11
ਸਿੰਘਾਂ ਦੀ ਬੈਰਕ ਵਿਚ ਸੰਤਰੀ ਦੀ ਦਾੜ੍ਹੀ ਖੁੱਲ੍ਹੀ ਸੀ। ਵਰਦੀ ਦੀ ਥਾਂ ਉਸ ਨੇ ਹਲਕੇ ਨੀਲੇ ਰੰਗ ਦਾ ਕੁੜਤਾ-ਪਜਾਮਾ ਪਾਇਆ ਹੋਇਆ ਸੀ। ਪੈਰੀਂ ਤਿੱਲੇਦਾਰ ਜੁੱਤੀ ਸੀ। ਉਹ ਖ਼ਾਲੀ ਹੱਥ ਸੀ। ਬੈਰਕ ਵਿਚ ਸੰਤਰੀ ਦਾ ਅਤੇ ਸੰਤਰੀ ਕੋਲ ਬੰਦੂਕ ਦਾ ਹੋਣਾ ਜ਼ਰੂਰੀ ਸੀ। ਇਹ ਸੰਤਰੀ ਸੀ ਜਾਂ ਕੋਈ ਸਿੰਘ, ਮੀਤਾ ਇਹ ਸਮਝਣ ਦਾ ਯਤਨ ਕਰਨ ਲੱਗਾ।
ਸੰਤਰੀ ਨੇ ਮੀਤੇ ਨੂੰ ਗੇਟ ਕੋਲ ਖੜ੍ਹਾਇਆ ਅਤੇ ਆਪ ਕਾਗ਼ਜ਼-ਪੱਤਰ ਲੈ ਕੇ ਮੁਨਸ਼ੀ ਦੇ ਦਫ਼ਤਰ ਜਾ ਵੜਿਆ।
ਵਿਹਲਾ ਖੜਾ ਮੀਤਾ ਆਪਣੀ ਨਵੀਂ ਰਿਹਾਇਸ਼ ਦਾ ਜਾਇਜ਼ਾ ਲੈਣ ਲੱਗਾ।
ਹੁਣ ਤਕ ਮੀਤਾ ਕਈ ਜੇਲ੍ਹਾਂ ਗਾਹ ਚੁੱਕਾ ਸੀ। ਬਹੁਤੀਆਂ ਬੈਰਕਾਂ ਦੇ ਵਿਹੜੇ ਵਿਰਾਨ ਅਤੇ ਰੜੇ ਮੈਦਾਨ ਹੁੰਦੇ ਸਨ। ਵਿਹੜੇ ਬਣਦੇ ਤਾਂ ਕੈਦੀਆਂ ਦੇ ਸੈਰ-ਸਪਾਟੇ ਅਤੇ ਖੇਲ-ਕੁੱਦ ਲਈ ਸਨ, ਪਰ ਸਹੂਲਤਾਂ ਦੀ ਘਾਟ ਕਾਰਨ ਉਹ ਇਹ ਕੰਮ ਘੱਟ-ਵੱਧ ਹੀ ਆਉਂਦੇ ਸਨ।
ਪਰ ਇਸ ਅਹਾਤੇ ਦੇ ਰੰਗ ਨਿਆਰੇ ਸਨ। ਬੈਰਕਾਂ ਵਾਲੀ ਬਾਹੀ ਨੂੰ ਛੱਡ ਕੇ ਤਿੰਨਾਂ ਪਾਸਿਆਂ ਦੀਆਂ ਦੀਵਾਰਾਂ ਦੇ ਨਾਲ ਛਾਂਦਾਰ ਦਰੱਖ਼ਤ ਸਨ। ਦਰੱਖ਼ਤਾਂ ਦੇ ਨਾਲ-ਨਾਲ ਸੈਰ ਲਈ ਤਿੰਨ ਫ਼ੱਟ ਚੌੜੀ ਸੀਮਿੰਟ ਦੀ ਪਟੜੀ ਸੀ। ਬਾਕੀ ਬਚਦੇ ਵਿਹੜੇ ਵਿਚ ਅਮਰੀਕਨ ਘਾਹ ਸੀ। ਘਾਹ ਦੇ ਮੈਦਾਨ ਨੂੰ ਦੋ ਹਿੱਸਿਆਂ ਵਿਚ ਵੰਡਿਆ ਗਿਆ ਸੀ। ਇਕ ਹਿੱਸੇ ਵਿਚ ਵਾਲੀਬਾਲ ਦਾ ਨੈੱਟ ਸੀ ਅਤੇ ਦੂਜੇ ਵਿਚ ਬੈਡਮਿੰਟਨ ਦਾ। ਇਕ ਕੋਨੇ ਵਿਚ ਕੁਸ਼ਤੀ ਲਈ ਛੋਟਾ ਜਿਹਾ ਅਖਾੜਾ ਸੀ।
ਆਰਜ਼ੀ ਰਸੋਈਆਂ ਵਾਲੇ ਕਮਰਿਆਂ ਨੂੰ ਬਤੌਰ ਸਟੋਰ ਵਰਤਿਆ ਜਾ ਰਿਹਾ ਸੀ। ਸਟੋਰਾਂ ਵਿਚ ਦੇਸੀ ਘਿਓ ਦੇ ਪੀਪੇ, ਸੁੱਕੇ ਦੁੱਧ ਦੇ ਡੱਬੇ, ਆਟੇ ਦੇ ਗੱਟੇ, ਵੇਸਣ ਦੀਆਂ ਥੈਲੀਆਂ, ਮਸਾਲਿਆਂ ਦੇ ਪੈਕਟ ਅਤੇ ਹੋਰ ਨਿੱਕ-ਸੁੱਕ ਪਿਆ ਸੀ।
ਕੁਝ ਦੇਰ ਬਾਅਦ ਸੰਤਰੀ ਮੁੜਿਆ ਅਤੇ ਬਾਹੋਂ ਫੜ ਕੇ ਉਸ ਨੂੰ ਮੁਨਸ਼ੀ ਕੋਲ ਲੈ ਗਿਆ।
ਪੀਲੇ ਪਟਕੇ, ਖੁੱਲ੍ਹੀ ਦਾਹੜੀ ਅਤੇ ਸਰਬਲੋਹੇ ਦੇ ਮੋਟੇ ਕੜੇ ਵਾਲੇ ਮੁਨਸ਼ੀ ਦੀਆਂ ਅੱਖਾਂ ਸੂਹੀਆਂ ਸਨ। ਪਾਰਖੂਆਂ ਵਾਂਗ ਉਹ ਮੀਤੇ ਨੂੰ ਸਿਰ ਤੋਂ ਪੈਰਾਂ ਤਕ ਘੋਖਣ ਲੱਗਾ।
ਅਜੀਬ ਢੰਗ ਨਾਲ ਹੋ ਰਹੀ ਇਸ ਪੜਤਾਲ ਨੇ ਮੀਤੇ ਨੂੰ ਧੁਰ ਅੰਦਰ ਤਕ ਹਿਲਾ ਦਿੱਤਾ। ਕੜਿੱਕੀ ਵਿਚ ਫਸਿਆ ਉਹ ਮਨ ਹੀ ਮਨ ਲਾਭ ਸਿੰਘ ਨੂੰ ਗਾਲ੍ਹਾਂ ਕੱਢਣ ਲੱਗਾ।
“ਅੱਛਾ, ਤੂੰ ਹੈਂ ਮੀਤਾ) ਫਿਰੌਤੀ ਵਸੂਲਣ ਲਈ ਬੱਚਿਆਂ ਨੂੰ ਅਗਵਾ ਕਰਨ ਵਾਲਾ। ਫਿਰੌਤੀ ਨਾ ਮਿਲਣ ’ਤੇ ਉਹਨਾਂ ਨੂੰ ਮਾਰਨ ਵਾਲਾ। ਇਕ ਖ਼ੂੰਖ਼ਾਰ ਅੱਤਵਾਦੀ। ਸਾਨੂੰ ਪਤਾ ਹੈ, ਨਾ ਤੂੰ ਬੰਟੀ ਨੂੰ ਅਗਵਾ ਕੀਤਾ ਹੈ, ਨਾ ਉਸ ਨੂੰ ਮਾਰਿਆ ਹੈ। ਸਾਨੂੰ ਇਹ ਵੀ ਪਤਾ ਹੈ, ਤੂੰ ਸਾਡਾ ਸਿੰਘ ਨਹੀਂ, ਪਰ ਕਿਉਂਕਿ ਅਦਾਲਤ ਨੇ ਤੈਨੂੰ ਸਿੰਘ ਘੋਸ਼ਿਤ ਕੀਤਾ ਹੈ, ਇਸ ਲਈ ਇਸ ਬੈਰਕ ਵਿਚ ਤੇਰਾ ਸਵਾਗਤ ਹੈ।”
ਖੜਾ ਹੋ ਕੇ ਪਹਿਲਾਂ ਮੁਨਸ਼ੀ ਨੇ ਮੀਤੇ ਦੀ ਪਿੱਠ ਥਾਪੜੀ, ਫੇਰ ਹੱਥ ਫੜ ਕੇ ਉਸ ਨੂੰ ਬੈਰਕ ਅੰਦਰ ਲੈ ਗਿਆ।
ਬੈਰਕ ਅੰਦਰਲਾ ਮਾਹੌਲ ਇਕ ਚੰਗੇ ਗੁਰਦੁਆਰੇ ਨਾਲ ਮਿਲਦਾ-ਜੁਲਦਾ ਸੀ। ਤਾਜ਼ੀ ਹੋਈ ਸਫ਼ੈਦੀ ਕਾਰਨ ਕੰਧਾਂ ਚਮਕ ਰਹੀਆਂ ਸਨ। ਸਾਰੀਆਂ ਕੰਧਾਂ ਉਪਰ ਗੁਰੂਆਂ ਦੀਆਂ ਵੱਡੀਆਂ ਫ਼ੋਟੋਆਂ ਲੱਗੀਆਂ ਹੋਈਆਂ ਸਨ। ਵਿਚਕਾਰਲੀ ਖ਼ਾਲੀ ਥਾਂ ਉਪਰ ਗੁਰਬਾਣੀ ਦੀਆਂ ਤੁਕਾਂ ਉੱਕਰੀਆਂ ਹੋਈਆਂ ਸਨ। ਕਿਧਰੇ ‘ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ’, ਕਿਧਰੇ ‘ਸਵਾ ਲਾਖ ਸੇ ਏਕ ਲੜਾਊਂ’ ਅਤੇ ਕਿਧਰੇ, ‘ਪੁਰਜਾ ਪੁਰਜਾ ਕਟਿ ਮਰੇ ਕਬਹੂ ਨਾ ਛਾਡੈ ਖੇਤ’ ਦਾ ਮਹਾਂਵਾਕ ਹਵਾਲਾਤੀਆਂ ਨੂੰ ਸੰਘਰਸ਼ ਲਈ ਪ੍ਰੇਰ ਰਿਹਾ ਸੀ।
ਬੈਰਕ ਦੇ ਇਕ ਥੜ੍ਹੇ ਉਪਰ ਦਰੀਆਂ ਵਿਛੀਆਂ ਹੋਈਆਂ ਸਨ। ਦਰੀਆਂ ਉਪਰ ਸਫ਼ੈਦ ਚਾਦਰਾਂ ਸਨ। ਚਾਦਰਾਂ ਉਪਰ ਗਾਵੇ ਸਨ। ਥੜ੍ਹੇ ਦੇ ਅਖ਼ੀਰ ’ਤੇ ਗੱਦੀ ਸੀ। ਗੱਦੀ ਉਪਰ ਜਥੇਦਾਰ ਬੈਠਾਸੀ।
ਜਥੇਦਾਰ ਸੰਤਾਂ ਵਾਲੇ ਭੇਸ ਵਿਚ ਸੀ। ਉਸ ਦੇ ਚਿਹਰੇ ਉਪਰ ਸ਼ਾਂਤੀ ਅਤੇ ਅੱਖਾਂ ਵਿਚ ਨੂਰ ਸੀ। ਮੀਤਾ ਕੌਣ ਹੈ ਅਤੇ ਉਸ ਨੂੰ ਇਸ ਬੈਰਕ ਵਿਚ ਕਿਉਂ ਭੇਜਿਆ ਗਿਆ ਹੈ? ਇਸ ਬਾਰੇ ਉਸ ਨੂੰ ਪਹਿਲਾਂ ਹੀ ਪਤਾ ਸੀ।
ਸਤਿਕਾਰ ਵਜੋਂ ਮੀਤੇ ਨੇ ਜਥੇਦਾਰ ਅੱਗੇ ਸਿਰ ਝੁਕਾਇਆ।
ਆਪਣਾ ਸੱਜਾ ਹੱਥ ਉਤਾਂਹ ਚੱਕ ਕੇ ਜਥੇਦਾਰ ਨੇ ਉਸ ਨੂੰ ਅਸ਼ੀਰਵਾਦ ਦਿੱਤਾ।
“ਜੇਲ੍ਹ ਵਾਲਿਆਂ ਨੇ ਤੈਨੂੰ ਇਥੇ ਮੁਸ਼ੱਕਤੀ ਬਣਾ ਕੇ ਭੇਜਿਆ ਹੈ, ਪਰ ਅਸੀਂ ਤੈਨੂੰ ਮੁਸ਼ੱਕਤੀ ਨਹੀਂ ਸਮਝਦੇ। ਤੂੰ ਸਾਡਾ ਭਰਾ ਹੈਂ। ਅਸੀਂ ਸਰਕਾਰ ਦੇ ਫ਼ੈਸਲੇ ’ਤੇ ਫੁੱਲ ਚੜ੍ਹਾਵਾਂਗੇ। ਤੈਨੂੰ ਪੂਰਾ ਸਿੰਘ ਸਜਾਵਾਂਗੇ। ਤੇਰੇ ਹੱਥ ਸਟੇਨਗੰਨ ਫੜਾਵਾਂਗੇ।”
“ਪਹਿਲਾਂ ਆਪਣੀਆਂ ਭੈੜੀਆਂ ਆਦਤਾਂ ਛੱਡ। ਨਿਤਨੇਮ ਕਰਨਾ ਸਿੱਖ। ਹਾਲੇ ਤੂੰ ਲਾਂਗਰੀ ਨਾਲ ਰਹਿ। ਜੋ ਆਖੇ ਉਹ ਕਰ।”
“ਸਤਿ ਬਚਨ” ਆਖ ਕੇ ਮੀਤੇ ਨੇ ਹੁਕਮ ਸਵੀਕਾਰ ਕੀਤਾ।
ਜਥੇਦਾਰ ਦਾ ਹੱਥ ਹੇਠ ਹੁੰਦਿਆਂ ਹੀ ਉਸ ਕੋਲ ਬੈਠਾ ਇਕ ਸਿੰਘ ਉਠਿਆ ਅਤੇ ਮੀਤੇ ਨੂੰ ਲੰਗਰ ਵੱਲ ਲੈ ਤੁਰਿਆ।
ਜਦੋਂ ਉਹ ਲੰਗਰ ਵਿਚ ਵੜੇ, ਲਾਂਗਰੀ ਭਾਂਡੇ ਮਾਂਜ ਰਿਹਾ ਸੀ।
ਮੀਤੇ ਦੇ ਖਾਨਿਉਂ ਗਈ। ਜਾਪਦਾ ਸੀ ਲੰਗਰ ਮਸਤਾਨਾ ਹੋ ਚੁੱਕਾ ਹੈ।
ਲਾਂਗਰੀ ਦਾ ਹੁਲੀਆ ਦੇਖ ਕੇ ਮੀਤਾ ਇਕ ਵਾਰ ਫੇਰ ਭੰਬਲ-ਭੂਸੇ ਵਿਚ ਪੈ ਗਿਆ।
ਉਸ ਦੀ ਉਮਰ ਚਾਲੀ ਦੇ ਕਰੀਬ ਸੀ। ਸ਼ਕਲ ਸੂਰਤ ਤੋਂ ਉਹ ਨਿਪਾਲੀ ਜਾਪਦਾ ਸੀ। ਮੂੰਹ ’ਤੇ ਦਾੜ੍ਹੀ ਮੁੱਛ ਨਹੀਂ ਸੀ, ਪਰ ਸੀ ਉਹ ਪੂਰਨ ਸਿੱਖੀ ਬਾਣੇ ਵਿਚ।
“ਪਹੇਲੀਆਂ ਫੇਰ ਬੁੱਝ ਲਵਾਂਗੇ। ਪਹਿਲਾਂ ਪੇਟ ਦੀ ਅੱਗ ਬੁਝਾਈਏ।”
ਸੋਚਦੇ ਮੀਤੇ ਨੇ ਆਪਣੀ ਜਾਣ-ਪਹਿਚਾਣ ਕਰਾਉਣ ਵਰਗੀ ਕੋਈ ਉਪਚਾਰਕਤਾ ਨਿਭਾਏ ਬਿਨਾਂ ਲਾਂਗਰੀ ਕੋਲ ਅਰਜ਼ੋਈ ਕੀਤੀ।
“ਬਾਬਿਓ, ਭੁੱਖ ਲੱਗੀ ਹੈ। ਕੁਝ ਖਾਣ ਨੂੰ ਮਿਲੂ?”
“ਜ਼ਰੂਰ ਮਿਲੂ। ਆਪਾਂ ਹੁਣੇ ਬਣਾਉਂਦੇ ਹਾਂ। ਓਨਾ ਚਿਰ ਆਹ ਕੜਾਹ ਪ੍ਰਸ਼ਾਦ ਛਕੋ।”
ਆਖਦੇ ਲਾਂਗਰੀ ਨੇ ਸਟੀਲ ਦੇ ਇਕ ਵੱਡੇ ਡੋਲੂ ਦਾ ਢੱਕਣ ਖੋਲ੍ਹਿਆ, ਉਸ ਵਿਚੋਂ ਕੜਾਹ ਪ੍ਰਸ਼ਾਦ ਕੱਢ ਕੇ ਲੋਹੇ ਦੇ ਇਕ ਬਾਟੇ ਵਿਚ ਪਾਇਆ ਅਤੇ ਉਸ ਅੱਗੇ ਪਰੋਸ ਦਿੱਤਾ।
ਬਾਟੇ ’ਤੇ ਟੁੱਟਣ ਤੋਂ ਪਹਿਲਾਂ ਮੀਤੇ ਨੇ ਦੋਵੇਂ ਹੱਥ ਜੋੜ ਕੇ ਰੱਬ ਦਾ ਸ਼ੁਕਰ ਕੀਤਾ।
ਢਿੱਡ ਭਰਨ ਬਾਅਦ ਉਸ ਨੇ ਰੱਬ ਜਿੰਨਾ ਹੀ ਲਾਭ ਸਿੰਘ ਦਾ ਧੰਨਵਾਦ ਕੀਤਾ। ਉਸੇ ਦੀ ਕਿਰਪਾ ਨਾਲ ਅੱਜ ਉਸ ਨੂੰ ਜ਼ਿੰਦਗੀ ਵਿਚ ਪਹਿਲੀ ਵਾਰ ਛੱਤੀ ਪ੍ਰਕਾਰ ਦਾ ਭੋਜਨ ਨਸੀਬ ਹੋਇਆ ਸੀ।
12
ਭੁੱਖ ਨਾਲੋਂ ਵੱਧ ਖਾ ਜਾਣ ਕਾਰਨ ਪਾਲੇ ਨੂੰ ਭੱਸ ਡਕਾਰ ਲੱਗੇ ਹੋਏ ਸਨ। ਫੇਰ ਵੀ ਉਹ, ਉਸ ਅਪਾਰ ਕਿਰਪਾ ਲਈ ਲਾਭ ਸਿੰਘ ਨੂੰ ਅਸੀਸਾਂ ਦੇ ਰਿਹਾ ਸੀ। ਨੌਕਰਾਂ ਵਾਲੇ ਕਮਰੇ ’ਚ, ਸਾਫ਼-ਸੁਥਰੇ ਬਿਸਤਰੇ ’ਤੇ ਪਿਆ ਉਹ ਮੀਤੇ ਨੂੰ ਵੀ ਯਾਦ ਕਰ ਰਿਹਾ ਸੀ। ਕੱਲ੍ਹ ਚੱਕਰ ਵਿਚ ਉਸ ਨੂੰ ਲਾਭ ਸਿੰਘ ਨੇ ਠੀਕ ਹੀ ਕਿਹਾ ਸੀ। “ਰਾਤ ਨੂੰ ਜਦੋਂ ਢਿੱਡ ਭਰ ਕੇ ਸੌਵਾਂਗੇ ਤਾਂ ਤੁਹਾਨੂੰ ਅਸੀਸਾਂ ਦੇਵਾਂਗੇ।”
ਪਾਲਾ ਕਈ ਬੈਰਕਾਂ ਵਿਚ ਪੈੜਾਂ ਪਾ ਚੁੱਕਾ ਸੀ, ਪਰ ਜੇਲ੍ਹ ਵਿਚ ਕੋਠੀ ਅਤੇ ਕੋਠੀ ਵਿਚ ਮਹਾਰਾਜਿਆਂ ਵਰਗੇ ਕੈਦੀ ਉਸ ਨੇ ਪਹਿਲੀ ਵਾਰ ਦੇਖੇ ਸਨ।
ਪੁੱਛਣ ’ਤੇ ਪਤਾ ਲੱਗਾ ਕਿ ਇਸ ਕੋਠੀ ਦਾ ਨਿਰਮਾਣ, ਐਮਰਜੈਂਸੀ ਦੇ ਦਿਨਾਂ ਵਿਚ ਫੜੇ ਉੱਚਕੋਟੀ ਦੇ ਨੇਤਾਵਾਂ ਨੂੰ ਨਜ਼ਰਬੰਦ ਕਰਨ ਲਈ ਕੀਤਾ ਗਿਆ ਸੀ। ਨੇਤਾਵਾਂ ਦੀ ਸੁਵਿਧਾ ਨੂੰ ਧਿਆਨ ਵਿਚ ਰੱਖਦਿਆਂ ਇਸ ਇਮਾਰਤ ਨੂੰ ਬੈਰਕਾਂ ਦੇ ਸ਼ੋਰ-ਸ਼ਰਾਬੇ ਤੋਂ ਦੂਰ ਇਕ ਨੁੱਕਰ ਵਿਚ ਬਣਾਇਆ ਗਿਆ ਸੀ। ਮਹਿਮਾਨ ਕੈਦੀਆਂ ਦੇ ਫ਼ਰਾਰ ਹੋਣ ਦਾ ਕੋਈ ਖ਼ਤਰਾ ਨਹੀਂ ਸੀ, ਇਸ ਲਈ ਕੋਠੀ ਦੀ ਬਾਹਰਲੀ ਚਾਰਦੀਵਾਰੀ ਨੌਂ ਦੀ ਥਾਂ ਚਾਰ ਫ਼ੁੱਟ ਉੱਚੀ ਰੱਖੀ ਗਈ ਸੀ। ਚਿੰਤਨ ਅਤੇ ਖਾਧਾ ਪੀਤਾ ਹਜ਼ਮ ਕਰਨ ਲਈ ਨੇਤਾਵਾਂ ਦਾ ਚਹਿਲ-ਕਦਮੀਂ ਕਰਨਾ ਜ਼ਰੂਰੀ ਸੀ। ਇਸ ਲਈ ਕੋਠੀ ਦੇ ਬਾਹਰ ਲੰਬੇ ਚੌੜੇ ਲਾਅਨ ਬਣਾਏ ਗਏ ਸਨ। ਲਾਅਨਾਂ ਵਿਚ ਗੱਦੇਦਾਰ ਘਾਹ ਅਤੇ ਵੰਨ-ਸੁਵੰਨੇ ਫੁੱਲ ਉਗਾਏ ਗਏ ਸਨ। ਧੁੱਪ ਸੇਕਣ ਲਈ ਬਾਂਸ ਦੀਆਂ ਕੁਰਸੀਆਂ ਸਨ, ਜੋ ਸਾਰਾ ਦਿਨ ਲਾਅਨ ਵਿਚ ਪਈਆਂ ਰਹਿੰਦੀਆਂ ਸਨ।
ਕੋਠੀ ਵਿਚ ਚਾਰ ਬੈੱਡਰੂਮ ਸਨ।
ਹਰ ਬੈੱਡਰੂਮ ਵਿਚ ਬਾਥਰੂਮ ਸੀ। ਬਾਥਰੂਮ ਵਿਚ ਗਰਮ ਪਾਣੀ ਲਈ ਗੀਜ਼ਰ ਸੀ। ਨਹਾਉਣ ਲਈ ਟੱਬ ਅਤੇ ਸ਼ਾਵਰ ਸੀ।
ਇਕ ਸਾਂਝਾ ਡਰਾਇੰਗ ਰੂਮ ਸੀ। ਉਸ ਵਿਚ ਤਿੰਨ-ਤਿੰਨ ਸੀਟਾਂ ਵਾਲੇ ਚਾਰ ਸੋਫ਼ੇ ਸਨ। ਵਿਚਕਾਰ ਸ਼ੀਸ਼ੇ ਦਾ ਵੱਡਾ ਮੇਜ਼ ਸੀ। ਮੇਜ਼ ਉੱਪਰ ਤਾਜ਼ੇ ਫੁੱਲਾਂ ਦਾ ਗੁਲਦਸਤਾ ਸੀ। ਇਕ ਪਾਸੇ ਸ਼ੀਸ਼ਿਆਂ ਵਾਲੀ ਅਲਮਾਰੀ ਸੀ। ਅਲਮਾਰੀ ਵਿਚ ਸੋਹਣੀਆਂ-ਸੋਹਣੀਆਂ ਜਿਲਦਾਂ ਵਾਲੀਆਂ ਸੈਂਕੜੇ ਕਿਤਾਬਾਂ ਸਨ। ਅਖ਼ਬਾਰ ਸਨ, ਰਸਾਲੇ ਸਨ। ਦੀਵਾਰ ਉਪਰ ਨਹਿਰੂ, ਗਾਂਧੀ ਅਤੇ ਸੁਭਾਸ਼ ਦੀਆਂ ਤਸਵੀਰਾਂ ਸਨ।
ਕਈਆਂ ਸਾਲਾਂ ਤੋਂ ਰਾਜਨੀਤਿਕ ਮਾਹੌਲ ਸ਼ਾਂਤ ਸੀ। ਨੇਤਾਵਾਂ ਦੀ ਫੜ-ਫੜਾਈ ਬੰਦ ਸੀ। ਉਚਿਤ ਕੈਦੀਆਂ ਦੇ ਨਾ ਹੋਣ ਕਾਰਨ ਕੋਠੀ ਬੰਦ ਸੀ। ਕਦੇ-ਕਦੇ ਇਸ ਨੂੰ ਸਟੋਰ ਦੇ ਤੌਰ ’ਤੇ ਵਰਤ ਲਿਆ ਜਾਂਦਾ ਸੀ।
ਮੁੱਖ ਮੰਤਰੀ ਦੀ ਪਾਰਟੀ ਦੇ ਇਕ ਵਿਧਾਇਕ ਨੂੰ ਕਤਲ ਕੇਸ ਵਿਚ ਸਜ਼ਾ ਹੋਈ ਸੀ। ਹੁਣ ਉਸ ਦੀ ਰਿਹਾਈ ਹੋਣ ਵਾਲੀ ਸੀ। ਮੁੱਖ ਮੰਤਰੀ ਚਾਹੁੰਦਾ ਸੀ ਕਿ ਰਿਹਾਈ ਤੋਂ ਪਹਿਲਾਂ ਵਿਧਾਇਕ ਨੂੰ ਘਰ ਵਰਗਾ ਮਾਹੌਲ ਮਿਲਣਾ ਚਾਹੀਦਾ ਹੈ।
ਲੋਕਾਂ ਨੂੰ ਸ਼ੱਕ ਸੀ ਕਿ ਉਸ ਨੂੰ ਜੇਲ੍ਹ ਮੁੱਖ ਮੰਤਰੀ ਨੇ ਹੀ ਪਹੁੰਚਾਇਆ ਸੀ।
ਨਛੱਤਰ ਸਿੰਘ ਪਹਿਲੀ ਵਾਰੀ ਵਿਧਾਇਕ ਬਣਿਆ ਸੀ। ਉਸ ਦੇ ਮਨ ਵਿਚ ਲੋਕਾਂ ਦੀ ਸੇਵਾ ਕਰਨ ਦੀ ਰੀਝ ਸੀ। ਉਸ ਦਾ ਹਲਕਾ ਪੱਛੜਿਆ ਹੋਇਆ ਸੀ। ਦਸਾਂ ਪਿੰਡਾਂ ਪਿੱਛੇ ਮਸਾਂ ਇਕ ਸਕੂਲ ਸੀ। ਸਕੂਲ ਸੀ ਤਾਂ ਅਧਿਆਪਕ ਨਹੀਂ ਸਨ। ਇਹੋ ਹਾਲ ਹਸਪਤਾਲਾਂ ਦਾ ਸੀ। ਬਿਜਲੀ ਸੀ, ਟਿਊਬਵੈੱਲਾਂ ਲਈ ਕੁਨੈਕਸ਼ਨ ਨਹੀਂ ਸਨ। “ਉਹ ਸੱਤਾਧਾਰੀ ਪਾਰਟੀ ਦਾ ਵਿਧਾਇਕ ਸੀ। ਉਸ ਦੇ ਕੰਮ ਪਹਿਲ ਦੇ ਆਧਾਰ ’ਤੇ ਹੋਣੇ ਚਾਹੀਦੇ ਸਨ।” ਇਹ ਉਸ ਦੀ ਸੋਚ ਸੀ।
ਉਤਸ਼ਾਹ ਨਾਲ ਭਰਿਆ ਉਹ ਨਵੀਆਂ-ਨਵੀਆਂ ਯੋਜਨਾਵਾਂ ਘੜਦਾ ਅਤੇ ਸਰਕਾਰ ਅੱਗੇ ਜਾ ਧਰਦਾ। ਬਹੁਤੀਆਂ ਯੋਜਨਾਵਾਂ ਬਾਬੂਆਂ ਦੇ ਮੇਜ਼ਾਂ ਉਪਰ ਦਮ ਤੋੜ ਜਾਂਦੀਆਂ। ਜੁੱਤੀਆਂ ਘਸਾ ਕੇ ਕੋਈ ਯੋਜਨਾ ਕਿਸੇ ਮੰਤਰੀ ਦੇ ਮੇਜ ਤਕ ਪੁੱਜਦੀ ਤਾਂ ਆਨੇ-ਬਹਾਨੇ ਮੰਤਰੀ ਟਾਲ ਦਿੰਦਾ।
ਇਹ ਸਮੱਸਿਆ ਇਕੱਲੇ ਨਛੱਤਰ ਸਿੰਘ ਦੀ ਨਹੀਂ ਸੀ, ਉਸ ਵਰਗੇ ਕਈ ਹੋਰ ਵਿਧਾਇਕ ਵੀ ਸਨ। ਕਈਆਂ ਨੂੰ ਤਾਂ ਅਗਲੀਆਂ ਚੋਣਾਂ ਜਿੱਤਣੀਆਂ ਅਸੰਭਵ ਲੱਗਣ ਲੱਗ ਪਈਆਂ ਸਨ।
ਸਰਕਾਰ ਉਪਰ ਦਬਾਅ ਪਾਉਣ ਲਈ ਇਹਨਾਂ ਵਿਧਾਇਕਾਂ ਨੇ ਇਕ ਧੜਾ ਬਣਾ ਲਿਆ। ਏਕੇ ਦਾ ਵਿਖਾਵਾ ਕਰਨ ਲਈ ਇਕ-ਦੂਜੇ ਦੇ ਘਰ ਚਾਹ ਜਾਂ ਖਾਣੇ ’ਤੇ ਇਕੱਠੇ ਹੋਣ ਦਾ ਪ੍ਰੋਗਰਾਮ ਬਣਾ ਲਿਆ। ਵਿਧਾਨ ਸਭ ਵਿਚ ਉਹ ਸਰਕਾਰ ਵਿਰੁੱਧ ਦੱਬਵੀਂ ਸੁਰ ਵਿਚ ਬੋਲਦੇ। ਪਾਰਟੀ ਮੀਟਿੰਗਾਂ ਵਿਚ ਸੁਰ ਉੱਚੀ ਹੋ ਜਾਦੀ। ਸਾਂਝੀ ਸੁਰ ਰੰਗ ਲਿਆਉਣ ਲੱਗੀ। ਮੰਤਰੀਆਂ ਦੇ ਹਲਕਿਆਂ ਲਈ ਮਨਜ਼ੂਰ ਹੋਏ ਸਕੂਲ ਅਤੇ ਹਸਪਤਾਲ ਖਿਸਕ ਕੇ ਇਹਨਾਂ ਵਿਧਾਇਕਾਂ ਦੇ ਹਲਕਿਆਂ ਵਿਚ ਆਉਣ ਲੱਗੇ। ਪਹੇ, ਪੱਕੀਆਂ ਸੜਕਾਂ ਵਿਚ ਬਦਲਣ ਲੱਗੇ।
“ਸਾਡੀ ਬਿੱਲੀ, ਸਾਨੂੰ ਮਿਆਉਂ।” ਧੜੇ ਦੀ ਵਧਦੀ ਤਾਕਤ ਮੁੱਖ ਮੰਤਰੀ ਨੂੰ ਖ਼ਤਰੇ ਦੀ ਘੰਟੀ ਜਾਪਣ ਲੱਗੀ। ਸੱਪ ਨੂੰ ਖੁੱਡ ਵਿਚੋਂ ਨਿਕਲਣ ਤੋਂ ਪਹਿਲਾਂ ਹੀ ਨੱਪ ਦੇਣ ਲਈ ਉਚਿਤ ਮੌਕੇ ਦੀ ਤਲਾਸ਼ ਹੋਣ ਲੱਗੀ।
ਕੁਝ ਮਹੀਨਿਆਂ ਬਾਅਦ ਬਟੇਰਾ ਆਪੇ ਪੈਰ ਹੇਠ ਆ ਗਿਆ।
ਵਿਧਾਇਕ ਚੁਣੇ ਜਾਣ ਤੋਂ ਪਹਿਲਾਂ ਨਛੱਤਰ ਸਿੰਘ ਦਸ ਸਾਲ ਪਿੰਡ ਦਾ ਸਰਪੰਚ ਰਿਹਾ ਸੀ। ਸਰਪੰਚ ਉਹ ਗਿੱਲਾਂ ਦੀ ਹਮਾਇਤ ਅਤੇ ਉਹਨਾਂ ਦੀਆਂ ਵੋਟਾਂ ਦੇ ਸਿਰ ’ਤੇ ਬਣਦਾ ਸੀ।
ਅਹਿਸਾਨ ਦਾ ਬਦਲਾ ਚੁਕਾਉਣ ਲਈ ਪੰਚਾਇਤ ਦੀ ਵੀਹ ਏਕੜ ਜ਼ਮੀਨ ਉਸ ਨੇ ਗਿੱਲਾਂ ਨੂੰ ਠੇਕੇ ਉਪਰ ਦੇ ਰੱਖੀ ਸੀ। ਸਰਪੰਚ ਦੀ ਗੱਲ ਮੋੜਨ ਦੀ ਕਿਸੇ ਵਿਚ ਹਿੰਮਤ ਨਹੀਂ ਸੀ। ਸੌ ਦੋ ਸੌ ਰੁਪਏ ਵੱਧ ਕੇ ਬੋਲੀ ਹਰ ਸਾਲ ਗਿੱਲਾਂ ਦੇ ਹੱਕ ਵਿਚ ਟੁੱਟ ਜਾਂਦੀ ਸੀ।
ਪਿਛਲੀਆਂ ਚੋਣਾਂ ਵਿਚ ਨਛੱਤਰ ਸਿੰਘ ਦੇ ਪਿੰਡ ਦੀ ਸਰਪੰਚੀ ਦਲਿਤਾਂ ਲਈ ਰਾਖਵੀਂ ਹੋ ਗਈ। ਉਸ ਦੀ ਢਾਣੀ ਵਿਚ ਸਰਪੰਚ ਦੀ ਚੋਣ ਜਿੱਤਣ ਵਾਲਾ ਇਕ ਵੀ ਦਲਿਤ ਨਹੀਂ ਸੀ। ਆਪਣੀ ਹਾਰ ਦਾ ਬਦਲਾ ਲੈਣ ਲਈ ਲੰਬੜਾਂ ਨੇ ਪੂਛ ਚੁੱਕ ਲਈ। ਉਹਨਾਂ ਨੇ ਆਪਣੀ ਸਾਰੀ ਤਾਕਤ ਮਾੜਾ ਸਿੰਘ ਪਿੱਛੇ ਝੋਕ ਦਿੱਤੀ।
ਸਰਪੰਚੀ ਦੇ ਨਾਲ-ਨਾਲ ਮਾੜਾ ਸਿੰਘ ਨੇ ਇਕ ਹੋਰ ਸਹੁੰ ਚੁੱਕੀ।
“ਚੋਣ ਮੈਂ ਨਹੀਂ, ਲੰਬੜਾਂ ਨੇ ਜਿੱਤੀ ਹੈ। ਮੈਂ ਉਹਨਾਂ ਦੀ ਰਬੜ ਦੀ ਮੋਹਰ ਹਾਂ। ਜਿਥੇ ਆਖਣਗੇ ਅੱਖਾਂ ਮੀਚ ਕੇ ਅੰਗੂਠਾ ਲਾ ਦੇਵਾਂਗਾ।”
ਲੰਬੜਾਂ ਦੀਆਂ ਅੱਖਾਂ ਵਿਚ ਗਿੱਲਾਂ ਵਾਲੀ ਜ਼ਮੀਨ ਰੜਕਦੀ ਸੀ।
ਗਿੱਲਾਂ ਨੂੰ ਕਾਗ਼ਜ਼ੀਂ-ਪੱਤਰੀਂ ਹੋਈ ਬੋਲੀ ਦਾ ਪਤਾ ਉਦੋਂ ਹੀ ਲੱਗਾ, ਜਦੋਂ ਲੰਬੜਾਂ ਦੇ ਟਰੈਕਟਰ ਜ਼ਮੀਨ ਵਿਚ ਭੜਥੂ ਪਾਉਣ ਲੱਗੇ।
ਉਸ ਸਮੇਂ ਗਿੱਲ ਚੱਪ ਰਹੇ। ਵਿਧਾਇਕ ਬਾਹਰ ਗਿਆ ਹੋਇਆ ਸੀ। ਉਸ ਦੀ ਗ਼ੈਰ-ਹਾਜ਼ਰੀ ਵਿਚ ਮੌਕਾ ਸੰਭਾਲਣਾ ਮੁਸ਼ਕਿਲ ਸੀ।
ਨਛੱਤਰ ਦੇ ਪਿੰਡ ਵੜਦਿਆਂ ਹੀ ਉਹਨਾਂ ਜ਼ਮੀਨ ਵਿਚ ਆਪਣੇ ਹਲ ਚਲਾ ਦਿੱਤੇ।
ਦੋਵੇਂ ਧਿਰਾਂ ਆਪਣਾ-ਆਪਣਾ ਕਬਜ਼ਾ ਜਤਾਉਣ ਲੱਗੀਆਂ।
ਲੰਬੜਾਂ ਦੇ ਨਾਲ-ਨਾਲ ਨਛੱਤਰ ਸਿੰਘ ਨੂੰ ਨਵੇਂ ਸਰਪੰਚ ਨਾਲ ਗਿਲਾ ਸੀ। ਉਹ ਬਿਨਾਂ ਮਤਲਬ ਪਾਰਟੀਬਾਜ਼ੀ ਨੂੰ ਸ਼ਹਿ ਦੇ ਰਿਹਾ ਸੀ। ਜੇ ਬੋਲੀ ਸੱਥ ਵਿਚ ਹੋਈ ਹੁੰਦੀ ਤਾਂ ਵਿਧਾਇਕ ਆਪੇ ਗਿੱਲਾਂ ਤੋਂ ਕਬਜ਼ਾ ਲੈ ਕੇ ਦਿੰਦਾ। ਧੋਖਾ ਉਸ ਨੂੰ ਮਨਜ਼ੂਰ ਨਹੀਂ ਸੀ।
ਜ਼ਮੀਨ ਹੱਥੋਂ ਖੁੱਸਦੀ ਦੇਖ ਕੇ ਲੰਬੜਾਂ ਨੇ ਮਸਲੇ ਨੂੰ ਨਵਾਂ ਰੰਗ ਚਾੜ੍ਹ ਦਿੱਤਾ। ਪਿੰਡ ਦੇ ਨਾਲ-ਨਾਲ ਉਹ ਅਖ਼ਬਾਰਾਂ ਵਿਚ ਭੰਡੀ ਪ੍ਰਚਾਰ ਕਰਨ ਲੱਗੇ।
“ਨਛੱਤਰ ਸਿੰਘ ਤੋਂ ਦਲਿਤ ਸਰਪੰਚ ਬਰਦਾਸ਼ਤ ਨਹੀਂ ਹੋ ਰਿਹਾ। ਉਸ ਨੂੰ ਨੀਚਾ ਦਿਖਾਉਣ ਲਈ ਉਹ ਪੰਚਾਇਤ ਦੇ ਸਰਬਸੰਮਤੀ ਨਾਲ ਹੋਏ ਫ਼ੈਸਲੇ ਲਾਗੂ ਨਹੀਂ ਹੋਣ ਦਿੰਦਾ। ਉਹ ਸਰਪੰਚ ਨੂੰ ਗੱਦੀਉਂ ਲਾਹੁਣ ਲਈ ਮਨਸੂਬੇ ਘੜ ਰਿਹਾ ਹੈ।”
ਤੈਸ਼ ਵਿਚ ਆਏ ਮਾੜਾ ਸਿੰਘ ਨੇ ਆਪਣੇ ਭਾਈਚਾਰੇ ਨੂੰ ਉਸ ਦੀ ਹਮਾਇਤ ’ਤੇ ਆਉਣ ਅਤੇ ਵਿਧਾਇਕ ਵਿਰੁੱਧ ਮੋਰਚਾ ਲਾਉਣ ਦਾ ਸੱਦਾ ਦੇ ਦਿੱਤਾ।
ਵਿਰੋਧੀ ਧਿਰ ਨੂੰ ਸਰਕਾਰ ਨੂੰ ਘੇਰਨ ਦਾ ਮੌਕਾ ਮਿਲ ਗਿਆ। ਵਿਰੋਧੀ ਧਿਰ ਦੇ ਨੇਤਾ ਨੇ ਪ੍ਰੈੱਸ ਕਾਨਫ਼ਰੰਸ ਬੁਲਾਈ ਅਤੇ ਦਲਿਤ ਸਰਪੰਚ ਦੀ ਹਮਾਇਤ ਦਾ ਐਲਾਨ ਕਰ ਦਿੱਤਾ।
ਮੁੱਖ ਮੰਤਰੀ ਦੀ ਹਾਲਤ ਪਹਿਲਾਂ ਹੀ ਪਤਲੀ ਸੀ। ਮੁਫ਼ਤ ਵਿਚ ਵਿਰੋਧੀ ਧਿਰ ਦੇ ਹੱਥ ਮਜ਼ਬੂਤ ਹੁੰਦੇ ਉਸ ਤੋਂ ਬਰਦਾਸ਼ਤ ਨਾ ਹੋਏ। ਉਸ ਨੇ ਝੱਟ ਨਛੱਤਰ ਸਿੰਘ ਨੂੰ ਰਾਜਧਾਨੀ ਬੁਲਾਇਆ। ਆਪਣੇ ਸਮਰਥਕਾਂ ਕੋਲੋਂ ਝੱਟ ਜ਼ਮੀਨ ਖ਼ਾਲੀ ਕਰਾਉਣ ਦਾ ਹੁਕਮ ਸੁਣਾਇਆ।
ਨਛੱਤਰ ਸਿੰਘ ਲਈ ਇਹ ਕੰਮ ਓਨਾ ਆਸਾਨ ਨਹੀਂ ਸੀ, ਜਿੰਨਾ ਮੁੱਖ ਮੰਤਰੀ ਸਮਝ ਰਿਹਾ ਸੀ। ਗਿੱਲ ਹਮੇਸ਼ਾ ਉਸ ਨਾਲ ਸੱਜੀ ਬਾਂਹ ਬਣ ਕੇ ਖੜਦੇ ਰਹੇ ਸਨ। ਚੋਣਾਂ ਸਮੇਂ ਪੈਸਾ ਪਾਣੀ ਵਾਂਗ ਵਹਾਉਂਦੇ ਸਨ ਅਤੇ ਵੋਟਾਂ ਕੋਲ ਖੜ੍ਹ-ਖੜ੍ਹ ਪਵਾਉਂਦੇ ਸਨ। ਨਛੱਤਰ ਤੱਕ ਉਹਨਾਂ ਨੂੰ ਪਹਿਲੀ ਵਾਰੀ ਕੰਮ ਪਿਆ ਸੀ। ਉਹ ਉਹਨਾਂ ਨੂੰ ਪਿੱਠ ਨਹੀਂ ਸੀ ਦਿਖਾ ਸਕਦਾ।
ਉਹ ਕਿਸੇ ਅਜਿਹੇ ਹੱਲ ਦੀ ਤਲਾਸ਼ ਵਿਚ ਸੀ ਜਿਸ ਨਾਲ ਸੱਪ ਵੀ ਮਰ ਜਾਵੇ ਅਤੇ ਲਾਠੀ ਵੀ ਨਾ ਟੁੱਟੇ।
ਮਿੱਤਰ ਨੂੰ ਕੁੜਿੱਕੀ ਵਿਚ ਫਸਿਆ ਦੇਖ ਕੇ ਗਿੱਲਾਂ ਨੇ ਖ਼ੁਦ ਹੱਲ ਲੱਭਿਆ। ਉਹ ਚਾਰ ਸਿਆੜਾਂ ਦੇ ਭੁੱਖੇ ਨਹੀਂ ਸਨ। ਸਵਾਲ ਪੱਗ ਨੂੰ ਪਏ ਹੱਥ ਦਾ ਸੀ। ਉਹ ਜ਼ਮੀਨ ਨੂੰ ਅੱਧੋ-ਅੱਧ ਕਰਨ ਲਈ ਰਾਜ਼ੀ ਹੋ ਗਏ।
ਸਮਝੌਤੇ ਦੀ ਪੇਸ਼ਕਸ਼ ਨੂੰ ਵਿਰੋਧੀ ਆਪਣੀ ਜਿੱਤ ਸਮਝਣ ਲੱਗੇ। ਉਹ ਪੂਰੀ ਜ਼ਮੀਨ ਖ਼ਾਲੀ ਕਰਾਉਣ ਲਈ ਅੜਨ ਲੱਗੇ।
ਵਿਧਾਇਕ ਨੇ ਕੱਚੀਆਂ ਗੋਲੀਆਂ ਨਹੀਂ ਸਨ ਖੇਡੀਆਂ। ਉਸ ਨੇ ਮਾੜਾ ਸਿੰਘ ਦੇ ਸਮਰਥਕ ਕੁਝ ਪੰਚਾਂ ਨੂੰ ਟੋਹਣਾ ਸ਼ੁਰੂ ਕਰ ਦਿੱਤਾ। ਦੋ ਪੰਚ ਉਸ ਦੀ ਤਜਵੀਜ਼ ਨਾਲ ਸਹਿਮਤ ਹੋ ਗਏ। ਤਜਵੀਜ਼ ਸਿੱਧੀ ਸੀ। ਗਿੱਲਾਂ ਦੀ ਗੱਲ ਮੰਨ ਕੇ ਦੁਬਾਰਾ ਬੋਲੀ ਕਰਵਾ ਲਈ ਜਾਵੇ। ਗਿੱਲ ਬੋਲੀ ਵਿਚ ਹਿੱਸਾ ਨਹੀਂ ਲੈਣਗੇ। ਜ਼ਮੀਨ ਆਪੇ ਲੰਬੜਾਂ ਕੋਲ ਰਹਿ ਜਾਏਗੀ। ਸਭ ਦੀ ਇੱਜ਼ਤ ਬਚ ਜਾਏਗੀ।
ਸਮਝੌਤੇ ਨੂੰ ਅੰਤਿਮ ਛੋਹਾਂ ਦੇਣ ਲਈ ਪੰਚਾਇਤ ਦੀ ਮੀਟਿੰਗ ਬੁਲਾਈ ਗਈ। ਦੋਹਾਂ ਧਿਰਾਂ ਦੇ ਸਮਰਥਕ ਬਿਨਾਂ ਬੁਲਾਏ ਆ ਗਏ।
ਕੁਝ ਪੰਚਾਂ ਨੂੰ ਨਾਲ ਲੈ ਕੇ ਵਿਧਾਇਕ ਪੰਚਾਇਤ ਘਰ ਦੇ ਬੰਦ ਕਮਰੇ ਵਚ ਆਖ਼ਰੀ ਗੇੜ ਦੀ ਗੱਲ ਕਰਨ ਲੱਗਾ। ਕੁਝ ਸਾਂਝੇ ਬੰਦੇ ਉਸ ਦੇ ਨਾਲ ਚਲੇ ਗਏ।
ਐਨ ਆਖ਼ਰੀ ਸਮੇਂ ਲੰਬੜਾਂ ਨੂੰ ਹੋਣ ਜਾ ਰਹੇ ਫ਼ੈਸਲੇ ਦੀ ਭਿਣਕ ਪੈ ਗਈ। ਉਹਨਾਂ ਨੂੰ ਗ਼ੁੱਸਾ ਚੜ੍ਹ ਗਿਆ। “ਅੱਜ ਵਿਧਾਇਕ ਨੇ ਕੁਝ ਪੰਚ ਤੋੜੇ ਹਨ। ਕੱਲ੍ਹ ਨੂੰ ਪੰਚਾਇਤ ਤੋੜ ਦੇਵੇਗਾ। ਸਮਝੌਤਾ ਟਲਣਾ ਚਾਹੀਦਾ ਹੈ।”
ਪੰਚਾਇਤ ਦੇ ਕਿਸੇ ਸਿੱਟੇ ’ਤੇ ਪੁੱਜਣ ਤੋਂ ਪਹਿਲਾਂ ਲੰਬੜਾਂ ਨੇ ਸਰਪੰਚ ਨੂੰ ਉਂਗਲ ਲਾ ਦਿੱਤੀ। ਕੁਝ ਪੰਚਾਂ ਦੀ ਗ਼ਦਾਰੀ ਦੀ ਸੂਚਨਾ ਵੀ ਦੇ ਦਿੱਤੀ। ਸਰਪੰਚੀ ਖੁੱਸਦੀ ਦੇਖ ਕੇ ਮਾੜਾ ਸਿੰਘ ਦੇ ਸੱਤੀਂ ਕੱਪੜੀਂ ਅੱਗ ਲੱਗ ਗਈ।
ਲੰਬੜਾਂ ਨੇ ਮਿੰਟਾਂ ਵਿਚ ਮਾਹੌਲ ਬਦਲ ਦਿੱਤਾ।
ਨਵੀਂ ਘੜੀ ਯੋਜਨਾ ਤਹਿਤ ਇਕ ਪੰਚ ਨੇ ਗਿੱਲਾਂ ਵੱਲੋਂ ਕੀਤੀ ਜਾ ਰਹੀ ਦੇਰੀ ’ਤੇ ਇਤਰਾਜ਼ ਪ੍ਰਗਟ ਕੀਤਾ। ਇਕ ਹੋਰ ਪੰਚ ਨੇ ਬਿਨਾਂ ਸ਼ਰਤ ਜ਼ਮੀਨ ਖ਼ਾਲੀ ਕਰਨ ਦੀ ਮੰਗ ਰੱਖ ਦਿੱਤੀ।
ਲੰਬੜਾਂ ਦੇ ਸਮਰਥਕਾਂ ਨੇ ਇਹਨਾਂ ਪੰਚਾਂ ਦੇ ਹੱਕ ਵਿਚ ਨਾਅਰੇ ਮਾਰ ਦਿੱਤੇ।
ਕਾਵਾਂ-ਰੌਲੀ ਪੈ ਗਈ। ਕੋਈ ਲੰਬੜਾਂ ਦੇ ਹੱਕ ਵਿਚ ਬੋਲਣ ਲੱਗਾ, ਕੋਈ ਗਿੱਲਾਂ ਦੇ। ਕਿਸੇ ਨੇ ਸਰਪੰਚ ਨੂੰ ਬੁਰਾ-ਭਲਾ ਕਹਿਣਾ ਸ਼ੁਰੂ ਕਰ ਦਿੱਤਾ ਅਤੇ ਕਿਸੇ ਨੇ ਨਛੱਤਰ ਨੂੰ।
ਵਧਦਾ-ਵਧਦਾ ਤਕਰਾਰ ਵਿਧਾਇਕ ਦੇ ਬੰਦ ਕਮਰੇ ਵਿਚੋਂ ਬਾਹਰ ਆਉਣ ਅਤੇ ਸਮਝੌਤੇ ਦੀਆਂ ਸ਼ਰਤਾਂ ਜਨਤਾ ਸਾਹਮਣੇ ਰੱਖਣ ਵਿਚ ਬਦਲ ਗਿਆ।
ਫੇਰ ਕਿਸੇ ਤੱਤੇ ਨੇ ਨਛੱਤਰ ਸਿੰਘ ਨੂੰ ਕਮਰੇ ਵਿਚੋਂ ਕੱਢ ਲਿਆਉਣ ਦਾ ਸੁਝਾਅ ਦਿੱਤਾ। ਕਿਸੇ ਹੋਰ ਨੇ ਉਸ ਦਾ ਵਿਰੋਧ ਕੀਤਾ। ਹੁੱਲੜਬਾਜ਼ੀ ਸ਼ੁਰੂ ਹੋ ਗਈ।
ਭੀੜ ਦੋ ਧੜਿਆਂ ਵਿਚ ਵੰਡੀ ਗਈ। ਇਕ ਪਾਸੇ ਸਰਪੰਚ ਦੇ ਸਮਰਥਕ ਸਨ। ਦੂਜੇ ਪਾਸੇ ਵਿਧਾਇਕ ਦੇ।
ਕਿਸੇ ਪਾਸਿਉਂ ਆਇਆ ਇਕ ਰੋੜਾ ਸਰਪੰਚ ਸਮਰਥਕਾਂ ਉਪਰ ਆ ਡਿੱਗਾ। ਝੱਟ ਰੋੜਿਆਂ ਦੀ ਬਰਸਾਤ ਸ਼ੁਰੂ ਹੋ ਗਈ। ਕੁਝ ਨੇ ਵਿਚ ਬਚਾਅ ਕਰਨ ਦੀ ਕੋਸ਼ਿਸ਼ ਕੀਤੀ। ਵਿਚੇ ਉਹਨਾਂ ਦੀ ਛਤਰੌਲ ਹੋ ਗਈ।
ਭੀੜ ਨੂੰ ਹਿੰਸਕ ਹੁੰਦਾ ਦੇਖ ਕੇ ਗੰਨਮੈਨਾਂ ਨੂੰ ਆਪਣਾ ਫ਼ਰਜ਼ ਯਾਦ ਆਇਆ। ਉਹਨਾਂ ਨੇ ਬੰਦ ਕਮਰੇ ਦੇ ਦਰਵਾਜ਼ੇ ਅੱਗੇ ਖੜ ਕੇ ਪੋਜ਼ੀਸ਼ਨਾਂ ਲੈ ਲਈਆਂ।
ਗੰਨਮੈਨਾਂ ਦੀਆਂ ਤਣੀਆਂ ਬੰਦੂਕਾਂ ਦੇਖ ਕੇ ਕਈਆਂ ਮੱਛ ਚੜ੍ਹ ਗਈ। ਮਛਰੇ ਲੋਕ ਪੁਲਿਸ ਨੂੰ ਗਾਲ੍ਹਾਂ ਕੱਢਣ ਲੱਗੇ। ਇਕ ਨੇ ਗੰਨਮੈਨਾਂ ਵੱਲ ਜੁੱਤੀ ਵਗਾਹ ਦਿੱਤੀ। ਦੂਜੇ ਨੇ ‘ਚੁੱਕ ਦਿਓ’ ਦਾ ਲਲਕਾਰਾ ਮਾਰ ਦਿੱਤਾ।
ਗੰਨਮੈਨਾਂ ਨੂੰ ਆਪਣੀ ਜਾਨ ਖ਼ਤਰੇ ਵਿਚ ਦਿੱਸੀ। ਉਹਨਾਂ ਨੇ ਲੋਕਾਂ ਨੂੰ ਖਿੰਡ ਜਾਣ ਦੀ ਚਿਤਾਵਨੀ ਦਿੱਤੀ। ਖਿੰਡਣ ਦੀ ਥਾਂ ਲੋਕ ਹੋਰ ਭੜਕ ਗਏ। ਬੰਦੂਕਾਂ ਖੋਹਣ ਦੇ ਇਰਾਦੇ ਨਾਲ ਗਾਲ੍ਹਾਂ ਕੱਢਦੇ ਉਹ ਸਿਪਾਹੀਆਂ ਵੱਲ ਵਧਣ ਲੱਗੇ।
ਘਬਰਾਏ ਸਿਪਾਹੀਆਂ ਨੇ ਪਹਿਲਾਂ ਹਵਾਈ ਫ਼ਾਇਰ ਕੀਤੇ।
ਜਦੋਂ ਡਾਂਗ ਇਕ ਗੰਨਮੈਨ ਦੇ ਸਿਰ ਵਿਚ ਪਈ ਤਾਂ ਦੂਜੇ ਨੇ ਹਮਲਾਵਰ ’ਤੇ ਗੋਲੀ ਚਲਾ ਦਿੱਤੀ। ਉਹ ਥਾਏਂ ਚਿੱਤ ਹੋ ਗਿਆ। ਕੁਝ ਭੀੜ ਪਿਛਾਂਹ ਨੂੰ ਭੱਜੀ। ਕੁਝ ਅਗਾਂਹ ਵਧੀ। ਅਗਾਂਹ ਵਧਣ ਵਾਲਿਆਂ ਨੂੰ ਰੋਕਣ ਲਈ ਗੰਨਮੈਨਾਂ ਨੇ ਫ਼ਾਇਰ ਪੈਰਾਂ ਵੱਲ ਕੀਤੇ। ਪੈਰ ਅਗਾਂਹ ਵਧਣੋਂ ਰੁਕ ਗਏ।
ਗੋਲੀ ਦੀ ਆਵਾਜ਼ ਸੁਣ ਕੇ ਨਛੱਤਰ ਬਾਹਰ ਨਿਕਲਿਆ।
ਉਸ ਸਮੇਂ ਤਕ ਭਾਣਾ ਵਰਤ ਚੁੱਕਾ ਸੀ।
ਗੰਨਮੈਨਾਂ ਨੇ ਵਿਧਾਇਕ ਨੂੰ ਘੇਰੇ ਵਿਚ ਲਿਆ। ਹੁਸ਼ਿਆਰੀ ਨਾਲ ਗੱਡੀ ਵਿਚ ਬਿਠਾਇਆ ਅਤੇ ਆਪਣਾ ਫ਼ਰਜ਼ ਨਿਭਾਉਂਦੇ ਹੋਏ ਵਿਧਾਇਕ ਨੂੰ ਖ਼ਤਰੇ ਵਿਚੋਂ ਕੱਢ ਕੇ ਲੈ ਗਏ।
ਲੰਬੜਾਂ ਦੇ ਘੁੱਗੀ ਲੋਟ ਆ ਗਈ। ਮਰਨ ਵਾਲਾ ਦਲਿਤ ਸੀ। ਸਮਰਥਕਾਂ ਸਮੇਤ ਉਹ ਧਰਨੇ ’ਤੇ ਬੈਠ ਗਏ। “ਜਿੰਨਾ ਚਿਰ ਗੰਨਮੈਨਾਂ ਨੂੰ ਸ਼ਹਿ ਦੇ ਕੇ ਗੋਲੀ ਚਲਵਾਉਣ ਵਾਲੇ ਵਿਧਾਇਕ ਵਿਰੁੱਧ ਕਤਲ ਦਾ ਮੁਕੱਦਮਾ ਦਰਜ ਨਹੀਂ ਹੰਦਾ, ਅਸੀਂ ਲਾਸ਼ ਨਹੀਂ ਚੁੱਕਣ ਦੇਣੀ।” ਇਹ ਮੰਗ ਲੈ ਕੇ ੳਹ ਨਾਅਰੇਬਾਜ਼ੀ ਕਰਨ ਲੱਗੇ।
ਮੌਕੇ ’ਤੇ ਹਾਜ਼ਰ ਲੋਕਾਂ ਨੇ ਲੰਬੜਾਂ ਦੀ ਇਸ ਮੰਗ ਦਾ ਵਿਰੋਧ ਕੀਤਾ। ਨਛੱਤਰ ਸਿੰਘ ਤਾਂ ਬੇਕਸੂਰ ਸੀ, ਗੰਨਮੈਨਾਂ ਨੇ ਵੀ ਗੋਲੀ ਮਜਬੂਰੀ ਵਿਚ ਚਲਾਈ ਸੀ, ਪਰ ਉਹਨਾਂ ਦੀ ਗੱਲ ਵੱਲ ਕਿਸੇ ਨੇ ਧਿਆਨ ਨਾ ਦਿੱਤਾ।
ਪੁਲਿਸ ਨੂੰ ਸੂਚਨਾ ਮਿਲੀ। “ਗੁਆਂਢੀ ਪਿੰਡ ਦੇ ਦਲਿਤ ਟਰੱਕਾਂ ਟਰਾਲੀਆਂ ਵਿਚ ਬੈਠ-ਬੈਠ ਕੇ ਪਿੰਡ ਵੱਲ ਕੂਚ ਕਰਨ ਲੱਗੇ ਹਨ। ਪਰਚਾ ਦਰਜ ਹੋਣ ’ਚ ਹੋਰ ਦੇਰ ਹੋਣ ਲਾਲ ਹਾਲਾਤ ਵਿਗੜ ਸਕਦੇ ਹਨ।”
ਮੌਕਾ ਸੰਭਾਲਣ ਲਈ ਪੁਲਿਸ ਨੂੰ ਪਰਚਾ ਕੱਟਣਾ ਪਿਆ। ਵਿਚੇ ਵਿਧਾਇਕ ਨੂੰ ਘੜੀਸਣਾ ਪਿਆ। ਪੁਲਿਸ ਅਧਿਕਾਰੀਆਂ ਦਾ ਵਿਚਾਰ ਸੀ, ਪਿੱਛੋਂ ਵਿਧਾਇਕ ਆਪੇ ਮੌਕਾ ਸੰਭਾਲ ਲਏਗਾ।
ਵਿਧਾਇਕ ਮੁੱਖ ਮੰਤਰੀ ’ਤੇ ਜ਼ੋਰ ਪਾਉਣ ਲੱਗਾ, “ਮੈਂ ਬੇਕਸੂਰ ਹਾਂ। ਪੁਲਿਸ ਨੂੰ ਆਖ ਕੇ ਮੁਕੱਦਮੇ ਵਿਚੋਂ ਮੇਰਾ ਨਾਂ ਕਢਵਾਇਆ ਜਾਵੇ।”
“ਕਾਨੂੰਨ ਸਭ ਲਈ ਬਰਾਬਰ ਹੈ।” ਆਖਦਾ ਮੁੱਖ ਮੰਤਰੀ ਮਾਂਹ ਦੇ ਆਟੇ ਵਾਂਗ ਆਕੜਿਆ ਰਿਹਾ।
ਉਲਟਾ ਉਹ ਨਛੱਤਰ ਸਿੰਘ ਨੂੰ ਬਹਾਦਰੀ ਦਿਖਾ ਕੇ ਪੇਸ਼ ਹੋਣ ਦੀ ਸਲਾਹ ਦੇਣ ਲੱਗਾ। ਨਾਲ ਮਿੱਠੀ ਗੋਲੀ ਦੇਣ ਲੱਗਾ, “ਤੇਰੇ ਪੇਸ਼ ਹੁੰਦਿਆਂ ਹੀ ਲੋਕਾਂ ਦਾ ਗ਼ੁੱਸਾ ਠੰਢਾ ਹੋ ਜਾਵੇਗਾ। ਮਸਲਾ ਠੰਢਾ ਹੁੰਦਿਆਂ ਹੀ ਤੇਰੀ ਜ਼ਮਾਨਤ ਕਰਵਾ ਦੇਵਾਂਗਾ ਅਤੇ ਕੇਸ ਵਿਚੋਂ ਕਢਵਾ ਦੇਵਾਂਗਾ।”
ਵਿਧਾਇਕ ਧੜਾ ਇਸ ਸਲਾਹ ਨਾਲ ਸਹਿਮਤ ਨਹੀਂ ਸੀ, ਉਹਨਾਂ ਨੂੰ ਦਾਲ ਵਿਚ ਕਾਲਾ ਨਜ਼ਰ ਆਉਣ ਲੱਗਾ। ਨਛੱਤਰ ਦੇ ਈਨ ਮੰਨ ਲੈਣ ਨਾਲ ਧੜੇ ਦਾ ਵਜੂਦ ਖ਼ਤਰੇ ਵਿਚ ਪੈ ਜਾਣਾ ਸੀ। ਫੇਰ ਇਕ-ਇਕ ਕਰਕੇ ਇਹ ਭਾਣਾ ਸਭ ਨਾਲ ਵਰਤਣਾ ਸੀ।
ਧੜੇ ਦੀ ਸਲਾਹ ਮੰਨ ਕੇ ਨਛੱਤਰ ਸਿੰਘ ਨੇ ਪੇਸ਼ਗੀ ਜ਼ਮਾਨਤ ਲਈ ਦਰਖ਼ਾਸਤ ਲਾ ਦਿੱਤੀ।
ਪੁਲਿਸ ਅਤੇ ਸਰਕਾਰੀ ਵਕੀਲ ਨੇ ਅੱਡੀ ਚੋਟੀ ਦਾ ਜ਼ੋਰ ਲਾ ਕੇ ਦਰਖ਼ਾਸਤ ਰੱਦ ਕਰਵਾ ਦਿੱਤੀ।
ਮਜਬੂਰ ਹੋਏ ਵਿਧਾਇਕ ਨੂੰ ਪੁਲਿਸ ਅੱਗੇ ਪੇਸ਼ ਹੋਣਾ ਪੈ ਗਿਆ।
ਸਾਲਾਂ ਵਿਚ ਲਟਕਣ ਵਾਲਾ ਮੁਕੱਦਮਾ ਕੁਝ ਮਹੀਨਿਆਂ ਵਿਚ ਹੀ ਨਿੱਬੜ ਗਿਆ।
ਲੋਕਾਂ ਨੂੰ ਆਸ ਸੀ ਕਿ ਵਿਧਾਇਕ ਬਰੀ ਹੋਏਗਾ। ਉਸ ਦੇ ਵਿਰੁੱਧ ਕੇਵਲ ਦੋ ਗਵਾਹ ਭੁਗਤੇ ਸਨ ਹੱਕ ਵਿਚ ਚਾਲੀ। ਵਿਧਾਇਕ ਦੇ ਸਮਰਥਕਾਂ ਨੇ ਜੱਜ ਤਕ ਪਹੰਚ ਕੀਤੀ। ਉਹ ਇਹੋ ਆਖਣ ਲੱਗਾ, “ਮੈਨੂੰ ਚਾਲੀ ਗਵਾਹਾਂ ਦੀ ਮੰਨਣੀ ਪਏਗੀ।”
ਫ਼ੈਸਲਾ ਕਰਦੇ ਸਮੇਂ ਜੱਜ ਨੂੰ ਪਤਾ ਨਹੀਂ ਕਿਹੜਾ ਸੱਪ ਸੁੰਘ ਗਿਆ। ਉਸ ਨੂੰ ਸਰਕਾਰੀ ਗਵਾਹਾਂ ਦੀ ਗਵਾਹੀ ਜ਼ਿਆਦਾ ਵਜ਼ਨਦਾਰ ਲੱਗੀ। ਗੰਨਮੈਨਾਂ ਦੇ ਨਾਲ ਉਸ ਨੇ ਵਿਧਾਇਕ ਨੂੰ ਸਜ਼ਾ ਸੁਣਾ ਦਿੱਤੀ।
ਨਛੱਤਰ ਦੇ ਸਜ਼ਾ ਹੁੰਦਿਆਂ ਹੀ ਧੜੇ ਦੇ ਬਾਕੀ ਵਿਧਾਇਕਾਂ ਨੂੰ ਕੰਨ ਹੋ ਗਏ। ਮੁਕੱਦਮੇ ਦੀਆਂ ਤੰਦਾਂ ਕਿਥੋਂ ਸ਼ੁਰੂ ਹੁੰਦੀਆਂ ਅਤੇ ਕਿਥੇ ਮੁੱਕਦੀਆਂ ਸਨ, ਸਭ ਨੂੰ ਦਿਖਾਈ ਦੇਣ ਲੱਗਾ। ਕਈਆਂ ਨੂੰ ਲੱਗਾ, ਜਿਵੇਂ ਇਹ ਕਤਲ ਕਿਸੇ ਖ਼ਾਸ ਸਾਜ਼ਿਸ਼ ਤਹਿਤ ਹੋਇਆ ਸੀ।
ਜੇਲ੍ਹ ਪੱਲੇ ਪੈਂਦੀ ਦੇਖ ਕੇ ਵਿਧਾਇਕ ਚਾਹ ਪੀਣੀ ਛੱਡ ਗਏ। ਧੜੇ ਦਾ ਨਾਂ ਲੈਣੋਂ ਹਟ ਗਏ।
ਵਿਧਾਇਕ ਦਾ ਧੜਾ ਖੇਰੂੰ-ਖੇਰੂੰ ਹੁੰਦਿਆਂ ਹੀ ਮੁੱਖ ਮੰਤਰੀ ਪਈਆਂ ਤਰੇੜਾਂ ਭਰਨ ਲੱਗਾ।
ਮੁੱਖ ਮੰਤਰੀ ਦੀ ਇਸੇ ਨਵੀਂ ਯੋਜਨਾ ਤਹਿਤ, ਜੇਲ੍ਹ ਪ੍ਰਸ਼ਾਸਨ ਨੂੰ, ਵਿਧਾਇਕ ਨੂੰ ‘ਘਰ ਵਰਗੀਆਂ ਸਹੂਲਤਾਂ’ ਉਪਲਬਧ ਕਰਾਉਣ ਦੀ ਹਦਾਇਤ ਹੋਈ ਸੀ।
ਜੇਲ੍ਹ ਅਧਿਕਾਰੀ ਪਹਿਲਾਂ ਹੀ ਅਜਿਹੇ ਕਿਸੇ ਮੌਕੇ ਦੀ ਤਲਾਸ਼ ਵਿਚ ਸਨ।
ਜੇਲ੍ਹ ਵਿਭਾਗ ਦਾ ਮੁਖੀ ਕਈ ਮਹੀਨਿਆਂ ਤੋਂ ਜੇਲ੍ਹ ਸੁਪਰਡੈਂਟ ’ਤੇ ਜ਼ੋਰ ਪਾ ਰਿਹਾ ਸੀ। ਕਿਸੇ ਨਾ ਕਿਸੇ ਬਹਾਨੇ ਸਾਲਾਂ ਤੋਂ ਬੰਦ ਪਈ ਕੋਠੀ ਨੂੰ ਕੈਦੀਆਂ ਲਈ ਖੋਲ੍ਹਿਆ ਜਾਵੇ।
ਇੰਸਪੈਕਟਰ ਜਨਰਲ ਦਾ ਬੈਚ ਮੇਟ ਅਤੇ ਗੂੜ੍ਹਾ ਮਿੱਤਰ ਡੀ.ਆਈ.ਜੀ. ਸਤਿੰਦਰ ਕੁਮਾਰ ਇਹਨੀਂ ਦਿਨੀਂ ਇਸੇ ਜੇਲ੍ਹ ਵਿਚ ਬੰਦ ਸੀ। ਉਹ ਆਪਣੇ ਮਿੱਤਰ ਨੂੰ ਘਰ ਵਰਗਾ ਮਾਹੌਲ ਦੇਣਾ ਚਾਹੁੰਦਾ ਸੀ। ਇਹ ਕੋਠੀ ਦੇ ਖੁੱਲ੍ਹਣ ਨਾਲ ਸੰਭਵ ਹੋਣਾ ਸੀ।
ਕੁਝ ਸਾਲ ਪਹਿਲਾਂ ਜਦੋਂ ਸਤਿੰਦਰ ਕੁਮਾਰ ਮਾਇਆ ਨਗਰ ਵਿਚ ਤਾਇਨਾਤ ਸੀ, ਉਸ ਦਾ ਭਾਰਤ ਸੁੰਦਰੀ ਨਾਦੀਆ ਨਾਲ ਇਸ਼ਕ ਹੋ ਗਿਆ ਸੀ।
ਜਦੋਂ ਉਸ ਦੇ ਗਰਭਵਤੀ ਹੋਣ ਦੀਆਂ ਖ਼ਬਰਾਂ ਅਖ਼ਬਾਰਾਂ ਵਿਚ ਛਪੀਆਂ ਤਾਂ ਕਈ ਹੋਰਾਂ ਦੇ ਨਾਲ-ਨਾਲ ਸਤਿੰਦਰ ਕੁਮਾਰ ਦੀ ਨੀਂਦ ਵੀ ਹਰਾਮ ਹੋ ਗਈ। ਕਿਸੇ ਅਖ਼ਬਾਰ ਨੇ ਸਤਿੰਦਰ ਨੂੰ ਬੱਚੇ ਦਾ ਬਾਪ ਘੋਸ਼ਿਤ ਕਰ ਦਿੱਤਾ ਅਤੇ ਕਿਸੇ ਨੇ ਇਕ ਨੌਜਵਾਨ ਕੇਂਦਰੀ ਰਾਜ ਮੰਤਰੀ ਨੂੰ।
ਸਤਿੰਦਰ ਦੀ ਪਤਨੀ ਕਾਲਜ ਵਿਚ ਪ੍ਰੋਫ਼ੈਸਰ ਸੀ। ਬੇਟੀ ਬੀ.ਏ. ਵਿਚ ਪੜ੍ਹਦੀ ਸੀ। ਬੇਟਾ ਬਾਰ੍ਹਵੀਂ ਵਿਚ। ਸਾਰੇ ਅਖ਼ਬਾਰ ਪੜ੍ਹਦੇ ਸਨ। ਨਾਦੀਆ ਦੇ ਕਿੱਸੇ ਅਖ਼ਬਾਰਾਂ ਵਿਚ ਛਪਦਿਆਂ ਹੀ ਘਰ ਵਿਚ ਤਨਾਅ ਰਹਿਣ ਲੱਗਾ। ਬੋਲਦਾ ਭਾਵੇਂ ਕੋਈ ਕੁਝ ਨਹੀਂ ਸੀ, ਪਰ ਰੋਸ ਛੁਪਾਏ ਛੁਪ ਨਹੀਂ ਸੀ ਰਿਹਾ।
ਨਾਦੀਆ ਕਹਿੰਦੀ ਸੀ, “ਤੂੰ ਮੇਰੇ ਬੱਚੇ ਦਾ ਬਾਪ ਹੈਂ।”
ਸਤਿੰਦਰ ਨੂੰ ਉਹ ਝੂਠੀ ਜਾਪਦੀ ਸੀ। ‘ਹਰ ਔਰਤ ਆਪਣੀ ਵਫ਼ਾਦਾਰੀ ਸਿੱਧ ਕਰਨ ਲਈ ਇੰਝ ਹੀ ਆਖਦੀ ਹੈ।’ ਸਤਿੰਦਰ ਗਰਭ ਗਿਰਾਉਣਾ ਚਾਹੁੰਦਾ ਸੀ। ਨਾਦੀਆ ਬੱਚਾ ਪੈਦਾ ਕਰਨਾ ਚਾਹੰਦੀ ਸੀ। ਨਾਦੀਆ ਨੂੰ ਵਿਆਹ ਕਰਾਉਣ ਦਾ ਲਾਲਚ ਨਹੀਂ ਸੀ। ਉਹ ਬੱਚੇ ਨੂੰ ਬਾਪ ਦਾ ਨਾਂ ਦੇਣਾ ਚਾਹੁੰਦੀ ਸੀ।
ਸਤਿੰਦਰ ਨੂੰ ਬੁਰੇ ਦਿਨ ਦਿਖਾਈ ਦੇਣ ਲੱਗੇ। “ਜੇ ਮਸਲਾ ਹੁਣੇ ਨਾ ਨਜਿੱਠਿਆ ਤਾਂ ਘਰ ਟੁੱਟ ਜਾਏਗਾ” ਸੋਚਦੇ ਸਤਿੰਦਰ ਨੇ ਦੋ ਭਾੜੇ ਦੇ ਟੱਟੂਆਂ ਦਾ ਪ੍ਰਬੰਧ ਕੀਤਾ ਅਤੇ ਨਾਦੀਆ ਨੂੰ ਹਮੇਸ਼ਾ ਲਈ ਚੱਪ ਕਰਵਾ ਦਿੱਤਾ। ਮਾਤਹਿਤ ਪੁਲਿਸ ਕਰਮਚਾਰੀਆਂ ਨੇ ਹੱਤਿਆ ਨੂੰ ਆਤਮ- ਹੱਤਿਆ ਗਰਦਾਨ ਕੇ ਮਾਮਲਾ ਰਫ਼ਾ-ਦਫ਼ਾ ਕਰ ਦਿੱਤਾ।
ਕੰਮ ਮੁਕਾ ਕੇ ਪੁਲਿਸ ਕਪਤਾਨ ਸੁਖ ਦੀ ਨੀਂਦ ਸੌਂ ਗਿਆ। ਕੇਦਰੀ ਮੰਤਰੀ ਦੀ ਨੀਂਦ ਹਰਾਮ ਹੋ ਗਈ। ਸੁਪਨਿਆਂ ਵਿਚ ਆ ਕੇ ਨਾਦੀਆ ਉਸ ਨੂੰ ਮਿਹਣੇ ਮਾਰਨ ਲੱਗੀ, “ਮੈਂ ਤੇਰੀ ਸੀ ਅਤੇ ਬੱਚਾ ਵੀ। ਸਾਡਾ ਦੋਹਾਂ ਦਾ ਕਤਲ ਹੋਇਆ ਹੈ। ਤੈਨੂੰ ਬਦਲਾ ਲੈਣਾ ਚਾਹੀਦਾ ਹੈ।”
ਭਾੜੇ ਦੇ ਟੱਟੂਆਂ ਦੀ ਸ਼ਨਾਖ਼ਤ ਹੋਣ ਤਕ ਮੰਤਰੀ ਨੇ ਖ਼ੁਫ਼ੀਆ ਵਿਭਾਗ ਨੂੰ ਭੜਥੂ ਪਾਈ ਰੱਖਿਆ।
ਕਾਤਲ ਫੜੇ ਗਏ। ਪੱਤਰਕਾਰਾਂ ਸਾਹਮਣੇ ਪੇਸ਼ ਕੀਤੇ ਗਏ। ਸਾਜ਼ਿਸ਼ ਨੰਗੀ ਕਰਾਈ ਗਈ ਤਾਂ ਮੰਤਰੀ ਨੂੰ ਚੈਨ ਆਇਆ।
ਮੁਕੱਦਮੇ ਦੀ ਸੁਣਵਾਈ ਸ਼ੁਰੂ ਹੋਣ ਦੀ ਉਡੀਕ ਵਿਚ ਸਤਿੰਦਰ ਜੇਲ੍ਹ ਦੀ ਹਵਾ ਖਾ ਰਿਹਾ ਸੀ। ਪਿਛਲੇ ਤਿੰਨ ਮਹੀਨਿਆਂ ਵਿਚ ਆਈ.ਜੀ. ਜੇਲ੍ਹ ਦੇ ਤਿੰਨ ਦੌਰੇ ਕਰ ਚੁੱਕਾ ਸੀ। ਹਰ ਵਾਰ ਸਤਿੰਦਰ ਦਾ ਇਕੋ ਗਿਲਾ ਹੁੰਦਾ, “ਬੀ ਕਲਾਸ ਵਿਚ ਮੈਨੂੰ ਅਟ-ਪਟਾ ਮਹਿਸੂਸ ਹੁੰਦਾ ਹੈ।”
ਆਈ.ਜੀ. ਮਿੱਤਰ ਦੀ ਹਰ ਮਦਦ ਲਈ ਤਿਆਰ ਸੀ, ਪਰ ਹਾਲੇ ਕੇਂਦਰੀ ਮੰਤਰੀ ਉਸ ’ਤੇ ਅੱਖ ਰੱਖ ਰਿਹਾ ਸੀ। ਰਾਤ ਕਟਾਉਣ ਲਈ ਸਤਿੰਦਰ ਨੂੰ ਨਾ ਕਿਸੇ ਅਫ਼ਸਰ ਦੀ ਕੋਠੀ ਲਿਜਾਇਆ ਜਾ ਸਕਦਾ ਸੀ, ਨਾ ਜੇਲ੍ਹੋਂ ਬਾਹਰ ਕੱਢਿਆ ਜਾ ਸਕਦਾ ਸੀ।
ਸਾਰੀਆਂ ਸਮੱਸਿਆਵਾਂ ਦਾ ਇਕੋ ਹੱਲ ਸੀ। ਕਿਸੇ ਨਾ ਕਿਸੇ ਢੰਗ ਨਾਲ ਕੋਠੀ ਖੁਲ੍ਹਵਾਈ ਜਾਵੇ। ਕੋਠੀ ਵਿਚ ਫੇਰ ਮੁਜਰੇ ਹੋਣ ਜਾਂ ਜ਼ਿੰਦਾ ਡਾਂਸ। ਇਸ ਦੀ ਸੂਹ ਮੰਤਰੀ ਨੂੰ ਤਾਂ ਕੀ ਜੇਲ੍ਹ ਦੇ ਸੰਤਰੀ ਤੱਕ ਨੂੰ ਨਹੀਂ ਸੀ ਮਿਲਣੀ।
ਆਈ.ਜੀ. ਜੇਲ੍ਹ ਸੁਪਰਡੈਂਟ ਉਪਰ ਜ਼ੋਰ ਪਾ ਰਿਹਾ ਸੀ। ਉਹ ਕੋਠੀ ਖੋਲ੍ਹਣ ਦੀ ਸਿਫ਼ਾਰਸ਼ ਭੇਜੇ। ਬਾਕੀ ਉਹ ਆਪੇ ਸੰਭਾਲ ਲਏਗਾ।
ਜੇਲ੍ਹ ਸੁਪਰਡੈਂਟ ਖ਼ੁਦ ਇਹੋ ਚਾਹੁੰਦਾ ਸੀ। ਆਪਣੇ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਣ ਲਈ ਉਸ ਨੂੰ ਪ੍ਰੋਫ਼ੈਸਰ ਨੂੰ ਸਵੇਰੇ ਸ਼ਾਮ ਬੈਰਕੋਂ ਬਾਹਰ ਕੱਢਣਾ ਪੈਂਦਾ ਸੀ। ਇਸ ’ਤੇ ਦੂਜੇ ਕੈਦੀ ਇਤਰਾਜ਼ ਕਰਦੇ ਸਨ।
ਪ੍ਰੋਫ਼ੈਸਰ ਨੇ ਸੁਪਰਡੈਂਟ ਉਪਰ ਬਹੁਤ ਵੱਡਾ ਅਹਿਸਾਨ ਕੀਤਾ ਸੀ, ਉਸ ਨੇ ਉਸ ਦੇ ਨਲਾਇਕ ਭਾਣਜੇ ਨੂੰ ਪੜ੍ਹਾ-ਪੜ੍ਹਾ ਕੇ ਤੋਤਾ ਬਣਾ ਦਿੱਤਾ ਸੀ। ਜਿਸ ਮੁੰਡੇ ਨੂੰ ਪਲੱਸ-ਟੂ ਜਮਾਤ ਪਾਸ ਕਰਨ ਲਈ ਚਾਰ ਸਾਲ ਲੱਗੇ ਸਨ, ਉਹ ਪਹਿਲੇ ਸਾਲ ਹੀ ਦਾਖ਼ਲਾ ਟੈਸਟ ਪਾਸ ਕਰ ਕੇ ਐਮ.ਬੀ.ਬੀ.ਐਸ. ਵਿਚ ਦਾਖ਼ਲ ਹੋ ਚੁੱਕਾ ਸੀ।
ਸੁਪਰਡੈਂਟ ਪ੍ਰੋਫ਼ੈਸਰ ਨੂੰ ਕੋਠੀ ਲਿਜਾਣਾ ਚਾਹੁੰਦਾ ਸੀ। ਉਥੇ ਨਾ ਬੈਰਕ ਸੀ, ਨਾ ਜਿੰਦਾ। ਨਾ ਮੁਨਸ਼ੀ, ਨਾ ਰੋਜ਼ਨਾਮਚਾ। ਕੈਦੀ ਜਦੋਂ ਮਰਜ਼ੀ, ਜਿਥੇ ਮਰਜ਼ੀ ਆਵੇ-ਜਾਵੇ।
ਜੇਲ੍ਹ ਅਧਿਕਾਰੀਆਂ ਨੇ ਮੌਕੇ ਦਾ ਭਰਪੂਰ ਫ਼ਾਇਦਾ ਉਠਾਇਆ।
ਕੋਠੀ ਖੋਲ੍ਹੇ ਜਾਣ ਦੇ ਨਾਲ ਸੁਪਰਡੈਂਟ ਨੇ ਜੇਲ੍ਹ ਵਿਭਾਗ ਨੂੰ ਇਕ ਸੁਝਾਅ ਭੇਜਿਆ।
“ਕੋਠੀ ਪਹਾੜ ਜਿੱਡੀ ਹੈ, ਉਥੇ ਇਕ ਕੈਦੀ ਨੂੰ ਬੰਦ ਕਰਨਾ ਹੈ, ਉਸ ਨੂੰ ਤਨਹਾਈ ਕੈਦ ਵਿਚ ਰੱਖਣ ਵਾਂਗ ਹੈ। ਇਹ ਜੇਲ੍ਹ ਨਿਯਮਾਂ ਦੇ ਵਿਰੁੱਧ ਹੈ। ਦਿਲ-ਪ੍ਰਚਾਵੇ ਲਈ ਵਿਧਾਇਕ ਦੇ ਨਾਲ ਕੁਝ ਹੋਰ ਕੈਦੀਆਂ ਨੂੰ ਰੱਖਣ ਦੀ ਇਜਾਜ਼ਤ ਦਿੱਤੀ ਜਾਵੇ।”
ਮੁਖੀ ਨੇ ਝੱਟ ਸੁਝਾਅ ਨੂੰ ਪ੍ਰਵਾਨਗੀ ਦੇ ਦਿੱਤੀ।
ਵਿਧਾਇਕ ਦੇ ਨਾਲ ਸਤਿੰਦਰ ਕੁਮਾਰ ਅਤੇ ਪ੍ਰੋਫ਼ੈਸਰ ਦੇ ਦਿਨ ਵੀ ਤੀਆਂ ਵਾਂਗ ਨਿਕਲਣ ਲੱਗੇ।
ਲਾਭ ਸਿੰਘ ਦੀ ਕਿਰਪਾ ਨਾਲ ਇਸ ਸਵਰਗ ਦੇ ਕੁਝ ਝੂਟੇ ਪਾਲੇ ਨੂੰ ਵੀ ਨਸੀਬ ਹੋਣ ਲੱਗੇ।
ਕੋਈ ਕਹਿੰਦਾ ਸੀ, “ਕਦੇ ਇਸ ਕੋਠੀ ਵਿਚ ਜੈ ਪ੍ਰਕਾਸ਼ ਨਰਾਇਣ ਬੰਦ ਰਿਹਾ ਹੈ।” ਕੋਈ ਚੰਦਰ ਸ਼ੇਖ਼ਰ ਦਾ ਨਾਂ ਲੈਂਦਾ ਸੀ।
ਇਥੇ ਕੌਣ-ਕੌਣ ਬੰਦ ਰਿਹਾ, ਇਸ ਨਾਲ ਪਾਲੇ ਨੂੰ ਕੋਈ ਮਤਲਬ ਨਹੀਂ ਸੀ।
ਉਸ ਨੂੰ ਫ਼ਖ਼ਰ ਸੀ, ਭਾਵੇ ਮੁਸ਼ੱਕਤੀ ਬਣ ਕੇ ਹੀ ਸਹੀ, ਹੁਣ ਇਸ ਕੋਠੀ ਵਿਚ ਉਹ ਰਹਿ ਰਿਹਾ ਸੀ।
13
ਅਦਾਲਤ ਪਾਲੇ ਹੋਰਾਂ ਨਾਲ ਇੰਨੀ ਬੇਰਹਿਮੀ ਨਾਲ ਪੇਸ਼ ਆਏਗੀ, ਇਸ ਦੀ ਸੰਮਤੀ ਨੂੰ ਉੱਕਾ ਆਸ ਨਹੀਂ ਸੀ। ਪੁਲਿਸ ਵੱਲੋਂ ਰੱਖੇ ਕਈ ਗਵਾਹਾਂ ਨੂੰ ਮੁਕਰਾ ਕੇ ਅਤੇ ਕਈ ਪਤਵੰਤੇ ਗਵਾਹਾਂ ਨੂੰ ਸਫ਼ਾਈ ਵਿਚ ਭੁਗਤਾ ਕੇ ਸੰਮਤੀ ਵਾਲਿਆਂ ਨੇ ਸੋਚਿਆ ਸੀ, ਉਹਨਾਂ ਨੇ ਪਾਲੇ ਹੋਰਾਂ ਨੂੰ ਨਿਰਦੋਸ਼ ਸਿੱਧ ਕਰਨ ਦਾ ਆਪਣਾ ਟੀਚਾ ਪ੍ਰਾਪਤ ਕਰ ਲਿਆ ਹੈ, ਪਰ ਅਦਾਲਤ ਨੇ ਉਹਨਾਂ ਦੀ ਇਕ ਨਹੀਂ ਸੀ ਸੁਣੀ। ਸਰਕਾਰ ਵੱਲੋਂ ਪੇਸ਼ ਕੀਤੇ ਗਏ ਗਵਾਹਾਂ ਨੂੰ ਸਹੀ ਮੰਨ ਕੇ ਮੀਤੇ ਅਤੇ ਪਾਲੇ ਨੂੰ ਬੰਟੀ ਦਾ ਕਾਤਲ ਗਰਦਾਨ ਕੇ ਦੋਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਸੀ।
ਸੰਮਤੀ ਵਾਲੇ ਹਤਾਸ਼ ਹੋ ਕੇ ਘਰ ਬੈਠਣ ਵਾਲਿਆਂ ਵਿਚੋਂ ਨਹੀਂ ਸਨ।
ਸੰਘਰਸ਼ ਤੇਜ਼ ਕਰਨ ਲਈ ਅੱਗੋਂ ਕੀ ਨੀਤੀ ਅਪਣਾਈ ਜਾਵੇ? ਇਹ ਵਿਚਾਰਨ ਲਈ ਸੰਮਤੀ ਦੇ ਕਾਰਕੰਨਾਂ ਦੀ ਵਿਸ਼ੇਸ਼ ਮੀਟਿੰਗ ਬੁਲਾਈ ਗਈ।
“ਗੁਰਮੀਤ ਸਿਆਂ) ਬੜਾ ਅਜੀਬ ਹੈ ਬਈ ਤੁਹਾਡਾ ਕਾਨੂੰਨੀ ਢਾਂਚਾ। ਝੂਠੇ ਗਵਾਹਾਂ ਨੂੰ ਸੱਚੇ ਮੰਨ ਕੇ ਜੱਜ ਨੇ ਨਿਰਦੋਸ਼ਾਂ ਨੂੰ ਸਜ਼ਾ ਸੁਣਾ ਦਿੱਤੀ। ਪੁਲਿਸ ਦੀ ਗ਼ਲਤ ਕਾਰਵਾਈ ’ਤੇ ਮੋਹਰ ਲਾ ਦਿੱਤੀ। ਪੁਲਿਸ ਹੁਣ ਚੁੱਪ ਕਰ ਕੇ ਘਰ ਬੈਠ ਜਾਏਗੀ। ਅਸਲ ਮੁਲਜ਼ਮਾਂ ਵੱਲ ਮੂੰਹ ਕਰਨ ਦੀ ਕਿਸੇ ਨੂੰ ਲੋੜ ਨਹੀਂ ਪਏਗੀ। ਉਹ ਬਿਨਾਂ ਥਾਣਾ ਕਚਹਿਰੀ ਦੇਖੇ ਬਰੀ ਹੋ ਗਏ।”
ਬਾਬਾ ਪਹਿਲਾਂ ਆਏ ਗੁਰਮੀਤ ਨਾਲ ਕਾਨੂੰਨੀ ਢਾਂਚੇ ਦੀਆਂ ਖ਼ਾਮੀਆਂ ਵਿਚਾਰਨ ਲੱਗਾ।
“ਤਸਵੀਰ ਦਾ ਦੂਜਾ ਪਾਸਾ ਵੀ ਓਨਾ ਹੀ ਘਿਨਾਉਣਾ ਹੈ। “ਮਾਮਲਾ ਸ਼ੱਕੀ ਜਾਪਦਾ ਹੈ।” ਆਖ ਕੇ ਅਸਲ ਦੋਸ਼ੀ ਬਰੀ ਕਰ ਦਿੱਤੇ ਜਾਂਦੇ ਹਨ। ਪੁਲਿਸ ਫੇਰ ਚੁੱਪ ਕਰ ਕੇ ਬੈਠ ਜਾਂਦੀ ਹੈ। ਰੋਂਦੀ-ਕੁਰਲਾਉਂਦੀ ਪੀੜਤ ਧਿਰ ਪੱਛਦੀ ਹੈ, “ਸਾਡੇ ਬੰਦੇ ਦਾ ਕਤਲ ਹੋਇਆ ਹੈ। ਜੇ ਇਹ ਨਹੀਂ, ਫੇਰ ਅਸਲ ਮੁਲਜ਼ਮ ਕੌਣ ਹਨ? ਉਹਨਾਂ ਨੂੰ ਕੌਣ ਫੜੇਗਾ? ਗੂੰਗਾ ਕਾਨੂੰਨ ਇਸ ਪ੍ਰਸ਼ਨ ਦਾ ਕੋਈ ਉੱਤਰ ਨਹੀਂ ਦਿੰਦਾ।”
ਗੁਰਮੀਤ ਦੀ ਇਸ ਟਿੱਪਣੀ ਨੇ ਬਾਬੇ ਦੇ ਫ਼ਿਕਰਾਂ ਵਿਚ ਹੋਰ ਵਾਧਾ ਕਰ ਦਿੱਤਾ।
“ਮਤਲਬ ਇਹ ਕਿ ਸਾਧਾਰਨ ਬੰਦੇ ਨੂੰ ਮੌਜੂਦਾ ਨਿਆਂ-ਪ੍ਰਬੰਧ ਕੋਲੋਂ ਇਨਸਾਫ਼ ਦੀ ਉਮੀਦ ਨਹੀਂ ਰੱਖਣੀ ਚਾਹੀਦੀ?”
‘ਇੰਝ ਹੀ ਸਮਝ ਲਓ।”
“ਜਦੋਂ ਧੱਕੇਸ਼ਾਹੀ ਸਾਰੇ ਹੱਦਾਂ-ਬੰਨੇ ਟੱਪ ਜਾਵੇ ਤਾਂ ਲੋਕ ਅਦਾਲਤ ਦਾ ਦਰਵਾਜ਼ਾ ਖੜਕਾਉਂਦੇ ਹਨ। ਜਾਪਦਾ ਹੈ ਲੋਕਾਂ ਦੀ ਆਖ਼ਰੀ ਆਸ ਦੀ ਲੋਅ ਵੀ ਧੁੰਦਲੀ ਪੈ ਗਈ ਹੈ। ਬਾਬਾ ਜੀ, ਕੁਝ ਕਰੋ।’
ਗੁਰਮੀਤ ਤੋਂ ਬਾਅਦ ਆਇਆ ਸ਼ਾਮੂ, ਕੁਝ ਕਰਨ ਲਈ ਕਾਹਲਾ ਪੈਣ ਲੱਗਾ।
“ਪਾਲੇ ਮੀਤੇ ਨੂੰ ਬਰੀ ਕਰਾਉਣ ਨਾਲ ਸਮੱਸਿਆ ਹੱਲ ਨਹੀਂ ਹੋਣੀ। ਸਾਨੂੰ ਆਪਣੇ ਸੰਘਰਸ਼ ਦਾ ਘੇਰਾ ਵਸੀਹ ਕਰਨਾ ਚਾਹੀਦਾ ਹੈ।”
ਨੌਜਵਾਨ ਸਭਾ ਦਾ ਕਰਤਾ-ਧਰਤਾ ਅਸ਼ੋਕ ਆਉਂਦੇ ਹੀ ਬਹਿਸ ਵਿਚ ਕੁੱਦ ਪਿਆ।
“ਇਕੱਲੇ ਕਾਨੂੰਨੀ ਢਾਂਚੇ ਦੇ ਸੁਧਰਨ ਨਾਲ ਕੁਝ ਨਹੀਂ ਸੰਵਰਨਾ। ਸਮੱਸਿਆ ਸਮੁੱਚਾ ਰਾਜਸੀ ਢਾਂਚਾ ਬਦਲ ਕੇ ਹੱਲ ਹੋਣੀ ਹੈ।”
*ਤੀਕਾਰੀ ਫ਼ਰੰਟ ਦੇ ਰਜਿੰਦਰ ਨੂੰ ਸਮੱਸਿਆ ਦੀ ਜੜ੍ਹ ਦਾ ਪਤਾ ਸੀ, ਉਹ ਇਹ ਜਤਾਉਣ ਲੱਗਾ।
“ਤੁਸੀਂ ਸਭ ਠੀਕ ਕਹਿੰਦੇ ਹੋ। ਚਿੰਤਾ ਨਾ ਕਰੋ। ਆਪਾਂ ਠੀਕ ਰਾਹ ਤੁਰ ਰਹੇ ਹਾਂ। ਪਾਲੇ ਮੀਤੇ ਲਈ ਸੰਘਰਸ਼ ਕਰ ਕੇ ਅਸੀਂ ਨਿਆਂ-ਪ੍ਰਬੰਧ ਦੇ ਲੋਕ-ਵਿਰੋਧੀ ਖ਼ਾਸੇ ਨੂੰ ਨੰਗਾ ਕਰ ਰਹੇ ਹਾਂ। ਨਿਆਂ-ਪ੍ਰਬੰਧ ਸਰਕਾਰ ਦਾ ਮੋਹਰਾ ਹੈ। ਨਿਆਂ-ਪ੍ਰਬੰਧ ਵਿਰੱਧ ਲੜ ਕੇ ਅਸੀਂ ਸਰਕਾਰ ਵਿਰੁੱਧ ਹੀ ਲੜ ਰਹੇ ਹਾਂ। ਉਚਿਤ ਮੌਕੇ ’ਤੇ ਉਚਿਤ ਕਦਮ ਚੁੱਕਿਆ ਜਾਏਗਾ। ਹਾਲ ਦੀ ਘੜੀ ਅਸੀਂ ਉਹਨਾਂ ਔਕੜਾਂ ਬਾਰੇ ਸੋਚੀਏ, ਜਿਨ੍ਹਾਂ ਨੂੰ ਦੂਰ ਕਰਨ ਲਈ ਅਸੀਂ ਇਕੱਠੇ ਹੋਏ ਹਾਂ।”
ਸਾਰੇ ਕਾਰਕੁੰਨਾਂ ਦੇ ਆਉਣ ਬਾਅਦ ਬਾਬੇ ਨੇ ਗੱਲਬਾਤ ਦਾ ਰੁਖ਼ ਅੱਜ ਦੇ ਏਜੰਡੇ ਵੱਲ ਮੋੜਿਆ।
ਰਜਿੰਦਰ ਕਹਿੰਦਾ, “ਪਾਲੇ ਮੀਤੇ ਨੂੰ ਸਜ਼ਾ ਹੋਣ ਨਾਲ ਲੋਕਾਂ ਅਤੇ ਸੰਮਤੀ ਦੇ ਸਧਾਰਨ ਸਮਰਥਕਾਂ ਦਾ ਮਨੋਬਲ ਗਿਰਿਆ ਹੈ। ਮਨੋਬਲ ਉੱਚਾ ਚੁੱਕਣ ਲਈ ਦੋਸ਼ੀਆਂ ਦੀ ਜ਼ਮਾਨਤ ਹੋਣੀ ਜ਼ਰੂਰੀ ਹੈ। ਸਾਨੂੰ ਪਾਲੇ ਮੀਤੇ ਦੀ ਜ਼ਮਾਨਤ ਦਾ ਹੀਲਾ ਕਰਨਾ ਚਾਹੀਦਾ ਹੈ।”
ਗੁਰਮੀਤ ਨੂੰ ਇੰਨੀ ਜਲਦੀ ਜ਼ਮਾਨਤ ਮਨਜ਼ੂਰ ਹੁੰਦੀ ਨਜ਼ਰ ਨਹੀਂ ਸੀ ਆ ਰਹੀ। ਦਰਖ਼ਾਸਤ ਕਿਉਂ ਰੱਦ ਹੋਏਗੀ, ਉਸ ਇਸ ਦੇ ਕਾਰਨ ਗਿਣਾਉਣ ਲੱਗਾ।
ਪੁਲਿਸ ਨੇ ਇਸ ਵਾਰਦਾਤ ਨੂੰ ‘ਅੱਤਵਾਦੀ ਕਾਰਵਾਈ’ ਕਹਿ ਕੇ ਪ੍ਰਚਾਰਿਆ ਹੈ। ਇਹ ਹੈ ਵੀ ਅੱਤਵਾਦੀ ਕਾਰਵਾਈ। ਪਾਲਾ ਮੀਤਾ ਅੱਤਵਾਦੀ ਨਹੀਂ ਹਨ। ਇਸ ਗੱਲ ਦਾ ਜੱਜ ਨੂੰ ਪਤਾ ਹੈ। ਉਹਨਾਂ ਨੂੰ ਨਿਧੜਕ ਹੋ ਕੇ ਸਜ਼ਾ ਸੁਣਾਉਣ ਦਾ ਇਹੋ ਕਾਰਨ ਹੈ। ਅਖ਼ਬਾਰ ਅਤੇ ਸਰਕਾਰ ਜੱਜ ਦੀ ਦਲੇਰੀ ਦੇ ਸੋਹਲੇ ਗਾ ਰਹੇ ਹਨ। ‘ਬਾਕੀ ਜੱਜ ਉਸ ਦੇ ਰਾਹ ’ਤੇ ਚੱਲਣਗੇ।’ ਇਹ ਆਸ ਲਾ ਰਹੇ ਹਨ। ਪਾਲੇ ਅਤੇ ਮੀਤੇ ਦੀ ਝੱਟਪਟ ਜ਼ਮਾਨਤ ਮਨਜ਼ੂਰ ਕਰ ਕੇ ਹਾਈ ਕੋਰਟ ਜੱਜਾਂ ਦੇ ਮਨੋਬਲ ਨੂੰ ਢਾਹ ਲਾਉਣ ਦਾ ਜ਼ੋਖ਼ਮ ਨਹੀਂ ਉਠਾਏਗੀ।
ਇਸ ਵਾਰਦਾਤ ਵਿਚ ਕਤਲ ਇਕ ਮਾਸੂਮ ਬੱਚੇ ਦਾ ਹੋਇਆ ਹੈ। ਅਦਾਲਤ ਬੱਚੇ ਦੇ ਕਾਤਲਾਂ ਨੂੰ ਰਾਹਤ ਦੇਣ ਤੋਂ ਝਿਜਕੇਗੀ।
ਪਾਲੇ ਮੀਤੇ ਦਾ ਪਿਛੋਕੜ ਉਹਨਾਂ ਦੀ ਜ਼ਮਾਨਤ ਮਨਜ਼ੂਰ ਹੋਣ ਵਿਚ ਰੋੜਾ ਅਟਕਾਏਗਾ।ਉਹਨਾਂ ਦੀਆਂ ਦਸ-ਦਸ ਸਾਲ ਪੁਰਾਣੀਆਂ ਮਿਸਲਾਂ ਨੂੰ ਕਬਰ ਵਿਚੋਂ ਕੱਢ ਲਿਆ ਜਾਏਗਾ।
ਮੁਦੱਈ ਧਿਰ ਦੀ ਪੈਰਵੀ ਕਰ ਰਹੇ ਯੁਵਾ ਸੰਘ ਅਤੇ ਸਰਕਾਰ ਵੱਲੋਂ ਵੀ ਇਸ ਕੰਮ ਵਿਚ ਪੂਰੀ ਟੰਗ ਅੜਾਈ ਜਾਏਗੀ।
ਸੰਮਤੀ ਦੇ ਸਾਰੇ ਕਾਰਕੁੰਨ ਵਕੀਲ ਦੀਆਂ ਦਲੀਲਾਂ ਨਾਲ ਸਹਿਮਤ ਹੋ ਗਏ। ਪਾਲੇ ਅਤੇ ਮੀਤੇ ਦੀ ਜ਼ਮਾਨਤ ਕਰਾਉਣ ਦਾ ਖ਼ਿਆਲ ਤਿਆਗ ਦਿੱਤਾ ਗਿਆ।
“ਇਸ ਫ਼ੈਸਲੇ ਵਿਰੁੱਧ ਅਪੀਲ ਕਰਾਂਗੇ। ਅਪੀਲ ਦੀ ਵਾਰੀ ਦਸ ਸਾਲ ਬਾਅਦ ਆਏਗੀ। ਕੀ ਓਨਾ ਚਿਰ ਅਸੀਂ ਹੱਥ ’ਤੇ ਹੱਥ ਧਰ ਕੇ ਬੈਠ ਜਾਈਏ। ਸੰਘਰਸ਼ ਸੰਮਤੀ ਭੰਗ ਕਰ ਦੇਈਏ? ਸੰਘਰਸ਼ ਠੱਪ ਕਰ ਦੇਈਏ?”
ਰਜਿੰਦਰ ਨੂੰ ਸੰਘਰਸ਼ ਦੇ ਮੱਠਾ ਪੈਣ ਦਾ ਡਰ ਲੱਗਾ ਹੋਇਆ ਸੀ। ਉਸ ਨੇ ਆਪਣੀ ਚਿੰਤਾ ਪ੍ਰਗਟਾਈ।
ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਬਾਬੇ ਅਤੇ ਗੁਰਮੀਤ ਵਿਚਕਾਰ ਕੁਝ ਵਿਚਾਰ-ਵਟਾਂਦਰਾ ਹੋਇਆ ਸੀ। ਉਸ ਸਮੇਂ ਤੋਂ ਬਾਬੇ ਦੇ ਮਨ ਵਿਚ ਇਕ ਵਿਚਾਰ ਉਸਲਵੱਟੇ ਲੈ ਰਿਹਾ ਸੀ। ਬਾਬੇ ਨੂੰ ਮਹਿਸੂਸ ਹੋ ਰਿਹਾ ਸੀ ਕਿ ਸੰਮਤੀ ਕੋਲੋਂ ਇਕ ਵੱਡੀ ਗ਼ਲਤੀ ਹੋਈ ਹੈ। ਹੁਣ ਤਕ ਸੰਮਤੀ ਇਕ-ਪਾਸੜ ਲੜਾਈ ਲੜਦੀ ਰਹੀ ਹੈ। ਪਾਲੇ ਮੀਤੇ ਨੂੰ ਨਿਰਦੋਸ਼ ਸਿੱਧ ਕਰਨ ਦੀ ਲੜਾਈ। ਸੰਮਤੀ ਨੂੰ ਪਤਾ ਹੈ ਕਿ ਬੰਟੀ ਦੇ ਕਾਤਲ ਹੋਰ ਹਨ। ਪਾਲੇ ਮੀਤੇ ਸਿਰ ਦੋਸ਼ ਮੜ੍ਹ ਕੇ ਪੁਲਿਸ ਆਪਣੀ ਅਸਲ ਜ਼ਿੰਮੇਵਾਰੀ ਤੋਂ ਭੱਜ ਗਈ ਹੈ। ਇਹ ਕੰਮ ਸੰਮਤੀ ਨੂੰ ਕਰਨਾ ਚਾਹੀਦਾ ਸੀ। ਅਸਲ ਕਾਤਲ ਲੱਭ ਕੇ ਲੋਕਾਂ ਅਤੇ ਅਦਾਲਤ ਸਾਹਮਣੇ ਪੇਸ਼ ਕਰਨੇ ਚਾਹੀਦੇ ਸਨ।
ਹਾਲੇ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਸੀ ਵਿਗੜਿਆ। ਸੰਮਤੀ ਨੂੰ ਅੱਜ ਤੋਂ ਇਹ ਯਤਨ ਆਰੰਭ ਕਰ ਦੇਣੇ ਚਾਹੀਦੇ ਹਨ। ਇੰਝ ਹੋਣ ਨਾਲ ਸੰਮਤੀ-ਸਮਰਥਕਾਂ ਦਾ ਘੇਰਾ ਵਧੇਗਾ, ਪੁਲਿਸ ਅਤੇ ਨਿਆਂ-ਪਾਲਿਕਾ ਦੀ ਪੋਲ ਖੱਲ੍ਹੇਗੀ।
ਸੰਘਰਸ਼ ਲਈ ਨਵੇਂ ਰਾਹ ਖੋਲ੍ਹਦੇ ਬਾਬੇ ਦੇ ਇਸ ਸੁਝਾਅ ਨੂੰ ਝੱਟ ਪ੍ਰਵਾਨ ਕਰ ਲਿਆ ਗਿਆ। ਸਰਬ-ਸੰਮਤੀ ਨਾਲ ਫ਼ੈਸਲਾ ਹੋਇਆ ਕਿ ਸੰਮਤੀ ਦੇ ਕਾਰਕੁੰਨ ਹੁਣੇ ਤੋਂ ਅਸਲ ਕਾਤਲਾਂ ਨੂੰ ਲੱਭਣ ਲਈ ਸਿਰਤੋੜ ਯਤਨ ਆਰੰਭ ਦੇਣਗੇ।
ਪਿਆਰੇ ਲਾਲ ਵਕੀਲ ਨੇ ਇਕ ਹੋਰ ਸੁਝਾਅ ਦਿੱਤਾ, “ਜਿੰਨਾ ਚਿਰ ਅਸਲ ਕਾਤਲਾਂ ਦਾ ਖੁਰਾ ਨਹੀਂ ਖੋਜ ਲਿਆ ਜਾਂਦਾ, ਓਨਾ ਚਿਰ ਪਾਲੇ ਮੀਤੇ ਵਿਰੁੱਧ ਭੁਗਤੇ ਗਵਾਹਾਂ ਨੂੰ ਪ੍ਰੇਰਿਆ ਜਾਵੇ। ਗਵਾਹਾਂ ਨੂੰ ਗ਼ਲਤੀ ਦਾ ਅਹਿਸਾਸ ਕਰਾਇਆ ਜਾਏ। ਜੇ ਉਹ ਮੰਨ ਜਾਣ ਕਿ ਉਹਨਾਂ ਕਚਹਿਰੀ ਵਿਚ ਝੂਠ ਬੋਲਿਆ ਹੈ ਤਾਂ ਸੱਚ ਬਿਆਨਦੇ ਉਹਨਾਂ ਦੇ ਹਲਫ਼ੀਆ ਬਿਆਨ ਹਾਸਲ ਕੀਤੇ ਜਾਣ। ਇਹਨਾਂ ਤੱਥਾਂ ਦੇ ਆਧਾਰ ’ਤੇ ਪੁਲਿਸ ਨੂੰ ਦੁਬਾਰਾ ਤਫ਼ਤੀਸ਼ ਕਰਨ ਅਤੇ ਹਾਈ ਕੋਰਟ ਨੂੰ ਦੋਸ਼ੀਆਂ ਨੂੰ ਬਰੀ ਕਰਨ ਲਈ ਮਜਬੂਰ ਕੀਤਾ ਜਾਵੇ।
ਇਹ ਸੁਝਾਅ ਵੀ ਪਰਵਾਨ ਹੋ ਗਿਆ।
ਮੇਘ ਰਾਜ ਚਾਹੰਦਾ ਸੀ, ਲੋਕਾਂ ਵਿਚ ਜਾਗੀ ਚੇਤਨਾ ਨੂੰ ਮੱਠਾ ਨਾ ਪੈਣ ਦਿੱਤਾ ਜਾਵੇ। ਪਾਲੇ ਅਤੇ ਮੀਤੇ ਵਰਗੇ ਬਹੁਤ ਲੋਕ ਕਾਨੂੰਨ ਦੀ ਜਾੜ੍ਹ ਹੇਠ ਆਏ ਹੋਏ ਹਨ। ਉਹਨਾਂ ਲਈ ਵੀ ਕੁਝ ਕੀਤਾ ਜਾਵੇ।
ਇਸ ਸੁਝਾਅ ਉਪਰ ਕਿੰਤੂ-ਪਰੰਤੂ ਦੀ ਕੋਈ ਸੰਭਾਵਨਾ ਨਹੀਂ ਸੀ। ਝੱਟ ਫ਼ੈਸਲਾ ਹੋ ਗਿਆ, “ਕੱਲ੍ਹ ਤੋਂ ਸੰਮਤੀ ਨਵੇਂ ਕੇਸ ਫੜਨੇ ਸ਼ੁਰੂ ਕਰੇਗੀ।”
ਮੀਟਿੰਗ ਦੇ ਅੰਤ ਵਿਚ ਬਾਬੇ ਨੇ ਐਲਾਨ ਕੀਤਾ।
“ਪਾਲੇ ਮੀਤੇ ਨੂੰ ਹੋਈ ਇਸ ਨਾਜਾਇਜ਼ ਸਜ਼ਾ ਵਿਰੁੱਧ ਕੱਲ੍ਹ ਨੂੰ ਵੱਡਾ ਰੋਸ ਮੁਜ਼ਾਹਰਾ ਕੀਤਾ ਜਾਏਗਾ। ਘਸੇ-ਪਿਟੇ ਅਤੇ ਲੋਕ-ਵਿਰੋਧੀ ਕਾਨੂੰਨੀ ਢਾਂਚੇ ਵਿਰੁੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਏਗਾ। ਇਸ ਬਹਾਨੇ ਸਰਕਾਰ ਵਿਰੁੱਧ ਘੋਲ ਵਿੱਢੇ ਜਾਣ ਦਾ ਐਲਾਨ ਕੀਤਾ ਜਾਏਗਾ। ਲੋਕਾਂ ਨੂੰ ਸੰਮਤੀ ਦੇ ਨਵੇਂ ਫ਼ੈਸਲਿਆਂ ਬਾਰੇ ਜਾਣੂ ਕਰਵਾਇਆ ਜਾਏਗਾ।”
ਉਤਸ਼ਾਹ ਨਾਲ ਭਰੇ ਨੌਜਵਾਨ ਹੁਣੇ ਤੋਂ ਕੰਮਾਂ ਵਿਚ ਜੁੱਟ ਜਾਣ ਲਈ ਉੱਠ ਖੜੋਤੇ।
14
ਇਸ ਬੈਰਕ ਵਿਚ ਮੀਤੇ ਦਾ ਅੱਜ ਪੰਦਰ੍ਹਵਾਂ ਦਿਨ ਸੀ। ਨਾ ਉਸ ਨੂੰ ਸਿੰਘਾਂ ਦੀ ਬੈਰਕ ਵਿਚ ਜਾਣ ਦੀ ਇਜਾਜ਼ਤ ਸੀ, ਨਾ ਜਥੇਦਾਰਾਂ ਦੀਆਂ ਕੋਠੜੀਆਂ ਵਿਚ।
ਉਸ ਨੂੰ ਰਸੋਈ ਵਿਚ ਸੌਣ ਦਾ ਹੁਕਮ ਹੋਇਆ।
ਬਚਪਨ ਤੋਂ ਮੀਤਾ ਟੁੰਡ-ਮਰੁੰਡ ਸੀ। ਜੇਲ੍ਹ ਉਸ ਦੇ ਬਾਹਰਲੇ ਘਰ ਵਾਂਗ ਸੀ। ਇਸ ਲਈ ਨਾ ਉਸ ਨੂੰ ਜੇਲ੍ਹ ਤੋਂ ਡਰ ਲੱਗਦਾ ਸੀ, ਨਾ ਇਕੱਲੇ ਰਹਿਣ ਤੋਂ।
ਮੀਤੇ ਦਾ ਧੰਦਾ ਹੀ ਅਜਿਹਾ ਸੀ। ਉਸ ਨੂੰ ਉੱਲੂਆਂ ਵਾਂਗ ਰਾਤ ਨੂੰ ਜਾਗਣ ਦੀ ਆਦਤ ਪਈ ਹੋਈ ਸੀ, ਪਰ ਜਦੋਂ ਤੋਂ ਉਹ ਬੈਰਕ ਵਿਚ ਆਇਆ ਸੀ, ਉਸ ਦੀ ਅੱਖ ਸੂਰਜ ਚੜ੍ਹਨ ਬਾਅਦ ਖੁੱਲ੍ਹਦੀ ਸੀ।
ਰਾਤ ਉਹ ਸਿੰਘਾਂ ਲਈ ਵਿਸ਼ੇਸ਼ ਤੌਰ ’ਤੇ ਬਣਦਾ ‘ਕੇਸਰ ਵਾਲਾ ਦੁੱਧ’ ਪੀਣਾ ਭੁੱਲ ਗਿਆ ਸੀ। ਸ਼ਾਇਦ ਇਸੇ ਲਈ ਅੱਜ ਉਸ ਦੀ ਅੱਖ ਅੱਧੀ ਰਾਤ ਨੂੰ ਖੁੱਲ੍ਹ ਗਈ ਸੀ।
ਜੇਲ੍ਹ ਰੋਹੀ ਬੀਆਬਾਨ ਵਿਚ ਸੀ। ਥੱਕੇ-ਹਾਰੇ ਕੈਦੀ ਘੂਕ ਸੁੱਤੇ ਪਏ ਸਨ। ਜੇਲ੍ਹ ਅੰਦਰ ਬੀਂਡਿਆਂ ਅਤੇ ਗਿੱਦੜਾਂ ਦੀਆਂ ਆਵਾਜ਼ਾਂ ਸੁਣਾਈ ਦੇਣੀਆਂ ਚਾਹੀਦੀਆਂ ਹਨ, ਪਰ ਸੰਗੀਤ ਦੀਆਂ ਧੁੰਨਾਂ ਦੇ ਨਾਲ-ਨਾਲ ਕੁਝ ਹੋਰ ਆਵਾਜ਼ਾਂ ਆ ਰਹੀਆਂ ਸਨ। ਉਹ ਆਵਾਜ਼ਾਂ ਉਸ ਨੂੰ ਭੈ-ਭੀਤ ਕਰ ਰਹੀਆਂ ਸਨ।
ਮੀਤਾ ਕਈ ਸਾਲ ਚੋਰੀਆਂ ਕਰਦਾ ਰਿਹਾ ਸੀ। ਚੋਰੀ ਲਈ ਘਰ ਨੂੰ ਪਾੜ ਲਾਉਂਦਾ ਸੀ। ਖੁਰਪਿਆਂ, ਛੈਣੀਆਂ ਅਤੇ ਸੱਬਲਾਂ ਦੀਆਂ ਆਵਾਜ਼ਾਂ ਨੂੰ ਸਾਧਾਰਨ ਆਵਾਜ਼ਾਂ ਵਿਚ ਰਲਗੱਡ ਕਰਨਾ ਉਸ ਨੂੰ ਚੰਗੀ ਤਰ੍ਹਾਂ ਆਉਂਦਾ ਸੀ।
ਮੀਤੇ ਦਾ ਤਜਰਬਾ ਆਖ ਰਿਹਾ ਸੀ। ਹੁਣ ਵੀ ਉਹੋ ਕੁਝ ਹੋ ਰਿਹਾ ਸੀ।
ਇਹ ਪਾੜ ਕਿਥੇ ਲੱਗ ਰਿਹਾ ਹੈ? ਪਾੜ ਕੌਣ ਲਾ ਰਿਹਾ ਹੈ? ਮੀਤੇ ਦੇ ਜ਼ਿਹਨ ਵਿਚ ਇਹ ਪ੍ਰਸ਼ਨ ਉੱਠਣ ਲੱਗੇ।
ਜਦੋਂ ਦਾ ਉਹ ਇਸ ਬੈਰਕ ਵਿਚ ਆਇਆ ਸੀ, ਉਦੋਂ ਦਾ ਅਜਿਹੇ ਅਜੀਬ-ਅਜੀਬ ਪ੍ਰਸ਼ਨਾਂ ਨਾਲ ਘਿਰਿਆ ਹੋਇਆ ਸੀ।
ਪਿਛਲੇ ਕੁਝ ਸਾਲਾਂ ਤੋਂ ਅਗਵਾ, ਡਕੈਤੀ ਅਤੇ ਕਤਲਾਂ ਦੀਆਂ ਵਾਰਦਾਤਾਂ ਵਿਚ ਕਈ ਗੁਣਾਂ ਵਾਧਾ ਹੋਇਆ ਸੀ। ਸਭ ਨੂੰ ਪਤਾ ਸੀ ਕਿ ਇਹ ਵਾਰਦਾਤਾਂ ਸਿੰਘ ਕਰਦੇ ਸਨ। ਸਿੰਘਾਂ ਦੇ ਹੌਸਲੇ ਬਹੁਤ ਬੁਲੰਦ ਸਨ। ਇਕੋ ਝਟਕੇ ਵਿਚ ਉਹ ਸੈਂਕੜੇ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਸਨ। ਨਾ ਉਹਨਾਂ ਨੂੰ ਪੁਲਿਸ ਫੜਦੀ ਸੀ, ਨਾ ਅਦਾਲਤ ਸਜ਼ਾ ਕਰਦੀ ਸੀ। ਨਾ ਉਹਨਾਂ ਨੂੰ ਹਥਿਆਰਾਂ ਦੀ ਘਾਟ ਸੀ, ਨਾ ਪੈਸੇ ਦੀ।
ਮੀਤੇ ਦਾ ਖ਼ੂੰਖ਼ਾਰ ਤੋਂ ਖ਼ੂੰਖ਼ਾਰ ਮੁਜਰਮ ਨਾਲ ਵਾਹ ਰਿਹਾ ਸੀ। ਉਹਨਾਂ ਵਿਚੋਂ ਇਕ ਵੀ ਸਿੰਘਾਂ ਜਿੰਨਾ ਬਹਾਦਰ ਨਹੀਂ ਸੀ।
ਇਹ ਸਿੰਘ ਕੌਣ ਹਨ, ਇਹਨਾਂ ਕੋਲ ਹਥਿਆਰ ਕਿਥੋਂ ਆਉਂਦੇ ਹਨ, ਇਹ ਮਾਸੂਮਾਂ ਨੂੰ ਕਿਉਂ ਮਾਰਦੇ ਹਨ, ਜੁਰਮ ਕਰ ਕੇ ਕਿਥੇ ਛੁਪਦੇ ਹਨ? ਮੀਤੇ ਨੂੰ ਕੀ, ਕਿਸੇ ਨੂੰ ਪਤਾ ਨਹੀਂ ਸੀ। ਮੀਤੇ ਦਾ ਬਹੁਤ ਦਿਲ ਕਰਦਾ ਸੀ ਕਿ ਉਹ ਕਿਸੇ ਸਿੰਘ ਨੂੰ ਮਿਲੇ, ਬੈਠ ਕੇ ਉਸ ਨਾਲ ਢੇਰ ਸਾਰੀਆਂ ਗੱਲਾਂ ਕਰੇ, ਪਰ ਲੱਖ ਯਤਨਾਂ ਦੇ ਬਾਵਜੂਦ ਉਸ ਦਾ ਕਿਸੇ ਸਿੰਘ ਨਾਲ ਟਾਕਰਾ ਨਹੀਂ ਸੀ ਹੋਇਆ।
ਸਿੰਘਾਂ ਦੀ ਬੈਰਕ ਵਿਚ ਆ ਕੇ ਉਸ ਨੂੰ ਲੱਗਾ ਸੀ, ਉਸ ਦੇ ਸਾਰੇ ਪ੍ਰਸ਼ਨ ਹੱਲ ਹੋ ਜਾਣਗੇ।
ਪਰ ਸੁਲਝਣ ਦੀ ਥਾਂ, ਮਸਲਾ ਉਲਝਦਾ ਜਾ ਰਿਹਾ ਸੀ।
ਮੀਤੇ ਨੇ ਸਿੰਘਾਂ ਨੂੰ ਰਾਵਣ ਦੀ ਫ਼ੌਜ ਦੇ ਭਿਆਨਕ ਰਾਖ਼ਸ਼ਾਂ ਵਰਗਾ ਕਿਆਸਿਆ ਸੀ, ਪਰ ਇਸ ਬੈਰਕ ਵਿਚ ਬੰਦ ਸਿੰਘਾਂ ਵਿਚੋਂ ਇਕ ਵੀ ਉਸ ਦੀ ਕਲਪਨਾ ਨਾਲ ਮੇਲ ਨਹੀਂ ਸੀ ਖਾਂਦਾ। ਇਹ ਸਭ ਸ਼ਾਂਤ-ਚਿੱਤ ਅਤੇ ਸਾਰਾ ਦਿਨ ਭਜਨ-ਬੰਦਗੀ ਕਰਨ ਵਾਲੇ ਸਨ।
ਬੈਰਕ ਵਿਚ ਬੰਦ ਨੌਂ ਸਿੰਘਾਂ ਵਿਚੋਂ ਚਾਰ ਵੱਖ-ਵੱਖ ਜਥੇਬੰਦੀਆਂ ਦੇ ਮੁਖੀ ਸਨ। ਹਰ ਜਥੇਦਾਰ ਉਪਰ ਵੀਹ-ਵੀਹ ਮੁਕੱਦਮੇ ਦਰਜ ਸਨ।
ਸਰਕਾਰ ਨੂੰ ਜੈਲਾ ਸਿਪਾਹੀ ਸਭ ਤੋਂ ਵੱਧ ਕੱਟੜ ਖ਼ਿਆਲਾਂ ਦਾ ਜਾਪਦਾ ਸੀ। ਉਸ ਦੀ ਜਥੇਬੰਦੀ ਨੇ ਸੂਬੇ ਵਿਚੋਂ ਹਿੰਦੂਆਂ ਦਾ ਬੀ ਨਾਸ਼ ਕਰਨ ਦਾ ਬੀੜਾ ਚੁੱਕਿਆ ਹੋਇਆ ਸੀ। ਰੇਲ ਗੱਡੀਆਂ ਵਿਚ ਫ਼ਾਇਰਿੰਗ ਅਤੇ ਬੱਸਾਂ ਵਿਚੋਂ ਹਿੰਦੂਆਂ ਨੂੰ ਉਤਾਰ ਕੇ ਇਹੋ ਮਾਰਦੇ ਸਨ। ਹੋਰ ਮੁਕੱਦਮਿਆਂ ਦੇ ਨਾਲ-ਨਾਲ ਜੈਲੇ ਉਪਰ ਸੀ.ਆਰ.ਪੀ. ਦੀ ਵੈਨ ਨੂੰ ਬਾਰੂਦ ਨਾਲ ਉਡਾ ਕੇ ਛੇ ਜਵਾਨ ਸ਼ਹੀਦ ਕਰਨ ਦਾ ਦੋਸ਼ ਵੀ ਸੀ।
ਸੁੱਖੇ ਜਰਨੈਲ ਦੀ ਜਥੇਬੰਦੀ ਮਿੱਤਰ ਮੁਲਕਾਂ ਨਾਲ ਸੰਪਰਕ ਸਥਾਪਿਤ ਕਰਦੀ ਸੀ। ਉਹਨਾਂ ਕੋਲੋਂ ਹਥਿਆਰ ਮੰਗਵਾਉਂਦੀ ਸੀ। ਅਸਲੇ ਲਈ ਪੈਸਾ ਜੁਟਾਉਣ ਲਈ ਬੈਂਕ ਲੁੱਟਦੀ ਸੀ। ਨੌਜਵਾਨਾਂ ਨੂੰ ਜਥੇਬੰਦੀ ਵਿਚ ਭਰਤੀ ਕਰ ਕੇ ਸਿਖਲਾਈ ਕੈਂਪਾਂ ਵਿਚ ਭੇਜਦੀ ਸੀ। ਕਿਸੇ ਜ਼ਿਲ੍ਹੇ ਦੀ ਪੁਲਿਸ ਨੇ ਉਸ ਕੋਲੋਂ ਏ.ਕੇ. ਸੰਤਾਲੀ ਰਾਇਫ਼ਲਾਂ ਫੜਨ ਦਾ ਦਾਅਵਾ ਕੀਤਾ ਸੀ, ਕਿਸੇ ਨੇ ਆਰ.ਡੀ.ਐਕਸ. ਬਾਰੂਦ ਅਤੇ ਕਿਸੇ ਨੇ ਵਿਦੇਸ਼ੀ ਪਿਸਤੌਲਾਂ ਦਾ ਭੰਡਾਰ।
ਦਾਨੇਵਾਲੀਏ ਦੀ ਜਥੇਬੰਦੀ ਸਨਅਤਕਾਰਾਂ, ਡਾਕਟਰਾਂ ਅਤੇ ਵਕੀਲਾਂ ਨੂੰ ਅਗਵਾ ਕਰਨ ਅਤੇ ਫੇਰ ਉਹਨਾਂ ਕੋਲੋਂ ਭਾਰੀ ਫਿਰੌਤੀ ਵਸੂਲਣ ਵਿਚ ਮਾਹਿਰ ਸੀ। ਉਸ ਉਪਰ ਅਜਿਹੇ ਮੁਕੱਦਮੇ ਦਰਜ ਸਨ।
ਚੀਫ਼ ਕਮਾਂਡਰ ਮਿੱਠੇ ਦੀ ਜਥੇਬੰਦੀ ਵਿਰੋਧੀ ਸੁਰ ਨੂੰ ਦਬਾਉਣ ਦਾ ਕੰਮ ਕਰਦੀ ਸੀ। ਝੂਠੇ ਪੁਲਿਸ ਮੁਕਾਬਲਿਆਂ ਵਿਚ ਸਿੰਘਾਂ ਨੂੰ ਸ਼ਹੀਦ ਕਰਨ ਵਾਲੇ ਥਾਣੇਦਾਰਾਂ ਤੋਂ ਲੈ ਕੇ ਪੁਲਿਸ ਕਪਤਾਨਾਂ ਤਕ ਨੂੰ ਇਹਨਾਂ ਨੇ ਸੋਧਿਆ ਸੀ। ਪੁਲਿਸ ਹਮਾਇਤੀ ਦੋ ਮੈਜਿਸਟ੍ਰੇਟ, ਚੀਫ਼ ਨੇ ਭਰੀ ਕਚਹਿਰੀ ਵਿਚ ਭੁੰਨੇ ਸਨ। ਸਿੰਘਾਂ ਨੂੰ ਸਜ਼ਾ ਕਰਨ ਦੀ ਤਾਕ ਵਿਚ ਬੈਠੇ, ਇਕ ਸੈਸ਼ਨ ਜੱਜ ਦੀ ਕਲਮ ਨੂੰ ਨਕਾਰਾ ਕੀਤਾ ਸੀ। ਜਥੇਬੰਦੀ ਨੇ ਜਿਉਂ ਹੀ ਇਕ ਕੇਂਦਰੀ ਮੰਤਰੀ ਦੇ ਜਵਾਈ ਨੂੰ ਸੋਧਣ ਦਾ ਮਤਾ ਪਕਾਇਆ, ਸੂਬੇ ਦੀ ਸਾਰੀ ਪੁਲਿਸ ਹੱਥ ਧੋ ਕੇ ਉਸ ਦੇ ਪਿੱਛੇ ਪੈ ਗਈ। ਕੇਂਦਰੀ ਮੰਤਰੀ ਨੂੰ ਸੀਖਾਂ ਪਿੱਛੇ ਪਹੁੰਚਾ ਕੇ ਉਸ ਨੂੰ ਨੀਂਦ ਆਈ।
ਕਈ-ਕਈ ਸਾਲ ਜੇਲ੍ਹ ਵਿਚ ਬੰਦ ਰਹਿਣ ਦੇ ਬਾਵਜੂਦ ਜਥੇਦਾਰ ਆਪਣੀ-ਆਪਣੀ ਜਥੇਬੰਦੀ ਦੇ ਮੁਖੀ ਬਣੇ ਹੋਏ ਸਨ। ਸੂਬੇ ਦਾ ਕੋਈ ਅਜਿਹਾ ਜ਼ਿਲ੍ਹਾ ਨਹੀਂ ਸੀ, ਜਿਥੇ ਉਹਨਾਂ ’ਤੇ ਮੁਕੱਦਮਾ ਨਹੀਂ ਸੀ ਚੱਲਦਾ। ਸੱਤਾਂ ਵਿਚੋਂ ਛੇ ਦਿਨ, ਪੇਸ਼ੀਆਂ ਭੁਗਤਣ, ਉਹ ਬਾਹਰ ਜਾਂਦੇ ਸਨ। ਖ਼ੁਫ਼ੀਆ ਏਜੰਸੀਆਂ ਦੀ ਨਜ਼ਰ ਉਹਨਾਂ ਦਾ ਪਿੱਛਾ ਕਰਦੀ ਸੀ। ਫੇਰ ਵੀ ਅੱਖ ਬਚਾ ਕੇ ਉਹ ਆਪਣੇ ਸਮਰਥਕਾਂ ਨਾਲ ਸੰਪਰਕ ਸਥਾਪਿਤ ਕਰ ਕੇ, ਸੂਚਨਾਵਾਂ ਦਾ ਆਦਾਨ-ਪ੍ਰਦਾਨ ਕਰ ਲੈਂਦੇ ਸਨ। ਸੂਬੇ ਵਿਚ ਹੋਣ ਵਾਲੀਆਂ ਵਾਰਦਾਤਾਂ ਦੀ ਓਨੀ ਜਾਣਕਾਰੀ ਖ਼ੁਫ਼ੀਆਂ ਵਿਭਾਗ ਨੂੰ ਨਹੀਂ ਸੀ ਹੁੰਦੀ, ਜਿੰਨੀ ਸਿੰਘਾਂ ਨੂੰ ਹੁੰਦੀ ਸੀ।
ਜੇਲ੍ਹ ਦੇ ਬਾਹਰ ਜਥੇਬੰਦੀਆਂ ਖ਼ੁਦ-ਮੁਖ਼ਤਿਆਰ ਸਨ। ਉਹ ਆਪਣੇ ਮੁਖੀ ਦਾ ਕਹਿਣਾ ਮੰਨਦੀਆਂ ਸਨ। ਜੇਲ੍ਹ ਅੰਦਰ ਜਥੇਦਾਰਾਂ ਨੇ ਸੁੱਖੇ ਨੂੰ ਆਪਣਾ ਮੁਖੀ ਥਾਪ ਰੱਖਿਆ ਸੀ। ਜਦੋਂ ਕਿਸੇ ਮਸਲੇ ’ਤੇ ਸਰਬ-ਸੰਮਤੀ ਨਹੀਂ ਸੀ ਹੁੰਦੀ ਤਾਂ ਉਸੇ ਦਾ ਹੁਕਮ ਚੱਲਦਾ ਸੀ।
ਸਰਕਾਰ ਸਿੰਘਾਂ ਨੂੰ ਜ਼ਾਲਮ ਆਖਦੀ ਸੀ। ਬੋਲਚਾਲ ਅਤੇ ਕਾਰ-ਵਿਹਾਰ ਤੋਂ ਉਹ ਮੀਤੇ ਨੂੰ ਭੋਲੇ-ਭਾਲੇ ਜਾਪਦੇ ਸਨ। ਜਥੇਬੰਦੀ ਵਿਚ ਜਿੰਨਾ ਉਸ ਦਾ ਰੁਤਬਾ ਉੱਚਾ ਸੀ, ਓਨਾ ਉਸ ਦਾ ਕਿਰਦਾਰ ਸੁੱਚਾ ਸੀ।
ਸਰਕਾਰ ਸੱਚ ਬੋਲਦੀ ਸੀ ਜਾਂ ਮੀਤੇ ਦੀਆਂ ਅੱਖਾਂ? ਮੀਤੇ ਤੋਂ ਇਹ ਪਹੇਲੀ ਬੁੱਝੀ ਨਹੀਂ ਸੀ ਜਾ ਰਹੀ।
ਚਾਰੇ ਜਥੇਦਾਰਾਂ ਦੀਆਂ ਸ਼ਕਲਾਂ-ਸੂਰਤਾਂ ਇਕੋ ਜਿਹੀਆਂ ਸਨ। ਉਹਨਾਂ ਵਿਚੋਂ ਸੁੱਖਾ ਕਿਹੜਾ ਹੈ, ਜੈਲਾ ਕਿਹੜਾ ਹੈ? ਇਸ ਦੀ ਮੀਤੇ ਨੂੰ ਉੱਕਾ ਪਛਾਣ ਨਹੀਂ ਸੀ।
ਪਛਾਣ ਹੋਵੇ ਵੀ ਕਿਸ ਤਰ੍ਹਾਂ? ਪੇਸ਼ੀਆਂ ਭੁਗਤਣ ਦੇ ਚੱਕਰ ਵਿਚ ਦਿਨੇ ਉਹ ਜੇਲ੍ਹੋਂ ਬਾਹਰ ਰਹਿੰਦੇ ਸਨ। ਰਾਤ ਨੂੰ ਆਪਣੀਆਂ-ਆਪਣੀਆਂ ਕੋਠੜੀਆਂ ਵਿਚ ਵੜ ਜਾਂਦੇ ਸਨ।
ਸਿੰਘ ਜਿਨ੍ਹਾਂ ਕੋਠੜੀਆਂ ਵਿਚ ਰਹਿੰਦੇ ਸਨ, ਉਹਨਾਂ ਦੀ ਗਿਣਤੀ ਛੇ ਸੀ। ਕੋਠੜੀਆਂ ਦੇ ਬਾਹਰ ਤਿੰਨ ਫ਼ੁੱਟਾ ਵਰਾਂਡਾ ਸੀ। ਵਰਾਂਡਾ ਇਕ ਪਾਸਿਉਂ ਬੰਦ ਸੀ। ਦੂਜਾ ਪਾਸਾ ਉਸ ਨੂੰ ਬੈਰਕ ਦੇ ਮੁੱਖ ਵਰਾਂਡੇ ਨਾਲ ਜੋੜਦਾ ਸੀ। ਦੋਹਾਂ ਵਰਾਂਡਿਆਂ ਦੇ ਵਿਚਕਾਰ ਲੋਹੇ ਦਾ ਇਕ ਵੱਡਾ ਗੇਟ ਸੀ ਜੋ ਅਕਸਰ ਬੰਦ ਰਹਿੰਦਾ ਸੀ। ਇਹ ਗੇਟ ਕੋਠੜੀਆਂ ਵਿਚ ਬੰਦ ਕੈਦੀਆਂ ਨੂੰ ਆਮ ਕੈਦੀਆਂ ਨਾਲੋਂ ਵਿਛੋੜਦਾ ਸੀ।
ਕੋਠੜੀਆਂ ਬਣੀਆਂ ਤਾਂ ਸ਼ਰਾਰਤੀ ਕੈਦੀਆਂ ਨੂੰ ਬੰਦ ਕਰਨ ਲਈ ਸਨ, ਪਰ ਜਦੋਂ ਤੋਂ ਸਿੰਘ ਇਸ ਬੈਰਕ ਵਿਚ ਆਏ ਸਨ, ਇਹਨਾਂ ਦੀ ਵਰਤੋਂ ਨਹੀਂ ਸੀ ਹੋਈ।
ਸਿੰਘਾਂ ਨੇ ਜੇਲ੍ਹ ਪ੍ਰਸ਼ਾਸਨ ਕੋਲ ਮੰਗ ਰੱਖੀ ਸੀ ਕਿ ਘੱਟੋ-ਘੱਟ ਜਥੇਦਾਰਾਂ ਨੂੰ ਕੋਠੜੀਆਂ ਵਿਚ ਰਹਿਣ ਦੀ ਇਜਾਜ਼ਤ ਦਿੱਤੀ ਜਾਵੇ।
ਥੋੜ੍ਹੀ ਜਿਹੀ ਆਨਾ-ਕਾਨੀ ਬਾਅਦ ਦਰੋਗ਼ੇ ਨੇ ਸਿੰਘਾਂ ਦੀ ਮੰਗ ਮੰਨ ਲਈ।
ਜਥੇਦਾਰਾਂ ਨੂੰ ਕੋਠੜੀਆਂ ਵਿਚ ਸਜ਼ਾ ਦੇਣ ਲਈ ਬੰਦ ਨਹੀਂ ਸੀ ਕੀਤਾ ਗਿਆ। ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਬੰਦੀ ਬਾਅਦ, ਉਹਨਾਂ ਦੀਆਂ ਕੋਠੜੀਆਂ ਨੂੰ ਜਿੰਦਾ ਨਹੀਂ ਸੀ ਵੱਜਦਾ। ਉਹਨਾਂ ਨੂੰ ਵਰਾਂਡਿਆਂ ਵਿਚ ਟਹਿਲਣ ਅਤੇ ਇਕ-ਦੂਜੇ ਦੀ ਕੋਠੜੀ ਵਿਚ ਆਉਣ- ਜਾਣ ਦੀ ਖੁੱਲ੍ਹ ਸੀ।
ਸਿੰਘਾਂ ਦੀ ਧਾਰਮਿਕ ਬਿਰਤੀ ਨੂੰ ਧਿਆਨ ਵਿਚ ਰੱਖ ਕੇ ਅਦਾਲਤ ਨੇ ਉਹਨਾਂ ਨੂੰ ਗੁਰਬਾਣੀ ਸੁਣਨ ਦੀ ਇਜਾਜ਼ਤ ਦੇ ਰੱਖੀ ਸੀ। ਕੋਠੜੀਆਂ ਵਿਚ ਬਲਬ ਤਾਂ ਸਨ, ਪਰ ਪਲੱਗ ਨਹੀਂ ਸਨ। ਸਿੰਘਾਂ ਦਾ ਟੇਪ ਰਿਕਾਰਡ ਅਤੇ ਗੁਰਬਾਣੀ ਵਾਲੀਆਂ ਕੈਸਟਾਂ ਬੇਕਾਰ ਹੋਈਆਂ ਪਈਆਂ ਸਨ। ਉਹਨਾਂ ਨਵੀਂ ਮੰਗ ਰੱਖੀ। ਉਹਨਾਂ ਦੀਆਂ ਕੋਠੜੀਆਂ ਵਿਚ ਪਲੱਗ ਲਗਵਾ ਕੇ ਦਿੱਤੇ ਜਾਣ। ਤਾਰ ਦਾ ਪ੍ਰਬੰਧ ਉਹਨਾਂ ਆਪ ਕਰ ਲਿਆ। ਪਲੱਗ ਲਗਵਾ ਕੇ ਦੇਣ ਦਾ ਹੁਕਮ ਅਦਾਲਤ ਨੇ ਦੇ ਦਿੱਤਾ। ਰਸ-ਭਿੰਨਾ ਗਾਇਨ ਕੋਠੜੀਆਂ ਨੂੰ ਪਵਿੱਤਰ ਕਰਨ ਲੱਗਾ।
ਨਿਤਨੇਮ ਲਈ ਸਿੰਘ ਸਾਜਰੇ ਉੱਠਦੇ ਸਨ। ਬੈਰਕ ਦੀ ਰਸੋਈ ਕੋਠੜੀਆਂ ਨਾਲੋਂ ਫ਼ਰਕ ਨਾਲ ਸੀ। ਇਹ ਔਕੜ ਦੂਰ ਕਰਨ ਲਈ ਇਕ ਕੋਠੜੀ ਲਾਂਗਰੀ ਨੂੰ ਦਿੱਤੀ ਗਈ। ਦੂਜੀ ਵਿਚ ਆਰਜ਼ੀ ਰਸੋਈ ਬਣਾਈ ਗਈ।
ਲਾਂਗਰੀ ਸਾਰਾ ਦਿਨ ਜਥੇਦਾਰਾਂ ਵਿਚ ਰਹਿੰਦਾ ਸੀ। ਉਸ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਦਾਨੇਵਾਲੀਆ ਕਿਹੜਾ ਹੈ ਅਤੇ ਮਿੱਠਾ ਕਿਹੜਾ ਹੈ।
ਲਾਂਗਰੀ ਨੇ ਝੋਟੇ ਵਾਂਗ ਸਿਰ ਫੇਰ ਦਿੱਤਾ, “ਇਕ ਜਥੇਦਾਰ ਦੂਜੇ ਦਾ ਨਾਂ ਲੈ ਕੇ ਨਹੀਂ ਬੁਲਾਉਂਦਾ।”
ਲਾਂਗਰੀ ਸੱਚ ਬੋਲ ਰਿਹਾ ਸੀ ਜਾਂ ਝੂਠ? ਮੀਤੇ ਤੋਂ ਇਹ ਪ੍ਰਸ਼ਨ ਹੱਲ ਨਹੀਂ ਸੀ ਹੋ ਰਿਹਾ।
ਲਾਂਗਰੀ ਨੇ ਜਥੇਦਾਰਾਂ ਦੇ ਪਿਛੋਕੜ ਬਾਰੇ ਕੁਝ ਨਹੀਂ ਸੀ ਦੱਸਿਆ। ਆਪਣੇ ਬਾਰੇ ਦੱਸਣ ਲੱਗਿਆਂ ਕੁਝ ਨਹੀਂ ਸੀ ਛੁਪਾਇਆ।
ਕਤਲ ਕੇਸ ਵਿਚ ਫਸਣ ਤੋਂ ਪਹਿਲਾਂ ਲਾਂਗਰੀ ਮਾਇਆ ਨਗਰ ਦੇ ਇਕ ਤੀਜੇ ਦਰਜੇ ਦੇ ਹੋਟਲ ਵਿਚ ਕੁੱਕ ਸੀ। ਜਦੋਂ ਰਸੋਈ ਵਿਚ ਕੰਮ ਨਹੀਂ ਸੀ ਹੁੰਦਾ, ਉਦੋਂ ਉਹ ਵੇਟਰ ਦੇ ਫ਼ਰਜ਼ ਨਿਭਾਉਂਦਾ ਸੀ। ਹੋਟਲ ਦੀ ਆਮਦਨ ਦਾ ਮੁੱਖ ਸਰੋਤ, ਉਹ ਜੋੜੇ ਸਨ ਜੋ ਅੱਯਾਸ਼ੀ ਕਰਨ ਹੋਟਲ ਆਉਂਦੇ ਸਨ। ਮਾਲਕ ਨੇ ਕਮਰੇ ਦਾ ਕਿਰਾਇਆ ਜਾਣ-ਬੁਝ ਕੇ ਘੱਟ ਰੱਖਿਆ ਸੀ। ਭਾਂਗਾ, ਸੋਡੇ, ਵਿਸਕੀ ਅਤੇ ਭੁਰਜੀ ਦੇ ਰੇਟਾਂ ਵਿਚ ਕੱਢ ਲਿਆ ਜਾਂਦਾ ਸੀ। ਬਿੱਲ ਨੂੰ ਲੈ ਕੇ ਮਾਲਕ ਅਤੇ ਗਾਹਕ ਵਿਚਕਾਰ ਅਕਸਰ ਝਗੜਾ ਹੁੰਦਾ ਰਹਿੰਦਾ ਸੀ। ਸਿਆਣਾ ਗਾਹਕ ਸਬਰ ਦਾ ਘੁੱਟ ਭਰ ਲੈਂਦਾ ਸੀ। ਕੁਝ ਕਮਲੇ ਹੱਥੋ-ਪਾਈ ’ਤੇ ਉੱਤਰ ਆਉਂਦੇ ਸਨ। ਹੋਟਲ ਵਿਚ ਹੁੰਦੀਆਂ ਗਤੀਵਿਧੀਆਂ ਦੀ ਪੁਲਿਸ ਨੂੰ ਸੂਹ ਸੀ। ਮਾਲਕ ਦੀ ਪੁਲਿਸ ਨਾਲ ਬੁੱਕਲ ਸਾਂਝੀ ਸੀ। ਝਗੜਾ ਕਰ ਕੇ ਗਾਹਕ ਦੇ ਪੱਲੇ ਕੁਝ ਨਹੀਂ ਸੀ ਪੈਂਦਾ। ਨਮਕ-ਹਲਾਲ ਪੁਲਿਸ ਮਾਲਕ ਦਾ ਪੱਖ ਪੂਰਦੀ ਸੀ। ਲੋੜ ਪੈਣ ’ਤੇ ਵੇਟਰਾਂ ਨੂੰ ਗਾਹਕਾਂ ਦੀ ਲਾਹ-ਪਾਹ ਅਤੇ ਛਤਰੌਲ ਕਰਨੀ ਪੈਂਦੀ ਸੀ।
ਜਦੋਂ ਮਾਲਕ ਦੋ ਘੁੱਟ ਵੱਧ ਪੀ ਲੈਂਦਾ ਤਾਂ ਜੋੜੇ ਦੇ ਰੰਗ ਵਿਚ ਭੰਗ ਪਾ ਦਿੰਦਾ। ਪਰਾਈ ਔਰਤ ਨਾਲ ਜ਼ਬਰਦਸਤੀ ਕਰਦਾ। ਬਹੁਤੀ ਵਾਰ ਗਾਹਕ ਝੁਕ ਜਾਂਦੇ। ਪਤਾ ਸੀ, ਝਗੜਾ ਹੋਇਆ ਤਾਂ ਪੁਲਿਸ ਆਏਗੀ। ਪੁਲਿਸ ਆਈ ਤਾਂ ਪੱਗ ਗਾਹਕ ਦੀ ਰੁਲੇਗੀ।
ਇਕ ਰਾਤ ਮਾਲਕ ਦਾ ਝਗੜਾ ਕੁਝ ਜ਼ਿਆਦਾ ਵਧ ਗਿਆ। ਗਾਹਕ ਦੁਹਾਈ ਦੇ ਰਿਹਾ ਸੀ, “ਇਹ ਔਰਤ ਬਜ਼ਾਰੂ ਨਹੀਂ ਹੈ। ਮੇਰੀ ਮੰਗੇਤਰ ਹੈ।” ਮਾਲਕ ਕਹਿੰਦਾ ਸੀ, “ਹਰ ਮਰਦ ਇਸੇ ਤਰ੍ਹਾਂ ਆਖਦਾ ਹੈ।”
ਇੱਜ਼ਤ ਬਚਾਉਂਦੀ ਔਰਤ ਨੇ ਕਮਰੇ ਵਿਚ ਪਿਆ ਜੱਗ ਚੁੱਕ ਕੇ ਮਾਲਕ ਦੇ ਮੌਰਾਂ ਵਿਚ ਜੜ੍ਹ ਦਿੱਤਾ। ਗਾਹਕ ਦੇ ਮਾਲਕ ’ਤੇ ਭਾਰੂ ਹੋਣ ਤੋਂ ਪਹਿਲਾਂ ਵੇਟਰਾਂ ਨੂੰ ਝਗੜੇ ਦੀ ਖ਼ਬਰ ਮਿਲ ਗਈ। ਡੰਡੇ ਅਤੇ ਰਾਡ ਚੱਕ ਕੇ ਉਹ ਮਾਲਕ ਦੀ ਹਿਫ਼ਾਜ਼ਤ ਲਈ ਆ ਗਏ। ਆਪਣੇ ਬਚਾਅ ਲਈ ਪਿੱਛੇ ਹਟਦਾ-ਹਟਦਾ ਗਾਹਕ ਬਾਲਕੋਨੀ ਵਿਚ ਚਲਾ ਗਿਆ। ਗਰਿੱਲ ਵਿਚ ਅਟਕ ਕੇ ਹੇਠਾਂ ਡਿੱਗ ਪਿਆ। ਡਿੱਗਦੇ ਦੀ ਧੌਣ ਟੁੱਟ ਗਈ।
ਮੰਗੇਤਰ ਦੇ ਬਿਆਨ ’ਤੇ ਪਰਚਾ ਦਰਜ ਹੋ ਗਿਆ।
ਮਾਲਕ ਦੇ ਕਹਿਣ ’ਤੇ ਪੁਲਿਸ ਨੇ ਪਾਣੀ ਲਾਂਗਰੀ ਵੱਲ ਨੂੰ ਰੋੜ੍ਹ ਦਿੱਤਾ। ਨਾਲ ਨੌਕਰ ਦੇ ਸਿਰ ਕੋਈ ਜਾਦੂ ਧੂੜ ਦਿੱਤਾ। ਵੱਡੀਆਂ-ਵੱਡੀਆਂ ਫੜ੍ਹਾਂ ਮਾਰੀਆਂ।
“ਮੈਂ ਤੇਰੇ ਲਈ ਵੱਡਾ ਵਕੀਲ ਕਰਾਂਗਾ। ਗਵਾਹਾਂ ਨੂੰ ਮੁਕਰਾ ਦੇਵਾਂਗਾ। ਮਹੀਨੇ ਦੇ ਅੰਦਰ-ਅੰਦਰ ਤੈਨੂੰ ਬਰੀ ਕਰਵਾ ਦੇਵਾਂਗਾ।”
ਵਫ਼ਾਦਾਰੀ ਦੇ ਨਸ਼ੇ ਵਿਚ ਚੂਰ ਹੋਏ ਲਾਂਗਰੀ ਨੇ ਜੁਰਮ ਦਾ ਇਕਬਾਲ ਕਰ ਲਿਆ।
ਚਲਾਨ ਅਦਾਲਤ ਵਿਚ ਪੇਸ਼ ਹੁੰਦਿਆਂ ਹੀ ਮਾਲਕ ਨੇ ਮੂੰਹ ਫੇਰ ਲਿਆ। ਵਕੀਲ ਜਾਂ ਗਵਾਹਾਂ ’ਤੇ ਖ਼ਰਚ ਕੀ ਕਰਨਾ ਸੀ, ਉਹ ਕਦੇ ਮੁਲਾਕਾਤ ਕਰਨ ਤਕ ਨਾ ਆਇਆ।
ਕਤਲ ਦੀ ਦਫ਼ਾ ਟੁੱਟ ਗਈ। ਗੰਭੀਰ ਸੱਟਾਂ ਮਾਰਨ ਦੇ ਦੋਸ਼ ਵਿਚ ਉਹ ਸਾਲ ਸਜ਼ਾ ਭੁਗਤ ਰਿਹਾ ਸੀ।
ਨਿਪਾਲੀ ਦਾ ਲਾਂਗਰੀ ਹੋਣਾ ਉਸ ਲਈ ਲਾਭਕਾਰੀ ਸਿੱਧ ਹੋਇਆ। ਚੰਗਾ ਖਾਣਾ ਬਣਾਉਣ ਵਾਲੇ ਦੀ ਜੇਲ੍ਹ ਵਿਚ ਬਹੁਤ ਮੰਗ ਰਹਿੰਦੀ ਹੈ। ਨਿਪਾਲੀ ਨੂੰ ਆਪਣਾ ਮੁਸ਼ੱਕਤੀ ਬਣਾਉਣ ਲਈ ਕੈਦੀਆਂ ਵਿਚਕਾਰ ਬੋਲੀ ਹੋਣ ਲੱਗੀ। ਸਿਫ਼ਾਰਸ਼ਾਂ ਜੇਲ੍ਹ ਮੰਤਰੀ ਤਕ ਗਈਆਂ। ਕੈਦੀ ਭਲਾਈ ਬੋਰਡ ਦੇ ਮੈਂਬਰ ਖ਼ੁਦ ਚੱਲ ਕੇ ਜੇਲ੍ਹ ਆਏ।
ਜਿੱਤ ਸਿੰਘਾਂ ਦੀ ਹੋਈ। ਉਹਨਾਂ ਦਾ ਹੁਕਮਨਾਮਾ ਜਾਰੀ ਹੁੰਦਿਆਂ ਹੀ ਬੋਲੀ ਅਤੇ ਸਿਫ਼ਾਰਸ਼ਾਂ ਬੰਦ ਹੋ ਗਈਆਂ। ਲਾਂਗਰੀ ਇਸ ਅਹਾਤੇ ਵਿਚ ਪੁੱਜ ਗਿਆ।
ਦੋ ਸਾਲ ਤੋਂ ਉਹ ਸਿੰਘਾਂ ਦਾ ਲੰਗਰ ਤਿਆਰ ਕਰ ਰਿਹਾ ਸੀ।
ਥੋੜ੍ਹੀ ਬਹੁਤ ਪੰਜਾਬੀ ਉਸ ਨੂੰ ਪਹਿਲਾਂ ਆਉਂਦੀ ਸੀ। ਬਾਕੀ ਸਿੰਘਾਂ ਕੋਲੋਂ ਸਿੱਖ ਲਈ। ਦਾੜ੍ਹੀ ਮੁੱਛਾਂ ਉੱਗੀਆਂ ਨਹੀਂ ਸਨ। ਕੇਸ ਉਸ ਨੇ ਪੂਰੇ ਵਧਾ ਲਏ। ਸਿੰਘਾਂ ਦੇ ਅਹਿਸਾਨ ਅਤੇ ਪ੍ਰਭਾਵ ਹੇਠ ਅੰਮ੍ਰਿਤ ਛਕ ਕੇ ਪਿਛਲੇ ਸਾਲ ਉਹ ਪੂਰਨ ਸਿੰਘ ਬਣ ਗਿਆ। ਹੁਣ ਉਹ ਲਾਂਗਰੀ ਨਹੀਂ ਰਣਜੀਤ ਸਿੰਘ ਸੀ।
“ਜੇਲ੍ਹ ਵਿਚ ਸਿੰਘਾਂ ਦੀ ਜੇਲ੍ਹ ਮੰਤਰੀ ਨਾਲੋਂ ਵੱਧ ਚੱਲਦੀ ਹੈ।” ਲਾਂਗਰੀ ਦੀ ਇਹ ਫੜ੍ਹ ਮੀਤੇ ਦੇ ਹਜ਼ਮ ਨਹੀਂ ਸੀ ਹੋ ਰਹੀ।
ਉਂਝ ਸੀ ਇਹ ਸੱਚ। ਇਸੇ ਲਈ ਜੇਲ੍ਹ ਦਾ ਕੋਈ ਕਾਇਦਾ-ਕਾਨੂੰਨ ਇਸ ਅਹਾਤੇ ’ਤੇ ਲਾਗੂ ਨਹੀਂ ਸੀ। ਨਾ ਇਥੇ ਸਵੇਰੇ ਸ਼ਾਮ ਗਿਣਤੀ ਹੁੰਦੀ ਸੀ, ਨਾ ਬੈਰਕ ਨੂੰ ਜਿੰਦਾ ਲੱਗਦਾ ਸੀ। ਇਸ ਬੈਰਕ ਦਾ ਸੰਤਰੀ ਸਿੰਘ ਸੀ ਅਤੇ ਮੁਨਸ਼ੀ ਵੀ।
ਹਫ਼ਤਾਵਾਰੀ ਦੌਰੇ ’ਤੇ ਆਇਆ ਦਰੋਗ਼ਾ ਬਸ ਜ਼ਾਬਤਾ ਪੂਰਾ ਕਰਦਾ ਸੀ। ਅਹਾਤੇ ਦੇ ਗੇਟ ’ਤੇ ਖੜੋ ਕੇ ਉਹ ਸਿੰਘਾਂ ਦਾ ਹਾਲ-ਚਾਲ ਪੁੱਛਦਾ ਸੀ। ਦੁੱਖ-ਤਕਲੀਫ਼ ਸੁਣ ਕੇ ਉਸ ਨੂੰ ਦੂਰ ਕਰਨ ਦਾ ਭਰੋਸਾ ਦੇ ਕੇ ਤੁਰ ਜਾਂਦਾ ਸੀ।
ਜੇਲ੍ਹ ਅਧਿਕਾਰੀਆਂ ’ਤੇ ਸਿੰਘਾਂ ਦਾ ਛੱਪਾ ਉਂਝ ਨਹੀਂ ਸੀ ਪੈ ਗਿਆ, ਇਸ ਲਈ ਉਹਨਾਂ ਨੂੰ ਲੰਮਾ ਸੰਘਰਸ਼ ਕਰਨਾ ਪਿਆ ਸੀ।
ਪਹਿਲਾਂ-ਪਹਿਲ ਇੱਕਾ-ਦੁੱਕਾ ਸਿੰਘ ਫੜਿਆ ਜਾਂਦਾ ਸੀ। ਉਸ ਨੂੰ ਸਰਕਾਰ ਦਾ ਦੁਸ਼ਮਣ ਨੰਬਰ ਇਕ ਸਮਝਿਆ ਜਾਂਦਾ ਸੀ। ਸਿੰਘ ਉਪਰ ਪੂਰੀ ਸਖ਼ਤੀ ਹੁੰਦੀ ਸੀ। ਬੈਰਕ ਦੀ ਥਾਂ ਸਿੰਘਾਂ ਨੂੰ ਕੋਠੜੀਆਂ ਵਿਚ ਬੰਦ ਕੀਤਾ ਜਾਂਦਾ ਸੀ। ਹੱਥਕੜੀਆਂ ਅਤੇ ਬੇੜੀਆਂ ਵਿਚ ਜਕੜਿਆ ਜਾਂਦਾ ਸੀ। ਭੁੱਖਾ-ਤਿਹਾਇਆ ਰੱਖਿਆ ਜਾਂਦਾ ਸੀ। ਸਾਰੀ-ਸਾਰੀ ਰਾਤ ਸੌਣ ਨਹੀਂ ਸੀ ਦਿੱਤਾ ਜਾਂਦਾ।
ਸਿੰਘਾਂ ਦੀ ਗਿਣਤੀ ਵਧਣ ਨਾਲ ਜੇਲ੍ਹ ਪ੍ਰਸ਼ਾਸਨ ਦੀਆਂ ਪ੍ਰੇਸ਼ਾਨੀਆਂ ਵਧਣ ਲੱਗੀਆਂ। ਵੱਖ-ਵੱਖ ਬੈਰਕਾਂ ਵਿਚੋਂ ਕੱਢ ਕੇ ਉਹਨਾਂ ਨੂੰ ਇਕ ਬੈਰਕ ਵਿਚ ਲਿਆਂਦਾ ਗਿਆ। ਬੈਰਕ ਦੇ ਬਾਹਰ ਅਤੇ ਛੱਤ ਉਪਰ ਹਥਿਆਰਬੰਦ ਪਹਿਰਾ ਲਾਇਆ ਗਿਆ।
ਨਿੱਤ ਦੀਆਂ ਵਧੀਕੀਆਂ ਤੋਂ ਤੰਗ ਆਏ ਸਿੰਘਾਂ ਨੇ ਫ਼ੈਸਲਾ ਕੀਤਾ, “ਸ਼ਹੀਦੀ ਲਈ ਤਿਆਰ ਰਿਹਾ ਜਾਵੇ। ਕਿਸੇ ਨਾ ਕਿਸੇ ਬਹਾਨੇ ਪ੍ਰਸ਼ਾਸਨ ਨਾਲ ਆਢਾ ਲਾ ਕੇ ਉਸ ਨੂੰ ਸਬਕ ਸਿਖਾਇਆ ਜਾਵੇ।”
ਗੁਰਪੁਰਬ ਤੋਂ ਇਕ ਹਫ਼ਤਾ ਪਹਿਲਾਂ ਉਹਨਾਂ ਮੰਗ ਰੱਖੀ, “ਇਸ ਵਾਰ ਗੁਰਪੁਰਬ ਅਸੀਂ ਜੇਲ੍ਹ ਦੇ ਗੁਰਦੁਆਰੇ ਜਾ ਕੇ ਮਨਾਵਾਂਗੇ।”
ਜੇਲ੍ਹ ਸੁਪਰਡੈਂਟ ਨੂੰ ਇਹ ਮੰਗ ਪ੍ਰਵਾਨ ਨਹੀਂ ਸੀ। ਸਿੰਘਾਂ ਦੀ ਬੈਰਕ ਅਤੇ ਗੁਰਦੁਆਰੇ ਵਿਚ ਅੱਧਾ ਕਿੱਲੋਮੀਟਰ ਦਾ ਫ਼ਰਕ ਸੀ। ਸਾਧਾਰਨ ਕੈਦੀਆਂ ਨੇ ਵੀ ਗੁਰਦੁਆਰੇ ਆਉਣਾ ਸੀ। ਸਿੰਘਾਂ ਨੂੰ ਸਾਧਾਰਨ ਕੈਦੀਆਂ ਨਾਲ ਰਲਾਉਣ ਵਿਚ ਖ਼ਤਰਾ ਹੀ ਖ਼ਤਰਾ ਸੀ।
ਸਿੰਘਾਂ ਨੇ ਯਕੀਨ ਦਿਵਾਇਆ, “ਗੁਰਪੁਰਬ ਵਾਲੇ ਦਿਨ ਨਾ ਅਸੀਂ ਕੋਈ ਗੜਬੜ ਕਰਾਂਗੇ, ਨਾ ਕਿਧਰੇ ਭੱਜਾਂਗੇ।”
ਪਰ ਦਰੋਗ਼ੇ ਦੇ ਕੰਨ ’ਤੇ ਜੂੰ ਨਾ ਸਰਕੀ।
ਸਾਰੀ ਰਾਤ ਬੈਰਕ ਵਿਚ ਨਾਅਰੇਬਾਜ਼ੀ ਹੁੰਦੀ ਰਹੀ। ਸਵੇਰੇ ਭੁੱਖ-ਹੜਤਾਲ ਸ਼ੁਰੂ ਹੋ ਗਈ।
ਘਬਰਾਏ ਦਰੋਗ਼ੇ ਨੇ ਮਾਮਲਾ ਇੰਸਪੈਕਟਰ ਜਨਰਲ ਦੇ ਧਿਆਨ ਵਿਚ ਲਿਆਂਦਾ। ਉਹ ਮਰਿਆ ਸੱਪ ਗਲ ਪਾਉਣ ਨੂੰ ਤਿਆਰ ਨਹੀਂ ਸੀ। ਇਕ-ਇਕ ਸਿੰਘ ਉਪਰ ਵੀਹ-ਵੀਹ ਮੁਕੱਦਮੇ ਦਰਜ ਸਨ। ਮੁਕੱਦਮਿਆਂ ਦੀ ਸੁਣਵਾਈ ਜੇ ਪੂਰੀ ਤੇਜ਼ੀ ਨਾਲ ਹੋਵੇ ਅਤੇ ਹਰ ਮੁਕੱਦਮੇ ਵਿਚ ਉਹ ਬਰੀ ਹੋਣ ਤਾਂ ਵੀ ਉਹਨਾਂ ਨੂੰ ਦਸ-ਪੰਦਰਾਂ ਸਾਲ ਜੇਲ੍ਹ ਵਿਚ ਸੜਨਾ ਪੈਣਾ ਸੀ। ਸਿੰਘ ਆਪਣੇ ਆਪ ਨੂੰ ‘ਬੱਬਰ ਸ਼ੇਰ’ ਅਖਵਾਉਂਦੇ ਸਨ। ਪਿੰਜਰੇ ਵਿਚ ਚੂਹਾ ਰਹਿ ਕੇ ਰਾਜ਼ੀ ਨਹੀਂ। ਦੁਸ਼ਮਣ ’ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਦੁਸ਼ਮਣ ਨੂੰ ਭੱਜਣ ਦਾ ਮੌਕਾ ਨਹੀਂ ਦਿੱਤਾ ਜਾ ਸਕਦਾ। ਸੋਚ-ਵਿਚਾਰ ਕੇ ਇੰਸਪੈਕਟਰ ਜਨਰਲ ਨੇ ਦਰੋਗ਼ੇ ਨਾਲ ਸਹਿਮਤੀ ਪ੍ਰਗਟਾ ਦਿੱਤੀ।
ਗੁਰਦੁਆਰੇ ਜਾ ਕੇ ਗੁਰਪੁਰਬ ਮਨਾਉਣ ਦੀ ਮਨਾਹੀ ਦੀਆਂ ਖ਼ਬਰਾਂ ਮਿਸਲਾਂ ਵਿਚੋਂ ਨਿਕਲ ਕੇ ਸਾਰੇ ਸੂਬੇ ਵਿਚ ਫੈਲ ਗਈਆਂ। ਬਾਕੀ ਜੇਲ੍ਹਾਂ ਵਿਚ ਬੰਦ ਸਿੰਘਾਂ ਨੇ ਵੀ ਭੁੱਖ ਹੜਤਾਲ ਕਰ ਦਿੱਤੀ।
ਮਾਨਵ-ਅਧਿਕਾਰ ਸੰਸਥਾਵਾਂ ਨੇ ਹਵਾਲਾਤੀਆਂ ਦੇ ਧਾਰਮਿਕ ਹੱਕਾਂ ਉਪਰ ਛਾਪਾ ਮਾਰਨ ਵਾਲੇ ਇਸ ਹੁਕਮ ਦੀ ਸਖ਼ਤ ਨਿੰਦਾ ਕੀਤੀ।
ਕੁਝ ਸਿੱਖ ਜਥੇਬੰਦੀਆਂ ਨੇ ਕਾਲਾ ਦਿਵਸ ਮਨਾਉਣ ਦਾ ਸੱਦਾ ਦੇ ਦਿੱਤਾ।
ਖ਼ੁਫ਼ੀਆ ਵਿਭਾਗ ਨੇ ਸਰਕਾਰ ਨੂੰ ਸਾਵਧਾਨ ਕੀਤਾ, ਸੁਲਗਦੀ ਅੱਗ ਨੂੰ ਭਾਂਬੜ ਬਣਨ ਤੋਂ ਰੋਕਿਆ ਜਾਵੇ। ਹਾਲਾਤ ਨੂੰ ਕਾਬੂ ਕਰਨ ਲਈ ਵਿਚਕਾਰਲਾ ਰਾਹ ਲੱਭਿਆ ਗਿਆ।
ਸਿੰਘਾਂ ਨੂੰ ਗੁਰਦੁਆਰੇ ਜਾਣ ਦੀ ਇਜਾਜ਼ਤ ਦਿੱਤੀ ਗਈ। ਨਾਲ ਇਕ ਸ਼ਰਤ ਰੱਖੀ ਗਈ ਕਿ ਇਕੱਲਾ-ਇਕੱਲਾ ਸਿੰਘ ਗੁਰਦੁਆਰੇ ਜਾਏਗਾ। ਰਸਤੇ ਵਿਚ ਸਿੰਘਾਂ ਨੂੰ ਹੱਥਕੜੀ ਪਹਿਨਾਈ ਜਾਏਗੀ।
ਸਿੰਘਾਂ ਨੂੰ ਇਹ ਸ਼ਰਤ ਮਨਜ਼ੂਰ ਨਹੀਂ ਸੀ।
ਮੁੱਖ ਮੰਤਰੀ ਦੇ ਦਖ਼ਲ ’ਤੇ ਮਸਲਾ ਸੁਲਝਾਇਆ ਗਿਆ।
ਆਮ ਕੈਦੀਆਂ ਨੂੰ ਬੈਰਕਾਂ ਵਿਚ ਬੰਦ ਕੀਤਾ ਗਿਆ। ਜੇਲ੍ਹ ਦੇ ਅੰਦਰ ਅਤੇ ਬਾਹਰ ਨੀਮ-ਫ਼ੌਜੀ ਦਸਤੇ ਲਾ ਕੇ ਸੁਰੱਖਿਆ ਪ੍ਰਬੰਧ ਸਖ਼ਤ ਕੀਤੇ ਗਏ। ਸਿੰਘਾਂ ਨੂੰ ਬੰਦ ਗੱਡੀਆਂ ਵਿਚ ਬਿਠਾ ਕੇ ਗੁਰਦੁਆਰੇ ਲਿਆਂਦਾ ਗਿਆ। ਉਸੇ ਤਰ੍ਹਾਂ ਵਾਪਸ ਪਹੁੰਚਾਇਆ ਗਿਆ।
“ਬਿਨਾਂ ਮਤਲਬ ਸਰਕਾਰ ਨੂੰ ਸਿੰਘਾਂ ਅੱਗੇ ਝੁਕਣਾ ਪਿਆ। ਸਰਕਾਰ ਦੀ ਮੁਫ਼ਤ ਵਿਚ ਬਦਨਾਮੀ ਹੋਈ।”
ਦਰੋਗ਼ੇ ਨੂੰ ਅਯੋਗ ਪ੍ਰਬੰਧਕ ਠਹਿਰਾ ਕੇ ਉਸ ਦਾ ਤਬਾਦਲਾ ਕੀਤਾ ਗਿਆ। ਸਿੰਘਾਂ ਦੇ ਪੈਰ ਹੇਠ ਬਟੇਰਾ ਆ ਗਿਆ। ਨਵੇਂ ਦਰੋਗ਼ੇ ਦੇ ਰਿਟਾਇਰ ਹੋਣ ਵਿਚ ਇਕ ਸਾਲ ਰਹਿੰਦਾ ਸੀ। ਨੌਕਰੀ ਦਾ ਬਾਕੀ ਰਹਿੰਦਾ ਸਮਾਂ ਸੁਖ-ਸਾਂਦ ਨਾਲ ਲੰਘਾਉਣ ਦੇ ਇਰਾਦੇ ਨਾਲ ਉਹ ਸਿੰਘਾਂ ਨੂੰ ਰਿਆਇਤਾਂ ’ਤੇ ਰਿਆਇਤਾਂ ਦੇਣ ਲੱਗਾ।
ਬਦਲ ਕੇ ਗਿਆ ਦਰੋਗ਼ਾ ਜੇਲ੍ਹ ਅੰਦਰ ਸੁੱਕੇ ਦੁੱਧ ਦਾ ਡੱਬਾ ਤਕ ਨਹੀਂ ਸੀ ਆਉਣ ਦਿੰਦਾ। ਨਵੇਂ ਦਰੋਗ਼ੇ ਨੇ ਇਹ ਸਖ਼ਤੀ ਨਰਮ ਕੀਤੀ। ਪਹਿਲਾਂ ਉਹ ਚੀਜ਼ਾਂ ਲਿਆਉਣ ਦੀ ਇਜਾਜ਼ਤ ਮਿਲੀ ਜਿਹੜੀਆਂ ਜੇਲ੍ਹ ਦੇ ਗੋਦਾਮ ਵਿਚ ਨਹੀਂ ਸਨ ਮਿਲਦੀਆਂ। ਕੜਾਹ ਪ੍ਰਸ਼ਾਦ ਲਈ ਦੇਸੀ ਘਿਓ, ਕਾਜੂ ਅਤੇ ਬਦਾਮ ਆਏ। ਫੇਰ ਕਣਕ ਦਾ ਆਟਾ ਅਤੇ ਵੇਸਣ ਲਿਆਉਣ ਦੀ ਖੁੱਲ੍ਹ ਮਿਲੀ। ਫੇਰ ਫ਼ਲ-ਫ਼ਰੂਟ, ਸ਼ਰਬਤ ਅਤੇ ਮੁਰੱਬੇ ਦੀ।
ਪਤਾ ਵੀ ਨਾ ਲੱਗਾ ਕਦੋਂ ਸਾਲ ਲੰਘਿਆ ਅਤੇ ਕਦੋਂ ਦਰੋਗ਼ਾ ਰਿਟਾਇਰ ਹੋਇਆ।
ਉਸ ਦੀ ਥਾਂ ’ਤੇ ਆਇਆ ਦਰੋਗ਼ਾ ਦੋ ਸਾਲ ਮੁਅੱਤਲ ਰਹਿ ਕੇ ਮਸਾਂ-ਮਸਾਂ ਬਹਾਲ ਹੋਇਆ ਸੀ। ਉਸ ਦੀ ਪਹਿਲੀ ਜੇਲ੍ਹ ਵਿਚ ਬੰਦ ਸਿੰਘਾਂ ਨੇ ਅੱਠ ਫ਼ੁੱਟ ਡੂੰਘੀ ਅਤੇ ਤੀਹ ਫ਼ੁੱਟ ਲੰਬੀ ਸੁਰੰਗ ਪੁੱਟ ਲਈ ਸੀ। ਕਈ ਟਰੱਕ ਮਿੱਟੀ ਇਧਰ-ਉਧਰ ਖਪ ਗਈ ਸੀ। ਸੁਰੰਗ ਪੱਟਦੇ ਸਮੇਂ ਸਿੰਘਾਂ ਤੋਂ ਇਕ ਗ਼ਲਤੀ ਹੋ ਗਈ। ਉਹਨਾਂ ਨੂੰ ਨਹੀਂ ਸੀ ਪਤਾ ਕਿ ਜੇਲ੍ਹ ਦੀ ਬਾਹਰਲੀ ਕੰਧ ਦੀ ਨੀਂਹ ਪੰਦਰ੍ਹਾਂ ਫ਼ੁੱਟ ਡੂੰਘੀ ਹੈ। ਅਖ਼ੀਰ ’ਤੇ ਆ ਕੇ ਉਹਨਾਂ ਦੀਆਂ ਆਸਾਂ ’ਤੇ ਪਾਣੀ ਫਿਰ ਗਿਆ। ਉਹਨਾਂ ਨੇ ਸੁਰੰਗ ਬੰਦ ਵੀ ਕਰ ਦਿੱਤੀ। ਇਸ ਘੁੱਗੂ ਨੂੰ ਫਿਰ ਵੀ ਪਤਾ ਨਾ ਲੱਗਾ।
ਦੁੱਧ ਦਾ ਫੂਕਿਆ ਦਰੋਗ਼ਾ ਲੱਸੀ ਨੂੰ ਵੀ ਫੂਕਾਂ ਮਾਰ ਰਿਹਾ ਸੀ। ਪਹਿਲੀ ਜੇਲ੍ਹ ਵਿਚ ਸੁਰੰਗ ਪੁੱਟਣ ਦਾ ਸਾਮਾਨ ਘਿਓ ਦੇ ਪੀਪਿਆਂ ਅਤੇ ਕਣਕ ਦੀਆਂ ਬੋਰੀਆਂ ਵਿਚ ਛੁਪ ਕੇ ਆਇਆਸੀ।
ਨਵਾਂ ਦਰੋਗ਼ਾ ਸਿੰਘਾਂ ਦੀ ਬੈਰਕ ਵਿਚ ਸਾਮਾਨ ਲਿਜਾਣ ’ਤੇ ਪਾਬੰਦੀ ਲਾਉਣਾ ਚਾਹੁੰਦਾਸੀ।
ਵਾਰਡਰ ਤੋਂ ਲੈ ਕੇ ਡਿਪਟੀ ਤਕ ਇਸ ਫ਼ੈਸਲੇ ਦਾ ਵਿਰੋਧ ਕਰਨ ਲੱਗੇ। ਤਰਕ ਉਹ ਇਹ ਦਿੰਦੇ ਸਨ ਕਿ ਇਸ ਬੈਰਕ ਵਿਚ ਬੰਦ ਸਿੰਘ ਬਹੁਤ ਖ਼ਤਰਨਾਕ ਹਨ। ਰੱਬ-ਰੱਬ ਕਰ ਕੇ ਉਹ ਮਸਾਂ ਦਿਨ-ਕਟੀ ਕਰ ਰਹੇ ਹਨ। ਸਿੰਘਾਂ ਨਾਲ ਪੰਗਾ ਲੈ ਕੇ ਉਹਨਾਂ ਦੀਆਂ ਜਾਨਾਂ ਨੂੰ ਖ਼ਤਰੇ ਵਿਚ ਨਾ ਪਾਇਆ ਜਾਵੇ।
ਦਰੋਗ਼ਾ ਉਹਨਾਂ ਦੀ ਸ਼ਰਾਰਤ ਸਮਝਦਾ ਸੀ। ਉਹਨਾਂ ਦੇ ਵਿਰੋਧ ਦਾ ਅਸਲ ਕਾਰਨ ਹੋਰ ਸੀ। ਸਿੰਘਾਂ ਦੇ ਸ਼ਰਧਾਲੂਆਂ ਦੀ ਕਮੀ ਨਹੀਂ ਸੀ। ਡੇਰਿਆਂ, ਗੁਰਦੁਆਰਿਆਂ ਵਿਚੋਂ ਟੈਂਪੂ ਭਰ-ਭਰ ਰਾਸ਼ਨ ਦੇ ਆਉਂਦੇ ਸਨ। ਸਿੰਘਾਂ ਦੇ ਨਾਲ-ਨਾਲ ਜੇਲ੍ਹ ਕਰਮਚਾਰੀਆਂ ਨੂੰ ਮੌਜਾਂ ਲੱਗੀਆਂ ਹੋਈਆਂ ਸਨ। ਪਹਿਲਾਂ ਕਰਮਚਾਰੀ ਬਚਿਆ ਰਾਸ਼ਨ ਲਿਜਾਂਦੇ ਸਨ। ਫੇਰ ਪਹਿਲਾਂ ਹੀ ਹਿੱਸੇ ਪੈਣ ਲੱਗੇ। ਪਹਿਲਾਂ ਛੋਟੇ ਕਰਮਚਾਰੀ ਸਾਮਾਨ ਲਿਜਾਂਦੇ ਸਨ। ਫੇਰ ਸਵਾਦ ਵੱਡੇ ਅਧਿਕਾਰੀਆਂ ਨੂੰ ਪੈ ਗਿਆ। ਕਾਜੂਆਂ, ਬਦਾਮਾਂ ਦੇ ਪੈਕਟ ਅਤੇ ਦੇਸੀ ਘਿਓ ਦੇ ਪੀਪੇ ਉਪਰ ਤਕ ਜਾਣ ਲੱਗੇ।
ਕਰਮਚਾਰੀ ਇਸ ਸਹੂਲਤ ਤੋਂ ਵਾਂਝਾ ਨਹੀਂ ਸਨ ਹੋਣਾ ਚਾਹੁੰਦੇ। ਪ੍ਰਬੰਧ ਨੂੰ ਸੁਚੱਜਤਾ ਨਾਲ ਚਲਾਉਣ ਲਈ ਅਮਲੇ ਫੈਲੇ ਦਾ ਸਹਿਯੋਗ ਜ਼ਰੂਰੀ ਸੀ।
ਮਨ ’ਤੇ ਪੱਥਰ ਰੱਖ ਕੇ ਦਰੋਗ਼ੇ ਨੇ ਆਪਣੇ ਹੁਕਮ ਵਿਚ ਸੋਧ ਕੀਤੀ।
“ਅੱਗੋਂ ਤੋਂ ਓਨਾ ਰਾਸ਼ਨ ਬੈਰਕ ਵਿਚ ਜਾਏਗਾ, ਜਿੰਨਾ ਖਪਤ ਹੁੰਦਾ ਹੋਏਗਾ। ਅੰਦਰ ਆਉਣ ਵਾਲੀ ਤੀਲਾਂ ਦੀ ਡੱਬੀ ਤਕ ਦੀ ਤਲਾਸ਼ੀ ਹੋਏਗੀ। ਉਹ ਵੀ ਦਰੋਗ਼ੇ ਦੀ ਹਾਜ਼ਰੀ ਵਿਚ।”
ਖਿਝੇ ਕਰਮਚਾਰੀਆਂ ਨੇ ਸਿੰਘਾਂ ਕੋਲ ਮੁਖ਼ਬਰੀ ਕੀਤੀ, “ਕਿਸੇ ਵੀ ਸਮੇਂ ਬੈਰਕ ਦੀ ਤਲਾਸ਼ੀ ਹੋ ਸਕਦੀ ਹੈ। ਬੈਰਕ ਬਦਲੀ ਜਾ ਸਕਦੀ ਹੈ।”
ਸਿੰਘਾਂ ਨੂੰ ਫ਼ਿਕਰ ਲੱਗਾ। ਜੇ ਇੰਝ ਹੋ ਗਿਆ ਤਾਂ ਉਹਨਾਂ ਦੀ ਸਾਲ ਦੀ ਮਿਹਨਤ ’ਤੇ ਪਾਣੀ ਫਿਰ ਜਾਏਗਾ। ਜਲਦੀ ਰਿਹਾਅ ਹੋਣ ਦੇ ਸੁਪਨੇ ਚੂਰ ਹੋ ਜਾਣਗੇ।
“ਬੈਰਕ ਦੀ ਤਲਾਸ਼ੀ ਰੁਕਣੀ ਚਾਹੀਦੀ ਹੈ ਅਤੇ ਬੈਰਕ ਵੀ ਇਹੋ ਰਹਿਣੀ ਚਾਹੀਦੀ ਹੈ।” ਪਰ ਇਹ ਕਾਰਵਾਈ ਰੁਕੇ ਤਾਂ ਕਿਸ ਤਰ੍ਹਾਂ? ਇਹ ਹੱਲ ਲੱਭਣ ਲਈ ਜਥੇਦਾਰਾਂ ਵਿਚਕਾਰ ਕਈ ਦਿਨ ਬਹਿਸ ਹੁੰਦੀ ਰਹੀ।
ਅਗਲੇ ਹਫ਼ਤਾਵਾਰੀ ਦੌਰ ’ਤੇ ਆਏ ਦਰੋਗ਼ੇ ਨੂੰ ਸਿੰਘਾਂ ਨੇ ਧਮਕਾਇਆ, “ਸਾਨੂੰ ਰਾਸ਼ਨ ਪਾਣੀ ਦੀ ਤਲਾਸ਼ੀ ਮਨਜ਼ੂਰ ਨਹੀਂ ਹੈ। ਇਹ ਸਾਡੀ ਬੇਇੱਜ਼ਤੀ ਹੈ। ਸਾਡੀ ਤੌਹੀਨ ਬੰਦ ਕਰ। ਨਹੀਂ ਤਾਂ ਨਤੀਜਿਆਂ ਲਈ ਤਿਆਰ ਰਹਿ।”
ਦਰੋਗ਼ਾ ਪਤਾ ਨਹੀਂ ਕਿਸ ਮਿੱਟੀ ਦਾ ਬਣਿਆ ਹੋਇਆ ਸੀ। ਧਮਕੀਆਂ ਉਸ ਨੇ ਇਕ ਕੰਨੋਂ ਸੁਣੀਆਂ ਅਤੇ ਦੂਸਰਿਉਂ ਕੱਢ ਦਿੱਤੀਆਂ।
ਉਸ ਤੋਂ ਅਗਲੇ ਦੌਰੇ ’ਤੇ ਖ਼ੁਦ ਜਥੇਦਾਰ ਨੇ ਉਸ ਨੂੰ ਲਲਕਾਰਿਆ।
“ਅਸੀਂ ਬਾਹਰਲੇ ਸਿੰਘਾਂ ਨੂੰ ਹੁਕਮਨਾਮਾ ਭੇਜ ਰਹੇ ਹਾਂ। ਸੁਧਰ ਜਾ ਨਹੀਂ ਤਾਂ ਸੋਧ ਦਿੱਤਾ ਜਾਵੇਂਗਾ।”
ਇਸ ਦੌਰੇ ਦੇ ਤੀਸਰੇ ਦਿਨ ਭਾਣਾ ਵਰਤ ਗਿਆ।
ਪੇਸ਼ੀ ਭੁਗਤਣ ਗਏ ਦੋ ਸਿੰਘ ਰਸਤੇ ਵਿਚ ਸ਼ਹੀਦ ਹੋ ਗਏ। ਅਗਲੇ ਦਿਨ ਅਖ਼ਬਾਰਾਂ ਵਿਚ ਖ਼ਬਰਾਂ ਛਪੀਆਂ, “ਹਾਜਤ ਮਿਟਾਉਣ ਦੇ ਬਹਾਨੇ ਸਿੰਘਾਂ ਨੇ ਡਰੇਨ ਦੇ ਪੁਲ ਲਾਗੇ ਵੈਨ ਰੁਕਵਾਈ। ਹੱਥਕੜੀਆਂ ਸਮੇਤ ਮੁੱਕੇ ਮਾਰ-ਮਾਰ ਸਿਪਾਹੀਆਂ ਨੂੰ ਫੱਟੜ ਕੀਤਾ। ਫੇਰ ਫ਼ਰਾਰ ਹੋਣ ਲਈ ਕੋਲ ਖੜੀ ਜੀਪ ਵਿਚ ਬੈਠ ਗਏ। ਚੌਕਸ ਪੁਲਿਸ ਨੇ ਉਹਨਾਂ ਦੀ ਯੋਜਨਾ ਨਾਕਾਮ ਕਰ ਦਿੱਤੀ। ਪੁਲਿਸ ਅਤੇ ਜੀਪ ਵਿਚ ਬੈਠੇ ਸਿੰਘਾਂ ਵਿਚਕਾਰ ਦੋ ਘੰਟੇ ਗੋਲੀ ਚੱਲੀ। ਦੁਵੱਲੀ ਗੋਲੀਬਾਰੀ ਵਿਚ ਫਸ ਕੇ ਦੋਵੇਂ ਸਿੰਘ ਸ਼ਹੀਦ ਹੋ ਗਏ। ਜੀਪ ਵਾਲੇ ਸਿੰਘ ਭੱਜਣ ਵਿਚ ਕਾਮਯਾਬ ਹੋ ਗਏ।”
ਸ਼ਹੀਦ ਹੋਏ ਸਿੰਘ ਬਾਹਰਲੇ ਸਿੰਘਾਂ ਲਈ ਹੁਕਮਨਾਮਾ ਲੈ ਕੇ ਜਾ ਰਹੇ ਸਨ। ਜਥੇਦਾਰਾਂ ਨੂੰ ਸ਼ੱਕ ਹੋਇਆ। ਦਰੋਗ਼ੇ ਨੂੰ ਇਸ ਦੀ ਭਿਣਕ ਪੈ ਗਈ ਹੋਵੇਗੀ। ਇਹ ਕਾਰਵਾਈ ਉਸੇ ਨੇ ਕਰਵਾਈ ਹੋਏਗੀ।
ਸਿੰਘਾਂ ਦੇ ਭੋਗ ਤੋਂ ਪਹਿਲਾਂ-ਪਹਿਲਾਂ ਚੀਫ਼ ਕਮਾਂਡਰ ਨੇ ਭਾਜੀ ਮੋੜ ਦਿੱਤੀ।
ਬਾਹਰਲੇ ਸਿੰਘਾਂ ਨੇ ਪੇਸ਼ੀ ਭੁਗਤਣ ਆਏ ਚਾਰ ਸਿੰਘਾਂ ਨੂੰ ਗੋਲੀਆਂ ਦੀ ਬੁਛਾੜ ਕਰ ਕੇ ਕਚਹਿਰੀ ਵਿਚ ਹੀ ਛੁਡਾ ਲਿਆ। ਇਹ ਅਸਲ ਮੁਕਾਬਲਾ ਸੀ। ਇਸ ਮੁਕਾਬਲੇ ਵਿਚ ਸਿੰਘਾਂ ਦੀ ਥਾਂ ਪੁਲਿਸ ਵਾਲੇ ਮਰੇ ਸਨ।
ਸਿੰਘਾਂ ਦੇ ਫ਼ਰਾਰ ਹੁੰਦਿਆਂ ਹੀ ਦਰੋਗ਼ੇ ਦੇ ਘਰ ਮਾਤਮ ਛਾ ਗਿਆ। ਵਾਰਦਾਤ ਦੇ ਦੋ ਘੰਟਿਆਂ ਬਾਅਦ ਦਰੋਗ਼ੇ ਦੀ ਕੋਠੀ ਫ਼ੋਨ ਖੜਕਣ ਲੱਗੇ। “ਦਰੋਗ਼ਾ ਅਤੇ ਪਰਿਵਾਰ ਵਾਲੇ ਉੱਪਰ ਜਾਣ ਲਈ ਤਿਆਰ ਰਹਿਣ।”
ਗੱਲ ਆਈ-ਗਈ ਕਰਨ ਵਾਲੀ ਨਹੀਂ ਸੀ। ਧਮਕੀਆਂ ਨੂੰ ਨਸ਼ਰ ਕਰਨਾ ਵੀ ਸਿਆਣਪ ਨਹੀਂ ਸੀ। ਦਰੋਗ਼ੇ ਨੇ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ।
ਉਸ ਦਾ ਭਲਾ ਚਾਹੁਣ ਵਾਲੇ ਅਧਿਕਾਰੀਆਂ ਨੇ ਚੌਕਸ ਰਹਿਣ, ਸਿੰਘਾਂ ਕੋਲੋਂ ਮੁਆਫ਼ੀ ਮੰਗਣ ਅਤੇ ਸੁਲਾਹ-ਸਫ਼ਾਈ ਦੀ ਸਲਾਹ ਦਿੱਤੀ।
ਧੱਕੜ ਅਫ਼ਸਰਾਂ ਨੇ ਕੋਠੀ ਪਹਿਰਾ ਬਿਠਾਉਣ ਅਤੇ ਗੰਨਮੈਨਾਂ ਦੀ ਗਿਣਤੀ ਵਧਾਉਣ ਦੀ ਸਲਾਹ ਦਿੱਤੀ।
ਜੇਲ੍ਹ ਸੁਪਰਡੈਂਟ ਨੂੰ ਕੋਈ ਵੀ ਰਾਏ ਪਸੰਦ ਨਾ ਆਈ। ਉਹ ਰਾਜਪੂਤ ਸੀ। ਮੁਆਫ਼ੀ ਮੰਗਣਾ ਉਸ ਦੇ ਸੁਭਾਅ ਵਿਚ ਨਹੀਂ ਸੀ। ਉੁਹ ਮਰ ਸਕਦਾ ਸੀ, ਪਰ ਝੁਕ ਨਹੀਂ ਸੀ ਸਕਦਾ। ਚੇਤਾਵਨੀਆਂ ਗਿੱਦੜ-ਭਬਕੀਆਂ ਨਹੀਂ ਸਨ। ਕਿਸੇ ਵੀ ਸਮੇਂ ਸੱਚ ਵਿਚ ਬਦਲ ਸਕਦੀਆਂ ਸਨ। ਵਧੀ ਸੁਰੱਖਿਆ ਨੇ ਕੰਮ ਨਹੀਂ ਸੀ ਆਉਣਾ।
ਦਰੋਗ਼ੇ ਦੇ ਰਿਸ਼ਤੇਦਾਰ ਨੇ ਹੱਲ ਸੁਲਝਾਇਆ।
“ਹੁਣ ਭੀੜ ਪੈ ਚੁੱਕੀ ਹੈ। ਸਰਕਾਰ ਜਾਂ ਅਫ਼ਸਰਾਂ ਵੱਲ ਝਾਕਣ ਦੀ ਲੋੜ ਨਹੀਂ। ਸਰਕਾਰ ਕੋਲੋਂ ਝੂਠੇ ਵਾਅਦਿਆਂ ਤੋਂ ਸਿਵਾ ਕੁਝ ਨਹੀਂ ਮਿਲਣਾ। ਚੁੱਪ ਕਰ ਕੇ, ਸਮੇਤ ਪਰਿਵਾਰ ਕੈਨੇਡਾ ਚਲਿਆ ਜਾ। ਕੈਨੇਡਾ ਵਿਚ ਬਥੇਰੇ ਰਿਸ਼ਤੇਦਾਰ ਹਨ। ਹੱਥਾਂ ’ਤੇ ਚੁੱਕ ਲੈਣਗੇ। ਹਾਲਾਤ ਹਮੇਸ਼ਾ ਇਕੋ ਜਿਹੇ ਨਹੀਂ ਰਹਿੰਦੇ। ਅੱਤਵਾਦ ਢਹਿੰਦੀ ਕਲਾ ਵੱਲ ਜਾ ਰਿਹਾ ਹੈ। ਹਾਲਾਤ ਦੇ ਸੁਧਰਦੇ ਹੀ ਮੁੜ ਆਉਣਾ।”
ਦਰੋਗ਼ੇ ਦੇ ਪਰਿਵਾਰ ਸਮੇਤ ਰੂਪੋਸ਼ ਹੋਣ ’ਤੇ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਫੈਲੀਆਂ। ਕਿਸੇ ਨੇ ਉਸ ਨੂੰ ਕਾਇਰ ਅਤੇ ਭਗੌੜਾ ਆਖਿਆ। ਕਿਸੇ ਨੇ ਕਿਹਾ ਸਿੰਘਾਂ ਨੇ ਉਸ ਨੂੰ ਮਾਰ ਕੇ ਖਪਾ ਦਿੱਤਾ ਹੈ। ਸਰਕਾਰ ਜਾਣ-ਬੁਝ ਕੇ ਉਸ ਦੇ ਮਰਨ ਦੀ ਖ਼ਬਰ ਛੁਪਾ ਰਹੀ ਹੈ, ਤਾਂ ਜੋ ਜੇਲ੍ਹ ਅਧਿਕਾਰੀਆਂ ਦਾ ਮਨੋਬਲ ਨਾ ਗਿਰੇ।
ਜੇਲ੍ਹ ਅਧਿਕਾਰੀਆਂ ਦਾ ਮਨੋਬਲ ਡਿੱਗਣੋਂ ਬਚਿਆ ਜਾਂ ਨਾ, ਇਸ ਬਾਰੇ ਕੁਝ ਨਹੀਂ ਆਖਿਆ ਜਾ ਸਕਦਾ, ਪਰ ਇਹ ਗੱਲ ਯਕੀਨੀ ਹੋ ਗਈ ਕਿ ਸਿੰਘ ਉੱਨੀ ਕਰਨ ਜਾਂ ਇੱਕੀ, ਉਹਨਾਂ ਨੂੰ ਟੋਕਣ ਵਾਲਾ ਕੋਈ ਨਹੀਂ ਸੀ ਰਿਹਾ ਅਤੇ ਹੁਣ ਅੱਧੀ ਰਾਤ ਨੂੰ ਸਿੰਘ ਉਹੋ ਉੱਨੀ-ਇੱਕੀ ਕਰ ਰਹੇ ਸਨ। ਰਸੋਈ ਵਿਚ ਇਕੱਲੇ ਪਏ ਮੀਤੇ ਦਾ ਮਨ ਸ਼ਾਂਤ ਹੋਣ ਲੱਗਾ। ਸਥਿਤੀ ਸਪੱਸ਼ਟ ਹੋਣ ਲੱਗੀ। ਜੇਲ੍ਹ ਨੂੰ ਪਾੜ ਲੱਗ ਰਿਹਾ ਸੀ। ਭੱਜਣ ਦੇ ਇਰਾਦੇ ਨਾਲ ਸਿੰਘ ਸੁਰੰਗ ਪੁੱਟ ਰਹੇ ਸਨ।
ਮੀਤੇ ਨੂੰ ਆਪਣੇ ਪ੍ਰਸ਼ਨਾਂ ਦੇ ਉੱਤਰ ਮਿਲਣ ਲੱਗੇ। ਬੈਰਕ ਦੀਆਂ ਸੈਲਫ਼ਾਂ ਉਪਰ ਅਤੇ ਪਰਦਿਆਂ ਪਿੱਛੇ ਪਈਆਂ ਬੋਰੀਆਂ ਵਿਚ ਕੀ ਹੈ? ਸਵੇਰੇ ਅਖਾੜੇ ਵਿਚ ਨਵੀਂ ਗਿੱਲੀ ਮਿੱਟੀ ਕਿਥੋਂ ਆਉਂਦੀ ਹੈ? ਸ਼ਾਮ ਨੂੰ ਸੁੱਕੀ ਮਿੱਟੀ ਕਿਥੇ ਚਲੀ ਜਾਂਦੀ ਹੈ? ਜਥੇਦਾਰਾਂ ਦੀਆਂ ਕੋਠੜੀਆਂ ਵਾਲੀ ਫ਼ਲੱਸ਼ ਦੀ ਵਰਤੋਂ ਵਾਰ-ਵਾਰ ਕਿਉਂ ਹੁੰਦੀ ਹੈ? ਰਾਤ ਨੂੰ ਲਾਂਗਰੀ ਆਪਣੀ ਕੋਠੜੀ ਵਿਚ ਜਲਦੀ ਕਿਉਂ ਚਲਾ ਜਾਂਦਾ ਹੈ? ਸਾਰਾ ਦਿਨ ਉਹ ਸੁੱਤਾ ਕਿਉਂ ਰਹਿੰਦਾ ਹੈ? ਜਲਦੀ ਹੀ ਆਪਣੇ ਦੇਸ਼ ਪੁੱਜਣ ਦੇ ਸੁਪਨੇ ਕਿਉਂ ਲੈਂਦਾ ਹੈ? ਮੀਤੇ ਨਾਲ ਆਪਣੇ ਦੇਸ਼ ਦੀ ਸੈਰ ਕਰਾਉਣ ਦੇ ਵਾਅਦੇ ਕਿਉਂ ਕਰਦਾ ਹੈ?
ਪ੍ਰਸ਼ਨਾਂ ਦੇ ਉੱਤਰ ਮਿਲਣ ’ਤੇ ਮੀਤੇ ਨੂੰ ਕਾਂਬਾ ਛਿੜਨ ਲੱਗਾ।
ਸਿੰਘਾਂ ਨਾਲ ਰਲ ਕੇ ਉਹ ਜੇਲ੍ਹੋਂ ਭੱਜੇ ਤਾਂ ਸਿੰਘਾਂ ਕੋਲੋਂ ਖਹਿੜਾ ਛੁਡਾਉਣ ਲਈ ਬੈਰਕੋਂ ਭੱਜੇ।
ਪੈਦਾ ਹੋਏ ਇਸ ਨਵੇਂ ਪ੍ਰਸ਼ਨ ਦਾ ਉਹ ਉੱਤਰ ਸੋਚਣ ਲੱਗਾ।
15
ਸਵੇਰ ਤੋਂ ਜਥੇਦਾਰਾਂ ਦੀ ਪੰਚਾਇਤ ਜੁੜੀ ਹੋਈ ਸੀ। ਖ਼ਾਸ ਮਸਲੇ ਵਿਚਾਰੇ ਜਾ ਰਹੇ ਸਨ। ਉਹਨਾਂ ਵਿਚੋਂ ਦੋ ਦਾ ਮੀਤੇ ਨੂੰ ਪਤਾ ਸੀ।
ਇਕ ਮਾਮਲਾ ਮੀਤੇ ਨਾਲ ਸੰਬੰਧਿਤ ਸੀ।
ਪਿਛਲੇ ਹਫ਼ਤੇ ਜਥੇਦਾਰ ਨੇ ਘੋਸ਼ਣਾ ਕੀਤੀ ਸੀ।
“ਸਾਨੂੰ ਪਤਾ ਹੈ ਤੁਸੀਂ ਬੇਕਸੂਰ ਹੋ। ਇਹ ਸੱਚ ਦਾ ਪਤਾ ਲੋਕਾਂ ਨੂੰ ਲੱਗਣਾ ਚਾਹੀਦਾ ਹੈ। ਮੈਂ ਆਪਣੇ ਬਾਹਰਲੇ ਸਿੰਘਾਂ ਨੂੰ ਹੁਕਮਨਾਮਾ ਜਾਰੀ ਕੀਤਾ ਹੈ। ਉਹ ਬੰਟੀ ਦੇ ਅਸਲ ਕਾਤਲਾਂ ਦੇ ਖੁਰੇ ਖੋਜਣਗੇ।”
ਬੰਟੀ ਦੇ ਕਾਤਲਾਂ ਦੇ ਨਾਂ ਪਤੇ ਆ ਗਏ ਹੋਣਗੇ। ਉਹਨਾਂ ਨਾਲ ਕਿਸ ਤਰ੍ਹਾਂ ਨਜਿੱਠਣਾ ਹੈ? ਇਕ ਇਹ ਫ਼ੈਸਲਾ ਹੋਣਾ ਸੀ।
ਦੂਜਾ ਮਾਮਲਾ ਡੇਰੇ ਦੇ ਇਕ ਸਾਧ ਦਾ ਸੀ। ਇਕ ਸੇਵਾਦਾਰਨੀ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿਚ ਉਸ ਨੂੰ ਦਸ ਸਾਲ ਕੈਦ ਦੀ ਸਜ਼ਾ ਹੋਈ ਸੀ।
ਪਹਿਲੇ ਦਿਨ ਤੋਂ ਸਾਧ ਜੇਲ੍ਹ ਅਧਿਕਾਰੀਆਂ ’ਤੇ ਜ਼ੋਰ ਪਾ ਰਿਹਾ ਸੀ।
“ਮੈਂ ਧਾਰਮਿਕ ਵਿਅਕਤੀ ਹਾਂ, ਮੈਨੂੰ ਸਿੱਖੀ ਮਾਹੌਲ ਵਾਲੀ ਬੈਰਕ ਵਿਚ ਭੇਜਿਆ ਜਾਵੇ।”
ਪਰ ਜਥੇਦਾਰਾਂ ਨੂੰ ਉਸ ਦੀ ਬੇਨਤੀ ਪ੍ਰਵਾਨ ਨਹੀਂ ਸੀ। ਸਾਧ ਉਪਰ ਜੇ ਸੌ ਕਤਲਾਂ ਦੇ ਦੋਸ਼ ਹੁੰਦੇ ਤਾ ਵੀ ਉਸ ਨੂੰ ਬੈਰਕ ਵਿਚ ਪਨਾਹ ਦੇ ਦਿੰਦੇ, ਪਰ ਬਲਾਤਕਾਰ ਵਰਗੇ ਅਨੈਤਿਕ ਦੋਸ਼ ਵਿਚ ਸਜ਼ਾ ਹੋਏ ਸਾਧ ਨੂੰ ਉਹ ਮੂੰਹ ਲਾਉਣ ਲਈ ਤਿਆਰ ਨਹੀਂ ਸੀ।
“ਮੈਂ ਬੇਕਸੂਰ ਹਾਂ।” ਸਾਧ ਵਾਰ-ਵਾਰ ਇਹੋ ਗੁਹਾਰ ਲਾ ਰਿਹਾ ਸੀ।
ਉਹ ਕਹਿੰਦਾ ਸੀ, “ਵਿਰੋਧੀਆਂ ਨੇ ਮੈਨੂੰ ਝੂਠੀ ਸਾਜ਼ਿਸ਼ ਤਹਿਤ ਫਸਾਇਆ ਹੈ।”
ਆਪਣੇ ਤਪ-ਤੇਜ ਦੇ ਸਹਾਰੇ ਉਸ ਨੇ ਭੂਤਾਂ ਦੇ ਵਾਸ ਵਾਲੇ ਇਕ ਵੀਰਾਨ ਸ਼ਮਸ਼ਾਨ ਨੂੰ ਰਮਣੀਕ ਡੇਰੇ ਵਿਚ ਬਦਲ ਲਿਆ ਸੀ। ਲੱਖਾਂ ਸ਼ਰਧਾਲੂ ਪੈਦਾ ਕਰ ਲਏ ਸਨ। ਡੇਰੇ ਵਿਚ ਹਰ ਸੰਗਰਾਂਦ ਅਤੇ ਮੱਸਿਆ ਨੂੰ ਅੰਮ੍ਰਿਤ ਪ੍ਰਚਾਰ ਹੁੰਦਾ ਸੀ। ਕਈ ਵਿਦੇਸ਼ੀ ਸ਼ਰਧਾਲੂ ਡੇਰੇ ਆਉਣ ਲੱਗੇ ਸਨ। ਉਹਨਾਂ ਨੇ ਸੰਗਤ ਦੀ ਸਹੂਲਤ ਲਈ ਆਧੁਨਿਕ ਸਹੂਲਤਾਂ ਵਾਲੇ ਲੰਗਰ ਅਤੇ ਕੀਰਤਨ ਲਈ ਦੋ ਵਿਸ਼ਾਲ ਹਾਲ ਉਸਾਰ ਦਿੱਤੇ ਸਨ। ਡੇਰੇ ਦੀ ਜ਼ਮੀਨ ਅਤੇ ਆਮਦਨ ਵਿਚ ਦਿਨੋ-ਦਿਨ ਵਾਧਾ ਹੋ ਰਿਹਾ ਸੀ। ਇਸ ਵਿਸਾਖੀ ਨੂੰ ਇਕ ਮਾਈ ਨੇ ਕਾਰ ਦੇਣੀ ਸੀ। ਸਾਧ ਦਾ ਵੀਜ਼ਾ ਲੱਗ ਚੁੱਕਾ ਸੀ। ਧਰਮ-ਪ੍ਰਚਾਰ ਲਈ ਉਸ ਦਾ ਅਮਰੀਕਾ, ਕੈਨੇਡਾ ਜਾਣ ਦਾ ਪ੍ਰੋਗਰਾਮ ਬਣ ਰਿਹਾ ਸੀ।
ਸਾਧ ਦੀ ਚੜ੍ਹਤ ਵਿਰੋਧੀਆਂ ਦੇ ਸੀਨੇ ਸੂਲਾਂ ਚੋਭਣ ਲੱਗੀ। ਉਹ ਸਾਧ ਨੂੰ ਡੇਰਿਉਂ ਕੱਢਣ ਦੀਆਂ ਸਾਜ਼ਿਸ਼ਾਂ ਘੜਨ ਲੱਗੇ।
ਪਹਿਲਾਂ ਪਿੰਡ ਦੇ ਸਰਪੰਚ ਨਾਲ ਮਿਲ ਕੇ ਉਹਨਾਂ ਨੇ ਡੇਰੇ ਦੇ ਪ੍ਰਬੰਧ ਲਈ ਪੰਜ ਮੈਂਬਰੀ ਕਮੇਟੀ ਬਣਾਈ। ਪਹਿਲੀ ਬੈਠਕ ਵਿਚ ਹੀ ਕਮੇਟੀ ਨੇ ਮਤੇ ਪਾਸ ਕਰ ਦਿੱਤੇ। “ਕਮੇਟੀ ਗੋਲਕ ਨੂੰ ਆਪਣਾ ਜਿੰਦਾ ਲਾਏਗੀ। ਚੜ੍ਹਾਵੇ ਦਾ ਹਿਸਾਬ-ਕਿਤਾਬ ਰੱਖਿਆ ਜਾਏਗਾ। ਜ਼ਮੀਨ ਠੇਕੇ ’ਤੇ ਦਿੱਤੀ ਜਾਏਗੀ।”
ਸਾਧ ਦੇ ਸ਼ਰਧਾਲੂ ਵੀ ਘੱਟ ਨਹੀਂ ਸਨ। ਬੰਦੂਕਾਂ ਲੈ ਕੇ ਡੇਰੇ ਦੇ ਦਰਵਾਜ਼ੇ ’ਤੇ ਖੜੋ ਗਏ। ਡਰਦੇ ਵਿਰੋਧੀਆਂ ਦੀ ਡੇਰੇ ਦੇ ਅੰਦਰ ਦਾਖ਼ਲ ਹੋਣ ਦੀ ਹਿੰਮਤ ਨਾ ਪਈ।
ਸਾਧ ਨੂੰ ਬਦਨਾਮ ਕਰਨ ਲਈ ਨਵੀਂ ਸਾਜ਼ਿਸ਼ ਘੜੀ ਗਈ।
ਨੋਟਾਂ ਨਾਲ ਜੇਬ ਭਰ ਕੇ ਡੇਰੇ ਦੇ ਡਰਾਈਵਰ ਨੂੰ ਖ਼ਰੀਦਿਆ ਗਿਆ। ਨਾਲ ਉਸ ਦੀ ਪਤਨੀ ਨੂੰ ਕੁਕਰਮ ਵਿਚ ਸ਼ਾਮਿਲ ਕੀਤਾ ਗਿਆ।
ਘੜੀ ਸਾਜ਼ਿਸ਼ ਮੁਤਾਬਕ ਰਾਤ ਨੂੰ ਡਰਾਈਵਰ ਦੀ ਪਤਨੀ ਨੇ ਸ਼ੋਰ ਮਚਾਇਆ, “ਵੇ ਲੋਕੋ, ਮੈਨੂੰ ਛੁਡਾਓ। ਆਪਣੇ ਸਥਾਨ ’ਤੇ ਬੁਲਾ ਕੇ ਸਾਧ ਮੇਰੀ ਇੱਜ਼ਤ ਲੁੱਟ ਰਿਹੈ।”
ਸ਼ਹਿਰ ਗਿਆ ਡਰਾਈਵਰ ਅਚਾਨਕ ਘਰ ਮੁੜ ਆਇਆ। ਪਤਨੀ ਦੀ ਦੁਹਾਈ ਸੁਣ ਕੇ ਉਹ ਸਥਾਨ ਵੱਲ ਦੌੜਿਆ। ਮਸਾਂ ਉਸ ਨੇ ਪਤਨੀ ਨੂੰ ਸਾਧ ਹੇਠੋਂ ਕੱਢਿਆ।
ਪਰਚਾ ਦਰਜ ਹੁੰਦਿਆਂ ਹੀ ਪੁਲਿਸ ਨੇ ਸਾਧ ਨੂੰ ਗ੍ਰਿਫ਼ਤਾਰ ਕਰ ਲਿਆ। ਵਿਰੋਧੀਆਂ ਨੇ ਝੱਟ ਡੇਰੇ ’ਤੇ ਕਬਜ਼ਾ ਕਰ ਲਿਆ।
ਡੇਰੇ ਦੀ ਕਮਾਈ ਨਾਲ ਪੁਲਿਸ ਅਤੇ ਜੱਜ ਨੂੰ ਖ਼ਰੀਦਿਆ ਗਿਆ। ਕੂੜ ਦੇ ਸਹਾਰੇ ਉਸ ਨੂੰ ਜੇਲ੍ਹ ਪਹੁੰਚਾ ਦਿੱਤਾ ਗਿਆ।
ਆਪਣੀ ਸਫ਼ਾਈ ਪੇਸ਼ ਕਰਦਾ ਸਾਧ ਆਖਦਾ ਸੀ।
“ਸਥਾਨ ਅਤੇ ਡਰਾਈਵਰ ਦੇ ਕੁਆਰਟਰ ਵਿਚ ਪੰਜ ਕਿੱਲਿਆਂ ਦਾ ਫ਼ਰਕ ਹੈ। ਅੱਧੀ ਰਾਤ ਨੂੰ ਮੁਟਿਆਰ ਸਥਾਨ ’ਤੇ ਕਿਉਂ ਆਈ? ਸ਼ਹਿਰ ਡੇਰੇ ਤੋਂ ਵੀਹ ਮੀਲ ਦੂਰ ਹੈ। ਵਾਪਰਨ ਵਾਲੀ ਘਟਨਾ ਦੀ ਡਰਾਈਵਰ ਨੂੰ ਪਹਿਲਾਂ ਆਕਾਸ਼ਬਾਣੀ ਕਿਵੇਂ ਹੋਈ? ਸਾਰੀ ਕਹਾਣੀ ਮਨਘੜਤ ਹੈ।”
ਦੁਨਿਆਵੀ ਅਦਾਲਤ ਨੇ ਸਾਧ ਦੀ ਇਕ ਨਹੀਂ ਸੁਣੀ। ਹੁਣ ਉਹ ‘ਹੱਕ ਸੱਚ’ ਦੀ ਅਦਾਲਤ ਵਿਚ ਫ਼ਰਿਆਦ ਲੈ ਕੇ ਆਇਆ ਸੀ। ਉਸ ਨੂੰ ਇਨਸਾਫ਼ ਚਾਹੀਦਾ ਸੀ।
ਜਥੇਦਾਰਾਂ ਨੂੰ ਸਾਧ ਦੀਆਂ ਗੱਲਾਂ ਸੱਚੀਆਂ ਲੱਗੀਆਂ। ਉਹਨਾਂ ਨੇ ਸਾਧ ਨੂੰ ਯਕੀਨ ਦਿਵਾਇਆ, “ਅਸੀਂ ਬਾਹਰਲੇ ਸਿੰਘਾਂ ਤੋਂ ਰਿਪੋਰਟ ਮੰਗੀ ਹੈ। ਜੇ ਤੂੰ ਨਿਰਦੋਸ਼ ਹੋਇਆ, ਤੈਨੂੰ ਬਰੀ ਕਰਵਾਵਾਂਗੇ ਅਤੇ ਕਬਜ਼ਾ ਵੀ ਦਿਵਾਵਾਂਗੇ।”
ਬਾਹਰਲੇ ਸਿੰਘਾਂ ਨੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਕੇ ਭੇਜਿਆ ਸੀ।
ਇਸ ਰਿਪੋਰਟ ਉਪਰ ਵਿਚਾਰ ਹੋਣੀ ਸੀ।
ਅਹਾਤੇ ਦੇ ਵਿਹੜੇ ਵਿਚ ਬੈਠਾ ਮੀਤਾ ਡਰ ਰਿਹਾ ਸੀ। ਉਸ ਨੂੰ ਲੱਗ ਰਿਹਾ ਸੀ, ਜਿਵੇਂ ਇਕ ਫ਼ੈਸਲਾ ਹੋਰ ਹੋਣ ਵਾਲਾ ਸੀ। ਸਿੰਘਾਂ ਦਾ ਹੁਕਮ ਨਾ ਮੰਨਣ ਕਾਰਨ ਉਸ ਨੂੰ ਬੈਰਕ ਵਿਚੋਂ ਕੱਢਿਆ ਜਾਣ ਵਾਲਾ ਸੀ।
ਸਿੰਘਾਂ ਨੇ ਪਹਿਲੇ ਦਿਨ ਉਸ ਨੂੰ ਆਖਿਆ ਸੀ ਕਿ ਉਹ ਸਿੰਘ ਸੱਜ ਜਾਵੇ, ਪਰ ਮੀਤੇ ਨੇ ਗੱਲ ਆਈ-ਗਈ ਕਰ ਦਿੱਤੀ ਸੀ।
ਹੁਣ ਜਦੋਂ ਤੋਂ ਮੀਤੇ ਦੀ ਲਾਂਗਰੀ ਨਾਲ ਬੁੱਕਲ ਖੱਲ੍ਹੀ ਸੀ, ਉਹ ਵੀ ਉਹੋ ਰਟ ਲਾ ਰਿਹਾਸੀ।
“ਸਿੰਘ ਸਜਣ ਦਾ ਸੱਦਾ ਦੇ ਕੇ ਸਿੰਘਾਂ ਨੇ ਤੇਰੇ ’ਤੇ ਮਿਹਰ ਕੀਤੀ ਹੈ। ਉਹਨਾਂ ਦੀ ਗੱਲ ਮੰਨ। ਝੱਟਪੱਟ ਸਿੰਘ ਸਜ ਜਾ। ਸਿੰਘ ਬਣਿਆ ਦੇਖ ਕੇ ਜੱਜ ਤੈਨੂੰ ਉਂਝ ਹੀ ਬਰੀ ਕਰ ਦੇਣਗੇ। ਜੇਲ੍ਹ ਵਿਚ ਕਿਉਂ ਸੜਨਾ ਹੈ? ਬਾਹਰ ਜਾ ਕੇ ਕੌਮ ਦੀ ਸੇਵਾ ਕਰੀਂ। ਗ਼ਰੀਬ-ਗ਼ੁਰਬਿਆਂ ਦੀਆਂ ਜੇਬਾਂ ਕੱਟਣ ਦੀ ਥਾਂ ਸੇਠਾਂ ਦੇ ਖ਼ਜ਼ਾਨੇ ਲੁੱਟੀਂ। ਜ਼ਾਲਮ ਪੁਲਸੀਆਂ ਦੇ ਢਿੱਡ ਪਾੜੀਂ। ਜਿਊਂਦਾ ਰਿਹਾ ਤਾਂ ਸਵਰਗ ਭੋਗੇਂਗਾ, ਮਰ ਗਿਆ ਤਾਂ ਕੌਮ ਦਾ ਸ਼ਹੀਦ ਅਖਵਾਏਂਗਾ। ਇਤਿਹਾਸ ਵਿਚ ਤੇਰਾ ਨਾਂ ਆਏਗਾ। ਸੰਮਤੀ ਵਾਲਿਆਂ ਦਾ ਖਹਿੜਾ ਛੱਡ। ਉਹਨਾਂ ਪਿੱਛੇ ਲੱਗ ਕੇ ਤੂੰ ਜੁਰਮ ਕਰਨੇ ਛੱਡੇ, ਪਰ ਖੱਟਿਆ ਕੀ? ਉਮਰ ਕੈਦ। ਉਹ ਵੀ ਝੂਠੇ ਕੇਸ ਵਿਚ। ਵੱਧੋ-ਵੱਧ ਅਪੀਲ ਦੇ ਫ਼ੈਸਲੇ ਤਕ ਉਹ ਤੇਰੇ ਨਾਲ ਖੜੋਨਗੇ। ਫੇਰ ਕਿਸੇ ਹੋਰ ਦੇ ਕੇਸ ਦੀ ਪੈਰਵਾਈ ਵਿਚ ਰੁਝ ਜਾਣਗੇ। ਤੈਨੂੰ ਭੁੱਲ ਜਾਣਗੇ।”
ਲਾਂਗਰੀ ਦੀਆਂ ਗੱਲਾਂ ਸੁਣ ਕੇ ਮੀਤੇ ਨੂੰ ਲੱਗਦਾ ਸੀ ਕਿ ਉਹ ਸੱਚ ਆਖਦਾ ਸੀ। ਹੱਕ-ਸੱਚ ਦੀ ਕਮਾ ਕੇ ਖਾਣ ਵਾਲੇ ਦੀ ਸਮਾਜ ਵਿਚ ਕੋਈ ਥਾਂ ਨਹੀਂ ਹੈ। ਫੇਰ ਉਹ ਨਾਲੀ ਦਾ ਕੀੜਾ ਬਣ ਕੇ ਕਿਉਂ ਜੀਵੇ? ਮਰਨਾ ਸਭ ਨੇ ਹੈ। ਉਹ ਖਾਂਦਾ-ਪੀਂਦਾ ਅਤੇ ਬਹਾਦਰਾਂ ਵਾਲੀ ਮੌਤ ਕਿਉਂ ਨਾਮਰੇ?
ਲਾਂਗਰੀ ਦਾ ਦੂਜਾ ਅਖਾਣ ਵੀ ਸੱਚ ਸੀ। ਸਾਧ ਮਹੀਨੇ ਤੋਂ ਇਸ ਬੈਰਕ ਵਿਚ ਆਉਣ ਲਈ ਸਿੰਘਾਂ ਦੇ ਹਾੜੇ ਕੱਢ ਰਿਹਾ ਸੀ। ਬੈਰਕ ਵਿਚ ਆਉਣਾ ਤਾਂ ਦੂਰ ਦੀ ਗੱਲ ਸੀ, ਹਾਲੇ ਤਕ ਉਸ ਨੂੰ ਸਿੰਘਾਂ ਦੇ ਦਰਸ਼ਨ ਤਕ ਨਹੀਂ ਸਨ ਹੋਏ।
ਮੀਤੇ ਨੂੰ ਸਿੰਘ ਸਜਣ ਦਾ ਸੱਦਾ ਸਿੰਘਾਂ ਨੇ ਖ਼ੁਦ ਦਿੱਤਾ ਸੀ। ਉਹ ਸੱਦੇ ਦੀ ਪ੍ਰਵਾਹ ਨਹੀਂ ਸੀ ਕਰ ਰਿਹਾ।
ਮੀਤੇ ਨੂੰ ਲਾਂਗਰੀ ਦੀ ਤੀਜੀ ਗੱਲ ’ਤੇ ਕਿੰਤੂ ਸੀ। ਸੰਮਤੀ ਵਾਲਿਆਂ ਦੇ ਉਸ ਉਪਰ ਬਹੁਤ ਅਹਿਸਾਨ ਸਨ। ਜੇ ਉਹ ਭੀੜ ਸਮੇਂ ਮੀਤੇ ਪਾਲੇ ਦੀ ਬਾਂਹ ਨਾ ਫੜਦੇ ਤਾਂ ਉਹ ਕਦੋਂ ਦੇ ਫਾਂਸੀ ਚੜ੍ਹ ਗਏ ਹੁੰਦੇ। ਸੰਮਤੀ ਵਾਲੇ ਉਹਨਾਂ ਦਾ ਸਾਥ ਛੱਡਣ ਵਾਲੇ ਨਹੀਂ ਸਨ। ਹਾਈ ਕੋਰਟ ਉਹਨਾਂ ਨੇ ਅਪੀਲ ਕਰ ਦਿੱਤੀ ਸੀ। ਕਹਿੰਦੇ ਸੀ, “ਹਰ ਹੀਲੇ ਰਿਹਾਅ ਕਰਾ ਕੇ ਛੱਡਾਂਗੇ।” ਉਹ ਜੋ ਕਹਿੰਦੇ ਹਨ, ਉਸ ’ਤੇ ਫੁੱਲ ਚੜ੍ਹਾਉਂਦੇ ਹਨ।
ਮੀਤਾ ਜੱਕੋ-ਤੱਕੀ ਵਿਚ ਸੀ। ਉਹ ਸਿੰਘਾਂ ਵਾਂਗ ਤੱਤਾ ਵਗੇ ਜਾਂ ਸੰਮਤੀ ਵਾਲਿਆਂ ਵਾਂਗ ਠਰੰਹਮੇ ਨਾਲ ਚੱਲੇ। ਉਹ ਜੇਲੋ੍ਹਂ ਭੱਜੇ ਜਾਂ ਬਾਇੱਜ਼ਤ ਬਰੀ ਹੋ ਕੇ ਬਾਹਰ ਨਿਕਲੇ। ਉਹ ਆਪਣੇ ਵਰਗਿਆਂ ਨਾਲ ਹੁੰਦੇ ਧੱਕੇ ਦਾ ਬਦਲਾ ਸਟੇਨਗੰਨ ਨਾਲ ਲਵੇ ਜਾਂ ਸੰਮਤੀ ਵਾਲਿਆਂ ਵਾਂਗ ਲੋਕ-ਰਾਏ ਬਣਾ ਕੇ ਰਾਜ ਪਲਟਾ ਲਿਆਏ।
ਉਹ ਕਿਧਰ ਜਾਵੇ? ਮੀਤਾ ਇਹ ਸਿੱਟਾ ਨਹੀਂ ਸੀ ਕੱਢ ਸਕਿਆ।
ਪਰ ਜਥੇਦਾਰ ਸਿੱਟੇ ਕੱਢ ਚੱਕੇ ਸਨ।
ਇਕ ਸਿੰਘ ਨੂੰ ਸਾਧ ਨੂੰ ਬੁਲਾਉਣ ਲਈ ਛੜਿਆਂ ਦੀ ਬੈਰਕ ਭੇਜਿਆ ਗਿਆ।
ਸਾਧ ਨੇ ਪੈਰ ਜੁੱਤੀ ਨਾ ਪਾਈ। ਉਸ ਨੂੰ ਯਕੀਨ ਸੀ, ਫ਼ੈਸਲਾ ਉਸ ਦੇ ਹੱਕ ਵਿਚ ਹੋਏਗਾ।
ਬਾਹਰਲੇ ਸਿੰਘਾਂ ਨੇ ਜੋ ਰਿਪੋਰਟ ਭੇਜੀ ਸੀ, ਪਹਿਲਾਂ ਉਹ ਪੜ੍ਹ ਕੇ ਸੁਣਾਈ ਗਈ।
“ਇਹ ਸਾਧ ਨਹੀਂ, ਪਖੰਡੀ ਹੈ। ਕਾਂਗੜੇ ਦੀ ਅਦਾਲਤ ਵਿਚ ਚੱਲਦੇ ਇਕ ਕਤਲ ਕੇਸ ਵਿਚ ਭਗੌੜਾ ਹੈ। ਰੂਪੋਸ਼ੀ ਦੇ ਦਿਨਾਂ ਵਿਚ ਤਿੰਨ ਸਾਲ ਇਹ ਇਕ ਡੇਰੇ ਵਿਚ ਲੁਕਿਆ ਰਿਹਾ। ਉਥੇ ਇਸ ਨੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖੇਡਣਾ ਸਿੱਖ ਕੇ ਲੋਕਾਂ ਨੂੰ ਖ਼ੂਬ ਲੁੱਟਿਆ ਹੈ। ਪਸ਼ੂ ਬਿਰਤੀ ਇਸ ਦਾ ਖਹਿੜਾ ਨਹੀਂ ਛੱਡ ਰਹੀ। ਡਰਾਈਵਰ ਦੀ ਪਤਨੀ ਹੀ ਨਹੀਂ, ਇਸ ਨੇ ਹੋਰ ਸੇਵਾਦਾਰਨੀਆਂ ਦੀ ਇੱਜ਼ਤ ਵੀ ਖ਼ਰਾਬ ਕੀਤੀ ਹੈ। ਡਰਾਈਵਰ ਦੇ ਮੌਕੇ ’ਤੇ ਪੱਜਣ ਵਾਲੀ ਗੱਲ ਝੂਠੀ ਹੈ। ਪੁਲਿਸ ਨੇ ਡਰਾਈਵਰ ਕੋਲੋਂ ਇਹ ਝੂਠ ਕੇਸ ਨੂੰ ਮਜ਼ਬੂਤ ਕਰਨ ਲਈ ਬੁਲਵਾਇਆ ਸੀ। ਸਾਧ ਨੂੰ ਗੁਰਬਾਣੀ ਦੀ ਇਕ ਤੁਕ ਤਕ ਨਹੀਂ ਉਚਾਰਨੀ ਆਉਂਦੀ, ਗੁਰਬਾਣੀ ਦੀ ਵਿਆਖਿਆ ਕਰਨੀ ਤਾਂ ਦੂਰ ਦੀ ਗੱਲ ਹੈ। ਪਿੰਡ ਵਾਲੇ ਸਹੀ ਹਨ। ਉਹਨਾਂ ਜੋ ਕੀਤਾ ਹੈ, ਠੀਕ ਕੀਤਾ ਹੈ।”
ਬਾਹਰਲੇ ਸਿੰਘਾਂ ਦੀ ਰਾਏ ਸੀ ਕਿ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਇਸ ਪਾਖੰਡੀ ਨੂੰ ਜੇਲ੍ਹ ਵਿਚ ਹੀ ਸੋਧ ਦਿੱਤਾ ਜਾਵੇ।
ਆਪਣਾ ਕੱਚਾ ਚਿੱਠਾ ਸੁਣ ਕੇ ਸਾਧ ਥਰ-ਥਰ ਕੰਬਣ ਲੱਗਾ। ਪੈਰੀਂ ਪੈ-ਪੈ ਮਾਫ਼ੀਆਂ ਮੰਗਣ ਲੱਗਾ।
ਪਹਿਲਾਂ ਉਸ ਦਾ ਮੂੰਹ ਕਾਲਾ ਕੀਤਾ ਗਿਆ। ਫੇਰ ਛਿੱਤਰ ਮਾਰ ਕੇ ਉਸ ਨੂੰ ਬੈਰਕ ਵਿਚੋਂ ਭਜਾਇਆ ਗਿਆ।
ਮੀਤੇ ਨੂੰ ਲੱਗਣ ਲੱਗਾ, ਹੁਕਮ-ਅਦੂਲੀ ਕਾਰਨ ਉਸ ਨਾਲ ਵੀ ਉਹੋ ਜਿਹਾ ਸਲੂਕ ਹੋਣ ਵਾਲਾ ਹੈ।
ਗ਼ੁੱਸੇ ਦੀ ਥਾਂ ਪਿਆਰ ਨਾਲ ਉਸ ਨੂੰ ਕੋਲ ਬੁਲਾਇਆ ਗਿਆ। ਮੁੱਖ ਸੇਵਾਦਾਰ ਵੱਲੋਂ ਖ਼ੁਦ ਉਸ ਨੂੰ ਸਮਝਾਇਆ ਗਿਆ।
“ਬੰਟੀ ਦੇ ਕਾਤਲ ਬੜੇ ਹੁਸ਼ਿਆਰ ਹਨ। ਪਿੱਛੇ ਕੋਈ ਸੁਰਾਗ਼ ਨਹੀਂ ਛੱਡ ਕੇ ਗਏ। ਜਾਪਦੈ ਵਾਰਦਾਤ ਪੁਲਸੀਆਂ ਨੇ ਕੀਤੀ ਹੈ, ਪਰ ਤੂੰ ਘਬਰਾ ਨਾ। ਸਿੰਘ ਉਹਨਾਂ ਨੂੰ ਲੱਭ ਕੇ ਛੱਡਣਗੇ। ਹਾਈਕੋਰਟ ਵਿਚ ਪੇਸ਼ ਕਰ ਕੇ ਉਹਨਾਂ ਤੋਂ ਜੁਰਮ ਦਾ ਇਕਬਾਲ ਕਰਾਉਣਗੇ। ਉਹਨਾਂ ਨੂੰ ਜੇਲ੍ਹ ਅਤੇ ਤੁਹਾਨੂੰ ਰਿਹਾਅ ਕਰਾਉਣਗੇ।”
ਜਥੇਦਾਰ ਦੇ ਇਸ ਥਾਪੜੇ ਨੇ ਮੀਤੇ ਨੂੰ ਦੋਚਿੱਤੀ ਵਿਚੋਂ ਕੱਢ ਦਿੱਤਾ। ਉਸ ਨੇ ਮਨ ਹੀ ਮਨ ਫ਼ੈਸਲਾ ਕੀਤਾ, “ਅੱਜ ਤੋਂ ਕੇਸ ਪਤਿਤ ਕਰਨੇ ਬੰਦ। ਨਿਤਨੇਮ ਸ਼ੁਰੂ। ਮੈਂ ਪੂਰਨ ਸਿੰਘ ਬਣ ਕੇ ਰਹਾਂਗਾ।”
16
ਮੰਤਰੀ-ਮੰਡਲ ਦੀ ਮੀਟਿੰਗ ਦੇਰ ਰਾਤ ਤਕ ਚੱਲਦੀ ਰਹੀ। ਫ਼ੈਸਲੇ ਦੀ ਜਾਣਕਾਰੀ ਮਿਲਦਿਆਂ ਹੀ ਸੁਪਰਡੈਂਟ ਭੱਜਾ-ਭੱਜਾ ਆਇਆ। ਨਛੱਤਰ ਸਿੰਘ ਨੂੰ ਕੱਚੀ ਨੀਂਦੋਂ ਜਗਾਇਆ। ਫੇਰ ਮੰਤਰੀ-ਮੰਡਲ ਵੱਲੋਂ ਲਿਆ ਗਿਆ ਫ਼ੈਸਲਾ ਉਸ ਨੂੰ ਸੁਣਾਇਆ। ਨਾਲੇ ਸਰਕਾਰ ਵੱਲੋਂ ਯਕੀਨ ਦਿਵਾਇਆ, “ਇਹ ਕਾਰਵਾਈ ਗੁਪਤ ਰੱਖੀ ਗਈ ਹੈ। ਤੁਹਾਡੀ ਰਿਹਾਈ ਤਕ ਫ਼ੈਸਲੇ ਦੀ ਕਿਸੇ ਨੂੰ ਭਿਣਕ ਨਹੀਂ ਪਏਗੀ। ਹੁਕਮ ਵਿਸ਼ੇਸ਼ ਦੂਤ ਰਾਹੀਂ ਆਏਗਾ। ਬੱਸ, ਰਿਹਾਈ ਲਈ ਤਿਆਰਰਹੋ।”
ਇਸ ਸਮੇਂ ਕੋਠੀ ਵਿਚ ਚਾਰ ਕੈਦੀ ਬੰਦ ਸਨ। ਵਿਧਾਇਕ ਅਤੇ ਪ੍ਰੋਫ਼ੈਸਰ। ਰਾਮੂ ਲਾਂਗਰੀ ਅਤੇ ਪਾਲਾ। ਪ੍ਰੋਫ਼ੈਸਰ ਅਤੇ ਰਾਮੂ ਦੀ ਰਿਹਾਈ ਨਛੱਤਰ ਨਾਲ ਜੁੜੀ ਹੋਈ ਸੀ। ਸੁਪਰਡੈਂਟ ਦੇ ਜਾਣ ਬਾਅਦ ਵਿਧਾਇਕ ਨੇ ਇਹ ਖ਼ੁਸ਼ਖ਼ਬਰੀ ਉਹਨਾਂ ਨੂੰ ਵੀ ਸੁਣਾ ਦਿੱਤੀ।
ਖ਼ੁਸ਼ ਹੋਣ ਦੀ ਥਾਂ ਉਸ ਸਮੇਂ ਤੋਂ ਚਾਰੇ ਕੈਦੀ ਆਪਣੇ-ਆਪਣੇ ਬਿਸਤਰਿਆਂ ਵਿਚ ਪਏ ਉੱਸਲਵੱਟੇ ਲੈ ਰਹੇ ਸਨ।
ਵਿਧਾਇਕ ਨੂੰ ਲੱਗ ਰਿਹਾ ਸੀ ਕਿ ਮੁੱਖ ਮੰਤਰੀ ਨੇ ਹਾਲੇ ਉਸ ਨੂੰ ਮਨੋਂ ਮੁਆਫ਼ ਨਹੀਂ ਕੀਤਾ। ਨਛੱਤਰ ਸਿੰਘ ਦੀਆਂ ਅੱਖਾਂ ਪੂੰਝਣ ਲਈ ਉਹ ਰਿਹਾਈ ਦੇ ਹੁਕਮ ਜਾਰੀ ਕਰ ਦਿੰਦਾ ਹੈ। ਫੇਰ ਕਿਸੇ ਨਾ ਕਿਸੇ ਬਹਾਨੇ ਰੋੜਾ ਅਟਕਾ ਦਿੰਦਾ ਹੈ। ਦੋ ਵਾਰ ਪਹਿਲਾਂ ਇੰਝ ਹੋ ਚੁੱਕਾ ਹੈ। ਉਸਨੂੰ ਜਾਪ ਰਿਹਾ ਸੀ, ਇਸ ਵਾਰ ਵੀ ਇੰਝ ਹੀ ਹੋਣਾ ਹੈ।
ਇਹੋ ਜਿਹਾ ਕੁਝ ਲਾਂਗਰੀ ਰਾਮੂ ਸੋਚ ਰਿਹਾ ਸੀ। ਉਹ ਮੁਲਜ਼ਮ ਨਹੀਂ ਸੀ। ਉਸ ਨੂੰ ਉੱਚ ਵਰਗ ਦੇ ਲੋਕਾਂ ਦੀ ਪਸੰਦ ਦਾ ਖਾਣਾ ਬਣਾਉਣਾ ਅਤੇ ਫੇਰ ਢੰਗ ਨਾਲ ਵਰਤਾਉਣਾ ਆਉਂਦਾ ਸੀ। ਇਸੇ ਕਸੂਰ ਕਾਰਨ ਉਸ ਨੂੰ ਜੇਲ੍ਹ ਵਿਚ ਸੁੱਟਿਆ ਗਿਆ ਸੀ।
ਜੇਲ੍ਹ ਮੁਖੀ ਦੇ ਦੌਰੇ ਸਮੇਂ ਸਤਿੰਦਰ ਕੁਮਾਰ ਇਕੋ ਗਿਲਾ ਕਰਦਾ ਸੀ, “ਮੈਨੂੰ ਚੰਗਾ ਲਾਂਗਰੀ ਦਿਓ।”
ਸੁਪਰਡੈਂਟ ਨੇ ਇਕ-ਇਕ ਕਰਕੇ ਵੀਹ ਲਾਂਗਰੀ ਉਸ ਦੀ ਸੇਵਾ ਵਿਚ ਹਾਜ਼ਰ ਕੀਤੇ। ਇਕ ਵੀ ਉਸ ਦੇ ਨੱਕ ਹੇਠ ਨਾ ਆਇਆ। ਕਿਸੇ ਨੂੰ ਟਰੇਅ ਫੜਨੀ ਨਹੀਂ ਸੀ ਆਉਂਦੀ, ਕਿਸੇ ਨੂੰ ਗਲਾਸ ਢੱਕਣਾ ਨਹੀਂ ਸੀ ਆਉਂਦਾ। ਕਿਸੇ ਨੂੰ ਸਾਹਿਬ ਨਾਲ ਗੱਲ ਕਰਨ ਦੀ ਸੂਝ ਨਹੀਂ ਸੀ, ਕਿਸੇ ਨੂੰ ਸਾਹਿਬ ਦੇ ਕਮਰੇ ਅੰਦਰ ਵੜਨ ਦੀ। ਕਿਸੇ ਨੂੰ ਸੂਪ ਨਹੀਂ ਸੀ ਬਣਾਉਣਾ ਆਉਂਦਾ, ਕਿਸੇ ਨੂੰ ਬਰਿਆਨੀ।
ਇਹ ਪੁਲਿਸ ਲਾਈਨ ਦੀ ਮੈੱਸ ਨਹੀਂ, ਜੇਲ੍ਹ ਸੀ। ਲਾਂਗਰੀ ਕੈਦੀਆਂ ਵਿਚੋਂ ਲਾਇਆ ਜਾਣਾ ਸੀ। ਸਾਹਿਬ ਦੀ ਪਸੰਦ ਦਾ ਕੈਦੀ ਕਿਥੋਂ ਲਿਆਂਦਾ ਜਾਵੇ? ਸੁਪਰਡੈਂਟ ਨੂੰ ਸਮਝ ਨਹੀਂ ਸੀ ਆਰਹੀ।
ਅਖ਼ੀਰ ਮਸਲਾ ਸੁਲਝਾਉਣ ਲਈ ਪੁਲਿਸ ਕਪਤਾਨ ਦੀ ਮਦਦ ਲਈ ਗਈ।
ਪੁਲਿਸ ਨੇ ਇਕ ਦਰਮਿਆਨੇ ਹੋਟਲ ’ਤੇ ਛਾਪਾ ਮਾਰਿਆ। ਬਿਨਾਂ ਮਜ਼ਦੂਰੀ ਤੋਂ ਸ਼ਰਾਬ ਪਿਆ ਰਹੇ ਮੈਨੇਜਰ ਅਤੇ ਵੇਟਰ ਨੂੰ ਫੜਿਆ। ਮੈਨੇਜਰ ਅੱਗੇ ਸ਼ਰਤ ਰੱਖੀ, “ਜੇ ਮੁਕੱਦਮੇ ਵਿਚੋਂ ਨਿਕਲਣਾ ਹੈ ਤਾਂ ਕੁਝ ਮਹੀਨਿਆਂ ਲਈ ਵੇਟਰ ਨੂੰ ਭੁੱਲ ਜਾ।”
ਮੈਨੇਜਰ ਹੱਥ ਜੋੜ ਕੇ ਖੜੋ ਗਿਆ, “ਮੇਰੇ ਕੋਲ ਇਸ ਵਰਗੇ ਵੀਹ ਵੇਟਰ ਹਨ। ਇਸ ਨੂੰ ਜਿੰਨਾ ਚਿਰ ਮਰਜ਼ੀ ਰੱਖੋ।”
ਰਾਮੂ ਮਨ ਲਾ ਕੇ ਕੰਮ ਕਰੇ, ਇਸ ਲਈ ਸੁਪਰਡੈਂਟ ਨੇ ਉਸ ਨੂੰ ਭਰੋਸਾ ਦਿੱਤਾ, “ਸਾਹਿਬ ਕੁਝ ਦਿਨਾਂ ਦੇ ਮਹਿਮਾਨ ਹਨ। ਜੇ ਖ਼ੁਸ਼ ਹੋ ਗਏ ਤਾਂ ਤੈਨੂੰ ਨਾਲ ਲੈ ਜਾਣਗੇ। ਪੁਲਿਸ ਵਿਚ ਭਰਤੀ ਕਰਵਾ ਦੇਣਗੇ।”
ਜਲਦੀ ਮੁਕਤੀ ਅਤੇ ਪੁਲਿਸ ਦੀ ਨੌਕਰੀ ਦੇ ਸੁਪਨੇ ਲੈਂਦਾ ਰਾਮੂ ਦਿਨ ਰਾਤ ਸਾਹਿਬ ਦੀ ਸੇਵਾ ਕਰਦਾ ਰਿਹਾ।
ਉਸ ਦੇ ਮਾੜੇ ਭਾਗਾਂ ਨੂੰ ਸਤਿੰਦਰ ਦੀ ਰਿਹਾਈ ਦੇ ਹੁਕਮ ਵਿਧਾਇਕ ਨਾਲੋਂਪਹਿਲਾਂਆਗਏ।
ਰਾਮੂ ਦਾ ਕੰਮ ਨਛੱਤਰ ਨੂੰ ਵੀ ਪਸੰਦ ਸੀ।
“ਮੇਰੀ ਰਿਹਾਈ ਵੀ ਹੋਣ ਵਾਲੀ ਹੈ। ਦੋ-ਚਾਰ ਦਿਨਾਂ ਲਈ ਨਵਾਂ ਖਸਮ ਕਿਥੋਂ ਕਰਾਂਗੇ। ਕੁਝ ਦਿਨ ਔਖੇ ਕੱਟ ਲੈ। ਮੈਂ ਤੈਨੂੰ ਆਪਣੇ ਕੋਲ ਰੱਖ ਲਵਾਂਗਾ।”
ਆਖਦੇ ਵਿਧਾਇਕ ਨੇ ਸਤਿੰਦਰ ਕੋਲੋਂ ਰਾਮੂ ਦਾ ਰੱਸਾ ਫੜ ਲਿਆ। ‘ਕੁਝ ਦਿਨ’ ਕਈ ਮਹੀਨਿਆਂ ਵਿਚ ਬਦਲ ਗਏ। ਨਾ ਨਛੱਤਰ ਦਾ ਖਹਿੜਾ ਛੁੱਟਾ, ਨਾ ਰਾਮੂ ਦਾ।
ਰਾਮੂ ਨੂੰ ਲੱਗ ਰਿਹਾ ਸੀ, ਖਹਿੜਾ ਇਕੱਲੇ ਨਛੱਤਰ ਦਾ ਛੁੱਟੇਗਾ। ਰਾਮੂ ਦਾ ਰੱਸਾ ਕੋਈ ਹੋਰ ਜ਼ੋਰਾਵਰ ਕੈਦੀ ਫੜ ਕੇ ਲੈ ਜਾਏਗਾ।
ਪਾਲੇ ਦਾ ਫ਼ਿਕਰ ਉਹਨਾਂ ਨਾਲੋਂ ਵੱਖਰਾ ਸੀ। ਉਹ ਉਮਰ ਕੈਦ ਕੱਟ ਰਿਹਾ ਸੀ। ਬਾਕੀਆਂ ਦੀ ਰਿਹਾਈ ਨਾਲ ਉਸ ਦਾ ਕੋਈ ਲੈਣਾ-ਦੇਣਾ ਨਹੀਂ ਸੀ। ਲਾਭ ਸਿੰਘ ਨਾਂ ਦੇ ਇਕ ਮਹਾਂਰਿਸ਼ੀ ਨੇ ਉਸ ਨੂੰ ਚੂਹੇ ਤੋਂ ਰਾਜਕੁਮਾਰ ਬਣਾ ਦਿੱਤਾ ਸੀ। ਸਵਰਗ ਭੋਗਣ ਲਈ ਇਥੇ ਭੇਜ ਦਿੱਤਾ ਸੀ। ਬੇਫ਼ਿਕਰੀ ਅਤੇ ਖੁੱਲ੍ਹਾ ਖਾਣ-ਪੀਣ ਕਾਰਨ ਉਸ ਦੀ ਗੋਗੜ ਵਧ ਗਈ ਸੀ, ਗਰਦਨ ਮੋਟੀ ਹੋ ਗਈ ਸੀ। ਵਿਧਾਇਕ ਦੇ ਰਿਹਾਅ ਹੁੰਦਿਆਂ ਹੀ ਉਸ ਦਾ ਸਵਰਗ ਉੱਜੜ ਜਾਣਾ ਸੀ।
ਰਾਜਕੁਮਾਰ ਤੋਂ ਮੁੜ ਚੂਹਾ ਬਣਨ ਦਾ ਖ਼ਿਆਲ ਆਉਂਦੇ ਹੀ ਉਸ ਨੂੰ ਕਾਂਬਾ ਛਿੜ ਜਾਂਦਾਸੀ। ਆਪਣੇ ਬਿਸਤਰੇ ਵਿਚ ਪਿਆ ਪਾਲਾ, ਵਿਧਾਇਕ ਦੀ ਰਿਹਾਈ ਰੋਕਣ ਲਈ ਸੁੱਖਾਂ ਸੁੱਖਣ ਲੱਗਾ।
ਪਾਲੇ ਨੇ ਕਈ ਜੇਲ੍ਹਾਂ ਦੇਖੀਆਂ ਸਨ। ਸੈਂਕੜੇ ਜੇਲ੍ਹ ਕਰਮਚਾਰੀਆਂ ਨਾਲ ਵਾਹ ਪਿਆ ਸੀ। ਉਹ ਸਭ ਖ਼ੂੰਖ਼ਾਰ ਸਨ, ਪਰ ਇਸ ਕੋਠੀ ਦੀ ਹੱਦ ਵਿਚ ਪਤਾ ਨਹੀਂ ਕਿਸੇ ਕੀ ਜਾਦੂ ਧੂੜਿਆ ਸੀ। ਕੋਠੀ ਦੇ ਗੇਟ ਕੋਲ ਪੁੱਜਦੇ ਹੀ ਅਫ਼ਸਰ ਮੋਮ ਵਾਂਗ ਨਰਮ ਹੋ ਜਾਂਦੇ ਸਨ, ਜਾਨਵਰਾਂ ਵਾਂਗ ਪੂਛ ਮਾਰਨ ਲੱਗਦੇ ਸਨ।
ਲੋਕ ਕੋਠੀ ਨੂੰ ਭਾਗਾਂ ਵਾਲੀ ਸਮਝਦੇ ਸਨ। ਸਾਲਾਂ ਬਾਅਦ ਇਹ ਇਕ-ਅੱਧ ਵਾਰ ਖੁੱਲ੍ਹਦੀ ਸੀ। ਜਦੋਂ ਖੁੱਲ੍ਹਦੀ ਸੀ, ਕਈ ਰੰਕਾਂ ਨੂੰ ਰਾਜੇ ਬਣਾ ਦਿੰਦੀ ਸੀ।
ਐਮਰਜੈਂਸੀ ਦੇ ਦਿਨਾਂ ਵਿਚ ਇਥੇ ਸ਼ੇਖ਼ਰ ਬਾਬਾ ਬੰਦ ਰਹੇ ਸਨ। ਜੇਲ੍ਹ ਦਾ ਇਕ ਡਿਪਟੀ ਉਹਨਾਂ ਦਾ ਉਪਾਸ਼ਕ ਸੀ। ਸਰਕਾਰ ਦੀਆਂ ਹਦਾਇਤਾਂ ਨੂੰ ਛਿੱਕੇ ਟੰਗ ਕੇ, ਆਪਣੀ ਨੌਕਰੀ ਨੂੰ ਜ਼ੋਖ਼ਮ ਵਿਚ ਪਾ ਕੇ ਉਸ ਨੇ ਨੇਤਾ ਜੀ ਦੀ ਖ਼ੂਬ ਸੇਵਾ ਕੀਤੀ। ਐਮਰਜੈਂਸੀ ਖ਼ਤਮ ਹੁੰਦਿਆਂ ਹੀ ਰਾਜ-ਪਲਟਾ ਆ ਗਿਆ। ਸ਼ੇਖ਼ਰ ਸਾਹਿਬ ਬਹੁਤ ਵੱਡੀ ਕੁਰਸੀ ’ਤੇ ਜਾ ਬੈਠੇ। ਭੀੜ ਵਿਚ ਕੰਮ ਆਇਆ ਮਿੱਤਰ ਉਹਨਾਂ ਨੂੰ ਯਾਦ ਆਇਆ। ਸਹੁੰ ਚੁੱਕਦਿਆਂ ਹੀ ਉਹਨਾਂ ਨੇ ਹੁਕਮ ਜਾਰੀ ਕੀਤਾ। ਤਰੱਕੀ ਦੇ ਕੇ ਉਸ ਨੂੰ ਡਿਪਟੀ ਤੋਂ ਸੁਪਰਡੈਂਟ ਬਣਾਇਆ। ਫੇਰ ਵਿਸ਼ੇਸ਼ ਤਰੱਕੀਆਂ ਦੇ ਕੇ ਜੇਲ੍ਹ ਵਿਭਾਗ ਦਾ ਮੁਖੀ ਬਣਾਇਆ। ਰਿਟਾਇਰ ਹੋਣ ਲੱਗਾ ਤਾਂ ਦੋ ਸਾਲ ਹੋਰ ਬਖ਼ਸ਼ ਦਿੱਤੇ। ਜਿੰਨਾ ਚਿਰ ਸੇਖ਼ਰ ਸਾਹਿਬ ਹੇਠ ਕੁਰਸੀ ਰਹੀ, ਡਿਪਟੀ ਮੌਜਾਂ ਮਾਣਦਾ ਰਿਹਾ।
ਫੇਰ ਕਈ ਸਾਲਾਂ ਬਾਅਦ ਇਹ ਕੋਠੀ ਬਰਨਾਲਾ ਸਾਹਿਬ ਲਈ ਖੁੱਲ੍ਹੀ। ਉਹਨਾਂ ਦਾ ਦਿਲ ਲਗਾਉਣ ਲਈ ਇਕ ਮਖ਼ੌਲੀਏ ਕੈਦੀ ਨੂੰ ਕੋਠੀ ਭੇਜਿਆ ਗਿਆ। ਗੱਲਾਂ ਮਾਰ-ਮਾਰ ਕੈਦੀ ਨੇ ਬਰਨਾਲਾ ਸਾਹਿਬ ਦਾ ਮਨ ਜਿੱਤ ਲਿਆ। ਬਾਹਰ ਜਾ ਕੇ ਪਹਿਲਾਂ ਉਹਨਾਂ ਗਾਲੜੀ ਨੂੰ ਵਿਧਾਇਕ ਬਣਾਇਆ। ਫੇਰ ਜਦੋਂ ਉਹਨਾਂ ਦੀ ਸਰਕਾਰ ਬਣੀ, ਉਹਨਾਂ ਉਸ ਨੂੰ ਮੰਤਰੀ ਬਣਾ ਦਿੱਤਾ। ਅੱਜ- ਕੱਲ੍ਹ ਗਾਲੜੀ ਸਾਹਿਬ ਦੀ ਸੂਬੇ ਦੀ ਸਿਆਸਤ ਵਿਚ ਆਪਣੀ ਥਾਂ ਹੈ। ਕਈਆਂ ਸਾਲਾਂ ਬਾਅਦ ਕੋਠੀ ਨੂੰ ਭਾਗ ਲੱਗੇ ਸਨ। ਜੇਲ੍ਹ ਅਧਿਕਾਰੀਆਂ ਨੇ ਇਤਿਹਾਸ ਤੋਂ ਸਬਕ ਸਿੱਖ ਰੱਖਿਆ ਸੀ। ਕਿਸੇ ਦਾ ਮਨ ਮੰਤਰੀ ਬਣਨ ਨੂੰ ਕਰਦਾ ਸੀ, ਕਿਸੇ ਦਾ ਵਿਭਾਗ ਦਾ ਮੁਖੀ।
ਜਿੰਨਾ ਚਿਰ ਨਛੱਤਰ ਹੁਰਾਂ ਦੇ ਸਿਤਾਰੇ ਗਰਦਿਸ਼ ਵਿਚ ਰਹੇ, ਮੁਲਾਜ਼ਮ ਉਹਨਾਂ ਕੋਲੋਂ ਪਾਸਾ ਵੱਟਦੇ ਰਹੇ। ਗੱਡੀ ਦੇ ਲੀਹ ’ਤੇ ਆਉਂਦਿਆਂ ਹੀ ਉਹਨਾਂ ਕਾਂਟੇ ਬਦਲ ਲਏ। ਕੋਠੀ ਖੁੱਲ੍ਹਣ ਦਾ ਹੁਕਮ ਮਿਲਦੇ ਹੀ ਸੁਪਰਡੈਂਟ ਨੇ ਤਾੜ ਲਿਆ। ‘ਗੁਰੂ ਚੇਲੇ ਵਿਚਕਾਰ ਸੰਬੰਧ ਸੁਧਰ ਗਏ ਹਨ।’ ਸਭ ਨੂੰ ਪਤਾ ਹੈ, ਵਿਧਾਇਕ ਨੂੰ ਸਜ਼ਾ ਮੁੱਖ ਮੰਤਰੀ ਦੇ ਇਸ਼ਾਰੇ ’ਤੇ ਹੋਈ ਸੀ। ਹਾਈ ਕੋਰਟ ਦੇ ਅੱਧੇ ਜੱਜ ਮੁੱਖ ਮੰਤਰੀ ਦੇ ਲਾਏ ਹੋਏ ਹਨ। ਨਜ਼ਰ ਸਵੱਲੀ ਹੁੰਦੇ ਹੀ ਉਸ ਨੇ ਵਿਧਾਇਕ ਨੂੰ ਬਰੀ ਕਰਵਾ ਦੇਣਾ ਸੀ। ਨਛੱਤਰ ਸਿੰਘ ਨੌਜਵਾਨ ਸੀ, ਸਿਆਸਤ ਵਿਚ ਹਾਲੇ ਉਸ ਨੇ ਹੋਰ ਤਰੱਕੀ ਕਰਨੀ ਸੀ। ਦੂਰ-ਅੰਦੇਸ਼ ਸੁਪਰਡੈਂਟ ਉਸ ਨੂੰ ਹੁਣ ਤੋਂ ਮੰਤਰੀ ਮੰਨ ਕੇ ਚੱਲਣ ਲੱਗਾ।
ਇਸੇ ਤਰ੍ਹਾਂ ਸਤਿੰਦਰ ਕੁਮਾਰ ਪੁਲਿਸ ਵਿਭਾਗ ਦਾ ਵੱਡਾ ਅਫ਼ਸਰ ਸੀ। ਮਾੜੇ ਦਿਨਾਂ ਨੇ ਲੰਘ ਹੀ ਜਾਣਾ ਹੈ। ਉਹ ਕਿਸੇ ਵੀ ਦਿਨ ਵਿਭਾਗ ਦਾ ਮੁਖੀ ਬਣ ਸਕਦਾ ਸੀ। ਇਸ ਸਮੇਂ ਵੀ ਉਸ ਦੀ ਬਹੁਤ ਚੱਲਦੀ ਸੀ। ਛੋਟੇ ਕਰਮਚਾਰੀਆਂ ਦੇ ਵਾਰੇ-ਨਿਆਰੇ ਉਹ ਜੇਲ੍ਹ ’ਚ ਬੈਠਾ ਕਰ ਸਕਦਾ ਸੀ। ਭਵਿੱਖ ਦੇ ਮੁਖੀ ਨੂੰ ਖ਼ੁਸ਼ ਰੱਖਣਾ ਛੋਟੇ ਕਰਮਚਾਰੀਆਂ ਦਾ ਫ਼ਰਜ਼ ਸੀ।
ਸਿਆਸੀ ਕੈਦੀ ਉਡਾਰੀ ਮਾਰਨ ਹੀ ਵਾਲੇ ਸਨ। ਜੇਲ੍ਹ ਸੁਪਰਡੈਂਟ ਇਕ ਮਿੰਟ ਵੀ ਅਜਾਈਂ ਨਹੀਂ ਸੀ ਗਵਾ ਰਿਹਾ।
ਕੋਠੀ ਦੇ ਪਿਛਵਾੜੇ ਮੁਲਾਜ਼ਮਾਂ ਦੇ ਕੁਆਰਟਰ ਸਨ। ਕੁਆਰਟਰਾਂ ਅਤੇ ਕੋਠੀ ਵਿਚਕਾਰ ਇਕ ਕੰਧ ਸੀ। ਮੁਲਾਜ਼ਮਾਂ ਦੇ ਆਉਣ-ਜਾਣ ਲਈ ਕੰਧ ਵਿਚ ਇਕ ਛੋਟਾ ਜਿਹਾ ਦਰਵਾਜ਼ਾ ਸੀ।
ਸੁਪਰਡੈਂਟ ਇਸ ਦਰਵਾਜ਼ੇ ਦਾ ਭਰਪੂਰ ਫ਼ਾਇਦਾ ਉਠਾ ਰਿਹਾ ਸੀ।
ਦਫ਼ਤਰ ਜਾਂਦਾ-ਜਾਂਦਾ ਪਹਿਲਾਂ ਉਹ ਕੋਠੀ ਦੇ ਦਰਵਾਜ਼ੇ ’ਤੇ ਦਸਤਕ ਦਿੰਦਾ। ਤਿੰਨੇ ਕੈਦੀਆਂ ਨੂੰ ਗੱਡ-ਮਾਰਨਿੰਗ ਆਖਦਾ। “ਰਾਤ ਕੋਈ ਦਿੱਕਤ ਪੇਸ਼ ਤਾਂ ਨਹੀਂ ਆਈ।” ਇਹ ਪੱਛਦਾ, ਫੇਰ ਆਪ ਸਾਰੀ ਕੋਠੀ ਦਾ ਮੁਆਇਨਾ ਕਰਦਾ। ਸਫ਼ਾਈ ਠੀਕ ਹੋਈ ਹੈ? ਇਹ ਦੇਖਦਾ। “ਰਸੋਈ ਵਿਚ ਕਿਸੇ ਚੀਜ਼ ਦੀ ਕਮੀ ਤਾਂ ਨਹੀਂ?” ਲਾਂਗਰੀ ਕੋਲੋਂ ਪੁੱਛਦਾ। ਦੋਹਾਂ ਮੁਸ਼ੱਕਤੀਆਂ ਨੂੰ ਤਾੜਦਾ। “ਸਾਹਿਬ ਲੋਕਾਂ ਦੀ ਸੇਵਾ ਵਿਚ ਕਮੀ ਰਹਿ ਗਈ ਤਾਂ ਕੋਠੀ ਬੰਦ ਕਰ ਦਊਂ।”
ਡਿਊਟੀ ਖ਼ਤਮ ਹੋਣ ਬਾਅਦ, ਘਰ ਮੁੜਦਾ ਵੀ ਇੰਝ ਹੀ ਕਰਦਾ। ਨਹਾ-ਧੋ ਕੇ ਫੇਰ ਕੋਠੀ ਆ ਧਮਕਦਾ। ਗੱਪ-ਸ਼ੱਪ ਹੰਦੀ। ਗਲਾਸੀਆਂ ਖੜਕਦੀਆਂ। ਸ਼ਾਇਰੋ-ਸ਼ਾਇਰੀ ਹੁੰਦੀ।
ਜੇਲ੍ਹ ਫੇਰ ਵੀ ਜੇਲ੍ਹ ਸੀ। ਵਧੀਆ ਖਾਣ-ਪੀਣ ਸਭ ਕੁਝ ਨਹੀਂ ਹੁੰਦਾ। ਦਿਨ ਘੁੰਮਦੇ-ਫਿਰਦੇ, ਮੁਲਾਕਾਤੀਆਂ ਨਾਲ ਗੱਪਾਂ ਮਾਰਦੇ ਲੰਘ ਜਾਂਦਾ ਸੀ। ਰਾਤ ਪੈਂਦਿਆਂ ਹੀ ਹੌਲ ਪੈਣ ਲੱਗਦੇ ਸਨ। ਕਦੇ ਅੱਖਾਂ ਭਰੀ ਬੀਵੀ ਸਾਹਮਣੇ ਆ ਖੜ੍ਹਦੀ, ਕਦੇ ਗੋਦੀ ਚੜ੍ਹਨ ਲਈ ਉਤਾਵਲੇ ਪਏ ਬੱਚੇ। ਕਦੇ ਬਾਪ ਦੇ ਹਉਕੇ ਸੁਣਾਈ ਦਿੰਦੇ, ਕਦੇ ਮਾਂ ਦੇ ਕੀਰਨੇ। ਕਦੇ ਉਜੜੀ ਫ਼ਸਲ ਦਿਖਾਈ ਦਿੰਦੀ, ਕਦੇ ਧੁੰਦਲਾ ਪੈਂਦਾ ਜਾ ਰਿਹਾ ਸਿਆਸੀ ਭਵਿੱਖ।
ਵਿਧਾਇਕ ਦਾ ਮਨ ਜੇਲ੍ਹੋਂ ਨਿਕਲਣ ਲਈ ਕਾਹਲਾ ਪੈਣ ਲੱਗਦਾ।
“ਤੁਹਾਡੇ ਮੇਰੇ ਉਪਰ ਪਹਿਲਾਂ ਹੀ ਬਹੁਤ ਅਹਿਸਾਨ ਹਨ। ਇਕ ਅਹਿਸਾਨ ਹੋਰ ਕਰ ਦੇਵੋ। ਕੋਈ ਹੀਲਾ-ਵਸੀਲਾ ਕਰ ਕੇ ਮੇਰੀ ਪੱਕੀ ਰਿਹਾਈ ਦਾ ਇੰਤਜ਼ਾਮ ਕਰ ਦਿਓ।”
ਵਿਧਾਇਕ ਨੇ ਸੁਪਰਡੈਂਟ ਕੋਲ ਮਿੰਨਤ ਕੀਤੀ। ਨਾਲ ਜੇਲ੍ਹ ਮੰਤਰੀ ਤੋਂ ਇਸ਼ਾਰਾ ਕਰਾਇਆ, “ਜੇ ਤਜਵੀਜ਼ ਆਏਗੀ, ਉਸ ’ਤੇ ਫੁੱਲ ਚੜ੍ਹਨਗੇ।”
ਜੇਲ ਜੁਪਰਡੈਂਟ ਝੱਟ ਦਿਮਾਗ਼ ਦੇ ਘੋੜੇ ਦੁੜਾਉਣ ਲੱਗਾ।
ਕੈਦੀਆਂ ਦੀਆਂ ਸਮੱਸਿਆਵਾਂ ਨੂੰ ਸਮਝਣਾ ਅਤੇ ਫੇਰ ਉਹਨਾਂ ਦੇ ਹੱਲ ਸੁਝਾਉਣੇ ਜੇਲ੍ਹ ਵਿਭਾਗ ਦਾ ਕੰਮ ਹੈ। ਆਪਣਾ ਫ਼ਰਜ਼ ਨਿਭਾਉਣ ਲਈ ਜੇਲ੍ਹ ਸੁਪਰਡੈਂਟ ਨੇ ਨਿਯਮਾਂ ਦਾ ਡੂੰਘਾ ਅਧਿਐਨ ਕੀਤਾ। ਫੇਰ ਸਿੱਟਾ ਕੱਢਿਆ।
“ਪਹਿਲੇ ਸਮਿਆਂ ਵਿਚ ਕੈਦੀ ਨੂੰ ਚਾਰ-ਦੀਵਾਰੀ ਪਿੱਛੇ ਰੱਖਣ ਦਾ ਉਦੇਸ਼ ਉਸ ਨੂੰ ਤਸੀਹੇ ਦੇਣਾ ਸੀ। ਅੱਜ-ਕੱਲ੍ਹ ਕੈਦ ਦਾ ਉਦੇਸ਼ ਉਸ ਦੀਆਂ ਭੈੜੀਆਂ ਆਦਤਾਂ ਨੂੰ ਸੁਧਾਰਨਾ ਅਤੇ ਚੰਗੇ ਸ਼ਹਿਰੀ ਬਣਨ ਵਿਚ ਉਸ ਦੀ ਮਦਦ ਕਰਨਾ ਹੈ। ਇਸ ਉਦੇਸ਼ ਦੀ ਪੂਰਤੀ ਲਈ ਕੈਦੀਆਂ ਦੀਆਂ ਸਮਾਜਿਕ, ਮਾਨਸਿਕ ਅਤੇ ਸਰੀਰਕ ਸਮੱਸਿਆਵਾਂ ਨੂੰ ਸਮਝਣਾ ਅਤੇ ਸੁਲਝਾਉਣਾ ਜ਼ਰੂਰੀ ਹੈ।”
“ਪਰਿਵਾਰ ਅਤੇ ਸਮਾਜ ਨਾਲੋਂ ਲੰਮਾ ਸਮਾਂ ਵੱਖ ਰਹਿਣ ਕਾਰਨ ਕੈਦੀਆਂ ਦੀਆਂ ਮਾਨਸਿਕ ਗੁੰਝਲਾਂ ਪੀਡੀਆਂ ਹੋ ਜਾਂਦੀਆਂ ਹਨ। ਸੰਤੁਲਨ ਬਣਾਈ ਰੱਖਣ ਲਈ ਕੈਦੀ ਨੂੰ ਘਰ ਜਾਣ ਦਾ ਵੱਧ ਤੋਂ ਵੱਧ ਮੌਕਾ ਦੇਣਾ ਚਾਹੀਦਾ ਹੈ।”
ਇਹ ਮੌਕਾ, ਕਿਸ ਨਿਯਮ ਵਿਚ, ਕਿਹੜੀ-ਕਿਹੜੀ ਸੋਧ ਕਰ ਕੇ ਦਿੱਤਾ ਜਾ ਸਕਦਾ ਹੈ, ਫੇਰ ਪ੍ਰਸ਼ਾਸਨ ਨੂੰ ਇਹ ਸੁਝਾਇਆ।
ਮੌਜੂਦਾ ਨਿਯਮਾਂ ਅਨੁਸਾਰ ਕੈਦੀ ਨੂੰ ਇਕ ਸਾਲ ਕੈਦ ਕੱਟਣ ਬਾਅਦ ਇਕ ਮਹੀਨੇ ਦੀ ਛੁੱਟੀ ਮਿਲਦੀ ਹੈ। ਹਵਾਲਾਤੀਆਂ ਨੂੰ ਇਹ ਸਹੂਲਤ ਵੀ ਉਪਲਬਧ ਨਹੀਂ ਹੈ। ਗ੍ਰਿਫ਼ਤਾਰੀ ਵਾਲੇ ਦਿਨ ਤੋਂ ਲੈ ਕੇ ਫ਼ੈਸਲੇ ਤਕ ਉਸ ਨੂੰ ਜੇਲ੍ਹ ਵਿਚ ਸੜਨਾ ਪੈਂਦਾ ਹੈ। ਕਚਹਿਰੀਆਂ ਮੁਕੱਦਮਿਆਂ ਨਾਲ ਭਰੀਆਂ ਪਈਆਂ ਹਨ। ਸੁਣਵਾਈ ਮੁਕੰਮਲ ਹੋਣ ਨੂੰ ਕਈ-ਕਈ ਸਾਲ ਲੱਗਦੇ ਹਨ। ਕਈ ਵਾਰ ਇਹ ਉਡੀਕ ਦਸ-ਦਸ, ਬਾਰਾਂ-ਬਾਰਾਂ ਸਾਲ ਤੱਕ ਚੱਲਦੀ ਹੈ।
ਕੈਦੀਆਂ ਦੇ ਨਾਲ-ਨਾਲ ਛੁੱਟੀ ਦੀ ਸਹੂਲਤ ਹਵਾਲਾਤੀਆਂ ਨੂੰ ਵੀ ਦਿੱਤੀ ਜਾਵੇ। ਇਕ ਸਾਲ ਕੈਦ ਕੱਟਣ ਬਾਅਦ ਛੁੱਟੀ ਮਿਲਣ ਵਾਲੀ ਸ਼ਰਤ ਨਰਮ ਕੀਤੀ ਜਾਵੇ। ਕੈਦੀ ਨੂੰ ਕਿਸੇ ਵੀ ਸਮੇਂ ਛੁੱਟੀ ਜਾਣ ਦੀ ਖੁੱਲ੍ਹ ਹੋਵੇ। ਇਕ ਮਹੀਨੇ ਦੀ ਛੁੱਟੀ ਘੱਟ ਹੈ। ਇਸ ਨੂੰ ਛੇ ਮਹੀਨੇ ਤਕ ਵਧਾ ਦਿੱਤਾ ਜਾਵੇ। ਕੈਦੀ ਨੂੰ ਪੂਰੀ ਸਜ਼ਾ ਤਾਂ ਕੱਟਣੀ ਹੀ ਪੈਣੀ ਹੈ। ਜੇ ਵੱਧ ਛੁੱਟੀ ਜਾਣ ਨਾਲ ਕੈਦੀ ਦੀ ਰਿਹਾਈ ਲਟਕਦੀ ਹੈ ਤਾਂ ਇਸ ਨਾਲ ਸਰਕਾਰ ਨੂੰ ਕੀ ਫ਼ਰਕ ਪੈਂਦਾ ਹੈ।
ਪ੍ਰਸ਼ਾਸਨ ਵੱਲੋਂ ਇਕ ਹੋਰ ਨਿਯਮ ਨੂੰ ਸੋਧਣ ਦੀ ਮੰਗ ਕੀਤੀ ਗਈ। ਅੱਜ-ਕੱਲ੍ਹ ਕੈਦੀ ਨੂੰ ਕੇਵਲ ਆਪਣਾ ਇਲਾਜ ਕਰਾਉਣ ਲਈ ਛੁੱਟੀ ਮਿਲਦੀ ਹੈ। ਛੁੱਟੀ ਦੀ ਇਸ ਸਹੂਲਤ ਦਾ ਘੇਰਾ ਵਧਾਇਆ ਜਾਵੇ। ਨਜ਼ਦੀਕੀ ਰਿਸ਼ਤੇਦਾਰਾਂ ਦਾ ਖ਼ਿਆਲ ਰੱਖਣਾ ਵੀ ਕੈਦੀ ਦਾ ਫ਼ਰਜ਼ ਹੈ। ਨਜ਼ਦੀਕੀ ਰਿਸ਼ਤੇਦਾਰਾਂ ਦੇ ਬੀਮਾਰ ਹੋਣ ’ਤੇ ਵੀ ਇਹ ਛੁੱਟੀ ਦਿੱਤੀ ਜਾਵੇ।
ਅਜਿਹੀਆਂ ਖੁੱਲ੍ਹਾਂ ਨਾਲ ਕੈਦੀ ਦੇ ਮਨ ਵਿਚੋਂ ਕੁੜੱਤਣ ਨਿਕਲ ਜਾਵੇਗੀ। ਉਸ ਦੇ ਸੁਧਰਨ ਦੀ ਆਸ ਵਧ ਜਾਵੇਗੀ। ਜੇਲ੍ਹ ਵਿਭਾਗ ਦੇ ਮੁਖੀ ਦੀ ਨਜ਼ਰ ਆਪਣੇ ਹਵਾਲਾਤੀ ਮਿੱਤਰ ਉਪਰ ਸੀ। ਹਵਾਲਾਤੀਆਂ ਨੂੰ ਛੁੱਟੀ ਮਿਲਣ ਦੀ ਤਜਵੀਜ਼ ਮਨਜ਼ੂਰ ਹੁੰਦਿਆਂ ਹੀ ਸਤਿੰਦਰ ਕੁਮਾਰ ਨੇ ਛੁੱਟੀ ’ਤੇ ਚਲੇ ਜਾਣਾ ਸੀ। ਛੁੱਟੀ ਦੌਰਾਨ ਉਸ ਨੇ ਰੁੱਸੇ ਬਾਸ ਨੂੰ ਮਨਾ ਲੈਣਾ ਸੀ ਤੇ ਛੁੱਟੀ ਖ਼ਤਮ ਹੋਣ ਤੋਂ ਪਹਿਲਾਂ-ਪਹਿਲਾਂ ਬਰੀ ਹੋ ਜਾਣਾ ਸੀ।
ਸੁਝਾਅ ਨਾਲ ਸਹਿਮਤੀ ਪ੍ਰਗਟਾ ਕੇ ਝੱਟ ਉਸ ਨੇ ਮਿਸਲ ਜੇਲ੍ਹ ਮੰਤਰੀ ਦੇ ਮੇਜ਼ ’ਤੇ ਪਹੁੰਚਾ ਦਿੱਤੀ।
ਜੇਲ੍ਹ ਮੰਤਰੀ ਦੀ ਨਜ਼ਰ ਆਪਣੇ ਮਿੱਤਰ ਉਪਰ ਸੀ। ਸੋਧ ਦੇ ਪ੍ਰਵਾਨ ਹੁੰਦਿਆਂ ਹੀ ਨਛੱਤਰ ਸਿੰਘ ਨੂੰ ਲੰਬੀ ਛੁੱਟੀ ਮਿਲ ਜਾਣੀ ਸੀ। ਰਿਸ਼ਤੇਦਾਰਾਂ ਨੇ ਬੀਮਾਰ ਹੁੰਦੇ ਰਹਿਣਾ ਹੈ। ਹਰ ਰਿਸ਼ਤੇਦਾਰ ਦੇ ਇਲਾਜ ਲਈ ਛੁੱਟੀ ਮਨਜ਼ੂਰ ਕਰਨ ਲਈ ਜੇਲ੍ਹ ਮੰਤਰੀ ਲਈ ਰਾਹ ਪੱਧਰਾ ਹੋ ਜਾਣਾ ਸੀ। ਅਪੀਲ ਦੇ ਮਨਜ਼ੂਰ ਹੋਣ ਤਕ ਨਛੱਤਰ ਸਿੰਘ ਨੇ ਛੁੱਟੀ ’ਤੇ ਰਹਿਣਾ ਸੀ।
ਸਾਰੀਆਂ ਉਪਚਾਰਕਤਾਵਾਂ ਮੁਕੰਮਲ ਕਰਵਾ ਕੇ ਜੇਲ੍ਹ ਮੰਤਰੀ ਨੇ ਮਿਸਲ ਮੁੱਖ ਮੰਤਰੀ ਦੇ ਦਫ਼ਤਰ ਪਹੁੰਚਾ ਦਿੱਤੀ। ਮੁੱਖ ਮੰਤਰੀ ਨੇ ਆਪਣੀ ਮੋਹਰ ਲਾ ਦਿੱਤੀ। ਮੰਤਰੀ ਮੰਡਲ ਦੀ ਸਹਿਮਤੀ ਲਈ ਤਜਵੀਜ਼ ਮੀਟਿੰਗ ਦੇ ਏਜੰਡੇ ਵਿਚ ਪਵਾ ਦਿੱਤੀ।
ਏਜੰਡੇ ਦੀ ਕਾਪੀ ਮੁਲਜ਼ਮਾਂ ਹੱਥੋਂ ਸਤਾਏ ਲੋਕਾਂ ਦੇ ਹੱਕਾਂ ਦੀ ਰਾਖੀ ਕਰਨ ਵਾਲੀ ਇਕ ‘ਪੀੜਤ ਭਲਾਈ ਸੰਸਥਾ’ ਨਾਂ ਦੀ ਜਥੇਬੰਦੀ ਦੇ ਹੱਥ ਲੱਗ ਗਈ। ਜਥੇਬੰਦੀ ਨੇ ਸੋਧਾਂ ਵਿਰੁੱਧ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਕਹਿੰਦੀ, “ਇਕੱਲੇ ਮੁਲਜ਼ਮਾਂ ਦੀ ਭਲਾਈ ਦਾ ਖ਼ਿਆਲ ਕਿਉਂ ਰੱਖਿਆ ਜਾਵੇ? ਉਹਨਾਂ ਅਨਾਥ ਬੱਚਿਆਂ ਦੇ ਹੰਝੂਆਂ ਵੱਲ ਕਿਉਂ ਨਾ ਤੱਕਿਆ ਜਾਵੇ ਜਿਨ੍ਹਾਂ ਦੇ ਮਾਪਿਆਂ ਨੂੰ ਇਹਨਾਂ ਨੇ ਦਿਨ-ਦਿਹਾੜੇ ਕਤਲ ਕੀਤਾ ਹੈ? ਉਹਨਾਂ ਮੁਟਿਆਰਾਂ ਦੇ ਉਜੜੇ ਭਵਿੱਖ ਨੂੰ ਧਿਆਨ ਵਿਚ ਕਿਉਂ ਨਾ ਰੱਖਿਆ ਜਾਵੇ, ਜਿਨ੍ਹਾਂ ਦੀਆਂ ਇੱਜ਼ਤਾਂ ਸੱਥਾਂ ਵਿਚ ਲੁੱਟੀਆਂ ਗਈਆਂ ਹਨ, ਜਿਹੜੀਆਂ ਨਾ ਘਰ ਦੀਆਂ ਰਹੀਆਂ ਹਨ, ਨਾ ਘਾਟ ਦੀਆਂ। ਮਾਨਸਿਕਤਾ ਪੀੜਤ ਧਿਰ ਦੀ ਵੀ ਹੁੰਦੀ ਹੈ। ਮੁਜਰਮਾਂ ਦੇ ਜੇਲ੍ਹ ਜਾਂਦਿਆਂ ਹੀ ਵਾਪਸ ਆ ਜਾਣ ’ਤੇ ਉਹਨਾਂ ਦੇ ਸੀਨਿਆਂ ’ਤੇ ਸੱਪ ਨਹੀਂ ਲਿਟਣਗੇ? ਮਨਮਰਜ਼ੀ ਦੀ ਛੁੱਟੀ ਦਾ ਅਧਿਕਾਰ ਮਿਲਣ ਬਾਅਦ ਕੈਦੀ ਦਾ ਮਰਨ ਤਕ ਜੇਲ੍ਹ ਜਾਣ ਨੂੰ ਦਿਲ ਨਹੀਂ ਕਰਨਾ। ਛੁੱਟੀ ਨੂੰ ਕਦੋਂ ਤਕ ਵਧਾਉਂਦੇ ਰਹੋਗੇ। ਹਵਾਲਾਤੀ ਬਾਹਰ ਆ ਕੇ ਗਵਾਹਾਂ ਨੂੰ ਧਮਕਾਉਣਗੇ। ਕਾਮਯਾਬੀ ਨਾ ਮਿਲੀ ਤਾਂ ਗੱਡੀ ਚੜ੍ਹਾ ਦੇਣਗੇ। ਕਿੰਨੇ ਮੁਕੱਦਮਿਆਂ ਵਿਚ ਉਹਨਾਂ ਨੂੰ ਜੁਰਮ ਕਰਨ ਦੀ ਛੁੱਟੀ ਦੇਵੋਗੇ। ਨਿੱਜੀ ਫ਼ਾਇਦਿਆਂ ਲਈ ਮੁਜਰਮਾਂ ਨੂੰ ਸਜ਼ਾਵਾਂ ਦੇਣ ਅਤੇ ਜੇਲ੍ਹੀਂ ਸੁੱਟਣ ਪਿੱਛੇ ਕੰਮ ਕਰਦੇ ਸਿਧਾਂਤਾਂ ਦੀ ਖਿੱਲੀ ਨਾ ਉਡਾਓ।”
ਸੰਸਥਾ ਵੱਲੋਂ ਪੀੜਤਾਂ ਦੇ ਹੱਕਾਂ ਵਿਚ ਪੇਸ਼ ਕੀਤੇ ਤਰਕਾਂ ਨੇ ਕਈ ਹੋਰ ਸੰਸਥਾਵਾਂ ਦੇ ਰੌਂਗਟੇ ਖੜੇ ਕਰ ਦਿੱਤੇ। ਸੋਧਾਂ ਵਿਰੁੱਧ ਥਾਂ-ਥਾਂ ਮਤੇ ਪਾਸ ਹੋਣ ਲੱਗੇ।
ਆਲੋਚਨਾ ਤੋਂ ਡਰੀ ਸਰਕਾਰ ਨੂੰ ਹੱਥ ਪਿਛਾਂਹ ਖਿੱਚਣਾ ਪਿਆ। ‘ਅਜਿਹੀ ਕੋਈ ਤਜਵੀਜ਼ ਨਹੀਂ’ ਦਾ ਬਿਆਨ ਦਾਗ਼ ਕੇ ਮੁੱਖ ਮੰਤਰੀ ਨੂੰ ਸੋਧਾਂ ਵਾਲੀ ਮਿਸਲ ਨੂੰ ਠੰਢੇ ਬਸਤੇ ਵਿਚ ਸੱਟਣਾ ਪਿਆ।
ਇਕ ਤੀਰ ਦੇ ਨਿਸ਼ਾਨੇ ਤੋਂ ਖੁੰਝ ਜਾਣ ਨਾਲ ਜੇਲ ਸੁਪਰਡੈਂਟ ਦਾ ਤਰਕਸ਼ ਖ਼ਾਲੀ ਹੋਣ ਵਾਲਾ ਨਹੀਂ ਸੀ। ਉਸ ਨੇ ਨਵਾਂ ਤੀਰ ਕੱਢ ਲਿਆ।
ਸਰਕਾਰ ਨੂੰ ਜੇ ਨਿਯਮਾਂ ਵਿਚ ਸੋਧ ਕਰਨੀ ਮੁਸ਼ਕਲ ਜਾਪਦੀ ਹੈ ਤਾਂ ਉਹ ਮੁਸ਼ਕਲ ਵਿਚ ਨਾ ਪਵੇ। ਵਰਤਮਾਨ ਨਿਯਮਾਂ ਦਾ ਸਹਾਰਾ ਲੈ ਕੇ ਆਪਣੇ ਚਹੇਤੇ ਕੈਦੀਆਂ ਦੀ ਮਦਦ ਕਰੇ।
ਲੋਕ ਰਾਏ ਨਛੱਤਰ ਸਿੰਘ ਦੇ ਹੱਕ ਵਿਚ ਸੀ। ਉਸ ਨੂੰ ਰਿਹਾਅ ਕਰਨ ਦੀ ਮੰਗ ਲੈ ਕੇ ਲੋਕ ਆਏ ਦਿਨ ਜਲਸੇ ਕਰਦੇ ਅਤੇ ਜਲੂਸ ਕੱਢਦੇ ਸਨ। ਸਰਕਾਰ ਖ਼ੁਫ਼ੀਆ ਪੜਤਾਲ ਕਰਵਾ ਚੁੱਕੀ ਸੀ। ਕਤਲ ਗੰਨਮੈਨਾਂ ਨੇ ਆਪਣੀ ਮਰਜ਼ੀ ਨਾਲ ਕੀਤਾ ਸੀ। ਵਿਧਾਇਕ ਦੀ ਉਸ ਵਿਚ ਕੋਈ ਭੂਮਿਕਾ ਨਹੀਂ ਸੀ। ਲੋਕਤੰਤਰ ਵਿਚ ਲੋਕਾਂ ਦੀ ਰਾਏ ਬਹੁਤ ਅਹਿਮੀਅਤ ਰੱਖਦੀ ਹੈ। ਸਰਕਾਰ ਲੋਕ ਰਾਏ ਅੱਗੇ ਸਿਰ ਝੁਕਾਏ। ਲੋਕ ਹਿੱਤ ਨੂੰ ਧਿਆਨ ਵਿਚ ਰੱਖ ਕੇ ਮੁਕੱਦਮਾ ਵਾਪਸ ਲਏ।
ਸਰਕਾਰ ਨੇ ਇਸ ਉਦੇਸ਼ ਦੀ ਪੂਰਤੀ ਲਈ ਹਾਈਕੋਰਟ ਵਿਚ ਅਰਜ਼ੀ ਲਾਈ। ਅਰਜ਼ੀ ਦੀ ਸੂਹ ਗੰਨਮੈਨਾਂ ਦੇ ਵਕੀਲਾਂ ਨੂੰ ਲੱਗ ਗਈ। ਉਹਨਾਂ ਨੇ ਵੰਝ ਗੱਡ ਦਿੱਤਾ। ‘ਸਰਕਾਰ ਦਾ ਰਵੱਈਆ ਪੱਖਪਾਤੀ ਹੈ’ ਆਖ ਕੇ ਦਰਖ਼ਾਸਤ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਗੰਨਮੈਨਾਂ ਨੇ ਆਪਣਾ ਫ਼ਰਜ਼ ਨਿਭਾਇਆ ਹੈ। ਉਹ ਬੇਕਸੂਰ ਹਨ। ਸਾਰਾ ਮੁਕੱਦਮਾ ਵਾਪਸ ਲਿਆ ਜਾਵੇ ਜਾਂ ਸਾਰੇ ਮੁਲਜ਼ਮਾਂ ਨੂੰ ਇਕੋ ਅੱਖ ਨਾਲ ਦੇਖਿਆ ਜਾਵੇ।
ਹਾਈਕੋਰਟ ਗੰਨਮੈਨਾਂ ਦੇ ਵਕੀਲਾਂ ਨਾਲ ਸਹਿਮਤ ਹੋ ਗਈ।
ਅਦਾਲਤ ਦੀ ਦਖ਼ਲ-ਅੰਦਾਜ਼ੀ ਕਾਰਨ ਰਿਹਾਈ ਇਕ ਵਾਰ ਫੇਰ ਟਲ ਗਈ।
ਇਸੇ ਦੌਰਾਨ ਸਤਿੰਦਰ ਕੁਮਾਰ ਦਾ ਪਾਸਾ ਸਿੱਧਾ ਪੈ ਗਿਆ। ਮਿੰਨਤ-ਤਰਲਾ ਕਰ ਕੇ ਉਸ ਨੇ ਕੇਂਦਰੀ ਮੰਤਰੀ ਨਾਲ ਸੁਲਾਹ ਕਰ ਲਈ। ਮੰਤਰੀ ਦੇ ਤੇਵਰ ਢਿੱਲੇ ਪੈਂਦੇ ਹੀ ਜੱਜ ਗੱਠਿਆ, ਜ਼ਮਾਨਤ ਮਨਜ਼ੂਰ ਕਰਾਈ ਅਤੇ ਪੱਤਰੇ ਵਾਚ ਗਿਆ।
ਇਕੱਲੇ ਰਹਿ ਗਏ ਨਛੱਤਰ ਨੂੰ ਜੇਲ੍ਹ ਹੋਰ ਵੱਢ-ਵੱਢ ਖਾਣ ਲੱਗੀ। ਮਨ ਜਲਦੀ ਰਿਹਾਅਹੋਣ ਲਈ ਕਾਹਲਾ ਪੈਣ ਲੱਗਾ। ਉਹ ਜੇਲ੍ਹ ਮੰਤਰੀ ਰਾਹੀਂ ਜੇਲ੍ਹ ਪ੍ਰਸ਼ਾਸਨ ’ਤੇ ਦਬਾਅ ਵਧਾਉਣ ਲੱਗਾ।
ਜੇਲ੍ਹ ਸੁਪਰਡੈਂਟ ਨੇ ਕਿੰਗ ਬਰੂਸ ਵਾਲੀ ਕਹਾਣੀ ਨੂੰ ਚੰਗੀ ਤਰ੍ਹਾਂ ਘੋਟਾ ਲਾਇਆ ਹੋਇਆ ਸੀ। ਉਹ ਵਿਧਾਇਕ ਦੀ ਰਿਹਾਈ ਲਈ ਨਵੇਂ ਸਿਰਿਉਂ ਯਤਨ ਕਰਨ ਲੱਗਾ।
ਸੁਪਰਡੈਂਟ ਨੇ ਸਰਕਾਰ ਨੂੰ ਯਾਦ ਕਰਾਇਆ। ਸੰਵਿਧਾਨ ਨੇ ਉਸ ਨੂੰ ਹਰ ਤਰ੍ਹਾਂ ਦੇ ਕੈਦੀ ਦੀ, ਹਰ ਤਰ੍ਹਾਂ ਦੀ ਸਜ਼ਾ ਮੁਆਫ਼ ਕਰਨ ਦਾ ਅਧਿਕਾਰ ਦਿੱਤਾ ਹੋਇਆ ਹੈ। ਭਾਵੇਂ ਇਹ ਅਧਿਕਾਰ ਮਿਲਿਆ ਅਜਿਹੀਆਂ ਪ੍ਰਸਥਿਤੀਆਂ ਨੂੰ ਨਜਿੱਠਣ ਲਈ ਹੈ, ਜਿਥੇ ਕੈਦੀ ਨਾਲ ਘੋਰ ਅਨਿਆਂ ਹੋਇਆ ਹੋਵੇ ਅਤੇ ਕਾਨੂੰਨੀ ਅੜਚਨਾਂ ਕਾਰਨ, ਚਾਹੁੰਦੇ ਹੋਏ ਵੀ ਅਦਾਲਤ ਇਨਸਾਫ਼ ਨਾ ਕਰ ਸਕੀ ਹੋਵੇ, ਪਰ ਸਰਕਾਰ ਵੱਲੋਂ ਇਸ ਅਧਿਕਾਰ ਦੀ ਬਹੁਤੀ ਵਰਤੋਂ ਆਪਣੇ ਹਮਾਇਤੀਆਂ ਦੇ ਭਲੇ ਲਈ ਹੀ ਹੋ ਰਹੀ ਹੈ।
ਸੁਪਰਡੈਂਟ ਨੇ ਅਜਿਹੇ ਕੁਝ ਕੇਸਾਂ ਦਾ ਹਵਾਲਾ ਦਿੱਤਾ, ਜਿਨ੍ਹਾਂ ਵਿਚ ਇਸ ਅਧਿਕਾਰ ਦੀ ਵਰਤੋਂ ਸਫ਼ਲਤਾਪੂਰਵਕ ਹੋ ਚੁੱਕੀ ਸੀ। ਸੰਗੀਨ ਜੁਰਮਾਂ ਦੇ ਮੁਜਰਮ ਚੁੱਪ-ਚਾਪ ਘਰਾਂ ਨੂੰ ਤੁਰ ਗਏ। ਉਹਨਾਂ ਦੇ ਰਿਹਾਅ ਹੋਣ ਦੀ ਸੂਹ ਨਾ ਕਿਸੇ ਸੰਸਥਾ ਨੂੰ ਮਿਲੀ, ਨਾ ਕਿਸੇ ਅਦਾਲਤ ਨੂੰ।
ਸੰਜੇ ਖ਼ਾਨ ਉਪਰ ਦੋ ਵਿਦਿਆਰਥੀਆਂ ਦੇ ਕਤਲ ਦਾ ਕੇਸ ਸੀ। ਬੁੱਢੇ ਮਾਂ-ਬਾਪ ਦਾ ਉਹ ਇਕਲੌਤਾ ਪੱਤਰ ਸੀ। ਪਿੱਛੇ ਉਹਨਾਂ ਦੀ ਦੇਖ-ਭਾਲ ਕਰਨ ਵਾਲਾ ਕੋਈ ਨਹੀਂ ਸੀ। ਇਸ ਬਹਾਨੇ ਉਸ ਦੀ ਸਜ਼ਾ ਮੁਆਫ਼ ਕੀਤੀ ਗਈ ਸੀ।
ਬੱਚੇ ਚੁੱਕ ਕੇ ਉਹਨਾਂ ਨੂੰ ਮੰਗਤੇ ਬਣਾਉਣ ਵਾਲੇ ਗਰੋਹ ਦੇ ਸਰਗਨੇ ਪ੍ਰਤਾਪ ਸਿੰਘ ਦੀ ਪਤਨੀ ਸਖ਼ਤ ਬੀਮਾਰ ਸੀ। ਉਹ ਕਿਸੇ ਵੀ ਸਮੇਂ ਦਮ ਤੋੜ ਸਕਦੀ ਸੀ। ਉਸ ਦਾ ਦਮ ਆਪਣੀ ਪਤੀ ਦੀ ਗੋਦ ਵਿਚ ਨਿਕਲ ਸਕੇ, ਇਸ ਲਈ ਸਰਕਾਰ ਨੇ ਇਸ ਅਧਿਕਾਰ ਦੀ ਵਰਤੋਂ ਕੀਤੀਸੀ।
ਵਿਧਾਇਕ ਦਾ ਪੱਖ ਇਹਨਾਂ ਸਭ ਨਾਲੋਂ ਮਜ਼ਬੂਤ ਸੀ। ਉਸ ਨੂੰ ਸਜ਼ਾ ਸਿਆਸੀ ਕਾਰਨਾਂ ਕਰਕੇ ਹੋਈ ਸੀ। ਦੋਹਾਂ ਧਿਰਾਂ ਵਿਚ ਹੁਣ ਸਮਝੌਤਾ ਹੋ ਚੁੱਕਾ ਸੀ। ਪਿੰਡ ਵਿਚ ਅਮਨ-ਚੈਨ ਸੀ। ਅਮਨ-ਚੈਨ ਨੂੰ ਸਥਾਈ ਰੂਪ ਦੇਣ ਲਈ ਲੋਕਾਂ ਵਿਚ ਉਹਨਾਂ ਦੇ ਨੁਮਾਇੰਦੇ ਦਾ ਹੋਣਾ ਜ਼ਰੂਰੀ ਸੀ। ਇਸ ਆਧਾਰ ’ਤੇ ਵਿਧਾਇਕ ਦੀ ਰਹਿੰਦੀ ਸਜ਼ਾ ਮੁਆਫ਼ ਹੋਣੀ ਚਾਹੀਦੀ ਹੈ।
ਸਜ਼ਾ ਮੁਆਫ਼ੀ ਦੇ ਹੁਕਮ ਉਪਰ ਰਾਜਪਾਲ ਦੇ ਦਸਤਖ਼ਤ ਹੋਣੇ ਸਨ। ਰਾਜਪਾਲ ਤਕ ਪੁੱਜਣ ਤੋਂ ਪਹਿਲਾਂ ਮਿਸਲ ਨੂੰ ਹਜ਼ਾਰਾਂ ਚੋਟੀਆਂ ਸਰ ਕਰਨੀਆਂ ਪੈਣੀਆਂ ਸਨ। ਪ੍ਰੋਫ਼ੈਸਰ ਦੀ ਪੈਰਵੀ ਕਰਨ ਵਾਲੇ ਏਨੇ ਹਿੰਮਤੀ ਨਹੀਂ ਸਨ। ਹੁਸ਼ਿਆਰੀ ਨਾਲ ਸੁਪਰਡੈਂਟ ਨੇ ਉਸ ਦੀ ਮਿਸਲ ਵਿਧਾਇਕ ਦੀ ਮਿਸਲ ਨਾਲ ਬੰਨ੍ਹ ਦਿੱਤੀ। ਜਦੋਂ ਹਾਥੀ ਲੰਘ ਗਿਆ ਤਾਂ ਪੂਛ ਵੀ ਲੰਘ ਜਾਵੇਗੀ ਅਤੇ ਰਾਤੀਂ ਸੁਪਰਡੈਂਟ ਹਾਥੀ ਅਤੇ ਪੂਛ ਦੋਹਾਂ ਦੇ ਲੰਘ ਜਾਣ ਦੀ ਖ਼ਬਰ ਸੁਣਾ ਕੇ ਗਿਆ ਸੀ।
ਇਸ ਖ਼ਬਰ ’ਤੇ ਕਿਸੇ ਨੂੰ ਬਹੁਤੀ ਖ਼ੁਸ਼ੀ ਨਹੀਂ ਸੀ ਹੋਈ। ਉਹਨਾਂ ਦਾ ਮਨ ਆਖਦਾ ਸੀ, ਇਸ ਵਾਰ ਮਿਹਨਤ ਪੱਲੇ ਪਏਗੀ। ਦਿਮਾਗ਼ ਆਖਦਾ ਸੀ, ਇਹ ਹੁਕਮ ਵੀ ਛਲਾਵਾ ਹੈ। ਪੂਰੀ ਸਜ਼ਾ ਭੁਗਤਣੀ ਪਏਗੀ।
ਦੁਚਿੱਤੀ ਵਿਚ ਪਏ ਉਹ ਦੁਪਹਿਰ ਦਾ ਇੰਤਜ਼ਾਰ ਕਰਨ ਲੱਗੇ।
ਦੁਪਹਿਰ ਆਈ। ਹੁਕਮ ਦੀ ਥਾਂ ਭੈੜੀ ਖ਼ਬਰ ਲਿਆਈ।
“ਘਰ ਦੇ ਕਿਸੇ ਭੇਤੀ ਨੇ ਫੇਰ ਲੰਕਾ ਢਾਹ ਦਿੱਤੀ ਸੀ। ਗੁਪਤ ਦਸਤਾਵੇਜ਼ ਪੀੜਤ ਭਲਾਈ ਸੰਸਥਾ ਕੋਲ ਪੁੱਜ ਚੁੱਕੇ ਹਨ। ਸੰਸਾਰ ਦੇ ਅਹੁਦੇਦਾਰ ਹਾਈਕੋਰਟ ’ਚ ਬੈਠੇ ਹਨ। ਉਹ ਰਿਟ ਦੀ ਤਿਆਰੀ ਕਰ ਰਹੇ ਹਨ। ਉਹਨਾਂ ਨੂੰ ਗਿਲਾ ਹੈ। ਸਰਕਾਰ ਆਪਣੇ ਅਧਿਕਾਰ ਦੀ ਦੁਰਵਰਤੋਂ ਕਰ ਰਹੀ ਹੈ। ਆਪਣਾ ਪੱਖ ਮਜ਼ਬੂਤ ਕਰਨ ਲਈ ਉਹਨਾਂ ਨੇ ਅੰਕੜੇ ਜੁਟਾ ਲਏ ਹਨ। ਉਹਨਾਂ ਨੂੰ ਪਤਾ ਲੱਗ ਚੁੱਕਾ ਹੈ ਸੰਜੇ ਖ਼ਾਨ ਨੇ ਇਕ ਰਾਹਗੀਰ ਦੇ ਪੇਟ ਵਿਚ ਖ਼ੰਜਰ ਮਾਰ ਦਿੱਤਾ ਹੈ। ਉਹ ਜੇਲ੍ਹ ਦੀ ਹਵਾ ਖਾ ਰਿਹਾ ਹੈ। ਪ੍ਰਤਾਪ ਸਿੰਘ ਦੇ ਘਰ ਨੂੰ ਜਿੰਦਾ ਲੱਗਾ ਹੋਇਆ ਹੈ। ਉਹ ਬੱਚੇ ਚੁੱਕਣ ਦਿੱਲੀ-ਦੱਖਣ ਵੱਲ ਨਿਕਲਿਆ ਹੋਇਆ ਹੈ। ਸੰਸਥਾ ਸਹੇ ਦੀ ਥਾਂ ਪਹੇ ਤੋਂ ਡਰ ਰਹੀ ਹੈ। ਬੀਸੀਆਂ ਹੋਰ ਖ਼ਾਨਾਂ ਅਤੇ ਪ੍ਰਤਾਪ ਸਿੰਘਾਂ ਦੀ ਰਿਹਾਈ ਦੀ ਯੋਜਨਾ ਬਣ ਰਹੀ ਹੈ। ਉਮਰ ਕੈਦ ਵਾਲੇ ਖ਼ਤਰਨਾਕ ਮੁਜਰਮਾਂ ਨੂੰ ਛੇ ਮਹੀਨੇ ਬਾਅਦ ਰਿਹਾਅ ਕਰ ਕੇ ਸਰਕਾਰ ਨਾਲੇ ਅਦਾਲਤਾਂ ਦਾ ਮਜ਼ਾਕ ਉਡਾ ਰਹੀ ਹੈ, ਨਾਲੇ ਲੋਕਾਂ ਦੀ ਸੁਰੱਖਿਆ ਲਈ ਖ਼ਤਰਾ ਖੜਾ ਕਰ ਰਹੀ ਹੈ। ਅਜਿਹੀਆਂ ਪੱਖਪਾਤੀ ਰਿਹਾਈਆਂ ’ਤੇ ਰੋਕ ਲੱਗਣੀ ਚਾਹੀਦੀ ਹੈ।”
ਇਹ ਖ਼ਬਰ ਸੁਣ ਕੇ ਨਛੱਤਰ ਹੋਰਾਂ ਦੇ ਚਿਹਰਿਆਂ ’ਤੇ ਹਵਾਈਆਂ ਉੱਡਣ ਲੱਗੀਆਂ। ਨਛੱਤਰ ਪ੍ਰੋਫ਼ੈਸਰ ਕੋਲ ਜਾ ਬੈਠਾ ਅਤੇ ਰਾਮੂ ਪਾਲੇ ਕੋਲ।
ਰਾਮੂ ਰੀਂ-ਰੀਂ ਕਰਨ ਲੱਗਾ।
“ਮੇਰੇ ਘਰ ਬੱਚਾ ਹੋਣ ਵਾਲਾ ਹੈ। ਮੈਂ ਬੜੇ ਸੁਪਨੇ ਲਏ ਸਨ। ਹਰ ਮਹੀਨੇ, ਪਤਨੀ ਦੀ ਜਾਂਚ ਡਾਕਟਰ ਕੋਲੋਂ ਕਰਵਾਵਾਂਗਾ। ਉਸ ਨੂੰ ਵਧੀਆ ਤੋਂ ਵਧੀਆ ਖ਼ੁਰਾਕ ਦੇਵਾਂਗਾ। ਪਤਨੀ ਨੂੰ ਖ਼ੁਸ਼ ਰੱਖਾਂਗਾ। ਮੇਰੀਆਂ ਸਾਰੀਆਂ ਯੋਜਨਾਵਾਂ ਧਰੀਆਂ-ਧਰਾਈਆਂ ਰਹਿ ਗਈਆਂ। ਇਕੱਲੀ ਬੈਠੀ ਮੇਰੀ ਪਤਨੀ ਸਾਰਾ ਦਿਨ ਰੋਂਦੀ ਰਹਿੰਦੀ ਹੈ। ਹੋਟਲ ਵਾਲਿਆਂ ਨੇ ਉਧਾਰ ਦੇਣਾ ਬੰਦ ਕਰ ਦਿੱਤਾ ਹੈ। ਕੋਠੀਆਂ ਵਿਚ ਸਫ਼ਾਈ ਕਰ ਕੇ ਉਹ ਮਸਾਂ ਪੇਟ ਪਾਲਦੀ ਹੈ।”
ਰਾਮੂ ਡਰ ਰਿਹਾ ਸੀ। ਉਸ ਦੀ ਗ਼ੈਰ-ਹਾਜ਼ਰੀ ਲੰਬੀ ਹੋਣ ਨਾਲ ਉਸ ਦਾ ਬੱਚਾ ਮਰ ਸਕਦਾ ਹੈ, ਪਤਨੀ ’ਤੇ ਕੋਈ ਡੋਰੇ ਪਾ ਸਕਦਾ ਹੈ, ਵੱਸਿਆ-ਵਸਾਇਆ ਘਰ ਉੱਜੜ ਸਕਦਾ ਹੈ। ਰਾਮੂ ਦੀਆਂ ਗੱਲਾਂ ਸੁਣ ਕੇ ਪਾਲਾ ਵਿਧਾਇਕ ’ਤੇ ਖਿਝਣ ਲੱਗਾ, “ਆਪਣੀ ਰਿਹਾਈ ਲਈ ਤਰਲੋ-ਮੱਛੀ ਹੋ ਰਹੇ ਵਿਧਾਇਕ ਨੂੰ ਰਾਮੂ ਦੇ ਮਨ ਦੀ ਪੀੜ ਦੀ ਸਮਝ ਕਿਉਂ ਨਹੀਂ ਆ ਰਹੀ? ਜੇਲ੍ਹ ਵਿਚ ਰਹਿਣਾ ਵਿਧਾਇਕ ਦੀ ਮਜਬੂਰੀ ਹੈ। ਉਹ ਸਜ਼ਾ ਭੁਗਤ ਰਿਹਾ ਹੈ। ਰਾਮੂ ਦੀ ਰਿਹਾਈ ਵਿਚ ਕੋਈ ਕਾਨੂੰਨੀ ਅੜਚਨ ਨਹੀਂ ਹੈ। ਬੱਸ, ਵਿਧਾਇਕ ਦਾ ਇਸ਼ਾਰਾ ਚਾਹੀਦਾ ਹੈ। ਨਛੱਤਰ ਨੂੰ ਕਿਸੇ ਦੀ ਆਜ਼ਾਦੀ ਨਾਲੋਂ ਪਤਾ ਨਹੀਂ ਜੀਭ ਦਾ ਸੁਆਦ ਕਿਉਂ ਪਿਆਰਾ ਹੈ?
ਪਾਲਾ ਰਾਮੂ ਵਾਂਗ ਝੂਰ ਸਕਦਾ ਸੀ, ਉਹ ਝੂਰਣ ਲੱਗਾ।
ਬਾਅਦ ਦੁਪਹਿਰ ਫੇਰ ਖ਼ਬਰ ਆਈ, “ਇਸ ਸਮੇਂ ਸੁਣਵਾਈ ਹੋ ਰਹੀ ਹੈ। ਸੰਗੀਨ ਜੁਰਮਾਂ ਦੇ ਕੈਦੀਆਂ ਦੀ ਥੋਕ ਦੇ ਭਾਅ ਹੋ ਰਹੀ ਰਿਹਾਈ ’ਤੇ ਹਾਈ ਕੋਰਟ ਹੈਰਾਨ ਹੋ ਰਹੀ ਹੈ।
ਰਾਮੂ ਮੰਹ ਸਿਰ ਲਪੇਟ ਕੇ ਪੈ ਗਿਆ। ਪਾਲਾ ਛੋਟੇ-ਮੋਟੇ ਕੰਮ ਵਿਚ ਰੁੱਝ ਗਿਆ।
ਸ਼ਾਮ ਨੂੰ ਉਹੋ ਖ਼ਬਰ ਆਈ ਜਿਸ ਦਾ ਡਰ ਸੀ, “ਇਸ ਆਪ-ਹੁਦਰੇਪਣ ’ਤੇ ਸਰਕਾਰ ਨੂੰ ਖ਼ੂਬ ਝਿੜਕਾਂ ਪਈਆਂ। ਹਾਲ ਦੀ ਘੜੀ ਹਾਈ ਕੋਰਟ ਨੇ ਹੋਰ ਰਿਹਾਈਆਂ ’ਤੇ ਪਾਬੰਦੀ ਲਾ ਦਿੱਤੀ ਹੈ। ਪਿਛਲੇ ਤਿੰਨ ਸਾਲਾਂ ਵਿਚ ਕਿਨ੍ਹਾਂ-ਕਿਨ੍ਹਾਂ ਕੈਦੀਆਂ ਨੂੰ, ਕਿਸ-ਕਿਸ ਬਹਾਨੇ ਛੱਡਿਆ ਗਿਆ ਹੈ? ਅਗਲੇ ਤਿੰਨ ਮਹੀਨਿਆਂ ਵਿਚ ਕਿਸ-ਕਿਸ ਨੂੰ ਛੱਡਣ ਦਾ ਇਰਾਦਾ ਹੈ। ਇਸ ਦੀ ਵਿਸਤਰਿਤ ਰਿਪੋਰਟ ਮੰਗੀ ਗਈ ਹੈ।
ਬਾਕੀਆਂ ਲਈ ਇਹ ਖ਼ਬਰ ਮਾੜੀ ਸੀ ਪਰ ਪਾਲੇ ਲਈ ਚੰਗੀ। ਕੁਝ ਦਿਨ ਕੋਠੀ ਹੋਰ ਖੁੱਲ੍ਹੀ ਰਹੇਗੀ। ਕੁਝ ਦਿਨ ਪਾਲੇ ਨੂੰ ਹੋਰ ਮੌਜਾਂ ਬਣੀਆਂ ਰਹਿਣਗੀਆਂ।
ਸਵੇਰੇ ਭਾਵੇਂ ਪਾਲੇ ਨੇ ਇਹੋ ਸੁੱਖ ਸੁੱਖੀ ਸੀ, ਪਰ ਰਾਮੂ ਦਾ ਉਤਰਿਆ ਮੂੰਹ ਦੇਖ ਕੇ ਹੁਣ ਉਸ ਨੂੰ ਆਪਣੀ ਸੁੱਖ ਪੂਰੀ ਹੋਣ ’ਤੇ ਦੁੱਖ ਹੋ ਰਿਹਾ ਸੀ।
17
ਇਕ ਪਾਸੇ ਥਾਣੇ ਵਿਚ ਨਫ਼ਰੀ ਘੱਟ ਸੀ, ਦੂਜੇ ਪਾਸੇ ਖ਼ੁਫ਼ੀਆ ਵਿਭਾਗ ਨੇ ਸਖ਼ਤ ਤਾੜਨਾ ਕੀਤੀ ਸੀ, “ਜਲਸਾ ਅੱਤਵਾਦੀਆਂ ਦੇ ਹੱਕ ਵਿਚ ਹੋ ਰਿਹਾ ਹੈ। ਜੋਸ਼ ’ਚ ਆਈ ਭੀੜ ਕੁਝ ਵੀ ਕਰ ਸਕਦੀ ਹੈ। ਸਥਾਨਕ ਪੁਲਿਸ ਪੂਰੀ ਚੌਕਸ ਰਹੇ।”
ਜਲਸੇ ’ਤੇ ਨਜ਼ਰ ਰੱਖ ਰਹੀ ਪੁਲਿਸ ਪਾਰਟੀ ਦੀ ਅਗਵਾਈ ਮੁੱਖ ਅਫ਼ਸਰ ਖ਼ੁਦ ਕਰ ਰਿਹਾ ਸੀ। ਉਹ ਕਈ ਦਿਨਾਂ ਬਾਅਦ ਬਿਸਤਰੇ ਵਿਚੋਂ ਉੱਠਿਆ ਸੀ। ਹਾਲੇ ਵੀ ਗਲਾ ਖ਼ਰਾਬ ਸੀ, ਨਿੱਛਾਂ ਆ ਰਹੀਆਂ ਸਨ ਅਤੇ ਹੱਡ ਟੁੱਟ ਰਹੇ ਸਨ। ਧੱਪ ਅਤੇ ਧੂੜ ਹਾਲ ਨੂੰ ਹੋਰ ਬੇਹਾਲ ਕਰ ਰਹੀ ਸੀ।
ਸਰੀਰਕ ਦੇ ਨਾਲ-ਨਾਲ ਉਹ ਮਾਨਸਿਕ ਤਨਾਅ ਵਿਚ ਵੀ ਸੀ। ਜਿਸ ਬੰਟੀ ਕਤਲ ਕੇਸ ਦੀ ਗੁੱਥੀ ਸੂਬੇ ਦੀ ਸਾਰੀ ਪੁਲਿਸ ਤੋਂ ਦੋ ਸਾਲ ਤਕ ਨਹੀਂ ਸੀ ਸੁਲਝੀ, ਉਹ ਇਕੱਲੇ ਮਨਿੰਦਰ ਨੇ ਸੁਲਝਾ ਲਈ ਸੀ। ਕਾਤਲ ਫੜ ਵੀ ਲਏ ਸਨ ਅਤੇ ਜੁਰਮ ਦਾ ਇਕਬਾਲ ਵੀ ਕਰਵਾ ਲਿਆ ਸੀ। ਸ਼ਾਬਾਸ਼, ਤਰੱਕੀ ਅਤੇ ਇਨਾਮ ਦੇਣ ਦੀ ਥਾਂ ਨਾਲੇ ਅਫ਼ਸਰਾਂ ਨੇ ਉਸ ਦੀ ਖੁੰਭ ਠੱਪੀ, ਨਾਲੇ ਕਾਤਲ ਛੱਡ ਦਿੱਤੇ।
ਇਹ ਗੱਲ ਕਈ ਮਹੀਨੇ ਪੁਰਾਣੀ ਸੀ। ਹਾਲੇ ਤਕ ਮਨਿੰਦਰ ਦਾ ਗ਼ੁੱਸਾ ਠੰਢਾ ਨਹੀਂ ਸੀ ਹੋਇਆ। ਉਸ ਨੇ ਮਨ ਵਿਚ ਠਾਣ ਰੱਖੀ ਸੀ, “ਮੈਂ ਕਾਤਲਾਂ ਨੂੰ ਫੜਵਾ ਕੇ ਛੱਡਾਂਗਾ।” ਉਸ ਨੂੰ ਕਿਸੇ ਅਜਿਹੇ ਉਚਿਤ ਬੰਦੇ ਦੀ ਤਲਾਸ਼ ਸੀ, ਜਿਹੜਾ ਮੁਖ਼ਬਰ ਦਾ ਨਾਂ ਵੀ ਜ਼ਾਹਰ ਨਾ ਕਰੇ, ਅਤੇ ਮੁਲਜ਼ਮਾਂ ਨੂੰ ਹੱਥ ਵੀ ਪਾ ਲਏ।
ਸੰਮਤੀ ਵਾਲਿਆਂ ਨੇ ਪਤਾ ਨਹੀਂ ਕਿੰਨੇ ਕੁ ਬੁਲਾਰੇ ਬੁਲਾਏ ਸਨ। ਜਲਸਾ ਹਨੂੰਮਾਨ ਦੀ ਪੂਛ ਵਾਂਗ ਵਧਦਾ ਜਾ ਰਿਹਾ ਸੀ।
ਬੁੜ-ਬੁੜ ਕਰਦਾ ਮਨਿੰਦਰ ਕਾਰ ਦੀ ਪਿਛਲੀ ਸੀਟ ’ਤੇ ਲੁਟਕ ਗਿਆ ਅਤੇ ਨੀਮ-ਬੇਹੋਸ਼ੀ ਦੀ ਹਾਲਤ ਵਿਚ ਜਲਸਾ ਖ਼ਤਮ ਹੋਣ ਦਾ ਇੰਤਜ਼ਾਰ ਕਰਨ ਲੱਗਾ।
ਆਖ਼ਰ ਸਟੇਜ ਸਕੱਤਰ ਨੇ ਐਲਾਨ ਕੀਤਾ, “ਅੰਤਿਮ ਬੁਲਾਰਾ ਲੋਕਾਂ ਦੇ ਸਨਮੁਖ ਹੋ ਰਿਹਾਹੈ।”
ਬਾਬਾ ਗੁਰਦਿੱਤ ਸਿੰਘ ਜਦੋਂ ਬੋਲਦਾ ਸੀ, ਲੋਕਾਂ ਦੇ ਰੌਂਗਟੇ ਖੜੇ ਹੋ ਜਾਂਦੇ ਸਨ। ਮਨਿੰਦਰ ਸਿੰਘ ਉਸ ਦੇ ਵਿਚਾਰਾਂ ਨਾਲ ਬਹੁਤਾ ਸਹਿਮਤ ਨਹੀਂ ਸੀ, ਪਰ ਬਾਬੇ ਦੀਆਂ ਕਰਾਰੀਆਂ-ਕਰਾਰੀਆਂ ਗੱਲਾਂ ਸੁਣ ਕੇ ਉਸ ਨੂੰ ਆਨੰਦ ਆਉਂਦਾ ਸੀ। ਹਿੰਮਤ ਬਟੋਰ ਕੇ ਉਹ ਬਾਬੇ ਦੀਆਂ ਗੱਲਾਂ ਵੱਲ ਧਿਆਨ ਦੇਣ ਲੱਗਾ।
‘ਲੋਟੂ ਸਰਕਾਰ’, ‘ਲੁੱਟੇ ਜਾ ਰਹੇ ਲੋਕ’ ਇਹ ਟੋਟਕੇ ਉਹ ਕਈ ਵਾਰ ਸੁਣਾ ਚੁੱਕਾ ਸੀ। ਘਸਿਆ-ਪਿਟਿਆ ਵਿਸ਼ਾ ਉਸ ਨੂੰ ਅਕਾਉਣ ਲੱਗਾ।
ਮਨਿੰਦਰ ਮੁੜ ਅੱਖਾਂ ਮੀਚਣ ਹੀ ਲੱਗਾ ਸੀ ਕਿ ਬਾਬਾ ਐਲਾਨ ਕਰਨ ਲੱਗਾ।
“ਸੰਮਤੀ ਕੋਲੋਂ ਇਹ ਭੁੱਲ ਹੋਈ ਹੈ। ਅਸੀਂ ਉਹ ਭੁੱਲ ਸੋਧਾਂਗੇ। ਬੰਟੀ ਦੇ ਅਸਲ ਕਾਤਲ ਲੱਭਾਂਗੇ। ਫੇਰ ਉਹਨਾਂ ਨੂੰ ਲੋਕ-ਕਚਹਿਰੀ ਵਿਚ ਪੇਸ਼ ਕਰਾਂਗੇ।”
ਇਹ ਐਲਾਨ ਸੁਣ ਕੇ ਮਨਿੰਦਰ ਦਾ ਮਨ ਗੁਲਾਬ ਵਾਂਗ ਖਿੜ ਗਿਆ। ਉਸ ਦੀ ਹੱਡ-ਭੰਨਣੀ ਦੂਰ ਹੋ ਗਈ। ਉਹ ਇੰਝ ਨੌਂ-ਬਰ-ਨੌਂ ਮਹਿਸੂਸ ਕਰਨ ਲੱਗਾ, ਜਿਵੇਂ ਸੰਜੀਵਨੀ ਬੂਟੀ ਸੁੰਘ ਲਈ ਹੋਵੇ।
ਅਜਿਹੇ ਉਚਿਤ ਮੌਕੇ ’ਤੇ ਅਜਿਹੀ ਸੰਸਥਾ ਦੀ ਉਸ ਨੂੰ ਤਲਾਸ਼ ਸੀ।
ਇਸ ਸ਼ੁਭ ਕੰਮ ਲਈ ਬਾਬੇ ਨੇ ਲੋਕਾਂ ਕੋਲੋਂ ਸਹਿਯੋਗ ਦੀ ਮੰਗ ਕੀਤੀ। “ਮੈਂ ਫੜਾਵਾਂਗਾ ਤੁਹਾਨੂੰ ਅਸਲ ਕਾਤਲ।” ਮਨਿੰਦਰ ਯੋਗਦਾਨ ਪਾਉਣ ਦਾ ਮਨ ਬਣਾਉਣ ਲੱਗਾ।
“ਅੱਗੇ ਲੋਕ ਪੁਲਿਸ ਕੋਲ ਮੁਖ਼ਬਰੀ ਕਰਦੇ ਹਨ। ਅੱਜ ਪੁਲਿਸ ਲੋਕ-ਨੁਮਇੰਦੇ ਕੋਲ ਮੁਖ਼ਬਰੀ ਕਰੇਗੀ। ਸੋਚਦਾ ਮਨਿੰਦਰ ਜਲਸੇ ਦੇ ਖ਼ਤਮ ਹੋਣ ਦਾ ਇੰਤਜ਼ਾਰ ਕਰਨ ਲੱਗਾ।
“ਮੁਖ਼ਬਰ ਨੂੰ ਮੁਲਜ਼ਮ ਫੜਾਉਣ ਦੀ ਤੜਪ ਇਕੱਲੀ ਪੈਸਾ ਕਮਾਉਣ ਲਈ ਨਹੀਂ ਹੁੰਦੀ, ਇਸ ਪਿੱਛੇ ਉਸ ਦੀ ਸ਼ੁਭ ਭਾਵਨਾ ਵੀ ਕੰਮ ਕਰ ਰਹੀ ਹੁੰਦੀ ਹੈ।” ਇਹ ਸੂਰਤ ਮਨਿੰਦਰ ਨੂੰ ਖ਼ੁਦ ਮੁਖ਼ਬਰ ਬਣਨ ਬਾਅਦ ਸਮਝ ਆਇਆ।
ਸ਼ਾਇਦ ਅਜਿਹੇ ਹੀ ਤੀਬਰ ਜਜ਼ਬੇ ਤਹਿਤ ਮਨਿੰਦਰ ਦਾ ਮੁਖ਼ਬਰ ਉਸ ਦੇ ਪਿੱਛੇ ਪਿਆ ਹੋਇਆ ਸੀ, “ਢਾਬੇ ’ਤੇ ਛਾਪਾ ਮਾਰੋ। ਨਾਲੇ ਉਥੇ ਨਸ਼ਾ ਵਿਕਦਾ ਹੈ, ਨਾਲੇ ਧੰਦਾ ਹੁੰਦਾ ਹੈ।”
ਢਾਬਾ ਮਨਿੰਦਰ ਦੇ ਇਕ ਮਿੱਤਰ ਦੇ ਰਿਸ਼ਤੇਦਾਰਾਂ ਦਾ ਸੀ। “ਕਿਧਰੇ ਸਿਰ ਮੁਨਾਉਂਦੇ ਹੀ ਔਲੇ ਨਾ ਪੈ ਜਾਣ।” ਢਾਬੇ ਦੇ ਮਹੂਰਤ ਵਾਲੇ ਦਿਨ ਮਿੱਤਰ ਉਸ ਕੋਲ ਸਿਫ਼ਾਰਸ਼ ਕਰ ਗਿਆਸੀ।
ਤਿੰਨ ਦਿਨ ਮਨਿੰਦਰ ਮੁਖ਼ਬਰੀ ਦੀ ਤਸਦੀਕ ਕਰਦਾ ਰਿਹਾ।
ਦੋ ਸਿਪਾਹੀਆਂ ਨੂੰ ਢਾਬੇ ਦੁਆਲੇ ਗੇੜਾ ਦੇਣ ’ਤੇ ਲਾਇਆ। ਸੋਚਿਆ ਸੀ, ਪੁਲਿਸ ਘੁੰਮਦੀ ਦੇਖ ਕੇ ਮਾਲਕ ਇਸ਼ਾਰਾ ਸਮਝ ਜਾਣਗੇ। ਗਾਹਕ ਸਥਿਤੀ ਦੀ ਗੰਭੀਰਤਾ ਸਮਝ ਕੇ ਇਥੇ ਆਉਣੋਂ ਹਟ ਜਾਣਗੇ।
ਪਰ ਮਾਲਕਾਂ ਅਤੇ ਗਾਹਕਾਂ ਨੂੰ ਆਪਣੇ ਆਪ ’ਤੇ ਪਤਾ ਨਹੀਂ ਕਿੰਨਾ ਕੁ ਭਰੋਸਾ ਸੀ। ਉਹਨਾਂ ਦੇ ਕੰਨ ’ਤੇ ਜੂੰ ਤਕ ਨਾ ਸਰਕੀ।
ਮਨਿੰਦਰ ਮੁਖ਼ਬਰ ਨੂੰ ਨਰਾਜ਼ ਨਹੀਂ ਸੀ ਕਰ ਸਕਦਾ। ਉਹ ਮਨਿੰਦਰ ਨੂੰ ਬਹੁਤ ਕੰਮ ਦਿੰਦਾ ਸੀ। ਜੇ ਮਨਿੰਦਰ ਨੇ ਛਾਪਾ ਨਾ ਮਾਰਿਆ ਤਾਂ ਉਸ ਨੇ ਕਿਸੇ ਹੋਰ ਕੋਲੋਂ ਛਾਪਾ ਮਰਵਾ ਦੇਣਾ ਹੈ। ਮਨਿੰਦਰ ਨੇ ਸੋਚਿਆ, ਛਾਪਾ ਮਾਰ ਲੈਂਦੇ ਹਾਂ। ਫੜ-ਫੜਾਈ ਕਰ ਕੇ, ਲੈ-ਦੇ ਕੇ ਛੱਡ ਦੇਵਾਂਗੇ। ਦੋਹਾਂ ਪਾਸਿਉਂ ਰਹਿ ਜਾਏਗੀ। ਦਿਹਾੜੀ ਬਣਾ ਕੇ ਮੁਖ਼ਬਰ ਪਿੱਛੋਂ ਲਹਿ ਜਾਏਗਾ।
ਅੱਗੇ ਚੰਗਾ ਮੁਰਗ਼ਾ ਹੱਥ ਲੱਗ ਗਿਆ।
ਫੜਿਆ ਗਿਆ ਆਸ਼ਕ, ਧਾਗਾ ਮਿੱਲ ਦੇ ਮਾਲਕ ਦਾ ਸ਼ਹਿਜ਼ਾਦਾ ਸੀ।
ਪਹਿਰਾਵੇ ਅਤੇ ਮੇਕਅਪ ਤੋਂ ਕੁੜੀ ਚੰਗੇ ਘਰ ਦੀ ਜਾਪਦੀ ਸੀ, ਪਰ ਖੋਦਿਆ ਪਹਾੜ ਨਿਕਲੀ ਚੂਹੀ। ਉਹ ਸਾਂਸੀਆਂ ਦੀ ਤਾਰੋ ਸੀ। ਇਧਰ-ਉਧਰ ਜਾਣ ਦਾ ਤਿੰਨ ਸੌ ਲੈਂਦੀ ਸੀ।
ਦੋ ਥੱਪੜ ਖਾ ਕੇ ਮੁੰਡੇ ਨੇ ਜੋ ਸੱਚ ਉਗਲਿਆ, ਪਹਿਲੇ ਹੱਲੇ ਮਨਿੰਦਰ ਨੂੰ ਉਸ ’ਤੇ ਯਕੀਨ ਨਾ ਆਇਆ। ਲੱਗਾ, ਪੁਲਿਸ ਤੋਂ ਡਰਦਾ ਅਤੇ ਨਸ਼ੇ ਦੀ ਲੋਰ ਕਾਰਨ ਊਲ-ਜਲੂਲ ਬੋਲ ਰਿਹਾਹੈ।
ਤਸਦੀਕ ਕਰਨ ਲਈ ਉਸ ਨੇ ਦੋ ਡਰਾਈਵਰ ਦੇ ਜੜੀਆਂ। ਉਹ ਵੀ ਜੁਰਮ ਕਬੂਲ ਕਰ ਗਿਆ।
ਹੋਰ ਪੱਕਾ ਹੋਣ ਲਈ ਕਾਕਾ ਜੀ ਦੇ ਨਿਪਾਲੀ ਨੌਕਰ ਨੂੰ ਚੁੱਕ ਲਿਆ। ਉਹ ਵੀ ਜੁਰਮਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਂਦਾ ਰਿਹਾ ਸੀ। ਉਸ ਨੇ ਵੀ ਹਾਮੀ ਭਰ ਦਿੱਤੀ।
ਮਨਿੰਦਰ ਨੇ ਢਾਬੇ ਦੇ ਮਾਲਕਾਂ ਤੋਂ ਪੰਜ ਸੌ ਰੁਪਿਆ ਫੜਿਆ। ਮੁਖ਼ਬਰ ਨੂੰ ਫੜਾਇਆ। ਤਾਰੋ ਨੂੰ ਝਿੜਕਾਂ ਮਾਰੀਆਂ, ਫੇਰ ਦੋਹਾਂ ਨੂੰ ਛੱਡ ਦਿੱਤਾ। ਉਸ ਦੇ ਹੱਥ ਗੁਪਤ ਖ਼ਜ਼ਾਨਾ ਲੱਗ ਚੁੱਕਾ ਸੀ। ਉਸ ਨੇ ਅਵਾਰਾਗਰਦੀ ਦੇ ਟੁੱਟੇ ਜਿਹੇ ਮੁਕੱਦਮੇ ਤੋਂ ਕੀ ਲੈਣਾ ਸੀ।
ਇਹ ਤਿੰਨੇ ਬੰਟੀ ਦੇ ਅਗਵਾਕਾਰ ਸਨ ਅਤੇ ਕਾਤਲ ਵੀ। ਹਰਮਨਬੀਰ ਨੇ ਇਹ ਕਾਰਾ ਪੈਸਿਆਂ ਦੀ ਤੋਟ ਕਾਰਨ ਨਹੀਂ ਸੀ ਕੀਤਾ। ਪੈਸੇ ਉਹਨਾਂ ਕੋਲ ਅੱਗ ਲਾਇਆਂ ਨਹੀਂ ਸਨ ਮੁੱਕਦੇ। ਲਾਡ ਪਿਆਰ ਅਤੇ ਪੈਸੇ ਦੀ ਖੁੱਲ੍ਹ ਨੇ ਉਸ ਨੂੰ ਵਿਗਾੜਿਆ ਸੀ। ਵਪਾਰ ਵਿਚ ਰੁੱਝੇ ਬਾਪ ਅਤੇ ਸਮਾਜ ਸੇਵਾ ਵਿਚ ਮਸਤ ਮਾਂ ਨੂੰ ਮੁੰਡੇ ਕੋਲ ਬੈਠਣ ਦੀ ਵਿਹਲ ਨਹੀਂ ਸੀ। ਉਹਨਾਂ ਨੂੰ ਪਤਾ ਨਾ ਲੱਗਾ ਕਦੋਂ ਮੁੰਡਾ ਸਮੇਂ ਤੋਂ ਪਹਿਲਾਂ ਜਵਾਨ ਹੋਇਆ। ਕਦੋਂ ਕਾਲਜ ਦੀ ਥਾਂ ਹੋਟਲ, ਟਿਊਸ਼ਨ ਦੀ ਥਾਂ ਕਲੱਬ ਜਾਣ ਲੱਗਾ। ਕਦੋਂ ਉਸ ਦਾ ਬੀਅਰ ਤੋਂ ਸ਼ੁਰੂ ਹੋਇਆ ਸਫ਼ਰ ਹੈਰੋਇਨ ’ਤੇ ਪੁੱਜਾ। ਕਦੋਂ ‘ਖੁੱਸੀ ਤਾਕਤ ਹਾਸਲ ਕਰਨ’ ਲਈ ਉਹ ਨਸ਼ੇ ਦੇ ਅੱਡਿਆਂ ’ਤੇ ਜਾਣ ਲੱਗਾ।
ਹਰਮਨਬੀਰ ਦੇ ਦੇਰ ਰਾਤ ਤਕ ਬਾਹਰ ਰਹਿਣ ਵਿਚ ਨੌਕਰ ਅੜਿੱਕਾ ਬਣਦੇ ਸਨ। ਹੌਲੀ-ਹੌਲੀ ਇਹ ਅੜਿੱਕਾ ਦੂਰ ਕਰ ਲਿਆ। ਪਹਿਲਾਂ ਕਲੱਬ ਦੇ ਬਾਹਰ ਖੜੀ ਗੱਡੀ ਵਿਚ ਬੈਠਾ ਡਰਾਈਵਰ ਉੱਚੀ ਚਾਰਦੀਵਾਰੀ ਅੰਦਰ ਹੁੰਦੀਆਂ ਰੰਗਰਲੀਆਂ ਦੀ ਕੇਵਲ ਕਲਪਨਾ ਕਰਦਾ ਸੀ। ਹਰਮਨਬੀਰ ਉਸ ਨੂੰ ਨਾਲ ਲਿਜਾ ਕੇ ਉਸ ਦੇ ਸੁਪਨੇ ਸਾਕਾਰ ਕਰਨ ਲੱਗਾ।
ਥਾਪਾ ਬੀਅਰ ਦਾ ਸ਼ੌਕੀਨ ਸੀ। ਪਹਿਲਾਂ ਉਹ ਬੀਅਰ ਦੀਆਂ ਬੋਤਲਾਂ ਵਿਚ ਬਚਦੀ ਤੁਪਕਾ-ਤੁਪਕਾ ਬੀਅਰ ਇੱਕਠੀ ਕਰ ਕੇ ਆਪਣਾ ਸ਼ੌਕ ਪੂਰਾ ਕਰਦਾ ਸੀ। ਹਰਮਨਬੀਰ ਉਸ ਨੂੰ ਬੀਅਰ ਦੀ ਥਾਂ ਵਿਦੇਸ਼ੀ ਸਕਾਚ ਦਾ ਸਵਾਦ ਚਖਾਉਣ ਲੱਗਾ।
ਅਹਿਸਾਨ ਦੇ ਦੱਬੇ ਨੌਕਰ ਉਸ ਦੇ ਗ਼ੁਲਾਮ ਬਣ ਗਏ। ਕੱਠਪੁਤਲੀਆਂ ਵਾਂਗ ਉਸ ਦੇ ਇਸ਼ਾਰੇ ’ਤੇ ਨੱਚਣ ਲੱਗੇ।
ਸ਼ੌਕ ਪੂਰੇ ਕਰਨ ਲਈ ਹਰਮਨ ਨੂੰ ਪੈਸੇ ਦੀ ਘਾਟ ਨਹੀਂ ਸੀ, ਪਰ ਪੈਸਾ ਹਾਸਲ ਕਰਨ ਲਈ ਉਸ ਨੂੰ ਕਈ ਹੱਥਾਂ ਵੱਲ ਝਾਕਣਾ ਪੈਂਦਾ ਸੀ। ਪਹਿਲਾਂ ਪਾਪਾ ਤੋਂ ਪੈਸਿਆਂ ਦੀ ਮਨਜ਼ੂਰੀ ਲੈਣੀ ਪੈਂਦੀ ਸੀ, ਫੇਰ ਮੈਨੇਜਰ ਕੋਲ ਜਾ ਕੇ ਪਰਚੀ ਲੈਣੀ ਪੈਣੀ ਸੀ, ਫੇਰ ਕੈਸ਼ੀਅਰ ਕੈਸ਼ ਦਿੰਦਾ ਸੀ। ਏਨਾ ਕੁਝ ਕਰਦੇ ਹਰਮਨ ਨੂੰ ਸ਼ਰਮ ਆਉਂਦੀ ਸੀ।
ਹਰਮਨ ਨੇ ਆਪਣਾ ਖ਼ਰਚਾ ਆਪ ਕੱਢਣ ਦੀ ਯੋਜਨਾ ਬਣਾਈ ਅਤੇ ਆਪਣੇ ਸਾਥੀਆਂ ਨਾਲ ਵਿਚਾਰੀ। ਗ਼ੁਲਾਮਾਂ ਦਾ ਫ਼ਰਜ਼ ਸੋਚ-ਵਿਚਾਰ ਕਰਨਾ ਨਹੀਂ, ਹੁਕਮ ਮੰਨਣਾ ਸੀ। ਉਹ ਝੱਟ ਸਹਿਮਤ ਹੋ ਗਏ।
ਅਗਲੇ ਦਿਨ ਡਰਾਈਵਰ ਅਤੇ ਥਾਪੇ ਨੇ ਯੋਜਨਾ ਸਿਰੇ ਚਾੜ੍ਹ ਦਿੱਤੀ। ਅਮੀਰਾਂ ਦੇ ਬੱਚਿਆਂ ਦੇ ਸਕੂਲ ਅੱਗੋਂ ਇਕ ਬੱਚਾ ਖਿਸਕਾ ਲਿਆਏ। ਨੌਕਰ ਉਸ ਨੂੰ ਮਿੱਲ ਅੰਦਰਲੇ ਆਪਣੇ ਕੁਆਰਟਰ ਵਿਚ ਲੈ ਗਿਆ। ਡਰਾਈਵਰ ਨੇ ਟੁੱਟੀ-ਭੱਜੀ ਪੰਜਾਬੀ ਵਿਚ ਚਿੱਠੀ ਲਿਖੀ ਅਤੇ ਵਾਰਿਸਾਂ ਤਕ ਪੁੱਜਦੀ ਕਰ ਦਿੱਤੀ। ਘੰਟੇ ਦੇ ਅੰਦਰ-ਅੰਦਰ ਰਕਮ ਮਿਥੀ ਥਾਂ ’ਤੇ ਪੁੱਜ ਗਈ।
‘ਆਪਣੀ ਕਮਾਈ’ ਨਾਲ ਤਿੰਨਾਂ ਨੇ ਹਫ਼ਤਾ ਸਵਰਗ ਭੋਗਿਆ।
ਪੈਸੇ ਖ਼ਤਮ ਹੁੰਦਿਆਂ ਹੀ ਉਹਨਾਂ ਇਹ ਕਾਰਵਾਈ ਦੁਹਰਾ ਦਿੱਤੀ। ਕਾਮਯਾਬੀ ਨੇ ਇਕ ਵਾਰ ਫੇਰ ਪੈਰ ਚੁੰਮੇ। ਪੈਸਾ ਚੰਗਾ ਮਿਲਿਆਅਤੇ ਕਿਸੇ ਨੂੰ ਕਨਸੋਅ ਵੀ ਨਾ ਹੋਈ।
ਤਿੰਨਾਂ ਦੇ ਹੌਸਲੇ ਬੁਲੰਦ ਹੋ ਗਏ। ਅਗਲੇ ਹਫ਼ਤੇ ਉਹ ਬੰਟੀ ਨੂੰ ਚੁੱਕ ਲਿਆਏ।
ਬੰਟੀ ਦੇ ਵਾਰਸਾਂ ਨੂੰ ਕਹਾਣੀ ਦੀ ਸਮਝ ਨਾ ਆਈ। ਅਣਜਾਣ-ਪੁਣੇ ਵਿਚ ਉਹ ਪੁਲਿਸ ਨੂੰ ਇਤਲਾਹ ਦੇ ਬੈਠੇ। ਪੁਲਿਸ ਹਰਕਤ ਵਿਚ ਆ ਗਈ। ਸ਼ਹਿਰ ਵਿਚ ਕਰਫ਼ਿਊ ਲੱਗਾ, ਘਰ-ਘਰ ਦੀ ਤਲਾਸ਼ੀ ਹੋਈ।
ਕੁੜਿੱਕੀ ਵਿਚ ਫਸੇ ਹਰਮਨ ਨੂੰ ਕਈ ਦਿਨ ਬੰਟੀ ਨੂੰ ਥਾਪੇ ਦੇ ਕੁਆਰਟਰ ਵਿਚ ਲੁਕਾਉਣਾ ਪਿਆ। ਮਿਲ ਦੀ ਬਾਹਰਲੀ ਚਾਰਦੀਵਾਰੀ ਦਸ ਫ਼ੁਟ ਉੱਚੀ ਸੀ। ਕੰਧ ਦੇ ਉਪਰ ਦੋ ਫ਼ੁੱਟ ਉੱਚੀ ਕੰਡਿਆਲੀ ਤਾਰ ਸੀ। ਕਿਸੇ ਅਗਵਾਕਾਰ ਦਾ ਸਣੇ ਬੱਚੇ ਕੰਧ ਟੱਪ ਕੇ ਅੰਦਰ ਆ ਜਾਣਾ ਅਸੰਭਵ ਸੀ। ਮਿੱਲ ਦੇ ਦੋ ਗੇਟ ਸਨ। ਦੋਹਾਂ ਉਪਰ ਚੌਵੀ ਘੰਟੇ ਪਹਿਰਾ ਰਹਿੰਦਾ ਸੀ। ਹਰ ਅੰਦਰ ਜਾਣ ਵਾਲੇ ਦੀ ਤਲਾਸ਼ੀ ਹੁੰਦੀ ਸੀ ਅਤੇ ਰਜਿਸਟਰ ਵਿਚ ਇੰਦਰਾਜ ਹੁੰਦਾ ਸੀ।
ਇਹਨਾਂ ਕਾਰਨਾਂ ਕਰ ਕੇ ਪੁਲਿਸ ਨੇ ਸ਼ਹਿਰ ਦਾ ਚੱਪਾ-ਚੱਪਾ ਛਾਣਿਆ, ਪਰ ਮਿੱਲ ਅੰਦਰ ਨਾ ਵੜੀ। ਇਹ ਕਿਸੇ ਦੇ ਚਿੱਤ-ਚੇਤੇ ਨਹੀਂ ਸੀ ਕਿ ਕਾਲੇ ਸ਼ੀਸ਼ਿਆਂ ਵਾਲੇ ਮਿੱਲ ਦੀ ਗੱਡੀ ਵਿਚ ਮਿੱਲ ਦਾ ਮਾਲਕ ਖ਼ੁਦ ਬੰਟੀ ਨੂੰ ਅੰਦਰ ਲੈ ਗਿਆ ਹੋਵੇਗਾ।
ਬਾਪ ਦੀ ਚੰਗੀ ਪੜ੍ਹਤ ਨੇ ਹਰਮਨ ਨੂੰ ਰੰਗੇ ਹੱਥੀ ਫੜੇ ਜਾਣ ਤੋਂ ਬਚਾ ਲਿਆ ਸੀ।
ਬੰਟੀ ਦੇ ਰੋਣ ਦੀ ਆਵਾਜ਼ ਨਾਲ ਦੇ ਕੁਆਟਰਾਂ ਵਾਲਿਆਂ ਨੂੰ ਨਾ ਸੁਣੇ, ਇਸ ਲਈ ਬੰਟੀ ਨੂੰ ਨਸ਼ਾ ਖੁਆ ਕੇ ਬੇਹੋਸ਼ ਰੱਖਿਆ ਗਿਆ। ਨਸ਼ੇ ਅਤੇ ਭੁੱਖ ਕਾਰਨ ਬੰਟੀ ਦਮ ਤੋੜ ਗਿਆ।
ਮੌਕਾ ਤਾੜ ਕੇ ਲਾਸ਼ ਉਹਨਾਂ ਨੇ ਮਿਲ ਦੇ ਬਾਹਰ ਖਤਾਨਾਂ ਵਿਚ ਸੁੱਟ ਦਿੱਤੀ ਅਤੇ ਅੱਜ ਤਕ ਢੋਲ ਢੱਕਿਆ ਰਿਹਾ। ਅੱਜ ਵੀ ਭਾਂਡਾ ਹਰਮਨਬੀਰ ਨੇ ਖ਼ੁਦ ਭੰਨਿਆ ਸੀ। ਅਗਲੀ ਕਾਰਵਾਈ ਲਈ ਮਨਿੰਦਰ ਉਹਨਾਂ ਨੂੰ ਥਾਣੇ ਲੈ ਗਿਆ। ਪਿੱਛੇ ਹੀ ਮਿੱਲ ਦਾ ਮੈਨੇਜਰ ਆ ਗਿਆ। ਕਿਸੇ ਨੇ ਬੰਬੇ ਬੈਠੇ ਅਰੋੜਾ ਸਾਹਿਬ ਨੂੰ ਹਰਮਨਬੀਰ ਦੇ ਸ਼ਰਾਬੀ ਹਾਲਤ ਵਿਚ ਫੜੇ ਜਾਣ ਦੀ ਸੂਚਨਾ ਦੇ ਦਿੱਤੀ ਸੀ।
ਅਰੋੜਾ ਸਾਹਿਬ ਦੀ ਉਪਰ ਤਕ ਪਹੁੰਚ ਸੀ, ਪਰ ਮਾੜੀ ਜਿਹੀ ਗੱਲ ਖ਼ਾਤਰ ਉਹ ਕਿਸੇ ਦਾ ਅਹਿਸਾਨ ਨਹੀਂ ਸੀ ਲੈਣਾ ਚਾਹੁੰਦਾ। ਬੰਬੇ ਬੈਠਿਆਂ ਹੀ ਉਸ ਨੇ ਮੈਨੇਜਰ ਨੂੰ ਹਦਾਇਤ ਕੀਤੀ, “ਲੈ-ਦੇ ਕੇ ਮਾਮਲਾ ਰਫ਼ਾ-ਦਫ਼ਾ ਕਰੋ।”
ਮਹਿੰਦਰ ਅਹਿਸਾਨ-ਫ਼ਰਾਮੋਸ਼ ਨਹੀਂ ਸੀ। ਮਿੱਲ ਵੱਲੋਂ ਪੁਲਿਸ ਨੂੰ ਬੱਝਵਾਂ ਮਹੀਨਾ ਆਉਂਦਾ ਸੀ। ਵੇਲੇ-ਕੁਵੇਲੇ ਵਾਧੂ ਵਗਾਰ ਵੀ ਮਿੱਲ ਝੱਲਦੀ ਸੀ, ਪਰ ਜੋ ਜੁਰਮ ਹਰਮਨ ਨੇ ਕੀਤੇ ਸਨ, ਉਹਨਾਂ ਵਿਚੋਂ ਬਰੀ ਕਰਨਾ ਉਸ ਦੇ ਵੱਸ ਵਿਚ ਨਹੀਂ ਸੀ।
ਜੁਰਮਾਂ ਦਾ ਖ਼ੁਲਾਸਾ ਸੁਣ ਕੇ ਮੈਨੇਜਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਝਟ ਉਸ ਨੇ ਮਾਲਕ ਨਾਲ ਸੰਪਰਕ ਕੀਤਾ। ਮਾਲਕ ਨੇ ਮਨਿੰਦਰ ਦੀ ਮਿੰਨਤ ਕੀਤੀ, ਪਰ ਮਨਿੰਦਰ ਨੂੰ ਪੈਸੇ ਨਾਲੋਂ ਆਪਣੀ ਤਰੱਕੀ ਅਤੇ ਮੈਡਲ ਵੱਧ ਪਿਆਰਾ ਸੀ। ਉਹ ਟੱਸ ਤੋਂ ਮੱਸ ਨਾ ਹੋਇਆ।
ਜਦੋਂ ਮਨਿੰਦਰ ਕਾਬੂ ਨਾ ਆਇਆ ਤਾਂ ਅਰੋੜਾ ਸਾਹਿਬ ਨੇ ਉਪਰ ਤੱਕ ਫ਼ੋਨ ਖੜਕਾਏ। ਝੱਟ ਨਤੀਜੇ ਨਿਕਲਣ ਲੱਗੇ।
ਕਪਤਾਨ ਕਿਸੇ ਜ਼ਰੂਰੀ ਮੀਟਿੰਗ ਵਿਚ ਬੈਠਾ ਸੀ। ਝੱਟ ਉਸ ਨੂੰ ਮੀਟਿੰਗ ਵਿਚੋਂ ਉਠਾਇਆ ਗਿਆ। ਕਪਤਾਨ ਵੱਲੋਂ ਮਨਿੰਦਰ ਨੂੰ ਹੁਕਮ ਸੁਣਾਇਆ ਗਿਆ, “ਹਾਲਾਤ ਦਾ ਜਾਇਜ਼ਾ ਲੈਣ ਲਈ ਮੈਂ ਸ਼ਹਿਰ ਪੁੱਜ ਰਿਹਾ ਹਾਂ। ਮੇਰੇ ਪੁੱਜਣ ਤਕ ਕੋਈ ਕਾਰਵਾਈ ਨਾ ਕੀਤੀ ਜਾਵੇ।”
ਕਪਤਾਨ ਨੇ ਮਨਿੰਦਰ ਨੂੰ ਪੁੱਤਾਂ ਵਾਂਗ ਸਮਝਾਇਆ, “ਬੰਟੀ ਕਤਲ ਕੇਸ ਦੀ ਸੁਣਵਾਈ ਮੁਕੰਮਲ ਹੋ ਚੁੱਕੀ ਹੈ। ਅਦਾਲਤ ਫ਼ੈਸਲਾ ਸੁਣਾ ਚੱਕੀ ਹੈ। ਸਾਰੇ ਗਵਾਹਾਂ ਨੇ ਪਾਲੇ ਅਤੇ ਮੀਤੇ ਨੂੰ ਕਾਤਲ ਠਹਿਰਾਇਆ ਹੈ। ਲੜਾਈ ਦੇ ਮੈਦਾਨ ਵਿਚ ਘੋੜੇ ਬਦਲਣੇ ਬੇਵਕੂਫ਼ੀ ਹੁੰਦੀ ਹੈ। ਪਾਲੇ ਮੀਤੇ ਨੂੰ ਨਿਰਦੋਸ਼ ਠਹਿਰਾਉਣ ਨਾਲ ਪੁਲਿਸ ਦੇ ਨਾਲ-ਨਾਲ ਸਰਕਾਰ ’ਤੇ ਥੂ-ਥੂ ਹੋਏਗੀ। ਪਹਿਲੇ ਪੁਲਿਸ ਅਫ਼ਸਰਾਂ ਦੀ ਖਿਚਾਈ ਹੋਏਗੀ। ਕਈਆਂ ਨੂੰ ਨੌਕਰੀ ਤੋਂ ਹੱਥ ਧੋਣੇ ਪੈਣਗੇ। ਸੰਮਤੀ ਵਾਲਿਆਂ ਨੇ ਸਰਕਾਰ ਅਤੇ ਪੁਲਿਸ ਦੇ ਪਹਿਲਾਂ ਹੀ ਨੱਕ ਵਿਚ ਦਮ ਕਰ ਰੱਖਿਆ ਹੈ। ਉਹਨਾਂ ਨੂੰ ਲੋਕਾਂ ਨੂੰ ਭੜਕਾਉਣ ਦਾ ਮੌਕਾ ਮਿਲ ਜਾਏਗਾ। ਮੁੱਖ ਮੰਤਰੀ ਖ਼ੁਦ ਇਸ ਕੇਸ ਉਪਰ ਨਜ਼ਰ ਰੱਖ ਰਹੇ ਹਨ। ਉਹਨਾਂ ਨੇ ਗ੍ਰਿਫ਼ਤਾਰੀ ਦੀ ਇਜਾਜ਼ਤ ਨਹੀਂ ਦੇਣੀ।
“ਅਰੋੜਾ ਸਾਹਿਬ ਸਭ ਦੇ ਮੂੰਹ ਮੱਥੇ ਲੱਗਦੇ ਹਨ। ਉਸ ਦੀ ਇੱਜ਼ਤ ਦਾ ਸਵਾਲ ਹੈ। ਅਸੀਂ ਉਹਨਾਂ ਨੂੰ ਨਾਰਾਜ਼ ਨਹੀਂ ਕਰ ਸਕਦੇ।”
ਕਪਤਾਨ ਨੇ ਮਾਤਹਿਤ ਨੂੰ ਸਮਝਾਉਣ ਦਾ ਆਪਣਾ ਫ਼ਰਜ਼ ਨਿਭਾਇਆ।
ਅਗਲੀ ਕਿਸੇ ਕਾਰਵਾਈ ਲਈ ਉਸ ਨੂੰ ਮਨਿੰਦਰ ਦੀ ਸਹਿਮਤੀ ਦੀ ਜ਼ਰੂਰਤ ਨਹੀਂ ਸੀ।
ਜਦੋਂ ਮਨਿੰਦਰ ਨੇ ਚੁੱਪ ਨਾ ਤੋੜੀ ਤਾਂ ਖਿਝੇ ਕਪਤਾਨ ਨੇ ਦੋਸ਼ੀਆਂ ਨੂੰ ਆਪਣੇ ਕੋਲ ਬੁਲਾਇਆ। ਸਮਝਾ-ਬੁਝਾ ਕੇ ਮੈਨੇਜਰ ਦੇ ਹਵਾਲੇ ਕਰ ਦਿੱਤਾ।
ਰਾਤ ਨੂੰ ਮੈਨੇਜਰ ਮਨਿੰਦਰ ਦੇ ਕੁਆਰਟਰ ਆਇਆ। ਉਸ ਦੇ ਹੱਥ ਵਿਚ ਪੰਜਾਹ ਹਜ਼ਾਰ ਦੀ ਗੁੱਟੀ ਸੀ। ਮਨਿੰਦਰ ਦਾ ਮਾਣ-ਤਾਣ ਕਰਨ ਦਾ ਹੁਕਮ ਕਪਤਾਨ ਨੇ ਸੁਣਾਇਆ ਸੀ।
ਕਪਤਾਨ ਨਾਰਾਜ਼ ਨਾ ਹੋਵੇ, ਇਸ ਗੱਲੋਂ ਡਰਦਾ ਮਨਿੰਦਰ ਕੋਈ ਹਿੱਲ-ਜੁਲ ਨਾ ਕਰ ਸਕਿਆ।
ਪਰ ਜ਼ਖ਼ਮੀ ਸੱਪਣੀ ਵਾਂਗ ਅੱਜ ਤਕ ਉਹ ਅੰਦਰ ਹੀ ਅੰਦਰ ਵਿਸ਼ ਘੋਲਦਾ ਰਿਹਾ ਸੀ। ਡੰਗ ਮਾਰਨ ਦਾ ਅੱਜ ਵਧੀਆ ਮੌਕਾ ਸੀ।
18
ਅਸਲ ਮੁਲਜ਼ਮਾਂ ਦੀ ਸ਼ਨਾਖ਼ਤ ਹੋਣ ਦਾ ਐਲਾਨ ਕਰਨ ਤੋਂ ਪਹਿਲਾਂ ਸੰਮਤੀ ਆਪਣੇ ਤੌਰ ’ਤੇ ਤੱਥਾਂ ਦੀ ਪੁਸ਼ਟੀ ਕਰਨ ਲੱਗੀ।
ਸਾਜਰੇ ਹੀ ਬਾਬਾ, ਸ਼ੰਕਰ ਦਾਸ ਆੜ੍ਹਤੀਏ ਦੇ ਘਰ ਜਾ ਵੜਿਆ। ਪਹਿਲਾਂ ਉਸ ਦੇ ਪੋਤੇ ਨੂੰ ਅਗਵਾ ਕੀਤਾ ਗਿਆ ਸੀ।
ਕੋਈ ਹੋਰ ਇਸ ਵਾਰਦਾਤ ਬਾਰੇ ਪੁੱਛਦਾ ਤਾਂ ਸ਼ੰਕਰ ਦਾਸ ਝੋਟੇ ਵਾਂਗ ਸਿਰ ਮਾਰ ਦਿੰਦਾ। ਬਾਬੇ ਅੱਗੇ ਝੂਠ ਬੋਲਣ ਦੀ ਹਿੰਮਤ ਨਾ ਪਈ।
ਘਰ ਮੁੜ ਕੇ ਬੱਚੇ ਨੇ ਅਗਵਾਕਾਰਾਂ ਬਾਰੇ ਜੋ ਵੇਰਵੇ ਦਿੱਤੇ ਸਨ, ਉਹ ਹਰਮਨਬੀਰ ਹੋਰਾਂ ਦੇ ਅਗਵਾਕਾਰ ਹੋਣ ਦੀ ਪੁਸ਼ਟੀ ਕਰਦੇ ਸਨ। ਟੀਟੂ ਨੂੰ ਇਕ ਕਾਲੇ ਸ਼ੀਸ਼ਿਆਂ ਵਾਲੀ ਕਾਰ ਵਿਚ ਬਿਠਾ ਕੇ ਲਿਜਾਇਆ ਗਿਆ ਸੀ। ਕਾਰ ਨੂੰ ਇਕ ਸਰਦਾਰ ਚਲਾ ਰਿਹਾ ਸੀ। ਉਸ ਦੇ ਨਾਲ ਬੈਠਾ ਬੰਦਾ ਮੋਨਾ ਸੀ। ਉਸ ਨੂੰ ਜਿਥੇ ਬੰਦ ਕੀਤਾ ਗਿਆ, ਉਹ ਕਿਸੇ ਨੌਕਰ ਦਾ ਕੁਆਰਟਰ ਜਾਪਦਾਸੀ।
ਸ਼ਾਇਦ ਕਦੇ ਮੁਲਜ਼ਮ ਫੜੇ ਜਾਣ। ਇਸ ਆਸ ਨਾਲ ਸ਼ੰਕਰ ਦਾਸ ਨੇ ਅਗਵਾਕਾਰਾਂ ਵੱਲੋਂ ਲਿਖੇ ਖ਼ਤ ਸੰਭਾਲ ਰੱਖੇ ਸਨ। ਉਹ ਉਸ ਨੇ ਬਾਬੇ ਦੇ ਹਵਾਲੇ ਕਰ ਦਿੱਤੇ।
ਬੈਂਕ ਮੈਨੇਜਰ ਦਾ ਦਰਵਾਜ਼ਾ ਜੀਵਨ ਆੜ੍ਹਤੀਏ ਨੇ ਖੜਕਾਇਆ। ਉਸ ਦਾ ਖਾਤਾ ਮੈਨੇਜਰ ਦੇ ਬੈਂਕ ਵਿਚ ਸੀ। ਦੋਹਾਂ ਦਾ ਦੋਸਤਾਨਾ ਵੀ ਸੀ। ਉਸ ਨੇ ਵੀ ਤੱਥਾਂ ਦੀ ਪੁਸ਼ਟੀ ਕਰ ਦਿੱਤੀ।
ਹੱਥ-ਲਿਖਤ ਮਾਹਿਰਾਂ ਕੋਲੋਂ ਦੋਹਾਂ ਚਿੱਠੀਆਂ ਦਾ ਮਿਲਾਨ ਕਰਾਇਆ ਗਿਆ। ਦੋਵੇਂ ਪੱਤਰ ਇਕੋ ਵਿਅਕਤੀ ਦੇ ਲਿਖੇ ਹੋਏ ਸਨ। ਇਸ ਰਿਪੋਰਟ ਬਾਅਦ ਕੜੀ ਨਾਲ ਕੜੀ ਜੁੜਨ ਲੱਗੀ।
ਅਸਲ ਮਸਲਾ ਤਾਂ ਹੱਲ ਹੁੰਦਾ ਜੇ ਬੰਟੀ ਦੇ ਘਰਦਿਆਂ ਨੂੰ ਲਿਖੀਆਂ ਗਈਆਂ ਚਿੱਠੀਆਂ ਸੁਰੱਖਿਅਤ ਹੁੰਦੀਆਂ। ਅਸਲ ਧਮਕੀ-ਪੱਤਰਾਂ ਨੂੰ ਪੁਲਿਸ ਨੇ ਮਿਸਲ ਨਾਲੋਂ ਲਾਹ ਲਿਆ ਸੀ। ਉਸ ਦੀ ਥਾਂ ਪਾਲੇ ਕੋਲੋਂ ਨਵੀਆਂ ਚਿੱਠੀਆਂ ਲਿਖਵਾ ਕੇ ਮਿਸਲ ਨਾਲ ਲਾ ਦਿੱਤੀਆਂ ਸਨ।
ਸਿੱਟੇ ’ਤੇ ਪੁੱਜਣ ਲਈ ਸੰਮਤੀ ਨੂੰ ਹੋਰ ਮਿਹਨਤ ਦੀ ਲੋੜ ਮਹਿਸੂਸ ਹੋਈ।
ਰਜਿੰਦਰ ਨੇ ਧਾਗਾ ਮਿੱਲ ਵਿਚ ਕੰਮ ਕਰਦੇ ਟਰੇਡ ਯੂਨੀਅਨ ਦੇ ਨੇਤਾਵਾਂ ਨੂੰ ਚੌਕਸ ਕੀਤਾ। “ਤੁਸੀਂ ਤਿੰਨਾਂ ਦੋਸ਼ੀਆਂ ਦੀਆਂ ਗਤੀਵਿਧੀਆਂ ਉੱਤੇ ਨਜ਼ਰ ਰੱਖੋ। ਸਮੇਂ-ਸਮੇਂ ਸੰਮਤੀ ਨੂੰ ਸੂਚਿਤ ਕਰੋ।”
ਤਿੰਨ ਦਿਨਾਂ ਬਾਅਦ ਸੰਮਤੀ ਨੂੰ ਮੁੱਢਲੀ ਜਾਣਕਾਰੀ ਮਿਲ ਗਈ।
ਕੋਠੀ ਅੰਦਰ ਕੰਮ ਕਰਦੇ ਨੌਕਰਾਂ ਨੇ ਦੱਸਿਆ, “ਹਰਮਨਬੀਰ ਦੋ ਮਹੀਨੇ ਤੋਂ ਗ਼ਾਇਬ ਹੈ। ਪਹਿਲਾਂ ਉਸ ਨੂੰ ਦਿੱਲੀ ਭੇਜਿਆ ਗਿਆ। ਉਥੋਂ ਬਾਹਰਲੇ ਮੁਲਕ ਲਈ ਜਹਾਜ਼ ਚੜ੍ਹਾ ਦਿੱਤਾ ਗਿਆ। ਉਹ ਕਿਸ ਦੇਸ਼ ਅਤੇ ਕਿਸ ਰਿਸ਼ਤੇਦਾਰ ਕੋਲ ਠਹਿਰਿਆ ਹੈ, ਇਸ ਦਾ ਪਤਾ ਲਾਉਣ ਦਾ ਯਤਨ ਕੀਤਾ ਜਾ ਰਿਹਾ ਹੈ।
ਮਿੱਲ ਮਾਲਕ ਕਾਕੇ ਨੂੰ ਪੁੱਠੇ ਰਾਹ ਪਾਉਣ ਵਾਲੇ ਨੌਕਰਾਂ ’ਤੇ ਡਾਢਾ ਦੁਖੀ ਸੀ। ਜੁੱਤੀਆਂ ਮਾਰ ਕੇ ਦੋਹਾਂ ਨੂੰ ਨੌਕਰੀਉਂ ਕੱਢਿਆ ਜਾ ਚੱਕਿਆ ਸੀ।
ਮਾਲਕ ਵੱਲੋਂ ਅਫ਼ਵਾਹ ਫੈਲਾਈ ਗਈ ਸੀ, “ਨਿਪਾਲੀ ਨਿਪਾਲ ਨੂੰ ਦੌੜ ਗਿਆ ਹੈ।” ਪਰ ਇਹ ਸੱਚ ਨਹੀਂ ਸੀ। ਮਾਲਕ ਨੇ ਥਾਪੇ ਨੂੰ ਦਿੱਲੀਉਂ ਲਿਆਂਦਾ ਸੀ। ਉਸ ਨੂੰ ਉਥੇ ਹੀ ਪਹੁੰਚਾਇਆ ਗਿਆ ਹੈ। ਥਾਪੇ ਦੇ ਰਿਸ਼ਤੇਦਾਰਾਂ ਨੂੰ ਤਾੜਨਾ ਕੀਤੀ ਗਈ ਸੀ, “ਜਲਦੀ ਇਸ ਨੂੰ ਅੱਗੇ ਪਿੱਛੇ ਕਰ ਦਿਉ। ਪੁਲਿਸ ਕਿਸੇ ਵੀ ਸਮੇਂ ਇਸ ਨੂੰ ਫੜਨ ਆ ਸਕਦੀ ਸੀ।” ਹੁਕਮ ਮੰਨ ਕੇ ਰਿਸ਼ਤੇਦਾਰਾਂ ਨੇ ਥਾਪੇ ਨੂੰ ਕਿਧਰੇ ਦੂਰ-ਦੁਰਾਡੇ ਭੇਜ ਦਿੱਤਾ ਸੀ। ਯੂਨੀਅਨ ਵਾਲਿਆਂ ਦਾ ਉਸ ਨਾਲ ਸੰਪਰਕ ਸਥਾਪਤ ਹੋਣ ਵਾਲਾ ਸੀ।
ਨਸ਼ਿਆਂ ਦੀ ਤੋਟ ਕਾਰਨ ਅੱਧ-ਮੋਇਆ ਹੋਇਆ ਡਰਾਈਵਰ ਸਰਕਾਰੀ ਹਸਪਤਾਲ ਦੇ ਨਸ਼ਾ-ਛੁਡਾਊ ਵਾਰਡ ਵਿਚ ਪਿਆ ਮੌਤ ਨਾਲ ਜੂਝ ਰਿਹਾ ਸੀ।
ਪੈਰਾ-ਮੈਡੀਕਲ ਸਾਥੀਆਂ ਦੀ ਸਹਾਇਤਾ ਨਾਲ ਉਸ ਦੀ ਹੱਥ-ਲਿਖਤ ਦਾ ਨਮੂਨਾ ਹਾਸਲ ਕੀਤਾ ਗਿਆ।
“ਸ਼ੰਕਰ ਦਾਸ ਅਤੇ ਮੈਨੇਜਰ ਕੋਲੋਂ ਮਿਲੀਆਂ ਚਿੱਠੀਆਂ ਡਰਾਈਵਰ ਦੀਆਂ ਲਿਖੀਆਂ ਹੋਈਆਂ ਸਨ।”
ਇਹ ਰਿਪੋਰਟ ਮਿਲਦਿਆਂ ਹੀ ਸੰਮਤੀ ਵਾਲਿਆਂ ਨੇ ਪ੍ਰੈਸ ਕਾਨਫ਼ਰੰਸ ਬੁਲਾਈ ਅਤੇ ਸਮੇਤ ਸਬੂਤਾਂ ਦੇ ਬੰਟੀ ਦੇ ਕਾਤਲਾਂ ਦੇ ਨਾਂ ਨਸ਼ਰ ਕਰ ਦਿੱਤੇ।
19
ਸੁੰਦਰ ਹੋਰਾਂ ਨੂੰ ਰਾਤ ਨੂੰ ਪਤਾ ਲੱਗ ਗਿਆ ਸੀ। ਉਹਨਾਂ ਦੀ ਗਿਣਤੀ ਵਿਚ ਵਾਧਾ ਹੋਣ ਵਾਲਾ ਸੀ।
ਜੇਲ੍ਹ ਅਧਿਕਾਰੀ ਇਸ ਬੈਰਕ ਵਿਚ ਬੰਦ ਕੈਦੀਆਂ ਨੂੰ ਬਦਮਾਸ਼ ਆਖਦੇ ਸਨ। ਇਸ ਲਈ ਜੇਲ੍ਹ ਰਿਕਾਰਡ ਵਿਚ ਇਸ ਬੈਰਕ ਦਾ ਨਾਂ ‘ਬਦਮਾਸ਼ਾਂ ਵਾਲੀ ਬੈਰਕ’ ਸੀ। ਸੁੰਦਰ ਹੋਰੀਂ ਆਖਦੇ ਸਨ, ਉਹਨਾਂ ਨੂੰ ਕੈਦ ਬਹਾਦਰੀ ਵਾਲੇ ਕੰਮ ਕਾਰਨ ਹੋਈ ਹੈ। ਉਹ ਆਪਣੇ ਆਪ ਨੂੰ ਸੂਰਮੇ ਸਮਝਦੇ ਸਨ। ਇਸ ਲਈ ਜੇਲ੍ਹ ਦੇ ਬਾਕੀ ਕੈਦੀ ਇਸ ਨੂੰ ‘ਬਹਾਦਰਾਂ ਵਾਲੀ ਬੈਰਕ’ ਆਖਦੇ ਸਨ।
“ਉਹਨਾਂ ਦੀ ਬੈਰਕ ਵਿਚ ਆਉਣ ਵਾਲੇ ਪਾਲੇ ਨੇ ਕਿਹੜੀਆਂ-ਕਿਹੜੀਆਂ ਮੱਲਾਂ ਮਾਰੀਆਂ ਸਨ? ਉਹ ਕਿਥੋਂ ਦਾ ਸੂਰਮਾ ਹੈ?” ਸਵੇਰ ਤੋਂ ਸਿਰ ਜੋੜ ਕੇ ਉਹ ਸੋਚ ਰਹੇ ਹਨ।
ਤਿੰਨ ਮਹੀਨੇ ਤਕ ਕੋਠੀ ਵਿਚ ਬੰਦ ਕੈਦੀਆਂ ਨੂੰ ਇਹ ਸੋਚਣ ਦੀ ਵਿਹਲ ਨਹੀਂ ਸੀ ਮਿਲੀ ਕਿ ਉਹਨਾਂ ਦੇ ਮੁਸ਼ੱਕਤੀ ਦਾ ਪਿਛੋਕੜ ਕੀ ਸੀ? ਉਹਨਾਂ ਲਈ ਬੱਸ ਏਨਾ ਹੀ ਕਾਫ਼ੀ ਸੀ ਕਿ ੳਹ ਭਲਾਮਾਣਸ ਸੀ। ਅਤੇ ਉਹਨਾਂ ਦੀ ਦਿਲੋਂ ਸੇਵਾ ਕਰ ਰਿਹਾ ਸੀ।
ਜਦੋਂ ਵਿਧਾਇਕ ਨੂੰ ਪਤਾ ਲੱਗਾ, ਉਹਨਾਂ ਦਾ ਮੁਸ਼ੱਕਤੀ ਅੱਤਵਾਦੀ ਹੈ ਤਾਂ ਉਸ ਦਾ ਦਿਲ ਧੜਕਣ ਲੱਗਾ। ਉਹ ਇਕ ਸਿੰਘ ਕੋਲੋਂ ਜੁੱਤੀਆਂ ਪਾਲਸ਼ ਕਰਾਉਂਦਾ ਹੈ, ਲੱਤਾਂ ਘੁਟਵਾਉਂਦਾ ਹੈ, ਇਹ ਜਾਣ ਕੇ ਕੋਈ ਅੱਤਵਾਦੀ ਜਥੇਬੰਦੀ ਭੜਕ ਨਾ ਜਾਵੇ। ਉਸ ਵਿਰੁੱਧ ਹੁਕਮਨਾਮਾ ਜਾਰੀ ਨਾ ਕਰ ਦੇਵੇ। ਇਹ ਮੁੱਖ ਮੰਤਰੀ ਦੀ ਕੋਈ ਨਵੀਂ ਸ਼ਰਾਰਤ ਨਾ ਹੋਵੇ। ‘ਇਸ ਦੇ ਅੱਤਵਾਦੀਆਂ ਨਾਲ ਸੰਬੰਧ ਹਨ’ ਇਸ ਬਹਾਨੇ ਰਿਹਾਈ ਨਾ ਰੁਕਵਾਉਣੀ ਹੋਵੇ। ਉਸ ਦੀ ਪੈਰਵਾਈ ਲੋਕ ਸੰਘਰਸ਼ ਸੰਮਤੀ ਨਾਂ ਦੀ ਕੋਈ ਸੰਸਥਾ ਕਰ ਰਹੀ ਹੈ। ਵਿਧਾਇਕ ਨੂੰ ਜੇਲ੍ਹ ਅੰਦਰ ਪੰਜ ਸਿਤਾਰਾ ਸਹੂਲਤਾਂ ਮਿਲਦੀਆਂ ਹਨ, ਕਦੇ ਉਸ ਨੂੰ ਇਹ ਪਤਾ ਨਾ ਲੱਗ ਜਾਏ।
ਡਰਦੇ ਵਿਧਾਇਕ ਨੇ ਜੇਲ੍ਹ ਸੁਪਰਡੈਂਟ ਕੋਲ ਗਿਲਾ ਕੀਤਾ, “ਤੂੰ ਜਾਣ-ਬੁਝ ਕੇ ਮੈਨੂੰ ਖ਼ਤਰੇ ਵਿਚ ਪਾਇਆ ਹੈ।”
ਜੇਲ੍ਹ ਸੁਪਰਡੈਂਟ ਨੇ ਸਹੁੰਆਂ ਖਾਧੀਆਂ, “ਪਾਲਾ ਖ਼ਤਰਨਾਕ ਬੰਦਾ ਨਹੀਂ ਹੈ। ਉਸ ਦਾ ਅੱਤਵਾਦੀਆਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਸ ਦੇ ਕੇਸ ਕੱਟੇ ਹੋਏ ਹਨ, ਇਸ ਦਾ ਇਹੋਸਬੂਤ ਬਥੇਰਾ ਹੈ। ਜੇ ਉਹ ਅੱਤਵਾਦੀ ਹੁੰਦਾ ਤਾਂ ਉਸ ਨੂੰ ਸਿੰਘਾਂ ਵਾਲੀ ਬੈਰਕ ਵਿਚ ਨਾ ਭੇਜਦੇ? ਫੇਰਵੀ ਗੋਲੀ ਕਿਹਦੀ, ਗਹਿਣੇ ਕੀਹਦੇ। ਜੇ ਕੋਈ ਸ਼ੱਕ ਹੈ ਤਾਂ ਹੁਣੇ ਉਸ ਨੂੰ ਇਥੋਂ ਭਜਾ ਦਿੰਦਾ ਹਾਂ।”
“ਪਾਲੇ ਨੂੰ ਕਿਸ ਬੈਰਕ ਵਿਚ ਭੇਜਿਆ ਜਾਵੇ?” ਸੁਪਰਡੈਂਟ ਨੇ ਕੋਠੀ ਬੈਠੇ-ਬੈਠੇ ਹੀ ਹਿਸਾਬ ਲਾ ਲਿਆ।
ਪਾਲੇ ਦੇ ਸਾਥੀ ਪੰਛੀਆਂ ਵਾਲੀ ਬੈਰਕ ਵਿਚ ਬੰਦ ਹਨ, ਪਰ ਇਸ ਵਾਰ ਉਸ ਨੂੰ ਸਜ਼ਾ ਚੋਰੀ ਜਾਂ ਜੇਬਾਂ ਕੱਟਣ ਦੇ ਜੁਰਮ ਵਿਚ ਨਹੀਂ ਸੀ ਹੋਈ। ਇਸ ਲਈ ਉਸ ਨੂੰ ਪੰਛੀਆਂ ਵਾਲੀ ਬੈਰਕ ਵਿਚ ਨਹੀਂ ਸੀ ਭੇਜਿਆ ਜਾ ਸਕਦਾ। ਅਦਾਲਤ ਨੇ ਉਸ ਨੂੰ ਅੱਤਵਾਦੀ ਆਖਿਆ ਸੀ, ਪਰ ਸਿੰਘਾਂ ਨੇ ਉਸ ਨੂੰ ਆਪਣੀ ਬੈਰਕ ਵਿਚ ਵੜਨ ਨਹੀਂ ਸੀ ਦੇਣਾ। ਇਸ ਕਾਤਲ ਲਈ ਬਦਮਾਸ਼ਾਂ ਵਾਲੀ ਬੈਰਕ ਠੀਕ ਰਹਿਣੀ ਸੀ।
ਉਸੇ ਹੁਕਮ ਦੀ ਪਾਲਣਾ ਲਈ ਪਾਲਾ ਬਹਾਦਰਾਂ ਦੀ ਬੈਰਕ ਵਿਚ ਆ ਰਿਹਾ ਸੀ।
ਸੋਚ-ਵਿਚਾਰ ਬਾਅਦ ਸੁੰਦਰ ਹੋਰਾਂ ਨੇ ਸਿੱਟਾ ਕੱਢਿਆ, “ਪਾਲੇ ਹੋਰਾਂ ਨੇ ਕਿਸੇ ਅਮੀਰ ਘਰ ਨਾਲ ਪੰਗਾ ਨਹੀਂ ਸੀ ਲਿਆ। ਰਕਮ ਵੀ ਮਾਮੂਲੀ ਜਿਹੀ ਮੰਗੀ ਸੀ। ਕਿਸੇ ਅੱਤਵਾਦੀ ਧੜੇ ਨੇ ਨਾ ਇਸ ਵਾਰਦਾਤ ਦੀ ਜ਼ਿੰਮੇਵਾਰੀ ਲਈ ਸੀ, ਨਾ ਉਹਨਾਂ ਨੂੰ ਕਬੂਲਿਆ ਸੀ। ਇਸ ਲਈ ਪਾਲਾ ਅੱਤਵਾਦੀ ਨਹੀਂ ਸੀ।”
ਫੇਰ ਵੀ ਉਹ ਕੋਈ ਬਲਾ ਜ਼ਰੂਰ ਸੀ। ਉਹਨਾਂ ਕਾਰਨ ਸ਼ਹਿਰ ਦੋ ਧੜਿਆਂ ਵਿਚ ਵੰਡਿਆ ਜਾ ਚੁੱਕਾ ਸੀ। ਮੁੱਖ ਧੜਾ ਉਹਨਾਂ ਦੀ ਪਿੱਠ ’ਤੇ ਸੀ। ਉਹਨਾਂ ਨੂੰ ਨਿਰਦੋਸ਼ ਸਿੱਧ ਕਰਨ ਲਈ ਸਿਰਤੋੜ ਯਤਨ ਕਰ ਰਿਹਾ ਸੀ।
ਸੁੰਦਰ ਹੋਰੀਂ ਦੋਚਿੱਤੀ ਵਿਚ ਪੈ ਗਏ। ਸਮਝ ਨਹੀਂ ਆਈ, ਉਹ ਪਾਲੇ ਨੂੰ ਬਹਾਦਰ ਮੰਨ ਕੇ ਉਸ ਦਾ ਸਵਾਗਤ ਕਰਨ ਜਾਂ ਚੋਰ-ਉਚੱਕਾ ਸਮਝ ਕੇ ਉਸ ਤੋਂ ਵਗਾਰ ਲੈਣ।
ਬਹਾਦਰਾਂ ਵਿਚੋਂ ਸੁੰਦਰ ਸਭ ਤੋਂ ਵੱਧ ਚੁਸਤ-ਚਲਾਕ ਸੀ। ਉਸੇ ਦੀ ਡਿਊਟੀ ਲਾਈ ਗਈ। ਉਹ ਪਾਲੇ ਨੂੰ ਪੈਰੋਂ ਕੱਢੇ।
ਇਹ ਬੈਰਕ ਛੋਟੀ ਸੀ ਅਤੇ ਕੈਦੀਆਂ ਦੀ ਗਿਣਤੀ ਵੀ ਥੋੜ੍ਹੀ ਸੀ। ਖੁੱਡਾ ਲੱਭਣ ਲਈ ਪਾਲੇ ਨੂੰ ਕੋਈ ਦਿੱਕਤ ਪੇਸ਼ ਨਹੀਂ ਆਈ।
ਆਸਨ ਲਾਉਣ ਬਾਅਦ, ਬੈਰਕ ਦਾ ਜਾਇਜ਼ਾ ਲੈਣ ਲਈ ਪਾਲੇ ਨੇ ਇਧਰ-ਉਧਰ ਨਜ਼ਰ ਦੌੜਾਈ।
ਦੋਵੇਂ ਚਬੂਤਰੇ ਰੰਗ-ਬਰੰਗੇ ਵਿਛੌਣਿਆਂ ਨਾਲ ਢੱਕੇ ਹੋਏ ਸਨ। ਇੰਜ ਜਾਪਦਾ ਸੀ ਜਿਵੇਂ ਕੋਈ ਗਲੀਚਾ ਵਿਛਿਆ ਹੋਵੇ।
ਸ਼ੈਲਫ਼ਾਂ ਕੀਮਤੀ ਸਮਾਨ ਨਾਲ ਤੁੰਨੀਆਂ ਹੋਈਆਂ ਸਨ।
ਇਹ ਸੁੱਖ-ਸਹੂਲਤਾਂ ਦੇਖ ਕੇ ਪਾਲੇ ਨੂੰ ਸੁੱਖ ਦਾ ਸਾਹ ਆਇਆ। ਇਸ ਬੈਰਕ ਕੇ ਬਸ਼ਿੰਦੇ ਖਾਂਦੇ-ਪੀਂਦੇ ਘਰਾਂ ਦੇ ਅਤੇ ਅਸਰ-ਰਸੂਖ਼ ਵਾਲੇ ਸਨ। ਇਥੇ ਵੀ ਦਿਨ ਚੰਗੇ ਨਿਕਲਣਗੇ। ਪਾਲੇ ਨੇ ਸੋਚਿਆ।
ਵਿਹਲਾ ਹੋ ਕੇ ਉਸ ਨੇ ਅੰਗੜਾਈ ਭੰਨੀ ਹੀ ਸੀ ਕਿ ਸੁੰਦਰ ਹੋਰਾਂ ਨੇ ਆ ਘੇਰਿਆ।
“ਤੂੰ ਬਹਾਦਰ ਕਿਵੇਂ ਹੋਇਆ? ਤੂੰ ਇਕ ਬੱਚੇ ਨੂੰ ਮਾਰਿਆ ਹੈ। ਉਹ ਵੀ ਸਿਰਫ਼ ਪੰਜ ਹਜ਼ਾਰ ਖ਼ਾਤਰ।”
“ਮੈਂ ਕਿਸੇ ਨੂੰ ਨਹੀਂ ਮਾਰਿਆ। ਮੈਨੂੰ ਝੂਠਾ ਫਸਾਇਆ ਗਿਆ ਹੈ।”
ਅਚਾਨਕ ਬਾਹੋਂ ਫੜ ਕੇ ਝੰਜੋੜੇ ਜਾਣ ਕਾਰਨ ਡਰੇ ਪਾਲੇ ਨੇ ਸਫ਼ਾਈ ਪੇਸ਼ ਕੀਤੀ।
“ਮੈਂ ਕਤਲ ਨਹੀਂ ਕੀਤਾ, ਮੈਂ ਬੇਕਸੂਰ ਹਾਂ। ਬੇਵਕੂਫ਼) ਇਹ ਪਾਠ ਵਕੀਲ ਅਦਾਲਤ ਵਿਚ ਸੁਣਾਉਣ ਲਈ ਪੜ੍ਹਾਉਂਦੇ ਹਨ। ਹੁਣ ਤੂੰ ਅਦਾਲਤ ਵਿਚ ਨਹੀਂ, ਜੇਲ੍ਹ ਵਿਚ ਖੜਾ ਏਂ। ਇਥੇ ਹਰ ਕੋਈ ਸੱਚ ਬੋਲਦਾ ਹੈ। ਸੱਚ ਬੋਲਣ ’ਤੇ ਦੁਬਾਰਾ ਸਜ਼ਾ ਨਹੀਂ ਹੋਣ ਲੱਗੀ। ਤੇਰਾ ਡਰ ਦੂਰ ਕਰਨ ਲਈ ਪਹਿਲਾਂ ਮੈਂ ਆਪਣੇ ਕਾਰਨਾਮਿਆਂ ਬਾਰੇ ਦੱਸਦਾ ਹਾਂ। ਹੁਣ ਤਕ ਮੈਂ ਤਿੰਨ ਕਤਲ ਕਰ ਚੁੱਕਾ ਹਾਂ। ਦੋ ਦੀ ਅਜੇ ਤਕ ਮੁਸ਼ਕ ਨਹੀਂ ਨਿਕਲੀ, ਤੀਜੇ ਵਿਚ ਫਸਿਆ ਹਾਂ।”
ਆਖਦਾ ਸੁੰਦਰ ਆਪਣੀ ਬਹਾਦਰੀ ਦੇ ਕਿੱਸੇ ਸੁਣਾਉਣ ਲੱਗਾ।
ਸੁੰਦਰ ਨੇ ਪਹਿਲਾ ਕਤਲ ਇਕ ਸੇਠ ਤੋਂ ਸੁਪਾਰੀ ਲੈ ਕੇ ਕੀਤਾ ਸੀ। ਸੇਠ ਨੇ ਆਪਣਾ ਸਾਂਢੂ ਮਰਵਾਇਆ ਸੀ। ਦੋਹਾਂ ਦਾ ਵਪਾਰ ਸਾਂਝਾ ਸੀ। ਵਪਾਰ ਵਿਚੋਂ ਚੋਖਾ ਪੈਸਾ ਬਣ ਗਿਆ ਸੀ। ਦੋਹਾਂ ਨੂੰ ਵਾਧੂ ਪੈਸਾ ਹਜ਼ਮ ਕਰਨਾ ਔਖਾ ਹੋ ਰਿਹਾ ਸੀ। ਦੋਹਾਂ ਵਿਚ ਤਕਰਾਰ ਰਹਿਣ ਲੱਗਾ। ਤਕਰਾਰ ਵਧ ਕੇ ਇਕ-ਦੂਜੇ ਦੇ ਖ਼ੂਨ ਦੇ ਪਿਆਸੇ ਹੋਣ ਤਕ ਪੁੱਜ ਗਿਆ। ਇਸ ਤੋਂ ਪਹਿਲਾਂ ਕਿ ਦੂਜਾ ਪਹਿਲੇ ਦੀ ਜਾਨ ਲੈਂਦਾ, ਪਹਿਲਾ ਸੁੰਦਰ ਦੀ ਸ਼ਰਨ ਆ ਗਿਆ। ਕਿਸੇ ਨੂੰ ਅੱਜ ਤਕ ਪਤਾ ਨਹੀਂ ਲੱਗਾ, ਸੀਵਰੇਜ ਦੇ ਗਟਰ ਵਿਚ ਸਾਂਢੂ ਅਚਾਨਕ ਡਿੱਗਾ ਸੀ ਜਾਂ ਕਿਸੇ ਨੇ ਡੇਗਿਆ ਸੀ।
ਦੂਜੇ ਕਤਲ ਦਾ ਪਿਛੋਕੜ ਵੀ ਪਹਿਲੇ ਵਰਗਾ ਸੀ। ਉਥੇ ਝਗੜਾ ਮਾਲਕ ਅਤੇ ਕਿਰਾਏਦਾਰ ਦਾ ਸੀ
ਅਖ਼ੀਰ ਮਾਲਕਾਂ ਨੂੰ ਕੌੜਾ ਘੁੱਟ ਕਰਨਾ ਪਿਆਸੀ। ਅੱਜ ਤਕ ਕਿਸੇ ਨੂੰ ਪਤਾ ਨਹੀਂ ਲੱਗਾ, ਉਸ ਉਪਰ ਟਰੱਕ ਅਚਾਨਕ ਆ ਚੜ੍ਹਿਆ ਸੀ ਜਾਂ ਕਿਸੇ ਨੇ ਜਾਣ-ਬੁਝ ਕੇ ਚੜ੍ਹਾਇਆ ਸੀ।
ਜਦੋਂ ਸੁੰਦਰ ਫਸਣ ’ਤੇ ਆਇਆ ਤਾਂ ਉਂਝ ਹੀ ਫਸ ਗਿਆ।
ਕੈਨੇਡਾ ਤੋਂ ਆਈ ਇਕ ਕੁੜੀ ਨੇ ਪਿੰਡ ਦੇ ਮੁੰਡੇ ਨਾਲ ਇਸ਼ਕ-ਪੇਚੇ ਪਾ ਲਏ। ਕੁੜੀ ਨੂੰ ਸੈਰ ਕਰਾਉਣ ਲਈ ਰਿਸ਼ਤੇਦਾਰਾਂ ਨੇ ਇਕ ਮਹੀਨੇ ਲਈ ਟੈਕਸੀ ਕਰਾ ਦਿੱਤੀ। ਮੁੰਡਾ ਟੈਕਸੀ ਡਰਾਈਵਰ ਸੀ। ਕੁੜੀ ਨੂੰ ਮੁੰਡੇ ਦੀ ਜ਼ਿੰਦਾਦਿਲੀ ਪਸੰਦ ਆ ਗਈ। ਉਸ ਨੇ ਕੈਨੇਡਾ ਦੀਆਂ ਰੰਗੀਨੀਆਂ ਨੂੰ ਭੁਲਾ ਕੇ ਮੁੰਡੇ ਨਾਲ ਵਿਆਹ ਕਰਵਾ ਲਿਆ। ਕੈਨੇਡਾ ਬੈਠੇ ਕੁੜੀ ਦੇ ਮਾਪਿਆਂ ਨੂੰ ਕੁੜੀ ਦੇ ਇਸ ਕਾਰਨਾਮੇ ’ਤੇ ਨਮੋਸ਼ੀ ਹੋਈ। ਉਥੇ ਬੈਠਿਆਂ ਹੀ ਇਧਰਲੇ ਰਿਸ਼ਤੇਦਾਰਾਂ ਰਾਹੀਂ ਉਹਲਾਂ ਨੇ ਮੁੰਡੇ ਵਿਰੁੱਧ ਕੁੜੀ ਨੂੰ ਵਰਗਲਾਉਣ ਅਤੇ ਵਿਆਹ ਕਰਾਉਣ ਲਈ ਉਕਸਾਉਣ ਦਾ ਮੁਕੱਦਮਾ ਦਰਜ ਕਰਵਾ ਦਿੱਤਾ। ਕੁੜੀ ਨੇ ਮਾਪਿਆਂ ਦੀ ਯੋਜਨਾ ਸਿਰੇ ਨਾ ਚੜ੍ਹਨ ਦਿੱਤੀ। ਕਚਹਿਰੀ ਆ ਕੇ ਉਸ ਨੇ ਬਿਆਨ ਦੇ ਦਿੱਤਾ, “ਮੈਂ ਮਰਜ਼ੀ ਨਾਲ ਮੁੰਡੇ ਨਾਲ ਵਿਆਹ ਕਰਵਾਇਆ ਹੈ।” ਵਿਦੇਸ਼ੀ ਕੁੜੀ ਦੇ ਬਿਆਨਾਂ ਨੂੰ ਨਜ਼ਰਅੰਦਾਜ਼ ਕਰਨਾ ਜੱਜ ਲਈ ਔਖਾ ਹੋ ਗਿਆ। ਮੁਕੱਦਮਾ ਖਾਰਜ ਹੋ ਗਿਆ। ਮੁੰਡੇ-ਕੁੜੀ ਦੇ ਰਿਸ਼ਤੇ ਉਪਰ ਕਾਨੂੰਨ ਦੀ ਮੋਹਰ ਲੱਗ ਗਈ। ਕੁੜੀ ਦੇ ਮਾਪਿਆਂ ਦੇ ਸੱਤੀਂ ਕੱਪੜੀਂ ਅੱਗ ਲੱਗ ਗਈ। ਬਦਲਾ ਲੈਣ ਲਈ ਉਹਨਾਂ ਨੇ ਸੁੰਦਰ ਨਾਲ ਸੰਪਰਕ ਕੀਤਾ। ਦੋ ਕਤਲ ਕਰਨ ਕਾਰਨ ਸੁੰਦਰ ਦੇ ਹੌਸਲੇ ਬੁਲੰਦ ਸਨ। ਮੋਟੀ ਰਕਮ ਲੈ ਕੇ ਉਸ ਨੇ ਤੀਜਾ ਖ਼ੂਨ ਵੀ ਕਰ ਦਿੱਤਾ। ਇਧਰਲੀ ਪੁਲਿਸ ਨੇ ਮਾਮਲਾ ਰਫ਼ਾ-ਦਫ਼ਾ ਕਰ ਦਿੱਤਾ, ਪਰ ਕੈਨੇਡਾ ਸਰਕਾਰ ਦੀ ਪੈਰਵੀ ਕਾਰਨ ਪੁਲਿਸ ਨੂੰ ਕਾਤਲ ਦਾ ਖੁਰਾ ਲੱਭਣਾ ਪਿਆ। ਪੈੜ ਦੱਬਦੀ-ਦੱਬਦੀ ਪੁਲਿਸ ਸੁੰਦਰ ਤਕ ਅੱਪੜ ਗਈ।
ਪਰ ਉਸ ਨੂੰ ਕੋਈ ਪਛਤਾਵਾ ਨਹੀਂ ਸੀ। ਘਟਨਾ ਦਾ ਕੋਈ ਚਸ਼ਮਦੀਦ ਗਵਾਹ ਨਹੀਂ ਸੀ। ਅਖ਼ੀਰ ਉਸ ਨੇ ਬਰੀ ਹੋ ਜਾਣਾ ਸੀ। ਬਾਹਰ ਜਾ ਕੇ ਫੇਰ ਇਹੋ ਜਿਹੇ ਕਾਰੇ ਕਰਨੇ ਸਨ।
“ਲੈ ਮੈਂ ਤਿੰਨਾਂ ਕਤਲਾਂ ਦਾ ਜੁਰਮ ਕਬੂਲ ਕਰ ਲਿਆ, ਜਿਸ ਨੇ ਮੇਰਾ ਫਨੂੰ ਪੱਟਣਾ ਹੈ, ਪੱਟ ਲਏ।”
ਸੁੰਦਰ ਨੇ ਹਿੱਕ ਥਾਪੜ ਕੇ ਆਖਿਆ।
“ਇਕੱਲਾ ਮੈਂ ਹੀ ਨਹੀਂ, ਇਥੇ ਸਭ ਆਪਣੀ ਬਹਾਦਰੀ ਦੇ ਕਿੱਸੇ ਸੁਣਾਉਂਦੇ ਹਨ। ਲੈ ਇਹਨਾਂ ਦੇ ਮੂੰਹੋਂ ਹੀ ਸੁਣ, ਕਿਸ ਨੇ ਕੀ ਚੰਨ ਚਾੜ੍ਹਿਆ ਹੈ।”
ਸੀਤਲ ਨੇ ਲੋਕ ਭਲਾਈ ਦਾ ਕੰਮ ਕੀਤਾ ਸੀ। ਆਪਣੇ ਪਿੰਡ ਦੇ ਬਦਮਾਸ਼ ਨੂੰ ਸੱਥ ਵਿਚ ਢਾਹ ਕੇ ਪਹਿਲਾਂ ਉਸ ਦੇ ਮੂੰਹ ਵਿਚ ਪਿਸ਼ਾਬ ਕੀਤਾ ਸੀ। ਦਾੜ੍ਹੀ ਮੁੰਨੀ, ਫੇਰ ਡੱਕਰੇ ਕੀਤੇ। ਬਦਮਾਸ਼ ਨੇ ਦਸ ਸਾਲ ਤੋਂ ਅੱਤ ਚੁੱਕੀ ਹੋਈ ਸੀ। ਧੀ-ਭੈਣ ਦਾ ਬਾਹਰ ਨਿਕਲਣਾ ਦੁੱਭਰ ਹੋਇਆ ਪਿਆ ਸੀ। ਬਦਮਾਸ਼ ਦੇ ਕਤਲ ਵਾਲੀ ਰਾਤ ਸਾਰੇ ਪਿੰਡ ਵਿਚ ਦੀਪਮਾਲਾ ਹੋਈ। ਹੁਣ ਪੇਸ਼ੀ ਵਾਲੇ ਦਿਨ ਸਾਰਾ ਪਿੰਡ ਸੀਤਲ ਨੂੰ ਮਿਲਣ ਕਚਹਿਰੀ ਆਉਂਦਾ ਸੀ। ਉਸ ਦੀ ਬਹਾਦਰੀ ਦੇ ਸੋਹਲੇ ਗਾਉਂਦਾ ਸੀ। ਪਿੰਡ ਦੇ ਏਕੇ ਤੋਂ ਡਰ ਕੇ ਚਸ਼ਮਦੀਦ ਗਵਾਹਾਂ ਨੇ ਪੁਲਿਸ ਅਨੁਸਾਰ ਬਿਆਨ ਦੇਣੋਂ ਨਾਂਹ ਕਰ ਦਿੱਤੀ। ਕਿਸੇ ਵੀ ਦਿਨ ਉਹ ਬਰੀ ਹੋ ਸਕਦਾ ਸੀ।ਪਿੰਡ ਵਾਲਿਆਂ ਨੇ ਫ਼ੈਸਲਾ ਕੀਤਾ ਸੀ ਕਿ ਸੀਤਲ ਨੂੰ ਉਹ ਜਲੂਸ ਦੀ ਸ਼ਕਲ ਵਿਚ ਪਿੰਡ ਲਿਜਾਣਗੇ। ਅਗਲੀ ਵਾਰ ਸਰਬ-ਸੰਮਤੀ ਨਾਲ ਸਰਪੰਚ ਚੁਣਨਗੇ। ਸੀਤਲ ਨੂੰ ਉਸ ਦਿਨ ਦੀ ਬੇਸਬਰੀ ਨਾਲ ਉਡੀਕ ਸੀ।
ਰਹਿਮਾਨ ਹੋਰਾਂ ਨੂੰ ਦੋਹਰੇ ਕਤਲ ’ਤੇ ਕੋਈ ਪਛਤਾਵਾ ਨਹੀਂ। ਅਹਿਮਦੀਏ ਮੁਸਲਮਾਨਾਂ ਦਾ ਬੋਲਬਾਲਾ ਵਧਦਾ ਜਾ ਰਿਹਾ ਸੀ। ਦਿਨਾਂ ਵਿਚ ਉਹਨਾਂ ਨੇ ਇਲਾਕੇ ਵਿਚ ਦੋ ਮਸੀਤਾਂ ਅਤੇ ਤਿੰਨ ਮਦਰੱਸੇ ਉਸਾਰ ਲਏ ਸਨ। ਉਹਨਾਂ ਦੇ ਪੈਰੋਕਾਰਾਂ ਦੀ ਗਿਣਤੀ ਵਧਦੀ ਜਾ ਰਹੀ ਸੀ। ਰਹਿਮਾਨ ਹੋਰਾਂ ਲਈ ਅਹਿਮਦੀਏ ਕਾਲੇ ਨਾਗਾਂ ਵਾਂਗ ਖ਼ਤਰਨਾਕ ਸਨ। ਉਹਨਾਂ ਦਾ ਅਮਾਮ ਸਪੋਲੀਆਂ ਦੇ ਸਿਰ ਜਲਦੀ ਤੋਂ ਜਲਦੀ ਕਲਮ ਕਰਨ ਲਈ ਆਖਦਾ ਸੀ। ਮੌਕਾ ਤਾੜ ਕੇ ਉਹਨਾਂ ਦੋ ਸਪੋਲੀਏ ਮਸੀਤ ਵਿਚ ਚੁੱਕ ਲਿਆਂਦੇ। ਕੁੱਟ-ਕੁੱਟ ਉਹਨਾਂ ਨੂੰ ਦੋਜ਼ਖ਼ ਵਿਚ ਪਹੁੰਚ ਦਿੱਤਾ।
ਰਹਿਮਾਨ ਦੇ ਨਾਲ-ਨਾਲ ਉਹਨਾਂ ਦੀ ਜਮਾਤ ਨੂੰ ਉਹਨਾਂ ਦੇ ਇਸ ਕਾਰਨਾਮੇ ’ਤੇ ਫ਼ਖ਼ਰ ਹੈ। ਜੁਮੇਂ ਦੀ ਨਮਾਜ਼ ਵਾਲੇ ਦਿਨ ਉਹਨਾਂ ਦੀ ਬਹਾਦਰੀ ਦਾ ਗੁਣ-ਗਾਣ ਹੁੰਦਾ ਹੈ। ਹੋਰ ਨੌਜਵਾਨਾਂ ਲਈ ਉਹ ਪ੍ਰੇਰਨਾ-ਸ੍ਰੋਤ ਹਨ।
“ਕੰਜਰਾ, ਹੁਣ ਤਾਂ ਮੰਨ ਜਾ ਕਿ ਕਤਲ ਮੈਂ ਕੀਤਾ ਹੈ। ਅਸੀਂ ਤੈਨੂੰ ਬਹਾਦਰ ਮੰਨੀਏ ਅਤੇ ਆਪਣੇ ਭਾਈਚਾਰੇ ਵਿਚ ਸ਼ਾਮਲ ਕਰ ਲਈਏ।”
ਸੱਚ ਉਗਲਾਉਣ ਲਈ ਸੁੰਦਰ ਹਰ ਹੀਲਾ ਵਰਤ ਰਿਹਾ ਸੀ।
“ਮੈਂ ਸੱਚ ਕਹਿੰਨਾਂ ਭਾਅ ਜੀ, ਮੈਂ ਕਤਲ ਨਹੀਂ ਕੀਤਾ। ਪਹਿਲਾਂ ਮੈਂ ਛੋਟੇ-ਮੋਟੇ ਜੁਰਮ ਕਰਦਾ ਹੁੰਦਾ ਸੀ, ਹੁਣ ਉਹ ਵੀ ਛੱਡੇ ਹੋਏ ਹਨ।”
“ਨਹੀਂ ਕੀਤਾ ਤਾਂ ਹੁਣ ਕਰ। ਛੋਟੇ-ਮੋਟੇ ਜੁਰਮਾਂ ਵਿਚ ਕੁਝ ਨਹੀਂ ਪਿਆ। ਵੱਡੇ ਜੁਰਮ ਕਰ ਕੇ ਵੱਡੀਆਂ ਰਕਮਾਂ ਵਸੂਲ। ਤੂੰ ਮੇਰੀ ਢਾਣੀ ਵਿਚ ਰਲ ਜਾ। ਬਿਨਾਂ ਕਤਲ ਕੀਤਿਆਂ ਤੈਨੂੰ ਸਜ਼ਾ ਹੋ ਗਈ। ਫੇਰ ਦੇਖੀਂ। ਭਰੀ ਸੱਥ ਵਿਚ ਕਤਲ ਕਰ ਕੇ ਵੀ ਬਰੀ ਹੋਏਂਗਾ। ਲਿਆ ਕੱਢ ਹੱਥ।”
ਪਾਲਾ ਸੁੰਦਰ ਨਾਲ ਹੱਥ ਮਿਲਾਉਣ ਦੇ ਹੱਕ ਵਿਚ ਨਹੀਂ ਸੀ। ਨਾਂਹ ਕਰ ਕੇ ਮਗਰਮੱਛ ਨਾਲ ਦੁਸ਼ਮਣੀ ਵੀ ਮੁੱਲ ਨਹੀਂ ਸੀ ਲਈ ਜਾ ਸਕਦੀ।
ਪਾਲੇ ਨੇ ਚੱਪ ਵੱਟ ਲਈ।
ਸੁੰਦਰ ਨੇ ਵੀ ਘਾਟ-ਘਾਟ ਦਾ ਪਾਣੀ ਪੀਤਾ ਹੋਇਆ ਸੀ। ਝੱਟ ਤਾੜ ਗਿਆ। “ਪਾਲਾ ਸਾਧਾਰਨ ਬੰਦਾ ਨਹੀਂ ਹੈ। ਗੁੱਝੀ ਸ਼ੈਅ ਹੈ। ਤਾਂ ਹੀ ਕਈ-ਕਈ ਧੜਿਆਂ ਨਾਲ ਪਿੱਠ ਜੋੜੀ ਫਿਰਦਾਹੈ।”
ਹਾਲ ਦੀ ਘੜੀ ਸੁੰਦਰ ਨੂੰ ਚੁੱਪ ਰਹਿਣ ਵਿਚ ਹੀ ਭਲਾਈ ਲੱਗੀ।
“ਚੰਗਾ, ਸੋਚ ਕੇ ਦੱਸੀਂ।”
ਆਖਦੇ ਸੁੰਦਰ ਨੇ ਦੜ ਵੱਟ ਲਈ।
20
ਬੰਟੀ ਦੇ ਅਸਲ ਕਾਤਲਾਂ ਦੇ ਨਾਂ ਉਜਾਗਰ ਹੋ ਚੁੱਕੇ ਸਨ। ਸੰਮਤੀ ਨੇ ਹਰਮਨਬੀਰ ਹੋਰਾਂ ਵਿਰੁੱਧ ਜੋ ਸਬੂਤ ਇਕੱਠੇ ਕੀਤੇ ਸਨ, ਉਹ ਲੋਕਾਂ ਸਾਮਹਣੇ ਪੇਸ਼ ਹੋ ਚੁੱਕੇ ਸਨ। ਅਸਲ ਮੁਜਰਮਾਂ ਨੂੰ ਫੜਨ ਦੀ ਮੰਗ ਤੇਜ਼ ਹੋ ਰਹੀ ਸੀ। ਦਿਨੋ-ਦਿਨ ਸੰਮਤੀ ਨਾਲ ਸਹਿਮਤ ਹੋਣ ਵਾਲੇ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਸੀ।
ਲੋਕਾਂ ਵਿਚ ਇਕ ਧਾਰਨਾ ਬਣਨ ਲੱਗੀ, “ਇਕ ਦਿਨ ਪੁਲਿਸ ਨੂੰ ਅਸਲ ਦੋਸ਼ੀਆਂ ਨੂੰ ਫੜਨਾ ਪੈਣਾ ਹੈ। ਅਦਾਲਤ ਨੂੰ ਪਾਲੇ ਮੀਤੇ ਨੂੰ ਬਰੀ ਕਰਨਾ ਪੈਣਾ ਹੈ। ਫੇਰ ਸੰਮਤੀ ਵਾਲਿਆਂ ਨੇ ਉਹਨਾਂ ਵਿਰੁੱਧ ਭੁਗਤੇ ਗਵਾਹਾਂ ਨੂੰ ਕਟਹਿਰੇ ਵਿਚ ਖੜੇ ਕਰਨਾ ਹੈ।”
ਜਿਹੜੇ ਗਵਾਹਾਂ ਨੇ ਯੁਵਾ ਸੰਘ ਦੀ ਪ੍ਰੇਰਨਾ ਅਤੇ ਪੁਲਿਸ ਦੇ ਦਬਾਅ ਹੇਠ ਆ ਕੇ ਗਵਾਹੀ ਦਿੱਤੀ ਸੀ, ਉਹਨਾਂ ਨੂੰ ਭਾਜੜਾਂ ਪੈ ਗਈਆਂ।
ਸੰਮਤੀ ਇਕ ਸ਼ਰਤ ’ਤੇ ਝੂਠ ਬੋਲਣ ਵਾਲੇ ਗਵਾਹਾਂ ਦੀ ਭੁੱਲ ਬਖ਼ਸ਼ਣ ਲਈ ਤਿਆਰ ਸੀ। ਉਹ ਆਪਣੀ ਗ਼ਲਤੀ ਮੰਨਣ ਅਤੇ ਝੂਠ ਬੋਲਣ ਦਾ ਇਕਬਾਲ ਕਰ ਕੇ ਸੰਮਤੀ ਨੂੰ ਹਲਫ਼ੀਆ ਬਿਆਨ ਦੇਣ। ਸੰਮਤੀ ਦੀ ਨੀਤੀ ਸਪੱਸ਼ਟ ਸੀ। ਉਹਨਾਂ ਦੀ ਲੜਾਈ ਕਿਸੇ ਵਿਅਕਤੀ ਨਾਲ ਨਹੀਂ, ਪ੍ਰਬੰਧ ਨਾਲ ਸੀ।
ਯੁਵਾ ਸੰਘ ਅਤੇ ਉਸ ਦੇ ਵਕੀਲ ਗਵਾਹਾਂ ਨੂੰ ਅਜਿਹਾ ਕਰਨ ਤੋਂ ਰੋਕ ਰਹੇ ਸਨ, ਨਾਲੇ ਡਰਾ ਰਹੇ ਸਨ, “ਅਦਾਲਤ ਵੱਲੋਂ ਤੁਹਾਡੇ ਬਿਆਨਾਂ ਨੂੰ ਸੱਚ ਮੰਨਿਆ ਜਾ ਚੁੱਕਾ ਹੈ। ਤੁਹਾਡੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮਾਂ ਨੂੰ ਸਜ਼ਾ ਸੁਣਾਈ ਜਾ ਚੁੱਕੀ ਹੈ। ਪਾਲੇ ਮੀਤੇ ਨੂੰ ਬਚਾਉਣ ਲਈ ਸੰਮਤੀ ਨੇ ਇਹ ਝੂਠੀ ਕਹਾਣੀ ਘੜੀ ਹੈ। ਬੰਟੀ ਤੋਂ ਪਹਿਲਾਂ ਨਾ ਕੋਈ ਬੱਚਾ ਅਗਵਾ ਹੋਇਆ ਸੀ, ਨਾ ਕਿਸੇ ਨੇ ਫਿਰੌਤੀ ਦਿੱਤੀ ਸੀ। ਬੈਂਕ ਮੈਨੇਜਰ ਅਤੇ ਸ਼ੰਕਰ ਦਾਸ ਦੋ ਸਾਲ ਚੁੱਪ ਕਿਉਂ ਰਹੇ? ਸੱਚ ਇਹ ਹੈ ਕਿ ਨਸ਼ਿਆਂ ਦੀ ਤੋਟ ਕਾਰਨ ਡਰਾਈਵਰ ਤੜਫ ਰਿਹਾ ਹੈ। ਉਸ ਦੀ ਮਜਬੂਰੀ ਦਾ ਨਾਜਾਇਜ਼ ਫ਼ਾਇਦਾ ਉਠਾ ਕੇ ਸੰਮਤੀ ਨੇ ਉਸ ਨੂੰ ਖ਼ਰੀਦ ਲਿਆ ਹੈ। ਉਸ ਕੋਲੋਂ ਪਿਛਲੀਆਂ ਤਰੀਕਾਂ ਵਿਚ ਧਮਕੀ-ਪੱਤਰ ਲਿਖਵਾ ਲਏ ਹਨ। ਪੈਸੇ ਬਟੋਰਨ ਲਈ ਸ਼ਹਿਰ ਦੇ ਸਭ ਤੋਂ ਅਮੀਰ ਬੰਦੇ ਨੂੰ ਡਰਾਇਆ-ਧਮਕਾਇਆ ਜਾ ਰਿਹਾ ਹੈ। ਸਰਕਾਰ ਸੰਮਤੀ ਦੀਆਂ ਬਾਂਦਰ-ਘੁਰਕੀਆਂ ਤੋਂ ਡਰਨ ਵਾਲੀ ਨਹੀਂ। ਸੰਮਤੀ ਦੀਆਂ ਗੱਲਾਂ ਵਿਚ ਆ ਕੇ ਕਿਧਰੇ ਹਲਫ਼ੀਆ ਬਿਆਨ ਨਾ ਦੇ ਦੇਣਾ। ਆਪਣੇ ਲਈ ਆਪ ਹੀ ਫ਼ਾਂਸੀ ਦਾ ਫੰਦਾ ਤਿਆਰ ਨਾ ਕਰ ਲੈਣਾ।”
ਘਬਰਾਏ ਗਵਾਹਾਂ ਨੂੰ ਸਮਝ ਨਹੀਂ ਸੀ ਆ ਰਹੀ, ਉਹ ਕਿਸ ਧਿਰ ਨਾਲ ਖੜੋਣ।
ਪੁਲਿਸ ਨੇ ਪਾਲੇ ਅਤੇ ਮੀਤੇ ਨੂੰ ਦੋਸ਼ੀ ਸਿੱਧ ਕਰਨ ਲਈ ਬਹੁਤ ਗਵਾਹਾਂ ਦੇ ਬਿਆਨ ਲਿਖੇ ਸਨ। ਉਹਨਾਂ ਵਿਚੋਂ ਬਹੁਤੇ ਪਹਿਲਾਂ ਹੀ ਸੱਚ ਬੋਲ ਗਏ ਸਨ। ਉਹਨਾਂ ਨੇ ਹਿੱਕ ਠੋਕ ਕੇ ਆਖਿਆ, “ਇਸ ਵਾਰਦਾਤ ਵਿਚ ਪਾਲੇ ਮੀਤੇ ਦਾ ਹੱਥ ਨਹੀਂ ਹੈ।”
ਚਾਰ ਗਵਾਹਾਂ ਨੇ ਗਵਾਹੀ ਪੁਲਿਸ ਮੁਤਾਬਿਕ ਦਿੱਤੀ ਸੀ।
ਉਹਨਾਂ ਵਿਚੋਂ ਰਾਮ ਸਰੂਪ ਯੁਵਾ ਸੰਘ ਦਾ ਪ੍ਰਧਾਨ ਸੀ। ਲਾਲਾ ਜੀ ਦਾ ਅੰਨ੍ਹਾ ਭਗਤ ਸੀ। ਉਸੇ ਦੀ ਅਗਵਾਈ ਵਿਚ ਯੁਵਾ ਸੰਘ ਨੇ ਪਹਿਲਾਂ ਬੰਟੀ ਦੇ ਕਾਤਲਾਂ ਨੂੰ ਫੜਨ ਤੇ ਫੇਰ ਉਹਨਾਂ ਨੂੰ ਫਾਹੇ ਲਾਉਣ ਦੀ ਮੰਗ ਨੂੰ ਲੈ ਕੇ ਲੰਬਾ ਸੰਘਰਸ਼ ਕੀਤਾ ਸੀ। ਪਾਲਾ ਮੀਤਾ ਸੱਚੇ ਫਸੇ ਜਾਂ ਝੂਠੇ, ਇਸ ਨਾਲ ਉਸ ਨੂੰ ਕੋਈ ਮਤਲਬ ਨਹੀਂ ਸੀ। ਉਹ ਆਪਣੇ ਪਹਿਲੇ ਸਟੈਂਡ ’ਤੇ ਕਾਇਮ ਸੀ।
ਆਪਣੇ ਬਚਾਅ ਲਈ ਕਿਹੜਾ ਰਸਤਾ ਅਪਣਾਇਆ ਜਾਵੇ? ਜਦੋਂ ਇਹ ਵਿਚਾਰਨ ਲਈ ਬਾਕੀ ਗਵਾਹਾਂ ਨੇ ਰਾਮ ਸਰੂਪ ਨਾਲ ਸੰਪਰਕ ਕੀਤਾ ਤਾਂ ਉਸ ਨੇ ਕੋਰਾ ਜਵਾਬ ਦੇ ਦਿੱਤਾ। ਕਹਿੰਦਾ ਨਾ ਮੈਂ ਕਿਸੇ ਤੋਂ ਡਰਦਾ ਹਾਂ, ਨਾ ਮੈਂ ਕੋਈ ਬਚਾਅ ਕਰਨਾ ਹੈ।
ਰਹਿਨੁਮਾਈ ਲਈ ਬਾਕੀ ਦੇ ਗਵਾਹਾਂ ਨੇ ਲਾਲਾ ਜੀ ਨਾਲ ਸੰਪਰਕ ਕੀਤਾ। ਉਹ ਵੀ ਦੁਬਿਧਾ ਵਿਚ ਸਨ। ‘ਸੱਚ ਦੇ ਚੰਗੀ ਤਰ੍ਹਾਂ ਨਿੱਤਰ ਜਾਣ ਤਕ ਇੰਤਜ਼ਾਰ ਕਰਨ ਦੀ’ ਉਹਨਾਂ ਸਲਾਹ ਦਿੱਤੀ।
ਗਵਾਹ ਕਾਰੋਬਾਰੀ ਬੰਦੇ ਸਨ। ਬਹੁਤੀ ਦੇਰ ਖੱਜਲ-ਖ਼ੁਆਰ ਨਹੀਂ ਸਨ ਹੋ ਸਕਦੇ। ਉਪਰੋਂ ਸੰਘਰਸ਼ ਸੰਮਤੀ ਵਾਲੇ ਉਹਨਾਂ ਦੇ ਪਿੱਛੇ ਪਏ ਹੋਏ ਸਨ। ‘ਜਲਦੀ ਕੋਈ ਫ਼ੈਸਲਾ ਕਰਨ ਲਈ’ ਆਖ ਰਹੇ ਸਨ।
ਪਹਿਲਾਂ ਤਫ਼ਤੀਸ਼ ਦੌਰਾਨ ਅਤੇ ਫੇਰ ਗਵਾਹੀਆਂ ਸਮੇਂ ਉਹਨਾਂ ਨੂੰ ਕਈ ਪੁਲਿਸ ਅਫ਼ਸਰਾਂ ਅੱਗੇ ਪੇਸ਼ ਕੀਤਾ ਗਿਆ ਸੀ। ਹਰ ਇਕ ਨੇ ਹਿੱਕ ਥਾਪੜ ਕੇ ਆਖਿਆ ਸੀ, “ਨਿਧੜਕ ਹੋ ਕੇ ਗਵਾਹੀ ਦਿਉ, ਕੋਈ ਸੋਡੀ ਵਾ ਵੱਲ ਨਹੀਂ ਝਾਕ ਸਕਦਾ।”
ਉਹ ਸਾਰੇ ਅਫ਼ਸਰ ਇਥੋਂ ਬਦਲ ਚੁੱਕੇ ਸਨ। ਕੋਈ ਰਾਜਧਾਨੀ ਜਾ ਲੱਗਾ ਸੀ ਅਤੇ ਕੋਈ ਸਰਹੱਦੀ ਜ਼ਿਲ੍ਹੇ ਵਿਚ।
ਪਹਿਲਾਂ ਉਹ ਤਫ਼ਤੀਸ਼ੀ ਅਫ਼ਸਰ ਨੂੰ ਮਿਲਣ ਸਰਹੱਦ ’ਤੇ ਗਏ। ਦੋ ਦਿਨ ਉਸ ਨੇ ਡਾਹ ਨਾ ਦਿੱਤੀ। ਮਿਲਿਆ ਤਾਂ ਪਹਿਚਾਨਣੋ ਨਾਂਹ ਕਰ ਦਿੱਤੀ। ਕਹਿੰਦਾ, “ਮੈਂ ਸੈਂਕੜੇ ਕੇਸਾਂ ਵਿਚ ਤਫ਼ਤੀਸ਼ ਕੀਤੀ ਹੈ। ਹਜ਼ਾਰਾਂ ਗਵਾਹਾਂ ਦੇ ਬਿਆਨ ਲਿਖੇ ਹਨ। ਕਿਸ-ਕਿਸ ਦਾ ਨਾਂ ਯਾਦ ਰੱਖਾਂ।”
ਜਦੋਂ ਨਾਂ-ਪਤੇ ਯਾਦ ਕਰਾਏ ਤਾਂ ਭੱਜ ਕੇ ਪਿਆ। ਕਹਿੰਦਾ, “ਇਸ ਕੇਸ ਨੇ ਮੈਨੂੰ ਮੁਸੀਬਤ ਵਿਚ ਪਾਇਆ ਹੋਇਆ ਹੈ। ਜੇ ਕੇਸ ਖੁੱਲ੍ਹ ਗਿਆ ਤਾਂ ਸਭ ਤੋਂ ਪਹਿਲਾਂ ਰੱਸਾ ਮੇਰੇ ਗਲ ਵਿਚ ਪਏਗਾ। ਮੈਂ ਆਪਣੀ ਜਾਨ ਛੁਡਾਵਾਂ ਜਾਂ ਤੁਹਾਡੀ।”
ਕਪਤਾਨ ਤੋਂ ਸਹਾਇਤਾ ਲੈਣ ਉਹ ਰਾਜਧਾਨੀ ਗਏ।
ਕਪਤਾਨ ਨੇ ਉਹਨਾਂ ਨੂੰ ਪਹਿਚਾਣਿਆ ਵੀ ਅਤੇ ਠੰਢਾ-ਤੱਤਾ ਵੀ ਪਿਆਇਆ। ਫਿਰ ਸਲਾਹ ਦਿੱਤੀ, “ਤੁਹਾਨੂੰ ਮੌਜੂਦਾ ਕਪਤਾਨ ਨੂੰ ਮਿਲਣਾ ਚਾਹੀਦਾ ਹੈ। ਸੁਰੱਖਿਆ ਲਈ ਉਸ ਕੋਲੋਂ ਗੰਨਮੈਨ ਲੈਣੇ ਚਾਹੀਦੇ ਹਨ।” ਹਮਦਰਦੀ ਵਜੋਂ ਉਸ ਨੇ ਕਪਤਾਨ ਨੂੰ ਫ਼ੋਨ ਕੀਤਾ।
ਸ਼ਹਿਰ ਵਾਪਸ ਆ ਕੇ ਉਹ ਮੌਜੂਦਾ ਕਪਤਾਨ ਨੂੰ ਮਿਲੇ। ਉਸ ਨੇ ਵੀ ਮਜਬੂਰੀ ਜ਼ਾਹਰ ਕੀਤੀ।
“ਸੈਂਕੜੇ ਕੇਸਾਂ ਵਿਚ ਹਜ਼ਾਰਾਂ ਗਵਾਹ ਭੁਗਤਦੇ ਹਨ। ਹਰ ਗਵਾਹ ਨੂੰ ਵਿਰੋਧੀ ਧਿਰ ਦੇ ਗ਼ੁੱਸੇ ਦਾ ਸ਼ਿਕਾਰ ਹੋਣਾ ਪੈਂਦਾ ਹੈ। ਸੋਨੂੰ ਗਵਾਹ ਬਣਨ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ। ਮੈਂ ਕਿਸ-ਕਿਸ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਲਵਾਂ। ਮੈਂ ਇਕ ਕੰਮ ਕਰ ਸਕਦਾ ਹਾਂ। ਬਾਡੀਗਾਰਡਾਂ ਦਾ ਇੰਤਜ਼ਾਮ ਤੁਸੀਂ ਕਰੋ। ਅਸਲੇ ਅਤੇ ਲਾਇਸੈਂਸਾਂ ਦਾ ਪ੍ਰਬੰਧ ਮੈਂ ਕਰ ਦਿੰਦਾ ਹਾਂ।
ਤਿੰਨੇ ਗਵਾਹ ਧਰਮੀ-ਕਰਮੀ ਬੰਦੇ ਸਨ। ਗਵਾਹੀ ਦੇਣ ਤੋਂ ਪਹਿਲਾਂ ਤਿੰਨਾਂ ਨੂੰ ਪਰਮਾਤਮਾ ਨੂੰ ਹਾਜ਼ਰ-ਨਾਜ਼ਰ ਮੰਨ ਦੇ ਸੱਚ ਬੋਲਣ ਦੀ ਸਹੁੰ ਖਾਧੀ ਸੀ। ਲੋਕ ਉਹਨਾਂ ਦੇ ਧਰਮੀ-ਕਰਮੀ ਹੋਣ ’ਤੇ ਉਂਗਲ ਉਠਾਉਣ ਲੱਗ ਪਏ ਸਨ।
ਇਸ ਵਿਚ ਕੋਈ ਸ਼ੱਕ ਨਹੀਂ ਸੀ ਕਿ ਉਹਨਾਂ ਨੇ ਝੂਠ ਬੋਲਿਆ ਸੀ, ਪਰ ਇਹ ਵੀ ਸੱਚ ਸੀ ਕਿ ਝੂਠ ਉਹਨਾਂ ਧੋਖੇ ਵਿਚ ਆ ਕੇ ਬੋਲਿਆ ਸੀ।
ਗਵਾਹਾਂ ਦੀ ਆਤਮਾ ਲਾਹਨਤਾਂ ਪਾਉਣ ਲੱਗੀ। ਹੋ ਸਕਦਾ ਹੈ ਪਾਲਾ ਮੀਤਾ ਕਾਤਲ ਹੋਣ, ਪਰ ਉਹਨਾਂ ਨੇ ਉਹਨਾਂ ਨੂੰ ਕਤਲ ਨਾਲ ਸੰਬੰਧਿਤ ਕੋਈ ਕੰਮ ਕਰਦਿਆਂ ਨਹੀਂ ਸੀ ਦੇਖਿਆ। ਉਹਨਾਂ ਨੇ ਅਦਾਲਤ ਵਿਚ ਜੋ ਆਖਿਆ ਸੀ, ਉਹ ਝੂਠ ਸੀ। ਅਦਾਲਤ ਨੇ ਝੂਠ ਨੂੰ ਸੱਚ ਮੰਨ ਲਿਆ ਸੀ। ਉਹਨਾਂ ਦੇ ਝੂਠ ਨੇ ਦੋ ਬੰਦਿਆਂ ਨੂੰ ਸਜ਼ਾ ਕਰਵਾ ਦਿੱਤੀ ਸੀ। ਜੇ ਸੰਮਤੀ ਦੇ ਆਖਣ ਅਨੁਸਾਰ ਉਹ ਨਿਰਦੋਸ਼ ਹੋਏ ਤਾਂ ਹੋਈ ਸਜ਼ਾ ਦਾ ਪਾਪ ਉਹਨਾਂ ਨੂੰ ਲੱਗੇਗਾ।
ਗਵਾਹਾਂ ਨੇ ਫ਼ੈਸਲਾ ਕੀਤਾ ਕਿ ਉਹ ਆਪਣੇ ਮਨਾਂ ’ਤੇ ਬੋਝ ਨਹੀਂ ਰੱਖਣਗੇ।
ਆਪਣੇ ਪਾਪ ਦਾ ਪਛਤਾਵਾ ਕਰਨ ਲਈ ਉਹ ਕਚਹਿਰੀ ਗਏ, ਸੱਚ ਬਿਆਨਦੇ ਹਲਫ਼ੀਆ ਬਿਆਨ ਤਸਦੀਕ ਕਰਾਏ।
ਹਲਫ਼ੀਆ ਬਿਆਨ ਸੰਮਤੀ ਹਵਾਲੇ ਕਰਦਿਆਂ ਉਹਨਾਂ ਵਾਅਦਾ ਕੀਤਾ, “ਸਾਰੀਆਂ ਧਿਰਾਂ ਨਾਲ ਇਨਸਾਫ਼ ਹੋਣਾ ਚਾਹੀਦਾ ਹੈ। ਸਾਡੀ ਗ਼ਲਤੀ ਲਈ ਸਾਨੂੰ ਜੇ ਕੋਈ ਸਜ਼ਾ ਭੁਗਤਣੀ ਪਏ, ਉਸ ਲਈ ਅਸੀਂ ਤਿਆਰ ਹਾਂ।”
ਆਪਣੇ ਮਨਾਂ ਤੋਂ ਬੋਝ ਲਾਹ ਕੇ ਗਵਾਹ ਇਨਸਾਫ਼ ਦੀ ਉਡੀਕ ਕਰਨ ਲੱਗੇ।