ਖਾਬਾਂ ਨੂੰ ਅਮਲ ਵਿੱਚ ਨੇ, ਜੋ ਲੋਕ ਢਾਲ਼ਦੇ।
ਹੁੰਦੇ ਨੇ ਅਸਲ ਵਿੱਚ ਉਹ, ਬੰਦੇ ਕਮਾਲ ਦੇ।
ਦਿਲ ਦਾ ਲਹੂ ਹਨ੍ਹੇਰ ਵਿੱਚ, ਜਿਹੜੇ ਨੇ ਬਾਲ਼ਦੇ।
ਉਹ ਜਿੰਦਗੀ ਦਾ ਅਸਲ ਵਿੱਚ, ਨੇ ਧਰਮ ਪਾਲ਼ਦੇ।
ਜੀਵਨ ਦੇ ਸੱਚ ਵਾਂਗ ਹੀ, ਇਸ ਦਾ ਜਵਾਬ ਵੀ,
ਸੰਕੇ ਨਵਿਰਤ ਹੋਣ ਕਦ, ਕੀਤੇ ਸਵਾਲ ਦੇ।
ਉਸ ਦੀ ਹਰੇਕ ਚਾਲ ਦਾ ਮੋੜਾ ਵੀ ਦੇ ਦਿਓ,
ਉਸ ਨੂੰ ਕਹੋ ਕਿ ਦਿਨ ਗਏ ਹੁਣ ਤੇਰੀ ਚਾਲ ਦੇ।
ਆ ਕੇ ਵਲੈਤ ਵਿੱਚ ਅਸੀਂ ਪਰਸੂ ਹਾਂ ਬਣ ਗਏ,
ਫਿਰਦੇ ਹਾਂ ਪਰਸ ਰਾਮ ਨੂੰ, ਦਿਨ ਰਾਤ ਭਾਲ਼ ਦੇ।
ਰਹਿੰਦੇ ਹਾਂ ਧਰਤ `ਤੇ ਅਸੀਂ, ਲਿੰਕਨ ਦੇ ਦੇਸ਼ ਵਿੱਚ,
ਕਹਿੰਦੇ ਨੇ ਭਾਰਤੀ ਅਸੀਂ, ਬੰਦੇ ਪਤਾਲ਼ ਦੇ।
ਸੁਖਮਿੰਦਰਾ ਕੁੰਦਨ ਬਣੇ, ਇੱਕ ਪਲ `ਚ ਹੀ ਅਸੀਂ,
ਬਲਿਹਾਰਿਆ ਲੋਹਾ ਗਿਆ, ਤੇਰੇ ਖਿਆਲ ਦੇ।
ਖਾਬਾਂ ਨੂੰ ਅਮਲ ਵਿੱਚ ਨੇ, ਜੋ ਲੋਕ ਢਾਲ਼ਦੇ।
ਹੁੰਦੇ ਨੇ ਅਸਲ ਵਿੱਚ ਉਹ, ਬੰਦੇ ਕਮਾਲ ਦੇ।