ਪ੍ਰਸਿੱਧ ਸੂਫੀ ਸੰਤ ਸਾਈਂ ਮੀਆਂ ਮੀਰ ਦੀ ਯਾਦਗਾਰ ਫੌਜੀ ਛਾਉਣੀ ਦੇ ਪੱਛਮ ਵਿਚ, ਮੀਆਂ ਮੀਰ ਦੇ ਨਾਂ ‘ਤੇ ਬਣੇ ਪੱੱਛਮੀ ਰੇਲਵੇ ਸਟੇਸ਼ਨ ਤੋਂ ਲਗਪਗ ਅੱਧਾ ਮੀਲ ਦੂਰ ਸਥਿਤ ਹੈ। ਫੌਜੀ ਛਾਉਣੀ ਦਾ ਨਾਂ ਵੀ ਸਾਈਂ ਮੀਆਂ ਮੀਰ ਦੇ ਨਾਂ ਨਾਲ ਹੀ ਸਬੰਧਤ ਹੈ ਜਿਸ ਨੂੰ ਆਮ ਤੌਰ ‘ਤੇ ‘ਮੀਆਂ ਮੀਰ ਛਾਉਣੀ’ ਆਖਿਆ ਜਾਂਦਾ ਹੈ। ਕਿੰਨਾ ਅਜੀਬ ਇਤਫ਼ਾਕ ਹੈ। ਸੁਲ੍ਹਾ ਅਤੇ ਮੁਹੱਬਤ ਦਾ ਪੈਗਾਮ ਦੇਣ ਵਾਲੇ ਦੇ ਨਾਂ ਉਤੇ ਹੀ ਫੌਜੀ ਛਾਉਣੀ, ਦਾ ਨਾਂ ਰੱਖਿਆ ਗਿਆ। ਅੰਗਰੇਜ਼ਾਂ ਨੇ ਪੰਜਾਬ ਉਤੇ ਕਬਜ਼ੇ ਤੋਂ ਪਿਛੋਂ ਪਹਿਲਾਂ ਤਾਂ ਅਨਾਰਕਲੀ ਦੇ ਸਥਾਨ ‘ਤੇ ਫੌਜੀ ਛਾਉਣੀ ਕਾਇਮ ਕੀਤੀ ਸੀ। ਪਰ ਅਨਾਰਕਲੀ ਦਾ ਇਲਾਕਾ ਉਦੋਂ ਫੌਜੀਆਂ ਦੀ ਸਿਹਤ ਅਤੇ ਤੰਦਰੁਸਤੀ ਦੇ ਪੱਖੋਂ ਅਸਵਸਥ ਇਲਾਕਾ ਸੀ। ਇਥੇ 1847-48 ਵਿਚ ਛਾਉਣੀ ਕਾਇਮ ਕੀਤੀ ਗਈ। ਜਿਹੜੇ ਫੌਜੀ ਇਥੇ ਠਹਿਰਦੇ ਸਨ ਉਨ੍ਹਾਂ ਵਿਚੋਂ ਬਹੁਤ ਸਾਰੇ ਬਿਮਾਰ ਹੋ ਕੇ ਮਰ ਜਾਂਦੇ। 1846-47 ਵਿਚ ਇਕ ਹਜ਼ਾਰ ਪਿੱਛੇ ਮੌਤ ਦਰ 84.61 ਸੀ। 1851-52 ਵਿਚ 96ਵੀਂ ਰਜਮੈਂਟ ਦੇ ਹਜ਼ਾਰ ਪਿੱਛੇ 132.5 ਜੁਆਨ ਤੇ ਪਹਿਲੀ ਬੰਗਾਲ ਰਜਮੈਂਟ ਦੇ 1000 ਪਿੱਛੇ 218.6 ਜੁਆਨ ਮੌਤ ਨੂੰ ਪਿਆਰੇ ਹੋ ਗਏ। ਫਿਰ ਅੰਗਰੇਜ਼ਾਂ ਨੇ ਇਸ ਇਲਾਕੇ ਤੋਂ 6 ਮੀਲ ਪੂਰਬ ਵੱਲ ਮੀਆਂ ਮੀਰ ਦੇ ਇਲਾਕੇ ਵਿਚ ਫੌਜੀ ਛਾਉਣੀ ਬਣਵਾਈ।
ਇਹੋ ਮੀਆਂ ਮੀਰ ਛਾਉਣੀ ਹੀ ਸੀ ਜਿਸ ਵਿਚਲੇ ਭਾਰਤੀ ਪੰਜਾਬੀ ਫੌਜੀਆਂ ਨਾਲ ਗ਼ਦਰ ਪਾਰਟੀ ਦੇ ਸੂਰਬੀਰਾਂ ਨੇ ਸਬੰਧ ਕਾਇਮ ਕਰਕੇ ਉਨ੍ਹਾਂ ਨੂੰ ਗ਼ਦਰ ਕਰਨ ਲਈ ਪ੍ਰੇਰਿਤ ਕਰ ਲਿਆ ਸੀ। ਦਫ਼ੇਦਾਰ ਲਛਮਣ ਸਿੰਘ ਚੂਸਲੇਵੜ ਤੇ ਹੋਰ ਫੌਜੀ ਉਦੋਂ ਇਥੇ ਹੀ ਹੁੰਦੇ ਸਨ। ਮੇਰੇ ਪਿੰਡ ਸੁਰ ਸਿੰਘ ਦੇ ਜਗਤ ਸਿੰਘ ਤੇ ਪ੍ਰੇਮ ਸਿੰਘ ਗ਼ਦਰੀਆਂ ਨੇ ਹੀ ਫੌਜੀਆਂ ਨਾਲ ਉਚੇਚੇ ਸਬੰਧ ਸਥਾਪਤ ਕੀਤੇ ਸਨ। ਗ਼ਦਰ ਦੀ ਨਿਸਚਿਤ ਮਿਤੀ ‘ਤੇ ਜਦੋਂ ਗ਼ਦਰੀ ਜਥੇ ਬਣਾ ਕੇ ਰੇਲਵੇ ਲਾਈਨ ਤਕ ਪੁੱਜੇ ਤੇ ਅੰਦਰੋਂ ਫੌਜੀਆਂ ਦਾ ਇਸ਼ਾਰਾ ਉਡੀਕ ਰਹੇ ਸਨ, ਉਸ ਵੇਲੇ ਹੀ ਉਨ੍ਹਾਂ ਨੂੰ ਪਤਾ ਲੱਗਾ ਕਿ ਆਪਣਿਆਂ ਦੀ ਗ਼ਦਾਰੀ ਕਰਕੇ ਅੰਗਰੇਜ਼ ਹਾਕਮਾਂ ਨੂੰ ਗ਼ਦਰ ਦੀ ਸੂਚਨਾ ਪਹਿਲਾਂ ਹੀ ਮਿਲ ਗਈ ਸੀ ਤੇ ਉਨ੍ਹਾਂ ਨੇ ਬੈਰਕਾਂ ਵਿਚ ਰਹਿੰਦੇ ਭਾਰਤੀ ਫੌਜੀਆਂ ਨੂੰ ਬੇ-ਹਥਿਆਰ ਕਰਕੇ ‘ਸ਼ੱਕੀ’ ਬੰਦਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।ਗ੍ਰਿਫ਼ਤਾਰੀ ਦਾ ਖ਼ਿਆਲ ਆਉਂਦਿਆਂ ਹੀ ਮੈਨੂੰ ਚੇਤਾ ਆਇਆ ਕਿ ਸਾਡੇ ਪਾਸਪੋਰਟ ਉਤੇ ਤਾਂ ਉਚੇਚੇ ਤੌਰ ‘ਤੇ ਇਹ ਲਿਖਿਆ ਹੋਇਆ ਸੀ ਕਿ ਸਾਡੇ ਲਈ ਫੌਜੀ ਛਾਉਣੀ ਵਾਲੇ ਇਲਾਕੇ ਵਿਚ ਜਾਣਾ ਵਰਜਿਤ ਸੀ। ਇਹ ਪਾਬੰਦੀ ਸੁਰੱਖਿਆ ਦੇ ਪੱਖੋਂ ਸੀ। ਕਿਸੇ ਮੁਲਕ ਵਿਚ ਵੀ ਇਹ ਆਗਿਆ ਨਹੀਂ ਹੋ ਸਕਦੀ। ਅਸੀਂ ਕਾਨੂੰਨ ਤੋੜਨ ਦੇ ਦੋਸ਼ੀ ਹੋ ਸਕਦੇ ਸੀ ਤੇ ਸਾਨੂੰ ਜਾਸੂਸ ਸਮਝ ਕੇ ਫੜਿਆ ਵੀ ਜਾ ਸਕਦਾ ਸੀ। ਮੈਂ ਇਹ ਖ਼ਦਸ਼ਾ ਸਾਥੀਆਂ ਨਾਲ ਸਾਂਝਾ ਵੀ ਕੀਤਾ। ਇਹ ਗੱਲ ਤਾਂ ਗ਼ਲਤ ਸੀ ਪਰ ਅਸੀਂ ਸਾਈਂ ਮੀਆਂ ਮੀਰ ਦੇ ਮਜ਼ਾਰ ਦੇ ਨਜ਼ਦੀਕ ਪਹੁੰਚ ਚੁੱਕੇ ਸਾਂ। ਕਾਨੂੰਨ ਦੀ ਖ਼ਿਲਾਫ਼ਵਰਜ਼ੀ ਤਾਂ ਹੋ ਹੀ ਗਈ ਸੀ। ਹੁਣ ਬਾਬੇ ਦੇ ਦੀਦਾਰ ਤਾਂ ਕਰਕੇ ਹੀ ਜਾਵਾਂਗੇ। ਜੋ ਹੋਊ ਵੇਖੀ ਜਾਊ! ਪਰ ਅੰਦਰੋਂ ਸਾਨੂੰ ਇਹ ਡਰ ਕੁਤਰ ਰਿਹਾ ਸੀ। ਇਹ ਖ਼ੌਫ ਹੋਰ ਵੀ ਵਧ ਗਿਆ ਜਦੋਂ ਅਸੀਂ ਵਰਦੀ ਵਿਚ ਸਜਿਆ ਇਕ ਪੁਲਿਸ ਮਹਿਕਮੇ ਦਾ ਅਧਿਕਾਰੀ ਸਾਈਂ ਜੀ ਦੀ ਮਜ਼ਾਰ ਦੇ ਬਾਹਰ ਖੜੋਤਾ ਵੇਖਿਆ। ਅਸੀਂ ਐਵੇਂ ਹੀ ਉਸ ਤੋਂ ਬਿੱਲੀ ਤੋਂ ਕਬੂਤਰ ਦੇ ਅੱਖਾਂ ਚੁਰਾਉਣ ਵਾਂਗ ਅੱਖਾਂ ਮੋੜ ਲਈਆਂ ਤੇ ਜੁੱਤੀਆਂ ਲਾਹ ਕੇ ਅੰਦਰ ਚੜ੍ਹਵਾਉਣ ਲਈ ਫੁੱਲ ਖਰੀਦਣ ਲੱਗੇ। ਉਥੇ ਹਰੇਕ ਅਜਿਹੀ ਇਬਾਦਤਗਾਹ ਦੇ ਬਾਹਰ ਗੁਲਾਬ-ਪੱਤੀਆਂ ਤੇ ਗੁਲਾਬ ਦੇ ਫੁੱਲਾਂ ਦੇ ਹਾਰ ਮੁੱਲ ਵਿਕਦੇ ਹਨ।ਅਸੀਂ ਸਾਈਂ ਮੀਆਂ ਮੀਰ ਦੀ ਯਾਦਗਾਰ ਦੇ ਖੁੱਲ੍ਹੇ ਸਿਹਨ ਵਿਚ ਦਾਖ਼ਲ ਹੋਏ। ਸਿਹਨ ਦੇ ਐਨ ਵਿਚਕਾਰ ਸੀ ਬਾਬਾ ਜੀ ਦੀ ਯਾਦਗਾਰ। ਦੂਰੋਂ ਹੀ ਨਮਸਕਾਰ ਕਰਕੇ ਸ਼ਰਧਾ ਵਿਚ ਅੱਖਾਂ ਮੀਚੀਆਂ ਤਾਂ ਮਨ ਸਹਿਜੇ ਹੀ ਉਸ ਇਤਿਹਾਸ ਵਿਚ ਤਿਲਕ ਗਿਆ ਜਦੋਂ ਗੁਰੂ ਅਰਜਨ ਦੇਵ ਜੀ ਨੇ ਆਪਣੇ ਧਰਮ ਮਿੱਤਰ ਸਾਈਂ ਮੀਆਂ ਮੀਰ ਕੋਲੋਂ ਸ੍ਰੀ ਹਰਮਿੰਦਰ ਸਾਹਿਬ ਅੰਮ੍ਰਿਤਸਰ ਦੀ ਇਮਾਰਤ ਦਾ ਨੀਂਹ-ਪੱਥਰ ਰਖਵਾਇਆ ਸੀ, ਜਿਹੜਾ ਪ੍ਰਤੀਕ ਸੀ ‘ਨੀਹਾਂ ਦੀ ਸਾਂਝ’ ਦਾ, ਇਨਸਾਨੀ ਪਛਾਣ ਦਾ, ਏਕੇ ਦਾ, ਮੁਹੱਬਤ ਦਾ, ਪਿਆਰ ਤੇ ਰਵਾਦਾਰੀ ਦਾ। ਇਹ ਨੀਹਾਂ ਦੀ ਸਾਂਝ ਹੀ ਸੀ, ਸ਼ਾਂਤੀ ਤੇ ਸਕਾਫ਼ਤ ਦੀ, ਜਿਸ ਨੇ ਸਾਨੂੰ ਇਕ-ਦੂਜੇ ਨਾਲ ਜੋੜਿਆ ਹੋਇਆ ਸੀ। ਇਹ ਤਾਂ ਅਜੇ ਵੀ ਜਿਊਂਦੀ ਸੀ। ਇਕ ਮੁਸਲਮਾਨ ਮਾਂ ਅਤੇ ਉਹਦੇ ਸਿੱਖ-ਪੁੱਤਰ ਦੇ ਰੂਪ ਵਿਚ, ਉਮਰ ਗਨੀ ਤੇ ਜਗਤਾਰ ਤੇ ਖਾਵਰ ਦੇ ਆਪਸੀ ਪਾਕਿ ਰਿਸ਼ਤੇ ਦੇ ਰੂਪ ਵਿਚ। ਅਲ ਬਰਕਾਤ ਦੇ ਜਗਤਾਰ ਦੇ ਪਿਉ-ਧੀ ਦੇ ਪਵਿੱਤਰ ਸੰਬੰਧ ਦੀ ਸ਼ਕਲ ਵਿਚ। ਇਸ ਰੇਸ਼ਮੀ ਤੰਦ ਨੇ ਇਕ ਹੋਰ ਜਣੇ ਨੂੰ ਮੇਰੇ ਰੂਪ ਵਿਚ ਆਪਣੇ ਨਾਲ ਹੀ ਵਲ ਲਿਆ ਸੀ। ਅਸੀਂ ਇਕ ਘੰਟੇ ਵਿਚ ਇਕ-ਦੂਜੇ ਦੇ ਇੰਜ ਜਾਣੂ ਹੋ ਗਏ ਸਾਂ ਜਿਵੇਂ ਉਮਰ ਭਰ ਤੋਂ ਇਕ-ਦੂਜੇ ਨੂੰ ਜਾਣਦੇ ਸਾਂ। ਉਮਰ ਗਨੀ ਆਪਣੇ ਵੱਡੇ ਭਰਾ ਵਾਂਗ ਹੌਲੀ ਜਿਹੀ ਮੈਨੂੰ ਸਲਾਹ ਦੇ ਰਿਹਾ ਸੀ, ‘‘ਅਕੀਦਤ ਜ਼ਾਹਿਰ ਕਰ ਕੇ ਛੇਤੀ ਨਿਕਲ ਚੱਲੀਏ। ਐਵੇਂ ਬਾਹਰ ਖਲੋਤਾ ਅਫ਼ਸਰ ਪੁੱਛ-ਗਿੱਛ ਨਾ ਕਰਨ ਲੱਗ ਪਵੇ।’’ਮੈਂ ਹੱਸਦਿਆਂ ਹੋਇਆਂ ਹੌਲੀ ਜਿਹੀ ਕਿਹਾ, ‘‘ਜਦੋਂ ਸਾਡੇ ਜਿਹੇ ਲੋਕ ਆਪਸ ਵਿਚ ਪਿਆਰ ਨਾਲ ਮਿਲਦੇ ਹਨ ਤਾਂ ਇਹ ‘ਅਫਸਰ’ ਕਿਉਂ ਉਨ੍ਹਾਂ ਦੇ ਸਿਰਾਂ ‘ਤੇ ਆਣ ਖਲੋਂਦੇ ਹਨ…?’’ਹਾਜੀ ਬਣ ਚੁੱਕਾ ਉਮਰ ਗਨੀ ਪਹਿਲਾਂ ਕੰਪਲੈਕਸ ਵਿਚ ਬਣੀ ਮਸਜਿਦ ਵਿਚ ਸਜਦਾ ਕਰਨ ਗਿਆ। ਅਸੀਂ ਸਾਈਂ ਜੀ ਦੇ ਮਜ਼ਾਰ ਉਪਰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਦਾਖ਼ਲ ਹੋਏ। ਖਾਵਰ ਰਾਜਾ ਨੇ ਮਜ਼ਾਰ ਦੇ ਗੇਟ ਉਤੇ ਸੀਸ ਨਿਵਾਇਆ, ਦੁਆ ਮੰਗੀ ਕਿਉਂਕਿ ਔਰਤਾਂ ਨੂੰ ਇਬਾਦਤ ਗਾਹਾਂ ਵਿਚ ਜਾਣ ਦੀ ਮਨਾਹੀ ਹੈ। ਅੰਦਰ ਸਾਈਂ ਜੀ ਸੁੱਤੇ ਹੋਏ ਸਨ। ਹਰੇ ਰੰਗ ਦੀ ਰੇਸ਼ਮੀ ਚਾਦਰ ਦੇ ਹੇਠਾਂ। ਅੱਖਾਂ ਨੂੰ ਠੰਢ ਪਹੁੰਚਾਉਂਦਾ ਰੰਗ। ਬਾਹਰ ਦੀ ਗਰਮੀ ਤੇ ਅੰਦਰ ਦੀ ਠੰਢ ਅਤੇ ਸ਼ਾਂਤੀ ਨੇ ਉਹ ਦ੍ਰਿਸ਼ ਚੇਤੇ ਕਰਵਾ ਦਿੱਤਾ-ਗਰਮ ਰੇਤਾ ਕਹਿਰ ਦਾਤੇ ਸੇਕ ਸੀ ਤਨ ਸਾੜਦਾਛਾਲੇ ਛਾਲੇ ਹੋ ਗਿਆਜੁੱਸਾ ਸੱਚੀ ਸਰਕਾਰ ਦਾ।ਮੀਆਂ ਮੀਰ ਹਾਲ ਡਿੱਠਾ…ਆਣ ਆਪਣੇ ਯਾਰ ਦਾ।ਹੋ ਵਿਆਕੁਲ ਢਹਿ ਪਿਆਚੀਕੇ ਤੇ ਧਾਹੀਂ ਮਾਰਦਾ,ਵੇਖ ਕਿਹਾ ਸਤਿਗੁਰ, ‘ਮੀਆਂ!ਛੋੜੋ ਪ੍ਰੀਤ ਚਾਮ ਸੇ,ਕਿਆ ਹੂਆ ਤਨ ਤਪ ਰਹਾਹਮ ਸ਼ਾਂਤ ਹੈਂ ਹਰੀ ਨਾਮ ਸੇ’’ਆਪਣੇ ਯਾਰ ਦੇ ਸੇਕ ਵਿਚ ਭੁੱਜ ਰਿਹਾ ਮੀਆਂ ਮੀਰ ਸਾਨੂੰ ਹੁਣ ਵੀ ਦੱਸ ਰਿਹਾ ਜਾਪਦਾ ਸੀ, ਇਕ-ਦੂਜੇ ਨੂੰ ਸੇਕ ਤੇ ਸਾੜ ਦੇਣ ਦੀ ਥਾਂ ਅਸੀਂ ਦੂਜੇ ਦੇ ਸੇਕ ਤੇ ਸਾੜ ਨੂੰ ਚੂਸ ਸਕੀਏ ਤੇ ਠੰਢਕ ਵਰਤਾ ਸਕੀਏ ਤਦ ਹੀ ਅਸੀਂ ਗੁਰੂ ਅਰਜਨ ਤੇ ਸਾਈਂ ਮੀਆਂ ਮੀਰ ਦੇ ਅਸਲੀ ਵਾਰਸ ਹੋ ਸਕਦੇ ਹਾਂ।ਰੱਜੀ ਹੋਈ ਰੂਹ ਨਾਲ ਸਰਸ਼ਾਰ ਹੋਏ ਅਸੀਂ ਬਾਹਰ ਨਿੱਕਲੇ ਤਾਂ ਉਹ ਅਫ਼ਸਰ ਅਜੇ ਵੀ ਉਥੇ ਖੜੋਤਾ ਸੀ। ਅਸੀਂ ਕਾਰ ਵਿਚ ਬੈਠ ਕੇ ਵਾਪਸ ਪਰਤ ਪਏ। ਉਹ ਅਜੇ ਵੀ ਉਥੇ ਖੜੋਤਾ ਸੀ ਪਰ ਮੀਆਂ ਮੀਰ ਸਾਡੇ ਅੰਗ-ਸੰਗ ਸੀ। ਉਸ ਨਾਲ ਜੁੜੀ ਇਕ ਦੰਦ-ਕਥਾ ਮੇਰੀ ਸੋਚ ਵਿਚ ਤੁਰ ਰਹੀ ਸੀ।ਇਕ ਵਾਰ ਮੁਗਲ ਸਹਿਨਸ਼ਾਹ ਸਾਈਂ ਮੀਆਂ ਮੀਰ ਦੀ ਦਰਗਾਹ ‘ਤੇ ਖ਼ੁਦ ਹਾਜ਼ਰ ਹੋਇਆ ਤਾਂ ਕਿ ਉਸ ਨੂੰ ਬੇਨਤੀ ਕਰ ਸਕੇ ਕਿ ਦੱਖਣ ਦੀਆਂ ਰਿਆਸਤਾਂ ਨੂੰ ਜਿੱਤਣ ਲਈ ਕੂਚ ਕਰਨ ਤੋਂ ਪਹਿਲਾਂ ਸਾਈਂ ਮੀਆਂ ਮੀਰ ਉਸ ਦੀ ਜਿੱਤ ਲਈ ਦੁਆ ਕਰ ਦੇਵੇ। ਇਸੇ ਸਮੇਂ ਹੀ ਕੋਈ ਗਰੀਬ ਸ਼ਰਧਾਲੂ ਸਾਈਂ ਦੇ ਦਰਬਾਰ ਵਿਚ ਹਾਜ਼ਰ ਹੋਇਆ ਤੇ ਆਪਣੀ ਸਮਰੱਥਾ ਮੁਤਾਬਕ ਇਕ ਟਕਾ ਸਾਈਂ ਨੂੰ ਮੱਥਾ ਟੇਕਿਆ। ਸਾਈਂ ਨੇ ਕਿਹਾ, ‘‘ਇਹ ਟਕਾ ਮੈਨੂੰ ਨਹੀਂ ਸ਼ਹਿਨਸ਼ਾਹ ਨੂੰ ਦੇ ਦੇ।’’ਉਹ ਸ਼ਰਧਾਲੂ ਤੇ ਮੁਗਲ ਸ਼ਹਿਨਸ਼ਾਹ ਹੈਰਾਨ। ਸਾਈਂ ਨੇ ਮੁਸ਼ਕਲ ਹੱਲ ਕੀਤੀ, ‘‘ਮੇਰੇ ਨਾਲੋਂ ਮਾਇਆ ਦੀ ਜ਼ਿਆਦਾ ਲੋੜ ਬਾਦਸ਼ਾਹ ਨੂੰ ਹੈ। ਏਨੇ ਇਲਾਕੇ ਤੇ ਰਾਜ ਭਾਗ ਜਿੱਤ ਕੇ ਵੀ ਇਸ ਦਾ ਮਨ ਨਹੀਂ ਭਰਿਆ। ਇਹ ਦੀ ਮਾਇਆ ਦੀ ਭੁੱਖ ਦੂਰ ਨਹੀਂ ਹੋਈ। ਇਹ ਟਕਾ ਵੀ ਇਸ ਨੂੰ ਦੇ ਦੇਹ, ਇਹਦੇ ਕਿਸੇ ਕੰਮ ਆ ਜਾਵੇਗਾ।’’ਇਹ ਕਹਿ ਕੇ ਸਾਈਂ ਬਾਦਸ਼ਾਹ ਕੋਲੋਂ ਬੇਪ੍ਰਵਾਹੀ ਨਾਲ ਉਠ ਕੇ ਆਪਣੇ ਹੁਜਰੇ ਵਿਚ ਚਲਾ ਗਿਆ। ਬਾਦਸ਼ਾਹ ਸਾਈਂ ਮੀਆਂ ਮੀਰ ਦੀ ਜਾਂਦੇ ਦੀ ਪਿੱਠ ਵੇਖਦਾ ਰਹਿ ਗਿਆ। ਸ਼ਹਿਨਸ਼ਾਹ ਅਜੇ ਵੀ ਸਾਈਂ ਦੀ ਪਿੱਠ ਵੱਲ ਵੇਖੀ ਜਾ ਰਿਹਾ ਹੈ। ਪਿੱਠ ਵੱਲ ਹੀ ਵੇਖ ਸਕਦਾ ਹੈ ਕਿਉਂਕਿ ਸਾਈਂ ਦਾ ਮੂੰਹ ਤਾਂ ਲੋਕਾਂ ਵੱਲ ਹੈ।