9
ਬਾਤ ਦਾ ਬਤੰਗੜ ਬਣਨ ਦਾ ਸਭ ਤੋਂ ਵੱਧ ਨੁਕਸਾਨ ਪ੍ਰੀਤਮ ਸਿੰਘ ਐਸ.ਐਚ.ਓ.ਦਾ ਹੋਇਆ। ਇਸ ਖੱਜਲ-ਖੁਆਰੀ ਵਿੱਚ ਕੱਢਣ-ਪਾਉਣ ਨੂੰ ਕੱਖ ਨਹੀਂ ਸੀ ਪਰ ਖ਼ਰਚ ਇਉਂ ਹੋ ਰਿਹਾ ਸੀ, ਜਿਵੇਂ ਵਿਆਹ ਧਰਿਆ ਹੋਵੇ। ਨਿੱਤ ਨਵੀਆਂ ਤੋਂ ਨਵੀਆਂ ਕੰਪਨੀਆਂ ਆ ਟਪਕਦੀਆਂ। ਕਦੇ ਸੀ.ਆਰ.ਪੀ.ਅਤੇ ਕਦੇ ਬੀ.ਐਸ.ਐਫ਼.ਦੀ। ਸ਼ਹਿਰ ਦੀਆਂ ਸਾਰੀਆਂ ਧਰਮਸ਼ਾਲਾਵਾਂ ਅਤੇ ਮੰਦਰ ਇਹਨਾਂ ਨਾਲ ਭਰ ਗਏ। ਖ਼ਾਨ ਨੇ ਹੋਰ ਫ਼ੋਰਸ ਮੰਗਵਾ ਲਈ। ਫ਼ੋਰਸ ਨੂੰ ਠਹਿਰਾਉਣ ਦੀ ਹੀ ਦਿੱਕਤ ਨਹੀਂ, ਉਹਨਾਂ ਦੇ ਖਾਣ-ਪੀਣ ਦਾ ਇੰਤਜ਼ਾਮ ਕਰਨਾ ਪੈਂਦਾ ਹੈ।
ਹਰ ਰੋਜ਼ ਕੋਈ ਨਾ ਕੋਈ ਅਫ਼ਸਰ ਆ ਟਪਕਦਾ ਹੈ। ਅਫ਼ਸਰ ਭਾਵੇਂ ਹੋਮ ਗਾਰਡ ਦਾ ਹੋਵੇ, ਭਾਵੇ ਮਾਲ ਮਹਿਕਮੇ ਦਾ, ਖਾਣ-ਪੀਣ ਦਾ ਪ੍ਰਬੰਧ ਪੁਲਿਸ ਜ਼ਿੰਮੇ ਹੀ ਹੁੰਦੈ।
ਵਗਾਰਾਂ ਵਾਲੇ ਵੀ ਕੀ ਕਰਨ? ਵੇਦ ਸੱਟੇ ਵਾਲੇ ਦੀ ਪੁਲਿਸ ਨੇ ਛਿੱਲ ਲਾਹ ਰੱਖੀ ਹੈ। ਇੱਕ ਤਾਂ ਇਸ ਹਫੜਾ-ਦਫੜੀ ਵਿੱਚ ਵੈਸੇ ਹੀ ਉਸ ਦਾ ਕੰਮ ਬੰਦ ਹੈ। ਉਪਰੋਂ ਆਟੇ ਕੋਟੇ ਦੀ ਸਾਰੀ ਜ਼ਿੰਮੇਵਾਰੀ ਉਸੇ ਸਿਰ ਹੈ। ਵੇਦ ਦੀ ਮਜਬੂਰੀ ਪ੍ਰੀਤਮ ਤਾਂ ਸਮਝ ਸਕਦਾ ਹੈ, ਹਰਾਮਖ਼ੋਰ ਹੇਠਲੇ ਮੁਲਾਜ਼ਮ ਨਹੀਂ ਸਮਝਦੇ। ਸਿਪਾਹੀ ਬੋਤਲ ਲੈਣ ਦੇ ਬਹਾਨੇ ਸ਼ਾਮ ਢਲਦੇ ਹੀ ਉਹਦੇ ਦਰਾਂ ਅੱਗੇ ਚੱਕਰ ਕੱਟਣ ਲੱਗਦੇ ਹਨ। ਇਹੋ ਵਕਤ ਦੋ ਪੈਸੇ ਕਮਾਉਣ ਦਾ ਹੁੰਦਾ ਹੈ। ਇੱਕ-ਦੋ ਵਾਰ ਪ੍ਰੀਤਮ ਨੇ ਸਿਪਾਹੀਆਂ ਨੂੰ ਝਿੜਕਿਆ ਤਾਂ ਉਸੇ ਨੂੰ ਝਈਆਂ ਲੈ-ਲੈ ਪੈਣ ਲੱਗੇ। ਬੁੜਬੁੜ ਕਰਨ ਲੱਗੇ।
“ਆਪ ਤਾਂ ਮਹੀਨਾ ਪਹਿਲੀ ਤਰੀਖ਼ ਨੂੰ ਫੜ ਲੈਂਦਾ ਹੈ, ਸਾਡੀ ਬੋਤਲ ਨਾਲ ਜਿਵੇਂ ਉਹ ਮਲੰਗ ਹੋ ਜਾਣੈ।”
ਚੰਗਾ ਚਾਹੇ ਮਾੜਾ, ਰੋਟੀ-ਟੁੱਕ ਦਾ ਇੰਤਜ਼ਾਮ ਵੇਦ ਸੰਭਾਲ ਰਿਹਾ ਹੈ। ਅਫ਼ਸਰਾਂ ਲਈ ਦਾਰੂ ਕਿਥੋਂ ਆਵੇ? ਅਫ਼ਸਰ ਭਾਲਦੇ ਵੀ ਚੰਗਾ ਬਰਾਂਡ ਹਨ। ਰੂੜੀ ਮਾਰਕਾ ਤਾਂ ਜਿੰਨੀ ਮਰਜ਼ੀ ਪੀਂਦੇ ਰਹਿਣ, ਕੋਈ ਘਾਟਾ ਨਹੀਂ। ਪੀਟਰ ਸਕਾਟ, ਮੈਕਡਾਵਲ ਅਤੇ ਅਰੈਸਟੋਕਰੇਟ ਲਈ ਤਾਂ ਠੇਕੇਦਾਰ ਥੜ੍ਹੇ ’ਤੇ ਨਹੀਂ ਚੜ੍ਹਨ ਦਿੰਦੇ। ਸਖ਼ਤੀ ਪ੍ਰੀਤਮ ਕਰ ਨਹੀਂ ਸਕਦਾ। ਪਹਿਲੀ ਗੱਲ ਇਹ ਕਿ ਕੁੱਝ ਵਜ਼ੀਰ ਇਹਨਾਂ ਠੇਕਿਆਂ ਵਿੱਚ ਹਿੱਸੇਦਾਰ ਸੁਣੀਂਦੇ ਹਨ। ਜਦੋਂ ਵੀ ਕੋਈ ਵਜ਼ੀਰ ਇਧਰ ਆਉਂਦਾ ਹੈ, ਕਿਸੇ ਨਾ ਕਿਸੇ ਬਹਾਨੇ ਪੁਲਿਸ ਨੂੰ ਅੱਖਾਂ ਦਿਖਾ ਜਾਂਦਾ ਹੈ। ਦੂਜੀ ਗੱਲ ਇਹ ਬਈ ਠੇਕੇਦਾਰ ਬੱਝਵਾਂ ਮਹੀਨਾ ਦਿੰਦੇ ਹਨ। ਬਦਤਮੀਜ਼ ਇੰਨੇ ਕਿ ਇਸ ਵਾਰ ਦਾ ਖ਼ਰਚਾ ਅਗਲੇ ਮਹੀਨੇ ਵਿੱਚ ਵੀ ਅਡਜੈਸਟ ਕਰਨ ਨੂੰ ਤਿਆਰ ਨਹੀਂ। ਮੇਜਰ ਨੂੰ ਤਾਂ ਬੋਲਣ ਦੀ ਤਮੀਜ਼ ਨਹੀਂ। ਫ਼ੋਨ ’ਤੇ ਸਿੱਧਾ ਹੀ ਬਕਣ ਲੱਗਾ।
“ਜਿਹੋ ਜਿਹੇ ਹਾਲਾਤ ਇਥੇ ਬਣੇ ਹੋਏ ਹਨ, ਉਸ ਵਿੱਚ ਪਤਾ ਨਹੀਂ ਕਿਹੜਾ ਥਾਣੇਦਾਰ ਕਦੋਂ ਬਦਲ ਜਾਵੇ। ਫੇਰ ਅਸੀਂ ਕਿਸ-ਕਿਸ ਦੇ ਪਿੱਛੇ ਫਿਰਾਂਗੇ। ਆਉਣ ਵਾਲੇ ਨੇ ਤਾਂ ਇੱਕ ਪੈਸੇ ਦੀ ਵੀ ਰਿਆਇਤ ਨਹੀਂ ਕਰਨੀ। ਗਿਣ-ਗਿਣ ਪੈਸੇ ਲੈਣੇ ਨੇ।”
ਸ਼ਾਮੂ ਦੇ ਬੱਚੇ ਨੂੰ ਆਖਿਆ ਤਾਂ ਹੱਸ ਕੇ ਟਾਲ ਗਿਆ।
“ਬਥੇਰੇ ਪੈਸੇ ਕਮਾਉਂਦੇ ਹੋ। ਕਿਸੇ ਮਹੀਨੇ ਘੱਟ ਬਣ ਗਏ ਤਾਂ ਦਿਲ ਛੋਟਾ ਕਿਉਂ ਕਰਦੇ ਹੋ। ਸਾਨੂੰ ਵੀ ਚਾਰ ਪੈਸੇ ਕਮਾ ਲੈਣ ਦਿਉ। ਕਦੇ ਬਟੂਏ ਵਿਚੋਂ ਵੀ ਕੱਢ ਲਿਆ ਕਰੋ। ਪਾਉਂਦੇ ਹੀ ਰਹਿੰਦੇ ਹੋ।”
ਇਹ ਸਿਆਪਾ ਤਾਂ ਮੁੱਕ ਨਹੀਂ ਸੀ ਰਿਹਾ, ਉਪਰੋਂ ਖ਼ਾਨ ਨੇ ਸ਼ਹਿਰ ਦੀ ਤਲਾਸ਼ੀ ਦਾ ਮਸਲਾ ਖੜਾ ਕਰ ਦਿੱਤਾ ਸੀ। ਇਸ ਅਪਰੇਸ਼ਨ ਦਾ ਇੰਚਾਰਜ ਵੀ ਪ੍ਰੀਤਮ ਨੂੰ ਹੀ ਬਣਾਇਆ ਗਿਆ। ਕੋਈ ਹੋਰ ਇੰਚਾਰਜ ਹੁੰਦਾ ਤਾਂ ਪ੍ਰੀਤਮ ਦੇ ਹੱਡ ਛੁੱਟ ਜਾਂਦੇ। ਫੇਰ ਮਹੀਨਾ ਲੈਣ ਵਾਲਿਆਂ ਨੂੰ ਆਖ ਹੀ ਦੇਣਾ ਸੀ ਕਿ ਅਸੀਂ ਸਾਰੇ ਜ਼ਿਲ੍ਹੇ ਦੀ ਪੁਲਿਸ ਦਾ ਠੇਕਾ ਥੋੜ੍ਹਾ ਲਿਐ। ਮਹੀਨਾ ਬੰਨ੍ਹਣ ਦਾ ਮਤਲਬ ਹੁੰਦੈ ਕਿ ਨਾ ਐਸ.ਐਚ.ਓ.ਫੜੇਗਾ ਅਤੇ ਨਾ ਥਾਣੇ ਦਾ ਕੋਈ ਹੋਰ ਅਫ਼ਸਰ। ਬਾਹਰਲੀ ਪੁਲਿਸ ਦੀ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ। ਆਪੇ ਮਹੀਨਾ ਬੰਨ੍ਹਿਆ ਹੋਵੇ, ਆਪੇ ਜਾ ਕੇ ਰੇਡ ਕਰ ਲਈਏ ਤਾਂ ਬਚਣ ਨੂੰ ਥਾਂ ਨਹੀਂ ਲੱਭਦੀ।
ਪ੍ਰੀਤਮ ਕਿਸ-ਕਿਸ ਨੂੰ ਬਚਾਏਗਾ? ਉਸ ਨੂੰ ਲੱਗ ਰਿਹਾ ਸੀ ਜਿਵੇਂ ਸਾਰਾ ਸ਼ਹਿਰ ਹੀ ਮੁਜਰਮਾਂ ਨਾਲ ਭਰਿਆ ਪਿਆ ਹੋਵੇ। ਜਿਸ ਮਾਡਲ ਟਾਊਨ ਨੂੰ ਅਫ਼ਸਰ ਭਲਾਮਾਣਸ ਗਿਣਦੇ ਹਨ, ਉਥੇ ਸਭ ਤੋਂ ਵੱਧ ਠੱਗੀਆਂ ਹੁੰਦੀਆਂ ਹਨ। ਬਹੁਤਾ ਫ਼ਿਕਰ ਉਸ ਨੂੰ ਵਿਉਪਾਰ ਮੰਡਲ ਦੇ ਪ੍ਰਧਾਨ ਤੋਂ ਸੀ। ਉਸ ਨੇ ਗੈਸ ਸਿਲੰਡਰਾਂ ਦੀ ਬਲੈਕ ਦਾ ਕੰਮ ਪੂਰੇ ਜ਼ੋਰ ਨਾਲ ਸ਼ੁਰੂ ਕੀਤਾ ਹੋਇਆ ਹੈ। ਸੱਠਾਂ ਵਾਲਾ ਸਿਲੰਡਰ ਇੱਕ ਸੌ ਸੱਠਾਂ ਨੂੰ ਵੇਚਦਾ ਹੈ। ਕਿਸੇ ਨੇ ਸਿਲੰਡਰ ਰੱਖਣ ਲਈ ਲੈਣਾ ਹੋਵੇ ਤਾਂ ਪੰਜ ਸੌ ਵਾਲਾ ਹਜ਼ਾਰ ਨੂੰ ਦਿੰਦਾ ਹੈ। ਸ਼ਹਿਰ ਵਿੱਚ ਨਾ ਕਿਸੇ ਹੋਰ ਨੂੰ ਇਹ ਕੰਮ ਕਰਨ ਦਿੰਦਾ ਹੈ, ਨਾ ਗੈਸ ਦੀ ਏਜੰਸੀ ਖੁੱਲ੍ਹਣ ਦਿੰਦਾ ਹੈ। ਦੋ-ਚਾਰ ਵਾਰ ਜੈਨੀਆਂ ਨੇ ਏਜੰਸੀ ਲੈਣ ਦੀ ਕੋਸ਼ਿਸ਼ ਕੀਤੀ ਤਾਂ ਇਸ ਨੇ ਝੱਟ ਸ਼ਿਕਾਇਤਾਂ ਅਤੇ ਪੜਤਾਲਾਂ ਕਰਵਾ ਕੇ ਏਜੰਸੀ ਨਾ-ਮਨਜ਼ੂਰ ਕਰਵਾ ਦਿੱਤੀ। ਆਪ ਸ਼ਰੇਆਮ ਦੁਕਾਨ ’ਤੇ ਰੱਖ ਕੇ ਵੇਚਦਾ ਹੈ। ਗਲੀ-ਮੁਹੱਲਿਆਂ ਵਿੱਚ ਛੋਟੇ ਦੁਕਾਨਦਾਰਾਂ ਨੂੰ ਸਪਲਾਈ ਕਰਦਾ ਹੈ। ਦਸ ਰੁਪਏ ਕਮਿਸ਼ਨ ਦੁਕਾਨਦਾਰ ਨੂੰ ਦਿੰਦਾ ਹੈ। ਪ੍ਰਧਾਨ ਦੀ ਕੋਠੀ ਦਾ ਗੈਰਜ ਸਿਲੰਡਰਾਂ ਨਾਲ ਭਰਿਆ ਪਿਆ ਹੋਏਗਾ। ਉਸ ਕਲੋਨੀ ਦੀ ਤਲਾਸ਼ੀ ਵੀ ਅਮੀ ਚੰਦ ਇੰਸਪੈਕਟਰ ਨੇ ਲੈਣੀ ਹੈ। ਨਾ ਦੁਆਨੀ ਲਏ ਨਾ ਕਿਸੇ ਦੀ ਰਿਆਇਤ ਕਰੇ। ਪੰਡਤ ਹੈ। ਵਿਉਪਾਰਾਂ ਦੀਆਂ ਘੁੰਡੀਆਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਪ੍ਰਧਾਨ ਹੋਰਾਂ ਅੱਗੇ ਤਾਂ ਸੌ ਬੜ੍ਹਕਾਂ ਮਾਰਦਾ ਰਹੇ, ਅਮੀ ਚੰਦ ਅੱਗੇ ਉਸ ਦਾ ਮੂਤ ਨਿਕਲ ਜਾਣਾ ਹੈ। ਇਕੋ ਦਬਕੇ ਨਾਲ ਸਾਰੇ ਪਾਜ ਖੁੱਲ੍ਹ ਜਾਣਗੇ। ਕਿੰਨੇ ਪੈਸੇ ਪ੍ਰੀਤਮ ਨੂੰ ਜਾਂਦੇ ਹਨ ਅਤੇ ਕਿੰਨੇ ਸਿਟੀ ਇੰਚਾਰਜ ਨੂੰ। ਸਭ ਦੱਸ ਦੇਣਾ ਹੈ ਉਸ ਡਰਪੋਕ ਨੇ। ਹੌਲਦਾਰ ਸਿਪਾਹੀ ਜਿਹੜੇ ਮੁਫ਼ਤ ਵਿੱਚ ਸਿਲੰਡਰ ਭਰਵਾਉਂਦੇ ਹਨ, ਉਸ ਦਾ ਵੀ ਪੂਰਾ ਹਿਸਾਬ ਰੱਖਦਾ ਹੈ। ਵੈਸੇ ਪ੍ਰਧਾਨ ਮੀਟਿੰਗ ਵਿੱਚ ਹਾਜ਼ਰ ਸੀ। ਕਰਫ਼ਿਊ ਅਤੇ ਤਲਾਸ਼ੀ ਦੀ ਗੱਲ ਚੱਲੀ ਵੀ ਸੀ। ਸਮਝ ਗਿਆ ਹੋਵੇ ਤਾਂ ਚੰਗਾ ਹੈ, ਨਹੀਂ ਤਾਂ ਸੱਤ ਈ.ਸੀ.ਦਾ ਪਰਚਾ ਉਸ ਦੇ ਖ਼ਿਲਾਫ਼ ਤਾਂ ਹੋਏਗਾ ਹੀ, ਪ੍ਰੀਤਮ ਦੇ ਖ਼ਿਲਾਫ਼ ਵੀ ਕੁਰੱਪਸ਼ਨ ਦਾ ਪਰਚਾ ਕਰਾਏਗਾ।
ਕਿਵੇਂ ਨਾ ਕਿਵੇਂ ਅਗਵਾੜ ਵਿੱਚ ਮਹਿੰਦਰੂ ਨੂੰ ਵੀ ਖ਼ਬਰ ਪਹੁੰਚਣੀ ਚਾਹੀਦੀ ਹੈ। ਉਹ ਇੰਨਾ ਦਲੇਰ ਹੈ ਕਿ ਸੱਥ ਵਿੱਚ ਹੀ ਪੁੜੀਆਂ ਲੈ ਕੇ ਬਹਿ ਜਾਂਦਾ ਹੈ। ਘਰ ਜ਼ਨਾਨੀ ਤੱਕੜੀ ਵੱਟੇ ਰੱਖ ਲੈਂਦੀ ਹੈ। ਅਫ਼ੀਮ ਇਉਂ ਵੇਚਦੇ ਹਨ ਜਿਵੇਂ ਖ਼ਰਬੂਜ਼ੇ ਕੱਕੜੀਆਂ ਹੋਣ। ਪ੍ਰੀਤਮ ਨੇ ਬਥੇਰਾ ਸਮਝਾਇਆ ਕਿ ਇੰਨੀ ਦਲੇਰੀ ਮਹਿੰਗੀ ਪੈ ਸਕਦੀ ਹੈ ਪਰ ਕੋਈ ਅਸਰ ਨਹੀਂ। ਆਪਣੀ ਆਂਡਲ ਜਿਹੀ ਪਤਨੀ ਵੱਲ ਦੇਖ ਕੇ ਹੱਸ ਪੈਂਦਾ ਹੈ। ਉਹ ਸਿੱਧੀ ਡਿਪਟੀ ਦੇ ਜਾਂਦੀ ਹੈ। ਕਿਸੇ ਮਾਤਹਿਤ ਦੀ ਕੀ ਮਜਾਲ ਹੈ ਕਿ ਉਹ ਡਿਪਟੀ ਨਾਲ ਵਿਗਾੜ ਸਕੇ। ਹੁਣ ਤਾਂ ਉਹ ਥਿੱਬ ਗਈ, ਜਦੋਂ ਜਵਾਨ ਸੀ ਤਾਂ ਉਸ ਸਮੇਂ ਦੇ ਕਪਤਾਨ ਸ਼ਰਮੇ ਨਾਲ ਸ਼ਰੇਆਮ ਰਾਤਾਂ ਕੱਟਣ ਜਾਂਦੀ ਸੀ। ਉਹ ਹੁਣ ਡੀ.ਆਈ.ਜੀ.ਹੈ। ਬਹੁਤੀ ਭੀੜ ਪੈ ਜਾਏ ਤਾਂ ਉਸ ਕੋਲ ਪਹੁੰਚ ਜਾਂਦੀ ਹੈ। ਉਹ ਆਸ਼ਕੀ ਪੱਠਾ ਹੈ, ਝੱਟ ਵਾਇਰਲੈੱਸਾਂ ਖੜਕਾ ਦਿੰਦਾ ਹੈ।
ਇਹ ਸਿਫ਼ਾਰਸ਼ਾਂ ਤਾਂ ਮਹਿੰਦਰੂ ਦੀਆਂ ਹਨ ਹੀ, ਵੈਸੇ ਹਿਸਾਬ-ਕਿਤਾਬ ਦਾ ਵੀ ਪੱਕਾ ਹੈ। ਚੜ੍ਹਦੇ ਮਹੀਨੇ ਹੀ ਦਰਜਾ-ਬ-ਦਰਜਾ ਸਭ ਦਾ ਹਿਸਾਬ ਚੁਕਤਾ ਕਰ ਦਿੰਦਾ ਹੈ। ਅੱਗੜ-ਪਿੱਛੜ ਦੀ ਵਗਾਰ ’ਤੇ ਖਿੱਝਦਾ ਹੈ। ਕਦੇ ਕਿਸੇ ਅਫ਼ਸਰ ਦੀ ਵਗਾਰ ਲਈ ਤੋਲਾ ਅਫ਼ੀਮ ਦੀ ਵੀ ਲੋੜ ਪੈ ਜਾਏ ਤਾਂ ਪੈਸੇ ਗਿਣ ਕੇ ਲੈਂਦਾ ਹੈ। ਜ਼ਿਆਦਾ ਅਫ਼ੀਮ ਦੀ ਲੋੜ ਪੈ ਜਾਵੇ ਤਾਂ ਮੁਖ਼ਬਰੀ ਕਰ ਕੇ ਫੜਾ ਦਿੰਦਾ ਹੈ। ਆਪ ਨੱਕ ’ਤੇ ਮੱਖੀ ਨਹੀਂ ਬੈਠਣ ਦਿੰਦਾ। ਖ਼ਾਨ ਹੈ ਕਿ ਸਮੱਗਲਰਾਂ ਦਾ ਦੁਸ਼ਮਣ ਹੈ। ਭੋਰਾ ਅਫ਼ੀਮ ਦਾ ਵੀ ਮਿਲ ਗਿਆ ਤਾਂ ਮਹਿੰਦਰੂ ਦੀਆਂ ਬਹੁੜੀਆਂ ਪਵਾ ਦੇਵੇਗਾ। ਨਾਲ ਹੀ ਪ੍ਰੀਤਮ ਨੂੰ ਵੀ ਲਾਈਨ ਹਾਜ਼ਰ ਕਰ ਦੇਵੇਗਾ। ਉਸ ਮਹਿੰਦਰੂ ਦੇ ਬੱਚੇ ਨੂੰ ਇਤਲਾਹ ਕਿਵੇਂ ਦਿੱਤੀ ਜਾਵੇ? ਉਸ ਨੂੰ ਸਮਝ ਨਹੀਂ ਸੀ ਆ ਰਹੀ।
ਸਾਂਸੀਆਂ ਦੀਆਂ ਕੁੱਲੀਆਂ ਵਿਚੋਂ ਉਸ ਨੂੰ ਬਾਬੂ ਅਤੇ ਘੀਲੇ ਤੋਂ ਡਰ ਸੀ। ਚੰਗਾ ਹੋਵੇ ਜੇ ਆਪ ਤਾਂ ਘਰ ਹੋਣ ਪਰ ਚੋਰੀ ਦਾ ਮਾਲ ਘਰ ਨਾ ਹੋਵੇ। ਵੈਸੇ ਤਾਂ ਚੋਰਾਂ ਦਾ ਅਸੂਲ ਹੈ, ਉਹ ਘਰ ਵੜਨ ਤੋਂ ਪਹਿਲਾਂ ਹੀ ਮਾਲ ਵੇਚ-ਵੱਟ ਆਉਂਦੇ ਹਨ। ਘੀਲੇ ਅਤੇ ਬਾਬੂ ਨੇ ਤਾਂ ਚੋਰੀ ਦਾ ਨਵਾਂ ਹੀ ਢੰਗ ਕੱਢਿਆ ਹੋਇਆ ਹੈ। ਉਹ ਸੇਠਾਂ ਦੇ ਪਾੜ ਲਾਉਂਦੇ ਹਨ। ਬੀਮੇ ਵਾਲੇ ਜਾਂ ਬੈਂਕ ਮੈਨੇਜਰ ਉਹਨਾਂ ਦਾ ਪਹਿਲਾ ਨਿਸ਼ਾਨਾ ਹੁੰਦੇ ਹਨ। ਪਹਿਲਾਂ ਜਦੋਂ ਸਕੂਲ ਮਾਸਟਰਾਂ ਜਾਂ ਬਾਬੂਆਂ ਦੇ ਘਰ ਚੋਰੀ ਕਰਦੇ ਸਨ ਤਾਂ ਪੁਲਸ ਦਾ ਦਸ-ਦਸ ਦਿਨ ਜਲੂਸ ਨਿਕਲਦਾ ਰਹਿੰਦਾ। ਉਹਨਾਂ ਦੀਆਂ ਯੂਨੀਅਨਾਂ ਜਲਸੇ ਕਰਦੀਆਂ, ਜਲੂਸ ਕੱਢਦੀਆਂ ਅਤੇ ਧਰਨੇ ਦਿੰਦੀਆਂ। ਮਜਬੂਰ ਹੋਈ ਪੁਲਿਸ ਨੂੰ ਚੋਰਾਂ ਨੂੰ ਹੱਥ ਪਾਉਣਾ ਪੈਂਦਾ। ਸੇਠਾਂ ਤੋਂ ਅਜਿਹੀ ਕਿਸੇ ਕਾਰਵਾਈ ਦੀ ਆਸ ਨਹੀਂ ਹੁੰਦੀ। ਉਹ ਸਗੋਂ ਖ਼ੁਸ਼ ਹੁੰਦੇ ਹਨ। ਉਨ੍ਹਾਂ ਨੂੰ ਰਿਪੋਰਟ ਲਿਖਵਾ ਕੇ ਰਿਪੋਰਟ ਦੀ ਨਕਲ ਤਕ ਮਤਲਬ ਹੁੰਦਾ ਹੈ। ਮਾਲ ਦਾ ਪਹਿਲਾਂ ਹੀ ਬੀਮਾ ਕਰਾਇਆ ਹੁੰਦਾ ਹੈ। ਚਾਰ ਚੀਜ਼ਾਂ ਵੱਧ ਲਿਖਾ ਕੇ ਸਗੋਂ ਵੱਧ ਕਲੇਮ ਕਰਦੇ ਹਨ। ਕੋਈ ਚੀਜ਼ ਬਰਾਮਦ ਵੀ ਹੋ ਜਾਵੇ ਤਾਂ ਵੀ ਆਖਣਗੇ, ਇਹ ਚੀਜ਼ਾਂ ਪੁਲਿਸ ਹੀ ਰੱਖ ਲਏ। ਉਹਨਾਂ ਨੂੰ ਲਿਆ ਕੇ ਕਲੇਮ ਵਾਪਸ ਕਰਨਾ ਪਏਗਾ। ਨਾਲੇ ਚੋਰਾਂ ਨੂੰ ਮੌਜਾਂ, ਨਾਲੇ ਪੁਲਿਸ ਨੂੰ ਭੱਜ-ਨੱਠ ਦੀ ਲੋੜ ਨਹੀਂ। ਕਿਧਰੇ ਚੋਰਾਂ ਕੋਲ ਸਾੜ੍ਹੀਆਂ ਦੀ ਗੱਠੜੀ, ਰੰਗਦਾਰ ਟੀ.ਵੀ.ਜਾਂ ਵੀ.ਸੀ.ਆਰ.ਪਿਆ ਹੋਇਆ ਤਾਂ ਲੈਣੇ ਦੇ ਦੇਣੇ ਪੈ ਜਾਣਗੇ। ਖ਼ਾਨ ਨੇ ਪੁਛਣਾ ਹੈ ਜਦੋਂ ਇਹ ਦੋਵੇਂ ਬੀ.ਸੀ.ਹਨ, ਇਹਨਾਂ ਦੀ ਹਿਸਟਰੀਸ਼ੀਟ ਖੁੱਲ੍ਹੀ ਹੋਈ ਹੈ ਤਾਂ ਇਹਨਾਂ ਦੀ ਹਾਜ਼ਰੀ ਕਿਉਂ ਨਹੀਂ ਲਾਈ, ਇਹਨਾਂ ’ਤੇ ਵਾਰ-ਵਾਰ ਰੇਡ ਕਿਉਂ ਨਹੀਂ ਕੀਤੇ? ਕਰਫ਼ਿਊ ਵਿੱਚ ਮਾਲ ਇਧਰ-ਉਧਰ ਵੀ ਨਹੀਂ ਕਰ ਹੋਣਾ। ਮਹਿੰਦਰੂ ਅਤੇ ਪ੍ਰਧਾਨ ਤਾਂ ਖਹਿੜਾ ਛੁਡਾ ਹੀ ਲੈਣਗੇ, ਇਹਨਾਂ ਨਿਖੱਟੂਆਂ ਤੋਂ ਕੁੱਝ ਨਹੀਂ ਸਰਨਾ।
ਉਥੇ ਲਾਇਆ ਵੀ ਬੂਝਾ ਸਿੰਘ ਇੰਸਪੈਕਟਰ ਸੀ। ਉਹ ਪ੍ਰੀਤਮ ਦਾ ਦੁਸ਼ਮਣ ਨੰਬਰ ਇੱਕ ਸੀ। ਬੂਝਾ ਸਿੰਘ ਕਈ ਸਾਲਾਂ ਤੋਂ ਸੀ.ਆਈ.ਡੀ.ਵਿੱਚ ਧੱਕੇ ਖਾ ਰਿਹਾ ਸੀ। ਉਹ ਦੋਵੇਂ ਇਕੱਠੇ ਭਰਤੀ ਹੋਏ ਸਨ। ਇਕੋ ਸਮੇਂ ਸਬ-ਇੰਸਪੈਕਟਰ ਬਣੇ। ਉਸ ਤੋਂ ਬੰਦਾ ਕਾਹਦਾ ਮਰ ਗਿਆ, ਪੁੱਠੇ ਦਿਨ ਹੀ ਆ ਗਏ। ਸਸਪੈਂਡ ਤਾਂ ਹੋਇਆ ਹੀ, ਪ੍ਰਮੋਟ ਹੋਣੋਂ ਵੀ ਰਹਿ ਗਿਆ। ਏ ਕਲਾਸ ਥਾਣੇ ਦਾ ਐਸ.ਐਚ.ਓ.ਲੱਗਾ ਪ੍ਰੀਤਮ ਉਸ ਨੂੰ ਫੁੱਟੀ ਅੱਖ ਨਹੀਂ ਸੀ ਭਾਉਂਦਾ। ਸਾਰਾ ਦਿਨ ਪ੍ਰੀਤਮ ਦੇ ਖ਼ਿਲਾਫ਼ ਛੁਰਲੀਆਂ ਛੱਡਦਾ ਰਹਿੰਦਾ ਹੈ। ਸਿੱਧੀ ਸਾਹਿਬ ਕੋਲ ਮੁਖ਼ਬਰੀ ਕਰਦਾ ਹੈ। ਪਿੱਛੇ ਜਿਹੇ ਸੀ.ਆਈ.ਏ.ਵਾਲਿਆਂ ਨਾਲ ਮਿਲ ਕੇ ਅਮਲੀਆਂ ਉੱਤੇ ਅਫ਼ੀਮ ਅਤੇ ਡੋਡਿਆਂ ਦੇ ਪਰਚੇ ਦੇ ਦਿੱਤੇ। ਇੱਕ ਵਾਰ ਤਾਂ ਸੰਗਰੂਰੋਂ ਪੁਲਿਸ ਮੰਗਵਾ ਕੇ ਵੇਦ ਸੱਟੇ ਵਾਲੇ ਦੇ ਰੇਡ ਕਰਵਾ ਦਿੱਤਾ। ਉਹ ਸਾਹਿਬ ਕੋਲ ਇਹ ਸਿੱਧ ਕਰਨਾ ਚਾਹੁੰਦਾ ਸੀ ਕਿ ਪ੍ਰੀਤਮ ਸੁੱਤਾ ਹੀ ਪਿਆ ਹੈ। ਜੇ ਪ੍ਰੀਤਮ ਦੀ ਸਾਹਿਬ ਨਾਲ ਸਿੱਧੀ ਗੱਲਬਾਤ ਨਾ ਹੁੰਦੀ ਤਾਂ ਕਦੋਂ ਦਾ ਥਾਣਾ ਖੁੱਸ ਗਿਆ ਹੁੰਦਾ। ਬੂਝਾ ਸਿੰਘ ਦੀ ਅੱਖ ਸਿਟੀ ’ਤੇ ਲੱਗੀ ਹੋਈ ਹੈ। ਆਥਣ-ਉਗਣ ਸਾਹਿਬ ਕੋਲ ਸਿਫ਼ਾਰਸ਼ਾਂ ਘੱਲਦਾ ਰਹਿੰਦਾ ਹੈ। ਖ਼ਾਨ ਦੀ ਹਾਜ਼ਰੀ ’ਚ ਮਿਲਿਆ ਮੌਕਾ ਅੰਓਾਈਂ ਨਹੀਂ ਜਾਏਗਾ। ਪ੍ਰੀਤਮ ਲਈ ਜ਼ਰੂਰ ਵੰਝ ਗੱਡੇਗਾ।
ਵਾਣ ਵੱਟਣਿਆਂ ਦੀ ਬਸਤੀ ਵਿੱਚ ਵੀ ਇਹੋ ਹਾਲ ਸੀ। ਉਥੇ ਪ੍ਰੀਤਮ ਦੇ ਚੇਲੇ ਚਪਟਿਆਂ ਦੀ ਗਿਣਤੀ ਸਭ ਤੋਂ ਵੱਧ ਸੀ।
ਭਾਨੇ ਅਤੇ ਸਾਧੂ ਦੇ ਘਰ ਜ਼ਰੂਰ ਕੁੱਝ ਨਾ ਕੁੱਝ ਪਿਆ ਹੋਏਗਾ। ਦੋਵੇਂ ਟਰੱਕ ਡਰਾਈਵਰ ਹਨ ਅਤੇ ਨਵੀਂ ਹੀ ਕਿਸਮ ਦੀ ਠੱਗੀ ਮਾਰਦੇ ਹਨ। ਟਰੱਕਾਂ ਵਿਚੋਂ ਮਾਲ ਖਿਸਕਾ ਲੈਂਦੇ ਹਨ। ਕਿਸੇ ਦੀ ਕੱਪੜੇ ਦੀ ਗੰਢ ਲਾਹ ਲਈ, ਕਿਸੇ ਦੀ ਚਾਹ ਦੀ ਪੇਟੀ ਅਤੇ ਕਿਸੇ ਦੀ ਲੌਂਗਾਂ ਦੀ ਬੋਰੀ। ਬੜੇ ਖ਼ਚਰੇ ਹਨ। ਮਾਲ ਬੁੱਕ ਕਰਨ ਸਮੇਂ ਕਾਂ ਵਾਂਗ ਅੱਖ ਰੱਖਦੇ ਹਨ। ਦੋ ਨੰਬਰ ਦਾ ਮਾਲ ਝੱਟ ਤਾੜ ਲੈਂਦੇ ਹਨ। ਡਰਦਾ ਮਾਲਕ ਨਾ ਰਿਪੋਰਟ ਦਰਜ ਕਰਾ ਸਕਦਾ ਹੈ, ਨਾ ਪੁੱਛ-ਪੜਤਾਲ ਕਰ ਸਕਦਾ ਹੈ। ਮੋਟੇ ਮਾਲ ਦੀ ਚੋਰੀ ਕਰਦੇ ਹਨ। ਕਮਾਈ ਵਧੀਆ ਹੁੰਦੀ ਹੈ। ਪਿਛਲੀ ਵਾਰ ਪ੍ਰੀਤਮ ਨੂੰ ਉਹ ਕਾਜੂਆਂ ਦਾ ਝੋਲਾ ਦੇ ਗਏ ਸਨ। ਇੱਕ ਵਾਰ ਲੌਂਗਾ ਦਾ ਡੱਬਾ। ਇਸ ਵਾਰ ਕੋਈ ਇਹੋ ਜਿਹੀ ਚੀਜ਼ ਘਰੇ ਪਈ ਹੋਈ ਤਾਂ ਕੀ ਜਵਾਬ ਦੇਣਗੇ?
ਸੰਤੂ ਦੇ ਜਦੋਂ ਮਰਜ਼ੀ ਛਾਪਾ ਮਾਰ ਲਓ। ਸਾਰਾ ਘਰ ਨਜਾਇਜ਼ ਸ਼ਰਾਬ ਨਾਲ ਭਰੀਆਂ ਕੇਨੀਆਂ ਅਤੇ ਟਿਊਬਾਂ ਨਾਲ ਭਰਿਆ ਪਿਆ ਹੁੰਦੈ। ਭਾਵੇਂ ਡਰੰਮਾਂ ਦੇ ਡਰੰਮ ਫੜ ਲਓ। ਲਾਹਣ ਫੜਨੀ ਹੋਵੇ ਤਾਂ ਰੂੜੀਆਂ ਫਰੋਲ ਲਓ। ਘਰ ਅੱਗੋਂ ਲੰਘਦਿਆਂ ਹੀ ਸ਼ਰਾਬ ਦੀ ਬੂ ਆਉਣ ਲੱਗਦੀ ਹੈ। ਥਾਣੇ ਦੇ ਜੀਅ-ਜੀਅ ਨੂੰ ਪਤਾ ਹੈ। ਅੱਧੇ ਨਾਲੋਂ ਵੱਧ ਥਾਣਾ ਪ੍ਰੀਤਮ ਦਾ ਵੈਰੀ ਹੈ। ਕਿਸੇ ਨੇ ਵੀ ਘਰੋੜ ਕੱਢਣੀ ਹੋਈ ਤਾ ਸੰਤੂ ਦਾ ਘਰ ਹੀ ਬਥੇਰਾ ਹੈ। ਅੱਧੇ ਨਾਲੋਂ ਵੱਧ ਥਾਣਾ ਇਥੋਂ ਹੀ ਸ਼ਰਾਬੀ ਹੋ ਕੇ ਜਾਂਦਾ ਹੈ। ਇੱਕ-ਦੋ ਸੁਡੇ ਵਿੱਚ ਵੀ ਟੰਗ ਲੈਂਦੇ ਹਨ। ਨਮਕ-ਹਰਾਮ ਕਰਨ ਲੱਗੇ ਵੀ ਮਿੰਟ ਲਾਉਂਦੇ ਹਨ। ਇਥੋਂ ਪ੍ਰੀਤਮ ਦਾ ਬਚਣਾ ਤਾਂ ਬਹੁਤ ਮੁਸ਼ਕਲ ਸੀ।
ਹੋਰ ਤਾਂ ਆਪਣੀ ਬਣੀ ਆਪੇ ਨਬੇੜਨਗੇ ਪਰ ਨਿਹਾਲੋ ਪ੍ਰੀਤਮ ਦੇ ਗਲ ਫਾਹਾ ਜ਼ਰੂਰ ਪਵਾਏਗੀ। ਉਸ ਨੇ ਪਹਿਲਾਂ ਵੀ ਅਰਜ਼ੀਆਂ ਪਾ-ਪਾ ਢੇਰ ਲਾ ਦਿੱਤੇ ਸਨ। ਉਨੇ ਪੈਸੇ ਤਾਂ ਪ੍ਰੀਤਮ ਨੇ ਸਰਦਾਰਾਂ ਤੋਂ ਲਏ ਵੀ ਨਹੀਂ ਸਨ ਜਿੰਨੇ ਉਪਰ ਲੱਗ ਗਏ। ਜ਼ਿਲ੍ਹਾ ਸ਼ਿਕਾਇਤ ਕਮੇਟੀ ਤੋਂ ਲੈ ਕੇ ਪ੍ਰਧਾਨ ਮੰਤਰੀ ਤਕ ਉਸ ਨੇ ਸ਼ਿਕਾਇਤਾਂ ਕਰ ਰੱਖੀਆਂ ਹਨ। ਜੇ ਉਸ ਨੂੰ ਭਿਣਕ ਪੈ ਗਈ ਕਿ ਸ਼ਹਿਰ ਵਿੱਚ ਖ਼ਾਨ ਆਇਆ ਹੋਇਆ ਹੈ ਤਾਂ ਆਪਣੀ ਲੰਗੜੀ ਟੰਗ ਘੜੀਸਦੀ ਅਤੇ ਟੁੰਡੇ-ਮੁੰਡੇ ਨੂੰ ਉਂਗਲ ਲਾਈ ਜ਼ਰੂਰ ਖ਼ਾਨ ਸਾਹਮਣੇ ਪੇਸ਼ ਹੋਏਗੀ। ਰੋ-ਰੋ ਅਸਮਾਨ ਸਿਰ ’ਤੇ ਚੁੱਕ ਲੈਣੈ, ਉਸ ਫਫੇ-ਕੁੱਟਣੀ ਨੇ।
ਉਸ ਸਮੇਂ ਪ੍ਰੀਤਮ ਛੋਟਾ-ਮੋਟਾ ਪਰਚਾ ਵੀ ਕੱਟ ਦਿੰਦਾ ਤਾਂ ਵੀ ਹੁਣ ਇੰਨਾ ਫ਼ਿਕਰ ਨਾ ਕਰਨਾ ਪੈਂਦਾ। ਉਸ ਸਮੇਂ ਲੱਗਦਾ ਸੀ, ਸਰਦਾਰ ਹਰ ਹਾਲਤ ਵਿੱਚ ਰਾਜ਼ੀਨਾਮਾ ਕਰ ਲੈਣਗੇ। ਉਹ ਪਰਚਾ ਦੇਣੋਂ ਟਲਦਾ ਰਿਹਾ। ਇੱਕ ਦਿਨ, ਦੋ ਦਿਨ, ਤਿੰਨ ਦਿਨ, ਉਂਗਲਾਂ ਲਾਉਣ ਵਾਲਿਆਂ ਨੇ ਸਰਦਾਰਾਂ ਦਾ ਵੱਸ ਨਾ ਜਾਣ ਦਿੱਤਾ। ਪਿੱਛੋਂ ਕਿਸੇ ਵਕੀਲ ਨੇ ਸਰਦਾਰ ਦੇ ਕੰਨ ਵਿੱਚ ਫੂਕ ਮਾਰ ਦਿੱਤੀ। ਪਰਚਾ ਚਾਰ ਦਿਨ ਲੇਟ ਹੋ ਗਿਐ। ਇਸ ਵਕਤ ਪਰਚਾ ਦਰਜ ਵੀ ਹੋ ਜਾਵੇ ਤਾਂ ਵੀ ਉਹ ਬਰੀ ਹੋਣਗੇ। ਖਾਹਮਖਾਹ ਬਿੱਲੀਆਂ ਦਾ ਗੂੰਹ ਅਸਮਾਨ ਨੂੰ ਨਾ ਚੜ੍ਹਾਇਆ ਜਾਵੇ।
ਸਾਰੀ ਬਲਾਅ ਪ੍ਰੀਤਮ ਦੇ ਗਲ ਪੈ ਗਈ। ਸਰਦਾਰਾਂ ਨਾਲ ਬੈਠ ਕੇ ਪ੍ਰੀਤਮ ਪੀਂਦਾ ਰਿਹਾ ਸੀ। ਇਹੋ ਝੇਂਪ ਮਾਰ ਗਈ। ਨਹੀਂ ਸਰਦਾਰਾਂ ਦਾ ਕਸੂਰ ਤਾਂ ਪੂਰਾ ਸੀ। ਨਿਹਾਲੋ ਭੱਠੀ ਲਈ ਅੱਗੇ ਵੀ ਤਾਂ ਉਹਨਾਂ ਦੇ ਖੇਤੋਂ ਬਾਲਣ ਚੁੱਕ ਲਿਆਉਂਦੀ ਸੀ। ਉਸ ਦਿਨ ਨਾਲ ਉਸ ਦੀ ਕੁੜੀ ਸੀ। ਸਰਦਾਰਾਂ ਦੇ ਮੁੰਡੇ ਕੁੜੀ ਦੇਖ ਕੇ ਮੱਛਰ ਗਏ। ਨਿਹਾਲੋ ਨੇ ਘੂਰੇ ਤਾਂ ਉਸ ਨੂੰ ਪੈ ਗਏ। ਮੁੰਡੇ ਨੇ ਦਖ਼ਲ ਦਿੱਤਾ ਤਾਂ ਰਾਡ ਨਾਲ ਉਸ ਦੀ ਬਾਂਹ ਚਕਨਾਚੂਰ ਕਰ ਦਿੱਤੀ। ਨਿਹਾਲੋ ਮੁੰਡੇ ਨੂੰ ਛੁਡਾਉਣ ਲੱਗੀ ਤਾਂ ਨਿਹਾਲੋ ਦੀਆਂ ਲੱਤਾਂ ਭੰਨ ਦਿੱਤੀਆਂ। ਮਹੀਨੇ ਤੋਂ ਦੋਹਾਂ ਦੀਆਂ ਲੱਤਾਂ-ਬਾਹਾਂ ’ਤੇ ਪਲੱਸਤਰ ਲੱਗੇ ਹੋਏ ਹਨ। ਡਾਕਟਰ ਨਿਹਾਲੋ ਦੀ ਲੱਤ ਕੱਟਣ ਨੂੰ ਫਿਰਦੇ ਹਨ। ਪ੍ਰੀਤਮ ਡਾਕਟਰਾਂ ਨੂੰ ਰੋਕੀ ਬੈਠਾ ਹੈ। ਉਹ ਚਾਹੁੰਦਾ ਹੈ, ਨਿਹਾਲੋ ਸਮਝੌਤਾ ਕਰ ਲਏ। ਪੰਜ-ਚਾਰ ਹਜ਼ਾਰ ਪ੍ਰੀਤਮ ਦੇਣ ਨੂੰ ਤਿਆਰ ਹੈ। ਬਲਾਅ ਤਾਂ ਗਲੋਂ ਟਲੇ। ਕਿਧਰੇ ਖ਼ਾਨ ਵਰਗੇ ਦੇ ਨੋਟਿਸ ਵਿੱਚ ਆ ਗਿਆ ਤਾਂ ਉਸ ਨੇ ਡਿਸਮਿਸ ਕਰੇ ਬਿਨਾਂ ਨਹੀਂ ਛੱਡਣਾ।
ਇਥੇ ਵੀ ਉਹੋ ਸਿਆਪਾ ਸੀ। ਪ੍ਰੀਤਮ ਸਿੰਘ ਨੇ ਤਾਂ ਆਖਿਆ ਸੀ ਕਿ ਵਾਣ ਵੱਟਣਿਆਂ ਦੇ ਵਿਹੜੇ ਦੀ ਤਲਾਸ਼ੀ ਲਈ ਉਸ ਨੂੰ ਇੰਚਾਰਜ ਲਾਇਆ ਜਾਵੇ। ਕਿਸੇ ਨੇ ਨਾ ਸੁਣੀ। ਉਸ ਪਾਰਟੀ ਦਾ ਇੰਚਾਰਜ ਬਣਾਇਆ ਗਿਆ ਹੈ ਸਰਦੂਲ ਸਿੰਘ ਇੰਸਪੈਕਟਰ ਨੂੰ, ਜਿਹੜਾ ਪੰਜ ਸਾਲਾਂ ਤੋਂ ਸੀ.ਆਈ.ਏ.ਦੇ ਸਟਾਫ਼ ਵਿੱਚ ਧੱਕੇ ਖਾ ਰਿਹਾ ਹੈ। ਪ੍ਰੀਤਮ ਨੂੰ ਇੰਸਪੈਕਟਰ ਬਣਿਆਂ ਸਾਰਾ ਸਾਲ ਹੋਇਆ ਹੈ, ਜਦੋਂ ਕਿ ਉਹ ਡਿਪਟੀ ਬਣਨ ਵਾਲਾ ਹੈ। ਉਹ ਇੱਕ ਵਾਰ ਅਜਿਹਾ ਲੀਹ ਤੋਂ ਲੱਥਾ ਹੈ ਕਿ ਦੁਬਾਰਾ ਲੀਹ ’ਤੇ ਚੜ੍ਹਨਾ ਮੁਸ਼ਕਲ ਹੋਇਆ ਪਿਆ ਹੈ। ਐਸ.ਐਚ.ਓ.ਲੱਗਣ ਲਈ ਨੋਟਾਂ ਦਾ ਭਰਿਆ ਬਰੀਫ਼ਕੇਸ ਚਾਹੀਦਾ ਹੈ। ਇਹ ਉਹੋ ਦੇ ਸਕਦਾ ਹੈ ਜਿਹੜਾ ਪਹਿਲਾਂ ਹੀ ਕਿਸੇ ਥਾਣੇ ਦਾ ਐਸ.ਐਚ.ਓ.ਹੋਵੇ। ਸੀ.ਆਈ.ਏ.ਵਾਲਿਆਂ ਕੋਲ ਇੰਨੇ ਪੈਸੇ ਨਹੀਂ ਹੁੰਦੇ। ਸਰਦੂਲ ਸਿੰਘ ਦੀ ਵੀ ਪੂਰੀ ਕੋਸ਼ਿਸ਼ ਹੋਏਗੀ ਕਿ ਪੰਜ-ਚਾਰ ਕੇਸ ਫੜ ਕੇ ਉਹ ਖ਼ਾਨ ਸਾਹਮਣੇ ਸੱਚਾ ਹੋ ਜਾਵੇ। ਪਿਛਲੇ ਮਹੀਨੇ ਚੋਰਾਂ ਦਾ ਗੈਂਗ ਫੜਨ ਦਾ ਉਸ ਨੇ ਡਰਾਮਾ ਰਚਿਆ ਸੀ। ਫ਼ੋਟੋਆਂ ਖਿਚਵਾ- ਖਿਚਵਾ ਕਈ ਦਿਨ ਅਖ਼ਬਾਰਾਂ ਵਿੱਚ ਛਪਵਾਈਆਂ। ਪ੍ਰੀਤਮ ਨੂੰ ਲੱਗਦਾ ਸੀ, ਉਸ ਦੇ ਸਿਤਾਰੇ ਉਸ ਦੀ ਮਦਦ ਕਰ ਰਹੇ ਸਨ।
ਸਰਦੂਲ ਨੂੰ ਵਾਣ ਵੱਟਣਿਆਂ ਦੇ ਵਿਹੜੇ ਦੀ ਤਲਾਸ਼ੀ ਲੈਣ ਵਾਲੀ ਪਾਰਟੀ ਦਾ ਇੰਚਾਰਜ ਬਣਾ ਕੇ ਆਖ਼ਰ ਡਿਪਟੀ ਨੇ ਪ੍ਰੀਤਮ ਤੋਂ ਬਦਲਾ ਲੈ ਹੀ ਲਿਆ ਸੀ। ਲੋਕ ਸੱਚ ਆਖਦੇ ਹਨ ਕਿ ਡਿਪਟੀ ਊਠ ਵਾਲਾ ਵੈਰ ਰੱਖਦਾ ਹੈ। ਕੋਈ ਵਸਾਹ ਨਹੀਂ, ਵੀਹਾਂ ਸਾਲਾਂ ਬਾਅਦ ਹੀ ਮਨ ਵਿੱਚ ਖੌਰ੍ਹ ਜਾਗ ਪਏ ਅਤੇ ਕੋਈ ਨੁਕਸਾਨ ਕਰ ਦੇਵੇ। ਪ੍ਰੀਤਮ ਨੇ ਤਾਂ ਮੁਆਫ਼ੀ ਮੰਗ ਲਈ ਸੀ ਅਤੇ ਗੋਡੇ ਹੱਥ ਲਾ ਕੇ ਗੱਲ ਆਈ-ਗਈ ਹੋ ਗਈ ਸਮਝ ਲਈ ਸੀ।
ਗੱਲ ਉਹਨਾਂ ਦਿਨਾਂ ਦੀ ਸੀ, ਜਦੋਂ ਸਰਹੰਦ ਦੇ ਮਹਾਂ ਠੱਗਾਂ ਦੀ ਨਕਲ ਕਰ-ਕਰ ਛੋਟੇ ਠੱਗਾਂ ਨੇ ਪਿੰਡ-ਪਿੰਡ ਦੁਕਾਨਾਂ ਖੋਲ੍ਹ ਲਈਆਂ ਸਨ। ਕੋਈ ਪੰਦਰਾਂ ਦਿਨਾਂ ਬਾਅਦ ਦੁਗਣੇ ਪੈਸੇ ਦਿੰਦਾ ਸੀ ਅਤੇ ਕੋਈ ਅੱਠਾਂ ਦਿਨਾਂ ਬਾਅਦ ਹੀ ਪੰਜ ਸੌ ਬਦਲੇ ਮੋਟਰ ਸਾਈਕਲ ਦੇ ਦਿੰਦਾ ਸੀ। ਇੱਕ-ਇੱਕ ਗਲੀ ਵਿੱਚ ਪੰਜ-ਪੰਜ ਦੁਕਾਨਾਂ ਖੁੱਲ੍ਹ ਗਈਆਂ ਸਨ। ਲੋਕ ਵੀ ਕਮਲੇ ਹੋ ਕੇ ਇਹਨਾਂ ਪਿੱਛੇ ਲੱਗ ਗਏ। ਦੁਕਾਨਾਂ ’ਤੇ ਇੰਨੀ ਭੀੜ ਹੋ ਜਾਂਦੀ ਕਿ ਪੁਲਿਸ ਨੂੰ ਕਈ ਵਾਰ ਲਾਠੀਚਾਰਜ ਕਰਨਾ ਪੈਂਦਾ। ਉਹਨਾਂ ਦੀ ਲੁੱਟ ਵਿਚੋਂ ਅਫ਼ਸਰ ਵੀ ਹਿੱਸਾ ਵੰਡਾਉਣ ਲੱਗੇ।
ਇਸ ਸ਼ਹਿਰ ਵਿੱਚ ਨਾਭੇ ਵਾਲਿਆਂ ਨੇ ਕੰਮ ਸ਼ੁਰੂ ਕੀਤਾ ਸੀ। ਆਉਂਦਿਆਂ ਹੀ ਇੱਕ ਰੰਗਦਾਰ ਟੀ.ਵੀ.ਅਤੇ ਜਪਾਨੀ ਵੀ.ਸੀ.ਆਰ.ਐਸ.ਡੀ.ਐਮ.ਦੀ ਕੋਠੀ ਪਹੁੰਚਾ ਕੇ ਦੁਕਾਨ ਖੋਲ੍ਹਣ ਦੀ ਮਨਜ਼ੂਰੀ ਲੈ ਲਈ। ਤਹਿਸੀਲਦਾਰ ਨੂੰ ਪਤਾ ਲੱਗਾ ਤਾਂ ਉਸ ਨੇ ਫਰਿੱਜ ਮੰਗਵਾ ਲਿਆ। ਰੀਡਰ ਨੇ ਸੌ ਰੁਪਿਆ ਭਰ ਕੇ ਕੂਲਰ ਫਿੱਟ ਕਰਵਾ ਲਿਆ। ਬੀ.ਡੀ.ਓ.ਮੋਟਰਸਾਈਕਲ ਲੈ ਗਿਆ। ਥਾਣੇ ਵਾਲਿਆਂ ਨੂੰ ਤਾਂ ਉਸ ਸਮੇਂ ਹੀ ਪਤਾ ਲੱਗਾ, ਜਦੋਂ ਦੁਕਾਨ ਲੁੱਟੀ ਗਈ। ਜੇ ਸਿਪਾਹੀਆਂ ਨੇ ਟੇਪ ਰਿਕਾਰਡਰ, ਕੱਪੜੇ ਧੋਣ ਵਾਲੀ ਮਸ਼ੀਨ ਅਤੇ ਪੱਖਿਆਂ ਨੂੰ ਹੱਥ ਪਾਇਆ ਤਾਂ ਹੌਲਦਾਰਾਂ ਨੇ ਕੱਪੜੇ ਸਿਊਣ ਵਾਲੀਆਂ ਮਸ਼ੀਨਾਂ, ਰੇਡੀਓ ਅਤੇ ਸੋਫ਼ੇ ਚੁੱਕ ਲਿਆਂਦੇ। ਛੋਟੇ ਥਾਣੇਦਾਰਾਂ ਨੇ ਗੋਦਰੇਜ ਦੀਆਂ ਅਲਮਾਰੀਆਂ ਅਤੇ ਡਾਈਨਿੰਗ ਸੈੱਟ ਖਿੱਚ ਲਏ। ਜਦੋਂ ਡਿਪਟੀ ਨੇ ਦੁਕਾਨ ਦਾ ਦੌਰਾ ਕੀਤਾ ਤਾਂ ਉਸ ਦੇ ਚੁੱਕਣ ਵਾਲੀ ਕੋਈ ਵੀ ਚੀਜ਼ ਨਹੀਂ ਸੀ। ਉਸ ਨੇ ਸਿੱਧਾ ਹੀ ਪੰਜਾਹ ਹਜ਼ਾਰ ਲੈ ਲਿਆ। ਕੋਈ ਆਖਦਾ ਹੈ, ਫੀਅਟ ਕਾਰ ਲਈ ਸੀ। ਕੁੱਝ ਵੀ ਸੀ, ਡਿਪਟੀ ਨੇ ਗੱਫਾ ਵੱਡਾ ਮਾਰਿਆ ਸੀ। ਪ੍ਰੀਤਮ ਦੀ ਵਾਰੀ ਆਈ ਤਾਂ ਡਿਪਟੀ ਨੇ ਫ਼ੋਨ ਕਰ ਦਿਤਾ। ਨਾਭੇ ਵਾਲਿਆਂ ਨੂੰ ਤੰਗ ਨਾ ਕੀਤਾ ਜਾਵੇ। ਪ੍ਰੀਤਮ ਨੇ ਸਬਰ ਦਾ ਘੁੱਟ ਭਰ ਲਿਆ। ਠੱਗਾਂ ਨੇ ਪੰਜ-ਚਾਰ ਚੀਜ਼ਾਂ ਭੇਜੀਆਂ ਤਾਂ ਸਹੀ ਪਰ ਉਹ ਪ੍ਰੀਤਮ ਦੇ ਹਿੱਸੇ ਦੇ ਸੌਵੇਂ ਹਿੱਸੇ ਦੇ ਬਰਾਬਰ ਵੀ ਨਹੀਂ ਸਨ। ਚੁੱਪ ਕੀਤਾ ਪ੍ਰੀਤਮ ਮੌਕੇ ਦੀ ਉਡੀਕ ਕਰਦਾ ਰਿਹਾ।
ਚੋਰੀ-ਠੱਗੀ ਬਹੁਤੇ ਦਿਨ ਨਹੀਂ ਚੱਲਦੀ। ਦਸਾਂ ਦਿਨਾਂ ਬਾਅਦ ਦੁਕਾਨ ਖ਼ਾਲੀ ਹੋਣ ਲੱਗ ਪਈ। ਲੋਕ ਪੈਸੇ ਮੁੜਾਉਣ ਲਈ ਸਿਫ਼ਾਰਸ਼ਾਂ ਪਵਾਉਣ ਲੱਗੇ। ਥੋੜ੍ਹਾ ਜਿਹਾ ਕਸਾ ਪਿਆ ਤਾਂ ਉਹ ਰਾਤੋ-ਰਾਤ ਭੱਜ ਗਏ। ਤਿੰਨ ਦਿਨ ਯੁਵਾ ਸੰਘ ਵਾਲਿਆਂ ਨੇ ਹੜਤਾਲ ਰੱਖੀ। ਨਾਭੇ ਵਾਲਿਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਨਾਭੇ ਵਾਲਿਆਂ ਨੇ ਫੇਰ ਡਿਪਟੀ ਨਾਲ ਕੋਈ ਗਿਟਮਿਟ ਕੀਤੀ। ਡਿਪਟੀ ਨੇ ਕੋਲ ਖੜ੍ਹ ਕੇ ਰਾਤ ਨੂੰ ਸਾਮਾਨ ਦਾ ਟਰੱਕ ਭਰਾ ਕੇ ਉਹਨਾ ਦੇ ਹਵਾਲੇ ਕਰ ਦਿੱਤਾ।
ਸੰਘ ਨੇ ਫੇਰ ਜਲੂਸ ਕੱਢੇ। ਮੁੱਖ ਮੰਤਰੀ ਨੇ ਦਖ਼ਲ ਦੇ ਕੇ ਪਰਚਾ ਦਰਜ ਕਰਵਾ ਦਿੱਤਾ। ਦੁਕਾਨ ਦਾ ਜਿੰਦਾ ਤੋੜ ਕੇ ਰਿਕਾਰਡ ਦੇਖਿਆ ਗਿਆ ਤਾਂ ਪਤਾ ਲੱਗਾ ਉਹਨਾਂ ਸ਼ਹਿਰ ਵਿਚੋਂ ਘੱਟੋ-ਘੱਟ ਪੰਦਰਾਂ ਲੱਖ ਰੁਪਿਆ ਇਕੱਠਾ ਕੀਤਾ ਸੀ। ਪੁਲਿਸ ਨੇ ਥਾਂ-ਥਾਂ ਰੇਡ ਕੀਤੇ। ਨਾਭੇ ਵਾਲੇ ਕਿਧਰੇ ਨਹੀਂ ਸਨ। ਲੋਕਾਂ ਹਿੰਮਤ ਕਰ ਕੇ ਉਹਨਾਂ ਦੀ ਸੂਹ ਲਈ। ਉਹ ਦਿੱਲੀ ਦੇ ਇੱਕ ਹੋਟਲ ਵਿੱਚ ਮੌਜਾਂ ਕਰ ਰਹੇ ਸਨ। ਪ੍ਰੀਤਮ ਨੇ ਆਪਣੀ ਜਾਨ ਖ਼ਤਰੇ ਵਿੱਚ ਪਾ ਕੇ ਫੜੇ ਤਾਂ ਨਾਭੇ ਵਾਲਿਆਂ ਨੇ ਦਸ ਹਜ਼ਾਰ ਦੇ ਦਿੱਤਾ। ਸਿਰਫ਼ ਇਸ ਗੱਲ ਦਾ ਕਿ ਉਹਨਾਂ ਨੂੰ ਦਿੱਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇ। ਇਹ ਗੱਲ ਕਾਨੂੰਨੀ ਵੀ ਸੀ। ਕਿਸੇ ਕੇਂਦਰੀ ਮੰਤਰੀ ਰਾਹੀਂ ਉਹਨਾਂ ਜ਼ਮਾਨਤ ਕਰਾ ਲਈ। ਡਿਪਟੀ ਇਸੇ ਗੱਲ ’ਤੇ ਨਰਾਜ਼ ਸੀ ਕਿ ਉਸ ਨੇ ਡਿਪਟੀ ਦੇ ਬੰਦਿਆਂ ਤੋਂ ਦਸ ਹਜ਼ਾਰ ਕਿਉਂ ਲਿਆ?
ਹੋਰ ਤਾਂ ਕੋਈ ਵੱਸ ਨਾ ਚੱਲਿਆ, ਹੁਣ ਸਰਦੂਲ ਸਿੰਘ ਨੂੰ ਵਾਣ ਵੱਟਣਿਆਂ ਦੇ ਭੇਜ ਕੇ ਉਹ ਪ੍ਰੀਤਮ ਦੀ ਬੇੜੀ ਵਿੱਚ ਵੱਟੇ ਪਾਉਣ ’ਤੇ ਤੁੱਲਿਆ ਹੋਇਆ ਸੀ।
ਅਗਾਂਹ ਸਰਦੂਲ ਸਿੰਘ ਨੇ ਹੌਲਦਾਰ ਵੀ ਸਿਰੇ ਦੇ ਲਫੰਡਰ ਲਏ ਸਨ। ਪਹਿਲਾ ਸੀ ਬੰਤ ਸਿੰਘ। ਜਦੋਂ ਬੰਤ ਸਿੰਘ ਨੂੰ ਇਥੇ ਲਾਇਆ ਗਿਆ ਸੀ ਤਾਂ ਪ੍ਰੀਤਮ ਨੇ ਸਾਹਿਬ ਕੋਲ ਬਥੇਰੀ ਹਾਲ- ਦੁਹਾਈ ਪਾਈ ਸੀ ਕਿ ਇਸ ਬਗ਼ਾਵਤੀ ਬੀਜ ਨੂੰ ਉਸ ਦੇ ਥਾਣੇ ਨਾ ਬੀਜੋ। ਆਪ ਤਾਂ ਪੁੱਠਾ ਹੈ ਹੀ, ਹੋਰਾਂ ਨੂੰ ਵੀ ਪੁੱਠੇ ਰਾਹ ਪਾਏਗਾ। ਸਾਹਿਬ ਨੇ ਬਹਾਨਾ ਵਧੀਆ ਘੜਿਆ। ਇਸ ਨੂੰ ਕੋਈ ਲੈਣ ਨੂੰ ਤਿਆਰ ਨਹੀਂ। ਪੁਲਿਸ ਲਾਈਨ ਵਿੱਚ ਬੈਠਾ ਕਪਤਾਨ ਦੇ ਖ਼ਿਲਾਫ਼ ਬੋਲਦਾ ਰਹਿੰਦਾ ਹੈ। ਆਖ਼ਰ ਇਸ ਨੂੰ ਕਿਧਰੇ ਤਾਂ ਲਾਉਣਾ ਹੀ ਹੈ। ਬੰਤ ਸਿੰਘ ਜ਼ਿੰਦਗੀ ਤੋਂ ਹੀ ਨਿਰਾਸ਼ ਹੈ। ਪੰਦਰਾਂ ਸਾਲਾਂ ਤੋਂ ਤਰੱਕੀ ਤੋਂ ‘ਇਗਨੋਰ’ ਹੋ ਰਿਹਾ ਹੈ। ਪੰਜ-ਚਾਰ ਸਾਲ ਨੌਕਰੀ ਦੇ ਰਹਿੰਦੇ ਹਨ। ਕਿਸੇ ਦੀ ਵੀ ਪਰਵਾਹ ਨਹੀਂ ਕਰਦਾ। ਹਰ ਇੱਕ ’ਤੇ ਤਵਾ ਲਾਉਂਦਾ ਰਹਿੰਦਾ ਹੈ। ਪੁਲਿਸ ਐਜੀਟੇਸ਼ਨ ਵੇਲੇ ਨੌਕਰੀਉਂ ਕੱਢ ਦਿੱਤਾ ਗਿਆ ਸੀ। ਮੁਕੱਦਮੇ ਜਿੱਤ ਕੇ ਫਿਰ ਆ ਗਿਆ। ਅੱਜ-ਕੱਲ੍ਹ ਹਰ ਇੱਕ ਦੇ ਖ਼ਿਲਾਫ਼ ਪ੍ਰਚਾਰ ਕਰਦਾ ਰਹਿੰਦਾ ਹੈ। ਕੋਈ ਫ਼ਿਕਰ ਨਹੀਂ ਕਿ ਸਾਹਮਣੇ ਬੈਠਾ ਅਫ਼ਸਰ ਕਪਤਾਨ ਹੈ, ਡੀ.ਆਈ.ਜੀ.ਜਾਂ ਡੀ.ਜੀ.ਪੀ., ਵੱਡਾ ਕਾਮਰੇਡ ਬਣਿਆ ਫਿਰਦਾ ਹੈ। ਸਭ ਨੂੰ ਬੇਹੇ ਕੜਾਹ ਵਾਂਗ ਲੈਂਦਾ ਹੈ।
ਇੱਕ ਵਾਰ ਐਮ.ਐਲ.ਏ.ਦੇ ਨਾਲ ਪੰਗਾ ਲੈ ਲਿਆ। ਸਾਰੀ ਪੁਲਿਸ ਨੇ ਸ਼ੁਕਰ ਕੀਤਾ ਕਿ ਡਿਸਮਿਸ ਹੋਊ ਜਾਂ ਫਿਰ ਕਿਸੇ ਹੋਰ ਜ਼ਿਲ੍ਹੇ ਦੀ ਬਦਲੀ ਹੋਊ। ਡਰਦੇ ਕਿਸੇ ਅਫ਼ਸਰ ਨੇ ਉਸ ਨਾਲ ਟੇਟਾ ਨਾ ਲਿਆ। ਉਲਟਾ ਸ਼ਰਮ ਦਾ ਮਾਰਾ ਐਮ.ਐਲ.ਏ.ਹੀ ਥਾਣੇ ਆਉਣੋਂ ਹਟ ਗਿਆ। ਵਜ਼ੀਰਾਂ ਕੋਲ ਪ੍ਰੀਤਮ ਦੀ ਸ਼ਿਕਾਇਤ ਕਰਦਾ ਰਹਿੰਦਾ ਹੈ। ਉਸ ਨੂੰ ਸ਼ੱਕ ਹੈ ਕਿ ਪ੍ਰੀਤਮ ਨੇ ਬੰਤ ਨੂੰ ਜਾਣ-ਬੁੱਝ ਕੇ ਉਸ ਦੇ ਗਲ ਪਾਇਆ ਹੈ। ਬੰਤ ਨੂੰ ਇੱਕ-ਇੱਕ ਮੁਜਰਮ ਦਾ ਇਲਮ ਹੈ। ਜੇ ਉਸ ਨੂੰ ਮੁਕੱਦਮਾ ਬਣਾਉਣ ਦਾ ਮੌਕਾ ਮਿਲ ਗਿਆ ਤਾਂ ਪਹਿਲਾਂ ਮੁਜਰਮ ਦਾ ਬਿਆਨ ਲਿਖੂ। ਕਿਸ ਭੜੂਏ ਨੂੰ ਕਿੰਨੇ ਦਿੰਦਾ ਹੈਂ? ਫੇਰ ਉਹੋ ਬਿਆਨ ਸਿੱਧਾ ਡੀ.ਜੀ.ਪੀ.ਨੂੰ ਭੇਜੂ।
ਸਰਦੂਲ ਅਤੇ ਬੰਤਾ ਹੀ ਘੱਟ ਨਹੀਂ, ਨਾਲ ਰਲਿਆ ਹੈ ਸਾਧਾ ਸਿੰਘ। ਉਹ ਕੱਲ੍ਹ ਦੀ ਭੂਤਨੀ ਸਿਵਿਆਂ ’ਚ ਅੱਧ ਭਾਲਦੀ ਹੈ। ਪ੍ਰੀਤਮ ਨੇ ਉਸ ਦੀ ਫੜੀ ਭੱਠੀ ਕਾਹਦੀ ਛੱਡ ਦਿੱਤੀ, ਸਾਨ੍ਹਾਂ ਵਾਲਾ ਵੈਰ ਹੀ ਬੰਨ੍ਹ ਲਿਆ ਭਲੇਮਾਣਸ ਨੇ। ਆਖ਼ਰ ਪ੍ਰੀਤਮ ਐਸ.ਐਚ.ਓ.ਹੈ। ਜਿਸ ਨੂੰ ਦਿਲ ਕਰੇ ਫੜੇ, ਜਿਸ ਨੂੰ ਦਿਲ ਕਰੇ ਛੱਡੇ। ਉਹ ਜੇ ਹੌਲਦਾਰ ਤੋਂ ਹੀ ਦਬਕ ਜਾਵੇ ਤਾਂ ਥਾਣੇਦਾਰੀ ਕਾਹਦੀ? ਪ੍ਰੀਤਮ ਨੇ ਤਾਂ ਜੱਟਾਂ ਨੂੰ ਆਖਿਆ ਸੀ ਕਿ ਜਾਂਦੇ ਹੋਏ ਸਾਧਾ ਸਿੰਘ ਨੂੰ ਵੀ ਦੋ ਹਜ਼ਾਰ ਦੇ ਜਾਣਾ, ਪੰਜ ਹਜ਼ਾਰ ਤਾਂ ਪ੍ਰੀਤਮ ਦੀ ਆਪਣੀ ਫ਼ੀਸ ਸੀ। ਜੇ ਉਹ ਠੱਗੀ ਮਾਰ ਗਏ ਅਤੇ ਦੋ ਹਜ਼ਾਰ ਦੀ ਥਾਂ ਪੰਜ ਸੌ ਹੀ ਦਿੱਤਾ ਤਾਂ ਇਸ ਵਿੱਚ ਪ੍ਰੀਤਮ ਦਾ ਕੀ ਕਸੂਰ ਹੈ? ਉਹ ਪੰਜ ਸੌ ਮੋੜ ਕੇ ਦੋ ਹਜ਼ਾਰ ਲਈ ਅੜ ਜਾਂਦਾ। ਹੌਲਦਾਰਾਂ ਨੂੰ ਕੌਣ ਪੁੱਛਦਾ ਹੈ। ਥਾਣੇਦਾਰ ਨੇ ਵੀਹ ਵਗਾਰਾਂ ਕਰਨੀਆਂ ਹੁੰਦੀਆਂ ਹਨ। ਕਈ ਵਾਰੀ ਤਾਂ ਵਗਾਰਾਂ ਵੰਡ ਕੇ ਹੋ ਜਾਂਦੀਆਂ ਹਨ। ਕਈ ਗੁਪਤ ਰੱਖਣੀਆਂ ਪੈਂਦੀਆਂ ਹਨ। ਉਹਨੀਂ ਦਿਨੀਂ ਹਾਈਕੋਰਟ ਦੇ ਇੱਕ ਜੱਜ ਦੀ ਕੁੜੀ ਦਾ ਵਿਆਹ ਸੀ। ਮੈਜਿਸਟਰੇਟ ਨੇ ਪ੍ਰੀਤਮ ਨੂੰ ਫਰਿੱਜ ਦੀ ਵਗਾਰ ਪਾਈ ਸੀ। ਪ੍ਰੀਤਮ ਚਾਹੁੰਦਾ ਤਾਂ ਸਾਰੇ ਤਫ਼ਤੀਸ਼ੀਆਂ ’ਤੇ ਬੋਝ ਪਾ ਦਿੰਦਾ। ਇੰਝ ਮੈਜਿਸਟਰੇਟ ਦਾ ਜਲੂਸ ਨਿਕਲਣਾ ਸੀ। ਪ੍ਰੀਤਮ ਨੇ ਚੁਪਕੇ ਜਿਹੇ ਫਰਿੱਜ ਭੇਜ ਦਿੱਤਾ। ਵਗਾਰ ਪ੍ਰੀਤਮ ਨੇ ਤਨਖ਼ਾਹ ਵਿਚੋਂ ਤਾਂ ਨਹੀਂ ਕਰਨੀ। ਇਹਨਾਂ ਬੁੱਧੂਆਂ ਨੂੰ ਇਹ ਤਾਂ ਅਹਿਸਾਸ ਹੀ ਨਹੀਂ ਕਿ ਐਸ.ਐਚ.ਓ.ਦੇ ਸਿਰ ’ਤੇ ਜ਼ਿੰਮੇਵਾਰੀਆਂ ਦੀ ਪੰਡ ਹੁੰਦੀ ਹੈ। ਉਹਨਾਂ ਵਾਂਗ ਥੋੜ੍ਹਾ ਹੈ ਕਿ ਜਿੰਨੇ ਕਮਾ ਲਏ, ਬੋਝੇ ਵਿੱਚ ਪਾ ਕੇ ਤੁਰ ਗਏ।
ਸਾਧਾ ਸਿੰਘ ਉਸੇ ਦਿਨ ਤੋਂ ਰੌਲਾ ਪਾ ਰਿਹਾ ਹੈ। ਪ੍ਰੀਤਮ ਉਸ ਦਾ ਹੱਕ ਮਾਰ ਗਿਆ। ਉਹ ਸਾਧੇ ਦੀ ਮਾਰ ਸੀ। ਪੰਜ ਹਜ਼ਾਰ ਨਾ ਸਹੀ ਤਾਂ ਤਿੰਨ ਤਾਂ ਸਾਧੇ ਨੂੰ ਮਿਲਣਾ ਹੀ ਚਾਹੀਦਾ ਸੀ। ਭੱਠੀ ਤਾਂ ਮੁਜਰਮ ਸਾਲ ਤੋਂ ਲਾ ਰਿਹਾ ਸੀ, ਸਭ ਨੂੰ ਪਤਾ ਵੀ ਸੀ। ਕਿਸੇ ਦੀ ਹਿੰਮਤ ਨਾ ਪਈ ਉਸ ਨੂੰ ਫੜ ਲੈਣ ਦੀ। ਸਾਧੇ ਨੇ ਦਲੇਰੀ ਦਿਖਾਈ ਸੀ ਤਾਂ ਉਸੇ ਨੂੰ ਫ਼ੀਸ ਮਿਲਣੀ ਚਾਹੀਦੀ ਸੀ। ਬੰਤਾ ਉਸ ਦੀ ਹਾਂ ਵਿੱਚ ਹਾਂ ਮਿਲਾ ਰਿਹਾ ਸੀ। ਉਸ ਨੂੰ ਪ੍ਰੀਤਮ ਦੇ ਖ਼ਿਲਾਫ਼ ਭੜਕਾ ਰਿਹਾ ਸੀ।
ਬੰਟੀ ਕਾਹਦਾ ਅਗਵਾ ਹੋਇਆ ਸੀ, ਪ੍ਰੀਤਮ ਦੇ ਦਿਨ ਮਾੜੇ ਆਏ ਸਨ।
ਮਨ ਵਿੱਚ ਸੁੱਖਾਂ ਸੁੱਖਦਾ ਪ੍ਰੀਤਮ ਪੁਲਿਸ ਪਾਰਟੀਆਂ ਬਣਦੀਆਂ ਦੇਖਦਾ ਰਿਹਾ।
ਉਸ ਨੂੰ ਮਹਿਸੂਸ ਹੋ ਰਿਹਾ ਸੀ ਜਿਵੇਂ ਪੁਲਿਸ ਪਾਰਟੀਆਂ ਬੰਟੀ ਦੀ ਤਲਾਸ਼ ਲਈ ਨਹੀਂ ਸੀ ਬਣ ਰਹੀਆਂ, ਸਗੋਂ ਪ੍ਰੀਤਮ ਨੂੰ ਨੌਕਰੀਉਂ ਕੱਢਣ ਲਈ ਮਸਾਲਾ ਇਕੱਠਾ ਕਰਨ ਲਈ ਬਣ ਰਹੀਆਂ ਸਨ।
10
ਨਾ ਸ਼ਹਿਰ ਲਈ ਅਮੀ ਚੰਦ ਓਪਰਾ ਸੀ, ਨਾ ਅਮੀ ਚੰਦ ਲਈ ਸ਼ਹਿਰ।
ਭਾਵੇਂ ਉਸ ਨੇ ਦਾੜ੍ਹੀ ਕੇਸ ਰੱਖੇ ਹੋਏ ਸਨ ਅਤੇ ਦੇਖਣ ਵਾਲੇ ਨੂੰ ਉਹ ਪੂਰਾ ਗੁਰਸਿੱਖ ਲੱਗਦਾ ਸੀ, ਫੇਰ ਵੀ ਸਭ ਨੂੰ ਪਤਾ ਸੀ ਕਿ ਉਹ ਜਾਤ ਦਾ ਪੰਡਤ ਹੈ। ਸਾਰਾ ਸ਼ਹਿਰ ਉਸ ਨੂੰ ਸ਼ਰਮਾ ਆਖ ਕੇ ਬੁਲਾਉਂਦਾ ਸੀ।
ਉਹ ਜਾਤ ਦਾ ਹੀ ਪੰਡਤ ਨਹੀਂ ਸੀ, ਬਲਕਿ ਧਰਮ ਕਰਮ ਦਾ ਵੀ ਸੀ। ਉਹ ਦੋਵੇਂ ਵਕਤ ਪਾਠ-ਪੂਜਾ ਕਰਦਾ। ਸ਼ਰਾਬ, ਆਂਡੇ ਅਤੇ ਪਰਾਈ ਇਸਤਰੀ ਨੂੰ ਤਾਂ ਨਫ਼ਰਤ ਕਰਦਾ ਹੀ ਸੀ, ਹਰਾਮ ਦਾ ਪੈਸਾ ਵੀ ਘਰੇ ਨਹੀਂ ਸੀ ਵੜਨ ਦੇਂਦਾ।
ਇਮਾਨਦਾਰੀ ਅਤੇ ਸਖ਼ਤ ਸੁਭਾਅ ਦੇ ਸਿਰ ’ਤੇ ਹੀ ਉਹ ਸ਼ਹਿਰੀਆਂ ਦੇ ਦਿਲਾਂ ’ਤੇ ਰਾਜ ਕਰਦਾ ਸੀ। ਹਰ ਸ਼ਹਿਰ ਦੇ ਸ਼ਰੀਫ਼ ਲੋਕ ਡੈਪੂਟੇਸ਼ਨ ਲੈ-ਲੈ ਸਾਹਿਬ ਨੂੰ ਮਿਲਦੇ ਰਹਿੰਦੇ ਅਤੇ ਅਮੀ ਚੰਦ ਨੂੰ ਆਪਣੇ-ਆਪਣੇ ਸ਼ਹਿਰ ਲਈ ਮੰਗਦੇ ਰਹਿੰਦੇ।
ਇਸ ਸ਼ਹਿਰ ਵਿੱਚ ਉਹ ਕੁਲ ਮਿਲਾ ਕੇ ਗਿਆਰਾਂ ਸਾਲ ਨੌਕਰੀ ਕਰ ਚੁੱਕਾ ਸੀ। ਸ਼ਹਿਰ ਵਿੱਚ ਉਸ ਦੀ ਜਾਣ-ਪਹਿਚਾਣ ਬਤੌਰ ਹੌਲਦਾਰ ਹੋਈ ਸੀ। ਏ.ਐਸ.ਆਈ.ਬਣਿਆ ਤਾਂ ਸਿਟੀ ਇੰਚਾਰਜ ਜਾ ਲੱਗਾ। ਜਦੋਂ ਤਰੱਕੀ ਕਰ ਕੇ ਉਹ ਸਬ-ਇੰਸਪੈਕਟਰ ਬਣਿਆ ਤਾਂ ਲੋਕ ਧਰਨਾ ਮਾਰ ਕੇ ਬੈਠ ਗਏ। ਸਾਹਿਬ ਨੂੰ ਸਿਟੀ ਇੰਚਾਰਜ ਦਾ ਰੈਂਕ ਵਧਾਉਣਾ ਪਿਆ। ਪਹਿਲਾਂ ਸਿਟੀ ਇੰਚਾਰਜ ਏ.ਐਸ.ਆਈ.ਹੁੰਦਾ ਸੀ। ਉਸ ਸਮੇਂ ਤੋਂ ਇਹ ਅਹੁਦਾ ਸਬ-ਇੰਸਪੈਕਟਰ ਨੂੰ ਜਾਂਦਾ ਹੈ।
ਜਦੋਂ ਮਾਡਲ ਟਾਊਨ ਵਾਲਿਆਂ ਨੂੰ ਪਤਾ ਲੱਗਾ ਕਿ ਅਮੀ ਚੰਦ ਦੀ ਪੁਲਿਸ ਪਾਰਟੀ ਨੇ ਉਹਨਾਂ ਦੀਆਂ ਕੋਠੀਆਂ ਦੀ ਤਲਾਸ਼ੀ ਲੈਣੀ ਹੈ ਤਾਂ ਉਹਨਾਂ ਸੌ ਵਾਰੀ ਧਰਤੀ ਨਿਮਸਕਾਰੀ। ਕੋਈ ਹੋਰ ਪੁਲਿਸ ਅਫ਼ਸਰ ਹੁੰਦਾ ਤਾਂ ਹਰ ਹਾਲਤ ਵਿੱਚ ਖੱਜਲ-ਖੁਆਰੀ ਹੁੰਦੀ। ਕਿਸੇ ਨੂੰ ਕੋਈ ਵਗਾਰ ਪੈਂਦੀ, ਕਿਸੇ ਨੂੰ ਕੋਈ। ਮਸਲਾ ਤਾਂ ਬੰਟੀ ਨੂੰ ਲੱਭਣ ਦਾ ਸੀ। ਪੁਲਿਸ ਨੇ ਵਿਉਪਾਰੀਆਂ ਦੀਆਂ ਵਹੀਆਂ ਹੀ ਮੰਗ ਕੇ ਬਹਿ ਜਾਣਾ ਸੀ। ਕੋਈ ਸਟੋਰ ਵਿੱਚ ਜਾ ਵੜਦਾ, ਕੋਈ ਰਸੋਈ ਵਿੱਚ। ਪੁਲਿਸ ਵਾਲੇ ਘਰੇ ਵੜ ਜਾਣ ਤਾਂ ਚੋਰਾਂ ਨਾਲੋਂ ਵੱਧ ਲੁੱਟਦੇ ਹਨ। ਚੋਰ ਤਾਂ ਚੋਰੀ ਛੁਪੇ ਚੋਰੀ ਕਰਦਾ ਹੈ,’ ਇਹ ਸਾਹਮਣੇ ਹੀ ਸਾਮਾਨ ਚੁੱਕ ਤੁਰਦੇ ਹਨ। ਜਦੋਂ ਅਮੀ ਚੰਦ ਨਾਲ ਹੋਇਆ ਤਾਂ ਅਜਿਹੀ ਲੁੱਟ-ਖਸੁੱਟ ਨਹੀਂ ਹੋਏਗੀ। ਲੋਕ ਉਹ ਦਿਨ ਭੁੱਲੇ ਨਹੀਂ ਸਨ ਜਦੋਂ ਸ਼ਰਾਬੀ ਹੋਏ ਇੱਕ ਸਿਪਾਹੀ ਨੂੰ ਉਸ ਨੇ ਚੌਕ ਵਿੱਚ ਹੀ ਕੁੱਟਿਆ ਸੀ ਅਤੇ ਵਰਦੀ ਲੁਹਾ ਕੇ ਹਵਾਲਾਤ ਵਿੱਚ ਬੰਦ ਕਰਵਾ ਦਿੱਤਾ ਸੀ।
ਮਾਡਲ ਟਾਊਨ ਦੀ ਤਲਾਸ਼ੀ ਲਈ ਅਮੀ ਚੰਦ ਨੇ ਬਹੁਤੀ ਫ਼ੋਰਸ ਦੀ ਜ਼ਰੂਰਤ ਨਹੀਂ ਸੀ ਸਮਝੀ। ਚਾਰ ਸਿਪਾਹੀ ਅਤੇ ਇੱਕ ਹੌਲਦਾਰ ਹੀ ਕਾਫ਼ੀ ਸਨ। ਉਸ ਨੂੰ ਇਲਮ ਸੀ ਕਿ ਇਹਨਾਂ ਧਨਾਢਾਂ ਨੂੰ ਨਾ ਕਿਸੇ ਧਰਮ ਵਿੱਚ ਰੁਚੀ ਹੈ, ਨਾ ਸਿਆਸਤ ਵਿੱਚ। ਇਹਨਾਂ ਦਾ ਇਕੋ-ਇੱਕ ਧਰਮ ਹੈ, ਵੱਧੋ-ਵੱਧ ਪੈਸਾ ਇਕੱਠਾ ਕਰਨਾ। ਕਿਸ ਦਾ ਸਿਰ ਭਵਿਆਂ ਹੈ ਕਿ ਉਹ ਮਹਿਲਾਂ ਵਰਗੀਆਂ ਕੋਠੀਆਂ, ਅਪੱਸ਼ਰਾਂ ਵਰਗੀਆਂ ਔਰਤਾਂ ਅਤੇ ਸਵਰਗਾਂ ਵਰਗੇ ਸੁਖ ਛੱਡ ਕੇ ਨਰਕਾਂ ਵਰਗੀਆਂ ਜੇਲ੍ਹਾਂ ਵਿੱਚ ਬੈਠ ਕੇ ਚੱਕੀ ਪੀਸੇ। ਉਸ ਨੇ ਮੀਟਿੰਗ ਵਿੱਚ ਵੀ ਇਥੋਂ ਦੀ ਤਲਾਸ਼ੀ ਦਾ ਵਿਰੋਧ ਕੀਤਾ ਸੀ। ਖ਼ਾਨ ਉਸ ਨਾਲ ਸਹਿਮਤ ਤਾਂ ਸੀ ਪਰ ਲੋਕ ਰਾਏ ਅੱਗੇ ਝੁਕ ਗਿਆ ਸੀ।
ਅਮੀ ਚੰਦ ਨੂੰ ਤਲਾਸ਼ੀ ਪਾਰਕ ਵਾਲੇ ਪਾਸਿਉਂ ਸ਼ੁਰੂ ਕਰਨ ਦਾ ਹੁਕਮ ਹੋਇਆ ਸੀ।
ਮਾਡਲ ਟਾਊਨ ਵਿੱਚ ਤਾਂ ਭਲੇ ਦਿਨਾਂ ਵਿੱਚ ਮੌਤ ਵਰਗਾ ਸੰਨਾਟਾ ਹੁੰਦਾ ਹੈ। ਲੋਕ ਘਰੋ-ਘਰੀਂ ਕੈਦ ਹੋਏ ਬੈਠੇ ਰਹਿੰਦੇ ਹਨ। ਸਾਰਾ ਦਿਨ ਸੜਕਾਂ ਸੁੰਨਸਾਨ ਪਈਆਂ ਰਹਿੰਦੀਆਂ ਹਨ। ਕਦੇ-ਕਦਾਈਂ ਹੀ ਕਿਸੇ ਕਾਰ ਜਾਂ ਸਕੂਟਰ ਦਾ ਖੜਕਾ ਸੁਣਾਈ ਦਿੰਦਾ ਹੈ। ਗੇਟ ਖੁੱਲ੍ਹਣ ਦੀ ਚੀਂ-ਚੀਂ ਹੁੰਦੀ ਹੈ। ਗੱਡੀ ਦੇ ਕੋਠੀ ’ਚ ਜਾਂਦਿਆਂ ਹੀ ਫੇਰ ਚੁੱਪ ਵਰਤ ਜਾਂਦੀ ਹੈ। ਕਰਫ਼ਿਊ ਹੋਣ ਕਰਕੇ ਇਹ ਸ਼ੋਰ-ਸ਼ਰਾਬਾ ਵੀ ਬੰਦ ਸੀ। ਦਰੱਖ਼ਤਾਂ ਤੋਂ ਟੁੱਟੇ ਪੱਤਿਆਂ ਨੂੰ ਮੌਜਾਂ ਲੱਗੀਆਂ ਹੋਈਆਂ ਸਨ। ਭਾਂ-ਭਾਂ ਕਰਦੀਆਂ ਸੜਕਾਂ ’ਤੇ ਉਹ ਆਜ਼ਾਦੀ ਨਾਲ ਉੱਡ ਰਹੇ ਸਨ। ਕੋਠੀਆਂ ਦੇ ਗੇਟਾਂ ’ਤੇ ਭੌਂਕਦੇ ਕੁੱਤਿਆਂ ਦੀ ਆਵਾਜ਼ ਹੀ ਸੀ, ਜਿਹੜੀ ਪੁਲਿਸ ਦਾ ਸਵਾਗਤ ਕਰ ਰਹੀ ਸੀ।
ਪਹਿਲੀ ਕੋਠੀ ਰਾਮ ਚੰਦ ਲੋਟੀਏ ਦੀ ਸੀ। ਬੈੱਲ ਖੜਕਾਈ ਤਾਂ ਰਾਮ ਚੰਦ ਦਾ ਜੇਠਾ ਪੁੱਤਰ ਸੂਰਜ ਭਾਨ ਉਹਨਾਂ ਦੇ ਸਵਾਗਤ ਲਈ ਹਾਜ਼ਰ ਸੀ। ਸੂਰਜ ਭਾਨ ਦੀ ਸੂਰ ਵਰਗੀ ਦੇਹ ਅਤੇ ਰੇਸ਼ਮੀ ਗਾਊਨ ਨੂੰ ਦੇਖ ਦੇ ਅਮੀ ਚੰਦ ਦਾ ਹਾਸਾ ਨਿਕਲ ਗਿਆ। ਕੀ ਇਹ ਉਹੋ ਸੂਰਜ ਭਾਨ ਸੀ, ਜਿਸ ਦਾ ਮੂੰਹ ਕਾਲਾ ਕਰ ਕੇ ਅਮੀ ਚੰਦ ਨੇ ਸਾਰਾ ਦਿਨ ਥਾਣੇ ਬਿਠਾਈ ਰੱਖਿਆ ਸੀ? ਛੇ-ਸੱਤ ਸਾਲਾਂ ਵਿੱਚ ਉਸ ਨੇ ਜ਼ਮੀਨ ਤੋਂ ਅਸਮਾਨ ਤਕ ਦਾ ਸਫ਼ਰ ਤੈਅ ਕਰ ਲਿਆ ਸੀ। ਉਸ ਸਮੇਂ ਤਾਂ ਉਹ ਕਾਲਜ ਵਿੱਚ ਪੜ੍ਹਦਾ ਰਿਸ਼ਟ-ਪੁਸ਼ਟ ਨੌਜਵਾਨ ਸੀ। ਪੜ੍ਹਨ-ਪੜ੍ਹਾਉਣ ਦਾ ਉਸ ਨੂੰ ਕੋਈ ਫ਼ਿਕਰ ਨਹੀਂ ਸੀ। ਬਾਪ ਦੀ ਦੁਕਾਨ ਵਧੀਆ ਚੱਲਦੀ ਸੀ। ਲੋਹਾ ਸੋਨੇ ਦੇ ਭਾਅ ਹੁੰਦਾ ਜਾ ਰਿਹਾ ਸੀ। ਲਾਲੇ ਦੇ ਦੋ ਹੀ ਪੁੱਤਰ ਸਨ। ਛੋਟੇ ਨੂੰ ਨਾਨਕੇ ਲੈ ਗਏ। ਵਿਉਪਾਰ ਇਸੇ ਨੇ ਸੰਭਾਲਣਾ ਸੀ। ਖ਼ਰਚਾ ਖੁੱਲ੍ਹਾ ਕਰਦਾ ਸੀ। ਹੇਠ ਮੋਟਰਸਾਈਕਲ ਸੀ। ਮੁੰਡਾ ਸਾਰਾ ਦਿਨ ਕੁੜੀਆਂ ਪਿੱਛੇ ਫਿਰਦਾ ਰਹਿੰਦਾ। ਕਿੱਕ ਮਾਰੀ ਕੁੜੀਆਂ ਦੇ ਕਾਲਜ ਅੱਗੇ। ਦੂਜੀ ਮਾਰੀ ਬੱਸ ਸਟੈਂਡ ਅਤੇ ਤੀਜੀ ਮਾਰੀ ਤਾਂ ਸਿਨੇਮੇ। ਡਰਦੀਆਂ ਕੁੜੀਆਂ ਮੂੰਹ ਨਹੀਂ ਸੀ ਖੋਲ੍ਹਦੀਆਂ। ਉਸ ਦਾ ਬਾਪ ਕਾਲਜ ਦੀ ਮੈਨੇਜਮੈਂਟ ਵਿੱਚ ਸੀ। ਪ੍ਰਿੰਸੀਪਲ ਸੂਰਜ ’ਤੇ ਸਖ਼ਤੀ ਨਹੀਂ ਸੀ ਕਰ ਸਕਦੀ। ਉਲਟਾ ਕੁੜੀਆਂ ਦੀ ਬਦਨਾਮੀ ਹੀ ਹੋਣੀ ਸੀ।
ਅਮੀ ਚੰਦ ਸਿਟੀ ਵਿੱਚ ਆਇਆ ਤਾਂ ਮੁੰਡਿਆਂ ਦੀ ਗੁੰਡਾਗਰਦੀ ਦਾ ਪਤਾ ਲੱਗਾ। ਇੱਕ ਵਾਰ ਮੁੰਡੇ ਇਕੱਠੇ ਕਰ ਕੇ ਉਸ ਨੇ ਸਮਝਾ ਦਿੱਤੇ। ਜਿਹੜੇ ਅਮੀ ਚੰਦ ਦੇ ਸੁਭਾਅ ਤੋਂ ਜਾਣੂ ਸਨ, ਬੰਦੇ ਬਣ ਗਏ। ਸੂਰਜ ਭਾਨ ਨੂੰ ਇਹ ਟਿੱਚਰ ਹੀ ਲੱਗੀ। ਪਹਿਲੀ ਵਾਰ ਅਮੀ ਚੰਦ ਨੇ ਉਸ ਦੇ ਮੋਟਰ- ਸਾਈਕਲ ਦੀ ਫੂਕ ਕੱਢੀ। ਦੂਜੀ ਵਾਰ ਉਸ ਨੇ ਬਜ਼ਾਰ ਵਿੱਚ ਹੀ ਬੋਕ ਵਾਂਗੂ ਢਾਹ ਲਿਆ। ਲੋਟੀਏ ਨੇ ਬਥੇਰੀਆਂ ਮਿੰਨਤਾਂ ਕੀਤੀਆਂ। ਅਮੀ ਚੰਦ ਨੇ ਮੂੰਹ ਕਾਲਾ ਕਰ ਕੇ ਜਲੂਸ ਕੱਢੇ ਬਿਨਾਂ ਨਾ ਛੱਡਿਆ।
“ਕਿਉਂ ਪੁੱਤਰਾ, ਕੀ ਹਾਲ ਹੈ?” ਸੂਰਜ ਨੂੰ ਆਪਣੇ ਪੈਰਾਂ ਵੱਲ ਝੁਕਦਾ ਦੇਖ ਕੇ ਅਮੀ ਚੰਦ ਨੇ ਬਾਹੋਂ ਫੜ ਕੇ ਖੜਾ ਕਰਦਿਆਂ ਪੁੱਛਿਆ।
ਮੂੰਹ ਕਾਲਾ ਕਰਾ ਕੇ ਸੂਰਜ ਭਾਨ ਬੰਦਾ ਬਣ ਗਿਆ ਸੀ। ਉਸੇ ਦਿਨ ਉਹ ਸ਼ਰਮ ਦਾ ਮਾਰਿਆ ਸ਼ਹਿਰ ਛੱਡ ਗਿਆ ਸੀ। ਜਿੰਨਾ ਚਿਰ ਵਧੀਆ ਵਿਉਪਾਰੀ ਨਹੀਂ ਬਣ ਗਿਆ, ਸ਼ਹਿਰ ਨਹੀਂ ਵੜਿਆ। ਅੱਜ-ਕੱਲ੍ਹ ਉਹ ਬਾਪ ਨਾਲੋਂ ਵੀ ਵੱਧ ਕਾਮਯਾਬ ਸੀ। ਇਸ ਕਾਮਯਾਬੀ ਦਾ ਸਿਹਰਾ ਉਹ ਅਮੀ ਚੰਦ ਦੇ ਸਿਰ ਬੰਨ੍ਹਦਾ ਸੀ।
ਸੂਰਜ ਭਾਨ ਨੇ ਬਹੁਤ ਜ਼ੋਰ ਲਾਇਆ, ਅਮੀ ਚੰਦ ਅੰਦਰ ਆਵੇ ਅਤੇ ਇੱਕ ਕੱਪ ਚਾਹ ਦਾ ਪੀ ਕੇ ਜਾਵੇ। ਅਮੀ ਚੰਦ ਕੋਲ ਵਕਤ ਨਹੀਂ ਸੀ। ਉਸ ਨੇ ਆਪਣੇ ਆਉਣ ਦਾ ਕਾਰਨ ਦੱਸਿਆ ਅਤੇ ਬੰਟੀ ਦੀ ਤਲਾਸ਼ ਵਿੱਚ ਸੂਰਜ ਦੀ ਮਦਦ ਮੰਗੀ। ਸੂਰਜ ਤਲਾਸ਼ੀ ਦੇਣ ਲਈ ਤਿਆਰ ਸੀ। ਅਮੀ ਚੰਦ ਨੂੰ ਪਤਾ ਸੀ ਇਸ ਕੋਠੀ ਦੀ ਤਲਾਸ਼ੀ ਦੀ ਕੋਈ ਜ਼ਰੂਰਤ ਨਹੀਂ, ਸਰਸਰੀ ਜਿਹੀ ਨਜ਼ਰ ਮਾਰ ਕੇ ਉਹ ਅਗਾਂਹ ਤੁਰ ਪਏ।
ਅਗਲੀ ਕੋਠੀ ਨਾਇਬ ਤਹਿਸੀਲਦਾਰ ਗਰੇਵਾਲ ਦੀ ਸੀ। ਰਿਸ਼ਵਤ ਲੈਣੀ ਹੋਵੇ ਤਾਂ ਢੱਗੇ ਜਿੱਡੀ ਬੜ੍ਹਕ ਮਾਰਦਾ ਹੈ। ਸ਼ਿਕਾਇਤ ਹੋ ਜਾਵੇ ਤਾਂ ਗਊ ਦਾ ਜਾਇਆ ਬਣ ਕੇ ਮੋਕ ਵੀ ਮਾਰ ਦਿੰਦਾ ਹੈ। ਜਦੋਂ ਅਮੀ ਚੰਦ ਹੌਲਦਾਰ ਸੀ ਤਾਂ ਇਹ ਪਟਵਾਰੀ ਸੀ। ਇਸ ਨੂੰ ਵਿਜੀਲੈਂਸ ਵਾਲਿਆਂ ਨੇ ਪੰਜਾਹ ਰੁਪਏ ਰਿਸ਼ਵਤ ਲੈਂਦਿਆਂ ਫੜ ਲਿਆ ਸੀ। ਥਾਣੇ ਬੈਠੇ ਨੂੰ ਉਸ ਨੂੰ ਸਾਰਾ ਦਿਨ ਗ਼ਸ਼ਾਂ ਪੈਂਦੀਆਂ ਰਹੀਆਂ। ਮਿੰਟ-ਮਿੰਟ ਬਾਅਦ ਟੱਟੀ ਕਰੀ ਜਾਵੇ। ਉਸ ਦੇ ਸਾਲਿਆਂ ਤੋਂ ਬਿਨਾਂ ਕਿਸੇ ਨੇ ਬਾਤ ਨਾ ਪੁੱਛੀ। ਪੈਸੇ ਦੇ ਕੇ ਬਰੀ ਹੋ ਗਿਆ। ਬਹਾਲ ਹੁੰਦਿਆਂ ਹੀ ਤਰੱਕੀ ਮਿਲ ਗਈ। ਇੱਕ ਹੰਭਲਾ ਹੋਰ ਮਾਰਿਆ ਅਤੇ ਨਾਇਬ ਤਹਿਸੀਲਦਾਰ ਬਣ ਗਿਆ। ਨਾਇਬ ਦੀ ਕੁਰਸੀ ’ਤੇ ਬੈਠਦਿਆਂ ਹੀ ਇਉਂ ਪੈਸੇ ਕਮਾਏ ਜਿਵੇਂ ਜਾਦੂ ਦਾ ਡੰਡਾ ਲੱਭਾ ਹੋਵੇ। ਪਿਛਲੇ ਤਜਰਬੇ ਦਾ ਪੂਰਾ ਫ਼ਾਇਦਾ ਉਠਾਇਆ। ਪਿੱਛੋਂ ਅਫ਼ਸਰਾਂ ਨਾਲ ਖ਼ੂਬ ਬਣਾ ਕੇ ਰੱਖੀ। ਹੌਲਦਾਰ ਤੋਂ ਲੈ ਕੇ ਵਿਜੀਲੈਂਸ ਦੇ ਡਿਪਟੀ ਤਕ ਨੂੰ ਮਹੀਨੇ ਵਿੱਚ ਇੱਕ-ਦੋ ਵਾਰ ਕੋਠੀ ਬੁਲਾ ਕੇ ਦਾਰੂ ਪਿਆ ਦੇਣੀ। ਕਿਸੇ ਦੀ ਹਿੰਮਤ ਨਹੀਂ ਸੀ ਪੈਂਦੀ, ਉਸ ਖ਼ਿਲਾਫ਼ ਉਂਗਲ ਵੀ ਕਰ ਜਾਵੇ। ਉਸ ਨੂੰ ਪੈਸੇ ਬਣਾਉਣ ਤਕ ਮਤਲਬ ਸੀ। ਉਸ ਨੇ ਬੰਟੀ ਜਾਂ ਉਸਦੇ ਅਗਵਾਕਾਰਾਂ ਤੋਂ ਕੀ ਲੈਣਾ ਸੀ? ਨੇਮ-ਪਲੇਟ ਪੜ੍ਹ ਕੇ ਹੀ ਅਮੀ ਚੰਦ ਅਗਾਂਹ ਤੁਰ ਗਿਆ।
ਉਸ ਤੋਂ ਅਗਲੀ ਕੋਠੀ ਫ਼ਕੀਰ ਚੰਦ ਸ਼ੁਕਲਾ ਦੀ ਸੀ। ਉਹ ਵਕੀਲ ਸੀ। ਕਚਹਿਰੀ ਵਿੱਚ ਵਕੀਲ ਸਾਇਲਾਂ ਨੂੰ ਲੱਖ ਦਲੇਰ ਰਹਿਣ ਦੀ ਸਿੱਖਿਆ ਦਿੰਦਾ ਰਹੇ, ਆਪ ਉਹ ਛੋਟੀ ਤੋਂ ਛੋਟੀ ਗ਼ਲਤੀ ਕਰਨ ਤੋਂ ਪਹਿਲਾਂ ਸੌ ਵਾਰ ਸੋਚਦਾ ਹੈ। ਪਹਿਲਾਂ ਅਮੀ ਚੰਦ ਇਸ ਕੋਠੀ ਅੱਗੋਂ ਵੀ ਲੰਘ ਜਾਣਾ ਚਾਹੁੰਦਾ ਸੀ, ਫੇਰ ਸੋਚਿਆ ਇਹ ਫ਼ੌਜਦਾਰੀ ਵਕੀਲ ਹੈ, ਕੋਈ ਵਸਾਹ ਨਹੀਂ, ਮੁਜਰਮਾਂ ਨੂੰ ਘਰ ਪਨਾਹ ਦੇਈ ਬੈਠਾ ਹੋਵੇ। ਚੋਰਾਂ, ਡਾਕੂਆਂ ਨੂੰ ਗ੍ਰਿਫ਼ਤਾਰੀ ਤੋਂ ਬਚਾਉਣ ਲਈ ਆਪਣੇ ਖੋਖਿਆਂ ਵਿੱਚ ਤਾਂ ਇਹ ਆਮ ਹੀ ਬਿਠਾ ਲੈਂਦੇ ਹਨ। ਕਈ ਵਾਰ ਆਪਣੀਆਂ ਕਾਰਾਂ ਵਿੱਚ ਬਿਠਾ ਕੇ ਇਧਰ-ਉਧਰ ਵੀ ਛੱਡ ਆਉਂਦੇ ਹਨ। ਜਿੰਨਾ ਚਿਰ ਅਗਾਊਂ ਜ਼ਮਾਨਤ ਨਾ ਹੋ ਜਾਵੇ, ਮੁਜਰਮਾਂ ਨੂੰ ਆਪਦੇ ਘਰੇ ਵੀ ਲਕੋਈ ਰੱਖਦੇ ਹਨ।
ਇਹ ਵਕੀਲ ਇਹੋ ਜਿਹੇ ਕੰਮਾਂ ਲਈ ਮਸ਼ਹੂਰ ਹੈ। ਗਵਾਹਾਂ ਨੂੰ ਮੁਕਰਾਉਣਾ, ਮਾਲ-ਮੁਕੱਦਮੇ ਵਿੱਚ ਰੱਦੋ-ਬਦਲ ਕਰਨਾ ਅਤੇ ਸਰਕਾਰੀ ਵਕੀਲ ਨੂੰ ਆਪਣੇ ਹੱਥ ਵਿੱਚ ਰੱਖਣਾ, ਇਹ ਵਕਾਲਤ ਦਾ ਇੱਕ ਅੰਗ ਸਮਝਦਾ ਹੈ। ਜੱਜਾਂ ਨੂੰ ਵੀ ਮਿਲ-ਮਿਲਾ ਲੈਂਦਾ ਹੈ।
ਇੱਕ ਵਾਰੀ ਅਮੀ ਚੰਦ ਨੂੰ ਵੀ ਮਿਲਿਆ ਸੀ। ਕਹਿੰਦਾ ਉਸ ਨੇ ਸੈਸ਼ਨ ਜੱਜ ਨੂੰ ਤਾਂ ਫੀਅਟ ਕਾਰ ਦਿਵਾ ਦਿੱਤੀ ਹੈ। ਉਸ ਨੇ ਮੁਜਰਮਾਂ ਨੂੰ ਬਰੀ ਕਰਨਾ ਹੀ ਕਰਨਾ ਹੈ। ਅਮੀ ਚੰਦ ਨੂੰ ਵੀ ਉਹ ਤੀਹ ਹਜ਼ਾਰ ਰੁਪਿਆ ਦਿਵਾ ਸਕਦਾ ਹੈ। ਜੇ ਅੱਧੋ-ਅੱਧ ਕਰ ਲਏ ਤਾਂ ਪੰਜਾਹ ਹਜ਼ਾਰ ਵੀ ਮਿਲ ਸਕਦਾ ਹੈ। ਅਮੀ ਚੰਦ ਨੇ ਭਰੀ ਕਚਹਿਰੀ ਵਿੱਚ ਉਸ ਦੀ ਖੁੰਬ ਠੱਪੀ ਸੀ। ਮੁੜ ਕੇ ਇਹ ਅਮੀ ਚੰਦ ਦੇ ਫੜੇ ਮੁਕੱਦਮਿਆਂ ਵਿੱਚ ਵਕੀਲ ਬਣਨੋਂ ਹੀ ਹਟ ਗਿਆ।
ਇਸ ਦੀ ਵਕਾਲਤ ਜ਼ੋਰਾਂ ’ਤੇ ਸੀ। ਹਰ ਕਿਸਮ ਦੇ ਮੁਜਰਮ ਇਸ ਦੇ ਸਾਇਲ ਸਨ। ਲਾਲਚ- ਵੱਸ ਇਹ ਕੁੱਝ ਵੀ ਕਰ ਸਕਦਾ ਸੀ। ਵਕੀਲ ਦੀ ਕੋਠੀ ਦੀ ਤਲਾਸ਼ੀ ਅਮੀ ਚੰਦ ਨੂੰ ਬਹੁਤ ਜ਼ਰੂਰੀ ਲੱਗੀ।
ਬੈੱਲ ਖੜਕਾਈ ਤਾਂ ਸ਼ੁਕਲਾ ਜੀ ਘਰ ਨਹੀਂ ਸਨ। ਉਹ ਕਿਸੇ ਕੇਸ ਦੇ ਸੰਬੰਧ ਵਿੱਚ ਚੰਡੀਗੜ੍ਹ ਗਏ ਹੋਏ ਸਨ। ਅਮੀ ਚੰਦ ਨੂੰ ਯਕੀਨ ਨਾ ਆਇਆ। ਇਹ ਕੋਈ ਚਾਲ ਵੀ ਹੋ ਸਕਦੀ ਹੈ। ਬਾਹਰੋਂ ਹੀ ਪੁਲਿਸ ਨੂੰ ਮੋੜਨ ਦਾ ਬਹਾਨਾ ਵੀ ਹੋ ਸਕਦੈ।
ਵਕੀਲ ਦੀ ਨੂੰਹ ਨੂੰ ਅਮੀ ਚੰਦ ਨੇ ਆਪਣੇ ਆਉਣ ਦਾ ਕਾਰਨ ਦੱਸਿਆ। ਪਹਿਲਾਂ ਉਹ ਝਿਜਕੀ। ਘਰ ਵਿੱਚ ਕੋਈ ਵੀ ਹਾਜ਼ਰ ਨਹੀਂ ਸੀ। ਕੇਵਲ ਨੌਕਰ ਸਨ। ਜਦੋਂ ਅਮੀ ਚੰਦ ਨੇ ਆਪਣੀ ਜਾਣ-ਪਹਿਚਾਣ ਕਰਾਈ ਤਾਂ ਉਹ ਮੰਨ ਗਈ।
ਨੂੰਹ ਰਾਣੀ, ਜਿਹੜੀ ਭਾਰੀ ਸਿਲਕ ਦੀ ਸਾੜ੍ਹੀ ਵਿੱਚ ਲਿਪਟੀ ਹੋਈ ਸੀ ਨੇ ਉਹਨਾਂ ਨੂੰ ਕੋਠੀ ਦੇ ਬਰਾਡੇ ਤਕ ਅਗਵਾਨੀ ਕੀਤੀ। ਉਥੋਂ ਤਕ ਪੁੱਜਣ ਲਈ ਉਹਨਾਂ ਨੂੰ ਪੰਜਾਹ ਗਜ਼ ਲੰਬਾ ਗਰਾਸੀ ਪਲਾਟ ਲੰਘਣਾ ਪਿਆ ਸੀ। ਲਾਅਨ ਵਿੱਚ ਖੇਡਣ ਲਈ ਬੈਡਮਿੰਟਨ ਦਾ ਨੈੱਟ ਲੱਗਾ ਹੋਇਆ ਸੀ।
ਸਿਪਾਹੀਆਂ ਦੀਆਂ ਨਜ਼ਰਾਂ ਸੋਹਣੀ-ਸੁਨੱਖੀ, ਪਤਲੇ ਅੰਗ ਦੀ ਨੂੰਹ ਨੂੰ ਨਿਹਾਰ ਰਹੀਆਂ ਸਨ। ਅਮੀ ਚੰਦ ਉਸ ਦੇ ਪਏ ਗਹਿਣਿਆਂ ਦੀ ਕੀਮਤ ਦਾ ਅੰਦਾਜ਼ਾ ਲਾ ਰਿਹਾ ਸੀ। ਬਹੁਤ ਨਹੀਂ ਤਾਂ ਘੱਟੋ-ਘੱਟ ਤੀਹ-ਚਾਲੀ ਹਜ਼ਾਰ ਦੇ ਤਾਂ ਹੋਣਗੇ ਹੀ। ਜਿਹੜੀ ਆਮ ਦਿਨ ਇੰਨੇ ਗਹਿਣੇ ਪਾਈ ਫਿਰਦੀ ਹੈ, ਉਹ ਵਿਆਹ-ਸ਼ਾਦੀ ਵਾਲੇ ਦਿਨ ਕਿੰਨੇ ਗਹਿਣੇ ਪਾਉਂਦੀ ਹੋਵੇਗੀ? ਇਸ ਤੋਂ ਸ਼ੁਕਲੇ ਦੀ ਬੇਅਥਾਹ ਆਮਦਨ ਦਾ ਅੰਦਾਜ਼ਾ ਵੀ ਲੱਗ ਸਕਦਾ ਸੀ।
ਵਿਦੇਸ਼ੀ ਸੈਂਟਾਂ ਦੀਆਂ ਖ਼ੁਸ਼ਬੂਆਂ ਖਿਲਾਰਦੀ ਬਹੂ ਰਾਣੀ ਉਹਨਾਂ ਨੂੰ ਬਰਾਂਡੇ ਵਿੱਚ ਖੜਾ ਕੇ ਅੰਦਰਲੇ ਦਰਵਾਜ਼ੇ ਰਾਹੀਂ ਵਕੀਲ ਸਾਹਿਬ ਦਾ ਦਫ਼ਤਰ ਖੋਲ੍ਹਣ ਚਲੀ ਗਈ। ਜਾਂਦੀ-ਜਾਂਦੀ ਉਹ ਮਿਸਜ਼ ਸ਼ੁਕਲਾ ਨੂੰ ਵੀ ਸੁਚੇਤ ਕਰ ਗਈ। ਮਿਸਜ਼ ਸ਼ੁਕਲਾ ਡਰਾਇੰਗ ਰੂਮ ਵਿੱਚ ਖਿੱਲਰੀਆਂ ਚੀਜ਼ਾਂ ਥਾਂ ਸਿਰ ਕਰਨ ਲੱਗੀ। ਪੁਲਿਸ ਨੂੰ ਘਰ ਆਈ ਦੇਖ ਕੇ ਉਸ ਨੂੰ ਕੋਈ ਹੈਰਾਨੀ ਨਹੀਂ ਸੀ ਹੋਈ। ਸ਼ੁਕਲਾ ਪੁਲਿਸ ਦਾ ਹਮਾਇਤੀ ਵਕੀਲ ਸਮਝਿਆ ਜਾਂਦਾ ਸੀ। ਮੁਕੱਦਮਿਆਂ ਦੇ ਸੰਬੰਧ ਵਿੱਚ ਪੁਲਿਸ ਉਹਨਾਂ ਦੀ ਕੋਠੀ ਆਮ ਆਉਂਦੀ ਜਾਂਦੀ ਸੀ।
ਅਮੀ ਚੰਦ ਨੂੰ ਦਫ਼ਤਰ ਵਿੱਚ ਕੋਈ ਦਿਲਚਸਪੀ ਨਹੀਂ ਸੀ। ਨਾ ਡਰਾਇੰਗ ਰੂਮ ਵਿੱਚ। ਉਹ ਸਰਵੈਂਟ ਕੁਆਰਟਰ ਅਤੇ ਸਾਇਲਾਂ ਲਈ ਬਣਾਏ ਵਾਧੂ-ਘਾਟੂ ਕਮਰੇ ਦੇਖਣਾ ਚਾਹੁੰਦਾ ਸੀ।
ਕਿਤਾਬਾਂ ਅਤੇ ਲਿਫ਼ਾਫ਼ਿਆਂ ਨਾਲ ਭਰੇ ਦਫ਼ਤਰ ਵਿੱਚ ਅਮੀ ਚੰਦ ਨੇ ਸਰਸਰੀ ਜਿਹੀ ਨਿਗਾਹ ਮਾਰੀ। ਪਤਾ ਨਹੀਂ ਕਿੰਨੇ ਕੁ ਸਾਇਲਾਂ ਦੀ ਕਿਸਮਤ ਸ਼ੁਕਲਾ ਜੀ ਨੇ ਇਹਨਾਂ ਲਿਫ਼ਾਫ਼ਿਆਂ ਵਿੱਚ ਬੰਦ ਕਰ ਰੱਖੀ ਸੀ।
ਦਫ਼ਤਰੋਂ ਉਹਨਾਂ ਨੂੰ ਡਰਾਇੰਗ ਰੂਮ ਲਿਜਾਇਆ ਗਿਆ। ਮਹਿੰਗੇ ਸੋਫ਼ੇ ਉਹਨਾਂ ਨੂੰ ਉਡੀਕ ਰਹੇ ਸਨ। ਨੌਕਰ ਮਿੰਟਾਂ ਵਿੱਚ ਹੀ ਜੂਸ ਦੀਆਂ ਬੋਤਲਾਂ ਅਤੇ ਡਰਾਈ-ਫਰੂਟ ਵਾਲੀਆਂ ਪਲੇਟਾਂ ਮੇਜ਼ ’ਤੇ ਸਜਾ ਗਿਆ। ਅਮੀ ਚੰਦ ਇਥੇ ਵੀ ਨਾ ਬੈਠਾ। ਕਮਰੇ ਵਿੱਚ ਸਜਾਵਟੀ ਤਸਵੀਰਾਂ ਸਨ, ਬੁੱਤ ਸਨ, ਪੇਟਿੰਗਜ਼ ਸਨ ਅਤੇ ਹੋਰ ਸਜਾਵਟੀ ਸਮਾਨ। ਜੋ ਅਮੀ ਚੰਦ ਨੂੰ ਚਾਹੀਦਾ ਸੀ, ਉਹ ਇਥੇ ਨਹੀਂ ਸੀ।
ਕਿਸੇ ਪਾਸਿਉਂ ਰੌਲੇ-ਰੱਪੇ ਦੀ ਆਵਾਜ਼ ਆਈ ਤਾਂ ਅਮੀ ਚੰਦ ਦੇ ਕੰਨ ਖੜੇ ਹੋ ਗਏ। ਲੱਗਾ ਜਿਵੇਂ ਕੋਈ ਬੱਚਾ ਚਿੱਲਾ ਰਿਹਾ ਹੈ।
“ਇਹ ਕੀ ਹੋ ਰਿਹੈ?” ਅਮੀ ਚੰਦ ਨੇ ਦਿਮਾਗ਼ ਦਾ ਤਵਾਜ਼ਨ ਤਾਂ ਨਹੀਂ ਸੀ ਗਵਾਇਆ ਪਰ ਹੱਥ ਰਿਵਾਲਵਰ ’ਤੇ ਜ਼ਰੂਰ ਪਹੁੰਚ ਗਿਆ ਸੀ। ਅੱਖ ਦੇ ਇਸ਼ਾਰੇ ਨਾਲ ਉਸ ਨੇ ਸਿਪਾਹੀਆਂ ਨੂੰ ਸਾਵਧਾਨ ਕੀਤਾ।
“ਇਹ ਕੁੱਝ ਨਹੀਂ। ਬੱਚੇ ਵੀ.ਸੀ.ਆਰ.ਲਾਈ ਬੈਠੇ ਹਨ। ਕਰਫ਼ਿਊ ਕਰਕੇ ਟਿਊਸ਼ਨ ਵਾਲੀ ਮੈਡਮ ਨਹੀਂ ਆ ਸਕੀ। ਬੱਚੇ ਸ਼ਰਾਰਤਾਂ ਕਰ ਰਹੇ ਸਨ। ਸੋਚਿਆ ਟਿਕ ਕੇ ਬੈਠੇ ਰਹਿਣਗੇ।
ਹਾਲ ’ਚ ਪ੍ਰਵੇਸ਼ ਕਰਦੀ ਮਿਸਜ਼ ਸ਼ੁਕਲਾ ਨੇ ਸਪਸ਼ਟੀਕਰਨ ਦਿੱਤਾ।
ਹਾਲ ’ਚ ਵਾਪਸ ਮੁੜਦੀ ਪੁਲਿਸ ਪਾਰਟੀ ਨੂੰ ਅੱਠਾਂ ਕੁ ਸਾਲਾਂ ਦੀ ਮਧੂ ਨੇ ਘੇਰ ਲਿਆ।
“ਅੰਕਲ ਕਰਫ਼ਿਊ ਕਈ ਦਿਨ ਲਗਾਈ ਰੱਖਣਾ। ਹਮ ਨੇ ਢੇਰ ਸਾਰੀ ਫ਼ਿਲਮੇਂ ਦੇਖਣੀ ਹੈਂ।” ਮਧੂ ਲਈ ਕਰਫ਼ਿਊ ਵਰਦਾਨ ਸੀ। ਇਸ ਨੂੰ ਲੰਬਾ ਕਰਨ ਲਈ ਉਹ ਅਮੀ ਚੰਦ ਕੋਲ ਸਿਫ਼ਾਰਸ਼ ਕਰ ਰਹੀ ਸੀ।
“ਤੁਮ ਬੰਟੀ ਕੋ ਜਾਨਤੇ ਹੋ? ਉਸੇ ਕਹੀਂ ਦੇਖਾ ਹੈ?” ਮਧੂ ਵਿਚੋਂ ਅਮੀ ਚੰਦ ਨੂੰ ਵਧੀਆ ਮੁਖ਼ਬਰ ਦਿਖਾਈ ਦਿੱਤਾ। ਗੋਦੀ ਚੁੱਕ ਕੇ ਉਸ ਨੇ ਪ੍ਰਸ਼ਨਾਂ ਦੀ ਬੁਛਾੜ ਕਰ ਦਿੱਤੀ।
“ਜਾਨਤੀ ਹੂੰ ਅੰਕਲ, ਪਰ ਕਹੀਂ ਦੇਖਾ ਨਹੀਂ। ਉਸ ਕੋ ਜਲਦੀ ਢੂੰਡੋ। ਉਸ ਦੀ ਮੰਮੀ ਰੋਤੀ ਹੋਗੀ। ਵੋਹ ਭੀ ਰੋਤਾ ਹੋਗਾ।” ਬੰਟੀ ਦੀ ਗੱਲ ਸੁਣ ਕੇ ਮਧੂ ਦੇ ਨਾਲ-ਨਾਲ ਉਸ ਤੋਂ ਵੱਡੀ ਅਣੂ ਨੇ ਵੀ ਅੱਖਾਂ ਭਰ ਲਈਆਂ।
ਬੱਚਿਆਂ ਦੀ ਪੁੱਛ-ਪੜਤਾਲ ਤੋਂ ਅਮੀ ਚੰਦ ਦਾ ਘਰ ਪੂਰਾ ਹੋ ਗਿਆ। ਹੋਰ ਕਿਸੇ ਕਮਰੇ ਦੀ ਛਾਣ-ਬੀਣ ਦੀ ਕੋਈ ਜ਼ਰੂਰਤ ਨਹੀਂ ਸੀ।
ਅਗਲੀ ਕੋਠੀ ਬੀ.ਐਡ ਆਰ.ਦੇ ਓਵਰਸੀਅਰ ਜੱਸਲ ਦੀ ਸੀ। ਉਸ ਨੇ ਵੀ ਲੋਹਾ ਅਤੇ ਸੀਮਿੰਟ ਥੋਕ ਦੇ ਭਾਅ ਹਜ਼ਮ ਕੀਤਾ ਸੀ। ਸਰਕਾਰੀ ਮਾਲ ਸਰਕਾਰੀ ਇਮਾਰਤਾਂ ’ਤੇ ਘੱਟ, ਉਸ ਦੀ ਕੋਠੀ ਵਿੱਚ ਸੰਗਮਰਮਰ ਅਤੇ ਪੱਥਰ ਇਉਂ ਲੱਗਿਆ ਸੀ ਜਿਵੇਂ ਠੁੱਲੀਵਾਲ ਵਾਲਾ ਸੇਠ ਹੋਵੇ। ਪੋਤੜੇ ਫਰੋਲੇ ਜਾਣ ਤਾਂ ਪਤਾ ਲੱਗੇਗਾ ਕਿ ਓਵਰਸੀਅਰ ਦਾ ਬਾਪ ਪੁਲਿਸ ਦੀ ਵਰਦੀ ਸਿਉਂ ਕੇ ਗੁਜ਼ਾਰਾ ਕਰਦਾ ਸੀ। ਰਾਮਗੜ੍ਹੀਆਂ ਦੀ ਦੁਕਾਨ ਅੱਗੇ ਅੱਡਾ ਲਾਉਂਦਾ ਸੀ। ਓਵਰਸੀਅਰ ਨੂੰ ਦਾਰੂ ਪੀਣ ਤੋਂ ਵਿਹਲ ਨਹੀਂ ਹੋਣੀ। ਸ਼ਰਾਬੀ ਨਾਲ ਮੱਥਾ ਲਾਉਣ ਦੀ ਅਮੀ ਚੰਦ ਕੋਲ ਵਿਹਲ ਨਹੀਂ।
ਅਮੀ ਚੰਦ ਦੀ ਲਾਲਾ ਛੱਜੂ ਰਾਮ ਦੇ ਮਹਿਲ ਵਿੱਚ ਝਾਤੀ ਮਾਰਨ ਦੀ ਤਮੰਨਾਂ ਸੀ। ਬੰਟੀ ਲਈ ਨਹੀਂ, ਸਗੋਂ ਉਸ ਮੈਖ਼ਾਨੇ ਨੂੰ ਦੇਖਣ ਲਈ ਜਿਸ ਲਈ ਇਹ ਕੋਠੀ ਮਸ਼ਹੂਰ ਸੀ। ਦੱਸਣ ਵਾਲੇ ਦੱਸਦੇ ਸਨ ਕਿ ਕੋਠੀ ਦੀ ਲਾਬੀ ਵਿੱਚ ਇੱਕ ਖੂੰਜੇ ਵਿੱਚ ਆਲੀਸ਼ਾਨ ਬਾਰ ਬਣੀ ਹੋਈ ਸੀ। ਦੇਸੀ ਵਿਦੇਸ਼ੀ ਹਰ ਤਰ੍ਹਾਂ ਦੀ ਵਿਸਕੀ ਸੱਜੀ ਰਹਿੰਦੀ ਸੀ। ਸ਼ਾਮ ਨੂੰ ਫ਼ਿਲਮੀ ਅੰਦਾਜ਼ ਵਿੱਚ ਇੱਕ ਰਿਸੈਪਸ਼ਨਿਸਟ ਗਲਾਸ ਸਰਵ ਕਰਦੀ ਸੀ। ਹਫ਼ਤੇ ਵਿੱਚ ਘੱਟੋ-ਘੱਟ ਦੋ ਵਾਰ ਕਿੱਟੀ ਪਾਰਟੀ ਜ਼ਰੂਰ ਹੁੰਦੀ ਹੈ। ਡਾਂਸ ਹੁੰਦਾ ਅਤੇ ਮੌਜ-ਮੇਲਾ ਵੀ। ਜਿੰਨੀ ਦੇਰ ਅਮੀ ਚੰਦ ਸ਼ਹਿਰ ਵਿੱਚ ਲੱਗਾ ਹੋਵੇ, ਉੱਨੀ ਦੇਰ ਇਹ ਬਾਰ ਬੰਦ ਰਹਿੰਦੀ ਹੈ। ਵਿਸਕੀ ਦੀ ਥਾਂ ਜੂਸ ਸਰਵ ਹੁੰਦਾ ਹੈ।
ਸਭ ਨੂੰ ਪਤਾ ਹੈ, ਅਮੀ ਚੰਦ ਸ਼ਰਾਬ ਨੂੰ ਸਖ਼ਤ ਨਫ਼ਰਤ ਕਰਦਾ ਹੈ। ਕਿਸੇ ਸ਼ਰਾਬੀ ਦੀ ਕੀ ਮਜਾਲ ਹੈ ਕਿ ਉਹ ਸ਼ਰਾਬ ਪੀ ਕੇ ਬਜ਼ਾਰ ਵਿੱਚ ਗੇੜਾ ਦੇ ਦੇਵੇ ਜਾਂ ਫੇਰ ਲਲਕਾਰਾ ਮਾਰ ਜਾਵੇ। ਠੇਕੇਦਾਰਾਂ ਦੀ ਹਿੰਮਤ ਨਹੀਂ ਪੈਂਦੀ ਕਿ ਪੀਣ ਵਾਲੇ ਨੂੰ ਗਲਾਸ ਜਾਂ ਪਾਣੀ ਦੇ ਦੇਣ। ਨਹੀਂ ਤਾਂ ਠੇਕੇਦਾਰ ਠੇਕੇ ਨੂੰ ਅਹਾਤਾ ਹੀ ਬਣਾ ਲੈਂਦੇ ਹਨ। ਇੱਕ ਨੁੱਕਰ ਵਿੱਚ ਪਾਣੀ ਵਾਲਾ ਘੜਾ ਅਤੇ ਗਲਾਸ ਰੱਖ ਦਿੰਦੇ ਹਨ। ਹੋਰ ਨਹੀਂ ਤਾਂ ਸੁਬ੍ਹਾ ਤਕ ਚਾਲੀ-ਪੰਜਾਹ ਖ਼ਾਲੀ ਬੋਤਲਾਂ ਹੀ ਇਕੱਠੀਆਂ ਹੋ ਜਾਣਗੀਆਂ। ਵੀਹ-ਤੀਹ ਰੁਪਏ ਵੀ ਵੱਟੇ ਗਏ ਤਾਂ ਨੌਕਰ ਦਾ ਖ਼ਰਚ ਨਿਕਲ ਜਾਏਗਾ। ਅਮੀ ਚੰਦ ਦੇ ਸ਼ਹਿਰ ਵਿੱਚ ਤਾਇਨਾਤ ਹੋਣ ਦੀ ਖ਼ਬਰ ਦੇ ਨਾਲ ਹੀ ਉਹ ਘੜੇ ਤੋੜ ਦਿੰਦੇ ਹਨ। ਦਹੀਂ- ਭੱਲੇ, ਪਕੌੜੇ ਅਤੇ ਮੱਛੀ ਦੀ ਰੇਹੜੀ ਲਾਉਣ ਵਾਲੇ ਵੀ ਜੱਗ-ਗਲਾਸ ਨੂੰ ਮੱਥਾ ਟੇਕ ਦਿੰਦੇ ਹਨ। ਦਸ-ਪੰਜ ਰੁਪਏ ਦਾ ਨੁਕਸਾਨ ਹੁੰਦਾ ਹੈ ਤਾ ਬੇਸ਼ੱਕ ਹੋ ਜਾਵੇ ਪਰ ਕਿਸੇ ਸ਼ਰਾਬੀ ਨੂੰ ਰੇਹੜੀ ’ਤੇ ਨਹੀਂ ਖੜਨ ਦਿੰਦੇ। ਸ਼ਰਾਬੀਆਂ ਨੂੰ ਅਮੀ ਚੰਦ ਚੌਕ ਵਿੱਚ ਹੀ ਨੰਗੇ ਕਰ-ਕਰ ਕੁੱਟਦਾ ਸੀ। ਧੀਆਂ- ਭੈਣਾਂ ਬੁਲਾ ਕੇ ਉਹਨਾਂ ਸਾਹਮਣੇ ਬੇਇਜ਼ਤੀ ਕਰਦਾ ਸੀ। ਇਸੇ ਲਈ ਛੱਜੂ ਮੱਲ ਦੀ ਬਾਰ ਵੀ ਬੰਦ ਹੋ ਜਾਂਦੀ ਸੀ।
ਅਮੀ ਚੰਦ ਨੂੰ ਕੋਠੀ ਵੱਲ ਆਉਂਦਾ ਦੇਖ ਕੇ ਗੇਟ ’ਤੇ ਖੜਾ ਚੌਂਕੀਦਾਰ ਅੰਦਰ ਵੱਲ ਦੌੜ ਗਿਆ।
ਬੈੱਲ ਖੜਕਾਈ ਤਾਂ ਪਿੱਛੇ ਨੂੰ ਮੁੜ ਪਿਆ। ਉਹਦੇ ਚਿਹਰੇ ’ਤੇ ਫ਼ਿਕਰ ਦੇ ਨਿਸ਼ਾਨ ਸਨ। ਉਸ ਦਾ ਦਮ ਚੜ੍ਹ ਗਿਆ ਸੀ।
“ਆਈਏ ਸਾਹਿਬ … ਆਈਏ ਸਾਹਿਬ …” ਆਖਦਾ ਚੌਕੀਦਾਰ ਉਸ ਨੂੰ ਡਰਾਇੰਗ ਰੂਮ ਵੱਲ ਆਉਣ ਦਾ ਇਸ਼ਾਰਾ ਕਰਨ ਲੱਗਾ।
“ਲਾਲਾ ਜੀ ਕਿਥੇ ਨੇ? ਉਹਨਾਂ ਨੂੰ ਬੁਲਾ। ਮੈਂ ਕੋਠੀ ਦੀ ਤਲਾਸ਼ੀ ਲੈਣੀ ਹੈ।” ਅਮੀ ਚੰਦ ਗਰਜਿਆ ਤਾਂ ਚੌਕੀਦਾਰ ਦੀਆਂ ਲੱਤਾਂ ਕੰਬਣ ਲੱਗੀਆਂ। ਉਹ ਅੰਦਰ ਜਾਵੇ ਜਾਂ ਨਾ, ਚੌਕੀਦਾਰ ਦੁਚਿੱਤੀ ਵਿੱਚ ਸੀ।
ਸੇਠ ਨੂੰ ਉਡੀਕਦਾ ਅਮੀ ਚੰਦ ਉਹਨਾਂ ਦਿਨਾਂ ਨੂੰ ਯਾਦ ਕਰਨ ਲੱਗਾ ਜਦੋਂ ਸੇਠ ਦਾ ਦੀਵਾਲਾ ਨਿਕਲਣ ਵਾਲਾ ਹੋ ਗਿਆ ਸੀ। ਉੇਸ ਸਮੇਂ ਇਹ ਕਪਾਹ ਦਾ ਕਾਰਖ਼ਾਨਾ ਚਲਾਉਂਦਾ ਸੀ। ਕਪਾਹ ਦੇ ਵੱਡੇ-ਵੱਡੇ ਭੰਡਾਰ ਖ਼ਰੀਦ ਲਏ। ਆਸ ਹੋਏਗੀ ਕਿ ਪਿਛਲੇ ਸਾਲ ਵਾਂਗ ਕਪਾਹ ਦੇ ਭਾਅ ਵਧਣਗੇ। ਮਾੜੀ ਕਿਸਮਤ ਨੂੰ ਭਾਅ ਹੇਠਾਂ ਹੀ ਹੇਠਾਂ ਜਾਂਦੇ ਰਹੇ। ਛੱਜੂ ਮੱਲ ਕੋਈ ਹੀਲਾ ਨਾ ਕਰਦਾ ਤਾਂ ਧੀਆਂ ਪੁੱਤ ਵੇਚ ਕੇ ਵੀ ਕਰਜ਼ ਨਹੀਂ ਸੀ ਲਹਿਣਾ।
ਯਾਰਾਂ ਦੋਸਤਾਂ ਵਿੱਚ ਬੈਠ ਕੇ ਰਾਏ-ਮਸ਼ਵਰਾ ਕੀਤਾ। ਇੱਕ ਦਾ ਸੁਝਾਅ ਸੀ ਕਿ ਕਾਰਖ਼ਾਨੇ ਦਾ ਪੰਜਾਹ ਲੱਖ ਦਾ ਬੀਮਾ ਕਰਾਇਆ ਜਾਵੇ। ਫੇਰ ਅੱਗ ਲਾ ਕੇ ਬੀਮੇ ਵਾਲਿਆਂ ਤੋਂ ਕਲੇਮ ਲਿਆ ਜਾਵੇ। ਕਰਜ਼ਾ ਲਾਹੁਣ ਦਾ ਇਹੋ ਇਕੋ-ਇੱਕ ਰਾਹ ਸੀ।
ਅਮੀ ਚੰਦ ਉਸ ਸਮੇਂ ਇਥੇ ਸਿਟੀ ਇੰਚਾਰਜ ਸੀ। ਰਾਤ ਦੇ ਦੋ ਵਜੇ ਸਾਰਾ ਸ਼ਹਿਰ ਜਗਮਗਾ ਉੱਠਿਆ। ਸ਼ਹਿਰ ਵਿੱਚ ਚੜ੍ਹਦੇ ਪਾਸੇ ਅਗਨੀ ਆਪਣਾ ਭਿਆਨਕ ਰੂਪ ਧਾਰਦੀ ਜਾ ਰਹੀ ਸੀ। ਘਬਰਾਏ ਅਮੀ ਚੰਦ ਨੇ ਐਸ.ਡੀ.ਐਮ.ਅਤੇ ਫ਼ਾਇਰ ਬ੍ਰਿਗੇਡ ਨਾਲ ਸੰਪਰਕ ਕੀਤਾ ਤਾਂ ਸਭ ਦੇ ਫ਼ੋਨ ਡੈੱਡ ਸਨ। ਪੁਲਿਸ ਨੂੰ ਵੀ ਕਿਸੇ ਨੇ ਅੱਗ ਲੱਗਣ ਦੀ ਇਤਲਾਹ ਨਹੀਂ ਸੀ ਦਿੱਤੀ। ਅਮੀ ਚੰਦ ਮੌਕੇ ’ਤੇ ਪੁੱਜਾ ਤਾਂ ਪਤਾ ਲੱਗਾ, ਲਾਲੇ ਦਾ ਕਾਰਖ਼ਾਨਾ ਜਲ ਰਿਹਾ ਸੀ। ਦੋ-ਚਾਰ ਮਜ਼ਦੂਰ ਬਾਲਟੀਆਂ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਗੁਆਂਢੀ ਜ਼ਰੂਰ ਲਟੋ ਪੀਂਘ ਹੋ ਰਹੇ ਸਨ। ਅੱਗ ਉਹਨਾਂ ਦੇ ਘਰਾਂ ਤਕ ਪਹੁੰਚ ਸਕਦੀ ਸੀ।
ਅਮੀ ਚੰਦ ਫ਼ਾਇਰ ਬ੍ਰਿਗੇਡ ਵੱਲ ਭੱਜਾ। ਉਹ ਪਹਿਲਾਂ ਹੀ ਖ਼ਰਾਬ ਸੀ। ਜਦੋਂ ਤਕ ਅੱਗ ’ਤੇ ਕਾਬੂ ਪਾਇਆ ਗਿਆ, ਸਾਰਾ ਕੁੱਝ ਸੁਆਹ ਹੋ ਚੁੱਕਾ ਸੀ।
ਸੁਬ੍ਹਾ ਲਾਲਾ ਜੀ ਰਿਪੋਰਟ ਦਰਜ ਕਰਾਉਣ ਆਏ। ਚਾਲੀ ਲੱਖ ਦੇ ਨੁਕਸਾਨ ਵਾਲੀ ਗੱਲ ਅਮੀ ਚੰਦ ਨੂੰ ਜਚੀ ਨਹੀਂ। ਉਹ ਸਾਰੀ ਰਾਤ ਉਥੇ ਹੀ ਰਿਹਾ ਸੀ। ਕਪਾਹ ਤਾਂ ਚਾਲੀ ਹਜ਼ਾਰ ਦੀ ਵੀ ਨਹੀਂ ਜਲੀ ਹੋਣੀ। ਅਮੀ ਚੰਦ ਨੇ ਰਿਪੋਰਟ ਦਰਜ ਕਰਨੋਂ ਨਾਂਹ ਕਰ ਦਿੱਤੀ।
ਅਮੀ ਚੰਦ ਨੇ ਨਾਂਹ ਕੀਤੀ ਤਾਂ ਲਾਲੇ ਨੂੰ ਕੰਬਣੀ ਛਿੜ ਗਈ। ਉਸ ਨੇ ਐਸ.ਡੀ.ਐਮ.ਤੋਂ ਫ਼ੋਨ ਕਰਾਇਆ। ਖ਼ਾਲੀ ਚੈੱਕ ਭੇਜਿਆ। ਜਿੰਨੇ ਮਰਜ਼ੀ ਪੈਸੇ ਭਰ ਲਏ।
ਅਮੀ ਚੰਦ ਨੇ ਲਾਲੇ ਦੇ ਖ਼ਿਲਾਫ਼ ਕੇਸ ਦਰਜ ਕਰਨ ਦੀ ਧਮਕੀ ਦਿੱਤੀ। ਅੱਗਜ਼ਨੀ ਅਤੇ ਝੂਠੇ ਕਲੇਮ ਦਾ ਕੇਸ ਲਾਲੇ ਖ਼ਿਲਾਫ਼ ਬਣਦਾ ਸੀ।
ਇਸ ਤੋਂ ਪਹਿਲਾਂ ਕਿ ਅਮੀ ਚੰਦ ਕੋਈ ਕਾਰਵਾਈ ਕਰਦਾ, ਉਸ ਦੀ ਬਦਲੀ ਦੇ ਆਰਡਰ ਟੀ.ਪੀ.ਐਮ.ਰਾਹੀਂ ਉਸ ਨੂੰ ਨੋਟ ਕਰਾਏ ਗਏ। ਨਾਲ ਹੀ ਘੰਟੇ ਦੇ ਅੰਦਰ-ਅੰਦਰ ਚਾਰਜ ਦੇ ਕੇ ਲਾਈਨ ਹਾਜ਼ਰ ਹੋਣ ਦਾ ਹੁਕਮ ਵੀ ਸੀ। ਅਮੀ ਚੰਦ ਦਾ ਕੀ ਸੀ? ਬੋਰੀਆ ਬਿਸਤਰ ਗੋਲ ਰੱਖਦਾ ਸੀ। ਚੁੱਕਿਆ ਅਤੇ ਲਾਈਨ ਹਾਜ਼ਰ ਹੋ ਗਿਆ।
ਉਸ ਦੀ ਗ਼ੈਰ-ਹਾਜ਼ਰੀ ਵਿੱਚ ਛੱਜੂ ਮੱਲ ਨੇ ਪੂਰੇ ਤੀਹ ਲੱਖ ਦਾ ਕਲੇਮ ਲਿਆ। ਉਸ ਸਮੇਂ ਦੇ ਲੱਗੇ ਪੈਰ ਮਜ਼ਬੂਤ ਹੁੰਦੇ ਜਾ ਰਹੇ ਹਨ।
ਕਈ ਸਾਲਾਂ ਬਾਅਦ ਉਹ ਉਸੇ ਛੱਜੂ ਮੱਲ ਦੇ ਦਰਸ਼ਨ ਕਰਨਾ ਚਾਹੁੰਦਾ ਸੀ।
ਛੱਜੂ ਮੱਲ ਮੱਥੇ ਲੱਗਣੋਂ ਡਰ ਰਿਹਾ ਸੀ। ਇੱਕ ਤਾਂ ਉਸ ਨੇ ਪੀ ਰੱਖੀ ਸੀ, ਦੂਜੇ ਅਮੀ ਚੰਦ ਦੀ ਬਦਲੀ ਕਰਾਉਣ ਕਰਕੇ ਉਹ ਨਮੋਸ਼ੀ ਮੰਨ ਰਿਹਾ ਸੀ। ਉਸ ਨੇ ਇਕੱਲੇ ਨੇ ਹੀ ਨਹੀਂ ਸੀ ਪੀਤੀ, ਸਗੋਂ ਸਾਰੇ ਗੁਆਂਢੀ ਬੁਲਾ ਲਏ ਸਨ। ਕਰਫ਼ਿਊ ਕਰਕੇ ਸਭ ਵਿਹਲੇ ਹੋ ਗਏ ਸਨ। ਉਸ ਨੇ ਸੋਚਿਆ ਵਧੀਆ ਸਮਾਂ ਲੰਘ ਜਾਏਗਾ। ਨਾਲੇ ਗੱਪ-ਸ਼ੱਪ ਕਰਨਗੇ ਨਾਲੇ ਹਵਾ ਪਿਆਜ਼ੀ ਹੋਣਗੇ। ਵਿਉਪਾਰ ਵਿੱਚ ਅਜਿਹੇ ਵਿਹਲੇ ਦਿਨ ਕਦੇ-ਕਦੇ ਹੀ ਮਿਲਦੇ ਹਨ। ਨਹੀਂ ਤਾਂ ਸਾਰਾ ਦਿਨ ਵਹੀ-ਖਾਤਿਆਂ ਨਾਲ ਮੱਥਾ ਮਾਰਦੇ ਰਹੋ। ਕੀ ਪਤਾ ਸੀ ਪੁਰਾਣੇ ਦੁਸ਼ਮਣ ਨੇ ਇਸੇ ਵਕਤ ਡੰਗ ਮਾਰਨਾ ਸੀ।
ਛੱਜੂ ਮੱਲ ਨੇ ਦੋਸਤਾਂ ਦੇ ਪੈਰ ਫੜੇ। ਉਹੋ ਅਮੀ ਚੰਦ ਦੀ ਮਿੰਨਤ ਕਰਨ। ਦੋਸਤ ਪਹਿਲਾਂ ਹੀ ਡੌਰ-ਭੌਰ ਹੋਏ ਬੈਠੇ ਸਨ। ਸਭ ਨੂੰ ਇੱਜ਼ਤ ਪਿਆਰੀ ਸੀ। ਸਭ ਦੜ ਵੱਟ ਕੇ ਬੈਠ ਗਏ। ਜੋ ਹੋਏਗਾ ਦੇਖੀ ਜਾਏਗੀ।
ਚੌਕੀਦਾਰ ਰਾਹੀਂ ਉਸ ਨੇ ਔਰਤਾਂ ਨੂੰ ਸੁਨੇਹਾ ਭੇਜਿਆ। ਉਹੋ ਅੱਗੇ ਹੋ ਕੇ ਤਲਾਸ਼ੀ ਕਰਵਾ ਦੇਣ। ਛੱਜੂ ਮੱਲ ਨੂੰ ਅਮੀ ਚੰਦ ਦੇ ਸਾਹਮਣੇ ਜਾਣਾ ਪਿਆ ਤਾਂ ਮੁੜ ਉਹ ਧੀਆਂ-ਭੈਣਾਂ ਅੱਗੇ ਖੜੋਨ ਜੋਗਾ ਨਹੀਂ ਰਹਿਣਾ। ਉਹ ਕਿਸੇ ਭੜੂਏ ਦੀ ਪਰਵਾਹ ਨਹੀਂ ਸੀ ਕਰਦਾ। ਇੱਕ ਵਾਰ ਐਮ.ਐਲ.ਏ.ਨੇ ਕਿਸੇ ਚੋਰ ਦੀ ਸਿਫ਼ਾਰਸ਼ ਕੀਤੀ ਤਾਂ ਉਸ ਨੂੰ ਪੈ ਨਿਕਲਿਆ। ਐਮ.ਐਲ.ਏ.ਉਸ ਨੂੰ ਕੋਠੀ ਬੁਲਾਉਣ ਦੀ ਗ਼ਲਤੀ ਕਰ ਬੈਠਾ ਸੀ। ਅਮੀ ਚੰਦ ਆਖਣ ਲੱਗਾ।
“ਜੇ ਮੈਨੂੰ ਕੋਠੀ ਕੰਮ ਹੋਇਆ, ਮੈਂ ਆ ਜਾਵਾਂਗਾ। ਜੇ ਤੈਨੂੰ ਕੰਮ ਹੈ ਤੂੰ ਆ ਜਾ। ਐਮ.ਐਲ.ਏ.ਹੋ ਕੇ ਚੋਰਾਂ ਦੀ ਮਦਦ ਕਰਦੇ ਨੂੰ ਸ਼ਰਮ ਨਹੀਂ ਆਉਂਦੀ?” ਉਸ ਨੇ ਰੋਜ਼ਨਾਮਚੇ ਵਿੱਚ ਰਿਪੋਰਟ ਵੀ ਦਰਜ ਕਰ ਦਿੱਤੀ। ਐਮ.ਐਲ.ਏ.ਨੇ ਮੁੜ ਕੇ ਥਾਣੇ ਵੱਲ ਮੂੰਹ ਨਾ ਕੀਤਾ। ਲਾਲਾ ਕਿਸ ਦਾ ਵਿਚਾਰਾ ਸੀ।
ਅਮੀ ਚੰਦ ਸ਼ਰਾਬੀਆਂ ਦੀ ਪੜਤਾਲ ਕਰਨ ਨਹੀਂ ਸੀ ਆਇਆ। ਉਸ ਦਾ ਇਕੋ-ਇੱਕ ਮਕਸਦ ਬੰਟੀ ਸੀ। ਉਹ ਨਹੀਂ ਸੀ ਤਾਂ ਅਮੀ ਚੰਦ ਦਾ ਕੋਠੀ ’ਚ ਰੁਕੇ ਰਹਿਣ ਦਾ ਵੀ ਮਤਲਬ ਨਹੀਂ ਸੀ।
ਕਬੂਤਰ ਆਖ਼ਰ ਕਿੰਨਾ ਕੁ ਚਿਰ ਅੱਖਾਂ ਮੀਚ ਕੇ ਬਿੱਲੀ ਤੋਂ ਬਚ ਸਕਦਾ ਹੈ। ਛੱਜੂ ਮੱਲ ਨੂੰ ਬਾਹਰ ਆਉਣਾ ਹੀ ਪਿਆ।
“ਬੰਟੀ ਦਾ ਕੋਈ ਥਹੁ ਪਤਾ? ਕਿਤੇ ਉਸ ਦਾ ਵੀ ਬੀਮਾ ਤਾਂ ਨਹੀਂ ਕਰਾ ਦਿੱਤਾ?” ਛੱਜੂ ਮੱਲ ਨੂੰ ਚਿੜਾਉਣ ਲਈ ਅਮੀ ਚੰਦ ਨੇ ਉਸ ਦੇ ਮੂੰਹ ਨੂੰ ਸੁੰਘਦਿਆਂ ਵਿਅੰਗ ਕੀਤਾ।
ਛੱਜੂ ਮੱਲ ਦੀਆਂ ਅੱਖਾਂ ਛਲਕ ਪਈਆਂ। ਉਸ ਦੀ ਗੋਗੜ ਇੰਨੀ ਵਧ ਗਈ ਸੀ ਕਿ ਯਤਨ ਕਰਨ ’ਤੇ ਵੀ ਉਹ ਅਮੀ ਚੰਦ ਦੇ ਗੋਡਿਆਂ ਵੱਲ ਨਾ ਝੁਕ ਸਕਿਆ।
ਅਮੀ ਚੰਦ ਨੇ ਗਹੁ ਨਾਲ ਤੱਕਿਆ। ਉਸ ਦੀ ਗੋਗੜ ਪਹਿਲਾਂ ਨਾਲੋਂ ਚਾਰ-ਪੰਜ ਇੰਚ ਹੋਰ ਬਾਹਰ ਨੂੰ ਆ ਗਈ ਸੀ। ਗਰਦਨ ਦੁਆਲੇ ਵੀ ਚਰਬੀ ਚੜ੍ਹ ਗਈ ਅਤੇ ਗੱਲ੍ਹਾਂ ਇੰਨੀਆਂ ਫੁੱਲ ਗਈਆਂ ਸਨ ਕਿ ਅੱਖਾਂ ਅੰਦਰ ਧਸ ਗਈਆਂ ਸਨ।
ਛੱਜੂ ਮੱਲ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਕਰਾ ਕੇ ਅਮੀ ਚੰਦ ਨੇ ਵਾਪਸੀ ਲਈ ਪਿੱਠ ਭੁਆਈ। ਖਾਣ-ਪੀਣ ਜਾਂ ਐਸ਼ ਲਈ ਅਮੀ ਚੰਦ ਕੋਲ ਵਕਤ ਨਹੀਂ ਸੀ। ਤੇਜ਼ ਕਦਮੀਂ ਉਹ ਕੋਠੀਉਂ ਬਾਹਰ ਹੋ ਗਿਆ।
ਹਵਾਲਦਾਰ ਦੀ ਕੋਠੀ ਓਵਰਸੀਅਰ ਦੀ ਕੋਠੀ ਨਾਲੋਂ ਘੱਟ ਨਹੀਂ ਸੀ। ਪਹਾੜ ਜਿੱਡੀ ਕੋਠੀ ਦੇਖ ਕੇ ਅਮੀ ਚੰਦ ਦੇ ਕਾਲਜੇ ’ਚ ਰੁੱਗ ਭਰਿਆ ਗਿਆ। ਜੇ ਕਿਧਰੇ ਆਦਰਸ਼ਵਾਦੀ ਬਣ ਕੇ ਉਸ ਨੇ ਸੰਤਾਂ ਅੱਗੇ ਪ੍ਰਣ ਨਾ ਲਿਆ ਹੁੰਦਾ ਕਿ ਉਹ ਉਮਰ ਭਰ ਰਿਸ਼ਵਤ ਨਹੀਂ ਲਏਗਾ ਤਾਂ ਅੱਜ ਅਮੀ ਚੰਦ ਵੀ ਲੱਖਾਂ ਦਾ ਮਾਲਕ ਹੁੰਦਾ। ਪੁਲਿਸ ਦਾ ਤਾਂ ਸਿਪਾਹੀ ਮਾਨ ਨਹੀਂ, ਉਹ ਤਾਂ ਇੰਸਪੈਕਟਰ ਹੈ। ਕਈ ਵਾਰ ਅਮੀ ਚੰਦ ਨੇ ਇਸ ਨੂੰ ਵਹਿਮ ਭਰਮ ਸਮਝ ਕੇ ਪੈਸੇ ਲੈਣ ਦੀ ਕੋਸ਼ਿਸ਼ ਵੀ ਕੀਤੀ। ਪਹਿਲੀ ਵਾਰ ਪੈਸੇ ਲੈ ਕੇ ਘਰ ਗਿਆ ਤਾਂ ਮੁੰਡਾ ਬੀਮਾਰੀ ਕਾਰਨ ਹੱਥਾਂ ਵਿੱਚ ਆਇਆ ਹੋਇਆ ਸੀ। ਕਿਸੇ ਦਵਾਈ ਦਾਰੂ ਨੇ ਅਸਰ ਨਾ ਕੀਤਾ। ਰਿਸ਼ਵਤ ਵਾਲੇ ਸਾਰੇ ਪੈਸੇ ਖ਼ਰਚ ਹੋਏ ਤਾਂ ਜਾ ਕੇ ਠੀਕ ਹੋਇਆ। ਅਮੀ ਚੰਦ ਨੇ ਫੇਰ ਕੰਨਾਂ ਨੂੰ ਹੱਥ ਲਾਏ। ਭੁੱਲ ਬਖ਼ਸ਼ਾਈ। ਦੁਬਾਰਾ ਹਿੰਮਤ ਕੀਤੀ ਤਾਂ ਉਹਦਾ ਆਪਣਾ ਐਕਸੀਡੈਂਟ ਹੋ ਗਿਆ। ਸਾਰਾ ਪੈਸਾ ਫੇਰ ਨਿਕਲ ਗਿਆ। ਹੱਡ-ਪੈਰ ਮੁਫ਼ਤ ’ਚ ਟੁੱਟੇ। ਮੁੜ ਪ੍ਰਣ ਤੋੜਨ ਦੀ ਹਿੰਮਤ ਨਹੀਂ ਪਈ। ਪਛਤਾਵਾ ਉਸ ਨੂੰ ਜ਼ਰੂਰ ਰਹਿੰਦਾ ਸੀ।
ਹਵਾਲਦਾਰ ਦੀ ਕੋਠੀ ਅੱਗੇ ਖੜੋਨ ਦੀ ਉਸ ਦੀ ਹਿੰਮਤ ਨਾ ਪਈ। ਭੁੱਜੇ ਕਾਲਜੇ ਨਾਲ ਉਹ ਅਗਾਂਹ ਵਧਿਆ।
ਅੱਗੇ ਸੁਖਦੇਵ ਸਿੰਘ ਡਾਕਟਰ ਦੀ ਨੇਮ ਪਲੇਟ ਚਮਕ ਰਹੀ ਸੀ। ਪਹਿਲਾਂ ਉਹ ਸਰਕਾਰੀ ਡਾਕਟਰ ਸੀ। ਦਵਾਈਆਂ ਵਿੱਚ ਤਾਂ ਹੇਰਾਫੇਰੀ ਕਰਦਾ ਹੀ ਸੀ, ਪੁਲਿਸ ਦੇ ਕੰਮਾਂ ਵਿੱਚ ਵੀ ਟੰਗ ਅੜਾ ਦਿੰਦਾ। ਜਦੋਂ ਮਰਜ਼ੀ ਚੌਵੀ ਦੀ ਛੱਬੀ ਅਤੇ ਛੱਬੀ ਦੀ ਤਿੰਨ ਸੌ ਸੱਤ ਬਣਵਾ ਲਓ। ਇੱਕ ਵਾਰ ਮਰਨ ਵਾਲੇ ਦਾ ਵਿਸਰਾ ਹੀ ਬਦਲ ਦਿੱਤਾ। ਬੁੱਢਾ ਲੜਾਈ ਵਿੱਚ ਲੱਗੇ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਚੱਲ ਵੱਸਿਆ ਸੀ। ਪੁਲਿਸ ਨੇ ਕੇਸ ਇਸੇ ਤਰ੍ਹਾਂ ਬਣਾਇਆ। ਪਰ ਇਸ ਮਾਂ ਦੇ ਸ਼ੇਰ ਨੇ ਵਿਸਰੇ ਨੂੰ ਟੈਸਟ ਲਈ ਭੇਜਣ ਤੋਂ ਪਹਿਲਾਂ ਉਸ ਵਿੱਚ ਜ਼ਹਿਰ ਮਿਲਾ ਦਿੱਤੀ। ਰਿਪੋਰਟ ਆਈ ਤਾਂ ਮੁਕੱਦਮੇ ਦੀ ਰੂਪ-ਰੇਖਾ ਹੀ ਬਦਲ ਗਈ। ਰਿਪੋਰਟ ਮੁਤਾਬਕ ਬੁੱਢਾ ਜ਼ਹਿਰ ਖਾਣ ਕਰਕੇ ਮਰਿਆ ਸੀ। ਅਮੀ ਚੰਦ ਨੂੰ ਭਾਜੜਾਂ ਪੈ ਗਈਆਂ। ਉਸ ਨੂੰ ਮਹਿਕਮੇ ਨੇ ਨਹੀਂ ਸੀ ਛੱਡਣਾ।
ਅਮੀ ਚੰਦ ਨੇ ਡਾਕਟਰ ਦੀ ਖਿਚਾਈ ਕੀਤੀ ਤਾਂ ਉਹ ਮੁਆਫ਼ੀਆਂ ਮੰਗਣ ਲੱਗਾ। ਮੁੜ ਕੇ ਨਵੀਂ ਰਿਪੋਰਟ ਬਣਾਈ। ਥੋੜ੍ਹੇ ਦਿਨਾਂ ਬਾਅਦ ਦਵਾਈਆਂ ਗ਼ਬਨ ਕਰਨ ਦੇ ਕੇਸ ਵਿੱਚ ਫਸ ਗਿਆ। ਮੁਅੱਤਲ ਹੋ ਕੇ ਪ੍ਰਾਈਵੇਟ ਪ੍ਰੈਕਟਿਸ ਸ਼ੁਰੂ ਕਰ ਲਈ। ਅਜਿਹਾ ਕੰਮ ਚੱਲਿਆ ਕਿ ਤਿੰਨ- ਮੰਜ਼ਲਾ ਹਸਪਤਾਲ ਬਣਾ ਗਿਆ। ਪੰਜ ਸੌ ਰੁਪਿਆ ਹਫ਼ਤਾ ਇੱਕ ਬੈੱਡ ਦਾ ਕਿਰਾਇਆ ਲੈਂਦਾ ਹੈ।
ਬੈੱਲ ਖੜਕਾਈ ਤਾਂ ਘਰ ਕੋਈ ਨਹੀਂ ਸੀ। ਸਾਰਾ ਟੱਬਰ ਮਨਾਲੀ ਸੈਰ ਲਈ ਗਿਆ ਹੋਇਆ ਸੀ।
ਅਗਲੀ ਕੋਠੀ ਸੱਤਪਾਲ ਦੀ ਸੀ। ਉਹੋ ਸੱਤਪਾਲ ਜਿਹੜਾ ਸ਼ੈਲਰਾਂ ਵਿੱਚ ਮੁਨੀਮੀ ਕਰਦਾ- ਕਰਦਾ ਸ਼ੈਲਰ ਮਾਲਕ ਬਣ ਗਿਆ। ਚੰਗੇ ਪੈਸੇ ਬਣੇ ਤਾਂ ਪੈਸੇ ਹਜ਼ਮ ਕਰਨੇ ਔਖੇ ਹੋ ਗਏ। ਫੂਡ ਸਪਲਾਈ ਅਤੇ ਐਫ਼.ਸੀ.ਆਈ.ਦੇ ਇੰਸਪੈਕਟਰਾਂ ਨਾਲ ਮਿਲ ਕੇ ਲੁਧਿਆਣੇ ਜਾਣ ਲੱਗਾ। ਹੋਟਲਾਂ ਵਿੱਚ ਕਾਲ-ਗਰਲਜ਼ ਨਾਲ ਰੰਗ-ਰਲੀਆਂ ਮਨਾਉਣ ਲੱਗਾ। ਨਖ਼ਰੇ ਵਾਲੀਆਂ ਔਰਤਾਂ ਸਾਹਮਣੇ ਉਸ ਨੂੰ ਆਪਣੀ ਪਤਨੀ ਮੋਟੀ, ਕਾਲੀ ਅਤੇ ਉਜੱਡ ਨਜ਼ਰ ਆਉਣ ਲੱਗੀ। ਆਏ ਦਿਨ ਉਸ ਤੋਂ ਛੁਟਕਾਰਾ ਪਾਉਣ ਦੀਆਂ ਤਰਕੀਬਾਂ ਸੋਚਦਾ ਰਹਿੰਦਾ। ਆਖ਼ਰ ਉਹੋ ਤਰਕੀਬ ਸੁੱਝੀ, ਜਿਹੜੀ ਇਹੋ ਜਿਹੇ ਬੰਦੇ ਨੂੰ ਸੁੱਝ ਸਕਦੀ ਹੈ। ਸਟੋਵ ਦੇਵਤੇ ਦੀ ਕਿਰਪਾ।
ਸਟੋਵ ਦੇਵਤੇ ਦੀ ਕਿਰਪਾ ਤਾਂ ਹੋਈ ਪਰ ਪੰਡਤ ਅਮੀ ਚੰਦ ਦੀ ਨਹੀਂ। ਸਟੋਵ ਨੇ ਤਾਂ ਸੱਤਪਾਲ ਦੀ ਪਤਨੀ ਸ਼ੀਲਾ ਨੂੰ ਜਲਾ ਕੇ ਮਾਰ ਦਿੱਤਾ, ਪਰ ਅਮੀ ਚੰਦ ਇਸ ਨੂੰ ਮਹਿਜ਼ ਇੱਕ ਹਾਦਸਾ ਮੰਨਣ ਲਈ ਤਿਆਰ ਨਹੀਂ ਸੀ। ਸੱਤਪਾਲ ਨੇ ਆਪਣੇ ਹੱਥ ਦਿਖਾਵੇ ਲਈ ਜਲਾਏ ਸਨ। ਰਸੋਈ ਜਿਥੇ ਉਸ ਦੀ ਪਤਨੀ ਸੜੀ ਸੀ, ਸਾਰੀ ਕਹਾਣੀ ਸੱਚ-ਸੱਚ ਆਖ ਰਹੀ ਸੀ। ਰਸੋਈ ਦੀਆਂ ਚਾਰ ਕੰਧਾਂ ਤਾਂ ਧੂਏ ਨਾਲ ਕਾਲੀਆਂ ਹੋ ਗਈਆਂ ਪਰ ਜਿਥੇ ਸ਼ੀਲਾ ਮਰੀ ਸੀ ਉਥੇ ਧੂੰਆਂ ਨਹੀਂ ਸੀ ਪਹੁੰਚ ਸਕਿਆ। ਸ਼ੀਲਾ ਨੂੰ ਅਚਾਨਕ ਅੱਗ ਲੱਗੀ ਹੁੰਦੀ ਤਾਂ ਉਹ ਤੜਫਦੀ, ਰੋਂਦੀ ਕੁਰਲਾਂਦੀ ਅਤੇ ਇਧਰ-ਉਧਰ ਦੌੜਨ ਦੀ ਕੋਸ਼ਿਸ਼ ਕਰਦੀ। ਉਹ ਮੱਚ ਜਾਣ ਲਈ ਚੁੱਪ ਕਰ ਕੇ ਕੰਧ ਨਾਲ ਨਾ ਬੈਠ ਜਾਂਦੀ। ਕੰਧ ’ਤੇ ਬੜੀ ਸ਼ੀਲਾ ਦੀ ਤਸਵੀਰ ਦੱਸਦੀ ਸੀ, ਅੱਗ ਲਾਉਣ ਤੋਂ ਪਹਿਲਾਂ ਹੀ ਉਸ ਨੂੰ ਮਾਰ ਦਿੱਤਾ ਗਿਆ ਸੀ। ਉਸ ਦੀ ਮ੍ਰਿਤਕ ਦੇਹ ਨੂੰ ਕੰਧ ਨਾਲ ਟਿਕਾ ਕੇ ਪਿੱਛੋਂ ਅੱਗ ਲਾਈ ਗਈ ਸੀ। ਸੱਤਪਾਲ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਲਈ ਇੰਨਾ ਸਬੂਤ ਹੀ ਕਾਫ਼ੀ ਸੀ। ਦੋ ਥੱਪੜ ਪਏ ਤਾਂ ਸੱਤਪਾਲ ਨੇ ਸਭ ਕੁੱਝ ਦੱਸ ਦਿੱਤਾ। ਨਵੀਂ ਬਹੂ ਦੇ ਚਾਅ ਵਿੱਚ ਉਹ ਪਹਿਲੀ ਨੂੰ ਅੱਗ ਲਾ ਬੈਠਾ ਸੀ।
ਅਮੀ ਚੰਦ ਨੇ ਪੂਰੀ ਮਿਹਨਤ ਨਾਲ ਸਬੂਤ ਇਕੱਠੇ ਕੀਤੇ ਸਨ। ਅਦਾਲਤ ਜੇ ਚਸ਼ਮਦੀਦ ਗਵਾਹਾਂ ਬਿਨਾਂ ਕਿਸੇ ਨੂੰ ਸਜ਼ਾ ਨਹੀਂ ਕਰ ਸਕਦੀ ਤਾਂ ਅਮੀ ਚੰਦ ਕੀ ਕਰੇ? ਕੁੜੀ ਦੇ ਗ਼ਰੀਬ ਮਾਪਿਆਂ ਤੋਂ ਪੂਰੀ ਪੈਰਵਾਈ ਨਾ ਹੋ ਸਕੀ। ਉਹ ਬਾ-ਇੱਜ਼ਤ ਬਰੀ ਹੋ ਕੇ ਘਰ ਨੂੰ ਆ ਗਿਆ।
ਸੱਤਪਾਲ ਦੀ ਇੱਛਾ ਪੂਰੀ ਹੋ ਗਈ। ਉਸ ਨੇ ਸੱਚਮੁੱਚ ਹੀ ਪਰੀ ਵਰਗੀ ਕੁੜੀ ਵਿਆਹ ਕੇ ਲਿਆਂਦੀ।
ਅਮੀ ਚੰਦ ਦੀ ਤਮੰਨਾ ਸੀ ਕਿ ਉਸ ਪਰੀ ਵਰਗੀ ਕੁੜੀ ਦਾ ਦੀਦਾਰ ਕਰੇ। ਪਰ ਅਮੀ ਚੰਦ ਸੱਤਪਾਲ ਅੱਗੇ ਹਾਰਿਆ-ਹਾਰਿਆ ਮਹਿਸੂਸ ਕਰ ਰਿਹਾ ਸੀ। ਪੂਰੇ ਯਤਨਾਂ ਦੇ ਬਾਵਜੂਦ ਵੀ ਉਹ ਸੱਤਪਾਲ ਨੂੰ ਸਜ਼ਾ ਨਹੀਂ ਸੀ ਕਰਾ ਸਕਿਆ। ਸੱਤਪਾਲ ਦਾ ਦਰਵਾਜ਼ਾ ਖੜਕਾਉਣ ਨੂੰ ਉਸ ਦਾ ਦਿਲ ਨਾ ਹੀ ਮੰਨਿਆ।
ਸੂਰਜ ਦੇਵਤਾ ਆਪਣੇ ਆਖ਼ਰੀ ਬਾਣ ਵਰਸਾ ਰਿਹਾ ਸੀ।
ਅਮੀ ਚੰਦ ਕੋਠੀਆਂ ਦੇ ਗੇਟਾਂ ’ਤੇ ਲਟਕਦੀਆਂ ਨੇਮ ਪਲੇਟਾਂ ਘੋਖਦਾ ਰਿਹਾ ਅਤੇ ਕਿਸੇ-ਕਿਸੇ ਕੋਠੀ ਵਿਚੋਂ ਥੋੜ੍ਹੀ-ਬਹੁਤ ਪੁੱਛ-ਪੜਤਾਲ ਕਰ ਕੇ ਅੱਗੇ ਵਧਦਾ ਰਿਹਾ। ਮੌਜ-ਮਸਤੀ ਕਰ ਰਹੀ ਇਸ ਕਲੋਨੀ ਨੂੰ ਕੀ ਜ਼ਰੂਰਤ ਸੀ, ਉਹ ਬੰਟੀ ਵਰਗੇ ਝੰਜਟਾਂ ਵਿੱਚ ਪਏ।
ਆਖ਼ਰੀ ਕੋਠੀ ਬਾਬੂ ਕਾਂਸ਼ੀ ਰਾਮ ਦੀ ਸੀ। ਉਹ ਇੱਕ ਅਜਿਹਾ ਸਿਆਸਤਦਾਨ ਸੀ ਜਿਸ ਦੀ ਕਦੇ ਮੁੱਖ ਮੰਤਰੀ ਜਿੰਨੀ ਚੜ੍ਹਤ ਰਹੀ ਸੀ। ਸਮੇਂ ਨੇ ਉਸ ਦਾ ਸਾਥ ਨਾ ਦਿੱਤਾ। ਸਿਆਸੀ ਉਥਲ-ਪੁਥਲ ਵਿੱਚ ਉਹ ਘਬਰਾ ਗਿਆ। ਧੜਾਧੜ ਪਾਰਟੀਆਂ ਬਦਲਦਾ ਰਿਹਾ। ਨਤੀਜੇ ਵਜੋਂ ਨਾ ਘਰ ਦਾ ਰਿਹਾ, ਨਾ ਘਾਟ ਦਾ।
ਮਜਬੂਰ ਹੋਇਆ ਹੁਣ ਚੁੱਪ ਧਾਰੀ ਬੈਠਾ ਹੈ। ਕਦੇ-ਕਦੇ ਦੌਰਾ ਪੈਣ ਵਾਲਿਆਂ ਵਾਂਗ ਲੋਕਾਂ ਵਿੱਚ ਮੁੜ ਆਉਣ ਦੀ ਕੋਸ਼ਿਸ਼ ਕਰਦਾ ਹੈ। ਥੋੜ੍ਹੀ ਜਿਹੀ ਥਾਂ ਬਣਦੀ ਹੈ ਤਾਂ ਮੁੜ ਗ਼ਲਤੀ ਕਰ ਬੈਠਦਾ ਹੈ। ਮੁੜ ਰਾਜਕੁਮਾਰੀ ਤੋਂ ਚੂਹੀ ਬਣਨ ਵਾਲੀ ਕਹਾਣੀ ਸੱਚੀ ਹੋ ਜਾਂਦੀ ਹੈ।
ਈਰਖਾ ’ਚ ਜਲਦੇ ਕਾਂਸ਼ੀ ਰਾਮ ਨੇ ਬੰਟੀ ਵਾਲੀ ਗ਼ਲਤੀ ਕਰ ਲਈ ਹੋਵੇ ਤਾਂ ਇਹ ਵੱਡੀ ਗੱਲ ਨਹੀਂ ਸੀ। ਉਹ ਰਾਮ ਲੀਲ੍ਹਾ ਕਮੇਟੀ ਤੋਂ ਲੈ ਕੇ ਗੀਤਾ ਭਵਨ ਤਕ ਹਰ ਸੰਸਥਾ ਵਿੱਚ ਟੰਗ ਅੜਾਉਣ ਦੀ ਤਾਕ ਵਿੱਚ ਸੀ, ਕਿਧਰੇ ਨਮੋਸ਼ੀ ਦਾ ਮੂੰਹ ਦੇਖਣਾ ਪਿਆ ਹੋਵੇ ਅਤੇ ਉਸ ਨੇ ਆਪਣੀ ਮੋਟੀ ਬੁੱਧੀ ਨਾਲ ਕੋਈ ਗ਼ਲਤ ਫ਼ੈਸਲਾ ਲੈ ਲਿਆ ਹੋਵੇ।
ਚਾਰਾਂ ਸਿਪਾਹੀਆਂ ਨੂੰ ਕੋਠੀ ਦੇ ਚਾਰਾਂ ਖੂੰਜਿਆਂ ਵਿੱਚ ਪੋਜ਼ੀਸ਼ਨਾਂ ਲੈਣ ਦਾ ਹੁਕਮ ਹੋਇਆ। ਆਪਣੇ ਰਿਵਾਲਵਰ ਨੂੰ ਹੱਥ ਵਿੱਚ ਫੜ ਕੇ ਅਤੇ ਹੌਲਦਾਰ ਦੀ ਬੰਦੂਕ ਲੋਡ ਕਰਾ ਕੇ ਉਸ ਨੇ ਬੈੱਲ ਖੜਕਾਈ।
ਕਾਂਸ਼ੀ ਰਾਮ ਲਾਅਨ ਵਿੱਚ ਟਹਿਲ ਰਿਹਾ ਸੀ। ਮੇਜ਼ ’ਤੇ ਪਏ ਟੇਪ-ਰਿਕਾਰਡਰ ’ਤੇ ਵੱਜ ਰਹੀ ਕੋਈ ਵਿਦੇਸ਼ੀ ਧੁਨ ਮਾਹੌਲ ਨੂੰ ਸੁਖਾਵਾਂ ਬਣਾ ਰਹੀ ਸੀ।
ਕੋਈ ਗੰਦਾ ਗੀਤਾ ਹੁੰਦਾ ਤਾਂ ਅਮੀ ਚੰਦ ਨੇ ਟੇਪ-ਰਿਕਾਰਡਰ ਦੇ ਟੁਕੜੇ-ਟੁਕੜੇ ਕਰ ਦੇਣੇ ਸਨ। ਅਸ਼ਲੀਲ ਗੀਤਾਂ ਨਾਲ ਅਮੀ ਚੰਦ ਨੂੰ ਪਾਗ਼ਲਪਨ ਦੀ ਹੱਦ ਤਕ ਨਫ਼ਰਤ ਸੀ। ਜਿਥੇ ਵੀ ਜਾਂਦਾ, ਪਹਿਲਾਂ ਟੇਪਾਂ ਤੇ ਟਰੱਕਾਂ ਵਾਲਿਆਂ ਨੂੰ ਗੰਦੀਆਂ ਟੇਪਾਂ ਖੂਹ ਵਿੱਚ ਸੁੱਟਣ ਦਾ ਹੁਕਮ ਦਿੰਦਾ। ਹੁਕਮ ਅਦੂਲੀ ਅਕਸਰ ਟਰੱਕਾਂ ਵਾਲੇ ਕਰਦੇ। ਕੋਈ ਹੋਰ ਬਹਾਨਾ ਲੱਭ ਕੇ ਹੜਤਾਲਾਂ ਕਰਦੇ, ਟਰੈਫ਼ਿਕ ਜਾਮ ਕਰਦੇ ਪਰ ਅਮੀ ਚੰਦ ਨੂੰ ਡਰਾ ਨਾ ਸਕਦੇ।
ਇਸ ਸੰਗੀਤ ਨਾਲ ਨਾ ਅਮੀ ਚੰਦ ਨੂੰ ਪਿਆਰ ਸੀ ਅਤੇ ਨਾ ਹੀ ਨਫ਼ਰਤ।
ਪੁਲਿਸ ਨੂੰ ਕੋਠੀ ਵੱਲ ਵਧਦੀ ਦੇਖ ਕੇ ਕਾਂਸ਼ੀ ਰਾਮ ਖ਼ੁਦ ਗੇਟ ਖੋਲ੍ਹਣ ਆਇਆ।
ਇੱਕ ਉਹ ਵੀ ਜ਼ਮਾਨਾ ਸੀ, ਜਦੋਂ ਕਾਂਸ਼ੀ ਰਾਮ ਦੀ ਕੋਠੀ ਅੱਗੇ ਅਫ਼ਸਰਾਂ ਦੀ ਭੀੜ ਲੱਗੀ ਰਹਿੰਦੀ ਸੀ। ਆਈ.ਜੀ.ਤਕ ਨੂੰ ਘੰਟਾ-ਘੰਟਾ ਉਡੀਕਣਾ ਪੈਂਦਾ ਸੀ। ਉਸ ਸਮੇਂ ਗਿਆਨੀ ਜੀ ਮੁੱਖ ਮੰਤਰੀ ਸਨ। ਉਹ ਕਾਂਸ਼ੀ ਰਾਮ ਦੇ ਲੰਗੋਟੀਏ ਯਾਰ ਸਨ। ਗਿਆਨੀ ਜੀ ਵੀ ਆਸ਼ਕ ਮਿਜਾਜ਼ ਸਨ ਅਤੇ ਕਾਂਸ਼ੀ ਰਾਮ ਵੀ। ਮੁੱਖ ਮੰਤਰੀ ਬਣੇ ਤਾਂ ਗਿਆਨੀ ਜੀ ਨੇ ਕਾਂਸ਼ੀ ਰਾਮ ਦੇ ਰੱਜ ਕੇ ਕੰਮ ਕੀਤੇ। ਬਦਲੀਆਂ, ਭਰਤੀਆਂ, ਕੋਟੇ ਅਤੇ ਲਾਇਸੈਂਸ ਸਭ ਇਸ਼ਾਰੇ ਨਾਲ ਹੋ ਜਾਂਦੇ।
ਦਿਨਾਂ ਵਿੱਚ ਸ਼ਹਿਰ ਦੇ ਲਹਿੰਦੇ ਪਾਸੇ ਇੱਕ ਬਹੁਤ ਵੱਡਾ ਪੋਲਟਰੀ ਫ਼ਾਰਮ ਉਸਰ ਗਿਆ। ਐਗਰੋ ਇੰਡਸਟਰੀ ਲਈ ਉਹਨਾਂ ਨੂੰ ਜ਼ਮੀਨ ਸਰਕਾਰ ਨੇ ਖ਼ਰੀਦ ਕੇ ਦਿੱਤੀ। ਧਾਗਾ ਮਿੱਲ ਲੱਗ ਗਈ। ਕੀੜੇ ਮਾਰ ਦਵਾਈਆਂ ਦੇ ਕਾਰਖ਼ਾਨੇ ਦੇ ਲਾਇਸੈਂਸ ਮਿਲ ਗਏ। ਪਿੰਡ ਦੇ ਮੁੰਡੇ ਪੁਲਿਸ ’ਚ ਭਰਤੀ ਹੋਣ ਲੱਗੇ ਅਤੇ ਸ਼ਹਿਰਾਂ ਦੇ ਫੂਡ ਸਪਲਾਈ ਵਿੱਚ। ਕਿਸੇ ਨੂੰ ਸੋਹਣੇ ਘਿਓ ਦੀ ਏਜੰਸੀ ਲੈ ਦਿੱਤੀ, ਕਿਸੇ ਨੂੰ ਮਾਰਕਫੈੱਡ ਖਾਦ ਦੀ। ਸਭ ਵਿੱਚ ਕਾਂਸ਼ੀ ਰਾਮ ਦਾ ਲੁਕਵਾਂ ਹਿੱਸਾ ਹੁੰਦਾ ਸੀ।
ਕਾਂਸ਼ੀ ਰਾਮ ਨੇ ਕਈਆਂ ਨੂੰ ਸਿਆਸਤ ਵਿੱਚ ਲਿਆਂਦਾ। ਕਿਸੇ ਨੂੰ ਬਲਾਕ ਦਾ ਪ੍ਰਧਾਨ ਬਣਾਇਆ, ਕਿਸੇ ਨੂੰ ਜ਼ਿਲ੍ਹੇ ਦੇ ਯੂਥ ਵਿੰਗ ਦਾ। ਕੋਈ ਆਖਦਾ ਸ਼ਰਮੇ ਦੀ ਪਤਨੀ ’ਤੇ ਉਸ ਦੀ ਅੱਖ ਹੈ। ਕੋਈ ਆਖਦਾ ਵਕੀਲਨੀ ਉਹਦੇ ਨਾਲ ਰਹਿੰਦੀ ਹੈ। ਕੁੱਝ ਵੀ ਸੀ, ਉਸ ਨੇ ਕਈ ਔਰਤਾਂ ਨੂੰ ਵੀ ਸਿਆਸਤ ਵਿੱਚ ਲਿਆਂਦਾ ਸੀ। ਉਸ ਵਿੱਚ ਕੁੱਝ ਗਿਆਨੀ ਜੀ ਦੇ ਵੀ ਨੇੜੇ ਹੋ ਗਈਆਂ ਸਨ। ਉਹ ਸਿਧੀਆਂ ਕੰਮ ਕਰਾ ਲਿਆਉਂਦੀਆਂ ਸਨ।
ਭੈੜੇ ਦਿਨ ਕਿਹੜਾ ਪੁੱਛ ਕੇ ਆਉਂਦੇ ਹਨ। ਐਮਰਜੈਂਸੀ ਬਾਅਦ ਜਦੋਂ ਚੋਣਾਂ ਹੋਈਆਂ ਤਾਂ ਕਾਂਗਰਸ ਦਾ ਮਹਿਲ ਢੇਰੀ ਹੋ ਗਿਆ।
ਕਾਂਸ਼ੀ ਰਾਮ ਨੇ ਕਦੇ ਸੁਫ਼ਨੇ ਵਿੱਚ ਵੀ ਨਹੀਂ ਸੋਚਿਆ ਹੋਣਾ ਕਿ ਕਦੇ ਉਸ ਦਾ ਪੁਰਾਣਾ ਰਿਕਾਰਡ ਵੀ ਫਰੋਲਿਆ ਜਾਏਗਾ।
ਜਵਾਨੀ ਸਮੇਂ ਉਹ ਇੱਕ ਪੇਂਡੂ ਹਟਵਾਣੀਆ ਸੀ। ਪਹਿਲੀ ਪਤਨੀ ਬੀਮਾਰ ਰਹਿੰਦੀ ਸੀ। ਇਲਾਜ ਲਈ ਪੈਸਾ ਨਹੀਂ ਸੀ। ਕਾਂਸ਼ੀ ਰਾਮ ਨੇ ਸਰਕਾਰ ਪਾਸੋਂ ਸਹਾਇਤਾ ਲੈਣ ਲਈ ਕਦੇ ਅਰਜ਼ੀ ਦਿੱਤੀ ਸੀ। ਕਿਸੇ ਕਲਰਕ ਨੇ ਕਾਂਸ਼ੀ ਰਾਮ ਨਾਲ ਅਜਿਹੀ ਖੁੰਦਕ ਖਾਧੀ ਕਿ ਉਸ ਅਰਜ਼ੀ ਦੀਆਂ ਫ਼ੋਟੋਆਂ ਕਰਵਾ ਕੇ ਜਨਤਾ ਪਾਰਟੀ ਵਾਲਿਆਂ ਨੂੰ ਦੇ ਦਿੱਤੀਆਂ। ਜਨਤਾ ਪਾਰਟੀ ਨੇ ਰਾਈ ਦਾ ਪਹਾੜ ਬਣਾ ਦਿੱਤਾ। ਥਾਂ-ਥਾਂ ਪੋਸਟਰ ਲੱਗ ਪਏ। ਉਸ ਦੀ ਦੌਲਤ ਦੀ ਪੜਤਾਲ ਦੀ ਮੰਗ ਹੋਣ ਲੱਗੀ।
ਉਹ ਭੁੱਖਾ ਮਰਦਾ ਕਾਂਗਰਸ ਪਾਰਟੀ ਦੇ ਦਫ਼ਤਰ ਵਿੱਚ ਕਲਰਕੀ ਕਰਨ ਚੰਡੀਗੜ੍ਹ ਗਿਆ ਸੀ। ਕਦੇ ਕਿਸੇ ਵੱਡੇ ਅਹੁਦੇ ’ਤੇ ਨਹੀਂ ਰਿਹਾ। ਇਹ ਸਾਰੀ ਜਾਇਦਾਦ ਕਿਥੋਂ ਬਣੀ?
ਪਰਚਾ ਦਰਜ ਹੋਇਆ। ਗ੍ਰਿਫ਼ਤਾਰ ਹੋਇਆ। ਧੂਹ-ਘੜੀਸ ਹੋਈ। ਡਰਦੇ ਨੇ ਸਾਰੇ ਪੈਸੇ ਦੇ ਦਿੱਤੇ। ਗਿਆਨੀ ਜੀ ਦੇ ਖ਼ਿਲਾਫ਼ ਹਲਫ਼ੀਆਂ ਬਿਆਨ ਵੀ ਦੇ ਬੈਠਾ ਅਤੇ ਕਮਿਸ਼ਨ ਅੱਗੇ ਗਵਾਹੀ ਵੀ। ਉਸ ਸਮੇਂ ਕਿਸ ਨੂੰ ਪਤਾ ਸੀ ਕਿ ਗਿਆਨੀ ਜੀ ਮੁੜ ਇਥੋਂ ਤਕ ਪਹੁੰਚ ਜਾਣਗੇ।
ਗਿਆਨੀ ਜੀ ਖਿਝ ਗਏ। ਕਈ ਵਾਰ ਕਾਂਸ਼ੀ ਰਾਮ ਨੇ ਮਿੰਨਤ-ਤਰਲਾ ਕੀਤਾ। ਉਹਨਾਂ ਕਾਂਸ਼ੀ ਰਾਮ ਨੂੰ ਮੁਆਫ਼ ਨਹੀਂ ਕੀਤਾ। ਜਿਹੜਾ ਭੀੜ ਪੈਣ ’ਤੇ ਸਾਥ ਨਹੀਂ ਦਿੰਦਾ, ਉਹ ਕਾਹਦਾ ਮਿੱਤਰ ਹੋਇਆ? ਹੋਰ ਪਾਰਟੀਆਂ ਵਿੱਚ ਵੀ ਹੱਥ-ਪੈਰ ਮਾਰੇ। ਕਿਧਰੇ ਦਾਲ ਨਾ ਗਲੀ। ਹੰਭ ਕੇ ਬੈਠ ਗਿਆ। ਮੁੜ ਉਹ ਲੋਕਲ ਸਿਆਸਤ ਵਿੱਚ ਸਰਗਰਮ ਹੋਣ ਦੇ ਯਤਨਾਂ ਵਿੱਚ ਸੀ।
ਛੱਜੂ ਰਾਮ ਤੋਂ ਵੀਹ ਹਜ਼ਾਰ ਰੁਪਏ ਲੈ ਕੇ ਇੱਕ ਘੰਟੇ ਵਿੱਚ ਅਮੀ ਚੰਦ ਦੀ ਬਦਲੀ ਕਰਾਉਣ ਵਾਲੇ ਕਾਂਸ਼ੀ ਰਾਮ ਦੀ ਕੋਠੀ ਦਾ ਕੋਨਾ-ਕੋਨਾ ਉਸ ਨੇ ਛਾਣ ਸੁੱਟਿਆ। ਸਾਰੀ ਕੋਠੀ ਵਿਦੇਸ਼ੀ ਚੀਜ਼ਾਂ ਨਾਲ ਭਰੀ ਪਈ ਸੀ। ਅੰਡਰ-ਵੀਅਰ ਤੋਂ ਲੈ ਕੇ ਸਾੜ੍ਹੀਆਂ ਤਕ। ਲਾਈਟਰ ਤੋਂ ਲੈ ਕੇ ਗੀਜ਼ਰ ਤਕ, ਸਭ ਵਿਦੇਸ਼ੀ। ਪਤਾ ਨਹੀਂ ਉਸ ਨੇ ਕਿੰਨਾ ਕੁ ਪੈਸਾ ਕਮਾਇਆ ਸੀ ਕਿ ਇੰਨੇ ਸਾਲਾਂ ਬਾਅਦ ਵੀ ਖ਼ਤਮ ਹੋਣ ਵਿੱਚ ਨਹੀਂ ਸੀ ਆ ਰਿਹਾ। ਅਮੀ ਚੰਦ ਚਾਹੁੰਦਾ ਤਾਂ ਵਿਦੇਸ਼ੀ ਚੀਜ਼ਾਂ ਦੀਆਂ ਰਸੀਦਾਂ ਮੰਗ ਕੇ ਆਪਣੀ ਬਦਲੀ ਦਾ ਬਦਲਾ ਲੈ ਸਕਦਾ ਸੀ, ਪਰ ਉਸ ਨੇ ਇੰਝ ਨਾ ਕੀਤਾ। ਕਾਂਸ਼ੀ ਰਾਮ ਵਾਂਗ ਉਸ ਨੂੰ ਤਾਕਤ ਦਾ ਨਸ਼ਾ ਨਹੀਂ ਸੀ ਚੜ੍ਹਿਆ ਹੋਇਆ।
ਕਾਂਸ਼ੀ ਰਾਮ ਦੀ ਕੋਠੀ ’ਚ ਉਥਲ-ਪੁੱਥਲ ਕਰ ਕੇ ਬਾਹਰ ਨਿਕਲਦਾ ਅਮੀ ਚੰਦ ਪੂਰੀ ਤਰ੍ਹਾਂ ਖਿਝ ਚੁੱਕਾ ਸੀ। ਮਾਡਲ ਟਾਊਨ ਦੀਆਂ ਸਾਰੀਆਂ ਕੋਠੀਆਂ ਦੇ ਮਾਲਕ ਚੋਰ, ਠੱਗ ਅਤੇ ਲੁਟੇਰੇ ਸਨ। ਕੋਈ ਰਿਸ਼ਵਤਖ਼ੋਰ ਸੀ, ਕੋਈ ਟੈਕਸ ਚੋਰ ਅਤੇ ਕੋਈ ਬਲੈਕੀਆ। ਹੈਰਾਨੀ ਦੀ ਗੱਲ ਇਹ ਸੀ ਕਿ ਨਾ ਸਮਾਜ ਇਹਨਾਂ ਨੂੰ ਮੁਜਰਮ ਸਮਝਦਾ ਸੀ, ਨਾ ਕਾਨੂੰਨ। ਉਲਟਾ ਦੋਵੇਂ ਇਹਨਾਂ ਨੂੰ ਇੱਜ਼ਤ ਨਾਲ ਦੇਖਦੇ ਸਨ।
ਇਹਨਾਂ ਆਧੁਨਿਕ ਚੋਰਾਂ ਸਾਹਮਣੇ ਨਿਹੱਥਾ ਅਤੇ ਹਾਰਿਆ-ਹਾਰਿਆ ਮਹਿਸੂਸ ਕਰਦਾ ਅਮੀ ਚੰਦ ਅੱਗੇ ਤੁਰਨ ਵਿੱਚ ਔਖਿਆਈ ਮਹਿਸੂਸ ਕਰਨ ਲੱਗਾ।
ਉਦਾਸ-ਉਦਾਸ ਕਦਮ ਪੁੱਟਦਾ ਉਹ ਥਾਣੇ ਨੂੰ ਪਰਤ ਆਇਆ।
11
ਖ਼ਾਨ ਨੇ ਬੰਟੀ ਦੀ ਖੋਜ ਲਈ ਜਿਨ੍ਹਾਂ ਪੁਲਿਸ ਅਫ਼ਸਰਾਂ ਨੂੰ ਖ਼ਾਸ ਤੌਰ ’ਤੇ ਬਾਹਰੋਂ ਬੁਲਾਇਆ ਸੀ, ਉਹਨਾਂ ਵਿੱਚ ਅਮੀ ਚੰਦ ਤੋਂ ਇਲਾਵਾ ਗੱਜਣ ਸਿੰਘ ਵੀ ਸੀ।
ਏ.ਐਸ.ਆਈ.ਹੁੰਦਿਆਂ ਹੋਇਆਂ ਵੀ ਗੱਜਣ ਨੂੰ ਇੱਕ ਅਜਿਹੀ ਪੁਲਿਸ ਪਾਰਟੀ ਦਾ ਮੁਖੀ ਥਾਪਿਆ ਗਿਆ ਸੀ, ਜਿਸ ਵਿੱਚ ਛੇ ਹੌਲਦਾਰ, ਚੌਵੀ ਸਿਪਾਹੀ ਅਤੇ ਸੀ.ਆਰ.ਪੀ.ਦੇ ਚਾਲੀ ਜਵਾਨ ਤਾਂ ਸਨ ਹੀ, ਇੱਕ ਸਬ-ਇੰਸਪੈਕਟਰ ਵੀ ਸ਼ਾਮਲ ਸੀ। ਸਬ-ਇੰਸਪੈਕਟਰ ਦੇ ਹੁੰਦਿਆਂ ਪਾਰਟੀ ਦਾ ਮੁਖੀ ਬਣਨਾ ਗੱਜਣ ਸਿੰਘ ਲਈ ਫ਼ਖ਼ਰ ਵਾਲੀ ਗੱਲ ਸੀ। ਉਹ ਆਪਣੀ ਇਸ ਸ਼ਾਖ਼ ਨੂੰ ਬਣਾਈ ਰੱਖਣ ਲਈ ਉਤਾਵਲਾ ਸੀ।
ਇਸ ਪਾਰਟੀ ਨੂੰ ਕੰਮ ਵੀ ਬੜਾ ਅਹਿਮ ਸੌਂਪਿਆ ਗਿਆ ਸੀ। ਇਹਨਾਂ ਨੇ ਅਗਵਾੜ ਦੀ ਛਾਣ-ਬੀਣ ਕਰਨੀ ਸੀ। ਅਗਵਾੜੋਂ ਕਈ ਮੁੰਡੇ ਅੰਡਰ-ਗਰਾਊਂਡ ਹੋਏ ਹੋਏ ਸਨ। ਇਥੇ ਕਈ ਘਰ ਦੰਗਿਆਂ ਦੌਰਾਨ ਉੱਜੜ ਕੇ ਆਏ ਸਿੱਖ ਪਰਿਵਾਰਾਂ ਦੇ ਸਨ। ਦੋ ਗੁਰਦੁਆਰੇ ਸਨ ਅਤੇ ਇੱਕ ਡੇਰਾ। ਅਜਿਹੇ ਇਲਾਕੇ ਦੀ ਤਲਾਸ਼ੀ ਲਈ ਜਿਥੇ ਤਹੱਮਲ ਅਤੇ ਸੂਝ-ਬੂਝ ਦੀ ਜ਼ਰੂਰਤ ਸੀ, ਉਥੇ ਦਲੇਰੀ ਅਤੇ ਹੌਸਲਾ ਵੀ ਚਾਹੀਦਾ ਸੀ। ਗੱਜਣ ਵਿੱਚ ਇਹਨਾਂ ਵਿਚੋਂ ਕਿਸੇ ਦੀ ਵੀ ਘਾਟ ਨਹੀਂ ਸੀ। ਇਹਨਾਂ ਸਾਰੇ ਗੁਣਾਂ ਦਾ ਦਿਖਾਵਾ ਉਹ ਕਈ ਵਾਰ ਕਰ ਚੁੱਕਾ ਸੀ।
ਪਹਿਲੀ ਵਾਰ ਉਸ ਸਮੇਂ ਜਦੋਂ ਵਰਸਦੀਆਂ ਗੋਲੀਆਂ ਵਿੱਚ ਵੀ ਉਸ ਨੇ ਦੋ ਨੰਬਰ ਦੀ ਸ਼ਰਾਬ ਲਈ ਜਾਂਦੇ ਟਰੱਕ ਦਾ ਪਿੱਛਾ ਕਰਨਾ ਨਹੀਂ ਸੀ ਛੱਡਿਆ। ਟਰੱਕ ਬੜੀ ਵੱਡੀ ਪਾਰਟੀ ਦਾ ਸੀ। ਨਾ ਗੱਜਣ ਨੇ ਪੈਸਿਆਂ ’ਤੇ ਧਾਰ ਮਾਰੀ, ਨਾ ਵਜ਼ੀਰਾਂ ਦੀਆਂ ਧਮਕੀਆਂ ਤੋਂ ਡਰਿਆ। ਗੱਜਣ ਦੇ ਤਬਦਾਲੇ ਲਈ ਜ਼ੋਰ ਪੈਣ ਲੱਗਾ ਤਾਂ ਖ਼ਾਨ ਚੱਟਾਨ ਵਾਂਗ ਅੜ ਗਿਆ। ਖ਼ਾਨ ਡੀ.ਜੀ.ਪੀ.ਦੇ ਪੇਸ਼ ਹੋਇਆ। ਸਾਰੀ ਸਥਿਤੀ ਸਮਝਾ ਕੇ ਬਦਲੀ ਦੀ ਥਾਂ ਗੱਜਣ ਲਈ ਇਨਾਮ ਮਨਜ਼ੂਰ ਕਰਾਇਆ।
ਇੱਕ ਵਾਰ ਫੇਰ ਉਸ ਨੇ ਸ਼ੇਰ ਦੇ ਮੂੰਹ ਵਿੱਚ ਹੱਥ ਪਾ ਕੇ ਇਲਾਕੇ ਵਿੱਚ ਅਮਨ ਬਹਾਲ ਕੀਤਾ। ਨਿਹੰਗਾਂ ਦਾ ਇੱਕ ਹਥਿਆਰਬੰਦ ਟੋਲਾ ਲਾਲਿਆਂ ਦੀ ਜ਼ਮੀਨ ’ਤੇ ਕਬਜ਼ਾ ਕਰਨਾ ਚਾਹੁੰਦਾ ਸੀ। ਗ਼ਰੀਬ ਲਾਲੇ ਥਰ-ਥਰ ਕੰਬਣ ਤੋਂ ਬਿਨਾਂ ਕੁੱਝ ਨਹੀਂ ਸੀ ਕਰ ਸਕਦੇ। ਗੱਜਣ ਨੇ ਨਿਹੰਗਾਂ ਨੂੰ ਸਮਝਾਇਆ ਤਾਂ ਉਹ ਗੋਲੀਆਂ ਚਲਾਉਣ ਲੱਗੇ। ਗੱਜਣ ਨੇ ਲੈਂਦੇ ਹੱਥ ਦੋ ਨੂੰ ਥਾਏਂ ਚਿੱਤ ਕਰ ਦਿੱਤਾ। ਬਾਕੀਆਂ ਦੀਆਂ ਲੱਤਾਂ-ਬਾਹਾਂ ਭੰਨ ਕੇ ਥਾਣੇ ਲਿਆ ਸੁੱਟੇ। ਮੁੜ ਨਿਹੰਗਾਂ ਨੇ ਉਸ ਦੇ ਇਲਾਕੇ ਵੱਲ ਮੂੰਹ ਨਹੀਂ ਕੀਤਾ।
ਇਸ ਅਗਵਾੜ ਵਿੱਚ, ਅਜਿਹੇ ਭੈੜੇ ਹਾਲਤ ਵਿੱਚ ਜੇ ਕੋਈ ਥਾਣੇਦਾਰ ਹਿੱਕ ਤਾਣ ਕੇ ਖੜ ਸਕਦਾ ਸੀ ਤਾਂ ਉਹ ਗੱਜਣ ਸਿੰਘ ਹੀ ਸੀ। ਉਸ ਅਧੀਨ ਲਾਏ ਗਏ ਸਬ-ਇੰਸਪੈਕਟਰ ਗੁਰਦਾਸ ਰਾਮ ਦੀ ਲਿਆਕਤ ’ਤੇ ਤਾਂ ਕਿਸੇ ਨੂੰ ਸ਼ੱਕ ਨਹੀਂ ਸੀ ਪਰ ਬੁੱਢਾ ਹੋਣ ਕਰਕੇ ਉਸ ਵਿੱਚ ਪਹਿਲਾਂ ਵਾਲਾ ਜੋਸ਼ੋ-ਖ਼ਰੋਸ਼ ਨਹੀਂ ਸੀ ਰਿਹਾ। ਗੱਜਣ ਨੌਜਵਾਨ ਸੀ। ਖ਼ਾਨ ਨੂੰ ਲੱਗਦਾ ਸੀ ਉਸ ਨੂੰ ਹਾਲੇ ਤਜਰਬੇ ਦੀ ਜ਼ਰੂਰਤ ਸੀ। ਗੱਜਣ ਕਾਹਲ ਨਾ ਕਰੇ, ਇਸ ਲਈ ਗੁਰਦਾਸ ਰਾਮ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਸੀ। ਖ਼ਾਨ ਨੇ ਸੋਚ-ਸਮਝ ਕੇ ਹੀ ਹੋਸ਼ ਅਤੇ ਜੋਸ਼ ਦਾ ਸੰਗਮ ਕੀਤਾ ਸੀ।
ਇੱਕ ਸਾਲ ਪਹਿਲਾਂ ਗੱਜਣ ਇਸੇ ਥਾਣੇ ਵਿੱਚ ਤਾਇਨਾਤ ਸੀ। ਅਗਵਾੜ ਵਾਲੀ ਜ਼ੈਲ ਉਸੇ ਅਧੀਨ ਸੀ। ਅਗਵਾੜ ਦੇ ਹਰ ਚੰਗੇ ਮਾੜੇ ਦਾ ਗੱਜਣ ਨੂੰ ਪਤਾ ਸੀ, ਫੇਰ ਵੀ ਸਾਲ ਵਿੱਚ ਹੋਈਆਂ ਤਬਦੀਲੀਆਂ ਦੀ ਜਾਣਕਾਰੀ ਲਈ ਖ਼ੁਫ਼ੀਆ ਵਿਭਾਗ ਦੀਆਂ ਰਿਪੋਰਟਾਂ ਤੋਂ ਇਲਾਵਾ ਸੀ.ਆਈ.ਡੀ.ਦਾ ਇੱਕ ਹੌਲਦਾਰ ਵੀ ਉਸ ਦੇ ਅੰਗ-ਸੰਗ ਸੀ।
ਸ਼ਹਿਰ ਦੀ ਘੇਰਾ-ਬੰਦੀ ਕਰਫ਼ਿਊ ਦੇ ਐਲਾਨ ਤੋਂ ਪਹਿਲਾਂ ਹੀ ਹੋ ਚੁੱਕੀ ਸੀ। ਸ਼ਹਿਰ ਵਿੱਚ ਪਹਿਲੀ ਵਾਰ ਕਰਫ਼ਿਊ ਲੱਗਾ ਸੀ। ਕਿਸੇ ਬੱਚੇ ਤਕ ਦੀ ਵੀ ’ਚੂੰ’ ਕਰਨ ਦੀ ਹਿੰਮਤ ਨਹੀਂ ਸੀ ਪੈ ਰਹੀ।
ਅਗਵਾੜ ਦੀ ਛਾਣ-ਬੀਣ ਦੀ ਯੋਜਨਾ ਲਈ ਗੱਜਣ ਨੂੰ ਮਸਾਂ ਅੱਧਾ ਘੰਟਾ ਲੱਗਾ।
ਆਪਣਾ ਹੈੱਡਕੁਆਰਟਰ ਉਹਨਾਂ ਧਰਮਸ਼ਾਲਾ ਵਿੱਚ ਰੱਖਿਆ। ਇਹ ਅਗਵਾੜ ਦੇ ਵਿਚਕਾਰ ਵੀ ਸੀ ਅਤੇ ਬੈਠਣ-ਉੱਠਣ ਲਈ ਵੀ ਖੁੱਲ੍ਹੀ ਸੀ। ਰਾਤ ਨੂੰ ਠਹਿਰਣ ਲਈ ਮੰਜਾ ਬਿਸਤਰਾ ਵੀ ਮਿਲ ਸਕਦਾ ਸੀ। ਕਿਸੇ ਦੀ ਤਫ਼ਤੀਸ਼ ਕਰਨੀ ਹੋਵੇ ਤਾਂ ਚੀਕਾਂ ਧਰਮਸਾਲਾ ਤੋਂ ਬਾਹਰ ਨਹੀਂ ਨਿਕਲ ਸਕਦੀਆਂ।
ਦੋ ਹੌਲਦਾਰਾਂ ਅਤੇ ਦਸ ਜਵਾਨਾਂ ਦੀ ਇੱਕ ਰਾਖਵੀਂ ਟੁਕੜੀ ਤਿਆਰ ਕੀਤੀ ਗਈ। ਇਹ ਟੁਕੜੀ ਧਰਮਸ਼ਾਲਾ ਵਿੱਚ ਠਹਿਰੇਗੀ। ਕਿਸੇ ਪਾਸੇ ਵੀ ਜ਼ਰੂਰਤ ਪਏ, ਇਸ ਨੇ ਫ਼ੌਰਨ ਸਹਾਇਤਾ ਲਈ ਪੁੱਜਣਾ ਸੀ।
ਗੱਜਣ ਨੇ ਸਭ ਤੋਂ ਪਹਿਲਾਂ ਦੰਗਾ-ਪੀੜਤ ਪਰਿਵਾਰਾਂ ਦੀ ਪੁੱਛ-ਗਿੱਛ ਕਰਨੀ ਠੀਕ ਸਮਝੀ। ਗੱਜਣ ਦਾ ਤਜਰਬਾ ਅਤੇ ਖ਼ੁਫ਼ੀਆਂ ਰਿਪੋਰਟਾਂ ਦੱਸਦੀਆਂ ਸਨ ਕਿ ਦਹਿਸ਼ਤਗਰਦਾਂ ’ਚ ਮੁੱਖ ਅੱਡਾ ਇਹੋ ਪਰਿਵਾਰ ਬਣਦੇ ਹਨ। ਇਹਨਾਂ ਪਰਿਵਾਰਾਂ ਦੇ ਮਨਾਂ ਵਿੱਚ ਰੋਸ ਹੈ, ਸਥਾਨਕ ਲੋਕ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਜਾਣਦੇ-ਪਹਿਚਾਣਦੇ ਨਹੀਂ। ਓਪਰੇ ਬੰਦੇ ਰਿਸ਼ਤੇਦਾਰ ਬਣ ਕੇ ਜਿੰਨਾ ਚਿਰ ਮਰਜ਼ੀ ਇਥੇ ਰਹਿਣ, ਕਿਸੇ ਨੂੰ ਸ਼ੱਕ ਨਹੀਂ ਹੁੰਦਾ। ਇਹਨਾਂ ਨੂੰ ਪੈਸੇ-ਟਕੇ ਦੀ ਵੀ ਜ਼ਰੂਰਤ ਹੁੰਦੀ ਹੈ। ਥੋੜ੍ਹੇ ਜਿਹੇ ਪੈਸਿਆਂ ਦੇ ਲਾਲਚ ਵਿੱਚ ਵੀ ਕਿਸੇ ਨੂੰ ਪਨਾਹ ਦੇ ਸਕਦੇ ਹਨ।
ਪਹਿਲਾ ਛਾਪਾ ਉਹਨਾਂ ਭਾਪਿਆਂ ਦੇ ਮਾਰਿਆ। ਉਹ ਕਾਨਪੁਰੋਂ ਉੱਜੜ ਕੇ ਆਏ ਸਨ। ਉਥੇ ਉਹਨਾਂ ਦੀ ਬਹੁਤ ਵੱਡੀ ਟਰਾਂਸਪੋਰਟ ਸੀ। ਘਰ ਦੇ ਸਾਰੇ ਮੈਂਬਰ ਦੰਗਿਆਂ ਦਾ ਸ਼ਿਕਾਰ ਹੋ ਗਏ। ਗੱਡੀਆਂ ਅੱਗ ਦੀ ਭੇਟ ਚੜ੍ਹ ਗਈਆਂ। ਜੋ ਬਾਕੀ ਬਚਿਆ, ਉਨ੍ਹਾਂ ਵਿੱਚ ਦੋ ਬੁੱਢੀਆਂ, ਦੋ ਨੌਜਵਾਨ ਵਿਧਵਾਵਾਂ ਅਤੇ ਇੱਕ ਬਾਰਾਂ ਕੁ ਸਾਲ ਦਾ ਮੁੰਡਾ ਸੀ, ਜਿਸ ਨੂੰ ਉਹ ਕੁੜੀਆਂ ਵਾਲੇ ਕੱਪੜੇ ਪਵਾ ਕੇ ਬਚਾ ਲਿਆਈਆਂ ਸਨ।
ਇਥੇ ਆਉਣ ਸਮੇਂ ਤੇੜ ਦੇ ਕੱਪੜਿਆਂ ਤੋਂ ਸਿਵਾ ਉਹਨਾਂ ਕੋਲ ਕੁੱਝ ਨਹੀਂ ਸੀ। ਪਹਿਲਾਂ ਸਟੇਸ਼ਨ ’ਤੇ ਰਹੇ, ਫੇਰ ਸਿੰਘ ਸਭਾ ਗੁਰਦੁਆਰੇ। ਉਥੋਂ ਅਗਵਾੜ ਵਾਲੇ ਕੈਨੇਡਾ ਵਾਲਿਆਂ ਦੇ ਇਸ ਮਕਾਨ ਵਿੱਚ ਲੈ ਆਏ। ਇਹ ਮਕਾਨ ਖ਼ਰੀਦ ਲਿਆ ਅਤੇ ਬਹੁਤ ਸਾਰਾ ਸਮਾਨ ਵੀ ਘਰ ਆ ਗਿਆ।
ਖ਼ੁਫ਼ੀਆਂ ਰਿਪੋਰਟਾਂ ਤਾਂ ਆਖਦੀਆਂ ਸਨ ਕਿ ਇਹਨਾਂ ਨੂੰ ਸ਼ੱਕੀ ਬੰਦੇ ਪੈਸੇ ਦਿੰਦੇ ਹਨ। ਭਾਪਿਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਕਾਨ੍ਹਪੁਰ ਵਾਲੇ ਮਿੱਤਰਾਂ ਨੇ ਬਾਕੀ ਬਚਦੀ ਜ਼ਮੀਨ ਜਾਇਦਾਦ ਵੇਚ ਕੇ ਉਹਨਾਂ ਨੂੰ ਪੈਸੇ ਭੇਜੇ ਹਨ।
ਇਸ ਪਰਿਵਾਰ ਦੀ ਪਹਿਲਾਂ ਵੀ ਕਈ ਵਾਰ ਪੁੱਛ-ਪੜਤਾਲ ਹੋ ਚੁੱਕੀ ਸੀ। ਹੋ ਸਕਦੈ ਉਹ ਰਿਪੋਰਟਾਂ ਗ਼ਲਤ ਹੋਣ। ਕਈ ਵਾਰ ਥਾਣੇ ਬੈਠਿਆਂ ਹੀ ਪੁੱਛ-ਪੜਤਾਲ ਦੀ ਰਿਪੋਰਟ ਕਰ ਦਿੱਤੀ ਜਾਂਦੀ ਹੈ। ਜਿਨ੍ਹਾਂ ਦਾ ਵੱਸਦਾ-ਰੱਸਦਾ ਘਰ ਉੱਜੜ ਗਿਆ ਹੋਵੇ, ਰਾਜੇ ਤੋਂ ਰੰਕ ਬਣ ਗਏ ਹੋਣ, ਉਹ ਚੁੱਪ ਕਰ ਕੇ ਕਿਵੇਂ ਬੈਠ ਸਕਦੇ ਹਨ? ਉਹਨਾਂ ਦੇ ਸੀਨਿਆਂ ’ਚ ਭਾਂਬੜ ਬਲਦੇ ਹੀ ਰਹਿੰਦੇ ਹਨ। ਉਹ ਬਦਲੇ ਦੀ ਤਾਕ ਵਿੱਚ ਰਹਿੰਦੇ ਹਨ।
ਦਰਵਾਜ਼ਾ ਖੁੱਲ੍ਹਦਿਆਂ ਹੀ ਗੱਜਣ ਨੇ ਦਰਵਾਜ਼ਾ ਖੋਲ੍ਹਣ ਆਈ ਮੁਟਿਆਰ ਦੀ ਧੌਣ ਵਿੱਚ ਪੰਜ-ਛੇ ਜੜ ਦਿੱਤੀਆਂ। ਉਹ ਵਿਹੜੇ ਵਿੱਚ ਜਾ ਡਿੱਗੀ। ਬਾਕੀ ਉਸ ਨੂੰ ਸੰਭਾਲਣ ਲੱਗੀਆਂ ਤਾਂ ਗੱਜਣ ਨੇ ਗਾਲ੍ਹਾਂ ਦਾ ਗੱਫਾ ਉਹਨਾਂ ਦੇ ਪੱਲੇ ਵੀ ਪਾ ਦਿੱਤਾ। ਪੰਜ-ਚਾਰ ਡੰਡੇ ਉਸ ਮਲੂਕੜੇ ਜਿਹੇ ਮੁੰਡੇ ਦੇ ਵੀ ਜੜੇ, ਜਿਸ ਨੂੰ ਸਮਝ ਨਹੀਂ ਸੀ ਆ ਰਿਹਾ ਇਹ ਕੀ ਹੋ ਰਿਹਾ ਸੀ? ਬੱਸ ਰੋਈ ਹੀ ਜਾ ਰਿਹਾ ਸੀ। ਗੁਰਦਾਸ ਨੇ ਗੱਜਣ ਦਾ ਹੱਥ ਰੋਕਿਆਂ ਤਾਂ ਉਸ ਨੂੰ ਵੀ ਝਿੜਕਾਂ ਪੈ ਗਈਆਂ। ਗੱਜਣ ਦਾ ਮੱਤ ਸੀ ਕਿ ਇਹ ਤਰਸ ਦੇ ਪਾਤਰ ਨਹੀਂ। ਕਿਸੇ ਨੇ ਪੁਲਿਸ ਨੂੰ ਭਲਮਾਣਸੀ ਨਾਲ ਥੋੜ੍ਹਾ ਦੱਸਣਾ ਹੈ? ਹੋਰ ਸਖ਼ਤੀ ਦਿਖਾਉਣ ਲਈ ਉਸ ਨੇ ਬੁੱਢੀ ਦੀ ਗੁੱਤ ਨੂੰ ਵੀ ਗੇੜਾ ਦੇ ਦਿੱਤਾ।
ਕਾਫ਼ੀ ਕੁੱਟ ਮਾਰ, ਝਾੜ-ਝੰਬ ਅਤੇ ਗਾਲ੍ਹਾਂ ਦੁੱਪੜਾਂ ਬਾਅਦ ਹੀ ਗੱਜਣ ਨੂੰ ਯਕੀਨ ਆਇਆ ਕਿ ਨਾ ਉਥੇ ਕੋਈ ਆਉਂਦਾ ਸੀ, ਨਾ ਪੈਸੇ ਦਿੰਦਾ ਸੀ।
ਔਰਤਾਂ ਹੋਣ ਕਰਕੇ ਗੱਜਣ ਨੇ ਕਾਨ੍ਹਪੁਰ ਵਾਲਿਆਂ ਨੂੰ ਤਾਂ ਬਖ਼ਸ਼ ਦਿੱਤਾ। ਦਿੱਲੀ ਅਤੇ ਕਲਕੱਤੇ ਵਾਲਿਆਂ ਦੇ ਚਾਲੇ ਠੀਕ ਨਹੀਂ ਸਨ। ਉਹ ਸਿੱਧੇ ਮੂੰਹ ਗੱਲ ਹੀ ਨਹੀਂ ਕਰਦੇ। ਸ਼ਰੇਆਮ ਆਖਦੇ ਸਨ ਕਿ ਉਹਨਾਂ ਦੀ ਮਦਦ ਸਿੰਘ ਸਭਾ ਵੀ ਕਰਦੀ ਹੈ ਅਤੇ ਨੌਜਵਾਨ ਜਥੇਬੰਦੀਆਂ ਵੀ। ਦਿੱਲੀ ਵਾਲੇ ਵੀ ਕੋਈ ਚੰਗਾ ਰਿਕਾਰਡ ਨਹੀਂ ਸੀ ਰੱਖਦੇ। ਉਹ ਉਥੇ ਵੀ ਸ਼ਰਾਰਤਾਂ ਕਰਦੇ ਰਹਿੰਦੇ ਸਨ। ਉਹਨਾਂ ਦੀ ਦਿੱਲੀ ਮੋਟਰਸਾਈਕਲ ਰਿਪੇਅਰ ਕਰਨ ਦੀ ਵਰਕਸ਼ਾਪ ਸੀ। ਉਹਨਾਂ ਦਾ ਬਾਪ ਮਰਿਆ ਸੀ ਅਤੇ ਵਰਕਸ਼ਾਪ ਜਲੀ ਸੀ। ਉਹਨਾਂ ਨੂੰ ਸਰਕਾਰ ਵੱਲੋਂ ਕਾਫ਼ੀ ਮੁਆਵਜ਼ਾ ਮਿਲਿਆ ਸੀ। ਇਹੋ ਹਾਲ ਕਲਕੱਤੇ ਵਾਲਿਆਂ ਦਾ ਸੀ।
ਦਰਵਾਜ਼ੇ ਖੜਕਾਏ ਤਾਂ ਸਾਰੇ ਮੁੰਡੇ-ਖੁੰਡੇ ਘਰ ਹੀ ਮਿਲ ਗਏ। ਕਿੱਲੀਆਂ ’ਤੇ ਕੇਸਰੀ ਪੱਗਾਂ ਲਟਕ ਰਹੀਆਂ ਸਨ ਜੋ ਗੱਜਣ ਨੂੰ ਉਹਨਾਂ ਦੇ ਸਰਕਾਰ ਤੋਂ ਬਾਗ਼ੀ ਹੋਣ ਦਾ ਸਬੂਤ ਲੱਗੀਆਂ, ਉਂਝ ਘਰਾਂ ਵਿੱਚ ਭੰਗ ਭੁੱਜਦੀ ਸੀ। ਇੱਕ-ਦੋ ਟਰੰਕਾਂ, ਮੰਜੇ ਬਿਸਤਰਿਆਂ ਅਤੇ ਰਸੋਈ ਦੇ ਭਾਂਡਿਆਂ ਤੋਂ ਬਿਨਾਂ ਘਰ ਵਿੱਚ ਕੁੱਝ ਨਹੀਂ ਸੀ। ਤਲਾਸ਼ੀ ਲੈਣ ਲਈ ਸਾਰੇ ਪੰਜ ਮਿੰਟ ਲੱਗੇ।
ਮਰਦਾਂ ਤੋਂ ਪੁੱਛ-ਗਿੱਛ ਕਰਨੀ ਸੀ ਤਾਂ ਖੁੱਲ੍ਹਾ ਵਕਤ ਚਾਹੀਦਾ ਸੀ। ਮੁਸ਼ਕਾਂ ਦੇ ਕੇ ਮਰਦਾਂ ਨੂੰ ਧਰਮਸ਼ਾਲਾ ਲਿਜਾਇਆ ਗਿਆ ਰਾਤ ਨੂੰ ਵਿਹਲਾ ਹੋ ਕੇ ਉਹਨਾਂ ਦੇ ਘੋਟੇ ਲਾਏਗਾ।
ਬੰਟੀ ਦੇ ਸੁਰਾਗ ਦਾ ਦੂਸਰਾ ਸੋਮਾ ਉਹ ਪਰਿਵਾਰ ਹੋ ਸਕਦੇ ਸਨ, ਜਿਨ੍ਹਾਂ ਦੇ ਮੁੰਡੇ ਘਰੋਂ ਫ਼ਰਾਰ ਸਨ।
ਸਭ ਤੋਂ ਪਹਿਲਾਂ ਲੱਛੂ ਮਿਸਤਰੀ ਦਾ ਮੁੰਡਾ ਘਰੋਂ ਦੌੜਿਆ ਸੀ। ਪਿਓ ਚੜ੍ਹਦੀ ਜਵਾਨੀ ਵਿੱਚ ਮਰ ਗਿਆ। ਮਾਂ ਨੇ ਹਿੰਮਤ ਕਰ ਕੇ ਬੀ.ਏ.ਕਰਾਈ। ਮੁੰਡਾ ਪੜ੍ਹਨ ਵਿੱਚ ਹੁਸ਼ਿਆਰ ਸੀ। ਚੰਗੇ ਨੰਬਰ ਲੈ ਕੇ ਪਾਸ ਹੁੰਦਾ ਰਿਹਾ। ਕਈ ਸਾਲ ਧੱਕੇ ਖਾ ਕੇ ਵੀ ਨੌਕਰੀ ਨਾ ਮਿਲੀ। ਚਾਹੇ ਤਾਇਆਂ ਨੇ ਪੈਸੇ ਇਕੱਠੇ ਕਰ ਕੇ ਉਸ ਨੂੰ ਵਰਕਸ਼ਾਪ ਖੁੱਲ੍ਹਵਾ ਦਿੱਤੀ। ਮੁੰਡੇ ਨੇ ਦੱਬ ਕੇ ਮਿਹਨਤ ਕੀਤੀ। ਸਾਲ ’ਚ ਰੋਟੀ ਖਾਣ ਜੋਗਾ ਹੋਇਆ ਤਾਂ ਚੱਲਦਾ ਕੰਮ ਦੇਖ ਕੇ ਠੁੱਲੀਵਾਲ ਵਾਲਿਆਂ ਨੇ ਉਸ ਤੋਂ ਚਾਰ ਗੁਣਾ ਵੱਡੀ ਵਰਕਸ਼ਾਪ ਗੁਆਂਢ ’ਚ ਲਿਆ ਖੋਲ੍ਹੀ। ਮਾਲ ਵੀ ਸਸਤਾ। ਮਿਹਨਤ ਵੀ ਘੱਟ। ਦਿਨਾਂ ’ਚ ਮੁੰਡੇ ਦੀ ਵਰਕਸ਼ਾਪ ’ਚ ਕਾਂ ਪੈਣ ਲੱਗੇ। ਸਾਰਾ ਗਾਹਕ ਉਧਰ ਤੁਰ ਗਿਆ।
ਪਹਿਲਾਂ ਮੁੰਡਾ ਨਸ਼ੇ ਕਰਨ ਲੱਗਾ। ਫੇਰ ਸੰਭਲਿਆ। ਉਸ ਸਮੇਂ ਹੀ ਪਤਾ ਲੱਗਾ ਜਦੋਂ ਉਸ ਨੇ ਅੰਮ੍ਰਿਤ ਛਕ ਲਿਆ ਅਤੇ ਗਾਤਰਾ ਪਾ ਲਿਆ। ਕਦੇ ਉਹ ਘਰੋਂ ਗ਼ਾਇਬ ਰਹਿੰਦਾ, ਕਦੇ ਮੁੰਡੇ- ਖੁੰਡੇ ਸਾਰੀ-ਸਾਰੀ ਰਾਤ ਵਰਕਸ਼ਾਪ ਵਿੱਚ ਬੈਠੇ ਗੱਪਾਂ ਮਾਰਦੇ ਰਹਿੰਦੇ। ਭਾਂਡਾ ਉਸ ਸਮੇਂ ਫੁੱਟਿਆ, ਜਦੋਂ ਉਹਨਾਂ ਨੇ ਠੁੱਲੀਵਾਲ ਵਾਲਿਆਂ ਦਾ ਮੁੰਡਾ ਦਿਨ-ਦਿਹਾੜੇ ਹੀ ਵਰਕਸ਼ਾਪ ਵਿੱਚ ਗੋਲੀਆਂ ਨਾਲ ਭੁੰਨ ਦਿੱਤਾ। ਉਸੇ ਦਿਨ ਤੋਂ ਉਹ ਗ਼ਾਇਬ ਹੈ। ਪੁਲਿਸ ਦੀ ਕੁੱਟ ਨਾਲ ਮਾਂ ਪਾਗ਼ਲ ਹੋ ਗਈ। ਘਰੇ ਦੂਜਾ ਭਰਾ ਹੈ ਜਾਂ ਬੁੱਢੀ ਦਾਦੀ। ਜਦੋਂ ਵੀ ਇਲਾਕੇ ਵਿੱਚ ਕੋਈ ਵਾਰਦਾਤ ਹੋਵੇ ਤਾਂ ਪੁਲਿਸ ਪਹਿਲਾਂ ਉਹਨਾਂ ਨੂੰ ਹੀ ਚੁੱਕਦੀ ਹੈ। ਦੋਹਾਂ ਦੇ ਹੱਡਾਂ ਵਿੱਚ ਰਾਧ ਪੈ ਚੁੱਕੀ ਹੈ। ਕੰਮੋਂ-ਕਾਰੋਂ ਨਿਕਾਰੇ ਹੋਏ ਉਹ ਕਿਧਰੇ ਨਿਕਲ ਗਏ ਹਨ, ਘਰੇ ਜਿੰਦਾ ਲੱਗ ਗਿਆ ਹੈ।
ਦੂਜਾ ਉਸੇ ਦਾ ਸਾਥੀ ਸ਼ਿੰਦਾ ਹੈ। ਉਸ ਦੀ ਕਹਾਣੀ ਵੀ ਲੱਛੂ ਦੇ ਮੁੰਡੇ ਨਾਲ ਮਿਲਦੀ-ਜੁਲਦੀ ਹੈ। ਉਹਦੇ ਬਾਪ ਦੇ ਦੋ ਵਿਆਹ ਸਨ। ਪਹਿਲੀ ਦੇ ਚਾਰ ਮੁੰਡੇ ਸਨ ਅਤੇ ਦੂਜੀ ਦਾ ਇਹ ਇਕੱਲਾ। ਚਾਰ ਸਾਲ ਦਾ ਸੀ ਜਦੋਂ ਬਾਪ ਮਰ ਗਿਆ। ਭਰਾਵਾਂ ਨੇ ਜ਼ਮੀਨ ਦਾ ਇੱਕ ਸਿਆੜ ਵੀ ਨਾ ਦਿੱਤਾ। ਜਿੰਨਾ ਚਿਰ ਹੋ ਸਕਿਆ, ਮਾਮਿਆਂ ਨਾਲ ਮਿਲ ਕੇ ਕਚਹਿਰੀਆਂ ਦੀ ਖ਼ਾਕ ਛਾਣੀ। ਜਾਬਰ ਭਰਾਵਾਂ ਸਾਹਮਣੇ ਜਦੋਂ ਪੇਸ਼ ਨਾ ਗਈ ਤਾਂ ਉਸ ਨੇ ਹਥਿਆਰ ਚੁੱਕ ਲਏ।
ਉਹੋ ਭਰਾ ਜਿਹੜੇ ਮੁਕੱਦਮਾ ਹਾਰ ਕੇ ਵੀ ਕਬਜ਼ਾ ਦੇਣ ਵਿੱਚ ਨਹੀਂ ਸੀ ਆਉਂਦੇ, ਡਰਦੇ ਜ਼ਮੀਨ ਛੱਡ ਕੇ ਪਰ੍ਹਾਂ ਹੋ ਗਏ। ਹੁਣ ਸ਼ਿੰਦੇ ਦੇ ਜ਼ਮੀਨ ਕਿਸ ਕੰਮ? ਦੋ-ਚਾਰ ਬੰਦੇ ਮਾਰ ਦੇਣੇ ਉਸ ਦੇ ਖੱਬੇ ਹੱਥ ਦੀ ਖੇਡ ਹੈ। ਦੋ ਵਾਰ ਭਰਾਵਾਂ ’ਤੇ ਫ਼ਾਇਰ ਕਰ ਚੁੱਕਾ ਹੈ। ਚੰਗੇ ਭਾਗਾਂ ਨੂੰ ਉਹ ਹਰ ਵਾਰ ਬਚ ਜਾਂਦੇ ਰਹੇ।
ਸ਼ਿੰਦੇ ਦਾ ਵੱਡਾ ਮਾਮਾ ਪਹਿਲਾਂ ਸ਼ਿੰਦੇ ਦੀ ਮਾਂ ਕੋਲ ਰਹਿੰਦਾ ਸੀ। ਜਦੋਂ ਦਾ ਸ਼ਿੰਦਾ ਘਰੋਂ ਨਿਕਲਿਆ ਹੈ, ਉਹ ਵੀ ਪੱਤਰਾ ਵਾਚ ਗਿਆ ਹੈ। ਮਾਮਿਆਂ ਦੀ ਕਈ ਵਾਰ ਕੁਟਾਈ ਹੋ ਚੁੱਕੀ ਹੈ। ਉਹਨਾਂ ਦੇ ਘਰ ਢਾਹੇ ਅਤੇ ਫ਼ਸਲਾਂ ਉਜਾੜੀਆਂ ਗਈਆਂ ਸਨ। ਕਿਸੇ ਨੂੰ ਕੁੱਝ ਪਤਾ ਹੋਵੇ ਤਾਂ ਦੱਸੇ। ਸ਼ਿੰਦੇ ਦੀ ਚੌਥੇ ਦਿਨ ਪੁਲਿਸ ਨੂੰ ਚਿੱਠੀ ਆਉਂਦੀ ਹੈ। ਬੇਕਸੂਰ ਮਾਮਿਆਂ ਨੂੰ ਕਿਉਂ ਕੁੱਟਦੇ ਹੋ? ਮਿਲਣਾ ਹੈ ਤਾਂ ਜਵਾਈ ਨੂੰ ਫਲਾਣੀ ਥਾਂ ਮਿਲੋ। ਜਿਸ ਥਾਂ ਦਾ ਉਹ ਸੱਦਾ ਦਿੰਦਾ ਹੈ, ਉਥੇ ਪੁਲਿਸ ਜਾਂਦੀ ਨਹੀਂ।
ਉਸ ਦਾ ਘਰ ਵੀ ਉੱਜੜਿਆ ਹੋਇਆ ਹੈ।
ਤੀਜੇ ਨੂੰ ਇੱਕ ਵਾਰ ਮਾਂ-ਬਾਪ ਨੇ ਹੀ ਪੁਲਿਸ ਨੂੰ ਫੜਾ ਦਿੱਤਾ ਸੀ। ਉਹ ਜੇਲ੍ਹ ਵਿੱਚ ਹੈ। ਪੁਲਿਸ ਉਸ ਦੇ ਮਾਂ-ਬਾਪ ਨੂੰ ਕੁੱਝ ਨਹੀਂ ਆਖਦੀ। ਉਹਨਾਂ ਤਾਂ ਪੁਲਿਸ ਦੀ ਮਦਦ ਕੀਤੀ ਸੀ।
ਘਰਾਂ ਨੂੰ ਲੱਗੇ ਜਿੰਦੇ ਦੇਖ ਕੇ ਹੀ ਵਾਪਸ ਮੁੜਨਾ ਗੱਜਣ ਸਿਆਣਪ ਨਹੀਂ ਸੀ ਸਮਝਦਾ। ਕਈ ਵਾਰ ਅਜਿਹੀਆਂ ਉਜਾੜ ਥਾਵਾਂ ਹੀ ਦਹਿਸ਼ਤਗਰਦਾਂ ਦੀ ਪਨਾਹਗਾਹ ਬਣਦੀਆਂ ਹਨ। ਮੁੰਡੇ ਇਥੇ ਵੀ ਲੁਕ ਸਕਦੇ ਹਨ। ਦਹਿਸ਼ਤ ਦੇ ਦਿਨਾਂ ਵਿੱਚ ਲੋਕ ਅੱਖੀਂ ਦੇਖ ਕੇ ਵੀ ਕਿਸੇ ਅੱਗੇ ਮੂੰਹ ਨਹੀਂ ਖੋਲ੍ਹਦੇ।
ਇੱਕ-ਇੱਕ ਕਰ ਕੇ ਉਸ ਨੇ ਦੋਹਾਂ ਘਰਾਂ ਦੇ ਜਿੰਦੇ ਤੁੜਵਾਏ। ਮਿੱਟੀ-ਘੱਟੇ ਅਤੇ ਦਰੱਖ਼ਤਾਂ ਦੇ ਪੱਤਿਆਂ ਨਾਲ ਭਰੇ ਵਿਹੜੇ ਦੇਖ ਕੇ ਵੀ ਗੱਜਣ ਦਾ ਪਿਛਾਂਹ ਮੁੜਨ ਨੂੰ ਦਿਲ ਨਾ ਕੀਤਾ। ਦਹਿਸ਼ਤਗਰਦਾਂ ਦੇ ਦਿਮਾਗ਼ ਪੁਲਿਸ ਨਾਲੋਂ ਕਈ ਗੁਣਾ ਤੇਜ਼ ਹਨ। ਨਾਲੇ ਸਫ਼ਾਈਆਂ ਕਰਨ ਦਾ ਉਹਨਾਂ ਕੋਲ ਵਕਤ ਕਿਥੇ? ਉਜਾੜਾਂ ਵਿੱਚ ਰਹਿਣਾ ਸੌਖਾ ਹੁੰਦਾ ਹੈ।
ਸਬਾਤਾਂ, ਡੰਗਰਾਂ ਵਾਲੇ ਕੋਠਿਆਂ ਅਤੇ ਦਰਵਾਜ਼ਿਆਂ ਦੀ ਘੋਖ-ਪੜਤਾਲ ਜ਼ਰੂਰੀ ਸੀ। ਅੰਦਰਲਾ ਦ੍ਰਿਸ਼ ਬਾਹਰ ਨਾਲੋਂ ਵੀ ਭਿਆਨਕ ਸੀ। ਖੁਰਲੀਆਂ ’ਚ ਪਏ ਪੱਠਿਆਂ ਨੂੰ ਉੱਲੀ ਲੱਗ ਗਈ ਸੀ। ਕੀੜਿਆਂ ਨੇ ਗੋਹੇ ਵਿੱਚ ਭੌਣ ਬਣਾ ਲਏ ਸਨ। ਕੋਣਿਆਂ ’ਚ ਪਈਆਂ ਪੇਟੀਆਂ, ਮੰਜੇ, ਪੀੜ੍ਹੇ ਅਤੇ ਚਰਖਿਆਂ ’ਤੇ ਗਿੱਠ-ਗਿੱਠ ਮਿੱਟੀ ਜੰਮ ਗਈ ਸੀ। ਲੱਗਦਾ ਸੀ, ਕੋਈ ਸਦੀਆਂ ਤੋਂ ਇਥੇ ਆ ਕੇ ਨਹੀਂ ਵੱਸਿਆ।
ਸਿਪਾਹੀ ਹੌਲਦਾਰਾਂ ਨੇ ਸਾਰੀਆਂ ਚੀਜ਼ਾਂ ਨੂੰ ਠੁੱਡੇ ਮਾਰ-ਮਾਰ ਘੋਖਿਆ। ਕੋਈ ਕੰਮ ਦੀ ਮਿਲੇ ਤਾਂ ਨਾਲ ਲੈ ਚੱਲਣ। ਉਹਨਾਂ ਕਿਹੜੇ ਮੁੜ ਜਿੰਦਰੇ ਮਾਰਨੇ ਸਨ। ਖੁੱਲ੍ਹੇ ਪਏ ਮਕਾਨਾਂ ਨੂੰ ਕੋਈ ਵੀ ਲੁੱਟ ਸਕਦਾ ਸੀ। ਚਾਰ ਚੀਜ਼ਾਂ ਪੁਲਿਸ ਲੈ ਜਾਏ ਤਾਂ ਕਿਹੜਾ ਕਿਸੇ ਨੂੰ ਪਤਾ ਲੱਗਣਾ ਹੈ।
ਦੋਵੇਂ ਥਾਵਾਂ ਤੋਂ ਜਦੋਂ ਕੁੱਝ ਪੱਲੇ ਨਾ ਪਿਆ ਤਾਂ ਗੱਜਣ ਸਿੰਘ ਉਦਾਸ ਹੋ ਗਿਆ। ਖ਼ਾਨ ਕੀ ਸੋਚੇਗਾ? ਗੱਜਣ ਨੂੰ ਤਾਂ ਬੰਟੀ ਦਾ ਕੋਈ ਨਾ ਕੋਈ ਸੁਰਾਗ਼ ਮਿਲਣ ਦੀ ਪੂਰੀ ਆਸ ਸੀ। ਖ਼ਾਨ ਪਹਿਲਾਂ ਹੀ ਉਸ ਨੂੰ ਇਨਾਮ ਅਤੇ ਸਰਟੀਫ਼ਿਕੇਟ ਦੇ ਚੁੱਕਾ ਸੀ। ਇਹ ਮੱਲ ਵੀ ਮਾਰ ਲਈ ਤਾਂ ਖ਼ਾਨ ਨੇ ਉਸ ਨੂੰ ਐਸ.ਐਚ.ਓ.ਲਗਵਾ ਦੇਣਾ ਸੀ। ਪਹਿਲਾਂ ਵੀ ਉਸ ਨੇ ਮਦਨ ਲਾਲ ਅਤੇ ਸ਼ਾਮ ਸਿੰਘ ਨੂੰ ਏ.ਐਸ.ਆਈ.ਹੁੰਦਿਆਂ ਹੋਇਆਂ ਵੀ ਐਸ.ਐਚ.ਓ.ਲਗਵਾ ਦਿੱਤਾ। ਉਹ ਕੰਮ ਦੀ ਕਦਰ ਕਰਨ ਵਾਲਾ ਹੈ। ਗੱਜਣ ਨੂੰ ਆਪਣੀ ਐਸ.ਐਚ.ਓ.ਦੀ ਕੁਰਸੀ ਖੁੱਸਦੀ ਨਜ਼ਰ ਆ ਰਹੀ ਸੀ।
ਇੰਨੀ ਜਲਦੀ ਢੇਰੀ ਢਾਹੁਣ ਵਾਲਾ ਗੱਜਣ ਸਿੰਘ ਵੀ ਨਹੀਂ ਸੀ।
ਫ਼ੋਰਸ ਨੂੰ ਉਸ ਨੇ ਕਈ ਹਿੱਸਿਆਂ ਵਿੱਚ ਵੰਡਿਆ। ਸਾਰੀਆਂ ਪਾਰਟੀਆਂ ਵੱਖ-ਵੱਖ ਦਿਸ਼ਾਵਾਂ ਵੱਲ ਭੇਜ ਦਿੱਤੀਆਂ। ਆਪ ਇੱਕ ਹੌਲਦਾਰ ਅਤੇ ਚਾਰ ਸਿਪਾਹੀਆਂ ਨੂੰ ਲੈ ਕੇ ਭਾਨੀ ਦੇ ਘਰ ਵੱਲ ਤੁਰ ਪਿਆ। ਦੂਜੀਆਂ ਪਾਰਟੀਆਂ ਨੂੰ ਸਖ਼ਤ ਹਦਾਇਤ ਸੀ ਕਿ ਹਰ ਘਰ ਦੀ ਤਲਾਸ਼ੀ ਲੈਣੀ ਹੈ। ਕੋਈ ਅੜ-ਫੜ ਕਰੇ ਤਾਂ ਤੁਰੰਤ ਗੱਜਣ ਸਿੰਘ ਨਾਲ ਸੰਪਰਕ ਕਾਇਮ ਕੀਤਾ ਜਾਵੇ।
ਗੱਜਣ ਦੀ ਇਕੋ-ਇੱਕ ਆਸ ਭਾਨੀ ’ਤੇ ਸੀ। ਇਸ ਇਲਾਕੇ ਵਿੱਚ ਜਿੰਨੇ ਵੀ ਮੁਕੱਦਮੇ ਗੱਜਣ ਸਿੰਘ ਨੇ ਫੜੇ ਸਨ, ਅੱਧਿਆਂ ਨਾਲੋਂ ਬਹੁਤਿਆਂ ਵਿੱਚ ਭਾਨੀ ਦੀ ਕਿਰਪਾ ਰਹੀ ਸੀ। ਲੋਕ ਗੱਜਣ ਨੂੰ ਟਿਚਰਾਂ ਕਰਦੇ ਸਨ। ਕਈ ਦੂਸ਼ਣ ਵੀ ਲਾਉਂਦੇ। ਇੱਕ ਵਾਰ ਸਾਹਿਬ ਨੇ ਮੀਟਿੰਗ ਵਿੱਚ ਝਾੜ ਵੀ ਪਾਈ ਕਿ ਉਹ ਬਦਮਾਸ਼ ਔਰਤ ਕੋਲ ਸ਼ਰੇਆਮ ਜਾਂਦਾ ਹੈ। ਗੱਜਣ ਨੇ ਕੋਈ ਪਰਵਾਹ ਨਹੀਂ ਸੀ ਕੀਤੀ। ਪੁਲਿਸ ਨੇ ਆੜ੍ਹਤੀਆਂ ਜਾਂ ਕਾਰਖ਼ਾਨੇਦਾਰਾਂ ਦੀ ਯਾਰੀ ਤੋਂ ਕੀ ਲੈਣਾ ਹੈ। ਉਹਨਾਂ ਨੂੰ ਚੋਰਾਂ-ਠੱਗਾਂ ਨੇ ਹੀ ਚੋਰ-ਠੱਗ ਫੜਾਉਣੇ ਹੁੰਦੇ ਹਨ। ਕਿਸੇ ਨੂੰ ਕੀ ਪਤਾ ਸੀ ਕਿ ਭਾਨੀ ਇਸ ਇਲਾਕੇ ਦਾ ਰੋਜ਼ਨਾਮਚਾ ਸੀ। ਅਗਵਾੜ ਵਿੱਚ ਕੁੱਝ ਵੀ ਵਾਪਰਦਾ, ਉਹ ਭਾਨੀ ਦੇ ਪੋਟਿਆਂ ’ਤੇ ਹੁੰਦਾ।
ਜਦੋਂ ਨੰਬਰਦਾਰਾਂ ਦਾ ਔਤ ਬੁੱਢਾ ਤੁਰਦਾ-ਫਿਰਦਾ ਹੀ ਚੱਲ ਵੱਸਿਆ ਤਾਂ ਸਾਰੇ ਅਗਵਾੜ ਨੂੰ ਹੈਰਾਨੀ ਹੋਈ ਸੀ। ਬੁੱਢਾ ਸਾਰੀ ਉਮਰ ਛੜਾ ਰਿਹਾ ਸੀ। ਬਾਰਾਂ ਕਿੱਲੇ ਜ਼ਮੀਨ ਦੇ ਸਿਰ ’ਤੇ ਉਹ ਭਤੀਜਿਆਂ ਤੋਂ ਤੜ੍ਹੀ ਨਾਲ ਰੋਟੀ ਖਾਂਦਾ ਸੀ। ਚੀਹੜਾ ਇੰਨਾ ਸੀ ਕਿ ਹਜ਼ਾਰ ਯਤਨ ਕਰਨ ’ਤੇ ਵੀ ਉਸ ਨੇ ਕਿਸੇ ਦੇ ਨਾਂ ਵਸੀਅਤ ਨਹੀਂ ਸੀ ਕਰਾਈ। ਤੀਹ ਸਾਲਾਂ ਤੋਂ ਛੋਟੇ ਨਾਲ ਰਹਿੰਦਾ ਸੀ। ਕੁੱਝ ਦਿਨਾਂ ਤੋਂ ਵੱਡੇ ਨਾਲ ਤਿਓ ਰੱਖਣ ਲੱਗਾ ਸੀ। ਉਸ ਵੱਲ ਆਉਣ ਨੂੰ ਫਿਰਦਾ ਸੀ। ਛੋਟੇ ਨੂੰ ਭਿਣਕ ਪਈ ਤਾਂ ਉਸ ਨੇ ਬੁੱਢੇ ਨੂੰ ਪੁਚਕਾਰਿਆ ਵੀ ਅਤੇ ਝਿੜਕਿਆ ਵੀ। ਇਸ ਤੋਂ ਪਹਿਲਾਂ ਕਿ ਬੁੱਢਾ ਹੱਥੋਂ ਨਿਕਲਦਾ, ਉਸ ਨੇ ਬੁੱਢੇ ਦਾ ਫਾਹਾ ਵੱਢ ਦਿੱਤਾ।
ਪਹਿਲਾਂ-ਪਹਿਲਾਂ ਵੱਡੇ ਨੇ ਝੱਜੂ ਪਾਇਆ। ਉਹ ਬਾਰਾਂ ਕਿੱਲਿਆਂ ਵਿਚੋਂ ਅੱਧ ਦਾ ਮਾਲਕ ਸੀ। ਜਦੋਂ ਛੋਟੇ ਨੇ ਵਸੀਅਤਾਂ ਕੱਢ ਕੇ ਦਿਖਾਈਆਂ ਤਾਂ ਉਸ ਦੇ ਤੇਵਰ ਢਿੱਲੇ ਪੈ ਗਏ। ਵੱਡੇ ਨੇ ਬੁੱਢੇ ਦੇ ਪੋਸਟ-ਮਾਰਟਮ ਲਈ ਰੌਲਾ ਪਾਇਆਂ ਤਾਂ ਛੋਟੇ ਦੀ ਖਾਨਿਉਂ ਗਈ। ਘਰ ਉੱਜੜਦਾ ਦੇਖ ਕੇ ਦੋਹਾਂ ਨੇ ਰਾਜ਼ੀਨਾਮਾ ਕਰ ਲਿਆ। ਚਾਰ ਵੱਡੇ ਨੂੰ ਅਤੇ ਅੱਠ ਛੋਟੇ ਨੂੰ। ਕਿਸੇ ਨੂੰ ਕੰਨੋ-ਕੰਨ ਖ਼ਬਰ ਵੀ ਨਾ ਹੋਈ ਕਿ ਬੁੱਢੇ ਦਾ ਗਲ ਘੁੱਟਿਆ ਗਿਐ। ਜੇ ਭਾਨੀ ਗੱਜਣ ਦੇ ਕੰਨ ਵਿੱਚ ਫੂਕ ਨਾ ਮਾਰਦੀ ਤਾਂ ਗੱਜਣ ਨੂੰ ਪੰਜਾਹ ਹਜ਼ਾਰ ਧਰਿਆ ਨਹੀਂ ਸੀ ਪਿਆ। ਕਿਸੇ ਹੋਰ ਕੋਲ ਗੱਲ ਅੱਪੜਨ ਤੋਂ ਪਹਿਲਾਂ ਹੀ ਉਹ ਕਿੱਲੇ ਦਾ ਮੁੱਲ ਗੱਜਣ ਨੂੰ ਦੇ ਗਏ ਸਨ।
ਇਹ ਵੀ ਭਾਨੀ ਦੀ ਹੀ ਕਿਰਪਾ ਸੀ ਕਿ ਪਾਲੇ ਕੇ ਗਿੰਦਰ ਦਾ ਖ਼ੂਨ ਹੁੰਦਾ-ਹੁੰਦਾ ਟਲ ਗਿਆ। ਸ਼ਿੰਦਰ ਨੂੰ ਆਪਣੀ ਭੈਣ ’ਤੇ ਡਾਹਡਾ ਗੁੱਸਾ ਸੀ। ਉਸ ਦੇ ਘਰ ਸਭ ਕੁੱਝ ਸੀ। ਉਸ ਨੂੰ ਜ਼ਮੀਨ ’ਚੋਂ ਹਿੱਸਾ ਮੰਗਦੀ ਨੂੰ ਸ਼ਰਮ ਆਉਣੀ ਚਾਹੀਦੀ ਸੀ। ਸ਼ਿੰਦਰ ਨੇ ਤਾਂ ਪਹਿਲਾਂ ਹੀ ਆਪਣੀ ਜਿੰਦ ਵੇਚ ਕੇ ਭੈਣ ਦਾ ਵਿਆਹ ਕੀਤਾ ਸੀ। ਸਾਰੇ ਚਾਰ ਕਿੱਲੇ ਜ਼ਮੀਨ ਦੇ ਸੀ। ਕਚਹਿਰੀ ਚੜ੍ਹ ਕੇ ਭੈਣ ਨੇ ਦੋ ਕਿੱਲੇ ਲੈ ਕੇ ਛੱਡੇ। ਇਥੋਂ ਤਕ ਵੀ ਲਿਹਾਜ਼ ਨਾ ਕੀਤੀ ਕਿ ਸ਼ਿੰਦਰ ਨੂੰ ਹੀ ਵੇਚ ਦੇਵੇ। ਸ਼ਰੀਕਾਂ ਨੂੰ ਉਹਦੀ ਹਿੱਕ ’ਤੇ ਬਿਠਾ ਆਈ। ਸ਼ਿੰਦਰ ਜਿਊਂਦਾ ਹੀ ਮਰਿਆਂ ਵਰਗਾ ਹੋ ਗਿਆ। ਚਾਰ ਕੁੜੀਆਂ ਅਤੇ ਤਿੰਨ ਮੁੰਡਿਆਂ ਦਾ ਰੋਟੀ-ਟੁੱਕ ਦਾ ਖ਼ਰਚ ਹੀ ਮਾਣ ਨਹੀਂ। ਬੀਮਾਰੀ-ਠਿਮਾਰੀ ਆਉਂਦੀ ਤਾਂ ਸਿਰ ਚੜ੍ਹਿਆ ਕਰਜ਼ਾ ਦੁੱਗਣਾ-ਤਿੱਗਣਾ ਹੋ ਜਾਂਦਾ। ਆੜ੍ਹਤੀਆਂ, ਬੈਂਕਾਂ ਅਤੇ ਰਿਸ਼ਤੇਦਾਰਾਂ ਦਾ ਕਰਜ਼ਾਈ ਹੋਇਆ ਸ਼ਿੰਦਰ ਇੱਕ ਦਿਨ ਰਾਜਸਥਾਨੋਂ ਪਸਤੌਲ ਖ਼ਰੀਦ ਲਿਆਇਆ। ਸ਼ਿੰਦਰ ਨੂੰ ਕੀੜਿਆਂ ਵਾਲੇ ਜੰਡ ’ਤੇ ਚੜ੍ਹਾਉਣ ਵਾਲੀ ਆਪਣੀ ਭੈਣ ਦਾ ਘਰ ਉਹ ਤਬਾਹ ਕਰ ਸੁੱਟੇਗਾ।
ਭੈਣ ਤਾਂ ਮਾੜੀ ਨਹੀਂ ਸੀ, ਉਸ ਦਾ ਪਤੀ ਗਿੰਦਰ ਉਸ ਨੂੰ ਟਿਕਣ ਨਹੀਂ ਸੀ ਦਿੰਦਾ। “ਜੇ ਜ਼ਮੀਨ ਨਾ ਵੰਡਾਈ ਤਾਂ ਘਰੇ ਬਿਠਾ ਦਿਊਂ।” ਇਹੋ ਜਿਹੀਆਂ ਧਮਕੀਆਂ ਦਿੰਦਾ ਰਹਿੰਦਾ ਸੀ।
ਸ਼ਿੰਦਰ ਨਾਲ ਛੱਜੂ ਬਦਮਾਸ਼ ਨੂੰ ਲਿਆਇਆ ਸੀ। ਛੱਜੂ ਦੀ ਸ਼ਹਿਰ ਵਿੱਚ ਹੋਰ ਕੋਈ ਢੋਈ ਨਹੀਂ ਸੀ। ਰਾਤ ਉਹਨਾਂ ਭਾਨੀ ਕੋਲ ਕੱਟੀ। ਦੋ ਪੈੱਗ ਲਾ ਕੇ ਛੱਜੂ ਨੇ ਭਾਨੀ ਨੂੰ ਸਾਰੀ ਕਹਾਣੀ ਸੁਣਾ ਦਿੱਤੀ।
ਡਰਦੀ ਭਾਨੀ ਨੇ ਰਾਤੋ-ਰਾਤ ਥਾਣੇ ਖ਼ਬਰ ਕਰ ਦਿੱਤੀ। ਪਿੱਛੋਂ ਪੁਲਿਸ ਨੇ ਕਤਲ ਦੀ ਸਾਜ਼ਿਸ਼ ਵਿੱਚ ਭਾਨੀ ਨੂੰ ਵੀ ਵਿਚੇ ਘੜੀਸ ਲੈਣਾ ਸੀ।
ਸ਼ਿੰਦਰ ਤੋਂ ਪਸਤੌਲ ਬਰਾਮਦ ਕਰਾਉਣ ਨਾਲ ਗੱਜਣ ਦੀ ਵਾਹਵਾ-ਵਾਹਵਾ ਹੋ ਗਈ। ਪਾਲੇ ਕਿਆਂ ਨੇ ਉਸ ਦਾ ਪੂਰਾ ਅਹਿਸਾਨ ਮੰਨਿਆ। ਪਿੱਛੋਂ ਗੱਜਣ ਨੇ ਜਿਥੇ ਆਖਿਆ, ਪਾਲੇ ਨੇ ਉਥੇ ਹੀ ਠੋਕ ਕੇ ਗਵਾਹੀ ਦਿੱਤੀ। ਪਾਲੇ ਦੀ ਗਵਾਹੀ ਦੇ ਸਿਰ ’ਤੇ ਗੱਜਣ ਨੇ ਕਈ ਵੱਡੇ ਮੁਕੱਦਮੇ ਸਜ਼ਾ ਕਰਾਏ।
ਇਸ ਅਗਵਾੜ ਬਾਰੇ ਭਾਨੀ ਕੋਲੋਂ ਉਸ ਨੂੰ ਦੇਸ਼ ਭਰ ਦੀਆਂ ਖ਼ੁਫ਼ੀਆ ਏਜੰਸੀਆਂ ਨਾਲੋਂ ਵੱਧ ਸੂਹ ਮਿਲਣੀ ਸੀ। ਬਿਨਾਂ ਕਿਸੇ ਫੇਰ-ਬਦਲ ਤੋਂ।
ਪੁਲਿਸ ਨੂੰ ਦਰਵਾਜ਼ੇ ਅੱਗੇ ਖੜੀ ਦੇਖ ਕੇ ਭਾਨੀ ਦਾ ਸਤਿ ਨਿਕਲ ਗਿਆ। ਝੀਤਾਂ ਰਾਹੀਂ ਜਦੋਂ ਉਸ ਨੇ ਦਰਵਾਜ਼ੇ ਅੱਗੇ ਖੜੇ ਗੱਜਣ ਨੂੰ ਦੇਖਿਆ ਤਾਂ ਉਹਦੇ ਸਾਹ ਵਿੱਚ ਸਾਹ ਆਇਆ। ਗੱਜਣ ਉਸ ਦਾ ਪੁਰਾਣਾ ਯਾਰ ਸੀ। ਜਦੋਂ ਉਹ ਸ਼ਹਿਰ ਵਿੱਚ ਲੱਗਾ ਸੀ ਤਾਂ ਭਾਨੀ ਨੇ ਪੂਰੀਆਂ ਮੌਜਾਂ ਕੀਤੀਆਂ ਸਨ। ਕਈ ਗੁਆਂਢਣਾਂ ਤਾਂ ਉਸ ਨੂੰ ਥਾਣੇਦਾਰਨੀ ਆਖ ਕੇ ਹੀ ਬੁਲਾਉਣ ਲੱਗ ਪਈਆਂ ਸਨ।
ਕਾਲੇ ਸਾਟਨ ਦੇ ਸੂਟ ਵਿੱਚ ਭਾਨੀ ਦਾ ਗੋਰਾ ਸਰੀਰ ਦਗ-ਦਗ ਕਰ ਰਿਹਾ ਸੀ। ਆਮ ਦਿਨਾਂ ਵਾਂਗ ਉਸ ਨੇ ਅੱਜ ਵੀ ਅੱਖਾਂ ਵਿੱਚ ਧਾਰੀਦਾਰ ਸੁਰਮਾ ਪਾਇਆ ਸੀ। ਚਿੱਟੇ ਦੰਦਾਂ ’ਤੇ ਮਲਿਆ ਦੰਦਾਸਾ ਅਤੇ ਉਸ ਦੇ ਅਗਲੇ ਦੋ ਦੰਦਾਂ ਵਿੱਚ ਜੜੀਆਂ ਸੋਨੇ ਦੀ ਮੇਖਾਂ ਉਸ ਦੀ ਸੁੰਦਰਤਾ ਨੂੰ ਚਾਰ ਚੰਨ ਲਾ ਰਹੀਆਂ ਸਨ। ਕਦੇ ਜਵਾਨੀ ਵੇਲੇ ਮੱਥੇ ’ਤੇ ਪਵਾਈ ਮੋਰਨੀ ਹਾਲੇ ਵੀ ਉਡੂੰ-ਉਡੂੰ ਕਰ ਰਹੀ ਸੀ।
ਉਹ ਕੋਠੜੀ ਦੀ ਥਾਂ ਜਦੋਂ ਗੱਜਣ ਨੂੰ ਬੈਠਕ ਵੱਲ ਲੈ ਤੁਰੀ ਤਾਂ ਗੱਜਣ ਹੱਕਾ-ਬੱਕਾ ਰਹਿ ਗਿਆ। ਅੱਗੇ ਤਾਂ ਉਹ ਹਮੇਸ਼ਾ ਹੀ ਗੱਜਣ ਨੂੰ ਕੋਠੜੀ ਵਿੱਚ ਲਿਜਾਂਦੀ ਸੀ, ਜਿਥੇ ਉਸ ਦਾ ਰੰਗਲਾ ਪਲੰਘ, ਸੇਜ ਬਣਿਆ ਉਸ ਨੂੰ ਉਡੀਕ ਰਿਹਾ ਹੁੰਦਾ ਹੈ।
“ਕੀ ਕਰਾਂ? ਮੁੰਡਾ ਫ਼ੌਜ ’ਚੋਂ ਵਾਪਸ ਆ ਗਿਐ। ਆਂਡਲ ਜੀ ਬਹੂ ਕਾਂ ਵਾਂਗ ਮੇਰੇ ’ਤੇ ਅੱਖ ਰੱਖਦੀ ਹੈ। ਮੁੰਡਾ ਸਾਹ ਨਹੀਂ ਕੱਢਣ ਦਿੰਦਾ।”
ਗੱਜਣ ਦੇ ਕਾਰਨ ਪੁੱਛਣ ’ਤੇ ਉਹ ਆਪਣੇ ਦੁੱਖੜੇ ਰੋਣ ਲੱਗੀ।
ਸਾਲ ਪਹਿਲਾਂ ਉਹ ਪੂਰੀ ਆਜ਼ਾਦ ਸੀ। ਉਸ ਦਾ ਘਰ ਵਾਲਾ ਵਿਆਹ ਦੇ ਤੀਜੇ ਵਰ੍ਹੇ ਹੀ ਸੱਪ ਨੇ ਡੱਸ ਲਿਆ। ਫ਼ੌਜੀ ਉਹਨੀਂ ਦਿਨੀਂ ਇੱਕ ਸਾਲ ਦਾ ਸੀ। ਭਾਨੀ ਨੇ ਦਿਉਰ ਕਰ ਲਿਆ। ਛੇ ਸਾਲਾਂ ਬਾਅਦ ਉਹ ਕਿਸੇ ਹੋਰ ਨੂੰ ਲੈ ਕੇ ਨਿਕਲ ਗਿਆ। ਅਖੇ ਭਾਨੀ ਉਸ ਦੇ ਜਵਾਕ ਨਹੀਂ ਜੰਮਦੀ।
ਭਾਨੀ ਦਾ ਦਿਲ ਟੁੱਟ ਗਿਆ। ਸੱਸ-ਸਹੁਰੇ ਦੇ ਸਹਾਰੇ ਮੁੰਡਾ ਪਾਲਦੀ ਰਹੀ।
ਮੁੰਡਾ ਫ਼ੌਜ ਵਿੱਚ ਭਰਤੀ ਹੋਇਆ ਤਾਂ ਇਕੱਲੀ ਭਾਨੀ ਨੂੰ ਘਰ ਵੱਡੂੰ-ਖਾਊਂ, ਵੱਡੂੰ-ਖਾਊਂ ਕਰਨ ਲੱਗਾ। ਮੈਂਬਰਨੀ ਨਾਲ ਰਲ ਕੇ ਉਹ ਦਿਨ-ਕਟੀ ਕਰਨ ਲਈ ਲੋਕਾਂ ਦੇ ਕੰਮ ਕਰਾਉਣ ਲੱਗੀ।
ਥਾਣੇ ਕਚਹਿਰੀ ਵਿੱਚ ਮੈਂਬਰਨੀ ਨਾਲੋਂ ਉਹਦੀ ਵੱਧ ਚੱਲਣ ਲੱਗੀ। ਵੇਲੇ-ਕੁਵੇਲੇ ਉਹ ਕਿਸੇ ਥਾਣੇਦਾਰ ਕੋਲ ਠਹਿਰ ਵੀ ਜਾਂਦੀ।
ਗੱਜਣ ਆਇਆ ਤਾਂ ਉਸ ਨੇ ਭਾਨੀ ਨੂੰ ਅਸਮਾਨ ’ਤੇ ਹੀ ਚਾੜ੍ਹ ਦਿੱਤਾ। ਜਿਸ ਨੂੰ ਜੀਅ ਕਰੇ ਫੜਾ ਜਾਵੇ, ਜਿਸ ਨੂੰ ਜੀਅ ਕਰੇ ਛੁਡਾ ਲਵੇ। ਪੈਸੇ ਵੀ ਬਣਨ ਲੱਗੇ ਅਤੇ ਦਾਰੂ ਦਾ ਸਵਾਦ ਵੀ ਪੈ ਗਿਆ।
ਭਾਨੀ ਨੇ ਵੀ ਉਸ ਨੂੰ ਰੱਜ ਕੇ ਕੰਮ ਦਿੱਤਾ। ਸਾਰੇ ਅਗਵਾੜ ਦੀ ਸੂਹ ਘਰ ਬੈਠੇ ਨੂੰ ਹੀ ਮਿਲ ਜਾਂਦੀ।
ਇੱਲ ਦੇ ਆਂਡੇ ਵਰਗੀ ਅੱਖ, ਗੁੰਦਵਾਂ ਸਰੀਰ ਅਤੇ ਸਰੂ ਵਰਗਾ ਕੱਦ ਗੱਜਣ ਨੂੰ ਬੇਹੱਦ ਪਸੰਦ ਸੀ।
ਗੱਜਣ ਨੂੰ ਕੁਰਸੀ ’ਤੇ ਬਿਠਾ ਕੇ ਉਹ ਇੱਕ ਪਾਸੇ ਪਏ ਮੰਜੇ ’ਤੇ ਬੈਠ ਗਈ। ਕੋਠੜੀ ’ਚ ਬੈਠੀ ਬਹੂ ਨੂੰ ਸਭ ਦਿਖਦਾ ਰਹੇ, ਇਸ ਲਈ ਵਿਹੜੇ ਵਾਲੀ ਤਾਕੀ ਖੋਲ੍ਹ ਲਈ।
“ਇਹ ਨਖ਼ਰਾ ਕਦੋਂ ਤੋਂ?” ਭਾਨੀ ਦੇ ਪੱਟ ’ਤੇ ਚੂੰਡੀ ਭਰਦਿਆਂ ਗੱਜਣ ਨੇ ਪੁੱਛਿਆ। ਉਹ ਉਸ ਨੂੰ ਛੇੜਨ ਦੇ ਮੂਡ ਵਿੱਚ ਸੀ।
“ਕਦੇ ਫੇਰ ਆ ਜੂੰ। ਫ਼ੌਜਣ ਨੇ ਜੀਣਾ ਹਰਾਮ ਕਰ ‘ਤਾ। ਇੱਕ ਦਿਨ ਇਸ ਨੇ ਸੱਜਣ ਹੌਲਦਾਰ ਨਾਲ ਮੈਨੂੰ ਫੜ ਲਿਆ। ਬੜੀ ਕਪੱਤ ਕੀਤੀ ਮਰ ਜਾਣੀ ਨੇ। ਇੱਕ ਵਾਰ ਔਂਤਰੇ ਬੰਤ ਹੌਲਦਾਰ ਨੇ ਇੱਕ ਸੌ ਨੌਂ ਦਾ ਕੇਸ ਬਣਾ ‘ਤਾ। ਛੇ ਮਹੀਨੇ ਕਚਹਿਰੀ ਧੱਕੇ ਖਾਂਦੀ ਰਹੀ। ਮੇਰੀ ਤਾਂ ਸਵਾਹ ਬਣੀ ਪਈ ਐ।” ਆਪਣੀ ਹੱਡ-ਬੀਤੀ ਸੁਣਾਉਂਦੀ ਉਹ ਅੱਖਾਂ ਭਰ ਆਈ।
“ਚੱਲ ਛੱਡ। ਇਉਂ ਦੱਸ ਬਈ ਆ ਜਿਹੜਾ ਬੰਟੀ ਗਵਾਚਾ ਹੋਇਆ, ਇਸ ਬਾਰੇ ਤੈਨੂੰ ਕੁੱਝ ਪਤੈ? … ਮੈਨੂੰ ਪਤਾ ਲੱਗੇ ਉਹ ਇਸ ਅਗਵਾੜ ਵਿੱਚ ਕਿਤੇ ਲੁਕੋਇਆ ਹੋਇਐ।” ਬਾਹਰੋਂ ਉਸ ਨੂੰ ਬੁਲਾਉਣ ਲਈ ਵੱਜਦੀਆਂ ਵਿਸਲਾਂ ਅਤੇ ਕੋਠੜੀ ਵਿਚੋਂ ਆਉਂਦੇ ਖੰਘੂਰਿਆਂ ਦੀ ਰਜ਼ਮ ਨੂੰ ਪਹਿਚਾਣ ਕੇ ਗੱਜਣ ਨੇ ਮਤਲਬ ਦੀ ਗੱਲ ਛੇੜੀ।
“ਰੱਬ-ਰੱਬ ਕਰ। ਅਗਵਾੜ ’ਚ ਕੋਈ ਨੀ ਅਜਿਹਾ ਨੀਚ ਕੰਮ ਕਰਨ ਵਾਲਾ।” ਬੰਟੀ ਦੀ ਗੱਲ ਸੁਣ ਕੇ ਭਾਨੀ ਦਾ ਚਿਹਰਾ ਪੀਲਾ ਭੂਕ ਹੋ ਗਿਆ। ਆਪਣੇ ਹੱਥ ਮਲਦੀ ਉਹ ਸਫ਼ਾਈ ਪੇਸ਼ ਕਰਨ ਲੱਗੀ।
“ਕਈ ਕਾਲਜੀਏਟ ਕੇਸਰੀ ਪੱਗਾਂ ਬੰਨ੍ਹੀਂ ਫਿਰਦੇ ਨੇ। ਇਹਨਾਂ ਦਾ ਕੋਈ ਪਤਾ ਨਹੀਂ ਕਦੋਂ ਅਜਿਹਾ ਕੰਮ ਕਰ ਬੈਠਣ।”
“ਕੇਸਰੀ ਪੱਗਾਂ ਤਾਂ ਜੀਅ-ਜੀਅ ਬੰਨ੍ਹੀਂ ਫਿਰਦੈ। ਸਾਡੇ ਫ਼ੌਜੀ ਨੇ ਵੀ ਲਿਆਂਦੀ ਹੈ। ਇਹੋ ਜਿਹੀ ਕੋਈ ਗੱਲ ਨਹੀਂ।”
“ਢੇਰੂ ਬਦਮਾਸ਼ ਬਾਰੇ ਕੀ ਖ਼ਿਆਲ ਐ? ਪੈਸੇ ਪਿੱਛੇ ਕਤਲ ਕਰਨ ਵਾਲੇ ਦਾ ਕੋਈ ਵਸਾਹ ਨਹੀਂ ਹੁੰਦਾ, ਕਦੋਂ ਭੈੜੇ ਤੋਂ ਭੈੜਾ ਕੰਮ ਕਰ ਬਹੇ। ਬੰਦਾ ਮਾਰਨਾ ਉਹਨੂੰ ਕੀੜੀ ਮਾਰਨ ਵਾਂਗੂੰ ਲੱਗਦੈ।”
“ਉਸ ਨੇ ਹੋਰ ਚਾਹੇ ਜਿਹੜਾ ਮਰਜ਼ੀ ਜੁਰਮ ਕੀਤਾ ਹੋਵੇ, ਇਹ ਕੰਮ ਉਹ ਕਦੇ ਨਹੀਂ ਕਰ ਸਕਦਾ। ਉਹ ਤਾਂ ਮੇਰੇ ਕੋਲ ਕਈ ਵਾਰ ਕਲਪ ਕੇ ਗਿਐ, ਬਈ ਇਹ ਮਾਸੂਮਾਂ ਨੂੰ ਪਤਾ ਨਹੀਂ ਕਿਉਂ ਮਾਰਦੇ ਫਿਰਦੇ ਨੇ। ਮਾਰਨਾ ਹੈ ਤਾਂ ਦੁਸ਼ਮਣਾਂ ਨੂੰ ਮਾਰੋ। ਉਹ ਵੀ ਲਲਕਾਰ ਕੇ। ਨੰਨ੍ਹੇ ਫੁੱਲ ਜਿਹੇ ਬੱਚੇ ਨਾਲ ਉਹ ਧੱਕਾ ਨਹੀਂ ਕਰ ਸਕਦਾ।”
“ਉਹ ਨੱਥੂ ਨਾਈ ਵੀ ਪੋਚਵੀਂ ਪੱਗ ਬੰਨ੍ਹੀਂ ਫਿਰਦੈ … ਉਸ ਨੂੰ ਕਿਹੜੀ ਨੋਟਾਂ ਦੀ ਨਵੀਂ ਖਾਨ ਲੱਭ ਪਈ, ਬਈ ਜਿਹੜਾ ਨਿੱਤ ਨਵੇਂ ਬਦਲਦੈ? ਕਈ ਵਾਰ ਸ਼ਰਾਰਤ ਕਰਨ ਵਾਲੇ ਅਜਿਹੇ ਬੰਦੇ ਨੂੰ ਰੁਪਿਆਂ ਦਾ ਬੁੱਕ ਦੇ ਕੇ ਵਰਗਲਾ ਲੈਂਦੇ ਨੇ। ਨੀਅਤ ਫਿਰਦੀ ਨੂੰ ਟੈਮ ਨਹੀਂ ਲੱਗਦਾ।”
“ਨਹੀਂ ਵੇ ਨਹੀਂ … ਇਹੋ ਜਿਹਾ ਉਹ ਵੀ ਨਹੀਂ … ਉਹਨੂੰ ਤਾਂ ਮੁਫ਼ਤ ਦੀ ਜ਼ਮੀਨ ਟੱਕਰੀ ਹੈ। ਪਿੱਛੇ ਜੇ ਉਹਨੇ ਕਲਕੱਤੇ ਵਾਲਿਆਂ ਨਾਲ ਰਲ ਕੇ ਕਿਸੇ ਬੁੜ੍ਹੀ ਤੋਂ ਇਕਰਾਰਨਾਮੇ ਦੇ ਬਹਾਨੇ ਬੈਨਾਮੇ ’ਤੇ ਅੰਗੂਠਾ ਲਵਾ ਲਿਆ। ਉਸ ਦੀ ਕਮਾਈ ਰੜਕਦੀ ਹੈ। ਉਸ ਭੋਲੇ ਪੰਛੀ ਨੂੰ ਇਹਨਾਂ ਗੱਲਾਂ ਦਾ ਊਂ ਹੀ ਨੀ ਪਤਾ।”
“ਫੇਰ ਕੁੱਝ ਦੱਸ ਵੀ? ਕਿਸੇ ਰਾਹ ਪਾ।” ਇੱਕ ਸੌ ਦਾ ਨੋਟ ਬਟੂਏ ’ਚੋਂ ਕੱਢਦਿਆਂ ਗੱਜਣ ਨੇ ਭਾਨੀ ’ਤੇ ਜ਼ੋਰ ਪਾਇਆ।
“ਏਸ ਨੋਟ ਨੂੰ ਜੇਬ ’ਚ ਰੱਖ। ਤੈਨੂੰ ਸੂਹ ਮੈਂ ਕੋਈ ਪੈਸਿਆਂ ਦੇ ਲਾਲਚ ਤਾਂ ਨਹੀਂ ਸੀ ਦਿੰਦੀ। ਊਂਈ ਤੇਰੇ ਨਾਲ ਮੋਹ ਹੋ ਗਿਆ ਸੀ। ਨਾਲੇ ਉਦੋਂ ਹੱਥ ਤੰਗ ਸੀ। ਹੁਣ ਮੁੰਡਾ ਆਪੇ ਖ਼ਰਚ ਚਲਾਉਂਦੈ। ਮੈਂ ਸਭ ਛੱਡਤਾ ਇਹੋ ਜਿਹਾ ਕੰਮ।”
ਨੋਟ ਗੱਜਣ ਵੱਲ ਮੋੜਦੀ ਭਾਨੀ ਨੇ ਮੁਖ਼ਬਰੀ ਦੇਣੀ ਸ਼ੁਰੂ ਕੀਤੀ।
“ਬਾਹੀਏ ਕੇ ਵਗ ਜਾ। ਪੂਰਾ ਟਰੱਕ ਅਫ਼ੀਮ ਦਾ ਆਇਐ। ਦਸ-ਵੀਹ ਸੇਰ ਹਾਲੇ ਵੀ ਪਈ ਹੋਊ।
“ਮੈਂ ਬੰਟੀ ਬਾਰੇ ਪੁੱਛਦਾਂ। ਉਸ ਨਾਲ ਕਿਹੜਾ ਪੰਗਾ ਲਏ? ਉਹ ਵਜ਼ੀਰਾਂ ਨਾਲ ਗਲਾਸ ਖੜਕਾਉਂਦੈ ਅੱਜ-ਕੱਲ੍ਹ।”
ਭਾਨੀ ਸੋਚੀਂ ਪੈ ਗਈ। ਬੰਟੀ ਬਾਰੇ ਉਹ ਕੀ ਦੱਸੇ? ਉਹ ਤਾਂ ਇਹੋ ਦੱਸ ਸਕਦੀ ਹੈ ਕਿ ਕਿਸ ਦੀ ਕੁੜੀ ਕਿਸ ਦੇ ਮੁੰਡੇ ਨਾਲ ਇਸ਼ਕ ਕਰਦੀ ਹੈ। ਕਿਸ ਕੁਆਰੀ ਕੁੜੀ ਨੇ ਕਿਸ ਦਾਈ ਤੋਂ ਬੱਚਾ ਕਢਾਇਐ। ਕਿਸ ਘਰ ਕਿਸ ਦਾ ਆਉਣ ਜਾਣ ਹੈ। ਕਿਹੜਾ ਨਾਮਰਦ ਹੈ। ਕਿਸ ਦੀ ਘਰ ਵਾਲੀ ਰਾਤ-ਬਰਾਤੇ ਇਧਰ-ਉਧਰ ਮੂੰਹ ਮਾਰਦੀ ਹੈ।
ਬੰਟੀ ਬਾਰੇ ਨਾਂਹ ’ਚ ਸਿਰ ਮਾਰਨ ਤੋਂ ਬਿਨਾਂ ਉਸ ਕੋਲ ਕੁੱਝ ਨਹੀਂ ਸੀ।
“ਚੰਗਾ ਕੋਈ ਅਸਾਮੀ ਹੀ ਟਕਰਾ ਦੇ। ਖ਼ਰਚਾ-ਵਰਚਾ ਨਿਕਲ ਜੂ।” ਸੌ ਦੇ ਨੋਟ ਨੂੰ ਦਰੀ ਹੇਠਾਂ ਰੱਖਦੇ ਗੱਜਣ ਨੇ ਗੱਲ ਦਾ ਰੁਖ਼ ਬਦਲਿਆ।
“ਦਾਰੂ ਦਾ ਘੁੱਟ ਪੀਣੈ ਤਾਂ ਮਹਿੰਗੇ ਤਖਾਣ ਕੇ ਚਲਾ ਜਾ। ਕੱਲ੍ਹ ਹੀ ਭੱਠੀ ਲਾਈ ਸੀ। ਬੜੀ ਵਧੀਆ ਸ਼ਰਾਬ ਕੱਢਦੈ।”
“ਕੋਈ ਕੰਮ ਦੀ ਗੱਲ ਕਰ।”
“ਨਵਾਂ ਪੁਰਜ਼ਾ ਦੇਖਣ ਦੀ ਝਾਕ ਹੈ ਤਾਂ ਸਾਧੂ ਦਾ ਕੁੰਡਾ ਖੜਕਾ ਦੇ। ਮੁੰਡਾ ਫ਼ੌਜ ’ਚ ਐ। ਫੌਜਣ ਨੂੰ ਲੋਕ ਸਾਂਭਦੇ ਨੇ। ਤੇਰੇ ਵਰਗੇ ਛੈਲ-ਛਬੀਲੇ ਨੂੰ ਤਾਂ ਉਹ ਭੱਜ ਕੇ ਜੱਫੀ ਪਾਊ।”
ਜਵਾਨਾਂ ਨੇ ਬਾਹਰੋਂ ਦਰਵਾਜ਼ਾ ਖੜਕਾਉਣਾ ਸ਼ੁਰੂ ਕਰ ਦਿੱਤਾ ਸੀ। ਉਸ ਦੀ ਨੂੰਹ ਵੀ ਦੁੱਧ ਦੇ ਭਰੇ ਦੋ ਕੰਗਣੀ ਵਾਲੇ ਗਲਾਸ ਬੈਠਕ ਵਿੱਚ ਰੱਖ ਗਈ ਸੀ। ਨਾਲੇ ਚੋਰ-ਅੱਖ ਨਾਲ ਗੱਜਣ ਦੀ ਪਛਾਣ ਵੀ ਕਰ ਗਈ।
“ਇਹ ਵਕਤ ਐਸ਼ ਕਰਨ ਦਾ ਨਹੀਂ। ਦੋ ਪੈਸੇ ਬਣਵਾ ਸਕਦੀ ਹੈਂ ਤਾਂ ਦੱਸ। ਤੇਰਾ ਕਮਿਸ਼ਨ ਪੱਕਾ।”
“ਜੇ ਪੈਸੇ ਦੀ ਤਲਬ ਹੈ ਤਾਂ ਮੰਗੂ ਬਾਣੀਏ ਦੇ ਜਾ ਵੜ। ਦੇਖਦਾ ਨੀ ਦਿਨਾਂ ਵਿੱਚ ਹੀ ਚੁਬਾਰੇ ਉਸਰ ਗਏ। ਜਦੋਂ ਦਾ ਕੋਈ ਸਖ਼ਤ ਕਾਨੂੰਨ ਬਣਿਐ, ਮਾੜੇ-ਮੋਟੇ ਸਭ ਭੱਜ ਗਏ। ਇਹੋ ਇਕੱਲਾ ਮੈਦਾਨ ’ਚ ਰਹਿ ਗਿਐ। ਰੇਟ ਦੂਣਾ ਕਰ ‘ਤਾ। ਨੋਟਾਂ ਦੇ ਬੋਰੇ ਭਰ ਲਏ। ਉਹ ਕਾਲੀ ਜੀ ਬਨਿਆਣੀ ਜਿਹੜੀ ਸਾਰਾ ਦਿਨ ਕੱਪੜੇ ਸਿਊਣ ਵਾਲੀ ਮਸ਼ੀਨ ਨਾਲ ਚਿਪਕੀ ਰਹਿੰਦੀ ਸੀ, ਸੇਰ-ਸੇਰ ਸੋਨਾ ਪਾ ਕੇ ਰੱਖਦੀ ਹੈ। ਪਸੇਰੀ-ਪਸੇਰੀ ਦੇ ਡੌਲੇ ਹੋ ਗਏ ਤੇ ਮਣ-ਮਣ ਦੇ ਚਿੱਤੜ।”
“ਆ ਜਿਹੜੇ ਦੋ-ਤਿੰਨ ਨਕਸਲੀਏ ਸੀ, ਉਹ ਕਿਥੇ ਹੁੰਦੇ ਨੇ ਅੱਜ-ਕੱਲ੍ਹ?” ਇਕੋ ਗੱਲ ਗੱਜਣ ਦੇ ਜ਼ਿਹਨ ਵਿੱਚ ਸੀ। ਘੁਮਾ-ਫਿਰਾ ਕੇ ਉਹ ਉਥੇ ਹੀ ਆ ਜਾਂਦਾ।
“ਉਹਨਾਂ ਨੇ ਉਹੋ ਰੂਪ ਧਾਰਿਆ ਹੋਇਐ। ਕੇਸ ਕਟਾਏ ਹੋਏ ਨੇ। ਦਾੜ੍ਹੀ ਕੁਤਰ ਕੇ ਰੱਖਦੇ ਨੇ। ਬਾਬੇ ਨਾਲ ਰਹਿੰਦੇ ਨੇ। ਕਦੇ ਡਰਾਮੇ ਕਰਨ ਤੁਰ ਗਏ, ਕਦੇ ਭੂਤ-ਪ੍ਰੇਤ ਕੱਢਣ ਵਾਲੇ ਸਾਧਾਂ-ਸੰਤਾਂ ਦੇ ਪਿੱਛੇ ਪੈ ਗਏ। ਘਰ ਤਾਂ ਟਿਕਦੇ ਨਹੀਂ।”
ਭਾਨੀ ਕੁੱਝ ਵੀ ਪੱਲੇ ਨਹੀਂ ਸੀ ਪਾ ਰਹੀ। ਜੇ ਭਾਨੀ ਦੇ ਪੱਲੇ ਕੁੱਝ ਨਹੀਂ ਸੀ ਤਾਂ ਅਗਵਾੜ ਵਿੱਚ ਵੀ ਕੁੱਝ ਨਹੀਂ ਸੀ। ਘਰ-ਘਰ ਦੀ ਤਲਾਸ਼ੀ ਕਰਨ ਅਤੇ ਬੰਟੀ ਦੀ ਆਸ ਰੱਖਣਾ ਫ਼ਜ਼ੂਲ ਸੀ।
ਗੱਜਣ ਚਾਹੁੰਦਾ ਤਾਂ ਭਾਨੀ ਦੀਆਂ ਦੱਸੀਆਂ ਥਾਵਾਂ ’ਤੇ ਛਾਪੇ ਮਾਰ ਕੇ ਪੈਸੇ ਕਮਾ ਸਕਦਾ ਸੀ। ਉਹਦੀ ਜ਼ਮੀਰ ਨਹੀਂ ਸੀ ਮੰਨ ਰਹੀ। ਮੁਰਦੇ ਉਖਾੜਨ ਦਾ ਮਤਲਬ ਲੋਕਲ ਪੁਲਿਸ ਦਾ ਜਲੂਸ ਕੱਢਣਾ ਹੁੰਦਾ ਹੈ। ਪ੍ਰੀਤਮ ਸਿੰਘ ਉਸ ਦਾ ਲੰਗੋਟੀਆ ਯਾਰ ਹੈ। ਅੱਜ ਪ੍ਰੀਤਮ ਦੇ ਹਲਕੇ ਵਿੱਚ ਜਲੂਸ ਕੱਢੇਗਾ ਤਾਂ ਕੱਲ੍ਹ ਨੂੰ ਉਹ ਗੱਜਣ ਦੀਆਂ ਅਸਾਮੀਆਂ ਚੁੱਕ ਲੈਣਗੇ। ਇਸ ਤਰ੍ਹਾਂ ਪੁਲਿਸ ਦਾ ਵਕਾਰ ਘਟਦਾ ਹੈ। ਗੱਜਣ ਚੁੱਪ ਰਹਿਣ ਵਿੱਚ ਹੀ ਭਲਾ ਸਮਝਦਾ ਸੀ।
ਭਾਨੀ ਦੇ ਘਰੋਂ ਸਿੱਧੇ ਉਹ ਧਰਮਸ਼ਾਲਾ ਗਏ।
ਸਾਰੀ ਫ਼ੋਰਸ ਨੂੰ ਦੁਬਾਰਾ ਇਕੱਠਾ ਕੀਤਾ। ਹੁਣ ਤਕ ਕੀਤੀਆਂ ਤਲਾਸ਼ੀਆਂ ਦਾ ਜਾਇਜ਼ਾ ਲਿਆ। ਮੁੜ ਨਵੀਆਂ ਪਾਰਟੀਆਂ ਬਣਾ ਕੇ ਬਾਕੀ ਰਹਿੰਦੇ ਘਰਾਂ ਦੀ ਤਲਾਸ਼ੀ ਲਈ ਭੇਜ ਦਿੱਤੀਆਂ।
ਮੰਗੂ ਬਾਣੀਏ ਵੱਲ ਗੁਰਦਾਸ ਰਾਮ ਨੂੰ ਭੇਜਿਆ। ਚੁੱਪ ਕਰ ਕੇ ਫ਼ੀਸ ਫੜ ਲਿਆਉਣ ਵਿੱਚ ਕੋਈ ਹਰਜ ਨਹੀਂ। ਉਹ ਰੌਲਾ ਪਾਉਣ ਵਾਲਾ ਨਹੀਂ।
ਗੱਜਣ ਨੂੰ ‘ਸਭ ਅੱਛਾ ਹੈ’ ਦੀ ਰਿਪੋਰਟ ਭੇਜ ਕੇ ਬੋਤਲ ਖੋਲ੍ਹਣ ਤੋਂ ਸਿਵਾ ਕੋਈ ਕੰਮ ਨਹੀਂ ਸੀ।
12
ਕੁਸ਼ਟ ਆਸ਼ਰਮ ਵੱਲ ਜਾਣ ਦੀ ਹੌਲਦਾਰ ਦੇਸ ਰਾਜ ਦੀ ਵੱਢੀ ਰੂਹ ਵੀ ਨਹੀਂ ਸੀ ਕਰਦੀ।
ਸ਼ਹਿਰ ਆਉਣ ਲੱਗਿਆਂ ਦੇਸ ਰਾਜ ਨੇ ਕਈ ਹਵਾਈ ਕਿਲ੍ਹੇ ਬਣਾਏ ਸਨ। ਉਸ ਨੇ ਸੋਚਿਆ ਸੀ, ਕਿਸੇ ਚੰਗੀ ਪੁਲਿਸ ਪਾਰਟੀ ਦਾ ਮੈਂਬਰ ਬਣ ਕੇ ਬਾਣੀਆਂ ਬ੍ਰਾਹਮਣਾਂ ਦੇ ਘਰਾਂ ਦੀ ਤਲਾਸ਼ੀ ਲਏਗਾ। ਚੰਗਾ ਖਾਏ ਪੀਏਗਾ ਅਤੇ ਡਰਾ-ਧਮਕਾ ਕੇ ਮਹੀਨੇ ਵੀਹ ਦਿਨਾਂ ਦਾ ਰਾਸ਼ਨ ਇਕੱਠਾ ਕਰੇਗਾ।
ਦੇਸ ਰਾਜ ਪਿਛਲੇ ਦੋ ਸਾਲਾਂ ਤੋਂ ਪੁਲਿਸ ਲਾਈਨ ਵਿੱਚ ਉਸਤਾਦ ਲੱਗਾ ਹੋਇਆ ਸੀ। ਸਾਰਾ ਦਿਨ ਪਸੀਨਾ ਬਹਾਉਣ ਅਤੇ ਮੈਦਾਨ ਵਿੱਚ ਇਧਰ-ਉਧਰ ਦੌੜਨ ਤੋਂ ਬਿਨਾਂ ਕੁੱਝ ਨਹੀਂ ਸੀ ਰੱਖਿਆ, ਡਰਿੱਲ ਮਾਸਟਰੀ ਵਿੱਚ। ਥੋੜ੍ਹਾ ਜਿਹਾ ਖਿੱਚ ਕੇ ਪਰੇਡ ਕਰਾ ਦਿਓ ਤਾਂ ਰੰਗਰੂਟ ਅਤੇ ਸਾਥੀ ਮੁਲਾਜ਼ਮ ਮੂੰਹ ਵਿੰਗਾ ਕਰ ਲੈਂਦੇ ਹਨ। ਖਾਣ ਨੂੰ ਮਿਲਣੀਆਂ ਹਨ, ਮੈਸ ਦੀਆਂ ਸੁੱਕੀਆਂ ਰੋਟੀਆਂ।
ਕੁਸ਼ਟ ਆਸ਼ਰਮ ਦੀ ਤਲਾਸ਼ੀ ਕਰਨ ਵਾਲੀ ਪਾਰਟੀ ਦਾ ਮੁਖੀ ਬਣਾ ਕੇ ਖ਼ਾਨ ਨੇ ਉਸ ਦੀਆਂ ਆਸਾਂ ’ਤੇ ਪਾਣੀ ਫੇਰ ਦਿੱਤਾ। ਉਪਰੋਂ ਇੱਕ ਧੱਕਾ ਹੋਰ। ਪੁਲਿਸ ਪਾਰਟੀ ਨੂੰ ਉਥੇ ਪਹੁੰਚਾਣ ਲਈ ਕਿਸੇ ਸਵਾਰੀ ਦਾ ਪ੍ਰਬੰਧ ਵੀ ਨਹੀਂ ਸੀ ਕੀਤਾ ਗਿਆ। ਉਹਨਾਂ ਨੇ ਪੈਦਲ ਹੀ ਟੰਗਾਂ ਤੁੜਾਉਣੀਆਂ ਸਨ।
ਬੁਝੇ ਮਨ ਨਾਲ ਉਹ ਅਤੇ ਦੋ ਸਿਪਾਹੀ ਆਸ਼ਰਮ ਵੱਲ ਤੁਰ ਪਏ।
ਉਂਜ ਦੇਸ ਰਾਜ ਨੂੰ ਆਪਣੀ ਵਰਦੀ ’ਤੇ ਮਾਣ ਸੀ। ਇਸ ਵਰਦੀ ਵਿੱਚ ਕਰਾਮਾਤ ਸੀ। ਜਿਧਰ ਵੀ ਜਾਓ, ਡੰਡਾ ਖੜਕਾਉਂਦੇ ਰਹੋ। ਪੈਸੇ ਚੁੰਬਕ ਵਾਂਗ ਪਿੱਛੇ ਭੱਜੇ ਆਉਂਦੇ ਹਨ। ਮਦਾਰੀ ਵਾਂਗ ਪੁਲਸੀਏ ਨੂੰ ਥੋੜ੍ਹੀ ਜਿਹੀ ਕਲਾਕਾਰੀ ਕਰਨੀ ਪੈਂਦੀ ਹੈ।
ਜ਼ਰੂਰੀ ਤਾਂ ਨਹੀਂ ਬਈ ਸਾਰਾ ਸਮਾਂ ਆਸ਼ਰਮ ਵਿੱਚ ਹੀ ਗੁਜ਼ਾਰਿਆ ਜਾਵੇ। ਸਾਰੀਆਂ ਪੰਦਰਾਂ- ਵੀਹ ਕੁੱਲੀਆਂ ਹਨ। ਅੱਧੇ ਘੰਟੇ ਵਿੱਚ ਖ਼ਾਨਾਪੂਰੀ ਹੋ ਜਾਏਗੀ। ਪਿੱਛੋਂ ਉਹ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ। ਸਾਂਸੀਆਂ ਦੀਆਂ ਕੁੱਲੀਆਂ ਉਥੋਂ ਦੋ ਸੌ ਗਜ਼ ਦੇ ਫ਼ਾਸਲੇ ’ਤੇ ਸਨ। ਆਸ਼ਰਮ ਵਿਚੋਂ ਕੁੱਝ ਹੱਥ ਨਾ ਲੱਗਾ ਤਾਂ ਉਥੋਂ ਕੁੱਝ ਨਾ ਕੁੱਝ ਜ਼ਰੂਰ ਮਿਲ ਜਾਣਾ ਸੀ। ਸਾਂਸੀ ਸਾਰੇ ਜ਼ਿਲ੍ਹੇ ਵਿੱਚ ਮਾਰ ਕਰਦੇ ਹਨ। ਅੱਧੇ ਦੇਸ ਰਾਜ ਨੂੰ ਜਾਣਦੇ ਹਨ। ਉਹਨਾਂ ਦੀ ਪਾਰਟੀ ਨੇ ਰੱਬ ਦੇ ਮਾਂਹ ਤਾਂ ਨਹੀਂ ਮਾਰੇ ਬਈ ਉਹ ਭੁੱਖੇ ਮਰਨਗੇ?
ਕਰਫ਼ਿਊ ਨਾ ਲੱਗਾ ਹੁੰਦਾ ਤਾਂ ਪੈਦਲ ਤੁਰਨ ਦੀ ਲੋੜ ਨਾ ਪੈਂਦੀ। ਕਿਸੇ ਟਰੱਕ, ਟੈਂਪੂ ਨੂੰ ਰੋਕ ਕੇ ਵਿੱਚ ਬੈਠ ਜਾਂਦੇ।
ਫੇਰ ਉਸ ਨੇ ਮਨ ਨੂੰ ਸਮਝਾਇਆ। ਪੈਦਲ ਤੁਰਨ ਵਿੱਚ ਵੀ ਭਲਾਈ ਹੀ ਹੈ। ਰਸਤੇ ਵਿੱਚ ਸੈਂਕੜੇ ਦੁਕਾਨਾਂ ’ਤੇ ਘਰ ਹਨ। ਕਿਸੇ ਦੁਕਾਨ ਦਾ ਵੀ ਛੋਟਾ ਦਰਵਾਜ਼ਾ ਖੁੱਲ੍ਹਾ ਹੋਇਆ ਜਾਂ ਸ਼ਟਰ ਥੋੜ੍ਹਾ ਜਿਹਾ ਉੱਚਾ ਚੁੱਕਿਆ ਹੋਇਆ ਤਾਂ ਉਹਨਾਂ ਦੀਆਂ ਮੌਜਾਂ ਬਣ ਜਾਣਗੀਆਂ। ਹੋਰ ਨਹੀਂ ਤਾਂ ਹੋ ਸਕਦੈ ਕੋਈ ਰੋਂਦੇ ਬੱਚੇ ਨੂੰ ਚੁੱਪ ਕਰਾਉਣ ਜਾਂ ਟੱਟੀ-ਪਿਸ਼ਾਬ ਲਈ ਹੀ ਬਾਹਰ ਨਿਕਲ ਪਏ। ਕੋਈ ਵੀ ਬਾਹਰ ਮਿਲਿਆ, ਉਹਨਾਂ ਇੱਲਾਂ ਵਾਂਗ ਝਪਟ ਪੈਣਾ ਸੀ।
ਇਸੇ ਆਸ ਨਾਲ ਉਹਨਾਂ ਆਸ਼ਰਮ ਨੂੰ ਜਾਣ ਵਾਲਾ ਸਭ ਤੋਂ ਲੰਬਾ ਰਸਤਾ ਅਪਣਾਇਆ। ਥਾਣੇ ਦੇ ਪਿਛਾਂਹ ਦੀ, ਹਸਪਤਾਲ ਅਤੇ ਮਾਰਕੀਟ ਕਮੇਟੀ ਦੇ ਅੱਗੋਂ ਦੀ ਲੰਘਦਿਆਂ ਉਹਨਾਂ ਨੂੰ ਸਭ ਤੋਂ ਵੱਧ ਦੁਕਾਨਾਂ ਅਤੇ ਮਕਾਨਾਂ ’ਤੇ ਨਜ਼ਰ ਰੱਖਣ ਦਾ ਮੌਕਾ ਮਿਲਣਾ ਸੀ। ਇਹ ਉਮੀਦ ਨਾ ਹੁੰਦੀ ਤਾਂ ਉਹਨਾਂ ਨੂੰ ਦਸ ਕਦਮ ਤੁਰਨਾ ਵੀ ਮਾਊਂਟ ਐਵਰੈਸਟ ’ਤੇ ਚੜ੍ਹਨ ਵਾਂਗ ਲੱਗਦਾ।
ਪਰ ਲੋਕਾਂ ਨੂੰ ਪਤਾ ਨਹੀਂ ਕੀ ਸੱਪ ਸੁੰਘ ਗਿਆ ਸੀ। ਕਿਸੇ ਦੇ ਸਾਹ ਲੈਣ ਤਕ ਦੀ ਆਵਾਜ਼ ਸੁਣਾਈ ਨਹੀਂ ਸੀ ਦੇ ਰਹੀ। ਸਭ ਕੁੰਡੇ-ਜਿੰਦੇ ਲਾਈ ਘਰੋ-ਘਰੀ ਦੁਬਕੇ ਬੈਠੇ ਸਨ।
ਦੇਸ ਰਾਜ ਦੀ ਬਹੁਤੀ ਨੌਕਰੀ ਪੁਲਿਸ ਲਾਈਨ ਦੀ ਸੀ। ਥਾਣੇ ਵਿੱਚ ਤਾਂ ਕਦੇ-ਕਦੇ ਹੀ ਲੱਗਦਾ ਸੀ। ਉਦੋਂ ਜਦੋਂ ਕਿਸੇ ਨੂੰ ਸਜ਼ਾ ਦੇਣ ਲਈ ਉਸਤਾਦ ਬਣਾ ਕੇ ਪੁਲਿਸ ਲਾਈਨ ਭੇਜਿਆ ਜਾਂਦਾ। ਉਹ ਪੰਜ-ਚਾਰ ਮਹੀਨੇ ਥਾਣੇ ਕੱਟਦਾ, ਮੁੜ ਕੋਈ ਉਹਦੀ ਥਾਂ ਆ ਟਪਕਦਾ। ਬਿਨਾਂ ਜ਼ੋਰ ਵਾਲਿਆਂ ਨਾਲ ਇਉਂ ਹੀ ਹੁੰਦੀ ਹੈ।
ਇਹ ਸ਼ਹਿਰ ਉਸ ਲਈ ਨਵਾਂ ਹੀ ਸੀ। ਇੱਕ-ਦੋ ਵਾਰ ਪਹਿਲਾਂ ਆਇਆ ਤਾਂ ਸੀ ਪਰ ਥਾਣੇ ਵਿਚੋਂ ਹੀ ਮੁੜ ਜਾਂਦਾ ਰਿਹਾ ਸੀ।
ਦੇਸ ਰਾਜ ਨੇ ਆਸ਼ਰਮ ਦਾ ਬੜਾ ਸੋਹਣਾ ਚਿੱਤਰ ਕਲਪਿਆ ਹੋਇਆ ਸੀ। ਕੋਈ ਸਾਫ਼- ਸੁਥਰਾ, ਦਰੱਖ਼ਤਾਂ ਨਾਲ ਭਰਿਆ ਥਾਂ ਹੋਏਗਾ। ਚਾਰੇ ਪਾਸੇ ਚਾਰਦੀਵਾਰੀ ਹੋਏਗੀ। ਲੋਹੇ ਦੇ ਵੱਡੇ ਸਾਰੇ ਗੇਟ ’ਤੇ ਸੋਹਣਾ ਜਿਹਾ ਬੋਰਡ ਲਟਕ ਰਿਹਾ ਹੋਵੇਗਾ। ਅੰਦਰ ਹਵਾਦਾਰ ਕਮਰੇ ਬਣੇ ਹੋਣਗੇ। ਇੱਕ ਪਾਸੇ ਫਲੱਸ਼ ਟੱਟੀਆਂ ਹੋਣਗੀਆਂ। ਦੂਜੇ ਪਾਸੇ ਨਹਾਉਣ-ਧੋਣ ਲਈ ਗੁਸਲਖ਼ਾਨੇ ਹੋਣਗੇ। ਦਰੱਖ਼ਤਾਂ ਹੇਠ ਚਬੂਤਰੇ ਬਣੇ ਹੋਣਗੇ। ਬੈਠਣ-ਉੱਠਣ ਲਈ ਅਤੇ ਵਿਚਾਰ-ਵਿਟਾਂਦਰਾ ਕਰਨ ਲਈ ਤਖ਼ਤ-ਪੋਸ਼ ਹੋਣਗੇ। ਪੂਜਾ-ਪਾਠ ਲਈ ਅਤੇ ਪਿਛਲੇ ਮਾੜੇ ਕਰਮਾਂ ਦਾ ਪਛਤਾਵਾ ਕਰਨ ਲਈ ਮੰਦਰ ਹੋਏਗਾ। ਉਥੇ ਉਹ ਸਾਰਾ ਦਿਨ ਭਜਨ-ਕੀਰਤਨ ਵਿੱਚ ਲੱਗੇ ਆਪਣੇ ਅਗਲੇ ਜਨਮ ਨੂੰ ਸੁਧਾਰਨ ਲਈ ਯਤਨਸ਼ੀਲ ਹੋਣਗੇ।
ਮੰਗਤੇ ਤਾਂ ਹੁਣ ਪਛਾਣ ਵਿੱਚ ਹੀ ਨਹੀਂ ਆਉਂਦੇ ਹੋਣੇ। ਖੀਰ-ਪੂੜੇ ਖਾ-ਖਾ ਕੇ ਉਹ ਹੱਟੇ-ਕੱਟੇ ਹੋ ਗਏ ਹੋਣਗੇ। ਉਸ ਨੇ ਸੁਣ ਰੱਖਿਆ ਸੀ ਕਿ ਲਾਲਾ ਜੀ ਦੀ ਕਿਰਪਾ ਨਾਲ ਇਹਨਾਂ ਦੇ ਭਾਗ ਜਾਗ ਪਏ ਸਨ। ਸ਼ਹਿਰ ਦੇ ਕਿਸੇ ਆਦਮੀ ਨੇ ਪੁੰਨਦਾਨ ਕਰਨਾ ਹੋਵੇ ਤਾਂ ਉਹ ਇਸੇ ਆਸ਼ਰਮ ਵੱਲ ਦੌੜਦਾ ਹੈ।
ਦਾਨ ਕਰਨ ਵਾਲਿਆਂ ਦੀ ਗਿਣਤੀ ਏਨੀ ਜ਼ਿਆਦਾ ਹੁੰਦੀ ਹੈ ਕਿ ਉਹਨਾਂ ਨੂੰ ਪਹਿਲਾਂ ਆਸ਼ਰਮ ਦੇ ਚੌਧਰੀ ਨਾਲ ਸੰਪਰਕ ਬਣਾਉਣਾ ਪੈਂਦਾ ਹੈ। ਚੌਧਰੀ ਨੂੰ ਬੁੱਕ ਹੋਈਆਂ ਤਰੀਕਾਂ ਯਾਦ ਨਹੀਂ ਰਹਿੰਦੀਆਂ। ਉਸ ਨੇ ਡਾਇਰੀ ਲਾਈ ਹੋਈ ਹੈ। ਉਹ ਡਾਇਰੀ ਦੇਖ ਕੇ ਦੱਸਦਾ ਹੈ ਕਿ ਤੁਹਾਨੂੰ ਕਿਸ ਦਿਨ ਪੁੰਨ ਕਰਨ ਦਾ ਸੁਭਾਗ ਪ੍ਰਾਪਤ ਹੋ ਸਕਦਾ ਹੈ। ਉਹ ਕਿਹੜੀਆਂ ਚੀਜ਼ਾਂ ਖਾਣਗੇ, ਇਸ ਦੀ ਲਿਸਟ ਵੀ ਚੌਧਰੀ ਹੀ ਦਿੰਦਾ ਹੈ। ਖੀਰ-ਪੂੜਿਆਂ ਲਈ ਸੋਮਵਾਰ ਹੈ, ਛੋਲੇ-ਪੂਰੀਆਂ ਲਈ ਬੁੱਧਵਾਰ, ਮੰਗਲਵਾਰ ਨੂੰ ਹਨੂੰਮਾਨ ਦਾ ਵਰਤ ਰੱਖਦੇ ਹਨ। ਇਸ ਲਈ ਉਸ ਦਿਨ ਮਿੱਠੀ ਚੀਜ਼ ਹੀ ਮਿਲਦੀ ਹੈ। ਕੜਾਹ ਪੂਰੀ ਲਈ ਵੀਰਵਾਰ ਹੈ।
ਸ਼ਹਿਰ ਦੇ ਕਲੱਬਾਂ ਨੂੰ ਵੀ ਜਿਵੇਂ ਪੁੰਨਦਾਨ ਲਈ ਹੋਰ ਕਿਧਰੋਂ ਗ਼ਰੀਬ ਲੱਭਦੇ ਹੀ ਨਹੀਂ। ਕਿਸੇ ਨੇ ਜਰਸੀਆਂ ਵੰਡਣੀਆਂ ਹੋਣ ਤਾਂ ਇਥੇ। ਕਿਸੇ ਨੇ ਕੰਬਲ ਵੰਡਣੇ ਹੋਣ ਤਾਂ ਇਥੇ। ਬਾਹਰੋਂ ਕੋਈ ਸੰਸਥਾ ਸਹਾਇਤਾ ਦੇਣ ਆਵੇ, ਉਹ ਵੀ ਠਾਹ ਇਥੇ।
ਜਿਸ ਹਿਸਾਬ ਨਾਲ ਅਖ਼ਬਾਰਾਂ ਵਿੱਚ ਖ਼ਬਰਾਂ ਅਤੇ ਫ਼ੋਟੋਆਂ ਛਪਦੀਆਂ ਹਨ, ਉਸ ਹਿਸਾਬ ਨਾਲ ਤਾਂ ਇਹਨਾਂ ਕੋਲ ਵੀਹ-ਵੀਹ ਕੰਬਲ ਅਤੇ ਪੰਜਾਹ-ਪੰਜਾਹ ਸਵੈਟਰ, ਜਰਸੀਆਂ ਹੋਣੀਆਂ ਚਾਹੀਦੀਆਂ ਹਨ।
ਕੰਮ ਠੀਕ-ਠਾਕ ਰਿਹਾ ਤਾਂ ਉਹ ਚੌਧਰੀ ਤੋਂ ਦੋ-ਚਾਰ ਕੰਬਲ ਜ਼ਰੂਰ ਲੈ ਲੈਣਗੇ। ਉਸ ਕੋਲ ਬਥੇਰੇ ਨਵੇਂ ਹੀ ਪਏ ਹੋਣਗੇ। ਡਰਾਈਕਲੀਨ ਕਰਾ ਕੇ ਸਭ ਠੀਕ ਹੋ ਜਾਏਗਾ।
ਆਸ਼ਰਮ ਵੱਲ ਜਾਂਦਾ ਦੇਸ ਰਾਜ ਮਨ ਨਾਲ ਸਲਾਹਾਂ ਕਰ ਰਿਹਾ ਸੀ। ਪਰ ਜੋ ਦੇਸ ਰਾਜ ਨੇ ਉਥੇ ਜਾ ਕੇ ਦੇਖਿਆ, ਉਹ ਉਸ ਦੀ ਕਲਪਨਾ ਦੇ ਬਿਲਕੁਲ ਉਲਟ ਸੀ।
ਸ਼ਹਿਰ ਦੇ ਗੰਦੇ ਨਾਲੇ ਦਾ ਪਾਣੀ ਇਥੇ ਬਣੇ ਇੱਕ ਛੱਪੜ ਵਿੱਚ ਪੈਂਦਾ ਸੀ। ਅੱਧੇ ਛੱਪੜ ’ਚ ਭਰਤੀ ਪਾ ਕੇ ਆਸ਼ਰਮ ਲਈ ਜਗ੍ਹਾ ਬਣਾਈ ਗਈ ਸੀ। ਬਾਕੀ ਅੱਧੇ ਵਿੱਚ ਹਾਲੇ ਵੀ ਗੰਦਾ ਪਾਣੀ ਪੈਂਦਾ ਸੀ। ਆਸ਼ਰਮ ਦੇ ਨਾਂ ਦਾ ਬੋਰਡ ਸੜਕ ’ਤੇ ਹੀ ਗੱਡਿਆ ਹੋਇਆ ਸੀ। ਬੋਰਡ ਉਪਰ ਭਾਂਤ-ਭਾਂਤ ਦੇ ਪੋਸਟਰ ਚਿਪਕੇ ਹੋਏ ਸਨ ਅਤੇ ਬੋਰਡ ਦੀਆਂ ਟੰਗਾਂ ਵਿੰਗੀਆਂ-ਟੇਢੀਆਂ ਹੋਈਆਂ ਪਈਆਂ ਸਨ। ਪੋਸਟਰਾਂ ਨੇ ਆਸ਼ਰਮ ਦਾ ਨਾਂ ਪੂਰੀ ਤਰ੍ਹਾਂ ਢੱਕ ਰੱਖਿਆ ਸੀ।
ਤਿੰਨ ਕੁ ਸੌ ਗਜ਼ ਦੇ ਗੋਲਦਾਰੇ ਵਿੱਚ ਕੱਚੀਆਂ ਕੁੱਲੀਆਂ ਬਣੀਆਂ ਹੋਈਆਂ ਸਨ। ਕੁੱਝ ਕੁੱਲੀਆਂ ਦੀਆਂ ਛੱਤਾਂ ’ਤੇ ਸਿਰਕੀ ਪਾਈ ਹੋਈ ਸੀ, ਕੁੱਝ ’ਤੇ ਸਰਕੜਾ ਅਤੇ ਬਾਕੀ ’ਤੇ ਐਫ਼.ਸੀ.ਆਈ.ਦੇ ਗੋਦਾਮਾਂ ਵਿਚੋਂ ਲਿਆਂਦਾ ਵਾਧੂ-ਘਾਟੂ ਕਾਲਾ ਮੋਮਜਾਮਾ।
ਕੁੱਲੀਆਂ ਦੇ ਵਿਚਕਾਰ ਇੱਕ ਥੜ੍ਹਾ ਸੀ, ਜਿਸ ’ਤੇ ਪੰਦਰਾਂ-ਵੀਹ ਇੱਟਾਂ ਰੱਖ ਕੇ ਪੂਜਾ ਲਈ ਮਟੀ ਬਣਾਈ ਗਈ ਸੀ। ਮਟੀ ਨੂੰ ਆਸ਼ਰਮ ਦੀ ਉਮਰ ਜਿੰਨਾ ਇੱਕ ਛੋਟਾ ਜਿਹਾ ਪਿੱਪਲ ਛਾਂ ਕਰ ਰਿਹਾ ਸੀ। ਇੱਟਾਂ ਨੂੰ ਸਫ਼ੈਦੀ ਕੀਤੀ ਹੋਈ ਸੀ। ਕੋਲ ਦੀਵੇ ਅਤੇ ਸੰਧੂਰ ਪਿਆ ਸੀ। ਇਹੋ ਇਹਨਾਂ ਦਾ ਪੂਜਾ ਸਥਾਨ ਸੀ।
ਮਟੀ ਦੇ ਨਾਲ ਹੀ ਇੱਕ ਹੋਰ ਚਬੂਤਰਾ ਸੀ, ਜਿਸ ਦੀਆਂ ਇੱਟਾਂ ਕਈ ਥਾਵਾਂ ਤੋਂ ਉੱਖੜੀਆਂ ਹੋਈਆਂ ਸਨ। ਦਰੱਖ਼ਤ ਦੀ ਛਾਂ ਹੇਠ ਇੱਕ ਬੱਕਰੀ ਵੀ ਖੜੀ ਸੀ, ਜਿਹੜੀ ਸੁੱਕੀਆਂ ਰੋਟੀਆਂ ਅਤੇ ਹਰੇ ਘਾਹ ਨੂੰ ਮੂੰਹ ਮਾਰ ਰਹੀ ਸੀ।
ਪੁਲਿਸ ਨੂੰ ਆਸ਼ਰਮ ਵੱਲ ਆਉਂਦੀ ਦੇਖ ਕੇ ਚਾਰ-ਪੰਜ ਬੱਚੇ ‘ਅੰਕਲ-ਅੰਕਲ’ ਕਰਦੇ ਝੌਂਪੜੀਆਂ ਵਿਚੋਂ ਬਾਹਰ ਨਿਕਲ ਆਏ।
ਅੱਜ ਇਹਨਾਂ ਦਾ ਫਾਕਾ ਲੱਗਦਾ ਸੀ। ਕਰਫ਼ਿਊ ਦੀ ਅਫ਼ਵਾਹ ਕਾਰਨ ਸ਼ਾਇਦ ਕੋਈ ਧਰਮੀ ਬੰਦਾ ਆਪਣਾ ਕੌਲ ਨਿਭਾਉਣੋਂ ਖੁੰਝ ਗਿਆ ਸੀ। ਬੱਚਿਆਂ ਨੇ ਸੋਚਿਆ ਹੋਣਾ ਹੈ ਕਿ ਉਹਨਾਂ ਦੀ ਭੁੱਖ ਮਿਟਾਉਣ ਵਾਲੇ ਆਖ਼ਰ ਪਹੁੰਚ ਹੀ ਗਏ ਹੋਣਗੇ।
ਜਦੋਂ ਦਸਾਂ ਕੁ ਸਾਲਾਂ ਦੀ ਇੱਕ ਕੁੜੀ ਨੇ ਪੁਲਿਸ ਦੀ ਵਰਦੀ ਨੂੰ ਪਹਿਚਾਣਿਆ ਤਾਂ ਉਸ ਨੇ ਦੂਜੇ ਬੱਚਿਆਂ ਨੂੰ ਝਿੜਕਿਆ। ਇਹ ਅੰਕਲ ਨਹੀਂ ਪੁਲਿਸ ਹੈ। ਪੁਲਿਸ ਕਦੇ ਵੀ ਸੁਖ ਨੂੰ ਨਹੀਂ ਆਉਂਦੀ।
ਡਰੇ ਸਹਿਮੇ ਉਹ ਮੁੜ ਕੁੱਲੀਆਂ ਵਿੱਚ ਗੁਆਚ ਗਏ।
ਪੁਲਿਸ ਦਾ ਅਪਮਾਨ ਹੋ ਰਿਹਾ ਸੀ। ਹੁਣ ਤਕ ਚੌਧਰੀ ਨੂੰ ਪਤਾ ਲੱਗ ਚੁੱਕਾ ਹੋਣਾ ਹੈ ਕਿ ਪੁਲਿਸ ਉਹਨਾਂ ਦੇ ਆਸ਼ਰਮ ਵਿੱਚ ਆਈ ਹੈ। ਉਸ ਦਾ ਛੁਪੇ ਰਹਿਣਾ ਦੇਸ ਰਾਜ ਨੂੰ ਗੁੱਸਾ ਚੜ੍ਹਾ ਰਿਹਾ ਸੀ।
ਮਟੀ ਕੋਲ ਖੜੋ ਕੇ ਦੇਸ ਰਾਜ ਨੇ ਚੌਧਰੀ ਨੂੰ ਉੱਚੀ-ਉੱਚੀ ਹਾਕਾਂ ਮਾਰੀਆਂ।
ਚੌਧਰੀ ਹੁੰਦਾ ਤਾਂ ਹੀ ਬਾਹਰ ਆਉਂਦਾ। ਉਹ ਤਾਂ ਸਵੇਰ ਦਾ ਇਥੇ ਨਹੀਂ ਸੀ। ਸ਼ੇਰ ਦੀ ਦਹਾੜ ਵਰਗੀ ਹੌਲਦਾਰ ਦੀ ਆਵਾਜ਼ ਸੁਣ ਕੇ ਝੁੱਗੀਆਂ ਵਾਲੇ ਹੋਰ ਵੀ ਦਹਿਲ ਗਏ।
ਕੁੱਝ ਮਿੰਟ ਹੋਰ ਨਿਕਲ ਗਏ। ਜਦੋਂ ਫੇਰ ਵੀ ਕੋਈ ਬਾਹਰ ਨਾ ਆਇਆ ਤਾਂ ਦੇਸ ਰਾਜ ਦੇ ਪਿੱਛੇ ਖੜਾ ਨਿੱਕਾ ਸਿਪਾਹੀ ਚਿਲਾਇਆ ।
“ਹਰਾਮਜ਼ਾਦਿਓ ਕੋਈ ਤਾਂ ਬਾਹਰ ਨਿਕਲੋ … ਨਹੀਂ ਅਸੀਂ ਡੰਡਾ ਪਰੇਡ ਸ਼ੁਰੂ ਕਰਨ ਲੱਗੇ ਹਾਂ … ।”
ਬਹੁਤੀ ਦੇਰ ਖੜੋਣਾ ਉਹਨਾਂ ਨੂੰ ਦੁੱਭਰ ਹੋਇਆ ਪਿਆ ਸੀ। ਕੜਕਦੀ ਧੁੱਪ ਕਾਰਨ ਗੰਦੇ ਛੱਪੜ ਵਿਚੋਂ ਉੱਠ ਰਹੀ ਹਵਾੜ ਸਾਰੇ ਵਾਤਾਵਰਣ ਨੂੰ ਗੰਦਾ ਕਰ ਰਹੀ ਸੀ। ਹਵਾ ਦਾ ਰੁਖ਼ ਵੀ ਆਸ਼ਰਮ ਵੱਲ ਹੀ ਸੀ। ਨੱਕ ’ਤੇ ਰੁਮਾਲ ਰੱਖ ਕੇ ਵੀ ਕੰਮ ਨਹੀਂ ਸੀ ਚੱਲ ਰਿਹਾ।
ਨਿੱਕਾ ਸਿੰਘ ਦਾ ਦਬਕਾ ਰੰਗ ਲਿਆਇਆ। ਸਾਹਮਣੀ ਝੁੱਗੀ ਵਿਚੋਂ ਇੱਕ ਹੱਡੀਆਂ ਦਾ ਪਿੰਜਰ ਜਿਹਾ, ਜ਼ਮੀਨ ’ਤੇ ਘਿਸਰਦਾ ਉਹਨਾਂ ਵੱਲ ਆਉਣ ਲੱਗਾ।
ਆਉਣ ਵਾਲੇ ਦੀਆਂ ਲੱਤਾਂ ਕਿਸੇ ਬੀਮਾਰੀ ਨੇ ਸੁਕਾ ਦਿੱਤੀਆਂ ਸਨ। ਉਸ ਦਾ ਰੰਗ ਕਾਲਾ ਸ਼ਾਹ ਸੀ ਅਤੇ ਦੰਦ ਪੀਲੇ ਭੂਕ। ਲੱਕੜ ਦੀਆਂ ਪਟੜੀਆਂ ’ਤੇ ਰਬੜ ਫਿੱਟ ਕਰ ਕੇ, ਪਟੜੀਆਂ ਉਸ ਨੇ ਹੱਥਾਂ ਵਿੱਚ ਪਾ ਰੱਖੀਆਂ ਸਨ। ਇਸ ਤਰ੍ਹਾਂ ਉਸ ਦੇ ਹੱਥ ਰਗੜ ਤੋਂ ਬਚ ਰਹੇ ਸਨ। ਉਸ ਦੇ ਸਰੀਰ ’ਤੇ ਇਕੋ ਕੱਪੜਾ ਸੀ। ਉਹ ਸੀ ਲੰਗੋਟੀ। ਉਸ ਨੇ ਚਿੱਤੜਾਂ ਨੂੰ ਜ਼ਮੀਨ ’ਤੇ ਘਿਸੜਨ ਤੋਂ ਬਚਾਉਣ ਲਈ ਕਿਸੇ ਵੱਡੀ ਟਿਯੂਬ ਦਾ ਇੱਕ ਟੁਕੜਾ ਚਿੱਤੜਾਂ ’ਤੇ ਬੰਨ੍ਹ ਲਿਆ ਸੀ।
ਨਿੱਕੇ ਨੇ ਉਸ ਨੂੰ ਪਹਿਲੀ ਨਜ਼ਰ ਹੀ ਪਛਾਣ ਲਿਆ। ਇਥੇ ਆਉਣ ਤੋਂ ਪਹਿਲਾਂ ਉਹ ਸਟੇਸ਼ਨ ’ਤੇ ਭੀਖ ਮੰਗਦਾ ਸੀ। ਉਥੇ ਹੀ ਪਾਣੀ ਵਾਲੀ ਟੈਂਕੀ ਹੇਠਾਂ ਸੌਂ ਜਾਂਦਾ। ਇੱਕ ਗੱਠੜੀ ਅਤੇ ਇੱਕ ਟੀਨ ਦਾ ਡੱਬਾ ਹੀ ਉਸ ਦੀ ਜਾਇਦਾਦ ਸੀ। ਯੁਵਾ ਸੰਘ ਵਾਲੇ ਉਸ ਨੂੰ ਇਥੇ ਛੱਡ ਗਏ ਸਨ।
ਉਸ ਦੇ ਪਿੱਛੇ-ਪਿੱਛੇ ਉਸੇ ਦੀ ਸ਼ਕਲ ਸੂਰਤ ਵਰਗੀ ਇੱਕ ਮੁਟਿਆਰ ਨਿਕਲ ਆਈ। ਉਸ ਦੇ ਤੇੜ ਮੈਲ ਨਾਲ ਭਰਿਆ ਇੱਕ ਪੇਟੀਕੋਟ ਸੀ ਅਤੇ ਛਾਤੀਆਂ ਨੂੰ ਢੱਕਣ ਲਈ ਇੱਕ ਫਟਿਆ ਹੋਇਆ ਬਲਾਊਜ਼। ਸਿਰ ਦੇ ਵਾਲਾਂ ਦਾ ਇਉਂ ਝਥਰਾ ਬਣਿਆ ਹੋਇਆ ਸੀ, ਜਿਵੇਂ ਸਾਲਾਂ ਤੋਂ ਨਹਾਤੀ ਨਾ ਹੋਵੇ। ਉਸ ਦੀ ਗੋਦ ’ਚ ਇੱਕ ਮਾੜਚੂ ਜਿਹਾ ਬੱਚਾ ਸੀ ਜਿਹੜਾ ਉਸ ਦੀ ਖੱਬੀ ਛਾਤੀ ਨੂੰ ਚੁੰਘ ਰਿਹਾ ਸੀ। ਬੱਚਾ ਵੀ ਨੰਗ-ਧੜੰਗਾ ਸੀ ਅਤੇ ਛਾਤੀ ਵਿਚੋਂ ਦੁੱਧ ਨਾ ਆਉਣ ਕਰਕੇ ਰੀਂ-ਰੀਂ ਕਰ ਰਿਹਾ ਸੀ।
ਇਹ ਔਰਤ ਵੀ ਪਹਿਲਾਂ ਬੱਸ-ਸਟੈਂਡ ’ਤੇ ਪੈਸੇ ਮੰਗਿਆ ਕਰਦੀ ਸੀ। ਕਦੇ-ਕਦੇ ਸਟੇਸ਼ਨ ’ਤੇ ਵੀ ਦਿਖਾਈ ਦਿੰਦੀ। ਟਰੱਕ-ਡਰਾਈਵਰਾਂ, ਰੇਲਵੇ ਮੁਲਾਜ਼ਮਾਂ ਅਤੇ ਐਫ਼.ਸੀ.ਆਈ.ਦੀ ਲੇਬਰ ਨੇ ਕਈ ਵਾਰ ਉਸ ਨਾਲ ਜਬਰ-ਜਨਾਹ ਕੀਤਾ ਸੀ। ਇੱਕ ਵਾਰ ਉਹ ਗਰਭਵਤੀ ਵੀ ਹੋ ਗਈ ਸੀ।
ਇਸ ਉੱਤੇ ਵੀ ਲਾਲਾ ਜੀ ਦੀ ਕਿਰਪਾ ਹੋਈ ਸੀ। ਉਹਨਾਂ ਇਹਨਾਂ ਦੋਹਾਂ ਦਾ ਵਿਆਹ ਕਰ ਦਿੱਤਾ। ਇਹ ਬੱਚਾ ਪਹਿਲਾ ਹੈ ਜਾਂ ਹੁਣ ਹੋਇਆ, ਨਿੱਕਾ ਅੰਦਾਜ਼ਾ ਨਾ ਲਾ ਸਕਿਆ। ਪੁਲਿਸ ਦੇਖ ਕੇ ਉਹ ਵੀ ਸਹਿਮੀ ਹੋਈ ਸੀ। ਵਾਰ-ਵਾਰ ਆਪਣੇ ਅੱਧਨੰਗੇ ਜਿਸਮ ਨੂੰ ਢੱਕਣ ਦੇ ਯਤਨ ਕਰ ਰਹੀ ਸੀ। ਜਿਵੇਂ ਪੁਲਿਸ ਉਸੇ ਨੂੰ ਲੈਣ ਲਈ ਆਈ ਹੋਵੇ।
“ਚੌਧਰੀ ਕਹਾਂ ਹੈ? ਹਮ ਨੇ ਤਲਾਸ਼ੀ ਲੈਣੀ ਹੈ।” ਉਹਨਾਂ ਦੀ ਹਾਲਤ ਦੇਖ ਕੇ ਦੇਸ ਰਾਜ ਢਿੱਲਾ ਪੈ ਚੁੱਕਾ ਸੀ। ਉਹ ਕਾਹਲੀ ਵਿੱਚ ਸੀ। ਇਸ ਨਰਕ ਵਿੱਚ ਉਸ ਦਾ ਦਮ ਘੁਟਣ ਲੱਗਾ ਸੀ।
“ਵੋਹ ਯਹਾਂ ਨਹੀਂ ਹੈ ਸਾਹਿਬ। ਤਲਾਸ਼ੀ ਜਬ ਮਰਜ਼ੀ ਲੋ … ਹਮੇਂ ਕੋਈ ਇਤਰਾਜ਼ ਨਹੀਂ। ਜੋ ਕੁੱਝ ਹਮਾਰੇ ਪਾਸ ਹੈ ਆਪ ਕੇ ਸਾਮਹਣੇ ਖੜਾ ਹੈ।” ਟੁੱਟੀ-ਫੁੱਟੀ ਹਿੰਦੀ ਬੋਲਦਾ ਲੁੰਜਾ ਆਪਣੀ ਪਤਨੀ ਨੂੰ ਵੀ ਇਸ਼ਾਰੇ ਕਰਨ ਲੱਗਾ।
ਲੁੰਜੇ ਦੀ ਪਤਨੀ ਝੁੱਗੀਆਂ ਅੱਗੇ ਜਾ-ਜਾ ਅਜੀਬ-ਅਜੀਬ ਆਵਾਜ਼ੇ ਕੱਸਣ ਲੱਗੀ।
ਦੇਖਦੇ ਹੀ ਦੇਖਦੇ ਮਰਦ ਅਤੇ ਔਰਤਾਂ ਝੁੱਗੀਆਂ ਵਿਚੋਂ ਬਾਹਰ ਨਿਕਲਣ ਲੱਗੇ।
ਸਾਰਾ ਆਸ਼ਰਮ ਤਲਾਸ਼ੀ ਲਈ ਤਿਆਰ ਸੀ। ਪੁਲਿਸ ਜਿਵੇਂ ਮਰਜ਼ੀ ਤਲਾਸ਼ੀ ਕਰੇ।
ਪੁਲਿਸ ਦੁਆਲੇ ਜੁੜੀ ਭੀੜ ਵਿੱਚ ਅੱਠ-ਦਸ ਬੱਚੇ ਵੀ ਆ ਰਲੇ ਸਨ। ਉਨਾਂ ਦੇ ਨੱਕਾਂ ਵਿਚੋਂ ਵਗਦੀਆਂ ਨਲੀਆਂ ਅਤੇ ਮੂੰਹਾਂ ਵਿਚੋਂ ਵਗਦੀਆਂ ਲਾਲਾਂ ’ਤੇ ਮੱਖੀਆਂ ਭਿਣਕ ਰਹੀਆਂ ਸਨ। ਲਗਭਗ ਉਹ ਸਾਰੇ ਹੀ ਨੰਗੇ ਸਨ। ਕੁੜੀਆਂ ਮੁੰਡਿਆਂ ਵਿੱਚ ਕੋਈ ਬਹੁਤਾ ਫ਼ਰਕ ਨਹੀਂ ਸੀ। ਸਾਰੇ ਹੀ ਸਿਰੋਂ ਮੋਨੇ, ਰੰਗ ਦੇ ਕਾਲੇ ਅਤੇ ਸਿਹਤ ਦੇ ਕਮਜ਼ੋਰ। ਗੱਲ੍ਹਾਂ ’ਤੇ ਵਹੀਆਂ ਹੰਝੂਆਂ ਦੀਆਂ ਨਦੀਆਂ ਦੇ ਨਿਸ਼ਾਨ। ਅੱਖਾਂ ਵਿੱਚ ਸੋਜਸ਼। ਦਾਨੀਆਂ ਦੇ ਆਉਣ ਦਾ ਸਮਾਂ ਲੰਘ ਚੁੱਕਾ ਸੀ। ਕੁੱਲੀਆਂ ਵਿੱਚ ਖਾਣਾ ਪਕਾਉਣ ਲਈ ਰਾਸ਼ਨ ਨਹੀਂ ਸੀ। ਦੋਵੇਂ ਡੰਗ ਹੀ ਦਾਨੀਆਂ ਸਹਾਰੇ ਨਿਕਲਦੇ ਸਨ। ਕਈ ਕੁੱਲੀਆਂ ਵਿੱਚ ਚੁੱਲ੍ਹਾ ਚੌਂਕਾ ਵੀ ਨਹੀਂ ਸੀ। ਬੱਚਿਆਂ ਦੇ ਪੇਟਾਂ ਵਿੱਚ ਚੂਹੇ ਨੱਚ ਰਹੇ ਹੋਣਗੇ, ਇੱਕ-ਦੋ ਖ਼ੁਸ਼-ਕਿਸਮਤਾਂ ਦੇ ਹੱਥਾਂ ਵਿੱਚ ਹੀ ਸੁੱਕੀਆਂ ਰੋਟੀਆਂ ਅਤੇ ਸੁੱਕੀਆਂ ਪੂਰੀਆਂ ਦੇ ਟੁਕੜੇ ਸਨ। ਉਹ ਉਹਨਾਂ ਟੁਕੜਿਆਂ ਨੂੰ ਹੀ ਕੜਾਹ ਸਮਝ ਕੇ ਖਾ ਰਹੇ ਸਨ। ਬਾਕੀ ਤਰਸਦੀਆਂ ਅੱਖਾਂ ਨਾਲ ਉਹਨਾਂ ਖ਼ੁਸ਼-ਕਿਸਮਤਾਂ ਦੇ ਮੂੰਹਾਂ ਵੱਲ ਤੱਕ ਰਹੇ ਸਨ।
“ਇਹ ਕਤੀੜ ਤੁਹਾਡੀ ਹੀ ਹੈ ਜਾਂ ਕਿਤੋਂ ਚੁੱਕ ਕੇ ਲਿਆਂਦੀ ਹੈ?” ਕੋਹੜੀਆਂ ਕਲੰਕੀਆਂ ਦੇ ਇੰਨੇ ਬੱਚੇ ਦੇਖ ਕੇ ਦੇਸ ਰਾਜ ਨੂੰ ਸ਼ੱਕ ਹੋਇਆ।
ਹੁਣ ਤਕ ਆਸ਼ਰਮ ਦੇ ਜਿੰਨੇ ਵੀ ਮਰਦ-ਔਰਤਾਂ ਉਸ ਸਾਹਮਣੇ ਆਏ ਸਨ, ਸਭ ਇੱਕ-ਦੂਜੇ ਤੋਂ ਵੱਧ ਕਮਜ਼ੋਰ ਸਨ। ਕਿਸੇ ਦੀ ਟੰਗ ਕੱਟੀ ਹੋਈ ਸੀ ਅਤੇ ਕਿਸੇ ਦੀ ਬਾਂਹ। ਕਿਸੇ ਦਾ ਇੱਕ ਪੈਰ ਸੁੱਜ ਕੇ ਵੀਹ ਕਿੱਲੋ ਦਾ ਹੋਇਆ ਹੋਇਆ ਸੀ ਤਾਂ ਦੂਜੇ ਦਾ ਪੱਟ। ਕਿਸੇ ਦੇ ਨੱਕ ਦੀ ਹੱਡੀ ਨਹੀਂ ਸੀ ਅਤੇ ਕਿਸੇ ਦੇ ਦੋਵੇਂ ਬੁੱਲ੍ਹ ਗ਼ਾਇਬ ਸਨ। ਕਈਆਂ ਦੀਆਂ ਸਾਰੀਆਂ ਦੀਆਂ ਸਾਰੀਆਂ ਉਂਗਲਾਂ ਗਲ ਕੇ ਝੜ ਗਈਆਂ ਸਨ। ਕਿਸੇ ਦੇ ਪੈਰ ਵਿਚੋਂ ਪੀਕ ਵਗ ਰਹੀ ਸੀ ਅਤੇ ਕਿਸੇ ਦਾ ਪੇਟ ਰਿਸ ਰਿਹਾ ਸੀ। ਕਿਸੇ ਔਰਤ ਦੇ ਪੇਟ ਵਿੱਚ ਰਸੌਲੀ ਸੀ ਅਤੇ ਕਿਸੇ ਦੀਆਂ ਦੋਵੇਂ ਅੱਖਾਂ ਗ਼ਾਇਬ ਸਨ। ਦੇਸ ਰਾਜ ਨੂੰ ਲੱਗਦਾ ਸੀ, ਇਹਨਾਂ ਵਿਚੋਂ ਕੋਈ ਔਰਤ ਜਾਂ ਮਰਦ ਬੱਚਾ ਜੰਮਣ ਦੇ ਯੋਗ ਨਹੀਂ। ਫੇਰ ਇਹ ਲਾਰ ਕਿਥੋਂ ਆਈ ਸੀ? ਕਿਧਰੇ ਬੰਟੀ ਵਾਂਗ ਚੁੱਕੇ ਹੀ ਤਾਂ ਨਹੀਂ ਗਏ?
“ਹਮਾਰੇ ਹੈਂ ਮਾਈ-ਬਾਪ … ।” ਇੱਕ ਭੂਤਾਂ ਵਰਗੀ ਸ਼ਕਲ ਵਾਲੀ ਔਰਤ ਨੇ ਜਦੋਂ ਅੱਗੇ ਵਧ ਕੇ ਆਖਿਆ ਤਾਂ ਦੇਸ ਰਾਜ ਨੇ ਉਸ ਦੇ ਪੇਟ ’ਤੇ ਨਿਗਾਹ ਮਾਰੀ। ਉਹ ਗਰਭਵਤੀ ਸੀ ਅਤੇ ਕਿਸੇ ਵੀ ਸਮੇਂ ਮਾਂ ਬਣ ਸਕਦੀ ਸੀ।
ਦੇਸ ਰਾਜ ਨੂੰ ਹੋਰ ਕੋਈ ਸਬੂਤ ਮੰਗਣ ਦੀ ਜੁਰਅਤ ਨਾ ਪਈ।
“ਠੀਕ ਹੈ … ਠੀਕ ਹੈ … ਤਲਾਸ਼ੀ ਦੋ … ।” ਜਲਦੀ ਖਹਿੜਾ ਛੁਡਾਉਣ ਦੇ ਮੂਡ ਵਿੱਚ ਡੰਡਾ ਖੜਕਾਉਂਦਾ ਦੇਸ ਰਾਜ ਝੁੱਗੀਆਂ ਵੱਲ ਵਧਿਆ।
ਪਹਿਲੀ ਝੁੱਗੀ ਵਿੱਚ ਘੁੱਪ ਹਨੇਰਾ ਸੀ। ਸੱਜੇ ਪਾਸਿਉਂ ਕਿਸੇ ਦੇ ਹੂੰਗਰਾਂ ਮਾਰਨ ਦੀ ਆਵਾਜ਼ ਆ ਰਹੀ ਸੀ। ਗੰਦੀ ਹਵਾੜ ਜਦੋਂ ਦੇਸ ਰਾਜ ਦੇ ਨੱਕ ਵਿੱਚ ਵੜੀ ਤਾਂ ਘਬਰਾਇਆ ਉਹ ਇੱਕ ਦਮ ਝੁੱਗੀ ਵਿਚੋਂ ਬਾਹਰ ਆ ਗਿਆ।
“ਕੌਣ ਹੈ ਇਸ ਵਿੱਚ? ਦੀਵਾ ਜਲਾਓ।” ਧੁਰ ਅੰਦਰ ਤਕ ਦਹਿਲਿਆ ਦੇਸ ਰਾਜ ਕੜਕਿਆ।
“ਇਹ ਰਾਮੂ ਹੈ ਸਾਹਿਬ। ਕਈ ਦਿਨੋਂ ਸੇ ਤੇਜ਼ ਬੁਖ਼ਾਰ ਹੈ। ਦਵਾ-ਦਾਰੂ ਸੇ ਆਰਾਮ ਨਹੀਂ ਆਇਆ। ਬਾਵਾ ਨੇ ਟੂਣਾ ਕੀਤਾ ਹੈ।” ਮੋਮਬੱਤੀ ਬਾਲਦੀ ਰਾਮੂ ਦੀ ਪਤਨੀ ਦੇ ਹੱਥ ਕੰਬ ਰਹੇ ਸਨ।
ਮੋਮਬੱਤੀ ਬਲਦਿਆਂ ਹੀ ਇੱਕ ਕਾਲਾ-ਕਲੂਟਾ ਜਿਹਾ ਪਿੰਜਰ ਦੇਸ ਰਾਜ ਦੀ ਨਜ਼ਰ ਪਿਆ। ਪਿੰਜਰ ਨੇ ਗਲ ਵਿੱਚ ਰੰਗ-ਬਰੰਗੇ ਮਣਕਿਆਂ ਦੀ ਮਾਲਾ ਪਾ ਰੱਖੀ ਸੀ। ਉਸ ਦੇ ਸਿਰਹਾਣੇ ਵਾਲੇ ਪਾਸੇ ਪਏ ਇੱਕ ਚੱਪਣ ਵਿੱਚ ਧੂਣੀ ਮਘ ਰਹੀ ਸੀ। ਪਾਣੀ ਦੇ ਕੁੱਜੇ ਨਾਲ ਕੋਈ ਤਵੀਤ ਬੰਨ੍ਹਿਆ ਹੋਇਆ ਸੀ। ਉਹ ਮਿੱਟੀ ਦੇ ਚਬੂਤਰੇ ’ਤੇ ਪਿਆ ਸੀ। ਉਸ ਦੇ ਚਾਰੇ ਖੂੰਜਿਆਂ ਵਿੱਚ ਮੇਖਾਂ ਗੱਡ ਕੇ ਸੂਤ ਲਪੇਟਿਆ ਹੋਇਆ ਸੀ। ਨੀਮ ਬੇਹੋਸ਼ੀ ਵਿੱਚ ਉਹ ਬੁੜਬੁੜਾ ਰਿਹਾ ਸੀ।
ਦੇਸ ਰਾਜ ਨੇ ਸਾਰੀ ਕੁੱਲੀ ਦਾ ਜਾਇਜ਼ਾ ਲਿਆ। ਦੋ ਗੱਠੜੀਆਂ, ਇੱਕ ਪਾਣੀ ਵਾਲੇ ਤਪਲੇ ਅਤੇ ਇੱਕ ਟੁੱਟੇ ਪੀਪੇ ਤੋਂ ਬਿਨਾਂ ਇਥੇ ਕੁੱਝ ਨਹੀਂ ਸੀ। ਡੰਡੇ ਨਾਲ ਉਹਨੇ ਇੱਕ ਗੱਠੜੀ ਖੋਲ੍ਹੀ ਤਾਂ ਪਾਟੇ-ਪੁਰਾਣੇ ਕੱਪੜੇ ਅਤੇ ਸੁੱਕੀਆਂ ਰੋਟੀਆਂ ਜ਼ਮੀਨ ’ਤੇ ਬਿਖਰ ਗਈਆਂ। ਦੂਜੀ ਵਿੱਚ ਫਟੀਆਂ ਪੁਰਾਣੀਆਂ ਬੋਰੀਆਂ ਸੀ, ਜਿਨ੍ਹਾਂ ਨੂੰ ਸਿਉਂ ਕੇ ਉਹਨਾਂ ਨੇ ਸਿਆਲਾਂ ਵਿੱਚ ਰਜ਼ਾਈਆਂ ਦੀ ਥਾਂ ਵਰਤਣਾ ਸੀ।
ਦੂਜੀ ਝੁੱਗੀ ਦਾ ਵੀ ਇਹੋ ਹਾਲ ਸੀ। ਇਥੇ ਮੌਤ ਨਾਲ ਲੜਨ ਵਾਲੀ ਇੱਕ ਔਰਤ ਸੀ। ਝੁੱਗੀ ਵਿੱਚ ਪਈ ਹੱਥ-ਰੇਹੜੀ ਤੋਂ ਬਿਨਾਂ ਕੁੱਝ ਨਹੀਂ ਸੀ। ਜਦੋਂ ਉਸ ਦਾ ਘਰ ਵਾਲਾ ਜਿਊਂਦਾ ਸੀ, ਉਸ ਨੂੰ ਇਸੇ ਰੇਹੜੀ ਵਿੱਚ ਪਾ ਕੇ ਮੰਗਣ ਜਾਇਆ ਕਰਦਾ ਸੀ। ਜਦੋਂ ਦਾ ਉਹ ਮਰਿਆ ਹੈ, ਇਸ ਦਾ ਕੋਈ ਸਹਾਰਾ ਨਹੀਂ ਰਿਹਾ। ਬੁੱਢੀ ਹੈ, ਕਿਸੇ ਕੰਮ-ਕਾਰ ਜੋਗੀ ਵੀ ਨਹੀਂ। ਕੋਈ ਰਹਿਮ ਕਰ ਕੇ ਰੋਟੀ ਦੇ ਦੇਵੇ ਤਾਂ ਖਾ ਲੈਂਦੀ ਹੈ, ਨਹੀਂ ਤਾਂ ਭੁੱਖੀ ਪਈ ਰਹਿੰਦੀ ਹੈ। ਉਸ ਦੇ ਸਿਰਹਾਣੇ ਪਿਆ ਇੱਕ ਸਿਲਵਰ ਦਾ ਕੌਲਾ ਅਤੇ ਇੱਕ ਪਲੇਟ ਹੀ ਉਸ ਦੀ ਜਾਇਦਾਦ ਹੈ।
ਅੰਦਰ ਆਏ ਦੇਸ ਰਾਜ ਨੂੰ ਉਹ ਪਛਾਣ ਨਹੀਂ ਸੀ ਸਕੀ। ਉਸ ਨੂੰ ਕਿਸੇ ਦਾਨੀ ਦਾ ਭੁਲੇਖਾ ਪਿਆ ਸੀ। ਉੱਠ ਕੇ ਉਹ ਆਪਣੀ ਪਲੇਟ ਅਤੇ ਕੌਲੇ ਨੂੰ ਠੀਕ ਕਰਨ ਲੱਗੀ। ਸ਼ਾਇਦ ਭੁੱਖ ਸਤਾ ਰਹੀ ਸੀ।
“ਛੱਡ ਉਸਤਾਦ ) ਕੀ ਪਿਐ ਇਥੇ? ਐਵੇਂ ਸਾਲੇ ਲੀਡਰ ਭੌਂਕਦੇ ਰਹਿੰਦੇ ਨੇ। ਕੋਈ ਆਖਦਾ ਹੈ ਇਹ ਜਰਾਇਮ-ਪੇਸ਼ਾ ਲੋਕ ਹਨ, ਇਹਨਾਂ ’ਤੇ ਸਖ਼ਤੀ ਹੋਣੀ ਚਾਹੀਦੀ ਹੈ। ਦੂਜਾ ਆਖਦਾ ਹੈ, ਸੰਘ ਨੇ ਇਹਨਾਂ ਦੀ ਕਾਇਆ ਪਲਟ ਦਿੱਤੀ। ਉਹਨਾਂ ਨੂੰ ਮੌਜਾਂ ਕਰਨ ਲਾ ਦਿੱਤੈ। ਇਥੇ ਸ਼ਾਇਦ ਕਦੇ ਵੀ ਕਿਸੇ ਨੇ ਚੱਕਰ ਨਾ ਮਾਰਿਆ ਹੋਵੇ।”
ਕੁੱਝ ਦੇਰ ਪਹਿਲਾਂ ਬੜ੍ਹਕਾਂ ਮਾਰਨ ਵਾਲੇ ਨਿੱਕੇ ਦਾ ਮਨ ਪਸੀਜ ਗਿਆ ਸੀ। ਉਸ ਦਾ ਗਲਾ ਭਰ ਆਇਆ ਸੀ ਅਤੇ ਅੱਖਾਂ ਛਲਕਣ ਹੀ ਵਾਲੀਆਂ ਸਨ।
ਤਲਾਸ਼ੀਆਂ ਦੇ ਝੰਜਟ ਨੂੰ ਵਿਚੇ ਛੱਡ ਕੇ ਉਹ ਸੜਕ ਦੇ ਉਸ ਕਿਨਾਰੇ ’ਤੇ ਜਾ ਖਲੋਤਾ, ਜਿਥੇ ਆਸ਼ਰਮ ਦੇ ਨਾਂ ਦਾ ਬੋਰਡ ਲੱਗਾ ਹੋਇਆ ਸੀ।
“ਉਸ ਦੀ ਗੱਲ ਠੀਕ ਹੈ। ਛੱਡੋ ਪਰ੍ਹੇ। ਇਹਨਾਂ ਤੋਂ ਤਾਂ ਆਪਣੇ ਜਵਾਕ ਨਹੀਂ ਸੰਭਲਦੇ। ਹੋਰ ਇਹਨਾਂ ਕੀ ਕਰਨੇ ਹਨ। ਆਖ ਦਿਆਂਗੇ ਸਭ ਦੀ ਤਲਾਸ਼ੀ ਕਰ ਲਈ। ਕਿਧਰੇ ਨਹੀਂ ਗੱਲ ਫਾਹਾ ਪੈਣ ਲੱਗਾ।”
ਨਿੱਕੂ ਦੇ ਪਿੱਛੇ ਹੀ ਭੂਸ਼ੀ ਵੀ ਬੋਰਡ ਵੱਲ ਤੁਰ ਗਿਆ।
ਦੇਸ ਰਾਜ ਕਿਹੜਾ ਉਹਨਾਂ ਤੋਂ ਕੋਈ ਵੱਖਰੀ ਰਾਏ ਰੱਖਦਾ ਸੀ। ਉਸ ਦਾ ਵੀ ਖਾਧਾ-ਪੀਤਾ ਬਾਹਰ ਆਉਣ ਲੱਗਾ ਸੀ।
ਵਾਪਸ ਮੁੜਦੇ ਦੇਸ ਰਾਜ ਨੂੰ ਇੱਕ ਗੱਲ ਸਮਝ ਨਹੀਂ ਸੀ ਆ ਰਹੀ। ਆਖ਼ਿਰ ਉਹ ਕੰਬਲ, ਰਜਾਈਆਂ ਅਤੇ ਸਵੈਟਰ ਕਿਥੇ ਗਏ, ਜਿਨ੍ਹਾਂ ਬਾਰੇ ਉਹ ਰੋਜ਼ ਅਖ਼ਬਾਰਾਂ ਵਿੱਚ ਪੜ੍ਹਦਾ ਸੀ?
ਅਖ਼ਬਾਰਾਂ ਦੁਆਰਾ ਮਾਰਿਆ ਜਾ ਰਿਹਾ ਝੂਠ ਉਸ ਤੋਂ ਹਜ਼ਮ ਨਹੀਂ ਸੀ ਕੀਤਾ ਜਾ ਰਿਹਾ।
13
ਭੱਠ ’ਚ ਪਏ ਬੰਟੀ। ਬੂਝਾ ਸਿੰਘ ਨੂੰ ਨਾ ਬੰਟੀ ਨਾਲ ਮਤਲਬ ਸੀ, ਨਾ ਉਸ ਦੇ ਅਗਵਾਕਾਰਾਂ ਨਾਲ। ਉਸ ਨੂੰ ਆਪਣੀ ਲੀਹ ਤੋਂ ਲੱਥੀ ਗੱਡੀ ਨੂੰ ਥਾਂ ਸਿਰ ਲਿਆਉਣ ਦਾ ਫ਼ਿਕਰ ਸੀ।
ਇਹੋ ਬੰਟੀ ਪੰਜ ਸਾਲ ਪਹਿਲਾਂ ਅਗਵਾ ਹੋਇਆ ਹੁੰਦਾ ਤਾਂ ਹਰ ਹਾਲਤ ਵਿੱਚ ਤਫ਼ਤੀਸ਼ ਬੂਝਾ ਸਿੰਘ ਨੂੰ ਮਿਲਣੀ ਸੀ। ਉਹ ਜ਼ਿਲ੍ਹੇ ਦਾ ਇਕੋ-ਇੱਕ ਥਾਣੇਦਾਰ ਸੀ, ਜਿਸ ਨੂੰ ਬਦਮਾਸ਼ਾਂ ਨਾਲ ਪੰਜਾ ਲੜਾਉਣ ਦਾ ਸਵਾਦ ਆਉਂਦਾ ਸੀ। ਉਸ ਦੀ ਚੜ੍ਹਤ ਦੇਖ ਕੇ ਥਾਣੇਦਾਰ ਆਖਿਆ ਕਰਦੇ ਸਨ ।
“ਮਜ੍ਹਬੀ ਨੂੰ ਮਸਾਂ-ਮਸਾਂ ਥਾਣੇਦਾਰੀ ਮਿਲੀ ਹੈ। ਮਾਂ ਦੇ ਗਲ ਨੂੰ ਭੰਨੂ, ਹੋਰ ਕੀ ਕਰੂ?”
ਬੂਝਾ ਸਿੰਘ ਦਾ ਇਹੋ ਹੌਸਲਾ ਉਸ ਨੂੰ ਇੱਕ ਵਾਰ ਮਹਿੰਗਾ ਪੈ ਗਿਆ ਸੀ। ਫੂਕ ਵਿੱਚ ਆ ਕੇ ਉਸ ਨੇ ਹਮੀਦੀ ਦੇ ਸਿਰਕੱਢ ਬਦਮਾਸ਼ ਜੀਤੇ ਨੂੰ ਚੁੱਕ ਲਿਆਂਦਾ। ਬੂਝੇ ਨੂੰ ਆਪਣੀ ਡਾਂਗ ’ਤੇ ਫ਼ਖ਼ਰ ਸੀ ਅਤੇ ਉਸ ਨੂੰ ਆਪਣੀ ਬਦਮਾਸ਼ੀ ’ਤੇ। ਜਵਾਨੀ ਵੇਲੇ ਤਾਂ ਲੋਕ ਜੀਤੇ ਦੇ ਨਾਂ ਤੋਂ ਵੀ ਡਰਦੇ ਸਨ। ਢਲਦੀ ਉਮਰੇ ਵੀ ਡਰਦਾ ਕੋਈ ਸਾਹ ਨਹੀਂ ਸੀ ਕੱਢਦਾ। ਜਿਸ ਮਰਜ਼ੀ ਦੁਕਾਨ ’ਤੇ ਜਾ ਬੈਠੇ, ਜੋ ਜੀਅ ਆਏ ਸੌਦਾ ਪਵਾ ਲਵੇ। ਕਿਸੇ ਦੀ ਮਜਾਲ ਨਹੀਂ, ਪੈਸੇ ਮੰਗ ਲਏ। ਜਦੋਂ ਮਰਜ਼ੀ ਮੋਢੇ ’ਤੇ ਬੰਦੂਕ ਪਾ ਕੇ ਖੇਤ ਆ ਵੜੇ ਅਤੇ ਚਾਰ ਮਣ ਦਾਣੇ ਘਰ ਭੇਜਣ ਦਾ ਹੁਕਮ ਸੁਣਾ ਦੇਵੇ।
ਬੂਝਾ ਵੀ ਬੜਾ ਖੁੰਦਕੀ ਸੀ। ਜਿਸ ਹਲਕੇ ਦਾ ਉਹ ਥਾਣੇਦਾਰ ਹੁੰਦਾ, ਉਥੇ ਇੱਕ ਹੀ ਬਦਮਾਸ਼ ਰਹਿ ਸਕਦਾ ਸੀ। ਉਹ ਬਦਮਾਸ਼ ਹੁੰਦਾ ਸੀ ਖ਼ੁਦ ਬੂਝਾ ਸਿੰਘ। ਜੀਤੇ ਦੀ ਤੜ੍ਹੀ ਬੂਝਾ ਸਿੰਘ ਤੋਂ ਜਰੀ ਨਹੀਂ ਸੀ ਜਾਂਦੀ।
ਬੂਝਾ ਸਿੰਘ ਨੇ ਉਸ ਨੂੰ ਬਦਮਾਸ਼ੀ ਤੋਂ ਰੋਕਿਆ ਤਾਂ ਉਸ ਨੇ ਵੀਹ ਸੁਣਾ ਦਿੱਤੀਆਂ। ਅਜਿਹਾ ਕਿਹੜਾ ਥਾਣੇਦਾਰ ਜੰਮ ਪਿਐ ਜਿਹੜਾ ਜੀਤ ਨੂੰ ਵੰਗਾਰ ਸਕੇ।
ਜੀਤ ਦੀ ਆਕੜ ਕੱਢਣ ਲਈ ਬੂਝੇ ਨੇ ਲਿਆ ਕੇ ਥਾਣੇ ਪੁੱਠਾ ਲਟਕਾ ਦਿੱਤਾ। ਬੂਝਾ ਡਾਂਗ ਵਾਹੁੰਦਾ ਰਿਹਾ ਅਤੇ ਉਹ ਹਰ ਵਾਰ ਡਾਂਗ ਨਾਲ ਮਾਂ-ਭੈਣ ਦੀ ਗਾਲ੍ਹ ਕੱਢਦਾ ਰਿਹਾ। ਬੂਝਾ ਸਿੰਘ ਦੀ ਡਾਂਗ ਉਸ ਸਮੇਂ ਤਕ ਚੱਲਦੀ ਰਹੀ, ਜਦੋਂ ਤਕ ਜੀਤੇ ਦੀ ਜ਼ੁਬਾਨ ਸਦਾ ਲਈ ਬੰਦ ਨਾ ਹੋ ਗਈ।
ਲੋਕਾਂ ਨੇ ਸ਼ੁਕਰ ਮਨਾਇਆ। ਉਹਨਾਂ ਗਲੋਂ ਕੋਹੜ ਲੱਥਾ। ਲੁਕੇ-ਛੁਪੇ ਬੂਝਾ ਸਿੰਘ ਨੂੰ ਵਧਾਈਆਂ ਭੇਜੀਆਂ।
ਪੰਜ-ਚਾਰ ਟਟਪੂੰਜੀਆਂ ਦੇ ਪਿੱਛੇ ਲੱਗ ਕੇ ਮਹਿਕਮਾ ਪਿੱਛੇ ਪੈ ਗਿਆ। ਲੁਕੇ-ਛੁਪੇ ਬੂਝਾ ਸਿੰਘ ਨੇ ਉਸ ਦੇ ਸੰਸਕਾਰ ਦਾ ਇੰਤਜ਼ਾਮ ਕੀਤਾ ਤਾਂ ਉਸ ਨੂੰ ਐਨ ਆਖ਼ਰੀ ਸਮੇਂ ਸੰਸਕਾਰ ਕਰਨੋਂ ਰੋਕ ਦਿੱਤਾ ਗਿਆ।
ਪੋਸਟਮਾਰਟਮ ਦਾ ਹੁਕਮ ਹੋਇਆ ਤਾਂ ਬੂਝਾ ਸਿੰਘ ਨੂੰ ਥਾਣਾ ਛੱਡ ਕੇ ਭੱਜਣਾ ਪਿਆ। ਅਗਾਊ ਜ਼ਮਾਨਤ ਹੋ ਗਈ।
ਤਿੰਨ ਸਾਲ ਮੁਕੱਦਮਾ ਚੱਲਿਆ। ਨਾਲੇ ਸਸਪੈਂਡ ਰਿਹਾ। ਜਿਹੜੇ ਚਾਰ ਪੈਸੇ ਕਮਾਏ ਸਨ, ਖਾਧੇ-ਪੀਤੇ ਗਏ।
ਬਰੀ ਹੋ ਕੇ ਬਹਾਲ ਹੋਇਆ ਤਾਂ ਮਹਿਕਮਾ ਬੂਝਾ ਸਿੰਘ ਨੂੰ ਭੁਲਾ ਚੁੱਕਾ ਸੀ। ਬਹੁਤ ਸਾਰੇ ਨਵੇਂ ਥਾਣੇਦਾਰਾਂ ਨੇ ਉਸ ਨਾਲੋਂ ਵੱਧ ਨਾਂ ਕਮਾ ਲਿਆ ਸੀ। ਪੁਲਿਸ ਕਪਤਾਨਾਂ ਨੂੰ ਹੁਣ ਦਲੇਰੀ ਨਾਲੋਂ ਵੱਧ ਨੋਟਾਂ ਦੇ ਥੈਲੇ ਚਾਹੀਦੇ ਸਨ। ਨੋਟ ਹਾਲੇ ਬੂਝਾ ਸਿੰਘ ਕੋਲ ਨਹੀਂ ਸਨ। ਇੱਕ ਵਾਰ ਮੌਕਾ ਮਿਲੇ ਤਾਂ ਕਮਾਏ। ਕਮਾਏ ਤਾਂ ਦੇਵੇ। ਪੈਸੇ ਕਮਾਉਣ ਦਾ ਮੌਕਾ ਮੁੜ ਉਹਦੇ ਹੱਥ ਨਹੀਂ ਸੀ ਲੱਗਾ।
ਸਾਂਸੀਆਂ ਦੇ ਵਿਹੜੇ ਡਿਊਟੀ ਲਗਵਾ ਕੇ ਉਸ ਨੂੰ ਲੱਗਾ, ਉਸ ’ਤੇ ਵਾਹਿਗੁਰੂ ਦੀ ਕਿਰਪਾ ਹੋਣ ਲੱਗੀ ਹੈ। ਇਹ ਵਿਹੜਾ ਮੁਜਰਮਾਂ ਦਾ ਗੜ੍ਹ ਹੈ, ਮੁਕੱਦਮਿਆਂ ਦੀ ਖਾਨ ਹੈ। ਜਿੰਨੇ ਮਰਜ਼ੀ ਕੇਸ ਫੜ ਲਓ। ਅਸਲੀ ਬੰਦੇ ਨਾ ਵੀ ਫੜੇ ਜਾਣ ਤਾਂ ਕੋਈ ਨਹੀਂ। ਜਿਸ ’ਤੇ ਮਰਜ਼ੀ ਫਿੱਟ ਕਰ ਦਿਓ। ਇਸ ਵਿਹੜੇ ਦੇ ਹਰ ਮੈਂਬਰ ਦੀ ਹਿਸਟਰੀ-ਸ਼ੀਟ ਖੁੱਲ੍ਹੀ ਹੋਈ ਹੈ। ਸਾਰੇ ਦਸ-ਨੰਬਰੀਏ ਹਨ। ਇੱਕ-ਦੋ ਹੀ ਖ਼ੁਸ਼ਨਸੀਬ ਹੋਣਗੇ, ਜਿਨ੍ਹਾਂ ਕਦੇ ਜੇਲ੍ਹ ਨਾ ਕੱਟੀ ਹੋਵੇ। ਜਿਸ ’ਤੇ ਜਿਹੜਾ ਮਰਜ਼ੀ ਮੁਕੱਦਮਾ ਪਾ ਦਿਓ। ਪੁਰਾਣਾ ਰਿਕਾਰਡ ਦੇਖ ਕੇ ਉਹਨਾਂ ਦੀਆਂ ਸਭ ਅਪੀਲਾਂ ਦਲੀਲਾਂ ਰੱਦ ਹੋ ਜਾਂਦੀਆਂ ਹਨ।
ਖ਼ਾਨ ਦੀ ਸਰਪਰਸਤੀ ਵਿੱਚ ਉਹ ਮਨਮਰਜ਼ੀ ਦੇ ਮੁਕੱਦਮੇ ਫੜ ਸਕਦਾ ਹੈ। ਉਸ ’ਤੇ ਉਂਗਲ ਕਰਨ ਵਾਲਾ ਕੋਈ ਨਹੀਂ। ਕੋਈ ਹੋਰ ਕਪਤਾਨ ਹੋਵੇ ਤਾਂ ਕਿਸੇ ਦੂਸਰੇ ਥਾਣੇਦਾਰ ਦੀ ਜ਼ੈਲ ਵਿੱਚ ਮੁਕੱਦਮੇ ਫੜਨ ’ਤੇ ਇਤਰਾਜ਼ ਕਰਦਾ ਹੈ। ਕੋਈ ਹੋਰ ਦਖ਼ਲ ਦੇਵੇ ਤਾਂ ਐਸ.ਐਚ.ਓ.ਦਾ ਹਿਸਾਬ- ਕਿਤਾਬ ਹਿੱਲ ਜਾਂਦਾ ਹੈ। ਹਿੱਲੇ ਹਿਸਾਬ-ਕਿਤਾਬ ਦਾ ਅਗਾਂਹ ਕਪਤਾਨ ’ਤੇ ਅਸਰ ਪੈਂਦਾ ਹੈ। ਖ਼ਾਨ ਨੂੰ ਹਾਲੇ ਇਸ ਮਰਜ਼ ਦੀ ਸਮਝ ਨਹੀਂ। ਜਿਹੜਾ ਉਸ ਦੀ ਨਜ਼ਰ ਪੈ ਜਾਏ, ਉਸ ਨੂੰ ਪੈਸੇ ਦੇਣ ਦੀ ਲੋੜ ਨਹੀਂ। ਥਾਣਿਆਂ ਵਿੱਚ ਨਿਯੁਕਤੀ ਕਰਨ ਸਮੇਂ ਉਹ ਫੜੇ ਕੇਸਾਂ ਦੀ ਸੂਚੀ ਹੀ ਦੇਖਦਾ ਹੈ। ਕਿਸੇ ਥਾਣੇਦਾਰ ਨੇ ਕਿੰਨੇ ਕਿੱਲੋ ਅਫ਼ੀਮ, ਕਿੰਨੇ ਪਸਤੌਲ ਅਤੇ ਕਿੰਨੀਆਂ ਭੱਠੀਆਂ ਫੜੀਆਂ ਹਨ, ਇਸੇ ਦੀ ਗਿਣਤੀ-ਮਿਣਤੀ ਹੁੰਦੀ ਹੈ। ਜਿਸ ਦੇ ਜਿੰਨੇ ਵੱਧ ਮੁਕੱਦਮੇ, ਉਸ ਨੂੰ ਓਨਾ ਵਧੀਆ ਥਾਣਾ।
ਬੂਝਾ ਸਿੰਘ ਨੂੰ ਲੱਗਦਾ ਸੀ ਉਸ ਦਾ ਸੀ.ਆਈ.ਡੀ.ਵਿਚੋਂ ਨਿਕਲਣ ਦਾ ਸਮਾਂ ਆ ਗਿਆ ਸੀ। ਇਹ ਕੋਈ ਮਹਿਕਮਾ ਹੈ? ਦੋ ਸਾਲਾਂ ਤੋਂ ਇਥੇ ਧੱਕੇ ਖਾ ਰਿਹਾ ਹੈ। ਬੂਝਾ ਸਿੰਘ ਦੀਆਂ ਅਸਲੀ ਰਿਪੋਰਟਾਂ ਨੂੰ ਰੱਦੀ ਦੀ ਟੋਕਰੀ ਵਿੱਚ ਸੁੱਟ ਦਿੱਤਾ ਜਾਂਦਾ ਹੈ। ਫ਼ਰਜ਼ੀ ਰਿਪੋਰਟਾਂ ਨੂੰ ਅਹਿਮੀਅਤ ਦਿੱਤੀ ਜਾਂਦੀ ਹੈ। ਪਹਿਲੇ ਉਸ ਨੇ ਜੀਅ-ਜਾਨ ਨਾਲ ਸੂਹਾਂ ਕੱਢੀਆਂ। ਵਾਰ-ਵਾਰ ਲਿਖਿਆ। ਇਲਾਕੇ ਵਿੱਚ ਅਫ਼ੀਮ ਅਤੇ ਡੋਡੇ ਟਰੱਕਾਂ ਦੇ ਹਿਸਾਬ ਆਉਂਦੇ ਹਨ। ਥਾਂ-ਥਾਂ ਜੂਏ ਦੇ ਅੱਡੇ ਹਨ। ਜ਼ਨਾਨੀਬਾਜ਼ੀ ਹੁੰਦੀ ਹੈ।
ਉਲਟਾ ਰਿਪੋਰਟਾਂ ਦੀਆਂ ਨਕਲਾਂ ਮੁਜਰਮਾਂ ਕੋਲ ਪਹੁੰਚ ਜਾਂਦੀਆਂ ਰਹੀਆਂ। ਕਈਆਂ ਨੇ ਬੂਝਾ ਸਿੰਘ ਦੀਆਂ ਹੀ ਸ਼ਿਕਾਇਤਾਂ ਕਰ ਦਿੱਤੀਆਂ। ਹੰਭ ਕੇ ਉਸ ਨੇ ਘੇਸਲ ਵੱਟ ਲਈ। ਹੋਰ ਸੀ.ਆਈ.ਡੀ.ਵਾਲਿਆਂ ਵਾਂਗ ਪਿਛਲੀਆਂ ਰਿਪੋਰਟਾਂ ਦੀ ਨਕਲ ਮਾਰ ਛੱਡਦਾ।
ਆਪਣੀ ਇਸ ਅਣਗਹਿਲੀ ’ਤੇ ਹੁਣ ਉਸ ਨੂੰ ਪਛਤਾਵਾ ਸੀ। ਜੇ ਉਹ ਝੂਠੀਆਂ ਰਿਪੋਰਟਾਂ ਨਾ ਭੇਜਦਾ ਰਿਹਾ ਹੁੰਦਾ ਅਤੇ ਇਸ ਵਿਹੜੇ ’ਤੇ ਸਹੀ ਨਜ਼ਰ ਰੱਖ ਰਿਹਾ ਹੁੰਦਾ ਤਾਂ ਅੱਜ ਆਸਾਨੀ ਨਾਲ ਅਸਲੀ ਮੁਜਰਮਾਂ ਨੂੰ ਰੰਗੇ ਹੱਥੀਂ ਫੜਦਾ।
ਕੁੱਝ ਵੀ ਸੀ। ਸੱਚ-ਝੂਠ ਦੀ ਉਸ ਨੂੰ ਪਰਵਾਹ ਨਹੀਂ ਸੀ। ਉਸ ਨੇ ਪੰਜ-ਚਾਰ ਮੁਕੱਦਮੇ ਬਣਾਉਣੇ ਹੀ ਹਨ।
ਦੋ ਸਾਲਾਂ ਤੋਂ ਉਹ ਇਸ ਵਿਹੜੇ ਦੀਆਂ ਰਿਪੋਰਟਾਂ ਭੇਜਦਾ ਰਿਹਾ ਹੈ। ਕਈ ਪੇਸ਼ੇਵਰ ਮੁਜਰਮਾਂ ਦੇ ਨਾਂ ਉਸ ਨੂੰ ਜ਼ਬਾਨੀ ਯਾਦ ਹਨ। ਹੋਰ ਕੋਈ ਗੱਲ ਸਿਰੇ ਨਾ ਚੜ੍ਹੀ ਤਾਂ ਉਹ ਤਾਂ ਕਿਧਰੇ ਨਹੀਂ ਗਏ।
ਨੱਥੂ ਸਾਂਸੀ ਬਾਹੀਏ ਦਾ ਕੈਰੀਅਰ ਹੈ। ਭਦੋੜ ਵੱਲ ਜਿੰਨੀ ਵੀ ਅਫ਼ੀਮ ਜਾਂਦੀ ਹੈ, ਉਹ ਉਸੇ ਹੱਥ ਜਾਂਦੀ ਹੈ। ਉਸ ਕੋਲ ਦੋ-ਚਾਰ ਕਿੱਲੋ ਅਫ਼ੀਮ ਜ਼ਰੂਰ ਪਈ ਹੋਏਗੀ। ਜਿੰਨੀ ਮਿਲੀ, ਨਾਲ ਇੱਕ ਬਿੰਦੀ ਹੋਰ ਲਾ ਕੇ ਮੁਕੱਦਮਾ ਦਰਜ ਕਰ ਦੇਵੇਗਾ।
ਬੰਸੀ ਦਾ ਰਿਕਾਰਡ ਦੱਸਦਾ ਸੀ ਕਿ ਉਹ ਜੰਮਦੀ ਹੀ ਜੇਬਾਂ ਕੱਟਣ ਅਤੇ ਚੈਨੀਆਂ ਲਾਹੁਣ ਲੱਗ ਪਈ ਸੀ। ਇਹਨੀਂ ਦਿਨੀਂ ਉਹ ਭਰ ਜਵਾਨ ਸੀ ਅਤੇ ਸੁਲਫ਼ੇ ਦੀ ਲਾਟ ਵਰਗੀ ਨਿਕਲੀ ਸੀ। ਗੋਰੇ ਰੰਗ ’ਤੇ ਕੀਤਾ ਹਲਕਾ ਜਿਹਾ ਮੇਕ-ਅੱਪ ਉਸ ਨੂੰ ਅਪੱਸ਼ਰਾ ਬਣਾ ਦਿੰਦਾ ਹੈ। ਬਣ-ਠਣ ਕੇ ਜਦੋਂ ਉਹ ਕਿਸੇ ਮਨਚਲੇ ਦੇ ਬਰਾਬਰ ਵਾਲੀ ਸੀਟ ’ਤੇ ਬੈਠਦੀ ਹੈ ਤਾਂ ਅਗਲਾ ਸਭ ਕੁੱਝ ਭੁੱਲ ਕੇ ਉਸ ’ਤੇ ਲੱਟੂ ਹੋ ਜਾਂਦਾ ਹੈ। ਉਸ ਸਮੇਂ ਹੀ ਸੁਰਤ ਆਉਂਦੀ ਹੈ, ਜਦੋਂ ਜੇਬ ਵਿਚਲਾ ਬਟੂਆ ਜਾਂ ਗਲੇ ਵਾਲੀ ਚੈਨੀ ਗ਼ਾਇਬ ਹੁੰਦੀ ਹੈ। ਥੋੜ੍ਹੀ ਜਿਹੀ ਵੱਡੀ ਹੋਈ ਹੈ ਤਾਂ ਕੰਮ ਦਾ ਘੇਰਾ ਵਧਾ ਲਿਆ ਹੈ। ਬੱਸਾਂ, ਗੱਡੀਆਂ ਵਿੱਚ ਅੱਜ ਕੱਲ ਉਹ ਟਰੰਕ, ਸੂਟਕੇਸ ਲਾਹੁੰਦੀ ਹੈ। ਉਸ ’ਤੇ ਇੱਕ-ਦੋ ਕੇਸ ਫਿੱਟ ਕੀਤੇ ਜਾ ਸਕਦੇ ਹਨ।
ਖਰੈਤੀ ਦੇ ਵਾੜੇ ਵਿੱਚ ਜ਼ਰੂਰ ਕੋਈ ਪਸ਼ੂ ਖੜਾ ਹੋਣਾ ਹੈ। ਮੱਝਾਂ, ਢੱਗੇ ਚੋਰੀ ਕਰਨ ਵਿੱਚ ਉਸ ਨੂੰ ਕਮਾਲ ਦੀ ਮੁਹਾਰਤ ਹਾਸਲ ਹੈ। ਰਾਤੋ-ਰਾਤ ਅੰਬਾਲੇ, ਜੀਂਦ ਤਕ ਤੋਂ ਪਸ਼ੂ ਹੱਕ ਲਿਆਉਂਦਾ ਹੈ। ਇਹ ਕੰਮ ਪਸ਼ੂਆਂ ਦੀ ਮੰਡੀ ਤੋਂ ਦੋ-ਚਾਰ ਦਿਨ ਪਹਿਲਾਂ ਕਰਦਾ ਹੈ। ਪਸ਼ੂਆਂ ਨੂੰ ਮੰਡੀ ਵਿੱਚ ਵੇਚ ਕੇ ਸਾਰੇ ਸਬੂਤ ਗੁਆ ਦਿੰਦਾ ਹੈ। ਉਸ ਦੇ ਵਾੜੇ ਵਿੱਚ ਭਾਵੇਂ ਘਰ ਦੀ ਪਾਲੀ ਝੋਟੀ ਹੀ ਖੜੀ ਹੋਵੇ, ਉਸ ਨੇ ਜ਼ਰੂਰ ਇੱਕ ਸੌ ਦੋ ਦਫ਼ਾ ਵਿੱਚ ਕਬਜ਼ੇ ਵਿੱਚ ਲੈ ਲੈਣੀ ਹੈ।
ਮਨ ’ਚ ਯੋਜਨਾਵਾਂ ਉਸਾਰਦਾ ਬੂਝਾ ਸਿੰਘ ਕਈ ਸਾਲਾਂ ਬਾਅਦ ਪਹਿਲੀ ਵਾਰ ਖ਼ੁਸ਼ ਹੋ ਰਿਹਾ ਸੀ।
ਪੁਲਿਸ ਪਾਰਟੀ ਵਿੱਚ ਉਸ ਨੇ ਆਪਣੇ ਹੀ ਮਾਤਹਿਤ ਰੱਖੇ ਸਨ। ਹੌਲਦਾਰ ਸੇਵਾ ਸਿੰਘ ਅਤੇ ਦੋਨੋਂ ਸਿਪਾਹੀ। ਨਾਲ ਸੀ.ਆਰ.ਪੀ.ਦੇ ਅੱਠ ਜਵਾਨ ਅਤੇ ਉਹਨਾਂ ਦਾ ਇੱਕ ਹਵਾਲਦਾਰ। ਇਸ ਵਿਹੜੇ ਵਿੱਚ ਬੂਝਾ ਸਿੰਘ ਦਾ ਆਪਣਾ ਚੱਕਰ ਤਾਂ ਘੱਟ ਹੀ ਲੱਗਦਾ ਸੀ। ਸਿਪਾਹੀ ਇਥੇ ਅਕਸਰ ਆਉਂਦੇ-ਜਾਂਦੇ ਰਹੇ ਸਨ। ਵੇਲੇ-ਕੁਵੇਲੇ ਕਦੇ ਮੁਰਗੇ ਦੀ ਜ਼ਰੂਰਤ ਪੈਂਦੀ ਤਾਂ ਉਹ ਚੰਦੇ ਸਾਂਸੀ ਦੇ ਆ ਧਮਕਦੇ। ਉਸ ਦੇ ਮੁਰਗੇ ਮੋਟੇ-ਤਾਜ਼ੇ ਤਾਂ ਹੁੰਦੇ ਹੀ ਸਨ, ਸਵਾਦ ਵੀ ਬੜੇ ਬਣਦੇ ਸਨ। ਸਿਪਾਹੀ ਰਸਤੇ ਵਿੱਚ ਕਈ ਵਾਰ ਬੂਝਾ ਸਿੰਘ ਨੂੰ ਆਖ ਚੁੱਕੇ ਸਨ। ਅੱਜ ਉਹ ਚੰਦੇ ਦੇ ਘਰ ਮੁਰਗਾ ਬਣਵਾਉਣਗੇ। ਉਹਦੇ ਘਰਵਾਲੀ ਕਮਾਲ ਦਾ ਮੁਰਗਾ ਰਿੰਨ੍ਹਦੀ ਹੈ। ਬੂਝਾ ਸਿੰਘ ਨੂੰ ਨਾ ਮੁਰਗੇ ’ਚ ਦਿਲਚਸਪੀ ਸੀ ਨਾ ਲੌਂਗ ਲੈਚੀਆਂ ਵਾਲੀ ਸ਼ਰਾਬ ਵਿੱਚ। ਉਸ ਨੂੰ ਕੇਸ ਚਾਹੀਦੇ ਸੀ, ਕੇਵਲ ਕੇਸ।
ਢਾਬ ਦੀ ਨੁੱਕਰ ’ਤੇ ਵੱਸੀ ਸਾਂਸੀਆਂ ਦੀ ਇਸ ਬਸਤੀ ਵਿੱਚ ਕਰਫ਼ਿਊ ਦਾ ਕੋਈ ਬਹੁਤਾ ਅਸਰ ਨਜ਼ਰ ਨਹੀਂ ਸੀ ਆ ਰਿਹਾ। ਤੀਹ-ਪੈਂਤੀ ਝੁੱਗੀਆਂ ਅਤੇ ਇੰਨੇ ਹੀ ਕੱਚੇ-ਪਿੱਲੇ ਕੋਠਿਆਂ ਦੇ ਇਸ ਵਿਹੜੇ ਵਿੱਚ ਸਗੋਂ ਅੱਗੋਂ ਨਾਲੋਂ ਵੀ ਜ਼ਿਆਦਾ ਚਹਿਲ-ਪਹਿਲ ਸੀ। ਕੱਛੇ-ਬਨੈਣ ਅਟਕਾਈ ਬੁੱਢੇ ਜਵਾਨ ਸਾਰੇ ਹੀ ਕੰਮਾਂ ਵਿੱਚ ਜੁੱਟੇ ਹੋਏ ਸਨ।
ਕਿਹਰਾ ਆਪਣੇ ਰਿਹੜੇ ਨੂੰ ਝਾੜ-ਪੂੰਝ ਰਿਹਾ ਸੀ। ਕਰਫ਼ਿਊ ਕਾਰਨ ਉਹ ਵਿਹਲਾ ਸੀ। ਮਿੱਟੀ-ਘੱਟਾ ਝਾੜ ਕੇ ਉਹ ਚੱਕਿਆਂ ਨੂੰ ਤੇਲ ਦੇ ਰਿਹਾ ਸੀ। ਮਹੀਨਾ ਮੌਜ ਰਹੇਗੀ।
ਸ਼ਿੰਦਾ ਆਪਣੀ ਝੁੱਗੀ ਪਿਛਵਾੜੇ ਬਣਾਏ ਸੂਰਾਂ ਦੇ ਵਾੜੇ ਨੂੰ ਸੁੱਕ-ਪੁੱਕਾ ਕਰਨ ਦੇ ਆਹਰ ਲੱਗਾ ਹੋਇਆ ਸੀ। ਕਈ ਦਿਨ ਲਗਾਤਾਰ ਦਿਹਾੜੀ ’ਤੇ ਜਾਣ ਕਰਕੇ ਉਹ ਵਾੜੇ ਵੱਲ ਧਿਆਨ ਨਹੀਂ ਸੀ ਦੇ ਸਕਿਆ। ਥਾਂ-ਥਾਂ ਮੁਤਰਾਲ ਦੇ ਛੋਟੇ-ਛੋਟੇ ਛੱਪੜ ਬਣੇ ਪਏ ਸਨ। ਮਿੰਦੇ ਤੋਂ ਕਈ ਦਿਨਾਂ ਦੀ ਰੇਤੇ ਦੀ ਰੇਹੜੀ ਮੰਗਵਾ ਰੱਖੀ ਸੀ। ਅੱਧੇ ਨਾਲੋਂ ਵੱਧ ਰੇਤਾ ਤਾਂ ਜਵਾਕਾਂ ਨੇ ਖਿੰਡਾ ਦਿੱਤਾ। ਸਕੂਲੋਂ ਜਵਾਕਾਂ ਨੂੰ ਛੁੱਟੀ ਹੋ ਗਈ ਸੀ। ਤੇਜੋ ਅਤੇ ਦੋਵੇਂ ਧੀਆਂ ਉਸ ਦਾ ਹੱਥ ਵੰਡਾ ਰਹੀਆਂ ਸਨ। ਇੱਕ ਵਾਰ ਵਾੜਾ ਸੰਵਰ ਗਿਆ ਤਾਂ ਕਈ ਦਿਨ ਲੰਘ ਜਾਣਗੇ।
ਅਮਲੀ ਨੇ ਵੀ ਭੇਡਾਂ ਦਾ ਇੱਜੜ ਨਹੀਂ ਸੀ ਛੇੜਿਆ। ਕੀ ਪਤੈ ਕਦੋਂ ਭੇਡਾਂ ਸਣੇ ਕਿਸੇ ਦੀ ਦਾੜ੍ਹ ਹੇਠ ਆ ਜਾਏ। ਭੇਡਾਂ ਦੀਆਂ ਜੱਤਾਂ ਵਿੱਚ ਫਸੇ ਕੰਡੇ ਕੱਢ-ਕੱਢ ਉਸ ਨੂੰ ਸੁਆਦ ਆ ਰਿਹਾ ਸੀ।
ਬਚਨੀ ਨੂੰ ਆਪਣੀ ਦਿਨੋ-ਦਿਨ ਖੁਰਦੀ ਝੁੱਗੀ ਦਾ ਫ਼ਿਕਰ ਸੀ। ਲੋਕਾਂ ਦੇ ਘਰੀਂ ਸਫ਼ਾਈਆਂ ਕਰਨ, ਭਾਂਡੇ ਮਾਂਜਣ ਅਤੇ ਕੱਪੜੇ ਧੋਣ ਤੋਂ ਉਸ ਨੂੰ ਵਿਹਲ ਨਹੀਂ ਸੀ ਮਿਲਦਾ। ਲੋਕਾਂ ਦੇ ਘਰ ਸੰਵਾਰਦੀ ਬਚਨੀ ਨੂੰ ਆਪਣੀ ਝੁੱਗੀ ਦੇ ਗਿਰਨ ਦਾ ਖ਼ਤਰਾ ਖੜਾ ਹੋ ਗਿਆ ਸੀ। ਕਰਫ਼ਿਊ ਲੱਗਾ ਤਾਂ ਉਸ ਨੇ ਸ਼ੁਕਰ ਕੀਤਾ। ਸੇਠਾਨੀਆਂ ਉਂਝ ਤਾਂ ਉਸ ਨੂੰ ਇੱਕ ਦਿਨ ਦੀ ਛੁੱਟੀ ਨਹੀਂ ਸੀ ਕਰਨ ਦਿੰਦੀਆਂ। ਕਦੇ ਛੁੱਟੀ ਮਾਰਨੀ ਪੈਂਦੀ ਤਾਂ ਉਹ ਨਾਲੇ ਸੌ-ਸੌ ਉਲਾਂਭੇ ਦਿੰਦੀਆਂ ਨਾਲੇ ਦਿਹਾੜੀ ਕੱਟ ਲੈਂਦੀਆਂ। ਅਜਿਹੇ ਮੌਕੇ ’ਤੇ ਨਹੀਂ ਬੋਲ ਸਕਦੀਆਂ। ਜਲਦੀ-ਜਲਦੀ ਉਸ ਨੇ ਮਿੱਡੇ ਨੂੰ ਨਾਲ ਲਾ ਕੇ ਢਾਬ ਵਿਚੋਂ ਪੰਦਰਾਂ-ਵੀਹ ਬੱਠਲ ਕਾਲੀ ਮਿੱਟੀ ਦੇ ਕੱਢੇ। ਪਲੋਂ ਕਈ ਦਿਨਾਂ ਦੀ ਲਿਆਂਦੀ ਪਈ ਸੀ। ਉਹ ਘਾਣ ਵਿੱਚ ਵੜੀ ਹੋਈ ਸੀ। ਮਿੱਟੀ ਤਿਆਰ ਹੁੰਦਿਆਂ ਹੀ ਉਸ ਨੇ ਝੁੱਗੀ ਲਿੱਪਣ ਲੱਗ ਜਾਣਾ ਸੀ।
ਕਰਫ਼ਿਊ ਦਾ ਅਫ਼ਸੋਸ ਗਿੰਦੇ ਦੇ ਪਰਿਵਾਰ ਨੂੰ ਸੀ। ਗਿੰਦੇ ਦੀ ਦਿਹਾੜੀ ਮਾਰੀ ਗਈ। ਕੀ ਪਤੈ ਕਰਫ਼ਿਊ ਕਿੰਨੇ ਦਿਨ ਚੱਲੇ? ਉਹਨਾਂ ਦੀਆਂ ਲਿਆਂਦੀਆਂ ਦਾਤਣਾਂ ਜੇ ਸ਼ਾਮ ਤਕ ਨਾ ਵਿਕਣ ਤਾਂ ਅਗਲੇ ਦਿਨ ਸੁੱਕ ਕੇ ਲੱਕੜੀ ਬਣ ਜਾਂਦੀਆਂ ਹਨ। ਗੇਲੋ ਦਾ ਚੋਰੀ ਤੋੜਿਆ ਸਾਗ ਮੁਰਝਾ ਰਿਹਾ ਸੀ, ਕੱਲ੍ਹ ਤਕ ਉਸ ਨੇ ਬੇਹਾ ਹੋ ਜਾਣਾ ਸੀ ਅਤੇ ਇਸ ਦਾ ਧੇਲਾ ਵੀ ਨਹੀਂ ਸੀ ਵੱਟਿਆ ਜਾਣਾ। ਸਾਗ ਤੋੜਨ ਲਈ ਉਸ ਨੂੰ ਪੰਦਰਾਂ ਮੀਲ ਤੁਰਨਾ ਪਿਆ ਸੀ। ਕੁੱਤਿਆਂ ਨੇ ਉਸ ਦੀ ਖੱਬੀ ਲੱਤ ਲੀਰੋ-ਲੀਰ ਕਰ ਦਿੱਤੀ ਸੀ। ਉਹਨਾਂ ਨੂੰ ਆਸ ਸੀ, ਇਹਨਾਂ ਪੈਸਿਆਂ ਦੀ ਉਹ ਬੀਮਾਰ ਸੀਤੋ ਲਈ ਦਵਾਈ ਲਿਆਉਣਗੇ। ਇੱਕ ਦਿਨ ਦਵਾਈ ਖੁੰਝ ਜਾਏ ਤਾਂ ਉਹ ਕਈ ਦਿਨ ਤਾਬ ਨਹੀਂ ਆਉਂਦੀ। ਸੀਤਾ ਪੰਜਾਂ ਦਿਨਾਂ ਬਾਅਦ ਮੰਜੇ ਵਿਚੋਂ ਮਸਾਂ ਉਠਿਆ ਸੀ। ਉਸ ਨੂੰ ਉਮੈਦ ਸੀ, ਉਹ ਰਿਕਸ਼ਾ ਚਲਾ ਸਕੇਗਾ। ਹੋਰ ਕੁੱਝ ਨਾ ਬਣਿਆ ਤਾਂ ਰਿਕਸ਼ੇ ਦਾ ਕਿਰਾਇਆ ਤਾਂ ਨਿਕਲ ਹੀ ਆਏਗਾ। ਪਹਿਲਾਂ ਹੀ ਕਈ ਦਿਨਾਂ ਦਾ ਕਿਰਾਇਆ ਸਿਰ ਪੈ ਗਿਆ ਹੈ। ਹਫ਼ਤਾ ਕਿਰਾਇਆ ਨਾ ਚੁਕਾਇਆ ਜਾ ਸਕੇ ਤਾਂ ਮਾਲਕ ਰਿਕਸ਼ਾ ਖੋਹ ਲੈਂਦਾ ਹੈ। ਇਹੋ ਜਿਹਾ ਨਵਾਂ ਮੁੜ ਕੇ ਨਹੀਂ ਮਿਲਣਾ। ਪੁਰਾਣੇ ਰਿਕਸ਼ੇ ਦਾ ਕਿਰਾਇਆ ਤਾਂ ਨਵੇਂ ਜਿੰਨਾ ਹੀ ਹੁੰਦੈ, ਪਰ ਟੱਕਰਾਂ ਵੱਧ। ਕਦੇ ਚੈਨ ਟੁੱਟ ਗਈ, ਕਦੇ ਪੈਂਚਰ ਹੋ ਗਿਆ ਅਤੇ ਕਦੇ ਚਿਮਟਾ ਵਿੰਗਾ ਹੋ ਗਿਆ, ਜ਼ੋਰ ਤਾਂ ਵੱਧ ਲੱਗਦਾ ਹੀ ਹੈ, ਨਾੜਾਂ ਵੀ ਇਕੱਠੀਆਂ ਹੋ ਜਾਂਦੀਆਂ ਹਨ। ਕਰਫ਼ਿਊ ਨਾਲ ਉਸ ਦੇ ਹੱਥੋਂ ਰਿਕਸ਼ਾ ਵੀ ਜਾਏਗਾ ਅਤੇ ਰੋਜ਼ਗਾਰ ਵੀ। ਗਿੰਦੇ ਦਾ ਸਾਰਾ ਪਰਿਵਾਰ ਟਾਹਲੀ ਹੇਠ ਬੈਠਾ ਝੂਰ ਰਿਹਾ ਸੀ। ਉਹ ਕਰਫ਼ਿਊ ਦੇ ਜਲਦੀ ਖ਼ਤਮ ਹੋਣ ਦੀਆਂ ਸੁੱਖਾਂ ਸੁੱਖ ਰਹੇ ਸਨ।
ਚਾਰੇ ਪਾਸਿਆਂ ਤੋਂ ਘਿਰਦੇ ਆਪਣੇ ਵਿਹੜੇ ਨੂੰ ਦੇਖ ਕੇ ਸਭ ਦੇ ਚਿਹਰਿਆਂ ’ਤੇ ਪਲਿੱਤਣ ਛਾ ਗਈ। ਪੁਲਿਸ ਕਦੇ ਵੀ ਇਸ ਵਿਹੜੇ ਸੁੱਖ ਨੂੰ ਨਹੀਂ ਆਉਂਦੀ। ਆਉਂਦੇ ਹੀ ਉਹ ਮਾਰ-ਧਾੜ ਸ਼ੁਰੂ ਕਰਦੀ ਹੈ। ਹੱਥ ਆਏ ਹਰ ਬੰਦੇ ਨੂੰ ਬਿਨਾਂ ਸਫ਼ਾਈ ਪੇਸ਼ ਕਰੇ ਅਤੇ ਬਿਨਾਂ ਆਪਣਾ ਕਸੂਰ ਜਾਣੇ ਹੱਡ ਤੁੜਾਉਣੇ ਪੈਂਦੇ ਹਨ। ਔਰਤਾਂ ਨੂੰ ਗੁੱਤੋਂ ਫੜ ਕੇ ਧੂਹਿਆ ਘੜੀਸਿਆ ਜਾਦਾ ਹੈ। ਭਾਂਡੇ ਠੀਕਰ ਇਧਰ-ਉਧਰ ਸੁੱਟੇ ਜਾਂਦੇ ਹਨ। ਘਰਾਂ, ਝੁੱਗੀਆਂ ਦਾ ਕੋਨਾ-ਕੋਨਾ ਛਾਣਿਆ ਜਾਂਦਾ ਹੈ। ਚੰਗੀ-ਮਾੜੀ ਹਰ ਚੀਜ਼ ਪੁਲਿਸ ਚੋਰੀ ਦੇ ਸ਼ੱਕ ਵਿੱਚ ਨਾਲ ਲੈ ਤੁਰਦੀ ਹੈ।
ਪਿੱਛੇ ਰਹਿ ਗਏ ਭੁੱਖੇ-ਤਿਹਾਏ ਬੱਚੇ ਮਾਂ-ਬਾਪ ਦਾ ਰਾਹ ਤੱਕਦੇ ਵਿਲਕਦੇ ਰਹਿੰਦੇ ਹਨ। ਮਰਦ ਕਈ-ਕਈ ਦਿਨ ਪੁਲਿਸ ਦੀ ਮਾਰ ਹੰਢਾਉਂਦੇ ਹਨ। ਔਰਤਾਂ ਥਾਣੇ ਬਾਹਰ ਬੈਠੀਆਂ ਪੁਲਸੀਆਂ ਦੀਆਂ ਮਿੰਨਤਾਂ ਕਰਦੀਆਂ ਹਨ। ਉਹਨਾਂ ਦੀਆਂ ਟਿੱਚਰਾਂ ਅਤੇ ਗੰਦੇ ਮਖ਼ੌਲਾਂ ਨੂੰ ਖਿੜੇ-ਮੱਥੇ ਸਵੀਕਾਰ ਕਰਦੀਆਂ ਹਨ। ਜੋ ਨਿੱਕ-ਸੁਕ ਪੱਲੇ ਹੁੰਦਾ ਹੈ, ਪੁਲਿਸ ਦੇ ਹਵਾਲੇ ਕਰਦੀਆਂ ਹਨ। ਮਹੀਨੇ-ਮਹੀਨੇ ਦੀ ਖੱਜਲ-ਖੁਆਰੀ ਬਾਅਦ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ ਹੈ। ਮਸਾਂ-ਮਸਾਂ ਜ਼ਮਾਨਤਾਂ ਕਰਾ ਕੇ ਉਹ ਸੁਖ ਦਾ ਸਾਹ ਲੈਣ ਲੱਗਦੇ ਹਨ। ਇੰਨੇ ਵਿੱਚ ਕੋਈ ਹੋਰ ਮਾਮਲਾ ਹੋ ਜਾਂਦਾ ਹੈ।
ਪੁਲਿਸ ਦੀ ਪਹਿਲੀ ਝਲਕ ਪੈਂਦਿਆਂ ਹੀ ਕਿੱਕਰਾਂ ਹੇਠ ਲੱਗਾ ਮੇਲਾ ਖਿੰਡਣ ਲੱਗਾ। ਧੜਕਦੇ ਦਿਲਾਂ ਨਾਲ ਸਭ ਇਧਰ-ਉਧਰ ਛੁਪਣ ਲੱਗੇ। ਜਿਹੜੇ ਵੀ ਪਹਿਲਾਂ ਪੁਲਿਸ ਹੱਥ ਆਉਣੇ ਸਨ, ਉਹਨਾਂ ਦੇ ਸਭ ਤੋਂ ਵੱਧ ਮਾਰ ਪੈਣੀ ਸੀ। ਬੁੱਢੀਆਂ-ਠੇਰੀਆਂ, ਧੀਆਂ-ਭੈਣਾਂ, ਬੱਚਿਆਂ, ਨੌਜਵਾਨਾਂ ਕਿਸੇ ਨੂੰ ਮੁਆਫ਼ ਨਹੀਂ ਸੀ ਕੀਤਾ ਜਾਣਾ। ਜਿਹੜਾ ਹੱਥ ਨਾ ਲੱਗਾ, ਉਸ ਦੇ ਡੰਗਰ ਖੋਲ੍ਹ ਦਿੱਤੇ ਜਾਣੇ ਸਨ, ਝੁੱਗੀਆਂ ਢਾਹ ਦਿੱਤੀਆਂ ਜਾਣੀਆਂ ਸਨ ਅਤੇ ਸਮਾਨ ਨੂੰ ਤੋੜ-ਮੋੜ ਕੇ ਅੱਗ ਲਾ ਦਿੱਤੀ ਜਾਣੀ ਸੀ। ਪਿੱਛੋਂ ਕੁੱਲੀਆਂ ਵਿੱਚ ਕਈ ਮਹੀਨੇ ਮਾਤਮ ਛਾਇਆ ਰਹਿੰਦਾ ਹੈ। ਸੁੱਜੇ ਹੱਡਾਂ ਨੂੰ ਸੇਕਦੇ-ਸੇਕਦੇ ਕਈ-ਕਈ ਦਿਨ ਫਾਕੇ ਕੱਟਣੇ ਪੈਂਦੇ ਸਨ।
ਸਭ ਨੇ ਸ਼ਾਮੂ ਨੂੰ ਸਮਝਾਇਆ, ਬੱਚਿਆਂ ਵਾਲੀ ਜ਼ਿੱਦ ਛੱਡ ਕੇ ਝੁੱਗੀ ਵਿੱਚ ਚਲਾ ਜਾਵੇ। ਕਿਸੇ ਨੇ ਨਹੀਂ ਪੁੱਛਣਾ ਕਿ ਉਹ ਕਸੂਰਵਾਰ ਹੈ ਜਾਂ ਨਹੀਂ। ਕਿਸੇ ਨੇ ਨਹੀਂ ਮੰਨਣਾ ਕਿ ਉਹਨਾਂ ਦੇ ਵਿਹੜੇ ਨੇ ਚੋਰੀ ਛੱਡ ਕੇ ਮਿਹਨਤ ਮਜ਼ਦੂਰੀ ਕਰਨੀ ਸ਼ੁਰੂ ਕਰ ਦਿੱਤੀ ਹੈ।
ਉਹ ਆਕੜਿਆ ਰਿਹਾ। ਉਸੇ ਤਰ੍ਹਾਂ ਮੰਜੇ ’ਤੇ ਪਿਆ ਰਿਹਾ। ਆਪਣੀ ਕਿਤਾਬ ਉਸੇ ਤਰ੍ਹਾਂ ਪੜ੍ਹਦਾ ਰਿਹਾ। ਜਦੋਂ ਉਸ ਦਾ ਕੋਈ ਕਸੂਰ ਹੀ ਨਹੀਂ, ਪੁਲਿਸ ਉਸ ਨੂੰ ਕਿਉਂ ਫੜੇਗੀ?
ਸ਼ਾਮੂ ਦੇ ਇਸ ਗੁਸਤਾਖ਼ ਸੁਭਾਅ ’ਤੇ ਬੂਝਾ ਸਿੰਘ ਨੂੰ ਗੁੱਸਾ ਚੜ੍ਹ ਗਿਆ। ਇਸ ਸਾਂਸੀ ਦੀ ਇਹ ਮਜਾਲ ਕਿ ਪੁਲਿਸ ਦੀ ਪਰਵਾਹ ਹੀ ਨਾ ਕਰੇ।
ਲੈਦਿਆਂ ਹੀ ਉਸ ਨੇ ਸ਼ਾਮੂ ਨੂੰ ਬੋਦਿਆਂ ਤੋਂ ਧੂਹ ਲਿਆ। ਉਹਦੇ ਹੱਥ ਵਿਚਲੀ ਕਿਤਾਬ ਵਰਕਾ-ਵਰਕਾ ਹੋ ਕੇ ਖਿੰਡ ਗਈ।
ਸ਼ਾਮੂ ਨੂੰ ਬੋਲਣ ਦਾ ਮੌਕਾ ਹੀ ਨਹੀਂ ਦਿੱਤਾ ਗਿਆ। ਕਿਸੇ ਨੇ ਨਹੀਂ ਸੁਣਿਆ ਕਿ ਉਹ ਕਾਲਜ ਵਿੱਚ ਪੜ੍ਹਦਾ ਹੈ ਅਤੇ ਬੀ.ਏ.ਦਾ ਵਿਦਿਆਰਥੀ ਹੈ। ਉਹ ਪੰਜਾਬ ਸਟੂਡੈਂਟਸ ਯੂਨੀਅਨ ਦਾ ਸਕੱਤਰ ਹੈ। ਉਹਨਾਂ ਦੀ ਜਥੇਬੰਦੀ ਦਹਿਸ਼ਤਗਰਦਾਂ ਦੇ ਖ਼ਿਲਾਫ਼ ਹੈ ਅਤੇ ਬੰਟੀ ਨੂੰ ਅਗਵਾ ਕਰਨ ਵਾਲਿਆਂ ਖ਼ਿਲਾਫ਼ ਮਤਾ ਪਾਸ ਕਰ ਚੁੱਕੀ ਹੈ। ਉਹ ਬਾਬਾ ਗੁਰਦਿੱਤ ਸਿੰਘ ਦਾ ਉਪਾਸ਼ਕ ਹੈ, ਜਿਸ ਦੀ ਵਿਚਾਰਧਾਰਾ ’ਤੇ ਕਿਸੇ ਨੂੰ ਸ਼ੱਕ ਨਹੀਂ ਹੋਣਾ ਚਾਹੀਦਾ।
ਸ਼ਾਮੂ ਦਾ ਸਫ਼ੈਦ ਕੁੜਤਾ ਪਜਾਮਾ ਲੀਰੋ-ਲੀਰ ਕਰ ਦਿੱਤਾ ਗਿਆ। ਉਹਦੀ ਕੱਟੀ ਦਾਹੜੀ ਦੇ ਵਾਲ ਬਿਖਰ ਗਏ। ਥੱਪੜ ਖਾ-ਖਾ ਉਹਦਾ ਚਿਹਰਾ ਸੂਹਾ ਹੋ ਗਿਆ।
“ਇਸ ਬਦਮਾਸ਼ ਦੇ ਕੋਠੜੇ ਦੀ ਤਲਾਸ਼ੀ ਲਓ। ਬੰਟੀ ਕਿਧਰੇ ਨਹੀਂ ਗਿਆ, ਇਹੋ ਜਿਹੇ ਕਿਸੇ ਦੀ ਸ਼ਰਾਰਤ ਹੈ।”
ਵਿਹੜੇ ਦੇ ਇਕੋ-ਇੱਕ ਹੋਣਹਾਰ ਮੁੰਡੇ ’ਤੇ ਵਰਸਦੀਆਂ ਡਾਂਗਾਂ ਦੇਖ ਕੇ ਸਭ ਦਾ ਖ਼ੂਨ ਖੌਲ ਤਾਂ ਰਿਹਾ ਸੀ, ਪਰ ਭੂਤਰੀ ਸੀ.ਆਰ.ਪੀ.ਨੂੰ ਦੇਖ ਕੇ ਕਿਸੇ ਦੀ ਕੁੱਝ ਕਰਨ ਦੀ ਹਿੰਮਤ ਨਹੀਂ ਸੀ ਪੈ ਰਹੀ। ਇਹਨਾਂ ਦਾ ਕੋਈ ਵਸਾਹ ਨਹੀਂ, ਗੋਲੀਆਂ ਮਾਰ-ਮਾਰ ਸਾਰਿਆਂ ਨੂੰ ਲੋਥਾਂ ਹੀ ਬਣਾ ਦੇਣ।
ਇਕੱਲੇ ਪੁਲਸੀਏ ਹੁੰਦੇ ਤਾਂ ਉਹ ਕਦੋਂ ਦੇ ਡਾਂਗਾਂ-ਸੋਟੇ ਲੈ ਕੇ ਉਹਨਾਂ ਪਿੱਛੇ ਪੈ ਗਏ ਹੁੰਦੇ। ਝੀਤਾਂ ਥਾਣੀਂ ਤੱਕਣ ਅਤੇ ਹਉਕੇ ਭਰਨ ਤੋਂ ਸਿਵਾ ਉਹ ਕੁੱਝ ਨਹੀਂ ਸੀ ਕਰ ਸਕਦੇ। ਦਿਲਾਂ ਨੂੰ ਫੜੀ ਉਹ ਸ਼ਾਮੇ ’ਤੇ ਪੈਂਦੀ ਕੁੱਟ ਨੂੰ ਬੰਦ ਹੋਣ ਦੀ ਉਡੀਕ ਕਰਦੇ ਰਹੇ।
ਬੂਝਾ ਸਿੰਘ ਦੇ ਹੁਕਮ ਦਿੰਦਿਆਂ ਹੀ ਵਫ਼ਾਦਾਰ ਸਿਪਾਹੀ ਉਸ ਨੂੰ ਉਸ ਦੇ ਕੋਠੇ ਵੱਲ ਲੈ ਤੁਰੇ।
ਸੱਜੇ-ਫੱਬੇ ਕਮਰੇ ਵਿੱਚ ਖੱਬੀ ਨੁੱਕਰ ਵਿੱਚ ਪਈ ਮੇਜ਼-ਕੁਰਸੀ ’ਤੇ ਕਿਤਾਬਾਂ ਦਾ ਢੇਰ ਪਿਆ ਸੀ। ਸਿਪਾਹੀਆਂ ਨੇ ਇੱਕ-ਇੱਕ ਕਰਕੇ ਸਭ ਫਰੋਲ ਸੁੱਟੀਆਂ। ਸੇਵਾ ਸਿੰਘ ਨੂੰ ਰੰਗੀਨ ਤਸਵੀਰਾਂ ਵਾਲੀ ਪੁਸਤਕ ਦੀ ਭਾਲ ਸੀ। ਇੱਕ ਵਾਰ ਉਹਨਾਂ ਕਿਸੇ ਕੋਠੀ ਦੀ ਤਲਾਸ਼ੀ ਲਈ ਸੀ। ਮੁੰਡਿਆਂ ਦੇ ਪੜ੍ਹਨ ਵਾਲੇ ਕਮਰੇ ਵਿਚੋਂ ਉਹਨਾਂ ਨੂੰ ਨੰਗੀਆਂ ਤਸਵੀਰਾਂ ਵਾਲੀਆਂ ਕਈ ਕਿਤਾਬਾਂ ਮਿਲੀਆਂ ਸਨ। ਕਈ ਮਹੀਨੇ ਉਹ ਤਸਵੀਰਾਂ ਦੇਖ-ਦੇਖ ਸਵਾਦ ਲੈਂਦੇ ਰਹੇ। ਇਹ ਮੁੰਡਾ ਵੀ ਉਸੇ ਉਮਰ ਦਾ ਸੀ। ਕਾਲਜ ’ਚ ਲਿਜਾਣ ਲਈ ਤਾਂ ਡੱਬ ’ਚ ਦਿੱਤੀ ਇੱਕ ਕਾਪੀ ਹੀ ਕਾਫ਼ੀ ਹੁੰਦੀ ਹੈ। ਢੇਰ ਕਿਤਾਬਾਂ ਦਾ ਹੈ ਤਾਂ ਮਜ਼ੇਦਾਰ ਕਿਤਾਬਾਂ ਵੀ ਹੋਣਗੀਆਂ।
ਇਥੇ ਕੁੱਝ ਹੋਰ ਹੀ ਸੀ। ‘ਦਵੰਦਾਤਮਕ ਪਦਾਰਥਵਾਦ’, ‘ਜੁੱਗਾਂ ਜਿੱਡੀ ਛਾਲ’, ‘ਸੂਹੀ ਸਵੇਰ’, ‘ਮੈਂ ਨਾਸਤਕ ਹਾਂ’, ‘ਮਾਂ’ ਅਤੇ ‘ਮਮਤਾ’ ਆਦਿ। ਜਾਂ ਸਾਹਮਣੀ ਕੰਧ ’ਤੇ ਭਗਤ ਸਿੰਘ ਦਾ ਕਲੈਂਡਰ ਲਟਕ ਰਿਹਾ ਸੀ। ਉਸ ਕਲੈਂਡਰ ਦੇ ਨਾਲ ਹੀ ਇੱਕ ਹੋਰ ਕਲੈਂਡਰ ਲਟਕ ਰਿਹਾ ਸੀ, ਜਿਸ ’ਤੇ ਛਪੀ ਤਸਵੀਰ ਸੇਵਾ ਸਿੰਘ ਨੂੰ ਕਿਸੇ ਜਾਣੇ-ਪਛਾਣੇ ਬੰਦੇ ਦੀ ਲੱਗੀ। ਨੇੜੇ ਹੋ ਕੇ ਹੇਠਾਂ ਛਪਿਆ ਨਾਂ ਪੜ੍ਹਿਆ ਤਾਂ ਉਸ ਨੂੰ ਯਾਦ ਆਇਆ, ਇਹ ਮੂਸਾਂ ਵਾਲਾ ਬੇਅੰਤ ਸਿੰਘ ਸੀ, ਜਿਸ ਨੂੰ ਪੰਦਰਾਂ ਵੀਹ ਸਾਲ ਪਹਿਲਾਂ ਉਹਨਾਂ ਦੀ ਹੀ ਪੁਲਿਸ ਪਾਰਟੀ ਨੇ ਗੱਡੀ ਚੜ੍ਹਾਇਆ ਸੀ। ਇਸ ਦਾ ਮਤਲਬ ਸੀ ਕਿ ਇਹ ਵੀ ਗਰਮ ਖ਼ਿਆਲੀਆ ਸੀ।
ਸੇਵਾ ਸਿੰਘ ਦਾ ਮਸ਼ਵਰਾ ਬੂਝਾ ਸਿੰਘ ਨੂੰ ਜਚ ਗਿਆ। ਕਿਤਾਬਾਂ ਦੇ ਆਧਾਰ ’ਤੇ ਉਸ ’ਤੇ ਇੱਕ ਪਸਤੌਲ ਆਸਾਨੀ ਨਾਲ ਫਿੱਟ ਕੀਤਾ ਜਾ ਸਕਦਾ ਸੀ। ਬੂਝਾ ਸਿੰਘ ਥਾਣੇ ਲੱਗਾ ਹੁੰਦਾ ਤਾਂ ਏ.ਕੇ.ਸੰਤਾਲੀ ਰਾਈਫ਼ਲ ਫਿੱਟ ਕਰਦਾ। ਸੀ.ਆਈ.ਡੀ.ਵਾਲਿਆਂ ਨੂੰ ਤਾਂ ਸੱਠਾਂ ਦਾ ਪਸਤੌਲ ਖ਼ਰੀਦਣਾ ਵੀ ਮੁਸ਼ਕਲ ਹੁੰਦਾ ਹੈ।
ਪਹਿਲਾ ਸ਼ਿਕਾਰ ਫਸਾ ਕੇ ਉਹ ਨੱਥੂ ਅਤੇ ਬੰਸੋ ਨੂੰ ਲੱਭਣ ਲੱਗੇ।
ਬੂਝਾ ਸਿੰਘ ਚੰਦੇ ਦੀਆਂ ਗੱਲਾਂ ਸੁਣ-ਸੁਣ ਸੁੰਨ ਹੁੰਦਾ ਜਾ ਰਿਹਾ ਸੀ। ਉਸ ਨੂੰ ਸਿਪਾਹੀਆਂ ਦੀ ਅਣਗਹਿਲੀ ’ਤੇ ਗੁੱਸਾ ਚੜ੍ਹ ਰਿਹਾ ਸੀ। ਨੱਥੂ ਨੂੰ ਮਰਿਆਂ ਛੇ ਮਹੀਨੇ ਹੋ ਗਏ। ਬੰਸੋ ਦੀ ਅੰਬਾਲੇ ਗੱਡੀ ਦਾ ਡੱਬਾ ਬਦਲਦੀ ਦੀ ਗੱਡੀ ਹੇਠ ਆ ਕੇ ਟੰਗ ਕੱਟੀ ਗਈ। ਤਿੰਨ ਮਹੀਨਿਆਂ ਤੋਂ ਹਸਪਤਾਲ ਵਿੱਚ ਪਈ ਉਹ ਜ਼ਿੰਦਗੀ ਅਤੇ ਮੌਤ ਵਿਚਕਾਰ ਲਟਕ ਰਹੀ ਹੈ। ਖ਼ਰੈਤੀ ਨੂੰ ਸਰਸਾ ਪੁਲਿਸ ਫੜ ਕੇ ਲੈ ਗਈ ਸੀ। ਜਦੋਂ ਦਾ ਆਇਆ ਹੈ, ਉਸ ਨੂੰ ਦਿਖਾਈ ਦੇਣੋਂ ਹਟ ਗਿਐ। ਟੱਟੀ-ਪੇਸ਼ਾਬ ਲਈ ਉਸ ਨੂੰ ਸਹਾਰੇ ਦੀ ਲੋੜ ਪੈਂਦੀ ਹੈ।
ਬੂਝਾ ਸਿੰਘ ਸ਼ੁਕਰ ਕਰ ਰਿਹਾ ਸੀ। ਉਸ ਦੇ ਅਫ਼ਸਰ ਵੀ ਉਸੇ ਵਰਗੇ ਬੂਝੜ ਸਨ। ਕਦੇ ਕਿਸੇ ਨੇ ਮੌਕੇ ਦੀ ਪੜਤਾਲ ਕੀਤੀ ਹੁੰਦੀ ਤਾਂ ਬੂਝਾ ਸਿੰਘ ਨੌਕਰੀਉਂ ਨਿਕਲਿਆ ਹੁੰਦਾ। ਰਿਪੋਰਟਾਂ ਵਿੱਚ ਉਹ ਨੱਥੂ ਨੂੰ ਸਹੀ ਸਲਾਮਤ ਦਿਖਾ ਰਹੇ ਹਨ। ਉਹਦਾ ਮਨ ਕਾਹਲਾ ਪੈਣ ਲੱਗਾ। ਕਦੋਂ ਉਹ ਦਫ਼ਤਰ ਜਾਏ ਅਤੇ ਕਦੋਂ ਰਿਪੋਰਟਾਂ ਦਰੁਸਤ ਕਰੇ।
ਇੱਕ-ਇੱਕ ਕਰਕੇ ਉਸ ਨੇ ਸਾਰੇ ਘਰ ਛਾਣ ਸੁੱਟੇ। ਕਿਸੇ ਪਾਸਿਉਂ ਵੀ ਚੋਰੀ ਦਾ ਕੀਮਤੀ ਮਾਲ ਤਾਂ ਕੀ, ਨਿੱਤ ਵਰਤੋਂ ਵਾਲਾ ਟੁੱਟਾ-ਫੁੱਟਾ ਸਮਾਨ ਵੀ ਨਾ ਲੱਭਾ। ਇਹ ਲਾਲਾ ਜੀ ਦੀ ਮਿਹਨਤ ਦਾ ਨਤੀਜਾ ਸੀ। ਉਸ ਨੇ ਕਈਆਂ ਨੂੰ ਮਾੜੇ ਕੰਮੋਂ ਹਟਾਇਆ ਸੀ। ਬੈਂਕਾਂ ’ਚੋਂ ਕਰਜ਼ੇ ਲੈ-ਲੈ ਰੇਹੜੇ, ਰਿਕਸ਼ੇ ਅਤੇ ਮੱਝਾਂ ਲੈ ਦਿੱਤੀਆਂ ਸਨ। ਸੂਰਾਂ ਦੀਆਂ ਨਵੀਆਂ ਨਸਲਾਂ ਨਾਭਿਉਂ ਮੰਗਵਾਈਆਂ। ਘਰ-ਘਰ ਖੜੀਆਂ ਮੱਝਾਂ, ਵਾੜਿਆਂ ਵਿੱਚ ਫਿਰਦੇ ਚਿੱਟੇ ਦੁੱਧ ਵਰਗੇ ਸੂਰ ਅਤੇ ਖੁਰਲੀਆਂ ’ਚ ਠੂੰਗਾ ਮਾਰਦੀਆਂ ਮੁਰਗੀਆਂ ਦੱਸਦੀਆਂ ਸਨ ਕਿ ਇਥੇ ਕੁੱਝ ਤਬਦੀਲੀ ਆਈ ਸੀ।
ਵਿਹੜਾ ਬਦਲ ਗਿਐ ਤਾਂ ਬਦਲਿਆ ਰਹੇ। ਬੂਝਾ ਸਿੰਘ ’ਤੇ ਸਾੜ-ਸਤੀ ਦਾ ਕਰੋਪ ਚੱਲਦਿਆਂ ਪੰਜ ਸਾਲ ਹੋ ਗਏ ਸਨ। ਉਸ ਨੇ ਵੀ ਆਪਣੀ ਕਿਸਮਤ ਬਦਲਣੀ ਸੀ। ਪੰਜ-ਚਾਰ ਮੁਕੱਦਮੇ ਉਸ ਨੇ ਹਰ ਹਾਲਤ ਵਿੱਚ ਬਣਾਉਣੇ ਸਨ।
ਉਹ ਬਦਲ ਗਏ ਤਾਂ ਬੂਝਾ ਸਿੰਘ ਉਹਨਾਂ ਦੀ ਮਦਦ ਕਰ ਦੇਵੇਗਾ। ਥਾਣੇਦਾਰ ਲੱਗਦਿਆਂ ਹੀ ਉਹਨਾਂ ਦੇ ਮੁਕੱਦਮਿਆਂ ਦਾ ਖ਼ਰਚਾ ਆਪਣੇ ਕੋਲੋਂ ਦੇ ਦੇਵੇਗਾ। ਜੁਰਮਾਨਾ ਹੋ ਗਿਆ ਤਾਂ ਆਪ ਭਰ ਦੇਵੇਗਾ। ਗਵਾਹੀ ਦੇਣੀ ਬੂਝਾ ਸਿੰਘ ਦੇ ਹੱਥ ਹੋਏਗੀ ਹੀ। ਅਜਿਹੀ ਗਵਾਹੀ ਦੇਵੇਗਾ ਕਿ ਜੱਜ ਉਹਨਾਂ ਨੂੰ ਪਹਿਲੀ ਪੇਸ਼ੀ ਬਰੀ ਕਰ ਦੇਣਗੇ।
ਮਨ ਨਾਲ ਪੱਕਾ ਫ਼ੈਸਲਾ ਕਰ ਕੇ ਬੂਝਾ ਸਿੰਘ ਨੇ ਬੰਦੇ ਛਾਂਟਣੇ ਸ਼ੁਰੂ ਕੀਤੇ। ਸ਼ਾਮੂ ’ਤੇ ਤਾਂ ਪਸਤੌਲ ਠੀਕ ਸੀ। ਗਿੰਦੇ ’ਤੇ ਦਸ ਕਿੱਲੋ ਅਫ਼ੀਮ ਦਾ ਮੁਕੱਦਮਾ ਬਣ ਸਕਦਾ ਸੀ। ਬਚਨੀ ’ਤੇ ਚੋਰੀ ਦਾ। ਸ਼ਿੰਦੇ ’ਤੇ ਭੱਠੀ ਮੜ੍ਹੀ ਜਾਏਗੀ। ਚਾਰ ਕੁ ਮੁਕੱਦਮਿਆਂ ਨਾਲ ਉਹਦੀ ਵਾਹਵਾ-ਵਾਹਵਾ ਹੋ ਜਾਣੀ ਸੀ।
ਮਾਰ-ਧਾੜ ਕਰ ਕੇ ਮੁਕੱਦਮਿਆਂ ਲਈ ਲੋੜੀਂਦਾ ਸਾਮਾਨ ਚੁੱਕ ਕੇ ਬੂਝਾ ਸਿੰਘ ਨੇ ਸ਼ਾਮੂ, ਸ਼ਿੰਦੇ, ਗਿੰਦੇ ਅਤੇ ਬਚਨੀ ਦੇ ਨਾਲ-ਨਾਲ ਪੰਜ-ਚਾਰ ਹੋਰਾਂ ਨੂੰ ਵੀ ਅੱਗੇ ਲਾ ਲਿਆ। ਲੋੜ ਪੈਣ ’ਤੇ ਬੰਦਿਆਂ ਦੀ ਅਦਲਾ-ਬਦਲੀ ਕੀਤੀ ਜਾ ਸਕਦੀ ਸੀ।
ਵਾਪਸ ਮੁੜਦਾ ਬੂਝਾ ਸਿੰਘ ਖ਼ੁਸ਼ ਸੀ। ਹੁਣ ਤਾਂ ਥਾਣੇਦਾਰੀ ਵੱਟ ’ਤੇ ਸੀ।
14
ਰਾਤ ਆਪਣੇ ਜੋਬਨ ’ਤੇ ਸੀ।
ਡਿਪਟੀ ਕਮਿਸ਼ਨਰ ਗੁਪਤੇ ਨੇ ਖਾਣਾ ਖਾਣ ਤੋਂ ਪਹਿਲਾਂ ਤਿੰਨ ਪੈੱਗ ਪੀਟਰਸਕਾਟ ਵਿਸਕੀ ਦੇ ਚਾੜ੍ਹੇ ਸਨ। ਉਹ ਦੋ ਗੋਲੀਆਂ ਕੰਪੋਜ਼ ਦੀਆਂ ਖਾ ਚੁੱਕਾ ਸੀ ਪਰ ਨੀਂਦ ਦਾ ਇੱਕ ਵੀ ਟੁੱਲਾ ਉਸ ਨੂੰ ਨਸੀਬ ਨਹੀਂ ਸੀ ਹੋਇਆ।
ਪਾਸੇ ਮਾਰ ਰਿਹਾ ਗੁਪਤਾ ਉਸ ਮਨਹੂਸ ਘੜੀ ਨੂੰ ਕੋਸ ਰਿਹਾ ਸੀ ਜਦੋਂ ਸ਼ੇਖ਼ੀ ਵਿੱਚ ਆ ਕੇ ਉਸ ਨੇ ਬਲਦੀ ਇਸ ਅੱਗ ਵਿੱਚ ਕੁੱਦਣ ਦਾ ਫ਼ੈਸਲਾ ਕੀਤਾ ਸੀ। ਜੇ ਉਹ ਚਾਹੁੰਦਾ ਤਾਂ ਪੁਲਿਸ ਕਪਤਾਨ ਵਾਂਗ ਹੀ ਆਪਣੇ ਮਾਤਹਿਤ ਏ.ਡੀ.ਸੀ.ਨੂੰ ਤਲਾਸ਼ੀਆਂ ਦੀ ਨਿਗਰਾਨੀ ਲਈ ਸ਼ਹਿਰ ਘੱਲ ਸਕਦਾ ਸੀ।
ਹੁਣ ਜਦੋਂ ਗੁਪਤਾ ਇੱਕ ਵਾਰ ਸ਼ਹਿਰ ਆ ਬੈਠਾ ਸੀ ਤਾਂ ਪਿੱਠ ਦਿਖਾ ਕੇ ਤਾਂ ਨਹੀਂ ਸੀ ਦੌੜ ਸਕਦਾ।
ਗੁਪਤੇ ਨੇ ਖ਼ਾਨ ਦੀਆਂ ਬਹੁਤ ਤਾਰੀਫ਼ਾਂ ਸੁਣ ਰੱਖੀਆਂ ਸਨ। ਗੁਪਤੇ ਦਾ ਖ਼ਿਆਲ ਸੀ ਖ਼ਾਨ ਨੇ ਕਿਵੇਂ ਨਾ ਕਿਵੇਂ ਇਹ ਮਸਲਾ ਹੱਲ ਕਰ ਲੈਣਾ ਹੈ। ਉਸ ਨੂੰ ਮੁਫ਼ਤ ਦੀ ਵਾਹਵਾ ਮਿਲ ਜਾਣੀ ਸੀ। ਕਿਸੇ ਵੀ ਡਿਪਟੀ ਕਮਿਸ਼ਨਰ ਲਈ ਮੁੱਖ ਮੰਤਰੀ ਦੀਆਂ ਨਿਗਾਹਾਂ ਵਿੱਚ ਆਉਣ ਦਾ ਇਹ ਵਧੀਆ ਮੌਕਾ ਸੀ।
ਵਾਪਰ ਇਸ ਤੋਂ ਉਲਟ ਰਿਹਾ ਸੀ। ਦੋ ਦਿਨਾਂ ਤੋਂ ਸਾਰੀ ਫ਼ੋਰਸ ਘਰ-ਘਰ ਦੀ ਤਲਾਸ਼ੀ ’ਤੇ ਲੱਗੀ ਹੋਈ ਸੀ। ਸਫਲਤਾ ਦੇ ਕੋਈ ਆਸਾਰ ਨਜ਼ਰ ਨਹੀਂ ਸੀ ਆ ਰਹੇ।
ਗੁਪਤਾ ਵਾਰ-ਵਾਰ ਮੀਟਿੰਗਾਂ ਕਰ ਰਿਹਾ ਸੀ। ਕਦੇ ਜਥੇਦਾਰਾਂ ਨਾਲ, ਕਦੇ ਸੰਘ ਨਾਲ ਅਤੇ ਕਦੇ ਪੁਲਿਸ ਅਧਿਕਾਰੀਆਂ ਨਾਲ। ਫੇਰ ਵੀ ਪਨਾਲਾ ਉਥੇ ਦਾ ਉਥੇ ਦਾ ਸੀ।
ਯੁਵਾ ਸੰਘ ਨੂੰ ਇਤਰਾਜ਼ ਸੀ ਕਿ ਪੁਲਿਸ ਨੇ ਵਾਣ-ਵੱਟਣਿਆਂ ਦੀ ਬਸਤੀ ਦੀ ਤਲਾਸ਼ੀ ਲਈ ਹੀ ਨਹੀਂ। ਦਰਵਾਜ਼ਾ ਖੜਕਾ ਕੇ, ਬਾਹਰ ਖੜੇ-ਖੜੇ ਹੀ ਘਰ ਦੇ ਮੈਂਬਰਾਂ ਦੀ ਹਾਜ਼ਰੀ ਲਾ ਲੈਣਾ ਕੋਈ ਤਲਾਸ਼ੀ ਹੁੰਦੀ ਹੈ? ਇਸ ਤਰ੍ਹਾਂ ਬੰਟੀ ਲੱਭਿਆ ਜਾ ਸਕਦਾ ਹੈ?
ਗੁਰਦੁਆਰੇ ਵੱਲ ਪੁਲਿਸ ਨੇ ਮੂੰਹ ਨਹੀਂ ਕੀਤਾ ਜਦੋਂ ਕਿ ਬੰਟੀ ਦੀ ਉਥੇ ਹੋਣ ਦੀ ਸਭ ਤੋਂ ਵੱਧ ਸੰਭਾਵਨਾ ਸੀ।
ਜਥੇਦਾਰ ਗੁਰਦੁਆਰੇ ਦੀ ਤਲਾਸ਼ੀ ਦਾ ਜ਼ਿਕਰ ਛਿੜਦੇ ਹੀ ਸੂਈ ਬਘਿਆੜੀ ਵਾਂਗ ਪੈਂਦੇ ਸਨ। ਉਹ ਸਿਰ-ਧੜ ਦੀ ਬਾਜ਼ੀ ਲਾ ਦੇਣਗੇ ਪਰ ਪੁਲਿਸ ਨੂੰ ਗੁਰਦੁਆਰੇ ਨਹੀਂ ਵੜਨ ਦੇਣਗੇ। ਇਕੋ ਹੱਲ ਉਹ ਸੁਝਾ ਰਹੇ ਸਨ। ਲਾਲਾ ਜੀ ਗੁਰਦੁਆਰੇ ਜਾ ਕੇ ਭਾਵੇਂ ਚੱਪਾ-ਚੱਪਾ ਫਰੋਲ ਲੈਣ। ਇਸ ਤਰ੍ਹਾਂ ਕਰਨ ਲਈ ਸੰਘ ਤਿਆਰ ਨਹੀਂ ਸੀ। ਅੰਦਰ ਗਏ ਲਾਲਾ ਜੀ ਨੂੰ ਕੁੱਝ ਹੋ ਗਿਆ ਤਾਂ ਕੌਣ ਜ਼ਿੰਮੇਵਾਰ ਹੈ?
ਗੁਪਤੇ ਦੇ ਵਾਰ-ਵਾਰ ਜ਼ੋਰ ਦੇਣ ’ਤੇ ਦੋਵੇਂ ਧਿਰਾਂ ਇਸ ਗੱਲ ’ਤੇ ਸਹਿਮਤ ਹੋਈਆਂ ਸਨ ਕਿ ਬਸਤੀ ਦੀ ਤਲਾਸ਼ੀ ਦੁਬਾਰਾ ਕੀਤੀ ਜਾਵੇ, ਪਰ ਕੁੱਝ ਸ਼ਰਤਾਂ ਅਧੀਨ। ਇਹ ਕਿ ਪੁਲਿਸ ਪਾਰਟੀ ਦੀ ਅਗਵਾਈ ਖ਼ੁਦ ਖ਼ਾਨ ਕਰੇ। ਯੁਵਾ ਸੰਘ ਦੀ ਤਸੱਲੀ ਤਾਂ ਹੀ ਹੋ ਸਕਦੀ ਸੀ ਜੇ ਸੰਘ ਦੇ ਪੰਜ ਬੰਦੇ ਤਲਾਸ਼ੀ ਸਮੇਂ ਪਾਰਟੀ ਵਿੱਚ ਸ਼ਾਮਲ ਰਹਿਣ। ਗੁਪਤੇ ਨੇ ਜਥੇਦਾਰਾਂ ਨੂੰ ਪੁਲਿਸ ਨਾਲ ਰਹਿਣ ਦੀ ਇਜਾਜ਼ਤ ਦੇ ਦਿੱਤੀ। ਪਹਿਲੀ ਪਾਰਟੀ ਦੇ ਖ਼ਿਲਾਫ਼ ਸ਼ਿਕਾਇਤਾਂ ਕਰਦੇ ਉਹ ਨਹੀਂ ਥੱਕਦੇ। ਕੋਈ ਆਖਦਾ ਸੀ ਫਲਾਣੇ ਹੌਲਦਾਰ ਨੇ ਉਹਨਾਂ ਦੇ ਘਰਾਂ ਵਿਚੋਂ ਆਂਡੇ ਚੁੱਕ ਲਏ, ਕੋਈ ਆਖਦਾ ਸੀ ਫਲਾਣੇ ਸਿਪਾਹੀ ਨੇ ਰੇਹੜੀ ਵਾਲੇ ਦੀ ਭਾਨ ਦੀ ਥੈਲੀ ਚੁੱਕ ਲਈ ਅਤੇ ਕੋਈ ਆਖਦਾ ਫਲਾਣੇ ਥਾਣੇਦਾਰ ਨੇ ਫਲਾਣੇ ਦੀ ਨੂੰਹ ਨਾਲ ਛੇੜਖ਼ਾਨੀ ਕਰ ਦਿੱਤੀ।
ਡਿਪਟੀ ਕਮਿਸ਼ਨਰ ਜਲਦੀ ਤੋਂ ਜਲਦੀ ਕਿਸੇ ਸਿੱਟੇ ਤੇ ਪਹੁੰਚਣਾ ਚਾਹੁੰਦਾ ਸੀ, ਉਸ ਨੇ ਸਾਰੀ ਫ਼ੋਰਸ ਇਸ ਬਸਤੀ ਦੀ ਤਲਾਸ਼ੀ ’ਤੇ ਲਾ ਦਿੱਤੀ।
ਤਲਾਸ਼ੀ ਦੇ ਨਤੀਜਿਆਂ ’ਤੇ ਖ਼ਾਨ ਡਾਢਾ ਖ਼ੁਸ਼ ਸੀ। ਬੰਟੀ ਤਾਂ ਭਾਵੇਂ ਹੱਥ ਨਹੀਂ ਲੱਗਾ, ਪਰ ਖ਼ਾਨ ਨੂੰ ਹੋਰ ਕਾਫ਼ੀ ਕੁੱਝ ਮਿਲ ਗਿਆ ਸੀ। ਜਦੋਂ ਗੁਪਤਾ ਖ਼ਾਨ ਨਾਲ ਕੋਈ ਗੱਲ ਕਰਦਾ ਤਾਂ ਖ਼ਾਨ ਆਪਣੀਆਂ ਪ੍ਰਾਪਤੀਆਂ ਦਾ ਕਿੱਸਾ ਛੇੜ ਬੈਠਦਾ।
ਉਹਨਾਂ ਨੂੰ ਇੱਕ ਤਾਂ ਅਜਿਹਾ ਡਰਾਈਵਰ ਫੜਨ ਵਿੱਚ ਕਾਮਯਾਬੀ ਹਾਸਲ ਹੋਈ ਸੀ, ਜਿਹੜਾ ਅੱਠਾਂ ਸਾਲਾਂ ਤੋਂ ਇਸ਼ਤਿਹਾਰੀ ਮੁਜਰਮ ਚਲਿਆ ਆ ਰਿਹਾ ਸੀ। ਦਸ ਸਾਲ ਪਹਿਲਾਂ ਉਸ ਨੇ ਪਟਿਆਲੇ ਆਪਣੇ ਟਰੱਕ ਹੇਠ ਦੇ ਕੇ ਇੱਕ ਬੱਚਾ ਮਾਰ ਦਿੱਤਾ ਸੀ। ਦੋ-ਚਾਰ ਪੇਸ਼ੀਆਂ ਭੁਗਤ ਕੇ ਉਹ ਕਚਹਿਰੀ ਹਾਜ਼ਰ ਹੋਣੋਂ ਹਟ ਗਿਆ। ਡਰਾਈਵਰ ਨੂੰ ਲੱਭਣਾ ਕੋਈ ਆਸਾਨ ਕੰਮ ਨਹੀਂ ਹੁੰਦਾ। ਕਦੇ ਉਹ ਕਲਕੱਤੇ ਵੱਲ ਤੁਰੇ ਹੁੰਦੇ ਹਨ ਅਤੇ ਕਦੇ ਦਿੱਲੀ ਦੱਖਣ ਵੱਲ। ਪੁਲਿਸ ਇੱਕ-ਦੋ ਚੱਕਰ ਮਾਰ ਕੇ ਹੰਭ ਜਾਂਦੀ ਹੈ। ਜੱਜ ਵੀ ਬਹੁਤੀ ਦੇਰ ਨਹੀਂ ਉਡੀਕਦੇ। ਦੋ-ਚਾਰ ਵਾਰ ਵਰੰਟ ਜਾਰੀ ਕੀਤੇ ਫੇਰ ਇਸ਼ਤਿਹਾਰੀ ਮੁਜਰਮ ਕਰਾਰ ਦੇ ਕੇ ਮਿਸਲ ਠੱਪ ਦਿੰਦੇ ਹਨ। ਇਸੇ ਤਰ੍ਹਾਂ ਇਸ ਡਰਾਈਵਰ ਨਾਲ ਹੋਇਆ ਸੀ। ਕਿਸੇ ਇਸ਼ਤਿਹਾਰੀ ਮੁਜਰਮ ਨੂੰ ਫੜਨਾ ਪੁਲਿਸ ਲਈ ਅਹਿਮ ਪ੍ਰਾਪਤੀ ਹੁੰਦੀ ਹੈ। ਉਪਰੋਂ ਇਹ ਕਿ ਇਹ ਅੱਠਾਂ ਸਾਲਾਂ ਤੋਂ ਇਥੇ ਹੀ ਰਹਿ ਰਿਹਾ ਸੀ। ਕਿਸੇ ਨੂੰ ਕੰਨੋਂ ਕੰਨ ਖ਼ਬਰ ਨਹੀਂ ਸੀ।
ਦੂਜਾ ਕਿੱਸਾ ਖ਼ਾਨ ਬੰਤੂ ਤੋਂ ਫੜੀਆਂ ਦੋ ਬੰਦੂਕਾਂ ਦਾ ਸੁਣਾਉਂਦਾ। ਬੰਤੂ ਆਪਣੇ ਆਪ ਨੂੰ ਬਹੁਤ ਵੱਡਾ ਬਦਮਾਸ਼ ਅਖਵਾਉਂਦਾ ਸੀ। ਟਰੱਕ ਯੂਨੀਅਨ ਦੇ ਇੱਕ ਧੜੇ ਨਾਲ ਉਸ ਦੀ ਨੇੜਤਾ ਸੀ। ਕਈ ਵਾਰ ਯੂਨੀਅਨ ਦੇ ਲੜਾਈ ਝਗੜਿਆਂ ਵਿੱਚ ਜੇਲ੍ਹ ਜਾ ਚੁੱਕਾ ਸੀ। ਇਸ ਨਾਜਾਇਜ਼ ਅਸਲੇ ਨਾਲ ਉਹ ਕਿਸੇ ਵੀ ਸਮੇਂ ਕੋਈ ਵੱਡੀ ਵਾਰਦਾਤ ਕਰ ਸਕਦਾ ਸੀ। ਬੰਦੂਕਾਂ ਫੜ ਕੇ ਖ਼ਾਨ ਨੇ ਇੱਕ ਬਹੁਤ ਵੱਡਾ ਦੁਖਾਂਤ ਵਾਪਰਨੋਂ ਟਾਲ ਦਿੱਤਾ ਸੀ।
ਖ਼ਾਨ ਦੀ ਹਦਾਇਤ ’ਤੇ ਪੁਲਿਸ ਪਾਰਟੀ ਨੇ ਘਰ-ਘਰ ਦੀ ਅਤੇ ਅਗਾਂਹ ਹਰ ਘਰ ਦੇ ਹਰ ਮੈਂਬਰ ਦੇ ਨਾਂ ਦੀ ਸੂਚੀ ਬਣਾਉਣੀ ਸ਼ੁਰੂ ਕੀਤੀ। ਨਤੀਜਾ ਸਾਹਮਣੇ ਸੀ। ਕਾਟੋ ਰਾਣੀ ਦਾ ਕੋਠਾ ਉਹਨਾਂ ਦੇ ਹੱਥ ਲੱਗਾ ਸੀ। ਆਪਣੇ ਚੁਬਾਰੇ ਵਿੱਚ ਉਸ ਨੇ ਦੋ ਕੁੜੀਆਂ ਅਤੇ ਤਿੰਨ ਮੁੰਡੇ ਇਉਂ ਤਾੜੇ ਹੋਏ ਸਨ, ਜਿਵੇਂ ਖੁੱਡੇ ਵਿੱਚ ਮੁਰਗੀਆਂ ਤਾੜੀਆਂ ਹੋਣ। ਪੁੱਛ-ਗਿੱਛ ’ਤੇ ਪਤਾ ਲੱਗਾ, ਉਥੇ ਕਾਲਜ ਦੇ ਮੁੰਡੇ ਕੁੜੀਆਂ ਆਮ ਆਉਂਦੇ ਜਾਂਦੇ ਹਨ। ਕਾਟੋ ਦਲਾਲੀ ਲੈਂਦੀ ਸੀ। ਚੰਗੇ ਖਾਂਦੇ- ਪੀਂਦੇ ਘਰਾਂ ਦੇ ਮੁੰਡੇ ਕੁੜੀਆਂ ਸਨ। ਰੰਗ-ਰਲੀਆਂ ਮਨਾਉਣ ਆਏ ਅਚਾਨਕ ਲੱਗੇ ਕਰਫ਼ਿਊ ਕਾਰਨ ਇਥੇ ਫਸ ਗਏ। ਇਸ ਪ੍ਰਾਪਤੀ ’ਤੇ ਖ਼ਾਨ ਨੇ ਫਟਾਫਟ ਪ੍ਰੈਸ ਨੂੰ ਬਿਆਨ ਜਾਰੀ ਕੀਤਾ। ਉਸ ਹੌਲਦਾਰ ਨੂੰ ਵੀ ਮੁਅੱਤਲ ਕੀਤਾ, ਜਿਸ ਦੀ ਦੇਖ ਰੇਖ ਹੇਠ ਇਸ ਘਰ ਦੀ ਤਲਾਸ਼ੀ ਹੋਈ ਸੀ। ਜਿਸ ਪੁਲਸੀਏ ਨੂੰ ਪੰਜ ਨਜਾਇਜ਼ ਬੰਦੇ ਨਜ਼ਰ ਨਹੀਂ ਆਏ, ਉਸ ਨੂੰ ਬੰਟੀ ਕੀ ਸਵਾਹ ਦਿਖਾਈ ਦੇਵੇਗਾ?
ਭਾਗ ਅਤੇ ਉਸ ਦੀ ਬੰਗਾਲਣ ਪਤਨੀ ਨੂੰ ਪੁਲਿਸ ਫੜ ਤਾਂ ਲਿਆਈ ਸੀ ਪਰ ਮੁਕੱਦਮਾ ਬਣਾਉਣ ਬਾਰੇ ਦੋਚਿੱਤੀ ਵਿੱਚ ਸੀ। ਭਾਗ ਪੰਜਾਹ ਸਾਲਾਂ ਦਾ ਬੁੱਢਾ ਸੀ ਤੇ ਬੰਗਾਲਣ ਸਾਰੀ ਤੇਈ- ਚੌਵੀ ਸਾਲ ਦੀ। ਭਾਗ ਨੂੰ ਸਾਰੀ ਉਮਰ ਜ਼ਨਾਨੀ ਨਸੀਬ ਨਹੀਂ ਸੀ ਹੋਈ। ਢਲਦੀ ਉਮਰੇ ਉਸ ਨੂੰ ਇਹ ਬੰਗਾਲਣ ਮੁੱਲ ਮਿਲ ਗਈ। ਉਂਝ ਤਾਂ ਪਿਛਲੇ ਤਿੰਨ ਸਾਲ ਤੋਂ ਉਹ ਆਰਾਮ ਨਾਲ ਰਹਿ ਰਹੇ ਸਨ, ਫੇਰ ਵੀ ਹੈ ਤਾਂ ਇਹ ਜੁਰਮ ਹੀ ਸੀ। ਜਿੰਨਾ ਚਿਰ ਬੰਗਾਲਣ ਦਾ ਪਿਛਲਾ ਰਿਕਾਰਡ ਤਸਦੀਕ ਨਹੀਂ ਹੋ ਜਾਂਦਾ, ਉਨਾ ਚਿਰ ਉਹਨਾਂ ਨੂੰ ਛੱਡਿਆ ਨਹੀਂ ਸੀ ਜਾ ਸਕਦਾ।
ਖ਼ਾਨ ਦੀਆਂ ਗੱਲਾਂ ਸੁਣ-ਸੁਣ ਗੁਪਤੇ ਨੂੰ ਖਿਝ ਚੜ੍ਹਨ ਲੱਗਦੀ। ਪਿਛਲੀ ਮੀਟਿੰਗ ਵਿੱਚ ਉਸ ਨੇ ਸਾਫ਼ ਆਖ ਦਿੱਤਾ ਸੀ ਕਿ ਉਹ ਡਿਪਟੀ ਕਮਿਸ਼ਨਰ ਨਾਲ ਕੇਵਲ ਬੰਟੀ ਬਾਰੇ ਗੱਲ ਕਰੇ। ਬਾਕੀ ਦੀਆਂ ਪ੍ਰਾਪਤੀਆਂ ਬਾਰੇ ਆਪਣੇ ਅਫ਼ਸਰਾਂ ’ਤੇ ਰੋਹਬ ਜਮਾਏ।
ਵੱਡੀਆਂ-ਵੱਡੀਆਂ ਫੜ੍ਹਾਂ ਮਾਰਨ ਵਾਲਾ ਖ਼ਾਨ ਗੁਰਦੁਆਰੇ ਦੀ ਤਲਾਸ਼ੀ ’ਤੇ ਆ ਕੇ ਚੁੱਪ ਧਾਰ ਲੈਂਦਾ। ਜਿੰਨਾ ਚਿਰ ਗੁਰਦੁਆਰੇ ਦੀ ਤਲਾਸ਼ੀ ਨਹੀਂ ਹੁੰਦੀ, ਸੰਘ ਵਾਲੇ ਚੁੱਪ ਕਰ ਕੇ ਨਹੀਂ ਬੈਠਣ ਲੱਗੇ। ਪਿਛਲੀ ਮੀਟਿੰਗ ਵਿੱਚ ਉਹ ਸਾਫ਼ ਹੀ ਆਖ ਗਏ ਸਨ ਕਿ ਡਿਪਟੀ ਕਮਿਸ਼ਨਰ ਡਰਪੋਕ ਹੈ। ਬੰਟੀ ਨੂੰ ਮਰਵਾਉਣ ’ਤੇ ਤੁਲਿਆ ਹੋਇਆ ਹੈ।
ਗੁਰਦੁਆਰੇ ਬਾਰੇ ਖ਼ੁਫ਼ੀਆ ਵਿਭਾਗ ਦੀਆਂ ਰਿਪੋਰਟਾਂ ਚੁੱਪ ਸਨ। ਕਿਸੇ ਨੂੰ ਕੋਈ ਪਤਾ ਨਹੀਂ, ਗੁਰਦੁਆਰੇ ਦੇ ਅੰਦਰ ਕਿੰਨੇ ਬੰਦੇ ਹਨ? ਗ੍ਰੰਥੀ ਕਿਥੋਂ ਦਾ ਹੈ? ਉਸ ਦੇ ਜੱਦੀ ਪਿੰਡ ਦਾ ਤਾਂ ਕਿਸੇ ਜਥੇਦਾਰ ਨੂੰ ਵੀ ਨਹੀਂ ਪਤਾ। ਇਥੇ ਆਉਣ ਤੋਂ ਪਹਿਲਾਂ ਉਹ ਕਿਥੇ ਕੰਮ ਕਰਦਾ ਸੀ, ਇਸ ਦਾ ਵੀ ਕੋਈ ਰਿਕਾਰਡ ਨਹੀਂ। ਜੇ ਗ੍ਰੰਥੀ ਭਲਾਮਾਣਸ ਅਤੇ ਰੱਬ ਤੋਂ ਡਰਨ ਵਾਲਾ ਹੈ ਤਾਂ ਆਪਣੇ ਆਪ ਬਾਹਰ ਕਿਉਂ ਨਹੀਂ ਆ ਜਾਂਦਾ? ਗ੍ਰੰਥੀ ਦਾ ਗੁਰਦੁਆਰੇ ਵਿੱਚ ਛੁਪੇ ਰਹਿਣਾ ਸੰਘ ਦੇ ਸ਼ੱਕ ਨੂੰ ਯਕੀਨ ਵਿੱਚ ਬਦਲ ਰਿਹਾ ਸੀ।
ਗ੍ਰੰਥੀ ਬਾਰੇ ਉਠਾਏ ਜਾ ਰਹੇ ਸਾਰੇ ਨੁਕਤੇ ਗੁਪਤੇ ਨੂੰ ਵੀ ਠੀਕ ਜਾਪਦੇ ਸਨ। ਗੁਰਦੁਆਰੇ ਦੀ ਤਲਾਸ਼ੀ ਹੋਣੀ ਹੀ ਚਾਹੀਦੀ ਹੈ।
ਖ਼ਾਨ ਗੁਰਦੁਆਰੇ ਦੀ ਤਲਾਸ਼ੀ ਲਈ ਤਿਆਰ ਸੀ, ਪਰ ਤਾਂ ਜੇ ਗੁਪਤਾ ਲਿਖਤੀ ਰੂਪ ਵਿੱਚ ਇਸ ਦਾ ਹੁਕਮ ਦੇਵੇ।
ਗੁਰਦੁਆਰੇ ਦੀ ਤਲਾਸ਼ੀ ਵਰਗੇ ਨਾਜ਼ੁਕ ਸੁਆਲ ’ਤੇ ਡਿਪਟੀ ਕਮਿਸ਼ਨਰ ਨਿੱਜੀ ਤੌਰ ’ਤੇ ਫ਼ੈਸਲਾ ਕਿਵੇਂ ਲੈ ਸਕਦਾ ਹੈ? ਜਿੰਨਾ ਗੁਪਤੇ ਦਾ ਵੱਸ ਚੱਲਿਆ, ਉਸ ਨੇ ਕਰ ਦਿੱਤਾ। ਉਸ ਦੇ ਹੁਕਮਾਂ ’ਤੇ ਗੁਰਦੁਆਰੇ ਨੂੰ ਚਾਰੇ ਪਾਸਿਆਂ ਤੋਂ ਘੇਰ ਲਿਆ ਗਿਆ ਸੀ। ਆਲੇ-ਦੁਆਲੇ ਦੀਆਂ ਉੱਚੀਆਂ ਇਮਾਰਤਾਂ ’ਤੇ ਹਥਿਆਰਬੰਦ ਜਵਾਨ ਤਾਇਨਾਤ ਕਰ ਦਿੱਤੇ ਗਏ ਸਨ। ਲਾਊਡ- ਸਪੀਕਰ ’ਤੇ ਗ੍ਰੰਥੀ ਕੋਈ ਐਲਾਨ ਨਾ ਕਰ ਸਕੇ, ਇਸ ਲਈ ਬਿਜਲੀ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ ਸੀ।
ਡਿਪਟੀ ਕਮਿਸ਼ਨਰ ਸਾਰੀ ਰਾਤ ਮੁੱਖ ਮੰਤਰੀ ਨਾਲ ਸੰਪਰਕ ਕਾਇਮ ਕਰਨ ਦੇ ਯਤਨ ਕਰਦਾ ਰਿਹਾ। ਰਾਤ ਭਰ ਵਿੱਚ ਕੇਵਲ ਇੱਕ ਵਾਰ ਪੀ.ਏ.ਨਾਲ ਗੱਲ ਹੋ ਸਕੀ। ਗੁਪਤੇ ਨੇ ਵਿਸਥਾਰ ਨਾਲ ਸਾਰੇ ਹਾਲਾਤ ਦੀ ਜਾਣਕਾਰੀ ਦੇ ਦਿੱਤੀ। ਜਦੋਂ ਵੀ ਮੁੱਖ ਮੰਤਰੀ ਵਿਹਲੇ ਹੋਣ, ਪੀ.ਏ.ਹੁਕਮ ਪ੍ਰਾਪਤ ਕਰ ਕੇ ਗੁਪਤੇ ਨੂੰ ਸੂਚਿਤ ਕਰੇ।
ਪੀ.ਏ.ਨੇ ਤਾਂ ਆਖਿਆ ਸੀ ਪੰਜਾਂ ਮਿੰਟਾਂ ਬਾਅਦ ਹੀ ਉਹ ਮੁੱਖ ਮੰਤਰੀ ਦੇ ਹੁਕਮ ਉਹਨਾਂ ਨੂੰ ਪਹੁੰਚਾਏਗਾ, ਪਰ ਉਹ ਕੁੰਭਕਰਨੀ ਨੀਂਦ ਹੀ ਸੌਂ ਗਿਆ ਲੱਗਦਾ ਸੀ।
ਅੱਕ ਕੇ ਗੁਪਤੇ ਨੇ ਮੁੱਖ ਸਕੱਤਰ ਨਾਲ ਸੰਪਰਕ ਕਾਇਮ ਕੀਤਾ। ਪਹਿਲਾਂ ਉਹ ਟਲਿਆ, ਆਖਣ ਲੱਗਾ ।
“ਤੂੰ ਨੌਜਵਾਨ ਅਫ਼ਸਰ ਹੈਂ। ਸੂਝਵਾਨ ਹੈਂ। ਮੌਕੇ ਅਨੁਸਾਰ ਫ਼ੈਸਲਾ ਕਰ ਲੈ।”
ਗੁਪਤੇ ਨੇ ਜਦੋਂ ਸਪੱਸ਼ਟ ਸ਼ਬਦਾਂ ਵਿੱਚ ਮੁੱਖ ਸਕੱਤਰ ਤੋਂ ਹਾਂ ਕਰਾਉਣੀ ਚਾਹੀ ਤਾਂ ਉਹ ਪੋਲਾ ਜਿਹਾ ਮੂੰਹ ਬਣਾ ਕੇ ਆਖਣ ਲੱਗਾ ।
“ਜਾਂ ਤਾਂ ਇਹ ਗੱਲ ਮੁੱਖ ਮੰਤਰੀ ਜੀ ਦੇ ਨੋਟਿਸ ਵਿੱਚ ਲਿਆਉਣੀ ਨਹੀਂ ਸੀ। ਜੇ ਹੁਣ ਲੈ ਹੀ ਆਂਦੀ ਹੈ ਤਾਂ ਬਿਨਾਂ ਪੁੱਛੇ ਕੋਈ ਕਾਰਵਾਈ ਨਹੀਂ ਕਰਨੀ ਚਾਹੀਦੀ। ਇਹ ਬੜਾ ਨਾਜ਼ੁਕ ਮਾਮਲਾ ਹੈ। ਮੁੱਖ ਮੰਤਰੀ ਦੀ ਬਦਨਾਮੀ ਹੋ ਸਕਦੀ ਹੈ।”
ਅਗਲੇ ਦਿਨ ਤਕ ਜਦੋਂ ਚੰਡੀਗੜ੍ਹੋਂ ਕੋਈ ਹੁਕਮ ਨਾ ਆਇਆ ਤਾਂ ਗੁਪਤੇ ਨੇ ਚੰਡੀਗੜ੍ਹ ਜਾਣ ਦਾ ਮਨ ਬਣਾ ਲਿਆ। ਆਹਮਣੇ-ਸਾਹਮਣੇ ਗੱਲ ਹੋ ਜਾਏਗੀ।
ਸਮਾਂ ਤਹਿ ਕਰਨ ਲਈ ਜਦੋਂ ਪੀ.ਏ.ਨਾਲ ਗੱਲ ਹੋਈ ਤਾਂ ਗੁਪਤੇ ਦੇ ਸਿਰ ਸੌ ਘੜਾ ਪਾਣੀ ਦਾ ਪੈ ਗਿਆ। ਉਹ ਪ੍ਰਧਾਨ ਮੰਤਰੀ ਨੂੰ ਮਿਲਣ ਲਈ ਦਿੱਲੀ ਜਾ ਚੁੱਕੇ ਹਨ। ਉਥੋਂ ਵਿਰੋਧੀ ਧਿਰ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਬੰਗਲੌਰ ਜਾਣਗੇ। ਤਿੰਨ ਦਿਨ ਤਕ ਸੰਪਰਕ ਹੋਣਾ ਅਸੰਭਵ ਸੀ।
ਮੁੱਖ ਸਕੱਤਰ ਵੀ ਦਿੱਲੀ ਜਾ ਚੁੱਕਾ ਹੈ।
ਇੱਕ ਪਾਸੇ ਇਹ ਹਾਲ ਸੀ ਤਾਂ ਦੂਜੇ ਪਾਸਿਉਂ ਮਾੜੀ ਤੋਂ ਮਾੜੀ ਖ਼ਬਰ ਆ ਰਹੀ ਸੀ। ਗੁਰਦੁਆਰੇ ਲਾਗਲੇ ਘਰਾਂ ਵਿੱਚ ਨੌਜਵਾਨ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਉਹਨਾਂ ਇੱਟਾਂ, ਰੋੜੇ ਅਤੇ ਕਿਰਪਾਨਾਂ, ਗੰਡਾਸੇ ਇਕੱਠੇ ਕਰ ਲਏ ਸਨ। ਕਿਸੇ ਵੀ ਸਮੇਂ ਪੁਲਿਸ ਨਾਲ ਟਕਰਾ ਹੋ ਸਕਦਾ ਸੀ।
ਅਖ਼ਬਾਰਾਂ ਨੇ ਗੁਰਦੁਆਰਰੇ ਦੇ ਘਿਰਾਓ ਦੀ ਖ਼ਬਰ ਸਾਰੀ ਦੁਨੀਆਂ ਵਿੱਚ ਪਹੁੰਚਾ ਦਿੱਤੀ ਸੀ। ਬੀ.ਬੀ.ਸੀ.ਤਕ ਤਬਸਰੇ ਨਸ਼ਰ ਕਰਨ ਲੱਗਾ ਸੀ। ਲੀਡਰਾਂ ਦੇ ਭਾਂਤ-ਭਾਂਤ ਦੇ ਬਿਆਨ ਛਪ ਰਹੇ ਸਨ। ਗੁਰਦੁਆਰੇ ਨੂੰ ਆਜ਼ਾਦ ਕਰਾਉਣ ਲਈ ਪਿੰਡਾਂ ਵਿੱਚ ਇਕੱਠ ਕੀਤੇ ਜਾ ਰਹੇ ਸਨ। ਕਿਸੇ ਵੀ ਸਮੇਂ ਲੋਕ ਵਹੀਰ ਘੱਤ ਕੇ ਸ਼ਹਿਰ ਵੱਲ ਕੂਚ ਕਰ ਸਕਦੇ ਸਨ।
ਤਿੰਨ ਦਿਨਾਂ ਦੇ ਕਰਫ਼ਿਊ ਕਾਰਨ ਸਾਰਾ ਸ਼ਹਿਰ ਦੁਖੀ ਸੀ। ਦਵਾਈ-ਬੂਟੀ ਦੀ ਘਾਟ ਕਰਕੇ ਕਈ ਮੌਤਾਂ ਹੋ ਗਈਆਂ ਸਨ। ਖਾਣ-ਪੀਣ ਦੀਆਂ ਚੀਜ਼ਾਂ ਦੀ ਘਾਟ ਹੁੰਦੀ ਜਾ ਰਹੀ ਸੀ। ਸਬਜ਼ੀਆਂ ਅਤੇ ਦੁੱਧ ਤਾਂ ਉੱਕਾ ਹੀ ਨਹੀਂ ਸੀ ਪੁੱਜ ਰਹੇ।
ਸੰਘ ਵਾਲੇ ਬਾਕੀ ਸ਼ਹਿਰ ’ਚੋਂ ਕਰਫ਼ਿਊ ਉਠਾਏ ਜਾਣ ’ਤੇ ਜ਼ੋਰ ਦੇ ਰਹੇ ਸਨ। ਭਾਵੇਂ ਉਹਨਾਂ ਦੀ ਮੰਗ ਜਾਇਜ਼ ਸੀ, ਪਰ ਇਸ ਤਰ੍ਹਾਂ ਕਰ ਕੇ ਗੁਪਤਾ ਆਪਣੇ ਸਿਰ ਪੱਖਪਾਤੀ ਹੋਣ ਦਾ ਇਲਜ਼ਾਮ ਨਹੀਂ ਸੀ ਲੈ ਸਕਦਾ। ‘ਗੁਪਤਾ’ ਹੋਣ ਕਰਕੇ ਉਹ ਪਹਿਲਾਂ ਹੀ ਫਸਿਆ-ਫਸਿਆ ਮਹਿਸੂਸ ਕਰ ਰਿਹਾ ਸੀ।
ਉਂਝ ਸੰਘ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਸ਼ਹਿਰ ਦੇ ਬਾਕੀ ਹਿੱਸਿਆਂ ਵਿੱਚ ਸਖ਼ਤੀ ਘਟਾ ਦਿੱਤੀ ਗਈ ਸੀ। ਫ਼ੋਰਸ ਲੋਕਾਂ ਦੇ ਤੁਰਨ-ਫਿਰਨ ’ਤੇ ਬਹੁਤਾ ਇਤਰਾਜ਼ ਨਹੀਂ ਸੀ ਕਰਦੀ।
ਘਿਰਾਓ ਦਾ ਦੂਸਰਾ ਦਿਨ ਵੀ ਗੁਪਤੇ ਨੇ ਟਾਲ-ਮਟੋਲ ਵਿੱਚ ਕੱਢ ਦਿੱਤਾ। ਕਿਸੇ ਨੂੰ ਵਾਧੂ ਫ਼ੋਰਸ ਮੰਗਵਾਉਣ ਦਾ ਬਹਾਨਾ ਲਾਇਆ, ਕਿਸੇ ਨੂੰ ਗ੍ਰੰਥੀ ਨੂੰ ਸਮਝਾਉਣ-ਬੁਝਾਉਣ ਦਾ। ਗ੍ਰੰਥੀ ਦੇ ਬਾਹਰ ਆਉਣ ਨਾਲ ਗੁੰਝਲ ਸੁਲਝ ਸਕਦੀ ਸੀ। ਇਸ ਉਪਰਾਲੇ ਲਈ ਗੁਪਤਾ ਜਥੇਦਾਰਾਂ ’ਤੇ ਜ਼ੋਰ ਪਾ ਰਿਹਾ ਸੀ। ਇੱਕ-ਦੋ ਜਥੇਦਾਰ ਅੰਦਰ ਜਾ ਵੀ ਆਏ ਸਨ ਪਰ ਗ੍ਰੰਥੀ ਮਾਂਹ ਦੇ ਆਟੇ ਵਾਂਗ ਆਕੜਿਆ ਹੋਇਆ ਸੀ।
ਉੱਚ ਅਧਿਕਾਰੀਆਂ ਦੇ ਰਵੱਈਏ ਨੂੰ ਦੇਖਦੇ ਹੋਏ ਗੁਪਤੇ ਨੇ ਫ਼ੈਸਲਾ ਕਰ ਲਿਆ ਸੀ ਕਿ ਭਾਵੇਂ ਸਾਰਾ ਸ਼ਹਿਰ ਉੱਜੜ ਜਾਏ, ਉਹ ਆਪਣੇ ਤੌਰ ’ਤੇ ਪੁਲਿਸ ਨੂੰ ਗੁਰਦੁਆਰੇ ਵਿੱਚ ਦਾਖ਼ਲ ਹੋਣ ਦਾ ਹੁਕਮ ਨਹੀਂ ਦੇਵੇਗਾ।
ਕੜਿੱਕੀ ਵਿੱਚ ਫਸਿਆ ਗੁਪਤਾ ਅਜੀਬ-ਅਜੀਬ ਗੱਲਾਂ ਸੋਚ ਰਿਹਾ ਸੀ। ਘਰੋਂ ਕਿਸੇ ਦੇ ਮਰਨ ਦੀ ਖ਼ਬਰ ਹੀ ਆ ਜਾਏ। ਪੰਜ-ਚਾਰ ਦਿਨਾਂ ਲਈ ਗੁਪਤੇ ਨੂੰ ਕੋਈ ਬੀਮਾਰੀ ਹੀ ਆ ਘੇਰੇ। ਉਸ ਨੂੰ ਇੱਕ ਵਾਰ ਛੁੱਟੀ ਜਾਣ ਦਾ ਮੌਕਾ ਮਿਲ ਜਾਏ, ਮੁੜ ਉਹ ਸ਼ਹਿਰ ਦੇ ਦਰਸ਼ਨ ਨਹੀਂ ਕਰੇਗਾ।
ਗੁਰਦੁਆਰੇ ਵਿੱਚ ਪੁਲਿਸ ਭੇਜਣ ਦੇ ਸੁਆਲ ’ਤੇ ਉਹ ਆਪਣੀ ਹਾਲਤ ਉਸ ਸੱਪ ਵਰਗੀ ਮਹਿਸੂਸ ਕਰ ਰਿਹਾ ਸੀ, ਜਿਸ ਦੇ ਮੂੰਹ ਵਿੱਚ ਕੋਹੜ ਕਿਰਲੀ ਆ ਗਈ ਸੀ, ਪੁਲਿਸ ਗੁਰਦੁਆਰੇ ਵਿੱਚ ਜਾਵੇ ਤਾਂ ਵੀ ਸਿਆਪਾ, ਨਾ ਜਾਵੇ ਤਾਂ ਵੀ ਸਿਆਪਾ। ਨਾ ਉਪਰਲਾ, ਨਾ ਹੇਠਲਾ, ਕੋਈ ਵੀ ਅਫ਼ਸਰ ਉਸ ਦਾ ਸਾਥ ਨਹੀਂ ਸੀ ਦੇ ਰਿਹਾ। ਸਾਰੇ ਬੰਦੂਕ ਉਸੇ ਦੇ ਮੋਢੇ ’ਤੇ ਰੱਖ ਕੇ ਚਲਾਉਣਾ ਚਾਹੁੰਦੇ ਸਨ।
ਰਾਤ ਦਾ ਇੱਕ ਵੱਜਾ ਸੀ, ਜਦੋਂ ਫ਼ੋਨ ਦੀ ਘੰਟੀ ਖੜਕੀ। ਫ਼ੋਨ ਸੁਣਨ ਦੀ ਗੁਪਤੇ ਦੀ ਕੋਈ ਇੱਛਾ ਨਹੀਂ ਸੀ। ਕਿਸੇ ਨਵੇਂ ਪੁਆੜੇ ਦੀ ਖ਼ਬਰ ਹੀ ਹੋਏਗੀ। ਸੋਚਦਾ ਉਹ ਘੇਸਲ ਵੱਟੀ ਪਿਆ ਰਿਹਾ।
ਘੰਟੀ ਇੱਕ-ਦੋ ਮਿੰਟ ਵੱਜ ਕੇ ਚੁੱਪ ਹੋ ਗਈ।
ਪਿੱਛੋਂ ਗੁਪਤਾ ਪਛਤਾਉਣ ਲੱਗਾ। ਫ਼ੋਨ ਚੰਡੀਗੜ੍ਹੋਂ ਵੀ ਹੋ ਸਕਦਾ ਸੀ। ਮੁੱਖ ਮੰਤਰੀ ਜਾਂ ਮੁੱਖ ਸਕੱਤਰ ਦਾ ਕੋਈ ਹੁਕਮ ਵੀ ਹੋ ਸਕਦਾ ਸੀ। ਗੁਪਤੇ ਵੱਲੋਂ ਦਿਖਾਈ ਗਈ ਅਣਗਹਿਲੀ ਉਸ ਨੂੰ ਹੋਰ ਪਰੇਸ਼ਾਨ ਕਰਨ ਲੱਗੀ।
ਉਹ ਕੰਪੋਜ਼ ਦੀ ਇੱਕ ਹੋਰ ਗੋਲੀ ਖਾਣ ਹੀ ਲੱਗਾ ਸੀ ਕਿ ਅਰਦਲੀ ਨੇ ਖ਼ਾਨ ਦੇ ਰੈਸਟ ਹਾਊਸ ਵਿੱਚ ਆਉਣ ਦੀ ਸੂਚਨਾ ਦਿੱਤੀ। ਫ਼ੋਨ ’ਤੇ ਗੱਲ ਨਾ ਹੋਣ ਕਰਕੇ ਖ਼ਾਨ ਖ਼ੁਦ ਹੀ ਗੁਪਤੇ ਨੂੰ ਮਿਲਣ ਆ ਗਿਆ ਸੀ।
ਗੁਪਤੇ ਦੇ ਮੂੰਹੋਂ ਕੁੱਝ ਸੁਣਨ ਤੋਂ ਪਹਿਲਾਂ ਗੁਪਤੇ ਦਾ ਦਿਲ ਧਕ-ਧਕ ਕਰਲ ਲੱਗਾ, ਖ਼ਾਨ ਇਸ ਵਕਤ ਆਇਆ ਹੈ ਤਾਂ ਖ਼ੈਰ ਨਹੀਂ।
ਇਹੋ ਜਿਹਾ ਹੀ ਕੁੱਝ ਖ਼ਾਨ ਦੱਸਣ ਲੱਗਾ।
ਕੁੱਝ ਦੇਰ ਪਹਿਲਾਂ ਉਸ ਨੂੰ ਇਤਲਾਹ ਮਿਲੀ ਸੀ ਕਿ ਇੱਕ ਬੱਚੇ ਦੀ ਲਾਸ਼ ਖੰਡ ਮਿੱਲ ਦੇ ਪਿਛਵਾੜੇ, ਜਿਹੜੇ ਵਿਰਾਨ ਭੱਠੇ ਦੇ ਖੰਡਰ ਹਨ, ਉਥੇ ਪਈ ਦੇਖੀ ਗਈ ਸੀ।
ਖ਼ਾਨ ਨੂੰ ਇਹ ਇਤਲਾਹ ਖੰਡ ਮਿਲ ਦੇ ਸੁਪਰਵਾਈਜ਼ਰ ਤੋਂ ਮਿਲੀ ਸੀ। ਉਹਨਾਂ ਦਾ ਇੱਕ ਵਰਕਰ ਆਪਣੀ ਮਾਸ਼ੂਕ ਨੂੰ ਲੈ ਕੇ ਖੰਡਰਾਂ ਵਿੱਚ ਰੰਗ-ਰਲੀਆਂ ਮਨਾਉਣ ਗਿਆ ਸੀ। ਦਰੀ ਵਿੱਚ ਲਪੇਟੀ ਲਾਸ਼ ਦੇਖ ਦੇ ਉਹਨਾਂ ਨੂੰ ਕਾਂਬਾ ਛਿੜ ਗਿਆ। ਉਹਨਾਂ ਪਹਿਲਾਂ ਚੁੱਪ ਰਹਿਣ ਦਾ ਫ਼ੈਸਲਾ ਕੀਤਾ ਸੀ। ਫੇਰ ਇਸ ਗੱਲ ਤੋਂ ਡਰਦਿਆਂ ਕਿ ਕਿਧਰੇ ਕਤਲ ਉਹਨਾਂ ਸਿਰ ਹੀ ਨਾ ਪੈ ਜਾਏ, ਉਹਨਾਂ ਸਾਰੀ ਕਹਾਣੀ ਆਪਣੇ ਸੁਪਰਵਾਈਜ਼ਰ ਨੂੰ ਦੱਸ ਦਿੱਤੀ। ਸੁਪਰਵਾਈਜ਼ਰ ਨੇ ਖ਼ਾਨ ਤੋਂ ਇਹ ਬਚਨ ਲੈ ਕੇ ਕਿ ਵਰਕਰਾਂ ਦੇ ਨਾਂ ਗੁਪਤ ਰੱਖੇ ਜਾਣਗੇ, ਇਹ ਇਤਲਾਹ ਦਿੱਤੀ।
ਖ਼ਾਨ ਖ਼ੁਦ ਮੌਕਾ ਦੇਖ ਕੇ ਆਇਆ ਹੈ। ਲਾਸ਼ ਬੰਟੀ ਦੀ ਸੀ। ਉਸ ਨੂੰ ਗਲ ਘੁੱਟ ਕੇ ਮਾਰਿਆ ਗਿਆ ਸੀ। ਹਾਲੇ ਇਹ ਗੱਲ ਸੁਪਰਵਾਈਜ਼ਰ, ਦੋਹਾਂ ਚਸ਼ਮਦੀਦ ਗਵਾਹਾਂ ਅਤੇ ਦੋ ਹੌਲਦਾਰਾਂ ਤੋਂ ਸਿਵਾ ਕਿਸੇ ਨੂੰ ਨਹੀਂ ਸੀ ਪਤਾ। ਲਾਸ਼ ਨੂੰ ਮੌਕੇ ’ਤੇ ਹੀ ਛੱਡ ਕੇ ਖ਼ਾਨ ਗੁਪਤੇ ਨਾਲ ਸਲਾਹ ਕਰਨ ਆਇਆ ਸੀ।
ਖ਼ਾਨ ਵਰਕਰਾਂ ਦੀ ਚੰਗੀ ਤਰ੍ਹਾਂ ਤਫ਼ਤੀਸ਼ ਕਰ ਚੁੱਕਾ ਸੀ। ਉਹ ਕੱਲ੍ਹ ਵੀ ਉਥੇ ਗਏ ਸਨ। ਉਸ ਸਮੇਂ ਉਥੇ ਲਾਸ਼ ਨਹੀਂ ਸੀ। ਲਾਸ਼ ਅੱਜ ਹੀ ਕਿਸੇ ਸਮੇਂ ਉਥੇ ਸੁੱਟੀ ਗਈ ਸੀ। ਹਾਲ ਦੀ ਘੜੀ ਕਾਤਲਾਂ ਬਾਰੇ ਕੁੱਝ ਨਹੀਂ ਆਖਿਆ ਜਾ ਸਕਦਾ। ਉਹ ਕਿੰਨੇ ਸਨ, ਕਿਧਰੋਂ ਆਏ ਅਤੇ ਕਿਧਰ ਚਲੇ ਗਏ।
‘ਗੁਰਦੁਆਰੇ ਦੀ ਤਲਾਸ਼ੀ ਦੀ ਹੁਣ ਕੋਈ ਜ਼ਰੂਰਤ ਨਹੀਂ’ ਇਹ ਸੋਚ ਕੇ ਗੁਪਤੇ ਦੇ ਦਿਮਾਗ਼ ਤੋਂ ਸਾਰਾ ਬੋਝ ਲਹਿ ਗਿਆ।
ਹੁਣ ਉਹ ਬੜੇ ਆਰਾਮ ਨਾਲ ਆਪਣੇ ਡਿਪਟੀ ਕਮਿਸ਼ਨਰ ਦੇ ਫ਼ਰਜ਼ ਅਦਾ ਕਰ ਸਕਦਾ ਸੀ।
“ਕਾਤਲ ਇੰਨੇ ਦਿਨ ਸ਼ਹਿਰ ਵਿੱਚ ਬੈਠੇ ਰਹੇ। ਬੱਚੇ ਨੂੰ ਮਾਰ ਕੇ ਲਾਸ਼ ਵੀ ਸੁੱਟ ਗਏ। ਪੁਲਿਸ ਇੰਨੇ ਦਿਨ ਕਿਥੇ ਸੁੱਤੀ ਰਹੀ?” ਗੁਪਤੇ ਨੇ ਖ਼ਾਨ ਨੂੰ ਦਬਕਾਉਣਾ ਸ਼ੁਰੂ ਕੀਤਾ।
“ਲੋਕ ਜਿਥੇ ਮਰਜ਼ੀ ਰੰਗ-ਰਲੀਆਂ ਮਨਾਉਂਦੇ ਰਹਿਣ। ਪੁਲਿਸ ਨੂੰ ਕੋਈ ਸੂਹ ਨਹੀਂ ਲੱਗਦੀ। ਇਹ ਟੱਟੂ ਦਾ ਕਰਫ਼ਿਊ ਹੈ? ਪੈਸੇ ਦੀ ਬਰਬਾਦੀ। ਲੋਕਾਂ ਨੂੰ ਇੰਨੇ ਦਿਨ ਫਾਹੇ ਲਾਉਣ ਦਾ ਜ਼ਿੰਮੇਵਾਰ ਕੌਣ?” ਗੁਪਤਾ ਖ਼ਾਨ ਦੀ ਖਿਚਾਈ ਕਰਨ ਲੱਗਾ। ਉਹ ਖ਼ਾਨ ’ਤੇ ਇਸ ਗੱਲੋਂ ਨਰਾਜ਼ ਸੀ ਕਿ ਖ਼ਾਨ ਨੇ ਪੁਲਿਸ ਨੂੰ ਗੁਰਦੁਆਰੇ ਦਾਖ਼ਲ ਕਰਨ ਲਈ ਉਸ ਤੋਂ ਲਿਖਤੀ ਹੁਕਮ ਕਿਉਂ ਮੰਗਿਆ ਸੀ?
ਖ਼ਾਨ ਕੋਲ ਇਹਨਾਂ ਸਵਾਲਾਂ ਦਾ ਕੋਈ ਜਵਾਬ ਨਹੀਂ ਸੀ। ਉਹ ਸ਼ਰਮਿੰਦਗੀ ਮਹਿਸੂਸ ਕਰਨ ਅਤੇ ਮੁਆਫ਼ੀ ਮੰਗਣ ਤੋਂ ਸਿਵਾ ਕੁੱਝ ਨਹੀਂ ਸੀ ਕਰ ਸਕਦਾ।
ਇੱਕ ਵਾਰ ਭੱਠੇ ਦੀ ਤਲਾਸ਼ੀ ਲਈ ਗਈ ਸੀ। ਪਿਛਲੇ ਕੁੱਝ ਦਿਨਾਂ ਤੋਂ ਪੁਲਿਸ ਦਾ ਸਾਰਾ ਜੋਰ ਗੁਰਦੁਆਰੇ ’ਤੇ ਲੱਗਾ ਹੋਇਆ ਸੀ। ਗੁਪਤੇ ਦੇ ਹੁਕਮਾਂ ’ਤੇ ਹੀ ਬਾਹਰਲੇ ਇਲਾਕਿਆਂ ਵਿੱਚ ਸਖ਼ਤੀ ਘਟਾਈ ਗਈ ਸੀ। ਕੋਈ ਨਰਮੀ ਦਾ ਫ਼ਾਇਦਾ ਉਠਾ ਗਿਆ ਤਾਂ ਖ਼ਾਨ ਕੀ ਕਰੇ?
ਜੋ ਹੋ ਗਿਆ ਸੋ ਹੋ ਗਿਆ। ਉਹਨਾਂ ਦੋਹਾਂ ਮੁਖੀਆਂ ਸਾਹਮਣੇ ਮਸਲਾ ਲੋਕਾਂ ਦੀਆਂ ਭਾਵਨਾਵਾਂ ਨੂੰ ਕਾਬੂ ਰੱਖਣ ਦਾ ਸੀ। ਜੇ ਇਸੇ ਤਰ੍ਹਾਂ ਲਾਸ਼ ਬਰਾਮਦ ਹੋਣ ਦੀ ਖ਼ਬਰ ਨਸ਼ਰ ਕੀਤੀ ਗਈ ਤਾਂ ਸ਼ਹਿਰ ਵਿੱਚ ਗੜਬੜ ਹੋ ਸਕਦੀ ਸੀ। ਸੰਘ ਵਾਲੇ ਕੁੱਝ ਵੀ ਕਰ ਸਕਦੇ ਸਨ। ਲੁੱਟ-ਖਸੁੱਟ, ਅੱਗਜ਼ਨੀ ਅਤੇ ਮਾਰ-ਧਾੜ। ਇਹ ਮਸਲਾ ਰਾਜ ਪੱਧਰ ਤੋਂ ਲੈ ਕੇ ਰਾਸ਼ਟਰੀ ਪੱਧਰ ਤਕ ਭਟਕ ਸਕਦਾ ਹੈ। ਇਸ ਤਰ੍ਹਾਂ ਦਾ ਕੁੱਝ ਹੋ ਗਿਆ ਤਾਂ ਪੁਲਿਸ ਦਾ ਵਕਾਰ ਤਾਂ ਘਟੇਗਾ ਹੀ, ਦੋਵੇਂ ਅਫ਼ਸਰਾਂ ਦੀ ਨਿੱਜੀ ਸ਼ਖ਼ਸੀਅਤ ਨੂੰ ਵੀ ਧੱਕਾ ਲੱਗੇਗਾ। ਉਹਨਾਂ ਨੂੰ ਆਪਣੀ ਇੱਜ਼ਤ ਬਚਾਉਣ ਲਈ ਕੁੱਝ ਸੋਚਣਾ ਚਾਹੀਦਾ ਸੀ।
ਖ਼ਾਨ ਇਸ ਦਾ ਇੱਕ ਰਾਹ ਸੋਚ ਕੇ ਵੀ ਆਇਆ ਸੀ।
ਸ਼ਹਿਰ ਵਿੱਚ ਪੁਲਿਸ ਦੀਆਂ ਜੀਪਾਂ ਅਤੇ ਮੈਟਾਡੋਰ ਭਜਾਏ ਜਾਣ। ਹਾਰਨ ਮਾਰ-ਮਾਰ ਸਾਰਾ ਸ਼ਹਿਰ ਜਗਾ ਲਿਆ ਜਾਵੇ। ਜਦੋਂ ਲੋਕ ਪੁੱਛਣ ਕਿ ਕੀ ਹੋ ਗਿਆ ਤਾਂ ਦੱਸਿਆ ਜਾਏ ਕਿ ਪੁਲਿਸ ਦਾ ਅਗਵਾਕਾਰਾਂ ਨਾਲ ਮੁਕਾਬਲਾ ਹੋ ਗਿਆ ਹੈ। ਉਹ ਖੰਡ ਮਿੱਲ ਵੱਲ ਦੌੜ ਗਏ ਹਨ। ਪੁਲਿਸ ਪਿੱਛਾ ਕਰ ਰਹੀ ਹੈ। ਖੰਡ ਮਿੱਲ ਕੋਲ ਪਹੁੰਚ ਕੇ ਅੱਧਾ ਘੰਟਾ ਧੂੰਆਂਧਾਰ ਫ਼ਾਇਰਿੰਗ ਕੀਤੀ ਜਾਵੇ। ਅਖ਼ੀਰ ਵਿੱਚ ਅਗਵਾਕਾਰਾਂ ਦੇ ਬਚ ਨਿਕਲਣ ਅਤੇ ਬੰਟੀ ਦੇ ਜ਼ਖ਼ਮੀ ਹਾਲਤ ਵਿੱਚ ਬਰਾਮਦ ਹੋਣ ਦਾ ਐਲਾਨ ਕੀਤਾ ਜਾਵੇ।
ਸਰਕਾਰੀ ਹਸਪਤਾਲ ਦੇ ਡਾਕਟਰ ਨੂੰ ਵੀ ਭਰੋਸੇ ਵਿੱਚ ਲਿਆ ਜਾਵੇ। ਬੰਟੀ ਨੂੰ ਸਾਰਾ ਦਿਨ ਆਕਸੀਜਨ ਦੇ ਸਹਾਰੇ ਐਮਰਜੈਂਸੀ ਵਾਰਡ ਵਿੱਚ ਰੱਖਿਆ ਜਾਵੇ। ਸ਼ਾਮ ਤਕ ਜਦੋਂ ਲੋਕਾਂ ਦਾ ਗੁੱਸਾ ਠੰਢਾ ਹੋ ਜਾਵੇ ਤਾਂ ਬੰਟੀ ਦੇ ‘ਪੂਰਾ’ ਹੋਣ ਦਾ ਐਲਾਨ ਕਰਵਾ ਦਿੱਤਾ ਜਾਵੇ।
ਖ਼ਾਨ ਦੀ ਤਜਵੀਜ਼ ਨਾਲ ਗੁਪਤਾ ਅੱਖਰ-ਅੱਖਰ ਸਹਿਮਤ ਸੀ। ਉਸ ਨੂੰ ਖ਼ਾਨ ਪ੍ਰਤੀ ਆਪਣੇ ਪਹਿਲੇ ਸਖ਼ਤ ਰਵੱਈਏ ’ਤੇ ਅਫ਼ਸੋਸ ਹੋਇਆ। ਗੁਪਤੇ ਨੇ ਇਹ ਗੱਲ ਸੋਚੀ ਹੀ ਨਹੀਂ ਸੀ। ਸੱਚਮੁੱਚ ਖ਼ਾਨ ਗੁਪਤੇ ਨਾਲੋਂ ਵੱਧ ਦੂਰ ਦੀ ਸੋਚਦਾ ਸੀ।
ਖ਼ਾਨ ਨੂੰ ਤੋਰ ਕੇ ਗੁਪਤੇ ਨੇ ਆਪਣੀ ਮੁੱਠੀ ਵਿੱਚ ਛੁਪਾਈ ਕੰਪੋਜ਼ ਦੀ ਗੋਲੀ ਪਰ੍ਹਾਂ ਵਗਾਹ ਮਾਰੀ। ਹੁਣ ਇਸ ਦੀ ਕੀ ਜ਼ਰੂਰਤ? ਉਸ ਨੂੰ ਉਂਝ ਹੀ ਉਬਾਸੀਆਂ ਆਉਣ ਲੱਗੀਆਂ ਸਨ। ਇਸ ਦਾ ਮਤਲਬ ਸੀ, ਨੀਂਦ ਗੁਪਤੇ ਨੂੰ ਹਾਕਾਂ ਮਾਰ ਰਹੀ ਸੀ। ਹੋਰ ਜਾਗਦੇ ਰਹਿਣ ਦਾ ਹੁਣ ਕੋਈ ਕਾਰਨ ਨਹੀਂ ਸੀ।
ਦੋ ਕੁ ਘੰਟਿਆਂ ਬਾਅਦ ਖ਼ਾਨ ਨੇ ਉਸ ਨੂੰ ਫਿਰ ਆ ਜਗਾਇਆ।
ਪਹਿਲੀ ਯੋਜਨਾ ਅਸਫਲ ਹੋ ਚੁੱਕੀ ਸੀ। ਉਲਟਾ ਲੈਣੇ ਦੇ ਦੇਣੇ ਪੈ ਸਕਦੇ ਸਨ।
ਪੁਲਿਸ ਨੇ ਲਾਸ਼ ਥਾਣੇ ਲਿਆਂਦੀ ਹੀ ਸੀ ਕਿ ਲੋਕਾਂ ਦੇ ਫ਼ੋਨ ਆਉਣ ਲੱਗੇ।
ਪਹਿਲਾ ਫ਼ੋਨ ਪ੍ਰੈਸ ਰਿਪੋਰਟਰ ਦਰਵੇਸ਼ ਦਾ ਸੀ। ਉਹ ਬੰਟੀ ਦੀ ਬਰਾਮਦੀ ਬਾਰੇ ਲੋਕਾਂ ਵਿੱਚ ਹੋ ਰਹੀ ਘੁਸਰ-ਮੁਸਰ ਨੂੰ ਤਸਦੀਕ ਕਰਨਾ ਚਾਹੁੰਦਾ ਸੀ।
ਦੂਜਾ ਸੰਘ ਵਾਲਿਆਂ ਦਾ ਸੀ। ਜੇ ਸੱਚਮੁੱਚ ਬੰਟੀ ਦੀ ਲਾਸ਼ ਮਿਲ ਗਈ ਹੈ ਤਾਂ ਲਾਲਾ ਜੀ ਨੂੰ ਪਰੇਸ਼ਾਨ ਨਾ ਕੀਤਾ ਜਾਵੇ। ਚੁੱਪ ਕਰ ਕੇ ਲਾਸ਼ ਉਹਨਾਂ ਦੇ ਹਵਾਲੇ ਕੀਤੀ ਜਾਵੇ।
ਗੁਪਤਾ ਖ਼ਾਨ ਨਾਲ ਨਰਾਜ਼ ਸੀ। ਗੱਲ ਬਾਹਰ ਕਿਵੇਂ ਗਈ?
ਖ਼ਾਨ ਦਾ ਸਿਰ ਇੱਕ ਵਾਰ ਫੇਰ ਸ਼ਰਮ ਨਾਲ ਝੁਕਿਆ। ਉਹ ਖ਼ੁਦ ਹੈਰਾਨ ਸੀ। ਦੋ ਹੀ ਧਿਰਾਂ ’ਤੇ ਸ਼ੱਕ ਕੀਤਾ ਜਾ ਸਕਦਾ ਸੀ। ਪੁਲਿਸ ਮੁਲਾਜ਼ਮਾਂ ’ਤੇ ਜਾਂ ਮਿੱਲ ਵਾਲਿਆਂ ’ਤੇ। ਮਿੱਲ ਵਾਲੇ ਤਾਂ ਖ਼ੁਦ ਡਰ ਰਹੇ ਸਨ। ਉਸ ਨੂੰ ਮੁਲਾਜ਼ਮਾਂ ’ਤੇ ਹੀ ਗੁੱਸਾ ਚੜ੍ਹ ਰਿਹਾ ਸੀ। ਬੇਵਕੂਫ਼ਾਂ ਨੇ ਥੋੜ੍ਹਾ ਚਿਰ ਵੀ ਹਾਜ਼ਮਾ ਨਾ ਰੱਖਿਆ।
ਖੰਡਰਾਂ ’ਚ ਤਾਇਨਾਤ ਟੁਕੜੀ ਵਾਰ-ਵਾਰ ਵਾਇਰਲੈੱਸਾਂ ਕਰ ਰਹੀ ਸੀ। ਕਰਫ਼ਿਊ ਦੀ ਪਰਵਾਹ ਨਾ ਕਰਦੇ ਹੋਏ ਕੁੱਝ ਲੋਕ ਖੰਡਰਾਂ ਵਿੱਚ ਤੁਰੇ ਫਿਰਦੇ ਹਨ। ਉਹਨਾਂ ਨੂੰ ਉਸ ਥਾਂ ਦੀ ਤਲਾਸ਼ ਸੀ, ਜਿਥੇ ਬੰਟੀ ਦੀ ਲਾਸ਼ ਸੁੱਟੀ ਗਈ ਸੀ। ਉਹ ਟੁਕੜੀ ਖ਼ਾਨ ਤੋਂ ਪੁੱਛ ਰਹੀ ਸੀ ਕਿ ਅਜਿਹੇ ਲੋਕਾਂ ਨਾਲ ਕਿਵੇਂ ਨਜਿੱਠਿਆ ਜਾਵੇ।
ਥਾਣੇ ਦੇ ਸੰਤਰੀ ਦੀ ਵੀ ਇਹੋ ਰਿਪੋਰਟ ਸੀ। ਥਾਣੇ ਅੱਗੇ ਗੇੜੇ ਦੇਣ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਸੀ।
ਬੰਟੀ ਦੀ ਲਾਸ਼ ਨੂੰ ਹੋਰ ਛੁਪਾਉਣਾ ਅਸੰਭਵ ਸੀ। ਲਾਸ਼ ਨੂੰ ਮੁੜ ਕੇ ਖੰਡਰਾਂ ਵਿੱਚ ਸੁੱਟਣਾ ਵੀ ਖ਼ਤਰੇ ਤੋਂ ਖ਼ਾਲੀ ਨਹੀਂ ਸੀ। ਇਸ ਤਰ੍ਹਾਂ ਨਾਲ ਲੋਕਾਂ ਨੇ ਪੁਲਿਸ ਉਪਰ ਹੀ ਸ਼ੱਕ ਕਰਨਾ ਸੀ।
ਸਾਰੀ ਰਾਤ ਜਾਗਦਾ ਰਹਿਣ ਕਰਕੇ ਖ਼ਾਨ ਦਾ ਦਿਮਾਗ਼ ਕੰਮ ਨਹੀਂ ਸੀ ਕਰ ਰਿਹਾ ਕਿ ਹੁਣ ਕੀ ਕੀਤਾ ਜਾਏ? ਉਹ ਗੁਪਤੇ ਦੀ ਫੇਰ ਸਲਾਹ ਲੈਣ ਆਇਆ ਸੀ।
ਕੁੱਝ ਘੰਟਿਆਂ ਦੀ ਬੇਫ਼ਿਕਰ ਨੀਂਦ ਕਾਰਨ ਗੁਪਤਾ ਤਾਜ਼ਾ-ਦਮ ਹੋ ਗਿਆ ਸੀ। ਇਸ ਸਮੇਂ ਉਸ ਦਾ ਦਿਮਾਗ਼ ਮੁੜ ਕੰਪਿਊਟਰ ਵਾਂਗ ਚੱਲ ਰਿਹਾ ਸੀ।
ਲਾਸ਼ ਨੂੰ ਨਾ ਲੁਕਾਉਣ ਦੀ ਜ਼ਰੂਰਤ ਸੀ ਅਤੇ ਨਾ ਹੀ ਖੰਡਰਾਂ ਵਿੱਚ ਲਿਜਾਣ ਦੀ। ਮਰਿਆ ਸੱਪ ਆਪਣੇ ਗੱਲ ਪਾਉਣ ਦੀ ਕੋਈ ਲੋੜ ਨਹੀਂ।
ਹੱਲ ਸਿੱਧਾ ਸੀ। ਖੰਡਰਾਂ ਵਰਗੀ ਹੀ ਕੋਈ ਹੋਰ ਵਿਰਾਨ ਜਗ੍ਹਾ ਲੱਭੀ ਜਾਵੇ। ਲਾਸ਼ ਨੂੰ ਨਵੀਂ ਥਾਂ ਰੱਖ ਕੇ ਲਾਸ਼ ਦੀ ਬਰਾਮਦਗੀ ਦੀ ਸੂਚਨਾ ਲੋਕਾਂ ਨੂੰ ਦਿੱਤੀ ਜਾਵੇ।
ਖ਼ਾਨ ਨੂੰ ਅਜਿਹੀ ਕੋਈ ਜਗ੍ਹਾ ਨਹੀਂ ਸੀ ਸੁੱਝ ਰਹੀ, ਜੋ ਖੰਡਰਾਂ ਨਾਲ ਮਿਲਦੀ-ਜੁਲਦੀ ਹੋਵੇ।
ਇਸ ਸਮੱਸਿਆ ਦਾ ਹੱਲ ਵੀ ਗੁਪਤੇ ਕੋਲ ਸੀ।
ਸ਼ਮਸ਼ਾਨ ਘਾਟ ਦੇ ਬਰਾਬਰ, ਨਵੇਂ ਬਣ ਰਹੇ ਡੰਗਰਾਂ ਦੇ ਹਸਪਤਾਲ ਦੇ ਕੁਆਟਰ ਵਿਰਾਨ ਪਏ ਸਨ। ਸਿਵਿਆਂ ਤੋਂ ਡਰਦੇ ਮੁਲਾਜ਼ਮ ਉਥੇ ਰਿਹਾਇਸ਼ ਨਹੀਂ ਸੀ ਕਰ ਰਹੇ। ਇਸ ਕਾਰਨ ਮਹਿਕਮੇ ਨੇ ਉਸਾਰੀ ਅਧੂਰੀ ਛੱਡ ਦਿੱਤੀ ਸੀ। ਹਸਪਤਾਲ ਦੇ ਚਾਰੇ ਪਾਸੇ ਆਬਾਦੀ ਵੀ ਚੂਹੜੇ-ਚਮਾਰਾਂ ਅਤੇ ਜਮਾਂਦਾਰਾਂ ਦੀ ਸੀ।
ਗੁਪਤੇ ਨਾਲ ਮਸ਼ਵਰੇ ਨਾਲ ਖ਼ਾਨ ਦੇ ਦਿਮਾਗ਼ ਤੋਂ ਵੀ ਸਾਰਾ ਬੋਝ ਲਹਿ ਗਿਆ। ਖ਼ਾਨ ਨੂੰ ਤੋਰ ਕੇ ਸਿਗਰਟਾਂ ਦੇ ਕਸ਼ ਲਾਉਂਦਾ ਗੁਪਤਾ ਕੋਈ ਫ਼ਿਲਮੀ ਧੁਨ ਗੁਣਗੁਣਾਉਣ ਲੱਗਾ।
ਇਸ ਭਿਆਨਕ ਰਾਤ ਦੀ ਡਰਾਉਣੀ ਚੁੱਪ ਉਸ ਨੂੰ ਹੁਣ ਡਰਾ ਨਹੀਂ ਸੀ ਰਹੀ।
ਕਾਤਲ ਲੱਭਣ ਜਾਂ ਨਾ ਲੱਭਣ, ਇਹ ਪੁਲਿਸ ਦੀ ਜ਼ਿੰਮੇਵਾਰੀ ਸੀ। ਡਿਪਟੀ ਕਮਿਸ਼ਨਰ ਦਾ ਕੰਮ ਤਾਂ ਵਾਰਿਸਾਂ ਦੇ ਘਰ ਜਾਣਾ, ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨਾ ਅਤੇ ਰੈੱਡ ਕਰਾਸ ਵਿਚੋਂ ਕੁੱਝ ਮਾਲੀ ਸਹਾਇਤਾ ਦੇਣਾ ਹੁੰਦਾ ਹੈ।
ਮਗਰਮੱਛ ਵਾਂਗ ਹੰਝੂ ਵਹਾਉਣ ਅਤੇ ਭਰੇ ਗਲੇ ਨਾਲ ਭਾਸ਼ਨ ਦੇਣ ਵਿੱਚ ਗੁਪਤਾ ਕਮਾਲ ਦੀ ਮੁਹਾਰਤ ਰੱਖਦਾ ਸੀ।
ਸ਼ਹਿਰੀਆਂ ਉਪਰ ਮੰਦੇ ਦਿਨਾਂ ਦਾ ਸਾਇਆ ਮੰਡਲਾ ਰਿਹਾ ਹੈ ਤਾਂ ਪਿਆ ਮੰਡਲਾਏ। ਗੁਪਤੇ ਦੇ ਉੱਜਲੇ ਭਵਿੱਖ ’ਤੇ ਚੜ੍ਹੀ ਸਾੜ੍ਹਸਤੀ ਤਾਂ ਬੰਟੀ ਦੀ ਬਲੀ ਨੇ ਟਾਲ ਦਿੱਤੀ ਸੀ।
ਨਿਸ਼ਚਿੰਤ ਹੋ ਕੇ ਘੁਰਾੜੇ ਮਾਰਨ ਵਿੱਚ ਉਸ ਨੂੰ ਹੁਣ ਕੋਈ ਦਿੱਕਤ ਨਹੀਂ ਸੀ।