1
ਸਰਕਾਰੀ ਵਕੀਲ ਨੂੰ ਉਡੀਕ ਰਹੇ ਥਾਣੇਦਾਰ ਨੂੰ ਲੱਗ ਰਿਹਾ ਸੀ ਜਿਵੇਂ ਤੀਸਰਾ ਦਿਨ ਵੀ ਭੰਗ ਦੇ ਭਾੜੇ ਜਾਏਗਾ।
ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਿਆਂ ਪਚਾਸੀ ਦਿਨ ਹੋ ਗਏ ਸਨ। ਜੇ ਪੰਜ ਦਿਨਾਂ ਦੇ ਅੰਦਰ- ਅੰਦਰ ਚਲਾਨ ਪੇਸ਼ ਨਾ ਹੋਇਆ ਤਾਂ ਉਹਨਾਂ ਦੀ ਜ਼ਮਾਨਤ ਹੋ ਜਾਣੀ ਸੀ। ਦੋਸ਼ੀਆਂ ਦੀ ਜ਼ਮਾਨਤ ਦਾ ਮਤਲਬ ਸੀ ਫਾਂਸੀ ਦੇ ਫੰਦੇ ਦਾ ਉਹਨਾਂ ਗਲੋਂ ਲਹਿ ਕੇ ਤਫ਼ਤੀਸ਼ੀ ਦੇ ਗਲ ਪੈ ਜਾਣਾ।
ਤਫ਼ਤੀਸ਼ ਨੱਬੇ ਦਿਨਾਂ ਦੇ ਅੰਦਰ-ਅੰਦਰ ਮੁਕੰਮਲ ਕਿਉਂ ਨਹੀਂ ਹੋਈ? ਇਸ ਪ੍ਰਸ਼ਨ ਨੂੰ ਲੈ ਕੇ ਨਾਜ਼ਰ ਸਿੰਘ ਥਾਣੇਦਾਰ ਦੀ ਜਵਾਬ-ਤਲਬੀ ਹੋਣੀ ਸੀ। ਕਈ ਮਹੀਨੇ ਅਫ਼ਸਰਾਂ ਨੇ ਉਸ ਨੂੰ ਖੱਜਲ-ਖ਼ੁਆਰ ਕਰਨਾ ਸੀ। ਖਹਿੜਾ ਛੁਡਾਉਣ ਲਈ ਨਾਜ਼ਰ ਸਿੰਘ ਨੂੰ ਹਜ਼ਾਰਾਂ ਰੁਪਏ ਚੜ੍ਹਾਵਾ ਚੜ੍ਹਾਉਣਾ ਪੈਣਾ ਸੀ। ਛੋਟੀ-ਮੋਟੀ ਸਜ਼ਾ ਵੱਟ ’ਤੇ ਸੀ। ਵੱਡੀ ਸਜ਼ਾ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਸੀ ਕੀਤਾ ਜਾ ਸਕਦਾ।
ਵਿਰੋਧੀ ਧਿਰ ਦੇ ਇਕ ਵਿਧਾਇਕ ਨੇ ਅਸੈਂਬਲੀ ਵਿਚ ਪ੍ਰਸ਼ਨ ਪੁੱਛ ਰਖਿਆ ਸੀ। ਇਹਨਾਂ ਬੇਕਸੂਰਾਂ ਨੂੰ ਛੱਡਿਆ ਕਿਉਂ ਨਹੀਂ ਜਾ ਰਿਹਾ? ਅਸਲ ਦੋਸ਼ੀਆਂ ਨੂੰ ਕਿਉਂ ਫੜਿਆ ਨਹੀਂ ਜਾ ਰਿਹਾ? ਉਹ ਉੱਤਰ ਚਾਹੁੰਦਾ ਸੀ।
ਥਾਣੇ ਦੇ ਛੋਟੇ ਮੁਲਾਜ਼ਮ ਤੋਂ ਲੈ ਕੇ ਮੁੱਖ ਮੰਤਰੀ ਤਕ ਸਭ ਇਸ ਪ੍ਰਸ਼ਨ ਤੋਂ ਟਲਣਾ ਚਾਹੁੰਦੇ ਸਨ। ਕਾਨੂੰਨਦਾਨਾਂ ਨੇ ਟਲਣ ਦਾ ਇਕੋ ਰਾਹ ਸੁਝਾਇਆ ਸੀ। ਕੇਸ ਨੂੰ ਜਲਦੀ ਤੋਂ ਜਲਦੀ ਅਦਾਲਤ ਦੇ ਸਪੁਰਦ ਕਰ ਦਿੱਤਾ ਜਾਵੇ। ਅਦਾਲਤ ਦੇ ਵਿਚਾਰ-ਅਧੀਨ (ਸਬ ਜੁਡਾਈਸ) ਮਸਲਾ ਕਿਧਰੇ ਹੋਰ ਨਹੀਂ ਵਿਚਾਰਿਆ ਜਾ ਸਕਦਾ। ਵਿਧਾਨ ਸਭਾ ਵਿਚ ਵੀ ਨਹੀਂ।
ਇਹ ਅਹਿਮ ਜ਼ਿੰਮੇਵਾਰੀ ਕਿਸ ਨੂੰ ਸੌਂਪੀ ਜਾਵੇ? ਇਸ ਪ੍ਰਸ਼ਨ ’ਤੇ ਪੁਲਿਸ ਕਪਤਾਨ ਨੇ ਖ਼ੁਦ ਵਿਚਾਰ ਕੀਤਾ ਸੀ। ਥਾਣੇ ਵਿਚ ਤਾਇਨਾਤ ਸਭ ਤਫ਼ਤੀਸ਼ੀਆਂ ਦੇ ਨਾਵਾਂ ਨੂੰ ਉਸ ਨੇ ਵਾਰੀ-ਵਾਰੀ ਵਿਚਾਰਿਆ ਸੀ।
ਡਿਪਟੀ ਨੇ ਪਾਖਰ ਦਾ ਨਾਂ ਸੁਝਾਇਆ ਸੀ।
ਉਹ ਲਿਖਾ-ਪੜ੍ਹੀ ਦਾ ਮਾਹਿਰ ਸੀ। ਉਸ ਦੀ ਬਹੁਤੀ ਸਰਵਿਸ ਸੀ.ਆਈ.ਏ. ਸਟਾਫ਼ ਦੀ ਸੀ। ਇਕੋ ਦੋਸ਼ੀ ’ਤੇ ਤਿੰਨ-ਤਿੰਨ ਐਕਟਾਂ ਅਧੀਨ ਕੇਸ ਫਿੱਟ ਕਰਨ ਵਿਚ ਉਸ ਨੂੰ ਮੁਹਾਰਤ ਹਾਸਲ ਸੀ। ਸਿਰ ’ਤੇ ਚੋਰੀ ਕੀਤੇ ਭਾਂਡਿਆਂ ਵਾਲੀ ਬੋਰੀ, ਹੱਥ ਵਿਚ ਬਰਛਾ ਅਤੇ ਖੀਸੇ ਵਿਚ ਅਫ਼ੀਮ। ਕਮੀ-ਪੇਸ਼ੀ ਰਹਿ ਜਾਏ ਤਾਂ ਮੋਢੇ ’ਤੇ ਲਟਕਾਏ ਝੋਲੇ ਵਿਚ ਨਾਜਾਇਜ਼ ਸ਼ਰਾਬ ਦੀਆਂ ਬੋਤਲਾਂ। ਲਿਖਾ-ਪੜ੍ਹੀ ਇੰਨੀ ਸਾਫ਼-ਸੁਥਰੀ ਕਿ ਵੱਡੇ ਤੋਂ ਵੱਡੇ ਵਕੀਲ ਨੂੰ ਵੀ ਰਾਹ ਨਹੀਂ ਦਿੰਦਾ। ਉਸ ਦੇ ਸਾਰੇ ਕੇਸਾਂ ਵਿਚ ਸਜ਼ਾ ਹੁੰਦੀ ਸੀ।
ਇਹ ਨਾਂ ਕਪਤਾਨ ਦੇ ਨੱਕ ਹੇਠ ਨਹੀਂ ਸੀ ਆਇਆ। ਅਫ਼ੀਮ ਸ਼ਰਾਬ ਦੇ ਕੇਸਾਂ ਦੀ ਲਿਖਾ- ਪੜ੍ਹੀ ਵੀ ਕੋਈ ਲਿਖਾ-ਪੜ੍ਹੀ ਹੁੰਦੀ ਹੈ। ਅਜਿਹੇ ਕੇਸਾਂ ਦੇ ਬਿਆਨ ਇਕੋ ਜਿਹੇ ਹੁੰਦੇ ਹਨ। ਛੋਟੀ-ਮੋਟੀ ਤਬਦੀਲੀ ਕਰ ਕੇ ਡੰਗ ਟੱਪ ਜਾਂਦਾ ਹੈ। ਤਫ਼ਤੀਸ਼ੀ ਦੀ ਹੁਸ਼ਿਆਰੀ ਦਾ ਪਤਾ ਉਦੋਂ ਲੱਗਦੈ ਜਦੋਂ ਗ਼ਬਨ, ਕਤਲ ਜਾਂ ਬਲਾਤਕਾਰ ਵਰਗੇ ਕਿਸੇ ਕੇਸ ਨਾਲ ਵਾਹ ਪਿਆ ਹੋਵੇ। ਪਾਖਰ ਨੇ ਸਾਰੀ ਨੌਕਰੀ ਵਿਚ ਇਕ ਵੀ ਅਜਿਹਾ ਕੇਸ ਨਹੀਂ ਕੀਤਾ। ਬਿਨਾਂ ਮੂੰਹ-ਸਿਰ ਵਾਲਾ ਇਹ ਕਤਲ ਕੇਸ ਉਸ ਦੇ ਵੱਸ ਦਾ ਨਹੀਂ ਸੀ।
ਕਪਤਾਨ ਨੂੰ ਅਜਿਹੇ ਤਫ਼ਤੀਸ਼ੀ ਦੀ ਲੋੜ ਸੀ, ਜਿਸ ਦੀ ਬੁੱਧੀ ਤੀਖਣ ਅਤੇ ਕਲਪਨਾ ਸ਼ਕਤੀ ਤੇਜ਼ ਹੋਵੇ। ਗੁੰਝਲਦਾਰ ਕੇਸਾਂ ਵਿਚ ਤਫ਼ਤੀਸ਼ੀ ਕੋਲ ਵਾਪਰੀਆਂ ਘਟਨਾਵਾਂ ਦੀਆਂ ਕੁਝ ਤੰਦਾਂ ਹੁੰਦੀਆਂ ਹਨ। ਕਾਨੂੰਨ ਦੇ ਸਾਂਚੇ ਵਿਚ ਫਿੱਟ ਕਰਨ ਲਈ ਕਹਾਣੀ ਦਾ ਬਾਕੀ ਤਾਣਾ-ਪੇਟਾ ਉਸ ਨੇ ਖ਼ੁਦ ਬੁਣਨਾ ਹੁੰਦਾ ਹੈ। ਇਸ ਕੇਸ ਦੀ ਤਫ਼ਤੀਸ਼ੀ ਨੂੰ ਕਹਾਣੀ ਵੀ ਘੜਨੀ ਪੈਣੀ ਸੀ ਅਤੇ ਸਬੂਤ ਵੀ।
ਕਪਤਾਨ ਨੂੰ ਲੱਗਦਾ ਸੀ ਕਿ ਇਸ ਅੜੇ ਗੱਡੇ ਨੂੰ ਜੇ ਕੋਈ ਕੱਢ ਸਕਦਾ ਸੀ ਤਾਂ ਉਹ ਨਾਜ਼ਰ ਸਿੰਘ ਸੀ।
ਬਲਤਾਕਾਰ ਦੇ ਇਕ ਕੇਸ ’ਚ ਉਲਝੀ ਗੱਥੀ ਨੂੰ ਜਿਸ ਅਕਲ ਅਤੇ ਦਲੇਰੀ ਨਾਲ ਨਾਜ਼ਰ ਨੇ ਸੁਲਝਾਇਆ ਸੀ, ਉਸ ਨਾਲ ਉਹ ਕਪਤਾਨ ਦੀਆਂ ਨਜ਼ਰਾਂ ਵਿਚ ਉੱਚਾ ਉੱਠ ਗਿਆ ਸੀ।
ਅਨਾਥ ਆਸ਼ਰਮ ਦੀ ਇਕ ਵਾਰਡਨ ਦੇ ਭਰਾ ਨੇ ਪੰਦਰਾਂ ਸਾਲਾਂ ਦੀ ਇਕ ਲੜਕੀ ਨਾਲ ਦਿਨ-ਦਿਹਾੜੇ ਬਲਾਤਕਾਰ ਕੀਤਾ ਸੀ। ਪਰ ਲੜਕੀ ਦੀ ਵਿਗੜੀ ਹਾਲਤ ਦੇਖ ਕੇ ਉਹ ਘਬਰਾ ਗਿਆ ਅਤੇ ਘਰੋਂ ਫ਼ਰਾਰ ਹੋ ਗਿਆ।
ਅਜਿਹੀਆਂ ਘਟਨਾਵਾਂ ਆਸ਼ਰਮ ਲਈ ਨਵੀਆਂ ਨਹੀਂ ਸਨ। ਲੜਕੀਆਂ ਰੋ-ਧੋ ਕੇ ਚੱਪ ਹੋ ਜਾਇਆ ਕਰਦੀਆਂ ਸਨ। ਵਾਰਡਨ ਨੇ ਇਸੇ ਆਸ ਨਾਲ ਤੁਫ਼ਾਨ ਦੇ ਗੁਜ਼ਰ ਜਾਣ ਤਕ ਦੜ ਵੱਟਣੀ ਬੇਹਤਰ ਸਮਝੀ
ਪਰ ਕੁਝ ਹੀ ਘੰਟਿਆਂ ਵਿਚ ਬਿੱਲੀ ਬੋਰੀ ਵਿਚੋ ਬਾਹਰ ਆ ਗਈ।
ਖਥਰ ਪ੍ਰਬੰਧਕਾਂ ਤਕ ਪੁੱਜ ਗਈ। ਉਹ ਕਾਰਵਾਈ ਲਈ ਕਾਹਲੇ ਪੈਣ ਲੱਗੇ। ਇਸ ਦੇ ਕਈ ਕਾਰਨ ਸਨ। ਪਹਿਲਾ ਇਹ ਕਿ ਲੜਕੀ ਦੀ ਉਮਰ ਛੋਟੀ ਸੀ। ਦੂਜਾ ਇਹ ਕਿ ਬਲਾਤਕਾਰ ਕਰਨ ਵਾਲਾ ਇਕ ਸਾਧਾਰਨ ਆਦਮੀ ਸੀ, ਕੋਈ ਪ੍ਰਬੰਧਕ ਨਹੀਂ। ਇਸ ਤਰ੍ਹਾਂ ਤਾਂ ਜਣੇ-ਖਣੇ ਨੂੰ ਮੂੰਹ ਮਾਰਨ ਦੀ ਆਦਤ ਪੈ ਜਾਏਗੀ। ਤੀਜਾ ਕਾਰਨ ਵਾਰਡਨ ਖ਼ੁਦ ਸੀ। ਉਹ ਬਹੁਤ ਸੋਹਣੀ ਸੀ ਪਰ ਪ੍ਰਬੰਧਕਾਂ ਨੂੰ ਉਸ ਦੇ ਸੁਹੱਪਣ ਦਾ ਕੋਈ ਲਾਭ ਨਹੀਂ ਸੀ ਪੁੱਜ ਰਿਹਾ। ਹੁਣ ਬਟੇਰਾ ਪੈਰ ਥੱਲੇ ਸੀ।
ਆਪਣੀ ਨੌਕਰੀ ਖੁੱਸਣ ਅਤੇ ਭਰਾ ਨੂੰ ਸਜ਼ਾ ਹੋਣ ਦੇ ਡਰੋਂ ਵਾਰਡਨ ਨੇ ਹਾਲਾਤ ਕਾਬੂ ’ਚ ਰੱਖਣ ਦੀ ਕੋਸ਼ਿਸ਼ ਕੀਤੀ। ਵਕੀਲ ਦੀ ਸਲਾਹ ਲਈ। ਇਕ ਪਾਸੇ ਉਹ ਪ੍ਰਬੰਧਕਾਂ ਨੂੰ ਟਰਕਾਉਂਦੀ ਰਹੀ ਅਤੇ ਦੂਜੇ ਪਾਸੇ ਬਲਾਤਕਾਰ ਦੇ ਸਬੂਤ ਮਿਟਾਉਂਦੀ ਰਹੀ।
ਹਫ਼ਤੇ ਵਿਚ ਜਦ ਸਾਰੇ ਸਬੂਤ ਮਿਟ ਗਏ ਤਾਂ ਇਕ ਰਾਤ ਉਹ ਵੀ ਪੱਤਰਾ ਵਾਚ ਗਈ। ਪ੍ਰਬੰਧਕਾਂ ਦੇ ਤਨ-ਬਦਨ ਨੂੰ ਅੱਗ ਲੱਗ ਗਈ। ਗ਼ੁੱਸੇ ਹੋ ਕੇ ਉਹਨਾਂ ਕੇਸ ਪੁਲਿਸ ਨੂੰ ਦੇ ਦਿੱਤਾ।
ਪੁਲਿਸ ਇਸ ਮੁਰਦਾ ਕੇਸ ਦਾ ਕੀ ਕਰੇ?
ਪਹਿਲਾਂ ਤਾਂ ਕੇਸ ਹੀ ਇਕ ਹਫ਼ਤਾ ਬਾਅਦ ਦਰਜ ਕਰਾਇਆ ਗਿਆ ਸੀ। ਇਹ ਦੇਰੀ ਦੋਸ਼ੀਆਂ ਨੂੰ ਬਰੀ ਕਰਵਾਉਣ ਲਈ ਕਾਫ਼ੀ ਸੀ। ਫੇਰ ਬਲਾਤਕਾਰ ਸਮੇਂ ਲੜਕੀ ਨੇ ਜਿਹੜੇ ਕੱਪੜੇ ਪਹਿਨੇ ਸਨ, ਉਹ ਸਾੜੇ ਜਾ ਚੁੱਕੇ ਸਨ। ਪੁਲਿਸ ਲਈ ਉਹਨਾਂ ਕੱਪੜਿਆਂ ਨੂੰ ਕਬਜ਼ੇ ਵਿਚ ਲੈਣਾ ਬਹੁਤ ਜ਼ਰੂਰੀ ਸੀ। ਉਹਨਾਂ ’ਤੇ ਦੋਸ਼ੀ ਦਾ ਵੀਰਜ ਸੀ। ਦੋਹਾਂ ਦੇ ਗੁਪਤ ਅੰਗਾਂ ਦੇ ਵਾਲ ਹੁੰਦੇ ਸਨ। ਲੜਕੀ ਦੇ ਸਰੀਰ ’ਤੇ ਲੱਗੀਆਂ ਝਰੀਟਾਂ ਠੀਕ ਹੋ ਗਈਆਂ ਸਨ। ਤਾਜ਼ੇ ਜ਼ਖ਼ਮਾਂ ਬਿਨਾਂ ਵੀ ਕੇਸ ’ਚ ਦਮ ਨਹੀਂ ਰਹਿਣਾ। ਕੋਈ ਚਸ਼ਮਦੀਦ ਗਵਾਹ ਵੀ ਨਹੀਂ ਸੀ। ਇਕੱਲੀ ਲੜਕੀ ਦੇ ਬਿਆਨਾਂ ਦੇ ਆਧਾਰ ’ਤੇ ਤਾਂ ਸਜ਼ਾ ਨਹੀਂ ਸੀ ਹੋ ਜਾਣੀ।
ਕਪਤਾਨ ਉਹਨੀਂ ਦਿਨੀਂ ਉਸ ਇਲਾਕੇ ਦਾ ਡਿਪਟੀ ਹੁੰਦਾ ਸੀ। ਮਸਲੇ ਦੀ ਨਜ਼ਾਕਤ ਨੂੰ ਦੇਖਦੇ ਹੋਏ ਤਫ਼ਤੀਸ਼ ਉਸ ਨੂੰ ਸੌਂਪੀ ਗਈ। ਡਿਪਟੀ ਦੀ ਤਫ਼ਤੀਸ਼ ਹੋਵੇ ਤੇ ਦੋਸ਼ੀ ਨੂੰ ਸਜ਼ਾ ਨਾ ਹੋਵੇ) ਇਹ ਕਿਵੇਂ ਹੋ ਸਕਦਾ ਸੀ? ਪਰ ਸਬੂਤਾਂ ਬਿਨਾਂ ਸਜ਼ਾ ਵੀ ਸੰਭਵ ਨਹੀਂ ਸੀ। ਡਿਪਟੀ ਕਰੇ ਤਾਂ ਕੀ ਕਰੇ?
ਨਾਜ਼ਰ ਸਿੰਘ ਉਸ ਸਮੇਂ ਡਿਪਟੀ ਦਾ ਰੀਡਰ ਹੁੰਦਾ ਸੀ। ਉਸ ਦੀ ਸਲਾਹ ਲਈ ਗਈ।
ਨਾਜ਼ਰ ਨੇ ਘੰਟੇ ਵਿਚ ਸਬੂਤਾਂ ਦੇ ਢੇਰ ਲਾ ਦਿੱਤੇ।
ਬਿਆਨ ਲਿਖਣ ਦੇ ਬਹਾਨੇ ਉਹ ਲੜਕੀ ਨੂੰ ਆਪਣੇ ਕੁਆਰਟਰ ਲੈ ਗਿਆ। ਘੰਟੇ ਬਾਅਦ ਜਦੋਂ ਉਹ ਵਾਪਸ ਆਏ ਤਾਂ ਲੜਕੀ ਦੀ ਹਾਲਤ ਉਸੇ ਤਰ੍ਹਾਂ ਦੀ ਸੀ, ਜਿਸ ਤਰ੍ਹਾਂ ਪਹਿਲੇ ਬਲਾਤਕਾਰ ਸਮੇਂ ਸੀ।
ਕੇਸ ਸਫਲਤਾ ਦੀ ਪੌੜੀ ਚੜ੍ਹ ਗਿਆ।
ਸੋਚ-ਸਮਝ ਕੇ ਹੀ ਨਾਜ਼ਰ ਸਿੰਘ ਦੇ ਮੋਢਿਆਂ ’ਤੇ ਇਹ ਭਾਰ ਪਾਇਆ ਗਿਆ ਸੀ।
ਉਸ ਸਮੇਂ ਨਾਜ਼ਰ ਸਿੰਘ ਨੇ ਇਸ ਜ਼ਿੰਮੇਵਾਰੀ ਨੂੰ ਖਿੜੇ-ਮੱਥੇ ਸਵੀਕਾਰ ਕੀਤਾ ਸੀ। ਅਫ਼ਸਰਾਂ ਨੇ ਉਸ ’ਤੇ ਵਿਸ਼ਵਾਸ ਕੀਤਾ ਸੀ। ਇਹ ਉਸ ਲਈ ਫ਼ਖ਼ਰ ਵਾਲੀ ਗੱਲ ਸੀ।
ਪਰ ਜਿਉਂ-ਜਿਉਂ ਤਫ਼ਤੀਸ਼ ਅੱਗੇ ਵਧ ਰਹੀ ਸੀ, ਉਸ ਦਾ ਜੋਸ਼ ਮੱਠਾ ਪੈਂਦਾ ਜਾ ਰਿਹਾਸੀ।
ਪੜਤਾਲ ’ਤੇ ਆਏ ਡਿਪਟੀ ਨੇ ਆਪਣੀ ਜਾਣੇ ਤਾਂ ਨਾਜ਼ਰ ਸਿੰਘ ’ਤੇ ਮਿਹਰ ਕੀਤੀ ਸੀ। ਨਾਜ਼ਰ ਸਿੰਘ ਨੂੰ ਕੋਈ ਤੰਗ ਨਾ ਕਰੇ, ਇਸ ਲਈ ਬਾਕੀ ਦੀਆਂ ਜ਼ੇਰੇ-ਤਫ਼ਤੀਸ਼ ਮਿਸਲਾਂ ਉਸ ਤੋਂ ਲੈ ਕੇ ਦੂਸਰੇ ਥਾਣੇਦਾਰਾਂ ਹਵਾਲੇ ਕਰ ਦਿੱਤੀਆਂ ਸਨ। ਉਸ ਦਾ ਹਲਕੇ ਵਿਚ ਜਾਣਾ ਵੀ ਬੰਦ। ਚੁੱਪ ਕਰ ਕੇ ਮੇਜ਼ ’ਤੇ ਬੈਠੇ ਅਤੇ ਇਸ ਕੇਸ ਦੀ ਲਿਖਾ-ਪੜ੍ਹੀ ਮੁਕੰਮਲ ਕਰੇ।
ਡਿਪਟੀ ਦੀ ਇਹ ਮਿਹਰਬਾਨੀ ਨਾਜ਼ਰ ਨੂੰ ਮਹਿੰਗੀ ਪੈ ਰਹੀ ਸੀ।
ਉਹ ਆਪ ਹੇਰਾਫੇਰੀ ਨਾ ਕਰੇ ਤਾਂ ਵੀ ਚਲਾਨ ਦੇ ਅਦਾਲਤ ਸਪੁਰਦ ਹੋਣ ਤਕ ਹਜ਼ਾਰ-ਪੰਦਰਾਂ ਸੌ ਖ਼ਰਚ ਹੋਣਾ ਸੀ। ਇੰਨਾ ਖ਼ਰਚ ਚੰਗੇ-ਭਲੇ ਕੇਸ ਵਿਚ ਹੋ ਜਾਂਦਾਂ ਹੈ। ਇਸ ਮਰੇ-ਮੁੱਕੇ ਕੇਸ ਵਿਚ ਤਾਂ ਸਭ ਕੁਝ ਨਵੇਂ ਸਿਰਿਉਂ ਹੋਣ ਵਾਲਾ ਸੀ। ਸਕੇਲੀ ਨਕਸ਼ਾ ਚਾਹੀਦਾ ਸੀ। ਫ਼ੋਟੋਗ੍ਰਾਫ਼ਰ ਨੂੰ ਪੈਸੇ ਦੇਣੇ ਸਨ। ਹੱਥ-ਲਿਖਤ ਦੇ ਮਾਹਿਰ ਤੋਂ ਰਿਪੋਰਟ ਠੀਕ ਕਰਵਾਉਣੀ ਸੀ। ਬਿਆਨਾਂ, ਜ਼ਿਮਨੀਆਂ ਦੀ ਰੱਦੋ-ਬਦਲ ਕਰਨੀ ਸੀ। ਸਰਕਾਰੀ ਵਕੀਲ ਨੂੰ ਸਲੂਟ ਮਾਰਨਾ ਸੀ। ਨਾਇਬ ਕੋਰਟ ਨੂੰ ਚਾਹ-ਪਾਣੀ ਪੁੱਛਣਾ ਸੀ। ਪੈਰਵਾਈ ਕਰਨ ਵਾਲਾ ਨਾਲ ਹੁੰਦਾ ਤਾਂ ਸਾਰੇ ਕੰਮ ਫਟਾਫਟ ਹੋ ਜਾਂਦੇ। ਹੁਣ ਨਾਜ਼ਰ ਸਿੰਘ ਨੂੰ ਮੁਸ਼ਕਲ ਬਣੀ ਹੋਈ ਸੀ। ਨਾ ਕੋਲੋਂ ਖ਼ਰਚ ਕੀਤਾ ਜਾ ਸਕਦੈ, ਨਾ ਖ਼ਰਚ ਕੀਤੇ ਬਿਨਾਂ ਮਿਸਲ ਮੁਕੰਮਲ ਹੁੰਦੀ ਹੈ। ਨਤੀਜੇ ਵੱਜੋਂ ਕੇਸ ਲਟਕ ਰਿਹੈ।
ਨਾਜ਼ਰ ਸਿੰਘ ਤੋਂ ਹੋਰ ਤਫ਼ਤੀਸ਼ਾਂ ਨਾ ਖੋਹੀਆਂ ਹੁੰਦੀਆਂ ਤਾਂ ਉਹ ਕਿਧਰੋ ਹੱਥ-ਪੱਲਾ ਮਾਰ ਲੈਂਦਾ। ਭਦੌੜ ਕਤਲ ਕੇਸ ਦੇ ਮੁਦੱਈ ਨੂੰ ਬੁਲਾਉਂਦਾ ਜਾਂ ਸਹਿਕਾਰੀ ਸਭਾ ਦੇ ਮੁਲਜ਼ਮ ਨੂੰ। ਕਿਸੇ ਨੂੰ ਕੀ ਪਤੈ ਕਿਸ ਨੂੰ ਕਿੰਨੀ ਫ਼ੀਸ ਦੇਣੀ ਹੈ। ਇਕੋ ਧਿਰ ਤੋਂ ਦੁਗਣੇ ਪੈਸੇ ਦਿਵਾ ਕੇ ਉਹ ਖਹਿੜਾ ਛੁਡਾ ਲੈਂਦਾ।
ਇਸੇ ਤਰ੍ਹਾਂ ਇਕ ਵਾਰ ਤਿੰਨ ਸੌ ਛੱਬੀ ਦਾ ਕੇਸ ਅੜ ਗਿਆ ਸੀ। ਭਰਾਵਾਂ ਦਾ ਆਪਸੀ ਝਗੜਾ ਸੀ। ਰਿਸ਼ਤੇਦਾਰਾਂ ਨੇ ਵਿਚ ਪੈ ਕੇ ਰਾਜ਼ੀਨਾਮਾ ਕਰਵਾ ਦਿੱਤਾ। ਰਾਜ਼ੀਨਾਮਾ ਕਰਵਾਉਣ ਦੀ ਸਾਰੀ ਫ਼ੀਸ ਮੁੱਖ ਅਫ਼ਸਰ ਆਪ ਡਕਾਰ ਗਿਆ। ਉਪਰੋਂ ਸਰਪੰਚ ਨੂੰ ਆਖ ਦਿੱਤਾ, “ਕਿਸੇ ਹਰਾਮਜ਼ਾਦੇ ਨੂੰ ਦੁਆਨੀ ਨਾ ਦਿਓ, ਕੋਈ ਤੰਗ ਕਰੇ ਤਾਂ ਮੇਰੇ ਕੋਲ ਆ ਜਾਇਓ।” ਭਾਊ ਚੁੱਪ ਕਰ ਕੇ ਘਰ ਬੈਠ ਗਏ। ਸਰਕਾਰੀ ਵਕੀਲ ਨੇ ਮਿਸਲ ਲਈ। ਨਾ ਕੋਈ ਧਿਰ ਸਰਕਾਰੀ ਵਕੀਲ ਨੂੰ ਪੈਸੇ ਦੇਵੇ, ਨਾ ਉਹ ਚਲਾਨ ਪੇਸ਼ ਕਰੇ। ਹਰ ਮੀਟਿੰਗ ਵਿਚ ਨਾਜ਼ਰ ਦੇ ਛਿੱਤਰ ਪਿਆ ਕਰਨ, ਕੇਸ ਲੇਟ ਕਿਉਂ ਹੋ ਰਿਹੈ? ਆਖ਼ਿਰ ਇਕ ਦਿਨ ਜੂਆ ਖੇਡਦੇ ਲਾਲੇ ਉਸ ਦੇ ਹੱਥ ਲੱਗ ਗਏ। ਜੂਏ ਦੇ ਦੋਸ਼ ਵਿਚ ਦੋਸ਼ੀ ਆਪਣੇ ਜੁਰਮ ਦਾ ਇਕਬਾਲ ਕਰ ਜਾਣ ਤਾ ਵੀ ਪੰਜਾਹ ਰੁਪਏ ਤੋਂ ਵੱਧ ਜੁਰਮਾਨਾ ਨਹੀਂ ਹੁੰਦਾ। ਅਜਿਹੇ ਚਲਾਨਾਂ ਵੱਲ ਸਰਕਾਰੀ ਵਕੀਲ ਬਹੁਤਾ ਧਿਆਨ ਨਹੀਂ ਦਿੰਦੇ। ਸਰਸਰੀ ਜਿਹੀ ਨਜ਼ਰ ਮਾਰੀ ਤੇ ਚਲਾਨ ਪਾਸ।
ਨਾਜ਼ਰ ਨੇ ਲਾਲੇ ਦਬਕਾਏ। ਸਰਕਾਰੀ ਵਕੀਲ ਦਾ ਰੋਹਬ ਪਾਇਆ।
“ਜੇ ਮੁੱਠੀ ਗਰਮ ਨਾ ਕੀਤੀ ਤਾਂ ਕੈਦ ਕਰਾ ਦੇਊ। ਜੱਜ ਨਾਲ ਸੂਤ ਹੈ। ਅੱਖਾਂ ਠੰਢੀਆਂ ਹੋ ਗਈਆਂ ਤਾਂ ਮੁਆਫ਼ੀ ਦਿਵਾ ਦੇਊ।”
ਡਰੇ ਲਾਲਿਆਂ ਨੇ ਝੱਟ ਸੌ-ਸੌ ਦੇ ਪੰਜ ਨੋਟ ਫੜਾ ਦਿੱਤੇ। ਦੋ ਨਾਜ਼ਰ ਨੇ ਆਪ ਰੱਖੇ, ਤਿੰਨ ਸਰਕਾਰੀ ਵਕੀਲ ਦੇ ਹਵਾਲੇ ਕੀਤੇ। ਇਕ ਨੋਟ ਇਸ ਕੇਸ ਦੇ ਖਾਤੇ ਅਤੇ ਦੋ ਛੱਬੀ ਦੇ ਖਾਤੇ। ਝਟ ਸਭ ਕੰਮ ਨੱਕੀ ਹੋ ਗਏ।
ਇਹ ਪੈਸੇ ਦੀ ਕਮੀ ਹੀ ਸੀ ਕਿ ਚਲਾਨ ਪਚਾਸੀਆਂ ਦਿਨਾਂ ਤੋਂ ਲਟਕ ਰਿਹਾ ਸੀ।
ਕਤਲ ਰੋਜ਼-ਰੋਜ਼ ਤਾਂ ਹੁੰਦੇ ਨਹੀਂ। ਕਦੇ ਹੋ ਜਾਵੇ ਤਾਂ ਹਰ ਇਕ ਨੂੰ ਫ਼ੀਸ ਮਿਲਣ ਦੀ ਆਸ ਬੱਝਦੀ ਹੈ। ਇਹੋ ਆਸ ਸਰਕਾਰੀ ਵਕੀਲ ਨੂੰ ਸੀ। ਉਸ ਨੇ ਪੂਰੇ ਤਿੰਨ ਘੰਟੇ ਮਗ਼ਜ਼ ਖਪਾਈ ਕਰਨੀ ਸੀ। ਮਿਸਲ ਦਾ ਅੱਖਰ-ਅੱਖਰ ਪੜ੍ਹਨਾ ਸੀ। ਬਿਆਨਾਂ ਦਾ ਮਿਲਾਣ ਕਰਨਾ ਸੀ। ਪੋਸਟ-ਮਾਰਟਮ ਦੀ ਰਿਪੋਰਟ ਦੇਖਣੀ ਸੀ। ਨਕਸ਼ੇ ਦੀ ਪੜਤਾਲ ਕਰਨੀ ਸੀ। ਸਭ ਦਸਤਾਵੇਜ਼ਾਂ ਦਾ ਆਪਸ ਵਿਚ ਤਾਲਮੇਲ ਬਿਠਾਉਣਾ ਸੀ। ਸਰਕਾਰ ਵੱਲੋਂ ਤਾਂ ਉਹਨਾਂ ਨੂੰ ਬਦਾਮ ਮਿਲਦੇ ਨਹੀਂ। ਕੋਈ ਧਿਰ ਹੀਲਾ ਕਰੂ ਤਾਂ ਉਹ ਮਗ਼ਜ਼ ਖਪਾਈ ਕਰੂ।
ਨਾ ਨਾਜ਼ਰ ਨੇ ਉਸ ਦੇ ਹੱਥ ’ਤੇ ਕੁਝ ਧਰਿਆ ਸੀ, ਨਾ ਸਰਕਾਰੀ ਵਕੀਲ ਨੇ ਚਲਾਨ ਦਰਾਜ਼ੋਂ ਬਾਹਰ ਕੱਢਿਆ ਸੀ। ਤਿੰਨ ਦਿਨ ਤੋਂ ਉਹ ਜਿਥੇ ਸੀ, ਉਥੇ ਹੀ ਪਿਆ ਸੀ।
ਪਹਿਲੇ ਦਿਨ ਨਾਜ਼ਰ ਸਿੰਘ ਜਦੋਂ ਚਲਾਨ ਲੈ ਕੇ ਆਇਆ ਸੀ ਤਾਂ ਸੁਰਿੰਦਰ ਕੁਮਾਰ ਬੜੀ ਹਲੀਮੀ ਨਾਲ ਮਿਲਿਆ ਸੀ। ਨਾਜ਼ਰ ਸਿੰਘ ਕਤਲ ਕੇਸ ਲੈ ਕੇ ਆਇਆ ਹੈ, ਇਹ ਸੁਣ ਕੇ ਉਸ ਦਾ ਚਿਹਰਾ ਗੁਲਾਬ ਵਾਂਗ ਖਿੜ ਉਠਿਆ ਸੀ। ਮਾੜੇ ਤੋਂ ਮਾੜੇ ਕੇਸ ਵਿਚ ਵੀ ਪੰਜ-ਚਾਰ ਸੌ ਵੱਟ ’ਤੇ ਸੀ।
ਕਾਫ਼ੀ ਦੇਰ ਸੁਰਿੰਦਰ ਕੁਮਾਰ ਮਿਸਲ ਦੇ ਵਰਕੇ ਪਲਟਦਾ ਰਿਹਾ। ਨਾਜ਼ਰ ਸਿੰਘ ਸਭ ਸਮਝ ਰਿਹਾ ਸੀ। ਉਸ ਨੂੰ ਫ਼ੀਸ ਦੀ ਉਡੀਕ ਸੀ। ਨਾਜ਼ਰ ਨੂੰ ਚਾਹੀਦਾ ਸੀ ਮਿਸਲ ਦੇ ਨਾਲ ਹੀ ਫ਼ੀਸ ਵੀ ਸਰਕਾਰੀ ਵਕੀਲ ਦੇ ਹਵਾਲੇ ਕਰ ਦਿੰਦਾ। ਨਾਜ਼ਰ ਕੋਲ ਕੁਝ ਹੁੰਦਾ ਤਾਂ ਹੀ ਦਿੰਦਾ। ਉਹ ਚੁੱਪ-ਚਾਪ ਬੈਠਾ ਰਿਹਾ। ਕੋਈ ਜ਼ਰੂਰੀ ਨਹੀਂ ਹਰ ਕੇਸ ਵਿਚ ਪੈਸੇ ਦਿੱਤੇ ਜਾਣ। ਆਖ਼ਰ ਚਲਾਨ ਚੈੱਕ ਕਰਨਾ ਉਸ ਦੀ ਡਿਊਟੀ ਸੀ।
ਥਾਣੇਦਾਰ ਨੂੰ ਬੇਸ਼ਰਮ ਹੋਇਆ ਦੇਖ ਕੇ ਸਰਕਾਰੀ ਵਕੀਲ ਨੇ ਵੀ ਮੂੰਹ ’ਤੇ ਮਿੱਟੀ ਮਲ ਲਈ। ਬਿਨਾਂ ਭੂਮਿਕਾ ਬੰਨ੍ਹੇ ਉਸ ਨੇ ਸਿੱਧਾ ਹੀ ਪੁੱਛ ਲਿਆ।
“ਕਿਉਂ ਮੁਦਈ ਨਾਲ ਲਿਆਂਦੈ?”
“ਮੁਦਈ ਲਾਲਾ ਜੀ ਹਨ, ਯੁਵਾ ਸੰਘ ਹੈ, ਉਹਨਾਂ ਦਾ ਤੁਹਾਨੂੰ ਪਤਾ ਹੈ। ਅੱਗੇ ਹੀ ਪੁਲਿਸ ਦੇ ਪਿੱਛੇ ਪਏ ਹੋਏ ਨੇ। ਸ਼ਿਕਾਇਤ ਕਰਨ ਦਾ ਬਹਾਨਾ ਭਾਲਦੇ ਨੇ।”
“ਫੇਰ ਮੁਲਜ਼ਮਾਂ ਦਾ ਕੋਈ ਹੋਊ?”
“ਉਹਨਾਂ ਦਾ ਵੀ ਤੁਹਾਨੂੰ ਪਤਾ ਹੀ ਹੈ। ਸੰਮਤੀ ਵਾਲੇ ਹਰ ਰੋਜ਼ ਪੁਲਿਸ ਦਾ ਜਲੂਸ ਕੱਢਦੇ ਹਨ। ਮਸਲਾ ਪਾਰਲੀਮੈਂਟ ਤਕ ਗਿਆ ਹੋਇਐ।”
“ਫੇਰ ਤੂੰ ਤਾ ਕਿਧਰੇ ਨਹੀਂ ਗਿਆ।” ਖਿਝੇ ਸਰਕਾਰੀ ਵਕੀਲ ਨੇ ਕਟਾਖ਼ਸ਼ ਕੀਤਾ ਸੀ ਜਾਂ ਮਜ਼ਾਕ, ਨਾਜ਼ਰ ਦੀ ਸਮਝ ਨਹੀਂ ਸੀ ਆਇਆ।
“ਅਸੀਂ ਕਦੋਂ ਭੱਜੇ ਹਾਂ।।” ਨਾਜ਼ਰ ਨੇ ਇਹ ਆਖਿਆ ਜਰੂਰ ਪਰ ਜ਼ੇਬ ਵਿੱਚ ਹੱਥ ਨਾ ਪਾਇਆ।
“ਕੋਈ ਨਹੀਂ ਮੈਂ ਮਿਸਲ ਪੜ੍ਹ ਲਵਾਂ। ਤੂੰ ਕੱਲ੍ਹ ਨੂੰ ਗਿਆਰਾਂ ਕੁ ਵਜੇ ਆ ਕੇ ਲੈ ਜਾਈਂ।”
ਅੱਗੋਂ ਸਰਕਾਰੀ ਵਕੀਲ ਕਿਹੜਾ ਕੂਲਾ ਸੀ। ਬਹਾਨੇ ਨਾਲ ਉਸ ਨੇ ਨਾਜ਼ਰ ਨੂੰ ਟਾਲ ਦਿੱਤਾ। ਨਕਦ ਨਹੀਂ ਤਾਂ ਵਗਾਰ ਸਹੀ। ਵਗਾਰ ਵੀ ਨਹੀਂ ਕਰੇਗਾ ਤਾਂ ਧੱਕੇ ਖਾਏਗਾ।
ਸੁਰਿੰਦਰ ਨੂੰ ਫਸੇ ਤਫ਼ਤੀਸ਼ੀ ਤੋਂ ਕੰਮ ਲੈਣਾ ਆਉਂਦੈ। ਹੋਰ ਨਹੀਂ ਤਾਂ ਵਿਗੜੀ ਘੜੀ ਹੀ ਫੜਾ ਦਿੱਤੀ, ਠੀਕ ਕਰਾਓ। ਕਦੇ ਗੈਸ ਵਾਲਾ ਸਿਲੰਡਰ ਚੁਕਵਾ ਦਿੱਤਾ, ਇਸ ਨੂੰ ਭਰਾਓ। ਸਿਨਮੇ ਦੇ ਟਿਕਟ ਲਿਆਓ। ਬੱਚਿਆਂ ਨੇ ਸੈਰ ਕਰਨ ਜਾਣੈ, ਕਾਰ ਚਾਹੀਦੀ ਹੈ। ਜਿੰਨਾ ਚਿਰ ਵਗਾਰ ਪੂਰੀ ਨਹੀਂ ਹੁੰਦੀ, ਥਾਣੇਦਾਰ ਸਰਕਾਰੀ ਵਕੀਲ ਦੇ ਮੱਥੇ ਨਹੀਂ ਲੱਗ ।
ਪਰ ਸ਼ੁਕਰ ਸੀ ਪਹਿਲੇ ਦਿਨ ਨਾਜ਼ਰ ਸਿੰਘ ਨੂੰ ਅਜਿਹੀ ਕੋਈ ਵਗਾਰ ਨਹੀਂ ਸੀ ਪਈ।
ਵਗਾਰ ਨਾ ਪਾਉਣ ਦਾ ਜਿਹੜਾ ਕਾਰਨ ਨਾਜ਼ਰ ਨੂੰ ਸਮਝ ਆਇਆ ਸੀ, ਸ਼ਾਇਦ ਉਹ ਇਹ ਸੀ ਕਿ ਉਹ ਧਿਰਾਂ ਨਾਲ ਸਿੱਧਾ ਸੰਪਰਕ ਕਾਇਮ ਕਰਨਾ ਚਾਹੁੰਦਾ ਸੀ।
ਹਾਲੇ ਤਕ ਉਸ ਨੇ ਧਿਰਾਂ ਨਾਲ ਸੰਪਰਕ ਕਾਇਮ ਨਾ ਕੀਤਾ ਹੋਵੇ, ਇਹ ਵੀ ਸੰਭਵ ਨਹੀਂ ਸੀ। ਮੁਨਸ਼ੀ, ਵਕੀਲ, ਅਹਿਲਕਾਰ, ਪੰਚ, ਸਰਪੰਚ ਅਤੇ ਪ੍ਰਧਾਨ ਸਭ ਉਸ ਦੇ ਯਾਰ-ਬੇਲੀ ਸਨ। ਹੁਣ ਤਕ ਉਹ ਧਿਰਾਂ ਨੂੰ ਸਰਕਾਰੀ ਵਕੀਲ ਦੇ ਅੱਗੇ-ਪਿੱਛੇ ਘੁਮਾ-ਘੁਮਾ ਕੇ ਹੰਭ ਚੁੱਕੇ ਹੋਣਗੇ। ਕੁਝ ਨੇ ਲੰਬੀ-ਚੌੜੀ ਭੂਮਿਕਾ ਬੰਨ੍ਹ ਕੇ ਲਾਲਾ ਜੀ ਨੂੰ ਸਮਝਾਇਆ ਹੋਏਗਾ।
“ਸਰਕਾਰੀ ਵਕੀਲ ਨੇ ਮਿਸਲ ਬੰਨ੍ਹਣੀ ਹੈ। ਚੰਗਾ ਹੈ, ਉਸ ਨੂੰ ਮਿਲ ਲਈਏ। ਨਾ ਮਿਲੇ ਤਾਂ ਕੇਸ ਢਿੱਲਾ ਛੱਡਦੂ।”
ਕੁਝ ਹੋਰ ਮੁਲਜ਼ਮਾਂ ਕੋਲ ਗਏ ਹੋਣਗੇ। ਮੁਲਜ਼ਮਾਂ ਦੇ ਮੋਟੇ ਦਿਮਾਗ਼ ’ਚ ਗੱਲ ਪਾਉਣ ਲਈ ਉਹਨਾਂ ਨੂੰ ਵਾਰ-ਵਾਰ ਸਮਝਾਇਆ ਹੋਵੇਗਾ।
“ਥਾਣੇਦਾਰ ਨੇ ਬਥੇਰੀ ਮਦਦ ਕਰਤੀ। ਫ਼ਾਇਦਾ ਤਾਂ ਹੋਊ ਜੇ ਸਰਕਾਰੀ ਵਕੀਲ ਇਸੇ ਤਰ੍ਹਾਂ ਕੇਸ ਪਾਸ ਕਰ ਦਏ। ਜੇਬ ਭਰਾਂਗੇ ਤਾਂ ਹਾਥੀ ਅੱਗੋਂ ਦੀ ਲੰਘਣ ਦੇਊ। ਨਹੀਂ ਤਾਂ ਪੂਛ ਫੜ ਕੇ ਘੜੀਸ ਲੂ।”
ਘਬਰਾਈਆਂ ਦੋਵੇਂ ਧਿਰਾਂ ਸੁਰਿੰਦਰ ਕੋਲ ਆਈਆਂ ਹੋਣਗੀਆਂ।
ਠੰਢਾ ਪਾਣੀ ਪਿਆ ਕੇ ਸੁਰਿੰਦਰ ਨੇ ਲਾਲਾ ਜੀ ਦਾ ਸੀਨਾ ਠਾਰਿਆ ਹੋਵੇਗਾ।
“ਫ਼ਿਕਰ ਨਾ ਕਰੋ ਸੇਠ ਜੀ। ਅਜਿਹੀ ਮਿਸਲ ਬੰਨੂੰ, ਬਈ ਪੁੱਤ ਮੇਰੇ, ਹਾਈ ਕੋਰਟ ਤਕ ਬਰੀ ਨੀ ਹੋਣੇ।”
ਮੁਲਜ਼ਮਾਂ ਦੇ ਵਾਰਿਸਾਂ ਨੂੰ ਉਸ ਨੇ ਘਰ ਬੁਲਾਇਆ ਹੋਏਗਾ। ਉਹਨਾਂ ਦੀ ਪਿੱਠ ਥਾਪੜ ਕੇ ਆਖਿਆ ਹੋਏਗਾ।
“ਫ਼ਿਕਰ ਨਾ ਕਰੋ। ਕੇਸ ’ਚ ਬਰੀ ਹੋਣ ਲਈ ਵੀਹ ਮੋਰੀਆਂ ਨੇ। ਜੇ ਮੈਂ ਨਾ ਭਰੀਆਂ ਤਾਂ ਜੱਜ ਭਾਵੇਂ ਮੁਦਈ ਦਾ ਸਾਲਾ ਲੱਗਦਾ ਹੋਵੇ ਤਾਂ ਵੀ ਮੁੰਡਿਆਂ ਨੂੰ ਸਜ਼ਾ ਨੀ ਕਰ ਸਕਦਾ।”
ਗੱਲਾਂ ’ਚ ਆਏ ਸਾਇਲਾਂ ਨੇ ਜੇਬਾਂ ਉਲਟਨ ਦਾ ਵਾਅਦਾ ਕੀਤਾ ਹੋਏਗਾ। ।
ਪਰ ਸੁਰਿੰਦਰ ਦੀਆਂ ਗੱਲਾਂ ਤੋਂ ਲੱਗਦਾ ਸੀ ਜਿਵੇਂ ਨਾਜ਼ਰ ਵਾਂਗ ਉਸ ਦੇ ਪੱਲੇ ਵੀ ਕੁਝ ਨਹੀਂ ਸੀ ਪਿਆ।
ਕੁਝ ਪੱਲੇ ਪਿਆ ਹੁੰਦਾ ਤਾਂ ਮਿਸਲ ਦਾ ਅੱਖਰ-ਅੱਖਰ ਪੜ੍ਹਦਾ। ਮੁਲਜ਼ਮਾਂ ਨੂੰ ਬੇ-ਕਸੂਰ ਅਤੇ ਬੇਕਸੂਰ ਨੂੰ ਮੁਲਜ਼ਮ ਬਣਾਉਣਦੇ ਰਾਹ ਲੱਭਦਾ। ਮੁਦਈ, ਮੁਲਜ਼ਮਾਂ ਨਾਲ ਕੀਤੇ ਵਾਅਦੇ ਨਿਭਾਉਣ ਲਈ ਮਿਸਲ ਵਿਚ ਰੱਦੋ-ਬਦਲ ਕਰਵਾਉਂਦਾ।
ਨਾਜ਼ਰ ਦੇ ਇਕ ਕੇਸ ਵਿਚ ਉਸ ਨੇ ਇੰਝ ਹੀ ਕੀਤਾ ਸੀ।
ਲੰਬੜਾਂ ਦੇ ਸ਼ਰਾਬੀ ਮੁੰਡੇ ਨੇ ਨਸ਼ੇ ਦੇ ਲੋਰ ‘ਵਿਚ ਆਪਣੇ ਗੁਆਂਢੀਆਂ ’ਤੇ ਹਵਾਈ ਫ਼ਾਇਰ ਕਰ ਦਿੱਤਾ ਸੀ। ਪੁਲਿਸ ਨੇ ਪਰਚਾ ਦਰਜ ਕਰਦੇ ਸਮੇਂ ਗੋਲੀ ਚੱਲੀ ਦਾ ਕਾਰਨ ਮੁੰਡੇ ਦੀ ਅਣਗਹਿਲੀ ਅਤੇ ਲਾ-ਪ੍ਰਵਾਹੀ ਲਿਖਿਆ ਸੀ। ਇਸ ਤਰ੍ਹਾਂ ਤਿੰਨ ਸੌ ਛੱਬੀ ਦਾ ਮਾਮੂਲੀ ਜਿਹਾ ਕੇਸ ਬਣਿਆ ਸੀ, ਉਹ ਵੀ ਕਾਬਲੇ ਜ਼ਮਾਨਤ। ਲੰਬੜਾਂ ਨੇ ਮੁੱਖ ਅਫ਼ਸਰ ਨਾਲ ਗਿਟਮਿਟ ਕਰ ਕੇ ਮੁੰਡਾ ਸਿੱਧਾ ਅਦਾਲਤ ਵਿਚ ਪੇਸ਼ ਕਰ ਦਿੱਤਾ। ਅਦਾਲਤ ਨੇ ਝੱਟ ਜ਼ਮਾਨਤ ਲੈ ਲਈ। ਵਿਰੋਧੀ ਧਿਰ ਦੇਖਦੀ ਹੀ ਰਹਿ ਗਈ।
ਆਪਣੇ ਵਕੀਲ ਨਾਲ ਮਸ਼ਵਰਾ ਕਰਨ ਲਈ ਮੁਦਈ ਧਿਰ ਸੁਰਿੰਦਰ ਕੁਮਾਰ ਦੇ ਧੱਕੇ ਚੜ੍ਹ ਗਈ। ਉਸ ਨੇ ਪਹਿਲਾਂ ਨੋਟਾਂ ਦੀ ਥਹੀ ਆਪ ਲਈ ਤੇ ਫੇਰ ਤਫ਼ਤੀਸ਼ੀ ਨੂੰ ਦਿਵਾਈ। ਗਵਾਹਾਂ ਦੇ ਬਿਆਨਾਂ ਵਿਚ ਮਾਮੂਲੀ ਜਿਹੀ ਰੱਦੋ-ਬਦਲ ਕਰਨ ਨਾਲ ਹੀ ਮੁਕੱਦਮਾ ਤਿੰਨ ਸੌ ਸੱਤ ਵਿਚ ਤਬਦੀਲ ਹੋ ਗਿਆ। ਪਹਿਲਾਂ ਬੰਦੂਕ ਦਾ ਮੂੰਹ ਅਸਮਾਨ ਵੱਲ ਸੀ, ਫੇਰ ਮੁਦੱਈ ਵੱਲ ਕਰ ਦਿੱਤਾ। ਕਾਬਲੇ-ਜ਼ਮਾਨਤ ਜੁਰਮ, ਨਾ-ਕਾਬਲੇ ਜ਼ਮਾਨਤ ਬਣ ਗਿਆ। ਮਹੀਨਾ ਜੇਲ੍ਹ ਦੀ ਹਵਾ ਖਾ ਕੇ ਮੁੰਡੇ ਦੀ ਜ਼ਮਾਨਤ ਹੋਈ, ਉਹ ਵੀ ਹਾਈ ਕੋਰਟ ਵਿਚੋਂ।
ਸਰਕਾਰੀ ਵਕੀਲ ਜੋ ਮਰਜ਼ੀ ਕਰੇ। ਨਾਜ਼ਰ ਸਿੰਘ ਨੂੰ ਕੋਈ ਸਰੋਕਾਰ ਨਹੀਂ। ਉਹ ਲਾਲਾ ਜੀ ਨੂੰ ਬੁਲਾਏ ਜਾਂ ਦੋਸ਼ੀਆਂ ਦੇ ਵਾਰਿਸਾਂ ਨੂੰ। ਗਵਾਹਾਂ ਦੇ ਬਿਆਨ ਬਦਲੇ ਜਾਂ ਦਫ਼ਾਵਾਂ ਵਿਚ ਘਾਟਾ-ਵਾਧਾ ਕਰੇ। ਬੱਸ, ਚਲਾਨ ਪਾਸ ਕਰ ਦੇਵੇ।
ਪਰ ਅਗਲੇ ਦਿਨ ਵੀ ਪਨਾਲਾ ਉਥੇ ਦਾ ਉਥੇ ਸੀ।
ਨਾਜ਼ਰ ਨੂੰ ਚਲਾਣ ਗਿਆਰਾਂ ਵਜੇ ਮਿਲਣਾ ਸੀ। ਉਹ ਦਸ ਵਜੇ ਹੀ ਆ ਧਮਕਿਆ।
ਧੋਬੀ ਦੇ ਕੁੱਤੇ ਵਾਂਗ ਉਹ ਨਾ ਘਰ ਦਾ ਰਿਹਾ ਸੀ, ਨਾ ਘਾਟ ਦਾ। ਥਾਣੇ ਜਾਂਦਾ ਤਾਂ ਮੁੱਖ ਅਫ਼ਸਰ ਸੂਈ ਕੁੱਤੀ ਵਾਂਗ ਪੈਂਦਾ।
“ਇਥੇ ਕੀ ਆਂਡੇ ਦਿੰਨੈ? ਉਸ ਭੜੂਏ ਦੇ ਸਿਰ ’ਤੇ ਜਾ ਕੇ ਬੈਠ।” ਝਿੜਕ ਕੇ ਮੁੱਖ ਅਫ਼ਸਰ ਨਾਜ਼ਰ ਨੂੰ ਕਚਹਿਰੀ ਧੱਕ ਦਿੰਦਾ।
ਕਚਹਿਰੀ ਆਏ ਨੂੰ ਸਰਕਾਰੀ ਵਕੀਲ ਰਾਹ ਨਹੀਂ ਸੀ ਦਿੰਦਾ।
ਨੱਬਿਆਂ ਵਿਚੋਂ ਪਚਾਸੀ ਦਿਨ ਲੰਘ ਚੁੱਕੇ ਸਨ ਪਰ ਨਾਜ਼ਰ ਨੇ ਹਾਲੇ ਗੋਹੜੇ ਵਿਚੋਂ ਪੂਣੀ ਵੀ ਨਹੀਂ ਸੀ ਕੱਤੀ। ਪਹਿਲਾਂ ਇਹ ਸਰਕਾਰੀ ਵਕੀਲ ਨੁਕਸ ਕੱਢੇਗਾ। ਫੇਰ ਚਲਾਨ ਇਸ ਤੋਂ ਵੱਡੇ ਸਰਕਾਰੀ ਵਕੀਲ ਕੋਲ ਜਾਏਗਾ। ਉਹ ਆਪਣੀ ਅਕਲ ਦਿਖਾਏਗਾ। ਫੇਰ ਜ਼ਿਲ੍ਹਾ ਅਟਾਰਨੀ ਨੋਕ-ਝੋਕ ਕਰੇਗਾ। ਇਹੋ ਸਪੀਡ ਰਹੀ ਤਾਂ ਚਲਾਨ ਹੋਰ ਨੱਬੇ ਦਿਨ ਗੇੜੇ ਖਾਂਦਾ ਰਹੇਗਾ।
ਦਸ ਵਜੇ ਸਰਕਾਰੀ ਵਕੀਲ ਕਚਹਿਰੀ ਪੇਸ਼ ਹੋਇਆ-ਹੋਇਆ ਸੀ।
ਗਿਆਰਾਂ ਵਜੇ ਪਤਾ ਲੱਗਾ ਉਹ ਬਾਰ-ਰੂਮ ਵਿਚ ਬੈਠਾ ਤਾਸ਼ ਖੇਡ ਰਿਹੈ। ਨਾਜ਼ਰ ਨੇ ਕਈ ਸੁਨੇਹੇ ਭੇਜੇ ਪਰ ਉਸਦੇ ਕੰਨ ’ਤੇ ਜੂੰ ਨਾ ਸਰਕੀ।
ਉਥੋਂ ਉੱਠ ਕੇ ਉਹ ਸਿੱਧਾ ਖਾਣਾ ਖਾਣ ਤੁਰ ਗਿਆ।
ਖਾਣਾ ਖਾ ਕੇ ਆਇਆ ਤਾਂ ਮੁੜ ਕਚਹਿਰੀ ਵੜ ਗਿਆ।
ਨਾਜ਼ਰ ਸਿੰਘ ਲੁੱਕਣ-ਮੀਟੀ ਦਾ ਕਾਰਨ ਸਮਝਦਾ ਸੀ। ਉਹ ਨਾਜ਼ਰ ਦਾ ਕੰਮ ਨਹੀਂ ਸੀ ਕਰਨਾ ਚਾਹੁੰਦਾ। ਜਾਣ-ਬੁਝ ਕੇ ਟਾਲ ਰਿਹਾ ਸੀ।
ਤਿੰਨ ਕੁ ਵਜੇ ਉਹ ਸੈਣੀ ਵਕੀਲ ਦੇ ਖੋਖੇ ’ਚ ਜਾ ਬੈਠਾ। ਨਾਜ਼ਰ ਨੂੰ ਕੁਝ ਰਾਹਤ ਮਹਿਸੂਸ ਹੋਈ। ਸੈਣੀ ਲਾਲਾ ਜੀ ਦੇ ਨਜ਼ਦੀਕੀ ਮਿੱਤਰਾਂ ਵਿਚੋਂ ਇਕ ਸੀ। ਸ਼ਾਇਦ ਕੋਈ ਹੇਠ-ਉਤਾਂਹ ਕਰਨ ਗਿਆ ਹੋਵੇ।
ਝੱਟ ਕੁ ਬਾਅਦ ਨਾਜ਼ਰ ਦੀ ਖ਼ੁਸ਼ੀ ਗ਼ਮੀ ਵਿਚ ਬਦਲ ਗਈ। ਖੋਖੇ ਵਿਚ ਖਾਰੇ ਸੋਡੇ ਜਾਣ ਲੱਗੇ। ਖੋਖੇ ਦਾ ਦਰਵਾਜ਼ਾ ਬੰਦ ਹੋ ਗਿਆ। ਅੰਦਰੋਂ ਕਹਿਕਹੇ ਸੁਣਾਈ ਦੇਣ ਲੱਗੇ।
ਜਦੋਂ ਚਾਰ ਵਜੇ ਤਕ ਕੁਝ ਪੱਲੇ ਨਾ ਪਿਆ ਤਾਂ ਮਜਬੂਰ ਹੋਏ ਨਾਜ਼ਰ ਸਿੰਘ ਨੂੰ ਸੈਣੀ ਵਕੀਲ ਦੇ ਬੂਹੇ ’ਤੇ ਦਸਤਕ ਦਿੱਤੀ।
ਸੁਰਿੰਦਰ ਨੂੰ ਜਿਵੇਂ ਉਸੇ ਦੀ ਉਡੀਕ ਸੀ। ਬੜੇ ਅਦਬ ਨਾਲ ਨਾਜ਼ਰ ਨੂੰ ਅੰਦਰ ਬੁਲਾਇਆ ਗਿਆ। ਪਹਿਲਾਂ ਕੁਰਸੀ ਪੇਸ਼ ਕੀਤੀ ਗਈ, ਫੇਰ ਜਾਮਉਸ ਵੱਲ ਵਧਾਇਆ ਗਿਆ।
ਨਾਜ਼ਰ ਪੀਣ ਦੇ ਮੂਡ ਵਿਚ ਨਹੀਂ ਸੀ। ਪੀਣ ਬੈਠ ਗਿਆ ਤਾਂ ਕੰਮ ਵਿਚੇ ਰਹਿ ਜਾਏਗਾ। ਉਸ ਨੇ ਗਲਾਸ ਪਰ੍ਹਾਂ ਖਸਕਾ ਦਿੱਤਾ।
ਇਸ ਤੋਂ ਪਹਿਲਾਂ ਕਿ ਨਾਜ਼ਰ ਚਲਾਨ ਬਾਰੇ ਪੁੱਛਦਾ, ਸੈਣੀ ਨੇ ਸੁਰਿੰਦਰ ਨੂੰ ਹੁੱਝ ਮਾਰੀ। ਵਿਸਕੀ ਵਾਲੀ ਬੋਤਲ ਖ਼ਾਲੀ ਹੋ ਗਈ ਸੀ। ਇਹ ਸਮਝਾਇਆ।
“ਤੂੰ ਸ਼ਾਮ ਨੂੰ ਕੋਠੀ ਆ ਜਾਈਂ। ਆਰਾਮ ਨਾਲ ਬੈਠ ਕੇ ਚਲਾਨ ਕੱਢਾਂਗੇ। ਹੁਣ ਤੂੰ ਇਉਂ ਕਰ.....ਦੋ ਵਿਸਕੀ ਦੀਆਂ ਬੋਤਲਾਂ, ਦੋ ਚਿਕਨ ਅਤੇ ਇਕ ਕਿੱਲੋ ਮੱਛੀ ਫੜ ਲਿਆ।”
ਇਹ ਚੀਜ਼ਾਂ ਲਿਆਉਣ ਵਿਚ ਨਾਜ਼ਰ ਨੂੰ ਕੋਈ ਇਤਰਾਜ਼ ਨਹੀਂ ਸੀ। ਉਸ ਨੇ ਹੁਕਮ ਅਗਾਂਹ ਤੋਰ ਦੇਣਾ ਸੀ। ਸ਼ਰਾਬ ਠੇਕੇਦਾਰਾਂ ਕੋਲੋਂ ਮੁਫ਼ਤ ਅਤੇ ਮੱਛੀ ਅਜੀਤ ਤੋਂ। ਫ਼ਿਕਰ ਸੀ ਤਾਂ ਇਸ ਗੱਲ ਦਾ ਕਿ ਸ਼ਰਾਬੀ ਹੋਇਆ ਸੁਰਿੰਦਰ ਚਲਾਣ ਕਿਵੇਂ ਚੈੱਕ ਕਰੂ।
ਨਾਜ਼ਰ ਨੂੰ ਇਕ ਵਾਰ ਪਹਿਲਾਂ ਉਸ ਨਾਲ ਬੈਠਣ ਦਾ ਮੌਕਾ ਮਿਲਿਆ ਸੀ। ਅਧੀਏ ਨਾਲ ਹੀ ਉਹ ਗੁੱਟ ਹੋ ਗਿਆ ਸੀ। ਗੁੱਟ ਹੋਏ ਸੁਰਿੰਦਰ ਨੂੰ ਕੋਈ ਸੁੱਧ ਨਹੀਂ ਸੀ ਕਿ ਉਹ ਕਿਥੇ ਬੈਠਾ ਸੀਅਤੇ ਕਿਸ ਨਾਲ ਬੈਠਾ ਸੀ। ਪਹਿਲਾਂ ਉਹ ਹੋਟਲ ਵਾਲੇ ਨਾਲ ਲੜਿਆ, ਫੇਰ ਹੋਟਲੋਂ ਨਿਕਲ ਕੇ ਇਉਂ ਬੱਕਾਰੇ ਬੁਲਾਉਣ ਲੱਗਾ, ਜਿਵੇਂ ਕੋਈ ਅਨਪੜ੍ਹ ਗਵਾਰ ਹੋਵੇ। ਰਾਹ ਜਾਂਦੀਆਂ ਕੁੜੀਆਂ ਨੂੰ ਅਵਾਜ਼ੇ ਕੱਸਣ ਲੱਗਾ। ਰਿਕਸ਼ੇ ’ਚ ਚੜ੍ਹਨ ਲੱਗੇ ਨੇ ਰਿਕਸ਼ੇ ਵਾਲੇ ਦੇ ਥੱਪੜ ਜੜ੍ਹ ਦਿੱਤਾ। ਨਾਜ਼ਰ ਨਾਲ ਨਾ ਹੁੰਦਾ ਤਾਂ ਕੋਈ ਨਾ ਕੋਈ ਉਸ ਦੀ ਭੁਗਤ ਸਵਾਰ ਦਿੰਦਾ।
ਨਾਜ਼ਰ ਕੋਲ ਆਪਣੇ ਪੈਰ ’ਤੇ ਕੁਹਾੜਾ ਮਾਰਨ ਤੋਂ ਸਿਵਾ ਕੋਈ ਚਾਰਾ ਨਹੀਂ ਸੀ।
ਹੁਕਮ ਦੀ ਪਾਲਨਾ ਹੋਈ ਮੂੰਹ-ਹਨੇਰੇ ਉਹ ਸੁਰਿੰਦਰ ਦੀ ਕੋਠੀ ਗਿਆ। ਚਲਾਨ ਇਕ ਪਾਸੇ ਰਿਹਾ, ਉਹ ਖ਼ੁਦ ਵੀ ਘਰ ਨਹੀਂ ਸੀ ਪੁੱਜਾ। ਸੜਦਾ ਬਲਦਾ ਉਹ ਵਾਪਸ ਮੁੜ ਆਇਆ ।
ਅਜ ਤੀਸਰੇ ਦਿਨ ਵੀ ਕਹਾਣੀ ਉਥੇ ਹੀ ਖੜੋਤੀ ਸੀ।
ਸਰਕਾਰੀ ਵਕੀਲ ਨੂੰ ਉਡੀਕਦਾ ਨਾਜ਼ਰ ਆਪਣੇ ਮੁੱਖ ਅਫ਼ਸਰ ਨੂੰ ਕੋਸਣ ਲੱਗਾ।
ਲਾਲ ਸਿੰਘ ਨੂੰ ਇਸ ਥਾਣੇ ਦਾ ਮੁੱਖ ਅਫ਼ਸਰ ਬਣਿਆਂ ਤਿੰਨ ਮਹੀਨੇ ਹੋ ਗਏ ਸਨ। ਉਸ ਮਾਂ ਦੇ ਪੁੱਤਰ ਨੇ ਇਕ ਵਾਰ ਵੀ ਕਚਹਿਰੀ ’ਚ ਚੱਕਰ ਨਹੀਂ ਸੀ ਮਾਰਿਆ। ਸਰਕਾਰੀ ਵਕੀਲਾਂ ਅਤੇ ਜੱਜਾਂ ਦੇ ਮੂੰਹ ਸੁੱਜੇ ਹੋਏ ਸਨ। ਦਸ-ਵੀਹ ਦਿਨਾਂ ਬਾਅਦ ਜੇ ਉਹ ਅਫ਼ਸਰਾਂ ਨੂੰ ਸਲੂਟ ਮਾਰ ਜਾਵੇ, ਫੇਰ ਕਿਹੜਾ ਉਸ ਦਾ ਤੁਰਲਾ ਲਹਿ ਜਾਵੇ। ਛੋਟੇ ਮੁਲਾਜ਼ਮਾਂ ਨੂੰ ਸੌਖ ਹੋ ਜਾਵੇ। ਹੁਣ ਡਿੱਗੀ ਖੋਤੇ ਤੋਂ ਗ਼ੱਸਾ ਘੁਮਿਆਰ ’ਤੇ ਵਾਲੀ ਕਹਾਣੀ ਬਣੀ ਪਈ ਸੀ। ਅਫ਼ਸਰਾਂ ਤੋਂ ਲਾਲ ਸਿੰਘ ਦਾ ਕੁਝ ਵਿਗਾੜ ਨਹੀਂ ਸੀ ਹੁੰਦਾ। ਨਜ਼ਲਾ ਨਾਜ਼ਰ ਸਿੰਘ ਵਰਗਿਆਂ ’ਤੇ ਝੜਦਾ ਸੀ।
ਇਸ ਪੱਖੋਂ ਪਹਿਲਾ ਮੁੱਖ ਅਫ਼ਸਰ ਸਿਆਣਾ ਸੀ। ਹਾੜ੍ਹੀ ਨੂੰ ਕਣਕ ਸੁਟਵਾ ਦੇਣੀ। ਲੋਹੜੀ ਦੀਵਾਲੀ ਨੂੰ ਚਾਰ-ਚਾਰ ਬੋਤਲਾਂ ਵਿਸਕੀ ਦੀਆਂ ਭੇਜ ਦੇਣੀਆਂ। ਕਦੇ ਪਿੰਡ ਜਾਣਾ ਹੋਵੇ ਤਾਂ ਗੱਡੀ ਭੇਜ ਦਿੱਤੀ। ਬੱਸ ਅਫ਼ਸਰ ਬਾਗ਼ੋ-ਬਾਗ਼। ਜਿਥੇ ਮਰਜ਼ੀ ਅੰਗੂਠਾ ਲਗਵਾ ਲਓ।
ਲਾਲ ਸਿੰਘ ਨੂੰ ਆਖੋ ਤਾਂ ਪੁੱਠਾ ਪਏਗਾ। ਧੌਣ ’ਚ ਮੁੱਖ ਅਫ਼ਸਰੀ ਦਾ ਕਿੱਲਾ ਅੜਿਆ ਹੋਇਐ। ਆਖੇਗਾ।
“ਤੁਸੀਂ ਖ਼ੁਦ ਪਹਿਲਾਂ ਉਨ੍ਹਾਂ ਨੂੰ ਸਿਰ ਚੜ੍ਹਾਉਂਦੇ ਹੋ, ਫੇਰ ਪਿੱਟਦੇ ਹੋ। ਜੇ ਚਲਾਨ ਚੈੱਕ ਨਹੀਂ ਕਰਦਾ ਤਾਂ ਰੋਜ਼ਨਾਮਚੇ ’ਚ ਰਪਟ ਪਾ ਦੇ। ਕਾਪੀ ਡੀ.ਏ. ਨੂੰ ਭੇਜ ਦੇ। ਲਿਖ ਦੇ, ਪੈਸੇ ਮੰਗਦੈ। ਆਪੇ ਪੜਤਾਲ ਹੁੰਦੀ ਰਹੂ ਸਾਲੇ ਦੀ।”
ਦੂਜਿਆਂ ਨੂੰ ਨਸੀਹਤਾਂ ਦੇਣੀਆਂ ਸੌਖੀਆਂ ਸਨ। ਆਪ ਅਮਲ ਕਰਨਾ ਪਏ, ਫੇਰ ਆਟੇ-ਦਾਣੇ ਦਾ ਭਾਅ ਪਤਾ ਲੱਗੇ। ਨਾਜ਼ਰ ਨੇ ਹਾਲੇ ਨੌਕਰੀ ਕਰਨੀ ਹੈ, ਘਰ ਨਹੀਂ ਜਾਣਾ।
ਨਾਜ਼ਰ ਨੂੰ ਆਪਣੇ ਉਸਤਾਦ ਦੀ ਤਰਸਯੋਗ ਹਾਲਤ ਭੁੱਲੀ ਨਹੀਂ ਸੀ। ਇਸੇ ਤਰ੍ਹਾਂ ਚੁੱਕੇ- ਚੁਕਾਏ ਉਸਤਾਦ ਨੇ ਇਕ ਵਾਰ ਇਕ ਸਰਕਾਰੀ ਵਕੀਲ ਦੀ ਸ਼ਿਕਾਇਤ ਕਰ ਦਿੱਤੀ। ਜ਼ਿਲ੍ਹਾ ਅਟਾਰਨੀ ਨੇ ਆਪਣੇ ਸਰਕਾਰੀ ਵਕੀਲ ਦੀ ਝਾੜ-ਝੰਬ ਕੀਤੀ ਜਾਂ ਨਹੀਂ, ਇਹ ਕਿਸੇ ਨੂੰ ਨਹੀਂ ਪਤਾ, ਪਰ ਉਸ ਨੇ ਪੁਲਿਸ ਕਪਤਾਨ ਦੇ ਕੰਨ ਜ਼ਰੂਰ ਭਰੇ ਸਨ। ਉਸਤਾਦ ਦੇ ਲੈਣ-ਦੇਣ ਦੇ ਸਾਰੇ ਕਿੱਸੇ ਸਾਹਿਬ ਨੂੰ ਜਾ ਸੁਣਾਏ ਸਨ। ਉਸਤਾਦ ਨੂੰ ਜਾਨ ਛੁਡਾਉਣੀ ਔਖੀ ਹੋ ਗਈਸੀ। ਸਾਹਿਬ ਦੇ ਅਲੱਗ ਗੋਡੀਂ ਹੱਥ ਲਾਏ ਅਤੇ ਸਰਕਾਰੀ ਵਕੀਲ ਦੇ ਅਲੱਗ।
ਸਰਕਾਰੀ ਵਕੀਲਾਂ ’ਚ ਉਸ ਦੀ ਪੜਤ ਮਾਰੀ ਗਈ। ਉਹ ਉਸ ਨੂੰ ਦਫ਼ਤਰ ਨਾ ਵੜਨ ਦਿਆ ਕਰਨ। ਚਲਾਨ ਨਾ ਪਾਸ ਕਰਿਆ ਕਰਨ। ਇਤਰਾਜ਼ ’ਤੇ ਇਤਰਾਜ਼ ਠੋਕ ਦਿਆ ਕਰਨ। ਅੱਗੋਂ ਸਾਹਿਬ ਨਾ ਸੁਣੇ। ਆਖਿਆ ਕਰੇ ਦੇਖ ਅਫ਼ਸਰਾਂ ਨਾਲ ਵਿਗਾੜਨ ਦਾ ਮਜ਼ਾ।
ਸ਼ਿਕਾਇਤ ਨਾਜ਼ਰ ਦੇ ਮਸਲੇ ਦਾ ਹੱਲ ਨਹੀਂ ਸੀ। ਗਲ ਪਿਆ ਢੋਲ ਉਸ ਨੂੰ ਵਜਾਉਣਾ ਹੀ ਪੈਣਾ ਸੀ।
ਅੱਜ ਉਹ ਫ਼ੈਸਲਾ ਕਰ ਕੇ ਆਇਆ ਸੀ। ਜੇ ਹਾਲੇ ਤਕ ਵੀ ਚਲਾਨ ਚੈੱਕ ਨਾ ਹੋਇਆ ਤਾਂ ਸੌ ਦਾ ਇਕ ਨੋਟ ਉਸ ਨੇ ਸਰਕਾਰੀ ਵਕੀਲ ਦੇ ਮੱਥੇ ਮਾਰਨਾ ਸੀ। ਇਥੇ ਸੌ ਨਾਲ ਖਹਿੜਾ ਛੁੱਟ ਜਾਣਾ ਸੀ। ਚਲਾਨ ਲੇਟ ਹੋ ਗਿਆ ਤਾਂ ਰਾਈ ਦਾ ਪਹਾੜ ਬਣ ਜਾਣਾ ਸੀ।
ਸੋਚ ਸਮਝ ਕੇ ਨਾਜ਼ਰ ਨੇ ਸੌ ਦਾ ਇਕ ਨੋਟ ਬਟੂਏ ਵਿਚੋਂ ਕੱਢਿਆ ਅਤੇ ਸਾਹਮਣੀ ਵਾਲੀ ਜੇਬ ਵਿਚ ਪਾ ਲਿਆ।
ਨਾਇਬ ਕੋਰਟ ਨੂੰ ਸਮਝਾਇਆ। ਜਿਉਂ ਹੀ ਸਰਕਾਰੀ ਵਕੀਲ ਦਫ਼ਤਰ ਵੜੇ, ਉਹ ਝੱਟ ਜੂਸ ਦਾ ਜੱਗ ਭਰਾ ਲਿਆਏ।
ਅੱਜ ਮਿਹਨਤ ਪੱਲੇ ਪਏਗੀ ਜਾਂ ਨਹੀਂ? ਇਸ ਹਿਸਾਬ ’ਚ ਗੁਆਚੇ ਨਾਜ਼ਰ ਨੂੰ ਪਤਾ ਨਹੀ ਸੀ ਲੱਗਾ ਕਦੋਂ ਸੁਰਿੰਦਰ ਕੁਮਾਰ ਉਸ ਦੇ ਸਾਹਮਣੇ ਆ ਬੈਠਾ ਸੀ।
“ਕਿਉਂ ਅੱਖ ਲੱਗ ਗਈ?” ਇਕੋ ਘੁੱਟ ਨਾਲ ਜੂਸ ਦਾ ਅੱਧਾ ਗਲਾਸ ਅੰਦਰ ਸੁੱਟਦੇ ਸੁਰਿੰਦਰ ਨੇ ਨਾਜ਼ਰ ਦਾ ਸੁਪਨਾ ਤੋੜਿਆ।
“ਨਹੀਂ ਜਨਾਬ.....ਸ਼ਾਇਦ ..।” ਇਕ ਹੱਥ ਨਾਲ ਅੱਖਾਂ ਮਲਦੇ ਅਤੇ ਦੂਜੇ ਹੱਥ ਨਾਲ ਢਿੱਲਾ ਜਿਹਾ ਸਲੂਟ ਮਾਰਦੇ ਨਾਜ਼ਰ ਨੇ ਆਪਣੇ ਆਪ ਨੂੰ ਸੰਭਾਲਿਆ।
“ਚੰਗਾ ਬੰਦੈ ਤੁਹਾਡਾ ਮੁੱਖ ਅਫ਼ਸਰ। ਕੇਸਾਂ ਦੀ ਪੈਰਵਾਈ ਲਈ ਪੈਰਵਾਈ ਅਫ਼ਸਰ ਨਹੀਂ ਭੇਜਦਾ। ਗਵਾਹ ਧੜਾਧੜ ਮੁੱਕਰ ਰਹੇ ਹਨ। ਹੋਰ ਤਾਂ ਹੋਰ ਪੁਲਿਸ ਵਾਲੇ ਵੀ ਮੁਕਰ ਜਾਂਦੇ ਹਨ। ਮਾਲ-ਮੁਕੱਦਮਾ ਸਹੀ ਨਹੀਂ ਆਉਂਦਾ। ਨਾ ਸੰਮਨ ਤਾਮੀਲ ਹੁੰਦੇ ਹਨ।” ਦਫਤਰ ਵੜਦਿਆਂ ਹੀ ਸਰਕਾਰੀ ਵਕੀਲ ਨੇ ਥਾਣੇਦਾਰ ਦਾ ਮਨੋਬਲ ਡੇਗਣਾ ਸ਼ੁਰੂ ਕੀਤਾ।
ਪੈਰਵਾਈਅਫ਼ਸਰਭੇਜਦਾ,ਮਾਲ-ਮੁਕੱਦਮੇਦਾਖ਼ਿਆਲਰੱਖਣਾਜਾਂਸੰਮਨਤਾਮੀਲਕਰਵਾਉਣੇ ਨਾਜ਼ਰ ਸਿੰਘ ਦਾ ਕੰਮ ਨਹੀਂ ਸੀ। ਇਹ ਮੁੱਖ ਅਫ਼ਸਰ ਜਾਣੇ ਜਾਂ ਮੁਨਸ਼ੀ। ਨਾਜ਼ਰ ਇਹ ਜਵਾਬ ਦੇਣਾ ਚਾਹੁੰਦਾ ਸੀ। ਪਰ ਚਲਾਨ ਚੈੱਕ ਹੋਣ ਤਕ ਉਸ ਨੇ ਚੁੱਪ ਵੱਟਣੀ ਹੀ ਬੇਹਤਰ ਸਮਝੀ।
“ਕੋਈ ਨੀ ਜਨਾਬ, ਅੱਜ ਹੀ ਥਾਣੇ ਜਾ ਕੇ ਮੁਨਸ਼ੀ ਅਤੇ ਤਾਮੀਲੀ ਨੂੰ ਖਿੱਚਦਾ ਹਾਂ। ਕੱਲ੍ਹ ਤੋਂ ਸਭ ਠੀਕ ਹੋ ਜਾਏਗਾ।
ਕੁਝ ਦੇਰ ਦੋਹਾਂ ਵਿਚ ਖ਼ਾਮੋਸ਼ੀ ਛਾਈ ਰਹੀ।
ਫੇਰ ਸੁਰਿੰਦਰ ਨੇ ਕੁਝ ਮਿਸਲਾਂ ਦਰਾਜ਼ ਵਿਚੋਂ ਕੱਢੀਆਂ ਅਤੇ ਉਲਟਾ-ਪੁਲਟਾ ਕੇ ਦੇਖਣ ਲੱਗਾ।
“ਮੇਰਾ ਕੰਮ ਹੋਇਆ ਜਨਾਬ?” ਪਹਿਲਾਂ ਨਾਜ਼ਰ ਨੂੰ ਲੱਗਾ ਜਿਵੇਂ ਸਰਕਾਰੀ ਵਕੀਲ ਉਸੇ ਦੀ ਮਿਸਲ ਕੱਢ ਰਿਹਾ ਹੋਵੇ। ਜਦੋਂ ਉਸ ਨੇ ਕੋਈ ਹੋਰ ਮਿਸਲ ਚੈੱਕ ਕਰਨੀ ਸ਼ੁਰੂ ਕਰ ਦਿੱਤੀ ਤਾਂ ਮਜਬੂਰਨ ਨਾਜ਼ਰ ਨੂੰ ਆਪਣੀ ਹਾਜ਼ਰੀ ਦਾ ਮਕਸਦ ਦੱਸਣਾ ਪਿਆ।
“ਕਿਹੜਾ ਕੰਮ?”
“ਬੰਟੀ ਕਤਲ ਕਾਂਡ ਵਾਲਾ ਚਲਾਨ, ਜਿਹੜਾ ਮੈਂ ਪਰਸੋਂ ਦੇ ਗਿਆ ਸੀ?”
“ਉਹ? ਨਾ ਤੂੰ ਆਖਦਾ ਸੀ, ਮੈਂ ਲਾਲਾ ਜੀ ਨੂੰ ਭੇਜਾਂਗਾ। ਮੈਂ ਉਡੀਕਦਾ ਰਿਹਾ। ਨਾ ਲਾਲਾ ਜੀ ਆਏ ਨਾ ਤੂੰ ਕੁਝ ਕੀਤਾ।” ਸੁਰਿੰਦਰ ਕੋਲ ਇਧਰ-ਉਧਰ ਦੀਆਂ ਗੱਲਾਂ ਮਾਰਨ ਦਾ ਸਮਾਂ ਨਹੀਂ ਸੀ। ਉਹ ਸਿੱਧਾ ਅਸਲ ਮੁੱਦੇ ’ਤੇ ਪੁੱਜਾ।
“ਥੋਨੂੰ ਦੱਸਿਆ ਤਾਂ ਸੀ.....। ਦੋਵੇਂ ਧਿਰਾਂ ਮਾੜੀਆਂ ਨੇ.....।”
“ਪਰ ਤੂੰ ਤਾਂ ਨੀ ਮਾੜਾ। ਜ਼ਰੂਰੀ ਨੀ ਤੁਸੀਂ ਸਾਨੂੰ ਉਸੇ ਕੇਸ ਵਿਚ ਫ਼ੀਸ ਦੇਵੋ ਜਿਸ ਵਿਚ ਤੁਹਾਨੂੰ ਮਿਲੀ ਹੋਵੇ। ਬਥੇਰੇ ਕੇਸ ਹੁੰਦੇ ਨੇ, ਜਿਹੜੇ ਤੁਸੀਂ ਬਾਹਰੋ-ਬਾਹਰ ਡਕਾਰ ਜਾਂਦੇ ਹੋ। ਸਾਡੇਤਕ ਨਾ ਕੇਸ ਆਉਂਦਾ, ਨਾ ਪਾਰਟੀ। ਇਹੋ ਜਿਹੇ ਕੇਸ ਵਿਚ ਉਸ ਕੋਟੇ ਵਿਚੋਂ ਫ਼ੀਸ ਦੇ ਦਿਆ ਕਰੋ।”
“ਕਿਥੇ ਜਨਾਬ) ਡਿਪਟੀ ਬੜਾ ਮਾੜੈ। ਪਤਾ ਨਹੀਂ ਕਿਵੇਂ ਸੂਹ ਕੱਢ ਲੈਂਦੈ। ਵੀਹ ਰੁਪਏ ਵੀ ਕਿਸੇ ਤੋਂ ਲੈ ਲਈਏ, ਉਹ ਵੀ ਅਗਲੇ ਦਿਨ ਮੇਜ਼ ’ਤੇ ਰਖਾ ਲੈਂਦੈ। ਮਸਾਂ ਦਿਨ-ਕਟੀ ਕਰਦੇ ਹਾਂ ਜਨਾਬ) ਫੇਰ ਵੀ ਆਹ ਲਓ.....” ਆਖਦੇ ਨਾਜ਼ਰ ਨੇ ਉਹੋ ਸੌ ਦਾ ਨੋਟ ਕੱਢਿਆ ਜਿਹੜਾ ਉਸ ਨੇ ਇਸੇ ਮਕਸਦ ਲਈ ਜੇਬ ਵਿਚ ਪਾਇਆ ਸੀ।
“ਬੱਸ)” ਸੌ ਦਾ ਇਕ ਨੋਟ ਦੇਖ ਕੇ ਸੁਰਿੰਦਰ ਬੇਇੱਜ਼ਤ ਹੋਇਆ ਮਹਿਸੂਸ ਕਰਨ ਲੱਗਾ।
“ਬਹੁਤ ਹੈ ਜਨਾਬ। ਪੱਲਿਓਂ ਦੇ ਰਿਹਾਂ। ਕਦੇ ਫੇਰ ਭਾਂਗਾ ਕੱਢ ਦਿਆਂਗੇ।” ਨੋਟ ਨੂੰ ਮੇਜ਼ ’ਤੇ ਪਈ ਕਿਤਾਬ ਹੇਠ ਰੱਖਦਿਆਂ ਨਾਜ਼ਰ ਨੇ ਤਰਲਾ ਲਿਆ।
“ਫੇਰ ਦੀ ਫੇਰ ਦੇਖੀ ਜਾਊ। ਇੰਨੇ ਨਾਲ ਕੰਮ ਨਹੀਂ ਚੱਲਣਾ।” ਕਿਤਾਬ ਨਾਜ਼ਰ ਵੱਲ ਧੱਕਦੇ ਸੁਰਿੰਦਰ ਨੇ ਨਰਾਜ਼ਗੀ ਪ੍ਰਗਟਾਈ।
“ਤੁਸੀਂ ਰੱਖੋ ਵੀ। ਕੱਲ੍ਹ ਵੀ ਤਿੰਨ-ਚਾਰ ਸੌ ਲੱਗ ਗਿਆ ਸੀ।” ਨਾਜ਼ਰ ਸੁਰਿੰਦਰ ਦੀ ਸੌਦੇਬਾਜ਼ੀ ’ਤੇ ਚਿੜਨ ਲੱਗਾ। ਪਹਿਲਾਂ ਕੀਤੀਆਂ ਵਗਾਰਾਂ ਖੂਹ ’ਚ ਪੈ ਚੱਲੀਆਂ ਸਨ।
ਕੱਲ੍ਹ ਦੇ ਖ਼ਰਚੇ ਦੀ ਗੱਲ ’ਤੇ ਸੁਰਿੰਦਰ ਕੁਝ ਢਿੱਲਾ ਤਾਂ ਪਿਆ ਪਰ ਉਹ ਇਕ ਅੱਧਾ ਨੋਟ ਹੋਰ ਬਟੋਰਨ ਦੀ ਆਸ ਨਹੀਂ ਸੀ ਛੱਡ ਰਿਹਾ।
ਸੁਰਿੰਦਰ ਨੇ ਦਰਾਜ਼ ਖੋਲ੍ਹਿਆ ਤੇ ਇਕ ਥੱਬਾ ਹੋਰ ਚਲਾਨਾਂ ਦਾ ਕੱਢ ਕੇ ਮੇਜ਼ ’ਤੇ ਸਜਾ ਲਿਆ।
“ਇਹ ਸਾਰੇ ਚਲਾਨ ਤੇਰੇ ਚਲਾਨ ਤੋਂ ਪਹਿਲਾਂ ਦੇ ਆਏ ਹੋਏ ਨੇ। ਜੇ ਨੰਬਰਵਾਰ ਕੱਢਣ ਲੱਗਿਆ ਤਾਂ ਤੇਰੀ ਵਾਰੀ ਦਸ ਦਿਨ ਨਹੀਂ ਆਉਣੀ।”
“ਪਰ ਜਨਾਬ, ਮੇਰਾ ਚਲਾਨ ਬਹੁਤ ਜ਼ਰੂਰੀ ਹੈ। ਪੰਜਾਂ ਦਿਨਾਂ ਦੇ ਅੰਦਰ-ਅੰਦਰ ਚਲਾਨ ਪੇਸ਼ ਨਾ ਹੋਇਆ ਤਾਂ ਮੇਰੀ ਪੇਟੀ ਉਤਰ ਜੂ।”
“ਪਚਾਸੀ ਦਿਨ ਮਿਸਲ ਕੁੱਛੜ ’ਚ ਦੇਈ ਫਿਰਦੇ ਰਹੇ। ਪੰਜ ਦਿਨ ਰਹਿ ਗਏ ਤਾਂ ਸਾਨੂੰ ਫਾਹੇ ਚਾੜ੍ਹ ਦਿੱਤਾ। ਆਖ਼ਿਰ ਕਤਲ ਦਾ ਮੁਕੱਦਮਾ ਹੈ। ਅੱਖਰ-ਅੱਖਰ ਪੜ੍ਹਨਾ ਹੁੰਦੈ।”
“ਕਿਹੜਾ ਇਕ ਕੰਮ ਸੀ ਜਨਾਬ। ਪਹਿਲਾਂ ਮਿਸਲ ਦੀ ਲਿਖਾ-ਪੜ੍ਹੀ ਕੀਤੀ। ਦਸ ਦਿਨ ਚੰਡੀਗੜ੍ਹ ਬੈਠ ਕੇ ਉਂਗਲਾਂ ਦੇ ਨਿਸ਼ਾਨ ਤੇ ਮੋਲਡ ਬਦਲਵਾਏ। ਮੈਂ ਤਾਂ ਪਹਿਲੇ ਦਿਨੋਂ ਇਸੇ ਮਿਸਲ ’ਤੇ ਹਾਂ।” ਨਾਜ਼ਰ ਦੇ ਸਬਰ ਦਾ ਪਿਆਲਾ ਭਰ ਗਿਆ। ਉਹ ਗੁਸਤਾਖ਼ੀ ’ਤੇ ਉਤਰਨ ਲੱਗਾ।
“ਫੇਰ ਮੈਂ ਕਿਹੜਾ ਵਿਹਲਾ ਬੈਠਾਂ। ਦੋ ਕਚਹਿਰੀਆਂ ਦਾ ਕੰਮ ਹੈ। ਸਿਰ ਖੁਰਕਣ ਦੀ ਵਿਹਲ ਨਹੀਂ।”
“ਤੁਸੀਂ ਠੀਕ ਫ਼ੁਰਮਾ ਰਹੇ ਹੋ ਜਨਾਬ। ਕੱਲ੍ਹ ਮੀਟਿੰਗ ਵਿਚ ਇਹੋ ਗੱਲ ਚੱਲੀ ਸੀ। ਡਿਪਟੀ ਸਾਹਿਬ ਆਖਦੇ ਸਨ, ਜ਼ਿਆਦਾ ਕੰਮ ਹੋਣ ਕਰਕੇ ਤੁਹਾਥੋਂ ਕੰਮ ਨਿੱਬੜਦਾ ਨਹੀਂ। ਉਹ ਕਹਿੰਦੇ ਸਨ ਡੀ.ਏ. ਨਾਲ ਗੱਲ ਕਰ ਕੇ ਤੁਹਾਡਾ ਭਾਰ ਹਲਕਾ ਕਰਾਉਣਗੇ। ਮੈਂ ਵੀ ਆਖ ਦੇਵਾਂਗਾ, ਉਹ ਜਲਦੀ ਚਿੱਠੀ ਲਿਖਣ।”
ਆਖ਼ਿਰ ਨਾਜ਼ਰ ਦੇ ਪੈਰਾਂ ਹੇਠ ਬਟੇਰਾ ਆ ਗਿਆ। ਨਾਜ਼ਰ ਨੂੰ ਸਿੱਧੀ ਉਂਗਲ ਨਾਲ ਘਿਓ ਨਿਕਲਦਾ ਨਜ਼ਰ ਨਹੀਂ ਸੀ ਆ ਰਿਹਾ। ਉਸ ਨੇ ਦੁਖਦੀ ਰਗ ’ਤੇ ਉਂਗਲ ਰੱਖੀ।
ਪਹਿਲਾ ਸਰਕਾਰੀ ਵਕੀਲ ਅਸਤੀਫ਼ਾ ਦੇ ਗਿਆ ਸੀ। ਉਸ ਦੀ ਥਾਂ ਕਿਸੇ ਨੂੰ ਨਹੀਂ ਸੀ ਲਾਇਆ ਗਿਆ। ਉਸ ਦੀ ਕਚਹਿਰੀ ਦਾ ਚਾਰਜ ਲੈਣ ਲਈ ਇਥੋਂ ਦੇ ਸਰਕਾਰੀ ਵਕੀਲਾਂ ਵਿਚ ਹੋੜ ਲੱਗੀ ਰਹੀ ਸੀ। ਕੋਈ ਡੀ.ਏ. ਵੱਲ ਘਿਓ ਦਾ ਪੀਪਾ ਲੈ ਕੇ ਭੱਜਾ ਸੀ ਤੇ ਕੋਈ ਵਿਸਕੀ ਦੀ ਪੇਟੀ।
ਪਰ ਬਾਜ਼ੀ ਸੁਰਿੰਦਰ ਨੇ ਜਿੱਤੀ ਸੀ।
ਇਕ ਵਾਰ ਡਿਪਟੀ ਨੇ ਸ਼ਿਕਾਇਤ ਕਰ ਦਿੱਤੀ ਤਾਂ ਕਚਹਿਰੀ ਵੀ ਖੁੱਸਣੀ ਸੀ ਤੇ ਬਦਨਾਮੀ ਵੀ ਹੋਣੀ ਸੀ।
“ਡੀ.ਏ. ਡੂ.ਏ. ਨੂੰ ਲਿਖਣ ਦੀ ਕੀ ਲੋੜ ਆ। ਲਿਆ ਪਹਿਲਾਂ ਤੇਰਾ ਚਲਾਨ ਕੱਢਾਂ। ਦੋਸ਼ੀਆਂ ਦੀ ਸੱਚੀ ਨਾ ਕਿਧਰੇ ਜ਼ਮਾਨਤ ਹੋ ਜੇ।”
ਨਾਜ਼ਰ ਦਾ ਤੀਰ ਸਹੀ ਨਿਸ਼ਾਨੇ ’ਤੇ ਵੱਜਾ। ਬੁੜ-ਬੁੜ ਕਰਦੇ ਸਰਕਾਰੀ ਵਕੀਲ ਨੇ ਮਿਸਲ ਫਰੋਲਣੀ ਸ਼ੁਰੂ ਕੀਤੀ।
ਨੋਟ ਉਸੇ ਤਰ੍ਹਾਂ ਕਿਤਾਬ ਹੇਠ ਪਿਆ ਰਿਹਾ। ਨਾ ਸੁਰਿੰਦਰ ਨੇ ਚੁੱਕਿਆ ਤੇ ਨਾ ਨਾਜ਼ਰਨੇ।
¬
2
ਕਚਹਿਰੀ ਛੁੱਟਦੀ ਨਜ਼ਰ ਆਉਂਦਿਆਂ ਹੀ ਸੁਰਿੰਦਰ ਕੁਮਾਰ ਦੀ ਹੋਸ਼ ਟਿਕਾਣੇ ਆ ਗਈ।
ਸਾਊ ਜਿਹਾ ਬਣ ਕੇ ਉਹ ਆਪਣੀ ਡਿਊਟੀ ਨਿਭਾਉਣ ਲੱਗਾ।
ਅੱਖਾਂ ਮਿਸਲ ’ਤੇ ਸਨ ਪਰ ਜ਼ਿਹਨ ਡਿਪਟੀ ਵੱਲੋਂ ਲੱਗੇ ਦੋਸ਼ਾਂ ਦੀ ਘੋਖ ਕਰ ਰਿਹਾ ਸੀ।
ਦੇਖਿਆ ਜਾਏ ਤਾਂ ਡਿਪਟੀ ਦੀ ਗੱਲ ਸੱਚੀ ਸੀ। ਸਬ-ਡਵੀਜ਼ਨ ਦੇ ਛੇਆਂ ਵਿਚੋਂ ਚਾਰ ਥਾਣੇ ਹੁਣ ਉਸ ਕੋਲ ਸਨ। ਥਾਣੇ ਵੀ ਇਕ ਦੂਜੇ ਤੋਂ ਚੜ੍ਹਦੇ। ਅਜਿਹੇ ਥਾਣੇ ਜਿਥੇ ਦੋ-ਦੋ ਚਾਰ-ਚਾਰ ਕੇਸ ਹਰ ਰੋਜ਼ ਦਰਜ ਹੁੰਦੇ ਸਨ। ਕੰਮ ਇੰਨਾ ਵਧ ਗਿਆ ਸੀ ਕਿ ਸੁਰਿੰਦਰ ਨੂੰ ਸਿਰ ਖੁਰਕਣ ਤਕ ਦੀ ਵਿਹਲ ਨਹੀਂ ਮਿਲਦੀ। ਉਹ ਇਕ ਥਾਣੇਦਾਰ ਨੂੰ ਤੋਰਦਾ ਸੀ, ਦੋ ਹੋਰ ਆ ਜਾਂਦੇ ਸਨ। ਕਦੇ ਅੰਦਰਲੀ ਅਦਾਲਤ ਵਿਚ ਆਵਾਜ਼ ਪੈ ਗਈ, ਕਦੇ ਬਾਹਰਲੀ ਵਿਚ।
ਇਹ ਵਾਧੂ ਜ਼ਿੰਮੇਵਾਰੀ ਆਪਣੇ ਆਪ ਉਸ ਦੇ ਮੋਢਿਆਂ ’ਤੇ ਨਹੀਂ ਸੀ ਆ ਪਈ। ਇਸ ਜ਼ਿੰਮੇਵਾਰੀ ਨੂੰ ਹਥਿਆਉਣ ਲਈ ਉਸ ਨੂੰ ਕਈ ਦਿਨ ਨੱਠ-ਭੱਜ ਕਰਨੀ ਪਈ ਸੀ। ਵਜ਼ੀਰ ਤੋਂ ਸਿਫ਼ਾਰਸ਼ ਵੀ ਕਰਵਾਈ ਸੀ ਤੇ ਨਾਲ ਡੀ.ਏ. ਨੂੰ ਪੰਜ ਹਜ਼ਾਰ ਦੇ ਨੋਟ ਵੀ ਭੇਟ ਕੀਤੇ ਸਨ। ਇਨ੍ਹੀਂ ਦਿਨੀਂ ਸੂਬੇ ਵਿਚ ਸਰਕਾਰੀ ਵਕੀਲਾਂ ਦੀ ਘਾਟ ਸੀ। ਕਈ ਅਸਾਮੀਆਂ ਖ਼ਾਲੀ ਪਈਆਂ ਸ਼ਨ। ਅਪ੍ਰੈਲ ਤਕ ਇਥੇ ਕਿਸੇ ਨਹੀਂ ਸੀ ਆਉਣਾ। ਜਿਸ ਹਿਸਾਬ ਨਾਲ ਪਹਿਲੇ ਸਰਕਾਰੀ ਵਕੀਲ ਕੋਲ ਲੋਕਾਂ ਦੀ ਭੀੜ ਲੱਗਦੀ ਸੀ, ਉਸ ਤੋਂ ਸਾਫ਼ ਜ਼ਾਹਰ ਸੀ ਕਿ ਇੰਨੇ ਕੁ ਪੈਸੇ ਪਹਿਲੇ ਮਹੀਨੇ ਹੀ ਬਣ ਜਾਂਦੇ ਸਨ।
ਵਾਧੂ ਮਿਲੀ ਕਚਹਿਰੀ ਨਾਲ ਸ਼ਹਿਰੀ ਥਾਣਾ ਲੱਗਦਾ ਸੀ। ਸ਼ਹਿਰੀ ਥਾਣੇ ਦਾ ਸੁਆਦ ਸੁਰਿੰਦਰ ਕੁਮਾਰ ਕਈ ਵਾਰ ਚੱਖ ਚੁੱਕਾ ਸੀ।
ਬਠਿੰਡੇ ਉਸ ਦੀ ਬਹੁਤ ਚੜ੍ਹਤ ਰਹੀ ਸੀ। ਇਕ ਪਾਸੇ ਉਸ ਦਾ ਲੋਕਾਂ ਨਾਲ ਸਿੱਧਾ ਸੰਪਰਕ ਹੋ ਗਿਆ ਸੀ ਤੇ ਦੂਜੇ ਪਾਸੇ ਸਥਾਨਕ ਪੁਲਿਸ ਉਸ ਦਾ ਆਖਾ ਨਹੀਂ ਸੀ ਮੋੜ ਸਕਦੀ। ਥਾਣੇ ਲੈ ਜਾਣ ਵਾਲਾ ਕੋਈ ਨਾ ਕੋਈ ਖੜਾ ਹੀ ਰਹਿੰਦਾ ਸੀ। ਕਦੇ ਡਾਕਟਰ ਨੇ ਕੁੰਡਾ ਖੜਕਾ ਦਿੱਤਾ, ਕਾਰ ਦਾ ਐਕਸੀਡੈਂਟ ਹੋ ਗਿਆ, ਕਾਰ ਛੁਡਾਓ। ਕਦੇ ਮਾਸਟਰ ਜੀ ਆ ਗਏ, ਗੁਆਂਢੀ ਨਾਲ ਲਾਂਘੇ ਦਾ ਰੌਲਾ ਪੈ ਗਿਆ। ਗੁਆਂਢੀ ਥਾਣਾ ਚੜ੍ਹਾ ਲਿਆਇਐ, ਸਮਝੌਤਾ ਕਰਾਓ। ਕਦੇ ਲਾਲਾ ਜੀ ਜੂਆ ਖੇਡਦੇ ਫੜੇ ਗਏ, ਕੇਸ ਤੋਂ ਬਚਾਓ। ਦਾਰੂ ਸਿੱਕਾ ਤਾ ਅਸਾਮੀ ਸਿਰ ਉਸੇ ਸਮੇਂ ਹੋ ਜਾਂਦਾ ਜਦੋਂ ਅਗਲੇ ਨਾਲ ਉਹ ਉੱਠ ਕੇ ਤੁਰਦਾ। ਅਹਿਸਾਨ ਵਾਧੂ ਦਾ। ਪਿੱਛੋਂ ਭਾਵੇਂ ਚੌਥੇ ਦਿਨ ਗੱਡੀ ਵਾਲੇ ਤੋਂ ਗੱਡੀ ਮੰਗਵਾ ਲਓ ਤੇ ਰਾਸ਼ਨ ਵਾਲੇ ਤੋਂ ਰਾਸ਼ਨ। ਕੋਈ ਮੱਥੇ ਵੱਟ ਨਹੀਂ ਸੀ ਪਾਉਂਦਾ।
ਰਾਮਪੁਰੇ ਉਸ ਨੂੰ ਵੱਡੀਆਂ-ਵੱਡੀਆਂ ਅਸਾਮੀਆਂ ਟੱਕਰੀਆਂ ਸਨ। ਉਨ੍ਹੀਂ ਦਿਨੀਂ ਗੁਪਤੇ ਐਸ.ਡੀ.ਓ. ਦਾ ਚੋਰੀ ਦਾ ਸੀਮਿੰਟ ਫੜਿਆ ਗਿਆ ਤੇ ਗਰੇਵਾਰ ਓਵਰਸੀਅਰ ਦੀ ਲੁੱਕ। ਜੈਨੀਆਂ ਦੀ ਨੂੰਹ ਸੜ ਕੇ ਮਰੀ ਤੇ ਹੈੱਡਮਾਸਟਰ ਦੀ ਕੁੜੀ ਨਿਕਲੀ। ਫਸੀਆਂ ਧਿਰਾਂ ਨੂੰ ਛੁਡਾਉਣ ਲਈ ਉਸੇ ਨੂੰ ਅਹਿਮ ਭੂਮਿਕਾ ਨਿਭਾਉਣੀ ਪਈ। ਦੋਹਾਂ ਪਾਸਿਆਂ ਤੋਂ ਮੋਟੀ ਫ਼ੀਸ ਉਗਰਾਹੀ। ਅੱਧੀ ਆਪ ਰੱਖੀ, ਅੱਧੀ ਪੁਲਿਸ ਨੂੰ ਦਿੱਤੀ।
ਸਥਾਨਕ ਥਾਣੇ ਦੇ ਸਰਕਾਰੀ ਵਕੀਲ ਦੀ ਵੁੱਕਤ ਐਮ.ਐਲ.ਏ. ਤੋਂ ਘੱਟ ਨਹੀਂ ਹੁੰਦੀ।
ਇਹੋ ਵੁੱਕਤ ਹਾਸਲ ਕਰਨ ਲਈ ਸੁਰਿੰਦਰ ਨੇ ਪੈਸਾ ਪਾਣੀ ਵਾਂਗ ਵਹਾਇਆ ਸੀ।
‘ਕਿਧਰੇ ਇਹ ਮਨਹੂਸ ਬੰਟੀ ਕਤਲ-ਕੇਸ ਉਸ ਦੀਆਂ ਜੜਾਂ ਵਿਚ ਹੀ ਨਾ ਬੈਠ ਜਾਏ।’ ਜਦੋਂਦੀ ਨਾਜ਼ਰ ਨੇ ਡਿਪਟੀ ਵਾਲੀ ਗੱਲ ਸੁਣਾਈ ਸੀ, ਉਦੋਂ ਤੋਂ ਉਸ ਨੂੰ ਇਹੋ ਫ਼ਿਕਰ ਖਾਈ ਜਾ ਰਿਹਾਸੀ।
ਉਸ ਨੂੰ ਸਮਝ ਨਹੀਂ ਸੀ ਆਉਂਦੀ, ਉਹ ਡੀ.ਏ. ਨੂੰ ਆਪਣੀ ਪਿੱਠ ’ਤੇ ਸਮਝੇ ਜਾਂ ਨਾ? ਅਫ਼ਸਰ ਦੇ ਕਿੱਲੇ ਦੇ ਜ਼ੋਰ ’ਤੇ ਉਹ ਬੜ੍ਹਕ ਮਾਰੇ ਜਾਂ ਨਾ? ਡਿਪਟੀ ਨੇ ਜੇ ਸੱਚਮੁੱਚ ਸ਼ਿਕਾਇਤ ਕਰ ਦਿੱਤੀ, ਡੀ.ਏ. ਉਸ ਦੀ ਮੰਨੂ ਜਾਂ ਨਾ?
ਜੇ ਵਗਾਰਾਂ ਦੇ ਹਿਸਾਬ ਨਾਲ ਸੋਚਿਆ ਜਾਵੇ ਤਾਂ ਡੀ.ਏ. ਸੌ ਫ਼ੀਸਦੀ ਉਸ ਦੇ ਨਾਲ ਸੀ।
ਕਚਹਿਰੀ ਮਿਲੀ ਨੂੰ ਦਸ ਦਿਨ ਵੀ ਨਹੀਂ ਸੀ ਹੋਏ ਕਿ ਉਸ ਨੇ ਕਾਰ ਦੀ ਵਗਾਰ ਪਾ ਦਿੱਤੀ, ਅਖੇ ਅੰਮ੍ਰਿਤਸਰ ਵਿਆਹ ਜਾਣੈ। ਇਕ ਦਿਨ ਲਈ ਆਖ ਕੇ ਗਿਆ, ਤਿੰਨ ਦਿਨ ਵਾਪਸ ਨਾ ਆਇਆ। ਕਾਰ ਇਉਂ ਵਰਤੀ ਜਿਵੇਂ ਪਾਣੀ ’ਤੇ ਚੱਲਦੀ ਹੋਵੇ। ਪਿਸ਼ਾਬ ਕਰਨ ਜਾਣਾ ਤਾਂ ਵੀ ਕਾਰ ਵਿਚ, ਟੱਟੀ ਜਾਣਾ ਤਾਂ ਵੀ ਕਾਰ ਵਿਚ। ਪੂਰੇ ਤਿੰਨ ਹਜ਼ਾਰ ਦਾ ਬਿੱਲ ਚੁਕਾਉਣਾ ਪਿਆ ਸੀ ਸੁਰਿੰਦਰ ਕੁਮਾਰ ਨੂੰ।
ਇਹ ਘਾਟਾ ਪੂਰਾ ਨਹੀਂ ਸੀ ਹੋਇਆ ਕਿ ਨਵੀਂ ਵਗਾਰ ਆ ਪਈ। ਇਸ ਵਾਰ ਵਗਾਰ ਡੀ.ਏ. ਨੂੰ ਪਈ ਸੀ। ਪਈ ਜਾਂ ਨਹੀਂ ਇਹ ਖ਼ੁਦਾ ਹੀ ਜਾਣੇ। ਉਹ ਕਹਿੰਦਾ ਸੀ। ਡਾਇਰੈਕਟਰ ਨੂੰ ਵੀ.ਸੀ.ਆਰ. ਭੇਜਣਾ। ਵੀ.ਸੀ.ਆਰ. ’ਤੇ ਵੀਹ ਹਜ਼ਾਰ ਲੱਗਣਾ ਸੀ। ਵਾਧੂ ਕੰਮ ਦੇ ਕੇ ਡੀ.ਏ. ਨੇ ਸੁਰਿੰਦਰ ’ਤੇ ਜੋ ਮਿਹਰਬਾਨੀ ਕੀਤੀ ਸੀ, ਹੁਣ ਭੀੜ ਸਮੇਂ ਉਹ ਉਸ ਦਾ ਅਹਿਸਾਨ ਚੁਕਾਏ। ਪੂਰਾ ਨਹੀਂ ਤਾਂ ਸੁਰਿੰਦਰ ਅੱਧਾ ਬੋਝ ਤਾਂ ਉਠਾਏ ਹੀ।
ਵਗਾਰਾਂ ਤੋਂ ਤੰਗ ਆਏ ਸੁਰਿੰਦਰ ਦੇ ਇਕ ਵਾਰ ਮਨ ਵਿਚ ਆਇਆ ਸੀ, ਉਹ ਕਚਹਿਰੀ ਹੀ ਵਾਪਸ ਕਰ ਦੇਵੇ। ਪਰ ਅਫ਼ਸਰ ਨੂੰ ਨਰਾਜ਼ ਵੀ ਤਾਂ ਨਹੀਂ ਸੀ ਕੀਤਾ ਜਾ ਸਕਦਾ। ਉਸੇ ਦੇ ਸਹਾਰੇ ਉਹ ਬੜ੍ਹਕਾਂ ਮਾਰਦਾ ਸੀ। ਮੁਦੱਈ ਮੁਲਜ਼ਮ ਤੋਂ ਲੈ ਕੇ ਹੌਲਦਾਰ ਥਾਣੇਦਾਰਾਂ ਤਕ ਤੋਂ ਉਹ ਠੋਕ-ਵਜਾ ਕੇ ਪੈਸੇ ਲੈਂਦਾ ਸੀ।
ਕੋਈ ਔਖਾ ਹੋਊ ਤਾਂ ਡੀ.ਏ. ਕੋਲ ਹੀ ਸ਼ਿਕਾਇਤ ਕਰੂ। ਜਲਦੀ-ਜਲਦੀ ਉਹ ਕਿਸੇ ਨੂੰ ਨੇੜੇ ਢੁਕਣ ਨਹੀਂ ਦਿੰਦਾ। ਕੋਈ ਬਹੁਤਾ ਖਹਿੜੇ ਪੈ ਜਾਏ ਤਾਂ ਦਰਖ਼ਾਸਤ ਲੈ ਕੇ ਰੱਖ ਲਊ। ਉਧਰ ਸੁਰਿੰਦਰ ਨੂੰ ਇਤਲਾਹ ਭੇਜ ਦਊ। ਸੁਰਿੰਦਰ ਕਿਸੇ ਵਿਚੋਲੇ ਨੂੰ ਵਿਚ ਪਾ ਕੇ ਬੰਦੇ ਨੂੰ ਪੁਚਕਾਰ ਲੈਂਦਾ ਸੀ।
ਅਦਾਲਤਾਂ ’ਚ ਸੁਰਿੰਦਰ ਦੀ ਜੋ ਦਹਿਸ਼ਤ ਬਣੀ ਸੀ, ਉਹ ਡੀ.ਏ. ਦੇ ਸਹਾਰੇ ਹੀ ਬਣੀ ਸੀ। ਸਭ ਨੂੰ ਪਤਾ ਸੀ, ਉਹ ਮਨ-ਮਰਜ਼ੀ ਦਾ ਪੁਲਿਸ ਰਿਮਾਂਡ ਲੈਂਦਾ ਸੀ ਅਤੇ ਜੁਰਮ ਦਾ ਇਕਬਾਲ ਕਰਨ ਵਾਲੇ ਨੂੰ ਮਰਜ਼ੀ ਦੀ ਸਜ਼ਾ ਕਰਾਉਂਦਾ ਸੀ। ਹਰ ਮੁਲਜ਼ਮ ਨੂੰ ਅਦਾਲਤ ਵਿਚ ਵੜਨ ਤੋਂ ਪਹਿਲਾਂ ਸੁਰਿੰਦਰ ਨੂੰ ਸਲੂਟ ਮਾਰਨਾ ਪੈਂਦਾ ਸੀ।
ਮਿਸਲ ਘੋਖ ਰਹੇ ਸੁਰਿੰਦਰ ਨੂੰ ਲੱਗ ਰਿਹਾ ਸੀ, ਜਿਵੇਂ ਸਰਦਾਰੀ ਉਸ ਤੋਂ ਸਾਂਭੀ ਨਹੀਂ ਸੀ ਜਾ ਰਹੀ।
ਜੇ ਸੁਰਿੰਦਰ ਸਿਆਣਾ ਹੁੰਦਾ ਤਾਂ ਇਸ ਕੇਸ ਵਿਚ ਪੈਸਿਆਂ ਦੀ ਝਾਕ ਨਾ ਕਰਦਾ। ਚੰਗਾ ਭਲਾ ਪਤਾ ਹੈ ਕਿ ਇਸ ਕੇਸ ਵਿਚ ਕੱਢਣ-ਪਾਉਣ ਨੂੰ ਕੱਖ ਨਹੀਂ। ਜਿਸ ਅਫ਼ਸਰ ਨੇ ਵੀ ਕੁਤਾਹੀ ਕੀਤੀ, ਉਸੇ ਨੇ ਸਜ਼ਾ ਭੁਗਤੀ। ਪੁਲਿਸ ਕਪਤਾਨ ਤਕ ਦਾ ਤਬਾਦਲਾ ਹੋ ਗਿਆ। ਸੁਰਿੰਦਰ ਕਿਥੋਂ ਦਾ ਪਾਣੀਹਾਰ ਸੀ।
ਲਾਲਾ ਜੀ ਦਾ ਪੋਤਾ ਮਰਿਆ ਸੀ। ਉਸ ਦਾ ਘਰ ਉਂਝ ਹੀ ਉਜੜ ਗਿਆ ਸੀ। ਪਾਲੇ ਅਤੇ ਮੀਤੇ ਨੂੰ ਸਜ਼ਾ ਹੋਣ ਦਾ ਲਾਲਾ ਜੀ ਨੂੰ ਕੀ ਲਾਭ ਹੋਏਗਾ? ਲਾਲਾ ਜੀ ਸਰਕਾਰੀ ਵਕੀਲ ਨੂੰ ਪੈਸੇ ਕਿਉਂ ਦੇਣ?
ਮੁਲਜ਼ਮ ਵਿਚਾਰੇ ਵੀ ਨੰਗ ਸਨ। ਵੈਸੇ ਵੀ ਨਿਰਦੋਸ਼ ਸਨ। ਥੋੜ੍ਹਾ ਜਿਹਾ ਵੀ ਦਮ ਹੁੰਦਾ ਤਾਂ ਕੇਸ ਵਿਚ ਕਿਉਂ ਫਸਦੇ? ਹੋਰਾਂ ਵਾਂਗ ਪੈਸੇ ਦੇ ਕੇ ਛੁੱਟ ਨਾ ਗਏ ਹੁੰਦੇ।
ਬਾਕੀ ਰਹਿ ਗਿਆ ਤਫ਼ਤੀਸ਼ੀ। ਪੱਲਿਉਂ ਖ਼ਰਚ ਕੇ ਕੰਮ ਕਢਾਉਣ ਵਾਲਾ ਤਫ਼ਤੀਸ਼ੀ ਕੋਈ ਟਾਵਾਂ-ਟੱਲਾ ਹੀ ਹੁੰਦੈ। ਨਾਜ਼ਰ ਉਹਨਾਂ ਟਾਵੇਂ-ਟੱਲਿਆਂ ਵਿਚੋਂ ਹੀ ਸੀ। ਉਹ ਤਿੰਨ-ਚਾਰ ਸੌ ਦੇ ਹੇਠ ਆ ਚੁੱਕਾ ਸੀ। ਮਾੜੀ ਮੱਦ ’ਤੇ ਰਹਿ ਕੇ ਖੁੱਲ੍ਹ-ਦਿਲੀ ਨਾਲ ਖ਼ਰਚ ਕਰਨਾ ਉਸ ਦੀ ਦਲੇਰੀ ਦਾ ਸਬੂਤ ਸੀ। ਨਹੀਂ ਤਾਂ ਸੁਰਿੰਦਰ ਦਾ ਤਜਰਬਾ ਦੱਸਦਾ ਸੀ ਕਿ ਮਾੜੀ ਥਾਂ ‘ਤੇਤਾਇਨਾਤਪੁਲਸੀਆ ਜੇਬ ‘ਚੋਂ ਧੇਲਾ ਨਹੀਂ ਕੱਢਦਾ। ਪੁਲਿਸ ਟ੍ਰੇਨਿੰਗ ਕਾਲਜ ਫਿਲੌਰ ਵਿਚ ਸੁਰਿੰਦਰ ਨੇ ਥਾਣੇਦਾਰਾਂ ਦੀ ਤਰਸਯੋਗ ਹਾਲਤ ਦੇਖੀ ਸੀ। ਉਹੋ ਥਾਣੇਦਾਰ ਜਿਹੜੇ ਕਾਰ ਵਿਚੋਂ ਪੈਰ ਨਹੀਂ ਸਨ ਲਾਹਿਆ ਕਰਦੇ, ਜਦੋਂ ਫ਼ਿਲੌਰ ਲੱਗੇ ਸਨ ਤਾਂ ਤਿੰਨ ਰੁਪਏ ਬਚਾਉਣ ਲਈ ਬੱਸ ਸਟੈਂਡ ਤੋਂ ਕਿਲ੍ਹੇ ਤਕਤੁਰ ਕੇ ਜਾਇਆ ਕਰਦੇ ਸਨ। ਉਹੋ ਹੌਲਦਾਰ ਜਿਹੜੇ ਵਧੀਆ ਤੋਂ ਵਧੀਆ ਵਿਸਕੀ ਨੂੰ ਵੀ ਨੱਕਮਾਰ ਕੇ ਪੀਆ ਕਰਦੇ ਸਨ, ਸੱਠ ਪੈਸੇ ਦਾ ਚਾਹ ਦਾ ਕੱਪ ਪੀਣ ਤੋਂ ਗੁਰੇਜ਼ ਕਰਿਆ ਕਰਦੇ ਸਨ। ਇਨ੍ਹੀਂ ਦਿਨੀਂ ਨਾਜ਼ਰ ਦੀ ਹਾਲਤ ਵੀ ਫਿਲੌਰ ਦੇ ਕਿਲ੍ਹੇ ਵਿਚ ਲੱਗੇ ਥਾਣੇਦਾਰਾਂ ਵਰਗੀ ਹੀ ਸੀ।
ਜੇ ਸੱਚਮੁੱਚ ਪੰਜ ਦਿਨਾਂ ਦੇ ਅੰਦਰ-ਅੰਦਰ ਚਲਾਨ ਪੇਸ਼ ਨਾ ਹੋਇਆ ਤਾਂ ਪੁਲਿਸ ਦੇ ਨਾਲ- ਨਾਲ ਸੁਰਿੰਦਰ ਦੀ ਵੀ ਸ਼ਾਮਤ ਆਉਣੀ ਸੀ। ਨਾਜ਼ਰ ਨੇ ਤਾਂ ਰੋਜ਼ਨਾਮਚੇ ਵਿਚ ਰਪਟਾਂ ਪਾ-ਪਾ ਅਤੇ ਜ਼ਿਮਨੀਆਂ ਲਿਖ-ਲਿਖ, ਆਪਣੇ ਆਪ ਨੂੰ ਬੇਕਸੂਰ ਸਿੱਧ ਕਰ ਰੱਖਿਆ ਹੋਣਾ ਹੈ। ਚਲਾਨ ਲੇਟ ਹੋਣ ਦੀ ਸਾਰੀ ਜ਼ਿੰਮੇਵਾਰੀ ਸੁਰਿੰਦਰ ਸਿਰ ਮੜ੍ਹੀ ਗਈ ਹੋਣੀ ਹੈ। ਜੇ ਸਰਕਾਰੀ ਵਕੀਲ ਚਲਾਨ ਚੈੱਕ ਨਾ ਕਰੇ ਤਾਂ ਨਾਜ਼ਰ ਤਫ਼ਤੀਸ਼ ਮੁਕੰਮਲ ਕਿਵੇਂ ਕਰੇ?
ਇਸ ਪੱਖੋਂ ਡੀ.ਏ. ਮਾੜਾ ਸੀ। ਮਾਤਹਿਤਾਂ ਦਾ ਪੱਖ ਨਹੀਂ ਸੀ ਪੂਰਦਾ। ਲੋਕਾਂਦੀਆਂਸ਼ਿਕਾਇਤਾਂ ’ਤੇ ਭਾਵੇਂ ਕੰਨ ਨਹੀਂ ਸੀ ਧਰਦਾ ਪਰ ਪੁਲਿਸ ਅਫ਼ਸਰਾਂ ਨੂੰ ਅਹਿਮੀਅਤ ਦਿੰਦਾ ਸੀ। ਪੁਲਿਸ ਕਪਤਾਨ ਜਾਂ ਡਿਪਟੀ ਦੀ ਸ਼ਿਕਾਇਤ ’ਤੇ ਕਾਰਵਾਈ ਕਰਨੀ ਹੀ ਹੋਈ। ਜੇ ਕੋਈ ਮੁੱਖ ਅਫ਼ਸਰ ਆਖ ਆਵੇ ਕਿ ਸਰਕਾਰੀ ਵਕੀਲ ਸਹਿਯੋਗ ਨਹੀਂ ਦਿੰਦਾ, ਉਹ ਤਾਂ ਵੀ ਸਰਕਾਰੀ ਵਕੀਲ ਦਾ ਥਾਣਾ ਬਦਲ ਦਿੰਦਾ ਸੀ।
ਪੁਲਿਸ ਅਫ਼ਸਰਾਂ ਨੂੰ ਖ਼ੁਸ਼ ਰੱਖਣ ਵਿਚ ਉਸ ਦਾ ਆਪਣਾ ਸਵਾਰਥ ਸੀ, ਉਸ ਨੂੰ ਮਸਾਂ-ਮਸਾਂ ਇਹ ਜ਼ਿਲ੍ਹਾ ਮਿਲਿਆ ਸੀ। ਕਿਸੇ ਮਾਤਹਿਤ ਖ਼ਾਤਰ ਉਹ ਆਪਣੀ ਕੁਰਸੀ ਨੂੰ ਖ਼ਤਰੇ ਵਿਚ ਕਿਉਂ ਪਾਏ? ਖ਼ੁਸ਼ ਹੋਏ ਪੁਲਿਸ ਅਫ਼ਸਰਾਂ ਤੋਂ ਉਹ ਵਗਾਰਾਂ ਕਰਾਉਂਦਾ ਸੀ ਅਤੇ ਆਪਣੀ ਲੀਡਰੀ ਚਮਕਾਉਂਦਾ ਸੀ। ਜਣੇ-ਖਣੇ ਨਾਲ ਉਠ ਕੇ ਤੁਰ ਪਊ। ਥਾਣੇ ਜਾ ਵੜੂ। ਹੌਲਦਾਰਾਂ ਨਾਲ ਬੈਠ ਕੇ ਦਾਰੂ ਪੀਣ ਲੱਗ ਜੂ। ਦੋ ਘੜੀ ਸੁਰਿੰਦਰ ਕੁਮਾਰ ਵੀ ਥਾਣੇ ਜਾਣੋਂ ਝਿਜਕਦਾ ਸੀ। ਉਹ ਜ਼ਿਲ੍ਹੇ ਦਾ ਮਾਲਕ ਹੋ ਕੇ ਵੀ ਤੁਰ ਪੈਂਦਾ ਸੀ।
ਜਦੋਂ ਅਫ਼ਸਰਾਂ ਦਾ ਇਹ ਹਾਲ ਹੋਵੇ ਤਾਂ ਸੁਰਿੰਦਰ ਵਰਗੇ ਸਿਆਣੇ ਅਫ਼ਸਰ ਨੂੰ ਸਮੇਂ ਦੀ ਨਜ਼ਾਕਤ ਪਛਾਣਨੀ ਚਾਹੀਦੀ ਸੀ। ਉਸ ਦਾ ਫ਼ਰਜ਼ ਬਣਦਾ ਸੀ, ਉਹ ਆਪਣੇ ਵਿਰੁੱਧ ਉੱਠਣ ਵਾਲੇ ਤੁਫ਼ਾਨ ਦਾ ਰੁਖ਼ ਸਮੇਂ ਸਿਰ ਹੀ ਬਦਲ ਦੇਵੇ।
ਹੁਣ ਭਲਾ ਇਸੇ ਵਿਚ ਸੀ ਕਿ ਚਲਾਨ ਚੈੱਕ ਕਰ ਕੇ ਨਾਜ਼ਰ ਨੂੰ ਖ਼ੁਸ਼ ਕੀਤਾ ਜਾਵੇ।
ਇਹ ਬੜਾ ਗੁੰਝਲਦਾਰ ਮੁਕੱਦਮਾ ਸੀ। ਸਾਰੇ ਕੇਸ ਵਿਚ ਇਕ ਵੀ ਚਸ਼ਮਦੀਦ ਗਵਾਹ ਨਹੀਂ ਸੀ। ਸਾਰਾ ਕੇਸ ਹਾਲਾਤਾਂ ਦੇ ਆਧਾਰਤ ਗਵਾਹੀ ਤੇ ਖੜਾ ਸੀ। ਕੇਸ ਵਿਚਲੀਆਂ ਘਟਨਾਵਾਂ ਦੀ ਤੰਦ ਨਾਲ ਤੰਦ ਇੰਨੀ ਹੁਸ਼ਿਆਰੀ ਨਾਲ ਜੋੜਨੀ ਪੈਣੀ ਸੀ ਕਿ ਦੋਸ਼ੀਆਂ ਦੇ ਕਾਤਲ ਨਾ ਹੋਣ ਵਿਚ ਸ਼ੱਕ ਦੀ ਰੱਤੀ ਭਰ ਵੀ ਗੁੰਜਾਇਸ਼ ਨਾ ਰਹੇ।
ਮਿਸਲ ਨਾਲ ਗਿਣਤੀ ਦੇ ਕਾਗ਼ਜ਼ ਸਨ। ਇਕ ਐਮ.ਆਈ.ਆਰ. ਸੀ ਜਿਹੜੀ ਚਾਰ ਮਹੀਨਾ ਪਹਿਲਾਂ ਲਿਖੀ ਗਈ ਸੀ। ਉਹ ਵੀ ਬੰਟੀ ਦੇ ਅਗਵਾ ਹੋਣ ਬਾਰੇ ਸੀ। ਫੇਰ ਦੋਸ਼ੀਆਂ ਵੱਲੋਂ ਫਿਰੌਤੀ ਲਈ ਲਿਖੀਆਂ ਚਿੱਠੀਆਂ ਸਨ। ਇਕ ਦੋਸ਼ੀ ਦੀ ਹੱਥ-ਲਿਖਤ ਦੇ ਨਮੂਨੇ ਸਨ। ਅਗਾਂਹ ਹੱਥ-ਲਿਖਤਾਂ ਦੇ ਮਾਹਿਰ ਦੀ ਰਿਪੋਰਟ ਸੀ, ਜਿਸ ਵਿਚ ਉਸ ਨੇ ਚਿੱਠੀਆਂ ਪਾਲੇ ਵੱਲੋਂ ਲਿਖੀਆਂ ਤਸਦੀਕ ਕੀਤੀਆਂ ਸਨ। ਪੋਸਟ ਮਾਰਟਮ ਦੀ ਰਿਪੋਰਟ ਸੀ। ਲਾਸ਼ ਦੀ ਬਰਾਮਦਗੀ ਵਾਲੀ ਥਾਂ ਤੋਂ ਮਿਲੇ ਉਂਗਲਾਂ ਦੇ ਨਿਸ਼ਾਨ ਸਨ। ਇਕ ਹੋਰ ਮਾਹਿਰ ਦੀ ਰਿਪੋਰਟ ਸੀ, ਜਿਸ ਅਨੁਸਾਰ ਇਹ ਨਿਸ਼ਾਨ ਪਾਲੇ ਅਤੇ ਮੀਤੇ ਦੇ ਸਨ। ਮੌਕੇ ਤੋਂ ਮਿਲੀ ਪੈੜ ਦਾ ਮੋਲਡ ਸੀ। ਫੇਰ ਮਾਹਿਰ ਦੀ ਰਿਪੋਰਟ ਸੀ। ਗ੍ਰਿਫ਼ਤਾਰੀ ਸਮੇਂ ਜਿਹੜੀ ਜੁੱਤੀ ਪਾਲੇ ਤੋਂ ਬਰਾਮਦ ਕਰਾਈ ਗਈਂ ਸੀ, ਇਹ ਉਸੇ ਜੁੱਤੀ ਦੇ ਪੈੜ ਸੀ। ਆਖ਼ਿਰ ਵਿਚ ਦੋਸ਼ੀਆਂ ਵੱਲੋਂ ਮੈਜਿਸਟ੍ਰੇਟ ਸਾਹਮਣੇ ਦਿੱਤਾ ਗਿਆ ਇਕਬਾਲੀਆ ਬਿਆਨ ਸੀ।
ਬੱਚੇ ਨੂੰ ਅਗਵਾ ਕਰਨ ਦੀ ਸਾਜ਼ਿਸ਼ ਕਿਥੇ ਰਚੀ ਗਈ? ਬੱਚਾ ਕਿਸ ਨੇ, ਕਿਥੋਂ ਚੁੱਕਿਆ, ਕਿਥੇ ਰੱਖਿਆ? ਚਿੱਠੀਆਂ ਕਿਥੇ ਬੈਠ ਕੇ ਲਿਖੀਆਂ? ਚਿੱਠੀਆਂ ਕਿਸ ਨੇ ਸੁੱਟੀਆਂ? ਲੈਟਰ-ਪੈਡ ਕਿਥੋਂ ਆਏ? ਬਰਤਨ ਕਿਥੋਂ ਖ਼ਰੀਦੇ? ਬੱਚਾ ਕਿਥੇ ਮਾਰਿਆ ਗਿਆ? ਲਾਸ਼ ਇਥੇ ਕੌਣ ਸੁੱਟ ਕੇ ਗਿਆ? ਕਤਲ ਲਈ ਵਰਤੇ ਹਥਿਆਰ ਕਿਥੋਂ ਆਏ? ਫੇਰ ਕਿਧਰ ਗਏ? ਹੁਣ ਕਿਥੇ ਹਨ? ਇਨ੍ਹਾਂ ਜ਼ਰੂਰੀ ਗੱਲਾਂ ਬਾਰੇ ਮਿਸਲ ਖ਼ਾਮੋਸ਼ ਸੀ।
ਇਕ ਵਾਰ ਸੁਰਿੰਦਰ ਦਾ ਦਿਲ ਕੀਤਾ, ਜਿਸ ਤਰ੍ਹਾਂ ਮਿਸਲ ਆਈ ਸੀ, ਉਸੇ ਤਰ੍ਹਾਂ ਅਗਾਂਹ ਧੱਕ ਦੇਵੇ। ਉਸ ਨੂੰ ਭਾਈਚਾਰਕ ਤੌਰ ’ਤੇ ਵੀ ਕਿਸੇ ਨੇ ਦੁਆ-ਸਲਾਮ ਨਹੀਂ ਸੀ ਕੀਤੀ। ਜਦੋਂ ਦੋਸ਼ੀ ਬਰੀ ਹੋ ਗਏ, ਲਾਲਾ ਜੀ ਆਪੇ ਅੱਖਾਂ ’ਚ ਘਸੁੰਨ ਦੇ ਕੇ ਰੋਣਗੇ।
ਇਸ ਤਰ੍ਹਾਂ ਸੋਚਦੇ ਸੁਰਿੰਦਰ ਨੂੰ ਅਜਿਹੇ ਕਈ ਕੇਸ ਚੇਤੇ ਆਏ, ਜਿਥੇ ਉਸ ਨੇ ਇਸੇ ਕਾਰਨ ਮੁਦੱਈ ਧਿਰ ਦਾ ਭੱਠਾ ਬਿਠਾਇਆ ਸੀ।
ਸ਼ਹਿਣੇ ਦੇ ਸਾਧਾਂ ਵਾਲੇ ਕਤਲ ਕੇਸ ਵਿਚ ਮੁਦੱਈ ਦੇ ਵਕੀਲ ਨੇ ਮੁਦੱਈ ਨੂੰ ਪੁੱਠੀ ਪੱਟੀ ਪੜ੍ਹਾ ਦਿੱਤੀ ਸੀ। ਵਕੀਲ ਦਾ ਸੁਰਿੰਦਰ ਕੁਮਾਰ ਨਾਲ ਕਮਿਸ਼ਨ ਦਾ ਰੌਲਾ ਸੀ। ਕਚਹਿਰੀ ਦੀ ਸ਼ਰ੍ਹਾ ਅਨੁਸਾਰ ਸੁਰਿੰਦਰ ਉਸ ਨੂੰ ਤੀਜਾ ਹਿੱਸਾ ਦੇਣ ਨੂੰ ਤਿਆਰ ਸੀ। ਉਹ ਸ਼ਰ੍ਹਾ ਦੇ ਉਲਟ ਅੱਧ ਭਾਲਦਾ ਸੀ। ਇਹ ਅਸਾਮੀ ਸੁਰਿੰਦਰ ਨੇ ਆਪ ਹੀ ਫਸਾਈ ਸੀ। ਉਹ ਪੈਸੇ ਫੜਨ ਦਾ ਅੱਧ ਭਾਲਦਾ ਸੀ। ਖਿਝੇ ਵਕੀਲ ਨੇ ਅਸਾਮੀ ਟਰਕਾ ਦਿੱਤੀ। ਅਖੇ ਇਹ ਛੋਟਾ ਸਰਕਾਰੀ ਵਕੀਲ ਹੈ। ਇਸ ਨੇ ਕੁਝ ਨਹੀਂ ਕਰਨਾ। ਕੰਮ ਸੈਸ਼ਨ ਕੋਰਟ ਦੇ ਸਰਕਾਰੀ ਵਕੀਲ ਨੇ ਕਰਨੈ। ਇਸ ਤੋਂ ਵਾਧੂ ’ਚ ਧੌੜੀ ਕਿਉਂ ਲੁਹਾਈ ਜਾਏ?
ਅਗਾਂਹ ਸੁਰਿੰਦਰ ਵੀ ਸੱਤਾਂ ਪੱਤਣਾਂ ਦਾ ਤਾਰੂ ਸੀ। ਮੁਲਜ਼ਮਾਂ ਨੂੰ ਬਰੀ ਕਰਾਉਣ ਦਾ ਨੁਕਤਾ ਉਹ ਪਹਿਲਾਂ ਹੀ ਲੱਭੀ ਬੈਠਾ ਸੀ।
ਰਪਟ ਵਿਚ ਦਰਜ ਸੀ ਕਿ ਮਰਨ ਵਾਲੇ ਨੂੰ ਮੋਟੀ ਸੱਬਲ ਨਾਲ ਕੁੱਟ-ਕੁੱਟ ਕੇ ਮਾਰਿਆ ਗਿਐ। ਚਸ਼ਮਦੀਦ ਗਵਾਹ ਵੀ ਇਸੇ ਤੱਥ ਦੀ ਤਾਈਦ ਕਰਦੇ ਸਨ।
ਪੋਸਟ-ਮਾਰਟਮ ਦੀ ਰਿਪੋਰਟ ਕਹਾਣੀ ਨੂੰ ਉਲਟਾ ਰਹੀ ਸੀ। ਰਿਪੋਰਟ ਆਖਦੀ ਸੀ ਕਿ ਮੌਤ ਗਲਾ ਘੁੱਟਣ ਨਾਲ ਹੋਈ ਸੀ। ਮਰਨ ਵਾਲੇ ਦੇ ਸੱਟਾਂ ਲੱਗੀਆਂ ਜ਼ਰੂਰ ਸਨ ਪਰ ਉਹ ਮਾਮੂਲੀਸਨ।
ਦੋਸ਼ੀਆਂ ਨੂੰ ਸਜ਼ਾ ਤਾਂ ਹੁੰਦੀ ਜੇ ਚਸ਼ਮਦੀਦ ਗਵਾਹਾਂ ਦੀ ਗਵਾਹੀ ਅਤੇ ਡਾਕਟਰ ਦੀ ਰਿਪੋਰਟ ਵਿਚ ਇਕ-ਸੁਰਤਾ ਹੁੰਦੀ।
ਇਸੇ ਨੁਕਸ ਨੂੰ ਤਾੜ ਕੇ ਸੁਰਿੰਦਰ ਨੇ ਮੁਦੱਈਆਂ ਨੂੰ ਬੁਲਾਇਆ। ਉਸ ਨੇ ਦੋ ਹਫ਼ਤੇ ਮਿਸਲ ਦੱਬੀ ਰੱਖੀ। ਜੇ ਮੁਦੱਈ ਗੱਲ ਕਰਦੇ ਤਾਂ ਉਹ ਡਾਕਟਰ ਤੋਂ ਰਿਪੋਰਟ ਬਦਲਵਾ ਦਿੰਦਾ। ਵਕੀਲ ਦੇ ਹੱਥ ’ਤੇ ਚੜ੍ਹ ਕੇ ਮੁਦੱਈ ਜਦੋਂ ਦੜ ਵੱਟ ਗਏ ਤਾਂ ਸੁਰਿੰਦਰ ਵੀ ਸੌਂ ਗਿਆ। ਉਸ ਨੇ ਤਫ਼ਤੀਸ਼ੀ ਤਕ ਨੂੰ ਇਲਮ ਨਾ ਹੋਣ ਦਿੱਤਾ ਕਿ ਡਾਕਟਰ ਦੀ ਰਿਪੋਰਟ ਵਿਚ ਇੰਨੀ ਘਪਲੇਬਾਜ਼ੀ ਹੈ।
ਭਾਵੇਂ ਦੋਸ਼ੀਆਂ ਕੋਲੋਂ ਵੀ ਉਸ ਨੂੰ ਕੁਝ ਨਹੀਂ ਸੀ ਮਿਲਿਆ, ਪਰ ਮੁਦੱਈਆਂ ਨੂੰ ਝੋਟੀਆਂ ਚੁੰਘਾ ਕੇ ਉਸ ਨੂੰ ਬੋਤਲ ਵਰਗਾ ਨਸ਼ਾ ਹੋਇਆ ਸੀ।
ਕੋਈ ਸਾਧਾਰਨ ਕੇਸ ਹੁੰਦਾ ਤਾਂ ਸੁਰਿੰਦਰ ਇਸੇ ਤਰ੍ਹਾਂ ਕਰਦਾ ਪਰ ਇਹ ਅਹਿਮ ਕੇਸ ਸੀ। ਮਿਸਲ ਕਈ ਵਾਰ ਮੱਖ ਮੰਤਰੀ ਦੇ ਦਫ਼ਤਰ ਦੇ ਚੱਕਰ ਕੱਟ ਆਈ ਸੀ। ਪਤਾ ਨਹੀਂ ਕਿੰਨੇ ਵਾਰ ਹੋਰ ਜਾਣੀ ਸੀ। ਸੁਰਿੰਦਰ ਦੀ ਕੋਈ ਵੀ ਅਣਗਹਿਲੀ ਖ਼ਤਰਨਾਕ ਸਿੱਧ ਹੋ ਸਕਦੀ ਸੀ। ਸੁਰਿੰਦਰ ਸਾਹਮਣੇ ਖੜੀ ਬਿੱਲੀ ਨੂੰ ਦੇਖ ਕਬੂਤਰ ਵਾਂਗ ਅੱਖਾਂ ਮੀਚ ਕੇ ਖ਼ਤਰੇ ਨੂੰ ਟਾਲ ਦੇਣ ਦਾ ਭਰਮ ਨਹੀਂ ਸੀ ਪਾਲ ਸਕਦਾ।
ਉਸ ਨੂੰ ਆਪਣੀ ਕਾਬਲੀਅਤ ਦਾ ਸਬੂਤ ਦੇਣ ਦਾ ਮੌਕਾ ਮਿਲਿਆ ਸੀ। ਉਸ ਨੂੰ ਮਿਸਲ ਇਸ ਢੰਗ ਨਾਲ ਤਿਆਰ ਕਰਨੀ ਚਾਹੀਦੀ ਸੀ ਕਿ ਉਪਰਲੇ ਅਫ਼ਸਰ ਅਸ਼-ਅਸ਼ ਕਰ ਉੱਠਣ।
ਮਨ ਇਕਾਗਰ ਕਰ ਕੇ ਸੁਰਿੰਦਰ ਨੇ ਮਿਸਲ ਦਾ ਅੱਖਰ-ਅੱਖਰ ਪੜ੍ਹਿਆ। ਬਿਆਨਾਂ ਨਾਲ ਬਿਆਨ ਮਿਲਾਏ। ਫੇਰ ਬਿਆਨਾਂ ਨਾਲ ਮਾਹਿਰਾਂ ਦੀਆਂ ਰਿਪੋਰਟਾਂ ਮਿਲਾਈਆਂ। ਉਂਗਲਾਂ ਦੇ ਨਿਸ਼ਾਨਾਂ, ਹੱਥ-ਲਿਖਤਾਂ ਅਤੇ ਮਾਹਿਰਾਂ ਦੀਆਂ ਰਾਵਾਂ ਦਾ ਮਿਲਾਨ ਕੀਤਾ।
ਇਥੋਂ ਤਕ ਸਭ ਠੀਕ ਸੀ। ਪਰ ਜੇ ਘਟਨਾ ਦੀ ਕੜੀ ਨਾਲ ਕੜੀ ਨਾ ਜੋੜੀ ਗਈ ਤਾਂ ਇਹਨਾਂ ਸਬੂਤਾਂ ਦੇ ਆਧਾਰ ’ਤੇ ਦੋਸ਼ੀਆਂ ’ਤੇ ਚਾਰਜ ਤਕ ਨਹੀਂ ਸੀ ਲੱਗਣਾ।
ਕੁਝ ਰਾਸ਼ੀ ਜੇਬ ’ਚ ਪਈ ਹੁੰਦੀ ਤਾਂ ਸੁਰਿੰਦਰ ਦੇ ਦਿਮਾਗ਼ ਨੇ ਕੰਪਿਊਟਰ ਵਾਂਗ ਹੱਲ ’ਤੇ ਹੱਲ ਲੱਭਣਾ ਸੀ। ਮੁਫ਼ਤ ਵਿਚ ਪੈੱਨ ਖੋਲ੍ਹਣ ਨੂੰ ਦਿਲ ਨਹੀਂ ਸੀ ਕਰਦਾ, ਦਿਮਾਗ਼ ਖੁੱਲ੍ਹਣ ਦੀ ਗੱਲ ਦੂਰ ਸੀ।
ਮਹੀਨੇ ਦਾ ਆਖ਼ਰੀ ਹਫ਼ਤਾ ਚੱਲ ਰਿਹਾ ਸੀ। ਇਨ੍ਹਾਂ ਦਿਨਾਂ ਵਿਚ ਉਸ ਦਾ ਹੱਥ ਤੰਗ ਰਹਿੰਦਾ ਸੀ। ਤਨਖ਼ਾਹ ਵਾਲੇ ਤਿੰਨ ਹਜ਼ਾਰ ਪਹਿਲੀ ਤਾਰੀਖ਼ ਨੂੰ ਹੀ ਮੁੱਕ ਜਾਂਦੇ ਸਨ। ਹਜ਼ਾਰ ਕੋਠੀ ਵਾਲਾ ਲੈ ਜਾਂਦਾ ਸੀ, ਸੱਤ ਸੌ ਕਰਿਆਨੇ ਵਾਲਾ, ਪੰਜ ਸੌ ਦੁੱਧ ਵਾਲਾ ਅਤੇ ਚਾਰ ਸੌ ਟਿਊਸ਼ਨਾਂ ਵਾਲਾ। ਬਾਕੀ ਬਚਦੇ ਪੈਸੇ ਧੋਬੀ, ਮੋਚੀ ਅਤੇ ਜਮਾਂਦਾਰ ਲੈ ਜਾਂਦੇ ਸਨ। ਮਹੀਨੇ ਦੇ ਬਾਕੀ ਉਨੱਤੀ ਦਿਨ ਲੰਘਾਉਣ ਲਈ ਸੁਰਿੰਦਰ ਨੂੰ ਵਕੀਲਾਂ ਅਤੇ ਥਾਣੇਦਾਰਾਂ ਦੇ ਹੱਥਾਂ ਵੱਲ ਦੇਖਣਾ ਪੈਂਦਾ ਸੀ।
ਪੰਜ-ਚਾਰ ਸੌ ਮਿਲ ਜਾਂਦਾ ਤਾਂ ਹੱਥ ਸੁਖਾਲਾ ਹੋ ਜਾਂਦਾ। ਪਰ ਮਜਬੂਰੀ ਸੀ। ਸਬਰ ਦਾ ਘੱਟ ਭਰਨਾ ਹੀ ਪੈਣਾ ਸੀ।
ਕਲਪਨਾ ਸ਼ਕਤੀ ਨੂੰ ਤੇਜ਼ ਕਰਨ ਲਈ ਸੁਰਿੰਦਰ ਨੇ ਸਿਗਰਟ ਸੁਲਘਾਈ। ਨਾਲੇ ਉਹ ਲੰਬੇ-ਲੰਬੇ ਕਸ਼ ਮਾਰਦਾ ਰਿਹਾ, ਨਾਲੇ ਉਲਝੀ ਤਾਣੀ ਦੀਆਂ ਤੰਦਾਂ ਸੁਲਝਾਉਂਦਾ ਰਿਹਾ।
“ਨਾਜ਼ਰ ਸਿੰਆਂ, ਮੈਨੂੰ ਤਾਂ ਕੇਸ ’ਚ ਕੱਖ ਨਜ਼ਰ ਨੀ ਆਉਂਦਾ। ਸੱਚ-ਸੱਚ ਦੱਸ, ਕੇਸ ਨੂੰ ਸਿਰੇ ਚੜ੍ਹਾਉਣੈ ਜਾਂ ਨਹੀਂ?”
“ਕੀ ਆਖਦੇ ਹੋ ਜਨਾਬ? ਹਰ ਤਫ਼ਤੀਸ਼ੀ ਚਾਹੁੰਦੈ ਉਸ ਦਾ ਕੇਸ ਕਾਮਯਾਬ ਹੋਵੇ। ਇਸ ਕੇਸ ’ਚ ਤਾਂ ਤਰੱਕੀ ਮਿਲਣ ਦੇ ਚਾਂਸ ਨੇ।”
“ਫੇਰ ਸੁਣ) ਸਬੂਤ ਘੜਨ ਲਈ ਝੂਠੇ-ਸੱਚੇ ਗਵਾਹਾਂ ਦੀ ਕਤਾਰ ਖੜੀ ਕਰ, ਫੇਰ ਕੰਮ ਬਣੂ।”
“ਜਿਵੇਂ ਆਖੋਗੇ, ਕਰ ਲਵਾਂਗਾ ਜਨਾਬ।”
“ਚੰਗਾ ਨਾ ਹੁੰਦਾ ਜੇ ਇਕ ਦੋਸ਼ੀ ਦੀ ਗ੍ਰਿਫ਼ਤਾਰੀ ਹੋਰ ਪਾ ਲਈ ਜਾਂਦੀ। ਸੀ.ਬੀ.ਆਈ. ਵਾਲੇ ਇਸੇ ਤਰ੍ਹਾਂ ਕਰਦੇ ਹਨ। ਜਦੋਂ ਕੇਸ ਮਾੜਾ ਹੋਵੇ ਤਾਂ ਆਪਣਾ ਕੋਈ ਖ਼ਾਸ ਬੰਦਾ ਪਹਿਲਾਂ ਦੋਸ਼ੀ ਬਣਾ ਲੈਂਦੇ ਹਨ, ਫੇਰ ਵਾਅਦਾ-ਮੁਆਫ਼ ਗਵਾਹ। ਉਸੇ ਗਵਾਹ ਦੇ ਸਿਰ ’ਤੇ ਬਾਕੀ ਦੋਸ਼ੀ ਸਜ਼ਾ ਖਾ ਜਾਂਦੇ ਹਨ।”
“ਉਸ ਸਮੇਂ ਕੀ ਪਤਾ ਸੀ ਜਨਾਬ। ਊਈਂ ਰਾਈ ਦਾ ਪਹਾੜ ਬਣ ਗਿਆ। ਅਸੀਂ ਸੋਚਿਆ ਸੀ, ਦੋਸ਼ੀਆਂ ਦੀ ਗ੍ਰਿਫ਼ਤਾਰੀ ਨਾਲ ਲੋਕਾਂ ਦਾ ਰੋਹ ਠੰਢਾ ਪੈ ਜਾਊ। ਫੇਰ ਦੋਸ਼ੀ ਸਜ਼ਾ ਹੋਣ ਜਾਂ ਬਰੀ, ਸਾਨੂੰ ਕੀ?
“ਹੂੰ.....।” ਆਖਦਾ ਸੁਰਿੰਦਰ ਕਹਾਣੀ ਘੜਨ ਵਿਚ ਮਗਨ ਰਿਹਾ।
“ਜੋ ਹੋਣਾ ਸੀ, ਹੋ ਗਿਆ। ਹੁਣ ਇਸੇ ਤਰ੍ਹਾਂ ਬੇੜੀ ਬੰਨੇ ਲਾਓ।”
ਕੁਝ ਦੇਰ ਉਡੀਕ ਕੇ ਨਾਜ਼ਰ ਨੇ ਚੱਪ ਬੈਠੇ ਸੁਰਿੰਦਰ ਦਾ ਮੁੜ ਧਿਆਨ ਖਿੱਚਿਆ।
“ਉਹੋ ਸੋਚ ਰਿਹਾਂ.....। ਇੰਝ ਕਰੀਏ, ਕਹਾਣੀ ਸਾਜ਼ਿਸ਼ ਤੋਂ ਸ਼ੁਰੂ ਕਰੀਏ। ਚਾਹ-ਦੁੱਧ ਦੀ ਦੁਕਾਨ ਵਾਲਾ ਕੋਈ ਅਜਿਹਾ ਗਵਾਹ ਖੜਾ ਕਰ, ਜਿਹੜਾ ਆਖੇ ਕਿ ਪਾਲੇ ਅਤੇ ਮੀਤੇ ਨੇ ਉਸ ਦੀ ਦੁਕਾਨ ਵਿਚ ਬੈਠ ਕੇ ਸਾਜ਼ਿਸ਼ ਘੜੀ ਸੀ। ਇਸ ਕੇਸ ਵਿਚ ਸਾਜ਼ਿਸ਼ ਸਾਬਤ ਕਰਨੀ ਬਹੁਤ ਜ਼ਰੂਰੀ ਹੈ।”
“ਫੇਰ ਲੱਭ ਕੋਈ ਰੇਹੜੀ ਵਾਲਾ। ਉਸ ਨੂੰ ਬੰਟੀ ਦੇ ਸਕੂਲ ਅੱਗੇ ਰਿਓੜੀ ਗੱਚਕ ਦੀ ਰੇਹੜੀ ਲਾਉਂਦਾ ਦਿਖਾ। ਉਹ ਬੰਟੀ ਅਤੇ ਦੋਸ਼ੀਆਂ ਦਾ ਜਾਣੂ ਹੋਵੇ। ਉਹ ਆਖੇ_ਪਹਿਲਾਂ ਬੰਟੀ ਦਾ ਦਾਦਾ ਉਸ ਨੂੰ ਸਕੂਲ ਛੱਡ ਕੇ ਜਾਂਦਾ ਸੀ ਅਤੇ ਲੈ ਕੇ ਵੀ ਆਉਂਦਾ ਸੀ। ਘਟਨਾ ਵਾਲੇ ਦਿਨ ਦਾਦੇ ਦੀ ਥਾਂ ਪਾਲਾ ਅਤੇ ਮੀਤਾ ਉਸ ਨੂੰ ਲੈਣ ਆਏ ਸਨ। ਅੱਧੀ ਛੁੱਟੀ ਵੇਲੇ ਉਨ੍ਹਾਂ ਖ਼ੁਦ ਵੀ ਗੱਚਕ ਖਾਧੀ ਅਤੇ ਬੰਟੀ ਨੂੰ ਵੀ ਖਵਾਈ। ਪਿੱਛੋਂ ਤਿੰਨੇ ਇਕ ਰਿਕਸ਼ੇ ’ਤੇ ਬੈਠ ਕੇ ਚਲੇ ਗਏ।”
“ਫੇਰ ਲੋੜ ਪਏਗੀ ਕਿਸੇ ਰਿਕਸ਼ੇ ਵਾਲੇ ਦੀ। ਉਹ ਆਖੇਗਾ, ਉਹ ਦਸਾਂ ਸਾਲਾਂ ਤੋਂ ਰਿਕਸ਼ਾ ਚਲਾਉਂਦਾ ਹੈ। ਅਗਵਾ ਵਾਲੇ ਦਿਨ ਪਾਲੇ ਅਤੇ ਮੀਤੇ ਨੇ ਉਸ ਦਾ ਰਿਕਸ਼ਾ ਲਿਆ ਸੀ। ਉਨ੍ਹਾਂ ਨਾਲ ਬੰਟੀ ਵੀ ਸੀ। ਉਹ ਤਿੰਨਾਂ ਨੂੰ ਧਾਨਕਿਆਂ ਦੀ ਬਸਤੀ ਉਤਾਰ ਆਇਆ ਸੀ। ਇਸ ਤਰ੍ਹਾਂ ਅਗਵਾ ਕਰਨ ਦਾ ਦੋਸ਼ ਸਾਬਤ ਹੋਏਗਾ। ਸਮਝਿਆ?”
“ਜੀ ਜਨਾਬ)” ਮੂੰਹ ‘’ਚ ਉਂਗਲ ਪਾਈ ਬੈਠੇ ਨਾਜ਼ਰ ਨੇ ਹੁੰਗਾਰਾ ਭਰਿਆ।
“ਅਗਾਂਹ ਕੋਈ ਅਜਿਹੀ ਬੁੱਢੀ ਫੜੋ ਜਿਹੜੀ ਇਕੱਲੀ ਰਹਿੰਦੀ ਹੋਵੇ, ਜਿਸ ਦਾ ਨਾ ਅੱਗਾ ਹੋਵੇ ਨਾ ਪਿੱਛਾ। ਉਹ ਆਖੇਗੀ ਦੋਸ਼ੀ, ਬੱਚੇ ਨੂੰ ਅਗਵਾ ਕਰ ਕੇ ਪਹਿਲਾਂ ਉਸ ਦੇ ਘਰ ਲੈ ਆਏ।ਚਾਕੂ ਦਿਖਾ ਕੇ ਉਨ੍ਹਾਂ ਬੁੱਢੀ ਨੂੰ ਡਰਾਇਆ-ਧਮਕਾਇਆ। ਰੌਲਾ ਪਾਉਣ ਤੋਂ ਵਰਜਿਆ। ਸਬਰ ਦਾਘੁੱਟ ਭਰੀ ਉਹ ਸਭ ਕੁਝ ਸਹਿੰਦੀ ਰਹੀ। ਬੰਟੀ ਨੂੰ ਕੁਝ ਦਿਨ ਉਸ ਦੇ ਘਰ ਰੱਖਿਆ ਦਿਖਾਓ। ਇਹਵੀ ਲਿਖੋ ਕਿ ਬੱਚੇ ਲਈ ਖਾਣ-ਪੀਣ ਵਾਲੀਆਂ ਚੀਜ਼ਾਂ ਉਹ ਨਾਲ ਦੀ ਦੁਕਾਨ ਤੋਂ ਲਿਆਉਂਦੀ ਰਹੀ।
“ਬੁੱਢੀ ਵੱਲੋਂ ਟਾਫ਼ੀਆਂ, ਬਿਸਕੁਟ ਖ਼ਰੀਦਣ ਦੀ ਤਸਦੀਕ ਕਿਸੇ ਅਜਿਹੇ ਦੁਕਾਨਦਾਰ ਤੋਂ ਕਰਾਓ, ਜਿਹੜਾ ਉਸੇ ਬਸਤੀ ਵਿਚ ਦੁਕਾਨ ਕਰਦਾ ਹੋਵੇ।”
“ਕਤਲ ਵਾਲੀ ਰਾਤ ਉਹ ਬੁੱਢੀ ਨੂੰ ਬਿਨਾਂ ਕੁਝ ਦੱਸੇ ਬੱਚਾ ਉਥੋਂ ਲੈ ਗਏ। ਬੁੱਢੀ ਪੁਲਿਸ ਨੂੰ ਇਤਲਾਹ ਦੇਣਾ ਚਾਹੁੰਦੀ ਸੀ ਪਰ ਡਰ ਕਾਰਨ ਚੁੱਪ ਰਹੀ। ਦੋਸ਼ੀਆਂ ਦੇ ਫੜੇ ਜਾਣ ’ਤੇ ਤੁਰੰਤ ਉਸ ਨੇ ਬਿਆਨ ਕਲਮਬੰਦ ਕਰਵਾ ਦਿੱਤਾ। ਇਸ ਤਰ੍ਹਾਂ ਕਰਨ ਲਾਲ ਬਿਆਨ ਲਿਖਣ ਵਿਚ ਹੋਈ ਦੇਰੀ ਕਵਰ ਹੋ ਜਾਏਗੀ।”
“ਬੁੱਢੀ ਅਤੇ ਦੁਕਾਨਦਾਰ ਦੇ ਬਿਆਨ ਬੱਚੇ ਦੀ ਗ਼ੈਰ-ਕਾਨੂੰਨੀ ਹਿਰਾਸਤ ਸਾਬਤ ਕਰਨਗੇ। ਠੀਕ ਹੈ?”
“ਬਿਲਕੁਲ ਠੀਕ)” ਨਾਜ਼ਰ ਨੇ ਇਉਂ ਹੁੰਗਾਰਾ ਭਰਿਆ, ਜਿਵੇਂ ਨਾਨੀ ਤੋਂ ਕਹਾਣੀ ਸੁਣਦਾ ਕੋਈ ਬੱਚਾ ਹੁੰਗਾਰਾ ਭਰਦਾ ਹੈ।
“ਇਕ ਸੱਬਲ ਵੀ ਬਰਾਮਦ ਕਰਾਓ। ਸੱਬਲ ’ਤੇ ਖ਼ੂਨ ਦੇ ਧੱਬੇ ਹੋਣ। ਬੁੱਢੀ ਤੋਂ ਸੱਬਲ ਦੀ ਸ਼ਨਾਖ਼ਤ ਕਰਾਓ। ਇਸ ਦਾ ਭਲਾ ਕੀ ਫ਼ਾਇਦਾ ਹੋਏਗਾ?”
“ਕਤਲ ਹੋਣਾ ਸਾਬਤ ਹੋਏਗਾ।”
“ਸ਼ਾਬਾਸ਼।”
“ਹਸਪਤਾਲ ਦੇ ਚੌਕੀਦਾਰ ਅਤੇ ਮੁਹੱਲੇ ਦੇ ਪਹਿਰੇਦਾਰ ਨੂੰ ਥਾਪੀ ਦਿਓ। ਪਹਿਰੇਦਾਰ ਆਖੇਗਾ_ਉਸ ਲੇ ਲਾਸ਼ ਦੀ ਬਰਾਮਦਗੀ ਵਾਲੀ ਰਾਤ ਦੋਸ਼ੀਆਂ ਨੂੰ ਸ਼ੱਕੀ ਹਾਲਤ ਵਿਚ ਹਸਪਤਾਲ ਵੱਲ ਜਾਂਦੇ ਦੇਖਿਆ ਸੀ। ਉਨ੍ਹਾਂ ਵਿਚੋਂ ਇਕ ਕੋਲ ਬੋਰੀ ਸੀ। ਬੋਰੀ ਵਿਚ ਕੋਈ ਚੀਜ਼ ਸੀ। ਪਹਿਰੇਦਾਰ ਨੇ ਉਨ੍ਹਾਂ ਨੂੰ ਰੋਕਿਆ ਜ਼ਰੂਰ ਪਰ ਬੋਰੀ ਦੀ ਤਲਾਸ਼ੀ ਨਹੀਂ ਸੀ ਲਈ। ਬੋਰੀ ਸਣੇ ਉਹ ਹਸਪਤਾਲ ਵੱਲ ਚਲੇ ਗਏ।”
“ਚੌਕੀਦਾਰ ਉਨ੍ਹਾਂ ਨੂੰ ਹਸਪਤਾਲੋਂ ਬਾਹਰ ਨਿਕਲਦੇ ਖ਼ਾਲੀ ਹੱਥ ਦਿਖਾਏਗਾ। ਉਸ ਦੀ ਦੋਸ਼ੀਆਂ ਨਾਲ ਹੱਥੋਪਾਈ ਹੋਈ। ਹੱਥੋਪਾਈ ’ਚ ਇਕ ਦਾ ਬਟੂਆ ਗਿਰ ਗਿਆ। ਬਟੂਏ ਵਿਚ ਪਾਲੇ ਦੀ ਫ਼ੋਟੋ ਸੀ। ਦੂਜੇ ਦੀ ਪੱਗ ਡਿੱਗ ਪਈ। ਪੱਗ ’ਤੇ ਲਲਾਰੀ ਦੀ ਨਿਸ਼ਾਨੀ ਸੀ। ਕਿਸੇ ਲਲਾਰੀ ਦਾ ਬਿਆਨ ਲਿਖੋ ਕਿ ਪੱਗ ਮੀਤੇ ਦੀ ਸੀ।”
“ਇਸ ਤਰ੍ਹਾਂ ਪਾਲੇ ਅਤੇ ਮੀਤੇ ਦੀ ਸ਼ਨਾਖ਼ਤ ਵੀ ਹੋ ਜਾਏਗੀ ਅਤੇ ਉਨ੍ਹਾਂ ਵੱਲੋਂ ਲਾਸ਼ ਦਾ ਹਸਪਤਾਲ ਵਿਚ ਸੁੱਟੇ ਜਾਣਾ ਵੀ ਸਾਬਤ ਹੋ ਜਾਏਗਾ।” ਉਤੇਜਿਤ ਹੋਏ ਥਾਣੇਦਾਰ ਨੇ ਸਰਕਾਰੀ ਵਕੀਲ ਦੇ ਪੱਛਣ ਤੋਂ ਪਹਿਲਾਂ ਹੀ ਬਿਆਨਾਂ ਦਾ ਮਕਸਦ ਦੱਸ ਦਿੱਤਾ।
“ਬਰਾਮਦਗੀ ਸਮੇਂ ਲਾਸ਼ ਨੰਗੀ ਸੀ। ਇਸ ਨੁਕਤੇ ਦਾ ਫ਼ਾਇਦਾ ਉਠਾਓ। ਲਾਲਾ ਜੀ ਕੋਲੋਂ ਬੰਟੀ ਦੀ ਇਕ ਵਰਦੀ ਹਾਸਲ ਕਰੋ। ਉਸ ’ਤੇ ਖ਼ੂਨ ਦੇ ਧੱਬੇ ਲਾਓ। ਫੇਰ ਵਰਦੀ ਨੂੰ ਕਿਸੇ ਦੋਸ਼ੀ ਦੀ ਨਿਸ਼ਾਨਦੇਹੀ ’ਤੇ ਬਰਾਮਦ ਕਰੋ।”
“ਜੇ ਲਾਲਾ ਜੀ ਸਹਿਮਤ ਹੋਣ ਤਾਂ ਉਨ੍ਹਾਂ ਦੀ ਮਦਦ ਨਾਲ ਕਿਸੇ ਪ੍ਰਿੰਟਿੰਗ ਪ੍ਰੈਸ ਵਾਲੇ ਦਾ ਬਿਆਨ ਲਿਖੋ। ਉਹ ਸਾਬਤ ਕਰੇ ਕਿ ਦੋਸ਼ੀਆਂ ਨੇ ਡਰਾ-ਧਮਕਾ ਕੇ ਉਸ ਤੋਂ ਲੈਟਰ-ਪੈਡ ਛਪਵਾਇਆ ਸੀ।”
“ਕਿਸੇ ਭਾਂਡਿਆਂ ਵਾਲੇ ਰਾਹੀਂ ਦੋਸ਼ੀਆਂ ਨੂੰ ਟੋਪੀਏ ਦੀ ਸੇਲ ਹੋਈ ਦਿਖਾਓ।”
“ਇੰਨਾ ਕੁਝ ਕਰੋਗੇ ਤਾਂ ਕੇਸ ਸਿਰੇ ਚੜ੍ਹੇਗਾ।’
ਸੁਰਿੰਦਰ ਦੀ ਤਜਵੀਜ਼ ਤਾਂ ਠੀਕ ਸੀ ਪਰ ਇਸ ਨੂੰ ਸਿਰੇ ਚਾੜ੍ਹਨਾ ਇੰਨਾ ਆਸਾਨ ਨਹੀਂਸੀ।
ਨਾਜ਼ਰ ਸਾਹਮਣੇ ਪਹਿਲੀ ਦਿੱਕਤ ਇਹ ਸੀ ਕਿ ਝੂਠੇ ਗਵਾਹਾਂ ਦੀ ਲਿਸਟ ਬਹੁਤ ਲੰਬੀ ਸੀ। ਕਿਸੇ ਜੱਟ ਦਾ ਕੇਸ ਹੁੰਦਾ ਤਾਂ ਉਸ ਨੇ ਸਾਰੇ ਰਿਸ਼ਤੇਦਾਰਾਂ ਨੂੰ ਬਤੌਰ ਗਵਾਹ ਪੇਸ਼ ਕਰ ਦੇਣਾ ਸੀ। ਲਾਲਾ ਜੀ ਤੋਂ ਇਹ ਆਸ ਨਹੀਂ ਸੀ ਰੱਖੀ ਜਾ ਸਕਦੀ।
ਇਸ ਵਿਸ਼ੇ ’ਤੇ ਲਾਲਾ ਜੀ ਨਾਲ ਗੱਲ ਕਰਨ ਵਿਚ ਨਾਜ਼ਰ ਨੂੰ ਘਾਟਾ ਰਹਿਣਾ ਸੀ। ਜੇ ਲਾਲਾ ਜੀ ਨੂੰ ਪਤਾ ਲੱਗ ਗਿਆ ਕਿ ਪੁਲਿਸ ਮਨਘੜਤ ਕਹਾਣੀ ਘੜ ਰਹੀ ਹੈ ਤਾਂ ਉਹ ਸੱਚਾ ਬਿਆਨ ਦੇਣੋਂ ਵੀ ਮੁੱਕਰ ਸਕਦਾ ਸੀ।
ਰੇਹੜੀ, ਰਿਕਸ਼ੇ ਵਾਲਿਆਂ ਪਿੱਛੇ ਕੌਣ ਫਿਰੇਗਾ? ਥਾਣੇ ਵਿਚ ਪੱਕੇ ਗਵਾਹਾਂ ਦੀ ਲੰਬੀ-ਚੌੜੀ ਲਿਸਟ ਮੌਜੂਦ ਸੀ। ਗਵਾਹ ਵੀ ਇਕ-ਦੂਜੇ ਤੋਂ ਚੜ੍ਹਦਾ, ਚਸ਼ਮਦੀਦ ਗਵਾਹਾਂ ਨਾਲੋਂ ਵਧੀਆ ਗਵਾਹੀ ਦੇਣ ਵਾਲਾ। ਨਾਜ਼ਰ ਨੇ ਮਨ ਬਣਾ ਲਿਆ, ਉਨ੍ਹਾਂ ਵਿਚੋਂ ਹੀ ਉਹ ਕਿਸੇ ਨੂੰ ਰੇਹੜੀ ਵਾਲਾ ਅਤੇ ਕਿਸੇ ਨੂੰ ਰਿਕਸ਼ੇ ਵਾਲਾ ਬਣਾਏਗਾ। ਮਾਲੀ, ਪਹਿਰੇਦਾਰ ਜਾਂ ਚੌਕੀਦਾਰ ਤੋਂ ਪੁੱਛਣ ਦੀ ਜ਼ਰੂਰਤ ਨਹੀਂ ਸੀ। ਉਨ੍ਹਾਂ ਦੇ ਆਪੇ ਮਰਜ਼ੀ ਦੇ ਬਿਆਨ ਲਿਖ ਦੇਵੇਗਾ। ਜਦੋਂ ਉਹ ਗਵਾਹੀ ਦੇਣ ਆਏ, ਘੁਰਕੀ ਮਾਰ ਕੇ ਮਨਾ ਲਏਗਾ।
ਦਿੱਕਤ ਆਉਣੀ ਸੀ ਤਾਂ ਪ੍ਰੈਸ ਜਾਂ ਭਾਂਡਿਆਂ ਵਾਲਿਆਂ ਵੱਲੋਂ। ਉਨ੍ਹਾਂ ਦੀ ਥਾਂ ਟਾਊਟ ਫਿਟ ਨਹੀਂ ਹੋਣੇ। ਇਸ ਬਾਰੇ ਉਹ ਯੁਵਾ ਸੰਘ ਵਾਲੇ ਰਾਮ ਸਰੂਪ ਅਤੇ ਦਰਸ਼ਨ ਨਾਲ ਗੱਲ ਕਰੇਗਾ। ਉਹ ਜ਼ਰੂਰ ਬੰਦੇ ਲੱਭ ਦੇਣਗੇ। ਨਾਜ਼ਰ ਉਨ੍ਹਾਂ ਨੂੰ ਸਮਝਾ ਦੇਵੇਗਾ। ਇਨਸਾਫ਼ ਪ੍ਰਾਪਤ ਕਰਨ ਲਈ ਕਦੇ ਝੂਠ ਬੋਲਣਾ ਪਏ ਤਾਂ ਉਹ ਵੀ ਸੱਚ ਵਰਗਾ ਹੁੰਦੈ।
ਇਹ ਰਾੜਾ-ਬੀੜਾ ਨਾਜ਼ਰ ਨੇ ਕਰ ਲੈਣਾ ਸੀ, ਪਰ ਮੈਜਿਸਟ੍ਰੇਟ ਕੋਲੋਂ ਇਕਬਾਲੀਆ ਬਿਆਨ ਤਬਦੀਲ ਕਰਾਉਣੇ ਉਸ ਦੇ ਵੱਸ ਦਾ ਨਹੀਂ ਸੀ।
ਸੁਰਿੰਦਰ ਨੂੰ ਨਾਜ਼ਰ ਦੀ ਨਾਦਾਨੀ ’ਤੇ ਹਾਸਾ ਆਇਆ। ਜੱਜ ਕੋਲੋਂ ਬਿਆਨ ਬਦਲਾਉਣਾ ਕਿਹੜਾ ਵੱਡਾ ਕੰਮ ਸੀ।
ਜੇ ਕੇਸ ਸੁਰਿੰਦਰ ਕੁਮਾਰ ਵਾਲੇ ਜੱਜ ਕੋਲ ਹੁੰਦਾ ਤਾਂ ਉਹ ਮਿੰਟੀਂ-ਸਕਿੰਟੀਂ ਬਿਆਨ ਬਦਲਵਾ ਦਿੰਦਾ। ਆਪਣੇ ਜੱਜ ਨਾਲ ਉਸ ਦੀ ਬੁੱਕਲ ਸਾਂਝੀ ਸੀ। ਬੜਾ ਭਲਾਮਾਣਸ ਜੱਜ ਸੀ। ਪਹਿਲੇ ਦਿਨ ਹੀ ਸੁਰਿੰਦਰ ਕੁਮਾਰ ਨੂੰ ਰਿਟਾਇਰਿੰਗ ਰੂਮ ਵਿਚ ਬੁਲਾ ਕੇ ਉਸ ਨੇ ਸਮਝਾ ਦਿੱਤਾ ਸੀ।
“ਜਿਹੜਾ ਦੋਸ਼ੀ ਮੈਂ ਬਰੀ ਕਰਨਾ ਹੋਊ ਤੈਨੂੰ ਦੱਸ ਕੇ ਕਰੂੰ। ਜਿਹੜਾ ਤੂੰ ਕਰਾਉਣਾ ਹੋਊ ਮੈਨੂੰ ਦੱਸ ਦੇਈਂ। ਜਿਹੜੇ ਦੋਸ਼ੀ ਬਰੀ ਕਰਾਉਣੇ ਹੋਣ, ਉਨ੍ਹਾਂ ਦੇ ਬਿਆਨ ਰੀਡਰ ਕੋਲ ਲਿਖਾਇਆ ਕਰ। ਸਜ਼ਾ ਵਾਲੇ ਸਟੈਨੋ ਕੋਲ। ਮੈਂ ਵੀ ਇਸੇ ਤਰ੍ਹਾਂ ਕਰਾਂ ਤਾਂ ਝੱਟ ਸਮਝ ਜਾਇਆ ਕਰ ਮੇਰਾ ਮਨ ਕਿਧਰ ਹੈ।”
ਬੱਸ ਉਸੇ ਦਿਨ ਤੋਂ ਉਨ੍ਹਾਂ ਦੀ ਬਹੁਤ ਵਧੀਆ ਨਿਭ ਰਹੀ ਸੀ।
ਦੂਜੇ ਜੱਜ ਨਾਲ ਹਾਲੇ ਸੁਰਿੰਦਰ ਦੀ ਸੀਟੀ ਨਹੀਂ ਸੀ ਰਲੀ। ਸੀਟੀ ਉਹ ਕਦੋਂ ਦਾ ਰਲਾ ਲੈਂਦਾ ਪਰ ਪੈਸੇ ਦੇਣ ਵਾਲੀ ਕੋਈ ਅਸਾਮੀ ਨਹੀਂ ਸੀ ਆਈ।
ਉਂਝ ਸੁਰਿੰਦਰ ਨੂੰ ਪਤਾ ਸੀ, ਇਹ ਜੱਜ ਵੀ ਉਸ ਦੇ ਜੱਜ ਵਰਗਾ ਹੀ ਸੀ, ਸਗੋਂ ਦੋ ਚੰਦੇ ਵੱਧ ਸੀ। ਹੇਰਾ-ਫੇਰੀ ਵਾਲੇ ਕੇਸ ਵਿਚ ਇਹ ਖ਼ੁਦ ਬਿਆਨ ਲਿਖਦਾ ਸੀ। ਬਿਆਨ ਲਿਖਦਾ-ਲਿਖਦਾ ਉਹੋ ਗੱਲਾਂ ਲਿਖਦਾ ਜਿਹੜੀਆਂ ਧਿਰ ਦੇ ਹੱਕ ਵਿਚ ਹੰਦੀਆਂ। ਵਿਰੁੱਧ ਜਾਂਦੇ ਨੁਕਤੇ ਛੱਡ ਜਾਂਦਾ ਸੀ। ਜੱਜ ਦੇ ਲਿਖੇ ਬਿਆਨਾਂ ’ਤੇ ਕੋਈ ਸ਼ੱਕ ਵੀ ਨਹੀਂ ਕਰ ਸਕਦਾ। ਸੁਪਰੀਮ ਕੋਰਟ ਤੱਕ ਉਨ੍ਹਾਂ ਨੂੰ ਠੀਕ ਮੰਨਿਆ ਜਾਂਦੈ। ਬਿਆਨਾਂ ਵਿਚ ਫ਼ਰਕ ਪਾ ਕੇ ਉਹ ਪਾਰਟੀ ਨੂੰ ਜਿਤਾ ਦਿੰਦੈ।
ਸੁਰਿੰਦਰ ਦਿਲੋਂ ਚਾਹੇ ਤਾਂ ਇਸ ਜੱਜ ਤੋਂ ਵੀ ਕੰਮ ਕਰਵਾ ਸਕਦੈ। ਪਰ ਉਹ ਵਾਧੂ ’ਚ ਅਹਿਸਾਨ ਕਿਉਂ ਕਰਵਾਏ? ਕੱਲ੍ਹ ਨੂੰ ਨਿਉਂਦੇ ਵਿਚ ਜੱਜ ਦੇ ਕੰਮ ਕਰਨੇ ਪੈਣਗੇ। ਜਿਸ ਦੀਆਂ ਅੱਖਾਂ ਦੁਖਣਗੀਆਂ, ਆਪੇ ਦਵਾਈ ਪਾਏਗਾ। ਜੱਜ ਨੂੰ ਧਿਜਾਉਣਾ ਤਫ਼ਤੀਸ਼ੀ ਦਾ ਕੰਮ ਸੀ, ਸਰਕਾਰੀ ਵਕੀਲ ਦਾ ਨਹੀਂ।
ਨਾਜ਼ਰ ਵੀ ਇਸੇ ਤਰ੍ਹਾਂ ਸੋਚ ਰਿਹਾ ਸੀ।
ਇਹ ਜ਼ਿੰਮੇਵਾਰੀ ਮੁੱਖ ਅਫ਼ਸਰ ਦੀ ਸੀ। ਉਹ ਆਪੇ ਕੰਮ ਕਰਵਾਏ। ਮਿੰਨਤ ਤਰਲਾ ਕਰ ਕੇ ਨਾਜ਼ਰ ਨੇ ਜੇ ਕੰਮ ਕਰਵਾ ਲਿਆ, ਮੈਜਿਸਟ੍ਰੇਟ ਨੇ ਤਾਂ ਅਹਿਸਾਨ ਉਸ ’ਤੇ ਕਰਨੈ। ਲੱਗਦੇ ਹੱਥ ਕੋਈ ਵਗਾਰ ਪਾ ਦੇਣੀ ਹੈ। ਨਾਜ਼ਰ ਕਿਸ ਦੀ ਮਾਂ ਨੂੰ ਮਾਸੀ ਆਖੇਗਾ।
ਕੰਮ ਔਖਾ ਸੀ। ਮੁੱਖ ਅਫ਼ਸਰ ਦੇ ਆਖੇ ਵੀ ਨਹੀਂ ਸੀ ਹੋਣਾ। ਕੰਮ ਡਿਪਟੀ ਰਾਹੀਂ ਹੋਣਾ ਚਾਹੀਦਾ ਸੀ। ਡਿਪਟੀ ਦੀ ਮੈਜਿਸਟ੍ਰੇਟ ਨਾਲ ਪੂਰੀ ਬਣਦੀ ਸੀ। ਉਹ ਮੈਜਿਸਟ੍ਰੇਟ ਦੀ ਕਲਮ ਫੜ ਕੇ ਕੰਮ ਕਰਵਾ ਸਕਦਾ ਸੀ।
ਕਾਲੇਕੇ ਵਾਲੇ ਪੁਲਿਸ ਮੁਕਾਬਲੇ ਦੇ ਸਾਰੇ ਗਵਾਹ ਮੁੱਕਰ ਗਏ ਸਨ। ਦੋਸ਼ੀਆਂ ਤੋਂ ਛਿੱਤਰ ਖਾਣ ਵਾਲਾ ਹੌਲਦਾਰ ਅਤੇ ਝੱਗਾ ਪੜਵਾਉਣ ਵਾਲਾ ਸਿਪਾਹੀ ਵੀ ਪੈਰਾਂ ਸਿਰ ਨਹੀਂ ਸੀ ਖੜੋ ਸਕੇ। ਜਦੋਂ ਡਿਪਟੀ ਨੂੰ ਭਿਣਕ ਪਈ ਕਿ ਦੋਸ਼ੀ ਬਰੀ ਹੋਣ ਵਾਲੇ ਹਨ, ਉਹ ਝੱਟ ਜੱਜ ਦੇ ਰਿਟਾਇਰਿੰਗ ਰੂਮ ਵਿਚ ਆ ਬੈਠਾ। ਜੇ ਇਹ ਬਦਮਾਸ਼ ਬਰੀ ਹੋ ਗਏ ਤਾਂ ਪੁਲਿਸ ਦਾ ਵਕਾਰ ਖ਼ਤਮ ਹੋ ਜੂ। ਜਣਾ-ਖਣਾ ਉੱਠ ਕੇ ਅਫ਼ਸਰਾਂ ਨੂੰ ਹੱਥ ਪਾ ਲਊ। ਓਨਾ ਚਿਰ ਡਿਪਟੀ ਧਰਨਾ ਲਾਈ ਬੈਠਾ ਰਿਹਾ, ਜਿੰਨਾ ਚਿਰ ਜੱਜ ਨੇ ਤਿੰਨ-ਤਿੰਨ ਸਾਲ ਦੀ ਕੈਦ ਨਾ ਸੁਣਾ ਦਿੱਤੀ।
ਪਿਛਲੇ ਮਹੀਨੇ ਅਮਰੀਕਾ ਤੋਂ ਇਕ ਮੁੰਡਾ ਪੰਜਾਬ ਆਇਆ ਸੀ। ਚਾਅ-ਚਾਅ ’ਚ ਉਸ ਨੇ ਚਾਚੇ ਦੀ ਬੰਦੂਕ ਗਲ ’ਚ ਪਾ ਲਈ ਅਤੇ ਲੱਗਾ ਰਿਸ਼ਤੇਦਾਰੀਆਂ ’ਚ ਗੇੜੇ ਦੇਣ। ਉਸ ਵਿਚਾਰੇ ਨੂੰ ਕੀ ਪਤਾ ਸੀ ਇਨ੍ਹੀਂ ਦਿਨੀਂ ਪੰਜਾਬ ਵਿਚ ਮਾੜੀ-ਮਾੜੀ ਗੱਲ ’ਤੇ ਪਾਬੰਦੀ ਲੱਗੀ ਹੋਈ ਸੀ। ਹੁਣ ਪਹਿਲਾਂ ਵਰਗੀਆਂ ਖੁੱਲ੍ਹਾਂ ਥੋੜ੍ਹਾ ਸਨ।
ਇਕ ਨਾਕੇ ’ਤੇ ਪੁਲਿਸ ਨੇ ਉਸ ਨੂੰ ਘੇਰ ਲਿਆ।
ਨਾਜਾਇਜ਼ ਅਸਲਾ ਕਬਜ਼ੇ ’ਚ ਰੱਖਣ ਦਾ ਪਰਚਾ ਦਰਜ ਕਰਨ ਦੀ ਤਿਆਰੀ ਕਰ ਲਈ।
ਮੁੰਡਾ ਗਿੜਗਿੜਾਇਆ। ਉਹ ਖਾਂਦੇ-ਪੀਂਦੇ ਘਰ ਦਾ ਪੁੱਤ ਸੀ। ਅਮਰੀਕਾ ਵਿਚ ਇੰਜੀਨੀਅਰ ਸੀ, ਪਰਚਾ ਦਰਜ ਹੋਣ ਨਾਲ ਉਸ ਦਾ ਕੈਰੀਅਰ ਤਬਾਹ ਹੋ ਜਾਣਾ ਸੀ। ਚੰਗੇ ਘਰ ਦਾ ਪੁੱਤ ਸੀ, ਅਮਰੀਕਾ ਤੋਂ ਆਇਆ ਸੀ, ਇਹ ਹੋਰ ਵੀ ਵਧੀਆ ਗੱਲ ਸੀ। ਚੰਗੇ ਪੈਸੇ ਬਣਨਗੇ। ਪੁਲਿਸ ਸਿਰ ਹੋ ਗਈ।
ਅਮਰੀਕਾ ਤੋਂ ਲਿਆਂਦੇ ਸਾਰੇ ਡਾਲਰ ਲੈ ਕੇ ਪੁਲਿਸ ਨੇ ਉਸ ਦਾ ਫ਼ਾਇਦਾ ਕਰਨਾ ਸ਼ੁਰੂ ਕੀਤਾ। ਮੁੰਡੇ ਦੇ ਚਾਚੇ ਨੂੰ ਪਿੰਡੋਂ ਬੁਲਾਇਆ ਗਿਆ। ਉਸ ਨੂੰ ਕਾਰ ਦੀ ਪਿਛਲੀ ਸੀਟ ’ਤੇ ਬੈਠਾ ਦਿਖਾਇਆ ਗਿਆ। ਇੰਝ ਮੁੰਡੇ ਨੂੰ ਦਹਿਸ਼ਤਗਰਦੀ ਕਾਨੂੰਨ ਦੀਆਂ ਧਾਰਾਵਾਂ ਤੋਂ ਬਚਾਇਆ ਗਿਆ। ਪਿੱਛੇ ਰਹਿ ਗਿਆ ਮਾਮੂਲੀ ਜਿਹਾ ਜੁਰਮ। ਧਾਰਾ ਇਕ ਸੌ ਅਠਾਸੀ।
ਚਾਰ ਕੁ ਘੰਟੇ ਮੁਲਜ਼ਮ ਬਣ ਕੇ ਥਾਣੇ ਬੈਠਣ ਨਾਲ ਮੁੰਡੇ ਦਾ ਮਨ ਪੰਜਾਬੋਂ ਉਕਤਾ ਗਿਆ। ਉਹ ਦੋ ਮਹੀਨਿਆਂ ਦੀ ਛੁੱਟੀ ਵਿਚੇ ਛੱਡ ਕੇ ਅਮਰੀਕਾ ਮੁੜਨ ਦੀ ਤਲਬ ਕਰਨ ਲੱਗਾ। ਰਾਤ ਨੂੰ ਬੜਾਅ-ਬੜਾਅ ਉੱਠਣ ਲੱਗਾ। ਇਥੋਂ ਦੀ ਪੁਲਿਸ ਦਾ ਕੀ ਵਸਾਹ, ਉਸ ਨੂੰ ਕਿਸੇ ਕਤਲ ਕੇਸ ਵਿਚ ਉਲਝਾ ਦੇਵੇ।
ਜਿੰਨਾ ਚਿਰ ਕੇਸ ਚੱਲਣਾ ਸੀ, ਉਹ ਦੇਸ਼ੋਂ ਬਾਹਰ ਨਹੀਂ ਸੀ ਜਾ ਸਕਦਾ। ਇਹ ਸੁਣ ਕੇ ਮੁੰਡੇ ਨੂੰ ਹੋਰ ਘਬਰਾਹਟ ਹੋ ਗਈ। ਇਹ ਹਿੰਦੁਸਤਾਨ ਹੈ, ਇਥੇ ਛੋਟੇ ਤੋਂ ਛੋਟੇ ਕੇਸ ਨੂੰ ਮੁੱਕਣ ਵਿਚ ਦਸ-ਦਸ ਵਰੇ੍ਹੇ ਲੱਗ ਜਾਂਦੇ ਹਨ। ਇਕ ਵਾਰ ਉਸ ਦਾ ਖਹਿੜਾ ਛੁੱਟੇ, ਮੁੜ ਉਹ ਇਸ ਸੂਬੇ ਵਿਚ ਤਾਂ ਕੀ, ਇਸ ਦੇਸ਼ ਵਿਚ ਪੈਰ ਨਹੀਂ ਪਾਏਗਾ।
ਮੁੰਡੇ ਦੇ ਮਾਨਸਿਕ ਸੰਤੁਲਨ ਨੂੰ ਦੇਖਦਿਆਂ ਮਾਪਿਆਂ ਨੇ ਡਿਪਟੀ ਨਾਲ ਰਾਬਤਾ ਕਾਇਮ ਕੀਤਾ। ਮੁੰਡੇ ਦੇ ਸੁੱਖੀ-ਸਾਂਦੀ ਅਮਰੀਕਾ ਮੁੜਨ ਦਾ ਉਨ੍ਹਾਂ ਮੁੱਲ ਚੁਕਾਇਆ। ਪੈਸੇ ਲੈ ਕੇ ਡਿਪਟੀ ਨੇ ਸੌਖਾ ਰਾਹ ਸੁਝਾਇਆ। ਮੁੰਡਾ ਜੁਰਮ ਦਾ ਇਕਬਾਲ ਕਰੇ। ਉਹ ਜੱਜ ਨੂੰ ਆਖ ਕੇ ਵਾਰਨਿੰਗ ਕਰਵਾ ਦੇਵੇਗਾ। ਮਿਸਲ ਵੀ ਖੁਰਦ-ਬੁਰਦ ਕਰਵਾ ਦੇਵੇਗਾ। ਮੁੰਡੇ ਦਾ ਰਿਕਾਰਡ ਪਹਿਲਾਂ ਵਾਂਗ ਸਾਫ਼-ਸੁਥਰਾ ਰਹੇਗਾ।
ਜਿੰਨਾ ਚਿਰ ਕੰਮ ਸਿਰੇ ਨਾ ਚੜ੍ਹਿਆ, ਡਿਪਟੀ ਖ਼ੁਦ ਮਿਸਲ ਕੁੱਛੜ ’ਚ ਦੇਈ ਫਿਰਦਾ ਰਿਹਾ। ਉਹ ਸੁਰਿੰਦਰ ਕੋਲ ਵੀ ਆਇਆ ਸੀ।
“ਇਹ ਮੇਰਾ ਰਿਸ਼ਤੇਦਾਰ ਹੈ। ਕੰਮ ਤੁਸੀਂ ਕਰਨਾ ਹੀ ਹੈ। ਆਹ ਲਓ) ਸਕੂਟਰ ’ਚ ਤੇਲ ਪਵਾ ਲਿਓ।” ਆਖਦੇ ਡਿਪਟੀ ਨੇ ਮੱਲੋ-ਮੱਲੀ ਪੰਜ ਸੌ ਰੁਪਿਆ ਉਸ ਦੀ ਜੇਬ ’ਚ ਪਾ ਦਿੱਤਾਸੀ।
ਡੌਰ-ਭੌਰ ਹੋਇਆ ਸੁਰਿੰਦਰ ਨਾਂਹ ਨਹੀਂ ਸੀ ਕਰ ਸਕਿਆ।
ਜੱਜ ਨਾਲ ਵੀ ਗਿੱਟਮਿੱਟ ਉਸੇ ਨੇ ਦੀ ਕੀਤੀ ਸੀ।
ਜਿੰਨਾ ਚਿਰ ਮੁੰਡਾ ਅਮਰੀਕਾ ਨਾ ਪੁੱਜ ਗਿਆ, ਮਿਸਲ ਜੱਜ ਦੀ ਕੋਠੀ ਪਈ ਰਹੀ। ਫ਼ੈਸਲਾ ਵੀ ਪਿੱਛੋਂ ਲਿਖਵਾਇਆ ਗਿਆ। ਕੋਈ ਮੁੰਡੇ ਵਿਰੱਧ ਸ਼ਿਕਾਇਤ ਕਰ ਸਕੇ, ਇਸ ਦਾ ਕਿਸੇ ਨੂੰ ਮੌਕਾ ਹੀ ਨਾ ਦਿੱਤਾ ਗਿਆ।
ਜਿਹੜਾ ਡਿਪਟੀ ਜੱਜ ਤੋਂ ਮਰਜ਼ੀ ਦੇ ਫ਼ੈਸਲੇ ਕਰਵਾ ਸਕਦਾ ਹੋਵੇ, ਉਸ ਲਈ ਬਿਆਨਾਂ ਵਿਚ ਘਾਟ-ਵਾਧ ਕਰਾਉਣਾ ਖੱਬੇ ਹੱਥ ਦੀ ਖੇਡ ਸੀ। ਫੇਰ ਇਹ ਕਿਹੜਾ ਕਿਸੇ ਦਾ ਨਿੱਜੀ ਕੰਮ ਸੀ। ਅਜਿਹੇ ਕੇਸਾਂ ਵਿਚ ਦਿਲਚਸਪੀ ਲੈਣਾ ਡਿਪਟੀ ਦਾ ਫ਼ਰਜ਼ ਸੀ।
ਸੁਰਿੰਦਰ ਦੀਆਂ ਗੱਲਾਂ ਨੇ ਨਾਜ਼ਰ ਦਾ ਮਨ ਮੋਹ ਲਿਆ। ਉਹ ਐਵੇਂ ਸੁਰਿੰਦਰ ਨਾਲ ਨਰਾਜ਼ ਹੋਇਆ ਫਿਰਦਾ ਸੀ। ਇਹ ਬੰਦਾ ਕੰਮ ਦਾ ਵੀ ਸੀ ਅਤੇ ਦਿਮਾਗ਼ੀ ਵੀ।
ਖ਼ੁਸ਼ੀ ਦੀ ਲੋਰ ’ਚ ਆਏ ਤਫ਼ਤੀਸ਼ੀ ਨੇ ਕਾਗ਼ਜ਼ ਸਮੇਟ ਕੇ ਬੈਗ ਵਿਚ ਪਾਏ। ਬਟੂਏ ਵਿਚੋਂ ਸੌ ਦਾ ਇਕ ਹੋਰ ਨੋਟ ਕੱਢਿਆ, ਪਹਿਲੇ ਨਾਲ ਰਲਾਇਆ। ਫੇਰ ਦੋਵੇਂ ਨੋਟ ਸੁਰਿੰਦਰ ਕੁਮਾਰ ਵੱਲ ਵਧਾ ਦਿੱਤੇ।
“ਕੋਈ ਨੀ ਰਹਿਣ ਦੇ.....ਇਹੋ ਰਾਇ ਮੈਂ ਕਿਸੇ ਪ੍ਰਾਈਵੇਟ ਪਾਰਟੀ ਨੂੰ ਦਿੱਤੀ ਹੁੰਦੀ ਤਾਂ ਪੰਜ ਹਜ਼ਾਰ ਲਿਆ ਹੁੰਦਾ। ਸਰਕਾਰ ਦੇਖ ਲੈ ਮੁਫ਼ਤ ’ਚ ਦਿਮਾਗ਼ ਖਾਈ ਜਾਂਦੀ ਐ”, ਆਖਦੇ ਸੁਰਿੰਦਰ ਨੇ ਨੋਟਾਂ ਨੂੰ ਨਾਜ਼ਰ ਵੱਲ ਖਿਸਕਾਉਣ ਦਾ ਨਾਟਕ ਕੀਤਾ।
“ਤੁਸੀਂ ਹੁਣ ਸ਼ਰਮਿੰਦਾ ਨਾ ਕਰੋ। ਮੈਂ ਬਹੁਤ ਖ਼ਰਚੀ ਬੈਠਾਂ। ਹਾਲੇ ਉਪਰ ਵੀ ਖ਼ਰਚ ਹੋਣੈ।” ਨਾਜ਼ਰ ਸਿੰਘ ਸੁਰਿੰਦਰ ਵੱਲ ਇਉਂ ਝੁਕਿਆ ਜਿਵੇਂ ਗੋਡੀਂ ਹੱਥ ਲਾਉਣੇ ਹੋਣ।
“ਚੰਗਾ ਇਉਂ ਕਰ। ਕਿਸੇ ਕੰਟੀਨ ਵਾਲੇ ਦਾ ਬਿੱਲ ਦਿਵਾ ਦੇ। ਥੋਡੇ ਅੱਗੇ-ਪਿੱਛੇ ਬਥੇਰੇ ਫਿਰਦੇ ਨੇ ਖ਼ਰਚ ਕਰਨ ਵਾਲੇ।
ਜਦੋਂ ਨਾਜ਼ਰ ਨੇ ਸੁਰਿੰਦਰ ਦੀ ਜੇਬ ਵਿਚ ਨੋਟ ਪਾ ਦਿੱਤੇ ਤਾਂ ਉਸ ਨੇ ਗਰਮ ਹੋਏ ਤਵੇ ’ਤੇ ਇਕ ਹੋਰ ਰੋਟੀ ਸੇਕਣੀ ਸ਼ੁਰੂ ਕੀਤੀ।
“ਆਹ ਲਓ) ਤੁਸੀਂ ਆਪੇ ਹੀ ਦੇ ਦਿਉ।” ਆਖਦੇ ਨਾਜ਼ਰ ਨੇ ਪੰਜਾਹ ਦਾ ਇਕ ਹੋਰ ਨੋਟ ਉੁਸ ਵੱਲ ਵਧਾਇਆ।
ਹੁਣ ਦੋਵੇਂ ਖ਼ੁਸ਼ ਸਨ।
ਨਾਜ਼ਰ ਇਸ ਲਈ ਕਿ ਉਸ ਦਾ ਪੰਜਾਹ ਵਿਚ ਹੀ ਖਹਿੜਾ ਛੁੱਟ ਗਿਆ। ਬਿੱਲ ਪਤਾ ਨਹੀਂ ਤਿੰਨ ਸੌ ਦਾ ਸੀ ਜਾਂ ਪੰਜ ਸੌ ਦਾ।
ਸੁਰਿੰਦਰ ਇਸ ਲਈ ਕਿ ਇਕ ਤਾਂ ਨਾਜ਼ਰ ਖ਼ੁਸ਼ ਹੋ ਗਿਆ। ਹੁਣ ਸ਼ਿਕਾਇਤ ਦੀ ਸੰਭਾਵਨਾ ਨਹੀਂ ਸੀ ਰਹੀ, ਦੂਜਾ ਇਸ ਲਈ ਕਿ ਜਾਂਦੇ ਚੋਰ ਦੀ ਲੰਗੋਟੀ ਵਾਂਗ ਉਸ ਨੇ ਬਿੱਲ ਦੇ ਬਹਾਨੇ ਪੰਜਾਹ ਦਾ ਇਕ ਹੋਰ ਨੋਟ ਮਾਂਜ ਲਿਆ ਸੀ।
¬
3
ਅਹਿਲਕਾਰਾਂ ਦੇ ਦਫ਼ਤਰ ਪੁੱਜਣ ਦਾ ਸਮਾਂ ਸਾਢੇ ਨੌਂ ਵਜੇ ਦਾ ਸੀ। ਆਮ ਦਫ਼ਤਰਾਂਤੋਂਉਲਟ ਇਥੋਂ ਦੇ ਮੁਲਾਜ਼ਮ ਨੌਂ ਵਜੇ ਤੋਂ ਪਹਿਲਾਂ ਹੀ ਕੁਰਸੀਆਂ ਮੱਲ ਲੈਂਦੇ ਸਨ। ‘ਜਿੰਨਾ ਕੋਈ ਪਹਿਲਾਂ ਆਏਗਾ, ਓਨੀ ਵੱਧ ਕਦਰ ਕਰਵਾਏਗਾ।’ ਇਥੋਂ ਦੇ ਮੁਲਾਜ਼ਮਾਂ ਦੀ ਇਹੋ ਧਾਰਨਾ ਸੀ।
ਮੇਜਰ ਸਿੰਘ ਅਹਿਲਮੱਦ ਨੌਂ ਵਜੇ ਪੁੱਜਣ ਵਾਲੇ ਅਹਿਲਕਾਰਾਂ ਵਿਚੋਂ ਮੋਹਰੀ ਹੁੰਦੀ ਸੀ।
ਅੱਜ ਨਾਜ਼ਰ ਸਿੰਘ ਉਸ ਤੋਂ ਵੀ ਕਾਹਲਾ ਨਿਕਲਿਆ। ਉਹ ਮੇਜਰ ਤੋਂ ਵੀ ਪਹਿਲਾਂ ਕੁਰਸੀ ਸਾਂਭੀ ਬੈਠਾ ਸੀ।
ਨਾਜ਼ਰ ਸਿੰਘ ਦੇ ਹੱਥ ਵਿਚ ਮੋਟੀ ਸਾਰੀ ਮਿਸਲ ਦੇਖ ਕੇ ਮੇਜਰ ਸਿੰਘ ਦਾ ਚਿਹਰਾ ਗੁਲਾਬ ਵਾਂਗ ਖਿੜ ਉਠਿਆ।
ਮੇਜਰ ਸਿੰਘ ਨੂੰ ਝੱਟ ਯਾਦ ਆਇਆ, ਅੱਜ ਬੰਟੀ ਕਤਲ ਕੇਸ ਪੇਸ਼ ਕਰਨ ਦੀ ਆਖ਼ਰੀ ਤਾਰੀਖ਼ ਸੀ। ਕਤਲ ਕੇਸ ਅਤੇ ਉਹ ਵੀ ਆਖ਼ਰੀ ਦਿਨ। ਮਤਲਬ ਸੀ ਨੀਲੇ ਨੋਟ ਦੇ ਦਰਸ਼ਨ ਹੋਣ ਹੀ ਵਾਲੇ ਸਨ।
ਇਸੇ ਚਲਾਨ ਨੇ ਪਹਿਲਾਂ ਮੇਜਰ ਦੇ ਹੱਥਾਂ ਵਿਚ ਖੇਲਣਾ ਸੀ। ਉਸ ਨੇ ਇਸ ਕੇਸ ਦੀ ਐਫ਼.ਆਈ.ਆਰ., ਰਿਮਾਂਡ ਪੇਪਰ, ਜ਼ਮਾਨਤ-ਨਾਮੇ ਅਤੇ ਅਰਜ਼ੀਆਂ-ਪੱਤਰ ਮਿਸਲ ਨਾਲ ਨੱਥੀ ਕਰਨੇ ਸਨ, ਨਾਲ ਦੀ ਨਾਲ ਉਸ ਨੇ ਚਲਾਨ ਦੀ ਘੋਖ ਕਰਨੀ ਸੀ। ਪੁਲਿਸ ਨੇ ਜਿੰਨੇ ਕਾਗ਼ਜ਼ ਮਿਸਲ ਨਾਲ ਨੱਥੀ ਹੋਣਾ ਲਿਖੇ ਸਨ, ਕੀ ਉਹ ਮਿਸਲ ਨਾਲ ਨੱਥੀ ਸਨ? ਜੇ ਸਨ ਤਾਂ ਕੀ ਉਹ ਠੀਕ ਠਾਕ ਸਨ? ਜਿੰਨਾ ਚਿਰ ਅਹਿਲਮੱਦ ਹਰੀ ਝੰਡੀ ਨਹੀਂ ਦਿੰਦਾ, ਜੱਜ ਚਲਾਨ ਸਵੀਕਾਰ ਨਹੀਂ ਕਰ ਸਕਦਾ।
ਇਸ ਹਰੀ ਝੰਡੀ ਲਈ ਮੇਜਰ ਦੀ ਫ਼ੀਸ ਨਿਸ਼ਚਿਤ ਸੀ। ਜੇ ਕਾਗ਼ਜ਼ ਪੂਰੇ ਹੋਣ ਤਾਂ ਸਾਧਾਰਨ ਕੇਸ ਦੀ ਫ਼ੀਸ ਵੀਹ ਰੁਪਏ ਅਤੇ ਸੈਸ਼ਨ ਸਪੁਰਦ ਹੋਣ ਵਾਲੇ ਕੇਸ ਦੇ ਪੰਜਾਹ। ਤਫ਼ਤੀਸ਼ੀ ਨੇ ਕਿਹੜਾ ਪੱਲਿਉਂ ਦੇਣੇ ਸਨ। ਨਾਲ ਆਏ ਮੁਦੱਈ, ਮੁਲਜ਼ਮ ਨੂੰ ਇਸ਼ਾਰਾ ਕਰਨਾ ਸੀ। ਚਲਾਨ ਆਖ਼ਰੀਦਿਨ ਪੇਸ਼ ਕਰਨਾ ਹੋਵੇ ਤਾਂ ਐਮਰਜੈਂਸੀ ਫ਼ੀਸ ਲੱਗਦੀ ਸੀ ਜੋ ਸਾਧਾਰਨ ਨਾਲੋਂ ਦੁੱਗਣੀ ਹੁੰਦੀ ਸੀ।
ਮੇਜਰ ਸਿੰਘ ਨੂੰ ਪਤਾ ਸੀ ਨਾਜ਼ਰ ਸਿੰਘ ਤਾਬੇਦਾਰ ਸੀ। ਦਸ ਦੀ ਥਾਂ ਵੀਹ ਦਿਵਾਉਣ ਵਾਲਾ।
ਇਸੇ ਲਈ ਉਸ ਨੇ ਨਾਜ਼ਰ ਸਿੰਘ ਦਾ ਖਿੜੇ ਮੱਥੇ ਸਵਾਗਤ ਕੀਤਾ ਸੀ।
ਨਾਜ਼ਰ ਸਿੰਘ ਨੇ ਵੀ ਖੜਾ ਹੋ ਕੇ ਮੇਜਰ ਨੂੰ ਕੁਰਸੀ ਭੇਟ ਕੀਤੀ ਸੀ ਹਾਲਾਂਕਿ ਥਾਣੇਦਾਰ ਲਈ ਅਹਿਲਮੱਦ ਦੇ ਸਵਾਗਤ ਵਿਚ ਖੜਾ ਹੋਣਾ ਜ਼ਰੂਰੀ ਨਹੀਂ ਸੀ।
“ਆ ਬਈ ਨਾਜ਼ਰ ਸਿੰਆਂ। ਕਿਸੇ ਭੀੜ ’ਚ ਫਸਿਆ ਲੱਗਦੈਂ, ਜਿਹੜਾ ਤੜਕੇ ਹੀ ਬੂਹਾ ਆ ਮੱਲਿਆ।” ਲੰਚ ਬਾਕਸ ਨੂੰ ਮੇਜ਼ ਦੀ ਦਰਾਜ ’ਚ ਰੱਖਦਿਆਂ ਅਤੇ ਆਪਣੀ ਕੁਰਸੀ ’ਤੇ ਬੈਠਦਿਆਂ ਮੇਜਰ ਸਿੰਘ ਨੇ ਨਾਜ਼ਰ ਸਿੰਘ ਨੂੰ ਟੁਣਕਾਇਆ।
“ਹਾਂ ਛੋਟੇ ਵੀਰ, ਅੱਜ ਬੰਟੀ ਕਤਲ ਕੇਸ ਦਾ ਫਾਹਾ ਵੱਢਣੈ।” ਹੱਥਲੇ ਕਾਗ਼ਜ਼ਾਂ ਨੂੰ ਠੀਕ ਕਰਦੇ ਥਾਣੇਦਾਰ ਨੇ ਨਾਲੇ ਆਪਣੇ ਆਉਣ ਦਾ ਮਕਸਦ ਦੱਸਿਆ, ਨਾਲੇ ਰਮਜ਼ ਨਾਲ ਸਮਝਾਇਆ, ਇਹ ਵਾਧੂ ਅਤੇ ਵਗਾਰੀ ਕੇਸ ਹੈ, ਇਸ ਵਿਚ ਉਹ ਬਹੁਤੀ ਆਸ ਨਾ ਰੱਖੇ।
ਮੇਜਰ ਉਸ ਦੀ ਰਮਜ਼ ਸਮਝ ਗਿਆ। ਆਪਣੇ ਆਪ ਨੂੰ ਰੁੱਝਿਆ ਦਰਸਾਉਣ ਲਈ ਉਹ ਬਿਨਾਂ ਮਤਲਬ ਮਿਸਲਾਂ ਇਧਰ-ਉਧਰ ਕਰਨ ਲੱਗਾ। ਕਦੇ ਮਿਸਲ ਨਾਲ ਸੰਮਨ ਨੱਥੀ ਕਰ ਦਿੱਤੇ,’ ਕਦੇ ਕਿਸੇ ਨਾਲੋਂ ਲਾਹ ਲਏ।
ਅਸਾਮੀਆਂ ਦੇ ਆਉਣ ਦਾ ਵਕਤ ਸੀ। ਮੇਜਰ ਸਿੰਘ ਚਾਹੁੰਦਾ ਸੀ ਨਾਜ਼ਰ ਸਿੰਘ ਕੰਮ ਦੀ ਗੱਲ ਕਰੇ ਤੇ ਜਾਏ। ਕਈ ਡਰਪੋਕ ਅਸਾਮੀਆਂ ਨੇ ਕੋਲ ਬੈਠੇ ਥਾਣੇਦਾਰ ਨੂੰ ਦੇਖ ਕੇ ਟਲ ਜਾਣਾ ਸੀ। ਅਰਦਲੀ ਕਚਹਿਰੀ ਪੁੱਜ ਚੁੱਕਾ ਸੀ। ਉਸ ਨੇ ਅਸਾਮੀ ਅੜਾ ਲਈ ਤਾਂ ਵਿਚੋਂ ਅੱਧ ਮਾਰ ਜਾਣਾ ਸੀ।
ਥਾਣੇਦਾਰ ਨੂੰ ਵੀ ਕਾਹਲ ਸੀ। ਉਹ ਮੇਜਰ ਦੇ ਵਿਹਲੇ ਹੋਣ ਨੂੰ ਉਡੀਕ ਰਿਹਾ ਸੀ। ਬੋਹਣੀ ਸਮੇਂ ਉਹ ਆਪਣਾ ਰੰਡੀ-ਰੋਣਾ ਲੈ ਕੇ ਨਹੀਂ ਸੀ ਬੈਠਣਾ ਚਾਹੁੰਦਾ।
“ਚਾਹ ਪੀਏਂਗਾਂ ਜਾਂ ਠੰਢਾ? ਆਪਣਾ ਅਰਦਲੀ ਕਿੱਥੇ ਹੈ?” ਮਾਣ-ਤਾਣ ਲਈ ਥਾਣੇਦਾਰ ਨੇ ਅਹਿਲਮੱਦ ਤੋਂ ਪੁੱਛਿਆ।
“ਨਹੀਂ) ਕਿਸੇ ਚੀਜ਼ ਦੀ ਜ਼ਰੂਰਤ ਨਹੀਂ। ਹੁਣੇ ਰੋਟੀਆਂ ਝੰਮ ਕੇ ਆਇਆਂ।” ਨਾਜ਼ਰ ਦੇ ਹੱਥ ਫੜੀ ਮਿਸਲ ਵੱਲ ਤੱਕ ਕੇ ਉਹ ਫੇਰ ਕੰਮ ਵਿਚ ਰੁੱਝ ਗਿਆ।
‘ਮੈਂ ਕਿਉਂ ਆਖਾਂ? ਅੱਕ-ਥੱਕ ਕੇ ਆਪੇ ਫ਼ੀਸ ਕੱਢੇਗਾ।’ ਸੋਚਦੇ ਮੇਜਰ ਨੇ ਉਨ੍ਹਾਂ ਕੇਸਾਂ ਦੀ ਲਿਸਟ ਤਿਆਰ ਕਰਨੀ ਸ਼ੁਰੂ ਕਰ ਦਿੱਤੀ, ਜਿਨ੍ਹਾਂ ਵਿਚ ਅੱਜ ਦੋਸ਼ੀਆਂ ਨੂੰ ਪੇਸ਼ ਕੀਤਾ ਜਾਣਾ ਸੀ ਜਾਂ ਉਨ੍ਹਾਂ ਦੇ ਚਲਾਨਾਂ ਨੂੰ। ਉਸ ਦਾ ਧਿਆਨ ਉਨ੍ਹਾਂ ਕੇਸਾਂ ਵੱਲ ਜ਼ਿਆਦਾ ਸੀ, ਜਿਨ੍ਹਾਂ ਵਿਚ ਹਾਲੇ ਤੱਕ ਕੋਈ ਵਕੀਲ ਪੇਸ਼ ਨਹੀਂ ਸੀ ਹੋਇਆ। ਦੂਜੇ ਨੰਬਰ ’ਤੇ ਉਹ ਕੇਸ ਸਨ, ਜਿਨ੍ਹਾਂ ਦਾ ਵਕੀਲ ਨਵਾਂ ਸੀ ਜਾਂ ਅਨਾੜੀ। ਅਜਿਹੇ ਵਕੀਲ ਕਿਵੇਂ ਨਾ ਕਿਵੇਂ ਇਕ ਵਾਰ ਵਕਾਲਤਨਾਮਾ ਲਾ ਲੈਂਦੇ ਹਨ ਪਰ ਉਨ੍ਹਾਂ ਤੋਂ ਬਹੁਤਾ ਚਿਰ ਟਿਕਿਆ ਨਹੀਂ ਜਾਂਦਾ। ਜਿਉਂ ਹੀ ਦੋਸ਼ੀ ਨੂੰ ਕਚਹਿਰੀ ਦੇ ਜ਼ਾਬਤੇ ਦੀ ਸਮਝ ਆਉਂਦੀ ਹੈ, ਉਹ ਝੱਟ ਵਕੀਲ ਬਦਲ ਲੈਂਦਾ ਹੈ। ਮੇਜਰ ਨੇ ਅਜਿਹੀਆਂ ਸੰਭਾਵਨਾਵਾਂ ਦਾ ਪਤਾ ਲਾਉਣਾ ਸੀ।
ਇਸ ਸ਼ਹਿਰ ਵਿਚ ਫ਼ੌਜਦਾਰੀ ਦੇ ਵਕੀਲ ਬਹੁਤ ਥੋੜ੍ਹੇ ਸਨ, ਜਿਹੜੇ ਸਨ ਉਨ੍ਹਾਂ ਸਭਨਾਂ ਨਾਲ ਮੇਜਰ ਦਾ ਰਾਬਤਾ ਸੀ। ਉਹ ਸਾਰਿਆ ਨੂੰ ਹੀ ਅਜਿਹੇ ਕੇਸਾਂ ਦੇ ਨਾਂ-ਪਤੇ ਨੋਟ ਕਰਵਾ ਆਉਂਦਾ ਸੀ। ਮੁਰਗੀ ਨੇ ਕਿਸੇ ਨਾ ਕਿਸੇ ਕੋਲ ਫਸਣਾ ਹੀ ਹੁੰਦੈ। ਜਿਸ ਕੋਲ ਵੀ ਫਸ ਗਈ, ਉਸ ਕੋਲੋਂ ਮੇਜਰ ਦਾ ਹਿੱਸਾ ਪੱਕਾ।
ਲਿਸਟ ਤਿਆਰ ਕਰ ਕੇ ਮੇਜਰ ਜਿਉਂ ਹੀ ਉੱਠਣ ਲੱਗਾ, ਥਾਣੇਦਾਰ ਨੇ ਉਸ ਨੂੰ ਰੋਕ ਲਿਆ।
ਮਿਸਲ ਅਹਿਲਮੱਦ ਦੀ ਮੇਜ਼ ’ਤੇ ਰੱਖਣ ਤੋਂ ਪਹਿਲਾਂ ਉਸ ਨੇ ਇਕ ਨੋਟ ਜੇਬ ਵਿਚੋਂ ਕੱਢਿਆ ਅਤੇ ਤਹਿ ਕਰ ਕੇ ਮੇਜਰ ਦੀ ਮੁੱਠੀ ਵਿਚ ਦੇ ਦਿੱਤਾ।
ਪਹਿਲੇ ਹੱਲੇ ਮੇਜਰ ਨੇ ਕੋਈ ਉਜ਼ਰ ਨਾ ਕੀਤਾ। ਖ਼ਿਆਲ ਸੀ, ਸੌ ਦਾ ਨੋਟ ਹੀ ਹੋਏਗਾ।
ਫੇਰ ਓਪਰੀ ਜਿਹੀ ਨਜ਼ਰ ਨਾਲ ਉਸ ਨੇ ਨੋਟ ਘੋਖਿਆ। ਇਹ ਤਾਂ ਵੀਹਾਂ ਦਾ ਸੀ। ਉਸ ਦੇ ਸੱਤੀਂ ਕੱਪੜੀਂ ਅੱਗ ਲੱਗ ਗਈ। ਥਾਣੇਦਾਰ ਨੇ ਅਹਿਲਮੱਦ ਦਾ ਮਜ਼ਾਕ ਉਡਾਇਆ ਸੀ।
“ਆਹ ਨੋਟ ਆਪਣੇ ਕੋਲ ਸੰਭਾਲ ਕੇ ਰੱਖ। ਕਤਲ ਕੇਸ ’ਚ ਸਾਰੇ ਵੀਹ ਰੁਪਏ?”
ਨੋਟ ਨੂੰ ਮੁੜ ਥਾਣੇਦਾਰ ਦੀ ਮੁੱਠ ’ਚ ਥਮਾਉਂਦੇ ਮੇਜਰ ਨੇ ਉਜ਼ਰ ਕੀਤਾ।
“ਠੀਕ ਹੈ ਛੋਟੇ ਭਾਈ। ਤੈਨੂੰ ਪਤਾ ਤਾਂ ਹੈ, ਮੈਂ ਢਾਈ ਮਹੀਨੇ ਤੋਂ ਥਾਣੇ ਨਹੀਂ ਵੜਿਆ। ਮੁਦਈ ਖ਼ਰਚ ਕਰਦੇ ਹੁੰਦੇ ਨੇ ਜਾਂ ਮੁਲਾਜ਼ਮ। ਇਥੇ ਮੈਂ ਹੀ ਸਭ ਕੁਝ ਹਾਂ। ਨੋਟ ਪੱਲਿਉਂ ਦੇ ਰਿਹਾਂ, ਮਾਣ-ਤਾਣ ਵਜੋਂ, ਫ਼ੀਸ ਦੇ ਤੌਰ ’ਤੇ ਨਹੀਂ।” ਰੋਣ-ਹਾਕੇ ਹੋਏ ਨਾਜ਼ਰ ਦੀ ਆਵਾਜ਼ ਵਿਚ ਤਰਲਾ ਸੀ।
ਹਾਥੀ ਨਾਜ਼ਰ ਨੇ ਕੱਢ ਲਿਆ ਸੀ, ਪੂਛ ਬਾਕੀ ਸੀ। ਕਿਵੇਂ ਨਾ ਕਿਵੇਂ ਇਕ ਵਾਰ ਚਲਾਨ ਪੇਸ਼ ਹੋਵੇ ਤੇ ਖਹਿੜਾ ਛੁੱਟੇ।
“ਜਿਥੇ ਹੋਰ ਖ਼ਰਚ ਹੋ ਗਿਆ ਹੋਰ ਸਹੀ। ਕੱਢ ਇਕ ਨੀਲਾ ਨੋਟ ਤੇ ਦੇਖ ਮੇਜਰ ਦੇ ਹੱਥ। ਘੰਟੇ ’ਚ ਫ਼ਾਰਗ਼ ਨਾ ਕੀਤਾ ਤਾਂ ਤੂੰ ਵੀ ਕੀ ਸਮਝੇਂਗਾ।” ਸਵੇਰ ਦਾ ਸਮਾਂ ਹੋਣ ਕਰਕੇ ਮੇਜਰ ਮੂਡ ਖ਼ਰਾਬ ਕਰਨ ਦੇ ਰੌਂ ਵਿਚ ਨਹੀਂ ਸੀ। ਉਹ ਸਮਝੌਤੇ ਦੀ ਨੀਅਤ ਨਾਲ ਬੋਲਿਆ।
“ਮੈਂ ਕਦੇ ਕਿਸੇ ਦਾ ਹੱਕ ਨਹੀਂ ਰੱਖਿਆ। ਜਦੋਂ ਅਸਾਮੀ ਹੱਥ ਵਿਚ ਹੋਵੇ ਤਾਂ ਦੋ ਦੀ ਥਾਂ ਚਾਰ ਦਿਵਾਉਂਦਾਂ। ਸ਼ਰਾਬ ਦੇ ਇਕਬਾਲ ਵਾਲੇ ਕੇਸ ਵਿਚ ਤੈਨੂੰ ਦਸ ਦੀ ਥਾਂ ਪੰਜਾਹ ਨਹੀਂ ਸੀ ਦਿਵਾਏ? ਬੋਤਲ ਅਲੱਗ।”
ਕੁਝ ਦਿਨ ਪਹਿਲਾਂ ਨਾਜ਼ਰ ਸਿੰਘ ਕੋਲ ਇਕ ਚੰਗੀ ਅਸਾਮੀ ਫਸ ਗਈ ਸੀ, ਦਸ ਦੀ ਥਾਂ ਨਾਜ਼ਰ ਨੇ ਇਸ ਨੂੰ ਪੰਜਾਹ ਦਿਵਾ ਦਿੱਤੇ। ਸੋਚਿਆ ਸੀ ਦਾਨੀ ਦਾਨ ਕਰੇ ਤਾਂ ਭੰਡਾਰੀ ਦਾ ਢਿੱਡ ਕਿਉਂ ਦੁਖੇ? ਅਹਿਸਾਨ ਹੇਠਾਂ ਦੱਬਿਆ ਅਹਿਲਮੱਦ ਕਦੇ ਕੰਮ ਆਏਗਾ। ਨਾਜ਼ਰ ਸਿੰਘ ਮੇਜਰ ਨੂੰ ਨਾਲੇ ਉਸ ਮਿਹਰਬਾਨੀ ਦੀ ਯਾਦ ਦਿਵਾ ਰਿਹਾ ਸੀ, ਨਾਲੇ ਪਛਤਾ ਰਿਹਾ ਸੀ। ਮੁੱਖ ਅਫ਼ਸਰ ਸੱਚ ਆਖਦਾ ਸੀ। ਪਹਿਲਾਂ ਵੱਧ ਪੈਸੇ ਦਿਵਾ ਕੇ ਇਨ੍ਹਾਂ ਨੂੰ ਸਿਰ ਚੜ੍ਹਾ ਲਈਦਾ ਹੈ। ਜਦੋਂ ਲਹੂ ਮੂੰਹ ਲੱਗ ਜਾਂਦਾ ਹੈ ਤਾਂ ਇਹ ਆਪਣਿਆਂ ਨੂੰ ਹੀ ਬੁਰਕ ਮਾਰਨ ਲੱਗਦੇ ਹਨ। ਚੰਗਾ ਹੁੰਦਾ ਜੇ ਨਾਜ਼ਰ ਨਾਲੀ ਦੇ ਕੀੜੇ ਨੂੰ ਨਾਲੀ ਵਿਚ ਰਹਿਣ ਦਿੰਦਾ।
“ਉਹ ਤੁਸੀਂ ਕੋਈ ਅਹਿਸਾਨ ਨਹੀਂ ਸੀ ਕੀਤਾ ਸਰਦਾਰ ਜੀ) ਤੁਸੀਂ ਫੜਿਆ ਹੋਰ ਮੁਲਜ਼ਮ ਸੀ ਤੇ ਇਕਬਾਲ ਕਿਸੇ ਹੋਰ ਤੋਂ ਕਰਾਇਆ ਸੀ। ਇਹ ਮੇਰੀ ਭਲਮਾਣਸੀ ਸੀ ਕਿ ਜੱਜ ਸਾਹਿਬ ਦੇ ਨੋਟਿਸ ਵਿਚ ਨਹੀਂ ਲਿਆਂਦਾ। ਨਹੀਂ ਨਾਲੇ ਤੇਰੀ ਪੇਟੀ ਲਹਿੰਦੀ ਨਾਲੇ ਚਾਰ ਸੌ ਵੀਹ ਦਾ ਪਰਚਾ ਦਰਜ ਹੁੰਦਾ।” ਮੇਜਰ ਵੀ ਕਿਸੇ ਤੋਂ ਘੱਟ ਨਹੀਂ ਸੀ। ਇਹੋ ਜਤਾਉਣ ਲਈ ਉਸ ਨੇ ਅਸਲੀਅਤ ਦਾ ਪਰਦਾ ਫ਼ਾਸ਼ ਕੀਤਾ ਸੀ।
ਜੇ ਤਫ਼ਤੀਸ਼ੀ ਮੁਖ਼ਬਰਾਂ ਦਾ ਜਾਲ ਵਿਛਾ ਕੇ ਰੱਖਦੇ ਹਨ ਤਾਂ ਅਹਿਲਮੱਦ ਮੇਜਰ ਸਿੰਘ ਵੀ ਕਿਸੇ ਤੋਂ ਘੱਟ ਨਹੀਂ। ਮੇਜਰ ਸਿੰਘ ਥਾਣੇ ਦੇ ਨਾਇਬ-ਕੋਰਟ ਤੋਂ ਲੰਕਾ ਢਾਹੁਣ ਲਈ ਭਬੀਸ਼ਣ ਦਾ ਕੰਮ ਲੈਂਦਾ ਸੀ।
ਕਚਹਿਰੀ ਵੜਦਿਆਂ ਹੀ ਨਾਇਬ-ਕੋਰਟ ਦਾ ਕੰਮ ਮੇਜਰ ਨੂੰ ਡਾਇਰੀ ਦੇਣਾ ਹੁੰਦਾ ਸੀ। ਉਸ ਦਿਨ ਪੇਸ਼ ਹੋਣ ਵਾਲੇ ਰਿਮਾਂਡਾਂ, ਚਲਾਨਾਂ ਅਤੇ ਇਕਬਾਲ ਕਰਨ ਵਾਲੀਆਂ ਅਸਾਮੀਆਂ ਵਿਚ ਕਿੰਨਾ ਦਮ ਹੈ, ਉਸ ਨੇ ਇਹ ਦੱਸਣਾ ਹੁੰਦਾ ਸੀ। ਉਸ ਇਤਲਾਹ ਦੇ ਆਧਾਰ ’ਤੇ ਮੇਜਰ ਆਪਣੀ ਫ਼ੀਸ ਤਹਿ ਕਰਦਾ ਸੀ।
ਇਸ ਇਕਬਾਲ ਦੀ ਹਿਸਟਰੀ ਮੇਜਰ ਨੂੰ ਉਸ ਨੇ ਦੱਸੀ ਸੀ। ਅਸਲ ਦੋਸ਼ੀ ਕਾਟਨ ਮਿੱਲ ਦੇ ਮਾਲਕ ਦਾ ਭਾਣਜਾ ਸੀ। ਸ਼ਰਮ ਦਾ ਮਾਰਿਆ ਉਹ ਪਹਿਲੇ ਦਿਨ ਤੋਂ ਹੀ ਘਰੋਂ ਫ਼ਰਾਰ ਸੀ। ਘਰ ਵਾਲੇ ਨਹੀਂ ਸੀ ਚਾਹੁੰਦੇ ਕਿ ਉਸ ਦੇ ਦਸਤਖ਼ਤ ਅੰਗੂਠੇ ਕਚਹਿਰੀ ਦੇ ਰਿਕਾਰਡ ਵਿਚ ਆਉਣ। ਭਾਣਜੇ ਦੀ ਥਾਂ ਮਾਲਕਾਂ ਨੇ ਆਪਣਾ ਨੌਕਰ ਭੇਜਿਆ ਸੀ।
ਸਰਕਾਰੀ ਵਕੀਲ ਨੇ ਮੁਲਜ਼ਮ ਤਬਦੀਲ ਕਰਨ ਦੀ ਮੋਟੀ ਫ਼ੀਸ ਲਈ ਸੀ। ਨਾਇਬ-ਕੋਰਟ ਨੂੰ ਸਾਰੇ ਪੰਜਾਹ ਮਿਲੇ ਸਨ। ਇਸੇ ਗੱਲ ’ਤੇ ਗ਼ੁੱਸੇ ਹੋ ਕੇ ਨਾਇਬ ਕੋਰਟ ਨੇ ਚੁਰਾਹੇ ’ਚ ਭਾਂਡਾ ਭੰਨਿਆ ਸੀ।
ਨਾਜ਼ਰ ਦਾ ਇਹ ਤੀਰ ਨਿਸ਼ਾਨੇ ਤੋਂ ਖੁੰਝ ਗਿਆ। ਉਸ ਨੇ ਦੂਜਾ ਵਾਰ ਕੀਤਾ।
“ਚੱਲ ਉਹ ਛੱਡ, ਬਿਮਲਾ ਰੇਪ ਕੇਸ ਵਿਚ ਦੋ ਸੌ ਦਿਵਾਇਆ ਸੀ। ਉਸ ਦੇ ਮੁਲਜ਼ਮ ਤਾਂ ਨਹੀਂ ਸੀ ਬਦਲੇ।”
“ਉਸ ਵਿਚ ਵੀ ਹੇਰਾ-ਫੇਰੀ ਹੋਈ ਸੀ। ਉਸ ਕੇਸ ਦੇ ਅਸਲ ਦੋਸ਼ੀ ਨੂੰ ਬੇ-ਕਸੂਰ ਠਹਿਰਾ ਕੇ ਤੁਸੀਂ ਕਾਲਮ ਨੰਬਰ ਦੋ ਵਿਚ ਰੱਖ ਦਿੱਤਾ ਸੀ। ਮੁਦਈ ਧਿਰ ਉੱਚ ਅਧਿਕਾਰੀਆਂ ਤੋਂ ਇਨਕੁਆਇਰੀ ਕਰਾ ਕੇ ਉਸ ਨੂੰ ਗ੍ਰਿਫ਼ਤਾਰ ਕਰਾਉਣਾ ਚਾਹੁੰਦੀ ਸੀ। ਦੋਸ਼ੀ ਨੂੰ ਡਰਾ ਕੇ ਤੁਸੀਂ ਚਲਾਨ ਜਲਦੀ ਪੇਸ਼ ਕਰਨ ਦਾ ਇਕ ਹਜ਼ਾਰ ਰੁਪਿਆ ਲਿਆ ਸੀ। ਆਪਣੀ ਫ਼ੀਸ ਤੁਸੀਂ ਪਹਿਲਾਂ ਹੀ ਹਜ਼ਮ ਕਰ ਚੁੱਕੇ ਸੀ। ਉਹ ਹਜ਼ਾਰ ਸਾਡਾ ਅਹਿਲਕਾਰਾਂ ਦਾ ਸੀ। ਤੁਸੀਂ ਦੋ ਸੌ ਦਿਵਾ ਕੇ ਕੋਈ ਅਹਿਸਾਨ ਨਹੀਂ ਸੀ ਕੀਤਾ। ਸਗੋਂ ਸਾਡੇ ਹਿੱਸੇ ਦਾ ਅੱਠ ਸੌ ਹੜੱਪਿਆ ਸੀ।”
ਮੇਜਰ ਨੇ ਇਥੇ ਵੀ ਮਾਰ ਨਾ ਖਾਧੀ। ਕਿਸ-ਕਿਸ ਨੂੰ ਕਿੰਨੇ-ਕਿੰਨੇ ਪੈਸੇ ਪੁੱਜੇ ਸਨ, ਇਸ ਦੀ ਇਤਲਾਹ ਉਸ ਨੂੰ ਮੁਲਜ਼ਮਾਂ ਦਾ ਵਕੀਲ ਦੇ ਗਿਆ ਸੀ।
ਡਰ ਦੇ ਮਾਰੇ ਨਾਜ਼ਰ ਸਿੰਘ ਦਾ ਦਿਲ ਧੱਕ-ਧੱਕ ਕਰਨ ਲੱਗਾ।
“ਲੈ ਦਸ ਹੋਰ ਲੈ ਲੈ.....ਮੇਰੇ ਕੋਲ ਬੱਸ ਇੰਨੇ ਹੀ ਨੇ, ਨਾਂਹ ਨਾ ਕਰੀਂ।” ਦਸ ਦਾ ਨੋਟ ਹੋਰ ਕੱਢ ਕੇ ਜੇਬਾਂ ਝਾੜਦੇ ਨਾਜ਼ਰ ਨੇ ਫੇਰ ਤਰਲਾ ਲਿਆ।
“ਜੇ ਤੇਰਾ ਸੱਚੀਂ ਦਿਵਾਲਾ ਨਿਕਲ ਗਿਆ ਤਾਂ ਇਹ ਵੀ ਰੱਖ, ਚਾਹ-ਪਾਣੀ ਪੀ ਲਈਂ। ਮੈਂ ਮੁਫ਼ਤ ਵਿਚ ਕੰਮ ਕਰ ਦਿੰਨਾਂ।.....ਜਾਹ, ਪਹਿਲਾਂ ਸਾਹਿਬ ਤੋਂ ਮਿਸਲ ’ਤੇ ਘੱਗੀ ਮਰਵਾ ਲਿਆ। ਉਹ ਮੇਰੇ ਨਾਂ ਹੁਕਮ ਜਾਰੀ ਕਰ ਦੇਣਗੇ।” ਸਾਢੇ ਨੌਂ ਵੱਜਦੇ ਦੇਖ ਕੇ ਮੇਜਰ ਨੇ ਨਾਜ਼ਰ ਨੂੰ ਗਲੋਂ ਲਾਹੁਣਾ ਠੀਕ ਸਮਝਿਆ।
ਹੁਣ ਤਕ ਕਈ ਮੁਨਸ਼ੀ ਉਸ ਨੂੰ ਇਸ਼ਾਰੇ ਕਰ ਚੁੱਕੇ ਸਨ। ਇਕ ਦੋ ਵਕੀਲਾਂ ਦੇ ਸੁਨੇਹੇ ਵੀ ਆ ਚੁੱਕੇ ਸਨ। ਜੇ ਉਹ ਇਸ ਤਰ੍ਹਾਂ ਨਾਜ਼ਰ ਸਿੰਘ ਨਾਲ ਉਲਝਿਆ ਰਿਹਾ ਤਾਂ ਦਿਹਾੜੀ ਗੁੱਲ ਹੋ ਜਾਣੀ ਸੀ।
ਚਹਿਲ ਵਕੀਲ ਦੇ ਵਸੀਅਤ ਦੇ ਇਕ ਕੇਸ ਵਿਚ ਸੰਮਨ ਤਾਮੀਲ ਹੋ ਕੇ ਆਏ ਸਨ। ਸੰਮਨ ਮਿਸਲ ਨਾਲ ਲੱਗ ਗਏ ਤਾਂ ਉਸ ਨੂੰ ਗਵਾਹ ਭੁਗਤਾਉਣੇ ਪੈਣਗੇ। ਹੋਰ ਤਾਰੀਖ਼ ਮੰਗੀ ਤਾਂ ਜੱਜ ਭੱਜ-ਭੱਜ ਪਏਗਾ। ਗਵਾਹ ਹਾਲੇ ਤਿਆਰ ਨਹੀਂ ਸਨ। ਭਲਾ ਇਸੇ ਵਿਚ ਸੀ ਕਿ ਸੰਮਨ ਮਿਸਲ ਨਾਲ ਨੱਥੀ ਨਾ ਹੋਣ ਦਿੱਤੇ ਜਾਣ। ਜਦੋਂ ਮਿਸਲ ਨਾਲ ਸੰਮਨ ਨਹੀਂ ਹੋਣਗੇ ਤਾਂ ਜੱਜ ਨੂੰ ਤਾਰੀਖ਼ ਦੇਣੀ ਪਏਗੀ। ਸੰਮਨ ਤਾਂ ਲਹਿਣਗੇ ਜੇ ਮੇਜਰ ਨਾਲ ਸੌਦਾ ਤਹਿ ਹੋਏਗਾ। ਮੇਜਰ ਕੁਝ ਮਿੰਟ ਲੇਟ ਹੋ ਗਿਆ ਤਾਂ ਮਿਸਲ ਜੱਜ ਦੀ ਮੇਜ਼ ’ਤੇ ਚਲੀ ਜਾਏਗੀ। ਮਿਸਲ ਮੇਜ਼ ’ਤੇ ਜਾਣ ਨਾਲ ਮੇਜਰ ਦੀ ਕਮਾਨੋਂ ਤੀਰ ਨਿਕਲ ਜਾਏਗਾ। ਚਹਿਲ ਨਾਲ ਫ਼ੌਰਨ ਗਿਟ-ਮਿਟ ਹੋਣੀ ਚਾਹੀਦੀ ਸੀ।
ਮੋਹਨ ਜੀ ਭੱਠੀ ਦੇ ਇਕ ਕੇਸ ਵਿਚ ਬਹਿਸ ਨਹੀਂ ਸੀ ਕਰਨਾ ਚਾਹੁੰਦਾ। ਉਸ ਦੀ ਧਿਰ ਦੀ ਹਾਲੇ ਜੱਜ ਨਾਲ ਗੱਲ ਨਹੀਂ ਸੀ ਹੋਈ। ਬਿਨਾਂ ਗੱਲ ਕਰੇ ਬਹਿਸ ਕਰਨਾ ਖ਼ਤਰੇ ਤੋਂ ਖ਼ਾਲੀ ਨਹੀਂ ਸੀ। ਇਸ ਦਾ ਹੱਲ ਮੇਜਰ ਹੀ ਕਰ ਸਕਦਾ ਸੀ। ਉਸ ਨੇ ਉਸ ਮਿਸਲ ਨੂੰ ਉਸ ਦਿਨ ਸੁਣਵਾਈ ਲਈ ਲੱਗੇ ਕੇਸਾਂ ਦੀ ਲਿਸਟ ਵਿਚੋਂ ਕੱਢ ਦੇਣਾ ਸੀ। ਨਾ ਰਹੇਗਾ ਬਾਂਸ, ਨਾ ਵੱਜੇਗੀ ਬੰਸਰੀ। ਸ਼ਾਮ ਨੂੰ ਆਪੇ ਤਾਰੀਖ਼ ਪੈ ਜਾਣੀ ਸੀ। ਮੇਜਰ ਨੂੰ ਇਥੋਂ ਵੀ ਚੰਗੀ ਦਿਹਾੜੀ ਬਣਨ ਦੀ ਆਸਸੀ।
ਵੈਸੇ ਵੀ ਮੇਜਰ ਅੱਜ ਵੱਧ ਤੋਂ ਵੱਧ ਪੈਸੇ ਬਟੋਰਨਾ ਚਾਹੁੰਦਾ ਸੀ। ਉਸ ਨੂੰ ਪੈਸੇ ਦੀ ਸਖ਼ਤ ਜ਼ਰੂਰਤ ਸੀ। ਦੋ ਕਿਸ਼ਤਾਂ ਦਾ ਭੂਤ ਉਸ ਨੂੰ ਡਰਾ ਰਿਹਾ ਸੀ।
ਪਹਿਲੀ ਕਿਸ਼ਤ ਪਲਾਟ ਦੀ ਸੀ, ਜਿਹੜੀ ਉਸ ਨੇ ਅੱਜ ਭਰਨੀ ਸੀ। ਇਸ ਤਿਮਾਹੀ ਕਿਸ਼ਤ ਲਈ ਉਸ ਨੂੰ ਦਸ ਹਜ਼ਾਰ ਚਾਹੀਦਾ ਸੀ। ਦੂਜੀ ਕਿਸ਼ਤ ਭਾਈਚਾਰਕ ਲਾਟਰੀ ਦੀ ਸੀ, ਇਹ ਐਤਵਾਰ ਨੂੰ ਨਿਕਲਣੀ ਸੀ। ਇਸ ਲਈ ਹਜ਼ਾਰ ਵੱਖਰਾ ਚਾਹੀਦਾ ਸੀ।
ਸਟੈਨੋ ਅਤੇ ਰੀਡਰ ਨੂੰ ਦੇਖ ਕੇ ਮੇਜਰ ਨੇ ਵੀ ਪਲਾਟ ਖ਼ਰੀਦ ਲਿਆ ਸੀ। ਦੋ-ਦੋ ਸਾਲਾਂ ਵਿਚ ਉਨ੍ਹਾਂ ਦੇ ਪਲਾਟ ਦੁਗਣੇ-ਤਿਗਣੇ ਦੇ ਹੋ ਗਏ ਸਨ। ਸਟੈਨੋ ਨੇ ਦੋ ਪਲਾਟ ਖ਼ਰੀਦੇ ਸਨ। ਇਕ ਦੇ ਨਫ਼ੇ ਵਿਚ ਉਸ ਨੇ ਦੂਸਰੇ ’ਤੇ ਮਕਾਨ ਉਸਾਰ ਲਿਆ। ਰੀਡਰ ਨੇ ਦੁਗਣੇ ਪੈਸੇ ਵੱਟ ਕੇ ਟਰੱਕ ’ਚ ਹਿੱਸਾ ਪਾ ਲਿਆ। ਸਟੈਨੋ ਕੋਠੀ ਵਾਲਾ ਅਤੇ ਰੀਡਰ ਟਰਾਂਸਪੋਰਟਰ ਅਖਵਾਉਂਦਾ ਸੀ।
ਸਟੈਨੋ ਦੀ ਜੱਜ ਨਾਲ ਸਿੱਧੀ ਸੀ। ਜਿਹੜੀ ਅਸਾਮੀ ਉਹ ਜੱਜ ਕੋਲ ਫਸਾਉਂਦਾ, ਉਸ ਵਿਚੋਂ ਉਸ ਨੂੰ ਹਿੱਸਾ ਮਿਲਦਾ। ਉਹ ਰਕਮ ਉਹ ਕਿਸ਼ਤ ਲਈ ਰਾਖਵੀਂ ਰੱਖ ਲੈਂਦਾ।
ਰੀਡਰ ਦੀ ਘਰ ਵਾਲੀ ਟੀਚਰ ਸੀ। ਉਹ ਕਿਸ਼ਤ ਉਸ ਦੀ ਤਨਖ਼ਾਹ ਨਾਲ ਪੂਰੀ ਕਰਦਾ। ਮੇਜਰ ਦੀ ਨਾ ਜੱਜ ਨਾਲ ਬਣਦੀ ਸੀ, ਨਾ ਉਸ ਦੀ ਘਰਵਾਲੀ ਨੌਕਰ ਸੀ। ਉਸ ਨੇ ਇਧਰੋਂ-ਉਧਰੋਂ ਹੀ ਹੱਥ ਮਾਰਨਾ ਸੀ।
ਨਾਜ਼ਰ ਸੀ ਕਿ ਉਸ ਦੀ ਮਜਬੂਰੀ ਸਮਝ ਹੀ ਨਹੀਂ ਸੀ ਰਿਹਾ।
“ਉਨ੍ਹਾਂ ਤੋਂ ਵੀ ਕਰਵਾ ਲਿਆਉਨਾਂ। ਤੂੰ ਇਕ ਨਜ਼ਰ ਤਾਂ ਮਾਰ ਲੈ। ਉਨ੍ਹਾਂ ਨੇ ਹਾਲੇ ਘੰਟੇ ਨੂੰ ਆਉਣੈ।” ਤੀਹ ਰੁਪਏ ਮੁੜ ਅਹਿਲਮੱਦ ਦੀ ਜੇਬ ਵਿਚ ਪਾਉਂਦਾ ਥਾਣੇਦਾਰ ਗਿੜਗਿੜਾਇਆ।
“ਮੈਨੂੰ ਹੋਰ ਬਥੇਰੇ ਕੰਮ ਨੇ। ਤੂੰ ਉਨ੍ਹਾਂ ਤੋਂ ਹੁਕਮ ਕਰਾ। ਮੈਂ ਝੱਟ ਮਿਸਲ ਚੈੱਕ ਕਰ ਦੂੰ। ਕਾਗ਼ਜ਼ ਵੀ ਕੱਢ ਲੰ। ਤੂੰ ਰਿਟਾਇਰਿੰਗ ਰੂਮ ਅੱਗੇ ਜਾ ਕੇ ਬੈਠ। ਜੇ ਸਾਹਿਬ ਉਪਰ ਗਏ ਬੈਠ ਗਏ ਤਾਂ ਇਕ ਵਜੇ ਤਕ ਬੈਠਾ ਰਹਿ ਜਾਏਂਗਾ।”
ਬੋਹਣੀ ਦੇ ਪੈਸੇ ਸਨ। ਮੇਜਰ ਨੇ ਮੋੜਨੇ ਠੀਕ ਨਹੀਂ ਸਮਝੇ। ਜੇ ਇਹੋ ਮੁੜ ਗਏ ਤਾਂ ਸਾਰਾ ਦਿਨ ਮਨਹੂਸ ਨਿਕਲੇਗਾ। ਕੰਮ ਮੇਜਰ ਨੇ ਮਰਜ਼ੀ ਨਾਲ ਕਰਨਾ ਸੀ। ਜਿੰਨਾ ਚਿਰ ਫ਼ੀਸ ਪੂਰੀ ਨਹੀਂ ਹੋਏਗੀ, ਉਸ ਨੇ ਟੱਸ ਤੋਂ ਮੱਸ ਨਹੀਂ ਸੀ ਹੋਣਾ।
ਨਾਜ਼ਰ ਨੂੰ ਤੋਰ ਕੇ ਅਹਿਲਮੱਦ ਉਹ ਸਾਰੇ ਹੀਲੇ ਸੋਚਣ ਲੱਗਾ, ਜਿਨ੍ਹਾਂ ਨਾਲ ਉਹ ਚਲਾਨ ਟਰਕਾ ਸਕੇ।
ਮੇਜਰ ਨੂੰ ਪਤਾ ਸੀ ਕਿ ਦੋ ਦਿਨ ਪਹਿਲਾਂ ਥਾਣੇ ਵਾਲਿਆਂ ਨੇ ਮੈਜਿਸਟ੍ਰੇਟ ਦੀ ਵਗਾਰ ਕੀਤੀ ਸੀ। ਵਗਾਰ ਵੀ ਛੋਟੀ-ਮੋਟੀ ਨਹੀਂ, ਸੈਸ਼ਨ ਜੱਜ ਦੀ ਮਾਰੂਤੀ ਕਾਰ ਦੇ ਚਾਰੋਂ ਟਾਇਰ ਨਵੇਂ ਪਵਾਏੇ ਸਨ। ਇਸ ਲਈ ਮੈਜਿਸਟ੍ਰੇਟ ਦਾ ਰਵੱਈਆ ਨਰਮ ਰਹਿਣਾ ਸੀ।
ਪੁਲਸ ਦਾ ਕੰਮ ਕਰਨ ਲੱਗੇ ਮੈਜਿਸਟ੍ਰੇਟ ਨੇ ਆਪਣੀ ਸਮਝ ’ਚ ਹੁਸ਼ਿਆਰੀ ਤੋਂ ਕੰਮ ਲਿਆ ਸੀ। ਇਸ ਕੇਸ ਨਾਲ ਸੰਬੰਧਤ ਸਾਰੇ ਕਾਗ਼ਜ਼ ਉਸ ਨੇ ਕੋਠੀ ਮੰਗਵਾਏ ਸਨ। ਅਹਿਲਮੱਦ ਦੀ ਅੱਖ ਵੀ ਇੱਲ ਵਰਗੀ ਸੀ। ਦੂਰੋਂ ਹੀ ਤਾੜ ਗਈ। ਮੇਜਰ ਨੇ ਸਾਰੇ ਕਾਗ਼ਜ਼ਾਂ ਦੀ ਪਹਿਲਾਂ ਹੀ ਫ਼ੋਟੋ ਕਰਵਾ ਲਈ। ਕਾਗ਼ਜ਼ਾਂ ਵਿਚ ਕੋਈ ਹੇਰਾ-ਫੇਰੀ ਹੋਈ ਤਾਂ ਮੇਜਰ ਨੂੰ ਕਈ ਫ਼ਾਇਦੇ ਹੋਣੇ ਸਨ। ਪਹਿਲਾ ਇਹ ਕਿ ਜੱਜ ਕਾਣਾ ਰਹੇਗਾ। ਦੂਜਾ ਕਦੇ ਕੋਈ ਅਹਿਲਮੱਦ ’ਤੇ ਹੇਰਾ-ਫੇਰੀ ਦਾ ਸ਼ੱਕ ਕਰੇ ਤਾਂ ਸਫ਼ਾਈ ਵਜੋਂ ਉਸ ਕੋਲ ਸਬੂਤ ਰਹੇਗਾ। ਤੀਜਾ ਇਹ ਕਿ ਲੋੜ ਪੈਣ ’ਤੇ ਇਨ੍ਹਾਂ ਨੂੰ ਸਫ਼ਾਈ ਦੇ ਵਕੀਲ ਕੋਲ ਵੇਚਿਆ ਜਾ ਸਕੇਗਾ। ਇਸ ਆਧਾਰ ’ਤੇ ਦੋਸ਼ੀ ਸ਼ਰਤੀਆ ਬਰੀ ਹੋਣਗੇ।
ਮੇਜਰ ਦਾ ਅੰਦਾਜ਼ਾ ਠੀਕ ਨਿਕਲਿਆ। ਦੋ ਦਿਨਾਂ ਬਾਅਦ ਜਦੋਂ ਕਾਗ਼ਜ਼ ਵਾਪਸ ਆਏ ਸਨ ਤਾਂ ਦੋਸ਼ੀਆਂ ਦੇ ਇਕਬਾਲੀਆ ਬਿਆਨਾਂ ਦਾ ਹੁਲੀਆ ਵਿਗੜਿਆ ਹੋਇਆ ਸੀ।
ਇਸੇ ਰਿਆਇਤ ਦਾ ਮੁੱਲ ਚਾਰ ਟਾਇਰ ਪਾਇਆ ਗਿਆ ਸੀ। ਨਾਇਬ-ਕੋਰਟ ਝੂਠ ਨਹੀਂ ਸੀ ਬੋਲਦਾ। ਉਹ ਖ਼ੁਦ ਟਾਇਰ ਛੱਡ ਕੇ ਆਇਆ ਸੀ।
ਇਸ ਤੋਂ ਪਹਿਲਾਂ ਕਿ ਥਾਣੇਦਾਰ ਜੱਜ ਕੋਲੋਂ ਹੁਕਮ ਕਰਾ ਲਏ, ਮੇਜਰ ਨੂੰ ਪਹਿਲਾਂ ਹੀ ਜੱਜ ਦੇ ਕੰਨ ਵਿਚ ਫੂਕ ਮਾਰ ਦੇਣੀ ਚਾਹੀਦੀ ਸੀ।
ਜੱਜ ਦੇ ਰਿਟਾਇਰਿੰਗ ਰੂਮ ਵਿਚ ਵੜਦਿਆਂ ਹੀ ਉਹ ਵੀ ਦਸਤਖ਼ਤ ਕਰਾਉਣ ਦੇ ਬਹਾਨੇ ਅੰਦਰ ਜਾ ਵੜਿਆ।
ਨਾਲੇ ਉਹ ਮਿਸਲਾਂ ’ਤੇ ਦਸਤਖ਼ਤ ਕਰਾਉਂਦਾ ਰਿਹਾ, ਨਾਲੇ ਬਾਹਰ ਬੈਠੇ ਥਾਣੇਦਾਰ ਦੇ ਅਦਾਲਤ ਆਉਣ ਦਾ ਮਕਸਦ ਸਮਝਾਉਂਦਾ ਰਿਹਾ।
ਥਾਣੇਦਾਰ ਕੋਲ ਕਤਲ ਕੇਸ ਸੀ। ਦੋਸ਼ੀ ਦੋ ਸਨ ਪਰ ਨਕਲਾਂ ਦਾ ਸੈੱਟ ਇਕ ਸੀ। ਉਸ ਸੈੱਟ ਵਿਚ ਵੀ ਨਕਲਾਂ ਪੂਰੀਆਂ ਨਹੀਂ ਸਨ।
ਅਹਿਲਮੱਦ ਨੇ ਜੱਜ ਨੂੰ ਉਸ ਕੇਸ ਦੀ ਯਾਦ ਦਿਵਾਈ ਜਿਹੜਾ ਨਕਲਾਂ ਦੀ ਘਾਟ ਕਾਰਨ ਕਈ ਦਿਨ ਚਰਚਾ ਦਾ ਵਿਸ਼ਾ ਬਣਿਆ ਰਿਹਾ ਸੀ। ਉਸ ਕੇਸ ਵਿਚ ਗਵਾਹਾਂ ਦੇ ਬਿਆਨਾਂ ਦੀਆਂ ਨਕਲਾਂ ਦੇ ਦਿੱਤੀਆਂ ਗਈਆਂ ਸਨ ਪਰ ਰਿਕਾਰਡ ਦੀਆਂ ਨਹੀਂ। ਉਹ ਚਲਾਨ ਵੀ ਦੋਸ਼ੀ ਦੀ ਗ਼ੈਰ-ਹਾਜ਼ਰੀ ਵਿਚ ਪੇਸ਼ ਹੋਇਆ ਸੀ। ਚਲਾਨ ਦੋਸ਼ੀ ਜਾਂ ਵਕੀਲ ਦੀ ਹਾਜ਼ਰੀ ਵਿਚ ਪੇਸ਼ ਹੋਵੇ ਤਾਂ ਸਰ ਜਾਂਦਾ ਹੈ। ਜੱਜ ਓਨਾ ਚਿਰ ਚਲਾਨ ਸਵੀਕਾਰ ਨਹੀਂ ਕਰਦਾ, ਜਿੰਨਾ ਚਿਰ ਵਕੀਲ ਇਹ ਨਾ ਆਖੇ ਕਿ ਨਕਲਾਂ ਪੂਰੀਆਂ ਹਨ। ਉਸ ਕੇਸ ਦਾ ਦੋਸ਼ੀ ਇਕ ਸੇਲਜ਼ਮੈਨ ਸੀ। ਰਿਕਾਰਡ ਵਿਚ ਕੈਸ਼-ਬੁੱਕਾਂ, ਬਿੱਲ-ਬੁੱਕਾਂ, ਸਟਾਕ-ਰਜਿਸਟਰ ਅਤੇ ਹਰ ਪਤਾ ਨਹੀਂ ਕੀ-ਕੀ ਸ਼ਾਮਲ ਸੀ। ਦੋਸ਼ੀ ਖ਼ੁਦ ਨਕਲਾਂ ਕਰਾਉਣ ਲੱਗਦਾ ਤਾਂ ਬਿੱਲ ਵਕੀਲ ਦੀ ਫ਼ੀਸ ਤੋਂ ਟੱਪ ਜਾਣਾ ਸੀ। ਪਹਿਲਾਂ ਮੁੱਖ ਅਫ਼ਸਰ ਇਹ ਆਖ ਕੇ ਚਲਾਨ ਦੇ ਗਿਆ ਕਿ ਬਾਕੀ ਦੀਆਂ ਨਕਲਾਂ ਤਿੰਨ ਦਿਨਾਂ ਦੇ ਅੰਦਰ-ਅੰਦਰ ਪੇਸ਼ ਕਰ ਦਿਆਂਗੇ। ਪਹਿਲਾਂ ਦੋਸ਼ੀ ਨਾ ਲੱਭਾ, ਜਦੋਂ ਦੋਸ਼ੀ ਹਾਜ਼ਰ ਹੋਇਆ ਤਾਂ ਮੁੱਖ ਅਫ਼ਸਰ ਬਦਲ ਗਿਆ। ਨਵੇਂ ਮੁੱਖ ਅਫ਼ਸਰ ਨੇ ਕਈ ਤਫ਼ਤੀਸ਼ੀਆਂ ਦੀ ਡਿਊਟੀ ਲਾਈ। ਨਕਲਾਂ ਕਰਵਾ ਕੇ ਦਿਓ। ਹਰ ਤਫ਼ਤੀਸ਼ੀ ਟਾਲ ਜਾਂਦਾ। ਫ਼ੀਸ ਕੋਈ ਹੋਰ ਖਾਵੇ, ਬਿੱਲ ਉਹ ਚੁਕਾਵੇ। ਜਦੋਂ ਮਸਲਾ ਸੈਸ਼ਨ-ਜੱਜ ਤਕ ਅਪੜਨ ਵਾਲਾ ਹੋ ਗਿਆ ਤਾਂ ਅਹਿਲਮੱਦ ਨੂੰ ਨਕਲਾਂ ਪੱਲਿਉਂ ਕਰਾ ਕੇ ਦੇਣੀਆਂ ਪਈਆਂਸਨ।
ਇਸ ਕੇਸ ਵਿਚ ਵੀ ਇੰਝ ਹੀ ਹੋਣਾ ਸੀ। ਨਕਲਾਂ ਪੂਰੀਆਂ ਕਰਵਾ ਲਈਆਂ ਜਾਣ ਜਾਂ ਵਕੀਲ ਤੋਂ ਨਕਲਾਂ ਪੂਰੀਆਂ ਹੋਣ ਬਾਰੇ ਲਿਖਵਾ ਲਿਆ ਜਾਵੇ।
ਮੇਜਰ ਨੇ ਉਨਾ ਚਿਰ ਭਾਸ਼ਣ ਜਾਰੀ ਰੱਖਿਆ ਸੀ, ਜਿੰਨਾ ਚਿਰ ਜੱਜ ਉਸ ਨਾਲ ਸਹਿਮਤ ਨਹੀਂ ਸੀ ਹੋ ਗਿਆ।
ਅਹਿਲਮੱਦ ਦੇ ਬਾਹਰ ਨਿਕਲਦੇ ਹੀ ਨਾਜ਼ਰ ਨੇ ਸਲੂਟ ਜਾ ਮਾਰਿਆ।
ਇਕ ਨੁਕਰੇ ਛੁਪਿਆ ਮੇਜਰ ਆਪਣੀ ਲਾਈ ਆਰ ਦਾ ਪ੍ਰਤੀਕਰਮ ਦੇਖਣ ਲੱਗਾ।
ਮੈਜਿਸਟ੍ਰੇਟ ਨੇ ਥਾਣੇਦਾਰ ਨੂੰ ਬੈਠਣ ਲਈ ਕੁਰਸੀ ਦਿੱਤੀ। ਤੱਤਾ-ਠੰਢਾ ਪੁੱਛਿਆ ਪਰ ਉਹ ਦੋਸ਼ੀਆਂ ਦੀ ਗ਼ੈਰ-ਹਾਜ਼ਰੀ ਵਿਚ ਚਲਾਨ ਲੈਣ ਲਈ ਸਹਿਮਤ ਨਾ ਹੋਇਆ। ਚੰਗਾ ਹੋਵੇ ਜੇ ਨਾਜ਼ਰ ਦੋ ਦਿਨ ਠਹਿਰ ਜਾਵੇ।
ਨਾਜ਼ਰ ਨੇ ਜਦੋਂ ਅੱਜ ਨੱਬੇ ਦਿਨ ਪੂਰੇ ਹੋਣ ਦੀ ਮਜਬੂਰੀ ਦੱਸੀ ਤਾਂ ਜੱਜ ਨੇ ਦੂਸਰਾ ਸੁਝਾਅ ਪੇਸ਼ ਕੀਤਾ। ਹਾਲੇ ਦਸ ਹੀ ਵੱਜੇ ਸਨ। ਉਹ ਦੋਸ਼ੀਆਂ ਦੇ ਪ੍ਰੋਡਕਸ਼ਨ ਵਰੰਟ ਲਏ ਅਤੇ ਦੋਸ਼ੀਆਂ ਨੂੰ ਜੇਲ੍ਹੋਂ ਬੁਲਾ ਲਏ।
ਨਾਜ਼ਰ ਇਸ ਸੁਝਾਅ ਨਾਲ ਸਹਿਮਤ ਨਹੀਂ ਸੀ। ਇਸ ਤਰ੍ਹਾਂ ਦਿਹਾੜੀ ਲੱਗ ਜਾਣੀ ਸੀ। ਨਾਜ਼ਰ ਇਕੱਲਾ ਸੀ। ਚਲਾਨ ਚੈੱਕ ਕਰਾਉਣ ਤੋਂ ਲੈ ਕੇ ਨਕਲਾਂ ਤਿਆਰ ਕਰਨ ਤਕ ਦੀ ਸਾਰੀ ਕਾਰਵਾਈ ਬਾਕੀ ਪਈ ਸੀ। ਨਾਜ਼ਰ ਕੋਲ ਦੋਸ਼ੀਆਂ ਨੂੰ ਲਿਆਉਣ ਲਈ ਨਾ ਗੱਡੀ ਸੀ ਨਾ ਗਾਰਦ।
ਜੇ ਨਾਜ਼ਰ ਕੁਝ ਵੀ ਨਹੀਂ ਕਰ ਸਕਦਾ ਤਾਂ ਨਕਲਾਂ ਤਾਂ ਪੂਰੀਆਂ ਕਰੇ। ਥਾਣੇਦਾਰ ਵਾਂਗ ਜੱਜ ਵੀ ਇਕ ਮੁਲਾਜ਼ਮ ਸੀ। ਉਸ ਦੀਆਂ ਵੀ ਮਜਬੂਰੀਆਂ ਸਨ। ਪਹਿਲਾਂ ਪੁਲਿਸ ਵਾਲੇ ਮਿੰਨਤ ਤਰਲਾ ਕਰ ਕੇ ਚਲਾਨ ਪੇਸ਼ ਕਰ ਜਾਂਦੇ ਹਨ, ਪਿੱਛੋਂ ਲੋਹੇ ਦੇ ਥਣ ਬਣ ਜਾਂਦੇ ਹਨ। ਸੌ-ਸੌ ਸੁਨੇਹੇ ’ਤੇ ਵੀ ਨਹੀਂ ਆਉਂਦੇ। ਦੋਸ਼ੀ ਜ਼ਮਾਨਤ ’ਤੇ ਹੁੰਦੇ, ਉਹ ਫੇਰ ਵੀ ਚਲਾਨ ਲੈ ਲੈਂਦਾ। ਫੇਰ ਇਕ-ਦੋ ਪੇਸ਼ੀਆਂ ਵੱਧ-ਘੱਟ ਪੈਣ ਨਾਲ ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਸੀ ਪੈਣਾ। ਵਕੀਲ ਦਾ ਵੀ ਪਤਾ ਨਹੀਂ, ਉਨ੍ਹਾਂ ਕਿਹੜਾ ਕਰਨਾ ਹੈ। ਕੋਈ ਸਿਆਣਾ ਵਕੀਲ ਕੀਤਾ ਹੁੰਦਾ ਤਾਂ ਜੱਜ ਨੂੰ ਸਮਝਾ ਦਿੰਦਾ। ਮਿਸਲ-ਮੁਆਇਨੇ ਦੀ ਦੋ ਸੌ ਰੁਪਿਆ ਫ਼ੀਸ ਲੈ, ਪੰਜਾਹਾਂ ’ਚ ਨਕਲਾਂ ਕਰਵਾ ਤੇ ਬਾਕੀ ਬੋਝੇ ’ਚ ਪਾ। ਦੋਸ਼ੀ ਅਮੀਰ ਹੋਣ ਜੱਜ ਤਾਂ ਵੀ ਚਲਾਨ ਲੈ ਲਏ। ਅਮੀਰ ਦੋਸ਼ੀ ਦੋ ਤਾਰੀਖ਼ਾਂ ਵੱਧ ਭੁਗਤਣ ਨਾਲੋਂ ਪੱਲਿਉਂ ਪੈਸੇ ਖ਼ਰਚ ਕੇ ਨਕਲਾਂ ਤਿਆਰ ਕਰਨ ਨੂੰ ਤਰਜੀਹ ਦਿੰਦਾ ਹੈ। ਹੁਣ ਜਦੋਂ ਕਿ ਨਾ ਸਾਇਲ ਵਿਚ ਪਰੋਖੋ ਸੀ ਤੇ ਨਾ ਵਕੀਲ ਦਾ ਪਤਾ ਸੀ ਤਾਂ ਜੱਜ ਕੀ ਕਰੇ?
ਇਸ ਕੇਸ ਦੀ ਸਮਾਇਤ ਸੈਸ਼ਨ ਜੱਜ ਨੇ ਕਰਨੀ ਸੀ। ਉਥੇ ਵਾਧੂ ਪਈ ਇਕ-ਇਕ ਤਾਰੀਖ਼ ਦਾ ਹਿਸਾਬ ਹੋਣਾ ਸੀ। ਸੈਸ਼ਨ ਜੱਜ ਨੇ ਉਸ ਤੋਂ ਸਪੱਸ਼ਟੀਕਰਨ ਮੰਗਣਾ ਸੀ। ਮੈਜਿਸਟ੍ਰੇਟ ਦੀ ਕੁਤਾਹੀ ਕਾਰਨ ਦੋਸ਼ੀ ਵੱਧ ਸਜ਼ਾ ਕਿਉਂ ਭੁਗਤਣ?
ਦੋਵੇਂ ਧਿਰਾਂ ਆਪਣੀ-ਆਪਣੀ ਥਾਂ ਜਾਇਜ਼ ਸਨ। ਫੇਰ ਮਸਲਾ ਹੱਲ ਕਿਵੇਂ ਹੋਵੇ?
ਜੱਜ ਕੁੜਿੱਕੀ ਵਿਚ ਸੀ। ਉਸਨੂੰ ਕਰਾਈ ਵਗਾਰ ਦੀ ਸ਼ਰਮ ਸੀ। ਕਾਨੂੰਨੀ ਤੌਰ ’ਤੇ ਵੀ ਉਹ ਚਲਾਨ ਵਾਪਸ ਨਹੀਂ ਸੀ ਕਰ ਸਕਦਾ। ਜੇ ਚਲਾਨ ਵਾਪਸ ਹੋ ਗਿਆ ਤਾਂ ਦੋਸ਼ੀਆਂ ਦੀ ਜ਼ਮਾਨਤ ਹੋ ਗਈ ਤਾਂ ਮਰਿਆ ਸੱਪ ਪੁਲਿਸ ਦੇ ਗਲੋਂ ਲਹਿ ਕੇ ਜੱਜ ਦੇ ਗਲ ਆ ਪੈਣਾ ਸੀ, ਪਿੱਛੋਂ ਉਸ ਨੂੰ ਖਹਿੜਾ ਛੁਡਾਉਣਾ ਔਖਾ ਹੋ ਜਾਣਾ ਸੀ।
ਆਖ਼ਿਰ ਹੱਲ ਲੱਭਿਆ ਗਿਆ।
ਅਹਿਲਮੱਦ ਨੂੰ ਬੁਲਾਇਆ ਗਿਆ। ਉਸ ਨੂੰ ਨਕਲਾਂ ਚੰਗੀ ਤਰ੍ਹਾਂ ਚੈੱਕ ਕਰਨ ਦਾ ਹੁਕਮ ਸੁਣਾਇਆ ਗਿਆ।
ਨਕਲਾਂ ਪੂਰੀਆਂ ਕਰਨ ਦੀ ਜ਼ਿੰਮੇਵਾਰੀ ਨਾਜ਼ਰ ਦੀ ਥਾਂ, ਮੇਜਰ ਦੀ ਲਾਈ ਗਈ।
ਇਹ ਫੈਸਲਾ ਦੋਹਾਂ ਨੂੰ ਮਨਜ਼ੂਰ ਸੀ।
ਨਾਜ਼ਰ ਨੂੰ ਇਸ ਲਈ ਕਿਉਂਕਿ ਉਸ ਨੇ ਮੇਜਰ ਦਾ ਘਰ ਪੂਰਾ ਕੀਤਾ ਹੋਇਆ ਸੀ। ਉਹ ਕਮੀ-ਪੇਸ਼ੀ ਆਪੇ ਢੱਕ ਦੇਵੇਗਾ।
ਮੇਜਰ ਇਸ ਲਈ ਕਿ ਥਾਣੇਦਾਰ ਹੁਣ ਉਸ ਦੀ ਦਾੜ੍ਹ ਹੇਠ ਸੀ। ਉਹ ਦੋ ਸੌ ਖ਼ਰਚ ਕੇ ਨਕਲਾਂ ਪੂਰੀਆਂ ਕਰੇਗਾ ਜਾਂ ਮੇਜਰ ਨੂੰ ਬਾਕੀ ਦੇ ਸੱਤਰ ਰੁਪਏ ਦੇਵੇਗਾ।
¬
4
ਨਾਜ਼ਰ ਸਿੰਘ ਦੋ ਘੰਟੇ ਤੋਂ ਵਾਰੀ ਉਡੀਕ ਰਿਹਾ ਸੀ। ਅਹਿਲਮੱਦ ਨੇ ਹਾਲੇ ਤੱਕ ਉਸ ਦੀ ਵਾਤ ਨਹੀਂ ਸੀ ਪੁੱਛੀ।
ਇਸ ਅਰਸੇ ਦੌਰਾਨ ਅਹਿਲਮੱਦ ਕੋਲ ਕਈ ਆਏ ਤੇ ਕੰਮ ਕਰਾ ਕੇ ਚਲੇ ਗਏ। ਇਕ-ਦੋ ਸਿਪਾਹੀ ਅਤੇ ਹੌਲਦਾਰ ਵੀ ਚਲਾਨ ਪਾਸ ਕਰਵਾ ਗਏ। ਨਾਜ਼ਰ ਨੇ ਜਦੋਂ ਵੀ ਆਪਣੇ ਬੈਠੇ ਹੋਣ ਦਾ ਅਹਿਸਾਸ ਕਰਾਇਆ, ਉਹ ਟਾਲ ਜਾਂਦਾ ਰਿਹਾ। ਫਸੀ ਨੂੰ ਫੜਕਣ ਕੀ? ਉਹ ਸਬਰ ਦਾ ਘੁੱਟ ਭਰੀ ਬਿਟਰ-ਬਿਟਰ ਤੱਕਦਾ ਰਿਹਾ।
ਮੇਜਰ ਨੂੰ ਕਦੇ ਵਿਹਲ ਮਿਲਦੀ ਤਾਂ ਉਹ ਛੋਟੇ-ਮੋਟੇ ਕੰਮਾਂ ਵਿਚ ਰੁੱਝ ਜਾਂਦਾ।
ਪਹਿਲਾਂ ਉਹ ਮਿਸਲਾਂ ਦਾ ਮੁੱਠਾ ਲੈ ਕੇ ਬੈਠ ਗਿਆ। ਇਕ-ਇਕ ਕਰ ਕੇ ਸਾਰੀਆਂ ਮਿਸਲਾਂ ਖੋਲ੍ਹੀਆਂ, ਤਰਤੀਬਵਾਰ ਕਰ ਕੇ ਬੰਨ੍ਹ ਦਿੱਤੀਆਂ। ਫੇਰ ਦੂਸਰਾ ਮੁੱਠਾ ਖੋਲ੍ਹਿਆ ਅਤੇ ਇਹੋ ਕਾਰਵਾਈ ਦੁਹਰਾਈ।
ਫੇਰ ਬੜੀ ਪ੍ਰੀਤ ਨਾਲ ਸੰਮਨ ਕੱਟਣ ਲੱਗਾ। ਇਕ-ਇਕ ਸੰਮਨ ’ਤੇ ਤਿੰਨ-ਤਿੰਨ ਮਿੰਟ ਲਾਉਣ ਲੱਗਾ, ਜਦੋਂ ਕਿ ਉਸ ਦੀ ਰਫ਼ਤਾਰ ਇਕ ਮਿੰਟ ਵਿਚ ਤਿੰਨ ਸੰਮਨ ਕੱਟਣ ਦੀ ਸੀ।
ਫੇਰ ਇਸ ਦਾ ਮਤਲਬ ਸੀ ਮੇਜਰ ਸਿੰਘ ਉਸ ਦਾ ਕੰਮ ਨਹੀਂ ਸੀ ਕਰਨਾ ਚਾਹੁੰਦਾ।
ਸ਼ੱਕ ਦੂਰ ਕਰਨ ਲਈ ਥਾਣੇਦਾਰ ਨੇ ਮੇਜਰ ਤੋਂ ਸਾਫ਼-ਸਾਫ਼ ਸ਼ਬਦਾਂ ਵਿਚ ਪੁੱਛਿਆ, “ਮੇਰੀ ਵਾਰੀ ਆਊ ਕਿ ਨਹੀਂ?”
“ਆਊ ਕਿਉਂ ਨਹੀਂ। ਮੈਂ ਵਿਹਲਾ ਬੈਠਾਂ। ਸਰਕਾਰੀ ਕੰਮ ਕਰ ਰਿਹਾਂ।” ਮੇਜਰ ਦੀ ਆਵਾਜ਼ ਵਿਚ ਵੀ ਥਾਣੇਦਾਰ ਜਿੰਨੀ ਹੀ ਕੁੜੱਤਣ ਸੀ
“ਕਈ ਮੇਰੇ ਤੋਂ ਪਿੱਛੋਂ ਆ ਕੇ ਪਹਿਲਾਂ ਕੰਮ ਕਰਾ ਗਏ।”
“ਉਨ੍ਹਾਂ ਪੂਰੀ ਫ਼ੀਸ ਦਿੱਤੀ ਹੈ। ਤੰ ਦੇ ਦੇ।” ਮੇਜਰ ਵੀ ਥਾਣੇਦਾਰ ਨੂੰ ਕਿਸੇ ਭੁਲੇਖੇ ਵਿਚ ਨਹੀਂ ਸੀ ਰੱਖਣਾ ਚਾਹੁੰਦਾ। ਬਾਰਾਂ ਵੱਜ ਚੁੱਕੇ ਸਨ। ਸਮਰੀ ਕੇਸਾਂ ਦੇ ਦੋਸ਼ੀਆਂ ਦੀ ਹਾਜ਼ਰੀ ਲਾਉਣ ਦਾ ਸਮਾਂ ਹੋ ਗਿਆ ਸੀ। ਨਾਜ਼ਰ ਤੁਰੇ ਤਾਂ ਉਹ ਪੈਸੇ ਬਟੋਰਨੇ ਸ਼ੁਰੂ ਕਰੇ।
ਨਾਇਬ ਕੋਰਟ ਕਈ ਚੱਕਰ ਲਾ ਚੁੱਕਾ ਸੀ। ਉਸ ਦੇ ਹੱਥ ਵਿਚ ਟਰੈਫ਼ਿਕ ਦੇ ਚਲਾਨਾਂ ਦਾ ਥੱਬਾ ਸੀ। ਦੁਕਾਨਾਂ, ਫ਼ੈਕਟਰੀਆਂ ਵਾਲੇ ਤਾਂ ਥਾਣੇਦਾਰ ਤੋਂ ਨਹੀਂ ਸਨ ਝਿਜਕੇ। ਮੇਜਰ ਨਾਲ ਗੱਲ ਕਰ ਗਏ ਸਨ ਪਰ ਟਰੈਫ਼ਿਕ ਦੇ ਚਲਾਨ ਪੁਲਿਸ ਰਾਹੀਂ ਭੁਗਤਦੇ ਸਨ। ਨਾਇਬ ਕੋਰਟ ਪੁਲਿਸ ਕਰਮਚਾਰੀ ਸੀ। ਥਾਣੇਦਾਰ ਦੇ ਸਾਹਮਣੇ ਕੋਈ ਹੇਰਾ-ਫੇਰੀ ਹੋਈ ਤਾਂ ਉਸ ਦੀ ਸ਼ਿਕਾਇਤ ਹੋ ਜਾਣੀ ਸੀ। ਡਿਪਟੀ ਬੜਾ ਅੜੀਅਲ ਸੀ। ਸਸਪੈਂਡ ਕਰ ਕੇ ਸਿੱਧਾ ਘਰ ਨੂੰ ਤੋਰੇਗਾ। ਉਸ ਨੇ ਕਈ ਥਾਣੇਦਾਰ ਮੁਅੱਤਲ ਕੀਤੇ ਸਨ, ਸਿਪਾਹੀ ਕਿਸ ਖੇਤ ਦੀ ਮੂਲੀ ਸੀ।
ਇਸ ਵਾਰ ਜਦੋਂ ਨਾਇਬ ਕੋਰਟ ਵਾਪਸ ਮੁੜਿਆ ਤਾਂ ਨਾਜ਼ਰ ਨੇ ਖੰਘੂਰਾ ਮਾਰ ਦਿੱਤਾ। ਮੇਜਰ ਮਤਲਬ ਤਾੜ ਗਿਆ। ਨਾ ਖੇਡਣਾ ਨਾ ਖੇਡਣ ਦੇਣਾ, ਖੁੱਤੀ ਵਿਚ.....। ਜੇ ਮੇਜਰ ਉਸ ਦਾ ਕੰਮ ਨਹੀਂ ਕਰਦਾ ਤਾਂ ਉਹ ਵੀ ਫ਼ੀਸ ਨਹੀਂ ਲੈ ਸਕਦਾ।
ਦੋਹਾਂ ਨੇ ਅੜੀ ਫੜ ਲਈ। ਉਹ ਇਕ-ਦੂਜੇ ਦੇ ਕੰਮ ਵਿਚ ਰੋੜਾ ਅਟਕਾਉਣ ਲੱਗੇ।
ਨਾਜ਼ਰ ਸਿੰਘ ਨੇ ਤਾਂ ਕੁਰਸੀ ਨਾ ਛੱਡੀ, ਮੇਜਰ ਹੀ ਟਲ ਗਿਆ। ਜੇ ਇਥੇ ਸੌਦਾ ਨਹੀਂ ਹੁੰਦਾ ਨਾ ਸਹੀ। ਮੁਨਸ਼ੀਆਂ, ਨਕਲ-ਨਵੀਸਾਂ ਅਤੇ ਟਾਈਪਿਸਟਾਂ ਦੇ ਤਖ਼ਤਪੋਸ਼ਾਂ ਜਾਂ ਵਕੀਲਾਂ ਦੇ ਖੋਖਿਆਂ ਵਿਚ ਸਹੀ।
ਮੁਨਸ਼ੀਆਂ ਮੁਸੱਦੀਆਂ ਤੋਂ ਉਗਰਾਹੀ ਕਰਦੇ ਅਹਿਲਮੱਦ ਨੂੰ ਇਕ ਵੱਜ ਗਿਆ।
ਲੰਚ-ਬਕਸ ਚੁੱਕਣ ਜਦੋਂ ਉਹ ਵਾਪਸ ਆਇਆ ਤਾਂ ਨਾਜ਼ਰ ਗ਼ਾਇਬ ਸੀ। ਮੇਜਰ ਨੇ ਸੁੱਖ ਦਾ ਸਾਹ ਲਿਆ। ਬਲਾ ਟਲੀ।
ਮੇਜਰ ਦੇ ਪਹਿਲੀ ਬੁਰਕੀ ਤੋੜਦਿਆਂ ਹੀ ਨਾਇਬ ਕੋਰਟ ਆ ਧਮਕਿਆ। ਉਸ ਨੇ ਮੇਜਰ ਨੂੰ ਸਾਵਧਾਨ ਕੀਤਾ। ਥਾਣੇਦਾਰ ਬਹੁਤ ਗਰਮ ਸੀ। ਸਰਕਾਰੀ ਵਕੀਲ ਦੇ ਦਫ਼ਤਰ ਵਿਚ ਮੇਜਰ ਦੇ ਖ਼ਿਲਾਫ਼ ਗੋਂਦ ਗੁੰਦੀ ਜਾ ਰਹੀ ਸੀ।
ਸਰਕਾਰੀ ਵਕੀਲ ਬਲਦੀ ’ਤੇ ਤੇਲ ਪਾ ਰਿਹਾ ਸੀ। ਉਹ ਮੇਜਰ ’ਤੇ ਵਿਜੀਲੈਂਸ ਦਾ ਰੇਡ ਕਰਾਉਣ ਦਾ ਸੁਝਾਅ ਦੇ ਰਿਹਾ ਸੀ। ਮੇਜਰ ਨੇ ਅੱਤ ਚੁੱਕੀ ਹੋਈ ਸੀ। ਬਿਨਾਂ ਪੈਸੇ ਲਏ ਉਹ ਸਕੇ ਬਾਪ ਦਾ ਵੀ ਕੰਮ ਨਹੀਂ ਸੀ ਕਰਦਾ। ਉਹ ਆਖ ਰਿਹਾ ਸੀ।
ਇਹ ਤਜਵੀਜ਼ ਨਾਜ਼ਰ ਸਿੰਘ ਨੂੰ ਮਨਜ਼ੂਰ ਨਹੀਂ ਸੀ। ਰੇਡ ’ਤੇ ਪੂਰੀ ਦਿਹਾੜੀ ਲੱਗਣੀ ਸੀ। ਮਸਲਾ ਤਾਂ ਸ਼ਾਮ ਤਕ ਚਲਾਨ ਪੇਸ਼ ਕਰਨ ਦਾ ਸੀ।
ਨਾਜ਼ਰ ਸਿੰਘ ਦੇ ਦੜ ਵੱਟ ਲੈਣ ’ਤੇ ਸੁਰਿੰਦਰ ਨੇ ਦੂਜਾ ਹੱਲ ਸੁਝਾਇਆ ਸੀ।
“ਅਸੀਂ ਅਹਿਲਮੱਦ ਦੇ ਬਾਪ ਦੇ ਨੌਕਰ ਨਹੀਂ, ਬਈ ਸਾਰਾ ਦਿਨ ਉਸ ਦੇ ਬੂਹੇ ਅੱਗੇ ਬੈਠੇ ਰਹੀਏ। ਕਾਗ਼ਜ਼-ਪੱਤਰ ਲਾਉਣਾ ਉਸ ਦੀ ਡਿਊਟੀ ਹੈ। ਕਾਗ਼ਜ਼ ਲੱਭਦੇ ਹਨ ਤਾਂ ਲਾਵੇ, ਨਹੀਂ ਲੱਭਦੇ ਤਾਂ ਨਾ ਲਾਵੇ। “
“ਤੰ ਚਲਾਨ ਰੱਖ ਜਾ। ਮੈਂ ਆਪੇ ਪੇਸ਼ ਕਰ ਦੇਊਂ। ਕਾਗ਼ਜ਼-ਪੱਤਰ ਸਹੀ ਹਨ ਜਾਂ ਨਹੀਂ, ਇਹ ਘੋਖਣਾ ਜੱਜ ਦਾ ਕੰਮ ਨਹੀਂ। ਘਾਟ-ਵਾਧ ਹੋਏਗੀ ਤਾਂ ਦੋਸ਼ੀ ਬਰੀ ਹੋ ਜਾਣਗੇ। ਜੱਜ ਨੇ ਇਹੋ ਦੇਖਣਾ ਹੈ ਕਿ ਜਿੰਨੇ ਕਾਗ਼ਜ਼ ਪੁਲਿਸ ਚਲਾਨ ਨਾਲ ਲੱਗੇ ਆਖਦੀ ਹੈ, ਉਹ ਲੱਗੇ ਹਨ ਜਾਂ ਨਹੀਂ, ਬੱਸ।”
ਇਸ ਤਜਵੀਜ਼ ’ਤੇ ਵੀ ਨਾਜ਼ਰ ਨੇ ਚੁੱਪ ਧਾਰ ਲਈ।
ਦੁੱਧ ਦਾ ਫੂਕਿਆ ਉਹ ਲੱਸੀ ਨੂੰ ਵੀ ਫੂਕਾਂ ਮਾਰ ਕੇ ਪੀਂਦਾ ਸੀ। ਦੂਜਿਆਂ ਸਹਾਰੇ ਕੰਮਸੁੱਟਣਦੀ ਅਣਗਹਿਲੀ ਉਸ ਤੋਂ ਇਕ ਵਾਰ ਹੋਈ ਸੀ। ਉਸੇ ਵਿਚ ਉਸ ਦੀ ਦੋ ਸਾਲ ਦੀਨੌਕਰੀ ਕੱਟੀ ਗਈ ਸੀ। ਨਹੀਂ ਉਹ ਅੱਜ ਸਬ ਇੰਸਪੈਕਟਰ ਹੁੰਦਾ ਤੇ ਕਿਸੇ ਥਾਣੇ ਦਾ ਮੁੱਖ ਅਫ਼ਸਰ।
ਇਹ ਗ਼ਲਤੀ ਉਸ ਸਮੇਂ ਹੋਈ ਜਦੋਂ ਉਹ ਪਹਿਲੀ ਵਾਰ ਹੌਲਦਾਰ ਲੱਗਾ ਸੀ।
ਪਹਿਲੇ ਹੌਲਦਾਰ ਨੇ ਸ਼ਰਾਬ ਦੇ ਇਕ ਠੇਕੇਦਾਰ ਕੋਲੋਂ ਦਸ ਬੋਰੇ ਸ਼ਰਾਬ ਦੇ ਫੜੇ ਸਨ, ਬਿਨਾਂ ਪਰਮਿਟ ਦੇ। ਦੋਸ਼ੀ ਕੋਈ ਕਰਿੰਦਾ ਹੰਦਾ ਤਾਂ ਠੇਕੇਦਾਰ ਪਰਵਾਹ ਨਾ ਕਰਦਾ। ਮੁਕੱਦਮਾ ਹਿੱਸੇਦਾਰ ’ਤੇ ਬਣਿਆ ਸੀ। ਜ਼ਿਲ੍ਹੇ ਭਰ ਦੇ ਠੇਕੇਦਾਰਾਂ ਦੇ ਵਕਾਰ ਦਾ ਸਵਾਲ ਸੀ। ਸਾਰੇ ਠੇਕੇਦਾਰ ਮੁਕੱਦਮਾ ਕੈਂਸਲ ਕਰਾਉਣ ’ਤੇ ਤੁੱਲ ਗਏ।
ਪਹਿਲਾਂ ਉਨ੍ਹਾਂ ਐਕਸਾਈਜ਼ ਇੰਸਪੈਕਟਰ ਤੋਂ ਉਸ ਦੇ ਮਹਿਕਮੇ ਦਾ ਸਾਰਾ ਰਿਕਾਰਡ ਤਬਦੀਲ ਕਰਵਾਇਆ। ਫੇਰ ਉਸ ਤੋਂ ਰਿਪੋਰਟ ਕਰਵਾਈ। ਫੜਿਆ ਮਾਲ ਪਰਮਿਟ ਦਾ ਸੀ, ਪਰਮਿਟ ਉਸੇ ਨੇ ਜਾਰੀ ਕੀਤਾ ਸੀ। ਠੇਕੇਦਾਰ ਪੁਲਿਸ ਨੂੰ ਵਗਾਰ ਨਹੀਂ ਸੀ ਦਿੰਦਾ। ਇਸੇ ਰੰਜਿਸ਼ ਕਾਰਨ ਇਹ ਮੁਕੱਦਮਾ ਬਣਿਆ ਸੀ।
ਪੁਲਿਸ ਕਪਤਾਨ ਨੇ ਠੇਕੇਦਾਰਾਂ ਦੇ ਇਸ ਦੋਸ਼ ਦੀ ਪੜਤਾਲ ਕਰਵਾਈ। ਦੋਸ਼ ਤਾਂ ਸਾਬਤ ਨਾ ਹੋਏ ਪਰ ਮੁਕੱਦਮਾ ਚਾਰ ਮਹੀਨੇ ਲਈ ਜ਼ਰੂਰ ਲਟਕ ਗਿਆ।
ਠੇਕੇਦਾਰਾਂ ਦੀ ਇਥੇ ਦਾਲ ਨਾ ਗਲੀ ਤਾਂ ਉਨ੍ਹਾਂ ਕੈਮੀਕਲਜ਼ ਐਗਜ਼ਾਮੀਨਰ ਨਾਲ ਰਿਸ਼ਤੇਦਾਰੀ ਗੰਢੀ। ਉਹ ਨਮੂਨੇ ਵਿਚ ਤਾਂ ਹੇਰਾਫੇਰੀ ਕਰਨ ਦੀ ਜੁਰਅਤ ਨਾ ਕਰ ਸਕਿਆ ਪਰ ਕੁਝ ਸਮੇਂ ਲਈ ਰਿਪੋਰਟ ਜ਼ਰੂਰ ਦੱਬ ਲਈ।
ਨਾਜ਼ਰ ਨੂੰ ਮਿਸਲ ਮਿਆਦ ਮੁੱਕਣ ਤੋਂ ਇਕ ਦਿਨ ਪਹਿਲਾਂ ਦਿੱਤੀ ਗਈ।
ਮਿੰਨਤ ਤਰਲਾ ਕਰ ਕੇ ਉਸ ਨੇ ਸਰਕਾਰੀ ਵਕੀਲ ਤੋ ਚਲਾਨ ਪਾਸ ਕਰਵਾ ਲਿਆ ਮੁਲਜ਼ਮ ਨੂੰ ਲੈਣ ਗਿਆ ਤਾਂ ਪਤਾ ਲੱਗਾ ਉਹ ਜੰਮੂ ਬੈਠਾ ਹੈ।
ਬਿਨਾਂ ਦੋਸ਼ੀ ਤੋਂ ਆਖ਼ਰੀ ਦਿਨ ਚਲਾਨ ਪੇਸ਼ ਕਰਨ ਦਾ ਮਤਲਬ ਸੀ, ਕੋਈ ਵੱਡੀ ਸਾਰੀ ਵਗਾਰ। ਉਨ੍ਹੀਂ ਦਿਨੀਂ ਹਾਈਕੋਰਟ ਦੇ ਜੱਜ ਨੇ ਇੰਸਪੈਕਸ਼ਨ ’ਤੇ ਆਉਣਾ ਸੀ। ਉਸ ਦੇ ਅਮਲੇ ਫੈਲੇ ਲਈ ਫੰਡ ਇਕੱਠਾ ਕੀਤਾ ਜਾ ਰਿਹਾ ਸੀ। ਜਿਹੜਾ ਵੀ ਤਫ਼ਤੀਸ਼ੀ ਕਚਹਿਰੀ ਵੜਦਾ, ਉਸੇ ਦੀ ਜੇਬ ਕੱਟ ਲਈ ਜਾਂਦੀ। ਨਾਜ਼ਰ ਨਵਾਂ-ਨਵਾਂ ਹੌਲਦਾਰ ਬਣਿਆ ਸੀ। ਡਰਦਾ ਰਿਸ਼ਵਤ ਨਹੀਂ ਸੀ ਲੈਂਦਾ। ਬਹੁਤਾ ਭਾਰ ਝੱਲਣਾ ਉਸ ਦੇ ਵਿਤੋਂ ਬਾਹਰ ਸੀ।
ਪੰਜਾਹ ਦਾ ਨੋਟ ਲੈ ਕੇ ਅਹਿਲਮੱਦ ਨੇ ਹਿੱਕ ਥਾਪੜੀ। ਉਹ ਆਪੇ ਜੱਜ ਕੋਲੋਂ ਦਸਤਖ਼ਤ ਕਰਵਾ ਲਏਗਾ। ਅਹਿਲਮੱਦ ’ਤੇ ਸਾਰਾ ਥਾਣਾ ਭਰੋਸਾ ਕਰਦਾ ਸੀ। ਨਾਜ਼ਰ ਨੇ ਵੀ ਕਰ ਲਿਆ। ਅਹਿਲਮੱਦ ਦੇ ਮੋਢਿਆਂ ’ਤੇ ਭਾਰ ਸੁੱਟ ਕੇ ਉਹ ਸੁੱਖ ਦੀ ਨੀਂਦ ਜਾ ਸੱਤਾ।
ਅੱਖ ਉਦੋਂ ਖੁੱਲ੍ਹੀ ਜਦੋਂ ਪੁਲਿਸ ਕਪਤਾਨ ਵੱਲੋਂ ਨੋਟਿਸ ਆ ਗਿਆ। ਦੋਸ਼ੀ ਉਸ ਦੀ ਅਣਗਹਿਲੀ ਕਾਰਨ ਬਰੀ ਹੋਇਆ ਸੀ। ਚਲਾਨ ਮਿਆਦ ਦੇ ਅੰਦਰ ਪੇਸ਼ ਕਿਉਂ ਨਾ ਕੀਤਾ? ਇਸ ਦਾ ਕਾਰਨ ਪੁੱਛਿਆ ਗਿਆ ਸੀ।
ਨਾਜ਼ਰ ਦੁਹੱਥੜੇ ਮਾਰਨ ਤੋਂ ਸਿਵਾ ਕੁਝ ਨਹੀਂ ਸੀ ਕਰ ਸਕਿਆ। ਉਹ ਅਹਿਲਮੱਦ ਕੋਲ ਜਾ ਕੇ ਪਿੱਟਿਆ। ਉਸ ਨੇ ਮਜਬੂਰੀ ਜ਼ਾਹਰ ਕੀਤੀ। ਠੇਕੇਦਾਰਾਂ ਨੇ ਜੱਜ ਤਕ ਪਹੁੰਚ ਕਰ ਲਈ ਸੀ। ਚਲਾਨ ਜ<ਜ ਨੇ ਟਰਕਾਇਆ ਸੀ ਉਸ ਦਿਨ ਤੋਂ ਨਾਜ਼ਰ ਨੇ ਕੰਨਾਂ ਨੂੰ ਹੱਥ ਲਾ ਲਏ। ਜਿੰਨਾ ਚਿਰ ਅਹਿਲਮੱਦ ਆਪਣੇ ਰਜਿਸਟਰ ਵਿਚ ਚਲਾਨ ਪੇਸ਼ ਹੋਣ ਦਾ ਇੰਦਰਾਜ ਨਹੀਂ ਸੀ ਕਰ ਲੈਂਦਾ, ਉਨਾ ਚਿਰ ਉਹ ਥਾਣੇ ਵਾਪਸ ਨਹੀਂ ਸੀ ਜਾਂਦਾ।
ਬੰਟੀ ਕਤਲ ਕੇਸ ਬਹੁ-ਚਰਚਿਤ ਕੇਸ ਸੀ। ਇਸ ਵਿਚ ਉਸ ਨੂੰ ਰਸੀਦ ਚਾਹੀਦੀ ਸੀ। ਉਹ ਵੀ ਅਹਿਲਮੱਦ ਦੇ ਦਸਤਖ਼ਤੀ।
ਉਹ ਚਲਾਨ ਸਰਕਾਰੀ ਵਕੀਲ ਨੂੰ ਫੜਾ ਕੇ ਜਾਣ ਲਈ ਤਿਆਰ ਨਹੀਂ ਸੀ। ਉਹ ਚਲਾਨ ਪੇਸ਼ ਵੀ ਕਰੇਗਾ ਅਤੇ ਰਸੀਦ ਵੀ ਲਏਗਾ, ਮੇਜਰ ਵਿਰੁੱਧ ਜੋ ਕਰ ਸਕਿਆ ਕਰੇਗਾ।
ਸਮੱਸਿਆ ਦੇ ਹੱਲ ਲਈ ਨਾਜ਼ਰ ਨੂੰ ਕਿਸੇ ਦੀ ਸਹਾਇਤਾ ਦੀ ਜ਼ਰੂਰਤ ਨਹੀਂ ਸੀ। ਨਾ ਵਿਜੀਲੈਂਸ ਦੀ, ਨਾ ਸਰਕਾਰੀ ਵਕੀਲ ਦੀ। ਜੇ ਉਸ ਨੇ ਅਹਿਲਮੱਦ ਵਿਰੁੱਧ ਕਾਰਵਾਈ ਕਰਨੀ ਹੁੰਦੀ ਤਾਂ ਉਹ ਖ਼ੁਦ ਕਰੇਗਾ, ਆਪਣੇ ਬਲ-ਬੂਤੇ ‘ਤੇ।
ਨਾਜ਼ਰ ਸਿੰਘ ਸਾਰੇ ਅਮਲੇ-ਫੈਲੇ ਨੂੰ ਜਾਣਦਾ ਸੀ। ਸ਼ਾਮ ਨੂੰ ਸਭ ਸ਼ਰਾਬੀ ਹੋਏ ਹੁੰਦੇ ਹਨ। ਕੋਈ ਕਿਸੇ ਵਕੀਲ ਦੇ ਖੋਖੇ ਵਿਚ ਲੇਟਿਆ ਪਿਆ ਹੁੰਦੈ, ਕੋਈ ਕਿਸੇ ਚੌਕ ਵਿਚ। ਕੋਈ ਕਿਸੇ ਅਵਾਰਾ ਜ਼ਨਾਨੀ ਨੂੰ ਲਈ ਰਿਟਾਇਰਿੰਗ ਰੂਮ ਵਿਚ ਵੜਿਆ ਹੁੰਦਾ ਅਤੇ ਕੋਈ ਤਾਸ਼ ਫੜੀ ਕੋਰਟ-ਰੂਮ ਨੂੰ ਜੂਆਖ਼ਾਨਾ ਬਣਾਈ ਬੈਠਾ ਹੁੰਦਾ। ਨਾਜ਼ਰ ਨੂੰ ਉਨ੍ਹਾਂ ਸਾਰੇ ਅੱਡਿਆਂ ਦਾ ਪਤਾ ਹੈ, ਜਿਥੇ ਜਾ ਕੇ ਇਹ ਖੇਹ ਖਾਂਦੇ ਹਨ। ਨਾਜ਼ਰ ਚਾਹੇ ਤਾਂ ਅੱਜ ਹੀ ਸਾਰਿਆਂ ਦੇ ਹੱਥਕੜੀ ਜੜ੍ਹ ਦੇਵੇ। ਉਹ ਉਨ੍ਹਾਂ ਦਾ ਲਿਹਾਜ਼ ਰੱਖਦਾ ਸੀ। ਹਰ ਰੋਜ਼ ਮੂੰਹ-ਮੱਥੇ ਲੱਗਦੇ ਸਨ। ਲੋਕ ਕੀ ਆਖਣਗੇ? ਡੈਣ ਨੇ ਇਕ ਘਰ ਵੀ ਨਹੀਂ ਛੱਡਿਆ।
ਅੱਕਿਆ ਥਾਣੇਦਾਰ ਅੱਜ ਸ਼ਾਮ ਕੋਈ ਕਾਰਵਾਈ ਕਰ ਸਕਦਾ ਸੀ
ਨਾਇਬ ਕੋਰਟ ਨੇ ਜੋ ਸੁਣਿਆ ਸੀ, ਉਹ ਹੂ-ਬ-ਹੂ ਮੇਜਰ ਨੂੰ ਆ ਸੁਣਾਇਆ ਸੀ। ਅਗਾਂਹ ਮੇਜਰ ਨੇ ਸੋਚਣਾ ਸੀ ਕਿ ਉਸ ਨੇ ਕੀ ਕਰਨਾ ਸੀ।
ਉਂਝ ਨਾਇਬ ਕੋਰਟ ਦੀ ਸਲਾਹ ਸੀ ਕਿ ਗੱਲ ਬਹੁਤੀ ਨਾ ਵਧਾਈ ਜਾਏ। ਨਾਜ਼ਰ ਬੰਦਾ ਮਾੜਾ ਨਹੀਂ। ਇਸ ਕੇਸ ਨੇ ਸੱਚਮੁੱਚ ਉਸ ਦੀ ਟੋਟਨੀ ਗੰਜੀ ਕਰ ਦਿੱਤੀ ਸੀ। ਨਾਇਬ ਕੋਰਟ ਉਸ ਦਾ ਜ਼ਾਮਨ ਬਣਨ ਨੂੰ ਤਿਆਰ ਸੀ। ਜਿਉਂ ਹੀ ਨਾਜ਼ਰ ਨੂੰ ਕੋਈ ਤਫ਼ਤੀਸ਼ ਮਿਲੀ, ਉਹ ਸੌ ਦਾ ਨੋਟ ਲਿਆ ਦੇਵੇਗਾ।
ਅਹਿਲਮੱਦ ਨਾਇਬ ਕੋਰਟ ਨਾਲ ਸਹਿਮਤ ਨਹੀਂ ਸੀ। ਪਹਿਲਾਂ ਸੱਤ-ਅੱਠ ਸੌ ਸੁਰਿੰਦਰ ਰਗੜ ਗਿਆ, ਫੇਰ ਡੀ.ਏ. ਨੇ ਵਗਾਰ ਕਰਵਾਈ। ਮੇਜਰ ਵਾਰੀ ਜੇਬ ਨੂੰ ਜਿੰਦਾ ਕਿਉਂ?
ਨਾਇਬ ਕੋਰਟ ਨੇ ਖ਼ੁਦ ਹੀ ਤਾਂ ਦੱਸਿਆ ਸੀ। ਇਹ ਚਲਾਨ ਲੈ ਕੇ ਨਾਜ਼ਰ ਤਿੰਨ ਦਿਨ ਡੀ.ਏ. ਦੇ ਦਫ਼ਤਰ ਅੱਗੇ ਬੈਠਾ ਰਿਹਾ ਸੀ। ਡੀ.ਏ. ਚਾਹੁੰਦਾ ਸੀ ਫ਼ੀਸ ਦੀ ਗੱਲ ਪਹਿਲਾਂ ਨਾਜ਼ਰ ਸਿੰਘ ਚਲਾਏ। ਵੱਡੇ ਅਫ਼ਸਰ ਆਪ ਫ਼ੀਸ ਦੀ ਗੱਲ ਚਲਾਉਂਦੇ ਚੰਗੇ ਨਹੀਂ ਲੱਗਦੇ। ਨਾਜ਼ਰ ਸੀ ਕਿ ਲੀਹ ’ਤੇ ਨਹੀਂ ਸੀ ਆ ਰਿਹਾ।
ਜਦੋਂ ਨਾਜ਼ਰ ਨੇ ਮੂੰਹ ’ਤੇ ਮਿੱਟੀ ਮਲ ਲਈ ਤਾਂ ਐਨ ਆਖ਼ਰੀ ਵਕਤ ’ਤੇ ਡੀ.ਏ. ਨੇ ਕੱਛ ‘ਚੋਂ ਮੁੰਗਲਾ ਕੱਢ ਮਾਰਿਆ।
ਉਂਗਲਾਂ ਦੇ ਨਿਸ਼ਾਨਾਂ ਬਾਰੇ ਰਾਏ ਦਿੰਦੇ ਸਮੇਂ ਫੋਰੈਂਸਿਕ ਸਾਇੰਸ ਲਬਾਰਟਰੀ ਵਾਲਿਆਂ ਤੋਂ ਇਕ ਵੱਡੀ ਗ਼ਲਤੀ ਹੋਈ ਸੀ। ਉਹ ਦਰੁਸਤ ਨਾ ਹੋਈ ਤਾਂ ਦੋਸ਼ੀਆਂ ਨੇ ਬਰੀ ਹੋ ਜਾਣਾ ਸੀ।
ਜਿਸ ਥਾਂ ਤੋਂ ਬੰਟੀ ਦੀ ਲਾਸ਼ ਬਰਾਮਦ ਹੋਈ ਸੀ, ਉਸ ਥਾਂ ਤੋਂ ਮਾਹਿਰਾਂ ਨੂੰ ਉਂਗਲਾਂ ਦੇ ਕੁਝ ਨਿਸ਼ਾਨ ਮਿਲੇ ਸਨ। ਸਬੂਤ ਵੱਜੋਂ ਉਹ ਨਿਸ਼ਾਨ ਉਸੇ ਦਿਨ ਲਬਾਰਟਰੀ ਵਿਚ ਜਮ੍ਹਾਂ ਹੋਣੇ ਚਾਹੀਦੇ ਸਨ, ਜਿਸ ਦਿਨ ਦੋਸ਼ੀਆਂ ਨੇ ਕਾਬੂ ਆਉਣਾ ਸੀ। ਉਸ ਦਿਨ ਉਨ੍ਹਾਂ ਦੇ ਨਿਸ਼ਾਨ ਮੁੜ ਜਾਣੇ ਸਨ। ਫੇਰ ਲਬਾਰਟਰੀ ਵਾਲਿਆਂ ਨੇ ਮੌਕੇ ਤੋਂ ਮਿਲੇ ਨਿਸ਼ਾਨਾਂ ਨੂੰ ਦੋਸ਼ੀਆਂ ਦੇ ਨਿਸ਼ਾਨਾਂ ਨਾਲ ਮਿਲਾਉਣਾ ਸੀ ਤੇ ਇਹ ਸਾਬਤ ਕਰਨਾ ਸੀ ਕਿ ਜਿਨ੍ਹਾਂ ਵਿਅਕਤੀਆਂ ਨੇ ਮੌਕੇ ’ਤੇ ਲਾਸ਼ ਸੁੱਟੀ ਸੀ ਉਹ ਇਹੋ ਸਨ।
ਮੌਕੇ ’ਤੇ ਮਿਲੇ ਨਿਸ਼ਾਨ ਪਤਾ ਨਹੀਂ ਕਿਸ ਆਦਮੀ ਦੇ ਸਨ। ਜਦੋਂ ਪਾਲੇ ਅਤੇ ਮੀਤੇ ਨੂੰ ਇਸ ਕੇਸ ਵਿਚ ਗ੍ਰਿਫ਼ਤਾਰ ਕਰਨ ਦਾ ਪ੍ਰੋਗਰਾਮ ਬਣਿਆ ਸੀ ਤਾਂ ਉਨ੍ਹਾਂ ਦੀਆਂ ਉਂਗਲਾਂ ਦੇ ਨਿਸ਼ਾਨ ਵੀ ਲੈ ਲਏ ਗਏ ਸਨ। ਇਕ ਭਰੋਸੇਯੋਗ ਅਫ਼ਸਰ ਰਾਹੀਂ ਪਹਿਲਿਆਂ ਦੀ ਥਾਂ ਇਹ ਨਿਸ਼ਾਨ ਰਖਵਾਏ ਗਏਸਨ। ਫੇਰ ਜ਼ਾਬਤੇ ਅਨੁਸਾਰ ਕਾਰਜਕਾਰੀ ਮੈਜਿਸਟ੍ਰੇਟ ਸਾਹਮਣੇ ਉਨ੍ਹਾਂ ਦੀਆਂ ਉਂਗਲਾਂ ਦੇ ਨਿਸ਼ਾਨ ਲਏ ਗਏ ਅਤੇ ਜ਼ਾਬਤੇ ਅਨੁਸਾਰ ਲਬਾਰਟਰੀ ਕੋਲ ਪਹਿਲਾਂ ਜਮ੍ਹਾਂ ਕਰਵਾਏ ਨਿਸ਼ਾਨਾਂ ਨਾਲ ਮਿਲਾਨ ਕਰਨ ਲਈ ਭੇਜੇ ਗਏ।
ਲਬਾਰਟਰੀ ਵਾਲਿਆਂ ਨੇ ਨਿਸ਼ਾਨ ਤਬਦੀਲ ਕਰ ਦਿੱਤੇ। ਪੁਲਿਸ ਦੀ ਲੋੜ ਅਨੁਸਾਰ ਰਿਪੋਰਟ ਵੀ ਲਿਖ ਦਿੱਤੀ। ਰਿਪੋਰਟ ਵਿਚ ਇਕ ਖ਼ਾਨਾ ਸੀ ਜਿਸ ਵਿਚ ਉਹ ਤਾਰੀਖ਼ ਦਰਜ ਕਰਨੀ ਸੀ ਜਿਸ ਦਿਨ ਮੌਕੇ ਤੋਂ ਲਏ ਗਏ ਨਿਸ਼ਾਨ ਲਬਾਰਟਰੀ ਵਿਚ ਜਮ੍ਹਾਂ ਹੋਏ ਸਨ। ਭੁਲੇਖੇ ਨਾਲ ਇਥੇ ਉਹ ਤਾਰੀਖ਼ ਲਿਖ ਗਏ ਜਿਸ ਦਿਨ ਪੁਰਾਣੇ ਨਿਸ਼ਾਨਾਂ ਨੂੰ ਨਵੇਂ ਨਿਸ਼ਾਨਾਂ ਨਾਲ ਤਬਦੀਲ ਕੀਤਾ ਗਿਆ ਸੀ। ਇਸ ਗ਼ਲਤੀ ਨਾਲ ਇਹ ਸਾਬਤ ਹੋ ਰਿਹਾ ਸੀ ਕਿ ਮੌਕੇ ਤੋਂ ਲਏ ਗਏ ਨਿਸ਼ਾਨ ਦੋ ਤਾਰੀਖ਼ਾਂ ’ਤੇ ਜਮ੍ਹਾਂ ਹੋਏ ਸਨ। ਇਕ ਵਾਰ ਲਾਸ਼ ਬਰਾਮਦਗੀ ਵਾਲੇ ਦਿਨ, ਦੂਜੀ ਵਾਰ ਰਿਪੋਰਟ ਵਿਚ ਦਰਜ ਤਾਰੀਖ਼ ਵਾਲੇ ਦਿਨ। ਇਸ ਘਪਲੇ ਨਾਲ ਖੇਡ ਵਿਗੜ ਜਾਣੀ ਸੀ।
ਰਿਪੋਰਟ ਦਰੁਸਤ ਹੋਣੀ ਜ਼ਰੂਰੀ ਸੀ। ਨਵੀਂ ਦੀ ਥਾਂ ਪੁਰਾਣੀ ਤਾਰੀਖ਼ ਦਰਜ ਹੋਣੀ ਚਾਹੀਦੀਸੀ।
ਲਬਾਰਟਰੀ ਵਿਚੋਂ ਨਵੀਂ ਚਿੱਠੀ ਜਾਰੀ ਕਰਵਾਉਣੀ ਕੋਈ ਵੱਡੀ ਗੱਲ ਨਹੀਂ ਸੀ। ਸਮੱਸਿਆ ਸੀ ਸਮੇਂ ਦੀ ਘਾਟ। ਸ਼ਾਮ ਦੇ ਚਾਰ ਵੱਜ ਚੁੱਕੇ ਸਨ। ਚੰਡੀਗੜ੍ਹ ਜਾ ਕੇ ਬਾਬੂਆਂ ਨੂੰ ਘਰੋਂ ਲੱਭਣਾ, ਰਿਪੋਰਟ ਠੀਕ ਕਰਵਾਉਣੀ ਅਤੇ ਫੇਰ ਅਫ਼ਸਰਾਂ ਤੋਂ ਦਰੁਸਤ ਕਰਵਾਉਣਾ ਅਸੰਭਵ ਸੀ।
ਡੀ.ਏ. ਹਾਲੇ ਇਸੇ ਤਰ੍ਹਾਂ ਚਲਾਨ ਪੇਸ਼ ਕਰੇ। ਨਾਜ਼ਰ ਇਸੇ ਤਰ੍ਹਾਂ ਪੇਸ਼ ਕਰ ਦੇਵੇਗਾ। ਪਿੱਛੋਂ ਚੰਡੀਗੜ੍ਹ ਜਾ ਕੇ ਨਵੀਂ ਚਿੱਠੀ ਜਾਰੀ ਕਰਵਾਏਗਾ ਅਤੇ ਚੁਪਕੇ ਜਿਹੇ ਮਿਸਲ ਨਾਲ ਨੱਥੀ ਕਰ ਦੇਵੇਗਾ।
ਇਹ ਪਾਪ ਸੀ, ਜੁਰਮ ਸੀ। ਇਸ ਜੁਰਮ ਵਿਚ ਡੀ.ਏ. ਭਾਗੀਦਾਰ ਕਿਉਂ ਬਣੇ? ਜੇ ਉਸ ਨੂੰ ਵੀ ਪਾਪਾਂ ਦੀ ਪੰਡ ਚੁਕਾਉਣੀ ਹੈ ਤਾਂ ਉਸ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ। ਗਰਮੀ ਨੇੜੇ ਆ ਰਹੀ ਸੀ। ਉਸ ਨੂੰ ਕੂਲਰ ਚਾਹੀਦਾ ਸੀ, ਪ੍ਰਬੰਧ ਕੀਤਾ ਜਾਵੇ।
ਕੂਲਰ ਦੀ ਵਗਾਰ ਸੁਣਦਿਆਂ ਹੀ ਨਾਜ਼ਰ ਦੀ ਭੁੱਬ ਨਿਕਲ ਗਈ। ਉਸ ਨੇ ਆਪਣੀ ਮਜਬੂਰੀ ਦੱਸ ਕੇ ਖਹਿੜਾ ਛੁਡਾਉਣਾ ਚਾਹਿਆ ਤਾਂ ਡੀ.ਏ. ਡਾਇਰੀ ਕੱਢ ਕੇ ਬੈਠ ਗਿਆ। ਅੰਕੜੇ ਦੱਸਣ ਲੱਗਾ। ਤਫ਼ਤੀਸ਼ ਸਮੇਂ ਕਿਸ ਥਾਣੇਦਾਰ ਨੇ ਕਿਸ ਵਿਅਕਤੀ ਤੋਂ ਕਿੰਨੇ ਪੈਸੇ ਲਏ ਸਨ। ਕੂਲਰ ’ਤੇ ਉਸ ਦਾ ਸੌਵਾਂ ਹਿੱਸਾ ਵੀ ਖ਼ਰਚ ਨਹੀਂ ਸੀ ਆਉਣਾ।
ਨਾਜ਼ਰ ਨੂੰ ਖੈਤਾਨ ਪੱਖੇ ਦੇ ਪੈਸੇ ਦੇ ਕੇ ਖਹਿੜਾ ਛੁਡਾਉਣਾ ਪਿਆ ਸੀ।
ਨਾਇਬ ਕੋਰਟ ਕੁਝ ਵੀ ਆਖੇ, ਮੇਜਰ ਨੂੰ ਥਾਣੇਦਾਰ ਨਾਲ ਕੋਈ ਹਮਦਰਦੀ ਨਹੀਂ ਸੀ।
ਨਾਜ਼ਰ ਤਾਂ ਨਾਜ਼ਰ, ਅਹਿਲਮੱਦ ਨੂੰ ਸਰਕਾਰੀ ਵਕੀਲ ਦਾ ਵੀ ਕੋਈ ਡਰ ਨਹੀਂ ਸੀ।
“ਮੈਨੂੰ ਕਿਸੇ ਸਰਕਾਰੀ ਵਕੀਲ ਦਾ ਡਰ ਨਹੀਂ। ਉਸ ਨੇ ਕਿਹੜਾ ਮੁਫ਼ਤ ’ਚ ਕੰਮ ਕੀਤੈ? ਦੋ ਦਿਨ ਪੀਂਦਾ ਰਿਹਾ। ਫੇਰ ਨਕਦ ਨਰਾਇਣ ਲਿਆ। ਹੁਣ ਸਾਡੀ ਫ਼ੀਸ ’ਤੇ ਜਲਦੈ।”
ਅਜਿਹਾ ਕਾਣਾ ਸਰਕਾਰੀ ਵਕੀਲ ਮੇਜਰ ਨਾਲ ਪੰਗਾ ਨਹੀਂ ਲੈ ਸਕਦਾ।
ਫੇਰ ਵੀ ਮੇਜਰ ਚੁਕੰਨਾ ਹੋ ਗਿਆ। ਉਹ ਨਾਜ਼ਰ ਨਾਲ ਉਚਿਤ ਢੰਗ ਨਾਲ ਨਿਬੜਨ ਦੀ ਤਿਆਰੀ ਕਰਨ ਲੱਗਾ।
ਉਹੋ ਹੋਇਆ, ਜੋ ਨਾਇਬ ਕੋਰਟ ਦੱਸ ਕੇ ਗਿਆ ਸੀ।
ਦੁਬਾਰਾ ਆਇਆ ਥਾਣੇਦਾਰ ਉਸ ’ਤੇ ਹਾਵੀ ਹੋਣ ਦਾ ਯਤਨ ਕਰਨ ਲੱਗਾ।
“ਆਹ ਪਈ ਆ ਮਿਸਲ, ਜਿਹੜੀ ਮਰਜ਼ੀ ਰਿਪੋਰਟ ਕਰ। ਮੈਂ ਅਗਾਂਹ ਐਸ.ਐਸ.ਪੀ. ਨੂੰ ਰਿਪੋਰਟ ਕਰਨੀ ਹੈ।” ਆਖਦੇ ਨਾਜ਼ਰ ਨੇ ਮਿਸਲ ਮੇਜਰ ਦੇ ਟੇਬਲ ’ਤੇ ਵਗਾਹ ਮਾਰੀ।
“ਕਿੰਨੇ ਮੁਲਜ਼ਮ ਆ ਇਸ ਕੇਸ ਵਿਚ?”
“ਦੋ।”
“ਨਕਲਾਂ ਦੇ ਸੈੱਟ ਕਿੰਨੇ ਨੇ?”
“ਇਕ।”
“ਦੋ ਸੈੱਟ ਲਿਆ। ਮੈਂ ਰਿਪੋਰਟ ਕਰ ਦਿੰਨਾਂ।” ਮੇਜਰ ’ਤੇ ਨਾਜ਼ਰ ਦੀ ਧਮਕੀ ਦਾ ਕੋਈ ਅਸਰ ਨਹੀਂ ਸੀ। ਬੜੀ ਨਿਮਰਤਾ ਨਾਲ ਉਸ ਨੇ ਮਿਸਲ ਥਾਣੇਦਾਰ ਵੱਲ ਖਿਸਕਾ ਦਿੱਤੀ।
“ਦੋਹਾਂ ਮੁਲਜ਼ਮਾਂ ਨੇ ਇਕੋ ਵਕੀਲ ਕੀਤੈ। ਇਕ ਸੈੱਟ ਨਾਲ ਕੰਮ ਚੱਲ ਜੂ।”
“ਫੇਰ ਤੂੰ ਵਕੀਲ ਤੋਂ ਲਿਖਵਾ ਲਿਆ।”
“ਮੈਂ ਕਿਸੇ ਵਕੀਲ ਦੀ ਮਿੰਨਤ ਨਹੀਂ ਕਰਨੀ।”
“ਫੇਰ ਸਾਡੀ ਕਰ।” ਮੇਜਰ ਨੇ ਵਿਅੰਗ ਕੀਤਾ।
“ਤੁਸੀਂ ਬਾਬੂ ਲੋਕ ਕਿਸੇ ਦਾ ਲਿਹਾਜ਼ ਨਹੀਂ ਕਰਦੇ। ਉਹ ਦਿਨ ਭੁੱਲ ਗਿਆ, ਜਦੋਂ ਮੇਮਣੇ ਵਾਂਗ ਮੇਰੇ ਅੱਗੇ ਪਿੱਛੇ ਮਿਆਂਕਦਾ ਫਿਰਦਾ ਸੀ। ਮੈਂ ਚਾਹਾਂ ਤਾਂ ਤੈਨੂੰ ਹੁਣੇ ਅੰਦਰ ਕਰ ਸਕਦਾਂ। ਕਿਹੜਾ ਜੁਰਮ ਹੈ, ਜਿਹੜਾ ਤੁਸੀਂ ਨਹੀਂ ਕਰਦੇ? ਮਿਸਲਾਂ ਵਕੀਲਾਂ ਦੇ ਘਰ ਪਹੁੰਚਾ ਦੇਂਦੇ ਹੋ। ਸਾਰੇ ਗੁਪਤ ਦਸਤਾਵੇਜ਼ਾਂ ਦੀਆਂ ਨਕਲਾਂ ਉਨ੍ਹਾਂ ਕੋਲ ਹੁੰਦੀਆਂ ਹਨ। ਤੁਸੀਂ ਵਸੀਅਤਾਂ, ਪਰਨੋਟਾਂ ਅਤੇ ਰਿਕਾਰਡ ਵਿਚ ਹੇਰਾ-ਫੇਰੀ ਕਰਦੇ ਹੋ। ਕੇਸ ਤਬਾਹ ਕਰ ਦਿੰਦੇ ਹੋ।”
ਨਾਜ਼ਰ ਦਾ ਪਾਰਾ ਚੜ੍ਹਦਾ ਜਾ ਰਿਹਾ ਸੀ। ਉਸ ਦੀ ਉੱਚੀ ਆਵਾਜ਼ ਸੁਣ ਕੇ ਨਾਲ ਬੈਠੇ ਬਾਬੂ ਆਪਣੀਆਂ-ਆਪਣੀਆਂ ਸੀਟਾਂ ਛੱਡ ਕੇ ਉਨ੍ਹਾਂ ਕੋਲ ਆ ਖੜੋਤੇ।
“ਤੁਸੀਂ ਕਿਹੜਾ ਘੱਟ ਗੰਦ ਪਾਇਆ ਹੋਇਐ। ਸਾਰਾ ਦਿਨ ਸਾਡੇ ਸਿਰਾਂ ’ਤੇ ਖੜੇ ਰਹਿੰਦੇ ਹੋ। ਕਦੇ ਲਾਹਣ ਦੀ ਟੈਸਟ ਰਿਪੋਰਟ ਬਦਲਾ ਦਿਓ, ਕਦੇ ਮਕੈਨਿਕ ਦੀ। ਕਦੇ ਦਫ਼ਾ ਕਾਹਠ ਦੇ ਬਿਆਨ ਠੀਕ ਕਰ ਦਿਉ, ਕਦੇ ਨਕਸ਼ਾ ਮੌਕਾ। ਅਸੀਂ ਸੋਡਾ ਸਾਥ ਨਾ ਦੇਈਏ ਤਾਂ ਤੁਸੀਂ ਚਾਰ ਦਿਨਾਂ ’ਚ ਘਰ ਨੂੰ ਤੁਰ ਜਾਵੋ। ਨਾਲੇ ਇਸ ਕੇਸ ਵਿਚ ਜਾਣੀ ਤੂੰ ਕਦੇ ਰੱਦੋ-ਬਦਲ ਨਹੀਂ ਕਰੇਂਗਾ? ਕੱਲ੍ਹ ਨੂੰ ਹੀ ਆਖੇਂਗਾ, ਮੈਂ ਫ਼ੋਰੈਂਸਿਕ ਸਾਇੰਸ ਲਬਾਰਟਰੀ ਦੀ ਰਿਪੋਰਟ ਬਦਲਨੀ ਐਂ।”
ਨਾਜ਼ਰ ਨੇ ਜਦੋਂ ਬਾਬੂਆਂ ’ਤੇ ਹਮਲਾ ਕਰ ਦਿੱਤਾ ਤਾਂ ਦੀਵਾਨੀ ਅਹਿਲਮੱਦ ਸ਼ਤੀਸ਼ ਕੁਮਾਰ ਨੂੰ ਵੀ ਗ਼ੁੱਸਾ ਆ ਗਿਆ। ਉਹ ਨਾਜ਼ਰ ਦੇ ਹੋਸ਼ ਟਿਕਾਣੇ ਕਰਨ ਲੱਗਾ।
ਇਕ-ਇਕ ਕਰਕੇ ਸਾਰਾ ਸਟਾਫ਼ ਨਾਜ਼ਰ ਦੇ ਗਲ ਪੈ ਗਿਆ। ਵਕਤ ਖੁੱਲ੍ਹਾ ਹੁੰਦਾ ਤਾਂ ਪਹਿਲਾਂ ਉਹ ਥਾਣੇ ਜਾਂਦਾ। ਅਹਿਲਮੱਦ ’ਤੇ ਕੁਰੱਪਸ਼ਨ ਦਾ ਪਰਚਾ ਦਰਜ ਕਰਦਾ, ਭਰੀ ਕਚਹਿਰੀ ‘ਚੋਂ ਗ੍ਰਿਫ਼ਤਾਰ ਕਰ ਕੇ ਉਸ ਨੂੰ ਨਾਨੀ ਯਾਦ ਕਰਾਉਂਦਾ। ਨਤੀਜਾ ਚਾਹੇ ਕੁਝ ਵੀ ਨਿਕਲਦਾ। ਉਹ ਪੁਲਿਸ ਅਫ਼ਸਰ ਸੀ। ਦੁਆਨੀ ਦੇ ਬਾਬੂ ਤੋਂ ਤੌਹੀਨ ਤਾਂ ਨਹੀਂ ਸੀ ਕਰਾਉਣੀ।
ਇਸ ਵਕਤ ਨਾਜ਼ਰ ਕੇਵਲ ਸ਼ਿਕਾਇਤ ਹੀ ਕਰ ਸਕਦਾ ਸੀ।
ਜੱਜ ਕੰਮ ਮੁਕਾ ਕੇ ਰਿਟਾਇਰਿੰਗ ਰੂਮ ਵਿਚ ਜਾ ਚੁੱਕਾ ਸੀ। ਉਹ ਸਟੈਨੋ ਨੂੰ ਕੋਈ ਫ਼ੈਸਲਾ ਲਿਖਾ ਰਿਹਾ ਸੀ। ਅਰਦਲੀ ਬਾਹਰ ਖੜਾ ਸੀ। ਅਰਦਲੀ ਨੂੰ ਸਖ਼ਤ ਹਦਾਇਤ ਸੀ, ‘ਜਿੰਨਾ ਚਿਰ ਫ਼ੈਸਲਾ ਲਿਖਾਇਆ ਜਾ ਰਿਹੈ ਕੋਈ ਅੰਦਰ ਨਾ ਆਵੇ।’ ਪਰ ਭਰੇ-ਪੀਤੇ ਨਾਜ਼ਰ ਨੇ ਕਿਸੇ ਦੀ ਪਰਵਾਹ ਨਾ ਕੀਤੀ। ਉਹ ਤੁਫ਼ਾਨ ਵਾਂਗ ਰਿਟਾਇਰਿੰਗ ਰੂਮ ਵਿਚ ਜਾ ਵੜਿਆ।
“ਹੱਦ ਹੋ ਗਈ ਜਨਾਬ) ਅਹਿਲਮੱਦ ਨੇ ਮੈਥੋਂ ਪੈਸੇ ਵੀ ਲੈ ਲਏ ਤੇ ਕੰਮ ਵੀ ਨਹੀਂ ਕਰਦਾ। ਤੀਹ ਲੈ ਗਏ, ਸੱਤਰ ਹੋਰ ਮੰਗਦੈ।” ਗ਼ੁੱਸੇ ’ਚ ਲਾਲ-ਪੀਲਾ ਹੋਏ ਨਾਜ਼ਰ ਨੂੰ ਸਾਰੇ ਪੁਲਿਸ ਰੂਲ ਭੁੱਲ ਗਏ। ਬਿਨਾਂ ਸਲੂਟ ਮਾਰੇ ਹੀ ਉਹ ਆਪਣੇ ਦੁਖੜੇ ਰੋਣ ਲੱਗਾ।
“ਮੈਂ ਰਾਜਾ ਹਰੀਸ਼ਚੰਦਰ ਵਰਗੀ ਈਮਾਨਦਾਰ ਪੁਲਿਸ ਨੂੰ ਜਾਣਦਾਂ। ਛੱਜ ਤਾਂ ਬੋਲੇ ਛਾਨਣੀ ਕੀ ਬੋਲੇ।” ਮੈਜਿਸਟ੍ਰੇਟ ਵੀ ਉਸੇ ਗੁਸਤਾਖ਼ੀ ਨਾਲ ਨਾਜ਼ਰ ’ਤੇ ਵਰ੍ਹ ਪਿਆ। ਇਸ ਤਰ੍ਹਾਂ ਦਾ ਵਿਵਹਾਰ ਕਰ ਕੇ ਉਹ ਮੇਜਰ ਦਾ ਪੱਖ ਨਹੀਂ ਸੀ ਲੈ ਰਿਹਾ, ਸਗੋਂ ਨਾਜ਼ਰ ਦੇ ਬਿਨਾਂ ਇਜਾਜ਼ਤ ਅੰਦਰ ਘੁਸ ਆਉਣ ’ਤੇ ਔਖਾ ਸੀ। ਅੰਦਰ ਤਾਂ ਚਲੋ ਉਹ ਆ ਗਿਆ, ਗੱਲ ਤਾਂ ਸਲੀਕੇ ਨਾਲ ਕਰੇ।
ਜੱਜ ਦੀ ਝਾੜ ਨੇ ਨਾਜ਼ਰ ਦੇ ਮੱਥੇ ਦੀਆਂ ਤਿਊੜੀਆਂ ਹੋਰ ਸੰਘਣੀਆਂ ਕਰ ਦਿੱਤੀਆਂ। ਟੋਭੇ ਦਾ ਗਵਾਹ ਡੱਡੂ। ਇਕ ਵਾਰ ਉਸ ਦੇ ਮਨ ਵਿਚ ਆਇਆ, ਉਹ ਪੁਲਿਸ ਨੂੰ ‘ਛਾਨਣੀ’ ਆਖਣ ਵਾਲੇ ਜੱਜ ਨੂੰ ਪਹਿਲਾਂ ਪੀੜ੍ਹੀ ਥੱਲੇ ਸੋਟਾ ਮਾਰਨ ਲਈ ਆਖੇ। ਜਦੋਂ ਉਸ ਨੇ ਟਾਇਰ ਮੰਗੇ ਸਨ, ਉਦੋਂ ਉਹ ਹਰੀਸ਼ ਚੰਦਰ ਸੀ?
ਗ਼ੱਸਾ ਨਾਜ਼ਰ ਦੇ ਕਾਬੂ ਤੋਂ ਬਾਹਰ ਹੁੰਦਾ ਜਾ ਰਿਹਾ ਸੀ। ਉਹ ਦਸ-ਬਾਰਾਂ ਸਾਲ ਪਹਿਲਾਂ ਵਾਲਾ ਇਤਿਹਾਸ ਦੁਹਰਾਉਣਾ ਚਾਹੁੰਦਾ ਸੀ। ਉਸ ਸਮੇਂ ਉਹ ਸੁਨਾਮ ਲੱਗਾ ਹੋਇਆ ਸੀ। ਉਥੇ ਜੱਜ ਤੋਤਾ ਰਾਮ ਸੀ, ਬੜਾ ਸਖ਼ਤ। ਥਾਣੇਦਾਰ ਜੇ ਸੰਮਨ ਤਾਮੀਲ ਕਰ ਕੇ ਸ਼ਹਾਦਤ ਦੇਣ ਨਾ ਆਵੇ ਤਾਂ ਉਹ ਅਗਲੀ ਵਾਰ ਆਏ ਨੂੰ ਜੁਰਮਾਨਾ ਕਰੇ ਬਗ਼ੈਰ ਨਹੀਂ ਸੀ ਛੱਡਦਾ। ਜੁਰਮਾਨਾ ਵੀ ਨਕਦ ਨਹੀਂ ਸੀ ਵਸੂਲਦਾ। ਵਸੂਲੀ ਲਈ ਪੁਲਿਸ ਕਪਤਾਨ ਨੂੰ ਲਿਖਦਾ ਸੀ। ਮਤਲਬ ਹੁੰਦਾ ਸੀ, ਗ਼ਲਤੀ ਕਪਤਾਨ ਦੀ ਨਜ਼ਰ ਚੜ੍ਹ ਜਾਵੇ।
ਉਪਰੋਂ ਈਮਾਨਦਾਰੀ ਦਾ ਢੌਂਗ ਰਚਦਾ ਸੀ। ਵੈਸੇ ਉਹ ਨਾਜ਼ਰ ਨਾਲ ਖੁੱਲ੍ਹਾ ਸੀ। ਅੜੇ-ਥੁੜੇ ਨਾਜ਼ਰ ਉਸ ਦੇ ਕੰਮ ਆਉਂਦਾ ਸੀ।
ਇਕ ਵਾਰ ਨਾਜ਼ਰ ਦੇ ਵੀ ਵਰੰਟ ਜਾਰੀ ਹੋ ਗਏ। ਜਿਸ ਦਿਨ ਉਸ ਦੀ ਗਵਾਹੀ ਸੀ, ਉਸ ਦਿਨ ਸ਼ਹਿਰ ਵਿਚ ਮੁੱਖ ਮੰਤਰੀ ਆਇਆ ਹੋਇਆ ਸੀ। ਵੀ.ਆਈ.ਪੀ. ਡਿਊਟੀ ਕਾਰਨ ਉਹ ਗਵਾਹੀ ਦੇਣ ਨਹੀਂ ਸੀ ਆ ਸਕਿਆ।
ਪੇਸ਼ੀ ਤੋਂ ਇਕ ਦਿਨ ਪਹਿਲਾਂ ਨਾਜ਼ਰ ਨੂੰ ਕੋਠੀ ਬੁਲਾਇਆ ਗਿਆ। ਜੱਜ ਕੋਲ ਸੈਸ਼ਨ ਜੱਜ ਦਾ ਸੁਪ੍ਰਿਟੈਂਡੈਂਟ ਬੈਠਾ ਸੀ।
ਐਤਵਾਰ ਨੂੰ ਸੁਪ੍ਰਿਟੈਂਡੈਂਟ ਦੀ ਲੜਕੀ ਦੀ ਸ਼ਾਦੀ ਸੀ। ਜੱਜ ਉਸ ਨੂੰ ਘਿਓ ਦਾ ਪੀਪਾ ਭੇਜਣਾ ਚਾਹੁੰਦਾ ਸੀ।
ਨਾਜ਼ਰ ਨੇ ਖਿੜੇ ਮੱਥੇ ਹੁਕਮ ਦੀ ਤਾਮੀਲ ਕੀਤੀ।
ਅਗਲੇ ਦਿਨ ਜਦੋਂ ਉਹ ਗਵਾਹੀ ਦੇਣ ਗਿਆ ਤਾਂ ਤੋਤਾ ਰਾਮ ਨੇ ਉਸ ਨਾਲ ਅੱਖ ਨਾ ਮਿਲਾਈ। ਨਾਜ਼ਰ ਨੇ ਸੋਚਿਆ ਅਫ਼ਸਰ ਠੀਕ ਕਰ ਰਿਹੈ। ਜਦੋਂ ਰਿਆਇਤ ਕਰਨੀ ਹੋਵੇ ਤਾਂ ਦਿਖਾਵਾ ਨਹੀਂ ਕਰੀਦਾ।
ਗਵਾਹੀ ਸਮੇਂ ਹੋਰਨਾਂ ਵਾਂਗ ਉਸ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ। ਨਾਜ਼ਰ ਨੂੰ ਹਾਲੇ ਵੀ ਆਸ ਸੀ ਕਿ ਜੱਜ ਉਸ ਦੇ ਸਪੱਸ਼ਟੀਕਰਨ ਨੂੰ ਸਹੀ ਮੰਨ ਕੇ ਨੋਟਿਸ ਖ਼ਾਰਜ ਕਰ ਦੇਵੇਗਾ। ਇਸ ਤਰ੍ਹਾਂ ਦੂਸਰਿਆਂ ਨੂੰ ਇਤਰਾਜ਼ ਕਰਨ ਦਾ ਮੌਕਾ ਨਹੀਂ ਮਿਲੇਗਾ।
ਜਦੋਂ ਜੱਜ ਨੇ ਉਸ ਨੂੰ ਵੀ ਪੰਜਾਹ ਰੁਪਏ ਜੁਰਮਾਨਾ ਕਰ ਦਿੱਤਾ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।
ਜਦੋਂ ਕੋਈ ਵੀ ਮਿੰਨਤ-ਤਰਲਾ ਜੱਜ ਨੂੰ ਪਸੀਜ ਨਾ ਸਕਿਆ ਤਾਂ ਨਾਜ਼ਰ ਅੰਦਰਲਾ ਭੈਰੋਂ ਜਾਗ ਉੱਠਿਆ। ਅੱਖਾਂ ‘ਚੋਂ ਅੱਗ ਬਰਸਾਉਂਦਾ ਉਹ ਰਿਟਾਇਰਿੰਗ ਰੂਮ ਵਿਚ ਜਾ ਬੈਠਾ।
ਉਸ ਨੂੰ ਰਿਟਾਇਰਿੰਗ ਰੂਮ ਵਿਚ ਵੜਿਆ ਦੇਖ ਕੇ ਜੱਜ ਵੀ ਪਿੱਛੇ ਹੀ ਆ ਗਿਆ।
“ਕੱਲ੍ਹ ਜਿਹੜਾ ਪੀਪਾ ਮੈਂ ਭੇਜਿਆ ਸੀ, ਉਸ ’ਤੇ ਮੇਰਾ ਡੇਢ ਸੌ ਲੱਗਾ ਸੀ। ਪੰਜਾਹ ਕੱਟ ਕੇ ਸੌ ਮੈਨੂੰ ਵਾਪਸ ਕਰ ਦਿਉ।”
ਨਾਜ਼ਰ ਦੀ ਗੱਲ ਸੁਣ ਕੇ ਜੱਜ ਦਾ ਚਿਹਰਾ ਪੀਲਾ ਭੂਕ ਹੋ ਗਿਆ। ਉਹ ਮਿਉਂ-ਮਿਉਂ ਕਰਨ ਲੱਗਾ। ਉਸ ਨੂੰ ਖਹਿੜਾ ਛੁਡਾਉਣਾ ਔਖਾ ਹੋ ਗਿਆ। ਜਿੰਨਾ ਚਿਰ ਜੱਜ ਨੇ ਨੋਟਿਸ ਪਾੜ ਨਾ ਦਿੱਤਾ, ਨਾਜ਼ਰ ਨੂੰ ਸਬਰ ਨਾ ਆਇਆ।
ਕੁਝ ਉਹੋ ਜਿਹਾ ਜਵਾਬ ਉਹ ਇਸ ਭਲੇਮਾਣਸ ਨੂੰ ਦੇਣਾ ਚਾਹੁੰਦਾ ਸੀ ਪਰ ਹੁਣ ਤੱਕ ਕਰੋੜਾਂ ਗੈਲਨ ਪਾਣੀ ਪੁਲਾਂ ਹੇਠ ਦੀ ਲੰਘ ਚੁੱਕਾ ਸੀ। ਅੱਜ-ਕੱਲ੍ਹ ਉਹ ਅਫ਼ਸਰਾਂ ਨੂੰ ਨਰਾਜ਼ ਨਹੀਂ ਸੀ ਕਰਦਾ। ਢੀਠ ਬਣ ਕੇ ਸਬਰ ਦੀ ਘੁੱਟ ਭਰਦਾ ਸੀ।
ਨਾਜ਼ਰ ਦੀ ਸ਼ਿਕਾਇਤ ਨੂੰ ਰੱਦੀ ਦੀ ਟੋਕਰੀ ਵਿਚ ਨਹੀਂ ਸੀ ਸੁੱਟਿਆ ਗਿਆ। ਉਸੇ ਵਕਤ ਮੇਜਰ ਨੂੰ ਤਲਬ ਕੀਤਾ ਗਿਆ। ਕੀ ਉਸ ਨੇ ਸੱਚਮੁੱਚ ਥਾਣੇਦਾਰ ਤੋਂ ਰਿਸ਼ਵਤ ਲਈ ਸੀ? ਇਸ ਦੋਸ਼ ਦਾ ਸਪੱਸ਼ਟੀਕਰਨ ਮੰਗਿਆ ਗਿਆ।
ਮੇਜਰ ਦੀ ਸਾਰੀ ਆਕੜ ਲਹਿ ਗਈ। ਉਹ ਥਰ-ਥਰ ਕੰਬਣ ਲੱਗਾ। ਥਰਥਰਾਉਂਦੀ ਆਵਾਜ਼ ਨਾਲ ਉਹ ਇਹੋ ਬਹਾਨਾ ਘੜਦਾ ਰਿਹਾ।
“ਦੋਸ਼ੀ ਦੋ ਹਨ ਪਰ ਨਕਲਾਂ ਦਾ ਸੈੱਟ ਇਕ ਹੈ।”
“ਮੈਂ ਇਕ ਜ਼ਿੰਮੇਵਾਰ ਪੁਲਿਸ ਅਫ਼ਸਰ ਹਾਂ। ਜਦੋਂ ਮੈਂ ਸਾਰੀ ਜ਼ਿੰਮੇਵਾਰੀ ਲੈ ਰਿਹਾ ਹਾਂ ਕਿ ਕੱਲ੍ਹ ਨੂੰ ਨਕਲਾਂ ਪੇਸ਼ ਕਰ ਦਿਆਂਗਾ ਤਾਂ ਇਹ ਮੰਨਦਾ ਕਿਉਂ ਨਹੀਂ?”
ਨਾਜ਼ਰ ਦਾ ਗ਼ੁੱਸਾ ਹਾਲੇ ਵੀ ਠੰਢਾ ਨਹੀਂ ਸੀ ਹੋਇਆ।
“ਸਮਝ ਲੈ ਤੇਰਾ ਚਲਾਨ ਪੇਸ਼ ਹੋ ਗਿਆ। ਤੂੰ ਆਪਣੇ ਕਪਤਾਨ ਨੂੰ ਇਹ ਸੂਚਨਾ ਭੇਜ ਦੇ। ਹੁਣ ਤਾਂ ਠੀਕ ਹੈ? .....ਹੁਣ ਦੂਜੀ ਗੱਲ ਸੁਣ। ਨਕਲਾਂ ਅੱਜ ਹੀ ਤਿਆਰ ਕਰਵਾ, ਭਾਵੇਂ ਰਾਤ ਦੇ ਬਾਰਾਂ ਵੱਜ ਜਾਣ। ਬੱਸ) ਹੋਰ ਕੋਈ ਬਹਾਨਾ ਨਹੀਂ।”
ਮੈਜਿਸਟ੍ਰੇਟ ਨੇ ਸੋਚ-ਸਮਝ ਕੇ ਅਜਿਹਾ ਫ਼ੈਸਲਾ ਸੁਣਾਇਆ ਸੀ, ਇਸ ਨਾਲ ਦੋਹਾਂ ਧਿਰਾਂ ਦੀ ਰਹਿ ਜਾਣੀ ਸੀ।
ਰਿਟਾਇਰਿੰਗ ਰੂਮ ਵਿਚੋਂ ਬਾਹਰ ਨਿਕਲਦੀਆਂ ਦੋਵੇਂ ਧਿਰਾਂ ਖ਼ੁਸ਼ ਸਨ।
ਮੇਜਰ ਇਸ ਲਈ ਕਿ ਨਾਜ਼ਰ ਨੇ ਜੇ ਸੱਤਰ ਨਹੀਂ ਦਿੱਤੇ ਨਾ ਸਹੀ, ਫ਼ੋਟੋਆਂ ’ਤੇ ਤਾਂ ਦੋ ਸੌ ਲਾਏਗਾ ਹੀ।
ਨਾਜ਼ਰ ਸਿੰਘ ਇਸ ਲਈ ਕਿ ਚਲਾਨ ਵੀ ਪੇਸ਼ ਹੋ ਗਿਆ ਅਤੇ ਆਕੜ ਵੀ ਰਹਿ ਗਈ।
ਬਹੁਤਾ ਜ਼ੋਰ ਲਾ ਕੇ ਨਕਲਾਂ ਦਾ ਬਿੱਲ ਪੰਜਾਹ ਰੁਪਏ ਬਣੇਗਾ। ਉਸ ਨੇ ਕਿਹੜਾ ਪੱਲਿਉਂ ਦੇਣੇ ਸਨ। ਫ਼ੋਟੋ-ਸਟੈਟ ਵਾਲੇ ਨਾਲ ਉਸ ਦਾ ਹਿਸਾਬ ਚੱਲਦਾ ਸੀ। ਖਾਤੇ ਵਿਚ ਲਿਖਵਾ ਦੇਵੇਗਾ। ਕਦੇ ਕਿਸੇ ਅਸਾਮੀ ਤੋਂ ਦਿਵਾ ਦੇਵੇਗਾ।
¬
5
ਬੰਟੀ ਕਤਲ ਕੇਸ ਦੇ ਅਦਾਲਤ ਵਿਚ ਪੇਸ਼ ਹੋਣ ਦੀ ਸੂਹ ਸਭ ਤੋਂ ਪਹਿਲਾਂ ਬਲਵੰਤ ਰਾਏ ਮੁਨਸ਼ੀ ਨੂੰ ਮਿਲੀ ਸੀ।
ਨਾਜ਼ਰ ਸਿੰਘ ਥਾਣੇਦਾਰ ਨਾਲ ਉਸ ਦੀ ਯਾਰੀ ਸੀ। ਚਲਾਨ ਪੇਸ਼ ਕਰ ਕੇ ਥਾਣੇ ਮੁੜਦਾ ਨਾਜ਼ਰ ਸਿੰਘ ਉਸ ਦੇ ਕੰਨ ਵਿਚ ਫੂਕ ਮਾਰ ਗਿਆ ਸੀ।
“ਦੋਵੇਂ ਦੋਸ਼ੀ ਲਾਵਾਰਿਸ ਹਨ। ਤਿੰਨ ਮਹੀਨਿਆਂ ਤੋਂ ਅੰਦਰ ਹਨ। ਹਾਲੇ ਤਕ ਉਨ੍ਹਾਂ ਨੇ ਕੋਈ ਵਕੀਲ ਨਹੀਂ ਕੀਤਾ। ਚਲਾਨ ਪੇਸ਼ ਹੋਣ ਨਾਲ ਸਮਾਇਤ ਸ਼ੁਰੂ ਹੋ ਜਾਣੀ ਹੈ। ਦੋਸ਼ੀਆਂ ਨੂੰ ਹੁਣ ਵਕੀਲ ਕਰਨਾ ਪੈਣਾ ਹੈ। ਤੂੰ ਜੇ ਥੋੜ੍ਹੀ ਜਿਹੀ ਹਿੰਮਤ ਮਾਰ ਲਏਂ ਤਾਂ ਕੇਸ ਤੇਰੀ ਝੋਲੀ ਪੈ ਸਕਦਾ ਹੈ।”
ਝੱਟ ਬਲਵਿੰਦਰ ਦੇ ਕੰਨ ਖੜੇ ਹੋ ਗਏ। ਉਹ ਸੱਚ ਆਖਦਾ ਸੀ। ਇਹ ਕਤਲ ਕੇਸ ਸੀ। ਕਤਲ ਕੇਸ ਵਿਚ ਵਕੀਲ ਨੇ ਚੋਖੀ ਫ਼ੀਸ ਲੈਣੀ ਸੀ। ਮੁਨਸ਼ੀ ਨੂੰ ਮੁਨਸ਼ੀਆਣਾ ਵੀ ਉਸੇ ਹਿਸਾਬ ਨਾਲ ਮਿਲਣਾ ਸੀ ਅਤੇ ਕੇਸ ਦਿਵਾਉਣ ਦਾ ਕਮਿਸ਼ਨ ਵੀ।
ਚਲਾਨ ਪੇਸ਼ ਹੋਣ ਦੀ ਖ਼ਬਰ ਦੇ ਕਚਹਿਰੀ ਵਿਚ ਫੈਲਣ ਤੋਂ ਪਹਿਲਾਂ-ਪਹਿਲਾਂ ਬਲਵਿੰਦਰ ਨੂੰ ਦੋਸ਼ੀਆਂ ਨਾਲ ਸੰਪਰਕ ਕਾਇਮ ਕਰ ਲੈਣਾ ਚਾਹੀਦਾ ਸੀ।
ਮੁਨਸ਼ੀਪੁਣਾ ਬਲਵਿੰਦਰ ਦਾ ਖ਼ਾਨਦਾਨੀ ਪੇਸ਼ਾ ਸੀ। ਉਸ ਦੇ ਬਾਪ-ਦਾਦੇ ਦੀ ਉਮਰ ਵੀ ਕਚਹਿਰੀ ਦੇ ਇਨ੍ਹਾਂ ਤਖ਼ਤਪੋਸ਼ਾਂ ਉਪਰ ਹੀ ਗੁਜ਼ਰੀ ਸੀ। ਬਲਵਿੰਦਰ ਦੇ ਆਪਣੇ ਤਜਰਬੇ ਦਾ ਵੀ ਇਹ ਤੀਹਵਾਂ ਵਰ੍ਹਾ ਸੀ। ਅਜਿਹੀਆਂ ਅਸਾਮੀਆਂ ਠੁੰਗਣ ਦੇ ਉਸ ਕੋਲ ਢੇਰ ਸਾਰੇ ਨੁਸਖ਼ੇ ਸਨ।
ਪਾਲੇ ਅਤੇ ਮੀਤੇ ਉਪਰ ਉਹ ਕਿਹੜਾ ਨੁਸਖ਼ਾ ਵਰਤੇ? ਇਹ ਜਾਇਜ਼ਾ ਲੈਣ ਲਈ ਬਲਵਿੰਦਰ ਨੇ ਸਿਗਰਟਾਂ ਦੀ ਇਕ ਨਵੀਂ ਡੱਬੀ ਖ਼ਰੀਦੀ ਅਤੇ ਸੈਸ਼ਨ ਕੋਰਟ ਦੀ ਨੁੱਕਰ ਵਾਲੇ ਪਿੱਪਲ ਹੇਠ ਜਾ ਬੈਠਾ।
ਦੋ ਸਿਗਰਟਾਂ ਜੋੜ ਕੇ ਉਸ ਨੇ ਇਕ ਸਿਗਰਟ ਬਣਾਈ। ਉਂਗਲ ਨਾਲ ਧਰਤੀ ’ਤੇ ਸ਼ਤਰੰਜ ਵਾਹੀ।
ਜਦੋਂ ਕਦੇ ਉਸ ਨੇ ਗੰਭੀਰ ਚਿੰਤਨ ਕਰਨਾ ਹੋਵੇ, ਉਦੋਂ ਉਹ ਇੰਝ ਹੀ ਕਰਦਾ ਸੀ।
ਇਕ ਪਾਸੇ ਉਹ ਸਿਗਰਟ ਦੇ ਲੰਬੇ-ਲੰਬੇ ਕਸ਼ ਲਾਉਂਦਾ ਅਤੇ ਦੂਜੇ ਪਾਸੇ ਸ਼ਤਰੰਜ ਦੇ ਮੋਹਰੇ ਦੁੜਾਉਂਦਾ।
ਸਿਗਰਟ ਦਾ ਪਹਿਲਾ ਕਸ਼ ਲਾ ਕੇ ਉਹ ਮੀਤੇ ’ਤੇ ਡੋਰੇ ਪਾਉਣ ਦੀਆਂ ਸਕੀਮਾਂ ਘੜਨ ਲੱਗਾ।
ਗਾਂਧੀ ਬਸਤੀ ‘ਚੂਹੜਿਆਂ ਵਿਹੜੇ’ ਦਾ ਆਧੁਨਿਕ ਨਾਂ ਸੀ। ਨਾ ਇਹ ਪਿੰਡ ਸੀ ਨਾ ਸ਼ਹਿਰ। ਪਿੰਡ ਇਹ ਇਸ ਲਈ ਨਹੀਂ ਸੀ, ਕਿਉਂਕਿ ਇਹ ਸ਼ਹਿਰ ਦੀ ਹਦੂਦ ਵਿਚ ਆਉਂਦਾ ਸੀ। ਇਥੋਂ ਦੇ ਵਸਨੀਕ ਸੀਰੀ-ਪਾਲੀ ਰਲਣ ਦੀ ਥਾਂ ਘਰਾਂ-ਕਾਰਖ਼ਾਨਿਆਂ ਵਿਚ ਕੰਮ ਕਰਦੇ ਸਨ। ਸ਼ਹਿਰ ਵਿਚ ਇਸ ਬਸਤੀ ਨੂੰ ਇਸ ਲਈ ਨਹੀਂ ਸੀ ਗਿਣਿਆ ਜਾਂਦਾ, ਕਿਉਂਕਿ ਸ਼ਹਿਰ ਦੀ ਅਸਲ ਵੱਸੋਂ ਤੋਂ ਇਹ ਇਕ ਕਿੱਲੋਮੀਟਰ ਦੂਰ ਸੀ। ਦੂਜੇ ਸ਼ਹਿਰ ਦੀ ਇਕ ਵੀ ਆਧੁਨਿਕ ਸਹੂਲਤ ਇਸ ਦੇ ਕੋਲ ਦੀ ਨਹੀਂ ਸੀ ਲੰਘੀ।
ਬਲਵਿੰਦਰ ਲਈ ਸਮੱਸਿਆ ਇਹ ਸੀ ਕਿ ਮੀਤੇ ਨੂੰ ਫਸਾਉਣ ਲਈ ਉਹ ਸ਼ਹਿਰੀ ਨੁਸਖ਼ੇ ਵਰਤੇ ਜਾਂ ਪੇਂਡੂ?
ਇਹ ਬਸਤੀ ਕੋਈ ਪਿੰਡ ਹੁੰਦੀ ਤਾਂ ਬਲਵਿੰਦਰ ਮੂੰਹ-ਹਨੇਰੇ ਆਪਣਾ ਸਾਈਕਲ ਚੁੱਕਦਾ ਅਤੇ ਪਿੰਡ ਦੇ ਰਾਹ ਪੈ ਜਾਂਦਾ।
ਪਿੰਡ ਵੜਨ ਤੋਂ ਪਹਿਲਾਂ ਉਹ ਬਾਹਰਲੇ ਵਿਹੜੇ ਬਰੇਕ ਮਾਰਦਾ। ਚੌਕੀਦਾਰ ਦੇ ਘਰ ਅੱਗੇ ਖੜੋ ਕੇ ਸਾਈਕਲ ਦੀ ਘੰਟੀ ਖੜਕਾਉਂਦਾ।
ਮੁਨਸ਼ੀ ਨੂੰ ਘਰ ਆਇਆ ਦੇਖ ਕੇ ਚੌਕੀਦਾਰ ਦੀ ਹਿੱਕ ਗਿੱਠ ਚੌੜੀ ਹੋ ਜਾਂਦੀ। ਉਸ ਨੂੰ ਲੱਗਦਾ, ਜਿਵੇਂ ਕੀੜੀ ਘਰ ਭਗਵਾਨ ਆਇਐ। ਖ਼ੁਸ਼ੀ ਦੀ ਲੋਰ ’ਚ ਆਇਆ ਚੌਕੀਦਾਰ ਨਾਲੇ ਮੀਤੇ ਨੂੰ ਕਾਬੂ ਕਰਨ ਦੇ ਢੰਗ ਤਰੀਕੇ ਦੱਸਦਾ ਨਾਲੇ ਖ਼ਬਰਾਂ ਵਾਲੀ ਪਟਾਰੀ ਖੋਲ੍ਹ ਦਿੰਦਾ।
ਬਲਵਿੰਦਰ ਬਾਰੇ ਲੋਕਾਂ ਨੂੰ ਵਹਿਮ ਸੀ ਕਿ ਉਸ ਨੇ ਕੋਈ ਦੈਵੀ ਸ਼ਕਤੀ ਵੱਸ ਕੀਤੀ ਹੋਈ ਹੈ। ਨਹੀਂ ਭਲਾ ਇਹ ਕਿਵੇਂ ਸੰਭਵ ਸੀ ਕਿ ਧਿਰਾਂ ਨੂੰ ਹਾਲੇ ਹੋਣ ਵਾਲੇ ਝਗੜੇ ਦਾ ਸੁਪਨਾ ਤਕ ਨਹੀਂ ਆਇਆ ਹੁੰਦਾ ਅਤੇ ਬਲਵਿੰਦਰ ਨੂੰ ਉਨ੍ਹਾਂ ਉਪਰ ਦਰਜ ਹੋਣ ਵਾਲੇ ਮੁਕੱਦਮੇ ਦੀਆਂ ਧਾਰਾਵਾਂ ਤਕ ਦਾ ਪਹਿਲਾਂ ਪਤਾ ਲੱਗ ਜਾਂਦਾ ਸੀ।
ਬਲਵਿੰਦਰ ਲੋਕਾਂ ਦੀ ਮੂਰਖਤਾ ’ਤੇ ਹੱਸਦਾ ਸੀ। ਇਹ ਸੱਚ ਸੀ ਕਿ ਉਸ ਨੂੰ ਹੋਣ ਵਾਲੇ ਝਗੜਿਆਂ ਦਾ ਇਲਮ ਅਗਾਊਂ ਹੋ ਜਾਂਦਾ ਸੀ। ਇਹ ਵੀ ਸੱਚ ਸੀ ਕਿ ਉਸ ਨੂੰ ਲੱਗਣ ਵਾਲੀਆਂ ਧਾਰਵਾਂ ਦਾ ਪਹਿਲਾਂ ਪਤਾ ਲੱਗ ਜਾਂਦਾ ਸੀ ਪਰ ਇਹ ਝੂਠ ਸੀ ਕਿ ਇਸ ਕਰਾਮਾਤ ਪਿੱਛੇ ਕਿਸੇ ਗ਼ੈਰ-ਕੁਦਰਤੀ ਸ਼ਕਤੀ ਦਾ ਹੱਥ ਸੀ। ਇਹ ਕਰਾਮਾਤ ਉਹ ਇਸੇ ਮਾਤ-ਲੋਕ ਦੇ ਜਿਊਂਦੇ-ਜਾਗਦੇ ਲੋਕਾਂ ਦੇ ਸਿਰ ’ਤੇ ਕਰਦਾ ਸੀ। ਇਨ੍ਹਾਂ ਕਰਾਮਾਤੀ ਲੋਕਾਂ ਵਿਚ ਪਿੰਡ ਦਾ ਚੌਕੀਦਾਰ ਵੀ ਸ਼ਾਮਲਸੀ।
ਇਨ੍ਹਾਂ ਸ਼ਕਤੀਆਂ ਨੂੰ ਵੱਸ ਕਰਨ ਲਈ ਬਲਵਿੰਦਰ ਨੂੰ ਨਾ ਕਿਸੇ ਟੂਣੇ-ਟਾਮਣ ਦੀ ਜ਼ਰੂਰਤ ਪੈਂਦੀ ਸੀ, ਨਾ ਕਿਸੇ ਮੰਤਰ-ਜਾਪ ਦੀ।
ਵਿਚਾਰੇ ਚੌਕੀਦਾਰ ਦਾ ਕੀ ਸੀ? ਤੰਗੀ-ਤੁਰਸ਼ੀ ਵੇਲੇ ਚਾਰ ਛਿੱਲੜ ਉਧਾਰ ਦੇ ਦਿੱਤੇ। ਕੁੜੀ-ਕੱਤਰੀ ਦੇ ਵਿਆਹ ’ਤੇ ਰੈੱਡ-ਕਰਾਸ ਵਿਚੋਂ ਪੰਜ-ਚਾਰ ਸੌ ਦੀ ਸਹਾਇਤਾ ਲੈ ਦਿੱਤੀ। ਇੰਨੇ ਨਾਲ ਚੌਕੀਦਾਰ ਉਸ ਦੇ ਅੱਗੇ-ਪਿੱਛੇ ਘੁੰਮਣ ਲੱਗਦਾ ਸੀ।
ਚੌਕੀਦਾਰ ਨੂੰ ਬਲਵਿੰਦਰ ਪਿੰਡ ਦੀ ਮਾਂ ਸਮਝਦੈ। ਹਰ ਪਿੰਡ ਵਾਸੀ ਦੇ ਦੁਖਣੇ ਦਾ ਉਸ ਨੂੰ ਇਲਮ ਹੁੰਦੈ।
ਬਲਵਿੰਦਰ ਪਿੰਡ ਪਿੱਛੋਂ ਵੜਦਾ, ਚੌਕੀਦਾਰ ਆਉਣ ਵਾਲੇ ਤੁਫ਼ਾਨ ਦੀ ਸੂਚਨਾ ਉਸ ਨੂੰ ਪਹਿਲਾਂ ਦੇ ਦਿੰਦਾ।
ਪਿਛਲੀ ਪਹਿਲੀ ਤਾਰੀਖ਼ ਨੂੰ ਬਲਵਿੰਦਰ ਜਦੋਂ ਮਹਿਲੀਂ ਗਿਆ ਸੀ ਤਾਂ ਉਸ ਨੂੰ ਚੌਕੀਦਾਰ ਦੀ ਮਾਰੂ ਚਾਹ ਅੰਮ੍ਰਿਤ ਵਰਗੀ ਲੱਗੀ ਸੀ। ਪਹਿਲੇ ਹੱਲੇ ਉਸ ਨੇ ਪਿੰਡ ਵਿਚ ਦੋ ਮੁਕੱਦਮਿਆਂ ਦੇ ਬੀਜੇ ਜਾ ਚੁੱਕੇ ਬੀਜਾਂ ਦੀ ਇਤਲਾਹ ਦਿੱਤੀ ਸੀ।
ਮਿੰਦੇ ਦੇ ਮੁੰਡੇ ਦੀ ਛਟੀ ਸੀ। ਉਸ ਨੇ ਚਾਰ ਡਰੰਮ ਲਾਹਣ ਦੇ ਪਾਏ ਸਨ। ਠੇਕੇਦਾਰਾਂ ਨੂੰ ਸ਼ਰਾਬ ਵਿਕਦੀ ਨਜ਼ਰ ਨਹੀਂ ਸੀ ਆਉਂਦੀ। ਉਹ ਦਰੋਗੇ ਨੂੰ ਲੈ ਕੇ ਸੂਹ ਕੱਢਦੇ ਫਿਰਦੇ ਸਨ। ਜਿਉਂ ਹੀ ਭੱਠੀ ਚੜ੍ਹੀ ਛਾਪਾ ਪਏਗਾ। ਭੱਠੀ ਦਾ ਕੇਸ ਬਣੇਗਾ।
ਕਾਲੇ ਅਮਲੀ ਕੋਲ ਅਜਿੱਤਵਾਲ ਵਾਲਾ ਦਰਸ਼ਨ ਆਉਣ ਲੱਗ ਪਿਐ। ਅਮਲੀ ਖਾਹਰੇ ਤੋਂ ਅਫ਼ੀਮ ਲੈਣੋਂ ਹਟ ਗਿਐ। ਉਹ ਦਰਸ਼ਨ ਦੀ ਅਫ਼ੀਮ ਦੇ ਗੁਣ ਗਾਉਂਦਾ ਰਹਿੰਦਾ। ਕਿਸੇ ਵੀ ਦਿਨ ਖਾਹਰਾ ਦਰਸ਼ਨ ਅਤੇ ਅਮਲੀ ’ਤੇ ਛਾਪਾ ਮਰਵਾ ਸਕਦੈ। ਅਫ਼ੀਮ ਦੇ ਦੋ ਕੇਸ ਬਣਨੇ ਸਨ।
ਬਲਦੀ ’ਤੇ ਕੁਝ ਫੂਸ ਬਲਵਿੰਦਰ ਨੇ ਪਾਇਆ ਸੀ। ਹਫ਼ਤੇ ਦੇ ਅੰਦਰ-ਅੰਦਰ ਦੋਨੋਂ ਭਵਿੱਖ- ਬਾਣੀਆਂ ਨੂੰ ਸੱਚ ਵਿਚ ਤਬਦੀਲ ਕਰਾਇਆ ਸੀ। ਫੇਰ ਦੋਨਾਂ ਕੇਸਾਂ ਨੂੰ ਆਪਣੀ ਝੋਲੀ ਪਾਇਆ ਸੀ।
ਹੁਣ ਮੀਤੇ ਬਾਰੇ ਉਹ ਕਿਸ ਚੌਕੀਦਾਰ ਨਾਲ ਸੰਪਰਕ ਕਰੇ? ਬਸਤੀ ਦਾ ਕੋਈ ਚੌਕੀਦਾਰ ਹੀ ਨਹੀਂ ਸੀ। ਇਸ ਦਾ ਮਤਲਬ ਸੀ ਉਸ ਦਾ ਪਹਿਲਾ ਮੋਹਰਾ ਅਜਾਈਂ ਚਲਿਆ ਗਿਆ ਸੀ।
ਇਸ ਦਾ ਬਲਵਿੰਦਰ ਨੂੰ ਕੋਈ ਫ਼ਿਕਰ ਨਹੀਂ ਸੀ। ਹਾਲੇ ਉਸ ਕੋਲ ਆਹਲਾ ਤੋਂ ਆਹਲਾ ਮੋਹਰੇ ਬਾਕੀ ਸਨ।
ਸਿਗਰਟਾਂ ਦਾ ਨਵਾਂ ਜੋੜਾ ਸੁਲਗਾ ਕੇ ਉਹ ਨਵੇਂ ਮੋਹਰੇ ਬਾਰੇ ਸੋਚਣ ਲੱਗਾ।
ਬਲਵਿੰਦਰ ਲਈ ਚੌਕੀਦਾਰ ਜੇ ਪਿੰਡ ਦੀ ਮਾਂ ਸੀ ਤਾਂ ਪਟਵਾਰੀ ਪਿੰਡ ਦੀ ਦਾਈ। ਦਾਈਆਂ ਤੋਂ ਕਦੇ ਪੇਟ ਲੁਕੇ ਨੇ? ਪਿੰਡ ਦੀ ਜਮ੍ਹਾਂਬੰਦੀ, ਗਿਰਦਾਵਰੀ ਖੋਲ੍ਹਦਿਆਂ ਹੀ ਪਟਵਾਰੀ ਦੇ ਮਨ ਨੂੰ ਖੁੜਕ ਜਾਂਦੀ ਹੈ ਕਿ ਕਿਸ ਧਿਰ ਨੇ ਕਿਸ ਧਿਰ ਦਾ ਕਦੋਂ ਸਿਰ ਪਾੜਨਾ ਹੈ? ਕਿਸ ਸ਼ਰੀਕ ਨੇ ਕਿਸ ਸ਼ਰੀਕ ’ਤੇ ਕਦੋਂ ਦਾਅਵਾ ਠੋਕਣਾ ਹੈ?
ਅਜਿਹੇ ਜੋਤਿਸ਼ ਲਗਵਾਉਣ ਬਲਵਿੰਦਰ ਖ਼ੁਦ ਪਟਵਾਰੀ ਕੋਲ ਜਾਇਆ ਕਰਦਾ ਸੀ।
ਪਟਵਾਰੀ ਕੋਲ ਗਿਆ ਬਲਵਿੰਦਰ ਕਿਸੇ ਨਿਭਾਗੇ ਦਿਨ ਹੀ ਖ਼ਾਲੀ ਹੱਥ ਮੁੜਦਾ ਸੀ। ਨਹੀਂ ਤਾਂ ਅਕਸਰ ਉਸ ਦਾ ਮੂੰਹ ਮਿੱਠਾ ਹੁੰਦਾ ਸੀ।
ਪਰਸੋਂ ਮਹੰਤਾਂ ਵਾਲੀ ਜ਼ਮੀਨ ਦੇ ਨੰਬਰ ਲੈਣ ਉਹ ਸ਼ਹਿਣੇ ਗਿਆ ਸੀ।
ਪਟਵਾਰੀ ਨੇ ਨੰਬਰਾਂ ਦੀ ਗੱਲ ਪਿੱਛੋਂ ਸੁਣੀ ਸੀ ਅਤੇ ਆਪਣੇ ਢਿੱਡ ਦਾ ਗੁਬਾਰ ਪਹਿਲਾਂ ਕੱਢਿਆ ਸੀ।
ਬਾਜਵਾ ਪੱਤੀ ਵਾਲੇ ਲੰਬੜਾਂ ਦਾ ਔਤ ਤਾਇਆ ਮਰ ਗਿਆ ਸੀ।
ਤਾਏ ਦੇ ਮਰਨ ਦੀ ਖ਼ਬਰ ਦਾ ਮਤਲਬ ਮੁਨਸ਼ੀ ਝੱਟ ਸਮਝ ਗਿਆ ਸੀ। ਲੰਬੜਾਂ ਦੇ ਮੁੰਡਿਆਂ ਵਿਚਕਾਰ ਮੁਕੱਦਮੇਬਾਜ਼ੀ ਸ਼ੁਰੂ ਹੋਣ ਵਾਲੀ ਸੀ।
ਵੱਡਾ ਮੁੰਡਾ ਕੋਈ ਦਸ-ਵੀਹ ਸਾਲ ਪੁਰਾਣੀ ਵਸੀਅਤ ਪੇਸ਼ ਕਰੇਗਾ, ਜਿਸ ਦੇ ਆਧਾਰ ’ਤੇ ਉਹ ਬੁੱਢੇ ਦੀ ਜ਼ਮੀਨ ਦਾ ਵਾਰਿਸ ਬਣੇਗਾ।
ਛੋਟੇ ਕੋਲ ਕੁਝ ਮਹੀਨੇ ਪਹਿਲਾਂ ਲਿਖੀ ਖ਼ਾਨਗੀ ਵਸੀਅਤ ਹੋਏਗੀ, ਜਿਹੜੀ ਪੰਚਾਂ-ਸਰਪੰਚਾਂ ਦੁਆਰਾ ਤਸਦੀਕ ਕੀਤੀ ਹੋਏਗੀ।
ਸਭ ਤੋਂ ਛੋਟਾ ਤਾਏ ਤਾ ਮੁਤਬੰਨਾ ਹੋਣ ਦਾ ਦਾਅਵਾ ਕਰੇਗਾ।
ਸਿਆਣੇ ਹੋਏ ਤਾਂ ਦੀਵਾਨੀ ਮੁਕੱਦਮੇ ਨਾਲ ਸਾਰ ਲੈਣਗੇ। ਚਾਰ ਭਰਾਵਾਂ ਦੇ ਧੱਕੇ ਚੜ੍ਹ ਗਏ ਤਾਂ ਛੱਬੀ ਤੋਂ ਲੈ ਕੇ ਕਤਲ ਤਕ ਦੀ ਫ਼ੌਜਦਾਰੀ ਕਰ ਕੇ ਵਕੀਲਾਂ ਮੁਨਸ਼ੀਆਂ ਦੇ ਘਰ ਭਰਨਗੇ।
ਪਟਵਾਰੀ ਨੇ ਬਲਵਿੰਦਰ ਨੂੰ ਇਹ ਵੀ ਦੱਸਿਆ ਸੀ ਕਿ ਵੱਡੇ ਮੁੰਡੇ ਨੂੰ ਉਸ ਨੇ ਆਪਣੇ ਹੱਥ ’ਤੇ ਚੜ੍ਹਾ ਰੱਖਿਆ ਸੀ। ਛੋਟਿਆਂ ਵਿਚੋਂ ਇਕ ਨੂੰ ਉਹ ਚਾੜ੍ਹ ਲਵੇ। ਫੇਰ ਮੁਕੱਦਮੇ ਹੀ ਮੁਕੱਦਮੇ ਸਨ। ਦੋਹਾਂ ਲਈ ਉਮਰ ਭਰ ਦੀਆਂ ਰੋਟੀਆਂ ਖਰੀਆਂ ਸਨ।
ਕੱਲ੍ਹ ਬਲਵਿੰਦਰ ਇਸ ਕੇਸ ਦੇ ਇੰਤਜ਼ਾਮ ਵਿਚ ਲੱਗਾ ਰਿਹਾ ਸੀ।
ਆਪਣਾ ਇਕ ਚੇਲਾ ਉਸ ਨੇ ਲੰਬੜਾਂ ਦੇ ਵਿਚਕਾਰਲੇ ਮੁੰਡੇ ਤਾਰੇ ਪਿੱਛੇ ਲਾਇਆ ਸੀ।
ਜਾਅਲੀ ਵਸੀਅਤ ਬਣਾਉਣ ਲਈ ਤਾਰੇ ਨੂੰ ਇਕ ਵਸੀਕਾ-ਨਵੀਸ ਦੀ ਜ਼ਰੂਰਤ ਪੈਣੀ ਸੀ। ਵਸੀਅਤ ਨੇ ਤਾਂ ਹੀ ਭਰੋਸੇ-ਯੋਗ ਬਣਨਾ ਸੀ ਜੇ ਉਸ ਨੇ ਕਿਸੇ ਵਸੀਕਾ-ਨਵੀਸ ਦੇ ਰਜਿਸਟਰ ਵਿਚ ਪਿਛਲੀਆਂ ਤਾਰੀਖ਼ਾਂ ਵਿਚ ਚੜ੍ਹਿਆ ਹੋਣਾ ਸੀ। ਤਾਰੇ ਦੀ ਇਸੇ ਲੋੜ ਨੂੰ ਮੁੱਖ ਰੱਖ ਕੇ ਬਲਵਿੰਦਰ ਨੇ ਉਸ ਪਿੱਛੇ ਭੋਲੇ ਨੂੰ ਲਾਇਆ ਸੀ। ਭੋਲੇ ਦਾ ਅੱਧੇ ਨਾਲੋਂ ਵੱਧ ਰਜਿਸਟਰ ਖ਼ਾਲੀ ਸੀ। ਸਾਰੇ ਦਾ ਸਾਰਾ ਰਜਿਸਟਰ ਤਾਰੇ ਦੀ ਸੇਵਾ ਵਿਚ ਹਾਜ਼ਰ ਸੀ।
ਵਸੀਕਾ-ਨਵੀਸ ਨੂੰ ਆਪੇ ਘਰ ਆਇਆ ਦੇਖ ਕੇ ਤਾਰੇ ਦੀਆਂ ਅੱਖਾਂ ਚੁੰਧਿਆ ਗਈਆਂ। ਉਸ ਨੂੰ ਲੱਗਾ ਜਿਵੇਂ ਵਾਹਿਗੁਰੂ ਖ਼ੁਦ ਉਸ ਦੀ ਪਿੱਠ ਥਾਪੜਨ ਆਇਆ ਸੀ। ਉਸ ਦੇ ਭਾਗ ਜਗਾਉਣ ਲੱਗਾ ਸੀ।
“ਜਦੋਂ ਚੇਲਾ ਹਨੂਮਾਨ ਵਰਗਾ ਕੌਤਕੀ ਸੀ ਤਾਂ ਗੁਰੂ ਜ਼ਰੂਰ ਵਿਸ਼ਨੂੰ ਦਾ ਅਵਤਾਰ ਹੋਏਗਾ।” ਸੋਚਦੇ ਤਾਰੇ ਨੇ ਬਲਵਿੰਦਰ ਦੀ ਹਾਜ਼ਰੀ ਭਰੀ ਸੀ।
ਬਲਵਿੰਦਰ ਨੇ ਤਾਰੇ ਨੂੰ ਅਸ਼ੀਰਵਾਦ ਦਿੱਤਾ ਸੀ। ਜਦੋਂ ਉਹ ਬਲਵਿੰਦਰ ਦੀ ਸ਼ਰਨ ਆ ਹੀ ਗਿਆ ਤਾਂ ਉਸ ਦੀ ਰੱਖਿਆ ਕਰਨਾ ਉਸ ਦਾ ਧਰਮ ਸੀ।
ਤਾਰੇ ਨੂੰ ਹੁਣ ਘਬਰਾਉਣ ਦੀ ਜ਼ਰੂਰਤ ਨਹੀਂ ਸੀ। ਮੁਕੱਦਮਾ ਜਿਤਾਉਣ ਵਾਲੀਆਂ ਹਰ ਪ੍ਰਕਾਰ ਦੀਆਂ ਸੇਵਾਵਾਂ ਦਾ ਉਸ ਕੋਲ ਪ੍ਰਬੰਧ ਸੀ।
ਜਾਅਲੀ ਵਸੀਅਤ ਲਈ ਸਭ ਤੋਂ ਪਹਿਲਾਂ ਤਾਰੇ ਨੂੰ ਗਵਾਹਾਂ ਦੀ ਜ਼ਰੂਰਤ ਪੈਣੀ ਸੀ। ਪੰਚ, ਸਰਪੰਚ ਅਤੇ ਨੰਬਰਦਾਰ ਤੋਂ ਲੈ ਕੇ ਵਕੀਲ ਤਕ ਦੀ ਉਹ ਗਵਾਹੀ ਪਵਾ ਸਕਦਾ ਸੀ। ਹਰ ਗਵਾਹ ਦੀ ਆਪਣੀ ਅਹਿਮੀਅਤ ਸੀ। ਇਹ ਤਾਰੇ ਨੇ ਦੇਖਣਾ ਸੀ ਕਿ ਕਿੰਨਾ ਗੁੜ ਪਾ ਕੇ ਉਸ ਨੇ ਕਿੰਨੇ ਮਿੱਠੇ ਦਾ ਸਵਾਦ ਚੱਖਣਾ ਸੀ?
ਫੇਰ ਵਸੀਅਤ ਉਪਰ ਤਾਏ ਦੇ ਦਸਤਖ਼ਤ ਸਾਬਤ ਕਰਨ ਲਈ ਹੱਥ-ਲਿਖਤਾਂ ਦੇ ਮਾਹਿਰ ਦੀ ਜ਼ਰੂਰਤ ਪੈਣੀ ਸੀ। ਹਰ ਤਰ੍ਹਾਂ ਦੇ ਮਾਹਿਰ ਦਾ ਨਾਂ-ਪਤਾ ਉਸ ਕੋਲ ਨੋਟ ਸੀ।
ਮੁੱਕਦੀ ਗੱਲ ਇਹ ਕਿ ਉਹ ਜਾਅਲੀ ਵਸੀਅਤ ਨੂੰ ਸੌ ਫ਼ੀਸਦੀ ਸੱਚ ਸਿੱਧ ਕਰਨ ਦੀ ਤਾਕਤ ਰੱਖਦਾ ਸੀ।
ਵੇਗ ’ਚ ਆਏ ਤਾਰੇ ਨੇ ਬਲਵਿੰਦਰ ਦੇ ਗੋਡੀਂ ਹੱਥ ਵੀ ਲਾਏ ਸਨ ਅਤੇ ਨੋਟਾਂ ਨਾਲ ਜੇਬ ਵੀ ਭਰੀ ਸੀ।
ਜੇ ਇਹ ਦੀਵਾਨੀ ਕੇਸ ਹੁੰਦਾ, ਉਹ ਪਟਵਾਰੀ ਦੇ ਸਿਰਹਾਣੇ ਜਾ ਬੈਠਦਾ। ਉਸ ਤੋਂ ਧਿਰ ਦੇ ਕੰਨ ਖਿਚਾਉਂਦਾ। ਅਸਾਮੀ ਭਲਮਾਣਸੀ ਨਾਲ ਨਾ ਮੰਨਦੀ ਤਾਂ ਉਸ ਤੋਂ ਧਮਕੀ ਦਿਵਾਉਂਦਾ।
ਮਲੰਗ ਮੀਤੇ ਕੋਲ ਕੁਝ ਵੀ ਨਹੀਂ ਸੀ ਨਾ ਉਸ ਨੂੰ ਕਿਸੇ ਪਟਵਾਰੀ ਦਾ ਡਰ ਸੀ, ਨਾ ਕਿਸੇ ਰਿਕਾਰਡ ਦੇ ਉਲਟ-ਪੁਲਟ ਹੋਣ ਦਾ।
ਕਿਉਂ ਝੱਲੇਗਾ ਉਹ ਪਟਵਾਰੀ ਦਾ ਰੋਹਬ?
ਕੋਈ ਫ਼ਾਇਦਾ ਨਹੀਂ ਸੀ ਪਟਵਾਰੀ ਪਿੱਛੇ ਫਿਰਨ ਦਾ।
ਦੂਜਾ ਮੋਹਰਾ ਭੰਗ ਦੇ ਭਾੜੇ ਗੁਆ ਕੇ ਬਲਵਿੰਦਰ ਨੂੰ ਡਾਢਾ ਦੁੱਖ ਹੋਇਆ ਸੀ।
ਸਿਗਟਰਾਂ ਦੇ ਤੀਜੇ ਜੋੜੇ ਦੀ ਉਸ ਨੂੰ ਤਲਬ ਮਹਿਸੂਸ ਹੋਣ ਲੱਗੀ।
ਕਿਸੇ ਧਿਰ ਦਾ ਚੌਕੀਦਾਰ ਜਾਂ ਪਟਵਾਰੀ ਬਿਨਾਂ ਸਰ ਸਕਦੈ ਪਰ ਪੰਚਾਂ, ਸਰਪੰਚਾਂ ਬਿਨਾਂ ਨਹੀਂ ਸਰਦਾ। ਫ਼ੌਜਦਾਰੀ ਮੁਕੱਦਮਿਆਂ ਵਿਚ ਦੋਸ਼ੀਆਂ ਨੂੰ ਇਨ੍ਹਾਂ ਨੂੰ ਜਵਾਈਆਂ ਵਾਂਗ ਪਲੋਸ ਕੇ ਰੱਖਣਾ ਪੈਂਦੈ। ਨੰਬਰਦਾਰ ਤੋਂ ਜ਼ਮਾਨਤ ਤਸਦੀਕ ਕਰਾਉਣੀ ਹੁੰਦੀ ਹੈ। ਸਰਪੰਚਾਂ ਤੋਂ ਆਪਣੇ ਹੱਕ ’ਚ ਮਤਾ ਪਾਸ ਕਰਾਉਣਾ ਹੁੰਦੈ। ਜਿਸ ਧਿਰ ਨਾਲ ਪਿੰਡ ਦੀ ਪੰਚਾਇਤ ਨਾ ਹੋਵੇ, ਅੱਧਾ ਮੁਕੱਦਮਾ ਉਹ ਪਹਿਲੇ ਦਿਨ ਹੀ ਹਾਰ ਜਾਂਦੀ ਹੈ।
ਬਲਵਿੰਦਰ ਇਸ ਨੁਕਤੇ ਨੂੰ ਚੰਗੀ ਤਰ੍ਹਾਂ ਸਮਝਦਾ ਸੀ। ਪੰਜ-ਦਸ ਜਾਂ ਪੰਦਰਾਂ-ਵੀਹ ਨਹੀਂ, ਉਸ ਨੇ ਪੰਚਾਂ, ਸਰਪੰਚਾਂ ਅਤੇ ਨੰਬਰਦਾਰਾਂ ਦੀ ਫ਼ੌਜ ਪਾਲ ਰੱਖੀ ਸੀ।
ਉਹ ਪੰਚ-ਸਰਪੰਚ ਹੀ ਕਾਹਦਾ, ਜਿਸ ਨੇ ਪਿੰਡ ਦੀ ਹਰ ਘਟਨਾ ’ਤੇ ਕੜੀ ਨਜ਼ਰ ਨਾ ਰੱਖੀ। ਇਸੇ ਨਜ਼ਰ ਦੀ ਉਹ ਖੱਟੀ ਖਾਂਦੇ ਸਨ।
ਸਵੇਰੇ ਹੀ ਉਹ ਪੋਚਵੀਂ ਪੱਗ ਬੰਨ੍ਹ ਕੇ ਬੈਠ ਜਾਂਦੇ। ਕੀ ਪਤੈ ਕਦੋਂ ਕੋਈ ਥਾਣੇ ਕਚਹਿਰੀ ਲੈ ਜਾਣ ਵਾਲਾ ਉਸ ਦਾ ਬੂਹਾ ਆਣ ਖੜਕਾਏ। ਇਹ ਨਾ ਹੋਵੇ ਕਿ ਨੰਬਰਦਾਰ ਤਿਆਰ ਹੁੰਦਾ ਰਹਿ ਜਾਏ ਅਤੇ ਅਗਲਾ ਕਾਹਲ ਕਾਰਨ ਕਿਸੇ ਹੋਰ ਨੂੰ ਲੈ ਤੁਰੇ।
ਇਕ ਨੂੰ ਤਿਆਰ ਰਹਿਣ ਦਾ ਸੁਨੇਹਾ ਲਾ ਕੇ ਜੇ ਭੁੱਲ-ਭੁਲੇਖੇ ਕੋਈ ਦੂਜੇ ਨੂੰ ਲੈ ਜਾਵੇ ਤਾਂ ਪਹਿਲੇ ਦੇ ਤਨ-ਬਦਨ ਨੂੰ ਅੱਗ ਲੱਗ ਜਾਂਦੀ ਸੀ। ਨਾਲੇ ਉਸ ਦਾ ਸਾਰੇ ਦਿਨ ਦਾ ਸੈਰ-ਸਪਾਟਾ ਗਿਆ, ਨਾਲੇ ਖਾਣ-ਪੀਣ ਅਤੇ ਨਾਲੇ ਦਿਹਾੜੀ-ਦੱਪਾ। ਪਹਿਲੇ ਮੋਹਤਬਰ ਨੂੰ ਉਨਾ ਚਿਰ ਚੈਨ ਨਹੀਂ ਸੀ ਆਉਂਦੀ, ਜਿੰਨਾ ਚਿਰ ਉਹ ਸਾਰੀ ਤਾਣੀ ਨੂੰ ਸੁਲਝਾ ਨਹੀਂ ਸੀ ਲੈਂਦਾ।
ਤਫ਼ਤੀਸ਼ ਕਰ ਕੇ ਉਹ ਬਲਵਿੰਦਰ ਵੱਲ ਦੌੜਦਾ। ਉਸ ਨੂੰ ਪੂਰੀ ਰਿਪੋਰਟ ਦਿੰਦਾ। ਫਲਾਣੇ ਨੰਬਰਦਾਰ ਨੇ ਫਲਾਣੇ ਦੀ ਜਆਲੀ ਵਸੀਅਤ ’ਤੇ ਗਵਾਹੀ ਪਾਈ ਹੈ, ਫਲਾਣੇ ਨੇ ਫਲਾਣੇ ਦੀ ਗ਼ਲਤ ਸ਼ਨਾਖ਼ਤ ਕਰ ਕੇ ਝੂਠਾ ਕਲੇਮ ਦਵਾਇਆ ਹੈ ਅਤੇ ਫਲਾਣੇ ਨੇ ਫਲਾਣੇ ਦੀ ਜਾਇਦਾਦ ਨੂੰ ਗ਼ਲਤ ਤਸਦੀਕ ਕੀਤਾ ਹੈ।
ਇਕ ਵਾਰ ਬਲਵਿੰਦਰ ਨੂੰ ਕਿਸੇ ਠੱਗੀ ਦਾ ਪਤਾ ਲੱਗੇ ਸਹੀ, ਉਹ ਓਨਾ ਚਿਰ ਚੈਨ ਨਾਲ ਨਹੀਂ ਸੀ ਬੈਠਦਾ, ਜਿੰਨਾ ਚਿਰ ਧਿਰਾਂ ਦੇ ਸਿਰ ਨਹੀਂ ਸੀ ਭਿੜ ਜਾਂਦੇ। ਸਿਰ ਭੇੜ ਕੇ ਡੱਬੂ ਕੰਧ’ਤੇ।
ਇਸ ਮੁਕੱਦਮੇ ਵਿਚ ਸਿਰ ਪਹਿਲਾਂ ਹੀ ਭਿੜ ਚੁੱਕੇ ਸਨ। ਜ਼ਮਾਨਤ ਹਾਲੇ ਮਨਜ਼ੂਰ ਨਹੀਂ ਸੀ ਹੋਈ। ਮੀਤੇ ਨੂੰ ਕਿਸੇ ਡੱਬੂ ਦੀ ਜ਼ਰੂਰਤ ਪਏ ਤਾਂ ਕਿਸ ਤਰ੍ਹਾਂ?
ਸਿਗਰਟਾਂ ਦੇ ਤੀਜੇ ਜੋੜੇ ਦਾ ਭੋਗ ਪੈਂਦਿਆਂ ਹੀ ਬਲਵਿੰਦਰ ਦੀਆਂ ਮੋਹਤਬਰਾਂ ’ਤੇ ਲੱਗੀਆਂ ਆਸਾਂ ਦਾ ਵੀ ਭੋਗ ਪੈ ਗਿਆ।
ਹੁਣ ਉਸ ਕੋਲ ਇਕ ਮੋਹਰਾ ਬਾਕੀ ਸੀ। ਮਹਾਰਾਜੇ ਵਰਗਾ ਇਹ ਮੋਹਰਾ ਸੀ ਪੁਲਿਸ ਦਾ।
ਪੁਲਿਸ ਦਾ ਖ਼ਿਆਲ ਆਉਂਦਿਆਂ ਹੀ ਬਲਵਿੰਦਰ ਨੂੰ ਆਪਣੀ ਅਣਗਹਿਲੀ ’ਤੇ ਪਛਤਾਵਾ ਹੋਣ ਲੱਗਾ।
ਚਲਾਨ ਪੇਸ਼ ਹੋ ਚੁੱਕਾ ਸੀ। ਕੇਸ ਨਾਲ ਹੁਣ ਪੁਲਿਸ ਦਾ ਕੋਈ ਲਾਗਾ-ਦੇਗਾ ਨਹੀਂ ਸੀ। ਜੇ ਉਸ ਨੂੰ ਪਹਿਲਾਂ ਪਤਾ ਹੁੰਦਾ ਕਿ ਕੇਸ ਨੇ ਇੰਝ ਕਰਵਟ ਲੈਣੀ ਹੈ, ਉਹ ਬੰਟੀ ਦੇ ਅਗਵਾ ਵਾਲੇ ਦਿਨ ਹੀ ਕੇਸ ਨਾਲ ਚਿੰਬੜ ਜਾਂਦਾ।
ਪਹਿਲਾਂ ਉਹ ਇੰਝ ਹੀ ਕਰਦਾ ਸੀ।
ਕਿਸੇ ਹੋਣ ਵਾਲੇ ਝਗੜੇ ਦੀ ਸੂਹ ਮਿਲਦਿਆਂ ਹੀ ਉਹ ਥਾਣੇ ਜਾ ਵੱਜਦਾ ਸੀ। ਥਾਣੇਦਾਰ ਦੇ ਕੰਨ ਭਰਦਾ ਸੀ। ਥਾਣੇਦਾਰ ਝੱਟ ਅਗਲੇ ਦੀ ਗਿੱਚੀ ਜਾ ਨੱਪਦਾ।
ਮੁਖ਼ਬਰੀ ਕਰ ਕੇ ਬਲਵਿੰਦਰ ਕੁਝ ਦੇਰ ਖ਼ਾਮੋਸ਼ ਰਹਿੰਦਾ।
ਜਦੋਂ ਪਰਚਾ ਦਰਜ ਹੋ ਜਾਂਦਾ ਅਤੇ ਫੜੋ-ਫੜਾਈ ਸ਼ੁਰੂ ਹੋ ਜਾਂਦੀ ਤਾਂ ਕਿਧਰੋਂ ਬਰਸਾਤੀ ਖੁੰਬਾਂ ਵਾਂਗ ਆ ਟਪਕਦਾ।
ਮੋਹਤਬਰ ਬਣ ਕੇ ਕਦੇ ਮੁਦੱਈ ਦਾ ਪੱਖ ਪੂਰਦਾ ਅਤੇ ਕਦੇ ਮੁਲਜ਼ਮ ਦਾ।
ਨਾਜ਼ਰ ਨਾਲ ਉਸ ਦੀ ਜਾਣ-ਪਹਿਚਾਣ ਇੰਝ ਹੀ ਹੋਈ ਸੀ।
ਫਰਵਾਹੀ ਵਾਲੇ ‘ਧਗੜਿਆਂ’ ਦੀ ਜਦੋਂ ਸਾਂਝੀ ਕੰਧ ਖ਼ਾਤਰ ਲੜਾਈ ਹੋਈ ਸੀ ਤਾਂ ਬਲਵਿੰਦਰ ਨੇ ਮੁਦਈਆਂ ਦਾ ਪੱਖ ਪੂਰਿਆ ਸੀ।
ਪਹਿਲੇ ਹੱਲੇ ਪਰਚਾ ਤਿੰਨ ਸੌ ਚੌਵੀ ਵਿਚ ਦਰਜ ਹੋਇਆ ਸੀ। ਕੁਝ ਸੱਟਾਂ ਬਾਰੇ ਡਾਕਟਰ ਨੇ ਹਾਲੇ ਰਾਏ ਦੇਣੀ ਸੀ। ਉਸੇ ਰਾਏ ਨੇ ਇਹ ਫ਼ੈਸਲਾ ਕਰਨਾ ਸੀ ਕਿ ਪਰਚੇ ਨੇ ਤਿੰਨ ਸੌ ਛੱਬੀ ਵਿਚ ਤਬਦੀਲ ਹੋਣਾ ਸੀ ਜਾਂ ਚੌਵੀ ਵਿਚ ਰਹਿਣਾ ਸੀ।
ਇਸ ਤਬਦੀਲੀ ਲਈ ਉਸ ਨੂੰ ਧਗੜਿਆਂ ਦੇ ਬੁੜੇ੍ਹ ਨਾਲ ਮਥਾ-ਭਕਾਈ ਕਰਨੀ ਪਈ ਸੀ। ਕਦੇ ਉਹ ਬੁੜ੍ਹੇ ਨੂੰ ਇਕ ਪਾਸੇ ਲਿਜਾ ਕੇ ਤਿੰਨ ਸੌ ਚੌਵੀ ਦੇ ਨੁਕਸਾਨ ਸਮਝਾਉਂਦਾ। ਕਦੇ ਦੂਜੇ ਪਾਸੇ ਲਿਜਾ ਕੇ ਛੱਬੀ ਦੇ ਫ਼ਾਇਦੇ ਦੱਸਦਾ। ਕਦੇ ਉਹ ਆਖਦਾ।
“ਬੁੜ੍ਹਿਆ) ਚੌਵੀ ਦਾ ਜੁਰਮ ਕਾਹਦਾ ਜੁਰਮ ਹੁੰਦੈ। ਜਿਹਾ ਲੱਗਿਆ ਤਿਹਾ ਨਾ। ਇਸ ਦਫ਼ਾ ਦਾ ਪਹਿਲਾ ਨੁਕਸ ਇਹ ਆ ਕਿ ਪੁਲਿਸ ਨੇ ਦੋਸ਼ੀਆਂ ਨੂੰ ਪਿੰਡ ਹੀ ਛੱਡ ਜਾਣੈ। ਇਹ ਕਾਬਲੇ-ਜ਼ਮਾਨਤ ਜੁਰਮ ਐ। ਪੁਲਿਸ ਜੇ ਚਾਹੇ ਤਾਂ ਵੀ ਉਨ੍ਹਾਂ ਨੂੰ ਥਾਣੇ ਨਹੀਂ ਲਿਜਾ ਸਕਦੀ। ਨਾਲੇ ਇਹ ਜੁਰਮ ਕਾਬਲੇ-ਰਾਜ਼ੀਨਾਮਾ ਐ। ਹਰ ਪੇਸ਼ੀ ’ਤੇ ਜੱਜ ਰਾਜ਼ੀਨਾਮੇ ਲਈ ਜ਼ੋਰ ਪਾਇਆ ਕਰੂ। ਹੋਰ ਸੁਣ, ਇਸ ਜੁਰਮ ਦੀ ਵੱਧ ਤੋਂ ਵੱਧ ਸਜ਼ਾ ਤਿੰਨ ਸਾਲ ਕੈਦ ਐ। ਸਖ਼ਤ ਤੋਂ ਸਖ਼ਤ ਜੱਜ ਨੇ ਛੇ ਮਹੀਨੇ ਤੋਂ ਵੱਧ ਕੈਦ ਨਹੀਂ ਕਰਨੀ।”
ਉਹ ਫੇਰ ਆਖਦਾ।
“.....ਹੁਣ ਛੱਬੀ ਦੇ ਨਜ਼ਾਰੇ ਦੇਖ। ਪਹਿਲਾਂ ਪੁਲਿਸ ਦੋਸ਼ੀਆਂ ਨੂੰ ਘਰ ਤੋਂ ਲੈ ਕੇ ਥਾਣੇ ਤਕ ਕੁੱਟਦੀ ਲਿਜਾਊ। ਫੇਰ ਹਵਾਲਾਤ ਬੰਦ ਕਰੂ। ਬਹੁਤੇ ਨਹੀਂ ਤਾਂ ਪੰਦਰਾਂ ਦਿਨਾਂ ਲਈ ਜੱਜ ਉਨ੍ਹਾਂ ਨੂੰ ਜੇਲ੍ਹ ਦੀਆਂ ਰੋਟੀਆਂ ਖਵਾਊ ਹੀ ਖਵਾਊ। ਛੱਬੀ ’ਚ ਸਜ਼ਾ ਉਮਰ ਕੈਦ ਹੈ। ਰਹਿਮ-ਦਿਲ ਤੋਂ ਰਹਿਮ-ਦਿਲ ਜੱਜ ਨੂੰ ਵੀ ਤਿੰਨ ਸਾਲ ਕੈਦ ਕਰਨੀ ਪਊ। ਪੰਚਾਇਤ ਧਿਰਾਂ ਵਿਚਕਾਰ ਰਾਜ਼ੀਨਾਮਾ ਕਰਵਾ ਦੇਵੇ ਤਾਂ ਵੀ ਮੁਲਜ਼ਮਾਂ ਨੂੰ ਸਾਲ ਭਰ ਕਚਹਿਰੀ ਵਿਚ ਧੱਕੇ ਖਾਣੇ ਪੈਣਗੇ। ਅਰਦਲੀ, ਰੀਡਰ ਅਤੇ ਸਟੈਨੋ ਤੋਂ ਲੈ ਕੇ ਵਕੀਲ ਤਕ ਦੀਆਂ ਜੇਬਾਂ ਭਰਨੀਆਂ ਪੈਣਗੀਆਂ।”
ਫੇਰ ਲੋਹਾ ਗਰਮ ਹੋਇਆ ਦੇਖ ਉਹ ਆਖ਼ਰੀ ਸੱਟ ਮਾਰਦਾ।
“.....ਮਾੜੀ ਜਿਹੀ ਜੇਬ ਢਿੱਲੀ ਕਰ। ਹੁਣ ਛੱਬੀ ਬਣਾ ਦਿੰਨਾਂ। ਛੱਬੀ ਨਾ ਬਣੀ, ਗਲੇ ਸਾਰੀ ਉਮਰ ਡੋ-ਡੋ ਕਰਦੇ ਰਹਿਣਗੇ। ਆਖਣਗੇ ਧਗੜਿਆਂ ਨੇ ਕੀ ਸਾਡਾ ਫੰਨੂੰ ਪੱਟ ਲਿਆ?”
ਧਗੜਿਆਂ ਨੂੰ ਬਲਵਿੰਦਰ ਦੀ ਰਾਏ ਕੜਾਹ ਵਰਗੀ ਲੱਗੀ ਸੀ। ਝੱਟ ਬੁੜ੍ਹੇ ਨੇ ਨੋਟਾਂ ਵਾਲੀ ਪੋਟਲੀ ਖੋਲ੍ਹ ਦਿੱਤੀ ਸੀ।
ਪਹਿਲਾਂ ਬਲਵਿੰਦਰ ਨੇ ਨਾਜ਼ਰ ਦੀ ਜੇਬ ਭਰਾਈ, ਫੇਰ ਡਾਕਟਰ ਦੀ।
ਇੰਝ ਉਸ ਨੇ ਨਾਜ਼ਰ ਸਿੰਘ ਨਾਲ ਯਾਰੀ ਗੰਢੀ ਸੀ।
ਅੱਜ ਤਕ ਨਾਜ਼ਰ ਸਿੰਘ ਵੀ ਯਾਰੀ ਵਾਲੀ ਕਸਵੱਟੀ ’ਤੇ ਪੂਰਾ ਉਤਰਦਾ ਆ ਰਿਹਾ ਸੀ।-ਸੈਕੜੇ ਕੇਸ ਬਲਵਿੰਦਰ ਨੂੰ ਦਵਾ ਚੁੱਕਾ ਸੀ।
ਪਾਲੇ ਅਤੇ ਮੀਤੇ ਦਾ ਚਲਾਨ ਪੇਸ਼ ਹੋ ਚੁੱਕਾ ਸੀ। ਹੁਣ ਨਾ ਪੁਲਿਸ ਰਿਮਾਂਡ ਮਿਲ ਸਕਦਾ ਸੀ, ਨਾ ਕਿਸੇ ਦਫ਼ਾ ਵਿਚ ਵਾਧ-ਘਾਟ ਹੋ ਸਕਦੀ ਸੀ। ਨਾਜ਼ਰ ਸਿੰਘ ਮਜ਼ਬੂਰ ਸੀ।
ਪੁਲਿਸ ਵਾਲਾ ਮੋਹਰਾ ਹਾਰ ਕੇ ਬਲਵਿੰਦਰ ਨੇ ਹਾਰ ਕਬੂਲ ਕਰ ਲਈ।
ਧਰਤੀ ’ਤੇ ਵਾਹੀ ਸ਼ਤਰੰਜ ਢਾਹ ਕੇ ਉਸ ਨੇ ਸਿਗਰਟਾਂ ਵਾਲੀ ਡੱਬੀ ਦੀ ਘੋਖ ਕੀਤੀ।
ਸਿਗਰਟਾਂ ਦਾ ਇਕ ਜੋੜਾ ਹਾਲੇ ਬਾਕੀ ਸੀ।
ਆਖ਼ਰੀ ਜੋੜਾ ਸੁਲਗਾ ਕੇ ਉਹ ਪਾਲੇ ਨੂੰ ਨਿਸ਼ਾਨਾ ਬਣਾਉਣ ਲੱਗਾ।
ਪਾਲੇ ਦੀ ਮਾਂ ਨੂੰ ਉਸ ਨੇ ਕਈ ਵਾਰੀ ਕਚਹਿਰੀ ਘੁੰਮਦੇ ਦੇਖਿਆ ਸੀ। ਕਦੇ ਉਹ ਸਰਦਾਰੀ ਲਾਲ ਦੇ ਫੱਟੇ ’ਤੇ ਬੈਠੀ ਹੁੰਦੀ, ਕਦੇ ਗੁਪਤੇ ਦੇ ਅਤੇ ਕਦੇ ਮੋਹਨ ਜੀ ਦੇ। ਇਹ ਕਿਹੜਾ ਚੋਰੀ ਦਾ ਮੁਕੱਦਮਾ ਸੀ ਬਈ ਸੌ-ਦੋ ਸੌ ਨਾਲ ਸਰ ਜਾਊ। ਇਹ ਕਤਲ ਕੇਸ ਸੀ। ਘੱਟੋ-ਘੱਟ ਦਸ ਹਜ਼ਾਰ ਉਸ ਨੂੰ ਵਕੀਲ ਦੇ ਬੋਝੇ ਪਾਉਣਾ ਪੈਣਾ ਸੀ। ਸ਼ਾਇਦ ਇਸੇ ਕਾਰਨ ਉਸ ਦਾ ਕਿਸੇ ਵਕੀਲ ਨਾਲ ਸੌਦਾ ਤਹਿ ਨਹੀਂ ਸੀ ਹੋ ਰਿਹਾ।
ਬਲਵਿੰਦਰ ਕਿਸੇ ਦੇ ਭਰੋਸੇ ਨਹੀਂ ਰਹੇਗਾ। ਉਹ ਖ਼ੁਦ ਪਾਲੇ ਦੀ ਮਾਂ ਨਾਲ ਗੱਲ ਕਰੇਗਾ। ਉਸ ਭੋਲੀ ਤੀਵੀਂ ਨੂੰ ਸੰਮਤੀ ਦੀ ਸਿਆਸਤ ਸਮਝਾਏਗਾ।
ਸੰਮਤੀ ਦਾ ਉਦੇਸ਼ ਸਿਆਸੀ ਸੀ। ਉਸ ਨੇ ਕਿਸੇ ਨੂੰ ਰਿਸ਼ਵਤ ਥੋੜ੍ਹਾ ਦੇਣੀ ਸੀ। ਇਹ ਘੋਰ ਕਲਯੁੱਗ ਹੈ। ਇਸ ਕਲਯੁੱਗ ਵਿਚ ਜੇ ਰਾਜਾ ਹਰੀਸ਼ ਚੰਦਰ ਉਪਰ ਮੁਕੱਦਮਾ ਬਣ ਜਾਏ, ਮਜਾਲ ਹੈ, ਉਹ ਬਿਨਾਂ ਰਿਸ਼ਵਤ ਦਿੱਤਿਆਂ ਛੁੱਟ ਜਾਏ। ਪਾਲੇ ਦੀ ਮਾਂ ਨੂੰ ਉਹ ਸੱਚਾਈ ਸਮਝਾਏਗਾ। ਸੰਮਤੀ ਦੇ ਨਾਲ-ਨਾਲ ਉਹ ਖ਼ੁਦ ਵੀ ਯਤਨ ਕਰੇ। ਤਕੜਾ, ਨਹੀਂ ਤਾਂ ਛੋਟਾ-ਮੋਟਾ ਵਕੀਲ ਖੜਾ ਕਰ ਲਏ ਤਾਂ ਖਹਿੜਾ ਛੁੱਟੇਗਾ।
ਉਂਝ ਪਾਲੇ ਦੀ ਮਾਂ ਨੇ ਹੀ ਮੰਨ ਜਾਣਾ ਸੀ। ਉਸ ਨੇ ਕੋਈ ਝਿਜਕ ਦਿਖਾਈ ਤਾਂ ਬਲਵਿੰਦਰ ਨੇ ਜੀਵਨ ਆੜ੍ਹਤੀਏ ਕੋਲ ਚਲੇ ਜਾਣਾ ਸੀ। ਪੈਸਾ ਉਥੋਂ ਹੀ ਆਉਣਾ ਸੀ। ਜੇ ਆੜ੍ਹਤੀਏ ਬਜਾਜਾਂ ਅਤੇ ਪੰਸਾਰੀਆਂ ਤੋਂ ਅਸਾਮੀ ਨੂੰ ਆਪਣੀ ਜ਼ਿੰਮੇਵਾਰੀ ’ਤੇ ਉਧਾਰ ਦਿਵਾ ਸਕਦੇ ਹਨ ਤਾਂ ਉਹ ਵਕੀਲ ਵੀ ਕਰਵਾ ਸਕਦੇ ਹਨ।
ਬਲਵਿੰਦਰ ਦਾ ਬਥੇਰੇ ਆੜ੍ਹਤੀਆਂ ਨਾਲ ਵਿਹਾਰ ਚੱਲਦਾ ਸੀ। ਆੜ੍ਹਤੀਆਂ ਨੂੰ ਘਰ ਬੈਠਿਆਂ ਨੂੰ ਆੜ੍ਹਤ ਪੁੱਜਦੀ ਸੀ।
ਨਵੇਂ ਵਿਹਾਰ ਵਿਚ ਜੀਵਨ ਨੂੰ ਵੀ ਕੀ ਇਤਰਾਜ਼ ਹੋ ਸਕਦਾ ਸੀ? ਬਲਵਿੰਦਰ ਨੇ ਉਸ ਨੂੰ ਜਿਨਸ ਦੇ ਵਿਉਪਾਰ ਨਾਲੋਂ ਦੁੱਗਣਾ ਕਮਿਸ਼ਨ ਦਿਵਾਉਣਾ ਸੀ।
ਜੇ ਪਾਣੀ ਸਾਰੇ ਹੀ ਪੁਲਾਂ ਹੇਠ ਦੀ ਲੰਘ ਚੁੱਕਾ ਹੋਇਆ ਤਾਂ ਬਲਵਿੰਦਰ ਨੇ ਮੋਹਨ ਜੀ ਦੇ ਦਰ ’ਤੇ ਅਲਖ ਜਗਾਉਣੀ ਸੀ।
ਜਿਨ੍ਹਾਂ ਵਕੀਲਾਂ ਨੂੰ ਬਲਵਿੰਦਰ ਕੇਸ ਦਿੰਦਾ ਸੀ, ਮੋਹਨ ਜੀ ਉਹਨਾਂ ਵਿਚੋਂ ਇਕ ਸੀ।
ਮੋਹਨ ਜੀ ਛੋਟਾ ਵਕੀਲ ਸੀ। ਉਹ ਸੈਸ਼ਨ ਕੇਸ ਨਹੀਂ ਸੀ ਲੈਂਦਾ। ਅਜਿਹਾ ਕੋਈ ਕੇਸ ਆ ਜਾਵੇ ਤਾਂ ਉਹ ਸੀਨੀਅਰ ਵਕੀਲ ਕਰਾਉਂਦਾ ਸੀ। ਸੀਨੀਅਰ ਕੋਲੋਂ ਆਪਣਾ ਹਿੱਸਾ ਲੈਂਦਾ ਸੀ।
ਪਹਿਲਾਂ ਪਾਲੇ ਅਤੇ ਮੀਤੇ ਹੁਰਾਂ ਦੇ ਸਾਰੇ ਮੁਕੱਦਮੇ ਉਹੋ ਲੜਦਾ ਸੀ। ਜੇ ਇਹ ਮੁਕੱਦਮਾ ਉਸ ਕੋਲ ਗਿਆ ਤਾਂ ਉਸ ਨੇ ਅਗਾਂਹ ਹੀ ਦੇਣਾ ਸੀ।
ਬਲਵਿੰਦਰ ਨੂੰ ਯਕੀਨ ਸੀ, ਮੋਹਨ ਜੀ ਉਸ ਦਾ ਆਖਾ ਨਹੀਂ ਮੋੜੇਗਾ। ਇਹ ਭਾਈਚਾਰਕ ਸਾਂਝ ਸੀ। ਵਕੀਲ ਦੀ ਫ਼ੀਸ ਵਿਚੋਂ ਮਿਲਣ ਵਾਲਾ ਸਾਰਾ ਹਿੱਸਾ ਬਲਵਿੰਦਰ ਨੇ ਮੋਹਨ ਜੀ ਨੂੰ ਦੇ ਦੇਣਾ ਸੀ। ਬਲਵਿੰਦਰ ਨੂੰ ਮੁਨਸ਼ੀਆਨਾ ਮੁਫ਼ਤ ਵਿਚ ਮਿਲ ਜਾਣਾ ਸੀ।
ਸਿਗਰਟ ਦੇ ਖ਼ਤਮ ਹੋਣ ਤਕ ਬਲਵਿੰਦਰ ਦੇ ਹੌਸਲੇ ਬੁਲੰਦ ਹੋ ਗਏ।
ਉਹ ਪਹਿਲਾਂ ਹੀ ਬਹੁਤ ਲੇਟ ਸੀ। ਹੋਰ ਲੇਟ ਹੋਣਾ ਖ਼ਤਰੇ ਤੋਂ ਖ਼ਾਲੀ ਨਹੀਂ ਸੀ।
ਮਨ ’ਚ ਲੱਡੂ ਭੋਰਦੇ ਬਲਵਿੰਦਰ ਨੇ ਸਾਈਕਲ ਚੁੱਕਿਆ ਅਤੇ ਪਾਲੇ ਦੇ ਘਰ ਦੇ ਰਾਹ ਪਾ ਲਿਆ।
ਪਾਲੇ ਦੀ ਮਾਂ ਨੂੰ ਜਿਵੇਂ ਉਸੇ ਦਾ ਇੰਤਜ਼ਾਰ ਸੀ।
ਬਲਵਿੰਦਰ ਜੋ ਆਖਦਾ ਸੀ ਸਭ ਠੀਕ ਸੀ, ਪਰ ਉਸ ਕੋਲ ਓਨਾ ਪੈਸਾ ਨਹੀਂ ਸੀ ਜਿੰਨਾ ਬਲਵਿੰਦਰ ਮੰਗਦਾ ਸੀ। ਉਹ ਵੱਧ ਤੋਂ ਵੱਧ ਪੰਜ-ਛੇ ਸੌ ਦੇ ਸਕਦੀ ਸੀ ਅਤੇ ਉਹ ਵੀ ਕਿਸ਼ਤਾਂ ਵਿਚ।
ਪਾਲੇ ਦੀ ਮਾਂ ਹਜ਼ਾਰ ਤੱਕ ਅੱਪੜੀ, ਬਲਵਿੰਦਰ ਤਾਂ ਵੀ ਕੋਈ ਵਕੀਲ ਅੜ੍ਹਕਾ ਦਿੰਦਾ। ਪੰਜ-ਛੇ ਸੌ ਵਿਚ ਕੀ ਨੰਗੀ ਨਹਾਏਗੀ ਅਤੇ ਕੀ ਨਚੋੜੇਗੀ?
ਪਾਲੇ ਦੀ ਮਾਂ ਨੂੰ ਹਾਂ ਜਾਂ ਨਾਂਹ ਕਰਨ ਤੋਂ ਪਹਿਲਾਂ ਉਹ ਜੀਵਨ ਅਤੇ ਮੋਹਨ ਜੀ ਨੂੰ ਟੋਹਣਾ ਚਾਹੁੰਦਾ ਸੀ। ਤੱਤਾ ਲੱਕਣ ਵਿਚ ਕੋਈ ਫ਼ਾਇਦਾ ਨਹੀਂ ਸੀ।
ਜੀਵਨ ਆੜ੍ਹਤੀਏ ਨੇ ਵੀ ਪੈਰਾਂ ’ਤੇ ਪਾਣੀ ਨਾ ਪੈਣ ਦਿੱਤਾ।
ਆੜ੍ਹਤੀਏ ਨੂੰ ਸੰਮਤੀ ’ਤੇ ਯਕੀਨ ਸੀ। ਪਾਲਾ ਬੇਗੁਨਾਹ ਸੀ। ਸੱਚੇ ਬੰਦੇ ਦਾ ਕਦੇ ਵਾਲ ਵਿੰਗਾ ਨਹੀਂ ਹੁੰਦਾ। ਇਹ ਉਸ ਦਾ ਵਿਸ਼ਵਾਸ ਸੀ।
ਫੇਰ ਉਹ ਸੰਮਤੀ ਦੇ ਅਨੁਸ਼ਾਸਨ ਵਿਚ ਬੱਝਾ ਹੋਇਆ ਸੀ। ਸੌ-ਦੋ ਸੌ ਰੁਪਏ ਦੇ ਲਾਲਚ ਵਿਚ ਉਹ ਸੰਮਤੀ ਨਾਲ ਵਿਸ਼ਵਾਸਘਾਤ ਨਹੀਂ ਸੀ ਕਰ ਸਕਦਾ।
ਅਗਾਂਹ ਮੋਹਨ ਜੀ ਵੀ ‘ਪਾਲਕੀ ਵਾਲਾ’ ਬਣਿਆ ਬੈਠਾ ਸੀ। ਅਖੇ ‘ਤਾਇਆ ਇਹ ਕੇਸ ਮੈਂ ਆਪ ਲੜੂੰ। ਸਜ਼ਾ ਤਾਂ ਉਨ੍ਹਾਂ ਨੂੰ ਹੋਣੀ ਹੀ ਹੋਣੀ ਹੈ। ਆਪਣਾ ਤਜਰਬਾ ਹੋ ਜੂ।”
ਘਰ ਮੁੜਦੇ ਬਲਵਿੰਦਰ ਨੂੰ ਅੱਧੀ ਰਾਤ ਹੋ ਗਈ।
ਬਿਨਾਂ ਕੁਝ ਖਾਧੇ-ਪੀਤੇ ਉਹ ਚੁਬਾਰੇ ਜਾ ਚੜ੍ਹਿਆ।
“ਇਸ ਕੇਸ ਬਿਨਾਂ ਮੈਂ ਕਿਹੜਾ ਨੰਗ ਹੋ ਜੂੰ)”
ਸਵੇਰ ਤਕ ਕਰਵਟਾਂ ਬਦਲਦਾ ਉਹ ਅਜਿਹਾ ਕੁਝ ਬੜਾਉਂਦਾ ਰਿਹਾ।
¬
6
ਜੇ ਗੁਰਮੀਤ ਸਿੰਘ ਸਰਕਾਰੀ ਵਕੀਲ ਨੇ ਨੌਕਰੀ ਤੋਂ ਅਸਤੀਫ਼ਾ ਨਾ ਦਿੱਤਾ ਹੁੰਦਾ ਤਾਂ ਪਿਆਰੇ ਲਾਲ ਐਡਵੋਕੇਟ ਵੀ ਇਸ ਕੇਸ ਵਿਚ ਨਹੁੰ ਅੜਾਉਣ ਦੀ ਆਸ ਰੱਖ ਸਕਦਾ ਸੀ। ਦੋਹਾਂ ਵਿਚੋਂ ਇਕ ਦੋਸ਼ੀ ਗੁਰਮੀਤ ਦਾ ਖ਼ਾਸ ਸੀ ਅਤੇ ਗੁਰਮੀਤ ਪਿਆਰੇ ਲਾਲ ਦਾ। ਹੁਣ ਜਦੋਂ ਗੁਰਮੀਤ ਖ਼ੁਦ ਬੇਰੁਜ਼ਗਾਰਾਂ ਦੀ ਕਤਾਰ ਵਿਚ ਖੜੋਤਾ ਸੀ, ਉਹ ਪਿਆਰੇ ਲਾਲ ਵਰਗੇ ਵਿਹਲੜਾਂ ਦਾ ਕੀ ਸਵਾਰ ਸਕਦਾ ਸੀ?
ਕਾਸ਼) ਅਸਤੀਫ਼ਾ ਦੇਣ ਤੋਂ ਪਹਿਲਾਂ ਗੁਰਮੀਤ ਨੇ ਇਕ ਵਾਰ ਤਾਂ ਪਿਆਰੇ ਲਾਲ ਨਾਲ ਮਸ਼ਵਰਾ ਕੀਤਾ ਹੁੰਦਾ। ਇਸ ਧੰਦੇ ਵਿਚ ਸਥਾਪਤ ਹੋਣ ਲਈ ਕਿੰਨਾ ਜ਼ਲੀਲ ਹੋਣਾ ਪਏਗਾ? ਪਿਆਰੇ ਲਾਲ ਤੋਂ ਇਕ ਵਾਰ ਪੁੱਛਿਆ ਹੁੰਦਾ। ਹੋਰ ਨਹੀਂ ਤਾਂ ਪਿਆਰੇ ਲਾਲ ਦੀ ਹੱਡ-ਬੀਤੀ ਵੱਲ ਹੀ ਝਾਤ ਮਾਰ ਲੈਂਦਾ। ਕਦੇ ਕਿਸੇ ਨੇ ਨਹੀ ਪੁੱਛਿਆ, ਪਿਆਰੇ ਲਾਲ ਕੋਲ ਕਿਹੜੀ ਡਿਗਰੀ ਅਤੇ ਕਿਸ ਯੂਨੀਵਰਸਿਟੀ ਦੀ?
ਕੀ ਗੁਰਮੀਤ ਨੇ ਆਪਣੇ ਆਪ ਨੂੰ ਬੱਬੂ ਸਮਝ ਲਿਆ, ਬਈ ਆਉਂਦੇ ਦੇ ਹੀ ਪੈਰ ਜੰਮ ਜਾਣਗੇ।
ਬੱਬੂ ਤਾਂ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਦਾ ਪੋਤਾ ਸੀ। ਇਸੇ ਕਰਕੇ ਵਕਾਲਤ ਦੇ ਪਹਿਲੇ ਸਾਲ ਹੀ ਉਸ ਦੇ ਫੱਟੇ ’ਤੇ ਬਾਣੀਆਂ ਦਾ ਝੁਰਮਟ ਬੱਝਣ ਲੱਗਾ। ਕਿਸੇ ਬਾਣੀਏ ਕੋਲ ਵਹੀਆਂ ਦਾ ਬਸਤਾ ਹੁੰਦਾ ਅਤੇ ਕਿਸੇ ਕੋਲ ਪਰਨੋਟਾਂ ਦਾ ਥੱਬਾ। ਕਿਸੇ ਨੇ ਦੁਕਾਨ ਖ਼ਾਲੀ ਕਰਾਉਣੀ ਹੁੰਦੀ ਅਤੇ ਕਿਸੇ ਨੇ ਮਕਾਨ। ਅਸਾਮੀ ਲਿਆਉਣ ਵਾਲਾ ਪਾਰਟੀ ਵਰਕਰ ਹੁੰਦਾ ਹੈ। ਮੂੰਹ-ਮੰਗੀ ਫ਼ੀਸ ਮਿਲਦੀ ਹੈ। ਗੁਰਮੀਤ ਉਸ ਨਾਲ ਕਿਵੇਂ ਰਲ ਜੂ?
ਜਾਂ ਗੁਰਮੀਤ ਨੇ ਆਪਣੇ ਆਪ ਨੂੰ ਸਰਦਾਰਾਂ ਦਾ ਬਿੱਲੂ ਸਮਝ ਲਿਆ ਹੋਣੈ।
ਬਿੱਲੂ ਦੀ ਵਕਾਲਤ ਚਮਕਣ ਲਈ ਇੰਨਾ ਹੀ ਕਾਫ਼ੀ ਸੀ ਕਿ ਉਹ ਇਕ ਪੁਲਿਸ ਕਪਤਾਨ ਦਾ ਸਾਲਾ ਸੀ। ਇਲਾਕੇ ਦੀ ਪੁਲਿਸ ’ਤੇ ਇਸੇ ਗੱਲ ਦਾ ਰੋਹਬ ਸੀ। ਸਰਦਾਰ ਜੀ ਪਟਿਆਲੇ ਲੱਗੇ ਸਨ, ਫੇਰ ਕੀ ਹੋਇਆ? ਕਦੇ ਇਥੇ ਵੀ ਆ ਸਕਦੇ ਸਨ। ਇਥੋਂ ਦੇ ਪੁਲਿਸ ਅਫ਼ਸਰ ਪਟਿਆਲੇ ਜਾ ਸਕਦੇ ਸਨ। ਤਬਾਦਲਾ ਨਾ ਹੋਵੇ, ਫੇਰ ਕਿਹੜਾ ਕਿਸੇ ਦਾ ਕੰਮ ਨਹੀਂ ਕਰਵਾ ਸਕਦੇ। ਜਦੋਂ ਵੀ ਕਚਹਿਰੀ ਆਉਂਦਾ, ਦੋ ਘੜੀ ਬਿੱਲੂ ਕੋਲ ਬੈਠ ਕੇ ਜਾਂਦਾ। ਚਾਹ-ਪਾਣੀ ਬਹਾਨਾ ਹੁੰਦਾ। ਮਕਸਦ ਇਹ ਦਰਸਾਉਣਾ ਹੁੰਦਾ ਕਿ ਉਸ ਦੀ ਕਾਕਾ ਜੀ ਨਾਲ ਲਿਹਾਜ਼ ਐ। ਇਸ ਇਸ਼ਾਰੇ ਨੂੰ ਕੌਣ ਨਹੀਂ ਸਮਝਦਾ? ਪੁਲਿਸ ਟਾਊਟ ਪੁਰਾਣੇ ਵਕੀਲਾਂ ਦੇ ਨਾਲ-ਨਾਲ ਬਿੱਲੂ ਵੱਲ ਵੀ ਫੇਰਾ ਮਾਰਦੇ ਸਨ। ਸਿਪਾਹੀਆਂ, ਹੌਲਦਾਰਾਂ ਨੂੰ ਤਾਂ ਸਲੂਟ ਤਕ ਮਾਰਨਾ ਪੈਂਦੈ। ਹਾਜ਼ਰੀ ਲਵਾਉਣ ਲਈ ਉਹ ਕੇਸ ਭੇਜਦੇ ਸਨ। ਡਰਦੇ ਹਿੱਸਾ-ਪੱਤੀ ਵੀ ਨਹੀਂ ਲੈਂਦੇ। ਦੋ ਸਾਲਾਂ ਵਿਚ ਉਹ ਫ਼ੌਜਦਾਰੀ ਵਕੀਲਾਂ ਵਿਚ ਗਿਣਿਆ ਜਾਣ ਲੱਗਿਆਸੀ।
ਵਕਾਲਤ ਚਮਕਾਉਣ ਲਈ ਹੁਣ ਗੁਰਮੀਤ ਕਿਸ ਕਪਤਾਨ ਨਾਲ ਰਿਸ਼ਤੇਦਾਰੀ ਪਾਏਗਾ?
ਗੁਰਮੀਤ ਆਪਣੇ ਕੰਮ ਦਾ ਮਾਹਿਰ ਜ਼ਰੂਰ ਸੀ। ਡਿਗਰੀ ਕਰਦੇ ਸਮੇਂ ਉਹ ਗੋਲਡ ਮੈਡਲ ਵੀ ਜਿੱਤ ਚੁੱਕਾ ਸੀ। ਪਰ ਕਚਹਿਰੀ ਵਿਚ ਉਸ ਦੀ ਲਿਆਕਤ ਨੂੰ ਕਿਸ ਪੁੱਛਣਾ ਸੀ?
ਉਹ ਪਿਆਰੇ ਲਾਲ ਵੱਲ ਦੇਖਦਾ। ਉਹ ਐਲ.ਐਲ.ਐਮ. ਪਾਸ ਸੀ। ਉਸ ਨੇ ਫ਼ੌਜਦਾਰੀ ਕਾਨੂੰਨ ਵਿਚ ਵਿਸ਼ੇਸ਼ ਮੁਹਾਰਤ ਹਾਸਲ ਕੀਤੀ ਸੀ। ਅੱਜ ਤਕ ਕਦੇ ਕਿਸੇ ਨੇ ਡਿਗਰੀ ਦੇ ਆਧਾਰ ’ਤੇ ਉਸ ਦੀ ਵਾਤ ਨਹੀਂ ਸੀ ਪੁੱਛੀ।
ਗੁਰਮੀਤ ਨੇ ਕਈ ਸਾਲ ਨੌਕਰੀ ਕੀਤੀ ਸੀ। ਇਸ ਧੰਦੇ ਦਾ ਉਸ ਨੂੰ ਗੂੜ੍ਹਾ ਤਜਰਬਾ ਸੀ। ਕੀ ਉਸ ਨੂੰ ਨਹੀਂ ਸੀ ਪਤਾ ਕਿ ਸਾਇਲ ਦੀ ਬੁੱਧੀ ’ਤੇ ਪਰਦਾ ਤਾਂ ਕਚਹਿਰੀ ਵੜਦਿਆਂ ਹੀ ਪੈ ਜਾਂਦਾ ਹੈ। ਉਸ ਦੀ ਰਹਿੰਦੀ-ਖੂੰਹਦੀ ਅਕਲ ਟਾਊਟ ਮਾਰ ਦਿੰਦੇ ਹਨ। ਉਹ ਜਾਦੂਗਰ, ਵਕੀਲ ਬਾਰੇ ਕੁਝ ਸੋਚਣ ਹੀ ਨਹੀਂ ਦਿੰਦੇ।
ਕੇਵਲ ਇਕ ਵਾਰ ਇਕ ਸਾਇਲ ਪਿਆਰੇ ਲਾਲ ਦੇ ਫੱਟੇ ’ਤੇ ਐਲ.ਐਮ.ਐਮ. ਲਿਖਿਆ ਪੜ੍ਹ ਕੇ ਉਸ ਕੋਲ ਆਇਆ ਸੀ। ਵਕਾਲਤਨਾਮੇ ਦਾ ਫ਼ਾਰਮ ਲੈਣ ਗਏ ਨੂੰ ਹੀ ਉਸ ਨੂੰ ਕਿਸੇ ਟਾਊਟ ਨੇ ਘੇਰ ਲਿਆ ਸੀ।
“ਚੰਡੀਗੜ੍ਹੋਂ ਤਾਂ ਜਣਾ-ਖਣਾ ਪੜ੍ਹ ਕੇ ਆ ਜਾਂਦੈ। ਐਲ.ਐਲ.ਐਮ. ਦੀ ਥਾਂ ਭਾਵੇਂ ਪੀ-ਐਚ.ਡੀ. ਦੀ ਡਿਗਰੀ ਲੈ ਆਉ। ਸਾਡਾ ਵਕੀਲ ਬਾਹਰੋਂ ਪੜ੍ਹ ਕੇ ਆਇਐ।
ਬਾਹਰੋਂ ਪੜ੍ਹ ਕੇ ਆਉਣ ਦੀ ਗੱਲ ਨੇ ਸਾਇਲ ਨੂੰ ਭੰਬਲ-ਭੂਸਿਆਂ ਵਿਚ ਪਾ ਦਿੱਤਾ ਸੀ। ਉਸ ਨੂੰ ਲੱਗਾ ਸੀ ਜਿਵੇਂ ਉਸ ਦਾ ਵਕੀਲ ਵਲੈਤੋਂ ਪੜ੍ਹ ਆਇਆ ਹੈ।
ਫ਼ੀਸ ਵਾਪਸ ਮੰਗਣ ਆਏ ਸਾਇਲ ਨੂੰ ਪਿਆਰੇ ਲਾਲ ਨੇ ਬਥੇਰਾ ਸਮਝਾਇਆ ਸੀ। ਵਕੀਲ ਵਿਦੇਸ਼ੋਂ ਨਹੀਂ, ਗੰਗਾਨਗਰੋਂ ਪੜ੍ਹ ਕੇ ਆਇਐ। ਉਥੋਂ ਡਿਗਰੀ ਹਾਸਲ ਕਰਨ ਲਈ ਵਿਦਿਆਰਥੀ ਨੂੰ ਸਾਰੀ-ਸਾਰੀ ਰਾਤ ਦੀਵਾ ਬਾਲਣ ਦੀ ਲੋੜ ਨਹੀਂ ਪੈਂਦੀ। ਉਥੇ ਹਾੜੀ-ਸੌਣੀ ਜਾ ਕੇ ਫ਼ੀਸਾਂ ਭਰ ਕੇ ਅਤੇ ਇਮਤਿਹਾਨ ਵਿਚ ਬੈਠ ਕੇ ਸਰ ਜਾਂਦਾ। ਕਾਲਜ ਵਾਲਿਆਂ ਨੂੰ ਪੈਸਾ ਚਾਹੀਦੈ ਅਤੇ ਪੈਸੇ ਵਾਲਿਆਂ ਨੂੰ ਡਿਗਰੀ। ਉਸ ਦੇ ਵਕੀਲ ਨੇ ਇਉਂ ਡਿਗਰੀ ਹਾਸਲ ਕੀਤੀ ਹੈ।
ਪਰ ਪਿਆਰੇ ਲਾਲ ਨਾਲੋਂ ਟਾਊਟ ਦਾ ਤਰਕ ਤੇਜ਼ ਸੀ। ਸਾਇਲ ਨੇ ਫ਼ੀਸ ਮੁੜਵਾ ਕੇ ਹੀ ਸਾਹ ਲਿਆ ਸੀ।
ਪੰਜਾਂ ਸਾਲਾਂ ਤੋਂ ਪਿਆਰੇ ਲਾਲ ਕਚਹਿਰੀਆਂ ਵਿਚ ਧੱਕੇ ਖਾਂਦਾ ਆ ਰਿਹਾ ਸੀ। ਇਕ ਵੀ ਕੇਸ ਵਿਚ ਉਸ ਨੂੰ ਆਪਣੀ ਯੋਗਤਾ ਦਿਖਾਉਣ ਦਾ ਮੌਕਾ ਨਹੀਂ ਸੀ ਮਿਲਿਆ। ਪਿਆਰੇ ਲਾਲ ਨੂੰ ਲੱਗਦਾ ਸੀ, ਉਸ ਦੇ ਦੋਸਤ ਗੁਰਮੀਤ ਨਾਲ ਵੀ ਇੰਝ ਹੀ ਹੋਵੇਗੀ। ਕੌਣ ਲਿਆ ਕੇ ਦੇਵੇਗਾ ਉਸ ਨੂੰ ਕੇਸ?
ਪਾਲੇ ਅਤੇ ਮੀਤੇ ਨੇ ਜੇ ਇਹ ਕਤਲ ਨਹੀਂ ਕੀਤਾ ਸੀ, ਨਾ ਸਹੀ। ਸਨ ਤਾਂ ਉਹ ਦਸ ਨੰਬਰੀਏ ਹੀ। ਬਥੇਰੇ ਲੋੜਵੰਦਾਂ ਦੀਆਂ ਉਹਨਾਂ ਜੇਬਾਂ ਕੱਟੀਆਂ ਹੋਣਗੀਆਂ। ਬਥੇਰੇ ਗ਼ਰੀਬਾਂ ਦੇ ਘਰੋਂ ਸਾਮਾਨ ਚੋਰੀ ਕੀਤਾ ਹੋਵੇਗਾ। ਕਾਨੂੰਨ ਦੀਆਂ ਕਮਜ਼ੋਰੀਆਂ ਦਾ ਫ਼ਾਇਦਾ ਉਠਾ ਕੇ ਬਰੀ ਵੀ ਹੁੰਦੇ ਰਹੇ ਹੋਣਗੇ। ਸਮਾਜ ਨੂੰ ਅਜਿਹੇ ਮੁਜਰਮਾਂ ਤੋਂ ਰਾਹਤ ਮਿਲਣੀ ਹੀ ਚਾਹੀਦੀ ਸੀ। ਉਹਨਾਂ ’ਤੇ ਜੋ ਝੂਠਾ ਕੇਸ ਮੜ੍ਹ ਦਿੱਤਾ ਗਿਆ ਸੀ ਤਾਂ ਗੁਰਮੀਤ ਨੂੰ ਕੀ? ਪਿਆਰੇ ਲਾਲ ਸਮਝਦਾ ਸੀ, ਉਸ ਨੂੰ ਬਾਦਸ਼ਾਹਾਂ ਵਰਗੀ ਨੌਕਰੀ ਨਹੀਂ ਸੀ ਛੱਡਣੀ ਚਾਹੀਦੀ।
ਸ਼ਾਇਦ ਗੁਰਮੀਤ ਵੀ ਪਿਆਰੇ ਲਾਲ ਵਰਗਾ ਆਦਰਸ਼ਵਾਦੀ ਸੀ। ਪਹਿਲਾਂ-ਪਹਿਲ ਹਰ ਕੋਈ ਹੁੰਦਾ ਹੈ। ਕਾਲਾ ਕੋਟ ਪਾਉਣ ਤੋਂ ਪਹਿਲਾਂ ਪਿਆਰੇ ਲਾਲ ਨੇ ਵੀ ਪ੍ਰਤਿੱਗਿਆ ਕੀਤੀ ਸੀ, “ਉਹ ਇਕ ਵਕੀਲ ਦੇ ਫ਼ਰਜ਼ਾਂ ਨੂੰ ਦ੍ਰਿੜਤਾ ਨਾਲ ਨਿਭਾਏਗਾ। ਉਹ ਜੱਜ ਦੇ ਸਾਹਮਣੇ ਸੱਚਾਈ ਲਿਆਇਆ ਕਰੇਗਾ। ਉਸ ਦਾ ਉਦੇਸ਼ ਆਪਣੀ ਧਿਰ ਨੂੰ ਜਿਤਾਉਣਾ ਨਹੀਂ ਹੋਏਗਾ। ਉਹ ਸਸਤਾ ਇਨਸਾਫ਼ ਮੁਹੱਈਆ ਕਰਾਉਣ ਵਿਚ ਲੋਕਾਂ ਦੀ ਮਦਦ ਕਰੇਗਾ। ਵਕਾਲਤ ਵਿਚ ਪੂਰੀ ਤਰ੍ਹਾਂ ਸਥਾਪਤ ਹੋ ਕੇ ਵੀ ਉਹ ਸਾਇਲਾਂ ਦੀਆਂ ਜੇਬਾਂ ਨਹੀਂ ਕੱਟੇਗਾ। ਕਾਨੂੰਨ ਤੋੜਨ ਵਿਚ ਫ਼ਖ਼ਰ ਮਹਿਸੂਸ ਕਰਨ ਵਾਲਿਆਂ ਦਾ ਕਦੇ ਉਹ ਵਕੀਲ ਨਹੀਂ ਬਣੇਗਾ। ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰੇਗਾ। ਅਜਿਹਾ ਕਰਦੇ ਸਮੇਂ ਉਸ ਨੂੰ ਕਦੇ ਕੋਈ ਸੰਘਰਸ਼ ਛੇੜਨਾ ਪਿਆ ਤਾਂ ਉਹ ਛੇੜੇਗਾ।
ਸ਼ਾਇਦ ਇਹੋ ਜਿਹਾ ਕੋਈ ਉਦੇਸ਼ ਸਾਹਮਣੇ ਰੱਖ ਕੇ ਹੀ ਗੁਰਮੀਤ ਨੇ ਅਸਤੀਫ਼ਾ ਦਿੱਤਾ ਹੋਵੇਗਾ।
ਪਰ ਰੋਟੀ-ਰੋਜ਼ੀ ਲਈ ਜੂਝਦੇ ਪਿਆਰੇ ਲਾਲ ਦਾ ਆਦਰਸ਼ਵਾਦ ਦਿਨਾਂ ਵਿਚ ਹੀ ਖੰਡਿਤ ਹੋ ਗਿਆ ਸੀ। ਭੁੱਖ ਨੇ ਉਸ ਦੀਆਂ ਅੱਖਾਂ ਵਿਚ ਲਟਕਦੇ ਸੁਪਨੇ ਇਕ-ਇਕ ਕਰ ਕੇ ਝਾੜ ਦਿੱਤੇ ਸਨ। ਥੱਕੇ ਹਾਰੇ ਪਿਆਰੇ ਲਾਲ ਨੂੰ ਵਕੀਲਾਂ ਦੀ ਭੀੜ ਵਿਚ ਗੁਆਚ ਕੇ ਇਕ ਸਾਧਾਰਨ ਮੈਂਬਰ ਬਣਨ ਲਈ ਮਜਬੂਰ ਹੋਣਾ ਪਿਆ ਸੀ।
ਗੁਰਮੀਤ ਨੂੰ ਚੋਖੀ ਤਨਖ਼ਾਹ ਮਿਲਦੀ ਸੀ, ਭਰੇ ਢਿੱਡ ਨਾਲ ਉਪਦੇਸ਼ ਦੇਣੇ ਸੌਖੇ ਹੁੰਦੇ ਹਨ। ਪਿਆਰੇ ਲਾਲ ਨੂੰ ਲੱਗਦਾ ਸੀ, ਗੁਰਮੀਤ ਫੂਕ ਛਕ ਗਿਆਸੀ। ਛੋਟੇ-ਮੋਟੇ ਮੁਜਰਮਾਂ ਨੂੰ ਜੁਰਮ ਕਰਨੋਂ ਹਟਾ ਕੇ ਜਾਂ ਪਿਆਰੇ ਲਾਲ ਵਰਗੇ ਵਕੀਲਾਂ ਨੂੰ ਚਾਰ ਕੇਸ ਦਿਵਾ ਕੇ ਆਪਣੇ-ਆਪ ਨੂੰ ਫ਼ਰਿਸ਼ਤਾ ਸਮਝ ਬੈਠੈ। ਜਦੋਂ ਆਟੇ-ਦਾਣੇ ਦਾ ਭਾਅ ਪਤਾ ਲੱਗਾ ਤਾਂ ਪਿਆਰੇ ਲਾਲ ਵਾਂਗ ਉਸ ਨੂੰ ਆਪੇ ਸਾਰੇ ਆਦਰਸ਼ ਭੁੱਲ ਜਾਣਗੇ।
ਪਿਆਰੇ ਲਾਲ ਨੂੰ ਸਮਝ ਨਹੀਂ ਸੀ ਆ ਰਹੀ, ਗੁਰਮੀਤ ਨੂੰ ਅਸਤੀਫ਼ਾ ਦੇਣ ਦਾ ਝੱਲ ਕਿਉਂ ਚੜ੍ਹਿਆ?
ਸ਼ਾਇਦ ਪਿਆਰੇ ਲਾਲ ਵਾਂਗ ਉਹ ਵੀ ਸ਼ੇਖ਼-ਚਿੱਲੀ ਬਣ ਗਿਆ ਸੀ। ਸੁਪਨਿਆਂ ਵਿਚ ਹੀ ਉਹ ਉੱਚੀਆਂ ਉਡਾਰੀਆਂ ਮਾਰ ਗਿਆ ਸੀ।
ਦਿਨੇ ਸੁਪਨੇ ਦੇਖਣ ਵਿਚ ਪਿਆਰੇ ਲਾਲ ਦਾ ਕਸੂਰ ਨਹੀਂ ਸੀ। ਇਹ ਗੁਣ ਉਸ ਨੂੰ ਵਿਰਾਸਤ ਵਿਚ ਮਿਲਿਆ ਸੀ।
ਪਿਆਰੇ ਲਾਲ ਦੇ ਬਾਪ ਮੁਕੰਦ ਲਾਲ ਨੇ ਵੀ ਸੁਪਨਾ ਲਿਆ ਸੀ। ਪਿਆਰੇ ਲਾਲ ਨੂੰ ਵਕੀਲ ਬਣਾਉਣ ਦਾ। ਉਸ ਦੇ ਜਨਮ ਤੋਂ ਵੀ ਪਹਿਲਾਂ।
ਕਿਸੇ ਅਸਾਮੀ ਨੇ ਮੁਕੰਦ ਲਾਲ ਦੇ ਦੋ ਸੌ ਰੁਪਏ ਮਾਰ ਲਏ ਸਨ। ਉਸ ਨੂੰ ਸਹੇ ਨਾਲੋਂ ਪਹੇ ਦਾ ਜ਼ਿਆਦਾ ਡਰ ਸੀ। ਅੱਜ ਇਸ ਅਸਾਮੀ ਨੇ ਝੱਗਾ ਚੁੱਕਿਆ, ਕੱਲ੍ਹ ਦੂਸਰੀ ਚੁੱਕੇਗੀ ਅਤੇ ਪਰਸੋਂ ਤੀਸਰੀ। ਇਸ ਤਰ੍ਹਾਂ ਮੁਕੰਦ ਲਾਲ ਦਾ ਕਾਰੋਬਾਰ ਠੱਪ ਹੋ ਸਕਦਾ ਸੀ।
ਅਦਾਲਤ ਦਾ ਦਰਵਾਜ਼ਾ ਖੜਕਾਉਣ ਲਈ ਮੁਕੰਦ ਲਾਲ ਨੇ ਬਿਹਾਰੀ ਲਾਲ ਵਕੀਲ ਕੀਤਾ ਸੀ। ਪਹਿਲੀ ਸੱਟੇ ਹੀ ਉਸ ਨੇ ਪੰਜਾਹ ਰੁਪਏ ਝਾੜ ਲਏ ਸਨ। ਇੰਨੀ ਰਕਮ ਨਾ ਮੁਕੰਦ ਲਾਲ ਤੋਂ ਇਕ ਮਹੀਨੇ ਵਿਚ ਕਮਾਈ ਜਾਣੀ ਸੀ, ਨਾ ਉਸ ਦੀ ਅਸਾਮੀ ਕੋਲੋਂ।
ਫ਼ੀਸ ਦੇ ਨਾਲ-ਨਾਲ ਵਗਾਰਾਂ ਵੀ। ਕਦੇ ਸਾਗ ਮੰਗਵਾ ਲਿਆ, ਕਦੇ ਗੰਨੇ। ਕਦੇ ਮੱਖਣ ਅਤੇ ਕਦੇ ਖੋਆ।
ਵਕੀਲ ਦੇ ਖ਼ਰਬੂਜ਼ਿਆਂ ਵਰਗੇ ਬੱਚੇ, ਮੱਖਣੀ ਵਰਗੀ ਪਤਨੀ, ਨੌਕਰ-ਚਾਕਰ ਅਤੇ ਹਵੇਲੀ ਜਿੱਡਾ ਘਰ। ਵਕੀਲ ਦੀ ਐਸ਼ੋ-ਇਸ਼ਰਤ ਦੇਖ ਕੇ ਮੁਕੰਦ ਲਾਲ ਦੇ ਮੂੰਹ ਵਿਚ ਪਾਣੀ ਆ ਜਾਂਦਾ।
ਦੋ ਸਾਲ ਤਾਰੀਖ਼ਾਂ ਭੁਗਤ ਕੇ ਉਸ ਨੂੰ ਮਹਿਸੂਸ ਹੋਇਆ, ਅਦਾਲਤਾਂ ਦੇ ਤਾਂ ਮੁਨਸ਼ੀ ਮੁਸੱਦੀ ਨਹੀਂ ਮਾਣ। ਵਕੀਲਾਂ ਦੇ ਤਾਂ ਕਿਆ ਕਹਿਣੇ।
“ਉਹ ਵੀ ਮੁੰਡੇ ਨੂੰ ਵਕੀਲ ਬਣਾਉਣਗੇ”, ਪਿਆਰੇ ਲਾਲ ਦੇ ਜਨਮ ਲੈਂਦਿਆਂ ਹੀ ਪਤੀ ਪਤਨੀ ਨੇ ਮਤਾ ਪਕਾ ਲਿਆ ਸੀ।
ਵਕਾਲਤ ਕਰਾਉਣ ’ਤੇ ਬਹੁਤ ਖ਼ਰਚ ਹੋਣਾ ਸੀ। ਬਾਣੀਏ ਪੁੱਤ ਨੇ ਵੀਹ ਸਾਲ ਪਹਿਲਾਂਹੀ ਯੋਜਨਾ ਘੜ ਲਈ। ਪਲੀ-ਪਲੀ ਕਰ ਕੇ ਜੋੜਿਆ ਤਾਂ ਵੀ ਉਸ ਸਮੇਂ ਤਕ ਕੁੱਪਾ ਭਰ ਜਾਣਾਸੀ।
ਉਹਨਾਂ ਦੇ ਪਿੰਡੋਂ ਸ਼ਹਿਰ ਬਾਰਾਂ ਮੀਲ ਦੂਰ ਸੀ। ਜਵਾਨ ਬੰਦੇ ਲਈ ਇੰਨਾ ਕੁ ਪੈਂਡਾ ਕੀ ਹੰਦੈ। ਮੂੰਹ-ਹਨੇਰੇ ਉੱਠ ਕੇ ਸ਼ਹਿਰ ਜਾਇਆ ਕਰੇਗਾ। ਸਬਜ਼ੀ ਦੀ ਖੁਰਜੀ ਭਰ ਲਿਆਇਆ ਕਰੇਗਾ। ਜਿਹੜੀ ਵਾਧੂ ਆਮਦਨ ਹੋਈ, ਉਹ ਵਕੀਲ ਪੁੱਤ ਦੇ ਖਾਤੇ ਜਮ੍ਹਾਂ ਕਰਾ ਦਿਆ ਕਰੇਗਾ।
ਕਲਾਵੰਤੀ ਨੇ ਵੀ ਸਾਥ ਦਿੱਤਾ। ਉਸ ਨੂੰ ਬਥੇਰੇ ਹੁਨਰ ਆਉਂਦੇ ਸਨ। ਦਰੀਆਂ, ਖੇਸ ਤੇ ਨਾਲੇ ਬੁਣ ਲੈਂਦੀ ਸੀ। ਥੋੜ੍ਹੀ ਬਹੁਤ ਸਿਲਾਈ ਮਸ਼ੀਨ ਵੀ ਜਾਣਦੀ ਸੀ। ਉਹਨਾਂ ਮਸ਼ੀਨ ਖ਼ਰੀਦ ਲਈ ਤਾਂ ਪੂਰੀ ਮੁਹਾਰਤ ਹੋ ਜਾਏਗੀ। ਪਿੰਡ ਵਿਚ ਕੱਪੜੇ ਸਿਵਾਉਣ ਵਾਲਿਆਂ ਦਾ ਘਾਟਾ ਨਹੀਂ ਸੀ।
ਉਹਨਾਂ ਆਪਣੀ ਯੋਜਨਾ ਨੂੰ ਅਮਲੀ ਜਾਮਾ ਪਹਿਨਾਇਆ। ਉਹਨਾਂ ਦੇ ਕੰਮ ਦਾ ਸਮਾਂ ਸਵੇਰੇ ਤਿੰਨ ਵਜੇ ਸ਼ੁਰੂ ਹੋ ਕੇ ਰਾਤ ਨੂੰ ਗਿਆਰਾਂ ਵਜੇ ਖ਼ਤਮ ਹੋਣ ਲੱਗਾ।
ਪਿਆਰੇ ਲਾਲ ਆਪਣਾ ਫ਼ਰਜ਼ ਨਿਭਾਉਂਦਾ ਰਿਹਾ। ਲਾਅ ਦੀ ਡਿਗਰੀ ਹਾਸਲ ਕਰਨ ਤਕ ਪਹਿਲੇ ਪੰਜਾਂ-ਸੱਤਾਂ ਵਿਚ ਆਉਂਦਾ ਰਿਹਾ।
ਪਿਆਰੇ ਲਾਲ ਦੇ ਪ੍ਰੋਫ਼ੈਸਰ ਉਸ ਨੂੰ ਸਮਝਾਉਣ ਲੱਗੇ। ਉਹ ਜੱਜ ਬਣੇ। ਇੰਗਲਿਸ਼ ਉਸ ਦੀ ਪਹਿਲਾਂ ਹੀ ਚੰਗੀ ਸੀ। ਕਾਨੂੰਨ ਉਸ ਨੂੰ ਸਮਝ ਆਉਂਦਾ ਸੀ।
ਪਿਆਰੇ ਲਾਲ ਇਨਸਾਫ਼ ਦੀ ਕੁਰਸੀ ’ਤੇ ਬੈਠਣ ਦੇ ਸੁਪਨੇ ਲੈਣ ਲੱਗਾ।
ਐਲ.ਐਲ.ਬੀ. ਕਰ ਕੇ ਵਕਾਲਤ ਕਰਨ ਦੀ ਥਾਂ ਉਸ ਨੇ ਐਲ.ਐਲ.ਐਮ. ਵਿਚ ਦਾਖ਼ਲਾ ਲੈ ਲਿਆ। ਵਜ਼ੀਫ਼ਾ ਮਿਲ ਜਾਣਾ ਸੀ। ਯੂਨੀਵਰਸਿਟੀ ਬੈਠ ਕੇ ਉਹ ਕੰਪੀਟੀਸ਼ਨ ਦੀ ਤਿਆਰੀ ਕਰੇਗਾ। ਨਿਕਲ ਗਿਆ ਤਾਂ ਠੀਕ ਨਹੀਂ ਮਾਸਟਰ ਆਫ਼ ਲਾਅ ਬਣ ਜਾਏਗਾ।
ਇਕ-ਇਕ ਕਰ ਕੇ ਐਲ.ਐਲ.ਐਮ. ਦੇ ਦੋ ਸਾਲ ਨਿਕਲ ਗਏ ਪਰ ਪੀ.ਸੀ.ਐਸ. ਦੀਆਂ ਨੌਕਰੀਆਂ ਨਾ ਨਿਕਲੀਆਂ। ਮਹੀਨੇ-ਵੀਹ ਦਿਨਾਂ ਬਾਅਦ ਉਹ ਸਕੱਤਰੇਤ ਗੇੜਾ ਮਾਰ ਆਉਂਦਾ। ਕਦੋਂ ਕੁ ਕੱਢੋਗੇ ਪੋਸਟਾਂ? ਪੁੱਛ-ਪੜਤਾਲ ਕਰ ਆਉਂਦਾ। ਹੌਲੀ-ਹੌਲੀ ਉਸ ਨੂੰ ਪਤਾ ਲੱਗਾ। ਹਾਈ ਕੋਰਟ ਅਤੇ ਪਬਲਿਕ ਸਰਵਿਸ ਕਮਿਸ਼ਨ ਵਿਚਕਾਰ ਝਗੜਾ ਚੱਲਦਾ ਸੀ। ਕਮਿਸ਼ਨ ਲਿਖਤੀ ਇਮਤਿਹਾਨ ਦੇ ਨਾਲ-ਨਾਲ ਇੰਟਰਵਿਊ ਰੱਖਣਾ ਚਾਹੁੰਦਾ ਸੀ। ਹਾਈ ਕੋਰਟ ਇੰਟਰਵਿਊ ਰੱਖਣ ਲਈ ਰਾਜ਼ੀ ਨਹੀਂ ਸੀ। ਕਮਿਸ਼ਨ ਦੀ ਸ਼ੁਹਰਤ ਮਾੜੀ ਸੀ। ਮਾੜੀ ਸ਼ੁਹਰਤ ਵਾਲਿਆਂ ਨੂੰ ‘ਦੂਜੇ ਰੱਬ’ ਚੁਣਨ ਦੀ ਛੁੱਟੀ ਨਹੀਂ ਸੀ ਦਿੱਤੀ ਜਾ ਸਕਦੀ। ਜੇ ਕਮਿਸ਼ਨ ਵਾਲੇ ਆਪਣੀ ਮਰਜ਼ੀ ਨਾਲ ਚੋਣ ਨਹੀਂ ਕਰ ਸਕਦੇ, ਆਪਣੇ ਭਾਈ-ਭਤੀਜਿਆਂ ਨੂੰ ਨੌਕਰੀ ਨਹੀਂ ਦਿਵਾ ਸਕਦੇ ਤਾਂ ਉਹਨਾਂ ਦਾ ਦਿਮਾਗ਼ ਫਿਰਿਐ ਬਈ ਦਿਨ ਰਾਤ ਮੱਥਾ ਮਾਰ-ਮਾਰ ਸਰਕਾਰ ਨੂੰ ਜੱਜ ਭਰਤੀ ਕਰ ਕੇ ਦੇਣ। ਇਸੇ ਕਸ਼ਮਕਸ਼ ਕਾਰਨ ਭਰਤੀ ਵਾਲੀ ਫ਼ਾਈਲ ਦੋਹਾਂ ਦਫ਼ਤਰਾਂ ਵਿਚਕਾਰ ਗੇਂਦ ਵਾਂਗ ਬੁੜ੍ਹਕਦੀ ਫਿਰਦੀ ਸੀ।
ਐਲ.ਐਲ.ਐਮ. ਕਰ ਕੇ ਚੰਡੀਗੜ੍ਹ ਬੈਠਣਾ ਮੁਸ਼ਕਲ ਹੋ ਗਿਆ। ਵਜ਼ੀਫ਼ਾ ਬੰਦ ਹੋ ਗਿਆ। ਪ੍ਰੋਫ਼ੈਸਰੀ ਮਿਲਣ ਦਾ ਕੋਈ ਚਾਨਸ ਨਹੀਂ ਸੀ।
ਪਿਆਰੇ ਲਾਲ ਨੂੰ ਪਿੰਡ ਡੇਰਾ ਜਮਾਉਣ ਵਿਚ ਬਿਹਤਰੀ ਲੱਗੀ। ਨਾਲੇ ਵਕਾਲਤ ਕਰੇਗਾ, ਨਾਲੇ ਇਮਤਿਹਾਨ ਦੀ ਤਿਆਰੀ।
ਵਕੀਲ ਬਣ ਕੇ ਘਰ ਆਏ ਪੁੱਤਰ ਨੂੰ ਦੇਖ ਕੇ ਮਾਪਿਆਂ ਦਾ ਧਰਤੀ ’ਤੇ ਪੈਰ ਨਹੀਂ ਸੀ ਲੱਗਦਾ। ਉਹਨਾਂ ਦੇ ਸੁਪਨੇ ਸਾਕਾਰ ਹੋਏ ਸਨ।
ਪੰਡਤ ਨੂੰ ਬੁਲਾ ਕੇ ਮਹੂਰਤ ਕਢਾਇਆ ਗਿਆ। ਸਾਕ-ਸੰਬੰਧੀਆਂ ਅਤੇ ਜਾਣ-ਪਹਿਚਾਣ ਵਾਲਿਆਂ ਨੂੰ ਦੱਸਣ ਲਈ ਰਾਮਾਇਣ ਦਾ ਪਾਠ ਰਖਵਾਇਆ ਗਿਆ।
ਦਹੀਂ ਖੁਆ ਕੇ ਅਤੇ ਮੱਥੇ ’ਤੇ ਤਿਲਕ ਲਗਾ ਪੂਰੇ ਸ਼ਗਨਾਂ ਨਾਲ ਉਸ ਨੂੰ ਕਚਹਿਰੀ ਤੋਰਿਆ ਗਿਆ।
ਸ਼ਾਮੀਂ ਪਿਆਰੇ ਲਾਲ ਜਦੋਂ ਘਰ ਮੁੜਿਆ ਤਾਂ ਕੰਧ ’ਤੇ ਲਟਕਦਾ ਵੱਡਾ ਸਾਰਾ ਬੋਰਡ ਦੇਖ ਕੇ ਉਹ ਹੈਰਾਨ ਰਹਿ ਗਿਆ। ਉਸ ਦਾ ਬਾਪ ਸਾਰਾ ਦਿਨ ਪੇਂਟਰ ਦੇ ਸਿਰਹਾਣੇ ਬੈਠਾ ਰਿਹਾ ਸੀ ਤਾਂ ਕਿਧਰੇ ਜਾ ਕੇ ਬੋਰਡ ਤਿਆਰ ਹੋਇਆ ਸੀ।
ਪਿਆਰੇ ਲਾਲ ਕਮਰੇ ਵਿਚ ਪੁੱਜਾ ਤਾਂ ਮੇਜ਼ ’ਤੇ ਇਕ ਲੈਟਰ ਪੈਡ ਪਈ ਸੀ। ਇਹ ਛੋਟੇ ਭਰਾ ਨੇ ਛਪਵਾ ਕੇ ਲਿਆਂਦੀ ਸੀ। ਸੋਹਣੇ-ਸੋਹਣੇ ਅੱਖਰਾਂ ਵਿਚ ਮੁਲਾਇਮ-ਮੁਲਾਇਮ ਕਾਗ਼ਜ਼ਾਂ ’ਤੇ ਲਿਖਿਆ ਸੀ। ‘ਪਿਆਰੇ ਲਾਲ ਬੀ.ਏ. (ਆਨਰਜ਼), ਐਲ.ਐਲ.ਐਮ. ਐਡਵੋਕੇਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ’।
ਘਰ ਅੱਗੇ ਲਟਕਦੇ ਬੋਰਡ ਅਤੇ ਮੇਜ਼ ਉੱਪਰ ਪਈ ਪੈਡ ਨੂੰ ਦੇਖ ਕੇ ਘਰ ਦੇ ਹੋਰਨਾਂ ਮੈਂਬਰਾਂ ਵਾਂਗ ਪਿਆਰੇ ਲਾਲ ਨੂੰ ਵੀ ਅਜੀਬ ਜਿਹਾ ਨਸ਼ਾ ਚੜ੍ਹਿਆ ਸੀ। ਘਰ ਵਿਚ ਵਿਆਹ ਵਰਗੀ ਚਹਿਲ-ਪਹਿਲ ਸੀ। ਵਾਰ-ਵਾਰ ਉਹ ਘਰੋਂ ਬਾਹਰ ਨਿਕਲਦੇ ਤੇ ਚੋਰ ਅੱਖ ਨਾਲ ਕੰਧ ’ਤੇ ਲਟਕਦੇ ਫੱਟੇ ਨੂੰ ਤੱਕਦੇ। ਬਿਲਕੁਲ ਉਸੇ ਤਰ੍ਹਾਂ ਜਿਵੇਂ ਸੱਜ-ਵਿਆਹੀ ਵਹੁਟੀ ਨੂੰ ਗੁਆਂਢੀ ਤੱਕਦੇ ਹਨ।
ਪਰ ਇਹ ਖ਼ੁਮਾਰੀ ਕੁਝ ਦਿਨਾਂ ਬਾਅਦ ਹੀ ਉਤਰਨੀ ਸ਼ੁਰੂ ਹੋ ਗਈ। ਇਕ, ਦੋ ਅਤੇ ਫੇਰ ਤਿੰਨ ਮਹੀਨੇ ਲੰਘ ਗਏ। ਉਸ ਕੋਲ ਇਕ ਵੀ ਕੇਸ ਨਾ ਆਇਆ।
ਪਤਾ ਕੀਤਾ ਤਾਂ ਗ਼ਲਤੀ ਦਾ ਅਹਿਸਾਸ ਹੋਇਆ। ਉਸ ਨੂੰ ਕੁਝ ਸਾਲ ਕਿਸੇ ਸੀਨੀਅਰ ਵਕੀਲ ਦਾ ਜੂਨੀਅਰ ਬਣਨਾ ਚਾਹੀਦਾ ਸੀ। ਇਸ ਤਰ੍ਹਾਂ ਨਾਲੇ ਲੋਕਾਂ ਨਾਲ ਵਾਕਫ਼ੀਅਤ ਬਣ ਜਾਂਦੀ, ਨਾਲੇ ਜੇਬ ਖ਼ਰਚਾ ਨਿਕਲਦਾ ਰਹਿੰਦਾ।
ਉਹਨੀਂ ਦਿਨੀਂ ਤਰੱਕੀ ਲਾਲ ਦੀ ਸਭ ਤੋਂ ਵੱਧ ਚੜ੍ਹਤ ਸੀ। ਪਿਆਰੇ ਲਾਲ ਬੜੇ ਮਾਣ ਨਾਲ ਉਸ ਕੋਲ ਗਿਆ, ਸ਼ਾਗਿਰਦ ਬਣਨ ਲਈ। ਪਿਆਰੇ ਲਾਲ ਨੂੰ ਆਪਣੀ ਡਿਗਰੀ ਅਤੇ ਲਿਆਕਤ ’ਤੇ ਭਰੋਸਾ ਸੀ। ਤਰੱਕੀ ਲਾਲ ਕੋਲ ਭਾਵੇਂ ਕਈ ਜੂਨੀਅਰ ਸਨ ਪਰ ਪਿਆਰੇ ਲਾਲ ਦੇ ਮੁਕਾਬਲੇ ਦਾ ਇਕ ਵੀ ਨਹੀਂ ਸੀ। ਉਸ ਨੂੰ ਯਕੀਨ ਸੀ, ਕੁਝ ਹੀ ਮਹੀਨਿਆਂ ਵਿਚ ਉਹ ਤਰੱਕੀ ਲਾਲ ਦਾ ਹੱਥ ਵਟਾਉਣ ਲੱਗ ਪਏਗਾ।
ਹਾਂ ਜਾਂ ਨਾਂਹ ਕਰਨ ਤੋਂ ਪਹਿਲਾਂ ਤਰੱਕੀ ਲਾਲ ਨੇ ਪੂਰੀ ਪੁੱਛ-ਪੜਤਾਲ ਕੀਤੀ, ਡਿਗਰੀ ਜਾਂ ਡਵੀਜ਼ਨ ਬਾਰੇ ਨਹੀਂ। ਉਸ ਤੋਂ ਅੱਗੇ-ਪਿੱਛੇ, ਖ਼ਾਨਦਾਨੀ ਅਤੇ ਸਿਆਸੀ ਸੰਬੰਧਾਂ ਬਾਰੇ ਪੁੱਛਿਆ ਗਿਆ। ਇਹਨਾਂ ਵਿਚ ਪਿਆਰੇ ਲਾਲ ਫਾਡੀ ਸੀ।
ਦੋ ਦਿਨਾਂ ਬਾਅਦ ਪਿਆਰੇ ਲਾਲ ਨੂੰ ਟਰਕਾ ਦਿੱਤਾ ਗਿਆ। ਹਾਲੇ ਉਸ ਕੋਲ ਚਾਰ ਜੂਨੀਅਰ ਸਨ, ਕੋਈ ਹਟਿਆ ਤਾਂ ਪਿਆਰੇ ਲਾਲ ਨੂੰ ਬੁਲਾ ਲਿਆ ਜਾਏਗਾ।
ਪਹਿਲਾਂ ਪਿਆਰੇ ਲਾਲ ਨੂੰ ਤਰੱਕੀ ਲਾਲ ਦਾ ਇਹ ਤਰਕ ਠੀਕ ਲੱਗਾ ਪਰ ਤਿੰਨ ਮਹੀਨਿਆਂ ਬਾਅਦ ਜਦੋਂ ਉਸ ਨੇ ਲਖਵਿੰਦਰ ਨੂੰ ਜੂਨੀਅਰ ਰੱਖ ਲਿਆ ਤਾਂ ਉਸ ਨੂੰ ਘੋਰ ਨਿਰਾਸ਼ਾ ਹੋਈ।
ਪਿਆਰੇ ਲਾਲ ਨੇ ਹੋਈ ਨਾਂਹ ਦਾ ਕਾਰਨ ਲੱਭਿਆ। ਆਪਣਾ ਅਤੇ ਲਖਵਿੰਦਰ ਦਾ ਮੁਕਾਬਲਾ ਕੀਤਾ। ਉਹ ਮਾਰਕਸੀ ਪਾਰਟੀ ਨਾਲ ਸੰਬੰਧਤ ਕਿਸਾਨ ਯੂਨੀਅਨ ਦੇ ਚੋਟੀ ਦੇ ਨੇਤਾ ਦਾ ਭਰਾ ਸੀ। ਪਿੰਡ ਵਿਚ ਕੋਈ ਵੀ ਮਸਲਾ ਖੜਾ ਹੁੰਦਾ ਤਾਂ ਕਿਸਾਨ ਯੂਨੀਅਨ ਦੁਆਰਾ ਨਜਿੱਠਿਆ ਜਾਂਦਾ ਸੀ। ਮਸਲਾ ਉਹਨਾਂ ਦੇ ਵਸੋਂ ਬਾਹਰ ਹੋ ਜਾਵੇ ਤਾਂ ਅਦਾਲਤ ਵੀ ਉਹਨਾਂ ਦੇ ਰਾਹੀਂ ਹੀ ਆਉਂਦਾ ਸੀ। ਛੋਟੇ-ਮੋਟੇ ਕੇਸ ਭਾਵੇਂ ਲਖਵਿੰਦਰ ਨੂੰ ਮਿਲਣ, ਵੱਡੇ ਤਾਂ ਸੀਨੀਅਰ ਨੂੰ ਹੀ ਮਿਲਣਗੇ।
ਉਥੋਂ ਨਿਰਾਸ਼ ਹੋ ਕੇ ਉਹ ਮਹਿੰਦਰਦੀਪ ਕੋਲ ਗਿਆ ਸੀ। ਉਸ ਬਾਰੇ ਪਿਆਰੇ ਲਾਲ ਨੇ ਸੁਣਿਆ ਸੀ ਕਿ ਪਹਿਲਾਂ-ਪਹਿਲਾਂ ਉਸ ਨੂੰ ਵੀ ਕਿਸੇ ਨੇ ਜੂਨੀਅਰ ਨਹੀਂ ਸੀ ਰੱਖਿਆ। ਪੁਰਾਣੇ ਦਿਨ ਯਾਦ ਕਰ ਕੇ ਸ਼ਾਇਦ ਉਹ ਉਸ ਦੀ ਬਾਂਹ ਫੜ ਲਏ।
ਮਹਿੰਦਰਦੀਪ ਨੇ ਉਸ ਨੂੰ ਨਾਂਹ ਤਾਂ ਨਾ ਕੀਤੀ ਪਰ ਮੁਨਸ਼ੀਆਂ ਨਾਲੋਂ ਵੱਡਾ ਰੁਤਬਾ ਵੀ ਨਾ ਦਿੱਤਾ। ਕੰਮ ਦੀ ਗੱਲ ਕਦੇ ਨਾ ਦੱਸੀ। ਲਿਫ਼ਾਫ਼ੇ ਚੁਕਾਈ ਨਾਲ ਘੁਮਾਈ ਫਿਰਦਾ ਰਿਹਾ। ਪਿਆਰੇ ਲਾਲ ਵਿਹਲਾ ਹੁੰਦਾ ਤਾਂ ਉਹ ਵਗਾਰਾਂ ਕਰਾਉਣ ਲੱਗਦਾ। ਕਦੇ ਟਾਈਪਿਸਟ ਕੋਲ ਬੈਠ ਕੇ ਦਾਅਵਾ ਟਾਈਪ ਕਰਾਓ, ਕਦੇ ਦਾਅਵੇ ਵਿਚੋਂ ਗ਼ਲਤੀਆਂ ਕੱਢੋ।
ਪੈਸਾ ਦੇਣ ਲੱਗੇ ਦੀ ਜਾਨ ਨਿਕਲਦੀ। ਜੂਨੀਅਰ ਦੀ ਫ਼ੀਸ ਵੀ ਉਹ ਆਪ ਹੜੱਪ ਜਾਂਦਾ। ਇਕ ਸਾਲ ਧੱਕੇ ਖਾ ਕੇ ਵੀ ਜਦੋਂ ਕੁਝ ਪੱਲੇ ਨਾ ਪਿਆ ਤਾਂ ਪਿਆਰੇ ਲਾਲ ਨੇ ਮੁੜ ਇਕੱਲੇ ਦਾ ਫੱਟਾ ਲਾ ਲਿਆ।
ਆਪਣਾ ਕੰਮ ਉਸ ਕੋਲ ਬਹੁਤਾ ਨਹੀਂ ਸੀ, ਪਰ ਨਵੇਂ ਮੁੰਡਿਆਂ ਦਾ ਉਹ ਕੇਂਦਰ ਬਿੰਦੂ ਬਣਨ ਲੱਗਾ। ਜਿਨ੍ਹਾਂ ਵਕੀਲਾਂ ਨੂੰ ਸੀਨੀਅਰ ਵਕੀਲਾਂ ਤੋਂ ਸਹੀ ਰਾਏ ਨਾ ਮਿਲਦੀ, ਉਹ ਪਿਆਰੇ ਲਾਲ ਕੋਲ ਆ ਜਾਂਦੇ। ਪਿਆਰੇ ਲਾਲ ਉਹਨਾਂ ਦੇ ਦਾਅਵੇ ਲਿਖ ਦਿੰਦਾ, ਜਵਾਬ-ਦਾਅਵੇ ਤਿਆਰ ਕਰ ਦਿੰਦਾ। ਨਵੇਂ-ਨਵੇਂ ਕਾਨੂੰਨ ਅਤੇ ਫ਼ੈਸਲੇ ਲੱਭ ਦਿੰਦਾ। ਲੋੜ ਪੈਣ ’ਤੇ ਉਹਨਾਂ ਦੀ ਥਾਂ ਬਹਿਸ ਕਰ ਆਉਂਦਾ। ਇਸ ਬਦਲੇ ਉਸ ਨੂੰ ਹਿੱਸੇ ਮੁਤਾਬਕ ਫ਼ੀਸ ਮਿਲਦੀ।
ਕੋਈ ਗੰਝਲਦਾਰ ਮੁਕੱਦਮਾ ਹੁੰਦਾ ਤਾਂ ਜੂਨੀਅਰ ਸਾਰਾ ਕੇਸ ਪਿਆਰੇ ਲਾਲ ਨੂੰ ਦੇ ਦਿੰਦੇ। ਫ਼ੀਸ ਵਿਚੋਂ ਆਪਣਾ ਹਿੱਸਾ ਲੈ ਲੈਂਦੇ।
ਹੋਰ ਸਾਲ ਬਾਅਦ ਉਸ ਦੇ ਫੱਟੇ ’ਤੇ ਵੀ ਰੌਣਕ ਰਹਿਣ ਲੱਗੀ। ਉਸ ਦੀ ਡਾਇਰੀ ਵਿਚ ਵੀ ਹਰ ਰੋਜ਼ ਇਕ-ਦੋ ਕੇਸ ਦਰਜ ਰਹਿਣ ਲੱਗੇ।
ਪਿਆਰੇ ਲਾਲ ਨੂੰ ਸੁਖ ਦਾ ਸਾਹ ਆਉਣ ਲੱਗਾ। ਇਸੇ ਰਫ਼ਤਾਰ ਨਾਲ ਕੰਮ ਮਿਲਦਾ ਰਿਹਾ ਤਾਂ ਇਕ ਦਿਨ ਉਹ ਵੀ ਚੰਗੀ ਰੋਟੀ ਖਾਣ ਲੱਗੇਗਾ। ਉਸ ਨੂੰ ਯਕੀਨ ਹੋਣ ਲੱਗਾ।
ਉਹਨੀਂ ਦਿਨੀਂ ਸੁੱਤੀ ਸਰਕਾਰ ਜਾਗ ਪਈ। ਜੱਜਾਂ ਦੀ ਭਰਤੀ ਲਈ ਵੀਹ ਨੌਕਰੀਆਂ ਕੱਢ ਦਿੱਤੀਆਂ।
ਪਿਆਰੇ ਲਾਲ ਨੂੰ ਲੱਗਾ, ਜਿਵੇਂ ਉਸ ਦੀ ਲਾਟਰੀ ਨਿਕਲ ਆਈ ਹੋਵੇ। ਇਸ ਵਾਰ ਚੋਣ ਬਿਨਾਂ ਇੰਟਰਵਿਊ ਤੋਂ ਸੀ। ਅੱਗੇ ਤੋਂ ਇੰਟਰਵਿਊ ਹੋਇਆ ਕਰਨੀ ਸੀ। ਇੰਟਰਵਿਊ_ਜਾਣੀ ਕਿ ਸਿਫ਼ਾਰਸ਼ੀਆਂ ਦੀ ਭਰਤੀ। ਪਿਆਰੇ ਲਾਲ ਵਰਗਿਆਂ ਲਈ ਜੱਜ ਬਣਨ ਦਾ ਇਹ ਆਖ਼ਰੀ ਮੌਕਾ ਸੀ।
ਉਸ ਨੇ ਪੂਰੇ ਜ਼ੋਰ-ਸ਼ੋਰ ਨਾਲ ਤਿਆਰੀ ਆਰੰਭ ਦਿੱਤੀ। ਤਿੰਨ ਮਹੀਨੇ ਉਹ ਚੁਬਾਰੇ ਵਿਚ ਕੈਦ ਰਿਹਾ। ਨਾ ਖਾਣ ਦੀ ਸੱਧ, ਨਾ ਪੀਣ ਦੀ।
ਸਾਰੇ ਪੇਪਰ ਬਹੁਤ ਵਧੀਆ ਹੋਏ। ਉਸ ਦਾ ਧਰਤੀ ’ਤੇ ਪੱਬ ਨਹੀਂ ਸੀ ਲੱਗਦਾ। ਉਹ ਜੱਜ ਬਣਿਆ ਕਿ ਬਣਿਆ। ਆਪਣੇ-ਆਪ ਨੂੰ ਜੱਜ ਸਮਝ ਕੇ, ਅੱਖਾਂ ਵਿਚ ਅਜੀਬ-ਅਜੀਬ ਸੁਪਨੇ ਲਟਕਾ ਕੇ ਉਹ ਪਿੰਡ ਘੁੰਮਦਾ ਰਿਹਾ। ਕਚਹਿਰੀ ਵੀ ਉਹ ਕਦੇ-ਕਦਾਈਂ ਜਾਂਦਾ। ਜਾਂਦਾ ਵੀ ਤਾਂ ਜੱਜਾਂ ਕੋਲ ਜਾ ਬੈਠਦਾ। ਉਹਨਾਂ ਤੋਂ ਕੰਮ ਸਿੱਖਣ ਦੇ ਯਤਨ ਕਰਦਾ।
ਜਦੋਂ ਨਤੀਜਾ ਆਇਆ ਤਾਂ ਸਾਰੇ ਅੱਠ ਉਮੀਦਵਾਰ ਪਾਸ ਹੋਏ। ਬਾਕੀ ਸੱਤ ਸੌ ਦੇ ਸੱਤ ਸੌ ਫ਼ੇਲ੍ਹ।
ਇਹ ਕੀ ਭਾਣਾ ਵਰਤ ਗਿਆ? ਉਹ ਮੈਰਿਟ ਵਿਚ ਆਉਂਦਾ ਜਾਂ ਨਾ, ਇਹ ਦੂਸਰੀ ਗੱਲ ਸੀ, ਫ਼ੇਲ੍ਹ ਹੋਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ।
ਘਰ ਵਿਚ ਮਾਤਮ ਛਾ ਗਿਆ। ਪਾਂ ਪਏ ਕੁੱਤੇ ਵਾਂਗ ਉਹ ਪਿਛਲੀ ਕੋਠੜੀ ਵਿਚ ਪਿਆ ਰਹਿੰਦਾ। ਨਾ ਬਾਹਰ ਨਿਕਲਦਾ, ਨਾ ਕੁਝ ਖਾਂਦਾ-ਪੀਂਦਾ।
ਹੌਲੀ-ਹੌਲੀ ਸਭ ਨੇ ਹਾਲਾਤ ਨਾਲ ਸਮਝੌਤਾ ਕੀਤਾ। ਮਾਂ-ਬਾਪ ਨੇ ਉਸ ਨੂੰ ਸਮਝਾਇਆ। ਇਮਤਿਹਾਨ ਕਿਹੜਾ ਕੁੰਭ ਦਾ ਮੇਲਾ ਹੈ ਬਈ ਬਾਰ੍ਹਾਂ ਸਾਲਾਂ ਬਾਅਦ ਆਊ। ਸਾਲ ਨੂੰ ਫੇਰ ਸਹੀ। ਜੱਜ ਨਾ ਬਣਿਆ ਤਾਂ ਕੀ ਐ? ਸਿਆਣੇ ਵਕੀਲ ਹਾਈ ਕੋਰਟ ਦੀ ਜੱਜੀ ਤਕ ਨੂੰ ਲੱਤ ਮਾਰ ਦਿੰਦੇ ਨੇ। ਇਹ ਫੇਰ ਮੈਜਸਿਟ੍ਰੇਟੀ ਸੀ। ਵਕਾਲਤ ਘਰ ਦੀ ਖੇਤੀ ਸੀ। ਜਿੰਨੀ ਕੋਈ ਵੱਧ ਮਿਹਨਤ ਕਰੂ, ਓਨਾ ਵੱਧ ਲਾਭ ਪ੍ਰਾਪਤ ਕਰੂ।
ਨੰਬਰਾਂ ਵਾਲਾ ਕਾਰਡ ਆਇਆ। ਨੰਬਰ ਪੜ੍ਹ ਕੇ ਮਨ ਹੋਰ ਮਸੋਸਿਆ ਗਿਆ। ਬਾਕੀ ਸਾਰੇ ਪੇਪਰਾਂ ਵਿਚੋਂ ਉਹ ਪਹਿਲੇ ਨੰਬਰ ’ਤੇ ਆਇਆ ਸੀ। ਅੰਗਰੇਜ਼ੀ ਦੇ ਲੇਖ ਵਾਲੇ ਪਰਚੇ ਵਿਚੋਂ ਵੀਹ, ਦਸ ਜਾਂ ਪੰਜ ਨਹੀਂ, ਸਿਰਫ਼ ਜ਼ੀਰੋ ਦਿੱਤੀ ਗਈ ਸੀ। ਉਸ ਦਾ ਇਹ ਪਰਚਾ ਦੂਜਿਆਂ ਨਾਲੋਂ ਵੀ ਵਧੀਆ ਹੋਇਆ ਸੀ।
ਪਬਲਿਕ ਸਰਵਿਸ ਕਮਿਸ਼ਨ ਨੂੰ ਕੋਈ ਗ਼ਲਤੀ ਲੱਗੀ ਸੀ। ਉਸ ਦਾ ਪਰਚਾ ਬਦਲ ਗਿਆ ਜਾਂ ਨੰਬਰ ਲਾਉਣੇ ਰਹਿ ਗਏ।
ਪਿਆਰੇ ਲਾਲ ਜਿਸ ਕੋਲ ਵੀ ਗਿਆ, ਉਸ ਨੇ ਇਕੋ ਰਾਏ ਦਿੱਤੀ। ਹਾਈ ਕੋਰਟ ਵਿਚ ਰਿਟ ਕੀਤੀ ਜਾਵੇ, ਜ਼ਰੂਰ ਕਾਮਯਾਬੀ ਮਿਲੇਗੀ।
ਇਕ ਵਾਰ ਫੇਰ ਪਿਆਰੇ ਲਾਲ ਨੂੰ ਸੁਪਨੇ ਆਉਣ ਲੱਗੇ। ਹਾਈ ਕੋਰਟ ਜ਼ਰੂਰ ਉਸ ਨੂੰ ਇਨਸਾਫ਼ ਦੇਵੇਗਾ। ਉਸ ਨੂੰ ਪਾਸ ਮਾਰਕਸ ਮਿਲ ਗਏ, ਉਹ ਫੇਰ ਵੀ ਮੈਰਿਟ ਵਿਚ ਆ ਜਾਵੇਗਾ।
ਹਾਈ ਕੋਰਟ ਨੇ ਉਸ ਨਾਲ ਕਮਿਸ਼ਨ ਨਾਲੋਂ ਵੱਧ ਧੱਕਾ ਕੀਤਾ।
“ਕਮਿਸ਼ਨ ਨੇ ਜੋ ਨੰਬਰ ਲਾਏ ਸਨ ਠੀਕ ਸਨ। ਲੱਗੇ ਨੰਬਰਾਂ ਨੂੰ ਗ਼ਲਤ ਜਾਂ ਸਹੀ ਠਹਿਰਾਉਣ ਦਾ ਹਾਈ ਕੋਰਟ ਕੋਲ ਕੋਈ ਅਖ਼ਤਿਆਰ ਨਹੀਂ ਸੀ।”
“ਨੰਬਰ ਲੱਗੇ ਹੁੰਦੇ ਫੇਰ ਰੋਣਾ ਕਾਹਦਾ ਸੀ? ਹਾਈ ਕੋਰਟ ਇਹ ਤਾਂ ਦੇਖ ਲਏ ਕਿ ਉਸ ਦੀ ਆਨਸਰ-ਸ਼ੀਟ ਕਿਧਰੇ ਕੋਰੀ ਤਾਂ ਨਹੀਂ? ਜੇ ਉਹ ਲਿਖੀ ਹੋਈ ਹੈ ਤਾਂ ਕੀ ਉਸ ’ਤੇ ਪਿਆਰੇ ਲਾਲ ਦੀ ਲਿਖਤ ਹੈ ਜਾਂ ਨਹੀਂ?”
ਪਿਆਰੇ ਲਾਲ ਪਿੱਟਦਾ ਹੀ ਰਹਿ ਗਿਆ। ਹਾਈ ਕੋਰਟ ਨੇ ‘ਮੈਂ ਨਾ ਮਾਨੂੰ’ ਆਖ ਕੇ ਝੋਟੇ ਵਾਂਗ ਸਿਰ ਹਿਲਾ ਦਿੱਤਾ।
ਧੋਬੀ ਦੇ ਕੁੱਤੇ ਵਾਂਗ ਨਾ ਉਹ ਘਰ ਦਾ ਰਿਹਾ, ਨਾ ਘਾਟ ਦਾ। ਨਾ ਜੱਜ ਬਣ ਸਕਿਆ, ਨਾ ਵਕੀਲ ਹੀ ਰਿਹਾ।
ਪੰਜ-ਛੇ ਮਹੀਨਿਆਂ ਦੀ ਗ਼ੈਰ-ਹਾਜ਼ਰੀ ਕਾਰਨ ਜਿਹੜੇ ਚਾਰ ਕੇਸ ਕੋਲ ਸਨ, ਉਹ ਵੀ ਖਿੰਡ ਗਏ। ਮੁੜ ਕਿਸੇ ਦੀ ਉਸ ਨੂੰ ਕੇਸ ਦੇਣ ਦੀ ਹਿੰਮਤ ਨਾ ਪਈ। ਇਸ ਦਾ ਕੀ ਪਤੈ ਕਦੋਂ ਇਮਤਿਹਾਨ ਦੇਣ ਤੁਰ ਜਾਵੇ। ਸਾਇਲ ਜਾਂ ਕੇਸ ਦਿਵਾਉਣ ਵਾਲਾ ਕਿਸ ਦੀ ਮਾਂ ਨੂੰ ਮਾਸੀ ਆਖੇਗਾ?
ਪਿੱਛੋਂ ਕਈ ਵਾਰੀ ਨੌਕਰੀਆਂ ਨਿਕਲੀਆਂ। ਲੋਕਾਂ ਦੇ ਲੱਖ ਸਮਝਾਉਣ ਦੇ ਬਾਵਜੂਦ ਵੀ ਉਹ ਕਦੇ ਇਮਤਿਹਾਨ ਵਿਚ ਨਹੀਂ ਸੀ ਬੈਠਾ। ਉਸ ਨੂੰ ਚੰਗੀ ਤਰ੍ਹਾਂ ਸਮਝ ਆ ਚੁੱਕੀ ਸੀ ਕਿ ਜੱਜ ਕੌਣ ਬਣਦੇ ਹਨ?
ਜਦੋਂ ਪਿਆਰੇ ਲਾਲ ਇਮਤਿਹਾਨ ਵਿਚ ਬੈਠਾ ਸੀ ਤਾਂ ਉਸ ਦੇ ਦੋ ਜਮਾਤੀ ਜੱਜ ਬਣੇ ਸਨ। ਉਹਨਾਂ ਵਿਚੋਂ ਇਕ ਦਾ ਬਾਪ ਸੀ.ਆਈ.ਡੀ. ਵਿਚ ਡੀ.ਐਸ.ਪੀ. ਸੀ। ਡਿਪਟੀ ਨੇ ਪਹਿਲਾਂ ਅੰਮ੍ਰਿਤਸਰੋਂ ਪਟਿਆਲੇ ਬਦਲੀ ਕਰਵਾਈ। ਫੇਰ ਆਪਣੀ ਸਾਰੀ ਫ਼ੋਰਸ ਕਮਿਸ਼ਨ ਅਧਿਕਾਰੀਆਂ ਦੇ ਪਿੱਛੇ ਲਾ ਕੇ ਇਹ ਪਤਾ ਕੀਤਾ ਕਿ ਪ੍ਰਸ਼ਨ-ਪੱਤਰ ਕਿਸ ਨੇ ਤਿਆਰ ਕੀਤੇ ਸਨ? ਬਹੁਤੇ ਨਹੀਂ ਪਰ ਦੋ ਪੇਪਰ ਲੀਕ ਕਰਾਉਣ ਵਿਚ ਉਹ ਕਾਮਯਾਬ ਹੋ ਗਿਆ ਸੀ।
ਬਾਕੀ ਪੇਪਰਾਂ ਬਾਰੇ ਇਹ ਪਤਾ ਕੀਤਾ ਗਿਆ ਕਿ ਉਹ ਕਿਥੇ ਗਏ ਸਨ। ਫੇਰ ਉਹਨਾਂ ਇਗਜ਼ਾਮੀਨਰਾਂ ਤਕ ਪਹੁੰਚ ਕੀਤੀ ਗਈ। ਮਰਜ਼ੀ ਦੇ ਨੰਬਰ ਲਗਵਾਏ ਗਏ। ਡਿਪਟੀ ਦੀ ਮਿਹਨਤ ਸਦਕਾ ਕਾਕਾ ਜੱਜ ਬਣ ਗਿਆ।
ਪਿਆਰੇ ਲਾਲ ਤਾਂ ਕਮਿਸ਼ਨ ਦੇ ਨੇੜੇ ਨਹੀਂ ਸੀ ਢੁਕ ਸਕਦਾ। ਕਿਸੇ ਦੀ ਹਮਾਇਤ ਪ੍ਰਾਪਤ ਕਰਨੀ ਤਾਂ ਦੂਰ ਦੀ ਗੱਲ ਸੀ।
ਜੱਜੀ ਦਾ ਖਹਿੜਾ ਛੱਡ ਕੇ ਪਿਆਰੇ ਲਾਲ ਆਪਣਾ ਸਾਰਾ ਧਿਆਨ ਵਕਾਲਤ ਵੱਲ ਕੇਂਦਰਿਤ ਕਰਨ ਲੱਗਾ।
ਪਰ ਗੁਆਚੀ ਸ਼ਾਖ਼ ਮੁੜ ਪਿਆਰੇ ਲਾਲ ਦੇ ਹੱਥ ਨਹੀਂ ਸੀ ਆਈ।
ਇਕ ਪਾਸੇ ਕਮਿਸ਼ਨ ਵੱਲੋਂ ਹੋਏ ਧੱਕੇ ਦਾ ਗ਼ਮ, ਦੂਜੇ ਪਾਸੇ ਕੰਮ ਦਾ ਫ਼ਿਕਰ। ਪਿਆਰੇ ਲਾਲ ਵਿਚੇ-ਵਿਚ ਖੁਰਨ ਲੱਗਾ।
ਕੰਮ ਚਲਾਉਣ ਲਈ ਪਿਆਰੇ ਲਾਲ ਹਰ ਹੀਲਾ ਵਰਤਣ ਲੱਗਾ। ਕੰਮ ਸੀ ਕਿ ਰਿੜ੍ਹਨ ਦਾ ਨਾਂ ਹੀ ਨਹੀਂ ਸੀ ਲੈ ਰਿਹਾ।
ਪਹਿਲਾਂ ਉਸ ਨੇ ਚਹਿਲ ਵਕੀਲ ਨੂੰ ਆਪਣਾ ਆਦਰਸ਼ ਬਣਾਇਆ।
ਸ਼ੁਰੂ ਵਿਚ ਚਹਿਲ ਵੀ ਘਰੋਂ ਲਿਆਂਦੀ ਰੋਟੀ ਖਾ ਕੇ ਮੁੜ ਜਾਇਆ ਕਰਦਾ ਸੀ। ਥੱਕ-ਹਾਰ ਕੇ ਉਸ ਨੇ ਕਈ ਵਾਰ ਕਚਹਿਰੀ ਆਉਣਾ ਛੱਡਿਆ ਸੀ। ਜਦੋਂ ਘਰੋਂ ਧੱਕੇ ਪੈਂਦੇ, ਉਹ ਮੁੜ ਕਚਹਿਰੀ ਆ ਜਾਂਦਾ ਸੀ।
ਸਮੇਂ ਦੀ ਨਜ਼ਾਕਤ ਨੂੰ ਪਹਿਚਾਣ ਕੇ ਚਹਿਲ ਨੇ ਸਿਆਸਤ ਵਿਚ ਮੰਹ ਮਾਰਨਾ ਸ਼ੁਰੂ ਕੀਤਾ।
ਪਹਿਲਾਂ ਉਸ ਨੇ ਮਾਰਕਸੀ ਪਾਰਟੀ ਵੱਲ ਹੱਥ ਵਧਾਇਆ। ਸੀ.ਪੀ.ਆਈ ਦੇ ਵਕੀਲ ਦੇ ਫੱਟੇ ’ਤੇ ਵਰਕਰਾਂ ਦਾ ਮੇਲਾ ਲੱਗਾ ਰਹਿੰਦਾ ਸੀ। ਉਸ ਨੂੰ ਵਧੀਆ ਕਮਾਈ ਹੁੰਦੀ ਸੀ। ਚਹਿਲ ਨੇ ਸੋਚਿਆ ਕਿਉਂ ਨਾ ਮਾਰਕਸੀਆਂ ਦਾ ਬਿੱਲਾ ਲਾ ਕੇ ਅੱਧੇ ਕੇਸ ਖੋਹੇ ਜਾਣ ਪਰ ਲਾਲ ਪੱਗ ਬੰਨ੍ਹਣ ਜਾਂ ਦਸ ਮਿੰਟ ਮੀਟਿੰਗਾਂ ’ਚ ਸ਼ਾਮਲ ਹੋ ਕੇ ਕੋਈ ਕਾਮਰੇਡ ਨਹੀਂ ਬਣ ਜਾਂਦਾ। ਪਾਰਟੀ ਕਾਰਡ ਲੈਣ ਲਈ ਉਸ ਨੂੰ ਕਈ ਸਾਲ ਲਾਈਨ ਵਿਚ ਖਲੋਣਾ ਪੈਣਾ ਸੀ। ਇੰਨੇ ਵਿਚ ਗੱਡੀ ਨੇ ਸਟੇਸ਼ਨੋਂ ਲੰਘ ਜਾਣਾ ਸੀ।
ਕਮਿਊਨਿਸਟਾਂ ਵੱਲੋਂ ਮੂੰਹ ਮੋੜ ਕੇ ਉਸ ਨੇ ਅਕਾਲੀਆਂ ’ਤੇ ਡੋਰੇ ਪਾਏ। ਇਥੇ ਨਾ ਕੋਈ ਕਾਡਰ ਸੀ, ਨਾ ਕਾਰਡ। ਜਦੋਂ ਮਰਜ਼ੀ ਪਾਰਟੀ ਵਿਚ ਸ਼ਾਮਲ ਹੋਵੋ ਤੇ ਜਦੋਂ ਮਰਜ਼ੀ ਨਿਕਲ ਜਾਵੋ। ਬੱਸ ਇਕ ਕਾਲੀ ਪੱਗ ਚਾਹੀਦੀ ਸੀ। ਦਿੱਕਤ ਇਹ ਸੀ ਕਿ ਅਕਾਲੀਆਂ ਕੋਲ ਪਹਿਲਾਂ ਹੀ ਬਾਬਾ ਬੋਹੜ ਜਿੱਡਾ ਵਕੀਲ ਸੀ। ਉਹ ਲੀਡਰ ਵੀ ਸਿਰੇ ਦਾ ਸੀ। ਇਕ ਵਾਰ ਵਜ਼ੀਰ ਬਣ ਚੁੱਕਾ ਸੀ। ਕੇਂਦਰ ਤਕ ਉਸ ਦੀ ਪਹੁੰਚ ਸੀ, ਜਲਦੀ ਕੀਤੇ ਚਹਿਲ ਸਿਆਸਤ ਵਿਚ ਤਾਂ ਸਥਾਪਤ ਨਹੀਂ ਸੀ ਹੋ ਸਕਦਾ, ਪਰ ਕੰਮ ਚੱਲਣ ਦੀ ਪੂਰੀ ਸੰਭਾਵਨਾ ਸੀ। ਸਰਦਾਰ ਦਾ ਕੀ ਸੀ। ਉਹ ਨਾਂ ਦਾ ਵਕੀਲ ਸੀ, ਸਾਲ ਵਿਚੋਂ ਅੱਠ ਮਹੀਨੇ ਚੰਡੀਗੜ੍ਹ ਰਹਿੰਦਾ ਸੀ।
ਚਹਿਲ ਨੇ ਸਰਦਾਰ ਦੇ ਨੇੜੇ-ਨੇੜੇ ਕੱਟੇ-ਵੱਛੇ ਬੰਨ੍ਹਣੇ ਸ਼ੁਰੂ ਕੀਤੇ। ਉਹ ਪਾਰਟੀ ਦਾ ਮੈਂਬਰ ਬਣ ਗਿਆ। ਜਲਸੇ-ਜਲੂਸਾਂ ’ਚ ਮੰਚ ’ਤੇ ਬੈਠਣ ਲੱਗਾ। ਵਕੀਲ ਹੋਣ ਕਾਰਨ ਪਾਰਟੀ ’ਚ ਪੁੱਛ ਜਲਦੀ ਪੈ ਗਈ।
ਜਲਦੀ ਹੀ ਅਕਾਲੀ ਸੱਤਾ ਗਵਾ ਬੈਠੇ। ਵਿਰੋਧੀ ਧਿਰ ਵਿਚ ਆਏ ਅਕਾਲੀ ਨਿਚੱਲੇ ਕਿਵੇਂ ਬੈਠਦੇ? ਝੱਟ ਪਾਰਟੀ ਮੋਰਚਾ ਲਾ ਲੈਂਦੀ। ਜੇਲ੍ਹਾਂ ਭਰਨ ਦਾ ਪ੍ਰੋਗਰਾਮ ਬਣ ਜਾਂਦਾ।
ਸ਼ਰਮੋਂ-ਸ਼ਰਮੀਂ ਚਹਿਲ ਨੂੰ ਵੀ ਦੋ ਵਾਰ ਜੇਲ੍ਹ ਜਾਣਾ ਪਿਆ। ਸਿਆਸਤ ਵਿਚ ਆਇਆ ਤਾਂ ਵਕਾਲਤ ਚਮਕਾਉਣ ਲਈ ਸੀ, ਪਰ ਲੈਣੇ ਦੇ ਦੇਣੇ ਪੈ ਗਏ। ਜਿਹੜੇ ਚਾਰ ਕੇਸ ਮਿਲਦੇ, ਉਹ ਜੇਲ੍ਹੋਂ ਮੁੜਨ ਤਕ ਸਾਫ਼ ਹੋ ਜਾਂਦੇ।
ਚਹਿਲ ਨੇ ਹਿੰਮਤ ਨਾ ਹਰੀ। ਅਖ਼ੀਰ ਇਕ ਆਜ਼ਾਦੀ ਘੁਲਾਟੀਏ ਦੀ ਧੀ ਨਾਲ ਵਿਆਹ ਕਰਾ ਲਿਆ। ਕੁੜੀ ਨਾ ਸੋਹਣੀ ਸੀ, ਨਾ ਪੜ੍ਹੀ-ਲਿਖੀ। ਬੱਸ ਇਕੋ ਹੀ ਗੁਣ ਸੀ। ਮਾਪਿਆਂ ਦੀ ਉਹ ਇਕੋ-ਇਕ ਧੀ ਸੀ ਤੇ ਬਾਰਾਂ ਕਿੱਲਿਆਂ ਦੀ ਮਾਲਕ ਸੀ।
ਚਹਿਲ ਦਾ ਸਹੁਰਾ ਕਾਂਗਰਸੀ ਸੀ। ਪਾਰਟੀ ਵਿਚ ਚੰਗਾ ਰਸੂਖ਼ ਸੀ। ਉਸ ਨੇ ਚਹਿਲ ਨੂੰ ਕਾਂਗਰਸ ਵਿਚ ਸ਼ਾਮਲ ਕਰਵਾ ਕੇ ਪਹਿਲੇ ਹੱਲੇ ਹੀ ਬਲਾਕ ਕਾਂਗਰਸ ਦਾ ਪ੍ਰਧਾਨ ਬਣਵਾ ਦਿੱਤਾ। ਬਹਾਨਾ ਵਧੀਆ ਸੀ। ਇਕ ਪੜ੍ਹੇ-ਲਿਖੇ ਅਕਾਲੀ ਤੋਂ ਦਲ-ਬਦਲੀ ਕਰਵਾਈ ਗਈ ਸੀ। ਵਕੀਲ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਸੀ।
ਅਗਲੇ ਸਾਲ ਉਸ ਨੂੰ ਇੰਪਰੂਵਮੈਂਟ ਟਰੱਸਟ ਦਾ ਮੈਂਬਰ ਬਣਵਾ ਦਿੱਤਾ। ਚਹਿਲ ਦੀ ਸਰਕਾਰੇ-ਦਰਬਾਰੇ ਪੁੱਛ ਪੈਣ ਲੱਗੀ। ਬੈਂਕਾਂ ਅਤੇ ਸਰਕਾਰੀ ਅਦਾਰਿਆਂ ਦਾ ਕੰਮ ਮਿਲਣ ਲੱਗਾ, ਚੱਲ ਸੋ ਚੱਲ।
ਵਕੀਲ ਹੋਣ ਕਾਰਨ ਪਾਰਟੀ ਵਿਚ ਜਲਦੀ ਅਹੁਦਾ ਮਿਲ ਜਾਂਦਾ। ਅਹੁਦੇ ਕਾਰਨ ਵਕਾਲਤ ਚਮਕ ਜਾਂਦੀ।
ਅੱਜ ਕੱਲ੍ਹ ਮੰਤਰੀਆਂ ਤੋਂ ਲੈ ਕੇ ਹਾਈ ਕੋਰਟ ਦੇ ਜੱਜਾਂ ਤਕ ਦਾ ਉਸ ਦੇ ਘਰ ਆਉਣ-ਜਾਣ ਸੀ। ਪਾਰਟੀ ਪ੍ਰਧਾਨ ਨਾਲ ਉਸ ਦੀ ਪੱਕੀ ਯਾਰੀ ਸੀ। ਪਾਰਟੀ ਸੱਤਾ ਵਿਚ ਆਈ ਤਾਂ ਉਸ ਦੀ ਵਜ਼ੀਰੀ ਪੱਕੀ ਸੀ।
ਪਿਆਰੇ ਲਾਲ ਦੇਖ ਰਿਹਾ ਸੀ ਚਹਿਲ ਦੀਆਂ ਸਦਾ ਹੀ ਬਹਾਰਾਂ ਸਨ।
ਪਾਰਟੀ ਸੱਤਾ ਵਿਚ ਹੁੰਦੀ ਤਾਂ ਲੋਕ ਡਰਦੇ ਕੰਮ ਲਿਆਉਂਦੇ। ਅਫ਼ਸਰ ਵੀ ਵਕੀਲ ਨੂੰ ਖ਼ੁਸ਼ ਕਰਨ ਲਈ ਡੱਕਾ ਉਸੇ ਵੱਲ ਸੁੱਟਦੇ। ਪਾਰਟੀ ਵਿਰੋਧੀ ਧਿਰ ਵਿਚ ਹੁੰਦੀ ਤਾਂ ਵੀ ਪੌਂ ਬਾਰਾਂ। ਸਿਆਣਿਆਂ ਵਰਕਰਾਂ ਲਈ ਵੱਡੇ ਲੀਡਰਾਂ ਨਾਲ ਸੰਬੰਧ ਕਾਇਮ ਕਰਨ ਦਾ ਇਹੋ ਵਧੀਆ ਮੌਕਾ ਹੁੰਦਾ। ਕਚਹਿਰੀ ਜਾਂ ਦਫ਼ਤਰ ਬੈਠ ਕੇ ਉਹ ਵਕੀਲ ਨਾਲ ਘੰਟਾ-ਘੰਟਾ ਗੱਪ-ਸ਼ੱਪ ਕਰਦੇ। ਮੰਦੇ ’ਚ ਲਾਈ ਯਾਰੀ ਦਾ ਭਲੇ ਦਿਨਾਂ ’ਚ ਲਾਭ ਉਠਾਉਂਦੇ। ਇਹ ਮਿਲਣੀ ਤਾਂ ਹੀ ਸੰਭਵ ਹੁੰਦੀ ਜੇ ਨਾਲ ਕੋਈ ਅਸਾਮੀ ਹੁੰਦੀ।
ਪਿਆਰੇ ਲਾਲ ਨੇ ਵੀ ਚਹਿਲ ਦੇ ਪਦ-ਚਿੰਨ੍ਹਾਂ ’ਤੇ ਚੱਲ ਕੇ ਦੇਖਿਆ। ਹੋਰ ਕੋਈ ਅਜਿਹੀ ਪਾਰਟੀ ਨਹੀਂ ਸੀ, ਜਿਸ ਦੇ ਦੋ-ਦੋ, ਤਿੰਨ-ਤਿੰਨ ਵਕੀਲ ਨਾ ਹੋਣ। ਅਸਾਮੀ ਕੇਵਲ ਰਾਸ਼ਟਰੀ ਸ:ਮ-ਸੇਵਕ-ਸੰਘ ਵਿਚ ਖ਼ਾਲੀ ਸੀ।
ਸੁਬ੍ਹਾ ਸ਼ਾਮ ਸ਼ਾਖ਼ਾ ’ਚ ਜਾਣ ਲਈ ਉਸ ਨੂੰ ਸ਼ਹਿਰ ਰਹਿਣਾ ਪੈਣਾ ਸੀ। ਪਿਆਰੇ ਲਾਲ ਨੇ ਇਹ ਅੱਕ ਵੀ ਚੱਬ ਕੇ ਦੇਖ ਲਿਆ। ਸ਼ਹਿਰ ਕਮਰਾ ਕਿਰਾਏ ’ਤੇ ਲੈ ਲਿਆ।
ਸੰਘ ਵਾਲਿਆਂ ਨੇ ਸੰਘ ਦਾ ਅਹੁਦਾ ਝੱਟ ਬਖ਼ਸ਼ ਦਿੱਤਾ ਪਰ ਕੰਮ ਦਿਵਾਉਣ ਲੱਗਿਆਂ ਖੁੱਲ੍ਹ-ਦਿਲੀ ਨਾ ਦਿਖਾਈ। ਕਚਹਿਰੀ ਗਏ ਸੰਘੀ, ਚਾਹ ਭਾਰਤੀ ਜਨਤਾ ਪਾਰਟੀ ਦੇ ਵਕੀਲ ਕੋਲੋਂ ਹੀ ਪੀਂਦੇ।
ਜਦੋਂ ਸਿਆਸਤ ਵਿਚ ਦਾਲ ਨਾ ਗਲੀ ਤਾਂ ਪਿਆਰੇ ਲਾਲ ਨੇ ਮੁਨਸ਼ੀਆਂ, ਟਾਊਟਾਂ ਵਾਲੇ ਢੰਗ ਤਰੀਕੇ ਵਰਤਣੇ ਸ਼ੁਰੂ ਕੀਤੇ।
ਵਿਹਲੇ ਸਮੇਂ ਉਹ ਥਾਣੇ ਅੱਗੇ ਚੱਕਰ ਕੱਟਦਾ। ਕੋਈ ਸਿਪਾਹੀ ਹੌਲਦਾਰ ਮਿਲਦਾ, ਉਸ ਨਾਲ ਦੋਸਤੀ ਗੰਢਣ ਦਾ ਯਤਨ ਕਰਦਾ। ਉਲਟਾ ਉਹ ਮਹਿੰਗੇ ਪੈਣ ਲੱਗੇ। ਕਿਸੇ ਨੂੰ ਸ਼ਰਾਬ ਦੀ ਤਲਬ ਹੁੰਦੀ ਤੇ ਕਿਸੇ ਨੂੰ ਮੀਟ-ਮੁਰਗ਼ੇ ਦੀ। ਕੋਈ ਉਸ ਦੇ ਕਮਰੇ ਦੀ ਚਾਬੀ ਮੰਗ ਲੈਂਦਾ। ਕਦੇ ਜੂਆ ਖੇਡਣ ਲਈ ਅਤੇ ਕਦੇ ਮਾਸ਼ੂਕ ਬੁਲਾਉਣ ਲਈ।
ਦੁਪਹਿਰ ਸਮੇਂ ਪਿਆਰੇ ਲਾਲ ਬੱਸ ਅੱਡੇ ’ਚ ਗੇੜਾ ਮਾਰਦਾ। ਟਾਊਟ ਇਸੇ ਤਰ੍ਹਾਂ ਅਸਾਮੀਆਂ ਫਸਾਉਂਦੇ ਸਨ। ਜਿਉਂ ਹੀ ਪੁਲਿਸ ਵਾਲੇ ਕਿਸੇ ਮੁਲਜ਼ਮ ਨੂੰ ਲੈ ਕੇ ਬੱਸੋਂ ਉਤਰਦੇ, ਉਹ ਉਹਨਾਂ ਦੁਆਲੇ ਹੋ ਜਾਂਦਾ। ਘੱਟੋ-ਘੱਟ ਫ਼ੀਸ ਵਿਚ ਵਕੀਲ ਬਣਨ ਲਈ ਤਰਲੇ ਕਰਦਾ। ਸਿਪਾਹੀਆਂ ਨੂੰ ਮਨਾਉਂਦਾ। ਅੱਧੀ ਨਾਲੋਂ ਵੱਧ ਫ਼ੀਸ ਕਮਿਸ਼ਨ ਵਜੋਂ ਦੇਣ ਦਾ ਲਾਲਚ ਦਿੰਦਾ ਪਰ ਕੱਤੇ ਦੀ ਪੂਛ ਕਦੇ ਕਦਾਈਂ ਹੀ ਸਿੱਧੀ ਹੁੰਦੀ। ਬਹੁਤ ਵਾਰ ਕਾਮਯਾਬੀ ਟਾਊਟਾਂ ਨੂੰ ਮਿਲਦੀ।
ਘਰੋਂ ਜ਼ੋਰ ਪੈ ਰਿਹਾ ਸੀ, ਉਹ ਵਿਆਹ ਕਰਵਾਏ। ਵਿਆਹ ਦੀ ਉਮਰ ਲੰਘਦੀ ਜਾ ਰਹੀ ਸੀ। ਦੋ-ਚਾਰ ਸਾਲ ਹੋਰ ਲੰਘ ਗਏ ਤਾਂ ਕਿਸੇ ਨੇ ਕੁੜੀ ਨਹੀਂ ਸੀ ਦੇਣੀ।
ਵਿਆਹ ਕਰਵਾ ਕੇ ਪਿਆਰੇ ਲਾਲ ਮੀਤਪਾਲ ਨਹੀਂ ਸੀ ਬਣਨਾ ਚਾਹੁੰਦਾ।
ਉਸ ਦੇ ਯਾਰ ਮੀਤਪਾਲ ਨੇ ਚਾਈਂ-ਚਾਈਂ ਵਿਆਹ ਕਰਵਾਇਆ ਸੀ। ਦੋ ਪਿਆਰੇ-ਪਿਆਰੇ ਬੱਚੇ ਵੀ ਹੋ ਗਏ। ਉਸ ਦੀ ਕਮਾਈ ਪਿਆਰੇ ਲਾਲ ਨਾਲੋਂ ਵੀ ਘੱਟ ਸੀ। ਘਰ ਦੀ ਹਾਲਤ ਵੀ ਖਸਤਾ।
ਉਸ ਦੇ ਘਰ ’ਚ ਕਲੇਸ਼ ਰਹਿਣ ਲੱਗਾ। ਨਾ ਘਰਵਾਲੀ ਦੇ ਅਰਮਾਨ ਪੂਰੇ ਹੋਏ, ਨਾ ਬੱਚਿਆਂ ਦੀ ਸੰਭਾਲ।
ਪਹਿਲਾਂ ਇਕ-ਇਕ ਕਰਕੇ ਪਤਨੀ ਦੇ ਗਹਿਣੇ ਵਿਕੇ। ਫੇਰ ਘਰ-ਬਾਰ। ਉਹ ਆਪ ਸ਼ਰਾਬੀ ਰਹਿਣ ਲੱਗਾ। ਕਈ-ਕਈ ਡੰਗ ਚੁੱਲ੍ਹਾ ਨਾ ਮਘਦਾ। ਭੁੱਖੇ ਬੱਚੇ ਚੀਕਾਂ ਮਾਰਦੇ ਰਹਿੰਦੇ। ਅਖ਼ੀਰ ਉਸ ਦੀ ਪਤਨੀ ਨੂੰ ਸ਼ਰਮ ਦਾ ਘੱਗਰਾ ਲਾਹ ਕੇ ਕਿੱਲੀ ਟੰਗਣਾ ਪਿਆ। ਲੋਕ ਆਖਦੇ ਸਨ, ਉਸ ਦੀ ਪਤਨੀ ਕਾਲ-ਗਰਲ ਬਣ ਗਈ। ਉਸ ਮਾਂ ਦੇ ਸ਼ੇਰ ਨੇ ਮੂੰਹ ’ਤੇ ਮਿੱਟੀ ਮਲ ਲਈ। ਕਦੇ ਇਹ ਨਹੀਂ ਸੋਚਿਆ, ਘਰ ਦਾ ਖ਼ਰਚ ਕਿਵੇਂ ਚੱਲਦਾ ਹੈ?
ਪਿਆਰੇ ਲਾਲ ਇਕ ਹੋਰ ਮੀਤਪਾਲ ਨਹੀਂ ਸੀ ਬਣ ਸਕਦਾ।
ਮੀਤਪਾਲ ਵਾਂਗ ਮਾਨਸਿਕ ਦਬਾਅ ਪਿਆਰੇ ਲਾਲ ’ਤੇ ਵੀ ਵਧਣ ਲੱਗਾ। ਕਦੇ-ਕਦੇ ਸੌਣ ਲਈ ਉਹ ਨਸ਼ੇ ਦਾ ਸਹਾਰਾ ਲੈਣ ਲੱਗਾ।
ਦੋ ਵਕਤ ਦੀ ਰੋਟੀ ਦਾ ਖ਼ਰਚਾ ਕੱਢਣ ਲਈ ਕਈ ਵਾਰ ਉਸ ਨੂੰ ਆਪਣੇ ਸਾਇਲਾਂ ਦੀਆਂ ਜੇਬਾਂ ਕੱਟਣੀਆਂ ਪੈਂਦੀਆਂ। ‘ਕਦੇ ਤਲਬਾਨਾ ਭਰਨੈਂ’ ਆਖ ਕੇ ਡੇਢ ਰੁਪਏ ਦੀ ਥਾਂ ਪੰਜਾਹ ਲੈਣੇ ਪੈਂਦੇ, ਕਦੇ ਗਵਾਹ ਦੇ ਖ਼ਰਚੇ ਦੇ ਬਹਾਨੇ ਵੀਹ ਦੀ ਥਾਂ ਸੌ। ਕਦੇ-ਕਦੇ ਇਸ ਚੁਸਤੀ ਦਾ ਸਾਇਲ ਨੂੰ ਪਤਾ ਲੱਗ ਜਾਂਦਾ। ਨਾਲੇ ਉਹ ਕੁਪੱਤ ਕਰਦਾ, ਨਾਲੇ ਲਿਫ਼ਾਫ਼ਾ ਚੁੱਕ ਕੇ ਲੈ ਜਾਂਦਾ।
ਇਕ ਸਮਾਂ ਅਜਿਹਾ ਵੀ ਆਇਆ, ਜਦੋਂ ਉਹ ਹਰ ਤਰ੍ਹਾਂ ਦੇ ਗ਼ਲਤ ਕੰਮ ਕਰਨ ਲਈ ਮਸ਼ਹੂਰ ਹੋ ਗਿਆ। ਕਿਸੇ ਨੇ ਝੂਠਾ ਹਲਫ਼ੀਆ ਬਿਆਨ ਤਸਦੀਕ ਕਰਾਉਣਾ ਹੋਵੇ, ਕਿਸੇ ਨੇ ਕਿਸੇ ਥਾਂ ਝੂਠੀ ਗਵਾਹੀ ਪਵਾਉਣੀ ਹੋਵੇ ਜਾਂ ਕਿਸੇ ਨੇ ਕਿਸੇ ਮਰੇ-ਖਪੇ ਬੰਦੇ ਦੀ ਥਾਂ ਵਕੀਲ ਖੜਾ ਕਰਨਾ ਹੋਵੇ ਤਾਂ ਬਿਨਾਂ ਝਿਜਕ ਉਹ ਪਿਆਰੇ ਲਾਲ ਦੀ ਸ਼ਰਨ ਆਉਂਦਾ। ਬਿਨਾਂ ਕਿਸੇ ਦੀ ਪਰਵਾਹ ਕੀਤੇ ਉਹ ਆਪਣੀ ਮੋਹਰ ਟਿਕਾ ਦਿੰਦਾ। ਕੋਈ ਇਤਰਾਜ਼ ਕਰਦਾ ਤਾਂ ਉਹ ਖਰੀਆਂ- ਖਰੀਆਂ ਸੁਣਾਉਣ ਲੱਗਦਾ।
“ਮੈਂ ਵੀ ਰੋਟੀ ਖਾਣੀ ਹੈ। ਈਮਾਨਦਾਰੀ ਨਾਲ ਨਹੀਂ ਮਿਲਦੀ ਤਾਂ ਬੇਈਮਾਨੀ ਨਾਲ ਸਹੀ। ਅੱਗੇ ਕਿਹੜਾ ਅਦਾਲਤਾਂ ਵਿਚ ਸਹੀ ਕੰਮ ਹੁੰਦਾ ਹੈ। ਸਭ ਝੂਠੋ-ਝੂਠ। ਕੋਈ ਲੁਕ ਕੇ ਠੱਗੀ ਮਾਰਦਾ ਹੈ, ਕੋਈ ਜੱਗਰ। ਮੈਂ ਜੱਗਰ ਠੱਗੀ ਮਾਰਾਂਗਾ।”
ਗੁਰਮੀਤ ਦੇ ਸ਼ਹਿਰ ਤਬਦੀਲ ਹੋ ਕੇ ਆਉਣ ਤਕ ਉਹ ਪੂਰੀ ਤਰ੍ਹਾਂ ਤਬਾਹ ਹੋ ਚੁੱਕਾ ਸੀ। ਉਸ ਨੇ ਪਿੰਡ ਜਾਣਾ ਛੱਡ ਦਿੱਤਾ ਸੀ। ਸਾਰਾ ਦਿਨ ਉਹ ਸ਼ਰਾਬ ਪੀਈ ਰੱਖਦਾ। ਨਸ਼ੇ ਲਈ ਜੀਅ-ਜੀਅ ਅੱਗੇ ਹੱਥ ਅੱਡ ਲੈਂਦਾ। ਕਈ ਵਾਰ ਸ਼ਰਾਬੀ ਹੋਇਆ ਖੋਖਿਆਂ ਵਿਚ ਲਿਟਿਆ ਰਹਿੰਦਾ।
ਕਈ ਮਹੀਨੇ ਨਾ ਪਿਆਰੇ ਲਾਲ ਨੇ ਗੁਰਮੀਤ ਨੂੰ ਪਛਾਣਿਆ, ਨਾ ਗੁਰਮੀਤ ਨੇ ਪਿਆਰੇ ਲਾਲ ਨੂੰ। ਨਾ ਸਰਕਾਰੀ ਵਕੀਲ ਨੂੰ ਸ਼ਰਾਬੀ ਵਕੀਲ ਤਕ ਕੋਈ ਵਾਸਤਾ ਸੀ, ਨਾ ਪਿਆਰੇ ਲਾਲ ਨੂੰ ਸਰਕਾਰੀ ਵਕੀਲ ਤਕ।
ਗੁਰਮੀਤ ਨੂੰ ਪਿਆਰੇ ਲਾਲ ਦਾ ਉਸ ਸਮੇਂ ਪਤਾ ਲੱਗਾ, ਜਦੋਂ ਇਕ ਵਾਰ ਚੰਡੀਗੜ੍ਹ ਗਏ ਤੋਂ ਉਸ ਦੇ ਇਕ ਦੋਸਤ ਨੇ ਪਿਆਰੇ ਲਾਲ ਦਾ ਹਾਲ-ਚਾਲ ਪੁੱਛਿਆ।
ਵਾਪਸ ਆ ਕੇ ਗੁਰਮੀਤ ਨੇ ਉਸ ਨੂੰ ਹਿੱਕ ਨਾਲ ਲਾ ਲਿਆ।
ਗੁਰਮੀਤ ਰਾਹੀਂ ਪਿਆਰੇ ਲਾਲ ਨੂੰ ਪਹਿਲਾਂ ਅਜਿਹੇ ਕੇਸ ਮਿਲਣ ਲੱਗੇ ਜਿਨ੍ਹਾਂ ਵਿਚ ਦੋਸ਼ੀਆਂਨੇ ਆਪਣੇ ਜੁਰਮ ਦਾ ਇਕਬਾਲ ਕਰਨਾ ਹੁੰਦਾ ਸੀ। ਛੋਟੇ-ਮੋਟੇ ਕੰਮ ਦੀ ਥੋੜ੍ਹੀ-ਬਹੁਤ ਫ਼ੀਸ ਮਿਲਦੀ।
ਫੇਰ ਉਸ ਨੂੰ ਗ਼ਰੀਬ ਸਾਇਲਾਂ ਦੇ ਕੇਸ ਮਿਲਣ ਲੱਗੇ। ਹੋਰ ਨਹੀਂ ਤਾਂ ਰੁਝੇਵਾਂ ਹੀ ਸਹੀ। ਰੁਝੇਵੇਂ ਕਾਰਨ ਜੀਅ ਵੀ ਲੱਗਣ ਲੱਗਾ ਅਤੇ ਸ਼ਰਾਬ ਦੀ ਤਲਬ ਵੀ ਘਟਣ ਲੱਗੀ।
ਕਚਹਿਰੀਆਂ ਵਿਚ ਉਸ ਦਾ ਮਾਣ-ਤਾਣ ਬਹਾਲ ਹੋਣ ਲੱਗਾ। ਕਦੇ-ਕਦੇ ਉਸ ਦੀ ਕਾਬਲੀਅਤ ਦੀ ਤਾਰੀਫ਼ ਵੀ ਹੁੰਦੀ।
ਹੁਣ ਗੁਰਮੀਤ ਦੇ ਨੌਕਰੀ ਛੱਡ ਜਾਣ ਨਾਲ ਉਹ ਘਬਰਾਹਟ ਵਿਚ ਸੀ।
ਜੇ ਉਹ ਨੌਕਰੀ ਵਿਚ ਹੁੰਦਾ ਤਾਂ ਸ਼ਾਇਦ ਪਿਆਰੇ ਲਾਲ ਨੂੰ ਵੀ ਆਪਣੀ ਲਿਆਕਤ ਦਿਖਾਉਣ ਦਾ ਮੌਕਾ ਮਿਲ ਜਾਂਦਾ।
¬
7
ਭਾਵੇਂ ਕਚਹਿਰੀ ਵਿਚ ਬੈਠਾ ਹਰ ਵਕੀਲ ਇਹ ਕੇਸ ਹਾਸਲ ਕਰਨ ਲਈ ਤਰਲੋ-ਮੱਛੀ ਹੋ ਰਿਹਾ ਸੀ ਪਰ ਸੰਤ ਰਾਮ ਭੰਡਾਰੀ ਬੇ-ਫ਼ਿਕਰ ਸੀ। ਉਸ ਨੇ ਮੁਦੱਈ ਧਿਰ ਵੱਲੋਂ ਵਕਾਲਤ ਕਰਨੀ ਹੀ ਕਰਨੀ ਸੀ।
ਬੰਟੀ ਦੇ ਅਗਵਾ ਵਾਲੇ ਦਿਨ ਤੋਂ ਲੈ ਕੇ ਅੱਜ ਤਕ ਉਹ ਇਸ ਕੇਸ ਨਾਲ ਜੁੜਿਆ ਰਿਹਾ ਸੀ। ਵੈਸੇ ਵੀ ਭੰਡਾਰੀ ਯੁਵਾ ਸੰਘ ਦਾ ਕਾਨੂੰਨੀ ਸਲਾਹਕਾਰ ਸੀ ਅਤੇ ਸੰਘ ਉਸ ਦਾ ਪ੍ਰਸੰਸਕ। ਜਦੋਂ ਦੋਹਾਂ ਧਿਰਾਂ ਵਿਚ ਘਿਓ-ਖਿਚੜੀ ਵਾਲਾ ਰਿਸ਼ਤਾ ਸੀ ਤਾਂ ਕੇਸ ਬਾਹਰ ਕਿਵੇਂ ਜਾ ਸਕਦਾ ਸੀ?
ਭੰਡਾਰੀ ਦੇ ਲਾਲਾ ਜੀ ਨਾਲ ਵੀ ਨਿੱਜੀ ਸੰਬੰਧ ਸਨ। ਲਾਲਾ ਜੀ ਵਾਂਗ ਭੰਡਾਰੀ ਵੀ ਸਮਾਜ ਸੇਵਕ ਸੀ। ਬਹੁਤ ਸਾਰੀਆਂ ਸੰਸਥਾਵਾਂ ਦੋਹਾਂ ਦੇ ਸਹਾਰੇ ਚੱਲਦੀਆਂ ਸਨ। ਜੇ ਲਾਲਾ ਜੀ ਖ਼ੂਨ-ਪਸੀਨਾ ਇਕ ਕਰਕੇ ਕਿਸੇ ਸੰਸਥਾ ਨੂੰ ਜਨਮ ਦਿੰਦੇ ਸਨ ਤਾਂ ਭੰਡਾਰੀ ਸਾਹਿਬ ਧਨ-ਦੌਲਤ ਨਾਲ ਉਸ ਦੀ ਪਰਵਰਿਸ਼ ਕਰਦੇ ਸਨ। ਮਾਤਾ ਦੇ ਭੰਡਾਰੇ ਲਈ ਸੇਵਕ ਲਾਲਾ ਭੇਜਦਾ ਤਾਂ ਰਾਸ਼ਨ-ਪਾਣੀ ਭੰਡਾਰੀ, ਹਸਪਤਾਲ ਬੀਮਾਰ ਪਏ ਲੋਕਾਂ ਦੀ ਸੇਵਾ ਜੇ ਲਾਲਾ ਕਰਦਾ ਤਾਂ ਮੁਫ਼ਤ ਦਵਾਈਆਂ ਭੰਡਾਰੀ ਭੇਜਦਾ। ਜਿਥੇ ਲਾਲਾ ਜੀ ਦੀ ਨਿਸ਼ਕਾਮ ਸੇਵਕ ਵਜੋਂ ਪ੍ਰਸੰਸਾ ਹੁੰਦੀ, ਉਥੇ ਭੰਡਾਰੀ ਦੀ ਮਹਾਂਦਾਨੀ ਵਜੋਂ।
ਕੇਸ ਲੜਨ ਪਿੱਛੇ ਭੰਡਾਰੀ ਨੂੰ ਪੈਸੇ ਦਾ ਲਾਲਚ ਨਹੀਂ ਸੀ। ਬੰਟੀ ਖ਼ਾਤਰ ਹਜ਼ਾਰਾਂ ਰੁਪਿਆ ਉਹ ਪਹਿਲਾਂ ਹੀ ਪੱਲਿਉਂ ਖ਼ਰਚ ਚੁੱਕਾ ਸੀ। ਅਖ਼ਬਾਰਾਂ ਵਿਚ ਇਸ਼ਤਿਹਾਰ ਛਪਵਾਏ ਗਏ ਸਨ, ਰੇਡੀਓ ਅਤੇ ਟੀ.ਵੀ. ’ਤੇ ਸੂਚਨਾਵਾਂ ਦਿੱਤੀਆਂ ਗਈਆਂ ਸਨ। ਇਹ ਸਾਰਾ ਖ਼ਰਚਾ ਭੰਡਾਰੀ ਨੇ ਦਿੱਤਾ ਸੀ।
ਇਸ ਕੇਸ ਪਿੱਛੇ ਭੰਡਾਰੀ ਨੂੰ ਉਹੋ ਲਾਲਚ ਸੀ ਜਿਹੜਾ ਹਰ ਵਕੀਲ ਨੂੰ ਹੁੰਦੈ। ਆਪਣੀ ਚਰਚਾ ਕਰਾਉਣ ਦਾ। ਜਿੰਨਾ ਵੱਧ ਕਿਸੇ ਦਾ ਪ੍ਰਚਾਰ, ਓਨੀ ਵੱਧ ਉਸ ਦੀ ਪ੍ਰੈਕਟਿਸ। ਪ੍ਰਚਾਰ ਜੇ ਰੇਡੀਓ, ਟੀ.ਵੀ. ਜਾਂ ਅਖ਼ਬਾਰਾਂ ਰਾਹੀਂ ਹੁੰਦਾ ਹੋਵੇ ਤਾਂ ਕਿਆ ਕਹਿਣੇ। ਇਸ ਕੇਸ ਦੀ ਮੀਡੀਏ ਵਿਚ ਪਹਿਲਾਂ ਰੱਜ ਕੇ ਚਰਚਾ ਹੋਈ ਸੀ, ਅਗਾਂਹ ਵੀ ਹੋਣੀ ਸੀ। ਪ੍ਰੈਸ ਵਾਲਿਆਂ ਨੇ ਅਦਾਲਤੀ ਕਾਰਵਾਈ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਨਾ ਸੀ। ਅਖ਼ਬਾਰਾਂ ਵਿਚ ਦੋਸ਼ੀਆਂ ਦੇ ਨਾਲ-ਨਾਲ ਵਕੀਲਾਂ ਦੇ ਫ਼ੋਟੋ ਛਪਣੇ ਸਨ।
ਅਸੈਂਬਲੀ ਵਿਚ ਪਹਿਲਾਂ ਵੀ ਰੌਲਾ ਪਿਆ ਸੀ, ਅਗਾਂਹ ਵੀ ਪੈਣਾ ਸੀ। ਦਬਾਅ ਹੇਠ ਆਏ ਮੁੱਖ ਮੰਤਰੀ ਨੂੰ ਦੋਸ਼ੀਆਂ ਨੂੰ ਸਜ਼ਾ ਕਰਾਉਣੀ ਪੈਣੀ ਸੀ। ਜਿਸ ਤਰ੍ਹਾਂ ਇੰਦਰਾ ਕਤਲ ਕੇਸ ਵਿਚ ਜੇਠਮਲਾਨੀ ਅਤੇ ਲੇਖੀ ਵਰਗਿਆਂ ਦੀ ਗੁੱਡੀ ਚੜ੍ਹੀ ਸੀ, ਉਸੇ ਤਰਾਂ ਇਸ ਕੇਸ ਵਿਚ ਭੰਡਾਰੀ ਦੀ ਗੁੱਡੀ ਚੜ੍ਹਨੀ ਸੀ।
ਵੈਸੇ ਵੀ ਅਜਿਹੇ ਖ਼ਤਰਨਾਕ ਮੁਲਜ਼ਮਾਂ ਨੂੰ ਸਜ਼ਾ ਕਰਾਉਣ ਨੂੰ ਭੰਡਾਰੀ ਸਮਾਜ ਸੇਵਾ ਸਮਝਦਾ ਸੀ। ਉਸ ਦੇ ਵਿਚਾਰ ਵਿਚ ਕੁਝ ਹਜ਼ਾਰ ਰੁਪਿਆਂ ਬਦਲੇ, ਕਿਸੇ ਮਾਸੂਮ ਦਾ ਕਤਲ ਕਰਨਾ, ਘੋਰ ਅਪਰਾਧ ਸੀ, ਮਹਾਂ ਪਾਪ ਸੀ। ਅਜਿਹੇ ਦੁਸ਼ਟਾਂ ਨੂੰ ਫ਼ਾਂਸੀ ਹੋਣੀ ਚਾਹੀਦੀ ਸੀ।
ਇਕੋ ਤੀਰ ਨਾਲ ਉਹ ਦੋ ਸ਼ਿਕਾਰ ਫੁੰਡਣਾ ਲੋਚਦਾ ਸੀ। ਮਸ਼ਹੂਰੀ ਵੀ ਅਤੇ ਸਮਾਜ ਸੇਵਾ ਵੀ।
ਤਫ਼ਤੀਸ਼ ਦੌਰਾਨ ਭੰਡਾਰੀ ਨੇ ਆਪਣੇ ਅਸਰ-ਰਸੂਖ਼ ਦੀ ਪੂਰੀ ਵਰਤੋਂ ਕੀਤੀ ਸੀ।
ਪਹਿਲਾਂ ਉਸ ਨੇ ਪੁਲਿਸ ’ਤੇ ਦਬਾਅ ਪਾਇਆ। ਦੋਸ਼ੀ ਜਲਦੀ ਤੋਂ ਜਲਦੀ ਫੜੇ ਜਾਣ।
ਦੋਸ਼ੀ ਫੜੇ ਗਏ ਤਾਂ ਮੈਜਿਸਟ੍ਰੇਟ ’ਤੇ ਦਬਾਅ ਪਾਇਆ। । “ਦੋਸ਼ੀ ਪੁਖ਼ਤਾ-ਮੁਜਰਮ ਹਨ। ਜਲਦੀ-ਜਲਦੀ ਭੇਤ ਦੇਣ ਵਾਲੇ ਨਹੀਂ। ਵੱਧ ਤੋਂ ਵੱਧ ਰਿਮਾਂਡ ਦੇਵੋ ਤਾਂ ਜੋ ਪੁਲਿਸ ਚੱਜ ਨਾਲ ਤਫ਼ਤੀਸ਼ ਕਰ ਸਕੇ।”
ਮੈਜਿਸਟ੍ਰੇਟ ਨੇ ਪੂਰੇ ਪੰਦਰਾਂ ਦਿਨਾਂ ਦਾ ਰਿਮਾਂਡ ਦੇ ਦਿੱਤਾ।
ਉਸਨੂੰ ਭੰਡਾਰੀ ਦਾ ਅਹਿਸਾਨ ਚੁਕਾੳੇਣ ਦਾ ਮਸਾਂ ਮਸਾਂ ਮੌਕਾ ਮਿਲਿਆ ਸੀ।
ਸ਼ਹਿਰ ਵਿਚ ਜੱਜ ਬਹੁਤੇ ਸਨ ਅਤੇ ਸਰਕਾਰੀ ਕੋਠੀ ਇਕ। ਉਹ ਵੀ ਬਾਬਾ ਆਲਾ ਵੇਲੇ ਦੀ। ਕਦੇ ਕਿਸੇ ਕਮਰੇ ਦੀ ਛੱਤ ਗਿਰ ਗਈ, ਕਦੇ ਕਿਸੇ ਕੰਧ ਦਾ ਪਲਸਤਰ। ਕਦੇ ਸੱਪ ਨਿਕਲ ਆਏ, ਕਦੇ ਚੂਹਿਆਂ ਨੇ ਹੱਲਾ ਬੋਲ ਦਿੱਤਾ। ਕਦੇ ਬਿਜਲੀ ਦੀ ਤਾਰ ਸੜ ਗਈ, ਕਦੇ ਪੱਖਾ ਸੜ ਗਿਆ।
ਇਹ ਕੋਠੀ ਕਿਹੜਾ ਹਰ ਇਕ ਨੂੰ ਨਸੀਬ ਹੁੰਦੀ ਸੀ। ਜਿਸ ਨੂੰ ਮਿਲ ਗਈ, ਮਿਲ ਗਈ। ਬਾਕੀਆਂ ਨੂੰ ਆਪਣਾ ਪ੍ਰਬੰਧ ਆਪ ਕਰਨਾ ਪੈਂਦਾ ਸੀ।
ਸ਼ਹਿਰ ਵਿਚ ਵਧੀਆ ਰਿਹਾਇਸ਼ ਦੀ ਕਮੀ ਸੀ। ਜੱਜਾਂ ਦੇ ਸਟੈਂਡਰਡ ਦੀਆਂ ਚਾਲੀ ਪੰਜਾਹ ਕੋਠੀਆਂ ਮਸਾਂ ਸਨ। ਉਹਨਾਂ ਵਿਚੋਂ ਬਹੁਤੀਆਂ ਵਿਚ ਮਾਲਕ ਰਹਿੰਦੇ ਸਨ। ਕਦੇ ਕੋਈ ਖ਼ਾਲੀ ਹੁੰਦੀ ਤਾਂ ਜੱਜਾਂ ਨੂੰ ਉਹ ਵੀ ਨਾ ਮਿਲਦੀ। ਉਹਨਾਂ ਨੂੰ ਕੋਠੀਆਂ ਕਿਰਾਏ ’ਤੇ ਦੇਣ ਵਿਚ ਮਾਲਕਾਂ ਨੂੰ ਕਈ ਇਤਰਾਜ਼ ਸਨ। ਪਹਿਲਾ ਇਹ ਕਿ ਜੱਜ ਪੂਰਾ ਕਿਰਾਇਆ ਨਹੀਂ ਦਿੰਦੇ। ਅਸਲ ਵਿਚ ਉਹ ਪੂਰਾ ਕਿਰਾਇਆ ਦੇ ਹੀ ਨਹੀਂ ਸਕਦੇ। ਤਨਖ਼ਾਹ ਘੱਟ ਸੀ ਅਤੇ ਕਿਰਾਇਆ ਵੱਧ। ਘੱਟ ਕਿਰਾਇਆ ਲੈਣੋਂ ਨਾਂਹ ਕਰ ਕੇ ਹਾਕਮ ਨਾਲ ਦੁਸ਼ਮਣੀ ਪਾਉਣ ਨਾਲੋਂ ਚੰਗਾ ਸੀ ਪਹਿਲਾਂ ਹੀ ਆਖ ਦਿੱਤਾ ਜਾਵੇ ਕਿ ਕੋਠੀ ਕਿਰਾਏ ’ਤੇ ਨਹੀਂ ਦੇਣੀ। ਮਾਲਕਾਂ ਨੂੰ ਦੂਜਾ ਇਤਰਾਜ਼ ਇਹ ਸੀ ਕਿ ਲੋੜ ਪੈਣ ’ਤੇ ਕੋਠੀ ਖ਼ਾਲੀ ਨਹੀਂ ਸੀ ਹੁੰਦੀ। ਕਦੇ ਕੋਈ ਕੋਠੀ ਖ਼ਾਲੀ ਕਰਨ ਲਈ ਆਖਣ ਦੀ ਗ਼ਲਤੀ ਕਰ ਬੈਠਦਾ ਤਾਂ ਮੁਕੱਦਮੇ ਦੀ ਧਮਕੀ ਮਿਲਦੀ ਜਾਂ ਪੁਲਿਸ ਦੇ ਚੜ੍ਹਾ ਲਿਆਉਣ ਦੀ।
ਕਿਸ ਮਾਲਕ ਦਾ ਸਿਰ ਭਵਿਆਂ ਸੀ, ਉਹ ਬਲਦੀ ਅੱਗ ਵਿਚ ਹੱਥ ਪਾਵੇ।
ਇਸ ਦੇ ਉਲਟ ਭੰਡਾਰੀ ਕੋਲ ਕੋਠੀਆਂ ਦੀ ਵੀ ਕਮੀ ਨਹੀਂ ਸੀ ਅਤੇ ਖੁੱਲ੍ਹ-ਦਿਲੀ ਦੀ ਵੀ। ਸ਼ਹਿਰ ਦੀ ਰਈਸ ਕਾਲੋਨੀ ਭੰਡਾਰੀ ਬਾਗ਼ ਵਿਚ ਉਸ ਦੀਆਂ ਪੰਜ ਕੋਠੀਆਂ ਸਨ। ਇਕ ਵਿਚ ਆਪ ਰਹਿੰਦਾ ਸੀ, ਦੋ ਜੱਜਾਂ ਲਈ ਰਾਖਵੀਆਂ ਸਨ।
ਜੱਜਾਂ ਨਾਲ ਉਸ ਦਾ ਨਿੱਤ ਦਾ ਵਾਹ ਸੀ। ਕਾਗ਼ਜ਼ੀਂ-ਪੱਤਰੀਂ ਉਹ ਉਹਨਾਂ ਤੋਂ ਪੂਰਾ ਕਿਰਾਇਆ ਵਸੂਲਦਾ ਸੀ। ਉਹਨਾਂ ਨੂੰ ਵਸੂਲੇ ਕਿਰਾਏ ਦੀਆਂ ਰਸੀਦਾਂ ਵੀ ਦਿੰਦਾ ਸੀ। ਇਹ ਦੂਸਰੀ ਗੱਲ ਸੀ ਕਿ ਕਿਰਾਇਆ ਤਾਂ ਕੀ ਲੈਣਾ ਸੀ, ਉਹ ਬਿਜਲੀ ਪਾਣੀ ਤਕ ਦਾ ਬਿੱਲ ਪੱਲਿਉਂ ਭਰਿਆ ਕਰਦਾ ਸੀ।
ਇਹ ਨਹੀਂ ਕਿ ਭੰਡਾਰੀ ਬੁੱਧੂ ਸੀ। ੳਹ ਅਫ਼ਸਰਾਂ ਤੋਂ ਕਿਰਾਇਆ ਵਸੂਲਦਾ ਸੀ, ਨੋਟਾਂ ਦੀ ਥਾਂ ਸੋਨੇ ਦੀਆਂ ਮੋਹਰਾਂ ਵਿਚ।
ਮਾਲਕ-ਮਕਾਨ ਅਤੇ ਕਿਰਾਏਦਾਰ ਦੇ ਰਿਸ਼ਤੇ ਕਾਰਨ ਪਹਿਲਾਂ ਅਫ਼ਸਰਾਂ ਨਾਲ ਉਸ ਦੀ ਦੋਸਤੀ ਹੁੰਦੀ। ਫੇਰ ਇਹ ਦੋਸਤੀ ਯਾਰੀ ਵਿਚ ਤਬਦੀਲ ਹੋ ਜਾਂਦੀ। ਲੋੜ ਪੈਣ ’ਤੇ ਉਹ ਯਾਰੀ ਦਾ ਮੁੱਲ ਵੱਟਦੀ ਸੀ।
ਉਸ ਦੀ ਵਕਾਲਤ ਦਾ ਡੰਕਾ ਸਾਰੇ ਪੰਜਾਬ ਵਿਚ ਵੱਜਦਾ ਸੀ। ਸ਼ਹਿਰ ਵਿਚ ਕੇਸ ਲੜਨ ਦੀ ਉਸ ਦੀ ਫ਼ੀਸ ਦਸ ਹਜ਼ਾਰ ਸੀ। ਬਾਹਰ ਜਾਣ ਦੀ ਪੰਚੀ-ਤੀਹ ਹਜ਼ਾਰ।
ਬਾਹਰਲੇ ਕੇਸ ਉਹ ਉਦੋਂ ਹੀ ਫੜਦਾ ਸੀ, ਜਦੋਂ ਕੁਰਸੀ ’ਤੇ ਕੋਈ ਮਿੱਤਰ ਬੈਠਾ ਹੁੰਦਾ ਸੀ।
ਪਿੱਛੇ ਜਿਹੇ ਜਲੰਧਰ ਦੇ ਇਕ ਆਈ.ਟੀ.ਓ. ’ਤੇ ਕੁਰਪਸ਼ਨ ਦਾ ਕੇਸ ਬਣ ਗਿਆ। ਪੁਲਿਸ ਗ੍ਰਿਫ਼ਤਾਰ ਕਰਨ ਲਈ ਉਸ ਦੇ ਪਿੱਛੇ ਲੱਗ ਗਈ।
ਉਥੋਂ ਦਾ ਸੈਸ਼ਨ ਜੱਜ ਅੜੀਅਲ ਟੱਟੂ ਸੀ। ਕਿਸੇ ਵੀ ਕੀਮਤ ’ਤੇ ਉਹ ਆਈ.ਟੀ.ਓ. ਦੀ ਪੇਸ਼ਗੀ ਜ਼ਮਾਨਤ ਲੈਣ ਨੂੰ ਤਿਆਰ ਨਹੀਂ ਸੀ।
ਕਿਸੇ ਨੇ ਆਈ.ਟੀ.ਓ. ਨੂੰ ਸਲਾਹ ਦਿੱਤੀ। ਇਸ ਜੱਜ ਕੋਲੋਂ ਪੇਸ਼ਗੀ ਜ਼ਮਾਨਤ ਦੀ ਗਾਰੰਟੀ ਜੇ ਕੋਈ ਦੇ ਸਕਦਾ ਹੈ ਸੀ ਤਾਂ ਉਹ ਸ਼ਹਿਰ ਵਾਲਾ ਭੰਡਾਰੀ ਵਕੀਲ ਹੀ ਸੀ।
ਜਲੰਧਰ ਦੇ ਸੈਸ਼ਨ ਜੱਜ ਦੀ ਅਦਾਲਤ ਵਿਚ ਪੇਸ਼ ਹੋਣ ਦਾ ਭੰਡਾਰੀ ਨੇ ਪੂਰਾ ਵੀਹ ਹਜ਼ਾਰ ਰੁਪਿਆ ਲਿਆ ਸੀ।
ਇੰਝ ਮਿਲੀਆਂ ਨੋਟਾਂ ਦੀਆਂ ਥਹੀਆਂ ਨੂੰ ਉਹ ਕੋਠੀਆਂ ਦਾ ਕਿਰਾਇਆ ਸਮਝਦਾ ਸੀ।
ਝੇਪੋ-ਝੇਪੀ ਇਸ ਮੈਜਿਸਟ੍ਰੇਟ ਨੇ ਵੀ ਬੰਟੀ ਕਤਲ ਕੇਸ ਵਿਚ ਓਨਾ ਪੁਲਿਸ ਰਿਮਾਂਡ ਦਿੱਤਾ ਸੀ, ਜਿੰਨਾਂ ਪੁਲਿਸ ਨੇ ਮੰਗਿਆ ਸੀ।
ਮੁਕੱਦਮਾ ਚੱਲਣ ’ਤੇ ਸੰਘ ਨੂੰ ਭੰਡਾਰੀ ਦੀ ਫੇਰ ਲੋੜ ਪੈਣੀ ਸੀ। ਜੇ ਦੋਸ਼ੀਆਂ ਨੂੰ ਸਜ਼ਾ ਸ਼ਹਾਦਤਾਂ ਦੇ ਅਧਾਰ ’ਤੇ ਹੁੰਦੀ ਨਾ ਦਿਖੀ ਤਾਂ ਭੰਡਾਰੀ ਨੂੰ ਸੈਸ਼ਨ ਜੱਜ ਤਕ ਪਹੰਚ ਕਰਨੀ ਪੈਣੀ ਸੀ। ਸੈਸ਼ਨ ਨੇ ਝਿਜਕ ਦਿਖਾਈ ਤਾਂ ਹਾਈ ਕੋਰਟੋਂ ਹਰੀ ਝੰਡੀ ਕਰਾਉਣੀ ਪੈਣੀ ਸੀ।
ਜਦੋਂ ਅੰਦਰਖ਼ਾਤੇ ਕੰਮ ਕਰਨਾ ਸੀ, ਫੇਰ ਜੱਗਰ ਹੋ ਕੇ ਕਿਉਂ ਨਾ ਕੀਤਾ ਜਾਵੇ? ਮੁਦੱਈ ਦਾ ਵਕੀਲ ਬਣ ਕੇ ਨਾਮਣਾ ਕਿਉਂ ਨਾ ਖੱਟਿਆ ਜਾਵੇ?
ਭੰਡਾਰੀ ਨੂੰ ਵਕੀਲ ਬਣਨ ਦੀ ਪੇਸ਼ਕਸ਼ ਉਡੀਕਦਿਆਂ ਇਕ-ਇਕ ਕਰਕੇ ਤਿੰਨ ਮਹੀਨੇ ਲੰਘ ਗਏ। ਪੇਸ਼ਕਸ਼ ਕਰਨੀ ਦੂਰ ਰਹੀ, ਲਾਲਾ ਜੀ ਨੇ ਕਦੇ ਉਸ ਕੋਲ ਮੁਕੱਦਮੇ ਦਾ ਜ਼ਿਕਰ ਤਕ ਨਾ ਛੇੜਿਆ।
ਪਹਿਲਾਂ ਭੰਡਾਰੀ ਚੁੱਪ ਰਿਹਾ। ਜਿਸ ਦੀਆਂ ਅੱਖਾਂ ਦੁਖਣਗੀਆਂ, ਆਪੇ ਪੱਟੀ ਬੰਨ੍ਹੇਗਾ।
ਜਦੋਂ ਚਲਾਨ ਪੇਸ਼ ਹੋਣ ਤੋਂ ਬਾਅਦ ਵੀ ਲਾਲਾ ਜੀ ਨੇ ਵਕਾਲਤਨਾਮਾ ਨਾ ਭੇਜਿਆ ਤਾਂ ਭੰਡਾਰੀ ਨੂੰ ਸ਼ੱਕ ਹੋਇਆ। “ਹੋ ਸਕਦੈ, ਲਾਲਾ ਜੀ ਨੂੰ ਪਤਾ ਹੀ ਨਾ ਹੋਵੇ ਕਿ ਮੁਦੱਈ ਧਿਰ ਨੂੰ ਵੀ ਵਕੀਲ ਕਰਨਾ ਪੈਂਦੈ।”
ਮੁਨਸ਼ੀ ਹੱਥ ਉਹਨਾਂ ਖ਼ੁਦ ਵਕਾਲਤਨਾਮਾ ਭੇਜ ਦਿੱਤਾ।
ਲਾਲਾ ਜੀ ਰੱਬ ਦਾ ਭਾਣਾ ਮੰਨੀ ਬੈਠੇ ਸਨ। ਪਾਲੇ ਅਤੇ ਮੀਤੇ ਨੂੰ ਸਜ਼ਾ ਕਰਾਉਣ ਵਿਚ ਉਹਨਾਂ ਨੂੰ ਕੋਈ ਦਿਲਚਸਪੀ ਨਹੀਂ ਸੀ। ਤੁਰ ਗਿਆ ਤਾਂ ਵਾਪਸ ਆਉਣਾ ਨਹੀਂ ਸੀ। ਉਹ ਕਿਉਂ ਕੁਫ਼ਰ ਤੋਲਣ? ਕਿਉਂ ਕਚਹਿਰੀਆਂ ਵਿਚ ਜ਼ਲੀਲ ਹੋਣ?
ਲਾਲਾ ਜੀ ਨੇ ਵਕਾਲਤਨਾਮਾ ਬੇਰੰਗ ਮੋੜ ਦਿੱਤਾ।
ਲਾਲਾ ਜੀ ਨੂੰ ਮਨਾਉਣ ਅਤੇ ਜਰਾਇਮ-ਵਿਗਿਆਨ ਦੇ ਨੁਕਤੇ ਸਮਝਾਉਣ ਭੰਡਾਰੀ ਖ਼ੁਦ ਲਾਲਾ ਜੀ ਵੱਲ ਚੱਲ ਪਿਆ।
ਇਨਾਂ ਗ਼ਰੀਬ-ਗ਼ੁਰਬਿਆਂ ਦੇ ਮੂੰਹ ਖ਼ੂਨ ਲੱਗ ਚੁੱਕਾ ਹੈ। ਇਹ ਪਹਿਲਾਂ ਚੋਰੀਆਂ ਕਰਦੇ ਸਨ, ਹੁਣ ਕਤਲ ਕਰਦੇ ਹਨ। ਲਾਲਾ ਜੀ ਨੇ ਚੁੱਪ ਧਾਰ ਲਈ ਤਾਂ ਇਹ ਬਰੀ ਹੋ ਜਾਣਗੇ। ਬਰੀ ਹੋ ਕੇ ਬੰਦਾ ਮਾਰਨਾ ਇਹਨਾਂ ਨੂੰ ਟਿੱਚਰ ਲੱਗੇਗਾ। ਲਾਲਾ ਜੀ ਨੇ ਦੋਸ਼ੀਆਂ ਨੂੰ ਸਜ਼ਾ ਕਿਸੇ ਨਿੱਜੀ ਮੁਫ਼ਾਦ ਲਈ ਨਹੀਂ ਸੀ ਕਰਾਉਣੀ। ਇਹਨਾਂ ਨੂੰ ਸਜ਼ਾ ਕਰਾਉਣਾ ਵੀ ਇਕ ਸਮਾਜ ਸੇਵਾ ਸੀ। ਇਹ ਖੁੱਲ੍ਹੇ ਫਿਰਦੇ ਰਹੇ ਤਾਂ ਕਿਸੇ ਹੋਰ ਬੰਟੀ ਨੂੰ ਮਾਰਨਗੇ। ਸਮਾਜ ਨੂੰ ਸੁਖ ਦਾ ਸਾਹ ਦਿਵਾਉਣ ਲਈ ਅਜਿਹੇ ਮਾਸ-ਖੋਰੇ ਬਘਿਆੜਾਂ ਨੂੰ ਫਾਹੇ ਲਵਾਉਣਾ ਜ਼ਰੂਰੀ ਸੀ।
ਸਮਾਜ ਸੇਵਾ ਲਾਲਾ ਜੀ ਦਾ ਪਰਮ-ਧਰਮ ਸੀ। ਜੇ ਪਾਲੇ ਅਤੇ ਮੀਤੇ ਨੂੰ ਸਜ਼ਾ ਕਰਾਉੇਣ ਨਾਲ ਸਮਾਜ ਦਾ ਕੁਝ ਸੰਵਰ ਸਕਦਾ ਸੀ ਤਾਂ ਉਹ ਉਹਨਾਂ ਨੂੰ ਸਜ਼ਾ ਕਰਾਉਣ ਲਈ ਤਿਆਰਸਨ।
ਹੋਰ ਮਾਸੂਮਾਂ ਦੀ ਜਾਨ ਬਚਾਉਣ ਦੇ ਉਦੇਸ਼ ਨਾਲ ਲਾਲਾ ਜੀ ਨੇ ਵਕਾਲਤਨਾਮੇ ’ਤੇ ਦਸਤਖ਼ਤ ਕਰ ਦਿੱਤੇ।
ਵਕਾਲਤਨਾਮੇ ਨੂੰ ਬੋਝੇ ਵਿਚ ਪਾ ਕੇ ਭੰਡਾਰੀ ਕੱਛਾਂ ਵਜਾਉਣ ਲੱਗਾ।
¬
8
ਪਾਲਾ ਅਤੇ ਮੀਤਾ ਮੋਹਨ ਜੀ ਦੇ ਪੱਕੇ ਸਾਇਲ ਸਨ।
ਪਾਲੇ ਦੀ ਮਾਂ ਉਸ ਕੋਲ ਕਈ ਚੱਕਰ ਲਾ ਚੁੱਕੀ ਸੀ। ਅੱਗੇ ਵਾਂਗ ਇਹ ਕੇਸ ਵੀ ਉਹ ਇਸੇ ਕੋਲੋਂ ਕਰਾਉਣਾ ਚਾਹੁੰਦੀ ਸੀ।
ਮੀਤੇ ਦੇ ਜੇਲੋ੍ਹਂ ਕਈ ਸੁਨੇਹੇ ਆਏ ਸਨ। ਮੋਹਨ ਜੀ ਉਹਨਾਂ ਦਾ ਕੇਸ ਲੜੇ। ਫ਼ੀਸ ਦੀ ਪਰਵਾਹ ਨਾ ਕਰੇ। ਬਾਹਰ ਆਉਂਦਿਆਂ ਹੀ ਉਹ ਮੋਹਨ ਜੀ ਦਾ ਘਰ ਨੋਟਾਂ ਨਾਲ ਭਰ ਦੇਵੇਗਾ।
ਮੋਹਨ ਜੀ ਨੂੰ ਫ਼ੀਸ ਦੀ ਪਰਵਾਹ ਨਹੀਂ ਸੀ। ਆਪਣੇ ਪੱਕੇ ਸਾਇਲਾਂ ਨਾਲ ਉਸ ਨੇ ਕਦੇ ਫ਼ੀਸ ਨਹੀਂ ਸੀ ਖੋਲ੍ਹੀ। ਸਾਇਲਾਂ ਨੂੰ ਫ਼ੀਸ ਦਾ ਆਪੇ ਪਤਾ ਹੁੰਦਾ ਸੀ। ਦਸ-ਦਸ, ਵੀਹ-ਵੀਹ ਹਰ ਪੇਸ਼ੀ ਦੇ ਕੇ ਉਹ ਮੋਹਨ ਜੀ ਦਾ ਕੋਟਾ ਪੂਰਾ ਕਰ ਜਾਇਆ ਕਰਦੇ ਸਨ।
ਇਹ ਕਤਲ ਕੇਸ ਸੀ। ਇਸ ਕੇਸ ਦੀ ਫ਼ੀਸ ਹਜ਼ਾਰਾਂ ਰੁਪਏ ਬਣਨੀ ਸੀ। ਪਾਲੇ ਅਤੇ ਮੀਤੇ ਨੇ ਹਜ਼ਾਰਾਂ ਰੁਪਏ ਵੀ ਚੁਕਾ ਦੇਣੇ ਸਨ। ਮੋਹਨ ਜੀ ਨੇ ਬੱਸ ਉਹਨਾਂ ਦੀ ਜ਼ਬਾਨ ’ਤੇ ਵਿਸ਼ਵਾਸ ਕਰਨਾ ਸੀ ਅਤੇ ਉਹਨਾਂ ਦੇ ਬਰੀ ਹੋਣ ਤਕ ਫ਼ੀਸ ਦੇ ਭੁਗਤਾਨ ਨੂੰ ਉਡੀਕਣਾ ਸੀ।
ਮੋਹਨ ਜੀ ਸਾਹਮਣੇ ਮਸਲਾ ਫ਼ੀਸ ਜਾਂ ਉਡੀਕ ਦਾ ਨਹੀਂ ਸੀ। ਮਸਲਾ ਇਹ ਸੀ ਕਿ ਇਹ ਕੇਸ ਉਸ ਨੇ ਝਗੜਨਾ ਸੀ ਜਾਂ ਨਹੀਂ।
ਮੋਹਨ ਜੀ ਇਕ ਮੁਨਸ਼ੀ ਤੋਂ ਵਕੀਲ ਬਣਿਆ ਸੀ। ਉਸ ਦਾ ਵਕਾਲਤ ਦਾ ਤਜਰਬਾ ਵੀ ਠੀਕ-ਠੀਕ ਹੀ ਸੀ। ਛੋਟੇ-ਮੋਟੇ ਕੇਸ ਉਸ ਨੇ ਬਥੇਰੇ ਲੜੇ ਸਨ। ਸੈਸ਼ਨ ਕੇਸ ਲੜਨ ਦਾ ਹਾਲੇ ਤਕ ਹੌਸਲਾ ਨਹੀਂ ਸੀ ਪਿਆ।
ਸੈਸ਼ਨ ਕੋਰਟ ਦਾ ਨਾਂ ਸੁਣਦਿਆਂ ਹੀ ਉਸ ਦੀਆਂ ਲੱਤਾਂ ਕੰਬਣ ਲੱਗਦੀਆਂ, ਦਿਲ ਧੜਕਣ ਲੱਗਦਾ ਅਤੇ ਮੱਥੇ ’ਤੇ ਪਸੀਨੇ ਦੀਆਂ ਬੂੰਦਾਂ ਟਪਕ ਪੈਂਦੀਆਂ।
ਸੈਸ਼ਨ ਕੇਸਾਂ ਵਿਚ ਦੋਸ਼ੀਆਂ ਨੂੰ ਉਮਰ ਕੈਦ ਤੋਂ ਲੈ ਕੇ ਫਾਂਸੀ ਤਕ ਦੀ ਸਜ਼ਾ ਹੁੰਦੀ ਸੀ। ਕੇਸ ਦੀ ਪੈਰਵਾਈ ਕਈ-ਕਈ ਦਿਨ ਲਗਾਤਾਰ ਚੱਲਦੀ ਸੀ। ਸੈਸ਼ਨ ਕੇਸ ਸਖ਼ਤ ਮਿਹਨਤ ਦੀ ਮੰਗ ਕਰਦਾ ਸੀ।
ਮੋਹਨ ਜੀ ਮਿਹਨਤ ਤੋਂ ਨਹੀਂ ਸੀ ਡਰਦਾ, ਪਰ ਵੀਹਾਂ ਸਾਲਾਂ ਦੇ ਲੰਬੇ ਸੰਘਰਸ਼ ਬਾਅਦ ਉਹ ਮਸਾਂ-ਮਸਾਂ ਵਕੀਲ ਅਖਵਾਉਣ ਅਤੇ ਸੁਖ ਦੀ ਰੋਟੀ ਖਾਣ ਲੱਗਾ ਸੀ। ਕਿਸੇ ਸਾਇਲ ਨੂੰ ਫਾਂਸੀ ਚੜ੍ਹਵਾ ਕੇ ਨਾ ਉਹ ਅਨਾੜੀ ਵਕੀਲ ਅਖਵਾਉਣ ਦੇ ਰੌਂ ਵਿਚ ਸੀ, ਨਾ ਹਥਲੇ ਚਾਰ ਕੇਸਾਂ ਨੂੰ ਗਵਾਉਣ ਦੇ। ਭੁੱਲ-ਭੁਲੇਖੇ ਜੇ ਕੋਈ ਸੈਸ਼ਨ-ਕੇਸ ਉਸ ਕੋਲ ਆ ਜਾਂਦਾ ਤਾਂ ਲਾਲਚ ਤਿਆਗ ਕੇ ਉਹ ਸਾਇਲ ਨੂੰ ਕਿਸੇ ਸੀਨੀਅਰ ਵਕੀਲ ਦੇ ਲੜ ਲਾ ਆਉਂਦਾ।
ਬੰਟੀ ਕਤਲ ਕੇਸ ਨੂੰ ਉਹ ਅਗਾਂਹ ਧੱਕਣ ਦੇ ਮੂਡ ਵਿਚ ਨਹੀਂ ਸੀ।
ਜਿਸ ਦਿਨ ਤੋਂ ਪਾਲੇ ਦੀ ਮਾਂ ਇਸ ਕੇਸ ਦੀ ਪੇਸ਼ਕਸ਼ ਲੈ ਕੇ ਆਈ ਸੀ, ਉਸੇ ਦਿਨ ਤੋਂ ਉਹ ਆਪਣੇ-ਆਪ ਨਾਲ ਖੌਝਲ ਰਿਹਾ ਸੀ।
ਜਦੋਂ ਕਈ ਦਿਨਾਂ ਦੀ ਜੱਦੋ-ਜਹਿਦ ਕੋਈ ਸਿੱਟਾ ਨਾ ਕੱਢ ਸਕੀ ਤਾਂ ਰਹਿਨੁਮਾਈ ਲਈ ਉਹ ਆਪਣੇ ਸੀਨੀਅਰ ਮਨੋਹਰ ਲਾਲ ਕੋਲ ਗਿਆ ਸੀ।
ਕੇਸ ਸੁਣ-ਸਮਝ ਕੇ ਮਨੋਹਰ ਲਾਲ ਨੇ ਝੱਟ ਪਰਵਾਨਗੀ ਦੇ ਦਿੱਤੀ। ਪਿਛਲੇ ਦਸਾਂ ਸਾਲਾਂ ਦੀ ਉਸ ਦੀ ਕਾਰਗੁਜ਼ਾਰੀ ਦੇਖ ਕੇ ਮਨੋਹਰ ਲਾਲ ਤਾਂ ਪਹਿਲਾਂ ਹੀ ਮੋਹਨ ਜੀ ’ਤੇ ਜ਼ੋਰ ਪਾਉਂਦਾ ਆ ਰਿਹਾ ਸੀ। ਉਸ ਨੂੰ ਸੈਸ਼ਨ ਕੇਸ ਲੜਨ ਤੋਂ ਨਹੀਂ ਝਿਜਕਣਾ ਚਾਹੀਦਾ। ਮੋਹਨ ਜੀ ਮੌਕਾ ਟਾਲਦਾ ਰਿਹਾ ਸੀ।
ਪਹਿਲਾਂ ਜੋ ਹੋ ਗਿਆ, ਸੋ ਹੋ ਗਿਆ। ਹੁਣ ਉਸ ਦੇ ਹੱਥ ਉਹੋ ਮੌਕਾ ਲੱਗਾ ਸੀ, ਜਿਸ ਦੀ ਮੋਹਨ ਜੀ ਨੂੰ ਸਾਲਾਂ ਤੋਂ ਉਡੀਕ ਸੀ। ਸਫਲਤਾ ਦੀ ਪੌੜੀ ਦਾ ਅਗਲਾ ਟੰਬਾ ਉਸ ਨੂੰ ਆਵਾਜ਼ਾਂ ਮਾਰ ਰਿਹਾ ਸੀ।
ਇਹ ‘ਬਲਾਈਂਡ ਮਰਡਰ ਕੇਸ’ ਸੀ। ਹੁੰਦੇ ਕਤਲ ਨੂੰ ਅੱਖੀਂ ਦੇਖਣ ਵਾਲਾ ਪੁਲਿਸ ਕੋਲ ਇਕ ਵੀ ਗਵਾਹ ਨਹੀਂ ਸੀ। ਕੇਸ ਨੂੰ ਖੜਾ ਕਰਨ ਲਈ ਪੁਲਿਸ ਨੇ ਜਿਹੜੇ ਗਵਾਹ ਰੱਖੇ ਸਨ, ਉਹ ਸਭ ਪੁਲਿਸ ਟਾਊਟ ਸਨ। ਹਰ ਪੁਲਿਸ ਟਾਊਟ ਦੀ ਮੋਹਨ ਜੀ ਕੋਲ ਜਨਮ-ਪੱਤਰੀ ਸੀ। ਉਹਨਾਂ ਦੀਆਂ ਵੱਖੀਆਂ ਭੰਨਣ ਦਾ ਉਹ ਪਹਿਲਾਂ ਹੀ ਮਾਹਿਰ ਸੀ। ਮੋਹਨ ਜੀ ਵਰਗੇ ਵਾ-ਵਰੋਲੇ ਸਾਹਮਣੇ ਰੇਤ ਦੇ ਇਸ ਮਹਿਲ ਨੇ ਪਹਿਲੇ ਹੱਲੇ ਹੀ ਢਹਿ ਜਾਣਾ ਸੀ।
ਖ਼ੁਦਾ-ਨਾ ਖ਼ਾਸਤਾ ਜੇ ਇਹ ਦੋਸ਼ੀ ਸਜ਼ਾ ਹੋ ਗਏ, ਫੇਰ ਵੀ ਮੋਹਨ ਜੀ ਦੀ ਵਕਾਲਤ ਨੂੰ ਢਾਹ ਲੱਗਣ ਵਾਲੀ ਨਹੀਂ ਸੀ। ਦੋਵੇਂ ਦੋਸ਼ੀ ਲਾਵਾਰਿਸ ਸਨ। ਇਹਨਾਂ ਨੂੰ ਸਜ਼ਾ ਹੋਣ ਦਾ ਕਿਸੇ ਨੇ ਨੋਟਿਸ ਨਹੀਂ ਸੀ ਲੈਣਾ।
ਸਾਰੇ ਪੁੱਠ-ਸਿੱਧ ਸੋਚ ਕੇ ਮੋਹਨ ਜੀ ਨੇ ਆਪਣੀ ਝਿਜਕ ਖੋਲ੍ਹਣ ਦਾ ਮਨ ਬਣਾ ਲਿਆਸੀ।
ਮੋਹਨ ਜੀ ਦੇ ਗੁਰੂ ਦੀਆਂ ਗੱਲਾਂ ਦਰੁਸਤ ਸਨ। ਇਹਨੀਂ ਦਿਨੀਂ ਨਾ ਉਸ ਨੂੰ ਕੰਮ ਦੀ ਕਮੀ ਸੀ, ਨਾ ਕੰਮ ਵਿਚ ਮਿਲਣ ਵਾਲੀ ਕਾਮਯਾਬੀ ਦੀ। ਉਸ ਦੇ ਫੂਕ-ਫੂਕ ਪੈਰ ਧਰਨ ਦੇ ਦਿਨ ਕਦੋਂ ਦੇ ਲੰਘ ਚੁੱਕੇ ਸਨ।
ਮੋਹਨ ਜੀ ਆਪਣੀ ਆਦਤ ਤੋਂ ਮਜਬੂਰ ਸੀ। ਸਭ ਕੁਝ ਸਮਝਦਾ ਹੋਇਆ ਵੀ ਹਾਲੇ ਤਕ ਉਹ ਆਪਣੇ ਅਤੀਤ ਤੋਂ ਖਹਿੜਾ ਨਹੀਂ ਸੀ ਛੁਡਾ ਸਕਿਆ।
ਹਾਲੇ ਤਕ ਉਸ ਨੂੰ ਉਹ ਦਿਨ ਭੁੱਲੇ ਨਹੀਂ ਸਨ, ਜਦੋਂ ਮੋਹਨ ਜੀ ਦੇ ਵਕੀਲ ਬਣਨ ਦੇ ਸੁਪਨੇ ’ਤੇ ਲੋਕ ਹੱਸਿਆ ਕਰਦੇ ਸਨ।
ਕੋਈ ਪਰਾਇਆ ਨਹੀਂ, ਉਸ ਦਾ ਆਪਣਾ ਚਾਚਾ ਆਖਿਆ ਕਰਦਾ ਸੀ।
“ਜੇ ਖੁਸਰਿਆਂ ਦੇ ਮੁੰਡੇ ਹੋਣ ਲੱਗਣ ਤਾਂ ਆਦਮੀਆਂ ਨੂੰ ਕੌਣ ਰੋਵੇ?”
ਮੋਹਨ ਜੀ ਨੇ ਕੰਨਾਂ ’ਚ ਤੇਲ ਪਾ ਲਿਆ ਸੀ।
ਉਸ ਨੂੰ ਮਨੋਹਰ ਲਾਲ ’ਤੇ ਭਰੋਸਾ ਸੀ। ਉਸੇ ਨੇ ਉਸ ਨੂੰ ਮੁਨਸ਼ੀ ਬਣਾਇਆ ਸੀ। ਉਹੋ ਉਸ ਨੂੰ ਵਕੀਲ ਬਣਾਏਗਾ।
ਮੋਹਨ ਜੀ ਦੇ ਦਸਵੀਂ ਪਾਸ ਕਰਦਿਆਂ ਹੀ ਉਸ ਦਾ ਬਾਪ ਚੱਲ ਵੱਸਿਆ ਸੀ।
ਟੀ.ਬੀ. ਨੇ ਉਸ ਦੇ ਬਾਪ ਨੂੰ ਜਵਾਨੀ ਵਿਚ ਹੀ ਘੇਰ ਲਿਆ ਸੀ। ਇਕ ਛੋਟੇ ਜਿਹੇ ਖੋਖੇ ਵਿਚ ਪਾਨ-ਬੀੜੀ ਲਾਉਣ ਵਾਲੇ ਪਨਵਾੜੀ ਕੋਲ ਕਿੰਨੀ ਕੁ ਪੂੰਜੀ ਬਚਾ ਕੇ ਰੱਖੀ ਹੋ ਸਕਦੀ ਸੀ? ਬਾਪ ਦਾ ਸੱਥਰ ਉਠਣ ਤੱਕ, ਉਹਨਾਂ ਦੇ ਘਰ ਦਾ ਰਾਸ਼ਨ ਤੱਕ ਮੁੱਕ ਚੁੱਕਾ ਸੀ।
ਮਨੋਹਰ ਲਾਲ ਜੇ ਉਹਨਾਂ ਦੇ ਗੁਆਂਢ ਨਾ ਵੱਸਦਾ ਹੁੰਦਾ ਤਾਂ ਟੱਬਰ ਦਾ ਪਤਾ ਨਹੀਂ ਕੀ ਬਣਦਾ?
ਮੋਹਨ ਜੀ ਪੜ੍ਹਨ ਵਿਚ ਹੁਸ਼ਿਆਰ ਸੀ, ਪਰ ਪੜ੍ਹਾਈ ਨਾਲੋਂ ਉਸ ਨੂੰ ਭੁੱਖੇ ਢਿੱਡਾਂ ਦਾ ਜ਼ਿਆਦਾ ਫ਼ਿਕਰ ਸੀ। ਕਿਸੇ ਛੋਟੀ-ਮੋਟੀ ਨੌਕਰੀ ਲਈ ਉਹ ਤੜਪਣ ਲੱਗਾ।
ਮਨੋਹਰ ਲਾਲ ਨੇ ਉਸ ਨੂੰ ਘਰ ਬੁਲਾਇਆ। ਚੁੱਲ੍ਹਾ ਮਘਦਾ ਰਹੇ, ਇਸ ਲਈ ਪਹਿਲੇ ਹੱਲੇ ਉਸ ਨੇ ਮੋਹਨ ਜੀ ਨੂੰ ਆਪਣੇ ਮੁਨਸ਼ੀ ਦਾ ਸਹਾਇਕ ਬਣਾ ਦਿੱਤਾ।
ਮਨੋਹਰ ਲਾਲ ਸ਼ਹਿਰ ਦੇ ਸਿਰਕੱਢ ਵਕੀਲਾਂ ਵਿਚੋਂ ਇਕ ਸੀ। ਉਸ ਦੀ ਉਪਰ ਤਕ ਪਹੁੰਚ ਸੀ। ਉਸ ਨੇ ਸੋਚਿਆ ਸੀ ਕੋਈ ਨੌਕਰੀ ਨਿਕਲਦਿਆਂ ਹੀ ਉਹ ਉਸ ਨੂੰ ਕਿਧਰੇ ਅੜ੍ਹਕਾ ਦੇਵੇਗਾ। ਹਾਲੇ ਡੁੱਬਦੇ ਨੂੰ ਤਿਨਕੇ ਦਾ ਸਹਾਰਾ ਕਾਫ਼ੀ ਸੀ।
ਜਦੋਂ ਮਨੋਹਰ ਲਾਲ ਨੇ ਮੋਹਨ ਜੀ ਦੀ ਕੰਮ ਕਰਨ ਦੀ ਲਗਨ ਦੇਖੀ ਤਾਂ ਉਸ ਨੇ ਆਪਣਾ ਪਹਿਲਾ ਖ਼ਿਆਲ ਤਿਆਗ ਦਿੱਤਾ। ਉਹ ਮਹੀਨੇ ਵਿਚ ਹੀ ਮੁਨਸ਼ੀਪੁਣੇ ਦੀਆਂ ਸਾਰੀਆਂ ਪੇਚੀਦਗੀਆਂ ਸਮਝ ਗਿਆ ਸੀ। ਜਿਹੜਾ ਨੁਕਤਾ ਉਸ ਨੂੰ ਇਕ ਵਾਰ ਸਮਝਾ ਦਿੱਤਾ ਗਿਆ, ਉਸ ਨੁਕਤੇ ’ਤੇ ਮਨੋਹਰ ਲਾਲ ਨੂੰ ਕਦੇ ਦੁਬਾਰਾ ਮਗ਼ਜ਼-ਖਪਾਈ ਨਹੀਂ ਸੀ ਕਰਨੀ ਪਈ।
ਦੋ ਕੁ ਮਹੀਨਿਆਂ ਬਾਅਦ ਉਹ ਦਾਅਵੇ, ਜਵਾਬ-ਦਾਅਵੇ ਅਤੇ ਅਰਜ਼ੀ-ਪੱਤਰ ਤਿਆਰ ਕਰਨ ਵਿਚ ਵਕੀਲ ਦਾ ਹੱਥ ਵਟਾਉਣ ਲੱਗਾ।
ਤੀਜੇ ਮਹੀਨੇ ਮਨੋਹਰ ਲਾਲ ਨੇ ਆਪਣੇ ਮਨ ਨਾਲ ਫ਼ੈਸਲਾ ਕਰ ਲਿਆ। ਮੋਹਨ ਜੀ ਨੂੰ ਉਹ ਮੁਨਸ਼ੀ ਨਹੀਂ ਰਹਿਣ ਦੇਵੇਗਾ, ਉਸ ਨੂੰ ਵਕੀਲ ਬਣਾਏਗਾ।
ਹੱਲਾ-ਸ਼ੇਰੀ ਦੇ ਕੇ ਪਹਿਲਾਂ ਮੋਹਨ ਜੀ ਨੂੰ ਬੀ.ਏ. ਕਰਾਈ। ਫੇਰ ਗੰਗਾ ਨਗਰੋਂ ਲਾਅ ਕਰਵਾ ਦਿੱਤਾ।
ਕਾਲਾ ਕੋਟ ਪਾ ਕੇ ਵੀ ਪਹਿਲੇ ਪੰਜ ਵਰ੍ਹੇ ਉਹ ਮਨੋਹਰ ਲਾਲ ਦੇ ਮਜ਼ਬੂਤ ਖੰਭਾਂ ਹੇਠ ਪਲਦਾ ਰਿਹਾ।
ਅਲੱਗ ਫੱਟਾ ਲਾ ਕੇ ਵੀ ਉਹ ਉਸ ਨੂੰ ਰੱਬ ਵਾਂਗ ਪੂਜਦਾ ਰਿਹਾ।
ਮਨੋਹਰ ਲਾਲ ਵੀ ਉਸ ਨੂੰ ਪਹਿਲਾਂ ਵਾਂਗ ਦੁਲਾਰਦਾ ਰਿਹਾ। ਔਖੇ ਸਮਿਆਂ ਵਿਚ ਉਸ ਨੂੰ ਸੰਭਾਲਦਾ ਰਿਹਾ।
“ਪਹਿਲੇ ਦਿਨਾਂ ਵਿਚ ਹਾਰਨ ਵਾਲੇ ਕੇਸ ਘੱਟ ਫੜੋ। ਬਦਨਾਮੀ ਤੋਂ ਬਚੇ ਰਹੋਗੇ। ਕੇਸਾਂ ਦੇ ਨਾਲ-ਨਾਲ ਕੇਸ ਲਿਆਉਣ ਵਾਲਿਆਂ ਉਪਰ ਵੀ ਮਿਹਨਤ ਕਰੋ।” ਅਜਿਹੇ ਗੁਰ ਸਮਝਾਉਂਦਾ ਰਿਹਾ।
ਇਨਾਂ ਨੁਸਖਿਆਂ ਤੇ ਅਮਲ ਕਰਦਿਆਂ ਪਹਿਲਾਂ ਉਸ ਨੇ ਮੁਨਸ਼ੀਆਂ ’ਤੇ ਡੋਰੇ ਪਾਏ। ਉਹਨਾਂ ਦੇ ਭਾਈਚਾਰੇ ਵਿਚੋਂ ਸੀ। ਭਾਈਚਾਰਾ ਭਾਈਚਾਰੇ ਦੀ ਮਦਦ ਨਹੀਂ ਕਰੇਗਾ ਤਾਂ ਕੌਣ ਕਰੇਗਾ?
ਮਦਦ ਦਾ ਵਾਅਦਾ ਕਰਦੇ ਮੁਨਸ਼ੀਆਂ ਦੇ ਪ੍ਰਧਾਨ ਨੂੰ ਪਹਿਲਾਂ-ਪਹਿਲਾਂ ਝਿਜਕ ਹੋਈ। ਮੁਨਸ਼ੀ ਨਮਕ ਇਕ ਵਕੀਲ ਦਾ ਖਾਵੇ ਅਤੇ ਵਫ਼ਾਦਾਰੀ ਦੂਜੇ ਨਾਲ ਕਰੇ, ਇਹ ਵਿਸ਼ਵਾਸਘਾਤ ਸੀ।
ਉਸ ਨੂੰ ਸਮਝਾਉਣ ਲਈ ਮੋਹਨ ਜੀ ਨੂੰ ਕਈ ਦਿਨ ਮਗ਼ਜ਼-ਖਪਾਈ ਕਰਨੀ ਪਈ ਸੀ।
ਉਹ ਮੁਨਸ਼ੀਆਂ ਨੂੰ ਵਕੀਲਾਂ ਦੇ ਸਾਰੇ ਕੇਸ ਤੋੜਨ ਲਈ ਥੋੜ੍ਹਾ ਆਖ ਰਿਹਾ ਸੀ। ਉਹ ਤਾਂ ਉਹ ਕੇਸ ਮੰਗਦਾ ਸੀ, ਜਿਹੜੇ ਨਿਰੋਲ ਮੁਨਸ਼ੀਆਂ ਦੇ ਆਪਣੇ ਹੁੰਦੇ ਸਨ। ਜਿਹੜੇ ਉਹਨਾਂ ਕੋਲ ਉਹਨਾਂ ਦੇ ਆਪਣੇ ਰਸੂਖ਼ ਨਾਲ ਆਉਂਦੇ ਸਨ। ਅਜਿਹੇ ਕੇਸਾਂ ’ਤੇ ਵਕੀਲਾਂ ਦਾ ਕੋਈ ਹੱਕ ਨਹੀਂ ਹੁੰਦਾ।
ਮੁਨਸ਼ੀਆਂ ਦੇ ਲਿਆਂਦੇ ਕੇਸਾਂ ਵਿਚੋਂ ਜੇ ਉਹਨਾਂ ਨੂੰ ਹਿੱਸਾ ਮਿਲਦਾ ਹੋਵੇ ਤਾਂ ਉਹ ਕੇਸ ਜੀਅ ਸਦਕੇ ਆਪਣੇ ਵਕੀਲ ਨੂੰ ਦੇਣ। ਜੇ ਅਜਿਹੀ ਅਸਾਮੀ ਨੂੰ ਵਕੀਲ ਮੁਨਸ਼ੀ ਦਾ ਫ਼ਰਜ਼ ਸਮਝ ਕੇ ਹੀ ਡਕਾਰ ਜਾਂਦੇ ਹੋਣ, ਫੇਰ ਤਾਂ ਮੁਨਸ਼ੀਆਂ ਨੂੰ ਆਪਣੇ ਹੱਕਾਂ ਬਾਰੇ ਸੋਚਣਾ ਹੀ ਚਾਹੀਦੈ।
ਮੁਨਸ਼ੀ ਸੋਚਣ ਲੱਗੇ।
ਮੋਹਨ ਜੀ ਸੱਚ ਆਖਦਾ ਸੀ। ਉਹਨਾਂ ਨਾਲ ਧੱਕਾ ਹੋ ਰਿਹਾ ਸੀ। ਉਹਨਾਂ ਨੂੰ ਹਿੱਸਾ ਮਿਲਣਾ ਚਾਹੀਦਾ ਸੀ।
ਮੁਨਸ਼ੀਆਂ ਵਿਚੋਂ ਪਹਿਲੀ ਵਾਰੀ ਕੋਈ ਵਕੀਲ ਬਣਿਆ ਸੀ। ਇਸ ਲਈ ਮੋਹਨ ਜੀ ਉਹਨਾਂ ਦੀਆਂ ਤਕਲੀਫ਼ਾਂ ਨੂੰ ਸਮਝਦਾ ਸੀ। ਮੁਨਸ਼ੀਆਂ ਨੂੰ ਉਸ ਦੀ ਮਦਦ ਕਰਨੀ ਚਾਹੀਦੀ ਸੀ।
ਮਦਦ ਵਜੋਂ ਮੁਨਸ਼ੀਆਂ ਵੱਲੋਂ ਕੁਝ ਕੇਸ ਉਸ ਨੂੰ ਮਿਲਣ ਲੱਗੇ।
ਹੁਣ ਸਮਾਂ ਬਦਲ ਚੁੱਕਾ ਸੀ।
ਹੁਣ ਨਾ ਉਸ ਨੂੰ ਕਿਸੇ ਮੁਨਸ਼ੀ ਦੇ ਸਹਾਰੇ ਦੀ ਜ਼ਰੂਰਤ ਰਹੀ ਸੀ, ਨਾ ਕਿਸੇ ਮੋਹਤਬਰ ਦੀ।
ਮੋਹਨ ਜੀ ਨੂੰ ਕੰਮ ਹਥਿਆਉਣਾ ਹੀ ਨਹੀਂ, ਸੰਭਾਲਣਾ ਵੀ ਆ ਗਿਆ ਸੀ।
ਵਿਉਪਾਰੀਆਂ ਵਾਂਗ ਗਾਹਕ ਨੂੰ ਉਹ ਰੱਬ ਦਾ ਰੂਪ ਸਮਝਦਾ ਸੀ। ਮਾਪਿਆਂ ਵਾਂਗ ਉਹ ਉਹਨਾਂ ਦਾ ਖ਼ਿਆਲ ਰੱਖਦਾ ਸੀ। ਸਾਇਲ ਦੀ ਜਾਇਜ਼-ਨਜਾਇਜ਼ ਹਰ ਢੰਗ ਨਾਲ ਮਦਦ ਕਰਨਾ ਉਹ ਆਪਣਾ ਧਰਮ ਸਮਝਦਾ ਸੀ।
ਪਾਲਾ ਅਤੇ ਮੀਤਾ ਉਂਝ ਹੀ ਤਾਂ ਉਸ ਦੇ ਭਗਤ ਨਹੀਂ ਸਨ ਬਣ ਗਏ। ਮੋਹਨ ਜੀ ਨੇ ਉਹਨਾਂ ਨੂੰ ਸੈਂਕੜੇ ਵਾਰ ਜੇਲ੍ਹ ਜਾਣੋਂ ਬਚਾਇਆ ਸੀ।
ਪਹਿਲਾਂ ਜਦੋਂ ਉਹਨਾਂ ’ਤੇ ਬੀਸੀਆਂ ਕੇਸ ਚੱਲਦੇ ਸਨ ਤਾਂ ਬਾਹਰ-ਅੰਦਰ ਗਏ ਉਹ ਅਕਸਰ ਤਾਰੀਖ਼ ਭੁੱਲ ਜਾਇਆ ਕਰਦੇ ਸਨ।
ਉਹਨਾਂ ਨੂੰ ਤਾਰੀਖ਼ ਯਾਦ ਨਹੀਂ ਰਹੀ, ਨਾ ਸਹੀ। ਮੋਹਨ ਜੀ ਦੀ ਡਾਇਰੀ ਨੂੰ ਤਾਂ ਯਾਦਸੀ।
ਉਹਨਾਂ ਦੇ ਘੰਟਾ ਕੁ ਲੇਟ ਹੋਣ ’ਤੇ ਮੋਹਨ ਜੀ ਨੂੰ ਫ਼ਿਕਰ ਲੱਗ ਜਾਂਦਾ।
ਘੰਟਾ ਕੁ ਹੋਰ ਉਡੀਕ ਕੇ ਉਹ ਉਹਨਾਂ ਦੇ ਬਚਾਓ ਦੇ ਪ੍ਰਬੰਧਾਂ ਵਿਚ ਰੁਝ ਜਾਂਦਾ। ਕਦੇ ਰੀਡਰ ਦੀ ਮੁੱਠੀ ਗਰਮ ਕਰਦਾ। ਉਹ ਅੱਖਾਂ ਮੀਚ ਲਏ। ਕਦੇ ਆਪਣੇ ਕਿਸੇ ਸਾਇਲ ਦੀ ਖ਼ੁਸ਼ਾਮਦ ਕਰਦਾ। ਉਹ ਪਾਲਾ ਬਣ ਕੇ ਪੇਸ਼ੀ ਭੁਗਤ ਆਏ।
ਲੱਗਦੇ ਵੱਸ ਉਹ ਆਪਣੇ ਸਾਇਲ ਨੂੰ ਜੇਲ੍ਹ ਵੀ ਨਹੀਂ ਸੀ ਜਾਣ ਦਿੰਦਾ। ਲੋੜ ਪੈਣ ’ਤੇ ਉਹਨਾਂ ਦੇ ਜ਼ਾਮਨ ਵੀ ਆਪ ਖੜੇ ਕਰ ਦਿੰਦਾ ਸੀ ਅਤੇ ਜ਼ਾਮਨ ਨੂੰ ਤਸਦੀਕ ਕਰਨ ਵਾਲੇ ਪੰਚ-ਸਰਪੰਚ ਵੀ।
ਅਜਿਹੇ ਵਕੀਲ ਨੂੰ ਛੱਡ ਕੇ ਕੋਈ ਸਾਇਲ ਕਿਧਰੇ ਹੋਰ ਜਾਵੇ ਤਾਂ ਕਿਉਂ?
ਹੁਣ ਜਦੋਂ ਕਿਸੇ ਸਾਇਲ ਦੇ ਕਿਧਰੇ ਜਾਣ ਦਾ ਖ਼ਤਰਾ ਨਹੀਂ ਸੀ ਤਾਂ ਮੋਹਨ ਜੀ ਨੂੰ ਸੈਸ਼ਨ ਕੇਸ ਵੀ ਲੜਨੇ ਚਾਹੀਦੇ ਸਨ।
ਕੇਸ ਲੜਨ ਦਾ ਇਰਾਦਾ ਪੱਕਾ ਕਰਦਿਆਂ ਹੀ ਮੋਹਨ ਜੀ ਸਾਹਮਣੇ ਦੂਸਰੀ ਸਮੱਸਿਆ ਆ ਖੜੋਤੀ।
ਮੋਹਨ ਜੀ ਦਾ ਉਦੇਸ਼ ਮੁਕੱਦਮਾ ਲੜਨਾ ਹੀ ਨਹੀਂ, ਜਿੱਤਣਾ ਵੀ ਹੁੰਦਾ ਸੀ।
ਇਹ ਕੇਸ ਉਹ ਜਿੱਤੇਗਾ ਕਿਸ ਤਰ੍ਹਾਂ? ਅੱਜ-ਕੱਲ੍ਹ ਉਹ ਇਸੇ ਸਮੱਸਿਆ ਨਾਲ ਜੂਝ ਰਿਹਾ ਸੀ।
ਇਸ ਕੇਸ ਦੀ ਸੁਣਵਾਈ ਐਡੀਸ਼ਨਲ ਸੈਸ਼ਨ ਜੱਜ ਸਤਿੰਦਰ ਨਾਥ ਨੇ ਕਰਨੀ ਸੀ।
ਕੇਸ ਲੜਨ ਦਾ ਫ਼ੈਸਲਾ ਕਰਨ ਵਾਲੇ ਦਿਨ ਤੋਂ ਲੈ ਕੇ ਅੱਜ ਤਕ ਉਹ ਉਸੇ ਦਾ ਪਿੱਛਾ ਕਰ ਰਿਹਾ ਸੀ।
ਕੇਸ ਦੀ ਰਣ-ਨੀਤੀ ਘੜਨ ਤੋਂ ਪਹਿਲਾਂ ਉਸ ਨੇ ਨਾਥ ਸਾਹਿਬ ਦੇ ਮਨੋਵਿਗਿਆਨ ਨੂੰ ਘੋਖਣਾ ਅਤੇ ਉਸ ਦੀ ਵਿਚਾਰਧਾਰਾ ਨੂੰ ਸਮਝਣਾ ਸੀ।
ਸੈਸ਼ਨ ਜੱਜ ਸਾਹਮਣੇ ਪੇਸ਼ ਹੋਣ ਦਾ ਉਸ ਦਾ ਇਹ ਪਹਿਲਾ ਮੌਕਾ ਸੀ। ਇਸੇ ਲਈ ਉਹ ਨਾਥ ਦੀਆਂ ਆਦਤਾਂ ਤੋਂ ਅਣਜਾਣ ਸੀ।
ਜਿਨ੍ਹਾਂ ਮੈਜਿਸਟ੍ਰੇਟਾਂ ਦੀਆਂ ਅਦਾਲਤਾਂ ਵਿਚ ਉਹ ਪੇਸ਼ ਹੁੰਦਾ ਸੀ, ਉਹਨਾਂ ਦੀ ਉਹ ਰਗ-ਰਗ ਤੋਂ ਵਾਕਿਫ਼ ਸੀ।
ਹਾਲੇ ਬਹੁਤੇ ਦਿਨ ਨਹੀਂ ਸਨ ਹੋਏ, ਜਦੋਂ ਨੱਥੂ ਰਾਮ ਮੈਜਿਸਟ੍ਰੇਟ ਕੋਲੋਂ ਉਸ ਨੇ ਦਸ ਕਿੱਲੋ ਅਫ਼ੀਮ ਦੇ ਇਕ ਦੋਸ਼ੀ ਨੂੰ ਬਰੀ ਕਰਾਇਆ ਸੀ।
ਇਸ ਕਤਲ ਕੇਸ ਵਾਂਗ ਉਸ ਕੇਸ ਦੀ ਵੀ ਮੋਹਨ ਜੀ ਨੂੰ ਘਬਰਾਹਟ ਸੀ।
ਅਫ਼ੀਮ ਦੀ ਮਾਤਰਾ ਦਸ ਕਿੱਲੋ ਸੀ, ਗਵਾਹ ਬੜੇ ਚੁਸਤ ਸਨ। ਦੋਸ਼ੀ ਦੇ ਬਰੀ ਹੋਣ ਦਾ ਕੋਈ ਹੀਲਾ ਬਣਦਾ ਉਸ ਨੂੰ ਨਜ਼ਰ ਨਹੀਂ ਸੀ ਆ ਰਿਹਾ।
ਮੋਹਨ ਜੀ ਨੇ ਜੱਜ ਦੇ ਲਾਂਗਰੀ ਨੂੰ ਗੰਢਿਆ। ਪਤਾ ਲੱਗਾ ।
ਜੱਜ ਧਰਮੀ-ਕਰਮੀ ਸੀ। ਸੁਬ੍ਹਾ-ਸ਼ਾਮ ਉਹ ਪੂਜਾ-ਪਾਠ ਕਰਦਾ ਸੀ। ਹਰ ਰੋਜ਼ ਗਊਆਂ ਨੂੰ ਪੱਠੇ ਪਾਉਣ ਗਊਸ਼ਾਲਾ ਜਾਂਦਾ ਸੀ। ਪੁੰਨਿਆ ਅਤੇ ਮੱਸਿਆ ਵਾਲੇ ਦਿਨ ਗ਼ਰੀਬ-ਗ਼ੁਰਬਿਆਂ ਲਈ ਲੰਗਰ ਲਾਉਂਦਾ ਸੀ। ਸਾਧਾਂ-ਸੰਤਾਂ ਦਾ ਘਰ ਆਉਣ-ਜਾਣ ਬਣਿਆ ਰਹਿੰਦਾ ਸੀ।
ਮੋਹਨ ਜੀ ਨੇ ਸਾਇਲ ਨੂੰ ਭਗਵੇਂ ਕੱਪੜੇ ਪੁਆ ਦਿੱਤੇ। ਸਿਰ ਮੁੰਨਵਾ ਕੇ ਹੱਥ ਵਿਚ ਮਾਲਾ ਫੜਾ ਦਿੱਤੀ। ਹਰ ਪੇਸ਼ੀ ’ਤੇ ਉਹ ਅਦਾਲਤ ਦੀ ਇਕ ਨੁੱਕਰੇ ਬੈਠ ਜਾਂਦਾ ਅਤੇ ਮਾਲਾ ਫੇਰਨ ਲੱਗਦਾ।
ਹੌਲੀ-ਹੌਲੀ ਗਵਾਹਾਂ ਅਤੇ ਸਰਕਾਰੀ ਵਕੀਲ ਦੇ ਮਨ ਵਿਚ ਬੈਠ ਗਈ ਕਿ ਇਹ ਕੋਈ ਭਗਤ ਸੀ।
ਜੱਜ ਨੂੰ ਵੀ ਤੌਖ਼ਲਾ ਹੋਣ ਲੱਗਾ। ਜੇ ਝੂਠੀਆਂ ਗਵਾਹੀਆਂ ਦੇ ਆਧਾਰ ’ਤੇ ਇਸ ਨੂੰ ਸਜ਼ਾ ਹੋ ਗਈ ਤਾਂ ਇਹ ਸਰਾਪ ਦੇ ਦੇਵੇਗਾ।
ਸੱਚ ਪਰਖਣ ਲਈ ਪਿਛਲੀ ਪੇਸ਼ੀ ’ਤੇ ਜੱਜ ਨੇ ਦੋਸ਼ੀ ਅਤੇ ਤਫ਼ਤੀਸ਼ੀ ਦੋਹਾਂ ਨੂੰ ਕਟਹਿਰੇ ਵਿਚ ਖੜਾ ਕਰ ਲਿਆ ਸੀ।
“ਸੱਚ-ਸੱਚ ਦੱਸ ਭਗਤਾ ਅਸਲੀਅਤ ਕੀ ਹੈ?” ਹੱਥ ਵਿਚ ਮਾਲਾ ਅਤੇ ਮੂੰਹ ਵਿਚ ਰਾਮ-ਰਾਮ ਕਰਦਾ ਦੋਸ਼ੀ ਜੱਜ ਨੂੰ ਭਗਤ ਲੱਗਾ ਸੀ।
“ਅਫ਼ੀਮ ਚਰਸ ਸਭ ਝੂਠ ਹੈ ਭਗਤ ਜੀ। ਮੈਂ ਕਦੇ ਅਫ਼ੀਮ ਦੀ ਸ਼ਕਲ ਤਕ ਨਹੀਂ ਦੇਖੀ। ਫੇਰ ਵੀ ਰੱਬ ਦੀ ਰਜ਼ਾ ਵਿਚ ਰਾਜ਼ੀ ਹਾਂ। ਕੈਦ ਲਿਖੀ ਹੋਈ ਤਾਂ ਖ਼ੁਸ਼ੀ-ਖ਼ੁਸ਼ੀ ਭੁਗਤਾਂਗਾ। ਅਗਲੇ- ਪਿਛਲੇ ਕਿਸੇ ਜਨਮ ਦੇ ਪਾਪ ਦਾ ਫਲ ਭੁਗਤਣਾ ਹੀ ਪਏਗਾ ਭਗਤ ਜੀ।” ਭਗਤ ਨੇ ਅੱਖਾਂ ਖੋਲ੍ਹੀਆਂ, ਜਵਾਬ ਦਿੱਤਾ ਅਤੇ ਫੇਰ ਮਾਲਾ ਫੇਰਨੀ ਸ਼ੁਰੂ ਕਰ ਦਿੱਤੀ।
“ਹੁਣ ਤੂੰ ਬੋਲ ਬਈ ਹੌਲਦਾਰਾ) ਸਹੀ-ਸਹੀ ਦੱਸ ਕੀ ਫੜਿਆ ਸੀ?” ਅੱਖਾਂ ਲਾਲ ਕਰ ਕੇ ਜੱਜ ਹੌਲਦਾਰ ’ਤੇ ਵਰ੍ਹਿਆ ਸੀ।
ਇਹ ਭਗਤ ਦੀ ਭਗਤੀ ਦਾ ਅਸਰ ਸੀ ਜਾਂ ਜੱਜ ਦੀ ਗੜ੍ਹਕ ਦਾ, ਇਹ ਹੌਲਦਾਰ ਜਾਣੇ। ਮੋਹਨ ਜੀ ਇੰਨਾ ਜਾਣਦਾ ਸੀ ਕਿ ਹੌਲਦਾਰ ਦੀਆਂ ਲੱਤਾਂ ਕੰਬ ਗਈਆਂ ਸਨ ਅਤੇ ਸੱਚ ਬਿਆਨ ਕਰਦਿਆਂ ਜ਼ੁਬਾਨ ਥਰਥਰਾ ਗਈ ਸੀ।
“ਜੀ, ਇਸ ਤੋਂ ਭੱਠੀ ਫੜੀ ਸੀ, ਥਾਣੇਦਾਰ ਦੇ ਆਖਣ ’ਤੇ ਮੈਂ ਅਫ਼ੀਮ ਪਾ ਤੀ।”
ਆਖ਼ਰ ਦਿਲ ਕਰੜਾ ਕਰ ਕੇ ਹੌਲਦਾਰ ਨੇ ਸੱਚ ਉਗਲਿਆ ਸੀ।
ਸੱਚ ਸਾਹਮਣੇ ਆ ਗਿਆ।
ਜੇ ਨੱਥੂ ਰਾਮ ਧਰਮੀ-ਕਰਮੀ ਸੀ ਤਾਂ ਦੇਵ ਸਿੰਘ ਪੂਰਾ ਨਾਸਤਿਕ। ਆਪਣੀ ਕਾਮਰੇਡੀ ਉਸ ਨੇ ਲੁਕਾ-ਛਿਪਾ ਕੇ ਨਹੀਂ ਸੀ ਰੱਖੀ। ਸਵੇਰੇ-ਸ਼ਾਮ ਉਹ ਸ਼ਹਿਰ ’ਚ ਸਾਈਕਲ ਤੇ ਘੁੰਮਦਾ ਸੀ, ਉਹ ਵੀ ਕੁੜਤਾ ਪਜਾਮਾ ਪਾ ਕੇ। ਨਾ ਉਹ ਸਬਜ਼ੀ ਖ਼ਰੀਦਣ ਵਿਚ ਝਿਜਕ ਮਹਿਸੂਸ ਕਰਦਾ ਸੀ, ਨਾ ਬੱਚਿਆਂ ਨੂੰ ਸਕੂਲ ਛੱਡਣ ਜਾਣ ਵਿਚ।
ਸਾਧਾਂ-ਸੰਤਾਂ ਦੇ ਉਹ ਪੱਜ ਕੇ ਖ਼ਿਲਾਫ਼ ਸੀ, ਭਰੀ ਕਚਹਿਰੀ ਵਿਚ ਉਹ ਉਹਨਾਂ ਨੂੰ ਵਿਹਲੜ, ਹੱਡ-ਹਰਾਮ ਅਤੇ ਮਿਹਨਤਕਸ਼ਾਂ ਨੂੰ ਗੁੰਮਰਾਹ ਕਰਨ ਵਾਲੇ ਗਰਦਾਨ ਦਿੰਦਾ ਸੀ। ਜੇ ਕੋਈ ਸਾਧ ਉਸ ਦੇ ਧੱਕੇ ਚੜ੍ਹ ਜਾਵੇ ਤਾਂ ਉਸ ਨੂੰ ਜੇਲ੍ਹ ਦੀ ਚੱਕੀ ਪਿਸਾਏ ਬਿਨਾਂ ਚੈਨ ਨਹੀਂ ਸੀ ਲੈਂਦਾ।
ਮੋਹਨ ਜੀ ਨੇ ਉਸ ਦੀ ਇਸ ਵਿਚਾਰਧਾਰਾ ਤੋਂ ਵੀ ਭਰਪੂਰ ਫ਼ਾਇਦਾ ਉਠਾਇਆ ਸੀ।
ਉਸ ਦੀ ਅਦਾਲਤ ਵਿਚ ਪੇਸ਼ ਹੋਣ ਵਾਲੇ ਆਪਣੇ ਸਾਇਲਾਂ ਨੂੰ ਉਸ ਨੇ ਗੁਪਤ ਹਦਾਇਤਾਂ ਜਾਰੀ ਕੀਤੀਆਂ ਸਨ। ਪੇਸ਼ੀ ’ਤੇ ਆਉਣ ਲੱਗੇ ਉਹ ਫਟਿਆ ਝੱਗਾ ਅਤੇ ਫਿੱਡੀ ਜੁੱਤੀ ਪਹਿਨ ਕੇ ਆਉਣ। ਦਾੜ੍ਹੀ ਕਰੜ-ਬਰੜੀ ਹੋਵੇ ਅਤੇ ਵਾਲ ਝੱਥਰਾ। ਦੇਖਣ ਵਾਲੇ ਨੂੰ ਲੱਗੇ, ਜਿਵੇਂ ਹੱਡ-ਤੋੜਵੀਂ ਮਿਹਨਤ ਨੇ ਉਹਨਾਂ ਦੇ ਖ਼ੂਨ ਦਾ ਕਤਰਾ-ਕਤਰਾ ਚੂਸ ਲਿਐ।
ਮੋਹਨ ਜੀ ਨੇ ਉਸ ਅਦਾਲਤ ਵਿਚੋਂ ਵੀ ਚੰਗੇ ਨਤੀਜੇ ਕੱਢੇ ਸਨ। ਨਿਰਭੈ ਟਰਾਂਸਪੋਰਟ ਦੇ ਕੰਡਕਟਰਾਂ ਵਾਲਾ ਕੇਸ ਉਸ ਨੇ ਜਿੱਤਿਆ ਸੀ। ਨੌਕਰੀਉਂ ਨਿਕਲੇ ਕੰਡਕਟਰ ਮੁੜ ਬਹਾਲ ਹੋ ਗਏ ਸਨ। ਕਿਰਾਏਦਾਰ ਭਈਆਂ ਨੇ ਮਾਰਵਾੜੀ ਮਕਾਨ-ਮਾਲਕਾਂ ਨੂੰ ਹਰਾ ਦਿੱਤੀ ਸੀ। ਜ਼ਬਰੀ ਬੇਦਖ਼ਲੀ ਵਿਰੁੱਧ ਉਹਨਾਂ ਨੂੰ ਬੰਦੀ ਮਿਲ ਗਈ ਸੀ।
ਪਾਲੇ ਅਤੇ ਮੀਤੇ ਨੂੰ ਉਹ ਸਾਧ ਬਣਾਏ ਜਾਂ ਮਲੰਗ। ਮੋਹਨ ਜੀ ਤੋਂ ਇਹ ਫ਼ੈਸਲਾ ਨਹੀਂ ਸੀ ਹੋ ਰਿਹਾ।
ਜੱਜ ਦਾ ਅਰਦਲੀ ਜੱਜ ਨੂੰ ਧਰਮੀ-ਕਰਮੀ ਆਖਦਾ ਸੀ। ਲਾਂਗਰੀ ਉਲਟ ਬੋਲਦਾ ਸੀ। ਉਹ ਆਖਦਾ ਸੀ, ਡਿਨਰ ਸਮੇਂ ਸਾਬਤ ਮੁਰਗ਼ਾ ਖਾਣ ਵਾਲਾ ਧਰਮੀ-ਕਰਮੀ ਕਿਵੇਂ ਹੋ ਸਕਦੈ।
ਸਫ਼ਾਈਆਂ ਵਾਲੀ ਦੱਸਦੀ ਸੀ, “ਉਹ ਗ਼ਰੀਬ-ਗ਼ੁਰਬਿਆਂ ਤੇ ਬਹੁਤ ਰਹਿਮ ਕਰਦੈ। ਛੋਟੇ-ਮੋਟੇ ਮੌਕਿਆਂ ’ਤੇ ਵੀ ਉਸ ਨੂੰ ਵੱਡੀਆਂ ਬਖ਼ਸ਼ਿਸ਼ਾਂ ਦਿੰਦੈ।”
ਜਮਾਂਦਾਰ ਉਸ ਦੀ ਗੱਲ ਨੂੰ ਝੁਠਲਾ ਰਿਹਾ ਸੀ। ਉਹ ਸੋਹਣੀ ਹੈ, ਇਸੇ ਲਈ ਉਹ ਉਸ ’ਤੇ ਜਾਨ ਛਿੜਕਦੈ। ਜਮਾਂਦਾਰ ਨੂੰ ਉਹ ਆਪਣੇ ਕਮਰੇ ਦੇ ਬੂਹੇ ਅੱਗੋਂ ਦੀ ਨਹੀਂ ਲੰਘਣ ਦਿੰਦਾ।
ਮੋਹਨ ਜੀ ਦੋਚਿੱਤੀ ਵਿਚ ਸੀ। ਜੱਜ ਦੀ ਵਿਚਾਰਧਾਰਾ ਸਪੱਸ਼ਟ ਨਹੀਂ ਸੀ ਹੋ ਰਹੀ। ਝਟਪਟ ਕਿਸੇ ਨਤੀਜੇ ’ਤੇ ਪੁੱਜਣ ਦੀ ਮੋਹਨ ਜੀ ਨੂੰ ਕੋਈ ਕਾਹਲ ਵੀ ਨਹੀਂ ਸੀ। ਸਮਾਇਤ ਸ਼ੁਰੂ ਹੋਣ ਵਿਚ ਹਾਲੇ ਢੇਰ ਸਮਾਂ ਬਾਕੀ ਸੀ।
ਇਸ ਫ਼ੈਸਲੇ ਨੂੰ ਅੱਗੇ ਪਾ ਕੇ ਉਸਨੇ ਕੇਸ ਦੇ ਗਵਾਹਾਂ ’ਤੇ ਧਿਆਨ ਕੇਂਦਰਿਤ ਕਰਨਾ ਸ਼ੁਰੂ ਕੀਤਾ।
ਇਸ ਕੇਸ ਵਿਚ ਪੁਲਿਸ ਨੇ ਇਕ-ਦੋ ਨਹੀਂ, ਕਈ ਟਾਊਟਾਂ ਨੂੰ ਗਵਾਹ ਰੱਖਿਆ ਸੀ। ਇਹਨਾਂ ਵਿਚੋਂ ਮੋਹਨ ਸਿੰਘ ਅਤੇ ਬਾਬੂ ਬਦਮਾਸ਼ ਅਹਿਮ ਸਨ। ਦੋਵੇਂ ਹੁਣ ਤਕ ਸੈਂਕੜੇ ਕੇਸਾਂ ਵਿਚ ਪੁਲਿਸ ਵੱਲੋਂ ਗਵਾਹ ਭੁਗਤ ਚੁੱਕੇ ਸਨ। ਉਹਨਾਂ ਕੇਸਾਂ ਦਾ ਲੇਖਾ-ਜੋਖਾ ਇਸ ਕੇਸ ਦੀ ਸਫ਼ਲਤਾ ਲਈ ਬਹੁਤ ਜ਼ਰੂਰੀ ਸੀ।
ਤੇ ਸਾਰੀਆਂ ਕਚਹਿਰੀਆਂ ਵਿਚੋਂ ਇਹ ਲੇਖਾ-ਜੋਖਾ ਜੇ ਕਿਸੇ ਕੋਲ ਮੌਜੂਦ ਸੀ ਤਾਂ ਉਹ ਮੋਹਨ ਜੀ ਹੀ ਸੀ।
ਫ਼ੌਜਦਾਰੀ ਕੇਸਾਂ ਵਿਚ ਗਵਾਹ ਦੇ ਪਿਛੋਕੜ ਤੇ ਚਾਲ-ਚਲਣ ਨੂੰ ਬੜੀ ਮਹੱਤਤਾ ਦਿਤੀ ਜਾਂਦੀ ਹੁੰਦੀ ਸੀ। ਵਾਰ-ਵਾਰ ਪੁਲਿਸ ਵੱਲੋਂ ਭੁਗਤਣ ਵਾਲੇ ਗਵਾਹਾਂ ’ਤੇ ਅਦਾਲਤਾਂ ਚਿੜਨ ਲੱਗਦੀਆਂ ਸਨ। ਹਰ ਕੇਸ ਵਿਚ ਅਜਿਹੇ ਗਵਾਹ ਦੀ ਸ਼ਮੂਲੀਅਤ ਪੁਲਿਸ ਕਹਾਣੀ ਝੁਠਲਾਉਣ ਲੱਗਦੀ ਸੀ। ਟਾਊਟ ਗਰਦਾਨੇ ਗਵਾਹ ਸਜ਼ਾ ਦੀ ਥਾਂ ਦੋਸ਼ੀਆਂ ਨੂੰ ਬਰੀ ਕਰਾਉਣ ਸਹਾਈ ਹੁੰਦੇ ਹਨ।
ਤੇ ਕਿਸੇ ਗਵਾਹ ਨੂੰ ਟਾਊਟ ਸਿੱਧ ਕਰਨ ਵਾਲਾ ਤਵੀਤ ਮੋਹਨ ਜੀ ਕੋਲ ਮੌਜੂਦ ਸੀ।
ਇਕ ਤੋਂ ਵੱਧ ਕੇਸ ਵਿਚ ਭੁਗਤਣ ਵਾਲੇ ਗਵਾਹ ਦਾ ਮੋਹਨ ਜੀ ਕੋਲ ਝੱਟ ਖਾਤਾ ਖੁਲ੍ਹ ਜਾਂਦਾ ਸੀ। ਫੇਰ ਖਾਤੇ ਵਿਚ ਹਰ ਉਹ ਕੇਸ ਦਰਜ ਹੁੰਦਾ ਜਾਂਦਾ, ਜਿਸ ਵਿਚ ਉਹ ਗਵਾਹ ਭੁਗਤਦਾ ਸੀ। ਕਿਸ ਕੇਸ ਵਿਚ ਅਦਾਲਤ ਨੇ ਉਸ ਦੀ ਗਵਾਹੀ ਨੂੰ ਮੰਨਿਆ ਅਤੇ ਕਿਸ ਵਿਚ ਉਸ ਨੂੰ ਝੂਠਾ ਕਰਾਰ ਦਿੱਤਾ? ਕਿਸ ਥਾਣੇਦਾਰ ਨੇ ਉਸ ਨੂੰ ਜ਼ਿਆਦਾ ਵਰਤਿਆ ਅਤੇ ਕਿਸ ਨੇ ਘੱਟ? ਮੋਹਨ ਜੀ ਦੀਆਂ ਵਹੀਆਂ ਹਰ ਸਵਾਲ ਦਾ ਜਵਾਬ ਦਿੰਦੀਆਂ ਸਨ।
ਜਦੋਂ ਮੋਹਨ ਜੀ ਮੁਨਸ਼ੀ ਸੀ ਤਾਂ ਉਸ ਨੇ ਇਕ ਗਵਾਹ ਦੇ ਰਿਕਾਰਡ ਦੀ ਫ਼ੀਸ ਪੰਜ ਸੌ ਰੁਪਿਆ ਰੱਖੀ ਹੋਈ ਸੀ।
ਵਕੀਲ ਬਣ ਕੇ ਉਸ ਨੇ ਇਹ ਰਿਕਾਰਡ ਵੇਚਣਾ ਬੰਦ ਕਰ ਦਿੱਤਾ ਸੀ। ਹੁਣ ਇਸ ਰਿਕਾਰਡ ਦੀ ਵਰਤੋਂ ਉਸੇ ਕੇਸ ਵਿਚ ਹੁੰਦੀ ਸੀ ਜਿਸ ਵਿਚ ਉਹ ਵਕੀਲ ਹੁੰਦਾ ਸੀ।
ਇਸ ਗਿੱਦੜ-ਸਿੰਗੀ ਨੇ ਵੀ ਮੋਹਨ ਜੀ ਦੀ ਵਕਾਲਤ ਚਮਕਾਉਣ ਵਿਚ ਖ਼ੂਬ ਮਦਦ ਕੀਤੀ ਸੀ। ਸਿਆਣੇ ਸਮਗਲਰ ਪਿੱਛੋਂ ਹਾੜੇ ਕੱਢਣ ਨਾਲੋਂ ਪਹਿਲਾਂ ਹੀ ਉਸ ਨੂੰ ਵਕੀਲ ਕਰ ਲਿਆ ਕਰਦੇ ਸਨ।
ਮੁਲਜ਼ਮਾਂ ਦੇ ਨਾਲ-ਨਾਲ ਟਾਊਟਾਂ ਨੂੰ ਵੀ ਮੋਹਨ ਜੀ ਦੀ ਚੌਂਕੀ ਭਰਨੀ ਪੈਂਦੀ ਸੀ।
ਉਸ ਦੀ ਇਸ ਕਾਢ ਨੇ ਟਾਊਟਾਂ ਦਾ ਪਾਸਾ ਪਲਟ ਦਿੱਤਾ ਸੀ।
ਪਹਿਲਾਂ ਗਵਾਹ ਦੀ ਜਵਾਈਆਂ ਜਿੰਨੀ ਵੁੱਕਤ ਹੁੰਦੀ ਸੀ। ਗਵਾਹ ਨੂੰ ਮੁਕਰਾਉਣ ਲਈ ਪਹਿਲਾਂ ਮੁਲਜ਼ਮ ਉਸ ਦੀ ਟਹਿਲ ਸੇਵਾ ਵੀ ਕਰਦਾ ਸੀ ਅਤੇ ਨਕਦ ਨਾਰਾਇਣ ਵੀ ਚੜ੍ਹਾਉਂਦਾ ਸੀ।
ਹੁਣ ਗਵਾਹਾਂ ਦੇ ਨਾਲ-ਨਾਲ ਪੁਲਿਸ ਨੂੰ ਵੀ ਹੱਥਾਂ-ਪੈਰਾਂ ਦੀ ਪਈ ਹੋਈ ਸੀ। ਪੁਲਿਸ ਨੂੰ ਕਿਸੇ ਮੋਹਤਬਰ ਨੂੰ ਗਵਾਹ ਰੱਖੇ ਬਿਨਾਂ ਸਰਦਾ ਨਹੀਂ ਸੀ। ਨਿੱਤ ਨਵੇਂ ਮੋਹਤਬਰ ਪੁਲਿਸ ਕਿਥੋਂ ਲਿਆਵੇ? ਟਾਊਟ ਦੀ ਗਵਾਹੀ ਪੈਂਦਿਆਂ ਹੀ ਮੋਹਨ ਜੀ ਦਾ ਰਿਕਾਰਡ ਦੋਸ਼ੀ ਦੇ ਬਰੀ ਹੋਣ ਦੇ ਆਸਾਰ ਪੈਦਾ ਕਰ ਦਿੰਦਾ ਸੀ। ਗਵਾਹ ਦੇ ਪਿੱਛੇ-ਪਿੱਛੇ ਫਿਰਨ ਦੀ ਥਾਂ ਦੋਸ਼ੀ ਕੱਛਾਂ ਵਜਾਉਣ ਲੱਗਦਾ ਸੀ।
ਆਪਣੇ ਕਾਰਨਾਮੇ ਢਕਾਈ ਰੱਖਣ ਲਈ ਗਵਾਹ ਨੂੰ ਮੋਹਨ ਜੀ ਦੀ ਚਮਚੀ ਮਾਰਨੀ ਪੈਂਦੀ ਸੀ। ਮੋਹਨ ਜੀ ਚੁੱਪ ਰਹੇਗਾ ਤਾਂ ਉਨਾਂ ਦੀ ਦਿਹਾੜੀ ਬਣੇਗੀ।
ਮੋਹਨ ਜੀ ਤੋਂ ਨਾ ਮੋਦਨ ਬਾਹਰ ਸੀ, ਨਾ ਬਾਬੂ। ਉਹਨਾਂ ਉਹੋ ਆਖਣਾ ਸੀ, ਜੋ ਮੋਹਨ ਜੀ ਨੇ ਅਖਵਾਉਣਾ ਸੀ।
ਮੋਹਨ ਜੀ ਨੇ ਉਹਨਾਂ ਨੂੰ ਤਾਂ ਹੀ ਮਕਰਾੳੇਣਾ ਸੀ ਜੇ ਦੋਸ਼ੀਆਂ ਨੇ ਉਸ ਨੂੰ ਵਕੀਲ ਕਰਨਾ ਸੀ।
ਵਕੀਲ ਉਸ ਨੇ ਪੈਸਿਆਂ ਲਈ ਨਹੀਂ, ਆਪਣੀ ਜਕ ਖੋਲ੍ਹਣ ਲਈਬਣਨਾ ਸੀ ।
ਮੋਹਨ ਜੀ ਦੀ ਝਿਜਕ ਖੁੱਲ੍ਹਣ ਦੇ ਬਾਕੀ ਸਭ ਰਾਹ ਸਾਫ਼ ਸਨ। ਬੱਸ ਇਕੋ ਸਮੱਸਿਆ ਸੀ। ਉਹ ਸੀ ਸੰਘਰਸ਼ ਸੰਮਤੀ ਦੀ। ਦੋਸ਼ੀਆਂ ਵੱਲੋਂ ਇਹ ਮੁਕੱਦਮਾ ਸੰਮਤੀ ਲੜਨ ਜਾ ਰਹੀ ਸੀ।
ਮੋਹਨ ਜੀ ਵੀ ਜ਼ਿੱਦੀ ਸੁਭਾਅ ਦਾ ਸੀ। ਜੋ ਠਾਣ ਲੈਂਦਾ ਸੀ, ਉਹ ਕਰ ਕੇ ਛੱਡਦਾ ਸੀ।
ਉਹ ਬਾਬਾ ਜੀ ਨਾਲ ਸੰਪਰਕ ਕਰੇਗਾ। ਗੁਰਮੀਤ ਨੂੰ ਮਿਲੇਗਾ। ਸੰਮਤੀ ਨੂੰ ਆਪਣੀਆਂ ਸੇਵਾਵਾਂ ਪੇਸ਼ ਕਰੇਗਾ।
ਉਹ ਕੁਝ ਵੀ ਕਰੇ। ਉਹ ਇਹ ਕੇਸ ਲੜੇਗਾ ਅਤੇ ਆਪਣੀ ਝਿਜਕ ਖੋਲੇ੍ਹਗਾ। ਇਹ ਉਸ ਦਾ ਆਖ਼ਰੀ ਫ਼ੈਸਲਾ ਸੀ।