਜ ਦਿੱਤਾ ਹੈ।
ਨਨਾਣ ਨੇ ਮਿੱਠੋ ਦੀ ਕੁੜੀ ਨੂੰ ਬੱਸ ਸਟੈਂਡ ’ਤੇ ਲਿਜਾਣਾ ਸ਼ੁਰੂ ਕਰ ਦਿੱਤਾ ਹੈ। ਮਿੱਠੋਂ ਵਾਂਗ ਉਸ ’ਤੇ ਵੀ ਜਵਾਨੀ ਲੋਹੜੇ ਦੀ ਚੜ੍ਹੀ ਹੈ। ਹਰ ਕੋਈ ਉਸ ਨੂੰ ਨਾਲ ਬਿਠਾਉਣ ਲਈ ਕਾਹਲਾ ਪੈਣ ਲੱਗਦਾ ਹੈ। ਨਨਾਣ ਨੂੰ ਜੇਬ ਕੱਟਣ ਦੀ ਜ਼ਰੂਰਤ ਨਹੀਂ ਪੈਂਦੀ। ਅਗਲਾ ਆਪੇ ਜੇਬ ਢੇਰੀ ਕਰ ਦਿੰਦਾ ਹੈ। ਕੁੜੀ ਕਾਮਯਾਬੀ ਦੀਆਂ ਮੰਜ਼ਲਾਂ ਤਹਿ ਕਰ ਰਹੀ ਹੈ। ਜੇ ਕਾਰੋਬਾਰ ਇੰਜ ਚੱਲਦਾ ਰਿਹਾ ਤਾਂ ਹਾਈ ਕੋਰਟ ’ਚ ਕੋਈ ਚੰਗਾ ਵਕੀਲ ਖੜਾ ਕਰ ਕੇ ਮਿੱਠੋ ਨੂੰ ਜਲਦੀ ਬਰੀ ਕਰਵਾ ਲਿਆ ਜਾਵੇਗਾ।
ਮਿੱਠੋ ਇਹੋ ਜਿਹੇ ਸੁਨੇਹੇ ਸੁਣ-ਸੁਣ ਦੁਹੱਥੜੇ ਮਾਰ-ਮਾਰ ਰੋਂਦੀ ਹੈ। ਉਹ ਵਾਪਸੀ ਸੁਨੇਹਾ ਘੱਲਦੀ ਹੈ, “ਮੁੰਡੇ ਨੂੰ ਉਸਤਾਦ ਕੋਲੋਂ ਵਾਪਸ ਬੁਲਾ ਲਓ। ਕੁੜੀ ਨੂੰ ਸ਼ਹਿਰ ਭੇਜਣਾ ਬੰਦ ਕਰੋ।” ਪਰ ਕੋਈ ਉਸ ਦੀ ਗੱਲ ਨਹੀਂ ਸੁਣਦਾ।
ਹੁਣ ਦੋ ਮਹੀਨੇ ਤੋਂ ਕੋਈ ਮੁਲਾਕਾਤ ਲਈ ਨਹੀਂ ਆਇਆ।
ਮਿੱਠੋ ਕਹਿੰਦੀ ਹੈ, ਸਾਰੇ ਸਿਆਪੇ ਦੀ ਜੜ੍ਹ ਉਸ ਦਾ ਸਰੀਰ ਹੈ। ਉਹ ਆਪਣੇ ਸਰੀਰ ਦੀ ਦੁਸ਼ਮਣ ਬਣ ਗਈ ਹੈ। ਉਸ ਨੇ ਖਾਣਾ-ਪੀਣਾ ਛੱਡ ਦਿੱਤਾ ਹੈ। ਦਿਨਾਂ ਵਿਚ ਉਸ ਦਾ ਮਾਸ ਢਲਕਣ ਲੱਗ ਪਿਆ ਹੈ। ਮੂੰਹ ’ਤੇ ਝੁਰੜੀਆਂ ਪੈਣ ਲੱਗ ਪਈਆਂ ਹਨ। ਕੰਘੀ ਉਸ ਨੇ ਪਰਾਂ ਵਗਾਹ ਮਾਰੀ ਹੈ। ਵਾਲ ਝਥਰਾ ਬਣ ਗਏ ਹਨ। ਜੰਆਂ ਪੈ ਚੱਲੀਆਂ ਹਨ। ਅੱਖਾਂ ਦੇ ਟੋਇਆਂ ’ਤੇ ਕਾਲਖ ਛਾ ਗਈ ਹੈ। ਉਹ ਨਹਾਉਣੋ ਵੀ ਹਟ ਗਈ ਹੈ। ਕੱਪੜੇ ਮੈਲ ਨਾਲ ਭਰ ਗਏ ਹਨ। ਕੁਝ ਦਿਨ ਪਹਿਲਾਂ ਉਸਨੂੰ ਮਾਂਹਵਾਰੀ ਆਈ ਸੀ। ਖ਼ੂਨ ਦੇ ਧੱਬੇ ਉਸੇ ਤਰ੍ਹਾਂ ਸਲਵਾਰ ’ਤੇ ਲੱਗੇ ਹੋਏ ਹਨ। ਦਿਨਾਂ ਵਿਚ ਉਹ ਬੁੱਢੀ ਲੱਗਣ ਲੱਗ ਪਈ ਹੈ।
ਉਹ ਮੁੜ ਫ਼ਿਰੋਜ਼ਪੁਰ ਬਦਲੇ ਜਾਣ ਦੀ ਦਰਖ਼ਾਸਤ ਲਿਖਦੀ ਹੈ। ਵਾਰਡਰ ਨੂੰ ਫੜਾਉਂਦੀ ਹੈ। ਫੇਰ ਉਹ ਹੁਕਮ ਦੀ ਉਡੀਕ ਵਿਚ ਟਿਕਟਿਕੀ ਲਾ ਕੇ ਗੇਟ ਵੱਲ ਤੱਕਦੀ ਰਹਿੰਦੀ ਹੈ।
ਤਿੰਨ ਚਾਰ ਦਿਨਾਂ ਤੋਂ ਉਹ ਆਪਣੀ ਵਾਰਡਰ ਨਾਲ ਝਗੜ ਰਹੀ ਹੈ। ਉਸ ਨੂੰ ਸ਼ੱਕ ਹੈ ਕਿ ਵਾਰਡਰ ਉਸ ਦੀਆਂ ਦਰਖ਼ਾਸਤਾਂ ਉਪਰ ਨਹੀਂ ਭੇਜਦੀ। ਪਾੜ ਕੇ ਸੁੱਟ ਦਿੰਦੀ ਹੈ।
ਕੱਲ੍ਹ ਉਹ ਉਸ ਵਾਰਡਰ ਨੂੰ ਕੁੱਟਣ ਨੂੰ ਪੈ ਗਈ ਸੀ। ਡਰੀ ਵਾਰਡਰ ਨੇ ਉਸ ਨੂੰ ਤਨਹਾਈ ਕੋਠੜੀ ਵਿਚ ਬੰਦ ਕਰਵਾ ਦਿੱਤਾ ਹੈ। ਨੀਮ-ਬੇਹੋਸ਼ੀ ਵਿਚ ਪਈ, ਉਹ ਸਾਰਾ ਦਿਨ ਕੁਝ ਨਾ ਕੁਝ ਬੁੜਬੁੜਾਉਂਦੀ ਰਹਿੰਦੀ ਹੈ।
ਕੱਲ ਹਾਕਮ ਨੇ ਜ਼ਨਾਨਾ ਵਾਰਡ ਦਾ ਚੱਕਰ ਲਾਇਆ ਸੀ। ਸੱਚਮੁੱਚ ਉਹ ਕੁਝ ਦਿਨਾਂ ਦੀ ਪ੍ਰਾਹੁਣੀ ਹੈ।
ਪਰ ਹਾਕਮ ਕੀ ਕਰੇ? ਉਸ ਨੂੰ ਮੁੜ ਫ਼ਿਰੋਜ਼ਪੁਰ ਪਹੁੰਚਾਉਣ ਲਈ ਕਿਸ ਤਕ ਪਹੁੰਚ ਕਰੇ?
ਹਾਕਮ ਨੂੰ ਪਤਾ ਸੀ ਕਿ ਮਾਇਆ ਨਗਰ ਦੇ ਜੇਲ੍ਹ ਅਧਿਕਾਰੀਆਂ ਨੇ ਆਪਣੇ ਭਾਈਚਾਰੇ ਦਾ ਪੱਖ ਪੂਰਨਾ ਹੈ, ਇਕ ਕੈਦਣ ਦਾ ਨਹੀਂ।
ਇਕ ਕੈਦੀ ਆਪਣੇ ਭਾਈਚਾਰੇ ਦਾ ਪੱਖ ਕਿਸ ਤਰ੍ਹਾਂ ਪੂਰੇ? ਇਹ ਹਾਕਮ ਦੀ ਸਮਝੋਂ ਬਾਹਰ ਸੀ। ਇਸ ਲਈ ਉਹ ਪਰੇਸ਼ਾਨ ਸੀ।
34
ਇਹੋ ਹਾਲ ਕਾਲੂ ਬਦਮਾਸ਼ ਦਾ ਸੀ।
ਉਹ ਦੇਸੀ ਚਾਕੂ ਤਿਆਰ ਕਰੀ ਫਿਰਦਾ ਸੀ। ਕਿਸੇ ਵੀ ਸਮੇਂ ਉਸ ਵੱਲੋਂ ਚਾਕੂ ਡਾਕਟਰ ਜਾਂ ਕੰਪਾਊਡਰ ਦੇ ਸੀਨੇ ’ਚ ਖੋਭਣ ਦੀ ਖ਼ਬਰ ਆ ਸਕਦੀ ਸੀ।
ਹਾਕਮ ਨੂੰ ਪਤਾ ਹੈ, ਇਕ ਮਹੀਨੇ ਤੋਂ ਉਹ ਸਖ਼ਤ ਬੀਮਾਰ ਹੈ। ਉਸ ਨੂੰ ਭੁੱਖ ਨਹੀਂ ਲੱਗਦੀ। ਪੰਜ ਕਿੱਲੋ ਭਾਰ ਘੱਟ ਗਿਆ ਹੈ। ਵੀਹਾਂ ਦਿਨਾਂ ਤੋਂ ਬੁਖ਼ਾਰ ਸੌ ਡਿਗਰੀ ਤੋਂ ਉਪਰ ਰਹਿੰਦਾ ਹੈ। ਸਾਰਾ ਦਿਨ ਖੰਘ ਛਿੜੀ ਰਹਿੰਦੀ ਹੈ। ਫੇਫੜੇ ਧੌਂਕਣੀ ਵਾਂਗ ਬੋਲਦੇ ਹਨ। ਥੋੜ੍ਹਾ ਜਿਹਾ ਕੰਮ ਕਰਨ ਨਾਲ ਸਾਹ ਚੜ੍ਹ ਜਾਂਦਾ ਹੈ। ਥੁੱਕ ਵਿਚ ਆਉਂਦੇ ਖ਼ੂਨ ਦੀ ਮਾਤਰਾ ਵੱਧਦੀ ਜਾ ਰਹੀ ਹੈ।
ਸਪੱਸ਼ਟ ਹੈ ਕਿ ਉਸ ਨੂੰ ਟੀ.ਬੀ. ਵਰਗੀ ਨਾ-ਮੁਰਾਦ ਬੀਮਾਰੀ ਚਿੰਬੜ ਗਈ ਹੈ। ਇਲਾਜ ਦੇ ਨਾਲ-ਨਾਲ ਉਸ ਨੂੰ ਆਰਾਮ ਚਾਹੀਦਾ ਹੈ। ਆਰਾਮ ਤਾਂ ਹੋ ਸਕਦਾ ਹੈ ਜੇ ਮੁਸ਼ੱਕਤ ਤੋਂ ਛੋਟ ਮਿਲੇ। ਮੁਸ਼ੱਕਤ ਤੋਂ ਛੋਟ ਤਾਂ ਮਿਲੇ ਜੇ ਡਾਕਟਰ ਉਸ ਨੂੰ ਸਖ਼ਤ ਬੀਮਾਰ ਘੋਸ਼ਿਤ ਕਰੇ।
ਕਾਲੂ ਨੂੰ ਇਹੋ ਗ਼ੁੱਸਾ ਹੈ। ਕੰਪਾਊਡਰ ਬਾਬੂ ਉਸ ਨੂੰ ਬੀਮਾਰ ਨਹੀਂ ਮੰਨਦਾ। ਕਹਿੰਦਾ ਹੈ, “ਮਾਮੂਲੀ ਬੁਖ਼ਾਰ ਹੈ।” ਡਾਕਟਰ ਕੋਲ ਵੀ ਨਹੀਂ ਭੇਜਦਾ। ਕਹਿੰਦਾ, “ਡਾਕਟਰ ਤੇਰੇ ਵਰਗੇ ਪਖੰਡੀਆਂ ਲਈ ਵਿਹਲਾ ਨਹੀਂ ਹੈ। ਉਸ ਨੇ ਦਿਨ ਵਿਚ ਸੌ ਮਰੀਜ਼ ਦੇਖਣਾ ਹੁੰਦਾ ਹੈ। ਤੇਰੇ ਇਲਾਜ ਲਈ ਮੈਂ ਕਾਫ਼ੀ ਹਾਂ।”
ਕਾਲੂ ਨੇ ਆਪਣੀ ਪਰਚੀ ‘ਹਵੇਲੀ’ ਵਿਚ ਬੰਦ ਡਾਕਟਰ ਜੈਨ ਨੂੰ ਦਿਖਾਈ ਸੀ। ਉਸ ਨੇ ਪਰਚੀ ਦੇਖ ਕੇ ਦੱਸਿਆ ਸੀ, “ਤੰ ਟੀ.ਬੀ. ਦਾ ਮਰੀਜ਼ ਹੈਂ। ਤੇਰੀ ਪਰਚੀ ਉਪਰ ਇਹੋ ਬੀਮਾਰੀ ਲਿਖੀ ਹੈ।” ਡਾਕਟਰ ਨੇ ਕਾਲੂ ਨੂੰ ਹਸਪਤਾਲੋਂ ਮਿਲੀਆਂ ਗੋਲੀਆਂ ਘੋਖੀਆਂ। ਫੇਰ ਉਸ ਨੇ ਦੱਸਿਆ, “ਇਹ ਉਹ ਗੋਲੀਆਂ ਨਹੀਂ, ਜਿਹੜੀਆਂ ਪਰਚੀ ’ਤੇ ਲਿਖੀਆਂ ਹਨ। ਪਰਚੀ ’ਤੇ ਲਿਖੀਆਂ ਦਵਾਈਆਂ ਵਧੀਆ ਕੰਪਨੀ ਦੀਆਂ ਅਤੇ ਮਹਿੰਗੀਆਂ ਹਨ। ਤੈਨੂੰ ਜੋ ਮਿਲੀਆਂ ਹਨ, ਪੰਜ-ਪੰਜ ਪੈਸਿਆਂ ਵਾਲੀਆਂ ਗੋਲੀਆਂ ਹਨ। ਇਕ ਡਿਸਪਰਿਨ ਹੈ, ਇਸ ਨੂੰ ਖਾ ਕੇ ਪਸੀਨਾ ਆਉਂਦਾ ਹੈ। ਪਸੀਨੇ ਕਾਰਨ ਬੁਖ਼ਾਰ ਉੱਤਰ ਜਾਂਦਾ ਹੈ। ਤੈਨੂੰ ਲੱਗਦਾ ਹੈ ਤੂੰ ਠੀਕ ਹੋ ਰਿਹਾ ਹੈਂ। ਦੂਜੀ ਵਿਟਾਮਿਨ-ਬੀ ਦੀ ਗੋਲੀ ਹੈ। ਇਹ ਥੋੜ੍ਹੀ-ਬਹੁਤ ਤਾਕਤ ਦੇਣ ਦਾ ਕੰਮ ਕਰਦੀ ਹੈ। ਬੀਮਾਰੀ ਦਾ ਸਹੀ ਇਲਾਜ ਨਹੀਂ ਹੋ ਰਿਹਾ।”
ਡਾਕਟਰ ਜੈਨ ਨੇ ਇਕ ਹੋਰ ਪਤੇ ਦੀ ਗੱਲ ਦੱਸੀ, “ਜੇਲ੍ਹ ਨਿਯਮਾਂ ਅਨੁਸਾਰ ਟੀ.ਬੀ. ਦੇ ਰੋਗੀ ਨੂੰ ਦੁੱਧ, ਆਂਡੇ ਅਤੇ ਬਰੈੱਡ ਮਿਲਣੀ ਚਾਹੀਦੀ ਹੈ। ਅਗਲੀ ਵਾਰੀ ਕੰਪਾਊਡਰ ਨੂੰ ਪੁੱਛੀਂ, ਤੇਰਾ ਇਹ ਰਾਸ਼ਨ ਕਿਧਰ ਜਾਂਦਾ ਹੈ?”
ਕਾਲੂ ਦੇ ਇਸ ਪ੍ਰਸ਼ਨ ’ਤੇ ਕੰਪਾਊਡਰ ਤਿਲਮਿਲਾਇਆ ਸੀ। ਡਰਦੇ ਨੇ ਅੱਧਾ ਕਿੱਲੋ ਦੁੱਧ ਅਤੇ ਇਕ ਆਂਡੇ ਦੀ ਪਰਚੀ ਵੀ ਦਿੱਤੀ। ਅੱਗੋਂ ਤੋਂ ਇਹ ਚੀਜ਼ਾਂ ਦੇਣ ਦਾ ਵਾਅਦਾ ਵੀ ਕੀਤਾ, ਪਰ ਹਫ਼ਤੇ ਬਾਅਦ ਫੇਰ ਉਹੋ ਬਾਹਾਂ, ਉਹੋ ਕੁਹਾੜਾ ਹੋ ਗਿਆ।
ਹਾਕਮ ਨੂੰ ਪਤਾ ਸੀਂ ਕਾਲੂ ਸਾਰੀ ਰਾਤ ਮਰੇ ਕੁੱਤੇ ਵਾਂਗ ਪਿਆ ਰਹਿੰਦਾ ਹੈ। ਫੈਕਟਰੀ ਜਾ ਕੇ ਅੱਧੇ ਘੰਟੇ ਵਿਚ ਥੱਕ ਜਾਂਦਾ ਹੈ ਅਤੇ ਬੇਹੋਸ਼ ਹੋਣ ਵਾਲਾ ਹੋ ਕੇ ਡਿੱਗ ਪੈਂਦਾ ਹੈ। ਮੁਨਸ਼ੀ ਉਸ ਨੂੰ ਕੰਮ ਤੋਂ ਛੋਟ ਦੇਣਾ ਚਾਹੁੰਦਾ ਹੈ, ਪਰ ਛੋਟ ਲਈ ਡਾਕਟਰ ਦਾ ਸਰਟੀਫ਼ਿਕੇਟ ਚਾਹੀਦਾਹੈ।
ਕੰਪਾਊਡਰ ਇਸੇ ਸਰਟੀਫ਼ਿਕੇਟ ਦੇ ਦੋ ਸੌ ਰੁਪਏ ਮੰਗ ਰਿਹਾ ਹੈ। ਕਾਲੂ ਨੇ ਕੰਪਾਊਡਰ ਨੂੰ ਕਈ ਵਾਰ ਸਮਝਾਇਆ ਸੀ, “ਮੈਂ ਤਿੰਨ ਸਾਲ ਤੋਂ ਜੇਲ੍ਹ ਵਿਚ ਬੰਦ ਹਾਂ। ਮੇਰਾ ਅੱਗਾ-ਪਿੱਛਾ ਕੋਈ ਨਹੀਂ। ਮੇਰੇ ਕੋਲ ਇੰਨੇ ਪੈਸੇ ਨਹੀਂ ਹਨ।”
ਪਰ ਕੰਪਾਊਡਰ ਨੂੰ ਉਸ ਦੀਆਂ ਗੱਲਾਂ ’ਤੇ ਯਕੀਨ ਨਹੀਂ ਆ ਰਿਹਾ। ਕਾਲੂ ਨੂੰ ਨਹੀਂ ਪਤਾ ਕਿ ਉਸ ਦੇ ਅਸਲੀ ਮਾਂ-ਬਾਪ ਕੌਣ ਹਨ? ਉਹ ਹਰਾਮ ਦਾ ਹੈ ਜਾਂ ਅਸਲ। ਹਿੰਦੂ ਹੈ ਜਾਂ ਮੁਸਲਮਾਨ। ਉਸ ਨੂੰ ਏਨਾ ਯਾਦ ਹੈ ਕਿ ਉਸ ਨੇ ਬੱਸ ਸਟੈਂਡ ਲਾਗੇ ਬਣੀਆਂ ਝੌਂਪੜੀਆਂ ਵਿਚ ਸੁਰਤ ਸੰਭਾਲੀ ਹੈ। ਉਹਨਾਂ ਦੀ ਝੌਂਪੜੀ ਵਿਚ ਇਕ ਅੰਨ੍ਹੀ ਬੁੱਢੀ ਸੀ, ਜਿਸ ਨੂੰ ਹੋਰਨਾਂ ਵਾਂਗ ਉਹ ਦਾਦੀ ਆਖਦਾ ਸੀ। ਇਕ ਹੱਟਾ-ਕੱਟਾ ਕਾਲਾ-ਕਲੋਟਾ ਬੰਦਾ ਸੀ, ਜਿਸ ਨੂੰ ਘਰੇ ਉਹ ਬਾਪੂ ਅਤੇ ਕੰਮ ’ਤੇ ਉਸਤਾਦ ਆਖਦਾ ਸੀ। ਉਹਨਾਂ ਨਾਲ ਤਿੰਨ ਮੁੰਡੇ ਇਕ ਕੁੜੀ ਹੋਰ ਰਹਿੰਦੇ ਸਨ, ਜਿਨ੍ਹਾਂ ਨੂੰ ਕਾਲੂ ਦੇ ਭੈਣ-ਭਰਾ ਆਖਿਆ ਜਾਂਦਾ ਸੀ। ਉਹਨਾਂ ਦੇ ਨੱਕ ਫਿੱਡੇ ਸਨ। ਜਬਾੜੇ ਟੁੱਟੇ ਹੋਏ ਸਨ। ਇਸ ਦੀ ਲੱਤ ਮਾਰੀ ਹੋਈ ਸੀ। ਦੂਜੇ ਦੀ ਬਾਂਹ ਕੱਟੀ ਹੋਈ ਸੀ। ਉਹਨਾਂ ਦੀ ਭੈਣ ਅੰਨ੍ਹੀ ਸੀ। ਛੋਟੇ ਹੁੰਦੇ ਉਹ ਬੱਸ ਸਟੈਂਡ ’ਤੇ ਭੀਖ ਮੰਗਿਆ ਕਰਦੇ ਸਨ। ਥੋੜ੍ਹੇ ਵੱਡੇ ਹੋਣ ’ਤੇ ਉਸਤਾਦ ਉਹਨਾਂ ਨੂੰ ਭੀੜ-ਭੜੱਕਿਆਂ ਵਾਲੀ ਥਾਂ ’ਤੇ ਲੈ ਜਾਂਦਾ ਸੀ। ਜੇਬਾਂ ਕੱਟਣ ਅਤੇ ਚੈਨੀਆਂ ਝਪਟਣ ਦੀ ਸਿੱਖਿਆ ਦਿੰਦਾ ਸੀ। ਲੋੜ ਪੈਣ ’ਤੇ ਉਹ ਚਾਕੂ ਛੁਰੇ ਦੀ ਵਰਤੋਂ ਕਰ ਲਿਆ ਕਰਦੇ ਸਨ।
ਕਾਲੂ ਉਸਤਾਦ ਦਾ ਸਭ ਤੋਂ ਵੱਧ ਚਹੇਤਾ ਸੀ। ਵੱਡੇ ਹੋਣ ’ਤੇ ਆਪੇ ਉਸਤਾਦ ਨੇ ਉਸ ਨੂੰ ਆਜ਼ਾਦ ਕਰ ਦਿੱਤਾ ਸੀ। ਵਿਰਾਸਤ ਵਿਚ ਉਸ ਨੂੰ ਤਿੰਨ ਚੇਲੇ ਮਿਲੇ ਸਨ। ਕਾਲੂ ਨੇ ਦਿਨਾਂ ਵਿਚ ਹੀ ਆਪਣੀ ਗੈਂਗ ਖੜੀ ਕਰ ਲਈ ਸੀ।
ਬੱਸ ਸਟੈਂਡ ਚੌਕੀ ਦੇ ਥਾਣੇਦਾਰ ਨੇ ਕਾਲੂ ਨਾਲ ਬਹੁਤ ਧੱਕਾ ਕੀਤਾ ਸੀ। ਕਾਲੂ ਦਾ ਕਸੂਰ ਏਨਾ ਸੀ ਕਿ ਉਹ ਮਹੀਨਾ ਸਮੇਂ ਸਿਰ ਪੁੱਜਦਾ ਨਹੀਂ ਸੀ ਕਰ ਸਕਿਆ। ਇਸ ਵਿਚ ਕਾਲੂ ਦਾ ਕਸੂਰ ਨਹੀਂ ਸੀ। ਉਸ ਮਹੀਨੇ ਉਹ ਤਿਹਾੜ ਜੇਲ੍ਹ ਵਿਚ ਬੰਦ ਰਿਹਾ ਸੀ। ਇਕ ਤਾਂ ਉਸ ਨੂੰ ਕਮਾਈ ਨਹੀਂ ਸੀ ਹੋਈ, ਦੂਜੇ ਜਦੋਂ ਉਸ ਮਹੀਨੇ ਉਸ ਨੇ ਧੰਦਾ ਨਹੀਂ ਸੀ ਕੀਤਾ ਤਾਂ ਮਹੀਨਾ ਕਾਹਦਾ? ਪਰ ਥਾਣੇਦਾਰ ਆਪਣੀ ਜ਼ਿੱਦ ’ਤੇ ਅੜਿਆ ਰਿਹਾ। ਕਾਲੂ ਅਤੇ ਉਸ ਵਰਗੇ ਹੋਰ ਬਾਗ਼ੀਆਂ ਨੂੰ ਸਬਕ ਸਿਖਾਉਣ ਲਈ ਥਾਣੇਦਾਰ ਨੇ ਕਤਲ ਦੀ ਇਕ ਪੁਰਾਣੀ ਮਿਸਲ ਖੋਲ੍ਹ ਲਈ।
ਛੇ ਮਹੀਨੇ ਪਹਿਲਾਂ ਉਸ ਦੇ ਉਸਤਾਦ ਦਾ ਕਤਲ ਹੋ ਗਿਆ ਸੀ। ਬੜੀ ਬੇਰਹਿਮੀ ਨਾਲ ਛੁਰੇ ਮਾਰ-ਮਾਰ ਕੇ ਉਸ ਦੇ ਸਰੀਰ ਨੂੰ ਛਲਣੀ ਕਰ ਦਿੱਤਾ ਗਿਆ ਸੀ। ਅੱਜ ਤਕ ਪੁਲਿਸ ਨੂੰ ਤਾਂ ਕੀ, ਕਾਲੂ ਹੋਰਾਂ ਨੂੰ ਵੀ ਇਹ ਸੁਰਾਗ ਨਹੀਂ ਸੀ ਲੱਭਾ ਕਿ ਇਹ ਭਾਣਾ ਕਿਸ ਨੇ ਵਰਤਾਇਆਸੀ।
ਥਾਣੇਦਾਰ ਨੇ ਇਕ ਤੀਰ ਨਾਲ ਦੋ ਨਿਸ਼ਾਨੇ ਫੁੰਡੇ।
ਕਾਲੂ ਦੇ ਇਕ ਜਾਨੀ ਦੁਸ਼ਮਣ ਨੂੰ ਸ਼ਿੰਗਾਰ ਕੇ ਕਤਲ ਦਾ ਚਸ਼ਮਦੀਦ ਗਵਾਹ ਬਣਾ ਲਿਆ। ਉਸ ਦੇ ਬਿਆਨ ਦੇ ਆਧਾਰ ’ਤੇ ਕਾਲੂ ਨੂੰ ਉਸਤਾਦ ਦਾ ਕਾਤਲ ਬਣਾ ਦਿੱਤਾ। ਵਜ੍ਹਾ ਰੰਜਸ਼ ਲੁੱਟ-ਖੋਹ ਦੇ ਮਾਲ ਦੀ ਵੰਡ ’ਤੇ ਹੋਇਆ ਝਗੜਾ ਬਣਾ ਦਿੱਤਾ। ਕਾਲੂ ਨੂੰ ਵੱਧ ਦੁੱਖ ਇਸ ਗੱਲ ਦਾ ਸੀ ਕਿ ਉਸ ਨੂੰ ਆਪਣੇ ਹੀ ਉਸਤਾਦ ਦਾ ਕਾਤਲ ਬਣਾ ਦਿੱਤਾ ਗਿਆ ਸੀ।
ਹੋਰਾਂ ਦੇ ਨਾਲ ਕਾਲੂ ਦੇ ਸੰਗੀ-ਸਾਥੀ ਅਤੇ ਚੇਲੇ-ਬਾਲੜੇ ਵੀ ਉਸ ਨੂੰ ਉਸਤਾਦ ਦਾ ਕਾਤਲ ਸਮਝ ਬੈਠੇ। ਅਦਾਲਤ ਦੇ ਫ਼ੈਸਲੇ ਨਾਲੋਂ ਪਹਿਲਾਂ ਉਹਨਾਂ ਨੇ ਕਾਲੂ ਨੂੰ ਸਜ਼ਾ ਸੁਣਾ ਦਿੱਤੀ। ਭਾਂਡਾ ਛੇਕ ਦਿੱਤਾ।
ਦੋ ਸਾਲ ਤੋਂ ਇਕੱਲੇ ਰਹਿ ਗਏ ਕਾਲੂ ਨੇ ਪੈਸੇ ਦਾ ਮੂੰਹ ਨਹੀਂ ਸੀ ਦੇਖਿਆ। ਉਹ ਕੰਪਾਊਡਰ ਨੂੰ ਦੋ ਸੌ ਰੁਪਿਆ ਕਿਥੋਂ ਦੇਵੇ?
ਕਾਲੂ ਨੂੰ ਇਕ ਹੋਰ ਗਿਲਾ ਸੀ। ਸਰਟੀਫ਼ਿਕੇਟ ਉਹ ਸਹੀ ਮੰਗ ਰਿਹਾ ਸੀ, ਫਿਰ ਰਿਸ਼ਵਤ ਕਿਸ ਕੰਮ ਦੀ?
ਪਰ ਕਾਲੂ ਦੀ ਫ਼ਰਿਆਦ ਕੋਈ ਨਹੀਂ ਸੀ ਸੁਣ ਰਿਹਾ।
ਦੁਖੀ ਹੋਏ ਕਾਲੂ ਨੇ ਇਕ ਦਿਨ ਕੰਪਾਊਡਰ ਨੂੰ ਗਾਲ੍ਹਾਂ ਕੱਢ ਦਿੱਤੀਆਂ। ਦੰਗਾ-ਫ਼ਸਾਦ ਕਰਨ ਦੇ ਜੁਰਮ ਵਿਚ ਉਸ ਨੂੰ ਡਾਂਗਾਂ ਤਾਂ ਪਈਆਂ ਪਰ ਇਕ ਰਾਹਤ ਵੀ ਮਿਲ ਗਈ। ਉਸ ਨੂੰ ਬੀਮਾਰ ਘੋਸ਼ਿਤ ਕਰ ਦਿੱਤਾ ਗਿਆ ਅਤੇ ਕੰਮ ਤੋਂ ਵੀ ਛੋਟ ਮਿਲ ਗਈ।
ਛੁੱਟੀ ਦੇ ਨਾਲ-ਨਾਲ ਕਾਲੂ ਨੂੰ ਸਹੀ ਇਲਾਜ ਵੀ ਚਾਹੀਦਾ ਸੀ। ਇਲਾਜ ਲਈ ਉਸ ਦਾ ਹਸਪਤਾਲ ਵਿਚ ਦਾਖ਼ਲ ਹੋਣਾ ਜ਼ਰੂਰੀ ਸੀ।
ਡਾਕਟਰ ਮਿੱਠੀਆਂ ਗੋਲੀਆਂ ਦੇ ਰਿਹਾ ਸੀ, “ਤੇਰੇ ਨਾਲੋਂ ਗੰਭੀਰ ਬੀਮਾਰਾਂ ਦੀ ਗਿਣਤੀ ਵੱਧ ਹੈ। ਕੋਈ ਬੈੱਡ ਖ਼ਾਲੀ ਨਹੀਂ ਹੈ। ਬਿਸਤਰਾ ਖ਼ਾਲੀ ਹੁੰਦੇ ਹੀ ਤੈਨੂੰ ਭਰਤੀ ਕਰ ਲਵਾਂਗੇ।”
ਕਾਲੂ ਦੀ ਉਮਰ ਤੀਹ ਸਾਲ ਦੇ ਲਗਭਗ ਸੀ। ਤੀਹਾਂ ਵਿਚੋਂ ਬਾਰਾਂ ਸਾਲ ਉਸ ਨੇ ਜੇਲ੍ਹ ਵਿਚ ਗੁਜ਼ਾਰੇ ਸਨ। ਉਹ ਜੇਲ੍ਹ ਦੇ ਕਾਇਦੇ-ਕਾਨੂੰਨ ਤੋਂ ਚੰਗੀ ਤਰ੍ਹਾਂ ਵਾਕਿਫ਼ ਸੀ।
ਕਾਲੂ ਨੇ ਡਾਕਟਰ ਨਾਲ ਬਹਿਸ ਕੀਤੀ, “ਤੂੰ ਝੂਠ ਬੋਲ ਰਿਹਾ ਹੈਂ। ਘੱਟੋ-ਘੱਟ ਦੋ ਅਜਿਹੇ ਕੈਦੀਆਂ ਦਾ ਮੈਨੂੰ ਪਤਾ ਹੈ, ਜਿਹੜੇ ਬੀਮਾਰ ਨਹੀਂ ਹਨ ਪਰ ਹਸਪਤਾਲ ਵਿਚ ਦਾਖ਼ਲ ਹਨ।”
ਕਾਲੂ ਦੀ ਬੈਰਕ ਵਿਚ ਬੰਦ ਸ਼ਿੰਦਾ ਤਿੰਨ ਦਿਨ ਪਹਿਲਾਂ ਹਪਸਤਾਲ ਦਾਖ਼ਲ ਹੋਇਆ ਸੀ। ਅਗਲੇ ਹਫ਼ਤੇ ਉਸ ਦੀ ਲੰਗਰ ’ਚ ਮੁਸ਼ੱਕਤ ਦੀ ਵਾਰੀ ਸੀ। ਸਵੇਰੇ ਤਿੰਨ ਵਜੇ ਤੋਂ ਲੈ ਕੇ ਰਾਤ ਦੇ ਗਿਆਰਾਂ ਵਜੇ ਤੱਕ ਚੁੱਲ੍ਹੇ ਮੂਹਰੇ ਬੈਠ ਕੇ ਅੱਖਾਂ ਗਾਲਣ ਦਾ ਉਹ ਆਦੀ ਨਹੀਂ ਸੀ। ਇਸ ਮੁਸੀਬਤ ਨੂੰ ਟਾਲਣ ਲਈ ਉਹ ਹਸਪਤਾਲ ਆ ਪਿਆ ਸੀ।
ਸ਼ੇਰੂ ਦੇ ਉਸਤਾਦ ਦੀ ਭਤੀਜੀ ਦਾ ਅਗਲੇ ਮਹੀਨੇ ਵਿਆਹ ਸੀ। ਸ਼ੇਰੂ ਨੇ ਛੁੱਟੀ ਜਾਣ ਦਾ ਮਨ ਬਣਾਇਆ। ਛੁੱਟੀ ਜਾਣ ਦਾ ਹੋਰ ਕੋਈ ਬਹਾਨਾ ਨਹੀਂ ਸੀ। ਚਾਰ ਦਿਨ ਹਸਪਤਾਲ ਰਹਿ ਕੇ ਉਸ ਨੇ ਛੁੱਟੀ ਲਈ ਅਦਾਲਤ ਵਿਚ ਦਰਖ਼ਾਸਤ ਦੇਣੀ ਸੀ। ਬੀਮਾਰੀ ਦੇ ਆਧਾਰ ’ਤੇ ਉਸ ਦੀ ਛੁੱਟੀ ਮਨਜ਼ੂਰ ਹੋ ਜਾਣੀ ਸੀ।
ਕਾਲੂ ਨੂੰ ਪਤਾ ਸੀ ਕਿ ਆਪਣੇ ਮਕਸਦ ਵਿਚ ਕਾਮਯਾਬ ਹੋਣ ਲਈ ਉਹਨਾਂ ਨੇ ਮੋਟੀ ਰਕਮ ਤਾਰੀ ਸੀ। ਇਹ ਗੱਲ ਖ਼ੁਦ ਸ਼ਿੰਦੇ ਅਤੇ ਸ਼ੇਰੂ ਨੇ ਉਸ ਨੂੰ ਦੱਸੀ ਸੀ।
ਪਰ ਡਾਕਟਰ ਪੈਰਾਂ ’ਤੇ ਪਾਣੀ ਨਹੀਂ ਸੀ ਪੈਣ ਦੇ ਰਿਹਾ।
ਕਾਲੂ ਤਰਲਾ ਕਰ ਰਿਹਾ ਸੀ। ਜੇ ਜੇਲ੍ਹ ਹਸਪਤਾਲ ਵਿਚ ਥਾਂ ਨਹੀਂ ਤਾਂ ਉਸ ਨੂੰ ਸਿਵਲ ਹਸਪਤਾਲ ਵਿਚ ਭੇਜ ਦਿੱਤਾ ਜਾਵੇ। ਉਥੇ ਤਾਂ ਬਿਸਤਰਿਆਂ ਦੀ ਕਮੀ ਨਹੀਂ।
ਕਾਲੂ ਦੀ ਇਸ ਬੇਨਤੀ ਉਪਰ ਦਰੋਗ਼ੇ ਨੇ ਇਤਰਾਜ਼ ਲਾ ਦਿੱਤਾ। ਇਕ ਕੈਦੀ ਦੀ ਰਾਖੀ ਲਈ ਪ੍ਰਸ਼ਾਸਨ ਨੂੰ ਘੱਟੋ-ਘੱਟ ਦੋ ਗਾਰਡਾਂ ਦੀ ਜ਼ਰੂਰਤ ਪੈਣੀ ਹੈ। ਮਤਲਬ ਸੀ ਵੀਹ ਹਜ਼ਾਰ ਰੁਪਏ ਦਾ ਵਾਧੂ ਖ਼ਰਚਾ। ਇਕ ਕਾਤਲ ਦੀ ਜਾਨ ਬਚਾਉਣ ਲਈ ਸਰਕਾਰ ਏਨੇ ਰੁਪਏ ਨਹੀਂ ਖ਼ਰਚ ਸਕਦੀ। ਉਲਟਾ ਉਹ ਕਾਲੂ ਨੂੰ ਮਜ਼ਾਕ ਕਰਨ ਲੱਗਾ, “ਤੇਰੇ ਮਰਨ ਨਾਲ ਧਰਤੀ ’ਤੇ ਭਾਰ ਘਟੇਗਾ। ਸਮਾਜ ਨੂੰ ਰਾਹਤ ਮਿਲੇਗੀ। ਜੇਲ੍ਹ ਪ੍ਰਸ਼ਾਸਨ ਦੀ ਸਿਰਦਰਦੀ ਘਟੇਗੀ।”
ਕਾਲੂ ਨੇ ਦਰੋਗ਼ੇ ਨੂੰ ਵੀ ਖਰੀਆਂ-ਖਰੀਆਂ ਸੁਣਾਈਆਂ, ਨਾਲੇ ਪੁੱਛਿਆ, “ਗੋਲੂ ਪਹਿਲਵਾਨ ਨੂੰ ਇਕ ਮਹੀਨੇ ਦੇ ਅੰਦਰ-ਅੰਦਰ ਤੀਜੀ ਵਾਰ ਹਸਪਤਾਲ ਕਿਉਂ ਭੇਜਿਆ ਹੈ? ਕੀ ਉਹ ਬੀਮਾਰ ਹੈ) ਸਭ ਨੂੰ ਪਤਾ ਹੈ, ਉਹ ਕਿਸ ਬੀਮਾਰੀ ਦੇ ਇਲਾਜ ਲਈ ਹਸਪਤਾਲ ਗਿਆ ਹੈ।”
ਪਹਿਲਵਾਨ ਦੀ ਗੈਂਗ ਨੇ ਮਾਇਆ ਨਗਰ ਦੇ ਇਕ ਸਨਅਤਕਾਰ ਦੇ ਇਕਲੌਤੇ ਪੁੱਤਰ ਨੂੰ ਅਗਵਾ ਕਰਨ ਦੀ ਸਾਜ਼ਿਸ਼ ਰਚੀ ਹੋਈ ਹੈ। ਗੋਲੂ ਦੀ ਯੋਜਨਾ ਅਨੁਸਾਰ ਉਸ ਦੇ ਚਾਰ ਸਾਥੀ ਪਹਿਲਾਂ ਹੀ ਜ਼ਮਾਨਤ ’ਤੇ ਰਿਹਾਅ ਹੋ ਚੁੱਕੇ ਹਨ। ਗੋਲੂ ਦੇ ਸਾਥੀਆਂ ਨੇ ਮੁੰਡਾ ਅਗਵਾ ਕਰਨਾ ਹੈ। ਹਪਸਤਾਲ ਬੈਠ ਕੇ ਪਹਿਲਵਾਨ ਨੇ ਮਾਪਿਆਂ ਨਾਲ ਗੱਲਬਾਤ ਕਰਨੀ ਹੈ। ਫਿਰੌਤੀ ਦੀ ਰਕਮ ਤਹਿ ਕਰਨੀ ਹੈ। ਯੋਜਨਾ ਦੇ ਸਿਰੇ ਚੜ੍ਹਦੇ ਹੀ ਗੋਲੂ ਨੇ ਜੇਲ੍ਹ ਮੁੜ ਆਉਣਾ ਹੈ। ਪਹਿਲੀ ਵਾਰੀ ਮੁੰਡਾ ਹੱਥ ਨਹੀਂ ਲੱਗਾ। ਇਸ ਵਾਰ ਕੰਮ ਪੱਕੇ ਪੈਰੀਂ ਹੋਣਾ ਹੈ।
ਕਾਲੂ ਕਹਿੰਦਾ ਹੈ, ਜੇ ਹੋਰ ਕੁਝ ਨਹੀਂ ਹੋ ਸਕਦਾ ਤਾਂ ਬੀਮਾਰੀ ਦੇ ਆਧਾਰ ’ਤੇ ਉਸ ਨੂੰ ਇਕ ਮਹੀਨੇ ਦੀ ਛੁੱਟੀ ਦੇ ਦਿੱਤੀ ਜਾਵੇ। ਬਾਹਰ ਜਾ ਕੇ ਉਹ ਆਪੇ ਕੋਈ ਖੂਹ ਪੁੱਟੇਗਾ ਅਤੇ ਇਲਾਜ ਕਰਵਾ ਲਏਗਾ।
ਕਾਲੂ ਦੀ ਇਹ ਬੇਨਤੀ ਭਲਾਈ ਅਫ਼ਸਰ ਨੂੰ ਮਨਜ਼ੂਰ ਨਹੀਂ ਹੈ।
ਛੁੱਟੀ ਇੰਝ ਹੀ ਨਹੀਂ ਮਿਲ ਜਾਂਦੀ। ਕੁਝ ਸਖ਼ਤ ਸ਼ਰਤਾਂ ਦੀ ਪਾਲਣਾ ਕਰਨੀ ਪੈਂਦੀ ਹੈ। ਪਹਿਲਾਂ ਜੇਲ੍ਹ ਡਾਕਟਰ ਤੋਂ ਰਿਪੋਰਟ ਕਰਾਉਣੀ ਪਏਗੀ, “ਕਾਲੂ ਦੀ ਬੀਮਾਰੀ ਦਾ ਇਲਾਜ ਜੇਲ੍ਹ ਹਸਪਤਾਲ ਵਿਚ ਨਹੀਂ ਹੋ ਸਕਦਾ। ਉਸ ਨੂੰ ਸਿਵਲ ਹਸਪਤਾਲ ਭੇਜਿਆ ਜਾਵੇ।” ਫੇਰ ਉਸੇ ਤਰ੍ਹਾਂ ਦੀ ਰਿਪੋਰਟ ਸਿਵਲ ਹਸਪਤਾਲੋਂ ਕਰਾਉਣੀ ਪਏਗੀ। ਨਾਲੇ ਥਾਣੇ ਤੋਂ ਰਿਪੋਰਟ ਮੰਗਵਾਉਣੀ ਪਏਗੀ। ਉਹ ਤਸਦੀਕ ਕਰਨਗੇ ਕਿ “ਕੈਦੀ ਦੇ ਬਾਹਰ ਆ ਕੇ ਅਮਨ ਭੰਗ ਕਰਨ ਦੀ ਸੰਭਾਵਨਾ ਨਹੀਂ ਹੈ।” ਫੇਰ ਛੁੱਟੀ ਦੀ ਮਿਸਲ ਤਿਆਰ ਹੋ ਕੇ ਜੇਲ੍ਹ ਵਿਭਾਗ ਕੋਲ ਜਾਏਗੀ। ਹਰ ਪੜਾਅ ’ਤੇ ਕਾਲੂ ਨੂੰ ਪਾਪੜ ਵੇਲਣੇ ਪੈਣਗੇ। ਕਾਲੂ ਵਿਚ ਏਨੀ ਹਿੰਮਤ ਨਹੀਂ। ਫੇਰ ਛੁੱਟੀ ਕਿਸ ਤਰ੍ਹਾਂ ਮਨਜ਼ੂਰ ਹੋਏਗੀ?
ਠੀਕ ਹੋਣ ਦੇ ਸਾਰੇ ਰਾਹ ਬੰਦ ਹੋ ਜਾਣ ਬਾਅਦ ਕਾਲੂ ਨੇ ਨਵਾਂ ਰਾਹ ਲੱਭ ਲਿਆ ਹੈ।
ਲੰਗਰ ਵਿਚੋਂ ਛੋਟੀ ਕੜਛੀ ਚੋਰੀ ਕਰ ਕੇ ਉਸ ਦੀ ਕੌਲੀ ਤੋੜ ਦਿੱਤੀ। ਟੁੱਟੇ ਸਿਰੇ ਨੂੰ ਘਸਾ ਕੇ ਤਿੱਖਾ ਕਰ ਲਿਆ ਹੈ।
ਉਹ ਕਹਿੰਦਾ ਫਿਰ ਰਿਹਾ ਹੈ, “ਪਹਿਲਾਂ ਝੂਠੇ ਕਤਲ ਕੇਸ ਵਿਚ ਫਸਿਆ ਹਾਂ। ਹੁਣ ਸੱਚੇ ਵਿਚ ਫਸਾਂਗਾ।”
ਕਾਲੂ ਕਈ ਵਾਰ ਹਾਕਮ ਕੋਲ ਬੇਨਤੀ ਕਰ ਚੁੱਕਾ ਹੈ, “ਮੈਂ ਜਿਊਣਾ ਚਾਹੁੰਦਾ ਹਾਂ। ਮੇਰੇ ਇਲਾਜ ਦਾ ਇੰਤਜ਼ਾਮ ਕਰੋ।”
ਹਾਕਮ ਨੂੰ ਕਾਲੂ ਦਾ ਮਰਨਾ ਤਹਿ ਲੱਗਦਾ ਹੈ। ਜੇ ਉਸ ਨੇ ਕਿਸੇ ਮੁਲਾਜ਼ਮ ਦੇ ਢਿੱਡ ਵਿਚ ਚਾਕੂ ਖੋਭ ਦਿੱਤਾ ਤਾਂ ਜੇਲ੍ਹ ਵਾਲਿਆਂ ਨੇ ਉਸ ਨੂੰ ਕੁੱਟ-ਕੁੱਟ ਕੇ ਮਾਰ ਦੇਣਾ ਹੈ। ਜੇ ਉਹ ਇੰਝ ਨਾ ਕਰ ਸਕਿਆ ਤਾਂ ਦਿਨੋ-ਦਿਨ ਵਧ ਰਹੀ ਬੀਮਾਰੀ ਨੇ ਉਸ ਨੂੰ ਨਿਗਲ ਲੈਣਾ ਹੈ।
ਹਾਕਮ ਕਾਲੂ ਨੂੰ ਕਿਸ ਤਰ੍ਹਾਂ ਬਚਾਵੇ? ਕੋਈ ਰਾਹ ਲੱਭਦਾ ਨਜ਼ਰ ਨਾ ਆਉਣ ਕਾਰਨ ਹਾਕਮ ਪ੍ਰੇਸ਼ਾਨ ਸੀ ।
35
ਦਾਖ਼ਲਾ ਫ਼ਾਰਮ ਯੂਨੀਵਰਸਿਟੀ ਭੇਜਣ ਦੀ ਕੱਲ੍ਹ ਆਖ਼ਰੀ ਤਾਰੀਖ਼ ਹੈ।
ਸੀਤਲ ਸਿੰਘ ਦੇ ਸਮੇਂ ਸਿਰ ਦਾਖ਼ਲਾ ਭੇਜਣ ਦੇ ਸਾਰੇ ਯਤਨ ਅਸਫ਼ਲ ਹੋ ਚੱਕੇ ਹਨ। ਦੋ ਸਾਲ ਦੀ ਅਜਾਈਂ ਜਾ ਰਹੀ ਮਿਹਨਤ ਅਤੇ ਉਜੜਦੇ ਭਵਿੱਖ ‘ਚੋਂ ਚਿੰਤਤ ਸੀਤਲ ਸਿੰਘ ਤਿਲਮਿਲਾ ਰਿਹਾ ਹੈ।
ਅੱਜ ਸ਼ਾਮੀਂ ਉਸ ਨੇ ਦੁੱਖਣਾ ਰੋਣ ਬਾਅਦ ਹਾਕਮ ਨੂੰ ਆਖਿਆ ਸੀ, “ਜੇ ਕੱਲ੍ਹ ਤਕ ਮੇਰੇ ਫ਼ਾਰਮ ਯੂਨੀਵਰਸਿਟੀ ਨਾ ਪੁੱਜੇ ਤਾਂ ਪਰਸੋਂ ਨੂੰ ਮੇਰੀ ਲਾਸ਼ ਕਿਸੇ ਦਰੱਖ਼ਤ ਨਾਲ ਲਟਕ ਰਹੀ ਹੋਵੇਗੀ।”
ਸੀਤਲ ਸਿੰਘ ਇਰਾਦੇ ਦਾ ਪੱਕਾ ਸੀ। ਧੁਰ ਅੰਦਰ ਤਕ ਟੁੱਟ ਚੁੱਕਾ ਸੀ। ਹਾਕਮ ਨੂੰ ਯਕੀਨ ਸੀ ਕਿ ਉਸ ਨੇ ਆਪਣੇ ਬੋਲ ਪੁਗਾ ਦੇਣੇ ਸਨ।
ਇਕ ਹੋਣਹਾਰ ਜ਼ਿੰਦਗੀ ਨੂੰ ਭੰਗ ਦੇ ਭਾੜੇ ਜਾਣੋ ਕਿਸ ਤਰ੍ਹਾਂ ਬਚਾਇਆ ਜਾਵੇ? ਹਾਕਮ ਤੋਂ ਇਹ ਅੜੌਣੀ ਹੱਲ ਨਹੀਂ ਸੀ ਹੋ ਰਹੀ।
ਸੀਤਲ ਸਿੰਘ ਨੂੰ ਇਹ ਸਜ਼ਾ ਕਿਸ ਕਸੂਰ ਬਦਲੇ ਦਿੱਤੀ ਜਾ ਰਹੀ ਸੀ? ਇਸ ਦਾ ਹਾਕਮ ਨੂੰ ਪਤਾ ਸੀ। ਉਹ ਗ਼ਰੀਬ ਸਾਥੀ ਕੈਦੀਆਂ ਦੀ ਮਦਦ ਕਰ ਰਿਹਾ ਸੀ।
ਸੀਤਲ ਦੀ ਬੈਰਕ ਵਿਚ ਬੰਦ ਬਹੁਤੇ ਕੈਦੀ ਅਨਪੜ੍ਹ ਪਰਵਾਸੀ ਸਨ। ਪਹਿਲਾਂ ਉਹਨਾਂ ਦਾ ਪੜ੍ਹਨ ਲਿਖਣ ਦਾ ਕੰਮ ਬੈਰਕ ਦਾ ਵਾਰਡਰ ਬੈਜ ਨਾਥ ਕਰਦਾ ਸੀ। ਇਸ ਸੇਵਾ ਦੀ ਉਹ ਫ਼ੀਸ ਲੈਂਦਾ ਸੀ। ਚਿੱਠੀ ਲਿਖਣ ਦੇ ਦੋ ਅਤੇ ਪੜ੍ਹਨ ਦਾ ਇਕ ਰੁਪਿਆ ਲੱਗਦਾ ਸੀ। ਚਿੱਠੀ ਨੂੰ ਡਾਕਖ਼ਾਨੇ ਪੁੱਜਦਾ ਕਰਨ ਦਾ ਇਕ ਰੁਪਿਆ ਹੋਰ ਲੱਗਦਾ ਸੀ। ਜਿਹੜਾ ਬੰਦਾ ਉਸ ਦੀ ਗੱਲ ਨਹੀਂ ਸੀ ਮੰਨਦਾ, ਉਸ ਦੀ ਚਿੱਠੀ ਉਹ ਉਸ ਦੇ ਸਾਹਮਣੇ ਹੀ ਪਾੜ ਦਿੰਦਾ ਸੀ। ਭੁੱਲ-ਭੁਲੇਖੇ ਜੇ ਕਿਸੇ ਦਾ ਮਨੀ-ਆਰਡਰ ਆ ਜਾਂਦਾ ਤਾਂ ਕੈਦੀ ਦੇ ਪੱਲੇ ਅੱਧ ਹੀ ਪੈਂਦਾ ਸੀ। ਅੱਧ ਉਹ ਅਤੇ ਡਾਕੀਆ ਮਿਲ ਕੇ ਹੜੱਪ ਜਾਂਦੇ ਸਨ।
ਇਹਨਾਂ ਕੈਦੀਆਂ ਦੀ ਮੁਲਾਕਾਤ ਲਈ ਸਾਲ ਵਿਚ ਇਕ-ਅੱਧ ਬੰਦਾ ਹੀ ਆਉਂਦਾ ਸੀ। ਚਿੱਠੀ-ਪੱਤਰ ਹੀ ਉਹਨਾਂ ਦਾ ਸਹਾਰਾ ਸੀ।
ਸੀਤਲ ਸਿੰਘ ਅਨਪੜ੍ਹ ਪਰਿਵਾਰ ਨਾਲ ਸੰਬੰਧ ਰੱਖਦਾ ਸੀ। ਉਸ ਦਾ ਬਾਪ ਪਿੰਡ ਵਿਚ ਖੇਤ-ਮਜ਼ਦੂਰ ਸੀ। ਉਹ ਦੇ ਵਿਹੜੇ ਦੇ ਬਹੁਤੇ ਲੋਕ ਹਾਲੇ ਵੀ ਅਨਪੜ੍ਹ ਸਨ। ਛੋਟਾ ਹੁੰਦਾ ਉਹ ਆਪਣੇ ਵਿਹੜੇ ਵਾਲਿਆਂ ਦੀਆਂ ਚਿੱਠੀਆਂ ਲਿਖਿਆ -ਪੜ੍ਹਿਆ ਕਰਦਾ ਸੀ। ਇਸ ਲਈ ਉਸ ਨੂੰ ਪੈਸੇ ਦੀ ਕੀਮਤ ਦਾ ਪਤਾ ਸੀ ਅਤੇ ਆਏ ਸੁਨੇਹੇ ਦੀ ਤਾਂਘ ਦਾ ਅਹਿਸਾਸ ਸੀ।
ਪਰਵਾਸੀ ਕੈਦੀਆਂ ਨੂੰ ਬਾਹਰੋਂ ਤਾਂ ਪੈਸਾ-ਧੇਲਾ ਆਉਂਦਾ ਨਹੀਂ ਸੀ। ਉਹ ਮਿਲਦੇ ਰਾਸ਼ਨ ਵਿਚੋਂ ਕੁਝ ਬਚਾ ਕੇ ਸਾਥੀ ਕੈਦੀਆਂ ਦੀਆਂ ਵਗਾਰਾਂ ਕਰ ਕੇ ਦੋ-ਚਾਰ ਰੁਪਏ ਜੋੜਦੇ ਸਨ। ਉਹ ਕਿਸੇ ਨਾ ਕਿਸੇ ਬਹਾਨੇ ਵਾਰਡਰ ਕਢਵਾ ਲੈਂਦਾ ਸੀ।
ਸੀਤਲ ਸਿੰਘ ਹਵਾਲਾਤੀ ਸੀ। ਸਾਰਾ ਦਿਨ ਵਿਹਲਾ ਰਹਿੰਦਾ ਸੀ। ਆਪਣਾ ਸਮਾਂ ਬਿਤਾਉਣ ਵਾਲੇ ਸਾਥੀ ਕੈਦੀਆਂ ਦੇ ਪੈਸੇ ਬਚਾਉਣ ਦੀ ਨੀਯਤ ਨਾਲ ਉਸ ਨੇ ਲਿਖਾ-ਪੜ੍ਹੀ ਦਾ ਕੰਮ ਸ਼ੁਰੂ ਕਰ ਦਿੱਤਾ ਸੀ।
ਪਹਿਲੇ ਮਹੀਨੇ ਹੀ ਬੈਜ ਨਾਥ ਦੇ ਨੱਕ ਵਿਚ ਦਮ ਆ ਗਿਆ। ਉਸ ਨੂੰ ਘਰ ਦਾ ਖ਼ਰਚਾ ਚਲਾਉਣਾ ਮੁਸ਼ਕਲ ਹੋ ਗਿਆ।
ਪਹਿਲਾਂ ਬੈਜ ਨਾਥ ਨੇ ਉਸਨੂੰ ਆਨੇ-ਬਹਾਨੇ ਸਮਝਾਇਆ।
“ਅਸੀਂ ਦੇਖਣ ਨੂੰ ਅਫ਼ਸਰ ਲੱਗਦੇ ਹਾਂ, ਪਰ ਅੰਦਰੋਂ ਖੋਖਲੇ ਹਾਂ। ਤਨਖ਼ਾਹ ਬਹੁਤ ਥੋੜ੍ਹੀ ਹੈ। ਤਨਖ਼ਾਹ ਨਾਲ ਦੋ ਡੰਗ ਦੀ ਰੋਟੀ ਵੀ ਨਹੀਂ ਪੱਕ ਸਕਦੀ। ਚੁੱਲ੍ਹਾ ਮਘਦਾ ਰੱਖਣ ਲਈ ਨਾਲ ਮਿਹਨਤ ਮਜ਼ਦੂਰੀ ਕਰਨੀ ਪੈਂਦੀ ਹੈ। ਚਿੱਠੀ-ਪੱਤਰ ਲਿਖ ਕੇ ਪੈਸਾ ਲੈਣਾ ਰਿਸ਼ਵਤ ਨਹੀਂ ਹੈ। ਮਿਹਨਤ ਦਾ ਮੁੱਲ ਹੈ। ਤੂੰ ਮੇਰੀ ਰੋਜ਼ੀ ਵਿਚ ਲੱਤ ਨਾ ਮਾਰ।”
ਜਦੋਂ ਸੀਤਲ ਸਿੰਘ ਦੇ ਕੰਨ ’ਤੇ ਜੂੰ ਨਾ ਸਰਕੀ ਤਾਂ ਉਸ ਨੇ ਧਮਕੀ ਦਿੱਤੀ, “ਮੁਲਾਜ਼ਮ ਮਿੱਟੀ ਦਾ ਮਾਣ ਨਹੀਂ ਹੁੰਦਾ, ਮੈਂ ਫੇਰ ਵੀ ਖ਼ਾਕੀ ਵਰਦੀ ਵਾਲਾ ਹੱਡ-ਮਾਸ ਦਾ ਬਣਿਆ ਬੰਦਾਹਾਂ।”
ਜਦੋਂ ਫੇਰ ਵੀ ਪੂਛ ਸਿੱਧੀ ਨਾ ਹੋਈ ਤਾਂ ਬੈਜ ਨਾਥ ਨੂੰ ਟੇਡੀ ਉਂਗਲ ਨਾਲ ਘਿਓ ਕੱਢਣਾ ਪਿਆ।
ਸੀਤਲ ਸਿੰਘ ਨੂੰ ਆਪਣੀ ਪੜ੍ਹਾਈ ’ਤੇ ਮਾਣ ਸੀ। ਬੈਜ ਨਾਥ ਚੂਹੀ ਬਣ ਕੇ ਉਸ ਦੀਆਂ ਡਿਗਰੀਆਂ ਕੁਤਰਣ ਲੱਗਾ।
ਜਿਸ ਸਮੇਂ ਸੀਤਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ, ਉਸ ਸਮੇਂ ਉਹ ਬੀ.ਐਸ.ਸੀ. ਆਖ਼ਰੀ ਸਾਲ ਦਾ ਵਿਦਿਆਰਥੀ ਸੀ। ਇਮਤਿਹਾਨ ਵਿਚ ਸਾਰੇ ਦੋ ਮਹੀਨੇ ਬਾਕੀ ਸਨ।
ਸੀਤਲ ਨੇ ਪ੍ਰੀਤੀ ਨੂੰ ਬਥੇਰਾ ਸਮਝਾਇਆ ਸੀ, “ਇਸ ਸਮੇਂ ਬਹਾਦਰੀ ਦਿਖਾਉਣਾ ਭਵਿੱਖ ਨੂੰ ਦਾਅ ’ਤੇ ਲਾਉਣਾ ਹੈ।” ਪਰ ਉਸ ਦੇ ਦਿਮਾਗ਼ ’ਤੇ ਆਦਰਸ਼ਵਾਦ ਦਾ ਭੂਤ ਸਵਾਰ ਸੀ। ਉਹ ਉਸੇ ਸਮੇਂ ਘਰੋਂ ਭੱਜ ਜਾਣਾ ਚਾਹੁੰਦੀ ਸੀ।
ਸੀਤਲ ਅਤੇ ਪ੍ਰੀਤੀ ਦੀ ਪ੍ਰੀਤ ਵਿਚ ਕੋਈ ਰਵਾਇਤੀ ਟਕਰਾਅ ਨਹੀਂ ਸੀ। ਦੋਵੇਂ ਇਕੋ ਜਾਤ ਬਰਾਦਰੀ ਦੇ ਸਨ। ਥੋੜ੍ਹਾ ਜਿਹਾ ਜੋ ਫ਼ਰਕ ਸੀ ਉਹ ਇਹ ਕਿ ਪ੍ਰੀਤੀ ਦਾ ਬਾਪ ਸੀਤਲ ਤੋਂ ਛੱਬੀ ਸਾਲ ਪਹਿਲਾਂ ਜੰਮ ਪਿਆ ਸੀ। ਇਸੇ ਲਈ ਇਕ ਮੋਚੀ ਦੇ ਮੁੰਡੇ ਨੂੰ ਪਹਿਲਾਂ ਨਾਇਬ ਤਹਿਸੀਲਦਾਰ ਅਤੇ ਫੇਰ ਐਸ.ਡੀ.ਐਮ. ਬਣਨ ਵਿਚ ਬਹੁਤੀ ਦੇਰ ਨਹੀਂ ਸੀ ਲੱਗੀ।
ਸੀਤਲ ਅਗਲੀ ਪੀੜ੍ਹੀ ਵਿਚੋਂ ਸੀ। ਉਸ ਨੇ ਹਾਲੇ ‘ਦਿਹਾੜੀਦਾਰ ਦੇ ਮੁੰਡੇ’ ਤੋਂ ‘ਕੁਝ’ ਬਣਨਾ ਸੀ। ਸੀਤਲ ਨੇ ਬਥੇਰਾ ਐਸ.ਡੀ.ਐਮ. ਨੂੰ ਉਸ ਦੇ ਪਿਛੋਕੜ ਦੀ ਯਾਦ ਦਿਵਾਈ। ਐਸ.ਡੀ.ਐਮ. ਨੇ ਬੀ.ਏ. ਤੀਸਰੇ ਦਰਜੇ ਵਿਚ ਪਾਸ ਕੀਤੀ ਸੀ। ਸੀਤਲ ਪਹਿਲੇ ਦਿਨੋਂ ਪਹਿਲੇ ਦਰਜੇ ਵਿਚ ਪਾਸ ਹੁੰਦਾ ਆ ਰਿਹਾ ਸੀ। ਸੀਤਲ ਦਾ ਭਵਿੱਖ ਵੀ ਉੱਜਲ ਸੀ।
ਪਰ ਐਸ.ਡੀ.ਐਮ. ‘ਮੈਂ ਨਾ ਮਾਨੂੰ’ ਦੀ ਰਟ ਲਾਈ ਬੈਠਾ ਸੀ। ਉਹ ਕਹਿੰਦਾ ਸੀ, “ਹੁਣ ਪਹਿਲਾਂ ਵਾਲੇ ਦਿਨ ਨਹੀਂ ਰਹੇ। ਤੂੰ ਪਤਾ ਨਹੀਂ ਕਦੋਂ ਅਫ਼ਸਰ ਬਣਨਾ ਹੈ? ਬਣਨਾ ਹੈ ਜਾਂ ਨਹੀਂ, ਇਹ ਵੀ ਪੱਕਾ ਨਹੀਂ। ਬਥੇਰੇ ਦਲਿਤ ਮੁੰਡੇ ਕੁੜੀਆਂ ਵੱਡੀਆਂ-ਵੱਡੀਆਂ ਡਿਗਰੀਆਂ ਚੁੱਕੀ ਫਿਰਦੇ ਹਨ। ਅੱਜ ਕੱਲ੍ਹ ਡਿਗਰੀ ਦੇ ਨਾਲ-ਨਾਲ ਉਹਨਾਂ ਨੂੰ ਵੀ ਬਰੀਫ਼ ਕੇਸਾਂ ਦੀ ਜ਼ਰੂਰਤ ਪੈਂਦੀ ਹੈ। ਤੇਰੇ ਕੋਲ ਦੇਣ ਲਈ ਧੇਲਾ ਨਹੀਂ ਹੈ। ਮੈਂ ਜ਼ੋਖ਼ਮ ਉਠਾਉਣ ਨੂੰ ਤਿਆਰ ਨਹੀਂ ਹਾਂ। ਪ੍ਰੀਤੀ ਅਫ਼ਸਰ ਦੀ ਨੂੰਹ ਬਣ ਕੇ ਕਿਸੇ ਬੰਗਲੇ ਵਿਚ ਜਾਏਗੀ। ਕਿਸੇ ਬੇਰੁਜ਼ਗਾਰ ਪਿੱਛੇ ਲੱਗ ਕੇ ਵਿਹੜੇ ਵਿਚ ਨਹੀਂ।”
ਬਾਪ ਵਾਂਗ ਪ੍ਰੀਤੀ ਵੀ ਜ਼ਿਦ ਫੜ ਕੇ ਬੈਠ ਗਈ, “ਕਿਸੇ ਹੋਰ ਦੇ ਲੜ ਨੂੜੇ ਜਾਣ ਤੋਂ ਪਹਿਲਾਂ ਮੈਂ ਆਪਣਾ ਘਰ ਵਸਾਉਣਾ ਚਾਹੁੰਦੀ ਹਾਂ। ਮੇਰਾ ਸਾਥ ਦੇ।”
ਸੀਤਲ ਪ੍ਰੀਤੀ ਨਾਲ ਸਹਿਮਤ ਨਹੀਂ ਸੀ। ਹੁਣ ਪੁਰਾਣੇ ਸਮੇਂ ਨਹੀਂ ਸਨ। ਘਰੋਂ ਭੱਜ ਕੇ ਬਿਨਾਂ ਪੈਸੇ -ਟਕੇ ਦੇ ਇਕ ਹਫ਼ਤਾ ਨਹੀਂ ਕੱਟਿਆ ਜਾ ਸਕਦਾ।
“ਤੇਰਾ ਬਾਪ ਵੱਡਾ ਅਫ਼ਸਰ ਹੈ। ਪੁਲਿਸ ਨੇ ਸਾਨੂੰ ਪਤਾਲੋਂ ਵੀ ਲੱਭ ਲੈਣਾ ਹੈ।”
ਪਰ ਪ੍ਰੀਤੀ ਦੀ ਵੰਗਾਰ ਅਤੇ ਜ਼ਿੱਦ ਅੱਗੇ ਉਸ ਨੂੰ ਝੁਕਣਾ ਪਿਆ।
ਯੂਥ ਫ਼ੈਸਟੀਵਲ ਵਿਚ ਹਿੱਸਾ ਲੈਣ ਗਏ ਉਹ ਕਾਲਕਾ ਮੇਲ ਚੜ੍ਹ ਗਏ।
ਪੁਲਿਸ ਇੱਲਾਂ ਵਾਂਗ ਸਾਰੇ ਅਸਮਾਨ ’ਤੇ ਛਾ ਗਈ। ਤੀਜੇ ਦਿਨ ਉਹ ਹਵਾਲਾਤ ਪੁੱਜ ਗਏ।
ਹੁਣ ਇਕ ਸਾਲ ਤੋਂ ਉਹ ਜੇਲ੍ਹ ਵਿਚ ਸੀ।
ਨੌਂ ਮਹੀਨੇ ਤੋਂ ਮੁਕੱਦਮਾ ਗਵਾਹੀਆਂ ’ਤੇ ਲਟਕ ਰਿਹਾ ਸੀ। ਪ੍ਰੀਤੀ ਦੀ ਗਵਾਹੀ ਹੋਣੀ ਸੀ। ਸੀਤਲ ਨੂੰ ਸੂਚਨਾ ਮਿਲੀ ਸੀ ਕਿ ਪ੍ਰੀਤੀ ਨੇ ਸੀਤਲ ਵਿਰੁੱਧ ਜੋ ਬਿਆਨ ਦਰਜ ਕਰਾਇਆ ਸੀ, ਉਹ ਉਸ ਦਾ ਨਹੀਂ ਸੀ। ਪੁਲਿਸ ਨੇ ਆਪੇ ਲਿਖਿਆ ਸੀ। ਪ੍ਰੀਤੀ ਤੋਂ ਦਸਤਖ਼ਤ ਡਰਾ-ਧਮਕਾ ਕੇ ਕਰਾਏ ਗਏ ਸਨ। ਐਸ.ਡੀ.ਐਮ. ਚਾਹੁੰਦਾ ਸੀ, ਪ੍ਰੀਤੀ ਉਹੋ ਬਿਆਨ ਅਦਾਲਤ ਵਿਚ ਦੁਹਰਾਏ। ਸੀਤਲ ਨੂੰ ਉਹ ਫੁਸਲਾ ਕੇ ਵਰਗਲਾਉਣ ਅਤੇ ਜਬਰੀ ਬਲਾਤਕਾਰ ਕਰਨ ਦਾ ਦੋਸ਼ੀ ਠਹਿਰਾਏ। ਪ੍ਰੀਤੀ ਦੋਬਾਰਾ ਉਹੋ ਗ਼ਲਤੀ ਕਰਨ ਨੂੰ ਤਿਆਰ ਨਹੀਂ ਸੀ। ਐਸ.ਡੀ.ਐਮ. ਪ੍ਰੀਤੀ ਦੇ ਮੰਨ ਜਾਣ ਤਕ ਗਵਾਹੀ ਲਟਕਾ ਰਿਹਾ ਸੀ।
ਪ੍ਰੀਤੀ ਦੇ ਵਫ਼ਾਦਾਰ ਰਹਿਣ ਦੀ ਖ਼ਬਰ ਸੁਣ ਕੇ ਸੀਤਲ ਦੇ ਨਵੇਂ ਖੰਭ ਉੱਗ ਆਏ ਸਨ। ਜੇਲ੍ਹ ਉਸ ਨੂੰ ਜੇਲ੍ਹ ਮਹਿਸੂਸ ਹੋਣੋਂ ਹਟ ਗਈ ਸੀ।
ਪਹਿਲਾ ਇਮਤਿਹਾਨ ਭੱਜ-ਨੱਠ, ਫੜ-ਫੜਾਈ, ਪੁਲਿਸ ਹਿਰਾਸਤ ਅਤੇ ਜੇਲ੍ਹ ਪੁੱਜਣ ਦੇ ਚੱਕਰਾਂ ਵਿਚ ਲੰਘ ਗਿਆ ਸੀ। ਪੁਲਿਸ ਨੇ ਕੁੱਟ-ਕੁੱਟ ਹੱਡਾਂ ਵਿਚ ਰਾਧ ਪਾ ਦਿੱਤੀ ਸੀ ਅਤੇ ਦਿਮਾਗ਼ ਸੁੰਨ ਕਰ ਦਿੱਤਾ ਸੀ।
ਸੀਤਲ ਦਾ ਸਾਇੰਸ ਗਰੁੱਪ ਸੀ। ਫ਼ਰਾਰ ਹੋਣ ਤੋਂ ਪਹਿਲਾਂ ਉਸ ਦੇ ਲੈਕਚਰ ਅਤੇ ਪ੍ਰੈਕਟੀਕਲ ਸੰਪੂਰਨ ਹੋ ਚੁੱਕੇ ਸਨ। ਇਸ ਲਈ ਇਸ ਸਾਲ ਉਸ ਨੂੰ ਪ੍ਰਾਈਵੇਟ ਤੌਰ ’ਤੇ ਇਮਤਿਹਾਨ ਵਿਚ ਬੈਠਣ ਦਾ ਅਧਿਕਾਰ ਸੀ। ਸਿਲੇਬਸ ਉਸ ਨੇ ਪਹਿਲਾਂ ਹੀ ਖ਼ਤਮ ਕੀਤਾ ਹੋਇਆ ਸੀ। ਥੋੜ੍ਹੀ ਜਿਹੀ ਦੁਹਰਾਈ ਨਾਲ ਬੇੜਾ ਪਾਰ ਹੋ ਜਾਣਾ ਸੀ।
ਛੇ ਕੁ ਮਹੀਨੇ ਵਿਚ ਉਹ ਜੇਲ੍ਹ ਦੇ ਮਾਹੌਲ ਦਾ ਆਦੀ ਹੋ ਗਿਆ। ਪ੍ਰੀਤੀ ਦੇ ਉਸ ਨਾਲ ਖੜੋਨ ਕਾਰਨ ਉਸ ਦਾ ਮਨੋਬਲ ਉੱਚਾ ਹੋ ਗਿਆ ਅਤੇ ਬਰੀ ਹੋਣ ਦੀ ਆਸ ਬੱਝ ਗਈ।
ਉਹ ਪੂਰੇ ਜ਼ੋਰ-ਸ਼ੋਰ ਨਾਲ ਇਮਤਿਹਾਨ ਦੀ ਤਿਆਰੀ ਕਰਨ ਲੱਗਾ।
ਬੈਜ ਨਾਥ ਉਸ ਨੂੰ ਫ਼ੇਲ੍ਹ ਕਰਾਉਣ ਦੀ ਤਿਆਰੀ ਕਰਨ ਲੱਗ ਪਿਆ।
ਵਾਰਡਰ ਅਤੇ ਬੈਰਕ ਦਾ ਸਹਾਇਕ ਦਰੋਗ਼ਾ ਘਿਓ-ਖਿਚੜੀ ਸਨ। ਨੌਕਰੀ ਦੇ ਨਾਲ-ਨਾਲ ਦਰੋਗ਼ੇ ਦਾ ਕੋਲੇ ਦਾ ਕਾਰੋਬਾਰ ਸੀ। ਦਰੋਗ਼ਾ ਕਦੇ-ਕਦੇ ਹੀ ਬੈਰਕ ਵਿਚ ਚੱਕਰ ਮਾਰਦਾ ਸੀ। ਸਾਰੀ ਜ਼ਿੰਮੇਵਾਰੀ ਉਸ ਨੇ ਬੈਜ ਨਾਥ ’ਤੇ ਪਾਈ ਹੋਈ ਸੀ। ਜਿਥੇ ਉਹ ਆਖਦਾ ਸੀ, ਦਰੋਗ਼ਾ ਘੁੱਗੀ ਮਾਰ ਦਿੰਦਾ ਸੀ।
ਵਾਰਡਰ ਨੇ ਦਰੋਗ਼ੇ ਦੇ ਕੰਨ ਭਰੇ, “ਜੇ ਛੂਤ ਦੀ ਇਸ ਬੀਮਾਰੀ ਨੂੰ ਹੁਣੇ ਕਾਬੂ ਨਾ ਕੀਤਾ ਗਿਆ ਤਾਂ ਇਸ ਨੇ ਮਹਾਂਮਾਰੀ ਵਾਂਗ ਫੈਲ ਜਾਣਾ ਹੈ।”
ਦਰੋਗ਼ੇ ਨੇ ਬੀਮਾਰੀ ਫੈਲਣ ਤੋਂ ਰੋਕਣ ਦੀ ਝੰਡੀ ਦੇ ਦਿੱਤੀ।
ਜੇਲ੍ਹ ’ਚ ਸਟਾਫ਼ ਦੀ ਬਹੁਤ ਕਮੀ ਸੀ। ਪੰਜਾਂ ਦੀ ਥਾਂ ਮਸਾਂ ਇਕ ਕਲਰਕ ਮਿਲਦਾ ਸੀ। ਪੜੇ੍ਹ-ਲਿਖੇ ਕੈਦੀਆਂ ਦੀ ਪ੍ਰਸ਼ਾਸਨ ਨੂੰ ਹਮੇਸ਼ਾ ਲੋੜ ਰਹਿੰਦੀ ਸੀ। ਜਿਹੜਾ ਲੱਭਦਾ ਸੀ, ਝੱਟ ਉਸ ਨੂੰ ਡਿਉੜੀ ਵਿਚ ਬੁਲਾ ਕੇ ਉਸ ਦੀ ਪਿੱਠ ’ਤੇ ਮਿਸਲਾਂ ਦੀ ਗੱਠ ਲੱਦ ਦਿੰਦੇ ਸਨ।
ਬੈਜ ਨਾਥ ਦੀ ਸਿਫ਼ਾਰਸ਼ ’ਤੇ ਸੀਤਲ ਨੂੰ ਲੇਖਾ ਸ਼ਾਖ਼ਾ ਵਿਚ ਭੇਜ ਦਿੱਤਾ ਗਿਆ।
ਸੀਤਲ ਨੇ ਬਥੇਰਾ ਰੌਲਾ ਪਾਇਆ, “ਮੈਂ ਹਵਾਲਾਤੀ ਹਾਂ, ਮੈਥੋਂ ਕੰਮ ਨਹੀਂ ਲਿਆ ਜਾ ਸਕਦਾ। ਮੈਂ ਵਿਦਿਆਰਥੀ ਹਾਂ, ਮੇਰੀ ਪੜ੍ਹਾਈ ਦਾ ਜੇ ਤੁਸੀਂ ਪ੍ਰਬੰਧ ਨਹੀਂ ਕਰ ਸਕਦੇ ਤਾਂ ਨਾ ਕਰੋ। ਮੈਨੂੰ ਖ਼ੁਦ ਤਾਂ ਪੜ੍ਹਨ ਦਿਓ।”
ਪਰ ਲੋਹੇ ਦੀਆਂ ਸਲਾਖ਼ਾਂ ਅਤੇ ਉੱਚੀਆਂ ਪੱਕੀਆਂ ਦੀਵਾਰਾਂ ਵਾਲੀ ਇਸ ਇਮਾਰਤ ਵਿਚ ਨਾ ਕਿਸੇ ਨੂੰ ਰੌਲਾ ਪਾਉਣ ਦਾ ਹੱਕ ਹੈ, ਨਾ ਕੋਈ ਉਸ ਰੌਲੇ ਨੂੰ ਸੁਣਦਾ ਹੈ। ਚੀਕ-ਪੁਕਾਰ ਦੀਵਾਰਾਂ ਨਾਲ ਟਕਰਾ ਕੇ ਆਪੇ ਦੱਬ ਜਾਂਦੀ ਹੈ।
ਹੋਰ ਕੈਦੀਆਂ ਦੀ ਆਹਾਂ ਵਾਂਗ, ਸੀਤਲ ਦਾ ਸ਼ੋਰ ਵੀ ਮੱਠਾ ਪੈ ਗਿਆ।
ਹਿਸਾਬ-ਕਿਤਾਬ ਮਿਲਾਉਣ ਦੇ ਬਹਾਨੇ ਸੀਤਲ ਨੂੰ ਦੇਰ ਤਕ ਦਫ਼ਤਰ ਬਿਠਾਇਆ ਜਾਂਦਾ। ਦਿਮਾਗ਼ ਦੇ ਸੁੰਨ ਹੋਣ ਅਤੇ ਅੱਖਾਂ ਦੁਖਣ ਲੱਗ ਜਾਣ ਬਾਅਦ ਉਸ ਨੂੰ ਛੱਡਿਆ ਜਾਂਦਾ ਸੀ।
ਹੋਰ ਮਗ਼ਜ਼-ਖਪਾਈ ਕਰਨ ਦੀ ਉਸ ਦੀ ਹਿੰਮਤ ਨਹੀਂ ਸੀ ਰਹਿੰਦੀ। ਕਦੇ ਉਹ ਘੰਟਾ ਕੁ ਪੜ੍ਹ ਲੈਂਦਾ, ਕਦੇ ਬਿਨਾਂ ਪੜ੍ਹੇ ਹੀ ਸੌਂ ਜਾਂਦਾ।
ਬੈਜ ਨਾਥ ਨੂੰ ਆਪਣਾ ਟੀਚਾ ਪ੍ਰਾਪਤ ਹੁੰਦਾ ਨਜ਼ਰ ਨਾ ਆਇਆ। ਉਸ ਨੇ ਸਕੰਜਾ ਹੋਰ ਕੱਸਣਾ ਸ਼ੁਰੂ ਕਰ ਦਿੱਤਾ। ਆਪਣੇ ਇਕ ਵਫ਼ਾਦਾਰ ਹਵਾਲਾਤੀ ਨੂੰ ਸ਼ਿੰਗਾਰ ਕੇ ਉਸ ਨੇ ਸੀਤਲ ਦੀਆਂ ਕਿਤਾਬਾਂ ਚੋਰੀ ਕਰਵਾਈਆਂ ਅਤੇ ਗਟਰ ਵਿਚ ਸੁੱਟਵਾ ਦਿੱਤੀਆਂ।
ਤਿੰਨ ਮਹੀਨੇ ਨਵੀਆਂ ਕਿਤਾਬਾਂ ਅੰਦਰ ਨਾ ਆਉਣ ਦਿੱਤੀਆਂ।
ਜੇ ਅਦਾਲਤ ਦੇ ਹੁਕਮ ਨਾਲ ਕਿਤਾਬਾਂ ਅੰਦਰ ਆਈਆਂ ਤਾਂ ਉਹ ਦਾਖ਼ਲਾ ਫ਼ਾਰਮ ਉਪਰ ਸੱਪ ਵਾਂਗ ਕੁੰਡਲੀ ਮਾਰ ਕੇ ਬੈਠ ਗਿਆ।
ਜੇ ਸੀਤਲ ਇਸ ਵਾਰ ਇਮਤਿਹਾਨ ਵਿਚ ਨਾ ਬੈਠ ਸਕਿਆ ਤਾਂ ਸੀਤਲ ਦਾ ਬਹੁਤ ਨੁਕਸਾਨ ਹੋਵੇਗਾ। ਅਗਲੇ ਸਾਲ ਉਸ ਨੂੰ ਦੁਬਾਰਾ ਕਲਾਸਾਂ ਵਿਚ ਬੈਠਣਾ ਪਏਗਾ। ਨਵੇਂ ਲੈਕਚਰ ਅਤੇ ਪ੍ਰੈਕਟੀਕਲ ਲਾਉਣੇ ਪੈਣਗੇ। ਸਿਲੇਬਸ ਬਦਲ ਜਾਏਗਾ। ਜੇਲ੍ਹ ਵਿਚ ਬੈਠੇ ਦੇ ਨਾਂ ਲੈਕਚਰ ਪੂਰੇ ਹੋਣੇ ਹਨ, ਨਾ ਕਿਸੇ ਨੇ ਨਵਾਂ ਸਿਲੇਬਸ ਕਰਾਉਣਾ ਸੀ।
ਸਧਾਰਨ ਫ਼ੀਸ ਨਾਲ ਫ਼ਾਰਮ ਭਰਨ ਦੀ ਤਾਰੀਖ਼ ਕਦੋਂ ਦੀ ਲੰਘ ਚੁੱਕੀ ਸੀ। ਜਦੋਂ ਲੇਟ ਫ਼ੀਸ ਨਾਲ ਫ਼ਾਰਮ ਭਰਨ ਦੀ ਤਾਰੀਖ਼ ਵੀ ਨਿਕਲਦੀ ਨਜ਼ਰ ਆਈ ਤਾਂ ਸੀਤਲ ਦਾ ਪੜ੍ਹਾਈ ਵਿਚ ਮਨ ਲੱਗਣੋਂ ਹਟ ਗਿਆ। ਉਸ ਨੂੰ ਲੱਗਣ ਲੱਗਾ, ਉਹ ਫ਼ਜ਼ੂਲ ਵਿਚ ਪੜ੍ਹ ਰਿਹਾ ਹੈ। ਉਸ ਨੂੰ ਇਮਤਿਹਾਨ ਵਿਚ ਤਾਂ ਕਿਸੇ ਨੇ ਬੈਠਣ ਨਹੀਂ ਦੇਣਾ।
ਹਫ਼ਤੇ ਤੋਂ ਉਸ ਨੂੰ ਨੀਂਦ ਨਹੀਂ ਸੀ ਆ ਰਹੀ। ਕਦੇ ਅੱਖ ਲੱਗਦੀ ਤਾਂ ਭੈੜੇ-ਭੈੜੇ ਸੁਪਨੇ ਆਉਣ ਲੱਗਦੇ ਹਨ। ਕਦੇ ਉਹ ਜੇਲ੍ਹੋਂ ਭੱਜਣ ਦਾ ਯਤਨ ਕਰ ਰਿਹਾ ਹੁੰਦਾ ਹੈ ਪਰ ਉਸ ਤੋਂ ਭੱਜ ਨਹੀਂ ਹੁੰਦਾ। ਕਦੇ ਉਹ ਇਮਤਿਹਾਨ ਵਿਚ ਬੈਠਾ ਹੁੰਦਾ ਹੈ ਪਰ ਕੋਈ ਸਵਾਲ ਹੱਲ ਨਹੀਂ ਹੁੰਦਾ। ਕਦੇ ਉਹ ਬੈਜ ਨਾਥ ਨਾਲ ਖਹਿਬੜ ਰਿਹਾ ਹੁੰਦਾ ਹੈ, ਕਦੇ ਸਹਾਇਕ ਦਰੋਗ਼ੇ ਨਾਲ। ਕਦੇ ਨਿਧਾਨ ਸਿੰਘ ਉਸ ਨੂੰ ਘਰੋਂ ਕੱਢ ਰਿਹਾ ਹੁੰਦਾ ਹੈ, ਕਦੇ ਪ੍ਰੀਤੀ ਬੇਰੁਜ਼ਗਾਰ ਸਮਝ ਕੇ ਦੁਰਕਾਰ ਰਹੀ ਹੁੰਦੀਹੈ।
ਸੀਤਲ ਸਿੰਘ ਭੁੱਖ ਹੜਤਾਲ ਕਰਨਾ ਚਾਹੁੰਦਾ ਸੀ, ਧਰਨਾ ਮਾਰਨਾ ਚਾਹੁੰਦਾ ਸੀ। ਪਰ ਇਕ ਵੀ ਕੈਦੀ ਉਸ ਦਾ ਸਾਥ ਦੇਣ ਲਈ ਤਿਆਰ ਨਹੀਂ ਸੀ। ਉਹ ਵੀ ਨਹੀਂ ਜਿਨ੍ਹਾਂ ਲਈ ਉਸ ਨੇ ਇਹ ਮੁਸੀਬਤ ਸਹੇੜੀ ਸੀ।
ਥੱਕੇ ਹਾਰੇ ਸੀਤਲ ਨੇ ਲਿਖਾ-ਪੜ੍ਹੀ ਕਰਨੀ ਬੰਦ ਕਰ ਦਿੱਤੀ। ਬੈਜ ਨਾਥ ਤੋਂ ਮੁਆਫ਼ੀ ਮੰਗ ਲਈ ਪਰ ਪਰਨਾਲਾ ਉਥੇ ਦਾ ਉਥੇ ਰਿਹਾ।
ਸੀਤਲ ਸਿੰਘ ਇਕੱਲਾ ਇੰਨੇ ਲੋਕਾਂ ਨਾਲ ਨਹੀਂ ਸੀ ਲੜ ਸਕਦਾ। ਉਸ ਨੂੰ ਜਾਪਦਾ ਸੀ ਕਿ ਹੁਣ ਮਰ ਕੇ ਹੀ ਖਹਿੜਾ ਛੁੱਟਣਾ ਸੀ।
ਅੱਜ ਉਹ ਹਾਕਮ ਨੂੰ ਆਖ਼ਰੀ ਵਾਰੀ ਮਿਲਣ ਆਇਆ ਸੀ, “ਮੇਰਾ ਫ਼ਾਰਮ ਭਿਜਵਾ ਦੇਵੋ ਜਾਂ ਮੈਨੂੰ ਮਰਨ ਦੀ ਇਜਾਜ਼ਤ ਦੇ ਦੇਵੋ।” ਆਖ ਕੇ ਉਹ ਵਾਪਸ ਚਲਾ ਗਿਆ ਸੀ।
ਉਸ ਸਮੇਂ ਤੋਂ ਹਾਕਮ ਬੇਚੈਨ ਸੀ।
ਬੈਜ ਨਾਥ ਹੋਰਾਂ ਦੀ ਸ਼ਿਕਾਇਤ ਕਰਨ ਨਾਲ ਸੀਤਲ ਹੋਰਾਂ ਨੂੰ ਫ਼ਾਇਦਾ ਹੋਏਗਾ ਜਾਂ ਨੁਕਸਾਨ? ਦੋਚਿੱਤੀ ਵਿਚ ਫਸਿਆ ਹਾਕਮ ਅੱਜ ਤਕ ਕਿਸੇ ਸਿੱਟੇ ’ਤੇ ਨਹੀਂ ਸੀ ਪੁੱਜ ਸਕਿਆ।
ਸੀਤਲ ਦੀ ਚਿਤਾਵਨੀ ਬਾਅਦ ਉਸ ਨੂੰ ਅਹਿਸਾਸ ਹੋਇਆ ਸੀ ਕਿ ਸਵੇਰ ਤਕ ਕੋਈ ਨਾ ਕੋਈ ਫ਼ੈਸਲਾ ਲੈਣਾ ਜ਼ਰੂਰੀ ਸੀ।
ਆਪਣੀ ਬੈਰਕ ਵਿਚ ਆਉਣ ਤੋਂ ਪਹਿਲਾਂ ਰਾਏ ਮਸ਼ਵਰੇ ਲਈ ਉਹ ਆਪਣੇ ਸਾਬਕਾ ਸਹਾਇਕ ਤਾਰਾ ਚੰਦ ਨੂੰ ਮਿਲਿਆ ਸੀ।
ਤਾਰਾ ਚੰਦ ਨੇ ਬਹੁਤੀ ਸੋਚ-ਵਿਚਾਰ ਨਹੀਂ ਸੀ ਕੀਤੀ। ਝੱਟ ਆਪਣਾ ਦੋ-ਟੁੱਕ ਫ਼ੈਸਲਾ ਸੁਣਾ ਦਿੱਤਾ ਸੀ।
“ਬਾਬਿਓ, ਤੁਸੀਂ ਵਕੀਲ ਹੋ, ਅਕਲ ਦੀ ਗੱਲ ਕਰੋ। ਦਰਿਆ ਵਿਚ ਰਹਿ ਕੇ ਮਗਰਮੱਛ ਨਾਲ ਵੈਰ ਮੁੱਲ ਨਹੀਂ ਲਿਆ ਜਾ ਸਕਦਾ। ਫੇਰ ਕੈਦੀ ਕਿਸੇ ਦੇ ਮਿੱਤ ਨਹੀਂ ਹੁੰਦੇ। ਮਤਲਬ ਨਿਕਲਣ ’ਤੇ ਅੱਖਾਂ ਫੇਰ ਜਾਂਦੇ ਹਨ। ਜੇਲ੍ਹ ਪ੍ਰਸ਼ਾਸਨ ਨੇ ਸਾਨੂੰ ਜਵਾਈਆਂ ਵਾਂਗ ਰੱਖਿਆ ਹੋਇਆ ਹੈ। ਮਿਲ ਰਹੀਆਂ ਸਹੂਲਤਾਂ ਦਾ ਆਨੰਦ ਲਓ।”
ਉਸ ਸਮੇਂ ਹਾਕਮ ਸਿੰਘ ਨੂੰ ਤਾਰਾ ਚੰਦ ਦੇ ਸਵਾਰਥੀ ਸੁਭਾਅ ’ਤੇ ਖਿਝ ਆਈ ਸੀ।
ਗਹਿਰੀ ਸੋਚ-ਵਿਚਾਰ ਬਾਅਦ ਹਾਕਮ ਨੂੰ ਤਾਰਾ ਚੰਦ ਦੀ ਸੋਚ ਪਿੱਛੇ ਕੰਮ ਕਰਦੇ ਸਿਧਾਂਤ ਦੀ ਸਮਝ ਆਉਣ ਲੱਗੀ।
ਹਾਕਮ ਸੋਚਣ ਲੱਗਾ। ਕਿਧਰੇ ਅਚੇਤ ਤੌਰ ’ਤੇ ਉਹ ਵੀ ਤਾਰਾ ਚੰਦ ਵਾਂਗ ਤਾਂ ਨਹੀਂ ਸੋਚ ਰਿਹਾ। ਜੇ ਝੱਟਪੱਟ ਕੈਦੀਆਂ ਦੀਆਂ ਸਮੱਸਿਆਵਾਂ ਦਾ ਹੱਲ ਨਾ ਹੋਇਆ ਤਾਂ ਉਹਨਾਂ ਦਾ ਨੁਕਸਾਨ ਹੋਣਾ ਹੀ ਹੋਣਾ ਹੈ। ਘਰਦਿਆਂ ਨੂੰ ਮਿਲਣ ਤੋਂ ਤਰਸਦੀ ਮਿੱਠੋ ਨੇ ਪਾਗ਼ਲ ਹੋ ਜਾਣਾ ਹੈ, ਇਲਾਜ ਦੀ ਘਾਟ ਕਾਰਨ ਕਾਲੂ ਨੇ ਮਰ ਜਾਣਾ ਹੈ, ਇਮਤਿਹਾਨ ਵਿਚ ਨਾ ਬੈਠ ਸਕਣ ਕਾਰਨ ਸੀਤਲ ਦਾ ਭਵਿੱਖ ਧੁੰਦਲਾ ਹੋ ਜਾਣਾ ਹੈ। ਕਰਮਚਾਰੀਆਂ ਦੀ ਸ਼ਿਕਾਇਤ ਕਰਨ ਬਾਅਦ ਇਸ ਤੋਂ ਵੱਧ ਕੈਦੀਆਂ ਦਾ ਹੋਰ ਕੀ ਵਿਗੜੇਗਾ?
ਸ਼ਿਕਾਇਤ ਬਾਅਦ ਕਰਮਚਾਰੀਆਂ ਨੇ ਹਾਕਮ ਨਾਲ ਗ਼ੁੱਸੇ ਹੋਣਾ ਹੈ। ਗ਼ੁੱਸੇ ਹੋ ਕੇ ਉਹਨਾਂ ਨੇ ਹਾਕਮ ਨੂੰ ਤੰਗ ਕਰਨਾ ਹੈ। ਸ਼ਾਇਦ ਤੰਗ ਹੋਣ ਤੋਂ ਡਰਦਾ ਹਾਕਮ ਮੁਲਾਜ਼ਮਾਂ ਨਾਲ ਪੰਗਾ ਲੈਣ ਤੋਂ ਟਲ ਰਿਹਾ ਹੈ। ਸ਼ਾਇਦ ਇਸ ਲਈ ਸਾਥੀ ਕੈਦੀਆਂ ਦੀਆਂ ਸਮੱਸਿਆਵਾਂ ਨੂੰ ਲਟਕਾ ਰਿਹਾ ਹੈ।
ਇਸ ਵਿਚਾਰ ਦੀ ਰੌਸ਼ਨੀ ਵਿਚ ਹਾਕਮ ਨੇ ਆਪਾ ਪੜਚੋਲ ਕੀਤੀ।
“ਮੈਂ ਜਿਸ ਰਾਹ ’ਤੇ ਤੁਰਨ ਦਾ ਮਨ ਬਣਾਇਆ ਹੈ, ਉਹ ਕੰਡਿਆਂ ਨਾਲ ਭਰਿਆ ਹੋਇਆ ਹੈ। ਦੁੱਖਾਂ-ਸੁਖਾਂ ਦੀ ਪਰਵਾਹ ਕਰੇ ਬਿਨਾਂ ਮੈਨੂੰ ਆਪਣੀ ਮੰਜ਼ਿਲ ਵੱਲ ਵਧਦੇ ਰਹਿਣਾ ਚਾਹੀਦਾਹੈ।”
ਇਹ ਫ਼ੈਸਲਾ ਕਰਨ ਬਾਅਦ ਹਾਕਮ ਨੇ ਉੱਸਲਵੱਟੇ ਲੈਣੇ ਬੰਦ ਕਰ ਦਿੱਤੇ।
ਸਵੇਰ ਦੀ ਉਡੀਕ ਜ਼ਿਆਦਾ ਲੰਬੀ ਨਾ ਹੋਵੇ, ਇਸ ਲਈ ਉਹ ਗੂੜ੍ਹੀ ਨੀਂਦ ਸੌਂ ਗਿਆ।
36
ਆਪਣੇ ਹਲਕੇ ਵਿਚ ਹਫ਼ਤਾ ਭਰ ਹੋਈਆਂ ਸਰਕਾਰ ਵਿਰੋਧੀ ਰੈਲੀਆਂ ਨੇ ਮੁੱਖ ਮੰਤਰੀ ਦੀ ਨੀਂਦ ਹਰਾਮ ਕਰ ਦਿੱਤੀ।
ਆਮ ਕਤਲ ਦੇ ਮੁਲਜ਼ਮਾਂ ਦੀ ਪੈਰਵੀ ਲਈ ਬਣੀ ਇਕ ਸਾਧਾਰਨ ਜਿਹੀ ਸੰਸਥਾ ਨੇ ਇਕ ਛੋਟੇ ਜਿਹੇ ਸ਼ਹਿਰ ਵਿਚ ਜਨਮ ਲੈ ਕੇ ਸਾਰੇ ਸੂਬੇ ਵਿਚ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਸਨ।
ਮੁੱਖ ਮੰਤਰੀ ਨੂੰ ਆਪਣੇ ਹਲਕੇ ਵਿਚ ਪੈਰ ਪਾਉਣਾ ਮੁਸ਼ਕਲ ਹੋ ਗਿਆ ਸੀ। ਇਥੋਂ ਤਕ ਕਿ ਆਪਣੇ ਜ਼ਿਲ੍ਹੇ ਵਿਚ ਸਮਾਗਮ ਰੱਖਣ ਤੋਂ ਪਹਿਲਾਂ ਸੌ ਵਾਰ ਸੋਚਣਾ ਪੈਂਦਾ ਸੀ। ਇਸਤਰੀ ਸਭਾ ਤੋਂ ਲੈ ਕੇ ਹੈਲਪਲਾਈਨ ਤਕ ਦੇ ਕਾਰਕੁੰਨ ਸੰਮਤੀ ਨਾਲ ਜੁੜ ਗਏ। ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਵਿਚੋਂ ਵੀ ਇਨਸਾਫ਼ ਦੀ ਮੰਗ ਉੱਠਣ ਲੱਗ ਪਈ ਸੀ। ਜੇ ਹਾਲਾਤ ਇਸੇ ਤਰ੍ਹਾਂ ਵਿਗੜਦੇ ਰਹੇ ਤਾਂ ਮੁੱਖ ਮੰਤਰੀ ਨੂੰ ਆਪਣੀ ਸੀਟ ਦੇ ਨਾਲ-ਨਾਲ ਆਪਣੀ ਪਾਰਟੀ ਨੂੰ ਬਚਾਉਣਾ ਮੁਸ਼ਕਲ ਹੋ ਸਕਦਾ ਹੈ।
ਬੰਟੀ ਨੂੰ ਕਤਲ ਹੋਇਆਂ ਕਈ ਸਾਲ ਬੀਤ ਚੁੱਕੇ ਸਨ। ਉਸ ਤੋਂ ਪਿੱਛੋਂ ਹੋਰ ਸੈਂਕੜੇ ਵਾਰਦਾਤਾਂ ਹੋ ਚੁੱਕੀਆਂ ਸਨ। ਲੋਕ ਬੰਟੀ ਨੂੰ ਭੁੱਲ-ਭੁਲਾ ਗਏ ਸਨ। ਖ਼ੁਦ ਸੰਮਤੀ ਨੇ ਕਈ ਹੋਰ ਮੁਕੱਦਮਿਆਂ ਵਿਚ ਟੰਗ ਅੜਾ ਲਈ ਸੀ।
ਕਿਸੇ ਨਾ ਕਿਸੇ ਬਹਾਨੇ ਪਾਲੇ ਮੀਤੇ ਨੂੰ ਰਿਹਾਅ ਕੀਤਾ ਜਾਵੇ। ਸੰਮਤੀ ਦੇ ਹੇਠੋਂ ਪੌੜੀ ਖਿਸਕਾ ਕੇ ਉਸ ਨੂੰ ਕੋਠੇ ਚੜ੍ਹਨ ਤੋਂ ਰੋਕਿਆ ਜਾਵੇ।
ਸੱਪ ਵੀ ਮਰ ਜਾਵੇ ਅਤੇ ਸੋਟੀ ਵੀ ਨਾ ਟੁੱਟੇ। ਇਹ ਵਿਚਾਰਨ ਲਈ ਮੁੱਖ ਮੰਤਰੀ ਨੇ ਅਫ਼ਸਰਾਂ ਅਤੇ ਸਲਾਹਕਾਰਾਂ ਦੀ ਮੀਟਿੰਗ ਬੁਲਾਈ।
ਖ਼ੁਫ਼ੀਆ ਵਿਭਾਗ ਦੇ ਮੁਖੀ ਨੇ ਹਰਮਨਬੀਰ ਹੋਰਾਂ ਦੇ ਬੰਟੀ ਦਾ ਅਸਲ ਕਾਤਲ ਹੋਣ ਦੀ ਪੁਸ਼ਟੀ ਕੀਤੀ। ਅਸਲ ਕਾਤਲ ਫੜਨ ਵਿਚ ਕੁਤਾਹੀ ਕਿਉਂ ਹੋਈ? ਫੇਰ ਇਹ ਸਪੱਸ਼ਟ ਕੀਤਾ। ਉਸ ਸਮੇਂ ਮੱਖ ਮੰਤਰੀ ਨੇ ਬੰਟੀ ਦੇ ਕਾਤਲਾਂ ਨੂੰ ਭੋਗ ਤੋਂ ਪਹਿਲਾਂ ਫੜੇ ਜਾਣ ਦਾ ਐਲਾਨ ਕਰ ਦਿੱਤਾ ਸੀ। ਪੁਲਿਸ ਨੂੰ ਅਸਲ ਕਾਤਲਾਂ ਦੀ ਸੂਹ ਨਾ ਲੱਗੀ। ਮੁੱਖ ਮੰਤਰੀ ਦੀ ਪੱਗ ਬਚਾਉਣੀ ਵੀ ਜ਼ਰੂਰੀ ਸੀ। ਕੁੜਿੱਕੀ ਵਿਚ ਫਸੀ ਪੁਲਿਸ ਨੂੰ ਝੂਠੀ ਕਹਾਣੀ ਘੜਨੀ ਪਈ। ਪਾਲੇ ਮੀਤੇ ਨੂੰ ਫਸਾਉਣ ਵਿਚ ਕਿਸੇ ਪੁਲਿਸ ਅਫ਼ਸਰ ਦੀ ਕੋਈ ਬਦਨੀਅਤੀ ਨਹੀਂ ਸੀ।
ਉਸ ਦਾ ਇਸ ਪੜਾਅ ’ਤੇ ਗ਼ਲਤੀ ਸੁਧਾਰਨ ਦਾ ਕੋਈ ਫ਼ਾਇਦਾ ਨਹੀਂ ਸੀ। ਹੁਣ ਅਸਲ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਨਾਲ ਪੁਲਿਸ ਦੀ ਕਾਰਗੁਜ਼ਾਰੀ ਦੇ ਨਾਲ-ਨਾਲ ਸਰਕਾਰ ਉੱਪਰ ਵੀ ਉਂਗਲ ਉੱਠਣੀ ਸੀ। ਮੁੱਖ ਮੰਤਰੀ ਦੀ ਨਿੱਜੀ ਸਾਖ਼ ਨੂੰ ਧੱਕਾ ਲੱਗ ਸਕਦਾ ਸੀ।
ਕੁੜਿੱਕੀ ਵਿਚੋਂ ਸਹੀ-ਸਲਾਮਤ ਨਿਕਲਣ ਲਈ ਐਡਵੋਕੇਟ ਜਨਰਲ ਨੇ ਸੁਝਾਅ ਪੇਸ਼ ਕੀਤਾ।
“ਸਰਕਾਰ ਕੋਲ ਕੈਦੀਆਂ ਦੀ ਸਜ਼ਾ ਮੁਆਫ਼ ਕਰਨ ਦਾ ਅਧਿਕਾਰ ਹੈ। ਸਰਕਾਰ ਉਸ ਅਧਿਕਾਰ ਦੀ ਵਰਤੋਂ ਕਰੇ। ਪਾਲੇ ਮੀਤੇ ਦੀ ਬਾਕੀ ਰਹਿੰਦੀ ਸਜ਼ਾ ਮੁਆਫ਼ ਕਰ ਕੇ ਉਹਨਾਂ ਨੂੰ ਰਿਹਾਅ ਕਰ ਦੇਵੇ। ਸਰਕਾਰ ਵੱਲੋਂ ਦਿਖਾਈ ਇਸ ਖੁਲ੍ਹਦਿਲੀ ’ਤੇ ਲੋਕ ਵਾਹ-ਵਾਹ ਕਰ ਉੱਠਣਗੇ।ਲੋਕਾਂ ਦੇ ਸੰਮਤੀ ਦਾ ਖਹਿੜਾ ਛੱਡ ਜਾਣ ਨਾਲ ਸੰਮਤੀ ਦੇ ਗ਼ੁਬਾਰੇ ਦੀ ਫੂਕ ਆਪੇ ਨਿਕਲ ਜਾਏਗੀ।
ਮੁੱਖ ਮੰਤਰੀ ਨੂੰ ਇਹ ਸੁਝਾਅ ਪਰਵਾਨ ਨਹੀਂ ਸੀ।
ਆਪਣੇ ਸ਼ੁਭਚਿੰਤਕਾਂ ਰਾਹੀਂ ਉਹ ਇਹ ਸੁਝਾਅ ਸੰਮਤੀ ਕੋਲ ਪਹਿਲਾਂ ਹੀ ਭੇਜ ਚੁੱਕਾ ਸੀ। ਸੰਮਤੀ ਇਸ ਸੁਝਾਅ ਨੂੰ ਠੁਕਰਾ ਚੁੱਕੀ ਸੀ। ਉਹ ਕਹਿੰਦੀ ਸੀ।
“ਇਸ ਤਰ੍ਹਾਂ ਪਾਲੇ ਮੀਤੇ ਦਾ ਕਾਤਲ ਹੋਣਾ ਸਿੱਧ ਹੋਏਗਾ। ਨਾਲੇ ਇਸ ਤਰ੍ਹਾਂ ਉਹਨਾਂ ਦੀ ਰਿਹਾਈ ਸਰਕਾਰ ਦੀ ਮਿਹਰਬਾਨੀ ਦਾ ਸਿੱਟਾ ਮੰਨੀ ਜਾਏਗੀ। ਸੰਮਤੀ ਚਾਹੁੰਦੀ ਹੈ, ਸਰਕਾਰ ਪਹਿਲਾਂ ਉਹਨਾਂ ਨੂੰ ਬੇਕਸੂਰ ਘੋਸ਼ਿਤ ਕਰੇ। ਫੇਰ ਬਾਇੱਜ਼ਤ ਰਿਹਾਅ ਕਰੇ। ਹੋਈ ਖੱਜਲ-ਖ਼ੁਆਰੀ ਲਈ ਮੁਆਵਜ਼ਾ ਦੇਵੇ। ਅਸਲ ਕਾਤਲਾਂ ਨੂੰ ਫੜ ਕੇ ਉਹਨਾਂ ’ਤੇ ਮੁਕੱਦਮਾ ਚਲਾਏ।”
ਐਡਵੋਕੇਟ ਜਨਰਲ ਸੰਮਤੀ ਦੇ ਇਹਨਾਂ ਵਿਚਾਰਾਂ ਨੂੰ ਧਿਆਨ ਵਿਚ ਰੱਖ ਕੇ ਕੋਈ ਸੁਝਾਅ ਦੇਵੇ।
“ਦੋਹਾਂ ਦੋਸ਼ੀਆਂ ਨੇ ਸੈਸ਼ਨ ਕੋਰਟ ਦੇ ਫ਼ੈਸਲੇ ਨੂੰ ਹਾਈ ਕੋਰਟ ਚੁਣੌਤੀ ਦਿੱਤੀ ਹੋਈ ਹੈ। ਸਰਕਾਰ ਕੋਲ ਹਰ ਪੜਾਅ ’ਤੇ ਮੁਕੱਦਮਾ ਵਾਪਸ ਲੈਣ ਦਾ ਅਧਿਕਾਰ ਹੈ। ਇਸ ਅਧਿਕਾਰ ਦੀ ਵਰਤੋਂ ਕਰ ਕੇ ਪਾਲੇ ਮੀਤੇ ਨੂੰ ਬਰੀ ਕਰਾਇਆ ਜਾ ਸਕਦਾ ਹੈ। ਪਰ ਨਵੇਂ ਦੋਸ਼ੀਆਂ ਉਪਰ ਮੁਕੱਦਮਾ ਚਲਾਉਣਾ ਸੰਭਵ ਨਹੀਂ ਹੋਏਗਾ। ਅਦਾਲਤ ਇਕ ਵਾਰ ਪਾਲੇ ਮੀਤੇ ਨੂੰ ਬੰਟੀ ਦੇ ਕਾਤਲ ਕਰਾਰ ਦੇ ਚੁੱਕੀ ਹੈ। ਪਹਿਲਾ ਫ਼ੈਸਲਾ ਰੱਦ ਕਰ ਕੇ ਅਦਾਲਤ ਕੋਲ ਦੁਬਾਰਾ ਮੁਕੱਦਮਾ ਚਲਾਉਣ ਦਾ ਕੋਈ ਅਧਿਕਾਰ ਨਹੀਂ। ਇਕੋ ਸਮੇਂ ਸੰਮਤੀ ਦੀਆਂ ਦੋਵੇਂ ਮੰਗਾਂ ਨਹੀਂ ਮੰਨੀਆਂ ਜਾ ਸਕਦੀਆਂ।”
“ਇਹ ਕੋਈ ਕਾਨੂੰਨ ਹੈ, ਜਿਹੜਾ ਅਸਲ ਕਾਤਲਾਂ ਨੂੰ ਸਜ਼ਾ ਨਹੀਂ ਕਰਵਾ ਸਕਦਾ ਅਤੇ ਨਿਰਦੋਸ਼ਾਂ ਨੂੰ ਬਰੀ ਨਹੀਂ ਕਰਵਾ ਸਕਦਾ।”
“ਕੋਈ ਕਾਨੂੰਨਦਾਨ ਕੁਝ ਨਹੀਂ ਕਰ ਸਕਦਾ। ਕਾਨੂੰਨ ਹੀ ਅਜਿਹਾ ਹੈ। ਅਸਲ ਵਿਚ ਇਹ ਬਹੁਤ ਪੁਰਾਣਾ ਹੈ। ਸਮੇਂ ਅਨੁਸਾਰ ਸੋਧ ਹੋਣੀ ਚਾਹੀਦੀ ਹੈ ਪਰ.....”
“ਪਰ ਸਰਕਾਰ ਕੋਲ ਇਸ ਲਈ ਵਕਤ ਨਹੀਂ ਹੈ। ਇਹੋ ਆਖਣਾ ਹੈ ਨਾ?”
ਐਡਵੋਕੇਟ ਜਨਰਲ ਕੀ ਕਹਿਣ ਜਾ ਰਿਹਾ ਹੈ, ਮੱਖ ਮੰਤਰੀ ਪਹਿਲਾਂ ਹੀ ਭਾਂਪ ਗਿਆ। ਆਪਣੇ ਹੀ ਸਲਾਹਕਾਰ ਕੋਲੋਂ ਹੋਣ ਜਾ ਰਹੀ ਆਲੋਚਨਾ ਤੋਂ ਤਿਲਮਿਲਾਏ ਮੁੱਖ ਮੰਤਰੀ ਨੇ ਉਸ ਨੂੰ ਪਹਿਲਾਂ ਹੀ ਟੋਕ ਦਿੱਤਾ।
“ਨਹੀਂ ਸਰ) ਮੇਰਾ ਇਹ ਮਤਲਬ ਨਹੀਂ ਹੈ।”
“ਕਾਨੂੰਨ ਸੁਧਾਰਾਂ ਬਾਰੇ ਬਹਿਸ ਕਿਸੇ ਦਿਨ ਫੇਰ ਕਰ ਲਵਾਂਗੇ। ਹੁਣ ਜਿਸ ਮਸਲੇ ਦੇ ਹੱਲ ਲਈ ਬੈਠੇ ਹਾਂ, ਉਸ ਬਾਰੇ ਸੋਚੋ।”
“ਸਰਕਾਰ ਸਰਕਾਰ ਹੈ। ਉਸ ਨੂੰ ਕਿਸੇ ਕੋਲੋਂ ਸਹਿਮਤੀ ਲੈਣ ਦੀ ਜ਼ਰੂਰਤ ਨਹੀਂ ਹੈ। ਸਰਕਾਰ ਇਕਤਰਫ਼ਾ ਫ਼ੈਸਲਾ ਲਏ, ਪਾਲੇ ਮੀਤੇ ਨੂੰ ਰਿਹਾਅ ਕਰ ਦੇਵੇ।”
“ਤੇਰਾ ਮਤਲਬ ਹੈ ਸਰਕਾਰ ਆਪਣੇ ਪੈਰ ’ਤੇ ਆਪ ਕੁਹਾੜਾ ਮਾਰ ਲਏ। ਆਪ ਕੇਸ ਵਾਪਸ ਲੈ ਕੇ ਇਹ ਮੰਨ ਲਏ ਕਿ ਪਾਲਾ ਮੀਤਾ ਬੇਕਸੂਰ ਹਨ। ਇਸ ਤਰ੍ਹਾਂ ਕਰਨ ਨਾਲ ਸੰਮਤੀ ਦੇ ਹੱਥ ਹੋਰ ਮਜ਼ਬੂਤ ਨਹੀਂ ਹੋਣਗੇ? ਉਸ ਨੂੰ ਆਪਣਾ ਸੰਘਰਸ਼ ਤਿੱਖਾ ਕਰਨ ਦਾ ਮੌਕਾ ਨਹੀਂ ਮਿਲੇਗਾ? ਕਹਿਣਗੇ ਹੁਣ ਅਸਲ ਕਾਤਲਾਂ ਨੂੰ ਫੜੋ। ਉਧਰ ਤੂੰ ਕਹਿਨੈਂ ਦੁਬਾਰਾ ਮੁਕੱਦਮਾ ਨਹੀਂ ਚੱਲ ਸਕਦਾ। ਮਰਿਆ ਸੱਪ ਸਰਕਾਰ ਆਪਣੇ ਗਲ ਕਿਸ ਤਰ੍ਹਾਂ ਪਾ ਲਏ?”
ਨਿਰਉੱਤਰ ਹੋਇਆ ਐਡਵੋਕੇਟ ਜਨਰਲ ਮੂੰਹ ਵਿਚ ਉਂਗਲ ਪਾ ਕੇ ਸੋਚਣ ਲੱਗਾ।
“ਕੋਈ ਗੱਲ ਨਹੀਂ। ਜੇ ਕੋਈ ਕਾਨੂੰਨੀ ਹੱਲ ਨਹੀਂ ਲੱਭਦਾ, ਨਾ ਸਹੀ। ਤੁਸੀਂ ਚੱਲੋ। ਅਸੀਂ ਕੋਈ ਸਿਆਸੀ ਹੱਲ ਲੱਭਦੇ ਹਾਂ।”
ਆਖ ਕੇ ਮੁੱਖ ਮੰਤਰੀ ਨੇ ਅਫ਼ਸਰ ਫ਼ਾਰਗ਼ ਕੀਤੇ।
ਸਮੱਸਿਆ ਦਾ ਸਿਆਸੀ ਹੱਲ ਲੱਭਣ ਲਈ ਉਹ ਸਿਆਸੀ ਸਲਾਹਕਾਰਾਂ ਨਾਲ ਮਸ਼ਵਰਾ ਕਰਨ ਲੱਗਾ।
37
ਹਾਕਮ ਸਿੰਘ ਨੇ ਜੇਲ੍ਹ ਸੁਪਰਡੈਂਟ ਦੇ ਸਿਰ ਵਿਚ ਪਤਾ ਨਹੀਂ ਕੀ ਜਾਦੂ ਝਾੜ ਦਿੱਤਾ ਸੀ। ਉਹ ਸਾਰਾ ਦਿਨ ਉਸ ਨੂੰ ਕੋਲ ਬਿਠਾਈ ਰੱਖਦਾ ਸੀ। ਉਹ ਜਿਹੜਾ ਵੀ ਹੁਕਮ ਲਿਖ ਕੇ ਉਸ ਅੱਗੇ ਰੱਖਦਾ, ਉਹ ਬਿਨਾਂ ਪੜ੍ਹੇ ਉਸ ਉਪਰ ਦਸਤਖ਼ਤ ਕਰ ਦਿੰਦਾ ਸੀ।
ਹਾਕਮ ਦੇ ਆਖਣ ’ਤੇ ਪਿਛਲੇ ਕੁਝ ਦਿਨਾਂ ਤੋਂ ਜੇਲ੍ਹ ਮੁਲਾਜ਼ਮਾਂ ਦੀ ਖਿਚਾਈ ਹੋ ਰਹੀਸੀ।
ਇਕ ਕੈਦੀ ਦੇ ਪਿੱਛੇ ਲੱਗ ਕੇ ਸੁਪਰਡੈਂਟ ਨੇ ਡਾਕਟਰ ਨੂੰ ਆਪਣੇ ਦਫ਼ਤਰ ਬੁਲਾਇਆ। ਕਾਲੂ ਦਾ ਮੁਆਇਨਾ ਆਪਣੇ ਸਾਹਮਣੇ ਕਰਵਾਇਆ। ਮਜਬੂਰੀ ਵੱਸ ਡਾਕਟਰ ਨੂੰ ਸਹੀ ਰਿਪੋਰਟ ਦੇਣੀ ਪਈ। ਚੋਰੀ ਫੜੀ ਜਾਣ ’ਤੇ ਡਾਕਟਰ ਨੇ ਪਾਣੀ ਆਪਣੇ ਕੰਪਾਊਡਰ ਵੱਲ ਵਹਾ ਦਿੱਤਾ, “ਮੈਨੂੰ ਦਿਨ ਵਿਚ ਸੈਂਕੜੇ ਮਰੀਜ਼ਾਂ ਨੂੰ ਦੇਖਣਾ ਪੈਂਦਾ ਹੈ। ਮਰੀਜ਼ ਦੀ ਮੁੱਢਲੀ ਜਾਂਚ ਕੰਪਾਊਡਰ ਕਰਦਾ ਹੈ। ਬੀਮਾਰੀ ਗੰਭੀਰ ਹੋਣ ’ਤੇ ਹੀ ਮੇਰੇ ਅੱਗੇ ਪੇਸ਼ ਕਰਦਾ ਹੈ। ਕਾਲੂ ਇੰਨਾ ਬੀਮਾਰ ਹੈ, ਇਹ ਮੈਨੂੰ ਕੰਪਾਊਡਰ ਨੇ ਕਦੇ ਨਹੀਂ ਸੀ ਦੱਸਿਆ।”
ਕਾਲੂ ਨੂੰ ਤੁਰੰਤ ਹਸਪਤਾਲ ਦਾਖ਼ਲ ਕੀਤਾ ਗਿਆ। ਅਣਗਹਿਲੀ ਕਰਨ ਕਾਰਨ ਕੰਪਾਊਡਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ।
ਸੁਪਰਡੈਂਟ ਦੀ ਇਸ ਕਾਰਵਾਈ ਉਪਰ ਡਾਕਟਰ ਅਤੇ ਕੰਪਾਊਡਰ ਦੋਵੇਂ ਨਰਾਜ਼ ਸਨ।
ਜ਼ਨਾਨਾ ਜੇਲ੍ਹ ਦੀ ਵਾਰਡਰ ਮਿੱਲੀ ਨਾਲ ਵੀ ਅਜਿਹਾ ਕੁਝ ਵਾਪਰਿਆ ਸੀ। ਮਿੱਠੋ ਨੇ ਉਸ ਨੂੰ ਸੈਂਕੜੇ ਦਰਖ਼ਾਸਤਾਂ ਫੜਾਈਆਂ ਸਨ। ਉਸ ਨੇ ਸਭ ਦਬਾ ਲਈਆਂ ਸਨ। ਮਿੱਲੀ ਬਹੁਤ ਗਿੜਗਿੜਾਈ, “ਮਿੱਠੋ ਕੁਝ ਸਮੇਂ ਤੋਂ ਨੀਮ ਪਾਗ਼ਲਾਂ ਵਰਗਾ ਵਿਵਹਾਰ ਕਰਦੀ ਹੈ। ਦਿਨ ਵਿਚ ਚਾਰ-ਚਾਰ ਦਰਖ਼ਾਸਤਾਂ ਮੈਨੂੰ ਫੜਾ ਦਿੰਦੀ ਹੈ। ਪਹਿਲੀਆਂ ਕੁਝ ਦਰਖ਼ਾਸਤਾਂ ਮੈਂ ਮੁਨਾਸਿਬ ਹੁਕਮਾਂ ਲਈ ਉਪਰ ਭੇਜੀਆਂ। ਉਹ ਸਭ ਰੱਦ ਹੋ ਗਈਆਂ। ਜਦੋਂ ਫੇਰ ਮੈਂ ਦਰਖ਼ਾਸਤ ਭੇਜੀ ਤਾਂ ਡਿਪਟੀ ਵੱਲੋਂ ਮੈਨੂੰ ਝਾੜ ਪਈ। ਕਹਿੰਦੇ ਕੈਦਣ ਤਾਂ ਪਾਗ਼ਲ ਹੈ। ਤੂੰ ਤਾਂ ਸਿਆਣੀ ਹੈਂ। ਡਿਪਟੀ ਦਾ ਹੁਕਮ ਮੰਨ ਕੇ ਮੈਂ ਦਰਖ਼ਾਸਤਾਂ ਉਪਰ ਭੇਜਣੀਆਂ ਬੰਦ ਕੀਤੀਆਂ ਸਨ।”
ਮਿੱਲੀ ਦੇ ਮਿੰਨਤ-ਤਰਲੇ ਦਾ ਸੁਪਰਡੈਂਟ ’ਤੇ ਕੋਈ ਅਸਰ ਨਹੀਂ ਸੀ ਹੋਇਆ। ਉਸ ਨੂੰ ਵੀ ਸਜ਼ਾ ਮਿਲਣ ਵਾਲੀ ਸੀ।
ਉਪਰੋਂ ਸਿਤਮ ਇਹ ਕਿ ਮਿੱਠੋ ਨੂੰ ਮੁੜ ਫ਼ਿਰੋਜ਼ਪੁਰ ਜੇਲ੍ਹ ਭੇਜੇ ਜਾਣ ਦੀ ਸਿਫ਼ਾਰਸ਼ ਉਪਰੋਂ ਮਨਜ਼ੂਰ ਹੋ ਗਈ ਸੀ। ਮਿੱਠੋ ਕਿਸੇ ਵੀ ਸਮੇਂ ਇਥੋਂ ਜਾ ਸਕਦੀ ਸੀ।
ਮਿੱਲੀ ਦੇ ਨਾਲ-ਨਾਲ ਫ਼ਿਰੋਜ਼ਪੁਰ ਜੇਲ੍ਹ ਦਾ ਦਰੋਗ਼ਾ ਵੀ ਔਖਾ ਸੀ।
ਨੱਥੇ ਵਾਰਡਰ ਨੂੰ ਮੁਲਾਕਾਤਾਂ ਵਾਲੀ ਡਿਊਟੀ ਤੋਂ ਹਟਾ ਕੇ ਜੇਲ੍ਹ ਦੇ ਕੇਂਦਰੀ ਟਾਵਰ ਉਪਰ ਚੜ੍ਹਾ ਦਿੱਤਾ ਗਿਆ ਸੀ। ਕਿਸੇ ਕੈਦੀ ਨੇ ਉਸ ਉਪਰ ਦੋਸ਼ ਲਾਇਆ ਸੀ, “ਬਿਨਾਂ ਪੈਸੇ ਕਿਸੇ ਦੀ ਮੁਲਾਕਾਤ ਨਹੀਂ ਕਰਾਉਂਦਾ। ਮੁਲਾਕਾਤ ਦਾ ਸਮਾਂ ਮਿਲੇ ਪੈਸਿਆਂ ਅਨੁਸਾਰ ਤਹਿ ਕਰਦਾ ਹੈ। ਜਿੰਨੇ ਪੈਸੇ ਵੱਧ, ਓਨਾ ਸਮਾਂ ਵੱਧ। ਕੋਈ ਵੱਧ ਮੁੱਠੀ ਗਰਮ ਕਰ ਦੇਵੇ ਤਾਂ ਕੈਦੀ ਨੂੰ ਦਫ਼ਤਰ ਬੁਲਾ ਕੇ ਮੁਲਾਕਾਤੀ ਦੇ ਸਾਹਮਣੇ ਬਿਠਾ ਦਿੰਦਾ ਹੈ। ਜੇ ਔਰਤ ਹੋਵੇ ਤਾਂ ਇਕਾਂਤ ਦਾ ਪ੍ਰਬੰਧ ਕਰ ਦਿੰਦਾ ਹੈ। ਸ਼ਿਕਾਇਤੀ ਨੂੰ ਸ਼ਿਕਾਇਤ ਸੀ ਕਿ ਦੂਰੋਂ ਆਇਆ ਉਸ ਦਾ ਮੁਲਾਕਤੀ ਦੋ ਵਾਰ ਬੇਰੰਗ ਮੁੜ ਗਿਆ ਸੀ। ਕੈਦੀ ਨੂੰ ਆਏ ਮੁਲਾਕਾਤੀ ਬਾਰੇ ਸੂਚਿਤ ਤਕ ਨਹੀਂ ਸੀ ਕੀਤਾ ਗਿਆ। ਤੀਸਰੀ ਵਾਰ ਮੁਲਾਕਾਤ ਦਾ ਸਮਾਂ ਖ਼ਤਮ ਹੋਣ ਤੋਂ ਤਿੰਨ ਮਿੰਟ ਪਹਿਲਾਂ ਬੁਲਾਇਆ ਗਿਆ। ਕੈਦੀ ਨੇ ਘਰਦਿਆਂ ਦਾ ਹਾਲ-ਚਾਲ ਪੁੱਛਣਾ ਸ਼ੁਰੂ ਹੀ ਕੀਤਾ ਸੀ ਕਿ ਸਮਾਂ ਖ਼ਤਮ ਹੋਣ ਦਾ ਘੜਿਆਲ ਵੱਜ ਗਿਆ। ਮੁਲਾਕਾਤੀ ਨੂੰ ਮੂੰਹ ਲਟਕਾ ਕੇ ਵਾਪਸ ਮੁੜਨਾ ਪਿਆ। ਇਸ ਧੱਕੇ ’ਤੇ ਕੈਦੀ ਸਖ਼ਤ ਨਰਾਜ਼ ਸੀ।
ਅੱਧੇ ਅਸਮਾਨ ਵਿਚ ਟੰਗਿਆ ਨੱਥਾ ਦੁਆਨੀ-ਦੁਆਨੀ ਲਈ ਮੁਥਾਜ ਹੋਇਆ ਪਿਆਸੀ।
ਨਜ਼ਲਾ ਫ਼ਾਰਮ ਦੇ ਪੰਜਾ ਇੰਚਾਰਜ ਸੁਰਿੰਦਰ ਕੁਮਾਰ ਉਪਰ ਵੀ ਝੜਿਆ ਸੀ। ਸ਼ਿਕਾਇਤੀ ਕਹਿੰਦਾ ਸੀ, ‘ਉਹ ਮੈਨੂੰ ਇਕ ਮਿੰਟ ਵੀ ਆਰਾਮ ਨਹੀਂ ਲੈਣ ਦਿੰਦਾ। ਕੰਮ ਵੀ ਔਖੇ ਤੋਂ ਔਖਾ ਦਿੰਦਾ ਹੈ। ਕਦੇ ਪਿੱਠ ਸਿੱਧੀ ਕਰਨ ਲੱਗਾਂ ਤੋਂ ਕੋੜੇ ਮਾਰ ਦਿੰਦਾ ਹੈ। ਜਿਹੜੇ ਦਾਰੂ ਸਿੱਕੇ ਦਾ ਪ੍ਰਬੰਧ ਕਰ ਦਿੰਦੇ ਹਨ, ਉਹ ਸਾਰਾ ਦਿਨ ਦਰੱਖ਼ਤਾਂ ਹੇਠ ਪਏ ਗੱਪਾਂ ਮਾਰਦੇ ਰਹਿੰਦੇ ਹਨ। ਭੁੱਕੀ ਪੀਂਦੇ ਰਹਿੰਦੇ ਹਨ।”
ਸੁਰਿੰਦਰ ਨੂੰ ਫ਼ਾਰਮ ਵਿਚੋਂ ਕੱਢ ਕੇ ਬਾਹਰਲੀ ਦੀਵਾਰ ਦੀ ਹਿਫ਼ਾਜ਼ਤ ਕਰਦੀ ਗਾਰਦ ਵਿਚ ਸ਼ਾਮਲ ਕਰ ਦਿੱਤਾ ਗਿਆ ਸੀ। ਨਾ ਕਿਸੇ ਕੈਦੀ ਨਾਲ ਵਾਹ ਪਏਗਾ ਨਾ ਸ਼ਿਕਾਇਤ ਹੋਏਗੀ।
ਬੈਜ ਨਾਥ ਜੇਲ੍ਹ ਕਰਮਚਾਰੀਆਂ ਦੀ ਯੂਨੀਅਨ ਦਾ ਸਰਗਰਮ ਮੈਂਬਰ ਸੀ। ਬੈਜ ਨਾਥ ਨੂੰ ਬਦਲਣ ਦੀ ਥਾਂ ਸੀਤਲ ਦੀ ਬੈਰਕ ਬਦਲ ਦਿੱਤੀ ਗਈ। ਤਰਕ ਵਜ਼ਨਦਾਰ ਦਿੱਤਾ ਗਿਆ, “ਹਵਾਲਾਤੀ ਅੱਲ੍ਹੜ ਉਮਰ ਹੈ। ਜੁਰਮ ਵੀ ਇਸ਼ਕ-ਮੁਸ਼ਕ ਵਾਲਾ ਕੀਤਾ ਹੈ। ਧੱਗੜਾਂ ਦੀ ਬੈਠਕ ਵਿਚ ਜ਼ਿਆਦਾ ਮੁਲਜ਼ਮ ਪੇਸ਼ੇਵਾਰ ਕਿਸਮ ਦੇ ਹਨ। ਉਹਨਾਂ ਵਿਚ ਰਹਿ ਕੇ ਨੌਜਵਾਨ ਦੇ ਵਿਗੜਨ ਦੀ ਵੱਧ ਸੰਭਾਵਨਾ ਹੈ। ਉਹ ਪਾੜ੍ਹਾ ਹੈ ਅਤੇ ਇਮਤਿਹਾਨ ਦੀ ਤਿਆਰੀ ਕਰ ਰਿਹਾ ਹੈ। ਧੱਕੜਾਂ ਦੀ ਬੈਰਕ ਵਿਚ ਸ਼ੋਰ-ਸ਼ਰਾਬਾ ਅਤੇ ਲੜਾਈ-ਝਗੜਾ ਹੁੰਦਾ ਰਹਿੰਦਾ ਹੈ। ਪੜ੍ਹਨ ਵਾਲੇ ਨੂੰ ਉਹ ਨਫ਼ਰਤ ਕਰਦੇ ਹਨ। ਕਿਤਾਬਾਂ ਖੋਹ ਕੇ ਗਟਰ ਵਿਚ ਸੁੱਟ ਦਿੰਦੇ ਹਨ। ਸੁਧਰਨ ਅਤੇ ਪੜ੍ਹਾਈ ਦਾ ਮੌਕਾ ਦੇਣ ਲਈ ਉਸ ਨੂੰ ਬਹਾਦਰਾਂ ਦੀ ਬੈਰਕ ਵਿਚ ਭੇਜਿਆ ਜਾਂਦਾ ਹੈ।”
ਬੈਜ ਨਾਥ ਨੂੰ ਸੀਤਲ ਦੀ ਬੈਰਕ ਬਦਲਣ ’ਤੇ ਕੋਈ ਇਤਰਾਜ਼ ਨਹੀਂ ਸੀ। ਉਸ ਦੀ ਹਿੱਕ ’ਤੇ ਸੱਪ ਉਸ ਸਮੇਂ ਲਿਟਣ ਲੱਗਾ ਜਦੋਂ ਬਹਾਦਰਾਂ ਦੀ ਬੈਰਕ ਦੇ ਸਹਾਇਕ ਦਰੋਗ਼ੇ ਰਾਹੀਂ ਸੀਤਲ ਦਾ ਫ਼ਾਰਮ ਮੰਗਵਾਇਆ ਗਿਆ ਅਤੇ ਫਿਰ ਵਿਸ਼ੇਸ਼ ਦੂਤ ਰਾਹੀਂ ਯੂਨੀਵਰਟਿ ਭੇਜਿਆ ਗਿਆ।
ਬੈਜ ਨਾਥ ਬੇਇੱਜ਼ਤੀ ਮਹਿਸੂਸ ਕਰ ਰਿਹਾ ਸੀ। ਉਸ ਨੂੰ ਆਪਣੀ ਬੈਰਕ ਵਿਚ ਜਾਂਦੇ ਨੂੰ ਸ਼ਰਮ ਆਉਂਦੀ ਸੀ। ਕੈਦੀ ਉਸਨੂੰ ਡੋ-ਡੋ ਕਰ ਰਹੇ ਸਨ। ਉਸ ਦਾ ਆਪਣੇ ਕੈਦੀਆਂ ਉਪਰੋਂ ਰੋਹਬ ਚੁੱਕਿਆ ਗਿਆ ਸੀ।
ਕੁਝ ਕਰਮਚਾਰੀਆਂ ਦੇ ਕੰਨ ਖਿੱਚੇ ਜਾ ਚੁੱਕੇ ਸਨ। ਬਾਕੀਆਂ ਨੂੰ ਖਿੱਚਦੇ ਨਜ਼ਰ ਆ ਰਹੇਸਨ।
ਮੁਲਾਜ਼ਮਾਂ ਵਿਚ ਦਿਨੋ-ਦਿਨ ਰੋਸ ਵਧਦਾ ਜਾ ਰਿਹਾ ਸੀ। ਡਰੇ-ਸਹਿਮੇ ਕਰਮਚਾਰੀ ਜਿਥੇ ਮਿਲਦੇ, ਇਸੇ ਧੱਕੜਸ਼ਾਹੀ ਦੇ ਚਰਚੇ ਛੇੜ ਕੇ ਬੈਠ ਜਾਂਦੇ।
ਮੁਲਾਜ਼ਮਾਂ ਨੂੰ ਹਾਕਮ ਨਾਲੋਂ ਵੱਧ ਗਿਲਾ ਆਪਣੇ ਅਫ਼ਸਰ ਉਪਰ ਸੀ। ਉਹ ਜੇ ਕਲਰਕਾਂ ਜਾਂ ਵਾਰਡਰਾਂ ਪਿੱਛੇ ਨਹੀਂ ਲੱਗਦਾ, ਨਾ ਲੱਗੇ। ਸਹਾਇਕ ਦਰੋਗ਼ਿਆਂ ਅਤੇ ਡਿਪਟੀਆਂ ਦੀ ਮੰਨਦਾ ਤਾਂ ਮੰਨੇ। ਮੰਨ ਕਿਸ ਦੀ ਰਿਹਾ ਹੈ? ਇਕ ਕੈਦੀ ਦੀ। ਹਾਕਮ ਸਿੰਘ ਇਕ ਵਕੀਲ ਹੈ ਤਾਂ ਪਿਆ ਹੋਵੇ। ਉਸ ਨੇ ਜੇਲ੍ਹ ਸੁਧਾਰਾਂ ਬਾਰੇ ਜੇ ਕੁਝ ਕਿਤਾਬਾਂ ਪੜ੍ਹੀਆਂ ਹਨ, ਪੜ੍ਹੀਆਂ ਹੋਣ। ਇਸ ਸਮੇਂ ਉਹ ਕੈਦੀ ਹੈ। ਉਸ ਨਾਲ ਕੈਦੀਆਂ ਵਾਲਾ ਸਲੂਕ ਹੋਣਾ ਚਾਹੀਦਾ ਹੈ। ਅਫ਼ਸਰ ਬਣਾ ਕੇ ਮੁਲਾਜ਼ਮਾਂ ਦੇ ਸਿਰਾਂ ਉਪਰ ਬਿਠਾਉਣਾ ਉਹਨਾਂ ਨੂੰ ਮਨਜ਼ੂਰ ਨਹੀਂ।
ਹਾਕਮ ਸਿੰਘ ਨੇ ਨੇਤਾਵਾਂ ਦੇ ਭਾਸ਼ਣ ਸੁਣੇ ਹੋਣਗੇ। ਉਹਨਾਂ ਪਿੱਛੇ ਲੱਗ ਕੇ ਉਹ ਅਜੀਬ- ਅਜੀਬ ਮੰਗਾਂ ਰੱਖ ਰਿਹਾ ਹੈ। ਕਹਿੰਦਾ ਹੈ, “ਕੈਦੀਆਂ ਦੀ ਸਿੱਖਿਆ ਅਤੇ ਮਨੋਰੰਜਨ ਦਾ ਪ੍ਰਬੰਧ ਕਰੋ। ਵਧੀਆ ਸਿਹਤ ਸਹੂਲਤਾਂ ਦੇਵੋ। ਹਰ ਕੈਦੀ ਨੂੰ ਘਰ ਨਾਲ ਸੰਬੰਧ ਰੱਖਣ ਲਈ ਹਰ ਹਫ਼ਤੇ ਇਕ ਲਿਫ਼ਾਫ਼ਾ ਦਿਉ। ਬੀੜੀ-ਸਿਗਰਟ ਦਿਓ। ਮਾਲਸ਼ ਲਈ ਸਰੋ੍ਹਂ ਦਾ ਤੇਲ ਦਿਉ। ਕੱਪੜੇ ਧੋਣ ਲਈ ਸਾਬਣ ਦੇਵੋ। ਪਰਨੇ, ਚੁੰਨੀਆਂ ਅਤੇ ਅੰਡਰਵੀਅਰ ਦੇਵੋ। ਕਹਿੰਦਾ ਹੈ ਜੇਲ੍ਹ ਮੈਨੂਅਲ ਅਨੁਸਾਰ ਇਹ ਸਭ ਕੁਝ ਲੈਣਾ ਕੈਦੀਆਂ ਦਾ ਹੱਕ ਹੈ।”
ਹਾਕਮ ਸਿੰਘ ਨੂੰ ਪਤਾ ਨਹੀਂ ਪਰ ਜੇਲ੍ਹ ਅਧਿਕਾਰੀਆਂ ਨੂੰ ਤਾਂ ਪਤਾ ਹੈ ਕਿ ਨੇਤਾਵਾਂ ਨੂੰ ਝੂਠੇ ਵਾਅਦੇ ਕਰਨ ਦੀ ਆਦਤ ਹੈ। ਜਦੋਂ ਭਾਸ਼ਨ ਦੇਣ ਲੱਗਦੇ ਹਨ ਤਾਂ ਬਿਨਾਂ ਸੋਚੇ-ਸਮਝੇ ਵਾਅਦੇ ਕਰਦੇ ਜਾਂਦੇ ਹਨ। ਲੋਕ ਉਹਨਾਂ ਵਾਅਦਿਆਂ ਅਨੁਸਾਰ ਸਹੂਲਤਾਂ ਦੀ ਝਾਕ ਕਰਨ ਲੱਗਦੇ ਹਨ। ਜੇਲ੍ਹ ਵਿਭਾਗ ਉਹ ਸਹੂਲਤਾਂ ਦੇਣ ਲਈ ਜਦੋਂ ਪੈਸੇ ਦੀ ਮੰਗ ਕਰਦਾ ਹੈ ਤਾਂ ਖ਼ਾਲੀ ਠੂਠਾ ਦਿਖਾ ਕੇ ਕਹਿ ਦਿੰਦੇ ਹਨ, “ਬਜਟ ਵਾਧੂ ਖ਼ਰਚੇ ਦੀ ਇਜਾਜ਼ਤ ਨਹੀਂ ਦਿੰਦਾ।”
ਜੇਲ੍ਹ ਕਰਮਚਾਰੀਆਂ ਨੂੰ ਕੱਛੇ-ਪਰਨੇ ਵੰਡਣ ਵਿਚ ਕੀ ਇਤਰਾਜ਼ ਹੈ? ਪਰ ਇਹ ਸਾਮਾਨ ਸਟੋਰ ਵਿਚ ਹੋਵੇ ਤਾਂ ਸਹੀ। ਜੇਲ੍ਹ ਮੈਨੂਅਲ ਕਦੇ ਉਹਨਾਂ ਪੜ੍ਹਿਆ ਹੀ ਨਹੀਂ। ਆਪਣੀ ਵੀਹ-ਵੀਹ ਸਾਲ ਦੀ ਨੌਕਰੀ ਦੇ ਤਜਰਬੇ ਦੇ ਆਧਾਰ ’ਤੇ ਉਹ ਕਹਿ ਸਕਦੇ ਹਨ ਕਿ ਇਹ ਸਾਮਾਨ ਕਦੇ ਸਟੋਰ ਵਿਚ ਆਇਆ ਹੀ ਨਹੀਂ। ਹੋ ਸਕਦਾ ਹੈ ਕਾਗ਼ਜ਼ੀਂ-ਪੱਤਰੀਂ ਆਉਂਦਾ ਹੋਵੇ ਅਤੇ ਉਪਰ ਹੀ ਖਾਧਾ-ਪੀਤਾ ਜਾਂਦਾ ਹੋਵੇ। ਬਾਕੀ ਸਮਾਨ ਨਾਲ ਵੀ ਇੰਜ ਹੀ ਵਾਪਰਦਾ ਹੈ। ਅੱਧਾ ਸਾਮਾਨ ਉਪਰਲੇ ਰੱਖ ਲੈਂਦੇ ਹਨ। ਡਰਾ-ਧਮਕਾ ਕੇ ਰਸੀਦਾਂ ’ਤੇ ਦਸਤਖ਼ਤ ਕਰਵਾ ਲੈਂਦੇ ਹਨ। ਜੋ ਅੱਧ-ਪਚੱਧ ਆਉਂਦਾ ਹੈ, ਉਹ ਹੇਠਲੇ ਅਫ਼ਸਰਾਂ ਦੇ ਘਰੀਂ ਚਲਿਆ ਜਾਂਦਾ ਹੈ। ਮੁਲਾਜ਼ਮਾਂ ਦੇ ਹਿੱਸੇ ਖ਼ਾਲੀ ਬੋਰੀਆਂ ਆਉਂਦੀਆਂ ਹਨ, ਕੈਦੀਆਂ ਹਿੱਸੇ ਭੁੱਖ ਨੰਗ।
ਪਿਛਲੇ ਸਾਲ ਕੈਦੀਆਂ ਦੀਆਂ ਫ਼ਲੱਸ਼-ਟੱਟੀਆਂ ਦੀ ਮੁਰੰਮਤ ਲਈ ਸਰਕਾਰ ਨੇ ਰੋ-ਪਿੱਟ ਕੇ ਮਸਾਂ ਦੋ ਲੱਖ ਰੁਪਿਆ ਮਨਜ਼ੂਰ ਕੀਤਾ ਸੀ। ਜੇਲ੍ਹ ਸੁਪਰਡੈਂਟ ਕਹਿੰਦਾ ਸੀ, ਉਸ ਦੀ ਕੋਠੀ ਦੇ ਡਰਾਇੰਗ ਰੂਮ ਦੀ ਸਜਾਵਟ ਵਿਗੜੀ ਪਈ ਹੈ, ਇਹ ਪੈਸਾ ਉਸ ਨੇ ਉਥੇ ਵਰਤਣਾ ਹੈ। ਡਿਪਟੀ ਕਹਿੰਦੇ ਸਨ ਕਿ ਉਹਨਾਂ ਦੀਆਂ ਰਸੋਈਆਂ ਦਾ ਭੈੜਾ ਹਾਲ ਹੈ। ਉਹਨਾਂ ਦੀਆਂ ਬੀਵੀਆਂ ਖ਼ੁਸ਼ ਕਰੋ। ਮੀਂਹਾਂ ਵਿਚ ਮੁਲਾਜ਼ਮਾਂ ਦੇ ਕੁਆਰਟਰ ਚੋਣ ਲੱਗਦੇ ਹਨ। ਉਹ ਕਹਿੰਦੇ ਹਨ, ਛੱਤਾਂ ਉਪਰ ਮਿੱਟੀ ਪੁਵਾਓ। ਇਸ ਖਿੱਚੋਤਾਣ ਵਿਚ ਇਕ ਮਹੀਨਾ ਲੰਘ ਗਿਆ। ਉਹ ਬਿੱਲੀਆਂ ਵਾਂਗ ਲੜਦੇ ਹੀ ਰਹਿ ਗਏ। ਪੈਸਾ ਆਈ.ਜੀ. ਸਾਹਿਬ ਨੇ ਉਪਰ ਮੰਗਵਾ ਲਿਆ। ਕਹਿੰਦੇ, “ਮੰਤਰੀ ਜੀ ਦੇ ਬਾਥਰੂਮ ਦੀ ਮੁਰੰਮਤ ਸਭ ਤੋਂ ਜ਼ਰੂਰੀ ਹੈ।”
ਇਹਨਾਂ ਪੈਸਿਆਂ ਵਾਂਗ ਬੀੜੀਆਂ ਸਿਗਰਟਾਂ ਅਤੇ ਚੁੰਨੀਆਂ ਸ਼ਮੀਜ਼ਾਂ ਲਈ ਆਉਂਦੇ ਪੈਸੇ ਕਿਸੇ ਹੋਰ ਭਲੇ ਕੰਮ ਲਈ ਵਰਤ ਲਏ ਜਾਂਦੇ ਹੋਣ, ਇਸ ਬਾਰੇ ਮੁਲਾਜ਼ਮ ਕੁਝ ਨਹੀਂ ਜਾਣਦੇ।
ਹਾਕਮ ਪੜ੍ਹਿਆ-ਲਿਖਿਆ ਜ਼ਰੂਰ ਹੈ, ਪਰ ਤਜਰਬੇ ਦੀ ਬਹੁਤ ਘਾਟ ਹੈ। ਉਹ ਨੇਤਾਵਾਂ ਦੇ ਭਾਸ਼ਣਾਂ ਦਾ ਹਵਾਲਾ ਦੇ-ਦੇ ਕੈਦੀਆਂ ਲਈ ਸਹੂਲਤਾਂ ਦੀ ਮੰਗ ਕਰਦਾ ਹੈ। ਉਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਾਸ਼ਣ ਕੇਵਲ ਤਾੜੀਆਂ ਦੀ ਮਿੱਠੀ ਗੜਗੜਾਹਟ ਅਤੇ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣਨ ਲਈ ਦਿੱਤੇ ਜਾਂਦੇ ਹਨ, ਲਾਗੂ ਕਰਨ ਲਈ ਨਹੀਂ।
ਪਿਛਲੇ ਸਾਲ ਜੇਲ੍ਹ ਦਾ ਚੱਕਰ ਕੱਟਣ ਆਇਆ ਜੇਲ੍ਹ ਮੰਤਰੀ ਛੁਰਲੀ ਛੱਡ ਗਿਆ। ਕਹਿੰਦਾ ਸੀ, “ਅਗਲੇ ਸਾਲ ਤੋਂ ਜੇਲ੍ਹਾਂ ਵਿਚ ਖੇਡਾਂ ਕਰਾਈਆਂ ਜਾਇਆ ਕਰਨਗੀਆਂ। ਇਸ ਯੋਜਨਾ ਲਈ ਸਰਕਾਰ ਵੀਹ ਲੱਖ ਰੁਪਏ ਦਾ ਪ੍ਰਬੰਧ ਕਰੇਗੀ। ਖੇਡਾਂ ਦੇ ਸਾਮਾਨ ਦੇ ਨਾਲ-ਨਾਲ ਕੋਚ ਭੇਜੇ ਜਾਣਗੇ। ਕੈਦੀਆਂ ਵਿਚੋਂ ਹਾਕੀ, ਕਬੱਡੀ ਅਤੇ ਫੁੱਟਬਾਲ ਦੀਆ ਟੀਮਾਂ ਤਿਆਰ ਕੀਤੀਆਂ ਜਾਣਗੀਆਂ। ਹਰ ਸਾਲ ਟੂਰਨਾਮੈਂਟ ਹੋਇਆ ਕਰੇਗਾ। ਜੇਤੂ ਟੀਮਾਂ ਦੇ ਮੈਂਬਰਾਂ ਨੂੰ ਭਾਰੀ ਮੁਆਫ਼ੀ ਦਿੱਤੀ ਜਾਇਆ ਕਰੇਗੀ।”
ਫੇਰ ਆਜ਼ਾਦੀ ਦਿਵਸ ’ਤੇ ਝੰਡਾ ਲਹਿਰਾਉਣ ਆਇਆ ਮੁੱਖ ਮੰਤਰੀ ਐਲਾਨ ਕਰ ਗਿਆ, “ਕੈਦੀਆਂ ਨੂੰ ਚੰਗੇ ਸ਼ਹਿਰੀ ਬਣਾਉਣ ਲਈ ਉਹਨਾਂ ਨੂੰ ਜੇਲ੍ਹ ਵਿਚ ਉੱਚ ਸਿੱਖਿਆ ਦੇਣ ਦਾ ਪ੍ਰਬੰਧ ਕੀਤਾ ਜਾਏਗਾ। ਅਗਲੇ ਅਕਾਦਮਿਕ ਵਰ੍ਹੇ ਤੋਂ ਜੇਲ੍ਹਾਂ ਵਿਚ ਸਕੂਲ ਖੋਲ੍ਹੇ ਜਾਣਗੇ। ਕੈਦੀਆਂ ਨੂੰ ਪੈਰਾਂ ਸਿਰ ਖੜੇ ਕਰਨ ਲਈ ਕਿੱਤਾ ਸਿਖਲਾਈ ਕੋਰਸ ਸ਼ੁਰੂ ਕੀਤੇ ਜਾਣਗੇ। ਕਿਤਾਬਾਂ ਕਾਪੀਆਂ ਇਸੇ ਮਹੀਨੇ ਪੁੱਜ ਜਾਣਗੀਆਂ। ਅਧਿਆਪਕ ਬਦਲੀਆਂ ਸਮੇਂ ਆ ਜਾਣਗੇ।”
ਮੱਖ ਮੰਤਰੀ ਦੀ ਝੋਲੀ ਚੁੱਕਣ ਆਇਆ ਸਿਹਤ ਮੰਤਰੀ ਵੀ ਪਿੱਛੇ ਨਾ ਰਿਹਾ। ਕਹਿੰਦਾ ਹੈ, “ਜੇਲ੍ਹ ਹਸਪਤਾਲ ਨੂੰ ਅਪਗਰੇਡ ਕੀਤਾ ਜਾਏਗਾ। ਵੀਹ ਦੀ ਥਾਂ ਪੰਜਾਹ ਬਿਸਤਰਿਆਂ ਦਾ ਪ੍ਰਬੰਧ ਕੀਤਾ ਜਾਵੇਗਾ। ਤਿੰਨ ਹੋਰ ਮਾਹਿਰ ਡਾਕਟਰ ਭੇਜੇ ਜਾਣਗੇ। ਦਵਾਈਆਂ ਦਾ ਬਜਟ ਵਧਾਇਆ ਜਾਏਗਾ। ਨਵੇਂ ਔਜ਼ਾਰ ਭੇਜੇ ਜਾਣਗੇ।”
ਸਭ ਨੂੰ ਪਤਾ ਹੈ, ਰਾਜਧਾਨੀ ਪੁੱਜਦੇ ਹੀ ਮੰਤਰੀਆਂ ਨੂੰ ਇਹ ਵਾਅਦੇ ਭੁੱਲ ਜਾਣਗੇ। ਕੁਝ ਭੋਲੇ ਕੈਦੀ ਅਤੇ ਕੁਝ ਸਿਰ-ਫਿਰੇ ਸਮਾਜ ਸੇਵਕ ਹੀ ਉਹਨਾਂ ਨੂੰ ਯਾਦ ਰੱਖਣਗੇ। ਮੰਤਰੀਆਂ ਤਕ ਕੈਦੀ ਪਹੁੰਚ ਨਹੀਂ ਸਕਦੇ। ਆਥਣ-ਉੱਗਣ ਉਹ ਜੇਲ੍ਹ ਕਰਮਚਾਰੀਆਂ ਦੇ ਕੰਨ ਹੀ ਖਾਂਦੇ ਸਨ। ‘ਖੇਡਾਂ ਦਾ ਪ੍ਰਬੰਧ ਕਰੋ। ਪੜ੍ਹਾਈ ਦਾ ਪ੍ਰਬੰਧ ਕਰੋ’ ਦੀ ਰਟ ਲਾਈ ਰੱਖਦੇ ਸੀ।
ਹਾਕਮ ਸਿੰਘ ਉਹਨਾਂ ਸੁਪਨਬਾਜ਼ਾਂ ਵਿਚੋਂ ਇਕ ਜਾਪਦਾ ਹੈ।
ਉਹਨਾਂ ਦਾ ਅਫ਼ਸਰ ਵੀ ਘੱਟ ਸੁਪਨੇ ਨਹੀਂ ਲੈਂਦਾ। ਉਹ ਪੱਥਰ-ਦਿਲ, ਪੇਸ਼ੇਵਰ ਮੁਜਰਮਾਂ ਨੂੰ ਦਿਨਾਂ ਵਿਚ ਮੋਮ ਬਣਾਉਣ ਦੇ ਸੁਪਨੇ ਦੇਖਦਾ ਰਹਿੰਦਾ ਹੈ।
ਇਸ ਵਿਚ ਕਸੂਰ ਅਫ਼ਸਰ ਦਾ ਘੱਟ, ਸਰਕਾਰ ਦਾ ਵੱਧ ਹੈ। ਇਹ ਰਗੜੇ ਖਾ ਕੇ ਅਫ਼ਸਰ ਨਹੀਂ ਬਣਿਆ, ਸਿੱਧਾ ਸੁਪਰਡੈਂਟ ਭਰਤੀ ਹੋਇਆ ਹੈ। ਇਸੇ ਲਈ ਤਜਰਬੇ ਦੀ ਘਾਟ ਹੈ।
ਜੇਲ੍ਹ ਸੁਪਰਡੈਂਟ ਰਣਜੋਧ ਸਿੰਘ ਕਿਸੇ ਮੰਤਰੀ ਦਾ ਭਾਣਜਾ ਹੈ। ਭਰਤੀ ਤਹਿਸੀਲਦਾਰ ਹੋਣ ਗਿਆ ਸੀ। ਉਹ ਆਸਾਮੀ ਖ਼ਾਲੀ ਨਹੀਂ ਸੀ। ਮੰਤਰੀ ਨੇ ਆਪਣੇ ਅਹਿਲਕਾਰਾਂ ਤੋਂ ਪੱਛਿਆ। ਪਤਾ ਲੱਗਾ, ਜੇਲ੍ਹ ਸੁਪਰਡੈਂਟ ਭਰਤੀ ਹੋਇਆ ਜਾ ਸਕਦਾ ਹੈ। ਮੰਤਰੀ ਦੀਆਂ ਬਾਛਾਂ ਖਿੜ ਗਈਆਂ। ਭੰਨ-ਤੋੜ ਕਰ ਕੇ ਉਸ ਨੇ ਰਣਜੋਧ ਸਿੰਘ ਨੂੰ ਸੁਪਰਡੈਂਟ ਭਰਤੀ ਕਰਵਾ ਦਿੱਤਾ। ਰਣਜੋਧ ਸਿੰਘ ਜੇਲ੍ਹ ਦੀ ਨੌਕਰੀ ਤੋਂ ਡਰਦਾ ਸੀ। ਉਹ ਨਰਮ ਤਬੀਅਤ ਦਾ ਬੰਦਾ ਹੈ। ਚੋਰਾਂ-ਠੱਗਾਂ ਨਾਲ ਨਹੀਂ ਨਜਿੱਠ ਸਕਦਾ। ਮੰਤਰੀ ਨੇ ਇਕ ਨਾ ਸੁਣੀ। ਮੰਤਰੀ ਕਈ ਵਾਰ ਜੇਲ੍ਹ ਜਾ ਚੁੱਕਾ ਸੀ। ਉਸ ਨੇ ਜੇਲ੍ਹ ਸੁਪਰਡੈਂਟਾਂ ਦੀ ਬਾਦਸ਼ਾਹਤ ਦੇਖੀ ਸੀ। ਸਮਝਾ-ਬੁਝਾ ਕੇ ਉਹ ਉਸ ਨੂੰ ਇਥੇ ਛੱਡ ਗਿਆ। ਜੇ ਰਣਜੋਧ ਸਿੰਘ ਕਲਰਕ ਜਾਂ ਵਾਰਡਰ ਤੋਂ ਤਰੱਕੀ ਕਰ ਕੇ ਅਫ਼ਸਰ ਬਣਿਆ ਹੁੰਦਾ ਤਾਂ ਉਹਨਾਂ ’ਤੇ ਏਨੀ ਸਖ਼ਤੀ ਨਾ ਕਰਦਾ। ਪੰਜ-ਦਸ ਰੁਪਏ ਲੈਣ ਨੂੰ ਰਿਸ਼ਵਤ ਨਾ ਸਮਝਦਾ।
ਅਫ਼ਸਰ ਨੂੰ ਪਤਾ ਹੈ ਵਾਰਡਰ ਦੀ ਤਨਖ਼ਾਹ ਚਾਰ ਸਾਢੇ ਚਾਰ ਹਜ਼ਾਰ ਰੁਪਏ ਮਹੀਨਾ ਹੈ। ਕੁਝ ਸਾਲ ਪਹਿਲਾਂ ਉਹ ਚੌਥਾ ਦਰਜਾ ਕਰਮਚਾਰੀ ਹੋਇਆ ਕਰਦੇ ਸਨ। ਤਨਖ਼ਾਹ ਕਮਿਸ਼ਨ ਨੇ ਰਹਿਮ ਕਰ ਕੇ ਉਹਨਾਂ ਦਾ ਰੁਤਬਾ ਵਧਾ ਦਿੱਤਾ। ਮਹਿੰਗਾਈ ਦੇ ਇਹਨਾਂ ਦਿਨਾਂ ਵਿਚ ਇੰਨੀ ਰਕਮ ਦੁੱਧ, ਕਰਿਆਨਾ, ਬਿਜਲੀ ਅਤੇ ਫ਼ੀਸਾਂ ਉਤਾਰਦੇ ਮੁੱਕ ਜਾਂਦੀ ਹੈ। ਬਾਕੀ ਖ਼ਰਚਾ ਜੇ ਵਾਰਡਰ ਉਪਰੋਂ ਨਹੀਂ ਚਲਾਏਗਾ ਤਾਂ ਭੁੱਖਾ ਨਹੀਂ ਮਰੇਗਾ। ਉਹ ਰਣਜੋਧ ਸਿੰਘ ਵਾਂਗ ਸਰਦਾਰਾਂ ਦੇ ਕਾਕੇ ਨਹੀਂ ਹਨ। ਕਿਸੇ ਮੁਲਾਜ਼ਮ ਦਾ ਬਾਪ ਸੀਰੀ ਹੈ, ਕਿਸੇ ਦਾ ਰਿਹੜਾ ਵਾਹੁੰਦਾ ਹੈ, ਕਿਸੇ ਦਾ ਜੁੱਤੀਆਂ ਗੰਢਦਾ ਹੈ। ਕਿਸੇ ਦੀ ਭੈਣ ਵਿਧਵਾ ਹੈ, ਕਿਸੇ ਦੇ ਘਰ ਵਿਆਹੁਣ ਵਾਲੀਆਂ ਤਿੰਨ ਭੈਣਾਂ ਬੈਠੀਆਂ ਹਨ। ਵਾਰਡਰਾਂ ਨੇ ਆਪਣੀ ਕਬੀਲਦਾਰੀ ਇਥੋਂ ਹੀ ਚਲਾਉਣੀ ਹੈ। ਉਹ ਵੀ ਦਸੀ-ਬੀਸੀ ਲੈ ਕੇ। ਅਫ਼ਸਰਾਂ ਵਾਂਗ ਉਹ ਸਾਰਾ ਗੁਦਾਮ ਨਹੀਂ ਡਕਾਰ ਸਕਦੇ।
ਮੁਲਾਜ਼ਮਾਂ ਨੂੰ ਗਿਲਾ ਹੈ ਕਿ ਹੁਣ ਉਸੇ ਪੰਜੀ-ਦਸੀ ਬਾਰੇ ਰੌਲਾ ਪਾਇਆ ਜਾ ਰਿਹਾ ਹੈ। ਕਰਮਚਾਰੀ ਆਪਣਾ ਪੱਖ ਪੇਸ਼ ਕਰਨਾ ਚਾਹੁੰਦੇ ਹਨ। ਉਹਨਾਂ ਨੂੰ ਅਫ਼ਸੋਸ ਹੈ। ਅਫ਼ਸਰ ਕੋਲ ਕੈਦੀ ਦੀਆਂ ਚੁਗ਼ਲੀਆਂ ਸੁਣਨ ਦਾ ਵਕਤ ਤਾਂ ਹੈ, ਆਪਣੇ ਮਾਤਹਿਤਾਂ ਦੀਆਂ ਤਕਲੀਫ਼ਾਂ ਸੁਣਨ ਦਾ ਨਹੀਂ।
ਹਾਕਮ ਦੇ ਜੇਲ੍ਹ ਆਉਣ ਤਕ ਜੇਲ੍ਹ ਪ੍ਰਬੰਧ ਆਪਣੀ ਹਾਥੀ ਦੀ ਮਸਤ ਚਾਲ ਵਾਂਗ ਚੱਲ ਰਿਹਾ ਸੀ। ਕੁਝ ਕੈਦੀ ਰਿਹਾਅ ਕਰਾਉਣ ਬਾਅਦ ਜੇਲ੍ਹ ਸੁਪਰਡੈਂਟ ਨੇ ਉਸ ਨੂੰ ਜ਼ਿਆਦਾ ਹੀ ਸਿਰ ਚੜ੍ਹਾ ਲਿਆ ਹੈ।
ਹਾਕਮ ਸਿੰਘ ਕੈਦੀਆਂ ਨੂੰ ਭਾਸ਼ਣ ਦੇਵੇ, ਇਸ ’ਤੇ ਜੇਲ੍ਹ ਕਰਮਚਾਰੀਆਂ ਨੂੰ ਕੋਈ ਇਤਰਾਜ਼ ਨਹੀਂ ਸੀ।
ਹੁਣ ਵਾਰਡਰਾਂ ਨੂੰ ਉਸ ਦੇ ਅਕਾਊ ਭਾਸ਼ਣ ਸੁਣਨ ਲਈ ਮਜਬੂਰ ਕੀਤਾ ਜਾ ਰਿਹਾ ਹੈ।
ਹਾਕਮ ਵਾਰਡਰਾਂ ਨੂੰ ਅਜੀਬ-ਅਜੀਬ ਨਸੀਹਤਾਂ ਦਿੰਦਾ ਹੈ। ਕਹਿੰਦਾ ਹੈ, “ਵਾਰਡਰਾਂ ਦੇ ਮੋਢਿਆਂ ’ਤੇ ਵਕਤ ਦੇ ਮਾਰੇ ਕੈਦੀਆਂ ਨੂੰ ਚੰਗੇ ਸ਼ਹਿਰੀ ਬਣਾਉਣ ਦੀ ਅਹਿਮ ਜ਼ਿੰਮੇਵਾਰੀ ਹੈ। ਹਰ ਦੋਸ਼ੀ ਭੈੜਾ ਨਹੀਂ ਹੁੰਦਾ। ਪ੍ਰਸਥਿਤੀਆਂ ਉਸ ਨੂੰ ਭੈੜਾ ਬਣਾਉਂਦੀਆਂ ਹਨ। ਬਹੁਤੇ ਕੈਦੀਆਂ ਵਿਚ ਸੁਧਰ ਜਾਣ ਦੀ ਸੰਭਾਵਨਾ ਹੁੰਦੀ ਹੈ। ਜੇਲ੍ਹ ਮੁਲਾਜ਼ਮਾਂ ਨੇ ਕੈਦੀਆਂ ਨਾਲ ਪਿਆਰ ਅਤੇ ਹਮਦਰਦੀ ਨਾਲ ਪੇਸ਼ ਆ ਕੇ ਉਹਨਾਂ ਸੰਭਾਵਨਾਵਾਂ ਨੂੰ ਉਜਾਗਰ ਕਰਨਾ ਹੈ। ਮੁਜਰਮਾਂ ਦੀਆਂ ਸਰੀਰਕ, ਮਾਨਸਿਕ ਅਤੇ ਸਮਾਜਿਕ ਸਮੱਸਿਆਵਾਂ ਨੂੰ ਸਮਝਣਾ ਹੈ। ਤੁਹਾਨੂੰ ਮਨੋਵਿਗਿਆਨ, ਸਰੀਰ ਵਿਗਿਆਨ ਅਤੇ ਤਣਾਓ ਵਿਗਿਆਨ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਇਸ ਬਾਰੇ ਮੁੱਢਲੀ ਜਾਣਕਾਰੀ ਤੁਹਾਨੂੰ ਮੈਂ ਦੇਵਾਂਗਾ। ਫੇਰ ਮਾਹਿਰ ਬੁਲਾਏ ਜਾਣਗੇ। ਤੁਹਾਨੂੰ ਜੇਲ੍ਹ ਨਿਯਮਾਂ ਅਤੇ ਜੇਲ੍ਹ ਮੈਨੂਅਲ ਬਾਰੇ ਪਤਾ ਹੋਣਾ ਚਾਹੀਦਾ ਹੈ।”
ਅਗਲੇ ਭਾਸ਼ਣਾਂ ਵਿਚ ਉਹ ਇਹੋ ਜਾਣਕਾਰੀ ਦੇਣ ਨੂੰ ਫਿਰਦਾ ਹੈ। ਮੁਲਾਜ਼ਮ ਆਪਣੇ ਅਫ਼ਸਰਾਂ ਨੂੰ ਦੱਸਣਾ ਚਾਹੁੰਦੇ ਹਨ, “ਨਾ ਅਸੀਂ ਬਹੁਤੇ ਪੜ੍ਹੇ-ਲਿਖੇ ਹਾਂ, ਨਾ ਬਹੁਤੇ ਦਿਮਾਗ਼ਾਂ ਵਾਲੇ। ਦਸਵੀਂ ਅਸੀਂ ਮਸਾਂ ਨਕਲਾਂ ਮਾਰ ਕੇ ਪਾਸ ਕੀਤੀ ਹੈ। ਨੌਕਰੀ ਛੋਲੇ ਦੇ ਕੇ ਜਾਂ ਕਿਸੇ ਰਿਸ਼ਤੇਦਾਰ ਦੇ ਪੈਰੀਂ ਪੈ ਕੇ ਲਈ ਹੈ। ਟ੍ਰੇਨਿੰਗ ਦੌਰਾਨ ਸਾਨੂੰ ਇਕ ਕੰਮ ਸਿਖਾਇਆ ਗਿਆ ਹੈ, ਡੰਡਾ ਚਲਾਉਣਾ। ਇਕੋ ਫ਼ਰਜ਼ ਯਾਦ ਕਰਾਇਆ ਜਾਂਦਾ ਹੈ, ਕੈਦੀ ਨੂੰ ਕਾਬੂ ਰੱਖਣਾ। ਸਖ਼ਤੀ ਨਾਲ ਕੈਦੀਆਂ ਨੂੰ ਕਾਬੂ ’ਚ ਰੱਖ ਕੇ ਅਸੀਂ ਆਪਣਾ ਫ਼ਰਜ਼ ਬਾਖ਼ੂਬੀ ਨਿਭਾ ਰਹੇ ਹਾਂ। ਕੈਦੀਆਂ ਦੇ ਮਨਾਂ ਜਾਂ ਕਾਨੂੰਨ ਨੂੰ ਸਮਝਣਾ ਸਾਡਾ ਫ਼ਰਜ਼ ਨਹੀਂ। ਇਸ ਬਾਰੇ ਅਫ਼ਸਰ ਜਾਣਨ।”
ਹਾਕਮ ਸਿੰਘ ਸਹੂਲਤਾਂ ਨਾਲ ਭਰਪੂਰ ਬੀ ਕਲਾਸ ਵਿਚ ਬੈਠਾ ਹੈ। ਇਸੇ ਲਈ ਕੈਦੀਆਂ ਦੇ ਸੁਧਰਨ ਦੀ ਗੱਲ ਕਰਦਾ ਹੈ। ਕਦੇ ਧੱਕੜਾਂ ਜਾਂ ਪੰਛੀਆਂ ਦੀ ਬੈਰਕ ਵਿਚ ਰਹਿ ਕੇ ਦੇਖੇ। ਫੇਰ ਆਪੇ ਆਖੇਗਾ, “ਹਰ ਮੁਲਜ਼ਮ ਦੇ ਸੁਧਰਨ ਦੀ ਸੰਭਾਵਨਾ ਨਹੀਂ ਹੁੰਦੀ। ਉਸ ਨੂੰ ਸਮਝ ਆਏਗੀ ਕਿ ਬਹੁਤੇ ਕੈਦੀ ਡੰਗਰਾਂ ਵਰਗੇ ਹੁੰਦੇ ਹਨ। ਉਹ ਜੁੱਤੀ ਦੀ ਭਾਸ਼ਾ ਸਮਝਦੇ ਹਨ। ਦਿਨ ਵਿਚ ਵਾਰਡਰਾਂ ਦਾ ਸੈਂਕੜੇ ਜੇਬ-ਕਤਰਿਆਂ ਅਤੇ ਚਾਕੂ-ਮਾਰਾਂ ਨਾਲ ਵਾਹ ਪੈਂਦਾ ਹੈ। ਜੇ ਕਰਮਚਾਰੀ ਉਸ ਨਾਲ ਨਰਮੀ ਨਾਲ ਵਰਤਣ ਲੱਗਣ ਤਾਂ ਉਹ ਉਹਨਾਂ ਨੂੰ ਕਮਜ਼ੋਰ ਅਤੇ ਬੁਜ਼ਦਿਲ ਸਮਝਣ ਲੱਗਣਗੇ। ਉਹਨਾਂ ਨੂੰ ਟਿੱਚਰਾਂ ਕਰਨਗੇ, ਉਹਨਾਂ ਦੀਆਂ ਚਿੜਾਂ ਭੰਨਾਉਣਗੇ। ਆਖਾ ਮੰਨਣੋਂ ਹਟ ਜਾਣਗੇ।
ਪੇਸ਼ੀ ਭੁਗਤਣ ਗਿਆ ਇਕ ਜੇਬ-ਕਤਰਾ ਆਣੇ ਵਕੀਲ ਦੀ ਜੇਬ ਕੱਟ ਲਿਆਇਆਸੀ।ਉਹ ਵਕੀਲ ਵੀ ਹਾਕਮ ਦੀ ਬਰਾਦਰੀ ਦਾ ਸੀ। ਮਾੜੇ-ਧੀੜਿਆਂ ਦੇ ਮੁਕੱਦਮੇ ਮੁਫ਼ਤ ਵਿਚਲੜਦਾਸੀ।
ਰਹਿਮ ਦੇ ਆਧਾਰ ’ਤੇ ਨੱਥੇ ਨੇ ਪਹਿਲਾਂ-ਪਹਿਲ ਕੁਝ ਕੈਦੀਆਂ ਨੂੰ ਉਧਾਰ ਦਿੱਤਾ ਸੀ। ਬਹੁਤੇ ਉਧਾਰ ਖਾ ਗਏ ਸਨ। ਇਕ ਕੈਦੀ ਨੇ ਉਧਾਰ ਮੋੜਨ ਦੀ ਥਾਂ ਉਸ ਦੀ ਸ਼ਿਕਾਇਤ ਕਰ ਦਿੱਤੀ ਅਤੇ ਅਖੇ ਨੱਥਾ ਉਧਾਰ ਦੇ ਬਹਾਨੇ ਰਿਸ਼ਵਤ ਮੰਗ ਰਿਹਾ ਹੈ। ਅਫ਼ਸਰ ਪੜਤਾਲ ਕਰਨ ਦੀ ਤਿਆਰੀ ਕਰਨ ਲੱਗੇ। ਨੱਥੇ ਨੇ ਹੋਰ ਪੈਸੇ ਦੇ ਕੇ ਮਸਾਂ ਖਹਿੜਾ ਛੁਡਾਇਆ। ਸੱਪਾਂ ਨੂੰ ਦੁੱਧ ਪਿਆਉਣ ਦਾ ਕੋਈ ਫ਼ਾਇਦਾ ਨਹੀਂ।
ਸੁਪਰੀਮ ਕੋਰਟ ਦੇ ਇਕ ਫ਼ੈਸਲੇ ਦਾ ਹਵਾਲਾ ਦੇ ਕੇ ਹਾਕਮ ਸਿੰਘ ਆਖਦਾ ਹੈ, “ਕੈਦੀਆਂ ਨੂੰ ਬੰਦੇ ਸਮਝਿਆ ਕਰੋ। ਉਹਨਾਂ ਨਾਲ ਹਮਦਰਦੀ ਨਾਲ ਪੇਸ਼ ਆਇਆ ਕਰੋ।”
ਏਅਰ ਕੰਡੀਸ਼ਨ ਕਮਰਿਆਂ ਵਿਚ ਬੈਠੇ ਜੱਜਾਂ ਨੂੰ ਕੀ ਪਤਾ ਹੈ ਕਿ ਵਾਰਡਰਾਂ ਨੂੰ ਕਿਹੋ ਜਿਹੇ ਦਰਿੰਦਿਆਂ ਨਾਲ ਨਜਿੱਠਣਾ ਪੈਂਦਾ ਹੈ।
ਸੁਪਰੀਮ ਕੋਰਟ ਦੇ ਅਜਿਹੇ ਇਕ ਫ਼ੈਸਲੇ ਨੂੰ ਲਾਗੂ ਕਰ ਕੇ ਬੈਜ ਨਾਥ ਦੀ ਘੀਸੀ ਹੋ ਗਈਸੀ।
ਹੁਕਮ ਸੀ, “ਹਵਾਲਾਤੀਆਂ ਨੂੰ ਡੰਗਰਾਂ ਵਾਂਗ ਸੰਗਲ ਪਾ ਕੇ ਅਦਾਲਤ ਵਿਚ ਨਾ ਲਿਜਾਇਆ ਜਾਵੇ। ਇਹ ਗ਼ੁਲਾਮ ਪ੍ਰਥਾ ਸਮੇਂ ਦੀ ਰਵਾਇਤ ਹੈ। ਇਸ ਨਾਲ ਦੋਸ਼ੀਆਂ ਦੇ ਸਵੈਮਾਨ ਨੂੰ ਸੱਟ ਵੱਜਦੀ ਹੈ। ਉਹਨਾਂ ਵਿਚ ਹੀਣ-ਭਾਵਨਾ ਜਾਗਦੀ ਹੈ।”
ਹੁਣ ਸੁਪਰੀਮ ਕੋਰਟ ਨੂੰ ਕੌਣ ਸਮਝਾਏ? ਸਾਰੇ ਕੈਦੀ ਉਹਨਾਂ ਸਾਹਮਣੇ ਪੇਸ਼ ਹੋਣ ਵਾਲੇ ਕੈਦੀਆਂ ਵਰਗੇ ਨਹੀਂ ਹੁੰਦੇ।
ਬੈਜ ਨਾਥ ਨੂੰ ਇਕ ਵਾਰੀ ਸੁਪਰੀਮ ਕੋਰਟ ਜਾਣ ਦਾ ਮੌਕਾ ਮਿਲਿਆ ਸੀ। ਜੱਜ ਦਾ ਕਮਰਾ ਮਹਾਰਾਜਾ ਪਟਿਆਲੇ ਦੇ ਮੋਤੀ ਮਹਿਲ ਦੇ ਦੀਵਾਨਖ਼ਾਨੇ ਵਾਂਗ ਸੱਜਿਆ ਹੋਇਆ ਸੀ। ਜੱਜ ਚਾਰ ਫ਼ੁੱਟ ਉੱਚੀ ਕੁਰਸੀ ’ਤੇ ਬੈਠਾ ਸੀ। ਉਸ ਦੀ ਕੁਰਸੀ ਤਖ਼ਤੇ-ਤਾਊਸ ਵਰਗੀ ਸੀ। ਲੰਬੇ-ਲੂੰਝੇ ਅੰਗਰੇਜ਼ਾਂ ਵਰਗੇ ਵਕੀਲ ਸਨ। ਕਟਹਿਰੇ ਵਿਚ ਮਿੱਠੋ ਬਾਜ਼ੀਗਰਨੀ ਜਾਂ ਕਾਲੂ ਬਦਮਾਸ਼ ਨਹੀਂ ਸਨ ਖੜੇ। ਟੈਕਸ ਚੋਰੀ ਕਰਨ ਵਾਲਾ ਕੋਈ ਅਰਬਪਤੀ ਕਾਰਖ਼ਾਨੇਦਾਰ ਸੀ ਅਤੇ ਕੋਈ ਕਰੋੜਾਂ ਦੀ ਰਿਸ਼ਵਤ ਲੈਣ ਵਾਲਾ ਸਾਬਕਾ ਮੰਤਰੀ। ਉਹਨਾਂ ਨੂੰ ਹੱਥਕੜੀ ਲਾਉਣ ਦੀ ਉਂਝ ਵੀ ਜ਼ਰੂਰਤ ਨਹੀਂ ਸੀ। ਸੌ ਬੀਮਾਰੀਆਂ ਦੇ ਖਾਧੇ ਅਤੇ ਕੁੱਪੇ ਵਰਗੇ ਢਿੱਡਾਂ ਨਾਲ ਉਹ ਭੱਜ ਨਹੀਂ ਸਕਦੇ। ਵੈਸੇ ਵੀ ਕਰੋੜਾਂ ਦੀਆਂ ਜਾਇਦਾਦਾਂ ਛੱਡ ਕੇ ਉਹ ਜਾਣਗੇ ਕਿਥੇ?
ਅਦਾਲਤ ਦੇ ਹੁਕਮ ਦੀ ਤਾਮੀਲ ਕਰਦਾ ਬੈਜ ਨਾਥ ਇਕ ਜੇਬ-ਕਤਰੇ ਦਾ ਹੱਥ ਫੜੀ ਉਸ ਨੂੰ ਅਦਾਲਤ ਵਿਚ ਪੇਸ਼ ਕਰਨ ਜਾ ਰਿਹਾ ਸੀ। ਹੱਟੇ-ਕੱਟੇ ਜੇਬ-ਕਤਰੇ ਨੇ ਇਕੋ ਝਟਕੇ ਨਾਲ ਹੱਥ ਛੁਡਾਇਆ ਅਤੇ ਸ਼ੂਟ ਵੱਟ ਗਿਆ। ਬੁੱਢਾ ਬੈਜ ਨਾਥ ਦੇਖਦਾ ਰਹਿ ਗਿਆ।
ਫ਼ਰਜ਼ ਵਿਚ ਕੁਤਾਹੀ ਕਰਨ ਦੇ ਦੋਸ਼ ਵਿਚ ਪਹਿਲਾਂ ਬੈਜ ਨਾਥ ਨੂੰ ਮੁਅੱਤਲ ਕੀਤਾ ਗਿਆ। ਫੇਰ ਉਸ ਉਪਰ ਪਰਚਾ ਦਰਜ ਕੀਤਾ ਗਿਆ।
ਮੁਕੱਦਮਾ ਹਾਲੇ ਚੱਲ ਰਿਹਾ ਹੈ। ਗਵਾਹ ਸਰਕਾਰੀ ਮੁਲਾਜ਼ਮ ਹਨ। ਬੈਜ ਨਾਥ ਦੇ ਵਿਰੁੱਧ ਭੁਗਤੇ ਹਨ। ਸਜ਼ਾ ਵੀ ਹੋ ਸਕਦੀ ਹੈ।
ਹਾਕਮ ਕਹਿੰਦਾ ਹੈ, ਸੁਪਰੀਮ ਕੋਰਟ ਦੇ ਅਜਿਹੇ ਹੋਰ ਫ਼ੈਸਲੇ ਵੀ ਲਾਗੂ ਕਰੋ।
ਵਾਰਡਰ ਆਪਣੀਆਂ ਨੌਕਰੀਆਂ ਦੀ ਹਿਫ਼ਾਜ਼ਤ ਕਰਨ ਜਾਂ ਮੁਲਜ਼ਮਾਂ ਦੇ ਮਾਨ-ਸਨਮਾਨਦੀ।
ਸੁਰੱਖਿਆ ਕਰਮਚਾਰੀ ਹੋਣ ਕਾਰਨ, ਜੇਲ੍ਹ ਕਰਮਚਾਰੀਆਂ ਨੂੰ ਮਾਨਤਾ ਪ੍ਰਾਪਤ ਯੂਨੀਅਨ ਬਣਾਉਣ ਦਾ ਅਧਿਕਾਰ ਨਹੀਂ ਸੀ। ਫੇਰ ਵੀ ਕੰਮ ਚਲਾਉਣ ਲਈ ਉਹਨਾਂ ਨੇ ਇਕ ਦੇਸੀ ਜਿਹੀ ਯੂਨੀਅਨ ਬਣਾ ਰੱਖੀ ਸੀ।
ਦੁਪਹਿਰ ਦੀ ਬੰਦੀ ਸਮੇਂ ਮੁਲਾਜ਼ਮਾਂ ਨੇ ਯੂਨੀਅਨ ਦੀ ਮੀਟਿੰਗ ਬੁਲਾ ਲਈ।
ਉਹਨਾਂ ਨੇ ਸਰਬ-ਸੰਮਤੀ ਨਾਲ ਫ਼ੈਸਲਾ ਕੀਤਾ, “ਹਾਕਮ ਦੀਆਂ ਊਲ-ਜਲੂਲ ਗੱਲਾਂ ਨਾ ਅਸੀਂ ਸੁਣਾਂਗੇ, ਨਾ ਅਸੀਂ ਅਫ਼ਸਰਾਂ ਨੂੰ ਸੁਣਨ ਦੇਵਾਂਗੇ।”
ਨੌਕਰੀ ਉਂਝ ਵੀ ਖ਼ਤਰੇ ਵਿਚ ਹੈ। ਕਿਉਂ ਨਾ ਖ਼ਤਰਾ ਖ਼ੁਦ ਹੀ ਮੱਲ ਲੈ ਲਿਆ ਜਾਵੇ। ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿਚ ਹੜਤਾਲ ’ਤੇ ਜਾਣ ਦਾ ਨੋਟਿਸ ਦੇ ਦਿੱਤਾ ਜਾਵੇ।
ਮੰਗ-ਪੱਤਰ ਲਿਖ ਕੇ ਬੈਜ ਨਾਥ ਨੇ ਜੇਬ ਵਿਚ ਪਾ ਲਿਆ।
“ਮੌਕਾ ਮਿਲਦੇ ਹੀ ਮੈਂ ਇਹ ਅਫ਼ਸਰਾਂ ਤਕ ਪਹੁੰਚਾ ਦੇਵਾਂਗਾ।”
ਮੀਟਿੰਗ ਬਰਖ਼ਾਸਤ ਕਰਨ ਤੋਂ ਪਹਿਲਾਂ ਬੈਜ ਨਾਥ ਨੇ ਸਾਥੀਆਂ ਨੂੰ ਭਰੋਸਾ ਦਿਵਾਇਆ।
38
ਦੋ ਜ਼ਰੂਰੀ ਮੱਦਿਆਂ ’ਤੇ ਵਿਚਾਰ ਕਰਨ ਲਈ ਜੇਲ੍ਹ ਸੁਪਰਡੈਂਟ ਨੇ ਅਧੀਨ ਅਫ਼ਸਰਾਂ ਦੀ ਮੀਟਿੰਗ ਬੁਲਾਈ ਸੀ।
ਕੀਤੇ ਕੰਮ ਬਦਲੇ ਹਾਕਮ ਸਿੰਘ ਨੂੰ ਜੇਲ੍ਹ ਪ੍ਰਸ਼ਾਸਨ ਅਤੇ ਕੈਦੀਆਂ ਵੱਲੋਂ ਜੋ ਮਾਣ ਸਨਮਾਨ ਮਿਲ ਰਿਹਾ ਸੀ, ਉਸ ਨੇ ਬੀ ਕਲਾਸ ਵਿਚ ਬੰਦ ਕਈ ਕੈਦੀਆਂ ਨੂੰ ਸਾਮਜ ਸੇਵਾ ਲਈ ਪ੍ਰਭਾਵਿਤ ਕੀਤਾ ਸੀ।
ਬੀ ਕਲਾਸ ਬੈਰਕ ਦਾ ਨਾਂ ‘ਵਕੀਲਾਂ ਵਾਲੀ ਬੈਰਕ’ ਪੈ ਚੁੱਕਾ ਸੀ। ਹੱਥਾਂ ਵਿਚ ਕਾਗ਼ਜ਼-ਪੱਤਰ ਫੜੀ ਸਾਰਾ ਦਿਨ ਕੈਦੀ ਇਧਰ ਨੂੰ ਵਹੀਰਾਂ ਘੱਤੀ ਰੱਖਦੇ ਸਨ। ਹਾਕਮ ਸਾਰਾ ਦਿਨ ਕੰਮ ਵਿਚ ਇਉਂ ਰੁੱਝਿਆ ਰਹਿੰਦਾ ਸੀ ਜਿਵੇਂ ਮੁੱਖ ਮੰਤਰੀ ਹੋਵੇ। ਉਹ ਕੈਦ ਕੱਟ ਰਿਹਾ ਹੈ, ਉਸ ਨੂੰ ਭੁੱਲਾ ਹੋਇਆ ਸੀ।
ਮਾੜੇ-ਧੀੜੇ ਕੈਦੀ ਉਸ ਨੂੰ ਆਪਣਾ ਮਸੀਹਾ ਸਮਝਣ ਲੱਗ ਪਏ ਸਨ। ਉਸ ਨੂੰ ਹਰ ਥਾਂ ਸਲਾਮਾਂ ਹੁੰਦੀਆਂ ਸਨ। ਉਸ ਦੇ ਪਸੀਨੇ ਬਦਲੇ ਕੈਦੀ ਖ਼ੂਨ ਵਹਾਉਣ ਲਈ ਤਿਆਰ ਸਨ।
ਮੌਕਾ ਮਿਲਦੇ ਹੀ ਜੇਲ੍ਹ ਵਿਭਾਗ ਉਸ ਨੂੰ ਮੁਆਫ਼ੀਆਂ ਦਾ ਗੱਫਾ ਦੇ ਦਿੰਦਾ ਸੀ। ਮਹੀਨੇ ਵਿਚ ਦੋ ਦਿਨ ਦੀ ਮੁਆਫ਼ੀ ਚੰਗੇ ਚਾਲ-ਚੱਲਣ ਲਈ ਮਿਲਦੀ ਹੈ। ਇਹ ਮੁਆਫ਼ੀ ਬੀ ਕਲਾਸ ਦੇ ਹਰ ਕੈਦੀ ਨੂੰ ਬਿਨਾਂ ਮਿਹਨਤ ਕੀਤੇ ਮਿਲ ਜਾਂਦੀ ਹੈ। ਵਕੀਲਾਂ ਦੀ ਬੈਰਕ ਦੇ ਬਹੁਤੇ ਕੈਦੀ ਹੱਡ-ਹਰਾਮ ਹਨ। ਆਪਣੇ ਹਿੱਸੇ ਦੀ ਮੁਸ਼ੱਕਤ ਹੋਰਾਂ ਕੋਲੋਂ ਕਰਾਉਂਦੇ ਹਨ। ਇਹ ਮੁਆਫ਼ੀ ਦੇ ਯੋਗ ਨਹੀਂ ਹੁੰਦੇ ਪਰ ਪੈਸੇ ਅਤੇ ਸਿਫ਼ਾਰਸ਼ ਦੇ ਸਿਰ ’ਤੇ ਉਹ ਇਹ ਮੁਆਫ਼ੀ ਹਾਸਲ ਕਰ ਲੈਂਦੇ ਹਨ। ਸੁਪਰਡੈਂਟ ਕੋਲ ਸਾਲ ਵਿਚ ਵੀਹ ਦਿਨ ਮੁਆਫ਼ੀ ਦੇਣ ਦਾ ਵਿਸ਼ੇਸ਼ ਅਧਿਕਾਰ ਹੈ। ਆਈ.ਜੀ. ਕੋਲ ਸੱਠ ਦਿਨ ਦਾ। ਇਹ ਮੁਆਫ਼ੀ ਦੇਣ ਲਈ ਬਹੁਤ ਜ਼ੋਰ ਅਜ਼ਮਾਈ ਹੁੰਦੀ ਹੈ। ਮੰਤਰੀ ਤਕ ਤੋਂ ਫ਼ੋਨ ਕਰਾਉਣੇ ਪੈਂਦੇ ਹਨ। ਕੈਦੀਆਂ ਨੇ ਸਾਰਾ ਸਾਲ ਡੱਕਾ ਦੂਹਰਾ ਨਹੀਂ ਕੀਤਾ ਹੁੰਦਾ। ਉਹਨਾਂ ਦੇ ਕਿਸ ਕੰਮ ਨੂੰ ਵਧੀਆ ਆਖਿਆ ਜਾਵੇ, ਇਸ ਨੁਕਤੇ ’ਤੇ ਆ ਕੇ ਸਮੱਸਿਆ ਖੜੀ ਹੋ ਜਾਂਦੀ ਹੈ। ਬਾਕੀਆਂ ਦੀ ਇਕ ਹਫ਼ਤੇ ਦੀ ਮੁਆਫ਼ੀ ਮਨਜ਼ੂਰ ਨਹੀਂ ਹੋਈ। ਸੁਪਰਡੈਂਟ ਨੇ ਹਾਕਮ ਨੂੰ ਪੂਰੀ ਮੁਆਫ਼ੀ ਦੇਣੀ ਹੀ ਸੀ, ਆਈ.ਜੀ. ਨੇ ਵੀ ਖਿੜੇ ਮੱਥੇ ਪੂਰੀ ਮੁਆਫ਼ੀ ਦੇ ਦਿੱਤੀ ਸੀ। ਕੁਝ ਹੋਰ ਮੁਆਫ਼ੀ ਦੇਣ ਦੇ ਅਧਿਕਾਰ ਸਰਕਾਰ ਕੋਲ ਹਨ। ਉਹਨਾਂ ਅਧਿਕਾਰਾਂ ਦੀ ਵਰਤੋਂ ਦੀ ਜੇਲ੍ਹ ਵਿਭਾਗ ਕੋਲ ਸਿਫ਼ਾਰਸ਼ ਕੀਤੀ ਜਾ ਚੁੱਕੀ ਹੈ। ਅਗਾਂਹ ਰੋੜਾ ਅਟਕਾਉਣ ਵਾਲਾ ਕੋਈ ਨਹੀਂ। ਹਾਕਮ ਦਾ ਕੰਮ ਹੀ ਮਾਅਰਕੇ ਦਾ ਸੀ। ਜੇਲ੍ਹ ਵਿਭਾਗ ਦਾ ਸਾਰੇ ਦੇਸ਼ ਵਿਚ ਸਿਰ ਉੱਚਾ ਹੋਇਆ ਸੀ।
ਕੁਲ ਮਿਲਾ ਕੇ ਹਾਕਮ ਦੀ ਸਾਲ ਵਿਚੋਂ ਛੇ ਮਹੀਨੇ ਦੀ ਸਜ਼ਾ ਮੁਆਫ਼ ਹੋ ਰਹੀ ਸੀ।
ਹਾਕਮ ਨੂੰ ਆਦਰਸ਼ ਮੰਨ ਕੇ ਕਈ ਪ੍ਰਤਿਭਾਵਾਨ ਵਿਅਕਤੀਆਂ ਨੇ ਆਪਣੀਆਂ ਸੇਵਾਵਾਂ ਪੇਸ਼ ਕੀਤੀਆਂ ਹਨ।
ਕਈ ਦਿਨ ਮਗ਼ਜ਼ ਖਪਾਈ ਕਰ ਕੇ ਡਾਕਟਰ ਜੈਨ ਨੇ ਪਹਿਲੇ ਅੰਕੜੇ ਇਕੱਠੇ ਕੀਤੇ। ਉਹਨਾਂ ਅੰਕੜਿਆਂ ਦੇ ਆਧਾਰ ’ਤੇ ਆਪਣਾ ਪੱਖ ਪੇਸ਼ ਕੀਤਾ। ਉਸ ਨੇ ਦੱਸਿਆ, “ਸਾਲ ਵਿਚ ਇੰਨੇ ਕੈਦੀ ਬੀਮਾਰ ਹੁੰਦੇ ਹਨ, ਇੰਨੇ ਇਲਾਜ ਦੀ ਘਾਟ ਕਾਰਨ ਮਰਦੇ ਹਨ। ਇੰਨੀਆਂ ਬੀਮਾਰੀਆਂ ਫੈਲਦੀਆਂ ਹਨ। ਸਰਕਾਰੀ ਨਿਯਮਾਂ ਅਨੁਸਾਰ ਇੰਨੇ ਮਰੀਜ਼ਾਂ ਪਿੱਛੇ ਇੰਨੇ ਡਾਕਟਰ ਚਾਹੀਦੇ ਹਨ। ਪਰ ਡਾਕਟਰ ਇਕ ਸੀ।”
ਡਾਕਟਰ ਜੈਨ ਨੇ ਐਮ.ਡੀ. ਕੀਤੀ ਹੋਈ ਸੀ। ਉਸ ਕੋਲ ਦਸ ਸਾਲ ਦਾ ਤਜਰਬਾ ਸੀ। ਉਹ ਮਾਇਆ ਨਗਰ ਦਾ ਨੰਬਰ ਇਕ ਡਾਕਟਰ ਸੀ। ਉਸ ਦੀ ਫ਼ੀਸ ਬਾਕੀ ਡਾਕਟਰਾਂ ਨਾਲੋਂ ਕਈ ਗੁਣਾਂ ਵੱਧ ਸੀ। ਫੇਰ ਵੀ ਸਾਰਾ ਦਿਨ ਉਸ ਦੀ ਕਲੀਨਿਕ ਅੱਗੇ ਮੇਲਾ ਲੱਗਾ ਰਹਿੰਦਾ ਸੀ। ਤਿੰਨ-ਤਿੰਨ ਘੰਟੇ ਉਡੀਕ ਕੇ ਮਸਾਂ ਵਾਰੀ ਆਉਂਦੀ ਸੀ।
ਹਾਕਮ ਵਾਂਗ ਉਹ ਵੀ ਗ਼ਰੀਬ ਕੈਦੀਆਂ ਦਾ ਮੁਫ਼ਤ ਇਲਾਜ ਕਰਨ ਲਈ ਤਿਆਰ ਹੈ। ਅੱਜ ਕੱਲ੍ਹ ਉਹ ਦਫ਼ਤਰ ਦੀ ਡਾਕ ਦੇਖਦਾ ਸੀ। ਇਹ ਕੰਮ ਕੋਈ ਦਸ ਪੜ੍ਹਿਆ ਕੈਦੀ ਵੀ ਕਰ ਸਕਦਾ ਸੀ।
ਦੇਖੋ-ਦੇਖੀ ਦੋ ਮਾਸਟਰਾਂ ਨੇ ਅਰਜ਼ੀ ਪਾ ਦਿੱਤੀ, “ਸਾਡੇ ਕੋਲ ਬੱਚਿਆਂ ਨੂੰ ਪੜ੍ਹਾਉਣ ਦਾ ਪੰਦਰਾਂ-ਪੰਦਰਾਂ ਸਾਲ ਦਾ ਤਜਰਬਾ ਹੈ। ਅਸੀਂ ਕੈਦੀਆਂ ਨੂੰ ਪੜ੍ਹਾਉਣ ਨੂੰ ਤਿਆਰ ਹਾਂ। ਹੁਣ ਅਸੀਂ ਫ਼ੈਕਟਰੀ ਵਿਚ ਬਤੌਰ ਪੰਜਾ ਇੰਚਾਰਜ ਕੰਮ ਕਰਦੇ ਹਾਂ। ਇਹ ਕੰਮ ਕੋਈ ਬੁੱਢਾ ਠੇਰਾ ਕੈਦੀ ਵੀ ਕਰ ਸਕਦਾ ਹੈ।”
ਫ਼ਾਰਮ ਵਿਚ ਟਰੈਕਟਰ ਚਲਾਉਂਦੇ ਜਰਨੈਲ ਸਿੰਘ ਨੂੰ ਵੀ ਪੁਰਾਣਾ ਸ਼ੌਕ ਜਾਗ ਪਿਆ। ਕਾਲਜ ਦੇ ਦਿਨਾਂ ਵਿਚ ਉਹ ਰਾਸ਼ਟਰੀ ਪੱਧਰ ਹਾਕੀ ਖੇਡਦਾ ਰਿਹਾ ਸੀ। ਆਪਣੇ ਪਿੰਡ ਉਸ ਨੇ ਹਾਕੀ ਟੀਮ ਬਣਾ ਰੱਖੀ ਸੀ। ਪੇਂਡੂ ਖੇਡਾਂ ਵਿਚ ਉਸ ਦੀ ਟੀਮ ਹਰ ਵਰ੍ਹੇ ਕੋਈ ਨਾ ਕੋਈ ਇਨਾਮ ਜਿੱਤਦੀ ਸੀ। ਮੌਕਾ ਮਿਲਣ ’ਤੇ ਉਹ ਜੇਲ੍ਹ ਵਿਚ ਹਾਕੀ ਦੀ ਟੀਮ ਖੜੀ ਕਰ ਸਕਦਾ ਸੀ।
ਜ਼ਨਾਨਾ ਵਾਰਡ ਵਿਚ ਕੈਦ ਨੀਲਮ ਭੈਣ ਜੀ ਵੀ ਕਿਸੇ ਤੋਂ ਘੱਟ ਨਹੀਂ ਸੀ। ਉਹ ਗੀਤ-ਸੰਗੀਤ ਅਤੇ ਗਿੱਧੇ ਦੀ ਮਾਹਿਰ ਸੀ। ਉਹ ਬੱਚਾ ਵਾਰਡ ਵਿਚ ਅਤੇ ਸਾਥਣ ਕੈਦਣਾਂ ਲਈ ਸੇਵਾਵਾਂ ਅਰਪਣ ਕਰਨ ਨੂੰ ਤਿਆਰ ਸੀ। ਉਸ ਨੂੰ ਵਾਜੇ ਤਬਲੇ ਦੀ ਜ਼ਰੂਰਤ ਨਹੀਂ ਸੀ। ਸਾਜ਼ ਉਸ ਦੇ ਘਰ ਪਏ ਧੂੜ ਚੱਟ ਰਹੇ ਸਨ। ਉਹਨਾਂ ਨਾਲ ਕੰਮ ਚੱਲ ਸਕਦਾ ਸੀ।
ਇਹ ਅਰਜ਼ੀਆਂ ਸਾਧਾਰਨ ਕਿਸਮ ਦੀਆਂ ਨਹੀਂ ਸਨ। ਜੇਲ੍ਹ ਵਿਭਾਗ ਦੀ ਨੀਤੀ ਨਾਲ ਸੰਬੰਧ ਰੱਖਦੀਆਂ ਸਨ। ਇਸ ਲਈ ਸੁਪਰਡੈਂਟ ਇਕੱਲਾ ਕੋਈ ਫ਼ੈਸਲਾ ਲੈਣਾ ਨਹੀਂ ਸੀ ਚਾਹੰਦਾ।
ਜੇਲ੍ਹ ਕਰਮਚਾਰੀਆਂ ਨੇ ਵੀ ਮੰਗ-ਪੱਤਰ ਦੇ ਬਹਾਨੇ ਰੋਸ-ਪੱਤਰ ਭੇਜਿਆ ਸੀ। ਉਹਨਾਂ ਦੀਆਂ ਮੰਗਾਂ ਉਪਰ ਖੁੱਲ੍ਹ ਕੇ ਵਿਚਾਰ ਹੋਣੀ ਚਾਹੀਦੀ ਸੀ। ਇਸੇ ਲਈ ਮੀਟਿੰਗ ਬੁਲਾਈ ਗਈ ਸੀ।
ਮੀਟਿੰਗ ਬੁਲਾਉਂਦੇ ਸਮੇਂ ਜੇਲ੍ਹ ਸੁਪਰਡੈਂਟ ਨੇ ਸੋਚਿਆ ਸੀ, ਹੇਠਲੇ ਅਫ਼ਸਰਾਂ ਦੀ ਸਹਿਮਤੀ ਲੈਣੀ ਇਕ ਉਪਚਾਰਕਤਾ ਹੈ। ਅਫ਼ਸਰਾਂ ਨੇ ਕੈਦੀਆਂ ਦੀਆਂ ਦਰਖ਼ਾਸਤਾਂ ਨਾਲ ਸਹਿਮਤ ਹੋ ਹੀ ਜਾਣਾ ਹੈ।
ਪਿਛਲੇ ਮਹੀਨੇ ਰਣਜੋਧ ਸਿੰਘ ਜੇਲ੍ਹ ਸੁਪਰਡੈਂਟਾਂ ਦੀ ਕਾਨਫ਼ਰੰਸ ਵਿਚ ਹਿੱਸਾ ਲੈਣ ਬੰਬਈ ਗਿਆ ਸੀ। ਸਾਰੀ ਬਹਿਸ ਦੌਰਾਨ ਇਕੋ ਮੁੱਦਾ ਛਾਇਆ ਰਿਹਾ ਸੀ। ਸਰਕਾਰ ਅੰਤਰਰਾਸ਼ਟਰੀ ਪੱਧਰ ’ਤੇ ਜੇਲ੍ਹ ਸੁਧਾਰਾਂ ਬਾਰੇ ਹੋਏ ਫ਼ੈਸਲੇ ਇੰਨ-ਬਿੰਨ ਲਾਗੂ ਕਰਨਾ ਚਾਹੁੰਦੀ ਸੀ। ਪਰ ਸਰਕਾਰ ਦੀ ਮਾੜੀ ਮਾਲੀ ਹਾਲਤ ਆੜੇ ਆ ਰਹੀ ਸੀ। ਘੱਟੋ-ਘੱਟ ਬਜਟ ਵਿਚ ਵੱਧ ਤੋਂ ਵੱਧ ਸੁਧਾਰ ਕਿਸ ਤਰ੍ਹਾਂ ਲਾਗੂ ਕੀਤੇ ਜਾਣ? ਇਸੇ ਵਿਸ਼ੇ ’ਤੇ ਮਾਹਿਰਾਂ ਨੇ ਸੁਝਾਅ ਦਿੱਤੇ ਸਨ। ਇਕ ਮਾਹਿਰ ਨੇ ਆਖਿਆ ਸੀ, “ਜੇਲ੍ਹ ਵਿਚ ਹਰ ਪ੍ਰਕਾਰ ਦੀ ਪ੍ਰਤਿਭਾ ਮੌਜੂਦ ਹੁੰਦੀ ਹੈ। ਜੇਲ੍ਹ ਅਧਿਕਾਰੀਆਂ ਨੂੰ ਉਹ ਪ੍ਰਤਿਭਾ ਲੱਭ ਕੇ ਉਸ ਦਾ ਫ਼ਾਇਦਾ ਉਠਾਉਣਾ ਚਾਹੀਦਾ ਹੈ।” ਰਣਜੋਧ ਸਿੰਘ ਇੰਜ ਪਹਿਲਾਂ ਹੀ ਕਰ ਚੁੱਕਾ ਸੀ। ਇਕ ਵਕੀਲ ਕੈਦੀ ਤੋਂ ਪੂਰੀ ਸੰਸਥਾ ਜਿੰਨਾ ਕੰਮ ਲੈ ਚੁੱਕਾ ਸੀ।
ਦਰਖ਼ਾਸਤਾਂ ਪੜ੍ਹ ਕੇ ਸੁਪਰਡੈਂਟ ਨੂੰ ਅਹਿਸਾਸ ਹੋਇਆ ਕਿ ਜੇਲ੍ਹ ਵਿਚ ਸੱਚਮੁੱਚ ਹਰ ਤਰ੍ਹਾਂ ਦੀ ਪ੍ਰਤਿਭਾ ਮੌਜੂਦ ਹੈ। ਡਾਕਟਰ ਚਿੱਠੀਆਂ ਲਿਖ ਰਿਹਾ ਹੈ। ਟੀ.ਵੀ. ਮਕੈਨਿਕ ਰੋਟੀਆਂ ਥੱਪ ਰਿਹਾ ਹੈ। ਘੜੀਸਾਜ਼ ਭਾਂਡੇ ਮਾਂਜ ਰਿਹਾ ਹੈ। ਇਹਨਾਂ ਮਾਹਿਰਾਂ ਨੂੰ ਇਹਨਾਂ ਦੀ ਮਰਜ਼ੀ ਦੇ ਕੰਮਾਂ ’ਤੇ ਲਾਉਣ ਤੋਂ ਕਿਸ ਨੇ ਇਨਕਾਰ ਕਰਨਾ ਹੈ। ਸਭ ਨੇ ਝੱਟ ਸਹਿਮਤੀ ਪ੍ਰਗਟਾ ਦੇਣੀ ਹੈ।
ਮੀਟਿੰਗ ਵਿਚ ਸੀਨੀਅਰ ਡਿਪਟੀ ਸੁਪਰਡੈਂਟ ਰਣਜੀਤ ਸਿੰਘ ਜੋ ਜੇਲ੍ਹ ਪ੍ਰਸ਼ਾਸਨ ਦਾ ਕੰਮ ਦੇਖਦਾ ਸੀ, ਡਿਪਟੀ ਸੁਪਰਡੈਂਟ ਧਰਮਪਾਲ ਜੋ ਫ਼ੈਕਟਰੀ ਇੰਚਾਰਜ ਸੀ, ਡਾਕਟਰ ਸ਼ਕਤੀ ਕੁਮਾਰ ਅਤੇ ਚਾਰੇ ਸਹਾਇਕ ਦਰੋਗ਼ੇ ਹਾਜ਼ਰ ਸਨ।
ਡਾਕਟਰ ਨੂੰ ਛੱਡ ਕੇ ਬਾਕੀ ਸਾਰੇ ਅਫ਼ਸਰ ਜੇਲ੍ਹ ਸੁਪਰਡੈਂਟ ਦੇ ਅਧੀਨ ਸਨ। ਉਹ ਖੁੱਲ੍ਹ ਕੇ ਆਪਣੇ ਵਿਚਾਰ ਮੀਟਿੰਗ ਵਿਚ ਪੇਸ਼ ਨਹੀਂ ਸਨ ਕਰ ਸਕਦੇ।
ਹੇਠਲੇ ਅਫ਼ਸਰਾਂ ਨੇ ਪਹਿਲਾਂ ਆਪਣੀ ਵੱਖਰੀ ਮੀਟਿੰਗ ਰੱਖ ਲਈ। ਵਿਚਾਰ-ਵਟਾਂਦਰੇ ਤੋਂ ਬਾਅਦ ਉਹਨਾਂ ਨੇ ਸਿੱਟਾ ਕੱਢਿਆ ਕਿ ਜੇਲ੍ਹ ਪ੍ਰਸ਼ਾਸਨ ਵਿਚ ਕੈਦੀਆਂ ਦੇ ਦਖ਼ਲ ਨਾਲ ਉਹਨਾਂ ਦੇ ਅਧਿਕਾਰਾਂ ਨੂੰ ਖੋਰਾ ਲੱਗਣਾ ਹੈ। ਇਸ ਲਈ ਉਹਨਾਂ ਨੂੰ ਜੇਲ੍ਹ ਕਰਮਚਾਰੀਆਂ ਦੀਆਂ ਮੰਗਾਂ ਦਾ ਸਮਰਥਨ ਤੇ ਕੈਦੀਆਂ ਦੀਆਂ ਦਰਖ਼ਾਸਤਾਂ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ।
ਬਿੱਲੀ ਦੇ ਗੱਲ ਟੱਲੀ ਪਹਿਲਾਂ ਡਾਕਟਰ ਨੇ ਬੰਨ੍ਹਣੀ ਹੈ। ਬਾਕੀਆਂ ਨੇ ਪਿੱਛੋਂ ਮੌਕਾ ਸੰਭਾਲ ਲੈਣਾ ਹੈ।
ਡਾਕਟਰ ਨੂੰ ਸੁਪਰਡੈਂਟ ਦਾ ਕੋਈ ਰੋਹਬ ਨਹੀਂ ਸੀ। ਜੇਲ੍ਹ ਹਸਪਤਾਲ ਉਸ ਦੀ ਮਨ-ਪਸੰਦ ਥਾਂ ਨਹੀਂ ਸੀ। ਇਥੇ ਉਹ ਫਸਿਆ-ਫਸਾਇਆ ਆਇਆ ਸੀ। ਪਿਛਲੇ ਸਾਲ ਉਸ ਦੀ ਤਰੱਕੀ ਹੋਈ ਸੀ। ਸੀਨੀਅਰ ਮੈਡੀਕਲ ਅਫ਼ਸਰ ਦੀ ਕੋਈ ਅਸਾਮੀ ਮਾਇਆ ਨਗਰ ਵਿਚ ਖ਼ਾਲੀ ਨਹੀਂ ਸੀ। ਡਾਕਟਰ ਮਾਇਆ ਨਗਰ ਛੱਡਣ ਦੀ ਸਥਿਤੀ ਵਿਚ ਨਹੀਂ ਸੀ। ਮਜਬੂਰੀ ਵੱਸ ਉਸ ਨੂੰ ਜੇਲ੍ਹ ਹਸਪਤਾਲ ਆਉਣਾ ਪਿਆ ਸੀ। ਇਥੇ ਸਿਵਲ ਹਸਪਤਾਲ ਵਰਗੀਆਂ ਮੌਜਾਂ ਨਹੀਂ ਸਨ। ਮੁਜਰਮਾਂ ਵਿਚ ਰਹਿ ਕੇ ਉਹ ਚਿੜਚਿੜਾ ਹੋ ਗਿਆ ਸੀ। ਸਾਰਾ ਦਿਨ ਮਰੀਜ਼ਾਂ ਨਾਲ ਝਗੜਨਾ ਪੈਂਦਾ ਸੀ। ਕਮਾਈ ਨਾਂ-ਮਾਤਰ ਸੀ।
ਡਾਕਟਰ ਜਾਣਦਾ ਸੀ ਕਿ ਜੈਨ ਉਸ ਨਾਲੋਂ ਵੱਧ ਕਾਬਲ ਹੈ। ਉਸ ਨੇ ਦਿਨਾਂ ਵਿਚ ਆਪਣੀ ਧਾਂਕ ਜਮਾ ਲੈਣੀ ਹੈ। ਪਿੱਛੋਂ ਸ਼ਕਤੀ ਕੁਮਾਰ ਨੂੰ ਕਿਸੇ ਨੇ ਨਹੀਂ ਪੱਛਣਾ। ਉਹ ਆਪਣੇ ਪੈਰ ’ਤੇ ਆਪ ਕੁਹਾੜੀ ਨਹੀਂ ਸੀ ਮਾਰ ਸਕਦਾ।
ਇਕ ਹੋਰ ਦਿੱਕਤ ਖੜੀ ਹੋ ਜਾਣੀ ਸੀ। ਸ਼ਕਤੀ ਕੁਮਾਰ ਨੂੰ ਡਾਕਟਰ ਜੈਨ ਵੱਲੋਂ ਲਿਖੀਆਂ ਦਵਾਈਆਂ ਸਟੋਰ ਵਿਚੋਂ ਦੇਣੀਆਂ ਪੈਣੀਆਂ ਸਨ। ਜੋ ਥੋੜ੍ਹੀ-ਬਹੁਤ ਕਮਾਈ ਦਵਾਈਆਂ ਬਚਾ ਕੇ ਹੁੰਦੀ ਹੈ, ਉਹ ਖ਼ਤਮ ਹੋ ਜਾਣੀ ਸੀ।
ਨਾਲੇ ਕੰਪਾਊਡਰ ਦਾ ਕਾਰੋਬਾਰ ਪ੍ਰਭਾਵਿਤ ਹੋਣਾ ਸੀ। ਉਸ ਨੂੰ ਦਵਾਈਆਂ ਬਾਹਰੋਂ ਅੰਦਰ ਲਿਆ ਕੇ ਮਹਿੰਗੇ ਭਾਅ ਵੇਚਣੀਆਂ ਮੁਸ਼ਕਲ ਹੋ ਜਾਣੀਆਂ ਸਨ। ਉਸ ਦੇ ਨਾਲ-ਨਾਲ ਉਸ ਦੇ ਕੈਦੀ ਭਲਾਈ ਬੋਰਡ ਦੇ ਮੈਂਬਰ ਮਾਮੇ ਨੇ ਪ੍ਰਭਾਵਿਤ ਹੋਣਾ ਸੀ। ਉਸ ਨੇ ਆਪਣਾ ਗ਼ੁੱਸਾ ਜੇਲ੍ਹ ਅਧਿਕਾਰੀਆਂ ਉਪਰ ਕੱਢਣਾ ਸੀ।
ਡਾਕਟਰ ਜੈਨ ਨੂੰ ਖੁੱਲ੍ਹ ਦੇਣ ਨਾਲ ਭਰਿੰਡਾਂ ਦੇ ਛੱਤੇ ਨੇ ਛਿੜ ਪੈਣਾ ਸੀ।
ਅਜਿਹੇ ਤਰਕ ਦੇ ਕੇ ਪਹਿਲਾਂ ਬਣੀ ਯੋਜਨਾ ਅਨੁਸਾਰ ਸ਼ਕਤੀ ਕੁਮਾਰ ਵਿਰੋਧੀ ਸੁਰ ਉੱਚੀ ਕਰਨ ਲੱਗਾ।
ਆਪਣੇ ਵਿਚਾਰਾਂ ਦੀ ਪੁਸ਼ਟੀ ਲਈ ਉਸ ਨੇ ਇਕ ਉਦਾਹਰਣ ਦਿੱਤੀ। ਇਕ ਵਾਰ ਪਹਿਲਾਂ ਵੀ ਇਕ ਕੈਦੀ ਡਾਕਟਰ ਨੂੰ ਮਰੀਜ਼ਾਂ ਨੂੰ ਦਵਾਈ-ਬੂਟੀ ਦੇਣ ਦੀ ਖੁੱਲ੍ਹ ਦਿੱਤੀ ਗਈ ਸੀ। ਉਸ ਨੇ ਜੇਲ੍ਹ ਵਿਚ ਪ੍ਰਾਈਵੇਟ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿੱਤੀ ਸੀ। ਉਹ ਠੋਕਵੀਂ ਫ਼ੀਸ ਲੈ ਕੇ ਸਰਦੇ-ਪੱਜਦੇ ਘਰਾਂ ਦੇ ਮਰੀਜ਼ ਦੇਖਦਾ ਸੀ। ਬਾਕੀਆਂ ਨੂੰ ਨੇੜੇ ਨਹੀਂ ਸੀ ਲੱਗਣ ਦਿੰਦਾ। ਉਸ ਨੇ ਦਵਾਈਆਂ ਵੀ ਆਪਣੇ ਕੋਲੋਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਸਨ। ਉਹ ਜਲਦੀ ਰਿਹਾਅ ਹੋ ਗਿਆ। ਉਸ ਸਮੇਂ ਜੇਲ੍ਹ ਪ੍ਰਸ਼ਾਸਨ ਨੇ ਕੰਨਾਂ ਨੂੰ ਹੱਥ ਲਾਏ ਸਨ। ਮੁੜ ਅਜਿਹੀ ਗ਼ਲਤੀ ਨਹੀਂ ਹੋਏਗੀ। ਪਹਿਲੇ ਤਜਰਬੇ ਤੋਂ ਸਬਕ ਸਿੱਖ ਕੇ ਪ੍ਰਸ਼ਾਸਨ ਨੂੰ ਗ਼ਲਤੀ ਦੁਹਰਾਉਣੀ ਨਹੀਂ ਚਾਹੀਦੀ।
ਕੈਦੀਆਂ ਲਈ ਸਕੂਲ ਖੋਲ੍ਹ ਕੇ ਨਵਾਂ ਸਿਆਪਾ ਖੜਾ ਕਰਨ ’ਤੇ ਰਣਜੀਤ ਸਿੰਘ ਇਤਰਾਜ਼ ਕਰਨ ਲੱਗਾ। ਉਸ ਨੇ ਸਾਹਿਬ ਨੂੰ ਯਾਦ ਕਰਾਇਆ।
“ਕਾਗ਼ਜ਼ੀਂ-ਪੱਤਰੀਂ ਸਕੂਲ ਪਹਿਲਾਂ ਹੀ ਚੱਲ ਰਿਹਾ ਹੈ। ਕਿਤਾਬਾਂ, ਕਾਪੀਆਂ ਅਤੇ ਹੋਰ ਨਿੱਕ-ਸੁੱਕ ਮੰਗਾਉਣ ਲਈ ਸਰਕਾਰ ਕੋਲੋਂ ਤੀਹ ਹਜ਼ਾਰ ਰੁਪਿਆ ਆਉਂਦਾ ਹੈ। ਉਹ ਸਾਰੀ ਰਕਮ ਸਾਡੇ ਬੋਝੇ ਪੈਂਦੀ ਹੈ। ਸੱਚਮੁੱਚ ਸਕੂਲ ਖੁੱਲ੍ਹਣ ਨਾਲ ਉਹ ਆਮਦਨ ਬੰਦ ਹੋ ਜਾਏਗੀ। ਕਾਗ਼ਜ਼ੀਂ- ਪੱਤਰੀ ਅਸੀਂ ਪੰਜ ਬੰਦਿਆਂ ਨੂੰ ਮੁਸ਼ਕਤ ਤੋਂ ਛੋਟ ਦਿੱਤੀ ਹੋਈ ਹੈ। ਉਸ ਛੋਟ ਬਦਲੇ ਪ੍ਰਸ਼ਾਸਨ ਨੂੰ ਮੋਟੀ ਫ਼ੀਸ ਮਿਲਦੀ ਹੈ। ਉਹ ਫ਼ੀਸ ਬੰਦ ਹੋ ਜਾਏਗੀ। ਅਧਿਆਪਕਾਂ ਦਾ ਕੰਮ ਕਰਨ ਵਾਲੇ ਸਮਾਜ ਸੇਵੀ ਕੈਦੀਆਂ ਨੂੰ ਵਿਸ਼ੇਸ਼ ਮੁਆਫ਼ੀ ਦਿੱਤੀ ਜਾਂਦੀ ਹੈ। ਉਸ ਮੁਆਫ਼ੀ ਦੀ ਰਕਮ ਵੱਖਰੀ ਵਸੂਲੀ ਜਾਂਦੀ ਹੈ। ਉਹ ਆਮਦਨ ਬੰਦ ਹੋ ਜਾਏਗੀ। ਕਈ ਪੜ੍ਹੇ-ਲਿਖੇ ਕੈਦੀਆਂ ਨੂੰ ਅਨਪੜ੍ਹ ਦਿਖਾ ਕੇ ਜੇਲ੍ਹ ਦੇ ਸਕੁਲ ਵਿਚ ਪੜ੍ਹਨ ਜਾਂਦੇ ਦਿਖਾਇਆ ਜਾਂਦਾ ਹੈ। ਇਸ ਬਹਾਨੇ ਉਹਨਾਂ ਨੂੰ ਫ਼ੈਕਟਰੀ ਦੇ ਕੰਮ ਤੋਂ ਬਚਾਇਆ ਜਾਂਦਾ ਹੈ। ਇਸ ਰਿਆਇਤ ਦਾ ਮੁੱਲ ਲਿਆ ਜਾਂਦਾ ਹੈ। ਇਮਤਿਹਾਨ ਪਾਸ ਕਰਨ ਵਾਲੇ ‘ਲਾਇਕ ਕੈਦੀਆਂ’ ਨੂੰ ਵਿਸ਼ੇਸ਼ ਮੁਆਫ਼ੀ ਦਿੱਤੀ ਜਾਂਦੀ ਹੈ। ਉਹ ਘਾਟਾ ਕਿਵੇਂ ਪੂਰਾਂਗੇ? ਮੈਂ ਕਿਸ-ਕਿਸ ਘਾਟੇ ਦਾ ਜ਼ਿਕਰ ਕਰਾਂ।”
ਸਕੂਲ ਖੋਲ੍ਹਣ ਦਾ ਵਿਰੋਧ ਕਰਨ ਲਈ ਰਣਜੀਤ ਸਿੰਘ ਨੇ ਇਕ ਵਿਵਹਾਰਿਕ ਤਰਕ ਵੀ ਦਿੱਤਾ।
“ਕੈਦੀਆਂ ਨੂੰ ਪੜ੍ਹਾਉਣ ਦਾ ਸੁਝਾਅ ਉਹ ਲੋਕ ਦਿੰਦੇ ਹਨ ਜਿਨ੍ਹਾਂ ਨੇ ਕਦੇ ਜੇਲ੍ਹ ਦਾ ਦਰਵਾਜ਼ਾ ਤਕ ਨਹੀਂ ਦੇਖਿਆ ਹੁੰਦਾ। ਉਹ ਕਦੇ ਜੇਲ੍ਹ ਦੇ ਅੰਦਰ ਆਉਣ ਅਤੇ ਦੇਖਣ ਕਿ ਜੁਰਮ ਕਰ-ਕਰ ਅਤੇ ਪੁਲਿਸ ਦੀਆਂ ਮਾਰਾਂ ਖਾ-ਖਾ ਇਹਨਾਂ ਕੈਦੀਆਂ ਦੇ ਦਿਮਾਗ਼ ਕਿਸ ਤਰ੍ਹਾਂ ਪੱਥਰ ਵਰਗੇ ਬਣ ਗਏ ਹਨ। ਪੱਥਰ ’ਤੇ ਬੂੰਦ ਪਈ ਨਾ ਪਈ ਇਕ ਬਰਾਬਰ ਹੈ। ਇਸ ਜੇਲ੍ਹ ਵਿਚ ਇਕ ਵਾਰੀ ਸਕੂਲ ਖੋਲ੍ਹਣ ਦਾ ਤਜਰਬਾ ਹੋ ਚੁੱਕਾ ਹੈ। ਇਕ ਸਾਮਜ ਸੇਵਕ ਅਖਵਾਉਂਦਾ ਅਧਿਆਪਕ ਕੈਦੀਆਂ ਨੂੰ ਪੜ੍ਹਾਉਣ ਦਾ ਸੁਪਨਾ ਲੈ ਚੁੱਕਾ ਹੈ। ਉਹ ਹਫ਼ਤੇ ਬਾਅਦ ਬਦਲੀ ਕਰਵਾ ਕੇ ਭੱਜ ਗਿਆ ਸੀ। ਕੈਦੀ ਉਸ ਦੀਆਂ ਸਾਂਗਾਂ ਲਾਹੁੰਦੇ ਸਨ, ਉਪਰੋਂ ਭੈੜੇ-ਭੈੜੇ ਸੁਆਲ ਪੁੱਛਦੇ ਸਨ। ਕਲਾਸ ਵਿਚ ਕੈਦੀ ਪੜ੍ਹਨ ਨਹੀਂ, ਕੰਮੋਂ ਟਲਣ ਲਈ ਜਾਂਦੇ ਸਨ। ਦੋਬਾਰਾ ਪੰਗਾ ਨਾ ਲੈਣ ਵਿਚ ਬਿਹਤਰੀਹੈ।”
ਧਰਮਪਾਲ ਦੇ ਵਿਚਾਰ ਡਾਕਟਰ ਅਤੇ ਰਣਜੀਤ ਸਿੰਘ ਨਾਲ ਮਿਲਦੇ-ਜੁਲਦੇ ਸਨ।
“ਫ਼ੈਕਟਰੀ ਵਿਚ ਉਤਪਾਦਨ ਦੀ ਦਰ ਪਹਿਲਾਂ ਹੀ ਬਹੁਤ ਘੱਟ ਹੈ। ਮੈਨੂੰ ਸਰਕਾਰ ਨੂੰ ਜਵਾਬ ਦੇਣਾ ਔਖਾ ਹੋਇਆ ਪਿਆ ਹੈ। ਜੇ ਹਾਕੀ, ਫੁਟਬਾਲ ਅਤੇ ਭੰਗੜੇ ਦੀਆਂ ਟੀਮਾਂ ਦੀ ਤਿਆਰੀ ਸ਼ੁਰੂ ਹੋ ਗਈ ਤਾਂ ਕੈਦੀਆਂ ਨੇ ਕੰਮ ਦੀ ਥਾਂ ਮੈਦਾਨ ਨੂੰ ਭੱਜਿਆ ਕਰਨਾ ਹੈ। *ਪਾ ਕਰਕੇ ਕੈਦੀਆਂ ਨੂੰ ਕੰਮ ’ਤੇ ਲੱਗੇ ਰਹਿਣ ਦਿਓ। ਉਹਨਾਂ ਨੂੰ ਭੈੜੀਆਂ ਆਦਤਾਂ ਨਾ ਪਾਓ।”
ਮੀਟਿੰਗ ਦਾ ਰੁਖ਼ ਰਣਜੋਧ ਸਿੰਘ ਦੀ ਸੋਚ ਦੇ ਉਲਟ ਜਾ ਰਿਹਾ ਸੀ। ਬੋਰੀ ਵਿਚੋਂ ਬਿੱਲੀ ਦੀ ਥਾਂ ਰਿੱਛ ਨਿਕਲ ਆਇਆ ਸੀ। ਲੁਕਵੀਂ ਸੁਰ ਵਿਚ ਉਸ ਨੂੰ ਜੇਲ੍ਹ ਸੁਧਾਰ ਲਾਗੂ ਕਰਨ ਤੋਂ ਰੋਕਿਆ ਹੀ ਨਹੀਂ ਸੀ ਜਾ ਰਿਹਾ, ਸਗੋਂ ਇਸ ਤਰ੍ਹਾਂ ਕਰਨ ਨਾਲ ਨਿਕਲਣ ਵਾਲੇ ਨਤੀਜਿਆਂ ਤੋਂ ਜਾਣੂ ਕਰਵਾ ਕੇ ਡਰਾਇਆ ਵੀ ਜਾ ਰਿਹਾ ਸੀ।
ਰਣਜੋਧ ਸਿੰਘ ਚੁੱਪ-ਚਾਪ ਮਾਤਹਿਤਾਂ ਦੇ ਵਿਚਾਰ ਸੁਣਦਾ ਰਿਹਾ।
ਸਹਾਇਕ ਦਰੋਗ਼ੇ ਨਵਲ ਕਿਸ਼ੋਰ ਨੇ ਬਗਲ ਵਿਚੋਂ ਹੋਰ ਹੀ ਮੂਲਾ ਕੱਢ ਲਿਆ। ਕਹਿਣ ਲੱਗਾ।
“ਮੈਂ ਆਪਣੇ ਮੁਖ਼ਬਰ ਕੈਦੀਆਂ ਰਾਹੀਂ ਸੂਚਨਾਵਾਂ ਇਕੱਠੀਆਂ ਕੀਤੀਆਂ ਹਨ। ਬੀ ਕਲਾਸ਼ ਕੈਦੀਆਂ ਨੇ ਇਹ ਦਰਖ਼ਾਸਤਾ ਲੋਕ-ਸੇਵਾ ਕਰਨ ਲਈ ਨਹੀਂ, ਹਾਕਮ ਸਿੰਘ ਨੂੰ ਮਿਲ ਰਹੀਆਂ ਸਹੂਲਤਾਂ ਵਿਰੁੱਧ ਰੋਸ ਪ੍ਰਗਟ ਕਰਨ ਲਈ ਦਿੱਤੀਆਂ ਹਨ।”
ਮੀਟਿੰਗ ਦੇ ਦੂਜੇ ਮੁੱਦੇ ਦੀ ਜੜ੍ਹ ਹਾਕਮ ਸਿੰਘ ਹੀ ਹੈ।
“ਇਸ ਸਮੇਂ ਹਾਕਮ ਸਿੰਘ ਜੇਲ੍ਹ ਪ੍ਰਸ਼ਾਸਨ ਲਈ ਪਹਿਲਾਂ ਵਾਲਾ ਕੀਮਤੀ ਗਹਿਣਾ ਨਹੀਂ ਹੈ, ਸਗੋਂ ਇਕ ਸਮੱਸਿਆ ਬਣ ਗਿਆ ਹੈ। ਜੇ ਸੰਕਟ ਵਿਚੋਂ ਨਿਕਲਣਾ ਹੈ ਤਾਂ ਬਿਨਾਂ ਕਿਸੇ ਜਜ਼ਬਾਤੀ ਸਾਂਝ ਦੇ ਉਸ ਦੇ ਵਿਵਹਾਰ ਅਤੇ ਉਸ ਨੂੰ ਦਿੱਤੀਆਂ ਜਾ ਰਹੀਆਂ ਰਿਆਇਤਾਂ ’ਤੇ ਖੁੱਲ੍ਹ ਕੇ ਵਿਚਾਰ ਹੋਣੀ ਚਾਹੀਦੀ ਹੈ।”
ਬਿਕਰਮ ਵੀ ਉਸ ਨਾਲ ਸਹਿਮਤ ਸੀ।
“ਹਾਕਮ ਸਿੰਘ ਆਪਣੇ ਆਪ ਨੂੰ ਕੈਦੀਆਂ ਦਾ ਮਸੀਹਾ ਸਮਝਣ ਲੱਗ ਪਿਆ ਹੈ। ਉਸ ਨੂੰ ਕੈਦੀਆਂ ਨੂੰ ਨਵੇਂ-ਨਵੇਂ ਅਧਿਕਾਰਾਂ ਦੀ ਜਾਣਕਾਰੀ ਦੇਣ ਦੀ ਆਦਤ ਪੈ ਗਈ ਹੈ। ਅੱਜ-ਕੱਲ੍ਹ ਉਹ ਕੈਦੀਆਂ ਨੂੰ ਜੇਲ੍ਹ ਮੈਨੂਅਲ ਪੜ੍ਹਾ ਰਿਹਾ ਹੈ। ਉਹਨਾਂ ਨੂੰ ਸਬਜ਼-ਬਾਗ਼ ਦਿਖਾ ਰਿਹਾ ਹੈ। ਨਿਯਮਾਂ ਅਨੁਸਾਰ ਮੁਆਫ਼ੀਆਂ ਅਤੇ ਰਾਸ਼ਨ-ਕੱਪੜਾ ਲੈ ਕੇ ਦੇਣ ਦੇ ਵਾਅਦੇ ਕਰ ਰਿਹਾ ਹੈ। ਕੈਦੀ ਪ੍ਰਸ਼ਾਸਨ ਵਿਰੁੱਧ ਭੜਕਣ ਹੀ ਵਾਲੇ ਹਨ।”
ਹਾਕਮ ਸਿੰਘ ਇਕ ਹੋਰ ਸਿਆਪਾ ਖੜਾ ਕਰਨ ਵਾਲਾ ਹੈ। ਉਹ ਸੁਪਰੀਮ ਕੋਰਟ ਦੇ ਕਿਸੇ ਫ਼ੈਸਲੇ ਦਾ ਹਵਾਲਾ ਦੇ ਕੇ ਜੇਲ੍ਹ ਵਿਚ ਥਾਂ-ਥਾਂ ‘ਸ਼ਿਕਾਇਤ ਡੱਬੇ’ ਰੱਖਣ ਦੀ ਮੰਗ ਉਠਾਉਣ ਵਾਲਾ ਹੈ। ਇਹ ਡੱਬੇ ਆਮ ਡੱਬਿਆਂ ਵਰਗੇ ਨਹੀਂ ਹੋਣਗੇ। ਇਹਨਾਂ ਨੂੰ ਕੇਵਲ ਜ਼ਿਲ੍ਹਾ ਮੈਜਿਸਟ੍ਰੇਟ ਜਾਂ ਸੈਸ਼ਨ ਜੱਜ ਖੋਲ੍ਹੇਗਾ। ਹੋਈਆਂ ਸ਼ਿਕਾਇਤਾਂ ਦੀ ਸੁਣਵਾਈ ਉਹੋ ਕਰੇਗਾ। ਦੋਸ਼ੀ ਮੁਲਾਜ਼ਮ ਨੂੰ ਕੀ ਸਜ਼ਾ ਦਿੱਤੀ ਜਾਵੇ, ਇਸ ਦਾ ਫ਼ੈਸਲਾ ਉਹੋ ਕਰੇਗਾ। ਜੇਲ੍ਹ ਅਧਿਕਾਰੀਆਂ ਨੂੰ ਆਪਣੇ ਉੱਪਰ ਲੱਗੇ ਦੋਸ਼ਾਂ ਦਾ ਜਵਾਬ ਦੇਣ ਲਈ ਮੁਲਜ਼ਮ ਬਣ ਕੇ ਕਟਹਿਰੇ ਵਿਚ ਖੜ੍ਹਨਾ ਪਏਗਾ। ਮੈਂ ਉਸ ਫ਼ੈਸਲੇ ਦੀ ਨਕਲ ਹਾਸਲ ਕਰ ਲਈ ਹੈ। ਵੀਹਾਂ ਸਾਲਾਂ ਤੋਂ ਇਹ ਫ਼ੈਸਲਾ ਕਿਤਾਬਾਂ ਵਿਚ ਦਫ਼ਨ ਹੈ। ਜੇ ਇਹ ਫ਼ੈਸਲਾ ਲਾਗੂ ਹੋ ਗਿਆ ਤਾਂ ਅਸੀਂ ਕੈਦੀਆਂ ਦੇ ਗ਼ੁਲਾਮ ਬਣ ਜਾਵਾਂਗੇ। ਸਾਨੂੰ ਉਹਨਾਂ ਨੂੰ ਜਵਾਈਆਂ ਵਾਂਗ ਰੱਖਣਾ ਪੈਣਾ ਹੈ।”
ਸਭ ਅਧਿਕਾਰੀਆਂ ਦੀ ਇਕੋ ਰਾਏ ਸੀ, “ਹਾਕਮ ਨੂੰ ਨੱਥ ਪਾਈ ਜਾਵੇ।”
ਰਣਜੋਧ ਸਿੰਘ ਜ਼ਿੱਦੀ ਸੁਭਾਅ ਦਾ ਨਹੀਂ ਸੀ। ਨਾਲੇ ਉਹ ਅਫ਼ਸਰਾਂ ਦੇ ਵਿਚਾਰ ਸੁਣਦਾ ਰਿਹਾ, ਨਾਲੇ ਸਥਿਤੀ ਦੀ ਘੋਖ ਕਰਦਾ ਰਿਹਾ।
ਉਸ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ। ਸੱਚਮੁੱਚ ਉਹ ਹਾਕਮ ਵੱਲ ਉਲਾਰਸੀ।
ਜੇਲ੍ਹ ਕਰਮਚਾਰੀ ਅਤੇ ਅਧਿਕਾਰੀ ਦੋਵੇਂ ਵਰਗ ਹਾਕਮ ਵਿਰੁੱਧ ਇਕ ਮੁੱਠ ਹੋਏ ਖੜੇ ਸਨ। ਆਪਣੀ ਗੱਲ ਮੰਨਵਾਉਣ ਲਈ ਉਹਨਾਂ ਨੇ ਕੁਝ ਲੂਣ-ਮਿਰਚ ਵੀ ਲਾਇਆ ਹੋਵੇਗਾ। ਬਹੁਤੀਆਂ ਗੱਲਾਂ ਸੱਚੀਆਂ ਹੋਣਗੀਆਂ। ਰਣਜੋਧ ਸਿੰਘ ਨੇ ‘ਸੁਨੀਲ ਬੱਤਰਾ ਬਨਾਮ ਦਿੱਲੀ ਪ੍ਰਸ਼ਾਸਨ’ ਦੇ ਨਾਂ ਨਾਲ ਪ੍ਰਸਿੱਧ ਸੁਪਰੀਮ ਕੋਰਟ ਦੇ ਉਸ ਫ਼ੈਸਲੇ ਨੂੰ ਪੜ੍ਹਿਆ ਹੋਇਆ ਸੀ, ਜਿਸ ਵਿਚ ਜੇਲ੍ਹਾਂ ਅੰਦਰ ‘ਪਟੀਸ਼ਨ ਬਾਕਸ’ ਰੱਖਣ ਦੀ ਹਦਾਇਤ ਦਿੱਤੀ ਗਈ ਸੀ। ਹਾਕਮ ਸਿੰਘ ਦੀ ਇਸ ਫ਼ੈਸਲੇ ਨੂੰ ਲਾਗੂ ਕਰਾਉਣ ਦੀ ਮੰਗ ਉਸ ਦੇ ਖ਼ਤਰਨਾਕ ਇਰਾਦਿਆਂ ਦੀ ਪੁਸ਼ਟੀ ਕਰਦੀ ਸੀ। ਸੁਪਰੀਮ ਕੋਰਟ ਦੇ ਅਜਿਹੇ ਫ਼ੈਸਲਿਆਂ ਦੀ ਖੋਜ ਕੋਈ ਵਕੀਲ ਹੀ ਕਰ ਸਕਦਾ ਸੀ।
ਰਣਜੋਧ ਸਿੰਘ ਦੀ ਕਿਹੜਾ ਹਾਕਮ ਸਿੰਘ ਨਾਲ ਪੱਗ ਵੱਟੀ ਹੋਈ ਸੀ। ਜਿੰਨਾ ਚਿਰ ਉਸ ਦੇ ਸਹਾਰੇ ਨਾਂ ਚਮਕ ਸਕਦਾ ਸੀ, ਚਮਕਾ ਲਿਆ। ਹੁਣ ਮਰੇ ਸੱਪ ਨੂੰ ਗਲੋਂ ਲਾਹ ਦੇਣਾ ਚਾਹੀਦਾ ਸੀ। ਦੁਖੀ ਹੋਏ ਮੁਲਾਜ਼ਮ ਕਿਧਰੇ ਹੜਤਾਲ ਨਾ ਕਰ ਦੇਣ। ਖਿਝੇ ਅਧਿਕਾਰੀ ਕਿਤੇ ਹਾਕਮ ਦੀਆਂ ਗਤੀਵਿਧੀਆਂ ਸਰਕਾਰ ਦੇ ਧਿਆਨ ਵਿਚ ਨਾ ਲਿਆ ਦੇਣ।
ਸਾਰੀ ਲੰਕਾ ਰਾਵਣ ਵਿਰੁੱਧ ਹੋਈ ਖੜੀ ਸੀ। ਰਣਜੋਧ ਸਿੰਘ ਮਹਾਰਾਜਾ ਰਾਵਣ ਨਹੀਂ ਸੀ। ਆਪਣੇ ਮੰਤਰੀਆਂ ਅਤੇ ਸੈਨਾਪਤੀਆਂ ਦੀ ਰਾਏ ਦੁਰਕਾਰ ਕੇ ਇਕੱਠਾ ਆਪਣੇ ਟੀਚੇ ਦੀ ਪ੍ਰਾਪਤੀ ਲਈ ਨਿਕਲਣ ਦਾ ਐਲਾਨ ਨਹੀਂ ਕਰ ਸਕਦਾ। ਨਾ ਉਹ ਭਬੀਸ਼ਣ ਬਣ ਕੇ ਸਾਰੇ ਭਾਈਚਾਰੇ ਨੂੰ ਲੱਤ ਮਾਰ ਕੇ ਸੱਚ ਨਾਲ ਖੜੋਣ ਦੀ ਹਿੰਮਤ ਰੱਖਦਾ ਸੀ। ਉਹ ਸਾਧਾਰਨ ਮਨੁੱਖ ਸੀ। ਉਸ ਨੂੰ ਮੌਕਾ ਸੰਭਾਲਣਾ ਚਾਹੀਦਾ ਸੀ।
ਸਥਿਤੀ ਸੰਭਾਲਣ ਲਈ ਉਸ ਨੇ ਤੁਰੰਤ ਹੁਕਮ ਜਾਰੀ ਕੀਤੇ।
“ਹਾਕਮ ਦਾ ਦਫ਼ਤਰ ਆਉਣਾ ਬੰਦ। ਕੈਦੀਆਂ ਨੂੰ ਭਾਸ਼ਣ ਦੇਣੇ ਬੰਦ। ਉਸ ਦੀਆਂ ਵਿਸ਼ੇਸ਼ ਮੁਆਫ਼ੀਆਂ ਬੰਦ।”
ਆਪਣੀ ਨੀਤੀ ਸਪੱਸ਼ਟ ਕਰਨ ਲਈ ਉਸ ਨੇ ਮਾਤਹਿਤਾਂ ਨੂੰ ਸਮਝਾਇਆ।
“ਹਾਲ ਦੀ ਘੜੀ ਇੰਨੇ ਖੰਭ ਕੱਟਣੇ ਕਾਫ਼ੀ ਹਨ। ਕੋਈ ਹੋਰ ਸਜ਼ਾ ਦਿੱਤੀ ਤਾਂ ਉਸ ਦੇ ਚਮਚਿਆਂ ਨੇ ਭੜਕ ਪੈਣਾ ਹੈ। ਹਾਲ ਦੀ ਘੜੀ ‘ਸਹਿਜ ਪਕੇ ਜੋ ਮੀਠਾ ਹੋਏ’ ਦੇ ਸਿਧਾਂਤ ’ਤੇ ਚੱਲਣ ਵਿਚ ਹੀ ਭਲਾਈ ਹੈ।”
ਸੁੱਖ ਦਾ ਸਾਹ ਲੈਂਦੇ ਮਾਤਹਿਤਾਂ ਨੇ ਰਣਜੋਧ ਸਿੰਘ ਨਾਲ ਸਹਿਮਤੀ ਪ੍ਰਗਟਾ ਦਿੱਤੀ।
39
ਜਦੋਂ ਜਲਸੇ ਜਲੂਸਾਂ ਨਾਲ ਸਰਕਾਰ ਦੇ ਕੰਨ ’ਤੇ ਜੂੰ ਨਾ ਸਰਕੀ ਤਾਂ ਸੰਘਰਸ਼ ਸੰਮਤੀ ਨੇ ਅਦਾਲਤ ਦਾ ਦਰਵਾਜ਼ਾ ਜਾ ਖੜਕਾਇਆ।
ਲੋਕ ਹਿੱਤ ਪਟੀਸ਼ਨ ਰਾਹੀਂ ਸੰਮਤੀ ਨੇ ਹਾਈ ਕੋਰਟ ਕੋਲ ਕਈ ਮੰਗਾਂ ਰੱਖੀਆਂ।
“ਪੁਰਾਣਾ ਪੈਣ ਕਾਰਨ ਕਾਨੂੰਨ ਆਪਣੀ ਚਮਕ ਗੁਆ ਬੈਠਾ ਹੈ। ਸਰਕਾਰ ਕੋਲ ਇਸ ਦੀ ਧੂੜ ਲਾਹੁਣ ਦਾ ਵਕਤ ਨਹੀਂ। ਅਦਾਲਤ ਆਪਣੇ ਲੋਕ-ਹਿੱਤੂ ਹੋਣ ਵਾਲੇ ਅਵਤਾਰ ਨੂੰ ਧਾਰੇ ਅਤੇ ਆਪਣੇ ਵਿਸ਼ੇਸ਼ ਅਧਿਕਾਰਾਂ ਦੀ ਵਰਤੋਂ ਕਰ ਕੇ ਲੋਕ ਭਲਾਈ ਦੇ ਨਵੇਂ ਰਾਹ ਖੋਲੇ੍ਹ।
“ਸ਼ੱਕ ਦਾ ਲਾਭ ਦੇ ਕੇ ਕਾਨੂੰਨ ਦੋਸ਼ੀਆਂ ਨੂੰ ਬਰੀ ਕਰਨ ਦੀ ਇਜਾਜ਼ਤ ਦੇਂਦਾ ਹੈ। ਕਿਸੇ ਹੱਦ ਤਕ ਇਹ ਨਿਯਮ ਠੀਕ ਹੈ। ਪਰ ਕੀ ਅਗਲੀ ਕਾਰਵਾਈ ਠੱਪ ਕਰਨਾ ਜਾਇਜ਼ ਹੈ? ਫ਼ੈਸਲੇ ਬਾਅਦ ਨਾ ਪੁਲਿਸ ਅਸਲੀ ਕਾਤਲ ਲੱਭਦੀ ਹੈ, ਨਾ ਕਾਨੂੰਨ ਇਸ ਦੀ ਇਜਾਜ਼ਤ ਦਿੰਦਾ ਹੈ। ਕੀ ਕਦੇ ਕਿਸੇ ਨੇ ਸੋਚਿਆ ਹੈ ਕਿ ਇੰਝ ਹੋਣ ਨਾਲ ਮ੍ਰਿਤਕ ਦੇ ਵਾਰਿਸਾਂ ’ਤੇ ਕੀ ਬੀਤਦੀ ਹੈ? ਉਹ ਕਾਨੂੰਨ ਕੋਲੋਂ ਪੁੱਛਦੇ ਹਨ, “ਫੜੇ ਗਏ ਬੰਦੇ ਨਿਰਦੋਸ਼ ਹੋਣਗੇ ਪਰ ਉਹਨਾਂ ਦਾ ਬੰਦਾ ਵੀ ਤਾਂ ਮਰਿਆ ਹੈ। ਫੇਰ ਉਸ ਦੇ ਕਾਤਲ ਕੌਣ ਹਨ? ਉਹਨਾਂ ਨੂੰ ਕੌਣ ਫੜੇਗਾ? ਸਾਨੂੰ ਇਨਸਾਫ਼ ਕੌਣ ਦੇਵੇਗਾ?”
“ਸਿੱਕੇ ਦਾ ਦੂਸਰਾ ਪਾਸਾ ਵੀ ਓਨਾ ਹੀ ਕੋਝਾ ਹੈ। ਕਈ ਵਾਰ ਕਾਨੂੰਨ ਵਿਚਲੀਆਂ ਕਮਜ਼ੋਰੀਆਂ ਦਾ ਫ਼ਾਇਦਾ ਉਠਾ ਕੇ ਤਕੜੀ ਧਿਰ ਮਾੜੀ ਧਿਰ ਨੂੰ ਨਿਰਦੋਸ਼ ਹੁੰਦੇ ਹੋਏ ਸਜ਼ਾ ਕਰਵਾ ਦਿੰਦੀ ਹੈ। ਪਿੱਛੋਂ ਜੇ ਅਸਲ ਕਾਤਲ ਫੜੇ ਜਾਣ ਤਾਂ ਕਾਨੂੰਨ ਨਿਰਦੋਸ਼ਾਂ ਨੂੰ ਬਰੀ ਅਤੇ ਅਸਲ ਦੋਸ਼ੀਆਂ ਨੂੰ ਕਟਹਿਰੇ ਵਿਚ ਖੜੇ ਕਰਨ ਵਿਚ ਅੜਿੱਕਾ ਖੜਾ ਕਰ ਦਿੰਦਾ ਹੈ। ਕਾਨੂੰਨ ਆਖਦਾ ਹੈ, “ਚੰਗਾ ਹੈ ਜਾਂ ਮਾੜਾ ਹੈ। ਪਹਿਲੀ ਵਾਰ ਹੋਇਆ ਫ਼ੈਸਲਾ ਅੰਤਿਮ ਹੈ। ਇਕ ਮਾਮਲੇ ’ਤੇ ਅਦਾਲਤ ਵਾਰ-ਵਾਰ ਫ਼ੈਸਲਾ ਨਹੀਂ ਸੁਣਾ ਸਕਦੀ।”
“ਕੀ ਇਹੋ ਜਿਹੇ ਕਾਨੂੰਨ ਨੂੰ ਲੋਕ-ਹਿੱਤੂ ਕਾਨੂੰਨ ਆਖਿਆ ਜਾਵੇ? ਕਾਨੂੰਨ ਪੀੜਤਾਂ ਦੇ ਜ਼ਖ਼ਮਾਂ ’ਤੇ ਮਲ੍ਹਮ ਦਾ ਕੰਮ ਕਰਨ ਲਈ ਹੁੰਦਾ ਹੈ, ਜ਼ਖ਼ਮਾਂ ਨੂੰ ਉਚੇੜਨ ਲਈ ਨਹੀਂ।”
ਸੰਮਤੀ ਨੇ ਆਪਣੀ ਪਟੀਸ਼ਨ ਵਿਚ ਇਹੋ ਜਿਹੇ ਕਈ ਮੁੱਦੇ ਉਠਾਏ।
ਸੰਮਤੀ ਨੇ ਇਕ ਮੰਗ ਕੀਤੀ, “ਜੇ ਕੋਈ ਗਵਾਹ ਜਜ਼ਬਾਤਾਂ ਵਿਚ ਵਹਿ ਕੇ ਜਾਂ ਕਿਸੇ ਦਬਾਅ ਹੇਠ ਆ ਕੇ ਇਕ ਵਾਰ ਅਦਾਲਤ ਵਿਚ ਝੂਠ ਬੋਲ ਜਾਵੇ ਅਤੇ ਪਿੱਛੋਂ ਆਪਣੇ ਅੰਦਰ ਦੀ ਆਵਾਜ਼ ਸੁਣ ਕੇ ਆਪਣੀ ਭੁੱਲ ਸੋਧਣਾ ਚਾਹੇ ਤਾਂ ਕਾਨੂੰਨ ਨੂੰ ਗਵਾਹ ਦਾ ਮੂੰਹ ਖੋਲ੍ਹਣ ਤੋਂ ਰੋਕਣਾ ਨਹੀਂ ਚਾਹੀਦਾ।”
ਸੰਮਤੀ ਦਾ ਵਿਚਾਰ ਸੀ ਕਿ ਕਾਨੂੰਨ ਕੋਲੋਂ ਇਹ ਗ਼ਲਤੀਆਂ ਇਸ ਲਈ ਹੁੰਦੀਆਂ ਹਨ, ਕਿਉਂਕਿ ਜੁਰਮਾਂ ਦੀ ਤਫ਼ਤੀਸ਼ ਕਰਨ ਵਾਲੀ ਸੰਸਥਾ ਇਕ ਹੈ। ਪੁਲਿਸ ਪੂਰੀ ਤਰ੍ਹਾਂ ਸਰਕਾਰ ਦੇ ਅਧੀਨ ਹੈ। ਸਰਕਾਰ ਨੂੰ ਪੁਲਿਸ ਉਪਰ ਅਤੇ ਪੁਲਿਸ ਨੂੰ ਲੋਕਾਂ ਉਪਰ ਇਸੇ ਲਈ ਮਰਜ਼ੀ ਕਰਨ ਦਾ ਅਧਿਕਾਰ ਹੈ।
ਪਟੀਸ਼ਨ ਰਾਹੀਂ ਸੰਮਤੀ ਨੇ ਪੁੱਛਿਆ, “ਜੇ ਦੇਸ਼ ਦੇ ਨਾਗਰਿਕਾਂ ਨੂੰ ਆਪਣੀ ਮਰਜ਼ੀ ਦੇ ਸਕੂਲ ਵਿਚ ਪੜ੍ਹਨ ਅਤੇ ਮਰਜ਼ੀ ਦੇ ਹਸਪਤਾਲ ਵਿਚੋਂ ਇਲਾਜ ਕਰਾਉਣ ਦੀ ਖੁੱਲ੍ਹ ਹੈ ਤਾਂ ਮਰਜ਼ੀ ਦੀ ਤਫ਼ਤੀਸ਼ੀ ਏਜੰਸੀ ਕੋਲੋਂ ਤਫ਼ਤੀਸ਼ ਕਰਾਉਣ ਦਾ ਅਧਿਕਾਰ ਕਿਉਂ ਨਹੀਂ ਹੈ? ਸਰਕਾਰ ਦਾ ਇਹ ਏਕਾ-ਅਧਿਕਾਰ ਖ਼ਤਮ ਹੋਣਾ ਚਾਹੀਦਾ ਹੈ। ਨਿੱਜੀ ਸੰਸਥਾ ਨੂੰ ਤਫ਼ਤੀਸ਼ ਕਰਨ ਦੀ ਖੁੱਲ੍ਹ ਹੋਣੀ ਚਾਹੀਦੀ ਹੈ।”
ਸੰਮਤੀ ਨੇ ਕੁਝ ਨਿੱਜੀ ਮੰਗਾਂ ਵੀ ਰੱਖੀਆਂ।
ਸੰਮਤੀ ਸਿੱਧ ਕਰ ਚੁੱਕੀ ਹੈ ਕਿ ਪਾਲਾ ਮੀਤਾ ਨਿਰਦੋਸ਼ ਹਨ। ਇਹ ਵੀ ਸਿੱਧ ਹੋ ਚੁੱਕਾ ਹੈ ਕਿ ਅਸਲ ਕਾਤਲ ਹਰਮਨਬੀਰ ਅਤੇ ਉਸ ਦੇ ਨੌਕਰ ਹਨ। ਅਦਾਲਤ ਪੱਖ ਪ੍ਰਦਰਸ਼ਕ ਬਣ ਕੇ ਨਵਾਂ ਕਾਨੂੰਨ ਘੜੇ। ਨਿਰਦੋਸ਼ਾਂ ਨੂੰ ਬਰੀ ਕਰੇ ਅਤੇ ਸਰਕਾਰ ਨੂੰ ਅਸਲ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ਦੀ ਹਦਾਇਤ ਕਰੇ।
ਜਿੰਨਾ ਚਿਰ ਅਦਾਲਤ ਇਹਨਾਂ ਕਾਨੂੰਨੀ ਮੁੱਦਿਆਂ ਉਪਰ ਆਪਣੀ ਰਾਏ ਨਹੀਂ ਦਿੰਦੀ, ਓਨਾ ਚਿਰ ਪਾਲੇ ਮੀਤੇ ਨੂੰ ਜ਼ਮਾਨਤ ’ਤੇ ਰਿਹਾਅ ਕਰੇ।
ਸੰਮਤੀ ਵੱਲੋਂ ਪੇਸ਼ ਕੀਤੇ ਸੁਝਾਵਾਂ ਨੇ ਬੁੱਧੀਜੀਵੀ ਵਰਗ ਵਿਚ ਬਹਿਸ ਛੇੜ ਦਿੱਤੀ। ਅਖ਼ਬਾਰਾਂ ਰਸਾਲਿਆਂ ਵਿਚ ਇਹਨਾਂ ਸੋਧਾਂ ਦੇ ਹੱਕ ਅਤੇ ਵਿਰੋਧ ਵਿਚ ਖੋਜ-ਪੱਤਰ ਛਪਣ ਲੱਗੇ। ਬਹੁਤੇੁ ਕਾਨੂੰਨੀ ਮਾਹਿਰ ਸੰਮਤੀ ਦੇ ਸੁਝਾਵਾਂ ਨਾਲ ਸਹਿਮਤ ਹੋਣ ਲੱਗੇ।
ਛਿੜੀ ਬਹਿਸ ਅਤੇ ਨਿਕਲਣ ਵਾਲੇ ਨਤੀਜੇ ਦੇ ਰੁਖ਼ ਨੇ ਸਰਕਾਰ ਦੀ ਫ਼ਿਕਰਾਂ ਵਾਲੀ ਪੰਡ ਹੋਰ ਭਾਰੀ ਕਰ ਦਿੱਤੀ। ਸਰਕਾਰ ਇਸ ਤਰ੍ਹਾਂ ਦੀਆਂ ਸੋਧਾਂ ਦੇ ਹੱਕ ਵਿਚ ਨਹੀਂ ਸੀ। ਸਰਕਾਰ ਕੋਲ ਪੁਲਿਸ ਵਾਲਾ ਇਕੋ ਇਕ ਡੰਡਾ ਸੀ, ਜਿਸ ਰਾਹੀਂ ਉਹ ਵਿਰੋਧੀਆਂ ਨੂੰ ਨੱਥ ਪਾ ਕੇ ਰੱਖਦੀ ਸੀ। ਪੁਲਿਸ ਦੇ ਹੱਥੋਂ ਤਫ਼ਤੀਸ਼ ਦਾ ਏਕਾ-ਅਧਿਕਾਰ ਖੁੱਸਣ ਨਾਲ ਸਰਕਾਰ ਖੁਸਰਾ ਬਣ ਕੇ ਰਹਿ ਜਾਣੀ ਹੈ। ਝੂਠੇ ਮੁਕੱਦਮੇ ਬਣਾ ਕੇ ਨਾ ਸਰਕਾਰ ਤੋਂ ਆਪਣੇ ਵਿਰੋਧੀਆਂ ਦੇ ਕੰਨ ਖਿੱਚੇ ਜਾਇਆ ਕਰਨਗੇ, ਨਾ ਆਪਣੇ ਪੱਖੀਆਂ ਨੂੰ ਜੁਰਮ ਕਰਨ ਦੀਆਂ ਖੁੱਲ੍ਹਾਂ ਦਿੱਤੀਆਂ ਜਾ ਸਕਣਗੀਆਂ। ਨਿੱਜੀ ਤਫ਼ਤੀਸ਼ ਏਜੰਸੀਆਂ ਮੁੱਖ ਮੰਤਰੀ ਤਕ ਨੂੰ ਕਟਹਿਰੇ ਵਿਚ ਖੜਾ ਕਰ ਲਿਆ ਕਰਨਗੀਆਂ। ਸਰਕਾਰ ਬਣਾਉਣ ਦਾ ਮਤਲਬ ਪੁੱਠੇ-ਸਿੱਧੇ ਢੰਗ ਨਾਲ ਆਪਣਿਆਂ ਦੀ ਝੋਲੀ ਭਰਨਾ ਹੈ। ਜੇ ਮੰਤਰੀ ਦੇ ਸਿਰ ’ਤੇ ਕਾਨੂੰਨ ਦੀ ਤਲਵਾਰ ਲਟਕਣ ਲੱਗੀ ਤਾਂ ਫੇਰ ਮੰਤਰੀ ਬਣਨ ਦਾ ਕੀ ਫ਼ਾਇਦਾ?
ਮੰਤਰੀਆਂ ਨੇ ਮੁੱਖ ਮੰਤਰੀ ਨੂੰ ਸਾਵਧਾਨ ਕੀਤਾ, “ਕੁਝ ਵੀ ਕਰੋ। ਅਜਿਹੀ ਸੋਧ ਨੂੰ ਹਰ ਹੀਲੇ ਰੋਕੋ।”
ਐਡਵੋਕੇਟ ਜਨਰਲ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਲਈ ਅੱਡੀ-ਚੋਟੀ ਦਾ ਜ਼ੋਰ ਲਾਉਣ ਲੱਗਾ।
ਨਿੱਜੀ ਤੌਰ ’ਤੇ ਗੁਰਦੇਵ ਸਿੰਘ ਸੰਮਤੀ ਦੇ ਸੁਝਾਵਾਂ ਨਾਲ ਸਹਿਮਤ ਸੀ। ਅਜਿਹੀਆਂ ਕੁਝ ਸੋਧਾਂ ਨਾਲ ਲੋਕਾਂ ਲਈ ਇਨਸਾਫ਼ ਦੇ ਦਰਵਾਜ਼ੇ ਖੁੱਲ੍ਹ ਸਕਦੇ ਸਨ। ਲੋਕਾਂ ਨੂੰ ਆਪਣੀ ਮਰਜ਼ੀ ਦੀ ਸੰਸਥਾ ਕੋਲੋਂ ਤਫ਼ਤੀਸ਼ ਦੀ ਖੁੱਲ੍ਹ ਮਿਲਣ ਨਾਲ ਬਾਕੀ ਮੰਗਾਂ ਆਪੇ ਪੂਰੀਆਂ ਹੋ ਜਾਣੀਆਂ ਸਨ। ਫੇਰ ਨਾ ਝੂਠੇ ਗਵਾਹਾਂ ਦੀ ਲੋੜ ਪਏਗੀ, ਨਾ ਗਵਾਹਾਂ ਨੂੰ ਪੈਰ-ਪੈਰ ’ਤੇ ਬਿਆਨ ਬਦਲਣ ਦੀ। ਫੇਰ ਨਾ ਨਿਰਦੋਸ਼ ਲੋਕਾਂ ਨੂੰ ਕਟਹਿਰੇ ਵਿਚ ਖੜਨਾ ਪਏਗਾ, ਨਾ ਅਸਲ ਕਾਤਲਾਂ ਦੇ ਪਿੱਛੋਂ ਫੜੇ ਜਾਣ ’ਤੇ ਦੁਬਾਰਾ ਸੁਣਵਾਈ ਦੀ ਜ਼ਰੂਰਤ ਪਵੇਗੀ।
ਪਰ ਇਸ ਸਮੇਂ ਗੁਰਦੇਵ ਸਿੰਘ ਸਰਕਾਰ ਦਾ ਨਮਕ ਖਾ ਰਿਹਾ ਸੀ। ਉਸ ਨੇ ਉਹੋ ਬੋਲਣਾ ਸੀ, ਜਿਸ ਲਈ ਸਰਕਾਰ ਨੇ ਉਸ ਨੂੰ ਆਖਣਾ ਸੀ। ਇਸ ਸਮੇਂ ਉਸ ਨੂੰ ਨਿੱਜੀ ਵਿਚਾਰ ਪ੍ਰਗਟਾਉਣ ਦਾ ਅਧਿਕਾਰ ਨਹੀਂ ਸੀ।
ਸੰਮਤੀ ਦੇ ਤਰਕਾਂ ਨੂੰ ਕੱਟਣਾ ਗੁਰਦੇਵ ਸਿੰਘ ਨੂੰ ਔਖਾ ਲੱਗ ਰਿਹਾ ਸੀ। ਉਸ ਦੇ ਦਫ਼ਤਰ ਵਿਚ ਸਰਕਾਰ ਦਾ ਪੱਖ ਪੂਰਨ ਲਈ ਸੈਂਕੜੇ ਸਰਕਾਰੀ ਵਕੀਲ ਸਨ। ਇਸ ਮਾਮਲੇ ਦਾ ਕੌਣ ਮਾਹਿਰ ਹੈ? ਇਹ ਘੋਖਣ ਲਈ ਉਸ ਨੇ ਇਕ-ਇਕ ਵਕੀਲ ਦੀ ਕਾਬਲੀਅਤ ’ਤੇ ਨਜ਼ਰ ਮਾਰੀ। ਸਾਰਾ ਮਾਤਾ ਦਾ ਮਾਲ ਸੀ। ਉਹਨਾਂ ਨੂੰ ਲਿਆਕਤ ਦੇ ਆਧਾਰ ’ਤੇ ਭਰਤੀ ਥੋੜ੍ਹਾ ਕੀਤਾ ਗਿਆ ਹੈ। ਉਹ ਨਿੱਜੀ ਰਸੂਖ਼ ਕਾਰਨ ਖ਼ਜ਼ਾਨਾ ਲੁੱਟਣ ਅਤੇ ਤਜਰਬਾ ਹਾਸਲ ਕਰਨ ਲਈ ਭਰਤੀ ਹੋਏ ਹਨ। ਇਹਨਾਂ ਚਿੱਟੇ ਹਾਥੀਆਂ ਤੋਂ ਪੂਰੀ ਨਹੀਂ ਸੀ ਪੈਣੀ।
ਸਰਕਾਰ ਆਪਣੇ ਕਾਨੂੰਨਦਾਨਾਂ ਦੀ ਕਾਬਲੀਅਤ ਦੀ ਪਹਿਲਾਂ ਹੀ ਭੇਤੀ ਸੀ। ਜਦੋਂ ਕਦੇ ਕੋਈ ਮਾਮਲਾ ਉੱਠਦਾ ਸੀ, ਵਧੀਆ ਵਕੀਲ ਕਰਨ ਲਈ ਸਰਕਾਰ ਨੂੰ ਦਿੱਲੀ ਵੱਲ ਦੌੜਨਾ ਪੈਂਦਾਸੀ।
ਇਸ ਸਰਕਾਰ ਦੇ ਕਾਰਜ ਕਾਲ ਦੌਰਾਨ ਉਠਿਆ ਇਹ ਸਭ ਤੋਂ ਗੰਭੀਰ ਮਾਮਲਾ ਸੀ। ਜੇ ਅਦਾਲਤ ਨੇ ਸੰਮਤੀ ਦੀ ਗੱਲ ਮੰਨ ਲਈ, ਜਿਸ ਦੀ ਪੂਰੀ ਸੰਭਾਵਨਾ ਸੀ, ਤਾਂ ਸਰਕਾਰ ਨੇ ਕੌਡੀਆਂ ਵਾਲਾ ਸੱਪ ਬਣ ਕੇ ਰਹਿ ਜਾਣਾ ਸੀ।
ਐਡਵੋਕੇਟ ਜਨਰਲ ਨੇ ਮੁੱਖ ਮੰਤਰੀ ਨੂੰ ਸਲਾਹ ਦਿੱਤੀ।
“ਇਸ ਵਾਰੀ ਵੀ ਵਕੀਲ ਬਾਹਰੋਂ ਬੁਲਾਉਣੇ ਪੈਣਗੇ”
“ਖ਼ਰਚ ਦੀ ਪਰਵਾਹ ਨਾ ਕਰੋ। ਖ਼ਜ਼ਾਨੇ ਦਾ ਮੂੰਹ ਖੁੱਲ੍ਹਾ ਹੈ। ਹਰ ਢੰਗ ਤਰੀਕਾ ਵਰਤ ਕੇ ਪੁਲਿਸ ਦੇ ਅਧਿਕਾਰ ਬਚਾਓ।”
ਬਿਨਾਂ ਕੋਈ ਕਿੰਤੂ-ਪਰੰਤੂ ਕਰੇ ਮੁੱਖ ਮੰਤਰੀ ਨੇ ਝੱਟ ਸਹਿਮਤੀ ਦੇ ਦਿੱਤੀ।
ਉਸੇ ਸ਼ਾਮ ਗੁਰਦੇਵ ਸਿੰਘ ਜਹਾਜ਼ ਚੜ੍ਹ ਕੇ ਦਿੱਲੀ ਜਾ ਵੜਿਆ। ਆਪਣੇ ਮਿੱਤਰ ਵਕੀਲਾਂ ਨੂੰ ਖ਼ੁਸ਼ਖ਼ਬਰੀ ਸੁਣਾਈ। ਕਿਸੇ ਨੂੰ ਹਜ਼ਾਰਾਂ ਰੁਪਏ ਪ੍ਰਤੀ ਘੰਟਾ ਅਤੇ ਕਿਸੇ ਨੂੰ ਲੱਖਾਂ ਰੁਪਏ ਪ੍ਰਤੀ ਦਿਹਾੜੀ ਦੀ ਸਾਈ ਫੜਾਈ। ਸਰਕਾਰ ਦਾ ਪੱਖ ਕਮਜ਼ੋਰ ਨਾ ਰਹਿ ਜਾਏ, ਇਸ ਲਈ ਪੈਸਾ ਖ਼ਰਚਦੇ ਸਮੇਂ ਉਸ ਨੇ ਰੱਤੀ ਭਰ ਦੀ ਕੰਜੂਸੀ ਨਹੀਂ ਸੀ ਕੀਤੀ।
ਮੁੱਖ ਮੰਤਰੀ ਨੇ ਲੋਕ ਸੰਪਰਕ ਵਿਭਾਗ ਨੂੰ ਵੀ ਚੌਕਸ ਕੀਤਾ। ਉਹ ਕਾਨੂੰਨ ਦੇ ਮਾਹਿਰ ਪੱਤਰਕਾਰਾਂ ਦੀਆਂ ਸੇਵਾਵਾਂ ਹਾਸਲ ਕਰੇ। ਉਹਨਾਂ ਕੋਲੋਂ ਸਰਕਾਰ ਦਾ ਪੱਖ ਪੂਰਦੇ ਵੱਡੇ-ਵੱਡੇ ਲੇਖ ਲਿਖਵਾਏ। ਉਹਨਾਂ ਲੇਖਾਂ ਨੂੰ ਪੰਜਾਬੀ ਤੋਂ ਲੈ ਕੇ ਅੰਗਰੇਜ਼ੀ ਦੇ ਹਰ ਛੋਟੇ-ਵੱਡੇ ਅਖ਼ਬਾਰ ਵਿਚ ਛਪਵਾਏ। ਨਾਲੇ ਆਪਣੇ ਪੱਖ ਵਿਚ ਸਾਧਾਰਨ ਲੋਕਾਂ ਕੋਲੋਂ ਸੰਪਾਦਕ ਦੇ ਨਾਂ ਚਿੱਠੀਆਂ ਲਿਖਵਾਏ। ਬਹਿਸ ਪੂਰੀ ਭਖੇ। ਪਰ ਧਿਆਨ ਰਹੇ, ਪੱਲੜਾ ਸਰਕਾਰ ਦਾ ਹੀ ਝੁਕੇ। ਇਸੇ ਤਰ੍ਹਾਂ ਰੇਡੀਓ ਅਤੇ ਟੀ.ਵੀ. ਦਾ ਪ੍ਰਯੋਗ ਹੋਵੇ।
ਸਰਕਾਰ ਦੇ ਯਤਨ ਰੰਗ ਲਿਆਉਣ ਲੱਗੇ। ਬਹਿਸ ਦਿਨਾਂ ਵਿਚ ਭਖ ਪਈ। ਆਏ ਦਿਨ ਨਵੇਂ-ਨਵੇਂ ਪੱਖ ਇਸ ਤਜਵੀਜ਼ ਦੇ ਹੱਕ ਵਿਚ ਅਤੇ ਵਿਰੋਧ ਵਿਚ ਛਪਣ ਲੱਗੇ। ਮਾਮਲਾ ਸੂਬੇ ਦੀਆਂ ਸਰਹੱਦਾਂ ਟੱਪ ਕੇ ਰਾਸ਼ਟਰੀ ਪੱਧਰ ’ਤੇ ਪੁੱਜ ਗਿਆ।
ਬਾਕੀ ਸੂਬਿਆਂ ਦੀਆਂ ਸਰਕਾਰਾਂ ਦੇ ਵੀ ਕੰਨ ਖੜੇ ਹੋ ਗਏ। ਸੁੱਤੀ ਪਈ ਕੇਂਦਰੀ ਸਰਕਾਰ ਨੂੰ ਜਗਾਇਆ ਗਿਆ।
ਵੱਖ-ਵੱਖ ਸੂਬਿਆਂ ਵਿਚ ਵੱਖ-ਵੱਖ ਸਿਆਸੀ ਪਾਰਟੀਆਂ ਦੀਆਂ ਸਰਕਾਰਾਂ ਸਨ। ਸਿਆਸੀ ਤੌਰ ’ਤੇ ਉਹਨਾਂ ਵਿਚ ਇੱਟ-ਕੁੱਤੇ ਦਾ ਵੈਰ ਸੀ, ਪਰ ਇਸ ‘ਸਾਂਝੇ ਮੁੱਦੇ’ ’ਤੇ ਸਾਰੀਆਂ ਪਾਰਟੀਆਂ ਇਕ ਹੋ ਗਈਆਂ। ਵਿਰੋਧੀ ਧਿਰ ਨੇ ਸੱਤਾਧਾਰੀ ਧਿਰ ਦਾ ਪੂਰਾ ਸਾਥ ਦੇਣ ਦਾ ਪ੍ਰਣ ਲਿਆ। ਸਾਰੀਆਂ ਪਾਰਟੀਆਂ ਨੇ ਇਕ ਮੱਤ ਹੋ ਕੇ ਮਤਾ ਪਾਸ ਕੀਤਾ।
“ਪੁਲਿਸ ਦੇ ਅਧਿਕਾਰ ਸੀਮਤ ਹੋਣ ਨਾਲ ਦੇਸ਼ ਵਿਚ ਪਰਲੋ ਆ ਸਕਦੀ ਹੈ। ਪੁਲਿਸ ਦਾ ਮਨੋਬਲ ਗਿਰ ਸਕਦਾ ਹੈ। ਜ਼ਹਿਰ ਕੱਢਣ ਬਾਅਦ ਫਨੀਅਰ ਨਾਗ ਦੀ ਕੀ ਵੁੱਕਤ? ਗੰਡੋਏ ਤੋਂ ਕਿਸੇ ਨਹੀਂ ਡਰਨਾ। ਬਗ਼ਾਵਤਾਂ ਨੂੰ ਦਬਾਉਣ ਅਤੇ ਭੈੜੇ ਅਨਸਰਾਂ ਨਾਲ ਨਜਿੱਠਣ ਲਈ ਪੁਲਿਸ ਦਾ ਸ਼ਕਤੀਸ਼ਾਲੀ ਹੋਣਾ ਜ਼ਰੂਰੀ ਹੈ। ਇਸ ਅਧਿਕਾਰ ਦੀ ਰਾਖੀ ਸਾਰੀਆਂ ਸਰਕਾਰਾਂ ਅਤੇ ਸਿਆਸੀ ਪਾਰਟੀਆਂ ਦਾ ਫ਼ਰਜ਼ ਹੈ।”
ਸੂਬਿਆਂ ਦੇ ਕਾਨੂੰਨ ਮੰਤਰੀਆਂ ਨੇ ਰਾਜਧਾਨੀ ਪੁੱਜ ਕੇ ਕੇਂਦਰੀ ਸਰਕਾਰ ਦੇ ਕਾਨੂੰਨ ਮੰਤਰੀ ਨਾਲ ਮੀਟਿੰਗ ਕੀਤੀ। ਉਸ ਨੂੰ ਸਾਂਝੀ ਬੇਨਤੀ ਕੀਤੀ, “ਫ਼ਨੀਅਰ ਨੂੰ ਸਿਰ ਚੁੱਕਣ ਤੋਂ ਪਹਿਲਾਂ ਹੀ ਕੁਚਲ ਦੇਣਾ ਚਾਹੀਦਾ ਹੈ।”
ਕੇਂਦਰੀ ਮੰਤਰੀ ਨੇ ਭਰੋਸਾ ਦਿਵਾਇਆ।
“ਇੰਜ ਹੀ ਹੋਵੇਗਾ। ਕਾਨੂੰਨੀ ਚਾਰਾਜੋਈ ਵੀ ਹੋਏਗੀ। ਸੁਪਰੀਮ ਕੋਰਟ ਦੇ ਕਈ ਜੱਜ ਮੇਰੇ ਮਿੱਤਰ ਹਨ ਜਾਂ ਆਖੋ ਉਹ ਮੇਰੇ ਕਾਰਨ ਹੀ ਕੁਰਸੀ ਤਕ ਪੱਜੇ ਹਨ। ਮੈਂ ਉਹਨਾਂ ਨੂੰ ਨਿੱਜੀ ਤੌਰ ’ਤੇ ਆਖਾਂਗਾ। ਆਪਣਾ ਰਸੂਖ਼ ਵਰਤ ਕੇ ਉਹ ਸਰਕਾਰ ਦੀ ਬੇੜੀ ਬੰਨੇ ਲਾਉਣ।”
ਸੂਬਾ ਸਰਕਾਰਾਂ ਨੇ ਇਸ ਮਹਾਂ ਯੱਗ ਲਈ ਆਪਣੇ-ਆਪਣੇ ਯੋਗਦਾਨ ਦੀ ਘੋਸ਼ਣਾ ਕੀਤੀ। ਹਰ ਸੂਬਾ ਸਰਕਾਰ ਆਪਣੇ ਖ਼ਰਚੇ ’ਤੇ ਕਾਨੂੰਨ ਮਾਹਿਰਾਂ ਦੀ ਇਕ ਪੰਜ-ਮੈਂਬਰੀ ਟੀਮ ਨਿਯੁਕਤ ਕਰੇਗੀ। ਉਹ ਟੀਮ ਹਾਈ ਕੋਰਟ ਵਿਚ ਸੋਧਾਂ ਦੇ ਵਿਰੁੱਧ ਬੋਲੇਗੀ।
ਕੇਂਦਰ ਸਰਕਾਰ ਵੀ ਪਿੱਛੇ ਰਹਿਣ ਵਾਲੀ ਨਹੀਂ ਸੀ। ਕੇਂਦਰੀ ਮੰਤਰੀ ਨੇ ਐਲਾਨ ਕੀਤਾ।
“ਸਾਡਾ ਕਾਨੂੰਨੀ ਢਾਂਚਾ ਅੰਗਰੇਜ਼ਾਂ ਨੇ ਉਸਾਰਿਆ ਸੀ। ਵਧੀਆ ਚੱਲ ਰਹੇ ਇਸ ਢਾਂਚੇ ਨੂੰ ਹੁਣ ਢਾਹ ਲਾਉਣ ਦਾ ਯਤਨ ਹੋ ਰਿਹਾ ਹੈ। ਢਾਂਚੇ ਨੂੰ ਬਚਾਉਣ ਲਈ ਜੇ ਇਸ ਦੀਆਂ ਜੜ੍ਹਾਂ ਤਕ ਜਾਣਾ ਪਿਆ ਤਾਂ ਕੇਂਦਰੀ ਸਰਕਾਰ ਆਪਣੇ ਖ਼ਰਚੇ ’ਤੇ ਬਰਤਾਨੀਆਂ ਤੋਂ ਮਾਹਿਰ ਬੁਲਾਏਗੀ।”
ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਮਿਲੇ ਭਰਪੂਰ ਸਹਿਯੋਗ ਨੇ ਮੁੱਖ ਮੰਤਰੀ ਦੇ ਨਾਲ-ਨਾਲ ਐਡਵੋਕੇਟ ਜਨਰਲ ਦੇ ਸਿਰੋਂ ਬੋਝ ਲਾਹ ਦਿੱਤਾ।
ਕਾਨੂੰਨੀ ਸਿਰ-ਖਪਾਈ ਦੀ ਜ਼ਿੰਮੇਵਾਰੀ ਤੋਂ ਵਿਹਲਾ ਹੋ ਕੇ ਗੁਰਦੇਵ ਸਿੰਘ ਮੁੱਖ ਮੰਤਰੀ ਦੀ ਨਿੱਜੀ ਸਾਖ਼ ਵੱਲ ਧਿਆਨ ਦੇਣ ਲੱਗਾ।
ਸਾਰੀਆਂ ਸੂਬਾ ਸਰਕਾਰਾਂ ਨੇ ਬਹਿਸ ਵਿਚ ਹਿੱਸਾ ਲੈਣਾ ਸੀ। ਸੰਮਤੀ ਦੀ ਮਦਦ ਉਪਰ ਵੀ ਕਈ ਸੰਸਥਾਵਾਂ ਆ ਗਈਆਂ ਸਨ। ਉਹਨਾਂ ਵੱਲੋਂ ਵੀ ਆਪਣਾ ਪੱਖ ਪੇਸ਼ ਕੀਤਾ ਜਾਣਾ ਸੀ। ਬਹਿਸ ਕਈ ਮਹੀਨਿਆਂ ਤਕ ਲਟਕ ਸਕਦੀ ਸੀ।
ਗੁਰਦੇਵ ਸਿੰਘ ਨੂੰ ਫ਼ਿਕਰ ਲੱਗਾ ਹੋਇਆ ਸੀ। ਬਹਿਸ ਨੂੰ ਲੰਬੀ ਖਿੱਚਦੀ ਦੇਖ ਕੇ ਅਤੇ ਕਾਰਵਾਈ ਨੂੰ ਵੱਡੇ ਪੱਧਰ ’ਤੇ ਪ੍ਰਸਾਰਿਤ ਹੁੰਦਾ ਦੇਖ ਕੇ ਹਾਈਕੋਰਟ ਕਿਧਰੇ ਦੋਸ਼ੀਆਂ ਦੀ ਜ਼ਮਾਨਤ ਮਨਜ਼ੂਰ ਨਾ ਕਰ ਦੇਵੇ?
ਚੋਣਾਂ ਸਿਰ ’ਤੇ ਸਨ। ਦੋਸ਼ੀਆਂ ਦੀ ਜ਼ਮਾਨਤ ਹੋਣ ਬਾਅਦ ਮੁੱਖ ਮੰਤਰੀ ਕਿਹੜੇ ਮੂੰਹ ਲੋਕਾਂ ਵਿਚ ਜਾਵੇਗਾ। ਉਧਰ ਬਹਿਸ ਚੱਲਦੀ ਰਹੀ। ਇਧਰ ਐਡਵੋਕੇਟ ਜਨਰਲ ਉਦੇਸ਼ ਦੀ ਪ੍ਰਾਪਤੀ ਲਈ ਆਪਣੇ ਫੀਲੇ ਦੁੜਾਉਂਦਾ ਰਿਹਾ।
ਸਰਕਾਰਾਂ ਨੇ ਪੈਸਾ ਪਾਣੀ ਵਾਂਗ ਵਹਾਇਆ। ਆਲ੍ਹਾ ਤੋਂ ਆਲ੍ਹਾ ਕਾਨੂੰਨ ਮਾਹਿਰਾਂ ਨੂੰ ਬੁਲਾਇਆ।
ਸੰਮਤੀ ਦੇ ਸਾਧਨ ਸੀਮਤ ਸਨ। ਲੋਕ-ਹਿੱਤ ਨੂੰ ਧਿਆਨ ਵਿਚ ਰੱਖਦਿਆਂ ਬਹੁਤ ਸਾਰੇ ਮਾਹਿਰ ਆਪਣੇ ਖ਼ਰਚੇ ’ਤੇ ਸੰਮਤੀ ਦੇ ਹੱਕ ਵਿਚ ਬੋਲਣ ਆਏ। ਰਾਸ਼ਟਰੀ ਪੱਧਰ ਦੀਆਂ ਕੁਝ ਲੋਕ ਭਲਾਈ ਸੰਸਥਾਵਾਂ ਨੇ ਸੰਮਤੀ ਦਾ ਸਾਥ ਦਿੱਤਾ।
ਬਹਿਸ ਦੌਰਾਨ ਭਾਵੇਂ ਪੱਲੜਾ ਸੰਮਤੀ ਦੇ ਹੱਕ ਵਿਚ ਝੁਕਿਆ ਰਿਹਾ, ਪਰ ਫ਼ੈਸਲਾ ਉਹ ਹੋਇਆ ਜੋ ਸਰਕਾਰ ਚਾਹੁੰਦੀ ਸੀ।
ਹਾਈ ਕੋਰਟ ਨੇ ਇਹਨਾਂ ਤਰਕਾਂ ਦੇ ਆਧਾਰ ’ਤੇ ਸੰਮਤੀ ਦੀ ਪਟੀਸ਼ਨ ਰੱਦ ਕੀਤੀ।
ਹਾਈ ਕੋਰਟ ਨੇ ਵਿਚਾਰ ਪ੍ਰਗਟਾਇਆ ਕਿ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਕਰਨਾ ਅਤੇ ਸਸਤਾ ਇਨਸਾਫ਼ ਦਿਵਾਉਣਾ ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ ਹੈ। ਸਰਕਾਰ ਆਪਣਾ ਇਹ ਫ਼ਰਜ਼ ਤਾਂ ਹੀ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਅ ਸਕਦੀ ਹੈ, ਜੇ ਤਫ਼ਤੀਸ਼ ਦਾ ਅਧਿਕਾਰ ਇਕੱਲੀ ਸਰਕਾਰ ਕੋਲ ਹੋਵੇ। ਇਹ ਅਧਿਕਾਰ ਨਿੱਜੀ ਹੱਥਾਂ ਵਿਚ ਦੇਣ ਨਾਲ ਪੈਸੇ ਵਾਲਿਆਂ ਦਾ ਬੋਲ-ਬਾਲਾ ਹੋ ਜਾਏਗਾ। ਨਿੱਜੀ ਸੰਸਥਾਵਾਂ ਉਹੋ ਬੋਲੀ ਬੋਲਣਗੀਆਂ ਜਿਸ ਲਈ ਉਹਨਾਂ ਨੂੰ ਪੈਸਾ ਦਿੱਤਾ ਜਾਏਗਾ। ਅਜਿਹੀ ਸਥਿਤੀ ਵਿਚ ਗ਼ਰੀਬ-ਗ਼ੁਰਬੇ ਦਾ ਕੀ ਬਣੇਗਾ?
ਇਨਸਾਫ਼ ਕਰਦੇ ਸਮੇਂ ਅਦਾਲਤਾਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪਏਗਾ। ਹਰ ਸੰਸਥਾ ਆਪਣਾ ਰਾਗ ਅਲਾਪੇਗੀ। ਅਦਾਲਤ ਕਿਸ ਦੀ ਮੰਨੇਗੀ?
ਕਾਨੂੰਨ ਵਿਵਸਥਾ ਬਣਾਈ ਰੱਖਣਾ ਸਰਕਾਰ ਦਾ ਮੁੱਢਲਾ ਫ਼ਰਜ਼ ਹੈ। ਸੰਮਤੀ ਦੀ ਮੰਗ ਮੰਨਣ ਨਾਲ ਸਰਕਾਰ ਦਾ ਅਧਿਕਾਰ ਸੀਮਤ ਹੋ ਜਾਏਗਾ। ਇੰਜ ਸੰਵਿਧਾਨ ਵਿਚ ਦਰਜ ਢਾਂਚੇ ਵਿਚ ਗੜਬੜ ਹੋਏਗੀ। ਫ਼ੈਸਲਾ ਲਾਗੂ ਕਰਨ ਲਈ ਸੰਵਿਧਾਨ ਵਿਚ ਸੋਧ ਕਰਨੀ ਪਏਗੀ। ਸੋਧ ਲੋਕ ਸਭਾ ਅਤੇ ਵਿਧਾਨ ਸਭਾਵਾਂ ਦੀ ਸਹਿਮਤੀ ਨਾਲ ਹੋਏਗੀ। ਅਜਿਹੇ ਮਹੱਤਵਪੂਰਨ ਫ਼ੈਸਲੇ ਕਾਹਲ ਵਿਚ ਨਹੀਂ ਹੋ ਸਕਦੇ। ਇਹਨਾਂ ਮੁੱਦਿਆਂ ਉਪਰ ਪਹਿਲਾਂ ਲੰਬੀਆਂ ਬਹਿਸਾਂ ਹੋਣੀਆਂ ਚਾਹੀਦੀਆਂ ਹਨ। ਫੇਰ ਸੋਧਾਂ ਹੋਣੀਆਂ ਚਾਹੀਦੀਆਂ ਹਨ। ਇਸ ਸਮੇਂ ਅਦਾਲਤ ਵੱਲੋਂ ਸੰਵਿਧਾਨ ਵਿਚ ਦਖ਼ਲ ਦੇਣਾ ਉਚਿਤ ਨਹੀਂ ਹੈ।
ਇਸ ਮੁੱਦੇ ਨਾਲ ਸਾਰੇ ਦੇਸ਼ ਦੇ ਹਿੱਤ ਜੁੜੇ ਹੋਏ ਹਨ। ਇਸ ਲਈ ਇਹ ਮਾਮਲਾ ਹਾਈ ਕੋਰਟ ਦੀ ਥਾਂ ਦੇਸ਼ ਦੀ ਸਰਬ-ਉੱਚ ਅਦਾਲਤ ਵਿਚ ਉਠਾਇਆ ਜਾਣਾ ਚਾਹੀਦਾ ਹੈ। ਸੰਮਤੀ ਨੂੰ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣ ਦੀ ਹਦਾਇਤ ਹੋਈ। ਬਾਕੀ ਦੇ ਕਾਨੂੰਨੀ ਮੁੱਦੇ ਹਾਈ ਕੋਰਟ ਨੇ ਨਿਪਟਾ ਦਿੱਤੇ।
ਫ਼ੈਸ਼ਲਾ ਹੋਣ ਬਾਅਦ ਦੁਬਾਰਾ ਤਫ਼ਤੀਸ਼ ਸ਼ੁਰੂ ਕਰਨਾ ਕਿਸੇ ਤਰ੍ਹਾਂ ਵੀ ਤਰਕ-ਸੰਗਤ ਨਹੀਂ ਹੈ। ਇੰਜ ਹੋਣ ਨਾਲ ਮੁਕੱਦਮੇ ਦੀ ਸੁਣਵਾਈ ਨੇ ਕਦੇ ਨਹੀਂ ਮੁੱਕਣਾ। ਕਦੇ ਮੁਦੱਈ ਧਿਰ ਨੇ ਦਰਖ਼ਾਸਤ ਦੇ ਦੇਣੀ ਹੈ ਕਿ ਨਵੇਂ ਮੁਜਰਮ ਲੱਭ ਪਏ ਹਨ, ਇਕ ਵਾਰ ਫੇਰ ਸੁਣਵਾਈ ਕਰੋ। ਕਦੇ ਮੁਲਜ਼ਮਾਂ ਨੇ ਦਰਖ਼ਾਸਤ ਦੇ ਦੇਣੀ ਹੈ ਕਿ ਉਹ ਨਿਰਦੋਸ਼ ਹਨ। ਅਸਲ ਦੋਸ਼ੀ ਆਹ ਹਨ। ਅਦਾਲਤ ਨੂੰ ਕਿਤੇ ਨਾ ਕਿਤੇ ਲਕੀਰ ਖਿੱਚਣੀ ਪੈਣੀ ਹੈ। ਚੰਗਾ ਜਾਂ ਮਾੜਾ ਇਹ ਨਿਯਮ ਜਾਇਜ਼ ਹੈ।
ਗਵਾਹਾਂ ਨੂੰ ਵਾਰੀ-ਵਾਰੀ ਬਿਆਨ ਬਦਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਅਦਾਲਤ ਨੂੰ ਇਹ ਪਤਾ ਕਿਸ ਤਰ੍ਹਾਂ ਲੱਗੇਗਾ ਕਿ ਗਵਾਹ ਪਹਿਲਾਂ ਝੂਠ ਬੋਲ ਕੇ ਗਿਆ ਹੈ ਜਾਂ ਹੁਣ ਝੂਠ ਬੋਲ ਰਿਹਾ ਹੈ। ਗਵਾਹ ਨੂੰ ਪਹਿਲਾਂ ਹੀ ਸੋਚ-ਸਮਝ ਕੇ ਕਟਹਿਰੇ ਵਿਚ ਖੜਨਾ ਚਾਹੀਦਾਹੈ।
ਅਜਿਹੇ ਤਰਕਾਂ ਦੇ ਆਧਾਰ ’ਤੇ ਹਾਈ ਕੋਰਟ ਨੇ ਸਿੱਟਾ ਕੱਢਿਆ, “ਸੰਮਤੀ ਦੀਆਂ ਮੰਗਾਂ ਨਿਆਂ-ਪ੍ਰਬੰਧ ਨੂੰ ਭੰਬਲਭੂਸੇ ਵਿਚ ਪਾਉਣ ਵਾਲੀਆਂ ਹਨ। ਲੋਕ-ਹਿੱਤੂ ਹੋਣ ਦੀ ਥਾਂ ਲੋਕ-ਵਿਰੋਧੀ ਹਨ।”
ਸੰਮਤੀ ਵੱਲੋਂ ਦਇਰ ਪਟੀਸ਼ਨ ਲੋਕ-ਹਿੱਤ ਪਟੀਸ਼ਨ ਸੀ। ਸੰਮਤੀ ਵੱਲੋਂ ਉਠਾਏ ਕਾਨੂੰਨੀ ਮੁੱਦਿਆਂ ਦਾ ਹਾਈ ਕੋਰਟ ਨਿਪਟਾਰਾ ਕਰ ਚੁੱਕੀ ਸੀ। ਬਾਕੀ ਦੇ ਮਾਮਲੇ ਨਿੱਜੀ ਅਤੇ ਇਕ ਵਿਸ਼ੇਸ਼ ਮੁਕੱਦਮੇ ਨਾਲ ਸੰਬੰਧਿਤ ਸਨ।
‘ਨਿੱਜੀ ਮਾਮਲੇ ਨਿੱਜੀ ਮੁਕੱਦਮੇ ਵਿਚ ਉਠਾਏ ਜਾਣ।”
ਫ਼ੈਸਲੇ ਦੇ ਅੰਤ ਵਿਚ ਹਾਈ ਕੋਰਟ ਵੱਲੋਂ ਸੰਮਤੀ ਨੂੰ ਇਹ ਸਲਾਹ ਦਿੱਤੀ ਗਈ।
40
ਸਰਕਾਰ ਦੇ ਦਬਾਅ ਹੇਠ ਹੋਏ ਫ਼ੈਸਲੇ ਨੇ ਸੰਮਤੀ ਨੂੰ ਨਿਰਾਸ਼ ਤਾਂ ਕੀਤਾ ਪਰ ਨਿਰ-ਉਤਸ਼ਾਹਿਤ ਨਹੀਂ।
ਅਸਫ਼ਲਤਾ ਦੇ ਨਾਲ-ਨਾਲ ਸੰਮਤੀ ਨੂੰ ਕਈ ਫ਼ਾਇਦੇ ਵੀ ਹੋਏ।
ਰਾਸ਼ਟਰੀ ਪੱਧਰ ਦੀਆਂ ਕੁਝ ਸੰਸਥਾਵਾਂ ਨੇ ਇਸ ਮੁੱਦੇ ਨੂੰ ਅਪਣਾ ਲਿਆ। ਬਹਿਸ ਨੂੰ ਅੱਗੇ ਤੋਰਨ ਦਾ ਬੀੜਾ ਉਠਾ ਲਿਆ।
ਮੀਡੀਏ ਵਿਚ ਹੋਏ ਚਰਚੇ ਨੇ ਸੰਮਤੀ ਦਾ ਨਾਂ ਘਰ-ਘਰ ਪਹੁੰਚਾ ਦਿੱਤਾ। ਲੋਕ ਰਾਏ ਸੰਮਤੀ ਦੇ ਹੱਕ ਵਿਚ ਬਣਨ ਲੱਗੀ। ਲੋਕ ਅਤੇ ਨਵੀਆਂ-ਨਵੀਆਂ ਸੰਸਥਾਵਾਂ ਸੰਮਤੀ ਨਾਲ ਜੁੜਨ ਲੱਗੀਆਂ।
ਸੰਮਤੀ ਦਾ ਅਸਲ ਉਦੇਸ਼ ਲੋਕਾਂ ਨੂੰ ਇਹ ਸਮਝਾਉਣਾ ਸੀ ਕਿ ਮੌਜੂਦਾ ਸਿਆਸੀ ਢਾਂਚਾ ਗਲ-ਸੜ ਚੁੱਕਾ ਹੈ। ਇਹ ਲੋਕ-ਪੱਖੀ ਨਹੀਂ ਹੈ। ਨਿਆਂ-ਪਾਲਿਕਾ ਵਰਗੀ ਸੱਚੀ-ਸੁੱਚੀ ਸੰਸਥਾ ਵੀ ਇਸ ਦੀ ਸੜਿਆਂਦ ਤੋਂ ਬਚੀ ਹੋਈ ਨਹੀਂ ਹੈ। ਸਮੁੱਚਾ ਢਾਂਚਾ ਬਦਲੇ ਬਿਨਾਂ ਸੁਖੀ ਜ਼ਿੰਦਗੀ ਜਿਊਣੀ ਅਸੰਭਵ ਹੈ।
ਚੋਣਾਂ ਦੇ ਐਲਾਨ ਨਾਲ ਸੰਮਤੀ ਨੂੰ ਆਪਣਾ ਉਦੇਸ਼ ਲੋਕਾਂ ਤਕ ਪਹੁੰਚਾਉਣਾ ਆਸਾਨ ਹੋ ਗਿਆ।
ਸੁਨਹਿਰੀ ਮੌਕੇ ਦਾ ਲਾਭ ਉਠਾਉਣ ਲਈ ਸੰਮਤੀ ਜ਼ੋਰ-ਸ਼ੋਰ ਨਾਲ ਤਿਆਰੀ ਕਰਨ ਲੱਗੀ।
ਸੰਮਤੀ ਦੇ ਸਾਧਨ ਸੀਮਤ ਸਨ। ਸੋਚ-ਵਿਚਾਰ ਕੇ ਸੰਮਤੀ ਨੇ ਪ੍ਰਚਾਰ ਦੇ ਨਵੇਂ ਢੰਗਾਂ ਦੀ ਖੋਜ ਕੀਤੀ।
ਜਦੋਂ ਕੋਈ ਸਿਆਸੀ ਪਾਰਟੀ ਰੈਲੀ ਕਰਦੀ, ਸੰਮਤੀ ਆਪਣਾ ਸਾਜ਼ੋ-ਸਾਮਾਨ ਲੈ ਕੇ ਉਥੇ ਪੁੱਜ ਜਾਂਦੀ।
ਸੰਮਤੀ ਕੋਲ ਇਕ ਟਰੈਕਟਰ-ਟਰਾਲੀ ਸੀ ਅਤੇ ਲੱਕੜ ਦੇ ਕੁਝ ਫੱਟੇ। ਇਕ ਲਾਊਡ ਸਪੀਕਰ ਸੀ ਅਤੇ ਧੌਲੇ ਵਾਲੇ ਜਗਤਾਰ ਦੀ ਸੰਗੀਤ ਮੰਡਲੀ।
ਲੋੜ ਪੈਣ ’ਤੇ ਟਰਾਲੀ ਉਪਰ ਫੱਟੇ ਰੱਖ ਕੇ ਸਟੇਜ ਬਣਾ ਲਈ ਜਾਂਦੀ ਸੀ।
ਨੇਤਾਵਾਂ ਦੇ ਮਨ-ਲੁਭਾਉਣੇ ਭਾਸ਼ਣ ਸੁਣਨ ਬਾਅਦ ਜਨਤਾ ਜਦੋਂ ਘਰਾਂ ਨੂੰ ਮੁੜਨ ਲੱਗਦੀ ਸੀ ਤਾਂ ਜਗਤਾਰ ਆਪਣੀ ਤੂੰਬੀ ਦੀ ਤਾਰ ਛੇੜ ਦਿੰਦਾ। ਮਨਾਂ ਨੂੰ ਧੂਹ ਪਾਉਂਦੀਆਂ ਉੱਚੀਆਂਹੇਕਾਂ ਲੋਕਾਂ ਦੇ ਪੈਰਾਂ ਵਿਚ ਬੇੜੀਆਂ ਬਣ ਜਾਂਦੀਆਂ। ਉਹ ਪੁੱਠੇ ਪੈਰੀਂ ਮੁੜਨ ਲਈ ਮਜਬੂਰ ਹੋ ਜਾਂਦੇ।
ਲੋਕਾਂ ਨੂੰ ਆਪਣੀ ਗੱਲ ਸਮਝਾਉਣ ਲਈ ਸੰਮਤੀ ਵੱਲੋਂ ਲੰਬੇ ਚੌੜੇ ਭਾਸ਼ਨ ਨਹੀਂ ਸਨ ਦਿੱਤੇ ਜਾਂਦੇ।
ਸੰਮਤੀ ਪੁਲਿਸ, ਅਦਾਲਤਾਂ ਅਤੇ ਸੁਧਾਰ ਘਰਾਂ ਦੇ ਪ੍ਰਬੰਧਕਾਂ ਹੱਥੋਂ ਸਤੇ ਲੋਕਾਂ ਨੂੰ ਸਟੇਜ ’ਤੇ ਬੁਲਾਉਂਦੀ ਅਤੇ ਉਹਨਾਂ ਦੀ ਦਰਦ ਕਹਾਣੀ ਉਹਨਾਂ ਦੇ ਮੂੰਹੋਂ ਸੁਣਵਾਉਂਦੀ।
ਕਿਸੇ ਜਲਸੇ ਵਿਚ ਕਾਰਵਾਈ ਚਲਾਉਣ ਦੀ ਜ਼ਿੰਮੇਵਾਰੀ ਰਾਏ ਸਿੱਖ, ਬਾਜ਼ੀਗਰ ਅਤੇ ਸਾਂਸੀ ਬਰਾਦਰੀ ਦੇ ਚੇਅਰਮੈਨ ਸ਼ਾਮੂ ਦੀ ਹੁੰਦੀ।
ਕਿਸੇ ਜਲਸੇ ਵਿਚ ਉਹ ਕਰੀਮੂ ਨੂੰ ਸਟੇਜ ’ਤੇ ਬੁਲਾਉਂਦਾ, ਕਿਸੇ ਵਿਚ ਬੂਆ ਜੀ ਨੂੰ ਅਤੇ ਕਿਸੇ ਵਿਚ ਨਿੱਕੋ ਨੂੰ।
ਬੂਆ ਜੀ ਬਾਜ਼ੀਗਰਾਂ ਦੇ ਘਰ ਜੰਮਿਆ ਸੀ। ਉਸ ਦੇ ਮਾਪੇ ਬਾਜ਼ੀਆਂ ਪਾਉਂਦੇ ਸਨ। ਮਾਂ-ਬਾਪ ਨੇ ਬੂਏ ਦੇ ਅੰਗ ਬਚਪਨ ਵਿਚ ਹੀ ਲਚਕੀਲੇ ਬਣਾ ਦਿੱਤੇ ਸਨ। ਜਵਾਨੀ ’ਚ ਪੈਰ ਧਰਦੇ-ਧਰਦੇ ਉਹ ਗੱਡੀ ਦੇ ਬਰਾਬਰ ਭੱਜਣ ਲੱਗ ਪਿਆ ਸੀ। ਦਸ ਫੁੱਟ ਲੰਬੀ ਛਾਲ ਮਾਰ ਲਿਆ ਕਰਦਾ ਸੀ। ਵੰਝ ਦੇ ਸਹਾਰੇ ਬਾਰਾਂ ਫੁੱਟ ਉੱਚੀ ਕੰਧ ਟੱਪ ਜਾਇਆ ਕਰਦਾ ਸੀ। ਕਿਲ੍ਹਾ ਰਾਏਪੁਰ ਦੀਆਂ ਪੇਂਡੂ ਖੇਡਾਂ ਵਿਚ ਉਹ ਕਈ ਵਾਰ ਇਨਾਮ ਜਿੱਤ ਚੱਕਾ ਸੀ।
ਫੇਰ ਇਹ ਗੁਣ ਉਸ ਦੇ ਦੁਸ਼ਮਣ ਬਣ ਗਏ। ਗਰੇਵਾਲਾਂ ਦੇ ਕਾਕੇ ਨੂੰ ਵਹਿਮ ਹੋ ਗਿਆ। ਅਗਲੀਆਂ ਖੇਡਾਂ ਵਿਚ ਬੂਆ ਉਸ ਦਾ ਮੈਡਲ ਖੋਹੇਗਾ।
ਕਾਕੇ ਨੇ ਪੁਲਿਸ ਕੋਲ ਮੁਖ਼ਬਰੀ ਕੀਤੀ।
“ਬੂਆ ਜੀ ਰਾਤ ਨੂੰ ਸੜਕਾਂ ’ਤੇ ਖੜ੍ਹਦਾ ਹੈ। ਲੋਕਾਂ ਨੂੰ ਲੁੱਟ ਕੇ ਹਵਾ ਹੋ ਜਾਂਦਾ ਹੈ।”
ਗੱਲਾਂ ’ਚ ਆਈ ਪੁਲਿਸ ਨੇ ਉਸ ਦੇ ਨਵੇਂ ਰਿਕਾਰਡ ਦੀ ਥਾਂ ਉਸ ਦੇ ਖ਼ਾਨਦਾਨੀ ਰਿਕਾਰਡ ਨੂੰ ਤਰਜੀਹ ਦਿੱਤੀ। ਪਿਛੋਕੜ ਦੇ ਆਧਾਰ ’ਤੇ ਉਸ ਨੂੰ ਗ੍ਰਿਫ਼ਤਾਰ ਕੀਤਾ ਅਤੇ ਜੇਲ੍ਹ ਵਿਚ ਸੁੱਟ ਦਿੱਤਾ।
ਜੇਲ੍ਹ ਦੇ ਬਾਹਰ-ਅੰਦਰ ਰਹਿਣ ਦੇ ਚੱਕਰ ਵਿਚ ਉਸ ਦੀਆਂ ਖੇਡਾਂ ਛੁੱਟ ਗਈਆਂ।
ਪੁਲਿਸ ਨੇ ਕੈਦ ਕਰਵਾ ਕੇ ਵੀ ਖਹਿੜਾ ਨਾ ਛੱਡਿਆ। ਰਫ਼ਤਾਰ ਮੱਠੀ ਕਰਨ ਲਈ ਸੱਜੀ ਟੰਗ ਤੋੜ ਦਿੱਤੀ। ਟੰਗੋਂ ਆਹਰਾ ਹੋ ਕੇ ਉਹ ਹੁਣ ਨਰਕ ਭੋਗ ਰਿਹਾ ਹੈ।
ਅਖ਼ੀਰ ’ਚ ਉਹ ਹਉਕਾ ਭਰ ਕੇ ਆਖਦਾ।
“ਮੇਰੀ ਫ਼ੁਰਤੀ ਦੇਖ ਕੇ ਖੇਡ ਮੰਤਰੀ ਨੇ ਮੈਨੂੰ ਪੁਲਿਸ ਵਿਚ ਭਰਤੀ ਕਰਨ ਦਾ ਵਾਅਦਾ ਕੀਤਾ ਸੀ। ਜੇ ਪੁਲਿਸ ਨੇ ਮੇਰਾ ਰਿਕਾਰਡ ਖ਼ਰਾਬ ਨਾ ਕੀਤਾ ਹੁੰਦਾ ਤਾਂ ਅੱਜ ਮੈਂ ਵੀ ਪੁਲਿਸ ਅਫ਼ਸਰ ਹੁੰਦਾ।
ਬੂਆ ਜੀ ਦੇ ਨਾਲ-ਨਾਲ ਲੋਕਾਂ ਦੀਆਂ ਅੱਖਾਂ ਵੀ ਸਿੱਲੀਆਂ ਹੋ ਜਾਂਦੀਆਂ।
ਫੇਰ ਨਿੱਕੋ ਅਤੇ ਬੀਰੋ ਸਾਂਸਣਾਂ ਸਟੇਜ ’ਤੇ ਆਉਂਦੀਆਂ। ਉਹ ਆਪਣੇ ਮੱਥਿਆਂ ’ਤੇ ਖੁਣੇ ‘ਚੋਰਨੀ’ ਅਤੇ ‘ਜੇਬ ਕਤਰੀ’ ਸ਼ਬਦ ਲੋਕਾਂ ਨੂੰ ਦਿਖਾਉਂਦੀਆਂ। ਫੇਰ ਦੱਸਦੀਆਂ ਕਿ ਇਹਨਾਂ ਕਲੰਕਾਂ ਕਾਰਨ ਪੈਂਤੀਆਂ-ਪੈਂਤੀਆਂ ਦੀਆਂ ਹੋ ਕੇ ਵੀ ਉਹ ਕੁਆਰੀਆਂ ਬੈਠੀਆਂ ਹਨ।
ਲੋਹਾ ਗਰਮ ਹੋਇਆ ਦੇਖ ਕੇ ਸ਼ਾਮੂ ਮਾਈਕ ’ਤੇ ਆਉਂਦਾ ਅਤੇ ਲੋਕਾਂ ਕੋਲੋਂ ਪੁੱਛਦਾ।
“ਕੀ ਲੋਕਾਂ ਨੂੰ ਜੁਰਮ ਕਰਨ ਲਈ ਮਜਬੂਰ ਕਰਨ ਵਾਲੀ ਅਤੇ ਲੋਕਾਂ ਨੂੰ ਚੈਨ ਦੀ ਜ਼ਿੰਦਗੀ ਨਾ ਜਿਊਣ ਦੇਣ ਵਾਲੀ ਪੁਲਿਸ ਸਮਾਜ ਦੀ ਉਸਾਰੀ ਵਿਚ ਕੋਈ ਯੋਗਦਾਨ ਪਾ ਸਕਦੀ ਹੈ?”
ਲੋਕ ਇਕ ਜੁੱਟ ਹੋ ਕੇ ਆਖਦੇ, “ਨਹੀਂ) ਬਿਲਕੁਲ ਨਹੀਂ।”
ਕਿਸੇ ਹੋਰ ਜਲਸੇ ਵਿਚ ਬੰਟੀ ਕਤਲ ਕੇਸ ਵਿਚ ਬਤੌਰ ਗਵਾਹ ਭੁਗਤੇ ਦੇਸ ਰਾਜ, ਕਮਲ ਪ੍ਰਸ਼ਾਦ ਅਤੇ ਰਾਧੇ ਸਿਆਮ ਨੂੰ ਅਸ਼ੋਕ ਸਟੇਜ ’ਤੇ ਬੁਲਾਉਂਦਾ।
ਦੇਸ ਰਾਜ ਦੁਹਾਈ ਦੇ ਕੇ ਆਖਦਾ।
“ਪੁਲਿਸ ਅਤੇ ਯੁਵਾ ਸੰਘ ਨੇ ਮੇਰੇ ਕੋਲੋਂ ਝੂਠ ਬੁਲਵਾਇਆ ਹੈ। ਮੇਰੀ ਭਾਂਡਿਆਂ ਦੀ ਦੁਕਾਨ ਤਾਂ ਹੈ ਪਰ ਨਾ ਕਦੇ ਪਾਲੇ ਨੇ ਮੇਰੇ ਕੋਲ ਚੋਰੀ ਦਾ ਮਾਲ ਵੇਚਿਆ ਹੈ ਅਤੇ ਨਾ ਹੀ ਕੋਈ ਟੋਪੀਆ ਖ਼ਰੀਦਿਆ ਹੈ। ਲਾਲਾ ਜੀ ਦਾ ਭਗਤ ਹੋਣ ਕਾਰਨ ਅਤੇ ਭਾਵਨਾਵਾਂ ਵਿਚ ਵਹਿਣ ਕਾਰਨ ਮੈਂ ਝੂਠ ਬੋਲ ਗਿਆ। ਸੰਮਤੀ ਵਾਲਿਆਂ ਨੇ ਮੈਨੂੰ ਆਪਣੀ ਗ਼ਲਤੀ ਦਾ ਅਹਿਸਾਸ ਕਰਾਇਆ ਹੈ। ਮੇਰੇ ਮਨ ’ਤੇ ਬੋਝ ਹੈ। ਮੇਰੇ ਕਾਰਨ ਨਿਰਦੋਸ਼ਾਂ ਨੂੰ ਸਜ਼ਾ ਹੋਈ ਹੈ। ਆਪਣੀ ਆਤਮਾ ਨੂੰ ਸ਼ੁੱਧ ਕਰਨ ਲਈ ਮੈਂ ਲੋਕ-ਕਚਹਿਰੀ ਵਿਚ ਆਇਆ ਹਾਂ। ਲੋਕੋ, ਮੈਨੂੰ ਮੁਆਫ਼ ਕਰੋ।”
ਇਸੇ ਤਰ੍ਹਾਂ ਕਮਲ ਪ੍ਰਸ਼ਾਦ ਦੁਹਾਈ ਦਿੰਦਾ।
“ਮੁਕੱਦਮੇ ਵਿਚ ਜਿਹੜੀ ਲੈਟਰ ਪੈਡ ਪੇਸ਼ ਕੀਤੀ ਗਈ ਸੀ, ਉਹ ਮੇਰੇ ਕੋਲੋਂ ਪੁਲਿਸ ਨੇ ਛਪਵਾਈ ਸੀ। ਪੁਲਿਸ ਨੇ ਮੈਨੂੰ ਸਮਝਾਇਆ ਸੀ ਕਿ ਬੰਟੀ ਦਾ ਕਤਲ ਪਾਲੇ ਮੀਤੇ ਨੇ ਕੀਤਾ ਹੈ। ਕਾਤਲ ਹੁਸ਼ਿਆਰ ਨੇ। ਉਹਨਾਂ ਨੇ ਸਬੂਤ ਮਿਟਾ ਦਿੱਤੇ ਹਨ। ਸਜ਼ਾ ਕਰਨ ਲਈ ਕਚਹਿਰੀ ਨੂੰ ਸਬੂਤ ਚਾਹੀਦੇ ਹਨ। ਦੋਸ਼ੀਆਂ ਨੂੰ ਸਜ਼ਾ ਕਰਾਉਣ ਲਈ ਕੁਝ ਝੂਠ ਬੋਲਣਾ ਪਏਗਾ। ਕਾਨੂੰਨ ਦਾ ਢਿੱਡ ਭਰਨ ਲਈ ਮੈਂ ਝੂਠ ਬੋਲਿਆ। ਮੈਂ ਦੁਬਾਰਾ ਅਦਾਲਤ ਵਿਚ ਬਿਆਨ ਦੇਣਾ ਚਾਹੁੰਦਾ ਹਾਂ ਪਰ ਅਦਾਲਤ ਮੈਨੂੰ ਮੌਕਾ ਨਹੀਂ ਦੇ ਰਹੀ। ਆਪਣੀ ਗ਼ਲਤੀ ਦੀ ਸਜ਼ਾ ਭੁਗਤਣ ਲਈ ਮੈਂ ਹਾਜ਼ਰ ਹਾਂ।”
ਫੇਰ ਪਿਆਰੇ ਲਾਲ ਲੋਕਾਂ ਤੋਂ ਪੁੱਛਦਾ।
“ਕੀ ਅਜਿਹਾ ਅੰਨ੍ਹਾ ਕਾਨੂੰਨ ਤੁਹਾਡੇ ਮਸਲੇ ਸੁਲਝਾਏਗਾ?”
ਲੋਕ ਫੇਰ ਆਖਦੇ, “ਨਹੀਂ, ਬਿਲਕੁਲ ਨਹੀਂ।”
ਮੌਜੂਦਾ ਸੁਧਾਰ ਘਰ ਕੈਦੀਆਂ ਨੂੰ ਸੁਧਾਰਦੇ ਹਨ ਜਾਂ ਵਿਗਾੜਦੇ ਹਨ?”
ਇਹ ਦੱਸਣ ਲਈ ਪਹਿਲਾਂ ਹੈਲਪਲਾਈਨ ਦਾ ਤਰਸੇਮ ਸਟੇਜ ’ਤੇ ਆਉਂਦਾ। ਫੇਰ ਉਹ ਦੋ ਸਾਲ ਬੱਚਾ-ਜੇਲ੍ਹ ਵਿਚ ਰਹਿ ਕੇ ਆਏ ਨਨੂ ਨੂੰ ਬੁਲਾਉਂਦਾ।
ਅੱਠ ਸਾਲ ਦੇ ਨਨੂ ਨੂੰ ਪਤਾ ਨਹੀਂ ਸੀ ਕਿ ਉਸ ਦਾ ਪਿਛੋਕੜ ਕੀ ਹੈ। ਹੋ ਸਕਦਾ ਹੈ ਉਹ ਹਰਾਮ ਦੀ ਔਲਾਦ ਹੋਵੇ ਅਤੇ ਉਸ ਨੂੰ ਜੰਮਦੇ ਨੂੰ ਹੀ ਰੂੜੀ ਉਪਰ ਸੁੱਟ ਦਿੱਤਾ ਗਿਆ ਹੋਵੇ, ਜਾਂ ਮੰਗਤਿਆਂ ਦੇ ਗਿਰੋਹ ਨੇ ਉਸ ਨੂੰ ਅਗਵਾ ਕਰ ਲਿਆ ਹੋਵੇ, ਜਾਂ ਫੇਰ ਗ਼ਰੀਬੀ ਕਾਰਨ ਉਸ ਦੇ ਮਾਂ-ਬਾਪ ਉਸ ਦਾ ਪਾਲਣ-ਪੋਸ਼ਣ ਨਾ ਕਰ ਸਕੇ ਹੋਣ ਅਤੇ ਉਸ ਨੂੰ ਆਪਣੀ ਕਿਸਮਤ ਦੇ ਸਹਾਰੇ ਜੀਊਣ ਲਈ ਸਟੇਸ਼ਨ ’ਤੇ ਛੱਡ ਗਏ ਹੋਣ। ਉਸ ਨੂੰ ਬੱਸ ਏਨਾ ਹੀ ਪਤਾ ਸੀ ਕਿ ਉਸ ਦਾ ਬਾਪ ਸਾਰਾ ਦਿਨ ਲੱਕੜ ਦੇ ਪੁਲ ’ਤੇ ਭੀਖ ਮੰਗਦਾ ਸੀ। ਰਾਤ ਨੂੰ ਕੰਬਲ ਓੜ ਕੇ ਉਥੇ ਹੀ ਸੌਂ ਜਾਂਦਾ ਸੀ। ਵਿਚੇ ਨਨੂ ਨੂੰ ਘਸੋੜ ਲੈਂਦਾ ਸੀ। ਕੜਾਕੇ ਦੀ ਸਰਦੀ ਕਾਰਨ ਇਕ ਦਿਨ ਉਸ ਦਾ ਬਾਪ ਦਮ ਤੋੜ ਗਿਆ। ਲਾਵਾਰਿਸ ਸਮਝ ਕੇ ਕਾਰਪੋਰੇਸ਼ਨ ਵਾਲੇ ਉਸ ਦੇ ਬਾਪ ਦੀ ਲਾਸ਼ ਨੂੰ ਸ਼ਮਸ਼ਾਨਘਾਟ ਅਤੇ ਉਸ ਨੂੰ ਥਾਣੇ ਛੱਡ ਗਏ। ਉਥੋਂ ਉਹ ਜੇਲ੍ਹ ਪੁੱਜ ਗਿਆ।
ਫੇਰ ਉਹ ਬੱਚਾ-ਜੇਲ੍ਹ ਵਿਚਲੇ ਆਪਣੇ ਤਜਰਬੇ ਲੋਕਾਂ ਨਾਲ ਸਾਂਝੇ ਕਰਦਾ।
“ਬਾਸੂ ਨੇ ਉਸ ਨੂੰ ਜੇਬਾਂ ਕੱਟਣੀਆਂ ਸਿਖਾਈਆਂ। ਨੀਲੂ ਨੇ ਸਿਗਰਟ ਪੀਣੀ। ਕਾਲੂ ਨੇ ਘਰਾਂ ਨੂੰ ਪਾੜ ਲਾਉਣੇ।”
ਤਰਸੇਮ ਉਸ ਨੂੰ ਵਿਚਕਾਰੋਂ ਹੀ ਰੋਕਦਾ। ਫੇਰ ਲੋਕਾਂ ਕੋਲੋਂ ਪੁੱਛਦਾ।
“ਕੀ ਇਸ ਤਰ੍ਹਾਂ ਸੁਧਰਨਗੇ ਬੇਸਹਾਰਾ ਬੱਚੇ?”
ਮੂੰਹ ਵਿਚ ਉਂਗਲਾਂ ਪਾ ਕੇ ਲੋਕ ਇਸ ਪ੍ਰਸ਼ਨ ਦਾ ਉੱਤਰ ਸੋਚਣ ਲੱਗਦੇ।
ਸੰਮਤੀ ਵੱਲੋਂ ਹੁੰਦੇ ਜਲਸਿਆਂ ਵਿਚ ਸਾਬਕਾ ਕੈਦੀ ਆਪਣੇ ਦੁੱਖੜੇ ਰੋਂਦੇ ਹਨ, ਇਹ ਸੁਣ ਕੇ ਇਕ ਦਿਨ ਬੀਬੋ ਆਪਣਾ ਦੁੱਖੜਾ ਰੋਣ ਆ ਗਈ।
ਕੱਖ ਕੰਡਾ ਚੁਗਣ ਉਹ ਚਾਹਲਾਂ ਦੇ ਖੇਤ ਜਾਇਆ ਕਰਦੀ ਸੀ। ਚਾਹਲਾਂ ਦੇ ਕਾਕੇ ਦੀ ਉਸ ’ਤੇ ਨਜ਼ਰ ਸੀ। ਆਨੇ-ਬਹਾਨੇ ਉਹ ਉਸ ਦੇ ਅੱਗੇ-ਪਿੱਛੇ ਕੱਟੇ-ਵੱਛੇ ਬੰਨ੍ਹਦਾ ਰਹਿੰਦਾ ਸੀ। ਬੀਬੋ ਨੇ ਉਸ ਨੂੰ ਸਾਫ਼ ਸ਼ਬਦਾਂ ਵਿਚ ਸਮਝਾ ਦਿੱਤਾ ਸੀ ਕਿ ਉਹ ਐਸੀ-ਵੈਸੀ ਨਹੀਂ ਹੈ। ਜਿਸ ਨਾਲ ਵਿਆਹੀ ਹੈ, ਉਸ ਦੀ ਬਣ ਕੇ ਰਹੇਗੀ। ਪਰ ਇਹ ਗੱਲ ਕਾਕੇ ਦੇ ਖ਼ਾਨੇ ਵਿਚ ਨਹੀਂ ਸੀਵੜੀ।
ਜਦੋਂ ਉਹ ਨਾ ਟਲਿਆ ਤਾਂ ਅੱਕੀ ਬੀਬੋ ਨੂੰ ਹੱਥ ਚੁੱਕਣਾ ਪਿਆ। ਉਸ ਨੇ ਕਾਕੇ ਦਾ ਨੱਕ ਵੱਢ ਦਿੱਤਾ।
ਆਪਣੇ ਕੀਤੇ ’ਤੇ ਬੀਬੋ ਨੂੰ ਕੋਈ ਪਛਤਾਵਾ ਨਹੀਂ ਸੀ। ਉਹ ਖ਼ੁਸ਼ੀ-ਖ਼ੁਸ਼ੀ ਜੇਲ੍ਹ ਕੱਟ ਰਹੀ ਸੀ। ਆਪਣੀ ਇੱਜ਼ਤ ਬਚਾਉਣ ਲਈ ਬੀਬੋ ਨੇ ਕਾਕੇ ਦਾ ਨੱਕ ਤਾਂ ਵੱਢ ਦਿੱਤਾ, ਪਰ ਕਾਕਿਆਂ ਨਾਲ ਭਰੀ ਜੇਲ੍ਹ ਵਿਚ ਉਹ ਕਿਸ-ਕਿਸ ਦਾ ਨੱਕ ਵੱਢਦੀ।
ਪੰਜ ਸਾਲ ਦੀ ਕੈਦ ਕੱਟਣ ਤੋਂ ਬਾਅਦ ਘਰ ਮੁੜਦੀ ਬੀਬੋ ਦੇ ਨਾਲ ਦੋ ਸਾਲ ਦੀ ਕੁੜੀ ਵੀ ਆਈ ਸੀ।
ਉਹ ਲੋਕਾਂ ਕੋਲੋਂ ਪੁੱਛਦੀ ਸੀ, ਸੁਧਾਰ ਘਰੋਂ ਮਿਲੇ ਇਸ ਤੋਹਫ਼ੇ ਨੂੰ ਲੈ ਕੇ ਉਹ ਕਿਥੇ ਜਾਵੇ?
ਫੇਰ ਇਸਤਰੀ ਸਭਾ ਦੀ ਪ੍ਰਧਾਨ ਲੋਕਾਂ ਕੋਲੋਂ ਪੁੱਛਦੀ।
“ਕੀ ਇਹੋ ਜਿਹੇ ਹੋਣੇ ਚਾਹੀਦੇ ਹਨ ਸਾਡੇ ਸੁਧਾਰ ਘਰ?”
ਲੋਕ ਫੇਰ ਆਖਦੇ, “ਨਹੀਂ, ਬਿਲਕੁਲ ਨਹੀਂ।”
ਅਖ਼ੀਰ ਵਿਚ ਪਿਆਰੇ ਲਾਲ ਮਾਈਕ ਸੰਭਾਲਦਾ, ਉਹ ਆਖਦਾ।
“ਇਸ ਤਰ੍ਹਾਂ ਦਾ ਹੈ ਸਾਡਾ ਨਿਆਂ-ਪ੍ਰਬੰਧ। ਕੀ ਇਹ ਪ੍ਰਬੰਧ ਸਾਡੀਆਂ ਸਮੱਸਿਆਵਾਂ ਹੱਲ ਕਰਨ ਦੇ ਯੋਗ ਹੈ? ਕੀ ਸਾਡੇ ਆਜ਼ਾਦੀ ਘੁਲਾਟੀਆਂ ਨੇ ਇਹੋ ਜਿਹੇ ਰਾਮ ਰਾਜ ਦੇ ਸੁਪਨੇ ਲਏਸਨ?”
ਲੋਕ ਆਖਦੇ, “ਨਹੀਂ”, ਫੇਰ ਪੁੱਛਦੇ, “ਆਖ਼ਿਰ ਕਿਸ ਤਰ੍ਹਾਂ ਹੱਲ ਹੋਣਗੀਆਂ ਸਾਡੀਆਂ ਸਮੱਸਿਆਵਾਂ?”
ਸਮੁੱਚਾ ਸਿਆਸੀ ਢਾਂਚਾ ਬਦਲ ਕੇ।” ਪਿਆਰੇ ਲਾਲ ਆਖਦਾ।
ਸੰਮਤੀ ਵਾਲਿਆਂ ਦੀਆਂ ਗੱਲਾਂ ਸੁਣ-ਸੁਣ ਕੇ ਲੋਕਾਂ ਦੇ ਚਿਹਰੇ ਸੂਹੇ ਹੋਣ ਲੱਗਦੇ। ਮੁਕੰਮਲ ਤਬਦੀਲੀ ਦੇ ਹੱਕ ਵਿਚ ਉਹ ਬਾਂਹਾਂ ਉੱਚੀਆਂ ਕਰ-ਕਰ ਨਾਅਰੇ ਲਾਉਣ ਲੱਗਦੇ।
“ਕਿਸ ਤਰ੍ਹਾਂ ਬਦਲੀਏ ਪੁਰਾਣਾ ਢਾਂਚਾ? ਕਿਸ ਤਰ੍ਹਾਂ ਦਾ ਹੋਏਗਾ ਨਵਾਂ ਢਾਂਚਾ?”
ਇਹ ਸਮਝਾਉਣ ਲਈ ਕਦੇ ਬਾਬਾ ਲੋਕਾਂ ਸਾਹਮਣੇ ਆਉਂਦਾ ਅਤੇ ਕਦੇ ਗੁਰਮੀਤ।