You are here:ਮੁਖ ਪੰਨਾ»ਲੇਖ਼»ਵਿਸ਼ਵੀਕਰਨ ਅਤੇ ਪੰਜਾਬੀ ਕਹਾਣੀ

ਲੇਖ਼ਕ

Wednesday, 28 October 2009 15:25

ਵਿਸ਼ਵੀਕਰਨ ਅਤੇ ਪੰਜਾਬੀ ਕਹਾਣੀ

Written by
Rate this item
(6 votes)

ਵਿਸ਼ਵੀਕਰਨ ਦੀ ਧਾਰਨਾ ਦਾ ਉਦੈ ਭਾਵੇਂ ਅਤੀ ਵਿਕਸਤ ਪੂੰਜੀਵਾਦੀ ਪ੍ਰਬੰਧ ਵਾਲੇ ਪੱਛਮੀ ਮੁਲਕਾਂ ਵੱਲੋਂ ਹੁੰਦਾ ਹੈ ਪਰ ਹੁਣ ਇਸ ਦੇ ਪੈਰੋਕਾਰਾਂ ਵਿੱਚ ਹਰੇਕ ਮੁਲਕ ਅਤੇ ਨਸਲ ਦੇ ਪੂੰਜੀਪਤੀ ਵਰਗ ਸ਼ਾਮਲ ਹਨ। ਇਸ ਲਈ ਵਿਸ਼ਵੀਕਰਨ ਇੱਕ ਵਿਚਾਰਧਾਰਾ ਹੋ ਨਿਬੜਿਆ ਹੈ‎,‎ ਜਿਸ ਦੇ ਮੂਲ ਲੱਛਣ ਮੁਨਾਫ਼ਾ ਬਿਰਤੀ ਅਤੇ ਨਿਰੰਕੁਸ਼ ਸੱਤਾ-ਪ੍ਰਾਪਤੀ ਦੀ ਲਾਲਸਾ ਕਹੇ ਜਾ ਸਕਦੇ ਹਨ। ਉਪਭੋਗਤਾਵਾਦ ਇਸ ਵਿਚਾਰਧਾਰਾ ਦਾ ਸਮੂਰਤ ਅਤੇ ਵਿਹਾਰਕ ਪੱਖ ਹੈ। ਇਸ ਵਿਚਾਰਧਾਰਾ ਦਾ ਵਿਸ਼ਵੀਕਰਨ ਹੋਇਆ ਵੇਖਣਾ ਹੋਵੇ ਤਾਂ ਇਸਦਾ ਫੈਲਾਅ ਅਮਰੀਕੀ ਮਹਾਂਸ਼ਕਤੀ ਤੋਂ ਲੈ ਕੇ ਕਿਸੇ ਪਛੜੇ ਮੁਲਕ ਦੇ ਮਜ਼ਦੂਰ ਦੀ ਉਪਭੋਗੀ-ਚੇਤਨਾ ਤੱਕ ਵੇਖਿਆ ਜਾ ਸਕਦਾ ਹੈ।

ਹੁਣ ਜਦੋਂ ਕਿ ਵਿਸ਼ਵੀਕਰਨ ਦੇ ਰੂਪ ਵਿੱਚ ਨਵ-ਬਸਤੀਵਾਦੀ ਵਰਤਾਰਾ ਇੱਕ ਵਾਰ ਫਿਰ ਪੰਜਾਬੀ ਕਹਾਣੀਕਾਰ ਦੇ ਸਨਮੁਖ ਚੁਣੌਤੀ ਬਣ ਗਿਆ ਹੈ ਤਾਂ ਇਸ ਨੂੰ ਹਾਂ-ਪੱਖੀ ਅਤੇ ਨਾਂਹ-ਪੱਖੀ ਦੋਵੇਂ ਕੋਣਾਂ ਤੋਂ ਵੇਖਿਆ ਜਾਣਾ ਆਰੰਭ ਹੋਇਆ ਹੈ। ਭਾਵੇਂ ਨਵ-ਬਸਤੀਵਾਦੀ ਸਥਾਪਤੀ ਦਾ ਇਹ ਮੰਤਵ ਬਿਲਕੁਲ ਨਹੀਂ ਕਿ ਤੀਸਰੀ ਦੁਨੀਆਂ ਦੇ ਲੋਕਾਂ ਦਾ ਵਿਕਾਸ ਕਰਨਾ ਹੈ‎,‎ ਸਗੋਂ ਇਸ ਦੇ ਉਲਟ ਇਨ੍ਹਾਂ ਦਾ ਸ਼ੋਸ਼ਣ ਹੀ ਮੂਲ ਮਕਸਦ ਹੈ‎,‎ ਪਰ ਇਸ ਦੇ ਬਾਵਜੂਦ ਵੀ ਪੂੰਜੀ‎,‎ ਮਨੁੱਖੀ ਕਿਰਤ‎,‎ ਧਨ ਅਤੇ ਚਿੰਨ੍ਹਾਂ ਦੇ ਆਦਾਨ-ਪ੍ਰਦਾਨ ਨਾਲ ਇੱਕ ਨਵੀਂ ਚੇਤਨਾ ਪੈਦਾ ਹੋਈ ਹੈ‎,‎ ਜਿਸ ਨੇ ਪਛੜੇ ਲੋਕਾਂ ਨੂੰ ਤਰੱਕੀ ਦੇ ਨਵੇਂ ਰਾਹਾਂ ਦੀ ਦੱਸ ਪਾਈ ਹੈ। ਜੇ ਹੋਰ ਨਹੀਂ ਤਾਂ ਘੱਟੋ-ਘੱਟ ਚੰਗੇ ਜੀਵਨ ਦਾ ਸੁਪਨਾ ਹੀ ਦਿੱਤਾ ਹੈ। ਇਸ ਪੱਖੋਂ ਵਿਸ਼ਵੀਕਰਨ ਦੇ ਸੰਕਲਪ ਨੇ ਸ਼ਹਿਰੀ ਮੱਧਵਰਗ ਨੂੰ ਵਿਸ਼ੇਸ਼ ਤੌਰ ਤੇ ਪ੍ਰਭਾਵਿਤ ਕੀਤਾ ਹੈ। ਇਸੇ ਲਈ ਮੱਧਵਰਗ ਨੇ ਬੜੇ ਉਤਾਵਲੇ ਉਤਸ਼ਾਹ ਨਾਲ ਇਸ ਵਰਤਾਰੇ ਨੂੰ ਕ੍ਰਾਂਤੀ ਦੇ ਰੂਪ `ਚ ਸਵੀਕਾਰ ਕੇ ਇਸ ਦਾ ਭਰਪੂਰ ਸੁਆਗਤ ਕੀਤਾ। ਇਸ ਨੂੰ ਰੂਸ ਦੀ 1917 ਵਾਲੀ ਅਤੇ ਫਰਾਂਸ ਦੀ 1789 ਵਾਲੀ ਕ੍ਰਾਂਤੀ ਵਾਂਗ ਵੀ ਮਹਿਸੂਸ ਕਰਨ-ਕਰਾਉਣ ਦਾ ਯਤਨ ਕੀਤਾ ਗਿਆ। “ਸਾਲ 1991 ਵਿੱਚ ਭਾਰਤ ਅੰਦਰ ਆਰਥਕ ਸੁਧਾਰਾਂ ਦਾ ਦੌਰ ਸ਼ੁਰੂ ਹੁੰਦਾ ਹੈ। ਇਹ ਪ੍ਰਕਿਰਿਆ ਉਸ ਉਦਾਰ ਕ੍ਰਾਂਤੀ (਼ਬਿੲਰਅਲ ੍ਰੲਵੋਲੁਟੋਿਨ) ਨਾਲ ਹੀ ਸਬੰਧਤ ਸੀ ਜਿਸ ਨੇ ਸਾਰੇ ਸੰਸਾਰ ਨੂੰ ਪ੍ਰਭਾਵਿਤ ਕੀਤਾ ਸੀ ਅਤੇ ਇੱਕ ਤੋਂ ਬਾਅਦ ਦੂਜਾ ਦੇਸ ਲੋਕਤੰਤਰੀ ਅਤੇ ਪੂੰਜੀਵਾਦੀ ਬਣਨ ਵੱਲ ਤੁਰ ਪਿਆ ਸੀ। … ਜੋ ਭਾਰਤ ਵਿੱਚ ਨੱਬਵਿਆਂ ਵਿੱਚ ਵਾਪਰਿਆ ਉਹ ਕ੍ਰਾਂਤੀਕਾਰੀ ਸੀ ਭਾਵੇਂ ਕਿ ਇਸ ਦਾ 1917 ਜਾਂ 1789 ਦੀਆਂ ਤਬਦੀਲੀਆਂ ਵਾਂਗ ਧੂਮ-ਧੜਾਕਾ ਨਹੀਂ ਸੁਣਿਆਂ। ਵੀਹਵੀਂ ਸਦੀ ਦੇ ਪਹਿਲੇ ਅੱਧ `ਚ ਭਾਰਤ ਦੀ ਸੁਤੰਤਰਤਾ ਦੇ ਸੰਘਰਸ਼ ਵਾਂਗ ਇਹ ਅਹਿੰਸਕ ਢੰਗ ਨਾਲ ਹੋਈ ਤਬਦੀਲੀ ਸੀ। ਇਸ ‘ਮੂਕ ਕ੍ਰਾਂਤੀ’ ਨਾਲ ਸਾਡੇ ਸਮਾਜ ਵਿੱਚ ਵੱਡੀਆਂ ਤਬਦੀਲੀਆਂ ਆਈਆਂ। ਸਭ ਤੋਂ ਅਹਿਮ ਸੀ ਉਹ ਮਾਨਸਿਕ ਤਬਦੀਲੀ ਜਿਸ ਨਾਲ ਕੌਮ ਦੀ ਵਿਸ਼ਵ-ਦ੍ਰਿਸ਼ਟੀ ਹੀ ਬਦਲਣੀ ਸ਼ੁਰੂ ਹੋ ਗਈ।” 1

ਮੱਧਵਰਗ ਦਾ ਇਹ ਉਤਸ਼ਾਹ ਬਹੁ-ਕੌਮੀ ਕੰਪਨੀਆਂ ਲਈ ਵਰਦਾਨ ਸਾਬਤ ਹੋਇਆ‎,‎ ਕਿਉਂਕਿ ਇਸ ਨਾਲ ਵਿਸ਼ਵ ਬਾਜ਼ਾਰ ਦੇ ਵਿਸਥਾਰ ਅਤੇ ਉਪਭੋਗਤਾਵਾਦੀ ਕਦਰਾਂ-ਕੀਮਤਾਂ ਨੂੰ ਭਰਵਾਂ ਹੁੰਘਾਰਾ ਮਿਲਣ ਲੱਗਿਆ। ਬਾਜ਼ਾਰ ਵਿੱਚ ਟੀ਼ ਵੀ਼ ‎,‎ ਫਰਿੱਜ‎,‎ ਕੰਪਿਊਟਰ ਅਤੇ ਹੋਰ ਉਪਭੋਗੀ ਵਸਤੂਆਂ ਦਾ ਹੜ੍ਹ ਆ ਗਿਆ। ਮੱਧਵਰਗ ਦੀ ਉਚਤਾ ਅਤੇ ਪਛਾਣ ਇਨ੍ਹਾਂ ਵਸਤਾਂ ਦੇ ਇਕੱਤਰੀਕਰਨ ਅਤੇ ਉਪਭੋਗ ਨਾਲ ਮਾਪੀ ਜਾਣੀ ਸ਼ੁਰੂ ਹੋ ਗਈ। ਇਨ੍ਹਾਂ ਦੀ ਖਰੀਦ ਲਈ ਪੈਸਾ ਚਾਹੀਦਾ ਸੀ ਅਤੇ ਮੱਧਵਰਗ ਨੇ ਹਰ ਹਰਬੇ ਧਨ ਹਥਿਆਉਣ ਅਤੇ ਵਸਤਾਂ ਦੇ ਅਰਾਜਕ ਉਪਭੋਗ ਨੂੰ ਆਪਣੀ ਜ਼ਿੰਦਗੀ ਦੇ ਉਦੇਸ਼ ਬਣਾ ਲਿਆ। ਨਿਰੋਲ ਦੇਹਵਾਦੀ ਸੁਹਜ-ਸੁਆਦਾਂ ਨੂੰ ਪ੍ਰਧਾਨਤਾ ਮਿਲਨ ਲੱਗੀ। ਇਸ ਤਰ੍ਹਾਂ ਮੱਧ-ਸ਼੍ਰੇਣੀ ਸਮੂਹਕ‎,‎ ਆਰਥਕ ਅਤੇ ਸਮਾਜਕ‎,‎ ਜ਼ਿੰਦਗੀ ਵਿੱਚ ਸਾਰਥਕ ਪਹਿਲਕਦਮੀਆਂ ਕਰਨ ਦੀ ਥਾਂ ਪੂਰੀ ਤਰ੍ਹਾਂ ਨਿੱਜਪ੍ਰਸਤ ਹੋ ਕੇ ਵਸਤਾਂ ਦੇ ਸੰਸਾਰ ਵਿੱਚ ਗ਼ਲਤਾਨ ਹੋ ਗਈ। ਵਿਸ਼ਵੀਕਰਨ ਦੇ ਇਸ ਪੱਖ ਨੂੰ ਪੰਜਾਬੀ ਕਹਾਣੀ ਵਿੱਚ ਲੋੜੀਂਦਾ ਮਹੱਤਵ ਮਿਲਿਆ ਹੈ। ਮਿਸਾਲ ਵਜੋਂ ਪਰਵਾਸੀ ਪੰਜਾਬੀ ਕਹਾਣੀ ਵਿੱਚ ਪਦਾਰਥਕ ਸੁੱਖ-ਸਹੂਲਤਾਂ ਦੇ ਹੁਲਾਸ‎,‎ ਔਰਤ ਦੀ ਮੁਕਤੀ ਲਈ ਰਾਹ ਮੋਕਲੇ ਹੋਣ ਦੀ ਧਾਰਨਾ‎,‎ ਵਿਅਕਤੀਗਤ ਸੋਚ ਲਈ ਵਧ ਰਹੀ ਸਪੇਸ‎,‎ ਸਾਮੰਤੀ ਰੂੜ੍ਹੀਵਾਦ ਦੀ ਢਿੱਲੀ ਪੈ ਰਹੀ ਪਕੜ ਆਦਿਕ ਵਿਸ਼ਿਆਂ ਦੀ ਪੇਸ਼ਕਾਰੀ ਨੂੰ ਵੇਖਿਆ ਜਾ ਸਕਦਾ ਹੈ। ਜਰਨੈਲ ਸਿੰਘ ਦੀ ਕਹਾਣੀ ਦੋ ਟਾਪੂ ਦੀ ਪਾਸ਼ੀ ਇਸ ਨਵੀਂ ਜ਼ਿੰਦਗੀ ਦਾ ਹੁਲਾਸ ਮਹਿਸੂਸ ਕਰਦੀ ਆਖਦੀ ਹੈ:

ਆਪਣੇ ਸੁਪਨਿਆਂ ਦੇ ਦੇਸ ਕਨੇਡਾ ਪਹੁੰਚ ਕੇ ਪਾਸ਼ੀ ਨੂੰ ਪ੍ਰਸੰਨਤਾ ਹੋਈ ਸੀ। ਹਰ ਥਾਂ ਸਫ਼ਾਈ ਸੀ। ਘਰਾਂ ਵਿੱਚ ਗਰਮ-ਠੰਡੇ ਪਾਣੀ‎,‎ ਬਿਜਲੀ ਨਾਲ ਚਲਦੇ ਚੁਲ੍ਹੇ‎,‎ ਮਾਈਕਰੋਵੇਵ‎,‎ ਟੀ਼ ਵੀ਼ ‎,‎ ਵੀ਼ ਸੀ਼ ਆਰ਼ ਤੇ ਹੋਰ ਅਨੇਕਾਂ ਤਰ੍ਹਾਂ ਦੀਆਂ ਸੁੱਖ ਸਹੁਨਤਾਂ ਸਨ। ਪਹਿਨਣ ਲਈ ਚੰਗਾ ਕੱਪੜਾ-ਲੀੜਾ‎,‎ ਖਾਣ ਲਈ ਚਿਕਨ‎,‎ ਮੀਟ‎,‎ ਫਰੂਟ‎,‎ ਸਬਜ਼ੀਆਂ ਤੇ ਪੀਣ ਲਈ ਦੁੱਧ‎,‎ ਭਾਂਤ ਸੁਭਾਂਤੇ ਜੂਸ ਅਤੇ ਪੌਪ ਡਰਿੰਕਸ।

ਆਪਣੀ ਵਿਅਕਤੀਗਤ ਸੋਚ ਅਨੁਸਾਰ ਵਿਚਰਦਿਆਂ ਆਪਣੇ ਸਰੀਰ‎,‎ ਮਨ ਅਤੇ ਭਵਿੱਖ ਬਾਰੇ ਪਾਸ਼ੀ ਨੂੰ ਮਨ-ਚਾਹੇ ਫੈਸਲੇ ਲੈ ਸਕਣ ਦੀ ਖੁੱਲ੍ਹ ਮਿਲ ਸਕਣਾ ਉਸ ਲਈ ਕੋਈ ਨਾਰੀ-ਮੁਕਤੀ ਤੋਂ ਘੱਟ ਗੱਲ ਨਹੀਂ ਜਾਪਦੀ।

ਭਾਰਤੀ ਅਤੇ ਪਾਕਿਸਤਾਨੀ ਕਹਾਣੀ ਵਿੱਚ ਵੀ ਅਜਿਹੀਆਂ ਮਿਸਾਲਾਂ ਆਮ ਮਿਲ ਜਾਂਦੀਆਂ ਹਨ ਜਿਥੇ ਪਾਤਰ ਨੌਕਰੀ‎,‎ ਕਿਸੇ ਲਾਹੇਵੰਦ ਕਿੱਤੇ ਜਾਂ ਵਪਾਰ ਸਦਕਾ ਪ੍ਰਾਪਤ ਆਰਥਕ ਖੁਸ਼ਹਾਲੀ ਨਾਲ ਜਾਤ-ਪਾਤ‎,‎ ਨਸਲ‎,‎ ਲਿੰਗ-ਭੇਦ‎,‎ ਰੰਗ ਅਤੇ ਸੰਪਰਦਾਇਕਤਾ ਦੇ ਵਿਤਕਰਿਆਂ ਦੀਆਂ ਵਲਗਣਾਂ ਉਲੰਘਣ ਵਿੱਚ ਕਾਫੀ ਹੱਦ ਤੱਕ ਸਫਲਤਾ ਪ੍ਰਾਪਤ ਕਰਦੇ ਹਨ। ਅਤਰਜੀਤ ਦੀ ਕਹਾਣੀ ਠੂੰਹਾਂ ਦਾ ਪਾਤਰ ਇੰਦਰਜੀਤ ਸਿੰਘ ਕਟਾਰੀਆ ਆਪਣੀ ਪੜ੍ਹਾਈ ਅਤੇ ਵਕਾਲਤ ਦੇ ਲਾਹੇਵੰਦ ਕਿੱਤੇ ਨਾਲ ਸੁਧਰੀ ਆਰਥਕ ਹਾਲਤ ਸਦਕਾ ਰਾਮਦਾਸੀਆ ਬਰਾਦਰੀ ਦੇ ਇੰਦਰਜੀਤ ਜੁੱਲ੍ਹੜ ਤੋਂ “ਸਰਦਾਰ ਆਦਮੀ” ਇੰਦਰਜੀਤ ਸਿੰਘ ਕਟਾਰੀਆ ਬਣਨ ਤੱਕ ਦਾ ਸਫ਼ਰ ਕਰਦਾ ਹੈ। ਟਿਵਾਣਾ ਗੋਤ ਦਾ ਜੱਟ ਮੁੰਡਾ ਉਸ ਦੀ ਨਵੀਂ ਬਣ ਰਹੀ ਕੋਠੀ ਵਿੱਚ ਦਿਹਾੜੀਦਾਰ ਵਜੋਂ ਕੰਮ ਕਰਨ ਲਈ ਆਉਂਦਾ ਹੈ।

ਅਜਮੇਰ ਸਿੱਧੂ ਦੀ ਕਹਾਣੀ ਗੌਰਜਾਂ ਦਾ ਜੀਤੂ ਬਾਵਾ ਵੀ ਸੋਢੀਆਂ ਦੇ ਆਸਟਰੇਲੀਆ ਰਹਿੰਦੇ ਪਰਿਵਾਰ ਦੀ ਜ਼ਮੀਨ ਦਾ ਮਾਲਕ ਬਣਨ ਨਾਲ ਪ੍ਰਾਪਤ ਹੋਈ ਆਰਥਕ ਖੁਸ਼ਹਾਲੀ ਸਦਕਾ “ਸਰਦਾਰ ਜਗਜੀਤ ਸਿੰਘ” ਕਿਹਾ ਜਾਣ ਲਗਦਾ ਹੈ। ਭਾਵੇਂ ਉਸ ਦੇ ਅਵਚੇਤਨ ਦਾ ਅੰਗ ਬਣ ਚੁੱਕੀ ਨਿਮਨ ਜਾਤ ਵਾਲੀ ਹੀਣਭਾਵਨਾ ਅਜੇ ਵੀ ਕਦੇ ਕਦੇ ਸਿਰ ਚੁੱਕ ਲੈਂਦੀ ਹੈ ਪਰ ਦੂਜੇ ਪਾਸੇ ਉਸ ਦੀ ਬਦਲ ਰਹੀ ਆਰਥਕ ਸਥਿਤੀ ਵਿੱਚ ਇਸ ਹੀਣ-ਭਾਵ ਦੇ ਮੱਧਮ ਪੈ ਜਾਣ ਦੀਆਂ ਸੰਭਾਵਨਾਵਾਂ ਵੀ ਬਰਾਬਰ ਬਣੀਆਂ ਹੋਈਆਂ ਹਨ।

ਨਵੇਂ ਦੌਰ ਨਾਲ ਦਲਿਤ ਵਰਗ ਵਾਂਗ ਹੀ ਕਿਸਾਨੀ ਵਰਗ ਨੂੰ ਵੀ ਪਲ-ਛਿਣ ਲਈ ਖੁਸ਼ੀ ਦਾ ਹੁਲਾਰਾ ਆਉਂਦਾ ਹੈ। ਮਸ਼ੀਨੀ ਖੇਤੀ ਅਤੇ ਨਵੀਂ ਨਸਲ ਦੇ ਪਸ਼ੂਆਂ ਨਾਲ ਪੰਜਾਬ ਵਿੱਚ ਜੋ ਹਰਾ ਅਤੇ ਚਿੱਟਾ ਇਨਕਲਾਬ ਆਇਆ ਉਸਨੇ ਪੰਜਾਬ ਦੇ ਵਿਭਿੰਨ ਕਿਸਾਨੀ ਵਰਗਾਂ ਨੂੰ ਰਵਾਇਤੀ ਖੇਤੀ ਅਤੇ ਰੂੜ੍ਹੀਵਾਦੀ ਸਾਮੰਤੀ ਰਹਿਤਲ ਦੇ ਤਿਆਗ ਲਈ ਨਵੀਂ ਸ਼ਕਤੀ ਦਿੱਤੀ ਅਤੇ ਸ਼ਹਿਰੀ-ਚੇਤਨਾ ਦੇ ਰੂ-ਬੂ-ਰੂ ਕੀਤਾ। ਇਸ ਚੇਤਨਾ ਨਾਲ ਵਰੋਸਾਇਆ‎,‎ ਕਹਾਣੀਕਾਰਾ ਸੁਖਵੰਤ ਮਾਨ ਦੀ ਕਹਾਣੀ ਮੋਹ-ਮਿੱਟੀ ਦਾ ਉØੱਚ-ਵਿਦਿਆ ਪ੍ਰਾਪਤ ਕਿਸਾਨ ਚਾਚਾ‎,‎ ਫਾਰਮ ਹਾਊਸ ਦਾ ਇਹ ਸੁਪਨਾ ਲੈਣ ਦਾ ਸਾਹਸ ਕਰਦਾ ਹੈ:

ਨਵੀਂਆਂ ਉਤਪਾਦਨ ਵਿਧੀਆਂ‎,‎ ਵਿਦਿਆ ਦੇ ਪਾਸਾਰ‎,‎ ਮੀਡੀਏ ਦੇ ਪ੍ਰਚਾਰ‎,‎ ਆਵਾਜਾਈ ਦੇ ਸਾਧਨਾਂ ਅਤੇ ਬਿਜਲਈ ਉਪਕਰਨਾਂ ਆਦਿ ਦੀ ਸਹਾਇਤਾ ਨਾਲ ਪੰਜਾਬੀ ਸਮਾਜ ਦੀ ਖੇਤੀ-ਅਧਾਰਤ ਜੀਵਨ-ਜਾਚ ਦਾ ਨਗਰੀ ਜੀਵਨ-ਸ਼ੈਲੀ ਵਿੱਚ ਰੂਪਾਂਤਰਨ ਹੋਣ ਲਗਦਾ ਹੈ। ਫਲਸਰੂਪ ਪੰਜਾਬ ਦੀ ਇਮਾਰਤਕਾਰੀ‎,‎ ਪਹਿਰਾਵਾ‎,‎ ਖਾਧ ਖੁਰਾਕ‎,‎ ਸਭਿਆਚਾਰਕ-ਸਮਾਗਮਾਂ ਅਤੇ ਕਲਾਤਮਕ ਪ੍ਰਗਟਾਵਿਆਂ ਵਿੱਚ ਰੂਪਾਂਤਰਨ ਦਿਸਣ ਲਗਦਾ ਹੈ। ਨਿਰਸੰਦੇਹ ਇਹ ਪਰਿਵਰਤਨ ਪੱਛਮੀ ਪੂੰਜੀਵਾਦੀ ਅਤੇ ਪਦਾਰਥਮੁਖੀ ਜੀਵਨ-ਜਾਚ ਤੋਂ ਪ੍ਰੇਰਿਤ ਸੀ। ਇਸ ਦੇ ਹਾਂ-ਪੱਖੀ ਪ੍ਰਭਾਵਾਂ ਸਦਕਾ ਪੰਜਾਬੀ ਚੇਤਨਾ ਰੂੜ੍ਹੀਵਾਦੀ ਸਾਮੰਤੀ ਰਹਿਤਲ ਤੋਂ ਮੁਕਤ ਹੋਣ ਲਈ ਹੰਭਲਾ ਮਾਰਨ ਦੇ ਕਾਬਲ ਹੋ ਸਕੀ ਹੈ। ਪੰਜਾਬੀਆਂ ਦਾ ਪਰਾਲੌਕਿਕ-ਜਗਤ ਤੋਂ ਇਹਲੌਕਿਕ-ਸੰਸਾਰ ਵੱਲ ਆਉਣ ਲਈ ਚੁੱਕਿਆ ਇਹ ਇੱਕ ਵੱਡਾ ਕਦਮ ਹੋ ਨਿਬੜਦਾ ਹੈ।

ਵਿਸ਼ਵੀਕਰਨ ਦਾ ਉਪਰੋਕਤ ਵਰਣਿਤ ਹਾਂ-ਪੱਖੀ ਯੋਗਦਾਨ ਪੰਜਾਬੀ ਕਹਾਣੀ ਵਿਚੋਂ ਪ੍ਰਤੱਖ ਵੇਖਿਆ ਜਾ ਸਕਦਾ ਹੈ ਪਰ ਇਹ ਪੱਖ ਇਸਦਾ ਕੇਂਦਰੀ ਥੀਮ ਨਹੀਂ ਬਣਦਾ ਕਿਉਂਕਿ ਪੰਜਾਬੀ ਕਹਾਣੀਕਾਰ ਦੀ ਰਚਨਾ-ਦ੍ਰਿਸ਼ਟੀ ਆਪਣੇ ਲੋਕ-ਪੱਖੀ ਸਰੋਕਾਰਾਂ ਵਾਲੀ ਪਰੰਪਰਾ ਤੋਂ ਵੀ ਅਭਿੱਜ ਨਹੀਂ ਰਹਿ ਸਕਦੀ ਸੀ। ਇਸ ਲਈ ਵਿਸ਼ਵੀਕਰਨ ਦੀ ਸਕਾਰਕ ਭੂਮਿਕਾ ਨੂੰ ਹਾਸ਼ੀਏ ਉਤੇ ਰਖਦਿਆਂ ਪੰਜਾਬੀ ਕਹਾਣੀਕਾਰ ਇਸ ਦੇ ਮਾਨਵ-ਵਿਰੋਧੀ ਪਹਿਲੂਆਂ ਨੂੰ ਕੇਂਦਰ ਵਿੱਚ ਰੱਖ ਕੇ ਪੇਸ਼ ਕਰਦਾ ਹੈ।

ਵਿਸ਼ਵੀਕਰਨ ਦੀ ਵਿਚਾਰਧਾਰਾ ਨੇ ਪੱਛਮੀ ਭਾਂਤ ਦੀ ਪਦਾਰਥਕ ਖੁਸ਼ਹਾਲੀ ਦੇ ਸੁਪਨਿਆਂ ਰਾਹੀਂ ਪੰਜਾਬ ਦੀ ਕਿਸਾਨੀ‎,‎ ਖੇਤ-ਮਜ਼ਦੂਰਾਂ ਅਤੇ ਸ਼ਹਿਰੀ ਮੱਧਵਰਗ ਨੂੰ ਕੁੱਝ ਸਾਲਾਂ ਲਈ ਚਕਾਚੌਂਧ ਤਾਂ ਕੀਤਾ ਪਰ ਅਸਲ ਵਿੱਚ ਜਿਉਣ ਦੇ ਮੁਢਲੇ ਸਾਧਨ ਵੀ ਖੋਹ ਲਏ। ਕਿਸਾਨੀ ਦੇ ਖੇਤਰ ਵਿਚੋਂ ਹੀ ਮਿਸਾਲ ਲਈਏ ਤਾਂ ਇਸ ਵਰਗ ਨੂੰ ਮਸ਼ੀਨੀ-ਖੇਤੀ ਦੀ ਚੇਟਕ ਲਾਉਣ ਉਪਰੰਤ ਜਦ ਫਸਲ ਉਤੇ ਆਉਣ ਵਾਲੀ ਲਾਗਤ ਆਮਦਨ ਤੋਂ ਵੀ ਵਧ ਗਈ ਤਾਂ ਖੁੱਲ੍ਹੀ ਮੰਡੀ ਦੇ ਰਹਿਮ ਉਤੇ ਛੱਡ ਦਿੱਤਾ ਗਿਆ। ਇਸ ਤਰ੍ਹਾਂ ਬੁਨਿਆਦੀ ਸਹੂਲਤਾਂ ਅਤੇ ਜ਼ਰੂਰੀ ਸਬਸਿਡੀਆਂ ਦੀ ਅਣਹੋਂਦ ਵਿੱਚ ਨਿਮਨ ਅਤੇ ਮਧਲੀ ਕਿਸਾਨੀ ਤਬਾਹੀ ਦੇ ਕੰਢੇ ਜਾ ਪਹੁੰਚੀ। ਸੁਖਵੰਤ ਕੌਰ ਮਾਨ ਦੀ ਕਹਾਣੀ ਮੋਹ-ਮਿੱਟੀ ਦਾ ਪਾਤਰ ਚਾਚਾ‎,‎ ਲਾਹੌਰ ਦਿਆਲ ਸਿੰਘ ਕਾਲਜ ਤੋਂ ਪੜ੍ਹਨ ਅਤੇ ਲਾਅ ਦੀ ਡਿਗਰੀ ਹਾਸਲ ਕਰਨ ਪਿੱਛੋਂ ਆਪਣੇ ਖੇਤੀ-ਮੋਹ ਕਾਰਨ ਬਹੁਤ ਸੋਚ-ਸਮਝ ਕੇ ਆਧੁਨਿਕ ਭਾਂਤ ਦੀ ਖੇਤੀ ਕਰਨ ਲਗਦਾ ਹੈ। ਚੰਡੀਗੜ੍ਹ ਦੀਆਂ ਕੋਠੀਆਂ ਵਰਗਾ “ਫਾਰਮ ਹਾਊਸ” ਬਣਾਉਣ ਦੇ ਸੁਪਨੇ ਲੈਂਦਾ “ਧਨੀ ਕਿਸਾਨ” ਕਿਹਾ ਜਾਂਦਾ ਚਾਚਾ ਅੰਤ ਨੂੰ ਮੰਦੇਹਾਲੀਂ ਹੋ ਜਾਂਦਾ ਹੈ। ਉਸ ਦਾ ਉਦਮ‎,‎ ਸਿਆਣਪ‎,‎ ਯੋਜਨਾਬੱਧ ਮਿਹਨਤ‎,‎ ਨਵੇਂ ਬੀਜ਼‎,‎ ਮਸ਼ੀਨਰੀ‎,‎ ਪਰਿਵਾਰ ਦੀ ਕਿਰਤ‎,‎ ਕੀੜੇਮਾਰ ਦਵਾਈਆਂ ਅਤੇ ਸੰਜਮੀ ਸੁਭਾਅ ਆਦਿ ਕੁੱਝ ਵੀ ਉਸ ਨੂੰ ਪੂੰਜੀਵਾਦੀ ਭਵ-ਸਾਗਰ ਵਿਚੋਂ ਪਾਰ ਨਹੀਂ ਲਾਉਂਦਾ।

ਭੋਲਾ ਸਿੰਘ ਸੰਘੇੜਾ ਦੀ ਕਹਾਣੀ ਸੰਭਾਲ ਲੈ ਮੈਨੂੰ ਦਾ ਪੰਜਾਬ ਸਿਉਂ ਅਜਿਹਾ ਕਿਸਾਨ ਹੈ ਜਿਹੜਾ ਖੁੱਲ੍ਹੀ ਮੰਡੀ ਦੀਆਂ ਫੇਟਾਂ ਨਾ ਝੱਲ ਸਕਣ ਦੀ ਸੂਰਤ ਵਿੱਚ ਕਰਜ਼ਈ ਹੋ ਕੇ ਆਪਣਾ ਮਾਨਸਿਕ ਤਵਾਜ਼ਨ ਗੁਆ ਬੈਠਦਾ ਹੈ। ਉਸ ਨੂੰ ਅਜਿਹੇ ਖਿਆਲ ਆ ਘੇਰਦੇ ਹਨ ਜਿਹੜੇ ਉਸ ਦੇ ਵਰਤਮਾਨ ਅਤੇ ਭਵਿੱਖ ਦੇ ਸੰਕਟਾਂ ਦੇ ਬੋਧ ਦੀ ਸੂਚਨਾ ਦਿੰਦੇ ਹਨ:

ਪੰਜਾਬ ਦੀ ਨਿਮਨ ਕਿਸਾਨੀ ਦਾ ਪ੍ਰਤੀਕ ਪੰਜਾਬ ਸਿਉਂ ਇੱਕ ਪਾਸੇ ਆਰਥਕ ਸੰਕਟ ਕਰ ਕੇ ਅਤੇ ਨਾਲ ਹੀ ਸਾਂਸਕ੍ਰਿਤਕ ਦਬਾਵਾਂ ਕਰ ਕੇ ਦੁਖਾਂਤ ਭੋਗਣ ਲਈ ਮਜਬੂਰ ਹੁੰਦਾ ਹੈ। ਜੱਟ ਸੰਸਕ੍ਰਿਤੀ ਦਾ ਮਾਣ ਉਸ ਨੂੰ ਆਪਣੇ ਸ਼ਰੀਕੇ-ਭਾਈਚਾਰੇ ਵਿੱਚ ਸਿਰ ਉØੱਚਾ ਚੁੱਕ ਕੇ ਜਿਉਣ ਲਈ ਪ੍ਰੇਰਦਾ ਹੈ ਪਰ ਖੇਤੀ ਤੋਂ ਹੋਣ ਵਾਲੀ ਆਮਦਨ ਉਸ ਨੂੰ ਗੌਰਵਮਈ ਜੀਵਨ ਜਿਉਂ ਸਕਣ ਦਾ ਅਧਾਰ ਪ੍ਰਦਾਨ ਨਹੀਂ ਕਰਦੀ। ਦੁਵੱਲੇ ਦਬਾਅ ਨਾਲ ਉਸ ਦੀ ਚੇਤਨਾ ਸੁੰਨ ਹੋ ਜਾਂਦੀ ਹੈ। ਪਾਗਲਪਣ ਦੀ ਸਥਿਤੀ ਵਿੱਚ ਕੰਧ ਨਾਲ ਟੱਕਰਾਂ ਮਾਰ ਕੇ ਸਿਰ ਭੰਨ੍ਹ ਬੈਠੇ ਪੰਜਾਬ ਸਿਉਂ ਦੇ ਆਪਣੇ ਬਚਾਅ ਲਈ ਪਾਏ ਵਾਸਤੇ ਵਿੱਚ ਲੇਖਕ ਰੂਪੀ ਬਿਰਤਾਂਤਕਾਰ ਦੀ ਹਮਦਰਦੀ ਭਰੀ ਵੇਦਨਾ ਵੀ ਘੁਲ-ਮਿਲ ਕੇ ਪ੍ਰਗਟ ਹੁੰਦੀ ਹੈ। ਬੇਬੱਸ ਪੰਜਾਬ ਸਿਉਂ ਜਿਉਣ ਦੀ ਪ੍ਰਬਲ ਲੋਚਾ ਨਾਲ ਭਰਿਆ ਆਪਣੇ ਸਨੇਹੀ ਗੁਆਂਢੀ ਨੂੰ ਤਰਲੇ ਨਾਲ ਆਖਦਾ ਹੈ‎,‎ “ਸੱਜਣ ਬਾਈ ਸੰਭਾਲ ਲੈ ਮੈਨੂੰ … ਮੈਂ ਹੁਣ ਠੀਕ ਨਹੀਂ … “

ਨਿਸਚੇ ਹੀ ਅਜਿਹਾ ਇਸ ਲਈ ਵਾਪਰਦਾ ਹੈ ਕਿਉਂਕਿ ਵਿਸ਼ਵੀਕਰਨ ਕੋਈ ਪਰਿਵਰਤਨ ਦਾ ਸਹਿਜ ਵਰਤਾਰਾ ਨਹੀਂ ਬਲਕਿ ਨਵਪੂੰਜੀਵਾਦੀ ਸ਼ਕਤੀਆਂ ਵੱਲੋਂ ਆਪਣੇ ਆਰਥਕ ਅਤੇ ਰਾਜਸੀ ਹਿਤਾਂ ਨੂੰ ਧਿਆਨ `ਚ ਰਖਦਿਆਂ ਪੈਦਾ ਕੀਤਾ ਗਿਆ ਇੱਕ ਅਜਿਹਾ ਨੈØੱਟਵਰਕ ਹੈ ਜਿਸ ਨਾਲ ਸਮੁੱਚਾ ਵਿਸ਼ਵ ਇੱਕ ਬਾਜ਼ਾਰ ਦਾ ਰੂਪ ਧਾਰਨ ਕਰ ਗਿਆ ਹੈ। ਇਸ ਬਾਜ਼ਾਰ ਦੀ ਸਭ ਤੋਂ ਉਚਤਮ ਅਭਿਲਾਸ਼ਾ ਮੁਨਾਫ਼ਾ ਅਤੇ ਫਿਰ ਹੋਰ ਮੁਨਾਫਾ ਕਮਾਉਣਾ ਹੈ। ਇਸ ਲਈ ਆਰਥਕ ਅਤੇ ਭੋਗਵਾਦੀ ਮਨੁੱਖ ਦਾ ਸੰਕਲਪ ਹੋਂਦ ਵਿੱਚ ਲਿਆਂਦਾ ਗਿਆ। ਇਸ ਮਨੁੱਖ ਦਾ ਪਰਮ-ਉਦੇਸ਼ ਵੱਧ ਤੋਂ ਵੱਧ ਪਦਾਰਥਕ-ਲੱਭਤਾਂ ਦਾ ਇਕੱਤਰੀਕਰਨ ਅਤੇ ਉਪਭੋਗ ਹੈ। ਇਸ ਆਰਥਕ ਮਨੁੱਖ ਅੰਦਰਲੀਆਂ ਭਾਈਚਾਰਕ‎,‎ ਸਦਾਚਾਰਕ‎,‎ ਪਰਉਪਕਾਰੀ ਅਤੇ ਸਿਰਜਣਾਤਮਕ ਰੁਚੀਆਂ ਹਾਸ਼ੀਆਗ੍ਰਸਤ ਹੋਣ ਲੱਗ ਪਈਆਂ ਹਨ। ਇਸ ਪਰਿਵਰਤਨ ਨੇ ਪੰਜਾਬੀ ਸਮਾਜ ਵਿੱਚ ਨਵੇਂ ਤਣਾਅ ਪੈਦਾ ਕੀਤੇ ਹਨ।

ਇਹ ਉਪਭੋਗੀ ਚੇਤਨਾ ਹੁਣ ਸਿਰਫ ਉØੱਚ ਜਾਂ ਮੱਧਵਰਗ ਤੱਕ ਹੀ ਸੀਮਤ ਨਹੀਂ ਰਹੀ ਬਲਕਿ ਨਿਮਨ ਅਤੇ ਦਲਿਤ ਵਰਗਾਂ ਤੱਕ ਦੀ ਮਾਨਸਿਕਤਾ ਦਾ ਅੰਗ ਵੀ ਬਣਨ ਲੱਗ ਪਈ ਹੈ। ਵਰਿਆਮ ਸਿੰਘ ਸੰਧੂ ਦੀ ਕਹਾਣੀ ਨੌ ਬਾਰਾਂ ਦਸ ਦਾ ਦਲਿਤ ਪਾਤਰ ਨਿੰਦਰ “ਗਦਰਾਏ ਸਰੀਰ ਵਾਲੀ” ਐਕਟ੍ਰੈਸ ਸ੍ਰੀ ਦੇਵੀ ਨੂੰ ਕਲਪਨਾ ਹੀ ਕਲਪਨਾ ਰਾਹੀਂ ਭੋਗਦਾ ਅੰਤ ਇਸ ਫੈਂਟਸੀ ਵਿੱਚ ਇਸ ਪ੍ਰਕਾਰ ਘਿਰ ਜਾਂਦਾ ਹੈ ਕਿ ਯਥਾਰਥ ਅਤੇ ਸੁਪਨੇ ਨੂੰ ਇੱਕ ਦੂਜੇ ਤੋਂ ਨਿਖੇੜਨ ਵਿੱਚ ਹੀ ਅਸਮਰਥ ਹੋ ਜਾਂਦਾ ਹੈ। ਫਲਸਰੂਪ ਆਪਣਾ ਮਾਨਸਿਕ ਤਵਾਜ਼ਨ ਗੁਆ ਬੈਠਦਾ ਹੈ। ਦਿਲਚਸਪ ਗੱਲ ਇਹ ਹੈ ਕਿ ਨਿੰਦਰ ਨੂੰ ਧਰਮਿੰਦਰ‎,‎ ਸੰਨੀ ਦਿਓਲ ਅਤੇ ਬਾਬੀ ਦਿਓਲ ਦਾ ਧਨ-ਪਦਾਰਥ ਅਤੇ ਸ੍ਰੀ ਦੇਵੀ ਦਾ ਜਿਸਮ ਹੀ ਦਿਸਦਾ ਹੈ‎,‎ ਇਨ੍ਹਾਂ ਦੇ ਵਿਅਕਤਿਤਵ ਦਾ ਮਾਨਵੀ ਜਾਂ ਕਲਾਕਾਰੀ ਵਾਲਾ ਪੱਖ ਵੇਖਣ ਤੋਂ ਉਹ ਖੁੰਝਿਆ ਹੀ ਰਹਿੰਦਾ ਹੈ।

ਇਸ ਪਦਾਰਥਕ ਅਤੇ ਉਪਭੋਗੀ ਚੇਤਨਾ ਨਾਲ ਸਭ ਤੋਂ ਤਿੱਖਾ ਵਿਰੋਧ ਸਾਡੀ ਅਧਿਆਤਮਕ ਆਸਥਾ ਦਾ ਸੀ‎,‎ ਜਿਸ ਨੂੰ “ਮਾਇਆ” ਦੇ ਸੰਕਲਪ ਰਾਹੀਂ ਸੰਬੋਧਿਤ ਕੀਤਾ ਜਾਂਦਾ ਰਿਹਾ ਹੈ। ਪਰ ਵਿਸ਼ਵੀਕਰਨ ਦੇ ਹੜ੍ਹ ਵਿੱਚ ਧਰਮ ਨੇ ਆਪਣਾ ਰੁਹਾਨੀਅਤ ਦੀ ਪ੍ਰਾਪਤੀ ਦਾ ਉਦੇਸ਼ ਗੁਆ ਲਿਆ ਹੈ ਅਤੇ ਉਸ ਦੀ ਥਾਂ ਅਧਿਆਤਮਕਤਾ ਨੂੰ ਸੱਤਾ ਪ੍ਰਾਪਤੀ ਦੀ ਇੱਕ ਜੁਗਤ ਬਣਾ ਕੇ ਵਰਤੋਂ ਕੀਤੀ ਜਾਣ ਲੱਗੀ ਹੈ। ਸੁਖਜੀਤ ਦੀ ਕਹਾਣੀ ਪਾਤਸ਼ਾਹ ਵਿਚਲਾ ਡੇਰੇ ਦਾ ਮੁਖੀ ਆਪਣੇ ਪਦਾਰਥਕ ਸੁੱਖਾਂ ਅਤੇ ਲਾਲਸਾਵਾਂ ਦੀ ਪੂਰਤੀ ਲਈ ਅਧਿਆਤਮਕਤਾ ਦੀ ਜੁਗਤ ਨੂੰ ਸੂਖ਼ਮ ਵਿਧੀ ਨਾਲ ਵਰਤ ਕੇ ਸੱਤਾ ਦਾ ਆਨੰਦ ਮਾਣਦਾ ਹੈ। ਆਪਣੇ ਵਿਰੁੱਧ ਪੈਦਾ ਹੋਣ ਵਾਲੀ ਵਿਰੋਧੀ ਅਵਾਜ਼ ਨੂੰ ਉਹ ਬੜੇ ਨਾਟਕੀ ਅਤੇ ਸੂਖ਼ਮ ਅੰਦਾਜ਼ ਨਾਲ ਮਲੀਆਮੇਟ ਕਰ ਸਕਣ ਦੇ ਹੁਨਰ ਦਾ ਮਾਹਰ ਹੈ।

ਇਲਿਆਸ ਘੁੰਮਣ ਦੀ ਕਹਾਣੀ ਆਈਡੀਅਲ ਟਾਊਨ ਵਿੱਚ ਸ਼ਮਸ਼ਾਦ ਸਾਹਿਬ ਨਾਂ ਦਾ ਇੱਕ ਧਨਾਡ ਮੁਨਾਫ਼ੇ ਦੀ ਅੰਨ੍ਹੀ ਲਾਲਸਾ ਅਧੀਨ ਧਰਮ ਨੂੰ ਇੱਕ ਜੁਗਤ ਵਜੋਂ ਵਰਤ ਕੇ ਆਪਣੇ ਉਦੇਸ਼ ਵਿੱਚ ਸਫ਼ਲਤਾ ਪ੍ਰਾਪਤ ਕਰਦਾ ਹੈ। ਉਹ ਇੱਕ “ਆਈਡੀਅਲ ਟਾਊਨ” ਵਸਾਉਣ ਦੇ ਪ੍ਰਾਜੈਕਟ ਨੂੰ ਇਉਂ ਧਾਰਮਿਕ ਛੂਹ ਨਾਲ ਪ੍ਰਵਾਨ ਚੜ੍ਹਾਉਂਦਾ ਹੈ:

ਇਸ ਬਸਤੀ ਦੇ ਅਸਲੋਂ ਵਿਚਕਾਰ ਇੱਕ ਬਹੁਤ ਈ ਸੋਹਣੀ ਤੇ ਖੁੱਲ੍ਹੀ ਡੁੱਲ੍ਹੀ ਮਸੀਤ ਤਾਮੀਰ ਕੀਤੀ ਗਈ ਸੀ। … ਉਹਦੀ ਦੁੱਧ ਚਿੱਟੀ ਇਮਾਰਤ ਨੂੰ ਵੇਖ ਕੇ ਰੂਹ ਰਾਜੀ ਹੋ ਜਾਂਦੀ ਸੀ ਤੇ ਵੇਖਣ ਵਾਲਿਆਂ ਨੂੰ ਜਾਪਦਾ ਸੀ ਜਿਵੇਂ ਇੱਕ ਬਹੁਤ ਵੱਡਾ ਚਿੱਟਾ ਫੁੱਲ ਭੌਂਇ ਉਤੇ ਖਿੜ ਪਿਆ ਹੋਵੇ।

ਅਮਰੀਕੀ ਡਿਜ਼ਾਇਨ ਅਤੇ ਇਸਲਾਮੀ ਰੰਗਣ ਦੇ ਸੁਮੇਲ ਨਾਲ ਬਣੀ ਬਸਤੀ ਮਾਲਕ ਲਈ ਸੋਨੇ ਦੀ ਖਾਣ ਹੋ ਨਿਬੜਦੀ ਹੈ।

ਸੱਤਾਵਾਨ ਹੋਏ ਕਿਸੇ ਵੀ ਧਰਮ ਦਾ ਸੰਸਥਾਈ ਪ੍ਰਪੰਚ ਕਿਵੇਂ ਇੱਕ ਸੰਵੇਦਨਸ਼ੀਲ ਮਨੁੱਖ ਦੀ ਸੰਵੇਦਨਾ ਦਾ ਘਾਤ ਕਰਦਾ ਹੈ‎,‎ ਇਸ ਧਾਰਨਾ ਨੂੰ ਬਲਵਿੰਦਰ ਗਰੇਵਾਲ ਦੀ ਕਹਾਣੀ ਖੰਡੇ ਦੀ ਧਾਰ ਪੇਸ਼ ਕਰਦੀ ਹੈ। ਇਸ ਕਹਾਣੀ ਦੀ ਪਾਤਰ ਸੂਰਤ ਆਪਣੀ ਗੌਰਵਮਈ ਮਾਨਵੀ ਪਛਾਣ ਸਮੇਤ ਜਿਉਣ ਖਾਤਰ ਬਿਨਾਂ ਕਿਸੇ ਧਾਰਮਕ ਅਡੰਬਰ ਦੇ ਵਿਆਹੁਤਾ ਜੀਵਨ ਵਿੱਚ ਸ਼ਾਮਲ ਹੋਣਾ ਚਾਹੁੰਦੀ ਹੈ। ਉਸ ਨੂੰ ਮਰਦ ਦੇ “ਪੱਲੇ ਪੈਣ” ਵਾਲੀ ਰਸਮ ਔਰਤ ਵਿਰੋਧੀ ਜਾਪਦੀ ਹੈ ਪਰ ਇਸ ਰਸਮ ਬਿਨਾਂ ਉਹ ਆਪਣੇ ਭਾਈਚਾਰੇ ਵਿੱਚ ਤ੍ਰਿਸਕਾਰ ਦੀ ਭਾਗੀ ਬਣਦੀ ਹੈ।

ਵਿਸ਼ਵੀਕਰਨ ਦੀ ਵਿਚਾਰਧਾਰਾ ਦੇ ਪ੍ਰਭਾਵ ਅਧੀਨ ਸਮੂਹ ਧਰਮਾਂ ਦਾ ਮਾਨਵੀ ਤੱਤ ਖੁਰ ਰਿਹਾ ਹੈ ਅਤੇ ਸੰਸਥਾਈ ਸਰੂਪ ਦਿਨੋ-ਦਿਨ ਹੋਰ ਦ੍ਰਿੜ ਹੁੰਦਾ ਜਾਂਦਾ ਹੈ। ਕਹਾਣੀ ਖੰਡੇ ਦੀ ਧਾਰ ਸਿੱਖ ਧਰਮ ਦੇ ਵਿਸ਼ੇਸ਼ ਹਵਾਲੇ ਨਾਲ ਉਨ੍ਹਾਂ ਵਿਰੋਧਤਾਈਆਂ ਨੂੰ ਉਜਾਗਰ ਕਰਦੀ ਹੈ ਜਿਹੜੀਆਂ ਸਿੱਖ-ਸਮਾਜ ਦੀ ਕਹਿਣੀ ਅਤੇ ਕਰਨੀ ਵਿਚੋਂ ਪ੍ਰਤੱਖ ਹੋਣ ਲੱਗ ਪਈਆਂ ਹਨ। ਵਿਅੰਗ ਦੀ ਗੱਲ ਇਹ ਹੈ ਕਿ ਸਹੀ ਅਰਥਾਂ ਵਿੱਚ ਸਿੱਖ ਕਹੀ ਜਾਣੀ ਚਾਹੀਦੀ ਸੂਰਤ ਨੂੰ ਸਿੱਖ-ਵਿਰੋਧੀ ਹੋਣ ਦੀ ਬਦਨਾਮੀ ਝੱਲਣੀ ਪੈਂਦੀ ਹੈ। ਸਿੱਖੀ ਦੇ ਅਜਿਹੇ ਸੰਸਥਾਈ ਸਰੂਪ ਨੂੰ ਪੱਕਾ ਕਰਨ ਵਿੱਚ ਮੀਡੀਆ‎,‎ ਕਾਲਾ ਧਨ ਅਤੇ ਸਰਕਾਰੀ ਨੀਤੀਆਂ ਦੀ ਸੁਚੇਤ ਭੂਮਿਕਾ ਹੈ ਕਿਉਂਕਿ ਇਸ ਨਾਲ ਜਨ-ਸਧਾਰਨ ਦੀ ਸੰਘਰਸ਼ਮਈ ਚੇਤਨਾ ਅਤੇ ਸੰਗਠਤ ਵਿਦਰੋਹ ਨੂੰ ਖੁੰਢਾ ਕੀਤਾ ਜਾ ਸਕਦਾ ਹੈ।

ਵਿਭਿੰਨ ਧਰਮਾਂ ਦੇ ਸੰਸਥਾਈ ਰੂਪਾਂ ਨੇ ਭਾਵੇਂ ਆਪਣਾ ਮਾਨਵੀ-ਤੱਤ ਗੁਆ ਲਿਆ ਹੈ ਅਤੇ ਧਰਮ ਨੂੰ ਪਦਾਰਥਕ ਲੱਭਤਾਂ ਲਈ ਜੁਗਤ ਵਜੋਂ ਵਰਤਣ ਉਤੇ ਆਪਣੀ ਟੇਕ ਰੱਖ ਲਈ ਹੈ ਪਰ ਇਸ ਨਾਲ ਕਿਸੇ ਜਗਿਆਸੂ ਵਾਸਤੇ ਉਹ ਸਭ ਰਾਹ ਬੰਦ ਨਹੀਂ ਹੋ ਗਏ ਜਿਹੜੇ ਉਸ ਨੂੰ ਆਪਣੇ ਵਿਰਸੇ ਦੇ ਜੀਵੰਤ ਤੱਤਾਂ ਤੱਕ ਲਿਜਾ ਸਕਦੇ ਹਨ। ਪੰਜਾਬੀ ਦੇ ਅਜਿਹੇ ਜਗਿਆਸੂ ਕਹਾਣੀਕਾਰਾਂ ਵਿੱਚ ਮਨਮੋਹਨ ਬਾਵਾ ਅਤੇ ਹਰਾਪਲ ਪੰਨੂੰ ਦੇ ਨਾਂ ਉਲੇਖਯੋਗ ਹਨ। ਮਨਮੋਹਨ ਬਾਵਾ ਨੇ ਪਹਿਲਾਂ ਅਜਾਤ ਸੁੰਦਰੀ ਅਤੇ ਫਿਰ ਨਰਬਲੀ ਕਹਾਣੀ-ਸੰਗ੍ਰਿਹਾਂ ਦੀਆਂ ਕਹਾਣੀਆਂ ਵਿੱਚ ਮਿੱਥ ਦੇ ਰੂਪਾਂਤਰਨ ਰਾਹੀਂ ਆਪਣੇ ਵਿਰਸੇ ਦੇ ਜੀਵੰਤ ਤੱਤਾਂ ਨਾਲ ਪਾਠਕ ਦੀ ਡੂੰਘੀ ਸਾਂਝ ਪੁਆਈ ਹੈ। ਮਿਸਾਲ ਵਜੋਂ ਕਹਾਣੀ ਨਰਬਲੀ ਵਿੱਚ “ਜਾਡੀ” ਜਾਤੀ ਦੇ ਇੱਕ ਕਬੀਲਾਈ ਨੌਜਵਾਨ ਪੁਸਾਂਗ ਦੇ ਬਿਰਤਾਂਤ ਰਾਹੀਂ ਜਨ-ਸਧਾਰਨ ਦੇ ਹਿਤਾਂ ਦੀ ਨਿਰੰਤਰ ਦਿੱਤੀ ਜਾਣ ਵਾਲੀ “ਬਲੀ” ਨੂੰ ਪ੍ਰਤੀਕਾਤਮਕ ਅਰਥਾਂ ਰਾਹੀਂ ਮੂਰਤੀਮਾਨ ਕੀਤਾ ਗਿਆ ਹੈ। ਜਨ-ਸਧਾਰਨ ਸਦੀਆਂ ਤੋਂ ਇਸ “ਭੀਖਮ ਪ੍ਰੀਖਿਆ” ਵਿਚੋਂ ਲੰਘ ਕੇ ਵੀ ਆਪਣੀ “ਸ਼ਾਨ” ਨੂੰ ਸਾਂਭਣ ਲਈ ਯਤਨਸ਼ੀਲ ਰਿਹਾ ਹੈ। ਪੁਸਾਂਗ ਦੇ ਇਹ ਬੋਲ ਇਹੀ ਦਸਦੇ ਹਨ:

ਜੇ ਜਿਉਣਾ ਹੈ ਤਾਂ ਸ਼ਾਨ ਨਾਲ‎,‎ ਚਾਹੇ ਉਹ ਸ਼ਾਨ ਫਕੀਰੀ ਵਾਲੀ ਹੀ ਕਿਉਂ ਨਾ ਹੋਵੇ ਤੇ ਜੇ ਮਰਨਾ ਹੈ ਤਾਂ ਵੀ ਸ਼ਾਨ ਨਾਲ।

ਪੰਜਾਬੀ ਮਨੁੱਖ ਨੂੰ ਸੰਤੁਲਤ ਅਤੇ ਸੰਪੂਰਨ ਵਿਅਕਤਿਤਵ ਪ੍ਰਦਾਨ ਕਰਨ ਵਾਲੀਆਂ ਪਰੰਪਰਕ ਸੰਸਥਾਵਾਂ ਲੋਕ-ਪੱਖੀ ਧਰਮ‎,‎ ਪਰਿਵਾਰ ਅਤੇ ਸਾਕਾਦਾਰੀ ਪ੍ਰਬੰਧ ਆਦਿ ਟੁੱਟ ਰਹੇ ਹਨ। ਇਨ੍ਹਾਂ ਸੰਸਥਾਵਾਂ ਦਾ ਬਦਲ ਬਣਨ ਵਾਲੇ ਆਧੁਨਿਕ ਭਾਂਤ ਦੇ ਵਿਦਿਅਕ ਅਦਾਰੇ‎,‎ ਦਫ਼ਤਰ‎,‎ ਮੀਡੀਆ ਅਤੇ ਵਪਾਰਕ ਰਿਸ਼ਤੇ ਮਨੁੱਖੀ ਸਖ਼ਸੀਅਤ ਵਿੱਚ ਅਸਾਵਾਂਪਣ ਵਧਾਉਣ ਵਾਲੇ ਹਨ। ਇਸ ਅਸਾਵੀਂ ਮਨੁੱਖੀ ਸਖਸ਼ੀਅਤ ਵਿਚੋਂ ਸੰਤੋਖ‎,‎ ਬੇਗਰਜ਼ੀ‎,‎ ਪਰਉਪਕਾਰ‎,‎ ਕੁਰਬਾਨੀ‎,‎ ਮਮਤਾਮਈ ਭਾਵਨਾਵਾਂ ਆਦਿ ਲੱਛਣ ਅਲੋਪ ਹੁੰਦੇ ਜਾਂਦੇ ਹਨ ਅਤੇ ਸੁਆਰਥ‎,‎ ਦੂਜੇ ਨੂੰ ਮੁਕਾਬਲੇ ਵਿੱਚ ਦਰੜਨ‎,‎ ਉਪਭੋਗਤਾ ਅਤੇ ਅਰਾਜਕਤਾ ਆਦਿ ਲੱਛਣ ਵਧਦੇ ਜਾਂਦੇ ਹਨ। ਪੰਜਾਬੀ ਵਿਅਕਤਿਤਵ ਦੇ ਇਸ ਰੂਪਾਂਤਰਨ ਨੂੰ ਦਰਸਾਉਣ ਵਾਲੇ ਵੇਰਵੇ ਉਂਜ ਤਾਂ ਸਮੁੱਚੀ ਭਾਰਤੀ ਪੰਜਾਬੀ ਕਹਾਣੀ ਅਤੇ ਪਾਕਿਸਤਾਨੀ ਪੰਜਾਬੀ ਕਹਾਣੀ ਵਿੱਚ ਹੀ ਭਰਪੂਰ ਮਾਤਰਾ ਵਿੱਚ ਮਿਲਦੇ ਹਨ ਪਰ ਪਰਵਾਸੀ ਪੰਜਾਬੀ ਕਹਾਣੀ ਵਿੱਚ ਇਹ ਵੇਰਵੇ ਇਸ ਪ੍ਰਕਾਰ ਪੇਸ਼ ਹੋਏ ਹਨ ਕਿ ਵਿਸ਼ਵੀਕਰਨ ਦੀ ਵਿਚਾਰਧਾਰਾ ਨੂੰ ਬਹੁਤ ਬਲਪੂਰਵਕ ਪੇਸ਼ ਕਰਦੇ ਹਨ। ਅਜਿਹਾ ਇਸ ਕਰ ਕੇ ਹੈ ਕਿਉਂਕਿ ਪਰਵਾਸੀ ਪੰਜਾਬੀ ਸਿੱਧੇ ਤੌਰ ਤੇ ਵਿਕਸਤ ਪੂੰਜੀਵਾਦ ਅਤੇ ਪੱਛਮੀ ਸੰਸਕ੍ਰਿਤੀ ਨਾਲ ਦੋ-ਚਾਰ ਹੋ ਰਹੇ ਹਨ। ਜਰਨੈਲ ਸਿੰਘ ਦੀ ਕਹਾਣੀ ਪਾਣੀ‎,‎ ਅਮਨਪਾਲ ਸਾਰਾ ਦੀ ਵਹਿੰਗੀ‎,‎ ਹਰਜੀਤ ਅਟਵਾਲ ਦੀ ਅਮਰਵੇਲਾਂ ਦੇ ਰੋਗ ਸੰਤੋਖ ਧਾਲੀਵਾਲ ਦੀ ਪ੍ਰਦੂਸ਼ਣ ਬਨਾਮ ਪਲੂਸ਼ਨ‎,‎ ਵੀਨਾ ਵਰਮਾ ਦੀ ਗੋਲੇ ਕਬੂਤਰ ਬਲਦੇਵ ਸਿੰਘ ਦੀ ਗਰੋਨ ਅੱਪ ਗਰਲ ਨਿੰਦਰ ਗਿੱਲ ਦੀ ਸੁੰਨਸਰਾਂ‎,‎ ਮੇਜਰ ਮਾਂਗਟ ਦੀ ਤ੍ਰਿਸ਼ੰਕੂ ਆਦਿ ਵਿਚੋਂ ਮਾਨਵੀ ਭਰੱਪਣ ਖਤਮ ਹੋਣ ਅਤੇ ਬਹੁਪੱਖੀ ਹਿੰਸਾ ਦੇ ਵਧਣ ਦੀਆਂ ਬੇਸ਼ੁਮਾਰ ਮਿਸਾਲਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।

ਜਰਨੈਲ ਸਿੰਘ ਦੀ ਕਹਾਣੀ ਪਾਣੀ ਵਿਚਲੀ ਸੁਖਜੀਤ ਕੌਰ ਆਪਣੇ ਪਰਿਵਾਰਕ ਰਿਸ਼ਤਿਆਂ ਵਿੱਚ ਦਿਨੋ-ਦਿਨ ਵਧ ਰਹੀ ਖੁਸ਼ਕੀ ਨਾਲ ਪਰੇਸ਼ਾਨ ਹੋਈ ਤਣਾਅ ਭੋਗਦੀ ਹੈ। ਕਨੇਡਾ ਵਾਸੀ ਸੁਖਜੀਤ ਕੌਰ ਦੀ ਗੋਰੀ ਨੂੰਹ ਅਤੇ ਪੁੱਤ ਆਪਣੇ ਘਰ ਵਿੱਚ ਸਵਿੰਮਗ ਪੂਲ ਬਣਾਉਣ ਵਾਸਤੇ ਧਨ ਜੁਟਾਉਣ ਲਈ ਪੰਜਾਬ ਵਿਚਲੀ ਜੱਦੀ ਜ਼ਮੀਨ ਵੇਚਣਾ ਚਾਹੁੰਦੇ ਹਨ। ਸੁਖਜੀਤ ਕੌਰ ਦਾ ਆਪਣੇ ਚਾਚੇ ਦੇ ਪਰਿਵਾਰ ਅਤੇ ਜ਼ਮੀਨ ਨਾਲ ਮੋਹ ਦਾ ਰਿਸ਼ਤਾ ਹੈ। ਇਸ ਲਈ ਉਹ ਆਪਣੀਆਂ ਜੜ੍ਹਾਂ ਨਾਲ ਜੁੜੀ ਰਹਿਣ ਵਾਸਤੇ ਜ਼ਮੀਨ ਵੇਚਣ ਤੋਂ ਇਨਕਾਰੀ ਹੋ ਜਾਂਦੀ ਹੈ। ਸਿੱਟਾ ਪਰਿਵਾਰ ਵਿੱਚ ਵਿੱਥ ਵਧਣ ਦਾ ਨਿਕਲਦਾ ਹੈ।

ਵਿਸ਼ਵੀਕਰਨ ਦੀ ਮੁਨਾਫ਼ਾਵਾਦੀ ਪ੍ਰਵਿਰਤੀ ਨਾਲ ਪੰਜਾਬੀ ਮਨੁੱਖ ਅੰਦਰ ਪਸਰ ਰਹੀ ਇਹ “ਖੁਸ਼ਕੀ ਹੀ ਖੁਸ਼ਕੀ” ਅਜੋਕੀ ਪੰਜਾਬੀ ਕਹਾਣੀ ਦਾ ਮੂਲ ਸਰੋਕਾਰ ਬਣਦੀ ਹੈ।

ਬਲਦੇਵ ਸਿੰਘ ਢੀਂਡਸਾ ਦੀ ਕਹਾਣੀ ਬੋਨਸ ਵਿੱਚ ਇੱਕ ਧੀ ਦਾ ਵਿਆਹ‎,‎ ਜਿਹੜਾ ਸਾਡੀ ਸਾਂਸਕ੍ਰਿਤਕ ਮਰਯਾਦਾ ਅਨੁਸਾਰ ਕੰਨਿਆਦਾਨ ਕਿਹਾ ਜਾਂਦਾ ਸੀ‎,‎ ਹੁਣ ਨਵੇਂ ਹਾਲਾਤ ਦੇ ਸੰਦਰਭ `ਚ ਪਦਾਰਥਕ ਹਿਤਾਂ ਦੇ ਬਾਜ਼ਾਰ ਦਾ ਇੱਕ ਸੌਦਾ ਹੋ ਨਿਬੜਦਾ ਹੈ। ਰਤਿੰਦਰ ਰਤੀ ਨੂੰ ਵਿਆਹ ਦੇ ਅਧਾਰ ਉਤੇ ਕਨੇਡਾ ਭੇਜਣ ਦਾ ਸਬੱਬ ਬਣਾਇਆ ਜਾਂਦਾ ਹੈ। ਇਸ ਪਿੱਛੇ ਰਤਿੰਦਰ ਦੇ ਪਿਤਾ ਅਰਜਨ ਸਿੰਘ ਦੀ ਹਾਊਮੈ-ਪੂਰਤੀ ਦੇ ਨਾਲ ਨਾਲ ਆਪਣੇ ਮੁੰਡਿਆਂ ਲਈ ਕਨੇਡਾ ਭੇਜ ਸਕਣ ਦਾ ਰਾਹ ਪੱਧਰਾ ਕਰਨਾ ਵੀ ਹੈ। ਅਰਜਨ ਸਿੰਘ ਰਮਨ ਕਲਾਥ ਹਾਊਸ ਵਾਲੇ ਲਾਲੇ ਦੀ ਵਿਚੋਲਗਿਰੀ ਰਾਹੀਂ ਜੰਡਿਆਲੇ ਵਾਲੇ ਰਾਜਵੀਰ ਜੌਹਲ ਨਾਲ ਗਿਆਰਾਂ ਲੱਖ ਵਿੱਚ ਸੌਦਾ ਤਹਿ ਕਰਦਾ ਹੈ। ਇਸ ਸੌਦੇ ਨੂੰ ਪਵਿੱਤਰ ਅਤੇ ਕਾਨੂੰਨੀ ਦਿੱਖ ਵਾਲਾ ਬਣਾਉਣ ਲਈ ਰਤਿੰਦਰ ਅਤੇ ਰਾਜਵੀਰ ਨਕਲੀ ਹਨੀਮੂਨ ਵੀ ਮਣਾਉਣ ਜਾਂਦੇ ਹਨ। ਇਸ ਸਾਰੀ ਪ੍ਰਕਿਰਿਆ ਵਿੱਚ ਰਤੀ ਅਤੇ ਰਾਜ ਅੰਦਰਲੀਆਂ ਮਾਨਵੀ ਭਾਵਨਾਵਾਂ ਕਈ ਵਾਰ ਸਿਰ ਚੁਕਦੀਆਂ ਹਨ ਪਰ ਉਨ੍ਹਾਂ ਦੀ ਬਲੀ ਆਪੋ-ਆਪਣੇ ਪਦਾਰਥਕ ਹਿਤਾਂ ਲਈ ਦੇ ਦਿੱਤੀ ਜਾਂਦੀ ਹੈ। ਇਸ ਸੌਦੇ ਵਿੱਚ ਸ਼ਾਮਲ ਸਾਰੀਆਂ ਧਿਰਾਂ ਹੀ ਕੁੱਝ ਨਾ ਕੁੱਝ “ਬੋਨਸ” ਹਾਸਲ ਕਰਦੀਆਂ ਹਨ ਪਰ ਅਸਲ ਵਿੱਚ ਇਸ ਸੌਦੇ ਦੌਰਾਨ ਮਾਨਵੀਅਤਾ ਦੀ ਮੂਲ ਰਾਸ਼ੀ ਗੁਆ ਬੈਠਦੀਆਂ ਹਨ। ਫਲਸਰੂਪ ਰਤਿੰਦਰ ਅੰਤ ਨੂੰ ਆਪਣਾ ਮਾਨਸਿਕ ਸੰਤੁਲਨ ਗੁਆ ਬੈਠਦੀ ਹੈ।

ਸੌਦਾਮੁਖੀ ਮਾਨਸਿਕਤਾ ਵਾਂਗ ਹੀ ਉਪਭੋਗੀ ਮਾਨਸਿਕਤਾ ਸਮੂਹ ਪੰਜਾਬੀ ਵਰਗਾਂ ਤੱਕ ਪਹੁੰਚ ਗਈ ਹੈ। ਤਲਵਿੰਦਰ ਸਿੰਘ ਦੀ ਕਹਾਣੀ ਮਾਇਆ-ਜਾਲ ਦੀ ਉਤਮ-ਪੁਰਖੀ ਪਾਤਰ ਆਪਣੇ ਵਿਆਹ-ਬਾਹਰੇ ਜਿਨਸੀ ਰਿਸ਼ਤੇ ਪ੍ਰਤੀ ਏਨੀ ਉਤੇਜਤ ਹੋ ਜਾਂਦੀ ਹੈ ਕਿ ਵਿਆਹ-ਬੰਧਨ‎,‎ ਪੁੱਤਰ-ਪਿਆਰ‎,‎ ਸਮਾਜਕ ਬਦਨਾਮੀ ਦਾ ਭੈਅ‎,‎ ਸਦਾਚਾਰਕ ਅਕੁੰਸ਼‎,‎ ਉਮਰ ਦਾ ਤਕਾਜ਼ਾ ਆਦਿ ਕੁੱਝ ਵੀ ਉਸ ਨੂੰ ਰੋਕ ਸਕਣ ਵਿੱਚ ਸਫਲ ਨਹੀਂ ਹੁੰਦਾ। ਉਸ ਨਾਲ ਸਾਂਝ ਪਾਉਣ ਵਾਲੇ ਡਾ਼ ਵਸ਼ਿਸ਼ਟ ਦੀ ਹਾਲਤ ਵੀ ਕੁੱਝ ਅਜਿਹੀ ਹੈ। ਨਾਰੀ ਪਾਤਰ ਮੈਂ ਆਪਣੀ ਚੋਰੀ ਫੜ੍ਹੀ ਜਾਣ ਪਿਛੋਂ ਡਾ਼ ਵਸ਼ਿਸ਼ਟ ਨਾਲ ਸਬੰਧਾਂ ਤੋਂ ਮਨੋ-ਮਨੀ ਤੋਬਾ ਵੀ ਕਰਦੀ ਹੈ‎,‎ ਫਿਰ ਵੀ ਉਸ ਨੂੰ ਮਿਲੇ ਬਿਨਾ ਰਹਿ ਨਹੀਂ ਸਕਦੀ:

ਇਹ “ਕਰਾਮਾਤ” ਭਾਵੇਂ ਡਾ਼ ਵਸ਼ਿਸ਼ਟ ਦੇ ਹੱਥਾਂ ਦੀ ਜਾਪਦੀ ਹੈ ਪਰ ਅਸਲ ਵਿੱਚ ਇਹ ਕਰਾਮਾਤ ਉਸ ਉਪਭੋਗੀ-ਕਲਚਰ ਦੇ ਡੂੰਘੇ ਪ੍ਰਭਾਵਾਂ ਦੀ ਹੈ ਜਿਸਨੇ ਗੁੱਝੇ ਗੁੱਝੇ ਹੀ ਮਨੁੱਖੀ ਅਵਚੇਤਨ ਨੂੰ ਆਪਣੇ ਅਨੁਕੂਲ ਸਾਧ ਲਿਆ ਹੈ ਅਤੇ ਵਿਆਹ-ਸੰਸਥਾ ਦੇ ਨਿਰਾਰਥਕ ਹੋ ਜਾਣ ਦਾ ਸੰਕੇਤ ਦੇ ਦਿੱਤਾ ਹੈ। ਤਲਵਿੰਦਰ ਦੀ ਹੀ ਇੱਕ ਹੋਰ ਕਹਾਣੀ ਜਲਧਾਰਾ ਵਿੱਚ ਔਰਤ ਦਾ ਦੇਹੀਨਾਦ ਹੋਰ ਵੀ ਉØੱਚੀ ਸੁਰ ਵਾਲਾ ਹੈ ਅਤੇ ਅੰਤਮ ਪ੍ਰਭਾਵ ਵਜੋਂ ਇਹ ਕੋਈ ਅਪਰਾਧਬੋਧ ਪੈਦਾ ਕਰਨ ਵਾਲਾ ਵੀ ਨਹੀਂ। ਇਸ ਸ਼ਹਿਰੀ ਧਰਾਤਲ ਦੀ ਕਹਾਣੀ ਦੇ ਨਾਲ-ਨਾਲ ਇਸ ਨਵੀਂ ਚੇਤਨਾ ਦਾ ਇੱਕ ਹੋਰ ਪਾਸਾਰ ਪੇਂਡੂ ਧਰਾਤਲ ਦੀ ਕਹਾਣੀ ਵਿਚੋਂ ਵੀ ਮਿਲ ਸਕਦਾ ਹੈ।

ਬਲਵਿੰਦਰ ਗਰੇਵਾਲ ਦੀ ਕਹਾਣੀ ਯੁੱਧ-ਖੇਤਰ ਦਾ ਤਰਖਾਣ ਧੀਰਾ ਖੂਨ ਦੇ ਰਿਸ਼ਤਿਆਂ-ਨਾਤਿਆਂ ਅਤੇ ਸਮਾਜਕ ਫਰਜਾਂ ਵੱਲੋਂ ਬੇਮੁੱਖ ਹੁੰਦਾ ਅੰਤ ਆਪਣੀਆਂ ਆਦਮ-ਅਕਾਂਖਿਆਵਾਂ ਦੀ ਪੂਰਤੀ ਖਾਤਰ ਧੀ (ਭਤੀਜੀ) ਦੇ ਰੇਪ ਤੱਕ ਜਾ ਗਿਰਦਾ ਹੈ। ਆਪਣੇ ਵੱਡੇ ਭਰਾ ਦੀ ਬੇਵਕਤੀ ਮੌਤ ਪਿੱਛੋਂ ਉਹ ਆਪਣੀ ਭਰਜਾਈ ਨੂੰ ਰਸਮੀ ਰੂਪ `ਚ ਅਪਣਾ ਕੇ ਪਤੀ ਦੇ ਫਰਜ਼ ਨਿਭਾਹੁਣ ਦਾ ਅਹਿਦ ਕਰਦਾ ਹੈ। ਫਿਰ ਹੌਲੀ ਹੌਲੀ ਇਹ ਫੈਸਲਾ ਉਸ ਨੂੰ ਆਪਣੇ ਸੰਸਾਰੀ-ਸੁੱਖਾਂ ਦੇ ਰਾਹ ਵਿੱਚ ਰੋੜਾ ਜਾਪਣ ਲੱਗ ਪੈਂਦਾ ਹੈ। ਭਰਜਾਈ ਤੋਂ ਪਤਨੀ ਬਣਾਈ ਔਰਤ ਦਾ ਸਰੀਰ ਉਸ ਨੂੰ “ਲੋਗੜ” ਲੱਗਣ ਲਗਦਾ ਹੈ ਅਤੇ ਉਹ ਆਪਣੀ ਭਤੀਜੀ ਤੋਂ ਧੀ ਬਣਾਈ ਲੜਕੀ ਦੇ “ਸਡੌਲ” ਸਰੀਰ ਵੱਲ ਆਕਰਸ਼ਤ ਹੋਣ ਲੱਗ ਪੈਂਦਾ ਹੈ। ਧੀਰੇ ਦਾ ਏਨੀ ਵੱਡੀ ਸਦਾਚਾਰਕ ਅਵੱਗਿਆ ਦਾ ਸਾਹਸ ਨਿਸਚੇ ਹੀ ਪੰਜਾਬ ਵਿੱਚ ਵਗਣ ਵਾਲੀ ਦੇਹਵਾਦੀ ਹਨੇਰੀ ਤੋਂ ਪ੍ਰੇਰਤ ਹੈ‎,‎ ਭਾਵੇਂ ਇਸ ਦੇ ਪ੍ਰੇਰਕ ਧੀਰੇ ਦੇ ਜੀਵਨ ਦੀ ਸਤਹ ਉਤੇ ਪਏ ਨਹੀਂ ਮਿਲਣਗੇ।

ਇਸ ਉਪਭੋਗੀ-ਮਾਨਸਿਕਤਾ ਲਈ ਔਰਤ ਇੱਕ ਮਾਨਵੀ ਵਿਅਕਤਿਤਵ ਦੀ ਥਾਂ ਭੋਗਣਹਾਰ ਵਸਤੂ ਅਰਥਾਤ ਮਹਿਜ਼ ਯੋਨੀ-ਰੂਪ ਹੀ ਰਹਿ ਜਾਂਦੀ ਹੈ। ਇਸ ਉਪਭੋਗੀ ਚੇਤਨਾ ਵਿਚੋਂ ਹੀ ਟੀ਼ ਵੀ਼ ਅਤੇ ਫਿਲਮਾਂ ਵਿੱਚ ਔਰਤ ਦੀ ਜਿਸਮ-ਪ੍ਰਦਰਸ਼ਨੀ ਦੀ ਜੁਗਤ ਭਾਰੂ ਰੂਪ `ਚ ਪ੍ਰਚੱਲਤ ਹੋਈ ਹੈ। ਅਨੇਕਾਂ ਢੰਗ-ਤਰੀਕਿਆਂ ਨਾਲ ਔਰਤ ਦੇ ਕਾਮੁਕ-ਬਿੰਬ ਦੀ ਫੈਂਟਸੀ ਉਭਾਰੀ ਜਾਂਦੀ ਹੈ। ਉਪਭੋਗੀ ਮਨ ਕਲਪਨਾ ਹੀ ਕਲਪਨਾ ਵਿੱਚ ਇਸ ਫੈਂਟਸੀ ਰੂਪ ਨਾਲ ਭੋਗ-ਵਿਲਾਸ ਕਰਦਾ ਹੈ। ਕਹਾਣੀਕਾਰ ਰਸ਼ਪਿੰਦਰ ਰਸ਼ਿਮ ਦੀ ਕਹਾਣੀ ਉਹ ਕੌਣ ਹਨ * ਵਿੱਚ ਇੱਕ ਬੱਸ ਵਿੱਚ ਤਿੰਨ ਖੂਬਸੂਰਤ ਮੁਟਿਆਰਾਂ ਚੜ੍ਹਦੀਆਂ ਹਨ ਤਾਂ ਬੱਸ ਦੇ “ਬੁਸੇ ਵਾਤਾਵਰਨ ਵਿੱਚ ਰੌਣਕ” ਆ ਜਾਂਦੀ ਹੈ। ਮਰਦ ਆਪਣੀ ਉਮਰ‎,‎ ਰੁਤਬੇ ਅਤੇ ਸੰਸਕਾਰਾਂ ਨੂੰ ਲਾਂਭੇ ਰੱਖ ਕੇ ਕਲਪਨਾ ਰਾਹੀਂ ਉਨ੍ਹਾਂ ਨੂੰ ਭੋਗਦੇ ਹਨ। ਮਿਸਾਲ ਵਜੋਂ ਬੁੱਢੇ ਖੜਕ ਸਿੰਘ ਅੰਦਰ ਪੈਦਾ ਹੋਈ ਉਤੇਜਨਾ ਇਉਂ ਪ੍ਰਗਟ ਹੁੰਦੀ ਹੈ:

… ਉਹ ਵੀ ਮੁੜ ਮੁੜ ਕੇ ਉਨ੍ਹਾਂ ਨੂੰ ਘੋਖਵੀਂ ਨਜ਼ਰੇ ਤਾੜਦਾ ਹੋਇਆ‎,‎ ਮਨ ਈ ਮਨ ਤੁਕਾਂ ਜੋੜੀ ਜਾ ਰਿਹਾ ਸੀ-ਰਸਭਰੇ ਬੁੱਲ੍ਹਾਂ ਬਾਰੇ‎,‎ ਨਸ਼ੀਲੀਆਂ ਅੱਖਾਂ ਬਾਰੇ‎,‎ ਤਿਲ੍ਹਕਵੀਆਂ ਗੱਲ੍ਹਾਂ ਬਾਰੇ‎,‎ ਭਰਵੇਂ ਹਿੱਕ ਉਭਾਰਾਂ ਬਾਰੇ‎,‎ ਪਤਲੇ ਲੱਕਾਂ ਬਾਰੇ‎,‎ ਜੀਅ ਲਲਚਾਉਂਦੇ ਗੋਲ ਗੋਲ ਪੱਟਾਂ ਬਾਰੇ … ਅੱਜ ਉਸ ਦੀ ਕਵੀਸ਼ਰੀ ਦੇ ਵੀ ਭਾਗ ਜਾਗ ਪਏ ਸਨ।

ਵਿਸ਼ਵੀਕਰਨ ਦੀ ਵਿਚਾਰਧਾਰਾ ਦੇ ਪ੍ਰਭਾਵ ਅਧੀਨ ਜਿਵੇਂ ਪੰਜਾਬੀ ਕਹਾਣੀ ਦੀ ਰਚਨਾ-ਦ੍ਰਿਸ਼ਟੀ ਅਤੇ ਵਸਤੂ-ਚੋਣ ਵਿੱਚ ਬੁਨਿਆਦੀ ਪਰਿਵਰਤਨ ਆਏ ਹਨ ਉਵੇਂ ਹੀ ਇਸ ਦੀਆਂ ਪ੍ਰਗਟਾਅ ਜੁਗਤਾਂ ਵਿੱਚ ਵੀ ਬਹੁਤ ਸਾਰੇ ਨਵੇਂ ਝੁਕਾਅ ਮੂਰਤੀਮਾਨ ਹੋ ਰਹੇ ਹਨ। ਇਸ ਕਹਾਣੀ ਦਾ ਪਾਤਰ ਕੋਈ ਸੰਤੁਲਤ ਜਾਂ ਸਹਿਜ ਪਾਤਰ ਨਹੀਂ‎,‎ ਬਲਕਿ ਅਸੰਤੁਲਤ ਅਤੇ ਬੇਚੈਨ ਹੈ‎,‎ ਪਰ ਉਸ ਦੀ ਬੇਚੈਨੀ ਨੂੰ ਕਾਰਜ-ਕਾਰਨ ਦੇ ਸੂਤਰ ਅਨੁਸਾਰ ਸਪੱਸ਼ਟ ਭਾਂਤ ਕਿਸੇ ਪ੍ਰਤੱਖ ਦਿਸਦੇ ਪ੍ਰੇਰਕ ਨਾਲ ਜੋੜ ਸਕਣਾ ਬਹੁਤ ਮੁਸ਼ਕਲ ਹੈ। ਦੂਜੇ ਸ਼ਬਦਾਂ ਵਿੱਚ ਉਸ ਦੇ ਦੁਆਲੇ ਅਨੇਕਾਂ ਪ੍ਰਤੱਖ ਅਤੇ ਅਪ੍ਰਤੱਖ ਪ੍ਰੇਰਕ ਝੁਰਮਟ ਪਾਈ ਖਲੋਤੇ ਦਿਸਦੇ ਹਨ ਜਿਹੜੇ ਸਮੁੱਚੇ ਪੂੰਜੀਵਾਦੀ ਮਹੌਲ ਦੀ ਉਪਜ ਕਹੇ ਜਾ ਸਕਦੇ ਹਨ। ਪਹਿਲੋ-ਪਹਿਲ ਏਸ ਵਿਧੀ ਨਾਲ ਕਹਾਣੀ-ਰਚਨਾ ਕਰਨ ਵਾਲਾ ਕਹਾਣੀਕਾਰ ਪ੍ਰੇਮ ਪ੍ਰਕਾਸ਼ ਹੀ ਸੀ ਪਰ ਹੁਣ ਇਹ ਸਮੁੱਚੀ ਪੰਜਾਬੀ ਕਹਾਣੀ ਦਾ ਲੱਛਣ ਹੀ ਬਣ ਗਿਆ ਹੈ। ਇਸ ਵਿਧੀ ਨੂੰ ਵਿਸ਼ਵੀਕਰਨ ਦੇ ਬਹੁਪੱਖੀ ਪ੍ਰਭਾਵਾਂ ਅਧੀਨ ਜਟਿਲ ਹੋਏ ਪੰਜਾਬੀ ਵਸਤੂ-ਯਥਾਰਥ ਦੇ ਪ੍ਰਗਟਾਵੇ ਨਾਲ ਸਬੰਧਤ ਕਰ ਕੇ ਵੀ ਵੇਖਿਆ ਜਾ ਸਕਦਾ ਹੈ।

ਵਿਸ਼ਵੀਕਰਨ ਦੀ ਵਿਚਾਰਧਾਰਾ ਨੇ ਮਨੁੱਖ ਦੀਆਂ ਉਪਭੋਗੀ ਚੇਸ਼ਟਾਵਾਂ ਨੂੰ ਇਸ ਕਦਰ ਉਤੇਜ਼ਤ ਕੀਤਾ ਹੈ ਕਿ ਉਸ ਦੀ ਚੇਤਨਾ ਵਿੱਚ ਕਾਮ ਦੀ ਪ੍ਰਵਿਰਤੀ ਹਿਰਸ ਬਣ ਕੇ ਕੇਂਦਰੀ ਸਪੇਸ ਪ੍ਰਾਪਤ ਕਰ ਚੁੱਕੀ ਹੈ। ਇਸ ਹਿਰਸ ਨੇ ਪਰਿਵਾਰਕ‎,‎ ਭਾਈਚਾਰਕ ਅਤੇ ਸਦਾਚਾਰਕ ਰਿਸ਼ਤਿਆਂ ਦੀਆਂ ਸੀਮਾਵਾਂ ਵੀ ਭੰਗ ਕਰ ਦਿੱਤੀਆਂ ਹਨ। ਅਜੋਕੀ ਪੰਜਾਬੀ ਕਹਾਣੀ ਵਿੱਚ ਅਜਿਹੇ ਕਾਮੁਕ-ਹਾਬੜੇ ਨੂੰ ਪ੍ਰਗਟਾਉਂਦੇ ਦ੍ਰਿੱਸ਼ਾਂ ਦੀ ਭਰਮਾਰ ਹੈ। ਬਲਵਿੰਦਰ ਗਰੇਵਾਲ ਦੀ ਕਹਾਣੀ ਯੁੱਧ-ਖੇਤਰ ਵਿੱਚ ਪਿਓ-ਧੀ ਅਤੇ ਤਲਵਿੰਦਰ ਸਿੰਘ ਦੀ ਕਹਾਣੀ ਖਾਲੀ ਮਕਾਨ ਵਿੱਚ ਚਾਚੀ-ਭਤੀਜਾ ਦੇ ਜਿਨਸੀ ਸਬੰਧ ਮਿਸਾਲ ਦੇ ਤੌਰ ਤੇ ਪੇਸ਼ ਕੀਤੇ ਜਾ ਸਕਦੇ ਹਨ। ਏਸੇ ਪ੍ਰਕਾਰ ਲੈਸਬੀਅਨ (ਸੁਕੀਰਤ ਦੀ ਕਹਾਣੀ ਜਲਾਵਤਨ)‎,‎ ਨਿਰਮਲ ਜਸਵਾਲ ਦੀ ਕਹਾਣੀ ਰੇਤ ਦਾ ਰਿਸ਼ਤਾ‎,‎ (ਨਿੰਦਰ ਗਿੱਲ ਦੀ ਕਹਾਣੀ ਪਛਾਣ ਸੰਕਟ) ਅਤੇ ਗੇਅਜ਼ (ਸੰਤੋਖ ਧਾਲੀਵਾਲ ਦੀ ਕਹਾਣੀ ਪ੍ਰਦੂਸਣ ਬਨਾਮ ਪਲੂਸ਼ਨ) ਸਬੰਧੀ ਬਿਰਤਾਂਤ ਪੰਜਾਬੀ ਕਹਾਣੀ ਵਿੱਚ ਆਕਰਸ਼ਣ ਦਾ ਕਾਰਨ ਬਣ ਰਹੇ ਹਨ।

ਕਾਮ-ਤ੍ਰਿਪਤੀ ਜ਼ਿੰਦਗੀ ਦੀ ਵੱਡੀ ਲੋੜ ਹੈ‎,‎ ਜਿਵੇਂ ਕਿ ਗੁਰਨਾਮ ਗਿੱਲ ਦੀ ਕਹਾਣੀ ਲੋੜ ਇੱਕ ਸੁਡੌਲ ਪਰਵਾਸੀ ਬਜ਼ੁਰਗ ਦੇ ਬਿਰਤਾਂਤ ਰਾਹੀਂ ਸਿੱਧ ਕਰਦੀ ਹੈ‎,‎ ਪਰ ਇਹੀ ਲੋੜ ਜਦੋਂ ਮਾਨਸਿਕ ਗੁੰਝਲ ਬਣ ਕੇ ਮਾਨਵੀ ਸਿਸਟਾਚਾਰ ਦੀਆਂ ਹੱਦਾਂ ਲੰਘਦਿਆਂ ਪਾਸ਼ਵਿਕ ਬਿਰਤੀ ਦਾ ਰੂਪ ਧਾਰਨ ਕਰ ਲੈਂਦੀ ਹੈ ਤਾਂ ਸਮੱਸਿਆ ਬਣ ਜਾਂਦੀ ਹੈ। ਅਜੋਕੀ ਪੰਜਾਬੀ ਕਹਾਣੀ ਇਸ ਉਲਾਰ ਨੂੰ ਸਮੱਸਿਆਮੂਲਕ ਸੰਕਲਪ ਵਜੋਂ ਉਜਾਗਰ ਕਰਦੀ ਹੈ। ਇਸ ਕਹਾਣੀ ਵਿੱਚ ਮਰਦਾਵੇਂ ਕਾਮੁਕ-ਹਾਬੜੇਪਣ ਦੁਆਰਾ ਪੱਛੀ ਜਾ ਰਹੀ ਔਰਤ-ਦੇਹ ਇੱਕ ਪ੍ਰਤੀਕ ਬਣ ਕੇ ਸਾਹਮਣੇ ਆਉਂਦੀ ਹੈ‎,‎ ਜਿਹੜਾ ਨਵ-ਬਸਤੀਵਾਦੀ ਹਾਬੜੇਪਣ ਦੁਆਰਾ ਸਥਾਨਕ ਸੰਸਕ੍ਰਿਤੀਆਂ ਦੇ ਕੋਮਲਪੁਣੇ‎,‎ ਸੁਹਜ‎,‎ ਮਮਤਾ‎,‎ ਸਿਰਜਣਾਤਮਕਤਾ ਅਤੇ ਸੂਖ਼ਮਤਾ ਦੇ ਨੋਚੇ ਜਾਣ ਦੇ ਅਰਥ ਵੀ ਪ੍ਰਦਾਨ ਕਰਦਾ ਹੈ।

ਮੈਂ-ਮੁਖੀ ਬਿਰਤਾਂਤ ਦੀ ਬਹੁਤਾਤ ਵਾਲੀ ਇਹ ਕਹਾਣੀ ਸਵੈ-ਪ੍ਰਗਟਾਵੇ (ਕਨਫੈਸ਼ਨਜ਼) ਦੀ ਜੁਗਤ ਨੂੰ ਬਹੁਤ ਮਹੱਤਵ ਦੇਣ ਵਾਲੀ ਹੈ। ਇਸ ਦਾ ਚਿੰਨ੍ਹ-ਪ੍ਰਬੰਧ ਵੀ ਵਧੇਰੇ ਕਰ ਕੇ ਇੱਕ ਥਿੜਕੇ‎,‎ ਡੋਲਦੇ‎,‎ ਸਹਿਮੇ‎,‎ ਹੀਣਤਾਗ੍ਰਸੇ ਅਤੇ ਬਰੜਾਉਂਦੇ ਮਨੁੱਖ ਦੇ ਸੁਪਨਿਆਂ‎,‎ ਚਿੱਠੀਆਂ‎,‎ ਇਕਬਾਲੀਆ ਦਸਤਾਵੇਜਾਂ ਅਤੇ ਨਿੱਜੀ ਵਸਤੂ-ਸਮੱਗਰੀ ਨਾਲ ਜੁੜੇ ਵੇਰਵਿਆਂ ਨੂੰ ਆਪਣਾ ਅਧਾਰ ਬਣਾਉਂਦਾ ਹੈ। ਸਮੁੱਚੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਵਿਸ਼ਵੀਕਰਨ ਦੇ ਪ੍ਰਭਾਵਾਂ ਨੇ ਪੰਜਾਬੀ ਸਮਾਜ ਨੂੰ ਭਾਵੇਂ ਤੋੜਨ ਦੀ ਹੱਦ ਤੱਕ ਝੰਜੋੜ ਸੁੱਟਿਆ ਹੈ ਪਰ ਪੰਜਾਬੀ ਕਹਾਣੀ ਨੂੰ ਨਵੀਂ ਵਸਤੂ-ਸਮੱਗਰੀ ਤੇ ਕਥਾ-ਜੁਗਤਾਂ ਦੇ ਰੂ-ਬ-ਰੂ ਹੋਣ ਲਈ ਪ੍ਰੇਰਤ ਕੀਤਾ ਹੈ। ਪੰਜਾਬੀ ਕਹਾਣੀ ਦੀ ਰਚਨਾ-ਦ੍ਰਿਸ਼ਟੀ ਲਈ ਇਹ ਵਿਚਾਰਧਾਰਾ ਵੱਡੀ ਚੁਣੌਤੀ ਲੈ ਕੇ ਆਈ ਹੈ। ਨਵ-ਬਸਤੀਵਾਦੀ ਵਿਚਾਰਧਾਰਾ ਕੁੱਝ ਮਾਨਵ-ਪੱਖੀ ਦਿੱਖ ਵਾਲੇ ਸੰਕਲਪਾਂ‎,‎ ਜਿਵੇਂ ਉਦਾਰਵਾਦ‎,‎ ਨਾਰੀ-ਮੁਕਤੀ‎,‎ ਅੱਤਵਾਦੀ ਹਿੰਸਾ ਤੋਂ ਮੁਕਤੀ‎,‎ ਮਨੁੱਖ ਦੀ ਪੂਰਨ ਸੁਤੰਤਰਤਾ‎,‎ ਵੈਲਫੇਅਰ ਸਟੇਟ ਅਤੇ ਮਨੁੱਖੀ ਕਦਰ ਆਦਿ ਵਿੱਚ ਗਲੇਫ਼ ਕੇ ਪਰੋਸੀ ਜਾ ਰਹੀ ਹੈ ਕਿ ਇਸ ਦੇ ਮਾਨਵ-ਵਿਰੋਧੀ ਸਰੂਪ ਨੂੰ ਪਛਾਣ ਸਕਣਾ ਅਤਿ ਕਠਿਨ ਕਾਰਜ ਹੋ ਗਿਆ ਹੈ। ਪਰ ਪੰਜਾਬੀ ਕਹਾਣੀਕਾਰ ਨੇ ਇਸ ਪੱਖੋਂ ਆਪਣੇ ਪਰਿਪੱਕ ਦ੍ਰਿਸ਼ਟੀਕੋਣ ਦਾ ਸਬੂਤ ਦਿੱਤਾ ਹੈ। ਪਾਕਿਸਤਾਨੀ ਕਹਾਣੀਕਾਰਾ ਅਫਜ਼ਲ ਤੌਸੀਫ਼ ਦੀ ਕਹਾਣੀ ਨਵੇਂ ਗੁਲਾਮ ਇਸ ਪੱਖੋਂ ਲਾਜਵਾਬ ਹੈ‎,‎ ਜਿਸ ਵਿੱਚ ਅਮਰੀਕਾ ਦੀ ਮਾਨਵੀ ਅਧਿਕਾਰਾਂ ਪ੍ਰਤੀ ਵਚਨਬੱਧਤਾ ਦੀ ਮਿੱਥ ਦਾ ਭੰਜਨ ਕੀਤਾ ਗਿਆ ਮਿਲਦਾ ਹੈ। ਇਸ ਪ੍ਰਕਾਰ ਪੰਜਾਬੀ ਕਹਾਣੀਕਾਰ ਵਿਸ਼ਵੀਕਰਨ ਦੇ ਪ੍ਰਸੰਗ ਵਿੱਚ ਹਰ ਪੱਖੋਂ ਚੇਤੰਨ ਹੁੰਗਾਰਾ ਭਰ ਰਿਹਾ ਹੈ। ਚਾਰੇ ਪਾਸੇ ਜਿਹੜਾ “ਅਮਰੀਕਾ ਅਮਰੀਕਾ” ਦਾ ਸ਼ੋਰ ਹੈ ਉਸ ਦੀ ਨਿਰਖ-ਪਰਖ ਕਰਨਾ ਅਜੋਕੀ ਪੰਜਾਬੀ ਕਹਾਣੀ ਦਾ ਮੂਲ ਸਰੋਕਾਰ ਬਣਿਆ ਹੋਇਆ ਹੈ। ਗੁਰਦੇਵ ਸਿੰਘ ਰੁਪਾਣਾ ਦੀ ਚਰਚਿਤ ਕਹਾਣੀ “ਰੂਸ ਰੂਸ‎,‎ ਅਮਰੀਕਾ ਅਮਰੀਕਾ” ਇਕਬਾਲ ਨਾਂ ਦੇ ਪਾਤਰ ਦੇ ਸੁਭਾਅ ਵਿੱਚ ਆਏ ਪਰਿਵਰਤਨ ਰਾਹੀਂ ਇਸ ਗੱਲ ਵੱਲ ਸੰਕੇਤ ਕਰਦੀ ਹੈ ਕਿ ਸੱਤਾ-ਪ੍ਰਾਪਤੀ ਦਾ ਅਮਰੀਕੀ ਮਾਡਲ ਹੁਣ ਪਿੰਡ ਦੀ ਸਰਪੰਚੀ ਦੀ ਚੋਣ ਤੱਕ ਅਸਰ-ਅੰਦਾਜ਼ ਹੋਣ ਲੱਗ ਪਿਆ ਹੈ। ਬਰਤਾਨਵੀ ਬਸਤੀਵਾਦੀ ਸਾਮਰਾਜ ਅਤੇ ਉਸ ਦੇ ਪਿੱਠੂ ਜ਼ੈਲਦਾਰ ਪਰਦਮਨ ਸਿੰਘ ਵਿਰੁੱਧ ਵਿਦਰੋਹੀ ਭਾਵਨਾਵਾਂ ਦਾ ਪ੍ਰਗਟਾਵਾ ਕਰਨ ਵਾਲਾ ਬਾਲ ਇਕਬਾਲ ਹੁਣ ਵੱਡਾ ਹੋ ਕੇ ਤਾਕਤ‎,‎ ਪੈਸੇ‎,‎ ਜੁਗਾੜ ਅਤੇ ਜਾਤੀਵਾਦੀ ਜੁਗਤਾਂ ਨਾਲ ਸੱਤਾ ਪ੍ਰਾਪਤੀ ਦੇ ਹੁਨਰ ਸਿੱਖ ਚੁੱਕਾ ਹੈ।

ਵਿਸ਼ਵੀਕਰਨ ਦੇ ਜਟਿਲ ਵਰਤਾਰੇ ਨੂੰ ਹਰੇਕ ਕੋਣ ਤੋਂ ਖੜ੍ਹ ਕੇ ਅਬਜੈਕਟਿਵ ਦ੍ਰਿਸ਼ਟੀ ਨਾਲ ਵਾਚਣ ਦੀ ਸਮਰੱਥਾ ਨੇ ਪੰਜਾਬੀ ਕਹਾਣੀ ਨੂੰ ਉਸਾਰੂ ਅਤੇ ਸੂਖ਼ਮ ਸੁਭਾਅ ਵਾਲੀ ਬਣਾਇਆ ਹੈ। ਚੁਣੌਤੀਆਂ ਦੇ ਸਨਮੁਖ ਇਉਂ ਖੜ੍ਹ ਸਕਣਾ ਪੰਜਾਬੀ ਕਹਾਣੀ ਦੀ ਸਿਹਤਮੰਦ ਪਰੰਪਰਾ ਰਹੀ ਹੈ।

Read 5778 times
ਬਲਦੇਵ ਸਿੰਘ ਧਾਲੀਵਾਲ

ਬਲਦੇਵ ਸਿੰਘ ਧਾਲੀਵਾਲ
ਲੇਖਕ ਦੀਆਂ ਹੋਰ ਰਚਨਾਵਾਂ
ਸਿਰਜਣਾਤਮਕ:
ਉੱਚੇ ਟਿੱਬੇ ਦੀ ਰੇਤ (ਕਾਵਿ-ਸੰਗ੍ਰਹਿ), ਮਾਡਰਨ ਪਬਲਿਸ਼ਰਜ਼, ਚੰਡੀਗੜ੍ਹ, 1982.
ਓਪਰੀ ਹਵਾ (ਕਹਾਣੀ-ਸੰਗ੍ਰਹਿ), ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ, 1996.
ਮੋਤੀਆਂ ਦੀ ਚੋਗ (ਸਫ਼ਰਨਾਮਾ), ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ, 1999.
ਸਮੀਖਿਆਤਮਕ:
ਭਾਈ ਵੀਰ ਸਿੰਘ ਦੀ ਕਾਵਿ-ਦ੍ਰਿਸ਼ਟੀ, ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ, 1991.
ਪੰਜਾਬੀ ਸਾਹਿਤ-ਚਿੰਤਨ-ਪਰੰਪਰਾ, ਅੰਗਦ ਪਬਲੀਕੇਸ਼ਨ, ਜਲੰਧਰ, 1991.
ਆਧੁਨਿਕ ਪੰਜਾਬੀ ਕਹਾਣੀ: ਦ੍ਰਿਸ਼ਟੀਮੂਲਕ ਪਰਿਪੇਖ, ਚੇਤਨਾ ਪ੍ਰਕਾਸ਼ਨ, ਲੁਧਿਆਣਾ,1999.
ਵਰਿਆਮ ਸਿੰਘ ਸੰਧੂ ਦੀ ਕਹਾਣੀ: ਸਰੂਪ ਤੇ ਵਿਵੇਕ, ਦੂਜਾ ਸੋਧਿਆ ਅਤੇ ਵਧਾਇਆ ਸੰਸਕਰਨ, ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ, 1999 (ਪਹਿਲਾ ਸੰਸਕਰਨ 1985).
ਪੰਜਾਬੀ ਕਹਾਣੀ ਦੀ ਇੱਕ ਸਦੀ: ਇਤਿਹਾਸਮੂਲਕ ਪ੍ਰਵਚਨ, ਰਵੀ ਸਾਹਿਤ ਪ੍ਰਕਾਸ਼ਨ,ਅੰਮ੍ਰਿਤਸਰ, 2002.
ਪੰਜਾਬੀ ਕਹਾਣੀ-ਸਮੀਖਿਆ: ਤੱਥ ਅਤੇ ਸੰਵਾਦ, ਮਨਪ੍ਰੀਤ ਪ੍ਰਕਾਸ਼ਨ, ਦਿੱਲੀ 2003.
ਸੰਪਾਦਨ:
ਸਾਹਿਤ-ਸਭਿਆਚਾਰ ਅਤੇ ਸਮੀਖਿਆ-ਪ੍ਰਤਿਮਾਨ, ਸਰਦਲ ਦਾ ਵਿਸ਼ੇਸ਼ ਅੰਕ, ਅਪ੍ਰੈਲ-ਸਤੰਬਰ, 1994.
ਕਰਮਜੀਤ ਸਿੰਘ ਕੁੱਸਾ ਦੇ ਨਾਵਲ: ਬਿਰਤਾਂਤ ਚੇਤਨਾ ਦੇ ਪਾਸਾਰ, ਦੂਜਾ ਸੋਧਿਆ ਅਤੇ ਵਧਾਇਆ ਸੰਸਕਰਨ, ਲਾਹੌਰ ਬੁੱਕ ਸ਼ਾਪ, ਲੁਧਿਆਣਾ, 1999 (ਪਹਿਲਾ ਸੰਸਕਰਨ 1988).
ਸਵਰਨਜੀਤ ਸਵੀ ਦਾ ਕਾਵਿ-ਪ੍ਰਵਚਨ, ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ, 2002.
ਕਥਾ-ਪੰਧ (ਜਰਨੈਲ ਸਿੰਘ ਦੀਆਂ ਪ੍ਰਤੀਨਿੱਧ ਕਹਾਣੀਆਂ), ਮਨਪ੍ਰੀਤ ਪ੍ਰਕਾਸ਼ਨ, ਦਿੱਲੀ 2003.
ਇੰਦਰ ਸਿੰਘ ਦਾ ਖਾਮੋਸ਼ ਦਾ ਨਾਵਲ ਕਾਫ਼ਰ ਮਸੀਹਾ: ਬਿਰਤਾਂਤ ਚੇਤਨਾ ਅਤੇ ਇਤਿਹਾਸਕ ਸੰਦਰਭ, ਇੱਕੀਵੀਂ ਸਦੀ ਪ੍ਰਕਾਸ਼ਨ, ਪਟਿਆਲਾ 2003.